Thursday, June 20, 2019

                               ਪਾਵਰਫੁੱਲ 
        ਕੌਣ ਸਾਹਿਬ ਨੂੰ ਆਖੇ... ਬਿੱਲ ਭਰ ! 
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਵੱਡੇ ਅਫਸਰਾਂ ਦੇ ਬਿਜਲੀ ਬਿੱਲ ਛੋਟੇ ਹਨ। ਜਿਨ੍ਹਾਂ ਅਫਸਰਾਂ ਦੇ ਬਿੱਲ ਵੱਡੇ ਹਨ, ਉਹ ਬਿੱਲ ਤਾਰਦੇ ਨਹੀਂ। ਜ਼ਿਲ੍ਹੇ ਦੇ ਮਾਲਕਾਂ ਵੱਲ ਕੌਣ ਝਾਕੂ, ਪਾਵਰਕੌਮ ਦੇ ਅਫਸਰਾਂ ’ਚ ਏਨੀ ਹਿੰਮਤ ਨਹੀਂ। ਚੰਡੀਗੜ੍ਹ ਦੇ ਐਨ ਨਾਲ ਪੈਂਦੇ ਜ਼ਿਲ੍ਹਾ ਰੋਪੜ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਕੋਠੀ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਹੈ। ਗਰਮੀ ਹੋਵੇ ਤੇ ਚਾਹੇ ਸਰਦੀ, ਬਿਜਲੀ ਖਪਤ ਕਦੇ ਜ਼ੀਰੋ ਤੋਂ ਵਧੀ ਨਹੀਂ। ਇਵੇਂ ਰੋਪੜ ਦੇ ਐਸ.ਐਸ.ਪੀ ਦੀ ਕੋਠੀ ’ਚ ਬਿਜਲੀ ਖਪਤ ਜ਼ੀਰੋ ਯੂਨਿਟ ਹੈ। ਜੋ ਰੋਪੜ ਦੇ ਐਸ.ਪੀ (ਰਿਹਾਇਸ਼) ਦੇ ਨਾਮ ’ਤੇ ਬਿੱਲ ਆਉਂਦਾ ਹੈ, ਉਸ ਬਿੱਲ ਦਾ ਬਕਾਇਆ ਕਰੀਬ 1.46 ਲੱਖ ਤਾਰਿਆ ਨਹੀਂ ਗਿਆ। ਜੋ ਗਾਰਦ ਰੂਮ ਦੇ ਨਾਮ ’ਤੇ ਕੁਨੈਕਸ਼ਨ ਹੈ, ਉਸ ਦਾ ਬਕਾਏ 1.79 ਲੱਖ ਭਰੇ ਨਹੀਂ ਗਏ। ਪੰਜਾਬੀ ਟ੍ਰਿਬਿਊਨ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਅਤੇ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਵੇਰਵਿਆਂ ’ਚ ਇਹ ਤੱਥ ਉਭਰੇ ਹਨ। ਐਸ.ਐਸ.ਪੀ ਗੁਰਦਾਸਪੁਰ ਦੀ ਰਿਹਾਇਸ਼ ’ਚ ਚਾਰ ਮੀਟਰ ਲੱਗੇ ਹਨ ਜਿਨ੍ਹਾਂ ਚੋਂ ਇੱਕ ਮੀਟਰ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਤੋਂ ਟੱਪੀ ਨਹੀਂ ਜਦੋਂ ਕਿ ਦੂਸਰੇ ਮੀਟਰ ਦੀ 61 ਦਿਨਾਂ ਦੀ ਖਪਤ 66 ਯੂਨਿਟ ਆਈ ਹੈ। ਅੌਸਤਨ ਇੱਕ ਯੂਨਿਟ ਖਪਤ ਰੋਜ਼ਾਨਾ। ਤੀਸਰੇ ਮੀਟਰ ਦੀ ਸੂਈ ਵੀ ਜ਼ੀਰੋ ਤੇ ਅਟਕੀ ਹੋਈ ਹੈ ਅਤੇ ਇਵੇਂ ਹੀ ਚੌਥੇ ਮੀਟਰ ਦੀ ਮੌਜੂਦਾ ਖਪਤ 228 ਯੂਨਿਟ ਹੈ ਪ੍ਰੰਤੂ ਪਿਛਲੇ ਛੇ ਮਹੀਨਿਆਂ ਦੌਰਾਨ ਇੱਕ ਮਹੀਨੇ ’ਚ 1 ਯੂਨਿਟ ਅਤੇ ਦੂਸਰੇ ਮਹੀਨੇ ਵਿਚ ਇਹੋ ਖਪਤ ਪੰਜ ਯੂਨਿਟ ਦੀ ਰਹੀ।
         ਜ਼ਿਲ੍ਹਾ ਤਰਨਤਾਰਨ ਦੇ ਐਸ.ਐਸ.ਪੀ ਦੀ ਜੋ ਪਾਵਰ ਕਲੋਨੀ ਵਿਚਲੀ ਰਿਹਾਇਸ਼ ਹੈ, ਉਸ ਦੇ ਤਾਜ਼ਾ ਬਿੱਲ ਅਨੁਸਾਰ 64 ਦਿਨਾਂ ਦੀ ਬਿਜਲੀ ਖਪਤ (3 ਅਪਰੈਲ ਤੋਂ 6 ਜੂਨ ਤੱਕ) ਸਿਰਫ਼ 12 ਯੂਨਿਟ ਰਹੀ ਹੈ। ਹੁਸ਼ਿਆਰਪੁਰ ਦੇ ਐਸ.ਐਸ.ਪੀ (ਰਿਹਾਇਸ਼) ਮਾਲ ਰੋਡ, ਦਾ ਜੋ 23 ਫਰਵਰੀ ਤੋਂ 27 ਅਪਰੈਲ (63 ਦਿਨਾਂ) ਦਾ ਬਿੱਲ ਆਇਆ ਹੈ, ਉਸ ’ਚ ਸਿਰਫ਼ 74 ਯੂਨਿਟਾਂ ਦੀ ਖਪਤ ਹੈ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ’ਤੇ 7.44 ਕਿਲੋਵਾਟ ਬਿਜਲੀ ਲੋਡ ਹੈ। ਰਿਹਾਇਸ਼ ਦੀ 3 ਅਪਰੈਲ ਤੋਂ 7 ਜੂਨ ਤੱਕ ਦੀ ਬਿਜਲੀ ਖਪਤ ਅੌਸਤਨ ਰੋਜ਼ਾਨਾ ਪੰਜ ਯੂਨਿਟਾਂ ਦੀ ਰਹੀ ਹੈ। ਰਿਹਾਇਸ਼ ਵਿਚਲੇ ਦੂਸਰੇ ਕੁਨੈਕਸ਼ਨ ਦੀ ਬਿਜਲੀ ਖਪਤ 120 ਦਿਨਾਂ ਦੀ 7231 ਯੂਨਿਟ ਰਹੀ ਹੈ। ਸੂਤਰ ਦੱਸਦੇ ਹਨ ਕਿ ਇਹ ਦੂਸਰਾ ਕੁਨੈਕਸ਼ਨ ਕੈਂਪ ਦਫ਼ਤਰ ਦਾ ਹੋ ਸਕਦਾ ਹੈ ਜਿਸ ਦਾ ਬਿੱਲ ਖ਼ਜ਼ਾਨੇ ਚੋਂ ਭਰਿਆ ਜਾਂਦਾ ਹੈ। ਵੇਰਵਿਆਂ ਅਨੁਸਾਰ ਕਮਿਸ਼ਨਰ ਜਲੰਧਰ ਦੀ ਰਿਹਾਇਸ਼ ਦਾ ਜੋ ਤਾਜ਼ਾ ਬਿਜਲੀ ਬਿੱਲ ਹੈ, ਉਸ ਅਨੁਸਾਰ ਰਿਹਾਇਸ਼ ਦੀ 8 ਅਪਰੈਲ ਤੋਂ 7 ਜੂਨ ਤੱਕ ਦੀ ਬਿਜਲੀ ਖਪਤ ਅੌਸਤਨ ਰੋਜ਼ਾਨਾ 4 ਯੂਨਿਟ ਦੀ ਰਹੀ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ (ਰਿਹਾਇਸ਼) ਦਾ ਜੋ ਤਾਜ਼ਾ ਬਿੱਲ ਆਇਆ ਹੈ, ਉਸ ਅਨੁਸਾਰ 32 ਦਿਨਾਂ ਦੀ ਬਿਜਲੀ ਖਪਤ 86 ਯੂਨਿਟ ਰਹੀ ਹੈ।
                ਇਸੇ ਸਾਲ ’ਚ ਪਾਵਰਕੌਮ ਨੇ ਰਿਹਾਇਸ਼ ਦੇ ਦੋ ਵਾਰ ਬਿਜਲੀ ਮੀਟਰ ਬਦਲੇ ਹਨ ਅਤੇ ਇੱਕ ਦਫ਼ਾ ਪਾਵਰਕੌਮ ਇਸ ਖਪਤਕਾਰ ਨੂੰ ਹਜ਼ਾਰਾਂ ਰੁਪਏ ਰਿਫੰਡ ਵੀ ਕਰ ਚੁੱਕਾ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਾ ਜੋ ਤਾਜ਼ਾ ਬਿੱਲ ਬਣਿਆ ਹੈ, ਉਸ ਅਨੁਸਾਰ 63 ਦਿਨਾਂ ਦੀ ਬਿਜਲੀ ਖਪਤ 118 ਯੂਨਿਟ ਰਹੀ ਹੈ। ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼ ਦੇ ਘੱਟ ਬਿਜਲੀ ਬਿੱਲਾਂ ਪਿਛੇ ਕਾਰਨ ਕੋਈ ਵੀ ਰਹੇ ਹੋਣ ਪ੍ਰੰਤੂ ਇਹ ਖਪਤ ਹੈਰਾਨ ਕਰਨ ਵਾਲੀ ਹੈ। ਸਰਕਾਰੀ ਸੂਤਰਾਂ ਦਾ ਪੱਖ ਹੈ ਕਿ ਜ਼ਿਲ੍ਹੇ ਦੀ ਜਿੰਮੇਵਾਰੀ ਹੋਣ ਕਰਕੇ ਬਹੁਤਾ ਸਮਾਂ ਦਫ਼ਤਰ ਜਾਂ ਫੀਲਡ ’ਚ ਗੁਜ਼ਰਦਾ ਹੈ ਜਿਸ ਕਰਕੇ ਘਰਾਂ ਦੀ ਖਪਤ ਘੱਟ ਰਹਿਣੀ ਸੁਭਾਵਿਕ ਹੈ। ਅੱਗੇ ਨਜ਼ਰ ਮਾਰਦੇ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਿਹਾਇਸ਼ ’ਤੇ ਦੋ ਮੀਟਰ ਚੱਲਦੇ ਹਨ, ਇੱਕ ਦਾ ਬਿੱਲ 13.56 ਲੱਖ ਅਤੇ ਦੂਸਰੇ ਮੀਟਰ ਦਾ ਬਿੱਲ 1.62 ਲੱਖ ਰੁਪਏ ਬਕਾਇਆ ਖੜ੍ਹਾ ਹੈ। ਐਸ.ਐਸ.ਪੀ ਅੰਮ੍ਰਿਤਸਰ ਦੇ ਨਾਮ ਤੇ ਚੱਲਦੇ ਕੁਨੈਕਸ਼ਨ ਵੱਲ 4.87 ਲੱਖ ਦੇ ਬਕਾਏ ਖੜ੍ਹੇ ਹਨ। ਦੱਸਣਯੋਗ ਹੈ ਕਿ ਅਫਸਰਾਂ ਨੂੰ ਆਪਣੇ ਘਰਾਂ ਦਾ ਬਿਜਲੀ ਬਿੱਲ ਜੇਬ ਚੋਂ ਤਾਰਨਾ ਹੁੰਦਾ ਹੈ। ਤੱਥਾਂ ਅਨੁਸਾਰ ਫਰੀਦਕੋਟ ਦੇ ਐਸ.ਐਸ.ਪੀ ਦੀ ਰਿਹਾਇਸ਼ ਵੱਲ ਪਾਵਰਕੌਮ ਦੇ 6.43 ਲੱਖ ਦੇ ਬਕਾਏ ਖੜ੍ਹੇ ਹਨ ਜਦੋਂ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਮੀਟਰ ਦੇ 2.88 ਲੱਖ ਦੇ ਬਕਾਏ ਤਾਰੇ ਨਹੀਂ ਗਏ ਹਨ।
               ਇਵੇਂ ਹੀ ਫਿਰੋਜ਼ਪੁਰ ਡੀ.ਸੀ (ਰਿਹਾਇਸ਼) ਵੱਲ 3.99 ਲੱਖ ਰੁਪਏ,ਐਸ.ਐਸ.ਪੀ ਮੋਗਾ (ਰਿਹਾਇਸ਼) ਵੱਲ 1.67 ਲੱਖ ਰੁਪਏ  ਅਤੇ ਐਸ.ਐਸ.ਪੀ ਫਾਜ਼ਿਲਕਾ (ਰਿਹਾਇਸ਼) ਵੱਲ 87,530 ਰੁਪਏ ਦਾ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ (ਰਿਹਾਇਸ਼) ਦਾ 1.23 ਲੱਖ ਰੁਪਏ, ਕੈਂਪ ਦਫ਼ਤਰ ਦਾ 3.05 ਲੱਖ ਰੁਪਏ ਅਤੇ ਐਸ.ਐਸ.ਪੀ (ਰਿਹਾਇਸ਼) ਵੱਲ 1.14 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ।  ਇਸੇ ਤਰ੍ਹਾਂ ਹੀ ਪਟਿਆਲਾ ਦੇ ਡੀ.ਸੀ ਕੰਪਲੈਕਸ ਵੱਲ 97.28 ਲੱਖ ਰੁਪਏ, ਸੰਗਰੂਰ ਦੀ ਪੁਲੀਸ ਲਾਈਨ ਵੱਲ 69.76 ਲੱਖ ਰੁਪਏ, ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਵੱਲ 3.71 ਲੱਖ ਰੁਪਏ, ਐਸ.ਐਸ.ਪੀ ਦਫ਼ਤਰ ਬਰਨਾਲਾ ਵੱਲ 6.94 ਲੱਖ ਆਦਿ ਦੇ ਬਕਾਏ ਖੜ੍ਹੇ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਪ੍ਰਤੀਕਰਮ ਸੀ ਕਿ ਮਜ਼ਦੂਰਾਂ ਤੇ ਕਿਸਾਨਾਂ ਦੇ ਕੁਨੈਕਸ਼ਨ ਕੱਟਣ ’ਚ ਪਾਵਰਕੌਮ ਬਹੁਤ ਕਾਹਲ ਦਿਖਾਉਂਦਾ ਹੈ ਜਦੋਂ ਕਿ ਵੱਡਿਆਂ ਤੋਂ ਟਾਲ਼ਾ ਵੱਟਦਾ ਹੈ। ਪਾਵਰਕੌਮ ਅਧਿਕਾਰੀ ਹੁਣ ਵੱਡਿਆਂ ਤੋਂ ਸ਼ੁਰੂਆਤ ਕਰਨ।
                                          ਚੈਕਿੰਗ ਕਰਾਈ ਜਾਵੇਗੀ : ਮੁੱਖ ਇੰਜਨੀਅਰ    
ਪਾਵਰਕੌਮ ਦੇ ਮੁੱਖ ਇੰਜਨੀਅਰ (ਐਨਫੋਰਸਮੈਂਟ) ਸ੍ਰੀ ਗੋਪਾਲ ਸ਼ਰਮਾ ਦਾ ਕਹਿਣਾ ਸੀ ਕਿ ਘੱਟ ਬਿਜਲੀ ਖਪਤ ਵਾਲੇ ਕੋਈ ਖਾਸ ਕੇਸ ਨੋਟਿਸ ਵਿਚ ਨਹੀਂ ਆਏ ਹਨ। ਅਗਰ ਧਿਆਨ ਵਿਚ ਏਦਾਂ ਦਾ ਕੋਈ ਕੇਸ ਆਏਗਾ ਤਾਂ ਉਹ ਚੈਕਿੰਗ ਕਰਾਉਣਗੇ। ਹਾਲ ’ਚ ਹੀ ਉਨ੍ਹਾਂ ਨੇ ਪੁਲੀਸ ਸਟੇਸ਼ਨਾਂ ਦੀ ਚੈਕਿੰਗ ਕੀਤੀ ਹੈ ਜਿਸ ਵਿਚ ਕਈ ਚੋਰੀ ਦੇ ਫੜੇ ਹਨ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਅਫਸਰਾਂ ਦੇ ਬਿਜਲੀ ਮੀਟਰ ਵੀ ਸਭ ਤੋਂ ਪਹਿਲਾਂ ਚੈੱਕ ਕੀਤੇ ਗਏ ਹਨ। ਅਧਿਕਾਰੀ ਤਾਂ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜਿਸ ਕਰਕੇ ਖੁਦ ਪਾਵਰਕੌਮ ਨੇ ਪਹਿਲਾਂ ਆਪਣੇ ਅਫਸਰਾਂ ਦੇ ਮੀਟਰਾਂ ਦੀ ਚੈਕਿੰਗ ਕਰਕੇ ਸ਼ੁਰੂਆਤ ਕੀਤੀ ਹੈ।
             

1 comment:

  1. ਮਾਣ ਹੈ ਤੁਹਾਡੇ ਤੇ.. ਇੱਦਾਂ ਹੀ ਉਧੇੜਦੇ ਰਹੋ ਪਰਤਾਂ.(ਹਾਰਜੀਤ)

    ReplyDelete