Sunday, June 16, 2019

                             ਵਿਚਲੀ ਗੱਲ  
             ਬਾਪੂ ! ਤੂੰ ਲਕੀਰਾਂ ਨਾ ਫਰੋਲ..
                             ਚਰਨਜੀਤ ਭੁੱਲਰ
ਬਠਿੰਡਾ: ਹੋਇਆ ਇੰਜ ਇੱਕ ਲੰਘੀ ਰਾਤ। ਉੱਭੜਬਾਹੇ ਉੱਠ ਖਲੋਤਾ, ਕੰਨੀ ਪਈ ਗੱਲਬਾਤ। ਦੇਖ ਜਰਾ ਕੌਣ ਹਉਕੇ ਭਰਦਾ, ਪੁੱਛਿਆ ਮੈਨੂੰ ਕਾਇਨਾਤ। ਕੁੰਡਾ ਖੋਲ ਸਬਾਤ ਦਾ, ਖੋਲ੍ਹਿਆ ਜਦੋਂ ਸੰਦੂਕ। ਮਾਂ ਦੀ ਚੁੰਨੀ ਹੁਬਕੀ ਰੋਵੇ, ਅੰਦਰੋਂ ਨਿਕਲੀ ਹੂਕ। ਬਾਪ ਦੀ ਪੱਗ ਨਾਲ ਗੱਲਾਂ ਕਰਦੀ, ਚੁੰਨੀ ਦੁੱਖ ਵੰਡਾਵੇ। ਬੱਚਿਆਂ ਮੇਰਿਆਂ ਦਾ ਤੂੰ ਤਾਜ ਸੀ। ਵੇਲਾ ਕਿਧਰ ਗਿਆ ਜਦੋਂ ਤੇਰਾ ਰਾਜ ਸੀ। ਮਾਵਾ ਤੇਰਾ ਕਿਧਰ ਗੁਆਚਾ, ਦੱਸ ਤੂੰ ਪੱਗ ਦੀਏ ਲੀਰੇ। ਸ਼ਰਮ ਵਾਲੀ ਅੱਖ ਕਿਧਰ ਰਹਿ ਗਈ, ਦੱਸ ਤਾਂ ਸਹੀ ਜ਼ਮੀਰੇ। ਬਾਪ ਦੀ ਪੱਗ ਦਾ ਗੱਚ ਭਰਿਆ, ਵਿਚ ਹਨੇਰੇ ਮੈਂ ਵੀ ਡਰਿਆ। ਪੱਗ ਬਾਪ ਦੀ ਆਖਣ ਲੱਗੀ, ਤੂੰ ਵੀ ਲੱਜ ਦਾ ਘੁੰਡ ਬਣਦੀ ਸੀ, ਹੁਣ ਕਿਉਂ ਬਣਦੀ ਫਾਹਾ, ਲੀਰੋਂ ਲੀਰ ਤੈਨੂੰ ਕਰਨ ਬਾਜ਼ਾਰੀ, ਬੋਲਣ ਵਾਲੇ ਧਾਵਾ। ਸੁੰਨ ਹੋ ਗਿਆ, ਖੜ੍ਹਾ ਨਾ ਜਾਵੇ, ਮਨ ਨਾ ਝੱਲੇ ਦਾਬ। ਸੋਚਾਂ ਦੇ ਵਿਚ ਘੁੰਮਣ ਲੱਗਾ, ਆਪਣਾ ਦੇਸ਼ ਪੰਜਾਬ। ਛੱਜੂ ਰਾਮਾ, ਦੱਸ ਤੂੰ ਮੈਨੂੰ, ਕਾਹਤੋਂ ਏਹ ਆਇਆ ਖ਼ਾਬ। ਜਨਾਬ, ਅੱਜ ‘ਪਿਤਾ ਦਿਵਸ’ ਹੈ, ਮਿਲਿਆ ਏਹ ਜੁਆਬ। ‘ਪਿਤਾ ਦਿਵਸ’ ’ਤੇ ਹਰ ਉਸ ਬਾਪ ਨੂੰ ਸਲਾਮ, ਜੋ ਅੌਲਾਦ ਦੀ ਹੀ ਨਹੀਂ, ਸਮਾਜ ਦੀ ਉਡਾਰੀ ਬਣੇ। ਕੋਈ ਦਿਵਸ ਤੇ ਕੋਈ ਦਿਨ, ਭਾਵੇਂ ਹੁਣ ਧਰਵਾਸ ਨਹੀਂ ਬਣਦਾ। ਜ਼ਮਾਨੇ ਦਾ ਗੇੜ ਹੈ, ਉਂਜ ਤਾਂ ਬਾਪ ਨੂੰ ਕੌਣ ਯਾਦ ਕਰਦੇ, ਦਿਵਸ ਬਹਾਨੇ ਹੀ ਸਹੀ। ਚੋਣਾਂ ਮਗਰੋਂ ਭਮੱਤਰ ਜਾਣਾ, ਕੋਈ ਅਲੋਕਾਰੀ ਗੱਲ ਨਹੀਂ ਹੁੰਦੀ। ‘ਗਧੇ ਨੂੰ ਬਾਪ ਤੇ ਬਾਪ ਨੂੰ ਗਧਾ’ ਆਖਣ ਵਾਲੇ ਹੁਣ ਥੋਡੇ ਮਾਈ ਬਾਪ ਜੋ ਬਣੇ ਨੇ।
                 ਕਿਸੇ ਬਾਪ ਦੇ ਹਿੱਸੇ ਕੁਰਸੀ ਵਾਲੇ ਭਾਗ ਨਹੀਂ ਆਏ। ਤਾਹੀਓ, ਬਾਪ ਦੀ ਪੱਗ ਚੋਂ ਪੰਜਾਬ ਦਾ ਝਉਲਾ ਪੈਂਦੈ। ਗੱਲ ਅੱਗੇ ਫਿਰ ਤੋਰਾਂਗੇ। ਪਹਿਲਾਂ ਰੰਗ ਮੰਚ ਦੇ ਬਾਪ ਅਜਮੇਰ ਅੌਲਖ ਨੂੰ ਪ੍ਰਣਾਮ ਕਰਦੇ ਹਾਂ। ਤਿੰਨ ਧੀਆਂ ਹੀ ਨਹੀਂ, ਪੂਰਾ ਪਰਿਵਾਰ ਲੋਕ ਮੰਚ ਦੇ ਲੇਖੇ ਲਾਇਆ। ਤਿੰਨ ਵਰੇ੍ਹ ਪਹਿਲਾਂ ਅੱਜ ਦੇ ਦਿਨ ਅਲਵਿਦਾ ਆਖ ਗਏ ਸਨ। ਪਿੰਡ ਢੁੱਡੀਕੇ ਵਾਲੇ ਇਸ ਗੱਲੋਂ ਵਡਭਾਗੀ ਹਨ। ਜਸਵੰਤ ਕੰਵਲ ਇਸੇ ਮਹੀਨੇ ਜ਼ਿੰਦਗੀ ਦਾ ਸੈਂਕੜਾ ਮਾਰ ਰਹੇ ਹਨ। ਪੰਜਾਬੀ ਨਾਵਲ ਦੇ ਪਿਉ ਦੇ 100ਵੇਂ ਜਨਮ ਦਿਨ ਦੀ ਤਿਆਰੀ ਚੱਲ ਰਹੀ ਹੈ। ਆਓ, ਹੁਣ ਪੰਜਾਬ ਦਾ ਗੇੜਾ ਲਾਉਂਦੇ ਹਨ। ਅੌਹ ਦੇਖੋ, ਪੰਜਾਬ ਦਾ ਇੱਕ ਬਾਪ ਨਹਿਰ ’ਤੇ ਖੜ੍ਹਾ ਹੈ। ਪੁਲੀਸ ਦੇ ਲੰਮੇ ਹੱਥ ਪਿੰਡ ਪੰਜਾਬਾਂ (ਲੰਬੀ) ਤੱਕ ਪੁੱਜੇ। ਪੁੱਤ ਜਸਪਾਲ ਦੀ ਲਾਸ਼ ਕਿਸ ਨਹਿਰ ’ਚ ਰੁੜ੍ਹ ਗਈ। ਫਰੀਦਕੋਟ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਹਿਰਾਸਤ ’ਚ ਮਰੇ ਜਸਪਾਲ ਦਾ ਭੋਗ ਵੀ ਅੱਜ ਹੈ। ਬਾਪ ਹਰਬੰਸ ਸਿੰਘ ਉਦੋਂ ਤੋਂ ਨਹਿਰਾਂ ’ਤੇ ਮਿੱਟੀ ਫਰੋਲ ਰਿਹਾ ਹੈ।
              ਪਿੰਡ ਗਾਜੀ ਸੁਲਾਰ (ਪਟਿਆਲਾ) ਪੈਲੀ ਦੇ ਸੰਕਟ ਦਾ ਪ੍ਰਨੋਟ ਹੈ। ਪਿੰਡ ਦੀ ਉਸ ਧੀਅ ਨੂੰ ‘ਪਿਤਾ ਦਿਵਸ’ ਧੂਹ ਪਾਉਂਦਾ ਹੈ ਜਿਸ ਦੀ ਡੋਲੀ ਤੋਂ ਪਹਿਲਾਂ ਬਾਪ ਤੁਰ ਗਿਆ। ਕਿਧਰੋਂ ਕੋਈ ਪੈਸਾ ਨਾ ਮਿਲਿਆ। ਬਰਾਤ ਆਈ, ਮਿਲਨੀ ਕੀਤੀ। ਡੰਗਰਾਂ ਵਾਲੇ ਵਾੜੇ ’ਚ ਅਗਨ ਭੇਟ ਹੋ ਗਿਆ। ਮੁੱਠੀ ਭਰ ਹੱਡੀਆਂ ਲੱਭੀਆਂ। ਪਿੰਡ ਘੋੜੇਨਾਬ (ਸੰਗਰੂਰ) ਦੇ ਇੱਕ ਬਾਪ ਦੀ ਰੂਹ ਬਹੁਤ ਕਲਪੀ। ਜਦੋਂ ਧੀ ਦੀ ਡੋਲੀ ਤੋਂ ਪਹਿਲਾਂ ਪੁੱਤ ਦੀ ਅਰਥੀ ਉੱਠੀ। ਪੰਜਵੀਂ ਭੈਣ ਦੀ ਬਰਾਤ ਆਈ, ਰਾਤ ਨੂੰ ਜਾਗੋ ਕੱਢੀ। ਸਭ ਨੂੰ ਜਗਾ ਕੇ ਖੁਦ ਸਦਾ ਲਈ ਸੌ ਗਿਆ। ਖੇਤਾਂ ਦੇ ਬਾਪ ਇਹ ਸਭ ਕੁਝ ਆਪਣੇ ਪਿੰਡੇ ਹੰਢਾ ਰਹੇ ਨੇ। ਚੁੰਨੀਆਂ ਦੇ ਰੰਗ ਚਿੱਟੇ ਹੀ ਕਿਉਂ ਨੇ, ਕਦੇ ਜਾਗੇ ਤਾਂ ਖੇਤਾਂ ਦੇ ਪੁੱਤ ਜਰੂਰ ਰੰਗਾਂ ਦਾ ਹਿਸਾਬ ਕਰਨਗੇ।
             ਪੰਜਾਬ ਦਾ ਅੌਹ ਬਾਪ ਵੀ ਦੇਖੋ, ਜੋ ਸ਼ਾਹੂਕਾਰ ਦੀ ਹੱਟ ਤੇ ਖੜ੍ਹੈ। ਬਾਪ ਦੀ ਸਰਦਾਰੀ ਸ਼ਾਹੂਕਾਰਾਂ ਦੇ ਪੈਰੀਂ ਪਈ ਐ। ਜਦੋਂ ਕਿਸਾਨ ਮਰਿਆ ਤਾਂ ਸ਼ਾਹੂਕਾਰ ਬਣਿਐ। ਹੱਟੀਆਂ ’ਚ ਬਾਪ ਦੀ ਪੱਗ ਰੁਲ ਰਹੀ ਹੈ। ਮਜਬੂਰੀ ਦਾ ਵਾਜੇ ਵਜਾਉਣਾ ਸ਼ੌਕ ਨਹੀਂ। ਸੰਤ ਰਾਮ ਉਦਾਸੀ ਦੇ ਬੋਲ ਚੇਤੇ ਪੈਂਦੇ ਨੇ, ‘ਮੇਰੀ ਦੁਖੀਏ ਬਾਪ ਦੀ ਸੋਚ ਬੁੱਢੀ, ਝੇਪ ਵਿਚ ਆ ਕੇ ਹਾਂਅ ਕਰ ਦਿੱਤੀ, ਆਪਣੇ ਕਰਜ਼ੇ ਦਾ ਸਮਝ ਕੇ ਸੂਦ ਮੈਨੂੰ, ਵੱਲ ਸੇਠ ਦੇ ਮੇਰੀ ਬਾਂਹ ਕਰ ਦਿੱਤੀ।’ ਵਕਤ ਦੀ ਘੁਲਾੜੀ ’ਚ ਬਾਂਹ ਮਜ਼ਦੂਰ ਦੀ ਵੀ ਆਈ ਹੈ। ਜੱਟ ਵੀ ਸੀਰੀ ਦੇ ਗੱਲ ਲੱਗਿਐ। ਜਿਵੇਂ ਬਾਪ ਦੀ ਪੱਗ ਨੇ ਚੁੰਨੀ ਗਿੱਲੀ ਕੀਤੀ ਹੈ। ਬੈਂਕਾਂ ਵਾਲਿਆਂ ਨੇ ਪੱਗ ਨੂੰ ਜੇਲ੍ਹ ਵਿਖਾਈ ਹੈ।
       ਜਦੋਂ ਪੱਗ ਕਦੇ ਥਾਣੇ ਤੇ ਕਦੇ ਕਚਹਿਰੀ ਰੁਲੇ। ਫਿਰ ਕਾਹਦੇ ‘ਪਿਤਾ ਦਿਵਸ’। ਝੱਖੜਾਂ ’ਚ ਬੁੱਢੇ ਰੁੱਖਾਂ ਨਾਲ ਏਦਾਂ ਹੀ ਬੀਤਦੀ ਹੈ। ਪਿਓ ਦਾਦਿਆਂ ਨੇ ਅੱਖੀਂ ਦੇਖੇ ਨੇ। ਅਣਗਿਣਤ ਝੱਖੜ ਤੇ ਉਨ੍ਹਾਂ ਦੇ ਦਿੱਤੇ ਜਖ਼ਮ। ਸੰਤਾਲੀ ਦੀ ਪਰਲੋ, ਦਿੱਲੀ ਦੇ ਦੰਗੇ, ਗੁਜਰਾਤ ਦੇ ਦੰਗੇ। ਪੁੱਤਾਂ ਨੇ ਬਾਪ ਜਲਦੇ ਵੇਖੇ ਨੇ। ਕਦੇ ਕੌੜੀਆਂ ਮਿਰਚਾਂ ਨਾਲ ਦਾਗ ਮਿਟੇ ਨੇ। ਸੁਰਜੀਤ ਪਾਤਰ ਤਾਹੀਂ ਲਿਖਦੈ, ‘ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ, ਸਾਡੀ ਪੱਗ ਨੂੰ ਪੈ ਗਿਆ, ਆਪਣਾ ਬਿਗਾਨਾ’। ਗੈਰਾਂ ’ਚ ਦਮ ਕਿਥੇ, ਪੱਗ ਆਪਣਿਆਂ ਨੇ ਉਛਾਲੀ। ਯਕੀਨ ਨਹੀਂ ਤਾਂ ਉਸ ਬਾਪ ਨੂੰ ਪੁੱਛੋ। ਜੋ ਤਰਨਤਾਰਨ ਦੇ ਨਸ਼ਾ ਛੁਡਾਊ ਕੇਂਦਰ ’ਚ ਬੈਠਾ ਹੈ। ਨਸ਼ੇ ’ਚ ਇੱਕ ਪੁੱਤ ਗੁਆ ਬੈਠਾ ਹੈ। ਦੂਸਰੇ ਨੂੰ ਲੈ ਕੇ ਘੁੰਮ ਰਿਹਾ ਹੈ। ਕਿਤੇ ਪਟਿਆਲੇ, ਕਦੇ ਫਰੀਦਕੋਟ। ਮੱਖੂ ਨੇੜਲੇ ਪਿੰਡ ਦਾ ਇਹ ਬਾਪ ਪੰਜਾਬ ਦਾ ਸੱਚ ਹੈ। ਪੈਲੀਆਂ ਦਾ ਮਾਣ ਸੀ, ਉਪਰੋਂ ਚੋਬਰ ਮੁੰਡਿਆਂ ਦਾ ਸਰੂਰ। ਹੁਣ ਆਖਦਾ ਹੈ, ਪਿੰਡ ਚੋਂ ਸਿਰ ਨੀਵਾਂ ਕਰਕੇ ਲੰਘਣਾ ਪੈਂਦਾ ਹੈ।
      ਪੰਜਾਬ ’ਚ ਪੰਜ ਮਿੰਟ ’ਚ ਨਸ਼ੇ ਦੀ ਡਲਿਵਰੀ ਹੈ। ਕਿਸਾਨ ਆਖਦਾ ਹੈ, ਕੈਪਟਨ ਦੇ ਰਾਜ ’ਚ ਨਸ਼ਾ ਹੋਰ ਵਧਿਐ। ਹਜ਼ਾਰਾਂ ਚਿਰਾਗ ਬੁੱਝਾਏ ਨੇ। ਅੱਤਵਾਦ ਤੋਂ ਵੱਧ ਇਸ ਨਸ਼ੇ ਨੇ। ਪੰਜਾਬ ’ਚ ਨਸ਼ਾ ਛੁਡਾਊਂ ਕੇਂਦਰਾਂ ਦੀ ਗਿਣਤੀ 128 ਹੋ ਗਈ ਹੈ। ਸਿਹਤ ਮਹਿਕਮੇ ਦੇ 81 ਓਟ ਸੈਂਟਰ ਵੱਖਰੇ। ‘ਪਟਿਆਲਾ ਸ਼ਾਹੀ’ ਪੱਗ ਕੁਝ ਤਾਂ ਸੋਚੇ। ਉਸ ਬਾਪ ਦੀ ਪੱਗ ਵੱਲ ਵੇਖੋ, ਜਿਸ ਦੀ ਧੀ ਜਬਰ ਜਨਾਹ ਨੇ ਝਪਟ ਲਈ। ਸਰੂਤੀ ਕਾਂਡ ਦਾ ਝੰਬਿਆਂ ਬਾਪ ਕਿਵੇਂ ਘਰੋਂ ਬਾਹਰ ਨਿਕਲੇ। ਬਾਪ ਸਿਰਫ਼ ਬੁਢਾਪਾ ਪੈਨਸ਼ਨ ਵਾਸਤੇ ਨਹੀਂ ਹੁੰਦੇ। ਬਿਨਾਂ ਦਾਗ ਤੋਂ ਲੋਈ ਬਾਪ ਦਾ ਮਾਣ ਹੁੰਦੀ ਹੈ। ਜ਼ਮਾਨੇ ਦਾ ਗੇੜ ਬਦਲਿਆ ਹੈ। ਸਰਵਣ ਪੁੱਤ ਨਹੀਂ, ਵਹਿੰਗੀ ਵੀ ਗੁਆਚੀ ਹੈ। ਰਾਤੋਂ ਰਾਤ ਬਿਰਧ ਆਸ਼ਰਮਾਂ ਦੀ ਗਿਣਤੀ ਨਹੀਂ ਵਧੀ।
                ਸੁਨਾਮ ਵਾਲਾ ਫਤਹਿਵੀਰ ਤਾਂ ਹੁਣ ਡਿੱਗਿਐ। ਕਿਸਾਨੀ ਤੇ ਜਵਾਨੀ ਤਾਂ ਕਦੋਂ ਦੀ ਬੋਰਵੈੱਲ ’ਚ ਡਿੱਗੀ ਹੋਈ ਹੈ। ਬਾਬੇ ਨਾਨਕ ਦੇ ਕਿਰਤੀ ਰੋਟੀ ਤੋਂ ਮੁਥਾਜ ਨੇ। ਭਗਤ ਸਿੰਘ ਤੇ ਕਰਤਾਰ ਸਰਾਭੇ ਦੇਸ਼ ਦੀ ਪੱਗ ਲਈ ਸ਼ਹੀਦ ਹੋਏ। ਜਿਨ੍ਹਾਂ ਪੰਥ ਸਾਜਿਆ ਤੇ ਸਰਬੰਸ ਵਾਰਿਆ। ਹਾਕਮ ਘੱਟੋ ਘੱਟ ਉਨ੍ਹਾਂ ਦੀ ਲੱਜ ਰੱਖ ਲੈਂਦੇ। ਲੰਘੀ ਚੋਣ ’ਚ ਖੁਦ ਹੀ ਨਹੀਂ, ਪੁੱਤ ਵੀ ਐਮ.ਪੀ ਬਣਾ ਲਏ। ਛੇ ਸੂਬੇ ਹਨ ਜਿਥੇ ਪਹਿਲਾਂ ਪਿਓ ਤੇ ਫਿਰ ਪੁੱਤ ਮੁੱਖ ਮੰਤਰੀ ਬਣੇ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150 ਸਾਲਾ ਜਨਮ ਸ਼ਤਾਬਦੀ ਦੀ ਤਿਆਰੀ ਸ਼ੁਰੂ ਹੈ। ਸਾਧਵੀ ਪ੍ਰਗਿਆ ਨੇ ਗੋਡਸੇ ਨੂੰ ਦੇਸ਼ ਭਗਤ ਐਲਾਨ ਦਿੱਤਾ ਸੀ। ਛੱਜੂ ਰਾਮ ਪੱਗ ਦੇ ਪੇਚ ਲਾਈ ਜਾ ਰਿਹੈ। ਨਾਲੇ ਬੋਲੀ ਜਾ ਰਿਹੈ, ਸਲਾਹ ਮੇਰੀ ਚੁੰਨੀ ਦੇ ਲੜ ਬੰਨ ਲਓ.. ਹੱਕਾਂ ਲਈ ਅੱਕ ਚੱਭਣੇ ਪੈਂਦੇ ਨੇ, ਬਾਕੀ ਥੋਡੀ ਮਰਜੀ।
     


2 comments:

  1. ਚਰਨਜੀਤ ਵੀਰ... ਤੇਰਾ ਲਿਖਣ ਦਾ ਅੰਦਾਜ ਬਹੁਤ ਖੂਬਸੂਰਤ ਹੈ....
    ਅੰਦਾਜ ਦੇ ਨਾਲ ਨਾਲ ਤੁਹਾਡੇ ਮੁੱਦੇ ਕਮਾਲ ਦੇ...
    ਅਜਿਹੀ ਲਿਖਤਾ ਸਾਡੇ ਤੱਕ ਪਹੁੰਚਦੀਅਾਂ ਕਰਨ ਲੲੀ ਵੀਰ ਤੇਰਾ ਧੰਨਵਾਦ...
    ਅਾਪਣਾ ਮੇਲ ੲਿੱਕ ਵਾਰ ਬਠਿੰਡੇ ਡੀ.ੲੀ.ਓ ਦਫਤਰ ਵਿੱਚ ਹੋੲਿਅਾ ਸੀ...

    -ਧਰਮਿੰਦਰ ਸੇਖੋਂ
    8968066775

    ReplyDelete
  2. ਸਮਾਜਿਕ ਹਕੀਕਤ ਬਿਆਨ ਕੀਤੀ ਹੈ ।ਜਿੰਨਾ ਚਿਰ ਇਹਨਾਂ ਅਲਾਮਤਾਂ ਖਿਲਾਫ਼ ਸਾਂਝੀ ਜੱਦੋਜਹਿਦ ਕਰਨ ਲਈ ਹੰਭਲਾ ਨਹੀਂ ਮਾਰਿਆ ਜਾਂਦਾ ।ਉਨ੍ਹਾਂ ਚਿਰ ਇਹ ਅਲਾਮਤਾਂ ਹੋਰ ਜਿਆਦਾ ਪੈਰ ਪਸਾਰਨਗੀਆਂ।

    ReplyDelete