Sunday, September 27, 2020

                      ਵਿਚਲੀ ਗੱਲ 
     ਅਸਾਂ ਰੰਗ ਲਏ ਬਸੰਤੀ ਚੋਲੇ..!
                    ਚਰਨਜੀਤ ਭੁੱਲਰ

ਚੰਡੀਗੜ੍ਹ : ਕਿਹਾ ਏਹ ਵੀ ਜਾਂਦਾ ਸੀ, ‘ਅੰਗਰੇਜ਼ ਦੇ ਰਾਜ ’ਚ ਕਦੇ ਸੂਰਜ ਨਹੀਂ ਛਿਪਦਾ’। ਉਹ ਵੀ ਤਾਂ ਸੁਣੋ, ਜੋ ਫਕੀਰ ਬੁੱਲੇ ਸ਼ਾਹ ਫ਼ਰਮਾ ਗਏ, ‘ਚੜ੍ਹਦੇ ਸੂਰਜ ਢਲਦੇ ਵੇਖੇ, ਬੁਝਦੇ ਦੀਵੇ ਬਲਦੇ ਵੇਖੇ’। ਸੱਚਮੁੱਚ ਹੁਣ ਨਵਾਂ ਸੂਰਜ ਚੜ੍ਹਿਐ। ਪੰਜਾਬ ਦੀ ਰੂਹ ’ਚ ਤੇ ਜੂਹ ’ਚ। ਨਵਾਂ ਖੂਨ ਖੌਲਣ ਲੱਗਾ ਹੈ। ਬੰਨ੍ਹ ਸਿਰਾਂ ’ਤੇ ਮੰਡਾਸੇ, ਖੇਤਾਂ ਦੇ ਵਾਰਸ ਤੁਰੇ ਨੇ। ਅੱਗੇ ਜਵਾਨੀ, ਪਿਛੇ ਕਿਸਾਨੀ। ਸਾਂਝੀ ਹੇਕ ਲੱਗੀ ਹੈ। ਪੰਜਾਲੀ ਖੌਫ਼ ਦੀ ਗਲੋਂ ਲਹੀ ਹੈ। ਜੂਝਣ ਦੀ ਵਿਰਸਾ ਤਾਂ ਪੁਰਾਣੈ। ‘ਅਸਲੀ ਸੋਨਾ ਅੱਗ ਤੋਂ ਨਹੀਂ ਡਰਦਾ।’ ਸਿਆਸੀ ‘ਫਕੀਰ’ ਭੁੱਲ ਕਰ ਬੈਠੇ, ਖੇਤੀ ਬਿੱਲ ਪਾਸ ਕਰਕੇ। ਅੰਬਾਨੀ ਵਿਉਂਤ ਘੜਦਾ ਹੋਊ, ਹੁਣ ਖੇਤ ਕਰੂੰ ਮੁੱਠੀ ’ਚ। ਦਹੀਂ ਭੁਲੇਖੇ ਕਪਾਹ ਨਾ ਖਾ ਬੈਠਿਓ। ਏਨੇ ਸੌਖੇ ਨਹੀਂ ਠੂਠੇ ਫੜਾਉਣੇ। ਨਿਰੇ ਠੂਹੇਂ ਵੀ ਨੇ। ਆਈ ’ਤੇ ਆ ਜਾਣ, ਫੇਰ ਪੰਜਾਬੀ ਝਿਪਦੇ ਨਹੀਂ। ਲਿਫਣ ਦੀ ਤਾਂ ਗੱਲ ਛੱਡੋ। ਗੁਰਾਂ ਦੀ ਗੁੜ੍ਹਤੀ ਐ... ਭਾਣਾ ਮੰਨਦੇ ਵੀ ਨੇ, ਵਰਤਾਉਂਦੇ ਵੀ ਨੇ। ਯੋਗਿੰਦਰ ਯਾਦਵ ਆਖਦੈ.. ਆਜ਼ਾਦੀ ਦੀ ਦੂਜੀ ਲੜਾਈ ਹੈ। ਰੋਮਨ ਚੇਤਾ ਕਰਾਉਂਦੇ ਨੇ, ‘ਸਿਰੇ ਦੇ ਕਾਨੂੰਨਾਂ ’ਚ ਨੁਕਸ ਵੀ ਸਿਰੇ ਦੇ ਹੁੰਦੇ ਨੇ।’‘ਜੀਓ’ ਵਾਲੀ ਜਵਾਨੀ ਨੂੰ, ਏਨੀ ਘੜਸੁੱਕ ਨਾ ਸਮਝੀ, ਕਿਤੇ ਬੱਲੀਆਂ ਨੂੰ ਹੱਥ ਲਾ ਬੈਠੈ। ਪੱਗਾਂ ਕੇਸਰੀ ਨੇ ਤੇ ਚੋਲੇ ਬਸੰਤੀ। ‘ਪੰਜਾਬ ਬੰਦ’ ’ਚ ਜਦੋਂ ਜਵਾਨੀ ਨਿਸਰੀ। ਬਾਬਾ ਗੁਰਮੁਖ ਸਿਓਂ ਬੋਲਿਆ, ਪੁੱਤਰੋ! ਖੇਤਾਂ ਦੀ ਲਾਜ ਰੱਖਤੀ। ਰੱਬ ਦਾ ਵਾਸਤਾ, ਕਿਤੇ ਠੰਢੇ ਨਾ ਪੈ ਜਾਇਓ। ਫਰਾਂਸ ਵਾਲੇ ਚੌਕਸ ਕਰਦੇ ਨੇ, ‘ਵੈਰੀ ਕਦੇ ਵੀ ਸੌਂਦਾ ਨਹੀਂ।’ ਇੱਧਰ ਮਰਦਾਂ ਨੂੰ ਨਿੱਤ ਮੁਹਿੰਮਾਂ। ਪਿੰਡਾਂ ਦੀ ਪਿੱਠ ’ਤੇ ਸ਼ਹਿਰ ਡਟੇ ਨੇ। ਜਿਉਂਦਾ ਰਹਿ ਦਿੱਲੀ ਦੇ ‘ਫਕੀਰਾ’। ਘੱਟੋ-ਘੱਟ ਪੰਜਾਬ ਤਾਂ ਇੱਕਮੁੱਠ ਕਰਤਾ।                                                                                                  ਸ਼ਹੀਦ-ਏ-ਆਜ਼ਮ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਤੱਕ ਕਿਤਾਬ ਪੜ੍ਹਦਾ ਰਿਹਾ। ਜੇਲ੍ਹਰ ਨੇ ਕਿਤਾਬ ਚੁੱਕੀ, ਪੰਨਾ ਮੋੜਿਆ ਹੋਇਆ ਸੀ। ਜਦੋਂ ਸਿਰ ਧੜ ਦੀ ਲੱਗੀ ਹੋਵੇ, ਉਦੋਂ ਨਵਾਂ ਪੰਨਾ ਮੋੜਨਾ ਪੈਂਦੈ। ਜ਼ਕਰੀਆ ਖਾਨ ਅੱਗੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਿਵੇਂ ਗਰਜੇ, ਉਵੇਂ ਹੀ ਪੰਜਾਬ ਦੀ ਜਵਾਨੀ ਗਰਜੀ ਐ। ਵਿਰਾਸਤੀ ਖ਼ਜ਼ਾਨਾ ਭਰਪੂਰ ਹੈ। ਚਮਕੌਰ ਦੀ ਗੜ੍ਹੀ ਵੀ ਹੈ ਅਤੇ ਖਿਦਰਾਣੇ ਦੀ ਢਾਬ ਵੀ। ਸਰਾਭੇ ਪਿੰਡ ਦੀ ਮਿੱਟੀ ਵੀ ਹੈ ਤੇ ਖਟਕੜ ਕਲਾਂ ਦਾ ਪਰਛਾਵਾਂ ਵੀ। ਜਦੋਂ ਏਹ ਮੁੰਡੇ ਨਿੱਕੇ ਸਨ, ਬਾਪੂ ਦੀ ਬੁੱਕਲ ’ਚ ਬੈਠ ਕੇ ਜਿਉਣਾ ਮੌੜ ਵੀ ਸੁਣਿਐ ਤੇ ਸੁੱਚਾ ਸੂਰਮਾ ਵੀ। ਨੰਦ ਲਾਲ ਨੂਰਪੁਰੀ ਦੇ ਬੋਲ ਬੁਲੰਦੀ ਬਖ਼ਸਦੇ ਨੇ, ‘ਬੀਜ ਦਿਓ ਤਾਕਤਾਂ ਤੇ ਹੌਸਲੇ ਉਭਾਰੋ, ਹੋਰ ਹੱਲਾ ਮਾਰੋ ਸ਼ੇਰੋ, ਹੋਰ ਹੱਲਾ ਮਾਰੋ।’ ਲੰਬੀ ’ਚ ਵੀ ਜ਼ਮੀਰ ਨੇ ਮੂੰਹ ਹੱਥ ਧੋਤੈ। ਕਿਸਾਨੀ ਸੰਘਰਸ਼ ’ਚ ਪੈਂਤੀ ਪਿੰਡ ਕੁੱਦੇ। ਵੈਸੇ ਪੰਜਾਬ ਭਰ ’ਚ ਸ਼ੇਰ ਬੱਗੇ ਕੂਕੇ ਨੇ। ਖੇਤਾਂ ਦੇ ਜਥੇਦਾਰਾਂ ਨੇ ਮੜਕ ਭੰਨਤੀ। ਦਸ ਰਾਜਾਂ ’ਚ ਨਵੀਂ ਸਵੇਰ ਹੋਈ ਹੈ। ਕਿਸਾਨੀ ਸੰਘਰਸ਼ ਹਰ ਕੋਨੇ ਮਘਣ ਲੱਗਾ। ਸ਼ੇਰ ਨੂੰ ਸਵਾ ਸ਼ੇਰ ਟੱਕਰੇ ਨੇ। ਦਿੱਲੀ ਬਿਟਰ ਬਿਟਰ ਝਾਕੇ..! ਏਹ ਕਿਥੋਂ ਨਿਕਲ ਆਏ। ਗੁਜਰਾਤੀ ਕਿਸਾਨ ਭਾਨੂ ਆਖਦੈ, ਮਹਾਂਭਾਰਤ ਹੁਣ ਹੋਏਗਾ। ਅੰਦਾਜ਼-ਏ-ਮੋਦੀ ਤਾਂ ਵੇਖੋ..! ਏਹ ਖੇਤੀ ਬਿੱਲ ਨਹੀਂ, ਨਵੀਂ ਆਜ਼ਾਦੀ ਹੈ। ਕਾਕਾ ਰਾਹੁਲ ਬੋਲੇ! ਤਾਇਆ, ਕੇਹੀ ਆਜ਼ਾਦੀ, ਏਹ ਤਾਂ ਮੌਤ ਦੇ ਵਾਰੰਟ ਨੇ। ਆਜ਼ਾਦੀ ਤੋਂ ਪਹਿਲਾਂ ਸ਼ਾਹੂਕਾਰ ਫ਼ਸਲਾਂ ਖਰੀਦਦੇ ਸਨ। 1950 ਵਿੱਚ ਮੰਡੀਆਂ ਬਣੀਆਂ। ਸੱਠਵਿਆਂ ਮਗਰੋਂ ਜਿਣਸਾਂ ਦਾ ਸਰਕਾਰੀ ਭਾਅ ਬੱਝਾ।                          ਖੇਤੀ ਖੋਜ ਦੀ ਕੇਂਦਰੀ ਸੰਸਥਾ ਦੇ ਤੱਥ ਹਨ। ਸਾਲ 2000 ਤੋਂ 2017 ਤੱਕ ਕਿਸਾਨਾਂ ਨੂੰ ਸਹੀ ਮੁੱਲ ਮਿਲਦਾ, 45 ਲੱਖ ਕਰੋੜ ਕਿਸਾਨਾਂ ਦੀ ਜੇਬ ’ਚ ਪੈਂਦਾ। ਖੇਤੀ ਮਾਹਿਰ ਦਵਿੰਦਰ ਸ਼ਰਮਾ ਦਾ ਲੱਖਣ ਕਹਿੰਦੈ, ਦੇਸ਼ ’ਚ ਸੱਤ ਹਜ਼ਾਰ ਮੰਡੀਆਂ ਨੇ, 42 ਹਜ਼ਾਰ ਦੀ ਲੋੜ ਐ। ਨਵਾਂ ਅੰਕੜਾ ਹੈ, ਖੇਤੀ ਉਤਪਾਦ ਪੰਜਾਬੋਂ ਵਿਦੇਸ਼ ਜਾਂਦੇ ਹਨ, ਅੌਸਤਨ ਸਾਲਾਨਾ 1400 ਮਿਲੀਅਨ ਡਾਲਰ ਦੇ। ਵਿਲੀਅਮ ਰੈਨਡੋਲਫ ਹਰਸਟ! ਏਨਾ ਸੱਚ ਨਾ ਬੋਲ! ‘ਸਿਆਸਤਦਾਨ ਆਪਣੀ ਨੌਕਰੀ ਪੱਕੀ ਕਰੀ ਰੱਖਣ ਲਈ ਕੁਝ ਵੀ ਕਰ ਸਕਦੈ, ਇੱਥੋਂ ਤੱਕ ਕਿ ਕਈ ਵਾਰ ਉਹ ਦੇਸ਼ ਭਗਤ ਵੀ ਬਣ ਜਾਂਦੈ।’ ਸ਼ੇਖ ਸਾਅਦੀ ਨੂੰ ਕਾਹਦਾ ਡਰ, ‘ਚਿੜੀਆਂ ਏਕਾ ਕਰ ਲੈਣ, ਸ਼ੇਰ ਦੀ ਖੱਲ ਉਧੇੜ ਸਕਦੀਆਂ ਨੇ।’ਕਦੇ ਟਾਟੇ ਬਿਰਲੇ ਦੇ ਟੱਲ ਖੜਕਦੇ ਸਨ। 1951 ’ਚ ਟਾਟੇ ਕੋਲ 116 ਕਰੋੜ, ਬਿਰਲੇ ਕੋਲ 155 ਕਰੋੜ ਦੀ ਦੌਲਤ ਸੀ। ਮਗਰੋਂ ਤਾਂ ਮਾਇਆ ਸਾਂਭੀ ਨਹੀਂ ਗਈ। ਅਡਾਨੀ ਤੇ ਅੰਬਾਨੀ ਖਫ਼ਾ ਨੇ! ਹੁਣ ਬੱਸ ਵੀ ਤਾਂ ਕਰੋ। ਇਤਫ਼ਾਕ ਦੇਖੋ.. ਉਧਰ ਨਰੇਂਦਰ ਭਾਈ ਨੇ ਐਲਾਨ ਕੀਤਾ, ਖਿਡੌਣਿਆਂ ’ਚ ਦੇਸ਼ ਆਤਮ ਨਿਰਭਰ ਬਣੂ। ਇੱਧਰ ਰਿਲਾਇੰਸ ਨੇ ਖਿਡੌਣਾ ਕੰਪਨੀ ਹੈਮਲੇਜ ਗਲੋਬਲ ਖਰੀਦ ਲਈ। ਉੱਤਰ ਪ੍ਰਦੇਸ਼ ‘ਚ 100 ਏਕੜ ‘ਚ ਖਿਡੌਣਾ ਕਲੱਸਟਰ ਬਣੇਗਾ। ਮਾਲਕ ਦੀ ਕਿਰਪਾ ਰਹੀ, ਮੁਫ਼ਤ ’ਚ ਜ਼ਮੀਨ ਵੀ ਮਿਲੂ। ਰਿਲਾਇੰਸ, ਕਾਰਗਿਲ, ਗਲੋਬਲ ਗਰੀਨ, ਗੋਦਰੇਜ, ਹਿੰਦੁਸਤਾਨ ਯੂਨੀਲੀਵਰ, ਸ੍ਰੀ ਰਾਮ, ਟਾਟਾ ਮਹਿੰਦਰਾ। ਇਨ੍ਹਾਂ ਕੰਪਨੀਆਂ ਨੇ ਖੇਤੀ ਕਾਰੋਬਾਰ ’ਚ ਆਗਾਜ਼ ਕੀਤਾ। ਉਧਰ ਖੇਤੀ ਬਿੱਲ ਪਾਸ ਹੋ ਗਏ। ਇਤਫਾਕ ਨਹੀਂ ਤਾਂ ਹੋਰ ਕੀ ਏ।                                                                                                                          ਤੁਸੀਂ ਆਖਦੇ ਹੋ ਕਿਹੜੇ ਬਾਗ ਦੀ ਮੂਲ਼ੀ ਹੋ। ਖੇਤਾਂ ਵੱਲ ਅੱਖ ਤਾਂ ਕਰਿਓ! ਦੱਸ ਦਿਆਂਗੇ ਬਾਗਾਂ ਦਾ ਪਤਾ। ਸੁਨੀਲ ਜਾਖੜ ਦੇ ਕਿੰਨੂਆਂ ਦੇ ਬਾਗ ਨੇ। ਬਾਦਲਾਂ ਦੇ ਪਿਛੇ ਪਏ ਨੇ, ਅਖੇ ਖੇਤੀ ਬਿੱਲਾਂ ’ਤੇ ਯੂ-ਟਰਨ ਲਿਐ। ਸੁਖਬੀਰ ਬਾਦਲ ਵੀ ਤਾਂ ਖੇਤੀ ਕਰਦੇ ਨੇ। ਫੋਰਡ ਟਰੈਕਟਰ ਕੱਲ੍ਹ ਖੁਦ ਚਲਾਇਆ। ਸੁਖਬੀਰ ਨੇ ਪੰਜਾਬ ਨੂੰ ਦੱਸਤਾ, ‘ਅਕਾਲੀਆਂ ਕੋਲ ਬੈਕ ਗੇਅਰ ਨਹੀਂ।’ ‘ਆਪ’ ਫੀਲਿੰਗ ਲੈ ਰਹੀ ਹੈ, ਅਖੇ ਜਹਾਜ਼ੋ ਲਾਹ ਕੇ ਟਰੈਕਟਰ ’ਤੇ ਚੜ੍ਹਾ ’ਤੇ।ਜਰਮਨੀ ਅਖਾਣ ਹੈ! ‘ਪੌੜੀ ਫੜਨ ਵਾਲਾ ਵੀ ਚੋਰ ਜਿੰਨਾ ਮਾੜਾ ਹੁੰਦੈ।’ ਜਿੰਨੇ ਮੂੰਹ, ਓਨੀਆਂ ਗੱਲਾਂ। ਅਮਰਿੰਦਰ ਸਿਓਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਸੀ। ਅੰਦਰਲਾ ਪਾਲਾ ਮਾਰਦੈ, ਕਿਤੇ ਕਿਸਾਨ ਸਾਡੀ ਵਹੀ ਨਾ ਖੋਲ੍ਹ ਲੈਣ। ਕਾਂਗਰਸੀ ਲਾਣਾ ਅੰਦਰੋਂ ਖੁਸ਼ ਵੀ ਐ। ਆਖਦਾ ਹੈ, ਨਰਿੰਦਰ ਮੋਦੀ ਨੇ ਬਚਾ ਲਏ। ਸਮੁੱਚੇ ਦੇਸ਼ ਲਈ ਖੇਤੀ ਬਿੱਲ ਮਾਰੂ ਨਿਕਲੇ। ਇਕੱਲੇ ਮੰਤਰੀ ਧਰਮਸੋਤ ਲਈ ਤਾਰੂ ਨਿਕਲੇ। ਖੇਤੀ ਬਿੱਲਾਂ ’ਚ ਹੀ ਰੁਲ ਗਿਆ ਵਜ਼ੀਫਾ ਘਪਲਾ। ਖੇਤੀ ਬਿੱਲਾਂ ਨੇ ਤਾਂ ਸੁੱਤੇ ਸ਼ੇਰ ਜਗਾਤੇ। ਚਾਣਕਯ ਗੁਰ ਐ! ‘ਬਿਪਤਾ ਤੋਂ ਉਦੋਂ ਡਰੋ, ਜਦੋਂ ਦੂਰ ਹੋਵੇ, ਜਦੋਂ ਸਿਰ ਆਣ ਪਵੇ, ਸਿੱਧਾ ਮੁਕਾਬਲਾ ਕਰੋ।’ ਚਾਣਕਯ ਦੀ ਸੋਚ ’ਤੇ, ਪੰਜਾਬੀ ਠੋਕ ਕੇ ਪਹਿਰਾ ਦੇ ਰਹੇ ਨੇ। ਬਿਹਾਰ ’ਚ ਤੇਜਸਵੀ ਯਾਦਵ ਵੀ ਟਰੈਕਟਰ ’ਤੇ ਚੜ੍ਹਿਐ। ਵਰਕਰਾਂ ਨੇ ਅਨੋਖਾ ਮਾਰਚ ਵੀ ਕੀਤੈ। ਮੱਝਾਂ ’ਤੇ ਚੜ੍ਹ ਕੇ। ਚਾਰੇ ਦਾ ਤੋੜਾ ਪੈ ਜਾਵੇ, ਮੱਝਾਂ ਨੂੰ ਝਉਲਾ ਪੈਂਦੈ, ਕਿਤੇ ਲਾਲੂ ਜੀ ਰਿਹਾਅ ਤਾਂ ਨਹੀਂ ਹੋ ਗਏ।                                                                                                                                 ਸਿਆਸੀ ਨੇਤਾਵਾਂ ਨੇ ਲੰਗੋਟ ਕਸੇ ਨੇ। ਹਰ ਛੋਟਾ ਵੱਡਾ ਨੇਤਾ ਆਖਦੈ। ਕਿਸਾਨੀ ਲਈ ਆਖ਼ਰੀ ਸਾਹ ਤੱਕ ਲੜਾਂਗੇ। ਦਸੌਧਾ ਸਿਓਂ ਦੇ ਮੂੰਹੋਂ ਸੱਚ ਫੁੱਟਿਐ, ‘ਪਿਆਰੀ ਸਾਧ ਸੰਗਤ ਜੀ, ਰੱਬ ਝੂਠ ਨਾ ਬੁਲਾਵੇ, ਕਿਸਾਨੀ ਲਈ 2022 ਤੱਕ ਹੀ ਜਾਨ ਵਾਰਾਂਗੇ।’ ਅੱਗੇ ਤੇਰੇ ਭਾਗ ਲੱਛੀਏ..! ਅਮਰਿੰਦਰ ਸਿੰਘ ਖੇਤੀ ਮੰਤਰੀ ਨੇ, ਜਿਨ੍ਹਾਂ ਕੋਲ 3.53 ਕਰੋੜ ਦੇ ਖੇਤ ਨੇ। ਟਰੈਕਟਰ ਇੱਕ ਵੀ ਨਹੀਂ। ਭਲਾ ਸੰਦ ਸਦੇੜੇ ਬਿਨਾਂ ਕਾਹਦੀ ਖੇਤੀ।ਬਾਦਲ ਪਰਿਵਾਰ ਕੋਲ ਦੋ ਟਰੈਕਟਰ ਨੇ, ਪੁਰਾਣਾ ਮੈਸੀ ਤੇ ਇੱਕ ‘ਨਿਊ ਹਾਲੈਂਡ’। ਆਓ ਹੋਰ ਲੇਖਾ ਜੋਖਾ ਕਰੀਏ। ਪੰਜਾਬ ’ਚ 117 ਵਿਧਾਇਕ ਨੇ। ਇਨ੍ਹਾਂ ’ਚੋਂ 88 ਵਿਧਾਇਕ ਖੇਤਾਂ ਦੇ ਮਾਲਕ ਨੇ। ਟਰੈਕਟਰ ਸਿਰਫ਼ ਪੰਜ ਵਿਧਾਇਕਾਂ ਕੋਲ ਹੈ। ਮਨਪ੍ਰੀਤ ਬਾਦਲ ਤੇ ਕੰਵਲਪਾਲ ਸਿੰਘ ਕੋਲ ਮੈਸੀ ਟਰੈਕਟਰ ਨੇ। ਸੁਖਪਾਲ ਖਹਿਰੇ ਕੋਲ ਸਭ ਤੋਂ ਵੱਧ 20.40 ਕਰੋੜ ਦੀ ਖੇਤ ਵਾਲੀ ਜ਼ਮੀਨ ਐ। ਮਨਪ੍ਰੀਤ ਕੋਲ 10.16 ਕਰੋੜ ਤੇ ਬਿਕਰਮ ਮਜੀਠੀਆ ਕੋਲ 9.81 ਕਰੋੜ ਦੀ ਖੇਤੀ ਜ਼ਮੀਨ ਹੈ।ਖੇਤੀ ਬਿੱਲਾਂ ਦੀ ਸੱਟ ਮਹਾਤੜਾਂ ਨੂੰ ਵੱਧ ਵੱਜੂ। ਨਾਅਰੇ ਪੰਜਾਬ ’ਚ ਗੂੰਜੇ, ਦਿੱਲੀ ਤੱਕ ਧਮਕ ਪਈ। ਰਾਜਾ ਐਂਡ ਪਾਰਟੀ ਨੂੰ ਵੀ ਧੁੜਕੂ ਲੱਗਿਐ। ਜਵਾਨੀ ਤੇ ਕਿਸਾਨੀ ਦੇ ਸਿਰ ਜੁੜ ਗਏ ਨੇ। ਕਿਤੇ ਜਾਣ ਜੋਗੇ ਨਹੀਂ ਛੱਡਣਾ। ਸ਼ਹੀਦ-ਏ-ਆਜ਼ਮ ਭਗਤ ਸਿਓਂ ਦਾ ਭਲਕੇ ਜਨਮ ਦਿਹਾੜਾ ਹੈ। ਜਵਾਨੋ! ਦਿਓ ਸੱਚੀ ਸ਼ਰਧਾਂਜਲੀ। ਪੱਗਾਂ ’ਚ ਨਹੀਂ, ਸੋਚ ਨੂੰ ਸਿਰਾਂ ’ਚ ਪਾਓ। ਪ੍ਰਤਾਪੀ ਕਰਾਮਾਤ ਦੇਖਣਾ, ਹਕੂਮਤੀ ਸੂਰਜ ਕਿਵੇਂ ਢਲਨਗੇ। ਅਖੀਰ ਸੁਰਜੀਤ ਪਾਤਰ ਦੇ ਬੋਲਾਂ ਨਾਲ..‘ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ, ਪਰ ਅਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ।’


 

Wednesday, September 23, 2020

       ਕਿਸਾਨ ਲਹਿਰ   
   ਜਦੋਂ ਪਿੰਡ ਜਾਗ ਪੈਣ..!
        ਚਰਨਜੀਤ ਭੁੱਲਰ
ਚੰਡੀਗੜ੍ਹ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ 'ਚ ਨੌਜਵਾਨਾਂ ਵੱਲੋਂ 'ਕਿਸਾਨ ਵਿੰਗ' ਬਣਾਉਣਾ ਨਵੀਂ ਸਵੇਰ ਦਾ ਸੁਨੇਹਾ ਹੈ। ਬਨੇਰਿਆਂ 'ਤੇ ਲਹਿਰਾ ਰਹੇ ਝੰਡੇ ਪਿੰਡਾਂ ਦੇ ਖੌਲ ਰਹੇ ਖੂਨ ਦਾ ਪ੍ਰਤੀਕ ਹਨ। ਕਿਸਾਨ ਧਿਰਾਂ ਕੋਲ ਬੈਜਾਂ ਦੀ ਮੰਗ ਪੂਰੀ ਨਾ ਹੋਣਾ ਕਿਸਾਨੀ ਰੋਹ ਦੀ ਡੂੰਘਾਈ ਦਾ ਪ੍ਰਮਾਣ ਹੈ। ਨਵੇਂ ਖੇਤੀ ਬਿੱਲਾਂ ਨੇ ਪਿੰਡਾਂ ਨੂੰ ਸੰਘਰਸ਼ੀ ਮੋੜਾ ਦੇ ਦਿੱਤਾ ਹੈ। ਅੰਮ੍ਰਿਤਸਰ ਦੇ ਪਿੰਡ ਚੱਬਾ 'ਚ ਦਿਨ ਰਾਤ ਕਿਸਾਨੀ ਲਹਿਰ ਦੇ ਝੰਡੇ ਬਣ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦਾ ਪੂਰਾ ਪਰਿਵਾਰ 15 ਦਿਨਾਂ ਤੋਂ ਕਿਸਾਨੀ ਝੰਡੇ ਬਣਾਉਣ ਵਿਚ ਜੁਟਿਆ ਹੋਇਆ ਹੈ। ਕਿਸਾਨ ਆਗੂ ਚੱਬਾ ਦੱਸਦਾ ਹੈ ਕਿ ਪਿੰਡਾਂ 'ਚ ਝੰਡਿਆਂ ਦੀ ਮੰਗ ਤੇਜੀ ਨਾਲ ਵਧੀ ਹੈ, ਜਿਸ ਕਰਕੇ ਚਾਰ ਔਰਤਾਂ ਦਿਨ-ਰਾਤ ਝੰਡੇ ਬਣਾ ਰਹੀਆਂ ਹਨ। ਇੱਕ ਹਜ਼ਾਰ ਬੈਜ ਹੁਣ ਆਰਡਰ ਕੀਤਾ ਹੈ। ਦੋਆਬੇ ਤੇ ਮਾਝੇ ਦੇ 200 ਪਿੰਡਾਂ ਵਿਚ ਨਵੀਆਂ ਆਪ ਮੁਹਾਰੇ ਕਿਸਾਨ ਇਕਾਈਆਂ ਬਣ ਗਈਆਂ ਹਨ, ਜਿਸ 'ਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ।
           ਮੁਕਤਸਰ ਦੇ ਪਿੰਡ ਦੋਦਾ ਦਾ ਨੌਜਵਾਨ ਕਿਸਾਨ ਜਗਮੀਤ ਸਿੰਘ ਆਖਦਾ ਹੈ ਕਿ ਖੇਤੀ ਬਿੱਲਾਂ ਨੇ ਤਾਂ ਸੁੱਤੀ ਕਿਸਾਨੀ ਜਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਆੜ੍ਹਤੀਏ ਵੀ ਆਖਣ ਲੱਗੇ ਹਨ ਕਿ ਕਿਸਾਨ ਧਿਰਾਂ ਬਿਨਾਂ ਗੁਜ਼ਾਰਾ ਨਹੀਂ। ਵੇਰਵਿਆਂ ਅਨੁਸਾਰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡੋਂ ਪਿੰਡ ਨਾਅਰੇ ਗੂੰਜਣ ਲੱਗੇ ਹਨ। ਬਰਨਾਲਾ ਦੇ ਪਿੰਡ ਉਪਲੀ ਦੇ ਕਿਸਾਨ ਰਸਵੀਰ ਸਿੰਘ ਦਾ ਕਹਿਣਾ ਸੀ ਕਿ ਕਿਸਾਨੀ ਤਾਂ ਇੱਕਦਮ 'ਕਰੋ ਜਾਂ ਮਰੋ' ਦੇ ਰੌਂਅ ਵਿਚ ਆ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਖੇਤੀ ਬਿੱਲਾਂ  ਮਗਰੋਂ  ਕਿਸਾਨੀ ਸੰਘਰਸ਼ ਦੌਰਾਨ ਉਹ 24 ਹਜ਼ਾਰ ਝੰਡੇ ਅਤੇ 48 ਹਜ਼ਾਰ ਜੇਬੀ ਬੈਜ ਵੰਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਮੰਗ ਵਧ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਹੋਰ 50 ਹਜ਼ਾਰ ਬੈਜ ਅਤੇ 30 ਹਜ਼ਾਰ ਝੰਡੇ ਤਿਆਰ ਕਰਾਉਣ ਦਾ ਆਰਡਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦੇ ਪਹਿਲਾਂ 80 ਪਿੰਡਾਂ 'ਚੋਂ ਕਿਸਾਨ ਸੰਘਰਸ਼ਾਂ 'ਚ ਆਉਂਦੇ ਸਨ, ਜਦੋਂ ਕਿ ਹੁਣ ਸਵਾ ਸੌ ਪਿੰਡ ਸਰਗਰਮ ਹੋਏ ਹਨ।
             ਸੰਗਰੂਰ ਜ਼ਿਲ੍ਹੇ ਦੀ ਚੀਮਾ ਮੰਡੀ 'ਚ ਕਿਸਾਨ ਮੀਟਿੰਗ ਦੌਰਾਨ ਹੀ ਤਿੰਨ ਲੱਖ ਦੇ ਝੰਡੇ ਅਤੇ ਬੈਜ ਕਿਸਾਨਾਂ ਨੇ ਲੈ ਲਏ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਮਹਿਰਾਜ 'ਚ ਪਹਿਲਾਂ ਕਿਸੇ ਧਿਰ ਦੀ ਪਿੰਡ ਇਕਾਈ ਨਹੀਂ ਸੀ ਜਦੋਂ ਕਿ ਹੁਣ 40 ਨੌਜਵਾਨਾਂ ਨੇ ਆਪ ਮੁਹਾਰੇ ਇਕਾਈ ਖੜ੍ਹੀ ਕਰ ਰਹੀ ਹੈ ਅਤੇ 75 ਝੰਡੇ ਮਹਿਰਾਜ 'ਚ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ ਵਿਚ ਕਿਸਾਨ ਵਿੰਗ ਖੜ੍ਹੇ ਹੋ ਗਏ ਹਨ।ਪਿੰਡ ਬਾਦਲ ਦੇ ਕਿਸਾਨ ਵੀ ਸੰਘਰਸ਼ ਵਿਚ ਕੁੱਦੇ ਹਨ। ਕਿਸਾਨ ਮੋਰਚੇ ਦੌਰਾਨ ਇੱਕ ਕਿਸਾਨ ਨੇ ਦੋ ਦਿਨ ਨਿੰਬੂ ਪਾਣੀ ਅਤੇ ਇੱਕ ਦਿਨ ਚਾਹ ਦਾ ਲੰਗਰ ਲਾਇਆ। ਇੰਝ ਜਾਪਦਾ ਹੈ ਕਿ ਜਿਵੇਂ ਖੇਤੀ ਬਿੱਲ ਕਿਸਾਨ ਪਰਿਵਾਰਾਂ ਦੇ ਹਰ ਨਿਆਣੇ-ਸਿਆਣੇ ਲਈ ਜ਼ਿੰਦਗੀ ਮੌਤ ਦਾ ਸਵਾਲ ਹੋਣ।ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਹਫਤੇ ਪੰਜ ਹਜ਼ਾਰ ਝੰਡੇ ਬਣਵਾਏ ਗਏ ਸਨ, ਜੋ ਖ਼ਤਮ ਹੋ ਚੁੱਕੇ ਹਨ ਅਤੇ ਹੁਣ 3500 ਝੰਡਿਆਂ ਅਤੇ 3500 ਬੈਜਾਂ ਦਾ ਨਵਾਂ ਆਰਡਰ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ 'ਚ ਸੂਝ ਵਧੀ ਹੈ। ਬੀਤੇ ਦਿਨ ਪਿੰਡ ਕਰਾੜਵਾਲਾ 'ਚ ਨੌਜਵਾਨਾਂ ਨੇ ਖੁਦ ਇਕੱਠੇ ਹੋ ਕੇ 'ਪਿੰਡ ਇਕਾਈ' ਦਾ ਗਠਨ ਕਰ ਲਿਆ ਹੈ।
            ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ 'ਚ ਕਿਸਾਨੀ ਲਹਿਰ ਨੂੰ ਚੰਗਾ ਹੁਲਾਰਾ ਮਿਲਿਆ ਹੈ। ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭੜੀ ਪਨੈਜਾ 'ਚ ਕਦੇ ਵੀ ਕਿਸਾਨੀ ਲਹਿਰ ਦੀ ਹਵਾ ਨਹੀਂ ਰੁਮਕੀ ਸੀ ਪਰ ਹੁਣ ਇਸ ਪਿੰਡ 'ਚੋਂ ਸੰਘਰਸ਼ਾਂ 'ਚ ਬੱਸਾਂ ਭਰ ਕੇ ਗਈਆਂ ਹਨ। ਜ਼ਿਲ੍ਹੇ ਦੇ ਪਿੰਡ ਹਰੀਪੁਰ ਦੇ ਕਿਸਾਨ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਖੇਤੀ ਬਿੱਲਾਂ ਨੇ ਕਿਸਾਨੀ ਪਰਿਵਾਰਾਂ 'ਚ ਫਿਕਰ ਖੜ੍ਹੇ ਕੀਤੇ ਹਨ। ਹੁਸ਼ਿਆਰਪੁਰ 'ਚ ਗੰਨਾ ਕਾਸ਼ਤਕਾਰਾਂ ਦੇ ਹੱਕਾਂ ਲਈ ਲੜ ਰਹੇ ਕਿਸਾਨ ਆਗੂ ਸਤਿਨਾਮ ਸਿੰਘ ਫਗਵਾੜਾ ਨੇ ਕਿਹਾ ਕਿ ਨੌਜਵਾਨਾਂ ਦੇ ਸੰਘਰਸ਼ 'ਚ ਕੁੱਦਣ ਨਾਲ ਕਿਸਾਨ ਲਹਿਰ ਬਣ ਗਈ ਹੈ। ਦੇਖਿਆ ਗਿਆ ਕਿ ਪਿੰਡੋਂ ਪਿੰਡ ਹੁਣ ਦਿਨ ਰਾਤ ਖੇਤੀ ਬਿੱਲਾਂ 'ਤੇ ਹੀ ਚਰਚੇ ਛਿੜੇ ਹੋਏ ਹਨ ਅਤੇ ਕਿਸਾਨ ਪਰਿਵਾਰ ਇਸ ਤੋਂ ਕਾਫ਼ੀ ਫਿਕਰਮੰਦ ਵੀ ਹਨ।
                      ਸੰਘਰਸ਼ 'ਚ ਗੂੰਜਣਗੇ ਭਗਤ ਸਿੰਘ ਦੇ ਬੋਲ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਇਸ ਵਾਰ ਕਿਸਾਨੀ ਸੰਘਰਸ਼ ਦੌਰਾਨ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਤਾਂ 28 ਸਤੰਬਰ ਤੋਂ ਇਲਾਵਾ 29 ਅਤੇ 30 ਸਤੰਬਰ ਤੱਕ ਤਿੰਨ ਦਿਨ ਪਿੰਡੋਂ-ਪਿੰਡ ਜਾ ਕੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਸੁਫਨਿਆਂ ਤੋਂ ਜਾਣੂ ਕਰਾਉਣ ਦੀ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਕਿਸਾਨ ਇਕੱਠਾਂ 'ਚ ਭਗਤ ਸਿੰਘ ਤਸਵੀਰਾਂ ਨੂੰ ਲਿਜਾਇਆ ਜਾਵੇਗਾ।

Tuesday, September 22, 2020

                  ਖੁੱਲ ਗਏ ਭੇਤ                             
ਗਿਆਰਾਂ ਲੱਖ ਕਿਸਾਨਾਂ ਲਈ ‘ਮੌਤ ਦੇ ਵਰੰਟ’
                         ਚਰਨਜੀਤ ਭੁੱਲਰ
ਚੰਡੀਗੜ੍ਹ : ਨਵੇਂ ਖੇਤੀ ਬਿੱਲ ਪੰਜਾਬ ਦੇ 11.25 ਲੱਖ ਕਿਸਾਨਾਂ ਦੇ ਗਲੇ ਦੀ ਹੱਡੀ ਬਣਨਗੇ। ਜੇਕਰ ਖੇਤੀ ਬਿੱਲ ਜਿਣਸਾਂ ਦੇ ਸਰਕਾਰੀ ਭਾਅ ਨੂੰ ਕੁੜਿੱਕੀ ਪਾਉਂਦੇ ਹਨ ਤਾਂ ਸਰਕਾਰੀ ਭਾਅ ’ਤੇ ਫਸਲਾਂ ਵੇਚਣ ਵਾਲੇ ਦੇਸ਼ ਦੇ ਸਵਾ ਕਰੋੜ ਕਿਸਾਨਾਂ ਲਈ ਨਵਾਂ ਸੰਕਟ ਬਣੇਗਾ। ਸਮੁੱਚੇ ਦੇਸ਼ ਚੋਂ ਪੰਜਾਬ ਅਜਿਹਾ ਦੂਸਰਾ ਸੂਬਾ ਹੈ ਜਿਥੋਂ ਦੇ ਸਭ ਤੋੋਂ ਵੱਧ 10.49 ਲੱਖ ਕਿਸਾਨ ਸਰਕਾਰੀ ਭਾਅ ’ਤੇ ਕਣਕ ਵੇਚਦੇ ਹਨ। ਕੇਂਦਰੀ ਖੁਰਾਕ ਤੇ ਸਪਲਾਈ ਮੰਤਰਾਲੇ ਅਨੁਸਾਰ ਪੰਜਾਬ ਦੇ 10.49 ਲੱਖ ਕਿਸਾਨਾਂ ਨੇ ਲੰਘੇ ਸੀਜ਼ਨ ’ਚ ਕਣਕ ਦੀ ਫਸਲ ਸਰਕਾਰੀ ਭਾਅ ’ਤੇ ਵੇਚੀ ਸੀ ਜਦੋਂ ਕਿ ਸਾਲ 2019-20 ਦੇ ਸੀਜ਼ਨ ’ਚ ਪੰਜਾਬ ਦੇ 11.25 ਲੱਖ ਕਿਸਾਨਾਂ ਨੇ ਝੋਨੇ ਦੀ ਫਸਲ ਘੱਟੋ ਘੱਟ ਸਮਰਥਨ ਮੁੱਲ ’ਤੇ ਵੇਚੀ ਸੀ। ਖੇਤੀ ਬਿੱਲ ਆਉਂਦੇ ਸਮੇਂ ਵਿਚ ਪੰਜਾਬ ਦੇ ਕਰੀਬ 11.25 ਲੱਖ ਕਿਸਾਨਾਂ ਨੂੰ ਹਨੇਰੇ ਵਿਚ ਧੱਕ ਸਕਦੇ ਹਨ। ਕੇਂਦਰ ਸਰਕਾਰ ਤਰਫ਼ੋਂ ਅੱਜ ਅਗਲੀ ਕਣਕ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਐਲਾਨ ਦਿੱਤਾ ਹੈ। ਇਸੇ ਦੌਰਾਨ ਸਮੁੱਚਾ ਪੰਜਾਬ ਕਿਸਾਨ ਅੰਦੋਲਨਾਂ ’ਚ ਖੇਤੀ ਬਿੱਲਾਂ ਦੇ ਖ਼ਿਲਾਫ਼ ਡਟਿਆ ਹੋਇਆ ਹੈ। 
        ਮੱਧ ਪ੍ਰਦੇਸ਼ ਦੇ 15.93 ਲੱਖ, ਪੰਜਾਬ ਦੇ 10.49 ਲੱਖ, ਹਰਿਆਣਾ ਦੇ 7.80 ਲੱਖ, ਯੂ.ਪੀ ਦੇ 6.63 ਲੱਖ ਅਤੇ ਰਾਜਸਥਾਨ ਦੇ 2.19 ਲੱਖ ਕਿਸਾਨਾਂ ਨੇ ਲੰਘੇ ਸੀਜ਼ਨ ’ਚ ਕਣਕ ਦੀ ਫਸਲ ਸਰਕਾਰੀ ਮੁੱਲ ’ਤੇ ਵੇਚੀ ਸੀ। ਇਵੇਂ ਹੀ ਸਾਲ 2019-20 ’ਚ ਤਿਲੰਗਾਨਾ ਦੇ 19.88 ਲੱਖ, ਹਰਿਆਣਾ ਦੇ 18.91 ਲੱਖ, ਛਤੀਸਗੜ੍ਹ ਦੇ 18.38 ਲੱਖ, ਉੜੀਸਾ ਦੇ 11.61 ਲੱਖ ਅਤੇ ਪੰਜਾਬ ਦੇ 11.25 ਲੱਖ ਕਿਸਾਨਾਂ ਨੇ ਝੋਨੇ ਦੀ ਫਸਲ ਸਰਕਾਰੀ ਕੀਮਤ ’ਤੇ ਵੇਚੀ ਸੀ।ਪੰਜਾਬ ਦੇ ਝੋਨੇ ਦੀ ਜਿਣਸ ਸਰਕਾਰੀ ਭਾਅ ’ਤੇ ਵੇਚਣ ਵਾਲੇ ਕਿਸਾਨਾਂ ਦੀ ਸਾਲ 2015-16 ਵਿਚ ਦੇਸ਼ ਵਿਚੋਂ ਸਭ ਤੋਂ ਵੱਧ ਗਿਣਤੀ 12.06 ਲੱਖ ਸੀ। ਉਦੋਂ ਮੁਲਕ ਚੋਂ ਪੰਜਾਬ ਪਹਿਲੇ ਨੰਬਰ ’ਤੇ ਸੀ ਅਤੇ ਹੁਣ ਪਛੜ ਕੇ ਪੰਜਵੇਂ ਨੰਬਰ ’ਤੇ ਆ ਗਿਆ ਹੈ। ਪੂਰੇ ਮੁਲਕ ’ਤੇ ਨਜ਼ਰ ਮਾਰੀਏ ਤਾਂ ਦਸ ਸੂਬਿਆਂ ਵਿਚ ਕਣਕ ਦੀ ਫਸਲ ਸਰਕਾਰੀ ਭਾਅ ’ਤੇ ਲੰਘੇ ਸੀਜ਼ਨ ਵਿਚ ਖਰੀਦ ਕੀਤੀ ਗਈ ਸੀ ਅਤੇ ਇਨ੍ਹਾਂ ਦਸ ਸੂਬਿਆਂ ਦੇ ਕਿਸਾਨਾਂ ਦੀ ਗਿਣਤੀ 43.35 ਲੱਖ ਬਣਦੀ ਹੈ ਜਿਨ੍ਹਾਂ ਨੂੰ ਸਰਕਾਰੀ ਭਾਅ ਮਿਲਿਆ ਸੀ। ਇਸੇ ਤਰ੍ਹਾਂ ਦੇਸ਼ ਦੇ 22 ਸੂਬਿਆਂ ’ਚ ਝੋਨੇ ਵਾਲੇ 1.24 ਕਰੋੜ ਕਿਸਾਨਾਂ ਨੇ ਆਪਣੀ ਜਿਣਸ ਸਰਕਾਰੀ ਕੀਮਤ ’ਤੇ ਵੇਚੀ ਸੀ।                                                                                                                                ਭਾਰਤੀ ਖੁਰਾਕ ਨਿਗਮ ਵੱਲੋਂ ਦੇਸ਼ ਭਰ ਚੋਂ ਲੰਘੇ ਸੀਜ਼ਨ ਵਿਚ 38.66 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜਿਸ ਚੋਂ 14.20 ਲੱਖ ਮੀਟਰਿਕ ਟਨ ਇਕੱਲੇ ਪੰਜਾਬ ਚੋਂ ਖਰੀਦ ਕੀਤੀ ਗਈ ਸੀ। ਇਸੇ ਤਰ੍ਹਾਂ ਖੁਰਾਕ ਨਿਗਮ ਨੇ ਪੰਜਾਬ ਚੋਂ ਲੰਘੇ ਸੀਜ਼ਨ ਵਿਚ 2.24 ਲੱਖ ਮੀਟਰਿਕ ਟਨ ਝੋਨਾ ਖਰੀਦ ਕੀਤਾ ਸੀ। ਵੇਰਵਿਆਂ ਅਨੁਸਾਰ ਖੁਰਾਕ ਨਿਗਮ ਵੱਲੋਂ ਪੂਰਬੀ ਰਾਜਾਂ ’ਚ ਇੱਕ ਤਜਰਬਾ ਕੀਤਾ ਗਿਆ ਸੀ ਜਿਸ ਤਹਿਤ ਨਿਗਮ ਨੇ ਪ੍ਰਾਈਵੇਟ ਕੰਪਨੀਆਂ ਨੂੰ ਖਰੀਦ ਦੇ ਕੰਮ ਵਿਚ ਸ਼ਾਮਿਲ ਕੀਤਾ ਸੀ।ਖੁਰਾਕ ਨਿਗਮ ਦੇ ਇਸ ਤਜਰਬੇ ਤਹਿਤ ਝਾਰਖੰਡ, ਯੂ.ਪੀ ਅਤੇ ਪੱਛਮੀ ਬੰਗਾਲ ਚੋਂ ਸਾਲ 2015-16 ਤੋਂ 2017-18 ਦੌਰਾਨ ਪ੍ਰਾਈਵੇਟ ਕੰਪਨੀਆਂ ਨੇ ਸਰਕਾਰੀ ਮੁੱਲ ’ਤੇ ਸਿਰਫ਼ 7.60 ਲੱਖ ਮੀਟਰਿਕ ਟਨ ਫਸਲ ਹੀ ਖਰੀਦ ਕੀਤੀ ਸੀ। ਕੇਂਦਰ ਸਰਕਾਰ ਨੇ ਅੱਜ ਕਣਕ ਦਾ ਸਰਕਾਰੀ ਭਾਅ 50 ਰੁਪਏ ਵਧਾ ਕੇ 1975 ਰੁਪਏ ਪ੍ਰਤੀ ਕੁਇੰਟਲ ਐਲਾਨ ਦਿੱਤਾ ਗਿਆ ਹੈ। ਆਉਂਦੇ ਸਮੇਂ ਵਿਚ ਸਰਕਾਰੀ ਭਾਅ ਹਕੀਕਤ ਨਾ ਬਣਿਆ ਤਾਂ ਸਭ ਤੋਂ ਵੱਡੀ ਮਾਰ ਪੰਜਾਬ ਦੀ ਕਿਸਾਨੀ ਨੂੰ ਝੱਲਣੀ ਪੈਣੀ ਹੈ। 
 ਸਰਕਾਰੀ ਭਾਅ ’ਤੇ ਲੰਘੇ ਸੀਜ਼ਨ ’ਚ ਕਣਕ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ :
ਰਾਜ ਦਾ ਨਾਮ    ਕਿਸਾਨ (ਗਿਣਤੀ ਲੱਖਾਂ ’ਚ)
ਮੱਧ ਪ੍ਰਦੇਸ਼   : 15.93
ਪੰਜਾਬ   : 10.49 
ਹਰਿਆਣਾ  : 7.80
ਉਤਰ ਪ੍ਰਦੇਸ਼   : 6.63 
ਰਾਜਸਥਾਨ  : 2.19 
ਸਰਕਾਰੀ ਭਾਅ ’ਤੇ ਲੰਘੇ ਸੀਜ਼ਨ ’ਚ ਝੋਨੇ ਦੀ ਫਸਲ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ :
ਰਾਜ ਦਾ ਨਾਮ    ਕਿਸਾਨ (ਗਿਣਤੀ ਲੱਖਾਂ ’ਚ)
ਤਿਲੰਗਾਨਾ : 19.88 
ਹਰਿਆਣਾ : 18.91 
ਛਤੀਸਗੜ੍ਹ : 18.38 
ਉੜੀਸਾ : 11.61
ਪੰਜਾਬ  : 11.25   


 

Sunday, September 20, 2020

                                 


                        ਵਿਚਲੀ ਗੱਲ

              ਅਸੀਂ ਖੇਤਾਂ ਦੇ ਡਰਨੇ ਨਹੀਂ..!
                           ਚਰਨਜੀਤ ਭੁੱਲਰ

ਚੰਡੀਗੜ੍ਹ : ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਜ਼ਰੂਰ ਮਲੱਠੀ ਖਾਧੀ ਹੋਊ। ਸੰਸਦ ’ਚ ਏਨੀ ਗੜ੍ਹਕ ਨਾਲ ਬੋਲੇ, ਸਪੀਕਰ ਓਮ ਬਿਰਲਾ ਨੂੰ ਪਿੱਸੂ ਪੈ ਗਏ। ਖੇਤੀ ਕਾਨੂੰਨ ਬਣਨ ਲੱਗੇ, ਸੁਖਬੀਰ ਤੋਂ ਝੱਲ ਨਾ ਹੋਏ। ਭਰੀ ਪੰਚਾਇਤ ’ਚ ਦੁੱਖ ਛਲਕੇ। ਸਪੀਕਰ ਸਾਹਬ! ‘ਮੈਂ ਕਿਸਾਨ ਹਾਂ।’ ਭਗਵੰਤ ਮਾਨ ਨੇ ਹੂੰਗਰ ਮਾਰੀ, ‘ਅੱਛਾ ਜੀ!’ ਸੁਖਬੀਰ ਜੀ ਦਾ ਗੱਚ ਭਰਿਆ, ਧੁਰ ਅੰਦਰੋਂ ਕੁਰਲਾਏ, ‘ਅਸਾਂ ਨੂੰ ਬਿੱਲ ਮਨਜ਼ੂਰ ਨਹੀਂ।’ ਹੰਝੂਆਂ ਦੀ ਝੜੀ ਲੱਗੀ, ਦਰਦਾਂ ਦਾ ਦਰਿਆ ਵਗਿਆ। ਏਹ ਹੁੰਦੀ ਐ ਕੁਰਬਾਨੀ।‘ਸਾਰਾ ਜਾਂਦਾ ਵੇਖੀਏ, ਅੱਧਾ ਦੇਈਏ ਵੰਡ।’ ਹਰਸਿਮਰਤ ਬਾਦਲ ਬੋਲੇ, ਏਨਾ ਨੇਹਰ ਖਾਤਾ, ਆਹ ਚੱਕੋ ਅਸਤੀਫ਼ਾ। ਫਿਰ ਧਿਆਨ ਧਰ ਬੋਲੇ, ‘ਕਿਸਾਨਾਂ ਦੀ ਧੀ-ਭੈਣ ਹੋਣ ਦਾ ਫਖ਼ਰ ਹੈ।’ ਜੈਕਾਰੇ ਗੂੰਜਣੋ ਨਾ ਹਟਣ। ਅਸਤੀਫ਼ਾ ਪ੍ਰਵਾਨ ਚੜ੍ਹ ਗਿਆ। ਵਿਰੋਧੀ ਖਿੱਲ ਵਾਂਗੂ ਭੁੱਜ ਗਏ। ਅਖੇ! ਜਥੇਦਾਰ ਦੇਰ ਤਾਂ ਆਏ, ਦਰੁਸਤ ਨਹੀਂ ਆਏ। ਪੰਥ ਦੋਖੀ ਜੋ ਮਰਜ਼ੀ ਚੋਭਾ ਮਾਰਨ, ਜਥੇਦਾਰ ਬਾਦਲ ਨੇ ਕਰਤੀ ਕਮਾਲ। ਅੌਹ ਨਵਾਂ ਪੋਸਟਰ ਦੇਖੋ, ‘ਇੱਕੋ ਨਾਅਰਾ, ਕਿਸਾਨ ਪਿਆਰਾ’।ਨਰੇਂਦਰ ਭਾਈ! ਬਾਦਲਾਂ ਨੇ ਏਨੀ ‘ਸ਼ਰਾਫ਼ਤ’ ਦਿਖਾਈ, ਤੁਸੀਂ ਕਦਰ ਨਹੀਂ ਪਾਈ। ਭਾਈ! ਤੁਸੀਂ ਧਾਰਾ 370 ਤੋੜੀ, ਦੱਸੋ, ਅਕਾਲੀ ਚੂੰ ਕੀਤੇ। ਨਾਗਰਿਕਤਾ ਬਿੱਲ ਲਿਆਏ, ਥੋਡਾ ਮੁਲਾਹਜ਼ਾ ਪੂਰ ਦਿੱਤਾ। ਤੁਸਾਂ ਨੇ ਸੰਘੀ ਢਾਂਚਾ ਪਿੰਜਿਆ, ਬਾਦਲਾਂ ਨੇ ਕੌੜਾ ਘੁੱਟ ਭਰਿਆ। ਖੇਤੀ ਕਾਨੂੰਨ...ਬੱਸ ਹੁਣ ਹੋਰ ਨਹੀਂ। ਇੱਧਰ, ਅਮਰਿੰਦਰ ਸਿੰਘ ਨੂੰ ਨੀਂਦ ਕਿੱਥੇ। ਕਿਸਾਨ ਰੁਲੇ, ਮਹਾਰਾਜਾ ਸੌਂਵੇ, ਕਿਵੇਂ ਹੋ ਸਕਦੈ। ਕਰੋਨਾ ਦੌਰ ’ਚ ਖੁਦ ਗਵਰਨਰ ਨੂੰ ਮੈਮੋਰੰਡਮ ਦੇਣ ਗਏ। ਦਿੱਲੀ ਮੁਜ਼ਾਹਰੇ ’ਚ ਵੀ ਜਾਣਗੇ। ਜਪਾਨੀ ਪੁੱਛਦੇ ਨੇ...‘ਹਵਾ ਨੂੰ ਬਾਂਸਾਂ ਨਾਲ ਕਿਵੇਂ ਰੋਕੋਗੇ।’ ਕੇਜਰੀਵਾਲ ਆਖਦੈ, ਅਗਲੀ ਚੋਣ ’ਚ ਦੱਸਾਂਗੇ। ਪੰਜਾਬੀਓ! ਨਵਾਂ ਤਮਾਸ਼ਾ ਦੇਖਿਓ। ‘ਕੁਰਬਾਨੀ’ ਵਾਲਾ ਰਾਗ ਮਨ ਚਿੱਤ ਲਾ ਸੁਣਿਓ। ਕੌਣ ਗ਼ੱਦਾਰ ਤੇ ਕੌਣ ਸ਼ਹੀਦ। ਫ਼ੈਸਲੇ ਦੀ ਘੜੀ ਐ।

                ਨਾਲੇ ਲਾਲਾ ਬਾਂਕੇ ਦਿਆਲ ਨੂੰ ਵੀ ਸੁਣੋ। ‘ਬਣ ਗਏ ਨੇ ਤੇਰੇ ਲੀਡਰ, ਰਾਜੇ ਤੇ ਖਾਨ ਬਹਾਦਰ/ਤੈਨੂੰ ਫਸਾਉਣ ਖ਼ਾਤਰ, ਵਿਛਦੇ ਪਏ ਜਾਲ ਓਏ... ਪਗੜੀ ਸੰਭਾਲ ਜੱਟਾ..!’ ਮਨੌਤ ਹੈ ਕਿ ਧਰਤੀ ਬਲਦ ਦੇ ਸਿੰਗਾਂ ’ਤੇ ਟਿਕੀ ਹੈ। ਧਰਤ ਦਾ ਸਾਰਾ ਬੋਝ ਦੋ ਸਿੰਗਾਂ ’ਤੇ ਹੈ। ਜਦੋਂ ਜ਼ੁਲਮਾਂ ਦੀ ਪੰਡ ਵਧੇ, ਧਰਤੀ ਦਾ ਤਵਾਜ਼ਨ ਡੋਲਦੈ। ਖੇਤਾਂ ਦਾ ਬੋਝ ਕਾਹਦਾ। ਕੇਂਦਰੀ ਫ਼ੈਸਲੇ ਧੂਹ ਪਾਉਂਦੇ ਨੇ, ਬਲਦ ’ਤੇ ਭਾਰ ਵਧਾਉਂਦੇ ਨੇ।  ਖੇਤੀ ਕਾਨੂੰਨ ਕਾਹਦੇ ਬਣੇ। ਧਰਤੀ ਹੇਠਲਾ ਬਲਦ ਦਮੋਂ ਨਿਕਲਐ। ਨਿਊ ਬਰੈਂਡ ‘ਕੁਰਬਾਨੀ’, ਕਾਂਗਰਸੀ ਵੀਰਾਂ ਦੇ ਖੇਖਣ, ਬੱਸ ਬਹਿ ਕੇ ਦੇਖਣਾ। ਪ੍ਰਧਾਨ ਮੰਤਰੀ ਦੇ ਕੰਨ ਹੱਸੇ। ਮਿੱਤਰੋ! ‘ਸੱਪ ਲੰਘ ਗਿਆ, ਹੁਣ ਕੁੱਟੋ ਲੀਕਾਂ।’ ਖੇਤ ਕਦੋਂ ਦੇ ਚੁਗੇ ਗਏ। ਅਕਾਲੀ-ਕਾਂਗਰਸੀ, ਚਿੜੀਆਂ ਭਾਲ ਰਹੇ ਨੇ। ਬਰਮਾ ਵਾਲੇ ਬਾਬੇ ਬੋਲੇ...‘ਹੜ੍ਹ ਪਿੱਛੋਂ ਡੈਮ ਕੌਣ ਬਣਾਉਦੈ।’ ਏਹ ਰਿਸ਼ਤਾ ਤਾਂ ਨਹੁੰ ਮਾਸ ਵਾਲੈ। ਕਿਸਾਨਾਂ ਦੇ ਸਭ ਨਹੁੰਆਂ ’ਚ ਨੇ। ਖੇਤੀ ਕਾਨੂੰਨ ਬਿਜਲੀ ਵਾਂਗੂ ਡਿੱਗੇ। ਅੱਕਾਂਵਾਲੀ ਦਾ ਪ੍ਰੀਤਮ ਸਿਓਂ ਪਹਿਲਾ ‘ਖੇਤੀ ਸ਼ਹੀਦ’ ਬਣ ਗਿਆ। ਖੇਤ ਬੰਨੇ ਮਾਯੂਸ ਹਨ। ਜਿਣਸਾਂ ਨੂੰ ਮਿਰਗੀ ਦਾ ਦੌਰਾ ਪਿਐ। ਹੱਥਾਂ ਦੇ ਛਾਲੇ, ਪੈਰਾਂ ਦੀ ਬਿਆਈ, ਉਪਰੋਂ ਭੁੱਖ ਦਾ ਪਹਿਰਾ। ਫਿਰ ਢਿੱਡ ਨੂੰ ਗੰਢ ਦੇਣੀ ਸੌਖੀ ਨਹੀਂ। ਦੇਸ਼ ਦੇ 191 ਸੰਸਦ ਮੈਂਬਰ। ਆਪਣੇ ਆਪ ਨੂੰ ਖੇਤਾਂ ਦੇ ਪੁੱਤ ਦੱਸਦੇ ਨੇ। ਜਦੋਂ ਖੇਤੀ ਬਿੱਲ ਆਇਆ, ਕੰਨਾਂ ’ਚ ਕੌੜਾ ਤੇਲ ਪਾ ਬੈਠੇ। ਸੁਖਬੀਰ ਦੇ ਬੋਲ ਮੁੜ ਗੂੰਜੇ ਨੇ, ‘ਮੈਂ ਕਿਸਾਨ ਹਾਂ।’

               ਬਾਦਲ ਪਿੰਡ ਦਰਾਂ ਅੱਗੇ ਬੈਠੇ ਨੇ, ਉਹ ਕੌਣ ਨੇ? ਕੀ ਮੰਗਦੇ ਨੇ? ਕਿਸਾਨ ਸੁਖਬੀਰ ਸਿੰਘ ਬਾਦਲ ਦੇ ਤਿੰਨ ਰਾਜਾਂ ’ਚ ਖੇਤ ਹਨ। ਖੇਤਾਂ ਦੀ ਕੀਮਤ ਐ 49.97 ਕਰੋੜ। ਦੇਖਦੇ ਜਾਇਓ, ਜਿਵੇਂ ਕੁਰਸੀ ਛੱਡ ਆਏ, ਉਵੇਂ ਸਬਸਿਡੀ ਵੀ ਛੱਡਣਗੇ। ਤਿੰਨੋਂ ਖੇਤੀ ਮੋਟਰਾਂ ਵਾਲੀ। ਕਿਸਾਨਾਂ ਖਾਤਰ ਤਾਂ ਅਮਰਿੰਦਰ ਨੇ ਫਾਰਮ ਹਾਊਸ ਛੱਡਿਐ... ਗੁੱਸੇ ’ਚ ਜਾਪਦੇ ਨੇ। ਲਲਕਾਰਾ ਮਾਰਿਐ, ‘ਕਿਸਾਨ ਭਰਾਵੋ, ਦਿੱਲੀ ਵੱਲ ਚੱਲੋ, ਮੈਂ ਨਾਲ ਚੱਲੂ ਥੋਡੇ।’  ਪੰਜਾਬ ਦੀਆਂ ਸੜਕਾਂ। ਸੜਕਾਂ ’ਤੇ ਬੈਠੀਆਂ ਬੀਬੀਆਂ। ਇਨ੍ਹਾਂ ਬੀਬੀਆਂ ਨਾਲ ਵਟਾਈਆਂ ਚੁੰਨੀਆਂ। ਚੁੰਨੀਆਂ ਦਾ ਮੁੱਲ, ਭੈਣ ਹਰਸਿਮਰਤ ਨੇ ਮੋੜਿਐ। ਕੁਰਸੀ ਤਿਆਗ ਆਏ ਨੇ। ਸਕੇ ਭਰਾਵਾਂ ਨੇ ਏਸ ਭੈਣ ਨੂੰ 30 ਏਕੜ ਜ਼ਮੀਨ ਤੋਹਫ਼ੇ ’ਚ ਦਿੱਤੀ। ਭਾਵੇਂ ਭੈਣ ਕੋਲ 7.03 ਕਰੋੜ ਦੇ ਗਹਿਣੇ ਨੇ। ਮਜ਼ਾਲ ਐ, ਕਦੇ ਮਾਣ ਕਰ ਜਾਣ। ਸੜਕਾਂ ’ਤੇ ਬੈਠੀਓ ਭੈਣੋ, ਸੱਚ ਜਾਣਿਓ, ਤੱਤੀ ਵਾਅ ਨਹੀਂ ਲੱਗਣ ਦੇਣਗੇ, ਥੋਡੇ ਆਪਣੇ ਨੇਤਾ ਨੇ। ਅਮਰਿੰਦਰ ਸਿੰਘ ਨੇ ਪ੍ਰਣ ਕੀਤੈ, ਸਮੁੱਚਾ ਕਰਜ਼ਾ ਮੁਆਫ਼ ਕਰਕੇ ਕਿਸਾਨਾਂ ਦੇ ਮੱਥੇ ਲੱਗੂ। ਘਰ-ਘਰ ਨੌਕਰੀ ਦਾ ਸੁਪਨਾ ਸੱਚ ਕਰਨਗੇ। ‘ਈਦ ਪਿੱਛੋਂ ਤੰਬੇ ਦਾ ਕੀ ਕੰਮ’। ਭੁਪਿੰਦਰ ਬਰਗਾੜੀ ਬਿਨਾਂ ਮੰਗੀ ਸਲਾਹ ਦਿੰਦੈ। ‘ਕਿਸਾਨ ਭਰਾਵੋ...ਫ਼ੈਸਲਾ ਥੋਡੇ ਹੱਥ, ’ਡੱਬਾ ਚੁੱਕ ਕੇ ਅਡਾਨੀ ਦੇ ਖੇਤ ਜਾਣੈ, ਜਾਂ ਕਿਸਾਨ ਅੰਦੋਲਨਾਂ ’ਚ ਕੁੱਦਣੈ।’ ਉਹ ਦਿਨ ਦੂਰ ਨਹੀਂ, ਅੰਬਾਨੀ-ਅਡਾਨੀ ਅੰਤਿਮ ਰਸਮਾਂ ਨਿਭਾਉਣਗੇ। ਖੇਤਾਂ ਦੇ ਫੁੱਲ ਕਿਤੇ ਮਰਜ਼ੀ ਪਾ ਆਇਓ। ਹਰਿਦੁਆਰ, ਚਾਹੇ ਕੀਰਤਪੁਰ। ਪਿੰਡ-ਪਿੰਡ ਲੇਬਰ ਚੌਕ ਬਣਨਗੇ। ਸਪੇਨੀ ਆਖਦੇ ਨੇ, ਮੱਛੀ ਫੜਨੀ ਹੋਵੇ, ਫਿਰ ਗਿੱਲੇ ਹੋਣ ਤੋਂ ਨਹੀਂ ਡਰਦੇ।

                ਕਿਸਾਨ ਮੰਡਾਸੇ ਬੰਨ੍ਹ ਨਿਕਲੇ ਨੇ। ਪੌਂਚੇ ਚੁੱਕੇ ਹੋਏ ਨੇ। ਡੁੱਬਦਾ ਬੰਦਾ ਮੀਂਹ ਦੀ ਪ੍ਰਵਾਹ ਨਹੀਂ ਕਰਦਾ। ਕਿਸਾਨੀ ਦੇ ਨਾਲ ਜਵਾਨੀ, ਅੱਗੇ ਲੱਗ ਤੁਰੀ ਐ। ਮਹਿਲਾਂ ਵਾਲੇ ਐਵੇਂ ਨਹੀਂ ਕੰਬੇ। ਸੰਘਰਸ਼ੀ ਨਾਗ ਨੇ ਫੁੰਕਾਰੇ ਮਾਰੇ ਨੇ। ਸੰਤ ਰਾਮ ਉਦਾਸੀ ਦੀ ਹਾਜ਼ਰੀ ਵੀ ਕਬੂਲ ਕਰੋ...‘ਜਿਤਨੇ ਛੋਟੇ ਖੰਭ ਨੇ ਤੇਰੇ, ਉਤਨੇ ਤੇਰੇ ਪੰਧ ਲਮੇਰੇ/ਤੇਰੀਆਂ ਰਾਹਾਂ ’ਚ ਫੰਦਕ ਨੇ, ਕੀਤਾ ਗਰਦ ਗੁਬਾਰ, ਪੰਛੀਆ! ਨਵੀਂ ਉਡਾਰੀ ਮਾਰ। ਮੁਨਸ਼ੀ ਪ੍ਰੇਮ ਚੰਦ ਦਾ ਨਾਵਲ ‘ਗੋਦਾਨ’। ਜਗੀਰਦਾਰੀ ਤਖ਼ਤੇ ਦੀ ਚੂਲ ’ਚ ਫਸੇ ਕਿਸਾਨ ਹੋਰੀ ਦਾ ਬਿਰਤਾਂਤ ਹੈ। ਸੱਤਾ ਨਹੀਂ ਮੰਗਦਾ ਹੋਰੀ, ਬੱਸ! ਇੱਜ਼ਤ ਦੀ ਜ਼ਿੰਦਗੀ ਭਾਲਦੈ, ਜੋ ਉਸ ਦਾ ਭਾਗ ਨਹੀਂ ਬਣਦੀ। ਨੋਬਲ ਇਨਾਮ ਜੇਤੂ ਅਮਰੀਕੀ ਲੇਖਿਕਾ ਪਰਲ ਬੱਕ ਦਾ ਨਾਵਲ ‘ਖ਼ਰੀ ਜ਼ਮੀਨ’ (ਦਿ ਗੁੱਡ ਅਰਥ) ਚੀਨੀ ਕਿਸਾਨ ਵੈਂਗ ਦੀ ਪੀੜਾ ਹੈ। ਵੈਂਗ ਆਖਦਾ ਹੈ... ‘ਏਹ ਖੇਤ ਮੇਰੀ ਮਾਂ ਨੇ ਜਿਨ੍ਹਾਂ ਸਾਨੂੰ ਬੁੱਕਲ ’ਚ ਪਾਲਿਐ। ਭੁੱਖ-ਤ੍ਰੇਹ ਨਾਲ ਮਰਨਾ ਪ੍ਰਵਾਨ, ਪਰ ਮੈਂ ਆਪਣੀ ਮਾਂ ਨਹੀਂ ਵੇਚਾਂਗਾ।’ ਅੰਦੋਲਨਾਂ ’ਚ ਜੋ ਕਿਸਾਨ ਕੂਕ ਰਹੇ ਨੇ। ਉਨ੍ਹਾਂ ’ਚੋਂ ਪਰਲ ਬੱਕ ਦੇ ਵੈਂਗ ਅਤੇ ਕਿਤੇ ਮੁਨਸ਼ੀ ਪ੍ਰੇਮ ਚੰਦ ਹੋਰੀ ਦਾ ਝਓਲਾ ਪੈਂਦੇ। ‘ਪੰਜਾਬ ਬੰਦ’ ਵੀ ਹੋਣਾ ਹੈ। ਸਿੱਧਾ ਆਢਾ ਲਾਉਣਗੇ। ਅਮਿਤ ਸ਼ਾਹ ਨੂੰ ਤਾਹੀਓਂ ਹਿਚਕੀ ਲੱਗੀ ਐ। ‘ਹੱਥ ਸੋਚ ਕੇ ਗੰਦਲ ਨੂੰ ਪਾਈ..!’ ਜ਼ਮੀਨਾਂ ’ਚ ਕੋਈ ਅਡਾਨੀ ਵੜ ਕੇ ਤਾਂ ਦਿਖਾਵੇ। ਇਹੋ ਦਿਲਾਂ ਦੀ ਹੂਕ ਐ। ਪੰਜਾਬ ਵੱਟੋ-ਵੱਟ ਪਿਐ। ਨਵੀਂ ਲੀਕ ਕਿਸਾਨ ਖਿੱਚ ਰਹੇ ਨੇ। ਜਿਹੜੀ ਲੀਕ ਕਦੇ ਦੁੱਲੇ ਭੱਟੀ ਨੇ ਖਿੱਚੀ ਸੀ।

              ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਦ ਹਥੇਲੀ ’ਤੇ ਰੱਖ ਵੱਡੀ ਲਕੀਰ ਵਾਹੀ। ਵਾਹੀਕਾਰਾਂ ਨੂੰ ਮਾਲਕ ਬਣਾਤਾ। ਲੀਕਾਂ ਖਿੱਚਣ ਕਦੇ ਚਾਚਾ ਅਜੀਤ ਸਿੰਘ ਤੁਰੇ। ਕਦੇ ਤੇਜਾ ਸਿੰਘ ਸੁਤੰਤਰ ਜਿਨ੍ਹਾਂ ‘ਲਾਲ ਪਾਰਟੀ’ ਬਣਾਈ। ਅਜਮੇਰ ਅੌਲਖ ਮੁਜ਼ਾਰਾ ਪਰਿਵਾਰ ’ਚੋਂ ਸੀ। ਜ਼ਿੰਦਗੀ ਭਰ ਕਿਸਾਨਾਂ ਦੇ ਦੁੱਖ ਰੋਂਦਾ ਮਰ ਗਿਆ। ‘ਵਿੰਗੀ ਲੱਕੜ ਨੂੰ ਅੱਗ ਹੀ ਸਿੱਧੀ ਕਰਦੀ ਐ’। ਕਿਤੇ ਇਹ ਲੱਕੜ ਥੰਮ੍ਹੀ ਬਣਦੀ। ਸੜਕਾਂ ’ਤੇ ਕਿਸਾਨਾਂ ਦੇ ਦਰਦ ਨਾ ਵਹਿੰਦੇ।ਕੇਰਾਂ ਅਮਰਿੰਦਰ ਨੇ ਸੱਦਾ ਦਿੱਤਾ। ਵਿਧਾਇਕ ’ਤੇ ਮੰਤਰੀ ਕਿਸਾਨੀ ਖਾਤਰ ਖੇਤੀ ਸਬਸਿਡੀ ਛੱਡਣ। 117 ’ਚੋਂ ਕੇਵਲ ਦੋ ਵਜ਼ੀਰਾਂ ਨੇ ਸਬਸਿਡੀ ਛੱਡੀ। ਖ਼ਜ਼ਾਨਾ ਤਾਂ ਕੋਈ ਕਸਰ ਨਹੀਂ ਛੱਡਦਾ, ਵਿਧਾਇਕਾਂ ਦਾ ਸਾਲਾਨਾ 11 ਕਰੋੜ ਆਮਦਨ ਕਰ ਭਰਦੈ। ’ਕੱਲਾ ਕੁਲਜੀਤ ਨਾਗਰਾ ਜੇਬ ’ਚੋਂ ਆਮਦਨ ਕਰ ਭਰਦੈ। ਨਵਜੋਤ ਸਿੱਧੂ ਵੀ ਕੁਰਬਾਨੀ ਦੇ ਪੁੰਜ ਨੇ। ਗੁਰੂ ਨੇ ਅੌਹ ਵਗਾਹ ਮਾਰੀ ਵਜ਼ੀਰੀ। ਇੱਕ ਵਰ੍ਹੇ ਤੋਂ ਗਾਇਬ ਹੋਏ ਨੇ। ਕਿਤੇ ਬੱਚਿਆਂ ਵਾਂਗੂ ਜ਼ਿੱਦੀ ਨਾ ਬਣ ਜਾਣ...‘ਪਹਿਲਾਂ ਮੁੱਖ ਮੰਤਰੀ ਬਣਾਓ, ਫਿਰ ਦਿਆਂਗਾ ਦਰਸ਼ਨ।’ ਤੀਨ ਲੋਕ ਸੇ, ਮਥੁਰਾ ਨਿਆਰੀ। ਅੱਕੇ ਤੇ ਥੱਕੇ ਕਿਸਾਨ ਆਖਦੇ ਨੇ, ਬਥੇਰੀਆਂ ਰੈਲੀਆਂ ਦੇਖੀਆਂ। ਤਾੜੀਆਂ ਮਾਰ-ਮਾਰ ਹੱਥ ਥਕਾ ਬੈਠੇ ਹਾਂ, ਨਾਅਰੇ ਮਾਰ-ਮਾਰ ਸੰਘ ਸੁਕਾ ਬੈਠੇ ਹਾਂ। ਕਿਸਾਨ-ਮਜ਼ਦੂਰ ਹੁਣ ਬੁੱਝੀ ਬੈਠੇ ਨੇ। ਛੱਜੂ ਰਾਮ ਵੀ ਕਿਥੇ ਟਲਦੈ। ਜਣੇ-ਖਣੇ ਨੂੰ ਤਲੈਂਬੜ ਵੰਡੀ ਜਾਂਦੈ। ਵੈਸੇ ਭੁੱਖੇ ਅੱਗੇ ਕੋਈ ਰੋਟੀ ਸਖ਼ਤ ਨਹੀਂ ਹੁੰਦੀ। ਜਮਰੌਦ ਦਾ ਕਿਲਾ ਫ਼ਤਹਿ ਕਰਨਾ ਹੋਵੇ, ਫਿਰ ਅੰਦਰਲੇ ਨਲੂਏ ਜਾਗਦੇ ਨੇ। ਸਿਆਸੀ ਟੋਲਾ ਉਲਝਿਐ ਪਿਆ। ਚੀਚੀ ਨੂੰ ਖੂਨ ਲਾਇਐ..! ਕੁਰਬਾਨੀ-ਕੁਰਬਾਨੀ ਖੇਡਣ ਲਈ ਮੈਦਾਨ ’ਚ ਪਾਣੀ ਛਿੜਕ ਰਹੇ ਨੇ..!


 

Thursday, September 17, 2020

                          ਕਿਸਾਨ ਮੋਰਚਾ
             ਇੱਕੋ ਤੇਰਾ ਲੱਖ ਵਰਗਾ...
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ਧਰਤੀ ‘ਤੇ ਵਰ੍ਹਿਆਂ ਮਗਰੋਂ ਸੰਘਰਸ਼ ਦਾ ਤੇਜ਼ ਤਪਸ਼ ਵਾਲਾ ਸੂਰਜ ਚੜ੍ਹਿਆ ਹੈ। ਖੇਤੀ ਆਰਡੀਨੈਂਸਾਂ ਨੇ ਜਾਗੋਮੀਟੀ ‘ਚ ਪਈ ਪੰਜਾਬ ਦੀ ਕਿਸਾਨੀ ਨੂੰ ਹਲੂਣ ਦਿੱਤਾ ਹੈ। ਸੰਘਰਸ਼ੀ ਅਖਾੜੇ ‘ਚ ਪਹਿਲੀ ਵਾਰ ਨਿੱਤਰੇ ਬਹੁਤੇ ਪਰਿਵਾਰਾਂ ਦੇ ਰੋਹ ਦੀ ਤੜ ਦੇਖਣ ਵਾਲੀ ਹੈ। ਪਿੰਡ ਬਾਦਲ ਅਤੇ ਪਟਿਆਲਾ ‘ਚ ਛੇ ਦਿਨਾ ਕਿਸਾਨ ਮੋਰਚਾ ਲੱਗਿਆ ਹੈ ਜਿਸ ਤੋਂ ਉੱਭਰੇ ਨਵੇਂ ਰੰਗ ਧਰਵਾਸਾ ਦੇਣ ਵਾਲੇ ਹਨ।ਪਟਿਆਲਾ ਮੋਰਚੇ ‘ਚ ਹਰੀਪੁਰ ਦਾ 75 ਵਰ੍ਹਿਆਂ ਦਾ ਬਜ਼ੁਰਗ ਪੁੱਜਿਆ, ਜਿਸ ਨੇ ਜੇਬ ‘ਚੋਂ ਇੱਕ ਹਜ਼ਾਰ ਰੁਪਏ ਕੱਢ ਕੇ ਮੋਰਚੇ ਨੂੰ ਫੰਡ ਦੇਣਾ ਚਾਹਿਆ। ਕਿਸਾਨ ਆਗੂ ਮਨਜੀਤ ਨਿਆਲ ਨੇ ਲੈਣ ਤੋਂ ਇਨਕਾਰ ਕੀਤਾ ਤਾਂ ਬਜ਼ੁਰਗ ਨੇ ਕਿਹਾ ਕਿ ਉਸ ਨੇ ਤਾਂ ਬੁਢਾਪਾ ਪੈਨਸ਼ਨ ਜੋੜ-ਜੋੜ ਕੇ ਚੰਦ ਛਿੱਲੜ ਰੱਖੇ ਸਨ, ਉਹੀ ਹੁਣ ਕਿਸਾਨੀ ਮੋਰਚੇ ਨੂੰ ਦੇਣਾ ਚਾਹੁੰਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਬਜ਼ੁਰਗੋ, ਨਹੀਂ ਮੰਨਦੇ ਤਾਂ ਇੱਕ ਰੁਪਈਆ ਦੇ ਦਿਓ..ਸਾਨੂੰ ਤਾਂ ਥੋਡਾ ਉਹੀ ਲੱਖ ਵਰਗਾ ਹੈ। ਪਿੰਡ ਕੋਠਾ ਗੁਰੂ (ਬਠਿੰਡਾ) ‘ਚ ਕਿਸਾਨ ਆਗੂ ਜਦੋਂ ਰਾਸ਼ਨ ਇਕੱਠਾ ਕਰ ਰਹੇ ਸਨ ਤਾਂ ਇਕ ਸਫ਼ਾਈ ਕਰਮਚਾਰੀ ਦੇਵਕਰਨ ਨੇ ਜੇਬ ‘ਚੋਂ ਦਸ ਰੁਪਏ ਦਾ ਨੋਟ ਕੱਢਿਆ ਤੇ ਕਿਸਾਨ ਆਗੂਆਂ ਨੂੰ ਭੇਟ ਕਰ ਦਿੱਤਾ। ਦੇਵਕਰਨ ਆਖਦਾ ਹੈ ਕਿ ਖੇਤ ਬਚਣਗੇ ਤਾਂ ਪਿੰਡ ਬਚਣਗੇ, ਪਿੰਡ ਰਸਦੇ ਰਹਿਣਗੇ ਤਾਂ ਉਨ੍ਹਾਂ ਦਾ ਪਰਿਵਾਰ ਪਲੇਗਾ।
                 ਪਿੰਡ ਬਾਦਲ ਦੇ ਮੋਰਚੇ ‘ਚ ਟਰਾਈਸਾਈਕਲ ‘ਤੇ ਇੱਕ ਅੰਗਹੀਣ ਪੁੱਜਿਆ ਜਿਸ ਨੇ ਡੰਡੇ ‘ਤੇ ਝੰਡੇ ਲਾਏ ਹੋਏ ਸਨ। ਦਸ ਰੁਪਏ ਦਾ ਨੋਟ ਲੈ ਕੇ ਪੰਡਾਲ ‘ਚ ਪਿੱਛੇ ਖੜ੍ਹਾ ਸੀ। ਆਖ ਰਿਹਾ ਸੀ ਕਿ ਮੇਰਾ ਇਹੋ ਤਿਲ-ਫੁਲ ਕਬੂਲ ਕਰੋ। ਜਦੋਂ ਜ਼ਿੰਦਗੀ ਮੌਤ ਦਾ ਸਵਾਲ ਬਣ ਜਾਵੇ ਤਾਂ ਖੇਤ ਜਾਗਦੇ ਹਨ ਅਤੇ ਪਿੰਡ ਉੱਠਦੇ ਹਨ।ਕਈ ਵਕੀਲਾਂ ਨੇ ਅੱਜ ਕਿਸਾਨਾਂ ਨੂੰ ਮੁਫ਼ਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਟਰਾਂਸਪੋਰਟ ਯੂਨੀਅਨ, ਤਰਕਸ਼ੀਲ ਤੇ ਦੋਧੀ ਵੀ ਪੂਰੀ ਤਰ੍ਹਾਂ ਕਿਸਾਨਾਂ ਨਾਲ ਡਟੇ ਹਨ। ਆਰਐੱਮਪੀ ਐਸੋਸੀਏਸ਼ਨ ਵੱਲੋਂ ਡਾਕਟਰੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਦੱਸਦੀ ਹੈ ਕਿ ਲੰਘੇ ਕੱਲ੍ਹ ਜਦੋਂ ਮੋਰਚਾ ਪਿੰਡ ਬਾਦਲ ਪੁੱਜਿਆ ਤਾਂ ਪਿੰਡ ਦੀਆਂ ਅੌਰਤਾਂ ਤੇ ਬੱਚਿਆਂ ਨੇ ਪਾਣੀ ਦੀ ਸੇਵਾ ਨਿਭਾਈ। ਕਈ ਅੌਰਤਾਂ ਅੱਜ ਮੋਰਚੇ ਵਾਲੇ ਲੰਗਰ ‘ਚ ਦੁੱਧ ਦੇਣ ਪੁੱਜ ਗਈਆਂ। ਮਾਨਸਾ ਦਾ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਦੱਸਦਾ ਹੈ ਕਿ ਪਿੰਡ ਤਾਮਕੋਟ ਅਤੇ ਜਵਾਹਰਕੇ ਦੇ ਕਈ ਆਗੂ ਸਿਆਸੀ ਧਿਰਾਂ ਤੋਂ ਟੁੱਟ ਕੇ ਕਿਸਾਨ ਧਿਰਾਂ ਦੇ ਮੈਂਬਰ ਬਣ ਗਏ ਹਨ। ਬਾਦਲ ਮੋਰਚੇ ‘ਚ ਅੱਜ ਨਿਰਮਲ ਸਿਵੀਆਂ ਗਾ ਰਿਹਾ ਸੀ..‘ਤੈਥੋਂ ਲੁੱਟ ਲਈਆਂ ਹਾੜ੍ਹੀਆਂ ਤੇ ਸੌਣੀਆਂ।‘ ਮੌੜ ਹਲਕੇ ਦਾ ਵੱਡਾ ਪਿੰਡ ਚਾਉਕੇ ਜਿੱਥੋਂ ਕਦੇ ਕਿਸਾਨੀ ਦੇ ਸੰਘਰਸ਼ਾਂ ਵਿੱਚ 30 ਤੋਂ ਜ਼ਿਆਦਾ ਕਿਸਾਨ ਨਹੀਂ ਤੁਰੇ ਸਨ, ਬਾਦਲ ਮੋਰਚੇ ‘ਚ ਇਸ ਪਿੰਡ ਤੋਂ ਛੇ ਵੱਡੀਆਂ ਬੱਸਾਂ ਭਰ ਕੇ ਪੁੱਜੀਆਂ ਹਨ ਜਿਨ੍ਹਾਂ ‘ਚ 50 ਫੀਸਦੀ ਨੌਜਵਾਨ ਸਨ।
              ਲੰਘੇ ਕੱਲ੍ਹ ਜਿੱਥੋਂ ਵੀ ਕਿਸਾਨ ਪੈਦਲ ਮਾਰਚ ਕਰਦੇ ਹੋਏ ਲੰਘੇ, ਸੜਕਾਂ ਨੇੜਲੀਆਂ ਖੇਤੀ ਮੋਟਰਾਂ ਕਿਸਾਨਾਂ ਨੇ ਚਲਾ ਦਿੱਤੀਆਂ ਤਾਂ ਜੋ ਸੰਘਰਸ਼ੀ ਲੋਕ ਪਾਣੀ ਪੀ ਸਕਣ।  ਕਿਸਾਨ ਆਗੂ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਲੰਬੀ ਹਲਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਖੁਦ ਮੋਰਚੇ ਵਿਚ ਆ ਕੇ ਪੇਸ਼ਕਸ਼ ਕਰ ਕੇ ਗਏ ਹਨ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਕਿਸਾਨ ਇਕਾਈਆਂ ਬਣਾਈਆਂ ਜਾਣ। ਜਵਾਨੀ ਨੇ ਕਿਸਾਨ ਮੋਰਚੇ ‘ਚ ਨਵਾਂ ਹੁਲਾਰਾ ਭਰ ਦਿੱਤਾ ਹੈ। ਪਿੰਡਾਂ ‘ਚੋਂ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਪੁੱਜ ਰਹੀਆਂ ਹਨ। ਪਿੰਡ-ਪਿੰਡ ਲੰਗਰ ਬਣ ਰਹੇ ਹਨ। ਪਟਿਆਲਾ ਮੋਰਚੇ ‘ਚ ਬੈਠੇ ਪਿੰਡ ਗੱਜੂਮਾਜਰਾ ਦੇ ਬਜ਼ੁਰਗ ਗੁਰਦੇਵ ਸਿੰਘ ਦਾ ਰੋਹ ਦੇਖਣ ਵਾਲਾ ਸੀ। ਆਖਣ ਲੱਗਾ ਕਿ ਨਿੱਕੇ ਹੁੰਦਿਆਂ ਪਿਓ-ਦਾਦੇ ਨਾਲ ਲੱਗ ਕੇ ਹਲ ਚਲਾਏ, ਬੰਜਰ ਭੰਨੇ। ਨਾਲ ਹੀ ਆਖਿਆ ਕਿ ਕੇਂਦਰ ਦੀ ਅੜੀ ਵੀ ਭੰਨਾਗੇ। ਉਸ ਦਾ ਕਹਿਣਾ ਸੀ ਕਿ ਜਦੋਂ ਹਕੂਮਤ ਚੀੜ੍ਹਾਪਣ ਦਿਖਾਏ, ਉਦੋਂ ਘਰਾਂ ਵਿਚ ਬੈਠਣਾ ਗ਼ਲਤ ਹੈ। ਪਟਿਆਲਾ ਦੇ ਬਲਾਕ ਸਨੌਰ, ਘਨੌਰ ਅਤੇ ਭੁੱਨਰਹੇੜੀ ਦੇ ਪਿੰਡਾਂ ‘ਚੋਂ ਕਿਸਾਨ ਮੋਰਚੇ ਲਈ ਦੁੱਧ ਭੇਜਿਆ ਜਾ ਰਿਹਾ ਹੈ। ਸੱਚਮੁੱਚ ਕਿਸਾਨੀ ਸੰਘਰਸ਼ ‘ਚ ਉਤਰੀ ਜਵਾਨੀ ਨੇ ਇਸ ਰੋਹ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ ਹੈ।

Wednesday, September 16, 2020

                  ਖੇਤੀ ਆਰਡੀਨੈਂਸ 
   ਕੇਂਦਰ ਨੇ ਕਿਵੇਂ ਬੁਣਿਆ ਤਾਣਾ !
                    ਚਰਨਜੀਤ ਭੁੱਲਰ
ਚੰਡੀਗੜ੍ਹ : ਕੇਂਦਰ ਸਰਕਾਰ ਨੇ ਅੰਦਰਖਾਤੇ ਸੂਬਾ ਸਰਕਾਰਾਂ ਤੋਂ ‘ਐਗਰੀਕਲਚਰ ਪਰੋਡੂਸ ਮਾਰਕੀਟਿੰਗ ਕਮੇਟੀਜ਼ ਐਕਟ’ (ਏਪੀਐਸੀ ਐਕਟ) ’ਚ ਸੋਧਾਂ ਕਰਾ ਕੇ ਖੇਤੀ ਆਰਡੀਨੈਂਸਾਂ ਲਈ ਰਾਹ ਪੱਧਰਾ ਕਰ ਲਿਆ ਸੀ। ਇਨ੍ਹਾਂ ਸੋਧਾਂ ਨਾਲ ਮਾਰਕੀਟ ਸੁਧਾਰਾਂ ਦੇ ਸੱਤ ਪ੍ਰਮੁੱਖ ਨੁਕਤਿਆਂ ’ਤੇ ਕਰੀਬ 20 ਸੂਬਿਆਂ ਨੇ ਆਪੋ ਆਪਣੇ ਤਰੀਕੇ ਨਾਲ ਸਹਿਮਤੀ ਦਿੱਤੀ ਹੈ। ਕਈ ਸੂਬਿਆਂ ਨੇ ਇਸ ਸਬੰਧੀ ਰੂਲਜ਼ ਵੀ ਬਣਾਏ ਹਨ। ਖੇਤੀ ਮਾਹਿਰ ਆਖਦੇ ਹਨ ਕਿ ਸੂਬਿਆਂ ਵੱਲੋਂ ਸੋਧਾਂ ਕਰਨ ਮਗਰੋਂ ਖੇਤੀ ਆਰਡੀਨੈਂਸਾਂ ਦੀ ਬਹੁਤੀ ਲੋੜ ਨਹੀਂ ਰਹਿ ਜਾਂਦੀ ਹੈ।ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਲੰਘੇ ਕੱਲ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਤਰਫੋਂ ਖੇਤੀ ਆਰਡੀਨੈਂਸ ਤਿਆਰ ਕਰਨ ਵੇਲੇ ਸੂਬਾ ਸਰਕਾਰਾਂ ਨਾਲ 21 ਮਈ 2020 ਨੂੰ ਵੀਡੀਓ ਕਾਨਫਰਿੰਗ  ਕੀਤੀ ਗਈ ਸੀ। ਕੇਂਦਰ ਨੇ ਵਿਚਾਰ ਵਟਾਂਦਰਾ ਕਰਨ ਪਿੱਛੋਂ ਹੀ ਖੇਤੀ ਆਰਡੀਨੈਂਸਾਂ ਨੂੰ ਤਿਆਰ ਕੀਤਾ ਸੀ। ਦੱਸਣਯੋਗ ਹੈ ਕਿ ਕੇਂਦਰੀ ਰਾਜ ਮੰਤਰੀ ਦਾਨਵੇ ਨੇ ਇੱਥੋਂ ਤੱਕ ਪਾਰਲੀਮੈਂਟ ਵਿਚ ਆਖ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਚ ਤਾਕਤੀ ਕਮੇਟੀ ਦੇ ਮੈਂਬਰ ਵਜੋਂ ਸਹਿਮਤੀ ਦਿੱਤੀ ਸੀ ਜਿਸ ਦਾ ਖੰਡਨ ਅਮਰਿੰਦਰ ਸਿੰਘ ਨੇ ਅੱਜ ਕਰ ਦਿੱਤਾ ਹੈ।
                 ਕੇਂਦਰੀ ਮੰਤਰੀ ਤੋਮਰ ਨੇ ਦੱਸਿਆ ਹੈ ਕਿ ਇਹ ਖੇਤੀ ਆਰਡੀਨੈਂਸ ਸੂਬਿਆਂ ਦੇ ਏਪੀਐਮਸੀ ਐਕਟਾਂ ਨੂੰ ਤਬਦੀਲ ਨਹੀਂ ਕਰਨਗੇ। ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਇਹ ਖੇਤੀ ਆਰਡੀਨੈਂਸ ਕਿਸਾਨਾਂ ਲਈ ਮੌਤ ਦੇ ਵਰੰਟਾਂ ਤੋਂ ਘੱਟ ਨਹੀਂ ਹਨ। ਕੇਂਦਰ ਸਰਕਾਰ ਨੇ ਭਾਜਪਾ ਸ਼ਾਸਿਤ ਸੂਬਾਈ ਸਰਕਾਰਾਂ ਤੋਂ ਅਗਾਊਂ ਮੋਹਰ ਵੀ ਲਗਾ ਲਈ ਸੀ। ਕਈ ਸੂਬਿਆਂ ਨੇ ਹੱਥੋਂ ਹੱਥ ਏਪੀਐਮਸੀ ਐਕਟ ਵਿਚ ਸੋਧ ਕਰ ਦਿੱਤੀ ਸੀ।ਗੁਜਰਾਤ ਸਰਕਾਰ ਨੇ 6 ਮਈ ਨੂੰ ਗੁਜਰਾਤ ਐਗਰੀਕਲਚਰ ਪਰੋਡੂਸ ਮਾਰਕੀਟ ਐਕਟ ਵਿਚ ਸੋਧ ਕੀਤੀ ਹੈ ਜਦੋਂ ਕਿ ਮੱਧ ਪ੍ਰਦੇਸ਼ ਸਰਕਾਰ ਨੇ 1 ਮਈ 2020 ਨੂੰ ਮੱਧ ਪ੍ਰਦੇਸ਼ ਕ੍ਰਿਸ਼ੀ ਉਪਜ ਮੰਡੀ ਐਕਟ 1972 ਵਿਚ ਸੋਧ ਕੀਤੀ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਸਰਕਾਰ ਨੇ 6 ਮਈ 2020 ਨੂੰ ਯੂ.ਪੀ ਕ੍ਰਿਸ਼ੀ ਉਤਪਾਦਨ ਮੰਡੀ ਐਕਟ ਵਿਚ ਸੋਧ ਕੀਤੀ ਹੈ। ਇਸੇ ਤੋਂ ਇਲਾਵਾ ਕਰਨਾਟਕ ਸਰਕਾਰ ਨੇ 16 ਮਈ ਨੂੰ ਏਪੀਐਮਸੀ ਐਕਟ ਵਿਚ ਸੋਧ ਕਰ ਦਿੱਤੀ ਸੀ। ਕੇਂਦਰੀ ਅਦਾਰੇ ‘ਸਮਾਲ ਫਾਰਮਰਜ਼ ਐਗਰੀ-ਬਿਜ਼ਨਸ ਕਨਸੋਰੀਟੀਅਮ’ ਦੇ ਅਨੁਸਾਰ  ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਸਮੇਤ ਕਰੀਬ 20 ਸੂਬਿਆਂ ਵਿਚ ਇਹ ਸੋਧਾਂ ਹੋ ਚੁੱਕੀਆਂ ਹਨ। ਪੰਜਾਬ ਸਮੇਤ 18 ਸੂਬਿਆਂ ਨੇ ਪ੍ਰਾਈਵੇਟ ਮੰਡੀਆਂ ਕਾਇਮ ਕਰਨ ਲਈ ਐਕਟ ਵਿਚ ਸੋਧ ਕਰ ਲਈ ਹੈ ਪ੍ਰੰਤੂ ਪੰਜਾਬ ਨੇ ਕਣਕ,ਚੌਲ ਅਤੇ ਨਰਮੇ ਨੂੰ ਇਨ੍ਹਾਂ ਪ੍ਰਾਈਵੇਟ ਮੰਡੀਆਂ ਤੋਂ ਬਾਹਰ ਰੱਖਿਆ ਹੈ।
              ਕਿਸਾਨਾਂ ਤੋਂ ਸਿੱਧੀ ਖਰੀਦ ਬਾਰੇ 19 ਰਾਜਾਂ ਨੇ ਸੋਧਾਂ ਕੀਤੀਆਂ ਹਨ ਜਦੋਂ ਕਿ ਪੰਜਾਬ ਨੇ ਰੂਲ ਫਰੇਮ ਕੀਤੇ ਹਨ। ਪੰਜਾਬ ਨੇ ਈ-ਟਰੇਡਿੰਗ ਲਈ ਸੋਧ ਨਹੀਂ ਕੀਤੀ ਹੈ ਜਦੋਂ ਕਿ 14 ਸੂਬਿਆਂ ਨੇ ਐਕਟ ਸੁਧਾਰ ਲਏ ਹਨ। ਇਸੇ ਤਰ੍ਹਾਂ ਕੰਨਟਰੈਕਟ ਫਾਰਮਿੰਗ ਲਈ ਪੰਜਾਬ ਨੇ ਵੱਖਰਾ ਐਕਟ ਬਣਾਇਆ ਹੈ ਜਦੋਂ ਕਿ 20 ਸੂਬਿਆਂ ਨੇ ਐਕਟ ਸੋਧ ਕੇ ਇਹ ਵਿਵਸਥਾ ਕੀਤੀ ਹੈ। ਦੇਸ਼ ਦੇ 14 ਸੂਬਿਆਂ ਨੇ ਮਾਰਕੀਟ ਫੀਸ ’ਤੇ ਸਿੰਗਲ ਪੁਆਇੰਟ ਲੈਵੀ ਦੀ ਵਕਾਲਤ ਕਰਦੇ ਹੋਏ ਏਪੀਐਮਸੀ ਐਕਟ ’ਚ ਪਹਿਲਾਂ ਹੀ ਸੋਧ ਕੀਤੀ ਹੈ ਜਿਸ ਵਿਚ ਪੰਜਾਬ ਵੀ ਸ਼ਾਮਿਲ ਹੈ। ਜਿਣਸ ਟਰੇਡ ਲਈ ਲਾਇਸੈਂਸਿੰਗ ਪ੍ਰਣਾਲੀ ਨੂੰ ਪੰਜਾਬ ਨੇ ਜਾਰੀ ਰੱਖਿਆ ਹੈ ਜਦੋਂ ਕਿ ਦੇਸ਼ ਦੇ 13 ਸੂਬਿਆਂ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਨੇ ਇਹ ਪਹਿਲਾਂ ਇਲਜ਼ਾਮ ਲਾਏ ਗਏ ਸਨ ਕਿ ਏਪੀਐਮਸੀ ਐਕਟ ਜਰੀਏ ਪਹਿਲਾਂ ਹੀ ਸੋਧਾਂ ਹੋ ਚੁੱਕੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਢਾਹ ਲਾਉਣ ਵਾਲੀਆਂ ਮੱਦਾਂ ਤੋਂ ਬਾਹਰ ਰੱਖਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪਹਿਲਾਂ ਹੀ ਵਿਧਾਨ ਸਭਾ ਵਿਚ ਮਤਾ ਪਾਸ ਕਰ ਚੁੱਕੇ ਹਨ।
                              ਆਰਡੀਨੈਂਸਾਂ ਦੀ ਲੋੜ ਨਹੀਂ ਸੀ : ਸੁਖਪਾਲ ਸਿੰਘ
ਇੰਡੀਅਨ ਇੰਸਟੀਚੂਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਪ੍ਰੋ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਬਹੁ ਗਿਣਤੀ ਸੂਬਿਆਂ ਨੇ ਤਾਂ ਪਹਿਲਾਂ ਹੀ ਆਪੋ ਆਪਣੀਆਂ ਲੋੜਾਂ ਦੇ ਮੱਦੇਨਜ਼ਰ ਅਤੇ ਸਥਾਨਿਕ ਹਾਲਾਤਾਂ ਨੂੰ ਦੇਖਦੇ ਹੋਏ ਏਪੀਐਮਸੀ ਐਕਟ ਵਿਚ ਸੋਧਾਂ ਕਰ ਲਈਆਂ ਸਨ ਜਿਸ ਕਰਕੇ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਹੁਣ ਕੋਈ ਲੋੜ ਹੀ ਨਹੀਂ ਸੀ।
 

Monday, September 14, 2020

                                                         ਖੇਤੀ ਆਰਡੀਨੈਂਸ
                               ਢੋਲ ਵੱਜਣ ਬਰਨਾਲੇ ਧਮਕ ਦਿੱਲੀ ਤੱਕ ਪੈਂਦੀ
                                                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਇੱਕੋ ਵੇਲੇ ਢੋਲ ਵੀ ਵੱਜ ਰਹੇ ਹਨ ਅਤੇ ਪਿੰਡਾਂ ’ਚ ਤੂੰਬੀ ਵੀ ਖੜਕ ਰਹੀ ਹੈ। ਕਿਧਰੇ ਜਾਗੋ ਦੇ ਘੁੰਗਰੂ ਵੀ ਖੜਾਕ ਛੇੜ ਰਹੇ ਹਨ। ਬਜ਼ੁਰਗ ਅੌਰਤਾਂ ਦੇ ਵੈਣ ਤਾਂ ਧੁਰ ਅੰਦਰੋਂ ਹਿਲਾਉਂਦੇ ਨੇ। ਬੋਲੀਆਂ ਦੀ ਬੋਲ ਕੇਂਦਰ ਨੂੰ ਰੜਕਾਂ ਪਾ ਰਹੇ ਹਨ। ਕੇਂਦਰੀ ਖੇਤੀ ਆਰਡੀਨੈਂਸਾਂ ਦੇ ਅੰਦੋਲਨਾਂ ਦੀ ਤਿਆਰੀ ’ਚ ਜੁਟੇ ਪੇਂਡੂ ਕਲਾਕਾਰਾ ਦਾ ਇਹ ਸੱਜਰਾ ਰੰਗ ਹੈ ਜੋ ਕੇਂਦਰ ਸਰਕਾਰ ਖ਼ਿਲਾਫ਼ ਅਲਖ ਜਗਾ ਰਿਹਾ ਹੈ।ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੇ ਕੌਰ ਮੁਹੰਮਦ ਦਾ ਢੋਲ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੰਜ ਜਾਪਦਾ ਜਿਵੇਂ ਢਗਾ ਸਿੱਧਾ ਕੇਂਦਰੀ ਸੀਨੇ ’ਤੇ ਵੱਜ ਰਿਹਾ ਹੋਵੇ। ਕੌਰ ਮੁਹੰਮਦ ‘ਲਲਕਾਰ ਰੈਲੀਆਂ’ ਦੀ ਤਿਆਰੀ ਲਈ ਪਿੰਡਾਂ ਵਿਚ ਢੋਲ ਵਜਾ ਰਿਹਾ ਹੈ। ਕਿਸਾਨ ਤੇ ਮਜ਼ਦੂਰਾਂ ਨੂੰ ਜਗਾਉਣ ਲਈ ਦਿਨ ਚੜ੍ਹਦੇ ਹੀ ਉਹ ਢੋਲ ਲੈ ਨਿਕਲਦਾ ਹੈ। ਦਰਜਨਾਂ ਢੋਲੀ ਪਿੰਡਾਂ ਵਿਚ ਕਿਸਾਨ ਅੰਦੋਲਨਾਂ ਦੀ ਤਿਆਰੀ ਕਰਾ ਰਹੇ ਹਨ। ਢੋਲੀ ਆਖਦੇ ਹਨ ਕਿ ਦਿੱਲੀ ਨੂੰ ਧਮਕ ਸੁਣਾ ਦਿਆਂਗੇ। ਮਾਨਸਾ ਦੇ ਪਿੰਡਾਂ ਵਿਚ ਜਸਵੀਰ ਖਾਰਾ ਦੀ ਤੂੰਬੀ ਖੜਕ ਰਹੀ ਹੈ। ਅਜਮੇਰ ਅਕਲੀਆ ਪੂਰੇ ਰੋਹ ’ਤੇ ਜੋਸ਼ ’ਚ ਗਾਉਂਦਾ ਹੈ..‘ ਉਠੋ ,ਜਾਗੋ ਪਿੰਡਾਂ ਨੂੰ ਹਿਲਾ ਦਿਓ।’ ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦੀ ਮਜ਼ਦੂਰ ਅੌਰਤ ਗੁੱਡੀ ਅੌਰਤਾਂ ਦੀ ਲਾਮਬੰਦੀ ਲਈ ਲੰਮੀ ਹੇਕ ਦੇ ਗੀਤ ਗਾ ਰਹੀ ਹੈ।
       ਰਾਏਕੇ ਪਿੰਡ ’ਚ ਜਾਗੋ ’ਚ ਪੇਂਡੂ ਅੌਰਤਾਂ ਦੇ ਬੋਲ ਧੂਹ ਪਾ ਰਹੇ ਸਨ। ਪਿੜ ਵਿਚ ਅੌਰਤਾਂ ਵਾਰੋ ਵਾਰ ਬੋਲੀ ਪਾ ਰਹੀਆਂ ਸਨ..‘ ਦੁਨੀਆ ਨੂੰ ਠਿੱਠ ਕੀਤਾ, ਚੰਦਰੇ ਮੋਦੀ ਨੇ।’ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਗਰਾਹਾਂ ਦੀਆਂ ਅੌਰਤਾਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਹਨ। ਬੀ.ਕੇ.ਯੂ ਪ੍ਰਧਾਨ ਜੋਗਿੰਦਰ ਉਗਰਾਹਾਂ ਆਖਦੇ ਹਨ ਕਿ ਪਿੰਡਾਂ ਵਿਚ ਅੌਰਤਾਂ ਨੂੰ ਸਿਖਲਾਈ ਦਿੱਤੀ ਗਈ ਹੈ।ਇਸਤਰੀ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਅੌਰਤਾਂ ਪਿੰਡੋਂ ਪਿੰਡ ਲਾਮਬੰਦੀ ਕਰ ਰਹੀਆਂ ਹਨ ਅਤੇ ਪੇਂਡੂ ਕੁੜੀਆਂ ਦਾ ਭਰਵਾਂ ਯੋਗਦਾਨ ਹੈ। ਲੋਕ ਕਲਾ ਮੰਚ ਮੁੱਲਾਪੁਰ ਦੇ ਸੁਰਿੰਦਰ ਸ਼ਰਮਾ ਵੱਲੋਂ ਰਾਜੀਵ ਕੁਮਾਰ ਦੀ ਡਾਇਰੈਕਸ਼ਨ ਨਾਲ ਤਿਆਰ ਫਿਲਮ ‘ਸੀਰੀ’ ਪਿੰਡੋਂ ਪਿੰਡ ਦਿਖਾਈ ਜਾ ਰਹੀ ਹੈ। ਪਿੰਡਾਂ ਵਿਚ ਇਸ ਫਿਲਮ ਦੀ ਕਾਫ਼ੀ ਮੰਗ ਵਧ ਗਈ ਹੈ। ਸੁਰਿੰਦਰ ਸ਼ਰਮਾ ਨੇ ਦੱਸਿਆ ਕਿ  ਉਹ ਖੇਤੀ ਆਰਡੀਨੈਂਸਾਂ ’ਤੇ ਨਾਟਕ ਤਿਆਰ ਕਰ ਰਹੇ ਹਨ ਜੋ 27 ਅਤੇ 28 ਸਤੰਬਰ ਨੂੰ ਖੇਡਣਗੇ।ਬੁਢਲਾਡੇ ਦਾ ਮਜ਼ਦੂਰ ਲਵਲੀ ਪਿੰਡੋਂ ਪਿੰਡ ਜਾ ਰਿਹਾ ਹੈ। ਬਿੰਦਰ ਠੀਕਰਵਾਲਾ ਨੁੱਕੜ ਨਾਟਕ ਪੇਸ਼ ਕਰ ਰਿਹਾ ਹੈ। ਲੋਕ ਸੰਗੀਤ ਮੰਡਲੀ ਜੀਦਾ ਦੀ ਤੰੂਬੀ ਪਿੰਡ ਪਿੰਡ ਕਿਸਾਨਾਂ ਮਜ਼ਦੂਰਾਂ ਨੂੰ ਤੁਣਕਾ ਲਾ ਰਹੀ ਹੈ।
                ਦਰਜਨਾਂ ਪਿੰਡਾਂ ਵਿਚ ਜਗਸੀਰ ਜੀਦਾ ਆਪਣੇ ਟੀਮ ਨਾਲ ਜਾਗਣ ਦਾ ਹੋਕਾ ਲਾ ਚੁੱਕਾ ਹੈ। ਜੀਦਾ ਪਿੰਡੋਂ ਪਿੰਡ ਗਾ ਰਿਹਾ ਹੈ..‘ਪਗੜੀ ਸੰਭਾਲ ਜੱਟਾ,ਕਰਜ਼ੇ ਨੇ ਰੋਲਤੀ/ਤੇਰੇ ਵਤਨ ਦੀ ਮੰਡੀ, ਵਿਦੇਸ਼ੀਆਂ ਲਈ ਖੋਲਤੀ।’ ਇਵੇਂ ਹੀ ਉਹ ਗਾਉਂਦਾ ਹੈ. ‘ਦੁੱਲਾ ਜੱਟ ਪੰਜਾਬ ਦਾ, ਪੈ ਗਿਆ ਖੁਦਕੁਸ਼ੀਆਂ ਦੇ ਰਾਹ।’ ਨਾਲੋਂ ਨਾਲ ਨਸੀਹਤ ਵੀ ਦਿੰਦਾ ਹੈ..‘ ਝਾੜ ਵਧਾ ਕੇ ਕੀ ਲੈਣਾ, ਜੇ ਕੈਂਸਰ ਦੇ ਨਾਲ ਮਰਨਾ ਏ/ਬੀਜੀਏ ਫਸਲਾਂ, ਉੱਗਣ ਕਰਜ਼ੇ, ਚੁੱਲ੍ਹਿਆਂ ਨੇ ਜੇ ਠਰਨਾ ਏ.।’ ਕਮਲ ਜਲੂਰ ਨੇ ਸੰਗਰੂਰ ਦੇ ਪਿੰਡਾਂ ਵਿਚ ਗੁਰਸ਼ਰਨ ਭਾਅ  ਜੀ ਦਾ ‘ਸਿਓਂਕ’ ਕਈ ਪਿੰਡਾਂ ਵਿਚ ਖੇਡਿਆ ਹੈ। ਹਰਿੰਦਰ ਦੀਵਾਨਾ ਨੇ ਬੁਢਲਾਡਾ ਦੇ 16 ਪਿੰਡਾਂ ਵਿਚ ਨਾਟਕ ‘ਹਨੇਰ ਕੋਠੜੀ’ ਖੇਡਿਆ ਹੈ। ਇਹ ਨਾਟਕ ਕਿਸਾਨੀ ਪਰਿਵਾਰ ਦੀ ਕਹਾਣੀ ਹੈ। ਖੇਤੀ ਆਰਡੀਨੈਂਸਾਂ ਨੇ ਪਿੰਡ ਜਗਾ ਦਿੱਤੇ ਹਨ ਅਤੇ ਕਿਸਾਨ ਇਕੱਠਾਂ ਵਿਚ ਆਮ ਕਿਸਾਨ ਵੀ ਪੁੱਜਣ ਲੱਗੇ ਹਨ। ਪਿੰਡ ਬਾਦਲ ਅਤੇ ਪਟਿਆਲਾ ਵਿਚ 15 ਸਤੰਬਰ ਤੋਂ ਮੋਰਚਾ ਲੱਗ ਰਿਹਾ ਹੈ ਜਿਥੇ ਕਲਾਕਾਰਾਂ ਦਾ ਵੱਡਾ ਯੋਗਦਾਨ ਰਹੇਗਾ।
                ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਹੀ ਪਿੰਡਾਂ ਵਿਚ ਸਧਾਰਨ ਕਿਸਾਨ ਘਰਾਂ ਦੇ ਮੁੰਡਿਆਂ ਨੇ ਨਾਟਕ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਲਾਮਬੰਦੀ ਵਿਚ ਇਨ੍ਹਾਂ ਕਲਾਕਾਰਾਂ ਦੀ ਅਹਿਮ ਭੂਮਿਕਾ ਹੈ। ਕਿਸਾਨ ਅੰਦੋਲਨਾਂ ਲਈ ਪਿੰਡਾਂ ਵਿਚ ਕਿਸਾਨ ਧਿਰਾਂ ਵੱਲੋਂ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਕੋਠਾ ਗੁਰੂ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਘਰ ਮੋਰਚੇ ਲਈ ਰਾਸ਼ਨ ਵਿਚ ਕੁਝ ਨਾ ਕੁਝ ਹਿੱਸੇਦਾਰੀ ਪਾ ਰਿਹਾ ਹੈ। ਕੋਈ ਗੰਢੇ ਦੇ ਰਿਹਾ ਹੈ ਅਤੇ ਕੋਈ ਆਲੂ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਦੇ ਦੋ ਮਾਲਕਾਂ ਨੇ ਤਾਂ ਬੱਸਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।


Sunday, September 13, 2020

                          ਵਿਚਲੀ ਗੱਲ   
                ਮੈਂ ਤਾਂ ਇੱਕ ਪੱਥਰ ਹਾਂ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਮੈਕਸੀਕੋ ਵਾਲੇ ‘ਮੋਇਆਂ ਦਾ ਦਿਨ’ ਮਨਾਉਂਦੇ ਨੇ। ਧਿਆਨ ਧਰ ਕਬਰਾਂ ਸਜਾਉਂਦੇ ਨੇ। ਸਭ ਕੁਝ ਰੂਹਾਂ ਦੀ ਸ਼ਾਂਤੀ ’ਤੇ ਸਕੂਨ ਲਈ। ਪੱਛਮੀ ਇਸਾਈ ਮੱਤ ‘ਆਤਮਾਵਾਂ ਦਾ ਦਿਨ’ ਮਨਾਉਂਦੈ। ਮਨੋਚਿੱਤ ਵੱਡ ਵਡੇਰਿਆਂ ਨੂੰ ਧਿਆਉਂਦੈ। ਬੋਲੀਵੀਆ ਵਾਲੇ ਵੀ ‘ਖੋਪੜੀਆਂ ਦਾ ਦਿਨ’ ਸ਼ਰਧਾ ਨਾਲ ਮਨਾਉਂਦੇੇ ਨੇ। ਘਰਾਂ ’ਚ ਖੋਪੜੀਆਂ ਰੱਖਦੇ ਨੇ। ਵਾਰਸਾਂ ਨੂੰ ਜੜ੍ਹਾਂ ਨਾਲ ਜੋੜੀ ਰੱਖਣ ਲਈ। ਅਕਲ ਦਾ ਟੈਲੀਸਕੋਪ ਘੁਮਾਓ। ਜਰਾ ਗਹੁ ਨਾਲ ਵੇਖੋ, ਪੰਜਾਬ ਕਿਵੇਂ ਮਟੀਆਂ ’ਤੇ ਲੱਸੀ ਪਾ ਰਿਹੈ। ਕੋਈ ਨੱਥੂ ਖੈਰਾ ਚੜ੍ਹਾਈ ਕਰ ਜਾਏ। ਫੁੱਲ ਗੰਗਾ ਵਾਲੇ ਸੂਏ ’ਚ ਤਾਰਦੇ ਨੇ। ਕਿਤੇ ਅਸ਼ਾਂਤ ਰੂਹ ਨਾ ਭਟਕਣ। ਖੇਤ ’ਚ ਚਾਰ ਕੁ ਇੱਟਾਂ ਦੀ ਮਟੀ ਬਣਾਉਂਦੇ ਨੇ। ਵਰ੍ਹੇ ਛਿਮਾਹੀ ਕੂਚੀ ਘਸਾਉਂਦੇ ਨੇ। ਬਾਬੇ ਦੀ ਗਤੀ ਦਾ, ਹੈ ਨਾ ਸਸਤਾ ਨੁਸਖ਼ਾ। ਉਪਰੋਂ ਟਾਹਲੀ ਦੀ ਛਾਂ, ਰਜਵੀਂ ਰੂਹ ਵਾਲਾ ਬਾਬਾ, ਬੁੱਲ੍ਹੇ ਵੱਡੂ। ਜਪਾਨੀ ਪਿੰਡ ਦੀ ਲੋਕ ਕਥਾ ਸੁਣੋ। ਜਿਥੋਂ ਦੇ ਬੇਅੌਲਾਦ ਜੋੜੇ ਯਤੀਮ ਬੱਚਿਆਂ ਨੂੰ ਗੋਦ ਲੈਂਦੇ ਨੇ। ਸਿਰਫ਼ ਪੁਰਖਿਆਂ ਦੀ ਅਸ਼ਾਂਤ ਰੂਹ ਨੂੰ ਪ੍ਰਸੰਨ ਚਿੱਤ ਕਰਨ ਲਈ। ਜਿਸ ਘਰ ਅੌਲਾਦ ਨਹੀਂ, ਉਨ੍ਹਾਂ ਦੇ ਮੋਇਆ ਨੂੰ ਢੋਈ ਨਹੀਂ ਮਿਲਦੀ। ਜਪਾਨੀਓ, ਤੁਸੀਂ ਡੀਂਗਾਂ ਨਾ ਮਾਰੋ, ਪੰਜਾਬ ਦਾ ਗੇੜਾ ਮਾਰੋ। ਇਕਾਗਰ ਮਨ ਨਾਲ ਦੇਖਿਓ। ਅਮਰਿੰਦਰ ਸਿਓ ਦੇ ਲਾਡਲੇ ਵਿਧਾਇਕਾਂ ਨੂੰ। ਪੱਥਰਾਂ ਤੋਂ ਕਿਵੇਂ ਪਰਦੇ ਤੇ ਪਰਦਾ ਹਟਾਉਂਦੇ ਨੇ।
                  ਵਿਧਾਇਕ ਬਰਿੰਦਰਮੀਤ ਪਾਹੜਾ ਨੂੰ ਸੱਤ ਸਲਾਮਾਂ। ਇਕੱਲੇ ਪੜ੍ਹੇ ਨਹੀਂ, ਗੁੜ੍ਹੇ ਵੀ ਨੇ। ਮਜੀਠੀਆ ਨੂੰ ਛੱਡੋ, ਮਾਝੇ ਦੇ ਅਸਲੀ ਜਰਨੈਲ ਤਾਂ ਪਾਹੜਾ ਸਾਹਿਬ ਨੇ। ਸੋਲਾਂ ਆਨੇ ਸੱਚੀ ਫਰਮਾਉਂਦੇ ਨੇ, ਐਨ ਚੌਵੀ ਕੈਰਟ ਖਰੇ ਨੇ। ਢਾਈ ਕੁ ਮਹੀਨੇ ਪਿਛਾਂਹ ਵੇਖੋ। ਗਿੱਦੜਵਿੰਡੀ (ਗੁਰਦਾਸਪੁਰ) ’ਚ ਪਾਹੜਾ ਜੀ ਨੇ ਚਰਨ ਪਾਏੇ। ਪਾਹੜਾ ਨੇ ਆਪਣੇ ਸ਼ੁਭ ਹੱਥਾਂ ਨਾਲ ਫੀਤਾ ਖਿੱਚਿਆ। ਸਿਵਿਆਂ ਦਾ ਹੋ ਗਿਆ ਉਦਘਾਟਨ। ਤਾੜੀਆਂ ਵੱਜੀਆਂ, ਨਾਅਰੇ ਗੂੰਜੇ। ਸਵਰਗਾਂ ਦੀ ਪੁਰੀ ਧੰਨ ਧੰਨ ਹੋ ਗਈ। ਬੇਅਰਾਮ ਰੂਹਾਂ ਨੂੰ ਥਾਂ ਨਾ ਲੱਭੇ।ਪਾਹੜਾ ਜੀ ਨੇ ਸਿਵਿਆਂ ’ਚ ਖੜ੍ਹ ਕੇ। ਰੂਹਾਂ ਨੂੰ ਹਾਜਰ ਨਾਜਰ ਜਾਣ ਕੇ। ਹੱਥ ਜੋੜ ਐਲਾਨ ਕੀਤਾ, ‘ਪਿੰਡੋਂ ਪਿੰਡ ‘ਮਾਡਲ ਸ਼ਮਸ਼ਾਨ ਘਾਟ’ ਬਣਾਵਾਂਗੇ। ਇੱਕੋ ਨਕਸ਼ਾ ਤੇ ਇੱਕੋ ਰੰਗ। ਦੇਖਦੇ ਰਹਿ ਜਾਓਗੇ। ਪਰਲੋਕ ’ਚ ਬੈਠਾ ਧਰਮਰਾਜ ਜਰੂਰ ਹੱਸਿਆ ਹੋਊ। ਯਮਦੂਤਾਂ ਨੇ ਭੰਗੜੇ ਪਾਏ ਹੋਣਗੇ। ਪ੍ਰੋ. ਨਰਿੰਦਰ ਕਪੂਰ ਆਖਦੇ ਨੇ, ‘ਚਾਰਦੀਵਾਰੀ ਦੀ ਸ਼ਮਸ਼ਾਨਘਾਟ ਨੂੰ ਲੋੜ ਨਹੀਂ ਹੁੰਦੀ, ਅੰਦਰੋਂ ਕੋਈ ਬਾਹਰ ਨਹੀਂ ਆ ਸਕਦੇ, ਬਾਹਰੋ ਅੰਦਰ ਕੋਈ ਜਾਣਾ ਨਹੀਂ ਚਾਹੁੰਦੇ।’
          ਜ਼ਮੀਰ ਮਰ ਜਾਏ, ਉਦੋਂ ਰੂਹਾਂ ਨੂੰ ਠਿੱਠ ਹੋਣਾ ਪੈਂਦੈ। ਜਿਵੇਂ ਪਿੰਡ ਮਹਿਮਾ ਸਰਕਾਰੀ (ਬਠਿੰਡਾ) ’ਚ ਹੋਇਐ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪੈਸੇ ਘੱਲੇ। ਅਕਾਲੀ ਪੰਚਾਇਤ ਨੇ ਸਿਵੇ ਚਮਕਾ ਦਿੱਤੇ। ਪਹਿਲਾਂ ਅਕਾਲੀ ਸਰਪੰਚ ਨੇ ਫੀਤਾ ਖਿੱਚ ਦਿੱਤਾ। ਮਗਰੋਂ ਕਾਂਗਰਸੀ ਵਿਧਾਇਕ ਪ੍ਰੀਤਮ ਕੋਟਭਾਈ ਨੇ। ਸਿਵਿਆ ਚੋਂ ਗੈਬੀ ਆਵਾਜ਼ ਗੂੰਜ ਉੱਠੀ..‘ਸਾਨੂੰ ਹੁਣ ਤਾਂ ਚੈਨ ਲੈਣ ਦਿਓ’। ਹਰਦੁਆਰੀ ਪੰਡਤ ਆਖਦੇ ਨੇ ‘ਭਟਕਦੀ ਰੂਹ ਦਾ ਕੋਈ ਸਿਰਨਾਵਾਂ ਨਹੀਂ ਹੁੰਦਾ।’ ਸਿਆਸੀ ਜ਼ਮੀਰ ਸਾਹ ਤਿਆਗ ਜਾਵੇ, ਫਿਰ ਗਤੀ ਕੌਣ ਕਰਾਵੇ। ਭੁਗਤਣਾ ਪੰਜਾਬ ਨੂੰ ਪੈਣੈ। ਦੁੱਖ ਘੋਟ ਕੇ ਪੀਣਾ ਲੋਕਾਂ ਦਾ ਸ਼ੌਕ ਨਹੀਂ। ਗੁਆਢੀ ਪਿੰਡ ਮਹਿਮਾ ਭਗਵਾਨਾ ਦੂਰ ਨਹੀਂ। ਕਾਫ਼ੀ ਸਮਾਂ ਪਹਿਲਾਂ ਦਲਿਤ ਬੱਚਾ ਫੌਤ ਹੋਇਆ, ਪਿੰਡ ਦੀ ਜ਼ਮੀਰ ਖੁਦਕੁਸ਼ੀ ਕਰ ਗਈ। ਬੱਚੇ ਨੂੰ ਸਿਵੇ ਨਸੀਬ ਨਾ ਹੋਏ। ਦੇਹ ਨੂੰ ਅਗਨੀ ਸੜਕ ਕੰਡੇ ਦਿਖਾਈ। ਸੋਚ ਜਦੋਂ ਛੋਟੀ ਪੈ ਜਾਵੇ, ਢਿੱਡ ਵੱਡੇ ਹੋ ਜਾਣ, ਸ਼ਰਮ ਲੰਮੀਆਂ ਤਾਣ ਲਵੇ। ਫਿਰ ਲਾਸ਼ਾਂ ਰੁਲਦੀਆਂ ਨੇ। ਬਲਦੇ ਸਿਵੇ ਸਕੂਨ ਦਿੰਦੇ ਹਨ। ਕਾਦੀਆਂ ਦੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ। ਕਿਸੇ ਨਾਲੋਂ ਘੱਟ ਨਹੀਂ।
         ਕਰੋਨਾ ਦੀ ਪ੍ਰਵਾਹ ਨਹੀਂ ਕੀਤੀ। ਜਾਨ ਧਲੀ ’ਤੇ ਰੱਖ ਪਿੰਡ ਆਲਮਾਂ ਦੇ ਸਿਵਿਆਂ ’ਚ ਗਏ। ਸ਼ਮਸ਼ਾਨ ਘਾਟ ਵਿਚ ਟੈਂਟ ਲੱਗਾ। ਉਦਘਾਟਨ ਕਰ ਕਮਲਾਂ ਨਾਲ ਕੀਤਾ। ਕਾਸ਼ ! ਬੇਅਰਾਮ ਰੂਹਾਂ ਦੀ ਕੋਈ ਚੁਣੀ ਹੋਈ ਜਥੇਬੰਦੀ ਹੁੰਦੀ। ਪ੍ਰਧਾਨ ਜੀ, ਬਾਜਵਾ ਸਾਹਿਬ ਨੂੰ ਮਿਸਰੀ ਖੁਆਉਂਦੇ। ਚਿੱਟੀ ਲੋਈ ਦੇ ਕੇ ਨਾਲੇ ਫੋਟੋ ਖਿਚਾਉਂਦੇੇ। ਬਰਮਾ ਦੀ ਅਖਾਣ ਹੈ..‘ਨਰਕ ’ਚ ਰਹਿਣ ਵਾਲਾ ਗਰਮ ਸੁਆਹ ਤੋਂ ਨਹੀਂ ਡਰਦਾ।’ ਪੰਜਾਬੀਆਂ ਦੀ ਨਿਡਰਤਾ ਦਾ ਸਿੱਕਾ ਖੋਟਾ ਨਹੀਂ। ਫਿਰੋਜ਼ਪੁਰ (ਦਿਹਾਤੀ) ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ। ਪਿੰਡ ਕੋਟ ਆਸਾ ਸਿੰਘ ’ਚ ਨਵਾਂ ਸ਼ਮਸ਼ਾਨਘਾਟ ਬਣਿਐ। ਉਦਘਾਟਨ ਮੈਡਮ ਵਿਧਾਇਕਾ ਨੇ ਕੀਤਾ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ‘ਮੁਰਦੇ ਦੀ ਤਾਕਤ’, ਸਮਾਂ ਮਿਲੇ ਤਾਂ ਜਰੂਰ ਪੜ੍ਹਨਾ। ਪੰਜਾਬ ਕਦੇ ਅਣਖ ਦਾ ਪ੍ਰਤੀਕ ਸੀ। ਦਰਿਆਵਾਂ ਵਰਗੇ ਦਿਲ, ਪਹਾੜਾਂ ਜੇਡੇ ਹੌਸਲੇ ਸਨ। ਕਿਸੇ ਦੀ ਟੈਂਅ ਨਹੀਂ ਮੰਨਦੇ ਸਨ। ਵੇਲੇ ਸਿਰ ਜ਼ਮੀਰਾਂ ਦੀ ਗਤੀ ਕੀਤੀ ਹੁੰਦੀ। ਨੀਂਹ ਪੱਥਰਾਂ/ਉਦਘਾਟਨੀ ਪੱਥਰਾਂ ’ਚ ਅੱਜ ਨਾ ਉਲਝਦੇ।
        ਚੋਣਾਂ ਦੂਰ ਨਹੀਂ, ਪੰਜਾਬ ’ਚ ਇਹੋ ਕੁਝ ਹੋਣੈ। ਅੰਬਰਾਂ ਨੂੰ ਟਾਕੀ ਲਾਉਣਗੇ। ਨੀਂਹਾਂ ਮਜ਼ਬੂਤ ਹੋਣ, ਫਿਰ ਨੀਂਹ ਪੱਥਰ ਰੱਖਣ ਦੀ ਲੋੜ ਨਹੀਂ ਪੈਂਦੀ। ਸਿਵਿਆਂ ਦੇ ਉਦਘਾਟਨ ਹੋਣ ਲੱਗ ਜਾਣ। ਜ਼ਮੀਰਾਂ ਨੂੰ ਫਿਰ ਸੰਨਿਆਸੀ ਹੋਣਾ ਪੈਂਦੈ। ਵਰ੍ਹਿਆਂ ਤੋਂ ਫੀਤੇ ਖਿੱਚਣ ਵਾਲੇ। ਕਿੰਨਾ ਕੁਝ ਛੱਕ ਗਏ। ਰੇਤਾ ਬਜਰੀ ਤੇ ਮੁਰਦਿਆਂ ਦੀਆਂ ਪੈਨਸ਼ਨਾਂ..। ਇਨ੍ਹਾਂ ਰੂਹਾਂ ਦੀ ਤ੍ਰਿਪਤੀ ਨਹੀਂ ਹੋਈ। ਇਕੱਲੀ ਜੀਡੀਪੀ ਨਹੀਂ ਡਿੱਗਦੀ। ਬਿਹਾਰੀ ਪੁਲ ਵੀ ਡਿੱਗਦੇ ਨੇ। ਕੰਗਨਾ ਰਣੌਤ ਦੇ ਛੱਜੇ ਦਾ ਢਹਿਣਾ, ਕੌਮੀ ਖ਼ਬਰ ਬਣਦਾ ਹੈ। ਦਿੱਲੀ ਦੇ ਰੇਲ ਮਾਰਗ ਨਾਲ ਬਣੀਆਂ ਝੁੱਗੀਆਂ ’ਤੇ ਬੁਲਡੋਜ਼ਰ ਚੱਲਣੈ। ਉਸ ਦੀ ਕੌਣ ਖ਼ਬਰ ਲਊ। ਮਥਰਾ ’ਚ ਹੇਮਾ ਮਾਲਿਨੀ ਨੇ ਪਖਾਨੇ ਦਾ ਉਦਘਾਟਨ ਕੀਤਾ। ਨਾਰੀਅਲ ਤੋੜਿਆ ਗਿਆ, ਪਾਠ ਪੂਜਾ ਹੋਈ। ਝਾਰਖੰਡ ਦੇ ਭਾਜਪਾਈ ਐਮ.ਪੀ ਰਾਮ ਟਹਿਲ ਚੌਧਰੀ। ’ਕੱਲੇ ਈ-ਟੁਆਲਿਟ ਦੇ ਅੰਦਰ ਗਏ। ਉਦਘਾਟਨ ਕਰਕੇ ਬਾਹਰ ਨਿਕਲੇ। ਤਾੜੀਆਂ ਵੱਜੀਆਂ, ਝੰਡੇ ਲਹਿਰਾਏ। ਕਿਸੇ ਨੇ ਉੱਚੀ ਨਾਅਰਾ ਲਾਇਆ..‘ਚੌਧਰੀ ਤੇਰੀ ਸੋਚ ’ਤੇ..। ਸੌਚ ਚੋਂ ਸੋਚ ਨਿਕਲੇ, ਉਦੋਂ ਭਾਣਾ ਮੰਨਣਾ ਪੈਂਦਾ ਹੈ।
       ਢਿੱਡ ਦੀ ਅੱਗ ਨਾ ਬੁਝੇ ਤਾਂ ਸਿਵੇ ਬਲਦੇ ਨੇ। ਜਲੂਰ ਕਾਂਡ ਵਾਲੀ ਗੁਰਦੇਵ ਕੌਰ। ਏਸ ਮਾਈ ਦੀ ਲਾਸ਼ ਸਵਾ ਮਹੀਨਾ ਰੁਲਦੀ ਰਹੀ। ਪ੍ਰੀਤਮ ਛਾਂਜਲੀ ਦੀ ਲਾਸ਼ ਮਹੀਨਾ ਰੁਲੀ। ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ’ਚ, ਖੋਪੜੀਆਂ ਆਈਆਂ, ਕੇਂਦਰ ਤੋਂ ਨਿਆਂ ਮੰਗਣ। ਸੁਰਜੀਤ ਪਾਤਰ ਦੀਆਂ ਚੰਦ ਸਤਰਾਂ..‘ਕੀ ਇਹ ਇਨਸਾਫ ਹਊਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ/ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ।’ ਪਹਿਲਾਂ ਅਕਾਲੀ, ਹੁਣ ਕਾਂਗਰਸੀ। ਸਿਵਿਆਂ ਦੀਆਂ ਕੰਧਾਂ ’ਤੇ ਜ਼ੋਰ ਹੈ। ਸੰਸਦ ਮੈਂਬਰ ਖੁੱਲੇ੍ਹ ਫੰਡ ਵੰਡਦੇ ਨੇ, ਸ਼ਮਸ਼ਾਨਘਾਟਾਂ ਨੂੰ ਵੱਧ, ਸਿਹਤ ਕੇਂਦਰਾਂ ਨੂੰ ਘੱਟ। ਬਾਗੋ ਬਾਗ ਸਰਪੰਚ ਹੁੰਦੇ ਨੇ। ਮੁਰਗੇ ਦੀ ਬਾਂਗ ਤੋਂ ਪਹਿਲਾਂ ਹਜ਼ਮ। ਕਿਤੇ ਮੁਰਦੇ ਉੱਠ ਸਕਦੇ, ਛਕਾਈਆਂ ਦੇ ਛਿੱਕੇ ਛੁਡਾਉਂਦੇ। ਕਿਸੇ ਘਰ ਚੋਂ ਅਗੇਤੀ ਅਰਥੀ ਨਾ ਉੱਠੇ। ਇਵੇਂ ਦੀ ਸੋਚ ਲਈ ਬ੍ਰਹਮ ਗਿਆਨੀ ਸੱਦਣੇ ਪੈਣਗੇ। ਚੇਤੰਨ ਰੂਹਾਂ ਦਾ ਤਾਂ ਕਾਲ ਪੈ ਗਿਐ। ਕੋਈ ਵਹਿਮ ਹੋਵੇ ਤਾਂ ਜਨਤਿਕ ਕੂਲਰਾਂ ’ਤੇ ਸੰਗਲੀ ਨਾਲ ਬੰਨ੍ਹੇ ਗਿਲਾਸ ਦੇਖਣਾ। ਭੈਣ ਨਾਲ ਲਾਵਾਂ ਲੈਂਦਾ ਭਰਾ ਵੇਖ ਲੈਣਾ। ਵੋਟਾਂ ਵੇਲੇ ਪਊਏ ਪਿਛੇ ਡਿੱਗਦੀ ਲਾਰ ਵੇਖਣਾ। ਸਿਆਣੇ ਐਵੇਂ ਨਹੀਂ ਆਖਦੇ..‘ਸੁਸਤ ਭੇਡ ਨੂੰ ਉੱਨ ਵੀ ਭਾਰੀ ਲੱਗਦੀ ਹੈ।’
        ਪਾਕਿਸਤਾਨ ’ਚ ਪੁਲੀਸ ਨੇ ਇੱਕ ਗਧਾ ਫੜਿਐ। ਗਧੇ ਤੇ ਸੱਟਾ ਲਾਉਣ ਵਾਲੇ ਭੱਜ ਗਏ। ਪਾਕਿਸਤਾਨ ਗਧਿਆ ਦਾ ਦੇਸ਼ ਹੈ। ਵਿਸ਼ਵ ਚੋਂ ਪਹਿਲਾ ਨੰਬਰ। ਅਸੀਂ ਸੱਚੇ ਦੇਸ਼ ਭਗਤ ਹਾਂ। ਕਿਸੇ ਨਾਲੋਂ ਘੱਟ ਨਹੀਂ। ਜੈਪੁਰ ਨੇੜੇ ਗਧਿਆ ਦਾ ਮੇਲਾ ਜੁੜਦੈ। ਲੋਕ ਵਿਸ਼ਵਾਸ ਹੈ.. ਜੋ ਮੇਲੇ ਦਾ ਉਦਘਾਟਨ ਕਰਦੈ, ਉਸ ਦੀ ਕੁਰਸੀ ਨਹੀਂ ਬਚਦੀ। ਕੋਈ ਨੇਤਾ ਉਦਘਾਟਨ ਕਰਨ ਨਹੀਂ ਬਹੁੜਦਾ। ਪੰਜਾਬੀ ਨੇਤਾ ਬਹੁਗੁਣੇ ਹਨ। ਨੀਂਹ ਪੱਥਰ ਦਾ ਸੁਭਾਗ ਰੱਬ ਦੇਵੇ। ਚਾਹੇ ਸਿਵਿਆਂ ਦਾ ਕਿਉਂ ਨਾ ਹੋਵੇ। ਤੇਰਾਂ ਵਰ੍ਹੇ ਪੁਰਾਣੀ ਗੱਲ ਹੈ। ਵੱਡੇ ਬਾਦਲ ਨੇ ਆਪਣੇ ਜਨਮ ਦਿਨ ’ਤੇ ਤੋਹਫ਼ਾ ਦਿੱਤਾ। ਬਠਿੰਡਾ ’ਚ ਕੌਮਾਂਤਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਮਗਰੋਂ ਆਜੜੀ ਬੱਚੇ ਪੱਥਰ ’ਤੇ ਚੜ੍ਹ ਕੇ ਛਾਲਾਂ ਮਾਰਦੇ ਰਹੇ। ਇੱਜੜ ਦੇ ਕੁੱਤੇ ਨੀਂਹ ਪੱਥਰ ਤਰ ਕਰਦੇ ਰਹੇ। ਹਾਲੇ ਪੁੱਛਦੇ ਹੋ.. ਕਿਆਮਤ ਦੇ ਦਿਨ ਕਦੋਂ ਆਉਣਗੇ। ਆਸ਼ਾਵਾਦੀ ਮਰਦਾ ਵੀ ਗਾਉਂਦਾ ਹੈ। ਰੁਮਾਨੀਆ ਵਾਲੇ ਆਖਦੇ ਨੇ..ਗੰਢਦਾਰ ਲੱਕੜ ਨੂੰ ਫਾਨੇ ਵੀ ਤਿੱਖੇ ਹੀ ਚਾਹੀਦੇ ਨੇ।’ ਛੱਜੂ ਰਾਮ ਕੋਲ ਹੁਣ ਸਮਾਂ ਕਿਥੇ। ਖੇਤੀ ਆਰਡੀਨੈਂਸਾਂ ਦਾ ਹੱਲਾ ਵੱਡੈ। ਪਿੰਡੋਂ ਪਿੰਡ ਫਾਨੇ ਵੰਡ ਰਿਹਾ ਹੈ.. ਤਾਂ ਜੋ ਕਿਸੇ ਨੂੰ ਫਾਨੀ ਸੰਸਾਰ ਤੋਂ ਵਿਦਾ ਨਾ ਹੋਣਾ ਪਵੇ।



     



Friday, September 11, 2020

               ਖੇਤੀ ਆਰਡੀਨੈਂਸ
 ਕਿਸਾਨ ਸੰਸਦ ਮੈਂਬਰਾਂ ਲਈ ਪ੍ਰੀਖਿਆ !
                ਚਰਨਜੀਤ ਭੁੱਲਰ
ਚੰਡੀਗੜ੍ਹ : ਸੰਸਦ ਦੇ ਆਗਾਮੀ ਸੈਸ਼ਨ 'ਚ ਖੇਤੀ ਆਰਡੀਨੈਂਸ 'ਕਿਸਾਨ ਸੰਸਦ ਮੈਂਬਰਾਂ' ਲਈ ਪ੍ਰੀਖਿਆ ਦੀ ਘੜੀ ਹੋਵੇਗੀ। ਵੱਡਾ ਸਵਾਲ ਇਹ ਹੋਵੇਗਾ ਕਿ ਕੀ ਕਿਸਾਨ ਸੰਸਦ ਮੈਂਬਰ ਸੰਸਦੀ ਇਜਲਾਸ 'ਚ ਕਿਸਾਨੀ ਦੀ ਢਾਲ ਬਣਨਗੇ। ਲੋਕ ਸਭਾ 'ਚ ਸਭ ਤੋਂ ਵੱਧ 191 ਸੰਸਦ ਮੈਂਬਰ ਖੇਤੀ ਪਿਛੋਕੜ ਵਾਲੇ ਹਨ ਜਿਨ੍ਹਾਂ ਦੀ ਗਿਣਤੀ 21.48 ਫੀਸਦੀ ਬਣਦੀ ਹੈ। ਕੇਂਦਰੀ ਖੇਤੀ ਆਰਡੀਨੈਂਸ ਬਿੱਲਾਂ 'ਤੇ ਕਿਸਾਨ ਸੰਸਦ ਮੈਂਬਰ ਕਿਸ ਦੀ ਵਕਾਲਤ ਕਰਨਗੇ, ਕਿਸਾਨੀ ਦੀ ਨਿਗ੍ਹਾ ਇਸ 'ਤੇ ਰਹੇਗੀ। ਲੋਕ ਸਭਾ 'ਚ ਇਨ੍ਹਾਂ 191 ਮੈਂਬਰਾਂ 'ਚੋਂ 114 ਸੰਸਦ ਮੈਂਬਰ ਭਾਜਪਾ ਦੇ ਹਨ ਜਿਨ੍ਹਾਂ ਦਾ ਕਿੱਤਾ ਖੇਤੀਬਾੜੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਖੁਦ ਖੇਤੀ ਕਰਨ ਵਾਲੇ 34 ਕਿਸਾਨ ਸੰਸਦ ਮੈਂਬਰ ਵੱਖਰੇ ਹਨ ਜੋ 3.8 ਫੀਸਦੀ ਬਣਦੇ ਹਨ। ਦੇਖਿਆ ਜਾਵੇ ਤਾਂ ਖੇਤੀ ਨਾਲ ਜੁੜੇ ਹੋਏ ਅਤੇ ਖੁਦ ਖੇਤੀ ਕਰਨ ਵਾਲੇ ਸੰਸਦ ਮੈਂਬਰਾਂ ਦਾ ਅੰਕੜਾ 225 'ਤੇ ਪੁੱਜ ਜਾਂਦਾ ਹੈ ਜੋ ਕਿ ਕਿਸੇ ਵੀ ਕਿਸਾਨ ਵਿਰੋਧੀ ਫ਼ੈਸਲੇ ਲਈ ਕੰਧ ਬਣ ਸਕਦਾ ਹੈ। ਕਾਂਗਰਸ ਦੇ ਕਿਸਾਨ ਸੰਸਦ ਮੈਂਬਰ ਸਿਰਫ਼ 9 ਹਨ ਜਿਨ੍ਹਾਂ 'ਚੋਂ ਤਿੰਨ ਸੰਸਦ ਮੈਂਬਰ ਇਕੱਲੇ ਪੰਜਾਬ 'ਚੋਂ ਹਨ। ਲੋਕ ਸਭਾ ਵਿੱਚ ਬਿਜ਼ਨਸਮੈਨ ਸੰਸਦ ਮੈਂਬਰਾਂ ਦੀ ਗਿਣਤੀ 97 ਹੈ ਜੋ 10.91 ਫੀਸਦੀ ਬਣਦੀ ਹੈ ਅਤੇ ਉਦਯੋਗਪਤੀ ਸੰਸਦ ਮੈਂਬਰ 25 ਹਨ। ਪੰਜਾਬ ਦੇ ਸਿਰਫ਼ ਤਿੰਨ ਸੰਸਦ ਮੈਂਬਰ ਹਨ ਜਿਨ੍ਹਾਂ ਆਪਣਾ ਕਿੱਤਾ ਖੇਤੀ ਦੱਸਿਆ ਹੈ।
           ਹਰਿਆਣਾ ਵਿਚ ਕੁੱਲ 10 'ਚੋਂ ਚਾਰ ਸੰਸਦ ਮੈਂਬਰ ਖੇਤੀ ਨਾਲ ਸਬੰਧਤ ਹਨ ਜੋ ਸਾਰੇ ਭਾਜਪਾ ਦੇ ਹਨ। ਰਾਜਸਥਾਨ ਦੇ 25 ਸੰਸਦ ਮੈਂਬਰ 'ਚੋਂ 8 ਕਿਸਾਨ ਸੰਸਦ ਮੈਂਬਰ ਹਨ ਅਤੇ ਇਨ੍ਹਾਂ 'ਚੋਂ 7 ਭਾਜਪਾ ਦੇ ਹਨ। ਮੱਧ ਪ੍ਰਦੇਸ਼ 'ਚ 14 ਕਿਸਾਨ ਸੰਸਦ ਮੈਂਬਰ ਹਨ ਅਤੇ ਇਹ ਸਾਰੇ ਭਾਜਪਾ ਦੇ ਹਨ। ਯੂਪੀ ਦੇ 80 ਸੰਸਦ ਮੈਂਬਰਾਂ 'ਚੋਂ 35 ਕਿਸਾਨ ਸੰਸਦ ਮੈਂਬਰ ਹਨ ਜਿਨ੍ਹਾਂ 'ਚੋਂ 27 ਭਾਜਪਈ ਹਨ। ਗੁਜਰਾਤ ਦੇ 26 ਸੰਸਦ ਮੈਂਬਰਾਂ 'ਚੋਂ 11 ਕਿਸਾਨ ਸੰਸਦ ਮੈਂਬਰ ਹਨ ਜੋ ਸਾਰੇ ਭਾਜਪਾ ਦੇ ਹਨ। ਪੱਛਮੀ ਬੰਗਾਲ 'ਚੋਂ ਸਿਰਫ ਦੋ ਸੰਸਦ ਮੈਂਬਰ  ਖੇਤੀ ਨਾਲ ਜੁੜੇ ਹੋਏ ਹਨ ਜਦਕਿ ਮਹਾਰਾਸ਼ਟਰ ਦੇ 14 ਕਿਸਾਨ ਸੰਸਦ ਮੈਂਬਰ ਹਨ। ਇਸੇ ਤਰ੍ਹਾਂ  ਆਂਧਰਾ ਪ੍ਰਦੇਸ਼ 'ਚੋਂ ਸਿਰਫ਼ ਚਾਰ ਸੰਸਦ ਮੈਂਬਰ ਕਿਸਾਨੀ ਨਾਲ ਸਬੰਧਤ ਹਨ। ਖੇਤੀ ਆਰਡੀਨੈਂਸਾਂ ਵਿਰੁੱਧ ਵਿੱਚ ਦੇਸ਼ ਭਰ 'ਚੋਂ ਸਭ ਤੋਂ ਵੱਧ ਅੰਦੋਲਨ ਪੰਜਾਬ 'ਚ ਹੋ ਰਹੇ ਹਨ ਅਤੇ ਅੱਜ ਹਰਿਆਣਾ 'ਚ ਵੀ ਰੋਸ ਮੁਜ਼ਾਹਰਾ ਕਿਸਾਨਾਂ 'ਤੇ ਲਾਠੀਚਾਰਜ ਹੋਇਆ ਹੈ। ਕਿਸਾਨ ਧਿਰਾਂ ਵੱਲੋਂ 14 ਸਤੰਬਰ ਨੂੰ ਸ਼ੁਰੂ ਹੋ ਰਹੇ ਸੰਸਦੀ ਸੈਸ਼ਨ ਵਿੱਚ ਦੌਰਾਨ ਸੰਸਦ ਅੱਗੇ ਰੋਸ ਵਿਖਾਵਾ ਕੀਤਾ ਜਾਣਾ ਹੈ। ਵੱਡੀ ਨਜ਼ਰ ਕਿਸਾਨ ਸੰਸਦ ਮੈਂਬਰਾਂ 'ਤੇ ਰਹੇਗੀ ਜੋ ਵੋਟਾਂ ਵੇਲੇ ਕਿਸਾਨੀ ਵਾਲਾ ਲਿਬਾਸ ਪਾਉਂਦੇ ਹਨ।
           ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਜੋ ਆਪਣੇ ਆਪ ਨੂੰ ਕਿਸਾਨ ਸੰਸਦ ਮੈਂਬਰ ਦੱਸਦੇ ਹਨ, ਅਸਲ ਵਿੱਚ ਉਹ ਕਾਲਾ ਧਨ ਖੇਤੀ 'ਚ ਖਪਾ ਕੇ ਚਿੱਟਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਦੀ  ਥਾਂ ਇਹ ਸੰਸਦ ਮੈਂਬਰ ਆਪਣੀ ਪਾਰਟੀ ਦੀ ਪਿੱਠ 'ਤੇ ਖੜ੍ਹਨਗੇ। ਬੁਰਜ ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਖੁਦ ਨੂੰ ਕਿਸਾਨਾਂ ਦੇ ਮੁਦਈ ਆਖਦੇ ਹਨ, ਉਹ ਵੀ ਬਿੱਲ ਦਾ ਵਿਰੋਧ ਨਹੀਂ ਕਰਨਗੇ।ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)  ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਜੋ ਕਿਸਾਨ ਸੰਸਦ ਮੈਂਬਰ ਹਨ, ਉਹ ਵੱਡੀਆਂ ਜ਼ਮੀਨਾਂ ਦੇ ਮਾਲਕ ਹਨ ਤੇ ਕਾਰਪੋਰੇਟ ਖੇਤੀ ਦੇ ਪੱਖ 'ਚ ਭੁਗਤਣਗੇ। ਕਿਸਾਨੀ ਦਾ ਤਾਂ ਇਨ੍ਹਾਂ ਸੰਸਦ ਮੈਂਬਰਾਂ ਨੇ ਮੁਖੌਟਾ ਪਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਵੋਟਾਂ ਲੈਣ ਖਾਤਰ ਇਹ ਸਿਆਸੀ ਲੋਕ ਕਿਸਾਨ ਹੋਣ ਦਾ ਢੌਂਗ ਰਚਦੇ ਹਨ।
                     ਕਿਸਾਨ ਤਰਜੀਹ 'ਤੇ ਨਹੀਂ ਰਹਿਣਗੇ : ਪ੍ਰੋ. ਸੁਖਪਾਲ
ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਪ੍ਰੋ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਖੇਤੀ ਨਾਲ ਜੁੜੇ ਸੰਸਦ ਮੈਂਬਰਾਂ ਦੀ ਤਰਜੀਹ ਵੀ ਖੇਤੀ ਆਰਡੀਨੈਂਸਾਂ ਦੇ ਬਿੱਲ ਪਾਸ ਹੋਣ ਮੌਕੇ ਪਾਰਟੀ ਹੀ ਰਹੇਗੀ। ਪਾਰਟੀ ਵੱਲੋਂ ਵ੍ਹਿਪ ਵੀ ਜਾਰੀ ਕੀਤਾ ਜਾਂਦਾ ਹੈ ਅਤੇ ਕੋਈ ਵੀ ਸੰਸਦ ਮੈਂਬਰ ਇਨ੍ਹਾਂ ਬਿੱਲਾਂ ਖ਼ਿਲਾਫ਼ ਨਿੱਤਰੇਗਾ ਨਹੀਂ। ਉਨ੍ਹਾਂ ਆਖਿਆ ਕਿ ਸੰਸਦ ਮੈਂਬਰਾਂ ਨੂੰ ਪ੍ਰੀਖਿਆ ਦੇ ਮੌਕੇ ਲੋਕ ਹਿੱਤਾਂ ਦੀ ਪਿੱਠ ਪੂਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਭਰੋਸਾ ਨਾ ਟੁੱਟੇ।

Sunday, September 6, 2020

                       ਵਿਚਲੀ ਗੱਲ 
             ਸ਼ੰਕਰ ਸਾਧੂ ਤੇਰੋ ਨਾਮ..!
                      ਚਰਨਜੀਤ ਭੁੱਲਰ
ਚੰਡੀਗੜ੍ਹ : ਦਿਲਾਂ ’ਚੋਂ ਭਰਮ ਭੁਲੇਖੇ ਕੱਢੋ। ਸਾਰੇ ਸਾਧੂ ਫਕੀਰ ਨਹੀਂ ਹੁੰਦੇ। ਗੁਰੂ ਘੰਟਾਲ ਵੀ ਹੁੰਦੇ ਨੇ। ਸਾਧੂਪੁਣੇ ਨਾਲ ਤਾਂ ਸਾਈਕਲ ਨਹੀਂ ਜੁੜਦਾ। ਕੋਠੀਆਂ, ਕਾਰਾਂ ਤੇ ਸਰਕਾਰਾਂ ਤਾਂ ਦੂਰ ਦੀ ਗੱਲ। ਤੁਸੀਂ ਨਾਮ ਤੋਂ ਗਲਤ ਅੰਦਾਜ਼ੇ ਲਾ ਬੈਠੇ। ਸੱਚਮੁੱਚ ਅਕਲੋਂ ਪੈਦਲ ਨਿਕਲੇ। ਚੱਜ ਦੀ ਰੋਟੀ ਨਾ ਜੁੜੇ, ਫੇਰ ਸਾਧੂਗਿਰੀ ਨੂੰ ਕੀ ਚੱਟਣੈ। ਅਗਲੇ ਪੀਰਾਂ ਦੇ ਪੀਰ ਨਿਕਲੇ। ਬਲਿਹਾਰੇ ਜਾਵਾਂ ਬੱਕਰੀ ਵਾਲੇ ਛੜੇ ਪੰਡਤ ਤੋਂ। ਵੱਟ ਬੰਨੇ ਬੱਕਰੀ ਚਾਰਦਾ। ਨਾਲੇ ਭਜਨ ਵੀ ਜਪਦਾ। ਜਿਉਂ ਦਾਅ ਭਰਦਾ, ਜੱਟ ਦੇ ਖੇਤ ’ਚ ਬੱਕਰੀ ਛੱਡ ਦਿੰਦਾ। ਖੇਤ ਕੌਣ ਚਰਦੈ, ਪ੍ਰੇਸ਼ਾਨ ਜੱਟ ਰਾਖੀ ਬੈਠ ਗਿਆ। ਦੇਖਿਆ ਤਾਂ ਬੱਕਰੀ ਮੋਛੇ ਪਾਈ ਜਾਵੇ। ਪੰਡਤ ਜੀ ਦਾ ਮਾਲਾ ’ਤੇ ਜ਼ੋਰ। ਅੱਕਿਆ ਜੱਟ ਬੋਲਿਆ, ਦੇਵਤਾ ਜੀ, ਸ਼ਰਮ ਦਾ ਘਾਟੈ। ਬੱਕਰੀ ਤੋਂ ਖੇਤ ਚਰਾਉਣੈ, ਬੰਦਗੀ ਦਾ ਕੀ ਫਾਇਦੈ।ਅੱਗਿਓਂ ਪੰਡਤ ਜੀ ਪੈ ਨਿਕਲੇ, ‘ਜਜਮਾਨਾਂ, ਬੱਕਰੀ ਨੂੰ ਹੁਣ ਬੰਦਗੀ ਪਾਵਾਂ, ਕੁਛ ਖਾਊ ਤਾਂ ਭੋਰਾ ਦੁੱਧ ਦੇਊ। ‘ਸਾਈਂ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ’। ਚੱਲਣ ਲਈ ਗੱਡੀ ਨੂੰ ਤੇਲ ਚਾਹੀਦੈ, ਸਾਧੂਪੁਣਾ ਨਹੀਂ। ‘ਨਾਮ ਭਲਾ ਕਿ ਦਾਮ’। ਸਿਆਸੀ ਹਮਾਮ ’ਚ ਸਭ ਨੰਗ ਧੜੰਗੇ ਨੇ। ਜੋ ਫੜਿਆ ਜਾਵੇ, ਉਹ ਚੋਰ, ਬਾਕੀ ਦੁੱਧ ਧੋਤੇ। ਨਾਮ ’ਤੇ ਨਾ ਜਾਓ, ਦਿਮਾਗ ਵੀ ਝੱਸੋ। ਸਾਧ ਦੀ ਭੂਰੀ ’ਤੇ ਕਿੰਨਾ ’ਕੱਠ ਹੋਇਐ। ਸ਼ਰਾਫ਼ਤ ਦਾ ਤਾਂ ਜ਼ਮਾਨਾ ਨਹੀਂ ਰਿਹਾ।
              ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ। ਦਰਸ਼ਨੀ ਬੰਦੇ ਨੇ, ਸੁਭਾਅ ਦੇ ਨਿਰੇ ਸਾਧੂ। ਕੋਈ ਰੱਤੀ ਭਰ ਸ਼ੱਕ ਹੋਵੇ ਤਾਂ ਨਾਭੇ ਗੇੜਾ ਮਾਰਨਾ। ਉਸ ਮਹਿਲਾ ਪ੍ਰਿੰਸੀਪਲ ਨੂੰ ਪੁੱਛ ਲੈਣਾ। ‘ਸਾਧਾਂ ਨੂੰ ਕੀ ਸਵਾਦਾਂ ਤਾਈਂ’, ਜੋ ਇਹੋ ਸੋਚ ਗੁਸਤਾਖ਼ੀ ਕਰ ਬੈਠੀ, ਉਦਘਾਟਨੀ ਪੱਥਰ ’ਤੇ ਨਾਮ ਲਿਖਾਉਣ ਵੇਲੇ। ਮੰਤਰੀ ਨੇ ਪੂਰੇ ਕਰ ਕਮਲਾਂ ਨਾਲ ਫੀਤਾ ਖਿੱਚਿਆ। ਪੱਥਰ ’ਤੇ ਸਭ ਤੋਂ ਹੇਠਾਂ ਨਾਮ ਦੇਖ ਮੰਤਰੀ ਜੀ ਭੜਕ ਉਠੇ। ਇੱਕ ਚੜ੍ਹੇ, ਇੱਕ ਲਹੇ, ‘ਤੈਨੂੰ ਸਸਪੈਂਡ ਕਰਦੂੰ’। ਪ੍ਰਿੰਸੀਪਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪ੍ਰਿੰਸੀਪਲ ਪਾਪਾਂ ਦੀ ਭਾਗੀ ਬਣ ਗਈ। ਬੀਬਾ ਜੀ, ਗਲੀ ਮੁਹੱਲੇ ਘੁੰਮਦੇ ਕਿਸੇ ਸਾਧ ਨੂੰ ਖੀਰ ਖੁਆਓ। ਮੁਕਤੀ ਨਹੀਂ ਮਿਲਣੀ, ਰੂਹ ਭਟਕਦੀ ਰਹੂ। ਜਿੰਨੇ ਸਿਆਸੀ ਵਿਰੋਧੀ ਨੇ। ਕਿਸੇ ਨੂੰ ਢੋਈ ਨਹੀਂ ਮਿਲਣੀ। ਬਿਨਾਂ ਗੱਲੋਂ ਇਲਜ਼ਾਮ ਲਾ ਦਿੱਤੇ। ਅਖੇ ਵਜ਼ੀਫਾ ਘੁਟਾਲਾ ਕਰ’ਤਾ। ਫਾਰਸੀ ਅਖਾਣ ਐ..‘ਚੋਰਾਂ ਨੂੰ ਚੋਰਾਂ ਦੀ, ਸੰਤਾਂ ਨੂੰ ਸੰਤਾਂ ਦੀ ਪਛਾਣ ਹੁੰਦੀ ਹੈ।’ ਬਿਨਾਂ ਗੱਲੋਂ ਅਕਾਲੀ ਰੌਲਾ ਨਹੀਂ ਪਾ ਰਹੇ। ਬੁਰੀ ਤਰ੍ਹਾਂ ਅੜੇ ਨੇ, ‘ਸਾਧੂ ਜੀ ਅਸਤੀਫ਼ਾ ਦੇਵੇ।’ ਸੁਖਬੀਰ ਬਾਦਲ ਆਖਦੇ ਨੇ, ‘ਮੰਤਰੀ ਵਜ਼ੀਫਾ ਛੱਕ ਗਿਆ।’ ਪਰਕਰਮਾ ਕਰਨੋਂ ‘ਆਪ’ ਵਾਲੇ ਵੀ ਨਹੀਂ ਹਟਦੇ।
                 ਪਿਛਾਂਹ ਝਾਤ ਮਾਰੋ, ਵਰਨ ਆਧਾਰਿਤ ਕੰਮ ਵੰਡੇ ਗਏ.. ਸ਼ੂਦਰਾਂ ਨੂੰ ਨੀਵਾਂ ਦਰਜਾ ਦਿੱਤਾ। ਸਦੀਆਂ ਤੋਂ ਦਲਿਤ ਲਿਤਾੜੇ ਨੇ। ਕਮਿਊਨਿਸਟ ਨੂੰ ਪੁੱਛੋ, ਕਹੇਗਾ ਕਿਰਤ ਦੀ ਵੰਡ ਦਾ ਪੁਆੜੈ। ਗਰੀਬ ਘਰ ਦਾ ਮੁੰਡਾ ਮੰਤਰੀ ਬਣੇ, ਧਨਾਢਾਂ ਤੋਂ ਕਿਥੋਂ ਹਜ਼ਮ ਹੁੰਦੈ। ਅਰਥਚਾਰਾ ਦੇਸ਼ ਦਾ ਡਿੱਗਿਆ, ਬੀਬੀ ਸੀਤਾਰਾਮਨ ਨਿਰਮਲ ਮਨੋਂ ਬੋਲੀ.. ‘ਸਭ ਰੱਬ ਦੀ ਕਰਨੀ ਐ’। ਅਕਾਲੀ ਬਾਬਿਓ, ਤੁਸੀਂ ਬੀਬੀ ’ਤੇ ਭਰੋਸਾ ਕੀਤੈ, ਸਾਧੂ ’ਤੇ ਵੀ ਕਰੋ। ਵਜ਼ੀਫਾ ਫੰਡ ਛੂਮੰਤਰ ਹੋ ਗਏ, ਰੱਬ ਦੀ ਰਜ਼ਾ ਹੋਵੇਗੀ। ਮੌਲਾ ਦਾਣੇ ਦਾਣੇ ’ਤੇ ਮੋਹਰ ਲਾਉਂਦੈ। ਲੋਕਾਂ ਦੇ ਐਵੇਂ ਢਿੱਡ ਪੀੜ ਹੋਈ ਹੈ। ਪੰਜਾਬ ਤਾਂ ‘ਮੱਛੀ ਬਾਜ਼ਾਰ’ ਬਣਿਐ। ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ। ਵਜ਼ੀਫਾ ਘੁਟਾਲੇ ਦੇ ਖਾਤੇ ਫਰੋਲੇ। ਸਰੋਜ ਬਾਬੂ ਨੇ ਉਂਗਲ ਵਜ਼ੀਰ ’ਤੇ ਧਰ’ਤੀ।ਸਾਧੂ ਤਾਂ ਕਿਰਪਾ ਕਰਦੇ ਸੁਣੇ ਨੇ। ਸ਼ੰਕਰ ਦੀ ਕਿਰਪਾ ਤੋਂ ਕੋਈ ਸਾਧੂ ਏਨਾ ਦਹਿਲਐ, ਏਹ ਪਹਿਲੀ ਦਫ਼ਾ ਦੇਖਿਆ। ਸਾਧੂ ਮਹਾਰਾਜ ਇੰਝ ਬੋਲੇ.. ‘ਪਤਾ ਨਹੀਂ ਰੋਜ਼ ਐ ਕਿ ਸਰੋਜ ਐ, ਉਲਟਾ ਚੋਰ ਕੋਤਵਾਲ ਕੋ ਡਾਂਟੇ।’ ਲਓ ਜੀ.. ਸਾਧੂ ਤਾਂ ਸ਼ੰਕਰ ਦੀ ਰਗ-ਰਗ ਦੇ ਭੇਤੀ ਨੇ। ਜੋ ਤਣ ਲੱਗੇ, ਸੋਈ ਜਾਣੇ। ਭੋਰਾ ਸ਼ਰਮ ਨਹੀਂ ਮੰਨੀ। ਦੰਭੀ ਲੋਕਾਂ ਨੇ ਸ਼ੰਕਰ ਦੀ ਲੋਈ ’ਤੇ ਦਾਗ ਲਾਏ ਸਨ। ਉਦੋਂ ਕਿਰਪਾ ਸ਼ੰਕਰ ਸਰੋਜ ਐੱਮ.ਡੀ ਸਨ। ਪੰਜਾਬ ਐਗਰੋਂ ’ਚ 17 ਕਰੋੜ ਦੇ ਘਪਲੇ ’ਚ ਘਿਰੇ। ਕਿੰਨਾ ਸਮਾਂ ਮੁਅੱਤਲ ਰਹੇ। ਵਾਸ਼ਿੰਗ ਮਸ਼ੀਨ ਬਥੇਰਾ ਘੁੰਮਾਈ। ਚਿੱਟੀ ਚਾਦਰ ਤੋਂ ਦਾਗ ਗਏ ਨਹੀਂ।
                 ਸਾਧੂ ਧਿਆਨ ਸਿੰਘ ਆਰਫ਼ ਦੀ ਕਾਫ਼ੀ ਐ.. ‘ਮੋਹ ਮਾਇਆ ਨਾ ਵਿਚੋਂ ਕੱਢੇ, ਨਾਮ ਫ਼ਕੀਰ ਧਰਾਈਆ ਈ/ਚਿੱਟੀ ਚਾਦਰ ਸੰਤਾਂ ਵਾਲੀ, ਦਾਗ ਸਿਆਹੀ ਲਾਇਆ ਈ।‘ ਦਸੌਂਧਾ ਸਿਓਂ ਨੂੰ ਮੌਕਾ ਮਿਲੇ, ਝੱਟ ਇਨ੍ਹਾਂ ਦਾ ਗੜਵਈ ਬਣ ਜਾਵੇ। ਜੋਤਸ਼ੀ ਆਖਦੇ ਨੇ.. ਮਾੜਾ ਸਮਾਂ ਚੱਲਦੈ, ਪੰਡਤ ਆਖਦੇ ਨੇ.. ਤਿਲ ਚੌਲੀ ਪਾਓ। ਮਾਇਆ ਹੱਥਾਂ ਦੀ ਮੈਲ ਐ..ਵਜ਼ੀਰ ਧਰਮਸੋਤ ਕੋਲ 82.87 ਲੱਖ ਦੀ ਸੰਪਤੀ ਹੈ। ਕਿਰਪਾ ਸ਼ੰਕਰ ਸਰੋਜ ਕੋਲ ਸਿਰਫ਼ 50.56 ਲੱਖ ਦਾ ਘਰ। ਆਇਰਲੈਂਡੀ ਕਹਾਵਤ ਐ..‘ਪੁਰਾਣੇ ਝਾੜੂ ਨੂੰ ਗੰਦੇ ਖੂੰਜਿਆਂ ਦਾ ਸਭ ਤੋਂ ਵੱਧ ਪਤਾ ਹੁੰਦੈ।‘ ਗੁਰਸ਼ਰਨ ਭਾਜੀ ਦਾ ਕਦੇ ਡਰਾਮਾ ਦੇਖਣਾ ‘..ਤੇ ਦੇਵ ਪੁਰਸ਼ ਹਾਰ ਗਏ।’ ਜਿਸ ’ਚ ਇੱਕ ਸਾਧ ਆਖਦੈ..‘ਹਮ ਚੰਦਰੀ ਮਾਇਆ ਕੋ ਹਾਥ ਨਹੀਂ ਲਗਾਤੇ, ਮਾਈ ਇਸ ਕੋ ਸੰਤਾਂ ਕੀ ਝੋਲੀ ਮੇ ਡਾਲ ਦੋ।’ ਇੰਜ ਲੱਗਦੈ, ਜਿਵੇਂ ਡਰਾਮੇ ਵਾਲਾ ਸਾਧ ਚੋਣ ਜਿੱਤ ਗਿਆ ਹੋਵੇ। ਸਾਧੂ ਸੰਤ ਤਾਂ ਜਾਣੀ ਜਾਣ ਨੇ। ਰੱਬ ਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ। ‘ਆਪ’ ਵਾਲੇ ਸਰਕਾਰ ਹਿਲਾਉਣ ਨੂੰ ਫਿਰਦੇ ਨੇ। ਕੈਪਟਨ ਸਾਹਿਬ, ਹਮੇਸ਼ਾਂ ਦਲਿਤਾਂ ਤੋਂ ਜਾਨ ਵਾਰਦੇ ਨੇ। ਬੱਸ ਰਾਜ ਧਰਮ ਨਿਭਾ ਦੇਣ, ਜਾਨ ਛੁਡਾ ਦੇਣ। ਫੇਰ ਸ਼ਗਨ ਸਕੀਮ ਵੀ ਦੇਣਗੇ। ਦਲਿਤ ਬੱਚਿਆਂ ਨੂੰ ਵਜ਼ੀਫਾ ਵੀ।
               ‘ਆਪ’ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ। ਸਿਰੇ ਦੇ ਨਿਕੰਮੇ ਨਿਕਲੇ। ਮਾੜਾ ਮੋਟਾ ਹੱਥ ਪੱਲਾ ਮਾਰਦੇ। ਪੁੱਤ ਪੋਤੇ ਅਸੀਸਾਂ ਦਿੰਦੇ। ਪ੍ਰੋਫੈਸਰ ਨੂੰ ਪੀ.ਏ ਹੀ ਠੱਗ ਗਿਆ। ਐੱਮ.ਪੀ ਵਾਲੀ ਤਨਖਾਹ ਲੈ ਕੇ ਤਿੱਤਰ ਹੋ ਗਿਆ। ਪ੍ਰੋਫੈਸਰ ਸਾਹਿਬ, ਫਰੀਦਕੋਟ ਛੱਡੋ, ਨਾਭੇ ਟਰੇਨਿੰਗ ਕੈਂਪ ਲਾਓ। ਚੰਦਰਾ ਜ਼ਮਾਨਾ ਆਇਆ। ਅਗਨੀ ਪ੍ਰੀਖਿਆ ਸਾਧੂ ਦੇ ਰਹੇ ਨੇ। ਸਾਧੂ ਸਿੰਘ ਇੱਕ ਮਲਵਈ ਜਥੇਦਾਰ ਸੀ। ਪੁਲੀਸ ਅਫਸਰਾਂ ਦਾ ਕੱਖ ਨਾ ਰਹੇ, ਜਿਨ੍ਹਾਂ ਸਾਧੂ ਸਿਓਂ ’ਤੇ ਭੁੱਕੀ ਦਾ ਕੇਸ ਪਾਇਆ। ਆਖਰ ਅਦਾਲਤਾਂ ’ਚੋਂ ਇਨਸਾਫ ਮਿਲਿਆ। ਬਠਿੰਡੇ ਵੱਲ ਇੱਕ ਵੱਡਾ ਅਧਿਕਾਰੀ ਸੀ। ਨਾਮ ਸਾਧੂ ਸਿੰਘ, ਬੜੇ ਚਰਚੇ ਸਨ ਉਸ ਭਲੇ ਬੰਦੇ ਦੇ। ਪੁਲੀਸ ਨੇ ਵੱਢੀਖੋਰੀ ’ਚ ਫੜ ਲਿਆ। ਘਰੋਂ 150 ਗਰਾਮ ਅਫ਼ੀਮ ਵੀ ਚੁੱਕ ਲਿਆਏ, ਭੋਰਾ ਤਰਸ ਨਹੀਂ ਕੀਤਾ। ਲਾਲੂ ਪ੍ਰਸਾਦ ਯਾਦਵ ਦਾ ਸਾਲਾ ਸਾਬਕਾ ਐੱਮ.ਪੀ ਸਾਧੂ ਯਾਦਵ। ਸਾਧੂਆਂ ਦਾ ‘ਹਲਕਾ ਇੰਚਾਰਜ’ ਹੈ। ਡੰਗਰਾਂ ਦਾ ਚਾਰਾ ਕਿਵੇਂ ਛੱਕਣੈ, ਕੋਈ ਉਸ ਤੋਂ ਗੁਰ ਲਵੇ।ਸਿਆਸਤ ਦੇ ਮੌਜੂਦਾ ਸਾਧੂ ਸੰਤਾਂ ਵੱਲ ਵੇਖ। 1957 ਵਾਲੇ ਚੌਧਰੀ ਸਾਧੂ ਰਾਮ ਦੀ ਰੂਹ ਕੰਬੀ ਹੋਊ। ਜੀਹਨੇ ਪੂਰੀ ਜ਼ਿੰਦਗੀ ਦਲਿਤਾਂ ਲੇਖੇ ਲਾਈ। ਤਿੰਨ ਵਾਰੀ ਐੱਮ.ਪੀ ਬਣਿਆ। ਦੂਜੇ ਬੰਨੇ ਹੁਣ ਸਾਧੂ ਚਰਨ ਖੜ੍ਹੈ। ਝਾਰਖੰਡ ਤੋਂ ਭਾਜਪਾਈ ਵਿਧਾਇਕ। ਕਿਤੇ ਉਦਘਾਟਨ ਮੌਕੇ ਵਰਕਰ ਨੇ ਸਵਾਲ ਕੀਤਾ। ਮੌਕੇ ’ਤੇ ਕੁੱਟ ਧਰਿਆ। ਕੋਈ ਅਫਸਰ ਬੋਲ ਬੈਠਾ, ਥੱਪੜ ਜੜ ਦਿੱਤਾ, ਹੱਥੋਂ ਹੱਥ ਇਨਸਾਫ ਵੰਡਦੈ। ਕਿਤੇ ਸਾਧੂ ਚਰਨ ਦੇ ਚਰਨੀਂ ਲੱਗੇ ਹੁੰਦੇ। ਮਜਾਲ ਐ ਵਜ਼ੀਫਾ ਘੁਟਾਲੇ ਦਾ ਧੂੰਆਂ ਨਿਕਲ ਜਾਂਦਾ।
                 ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦਾਮਾਦ ਸਾਧੂ ਪਾਸਵਾਨ ਐ। ਟਿਕਟ ਨਾ ਦਿੱਤੀ, ਪ੍ਰਾਹੁਣਾ ਰੋਣ ਬੈਠ ਗਿਆ। ਮੱਧ ਪ੍ਰਦੇਸ਼ ਸਰਕਾਰ ਨੇ ਪੰਜ ਸਾਧੂਆਂ ਨੂੰ ਮੰਤਰੀ ਦਾ ਦਰਜਾ ਦਿੱਤਾ। ਯੂ.ਪੀ ਵਾਲੇ ਯੋਗੀ ਨੇ ਸਾਧੂਆਂ ਨੂੰ ਪੈਨਸ਼ਨ ਲਾਈ ਹੈ। ਧਰਮਸੋਤ ਜੀ! ਫਿਕਰ ਛੱਡੋ। ਥੋਨੂੰ ਪੌਣੇ ਤਿੰਨ ਲੱਖ ਰੁਪਏ ਚੜ੍ਹੇ ਮਹੀਨੇ ਪੈਨਸ਼ਨ ਮਿਲੂ। ਦੇਸ਼ ਜੀਡੀਪੀ ’ਚ, ਪੰਜਾਬ ਪੁਰਾਣੇ ਡੀਜੀਪੀ ਸੁਮੇਧ ਸੈਣੀ ’ਚ ਉਲਝਿਐ। ਕੇਂਦਰ ਆਖਦੈ.. ਹੁਣੇ ਪ੍ਰੀਖਿਆ ਦਿਓ। ਖੁਦ ਸੰਸਦ ’ਚ ਸਵਾਲਾਂ ਤੋਂ ਭੱਜਦੈ। ਨਰਿੰਦਰ ਮੋਦੀ ਤੋਂ ਮੱਤ ਲਓ...ਖਿਡੌਣੇ ਬਣਾਓ, ਕੁੱਤੇ ਪਾਲੋ, ਗੱਲ ਨਾ ਬਣੇ ਤਾਂ ਪਕੌੜੇ ਤਲ ਲੈਣਾ। ਨੌਜਵਾਨ ਹੱਥ ਮਲ ਰਹੇ ਨੇ, ਸਾਧੂ ਪਕੌੜੇ ਛੱਕ ਰਹੇ ਨੇ। ‘ਆਪ’ ਵਾਲੇ ਪੁਤਲੇ ਸਾੜ ਰਹੇ ਨੇ। ਜਾਪਾਨੀ ਆਖਦੇ ਨੇ.. ਲਾਲਚੀ ਕੁੱਤੇ ਨੂੰ ਸੋਟੀ ਟੱਕਰ ਹੀ ਪੈਂਦੀ ਹੈ। ਸੋਟੇ ਘੜਨ ਦਾ ਠੇਕਾ ’ਕੱਲੇ ਛੱਜੂ ਰਾਮ ਨੇ ਨਹੀਂ ਲਿਆ। ਥੋਨੂੰ ਵੀ ਆਲਸ ਛੱਡਣੀ ਪਊ..। ਅਖੀਰ ’ਚ ਚੰਦ ਲਾਈਨਾਂ..‘ਚਿੱਟੀ ਚਾਦਰ ਲਾਹ ਸੁੱਟ ਕੁੜੀਏ, ਪਹਿਨ ਫ਼ਕੀਰ ਦੀ ਲੋਈ/ਚਿੱਟੀ ਚਾਦਰ ਨੂੰ ਦਾਗ ਲੱਗੇਗਾ, ਲੋਈ ਨੂੰ ਦਾਗ ਨਾ ਕੋਈ।

Saturday, September 5, 2020

              ਗਿਣਤੀ ਮਿਣਤੀ..
  ਰਾਜਪੁਰਾ ਥਰਮਲ ਹੋਇਆ ਵਿਕਾਊ !
               ਚਰਨਜੀਤ ਭੁੱਲਰ
ਚੰਡੀਗੜ੍ਹ : ਲਾਰਸਨ ਐਂਡ ਟੁਬਰੋ ਕੰਪਨੀ (ਐੱਲਐਂਡਟੀ) ਨੇ ਆਖਰ ਰਾਜਪੁਰਾ ਥਰਮਲ ਪਲਾਂਟ ਨੂੰ ਵੇਚਣ ਲਈ ਲਾ ਦਿੱਤਾ ਹੈ। ਨਾਭਾ ਪਾਵਰ ਲਿਮਿਟਡ ਹੁਣ ਰਾਜਪੁਰਾ ਥਰਮਲ ਪਾਵਰਕੌਮ ਨੂੰ ਵੇਚਣ ਲਈ ਪੱਬਾਂ ਭਾਰ ਹੋਈ ਪਈ ਹੈ। ਬੇਸ਼ੱਕ ਹਾਕਮ ਧਿਰ ਨੇ ਬਿਜਲੀ ਸਮਝੌਤਿਆਂ 'ਤੇ ਸੁਰੱਖਿਆ ਛੱਤਰੀ ਤਾਣੀ ਹੈ ਪ੍ਰੰਤੂ ਭਵਿੱਖ ਦੇ ਝੰਜਟਾਂ ਦੇ ਡਰ ਕਾਰਨ ਕੰਪਨੀ ਨੂੰ ਖ਼ਦਸ਼ੇ ਹਨ। ਰਾਜਪੁਰਾ ਥਰਮਲ ਨੇ ਛੇ ਵਰ੍ਹਿਆਂ ਦਾ ਅਰਸਾ ਪੂਰਾ ਕਰ ਲਿਆ ਹੈ। ਲਾਰਸਨ ਐਂਡ ਟੁਬਰੋ ਕੰਪਨੀ ਦੇ ਡਾਇਰੈਕਟਰ ਕਮ ਵਾਈਸ ਪ੍ਰੈਜ਼ੀਡੈਂਟ (ਵਿਕਾਸ ਪ੍ਰੋਜੈਕਟ) ਡੀ ਕੇ ਸੇਨ ਨੇ ਪਾਵਰਕੌਮ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਰਾਜਪੁਰਾ ਥਰਮਲ ਕਰੀਬ 10 ਹਜ਼ਾਰ ਕਰੋੜ 'ਚ ਪਾਵਰਕੌਮ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਤਰਕ ਦਿੱਤਾ ਹੈ ਕਿ ਕੰਪਨੀ ਬਿਜਲੀ ਪੈਦਾਵਾਰ ਕਾਰੋਬਾਰ 'ਚੋਂ ਲਾਂਭੇ ਹੋਣਾ ਚਾਹੁੰਦੀ ਹੈ। ਪੇਸ਼ਕਸ਼ ਪੱਤਰ ਨੇ ਕਾਫ਼ੀ ਕੁਝ ਨੰਗਾ ਵੀ ਕੀਤਾ ਹੈ ਜਿਸ ਦਾ ਰੌਲਾ ਪੈਂਦਾ ਰਿਹਾ ਹੈ। ਪ੍ਰਾਈਵੇਟ ਕੰਪਨੀ ਨੇ ਪੰਜਾਬ ਸਰਕਾਰ ਦੇ ਵਡਮੁੱਲੇ ਸਹਿਯੋਗ ਲਈ ਉਚੇਚਾ ਧੰਨਵਾਦ ਕੀਤਾ ਹੈ।
           ਪ੍ਰਾਈਵੇਟ ਕੰਪਨੀ ਦੇ ਚਤੁਰਾਈ ਭਰੇ ਪੇਸ਼ਕਸ਼ ਪੱਤਰ ਤੋਂ ਜਾਪਦਾ ਹੈ ਕਿ ਕੰਪਨੀ ਨਵੇਂ ਸਿਰਿਓਂ ਰਾਜਪੁਰਾ ਥਰਮਲ ਦਾ ਸੌਦਾ ਕਰ ਕੇ ਖੱਟੀ ਖਾਣਾ ਚਾਹੁੰਦੀ ਹੈ। ਦੂਜੇ ਪਾਸੇ ਸਿਆਸੀ ਹਲਕੇ ਵੀ ਸੌਦੇਬਾਜ਼ੀ 'ਚੋਂ ਆਪਣੀ ਗਿਣਤੀ-ਮਿਣਤੀ ਵੇਖਣ ਲੱਗੇ ਹਨ। ਕੰਪਨੀ ਮੁਤਾਬਕ ਥਰਮਲ 'ਤੇ 10 ਹਜ਼ਾਰ ਕਰੋੜ ਦਾ ਨਿਵੇਸ਼ ਹੋਇਆ ਸੀ ਅਤੇ ਪਾਵਰਕੌਮ ਨੂੰ ਇਹ ਥਰਮਲ 9690 ਕਰੋੜ ਵਿਚ ਦੇਣ ਦੀ ਪੇਸ਼ਕਸ਼ ਹੋਈ ਹੈ। ਦੇਖਿਆ ਜਾਵੇ ਤਾਂ ਛੇ ਵਰ੍ਹਿਆਂ ਦੀ ਕਮਾਈ ਖਾਣ ਮਗਰੋਂ ਵੀ ਕੰਪਨੀ ਪੂਰੇ ਮੁੱਲ 'ਤੇ ਹੀ ਪ੍ਰੋਜੈਕਟ ਪਾਵਰਕੌਮ ਸਿਰ ਮੜ੍ਹਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਰਾਜਪੁਰਾ ਥਰਮਲ ਦੇ 1400 ਮੈਗਾਵਾਟ ਸਮਰੱਥਾ ਦੇ ਦੋ ਯੂਨਿਟ ਹਨ ਜਿਨ੍ਹਾਂ 'ਚੋਂ ਪਹਿਲਾ ਯੂਨਿਟ 1 ਫਰਵਰੀ 2014 ਅਤੇ ਦੂਸਰਾ 10 ਜੁਲਾਈ 2014 ਨੂੰ ਚੱਲਿਆ ਸੀ। ਥਰਮਲ ਨਾਲ 25 ਵਰ੍ਹਿਆਂ ਲਈ ਬਿਜਲੀ ਸਮਝੌਤਾ ਹੋਇਆ ਹੈ। ਬਿਜਲੀ ਸਮਝੌਤੇ 'ਚ ਚੋਰ ਮੋਰੀਆਂ ਹੋਣ ਕਰ ਕੇ ਪ੍ਰਾਈਵੇਟ ਥਰਮਲ ਪੰਜਾਬ ਨੂੰ ਮਹਿੰਗੇ ਪਏ ਹਨ। ਕਾਂਗਰਸ ਸਰਕਾਰ ਵੀ ਬਿਜਲੀ ਸਮਝੌਤੇ ਰੱਦ ਕਰਨ ਤੋਂ ਭੱਜੀ ਹੈ। ਵਾਈਟ ਪੇਪਰ ਲਈ ਵੀ ਕੀੜੀ ਚਾਲ ਹੈ।
            ਪਾਵਰਕੌਮ ਤਰਫ਼ੋਂ ਰਾਜਪੁਰਾ ਥਰਮਲ ਤੋਂ 31 ਮਾਰਚ 2020 ਤੱਕ 21,369 ਕਰੋੜ ਰੁਪਏ ਦੀ ਬਿਜਲੀ ਖ਼ਰੀਦੀ ਗਈ ਹੈ ਜਿਸ ਵਿਚ 1734 ਕਰੋੜ ਰੁਪਏ ਦੇ ਫਿਕਸਿਡ ਚਾਰਜਿਜ਼ ਵੀ ਸ਼ਾਮਲ ਹਨ। ਲੰਘੇ ਵਿੱਤੀ ਵਰ੍ਹੇ ਇਸ ਥਰਮਲ ਤੋਂ 5.05 ਰੁਪਏ ਪ੍ਰਤੀ ਯੂਨਿਟ 'ਚ ਬਿਜਲੀ ਖ਼ਰੀਦੀ ਗਈ। ਸੂਤਰਾਂ ਮੁਤਾਬਕ ਜੇਕਰ ਸਰਕਾਰ ਨੇ ਪ੍ਰਾਈਵੇਟ ਕੰਪਨੀ ਤੋਂ ਰਾਜਪੁਰਾ ਥਰਮਲ 10 ਹਜ਼ਾਰ ਕਰੋੜ 'ਚ ਲੈਣ ਦੀ ਸਹਿਮਤੀ ਦਿੱਤੀ ਤਾਂ ਪਾਵਰਕੌਮ ਨੂੰ ਉਲਟਾ 20 ਵਰ੍ਹਿਆਂ ਦੌਰਾਨ 7500 ਕਰੋੜ ਰੁਪਏ ਦੀ ਹੋਰ ਵਾਧੂ ਸੱਟ ਲੱਗ ਜਾਵੇਗੀ। ਪੱਤਰ 'ਚ ਲਿਖਿਆ ਹੈ ਕਿ ਜਪਾਨੀ ਤਕਨਾਲੋਜੀ ਦਾ ਇਹ ਪ੍ਰੋਜੈਕਟ ਪਾਵਰਕੌਮ ਲਈ ਲਾਹੇ ਵਾਲਾ ਰਹੇਗਾ ਜਿਸ ਤੋਂ ਹੁਣ ਤੱਕ 47,500 ਮਿਲੀਅਨ ਯੂਨਿਟ ਬਿਜਲੀ ਪਾਵਰਕੌਮ ਨੂੰ ਦਿੱਤੀ ਗਈ ਹੈ। ਪਾਵਰਕੌਮ ਥਰਮਲ ਖ਼ਰੀਦਦੀ ਹੈ ਤਾਂ ਫਿਕਸਿਡ ਚਾਰਜਿਜ਼ ਤੋਂ ਵੀ ਛੁਟਕਾਰਾ ਮਿਲੇਗਾ। ਕੰਪਨੀ ਨੇ ਪੱਤਰ 'ਚ ਖੁਦ ਮੰਨਿਆ ਹੈ ਕਿ ਪਛਵਾੜਾ ਕੋਲਾ ਖਾਣ ਤੋਂ ਕੋਲਾ ਵਰਤਣ ਨਾਲ ਬਿਜਲੀ ਸਸਤੀ ਪਵੇਗੀ।
             ਜ਼ਿਕਰਯੋਗ ਹੈ ਕਿ ਦੋ ਸੀਨੀਅਰ ਅਫ਼ਸਰਾਂ ਨੇ ਬਿਜਲੀ ਸਮਝੌਤਿਆਂ ਅਤੇ ਟੈਂਡਰਾਂ ਸਮੇਂ ਪ੍ਰਾਈਵੇਟ ਥਰਮਲਾਂ ਲਈ ਪਛਵਾੜਾ ਕੋਲਾ ਖਾਣ ਦੀ ਬਜਾਏ ਕੋਲ ਇੰਡੀਆ ਦਾ ਕੋਲਾ ਵਰਤਣ ਦਾ ਫ਼ੈਸਲਾ ਕੀਤਾ ਜਿਸ ਨਾਲ ਮਹਿੰਗੀ ਬਿਜਲੀ ਦਾ ਮੁੱਢ ਬੱਝਾ। ਹੁਣ ਪ੍ਰਾਈਵੇਟ ਕੰਪਨੀ ਨੇ ਖੁਦ ਮੰਨਿਆ ਹੈ ਕਿ ਵਿਦੇਸ਼ੀ ਕੋਲੇ ਤੋਂ ਬਚਿਆ ਜਾ ਸਕੇਗਾ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਪਾਵਰਕੌਮ ਥਰਮਲ ਵਾਲੀ ਜਗ੍ਹਾ 'ਤੇ ਹੀ 700 ਮੈਗਾਵਾਟ ਦੀ ਯੂਨਿਟ ਲਗਾ ਸਕੇਗੀ। ਪੱਤਰ ਅਨੁਸਾਰ ਪਾਵਰਕੌਮ ਖੁਦ ਇਹ ਥਰਮਲ ਚਲਾਏਗੀ ਤਾਂ ਬਿਜਲੀ ਸਮਝੌਤਿਆਂ ਦਾ ਕੋਈ ਰੌਲਾ ਨਹੀਂ ਰਹੇਗਾ। ਸੂਤਰਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀ ਤਰਫੋਂ ਅੰਦਰਖਾਤੇ ਤਾਂ ਪੰਜਾਬ ਸਰਕਾਰ ਨਾਲ ਇਸ ਥਰਮਲ ਦੀ ਪਿਛਲੇ ਸਮੇਂ ਤੋਂ ਹੀ ਗੰਢਤੁੱਪ ਕੀਤੀ ਜਾ ਰਹੀ ਸੀ ਪ੍ਰੰਤੂ ਗੱਲ ਸਿਰੇ ਨਹੀਂ ਲੱਗੀ। ਕੰਪਨੀ ਨੇ ਕੁਝ ਸਮੇਂ ਲਈ ਖੁਦ ਵੀ ਥਰਮਲ ਚਲਾ ਕੇ ਦੇਣ ਦੀ ਪੇਸ਼ਕਸ਼ ਕੀਤੀ ਹੈ।  ਸੂਤਰਾਂ ਮੁਤਾਬਕ ਕੰਪਨੀ ਤਰਫ਼ੋਂ ਪਹਿਲਾਂ ਹੀ ਪ੍ਰੋਜੈਕਟ ਅੱਠ ਹਜ਼ਾਰ ਕਰੋੜ ਦੀ ਥਾਂ 'ਤੇ 10 ਹਜ਼ਾਰ ਕਰੋੜ ਦਾ ਨਿਵੇਸ਼ ਦਿਖਾਇਆ ਗਿਆ ਹੈ। ਜੇਕਰ ਪੰਜਾਬ ਸਰਕਾਰ ਬਿਜਲੀ ਸਮਝੌਤੇ ਰੱਦ ਕਰ ਦਿੰਦੀ ਤਾਂ ਇਨ੍ਹਾਂ ਪਲਾਟਾਂ ਵੱਲ ਕਿਸੇ ਨੇ ਮੂੰਹ ਨਹੀਂ ਕਰਨਾ ਸੀ ਪ੍ਰੰਤੂ ਹੁਣ ਗੇਂਦ ਸਰਕਾਰ ਦੇ ਪਾਲੇ ਵਿਚ ਸੁੱਟੀ ਗਈ ਹੈ।
                          ਪੇਸ਼ਕਸ਼ ਪੱਤਰ ਘੋਖ ਰਹੇ ਹਾਂ: ਚੇਅਰਮੈਨ
ਪਾਵਰਕੌਮ ਦੇ ਚੇਅਰਮੈਨ ਏ ਵੇਣੂੰ ਪ੍ਰਸਾਦ ਨੇ ਕਿਹਾ ਕਿ ਲਾਰਸਨ ਐਂਡ ਟੁਬਰੋ ਵੱਲੋਂ ਉਨ੍ਹਾਂ ਨੂੰ ਰਾਜਪੁਰਾ ਥਰਮਲ ਦੇਣ ਲਈ ਪੇਸ਼ਕਸ਼ ਪੱਤਰ ਭੇਜਿਆ ਗਿਆ ਹੈ ਜਿਸ ਨੂੰ ਹੁਣ ਘੋਖਿਆ ਜਾਵੇਗਾ। ਪੜਤਾਲ ਮਗਰੋਂ ਹੀ ਇਸ ਬਾਰੇ ਕੁਝ ਕਿਹਾ ਜਾ ਸਕੇਗਾ। ਦੱਸਣਯੋਗ ਹੈ ਕਿ ਪੇਸ਼ਕਸ਼ ਪੱਤਰ 22 ਜੁਲਾਈ ਨੂੰ ਲਿਖਿਆ ਗਿਆ ਸੀ ਜਿਸ ਦੀ ਸਰਕਾਰ ਨੇ ਹੁਣ ਤੱਕ ਭਾਫ ਨਹੀਂ ਨਿਕਲਣ ਦਿੱਤੀ ਸੀ।

Friday, September 4, 2020

                   ਨਾ ਰਹੇਗਾ ਬਾਂਸ..
         ਬੇਕਾਰੀ ਭੱਤੇ ਦੀ ਖੇਡ ਖਤਮ !
                   ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਸਰਕਾਰ ਦੇ ਵਹੀ ਖਾਤੇ ਵਿੱਚ 'ਬੇਰੁਜ਼ਗਾਰੀ ਭੱਤਾ ਸਕੀਮ' ਦਾ ਲਾਭ ਲੈਣ ਲਈ ਕੋਈ ਇੱਕ ਹੱਕਦਾਰ ਵੀ ਨਹੀਂ ਹੈ। ਪੰਜਾਬ 'ਚ ਇਸ ਸਕੀਮ ਦਾ ਲਾਹਾ ਲੈਣ ਵਾਲੇ ਆਖਰੀ ਹੱਕਦਾਰ ਦਾ ਭੱਤਾ ਵੀ ਹੁਣ ਬੰਦ ਕਰ ਦਿੱਤਾ ਗਿਆ ਹੈ। ਕੈਪਟਨ ਸਰਕਾਰ ਵੱਲੋਂ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਲਾਗੂ ਕਰਨ ਦਾ ਹੁਣ ਸਰਕਾਰੀ ਖ਼ਜ਼ਾਨੇ 'ਤੇ ਕੋਈ ਬੋਝ ਨਹੀਂ ਪਵੇਗਾ ਕਿਉਂਕਿ ਪੰਜਾਬ 'ਚ ਇਹ ਭੱਤਾ ਲੈਣ ਲਈ ਕੋਈ ਯੋਗ ਲਾਭਪਾਤਰੀ ਹੀ ਨਹੀਂ ਬਚਿਆ ਹੈ।ਪੰਜਾਬ ਦੇ ਰੁਜ਼ਗਾਰ ਦਫ਼ਤਰਾਂ ਵਿੱਚ ਇਸ ਵੇਲੇ 2,63,637 ਬੇਰੁਜ਼ਗਾਰ ਰਜਿਸਟਰਡ ਹਨ, ਪਰ ਇਨ੍ਹਾਂ 'ਚੋਂ ਕੁਝ ਮਹੀਨੇ ਪਹਿਲਾਂ ਤੱਕ ਸਿਰਫ਼ ਮੋਗਾ ਜ਼ਿਲ੍ਹੇ ਦਾ ਇੱਕ ਬੇਰੁਜ਼ਗਾਰ ਨੌਜਵਾਨ ਇਹ ਭੱਤਾ ਲੈਣ ਦੇ ਯੋਗ ਸੀ। ਰੁਜ਼ਗਾਰ ਵਿਭਾਗ ਨੇ ਹੁਣ ਜਦੋਂ ਤਿੰਨ ਮਹੀਨੇ ਦਾ ਇਕੱਠਾ ਬੇਰੁਜ਼ਗਾਰੀ ਭੱਤਾ ਜੂਨ ਮਹੀਨੇ ਵਿੱਚ ਭੇਜਿਆ ਤਾਂ ਉਦੋਂ ਪਤਾ ਲੱਗਾ ਕਿ ਪੂਰੇ ਪੰਜਾਬ ਵਿਚ ਬੇਰੁਜ਼ਗਾਰੀ ਭੱਤਾ ਲੈਣ ਵਾਲਾ ਇੱਕ ਹੀ ਲਾਭਪਾਤਰੀ ਬਚਿਆ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਡਗਰੂ ਦਾ ਬਾਰ੍ਹਵੀਂ ਪਾਸ ਬੇਰੁਜ਼ਗਾਰ ਨੌਜਵਾਨ ਸੰਦੀਪ ਸਿੰਘ 'ਬੇਰੁਜ਼ਗਾਰੀ ਭੱਤਾ ਸਕੀਮ' ਦਾ ਪੰਜਾਬ ਦਾ ਆਖਰੀ ਲਾਭਪਾਤਰੀ ਸੀ, ਜਿਸ ਨੂੰ ਸਰਕਾਰ ਪ੍ਰਤੀ ਮਹੀਨਾ 150 ਰੁਪਏ ਦਾ ਭੱਤਾ ਦੇ ਰਹੀ ਸੀ। 
           ਮੋਗਾ ਦੀ ਜ਼ਿਲ੍ਹਾ ਰੁਜ਼ਗਾਰ ਅਫਸਰ ਪਰਮਿੰਦਰ ਕੌਰ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਨੇ ਆਪਣਾ ਕਾਰਡ ਹੀ ਰੀਨਿਊ ਨਹੀਂ ਕਰਵਇਆ, ਜਿਸ ਕਰਕੇ ਨੇਮਾਂ ਅਨੁਸਾਰ ਉਸ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਬੰਦ ਕੀਤਾ ਹੈ। ਉਧਰ ਸੰਦੀਪ ਸਿੰਘ ਦੇ ਘਰੇਲੂ ਹਾਲਾਤ ਵੀ ਸੁਖਾਵੇਂ ਨਹੀਂ। ਪਿਤਾ ਦੀ ਮੌਤ ਹੋ ਗਈ ਤਾਂ ਨਾਨਕੇ ਘਰ ਰਹਿਣ ਲੱਗਾ। ਇਕਲੌਤੇ ਮਾਮੇ ਦੀ ਮੌਤ ਹੋ ਗਈ। ਨੇਤਰਹੀਣ ਨਾਨਾ-ਨਾਨੀ ਬਚੇ ਹਨ, ਜਿਨ੍ਹਾਂ ਦੀ ਦੇਖ ਭਾਲ ਉਹ ਕਰਦਾ ਹੈ। ਸੰਦੀਪ ਦਾ ਕਹਿਣਾ ਹੈ ਕਿ ਉਹ ਵੇਲੇ ਸਿਰ ਕਾਰਡ ਰੀਨਿਊ ਕਰਵਾਉਂਦਾ ਰਿਹਾ ਹੈ, ਪਰ ਮਹਿਕਮੇ ਨੇ ਬੇਇਨਸਾਫ਼ੀ ਕੀਤੀ ਹੈ।ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਬੇਰੁਜ਼ਗਾਰੀ ਸਕੀਮ ਲਈ 15 ਲੱਖ ਦਾ ਬਜਟ ਰੱਖਿਆ ਸੀ, ਪਰ ਮਗਰੋਂ ਸੋਧ ਕੇ 5 ਲੱਖ ਕਰ ਦਿੱਤਾ। ਲਿਹਾਜ਼ਾ ਹੁਣ ਕੋਈ ਲਾਭਪਾਤਰੀ ਹੀ ਨਹੀਂ ਬਚਿਆ।ਪੰਜਾਬ ਸਰਕਾਰ ਮੈਟ੍ਰਿਕ/ਅੰਡਰ ਗਰੈਜੂਏਟ ਬੇਰੁਜ਼ਗਾਰ ਨੂੰ 150 ਰੁਪਏ ਅਤੇ ਗਰੈਜੂਏਟ/ਪੋਸਟ ਗਰੈਜੂਏਟ ਬੇਰੁਜ਼ਗਾਰ ਨੂੰ 200 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੰਦੀ ਹੈ। ਪੰਜਾਬ ਕਾਂਗਰਸ ਨੇ ਚੋਣਾਂ ਮੌਕੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। 
          ਪੰਜਾਬ ਵਿੱਚ 2.63 ਲੱਖ ਬੇਰੁਜ਼ਗਾਰ, ਰੁਜ਼ਗਾਰ ਦਫ਼ਤਰਾਂ ਵਿਚ ਰਜਿਸਟਰਡ ਹਨ, ਪਰ ਬੇਰੁਜ਼ਗਾਰੀ ਭੱਤੇ ਲਈ ਕੋਈ ਵੀ ਯੋਗ ਨਹੀਂ। ਵੱਡਾ ਅੜਿੱਕਾ ਇਸ ਭੱਤੇ ਵਾਸਤੇ ਆਮਦਨ ਸ਼ਰਤ ਦਾ ਹੈ। ਇਹ ਭੱਤਾ ਲੈਣ ਲਈ ਉਹੀ ਬੇਰੁਜ਼ਗਾਰ ਨੌਜਵਾਨ ਯੋਗ ਹਨ, ਜਿਨ੍ਹਾਂ ਦੀ ਪਰਿਵਾਰਕ ਆਮਦਨ ਪ੍ਰਤੀ ਮਹੀਨਾ 1000 ਰੁਪਏ ਤੋਂ ਵੱਧ ਨਾ ਹੋਵੇ, ਭਾਵ ਪਰਿਵਾਰ ਪ੍ਰਤੀ ਦਿਨ 33 ਰੁਪਏ ਤੋਂ ਵੱਧ ਨਾ ਕਮਾਉਂਦਾ ਹੋਵੇ। ਪੰਜਾਬ ਸਰਕਾਰ ਵੱਲੋਂ 11 ਜਨਵਰੀ, 1979 ਨੂੰ ਬਣਾਏ ਨੇਮਾਂ ਵਿਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਵਾਲੀ ਆਮਦਨ ਦੀ ਸ਼ਰਤ ਰੱਖੀ ਗਈ ਸੀ। ਪੰਜਾਬ ਸਰਕਾਰ ਨੇ ਚਾਰ ਦਹਾਕਿਆਂ ਮਗਰੋਂ ਵੀ ਆਮਦਨ ਸ਼ਰਤ ਵਿੱਚ ਕੋਈ ਸੋਧ ਨਹੀਂ ਕੀਤੀ। ਹਰਿਆਣਾ ਤੇ ਰਾਜਸਥਾਨ ਵਿੱਚ ਇਹੋ ਸ਼ਰਤਾਂ ਕ੍ਰਮਵਾਰ ਤਿੰਨ ਲੱਖ ਰੁਪਏ ਅਤੇ ਦੋ ਲੱਖ ਰੁਪਏ ਸਾਲਾਨਾ ਹਨ। ਪੰਜਾਬ ਸਰਕਾਰ ਨੇ ਸਾਲ 2006-07 ਵਿੱਚ 4803 ਬੇਰੁਜ਼ਗਾਰਾਂ ਨੂੰ 65.31 ਲੱਖ ਰੁਪਏ ਅਤੇ ਸਾਲ 2010-11 ਵਿਚ 1808 ਬੇਰੁਜ਼ਗਾਰਾਂ ਨੂੰ 25.77 ਲੱਖ ਰੁਪਏ ਬੇਰੁਜ਼ਗਾਰੀ ਭੱਤਾ ਵੰਡਿਆ ਸੀ। ਆਮਦਨ ਸ਼ਰਤ ਕਰਕੇ ਯੋਗ ਉਮੀਦਵਾਰਾਂ ਦੀ ਗਿਣਤੀ ਇਕਦਮ ਡਿੱਗਣ ਲੱਗੀ ਹੈ। 
           ਸਾਲ 2011-12 ਵਿਚ ਇਹ ਗਿਣਤੀ 1080, ਸਾਲ 2012-13 ਵਿਚ 950, 2013-14 ਵਿਚ 309, ਸਾਲ 2015-16 ਵਿਚ 444, ਸਾਲ 2016-17 ਵਿਚ 134 ਅਤੇ ਸਾਲ 2019-20 ਵਿਚ ਭੱਤਾ ਲੈਣ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ 85 ਰਹਿ ਗਈ। ਚਾਲੂ ਵਿੱਤੀ ਸਾਲ ਦੌਰਾਨ ਸਿਰਫ਼ ਇੱਕ ਬੇਰੁਜ਼ਗਾਰ ਯੋਗ ਬਚਿਆ ਸੀ ਅਤੇ ਉਸ ਨੂੰ ਵੀ ਭੱਤਾ ਦੇਣਾ ਹੁਣ ਬੰਦ ਕਰ ਦਿੱਤਾ ਹੈ। ਪੰਜਾਬ ਭਰ 'ਚ 40 ਰੁਜ਼ਗਾਰ ਦਫ਼ਤਰ ਹਨ। ਕੈਪਟਨ ਸਰਕਾਰ ਨੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣਾ ਤਾਂ ਦੂਰ ਦੀ ਗੱਲ, ਆਮਦਨ ਸ਼ਰਤ ਵਿਚ ਸੋਧ ਕਰਨ ਦੀ ਲੋੜ ਵੀ ਨਹੀਂ ਸਮਝੀ ਹੈ।
                            ਪੁਰਾਣੇ ਨਿਯਮ ਸੋਧੇ ਜਾਣਗੇ : ਚੰਨੀ
ਰੁਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣ ਵਾਅਦਾ ਪੂਰਾ ਕਰਨ ਲਈ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦੀ ਸਕੀਮ ਵਿਚਾਰ ਅਧੀਨ ਹੈ ਤੇ ਇਸ ਲਈ ਵਿੱਤ ਵਿਭਾਗ ਤੋਂ ਤਕੜਾ ਬਜਟ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਨਿਯਮਾਂ ਕਰਕੇ ਹੀ ਸਕੀਮ ਦੇ ਲਾਹੇ ਦਾ ਰਾਹ ਮੋਕਲਾ ਨਹੀਂ ਹੋ ਸਕਿਆ, ਜਿਸ ਲਈ ਹੁਣ ਆਮਦਨ ਸ਼ਰਤ ਦੇ ਪੁਰਾਣੇ ਨਿਯਮਾਂ 'ਤੇ ਨਜ਼ਰਸਾਨੀ ਮਗਰੋਂ ਇਨ੍ਹਾਂ ਨੂੰ ਸੋਧਿਆ ਜਾਵੇਗਾ।

Thursday, September 3, 2020

                  ਬਿਜਲੀ ਸਮਝੌਤੇ
   ਅੱਠ ਹਜ਼ਾਰ ਕਰੋੜ ਦਾ ਨਵਾਂ ਝਟਕਾ !
                  ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਪ੍ਰਾਈਵੇਟ ਥਰਮਲਾਂ ਦੇ ਪ੍ਰਦੂਸ਼ਣ ਸੁਧਾਰ ਲਈ ਕਰੀਬ ਅੱਠ ਹਜ਼ਾਰ ਕਰੋੜ ਦਾ ਬੋਝ ਵੀ ਹੁਣ ਪਾਵਰਕੌਮ ਚੁੱਕੇਗਾ ਜਿਸ ਨਾਲ ਪੰਜਾਬ 'ਚ ਬਿਜਲੀ ਹੋਰ ਮਹਿੰਗੀ ਹੋਵੇਗੀ। ਬਿਜਲੀ ਸਮਝੌਤਿਆਂ 'ਤੇ ਨਜ਼ਰਸਾਨੀ ਦੀ ਢਿੱਲ ਮੱਠ ਦਾ ਖਮਿਆਜ਼ਾ ਪੰਜਾਬ ਦੇ ਖ਼ਪਤਕਾਰ ਭੁਗਤਣਗੇ। ਪ੍ਰਾਈਵੇਟ ਥਰਮਲਾਂ ਦੇ ਪੁਰਾਣੇ ਬੋਝ ਨਾਲ ਹੀ ਖ਼ਪਤਕਾਰ ਝੰਬੇ ਪਏ ਸਨ। ਉਪਰੋਂ ਹੁਣ ਕੇਂਦਰੀ ਇਲੈਕਟ੍ਰੀਸਿਟੀ ਐਪੀਲਾਂਟ ਟ੍ਰਿਬਿਊਨਲ ਦਾ ਫੈਸਲਾ ਪ੍ਰਾਈਵੇਟ ਥਰਮਲਾਂ ਦੇ ਹੱਕ ਵਿਚ ਆ ਗਿਆ ਹੈ। ਕੇਂਦਰੀ ਟ੍ਰਿਬਿਊਨਲ 'ਚ 28 ਅਗਸਤ ਨੂੰ ਪ੍ਰਾਈਵੇਟ ਥਰਮਲ ਕੇਸ ਜਿੱਤ ਗਏ ਹਨ ਅਤੇ ਨਵੇਂ ਫ਼ੈਸਲੇ ਅਨੁਸਾਰ ਹੁਣ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਵਿਚ ਪ੍ਰਦੂਸ਼ਣ ਸੁਧਾਰ ਲਈ ਫਲੂ ਗੈਸ ਡੀਸਲਫਰਾਈਜੇਸ਼ਨ (ਐੱਫਜੀਡੀ) ਉਪਕਰਨ ਲਾਉਣ ਦਾ ਸਾਰਾ ਖ਼ਰਚਾ ਪਾਵਰਕੌਮ ਚੁੱਕੇਗਾ। ਕੇਂਦਰੀ ਟ੍ਰਿਬਿਊਨਲ ਨੇ ਪਟੀਸ਼ਨ ਨੰਬਰ 21 ਆਫ 2019 'ਤੇ ਨਵਾਂ ਫ਼ੈਸਲਾ ਸੁਣਾ ਦਿੱਤਾ ਹੈ ਜਿਸ ਅਨੁਸਾਰ 'ਤਲਵੰਡੀ ਸਾਬੋ ਪਾਵਰ ਲਿਮਟਿਡ' ਨੂੰ 3157 ਕਰੋੜ ਅਤੇ 'ਨਾਭਾ ਪਾਵਰ ਲਿਮਟਿਡ' ਨੂੰ 4574 ਕਰੋੜ (ਕੁੱਲ 7731 ਕਰੋੜ) ਰੁਪਏ ਐੱਫਜੀਡੀ ਲਾਉਣ ਵਾਸਤੇ ਦੇਣੇ ਪੈਣਗੇ।
          ਪਹਿਲਾਂ ਇਹ ਦੋਵੇਂ ਪ੍ਰਾਈਵੇਟ ਥਰਮਲ ਪਲਾਂਟ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਚੋਂ 21 ਦਸੰਬਰ 2018 ਅਤੇ 9 ਜਨਵਰੀ 2019 ਨੂੰ ਇਹ ਕੇਸ ਹਾਰ ਗਏ ਸਨ। ਦੋਵੇਂ ਪ੍ਰਾਈਵੇਟ ਥਰਮਲਾਂ ਤਰਫ਼ੋਂ ਰੈਗੂਲੇਟਰੀ ਦੇ ਫੈਸਲੇ ਖ਼ਿਲਾਫ਼ ਕੇਂਦਰੀ ਇਲੈਕਟ੍ਰੀਸਿਟੀ ਐਪੀਲਾਂਟ ਟ੍ਰਿਬਿਊਨਲ ਕੋਲ ਅਪੀਲ ਦਾਇਰ ਕੀਤੀ ਗਈ ਸੀ ਜਿਸ ਦਾ ਹੁਣ ਫ਼ੈਸਲਾ ਆਇਆ ਹੈ। ਵੇਰਵਿਆਂ ਅਨੁਸਾਰ ਪ੍ਰਾਈਵੇਟ ਥਰਮਲਾਂ ਨੇ ਬਿਜਲੀ ਸਮਝੌਤਿਆਂ ਅਤੇ ਟੈਂਡਰਾਂ ਵਿਚਲੀਆਂ ਚੋਰ-ਮੋਰੀਆਂ ਦਾ ਲਾਹਾ ਲਿਆ ਹੈ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਥਰਮਲਾਂ ਵਿਚ ਐੱਫਜੀਡੀ ਲਾਉਣ ਦਾ ਸਾਰਾ ਖ਼ਰਚਾ ਪਾਵਰਕੌਮ ਨੂੰ ਚੁੱਕਣਾ ਪਵੇਗਾ। ਪਾਵਰਕੌਮ ਵੀਹ ਵਰ੍ਹਿਆਂ ਵਿਚ 7731 ਕਰੋੜ ਰੁਪਏ ਪ੍ਰਾਈਵੇਟ ਥਰਮਲਾਂ ਨੂੰ ਦੇਵੇਗਾ ਜਿਸ ਦੇ ਵਿਆਜ ਆਦਿ ਸਮੇਤ ਇਹ ਰਕਮ 10 ਹਜ਼ਾਰ ਕਰੋੜ ਪਾਰ ਕਰਨ ਦਾ ਅੰਦਾਜ਼ਾ ਹੈ।ਸੂਤਰ ਆਖਦੇ ਹਨ ਕਿ ਬਿਜਲੀ ਸਮਝੌਤੇ ਸਰਕਾਰ ਰੱਦ ਕਰ ਦਿੰਦੀ ਤਾਂ ਘੱਟੋ ਘੱਟ ਹੁਣ ਨਵੇਂ ਮਾਲੀ ਬੋਝ ਤੋਂ ਸਰਕਾਰ ਬਚ ਸਕਦੀ ਸੀ। ਕੇਂਦਰੀ ਟ੍ਰਿਬਿਊਨਲ ਨੇ ਬਿਜਲੀ ਸਮਝੌਤਿਆਂ ਵਿਚ 'ਕਾਨੂੰਨ ਵਿਚ ਬਦਲਾਅ' ਦੀ ਮੱਦ ਦੇ ਅਧਾਰ 'ਤੇ ਇਹ ਫ਼ੈਸਲੇ ਸੁਣਾਏ ਹਨ।
           ਵੇਰਵਿਆਂ ਅਨੁਸਾਰ ਕੇਂਦਰ ਦੀ ਭਾਜਪਾ ਸਰਕਾਰ ਨੇ ਕੌਮਾਂਤਰੀ ਦਬਾਅ ਹੇਠ ਵਾਤਾਵਰਣ ਸ਼ੁੱਧਤਾ ਲਈ ਸਾਰੇ ਥਰਮਲਾਂ 'ਤੇ ਐੱਫਜੀਡੀ ਸਿਸਟਮ ਲਾਉਣ ਦਾ ਸਮਝੌਤਾ ਕੀਤਾ ਹੈ। ਐੱਫਜੀਡੀ ਉਪਕਰਨ ਵਿਦੇਸ਼ਾਂ ਵਿਚ ਬਣਦੇ ਹਨ ਜਿਸ ਕਰਕੇ ਵਿਦੇਸ਼ੀ ਕੰਪਨੀਆਂ ਨੂੰ ਉਪਕਰਨ ਵੇਚਣ ਦਾ ਮੌਕਾ ਵੀ ਮਿਲੇਗਾ। ਐੱਫਜੀਡੀ ਸਿਸਟਮ ਨਾਲ ਥਰਮਲਾਂ ਦੀਆਂ ਚਿਮਨੀਆਂ 'ਚੋਂ ਫਲੂ ਗੈਸਾਂ ਦੇ ਨਾਲ ਸਲਫਰ ਗੈਸ ਨਿਕਲਣ ਤੋਂ ਰੁਕਦੀ ਹੈ। ਬਿਜਲੀ ਮਾਹਿਰਾਂ ਅਨੁਸਾਰ ਭਾਰਤੀ ਕੋਲੇ ਵਿਚ ਤਾਂ ਸਲਫਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਦੋਂ ਕਿ ਵਿਦੇਸ਼ੀ ਕੋਲੇ ਵਿਚ ਇਹ ਮਾਤਰਾ ਜ਼ਿਆਦਾ ਹੁੰਦੀ ਹੈ। ਅਮਰੀਕਾ ਨੇ ਖ਼ੁਦ ਪੈਰਿਸ ਸਮਝੌਤੇ ਵਿਚ ਲਾਈ ਅਜਿਹੀ ਸ਼ਰਤ ਵਾਪਸ ਲਈ ਹੈ।ਚਰਚੇ ਹਨ ਕਿ ਵਿਦੇਸ਼ੀ ਕੰਪਨੀਆਂ ਦੇ ਉਪਕਰਨ ਵੇਚਣ ਲਈ ਅਜਿਹਾ ਹੋ ਰਿਹਾ ਹੈ। ਕੇਂਦਰੀ ਇਲੈਕਟ੍ਰੀਸਿਟੀ ਅਥਾਰਿਟੀ ਨੇ ਇਸ ਸਿਸਟਮ ਨੂੰ ਲਾਉਣ ਦਾ ਖ਼ਰਚਾ ਪ੍ਰਤੀ ਮੈਗਾਵਾਟ 2.31 ਕਰੋੜ ਦੱਸਿਆ ਹੈ।ਕੇਂਦਰੀ ਵਾਤਾਵਰਣ ਮੰਤਰਾਲੇ ਨੇ ਦਿੱਲੀ ਦੇ 300 ਕਿਲੋਮੀਟਰ ਦੇ ਘੇਰੇ ਅੰਦਰ ਪੈਂਦੇ ਥਰਮਲਾਂ ਨੂੰ ਦਸੰਬਰ 2019 ਤੱਕ ਐੱਫਜੀਡੀ ਲਾਉਣ ਦੇ ਹੁਕਮ ਕੀਤੇ ਸਨ। 
            ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤਾਂ ਪ੍ਰਾਈਵੇਟ ਤੇ ਪਾਵਰਕੌਮ ਦੇ ਥਰਮਲਾਂ ਨੂੰ ਨਿਯਮਾਂ ਦੀ ਸਮੇਂ ਸਿਰ ਪਾਲਣਾ ਨਾ ਕਰਨ ਕਰਕੇ ਜੁਰਮਾਨੇ ਵੀ ਪਾਏ ਹਨ।ਪਾਵਰਕੌਮ ਨੂੰ ਆਪਣੇ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ 'ਤੇ ਵੀ ਐੱਫਜੀਡੀ ਲਾਉਣਾ ਪਵੇਗਾ ਪਰ ਪਾਵਰਕੌਮ ਨੇ ਤਰਕ ਦਿੱਤਾ ਹੈ ਕਿ ਇਹ ਥਰਮਲ ਚੱਲਦੇ ਹੀ ਬਹੁਤ ਘੱਟ ਹਨ। ਪਾਵਰਕੌਮ ਨੇ ਕੇਂਦਰੀ ਟ੍ਰਿਬਿਊਨਲ ਕੋਲ ਤਰਕ ਦਿੱਤਾ ਸੀ ਕਿ ਉਹ ਪ੍ਰਾਈਵੇਟ ਥਰਮਲਾਂ ਦੇ ਪ੍ਰਦੂਸ਼ਣ ਸੁਧਾਰ ਪ੍ਰਬੰਧਾਂ ਦਾ ਖ਼ਰਚਾ ਕਿਉਂ ਚੁੱਕੇ ਪ੍ਰੰਤੂ ਟ੍ਰਿਬਿਊਨਲ ਨੇ ਬਿਜਲੀ ਸਮਝੌਤਿਆਂ ਵਿਚ ਮੱਦ ਦਰਜ ਹੋਣ ਦਾ ਹਵਾਲਾ ਦੇ ਕੇ ਫ਼ੈਸਲਾ ਸੁਣਾ ਦਿੱਤਾ।ਦੱਸਣਯੋਗ ਹੈ ਕਿ ਬਿਜਲੀ ਸਮਝੌਤੇ ਲੰਮੀ ਮਿਆਦ ਦੇ ਹਨ ਅਤੇ ਉਪਰੋਂ ਹੁਣ ਨਵੇਂ ਖਰਚੇ ਨੇ ਬਿਜਲੀ ਦਰਾਂ ਨੂੰ ਆਸਮਾਨੀ ਪਹੁੰਚਾ ਦੇਣਾ ਹੈ। ਪ੍ਰਾਈਵੇਟ ਥਰਮਲਾਂ ਨੇ ਸੁਪਰੀਮ ਕੋਰਟ ਵਿਚ ਪਾਵਰਕੌਮ ਖ਼ਿਲਾਫ਼ 'ਮੈਗਾ ਪਾਵਰ ਪ੍ਰੋਜੈਕਟਾਂ' ਦਾ ਕੇਸ ਦਾਇਰ ਕੀਤਾ ਹੋਇਆ ਹੈ। ਉਨ੍ਹਾਂ ਦਾ ਫ਼ੈਸਲਾ ਬਰਖ਼ਿਲਾਫ਼ ਆਉਣ ਦੀ ਸੂਰਤ ਵਿਚ ਬਿਜਲੀ ਦਰਾਂ ਦੀ ਬਾਕੀ ਕਸਰ ਵੀ ਨਿਕਲ ਜਾਵੇਗੀ।
                            ਅਪੀਲ ਦਾਇਰ ਕਰਾਂਗੇ: ਚੇਅਰਮੈਨ
ਪਾਵਰਕੌਮ ਦੇ ਚੇਅਰਮੈਨ ਏ. ਵੇਣੂ ਪ੍ਰਸ਼ਾਦ ਦਾ ਕਹਿਣਾ ਸੀ ਕਿ ਕੇਂਦਰੀ ਟ੍ਰਿਬਿਊਨਲ ਦੇ ਫ਼ੈਸਲੇ ਦੀ ਘੋਖ ਕੀਤੀ ਜਾਵੇਗੀ ਅਤੇ ਅਪੀਲ ਦਾਇਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪਹਿਲਾਂ ਹੀ ਕੇਂਦਰ ਨੂੰ ਚਿੱਠੀ ਲਿਖ ਚੁੱਕੇ ਹਨ ਅਤੇ ਕਰੋਨਾ ਕਰਕੇ ਪਾਵਰਕੌਮ ਕੋਲ ਦੇਣ ਲਈ ਪੈਸਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਫਜੀਡੀ ਦੇ ਰੇਟ ਵੀ ਹੁਣ ਘਟੇ ਹਨ ਅਤੇ ਪੈਸਾ ਵੀ ਕਿਸ਼ਤਾਂ ਵਿਚ ਦੇਣਾ ਹੈ। ਬਾਕੀ ਸੂਬਿਆਂ ਦੇ ਕੇਸ ਵੀ ਘੋਖੇ ਜਾਣਗੇ।

Wednesday, September 2, 2020

                         ਅਸਮਾਨ ਨੂੰ ਟਾਕੀ
  ਵੱਡੇ ਅਫ਼ਸਰਾਂ ਲਈ ਆਲੀਸ਼ਾਨ ਟਾਵਰ !
                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਦੀ ਤੰਗੀ ਤੁਰਸ਼ੀ ਨੂੰ ਦਰਕਿਨਾਰ ਕਰਕੇ ਹੋਏ ਸੀਨੀਅਰ ਅਫਸਰਾਂ ਦੀ ਆਲੀਸ਼ਾਨ ਰਿਹਾਇਸ਼ ਲਈ ਚੰਡੀਗੜ੍ਹ ’ਚ ਦੋ ਬਹੁਮੰਜ਼ਲਾ ਟਾਵਰ ਖਰੀਦਣ ਲਈ ਤਿਆਰੀ ਵਿੱਢੀ ਹੈ। ਵਿੱਤ ਵਿਭਾਗ ਪੰਜਾਬ ਨੇ ਕਰੀਬ 113 ਕਰੋੜ ਦੇ ਲਾਗਤ ਖਰਚੇ ਲਈ ਹਾਮੀ ਵੀ ਭਰ ਦਿੱਤੀ ਹੈ। ਜਦੋਂ ਕੋਵਿਡ ਆਫ਼ਤ ਨੇ ਪੈਰ ਪਸਾਰ ਲਏ ਹਨ ਅਤੇ ਸਮੁੱਚਾ ਪੰਜਾਬ ਮਾਲੀ ਸੰਕਟ ਝੱਲ ਰਿਹਾ ਹੈ, ਠੀਕ ਉਸ ਵੇਲੇ ਸੀਨੀਅਰ ਅਫਸਰਾਂ ਲਈ ਨਵੇਂ ਰਿਹਾਇਸ਼ੀ ਪ੍ਰਬੰਧ ਹੋਣ ਲੱਗੇ ਹਨ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਪੱਤਰਾਂ ਅਨੁਸਾਰ ਚੰਡੀਗੜ੍ਹ ਹਾਊਸਿੰਗ ਬੋਰਡ ਨੇ ‘ਰਾਜੀਵ ਗਾਂਧੀ ਚੰਡੀਗੜ੍ਹ ਟੈਕਨਾਲੋਜੀ ਪਾਰਕ’ ਵਿਚ 123.79 ਏਕੜ ਵਿਚ ਨਵਾਂ ਕੰਪਲੈਕਸ ਬਣਾਉਣਾ ਹੈ ਜਿਸ ਵਿਚ 6.73 ਏਕੜ ਵਿਚ ਸੀਨੀਅਰ ਅਫਸਰਾਂ ਦੀ ਰਿਹਾਇਸ਼ ਲਈ ਬਹੁਮੰਜ਼ਲਾ ਟਾਵਰ ਬਣਨੇ ਹਨ। ਚੰਡੀਗੜ੍ਹ ਹਾਊਸਿੰਗ ਬੋਰਡ ਨੇ 20 ਸਤੰਬਰ 2018 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸੱਤ ਮੰਜ਼ਲਾਂ ਇੱਕ ਟਾਵਰ ਸੀਨੀਅਰ ਅਫਸਰਾਂ ਦੀ ਰਿਹਾਇਸ਼ ਲਈ ਦੇਣ ਦੀ ਪੇਸ਼ਕਸ਼ ਕੀਤੀ ਜਿਸ ਵਿਚ 28 ਫਲੈਟ ਹੋਣਗੇ। ਅਫਸਰਾਂ ਦੇ ਨੌਕਰਾਂ ਲਈ ਵੱਖਰੇ ਛੋਟੇ ਫਲੈਟ ਵੀ ਸ਼ਾਮਿਲ ਹੋਣਗੇ।
                 ਦਸਤਾਵੇਜ਼ਾਂ ਅਨੁਸਾਰ 28 ਫਲੈਟਸ ਦੀ ਅੰਦਾਜ਼ਨ ਕੀਮਤ 49.01 ਕਰੋੜ ਅਤੇ ਨੌਕਰਾਂ ਦੀ ਰਿਹਾਇਸ਼ ’ਤੇ 7.51 ਕਰੋੜ ਰੁਪਏ ਖਰਚ ਆਉਣਗੇ। ਪੰਜਾਬ ਸਰਕਾਰ ਨੇ 5 ਨਵੰਬਰ 2018 ਅਤੇ ਫਿਰ 26 ਦਸੰਬਰ 2018 ਨੂੰ ਬੋਰਡ ਨੂੰ ਪੱਤਰ ਲਿਖਿਆ ਕਿ ਸੀਨੀਅਰ ਅਫਸਰਾਂ ਲਈ ਚੰਡੀਗੜ੍ਹ ਵਿਚ ਰਿਹਾਇਸ਼ ਉਪਲਬਧ ਹੈ ਅਤੇ ਫਲੈਟਾਂ ਦੀ ਕੋਈ ਲੋੜ ਨਹੀਂ ਹੈ। ਉਧਰ ਬੋਰਡ ਨੇ 29 ਅਪਰੈਲ 2019 ਨੂੰ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਆਖਰੀ ਮੌਕੇ ਦੀ ਪੇਸ਼ਕਸ਼ ਕੀਤੀ।ਬੋਰਡ  ਦੇ ਚੇਅਰਮੈਨ ਨੇ ਲਿਖਿਆ ਕਿ ਚੰਡੀਗੜ੍ਹ ਵਿਚ ਜਗ੍ਹਾ ਦੀ ਬਹੁਤ ਘਾਟ ਹੈ ਅਤੇ ਉਹ ਟਾਵਰ ਖਰੀਦਣ ਲਈ ਆਖਰੀ ਮੌਕਾ ਦੇ ਰਹੇ ਹਨ। ਵਿੱਤ ਵਿਭਾਗ ਪੰਜਾਬ ਨੇ ਉਦੋਂ ਹੀ ਨਵਾਂ ਪੈਂਤੜਾ ਲਿਆ ਅਤੇ ਇਹ ਆਖ ਕੇ ਸਹਿਮਤੀ ਦੇ ਦਿੱਤੀ ਕਿ ਚੰਡੀਗੜ੍ਹ ਵਿਚ ਅਫਸਰਾਂ ਲਈ ਰਿਹਾਇਸ਼ ਦੀ ਕਮੀ ਹੈ। ਮੁੱਖ ਸਕੱਤਰ ਨੇ ਚੰਡੀਗੜ੍ਹ ਤੇ ਮੁਹਾਲੀ ਵਿਚ ਤਾਇਨਾਤ ਸੀਨੀਅਰ ਅਧਿਕਾਰੀਆਂ ਤੇ ਰਿਹਾਇਸ਼ਾਂ ਦੇ ਵੇਰਵੇ ਮੰਗ ਲਏ।ਪੰਜਾਬ ਸਰਕਾਰ ਨੇ ਇੱਕ ਦੀ ਥਾਂ ਦੋ ਟਾਵਰ ਲੈਣ ਲਈ ਪੁੱਛਗਿੱਛ ਸ਼ੁਰੂ ਕੀਤੀ ਤਾਂ ਚੰਡੀਗੜ੍ਹ ਬੋਰਡ ਨੇ ਦੋ ਟਾਵਰ ਦੇਣ ਦੀ ਸਹਿਮਤੀ ਭਰ ਦਿੱਤੀ।
               ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਨੇ ਪੱਤਰ ਲਿਖ ਕੇ ਦੱਸਿਆ ਕਿ ਇੱਕ ਟਾਵਰ ਦੀ ਕੁੱਲ ਕੀਮਤ ਅੰਦਾਜ਼ਨ 56.52 ਕਰੋੜ (ਜਿਸ ਵਿਚ ਨੌਕਰਾਂ ਦੀ ਵੱਖਰੀ ਰਿਹਾਇਸ਼ ਵੀ ਸ਼ਾਮਿਲ ਹੈ) ਹੋਵੇਗੀ। ਅਸਲ ਕੀਮਤ ਡਿਜ਼ਾਇਨ ਹੋਰ ਪੈਰਾਮੀਟਰ ਫਾਈਨਲ ਹੋਣ ’ਤੇ ਤੈਅ ਹੋਵੇਗੀ। ਬੋਰਡ ਨੇ ਦੱਸਿਆ ਕਿ ਟਾਵਰਾਂ ਦਾ ਖਰਚਾ 113.04 ਕਰੋੜ ਆਵੇਗਾ ਜਿਸ ਦਾ 25 ਫੀਸਦੀ 28.26 ਕਰੋੜ ਰੁਪਏ ਪਹਿਲਾਂ ਜਮ੍ਹਾ ਕਰਾਉਣੇ ਪੈਣਗੇ ਅਤੇ ਬਾਕੀ ਰਾਸ਼ੀ ਛੇ ਕਿਸ਼ਤਾਂ ਵਿਚ 12 ਫੀਸਦੀ ਵਿਆਜ ਨਾਲ ਦੇਣੀ ਹੋਵੇਗੀ। ਦਿਲਚਸਪ ਗੱਲ ਹੈ ਕਿ ਇਸੇ ਦੌਰਾਨ ਪੰਜਾਬ ਸਰਕਾਰ ਨੇ ਬੋਰਡ ਨੂੰ ਆਖਿਆ ਕਿ ਦੋ ਟਾਵਰਾਂ ਤੋਂ ਬਿਨਾਂ ਵਿਧਾਇਕਾਂ ਵਾਸਤੇ ਵੀ 53 ਹੋਰ ਫਲੈਟਸ ਲੋੜੀਂਦੇ ਹਨ। ਵਿਧਾਇਕਾਂ ਲਈ ਵੱਖਰਾ ਹੋਰ ਟਾਵਰ ਮੰਗ ਲਿਆ। ਵਿੱਤ ਵਿਭਾਗ ਪੰਜਾਬ ਅਤੇ ਆਮ ਰਾਜ ਪ੍ਰਬੰਧ ਵਿਭਾਗ ਦਰਮਿਆਨ ਇਨ੍ਹਾਂ ਟਾਵਰਾਂ ਦੀ ਖਰੀਦ ਨੂੰ ਲੈ ਕੇ ਗੱਲਬਾਤ ਆਖਰੀ ਪੜਾਅ ’ਤੇ ਹੈ ਅਤੇ ਫਾਈਲ ਹੁਣ ਮੁੱਖ ਮੰਤਰੀ ਕੋਲ ਜਾਣੀ ਹੈ। ਨਵੇਂ ਫਲੈਟ ਆਈ.ਏ.ਐਸ/ ਆਈ. ਪੀ.ਐਸ ਅਫਸਰਾਂ ਲਈ ਖਰੀਦ ਕੀਤੇ ਜਾਣੇ ਹਨ ਅਤੇ ਇਨ੍ਹਾਂ ਆਧੁਨਿਕ ਸੁਖ ਸੁਵਿਧਾ ਵਾਲੇ ਹੋਣਗੇ।
               ਚੰਡੀਗੜ੍ਹ ਤੇ ਮੁਹਾਲੀ ਵਿਚ ਇਸ ਵੇਲੇ 66 ਆਈ.ਪੀ.ਐਸ, 97 ਆਈ. ਏ.ਐਸ ਅਤੇ 41 ਪੀ.ਸੀ.ਐਸ ਅਧਿਕਾਰੀ ਤਾਇਨਾਤ ਹਨ। ਚੰਡੀਗੜ੍ਹ ਵਿਚ ਸੀਨੀਅਰ ਅਫਸਰਾਂ ਆਦਿ ਲਈ ਵੱਖ ਵੱਖ ਕੈਟਾਗਿਰੀ ਦੇ 209 ਸਰਕਾਰੀ ਮਕਾਨ ਮੌਜੂਦ ਹਨ।ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਖਜ਼ਾਨੇ ਦਾ ਸੰਕਟ ਆਮ ਲੋਕਾਂ ਅਤੇ ਮੁਲਾਜ਼ਮਾਂ ਲਈ ਹੈ ਜਦੋਂ ਕਿ ਅਫਸਰਾਂ ਦੇ ਸ਼ਾਹੀ ਠਾਠ ਲਈ ਕਰੋੜਾਂ ਦੇ ਫਲੈਟ ਖਰੀਦਣ ਦੀ ਤਿਆਰੀ ਹੈ। ਸਰਕਾਰ ਤਰਜੀਹਾਂ ਨਿਸ਼ਚਿਤ ਕਰੇ ਅਤੇ ਕਿਫਾਇਤੀ ਮੁਹਿੰਮ ਉੱਚ ਅਫਸਰਾਂ ਤੋਂ ਸ਼ੁਰੂ ਕਰੇ। ਸਰਕਾਰੀ ਪੱਖ ਲੈਣ ਲਈ ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ ਸਿਨਹਾ ਅਤੇ ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਫੋਨ ਕੀਤਾ ਪ੍ਰੰਤੂ ਉਨ੍ਹਾਂ ਕੋਈ ਜੁਆਬ ਨਹੀਂ ਦਿੱਤਾ।
                               ਮੁਢਲੀ ਰਾਸ਼ੀ ਉਡੀਕ ਰਹੇ ਹਾਂ : ਮੁੱਖ ਇੰਜਨੀਅਰ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਇੰਜਨੀਅਰ ਰਾਜੀਵ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਡਰਾਇੰਗ ਪ੍ਰਵਾਨਗੀ ਲਈ ਭੇਜ ਰਹੇ ਹਾਂ ਅਤੇ ਪੰਜਾਬ ਸਰਕਾਰ ਨੇ ਦੋ ਟਾਵਰ ਲੈਣ ਲਈ ਸਹਿਮਤੀ ਜਿਤਾਈ ਹੈ ਪ੍ਰੰਤੂ ਹਾਲੇ ਤੱਕ ਮੁਢਲੀ ਰਾਸ਼ੀ ਨਹੀਂ ਭਰੀ। ਜਿਉਂ ਹੀ ਫੰਡ ਜਮ੍ਹਾ ਕਰਾਏ ਜਾਣਗੇ, ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤਾਂ ਵਿਧਾਇਕਾਂ ਲਈ ਵੀ ਇੱਕ ਹੋਰ ਟਾਵਰ ਲੈਣ ਦੀ ਇੱਛੁਕ ਹੈ ਜਿਸ ਲਈ ਬੋਰਡ ਨੇ ਮੰਗ ਪ੍ਰਵਾਨ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਵੀ ਦੋ ਟਾਵਰ ਲੈਣ ਦੀ ਸਹਿਮਤੀ ਦਿੱਤੀ ਹੈ।14 ਸਤੰਬਰ ਮਗਰੋਂ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ।