Sunday, June 30, 2019

                            ਵਿਚਲੀ ਗੱਲ
        ਬੱਕਰੀ ਦਾ ਦੁੱਧ ਤੇ ਸੱਪ ਵਾਲਾ ਸੁਰਮਾ
                            ਚਰਨਜੀਤ ਭੁੱਲਰ
ਬਠਿੰਡਾ : ਨਾ ਆਜੜੀ ਦੀ ਬੱਕਰੀ, ਨਾ ਸੱਪਾਂ ਦੀ ਪਟਾਰੀ। ਨਾ ਭਿਖਾਰੀ ਦੀ ਪੋਟਲੀ, ਨਾ ਮਾਂ ਦੀ ਗੁੱਤ ਵਿਚਾਰੀ। ਇਹੋ ਹੈ ਪੰਜਾਬ ਦਾ ਸੱਚ। ਗੱਲ ਦੀ ਸ਼ੁਰੂਆਤ ਥਰੀਕੇ ਪਿੰਡ ਤੋਂ। ਨੇੜੇ ਕਿਤੇ ਜੋਗੀਆਂ ਦੀ ਢਾਣੀ ਸੀ। ਸੱਪਾਂ ਦੀ ਪਟਾਰੀ ਚੁੱਕ, ਦੋ ਜੋਗੀ ਮੰਗਣ ਨਿਕਲੇ। ਅੱਗਿਓਂ ਟੱਕਰੇ ਛੈਲ ਛਬੀਲੇ। ਪਟਾਰੀ ਖੋਹ ਕੇ ਪੱਤਰੇ ਵਾਚ ਗਏ। ਜੋਗੀ ਪ੍ਰੇਸ਼ਾਨ ਨਹੀਂ, ਹੈਰਾਨ ਵੀ ਹੋਏ। ਕੌਣ ਨੇ ਜਿਨ੍ਹਾਂ ਸੱਪਾਂ ਨੂੰ ਹੱਥ ਪਾਇਆ। ਉਧਰ, ਜੋਗੀਆਂ ਦੀ ਢਾਣੀ ਪੁੱਜੇ ਗੱਭਰੂ। ਕਿੰਨੇ ਪੈਸੇ ਦਿਓਗੇ, ਲੱਗੇ ਸੱਪਾਂ ਦਾ ਸੌਦਾ ਕਰਨ। ਜਦੋਂ ਚਿੱਟਾ ਭੰਨ ਦੇਵੇ, ਉਦੋਂ ਨਾਗਾਂ ਨੂੰ ਵੀ ਹੱਥ ਪੈਂਦੇ ਨੇ। ਹੁਣ ਤਾਂ ਇਹੋ ਹੈ, ਪੰਜਾਬ ਦਾ ਸੱਚ। ਅੱਗੇ ਘੱਟ ਨਹੀਂ ਗੁਜ਼ਰੀ। ਜੋਗੀਆਂ ਨੇ ਮੁੰਡੇ ਘੇਰ ਲਏ। ਮਾਪਿਆਂ ਨੇ ਫਿਰ ਤਰਲੇ ਪਾਏ ,ਹੱਥ ਜੋੜੇ ਤਾਂ ਮੁੰਡਿਆਂ ਦਾ ਖਹਿੜਾ ਛੁੱਟਿਆ। ਜਦੋਂ ਗੱਲ ਮੁੱਕੀ ਤਾਂ ਬਜ਼ੁਰਗ ਜੋਗੀ ਨੇ ਮੱਤ ਦਿੱਤੀ। ‘ਕੱਲਾ ਕਾਨੂੰਨ ਨਹੀਂ, ਸੱਪਾਂ ਨੂੰ ਵੀ ਹੱਥ ’ਚ ਲੈਂਦੇ ਨੇ, ਬਚ ਕੇ ਰਿਹਾ ਕਰੋ ਭਾਈ। ਹੁਣ ਚੱਲੋ 70ਵੇਂ ਦਹਾਕੇ ‘ਚ, ਜਿਨ੍ਹਾਂ ਸੱਪਾਂ ਦੀਆਂ ਸਿਰੀਆਂ ਮਿੱਧੀਆਂ, ਉਹ ਵੀ ਖੇਤਾਂ ਦੇ ਪੁੱਤ ਸਨ। ਹਰੀ ਕ੍ਰਾਂਤੀ ਤਾਹੀਓਂ ਆਈ, ਭੁੱਖੇ ਵੀ ਰਜਾ ਦਿੱਤੇ। ਸੱਪ ਦੀ ਸਿਰੀ ਤੋਂ ਨੋਟ ਚੁੱਕਣੇ ਸੌਖੇ ਨਹੀਂ। ਚੇਤਿਓਂ ਬਾਹਰ ਹੈ, ‘ਚਿੱਟੀ‘ ਕ੍ਰਾਂਤੀ ਵਾਲੇ ਸੱਪਾਂ ‘ਤੇ ਅੱਖ ਰੱਖਣਗੇ। ਅਮੀਰ ਵਿਰਾਸਤ, ਰੱਜੀ-ਪੁੱਜੀ ਨੀਤ, ਕਦੇ ਇਹ ਪਛਾਣ ਪੰਜਾਬ ਦੀ ਸੀ।
              ਕਿਸੇ ਘਰੋਂ ਕਦੇ ਕੋਈ ਮੰਗਤਾ ਖਾਲੀ ਨਹੀਂ ਮੁੜਦਾ ਸੀ। ਗੱਲ ਥੋੜ੍ਹੀ ਪੁਰਾਣੀ ਐ। ਸ਼ਹਿਣੇ ਨੇੜੇ ਗਰੀਬ ਮੰਗਤੇ ਨੇ ਦਿਨ ਭਰ ਮੰਗਿਆ। ਹੱਥ ’ਚ ਸੁੱਕੀ ਰੋਟੀ, ਪੋਟਲੀ ਵਿਚ ਆਟਾ, ਜਿਉਂ ਹੀ ਪਿੰਡੋਂ ਬਾਹਰ ਆਇਆ। ਦੋ ਮੁੰਡਿਆਂ ਨੇ ਮੋਟਰਸਾਈਕਲ ਪਿੱਛੇ ਲਾ ਲਿਆ। ਮੰਗਤੇ ਦੀ ਆਟੇ ਵਾਲੀ ਪੋਟਲੀ ਖੋਹੀ। ਪਤਾ ਹੀ ਨਹੀਂ ਲੱਗਾ, ਕਦੋਂ ਫਰਾਰ ਹੋ ਗਏ। ਖਾਲੀ ਹੱਥ ਤੇ ਭਰੇ ਮਨ ਨਾਲ ਭਿਖਾਰੀ ਪਰਤ ਗਿਆ । ਦੱਸੋ ਕਿਥੇ ਰਪਟ ਲਿਖਾਈਏ, ਇਹੋ ਹੈ ਪੰਜਾਬ ਦਾ ਸੱਚ। ਗੱਲ ਬਟਾਲੇ ਵਾਲੀ ਵੀ ਬਹੁਤੀ ਪੁਰਾਣੀ ਨਹੀਂ। ਸ਼ਾਮ ਨੂੰ ਝੁੱਗੀ ਵੱਲ ਮੁੜਦਾ ਅਪਾਹਜ ਮੰਗਤਾ ਜਵਾਨ ਮੁੰਡੇ ਦੇ ਅੜਿੱਕੇ ਚੜ੍ਹ ਗਿਆ। ਮੰਗਤੇ ਦੇ ਪੈਸੇ ਖੋਹ ਕੇ ਭੱਜਣ ਲੱਗਾ ਮੁੰਡਾ ਰੱਬ ਬਣ ਕੇ ਬਹੁੜੇ ਲੋਕਾਂ ਨੇ ਫੜ ਲਿਆ ਤੇ ਪੈਸੇ ਵਾਪਸ ਕਰਾਏ। ਨਸ਼ੇ ਦਾ ਭੰਨਿਆ ਮੁੰਡਾ ਫਿਰ ਤਰਲੇ ਪਾਉਣ ਲੱਗਾ। ਕੁੱਤੀ ਚੋਰਾਂ ਨਾਲ ਰਲ ਗਈ ਐ। ਤਾਹੀਂ ਇਹ ਦਿਨ ਆਏ ਨੇ। ਭਲਾ ਤੁਸੀਂ ਦੱਸੋ, ਪੰਜਾਬ ਨੂੰ ਕੌਣ ਸਮਝਾਏ।‘ਚਿੱਟੇ’ ਨੇ ਕਾਲੇ ਕੱਛਿਆਂ ਵਾਲੇ ਭੁਲਾ ਦਿੱਤੇ। ਸਿਰਫ਼ ਨੌਂ ਦਿਨ ਪੁਰਾਣਾ ਵਾਕਿਆ ਸੁਣੋ। ਆਜੜੀ ਗੁਲਾਬ ਰਾਮ ਨਾਲ ਜੋ ਹੋਈ। ਨਵੀਂ ਉਮਰ ਦੇ ਮੁੰਡੇ ਆਏ। ਘੇਰਿਆ ਇੱਜੜ, ਬੱਕਰੀ ਚੁੱਕ ਲਈ।
              ਆਜੜੀ ਦਰਸ਼ਨ ਨਾਲ ਵੀ ਇਉਂ ਹੀ ਹੋਇਆ। ਅੱਠ ਜੂਨ ਨੂੰ ਮੋਟਰਸਾਈਕਲ ਵਾਲੇ ਆਏ। ਇੱਜੜ ਰੋਕਿਆ, ਬੱਕਰੀ ਚੁੱਕ ਕੇ ਪੱਤਰੇ ਵਾਚ ਗਏ। ਹੁਣ ਦੋਵਾਂ ਨੇ ਥਾਣਾ ਮੌੜ ’ਚ ਅਰਜ਼ੀ ਲਾਈ ਹੈ। ਭਲਾ ਦਾਈ ਕੋਲੋਂ ਪੇਟ ਲੁਕੇ ਨੇ, ਫਿਰ ਵੀ ਜਨਾਬ ਆਖਣ ਲੱਗੇ। ਗੁਲਾਬ ਰਾਮਾ ਹੁਲੀਆ ਦੱਸ। ਕਿਸੇ ਦੇ ਪੁੱਤ ਰੁਲ ਗਏ, ਕਿਸੇ ਦੇ ਮੇਮਣੇ, ਇਹੋ ਹੈ ਪੰਜਾਬ ਦਾ ਸੱਚ। ਚੋਣ ਮੇਲੇ ’ਚ ਲੀਡਰ ਰੁਲਦੇ ਨੇ। ਦਿੱਲੀਓਂ ਕੇਜਰੀਵਾਲ ਆਇਆ ਮੋਗਾ ਦੇ ਪਿੰਡ। ਇੱਕ ਮਾਂ-ਭੈਣ ਦਾ ਤਰਲਾ ਦਿਲ ਹਿਲਾਊ ਸੀ, ਹਉਕੇ ਧੂਹ ਪਾਉਣ ਵਾਲੇ। ਚੁੰਨੀਆਂ ਨਾਲ ਸਿਰ ਬੰਨ੍ਹੇ ਹੋਏ ਸਨ। ਨਸ਼ੇੜੀ ਪੁੱਤ ਨੇ ਮਾਂ ਤੇ ਭੈਣ ਦੀ ਗੁੱਤ ਨੂੰ ਵੀ ਨਹੀਂ ਬਖ਼ਸ਼ਿਆ। ਵਾਲਾਂ ਦਾ ਭਾਅ ਹੁਣ ਦੋ ਹਜ਼ਾਰ ਰੁਪਏ ਹੈ। ਮਾਂ ਦੇ ਤੁੰਗਲ ਨੂੰ ਖਤਰਾ। ਭੈਣ ਦੀ ਗੁੱਤ ਨੂੰ ਖ਼ਤਰਾ। ਪਹਿਲਾਂ ਮੁਗਲਾਂ, ਫਿਰ ਫਿਰੰਗੀ ਤੇ ਹੁਣ ਚਿੱਟੇ ਦਾ ਖ਼ਤਰੈ। ਭਗਵੰਤ ਮਾਨ ਆਖਦੈ, ਪੰਜਾਬ ‘ਚ ਤਾਂ ਪਖਾਨਿਆਂ ਨੂੰ ਵੀ ਖਤਰੈ। ਤਾਹੀਓਂ ਤਾਲੇ ਲਟਕਦੇ ਨੇ। ਨਸ਼ੇ ਦੀ ਲਤ ਲਈ ਮਾਂ-ਭੈਣ ਨੂੰ ਕੁੱਟਣਾ ਹੁਣ ਆਮ ਹੈ। ਸ਼ਹਿਰਾਂ ’ਚ ਕੁੱਤੇ ਤੇ ਸੂਰ ਵੀ ਚੋਰੀ ਹੁੰਦੇ ਨੇ।
               ਨਸ਼ਾ ਵਿਰੋਧੀ ਕੌਮਾਂਤਰੀ ਦਿਵਸ ਹੁਣੇ ਲੰਘਿਆ। ਨਸ਼ਿਆਂ ਦਾ ਲੱਕ ਟੁੱਟਿਆ ਨਹੀਂ। ਤਸਕਰ ਪੱਕੇ ਪੈਰੀਂ ਖੜ੍ਹੇ ਨੇ। ਜਿਨ੍ਹਾਂ ਦੇ ਰਾਜ ’ਚ ਪੈਰ-ਪੈਰ ‘ਤੇ ‘ਚਿੱਟਾ’ ਵਿਕਿਆ। ਉਹ ਰਾਜੇ ਨੂੰ ਗੁਟਕਾ ਸਾਹਿਬ ਦੀ ਸਹੁੰ ਦਾ ਚੇਤਾ ਕਰਾਉਂਦੇ ਨੇ। ਪੇਸ਼ ਹੈ ਮੁੱਖ ਮੰਤਰੀ ਦਾ ਰਿਪੋਰਟ ਕਾਰਡ। ਢਾਈ ਵਰ੍ਹਿਆਂ ’ਚ 26,254 ਪੁਲੀਸ ਕੇਸ ਦਰਜ ਕੀਤੇ, 31642 ਨਸ਼ਾ ਤਸਕਰ ਫੜੇ, 388 ਭਗੌੜੇ ਤਸਕਰ ਫੜੇ। 4.70 ਲੱਖ ਨਸ਼ਾ ਪੀੜਤਾਂ ਦਾ ਇਲਾਜ ਕਰਾਇਆ। ਗੌਰ ਨਾਲ ਵੇਖੋ। ਇਹੋ ਰਿਪੋਰਟ ਕਾਰਡ ਗੱਠਜੋੜ ਦਾ ਸੀ। ਜਿਨ੍ਹਾਂ ਦੇ ਤਨ ’ਤੇ ਲੱਗੀ, ਉਨ੍ਹਾਂ ਲਈ ਚਿੱਟਾ-ਨੀਲਾ ਇੱਕ ਬਰਾਬਰ। ਰਾਜਾ ਕੀ ਜਾਣੇ, ਸਰਿੰਜਾਂ ਦੀ ਮਾਰ। ਪੰਜਾਬ ਉੱਡ ਰਿਹੈ, ਘਰ-ਘਰ ਸੱਥਰ ਵਿੱਛ ਗਏ। ਜਵਾਨੀ ਵਿੰਨ੍ਹੀ ਪਈ ਐ। ਸ਼੍ਰੋਮਣੀ ਕਮੇਟੀ ਦੇ ਕੰਨਾਂ ’ਚ ਰੂੰ ਹੈ। ਤਖ਼ਤਾਂ ਵਾਲੇ ਕਦੋਂ ਬਣਨਗੇ ਜ਼ਮੀਰ ਦੇ ਜਥੇਦਾਰ। ਦਮਦਮੇ ਦੀ ਧਰਤੀ ਉਦੋਂ ਰੋਈ ਜਦੋਂ 14 ਵਰ੍ਹਿਆਂ ਦੀ ਕੁੜੀ ਨਸ਼ੇੜੀ ਬਣੀ। ਪੰਜਾਬ ਦੀ ਟੇਲ ’ਤੇ ਪੈਂਦੀ ਮੰਡੀ ਰਾਮਾਂ। ਸੱਤ ਧੀਆਂ ਚਿੱਟਾ ਲੈਂਦੀਆਂ ਨੇ। ਕਦੇ ਸੋਚਿਆ ਸੀ, ਭੈਣ ਭਰਾ ਇੱਕੋ ਸਰਿੰਜ ਵਰਤਣਗੇ। ਬਠਿੰਡਾ ਜ਼ਿਲ੍ਹੇ ’ਚ ਇਵੇਂ ਹੋਇਐ।
               ਤਸਕਰ ਡੱਬਵਾਲੀ ਬੈਠੇ ਨੇ। ਸਪਲਾਈ ’ਚ ਕੋਈ ਵਲ ਫੇਰ ਨਹੀਂ। ਤਿੰਨ ਸਾਲ ਪੁਰਾਣੀ ਗੱਲ ਚੇਤੇ ਆਈ। ਜਦੋਂ ਸੁਖਬੀਰ ਦੀ ਜਲ ਬੱਸ ਚੱਲੀ। ਉਦੋਂ ਤਸਕਰਾਂ ਨੇ ਪਾਣੀ ’ਚ ਲਿਫਾਫੇ ਚਲਾਏ ਸਨ। ਤਸਕਰਾਂ ਦੇ ਫੋਨ ਨੂੰ ਨਸ਼ੇੜੀ ਰੀਚਾਰਜ ਕਰਾਉਂਦੇ। ਬਦਲੇ ‘ਚ ਰਜਵਾਹੇ ’ਚ ਤੈਰਦਾ ਲਿਫਾਫਾ ਮਿਲਦਾ। ਪੁਲੀਸ ਤੋਂ ਬਚਣ ਲਈ ਨਵਾਂ ਤਰੀਕਾ ਸੀ। ਪੁਲੀਸ ਵੀ ਚਿੱਚੜ ਮਾਰਦੀ ਐ, ਝੋਟਾ ਨਹੀਂ, ਜਿਨ੍ਹਾਂ ਦੇ ਚਿੱਟੇ ’ਚ ਰੁੜ੍ਹ ਗਏ, ਕਿਹੜੇ ਹੌਸਲੇ ਨਾਲ ਆਖਣ, ਇਹ ਪੰਜਾਬ ਵੀ ਮੇਰਾ ਏ..! ਤਸਕਰਾਂ ਨੇ ਘਰ ਭਰੇ ਨੇ, ਸਰਿੰਜਾਂ ਨਾਲ ਸਿਵੇ। ਤਸਕਰਾਂ ਦੇ ਮੋਢਿਆਂ ’ਤੇ ਰਾਖੇ ਚੜ੍ਹੇ ਨੇ। ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਹਵਾਈ ਅੱਡਿਆਂ ’ਤੇ ਭੀੜ ਨੀ ਹੋਣੀ ਸੀ। ਅੱਕੇ ਹੋਏ ਪਿੰਡ ਹੁਣ ਖੁਦ ਉੱਠੇ ਨੇ। ਕੋਟਲੀ (ਮੁਕਤਸਰ) ਦੇ ਤੀਹ ਜਵਾਨਾਂ ਨੇ ਠੀਕਰੀ ਪਹਿਰਾ ਸ਼ੁਰੂ ਕੀਤੈ। ਦੋ ਨਸ਼ੇੜੀ ਰੱਸੇ ਨਾਲ ਵੀ ਨੂੜੇ। ਕਈ ਪੁਲੀਸ ਨੂੰ ਫੜਾਏ। ਹਵਾ ਰੁਮਕੀ ਹੈ। ਜੱਸੀ ਬਾਗ ਵਾਲੀ ਦੇ ਲੋਕ ਸੜਕਾਂ ’ਤੇ ਉੱਤਰੇ। ਗੁੜੇ (ਜਗਰਾਓਂ) ਵਾਲਿਆਂ ਨੇ ਪਿੰਡ ਨਸ਼ਾ ਮੁਕਤ ਬਣਾਇਐ। ਪਿੰਡ ਸੀਹਾਂ ਦੌਦ (ਪਾਇਲ) ਦਾ ਪੰਚ ਚਰਨਪ੍ਰੀਤ ਨਸ਼ੇੜੀਆਂ ਦਾ ਇਲਾਜ ਕਰਾਉਂਦਾ ਫਿਰਦੈ।
              ਕਮਾਲੂ (ਮੌੜ) ਦੇ ਮੇਜਰ ਸਿੰਘ ਨੇ ਨਸ਼ਾ ਵਿਰੋਧੀ ਮੰਚ ਬਣਾਇਆ। ਮੰਚ ਵਾਲੇ 25 ਪਿੰਡਾਂ ਦੇ ਮੁੰਡੇ ਨਸ਼ਿਆਂ ਖ਼ਿਲਾਫ਼ ਕੂਕਦੇ ਨੇ। ਮੰਚ ਆਖਦੈ, ਨਸ਼ਾ ਗੁੜ ਵਾਂਗੂ ਵਿਕਦੈ। ਪੰਜਾਬ ਦੀ ਕੁੰਦਨ ਦੇਹੀ ਕਿਧਰ ਗਈ। ਕਿਧਰ ਗਏ ਉਹ ਸੂਰਮੇ। ਅਬਦਾਲੀ ਹਰਾ ਦਿੱਤੇ ਸਨ। ਦਿੱਲੀ ਲਾਹੌਰ ਸੜਕ ’ਤੇ ਖੜ੍ਹੇ। ਬਾਬਾ ਬੋਤਾ ਸਿਓਂ ਤੇ ਬਾਬਾ ਗਰਜਾ ਸਿਓਂ। ‘ਮੈਂ ਹਾਂ ਬਾਬਾ ਬੋਤਾ, ਰਾਹ ’ਚ ਖਲੋਤਾ, ਹੱਥ ’ਚ ਸੋਟਾ’। ਬਾਬਿਓ ਤੁਸੀਂ ਹੀ ਸੋਟਾ ਲੈ ਕੇ ਗੇੜਾ ਮਾਰ ਜਾਓ। ਬਾਬਰ ਹੱਥੋਂ ਨਿਕਲੇ ਫਿਰਦੇ ਨੇ। ਨਲੂਏ ਦੇ ਵਾਰਸਾਂ ’ਚ ਤੰਤ ਨਹੀਂ। ਬਾਬੇ ਨਾਨਕ ਨੇ ਨਾਮ ਦੀ ਖੁਮਾਰੀ ਦੱਸੀ। ਪੰਜਾਬ ਕਿਸੇ ਹੋਰ ਖੁਆਰ ’ਚ ਐ। ਅਖੀਰ ’ਚ ਛੱਜੂ ਰਾਮ ਦੀ ਨੇਕ ਸਲਾਹ, ’ਦੰਦਾਂ ’ਚੋਂ ਜੀਭ ਕੱਢੋ, ਸਰਕਾਰ ਨੂੰ ਛੱਡੋ, ਖੁਦ ਹੀ ਡਟੋ, ਨਾਲੇ ਭੁੱਲਿਓ ਨਾ, ‘ਮੁੰਡਾ ਤੇ ਰੰਬਾ ਜਿੰਨਾ ਚੰਡੀਏ, ਓਨਾ ਚੰਗਾ।’

4 comments:

  1. Real pic of pbi youth politician and police nexes

    ruined Punjab

    ReplyDelete
  2. Very nice.asal tasvir hai punjab di.tuhadi kalm nu salam.

    ReplyDelete
  3. ਨਸ਼ਿਆਂ ਦੇ ਤੂਫਾਨ ਵਿੱਚ ਨਿੱਘਰਦਾ ਪੰਜਾਬ। ਮੁੰਡੇ ਕੁੜੀਆਂ ਸਭ ਇਸੇ ਦੀ ਗ੍ਰਿਫਤ ਵਿਚ ਹਨ। ਹਾਕਮ ਧਿਰ ਚਾਹੇ ਨੀਲੀ ਹੋਵੇ ਭਾਵੇ ਚਿੱਟੀ ਦੋਸ਼ੀ ਹੈ। ਕਲਮ ਨਾਲ ਸਮਾਜ ਨੂੰ ਸੁਚੇਤ ਕੀਤਾ ਜਾ ਸਕਦਾ ਹੈ। ਜਿਥੇ ਲੋਕ ਸਰਕਾਰਾਂ ਤੋਂ ਉਮੀਦ ਛੱਡ ਕੇ ਅੱਗੇ ਆਏ ਹਨ ਉਥੇ ਉਮੀਦ ਦੀ ਕਿਰਨ ਜਗੀ ਹੈ। ਪਰ ਨਸ਼ੇ ਦੇ ਤਸਕਰ ਓਹਨਾ ਦੀਆਂ ਕੋਸ਼ਿਸ਼ਾਂ ਤੇ ਬੂਰ ਨਹੀਂ ਆਉਣ ਦਿੰਦੇ। ਜਦੋ ਲੀਡਰਾਂ ਦੇ ਇਕਲੋਤੇ ਮੁੰਡੇ ਤੇ ਪੁਲਸੀਆਂ ਧੇ ਧੀਆਂ ਪੁੱਤਰ ਚਿੱਟੇ ਦੇ ਮੁਥਾਜ ਹੋਗੇ ਤਾਂ ਸ਼ਾਇਦ ਕੋਈ ਕ੍ਰਾਂਤੀ ਆਵੇ।
    ਪਰ ਕਲਮ ਨਾਲ ਅੰਦੋਲਨ ਵਿਡੀ ਰੱਖੋ।
    ਅਮੀਨ।

    ReplyDelete