Saturday, June 22, 2019

                             ਕਾਂਗੜ ਤੇ ਖਹਿਰਾ ਨੇ
            ਮੁਫ਼ਤੋ ਮੁਫ਼ਤੀ ’ਚ ਕਰਾਈ ਬੱਲੇ ਬੱਲੇ 
                                ਚਰਨਜੀਤ ਭੁੱਲਰ                 
ਬਠਿੰਡਾ : ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ‘ਬਿਜਲੀ ਸਬਸਿਡੀ’ ਛੱਡ ਕੇ ਸਿਆਸੀ ਮੁਹਾਜ਼ ’ਤੇ ਭੱਲ ਤਾਂ ਖੱਟ ਲਈ ਹੈ ਪਰ ਉਨ੍ਹਾਂ ਅੱਠ ਮਹੀਨੇ ਤੋਂ ਖੇਤੀ ਮੋਟਰਾਂ ਦਾ ਕੋਈ ਬਿੱਲ ਨਹੀਂ ਤਾਰਿਆ ਹੈ। ਇਵੇਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖ ਪਾਲ ਖਹਿਰਾ ਵੀ ‘ਬਿਜਲੀ ਸਬਸਿਡੀ’ ਛੱਡਣ ਦੇ ਆਪਣੇ ਵਚਨਾਂ ’ਤੇ ਪੂਰੇ ਨਹੀਂ ਉੱਤਰੇ। ਖਹਿਰਾ ਪਰਿਵਾਰ ਕੋਲ ਕੁੱਲ 9 ਖੇਤੀ ਮੋਟਰਾਂ ਹਨ ਜਿਨ੍ਹਾਂ ’ਤੇ ਸਬਸਿਡੀ ਲੈ ਰਹੇ ਹਨ। ਪੰਜਾਬ ਭਰ ਦੇ ਅਜਿਹੇ 25 ਕਿਸਾਨ ਸ਼ਨਾਖ਼ਤ ਕੀਤੇ ਗਏ ਹਨ ਜਿਨ੍ਹਾਂ ਕੋਲ ਸਭ ਤੋਂ ਵੱਧ ਖੇਤੀ ਮੋਟਰਾਂ ਇੱਕੋ ਨਾਮ ’ਤੇ ਹਨ, ਉਨ੍ਹਾਂ ’ਚ ਸੁਖਪਾਲ ਖਹਿਰਾ ਵੀ ਸ਼ਾਮਿਲ ਹਨ।  ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਰਦੇ ਪੁੱਜਦਿਆਂ ਨੂੰ ‘ਬਿਜਲੀ ਸਬਸਿਡੀ’ ਛੱਡਣ ਦੀ ਅਪੀਲ ਕੀਤੀ ਸੀ। ਪਾਵਰਕੌਮ ਨੇ ਫਰਵਰੀ 2018 ਵਿਚ ਨੋਟੀਫਿਕੇਸ਼ਨ ਜਾਰੀ ਕਰਕੇ ਖੇਤੀ ਮੋਟਰਾਂ ਦਾ ਪ੍ਰਤੀ ਹਾਰਸ ਪਾਵਰ 403 ਰੁਪਏ ਤੈਅ ਕੀਤਾ। ਪੰਜਾਬ ਚੋਂ ਸਿਰਫ਼ 10 ਖੇਤੀ ਕੁਨੈਕਸ਼ਨ ‘ਬਿਜਲੀ ਸਬਸਿਡੀ’ ਤੋਂ ਮੁਕਤ ਹੋਏ ਹਨ। ਸੁਨੀਲ ਜਾਖੜ ਨੇ 9 ਮਈ 2017 ਨੂੰ ਲਿਖਤੀ ਸਹਿਮਤੀ ਦੇ ਕੇ ਸਬਸਿਡੀ ਛੱਡਣ ਦੀ ਪਹਿਲ ਕੀਤੀ। ਮੌਜੂਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਹਿਲੋਂ ਬਤੌਰ ਬਿਜਲੀ ਮੰਤਰੀ ਦੋ ਮੋਟਰਾਂ ਦੀ ਬਿਜਲੀ ਸਬਸਿਡੀ ਛੱਡਣ ਲਈ 29  ਸਤੰਬਰ 2018 ਨੂੰ ਲਿਖਤੀ ਸਹਿਮਤੀ ਦਿੱਤੀ।
                  ਗੁਰਪ੍ਰੀਤ ਕਾਂਗੜ ਨੇ ਖਾਤਾ ਨੰਬਰ ਏ.ਪੀ 19/40 ਅਤੇ ਉਨ੍ਹਾਂ ਦੀ ਧਰਮਪਤਨੀ ਸੁਖਪ੍ਰੀਤ ਕੌਰ ਨੇ ਖਾਤਾ ਨੰਬਰ ਏ.ਪੀ 19/183 ਤਹਿਤ ਖੇਤੀ ਮੋਟਰਾਂ ਦੀ ਸਬਸਿਡੀ ਤਿਆਗ ਦਿੱਤੀ। 7.5-7.5 ਹਾਰਸ ਪਾਵਰ ਦੀਆਂ ਦੋਵਾਂ ਮੋਟਰਾਂ ਦਾ ਬਿਜਲੀ ਬਿੱਲ ਪ੍ਰਤੀ ਮਹੀਨਾ 6044 ਰੁਪਏ ਬਣਦਾ ਹੈ ਅਤੇ ਛੇ ਮਹੀਨੇ ਦਾ ਦੋਵਾਂ ਮੋਟਰਾਂ ਦਾ ਕਰੀਬ 36,264 ਰੁਪਏ ਬਿੱਲ ਬਣਿਆ।  ਕਾਂਗੜ ਨੇ ਸਹਿਮਤੀ ਦੇ ਅੱਠ ਮਹੀਨੇ ਮਗਰੋਂ ਵੀ ਇਹ ਬਿੱਲ ਨਹੀਂ ਤਾਰਿਆ ਹੈ ਜਦੋਂ ਕਿ ਬਾਕੀ ਸਭਨਾਂ ਨੇ ਬਿੱਲ ਤਾਰੇ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਤਿੰਨ ਮੋਟਰਾਂ ਦਾ 1.24 ਲੱਖ ਰੁਪਏ, ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੋ ਮੋਟਰਾਂ ਦਾ 30,640 ਰੁਪਏ ,ਜਾਖੜ ਪਰਿਵਾਰ ਨੇ ਦੋ ਮੋਟਰਾਂ ਦਾ 72,750 ਰੁਪਏ ਤੇ ਮਹਿਰਾਜ ਦੇ ਕਮਲਜੀਤ ਦਿਓਲ ਨੇ ਵੀ ਆਪਣਾ ਬਿੱਲ ਭਰਿਆ ਹੈ। ਸਬ ਡਵੀਜ਼ਨ ਭਾਈਰੂਪਾ ਦੇ ਐਸ.ਡੀ.ਓ ਪ੍ਰਵੀਨ ਕੁਮਾਰ ਤਾਂ ਮੰਤਰੀ ਦੇ ਬਿੱਲਾਂ ਤੋਂ ਅਣਜਾਣ ਸਨ ਤੇ ਉਨ੍ਹਾਂ ਗੱਲ ਲੇਖਾਕਾਰ ’ਤੇ ਸੁੱਟ ਦਿੱਤੀ।ਮਾਲ ਮੰਤਰੀ ਗੁਰਪ੍ਰੀਤ ਕਾਂਗੜ ਦਾ ਕਹਿਣਾ ਸੀ ਕਿ ਪਾਵਰਕੌਮ ਨੇ ਹਾਲੇ ਤੱਕ ਕੋਈ ਬਿੱਲ ਨਹੀਂ ਭੇਜਿਆ ਹੈ ਪ੍ਰੰਤੂ ਉਨ੍ਹਾਂ ਖੁਦ ਹੁਣ ਬਿੱਲ ਵਾਰੇ ਪਤਾ ਕੀਤਾ ਹੈ । ਉਹ ਇੱਕ ਦੋ ਦਿਨਾਂ ’ਚ ਹੀ ਬਿੱਲਾਂ ਦੀ ਅਦਾਇਗੀ ਕਰ ਦੇਣਗੇ।
                 ਦੂਸਰੀ ਤਰਫ ਪਾਵਰਕੌਮ ਦੇ ਭਗਤਾ ਭਾਈਕਾ ਦੇ ਐਕਸੀਅਨ ਕਮਲਦੀਪ ਅਰੋੜਾ ਦਾ ਕਹਿਣਾ ਸੀ ਕਿ ਖੇਤੀ ਮੋਟਰਾਂ ਦਾ ਬਿੱਲ ਭੇਜਿਆ ਨਹੀਂ ਜਾਂਦਾ, ਖਪਤਕਾਰ ਖੁਦ ਹੀ ਭਰਦਾ ਹੈ। ਉਨ੍ਹਾਂ ਨਾਲ ਹੀ ਕਾਂਗੜ ਦੇ ਬਿੱਲਾਂ ਬਾਰੇ ਅਣਜਾਣਤਾ ਜ਼ਾਹਰ ਕੀਤੀ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਬਿਜਲੀ ਸਬਸਿਡੀ ਛੱਡਣ ਦਾ ਜਨਤਿਕ ਐਲਾਨ ਕੀਤਾ ਸੀ ਪ੍ਰੰਤੂ ਉਨ੍ਹਾਂ ਨੇ ਅੱਜ ਤੱਕ ਬਿਜਲੀ ਸਬਸਿਡੀ ਛੱਡੀ ਨਹੀਂ ਹੈ। ਕਪੂਰਥਲਾ ਦੇ ਪਿੰਡ ਰਾਮਗੜ ਵਿਚ ਸੁਖਪਾਲ ਖਹਿਰਾ ਦੇ ਨਾਮ ’ਤੇ 4 ਟਿਊਬਵੈਲ ਕੁਨੈਕਸ਼ਨ, ਉਨ੍ਹਾਂ ਦੇ ਪਿਤਾ ਦੇ ਨਾਮ ਤੇ ਵੀ ਚਾਰ ਕੁਨੈਕਸ਼ਨ ਅਤੇ ਇੱਕ ਟਿਊਬਵੈੱਲ ਕੁਨੈਕਸ਼ਨ ਉਨ੍ਹਾਂ ਦੀ ਮਾਤਾ ਦੇ ਨਾਮ ’ਤੇ ਹੈ। ਭੁਲੱਥ ਸਬ ਡਵੀਜ਼ਨ ਨੇ ਖਹਿਰਾ ਪਰਿਵਾਰ ਨੂੰ ਸਬਸਿਡੀ ਬਾਰੇ 9 ਨੋਟਿਸ ਵੀ ਭੇਜੇ ਪ੍ਰੰਤੂ ਖਹਿਰਾ ਨੇ ਕੋਈ ਲਿਖਤੀ ਜੁਆਬ ਅੱਜ ਤੱਕ ਨਹੀਂ ਦਿੱਤਾ। ਵਿਧਾਇਕ ਸੁਖਪਾਲ ਖਹਿਰਾ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਪਾਵਰਕੌਮ ਚੇਅਰਮੈਨ ਨੂੰ ਪੱਤਰ ਭੇਜ ਕੇ ਸਬਸਿਡੀ ਛੱਡਣ ਦੀ ਸਹਿਮਤੀ ਦੇ ਦਿੱਤੀ ਸੀ ਪ੍ਰੰਤੂ ਪਾਵਰਕੌਮ ਨੇ ਅੱਜ ਤੱਕ ਕੋਈ ਹੁੰਗਾਰਾ ਨਹੀਂ ਭਰਿਆ।
                 ਦੂਸਰੀ ਤਰਫ ਕਰਤਾਰਪੁਰ ਡਵੀਜ਼ਨ ਦੇ ਐਕਸੀਅਨ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਖੇਤੀ ਬਿੱਲਾਂ ਵਾਲੇ ਨੌ ਨੋਟਿਸ ਖਹਿਰਾ ਪਰਿਵਾਰ ਨੂੰ ਭੇਜੇ ਸਨ, ਉਨ੍ਹਾਂ ਚੋਂ ਖਹਿਰਾ ਨੇ 4 ਨੋਟਿਸ ਰਸੀਵ ਕੀਤੇ ਸਨ। ਐਕਸੀਅਨ ਨੇ ਦੱਸਿਆ ਕਿ ਐਸ.ਡੀ.ਓ ਮੁਤਾਬਿਕ ਖਹਿਰਾ ਪਰਿਵਾਰ ਨੇ ਇਹ ਮੰਗ ਰੱਖ ਦਿੱਤੀ ਕਿ ਪਹਿਲਾਂ ਖੇਤੀ ਮੋਟਰਾਂ ਲਈ 24 ਘੰਟੇ ਬਿਜਲੀ ਸਪਲਾਈ ਦਿਓ, ਉਹ ਬਿੱਲ ਭਰਨ ਨੂੰ ਤਿਆਰ ਹਨ ਜਦੋਂ ਕਿ ਏਦਾਂ ਦੀ ਕੋਈ ਵਿਵਸਥਾ ਨਹੀਂ। ਦੱਸ ਦੇਈਏ ਕਿ ਬਾਦਲ ਪਰਿਵਾਰ ਕੋਲ ਵੀ ਤਿੰਨ ਖੇਤੀ ਕੁਨੈਕਸ਼ਨ ਹਨ ਜਿਨ੍ਹਾਂ ’ਤੇ ਸਬਸਿਡੀ ਮਿਲਦੀ ਹੈ। ਪੰਜਾਬ ਭਰ ’ਚ ਚਾਰ ਜਾਂ ਚਾਰ ਤੋਂ ਜਿਆਦਾ ਖੇਤੀ ਮੋਟਰਾਂ ਵਾਲੇ 10,128 ਕਿਸਾਨ ਸ਼ਨਾਖ਼ਤ ਹੋਏ ਹਨ। ਪੰਜਾਬ ਭਰ ਚੋਂ ਟੌਪ ਦੇ 25 ਅਜਿਹੇ ਕਿਸਾਨ ਸ਼ਨਾਖ਼ਤ ਕੀਤੇ ਗਏ ਹਨ, ਜਿਨ੍ਹਾਂ ਦੇ ਇੱਕੋ ਨਾਮ ’ਤੇ ਚਾਰ ਜਾਂ ਚਾਰ ਤੋਂ ਜਿਆਦਾ ਖੇਤੀ ਮੋਟਰਾਂ ਹਨ। ਉਪਰ ਦੇ 25 ਕਿਸਾਨਾਂ ਵਿਚ ਜਲੰਧਰ ਸਰਕਲ 8, ਕਪੂਰਥਲਾ ਦੇ 5, ਪਟਿਆਲਾ ਦੇ 4, ਨਵਾਂ ਸ਼ਹਿਰ ਤੇ ਮੁਹਾਲੀ ਦੇ ਦੋ ਦੋ, ਫਰੀਦਕੋਟ ਦੇ ਦੋ ਕਿਸਾਨ ਆਉਂਦੇ ਹਨ।
                ਜਲੰਧਰ ਦੇ ਪਿੰਡ ਬੁੱਧੀਆਣਾ ਦੇ ਕਿਸਾਨ ਮਹਿੰਦਰ ਸਿੰਘ ਦਾ ਪੰਜਾਬ ਚੋਂ ਪਹਿਲਾ ਨੰਬਰ ਹੈ ਜਿਸ ਦੇ ਨਾਮ ਤੇ 7 ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ। ਜਲੰਧਰ ਕੈਂਟ ਦੇ ਪਿੰਡ ਅਰਜਨ ਦੇ ਕਿਸਾਨ ਅਜੀਤ ਸਿੰਘ ਕੋਲ ਛੇ ਮੋਟਰਾਂ ਹਨ। ਮੋਹਾਲੀ ਦੇ ਨਰੈਣਗੜ ਦੇ ਰਾਮ ਸਿੰਘ ਕੋਲ ਪੰਜ ਮੋਟਰਾਂ ਅਤੇ ਪਿੰਡ ਚੌਂਦਾ (ਪਟਿਆਲਾ) ਦੇ ਕਿਸਾਨ ਅੱਛਰ ਸਿੰਘ ਕੋਲ ਚਾਰ ਮੋਟਰਾਂ ਹਨ। ਚਰਚੇ ਹਨ ਕਿ ਖੇਤੀ ਸਬਸਿਡੀ ਦਾ ਵੱਡਾ ਲਾਹਾ ਵੱਡੇ ਕਿਸਾਨ ਲੈ ਰਹੇ ਹਨ।


No comments:

Post a Comment