Sunday, September 16, 2018

                     ਜੰਗਲ ’ਚ ਮੰਗਲ 
 ਪੰਜ ਨੌਜਵਾਨਾਂ ਨੇ ਬਦਲ ਦਿੱਤਾ ਮੁਹਾਂਦਰਾ
                       ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਸੁੱਖਾ ਸਿੰਘ ਵਾਲਾ ਦੇ ਪੰਜ ਨੌਜਵਾਨਾਂ ਨੇ ਸੱਚਮੁੱਚ ਜੰਗਲ ’ਚ ਮੰਗਲ ਲਾ ਦਿੱਤਾ ਹੈ। ਜਦੋਂ ਇਨ੍ਹਾਂ ਨੌਜਵਾਨਾਂ ਦੇ ਮਨਾਂ ’ਚ ਉਬਾਲ ਉੱਠਿਆਂ ਤਾਂ ਉਹ ਪੰਜ ਉਂਗਲਾਂ ਨਹੀਂ, ਇੱਕ ਪੰਜਾ ਬਣ ਕੇ ਪਿੰਡ ’ਚ ਤੁਰੇ। ਦੇਖਦੇ ਦੇਖਦੇ ਤਿੰਨ ਵਰ੍ਹਿਆਂ ’ਚ ਪੂਰੇ ਪਿੰਡ ਦਾ ਮੁਹਾਂਦਰਾ ਬਦਲ ਦਿੱਤਾ। ‘ਸਵੱਛ ਭਾਰਤ’ ਦੇਖਣਾ ਹੋਵੇ ਤਾਂ ਇਸ ਪਿੰਡ ਚੋਂ ਝਲਕਦਾ ਹੈ। ਪਹਿਲਾਂ ਲੱਤਾਂ ਖਿੱਚਣ ਵਾਲੇ ਜਵਾਨਾਂ ਦੇ ਦੁਆਲੇ ਹੋਏ। ਪਿੰਡ ਦਾ ਨਕਸ਼ਾ ਬਦਲਿਆ ਦਿੱਖਿਆ ਤਾਂ ਸਭ ਸੰਗੀ ਸਾਥੀ ਬਣ ਗਏ। ਪਛੜੀ ਬੈਲਟ ’ਚ ਪੈਂਦਾ ਇਹ ਪਿੰਡ ਹੁਣ ਮਹਿਕਾਂ ਛੱਡਣ ਲੱਗਾ ਹੈ। ਨੌਜਵਾਨ ਪਾਲ ਸਿੰਘ ਸਿੱਧੂ ਨੇ ਪਹਿਲਾਂ ਸਰਕਾਰੀ ਨੌਕਰੀ ਛੱਡ ਦਿੱਤੀ। ਇੱਕੋ ਸੁਪਨਾ ਦੇਖਿਆ ਕਿ ਪਿੰਡ ਚੋਂ ਖ਼ੁਸ਼ਬੋ ਹੀ ਖ਼ੁਸ਼ਬੋ ਉੱਠੇ। ਵੇਰਵਿਆਂ ਅਨੁਸਾਰ ਪਿੰਡ ਸੁੱਖਾ ਸਿੰਘ ਵਾਲਾ ’ਚ ਕਰੀਬ 150 ਘਰ ਹਨ। ਪਹਿਲਾਂ ਨੌਜਵਾਨ ਪਾਲ ਸਿੰਘ ਸਿੱਧੂ ਪਿੰਡ ਚੋਂ ਗੰਦ ਦਾ ਢੇਰ ਕੱਢਣ ਲਈ ਕੁੱਦਿਆ। ਉਸ ਨੇ ਆਪਣੀ ਮਾਂ ਸੁਰਜੀਤ ਕੌਰ ਅਤੇ ਬਾਪ ਕਰਮ ਸਿੰਘ ਦੀ ਯਾਦ ਵਿਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇੱਕ ਹਰਾ ਭਰਾ ਪਾਰਕ ਬਣਾਇਆ, ਪੂਰੇ ਸਕੂਲ ਕੈਂਪਸ ਨੂੰ ਘਾਹ ਨਾਲ ਲੱਦ ਦਿੱਤਾ। ਉਸ ਮਗਰੋਂ ਪਿੰਡ ਦਾ ਗੁਰਸੇਵਕ ਸਿੰਘ ,ਹਰਦੀਪ ਸਿੰਘ,ਅੰਮ੍ਰਿਤਪਾਲ ਸਿੰਘ ਅਤੇ ਅਵਤਾਰ ਸਿੰਘ ਪੱਪੂ ਉਸ ਨਾਲ ਜੁੜ ਗਏ। ਪੰਜਾ ਬਣਨ ਦੀ ਦੇਰ ਸੀ ਕਿ ਉੱਡਦੀ ਧੂੜ ਬੈਠ ਗਈ।
                   ਇਨ੍ਹਾਂ ਨੌਜਵਾਨਾਂ ਨੇ ਪੂਰੇ ਪਿੰਡ ’ਚ ਹਰ ਘਰ ਨੂੰ ਇੱਕੋ ਜੇਹਾ ਸਫ਼ੈਦ ਰੰਗ ਕੀਤਾ ਹੈ। ਉਸ ਤੋਂ ਪਹਿਲਾਂ ਖ਼ੁਦ ਨੌਜਵਾਨਾਂ ਨੇ ਕੰਧਾਂ ਨੂੰ ਪਲੱਸਤਰ ਵਗ਼ੈਰਾ ਕਰਾਇਆ। ਲੋਕਾਂ ਨੇ ਸਿਫ਼ਤ ਕਰਨੀ ਸ਼ੁਰੂ ਕੀਤੀ ਅਤੇ ਮਾਲੀ ਇਮਦਾਦ ਲਈ ਹੱਥ ਖ਼ੋਲ ਦਿੱਤਾ। ਹੁਣ ਤੱਕ ਕਰੀਬ ਛੇ ਲੱਖ ਖ਼ਰਚੇ ਜਾ ਚੁੱਕੇ ਹਨ। ਨੌਜਵਾਨਾਂ ਨੇ ਪੂਰੇ ਪਿੰਡ ’ਚ ਹਰ ਗਲੀ ਵਿਚ ਸਜਾਵਟੀ ਅਤੇ ਛਾਂਦਾਰ ਦਰਖ਼ਤ ਲਾ ਦਿੱਤੇ ਹਨ। ਚਾਰ ਚੁਫੇਰੇ ਹੁਣ ਫ਼ੁਲ ਮਹਿਕਣ ਲੱਗੇ ਹਨ। ਤਿਤਲੀਆਂ ਤੇ ਭੰਵਰਿਆਂ ਪਿੱਛੇ ਹੁਣ ਛੋਟੇ ਛੋਟੇ ਬੱਚੇ ਦੌੜਨ ਲੱਗੇ ਹਨ। ਜੇ.ਸੀ.ਬੀ ਮਸ਼ੀਨਾਂ ਨਾਲ ਪੂਰੇ ਪਿੰਡ ਦਾ ਗੰਦ ਹੂੰਝ ਕੇ ਕੂੜਾਦਾਨ ਰੱਖ ਦਿੱਤੇ ਗਏ ਹਨ। ਪਿੰਡ ਨੂੰ ਆਉਣ ਵਾਲੀ ਮੁੱਖ ਲਿੰਕ ਸੜਕ ਜੋ ਕਰੀਬ ਡੇਢ ਕਿੱਲੋਮੀਟਰ ਹੈ, ਉਸ ਉੱਪਰ ਦਰਖ਼ਤ ਹੀ ਦਰਖ਼ਤ ਲਾ ਦਿੱਤੇ ਹਨ ਜਿਨ੍ਹਾਂ ਦੀ ਇੱਕ ਦਰੱਖਤੀ ਕੰਧ ਬਣਾਉਣ ਦਾ ਸੁਪਨਾ ਹੈ। ਸਜਾਵਟੀ ਗੇਟ ਬਣਾ ਦਿੱਤੇ ਹਨ। ਪਿੰਡ ਦੇ ਬਦਬੂ ਮਾਰਦੇ ਛੱਪੜ ਨੂੰ ਵੀ ਇਨ੍ਹਾਂ ਨੌਜਵਾਨਾਂ ਨੇ ਹੱਥ ਪਾਇਆ। ਉਸ ਦਾ ਪਾਣੀ ਬਦਲ ਕੇ ਚਾਰੇ ਪਾਸੇ ਕੰਧਾਂ ਕੱਢ ਦਿੱਤੀਆਂ ਅਤੇ ਇੱਕ ਕਿਸ਼ਤੀ ਛੱਡ ਦਿੱਤੀ ਹੈ। ਸ਼ਾਮ ਵਕਤ ਇੱਕ ਘੰਟਾ ਕੋਈ ਵੀ ਮੁਫ਼ਤ ਬੋਟਿੰਗ ਕਰ ਸਕਦਾ ਹੈ।  ਨੌਜਵਾਨ ਹਰਦੀਪ ਸਿੰਘ ਨੇ ਦੱਸਿਆ ਕਿ ਛੱਪੜ ’ਤੇ ਸ਼ਾਮ ਨੂੰ ਮੇਲਾ ਭਰ ਜਾਂਦਾ ਹੈ। 27 ਹਜ਼ਾਰ ਰੁਪਏ ਨਾਲ ਇਨ੍ਹਾਂ ਨੌਜਵਾਨਾਂ ਨੇ ਛੱਪੜ ਵਿਚ ਮੱਛੀਆਂ ਛੱਡ ਦਿੱਤੀਆਂ ਹਨ ਜਿਨ੍ਹਾਂ ਤੋਂ ਹੋਣ ਵਾਲੀ ਕਮਾਈ ਪਿੰਡ ਤੇ ਲਾਈ ਜਾਵੇਗੀ।
                 ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰ ਦਸ ਦਿਨਾਂ ਮਗਰੋਂ ਦੇਰ ਸ਼ਾਮ ਉਹ ਪਾਣੀ ਦੇ ਟੈਂਕਰ ਭਰ ਕੇ ਪੂਰੇ ਪਿੰਡ ਨੂੰ ਧੋਂਦੇ ਹਨ ਅਤੇ ਸਫ਼ਾਈ ਕਰਦੇ ਹਨ। ਲੋਕਾਂ ਵਿਚ ਏਨੀ ਸੋਝੀ ਆ ਗਈ ਹੈ ਕਿ ਉਹ ਗੰਨਾ ਚੂਪ ਕੇ ਹੁਣ ਛਿਲਕਾ ਗਲੀ ਵਿਚ ਨਹੀਂ ਸੁੱਟਦੇ। ਉਂਜ, ਨੌਜਵਾਨਾਂ ਨੇ ਗੰਦ ਸੁੱਟਣ ਤੋਂ ਰੋਕਣ ਲਈ ਦੋ ਹਜ਼ਾਰ ਰੁਪਏ ਜੁਰਮਾਨਾ ਵੀ ਰੱਖਿਆ ਹੈ। ਗੁਰਸੇਵਕ ਸਿੰਘ ਨੇ ਦੱਸਿਆ ਕਿ ਚਾਰ ਚੁਫੇਰੇ ਹਰਿਆਲੀ ਅਤੇ ਫੁੱਲਾਂ ਦਾ ਏਨਾ ਅਸਰ ਹੋਇਆ ਹੈ ਕਿ ਪਿੰਡ ਦੇ ਲੋਕ ਤਣਾਓ ਮੁਕਤ ਹੋ ਗਏ ਹਨ ਤੇ ਸਭਨਾਂ ਦੇ ਚਿਹਰੇ ਹੁਣ ਫੁੱਲਾਂ ਵਾਂਗ ਖਿੜੇ ਦਿੱਸਦੇ ਹਨ। ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦੀ ਨੌਜਵਾਨ ਪੀੜੀ ਹੁਣ ਚੰਗੇ ਰਾਹ ਪੈ ਗਈ ਹੈ। ਤੱਤੇ ਸੁਭਾਅ ਵਾਲੇ ਵੀ ਹੁਣ ਮਿੱਠਤ ਨਾਲ ਗੱਲ ਕਰਨ ਲੱਗੇ ਹਨ। ਹੁਣ ਸਭ ਸਹਿਯੋਗ ਦੇ ਰਹੇ ਹਨ। ਨੌਜਵਾਨਾਂ ਦੇ ਉੱਦਮ ਅਤੇ ਹਰਿਆਲੀ ਨੇ ਪਿੰਡ ਨੂੰ ਖੇੜਾ ਬਖ਼ਸ਼ ਦਿੱਤਾ ਹੈ। ਇਨ੍ਹਾਂ ਜਵਾਨਾਂ ਨੇ ਪਿੰਡ ਵਿਚ ਮਿਰਚਾਂ ਲਾਈਆਂ ਹਨ ਜੋ ਬੇਜ਼ਮੀਨੇ ਲੋਕਾਂ ਨੂੰ ਮੁਫ਼ਤ ਤੋੜਨ ਦੀ ਸੁਵਿਧਾ ਦਿੱਤੀ ਹੈ। 50 ਹਜ਼ਾਰ ਦੀ ਲਾਗਤ ਨਾਲ ਇੱਕ ਫਾਗਿੰਗ ਮਸ਼ੀਨ ਖ਼ਰੀਦੀ ਗਈ ਹੈ ਅਤੇ ਹਰ ਹਫ਼ਤੇ ਪੂਰੇ ਪਿੰਡ ’ਚ ਮੱਛਰਾਂ ਤੋਂ ਬਚਾਓ ਲਈ ਫਾਗਿੰਗ ਕੀਤੀ ਜਾਂਦੀ ਹੈ।
                  ਪੱਥਰ ਦੇ ਮੇਜ਼ ਕੁਰਸੀਆਂ ਵੀ ਪਿੰਡ ਦੀ ਸੋਭਾ ਵਧਾ ਰਹੇ ਹਨ। ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਨੌਜਵਾਨਾਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਅਵਤਾਰ ਸਿੰਘ ਪੱਪੂ ਜੋ ਕਿੱਤੇ ਵਜੋਂ ਪਲੰਬਰ ਹੈ, ਨੇ ਵੱਧ ਚੜ ਕੇ ਕੰਮ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਦੇ ਸੁਭਾਅ ਬਦਲੇ ਹਨ  ਅਤੇ ਹੁਣ ਕਿਸੇ ਦੇ ਮੱਥੇ ਤੇ ਝੁਰੜੀ ਨਹੀਂ ਪੈਂਦੀ। ਕਿਧਰੋਂ ਵੀ ਇਨ੍ਹਾਂ ਨੌਜਵਾਨਾਂ ਨੇ ਸਰਕਾਰੀ ਮਦਦ ਨਹੀਂ ਲਈ ਹੈ। ਅੰਮ੍ਰਿਤਪਾਲ ਨੇ ਦਾਅਵੇ ਨਾ ਆਖਿਆ ਕਿ ਪਿੰਡ ਵਿਚ ਕਿਤੇ ਵੀ ਗੋਬਰ ਨਹੀਂ ਦਿੱਖੇਗਾ। ਪਿੰਡ ਵਿਚ ਦੋ ਨਰਸਰੀਆਂ ਹਨ ਅਤੇ ਹੁਣ ਇਸ ਪਿੰਡ ਚੋਂ ਨਸ਼ਿਆਂ ਦੀ ਬੋਅ ਨਹੀਂ, ਫੁੱਲਾਂ ਦੀ ਖ਼ੁਸ਼ਬੋ ਉੱਠ ਰਹੀ ਹੈ। ਪਿੰਡ ’ਚ ਨਾ ਸ਼ਰਾਬ ਦਾ ਠੇਕਾ ਹੈ ਅਤੇ ਨਾ ਹੀ 10 ਸਾਲ ਤੋਂ ਕਦੇ ਤੰਬਾਕੂ ਵਿਕਿਆ ਹੈ। ਇੱਕ ਜੇ.ਈ ਨੇ ਪਿੰਡ ਦੇਖ ਕੇ 5100 ਰੁਪਏ ਦਾ ਇਨਾਮ ਦੇ ਦਿੱਤਾ। ਕਿਸੇ ਸਰਕਾਰੀ ਦਰਬਾਰ ਦੇ ਪਿੰਡ ਨਜ਼ਰ ਨਹੀਂ ਪਿਆ ਹੈ।



2 comments:

  1. ਏਹੋ ਜਿਹੇ ਨੌਜਵਾਨਾ ਨੁ ਹਲਾਸ਼ੇਰੀ ਤੇ ਸ਼ਾਬਾਸ਼ ਦੇਣੀ ਆਪਣਾ ਸਭ ਦੀ ਜੁਮੇਵਾਰੀ. ਬਹੁਤ ਵਧੀਆ ਕਮ ਕਰ ਰਹੇ ਹਨ

    ReplyDelete