Friday, June 7, 2019

                          ਵੀਜ਼ੇ ਹੀ ਵੀਜ਼ੇ
    ਟਿੱਬਿਆਂ ’ਚ ਪਾਸਪੋਰਟਾਂ ਦੀ ਹਨੇਰੀ ! 
                         ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖ਼ਿੱਤੇ ਦੇ ਟਿੱਬਿਆਂ ’ਚ ਹੁਣ ਪਾਸਪੋਰਟਾਂ ਦੀ ਹਨੇਰੀ ਉੱਠੀ ਹੈ। ਏਦਾ ਜਾਪਦਾ ਹੈ ਜਿਵੇਂ ਸਟੱਡੀ ਵੀਜ਼ੇ ਲੈਣ ਲਈ ਸਭ ਤੋਂ ਵੱਧ ਕਾਹਲਾ ਬਠਿੰਡਾ ਹੋਵੇ। ਵਿਦੇਸ਼ ਪੜਾਈ ਲਈ ਸਟੱਡੀ ਵੀਜ਼ੇ ਦੀ ਸਫਲ ਦਰ ਕਿੰਨੀ ਹੈ, ਵੱਖਰਾ ਮਾਮਲਾ ਹੈ ਪਰ ਨਵੇਂ ਪਾਸਪੋਰਟ ਬਣਾਉਣ ’ਚ ਬਠਿੰਡਾ ਖ਼ਿੱਤੇ ਨੇ ਪੰਜਾਬ ਨੂੰ ‘ਹਟ ਪਿੱਛੇ’ ਆਖ ਦਿੱਤਾ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ’ਚ ਹੁਣ ਅੌਸਤਨ ਸਵਾ ਸੌ ਨਵੇਂ ਪਾਸਪੋਰਟ ਪ੍ਰਤੀ ਦਿਨ ਬਣ ਰਹੇ ਹਨ ਜਦੋਂ ਕਿ ਸਾਲ 2018 ਵਿਚ ਪ੍ਰਤੀ ਦਿਨ ਅੌਸਤਨ 109 ਪਾਸਪੋਰਟ ਬਣਦੇ ਸਨ। ਪਿਛਾਂਹ ਚੱਲੀਏ ਤਾਂ ਸਾਲ 2012 ਵਿਚ ਬਠਿੰਡਾ ਜ਼ਿਲ੍ਹੇ ਵਿਚ ਪ੍ਰਤੀ ਦਿਨ ਦੀ ਅੌਸਤਨ ਸਿਰਫ 26 ਪਾਸਪੋਰਟਾਂ ਦੀ ਰਹੀ ਸੀ। ਕੋਈ ਵੇਲਾ ਸੀ ਜਦੋਂ ਪਛੜੇ ਖ਼ਿੱਤੇ ਕਰਕੇ ਬਿਗਾਨੇ ਇੱਥੋਂ ਦੇ ਲੋਕਾਂ ਨੂੰ ‘ਵਾਇਆ ਬਠਿੰਡਾ’ ਆਖ ਕੇ ਛੇੜਦੇ ਹੁੰਦੇ ਸਨ। ਹੁਣ ਵਿੱਦਿਅਕ ਤਰੱਕੀ ਅਤੇ ਪ੍ਰਵਾਸ ਦੇ ਰੁਝਾਨ ਨੇ ਬਿਗਾਨਿਆਂ ਦੀ ਮੜਕ ਭੰਨ ਦਿੱਤੀ ਹੈ। ਪੰਜਾਬ ’ਚ ਬਠਿੰਡਾ ਖ਼ਿੱਤਾ ਹੋਣ ਨਵੇਂ ਪਾਸਪੋਰਟ ਬਣਾਉਣ (ਰੀਨਿਊ ਸਮੇਤ) ’ਚ ਝੰਡੀ ਲੈਣ ਲੱਗਾ ਹੈ। ਪੰਜਾਬ ਪੁਲੀਸ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਮਾਲਵਾ ਖ਼ਿੱਤੇ ਵਿਚ ਪਾਸਪੋਰਟ ਬਣਾਉਣ ਦਾ ਰੁਝਾਨ ਸਾਲ 2016 ਮਗਰੋਂ ਤੇਜ਼ੀ ਨਾਲ ਵਧਿਆ ਹੈ। ਸਭ ਤੋਂ ਵੱਧ ਨਵੇਂ ਪਾਸਪੋਰਟ ਸਟੱਡੀ ਵੀਜ਼ੇ ਵਾਲੇ ਮੁੰਡੇ ਬਣਾ ਰਹੇ ਹਨ।
                 ਬਠਿੰਡਾ ਜ਼ਿਲ੍ਹੇ ਵਿਚ ਸਾਲ 2014 ਤੋਂ ਫਰਵਰੀ 2019 ਤੱਕ 1.21 ਲੱਖ ਨਵੇਂ ਪਾਸਪੋਰਟ ਬਣੇ ਹਨ ਜਿਨ੍ਹਾਂ ਦੀ ਵੈਰੀਫਿਕੇਸ਼ਨ ਪੁਲੀਸ ਨੇ ਕੀਤੀ ਹੈ। ਇਸ ਕੈਲੰਡਰ ਵਰੇ੍ਹ ਦੇ ਪਹਿਲੇ ਡੇਢ ਮਹੀਨੇ ’ਚ 5627 ਨਵੇਂ ਪਾਸਪੋਰਟ ਬਣੇ ਹਨ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ 125 ਪਾਸਪੋਰਟ ਬਣੇ ਹਨ। ਸਾਲ 2018 ਵਿਚ ਇਸ ਜ਼ਿਲ੍ਹੇ ਵਿਚ 39891 ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2017 ਵਿਚ 27716 ਪਾਸਪੋਰਟ ਬਣੇ ਸਨ। ਇਵੇਂ ਸਾਲ 2016 ਵਿਚ 17329 ਤੇ ਸਾਲ 2012 ਵਿਚ ਸਿਰਫ਼ 9684 ਪਾਸਪੋਰਟ ਬਣੇ ਸਨ। ਲੰਘੇ ਛੇ ਵਰ੍ਹਿਆਂ ਵਿਚ ਇਸ ਜ਼ਿਲ੍ਹੇ ਦੇ ਲੋਕਾਂ ਨੇ ਪਾਸਪੋਰਟ ਬਣਾਉਣ ’ਤੇ 18.15 ਕਰੋੜ ਰੁਪਏ ਖਰਚ ਕੀਤੇ ਹਨ। ਸਾਲ 2018 ਤੋਂ ਬਠਿੰਡਾ ਜ਼ਿਲ੍ਹੇ ਦੇ ਦੁਆਬੇ ਨੂੰ ਇਸ ਮਾਮਲੇ ਵਿਚ ਪਿਛਾਂਹ ਛੱਡ ਦਿੱਤਾ ਹੈ।ਨਵਾਂ ਸ਼ਹਿਰ ਵਿਚ ਇਸ ਕੈਲੰਡਰ ਵਰੇ੍ਹ ਦੇ ਡੇਢ ਮਹੀਨੇ ਵਿਚ 4148 ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2018 ਵਿਚ 34315 ਪਾਸਪੋਰਟ ਬਣੇ ਸਨ ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿਚ 39891 ਬਣੇ ਹਨ। ਬਠਿੰਡਾ ਦੀ ਅਜੀਤ ਰੋਡ ਤਾਂ ਹੁਣ ‘ਆਈਲੈੱਟਸ’ ਦੀ ਰਾਜਧਾਨੀ ਬਣ ਗਈ ਹੈ। ਇੱਥੋਂ ਤੱਕ ਕਿ ਹੁਣ ਛੋਟੇ ਸ਼ਹਿਰਾਂ ਵਿਚ ਵੀ ਆਈਲੈੱਟਸ ਸੈਂਟਰਾਂ ਦਾ ਹੜ ਆ ਗਿਆ ਹੈ।
                ਨਰਮਾ ਪੱਟੀ ਦਾ ਕਿਸਾਨ ਖੇਤੀ ਵਿਚ ਟੁੱਟਿਆ ਹੈ। ਬੱਚਿਆਂ ਲਈ ਰੁਜ਼ਗਾਰ ਦੇ ਮੌਕੇ ਕਿਧਰੋਂ ਲੱਭਦੇ ਦਿਖਦੇ ਨਹੀਂ। ਜ਼ਮੀਨਾਂ ਵੇਚ ਕੇ ਸਟੱਡੀ ਵੀਜ਼ੇ ਲੈਣ ਨੂੰ ਵੀ ਕਿਸਾਨ ਖੇਤੀ ਨਾਲੋਂ ਚੰਗਾ ਸਮਝਣ ਲੱਗਾ ਹੈ। ਫਰੀਦਕੋਟ ਛੋਟਾ ਜ਼ਿਲ੍ਹਾ ਹੈ ਜਿਥੇ ਸਾਲ 2014 ਤੋਂ 15 ਫਰਵਰੀ 2019 ਤੱਕ 75429 ਨਵੇਂ ਪਾਸਪੋਰਟ (ਸਮੇਤ ਰੀਨਿਊ) ਬਣੇ ਹਨ। ਵਰ੍ਹਾ 2012 ਵਿਚ ਫਰੀਦਕੋਟ ਜ਼ਿਲ੍ਹੇ ਵਿਚ ਸਿਰਫ਼ 4639 ਪਾਸਪੋਰਟ ਬਣੇ ਸਨ ਜਦੋਂ ਕਿ ਸਾਲ 2018 ਦੇ ਇੱਕੋ ਵਰੇ੍ਹ ’ਚ ਇਸ ਜ਼ਿਲ੍ਹੇ ’ਚ 23,655 ਪਾਸਪੋਰਟ ਬਣੇ ਹਨ।  ਫਰੀਦਕੋਟ ਜ਼ਿਲ੍ਹੇ ’ਚ ਸਾਲ 2012 ਵਿਚ ਅੌਸਤਨ ਸਿਰਫ਼ 13 ਪਾਸਪੋਰਟ ਪ੍ਰਤੀ ਦਿਨ ਬਣਦੇ ਸਨ ਜਦੋਂ ਕਿ ਸਾਲ 2018 ਵਿਚ ਇਹ ਦਰ ਪ੍ਰਤੀ ਦਿਨ 65 ਦੀ ਹੋ ਗਈ ਹੈ। ਇਨ੍ਹਾਂ ਛੇ ਵਰ੍ਹਿਆਂ ’ਚ ਫਰੀਦਕੋਟ ਦੇ ਲੋਕਾਂ ਨੇ 11.16 ਕਰੋੜ ਰੁਪਏ ਨਵੇਂ ਪਾਸਪੋਰਟਾਂ ਦੀ ਇਕੱਲੀ ਫੀਸ ਤਾਰੀ ਹੈ।
                ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵੀ ਪਿਛੇ ਨਹੀਂ। ਛੇ ਵਰ੍ਹਿਆਂ ’ਚ ਇਸ ਜ਼ਿਲ੍ਹੇ ’ਚ 86,129 ਪਾਸਪੋਰਟ ਬਣੇ ਹਨ। ਇਕੱਲੇ ਸਾਲ 2018 ਵਿਚ ਫਿਰੋਜ਼ਪੁਰ ਜ਼ਿਲ੍ਹੇ ’ਚ 28,868 ਪਾਸਪੋਰਟ ਬਣੇ ਹਨ ਜਿਸ ਦਾ ਮਤਲਬ ਪ੍ਰਤੀ ਦਿਨ 79 ਪਾਸਪੋਰਟ ਬਣੇ। ਸਾਲ 2012 ਵਿਚ ਇਸ ਜ਼ਿਲ੍ਹੇ ਵਿਚ ਸਿਰਫ਼ 6124 ਪਾਸਪੋਰਟ ਬਣੇ ਸਨ। ਸਾਲ 2016 ਵਿਚ 9445  ਅਤੇ ਸਾਲ 2017 ਵਿਚ 25,329 ਪਾਸਪੋਰਟ ਬਣੇ। ਇਸ ਜ਼ਿਲ੍ਹੇ ਨੇ 12.91 ਨਵੇਂ ਪਾਸਪੋਰਟਾਂ ਦੀ ਛੇ ਸਾਲਾਂ ’ਚ ਫੀਸ ਭਰੀ। ਦੁਆਬੇ ਦੇ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਲੰਘੇ ਛੇ ਵਰ੍ਹਿਆਂ ਵਿਚ 1.38 ਲੱਖ ਨਵੇਂ ਪਾਸਪੋਰਟ ਬਣੇ ਹਨ। ਮੌਜੂਦਾ ਵਰੇ੍ਹ ਦੀ ਪ੍ਰਤੀ ਦਿਨ ਅੌਸਤਨ ਇਸ ਜ਼ਿਲ੍ਹੇ ਦੀ 92 ਪਾਸਪੋਰਟਾਂ ਦੀ ਨਿਕਲੀ ਹੈ ਜਦੋਂ ਕਿ ਸਾਲ 2012 ਵਿਚ ਇਹ ਦਰ 35 ਪਾਸਪੋਰਟਾਂ ਦੀ ਸੀ।
               ਕੇਂਦਰ ਸਰਕਾਰ ਨੇ ਨਵੇਂ ਰੁਝਾਨ ਦੇ ਮੱਦੇਨਜ਼ਰ ਪੰਜਾਬ ਦੇ ਅੱਠ ਸ਼ਹਿਰਾਂ ਵਿਚ ‘ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ’ ਖੋਲ੍ਹ ਦਿੱਤੇ ਹਨ ਜਿਨ੍ਹਾਂ ਵਿਚ ਬਠਿੰਡਾ, ਸੰਗਰੂਰ, ਪਟਿਆਲਾ, ਮੋਗਾ,ਤਰਨਤਾਰਨ,ਫਗਵਾੜਾ,ਨਵਾਂ ਸ਼ਹਿਰ ਤੇ ਗੁਰਦਾਸਪੁਰ ਸ਼ਾਮਿਲ ਹੈ। ਪੰਜਾਬ ਵਿਚ ਹੁਣ ਸਟੱਡੀ ਵੀਜ਼ੇ ਦਾ ਵੱਡਾ ਬਿਜਨਿਸ਼ ਖੜ੍ਹਾ ਹੋ ਗਿਆ ਹੈ। ਨਵੇਂ ਪਾਸਪੋਰਟ ਦੀ ਫੀਸ ਜੋ ਪਹਿਲਾਂ ਇੱਕ ਹਜ਼ਾਰ ਰੁਪਏ ਸੀ, ਉਹ ਕਾਫ਼ੀ ਵਰ੍ਹੇ ਪਹਿਲਾਂ ਵਧ ਕੇ 1500 ਰੁਪਏ ਹੋ ਗਈ ਹੈ। ਪੁਲੀਸ ਦਾ ਵੀ ਬਹੁਤਾ ਸਮਾਂ ਹੁਣ ਨਵੇਂ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਵਿਚ ਲੰਘਦਾ ਹੈ।       
                                                  ਪੇਂਡੂ ਮਾਲਵੇ ’ਚ ਕਾਹਲ ਵਧੀ : ਸੰਘਾ
ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਤੇ ਸੈਨੇਟ ਮੈਂਬਰ ਡਾ. ਐੱਸ.ਐੱਸ.ਸੰਘਾ ਦਾ ਪ੍ਰਤੀਕਰਮ ਸੀ ਕਿ ਪੇਂਡੂ ਮਾਲਵੇ ’ਚ ਹੁਣ ਵਿਦੇਸ਼ ਪੜਾਈ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਪਾਸਪੋਰਟਾਂ ਦੇ ਅੰਕੜੇ ’ਚ ਇਜਾਫਾ ਇਸੇ ਵਜ੍ਹਾ ਕਰਕੇ ਹੈ। ਜਵਾਨੀ ਸਟੱਡੀ ਵੀਜ਼ੇ ਚੋਂ ਭਵਿੱਖ ਤਲਾਸ਼ਣ ਲੱਗੀ ਹੈ ਅਤੇ ਮਾਪਿਆਂ ਨੂੰ ਵੀ ਹੋਰ ਕੋਈ ਰਾਹ ਨਹੀਂ ਦਿੱਖ ਰਿਹਾ ਹੈ।
   
                   


1 comment:

  1. ਸਿਖ 1/5 ਹਿਸੇ ਪੰਜਾਬ ਵਿਚ ਵੀ ਖਤਮ ਕੀਤਾ ਜਾ ਰਹਿਆ ਹੈ - ਸਿਖ ਦੂਰਦਰਸ਼ੀ ਨਹੀ - ਕਦੇ ਇਸਲਾਮਾਬਾਦ, ਦਿਲੀ ਤੇ ਚੰਡੀਗੜ੍ਹ ਵੀ ਪੰਜਾਬ ਦੇ ਹਿਸਾ ਹੁੰਦੇ ਸੀ. ਚੰਡੀਗੜ੍ਹ ਤਾ 1/5 ਹਿਸੇ ਦੇ 40 ਪਿੰਡ ਦੇ ਕੇ ਬਣਾਇਆ ਸੀ. ਇਸਰਾਇਲ ਕਿਓ ਬਣਾਇਆ ਸੀ jews ਨੇ - ਓਹ ਤਾ ਸਾਰੀ ਦੁਨੀਆ ਤੋ ਅਮੀਰ ਤੇ successful ਲੋਕ ਹਨ. Einstein ਵੀ jew ਸੀ. ਮੋਦੀ ਦੁਕਾਨਦਾਰਾ ਨੂ ਮੁਫਤ ਵਾਂਗੂ ਕਰਜ਼ੇ ਦੇ ਰਹਿਆ ਹੈ - ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ ਥਲੇ - 2017 ਦੇ end ਤਕ 4 ਲਖ ਕਰੋੜ ਦੇ ਚੁਕੀਆ ਹੈ - ਗਰੰਟੀ ਕੋਈ ਨਹੀ ਦਿਤੀ ਕਿਸੇ ਨੇ ਨਾ ਕੋਈ ਚੀਜ ਗਿਰਵੀ ਰਖੀ ਹੈ - ਤੇ ਹੁਣ ਰੇੜਿਆ ਤੇ ਰੇਡੀਆ ਵਾਲਿਆ ਨੂ - ਅਗਲਿਆ ਨੂ ਕਿਤੇ ਵੀ ਨਹੀ ਜਾਣ ਦੀ ਲੋੜ - rss ਹੀ ਅਸਲੀ ਪ੍ਰਧਾਨ ਮੰਤਰੀ ਹੈ ਤੇ ਸਾਰੇ ਅਦਾਰੇ ਤੇ reserve ਬੈੰਕ ਦਾ gov ਵੀ rss ਦਾ ਬੰਦਾ ..ਸਿਖ ਕਦੇ ਵੀ ਬਰਾਬਰ ਨਹੀ ਸਮਝੇ ਗਏ ..ਪਰ ਆਪ ਵੀ ਸਦਾ ਸੁਤੇ ਹੀ ਰਹਿੰਦੇ ਹਨ ਦੂਰਅੰਦੇਸ਼ੀ ਤੋ

    ReplyDelete