Thursday, June 6, 2019

                                               ਪਾਵਰ ਦਾ ਸੌਦਾ
            ਬਠਿੰਡਾ ’ਚ ‘ਕਲੀਨ ਚਿੱਟ’ ਘਪਲਾ ! 
                                               ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਦੀ ਬਠਿੰਡਾ ਲੈਬ ’ਚ ‘ਕਲੀਨ ਚਿੱਟ’ ਘਪਲੇ ਦਾ ਧੂੰਆਂ ਉੱਠਿਆ ਹੈ ਜਿਸ ਤੋਂ ਅਫਸਰਾਂ ਨੂੰ ਭਾਜੜ ਪੈ ਗਈ ਹੈ। ਪਾਵਰਕੌਮ ਦੀ ਐਮ.ਈ (ਮੀਟਰਿੰਗ ਇੰਕੂਅਪ) ਲੈਬ ’ਚ ਕਿਵੇ ਅਫਸਰ/ਮੁਲਾਜ਼ਮ ਸੌਦੇਬਾਜ਼ੀ ਨਾਲ ਗੜਬੜ ਵਾਲੇ ਮੀਟਰਾਂ ਨੂੰ ਕਲੀਨ ਚਿੱਟ ਦਿੰਦੇ ਸਨ, ਇਹ ਸਭ ਇੱਕ ਆਡੀਓ ਸੀਡੀ ਨੇ ਬੇਪਰਦ ਕੀਤਾ ਹੈ। ਪਾਵਰਕੌਮ ਦੇ ਨਿਗਰਾਨ ਇੰਜੀਨੀਅਰ (ਐਮ.ਈ) ਜਲੰਧਰ ਦੀ ਟੀਮ ਨੇ ਅੱਜ ਬਠਿੰਡਾ ਦੀ ਐਮ.ਈ ਲੈਬ ਵਿਚ ਛਾਪਾ ਮਾਰਿਆ ਜਿਸ ਤੋਂ ਘਪਲੇ ਦੀ ਪੈੜ ਨੱਪੀ ਗਈ ਹੈ। ਪਾਵਰਕੌਮ ਇਸ ਗੱਲੋਂ ਫਿਕਰਮੰਦ ਹੋਇਆ ਹੈ ਕਿ ਕਿਤੇ ਇਸ ਘਪਲੇ ਦੀ ਲਪੇਟ ’ਚ ਪੂਰਾ ਪੰਜਾਬ ਹੀ ਨਾ ਹੋਵੇ। ਪਾਵਰਕੌਮ ਦੇ ਖ਼ਜ਼ਾਨੇ ਨੂੰ ਵੱਡਾ ਮਾਲੀ ਰਗੜਾ ਲੱਗਣ ਦਾ ਖ਼ਦਸ਼ਾ ਵੀ ਹੈ। ਨਿਗਰਾਨ ਇੰਜਨੀਅਰ ਜਲੰਧਰ ਨੇ ਅੱਜ ਕਰੀਬ ਛੇ ਘੰਟੇ ਬਠਿੰਡਾ ਲੈਬ ਵਿਚ ਪੜਤਾਲ ਕੀਤੀ ਅਤੇ ਲੈਬ ਦੇ ਇੰਚਾਰਜ ਅਫਸਰਾਂ ਅਤੇ ਮੁਲਾਜ਼ਮਾਂ ਦੇ ਬਿਆਨ ਵੀ ਕਲਮਬੱਧ ਕੀਤੇ। ਦੱਸਣਯੋਗ ਹੈ ਕਿ ਪਾਵਰਕੌਮ ਦੇ ਪੱਛਮੀ ਜ਼ੋਨ ਵਿਚ ਐਮ.ਈ ਲੈਬ ਦੀ ਇੱਕੋ ਬਠਿੰਡਾ ਡਵੀਜ਼ਨ ਹੈ। ਪੱਛਮੀ ਜ਼ੋਨ ਦੇ ਮੀਟਰਾਂ ਦੀ ਜਾਂਚ ਦਾ ਕੰਮ ਬਠਿੰਡਾ ਵਿਚ ਹੁੰਦਾ ਹੈ। 
            ਪਾਵਰਕੌਮ ਦੇ ਅਫਸਰਾਂ ਤੇ ਮੁਲਾਜਮਾਂ ਵੱਲੋਂ ਜੋ ਬਿਜਲੀ ਚੋਰੀ ਅਤੇ ਖਰਾਬ ਮੀਟਰ ਉਤਾਰੇ ਜਾਂਦੇ ਹਨ, ਉਨ੍ਹਾਂ ਦੀ ਚੈਕਿੰਗ ਇਸ ਲੈਬ ਵਿਚ ਕੀਤੀ ਜਾਂਦੀ ਹੈ। ਐਮ.ਈ ਲੈਬ ਬਠਿੰਡਾ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਅੱਜ ਜੋ ਚੈਕਿੰਗ ਟੀਮ ਆਈ ਸੀ, ਉਨ੍ਹਾਂ ਤਰਫ਼ੋਂ ਜੋ ਪੁੱਛਿਆ ਗਿਆ, ਉਸ ਬਾਰੇ ਬਿਆਨ ਦਰਜ ਕਰਾ ਦਿੱਤੇ ਗਏ ਹਨ। ਵੇਰਵਿਆਂ ਅਨੁਸਾਰ ਕੁਝ ਦਿਨ ਪਹਿਲਾਂ ਨਿਗਰਾਨ ਇੰਜਨੀਅਰ ਜਲੰਧਰ ਨੂੰ ਇੱਕ ਰਜਿਸਟਰਡ ਡਾਕ ਰਾਹੀਂ ਇੱਕ ਗੁਪਤ ਪੱਤਰ ਤੇ ਆਡੀਓ ਸੀਡੀ ਪ੍ਰਾਪਤ ਹੋਈ ਸੀ ਜਿਸ ਵਿਚ ਐਮ.ਈ ਲੈਬ ਦੇ ਇੱਕ ਜੂਨੀਅਰ ਇੰਜਨੀਅਰ ਵੱਲੋਂ ਪ੍ਰਾਈਵੇਟ ਮੀਟਰ ਰੀਡਰ ਨਾਲ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਸੌਦੇਬਾਜ਼ੀ ਮਾਲਵਾ ਖ਼ਿੱਤੇ ਦੇ ਕਈ ਸ਼ਹਿਰਾਂ ਚੋਂ ਉਤਾਰੇ ਮੀਟਰਾਂ ਦੀ ਚੱਲ ਰਹੀ ਹੈ ਜੋ ਬਿਜਲੀ ਚੋਰੀ ਦੇ ਸ਼ੱਕ ਵਿਚ ਉਤਾਰੇ ਗਏ ਸਨ। ਸੀਡੀ ਵਿਚ ਜੇਈ ਵੱਲੋਂ ਪ੍ਰਤੀ ਮੀਟਰ ਭਾਅ ਤੈਅ ਕੀਤਾ ਜਾ ਰਿਹਾ ਸੀ। ਇਸ ਗੱਲਬਾਤ ਅਨੁਸਾਰ ਬਠਿੰਡਾ ਦੀ ਐਮਈ ਲੈਬ ਵਿਚ ਗੜਬੜ ਵਾਲੇ ਮੀਟਰ ਨੂੰ ‘ਕਲੀਨ ਚਿੱਟ’ ਦੇ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਮੀਟਰ ਲਏ ਜਾਂਦੇ ਹਨ।
             ਇੱਥੋਂ ਤੱਕ ਕਿ ਲੈਬ ਦੇ ਮੁਲਾਜ਼ਮ ‘ਹੋਮ ਸਰਵਿਸ’ ਵੀ ਦਿੰਦੇ ਸਨ। ਨਾਰਮਲ ਮੀਟਰ ਨੂੰ ਤੇਜ ਚੱਲਦਾ ਦਿਖਾਉਣ ਦੇ 20 ਹਜ਼ਾਰ ਰੁਪਏ ਲਏ ਜਾਂਦੇ ਹਨ ਜਿਸ ਨਾਲ ਖਪਤਕਾਰ ਨੂੰ ਬਿਲ ਭਰਨ ਦੀ ਰਕਮ ਵਿਚ ਛੋਟ ਮਿਲ ਜਾਂਦੀ ਹੈ। ਬਠਿੰਡਾ ਦੇ ਅਰਬਨ ਅਸਟੇਟ ਦੇ ਇੱਕ ਗੜਬੜ ਵਾਲੇ ਮੀਟਰ ਦੀ ਰਿਸ਼ਵਤ ਕਰੀਬ 2 ਲੱਖ ਰੁਪਏ ਤੱਕ ਵੀ ਮੰਗੀ ਗਈ ਹੈ। ਭਾਵੇਂ ਇਸ ਦੋ ਨੰਬਰ ਦੇ ਧੰਦੇ ਵਿਚ ਕਿੰਨੇ ਵੀ ਮੁਲਾਜ਼ਮਾਂ ਦੀ ਸ਼ਮੂਲੀਅਤ ਹੋਵੇ ਪੰ੍ਰੰਤੂ ਸਮੁੱਚੀ ਲੈਬ ਦੇ ਪ੍ਰਬੰਧਕ ਵੀ ਸ਼ੱਕ ਦੇ ਘੇਰੇ ਵਿਚ ਆ ਗਏ ਹਨ। ਬਠਿੰਡਾ ਲੈਬ ਵਿਚ ਇੱਕ ਐਕਸੀਅਨ ਤੋਂ ਇਲਾਵਾ 4 ਜੂਨੀਅਰ ਇੰਜਨੀਅਰ, ਇੱਕ ਲੇਖਾਕਾਰ, ਦੋ ਐਲਡੀਸੀ ਦੀ ਤਾਇਨਾਤੀ ਹੈ। ਲੈਬ ਦੇ ਸਟਾਫ ਦਾ ਕਹਿਣਾ ਹੈ ਕਿ ਕੰਮ ਬਹੁਤ ਜਿਆਦਾ ਹੈ ਜਦੋਂ ਕਿ ਸਟਾਫ ਘੱਟ ਹੈ। ਅੱਜ ਛਾਪੇਮਾਰੀ ਮੌਕੇ ਪਾਵਰਕੌਮ ਦੇ ਐਨਫੋਰਸਮੈਂਟ ਦੇ ਦੋ ਕਾਰਜਕਾਰੀ ਇੰਜਨੀਅਰਾਂ ਨੂੰ ਵੀ ਮੌਕੇ ਤੇ ਸੱਦਿਆ ਗਿਆ ਕਿਉਂਕਿ ਐਨਫੋਰਸਮੈਂਟ ਵੱਲੋਂ ਹੀ ਗੜਬੜ ਵਾਲੇ ਮੀਟਰ ਖਾਸ ਕਰਕੇ ਲੈਬ ਵਿਚ ਭੇਜੇ ਜਾਂਦੇ ਹਨ।
            ਸੂਤਰ ਦੱਸਦੇ ਹਨ ਕਿ ਇੱਕ ਦੋ ਦਿਨਾਂ ਵਿਚ ਇਸ ਦੀ ਰਿਪੋਰਟ ਤੇ ਐਕਸ਼ਨ ਬਾਹਰ ਆਉਣ ਦੀ ਉਮੀਦ ਹੈ। ਪੱਛਮੀ ਜ਼ੋਨ ਦੇ ਐਨਫੋਰਸਮੈਂਟ ਦੇ ਨਿਗਰਾਨ ਇੰਜਨੀਅਰ ਸ੍ਰੀ ਸੁਰੇਸ਼ ਗਰਗ ਦਾ ਕਹਿਣਾ ਸੀ ਕਿ ਪੜਤਾਲੀਆਂ ਅਫਸਰ ਨੇ ਅੱਜ ਉਨ੍ਹਾਂ ਦੇ ਐਕਸੀਅਨਾਂ ਦੀ ਵੀ ਪੜਤਾਲ ਵਿਚ ਮਦਦ ਲਈ ਹੈ ਅਤੇ ਪੜਤਾਲ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। 
                               ਰਿਕਾਰਡ ਕਬਜ਼ੇ ’ਚ ਲਿਆ ਹੈ : ਭਾਰਦਵਾਜ 
ਪਾਵਰਕੌਮ ਦੇ ਨਿਗਰਾਨ ਇੰਜਨੀਅਰ (ਐਮ.ਈ ਲੈਬ) ਜਲੰਧਰ ਸ੍ਰੀ ਰਾਜ਼ੇਸ ਕੁਮਾਰ ਭਾਰਦਵਾਜ ਦਾ ਕਹਿਣਾ ਸੀ ਕਿ ਅੱਜ ਬਠਿੰਡਾ ਲੈਬ ਦਾ ਸਬੰਧਿਤ ਰਿਕਾਰਡ ਕਬਜ਼ੇ ਵਿਚ ਲਿਆ ਹੈ ਅਤੇ ਅਧਿਕਾਰੀਆਂ ਦੇ ਬਿਆਨ ਵੀ ਕਲਮਬੱਧ ਕੀਤੇ ਗਏ ਹਨ। ਕੁਝ ਊਣਤਾਈਆਂ ਸਾਹਮਣੇ ਆਈਆਂ ਹਨ ਅਤੇ ਦੋ ਤਿੰਨ ਦਿਨਾਂ ਵਿਚ ਉਹ ਉੱਚ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਸੌਂਪ ਦੇਣਗੇ। ਉਨ੍ਹਾਂ ਵਿਸਥਾਰ ਦੇਣ ਤੋਂ ਇਨਕਾਰ ਕੀਤਾ।

                     


No comments:

Post a Comment