Tuesday, June 18, 2019

                          ਪਾਵਰਫੁੱਲ
   ਸਨਅਤੀ ਮਾਲਕਾਂ ਨੂੰ ਮੌਜਾਂ ਹੀ ਮੌਜਾਂ
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਵੱਡੇ ਸਨਅਤੀ ਮਾਲਕਾਂ ਨੂੰ ਖੁੱਲ੍ਹੇ ਹੱਥ ਨਾਲ ਬਿਜਲੀ ਸਬਸਿਡੀ ਦੇ ਗੱਫੇ ਵਰਤਾਏ ਜਾ ਰਹੇ ਹਨ ਜਿਸ ਤੋਂ ਸਭ ਬੇਖ਼ਬਰ ਹਨ। ਦੂਸਰੀ ਤਰਫ਼ ਚਾਰੇ ਪਾਸੇ ਕਿਸਾਨੀ ਨੂੰ ਮੁਫ਼ਤ ਬਿਜਲੀ ਦੇਣ ਦੇ ਢੋਲ ਵਜਾਏ ਜਾ ਰਹੇ ਹਨ। ਵੱਡੇ ਸਨਅਤ ਮਾਲਕ ਚੁੱਪ ਚੁਪੀਤੇ ਬਿਜਲੀ ਸਬਸਿਡੀ ਦੀ ਸਹੂਲਤ ਮਾਣ ਰਹੇੇ ਹਨ। ਹੈਰਾਨੀ ਭਰੇ ਤੱਥ ਹਨ ਕਿ ਪੰਜਾਬ ਸਰਕਾਰ ਮੌਜੂਦਾ ਸਮੇਂ ਵੱਡੇ ਸਨਅਤ ਮਾਲਕਾਂ ਨੂੰ ਪ੍ਰਤੀ ਕੁਨੈਕਸ਼ਨ ਅੌਸਤਨ 19.05 ਲੱਖ ਰੁਪਏ ਸਲਾਨਾ ਬਿਜਲੀ ਸਬਸਿਡੀ ਦੇ ਰਹੀ ਹੈ ਜਦੋਂ ਕਿ ਕਿਸਾਨਾਂ ਨੂੰ ਪ੍ਰਤੀ ਕੁਨੈਕਸ਼ਨ ਬਿਜਲੀ ’ਤੇ ਸਿਰਫ਼ ਅੌਸਤਨ 44 ਹਜ਼ਾਰ ਰੁਪਏ ਸਲਾਨਾ ਸਬਸਿਡੀ ਮਿਲਦੀ ਹੈ। ਸਰਕਾਰ ਨੇ ਲੰਘੇ ਮਾਲੀ ਵਰੇ੍ਹ ਦੌਰਾਨ ਪੰਜਾਬ ਦੇ ਦਰਜਨ ਵੱਡੇ ਸਨਅਤਕਾਰਾਂ ਨੂੰ ਕਰੀਬ 95.10 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਜਦੋਂ ਵੱਖ ਵੱਖ ਸਰਕਾਰੀ ਦਸਤਾਵੇਜ਼ਾਂ ਦੀ ਘੋਖ ਕੀਤੀ ਗਈ ਤਾਂ ਲੁਕਵੇਂ ਤੱਥ ਸਾਹਮਣੇ ਆਏ। ਪੰਜਾਬ ਵਿਚ ਇਸ ਵੇਲੇ ਹਰ ਕੈਟਾਗਿਰੀ ਦੇ 94.78 ਲੱਖ ਬਿਜਲੀ ਕੁਨੈਕਸ਼ਨ ਹਨ ਜਿਨ੍ਹਾਂ ਚੋਂ 1.27 ਲੱਖ ਸਨਅਤੀ ਕੁਨੈਕਸ਼ਨ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਲਾਨਾ ਕਰੀਬ 1990.38 ਕਰੋੜ ਦੀ ਬਿਜਲੀ ਸਬਸਿਡੀ ਦੇ ਰਹੀ ਹੈ। ਅੱਗੇ ਇਨ੍ਹਾਂ ਚੋਂ ਸਮਾਲ ਪਾਵਰ ਦੇ 87,802 ਬਿਜਲੀ ਕੁਨੈਕਸ਼ਨ ਹਨ ਜਿਨ੍ਹਾਂ ਨੂੰ ਸਿਰਫ਼ 176.60 ਕਰੋੜ ਸਲਾਨਾ ਦੀ ਬਿਜਲੀ ਸਬਸਿਡੀ ਮਿਲਦੀ ਹੈ।
                 ਮਤਲਬ ਸਮਾਲ ਪਾਵਰ ਸਨਅਤਾਂ ਨੂੰ ਸਲਾਨਾ ਪ੍ਰਤੀ ਕੁਨੈਕਸ਼ਨ ਅੌਸਤਨ 20,100 ਰੁਪਏ ਜਦੋਂ ਕਿ ਮੀਡੀਅਮ ਸਕੇਲ ਸਨਅਤਾਂ ਨੂੰ ਪ੍ਰਤੀ ਕੁਨੈਕਸ਼ਨ ਅੌਸਤਨ 75,500 ਰੁਪਏ ਸਲਾਨਾ ਦੀ ਬਿਜਲੀ ਸਬਸਿਡੀ ਮਿਲਦੀ ਹੈ। ਮੀਡੀਅਮ ਸਕੇਲ ਸਨਅਤਾਂ ਦੇ ਕੁਨੈਕਸ਼ਨਾਂ ਦੀ ਗਿਣਤੀ 31,235 ਬਣਦੀ ਹੈ। ਵੱਡਾ ਲਾਹਾ ਤਾਂ ਵੱਡੇ ਸਨਅਤੀ ਘਰਾਣਿਆਂ ਨੂੰ ਮਿਲਦਾ ਹੈ ਜਿਨ੍ਹਾਂ ਦੀ ਕੁਨੈਕਸ਼ਨਾਂ ਦੀ ਗਿਣਤੀ ਸਿਰਫ਼ 8223 ਬਣਦੀ ਹੈ ਜਦੋਂ ਕਿ ਇਨ੍ਹਾਂ ਨੂੰ ਸਲਾਨਾ ਬਿਜਲੀ ਸਬਸਿਡੀ 1578 ਕਰੋੜ ਰੁਪਏ ਦੀ ਮਿਲਦੀ ਹੈ ਜੋ ਕਿ ਪ੍ਰਤੀ ਕੁਨੈਕਸ਼ਨ ਅੌਸਤਨ 19.05 ਲੱਖ ਰੁਪਏ ਬਣਦੀ ਹੈ। ਤੱਥਾਂ ਤੋਂ ਸਾਫ ਹੈ ਕਿ ਸਿਰਫ਼ ਥੋੜੇ ਸਨਅਤਕਾਰਾਂ ਨੂੰ ਸਬਸਿਡੀ ਦਾ ਵੱਡਾ ਗੱਫਾ ਦਿੱਤਾ ਗਿਆ ਹੈ ਜਦੋਂ ਕਿ ਖੇਤੀ ਸੈਕਟਰ ਵਿਚ ਬਿਜਲੀ ਸਬਸਿਡੀ ਲੈਣ ਵਾਲੇ ਕੁਨੈਕਸ਼ਨਾਂ ਦੀ ਗਿਣਤੀ 13.80 ਲੱਖ ਬਣਦੀ ਹੈ ਜਿਨ੍ਹਾਂ ਨੂੰ ਪ੍ਰਤੀ ਕੁਨੈਕਸ਼ਨ ਅੌਸਤਨ ਸਿਰਫ਼ 44 ਹਜ਼ਾਰ ਰੁਪਏ ਸਲਾਨਾ ਬਿਜਲੀ ਸਬਸਿਡੀ ਮਿਲਦੀ ਹੈ। ਖੇਤੀ ਟਿਊਬਵੈਲਾਂ ਦੀ ਤਸਵੀਰ ਅੱਗੇ ਹੋਰ ਵੀ ਹਿਲਾਉਣ ਵਾਲੀ ਹੈ। ਖੇਤੀ ’ਚ ਵੀ ਧਨੀ ਕਿਸਾਨ ਇਸ ਸਬਸਿਡੀ ਦਾ ਫਾਇਦਾ ਚੁੱਕ ਰਹੇ ਹਨ।  ਵੇਰਵਿਆਂ ਅਨੁਸਾਰ ਪੰਜਾਬ ’ਚ ਅਜਿਹੇ 1.83 ਲੱਖ ਕਿਸਾਨ ਹਨ ਜਿਨ੍ਹਾਂ ਕੋਲ ਇੱਕ ਤੋਂ ਜਿਆਦਾ ਟਿਊਬਵੈਲ ਕੁਨੈਕਸ਼ਨ ਹਨ। ਪੰਜਾਬ ਵਿਚ ਅਜਿਹੇ 10,128 ਕਿਸਾਨਾਂ ਦਾ ਪਤਾ ਲੱਗਾ ਹੈ ਜਿਨ੍ਹਾਂ ਦੇ ਨਾਮ ’ਤੇ ਚਾਰ ਜਾਂ ਚਾਰ ਤੋਂ ਜਿਆਦਾ ਖੇਤੀ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਹਨ।
                 ਚਾਰ ਜਾਂ ਚਾਰ ਤੋਂ ਜਿਆਦਾ ਮੋਟਰਾਂ ਵਾਲੇ ਫਿਰੋਜ਼ਪੁਰ ਵਿਚ 1504, ਫਰੀਦਕੋਟ ਵਿਚ 1260 ਕਿਸਾਨ,ਕਪੂਰਥਲਾ ਵਿਚ 1088 ਕਿਸਾਨ ਅਤੇ ਮੁਕਤਸਰ ਵਿਚ 1032 ਕਿਸਾਨ ਹਨ। ਤਿੰਨ ਤਿੰਨ ਖੇਤੀ ਮੋਟਰਾਂ ਵਾਲੇ ਕਿਸਾਨਾਂ ਦੀ ਗਿਣਤੀ 29,322 ਬਣਦੀ ਹੈ ਅਤੇ ਅਜਿਹੇ ਕਿਸਾਨ ਫਿਰੋਜ਼ਪੁਰ ਵਿਚ 3213,ਫਰੀਦਕੋਟ ਵਿਚ 2907, ਗੁਰਦਾਸਪੁਰ ਵਿਚ 1797 ਅਤੇ ਮੁਕਤਸਰ ਵਿਚ 2334 ਕਿਸਾਨ ਹਨ। ਪੰਜਾਬ ਵਿਚ ਦੋ ਦੋ ਖੇਤੀ ਮੋਟਰਾਂ ਵਾਲੇ ਕਿਸਾਨਾਂ ਦੀ ਗਿਣਤੀ ਕਰੀਬ 1.42 ਲੱਖ ਬਣਦੀ ਹੈ। ਵੱਧ ਮੋਟਰਾਂ ਵਾਲੇ ਧਨਾਢ ਕਿਸਾਨ ਸਰਕਾਰੀ ਖ਼ਜ਼ਾਨੇ ਚੋਂ ਚੋਖਾ ਲਾਭ ਮਿਲ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਵਧੇਰੇ ਹਾਰਸ ਪਾਵਰ ਦੀਆਂ ਮੋਟਰਾਂ ਹਨ। ਪੰਜਾਬ ਸਰਕਾਰ ਵੱਲੋਂ ਸਾਲ 2019-20 ਦੌਰਾਨ ਕਰੀਬ 9674 ਕਰੋੜ ਦੀ ਅਨੁਮਾਨਿਤ ਸਬਸਿਡੀ ਹਰ ਕੈਟਾਗਿਰੀ ਨੂੰ ਬਿਜਲੀ ’ਤੇ ਦਿੱਤੀ ਜਾਣੀ ਹੈ। ਪਾਵਰਕੌਮ ਨੂੰ ਮਾਲੀ ਵਰੇ੍ਹ ਦੌਰਾਨ 31,762 ਕਰੋੜ ਰੁਪਏ ਦੀ ਆਮਦਨ ਹੋਣੀ ਹੈ। ਪੰਜਾਬ ਸਰਕਾਰ ਤੋਂ ਮਿਲਦੀ ਸਬਸਿਡੀ ਦੀ ਰਕਮ ਪਾਵਰਕੌਮ ਦੀ ਕੁੱਲ ਆਮਦਨ ਦਾ 30 ਫੀਸਦੀ ਬਣਦੀ ਹੈ। ਖੇਤੀ ਕੁਨੈਕਸ਼ਨਾਂ ’ਤੇ 6060,27 ਕਰੋੜ ਦੀ ਬਿਜਲੀ ਸਬਸਿਡੀ ਬਣਦੀ ਹੈ।
                ਕਾਂਗਰਸ ਸਰਕਾਰ ਵੱਲੋਂ ਸਨਅਤਾਂ ਨੂੰ ਪੰਜ ਵਰ੍ਹਿਆਂ ਲਈ ਪ੍ਰਤੀ ਯੂਨਿਟ ਪੰਜ ਰੁਪਏ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾ ਰਹੀ ਹੈ। ਨਵੇਂ ਨਿਵੇਸ਼ ਲਈ ਮੀਡੀਅਮ ਤੇ ਲਾਰਜ ਸਕੇਲ ਸਨਅਤਾਂ ਨੂੰ ਸੱਤ ਵਰ੍ਹਿਆਂ ਲਈ ਬਿਜਲੀ ਕਰ ਤੋਂ ਸੌ ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਜੋ ਖਾਸ ਸਨਅਤੀ ਖੇਤਰ ਹਨ, ਉਨ੍ਹਾਂ ਵਿਚ ਇਹ ਛੋਟ 10 ਸਾਲਾਂ ਲਈ ਦਿੱਤੀ ਜਾਣੀ ਹੈ। ਇਸ ਵਕਤ 34.6 ਲੱਖ ਖਪਤਕਾਰ ਬਿਜਲੀ ਸਬਸਿਡੀ ਦਾ ਲਾਹਾ ਲੈ ਰਹੇ ਹਨ ਜੋ ਕਿ ਕੁੱਲ ਖਪਤਕਾਰਾਂ ਦਾ 37 ਫੀਸਦੀ ਬਣਦੇ ਹਨ। ਸਿਰਫ਼ ਜਨਰਲ ਕੈਟਾਗਿਰੀ ਦਾ ਘਰੇਲੂ ਖਪਤਕਾਰ ਇਸ ਤੋਂ ਵਾਂਝਾ ਹੈ ਜੋ ਬਾਕੀ ਸਭਨਾਂ ਦੀ ਬਿਜਲੀ ਸਬਸਿਡੀ ਦਾ ਬੋਝ ਵੱਖ ਵੱਖ ਟੈਕਸਾਂ ਦੇ ਰੂਪ ਵਿਚ ਚੁੱਕ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਐਸ.ਸੀ,ਬੀ.ਸੀ ਅਤੇ ਬੀ.ਪੀ.ਐਲ ਖਪਤਕਾਰਾਂ ਨੂੰ ਪ੍ਰਤੀ ਕੁਨੈਕਸ਼ਨ ਸਲਾਨਾ ਦੀ ਅੌਸਤਨ 8400 ਰੁਪਏ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਕੁਨੈਕਸ਼ਨਾਂ ਦੀ ਗਿਣਤੀ 19.5 ਲੱਖ ਬਣਦੀ ਹੈ।
               ਪੀ.ਐਸ.ਈ.ਬੀ ਜੁਆਇੰਟ ਇੰਪਲਾਈਜ ਫੋਰਮ ਦੇ ਜਨਰਲ ਸਕੱਤਰ ਕਰਮ ਚੰਦ ਭਾਰਦਵਾਜ ਦਾ ਪ੍ਰਤੀਕਰਮ ਸੀ ਕਿ ਵੱਡੇ ਲੋਕਾਂ ਨੂੰ ਸਬਸਿਡੀ ਬੰਦ ਕੀਤੇ ਜਾਣ ਨਾਲ ਸਰਕਾਰ ’ਤੇ ਸਬਸਿਡੀ ਦਾ ਬੋਝ ਘਟੇਗਾ ਜਿਸ ਨਾਲ ਬਿਜਲੀ ਸਸਤੀ ਹੋਣ ਦੀ ਸੰਭਾਵਨਾ ਬਣੇਗੀ। ਬਿਜਲੀ ਸਬਸਿਡੀ ਆਮ ਕਿਸਾਨੀ ਨੂੰ ਮਿਲੇ ਅਤੇ ਪ੍ਰਾਈਵੇਟ ਕੰਪਨੀਆਂ ਨਾਲ ਹੋਏ ਬਿਜਲੀ ਖਰੀਦ ਸਮਝੌਤੇ ਵੀ ਰੀਵਿਊ ਹੋਣੇ ਚਾਹੀਦੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਇਸ ਪੱਖ ’ਚ ਹਨ ਕਿ ਸਨਅਤੀ ਅਤੇ ਖੇਤੀ ਖੇਤਰ ਦੇ ਵੱਡੇ ਸਰਦੇ ਪੁੱਜਦੇ ਲੋਕਾਂ ਨੂੰ ਬਿਜਲੀ ਸਬਸਿਡੀ ਬੰਦ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਰਿਆਇਤਾਂ ਦੇਣ ਦੀ ਕੋਈ ਤੁਕ ਨਹੀਂ ਬਣਦੀ ਹੈ। ਬਿਜਲੀ ਸਬਸਿਡੀ ਦਾ ਆਮ ਕਿਸਾਨੀ ਨੂੰ ਵਧੇਰੇ ਫਾਇਦਾ ਦਿੱਤਾ ਜਾਣਾ ਚਾਹੀਦਾ ਹੈ।
                    ਸਨਅਤੀ ਵਿਕਾਸ ਦੇ ਮੱਦੇਨਜ਼ਰ ਰਿਆਇਤਾਂ : ਉਦਯੋਗ ਮੰਤਰੀ
ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਸੀ ਕਿ ਪੰਜਾਬ ਵਿਚ ਸਨਅਤੀ ਨਿਵੇਸ਼ ਤੇ ਵਿਕਾਸ ਲਈ ਸਭ ਛੋਟੀ ਵੱਡੀ ਸਨਅਤ ਨੂੰ ਬਿਜਲੀ ਸਬਸਿਡੀ ਦੀ ਸਹੂਲਤ ਦਿੱਤੀ ਹੈ ਜਿਸ ਨਾਲ ਮਾਲੀਆ ਤੇ ਰੁਜ਼ਗਾਰ ਦੇ ਮੌਕੇ ਵਧੇ ਹਨ। ਬੰਦ ਸਨਅਤਾਂ ਚੱਲੀਆਂ ਹਨ ਅਤੇ ਪੁਰਾਣੀਆਂ ਸਨਅਤਾਂ ਨੇ ਬਿਜਲੀ ਲੋਡ ਵਧਾਏ ਹਨ। ਬਿਜਲੀ ਸਰਪਲੱਸ ਹੈ ਤੇ ਸਨਅਤਾਂ ’ਚ ਖਪਤ ਦੇ ਵਾਧੇ ਨਾਲ ਆਮਦਨ ਵੀ ਵਧੀ ਹੈ। ਸਨਅਤੀ ਵਿਕਾਸ ਨੂੰ ਮੁੱਖ ਰੱਖ ਕੇ ਰਿਆਇਤਾਂ ਦਿੱਤੀਆਂ ਹਨ।
             




No comments:

Post a Comment