Thursday, September 18, 2014

                                                     
                  ਵਾਹ ਸਰਕਾਰੇ
   ਚਾਹ ਦਾ ਕੱਪ 900 ਰੁਪਏ !
                 ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਚ ਕੀਤੇ ਰਾਜ ਪੱਧਰੀ ਸਮਾਗਮਾਂ ਵਿੱਚ ਵੀ.ਆਈ.ਪੀ. ਮਹਿਮਾਨਾਂ ਨੂੰ 900 ਰੁਪਏ ਪ੍ਰਤੀ ਕੱਪ ਵਾਲੀ ਚਾਹ (ਹਾਈ ਟੀ) ਪਿਲਾਈ ਗਈ। ਇਕੱਲਾ ਇਹੋ ਨਹੀਂ ਬਲਕਿ ਵੀ.ਆਈ.ਪੀ. ਮਹਿਮਾਨਾਂ ਨੂੰ 1800 ਰੁਪਏ ਪ੍ਰਤੀ ਪਲੇਟ ਵਾਲਾ ਰਾਤਰੀ ਭੋਜ ਦਿੱਤਾ ਗਿਆ। ਲੋਕ ਨਿਰਮਾਣ ਵਿਭਾਗ ਪੰਜਾਬ ਦੇ ਮੁੱਖ ਇੰਜਨੀਅਰ ਨੇ ਇਨ੍ਹਾਂ ਸਮਾਗਮਾਂ ਦੇ ਖਰਚੇ ਦੀ ਅਦਾਇਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ਖਰਚੇ ਦਾ ਕੋਈ ਵੀ ਬਿੱਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੈਰੀਫਾਈ ਨਹੀਂ ਕੀਤਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਇਨ੍ਹਾਂ ਰਾਜ ਪੱਧਰੀ ਸਮਾਗਮਾਂ ਦੇ ਪ੍ਰਬੰਧ ਅਤੇ ਖ਼ਾਤਿਰਦਾਰੀ 'ਤੇ 18.72 ਲੱਖ ਰੁਪਏ ਖਰਚ ਆਏ ਹਨ ਜਿਨ੍ਹਾਂ 'ਚੋਂ ਇਕੱਲੀ ਹਾਈ ਟੀ ਦਾ ਖਰਚਾ ਹੀ 6.53 ਲੱਖ ਰੁਪਏ ਹੈ। ਵੀ.ਆਈ.ਪੀ. ਬਰੈਕਫਾਸਟ ਅਤੇ ਡਿਨਰ ਦਾ ਖਰਚਾ 5.71 ਲੱਖ ਰੁਪਏ ਆਇਆ ਹੈ। ਚਾਹ,ਬਰੈਕਫਾਸਟ ਅਤੇ ਡਿਨਰ ਦਾ ਕੁੱਲ ਖਰਚਾ 12.24 ਲੱਖ ਰੁਪਏ ਬਣਿਆ ਹੈ। ਬਠਿੰਡਾ ਦੇ ਸੈਪਲ ਹੋਟਲ ਨੂੰ ਪ੍ਰਾਹੁਣਚਾਰੀ ਦਾ ਜ਼ਿੰਮਾ ਸੌਂਪਿਆ ਗਿਆ ਸੀ। ਦੱਸਣਯੋਗ ਹੈ ਕਿ ਬਠਿੰਡਾ ਦੇ ਅਦਾਲਤੀ ਕੰਪਲੈਕਸ ਵਿਚ 18 ਜਨਵਰੀ 2014 ਨੂੰ ਵਿਕਲਪੀ ਝਗੜਾ ਨਿਵਾਰਨ ਕੇਂਦਰ (ਏ.ਡੀ.ਆਰ. ਸੈਂਟਰ) ਦਾ ਉਦਘਾਟਨ ਹੋਇਆ ਸੀ ਅਤੇ ਸਰਕਾਰ ਨੇ ਇਨ੍ਹਾਂ ਸਮਾਰੋਹਾਂ ਨੂੰ ਸਰਕਾਰੀ ਸਮਾਰੋਹ ਐਲਾਨਿਆ ਸੀ। ਉਪਰੋਕਤ ਸਾਰਾ ਖਰਚਾ ਇਸ ਮੌਕੇ ਹੋਇਆ।
              ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਇਲਾਵਾ ਕਈ ਜੱਜ  ਇਨ੍ਹਾਂ ਸਮਾਰੋਹਾਂ ਵਿੱਚ ਪੁੱਜੇ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਨ੍ਹਾਂ ਸਮਾਗਮਾਂ ਵਿੱਚ ਵਿਸ਼ੇਸ਼ ਮਹਿਮਾਨ ਸਨ। ਲੋਕ ਨਿਰਮਾਣ ਵਿਭਾਗ ਵਲੋਂ ਇਹ ਸਮਾਗਮ ਕਰਾਏ ਗਏ ਸਨ। ਇਨ੍ਹਾਂ ਸਮਾਗਮਾਂ ਉਤੇ ਆਏ ਖਰਚੇ ਦੇ ਬਿਲ ਪਹਿਲਾਂ ਤਾਂ ਸਰਕਾਰੀ ਦਫ਼ਤਰਾਂ ਦੇ ਗੇੜ ਵਿੱਚ ਹੀ ਉਲਝੇ ਰਹੇ। ਹੁਣ ਜਦੋਂ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ (ਦੱਖਣੀ) ਨੇ ਸਮਾਗਮਾਂ ਦੇ ਭਾਰੀ ਬਿੱਲ ਦੇਖੇ ਤਾਂ ਉਨ੍ਹਾਂ ਬਿੱਲ ਇਸ ਆਧਾਰ 'ਤੇ ਵਾਪਸ ਕਰ ਦਿੱਤੇ ਕਿ ਪਹਿਲਾਂ ਇਹ ਬਿੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੈਰੀਫਾਈ ਕੀਤੇ ਜਾਣ। ਪ੍ਰਾਪਤ ਵੇਰਵਿਆਂ ਅਨੁਸਾਰ ਸਮਾਗਮਾਂ ਦੇ ਮਹਿਮਾਨ ਸਮਾਰੋਹਾਂ ਤੋਂ ਇੱਕ ਦਿਨ ਪਹਿਲਾਂ ਹੀ ਬਠਿੰਡਾ ਆ ਗਏ ਸਨ ਜਿਨ੍ਹਾਂ ਦੇ ਸਵਾਗਤ ਵਿੱਚ ਡਿਊਨਜ਼ ਕਲੱਬ ਵਿੱਚ ਗਾਇਕ ਲਖਵਿੰਦਰ ਵਡਾਲੀ ਨੇ ਮਹਿਮਾਨਾਂ ਦਾ ਮਨੋਰੰਜਨ ਕੀਤਾ। ਇਕੱਲੇ ਵਡਾਲੀ ਦਾ ਖਰਚ 50 ਹਜ਼ਾਰ ਰੁਪਏ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਸੈਪਲ ਹੋਟਲ ਦੇ ਬਿੱਲ (ਨੰਬਰ 5041) ਅਨੁਸਾਰ 75 ਮਹਿਮਾਨਾਂ ਨੂੰ 900 ਰੁਪਏ  ਵਾਲੀ,400 ਮਹਿਮਾਨਾਂ ਨੂੰ 450 ਰੁਪਏ  ਵਾਲੀ ਅਤੇ 400 ਹੋਰ ਮਹਿਮਾਨਾਂ ਨੂੰ  600 ਰੁਪਏ  ਵਾਲੀ ਹਾਈ ਟੀ ਵਰਤਾਈ ਗਈ ਜਿਸ ਦਾ ਸਮੇਤ ਟੈਕਸ ਬਿੱਲ 5.98 ਲੱਖ ਰੁਪਏ ਬਣਿਆ। ਇਵੇਂ ਹੀ ਬਿੱਲ (ਨੰਬਰ 5033 ਅਤੇ 5034) ਅਨੁਸਾਰ 50 ਮਹਿਮਾਨਾਂ ਨੂੰ 900 ਰੁਪਏ ਵਾਲੀ  ਚਾਹ ਦੇ ਖਰਚੇ ਦਾ ਬਿੱਲ ਦਿੱਤਾ ਗਿਆ ਹੈ। ਇੰਜ ਹੀ ਬਰੈਕਫਾਸਟ ਤੇ ਡਿਨਰ ਦੇ ਬਿੱਲ ਹਨ।
              ਸੈਪਲ ਹੋਟਲ ਦੇ ਮਾਲਕ ਸ੍ਰੀ ਕਾਤੀਆ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਖਾਣਿਆਂ ਅਤੇ ਚਾਹ ਸਨੈਕਸ ਦੀ ਜੋ ਸੂਚੀ ਤਿਆਰ ਕਰਕੇ ਦਿੱਤੀ ਗਈ ਸੀ, ਉਸ ਅਨੁਸਾਰ ਸਭ ਕੁਝ ਵਰਤਾਇਆ ਗਿਆ ਸੀ। ਉਨ੍ਹਾਂ ਆਖਿਆ ਕਿ 'ਹਾਈ ਟੀ' ਲਈ ਸਨੈਕਸ ਦੀ ਸੂਚੀ ਕਾਫ਼ੀ ਲੰਮੀ ਸੀ। ਡਿਨਰ ਵਿੱਚ ਨਾਨ ਵੈੱਜ ਵੀ ਸ਼ਾਮਲ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸਰਕਾਰ ਨੇ ਹਾਲੇ ਤੱਕ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ।ਵੇਰਵਿਆਂ ਅਨੁਸਾਰ ਸਮਾਰੋਹਾਂ 'ਤੇ ਕਰੀਬ ਇੱਕ ਲੱਖ ਰੁਪਏ ਦੇ ਫੁੱਲਾਂ ਦਾ ਖਰਚ ਆਇਆ ਹੈ ਜਿਸ ਵਿੱਚ ਫੁੱਲਾਂ ਦੀ ਡੈਕੋਰੇਸ਼ਨ ਵੀ ਸ਼ਾਮਲ ਹੈ। ਇੰਜ ਹੀ ਪਠਾਨਕੋਟ ਦੀ ਸੀਲਵੰਤੀ ਸਾਲਜ਼ ਇੰਡਸਟਰੀ ਤੋਂ 14,275 ਰੁਪਏ ਦੇ ਪੰਜ ਸ਼ਾਲ ਮਹਿਮਾਨਾਂ ਨੂੰ ਦੇਣ ਵਾਸਤੇ  ਖ਼ਰੀਦੇ ਗਏ ਹਨ। ਗੁਰੂ ਨਾਨਕ ਟੈਂਟ ਹਾਊਸ, ਬਠਿੰਡਾ ਵੱਲੋਂ 3.68 ਲੱਖ ਰੁਪਏ ਦਾ ਬਿੱਲ ਦਿੱਤਾ ਗਿਆ ਹੈ ਜਿਸ ਵਿੱਚ 26 ਹਜ਼ਾਰ ਰੁਪਏ ਇਕੱਲੇ ਜੈਨਰੇਟਰ ਸੈੱਟ ਦਾ ਕਿਰਾਇਆ ਸ਼ਾਮਲ ਹੈ।  ਬਾਰ ਐਸੋਸੀਏਸ਼ਨ ਬਠਿੰਡਾ ਦੇ ਤਤਕਾਲੀ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਇਹ ਸਰਕਾਰੀ ਸਮਾਗਮ ਸਨ ਜਿਸ ਕਰਕੇ ਪ੍ਰਸ਼ਾਸਨ ਨੇ ਹੀ ਸਾਰੇ ਇੰਤਜ਼ਾਮ ਕੀਤੇ ਸਨ ਅਤੇ ਖਰਚਾ ਵੀ ਉਨ੍ਹਾਂ ਨੇ ਹੀ ਕੀਤਾ ਹੈ।
              ਦੂਜੇ ਪਾਸੇ ਲਾਅਰਜ਼ ਫਾਰ ਜਸਟਿਸ ਐਂਡ ਡੈਮੋਕਰੈਟਿਕ ਰਾਈਟਸ ਦੇ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਐਨ.ਕੇ.ਜੀਤ ਨੇ ਇਸ ਖਰਚ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ।  ਇਨ੍ਹਾਂ ਆਗੂਆਂ ਨੇ ਆਖਿਆ ਕਿ ਸਰਕਾਰੀ ਖ਼ਜ਼ਾਨੇ ਦੀ ਖੁੱਲ੍ਹ ਕੇ ਸਮਾਗਮਾਂ ਵਿੱਚ ਦੁਰਵਰਤੋਂ ਹੋਈ ਹੈ ਅਤੇ ਕੋਈ ਵੀ ਅਦਾਇਗੀ ਕਰਨ ਤੋਂ ਪਹਿਲਾਂ ਸਾਰੇ ਖਰਚ ਦੀ ਉੱਚ ਪੱਧਰੀ ਜਾਂਚ ਕਰਾਈ ਜਾਣੀ ਚਾਹੀਦੀ ਹੈ।  ਡਿਪਟੀ ਕਮਿਸ਼ਨਰ ਡਾ.ਬਸੰਤ ਕੁਮਾਰ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਮਲਾ ਧਿਆਨ ਵਿੱਚ ਨਹੀਂ ਹੈ। ਉਂਜ ਉਨ੍ਹਾਂ ਇਹ ਵੀ ਆਖਿਆ ਕਿ ਇਹ ਬਿੱਲ ਬਹੁਤ ਜ਼ਿਆਦਾ ਹੈ। ਦੂਸਰੀ ਤਰਫ਼ ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਸਤਿੰਦਰਪਾਲ ਸਮਰਾ ਦਾ ਕਹਿਣਾ ਸੀ ਕਿ ਸਮਾਗਮਾਂ ਦੇ ਬਿੱਲ ਵੈਰੀਫਾਈ ਕਰਾਉਣ ਵਾਸਤੇ ਡਿਪਟੀ ਕਮਿਸ਼ਨਰ ਕੋਲ ਭੇਜੇ ਗਏ ਹਨ।

No comments:

Post a Comment