Sunday, June 9, 2019

                             ਵਿਚਲੀ ਗੱਲ       
      ਹੁਣ ਨਹੀਂ  ਖੁੱਲ੍ਹਦਾ ਗਲੀ ਵਾਲਾ ਬੂਹਾ...
                             ਚਰਨਜੀਤ ਭੁੱਲਰ
ਬਠਿੰਡਾ : ਜਿੱਤ ਦਾ ਸਰੂਰ ਏਨਾ ਵੱਡਾ ਸੀ। ਵੱਡੇ ਬਾਦਲ ਤਾਂ ਗਰੂਰ ਕਰ ਬੈਠੇ। ਮਰਨਾ ਮੁਹੰਮਦ ਸਦੀਕ ਦਾ ਹੋ ਗਿਆ। ਜਦੋਂ ਵੱਡੇ ਬਾਦਲ ਖੁੱਲ੍ਹ ਕੇ ਹੱਸੇ। ਫਿਰ ਚਿੜੀ ਵਿਚਾਰੀ ਕਿਸ ਨੂੰ ਦੱਸੇ। ਸਦੀਕ ਨੇ ਦੋਹੇਂ ਹੱਥ ਜੋੜੇ ਨੇ। ਹੁਣ ਨਾ ਛੇੜੋ ਪੁਰਾਣੇ ਕਿੱਸੇ। ਉਦੋਂ ਸਦੀਕ ਦਾ ਪਹਿਲਾ ਭਾਸ਼ਨ ਸੀ। ਅੱਗਿਓ ਅਸੈਂਬਲੀ ’ਚ ਟੱਕਰੇ ਵੱਡੇ ਬਾਦਲ। ਇੱਕ ਫਨਕਾਰ ਨਾਲ ਜੋ ਫਿਰ ਹੋਇਆ, ਉਸ ਨੂੰ ਭੁੱਲਣਾ ਅੌਖੇ। ਮੁਹੰਮਦ ਸਦੀਕ ਆਪਣੀ ਸੀਟ ਤੋਂ ਉੱਠੇ। ਜੋਦੜੀ ਵੱਡੇ ਬਾਦਲਾਂ ਦੇ ਚਰਨਾਂ ’ਚ ਕੀਤੀ। ਪਹਿਲੀ ਵਾਰ ਚੁਣ ਕੇ ਆਇਆ। ਗਲਤੀ ਮਾਫ਼ ਕਰਨਾ। ਬਾਦਲ ਸਾਹਿਬ, ਤੁਸੀਂ ਗਰੀਬਾਂ ਦੇ ਮਸੀਹਾ ਹੋ। ਜਨਾਬ ਨੇ ਜੋ ਕੁੱਪ ਕਲਾਂ ’ਚ ਕਾਲਜ ਐਲਾਨਿਆ ਸੀ, ਉਹ ਕਦੋਂ ਬਣੂ। ਅੱਗਿਓਂ ਵੱਡੇ ਬਾਦਲ ਅੰਦਰੋਂ ਹੱਸੇ। ਛੱਡੋ ਜੀ, ਤੁਸੀਂ ਗਾਣਾ ਸੁਣਾਓ। ਸਦੀਕ ਕੀ ਜਾਣੇ, ਵੱਡਿਆਂ ਦੀਆਂ ਬਾਤਾਂ। ਸਦੀਕ ਨੇ ਲਾਈ ਹੇਕ ‘ ਭਾਰਤ ਹੈ ਇੱਕ ਮੁੰਦਰੀ, ਵਿਚ ਨਗ ਪੰਜਾਬ ਦਾ’। ਝੋਲੀ ’ਚ ਦਾਦ ਪਏਗੀ, ਸਦੀਕ ਦੀ ਇਹ ਭੁੱਲ ਸੀ। ਅੱਗਿਓਂ ਵੱਡੇ ਬਾਦਲ ਮਜ਼ਾਹੀਆ ਲਹਿਜੇ ’ਚ ਫ਼ਰਮਾਏ। ਜਾਖੜ ਸਾਹਿਬ, ਤੁਸੀਂ ਗਾਉਣ ਵਾਲਾ ਤਾਂ ਲੈ ਆਏ, ਹੁਣ ਇੱਕ ਵੈਣ ਪਾਉਣ ਵਾਲਾ ਵੀ ਲੈ ਆਓ। ਅਕਾਲੀ ਤਾੜੀ ਤੇ ਤਾੜੀ ਮਾਰ ਕੇ ਹੱਸੇ। ਸਦੀਕ ਦਾ ਦਿਲ ਰੋਇਆ ਤੇ ਪ੍ਰੋ. ਮੋਹਨ ਸਿੰਘ ਦੀ ਰੂਹ। ਗੱਲ ਇਹ 29 ਜੂਨ 2012 ਦੀ ਹੈ। ਉਦੋਂ ਪਹਿਲੀ ਵਾਰ ਸਦੀਕ ਐਮ.ਐਲ.ਏ ਬਣੇ ਸੀ। ਸਦੀਕ ਹੁਣ ਐਮ.ਪੀ ਬਣੇ ਹਨ। ਪਾਰਲੀਮੈਂਟ ਦਾ ਪਹਿਲਾ ਸੈਸ਼ਨ ਵੀ ਜੂਨ ’ਚ ਹੈ।
                ਸਦੀਕ ਤਾਂ ਸੋਚਦਾ ਹੋਊ, ਆਹ ਪਿੱਛਿਓ ਮੋਢੇ ’ਤੇ ਹੱਥ ਕਿਹਨੇ ਰੱਖਿਆ। ਸਦੀਕ ਸਾਹਿਬ, ਏਹ ਤਾਂ ਰੱਬ ਦਾ ਬੰਦੈ ਛੱਜੂ ਰਾਮ। ਸੁਣੋ ਜਰੂਰ ਇਹਦੀ, ਕਰਿਓ ਮਨ ਦੀ। ਛੱਜੂ ਰਾਮ ਦਾ ਮਸ਼ਵਰਾ ਸੁਣੋ, ‘ਸੱਜਣਾ, ਅਸੈਂਬਲੀ ਨੂੰ ਭੁੱਲਜਾ, ਹੁਣ ਪਾਰਲੀਮੈਂਟ ਚੱਲਿਐ, ਉਥੇ ਸਵਾ ਸ਼ੇਰ ਟੱਕਰਨਗੇ, ਕਿਤੇ ਫਿਰ ਨਾ ਭੁੱਲ ਕਰ ਬੈਠੀ। ‘ਤਾੜੀ ਤੇ ਤਾੜੀ’ ਵੱਜੂ। ਭਗਵੰਤ ਮਾਨ ਦੀ ਗੱਲ ਹੋਰ ਐ। ਤੂੰ ਝੱਗਾ ਚੌੜ ਨਾ ਕਰਾ ਬੈਠੀ। ਤਿਆਰੀ ਕਰਕੇ ਜਾਈਂ। ਅਗਲਿਆਂ ਮੁਲਕ ਚਾਰਿਐ, ਤੂੰ ਅਦਬ ਨਾ ਗੁਆ ਬੈਠੀ। ਜਿੱਤ ਦੇ ਗਰੂਰ ਦਾ ਸੁਆਦ ਅਸੈਂਬਲੀ ’ਚ ਦੇਖ ਹੀ ਚੁੱਕਿਐ। ਖੈਰ, ਨਿਆਣੇ ਬੁੱਢੇ ਹੋ ਗਏ, ਜਦੋਂ ਦਾ ਮੁਹੰਮਦ ਸਦੀਕ ਗਾਉਂਦੈ। ਦੋਗਾਣਿਆ ਦਾ ਬਾਦਸ਼ਾਹ ਹੈ। ਮਾਨ ਮਰਾੜਾਂ ਵਾਲੇ ਦੇ ਗੀਤ। ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੀ ਜੋੜੀ। ਫਿਰ ਚੱਲ ਸੋ ਚੱਲ। ਲੋਕ ਰਾਜ ਦੇ ਚੌਥੇ ਥੰਮ ਤੋਂ ਚੇਤਾ ਆਇਐ। ਸਦੀਕ ਦੇ ਉਸ ਗੀਤ ਦਾ। ਜਦੋਂ ਟੈਲੀਵਿਜ਼ਨ ਟਾਵੇਂ ਟਾਵੇਂ ਘਰਾਂ ’ਚ ਪੁੱਜੇ ਸਨ। ‘ਮੈਨੂੰ ਟੈਲੀਵਿਜ਼ਨ ਲੈ ਦੇ ਵੇ, ਤਸਵੀਰਾਂ ਬੋਲਦੀਆਂ’, ਗੀਤ ਬੜਾ ਮਕਬੂਲ ਹੋਇਆ ਸੀ। ਟੈਲੀਵਿਜ਼ਨ ਨੂੰ ‘ਬੁੱਧੂ ਬਾਕਸ’ (ਇੰਡੀਅਟ ਬਾਕਸ) ਵੀ ਆਖਦੇ ਨੇ। ਜਦੋਂ ਦੌਰ ਸ਼ੁਰੂ ਹੋਇਐ, ਉਦੋਂ ਗੂੰਗੇ ਬੋਲੇ ਦੀ ਅਵਾਜ਼ ਰੇਡੀਓ ਤੇ ਟੈਲੀਵਿਜ਼ਨ ਸਨ। ‘ ਬੀਵੀ ਸੇ ਜਿਆਦਾ ਬੀ.ਬੀ.ਸੀ ਸੇ ਪਿਆਰ’ ਇਹ ਖ਼ਾਸ ਰੇਡੀਓ ਪ੍ਰਸ਼ਾਰਨ ਦੀ ਟੀਸੀ ਸੀ। ਅੱਸੀਂਵੇ ਦਹਾਕੇ ’ਚ ਚੱਲਦੇ ਹਾਂ। ਚੇਤੇ ਕਰਿਓ, ਕੋਠੇ ਚੜ ਐਨਟੀਨੇ ਨੂੰ ਹਿਲਾਉਣਾ। ਸਕਰੀਨ ਤੇ ਤਾਰਿਆਂ ਦਾ ਚਕਰਾਉਣਾ। ‘ਰਮਾਇਣ’ ਤੇ ‘ਮਹਾਂਭਾਰਤ’ ਦਾ ਆਉਣਾ। ‘ਬੁਨਿਆਦ’ ਤੇ ‘ਹਮ ਲੋਗ’ ਵਰਗੇ ਸੀਰੀਅਲ। ਜਿਨ੍ਹਾਂ ’ਚ ਸਚਾਈ ਨੂੰ ਨੇੜਿਓਂ ਪਾਉਣਾ।
                 ਸਭ ਕੁਝ ਹੁਣ ਬਦਲਿਐ ਹੈ। ਹੁਣ ਤਾਂ ਏਦਾਂ ਲੱਗਦੈ ਕਿ ਜਿਵੇਂ ਚੈਨਲਾਂ ਦਾ ਰਾਹ ਕੋਈ ਬਿੱਲੀ ਕੱਟ ਗਈ ਹੋਵੇ। ਮੁਲਕ ’ਚ ਅੱਜ 908 ਪ੍ਰਾਈਵੇਟ ਸੈਟੇਲਾਈਟ ਟੀ.ਵੀ ਚੈਨਲ ਹਨ ਜਿਨ੍ਹਾਂ ਦੀ ਮਾਲਕੀ 350 ਕੰਪਨੀਆਂ ਕੋਲ ਹੈ। ਬਹੁਤੇ ਚੈਨਲਾਂ ਤੇ ਕਾਬਜ਼ ਸਿਆਸੀ ਤੇ ਸਨਅਤੀ ਘਰਾਣੇ ਹਨ। ਇਸ ਜ਼ਮਾਨੇ ਦਾ ਵੱਡਾ ਮਸਲਾ ਟੀ.ਆਰ.ਪੀ (ਟੈਲੀਵਿਜ਼ਨ ਰੇਟਿੰਗ ਪੁਆਇੰਟ) ਹੈ। ‘ਬੁੱਧੂ ਬਕਸੇ’ ਨੇ ਤਾਂ ਹੱਦ ਹੀ ਕਰ ਦਿੱਤੀ ਐ। ਸੀਰੀਅਲ ਹੁਣ ਘਰਾਂ ਨੂੰ ਜੋੜਦੇ ਨਹੀਂ, ਤੋੜਦੇ ਹਨ। ਚੈਨਲਾਂ ਦੇ ਕੈਮਰੇ ਪੇਂਡੂ ਭਾਰਤ ਤੋਂ ਹਟੇ ਹਨ।  ਪੀ.ਸਾਈਨਾਥ ਫਿਰ ਵੀ ਕਿਸਾਨ ਘਰਾਂ ’ਚ ਗੇੜੇ ਮਾਰਦਾ ਫਿਰਦੈ। ਰਵੀਸ਼ ਕੁਮਾਰ ਵੀ ਕੱਲਾ ਹੀ ਕਾਫਲੇ ’ਚ ਨਿਕਲਿਐ। ਵਿਰੋਧੀ ਆਗੂਆਂ ਨੇ ਚੈਨਲਾਂ ਦਾ ਬਾਈਕਾਟ ਕੀਤੈ। ਕਦੇ ਪੰਜਾਬ ’ਚ ਵੀ ‘ਕੇਬਲ ਮਾਫੀਏ’ ਦਾ ਰੌਲਾ ਪੈਂਦਾ ਹੁੰਦਾ ਸੀ। ਮੁਹੰਮਦ ਸਦੀਕ ਦਾ ਗਾਣਾ। ‘ਮੈਨੂੰ ਟੈਲੀਵਿਜ਼ਨ ਲੈ ਦੇ ਵੇ, ਤਸਵੀਰਾਂ ਬੋਲਦੀਆਂ।’ ਅੱਜ ਜਚਦਾ ਨਹੀਂ। ਤਸਵੀਰਾਂ ਅੱਜ ਬੋਲਦੀਆਂ ਨਹੀਂ। ਕਿਸਾਨ ਮਰ ਰਿਹੈ, ਮਜ਼ਦੂਰ ਜਰ ਰਿਹੈ, ਜਵਾਨ ਲੜ ਰਿਹੈ, ਰੁਜ਼ਗਾਰ ਲਈ। ਤਸਵੀਰਾਂ ਕਿਉਂ ਚੁੱਪ ਨੇ। ਪੰਜਾਬ ਦਰਸ਼ਨ ਤਾਂ ਕਰਕੇ ਦੇਖਣ। ਟੈਂਕੀਆਂ ਨੇ ਕਿਉਂ ਚੜਨਾ ਪੈ ਰਿਹਾ ਹੈ। ਬੇਰੁਜ਼ਗਾਰ ਪੈਟਰੋਲ ਲੈ ਕੇ ਚੜ੍ਹੇ ਨੇ। ਮੁਲਾਜ਼ਮ ਤਨਖ਼ਾਹਾਂ ਲਈ ਅੜੇ ਨੇ। ਆਜ਼ਾਦੀ ਘੁਲਾਟੀਏ ਵੀ ਟੈਂਕੀਆਂ ਤੋਂ ਲੜੇ ਨੇ। ਨਰੇਗਾ ਮਜ਼ਦੂਰ ਵੀ ਟੈਕੀਂ ’ਤੇ ਖੜ੍ਹੇ ਨੇ। ਨਿੱਕੇ ਨਿੱਕੇ ਕੰਮਾਂ ਖਾਤਰ ਟੈਂਕੀ ’ਤੇ ਚੜ੍ਹਨਾ ਪੈਂਦੇ। ਤਸਵੀਰਾਂ ਫਿਰ ਵੀ ਕਿਉਂ ਨਹੀਂ ਬੋਲਦੀਆਂ। ਤਸਵੀਰਾਂ ਇਕਸੁਰ ਨੇ। ਕਿਸੇ ਨੇ ਵਸ ’ਚ ਕਰ ਲਿਆ ਹੈ।
               ਪੇਂਡੂ ਪੰਜਾਬ ’ਚ ਡੇਢ ਸਾਲ ਦੀ ਬੱਚੀ ਨਾਲ ਤੇ 80 ਸਾਲ ਦੀ ਬਜ਼ੁਰਗ ਨਾਲ ਵੀ ਜਬਰ ਜਨਾਹ ਹੋ ਰਿਹੈ, ਕੌਮੀ ਤਸਵੀਰਾਂ ਦੀ ਚੁੱਪ ਫਿਰ ਵੀ ਨਹੀਂ ਟੁੱਟਦੀ। ਤਸਵੀਰਾਂ ਬੋਲਦੀਆਂ ਨਹੀਂ। ਹੁਣ ਘੋਲਦੀਆਂ ਨੇ, ਜ਼ਰਖੇਜ਼ ਮਨਾਂ ’ਚ ਜ਼ਹਿਰ। ਫਿਰਕੂ ਤੇ ਨਫ਼ਰਤ ਦਾ ਏਨਾ ਕਹਿਰ। ਠੂਹਾਂ ਵੀ ਸ਼ਰਮਿੰਦਾ ਹੈ। ਚੈਨਲਾਂ ਵਾਲੇ ਡਰਾਉਂਦੇ ਨੇ। ਐਂਕਰ ਬਣੀਆਂ ਤਸਵੀਰਾਂ ਨਹੀਂ ਦੱਸਦੀਆਂ। ਕਿੰਨੇ ਲੀਡਰਾਂ ਦੇ ਪੁੱਤ ਸਰਹੱਦਾਂ ’ਤੇ ਸ਼ਹੀਦ ਹੋਏ ਨੇ। ਮਰਨਾ ਚਿੱੜੀਆਂ ਦੇ ਹਿੱਸੇ ਹੀ ਕਿਉਂ ਆਇਆ। ਅੌਹ, ਛੱਜੂ ਰਾਮ ਵੱਲ ਵੇਖੋ, ਟੀਵੀ ਵੇਖ ਰਿਹੈ, ਕੰਨਾਂ ’ਚ ਰੂੰ ਪਾਈ ਐ ਤੇ ਸਿਰ ’ਤੇ ਹੈਲਮਟ ਲਿਐ। ਦੇਖ ਰਿਹੈ, ਗੱਲਾਂ ਦੇ ਗਲੱਕੜ ਬਣਦੇ। ਇਕੱਲਾ ਛੱਜੂ ਰਾਮ ਨਹੀਂ, ਮੁਲਕ ਹੀ ਦਹਿਲਿਐ। ਬਨੂੜ ਦੇ ਲੋਕ ਜਗਰਾਤੇ ਦੇ ਬਣਾਉਟੀ ਸ਼ੇਰ ਤੋਂ ਐਵੇਂ ਡਰ ਡਰ ਕੇ ਨਹੀਂ ਲੰਘੇ, ਮਨਾਂ ’ਚ ਸਹਿਮ ਬੈਠੇ ਹੋਏ ਨੇ। ਕੋਈ ਤਾਂ ਮੁਹੱਬਤਾਂ ਦੀ ਬਾਤ ਪਾਓ। ਜੀਵਨ ਧਾਰਾ ਨੂੰ ਖੰਡਰ ਨਾ ਬਣਾਓ। ਅੱਗ ਕੱਢਣ ਲਈ ਨੇਤਾ ਬਹੁਤ ਨੇ, ਤਸਵੀਰਾਂ ਤਾਂ ਰਹਿਮ ਕਰਨ। ਇਨ੍ਹਾਂ ਤਸਵੀਰਾਂ ਦੇ ਪੰਜਾਬ ਪੈਰੀਂ ਡਿਗਿਐ। ਪਹਿਲਾਂ ਹੀ ਜ਼ਹਿਰਾਂ ਬਹੁਤ ਨੇ, ਤੁਸੀਂ ਤਾਂ ਬਖ਼ਸ਼ੋ। ਸਾਡੇ ਕੋਲ ਬੁੱਢਾ ਨਾਲਾ ਹੈ। ਜ਼ਹਿਰਾਂ ਵਾਲੀਆਂ ਨਹਿਰਾਂ ਨੇ। ਮਿੱਤਰ ਕੀੜੇ ਵੀ ਖੇਤਾਂ ’ਚ ਪੈਰ ਪਾਉਣੋਂ ਡਰਦੇ ਨੇ। ਗੀਤਕਾਰ ਤੇ ਦੁਨਾਲੀ ਚੁਕਾਉਣ ਵਾਲੇ ਗਾਇਕ ਵੀ ਨੇ। ਕੈਂਸਰ ਦੇ ਭੰਨਿਆ ਨੂੰ ਦਵਾਈ ਦਿਵਾਉਣ ਵਾਲੇ ਕੋਈ ਨਹੀਂ।
                ਏਦਾਂ ਜਾਪਦੈ ਜਿਵੇਂ ਜ਼ਿੰਦਗੀ ਹੀ ‘ਅਨਟਰੇਸ’ ਹੋ ਗਈ ਹੋਵੇ। ਜਿਉਣੇ ਮੌੜ ਦੇ ਵਾਰਸ ਲੇਲ੍ਹੜੀਆਂ ਕੱਢ ਰਹੇ ਨੇ। ਸੁੱਚੇ ਸੂਰਮੇ ਦੇ ਵਾਰਸ ਸਲਫਾਸ ਭਾਲਦੇ ਫਿਰਦੇ ਨੇ। ਦੁੱਲਾ ਜੱਟ ਸ਼ਾਹੂਕਾਰਾਂ ਦੇ ਪੈਰ ਫੜੀ ਬੈਠਾ ਹੈ। ਹਵਾ ਖੁਸ਼ਕ ਚੱਲ ਰਹੀ ਹੈ। ਮੁੰਡੇ ਜਹਾਜ਼ ਚੜ੍ਹੀ ਜਾਂਦੇ ਨੇ। ਪੰਜਾਬ ਦੇ ਰਾਖੇ ਸ਼ਾਇਰੋ ਸ਼ਾਇਰੀ ਕਰੀ ਜਾ ਰਹੇ ਨੇ। ਲੋਕ ਖ਼ਜ਼ਾਨਾ ਭਰੀ ਜਾ ਰਹੇ ਨੇ। ਛੱਜੂ ਰਾਮ ਨੇ ਟਿੱਚਰ ਕੀਤੀ ਐ ‘ਉੱਚਾ ਲੰਮਾ ਗੱਭਰੂ , ਪੱਲੇ ਠੀਕਰੀਆਂ।’ ਏਨਾ ਮਾੜਾ ਹਾਲ ਤਾਂ ਨਹੀਂ ਖ਼ਜ਼ਾਨੇ ਦਾ ਛੱਜੂ ਰਾਮਾ।  ਉਦੋਂ ਵੇਲਾ ਭਲਾ ਸੀ ਜਦੋਂ ਪ੍ਰੋ. ਮੋਹਨ ਸਿੰਘ ਨੇ ਰੰਗਲੇ ਪੰਜਾਬ ਦੀ ਵਡਿਆਈ ਕੀਤੀ, ‘ਭਾਰਤ ਹੈ ਇੱਕ ਮੁੰਦਰੀ, ਵਿਚ ਨਗ ਪੰਜਾਬ ਦਾ’। ਅਸੈਂਬਲੀ ’ਚ ਇਸ ਰਚਨਾ ਦੀ ਖਿੱਲੀ ਉਡਾਉਣ ਵਾਲੇ ਜਾਣੂ ਹਨ। ਤਾਹੀਂ ਮਨੋਂ ਮਨੀਂ ਆਖਦੇ ਨੇ, ਪ੍ਰੋਫੈਸਰ ਸਾਹਿਬ ਕਿਹੜੇ ਜ਼ਮਾਨੇ ਦੀ ਗੱਲ ਕਰਦੇ ਹੋ। ਬਾਬੂ ਸਿੰਘ ਮਾਨ ਮਰਾੜਾਂ ਵਾਲਾ ਵੀ ਸੋਚੀ ਜਾ ਰਿਹੈ..ਹੁਣ ਤਸਵੀਰਾਂ ਬਾਰੇ ਕੀ ਲਿਖਾਂ।


       



No comments:

Post a Comment