Saturday, June 29, 2019

                                                        ਖੇਤੀ ਦੇ ਜਾਦੂਗਰ 
                               ਅਫ਼ਸਰੀ ਜ਼ੋਰ ’ਤੇ ਲਾਇਆ ਹਵਾ ’ਚ ਨਰਮਾ !
                                                           ਚਰਨਜੀਤ ਭੁੱਲਰ
ਬਠਿੰਡਾ : ਖੇਤੀ ਅਫਸਰਾਂ ਦੇ ਹੱਥ ਦੀ ਸਫਾਈ ਦਾ ਕ੍ਰਿਸ਼ਮਾ ਹੈ ਕਿ ਪੰਜਾਬ ’ਚ ਐਤਕੀਂ ਹਵਾ ’ਚ ਵੀ ਨਰਮਾ ਲਾ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਥਾਪੀ ਲੈਣ ਲਈ ਖੇਤੀ ਮਹਿਕਮੇ ਨੇ ਨਰਮੇ ਦੀ ਬੋਗਸ ਬਿਜਾਈ ਦਿਖਾ ਦਿੱਤੀ ਹੈ। ਬੀਟੀ ਬੀਜਾਂ ਦੀ ਵਿਕਰੀ ਦੇ ਅੰਕੜੇ ਏਨੀ ਹੁਸ਼ਿਆਰੀ ਨਾਲ ਘੁਮਾਏ ਗਏ ਹਨ ਕਿ ਸਭ ਦੰਗ ਰਹਿ ਗਏ ਹਨ। ਬੀਜ ਕੰਪਨੀਆਂ ਦੇ ਅਫਸਰਾਂ ਤੋਂ ਜਦੋਂ ਹਕੀਕਤ ਜਾਣੀ ਤਾਂ ਉਨ੍ਹਾਂ ਖੇਤੀ ਮਹਿਕਮੇ ਦੇ ‘ਸੱਚ’ ਨੂੰ ਬੇਪਰਦ ਕਰ ਦਿੱਤਾ। ਖੇਤੀ ਮਹਿਕਮਾ ਨੇ ਭੱਲ ਖੱਟਣ ਲਈ ਉਦੋਂ ਬਿਜਾਈ ਦੇ ਅੰਕੜਿਆਂ ਵਿਚ ਜਾਦੂਗਰੀ ਦਿਖਾਈ ਜਦੋਂ ਕਿਸਾਨਾਂ ਤੋਂ ਉਵੇਂ ਹੁੰਗਾਰਾ ਨਾ ਮਿਲਿਆ।ਖੇਤੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਐਰੀ ਆਖਦੇ ਹਨ ਕਿ ਪੰਜਾਬ ਵਿਚ ਐਤਕੀਂ 4.01 ਲੱਖ ਹੈਕਟੇਅਰ (ਕਰੀਬ 10 ਲੱਖ ਏਕੜ) ’ਚ ਨਰਮੇ ਦੀ ਬਿਜਾਂਦ ਹੋਈ ਹੈ। ਪੰਜਾਬੀ ਟ੍ਰਿਬਿਊਨ ਨੂੰ ਜੋ ਖੇਤੀ ਮਹਿਕਮੇ ਤਰਫ਼ੋਂ ਬੀਟੀ ਬੀਜਾਂ ਦੀ ਵਿਕਰੀ ਦੀ ਸੂਚੀ ਦਿੱਤੀ ਗਈ , ਉਸ ਅਨੁਸਾਰ ਪੰਜਾਬ ਵਿਚ 20.06 ਲੱਖ ਪੈਕਟਾਂ ਦੀ ਵਿਕਰੀ ਹੋਈ ਹੈ। ਪ੍ਰਤੀ ਏਕੜ ਵਿਚ ਨਰਮੇ ਦੀ ਬਿਜਾਂਦ ’ਚ ਢਾਈ ਪੈਕੇਟ ਬੀਜ ਪੈਂਦੇ ਹਨ ਜਿਸ ਦਾ ਮਤਲਬ ਹੈ ਕਿ ਪੰਜਾਬ ਵਿਚ 8.02 ਲੱਖ ਏਕੜ (3.20 ਲੱਖ ਹੈਕਟੇਅਰ) ’ਚ ਬਿਜਾਈ ਹੋਈ ਹੈ। ਮਹਿਕਮੇ ਦੀ ਬੀਜ ਵਿਕਰੀ ਸੂਚੀ ਹੀ ਸਿੱਧੇ ਤੌਰ ’ਤੇ 80 ਹਜ਼ਾਰ ਹੈਕਟੇਅਰ ਦਾ ਝੂਠ ਫੜ ਗਈ ਹੈ।
          ਖੇਤੀ ਮਹਿਕਮੇ ਦੀ ਸੂਚੀ ਅਨੁਸਾਰ ਪੰਜਾਬ ਵਿਚ ਸਭ ਤੋਂ ਵੱਧ ਰਾਸ਼ੀ ਕੰਪਨੀ ਦਾ ਬੀਜ ਵਿਕਿਆ ਜੋ ਕਿ 12.59 ਲੱਖ ਪੈਕਟ ਹੈ। ਰਾਸ਼ੀ ਕੰਪਨੀ ਦੇ ਸੀਨੀਅਰ ਅਧਿਕਾਰੀ ਵਰਿੰਦਰ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਰਾਸ਼ੀ ਕੰਪਨੀ ਦਾ 12.30 ਲੱਖ ਪੈਕੇਟ ਸੇਲ ਹੋਇਆ ਹੈ। ਇਵੇਂ ਹੀ ਯੂ.ਐਸ.ਐਗਰੀ ਕੰਪਨੀ ਦਾ ਮਹਿਕਮੇ ਨੇ 2.70 ਲੱਖ ਪੈਕਟ ਵਿਕਿਆ ਦੱਸਿਆ ਹੈ ਜਦੋਂ ਕਿ ਇਸ ਕੰਪਨੀ ਦੇ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਚ ਉਨ੍ਹਾਂ ਨੇ 2.35 ਲੱਖ ਪੈਕੇਟ ਵੇਚਿਆ ਹੈ। ਖੇਤੀ ਮਹਿਕਮੇ ਨੇ ਬਾਯਰ ਕੰਪਨੀ ਦੇ 1.59 ਲੱਖ ਪੈਕਟ ਵਿਕੇ ਦਿਖਾਏ ਹਨ ਜਦੋਂ ਕਿ ਇਸ ਕੰਪਨੀ ਦੇ ਸ੍ਰੀ ਜੋਤੀ ਮਿਸ਼ਰਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੰਜਾਬ ’ਚ 1.25 ਲੱਖ ਪੈਕਟ ਵਿਕੇ ਹਨ।ਅੱਗੇ ਚੱਲੀਏ ਤਾਂ ਮਹਿਕਮੇ ਨੇ ਨਿੳਜੂਵਿਡੂ ਕੰਪਨੀ ਦੇ 92,916 ਪੈਕੇਟਾਂ ਬੀਜਾਂ ਦੀ ਵਿਕਰੀ ਦਿਖਾਈ ਹੈ ਜਦੋਂ ਕਿ ਇਸ ਕੰਪਨੀ ਦੇ ਸ੍ਰੀ ਨਰਿੰਦਰ ਕੰਬੋਜ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੰਪਨੀ ਦੇ ਪੰਜਾਬ ਵਿਚ 81 ਹਜ਼ਾਰ ਪੈਕੇਟ ਵਿਕੇ ਹਨ। ਬੀਜ ਵਿਕਰੀ ਦੀ ਸੂਚੀ ਵਿਚ ਮਹਿਕਮੇ ਨੇ ਸ੍ਰੀ ਰਾਮ ਕੰਪਨੀ ਦੇ ਬੀਜਾਂ ਦੀ ਵਿਕਰੀ ਦਾ ਅੰਕੜਾ ਦੋ ਦੋ ਵਾਰੀ ਦੇ ਦਿੱਤਾ ਹੈ। ਇਸ ਕੰਪਨੀ ਨੇ 10,400 ਪੈਕਟ ਵੇਚਿਆ ਹੈ ਜਦੋਂ ਕਿ ਮਹਿਕਮੇ ਨੇ 21,142 ਹੋਰ ਪੈਕਟਾਂ ਦਾ ਅੰਕੜਾ ਵਧਾ ਦਿੱਤਾ।
                  ਜੇ.ਕੇ ਸੀਡਜ ਦੀ ਡਬਲ ਇੰਟਰੀ ਪਾ ਕੇ 11 ਹਜ਼ਾਰ ਪੈਕਟਾਂ ਦੀ ਗਿਣਤੀ ਵਧਾ ਦਿੱਤੀ। ਮਹਿਕਮੇ ਨੇ 69,300 ਪੈਕਟਾਂ ਨੂੰ ਅਦਰਜ ਕੈਟਾਗਿਰੀ ਵਿਚ ਪਾ ਰੱਖਿਆ ਹੈ ਜਿਸ ਦਾ ਸਰੋਤ ਨਹੀਂ ਦੱਸਿਆ ਗਿਆ। ਕੰਪਨੀ ਅਫਸਰਾਂ ਨੇ ਦੱਸਿਆ ਕਿ ਖੇਤੀ ਅਫਸਰਾਂ ਨੇ ਐਤਕੀਂ ਬੀਜਾਂ ਦੀ ਵਿਕਰੀ ਵਧਾ ਚੜ੍ਹਾ ਕੇ ਦਿਖਾਉਣ ਦਾ ਜ਼ੋਰ ਪਾਇਆ ਪ੍ਰੰਤੂ ਉਨ੍ਹਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਤਹਿਕੀਕਾਤ ਵਿਚ 2.05 ਲੱਖ ਪੈਕਟਾਂ ਦੀ ਵਿਕਰੀ ਬੋਗਸ ਖੇਤੀ ਮਹਿਕਮੇ ਨੇ ਕਾਗ਼ਜ਼ਾਂ ਵਿਚ ਦਿਖਾ ਦਿੱਤੀ ਹੈ ਜਦੋਂ ਕਿ ਕੰਪਨੀਆਂ ਇਸ ਝੂਠ ਵਿਚ ਭਾਗੀਦਾਰ ਨਹੀਂ ਬਣੀਆਂ। ਮੋਟੇ ਅੰਦਾਜ਼ੇ ਅਨੁਸਾਰ ਹਕੀਕਤ ਵਿਚ ਪੰਜਾਬ ਵਿਚ ਨਰਮੇ ਦੀ ਬਿਜਾਂਦ ਕਰੀਬ 2.90 ਲੱਖ ਹੈਕਟੇਅਰ ਦੇ ਕਰੀਬ ਹੀ ਹੋਈ ਹੈ ਜਦੋਂ ਕਿ ਖੇਤੀ ਮਹਿਕਮੇ 4.01 ਲੱਖ ਹੈਕਟੇਅਰ ਬਿਜਾਈ ਦੀ ਗੱਲ ਆਖ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ 1.40 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਦਿਖਾਈ ਗਈ ਹੈ ਜਦੋਂ ਕਿ ਹਕੀਕਤ ਵਿਚ ਰਕਬਾ 90 ਹਜ਼ਾਰ ਹੈਕਟੇਅਰ ਦੇ ਆਸ ਪਾਸ ਹੈ। ਜ਼ਿਲ੍ਹਾ ਖੇਤੀ ਅਫਸਰ ਗੁਰਦਿੱਤਾ ਸਿੰਘ ਦਾ ਕਹਿਣਾ ਸੀ ਕਿ ਪ੍ਰਤੀ ਏਕੜ ਪਿਛੇ 2 ਤੋਂ ਢਾਈ ਪੈਕਟ ਬੀਜ ਪੈਂਦਾ ਹੈ ਅਤੇ ਬਠਿੰਡਾ ਜ਼ਿਲ੍ਹੇ ਵਿਚ ਕਰੀਬ 11 ਹਜ਼ਾਰ ਹੈਕਟੇਅਰ ਰਕਬਾ ਕਰੰਡ ਵੀ ਹੋਇਆ ਹੈ।
               ਵੇਰਵਿਆਂ ਅਨੁਸਾਰ ਪਿਛਲੇ ਵਰੇ੍ਹ ਰਕਬਾ 2.74 ਲੱਖ ਹੈਕਟੇਅਰ ਸੀ ਅਤੇ ਉਸ ਪਹਿਲਾਂ 2.91 ਲੱਖ ਹੈਕਟੇਅਰ ਰਕਬਾ ਸੀ। ਪੰਜਾਬ ਵਿਚ ਕਿਸੇ ਵਕਤ ਸੱਤ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਰਹੀ ਹੈ। ਪਿੰਡ ਮੁਹਾਲਾਂ ਦੇ ਕਿਸਾਨ ਗੁਰਪਾਲ ਸਿੰਘ ਦਾ 5 ਏਕੜ ਨਰਮਾ ਗੜਿਆਂ ਦੀ ਮਾਰ ਹੇਠ ਆ ਗਿਆ ਅਤੇ ਇਸ ਕਿਸਾਨ ਨੇ ਹੁਣ ਵਾਹ ਕੇ ਝੋਨਾ ਲਾ ਦਿੱਤਾ ਹੈ। ਮਾਨਸਾ ਦੇ ਪਿੰਡ ਟਾਂਡੀਆਂ ਦੇ ਦਰਜਨਾਂ ਕਿਸਾਨਾਂ ਨੂੰ ਤਿੰਨ ਤਿੰਨ ਵਾਰ ਬਿਜਾਈ ਕਰਨੀ ਪਈ। ਪਿੰਡ ਭੰਮੇ ਕਲਾਂ ਦੇ ਕਿਸਾਨ ਮੋਹਨ ਸਿੰਘ ਨੇ ਦੱਸਿਆ ਕਿ ਝੁਨੀਰ ਇਲਾਕੇ ’ਚ 4 ਹਜ਼ਾਰ ਏਕੜ ਨਰਮਾ ਗੜੇਮਾਰੀ ਤੇ ਝੱਖੜ ਦੀ ਮਾਰ ਹੇਠ ਆਇਆ ਹੈ ਅਤੇ ਇਸ ਵਾਰ ਰਕਬਾ ਘਟਿਆ ਹੈ। ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਕਹਿਣਾ ਸੀ ਕਿ ਖੇਤੀ ਮਹਿਕਮਾ ਧਰਾਤਲ ਦੇ ਕੰਮ ਨਹੀਂ ਕਰਦਾ ਅਤੇ ਅੰਕੜਿਆਂ ਨੂੰ ਘੁੰਮਾ ਕੇ ਖੇਤਾਂ ਵਿਚ ਟੀਂਡੇ  ਲਾ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
                 ਸੈਟੇਲਾਈਟ ਰਿਪੋਰਟ ਲੈ ਰਹੇ ਹਾਂ : ਪੰਨੂ 
ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਆਖਿਆ ਕਿ ਥੋੜੇ ਦਿਨਾਂ ਤੱਕ ਨਰਮੇ ਦੀ ਬਿਜਾਂਦ ਬਾਰੇ ਸੈਟੇਲਾਈਟ (ਰਿਮੋਟ ਸੈਨਸਿੰਗ) ਰਿਪੋਰਟ ਆ ਜਾਣੀ ਹੈ ਜਿਸ ਤੋਂ ਸੱਚ ਸਾਹਮਣੇ ਆ ਜਾਵੇਗਾ। ਖੇਤੀ ਮਹਿਕਮੇ ਦੇ ਡਾਇਰੈਕਟਰ ਸੁਤੰਤਰ ਐਰੀ ਨੇ 4.01 ਲੱਖ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਦੀ ਗੱਲ ਆਖੀ ਅਤੇ ਦੱਸਿਆ ਕਿ ਇੱਕ ਏਕੜ ਵਿਚ ਦੋ ਪੈਕਟ ਬੀਜ ਪੈਂਦਾ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਖੇਤੀ ਅਫਸਰਾਂ ਤੋਂ ਇਹ ਰਿਪੋਰਟ ਪ੍ਰਾਪਤ ਹੋਈ ਸੀ ਤੇ ਹੁਣ ਉਹ ਕਿਸਾਨ ਵਾਈਜ ਸਰਵੇ ਕਰ ਰਹੇ ਹਨ। ਉਹ ਬੀਜਾਂ ਦੀ ਵਿਕਰੀ ਤੇ ਰਕਬੇ ਵਿਚਲੇ ਫਰਕ ਬਾਰੇ ਸਪੱਸ਼ਟ ਨਾ ਦੱਸ ਸਕੇ।
















   





1 comment: