Wednesday, November 24, 2021

                                             ਪੰਜਾਬੀ ਕਿਧਰ ਜਾਣ
                  ਮੁੱਖ ਮੰਤਰੀ ਸੁਰੱਖਿਆ ਲਈ 192 ਗੈਰ ਪੰਜਾਬੀ ਸਿੱਧੇ ਭਰਤੀ ! 
                                               ਚਰਨਜੀਤ ਭੁੱਲਰ   

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਦੀ ਸੁਰੱਖਿਆ ਲਈ ਗੈਰ-ਪੰਜਾਬੀ ਅਫ਼ਸਰਾਂ/ਮੁਲਾਜ਼ਮਾਂ ਦੀ ਭਰਤੀ ਲਈ ਸਭ ਰਾਹ ਖੋਲ੍ਹੇ ਗਏ| ਪੰਜਾਬ ਕੈਬਨਿਟ ਨੇ ਅਜਿਹੀ ਭਰਤੀ ਲਈ ਨਿਯਮਾਂ ‘ਚ ਵਿਸ਼ੇਸ਼ ਛੋਟਾਂ ਦਿੱਤੀਆਂ, ਜਿਸ ਦੇ ਸਿੱਟੇ ਵਜੋਂ ਕਰੀਬ 19 ਸੂਬਿਆਂ ਦੇ ਸਰਵਿੰਗ/ਸੇਵਾਮੁਕਤ ਅਫ਼ਸਰ ਤੇ ਮੁਲਾਜ਼ਮ ਮੁੱਖ ਮੰਤਰੀ ਦੀ ਸੁਰੱਖਿਆ ਲਈ ਬਣੇ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ‘ਚ ਭਰਤੀ ਹੋਣ ‘ਚ ਸਫ਼ਲ ਹੋ ਗਏ| ਤੱਥਾਂ ਅਨੁਸਾਰ ਗੈਰ-ਪੰਜਾਬੀਆਂ ਦੀ ਭਰਤੀ ਇਕੱਲੀ ਗੱਠਜੋੜ ਸਰਕਾਰ ਸਮੇਂ ਹੀ ਨਹੀਂ ਬਲਕਿ ਮੌਜੂਦਾ ਕਾਂਗਰਸ ਸਰਕਾਰ ’ਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਹੋਈ ਹੈ| ਸਿੱਧੀ ਭਰਤੀ ਦਾ ਰੌਲਾ ਪੈਣ ਮਗਰੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਜੀਪੀ ਤੋਂ ਰਿਪੋਰਟ ਮੰਗੀ ਸੀ| 

            ਇਹ ਰਿਪੋਰਟ ਹੁਣ ਉਪ ਮੁੱਖ ਮੰਤਰੀ ਕੋਲ ਹੁਣ ਪੁੱਜੀ ਹੈ, ਜਿਸ ਅਨੁਸਾਰ ਕੇਂਦਰੀ ਸੁਰੱਖਿਆ ਬਲਾਂ ਦੇ ਸਰਵਿੰਗ/ਸੇਵਾਮੁਕਤ 209 ਅਫ਼ਸਰ ਤੇ ਮੁਲਾਜ਼ਮ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ‘ਚ ਭਰਤੀ ਕੀਤੇ ਗਏ ਹਨ| ਇਨ੍ਹਾਂ ’ਚੋਂ ਅਕਾਲੀ-ਭਾਜਪਾ ਗੱਠਜੋੜ ਨੇ ਸਾਲ 2014 ਅਤੇ ਸਾਲ 2016 ਵਿੱਚ 146 ਜਣੇ ਭਰਤੀ ਕੀਤੇ ਸਨ ਜਦੋਂਕਿ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ 63 ਅਧਿਕਾਰੀ ਭਰਤੀ ਕੀਤੇ ਗਏ ਹਨ|‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਰਿਪੋਰਟ ਅਨੁਸਾਰ 23 ਜੁਲਾਈ 2013 ਨੂੰ ਪੰਜਾਬ ਕੈਬਨਿਟ ਨੇ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ‘ਚ ਕੇਂਦਰੀ ਸੁਰੱਖਿਆ ਬਲਾਂ ਦੇ ਸਰਵਿੰਗ/ਸੇਵਾਮੁਕਤ 300 ਕਰਮਚਾਰੀ ਕਰਨ ਲਈ ਪ੍ਰਵਾਨਗੀ ਦਿੱਤੀ ਸੀ ਅਤੇ ਪੜਾਅਵਾਰ ਭਰਤੀ ਕਰਨ ਦਾ ਫੈਸਲਾ ਕੀਤਾ ਸੀ| ਇਸੇ ਆਧਾਰ ’ਤੇ 29 ਅਗਸਤ 2013 ਨੂੰ ਇਸ ਦੀ ਭਰਤੀ ਲਈ ਛੇ ਮੈਂਬਰੀ ਭਰਤੀ ਕਮੇਟੀ ਦਾ ਗਠਨ ਕੀਤਾ ਗਿਆ ਸੀ| 

            ਭਰਤੀ ਮਗਰੋਂ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਦੇ ਕਰੀਬ 76 ਅਧਿਕਾਰੀ/ਮੁਲਾਜ਼ਮ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਤਾਇਨਾਤ ਰਹੇ ਹਨ| ਨਵਾਂ ਰੌਲਾ ਇਹ ਪਿਆ ਹੈ ਕਿ ਪੰਜਾਬੀ ਨੌਜਵਾਨ ਜਦੋਂ ਸੜਕਾਂ ’ਤੇ ਰੁਲ ਰਹੇ ਹਨ ਤਾਂ ਪੰਜਾਬ ਸਰਕਾਰ ਦੂਸਰੇ ਸੂਬਿਆਂ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਨੌਕਰੀਆਂ ਦੇ ਰਹੀ ਹੈ| ਰਿਪੋਰਟ ਅਨੁਸਾਰ ਗੱਠਜੋੜ ਸਰਕਾਰ ਨੇ ਸਾਲ 2014 ਵਿੱਚ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ‘ਚ 82 ਕਰਮਚਾਰੀ ਭਰਤੀ ਕੀਤੇ ਅਤੇ ਇਸੇ ਤਰ੍ਹਾਂ 2016 ਵਿੱਚ 64 ਕਰਮਚਾਰੀ ਭਰਤੀ ਕੀਤੇ। ਇਸੇ ਤਰ੍ਹਾਂ ਸਾਲ 2021 ‘ਚ ਮੌਜੂਦਾ ਸਰਕਾਰ ਨੇ 63 ਜਣੇ ਭਰਤੀ ਕੀਤੇ| ਭਰਤੀ ਕੀਤੇ ਕੁੱਲ 209 ਜਣਿਆਂ ’ਚੋਂ 4 ਡੀਐੱਸਪੀ, 34 ਇੰਸਪੈਕਟਰ ਅਤੇ 15 ਸਬ ਇੰਸਪੈਕਟਰ ਸ਼ਾਮਲ ਹਨ| 

           ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ‘ਚ ਭਰਤੀ ਕੀਤੇ 209 ’ਚੋਂ ਪੰਜਾਬ ਦੇ ਸਿਰਫ਼ 17 ਕਰਮਚਾਰੀ ਹਨ ਜਦੋਂ ਕਿ ਬਾਕੀ 19 ਸੂਬਿਆਂ ਦੇ 192 ਕਰਮਚਾਰੀ ਹਨ| ਇਸ ਯੂਨਿਟ ਵਿੱਚ ਹਰਿਆਣਾ ਦੇ ਸਭ ਤੋਂ ਵੱਧ 36, ਉੱਤਰ ਪ੍ਰਦੇਸ਼ ਦੇ 35, ਰਾਜਸਥਾਨ ਦੇ 26, ਹਿਮਾਚਲ ਪ੍ਰਦੇਸ਼ ਦੇ 22, ਉੱਤਰਾਖੰਡ ਦੇ 14, ਜੰਮੂ ਕਸ਼ਮੀਰ ਦੇ 14, ਦਿੱਲੀ ਦੇ 12, ਪੱਛਮੀ ਬੰਗਾਲ ਦੇ 7, ਮਹਾਰਾਸ਼ਟਰ ਦੇ ਪੰਜ, ਉੜੀਸਾ ਦੇ ਚਾਰ ਜਣੇ ਸ਼ਾਮਲ ਹਨ| ਇਸੇ ਤਰ੍ਹਾਂ ਝਾਰਖੰਡ, ਕਰਨਾਟਕ ਤੇ ਤਾਮਿਲਨਾਡੂ ਦੇ ਤਿੰਨ-ਤਿੰਨ, ਬਿਹਾਰ, ਕੇਰਲਾ ਤੇ ਤ੍ਰਿਪਰਾ ਦੇ ਦੋ-ਦੋ ਅਤੇ ਚੰਡੀਗੜ੍ਹ, ਗੋਆ ਅਤੇ ਮੱਧ ਪ੍ਰਦੇਸ਼ ਦਾ ਇੱਕ ਇੱਕ ਕਰਮਚਾਰੀ ਸ਼ਾਮਲ ਹੈ| ਭਰਤੀ ਕੀਤੇ ਇਨ੍ਹਾਂ ਕਰਮਚਾਰੀਆਂ ’ਚੋਂ 9 ਜਣੇ ਨੌਕਰੀ ਛੱਡ ਵੀ ਚੁੱਕੇ ਹਨ| 

           ਪੰਜਾਬ ਕੈਬਨਿਟ ਨੇ ਦੂਸਰੇ ਸੂਬਿਆਂ ਲਈ ਰਾਹ ਮੋਕਲਾ ਕਰਨ ਵਾਸਤੇ ਪਹਿਲੀ ਅਕਤੂਬਰ 2013 ਅਤੇ 30 ਨਵੰਬਰ 2013 ਨੂੰ ਵਿਸ਼ੇਸ਼ ਛੋਟਾਂ ਵੀ ਦਿੱਤੀਆਂ ਸਨ| ਇਸ ਭਰਤੀ ਲਈ ਡੀਐੱਸਪੀ ਦੀਆਂ ਪੰਜ ਅਸਾਮੀਆਂ, ਇੰਸਪੈਕਟਰ ਰੈਂਕ ਦੀਆਂ 15 ਅਤੇ ਸਬ ਇੰਸਪੈਕਟਰ ਰੈਂਕ ਦੀਆਂ 50 ਅਸਾਮੀਆਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਦੇ ਘੇਰੇ ’ਚੋਂ ਕੱਢਿਆ ਗਿਆ ਸੀ| ਇਸ ਸਿੱਧੀ ਭਰਤੀ ਲਈ ਪੀਪੀਆਰ ਦੀਆਂ ਪ੍ਰੋਵਿਜ਼ਨਾਂ ਵਿਚ ਛੋਟਾਂ ਦਿੱਤੀਆਂ ਗਈਆਂ ਸਨ| ਉਪਰਲੀ ਉਮਰ ਹੱਦ 42 ਸਾਲ ਕੀਤੀ ਗਈ| ਮੈਟਿ੍ਕ ਪੱਧਰ ’ਤੇ ਪੰਜਾਬੀ ਵਿਸ਼ਾ (ਲਾਜ਼ਮੀ) ਪਾਸ ਕਰਨ ਤੋਂ ਵੀ ਛੋਟ ਦਿੱਤੀ ਗਈ|

           ਇਵੇਂ ਹੀ ਯੂਨਿਟ ’ਚ ਟਰੇਨਰ ਤੇ ਟੈਕਨੀਕਲ ਅਫਸਰ ਭਰਤੀ ਲਈ ਜਨਰਲ ਕੈਟਾਗਿਰੀ ਲਈ ਉਮਰ ਹੱਦ ਪਹਿਲੀ ਦਫ਼ਾ 42 ਸਾਲ ਕੀਤੀ ਗਈ ਅਤੇ ਦੂਸਰੀ ਦਫ਼ਾ ਇਹ ਉਮਰ ਹੱਦ 45 ਸਾਲ ਕੀਤੀ ਗਈ| ਚੁਣੇ ਗਏ ਉਮੀਦਵਾਰਾਂ ਦੀ ਤਨਖਾਹ ਪ੍ਰੋਟੈਕਟ ਕੀਤੀ ਗਈ| ਅਮਰਿੰਦਰ ਸਰਕਾਰ ਨੇ ਤਾਂ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਿਚ ਵਧੇਰੇ ਇੰਸਪੈਕਟਰਾਂ ਦੀ ਲੋੜ ਦੇ ਮੱਦੇਨਜ਼ਰ 28 ਜੁਲਾਈ 2021 ਨੂੰ 30 ਸਬ ਇੰਸਪੈਕਟਰਾਂ ਦੀਆਂ ਅਸਾਮੀਆਂ ਸਰੰਡਰ ਕਰਕੇ 29 ਇੰਸਪੈਕਟਰ ਰੈਂਕ ਦੀਆਂ ਅਸਾਮੀਆਂ ਦੀ ਰਚਨਾ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ| ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਉਹ ਰਿਪੋਰਟ ਦਾ ਮੁਲਾਂਕਣ ਕਰ ਰਹੇ ਹਨ। 

Tuesday, November 23, 2021

                                             ਮੁਆਫੀ ਦੇ ਗੱਫੇ 
                        ਨੇਤਾ ਅਮੀਰ, ਲੋਕ ਗਰੀਬ, ਕਿਵੇਂ ਭਰਨ ਬਿੱਲ..! 
                                             ਚਰਨਜੀਤ ਭੁੱਲਰ    

ਚੰਡੀਗੜ੍ਹ : ਚੰਨੀ ਸਰਕਾਰ ਵੱਲੋਂ ਬਿਜਲੀ ਬਿੱਲਾਂ ਦੀ ਦਿੱਤੀ ਮੁਆਫ਼ੀ ਵਿੱਚ ਇਹ ਗੱਲ ਉਭਰਵੇਂ ਰੂਪ ਵਿਚ ਨਿੱਖਰੀ ਹੈ ਕਿ ਜਿਸ ਹਲਕੇ ਦੇ ਨੇਤਾ ਅਮੀਰ ਹਨ, ਉਸ ਹਲਕੇ ਦੇ ਲੋਕ ਏਨੇ ਗ਼ਰੀਬ ਹਨ ਕਿ ਉਹ ਬਿਜਲੀ ਬਿੱਲ ਤਾਰਨੋਂ ਬੇਵੱਸ ਜਾਪਦੇ ਹਨ| ਮੌਜੂਦਾ ਸਰਕਾਰ ਨੇ ਜੋ ਦੋ ਕਿਲੋਵਾਟ ਤੱਕ ਦੇ ਡਿਫਾਲਟਰਾਂ ਨੂੰ ਮੁਆਫ਼ੀ ਦਿੱਤੀ ਹੈ, ਉਸ ਵਿਚ 19.89 ਲੱਖ ਖਪਤਕਾਰ ਸ਼ਨਾਖਤ ਹੋਏ ਹਨ ਜਿਨ੍ਹਾਂ ਦੀ 1505.20 ਕਰੋੜ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਹੋਣੇ ਹਨ। ਹੈਰਾਨੀ ਵਾਲੇ ਤੱਥ ਹਨ ਕਿ ਵੀਆਈਪੀ ਹਲਕਿਆਂ ਦੇ ਲੋਕਾਂ ਨੂੰ ਬਕਾਇਆ ਮੁਆਫ਼ੀ ਦਾ ਵੱਡਾ ਫ਼ਾਇਦਾ ਹੋਇਆ ਹੈ।

         ਬਾਦਲਾਂ ਦੇ ਜੱਦੀ ਜ਼ਿਲ੍ਹੇ ਦਾ ਮੁਕਤਸਰ ਸਰਕਲ ਇਸ ਮਾਮਲੇ ਵਿੱਚ ਪੰਜਾਬ ਵਿੱਚੋਂ ਨੰਬਰ ਵਨ ਹੈ, ਜਿਥੋਂ ਦੇ ਦੋ ਕਿਲੋਵਾਟ ਵਾਲੇ ਖਪਤਕਾਰਾਂ ਦੇ 235.40 ਕਰੋੜ ਰੁਪਏ ਮੁਆਫ਼ ਹੋਣਗੇ| ਪੰਜਾਬ ਭਰ ’ਚੋਂ ਮਲੋਟ ਡਿਵੀਜ਼ਨ ਨੇ ਬਾਜ਼ੀ ਮਾਰੀ ਹੈ ਜਿਥੋਂ ਦੇ 37,784 ਖਪਤਕਾਰਾਂ ਦੇ 81.90 ਕਰੋੜ ਮੁਆਫ਼ ਹੋਣਗੇ| ਇਸ ਡਿਵੀਜ਼ਨ ਦੇ ਕਾਫੀ ਪਿੰਡ ਹਲਕਾ ਲੰਬੀ ਵਿੱਚ ਪੈਂਦੇ ਹਨ| ਬਾਦਲਾਂ ਦੇ ਹਲਕਾ ਲੰਬੀ ਦੇ ਪਿੰਡਾਂ ਨੂੰ ਮੁਆਫ਼ੀ ਦੇ ਗੱਫੇ ਮਿਲੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੁੂ ਦੇ ਹਲਕੇ ਅੰਮ੍ਰਿਤਸਰ ’ਚ ਪੈਂਦੀ ਪੂਰਬੀ ਡਿਵੀਜ਼ਨ ਪੰਜਾਬ ’ਚੋਂ ਦੂਜੇ ਨੰਬਰ ’ਤੇ ਹੈ ਜਿਥੋਂ ਦੇ 44,563 ਖਪਤਕਾਰਾਂ ਨੂੰ 66.93 ਕਰੋੜ ਦੀ ਮੁਆਫ਼ੀ ਮਿਲਣੀ ਹੈ।

             ਡਿਵੀਜ਼ਨ ਅਬੋਹਰ ਤੀਸਰੇ ਨੰਬਰ ’ਤੇ ਹੈ, ਜਿਥੋਂ ਦੇ 44,057 ਖਪਤਕਾਰਾਂ ਨੂੰ 63.17 ਕਰੋੜ ਦੀ ਮੁਆਫ਼ੀ ਮਿਲਣੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਹਲਕਾ ਬਠਿੰਡਾ ਸ਼ਹਿਰੀ ਵੀ ਪਿੱਛੇ ਨਹੀਂ ਹੈ ਜਿਥੋਂ ਦੇ 43,429 ਖਪਤਕਾਰਾਂ ਨੂੰ 61.81 ਕਰੋੜ ਦੇ ਬਿਜਲੀ ਬਿੱਲ ਮੁਆਫ਼ ਹੋਣੇ ਹਨ। ਲੋਕ ਅਧਿਕਾਰ ਲਹਿਰ ਦੇ ਰੁਪਿੰਦਰ ਸਿੰਘ ਤਲਵੰਡੀ ਸਾਬੋ ਨੇ ਕਿਹਾ ਕਿ ਵੀਆਈਪੀ ਹਲਕਿਆਂ ’ਚ ਆਗੂਆਂ ਵੱਲੋਂ ਵੋਟਾਂ ਖਾਤਰ ਗ਼ਰੀਬ ਲੋਕਾਂ ਨੂੰ ਚੋਗਾ ਪਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚਮੁੱਚ ਇਨ੍ਹਾਂ ਹਲਕਿਆਂ ਵਿਚ ਵਿਕਾਸ ਹੋਇਆ ਹੁੰਦਾ ਤਾਂ ਗ਼ਰੀਬ ਲੋਕਾਂ ਦੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੋਣੇ ਸਨ|

            ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਹਲਕੇ ਦੀ ਜਲਾਲਾਬਾਦ ਡਿਵੀਜ਼ਨ ਦੇ 41,430 ਖਪਤਕਾਰਾਂ ਨੂੰ 41.06 ਕਰੋੜ ਦੀ ਮੁਆਫ਼ੀ ਮਿਲ ਰਹੀ ਹੈ। ਪੱਟੀ ਡਿਵੀਜ਼ਨ ’ਚ 53.20 ਕਰੋੜ ਅਤੇ ਜ਼ੀਰਾ ਹਲਕੇ ਵਿਚ 45.45 ਕਰੋੜ ਦੇ ਬਿੱਲਾਂ ਦੀ ਮੁਆਫ਼ੀ ਆਈ ਹੈ। ਸਰਕਲਾਂ ’ਤੇ ਨਜ਼ਰ ਮਾਰੀਏ ਤਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਦੇ ਜ਼ਿਲ੍ਹਾ ਬਠਿੰਡਾ ਤੇ ਮਾਨਸਾ ਦਾ ਨਾਮ ਪੰਜਾਬ ਵਿੱਚੋਂ ਦੂਜੇ ਨੰਬਰ ’ਤੇ ਹੈ ਕਿਉਂਕਿ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਦੇ ਡਿਫਾਲਟਰਾਂ ਦੇ 126.39 ਕਰੋੜ ਦੇ ਬਿੱਲ ਮੁਆਫ਼ੇ ਹੋ ਰਹੇ ਹਨ।

            ਉਧਰ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਦਾ ਰੰਗ ਵੱਖਰਾ ਹੈ, ਜਿਥੋਂ ਦੀ ਦਿੜ੍ਹਬਾ ਡਿਵੀਜ਼ਨ ਦੇ ਖਪਤਕਾਰਾਂ ਦੇ ਸਿਰਫ਼ 1.60 ਕਰੋੜ ਰੁਪਏ ਹੀ ਮੁਆਫ਼ ਹੋਣੇ ਹਨ। ਬੰਗਾ ਡਿਵੀਜ਼ਨ ’ਚ 1.10 ਕਰੋੜ, ਕਪੂਰਥਲਾ ਸਿਟੀ ਵਿੱਚ 1.07 ਕਰੋੜ, ਅਹਿਮਦਗੜ੍ਹ ਡਿਵੀਜ਼ਨ ’ਚ 1.46 ਕਰੋੜ ਰੁਪਏ ਹੀ ਮੁਆਫ਼ ਹੋਣੇ ਹਨ। ਪੰਜਾਬ ਵਿਚ 23 ਡਿਵੀਜ਼ਨਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਖਪਤਕਾਰਾਂ ਦੇ ਪੰਜ ਕਰੋੜ ਤੋਂ ਘੱਟ ਦੀ ਰਾਸ਼ੀ ਦੇ ਬਿੱਲ ਮੁਆਫ਼ ਹੋਣੇ ਹਨ। ਬੇਸ਼ੱਕ ਇਸ ਮੁਆਫ਼ੀ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ, ਪਰ ਇਨ੍ਹਾਂ ਵਿਚ ਬਹੁਤੇ ਲੋਕ ਉਹ ਵੀ ਹਨ ਜਿਨ੍ਹਾਂ ਦੀ ਸਿਆਸਤ ਨਾਲ ਪਿੱਠ ਲੱਗਦੀ ਹੈ ਅਤੇ ਜਾਣ-ਬੁੱਝ ਕੇ ਬਿੱਲ ਨਹੀਂ ਤਾਰੇ।

                               ਵੱਡੇ ਡਿਫਾਲਟਰਾਂ ਦੇ 180 ਕਰੋੜ ਰੁਪਏ ਦੇ ਬਿੱਲ ਮੁਆਫ਼ !

ਵੇਰਵਿਆਂ ਅਨੁਸਾਰ ਪੰਜਾਬ ਦੇ 10,644 ਖਪਤਕਾਰ ਅਜਿਹੇ ਹਨ, ਜਿਨ੍ਹਾਂ ਦੇ ਮੁਆਫ਼ੀ ਵਾਲੇ ਬਿੱਲ ਇੱਕ ਲੱਖ ਤੋਂ ਵੱਧ ਰਾਸ਼ੀ ਦੇ ਬਣਦੇ ਹਨ। ਇਨ੍ਹਾਂ ਖਪਤਕਾਰਾਂ ਦੇ 180 ਕਰੋੜ ਰੁਪਏ ਦੇ ਬਿੱਲ ਮੁਆਫ਼ ਹੋਣੇ ਹਨ। ਜਿਨ੍ਹਾਂ ਖਪਤਕਾਰਾਂ ਦੇ ਮੁਆਫ਼ੀ ਵਾਲੇ ਬਿੱਲਾਂ ਦੀ ਰਾਸ਼ੀ ਪੰਜ ਲੱਖ ਤੋਂ ਵੱਧ ਬਣਦੀ ਹੈ, ਅਜਿਹੇ ਖਪਤਕਾਰਾਂ ਦੀ ਗਿਣਤੀ 250 ਦੇ ਕਰੀਬ ਬਣਦੀ ਹੈ। ਇਸ ਤੋਂ ਉਲਟ ਕਰੀਬ ਚਾਰ ਲੱਖ ਖਪਤਕਾਰ ਉਹ ਹਨ ਜਿਨ੍ਹਾਂ ਦੇ ਪੰਜ ਹਜ਼ਾਰ ਰੁਪਏ ਦੇ ਬਿੱਲ ਹੀ ਮੁਆਫ਼ ਹੋਣੇ ਹਨ। 

                                ਮਹਿੰਗੀ ਬਿਜਲੀ ਨੇ ਲੋਕਾਂ ਦਾ ਲੱਕ ਤੋੜਿਆ: ਸੇਵੇਵਾਲਾ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਦੋ ਕਿਲੋਵਾਟ ਵਾਲੇ ਡਿਫਾਲਟਰਾਂ ਵਿਚ ਵੱਡਾ ਹਿੱਸਾ ਉਨ੍ਹਾਂ ਖਪਤਕਾਰਾਂ ਦਾ ਹੈ, ਜਿਨ੍ਹਾਂ ’ਚ ਮਹਿੰਗੀ ਬਿਜਲੀ ਹੋਣ ਕਰ ਕੇ ਬਿੱਲ ਤਾਰਨ ਦੀ ਪਹੁੰਚ ਹੀ ਨਹੀਂ ਸੀ। ਇੱਕ ਹਿੱਸਾ ਖਪਤਕਾਰ ਉਹ ਹਨ, ਜੋ ਸਿਆਸੀ ਆਗੂਆਂ ਦੇ ਨ੍ਰੇੜਲੇ ਸਨ, ਜਿਨ੍ਹਾਂ ਨੇ ਜਾਣ-ਬੁੁੱਝ ਕੇ ਬਿੱਲ ਨਹੀਂ ਤਾਰੇ। ਉਨ੍ਹਾਂ ਕਿਹਾ ਕਿ ਇਹੋ ਤਰਾਸ਼ਦੀ ਹੈ ਕਿ ਵੋਟਰ ਤਾਂ ਅੱਜ ਵੀ ਗ਼ਰੀਬ ਹਨ ਅਤੇ ਉਨ੍ਹਾਂ ਦੇ ਨੇਤਾ ਅਮੀਰ ਹਨ। 

Monday, November 15, 2021

                                             ਕੰਗਨਾ ਨੂੰ ਫਿਟਕਾਰ
                                 ਕੁੜੀਏ ! ਮੂੰਹ ਸੰਭਾਲ ਕੇ ਗੱਲ ਕਰ..!
                                                ਚਰਨਜੀਤ ਭੁੱਲਰ     

ਚੰਡੀਗੜ੍ਹ :ਅਦਾਕਾਰਾ ਕੰਗਨਾ ਰਣੌਤ ਦੇ ਤਲਖ਼ ਬੋਲਾਂ ਨੇ ਬਜ਼ੁਰਗ ਮਹਿੰਦਰ ਕੌਰ ਦਾ ਹਿਰਦਾ ਝੰਜੋੜ ਦਿੱਤਾ ਹੈ| ਕੰਗਨਾ ਨੇ ਕਰੀਬ ਇੱਕ ਵਰ੍ਹਾ ਪਹਿਲਾਂ ਇਸ ਬਿਰਧ ਮਾਈ ’ਤੇ ਉਂਗਲ ਚੁੱਕੀ ਸੀ| ਹੁਣ ਜਦੋਂ ਕੰਗਨਾ ਨੇ ਆਜ਼ਾਦੀ ‘ਭੀਖ’ ‘ਚ ਮਿਲੀ ਹੋਣ ਦੀ ਗੱਲ ਆਖ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਤਾਂ ਬਿਰਧ ਮਹਿੰਦਰ ਕੌਰ ਨੇ ਅੱਖਾਂ ਭਰ ਲਈਆਂ ਅਤੇ ਗੁੱਸੇ ‘ਚ ਆਪੇ ਤੋਂ ਬਾਹਰ ਹੋ ਗਈ| ਮਾਈ ਮਹਿੰਦਰ ਕੌਰ ਖ਼ਬਰਾਂ ਸੁਣ ਕੇ ਕੰਗਨਾ ਬਾਰੇ ਬੋਲੀ, ਕੁੜੀਏ! ਮੂੰਹ ਸੰਭਾਲ ਕੇ ਬੋਲ| ਇਸ ਬੇਬੇ ਨੇ ਕਿਹਾ ਕਿ ਸ਼ਹੀਦਾਂ ਦਾ ਅਪਮਾਨ ਕਿਵੇਂ ਝੱਲ ਲਈਏ| 

             ਚੇਤੇ ਰਹੇ ਕਿ ਨਵੰਬਰ 2020 ’ਚ ਕੰਗਨਾ ਨੇ ਟਵੀਟ ਕਰਕੇ ਮਹਿੰਦਰ ਕੌਰ ਨੂੰ ਕਿਸਾਨ ਘੋਲ ‘ਚ 100 ਰੁਪਏ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਦੱਸਿਆ ਸੀ। ਇਸ ਮਾਈ ਦੀ ਫੋਟੋ ਵੀ ਕੰਗਨਾ ਨੇ ਸਾਂਝੀ ਕੀਤੀ ਸੀ| ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ  ਕੌਰ ਦੀ ਉਮਰ 81 ਵਰ੍ਹਿਆਂ ਦੀ ਹੈ|   ਏਨੀ ਉਮਰ ਦੇ ਬਾਵਜੂਦ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਲਈ ਦਿੱਲੀ ਗਈ ਸੀ| ਮਹਿੰਦਰ ਕੌਰ ਨੇ ਪੰਜਾਬੀ ਟ੍ਰਿਬਿਊਨ ਕੋਲ ਆਪਣਾ ਦਰਦ ਸਾਂਝਾ ਕੀਤਾ| ਉਨ੍ਹਾਂ ਕਿਹਾ ਕਿ ਖੂਨ ਡੋਲ ਕੇ ਆਜ਼ਾਦੀ ਲਈ ਹੈ| ਭਗਤ ਸਿੰਘ ਤੇ ਸਰਾਭੇ ਵਰਗੇ ਸੂਰਬੀਰਾਂ ਨੇ ਜਾਨ ਵਾਰ ਕੇ ਮੁਲਕ ਲਈ ਖੁੱਲ੍ਹੀ ਹਵਾ ਦਾ ਬੂਹਾ ਖੋਲ੍ਹਿਆ| ਉਨ੍ਹਾਂ ਕਿਹਾ ਕਿ ਜਿਨ੍ਹਾਂ ਜਾਨ ਧਲੀ ’ਤੇ ਰੱਖ ਕੇ ਆਜ਼ਾਦੀ ਦਾ ਸੰਘਰਸ਼ ਲੜਿਆ, ਉਨ੍ਹਾਂ ’ਤੇ ਉਂਗਲ ਚੁੱਕਣ ਵਾਲੀ ਕੰਗਨਾ ਕੌਣ ਹੁੰਦੀ ਹੈ|

            ਉਨ੍ਹਾਂ ਕਿਹਾ ਕਿ ਅਸਲ ਵਿਚ ਕੰਗਨਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਲਾਮ ਹੈ ਅਤੇ ਟਿਕਟਾਂ ਦੇ ਲਾਲਚ ‘ਚ ਸਰਕਾਰਾਂ ਦੀ ਬੋਲੀ ਬੋਲਦੀ ਹੈ| ਉਨ੍ਹਾਂ ਕਿਹਾ ਕਿ ਆਜ਼ਾਦੀ ਭੀਖ ‘ਚ ਨਹੀਂ ਜਾਨਾਂ ਵਾਰ ਕੇ ਲਈ ਸੀ| ਮਹਿੰਦਰ ਕੌਰ ਨੇ ਕੰਗਨਾ ਨੂੰ ‘ਮੋਦੀ ਭਗਤ’ ਦੱਸਿਆ| ਉਨ੍ਹਾਂ ਕਿਹਾ ਕਿ ‘ਏਹ ਕੁੜੀ ਤਾਕਤ ਦੇ ਨਸ਼ੇ ’ਚ ਉਲਟਾ-ਸਿੱਧਾ ਬੋਲ ਰਹੀ ਹੈ| ‘ਪਹਿਲਾਂ ਕਿਸਾਨੀ ਘੋਲ ਦੇ ਪਿੱਛੇ ਪੈ ਗਈ ਸੀ ਅਤੇ ਹੁਣ ਆਜ਼ਾਦੀ ਘੁਲਾਟੀਏ ਵੀ ਨਹੀਂ ਬਖ਼ਸ਼ੇ| ਮਹਿੰਦਰ ਕੌਰ ਨੇ ਕਿਹਾ  ਕਿ ‘ਉਦੋਂ ਪੂਰੇ ਮੁਲਕ ਨੇ ਇਸ ਨੂੰ ਲਾਹਨਤਾਂ ਪਾਈਆਂ ਸਨ, ਫਿਰ ਵੀ ਹਾਲੇ ਚੁੱਪ ਨਹੀਂ ਕਰਦੀ|’ ਬੇਬੇ ਨੇ ਕਿਹਾ ਕਿ ‘ਇਸ ਕੁੜੀ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਕੱਟੜ ਰਾਜੇ ਪਹਿਲਾਂ ਵੀ ਹੋਏ ਨੇ, ਆਜ਼ਾਦੀ ਘੁਲਾਟੀਏ ਵਿਰਲੇ ਹੁੰਦੇ ਹਨ।’

             ਮਹਿੰਦਰ ਕੌਰ ਨੇ ਕਿਹਾ ਕਿ ਮੋਦੀ ਰਾਜ ਦੀ ਗੁਲਾਮੀ ਤੋਂ ਛੇਤੀ ਆਜ਼ਾਦੀ ਮਿਲੂ| ਕਿਸਾਨ ਅੰਦੋਲਨ ਨੇ ਮੁੱਢ ਬੰਨ੍ਹ ਦਿੱਤਾ ਹੈ| ਉਨ੍ਹਾਂ ਕਿਹਾ ਕਿ ਕੰਗਨਾ ਤਾਂ ਮਾਇਆ ਤੇ ਤਾਕਤ ਦੇ ਹੰਕਾਰ ਵਿੱਚ ਬੋਲਦੀ ਹੈ| ਬੇਬੇ ਨੇ ਭਰੋਸੇ ਨਾਲ ਕਿਹਾ ਕਿ ਕਿਸਾਨ ਘੋਲ ਦਾ ਜ਼ਰੂਰ ਮੁੱਲ ਪਵੇਗਾ ਅਤੇ ਛੇਤੀ ਕਿਸਾਨ ਆਪਣੀ ਜੰਗ ਜਿੱਤ ਕੇ ਘਰਾਂ ਨੂੰ ਪਰਤਣਗੇ| ਉਨ੍ਹਾਂ ਦਿੱਲੀ ‘ਚ ਡਟੇ ਕਿਸਾਨਾਂ ਨੂੰ ਹੌਸਲਾ ਦਿੱਤਾ ਕਿ ‘ਤਕੜੇ ਹੋ ਕੇ ਲੱਗੇ ਰਹੋ, ਸ਼ੇਰ ਬੱਗਿਓ, ਦਿਨ ਦੂਰ ਨਹੀਂ|’ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਕੰਗਨਾ ਰਣੌਤ ਦੀ ਖ਼ਬਰ ਨੂੰ ਗਹੁ ਨਾਲ ਸੁਣ ਰਹੀ ਹੈ ਪਰ ਉਸ ਦੀ ਕੋਈ ਵਾਹ ਨਹੀਂ ਜਾਂਦੀ| ਲਾਭ ਸਿੰਘ ਨੇ ਕਿਹਾ ਕਿ ਕੰਗਣਾ ਤਾਂ ਚਿਹਰਾ ਹੈ, ਇਸ ਵਿੱਚ ਬੋਲਣ ਵਾਲਾ ਕੋਈ ਹੋਰ ਹੈ| 

                                    ਹਮੇਸ਼ਾ ਖੇਤਾਂ ਦੇ ਅੰਗ ਸੰਗ ਰਹੀ..!

ਚੇਤੇ ਰਹੇ ਕਿ ਕੰਗਨਾ ਰਣੌਤ ਵੱਲੋਂ ਉਂਗਲ ਉਠਾਏ ਜਾਣ ਕਰਕੇ ਇਸ ਮਾਈ ਨੇ ਉਸ ਨੂੰ ਤਕੜਾ ਜੁਆਬ ਦਿੱਤਾ ਸੀ| ਉਸ ਮਗਰੋਂ ਇਹ ਮਾਈ ਸੁਰਖ਼ੀਆਂ ਵਿੱਚ ਆ ਗਈ ਸੀ| ਵੱਡੀ ਗਿਣਤੀ ਵਿਚ ਸੰਸਥਾਵਾਂ ਤੇ ਲੋਕਾਂ ਨੇ ਸਨਮਾਨ ਵੀ ਕੀਤਾ ਸੀ| ਇਹ ਮਾਈ ਖੁਦ ਖੇਤੀ ਕਰਦੀ ਰਹੀ ਹੈ ਅਤੇ ਪੂਰੀ ਜ਼ਿੰਦਗੀ ਖੇਤਾਂ ਦੇ ਅੰਗ ਸੰਗ ਰਹੀ ਹੈ| ਕਿਸਾਨ ਘੋਲ ਵਿਚ ਖੁਦ ਵੀ ਜਾਂਦੀ ਰਹੀ ਹੈ ਅਤੇ ਹੁਣ ਵੀ ਕਿਸਾਨੀ ਘੋਲ ਦੀ ਹਰ ਗਤੀਵਿਧੀ ਤੋਂ ਜਾਣੂ ਰਹਿੰਦੀ ਹੈ| ਜਦੋਂ ਕੰਗਨਾ ਨੇ ਇਸ ਬੇਬੇ ’ਤੇ ਟਿੱਪਣੀ ਕੀਤੀ ਸੀ ਤਾਂ ਉਦੋਂ ਦਲਜੀਤ ਦੁਸਾਂਝ ਆਦਿ ਨੇ ਵੀ ਕੰਗਨਾ ਦੀ ਝਾੜ ਝੰਬ ਸੋਸ਼ਲ ਮੀਡੀਆ ’ਤੇ ਕੀਤੀ ਸੀ|

Saturday, November 13, 2021

                                             ਪੁਲੀਸ ਕਟਹਿਰੇ ’ਚ 
                                  ਲਾਲ ਕਿਲਾ ਹਿੰਸਾ ਸਾਜ਼ਿਸ਼ ਕਰਾਰ
                                                ਚਰਨਜੀਤ ਭੁੱਲਰ     

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਪੰਜ ਮੈਂਬਰੀ ਕਮੇਟੀ ਨੇ ਕਿਸਾਨ ਅੰਦੋਲਨ ਦੌਰਾਨ ਸਮਾਜਿਕ ਕਾਰਕੁਨਾਂ ਅਤੇ ਲੋਕਾਂ ’ਤੇ ਹੋਏ ਤਸ਼ੱਦਦ ਦੇ ਮਾਮਲੇ ਵਿਚ ਕੇਂਦਰ ਸਰਕਾਰ ਅਤੇ ਦਿੱਲੀ ਪੁਲੀਸ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਰੱਖੀ ਕਮੇਟੀ ਦੀ ਰਿਪੋਰਟ ਵਿੱਚ 26 ਜਨਵਰੀ ਨੂੰ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਨੂੰ ਸਾਜ਼ਿਸ਼ ਕਰਾਰ ਦਿੱਤਾ ਗਿਆ ਹੈ। ਕਮੇਟੀ ਨੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਉਚਿਤ ਮੰਚ ’ਤੇ ਉਠਾਉਣ ਤੇ ਪੀੜਤਾਂ ਦੇ ਕੇਸ ਮੁਫ਼ਤ ਲੜਨ ਲਈ ਐਡਵੋਕੇਟ ਜਨਰਲ ਦੀ ਅਗਵਾਈ ’ਚ ਸੀਨੀਅਰ ਵਕੀਲਾਂ ਦਾ ਪੈਨਲ ਬਣਾਉਣ ਸਮੇਤ ਕੁਝ ਹੋਰ ਸਿਫਾਰਸ਼ਾਂ ਕੀਤੀਆਂ ਹਨ। 

            ਇਸ ਸਾਲ 30 ਮਾਰਚ ਨੂੰ ਗਠਿਤ ਇਸ ਕਮੇਟੀ ਨੇ 26 ਜਨਵਰੀ ਦੀ ਹਿੰਸਾ ਮਗਰੋਂ ਸਮਾਜਿਕ ਕਾਰਕੁਨਾਂ ਅਤੇ ਲੋਕਾਂ ’ਤੇ ਹੋਏ ਤਸ਼ੱਦਦ ਦੀ ਛਾਣਬੀਣ ਲਈ ਪੀੜਤਾਂ ਨਾਲ ਮੁਲਾਕਾਤਾਂ ਕੀਤੀਆਂ ਸਨ। ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਬਣੀ ਕਮੇਟੀ ਦੇ ਮੈਂਬਰਾਂ ਵਿਚ ਸਰਵਜੀਤ ਕੌਰ ਮਾਣੂਕੇ, ਫਤਹਿਜੰਗ ਸਿੰਘ ਬਾਜਵਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਕੁਲਬੀਰ ਜੀਰਾ ਸ਼ਾਮਲ ਹਨ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਿਫਾਰਸ਼ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਪੁਲੀਸ ਕੋਲ ਇਹ ਮਾਮਲਾ ਵੀ ਚੁੱਕੇ ਕਿ ਜੇਕਰ ਕਿਸਾਨ ਘੋਲ ਨਾਲ ਸਬੰਧਤ ਕਿਸੇ ਵਿਅਕਤੀ ਜਾਂ ਕਿਸਾਨ ਦੀ ਦਿੱਲੀ ਪੁਲੀਸ ਨੂੰ ਲੋੜ ਹੈ ਤਾਂ ਉਹ ਪਹਿਲਾਂ ਪੰਜਾਬ ਪੁਲੀਸ ਨੂੰ ਸੂਚਿਤ ਕਰੇ। ਕਮੇਟੀ ਨੇ ਕਿਹਾ ਕਿ ਐਡਵੋਕੇਟ ਜਨਰਲ ਦੀ ਨਿਗਰਾਨੀ ਹੇਠ ਸੀਨੀਅਰ ਵਕੀਲਾਂ ਦਾ ਪੈਨਲ ਬਣੇ, ਜੋ ਪੀੜਤਾਂ ਦੇ ਕੇਸ ਮੁਫ਼ਤ ਲੜੇ। 

           ਅਦਾਲਤਾਂ ਵਿਚ ਨੌਜਵਾਨਾਂ ਦੇ ਜਮ੍ਹਾਂ ਪਾਸਪੋਰਟ ਵਾਪਸ ਦਿਵਾਏ ਜਾਣ। ਕਮੇਟੀ ਵੱਲੋਂ 83 ਪੀੜਤਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ। ਕਮੇਟੀ ਨੇ ਇਸ ਗੱਲ ’ਤੇ ਮੋਹਰ ਲਾਈ ਕਿ 26 ਜਨਵਰੀ ਨੂੰ ਦਿੱਲੀ ਪੁਲੀਸ ਨੇ ਬੈਰੀਕੇਡ ਹਟਾ ਕੇ ਟਰੈਕਟਰ ਮਾਰਚ ਦੌਰਾਨ ਇੱਕ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਲਾਲ ਕਿਲ੍ਹੇ ਦੇ ਰਸਤੇ ਭੇਜਿਆ ਸੀ। ਕਮੇਟੀ ਨੇ ਇਹ ਨੁਕਤਾ ਵੀ ਰੱਖਿਆ ਕਿ ਸਾਜ਼ਿਸ਼ ਤਹਿਤ ਹੀ ਨੌਜਵਾਨਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਲਾਲ ਕਿਲ੍ਹੇ ਅੰਦਰ ਜਾਣ ਦਿੱਤਾ ਗਿਆ ਅਤੇ ਮਗਰੋਂ ਇਸ ਘਟਨਾ ਨੂੰ ਆਪਣੇ ਤਰੀਕੇ ਨਾਲ ਮੋੜਾ ਦੇ ਕੇ ਕਿਸਾਨਾਂ ਨੂੰ, ਸਿੱਖਾਂ ਨੂੰ ਅਤੇ ਕਿਸਾਨੀ ਘੋਲ ਨੂੰ ਬਦਨਾਮ ਕਰਨ ਲਈ ਵਰਤਿਆ ਗਿਆ। ਇਸੇ ਤਰ੍ਹਾਂ 29 ਜਨਵਰੀ ਨੂੰ ਗੁੰਡਿਆਂ ਵੱਲੋਂ ਸ਼ਾਂਤਮਈ ਧਰਨੇ ’ਤੇ ਬੈਠੇ ਕਿਸਾਨਾਂ ’ਤੇ ਇੱਟਾਂ ਵੱਟੇ ਮਾਰੇ ਗਏ ਅਤੇ ਉਲਟਾ ਪੁਲੀਸ ਨੇ ਕਿਸਾਨਾਂ ਨੂੰ ਇੱਥੋਂ ਚਲੇ ਜਾਣ ਲਈ ਕਿਹਾ। ਪੀੜਤ ਜਥੇਦਾਰ ਗੁਰਮੁੱਖ ਸਿੰਘ ਨੂੰ ਰਸਤੇ ’ਚੋਂ ਫੜ ਕੇ ਪੁਲੀਸ ਵਾਲਿਆਂ ਨੇ ਬੂਟਾਂ ਦੇ ਠੁੱਡੇ ਮਾਰੇ।

            ਮਹਿਲਾ ਭਿੰਦਰਜੀਤ ਕੌਰ ਅਤੇ ਹੋਰਨਾਂ ਔਰਤਾਂ ਨੂੰ ਰਾਤ ਨੂੰ ਅਣਜਾਣ ਜਗ੍ਹਾ ’ਤੇ ਛੱਡਿਆ ਗਿਆ| ਪੰਜਾਬ ’ਚੋਂ ਦੋ ਨੌਜਵਾਨਾਂ ਨੂੰ ਦਿੱਲੀ ਪੁਲੀਸ ਬਿਨਾਂ ਇਤਲਾਹ ਦੇ ਲੈ ਕੇ ਗਈ। ਲੱਖਾ ਸਧਾਣਾ ਦੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲੀਸ ਨੇ ਚੁੱਕਿਆ। ਗੁਰਦੀਪ ਸਿੰਘ ਵੱਲੋਂ ਦਰਜ ਰਿਪੋਰਟ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਮੁਕਤਸਰ ਦੀ ਨੌਦੀਪ ਕੌਰ ਦੇ ਮਾਮਲੇ ਵਿਚ ਹਰਿਆਣਾ ਪੁਲੀਸ ਵੱਲੋਂ ਕੀਤੀ ਕੁੱਟਮਾਰ ਦੀ ਪੁਸ਼ਟੀ ਹੋਈ ਹੈ।ਕਮੇਟੀ ਨੇ ਤੱਥ ਉਭਾਰੇ ਹਨ ਕਿ ਮੋਗਾ ਦੇ ਸੁਖਪ੍ਰੀਤ ਸਿੰਘ ਦਾ ਦਿੱਲੀ ਅਦਾਲਤ ਦੇ ਹੁਕਮਾਂ ਕਰਕੇ ਪਾਸਪੋਰਟ ਜ਼ਬਤ ਹੋ ਗਿਆ, ਉਹ 8 ਲੱਖ ਰੁਪੲੇ ਭਰੇ ਹੋਣ ਦੇ ਬਾਵਜੂਦ ਜਰਮਨੀ ਨਹੀਂ ਜਾ ਸਕਿਆ। ਗੁਰਦਾਸਪੁਰ ਦਾ ਮਨਜਿੰਦਰ ਸਿੰਘ ਕੇਸ ਦਰਜ ਹੋਣ ਕਰਕੇ ਯੂਕੇ ਵਾਪਸ ਨਹੀਂ ਜਾ ਸਕਿਆ। ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਗੁਰਬਿੰਦਰ ਸਿੰਘ ਨੂੰ ਕੇਸ ਦਰਜ ਹੋਣ ਕਰਕੇ ਪਾਸਪੋਰਟ ਨਹੀਂ ਮਿਲਿਆ। ਜਤਿੰਦਰ ਸਿੰਘ ਦਾ ਸਾਈਪ੍ਰਸ ਦਾ ਵੀਜ਼ਾ ਲੱਗਾ ਹੋਇਆ ਸੀ, ਪਾਸਪੋਰਟ ਜਮ੍ਹਾਂ ਹੋਣ ਕਰਕੇ ਨਹੀਂ ਜਾ ਸਕਿਆ। ਕਈ ਨੌਜਵਾਨਾਂ ਨੇ ਕਰਜ਼ਾ ਚੁੱਕ ਕੇ ਜ਼ਮਾਨਤੀ ਰਾਸ਼ੀ ਭਰੀ ਹੈ।

                                ਕਿਸੇ ਨੂੰ ਮਾਓਵਾਦੀ, ਕਿਸੇ ਨੂੰ ਭੇੜੀਏ ਕਿਹਾ

ਦਿੱਲੀ ਪੁਲੀਸ ਨੇ ਕਿਸਾਨਾਂ ਨੂੰ ਅਪਮਾਨਿਤ ਵੀ ਕੀਤਾ, ਕਿਸੇ ਨੂੰ ਮਾਓਵਾਦੀ, ਕਿਸੇ ਨੂੰ ਖਾਲਿਸਤਾਨੀ ਅਤੇ ਕਿਸੇ ਨੂੰ ਭੇੜੀਏ ਦਰਿੰਦੇ ਵੀ ਕਿਹਾ। ਥਾਣਿਆਂ ਵਿਚ ਕਰਾਰਾਂ ਦੀ ਬੇਅਦਬੀ ਹੋਈ, ਬਜ਼ੁਰਗਾਂ ਦੀਆਂ ਦਾੜ੍ਹੀਆਂ ਪੁੱਟੀਆਂ ਗਈਆਂ, ਗਾਲ਼ੀ ਗਲੋਚ ਕੀਤਾ ਗਿਆ, ਸੱਟਾਂ ਮਾਰਨ ਤੋਂ ਇਲਾਵਾ ਮਾਨਸਿਕ ਤੌਰ ’ਤੇ ਤਸ਼ੱਦਦ ਕੀਤਾ ਗਿਆ। ਇਵੇਂ ਬਰਾੜੀ ਗਰਾਊਂਡ ਵਿਚ ਸ਼ਾਂਤਮਈ ਧਰਨੇ ਦੇ ਰਹੇ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ।

                                   2-2 ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਅੰਦੋਲਨ ਨੂੰ ਹਮਾਇਤ ਜਾਰੀ ਰੱਖਦਿਆਂ ਅੱਜ ਐਲਾਨ ਕੀਤਾ ਹੈ ਕਿ ਉਹ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 83 ਵਿਅਕਤੀਆਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣਗੇ। ਮੁੱਖ ਮੰਤਰੀ ਨੇ ਇਹ ਗੱਲ ਦੇਰ ਸ਼ਾਮ ਨੂੰ ਟਵੀਟ ਕਰਕੇ ਸਾਂਝੀ ਕੀਤੀ ਹੈ।

Wednesday, November 10, 2021

                                              ਮੰਨ ਗਏ ਗੁਰੂ
                          ਚੰਨੀ ਨੇ ਬੋਲ ਪੁਗਾਏ,ਸਿੱਧੂ ਨੇ ਫੁੱਲ ਚੜ੍ਹਾਏ..!
                                              ਚਰਨਜੀਤ ਭੁੱਲਰ    

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਖਰ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਬੋਲ ਪੁਗਾ ਦਿੱਤੇ ਹਨ| ਚੰਨੀ ਨੇ ਸਿੱਧੂ ਦੇ ਬੋਲਾਂ ’ਤੇ ਮੋਹਰ ਲਾਈ ਜਦਕਿ ਨਵਜੋਤ ਸਿੱਧੂ ਨੇ ਵੀ ਚੰਨੀ ਪ੍ਰਤੀ ਮਿੱਠੇ ਬੋਲਾਂ ਦੀ ਝੜੀ ਲਾਈ| ਸਿਆਸੀ ਸਮਝੌਤਾ ਕਹੋ, ਚਾਹੇ ਸਿਆਸੀ ਮਜਬੂਰੀ, ਇੱਕ ਦਫਾ ਚੰਨੀ ਤੇ ਸਿੱਧੂ ਇੱਕਮਿਕ ਨਜ਼ਰ ਆਏ ਹਨ| ਇੱਕ ਕਾਂਗਰਸ ਹਾਈਕਮਾਨ ਦਾ ਦਬਾਅ, ਉਸ ਤੋਂ ਵੱਡਾ ਆਗਾਮੀ ਚੋਣਾਂ ਦਾ ਡਰ। ਇਸੇ ਸਿਆਸੀ ਮਜਬੂਰੀ ’ਚੋਂ ਅੱਜ ਚੰਨੀ ਤੇ ਸਿੱਧੂ ’ਚ ਜੱਫੀ ਪਈ| ਨਵਜੋਤ ਸਿੱਧੂ ਨੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਹੱਲੇ ਬੋਲ ਕੇ ਚੰਨੀ ਹਕੂਮਤ ਦਾ ਦਮ ਘੁੱਟਿਆ ਹੋਇਆ ਸੀ| ਇੱਥੋਂ ਤੱਕ ਕਿ ਨਵਜੋਤ ਸਿੱਧੂ ਬੋਲਚਾਲ ਮੌਕੇ ਮਰਿਆਦਾ ਦੀ ਸੀਮਾ ਵੀ ਉਲੰਘਦੇ ਰਹੇ ਸਨ|

             ਮੁੱਖ ਮੰਤਰੀ ਚੰਨੀ ਤੇ ਸਿੱਧੂ ’ਚ ਆਖਰ ਸਮਝੌਤਾ ਸਿਰੇ ਲੱਗ ਗਿਆ ਹੈ, ਜਿਸ ਤੋਂ ਕਾਂਗਰਸੀ ਵਰਕਰ ਖੁਸ਼ ਹਨ ਜਦੋਂਕਿ ਵਿਰੋਧੀ ਧਿਰ ਪੂਰਨ ਆਸਵੰਦ ਹੈ ਕਿ ਸਿੱਧੂ ਚੁੱਪ ਰਹਿਣ ਵਾਲੇ ਕਿਥੇੇ ਹਨ| ਕੁਝ ਵੀ ਹੋਵੇ, ਅੱਜ ਮੰਗਲਵਾਰ ਦੇ ਦਿਨ ਚੰਨੀ ਤੇ ਸਿੱਧੂ ’ਚ ਸਿਆਸੀ ਸੁਰ ਮਿਲ ਗਏ ਹਨ| ਦਿਲਾਂ ਦੀ ਦੂਰੀ ਵੀ ਘਟਣ ਦੇ ਆਸਾਰ ਹਨ| ਮੁੱਖ ਮੰਤਰੀ ਨੇ ਸਿੱਧੂ ਵੱਲੋਂ ਉਠਾਏ ਮੁੱਦਿਆਂ ਦੇ ਹੱਲ ਲਈ ਐਡਵੋਕੇਟ ਜਨਰਲ ਦਿਓਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ| ਕੇਂਦਰੀ ਪੈਨਲ ਦੇ ਆਉਣ ’ਤੇ ਨਵਾਂ ਡੀਜੀਪੀ ਲਾਉਣ ਦਾ ਭਰੋਸਾ ਦੇ ਦਿੱਤਾ ਗਿਆ ਹੈ|

            ਭਾਵੇਂ ਬੇਅਦਬੀ ਅਤੇ ਨਸ਼ਿਆਂ ਦਾ ਮੁੱਦਾ ਉਵੇਂ ਹੀ ਬਰਕਰਾਰ ਹੈ ਪ੍ਰੰਤੂ ਨਵਜੋਤ ਸਿੱਧੂ ਆਪਣੀ ਪਹਿਲੀ ਸਿਆਸੀ ਜੰਗ ਜਿੱਤ ਗਏ ਹਨ| ਅੱਜ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਦਰਮਿਆਨ ਮੀਟਿੰਗ ਕਰਾਈ| ਕੈਬਨਿਟ ਮੀਟਿੰਗ ’ਚ ਅਸਤੀਫਾ ਪ੍ਰਵਾਨ ਹੋਣ ਮਗਰੋਂ ਹੀ ਨਵਜੋਤ ਸਿੱਧੂ ਦੇ ਚਿਹਰੇ ’ਤੇ ਰੌਣਕ ਆ ਗਈ| ਨਵਜੋਤ ਸਿੱਧੂ ਨੇ ਅੱਜ ਪ੍ਰੈਸ ਸੰਮੇਲਨ ਮੌਕੇ ਸ਼ਿਸ਼ਟਾਚਾਰ ਦਿਖਾਇਆ| ਪਤਾ ਲੱਗਾ ਹੈ ਕਿ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਤੋਂ ਨਵਜੋਤ ਸਿੱਧੂ ਦੀ ਗੱਲ ਮਨਵਾਈ ਹੈ ਜਦੋਂ ਕਿ ਨਵਜੋਤ ਸਿੱਧੂ ਨੂੰ ਵੀ ਵਰਜਿਆ ਹੈ ਕਿ ਪੰਜਾਬ ਚੋਣਾਂ ਸਿਰ ’ਤੇ ਹਨ, ਅਗਰ ਉਹ ਸਰਕਾਰ ‘ਤੇ ਇਸੇ ਤਰ੍ਹਾਂ ਹੱਲੇ ਬੋਲਦੇ ਰਹੇ ਤਾਂ ਕਿਸੇ ਦੀ ਸਿਆਸੀ ਇੱਛਾ ਨੂੰ ਬੂਰ ਨਹੀਂ ਪੈਣਾ| 

            ਕਾਂਗਰਸ ਦੇ ਇੱਕ ਸੀਨੀਅਰ ਨੇਤਾ ਦਾ ਪ੍ਰਤੀਕਰਮ ਸੀ ਕਿ ਨਵਜੋਤ ਸਿੱਧੂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਉਹ ਕਦੋਂ ਕੀ ਬੋਲ ਜਾਣ।ਕਾਂਗਰਸੀ ਵਿਧਾਇਕ ਇਸ ਗੱਲੋਂ ਧਰਵਾਸ ਵਿਚ ਹਨ ਕਿ ਜੇਕਰ ਚੰਨੀ ਤੇ ਸਿੱਧੂ ਤਾਲਮੇਲ ਬਣਾ ਕੇ ਤੁਰਨਗੇ ਤਾਂ ਹੀ ਉਹ ਲੋਕ ਕਚਹਿਰੀ ਵਿਚ ਖੜ੍ਹ ਸਕਣਗੇ। ਆਉਂਦੇ ਦਿਨਾਂ ਵਿਚ ਕਾਂਗਰਸ ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਹੋਣ ਦੀ ਸੰਭਾਵਨਾ ਹੈ|

                               ਮਾਹੌਲ ਬਦਲਿਆ, ਸਹਿਯੋਗ ਕਰਾਂਗਾ: ਸਿੱਧੂ

ਨਵਜੋਤ ਸਿੱਧੂ ਨੇ ਅੱਜ ਏਜੀ ਦਿਓਲ ਦੇ ਅਸਤੀਫੇ ਦੀ ਪ੍ਰਵਾਨਗੀ ਮਗਰੋਂ ਕਿਹਾ ਕਿ ਪਾਰਟੀ ਦਾ ਪੰਜਾਬ ਸਰਕਾਰ ਨੂੰ 110 ਫੀਸਦੀ ਸਹਿਯੋਗ ਹੋਵੇਗਾ। ਉਨ੍ਹਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ ਅਤੇ ਅੱਜ ਮਾਹੌਲ ਬਦਲਿਆ ਹੈ| ਇਸੇ ਤਰ੍ਹਾਂ ਸਹਿਯੋਗ ਨਾਲ ਉਹ ਅਗਲੀਆਂ ਚੋਣਾਂ ਵਿਚ ਬਹੁਤੇ ਵਾਅਦੇ ਨਹੀਂ ਕਰਨਗੇ ਬਲਕਿ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ। ਰੋਪੜ ਵਿਚ ਰੇਤ ਮਾਫੀਏ ਬਾਰੇ ਪੁੱਛੇ ਸੁਆਲ ਦੇ ਜੁਆਬ ਵਿਚ ਸਿੱਧੂ ਨੇ ਕਿਹਾ ਕਿ ਦਿਓ ਸਬੂਤ!

                                  ਜੁੱਗ-ਜੁੱਗ ਜੀਓ ਮੇਰੇ ਪਿਆਰਿਓ : ਚੰਨੀ

ਪ੍ਰੈਸ ਸੰਮੇਲਨ ‘ਚ ਨਵਜੋਤ ਸਿੱਧੂ ਮਗਰੋਂ ਪੁੱਛੇ ਇੱਕ ਸੁਆਲ ਦੇ ਬਹਾਨੇ ਮੁੱਖ ਮੰੰਤਰੀ ਚੰਨੀ ਨੇ ਕਿਹਾ ‘ਜੁੱਗ ਜੁੱਗ ਜੀਓ ਮੇਰੇ ਪਿਆਰਿਓ।’ ਉਨ੍ਹਾਂ ਦਾ ਇਸ਼ਾਰਾ ਸਿੱਧੁੂ ਵੱਲੋਂ ਆਖਰ ਖੁਸ਼ੀ ਜ਼ਾਹਰ ਕੀਤੇ ਜਾਣ ’ਤੇ ਸੀ। ਚੰਨੀ ਨੇ ਕਿਹਾ ਕਿ ਹਰ ਅਲੋਚਨਾ ਦਾ ਉਹ ਸਵਾਗਤ ਕਰਦੇ ਹਨ। ਜਦੋਂ ਸੁਆਲ ਪੁੱਛਿਆ ਕਿ ਨਵਜੋਤ ਸਿੱਧੂ ਤਾਂ ਵਿਰੋਧੀ ਧਿਰ ਦਾ ਰੋਲ ਨਿਭਾਅ ਰਹੇ ਹਨ ਤਾਂ ਉਨ੍ਹਾਂ ਇਸ ਨੂੰ ਵੀ ਪਾਜ਼ੇਟਿਵ ਲਿਆ। ਚੰਨੀ ਨੇ ਅੱਜ ਵਾਰ ਵਾਰ ‘ਆਮ ਲੋਕਾਂ ਦੀ ਸਰਕਾਰ’ ਹੋਣ ਦਾ ਜ਼ਿਕਰ ਕੀਤਾ।

Thursday, November 4, 2021

                                               ਹਨੇਰ ਸਾਈਂ ਦਾ
                          ਤੁਸਾਂ ਦੀਪ ਬੁਝਾਏ ,ਅਸੀਂ ਮਸ਼ਾਲਾਂ ਬਾਲਾਂਗੇ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ :  ਜਿਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ, ਉਨ੍ਹਾਂ ਘਰਾਂ ’ਚ ਹੁਣ ਰੋਹ ਦੀ ਮਸ਼ਾਲ ਬਲਣ ਲੱਗੀ ਹੈ| ਵਰ੍ਹੇ ਤੋਂ ਚੱਲ ਰਹੇ ਕਿਸਾਨ ਘੋਲ ’ਚ ਸ਼ਹਾਦਤਾਂ ਦੇਣ ਵਾਲੇ ਘਰਾਂ ’ਚ ਐਤਕੀਂ ਦੀਵਾਲੀ ’ਤੇੇ ਦੀਪ ਨਹੀਂ ਬਲਣਗੇ| ਹਕੂਮਤ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਦੀ ਹਿੱਕ ’ਤੇ ਜੋ ਦੀਵਾ ਬਾਲਿਆ ਹੈ, ਉਨ੍ਹਾਂ ਖ਼ਿਲਾਫ਼ ਕਿਸਾਨਾਂ ਨੇ ਹੱਥਾਂ ਵਿਚ ਸੰਘਰਸ਼ੀ ਮਸ਼ਾਲ ਚੁੱਕ ਹੇਕ ਲਾਈ ਹੈ| ਜਦੋਂ ਤੱਕ ਸੱਤਾ ਦਾ ਹਨੇਰ ਦੂਰ ਨਹੀਂ ਹੁੰਦਾ, ਉਨ੍ਹਾਂ ਦੇ ਮੁੱਕੇ ਢਿੱਲੇ ਨਹੀਂ ਪੈਣਗੇ, ਨਾਅਰਿਆਂ ਦਾ ਜੋਸ਼ ਸੁੱਤਿਆਂ ਨੂੰ ਜਗਾਏਗਾ, ਹਨੇਰਾ ਦੂਰ ਕਰ ਕੇ ਹੀ ਦਿੱਲੀਓਂ ਘਰਾਂ ਨੂੰ ਪਰਤਾਂਗੇ|ਜ਼ਿਲ੍ਹਾ ਮਾਨਸਾ ਦੇ ਖੀਵਾ ਦਿਆਲੂਵਾਲਾ ਦੀ ਅਮਰਜੀਤ ਕੌਰ ਕਿਸਾਨ ਘੋਲ ’ਚ ਜਾਨ ਗੁਆ ਬੈਠੀ ਹੈ| ਪਰਿਵਾਰ ਆਖਦਾ ਹੈ ਕਿ ‘ਕਿਸੇ ਨੇ ਦੇਸ਼ ਭਗਤੀ ਪਰਖਣੀ ਹੈ ਤਾਂ ਸਾਡੇ ਘਰ ਆਓ’| ਦਿੱਲੀ ਵਿਚ ਟਿੱਪਰ ਦੇ ਦਰੜੇ ਜਾਣ ਕਰ ਕੇ ਅਮਰਜੀਤ ਕੌਰ ਅਤੇ ਇਸ ਪਿੰਡ ਦੀਆਂ ਦੋ ਔਰਤਾਂ ਦੀ ਜਾਨ ਚਲੀ ਗਈ| ਅਮਰਜੀਤ ਕੌਰ ਦਾ ਪਤੀ ਹਰਜੀਤ ਸਿੰਘ 26 ਸਾਲ ਪਹਿਲਾਂ ਖੇਤਾਂ ਵਿਚ ਸੱਪ ਦੇ ਡੱਸਣ ਕਾਰਨ ਮੌਤ ਦੇ ਮੂੰਹ ਜਾ ਪਿਆ| 

              ਅਮਰਜੀਤ ਕੌਰ ਦਾ ਲੜਕਾ ਫ਼ੌਜ ’ਚ ਤਾਇਨਾਤ ਹੈ ਜਦੋਂਕਿ ਉਸ ਦਾ ਦਿਓਰ ਫ਼ੌਜੀ ਗੁਰਚਰਨ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ| ਅਮਰਜੀਤ ਕੌਰ ਦੀ ਲੜਕੀ ਲਖਵਿੰਦਰ ਕੌਰ ਆਖਦੀ ਹੈ ਕਿ ‘ਸਾਡੇ ਪਰਿਵਾਰ ਨੇ ‘ਜੈ ਕਿਸਾਨ ਜੈ ਜਵਾਨ’ ਦੇ ਨਾਅਰੇ ’ਤੇ ਪਹਿਰਾ ਦਿੱਤਾ, ਤਿੰਨ ਜੀਅ ਗੁਆ ਲਏ, ਹੁਣ ਕਿਵੇਂ ਦੀਵਾਲੀ ਦੇ ਦੀਵੇ ਬਾਲੀਏ|’ ਮੋਗਾ ਦੇ ਪਿੰਡ ਰੌਲੀ ਦਾ ਕਿਸਾਨ ਦਰਸ਼ਨ ਸਿੰਘ ਕਿਸਾਨ ਘੋਲ ਦੇ ਆਪਣੀ ਜਾਨ ਲੇਖੇ ਲਾ ਗਿਆ| ਲੜਕਾ ਕਰਮਜੀਤ ਸਿੰਘ ਆਖਦਾ ਹੈ ਕਿ ਕੋਈ ਦੀਵਾਲੀ ਵੀ ਸੁੱਖ ਦਾ ਸੁਨੇਹਾ ਨਹੀਂ ਬਣੀ ਹੈ| ਸੰਗਰੂਰ ਦੇ ਪਿੰਡ ਗੰਢੂਆਂ ਦਾ ਕਿਸਾਨ ਜਾਗਰ ਸਿੰਘ ਪਹਿਲਾਂ ਮੌਤ ਦੇ ਮੂੰਹ ਜਾ ਪਿਆ ਅਤੇ ਸੰਘਰਸ਼ ਦੌਰਾਨ ਉਸ ਦੀ ਪਤਨੀ ਮਹਿੰਦਰ ਕੌਰ ਵੀ ਸ਼ਹਾਦਤ ਦੇ ਗਈ| ਲੜਕਾ ਅਜੈਬ ਸਿੰਘ ਆਖਦਾ ਹੈ ਕਿ ‘ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ’ਚ ਤਾਂ ਇਸ ਵਾਰ ਦੀਵਾਲੀ ’ਤੇ ਦੁੱਖਾਂ ਦੀ ਦੀਵੇ ਹੀ ਬਲਣਗੇ| 

              ਪਿੰਡ ਜੇਠੂਕੇ ਦੇ ਦੋ ਕਿਸਾਨ ਇਸ ਹਫ਼ਤੇ ਕਿਸਾਨ ਸੰਘਰਸ਼ ਦੇ ਲੇਖੇ ਲੱਗ ਗਏ, ਉਨ੍ਹਾਂ ਦੇ ਸਿਵੇ ਵੀ ਹਾਲੇ ਠੰਢੇ ਨਹੀਂ ਹੋਏ, ਪਰਿਵਾਰਾਂ ਦਾ ਰੋਹ ਹੀ ਦੀਵਾਲੀ ’ਤੇ ਬਲੇਗਾ| ਰਹਿੰਦੀ ਕਸਰ ਐਤਕੀਂ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਨੇ ਕੱਢ ਦਿੱਤੀ| ਕਰੀਬ 10 ਕਿਸਾਨ ਤਬਾਹ ਫ਼ਸਲ ਨੂੰ ਦੇਖ ਕੇ ਖ਼ੁਦਕੁਸ਼ੀ ਕਰ ਗਏ| ਮਾਨਸਾ ਦੇ ਪਿੰਡ ਘੁਦੂਵਾਲਾ ਵਿਚ ਅਣਹੋਣੀ ਵਾਪਰੀ ਜਿਸ ਕਰ ਕੇ ਪੂਰੇ ਪਿੰਡ ਲਈ ਐਤਕੀਂ ਦੀਵਾਲੀ ਸੁੰਨੀ ਰਹੇਗੀ| ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕਰ ਦਿੱਤੀ ਤਾਂ ਕਿਸਾਨ ਦਰਸ਼ਨ ਸਿੰਘ ਖ਼ੁਦਕੁਸ਼ੀ ਕਰ ਗਿਆ| ਜਦੋਂ ਕੁਝ ਅਰਸਾ ਪਹਿਲਾਂ ਅਮਰੀਕਨ ਸੁੰਡੀ ਨੇ ਉਨ੍ਹਾਂ ਦੀ ਫ਼ਸਲ ਬਰਬਾਦ ਕਰ ਦਿੱਤੀ ਸੀ ਤਾਂ ਉਦੋਂ ਦਰਸ਼ਨ ਸਿੰਘ ਦਾ ਭਰਾ ਸੁਖਪਾਲ ਸਿੰਘ ਖ਼ੁਦਕੁਸ਼ੀ ਕਰ ਗਿਆ ਸੀ| ਬਾਪ ਆਖਦਾ ਹੈ ਕਿ ਸੁੰਡੀਆਂ ਨੇ ਹੀ ਘਰ ਦਾ ਦੀਵਾ ਬੁਝਾ ਦਿੱਤਾ ਹੈ, ਉਹ ਦੀਵਾਲੀ ਕਿਵੇਂ ਮਨਾਉਣ| ਏਦਾਂ ਦੀ ਕਹਾਣੀ ਬਹੁਤੇ ਘਰਾਂ ਦੀ ਹੈ|

             ਲਖੀਮਪੁਰ ਖੀਰੀ (ਯੂਪੀ) ’ਚ ਜਿਨ੍ਹਾਂ ਚਾਰ ਕਿਸਾਨਾਂ ਨੂੰ ਹਕੂਮਤੀ ਜੀਪ ਨੇ ਦਰੜਿਆ, ਉਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ‘ਏਸ ਘੋਲ ਦੀ ਤਾਸੀਰ ਏਨੀ ਠੰਢੀ ਨਹੀਂ ਕਿ ਚੁੱਪ ਬੈਠ ਜਾਵਾਂਗੇ|’ ਲਖੀਮਪੁਰ ਦੇ ਪਿੰਡ ਮੋਹਰਨੀਆਂ ਦਾ ਜਵਾਨ ਪੁੱਤ ਗੁਰਵਿੰਦਰ ਸਿੰਘ ਵੀ ਲਖੀਮਪੁਰ ਕਾਂਡ ਵਿਚ ਜਾਨ ਤੋਂ ਹੱਥ ਧੋ ਬੈਠਾ| ਬਾਪ ਸੁਖਵਿੰਦਰ ਸਿੰਘ ਆਖਦਾ ਹੈ ਕਿ ਸ਼ਹਾਦਤਾਂ ਨੂੰ ਅਜਾਈਂ ਨਹੀਂ ਜਾਣ ਦਿਆਂਗੇ, ਜਿਨ੍ਹਾਂ ਨੇ ਘਰਾਂ ਦੇ ਦੀਪ ਬੁਝਾ ਦਿੱਤੇ, ਉਨ੍ਹਾਂ ਖ਼ਿਲਾਫ਼ ਮਸ਼ਾਲ ਚੁੱਕ ਤੁਰਾਂਗੇ| ਪਿੰਡ ਵਣਜਾਹਨ ਦਾ ਦਲਜੀਤ ਸਿੰਘ ਵੀ ਜੀਪ ਕਾਂਡ ’ਚ ਸ਼ਹਾਦਤ ਦੇ ਗਿਆ| ਭਰਾ ਜਗਜੀਤ ਸਿੰਘ ਆਖਦਾ ਹੈ ਕਿ ਕਿਵੇਂ ਬਨੇਰਿਆਂ ’ਤੇ ਦੀਵੇ ਰੱਖੀਏ| ਉਨ੍ਹਾਂ ਕਿਹਾ ਕਿ ਹਕੂਮਤੀ ਸਾਈਂ ਦੇ ਹਨੇਰ ਨੂੰ ਦੂਰ ਕਰ ਕੇ ਦਮ ਲਵਾਂਗੇ| ਕਿਸਾਨ ਘੋਲ ਵਿਚ ਬੈਠੇ ਕਿਸਾਨਾਂ ਦਾ ਪ੍ਰਣ ਹੈ ਕਿ ਉਹ ਦਿੱਲੀ ਦੀ ਸਰਹੱਦ ’ਤੇ ਹੀ ਦੀਵਾਲੀ ਮਨਾਉਣਗੇ| ਕਿਸਾਨ ਪਰਿਵਾਰਾਂ ਨੂੰ ਖੇਤੀ ਕਾਨੂੰਨਾਂ ਦਾ ਵੱਡਾ ਝੋਰਾ ਜ਼ਰੂਰ ਹੈ ਪਰ ਉਨ੍ਹਾਂ ਦੇ ਹੌਸਲੇ ਹਾਲੇ ਵੀ ਲਟ ਲਟ ਬਲ ਰਹੇ ਹਨ|

Tuesday, November 2, 2021

                                              ਸਸਤੀ ਬਿਜਲੀ
                           ਪੰਜਾਬ ਦੇ ਧਨਾਢਾਂ ’ਚ ਹੁਣ ਲੱਗੇਗੀ ਦੌੜ..!
                                               ਚਰਨਜੀਤ ਭੁੱਲਰ     

ਚੰਡੀਗੜ੍ਹ : ਪੰਜਾਬ ਦੇ ਸਰਦੇ ਪੁੱਜਦੇ ਖਪਤਕਾਰਾਂ ’ਚ ਹੁਣ ਸਸਤੀ ਬਿਜਲੀ ਲੈਣ ਲਈ ਦੌੜ ਲੱਗੇਗੀ। ਪਾਵਰਕੌਮ ਨੂੰ ਵੀ ਖ਼ਦਸ਼ਾ ਬਣਿਆ ਹੈ ਕਿ ਸੂਬੇ ’ਚ ਵੱਧ ਲੋਡ ਵਾਲੇ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ ਹੁਣ ਘਟ ਸਕਦੀ ਹੈ। ਪੰਜਾਬ ਸਰਕਾਰ ਨੇ ਅੱਜ ਸੱਤ ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਦੇਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਵਿਚ ਸੱਤ ਕਿਲੋਵਾਟ ਤੋਂ ਵੱਧ ਲੋਡ ਵਾਲੇ 3.15 ਲੱਖ ਘਰੇਲੂ ਖਪਤਕਾਰ ਹਨ, ਜਿਨ੍ਹਾਂ ਚੋਂ 2.95 ਲੱਖ ਸ਼ਹਿਰੀ ਖੇਤਰ ਅਤੇ 20 ਹਜ਼ਾਰ ਪੇਂਡੂ ਖੇਤਰ ਦੇ ਖਪਤਕਾਰ ਹਨ।

            ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ ਕਰੀਬ 71 ਲੱਖ ਖਪਤਕਾਰ ਹਨ, ਜਿਨ੍ਹਾਂ ’ਚੋਂ 7 ਕਿਲੋਵਾਟ ਤੱਕ ਦੇ ਲੋਡ ਵਾਲੇ 67.92 ਲੱਖ ਖਪਤਕਾਰ ਹਨ। ਸੱਤ ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਨੂੰ ਤਾਂ ਸਸਤੀ ਬਿਜਲੀ ਮਿਲੇਗੀ ਪਰ ਜੋ ਬਾਕੀ ਸੱਤ ਕਿਲੋਵਾਟ ਤੋਂ ਵੱਧ ਲੋਡ ਵਾਲੇ 3.15 ਲੱਖ ਖਪਤਕਾਰ ਹਨ, ਉਹ ਵੀ ਹੁਣ ਆਪਣਾ ਬਿਜਲੀ ਲੋਡ ਘਟਾਉਣ ਲਈ ਹੱਥ ਪੈਰ ਮਾਰਨਗੇ ਤਾਂ ਜੋ ਸਸਤੀ ਬਿਜਲੀ ਦੇ ਦਾਇਰੇ ਵਿੱਚ ਆ ਸਕਣ। ਮਾਹਿਰ ਆਖਦੇ ਹਨ ਕਿ ਜਿਨ੍ਹਾਂ ਖਪਤਕਾਰਾਂ ਦਾ ਲੋਡ ਸੱਤ ਕਿਲੋਵਾਟ ਲੋਡ ਤੋਂ ਥੋੜ੍ਹਾ ਬਹੁਤਾ ਜ਼ਿਆਦਾ ਹੈ, ਉਹ ਜ਼ਰੂਰ ਹੁਣ ਪਾਵਰਕੌਮ ਦੇ ਦਫ਼ਤਰਾਂ ਵਿਚ ਲੋਡ ਘਟਾਉਣ ਲਈ ਦਰਖਾਸਤਾਂ ਦੇਣਗੇ।

             ਮਾਹਿਰ ਦੱਸਦੇ ਹਨ ਕਿ ਹੁਣ ਜਦੋਂ ਨਵੇਂ ਘਰੇਲੂ ਬਿਜਲੀ ਕੁਨੈਕਸ਼ਨ ਲੱਗਣਗੇ, ਉਨ੍ਹਾਂ ਖਪਤਕਾਰਾਂ ਦੀ ਕੋਸ਼ਿਸ਼ ਵੀ ਇਹੋ ਹੋਵੇਗੀ ਕਿ ਬਿਜਲੀ ਲੋਡ ਸੱਤ ਕਿਲੋਵਾਟ ਤੋਂ ਕਿਸੇ ਸੂਰਤ ’ਚ ਵਧੇ ਨਾ। ਜੇ ਵੱਡੇ ਖਪਤਕਾਰਾਂ ਨੇ ਬਿਜਲੀ ਲੋਡ ਘਟਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ’ਤੇ ਸਬਸਿਡੀ ਦਾ ਬੋਝ ਹੋਰ ਵਧੇਗਾ। ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੇ 2016 ਵਿੱਚ ਗ਼ਰੀਬ ਲੋਕਾਂ ਦੇ 200 ਯੂਨਿਟ ਮੁਆਫ਼ ਕੀਤੇ ਜਾਣ ਦੀ ਕਰੀਬ 137 ਕਰੋੜ ਦੀ ਰਾਸ਼ੀ ਪਾਵਰਕੌਮ ਨੂੰ ਹਾਲੇ ਤੱਕ ਨਹੀਂ ਉਤਾਰੀ ਹੈ। ਸਰਕਾਰ ਆਖ ਰਹੀ ਹੈ ਕਿ ਉਨ੍ਹਾਂ ਕੋਲ ਪੈਸਾ ਨਹੀਂ ਹੈ।

            ਬਿਜਲੀ ਸਸਤੀ ਦਿੱਤੇ ਜਾਣ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਸੋਲਰ ਊਰਜਾ ਨੂੰ ਵੀ ਬਰੇਕ ਲੱਗੇਗੀ। ਪੰਜਾਬ ਸਰਕਾਰ ਦੇ ਅੱਜ ਦੇ ਸਸਤੀ ਬਿਜਲੀ ਦੇ ਫ਼ੈਸਲੇ ਨਾਲ ਪੰਜਾਬ ਦੇ ਸੱਤ ਕਿਲੋਵਾਟ ਤੱਕ ਵਾਲੇ ਸ਼ਹਿਰੀ ਖੇਤਰ ਦੇ 41.28 ਲੱਖ ਘਰੇਲੂ ਖਪਤਕਾਰਾਂ ਨੂੰ ਫ਼ਾਇਦਾ ਮਿਲੇਗਾ ਜਦਕਿ ਪੇਂਡੂ ਖੇਤਰ ਦੇ 26.64 ਲੱਖ ਘਰੇਲੂ ਖਪਤਕਾਰਾਂ ਨੂੰ ਲਾਹਾ ਮਿਲੇਗਾ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੇਸ਼ੱਕ ਅੱਜ ਤੋਂ ਹੀ ਸਸਤੀ ਬਿਜਲੀ ਦੇਣ ਦਾ ਫ਼ੈਸਲਾ ਲਾਗੂ ਕੀਤਾ ਹੈ ਪਰ ਇਸ ਫ਼ੈਸਲੇ ਦਾ ਰੰਗ ਅਗਲੇ ਨਵੇਂ ਸਾਲ ਵਿਚ ਉੱਘੜੇਗਾ।

            ਪ੍ਰਾਪਤ ਵੇਰਵਿਆਂ ਅਨੁਸਾਰ ਨਵੰਬਰ ਅਤੇ ਦਸੰਬਰ ਮਹੀਨੇ ਦੇ ਜੋ ਪਾਵਰਕੌਮ ਤਰਫ਼ੋਂ ਬਿਜਲੀ ਬਿੱਲ ਤਿਆਰ ਕੀਤੇ ਜਾਣਗੇ, ਉਹ ਬਿਜਲੀ ਬਿੱਲ ਖਪਤਕਾਰਾਂ ਕੋਲ ਜਨਵਰੀ ’ਚ ਪੁੱਜਣਗੇ, ਜਿਨ੍ਹਾਂ ਤੋਂ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਹੌਲਾ ਹੋਣ ਦਾ ਅਹਿਸਾਸ ਹੋਵੇਗਾ। ਅਗਲੇ ਵਰ੍ਹੇ ਫਰਵਰੀ ਵਿੱਚ ਚੋਣਾਂ ਹਨ, ਜਿਸ ਕਰ ਕੇ ਚੋਣਾਂ ਤੋਂ ਪਹਿਲਾਂ ਘੱਟ ਦਰਾਂ ਵਾਲੇ ਬਿਜਲੀ ਬਿੱਲ ਖਪਤਕਾਰਾਂ ਨੂੰ ਮਿਲਣਗੇ। ਇਸ ਫ਼ੈਸਲੇ ਦਾ ਸਿਆਸੀ ਲਾਹਾ ਕਿੰਨਾ ਕੁ ਮਿਲਦਾ ਹੈ, ਇਹ ਭਵਿੱਖ ਦੀ ਕੁੱਖ ਵਿਚ ਹੈ ਪਰ ਸਰਕਾਰ ਨੇ ਅੱਜ ਪੈਂਤੜਾ ਲੈ ਲਿਆ ਹੈ। ਦੂਸਰੀ ਤਰਫ਼ ਪਾਵਰਕੌਮ ਨੂੰ ਡਰ ਹੈ ਕਿਉਂਕਿ ਸਰਕਾਰ ਨੇ ਕਦੇ ਵੀ ਸਮੇਂ ਸਿਰ ਸਬਸਿਡੀ ਜਾਰੀ ਨਹੀਂ ਕੀਤੀ ਹੈ। ਇਸੇ ਵੇਲੇ ਵੀ ਸਰਕਾਰ ਵੱਲ 3500 ਕਰੋੜ ਦੀ ਸਬਸਿਡੀ ਬਕਾਇਆ ਖੜ੍ਹੀ ਹੈ।

                                        ਫਿਕਸਡ ਚਾਰਜਿਜ਼ ’ਚ ਕੋਈ ਛੋਟ ਨਹੀਂ

ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ ਫਿਕਸਡ ਚਾਰਜਿਜ਼ ਵਿਚ ਕੋਈ ਛੋਟ ਨਹੀਂ ਦਿੱਤੀ ਹੈ। ਖਪਤਕਾਰਾਂ ਨੂੰ ਜਿੱਥੇ ਨਵੀਆਂ ਬਿਜਲੀ ਦਰਾਂ ਨਾਲ ਬਿੱਲ ਪ੍ਰਾਪਤ ਹੋਣਗੇ, ਉੱਥੇ ਖਪਤਕਾਰਾਂ ਨੂੰ ਫਿਕਸਡ ਚਾਰਜਿਜ਼ ਪਹਿਲਾਂ ਦੀ ਤਰ੍ਹਾਂ ਉਤਾਰਨੇ ਪੈਣਗੇ। ਪੰਜਾਬ ਵਿਚ ਇਸ ਵੇਲੇ ਫਿਕਸਡ ਚਾਰਜਿਜ਼ ਇੱਕ ਕਿਲੋਵਾਟ ਤੋਂ ਦੋ ਕਿਲੋਵਾਟ ਤੱਕ 35 ਰੁਪਏ ਪ੍ਰਤੀ ਕਿਲੋਵਾਟ ਅਤੇ ਦੋ ਤੋਂ ਸੱਤ ਕਿਲੋਵਾਟ ਤੱਕ ਪ੍ਰਤੀ ਕਿਲੋਵਾਟ 60 ਰੁਪਏ ਫਿਕਸਡ ਚਾਰਜਿਜ਼ ਹਨ। ਇਨ੍ਹਾਂ ਵਿਚ ਖਪਤਕਾਰਾਂ ਨੂੰ ਕੋਈ ਰਿਆਇਤ ਨਹੀਂ ਹੋਵੇਗੀ।

Monday, November 1, 2021

                                            ਚੂਹੜਚੱਕ ਤੱਕੇ ਰਾਹ
                            ਪੰਜਾਬੀ ਭਾਸ਼ਾ ਦਾ ‘ਨਾਇਕ’ ਗੁੰਮ ਹੋਇਆ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ : ਮਾਤ ਭਾਸ਼ਾ ਪੰਜਾਬੀ ਨੂੰ ਦਫ਼ਤਰੀ ਬੋਲੀ ਦਾ ਮਾਣ ਦਿਵਾਉਣ ਵਾਲਾ ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਦਾ ‘ਨਾਇਕ’ ਅੱਜ ਸਿਆਸੀ ਧੂੜ ’ਚ ਗੁਆਚਾ ਹੈ| ਜਦੋਂ ਪੰਜਾਬ ਦਿਵਸ ਆਉਂਦਾ ਹੈ ਤਾਂ ਪਿੰਡ ਚੂਹੜਚੱਕ ਨੂੰ ਫ਼ਖ਼ਰ ਹੁੰਦਾ ਹੈ ਪਰ ਪਿੰਡ ਉਦੋਂ ਉਦਾਸ ਹੋ ਜਾਂਦਾ ਹੈ ਜਦੋਂ ਸਰਕਾਰਾਂ ਹੱਥੋਂ ਮਾਂ ਬੋਲੀ ਦੀ ਬੇਕਦਰੀ ਵੇਖਦਾ ਹੈ| 53 ਵਰ੍ਹੇ ਪਹਿਲਾਂ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਮਾਂ ਬੋਲੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਲਈ ‘ਰਾਜ ਭਾਸ਼ਾ ਐਕਟ-1967’ ਬਣਾਇਆ ਸੀ| ਉਪਰੰਤ ਅੱਜ ਤੱਕ ਸਰਕਾਰਾਂ ਨੇ ਕੋਈ ਅਗਲਾ ਕਦਮ ਨਹੀਂ ਚੁੱਕਿਆ|

         ਮਰਹੂਮ ਲਛਮਣ ਗਿੱਲ ਦੇ ਉਪਰਾਲੇ ਦਾ ਮੁੱਲ ਕਿਸੇ ਵੀ ਸਰਕਾਰ ਨੇ ਨਹੀਂ ਪਾਇਆ| ਇਸ ਨਾਇਕ ਨੂੰ ਕਦੇ ‘ਪੰਜਾਬ ਦਿਵਸ’ ਮੌਕੇ ਵੀ ਯਾਦ ਨਹੀਂ ਕੀਤਾ ਗਿਆ| ਚੂਹੜਚੱਕ ਦੀ ਕਰੀਬ 8500 ਦੀ ਆਬਾਦੀ ਹੈ| ਪਿੰਡ ਦੀ ਸਰਪੰਚ ਚਰਨਜੀਤ ਕੌਰ ਆਖਦੀ ਹੈ ਕਿ ਪੰਜਾਬ ਦਿਵਸ ਮੌਕੇ ਸਰਕਾਰ ਨੇ ਕਦੇ ਪਿੰਡ ਵਿੱਚ ਸਮਾਗਮ ਨਹੀਂ ਕਰਵਾਇਆ ਅਤੇ ਨਾ ਹੀ ਮਰਹੂਮ ਗਿੱਲ ਦੇ ਯੋਗਦਾਨ ਬਦਲੇ ਕੋਈ ਸਨਮਾਨ ਦਿੱਤਾ| ਪਿੰਡ ਦੇ ਸਰਕਾਰੀ ਸਕੂਲ ਦੇ ਪੰਜਾਬੀ ਲੈਕਚਰਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦਿਵਸ ਦੇ ਮੌਕੇ ਆਪਣੇ ਪੱਧਰ ’ਤੇ ਹੀ ਸਕੂਲ ’ਚ ਸਮਾਗਮ ਕਰ ਲੈਂਦੇ ਹਨ|

          ਪਿੰਡ ’ਚ 'ਲਛਮਣ ਸਿੰਘ ਗਿੱਲ ਯਾਦਗਾਰੀ ਟਰੱਸਟ' ਵੀ ਬਣਿਆ ਹੋਇਆ ਹੈ ਅਤੇ ਕੁਝ ਵਰ੍ਹੇ ਪਹਿਲਾਂ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਰਹੂਮ ਗਿੱਲ ਦਾ ਪਿੰਡ ਦੀ ਸਾਂਝੀ ਥਾਂ 'ਚ ਬੁੱਤ ਲਾਇਆ ਗਿਆ ਹੈ| ਸਾਬਕਾ ਸਰਪੰਚ ਨਛੱਤਰ ਸਿੰਘ ਆਖਦੇ ਹਨ ਕਿ ਕਿਸੇ ਸਰਕਾਰ ਨੇ ਪਿੰਡ ਦੀ ਬਾਂਹ ਨਹੀਂ ਫੜੀ| ਪਿੰਡ ਦੇ ਕੁਝ ਲੋਕਾਂ ਨੇ ਸਰਕਾਰ ਤਰਫ਼ੋਂ ਪਿੰਡ ਵਿੱਚ ਲੜਕੀਆਂ ਦੀ ਬਣੀ ਆਈਟੀਆਈ ਦਾ ਜ਼ਿਕਰ ਕੀਤਾ|ਚੂਹੜਚੱਕ ਗ਼ਦਰੀ ਬਾਬਿਆਂ ਦਾ ਪਿੰਡ ਹੋਣ ਦਾ ਮਾਣ ਰੱਖਦਾ ਹੈ ਅਤੇ ਪਿੰਡ ਦੇ ਕਾਫ਼ੀ ਲੋਕ ਵਿਦੇਸ਼ਾਂ ਵਿਚ ਹਨ| ਖੇਡਾਂ ਵਿੱਚ ਵੀ ਪਿੰਡ ਦਾ ਨਾਮ ਹੈ| 

          ਸਾਬਕਾ ਚੇਅਰਮੈਨ ਰਣਧੀਰ ਸਿੰਘ ਦਾ ਕਹਿਣਾ ਸੀ ਕਿ ਲਛਮਣ ਸਿੰਘ ਗਿੱਲ ਨੇ ਜਿੱਥੇ ‘ਰਾਜ ਭਾਸ਼ਾ ਐਕਟ’ ਬਣਾਇਆ, ਉੱਥੇ ਗਿੱਲ ਨੂੰ ਲਿੰਕ ਸੜਕਾਂ ਦੇ ਜਨਮਦਾਤੇ ਵਜੋਂ ਵੀ ਜਾਣਿਆ ਜਾਂਦਾ ਹੈ|ਲੋਕਾਂ ਦੀ ਮੰਗ ਹੈ ਕਿ ਸਰਕਾਰਾਂ ਘੱਟੋ ਘੱਟ ਪੰਜਾਬ ਦਿਵਸ ਦੇ ਮੌਕੇ ‘ਤੇ ਪਿੰਡ ‘ਚ ਗੇੜਾ ਮਾਰ ਲੈਣ ਅਤੇ ਲਛਮਣ ਸਿੰਘ ਗਿੱਲ ਦੀ ਤਸਵੀਰ ਭਾਸ਼ਾ ਵਿਭਾਗ ਦੇ ਵਿਹੜੇ ਵਿਚ ਲਾਈ ਜਾਣੀ ਚਾਹੀਦੀ ਹੈ| ਬਜ਼ੁਰਗਾਂ ਨੇ ਦੱਸਿਆ ਕਿ ਗਠਜੋੜ ਸਰਕਾਰ ਨੇ ਤਾਂ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਪਹਿਲੀ ਜਮਾਤ ਤੋਂ ਲਾਗੂ ਕਰਨ ਦਾ ਆਗਾਜ਼ ਹੀ ਉਨ੍ਹਾਂ ਦੇ ਪਿੰਡ ਤੋਂ ਕੀਤਾ ਸੀ ਅਤੇ ਇਹ ਕਦਮ ਪੰਜਾਬੀ ਪ੍ਰੇਮੀ ਗਿੱਲ ਦੀ ਰੂਹ ਨੂੰ ਚਿੜਾਉਣ ਵਾਲਾ ਸੀ|

                                               ਸਮਾਂ ਥੋੜ੍ਹਾ, ਕੰਮ ਵੱਡੇ...

ਲਛਮਣ ਸਿੰਘ ਗਿੱਲ 25 ਨਵੰਬਰ 1967 ਤੋਂ 22 ਅਗਸਤ 1968 ਤੱਕ ਮੁੱਖ ਮੰਤਰੀ ਰਹੇ| 9 ਮਹੀਨੇ ਦੇ ਛੋਟੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਨੇ 19 ਦਸੰਬਰ 1967 ‘ਰਾਜ ਭਾਸ਼ਾ ਬਿੱਲ’ ਪਾਸ ਕਰਾਇਆ| 13 ਅਪਰੈਲ 1968 ਤੋਂ ਮਾਂ ਬੋਲੀ ਨੂੰ ਦਫ਼ਤਰੀ ਭਾਸ਼ਾ ਬਣਾਇਆ। ਲਿੰਕ ਸੜਕਾਂ ਦਾ ਜਾਲ ਵਿਛਾਉਣ, ਬਿਜਲੀ ਦੇ ਫਲੈਟ ਰੇਟ, ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੂੰ 95 ਫ਼ੀਸਦੀ ਗਰਾਂਟ ਅਤੇ ਪੇਂਡੂ ਵਿਕਾਸ ਨੂੰ ਵੀ ਨਵਾਂ ਰਾਹ ਲਛਮਣ ਸਿੰਘ ਗਿੱਲ ਨੇ ਦਿਖਾਇਆ।

                               ਚੂਹੜਚੱਕ ’ਚ ਸਮਾਗਮ ਕਰਾਂਗੇ: ਕ੍ਰਿਸ਼ਨ ਕੁਮਾਰ

ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਸੀ ਕਿ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਹ ਵਜੋਂ ਮਨਾਇਆ ਜਾ ਰਿਹਾ ਹੈ। ਪੰਜਾਬੀ ਪ੍ਰਤੀ ਯੋਗਦਾਨ ਪਾਉਣ ਵਾਲੇ ਹਰ ਨਾਇਕ ਨੂੰ ਸਤਿਕਾਰ ਦਿੱਤਾ ਜਾਵੇਗਾ ਅਤੇ ਪਿੰਡ ਚੂਹੜਚੱਕ ’ਚ ਵੀ ਇਸ ਮਹੀਨੇ ਦੌਰਾਨ ਜ਼ਰੂਰ ਇੱਕ ਸਮਾਗਮ ਕੀਤਾ ਜਾਵੇਗਾ।