Showing posts with label Agitation. Show all posts
Showing posts with label Agitation. Show all posts

Wednesday, October 12, 2022

                                                      ਸਾਡਾ ਅੰਕੜਾ ਬੋਲਦੈ..
                                      ਨਾ ਧਰਨੇ ਰੁਕੇ ਤੇ ਨਾ ਹੀ ਜਾਮ ਖੁੱਲ੍ਹੇ !
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ‘ਆਪ’ ਸਰਕਾਰ ਪੰਜਾਬ ’ਚ ਸੰਘਰਸ਼ੀ ਗੂੰਜ ਨੂੰ ਠੱਲ੍ਹ ਨਹੀਂ ਪਾ ਸਕੀ। ਪੰਜਾਬ ਵਿੱਚ ਨਾ ਧਰਨੇ ਮੁਜ਼ਾਹਰੇ ਰੁਕੇ ਹਨ, ਨਾ ਹੀ ਸੜਕੀ ਜਾਮ ਖੁੱਲ੍ਹੇ ਹਨ। ਪਹਿਲੇ ਪੰਜ ਮਹੀਨਿਆਂ ਦਾ ਅੰਕੜਾ ਦੇਖੀਏ ਤਾਂ ਪੰਜਾਬ ਵਿੱਚ ਰੋਜ਼ਾਨਾ ਔਸਤਨ ਦੋ ਸੜਕਾਂ ’ਤੇ ਚੱਕਾ ਜਾਮ ਹੋ ਰਿਹਾ ਹੈ। ਪਹਿਲੀ ਮਈ ਤੋਂ 30 ਸਤੰਬਰ ਦੌਰਾਨ ਪੰਜਾਬ ਵਿੱਚ 309 ਵਾਰ ਸੜਕ ਆਵਾਜਾਈ ਰੋਕੀ ਗਈ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਕਿਸਾਨਾਂ ਵੱਲੋਂ ਲਾਏ ਧਰਨਿਆਂ ਦੀ ਹੈ। ਇਸ ਸਮੇਂ ਦੌਰਾਨ ਕਿਸਾਨਾਂ ਨੇ 137 ਵਾਰ ਸੜਕਾਂ ਜਾਮ ਕੀਤੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵਾਅਦੇ ਤੇ ਦਾਅਵਾ ਕੀਤਾ ਗਿਆ ਕਿ ‘ਆਪ’ ਸਰਕਾਰ ਬਣਨ ’ਤੇ ਪੰਜਾਬ ਵਿੱਚ ਨਾ ਧਰਨੇ ਲੱਗਣਗੇ, ਨਾ ਲਾਠੀਚਾਰਜ ਹੋਵੇਗਾ ਅਤੇ ਨਾ ਹੀ ਪਾਣੀ ਦੀਆਂ ਬੁਛਾੜਾਂ ਪੈਣਗੀਆਂ। ਵੇਰਵਿਆਂ ਅਨੁਸਾਰ ਨਵੀਂ ਸਰਕਾਰ ਲਈ ਸਿਰਫ਼ ਅਪਰੈਲ ਮਹੀਨਾ ਹੀ ਸੰਘਰਸ਼ੀ ਸੁਰਾਂ ਪੱਖੋਂ ਠੰਢਾ ਰਿਹਾ ਹੈ। ਮਈ ਮਹੀਨੇ ਦੌਰਾਨ ਸੂਬੇ ਵਿੱਚ 53 ਵਾਰੀ ਸੜਕਾਂ ’ਤੇ ਸੰਘਰਸ਼ੀ ਲੋਕ ਬੈਠੇ ਅਤੇ ਚੱਕਾ ਜਾਮ ਹੋਇਆ। ਜੂਨ ਮਹੀਨੇ ਵਿੱਚ ਇਹ ਗਿਣਤੀ 47 ਰਹੀ। ਇਸੇ ਤਰ੍ਹਾਂ ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ 78 ਵਾਰ ਸੜਕਾਂ ’ਤੇ ਆਵਾਜਾਈ ਰੋਕੀ ਗਈ, ਜਦਕਿ ਅਗਸਤ ਮਹੀਨੇ ਵਿੱਚ 74 ਵਾਰ ਇਹ ਧਰਨੇ ਲੱਗੇ। 

           ਬੀਤੇ ਮਹੀਨੇ ਸਤੰਬਰ ਦੀ ਗੱਲ ਕਰੀਏ ਤਾਂ 57 ਵਾਰ ਸੰਘਰਸ਼ੀਆਂ ਨੇ ਸੜਕਾਂ ਜਾਮ ਕੀਤੀਆਂ ਹਨ। ਕਿਸਾਨ ਯੂਨੀਅਨਾਂ ਨੇ ਮਈ ਮਹੀਨੇ ਵਿਚ 13 ਵਾਰੀ ਸੜਕਾਂ ਰੋਕੀਆਂ ਅਤੇ ਜੂਨ ਮਹੀਨੇ ਵਿਚ ਇਹ ਅੰਕੜਾ 22 ਵਾਰੀ ਸੜਕਾਂ ਜਾਮ ਕਰਨ ’ਤੇ ਪੁੱਜ ਗਿਆ। ਉਸ ਮਗਰੋਂ ਜੁਲਾਈ ਮਹੀਨੇ ਵਿਚ ਕਿਸਾਨ ਯੂਨੀਅਨਾਂ ਨੇ 36 ਵਾਰੀ ਅਤੇ ਅਗਸਤ ਮਹੀਨੇ ਵਿਚ 34 ਵਾਰੀ ਸੜਕਾਂ ਜਾਮ ਕੀਤੀਆਂ। ਲੰਘੇ ਸਤੰਬਰ ਮਹੀਨੇ ’ਚ 32 ਵਾਰੀ ਸੜਕਾਂ ਰੋਕੀਆਂ ਗਈਆਂ। ਇਨ੍ਹਾਂ ਧਰਨਿਆਂ ਵਿੱਚ ਸਭ ਤੋਂ ਵੱਧ ਗਿਣਤੀ ਕਿਸਾਨ ਯੂਨੀਅਨਾਂ ਦੇ ਲਾਏ ਧਰਨਿਆਂ ਦੀ ਰਹੀ। ਦੂਸਰੇ ਨੰਬਰ ’ਤੇ ਬੇਰੁਜ਼ਗਾਰ ਤੇ ਬਾਕੀ ਸੰਘਰਸ਼ੀ ਧਿਰਾਂ ਹਨ ਜਿਨ੍ਹਾਂ ਪੰਜ ਮਹੀਨਿਆਂ ਦੌਰਾਨ 107 ਵਾਰ ਸੜਕ ਆਵਾਜਾਈ ਰੋਕੀ। ਪੰਜਾਬ ਵਿੱਚ ਮੁਲਾਜ਼ਮ ਯੂਨੀਅਨਾਂ ਨੇ ਇਸ ਸਮੇਂ ਦੌਰਾਨ 36 ਵਾਰ ਸੜਕਾਂ ਜਾਮ ਕੀਤੀਆਂ। ਯਾਦ ਰਹੇ ਕਿ ਇਹ ਅੰਕੜਾ ਸਿਰਫ਼ ਸੜਕਾਂ ’ਤੇ ਆਵਾਜਾਈ ਰੋਕਣ ਦਾ ਹੈ, ਜਦਕਿ ਧਰਨਿਆਂ ਤੇ ਮੁਜ਼ਾਹਰਿਆਂ ਦੇ ਵੇਰਵੇ ਵੱਖਰੇ ਹਨ। ਟੈਂਕੀਆਂ ’ਤੇ ਚੜ੍ਹਨ ਵਾਲਿਆਂ ਦੀ ਗਿਣਤੀ ਵੀ ਇਨ੍ਹਾਂ ਤੋਂ ਵੱਖਰੀ ਹੈ। 

          ਜ਼ਿਲ੍ਹਾ ਸੰਗਰੂਰ ਇਸ ਮਾਮਲੇ ’ਚ ਪਹਿਲੇ ਨੰਬਰ ’ਤੇ ਹੈ, ਜਿੱਥੇ ਹੁਣ ਵੀ ਕਿਸਾਨਾਂ ਨੇ ‘ਪੱਕਾ ਮੋਰਚਾ’ ਲਾਇਆ ਹੋਇਆ ਹੈ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਆਖਦੇ ਹਨ ਕਿ ਗੰਨਾ ਕਾਸ਼ਤਕਾਰਾਂ ਨੂੰ ਆਪਣੇ ਬਕਾਏ ਲੈਣ ਲਈ ਕਾਫ਼ੀ ਸਮਾਂ ਸੜਕਾਂ ’ਤੇ ਬੈਠਣਾ ਪਿਆ ਹੈ। ਪੰਜਾਬ ਵਿਚ ਇਸ ਵੇਲੇ ਜ਼ੀਰਾ ਸ਼ਰਾਬ ਫ਼ੈਕਟਰੀ ਖ਼ਿਲਾਫ਼ ਜੁਲਾਈ ਮਹੀਨੇ ਤੋਂ ਪੱਕਾ ਮੋਰਚਾ ਚੱਲ ਰਿਹਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਨਹਿਰੀ ਪਾਣੀ ਦੇ ਮਾਮਲੇ ’ਤੇ ਡੇਢ ਮਹੀਨੇ ਤੋਂ ਕਿਸਾਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਬੀਕੇਯੂ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਲੋਕਾਂ ਨੂੰ ‘ਆਪ’ ਤੋਂ ਆਸ ਬੱਝੀ ਸੀ, ਪਰ ਜਦੋਂ ਦਾਅਵੇ ਹਕੀਕਤ ਨਾ ਬਣੇ ਤਾਂ ਲੋਕਾਂ ਦੇ ਗੁੱਸੇ ਦਾ ਵੀ ਬੰਨ੍ਹ ਟੁੱਟ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਵੀ ਨਹੀਂ ਰੁਕੀਆਂ ਹਨ ਤੇ ਮੁਜ਼ਾਹਰੇ ਹੋਣ ਦਾ ਮਤਲਬ ਹੈ ਕਿ ਸਰਕਾਰ ਲੋਕਾਂ ਦੀ ਬਾਂਹ ਨਹੀਂ ਫੜ ਰਹੀ।

                                   ਪੱਕਾ ਮੋਰਚਾ ਸਿਰਫ਼ ਜ਼ਿੱਦ ਕਰਕੇ: ਕੰਗ

‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੇ ਥੋੜ੍ਹੇ ਸਮੇਂ ’ਚ ਹੀ ਪੱਕੇ ਮੋਰਚਿਆਂ ’ਚ ਕਮੀ ਲਿਆਂਦੀ ਹੈ ਤੇ ਸੰਵਾਦ ਰਚਾ ਕੇ ਸਭਨਾਂ ਧਿਰਾਂ ਦੇ ਮਸਲੇ ਹੱਲ  ਕੀਤੇ ਹਨ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ ਬਕਾਏ ਜਾਰੀ ਕੀਤੇ ਗਏ ਹਨ ਅਤੇ ਬਾਕੀ ਕਿਸਾਨ ਧਿਰਾਂ ਨੂੰ ਮੁੱਖ ਮੰਤਰੀ ਵਾਰ ਵਾਰ ਬੁਲਾ ਕੇ ਮਸਲੇ ਹੱਲ ਕਰਨ ਵਿੱਚ ਜੁਟੇ ਹੋਏ ਹਨ। ਕੁੱਝ ਮੁਜ਼ਾਹਰੇ ਸਿਆਸੀ ਧਿਰਾਂ ਵੱਲੋਂ ਪ੍ਰੇਰਿਤ ਹਨ। ਕੰਗ ਨੇ ਕਿਹਾ ਕਿ ਸੰਗਰੂਰ ’ਚ ਕਿਸਾਨਾਂ ਦਾ ਪੱਕਾ ਮੋਰਚਾ ਸਿਰਫ਼ ਜ਼ਿੱਦ ਵਾਲੀ ਗੱਲ ਹੈ ਜਦਕਿ ਸਰਕਾਰ ਨੇ ਸਭ ਮੰਗਾਂ ਮੰਨ ਲਈਆਂ ਹਨ। 




Thursday, November 4, 2021

                                               ਹਨੇਰ ਸਾਈਂ ਦਾ
                          ਤੁਸਾਂ ਦੀਪ ਬੁਝਾਏ ,ਅਸੀਂ ਮਸ਼ਾਲਾਂ ਬਾਲਾਂਗੇ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ :  ਜਿਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ, ਉਨ੍ਹਾਂ ਘਰਾਂ ’ਚ ਹੁਣ ਰੋਹ ਦੀ ਮਸ਼ਾਲ ਬਲਣ ਲੱਗੀ ਹੈ| ਵਰ੍ਹੇ ਤੋਂ ਚੱਲ ਰਹੇ ਕਿਸਾਨ ਘੋਲ ’ਚ ਸ਼ਹਾਦਤਾਂ ਦੇਣ ਵਾਲੇ ਘਰਾਂ ’ਚ ਐਤਕੀਂ ਦੀਵਾਲੀ ’ਤੇੇ ਦੀਪ ਨਹੀਂ ਬਲਣਗੇ| ਹਕੂਮਤ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਦੀ ਹਿੱਕ ’ਤੇ ਜੋ ਦੀਵਾ ਬਾਲਿਆ ਹੈ, ਉਨ੍ਹਾਂ ਖ਼ਿਲਾਫ਼ ਕਿਸਾਨਾਂ ਨੇ ਹੱਥਾਂ ਵਿਚ ਸੰਘਰਸ਼ੀ ਮਸ਼ਾਲ ਚੁੱਕ ਹੇਕ ਲਾਈ ਹੈ| ਜਦੋਂ ਤੱਕ ਸੱਤਾ ਦਾ ਹਨੇਰ ਦੂਰ ਨਹੀਂ ਹੁੰਦਾ, ਉਨ੍ਹਾਂ ਦੇ ਮੁੱਕੇ ਢਿੱਲੇ ਨਹੀਂ ਪੈਣਗੇ, ਨਾਅਰਿਆਂ ਦਾ ਜੋਸ਼ ਸੁੱਤਿਆਂ ਨੂੰ ਜਗਾਏਗਾ, ਹਨੇਰਾ ਦੂਰ ਕਰ ਕੇ ਹੀ ਦਿੱਲੀਓਂ ਘਰਾਂ ਨੂੰ ਪਰਤਾਂਗੇ|ਜ਼ਿਲ੍ਹਾ ਮਾਨਸਾ ਦੇ ਖੀਵਾ ਦਿਆਲੂਵਾਲਾ ਦੀ ਅਮਰਜੀਤ ਕੌਰ ਕਿਸਾਨ ਘੋਲ ’ਚ ਜਾਨ ਗੁਆ ਬੈਠੀ ਹੈ| ਪਰਿਵਾਰ ਆਖਦਾ ਹੈ ਕਿ ‘ਕਿਸੇ ਨੇ ਦੇਸ਼ ਭਗਤੀ ਪਰਖਣੀ ਹੈ ਤਾਂ ਸਾਡੇ ਘਰ ਆਓ’| ਦਿੱਲੀ ਵਿਚ ਟਿੱਪਰ ਦੇ ਦਰੜੇ ਜਾਣ ਕਰ ਕੇ ਅਮਰਜੀਤ ਕੌਰ ਅਤੇ ਇਸ ਪਿੰਡ ਦੀਆਂ ਦੋ ਔਰਤਾਂ ਦੀ ਜਾਨ ਚਲੀ ਗਈ| ਅਮਰਜੀਤ ਕੌਰ ਦਾ ਪਤੀ ਹਰਜੀਤ ਸਿੰਘ 26 ਸਾਲ ਪਹਿਲਾਂ ਖੇਤਾਂ ਵਿਚ ਸੱਪ ਦੇ ਡੱਸਣ ਕਾਰਨ ਮੌਤ ਦੇ ਮੂੰਹ ਜਾ ਪਿਆ| 

              ਅਮਰਜੀਤ ਕੌਰ ਦਾ ਲੜਕਾ ਫ਼ੌਜ ’ਚ ਤਾਇਨਾਤ ਹੈ ਜਦੋਂਕਿ ਉਸ ਦਾ ਦਿਓਰ ਫ਼ੌਜੀ ਗੁਰਚਰਨ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ| ਅਮਰਜੀਤ ਕੌਰ ਦੀ ਲੜਕੀ ਲਖਵਿੰਦਰ ਕੌਰ ਆਖਦੀ ਹੈ ਕਿ ‘ਸਾਡੇ ਪਰਿਵਾਰ ਨੇ ‘ਜੈ ਕਿਸਾਨ ਜੈ ਜਵਾਨ’ ਦੇ ਨਾਅਰੇ ’ਤੇ ਪਹਿਰਾ ਦਿੱਤਾ, ਤਿੰਨ ਜੀਅ ਗੁਆ ਲਏ, ਹੁਣ ਕਿਵੇਂ ਦੀਵਾਲੀ ਦੇ ਦੀਵੇ ਬਾਲੀਏ|’ ਮੋਗਾ ਦੇ ਪਿੰਡ ਰੌਲੀ ਦਾ ਕਿਸਾਨ ਦਰਸ਼ਨ ਸਿੰਘ ਕਿਸਾਨ ਘੋਲ ਦੇ ਆਪਣੀ ਜਾਨ ਲੇਖੇ ਲਾ ਗਿਆ| ਲੜਕਾ ਕਰਮਜੀਤ ਸਿੰਘ ਆਖਦਾ ਹੈ ਕਿ ਕੋਈ ਦੀਵਾਲੀ ਵੀ ਸੁੱਖ ਦਾ ਸੁਨੇਹਾ ਨਹੀਂ ਬਣੀ ਹੈ| ਸੰਗਰੂਰ ਦੇ ਪਿੰਡ ਗੰਢੂਆਂ ਦਾ ਕਿਸਾਨ ਜਾਗਰ ਸਿੰਘ ਪਹਿਲਾਂ ਮੌਤ ਦੇ ਮੂੰਹ ਜਾ ਪਿਆ ਅਤੇ ਸੰਘਰਸ਼ ਦੌਰਾਨ ਉਸ ਦੀ ਪਤਨੀ ਮਹਿੰਦਰ ਕੌਰ ਵੀ ਸ਼ਹਾਦਤ ਦੇ ਗਈ| ਲੜਕਾ ਅਜੈਬ ਸਿੰਘ ਆਖਦਾ ਹੈ ਕਿ ‘ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ’ਚ ਤਾਂ ਇਸ ਵਾਰ ਦੀਵਾਲੀ ’ਤੇ ਦੁੱਖਾਂ ਦੀ ਦੀਵੇ ਹੀ ਬਲਣਗੇ| 

              ਪਿੰਡ ਜੇਠੂਕੇ ਦੇ ਦੋ ਕਿਸਾਨ ਇਸ ਹਫ਼ਤੇ ਕਿਸਾਨ ਸੰਘਰਸ਼ ਦੇ ਲੇਖੇ ਲੱਗ ਗਏ, ਉਨ੍ਹਾਂ ਦੇ ਸਿਵੇ ਵੀ ਹਾਲੇ ਠੰਢੇ ਨਹੀਂ ਹੋਏ, ਪਰਿਵਾਰਾਂ ਦਾ ਰੋਹ ਹੀ ਦੀਵਾਲੀ ’ਤੇ ਬਲੇਗਾ| ਰਹਿੰਦੀ ਕਸਰ ਐਤਕੀਂ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਨੇ ਕੱਢ ਦਿੱਤੀ| ਕਰੀਬ 10 ਕਿਸਾਨ ਤਬਾਹ ਫ਼ਸਲ ਨੂੰ ਦੇਖ ਕੇ ਖ਼ੁਦਕੁਸ਼ੀ ਕਰ ਗਏ| ਮਾਨਸਾ ਦੇ ਪਿੰਡ ਘੁਦੂਵਾਲਾ ਵਿਚ ਅਣਹੋਣੀ ਵਾਪਰੀ ਜਿਸ ਕਰ ਕੇ ਪੂਰੇ ਪਿੰਡ ਲਈ ਐਤਕੀਂ ਦੀਵਾਲੀ ਸੁੰਨੀ ਰਹੇਗੀ| ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕਰ ਦਿੱਤੀ ਤਾਂ ਕਿਸਾਨ ਦਰਸ਼ਨ ਸਿੰਘ ਖ਼ੁਦਕੁਸ਼ੀ ਕਰ ਗਿਆ| ਜਦੋਂ ਕੁਝ ਅਰਸਾ ਪਹਿਲਾਂ ਅਮਰੀਕਨ ਸੁੰਡੀ ਨੇ ਉਨ੍ਹਾਂ ਦੀ ਫ਼ਸਲ ਬਰਬਾਦ ਕਰ ਦਿੱਤੀ ਸੀ ਤਾਂ ਉਦੋਂ ਦਰਸ਼ਨ ਸਿੰਘ ਦਾ ਭਰਾ ਸੁਖਪਾਲ ਸਿੰਘ ਖ਼ੁਦਕੁਸ਼ੀ ਕਰ ਗਿਆ ਸੀ| ਬਾਪ ਆਖਦਾ ਹੈ ਕਿ ਸੁੰਡੀਆਂ ਨੇ ਹੀ ਘਰ ਦਾ ਦੀਵਾ ਬੁਝਾ ਦਿੱਤਾ ਹੈ, ਉਹ ਦੀਵਾਲੀ ਕਿਵੇਂ ਮਨਾਉਣ| ਏਦਾਂ ਦੀ ਕਹਾਣੀ ਬਹੁਤੇ ਘਰਾਂ ਦੀ ਹੈ|

             ਲਖੀਮਪੁਰ ਖੀਰੀ (ਯੂਪੀ) ’ਚ ਜਿਨ੍ਹਾਂ ਚਾਰ ਕਿਸਾਨਾਂ ਨੂੰ ਹਕੂਮਤੀ ਜੀਪ ਨੇ ਦਰੜਿਆ, ਉਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ‘ਏਸ ਘੋਲ ਦੀ ਤਾਸੀਰ ਏਨੀ ਠੰਢੀ ਨਹੀਂ ਕਿ ਚੁੱਪ ਬੈਠ ਜਾਵਾਂਗੇ|’ ਲਖੀਮਪੁਰ ਦੇ ਪਿੰਡ ਮੋਹਰਨੀਆਂ ਦਾ ਜਵਾਨ ਪੁੱਤ ਗੁਰਵਿੰਦਰ ਸਿੰਘ ਵੀ ਲਖੀਮਪੁਰ ਕਾਂਡ ਵਿਚ ਜਾਨ ਤੋਂ ਹੱਥ ਧੋ ਬੈਠਾ| ਬਾਪ ਸੁਖਵਿੰਦਰ ਸਿੰਘ ਆਖਦਾ ਹੈ ਕਿ ਸ਼ਹਾਦਤਾਂ ਨੂੰ ਅਜਾਈਂ ਨਹੀਂ ਜਾਣ ਦਿਆਂਗੇ, ਜਿਨ੍ਹਾਂ ਨੇ ਘਰਾਂ ਦੇ ਦੀਪ ਬੁਝਾ ਦਿੱਤੇ, ਉਨ੍ਹਾਂ ਖ਼ਿਲਾਫ਼ ਮਸ਼ਾਲ ਚੁੱਕ ਤੁਰਾਂਗੇ| ਪਿੰਡ ਵਣਜਾਹਨ ਦਾ ਦਲਜੀਤ ਸਿੰਘ ਵੀ ਜੀਪ ਕਾਂਡ ’ਚ ਸ਼ਹਾਦਤ ਦੇ ਗਿਆ| ਭਰਾ ਜਗਜੀਤ ਸਿੰਘ ਆਖਦਾ ਹੈ ਕਿ ਕਿਵੇਂ ਬਨੇਰਿਆਂ ’ਤੇ ਦੀਵੇ ਰੱਖੀਏ| ਉਨ੍ਹਾਂ ਕਿਹਾ ਕਿ ਹਕੂਮਤੀ ਸਾਈਂ ਦੇ ਹਨੇਰ ਨੂੰ ਦੂਰ ਕਰ ਕੇ ਦਮ ਲਵਾਂਗੇ| ਕਿਸਾਨ ਘੋਲ ਵਿਚ ਬੈਠੇ ਕਿਸਾਨਾਂ ਦਾ ਪ੍ਰਣ ਹੈ ਕਿ ਉਹ ਦਿੱਲੀ ਦੀ ਸਰਹੱਦ ’ਤੇ ਹੀ ਦੀਵਾਲੀ ਮਨਾਉਣਗੇ| ਕਿਸਾਨ ਪਰਿਵਾਰਾਂ ਨੂੰ ਖੇਤੀ ਕਾਨੂੰਨਾਂ ਦਾ ਵੱਡਾ ਝੋਰਾ ਜ਼ਰੂਰ ਹੈ ਪਰ ਉਨ੍ਹਾਂ ਦੇ ਹੌਸਲੇ ਹਾਲੇ ਵੀ ਲਟ ਲਟ ਬਲ ਰਹੇ ਹਨ|

Wednesday, March 24, 2021

                                                        ਕਿਸਾਨ ਸੰਘਰਸ਼
                                500 ਕਰੋੜ ਦਾ ਟੌਲ ਤਾਰਨੋਂ ਬਚੇ ਪੰਜਾਬੀ
                                                         ਚਰਨਜੀਤ ਭੁੱਲਰ       

ਚੰਡੀਗੜ੍ਹ : ਕਿਸਾਨ ਅੰਦੋਲਨ ਕਾਰਨ ਟੌਲ ਪਲਾਜ਼ੇ ਬੰਦ ਹੋਣ ਸਦਕਾ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਕਰੀਬ 813 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਕਿਸਾਨ ਘੋਲ ਦੌਰਾਨ ਆਮ ਲੋਕਾਂ ਦੀ ਜੇਬ ’ਤੇ ਟੌਲ ਟੈਕਸ ਦਾ ਬੋਝ ਪੈਣ ਤੋਂ ਬਚ ਗਿਆ ਹੈ। ਉਂਝ ਕੇਂਦਰ ਸਰਕਾਰ ਦੀ ਵਿੱਤੀ ਘੇਰਾਬੰਦੀ ਕਾਰਨ ਖ਼ਜ਼ਾਨੇ ਨੂੰ ਰਗੜਾ ਲੱਗਿਆ ਹੈ।ਚੇਤੇ ਰਹੇ ਕਿ ਕਿਸਾਨ ਧਿਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਟੌਲ ਪਲਾਜ਼ੇ ਮੁਕਤ ਕੀਤੇ ਹੋਏ ਹਨ। ਕੌਮੀ ਮਾਰਗਾਂ ’ਤੇ ਪੈਂਦੇ ਟੌਲ ਪਲਾਜ਼ੇ ਹੁਣ ਟੌਲ ਫਰੀ ਹੋਏ ਹਨ। ਕੌਮੀ ਸੜਕ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਿਸਾਨ ਘੋਲ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਟੌਲ ਪਲਾਜ਼ੇ ਬੰਦ ਹੋਣ ਕਰਕੇ ਕੇਂਦਰ ਨੂੰ 814.40 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਤਿੰਨ ਦਰਜਨ ਟੌਲ ਪਲਾਜ਼ੇ ਕਿਸੇ ਵੀ ਤਰ੍ਹਾਂ ਦੇ ਟੌਲ ਟੈਕਸ ਤੋਂ ਮੁਕਤ ਕੀਤੇ ਹੋਏ ਹਨ। ਪੰਜਾਬ ਵਿੱਚ ਕੌਮੀ ਸੜਕਾਂ ’ਤੇ ਪੈਂਦੇ 17 ਟੌਲ ਪਲਾਜ਼ੇ ਕਿਸਾਨ ਧਿਰਾਂ ਵੱਲੋਂ ਮੁਕਤ ਕੀਤੇ ਹੋਏ ਹਨ, ਜਿਸ ਨਾਲ ਹੁਣ ਤਕ ਪੰਜਾਬ ਦੇ ਆਮ ਲੋਕਾਂ ਨੂੰ 487 ਕਰੋੜ ਦੀ ਰਾਹਤ ਮਿਲੀ ਹੈ। ਇਸ ਤੋਂ ਬਿਨਾਂ ਪੰਜਾਬ ਸਰਕਾਰ ਦੇ 15 ਟੌਲ ਪਲਾਜ਼ੇ ਵੱਖਰੇ ਹਨ।

            16 ਮਾਰਚ, 2021 ਤਕ ਦੇ ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਵਿੱਚ 167 ਦਿਨਾਂ ਤੋਂ ਟੌਲ ਪਲਾਜ਼ੇ ਬੰਦ ਹਨ, ਜਿਸ ਦਾ ਭਾਵ ਹੈ ਕਿ ਪ੍ਰਤੀ ਦਿਨ ਔਸਤਨ 2.91 ਕਰੋੜ ਦੇ ਟੌਲ ਟੈਕਸ ਦਾ ਬੋਝ ਲੋਕਾਂ ’ਤੇ ਪੈਣੋਂ ਬਚ ਗਿਆ ਹੈ। ਪੰਜਾਬ ਵਿੱਚ ਪ੍ਰਤੀ ਮਹੀਨਾ ਔਸਤਨ 90 ਕਰੋੜ ਰੁਪਏ, ਟੌਲ ਟੈਕਸ ਵਜੋਂ ਲੋਕਾਂ ਦੀ ਜੇਬ ਵਿੱਚੋਂ ਨਿਕਲਣ ਤੋਂ ਬਚ ਰਹੇ ਹਨ। ਹਰਿਆਣਾ ਵਿੱਚ ਇੱਕ ਦਰਜਨ ਟੌਲ ਪਲਾਜ਼ੇ 12 ਦਸੰਬਰ ਤੋਂ ਮੁਕਤ ਕੀਤੇ ਹੋਏ ਹਨ, ਜਿਸ ਕਰਕੇ ਹਰਿਆਣਾ ਵਿੱਚ ਹੁਣ ਤਕ 326 ਕਰੋੋੜ ਦੇ ਟੌਲ ਟੈਕਸ ਦਾ ਮਾਲੀ ਨੁਕਸਾਨ ਹੋਇਆ ਹੈ ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਹਰਿਆਣਾ ਵਿੱਚ ਪ੍ਰਤੀ ਦਿਨ ਔਸਤਨ 3.39 ਕਰੋੜ ਦੇ ਟੌਲ ਕੁਲੈਕਸ਼ਨ ਨੂੰ ਸੱਟ ਵੱਜ ਰਹੀ ਹੈ। ਰਾਜਸਥਾਨ ਵਿੱਚ ਸਿਰਫ਼ ਸੱਤ ਟੌਲ ਪਲਾਜ਼ੇ ਮੁਕਤ ਕੀਤੇ ਹੋਏ ਹਨ, ਜਿੱਥੇ ਹੁਣ ਤੱਕ 1.40 ਕਰੋੜ ਦੇ ਟੌਲ ਦਾ ਨੁਕਸਾਨ ਹੋਇਆ ਹੈ। ਕੌਮੀ ਸੜਕ ਅਥਾਰਿਟੀ ਵੱਲੋਂ ਰਾਜ ਸਰਕਾਰਾਂ ਨੂੰ ਪੱਤਰ ਲਿਖੇ ਗਏ ਹਨ ਕਿ ਟੌਲ ਪਲਾਜ਼ੇ ਚਾਲੂ ਕਰਾਏ ਜਾਣ।

            ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜਦੋਂ ਕੇਂਦਰ ਨੇ ਖੇਤੀ ਕਾਨੂੰਨ ਬਣਾ ਕੇ ਸਿੱਧਾ ਕਿਸਾਨੀ ’ਤੇ ਧਾਵਾ ਬੋਲ ਦਿੱਤਾ ਤਾਂ ਮਜਬੂਰੀ ਵਿੱਚ ਕਿਸਾਨਾਂ ਨੂੰ ਟੌਲ ਪਲਾਜ਼ੇ ਮੁਕਤ ਕਰਨ ਵਰਗੇ ਕਦਮ ਚੁੱਕਣੇ ਪਏ। ਮਿਨੀ ਬੱਸ ਅਪਰੇਟਰ ਯੂਨੀਅਨ ਦੇ ਸੀਨੀਅਰ ਆਗੂ ਤੀਰਥ ਸਿੰਘ ਸਿੱਧੂ ਦਿਆਲਪੁਰਾ ਨੇ ਕਿਹਾ ਕਿ ਟੌਲ ਮੁਕਤ ਨਾਲ ਵੱਡੇ ਘਰਾਣਿਆਂ ਦੀ ਟਰਾਂਸਪੋਰਟ ਨੂੰ ਲਾਹਾ ਮਿਲਿਆ ਹੈ ਜਦਕਿ ਛੋਟੀ ਟਰਾਂਸਪੋਰਟ ਤਾਂ ਜ਼ਿਆਦਾ ਲਿੰਕ ਸੜਕਾਂ ’ਤੇ ਹੀ ਚੱਲਦੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ ਰਹਿਣਗੇ। ਦੇਸ਼ ਭਰ ਵਿੱਚ ਕੁੱਲ 644 ਟੌਲ ਪਲਾਜ਼ੇ ਹਨ, ਜਿਸ ਵਿੱਚੋਂ ਸਭ ਤੋਂ ਵੱਧ ਰਾਜਸਥਾਨ ਵਿੱਚ 91 ਟੌਲ ਪਲਾਜ਼ੇ ਹਨ।

                                             ਪੰਜਾਬ ’ਚ ਟੌਲ ਦਰਾਂ ’ਚ ਵਾਧਾ

ਕੌਮੀ ਸੜਕ ਮੰਤਰਾਲੇ ਨੇ ਅੱਜ ਪੰਜਾਬ ਵਿੱਚ ਟੌਲ ਦਰਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਪੰਜਾਬ ਵਿੱਚ ਨਵੀਆਂ ਦਰਾਂ ਹੁਣ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਹਰ ਵਰ੍ਹੇ ਪੰਜਾਬ ਵਿੱਚ ਟੌਲ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਭਾਵੇਂ ਟੌਲ ਪਲਾਜ਼ਿਆਂ ’ਤੇ ਧਰਨੇ ਚੱਲ ਰਹੇ ਹਨ ਪਰ ਜਦੋਂ ਵੀ ਕੋਈ ਨਿਬੇੜਾ ਹੋਵੇਗਾ ਤਾਂ ਨਵੀਆਂ ਦਰਾਂ ਲਾਗੂ ਹੋਣਗੀਆਂ।

Sunday, February 17, 2019

                                                             ਵਿਚਲੀ ਗੱਲ 
         ਕੌਣ ਸੁਣੇ ਮਮਟੀ ਦੀਆਂ ਹੂਕਾਂ, ਸਭ ਮਿੱਟੀ ਦੇ ਬਾਵੇ..!
                                                            ਚਰਨਜੀਤ ਭੁੱਲਰ
ਬਠਿੰਡਾ : ਬਾਪ ਦੇ ਕੰਧਾੜੇ ਚੜ੍ਹਨ ਤੋਂ ਜੋ ਧੀ ਡਰਦੀ ਸੀ। ਹੁਣ ਉਹ ਛੇਵੀਂ ਮੰਜ਼ਲ ਦੀ ਮਮਟੀ ’ਤੇ ਚੜ੍ਹੀ ਹੈ, ਜਿਥੋਂ ਮੋਤੀ ਮਹਿਲ ਦਿੱਖਦਾ ਹੈ। ਸਟਾਫ ਨਰਸ ਕਰਮਜੀਤ ਕੌਰ ਅੌਲਖ ਨੂੰ ਅਖੀਰ ਜ਼ਿੰਦਗੀ ਨਾਲ ਆਢਾ ਲਾਉਣਾ ਪਿਆ। ਪਾਣੀ ਦਾ ਡਰ ਏਨਾ ਕਿ ਕਦੇ ਸੂਏ ਦੀ ਪਟੜੀ ’ਤੇ ਨਹੀਂ ਤੁਰੀ ਸੀ। ਜਦੋਂ ਸਿਹਤ ਮੰਤਰੀ ਨੇ ਬਾਂਹ ਨਾ ਫੜੀ ਤਾਂ ਭਾਖੜਾ ’ਚ ਛਾਲ ਮਾਰ ਦਿੱਤੀ। ਕਿਸੇ ਰਾਹਗੀਰ ਨੇ ਕਿਹਾ, ਏਸ ਕੁੜੀ ਨੇ ਮੌਤ ਨੂੰ ਮਾਖੌਲ ਬਣਾ ਰੱਖਿਐ। ਪਹਿਲੋਂ ਮਰਨ ਵਰਤ ’ਤੇ ਜਦੋਂ ਇਹ ਬੈਠੀ ਤਾਂ ਮਾਂ ਨੇ ਸੁੱਖ ਮੰਗੀ ‘ਵਾਹਿਗੁਰੂ, ਧੀ ਨੂੰ ਤੱਤੀ ਵਾ ਤੋਂ ਬਚਾਈ’। ਨੌ ਸੌ ਸਟਾਫ ਨਰਸਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀ, ਮੌਜੂਦਾ ਦਿਹਾੜੀ ’ਤੇ ਹੀ ਰੈਗੂਲਰ ਹੋਣ ਦੀ ਮੰਗ ਹੈ, ਪੂਰੇ 13 ਵਰ੍ਹਿਆਂ ਤੋਂ। ਰਜਿੰਦਰਾ ਹਸਪਤਾਲ ਪਟਿਆਲਾ ਦੀ ਮਮਟੀ ਦਾ ਵੀ ਤ੍ਰਾਹ ਨਿਕਲਿਐ। ਕਰਮਜੀਤ ਤੇ ਉਸ ਦਾ ਮੋਢਾ ਬਣੀ ਬਲਜੀਤ ਕੌਰ ਨੇ ਸਭ ਪਰਖੇ ਨੇ, ਨੀਲੇ ਵੀ ਤੇ ਚਿੱਟੇ ਵੀ। ਕੁੜੀਓ, ਦੇਖਿਓ ਕਿਤੇ ਛਾਲ ਮਾਰ ਦਿਓ, ਵਿਧਾਨ ਸਭਾ ਦੇ ਪਵਿੱਤਰ ਸੈਸ਼ਨ ’ਚ ਭੰਗ ਪੈ ਜਾਊ, ਬੱਸ ਥੋੜਾ ਮਿਹਣੋ ਮਿਹਣੀ ਹੋ ਲੈਣ, ਥੋਡੀ ਵੀ ਗੱਲ ਕਰਨਗੇ। ਸੈਸ਼ਨ ਛੋਟਾ ਹੈ ਪਰ ਚੱਲ ਤਾਂ ਰਿਹੈ।
                  ਅਧਿਆਪਕ ਸਰਬਜੀਤ ਥੋੜਾ ਸਬਰ ਕਰਦਾ ਤਾਂ ਕੰਨ ਦਾ ਪਰਦਾ ਨਾ ਪਾਟਦਾ। ਪੀ.ਐਚ.ਡੀ ਕਰ ਰਿਹਾ ਹੈ। ਦੋ ਵਿਸ਼ਿਆਂ ’ਚ ਐਮ.ਏ ਹੈ। ਪਰਸ਼ੀਅਨ ਭਾਸ਼ਾ ਵੀ ਜਾਣਦਾ ਹੈ ਪਰ ਬੁਛਾੜਾਂ ਦੀ ਭਾਸ਼ਾ ਸਮਝਣੋਂ ਅਣਜਾਣ ਰਿਹਾ। ਪੁਲੀਸ ਦੀ ਡਾਂਗ ਵਿਤਕਰਾ ਕਰਦੀ ਤਾਂ ਅਧਿਆਪਕ ਕਰਮਜੀਤ ਨਿਦਾਮਪੁਰ ਦੇ ਸਿਰ ’ਚ ਛੇ ਟਾਂਕੇ ਨਾ ਲੱਗਦੇ। ਸਕੂਲ ’ਚ ਬੱਚੇ ਪੁੱਛਦੇ ਨੇ ‘ਮਾਸਟਰ ਜੀ, ਪੁਲੀਸ ਤਾਂ ਚੋਰਾਂ ਨੂੰ ਕੁੱਟਦੀ ਹੈ, ਤੁਸੀਂ ਵੀ...’। ਲੱਦ ਗਏ ਦਿਨਾਂ ਨੂੰ ਆਲ਼ੇ ਭੋਲੇ ਕੀ ਜਾਣਨ। ਅਧਿਆਪਕਾ ਮਨਪ੍ਰੀਤ ਕੌਰ ਦਾ ਪੁਲੀਸ ਨੇ ਇਕੱਲਾ ਪੈਰ ਨਹੀਂ ਤੋੜਿਆ, ਅਰਮਾਨ ਵੀ ਝੰਬ ਸੁੱਟੇੇ। ਹੁਣ ਪੈਰ ਤੇ ਪਲੱਸਤਰ ਹੈ, ਸੱਧਰਾਂ ਜ਼ਖ਼ਮੀ। ਅਧਿਆਪਕ ਸੰਘਰਸ਼ ਕਮੇਟੀ ਅੱਗੇ ਲੱਗੀ ਤਾਂ ਸਭ ਮੋਤੀ ਮਹਿਲ ਵੱਲ ਹੋ ਤੁਰੇ। ਇਹ ਦੱਸਣ ਲਈ ਕਿ ਹੁਣ ਸੱਤ ਹਜ਼ਾਰ ਨਾਲ ਘਰ ਨਹੀਂ ਚੱਲਦਾ। ਅੱਗਿਓਂ ਪੁਲੀਸ ਸ਼ਰੀਕਾਂ ਵਾਂਗੂ ਟੱਕਰੀ। ਦਿਖਾ ਦਿੱਤੇ ਹਕੂਮਤੀ ਹੱਥ। ਅਧਿਆਪਕ ਸਾਥਿਓ, ਕਾਹਲ ਨਾ ਕਰੋ, ਸਦਨ ’ਚ ਪ੍ਰਸ਼ਨ ਕਾਲ ਚੱਲ ਰਿਹੈ, ਥੋੜਾ ਜੂਤ ਪਤਾਣ ਕਰ ਲੈਣ, ਥੋਡਾ ਮਸਲਾ ਵੀ ਚੁੱਕਣਗੇ। ਨਾਲੇ ਥੋਡੇ ਟਾਂਕੇ ਆਠਰ ਜਾਣਗੇ। ਖਾਮੋਸ਼, ਸੈਸ਼ਨ ਚੱਲ ਰਿਹੈ ਤੇ ਬਹਿਸ ਭਖੀ ਹੈ।
         ਸੰਧੂ ਖੁਰਦ (ਬਰਨਾਲਾ) ਦਾ ਕਿਸਾਨ ਸਾਧੂ ਸਿੰਘ ਨਹੀਂ ਰਿਹਾ। ਪਹਿਲਾਂ ਪਤਨੀ ਨਹੀਂ ਰਹੀ। ਕਰਜ਼ ਵੀ ਕੈਂਸਰ ਅੱਗੇ ਛੋਟਾ ਪੈ ਗਿਆ। ਸਵਾ ਲੱਖ ਰਿਸ਼ਵਤ ਦੇ ਕੇ ਪੈਲੀ ’ਚ ਲਾਈ ਮੋਟਰ ਜਾਅਲੀ ਨਿਕਲੀ। ਕਰਜ਼ ਚੁੱਕ ਕੇ ਪੁੱਤ ਮਲੇਸ਼ੀਆ ਭੇਜਿਆ। ਕੋਈ ਅੱਕ ਚੱਭਿਆ ਰਾਸ ਨਾ ਆਇਆ। ਜ਼ਮੀਨ ਗਈ ਤੇ ਖੁਦ ਖੇਤਾਂ ਦਾ ਰਾਖਾ ਵੀ। ਜ਼ਿੰਦਗੀ ਦੀ ਵੱਟ ਤੇ ਬੈਠੇ ਕਿੰਨੇ ਹੀ ਕਿਸਾਨ ਮੌਤ ਉਡੀਕ ਰਹੇ ਹਨ। ਕੋਈ ਉਠਾਉਣ ਵਾਲਾ ਨਹੀਂ। ਤਾਹੀਂ ਪਾਤਰ ਲਿਖਦੈ ‘ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸਨੂੰ ਬੁੱਝਣ ਨਾ ਦੇਈਏ’। ਹਰ ਪੁੱਤ ਚਾਹੁੰਦਾ ਹਾਂ ਕਿ ਮਾਂ ਲੱਕੜਾਂ ਨੂੰ ਘੱਲੇ। ਹਰ ਕਿਸਾਨ ਮਜ਼ਦੂਰ ਦੀ ਇੱਕੋ ਕਹਾਣੀ ਹੈ, ਉਲਝੀ ਤੰਦ ਪੁਰਾਣੀ ਹੈ। ਕਿਸਾਨ ਵੀਰੋਂ ,ਬੱਸ ਸਦਨ ’ਚ ਕੁਝ ਵਿਧਾਇਕਾਂ ਦੇ ਨਗ ਲੁਹਾ ਦੇਖੀਏ, ਫਿਰ ਥੋਡੇ ਦੁੱਖਾਂ ਦੀ ਗੱਲ ਵੀ ਕਰਾਂਗੇ। ਥੋੜਾ ਵਕਤ ਦਿਓ, ਕੱਲ ਨੂੰ ਨਾਲੇ ਬਜਟ ਸੁਣਿਓ, ਨਾਲੇ ਸ਼ਾਇਰੋ ਸ਼ਾਇਰੀ। ਸੈਸ਼ਨ ਛੋਟਾ ਹੈ ਪਰ ਜਾਰੀ ਹੈ। ਸਮੂਹਿਕ ਜਬਰ ਜ਼ਿਨਾਹ ਨੇ ਈਸੇਵਾਲ (ਲੁਧਿਆਣਾ) ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਦੀ ਰੂਹ ਝੰਜੋੜੀ ਹੈ। ਕਦੇ ਪਿੰਡ ਦੇ ਨੇੜੇ ਕੋਈ ਖੰਘਿਆ ਨਹੀਂ ਸੀ, ਕਿਸੇ ਧੀ ਦੀ ਇੱਜ਼ਤ ਨੂੰ ਹੱਥ ਪੈਣਾ ਪਿੰਡ ਦੀ ਅੱਖ ’ਚ ਰੜਕਣ ਲੱਗਾ ਹੈ। ਸਿਆਸੀ ਰਾਖੇ ਪੱਟੀ ਬੰਨ੍ਹ ਲੈਣ ਤਾਂ ਪੰਜਾਬ ਦੀ ਪੱਤ ਕੌਣ ਬਚਾ ਸਕਦੈ।
                  ਲਹਿਰਾ ਬੇਗਾ ਦੇ ਧੀ ਨੂੰ ਕੋਈ ਰਾਹ ਨਹੀਂ ਲੱਭਦਾ। ਅੱਜ ਦੇ ਜੱਗਿਆ ਨੇ ਜ਼ਿੰਦਗੀ ਘੁਲਾੜ ਵਿਚ ਪੀੜ ਦਿੱਤੀ। ਅਣਚਾਹੀ ਅੌਲਾਦ ਨੂੰ ਲੈ ਕੇ ਕਿਧਰ ਜਾਏ। ਜਦੋਂ ਤਖਤਾਂ ’ਚ ਮੜਕ ਨਾ ਰਹੇ, ਉਦੋਂ ਧੀਆਂ ਦੀ ਜ਼ਿੰਦਗੀ ਸੁੰਨੇ ਘਰਾਂ ਵਾਂਗ ਹੋ ਜਾਂਦੀ ਹੈ। ਬੱਚੀਓ, ਦਿਲ ਛੋਟਾ ਨਾ ਕਰੋ, ਸੈਸ਼ਨ ’ਚ ਹਾਲੇ ਸਿਫ਼ਰ ਕਾਲ ਵੀ ਚੱਲਣਾ ਹੈ, ਪਹਿਲਾਂ ਵਾਕ ਆਊਟ ਕਰ ਲਈਏ, ਥੋਡੇ ਦਰਦ ਵੀ ਫਲੋਰ ’ਤੇ ਰੱਖਾਂਗੇ। ਸੈਸ਼ਨ ਚੱਲ ਰਿਹੈ, ਮੁੱਕਿਆ ਨਹੀਂ। ਜਵਾਨੀ ਨੂੰ ਨਾ ਸਮਾਰਟ ਫੋਨ ਮਿਲਿਆ ਤੇ ਨਾ ਬੇਕਾਰੀ ਭੱਤਾ। ਕਈ ‘ਨੌਕਰੀ ਮੇਲੇ’ ਵੇਖਣ ਲਈ ਰੁਕ ਗਏ। ਜੋ ਭੇਤੀ ਸਨ, ਉਨ੍ਹਾਂ ਨੇ ਸਟੱਡੀ ਵੀਜ਼ੇ ਲੈ ਲਏ। ਪਿੰਡ ਕੈਰੋਂ (ਤਰਨਤਾਰਨ) ਦੀ ਕੁੜੀ ਸੁਖਜੀਵਨ ਦੇ ਜਦੋਂ ਪੰਜ ਬੈਂਡ ਆਏ ਤਾਂ ਖੁਦਕੁਸ਼ੀ ਕਰ ਗਈ। ਪਹਿਲਾਂ ਚਿੱਟੇ ਨੇ ਚਿੱਟੀਆਂ ਚੁੰਨੀਆਂ ਦਾ ਹੜ੍ਹ ਵਗਾਇਆ। ਹੁਣ ਸਟੱਡੀ ਵੀਜ਼ੇ ਨੇ ਜ਼ਮੀਨ ਵਿਕਾ ਦਿੱਤੀਆਂ ਹਨ। ਕਿੰਨੀਆਂ ਮਾਂਵਾਂ ਨੂੰ ਅਰਮਾਨ ਗਹਿਣੇ ਕਰਨੇ ਪਏ। ਜਵਾਨੀ ਦਾ ਨਛੱਤਰ ਹੀ ਮਾੜਾ ਲੱਗਦੈ। ਘਬਰਾਓ ਨਾ ਪੁੱਤਰੋਂ, ਸਦਨ ਮੁੜ ਜੁੜ ਗਿਆ ਹੈ, ਪਹਿਲਾਂ ਆਪਣੇ ਭੱਤੇ ਵਧਾ ਲੈਣ, ਫਿਰ ਥੋਡਾ ਬਜਟ ਪਾਸ ਕਰਨਗੇ। ਸੈਸ਼ਨ ਛੋਟਾ ਹੈ ਪਰ ਹੈ ਤਾਂ ਹੰਗਾਮੇਦਾਰ।
        ਵਿਧਾਨ ਸਭਾ ਦਾ ਸਭ ਤੋਂ ਪਹਿਲਾ ਸਪੀਕਰ ਸ਼ਹਾਬ-ਉਦ-ਦੀਨ (1937-1945) ਸਦਨ ’ਚ ਪੱਗਾਂ ਉੱਛਲਦੀਆਂ ਦੇਖ ਕੇ ਧਰਮਰਾਜ ਦੀ ਕਚਹਿਰੀ ’ਚ ਬੈਠਾ ਕਚੀਚੀਆਂ ਵੱਟਦਾ ਹੋਊ। ਸੋਚਦਾ ਇਹ ਵੀ ਹੋਊ ਕਿ ਵਿਧਾਇਕਾਂ ਦੀ ਕਮਾਈ ਵੱਡੀ ਹੋ ਰਹੀ ਹੈ, ਵਿਧਾਨ ਸਭਾ ਦੇ ਸੈਸ਼ਨ ਛੋਟੇ। ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਵਿਧਾਨ ਸਭਾ ਦੀਆਂ 148 ਬੈਠਕਾਂ ਹੋਈਆਂ। ਲੰਘੇ ਦਸ ਵਰ੍ਹਿਆਂ ਵਿਚ ਸਿਰਫ਼ 159 ਬੈਠਕਾਂ। ਪੰਜਾਹ ਫੀਸਦੀ ਵਿਧਾਇਕ ਤਾਂ ਸੈਸ਼ਨ ਚੋਂ ਸੁੱਚੇ ਮੂੰਹ ਹੀ ਮੁੜਦੇ ਹਨ।ਵਿਧਾਨ ਸਭਾ ਦਾ ਪਿਛਲੇ ਗਿਆਰਾਂ ਵਰ੍ਹਿਆਂ ਦਾ ਖਰਚਾ 300 ਕਰੋੜ ਰਿਹਾ ਹੈ। ਲੋਕ ਮਸਲਿਆਂ ਲਈ ਸਦਨ ਹੀ ਸੱਚਾ ਦਰਬਾਰ ਹੁੰਦਾ ਹੈ। ਹੁਣ ਬਹਿਸ ਦਾ ਮਿਆਰ ਡਿੱਗਿਆ ਹੈ ਪਰ ਨੇਤਾ ਉੱਠੇ ਹਨ। 27 ਮਾਰਚ 2012 ਨੂੰ ਸਦਨ ’ਚ ਵੱਡੇ ਬਾਦਲ ਨੇ ਵਿਰੋਧੀਆਂ ਵੱਲ ਮੂੰਹ ਕਰਕੇ ਇੰਝ ਫਰਮਾਇਆ ‘ਘਰੇ ਜਦੋਂ ਮਰਜ਼ੀ ਆਓ, ਰੋਟੀ ਵਧੀਆ ਮੁਰਗੇ ਨਾਲ ਖੁਆਵਾਂਗੇ, ਮੈਂ ਤਾਂ ਹੁਣ ਮੁਰਗਾ ਖਾਂਦਾ ਨਹੀਂ, ਥੋਨੂੰ ਖਾਣ ਦੀ ਆਦਤ ਐ’। ਵਿਧਾਇਕਾਂ ਨੂੰ ਲੋਕ ਅਸੈਂਬਲੀ ’ਚ ਟਿੱਚਰਾਂ ਵਾਸਤੇ ਨਹੀਂ ਭੇਜਦੇ। ਨੇਤਾਵਾਂ ਨੇ ਝੋਕੇ ਲਾਉਣੇ ਬੰਦ ਨਾ ਕੀਤੇ ਤਾਂ ਇੱਕ ਦਿਨ ਜਰਵਾਣੇ ਪੁੱਤ ਉਬਾਲ ਖਾਣਗੇ। ਫਿਰ ਕੋਈ ਸੁੱਕਾ ਨਹੀਂ ਬਚਣਾ। ਮਮਟੀ ’ਤੇ ਚੜ੍ਹਨਾ ਕਿਸੇ ਦਾ ਸ਼ੌਕ ਨਹੀਂ, ਨਾ ਮਾਪਿਆਂ ਨੇ ਪੁੱਤ ਬੁਛਾੜਾਂ ਖਾਣ ਨੂੰ ਜੰਮੇ ਨੇ।



Thursday, July 13, 2017

                         ਬੇਦਰਦ ਹਕੂਮਤ
  ਅਕਾਲੀ ਰਾਜ 'ਚ ਹੋਏ 51 ਹਜ਼ਾਰ ਅੰਦੋਲਨ
                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਲੰਘੇ ਪੰਜ ਵਰਿ•ਆਂ 'ਚ 51 ਹਜ਼ਾਰ ਅੰਦੋਲਨ ਹੋਏ ਹਨ ਜੋ ਆਪਣੇ ਆਪ 'ਚ ਰਿਕਾਰਡ ਹਨ। ਪੰਜਾਬ ਵਿਚ ਰੋਜ਼ਾਨਾ ਔਸਤਨ 28 ਅੰਦੋਲਨ ਹੋਏ ਹਨ ਜਿਨ•ਾਂ 'ਚ ਸਭ ਤੋਂ ਵੱਧ ਸੜਕਾਂ 'ਤੇ ਮੁਲਾਜ਼ਮਾਂ ਨੂੰ ਕੂਕਣਾ ਪਿਆ ਹੈ। ਅਕਾਲੀ-ਭਾਜਪਾ ਗਠਜੋੜ ਦੇ ਪੰਜ ਵਰਿ•ਆਂ (2012-2016) ਦੌਰਾਨ ਸਭ ਤੋਂ ਵੱਧ ਅੰਦੋਲਨ ਮੁਲਾਜ਼ਮਾਂ ਨੇ ਕੀਤੇ ਹਨ ਅਤੇ ਇਨ•ਾਂ ਵਰਿ•ਆਂ ਦੌਰਾਨ ਮੁਲਾਜ਼ਮਾਂ ਨੇ 23901 ਅੰਦੋਲਨ ਕੀਤੇ ਜਿਸ ਦਾ ਮਤਲਬ ਕਿ ਮੁਲਾਜ਼ਮਾਂ ਨੇ ਰੋਜ਼ਾਨਾ ਔਸਤਨ 14 ਅੰਦੋਲਨ ਕੀਤੇ ਹਨ। ਗਠਜੋੜ ਸਰਕਾਰ ਦੇ ਪਹਿਲੇ ਚਾਰ ਵਰਿ•ਆਂ ਦੌਰਾਨ ਸੰਘਰਸ਼ੀ ਲੋਕਾਂ ਦੇ ਗਿਆਰਾਂ ਅੰਦੋਲਨਾਂ ਤੇ ਪੁਲੀਸ ਨੇ ਗੋਲੀ ਚਲਾਈ ਅਤੇ 32 ਅੰਦੋਲਨਾਂ 'ਤੇ ਲਾਠੀਚਾਰਜ ਕੀਤਾ। ਗ਼ੈਰਸਰਕਾਰੀ ਤੌਰ 'ਤੇ ਲਾਠੀਚਾਰਜ ਕੀਤੇ ਜਾਣ ਦੇ ਮਾਮਲੇ ਜਿਆਦਾ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਗਠਜੋੜ ਸਰਕਾਰ ਦੇ ਆਖਰੀ ਤਿੰਨ ਵਰਿ•ਆਂ ਦੌਰਾਨ ਤਾਂ ਸੰਘਰਸ਼ੀ ਲੋਕ ਸੜਕਾਂ ਚੀਕਦੇ ਰਹੇ। ਪੰਜ ਵਰਿ•ਆਂ ਦੌਰਾਨ 1756 ਵਿਦਿਆਰਥੀ ਅੰਦੋਲਨ ਹੋਏ ਹਨ ਜਦੋਂ ਕਿ 7755 ਮਜ਼ਦੂਰਾਂ ਨੇ ਅੰਦੋਲਨ ਕੀਤੇ ਹਨ। ਸਿਆਸੀ ਲੋਕਾਂ ਨੇ 8968 ਅੰਦੋਲਨ ਕੀਤੇ ਹਨ ਜਿਨ•ਾਂ ਵਿਚ ਕਾਂਗਰਸ ਪਾਰਟੀ ਅਤੇ 'ਆਪ' ਦੇ ਅੰਦੋਲਨ ਜਿਆਦਾ ਹਨ।
                     ਕਿਸਾਨਾਂ 'ਤੇ ਬੇਰੁਜ਼ਗਾਰਾਂ ਵਲੋਂ ਕੀਤੇ ਅੰਦੋਲਨਾਂ ਦੇ ਵੱਖਰੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ ਹਨ ਪ੍ਰੰਤੂ ਹੋਰਨਾਂ ਵਲੋਂ ਕੀਤੇ ਅੰਦੋਲਨਾਂ ਦੀ ਗਿਣਤੀ 8299 ਬਣਦੀ ਹੈ ਜਿਸ ਵਿਚ ਬੇਰੁਜ਼ਗਾਰਾਂ ਤੇ ਕਿਸਾਨ ਅੰਦੋਲਨ ਦੀ ਗਿਣਤੀ ਹੋਣ ਦੀ ਸੰਭਾਵਨਾ ਹੈ। ਪੰਜਾਬ ਮਨਿਸ਼ਟ੍ਰੀਅਲ ਸਰਵਿਸ ਯੂਨੀਅਨ ਦੇ ਆਗੂ ਕੇਵਲ ਬਾਂਸਲ ਦਾ ਕਹਿਣਾ ਸੀ ਕਿ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਭੱਜੀ ਜਿਸ ਕਰਕੇ ਮੁਲਾਜ਼ਮਾਂ ਨੂੰ ਸੜਕਾਂ ਤੇ ਉੱਤਰਨਾ ਪਿਆ। ਵੇਰਵੇ ਦੱਸਦੇ ਹਨ ਕਿ ਗਠਜੋੜ ਸਰਕਾਰ ਦੇ ਇਨ•ਾਂ ਪੰਜ ਵਰਿ•ਆਂ ਦੌਰਾਨ ਸਾਲ 2012 ਵਿਚ 4246 ਅੰਦੋਲਨ, ਸਾਲ 2013 ਵਿਚ 7306 ਅੰਦੋਲਨ,ਸਾਲ 2014 ਵਿਚ 14574 ਅੰਦੋਲਨ,ਸਾਲ 2015 ਵਿਚ 13089 ਅੰਦੋਲਨ ਅਤੇ ਸਾਲ 2016 ਦੌਰਾਨ 11876 ਅੰਦੋਲਨ ਹੋਏ ਹਨ। ਗਠਜੋੜ ਸਰਕਾਰ ਦੇ ਆਖਰੀ ਵਰੇ• ਦੌਰਾਨ ਤਾਂ ਰੋਜ਼ਾਨਾ ਔਸਤਨ 32 ਅੰਦੋਲਨ ਹੁੰਦੇ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ ਬੇਰੁਜ਼ਗਾਰਾਂ ਵਲੋਂ ਸਭ ਤੋਂ ਜਿਆਦਾ ਅੰਦੋਲਨ ਟੈਂਕੀਆਂ ਤੇ ਚੜ• ਕੇ ਕੀਤੇ ਗਏ ਹਨ।
                     ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਅਗਵਾਈ ਕਰਨ ਵਾਲੇ ਅਤੇ ਮੌਜੂਦਾ 'ਆਪ' ਵਿਧਾਇਕ ਪਿਰਮਲ ਸਿੰਘ ਦਾ ਪ੍ਰਤੀਕਰਮ ਸੀ ਕਿ ਸਰਕਾਰ ਬੇਰੁਜ਼ਗਾਰਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਸੰਜੀਦਾ ਹੁੰਦੀ ਤਾਂ ਅੰਕੜਾ ਕੁਝ ਹੋਰ ਹੋਣਾ ਸੀ। ਅੰਦੋਲਨ ਕਰਨਾ ਕਿਸੇ ਦਾ ਸ਼ੌਕ ਨਹੀਂ ਹੁੰਦਾ। ਬਾਦਲਾਂ ਦੇ ਹਲਕੇ ਲੰਬੀ ਅਤੇ ਬਠਿੰਡਾ ਤੋਂ ਇਲਾਵਾ ਸੰਗਰੂਰ ਵਿਚ ਪੰਜ ਵਰਿ•ਆਂ ਦੌਰਾਨ ਸਭ ਤੋਂ ਜਿਆਦਾ ਅੰਦੋਲਨ ਹੋਏ ਹਨ। ਵੇਰਵਿਆਂ ਅਨੁਸਾਰ ਇਨ•ਾਂ ਪੰਜ ਸਾਲਾਂ ਦੌਰਾਨ ਪੁਲੀਸ ਨੇ 11 ਦਫ਼ਾ ਗੋਲੀ ਚਲਾਈ ਜਿਸ ਨਾਲ 8 ਅੰਦੋਲਨਕਾਰੀਆਂ ਦੀ ਜਾਨ ਚਲੀ ਗਈ ਅਤੇ 70 ਜਣੇ ਜ਼ਖਮੀ ਹੋਏ ਹਨ। ਸੰਘਰਸ਼ਾਂ ਦੌਰਾਨ ਭੀੜ ਵਲੋਂ ਕੀਤੇ ਹਮਲੇ ਵਿਚ 100 ਪੁਲੀਸ ਮੁਲਾਜ਼ਮ ਜ਼ਖਮੀ ਹੋਏ ਹਨ। ਵਰ•ਾ 2015 ਵਿਚ ਪੁਲੀਸ ਨੇ ਬਹਿਬਲ ਕਲਾਂ ਵਿਚ ਗੋਲੀ ਚਲਾਈ ਜਿਸ ਨਾਲ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਅਤੇ ਇਸ ਵਰੇ• ਦੌਰਾਨ ਪੁਲੀਸ ਨੇ ਤਿੰਨ ਦਫ਼ਾ ਗੋਲੀ ਚਲਾਈ ਹੈ ਜਿਸ ਵਿਚ 35 ਅੰਦੋਲਨਕਾਰੀ ਜ਼ਖਮੀ ਹੋਏ ਹਨ ਅਤੇ 52 ਪੁਲੀਸ ਮੁਲਾਜ਼ਮ ਜ਼ਖਮੀ ਹੋਏ ਹਨ। ਪੁਲੀਸ ਵੀ ਇਨ•ਾਂ ਵਰਿ•ਆਂ ਦੌਰਾਨ ਜਿਆਦਾ ਸਮਾਂ ਅੰਦੋਲਨਕਾਰੀਆਂ ਨਾਲ ਉਲਝੀ ਰਹੀ।
                                        ਮਾੜੀ ਕਾਰਗੁਜ਼ਾਰੀ ਦੀ ਨਿਸ਼ਾਨੀ : ਅਰਸ਼ੀ
ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਅੰਦੋਲਨਾਂ ਦੀ ਗਿਣਤੀ ਤੋਂ ਸਾਫ ਹੈ ਕਿ ਗਠਜੋੜ ਸਰਕਾਰ ਰਾਜ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕੀ ਅਤੇ ਇਹ ਅੰਦੋਲਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਨਿਸ਼ਾਨੀ ਹਨ। ਉਨ•ਾਂ ਆਖਿਆ ਕਿ ਜਦੋਂ ਸਭ ਰਾਹ ਬੰਦ ਹੋ ਜਾਂਦੇ ਹਨ ਤਾਂ ਲੋਕਾਂ ਨੂੰ ਮਜਬੂਰਨ ਸੜਕਾਂ ਤੇ ਉੱਤਰਨਾ ਪੈਂਦਾ ਹੈ। ਲੋਕ ਰਾਜੀ ਤਰੀਕੇ ਨਾਲ ਅਵਾਜ਼ ਬੁਲੰਦ ਕਰਨ ਦਾ ਇਹੋ ਤਰੀਕਾ ਹੈ। ਅਗਰ ਨਵੀਂ ਸਰਕਾਰ ਨੇ ਚੋਣ ਵਾਅਦੇ ਨਾ ਪੂਰੇ ਕੀਤੇ ਤਾਂ ਇਹ ਅੰਕੜਾ ਹੋਰ ਵਧੇਗਾ।