Wednesday, June 19, 2019

                                                          ਪਾਵਰਫੁੱਲ ਕੌਣ !
                                ਬਿਜਲੀ ਚੋਰੀ ਨਾਲ 800 ਕਰੋੜ ਦੀ ‘ਕੁੰਢੀ’
                                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਬਿਜਲੀ ਚੋਰੀ ਨੇ ਪਾਵਰਕੌਮ ਦੇ ਫਿਊਜ਼ ਉਡਾ ਰੱਖੇ ਹਨ। ਪਾਵਰਕੌਮ ਦੇ ਖਜ਼ਾਨੇ ਨੂੰ ਡਾਂਗਾਂ ਦੇ ਗਜ ਮਹਿੰਗੇ ਪੈ ਰਹੇ ਹਨ। ਪੰਜਾਬ ’ਚ ਰੋਜ਼ਾਨਾ ਅੌਸਤਨ 2.20 ਕਰੋੜ ਦੀ ਬਿਜਲੀ ਚੋਰੀ (ਸਮੇਤ ਵਪਾਰਿਕ ਘਾਟੇ) ਹੁੰਦੀ ਹੈ ਅਤੇ ਸਲਾਨਾ 800 ਕਰੋੜ ਰੁਪਏ ਦਾ ਰਗੜਾ ਪਾਵਰਕੌਮ ਨੂੰ ਲੱਗਦਾ ਹੈ। ਸਿਆਸੀ ਦਾਖਲ ਵੀ ਕਈ ਵਾਰੀ ਬਿਜਲੀ ਚੋਰਾਂ ਦੀ ਢਾਰਸ ਬਣ ਜਾਂਦਾ ਹੈ। ਪੰਜਾਬ ਦੇ ਪੇਂਡੂ ਫੀਡਰਾਂ ’ਤੇ ਅਪਰੈਲ ਤੋਂ ਦਸੰਬਰ 2018 ਤੱਕ ਦੇ ਵੰਡ ਘਾਟੇ 27.58 ਫੀਸਦੀ ਬਣਦੇ ਹਨ ਜਿਨ੍ਹਾਂ ’ਚ ਮੁੱਖ ਤੌਰ ’ਤੇ ਬਿਜਲੀ ਚੋਰੀ ਸ਼ਾਮਿਲ ਹੈ। ਅਨੁਮਾਨਿਤ ਸਲਾਨਾ 250 ਕਰੋੜ ਯੂਨਿਟ ਦਾ ਰਗੜਾ ਪਾਵਰਕੌਮ ਨੂੰ ਲੱਗਦਾ ਹੈ। ਇਨ੍ਹਾਂ ਚੋਂ 50 ਫੀਸਦੀ ਵੀ ਕਟੌਤੀ ਕਰ ਦੇਈਏ ਤਾਂ ਸਲਾਨਾ ਕਰੀਬ 800 ਕਰੋੜ ਦੀ ਬਿਜਲੀ ਚੋਰੀ ਹੋ ਜਾਂਦੀ ਹੈ।ਪੰਜਾਬੀ ਟ੍ਰਿਬਿਊਨ ਵੱਲੋਂ ਪਾਵਰਕੌਮ ਦੇ ਫੀਲਡ ਦਫ਼ਤਰਾਂ ਚੋਂ ਜੋ ਵੇਰਵੇ ਇਕੱਠੇ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ 2017-18 (ਦਸੰਬਰ ਤੱਕ) ਦੇ ਮੁਕਾਬਲੇ 2018-19 (ਦਸੰਬਰ ਤੱਕ) ’ਚ ਪੰਜਾਬ ’ਚ ਬਿਜਲੀ ਚੋਰੀ ’ਚ ਮਾਮੂਲੀ ਕਮੀ (0.7) ਆਈ ਹੈ ਪ੍ਰੰਤੂ ਪਾਵਰਫੁੱਲ ਹਲਕਿਆਂ ਵਿਚ ਬਿਜਲੀ ਚੋਰੀ ਵਧੀ ਹੈ। ਸਮੁੱਚੇ ਪੰਜਾਬ ’ਚ ਪਾਵਰਕੌਮ ਦੇ 13.31 ਫੀਸਦੀ ਵੰਡ ਘਾਟੇ ਹਨ ਜਿਨ੍ਹਾਂ ’ਚ ਮੁੱਖ ਬਿਜਲੀ ਚੋਰੀ ਆਉਂਦੀ ਹੈ। ਜੋ ਇੱਕ ਵਰ੍ਹਾ ਪਹਿਲਾਂ 14.01 ਫੀਸਦੀ ਸਨ।
                  ਪਾਵਰਕੌਮ ਦੇ ਸਰਹੱਦੀ ਜ਼ੋਨ ’ਚ ਸਭ ਤੋਂ ਵੱਧ 26.51 ਫੀਸਦੀ ਬਿਜਲੀ ਘਾਟੇ ਹਨ ਜਿਥੇ ਸਭ ਤੋਂ ਵੱਧ ਬਿਜਲੀ ਚੋਰੀ ਹੈ।  ਸਰਕਲਾਂ ਦੇ ਨਜ਼ਰ ਮਾਰੀਏ ਤਾਂ ਤਰਨਤਾਰਨ ਸਰਕਲ ਦੀ ਝੰਡੀ ਹੈ ਜਿਥੇ 45.80 ਫੀਸਦੀ ਬਿਜਲੀ ਚੋਰੀ (ਵੰਡ ਘਾਟਾ) ਹੈ। ਪਾਵਰਕੌਮ ਦੀਆਂ ਡਵੀਜ਼ਨਾਂ ਚੋਂ ਸਭ ਤੋਂ ਵੱਧ ਬਿਜਲੀ ਚੋਰੀ ਭਿਖੀਵਿੰਡ ਡਵੀਜ਼ਨ ’ਚ ਹੈ ਜਿਥੇ 72.76 ਫੀਸਦੀ ਬਿਜਲੀ ਚੋਰੀ ਬਣਦੀ ਹੈ ਜਦੋਂ ਕਿ ਪੱਟੀ ਡਵੀਜ਼ਨ ’ਚ 63.63 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਪੰਜਾਬ ’ਚ 20 ਡਵੀਜ਼ਨਾਂ ਅਜਿਹੀਆਂ ਹਨ ਜਿਥੇ ਬਿਜਲੀ ਚੋਰੀ (ਵੰਡ ਘਾਟਾ) 24.39 ਫੀਸਦੀ ਤੋਂ ਲੈ ਕੇ 72.76 ਫੀਸਦੀ ਤੱਕ ਹੈ। ਇਨ੍ਹਾਂ ਚੋਂ 11 ਡਵੀਜ਼ਨਾਂ ਵਿਚ ਬਿਜਲੀ ਚੋਰੀ 40 ਫੀਸਦੀ ਤੋਂ ਜਿਆਦਾ ਹੈ। ਸੂਤਰ ਆਖਦੇ ਹਨ ਕਿ ਚੋਣਾਂ ਮੌਕੇ ਬਿਜਲੀ ਚੋਰਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ ਅਤੇ ਪਾਵਰਕੌਮ ਦੇ ਅਫਸਰ ਬੇਵੱਸ ਹੋ ਜਾਂਦੇ ਹਨ।  ਭੁਗਤਣਾ ਮਗਰੋਂ ਆਮ ਖਪਤਕਾਰਾਂ ਨੂੰ ਪੈਂਦਾ ਹੈ ਜਿਨ੍ਹਾਂ ਨੂੰ ਬਿਜਲੀ ਚੋਰਾਂ ਦਾ ਭਾਰ ਵੀ ਚੁੱਕਣਾ ਪੈਂਦਾ ਹੈ। ਫਿਰੋਜ਼ਪੁਰ ਸਰਕਲ ਵਿਚ 33.54 ਫੀਸਦੀ ਬਿਜਲੀ ਚੋਰੀ (ਸਮੇਤ ਵੰਡ ਘਾਟੇ) ਪੌਣੇ ਵਰੇ੍ਹ ਦੌਰਾਨ ਹੋਈ ਹੈ। ਵੇਰਵਿਆਂ ਅਨੁਸਾਰ ਖੇਮਕਰਨ ਹਲਕੇ ’ਚ ਪੈਂਦੀ ਡਵੀਜ਼ਨ ਭਿਖੀਵਿੰਡ ’ਚ ਸਭ ਤੋਂ ਵੱਧ ਬਿਜਲੀ ਚੋਰੀ ਹੁੰਦੀ ਹੈ ਜਿਥੇ ਸਿਰਫ਼ 72.76 ਫੀਸਦੀ ਬਿਜਲੀ ਚੋਰੀ ਹੁੰਦੀ ਹੈ।
                 ਪੱਟੀ ਡਵੀਜ਼ਨ ’ਚ 63.63 ਫੀਸਦੀ ਅਤੇ ਪੱਛਮੀ ਅੰਮ੍ਰਿਤਸਰ ਡਵੀਜ਼ਨ ’ਚ 50.63 ਫੀਸਦੀ ਬਿਜਲੀ ਚੋਰੀ ਹੁੰਦੀ ਹੈ।ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਪੈਂਦੀ ਭਗਤਾ ਭਾਈਕਾ ਡਵੀਜ਼ਨ ਦਾ ਪੰਜਾਬ ਚੋਂ ਇਸ ਮਾਮਲੇ ਵਿਚ ਚੌਥਾ ਨੰਬਰ ਹੈ ਜਿਥੇ 49.34 ਫੀਸਦੀ ਬਿਜਲੀ ਚੋਰੀ (ਸਮੇਤ ਵੰਡ ਘਾਟਾ) ਹੁੰਦੀ ਹੈ ਅਤੇ ਇਸ ਹਲਕੇ ਦੀ ਰਾਮਪੁਰਾ ਡਵੀਜ਼ਨ ’ਚ 35.95 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਹਲਕਾ ਸ਼ੁਤਰਾਣਾ ਦੀ ਡਵੀਜ਼ਨ ਪਾਤੜਾ ਵਿਚ 47.87  ਫੀਸਦੀ ਅਤੇ ਡਵੀਜ਼ਨ ਜੀਰਾ ਵਿਚ 47.68 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਡਵੀਜ਼ਨ ਲਹਿਰਾਗਾਗਾ ’ਚ 47.47 ਫੀਸਦੀ ਬਿਜਲੀ ਚੋਰੀ ਹੁੰਦੀ ਹੈ ਜਦੋਂ ਕਿ ਹਲਕਾ ਬਾਘਾਪੁਰਾਣਾ ਅਤੇ ਹਲਕਾ ਅਜਨਾਲਾ ਵਿਚ 45.92 ਫੀਸਦੀ (ਦੋਹਾਂ ’ਚ ਬਰਾਬਰ) ਬਿਜਲੀ ਚੋਰੀ ਹੋਈ ਹੈ। ਇਵੇਂ ਹਲਕਾ ਮਲੋਟ ਵਿਚ 40.03 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਹਲਕਾ ਲੰਬੀ ’ਚ ਪਾਵਰਕੌਮ ਦੀ ਡਵੀਜ਼ਨ ਬਾਦਲ ਅਤੇ ਮਲੋਟ ਪੈਂਦੀ ਹੈ ਅਤੇ ਬਾਦਲ ਡਵੀਜ਼ਨ ਵਿਚ 27.61 ਫੀਸਦੀ ਬਿਜਲੀ ਚੋਰੀ ਹੋਈ ਹੈ ਜਦੋਂ ਕਿ ਇੱਕ ਸਾਲ ਪਹਿਲਾਂ ਇਹ ਦਰ 25.69 ਫੀਸਦੀ ਸੀ। ਜਲਾਲਾਬਾਦ ਵਿਚ ਬਿਜਲੀ ਚੋਰੀ ਦੀ ਦਰ 34.60 ਫੀਸਦੀ ਰਹੀ ਹੈ।
                ਇਵੇਂ ਹੀ ਸਿਟੀ ਬਰਨਾਲਾ ਵਿਚ 26.23 ਫੀਸਦੀ ਅਤੇ ਮੋਗਾ ਸਿਟੀ ਵਿਚ 26.59 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਈਸਟ ਪਟਿਆਲਾ ਡਵੀਜ਼ਨ ’ਚ ਬਿਜਲੀ ਚੋਰੀ ਦੀ ਦਰ 25.80 ਫੀਸਦੀ ਹੈ। ਜ਼ੀਰਕਪੁਰ ਡਵੀਜ਼ਨ ’ਚ ਬਿਜਲੀ ਚੋਰੀ ਦੀ ਦਰ 11.84 ਫੀਸਦੀ ਤੋਂ ਵੱਧ ਕੇ 15.10 ਫੀਸਦੀ ਹੋ ਗਈ ਹੈ। ਗਿੱਦੜਬਹਾ ਡਵੀਜ਼ਨ ’ਚ ਵੀ ਬਿਜਲੀ ਚੋਰੀ 17.38 ਫੀਸਦੀ ਤੋਂ ਵੱਧ ਕੇ 21.59 ਫੀਸਦੀ ਹੋ ਗਈ ਹੈ। ਪਾਵਰਕੌਮ ਦੇ ਸਰਹੱਦੀ ਜ਼ੋਨ ਦੇ ਮੁੱਖ ਇੰਜਨੀਅਰ ਸ੍ਰੀ ਸੰਦੀਪ ਸੂਦ ਦਾ ਕਹਿਣਾ ਸੀ ਕਿ ਵੰਡ ਘਾਟਿਆਂ ਵਿਚ ਮੁੱਖ ਤੌਰ ’ਤੇ ਬਿਜਲੀ ਚੋਰੀ ਹੀ ਸਾਮਿਲ ਹੁੰਦੀ ਹੈ। ਪਿਛਲੇ 10 ਸਾਲਾਂ ਵਿਚ ਜੋ ਸਰਹੱਦੀ ਖੇਤਰ ਵਿਚ ਗਲਤ ਪਿਰਤਾਂ ਪਈਆਂ ਹਨ, ਉਨ੍ਹਾਂ ਨੂੰ ਤੋੜਨ ਲਈ ਉਹ ਯਤਨਸੀਲ ਹਨ। ਬਿਜਲੀ ਚੋਰੀ ਰੋਕਣ ਵਿਚ ਪੁਲੀਸ ਸਹਿਯੋਗ ਨਹੀਂ ਕਰਦੀ ਅਤੇ ਅਗਰ ਉਹ ਬਿਜਲੀ ਚੋਰਾਂ ਖਿਲਾਫ ਸਖਤੀ ਕਰਦੇ ਹਨ ਤਾਂ ਲਾਅ ਐਂਡ ਆਰਡਰ ਦੀ ਸਮੱਸਿਆ ਪੈਦਾ ਕਰ ਦਿੱਤੀ ਜਾਂਦੀ ਹੈ।
                   ਬਿਜਲੀ ਚੋਰੀ :  ਡਵੀਜ਼ਨਾਂ ’ਤੇ ਇੱਕ ਝਾਤ
ਹਲਕਾ :                    ਡਵੀਜ਼ਨ                  ਬਿਜਲੀ ਚੋਰੀ ਦੀ ਦਰ
ਖੇਮਕਰਨ                  ਭਿਖੀਵਿੰਡ                    72.76 ਫੀਸਦੀ
ਪੱਟੀ                          ਪੱਟੀ                         63.63 ਫੀਸਦੀ
ਅੰਮ੍ਰਿਤਸਰ ਪੱਛਮੀ    ਪੱਛਮੀ ਅੰਮ੍ਰਿਤਸਰ             50.63 ਫੀਸਦੀ
ਰਾਮਪੁਰਾ ਫੂਲ           ਭਗਤਾ ਭਾਈ ਕਾ              49.34 ਫੀਸਦੀ
ਸ਼ੁਤਰਾਣਾ                    ਪਾਤੜਾਂ                       47.87 ਫੀਸਦੀ
ਜ਼ੀਰਾ                        ਜ਼ੀਰਾ                        47.68 ਫੀਸਦੀ
ਲਹਿਰਾਗਾਗਾ          ਲਹਿਰਾਗਾਗਾ                  47.47 ਫੀਸਦੀ
ਬਾਘਾ ਪੁਰਾਣਾ         ਬਾਘਾ ਪੁਰਾਣਾ                   45.92 ਫੀਸਦੀ
ਅਜਨਾਲਾ               ਅਜਨਾਲਾ                       45.92 ਫੀਸਦੀ
ਮਲੋਟ                       ਮਲੋਟ                        40.03 ਫੀਸਦੀ
   






No comments:

Post a Comment