Sunday, June 23, 2019

                           ਵਿਚਲੀ ਗੱਲ  
             ਬੋਦੀ ਵਾਲੇ ਤਾਰੇ ਦੇ ਪੁਆੜੇ
                           ਚਰਨਜੀਤ ਭੁੱਲਰ
ਬਠਿੰਡਾ : ਦਿਮਾਗੀ ਬੁਖਾਰ ਬਿਹਾਰ ਨੂੰ ਚੜਿਐ। ਜੈਸਲਮੇਰ ਟਿੱਡੀ ਦਲ ਤੋਂ ਡਰਿਐ। ਕੇਰਲਾ ਨੂੰ ਨਿਪਾਹ ਵਾਈਰਸ ਨੇ ਫੜਿਐ। ਤਾਮਿਲ ਹੁਣ ਸੋਕੇ ’ਚ ਖੜ੍ਹਿਐ। ਕਰਜ਼ੇ ਨਾਲ ਪੰਜਾਬ ਮਰਿਐ। ਯੂ.ਪੀ ਵਾਲੇ ਯੋਗੀ ਨੂੰ ਗੁੱਸਾ ਬਹੁਤ ਚੜ੍ਹਿਐ। ਹਿੰਸਾ ਨਾਲ ਬੰਗਾਲ ਭਰਿਐ। ਦਿੱਲੀ ਪੁਲੀਸ ਦੇ ਧੱਕੇ ਗੁਰਸਿੱਖ ਚੜ੍ਹਿਐ। ਡੁੱਬਦੇ ਸੂਰਜ ਨੂੰ ਕੌਣ ਪਾਣੀ ਦਿੰਦੈ। ਬੋਦੀ ਵਾਲਾ ਤਾਰਾ ਜੋ ਮੁੜ ਚੜ੍ਹਿਐ। ਸੰਸਦ ’ਚ ਹੁਣ ਮੁੜ ਮੇਲਾ ਭਰਿਐ। ਦੇਖੋ ਤਾਂ ਸਹੀ, ਕੌਣ ਕੌਣ ਪੌੜੀ ਚੜ੍ਹਿਐ। ਇਨ੍ਹਾਂ ਸੁਆਲਾਂ ਨੂੰ ਛੱਡੋ, ਥੋਨੂੰ ਤਾਂ ਤੱਕਲ਼ੇ ਵਾਂਗੂ ਸਿੱਧਾ ਕਰਿਐ। ਪੀਰਾਂ ਦੇ ਚੇਲੇ ਬਿੜਕਾਂ ਲਈ ਜਾਂਦੇ ਨੇ। ਨਵਜੋਤ ਸਿੱਧੂ ਕਿਹੜੇ ਪਹਾੜੀਂ ਚੜ੍ਹਿਐ। ਬਾਕੀ ਤਾਂ ਛੱਡੋ, ਛੱਜੂ ਰਾਮਾ ਤੂੰ ਦੱਸ, ਤੈਨੂੰ ਕਾਹਦਾ ਚਾਅ ਚੜ੍ਹਿਐ। ਛੱਜੂ ਰਾਮ ਨੇ ਗੁਰਮੰਤਰ ਸਿੱਖ ਲਿਐ। ਮੀਂਹ ਆਵੇ, ਚਾਹੇ ਸੁਨਾਮੀ। ਇੱਕੋ ਗੱਲ ਆਖਦੈ ‘ਆਲ ਇਜ਼ ਵੈੱਲ’ (ਸਭ ਅੱਛਾ ਹੈ)। ਚੇਤਾ ਕਮਜ਼ੋਰ ਹੈ ਤਾਂ ਅਮੀਰ ਖਾਨ ਦੀ ਫਿਲਮ ‘ਥ੍ਰੀ ਇੰਡੀਅਟ’ ਦੁਬਾਰਾ ਦੇਖਣਾ। ਜਦੋਂ ਜ਼ਿੰਦਗੀ ‘ਆਊਟ ਆਫ਼ ਕੰਟਰੋਲ’ ਜਾਪੇ। ਦਿਲ ਤੇ ਪੋਲਾ ਜੇਹਾ ਹੱਥ ਰੱਖੋ, ਹੌਲੀ ਜੇਹੀ ਆਖੋ ‘ਆਲ ਇੰਜ ਵੈੱਲ’। ਮੁਜ਼ੱਫਰਪੁਰ (ਬਿਹਾਰ) ’ਚ ਦਿਮਾਗੀ ਬੁਖਾਰ ਠੱਲ ਨਹੀਂ ਰਿਹਾ। 136 ਬੱਚੇ ਜਾਨ ਗੁਆ ਬੈਠੇ ਨੇ। ਪਹਿਲਾਂ ਗੋਰਖਪੁਰ ’ਚ 60 ਬੱਚੇ ਮੌਤ ਦੇ ਮੂੰਹ ਪਏ ਸਨ। ਸੰਸਦ ’ਚ ਨਾਅਰੇ ਗੂੰਜੇ ਨੇ। ਮੁਜੱਫਰਪੁਰ ਦੇ ਸਿਵਿਆਂ ’ਚ ਵੈਣ।  ਕਿਹੜੇ ਮੂੰਹ ਨਾਲ ਕਹੀਏ। ਮਾਵਾਂ ਨੂੰ ਕਿ ਕਹੋ  ‘ਆਲ ਇਜ਼ ਵੈੱਲ’।
          ਜ਼ਿੰਦਗੀ ਸੁੱਕੀ ਕਿਵੇਂ ਲੰਘ ਜਾਊ। ਡਾਕਟਰਾਂ ਦਾ ਸੋਕਾ, ਕਿਤੇ ਖੇਤਾਂ ’ਚ ਸੋਕਾ। ਜਦੋਂ ਹਸਪਤਾਲ ਖੁਦ ਆਈ.ਸੀ.ਯੂ ’ਚ ਹੋਣ। ਫਿਰ ਮਹਾਤੜਾਂ ਲਈ ਕਿਥੇ ਮੌਕਾ। ਬੰਗਾਲੀ ਦੀਦੀ ਨੂੰ ਮੁੜ ਮੋਹ ਜਾਗਿਐ। ‘ਅੰਬਾਂ ਦੀ ਟੋਕਰੀ’ ਘੱਲੀ ਹੈ ਪ੍ਰਧਾਨ ਮੰਤਰੀ ਨੂੰ। ਮੋਦੀ ਨੂੰ ਅੰਬਾਂ ਕਿੰਨੇ ਕੁ ਮਿੱਠੇ ਲੱਗੇ। ਅਕਸ਼ੈ ਕੁਮਾਰ ਹੀ ਦੱਸ ਸਕਦੈ। ਵਾਜਪਾਈ ਵੀ ਅੰਬਾਂ ਦੇ ਸ਼ੌਂਕੀ ਸਨ। ਗਰੀਬ ਬੰਦੇ ਨੂੰ ਤਾਂ ਫਲ ਝੱਲਣਾ ਵੀ ਅੌਖੈ। ਬਾਗਾਂ ਚੋਂ ਲੀਚੀਂ ਕੀ ਖਾ ਲਈ, ਮੁਜ਼ੱਫਰਪੁਰ ਦੇ ਲਾਲ ਜਾਨਾਂ ਗੁਆ ਬੈਠੇ। ਸਾਧਵੀ ਪ੍ਰਗਿਆ ਦਾ ਢਿੱਡ ਬਿਨਾਂ ਗੱਲੋਂ ਦੁੱਖਿਆ। ਪੇਸ਼ੀ ਤੋਂ ਛੋਟ ਮਿਲ ਗਈ। ਹੁਣ ਨੌ ਬਰ ਨੌ ਹੈ। ਯੋਗ ਦਿਵਸ ’ਤੇ ਮਦਰਸਾ ਅਧਿਆਪਕ ‘ਜੈ ਸ੍ਰੀ ਰਾਮ’ ਆਖ ਦਿੰਦਾ, ਉਸ ਦਾ ਅੰਗ ਅੰਗ ਨਾ ਦੁੱਖਦਾ। ਘੱਟ ਗਿਣਤੀ ਸ਼ਸ਼ੋਪੰਜ ’ਚ ਹੈ। ‘ਜੈ ਸ੍ਰੀ ਰਾਮ’ ਆਖੇ ਜਾਂ ‘ਆਲ ਇਜ਼ ਵੈੱਲ’।ਪੰਜਾਬ ’ਚ ਹਾਲੇ ਸੋਕਾ ਤਾਂ ਨਹੀਂ, ਪੈਰ ਪੈਰ ’ਤੇ ਧੋਖਾ ਹੈ। ਟਾਵਾਂ ਦਿਨ ਸੁੱਕਾ ਲੰਘਦੈ। ਜਬਰ ਜਨਾਹ ਦੀ ਅੱਗ ਨੇ ਬਚਪਨ ਸੇਕਿਆ। ਧੂਰੀ ’ਚ ਚਾਰ ਸਾਲ ਦੀ ਬੱਚੀ ਸ਼ਿਕਾਰ ਬਣੀ। ਸੁਲਤਾਨਪੁਰ ਲੋਧੀ ’ਚ ਤਿੰਨ ਸਾਲ ਦੀ ਬੱਚੀ। ਪਥਰਾਲਾ ’ਚ ਚਾਰ ਸਾਲ ਦੀ ਬੱਚੀ। ਸੋਝੀ ਤੋਂ ਪਹਿਲਾਂ ਹੀ ਦਾਗ ਮਿਲ ਗਏ। ਮਾਪੇ ਕਿਵੇਂ ਕਹਿਣ ‘ਆਲ ਇਜ਼ ਵੈੱਲ’।
                ਮੁਕਤਸਰ ’ਚ ਜੋ ਵਾਪਰਿਆ, ਦਿਲ ਹਿਲਾਉਂਦਾ ਹੈ। ਮਾਈ ਭਾਗੋ ਦੀ ਸ਼ਰਮ ਮੰਨਦਾ। ਕਾਂਗਰਸੀ ਕੌਂਸਲਰ ਕਾਰਾ ਨਾ ਕਰਦਾ। ਮਹਿਲਾ ’ਤੇ ਭਰੇ ਬਾਜ਼ਾਰ ਤਸ਼ੱਦਦ ਕੀਤਾ। ਬੱਚੇ ਪਾਰਸ ਨੇ ਚੀਕ ਚਿਹਾੜੇ ’ਚ ਵੀਡੀਓ ਬਣਾ ਲਈ। ਦੋਸ਼ੀ ਸਲਾਖਾ ਪਿਛੇ ਹਨ ਤੇ ਮਹਿਲਾ ਹਸਪਤਾਲ ’ਚ। ਦਰਿੰਦਗੀ ਦੇਖ ਕੇ ਬੱਚੇ ’ਚ ਹਿੰਮਤ ਨਹੀਂ ਬਚੀ। ਕਹਿ ਸਕੇ ਕਿ ‘ਆਲ ਇਜ਼ ਵੈੱਲ’। ਦਿੱਲੀ ਪੁਲੀਸ ਦੇ ਲੰਮੇ ਹੱਥ ਗੁਰਸਿੱਖ ਪਿਉ ਪੁੱਤ ਨੂੰ ਲੱਗੇ ਹਨ। ਜ਼ਖਮ ਤਾਂ ਪੁਰਾਣੇ ਨਹੀਂ ਭੁੱਲੇ ਸਨ। ਯੂ.ਪੀ ਵਾਲੇ ਯੋਗੀ, ਪਰੰਪਰਾ ਹੀ ਭੁੱਲ ਬੈਠੇ ਹਨ। ਯਾਦ ਰੱਖਦੇ ਤਾਂ ਹਾਰਡ ਕੌਰ ਬਚ ਜਾਂਦੀ। ਨਾਲੇ ਮੀਡੀਆ ਵਾਲੇ ਸੱਜਣ। ਨਾ ਹੀ ਦੇਸ਼ ਧਰੋਹ ਵਾਲਾ ਚੈਪਟਰ ਮੁੜ ਖੁੱਲ੍ਹਦਾ। ਦੇਸ਼ ’ਚ ਸਰਕਾਰ ਬਦਲੀ ਹੈ, ਹਾਲਾਤ ਨਹੀਂ। ਐਂਕਰ ਸਾਥੀਓ.. ਆਓ ਮਿਲ ਕੇ ਬੋਲੋ ‘ਆਲ ਇਜ਼ ਵੈੱਲ’। ਕਸਾਈ ਦੋਵੇਂ ਹੱਥ ਜੋੜੀ ਖੜ੍ਹੇ ਹਨ। ਤੇੜਾ ਖੁਰਦ ਦੇ ਹਰਵੰਤ ਨੂੰ ਕੋਈ ਲੱਜ ਨਹੀਂ। ਤਾਹੀਓਂ ‘ਚਿੱਟਾ ਲਹੂ’ ਨਾਵਲ ਪੜ੍ਹ ਰਿਹੈ ਛੱਜੂ ਰਾਮ। ਪੂਰਾ ਪਰਿਵਾਰ ਟੋਟੇ ਟੋਟੇ ਕੀਤਾ। ਨਹਿਰ ’ਚ ਸੁੱਟ ਆਇਆ। ਇਸ਼ਕ ਦੇ ਭੂਤ ਨੇ ਹਰਵੰਤ ਨੂੰ ਯਮਰਾਜ ਬਣਾ ਦਿੱਤਾ।
                ਹੁਣ ਨਾਜਾਇਜ਼ ਸੰਬੰਧਾਂ ਕਰਕੇ ਕਤਲ ਵਧੇ ਹਨ। ਜ਼ਿੰਦਗੀ ਸਸਤੀ ਹੋਈ ਹੈ, ਨਾਲੇ ਜ਼ਮੀਰ ਵੀ। ਫਿਰੋਜ਼ਪੁਰ ਦੇ ਨਸ਼ੇੜੀ ਨੇ ਪਤਨੀ ਮਾਰ ਦਿੱਤੀ। ਸੌ ਰੁਪਏ ਨਹੀਂ ਦਿੱਤੇ ਸਨ। ਖਾਲੀ ਗਲਾਸ ਦੇਣ ਤੋਂ ਨਾਂਹ ਕੀਤੀ ਤਾਂ ਬੰਗਾ ਦੇ ਕਮਲਜੀਤ ਨੂੰ ਜਾਨ ਤੋਂ ਹੱਥ ਧੋਣੇ ਪਏ। ਕੇਂਦਰ ਆਖ ਰਿਹੈ, ਸਭ ਮਰਜ਼ਾਂ ਦੀ ਇੱਕੋ ਦਵਾ, ਯੋਗ ਕਰੋ, ਡੂੰਘਾ ਸਾਹ ਲੈ ਕੇ ਆਖੋ ‘ਆਲ ਇੰਜ ਵੈੱਲ’।  ਬਠਿੰਡਾ ’ਚ ਨਸ਼ੇ ’ਚ ਬੇਹੋਸ਼ ਲੜਕੀ ਆਖਰ ਚਲ ਵਸੀ। ਵੱਡੇ ਪਰਿਵਾਰ ਦੀ ਇੱਕ ਧੀ ਵੀ ਨਸ਼ਾ ਛੁਡਾਊ ਕੇਂਦਰ ’ਚ ਹੈ। ਧੀ ਸਮੁੱਚੇ ਪਿੰਡ ਦੀ ਹੁੰਦੀ। ਸਰਾਏਨਾਗਾ ’ਚ ਜਵਾਨ ਕੁੜੀ ਦੇ ਹੱਥ ਨਾ ਵੱਢੇ ਜਾਂਦੇ। ਲਹਿਰੇ ਦੀ ਧੀ ਅਣਵਿਆਹੀ ਮਾਂ ਨਾ ਬਣਦੀ। ਵਿਰਾਸਤ ਕੀ ਸੀ, ਹੋ ਕੀ ਰਿਹੈ। ਜਸਵੰਤ ਕੰਵਲ ਦਾ ਦੋਹਤਾ ਸੁਮੇਲ ਸਿੱਧੂ ਆਖਦੈ, ਢੁੱਡੀਕੇ ਆਇਓ, ਉਥੇ ਗੱਲ ਕਰਾਂਗੇ ਜਵਾਨੀ ਦੀ। ਗੰਨੇ ਵਾਲੇ ਕਿਸਾਨ ਬੋਲੇ ਨੇ, ਸਾਡੀ ਵੀ ਕਰਿਓ, ਸਰਕਾਰ ਨੇ 1028 ਕਰੋੜ ਹਾਲੇ ਤੱਕ ਨਹੀਂ ਦਿੱਤੇ। ਮਗਨਰੇਗਾ ਮਜ਼ਦੂਰ ਵੀ ਉੱਠੇ ਨੇ, ਸਾਨੂੰ ਨਾ ਭੁੱਲ ਜਾਇਓ। ਗਿਣਤੀ ’ਚ ਤਾਂ ਅਸੀਂ 25 ਕਰੋੜ ਹਾਂ, ਸੌ ਦਿਨ ਰੁਜ਼ਗਾਰ 46 ਲੱਖ ਨੂੰ ਹੀ ਮਿਲਿਐ।
             ਕੈਂਸਰ ਪੀੜਤ ਉੱਠਣੋਂ ਬੇਵੱਸ ਹਨ। ਆਖਦੇ ਨੇ, ‘ਅਸੀਂ ਕੀ ਮਾਂਹ ਮਾਰੇ ਐ, ਸਾਡਾ ਵੀ ਮੂੰਹ ਸਿਰ ਕਰੋ’। ਜਿਹੜੇ ਸਿਰ ਸੰਸਦ ’ਚ ਜੁੜੇ ਨੇ। ਉਹ ਆਖੀ ਜਾ ਰਹੇ ਨੇ ਕਹੋ ‘ਆਲ ਇਜ਼ ਵੈੱਲ’। ਅਕਾਲੀ ਆਖ ਰਹੇ ਹਨ। ਪੰਜਾਬ ’ਚ ‘ਆਲ ਇਜ਼ ਵੈੱਲ’ ਨਹੀਂ।  ਕਪਤਾਨ ਆਖ ਰਿਹੈ ਕਿ ਅਕਾਲੀ ਆਪਣੇ ਦਿਨ ਭੁੱਲਗੇ। ਟਿੱਡੀ ਦਲ ਨੇ ਜੈਸਲਮੇਰ ’ਤੇ ਸਰਜੀਕਲ ਸਟ੍ਰਾਈਕ ਕੀਤਾ। ਪਾਕਿਸਤਾਨੋਂ ਆਇਆ ਟਿੱਡੀ ਦਲ। ਚੁਰੂ ’ਚ ਗਰਮੀ ਨੇ ਰਿਕਾਰਡ ਤੋੜੇ ਨੇ। ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਦਾ ਅੰਕੜਾ 103 ਤੇ ਜਾ ਪੁੱਜਾ। ਕੇਰਲਾ ’ਚ ਵੀਹ ਲੋਕਾਂ ਦੀ ਜਾਨ ਨਿਪਾਹ ਨੇ ਲਈ ਹੈ। ਮਹਾਂਰਾਸ਼ਟਰ ’ਚ ਚਾਰ ਵਰ੍ਹਿਆਂ ’ਚ 12,000 ਕਿਸਾਨ ਖੁਦਕੁਸ਼ੀ ਕਰ ਗਏ। 4000 ਅੌਰਤਾਂ ਦਾ ਵੀ ਰੌਲਾ ਪਿਆ। ਗੰਨੇ ਦੇ ਖੇਤਾਂ ਚੋਂ ਕੋਈ ਦਿਨ ਖੁੰਝੇ ਨਾ। ਬੱਚੇਦਾਨੀਆਂ ਹੀ ਕਢਵਾ ਸੁੱਟੀਆਂ। ਟੁੱਟੀ ਟਾਹਣੀ ਨੂੰ ਫਿਰ ਕੌਣ ਪੁੱਛਦੈ। ਅੌਰਤਾਂ ਨੂੰ ਡਰ ’ਚ ਹਰ ਹਰ ਕਰਨੈ ਪੈ ਰਿਹਾ। ਭਾਜਪਾਈ ਨਸੀਹਤ ਸੁਣੋ। ਹਰ ਹਰ ਤਾਂ ਕਰੋ, ਪਰ ਡਰ ’ਚ ਨਹੀਂ। ਮਨ ਫਿਰ ਨਾ ਟਿਕੇ ਤਾਂ ‘ਆਲ ਇਜ਼ ਵੈੱਲ’ ਆਖਣਾ।
     ਬਾਬਾ ਰਾਮਦੇਵ ਆਖਦੈ, ਚੋਣਾਂ ’ਚ ਆਲ ਵੈੱਲ ਹੋਣਾ ਸੀ, ਕਿਤੇ ਰਾਹੁਲ ਗਾਂਧੀ ਯੋਗ ਕਰ ਲੈਂਦੇ। ਠੀਕ ਇੱਕ ਮਹੀਨਾ ਪਹਿਲਾਂ ਚੋਣ ਨਤੀਜੇ ਆਏ। ਮੁਲਕ ਸੰਕਟਾਂ ’ਚ ਡੁੱਬਾ, ਸਿਆਸੀ ਪੀਰ ਜਸ਼ਨਾਂ ’ਚ। ਪੰਜ ਤਾਰਾ ਹੋਟਲ ਅਸ਼ੋਕਾ ’ਚ ਸਭ ਨੂੰ ਰਾਤਰੀ ਭੋਜ ਦਿੱਤਾ। ਮੇਨਕਾ ਗਾਂਧੀ ਦੀ ਖਾਣ ਨੂੰ ਵੱਢੀ ਰੂਹ ਨਹੀਂ ਕੀਤੀ। ਉਦੋਂ ਕੁਰਸੀ ਖੱੁਸਣ ਕਰਕੇ। ਅੱਜ ਸਾਈਂ ਕਰਕੇ। ਸੰਜੇ ਗਾਂਧੀ ਅੱਜ ਦੇ ਦਿਨ ਵਿਦਾ ਹੋਏ ਸਨ। ਝਟਕਾ ਤਾਂ ਡੋਨਾਲਡ ਟਰੰਪ ਨੂੰ ਵੀ ਲੱਗਿਐ। ਈਰਾਨ ਨੇ ਡਰੋਨ ਜੋ ਸੁੱਟ ਲਿਆ। ਮੋਦੀ ਵਾਂਗੂ ਟਰੰਪ ਨੇ ਵੀ ਚੋਣ ਮੇਲੇ ’ਚ ਮੁੜ ਬੜ੍ਹਕ ਮਾਰੀ ਐ। ਦੁਨੀਆ ਡਰੀ ਬੈਠੀ ਹੈ ਕਿ ਕਿਤੇ ਟਕੂਏ ਨਾ ਖੜਕਾ ਦੇਵੇ। ਡਰੋਂ ਨਾ, ਬੱਸ ਦਿਲ ’ਤੇ ਹੱਥ ਰੱਖੋ, ਜ਼ੋਰ ਦੀ ਆਖੋ ‘ਆਲ ਇਜ਼ ਵੈੱਲ’। ਫਿਰ ਬੇਸ਼ੱਕ ਅੰਬ ਖਾ ਲਿਓ ਤੇ ਚਾਹੇ ਲੀਚੀ।
 
     


1 comment:

  1. ਸ਼ੁਕਰੀਆ ਭੁੱਲਰ ਸਾਹਿਬ
    ਤੁਸੀਂ ਸ਼ਰੇਆਮ ਚਪੇੜਾਂ ਵਰਗੀਆਂ ਸਤਰਾਂ 'ਆਲ ਇਜ਼ ਵੈੱਲ' ਵਾਲਿਆਂ ਦੇ ਬੂਥਿਆਂ ਤੇ ਮਾਰੀਆਂ ਨੇ..

    ReplyDelete