Sunday, June 2, 2019

                        ਵਿਚਲੀ ਗੱਲ  
           ਢੋਲੇ ਦੀਆਂ ਲਾ ਬੰਦਿਆ...         
                        ਚਰਨਜੀਤ ਭੁੱਲਰ
ਬਠਿੰਡਾ : ਇੰਤਜ਼ਾਰ ਤਾਂ ਥੋੜਾ ਕਰੋ। ਬੇਚੈਨ ਨਹੀਂ ਹੋਣਾ, ਕਾਹਲੇ ਨਹੀਂ ਪੈਣਾ। ਡਰ ਭੈਅ ਕਾਹਦਾ, ਸਭ ਕਿਆਸ ਫਜ਼ੂਲ ਨੇ। ਭਖੇ ਜਿਆਦਾ ਹੋ, ਠੰਢੇ ਪਾਣੇ ਦੇ ਛਿੱਟੇ ਮਾਰੋ। ਬਿਰਾਜਮਾਨ ਤਾਂ ਕੁਰਸੀ ’ਤੇ ਹੋ ਲੈਣ ਦਿਓ। ਈਸ਼ਵਰ ਦੀ ਸਹੁੰ ਤੋਂ ਵੱਡਾ ਕੁਝ ਨਹੀਂ ਹੁੰਦਾ। ਸ਼ਰਧਾ ਸੰਵਿਧਾਨ ਦੀ ਵੀ ਛੋਟੀ ਨਹੀਂ। ਜਸ਼ਨ ਤੇ ਟਸ਼ਨ ਹੁਣੇ ਖਤਮ ਹੋਏ ਨੇ। ਨਰਿੰਦਰ ਮੋਦੀ ਇਕੱਲਾ ਨਹੀਂ। 57 ਮੰਤਰੀ ਵੀ ਹੁਣ ਊਰੀ ਵਾਂਗੂ ਘੁੰਮਣਗੇ। ਤੁਸੀਂ ਨਾ ਠੇਡੇ ਖਾਓਗੇ ਤੇ ਨਾ ਠੋਕਰਾਂ। ਸਹੁੰ ਜੋ ਸੱਚੀ ਉਨ੍ਹਾਂ ਖਾਧੀ ਹੈ। ਭਰੋਸਾ ਤਾਂ ਕਰੋ, ਸਿਰਫ਼ ਸੌ ਦਿਨ ਦਿਓ। ਨਵਾਂ ਭਾਰਤ ਬਣੇਗਾ। ਥੋਡੇ ਖਿਆਲਾਂ ਦਾ ਦੇਸ਼। ਵਕਤ ਤਾਂ ਦਿਓ, ਕੋਈ ਕਸਰ ਰਹੀ, ਫਿਰ ਉਲਾਂਭਾ ਦੇਣਾ। ਦਿਲ ਜੋ ਵੀ ਕਰਦੈ, ਖਾਓ ਪੀਓ। ਪਹਿਨੋ ਜੋ ਮਨ ਕਰਦੈ। ਸਾਨੂੰ ਹੁਣ ਕੰਮ ਕਰਨ ਦਿਓ। ਅਮਿਤ ਸਾਹ ਨਵੇਂ ਗ੍ਰਹਿ ਮੰਤਰੀ ਬਣੇ ਨੇ। ਇਕੱਲੇ ਨਾਮ ਦੇ ਸਾਹ ਨਹੀਂ। ਦਿਲ ਵੀ ਵੱਡਾ ਤੇ ਜਿਗਰਾ ਵੀ। ਇੱਕ ਖ਼ਬਰ ਸੁਣੋ ਪਹਿਲਾਂ। ਆਗਰਾ ਦੇ ਇੱਕ ਸਕੂਲ ’ਚ ਕਲਮਾਂ ਨਹੀਂ, ਬੱਚਿਆਂ ਨੂੰ ਚਾਕੂ ਵੰਡੇ ਗਏ ਹਨ। ਮੁੱਖ ਮਹਿਮਾਨ ਮਹਿਲਾ ਸਾਧਵੀ ਬਣੀ। ਬੱਚਿਆਂ ਦੇ ਹੱਥਾਂ ’ਚ ਚਾਕੂ ਸਨ। ਵੰਡਣ ਵਾਲਿਆਂ ਦੇ ਮਨਾਂ ’ਚ ਨਵੇਂ ਏਜੰਡੇ। ਨਵੇਂ ਸਿਪਾਹੀ ਪੈਦਾ ਕਰਨ ਦੇ। ਸਹੁੰ ਚੁੱਕ ਸਮਾਰੋਹ ਮਗਰੋਂ, ਪਹਿਲਾਂ ‘ਚਾਕੂ ਵੰਡ ਸਮਾਗਮ’ ਹੋਇਆ। ਇੱਕ ਪੁਰਾਣੀ ਗੱਲ ਚੇਤੇ ਆਈ। ਇਵੇਂ ਹੀ 20 ਸਾਲ ਪਹਿਲਾਂ ਹੋਇਆ। ਉਦੋਂ ਅਕਾਲੀ ਮੰਤਰੀ ਨੇ ਬਠਿੰਡਾ ਦੇ ਇੱਕ ਕਲੱਬ ਨੂੰ ਸਰਕਾਰੀ ਫੰਡ ਦਿੱਤੇ। ਤਲਵਾਰਾਂ ਖ੍ਰੀਦਣ ਲਈ। ਉਦੋਂ ਰੌਲ਼ੇ ਰੱਪੇ ਤੋਂ ਬੱਚਤ ਰਹੀ। ਨਵੇਂ ਪੁਰਾਣੇ ਤੇ ਪਾਓ ਮਿੱਟੀ, ਹੁਣ ਪੱਤਾ ਨਹੀਂ ਹਿਲੇਗਾ। ਅਮਿਤ ਸਾਹ ਆਖ ਰਿਹਾ.. ਮੈਂ ਹੂੰ ਨਾ।
                  ਸਾਧਵੀ ਨਿਰੰਜਨ ਨੇ ਵੀ ਵਜ਼ਾਰਤ ’ਚ ਮੁੜ ਅਲਖ ਜਗਾਈ ਹੈ। ਤਿੰਨ ਹੋਰ ਮੰਤਰੀ ਨੇ ਜੋ ਸਾਧਵੀ ਵਾਂਗ ਗ੍ਰਹਿਸਤੀ ਤੋਂ ਦੂਰ ਨੇ। ਪੰਜ ਉਹ ਮੰਤਰੀ ਬਣੇ ਨੇ, ਜਿਨ੍ਹਾਂ ਦੇ ਕੋਈ ਬਾਲ ਬੱਚਾ ਨਹੀਂ। ਪੂਰੇ ਦੇਸ਼ ਨੂੰ ਹੀ ਆਪਣਾ ਸਮਝਦੇ ਨੇ। ਇਨ੍ਹਾਂ ਚੋ ਇੱਕ ਨੇ, ਉੜੀਸਾ ਦੇ ਕਬਾਇਲੀ ਪ੍ਰਤਾਪ ਚੰਦਰ ਸਾਰੰਗੀ। ਜਦੋਂ ਸਾਰੰਗੀ ਨੇ ਸਹੁੰ ਚੁੱਕੀ। ਪੰਡਾਲ ਖੜ੍ਹਾ ਹੋ ਗਿਆ। ਸਾਦਗੀ ਏਨੀ ਕਿ ਝੌਂਪੜੀ ’ਚ ਟਿਕਾਣਾ, ਸਾਦਾ ਖਾਣਾ। ਇਵੇਂ 10 ਮੰਤਰੀ ਉਹ ਬਣੇ ਜਿਨ੍ਹਾਂ ਕੋਲ ਧੀਆਂ ਦਾ ਧੰਨ ਹੈ। ਸਹੁੰ ਚੁੱਕ ਸਮਾਗਮਾਂ ’ਚ ਸਭ ਆਏ। ਟਾਟਾ, ਅਡਾਨੀ,ਅਬਾਨੀ ਤੇ ਲਕਸ਼ਮੀ ਮਿੱਤਲ ਵੀ। ਸੋਨੀਆ ਗਾਂਧੀ ਵੀ ਆਪਣੇ ਮੁੰਡੇ ਨਾਲ ਆਈ। ਕਿਸੇ ਨੇ ਪੁੱਛਿਆ, ਕਿਤੇ ਯਸ਼ੋਦਰਾ ਬੇਨ ਨਹੀਂ ਦਿੱਖਦੀ। ਨਾ ਹੀ ਕਿਤੇ ਬਾਬਾ ਰਾਮਦੇਵ ਰੜਕਿਐ ਜਿਨ੍ਹਾਂ ਹੁਣੇ ਮਸ਼ਵਰਾ ਦਿੱਤਾ। ‘ਵਿਰੋਧੀ ਧਿਰ ਹੁਣ ਕਪਾਲ ਭਾਰਤੀ ਕਰੇ, ਤਣਾਓ ਹੋਏਗਾ ਛੂ ਮੰਤਰ।’  ‘ਦੀਦੀ’ ਤਾਂ ਬੱਸ ਰੱਬ ਨਾਲ ਰੱੁਸੀ ਰਹਿੰਦੀ ਹੈ। ਬੰਗਾਲ ’ਚ ਧਰਨੇ ’ਤੇ ਬੈਠ ਗਈ, ਜਸ਼ਨਾਂ ’ਚ ਨਹੀਂ ਆਈ। ਬੰਗਾਲ ਦੀ ਚੋਣ ਹਿੰਸਾ ’ਚ 53 ਭਾਜਪਾ ਵਰਕਰ ਮਰੇ। ਸਭਨਾਂ ਦੇ ਪਰਿਵਾਰਾਂ ਨੂੰ ਸਮਾਰੋਹਾਂ ਦਾ ਉਚੇਚਾ ਸੱਦਾ ਭੇਜਿਆ। ਪੁਲਵਾਮਾ ਦੀ 40 ਸ਼ਹੀਦਾਂ ਦੇ ਪਰਿਵਾਰਾਂ ਚੋਂ ਇੱਕਾ ਦੁੱਕਾ ਹੀ ਦਿਖੇ।
                ਉਧਰ, ਇਮਰਾਨ ਖਾਨ ਨਾਤਾ ਧੋਤਾ ਰਹਿ ਗਿਆ। ਐਮ.ਪੀ ਸਤੀਸ਼ ਗੌਤਮ ਦਾ ਐਲਾਨ ਸੁਣੋ, ‘ਅਲੀਗੜ੍ਹ ’ਵਰਸਿਟੀ ’ਚ ਲੱਗੀ ਜ਼ਿਨਾਹ ਦੀ ਤਸਵੀਰ ਪਾਕਿਸਤਾਨ ਭੇਜਾਂਗੇ’। ਉਦੋਂ ਦੇ ਪੰਜਾਬ ਦੇ ਕਿਸਾਨ ਕਾਹਲੇ ਪਏ ਨੇ। ਅਖੇ ਸਾਡੇ ਆਲੂ ਵੀ ਭੇਜ ਦਿਓ। ਗੱਲਾਂ ਕੀ ਕਰਦੇ ਹੋ, ਮੋਦੀ ਨੇ ਤਾਂ ਬੰੂਦ ਪਾਣੀ ਨਹੀਂ ਜਾਣ ਦੇਣਾ। ਐਤਕੀਂ ਨਵਾਂ ਮੰਤਰਾਲਾ ਬਣਾਇਆ ‘ਜਲ ਸ਼ਕਤੀ’। ਜਿਸ ਦੇ ਮੰਤਰੀ ਬਣੇ ਨੇ ਗਜੇਂਦਰ ਸਿੰਘ ਸੇਖਾਵਤ। ਯਾਦ ਆਇਆ, ਕਿਸਾਨ ਗਜੇਂਦਰ ਸਿੰਘ ਜੋ ਜੰਤਰ ਮੰਤਰ ਦੇ ਦਰੱਖਤ ’ਤੇ ਲਟਕ ਗਿਆ ਸੀ। ਉਦੋਂ ‘ਆਪ’ ਦੀ ਰੈਲੀ ਚੱਲ ਰਹੀ ਸੀ। ਮੋਦੀ ਨੂੰ ਗਹਿਰਾ ਸਦਮਾ ਲੱਗਾ ਸੀ। ਕਿਸਾਨ ਗਜੇਂਦਰ ਦੇ ਤਿੰਨ ਬੱਚਿਆਂ ਦੇ ਹਾਲ ਬੁਰੇ ਨੇ। ਮੁੜ ਕੋਈ ਨਾ ਬਹੁੜਿਆ। ਸੇਖਾਵਤ ਜੀ, ਕਦੇ ਤੁਸੀਂ ਹੀ ਗੇੜਾ ਮਾਰ ਆਇਓ।  ਕੌਮਾਂਤਰੀ ਕੰਡਿਆਲੀ ਤਾਰ ਨਾਲ ਖਹਿੰਦੇ ਪਿੰਡ ਗੱਟੀ ਨੰਬਰ-1 ਤੋਂ ਫੋਨ ਆਇਆ। ਕਾਲਾ ਸਿੰਘ ਬੋਲਦਾ.. ਨਵੇਂ ਮੰਤਰੀ ਦਾ ਅਡਰੈਸ ਦਿਓ। ਪਤਾ ਨਹੀਂ , ਕਦੋਂ ਸਕੂਲ ਦੀ ਛੱਤ ਡਿੱਗ ਪਏ।
                ਹਰਿਦੁਆਰ ਤੋਂ ਐਮ.ਪੀ ਰਮੇਸ਼ ਪੋਖਰਿਆਲ ਨੂੰ ਕੌਣ ਭੁਲਿਐ। ਚੇਤਾ ਕਮਜ਼ੋਰ ਹੈ ਤਾਂ ਬਦਾਮ ਗਿਰੀ ਖਾਓ। ਪੋਖਰਿਆਲ ਨੇ ਤਾਂ ਹੁਣੇ ਸਹੁੰ ਖਾਧੀ ਹੈ। ਉਨ੍ਹਾਂ ਦੇ ਦਿਮਾਗ ਦਾ ਮੁੱਲ ਹੁਣ ਪਿਐ। ਸਿੱਖਿਆ ਮਹਿਕਮਾ ਤਾਹੀਂ ਦਿੱਤੈ। ਪੋਖਰੀਆਲ ਇੰਝ ਫੁਰਮਾਏ ਸਨ.. ‘ ਸਾਇੰਸ ਕੀ ਰੀਸ ਕਰੂ ਜੋਤਸ਼ ਦੀ.. ਮਹਾਂਰਿਸ਼ੀ ਕਣਾਦ ਦੀ ਦਾਦ ਦਿਓ। ਜਿਨ੍ਹਾਂ ਲੱਖਾਂ ਸਾਲ ਪਹਿਲਾਂ ਨਿਊਕਲੀਅਰ ਟੈਸਟ ਕੀਤਾ। ਦੇਖਦੇ ਹਾਂ, ਹੁਣ ਉਚੇਰੀ ਸਿੱਖਿਆ ਦਾ ਕੀ ਬਣਦੈ। ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਫ਼ਤਰ ਗਈ। ਅੱਗਿਓਂ ਛੇ ਫ਼ੀਸਦੀ ਤੋਂ ਹੇਠਾਂ ਡਿੱਗੀ ਆਰਥਿਕ ਵਿਕਾਸ ਦਰ ਨੇ ਸਲੂਟ ਮਾਰਿਆ। ਜਦੋਂ ਬੇਕਾਰੀ ਦਰ ਦਾ ਗਰਾਫ ਦੇਖਿਆ, ਨਿਰਮਲਾ ਦਾ ਸਿਰ ਚਕਰਾ ਗਿਆ।  ਬਲੱਡ ਪ੍ਰੈਸਰ ਤਾਂ ਰਾਹੁਲ ਗਾਂਧੀ ਦਾ ਵੀ ਵਧਿਐ। ਕੇਰਲਾ ਦੇ ਵਾਰਨਾਡ ’ਚ ਇੱਕ ਕਿਸਾਨ ਖੁਦਕੁਸ਼ੀ ਕਰ ਗਿਆ। ਧੰਨਵਾਦੀ ਦੌਰੇ ਤੋਂ ਪਹਿਲਾਂ ਹੀ ਬਦਸਗਨੀ ਹੋ ਗਈ। ਕੋਈ ਨੇੜਲਾ ਸੁਆਮੀ ਹੁੰਦਾ। ਸੋਨੀਆ ਜਰੂਰ ਆਖਦੀ, ਬਾਬਾ.. ਮੇਰੇ ਮੁੰਡੇ ਦਾ ਕੋਈ ਓਪਾਅ ਕਰਦੇ। ਛੱਜੂ ਰਾਮ ਨੇ ਵਿਚੇ ਘੋੜਾ ਦਬੱਲਿਐ.. ਅਖੇ ਚਾਚੀ, ਮੁੰਡਾ ਵਿਹਲਾ, ਵਿਆਹ ਕਰਦੇ।
                  ਛੱਜੂ ਰਾਮਾ..ਪੰਜਾਬ ਦੇ ਮੁੰਡੇ ਕਿਹੜਾ ਵਿਆਹ ਕਰਾ ਰਹੇ ਨੇ। ਸਭ ਆਖਦੇ ਨੇ, ਕੇਨੈਡਾ ਜਾ ਕੇ ਕਰਾਵਾਂਗੇ। ਵਿਦੇਸ਼ ਮੰਤਰੀ ਜੀ.. ਜਵਾਨੀ ਦਾ ਵੀ ਸੋਚੋ। ਪੰਜਾਬ ਤੋਂ ਜਹਾਜ਼ ਲੱਦੇ ਹੀ ਜਾਂਦੇ ਨੇ। ਸੱਚ, ਵਿਦੇਸ਼ ਤੋਂ ਮੋਦੀ ਜੀ ਯਾਦ ਆਏ। ਭੈਣੋ ਅੌਰ ਭਾਈਓ.. ‘ਵਿਸ਼ਵ ਦਰਸ਼ਨ’ ਦੀ ਬੌਣੀ 9 ਜੂਨ ਨੂੰ ਸ਼੍ਰੀ ਲੰਕਾ ਤੋਂ ਕਰਾਂਗੇ। ਪੰਜਾਬ ਦੇ ਚੌਕੀਦਾਰ ਆਖਦੇ ਨੇ, ਯਾਤਰਾ ਦੇ ਚਾਅ ’ਚ ਸਾਨੂੰ ਨਾ ਭੁੱਲ ਜਾਇਓ। ਪੰਜਾਬੀ ਲੋਕ ਇੱਕ ਤਾਂ ਕਾਹਲੇ ਬੜੇ ਨੇ। ਇਹੋ ਹੈ ਕਿ ਹੁਣੇ ਹੱਥਾਂ ’ਤੇ ਸਰੋਂ੍ਹ ਜੰਮ ਜਾਏ। ਜੈਸਲਮੇਰ ਦੇ ਕਿਸਾਨ ਕੂਕੇ ਨੇ.. ਪਾਕਿਸਤਾਨੋਂ ਟਿੱਡੀ ਦਲ ਚੱਲ ਪਿਐ, ਸਰੋਂ੍ਹ ਤਾਂ ਜਮਾਉਣੀ ਪੈਣੀ ਐ। ਟਿੱਡੀ ਦਲ ਦਾ ਹੱਲਾ ਖੇਤ ਖਾਲੀ ਕਰ ਦਿੰਦਾ ਹੈ। ਕਿਸਾਨ ਬੱਠਲ, ਪੀਪੇ ਤੇ ਢੋਲ ਖੜਕਾ ਰਹੇ ਨੇ, ਕਿਤੇ ਟਿੱਡੀ ਦਲ ਖੇਤਾਂ ’ਚ ਬੈਠ ਨਾ ਜਾਏ। ਪੰਜਾਬ ਵਾਲੇ ਵੀ ਡਰੇ ਨੇ। ਬਈ, ਇੱਕ ਤਾਂ ਤੁਸੀਂ ਯਕੀਨ ਨੀ ਕਰਦੇ। ਅਮਿਤ ਸਾਹ ਨੇ ਗ੍ਰਹਿ ਪ੍ਰਵੇਸ਼ ਕਰ ਲਿਆ ਹੈ। ਮਨ ਚੋਂ ਸਭ ਭਰਮ ਭੁਲੇਖੇ ਕੱਢ ਦਿਓ। ਕਿਸੇ ਟਿੱਡੀ ਦਲ ਦੀ ਕੀ ਮਜਾਲ।
                ਛੱਜੂ ਰਾਮ ਸਰੋਂ੍ਹ ਦੇ ਤੇਲ ਦੀ ਮਾਲਿਸ਼ ਕਰਾਈ ਜਾਂਦੈ। ਮਾੜੇ ਖਿਆਲ ਚੱਲ ਰਹੇ ਸੀ। ਚੇਤੇ ’ਚ ਨਾਅਰੇ ਗੂੰਜ ਰਹੇ ਨੇ। ਨਾਅਰਾ ਲਾ ਦਿੰਦਾ, ਮੁਹੰਮਦ ਬਰਕਤ ਥੱਪੜਾਂ ਤੋਂ ਬਚ ਜਾਂਦਾ। ਡਾ.ਅਰੁਣ ਗਡਰੇ ਨੇ ਕੁੱਟ ਖਾ ਲਈ, ਨਾਅਰਾ ਨਹੀਂ ਲਾਇਆ। ਨਾਅਰਿਆਂ ਨੂੰ ਛੱਡੋ, ਤੁਸੀਂ ਨਵੇਂ ਕੈਬਨਿਟ ਦੇ ਨਵੇਂ ਫੈਸਲੇ ਦੇਖੋ। ਕਿਸਾਨ ਮਾਲਾਮਾਲ, ਵਪਾਰੀ ਲਈ ਉਛਾਲ, ਵਿਦਿਆਰਥੀ ਤਬਕੇ ਲਈ ਧਮਾਲ। ਇਹ ਤਾਂ ਟੇ੍ਰਲਰ ਹੈ, ਫਿਲਮ ਬਾਕੀ ਹੈ ਪਿਆਰੇ। ਫਿਲਮੀ ਦੁਨੀਆ ਨਹੀਂ, ਯਥਾਰਥ ਦੇਖ ਸਰਕਾਰੇ। ਲੋਕ ਤਾਂ ਕੋਹਲੂ ਦੇ ਬੈਲ ਜਾਪਦੇ ਨੇ। ਇੱਕੋ ਥਾਂ ਘੁੰਮੀ ਜਾ ਰਹੇ ਹਨ ਜਿਨ੍ਹਾਂ ਨੂੰ ਇੰਝ ਲੱਗ ਰਿਹੈ ਕਿ ਉਹ ਅਗਾਂਹ ਤੁਰੀ ਜਾ ਰਹੇ ਨੇ.. ਵਿਕਾਸ ਤੇ ਤਰੱਕੀ ਹੋਣ ਦਾ ਭੁਲੇਖਾ ਪੈਂਦਾ ਹੈ। ਸਰਕਾਰ ਕੋਈ ਵੀ ਹੋਵੇ, ਲੋਕਾਂ ਨੂੰ ਝਉਲਾ ਪਾਇਆ ਜਾਂਦਾ ਹੈ, ਤਰੱਕੀ ਦਾ, ਬਦਲੇ ਦਿਨਾਂ ਦਾ, ਖੰਭ ਲੱਗਣ ਦਾ। ਲੋਕ ਵੋਟਾਂ ਪਾਉਂਦੇ ਨੇ।
   
         

         


No comments:

Post a Comment