Monday, June 24, 2019

                        ਖ਼ਬਰ ਦਾ ਅਸਰ 
       ਕੁੰਡੀ ਵਾਲੇ ਅਫਸਰ ਘਿਰਨ ਲੱਗੇ
                         ਚਰਨਜੀਤ ਭੁੱਲਰ
ਬਠਿੰਡਾ  : ਪਾਵਰਕੌਮ ਨੇ ਆਖਰ ਬਿਜਲੀ ਸਪਲਾਈ ਨੂੰ ਕੁੰਡੀ ਲਾਉਣ ਵਾਲੇ ਵੱਡੇ ਅਫਸਰਾਂ ਨੂੰ ਪਾਵਰ ਦਿਖਾਉਣੀ ਸ਼ੁਰੂ ਕੀਤੀ ਹੈ। ਪਾਵਰਕੌਮ ਨੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਕਪਤਾਨਾਂ ਦੇ ਘਰਾਂ ਅਤੇ ਕੈਂਪ ਦਫ਼ਤਰਾਂ ਦੇ ਬਿਜਲੀ ਮੀਟਰਾਂ ਦੀ ਪੜਤਾਲ ਅਰੰਭ ਦਿੱਤੀ ਹੈ। ਪਾਵਰਕੌਮ ਦੇ ਵੰਡ ਵਿਭਾਗ ਤੇ ਐਨਫੋਰਸਮੈਂਟ ਤਰਫ਼ੋਂ ਸਾਂਝੀ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੂੰ ਇਸ ਗੱਲੋਂ ਨਮੋਸ਼ੀ ਝੱਲਣੀ ਪਈ ਹੈ ਕਿ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਬਿਜਲੀ ਸਪਲਾਈ ਨੂੰ ਖੁਦ ਹੀ ਕੁੰਢੀ ਲਾ ਰਹੇ ਹਨ। ਸਰਕਾਰ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਪਾਵਰਕੌਮ ਨੇ ਸਮੁੱਚੇ ਮਾਮਲੇ ਦੀ ਸੋਮਵਾਰ ਤੱਕ ਰਿਪੋਰਟ ਮੰਗੀ ਹੈ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵੱਲੋਂ ਪਾਵਰਕੌਮ ਨਾਲ ਜੁੜੇ ਬਿਜਲੀ ਸਬਸਿਡੀ, ਬਿਜਲੀ ਚੋਰੀ ਤੇ ਵੱਡੇ ਅਫਸਰਾਂ ਦੀ ਬਿਜਲੀ ਖਪਤ ਦੇ ਮਾਮਲੇ ਨੂੰ ਪੰਜ ਕਿਸ਼ਤਾਂ ਦੀ ਲੜੀ ਵਿਚ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ। ਪਾਵਰਕੌਮ ਦੀ ਜਾਗ ਇਸ ਮਗਰੋਂ ਖੁੱਲ੍ਹੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵੀ ਇਸ ਦਾ ਨੋਟਿਸ ਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਤੋਂ ਜਾਣੂ ਕਰਾਇਆ ਹੈ। ਐਨਫੋਰਸਮੈਂਟ ਦੇ ਅਫਸਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਦੋ ਦਿਨਾਂ ਵਿਚ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਦੇ ਮੀਟਰਾਂ ਦੀ ਪੜਤਾਲ ਕੀਤੀ ਜਾਣੀ ਹੈ। ਉਸ ਮਗਰੋਂ ਸਮੁੱਚੀ ਰਿਪੋਰਟ ਤਿਆਰ ਕੀਤੀ ਜਾਣੀ ਹੈ।
         ਪੰਜਾਬੀ ਟ੍ਰਿਬਿਊਨ ਵੱਲੋਂ ਆਰ.ਟੀ.ਆਈ ਅਤੇ ਹੋਰਨਾਂ ਸਰੋਤਾਂ ’ਤੇ ਅਧਾਰਿਤ ਪਾਵਰਕੌਮ ਦੇ ਤੱਥ ਉਜਾਗਰ ਕੀਤੇ ਗਏ ਕਿ ਕਿਵੇਂ ਕਈ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਦੇ ਘਰਾਂ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਆ ਰਹੀ ਹੈ ਅਤੇ ਕਿੰਨੇ ਅਧਿਕਾਰੀ ਲੰਮੇ ਸਮੇਂ ਤੋਂ ਬਿਜਲੀ ਬਿੱਲਾਂ ਦਾ ਭੁਗਤਾਨ ਨਹੀਂ ਕਰ ਰਹੇ। ਪਾਵਰਕੌਮ ਦੇ ਐਨਫੋਰਸਮੈਂਟ ਦੇ ਮੁੱਖ ਇੰਜਨੀਅਰ ਸ੍ਰੀ ਗੋਪਾਲ ਸ਼ਰਮਾ ਨੇ ਦੱਸਿਆ ਕਿ ਮੁਢਲੇ ਪੜਾਅ ’ਤੇ ਉਹ ਪੰਜਾਬੀ ਟ੍ਰਿਬਿਊਨ ਵਿਚ ਪ੍ਰਕਾਸ਼ਿਤ 11 ਅਫਸਰਾਂ ਦੇ ਮੀਟਰਾਂ ਦੀ ਪੜਤਾਲ ਕਰਾ ਰਹੇ ਹਨ ਜਿਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਅਤੇ ਸੋਮਵਾਰ ਤੱਕ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤਰਫ਼ੋਂ ਇਸ ਦਾ ਨੋਟਿਸ ਲਿਆ ਗਿਆ ਹੈ ਅਤੇ ਜਾਂਚ ਟੀਮਾਂ ਨੇ ਵੀ ਪੜਤਾਲ ਵਿੱਢ ਦਿੱਤੀ ਹੈ। ਪਾਵਰਕੌਮ ਦੇ ਡਾਇਰੈਕਟਰ (ਵੰਡ) ਸ੍ਰੀ ਐਨ.ਕੇ.ਸ਼ਰਮਾ ਦਾ ਕਹਿਣਾ ਸੀ ਕਿ ਪੰਜਾਬ ਭਰ ਦੇ ਇਨ੍ਹਾਂ ਅਧਿਕਾਰੀਆਂ ਦੇ ਮੀਟਰਾਂ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਵੰਡ ਵਿਭਾਗ ਤੋਂ ਵੀ ਇਸ ਵਾਰੇ ਰਿਪੋਰਟ ਮੰਗੀ ਗਈ ਹੈ। ਮੀਟਰਾਂ ਦੀ ਚੈਕਿੰਗ ਐਨਫੋਰਸਮੈਂਟ ਤੋਂ ਕਰਾਈ ਜਾ ਰਹੀ ਹੈ। ਜਿਨ੍ਹਾਂ ਅਫਸਰਾਂ ਦੇ ਘਰਾਂ ਦੇ ਮੀਟਰ ਅੰਦਰ ਲੱਗੇ ਹੋਏ, ਉਹ ਮੀਟਰ ਬਾਹਰ ਕਢਾਏ ਜਾਣਗੇ। ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
                ਪਾਵਰਕੌਮ ਦੇ ਐਨਫੋਰਸਮੈਂਟ ਦੇ ਬਠਿੰਡਾ, ਜਲੰਧਰ ਅਤੇ ਅੰਮ੍ਰਿਤਸਰ ਦੇ 13 ਉੱਡਣ ਦਸਤਿਆਂ ਨੇ ਅੱਜ ਘਰੇਲੂ ਅਤੇ ਵਪਾਰਿਕ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ। ਅੱਜ ਪੂਰਾ ਦਿਨ ਚੱਲੀ ਚੈਕਿੰਗ ਵਿਚ 283 ਕੁਨੈਕਸ਼ਨ ਚੈੱਕ ਕੀਤੇ ਗਏ ਜਿਨ੍ਹਾਂ ਚੋਂ 72 ਕੇਸ ਬਿਜਲੀ ਚੋਰੀ ਦੇ ਫੜੇ ਗਏ। ਕਰੀਬ 16.61 ਲੱਖ ਰੁਪਏ ਦੀ ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ। ਅਮਰਕੋਟ ਸਬ ਡਵੀਜ਼ਨ ਦੇ ਪਿੰਡ ਕਾਲੀਆ ਵਿਚ ਤਾਂ ਉੱਡਣ ਦਸਤੇ ਦਾ ਪਿੰਡ ਵਾਲਿਆਂ ਨੇ ਘਿਰਾਓ ਕਰ ਲਿਆ ਅਤੇ ਚੈਕਿੰਗ ਕਰਨ ਤੋਂ ਰੋਕਿਆ। ਸਟਾਫ ਨੂੰ ਬੰਦੀ ਵੀ ਬਣਾਇਆ ਗਿਆ ਅਤੇ ਤਿੰਨ ਵਜੇ ਛੱਡਿਆ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਕੁਸਮਜੀਤ ਕੌਰ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ ’ਚ ਜਿਉਂ ਹੀ ਇਹ ਮਾਮਲਾ ਆਇਆ,ਉਨ੍ਹਾਂ ਨੇ ਇਸ ਬਾਰੇ ਫੌਰੀ ਮੁੱਖ ਸਕੱਤਰ ਪੰਜਾਬ, ਡੀ.ਜੀ.ਪੀ ਅਤੇ ਪ੍ਰਮੁੱਖ ਸਕੱਤਰ (ਪਾਵਰ) ਨੂੰ ਪੂਰਾ ਮਾਮਲਾ ਭੇਜ ਦਿੱਤਾ ਹੈ। ਸਿੱਧੂ ਨੇ ਦੱਸਿਆ ਕਿ ਅਗਲੀ ਕਾਰਵਾਈ ਉਨ੍ਹਾਂ ਨੇ ਕਰਨੀ ਹੈ।
                ਧਨਾਢਾਂ ਨੂੰ ਸਬਸਿਡੀ ’ਤੇ ਮੰਥਨ ਸ਼ੁਰੂ
ਪੰਜਾਬ ਸਰਕਾਰ ਨੇ ਧਨਾਢ ਕਿਸਾਨਾਂ ਨੂੰ ਮਿਲਦੀ ਬਿਜਲੀ ਸਬਸਿਡੀ ’ਤੇ ਵੀ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਾਟਰ ਰੈਗੂਲੇਟਰੀ ਕਮਿਸ਼ਨ ਬਾਰੇ ਹੋਈ ਮੀਟਿੰਗ ਵਿਚ ਇਹ ਮਾਮਲਾ ਵੀ ਉੱਠਿਆ ਕਿ ਧਨਾਢ ਕਿਸਾਨਾਂ ਨੂੰ ਸਰਕਾਰ ਬਿਜਲੀ ਸਬਸਿਡੀ ਕਿਉਂ ਦੇਵੇ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੀਟਿੰਗ ਵਿਚ ਇੱਕ ਸੁਝਾਓ ਦੇ ਰੂਪ ਵਿਚ ਇਹ ਗੱਲ ਵੀ ਆਈ ਸੀ। ਸੂਤਰ ਦੱਸਦੇ ਹਨ ਕਿ ਦੋ ਵਜ਼ੀਰਾਂ ਨੇ ਤਾਂ ਇਹ ਮਾਮਲਾ ਜ਼ੋਰਦਾਰ ਤਰੀਕੇ ਨਾਲ ਉਠਾਇਆ।
 
   






No comments:

Post a Comment