Sunday, December 30, 2018

                                                              ਵਿਚਲੀ ਗੱਲ
                     ਖਾਮੋਸ਼ ਮੇਰੇ ਨੰਦ ਕਿਸ਼ੋਰ, ਮਹਾਰਾਜਾ ਆਰਾਮ ਫ਼ਰਮਾ ਰਹੇ ਨੇ
                                                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਲੱਭ ਰਿਹਾ ਹੈ। ਉਂਜ, ਛੇਤੀ ਕਿਤੇ ਪੰਜਾਬ ਦਾ ‘ਮਹਾਰਾਜਾ’ ਵੀ ਨਹੀਂ ਲੱਭਦਾ। ਪ੍ਰਸ਼ਾਂਤ ਕਿਸ਼ੋਰ ਤਾਂ ਦੂਰ ਦੀ ਗੱਲ। ਪ੍ਰਸ਼ਾਂਤ ਨੇ ‘ਕਿੰਗ ਸਾਈਜ਼’ ਐਲਾਨ ਕਰਾਏ, ਜਿਉਂ ਚੋਣਾਂ ਖ਼ਤਮ ਹੋਈਆਂ, ਮੁੱਠੀ ਗਰਮ ਕੀਤੀ, ਵਾਚ ਗਿਆ ਪੱਤਰੇ। ਜਵਾਨੀ ‘ਘਰ ਘਰ ਰੁਜ਼ਗਾਰ’ ਦਾ ਸੱਚ ਤੇ ਕਿਸਾਨੀ ਬਲਦੇ ਸਿਵੇ ਦਿਖਾਉਣਾ ਚਾਹੁੰਦੀ ਹੈ। ਤਾਹੀਓ ਪੁੱਛ ਰਹੇ ਨੇ ‘ਕਿਧਰੇ ਪ੍ਰਸ਼ਾਂਤ ਕਿਸ਼ੋਰ ਤਾਂ ਨਹੀਂ ਦੇਖਿਆ’। ਸਿਆਸੀ ਠੱਗ ਪ੍ਰਸ਼ਾਂਤ ਕਿਸ਼ੋਰ ਨਾਲੋਂ ਤਾਂ ਸੁਰਜੀਤ ਪਾਤਰ ਦਾ ‘ਨੰਦ ਕਿਸ਼ੋਰ’ ਕਿਤੇ ਚੰਗਾ ਹੈ। ਇੱਕ ਬਜ਼ੁਰਗ ਦੀ ਇਹ ਟਿੱਪਣੀ ਸਹੀ ਜਾਪੀ ‘ਇੱਕ ਘਰੋਂ ਨੀਂ ਨਿਕਲਦਾ, ਇੱਕ ਘਰੇ ਨਹੀਂ ਟਿਕਦਾ’। ਪੌਣੇ ਦੋ ਵਰੇ੍ਹ ਲੰਘ ਚੱਲੇ ਹਨ, ਮੁੱਖ ਮੰੰਤਰੀ ਨੇ 85 ਵਿਧਾਨ ਸਭਾ ਹਲਕਿਆਂ ’ਚ ਹਾਲੇ ਪੈਰ ਨਹੀਂ ਪਾਇਆ। ਹੁਣ ਪੰਜਾਬ ਦੇ ਨੰਦ ਕਿਸ਼ੋਰ ਕਿਧਰ ਜਾਣ। ਪੁਰਖਿਆਂ ਦੇ ਪਿੰਡ ਮਹਿਰਾਜ ਵਾਲੇ ਕੱਚੇ ਹੁੰਦੇ ਆਖਦੇ ਨੇ ‘ ਮਹਾਰਾਜਾ ਸਾਹਬ ਦੀ ਤਾਂ ਸਿਹਤ ਠੀਕ ਨਹੀਂ’। ਯਾਦ ਕਰੋ, ਜਿਸ ਮਹਿਰਾਜ ਤੋਂ ਚੋਣ ਮੁਹਿੰਮ ਵਿੱਢੀ, ਹੁਣ ਉਹੀ ਮਹਿਰਾਜ ਦੂਰ ਹੋ ਗਿਆ। ਇੱਕ ਕਾਂਗਰਸੀ ਦੀ ਟਿੱਚਰ ਸੁਣੋ  ‘ਮਹਿਰਾਜ ਨਾਲੋਂ ਤਾਂ ਮੋਹਾਲੀ ਤੇ ਮਨਾਲੀ ਨੇੜੇ ਪੈਂਦੇ ਨੇ’। ਟਿੱਚਰਾਂ ਵਾਲਿਆਂ ’ਚ ਅੱਗਾ ਢੁਕਾਉਣ ਦੀ ਹਿੰਮਤ ਕਿਥੇ। ਵਰ੍ਹਾ 2018 ਦੀ ਟਿੱਕੀ ਛਿਪੀ ਹੈ। ਇੱਕ ਦਿਨ ਮਗਰੋਂ ਨਵਾਂ ਵਰ੍ਹਾ ਚੜੇ੍ਹਗਾ। ਵੱਡੇ ਚੋਣ ਦੰਗਲ ਵਾਲਾ ਵਰ੍ਹਾ। ਪੰਜਾਬ ਕਾਹਲਾ ਨਾ ਪਵੇ, ਚੋਣਾਂ ਨੇੜੇ ਮਹਾਰਾਜੇ ਦੇ ਦਰਸ਼ਨ ਵੀ ਕਰ ਲਵੇ। ਕੈਪਟਨ ਨੂੰ ਤਾਂ ਹਾਲੇ ਤਿੰਨ ਸੂਬਿਆਂ ਦੀ ਕਾਂਗਰਸੀ ਜਿੱਤ ਦਾ ਨਿੱਘ ਹੈ। ਜਿਨ੍ਹਾਂ ਨੰਦ ਕਿਸ਼ੋਰਾਂ ਦੇ ਘਰਾਂ ਦੇ ਚੁੱਲ੍ਹੇ ਠਰੇ ਨੇ, ਉਹ ਹੀ ਹੁਣ ਲੱਭ ਰਹੇ ਨੇ ਪ੍ਰਸ਼ਾਂਤ ਕਿਸ਼ੋਰ ਨੂੰ।
                  ਨਵੇਂ ਵਰੇ੍ਹ ਤੇ ਸੱਜਣ ਕੁਮਾਰ ਦਾ ਝੰਬਿਆਂ ਰਾਹੁਲ ਗਾਂਧੀ ਇਕੱਲੀ ਇਕੱਲੀ ਸੀਟ ਗਿਣੇਗਾ। ਇੱਧਰ ਸੁਖਪਾਲ ਮਾਣਕ ਲਈ ਕੋਈ ਵਰ੍ਹਾ ਨਵਾਂ ਨਹੀਂ। ਨਾ ਹੀ ਉਹ ਸੀਟਾਂ ਗਿਣਦਾ ਹੈ। ਕੌਣ ਸਲਫਾਸ ਖਾ ਗਿਆ,ਸੁਹਾਗ ਚੂੜਾ ਕਿਸ ਦਾ ਟੁੱਟ ਗਿਆ,ਕਿਹੜਾ ਰੇਲ ਅੱਗੇ ਕੁੱਦ ਗਿਆ,ਕਿਸ ਧੀ ਦੀ ਡੋਲੀ ਰੁਲ ਗਈ,ਸੰਗਰੂਰ ਦੇ ਪਿੰਡ ਕਣਕਵਾਲ ਵੱਡੀ ਦਾ ਸੁਖਪਾਲ ਦਿਨ ਚੜ੍ਹਦੇ ਹੀ ਅਖ਼ਬਾਰ ਫਰੋਲਦਾ ਹੈ। ਫਿਰ ਹਰ ਖ਼ੁਦਕੁਸ਼ੀ ਨੂੰ ਗਿਣਦਾ ਹੈ। ਸੁਖਪਾਲ ਨੇ ਰਜਿਸਟਰ ਖ਼ੋਲ ਕੇ ਦੱਸਿਆ ਕਿ ‘ ਵਰ੍ਹਾ 2018 ’ਚ ਇੱਕ ਹਜ਼ਾਰ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਕਰ ਗਏ’। ਜਿਨ੍ਹਾਂ ਦੇ ਘਰਾਂ ’ਚ ਸੱਥਰ ਵਿਛ ਗਏ, ਉਨ੍ਹਾਂ ਦਾ ਘਾਟਾ ਕੌਣ ਪੂਰਾ ਕਰੇਗਾ। ਸੁਆਲ ਚੋਣਾਂ ਮੌਕੇ ਪੁੱਛਣ ਵਾਲਾ ਹੈ। ਫਿਲਹਾਲ ਮਹਾਰਾਜਾ ਅਰਾਮ ਫਰਮਾ ਰਹੇ ਨੇ।  ਕੈਪਟਨ ਦੀ ਕਰਜ਼ਾ ਮੁਆਫ਼ੀ ਢਾਰਸ ਹੈ, ਹੱਲ ਨਹੀਂ। ਮੌਕੇ ਦਾ ਗਵਾਹ ਹੈ ਸੁਖਪਾਲ ਦਾ ਰਜਿਸਟਰ। ਪਿੰਡ ਮਾੜੀ (ਬਠਿੰਡਾ) ਦੀ ਬਚਨੋਂ ਬੁੜ੍ਹੀ ਨੱਬੇ ਵਰ੍ਹਿਆਂ ਦੀ ਹੈ। ਚਾਰ ਪੁੱਤ ਤੇ ਚਾਰ ਏਕੜ ਜ਼ਮੀਨ ਹੱਥੋਂ ਕਿਰ ਗਈ। ਦੋ ਮੁੰਡੇ ਸਲਫਾਸ ਖਾ ਗਏ, ਇੱਕ ਰੇਲ ਮੂਹਰੇ ਕੁੱਦ ਗਿਆ ਤੇ ਇੱਕ ਨਹਿਰ ’ਚ ਛਾਲ ਮਾਰ ਗਿਆ। ਬਚਨੋਂ ਬੁੜ੍ਹੀ ਆਖਦੀ ਹੈ ‘ ਏਹਨਾਂ ਚਾਰਾਂ ਨੇ ਤਾਂ ਮੋਢਾ ਦੇਣਾ ਸੀ, ਹੁਣ ਮੇਰੀ ਅਰਥੀ ਕੌਣ ਚੱਕੂ’।
                 ਪਿੰਡ ਅਕਲੀਆ (ਮਾਨਸਾ) ’ਚ ਜਾ ਕੇ ਪੁੱਛੋ ਕਿ ਚਾਰ ਜੀਅ ਕੈਂਸਰ ਨਾਲ ਚਲੇ ਜਾਣ ਤਾਂ ਪਿੱਛੇ ਪਰਿਵਾਰ ’ਤੇ ਕੀ ਬੀਤਦੀ ਹੈ। ਪਰਿਵਾਰ ਮੁਖੀ ਮਹਿੰਦਰ ਸਿੰਘ ਬਿਮਾਰੀ ਨੇ ਪਹਿਲਾਂ ਤੋਰ ਦਿੱਤਾ। ਮਗਰੋਂ ਚਾਰ ਜੀਅ ਕੈਂਸਰ ਨੇ ਦਬੋਚ ਲਏ। ਪਿੱਛੇ ਦੋ ਏਕੜ ਜ਼ਮੀਨ ਤੇ ਪੋਤਾ ਕਾਲਾ ਸਿੰਘ ਬਚਿਆ ਹੈ। ਹੁਣ ਕਾਲਾ ਸਿੰਘ ਨਾਲ ਜ਼ਿੰਦਗੀ ਕਲੀ ਜੋਟਾ ਖੇਡ ਰਹੀ ਹੈ। ਆਓ ਹੁਣ ਪਿੰਡ ਬਾਦਲ ਚੱਲਦੇ ਹਾਂ ਜਿਥੇ ਵੱਡੇ ਬਾਦਲ ਦੀ ਨਜ਼ਰ ਪੰਜਾਬ ਦੀ ਧਾਰ ’ਤੇ ਟਿਕੀ ਹੋਈ ਹੈ।  ਉਨ੍ਹਾਂ ਹੁਣ ਵੀ ਟਿਕ ਕੇ ਨਹੀਂ ਬੈਠਣਾ ਸੀ, ਬਸ਼ਰਤੇ ਬੇਅਦਬੀ ਵਾਲਾ ਸੇਕ ਨਾ ਲੱਗਾ ਹੁੰਦਾ। ਪੰਜਾਬ ਦੇ ਲੋਕਾਂ ਦਾ ਗ਼ੱੁਸਾ ਹਾਲੇ ਠੰਢਾ ਨਹੀਂ ਹੋਇਆ। ਜੋੜਾ ਘਰ ’ਚ ਕੀਤੀ ਸੇਵਾ ਵੀ ਕਿਸੇ ਕੰਮ ਨਹੀਂ ਆਈ। ਜਦੋਂ ਰਾਜਭਾਗ ਸੀ, ਉਦੋਂ ਤਾਂ ਬਾਦਲਾਂ ਦਾ ਹੈਲੀਕਾਪਟਰ ਭੋਗਾ ਵਿਆਹਾਂ ’ਤੇ ਵੀ ਊਰੀ ਵਾਂਗੂ ਘੁੰਮਦਾ ਸੀ। ਤਾਹੀਓਂ ਕੈਗ ਵਾਲੇ ਪੁੱਛਦੇ ਨੇ ‘ਬਾਲਾਸਰ ਕਾਹਤੋਂ ਗਿਆ ਹੈਲੀਕਾਪਟਰ’। ‘ਚਲੋ ਛੱਡੋ ਜੀ, ਆਖ ਕੇ ਤੁਰਦੇ ਕਿਵੇਂ ਬਣਨਾ’ ਇਹ ਕੋਈ ਬਾਦਲ ਤੋਂ ਸਿੱਖੇ। ਅੱਗੇ ਫਿਰ ਤੁਰਦੇ ਹਾਂ। ਪਹਿਲਾਂ ਵੱਡੇ ਬਾਦਲ ਵੱਲੋਂ ਖੁਦ ਇੱਕ ਸਮਾਗਮ ’ਚ ਸੁਣਾਈ ਗੱਲ ਸਾਂਝੀ ਕਰਦੇ ਹਾਂ। ਜਦੋਂ ਬਾਦਲ ਮੁੱਖ ਮੰਤਰੀ ਸਨ ਤਾਂ ਉਦੋਂ ਲੰਬੀ ਹਲਕੇ ਦਾ ਇੱਕ ਮਾੜਕੂ ਜੇਹਾ ਨੌਜਵਾਨ ਪੇਸ਼ ਹੋਇਆ ‘ਬਾਦਲ ਸਾਹਬ, ਭਰਤੀ ਖੁੱਲ੍ਹੀ ਐ, ਸਿਪਾਹੀ ਭਰਤੀ ਕਰਾ ਦਿਓ।’ ਬਾਦਲ ਬੋਲੇ ‘ਕਾਕਾ, ਥੋਡੀ ਸਿਪਾਹੀ ਵਾਲੀ ਪ੍ਰਸਨੈਲਟੀ ਨਹੀਂ, ਕਿਤੇ ਹੋਰ ਦੇਖੋ’ ।
                  ਥੋੜੇ੍ਹ ਸਮੇਂ ਮਗਰੋਂ ਚੋਣਾਂ ਸਨ। ਅੱਗਿਓਂ ਚੋਣ ਪ੍ਰਚਾਰ ’ਚ ਉਹੀ ਮਾੜਕੂ ਜੇਹਾ ਨੌਜਵਾਨ ਟੱਕਰ ਗਿਆ। ਬਾਦਲ ਹੱਥ ਜੋੜ ਕੇ ਆਖਣ ਲੱਗੇ ‘ਕਾਕਾ ਜੀ, ਵੋਟਾਂ ਪਾਇਓ’, ਅੱਗਿਓ ਨੌਜਵਾਨ ਕਹਿੰਦਾ ‘ ਬਾਦਲ ਸਾਹਬ , ਸਾਡੀ ਤਾਂ ਪ੍ਰਸਨੈਲਟੀ ਨਹੀਂ, ਕਿਤੇ ਹੋਰ ਲੈ ਲਓ ਵੋਟਾਂ’। ‘ਚਲੋ ਛੱਡੋ ਕਾਕਾ ਜੀ’ ਆਖ ਕੇ ਬਾਦਲ ਅੱਗੇ ਤੁਰਦੇ ਬਣੇ। ਬਾਦਲ ਕਿਸੇ ਨੂੰ ਕੁੱਝ ਵੀ ਆਖਣ, ਕਿਸੇ ਦੀ ਪ੍ਰਸਨੈਲਟੀ ’ਤੇ ਹੁਣ ਕੋਈ ਟਿੱਪਣੀ ਨਹੀਂ ਕਰਦੇ। ਵੈਸੇ ਹੁਣ ਤਾਂ ਮਾਹੌਲ ਵੀ ਬਾਦਲਾਂ ਲਈ ਹਾਲੇ ਸੁਖਾਵਾਂ ਨਹੀਂ। ਬੇਅਦਬੀ ਰੋਹ ਨੇ ਐਤਕੀਂ ਬਾਦਲ ਦੀ ਚੁੱਪ ਦੀ ਸਿਆਸਤ ਵੀ ਛਿੱਥੀ ਪਾ ਦਿੱਤੀ ਹੈ। ‘ਠੰਢੇ ਬੁਰਜ’ ਦਾ ਖ਼ਿਆਲ ਕੀਤਾ ਹੁੰਦਾ ਤਾਂ ਸ਼ਾਇਦ ਵਿਰੋਧੀ ਧਿਰ ਵਾਲੀ ਕੁਰਸੀ ਨਾ ਖੱੁਸਦੀ। ਅੱਗੇ ਚੋਣਾਂ ਹਨ। ਰਾਹੁਲ ਗਾਂਧੀ ਮੁੜ ਫਿਰ ਸੱਥਰਾਂ ’ਤੇ ਬੈਠਣ ਜਾਏਗਾ। ਜਿਨ੍ਹਾਂ ਦੇ ਆਲੂ ਰੁਲ ਗਏ, ਉਨ੍ਹਾਂ ਦੀ ਗੱਲ ਅਕਾਲੀ ਕਰਨਗੇ। ਆਟਾ ਦਾਲ ਦਾ ਚੋਗ਼ਾ ਪਾਉਣਗੇ, ਪੈਨਸ਼ਨਾਂ ਵੰਡਣਗੇ, ਮੁਆਵਜ਼ਾ ਦੇਣਗੇ, ਲੋਕਾਂ ਨੂੰ ਅੌਕਾਤ ਦਿਖਾਈ ਜਾਏਗੀ। ਅਗਲਾ ਅੱਧਾ ਵਰ੍ਹਾ ਲੋਕਾਂ ਦਾ ਹੋਵੇਗਾ। ਬਾਕੀ ਸਭ ਵਕਤ ਪ੍ਰਸ਼ਾਂਤ ਕਿਸ਼ੋਰ ਦੇ ਮਾਲਕਾਂ ਦਾ ਹੋਏਗਾ। ਅਡਾਨੀ ਅੰਬਾਨੀ ਦੇ ਪੈਸੇ ਦੀ ਧਮਾਲ ਪਏਗੀ। ਚੋਣਾਂ ਵੇਲੇ ਹੱਥ ਜੋੜਨ ਵਾਲਿਆਂ ਚੋਂ ਲੋਕਾਂ ਨੂੰ ਮੁੜ ਸੱਜਣ ਠੱਗ ਦਾ ਝਉਲਾ ਪਏਗਾ। ਮੁੱਠੀ ਬੰਦ ਕਰਕੇ ਭਾਸ਼ਣ ਦੇਣ ਵਾਲੇ ਇਹ ਨਾ ਭੁੱਲਣ ਕਿ ਜਦੋਂ ਲੋਕਾਂ ਦੀ ਬੰਦ ਮੁੱਠੀ ਤਣਦੀ ਹੈ ਤਾਂ ਫਿਰ ਰੱਬ ਦੀ ਲਾਠੀ ਆਵਾਜ਼ ਨਹੀਂ ਕਰਦੀ।



Thursday, December 27, 2018

                                ਬਾਦਸ਼ਾਹੀ ਵੰਡ
       ਹੁਣ ਪਟਿਆਲੇ ਪੁੱਜਣ ਲੱਗੇ  ‘ਨੋਟਾਂ ਦੇ ਟਰੱਕ’ 
                                 ਚਰਨਜੀਤ ਭੱੁਲਰ
ਬਠਿੰਡਾ :  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜ਼ਿਲ੍ਹਾ ਪਟਿਆਲਾ ’ਤੇ ਫ਼ੰਡਾਂ ਦੀ ਝੜੀ ਲਾ ਦਿੱਤੀ ਹੈ। ਨਾਲੋਂ ਨਾਲ ਉਨ੍ਹਾਂ ਸਾਬਕਾ ਤੇ ਮੌਜੂਦਾ ਸੈਨਿਕਾਂ ਨੂੰ ਵੀ ਅਖ਼ਤਿਆਰੀ ਕੋਟੇ ਦੇ ਫ਼ੰਡ ਦੋਹੇਂ ਹੱਥੀਂ ਵੰਡੇ ਹਨ। ਪੰਜਾਬ ਦਾ ਦੂਸਰਾ ਜ਼ਿਲ੍ਹਾ ਗੁਰਦਾਸਪੁਰ ਹੈ ਜਿੱਥੋਂ ਲਈ ਖ਼ਜ਼ਾਨੇ ਦੇ ਮੂੰਹ ਖੋਲੇ ਗਏ ਹਨ। ਜਦੋਂ ਅਕਾਲੀ ਸਰਕਾਰ ਸੀ ਤਾਂ ਉਦੋਂ ਜ਼ਿਲ੍ਹਾ ਮੁਕਤਸਰ ਤੇ ਖ਼ਾਸ ਕਰਕੇ ਲੰਬੀ ਨੂੰ ਨੋਟਾਂ ਦੇ ਟਰੱਕ ਭਰੇ ਜਾਂਦੇ ਸਨ। ਪੰਜਾਬ ਦੇ ਜੋ ਬਾਕੀ ਜ਼ਿਲ੍ਹੇ ਹਨ, ਉਨ੍ਹਾਂ ਨੂੰ ਮੁਕਤਸਰ ਤੇ ਪਟਿਆਲੇ ਵਾਂਗੂ ਕਦੇ ਅਖ਼ਤਿਆਰੀ ਕੋਟੇ ਦਾ ਹਿੱਸਾ ਨਹੀਂ ਮਿਲਿਆ। ਕੈਬਨਿਟ ਵਜ਼ੀਰਾਂ ਨੇ ਵੀ ਪਟਿਆਲੇ ਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਖੁੱਲ੍ਹਾ ਗੱਫਾ ਵਰਤਾਇਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਗੱਦੀ ਸੰਭਾਲਣ ਮਗਰੋਂ ਆਪਣੇ ਅਖ਼ਤਿਆਰੀ ਕੋਟੇ ਚੋਂ 5.86 ਕਰੋੜ ਦੇ ਫ਼ੰਡ ਇਕੱਲੇ ਜ਼ਿਲ੍ਹਾ ਪਟਿਆਲਾ ਨੂੰ ਦਿੱਤੇ ਹਨ। ਇਵੇਂ ਵਜ਼ੀਰ ਬ੍ਰਹਮ ਮਹਿੰਦਰਾ ਨੇ ਜ਼ਿਲ੍ਹਾ ਪਟਿਆਲਾ ਨੂੰ 1.85 ਕਰੋੜ,ਸਾਧੂ ਸਿੰਘ ਧਰਮਸੋਤ ਨੇ 57 ਲੱਖ ਅਤੇ ਨਵਜੋਤ ਸਿੱਧੂ ਨੇ 8 ਲੱਖ ਦੇ ਫ਼ੰਡ ਜ਼ਿਲ੍ਹਾ ਪਟਿਆਲਾ ਨੂੰ ਦਿੱਤੇ ਹਨ। ਅਖ਼ਤਿਆਰੀ ਕੋਟੇ ਦੇ ਤਿੰਨੋਂ ਵਜ਼ੀਰਾਂ ਸਮੇਤ 9.08 ਕਰੋੜ ਦੇ ਫ਼ੰਡ ਜ਼ਿਲ੍ਹਾ ਪਟਿਆਲਾ ਦੀ ਝੋਲੀ ਪਏ ਹਨ।
                  ਇਸੇ ਤਰ੍ਹਾਂ ਪਸ਼ੂ ਮੇਲਾ ਫ਼ੰਡਾਂ ਚੋਂ 18.49 ਕਰੋੜ ਜ਼ਿਲ੍ਹਾ ਪਟਿਆਲਾ ਨੂੰ ਦਿੱਤੇ ਗਏ ਹਨ। ਇਸ ਹਿਸਾਬ ਨਾਲ ਹੁਣ 27.57 ਕਰੋੜ ਦੇ ਅਖ਼ਤਿਆਰੀ ਫ਼ੰਡ ਤੇ ਪਸ਼ੂ ਮੇਲਾ ਫ਼ੰਡ ਪਟਿਆਲਾ ਜ਼ਿਲ੍ਹੇ ਨੂੰ ਮਿਲ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਵੀ 21 ਮਾਰਚ 2018 ਨੂੰ 55.63 ਲੱਖ ਦੇ ਫ਼ੰਡ ਜਾਰੀ ਕੀਤੇ ਹਨ। ਸੈਨਿਕਾਂ ਪ੍ਰਤੀ ਕੈਪਟਨ ਨੇ ਸਭ ਤੋਂ ਵੱਧ ਮੋਹ ਦਿਖਾਇਆ ਹੈ ਜਿਨ੍ਹਾਂ ਨੂੰ 1.28 ਕਰੋੜ ਦੇ ਫ਼ੰਡ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਦੂਸਰਾ ਜ਼ਿਲ੍ਹਾ ਗੁਰਦਾਸਪੁਰ ਹੈ ਜਿਸ ਨੂੰ ਸਮੇਤ ਪਸ਼ੂ ਮੇਲਾ ਫ਼ੰਡਾਂ ਦੇ ਅਖ਼ਤਿਆਰੀ ਕੋਟੇ ਦੇ ਹੁਣ ਤੱਕ 26.64 ਕਰੋੜ ਦੇ ਫ਼ੰਡ ਮਿਲ ਚੁੱਕੇ ਹਨ। ਸੱਤ ਕੈਬਨਿਟ ਵਜ਼ੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਅਖ਼ਤਿਆਰੀ ਕੋਟੇ ਦੇ ਫ਼ੰਡ ਦਿੱਤੇ ਹਨ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 1.59 ਕਰੋੜ ਦੇ ਫ਼ੰਡ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਤੇ ਹਨ ਅਤੇ ਉਨ੍ਹਾਂ ਨੇ ਪਸ਼ੂ ਮੇਲਾ ਫ਼ੰਡਾਂ ਚੋਂ ਵੀ 19.18 ਕਰੋੜ ਦੇ ਫ਼ੰਡ ਗੁਰਦਾਸਪੁਰ ’ਚ ਵੰਡੇ ਹਨ। ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ ਜ਼ਿਲ੍ਹਾ ਗੁਰਦਾਸਪੁਰ ਨੂੰ 1.57 ਕਰੋੜ ਦੇ ਫ਼ੰਡ ਦਿੱਤੇ ਹਨ ਜਦੋਂ ਕਿ ਰਜ਼ੀਆ ਸੁਲਤਾਨਾ ਨੇ ਗੁਰਦਾਸਪੁਰ ਨੂੰ ਸਵਾ ਕਰੋੜ ਦੇ ਫੰਡ ਆਪਣੇ ਅਖ਼ਤਿਆਰੀ ਕੋਟੇ ਚੋਂ ਦਿੱਤੇ ਹਨ।
                ਮੰਤਰੀ ਵਜੋਂ ਰਾਣਾ ਗੁਰਜੀਤ ਸਿੰਘ ਵੀ ਗੁਰਦਾਸਪੁਰ ਜ਼ਿਲ੍ਹੇ ਨੂੰ ਡੇਢ ਕਰੋੜ ਦੇ ਫ਼ੰਡ ਦੇ ਚੁੱਕੇ ਹਨ। ਇਸੇ ਤਰ੍ਹਾਂ ਵਜ਼ੀਰ ਚਰਨਜੀਤ ਚੰਨੀ ਨੇ 92 ਲੱਖ ਰੁਪਏ, ਬ੍ਰਹਮ ਮਹਿੰਦਰਾ ਨੇ 40 ਲੱਖ ਰੁਪਏ ਅਤੇ ਸੁਖਜਿੰਦਰ ਰੰਧਾਵਾ ਨੇ 23 ਲੱਖ ਦੇ ਫ਼ੰਡ ਜ਼ਿਲ੍ਹਾ ਗੁਰਦਾਸਪੁਰ ਨੂੰ ਜਾਰੀ ਕੀਤੇ ਹਨ। ਪੰਜਾਬ ਦੇ ਬਾਕੀ ਜ਼ਿਲ੍ਹੇ ਫ਼ੰਡਾਂ ਦਾ ਸੋਕਾ ਝੱਲ ਰਹੇ ਹਨ ਜਿਨ੍ਹਾਂ ਨੂੰ ਖ਼ਜ਼ਾਨਾ ਖ਼ਾਲੀ ਖੜਕਾ ਕੇ ਦਿਖਾ ਦਿੱਤਾ ਜਾਂਦਾ ਹੈ। ਕਦੇਂ ਇਹੋ ਮੌਜਾਂ ਬਾਦਲਾਂ ਦਾ ਜ਼ਿਲ੍ਹਾ ਮੁਕਤਸਰ ਵੀ ਲੱੁਟਦਾ ਰਿਹਾ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਅਖ਼ਤਿਆਰੀ ਕੋਟੇ ਦੇ ਜ਼ਿਆਦਾ ਫ਼ੰਡ ਬਠਿੰਡਾ ਜ਼ਿਲ੍ਹਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹੇ ਵਿਚ ਵੰਡੇ ਹਨ। ਉਨ੍ਹਾਂ ਨੇ ਜ਼ਿਆਦਾ ਗਰਾਂਟਾਂ ਮਰੀਜ਼ਾਂ ਦੇ ਇਲਾਜ, ਮਕਾਨ ਉਸਾਰੀ ਆਦਿ ਲਈ ਦਿੱਤੀਆਂ ਹਨ। ਮਨਪ੍ਰੀਤ ਬਾਦਲ ਨੇ ਹਲਕਾ ਲੰਬੀ ਅਤੇ ਗਿੱਦੜਬਾਹਾ ’ਚ ਵੀ ਫ਼ੰਡ ਵੰਡੇ ਹਨ। ਜੋ ਨਵੇਂ ਵਜ਼ੀਰ ਬਣੇ ਹਨ, ਉਨ੍ਹਾਂ ਨੇ ਹਾਲੇ ਬਹੁਤਾ ਹੱਥ ਖੋਲ੍ਹਿਆ ਨਹੀਂ ਹੈ। ਉਂਜ, ਨਵੇਂ ਵਜ਼ੀਰਾਂ ਨੇ ਸ਼ੁਰੂਆਤ ਕਰ ਦਿੱਤੀ ਹੈ। ਵਜ਼ੀਰ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਸ਼ਹਿਰ ਵਿਚ ਜ਼ਿਆਦਾ ਫ਼ੰਡ ਪ੍ਰਾਈਵੇਟ ਟਰੱਸਟਾਂ ਅਤੇ ਕਲੱਬਾਂ ਨੂੰ ਵੰਡੇ ਹਨ ਅਤੇ ਇਹ ਰਾਸ਼ੀ ਮੈਡੀਕਲ ਕੈਂਪ ਵਗ਼ੈਰਾ ਲਾਉਣ ਲਈ ਦਿੱਤੀ ਗਈ ਹੈ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਅਤੇ ਵਜ਼ੀਰਾਂ ਨੂੰ ਅਖ਼ਤਿਆਰੀ ਕੋਟੇ ਦੇ ਫ਼ੰਡ ਪੂਰੇ ਪੰਜਾਬ ਵਿਚ ਵੰਡਣ ਦੀ ਪੂਰੀ ਖੁੱਲ੍ਹ ਹੁੰਦੀ ਹੈ।
                     ਫ਼ੰਡਾਂ ਵਿਚ ਵਿਤਕਰਾ ਬੰਦ ਹੋਵੇ : ਸੰਧਵਾਂ
‘ਆਪ’ ਦੇ ਚੀਫ਼ ਵਿੰਪ ਤੇ ਵਿਧਾਇਕ ਕੁਲਤਾਰ ਸੰਧਵਾਂ ਦਾ ਪ੍ਰਤੀਕਰਮ ਸੀ ਕਿ ਮੁੱਖ ਮੰਤਰੀ ਅਤੇ ਵਜ਼ੀਰਾਂ ਨੂੰ ਇਹ ਰੀਤ ਹੁਣ ਛੱਡਣੀ ਚਾਹੀਦੀ ਹੈ ਅਤੇ ਪੰਜਾਬ ਭਰ ਵਿਚ ਫ਼ੰਡਾਂ ਦੀ ਸਾਵੀਂ ਵੰਡ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਵਜ਼ੀਰ ਆਪਣੇ ਹਲਕੇ ਨੂੰ ਤਰਜੀਹ ਦੇਣ ਪ੍ਰੰਤੂ ਬਾਕੀ ਪੰਜਾਬ ਨੂੰ ਨਾ ਭੁੱਲਣ। ਅਖ਼ਤਿਆਰੀ ਫ਼ੰਡਾਂ ਦੀ ਵੰਡ ਸਬੰਧੀ ਵੀ ਸਖ਼ਤ ਨਿਯਮ ਬਣਨੇ ਚਾਹੀਦੇ ਹਨ ਤਾਂ ਜੋ ਕਿਸੇ ਜ਼ਿਲ੍ਹੇ ਨਾਲ ਵਿਤਕਰਾ ਨਾ ਹੋਵੇ।




Sunday, December 23, 2018

                                  ਵਿਚਲੀ ਗੱਲ
        ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ...
                                  ਚਰਨਜੀਤ ਭੁੱਲਰ
ਬਠਿੰਡਾ : ਮਾਇਆ ਨੂੰ ਲੱਤ ਰੂਪ ਚੰਦ ਹੀ ਮਾਰ ਸਕਦਾ ਸੀ। ਜਦੋਂ ਪੱਲੇ ਦਿਲ ਦੀ ਦੌਲਤ ਹੋਵੇ ਤਾਂ ਸਟੈਂਟ ਦੀ ਲੋੜ ਨਹੀਂ ਪੈਂਦੀ। ‘ਵਾਹਿਗੁਰੂ ਨੇ ਸਬਰ ਸੰਤੋਖ ਬਖ਼ਸ਼ਿਆ, ਹੱਥ ਕਿਰਤ ਲਈ ਦਿੱਤੇ ਨੇ, ਕਿਸੇ ਅੱਗੇ ਅੱਡਣ ਲਈ ਨਹੀਂ। ’ ਏਦਾਂ ਦੇ ਖ਼ਿਆਲ ਰੱਖਦੈ ਮਜ਼ਦੂਰ ਰੂਪ ਚੰਦ। ਦੌਲਤਮੰਦ ਤੇ ਅਮੀਰੀ ਵਿਚਲਾ ਫ਼ਰਕ ਦੱਸਣ ਲਈ ਕਾਮੇ ਰੂਪ ਚੰਦ ਦਾ ਇੱਕੋ ਵਾਕਿਆ ਕਾਫ਼ੀ ਹੈ। ਮੌੜ ਚੜ੍ਹਤ ਸਿੰਘ ਵਾਲਾ (ਬਠਿੰਡਾ) ਦੇ ਇਸ ਮਜ਼ਦੂਰ ਦੇ ਘਰ ਨੂੰ ਇੱਕ ਬੱਕਰੇ ਦੀ ਠੱਗੀ ਨੇ ਹਿਲਾ ਕੇ ਰੱਖ ਦਿੱਤਾ। ਉਸ ਤੋਂ ਵੱਡਾ ਹਲੂਣਾ ਰੂਪ ਚੰਦ ਦਾ ਇਮਾਨ ਦੇ ਗਿਆ। ਮੌੜ ਦਾ ਕਸਾਈ ਹੱਥ ਤੇ ਹੱਥ ਮਾਰ ਕੇ ਰੂਪ ਚੰਦ ਦੇ ਮਾਪਿਆਂ ਤੋਂ ਬੱਕਰਾ ਲੈ ਗਿਆ। ਪੰਜ ਹਜ਼ਾਰ ਦੇ ਬੱਕਰੇ ਦੇ ਪੰਜ ਸੌ ਦੇ ਕੇ ਪੱਤਰੇ ਵਾਚ ਗਿਆ। ਮਜ਼ਦੂਰ ਨੇ ਬੱਕਰੇ ਦੀ ਕਮਾਈ ਤੋਂ ਕਈ ਸੁਪਨੇ ਵੇਖੇ ਸਨ। ਕਸਾਈ ਪਿੱਛੇ ਚੱਕਰ ਕੱਟਦਾ ਰਿਹਾ। ਪੁਲੀਸ ਕੋਲ ਗੇੜੇ ਮਾਰੇ। ਹੋਈ ਜੱਗੋਂ ਤੇਰ੍ਹਵੀਂ ਬਾਰੇ ਅਖੀਰ ਮੀਡੀਆ ਨੂੰ ਵੀ ਦੱਸਿਆ। ਕਿਧਰੋਂ ਢਾਰਸ ਨਾ ਮਿਲੀ। ਬਾਪ ਤਣਾਓ ਕਰਕੇ ਹਸਪਤਾਲ ਲਿਜਾਣਾ ਪਿਆ, ਸੱਜ ਵਿਆਹੀ ਭਰਜਾਈ ਕਲੇਸ਼ ’ਚ ਪੇਕੇ ਤੁਰ ਗਈ। ਰੂਪ ਚੰਦ ਦੀ ਦਿਹਾੜੀ ਛੁੱਟ ਗਈ। ‘ਪੰਜਾਬੀ ਟ੍ਰਿਬਿਊਨ’ ਨੇ ਬੱਕਰੇ ਵਾਲੇ ਦੀ ਬਾਂਹ ਫੜੀ। ਖ਼ਬਰ ਪੜ੍ਹ ਕੇ ਕੈਲੀਫੋਰਨੀਆਂ ਤੋਂ ਫ਼ੋਨ ਆਇਆ‘ ‘ ਮੈਂ ਚੰਡੀਗੜ੍ਹ ਪੁਲੀਸ ਦਾ ਸਾਬਕਾ ਮੁਲਾਜ਼ਮ ਜਸਵੀਰ ਸਿੰਘ ਬੋਲਦਾ, ਬੱਕਰੇ ਵਾਲੇ ਦੀ ਮਦਦ ਲਈ ਪੰਜ ਹਜ਼ਾਰ ਭੇਜਣੇ ਨੇ’ । ਜਸਵੀਰ ਦਾ ਬੱਕਰੇ ਵਾਲੇ ਨਾਲ ਰਾਬਤਾ ਕਰਾ ਦਿੱਤਾ। ‘ਗ਼ਰੀਬਾਂ ਦੇ ਬੈਂਕ ਖਾਤੇ ਕਿਥੇ ਸਾਹਿਬ’, ਰੂਪ ਚੰਦ ਦੇ ਇਹ ਦੱਸਣ ਮਗਰੋਂ ਜਸਵੀਰ ਨੇ ਬਦਲਵਾਂ ਪ੍ਰਬੰਧ ਬਾਰੇ ਸੋਚਿਆ।
         ਉਧਰੋਂ ਮੌੜ ਥਾਣੇ ਤੋਂ ਇੱਕ ਮੁਲਾਜ਼ਮ ਨੇ ਫ਼ੋਨ ’ਤੇ ਦੱਸਿਆ ‘ਅੌਹ ਸਾਹਮਣੇ ਕਸਾਈ ਹਵਾਲਾਤ ਤਾੜਿਆ ਪਿਐ’। ਮੋਗਾ ਜ਼ਿਲ੍ਹੇ ਤੋਂ ਇੱਕ ਵਕੀਲ ਨੇ ਰੂਪ ਚੰਦ ਨੂੰ ਸੁਨੇਹਾ ਘੱਲਿਆ ਕਿ ‘ਅਦਾਲਤ ’ਚ ਲੜਾਂਗਾ ਤੇਰਾ ਕੇਸ ਮੁਫ਼ਤ, ਕਿਧਰੇ ਨਾ ਜਾਈਂ’। ਕੈਲੀਫੋਰਨੀਆਂ ਵਾਲੇ ਜਸਵੀਰ ਦੇ ਪੰਜ ਹਜ਼ਾਰ ਹਾਲੇ ਰਸਤੇ ’ਚ ਹੀ ਸਨ। ਮੌੜ ਵਾਲਾ ਕਸਾਈ ਬੱਕਰੇ ਦੀ ਪੂਰੀ ਰਕਮ ਰੂਪ ਚੰਦ ਨੂੰ ਫੜਾ ਗਿਆ। ਦੂਸਰੇ ਦਿਨ ਜਦੋਂ ਜਸਵੀਰ ਦੇ ਰਿਸ਼ਤੇਦਾਰ ਨੇ ਪੰਜ ਹਜ਼ਾਰ ਦੇਣੇ ਚਾਹੇ ਤਾਂ ਰੂਪ ਚੰਦ ਨੇ ਹੱਥ ਜੋੜ ਕੇ ਲੈਣੋਂ ਨਾਂਹ ਕਰ ਦਿੱਤੀ। ਬੜੇ ਮਿੰਨਤ ਤਰਲੇ ਕੀਤੇ, ਰੂਪ ਚੰਦ ਨਾ ਮੰਨਿਆ। ਧੰਨਵਾਦ ਕਰਦਾ ਰਿਹਾ, ਪਰ ਬਾਹਰੋਂ ਆਏ ਪੈਸੇ ਨਾ ਲਏ। ਰੂਪ ਚੰਦ ਆਖਦਾ ਹੈ ਕਿ ਮੈਨੂੰ ਹੱਕ ਮਿਲ ਗਿਆ, ਕਿਸੇ ਦਾ ਕਿਉਂ ਖਾਵਾਂ। ਟਰਾਂਟੋ ਦੇ ਇੱਕ ਦਾਨੀ ਸੱਜਣ ਨੂੰ ਵੀ ਬੱਕਰੇ ਵਾਲੇ ਨੇ ਬਾਂਹ ਨਾ ਫੜਾਈ। ਮੈਨੂੰ ਦੌਲਤਮੰਦ ਲੀਡਰਾਂ ਤੋਂ ਰੂਪ ਚੰਦ ਕਿਤੇ ਵੱਧ ਅਮੀਰ ਜਾਪਿਆ। ਗ਼ਰੀਬ ਨੂੰ ਕੋਈ ਵੀ ਬਿਮਾਰੀ ਘੇਰ ਸਕਦੀ ਹੈ ਪਰ ਸਟੈਂਟ ਪਾਉਣ ਦੀ ਨੌਬਤ ਟਾਵੀਂ ਆਉਂਦੀ ਹੈ। ਪੰਜਾਬ ਦੇ ਦੋ ਦਰਜਨ ਦੇ ਕਰੀਬ ਵਿਧਾਇਕਾਂ/ਸਾਬਕਾ ਵਿਧਾਇਕਾਂ ਨੇ ਸਰਕਾਰੀ ਖ਼ਜ਼ਾਨੇ ਦੇ ਪੈਸੇ ਨਾਲ ਦਿਲ ਦਾ ਇਲਾਜ ਕਰਾਇਆ। ਵੱਡੇ ਬਾਦਲ ਤਾਂ ਸਰਕਾਰ ਬਦਲਣ ਤੋਂ ਐਨ ਪਹਿਲਾਂ ਅਮਰੀਕਾ ਚੋਂ 90 ਲੱਖ ਦਾ ਇਲਾਜ ਕਰਾ ਕੇ ਆਏ ਹਨ। ਖ਼ਜ਼ਾਨੇ ਨੇ ਪੂਰਾ ਭਾਰ ਚੁੱਕਿਆ।
                   ਸਰਾਏਨਾਗੇ ਵਾਲੇ ਮਰਹੂਮ ਵਿਧਾਇਕ ਕੰਵਰਜੀਤ ਸਿੰਘ ਦੇ ਅਮਰੀਕੀ ਇਲਾਜ ਤੇ ਖ਼ਜ਼ਾਨੇ ਚੋਂ 3.43 ਕਰੋੜ ਖ਼ਰਚੇ ਗਏ। ਇੱਥੋਂ ਤੱਕ ਵਿਧਾਇਕ ਸੁਖਪਾਲ ਭੁੱਲਰ ਨੇ ਤਾਂ ਮਹਿਜ਼ 1750 ਰੁਪਏ ਦਾ ਬਿੱਲ ਵੀ ਖ਼ਜ਼ਾਨੇ ਚੋਂ ਲੈ ਲਿਆ। ਵੱਡੇ ਘਰਾਂ ਦੇ ਭੋਗਾਂ ’ਤੇ ਤਾਂ ਲੰਗਰ ਵੀ ਸ਼੍ਰੋਮਣੀ ਕਮੇਟੀ ਲਾ ਦਿੰਦੀ ਹੈ। ਭੁੱਚੋ ਇਲਾਕੇ ’ਚ ਇੱਕ ਵਾਰੀ ਵੱਡੇ ਘਰ ਦੇ ਲੰਗਰ ਵਾਸਤੇ ਪਿੰਡਾਂ ਚੋਂ ਕਣਕ ਇਕੱਠੀ ਕੀਤੀ ਗਈ ਸੀ। ਰੂਪ ਚੰਦ ਆਖਦਾ ਹੈ ਕਿ ‘ ਮਾਲਕ ਨੇ ਸਬਰ ਸੰਤੋਖ ਤੋਂ ਬਿਨਾਂ ਇਨ੍ਹਾਂ ਨੂੰ ਸਭ ਕੱੁਝ ਦਿੱਤਾ।’  ਜਿਨ੍ਹਾਂ ਦੇ ਦਿਲਾਂ ’ਚ ਖੋਟ ਹੁੰਦਾ, ਉਹ ਨੇਤਾ ਪੁਲ ਨਹੀਂ ਬਣਾਉਂਦੇ। ਪੁਲ ਤਾਂ ਪਠਾਨਕੋਟ ਦਾ ਅਪਾਹਜ ਭਿਖਾਰੀ ਰਾਜੂ ਹੀ ਬਣਾ ਸਕਦਾ ਹੈ। ਭੀਖ ਦੀ ਜਮਾਂ ਪੂੰਜੀ ਨਾਲ ਉਸ ਨੇ  ਛੋਟਾ ਪੁਲ ਬਣਾ ਦਿੱਤਾ ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਸੀ। ਬਿਹਾਰ ਦੇ ਮਜ਼ਦੂਰ ਦਸ਼ਰਥ ਮਾਝੀ ਨੂੰ ਸਭ ਤੋਂ ਵੱਡਾ ਸਲਾਮ। ਪੰਜ ਬੱਕਰੀਆਂ ਵੇਚ ਕੇ ਹਥੌੜੇ ਤੇ ਸੈਣੀਆਂ ਖ਼ਰੀਦੀਆਂ। ਲਾ ਲਿਆ ਸਿੱਧਾ ਪਹਾੜ ਨਾਲ ਮੱਥਾ। ਪੂਰੇ 22 ਵਰ੍ਹਿਆਂ ’ਚ ਪਹਾੜ ਨੂੰ ਚੀਰ ਕੇ ਰਸਤਾ ਬਣਾ ਦਿੱਤਾ। 75 ਕਿੱਲੋਮੀਟਰ ਦਾ ਸਫ਼ਰ 15 ਕਿੱਲੋਮੀਟਰ ਦਾ ਰਹਿ ਗਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਮਾਊਂਟਨ ਮੈਨ’ ਆਖ ਕੇ ਆਪਣੀ ਕੁਰਸੀ ਤੇ ਬਿਠਾਇਆ। ਤੋਹਫ਼ੇ ਵਿਚ ਪੰਜ ਏਕੜ ਜ਼ਮੀਨ ਦੇ ਦਿੱਤੀ। ਧੰਨ ਏਡਾ ਜਿਗਰਾ ਮਾਝੀ ਦਾ ਜਿਸ ਨੇ ਤੋਹਫ਼ੇ ’ਚ ਮਿਲੀ ਪੂਰੀ ਜ਼ਮੀਨ ਉਦੋਂ ਹੀ ਹਸਪਤਾਲ ਨੂੰ ਦਾਨ ਕਰ ਦਿੱਤੀ।
                 ਭਾਵੇਂ ਅੱਜ ਮਾਝੀ ਨਹੀਂ ਰਿਹਾ, ਪੱਥਰ ਦਿਲ ਲੋਕਾਂ ਨੂੰ ਦੱਸ ਗਿਆ, ਦੌਲਤਮੰਦ ਕੌਣ ਹੁੰਦਾ ਹੈ। ਅਬਦੁਲ ਸੱਤਾਰ ਈਦੀ ਵਾਲੀ ਸੇਵਾ ਕਿਸੇ ਭਾਗਾਂ ਵਾਲੇ ਨੂੰ ਮਿਲਦੀ ਹੈ। ਬਠਿੰਡੇ ਦਾ ਵਿਜੇ ਚਾਚਾ (ਸਹਾਰਾ ਜਨ ਸੇਵਾ) ਬੇਸਹਾਰਿਆਂ ਦੇ ਸਿਰਾਂ ਚੋਂ ਕੀੜੇ ਕੱਢਦਾ ਬੁੱਢਾ ਹੋ ਗਿਆ ਹੈ।  ਕਦੇ ਸੁਣਿਐ ਕਿ ਕਿਸੇ ਵੱਡੇ ਨੇਤਾ ਨੇ ਖ਼ੂਨਦਾਨ ਕੀਤਾ ਹੋਵੇ, ਸਰੀਰਦਾਨ ਕੀਤਾ ਹੋਵੇ, ਕੋਈ ਅੰਗਦਾਨ ਕੀਤਾ ਹੋਵੇ। ਵਿਰਲੇ ਲੀਡਰਾਂ ਹੀ ਜ਼ਮੀਰ ਦੇ ਆਖੇ ਲੱਗਦੇ ਨੇ। ਗੋਨਿਆਣਾ ਮੰਡੀ ਦਾ ਅਪਾਹਜ ਮਜ਼ਦੂਰ ਮਹਾਂਵੀਰ ਪ੍ਰਸ਼ਾਦ ਪੰਜਾਹ ਵਰ੍ਹਿਆਂ ਦਾ ਹੈ, 60 ਵਾਰ ਖ਼ੂਨਦਾਨ ਕਰ ਚੁੱਕਾ। ਉਸ ਨੂੰ ਸਭ ਛੱਡ ਗਏ, ਮਹਾਂਵੀਰ ਨੇ ਹੌਸਲਾ ਨਹੀਂ ਛੱਡਿਆ। ਸੋਨੂੰ ਲਲਾਰੀ ਸਿਰ ਅੰਤਾਂ ਦਾ ਕਰਜ਼ ਹੈ। ਖ਼ੂਨਦਾਨ ਕਰਨੋਂ ਨਹੀਂ ਖੁੰਝਦਾ। ਦਿਲਾਂ ਵਿਚ ਉਹੀ ਵੱਸਦੇ ਨੇ, ਜੋ ਵੰਡਦੇ ਨੇ। ਸਬਰ ਸੰਤੋਖ ਵਾਲਾ ਸੌ ਗੁਣਾ ਚੰਗਾ ਹੈ, ਜੋ ਸਿਆਸੀ ਲੋਕਾਂ ਵਾਂਗੂ ਵਿਕਦਾ ਤਾਂ ਨਹੀਂ। ਲਾਲ ਬੱਤੀਆਂ ਵਾਲੇ ਤਾਂ ਜਨਤਾ ਨੂੰ ਬਲੀ ਦਾ ਬੱਕਰਾ ਬਣਾਉਣ ਹੀ ਜਾਣਦੇ ਹਨ, ਇਹ ਭੁੱਲ ਹੀ ਬੈਠੇ ਹਨ ਕਿ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਉਗੀ।



Sunday, December 16, 2018

                                                            ਵਿਚਲੀ ਗੱਲ 
                             ਕਾਲੇ ਪਾਣੀ ਦੀ ਸਜ਼ਾ ਤੇ ਬੁੱਲੇ ਲੁੱਟਦੇ ਲਾਟ ਸਾਹਬ !
                                                          ਚਰਨਜੀਤ ਭੁੱਲਰ
ਬਠਿੰਡਾ : ਦਾਲ ’ਚ ਕਾਲਾ ਹੁੰਦਾ ਤਾਂ ਸ਼ਾਇਦ ਮਾਈ ਬਚ ਜਾਂਦੀ। ਜਦੋਂ ਦਾਲ ਹੀ ਪੂਰੀ ਕਾਲੀ ਹੋ ਜਾਏ ਤਾਂ ਵਿਹੁਮਾਤਾ ਫਿਰ ਕਾਲੇ ਲੇਖ ਹੀ ਲਿਖਦੀ ਹੈ। ਕਾਲਾ ਧੰਨ ਤਾਂ ਦੂਰ ਦੀ ਗੱਲ, ਚਾਰ ਚਿੱਟੇ ਛਿੱਲੜ ਹੀ ਖੀਸੇ ’ਚ ਹੁੰਦੇ। ਚਾਰ ਦਿਨ ਜ਼ਿੰਦਗਾਨੀ ਹੋਰ ਕੱਟ ਜਾਂਦੀ। ਕਾਲੇ ਪੀਲੀਏ (ਹੈਪੇਟਾਈਟਸ-ਸੀ) ਨੇ ਥੇੜ੍ਹੀ (ਗਿੱਦੜਬਾਹਾ) ਦੀ ਮਾਈ ਜੀਤੋ ਦੀ ਜਾਨ ਲੈ ਲਈ। ਗ਼ਰੀਬ ਪਰਿਵਾਰਾਂ ਲਈ ਮਹਿੰਗੇ ਇਲਾਜ ਸੌਖੇ ਨਹੀਂ। ਕਾਲਾ ਪਾਣੀ ਜਦੋਂ ਦਰਿਆਵਾਂ ’ਚ ਸ਼ੂਕਦਾ ਹੈ ਤਾਂ ਉਦੋਂ ਜ਼ਹਿਰੀ ਹੋਣ ਤੋਂ ਨਹਿਰੀ ਪਾਣੇ ਰੁਕਦੇ ਨਹੀਂ। ਬੁੱਢਾ ਨਾਲਾ ਸਤਲੁਜ ’ਚ ਕਹਿਰ ਮਚਾਉਂਦਾ ਹੈ। ਫਿਰ ਦੂਸ਼ਿਤ ਪਾਣੀ ਰਾਜਸਥਾਨ ਤੱਕ ਜ਼ਿੰਦਗੀਆਂ ਨਾਲ ਖੇਡਦੇ ਹਨ। ਕੌਮੀ ਗਰੀਨ ਟ੍ਰਿਬਿਊਨਲ ਨੇ ਰਾਜ ਭਾਗ ਵਾਲਿਆਂ ਨੂੰ ਬਿਆਸ/ਸਤਲੁਜ ਦੇ ਦੂਸ਼ਿਤ ਪਾਣੀ ਦੇਖ ਕੇ ਪੰਜਾਹ ਕਰੋੜ ਦਾ ਜੁਰਮਾਨਾ ਠੋਕਿਆ। ਸ਼ਾਇਦ ਇਨ੍ਹਾਂ ਦੀ ਅੱਖ ਖੁੱਲ੍ਹ ਜਾਏ। ਕਦੇ ‘ਚਿੱਟਾ’ ਤੇ ਕਦੇ ‘ਕਾਲਾ’ ਪੰਜਾਬ ਦੇ ਜੜ੍ਹੀਂ ਬੈਠਾ ਹੈ। ਪੰਜਾਬ ਦਾ ਪਾਣੀ ਕਦੇ ਅੰਮ੍ਰਿਤ ਵਰਗਾ ਹੁੰਦਾ ਸੀ। ਪਿੰਡ ਦੋਨਾ ਨਾਨਕਾ (ਫ਼ਾਜ਼ਿਲਕਾ) ’ਚ ਅੌਰਤਾਂ ਨੇ ਇਹ ਚੁਣੌਤੀ ਦਿੱਤੀ ਕਿ ਪਿੰਡ ਦੇ ਨਲਕੇ ਦਾ ਪਾਣੀ ਕੋਈ ਪੀ ਕੇ ਦਿਖਾਵੇ। ਬਿਮਾਰੀ ਗ਼ਰੀਬ ਮਾਰ ਨਾ ਕਰਦੀ ਤਾਂ ਨਿਹੱਥੇ ਹੋਏ ਗ਼ਰੀਬ ਦਾ ਮੰਜਾ ਪੀ.ਜੀ.ਆਈ ਚੋਂ ਵਾਪਸੀ ਮਗਰੋਂ ਗੁਰੂ ਘਰ ’ਚ ਅਰਦਾਸ ਲਈ ਨਾ ਡਹਿੰਦਾ।
                  ਖੁੰਢੇ ਹਲਾਲ (ਮੁਕਤਸਰ) ਦੇ ਮਜ਼ਦੂਰ ਬਲਦੇਵ ਸਿੰਘ ਤੇ ਉਸ ਦੀ ਪਤਨੀ ਕੋਲ ਟੈੱਸਟ ਕਰਾਉਣ ਜੋਗੇ ਪੈਸੇ ਨਹੀਂ। ਕਾਲੇ ਪੀਲੀਏ ਦਾ ਇਲਾਜ ਤਾਂ ਵਿੱਤੋਂ ਬਾਹਰੀ ਗੱਲ ਹੈ। ਮੀਆਂ ਬੀਵੀ ਇਸ ਗੱਲੋਂ ਅਣਜਾਣ ਹਨ ਕਿ ਜਿਨ੍ਹਾਂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਇਆ, ਉਹ ਕਾਲੇ ਪਾਣੀ ਦੇ ਟਾਪੂ (ਅੰਡੇਮਾਨ ਨਿਕੋਬਾਰ) ’ਤੇ ਬੈਠ ਕੇ ਉਨ੍ਹਾਂ ਦੇ ਦੁੱਖਾਂ ’ਤੇ ਹੀ ਤਾਂ ਚਿੰਤਨ ਕਰ ਰਹੇ ਹਨ। ਵਿਧਾਨ ਸਭਾ ਦੀ ਦਲਿਤ ਭਲਾਈ ਬਾਰੇ ਕਮੇਟੀ ਦੇ ਚੇਅਰਮੈਨ ਨੱਥੂ ਰਾਮ ਤੇ ਕਮੇਟੀ ਮੈਂਬਰ ਪਿਛਲੇ ਦਿਨੀਂ ਕਾਲੇ ਪਾਣੀ ਦੇ ਟਾਪੂ ’ਤੇ ਬੈਠ ਕੇ ਦਲਿਤਾਂ ਦੀ ਜ਼ਿੰਦਗੀ ਨੂੰ ਦੋਜ਼ਖ਼ ਚੋਂ ਕੱਢਣ ਦੇ ਤਰੀਕੇ ਲੱਭਦੇ ਰਹੇ। ਟਾਪੂ ਦੀਆਂ ਹਵਾਈ ਟਿਕਟਾਂ, ਮਹਿੰਗੇ ਹੋਟਲਾਂ ਤੇ ਖਾਣ ਪਾਣੀ ਦਾ ਪੂਰਾ ਖਰਚਾ ਖ਼ਜ਼ਾਨੇ ਨੇ ਚੁੱਕਿਆ। ਕਮੇਟੀ ਮੈਂਬਰ ਵਿਧਾਇਕ ਕੁਲਵੰਤ ਪੰਡੋਰੀ ਆਖਦਾ ਹੈ ਕਿ ਉਹ ਰੋਸ ਵਜੋਂ ਟਾਪੂ ’ਤੇ ਨਹੀਂ ਗਏ, ਫ਼ਜ਼ੂਲ ਖ਼ਰਚੀ ਹੈ। ਇੱਧਰ, ਕਾਲੇ ਪਾਣੀ ਦੇ ਝੰਬੇ ਹੁਣ ਟਾਪੂ ’ਤੇ ਹੋਈ ਮੀਟਿੰਗ ’ਤੇ ਨਤੀਜੇ ਉਡੀਕ ਰਹੇ ਹਨ। ਸਰਕਾਰੀ ਨਿਯਮ ਵੀ ਰਮਣੀਕ ਥਾਵਾਂ ’ਤੇ ਮੀਟਿੰਗਾਂ ਦੀ ਖੁੱਲ੍ਹ ਦਿੰਦੇ ਹਨ। ਨੱਥੂ ਰਾਮ ਆਖਦੇ ਹਨ ਕਿ ਅੰਡੇਮਾਨ ਸਰਕਾਰ ਦੀਆਂ ਦਲਿਤ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਗਏ ਸੀ। ਰਿਪੋਰਟ ਵੀ ਦਿਆਂਗੇ।
                   ਗੱਠਜੋੜ ਸਰਕਾਰ ਵੇਲੇ ਵੀ ਭਲਾਈ ਕਮੇਟੀ ਨੇ ਰੋਹਤਾਂਗ ਪਾਸ (ਮਨਾਲੀ), ਸ਼ਿਮਲਾ, ਗੋਆ, ਪਹਿਲਗਾਮ, ਗੁਲਮਰਗ ਤੇ ਮੈਸੂਰ ’ਚ ਮੀਟਿੰਗਾਂ ਕਰਕੇ ਦਲਿਤਾਂ ਦੇ ‘ਅੱਛੇ ਦਿਨਾਂ’ ਲਈ ਭਖਵੀਂ ਬਹਿਸ ਕੀਤੀ ਸੀ। ਬੱਸ ਇੱਥੇ ਹੀ ਨਹੀਂ, ਦੋ ਮਹੀਨੇ ਪਹਿਲਾਂ ਅੰਡੇਮਾਨ ਟਾਪੂ ’ਤੇ ਬੈਠ ਕੇ ਹੀ ਪੰਜਾਬ ਦੇ ਵਿਕਾਸ ਬਾਰੇ ਪੂਰੇ ਚਾਰ ਦਿਨ ਪੰਜਾਬ ਦੇ ਵਿਧਾਇਕਾਂ ਨੇ ‘ਮੱਥਾ ਖਪਾਈ’ ਕੀਤੀ। ਟਾਪੂ ਵਾਲੀ ਮੀਟਿੰਗ ਵਿਚ ਸਭ ਧਿਰਾਂ ਦੇ ਵਿਧਾਇਕ ਚਾਈਂ ਚਾਈਂ ਗਏ। ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤਾਂ ਇਸੇ ਮੀਟਿੰਗ ਕਰਕੇ ਵਿਧਾਇਕਾ ਰੁਪਿੰਦਰ ਰੂਬੀ ਦੇ ਵਿਆਹ ’ਚ ਸ਼ਾਮਿਲ ਹੋਣੋਂ ਖੁੰਝ ਗਈ ਸੀ। ਹੁਣ ਵਿਧਾਨ ਸਭਾ ਦੀ ਸੁਬਾਰਡੀਨੇਟ ਕਮੇਟੀ ਦੇ ਵਿਧਾਇਕ ਮੈਂਬਰ ਟਾਪੂ ’ਤੇ ਜਾਣ ਲਈ ਕਾਹਲੇ ਹਨ। ਗੱਲ ਹਾਲੇ ਕਿਸੇ ਸਿਰੇ ਨਹੀਂ ਲੱਗੀ। ‘ਆਪ’ ਵਿਧਾਇਕ ਨਾਜ਼ਰ ਮਾਨਸ਼ਾਹੀਆ ਆਖਦਾ ਹੈ ਕਿ ਕਮੇਟੀਆਂ ਦੀ ਮੀਟਿੰਗ ਚੰਡੀਗੜ੍ਹ-ਪੰਜਾਬ ਤੋਂ ਬਾਹਰ ਹੋਣ ’ਤੇ ਪਾਬੰਦੀ ਲੱਗੇ।  ਪਾਰਲੀਮੈਂਟ ਦੀਆਂ ਕਮੇਟੀਆਂ ਦਾ ਇਹੋ ਹਾਲ ਹੈ। ਕੱੁਝ ਅਰਸਾ ਪਹਿਲਾਂ ਪਾਰਲੀਮੈਂਟ ਦੀ ਖਪਤਕਾਰ ਮਾਮਲੇ ਕਮੇਟੀ  ਨੇ ਵੀ ਗ਼ਰੀਬਾਂ ਨੂੰ ਅਨਾਜ ਦੇਣ ਦੇ ਮੁੱਦੇ ’ਤੇ ਚਰਚਾ ਲਈ ਕਾਲੇ ਪਾਣੀ ਦੇ ਟਾਪੂ ਨੂੰ ਚੁਣਿਆ।
                  ਅੰਡੇਮਾਨ ਨਿਕੋਬਾਰ ਦੀਪ ਦੀ ਸੈਲੂਲਰ ਜੇਲ੍ਹ ਕਦੇ ਮਨਹੂਸ ਸਮਝੀ ਜਾਂਦੀ ਸੀ, ਜਿੱਥੇ ਦੇਸ਼ ਭਗਤਾਂ ਨੂੰ ਰੱਖ ਕੇ ‘ਕਾਲੇ ਪਾਣੀ ਦੀ ਸਜ਼ਾ’ ਦਿੱਤੀ ਜਾਂਦੀ ਸੀ। ਇਸ ਨੂੰ ਹੁਣ ਕੌਮੀ ਵਿਰਾਸਤ ’ਚ ਤਬਦੀਲ ਕੀਤਾ ਗਿਆ। ਜੇਲ੍ਹ ਦੇ ਬਾਹਰ ਬਾਬਾ ਭਾਨ ਸਿੰਘ ਦਾ ਬੁੱਤ ਵੀ ਲੱਗਾ ਹੈ। ਜਿਨ੍ਹਾਂ ਦੀ ਬਦੌਲਤ ਗੱਦੀ ਮਿਲੀ, ਉਨ੍ਹਾਂ ਦਾ ਪੰਜਾਬ ਅੱਜ ਖੁਦ ਹੀ ‘ਕਾਲੇ ਪਾਣੀ ਦੀ ਸਜ਼ਾ’ ਤੋਂ ਘੱਟ ਨਹੀਂ। ਲੋਕ ਪੰਜਾਬ ’ਚ ਹੀ ਕਾਲੇ ਪਾਣੀਆਂ ਨਾਲ ਘੁਲ ਰਹੇ ਹਨ ਤੇ ਉਨ੍ਹਾਂ ਸਿਆਸੀ ਮਾਲਕ ਟਾਪੂਆਂ ’ਤੇ ਸੈਰ ਕਰ ਰਹੇ ਹਨ। ਬਾਬਾ ਭਾਨ ਸਿੰਘ ਦਾ ਬੁੱਤ ਇਨ੍ਹਾਂ ਨੂੰ ਦੇਖ ਕੇ ਜ਼ਰੂਰ ਲਾਹਨਤਾਂ ਪਾਉਂਦਾ ਹੋਵੇਗਾ।  ਸਿਹਤ ਮੰਤਰੀ ਬ੍ਰਹਮ ਮਹਿੰਦਰਾ ਮੰਨਦੇ ਹਨ ਕਿ ਪੰਜਾਬ ’ਚ ਕਾਲੇ ਪੀਲੀਏ ਦੇ 50 ਹਜ਼ਾਰ ਕੇਸ ਹਨ। ਮੁਫ਼ਤ ਇਲਾਜ ਦਾ ਦਾਅਵੇ ਵੀ ਕਰਦੇ ਹਨ। ਸੰਗਰੂਰ ਜ਼ਿਲ੍ਹੇ ਦੀ ਕਾਲੇ ਪੀਲੀਏ ਦੇ ਕਰੀਬ 7200 ਕੇਸਾਂ ਨਾਲ ਪੰਜਾਬ ਚੋਂ ਝੰਡੀ ਹੈ। ਪੰਜਾਬ ’ਚ 700 ਪੁਲੀਸ ਮੁਲਾਜ਼ਮ ਵੀ ਕਾਲੇ ਪੀਲੀਏ ਨੇ ਮੰਜੇ ਵਿਚ ਪਾਏ ਹਨ ਜਿਨ੍ਹਾਂ ਨੂੰ ਇਲਾਜ ਦੇ ਫ਼ੰਡਾਂ ਲਈ ਹਾਈਕੋਰਟ ਜਾਣਾ ਪਿਆ।
                 ਸ਼ਾਹਕੋਟ ਚੋਣ ਵੇਲੇ ਲੱਖਾ ਸਧਾਣਾ ਹੋਰੀਂ ਬੋਤਲਾਂ ’ਚ ਕਾਲਾ ਪਾਣੀ ਲੈ ਕੇ ਗਏ। ਜਿਨ੍ਹਾਂ ਨੂੰ ਕਾਲਾ ਪਾਣੀ ਦਿੱਖਦਾ ਨਹੀਂ, ਉਹ ਗੱਦੀ ’ਤੇ ਬੈਠ ਕੇ 25 ਰੁਪਏ ਲੀਟਰ ਵਾਲਾ ਪਾਣੀ ਖ਼ਜ਼ਾਨੇ ਚੋਂ ਪੀ ਰਹੇ ਹਨ। ਕਾਂਗਰਸ ਸਰਕਾਰ ਦਾ ਇਕੱਲੇ ਪਾਣੀ ਦਾ ਖਰਚਾ ਛੇ ਲੱਖ ਦਾ ਹੈ। ਇਵੇਂ ਗੱਠਜੋੜ ਸਰਕਾਰ ਨੇ ਪਹਿਲੀ ਪਾਰੀ ਦੌਰਾਨ 10.29 ਲੱਖ ਪੀਣ ਵਾਲੇ ਪਾਣੀ ’ਤੇ ਖ਼ਰਚੇ। ਪੰਜਾਬੀਆਂ ਨੇ ਜੂਠਾ ਤਾਂ ‘ਜਿਊਣੇ ਮੌੜ’ ਦਾ ਵੀ ਖਾਧਾ ਹੈ। ਬੱਸ, ਬਿਮਾਰੀਆਂ ਹੀ ਉੱਠਣ ਨਹੀਂ ਦਿੰਦੀਆਂ। ਬੱਚਿਆਂ ਦੇ ਵਾਲ ਐਵੇਂ ਚਿੱਟੇ ਨਹੀਂ ਹੋਏ। ਕਦੇ ਜਿਊਣੇ ਮੌੜ ਦੀ ਰੂਹ ਪੰਜਾਬ ’ਚ ਆਈ ਤਾਂ ਫਿਰ ਟਾਪੂਆਂ ’ਤੇ ਸੈਰਾਂ ਵਾਲਿਆਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ।




Saturday, December 15, 2018

                         ਵਿਸ਼ਵ ਦਰਸ਼ਨ
ਨਰਿੰਦਰ ਮੋਦੀ ਨੇ ਉਡਾਏ ਦੋ ਹਜ਼ਾਰ ਕਰੋੜ ! 
                          ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਵਿਸ਼ਵ ਦਰਸ਼ਨ’ ਸਰਕਾਰੀ ਖ਼ਜ਼ਾਨੇ ਨੂੰ 2022.58 ਕਰੋੜ ਰੁਪਏ ਵਿਚ ਪਿਆ ਹੈ। ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸੂਬਾਈ ਚੋਣਾਂ ’ਚ ਚਿੱਤ ਹੋ ਗਏ ਹਨ ਪ੍ਰੰਤੂ ਵਿਦੇਸ਼ ਯਾਤਰਾ ਕਰਨ ’ਚ ਉਨ੍ਹਾਂ ਨੇ ਸਭ ਦੀ ਪਿੱਠ ਲਾ ਦਿੱਤੀ ਹੈ। ਵਿਦੇਸ਼ ਯਾਤਰਾ ਦੇ ਪੁਰਾਣੇ ਰਿਕਾਰਡ ਵੀ ਤੋੜ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ 3 ਦਸੰਬਰ 2018 ਤੱਕ ਕੁੱਲ 84 ਵਿਦੇਸ਼ ਦੌਰੇ ਕੀਤੇ ਗਏ ਹਨ ਜਿਨ੍ਹਾਂ ਦੌਰਾਨ ਉਨ੍ਹਾਂ ਨੇ ਕਰੀਬ 60 ਮੁਲਕਾਂ ਦੇ ਰੰਗ ਵੇਖੇ ਹਨ। ‘ਮੋਦੀ ਮੋਦੀ ਮੋਦੀ’ ਦੇ ਨਾਅਰਿਆਂ ਦਾ ਸੁਆਦ ਵੱਖਰਾ ਚੱਖਿਆ। ਨਰਿੰਦਰ ਮੋਦੀ ਨੇ ਆਪਣੇ 1700 ਦਿਨਾਂ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਵਿਦੇਸ਼ੀ  ਧਰਤੀ ’ਤੇ ਕਰੀਬ 196 ਦਿਨ ਬਿਤਾਏ। ਮਤਲਬ ਕਿ ਮੋਦੀ ਦਾ ਅੌਸਤਨ ਹਰ ਅੱਠਵਾਂ ਦਿਨ ਵਿਦੇਸ਼ ਵਿਚ ਲੰਘਿਆ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਦਾ ਹੁਣ ਤੱਕ ਦਾ ਖਰਚਾ 2022.58 ਕਰੋੜ ਆਇਆ ਹੈ ਜਿਸ ਚੋਂ ਏਅਰ ਕਰਾਫ਼ਟ ਮੁਰੰਮਤ ’ਤੇ 1583.18 ਕਰੋੜ ਅਤੇ ਸਪੈਸ਼ਲ ਉਡਾਣਾਂ (ਚਾਰਟਰਡ ਫਲਾਈਟ) ’ਤੇ 429.28 ਕਰੋੜ ਰੁਪਏ ਦਾ ਖਰਚਾ ਆਇਆ ਹੈ। ਵਿਦੇਸ਼ ਯਾਤਰਾ ਦੌਰਾਨ ਵਰਤੀ ਹਾਟ ਲਾਈਨ ’ਤੇ 9.12 ਕਰੋੜ ਰੁਪਏ ਦਾ ਖਰਚਾ ਪਿਆ ਹੈ।
                  ਇਸ ਖ਼ਰਚੇ ਵਿਚ ਨਰਿੰਦਰ ਮੋਦੀ ਦੀ ਵਿਦੇਸ਼ਾਂ ਵਿਚਲੀ ਰਿਹਾਇਸ਼ ਤੇ ਹੋਰ ਖ਼ਰਚੇ ਸ਼ਾਮਿਲ ਨਹੀਂ ਹਨ। ਆਖ਼ਰੀ ਚਾਰ ਵਿਦੇਸ਼ ਦੌਰਿਆਂ ਦਾ ਖਰਚਾ ਵੀ ਇਸ ਤੋਂ ਵੱਖਰਾ ਹੈ ਜਿਸ ਦੇ ਬਿੱਲ ਪ੍ਰਾਪਤ ਹੋਣੇ ਬਾਕੀ ਹਨ। ਵਰ੍ਹਾ 2018 ਦੌਰਾਨ ਮੋਦੀ ਨੇ 54 ਦਿਨ ਅਤੇ ਸਾਲ 2015 ਵਿਚ 56 ਦਿਨ ਵਿਦੇਸ਼ ਯਾਤਰਾ ’ਚ ਕੱਢੇ। ਨਰਿੰਦਰ ਮੋਦੀ ਕੋਲ ਇਸ ਵਕਤ ਸਿਰਫ਼ 2.28 ਕਰੋੜ ਦੀ ਚੱਲ ਅਚੱਲ ਸੰਪਤੀ ਹੈ। ਉਨ੍ਹਾਂ ਕੋਲ ਨਾ ਕੋਠੀ, ਨਾ ਕਾਰ ਅਤੇ ਨਾ ਹੀ ਕੋਈ ਸ਼ੋਅ ਰੂਮ ਤੇ ਕੋਈ ਦੁਕਾਨ ਹੈ। ਦੁਨੀਆ ਮੁੱਠੀ ’ਚ ਕਰਨ ਵਾਲੇ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ। ਤਾਹੀਓਂ  ਉਹ ‘ਵਿਸ਼ਵ ਦਰਸ਼ਨ’ ’ਚ ਝੰਡੀ ਲੈ ਗਏ ਹਨ ਅਤੇ ਉਨ੍ਹਾਂ ਦਾ ਅੌਸਤਨ ਪ੍ਰਤੀ ਦਿਨ ਦਾ ਵਿਦੇਸ਼ ਖਰਚਾ 10.31 ਕਰੋੜ ਆਇਆ ਹੈ ਅਤੇ ਪ੍ਰਤੀ ਦੇਸ਼ ਅੌਸਤਨ 33.70 ਕਰੋੜ ਖ਼ਰਚ ਆਏ ਹਨ। ਜਦੋਂ ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ 31 ਦੇਸ਼ਾਂ ਦੇ ਦੌਰੇ ’ਚ 131 ਦਿਨ ਵਿਦੇਸ਼ਾਂ ’ਚ ਬਿਤਾਏ ਅਤੇ ਉਨ੍ਹਾਂ ਦੀ ਵਿਦੇਸ਼ ਯਾਤਰਾ ਦਾ ਖਰਚਾ ਸਿਰਫ਼ 144.43 ਕਰੋੜ ਰਿਹਾ ਸੀ। ਵਾਜਪਾਈ ਦਾ ਪ੍ਰਤੀ ਦਿਨ ਦਾ ਵਿਦੇਸ਼ ਖਰਚਾ 1.10 ਕਰੋੜ ਰੁਪਏ ਰਿਹਾ।
                  ਯੂ.ਪੀ.ਏ ਸਰਕਾਰ ਦੇ 10 ਵਰ੍ਹਿਆਂ ਦੌਰਾਨ ਡਾ.ਮਨਮੋਹਨ ਸਿੰਘ ਨੇ ਪਹਿਲੀ ਪਾਰੀ ਦੌਰਾਨ 35 ਮੁਲਕਾਂ ਦੇ ਦੌਰੇ ਦੌਰਾਨ 144 ਦਿਨ ਵਿਦੇਸ਼ੀ ਧਰਤੀ ਤੇ ਬਿਤਾਏ। ਇਵੇਂ ਦੂਸਰੀ ਪਾਰੀ ਦੌਰਾਨ ਡਾ. ਮਨਮੋਹਨ ਸਿੰਘ ਨੇ 38 ਮੁਲਕਾਂ ਦੇ ਦੌਰੇ ਦੌਰਾਨ 161 ਦਿਨ ਵਿਦੇਸ਼ੀ ਧਰਤੀ ’ਤੇ ਬਿਤਾਏ। ਇਨ੍ਹਾਂ ਦਸ ਵਰ੍ਹਿਆਂ ਦੀ ਵਿਦੇਸ਼ ਯਾਤਰਾ ਦਾ ਕੁੱਲ ਖਰਚਾ 699 ਕਰੋੜ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵਿਦੇਸ਼ ਯਾਤਰਾ ਲਈ ਹਾਲੇ ਦੋ ਤਿੰਨ ਮਹੀਨੇ ਹੋਰ ਬਾਕੀ ਪਏ ਹਨ ਜਿਨ੍ਹਾਂ ਦੌਰਾਨ ਉਹ ਅਧੂਰੀ ਖੁਆਇਸ਼ ਪੂਰੀ ਕਰ ਸਕਦੇ ਹਨ।  ਡਾ.ਮਨਮੋਹਨ ਸਿੰਘ ਦਾ ਦਸ ਵਰ੍ਹਿਆਂ ਦੌਰਾਨ ਪ੍ਰਤੀ ਦਿਨ ਵਿਦੇਸ਼ ਯਾਤਰਾ ਦਾ ਖਰਚਾ 2.29 ਕਰੋੜ ਰਿਹਾ।  ਡਾ. ਮਨਮੋਹਨ ਸਿੰਘ ਅਤੇ ਅਟੱਲ ਬਿਹਾਰੀ ਵਾਜਪਾਈ ਦੇ ਬਹੁਗਿਣਤੀ ਦੌਰੇ ਏਸ਼ੀਆਈ ਮੁਲਕਾਂ ਦੇ ਰਹੇ ਹਨ। ਵਾਜਪਾਈ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਜਮਾਇਕਾ ਦਾ ਇੱਕ ਦਿਨ ਦਾ ਰਿਹਾ ਜਿਸ ’ਤੇ 9.25 ਕਰੋੜ ਖ਼ਰਚ ਆਏ ਸਨ ਅਤੇ ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਡੈਨਮਾਰਕ ਦਾ ਰਿਹਾ ਜਿਸ ਤੇ ਇੱਕ ਦਿਨ ਵਿਚ 10.71 ਕਰੋੜ ਖ਼ਰਚ ਆਏ ਸਨ।
                  ਇੱਧਰ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੇ ਅੌਸਤਨ ਹਰ ਦਿਨ ਦਾ 10.31 ਕਰੋੜ ਖ਼ਰਚ ਆਇਆ ਹੈ। ਮੋਟੇ ਅੰਦਾਜ਼ੇ ਅਨੁਸਾਰ ਮੋਦੀ ਨੇ ਦੇਸ਼ ਦੇ ਹੁਣ ਤੱਕ ਕਰੀਬ 350 ਦੌਰੇ ਕੀਤੇ ਹਨ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਮੁਲਕ ਭਰ ਵਿਚ ਚਰਚਾ ਛਿੜੀ ਰਹਿੰਦੀ ਹੈ ਪ੍ਰੰਤੂ ਉਨ੍ਹਾਂ ਨੇ ਸਭ ਚਰਚੇ ਦਰਕਿਨਾਰ ਕੀਤੇ ਹਨ। ਸੂਤਰ ਦੱਸਦੇ ਹਨ ਕਿ ਏਨੇ ਵਿਦੇਸ਼ ਦੌਰੇ ਤਾਂ ਸ਼ਾਇਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਹਿੱਸੇ ਵੀ ਨਹੀਂ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਦੌਰਿਆਂ ’ਚ ਕਿੰਨਾ ਕੁ ਖੱਟਿਆ ਹੈ, ਉਸ ਦਾ ਖ਼ੁਲਾਸਾ ਕਰਨ ਦਾ ਵੀ ਹੁਣ ਢੁਕਵਾਂ ਸਮਾਂ ਆ ਚੁੱਕਾ ਹੈ।
                         ਵਿਦੇਸ਼ ਦੌਰਿਆਂ ’ਤੇ ਇੱਕ ਨਜ਼ਰ 
ਪ੍ਰਧਾਨ ਮੰਤਰੀ ਦਾ ਨਾਮ/   ਦੇਸ਼ਾਂ ਦੀ ਗਿਣਤੀ/  ਪ੍ਰਤੀ ਦੇਸ਼ ਅੌਸਤਨ ਖਰਚਾ/ ਕੁੱਲ ਖਰਚਾ
ਅਟੱਲ ਬਿਹਾਰੀ ਵਾਜਪਾਈ        31       4.70 ਕਰੋੜ      144.43 ਕਰੋੜ
ਡਾ.ਮਨਮੋਹਨ ਸਿੰਘ (ਪਹਿਲੀ ਪਾਰੀ) 35                8.60 ਕਰੋੜ    301.95 ਕਰੋੜ
ਡਾ.ਮਨਮੋਹਨ ਸਿੰਘ (ਦੂਸਰੀ ਪਾਰੀ)  38                12.80 ਕਰੋੜ    397.35 ਕਰੋੜ
ਨਰਿੰਦਰ ਮੋਦੀ                         60 (ਕਰੀਬ)      33.70 ਕਰੋੜ    2022.58 ਕਰੋੜ

   

         


Friday, December 14, 2018

                      ਕਾਹਦੀ ਬਹਾਦਰੀ
    ਹਥਿਆਰਾਂ ਲਈ ਸ਼ੁਦਾਈ ਹੋਏ ਪੰਜਾਬੀ
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਹਥਿਆਰਾਂ ਦਾ ਖੂਹ ਬਣ ਗਿਆ ਜਾਪਦਾ ਹੈ। ਪੰਜਾਬੀ ਲੋਕ ਅਸਲੇ ਲਈ ਏਨੇ ਸ਼ੁਦਾਈ ਹੋਏ ਹਨ ਕਿ ਦੇਸ਼ ਚੋਂ ਸਭ ਨੂੰ ਪਿੱਛੇ ਛੱਡ ਗਏ ਹਨ। ਲੰਘੇ ਦੋ ਵਰ੍ਹਿਆਂ ’ਚ ਪੰਜਾਬ ’ਚ ਜਿੰਨੇ ਅਸਲਾ ਲਾਇਸੈਂਸ ਬਣੇ ਹਨ, ਉੱਨੇ ਜੰਮੂ ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਹੋਰ ਕਿਸੇ ਸੂਬੇ ’ਚ ਨਹੀਂ ਬਣੇ। ਉੱਤਰ ਪ੍ਰਦੇਸ਼ ’ਚ ਦੇਸ਼ ਭਰ ਚੋਂ ਸਭ ਤੋਂ ਵੱਧ 12.88 ਲੱਖ ਅਸਲਾ ਲਾਇਸੈਂਸ ਹਨ ਅਤੇ ਏਡੇ ਵੱਡੇ ਸੂਬੇ ਵਿਚ 1 ਜਨਵਰੀ 2017 ਤੋਂ ਹੁਣ ਤੱਕ ਸਿਰਫ਼ 11,459 ਨਵੇਂ ਅਸਲਾ ਲਾਇਸੈਂਸ ਬਣੇ ਹਨ ਜਦੋਂ ਕਿ ਪੰਜਾਬ ਵਿਚ ਇਨ੍ਹਾਂ ਦੋ ਵਰ੍ਹਿਆਂ ਦੌਰਾਨ 26,322 ਅਸਲਾ ਲਾਇਸੈਂਸ ਬਣੇ ਹਨ। ਇਨ੍ਹਾਂ ਦੋ ਸਾਲਾਂ ਦੌਰਾਨ ਹਰਿਆਣਾ ਵਿਚ ਸਿਰਫ਼ 10,238 ਅਤੇ ਰਾਜਸਥਾਨ ਵਿਚ ਸਿਰਫ਼ 6390 ਅਸਲਾ ਲਾਇਸੈਂਸ ਬਣੇ ਹਨ।  ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਅਸਲਾ ਲਾਇਸੈਂਸਾਂ ਨੂੰ ਯੂਨੀਕ ਸ਼ਨਾਖ਼ਤ ਨੰਬਰ ਨਾਲ ਜੋੜਨ ਲਈ ‘ਨੈਸ਼ਨਲ ਡਾਟਾਬੇਸ ਆਫ਼ ਆਰਮਜ਼ ਲਾਇਸੈਂਸ’ ਤਿਆਰ ਕੀਤਾ ਗਿਆ ਹੈ। ਨਵੇਂ ਡਾਟਾਬੇਸ ਨੇ ਨਵੇਂ ਤੱਥ ਉਜਾਗਰ ਕੀਤੇ ਹਨ ਜੋ ਚੌਕਸ ਕਰਨ ਵਾਲੇ ਹਨ। ਦੇਸ਼ ਭਰ ਵਿਚ 35.87 ਲੱਖ ਅਸਲਾ ਲਾਇਸੈਂਸ ਹਨ ਜਦੋਂ ਕਿ ਪੰਜਾਬ ਵਿਚ ਹੁਣ ਅਸਲਾ ਲਾਇਸੈਂਸਾਂ ਦੀ ਗਿਣਤੀ 3,85,671 ਹੋ ਗਈ ਹੈ ਜੋ ਕਿ 1 ਜਨਵਰੀ 2017 ਨੂੰ 3,59,349 ਸੀ।
                   ਇਹੋ ਗਿਣਤੀ ਪੰਜਾਬ ’ਚ ਜੁਲਾਈ 2011 ਵਿਚ 3,23,492 ਸੀ। ਮਤਲਬ ਕਿ ਪੰਜਾਬ ਵਿਚ ਲੰਮੇ ਸਾਢੇ ਸੱਤ ਵਰ੍ਹਿਆਂ ਵਿਚ 62,179 ਨਵੇਂ ਅਸਲਾ ਲਾਇਸੈਂਸ ਬਣੇ ਹਨ। ਹਕੂਮਤ ਬਦਲੀ ਮਗਰੋਂ ਵੀ ਲਾਇਸੈਂਸਾਂ ਨੂੰ ਠੱਲ੍ਹ ਨਹੀਂ ਪਈ ਹੈ। ਵੇਰਵਿਆਂ ਅਨੁਸਾਰ ਦੇਸ਼ ਵਿਚੋਂ ਪੰਜਾਬ ਅਸਲਾ ਲਾਇਸੈਂਸਾਂ ਦੇ ਮਾਮਲੇ ਵਿਚ ਤੀਸਰੇ ਸਥਾਨ ਹੈ ਜਦੋਂ ਕਿ ਜੰਮੂ ਕਸ਼ਮੀਰ 4.84 ਲੱਖ ਅਸਲਾ ਲਾਇਸੈਂਸਾਂ ਨਾਲ ਦੂਸਰੇ ਨੰਬਰ ’ਤੇ ਹੈ। ਜੰਮੂ ਕਸ਼ਮੀਰ ਅਜਿਹਾ ਸੂਬਾ ਹੈ ਜਿੱਥੇ ਲੰਘੇ ਦੋ ਵਰ੍ਹਿਆਂ ਦੌਰਾਨ ਦੇਸ਼ ਭਰ ਚੋਂ ਸਭ ਤੋਂ ਜ਼ਿਆਦਾ 1.15 ਲੱਖ ਅਸਲਾ ਲਾਇਸੈਂਸ ਬਣੇ ਹਨ। ਜੰਮੂ ਕਸ਼ਮੀਰ ਤਾਂ ਗੜਬੜ ਵਾਲਾ ਖ਼ਿੱਤਾ ਕਰਾਰ ਦਿੱਤਾ ਹੋਇਆ ਹੈ। ਪੰਜਾਬ ਵਿਚ ਲੋਕ ਕਾਹਦੇ ਲਈ ਸਭ ਕੱੁਝ ਦਾਅ ’ਤੇ ਲਾ ਦਿੰਦੇ ਹਨ। ਜਦੋਂ ਕਿ ਹਰਿਆਣਾ ਵਿਚ ਸਿਰਫ਼ 1.52 ਲੱਖ ਅਤੇ ਰਾਜਸਥਾਨ ਵਿਚ ਕੇਵਲ 1.40 ਲੱਖ ਅਸਲਾ ਲਾਇਸੈਂਸ ਹਨ। ਮੁਲਕ ਦੇ ਸਿਰਫ਼ ਸੱਤ ਸੂਬੇ ਹੀ ਹਨ ਜਿੱਥੇ ਅਸਲਾ ਲਾਇਸੈਂਸਾਂ ਦੀ ਗਿਣਤੀ ਇੱਕ ਲੱਖ ਤੋਂ ਟੱਪੀ ਹੈ। ਮੁਲਕ ਦੀ ਰਾਜਧਾਨੀ ਦਿੱਲੀ ਵਿਚ ਅਸਲਾ ਲਾਇਸੈਂਸਾਂ ਦੀ ਗਿਣਤੀ 40,620 ਅਤੇ ਚੰਡੀਗੜ੍ਹ ਵਿਚ ਇਹੋ ਗਿਣਤੀ 80,858 ਹੈ। ਕੇਰਲਾ ਵਿਚ ਸਿਰਫ਼ 10,600 ਅਸਲਾ ਲਾਇਸੈਂਸ ਹਨ ਜਦੋਂ ਕਿ ਗੁਜਰਾਤ ਵਿਚ 63,138 ਅਸਲਾ ਲਾਇਸੈਂਸ ਹਨ।
               ਪੰਜਾਬ ਵਿਚ ਇਸ ਵੇਲੇ ਕਰੀਬ 55 ਲੱਖ ਪਰਿਵਾਰ ਹਨ ਅਤੇ ਇਸ ਹਿਸਾਬ ਨਾਲ ਪੰਜਾਬ ਦੇ ਅੌਸਤਨ ਹਰ 14 ਵੇਂ ਪਰਿਵਾਰ ਕੋਲ ਅਸਲਾ ਲਾਇਸੈਂਸ ਹਨ। ਪੰਜਾਬ ਵਿਚ ਅੌਸਤਨ 80 ਲੋਕਾਂ ਪਿੱਛੇ ਇੱਕ ਅਸਲਾ ਲਾਇਸੈਂਸ ਹੈ। ਬਠਿੰਡਾ ਜ਼ਿਲ੍ਹੇ ਵਿਚ ਲੋਕ ਅਸਲਾ ਲਾਇਸੈਂਸ ਲਈ ਵੱਡੀਆਂ ਵੱਡੀਆਂ ਸਿਫ਼ਾਰਸ਼ਾਂ ਵੀ ਲਾਉਂਦੇ ਹਨ। ਤਾਂਹੀਓਂ ਪਿਛਲੇ ਸਮੇਂ ਦੌਰਾਨ ਅਸਲਾ ਲਾਇਸੈਂਸ ਵਾਲੀ ਇਕੱਲੀ ਫਾਈਲ ਦੀ ਕੀਮਤ 20 ਹਜ਼ਾਰ ਕੀਤੀ ਗਈ ਸੀ ਜੋ ਕਿ ਹੁਣ ਨਵੇਂ ਡਿਪਟੀ ਕਮਿਸ਼ਨਰ ਨੇ ਮੁਫ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ।  ਕਾਂਗਰਸ ਸਰਕਾਰ ਨੇ ਗੱਦੀ ਸੰਭਾਲਣ ਮਗਰੋਂ ਪੰਜਾਬ ਵਿਚ ਪਿਛਲੇ ਦਸ ਵਰ੍ਹਿਆਂ ਦੌਰਾਨ ਬਣੇ ਅਸਲਾ ਲਾਇਸੈਂਸਾਂ ਦੀ ਜਾਂਚ ਵੀ ਕਰਾਈ ਹੈ ਜਿਸ ਵਿਚ ਕੋਈ ਬਹੁਤਾ ਹੱਥ ਪੱਲੇ ਨਹੀਂ ਪਿਆ ਹੈ। ਕੈਪਟਨ ਸਰਕਾਰ ਨੇ ਦਾਅਵਾ ਕੀਤਾ ਕਿ ਗੱਠਜੋੜ ਸਰਕਾਰ ਦੇ ਦਸ ਵਰ੍ਹਿਆਂ ਦੇ ਰਾਜ ਦੌਰਾਨ ਪੰਜਾਬ ਵਿਚ ਕਰੀਬ ਦੋ ਲੱਖ ਅਸਲਾ ਲਾਇਸੈਂਸ ਨਵੇਂ ਬਣੇ ਹਨ। ਜਾਂਚ ਮਗਰੋਂ ਬਠਿੰਡਾ, ਰੋਪੜ ਤੇ ਫ਼ਾਜ਼ਿਲਕਾ ਜ਼ਿਲ੍ਹੇ ਹੀ ਸਿਰਫ਼ ਕੱੁਝ ਲਾਇਸੈਂਸ ਰੱਦ ਕੀਤੇ ਗਏ ਹਨ।
                   ਪੰਜਾਬ ਦੇ ਕਾਲੇ ਦਿਨਾਂ ਦੌਰਾਨ ਵੀ ਪੰਜਾਬ ਵਿਚ ਅਸਲਾ ਲਾਇਸੈਂਸ ਕਾਫ਼ੀ ਬਣੇ ਸਨ।  ਹੁਣ ਜਦੋਂ ਤੋਂ ਗੈਂਗਸਟਰਾਂ ਦੀ ਦਹਿਸ਼ਤ ਵਧੀ ਹੈ, ਉਦੋਂ ਤੋਂ ਮੁੜ ਅਸਲਾ ਲਾਇਸੈਂਸ ਤੇਜ਼ੀ ਨਾਲ ਬਣਨੇ ਸ਼ੁਰੂ ਹੋਏ ਹਨ। ਪੰਜਾਬ ਦੇ ਰਸਦੇ ਪੁੱਜਦੇ ਲੋਕ ਕਾਫ਼ੀ ਵੱਡੀ ਰਾਸ਼ੀ ਹਥਿਆਰ ਖ਼ਰੀਦਣ ’ਤੇ ਖ਼ਰਚ ਕਰ ਰਹੇ ਹਨ। ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਕਈ ਕਤਲਾਂ ਵਿਚ ਲਾਇਸੈਂਸੀ ਹਥਿਆਰ ਹੀ ਵਰਤੇ ਗਏ ਹਨ। ਜੋ ਪੰਜਾਬ ਵਿਚ ਦੋ ਨੰਬਰ ਦਾ ਅਸਲਾ ਹੈ, ਉਸ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ।
         






Sunday, December 9, 2018

                                                           ਸਿਆਸੀ ਸ਼ਤਰੰਜ 
                       ਨਵਜੋਤ ਦੇ ਤਿੱਤਰ, ਕੈਪਟਨ ਦਾ ਘੋੜਾ, ਬਾਦਲਾਂ ਦੇ ਦੁੰਬੇ !
                                                             ਚਰਨਜੀਤ ਭੁੱਲਰ
ਬਠਿੰਡਾ : ਪਾਕਿਸਤਾਨੋਂ ਨਵਜੋਤ ਸਿੱਧੂ ਨੂੰ ਤੋਹਫ਼ੇ ’ਚ ਤਿੱਤਰ ਮਿਲੇ। ਜਦੋਂ ਕੈਪਟਨ ਅਮਰਿੰਦਰ ਮਹਿਲਾ ਮਿੱਤਰ ਦੇ ਮੁਲਕ ਗਏ ਤਾਂ ਉਨ੍ਹਾਂ ਨੂੰ ਤੋਹਫ਼ੇ ’ਚ ਘੋੜਾ ਮਿਲਿਆ। ਇਵੇਂ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨੋਂ ਤੋਹਫ਼ੇ ਚੋਂ ਦੋ ਦੁੰਬੇ ਲੈ ਕੇ ਮੁੜੇ। ਨਵਜੋਤ ਸਿੱਧੂ ਆਖਦਾ ਹੈ ਕਿ ਅਮਰਿੰਦਰ ਨੂੰ ਤਿੱਤਰ ਬੜੇ ਪਸੰਦ ਨੇ। ਕੈਪਟਨ ਦੇ ਮੋਬਾਈਲ ਦੀ ਰਿੰਗ ਟੋਨ ਵੀ ‘ਤਿੱਤਰ’ ਦੀ ਆਵਾਜ਼ ਕੱਢਦੀ ਹੈ। ‘ਤਿੱਤਰ’ ਵਾਲਾ ਤੋਹਫ਼ਾ ਕੈਪਟਨ ਲਈ ਲਿਆਂਦਾ ਹੈ। ਬਿਕਰਮ ਮਜੀਠੀਆ ਨੇ ਤਨਜ਼ ਕਸੀ ਕਿ ‘ਅਮਰਿੰਦਰ ਨੂੰ ਤਿੱਤਰ ਕਰਨ ਲਈ ਨਵਜੋਤ ਕਾਹਲਾ ਹੈ, ਤਾਹੀਓਂ ਤਿੱਤਰ ਦਾ ਤੋਹਫ਼ਾ ਲਿਆਂਦਾ।’  ਤਿੱਤਰ ਵਾਲਾ ਇਸ਼ਾਰਾ ਸਮਝੋ। ਉਂਜ, ਮਜੀਠੀਆ ਨੂੰ ਵੀ ਸਾਬਕਾ ਮੁੱਖ ਮੰਤਰੀ ਬਾਦਲ ਨੇ ਮੌਕੇ ਮੌਕੇ ’ਤੇ ਏਦਾਂ ਦੇ ਇਸ਼ਾਰੇ ਕੀਤੇ ਸਨ। ਜਦੋਂ ਲੋਕ ਸਭਾ ਚੋਣਾਂ ’ਚ ਮਜੀਠੀਆ ਨੂੰ ਬਠਿੰਡੇ ਦੇਖਿਆ ਸੀ ਤਾਂ ਬਾਦਲ ਬੋਲੇ ‘ਕਾਕਾ ਜੀ, ਤੁਸੀਂ ਇੱਥੇ ਕਿਵੇਂ, ਜਾਓ ਆਪਣੇ ਹਲਕੇ ’ਚ’। ਜਲੰਧਰ ਦੇ ਐਨ.ਆਰ.ਆਈ ਸੰਮੇਲਨ ’ਚ ਬਾਦਲ ਵੱਲੋਂ ਮਜੀਠੀਆ ’ਤੇ ਕਸਿਆ ਫ਼ਿਕਰਾ ਵੀ ਕਿਸੇ ਨੂੰ ਭੁੱਲਿਆ ਨਹੀਂ। ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਕਾਹਦਾ ਆਪਣਾ ਕੈਪਟਨ ਦੱਸਿਆ ਕਿ ਪੰਜਾਬ ਵਿਚ ‘ਸਾਡਾ ਕੈਪਟਨ’ ਦੇ ਬੋਰਡਾਂ ਦਾ ਹੜ੍ਹ ਆ ਗਿਆ। ਨਵਜੋਤ ਨੇ ਪਿਤਾ ਦਾ ਦਰਜਾ ਦੇ ਕੇ ਖਹਿੜਾ ਛੜਾਇਆ। ਇਸ਼ਾਰੇ ਤੇ ਤੋਹਫ਼ੇ ਸਿਆਸੀ ਸ਼ਤਰੰਜ ਦੇ ਮੋਹਰੇ ਹੁੰਦੇ ਹਨ। ਇਸੇ ਕਰਕੇ  ਕੌਮਾਂਤਰੀ ਪੱਧਰ ’ਤੇ ਪੁਰਾਣੇ ਸਮਿਆਂ ਤੋਂ ‘ਜਾਨਵਰ ਕੂਟਨੀਤੀ’ ਚੱਲ ਰਹੀ ਹੈ।
             ਜਵਾਹਰ ਲਾਲ ਨਹਿਰੂ ਨੇ ਜਪਾਨ ਨੂੰ ਇਸੇ ਕੂਟਨੀਤੀ ਵਜੋਂ ਛੋਟੇ ਹਾਥੀ ਦਾ ਬੱਚਾ ‘ਇੰਦਰਾ’ ਤੋਹਫ਼ੇ ’ਚ ਦਿੱਤਾ। ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਤੋਹਫ਼ਾ ‘ਸ਼ੰਕਰ’ (ਹਾਥੀ) ਚਰਚਾ ’ਚ ਰਿਹਾ। ਮੰਗੋਲੀਆ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਤੋਹਫ਼ੇ ’ਚ ਮੰਗੋਲੀਅਨ ਘੋੜਾ ਦਿੱਤਾ। ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ਸਾਲ 2000 ਵਿਚ ਤੋਹਫ਼ੇ ਵਿਚ ਦੋ ਸਾਉਦੀ ਘੋੜੇ ਮਿਲੇ। ਵੱਡੇ ਬਾਦਲ ਨੂੰ ਤੋਹਫੇ ’ਚ ਦੋ ਪਾਕਿਸਤਾਨੀ ਦੁੰਬੇ ਮਿਲੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਆਮ ਬੋਲ ਚਾਲ ’ਚ ਭੇਡੂ ਆਖਿਆ। ਜਦੋਂ 2014 ਵਿਚ ਬਾਦਲਾਂ ਦੇ ਘਰ ਪਾਕਿਸਤਾਨੀਂ ਸਾਹੀਵਾਲ ਗਾਵਾਂ, ਝੋਟੇ , ਭੇਡਾਂ ਤੇ ਰਾਵੀ ਮੱਝਾਂ ਪੁੱਜੀਆਂ ਤਾਂ ਉਦੋਂ ਵੀ ਲੋਕਾਂ ਨੇ ਰੌਲਾ ਪਾਇਆ। ਵੱਡੇ ਬਾਦਲ ਨੂੰ ਸਪਸ਼ਟ ਕਰਨਾ ਪਿਆ ਕਿ ਨਸਲ ਸੁਧਾਰ ਲਈ 16.71 ਲੱਖ ਖ਼ਰਚ ਕੇ ਮੁੱਲ ਮੰਗਵਾਏ ਨੇ ਪਸ਼ੂ। ਵਿਰੋਧੀਆਂ  ਨੇ ਤਵੇ ਲਾਏ ਕਿ ਅਕਾਲੀ ਤਾਂ ਪੰਜਾਬ ਦੀ ਨਸਲ ਤਬਾਹ ਕਰ ਗਏ। ਏਨਾ ਸ਼ੁਕਰ ਹੈ ਕਿ ਚਲੋ ਪਸ਼ੂਆਂ ਦੀ ਨਸਲ ਤਾਂ ਸੁਧਾਰੀ, ਨਹੀਂ ਬੇਜੁਬਾਨਾਂ ਦੀ ਤਾਂ ਵਿਰੋਧੀਆਂ ਨੇ ਵੀ ਨਹੀਂ ਸੁਣਨੀ ਸੀ। ਸਰਕਾਰਾਂ ਜਵਾਨੀ ਦੇ ਰੁਜ਼ਗਾਰ ਦਾ ਸੰਸਾ ਕਰਦੀਆਂ ਤਾਂ ਨੌਜਵਾਨ ‘ਬਲਖ ਬੁਖਾਰੇ’ ਦੇ ਰਾਹ ਛੱਡ ‘ਛੱਜੂ ਦੇ ਚੁਬਾਰੇ’ ਦਾ ਸੁੱਖ ਲੈਂਦੇ। ਗੱਲ ਤੇ ਮੁੜੀਏ, ਤੋਹਫ਼ੇ ਵਿਚ ਰਾਵੀ ਮੱਝ ਸੁਖਬੀਰ ਬਾਦਲ ਨੂੰ ਵੀ ਪਾਕਿਸਤਾਨੋਂ ਮਿਲੀ ਸੀ। ਜੋ 2005 ਵਿਚ ਪਾਕਿਸਤਾਨੀ ਘੋੜਾ ਤੋਹਫ਼ੇ ਵਿਚ ਅਮਰਿੰਦਰ ਨੂੰ ਮਿਲਿਆ, ਉਹ ਫਿਲੌਰ ਅਕੈਡਮੀ ਦੇ ਤਬੇਲੇ ਵਿਚ ਖੜ੍ਹਾ ਹੈ। ਤਬੇਲਾ ਤਾਂ ਬਾਦਲਾਂ ਦਾ ਵੀ ਛੋਟਾ ਨਹੀਂ।
                   ਪਿੰਡ ਬਾਦਲ ਦੇ ‘ਗਲੋਬਲ ਵਾੜੇ’ ਵਿਚ ਸਭ ਪਸ਼ੂ ਹਨ। ਵੱਡੇ ਬਾਦਲ ਜਾਨਵਰ ਪ੍ਰੇਮੀ ਹਨ। ਵੱਡੇ ਘਰਾਂ ਦੇ ਵੱਡੇ ਦਰਵਾਜ਼ੇ। ਗੱਲ ਪੁਰਾਣੀ ਹੈ ਕਿ ਇੱਕ ਵਾਰੀ ਬਾਦਲਾਂ ਦੇ ਤਬੇਲੇ ਦੀ ਖੱਚਰ ਬਿਮਾਰ ਹੋ ਗਈ ਤਾਂ ਪਸ਼ੂ ਪਾਲਣ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਵੀ.ਆਈ.ਪੀ ਖੱਚਰ ਨੂੰ ਡਾਕਟਰ ਲੁਧਿਆਣਾ ਲੈ ਕੇ ਗਏ। ਜਦੋਂ ਖੱਚਰ ਨੂੰ ਮੋੜਾ ਪਿਆ ਤਾਂ ਡਾਕਟਰਾਂ ਨੂੰ ਕਿਤੇ ਚੈਨ ਆਇਆ। ਮੁਕਤਸਰ ਦਾ ਜ਼ਿਲ੍ਹਾ ਵੈਟਰਨਰੀ ਹਸਪਤਾਲ ਪਿੰਡ ਬਾਦਲ ਵਿਚ ਬਣਿਆ ਜਦੋਂ ਕਿ ਬਾਕੀ ਪੰਜਾਬ ’ਚ ਜ਼ਿਲ੍ਹਾ ਹੈੱਡਕੁਆਟਰ ’ਤੇ ਬਣੇ ਹੋਏ ਹਨ। ਮੁਲਕ ਵਿਚ ਚਾਰ ਲੱਖ ਡਾਕਟਰਾਂ ਦੀ ਕਮੀ ਹੈ, ਕਿੰਨੇ ਹੀ ਲੋਕ ਇਲਾਜ ਖੁਣੋਂ ਮਰ ਜਾਂਦੇ ਹਨ ਜਿਨ੍ਹਾਂ ਨਾਲੋਂ ਵੀ.ਆਈ.ਪੀ ਖੱਚਰ ਹੀ ਕਿਤੇ ਦਰਜੇ ਚੰਗੀ ਹੈ। ‘ਚਮਕਦੇ ਭਾਰਤ’ ਦਾ ਚੌਕੀਦਾਰ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਉਦੋਂ ਉਨ੍ਹਾਂ ਨੂੰ 18 ਹਜ਼ਾਰ ਤੋਹਫ਼ੇ ਮਿਲੇ ਜਿਨ੍ਹਾਂ ਚੋਂ ਮੋਦੀ ਦਾ ਸੂਟ 4.31 ਕਰੋੜ ਵਿਚ ਵਿਕਿਆ। ਸੁਣਿਐ ਕਿ ਨੀਰਵ ਮੋਦੀ ਨੇ ਸੂਟ ਖ਼ਰੀਦਿਆ। ਫ਼ੌਰਨ ਕੰਟਰੀਬਿਊਸ਼ਨ ਅਸੈਪਟੇਸ਼ਨ ਐਂਡ ਰਿਟੈਂਨਸ ਆਫ਼ ਗਿਫ਼ਟ ਐਂਡ ਪੈ੍ਰਜ਼ਨਟੇਸ਼ਨ ਰੈਗੂਲੇਸ਼ਨ ਐਕਟ 1978 ਤਹਿਤ ਵਿਦੇਸ਼ ਮੰਤਰਾਲਾ ਤੋਹਫ਼ਿਆਂ ਦਾ ਹਿਸਾਬ ਕਿਤਾਬ ਰੱਖਦਾ ਹੈ। ਪੰਜ ਹਜ਼ਾਰ ਤੋਂ ਵੱਧ ਕੀਮਤ ਵਾਲਾ ਤੋਹਫ਼ਾ ਤੋਸ਼ਾਖ਼ਾਨਾ ਵਿਚ ਜਮਾ ਕਰਾਉਣਾ ਪੈਂਦਾ ਹੈ। ਡਾ. ਮਨਮੋਹਨ ਸਿੰਘ ਨੇ 223 ਚੋਂ 169 ਤੋਹਫ਼ੇ ਤੋਸ਼ਾਖਾਨੇ ਵਿਚ ਜਮ੍ਹਾ ਕਰਾਏ ਸਨ।
                  ਵਿਦੇਸ਼ ਮੰਤਰਾਲੇ ਕੋਲ ਤੋਹਫ਼ੇ ’ਚ ਮਿਲੇ ਕਿਸੇ ਭੇਡੂ, ਘੋੜੇ ਤੇ ਮੱਝਾਂ ਦਾ ਕੋਈ ਰਿਕਾਰਡ ਨਹੀਂ ਹੈ। ਗੁਪਤ ਤੋਹਫ਼ਿਆਂ ਦੀ ਕੀਮਤ ਬੇਹਿਸਾਬੀ ਹੁੰਦੀ ਹੈ। ਉੱਤਰਾਖੰਡ ਪੁਲੀਸ ਦਾ ਘੋੜਾ ‘ਸ਼ਕਤੀਮਾਨ’ ਵੀ ਕੋਈ ਘੱਟ ਕੀਮਤੀ ਨਹੀਂ ਸੀ ਜੋ ਭਾਜਪਾ ਵਿਧਾਇਕ ਦੀ ਡਾਂਗ ਨੇ ਢੇਰੀ ਕੀਤਾ ਸੀ। ਇੰਸਪੈਕਟਰ ਸੁਬੋਧ ਕੁਮਾਰ ਵੀ ਉੱਤਰ ਪ੍ਰਦੇਸ਼ ਪੁਲੀਸ ਦਾ  ਸ਼ਕਤੀਮਾਨ ਹੀ ਸੀ ਜੋ ਬੁਲੰਦ ਸ਼ਹਿਰ ਵਿਚ ਹਜ਼ੂਮੀ ਹਿੰਸਾ ਦੀ ਭੇਟ ਚੜ੍ਹਿਆ। ਏਦਾਂ ਜਾਪਦਾ ਹੈ ਕਿ ਜ਼ਿੰਦਗੀ ਦੇ ਤੋਸ਼ਾਖਾਨੇ ਚੋਂ ਸੁਬੋਧ ਕੁਮਾਰ ਮਨਫ਼ੀ ਹੋ ਰਹੇ ਹਨ। ਲੋਕ ਰਾਜ ਨੂੰ ਏਦਾਂ ਦੇ ਤੋਹਫ਼ੇ ਮਿਲਣ ਤਾਂ ਫਿਰ ਬੁਢਾਪਾ ਪੈਨਸ਼ਨਾਂ ’ਚ ਮਾਮੂਲੀ ਵਾਧੇ ਤੇ ਤਾੜੀਆਂ ਮਾਰਨ ਦੀ ਲੋੜ ਨਹੀਂ ਪੈਣੀ। ਨਾ ਕਿਸੇ ਪਟਿਆਲਾ ਮੋਰਚੇ ਦਾ ਪੰਡਾਲ ਸਜਾਉਣਾ ਪਊ। ਨਵਜੋਤ ਸਿੱਧੂ ਦੇ ਤਿੱਤਰ ਕੋਈ ਵੀ ਸਿਆਸੀ ਆਵਾਜ਼ ਕੱਢਣ ਪ੍ਰੰਤੂ ਪਾਕਿਸਤਾਨੋਂ ਆਏ ਭੇਡੂ ਪੰਜਾਬ ਦੇ ਲੋਕਾਂ ਦਾ ਮੂੰਹ ਜ਼ਰੂਰ ਚਿੜਾਉਂਦੇ ਹੋਣਗੇ। ਰਾਜ ਭਾਗ ਵਾਲੇ ਤਾਂ ਆਟਾ ਦਾਲ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਨੂੰ ਹੀ ਤੋਹਫ਼ਾ ਦੱਸ ਰਹੇ ਹਨ। ਤੋਹਫ਼ਿਆਂ ਦੀ ਨਹੀਂ, ਲੋਕਾਂ ਨੂੰ ਸੱਚੇ ਤੇ ਭਰੋਸੇ ਵਾਲੇ ਸ਼ਕਤੀਮਾਨ ਦੀ ਲੋੜ ਹੈ ਜੋ ਉਨ੍ਹਾਂ ਦੇ ਦੁੱਖਾਂ ਦੀ ਦਾਰੂ ਬਣੇ ਅਤੇ ਜਿਸ ਨੂੰ ਗੁਟਕੇ ਦੀ ਸਹੁੰ ਨਾ ਚੁੱਕਣੀ ਪਵੇ।
 



Wednesday, December 5, 2018

                        ਫ਼ੰਡਾਂ ਦਾ ਫੰਡਾ 
  ਸਿਆਸੀ ਮੁਲਾਹਜ਼ੇ ਪਾਲਦੇ ਨੇ ਐਮ.ਪੀਜ਼
                        ਚਰਨਜੀਤ ਭੁੱਲਰ
ਬਠਿੰਡਾ  : ਮੈਂਬਰ ਪਾਰਲੀਮੈਂਟ ਕੇਂਦਰੀ ਫ਼ੰਡ ਵੰਡਣ ’ਚ ਸਿਆਸੀ ਮੁਲਾਹਜ਼ੇ ਵੀ ਪਾਲਦੇ ਹਨ। ਜਦੋਂ ਸਿਆਸੀ ਲਿਹਾਜ਼ਦਾਰੀ ਭਾਰੂ ਹੁੰਦੀ ਹੈ ਤਾਂ ਉਦੋਂ ਐਮ.ਪੀ ਕੋਟੇ ਦੇ ਫ਼ੰਡ ਹਲਕੇ ਦੀ  ਹੱਦ ਟੱਪ ਜਾਂਦੇ ਹਨ। ਇਨ੍ਹਾਂ ਫ਼ੰਡਾਂ ਦਾ ਦੂਸਰੇ ਰਾਜਾਂ ਤੱਕ ਪੁੱਜਣਾ ਆਮ ਬਣ ਗਿਆ ਹੈ। ਐਮ.ਪੀ ਫ਼ੰਡਾਂ ਦੀ ਗਾਈਡ ਲਾਈਨਜ਼ ਅਨੁਸਾਰ ਲੋਕ ਸਭਾ ਮੈਂਬਰ ਆਪਣੇ ਹਲਕੇ ਤੋਂ ਬਾਹਰ 25 ਲੱਖ ਦੇ ਫ਼ੰਡ ਦੇ ਸਕਦਾ ਹੈ। ਇਵੇਂ ਰਾਜ ਸਭਾ ਮੈਂਬਰ ਕਿਧਰੇ ਵੀ ਆਪਣੇ ਫ਼ੰਡ ਵੰਡ ਸਕਦਾ ਹੈ। ਇਹੋ ਨਿਯਮ ਸੰਸਦ ਮੈਂਬਰਾਂ ਨੂੰ ਮੂੰਹ ਮੁਲਾਹਜ਼ਾ ਪਾਲਣ ਦਾ ਰਾਹ ਖੋਲ੍ਹਦੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੇਅਰਮੈਨੀ ਵਾਲੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਪਿੰਡ ਬਾਦਲ ਦੀ ਇਮਾਰਤ ਉਸਾਰੀ ਲਈ 10 ਲੱਖ ਦੇ ਫ਼ੰਡ ਦਿੱਤੇ ਹਨ।  ਰਾਜ ਸਭਾ ਮੈਂਬਰ ਰਾਜ ਬੱਬਰ ਨੇ ਬਾਦਲਾਂ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿਚ 25 ਲੱਖ ਦੇ ਵੰਡ ਦਿੱਤੇ ਹਨ ਜਦੋਂ ਕਿ ਐਮ.ਪੀ ਕੁਮਾਰੀ ਸ਼ੈਲਜਾ (ਅੰਬਾਲਾ) ਨੇ ਮੁਕਤਸਰ ਜ਼ਿਲ੍ਹੇ ਨੂੰ 21.22 ਲੱਖ ਦੇ ਫ਼ੰਡ ਜਾਰੀ ਕੀਤੇ। ਐਮ.ਪੀ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਇਸ ਜ਼ਿਲ੍ਹੇ ਨੂੰ 29.50 ਲੱਖ ਦੀ ਗਰਾਂਟ ਦਿੱਤੀ ਹੈ। ਐਮ.ਪੀ ਨਰੇਸ਼ ਗੁਜਰਾਲ ਨੇ ਸਭ ਤੋਂ ਵੱਧ ਫ਼ੰਡ ਬਾਦਲਾਂ ਦੇ ਹਲਕੇ ਵਿਚ ਭੇਜੇ ਹਨ।
                  ਵੇਰਵਿਆਂ ਅਨੁਸਾਰ ਸ੍ਰੀ ਗੁਜਰਾਲ ਨੇ ਸਾਲ 2011-12 ਤੋਂ ਹੁਣ ਤੱਕ ਬਠਿੰਡਾ,ਮਾਨਸਾ ਤੇ ਮੁਕਤਸਰ ਜ਼ਿਲ੍ਹੇ ਨੂੰ 12 ਕਰੋੜ ਤੋਂ ਉੱਪਰ ਫ਼ੰਡ ਭੇਜੇ ਹਨ ਜਿਨ੍ਹਾਂ ਵਿਚ ਪਿੰਡ ਬਾਦਲ ਦੇ ਕਾਲਜ ਨੂੰ ਦਿੱਤੇ 15 ਲੱਖ ਵੀ ਸ਼ਾਮਿਲ ਹਨ। ਬਿਹਾਰ ਦੇ ਇੱਕ ਐਮ.ਪੀ ਨੇ ਵੀ ਜ਼ਿਲ੍ਹਾ ਮੁਕਤਸਰ ਵਿਚ 25 ਲੱਖ ਦੇ ਫ਼ੰਡ ਦਿੱਤੇ ਹਨ। ਐਮ.ਪੀ ਬਲਵਿੰਦਰ ਸਿੰਘ ਭੂੰਦੜ ਨੇ ਵੀ ਪਿੰਡ ਬਾਦਲ ਦੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਨੂੰ ਪੰਜ ਲੱਖ ਰੁਪਏ ਸਮੇਤ ਪਿੰਡ ਨੂੰ 15 ਲੱਖ ਅਤੇ ਪਿੰਡ ਮਲੂਕਾ ਵਿਚ 12 ਲੱਖ ਦੇ ਫ਼ੰਡ ਭੇਜੇ ਹਨ। ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਵਿਧਾਇਕ ਲੜਕੇ ਦੇ ਹਲਕਾ ਸਨੌਰ ਨੂੰ ਕਰੀਬ 43 ਲੱਖ ਦੇ ਫ਼ੰਡ ਦਿੱਤੇ ਹਨ। ਐਮ.ਪੀ ਰਵਨੀਤ ਬਿੱਟੂ ਨੇ ਆਪਣੇ ਹਲਕੇ ਤੋਂ ਬਾਹਰ 90 ਲੱਖ ਦੇ ਫ਼ੰਡ ਦਿੱਤੇ ਹਨ ਜਿਨ੍ਹਾਂ ਚੋਂ 21 ਲੱਖ ਰੁਪਏ ਜ਼ਿਲ੍ਹਾ ਅੰਮ੍ਰਿਤਸਰ ਵਿਚ ਭੇਜੇ ਗਏ ਹਨ। ਇਸੇ ਤਰ੍ਹਾਂ ‘ਆਪ’ ਦੇ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ 21 ਲੱਖ ਦੇ ਫ਼ੰਡ ਪਟਿਆਲਾ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਦਿੱਤੇ ਹਨ।  ਹਲਕਾ ਫ਼ਿਰੋਜ਼ਪੁਰ ’ਤੇ ਬਾਹਰਲੇ ਪੈਸੇ ਦਾ ਤਾਂ ਮੀਂਹ ਹੀ ਵਰ੍ਹਿਆ ਹੈ। ਐਮ.ਪੀ ਸ੍ਰੀ ਐੱਚ. ਕੇ. ਦੂਆ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 4.24 ਕਰੋੜ ਦੇ ਫ਼ੰਡ ਦਿੱਤੇ ਹਨ ਜਦੋਂ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ 1.23 ਕਰੋੜ, ਰਤਨ ਸਿੰਘ ਅਜਨਾਲਾ ਨੇ 1.70 ਕਰੋੜ,ਅੰਬਿਕਾ ਸੋਨੀ ਨੇ 1.26 ਕਰੋੜ ਇਸ ਜ਼ਿਲ੍ਹੇ ਵਿਚ ਵੰਡੇ ਹਨ।
                  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਹਲਕੇ ਤੋਂ ਬਾਹਰ ਉੱਤਰਾਖੰਡ ਦੇ ਜ਼ਿਲ੍ਹਾ ਰੁਦਰਪਰਿਆਗ ਦੇ ਡਿਪਟੀ ਕਮਿਸ਼ਨਰ ਨੂੰ ਸੌਦ (ਨਗਰਾਸੂ) ਲਈ 25 ਲੱਖ ਰੁਪਏ ਅਤੇ ਉਸ ਤੋਂ ਪਹਿਲਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ 10 ਲੱਖ ਦੇ ਫ਼ੰਡ ਦਿੱਤੇ। ਐਮ.ਪੀ ਭਗਵੰਤ ਮਾਨ ਨੇ ਪੀ.ਜੀ.ਆਈ ਚੰਡੀਗੜ੍ਹ ਲਈ ਸੈਂਕੜੇ ਸਟਰੈਚਰ ਖ਼ਰੀਦ ਕੇ ਦਿੱਤੇ ਹਨ ਅਤੇ ਇਵੇਂ ਉਨ੍ਹਾਂ ਹਲਕੇ ਤੋਂ ਬਾਹਰ ਹੋਰ 15 ਲੱਖ ਭੇਜੇ ਹਨ।  ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਹਲਕਾ ਲੰਬੀ ਲਈ ਕਰੀਬ 55 ਲੱਖ ਰੁਪਏ ਦੇ ਫ਼ੰਡ ਦਿੱਤੇ ਜਿਨ੍ਹਾਂ ਚੋਂ ਪਿੰਡ ਬਾਦਲ ਦੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਅਤੇ ਖੇਡਾਂ ਲਈ 19 ਲੱਖ ਦੇ ਫ਼ੰਡ ਦਿੱਤੇ। ਦੂਸਰੀ ਤਰਫ਼ ਹਰਿਆਣਾ ਦੇ ਐਮ.ਪੀ ਈਸ਼ਵਰ ਸਿੰਘ ਨੇ ਜ਼ਿਲ੍ਹਾ ਸੰਗਰੂਰ ਵਿਚ 5 ਲੱਖ ਦੇ ਫ਼ੰਡ ਭੇਜੇ ਹਨ। ਦੱਸਣਯੋਗ ਹੈ ਕਿ ਐਮ.ਪੀ ਗੁਰਜੀਤ ਸਿੰਘ ਅੌਜਲਾ ਵੱਲੋਂ ਚੰਡੀਗੜ੍ਹ ਦੇ ਗੌਲਫ਼ ਕਲੱਬ ਨੂੰ 20 ਲੱਖ ਦੀ ਗਰਾਂਟ ਦਿੱਤੇ ਜਾਣ ਦਾ ਵਿਵਾਦ ਉੱਠਿਆ ਸੀ ਅਤੇ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਸਾਲ 2012 ਵਿਚ ਸਨਾਵਰ ਸਕੂਲ ਨੂੰ ਇੱਕ ਕਰੋੜ ਦੇ ਫ਼ੰਡ ਦੇਣ ਦਾ ਮਾਮਲਾ ਹਾਈਕੋਰਟ ਪੁੱਜ ਗਿਆ ਸੀ। ਸੂਤਰ ਆਖਦੇ ਹਨ ਕਿ ਸਿਰਫ਼ ਲਿਹਾਜ਼ਾਂ ਪਾਲਣ ਖ਼ਾਤਰ ਵੀ ਸੰਸਦੀ ਕੋਟੇ ਦੇ ਫ਼ੰਡਾਂ ਦਾ ਇਸਤੇਮਾਲ ਹੁੰਦਾ ਹੈ।
                   ਨਿਯਮ ਵੀ ਤੋੜਦੇ ਨੇ ਐਮ.ਪੀਜ਼
ਸੰਸਦ ਮੈਂਬਰਾਂ ਵੱਲੋਂ ਕਈ ਵਾਰ ਸਿਆਸੀ ਫ਼ਾਇਦੇ ਖ਼ਾਤਰ ਐਮ.ਪੀ ਫ਼ੰਡ ਗਾਈਡ ਲਾਈਨਜ਼ ਦੀ ਹੱਦ ਵੀ ਉਲੰਘ ਦਿੱਤੀ ਜਾਂਦੀ ਹੈ। ਜਿਵੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਿਯਮਾਂ ਦੇ ਦਾਇਰੇ ਤੋਂ ਬਾਹਰ ਜਾ ਕੇ 15ਵੀਂ ਲੋਕ ਸਭਾ ਦੌਰਾਨ 61.20 ਲੱਖ ਰੁਪਏ ਅਤੇ 16ਵੀਂ ਲੋਕ ਸਭਾ ਦੌਰਾਨ 94.27 ਲੱਖ ਰੁਪਏ ਦੇ ਫ਼ੰਡ ਸਿਫ਼ਾਰਸ਼ ਕਰ ਦਿੱਤੇ ਸਨ ਜਿਨ੍ਹਾਂ ਨੂੰ ਕੈਂਸਲ ਕਰਕੇ ਰਾਸ਼ੀ ਵਾਪਸ ਮੰਗਵਾਈ ਗਈ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਵਿਚ ਨਿਯਮਾਂ ਤੋਂ ਉਲਟ 23.30 ਲੱਖ ਰੁਪਏ ਫ਼ੰਡ ਦਿੱਤੇ ਗਏ ਜੋ ਮਗਰੋਂ ਨੋਡਲ ਜ਼ਿਲ੍ਹੇ ਨੂੰ ਵਾਪਸ ਭੇਜ ਦਿੱਤੇ ਗਏ।
 

Tuesday, December 4, 2018

                   ਸਕੂਲ ਕਿਧਰ ਜਾਣ..
 ਗਲੀਆਂ ਨਾਲੀਆਂ ਤੋਂ ਵਾਰੇ ਕੇਂਦਰੀ ਫ਼ੰਡ
                      ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਐਮ.ਪੀਜ਼ ਨੇ ਗਲੀਆਂ ਨਾਲੀਆਂ ਲਈ ਕੇਂਦਰੀ ਫ਼ੰਡ ਪਾਣੀ ਵਾਂਗ ਵਹਾਏ ਜਦੋਂ ਕਿ ਵਿੱਦਿਆ ਦੇ ਮੰਦਰਾਂ ਨੂੰ ਹੱਥ ਘੁੱਟ ਕੇ ਪੈਸਾ ਦਿੱਤਾ। ਸਿਆਸੀ ਲਹਿਜ਼ੇ ਤੋਂ ਵਧੇਰੇ ਲੋਕਾਂ ਨੂੰ ਖ਼ੁਸ਼ ਕਰਨ ਦੇ ਚੱਕਰ ’ਚ ਫ਼ੰਡਾਂ ਦੀ ਅਸਾਵੀਂ ਵੰਡ ਹੋਈ ਹੈ। ਪੁਸਤਕਾਲੇ ਤਾਂ ਐਮ.ਪੀਜ਼ ਨੇ ਆਪਣੇ ਫ਼ੰਡਾਂ ਤੋਂ ਦੂਰ ਹੀ ਰੱਖੇ ਹਨ। ਪੰਜਾਬ ਦੇ ਮੌਜੂਦਾ ਲੋਕ ਸਭਾ ਐਮ.ਪੀਜ਼ ਤਰਫ਼ੋਂ ਹੁਣ ਤੱਕ 180.65 ਕਰੋੜ ਦੇ ਫ਼ੰਡ ਪ੍ਰਵਾਨ ਕੀਤੇ ਗਏ ਹਨ ਜਿਨ੍ਹਾਂ ਚੋਂ ਸਿੱਖਿਆ ਦੇ ਹਿੱਸੇ ਸਿਰਫ਼ 22 ਕਰੋੜ ਆਏ ਹਨ ਜਦੋਂ ਕਿ ਹੋਰਨਾਂ ਪਬਲਿਕ ਸੁਵਿਧਾਵਾਂ ਲਈ 55.24 ਕਰੋੜ ਜਾਰੀ ਕੀਤੇ ਗਏ ਹਨ। ਐਮ.ਪੀ ਡਾ.ਧਰਮਵੀਰ ਗਾਂਧੀ ਨੇ ਫ਼ੰਡ ਵੰਡਣ ਦੇ ਮਾਮਲੇ ਵਿਚ ਨਵੇਂ ਰਾਹ ਬਣਾਏ ਹਨ।  ਉਪ ਅਰਥ ਅਤੇ ਅੰਕੜਾ ਸਲਾਹਕਾਰਾਂ ਤੋਂ ਪ੍ਰਾਪਤ ਆਰ.ਟੀ.ਆਈ ਸੂਚਨਾ ਅਨੁਸਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਾਇਬੇ੍ਰਰੀਆਂ ਲਈ ਸਿਰਫ਼ ਦੋ ਲੱਖ ਦੇ ਫ਼ੰਡ ਜਾਰੀ ਕੀਤੇ ਅਤੇ ਸਿੱਖਿਆ ਸੈਕਟਰ ਲਈ 98.46 ਲੱਖ ਦੇ ਫ਼ੰਡ ਆਪਣੇ ਸੰਸਦੀ ਕੋਟੇ ਦੇ ਫ਼ੰਡਾਂ ਚੋਂ ਦਿੱਤੇ। ਦੂਸਰੀ ਤਰਫ਼ ਉਨ੍ਹਾਂ 5.21 ਕਰੋੜ ਰੁਪਏ ਗਲੀਆਂ ਨਾਲੀਆਂ ਲਈ ਵੰਡੇ ਹਨ। ਹਲਕਾ ਲੰਬੀ ਲਈ ਤਾਂ ਹਰਸਿਮਰਤ ਨੇ ਸਿਰਫ਼ ਇੱਕ ਲੱਖ ਰੁਪਏ ਦੇ ਫ਼ੰਡ ਵਿੱਦਿਆ ਖੇਤਰ ਲਈ ਦਿੱਤੇ ਹਨ।
                  ਫ਼ਿਰੋਜ਼ਪੁਰ ਤੋਂ ਐਮ.ਪੀ ਸ਼ੇਰ ਸਿੰਘ ਘੁਟਾਇਆ ਨੇ ਜ਼ਿਲ੍ਹਾ ਮੁਕਤਸਰ ਵਿਚ ਵਿੱਦਿਆ ਦੇ ਮੰਦਰਾਂ ਤੇ ਲਾਇਬੇ੍ਰਰੀਆਂ ਲਈ ਇੱਕ ਪੈਸਾ ਵੀ ਨਹੀਂ ਦਿੱਤਾ ਜਦੋਂ ਕਿ ਗਲੀਆਂ ਨਾਲੀਆਂ ਲਈ 32.65 ਲੱਖ ਦੇ ਫ਼ੰਡ ਦਿੱਤੇ ਹਨ।  ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜ਼ਿਲ੍ਹਾ ਤਰਨਤਾਰਨ ਵਿਚ ਸਿਰਫ਼ ਡੇਢ ਲੱਖ ਰੁਪਏ ਲਾਇਬਰੇਰੀ ਲਈ ਦਿੱਤੇ ਅਤੇ 1.18 ਕਰੋੜ ਸਿੱਖਿਆ ਵਾਸਤੇ ਦਿੱਤੇ ਜਦੋਂ ਕਿ ਗਲੀਆਂ ਨਾਲੀਆਂ ਤੇ ਅਪਰੋਚ ਰੋਡ ਲਈ 12.22 ਕਰੋੜ ਰੁਪਏ ਜਾਰੀ ਕੀਤੇ ਹਨ। ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਜ਼ਿਲ੍ਹਾ ਕਪੂਰਥਲਾ ਵਿਚ ਲਾਇਬੇ੍ਰਰੀਆਂ ਲਈ ਕੋਈ ਫ਼ੰਡ ਨਹੀਂ ਦਿੱਤਾ ਜਦੋਂ ਕਿ ਗਲੀਆਂ ਨਾਲੀਆਂ ਖ਼ਾਤਰ 1.35 ਕਰੋੜ ਜਾਰੀ ਕੀਤੇ ਹਨ। ਸਾਂਪਲਾ ਨੇ ਸਿੱਖਿਆ ਸੈਕਟਰ ਲਈ 38.47 ਲੱਖ ਰੁਪਏ ਜ਼ਿਲ੍ਹਾ ਕਪੂਰਥਲਾ ਵਿਚ ਵੰਡੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਾਂਪਲਾ ਨੇ ਗਲੀਆਂ ਨਾਲੀਆਂ ਲਈ 8.75 ਕਰੋੜ ਦਿੱਤੇ ਹਨ ਜਦੋਂ ਕਿ ਇਸ ਜ਼ਿਲ੍ਹੇ ਵਿਚ ਸਿੱਖਿਆ ਤੇ ਲਾਇਬੇ੍ਰਰੀਆਂ ਦੇ ਹਿੱਸੇ ਸਿਰਫ਼ 1.27 ਕਰੋੜ ਆਏ। ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਹਾਲੀ ਜ਼ਿਲ੍ਹੇ ਵਿਚ ਗਲੀਆਂ ਨਾਲੀਆਂ ਲਈ 5.08 ਕਰੋੜ ਦੇ ਫ਼ੰਡ ਦਿੱਤੇ ਹਨ ਜਦੋਂ ਕਿ ਸਿੱਖਿਆ ਲਈ 48.04 ਲੱਖ ਅਤੇ ਲਾਇਬ੍ਰੇਰੀਆਂ ਲਈ 14 ਲੱਖ ਰੁਪਏ ਦਿੱਤੇ ਗਏ ਹਨ।
                 ‘ਆਪ’ ਦੇ ਐਮ.ਪੀ ਪ੍ਰੋ.ਸਾਧੂ ਸਿੰਘ ਨੇ ਜ਼ਿਲ੍ਹਾ ਮੁਕਤਸਰ ਵਿਚ ਸਿੱਖਿਆ ਲਈ 54.50 ਲੱਖ ਰੁਪਏ ਅਤੇ ਲਾਇਬ੍ਰੇਰੀਆਂ ਲਈ 3.50 ਲੱਖ ਦੇ ਫ਼ੰਡ ਵੰਡੇ ਲੇਕਿਨ ਉਨ੍ਹਾਂ ਨੇ ਗਲੀਆਂ ਨਾਲੀਆਂ ਲਈ ਮੁਕਤਸਰ ਜ਼ਿਲ੍ਹੇ ਵਿਚ 15.20 ਲੱਖ ਰੁਪਏ ਦੇ ਫ਼ੰਡ ਹੀ ਜਾਰੀ ਕੀਤੇ। ਸਾਧੂ ਸਿੰਘ ਨੇ ਜ਼ਿਲ੍ਹਾ ਮੋਗਾ ਵਿਚ ਵੀ ਸਿੱਖਿਆ ਨੂੰ ਵੱਧ 2.77 ਕਰੋੜ ਅਤੇ ਗਲੀਆਂ ਨਾਲੀਆਂ ਨੂੰ ਸਿਰਫ਼ 68.78 ਕਰੋੜ ਰੁਪਏ ਦੇ ਫ਼ੰਡ ਜਾਰੀ ਕੀਤੇ ਗਏ। ਇਸ ਜ਼ਿਲ੍ਹੇ ਵਿਚ ਉਨ੍ਹਾਂ ਨੇ ਲਾਇਬੇ੍ਰਰੀਆਂ ਲਈ 10.50 ਲੱਖ ਦਿੱਤੇ। ਰਾਜ ਸਭਾ ਦੇ ਐਮ.ਪੀ ਬਲਵਿੰਦਰ ਸਿੰਘ ਭੂੰਦੜ ਨੇ ਵੀ ਗਲੀਆਂ ਨਾਲੀਆਂ ਲਈ ਮਾਨਸਾ ਜ਼ਿਲ੍ਹੇ ਵਿਚ 8.70 ਕਰੋੜ ਰੁਪਏ ਅਤੇ ਸਿੱਖਿਆ ਸੈਕਟਰ ਲਈ ਡੇਢ ਕਰੋੜ ਦੇ ਫ਼ੰਡ ਦਿੱਤੇ ਹਨ। ਲਾਇਬੇ੍ਰਰੀਆਂ ਲਈ ਭੂੰਦੜ ਨੇ 15.98 ਲੱਖ ਦੀ ਗਰਾਂਟ ਦਿੱਤੀ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਾਲ 2010 ਤੋਂ 30 ਸਤੰਬਰ 2018 ਤੱਕ ਗਲੀਆਂ ਨਾਲੀਆਂ ਲਈ 5.39 ਕਰੋੜ ਰੁਪਏ ਵੰਡੇ ਅਤੇ ਸਿੱਖਿਆ ਲਈ 1.77 ਕਰੋੜ ਦੇ ਫ਼ੰਡ ਦਿੱਤੇ ਹਨ। ਲਾਇਬੇ੍ਰਰੀਆਂ ਲਈ ਸਭ ਤੋਂ ਵੱਧ ਫ਼ੰਡ 49.50 ਲੱਖ ਰੁਪਏ ਢੀਂਡਸਾ ਨੇ ਜਾਰੀ ਕੀਤੇ ਹਨ। ਇਹੋ ਗੱਲ ਉੱਭਰੀ ਹੈ ਕਿ ਲੋਕਾਂ ਨੂੰ ਚੇਤੰਨ ਕਰਨ ਵਾਲੇ ਅਦਾਰਿਆਂ ਨੂੰ ਸੰਸਦੀ ਮੈਂਬਰਾਂ ਨੇ ਫ਼ੰਡ ਘੱਟ ਦਿੱਤੇ ਹਨ।
        ਪਟਿਆਲਾ ਤੋਂ ਐਮ.ਪੀ ਡਾ.ਧਰਮਵੀਰ ਗਾਂਧੀ ਨੇ ਨਵੀਆਂ ਪਿਰਤਾਂ ਪਾਈਆਂ ਹਨ ਜਿਨ੍ਹਾਂ ਨੇ 25 ਕਰੋੜ ਦੇ ਫ਼ੰਡ ਸਭ ਤੋਂ ਪਹਿਲਾਂ ਵੰਡ ਦਿੱਤੇ ਹਨ ਅਤੇ ਉਨ੍ਹਾਂ ਨੇ ਸਭ ਤੋਂ ਵੱਧ ਪੈਸਾ ਕਰੀਬ 13 ਕਰੋੜ ਰੁਪਏ ਇਕੱਲੇ ਸਿੱਖਿਆ ਖੇਤਰ ਵਿਚ ਦਿੱਤੇ ਹਨ। ਕਰੀਬ 4 ਕਰੋੜ ਰੁਪਏ ਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬੈਂਚ ਭੇਜੇ ਹਨ। ਗਲੀਆਂ ਨਾਲੀਆਂ ਨੂੰ ਉਨ੍ਹਾਂ ਨੇ ਕਰੀਬ ਦੋ ਕਰੋੜ ਦਿੱਤੇ ਹਨ। ਇਸੇ ਤਰ੍ਹਾਂ ਐਮ.ਪੀ ਭਗਵੰਤ ਮਾਨ ਲਈ ਸਿੱਖਿਆ ਲਈ 6.31 ਕਰੋੜ ਦੇ ਫ਼ੰਡ ਵੰਡੇ ਜਦੋਂ ਕਿ ਗਲੀਆਂ ਨਾਲੀਆਂ ਲਈ ਸਿਰਫ਼ 1.39 ਕਰੋੜ ਜਾਰੀ ਕੀਤੇ। ਲਾਇਬੇ੍ਰਰੀਆਂ ਲਈ 44.86 ਲੱਖ ਦੇ ਫ਼ੰਡ ਦਿੱਤੇ। ਸੰਸਦ ਮੈਂਬਰਾਂ ਦਾ ਤਰਕ ਹੈ ਕਿ ਲੋਕਾਂ ਵੱਲੋਂ ਫ਼ੰਡਾਂ ਦੀ ਮੰਗ ਹੀ ਗਲੀਆਂ ਨਾਲੀਆਂ ਵਾਸਤੇ ਕੀਤੀ ਜਾਂਦੀ ਹੈ ਅਤੇ ਪੇਂਡੂ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਵੱਲੋਂ ਫ਼ੰਡ ਜਾਰੀ ਕੀਤੇ ਜਾਂਦੇ ਹਨ।
                  ਦੇਖੋ ਦੇਖ ਗ਼ਲਤ ਰੀਤ ਪਈ : ਅਰਸ਼ੀ
ਕਮਿਊਨਿਸਟ ਆਗੂ ਅਤੇ ਬੈਸਟ ਵਿਧਾਨਕਾਰ ਰਹੇ ਸ੍ਰੀ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਅਸਲ ਵਿਚ ਬਾਦਲ ਦੇ ਸੰਗਤ ਦਰਸ਼ਨਾਂ ਤੋਂ ਏਦਾਂ ਦੀ ਰੀਤ ਪਈ ਹੈ ਕਿ ਦੇਖੋ ਦੇਖ ਸਭ ਹੁਣ ਗਲੀਆਂ ਨਾਲੀਆਂ ਨੂੰ ਹੀ ਪੈਸੇ ਵੰਡ ਰਹੇ ਹਨ ਜਿਸ ਚੋਂ ਕਾਫ਼ੀ ਪੈਸਾ ਖ਼ੁਰਦ ਬੁਰਦ ਵੀ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਐਮ.ਪੀਜ਼ ਲਈ ਫ਼ੰਡਾਂ ਦੇ ਲਿਹਾਜ਼ ਤੋਂ ਵਿੱਦਿਅਕ ਅਦਾਰੇ, ਸਪੋਰਟਸ ਅਤੇ ਲਾਇਬੇ੍ਰਰੀਆਂ ਤਰਜੀਹੀ ਹੋਣੀਆਂ ਚਾਹੀਦੀਆਂ ਹਨ।





Sunday, December 2, 2018

                            ਵਿਚਲੀ ਗੱਲ
               ਡੂੰਘੇ ਵੈਣਾਂ ਦਾ ਕੀ ਮਿਣਨਾ...
                          ਚਰਨਜੀਤ ਭੁੱਲਰ
ਬਠਿੰਡਾ : ਉਹ ਦਿਨ ਕਿਆਮਤ ਤੋਂ ਘੱਟ ਨਹੀਂ ਹੁੰਦੇ ਜਦੋਂ ਲਾਸ਼ਾਂ ਰੁਲ ਜਾਣ ਤੇ ਅਸਥੀਆਂ ਨੂੰ ਝੂਰਨਾ ਪਵੇ।। ਉਦੋਂ ਜ਼ਿੰਦਗੀ ਮਿੱਟੀ ਹੋ ਜਾਂਦੀ ਹੈ, ਅਰਮਾਨ ਮਰ ਜਾਂਦੇ ਹਨ ਤੇ ਅੱਥਰੂ ਅੱਖਾਂ ਦੇ ਕੋਇਆਂ ‘ਤੇ ਹੀ ਸੁੱਕ ਜਾਂਦੇ ਹਨ।। ਮਨੁੱਖੀ ਜਾਮਾ ਤਾਂ ਨਸੀਬ ਹੋਇਆ। ਚੈਨ ਤਾਂ ਮਰ ਕੇ ਵੀ ਨਸੀਬ ਨਹੀਂ ਹੋ ਰਿਹਾ। ਕੋਈ ਆਖਦਾ ਹੋਣੀ ਹਾਰ ਗਈ। ਦਾਣਾ ਪਾਣੀ ਮੁੱਕ ਗਿਆ। ਜਦੋਂ ਹਕੂਮਤ ‘ਯਮਦੂਤ’ ਬਣ ਜਾਏ ਤਾਂ ਉਦੋਂ ਰਾਮ ਲੀਲਾ ਮੈਦਾਨ ’ਚ ਖੋਪੜੀਆਂ ਨੂੰ ਆਉਣਾ ਪੈਂਦਾ। ਖੇਤਾਂ ਦੇ ਰਾਜੇ ਹੁੰਦੇ ਤਾਂ ਖੋਪੜੀਆਂ ਨੂੰ ਦਿੱਲੀ ਨਾ ਆਉਣਾ ਪੈਂਦਾ। ਦਿੱਲੀ ਦੇ ਕਿਸਾਨ ਮੁਜ਼ਾਹਰੇ ’ਚ ਖ਼ੁਦਕੁਸ਼ੀ ਕਰਨ ਵਾਲੇ ਦੋ ਕਿਸਾਨਾਂ ਦੀਆਂ ਖੋਪੜੀਆਂ ਵੀ ਕੁੱਦੀਆਂ ਹਨ। ਸਿਰਫ਼ ਕੇਂਦਰ ਦੀ ਖੋਪੜੀ ਨੂੰ ਹਲੂਣਾ ਦੇਣ ਲਈ। ਪੰਜਾਬ ਤਾਂ ਕਿਸਾਨਾਂ ਦੀ ‘ਸ਼ਮਸ਼ਾਨ ਭੂਮੀ’ ਬਣ ਗਿਆ ਹੈ। ਐਵੇਂ ਪੈਰਾਂ ਹੇਠੋਂ ਜ਼ਮੀਨ ਨਹੀਂ ਖਿਸਕੀ। ਉਦੋਂ ਨਸੀਬਾਂ ਨੂੰ ਕਾਹਦਾ ਦੋਸ਼ ਜਦੋਂ ਸਿਆਸੀ ਰੋਟੀਆਂ ਸੇਕਣ ਵਾਲੇ ਭੁੱਲ ਬੈਠਣ ਕਿ ਸਿਵਿਆਂ ਦੀ ਅੱਗ ਤੋਂ ਵੱਡੀ ਢਿੱਡ ਦੀ ਅੱਗ ਹੁੰਦੀ ਹੈ। ਜਿਉਂਦ ਦੇ ਕਿਸਾਨ ਟੇਕ ਸਿੰਘ ਦੀ ਲਾਸ਼ ਨੂੰ 20 ਦਿਨ, ਪ੍ਰੀਤਮ ਛਾਜਲੀ ਦੀ ਲਾਸ਼ ਨੂੰ ਮਹੀਨਾ, ਜਲੂਰ ਕਾਂਡ ਵਾਲੀ ਗੁਰਦੇਵ ਕੌਰ ਦੀ ਲਾਸ਼ ਨੂੰ ਸਵਾ ਮਹੀਨਾ ਮਿੱਟੀ ਨਸੀਬ ਨਹੀਂ ਹੋਈ ਸੀ। ਲਹਿਰਾ ਧੂਰਕੋਟ ਦੇ ਕਿਸਾਨ ਨੂੰ 27 ਦਿਨਾਂ ਮਗਰੋਂ ਮਿੱਟੀ ਜੁੜੀ। ਨਿਆਂ ਖ਼ਾਤਰ ਲਾਸ਼ਾਂ ਸੜਕਾਂ ’ਤੇ ਉੱਤਰਨ ਤਾਂ ਉਦੋਂ ਪਿੱਛੇ ਕੱੁਝ ਨਹੀਂ ਬਚਦਾ।
                    ਜਦੋਂ ਨਹਿਰੀ ਮੋਘਿਆਂ ’ਚ ਲਾਸ਼ਾਂ ਫਸਦੀਆਂ ਹੋਣ, ਸਿਹਤ ਕੇਂਦਰ ਖ਼ਾਲੀ ਖੜਕਣ, ਸਿਵੇ ਠੰਢੇ ਹੋਣ ਨੂੰ ਤਰਸਣ, ਹਵਾਈ ਅੱਡਿਆਂ ’ਤੇ ਤਾਬੂਤਾਂ ਲਈ ਲਾਈਨਾਂ ਲੱਗਣ, ਫਿਰ ਕਾਹਦਾ ਰੰਗਲਾ ਪੰਜਾਬ।  ਲੁਧਿਆਣਾ ਦੇ ਜਸਵਿੰਦਰ ਦੀ ਲਾਸ਼ ਦੋ ਵਰ੍ਹਿਆਂ ਤੋਂ ਦਿੱਲੀ ਦੇ ਹਸਪਤਾਲ ਦੇ ’ਚ ਪਈ ਹੈ। ਪਰਿਵਾਰ ਨੂੰ ਮੁੰਡੇ ਦੀ ਮਿੱਟੀ ਸਮੇਟਣ ਲਈ ਅਦਾਲਤ ਜਾਣਾ ਪਿਆ। ਜਿਨ੍ਹਾਂ ਜਿਉਂਦੇ ਜੀਅ ਲਾਸ਼ ਬਣਾ ਦਿੱਤਾ ਉਨ੍ਹਾਂ ਨੂੰ ਮੋਇਆ ਦੀ ਕਾਹਦੀ ਪ੍ਰਵਾਹ। ਬਾਹਰੀ ਤਾਕਤਾਂ ਤੋਂ ਨਹੀਂ, ਅੰਦਰੋਂ ਤੋਂ ਤਾਂ ਹੁਣ ਅਸਥੀਆਂ ਵੀ ਖ਼ਤਰੇ ’ਚ  ਹਨ। ਜਲੰਧਰ ’ਚ ਕੱੁਝ ਅਰਸਾ ਪਹਿਲਾਂ ਬਜ਼ੁਰਗ ਦੀਆਂ ਅਸਥੀਆਂ ਨੂੰ ਹੀ ਚੋਰ ਲੈ ਗਏ। ਪਿੰਡ ਸਾਦੀਪੁਰ (ਯਮੁਨਾਨਗਰ) ’ਚ ਅਸਥੀਆਂ ਚੋਰੀ ਕਰਦੇ ਤਿੰਨ ਚੋਰ ਫੜੇ ਸਨ। ਭਰਤਪੁਰ ਦੇ ਸਿਵਿਆਂ ਚੋਂ ਤਿੰਨ ਅੌਰਤਾਂ ਦੇ ਅੰਗੀਠੇ ਦੀ ਰਾਖ ਹੀ ਲੈ ਗਏ। ਰਾਖ ਚੋਂ ਚੋਰ ਗਹਿਣੇ ਲੱਭਦੇ ਰਹੇ। ਉਦੋਂ ਵੀ ਤਾਂ ਮੱਥੇ ’ਤੇ ਹੱਥ ਵੱਜਦਾ ਹੈ ਜਦੋਂ ‘ਡੈੱਥ ਸਰਟੀਫਿਕੇਟ’ ਬਣਨ ਦੀਆਂ ਮੁਬਾਰਕਾਂ ਡੀਸੀ ਦੇਵੇ। ਧੌਲਾ ਦੀ ਗ਼ਰੀਬ ਮਹਿਲਾ ਦਾ ਪਤੀ ਗੁਜ਼ਰਿਆ ਤਾਂ ਮੌਤ ਦੀ ਲਿਖਤੀ ਪੁਸ਼ਟੀ ਪੰਚਾਇਤ ਨੇ ਕੀਤੀ। ਪਤਾਲਪੁਰੀ ਤੋਂ ਫੁੱਲਾਂ ਦੀ ਰਸ਼ੀਦ ਲੈ ਆਈ। ਕਿਸੇ ਨੇ ਨਾ ਸੁਣੀ। ਆਖ਼ਰ ਵੱਡੀ ਸਿਫ਼ਾਰਸ਼ ਕਰਾਉਣੀ ਪਈ। ਤਾਹੀਓਂ ਡਿਪਟੀ ਕਮਿਸ਼ਨਰ ਨੇ ਡੈੱਥ ਸਰਟੀਫਿਕੇਟ ਬਣਵਾ ਕੇ ਐਮ.ਪੀ ਭਗਵੰਤ ਮਾਨ ਨੂੰ ਫ਼ੋਨ ਕਰਕੇ ਆਖਿਆ ‘ਮੁਬਾਰਕਾਂ’।
                  ਸਾਉੂਦੀ ਅਰਬ ’ਚ ਤਿੰਨ ਮਹੀਨੇ ਨੌਜਵਾਨ ਦੀ ਲਾਸ਼ ਰੁਲੀ। ਜਦੋਂ ਲੁਧਿਆਣਾ ਦੇ ਪਿੰਡ ਸੇਖਾ ’ਚ ਮਾਪਿਆਂ ਨੂੰ ਲਾਸ਼ ਆਉਣ ਦਾ ਸੁਨੇਹਾ ਮਿਲਿਆ ਤਾਂ ਬਜ਼ੁਰਗ ਬਾਪ ਦੇ ਮੂੰਹੋਂ ਨਿਕਲਿਆ ‘ਧੰਨਭਾਗ’। ਨੌਂ ਖਾੜੀ ਮੁਲਕਾਂ ਚੋਂ ਲੰਘੇ ਤਿੰਨ ਵਰ੍ਹਿਆਂ ਦੌਰਾਨ 10,400 ਭਾਰਤੀ ਲੋਕ ਤਾਬੂਤਾਂ ਵਿਚ ਪਰਤੇ ਹਨ। ਜਿਗਰ ਦੇ ਟੋਟੇ ਵਿਦੇਸ਼ਾਂ ਦੇ ਮੁਰਦਘਾਟਾਂ ਵਿਚ ਪਏ ਹਨ,ਇੱਧਰ ਮਾਪੇ ਕਲਬੂਤ ਵੇਖਣ ਲਈ ਤਰਸ ਗਏ। ਮਾਵਾਂ ਦੀਆਂ ਅੱਖਾਂ ਦੇ ਅੱਥਰੂ ਵੀ ਸੁੱਕ ਗਏ। ਵਿਦੇਸ਼ੋਂ ਆਏ ਤਾਬੂਤ ਕੋਲ ਬੈਠੀ ਮਾਂ ਦੇ ਵੈਣ ‘ ਵੇ ਕਰਜ਼ਾ ਤਾਂ ਲਾਹ ਜਾਂਦਾ ਪੁੱਤ ਬੂਟਿਆ’ ਹੁਣ ਝੱਲੇ ਨਹੀਂ ਜਾਂਦੇ। ਸਰਕਾਰੇ, ਮੋਇਆ ਨਾਲ ਕਾਹਦਾ ਗਿਲਾ। ਵਿਦੇਸ਼ੋਂ ਪੁੱਤ ਦੀ ਲਾਸ਼ ਮੰਗਵਾਉਣ ਲਈ ਵੀ ਹੱਥ ਜੋੜਨੇ ਪੈਂਦੇ ਹਨ। ਅਮਰੀਕਾ ਤੋਂ ਆਏ ਮਲਵਿੰਦਰ ਸਿੱਧੂ ਦੱਸਦੇ ਹਨ ਕਿ ਸੱਤ ਏਕੜ ਵੇਚ ਕੇ ਭੇਜੇ ਇੱਕ ਪੁੱਤ ਦੀ ਵਿਦੇਸ਼ ’ਚ ਸੱਤ ਦਿਨਾਂ ਮਗਰੋਂ ਮੌਤ ਹੋ ਗਈ। ਬਾਪ ਤਾਬੂਤ ਉਡੀਕ ਰਿਹਾ। ਨਾ ਜ਼ਮੀਨ ਬਚੀ ਤੇ ਨਾ ਪੁੱਤ। ਬਾਪ ਦੇ ਹੱਥ ਖ਼ਾਲੀ ਹਨ ਜੋ ਤਾਬੂਤ ਮੰਗਵਾਉਣ ਲਈ ਹੁਣ ਕਦੇ ਕਿਸੇ ਨੇਤਾ ਅੱਗੇ ਜੁੜਦੇ ਹਨ ਤੇ ਕਦੇ ਕਿਸੇ ਅਧਿਕਾਰੀ ਅੱਗੇ।
                ਪ੍ਰਵਾਸ ਦਾ ਦੂਸਰਾ ਪੱਖ ਵੀ ਦਿਲ ਹਿਲਾਊ ਹੈ। ਦੁਆਬੇ ਦੇ ਪਿੰਡਾਂ ਵਿਚ ਅਸਥੀਆਂ ਵਰ੍ਹਿਆਂ ਤੋਂ ਵਿਦੇਸ਼ੀ ਵਾਰਸਾਂ ਨੂੰ ਉਡੀਕ ਰਹੀਆਂ ਹਨ ਜਿਨ੍ਹਾਂ ਕੋਲ ਮਾਪਿਆਂ ਦੇ ਫ਼ੁਲ ਪਾਉਣ ਦੀ ਵਿਹਲ ਨਹੀਂ। ਧਰਵਾਸ ਵਾਲੀ ਗੱਲ ਹੈ ਕਿ ਅਸਥੀਆਂ ਸੁਰੱਖਿਅਤ ਹਨ। ਨਹੀਂ ਤਾਂ ਜਿੰਦਰੇ ਭੰਨ ਕੇ ਅਸਥੀਆਂ ਵਿਚਲੇ ਪੈਸੇ ਕੱਢਣ ਦੇ ਵੀ ਸਮਾਚਾਰ ਬਣੇ ਹਨ। ਜ਼ੀਰਾ ਦੇ ਸ਼ਮਸ਼ਾਨ ਘਾਟ ’ਚ ਘੜਾ ਭੰਨਣ ਵਾਲੀ ਥਾਂ ਤੇ ਗੋਲਕ ਹੀ ਭੰਨੀ ਗਈ। ‘ਉੱਡਤਾ ਪੰਜਾਬ’ ਦੇ ਸ਼ਮਸ਼ਾਨਘਾਟਾਂ ’ਚ ਕਿੰਨੇ ਮੁੰਡੇ ਡਿੱਗੇ ਮਿਲੇ ਹਨ। ਫ਼ੁਲ ਚੁਗਣ ਜਾਣ ਵਾਲਿਆਂ ਨੂੰ ਪਹਿਲਾਂ ਸਰਿੰਜਾਂ ਚੁਗਣੀਆਂ ਪੈਂਦੀਆਂ ਹਨ। ਰਾਮਪੁਰਾ ਦੇ ਨੌਜਵਾਨ ਦੀ ਲਾਸ਼ ਦਾ ਦੋ ਵਾਰ ਸਸਕਾਰ ਕਰਨਾ ਪਿਆ। ਚਿੱਟੇ ਨੇ ਸਰੀਰ ਪਲਾਸਟਿਕ ਬਣਾ ਦਿੱਤਾ ਸੀ। ਪੰਜਾਬ ਦੇ ਮੰਤਰੀ ਅਤੇ ਐਮ.ਪੀ ਸਿਹਤ ਕੇਂਦਰਾਂ ਨੂੰ ਘੱਟ, ਸ਼ਮਸ਼ਾਨ ਘਾਟਾਂ ਨੂੰ ਗੱਫੇ ਵੰਡਦੇ ਹਨ। ਪੰਜਾਬ ਦੇ ਮੁਸਲਿਮ/ਈਸਾਈ ਭਾਈਚਾਰੇ ਦੀ ਆਬਾਦੀ ਵਾਲੇ 3228 ਪਿੰਡਾਂ ਚੋਂ 1084 ਪਿੰਡਾਂ ਵਿਚ ਕਬਰਸਤਾਨ ਹਨ। ਅਬੋਹਰ ਦੇ ਮੁਸਲਿਮ ਪਰਿਵਾਰ ਦਫ਼ਨਾਉਣ ਲਈ ਮ੍ਰਿਤਕਾਂ ਨੂੰ ਗੰਗਾਨਗਰ ਲਿਜਾਂਦੇ ਰਹੇ ਹਨ।
                 ਬਲਿਆਲ ਖ਼ੁਰਦ ਦੀ ਬਾਜ਼ੀਗਰ ਬਸਤੀ ਦੇ ਲੋਕਾਂ ਨੂੰ ਸਸਕਾਰ ਲਈ ਭਵਾਨੀਗੜ੍ਹ ਜਾਣਾ ਪੈਂਦਾ ਹੈ। ਹਰੀਗੜ੍ਹ (ਬਰਨਾਲਾ) ਨੇ ਪੰਜ ਸ਼ਮਸ਼ਾਨ ਘਾਟਾਂ ਦਾ ਇੱਕ ਬਣਾ ਲਿਆ, ਭੇਦ ਭਾਵ ਮਿਟਾ ਦਿੱਤੇ। ਪਿੰਡ ਬਾਦਲ ਨੇ ਵੱਡਾ ਦਿਲ ਨਹੀਂ ਦਿਖਾਇਆ ਜਿੱਥੇ ਵੀ.ਆਈ.ਪੀ ਸ਼ਮਸ਼ਾਨ ਘਾਟ ਵੱਖਰਾ ਹੈ। ਗੋਬਿੰਦ ਲੌਂਗੋਵਾਲ ਦੀ ਨਜ਼ਰ ਵੀ ਇੱਧਰ ਨਹੀਂ ਪਈ। ਸਹਾਰਾ ਬਠਿੰਡਾ ਵਾਲੇ ਵਿਜੇ ਗੋਇਲ ਅਨੁਸਾਰ ਕਈ ਗ਼ਰੀਬ ਲੋਕਾਂ ਕੋਲ ਕਫ਼ਨ ਤੱਕ ਨਹੀਂ ਹੁੰਦਾ। ਵੱਡੇ ਘਰਾਂ ਵਾਲੇ ਵੀ ਅਗਨ ਨੂੰ ਤਰਸਦੇ ਹਨ। ਪੰਜਾਬ ਸਰਕਾਰ ਵੱਲੋਂ ਗ਼ਰੀਬਾਂ ਨੂੰ ਮੁਫ਼ਤ ਕਫ਼ਨ ਦੇਣ ਦੀ ਚਲਾਈ ਸਕੀਮ ਵੀ ਗ਼ਾਇਬ ਹੈ। ਪੰਜਾਬ ’ਚ ਤਾਂ ਮਰਕੇ ਵੀ ਸਕੂਨ ਨਹੀਂ। ਮੁਰਦੇ ਵੋਟਰ ਹੁੰਦੇ ਤਾਂ ਲਾਸ਼ਾਂ ਵੀ ‘ਅੱਛੇ ਦਿਨ’ ਉਡੀਕਦੀਆਂ।

   



Sunday, November 25, 2018

                           ਵਿਚਲੀ ਗੱਲ  
         ਗੁੜ ਤਾਂ ਹੈ ਨਹੀਂ, ਪਟਾਕੇ ਲੈ ਜਾਓ !
                          ਚਰਨਜੀਤ ਭੁੱਲਰ
ਬਠਿੰਡਾ  : ਮਾਨਸਾ ਜ਼ਿਲ੍ਹੇ ਦਾ ਹਰਦੀਪ ਸਿੰਘ ਸਿਰ ਫੜੀ ਬੈਠਾ ਹੈ। ਸਾਇੰਸ ਵਿਸ਼ੇ ’ਚ ਪੀ.ਐੱਚ.ਡੀ ਹੈ, ਟੈੱਟ ਪਾਸ ਹੈ। ਉਸ ਨੂੰ ਕੁੱਝ ਨਹੀਂ ਸੁੱਝ ਰਿਹਾ। ਕਿਸ ਦੀ ਮੰਨੇ, ਕਿਸ ਦੀ ਨਾ ਮੰਨੇ, ਕੋਈ ਉਹਦੇ ਦਿਲ ਦੀ ਨਹੀਂ ਬੁੱਝ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ‘ਚੁੱਪ ਕਰਕੇ ਪਕੌੜੇ ਤਲਣ ਲੱਗ ਜਾਓ’। ਮਾਂ ਦੇ ਬੋਲਾਂ ਨੇ ਹਰਦੀਪ ਦੀ ਸੋਚ ਹਲੂਣੀ, ‘ਤੈਨੂੰ ਪਕੌੜੇ ਤਲਣ ਲਈ ਨਹੀਂ ਪੜਾਇਆ ਸੀ।’ ਉਦੋਂ ਹੀ ਕਾਂਗਰਸੀ ਵਜ਼ੀਰ ਦੇ ਬੋਲ ਕੰਨਾਂ ’ਚ ਗੂੰਜੇ ‘ ਮੂੰਗਫਲੀ ਵੇਚ ਕੇ, ਕਬਾੜ ਵੇਚ ਕੇ ਵੀ ਚੰਗੀ ਕਮਾਈ ਕਰ ਸਕਦੇ ਹੋ’। ਰੁਜ਼ਗਾਰ ਮੇਲੇ ’ਚ ਵਜ਼ੀਰ ਵੱਲੋਂ ਦਿੱਤੀ ਇਹ ਨਸੀਹਤ ਰੜਕੀ। ਚੇਤੇ ’ਚ ਖੇਮੂਆਣਾ ਵਾਲੇ ਸੱਜਣ ਦਾ ਚਿਹਰਾ ਵੀ ਘੁੰਮਿਆ ਜੋ ਐਮ.ਏ,ਬੀ.ਐਡ ਸੀ ਤੇ ਮੂੰਹ ਬੰਨ੍ਹ ਕੇ ਕਬਾੜ ਇਕੱਠਾ ਕਰਦਾ ਹੁੰਦਾ ਸੀ। ਹਰਦੀਪ ਨੇ ਆਪਣਾ ਡਿਗਰੀਆਂ ਵਾਲਾ ਝੋਲਾ ਕੱਢਿਆ। ਪੀ.ਐੱਚ.ਡੀ ਦੀ ਡਿਗਰੀ ਲਾਹਨਤ ਪਾਉਂਦੀ ਜਾਪੀ, ‘ਆਪਣਾ ਨਹੀਂ, ਸਾਡਾ ਤਾਂ ਖ਼ਿਆਲ ਰੱਖ ਲੈ।’ ਪੁਰਾਣੇ ਅਕਾਲੀ ਮੰਤਰੀ ਵੱਲੋਂ ਸਟੇਜ ਤੋਂ ਦਿੱਤੇ ਮਸ਼ਵਰੇ ਹਲੂਣਾ ਦੇਣ ਲੱਗੇ, ‘ ਭੇਡਾਂ ਪਾਲੋ, ਬੱਕਰੀਆਂ ਪਾਲੋ, ਹੋਰ ਨਹੀਂ ਤਾਂ ਸੂਰ ਹੀ ਪਾਲ ਲਓ’। ਉਸ ਦੀਆਂ ਅੱਖਾਂ ਮੂਹਰੇ ਕੈਲਾ ਆਜੜੀ ਆ ਖੜ੍ਹਾ ਹੋਇਆ। 15 ਬੱਕਰੀਆਂ ਮਰਨ ਮਗਰੋਂ ਕੈਲੇ ਦਾ ਬਾਗ਼ ਹੀ ਉੱਜੜ ਗਿਆ ਸੀ। ਹਰਦੀਪ ਨੂੰ ਆਪਣੀ ਸੋਚ ’ਚ ਮੋਚ ਲੱਗੀ।
                 ਏਨੇ ਨੂੰ ਮਨਪ੍ਰੀਤ ਬਾਦਲ ਦੇ ਬੋਲ , ‘ਪਹਿਲੀ ਨੌਕਰੀ ਵੇਲੇ ਤਨਖ਼ਾਹ ਨਾ ਦੇਖੋ, ਤਜਰਬੇ ਵੱਲ ਦੇਖੋ, ਮਿਹਨਤ ਕਰੋ, ਹੋਰ ਦਰਵਾਜ਼ੇ ਖੁੱਲ੍ਹਣਗੇ’ ਦਿਮਾਗ਼ ਖੋਲ੍ਹਣ ਲੱਗੇ। ਮਨਪ੍ਰੀਤ ਨੇ ਵੀ ਤਾਂ ਪਹਿਲੀ ਨੌਕਰੀ ਢਾਈ ਪੌਂਡ ਵਾਲੀ ਹੀ ਕੀਤੀ ਸੀ। ਉਦੋਂ ਹੀ ਬਠਿੰਡਾ ਦੇ ਪਿੰਡ ਜਿਉਂਦ ਵਾਲੀ ਗੁਰਦੇਵ ਕੌਰ ਨੇ ਉਸ ਦੇ ਜ਼ਿਹਨ ’ਚ ਖਰੂਦ ਪਾ ਦਿੱਤਾ। ਅਧਿਆਪਕ ਮੋਰਚੇ ’ਚ 85 ਵਰ੍ਹਿਆਂ ਦੀ ਇਹ ਬਜ਼ੁਰਗ ਅੌਰਤ ਕੁੱਦੀ ਸੀ।  ਬਠਿੰਡਾ ਦੀਆਂ ਸੜਕਾਂ ’ਤੇ ਉਹ ਵੱਡਾ ਝੰਡਾ ਲੈ ਕੇ ਘੁੰਮੀ। ਪੁੱਤ ਪੋਤਿਆਂ ਨੂੰ ਰੁਜ਼ਗਾਰ ਲਈ ਰੁਲਣਾ ਨਾ ਪਵੇ, ਸਰਕਾਰੀ ਸਕੂਲ ਬਚ ਜਾਣ, ਇਹ ਸੋਚ ਕੇ ਬਿਰਧ ਮਾਈ ਨਾਅਰੇ ਵੀ ਲਾ ਰਹੀ ਸੀ। ‘ਪਟਿਆਲਾ ਮੋਰਚਾ’ ਖ਼ਜ਼ਾਨਾ ਮੰਤਰੀ ਦੇ ਹਲਕੇ ’ਚ ਆਇਆ ਹੋਇਆ ਸੀ। ਬਜ਼ੁਰਗ ਅੌਰਤ ਆਪੇ ਤੋਂ ਬਾਹਰ ਸੀ। ਉਸ ਦਾ ਝੁਰੜੀਆਂ ਵਾਲਾ ਚਿਹਰਾ ਇਹੋ ਕਹਿੰਦਾ ਜਾਪਿਆ, ‘ਸ਼ਾਇਰੋ ਸ਼ਾਇਰੀ ਨਾਲ ਢਿੱਡ ਭਰਦਾ ਤਾਂ ਕਾਹਤੋਂ ਸੜਕਾਂ ’ਤੇ ਬੁਢਾਪਾ ਰੋਲਦੇ।’  ਇਹ ਮਾਈ ਮੁਜ਼ਾਰੇ ਤੋਂ ਜ਼ਮੀਨ ਦੀ ਹਾਲੇ ਤੱਕ ਮਾਲਕ ਨਹੀਂ ਬਣ ਸਕੀ।  ਵੱਡਾ ਪੁੱਤ ਗੁਆ ਬੈਠੀ ਹੈ ਤੇ ਪੋਤਿਆਂ ਖ਼ਾਤਰ ਇਕੱਠਾਂ ’ਚ ਜਾਂਦੀ ਹੈ। ਹਰਦੀਪ ਦੇ ਖ਼ਿਆਲਾਂ ਦੀ ਲੜੀ ਟੁੱਟ ਨਹੀਂ ਰਹੀ।
                   ਸੋਚਾਂ ਦੀ ਉਲਝਣ ਵਿਚ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਆਣ ਖੜੇ ਹੋਏ। ਮੁਕਤਸਰ ਦੇ ਰੁਜ਼ਗਾਰ ਮੇਲੇ ਮਗਰੋਂ ਅਜੈਬ ਸਿੰਘ ਭੱਟੀ ਨੇ ਨੌਜਵਾਨਾਂ ਨੂੰ ਇੰਜ ਜੋ ਮਸ਼ਵਰਾ ਦਿੱਤਾ  ਸੀ ‘ਵੈਸੇ ਤਾਂ ਪੰਜਾਬੀਆਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਫ਼ੋਟੋ ਘਰ ਘਰ ਲਵਾ ਕੇ ਰੱਖਣੀ ਚਾਹੀਦੀ ਹੈ, ਪਰਸ ’ਚ ਪਾ ਕੇ ਰੱਖਣੀ ਚਾਹੀਦੀ ਹੈ ਜਿਨ੍ਹਾਂ ਦੀ ਸੋਚ ਸਦਕਾ ਹੁਣ ਨੌਕਰੀਆਂ ਵਾਲੇ ਮੁੰਡਿਆਂ ਨੂੰ ਭਾਲਦੇ ਫਿਰਦੇ ਹਨ’। ਹਰਦੀਪ ਆਖਦਾ ਹੈ ਕਿ ਉਨ੍ਹਾਂ ਦੇ ਪਿੰਡ ਤਾਂ ਹਾਲੇ ਕੋਈ ਪੁੱਜਾ ਨਹੀਂ। ਮਘਾਣੀਆਂ ਦਾ ਸੁਖਵਿੰਦਰ ਸਿੰਘ ਐਮ.ਏ, ਐਮ.ਐੱਡ ਹੈ, ਉਸ ਦਾ ਨੈੱਟ ਵੀ ਕਲੀਅਰ ਹੈ। ਬਾਪ ਨੇ ਸਾਰੀ ਉਮਰ ਕਾਂਗਰਸ ’ਚ ਗੁਜ਼ਾਰੀ। ਸੁਖਵਿੰਦਰ ਆਖਦਾ ਹੈ ਕਿ ਉਹ ਕਿਉਂ ਰੱਖੇ ਅਮਰਿੰਦਰ ਦੀ ਫ਼ੋਟੋ। ਪੰਜਾਬ ਦੇ ਲੋਕ ਪੁੱਛਦੇ ਹਨ, ਨੌਕਰੀਆਂ ਦੀ ਕੋਈ ਕਮੀ ਨਹੀਂ ਤਾਂ ਹਵਾਈ ਅੱਡਿਆਂ ਤੇ ਭੀੜਾਂ ਕਿਉਂ ਨੇ ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਰੇ੍ਹ 55 ਲੱਖ ਨੌਕਰੀਆਂ ਦੇਣ ਦੀ ਗੱਲ ਆਖੀ। ਕੈਪਟਨ ਅਮਰਿੰਦਰ ਸਿੰਘ ਨੇ ‘ਘਰ ਘਰ ਰੁਜ਼ਗਾਰ’ ਦੇਣ ਦਾ ਸੁਪਨਾ ਦਿਖਾਇਆ।
                  ਨੌਜਵਾਨਾਂ ਨੂੰ ਭੇਡਾਂ ਬੱਕਰੀਆਂ ਪਾਲਣ ਦੀ ਸਲਾਹ ਦੇਣ ਵਾਲੇ ਖੁਦ ਸਿਆਸੀ ਮੂੰਹ ਮੁਲਾਹਜ਼ੇ ਪਾਲ ਰਹੇ ਹਨ। ਲੀਡਰਾਂ ਲੋਕਾਂ ਨੂੰ ਚਾਰ ਰਹੇ ਹਨ। ਐਵੇਂ ਨਹੀਂ ਖ਼ਜ਼ਾਨੇ ਸਿਰ ਤੇ ਸਲਾਹਕਾਰਾਂ ਦੀ ਰਾਤੋ ਰਾਤ ਫ਼ੌਜ ਖੜ੍ਹੀ ਹੋਈ। ਪੰਜਾਬ ’ਚ ਪੰਜਾਹ ਹਜ਼ਾਰ ਟੈੱਟ ਪਾਸ ਸੜਕਾਂ ’ਤੇ ਘੁੰਮ ਰਿਹਾ। ਸੇਵਾਦਾਰ ਦੀ ਨੌਕਰੀ ਲਈ ਐਮ.ਫਿਲ ਤੇ ਐਮ.ਟੈੱਕ ਕਤਾਰਾਂ ’ਚ ਖੜ੍ਹਦੇ ਹਨ। ਪੰਜਾਬ ’ਚ ਸਚਿਆਰੇ ਨੌਜਵਾਨਾਂ ਦੀ ਕਮੀ ਨਹੀਂ ਜਿਨ੍ਹਾਂ ਨੂੰ ਸਰਕਾਰਾਂ ਨੇ ਵਿਚਾਰੇ ਬਣਾ ਰੱਖਿਆ ਹੈ। ਮੁੱਖ ਮੰਤਰੀ ਆਖਦੇ ਹਨ ਕਿ ਇਨ੍ਹਾਂ 10 ਦਿਨਾਂ ਵਿਚ 16 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਵਿਚ ਨੌਕਰੀ ਦਿੱਤੀ ਹੈ। ਨੌਜਵਾਨ ਜੁਆਬ ਦਿੰਦੇ ਹਨ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਨਾਲੋਂ ਤਾਂ ਪੇਂਡੂ ਖੇਡ ਮੇਲੇ ਚੰਗੇ ਨੇ, ਘੱਟੋ ਘੱਟ ਹਕੀਕਤ ਤਾਂ ਹੁੰਦੀ ਹੈ।
         ਵਜ਼ੀਰ ਚਰਨਜੀਤ ਚੰਨੀ ਆਖਦੇ ਹਨ ‘ ਦੋ ਲੱਖ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ ਹੈ’। ਸਭ ਅੱਛਾ ਹੈ ਤਾਂ ਪੰਜਾਬ ’ਚ ਸੜਕਾਂ ’ਤੇ ਅਫ਼ਰਾ ਤਫ਼ਰੀ ਕਿਉਂ ਹੈ। ਅਧਿਆਪਕਾਂ ਦੀ ਤਨਖ਼ਾਹ ’ਤੇ ਕੱਟ ਕਿਉਂ ਹੈ। ਪਿਛਲੀ ਗੱਠਜੋੜ ਸਰਕਾਰ ਵੀ ਹਵਾਈ ਗੱਲਾਂ ਦੀ ਥਾਂ ਧਰਤੀ ਦੇਖਦੀ ਤਾਂ ‘ਉੱਡਤਾ ਪੰਜਾਬ’ ਨੂੰ ਖੰਭ ਨਹੀਂ ਲੱਗਣੇ ਸਨ। ‘ਚਿੱਟੇ’ ਦੀ ਥਾਂ ਨੌਕਰੀ ਵੰਡੀ ਹੁੰਦੀ ਤਾਂ ਗੁਟਕੇ ਹੱਥਾਂ ਵਿਚ ਫੜ ਕੇ ਝੂਠੀ ਸਹੁੰ ਨਾ ਖਾਣੀ ਪੈਂਦੀ। ਕੇਜਰੀਵਾਲ ਤਾਂ ਮੁਆਫ਼ੀ ਮੰਗ ਕੇ ਪੱਲਾ ਛੁਡਾ ਗਿਆ, ਹੁਣ ਨਸ਼ਿਆਂ ਤੋਂ ਪੰਜਾਬ ਦਾ ਖਹਿੜਾ ਕੌਣ ਛੁਡਾਊ। ਨੌਜਵਾਨ ਰੁਜ਼ਗਾਰ ਮੰਗਦੇ ਹਨ। ਅਕਾਲੀ ਰਾਜ ਸਮੇਂ ਵੀ ਨੌਕਰੀਆਂ ਘੱਟ, ਅਸਲਾ ਲਾਇਸੈਂਸ ਜ਼ਿਆਦਾ ਵੰਡੇ ਗਏ। ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਹਰਦੀਪ ਸਿੰਘ ਨੂੰ ਸਿਰ ਫੜ ਕੇ ਬੈਠਣਾ ਨਾ ਪੈਂਦਾ।



Friday, November 23, 2018

                          ਬੇਕਿਰਕ ਨੇ ਹਾਕਮ
  ਸੱਥਰਾਂ ਉੱਤੇ ਬੈਠੇ ਲਾਲੋ, ਤੱਕਣ ਤੇਰੀਆਂ ਰਾਹਾਂ..
                            ਚਰਨਜੀਤ ਭੁੱਲਰ
ਬਠਿੰਡਾ :  ‘ਮਲਕ ਭਾਗੋ’ ਤੋਂ ਅੱਜ ਪੰਜਾਬ ਦੇ ਲਾਲੋ ਹਾਰ ਗਏ ਹਨ। ਬਾਬੇ ਨਾਨਕ ਨੇ ਕਿਰਤ ਦਾ ਹੋਕਾ ਦਿੱਤਾ ਤਾਂ ਉਨ੍ਹਾਂ ਹਲ਼ਾਂ ਦੇ ਮੁੱਠੇ ਫੜ ਲਏ। ਜ਼ਿੰਦਗੀ ਭਰ ਹਲ਼ ਵਾਹੁਣ ਵਾਲੇ ਲਾਲੋ ਅੱਜ ਖ਼ਾਲੀ ਹੱਥ ਹਨ। ਮਿੱਟੀ ਨਾਲ ਮਿੱਟੀ ਹੋਣ ਵਾਲੇ ਹਜ਼ਾਰਾਂ ਬਜ਼ੁਰਗ ਕਿਸਾਨ ਅੱਜ ਮੁੜ ਬਾਬੇ ਨਾਨਕ ਨੂੰ ਉਡੀਕ ਰਹੇ ਹਨ ਤਾਂ ਜੋ ਪੰਜਾਬ ਦੇ ਕਿਸੇ ਘਰ ਵਿਚ ਮੁੜ ਸੱਥਰ ਨਾ ਵਿਛੇ। ਕਿਧਰੇ ਵੀ ਕੋਈ ਸੁੱਖ ਨਹੀਂ। ਕੋਈ ਲਾਲੋ ਦੋ ਡੰਗ ਦੀ ਰੋਟੀ ਲਈ ਰੁਲ ਰਿਹਾ। ਕੋਈ ਸੜਕਾਂ ’ਤੇ ਬੈਠੇ ਹਨ ਤੇ ਇਲਾਜ ਨੂੰ ਤਰਸ ਰਿਹਾ ਹੈ। ਸੰਘਰਸ਼ੀ ਤੇ ਕਿਰਤੀ ਲੋਕਾਂ ਨੂੰ ਅੱਜ ਹਕੂਮਤਾਂ ਚੋਂ ਬਾਬਰ ਦਾ ਝਉਲਾ ਪੈਂਦਾ ਹੈ। ਖੇਤਾਂ ਦੇ ਰਾਜੇ ਅੱਜ ਹਕੂਮਤਾਂ ਹੱਥੋਂ ਹਾਰੇ ਹਨ। ਮਾਨਸਾ ਦੇ ਪਿੰਡ ਸਾਹਨੇਵਾਲੀ ਦੇ ਕਿਸਾਨ ਮੋਤੀ ਰਾਮ ਨੇ ਪੂਰੀ ਜ਼ਿੰਦਗੀ ਹਲ਼ ਵਾਹਿਆ। ਤਿੰਨ ਮਹੀਨੇ ਦਾ ਸੀ ਜਦੋਂ ਬਾਪ ਗੁਜ਼ਰ ਗਿਆ। ਮਾਂ ਨੇ ਭੇਡਾਂ ਲੈ ਦਿੱਤੀਆਂ। ਲੋਕਾਂ ਦੀ ਵਗਾਰ ਕਰਦੇ ਨੇ ਜਵਾਨੀ ਕੱਢ ਦਿੱਤੀ। ਤਿੰਨ ਏਕੜ ਪੈਲੀ ’ਤੇ ਹਲ਼ ਵਾਹੁਣਾ ਸ਼ੁਰੂ ਕੀਤਾ। ਹੁਣ 75 ਵਰ੍ਹਿਆਂ ਦਾ ਹੈ। ਜਦੋਂ ਜ਼ਿੰਦਗੀ ਨੇ ਦਮ ਲਿਆ ਤਾਂ ਮੋਤੀ ਰਾਮ ਦਾ ਵੱਡਾ ਲੜਕਾ ਖ਼ੁਦਕੁਸ਼ੀ ਕਰ ਗਿਆ। ਮੁੜ ਜੀਵਨ ਲੀਹ ਤੇ ਪੈਣ ਲੱਗਾ ਤਾਂ ਉਸ ਦੇ ਛੋਟੇ ਲੜਕੇ ਦੇ ਗੁਰਦੇ ਫ਼ੇਲ੍ਹ ਹੋ ਗਏ। ਇਲਾਜ ਨੇ ਕਰਜ਼ਾਈ ਕਰ ਦਿੱਤਾ। ਆਖ਼ਰ ਛੋਟਾ ਲੜਕਾ ਵੀ ਨਾ ਬਚ ਸਕਿਆ। ਪਿੰਡ ਦੇ ਲੋਕ ਆਖਦੇ ਹਨ ਕਿ ‘ ਏਹ ਮੋਤੀ ਰਾਮ ਨਹੀਂ, ਦੁੱਖਾਂ ਦੀ ਪੰਡ ਹੈ’।
           ਕਿਸਾਨ ਮੋਤੀ ਰਾਮ ਹੁਣ ਇੱਕ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਉਹ ਆਖਦਾ ਹੈ ਕਿ ਬਾਬਾ ਨਾਨਕ ਮੁੜ ਆਵੇ ਤਾਂ ਦੇਖੇ ਕਿ ਉਸ ਦੇ ਕਿਰਤੀ ਨੂੰ ਸਮੇਂ ਦੇ ਮਲਕ ਭਾਗੋ ਨੇ ਕਿਵੇਂ ਨਚੋੜ ਦਿੱਤਾ ਹੈ। ਪਿੰਡ ਮਾਈਸਰਖਾਨਾ ਦੇ 70 ਵਰ੍ਹਿਆਂ ਦੇ ਕਿਸਾਨ ਕੌਰ ਸਿੰਘ ਦੇ ਘਰ ਅੱਜ ਸੱਥਰ ਵਿਛ ਗਿਆ ਹੈ। ਉਸ ਦੇ ਜਵਾਨ ਪੁੱਤ ਕੁਲਦੀਪ ਸਿੰਘ ਨੇ ਖੇਤੀ ਸੰਕਟ ਨੂੰ ਨਾ ਸਹਾਰਦੇ ਹੋਏ ਜ਼ਿੰਦਗੀ ਖ਼ਤਮ ਕਰ ਲਈ ਹੈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ। ਕੌਰ ਸਿੰਘ ਦੱਸਦਾ ਹੈ ਕਿ ਉਸ ਨੇ ਤਾਂ ਪੂਰੀ ਉਮਰ ਬਾਬੇ ਨਾਨਕ ਦੇ ਬੋਲ ਪੁਗਾਏ। ਪੂਰੇ ਤੀਹ ਸਾਲ ਹਲ਼ ਵਾਹਿਆ। ਵਕਤ ਦੀ ਮਾਰ ਨੇ ਕਦੇ ਪੈਰ ਹੀ ਨਹੀਂ ਲੱਗਣ ਦਿੱਤੇ। ਆਖ਼ਰ ਬਿਰਧ ਉਮਰ ’ਚ ਕੌਰ ਸਿੰਘ ਪ੍ਰਾਈਵੇਟ ਅਦਾਰੇ ਦਾ ਚੌਕੀਦਾਰ ਵੀ ਬਣਿਆ। ਉਹ ਆਖਦਾ ਹੈ ਕਿ ਅੱਜ ਖੇਤਾਂ ਨੂੰ ਮੁੜ ਬਾਬੇ ਨਾਨਕ ਦੀ ਉਡੀਕ ਹੈ। ਨਹੀਂ ਤਾਂ ਕਿਰਤੀ ਦੀ ਜ਼ਿੰਦਗੀ ਘੱਟਾ ਢੋਂਦੇ ਦੀ ਹੀ ਨਿਕਲ ਜਾਣੀ ਹੈ।  ਮੁਕਤਸਰ ਦੇ ਪਿੰਡ ਭਲਾਈਆਣਾ ਦੇ ਕਿਸਾਨ ਨਛੱਤਰ ਸਿੰਘ ਦੇ ਆਖ਼ਰ ਭਾਗ ਹਾਰ ਗਏ ਹਨ। ਉਹ 70 ਵਰ੍ਹਿਆਂ ਦਾ ਹੈ ਅਤੇ ਉਸ ਦਾ ਜਵਾਨ ਮੁੰਡਾ ਖ਼ੁਦਕੁਸ਼ੀ ਕਰ ਗਿਆ ਹੈ। ਲੜਕੀ ਮੰਦਬੁੱਧੀ ਤੇ ਅਪਾਹਜ ਹੈ।  ਨਛੱਤਰ ਸਿੰਘ ਆਖਦਾ ਹੈ ਕਿ ਉਸ ਨੇ ਪੂਰੀ ਜ਼ਿੰਦਗੀ ਖੇਤਾਂ ਦੇ ਲੇਖੇ ਲਾਈ। ਜ਼ਿੰਦਗੀ ਦੇ ਆਖ਼ਰੀ ਮੋੜ ਤੇ ਹੱਥ ਖ਼ਾਲੀ ਹਨ। ਮਾਨਸਾ ਦੇ ਪਿੰਡ ਦਿਆਲਪੁਰਾ ਦੇ ਕਿਸਾਨ ਦੇਸ ਰਾਜ ਦੇ ਸਿਰੜ ਅੱਗੇ ਕਦੇ ਖੇਤ ਹਾਰ ਮੰਨ ਜਾਂਦੇ ਸਨ। ਅੱਜ ਉਹ ਖੁਦ ਨਿਹੱਥਾ ਹੋ ਗਿਆ ਹੈ। ਇੱਕ ਲੜਕਾ ਤੇ ਨੂੰਹ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ।
                 ਦੇਸ ਰਾਜ ਆਖਦਾ ਹੈ ਕਿ ਪੂਰੀ ਜ਼ਿੰਦਗੀ ਹਲ਼ ਵਾਹੁੰਦੇ ਕੱਢੀ। ਹੁਣ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਲੰਘੇ 19 ਮਹੀਨਿਆਂ ਵਿਚ ਪੰਜਾਬ ’ਚ 829 ਕਿਸਾਨ ਖ਼ੁਦਕੁਸ਼ੀ ਕਰ ਗਏ ਹਨ।  ਮਜ਼ਦੂਰਾਂ ਦਾ ਹਾਲ ਇਸ ਤੋਂ ਭੈੜਾ ਹੈ। ਪੰਜਾਬ ਭਰ ਵਿਚ 18750 ਮਜ਼ਦੂਰ ਅਜਿਹੇ ਹਨ ਜਿਨ੍ਹਾਂ ਦੀ ਉਮਰ 80 ਵਰ੍ਹਿਆਂ ਤੋਂ ਟੱਪ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਤੋਰਾ ਤੋਰਨ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ। ਮਗਨਰੇਗਾ ਸਕੀਮ ’ਚ ਇਹ ਮਜ਼ਦੂਰ ਅੱਜ ਵੀ ਭਾਰ ਢੋਹ ਰਹੇ ਹਨ। ਪੰਜਾਬ ਵਿਚ 61 ਵਰ੍ਹਿਆਂ ਤੋਂ 80 ਸਾਲ ਤੱਕ ਦੇ ਮਜ਼ਦੂਰਾਂ ਦੀ ਗਿਣਤੀ 3.71 ਲੱਖ ਹੈ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਹੁਣ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ। ਪਿੰਡ ਲੱਖੀ ਜੰਗਲ ਦੇ ਗੁਰੂ ਘਰ ਵਿਚ ਅੱਜ ਇੱਕ ਬਿਰਧ ਅੌਰਤ ਨੇ ਦੱਸਿਆ ਕਿ ਉਸ ਨੇ ਪੂਰੀ ਜ਼ਿੰਦਗੀ ਮਜ਼ਦੂਰੀ ਕਰਨ ਵਿਚ ਕੱਢ ਦਿੱਤੀ, ਇੱਕ ਛੱਤ ਵੀ ਨਹੀਂ ਜੁੜ ਸਕੀ। ਲੱਖੇਵਾਲੀ ਦੇ ਮਜ਼ਦੂਰ ਗੁਰਬਿੰਦਰ ਸਿੰਘ ਦੇ ਇੱਕ ਕੱਚੇ ਕਮਰੇ ਨੂੰ ਬੂਹਾ ਨਸੀਬ ਨਹੀਂ ਹੋ ਸਕਿਆ। ਜੋ ਕਿਰਤੀ ਇਲਾਜ ਖੁਣੋਂ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ, ਉਨ੍ਹਾਂ ਦੀ ਗਿਣਤੀ ਕਿਸੇ ਹਿਸਾਬ ਵਿਚ ਨਹੀਂ। ਭਾਵੇਂ ਬਾਬਰਾਂ ਦੀ ਉਮਰ ਲਮੇਰੀ ਹੈ ਪ੍ਰੰਤੂ ਆਸਵੰਦਾਂ ਦੀ ਆਸ ਵੀ ਮੁੱਕੀ ਨਹੀਂ ਜੋ ਆਖਦੇ ਹਨ ਕਿ ਬਾਬੇ ਨਾਨਕ ਦੀ ਸੋਚ ਦਾ ਸਫ਼ਰ ਜਾਰੀ ਹੈ।




Tuesday, November 20, 2018

                            ਜੇਲ੍ਹ ਰੋਗ 
     ਭੰਗੂ ਨੇ ਲਾਏ ਹਸਪਤਾਲ ’ਚ ‘ਤੰਬੂ’
                         ਚਰਨਜੀਤ ਭੁੱਲਰ
ਬਠਿੰਡਾ : ਪਰਲਜ਼ ਗਰੁੱਪ ਦੇ ਅਰਬਪਤੀ ਨਿਰਮਲ ਭੰਗੂ ਦਾ ਬਠਿੰਡਾ ਜੇਲ੍ਹ ’ਚ ਸ਼ਾਇਦ ਚਿੱਤ ਨਹੀਂ ਲੱਗਦਾ ਹੈ। ਏਦਾਂ ਜਾਪਦਾ ਹੈ ਕਿ ਜਿਵੇਂ ਉਹ ਜੇਲ੍ਹ ’ਚ ਛੁੱਟੀ ਕੱਟਣ ਹੀ ਆਉਂਦੇ ਹੋਣ। ਦੌਲਤਮੰਦ ਨਿਰਮਲ ਭੰਗੂ ਹਵਾਲਾਤੀ ਤਾਂ ਬਠਿੰਡਾ ਜੇਲ੍ਹ ਦੇ ਹਨ ਪ੍ਰੰਤੂ ਉਹ ਮਰੀਜ਼ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਹਨ। ਬਠਿੰਡਾ ਪੁਲੀਸ ਨੂੰ ਹਸਪਤਾਲ ’ਚ ਵੀ.ਆਈ.ਪੀ ਮਰੀਜ਼ ਭੰਗੂ ਦੀ ਰਖਵਾਲੀ ਕਰੀਬ 45 ਲੱਖ ਰੁਪਏ ’ਚ ਪੈ ਚੁੱਕੀ ਹੈ। ਜ਼ਿਲ੍ਹਾ ਪੁਲੀਸ ਤਰਫ਼ੋਂ ਉਨ੍ਹਾਂ ਨਾਲ ਚਾਰ ਮੁਲਾਜ਼ਮਾਂ ਵਾਲੀ ਗਾਰਦ ਤਾਇਨਾਤ ਕੀਤੀ ਹੋਈ ਹੈ। ਦੂਸਰੀ ਤਰਫ਼ ਪਰਲਜ਼ ਕੰਪਨੀ ਦੇ ਕੱਖੋਂ ਹੌਲੇ ਕੀਤੇ ਨਿਵੇਸ਼ਕ ਦਿੱਲੀ ਵਿਚ 22 ਅਕਤੂਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਬਠਿੰਡਾ ਜੇਲ੍ਹ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵੇ ਹੈਰਾਨ ਕਰਨ ਵਾਲੇ ਅਤੇ ਰੌਚਿਕ ਹਨ। ਬਠਿੰਡਾ ਜੇਲ੍ਹ ’ਚ ਨਿਰਮਲ ਭੰਗੂ 13 ਜੂਨ 2016 ਨੂੰ ਬਤੌਰ ਹਵਾਲਾਤੀ ਆਏ ਸਨ। ਦੂਸਰੇ ਦਿਨ ਹੀ ਉਹ 14 ਜੂਨ 2016 ਨੂੰ ਜੇਲ੍ਹ ਚੋਂ ਮੋਹਾਲੀ ਦੇ ਹਸਪਤਾਲ ’ਚ ਇਲਾਜ ਲਈ ਚਲੇ ਗਏ। ਤੱਥਾਂ ਅਨੁਸਾਰ 13 ਜੂਨ 2016 ਤੋਂ ਲੈ ਕੇ 19 ਨਵੰਬਰ 2018 ਤੱਕ ਨਿਰਮਲ ਭੰਗੂ ਦਾ ਹਵਾਲਾਤੀ ਸਮਾਂ 889 ਦਿਨ ਬਣਦਾ ਹੈ ਜਿਸ ਚੋਂ 671 ਦਿਨ ਭੰਗੂ ਨੇ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਬਿਤਾਏ ਹਨ। ਮਤਲਬ ਕਿ ਭੰਗੂ 29 ਮਹੀਨਿਆਂ ਚੋਂ ਕਰੀਬ 22 ਮਹੀਨੇ ਹਸਪਤਾਲ ’ਚ ਰਹੇ ਹਨ। ਸਿਰਫ਼ 218 ਦਿਨ ਹੀ ਉਹ ਬਠਿੰਡਾ ਜੇਲ੍ਹ ਵਿਚ ਟਿਕੇ ਹਨ।                                                                                                               ਥਾਣਾ ਥਰਮਲ ਬਠਿੰਡਾ ਵਿਚ ਪਹਿਲੀ ਜੂਨ 2016 ਨੂੰ ਪਰਲਜ਼ ਗੋਲਡਨ ਫਾਰੈਸਟ ਲਿਮਟਿਡ (ਪੀਜੀਐਫ) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਵਗ਼ੈਰਾ ਤੇ ਧਾਰਾ 406,420 ਤਹਿਤ ਕੇਸ ਦਰਜ ਹੋਇਆ ਸੀ। ਭੰਗੂ ਖ਼ਿਲਾਫ਼ ਸੀ.ਬੀ.ਆਈ ਨੇ 45 ਹਜ਼ਾਰ ਦੇ ਘੁਟਾਲੇ ਦਾ ਫਰਵਰੀ 2014 ਵਿਚ ਕੇਸ ਦਰਜ ਕੀਤਾ ਸੀ ਜਿਸ ‘ਚ ਉਹ ਤਿਹਾੜ ਜੇਲ੍ਹ ਵਿਚ ਬੰਦ ਸੀ। ਪੰਜਾਬ ਪੁਲੀਸ ਭੰਗੂ ਨੂੰ ਤਿਹਾੜ ਜੇਲ੍ਹ ਤੋਂ ਬਠਿੰਡਾ ਜੇਲ੍ਹ ਲੈ ਆਈ ਸੀ। ਸੂਤਰ ਦੱਸਦੇ ਹਨ ਕਿ ਤਿਹਾੜ ਜੇਲ੍ਹ ਵਿਚ ਉਹ ਕਾਫ਼ੀ ਤੰਗ ਮਹਿਸੂਸ ਕਰਦੇ ਸਨ। ਸਰਕਾਰੀ ਸੂਚਨਾ ਅਨੁਸਾਰ ਨਿਰਮਲ ਭੰਗੂ ਜੇਲ੍ਹ ’ਚ ਇੱਕ ਰਾਤ ਕੱਟਣ ਮਗਰੋਂ ਹੀ 14 ਜੂਨ 2016 ਨੂੰ ਮੋਹਾਲੀ ਹਸਪਤਾਲ ’ਚ ਭਰਤੀ ਹੋ ਗਏ ਜਿੱਥੇ ਉਹ ਲਗਾਤਾਰ 18 ਫਰਵਰੀ 2017 ਤੱਕ (248 ਦਿਨ) ਰਹੇ। ਉਨ੍ਹਾਂ ਦੀ ਗਾਰਦ ਵਿਚ ਇੱਕ ਸਬ ਇੰਸਪੈਕਟਰ, ਦੋ ਹੌਲਦਾਰ ਅਤੇ ਦੋ ਸਿਪਾਹੀ ਸ਼ਾਮਿਲ ਸਨ। ਜੇਲ੍ਹ ਵਿਚ ਕਰੀਬ ਦੋ ਮਹੀਨੇ ਕੱਟਣ ਮਗਰੋਂ ਹੀ ਉਹ ਮੁੜ 28 ਅਪਰੈਲ 2017 ਨੂੰ ਮੋਹਾਲੀ ਹਸਪਤਾਲ ਚਲੇ ਗਏ ਜਿੱਥੇ ਉਹ 5 ਜੂਨ 2017 ਤੱਕ (ਕਰੀਬ 40 ਦਿਨ) ਰਹੇ। ਫਿਰ ਉਹ ਦੋ ਮਹੀਨੇ ਜੇਲ੍ਹ ਵਿਚ ਰਹੇ ਅਤੇ ਤੀਸਰੀ ਦਫ਼ਾ ਉਹ 1 ਅਗਸਤ 2017 ਨੂੰ ਮੋਹਾਲੀ ਹਸਪਤਾਲ ਵਿਚ ਪੁੱਜ ਗਏ ਜਿੱਥੇ ਉਹ 6 ਸਤੰਬਰ 2017 ਤੱਕ (37 ਦਿਨ) ਰਹੇ।
          ਵੇਰਵਿਆਂ ਅਨੁਸਾਰ ਪੌਣੇ ਦੋ ਮਹੀਨੇ ਜੇਲ੍ਹ ਵਿਚ ਟਿਕਣ ਮਗਰੋਂ ਉਹ ਮੁੜ 25 ਅਕਤੂਬਰ 2017 ਤੋਂ 3 ਮਾਰਚ 2018 ਤੱਕ (123 ਦਿਨ) ਹਸਪਤਾਲ ਰਹੇ। ਇਸੇ ਤਰ੍ਹਾਂ 17 ਕੁ ਦਿਨ ਜੇਲ੍ਹ ਵਿਚ ਕੱਟਣ ਮਗਰੋਂ ਮੁੜ 21 ਮਾਰਚ 2018 ਤੋਂ 14 ਜੁਲਾਈ 2018 ਤੱਕ (115 ਦਿਨ) ਹਸਪਤਾਲ ਵਿਚ ਭਰਤੀ ਰਹੇ। ਜੇਲ੍ਹ ’ਚ ਹਫ਼ਤੇ ਮਗਰੋਂ ਹੀ ਭੰਗੂ ਦੀ ਤਬੀਅਤ ਵਿਗੜ ਗਈ। ਫਿਰ ਉਹ 21 ਜੁਲਾਈ 2018 ਤੋਂ 24 ਅਕਤੂਬਰ 2018 ਤੱਕ (95 ਦਿਨ) ਪ੍ਰਾਈਵੇਟ ਹਸਪਤਾਲ ਵਿਚ ਇਲਾਜ ’ਤੇ ਰਹੇ। ਹੁਣ ਕਰੀਬ 12 ਦਿਨ ਜੇਲ੍ਹ ਵਿਚ ਰਹਿਣ ਮਗਰੋਂ ਭੰਗੂ 6 ਨਵੰਬਰ 2018 ਨੂੰ ਮੋਹਾਲੀ ਦੇ ਆਈ.ਵੀ.ਆਈ ਹਸਪਤਾਲ ਵਿਚ ਇਲਾਜ ਲਈ ਚਲੇ ਗਏ ਹਨ ਜਿੱਥੇ ਇਲਾਜ ਜਾਰੀ ਹੈ। ਸੂਤਰ ਦੱਸਦੇ ਹਨ ਕਿ ਹਸਪਤਾਲ ਤੋਂ ਕਰੀਬ ਡੇਢ ਕਿੱਲੋਮੀਟਰ ਦੀ ਦੂਰੀ ’ਤੇ ਹੀ ਭੰਗੂ ਦੀ ਮੋਹਾਲੀ ਵਿਚਲੀ ਰਿਹਾਇਸ਼ ਹੈ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਨਿਰਮਲ ਭੰਗੂ ਨੂੰ ਕਿਡਨੀ ਦੀ ਸਮੱਸਿਆ ਅਤੇ ਹਾਈਕੋਰਟ ਦੇ ਹੁਕਮਾਂ ’ਤੇ ਭੰਗੂ ਨੂੰ ਪ੍ਰਾਈਵੇਟ ਹਸਪਤਾਲ ਵਿਚੋਂ ਇਲਾਜ ਦੀ ਪ੍ਰਵਾਨਗੀ ਮਿਲੀ ਹੋਈ ਹੈ। ਉਹ ਸਮੇਂ ਸਮੇਂ ਤੇ ਭੰਗੂ ਦੀ ਬਿਮਾਰੀ ਸਬੰਧੀ ਡਾਕਟਰੀ ਰਿਪੋਰਟਾਂ ਦਾ ਰੀਵਿਊ ਕਰਦੇ ਹਨ ਅਤੇ ਉਸ ਮਗਰੋਂ ਹੀ ਹਸਪਤਾਲ ਭੇਜਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
                         ਸਰਕਾਰ ਦਾ ਹੱਥ ਭੰਗੂ ’ਤੇ ਹੈ : ਬਹਿਮਣ
ਪਰਲਜ਼ ਪੀੜਤਾਂ ਦੀ ਇਨਸਾਫ਼ ਦੀ ਆਵਾਜ਼ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਤੇਜ ਸਿੰਘ ਬਹਿਮਣ ਦਾ ਕਹਿਣਾ ਸੀ ਕਿ ਪੰਜਾਬ ਵਿਚ ਪਰਲਜ਼ ਤੋਂ 25 ਲੱਖ ਲੋਕ ਪੀੜਤ ਹਨ ਜਿਨ੍ਹਾਂ ਦਾ 10 ਹਜ਼ਾਰ ਕਰੋੜ ਪਰਲਜ਼ ਵੱਲ ਫਸਿਆ ਹੋਇਆ ਹੈ। ਨਿਵੇਸ਼ਕ 25 ਨਵੰਬਰ ਨੂੰ ਵੱਡਾ ਪ੍ਰਦਰਸ਼ਨ ਦਿੱਲੀ ਵਿਚ ਕਰ ਰਹੇ ਹਨ ਅਤੇ ਹੁਣ ਭੁੱਖ ਹੜਤਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਯੋਜਨਾਬੱਧ ਤਰੀਕੇ ਨਾਲ ਭੰਗੂ ਨੂੰ ਤਿਹਾੜ ਜੇਲ੍ਹ ਤੋਂ ਬਠਿੰਡਾ ਜੇਲ੍ਹ ਲਿਆਂਦਾ ਗਿਆ ਅਤੇ ਹੁਣ ਸਰਕਾਰੀ ਮਿਹਰ ਨਾਲ ਜੇਲ੍ਹ ਤੋਂ ਹਸਪਤਾਲ ਭੇਜਿਆ ਗਿਆ ਹੈ।

   






Monday, November 19, 2018

                            ਡੂੰਘੇ ਭੇਤ
   ਕੇਂਦਰ ਅਰੂਸਾ ਦੇ ਆਲਮ ਅੱਗੇ ਖਾਮੋਸ਼
                       ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਗ੍ਰਹਿ ਮੰਤਰਾਲੇ ਨੇ ਮਹਿਮਾਨ ਦੋਸਤ ਅਰੂਸਾ ਆਲਮ ਦਾ ਕੋਈ ਭੇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨੀ ਪਰੀ ਅਰੂਸਾ ਆਲਮ ਦੀ ਠਹਿਰ ਦਾ ਪਹਿਲਾਂ ਹੀ ਗੁੱਝਾ ਭੇਤ ਬਣਿਆ ਹੋਇਆ ਹੈ। ਉੱਪਰੋਂ ਕੇਂਦਰ ਸਰਕਾਰ ਵੀ ਇਸ ਮਾਮਲੇ ਦੀ ਭਾਫ਼ ਨਹੀਂ ਕੱਢਣਾ ਚਾਹੁੰਦੀ। ਰੌਲਾ ਰੱਪਾ ਪਿਆ ਸੀ ਕਿ ਇੱਕ ਮਹਿਲਾ ਕੇਂਦਰੀ ਮੰਤਰੀ ਨੇ ਅਰੂਸਾ ਆਲਮ ਦੇ ਵੀਜੇ ਦੀ ਮਿਆਦ ਵਧਾਏ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਜਦੋਂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਸੀ ਤਾਂ ਉਨ੍ਹਾਂ ਇੱਕ ਕੇਂਦਰੀ ਮੰਤਰੀ ਨੂੰ ਇਸ ਮਾਮਲੇ ’ਤੇ ਸਫ਼ਾਈ ਦੇਣ ਲਈ ਵੀ ਜਨਤਿਕ ਤੌਰ ’ਤੇ ਆਖਿਆ ਸੀ। ਵਿਰੋਧੀ ਆਖਦੇ ਹਨ ਕਿ ਅਰੂਸਾ ਆਲਮ ਚੰਡੀਗੜ੍ਹ ਠਹਿਰਦੀ ਹੈ ਪਰ ਠਹਿਰ ਦਾ ਕਿਸੇ ਨੂੰ ਕੋਈ ਇਲਮ ਨਹੀਂ। ਪੰਜਾਬੀ ਟ੍ਰਿਬਿਊਨ ਦੇ ਇਸ ਪੱਤਰਕਾਰ ਤਰਫ਼ੋਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ 12 ਸਤੰਬਰ ਨੂੰ ਆਨ ਲਾਈਨ ਆਰ.ਟੀ.ਆਈ ਦਰਖਾਸਤ ਅਪਲਾਈ ਕੀਤੀ ਗਈ ਸੀ ਜਿਸ ਤਹਿਤ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਉਨ੍ਹਾਂ ਸਿਫ਼ਾਰਸ਼ੀ ਪੱਤਰਾਂ ਦੀ ਫ਼ੋਟੋ ਕਾਪੀ ਮੰਗੀ ਗਈ ਸੀ ਜੋ ਪਾਕਿਸਤਾਨੀ ਮਹਿਲਾ ਨਾਗਰਿਕਾਂ ਦੇ ਵੀਜੇ ਦੀ ਮਿਆਦ ਵਿਚ ਵਾਧੇ ਲਈ ਕੇਂਦਰੀ ਵਜ਼ੀਰਾਂ ਵੱਲੋਂ ਲਿਖੇ ਗਏ ਸਨ।
                 ਕੇਂਦਰੀ ਵਿਦੇਸ਼ ਮੰਤਰਾਲੇ ਨੇ 20 ਸਤੰਬਰ ਨੂੰ ਇਹ ਐਪਲੀਕੇਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਦੀ ਵਿਦੇਸ਼ ਬਰਾਂਚ (ਪਾਕਿ ਸੈੱਲ) ਨੂੰ ਤਬਦੀਲ ਕਰ ਦਿੱਤੀ ਸੀ। ਉਸ ਮਗਰੋਂ ਕਾਫ਼ੀ ਸਮਾਂ ਮੰਤਰਾਲੇ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਰੱਖੀ ਅਤੇ ਹੁਣ 3 ਨਵੰਬਰ ਨੂੰ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇੰਟੈਲੀਜੈਂਸ ਬਿਊਰੋ ਨੇ 3 ਨਵੰਬਰ ਨੂੰ ਭੇਜੇ ਪੱਤਰ ਵਿਚ ਆਖਿਆ ਕਿ ਬਿਊਰੋ ਆਫ਼ ਇਮੀਗਰੇਸ਼ਨ ਅਤੇ ਇੰਟੈਲੀਜੈਂਸ ਬਿਊਰੋ ਨੂੰ ਆਰ.ਟੀ.ਆਈ ਐਕਟ ਤੋਂ ਛੋਟ ਮਿਲੀ ਹੋਈ ਹੈ। ਜੁਆਇੰਟ ਡਿਪਟੀ ਡਾਇਰੈਕਟਰ ਨੇ ਪੱਤਰ ਭੇਜ ਕੇ ਅਸਿੱਧੇ ਤਰੀਕੇ ਨਾਲ ਕੋਈ ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਰਟੀਆਈ ਤਹਿਤ ਪਾਕਿਸਤਾਨੀ ਮਹਿਮਾਨਾਂ ਦੀ ਪਹਿਲੀ ਜਨਵਰੀ 2016 ਤੋਂ ਹੁਣ ਤੱਕ ਦੀ ਠਹਿਰ ਬਾਰੇ ਪੁੱਛਿਆ ਗਿਆ ਸੀ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਸੂਚਨਾ ਦੇਣ ਤੋਂ ਪਾਸਾ ਵੱਟ ਲਿਆ ਸੀ।
                ਇਵੇਂ ਹੀ ਯੂ.ਟੀ ਚੰਡੀਗੜ੍ਹ ਦੇ ਐਸ.ਐਸ.ਪੀ ਨੂੰ ਪਾਕਿਸਤਾਨੀ ਮਹਿਲਾਵਾਂ ਦੀ ਲੰਘੇ ਦੋ ਵਰ੍ਹਿਆਂ ਦੀ ਠਹਿਰ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਆਰ.ਟੀ.ਆਈ ਦੀ ਦਰਖਾਸਤ ਡੀ.ਐਸ.ਪੀ (ਸੀ.ਆਈ.ਡੀ), ਡੀ.ਐਸ.ਪੀ ਸਕਿਉਰਿਟੀ ਵਿੰਗ ਤੇ ਡੀ.ਐੱਸ.ਪੀ ਹੈੱਡਕੁਆਟਰ ਕੋਲ ਭੇਜ ਦਿੱਤੀ ਸੀ। ਡੀ.ਐੱਸ.ਪੀ (ਸੀਆਈਡੀ) ਯੂ.ਟੀ ਚੰਡੀਗੜ੍ਹ ਨੇ ਵੀ 21 ਫਰਵਰੀ ਨੂੰ ਪੱਤਰ ਨੰਬਰ 201 ਤਹਿਤ ਪਾਕਿਸਤਾਨੀ ਮਹਿਲਾਵਾਂ ਦੀ ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਅਰੂਸਾ ਆਲਮ ਨੇ 26 ਦਸੰਬਰ 2007 ਨੂੰ ਚੰਡੀਗੜ੍ਹ ਵਿਚ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਸੀ। ਵਿਰੋਧੀ ਆਗੂ ਹਮੇਸ਼ਾ ਹੀ ਅਰੂਸਾ ਆਲਮ ਦੇ ਬਹਾਨੇ ਹਾਕਮ ਧਿਰ ਨੂੰ ਨਿਸ਼ਾਨੇ ਤੇ ਰੱਖਦੇ ਹਨ। ਪੰਜਾਬ ਦੇ ਆਮ ਲੋਕਾਂ ਦੀ ਸਿਰਫ਼ ਏਨੀ ਕੁ ਰੁਚੀ ਹੈ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਅਰੂਸਾ ਆਲਮ ਆਖ਼ਰ ਕਿਥੇ ਠਹਿਰਦੀ ਹੈ। ਵਿਰੋਧੀਆਂ ਵੱਲੋਂ ਲਗਾਏ ਜਾਂਦੇ ਇਲਜ਼ਾਮਾਂ ਵਿਚ ਕਿੰਨਾ ਕੁ ਸੱਚ ਹੈ। ਇਸ ਗੱਲੋਂ ਹੈਰਾਨ ਵੀ ਹਨ ਕਿ ਇਸ ਦਾ ਭੇਤ ਕਿਉਂ ਰੱਖਿਆ ਜਾ ਰਿਹਾ ਹੈ।


 






Sunday, November 18, 2018

                                                           ਵਿਚਲੀ ਗੱਲ
               ‘ਚੌਕੀਦਾਰ’ ਵਾਲਾ ਜਿਗਰਾ ਕਿਥੋਂ ਲਿਆਊ ਤਰਸੇਮ ਚਾਹ ਵਾਲਾ...?
                                                          ਚਰਨਜੀਤ ਭੁੱਲਰ
ਬਠਿੰਡਾ : ‘ਚਾਹ ਵਾਲੇ’ ਤਰਸੇਮ ਦਾ ਏਡਾ ਜਿਗਰਾ ਨਹੀਂ। ਜੇਡਾ ਦੇਸ਼ ਦੇ ਚੌਕੀਦਾਰ ਹੈ। ਹੱਕ ਦੀ ਰੋਟੀ ਖਾਣ ਦੀ ਸਮਝ ਤਰਸੇਮ ਨੂੰ ਜ਼ਰੂਰ ਹੈ। ਧੰਨ ਹੈ ਉਹ ‘ਚਾਹ ਵਾਲਾ’, ਰਾਫੇਲ ਡੀਲ ਦਾ ਰੌਲਾ ਜੋ ਅੱਖ ਦੇ ਫੋਰੇ ਨਾਲ ਝੱਲ ਗਿਆ। ਇੱਧਰ, ਗਿੱਦੜਬਾਹੇ ਦਾ ‘ਚਾਹ ਵਾਲਾ’ ਤਰਸੇਮ ਹਸਪਤਾਲ ਲਿਜਾਣਾ ਪਿਆ। ਹਾਸੇ ਠੱਠੇ ’ਚ ਕਿਸੇ ਨੇ ਆਖ ਦਿੱਤਾ। ‘ਛੱਡ ਚਾਹ ਵੇਚਣੀ, ਤੂੰ ਕਿਸੇ ‘ਚਾਹ ਵਾਲੇ’ ਨਾਲੋਂ ਘੱਟ ਹੈ, ਡੇਢ ਕਰੋੜ ਦੀ ਲਾਟਰੀ ਜੋ ਤੇਰੀ ਨਿਕਲ ਆਈ’। ਡੇਢ ਕਰੋੜ ਵਾਲੀ ਗੱਲ ਨਾ ਝੱਲ ਸਕਿਆ। ਨਾ ਟਿਕਟ ਖ਼ਰੀਦੀ ਤੇ ਨਾ ਲਾਟਰੀ ਪਾਈ, ਐਵੇਂ ਬਲੱਡ ਪ੍ਰੈਸ਼ਰ ਵਧਾ ਬੈਠਾ। ਹਸਪਤਾਲੋਂ ਦਵਾਈ ਲੈਣੀ ਪਈ। ਕਿਰਤੀ ਬੰਦੇ ਨੂੰ ਕਦੇ ਹਜ਼ਾਰਾਂ ਦੇ ਸੁਪਨੇ ਨਹੀਂ ਆਉਂਦੇ। ਕਰੋੜਾਂ ਦੀ ਗੱਲ ਝੱਲਣੀ ਕਿਤੇ ਸੌਖੀ ਹੈ। ਪੰਜਾਬੀ ਫ਼ਿਲਮ ਦਾ ਡਾਇਲਾਗ ਹੈ ‘ਛੋਟੇ ਲੋਕ, ਛੋਟੀ ਸੋਚ’। ਜੋ ਮੁਲਕ ਨੂੰ ਉਂਗਲਾਂ ’ਤੇ ਨਚਾਉਂਦੇ ਨੇ, ਉਨ੍ਹਾਂ ਨੂੰ ਦੇਖ ਕੇ ਤਰਸੇਮ ਸੋਚਦਾ ਹੋਵੇਗਾ, ‘ਅਸੀਂ ਛੋਟੇ ਹੀ ਚੰਗੇ, ਚਾਹ ਵਾਲੇ ਫੱਟੇ ’ਤੇ ਬਿਠਾ ਕੇ ਲੋਕਾਂ ਨੂੰ ਜੋੜਦੇ ਹੀ ਹਾਂ, ਤੋੜਦੇ ਤਾਂ ਨਹੀਂ।’ ਗੱਲ ’ਤੇ ਆਈਏ, ਬਠਿੰਡਾ ਦੇ ਗੁਲਾਬਗੜ੍ਹ ਦੀ ਸਕੂਲੀ ਬੱਚੀ ਨੂੰ ਡੇਢ ਕਰੋੜ ਦਾ ਦੀਵਾਲੀ ਬੰਪਰ ਨਿਕਲਿਆ। ਪੂਰਾ ਟੱਬਰ ਦਿਨ ਭਰ ਰੋਟੀ ਪਾਣੀ ਖਾਣਾ ਹੀ ਭੁੱਲ ਗਿਆ। ਗ਼ਰੀਬ ਆਦਮੀ ਦਾ ਏਨਾ ਮਾਜਨਾ ਕਿਥੇ।
                   ਕੱੁਝ ਵਰੇ੍ਹ ਪਹਿਲਾਂ ਅਬੋਹਰ ਦੇ ਇੱਕ ਪਿੰਡ ਦੇ ਮਜ਼ਦੂਰ ਦੀ ਲਾਟਰੀ ਨਿਕਲੀ। ਲਾਟਰੀ ਬਾਰੇ ਦੱਸਣ ਤੋਂ ਪਹਿਲਾਂ ਉਸ ਮਜ਼ਦੂਰ ਦੇ ਪਹਿਲਾਂ ਡਾਕਟਰ ਤੋਂ ਇੰਜੈੱਕਸ਼ਨ ਲਗਾਏ ਗਏ। ਕੀ ਪਤਾ, ਏਡੀ ਵੱਡੀ ਲਾਟਰੀ ਦਿਲ ਹੀ ਫ਼ੇਲ੍ਹ ਨਾ ਕਰ ਦੇਵੇ। ਕਦੇ ਲੋਹੜੀ ਬੰਪਰ, ਕਦੇ ਦੀਵਾਲੀ ਬੰਪਰ ਤੇ ਕਦੇ ਰਾਖੀ ਬੰਪਰ। ਪੰਜਾਬ ਸਰਕਾਰ ਦੇ ਇਹ ਬੰਪਰ ਆਮ ਲੋਕਾਂ ਲਈ ਹਨ। ਨੇਤਾ ਲੋਕਾਂ ਲਈ ਤਾਂ ‘ਸਦਾ ਦੀਵਾਲੀ ਸਾਧ ਦੀ’ ਵਾਲੀ ਗੱਲ ਐ। ਕਈ ਵਰੇ੍ਹ ਪਹਿਲਾਂ ਲੁਧਿਆਣਾ ਦੇ ਚੌਂਕ ’ਚ ਕਰੋੜ ਦੇ ਲਾਟਰੀ ਵਿਜੇਤਾ ਗ਼ਰੀਬ ਬੰਦੇ ਨੂੰ ਲੋਕਾਂ ਨੇ ਘੇਰਾ ਪਾ ਲਿਆ। ਪੁਲੀਸ ਛੁਡਵਾ ਕੇ ਲੈ ਕੇ ਗਈ ਕਿਤੇ ਉਸ ਦੀ ਕੋਈ ਟਿਕਟ ਹੀ ਨਾ ਖੋਹ ਲਵੇ। ਪੂਰੀ ਰਾਤ ਥਾਣੇ ਵਿਚ ਰੱਖਿਆ। ਲਾਟਰੀ ਮਹਿਕਮੇ ਦੇ ਡਾਇਰੈਕਟਰ ਨੇ ਰਾਤ ਨੂੰ ਬੈਂਕ ਖੁਲ੍ਹਵਾ ਕੇ ਉਸ ਦਾ ਟਿਕਟ ਜਮ੍ਹਾ ਕਰਾਇਆ। ਬਠਿੰਡਾ ਦੇ ਇੱਕ ਕੁੱਲੀ ਦੀ 50 ਲੱਖ ਦੀ ਲਾਟਰੀ ਨਿਕਲੀ। ਉਸ ਨੂੰ ਲਾਟਰੀ ਵਿਕਰੇਤਾ ਪਹਿਲਾਂ ਟੈਕਸੀ ਵਿਚ ਲੈ ਕੇ ਗਏ। ਉਸ ਦੇ ਸਿਹਤ ਬਾਰੇ ਪੁੱਛਗਿੱਛ ਕੀਤੀ। ਫਿਰ ਦੱਸਿਆ ਕਿ ਤੇਰੀ ਲਾਟਰੀ ਨਿਕਲੀ ਹੈ। ਲੁਧਿਆਣਾ ਦੇ ਥੋਕ ਲਾਟਰੀ ਵਿਕਰੇਤਾ ਰੂਪ ਸਿੰਘ ਦੱਸਦਾ ਹੈ ਕਿ ਦਿੱਲੀ ਦੇ ਇੱਕ ਲਲਾਰੀ ਨੂੰ ਦੀਵਾਲੀ ਬੰਪਰ ਨਿਕਲਿਆ। ਪਹਿਲਾਂ ਲਲਾਰੀ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਕਿ ਮੀਆਂ ਨੂੰ ਕੋਈ ਦਿਲ ਦੀ ਬਿਮਾਰੀ ਤਾਂ ਨਹੀਂ।
           ਲਾਟਰੀ ਬੰਪਰ ਤਾਂ ਜਲੰਧਰ ’ਚ ਕੇਲਿਆਂ ਦੀ ਰੇਹੜੀ ਵਾਲੇ ਨੂੰ ਵੀ ਨਿਕਲਿਆ ਸੀ। ਇਵੇਂ ਅੰਮ੍ਰਿਤਸਰ ਦੇ ਦੋ ਜਣਿਆ ਨੇ ਸਾਂਝੀ ਟਿਕਟ ਖ਼ਰੀਦੀ। ਡੇਢ ਕਰੋੜ ਦੀ ਲਾਟਰੀ ਨਿਕਲ ਆਈ। ਦੋਵਾਂ ਵਿਚ ਰੌਲਾ ਪੈ ਗਿਆ। ਦੱਸਦੇ ਹਨ ਕਿ ਇਹ ਡੇਢ ਕਰੋੜ ਹਾਲੇ ਤੱਕ ਕਲੇਮ ਨਹੀਂ ਹੋਇਆ ਹੈ। ਇਹ ਬੰਪਰ ਕਈ ਘਰਾਂ ਦੀ ਤਕਦੀਰ ਬਦਲ ਚੁੱਕੇ ਹਨ। ਬੰਪਰ ਜਿੱਤਣ ਵਾਲੇ ਵੀ ਸੋਚਦੇ ਹੋਣਗੇ, ਅੰਬਾਨੀ ਅਡਾਨੀ ਧੰਨ ਨੇ, ਜਿਨ੍ਹਾਂ ਦੀ ਨਿੱਤ ਲਾਟਰੀ ਲੱਗਦੀ ਹੈ। ਜਦੋਂ ਚੌਕੀਦਾਰ ਆਪਣਾ ਹੋਵੇ ਤਾਂ ਫਿਰ ਡਰ ਕਾਹਦਾ। ਜਦੋਂ ਯੂ.ਪੀ.ਏ ਸਰਕਾਰ ਸੀ, ਡਰ ਤਾਂ ਉਦੋਂ ਵੀ ਨੇੜੇ ਨਹੀਂ ਢੁੱਕਿਆ ਸੀ, ਤਾਹੀਓਂ ਤਾਂ ਨਿੱਤ ਘੁਟਾਲਿਆਂ ਦਾ ਢੋਲ ਖੜਕਦਾ ਰਹਿੰਦਾ ਸੀ। ਸੰਗਰੂਰ ਜ਼ਿਲ੍ਹੇ ਦੇ ਇੱਕ ਜੋਤਸ਼ੀ ਦੀ ਜਦੋਂ ਪਿਛਲੇ ਦਿਨੀਂ ਆਮਦਨ ਕਰ ਮਹਿਕਮੇ ਨੇ ਕੁੰਡਲੀ ਫਰੋਲੀ ਤਾਂ ਵਾਹਵਾ ਕੱੁਝ ਨਿਕਲ ਆਇਆ। ਜੋਤਸ਼ ਦਾ ਕਾਰੋਬਾਰ ਵੀ ਲਾਟਰੀ ਨਾਲੋਂ ਘੱਟ ਨਹੀਂ ਹੈ। ਹੈ ਤਾਂ ਦੋਵੇਂ ਕਿਸਮਤ ਵਾਦੀ ਵਰਤਾਰੇ ਹੀ। ਲਾਟਰੀ ਬੰਪਰ ਜਿੱਤਣ ਵਾਲਿਆਂ ਦਾ ਚਾਰੇ ਪਾਸੇ ਰੌਲਾ ਪੈ ਜਾਂਦਾ ਹੈ, ਜੋ ਨਿੱਤ ਦੇ ਸ਼ਿਕਾਰੀ ਸਰਕਾਰੀ ਖ਼ਜ਼ਾਨੇ ਨੂੰ ਸੰਨ ਲਾਉਂਦੇ ਹਨ, ਉਨ੍ਹਾਂ ਦੀ ਭਾਫ਼ ਨਹੀਂ ਨਿਕਲਦੀ।
                  ਖ਼ੈਰ, ਗੱਲ ਤੇ ਮੁੜੀਏ, ਬੰਪਰ ਕਿਸੇ ਦਾ ਵੀ ਨਿਕਲੇ, ਆਖ਼ਰ ਜਿੱਤ ਲਾਟਰੀ ਮਹਿਕਮੇ ਦੀ ਹੁੰਦੀ ਹੈ। ਫਿਰ ਵੀ ਲਾਟਰੀ ਮਹਿਕਮਾ ਠੱਗੀ ਮਾਰਨ ਤੋਂ ਪਿੱਛੇ ਨਹੀਂ ਹਟਦਾ। ਸਰਕਾਰੀ ਤੱਥ ਹਨ ਕਿ ਲੰਘੇ ਪੰਜ ਵਰ੍ਹਿਆਂ ਵਿਚ 16.43 ਕਰੋੜ ਦੀ ਲੱਛਮੀ ਨੇ ਟਿਕਟਾਂ ਖ਼ਰੀਦਣ ਵਾਲਿਆਂ ਦੇ ਛੱਪਰ ਨਹੀਂ ਪਾੜੇ। 408 ਬੰਪਰਾਂ ਦਾ ਇਹ ਇਨਾਮ ਅਣਵਿਕੀਆਂ ਟਿਕਟਾਂ ਚੋਂ ਨਿਕਲਿਆ ਜਿਸ ਕਰਕੇ ਖ਼ਰੀਦਦਾਰਾਂ ਦੇ ਹੱਥ ਖ਼ਾਲੀ ਰਹੇ। ਪਿਛਲੇ ਵਰੇ੍ਹ 4.30 ਕਰੋੜ ਅਤੇ ਉਸ ਤੋਂ ਪਹਿਲਾਂ ਸਾਲ 2016 ਵਿਚ 4.28 ਕਰੋੜ ਦੇ ਇਨਾਮ ਅਣਵਿਕੀਆਂ ਟਿਕਟਾਂ ਚੋਂ ਨਿਕਲੇ ਜਿਨ੍ਹਾਂ ਦਾ ਹੱਕ ਖ਼ਰੀਦਦਾਰਾਂ ਨੂੰ ਮਿਲਣਾ ਚਾਹੀਦਾ ਸੀ। ਦੇਖਿਆ ਜਾਵੇ ਤਾਂ ਇੱਥੇ ਹੱਕ ਦੀ ਖਾਣ ਵਾਲੇ ਨੂੰ ਕੌਣ ਪੁੱਛਦਾ ਹੈ। ਤਾਹੀਓਂ ਤਾਂ ਤਰਸੇਮ ਪ੍ਰੇਸ਼ਾਨ ਹੈ।
                                            ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ
ਬਠਿੰਡਾ (ਸੁਖਜੀਤ ਮਾਨ) :  ਪੰਜਾਬ ਸਰਕਾਰ ਦੀ ਤੰਦਰੁਸਤ ਮੁਹਿੰਮ ਦੇ ਨਿਯਮ ਬਿਮਾਰ ਹਨ ਜਿਨ੍ਹਾਂ ’ਤੇ ‘ਤੰਦਰੁਸਤੀ’ ਦਾ ਲੇਪ ਜ਼ਰੂਰ ਚਾੜ੍ਹਿਆ ਗਿਆ ਹੈ ਪਰ ਸਫਲਤਾ ਗੋਡਿਆ ਭਾਰ ਪਈ ਹੈ। ਖੇਡ ਵਿਭਾਗ ਦੀਆਂ ਖੇਡਾਂ ਨੇ ਤਾਂ ਪ੍ਰਬੰਧਕਾਂ ਨੂੰ ਦਮੋਂ ਕੱਢ ਰੱਖਿਆ ਹੈ ਜੋ ਖ਼ਾਲੀ ਖੀਸੇ ਖੇਡ ਮੁਕਾਬਲੇ ਨੇਪਰੇ ਚਾੜ੍ਹਨ ਲਈ ਜੱਦੋ-ਜ਼ਹਿਦ ਕਰ ਰਹੇ ਹਨ। ਖੇਡ ਕਿੱਟਾਂ ਤੋਂ ਸੱਖਣੇ ਵੱਡੀ ਗਿਣਤੀ ਖਿਡਾਰੀ ਟਰੈਕ ਸੂਟਾਂ ਦੀ ਥਾਂ ਸਕੂਲੀ ਵਰਦੀਆਂ ਤੇ ਚੱਪਲਾਂ ਪਾ ਕੇ ਹੀ ਉਦਘਾਟਨੀ ਸਮਾਰੋਹ ਦੀ ਪਰੇਡ ’ਚ ਸ਼ਾਮਿਲ ਹੁੰਦੇ ਆਮ ਵੇਖੇ ਜਾ ਸਕਦੇ ਹਨ। ਖੇਡ ਅਧਿਕਾਰੀ ਆਖਦੇ ਨੇ ਕਿ ‘‘ਤੁਸੀਂ ਖਿਡਾਰੀਆਂ ਦੇ ਪੈਰੀਂ ਪਾਈ ਚੱਪਲਾਂ ਨਾ ਵੇਖੋ ਉਨ੍ਹਾਂ ਦੀ ਦੌੜ ਵੇਖਿਓ ਕਿਵੇਂ ਹਵਾ ਨੂੰ ਗੰਢਾਂ ਦਿੰਦੇ ਨੇ’’।



Saturday, November 17, 2018

                     ਘਰ ਘਰ ਨੌਕਰੀ..
 ਮਨਪ੍ਰੀਤ ਦੇ ਖ਼ਜ਼ਾਨੇ ਦਾ ਹੀਰਾ ਚਮਕਿਆ
                       ਚਰਨਜੀਤ ਭੁੱਲਰ
ਬਠਿੰਡਾ : ਕੈਬਿਨਟ ਮੰਤਰੀ ਮਨਪ੍ਰੀਤ ਬਾਦਲ ਦੇ ਖ਼ਜ਼ਾਨੇ ਦਾ ਹੀਰਾ ਹੁਣ ਤਕਨੀਕੀ ’ਵਰਸਿਟੀ ਦੇ ਤਾਜ ਵਿਚ ਸਜ ਗਿਆ ਹੈ। ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਮੀਡੀਆ ਕੋਆਰਡੀਨੇਟਰ ਹਰਜੋਤ ਸਿੰਘ ਸਿੱਧੂ ਨੂੰ ਡਾਇਰੈਕਟਰ (ਟਰੇਨਿੰਗ ਐਂਡ ਪਲੇਸਮੈਂਟ) ਵਜੋਂ ਭਰਤੀ ਕਰ ਲਿਆ ਹੈ। ਹੁਣ ਯੂਨੀਵਰਸਿਟੀ ਦੇ ਖ਼ਜ਼ਾਨੇ ਚੋਂ ਇਸ ਨਵੇਂ ਡਾਇਰੈਕਟਰ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਵਰਸਿਟੀ ਦਾ ਤਰਕ ਹੈ ਕਿ ਡਾਇਰੈਕਟਰ ਦੇ ਅਹੁਦੇ ਲਈ ਉਮੀਦਵਾਰਾਂ ਚੋਂ ਸਭ ਤੋਂ ਯੋਗ ਹਰਜੋਤ ਸਿੰਘ ਹੀ ਸੀ। ਨਵੇਂ ਡਾਇਰੈਕਟਰ ਨੇ ਬੀਤੇ ਕੱਲ੍ਹ ਆਪਣਾ ਅਹੁਦਾ ਸੰਭਾਲ ਲਿਆ ਹੈ। ਵੇਰਵਿਆਂ ਅਨੁਸਾਰ ਬਠਿੰਡਾ ਦੇ ਪਿੰਡ ਸੰਗਤ ਕਲਾਂ ਦੇ ਹਰਜੋਤ ਸਿੰਘ ਸਿੱਧੂ ਨੇ ਆਪਣਾ ਸਿਆਸੀ ਜੀਵਨ ਸਾਲ 2010 ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਸ਼ੁਰੂ ਕੀਤਾ। ਉਹ 23 ਵਰ੍ਹਿਆਂ ਦੀ ਉਮਰ ਵਿਚ ਸਭ ਤੋਂ ਛੋਟੀ ਉਮਰ ਦਾ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਬਣਿਆ ਸੀ। ਮਨਪ੍ਰੀਤ ਬਾਦਲ ਨੇ ਖ਼ਜ਼ਾਨਾ ਮੰਤਰੀ ਬਣਨ ਮਗਰੋਂ ਹਰਜੋਤ ਸਿੱਧੂ ਨੂੰ 24 ਜੁਲਾਈ 2017 ਨੂੰ ਆਪਣਾ ਮੀਡੀਆ ਕੋਆਰਡੀਨੇਟਰ ਨਿਯੁਕਤ ਕਰ ਲਿਆ। ਉਨ੍ਹਾਂ ਨੇ ਬਤੌਰ ਮੀਡੀਆ ਕੋਆਰਡੀਨੇਟਰ ਕਰੀਬ ਸਵਾ ਸਾਲ ਕੰਮ ਕੀਤਾ ਅਤੇ ਉਹ ਖ਼ਜ਼ਾਨਾ ਮੰਤਰੀ ਦੇ ਨੇੜਲਿਆਂ ਚੋਂ ਸਨ। ਮੀਡੀਆ ਕੋਆਰਡੀਨੇਟਰ ਬਣਨ ਤੋਂ ਪਹਿਲਾਂ ਉਹ ਇੱਕ ਹੋਰ ਪ੍ਰਾਈਵੇਟ ਯੂਨੀਵਰਸਿਟੀ ਵਿਚ ਸਹਾਇਕ ਡਾਇਰੈਕਟਰ (ਮਾਰਕੀਟਿੰਗ ਐਂਡ ਐਡਮਿਸ਼ਨ) ਦੇ ਅਹੁਦੇ ਤੇ ਵੀ ਰਹੇ। ਉਨ੍ਹਾਂ ਦੀ ਯੋਗਤਾ ਐਮ.ਟੈੱਕ ਹੈ।
                    ਭਾਵੇਂ ਉਨ੍ਹਾਂ ਦੀ ਨਿਯੁਕਤੀ ਲਈ ਢੁਕਵੀਂ ਪ੍ਰਕਿਰਿਆ ਅਖ਼ਤਿਆਰ ਕੀਤੀ ਗਈ ਪੰ੍ਰਤੂ ਸਿਆਸੀ ਤੌਰ ’ਤੇ ਹਕੂਮਤ ਨਾਲ ਜੁੜੇ ਹੋਣ ਕਰਕੇਂ ਉਨ੍ਹਾਂ ਦੀ ਨਿਯੁਕਤੀ ’ਤੇ ਉਂਗਲ ਉੱਠੀ ਹੈ। ਯੂਨੀਵਰਸਿਟੀ ਨੇ ਡਾਇਰੈਕਟਰ (ਟਰੇਨਿੰਗ ਐਂਡ ਪਲੇਸਮੈਂਟ) ਦੀ ਅਸਾਮੀ ਲਈ 24 ਜੁਲਾਈ 2018 ਨੂੰ ਇੰਟਰਵਿਊ ਲਈ ਸੀ। ਵਰਸਿਟੀ ਨੇ 28 ਅਗਸਤ ਨੂੰ ਕੋਈ ਢੁਕਵਾਂ ਉਮੀਦਵਾਰ ਨਾ ਮਿਲਣ ਦਾ ਨੋਟਿਸ ਜਨਤਿਕ ਕੀਤਾ। ਦੁਬਾਰਾ 31 ਅਗਸਤ ਨੂੰ ਇਸ ਅਸਾਮੀ ਦਿੱਤੇ ਇਸ਼ਤਿਹਾਰ ਵਿਚ ਇਸ ਅਸਾਮੀ ਨੂੰ ਕੰਨਟਰੈਕਟ ਤੇ ਭਰਨ ਲਈ 60 ਫ਼ੀਸਦੀ ਅੰਕਾਂ ਨਾਲ ਐਮ.ਟੈੱਕ/ਐਮ.ਬੀ.ਏ ਅਤੇ ਪੰਜ ਸਾਲ ਦਾ ਤਜਰਬਾ ਮੰਗਿਆ। ਅਸਾਮੀ ਤਿੰਨ ਵਰ੍ਹਿਆਂ ਲਈ ਹੈ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਦੋ ਸਾਲ ਹੋਰ ਵਧਾਈ ਜਾ ਸਕਦੀ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ’ਵਰਸਿਟੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ’ਤੇ 13 ਨਵੰਬਰ ਦੇ ਸ਼ੱੁਭ ਦਿਹਾੜੇ ਵਾਲੇ ਦਿਨ ਇਸ ਅਸਾਮੀ ਲਈ ਇੰਟਰਵਿਊ ਰੱਖੀ ਜੋ ਕਿ ਤਕਨੀਕੀ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਅਸਾਮੀ ਲਈ ਕਰੀਬ ਪੰਜ ਛੇ ਉਮੀਦਵਾਰ ਹੋਰ ਸਨ ਜੋ ਸਭ ਯੋਗਤਾ ਪੂਰੀ ਕਰਦੇ ਸਨ ਪ੍ਰੰਤੂ ਇੰਟਰਵਿਊ ਦੇ ਅੰਕ ਨਿਰਧਾਰਿਤ ਕੀਤੇ ਹੋਣ ਕਰਕੇ ਇਸ ਅਸਾਮੀ ਲਈ ਬਾਕੀ ਉਮੀਦਵਾਰ ਪਛੜ ਗਏ।
                   ਸੂਤਰ ਆਖਦੇ ਹਨ ਕਿ ਪਹਿਲਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਲਾਟਰੀ ਲੱਗੀ ਸੀ ਅਤੇ ਹੁਣ ‘ਘਰ ਘਰ ਰੁਜ਼ਗਾਰ’ ਦਾ ਲਾਹਾ ਵਜ਼ੀਰਾਂ ਦੇ ਨੇੜਲਿਆਂ ਨੂੰ ਮਿਲਣ ਲੱਗਾ ਹੈ। ਪੱਖ ਜਾਣਨ ਲਈ ਹਰਜੋਤ ਸਿੱਧੂ ਨੂੰ ਫ਼ੋਨ ਕੀਤਾ ਜੋ ਉਨ੍ਹਾਂ ਚੱੁਕਿਆ ਨਹੀਂ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੋਹਨ ਪਾਲ ਸਿੰਘ ਈਸ਼ਰ ਦਾ ਪੱਖ ਸੀ ਕਿ ’ਵਰਸਿਟੀ ਨੇ ਡਾਇਰੈਕਟਰ ਦੇ ਅਹੁਦੇ ਲਈ ਦੋ ਦਫ਼ਾ ਪਹਿਲਾਂ ਇੰਟਰਵਿਊ ਕੀਤੀ ਪ੍ਰੰਤੂ ਕੋਈ ਢੁਕਵਾਂ ਉਮੀਦਵਾਰ ਨਾ ਲੱਭਾ ਜਿਸ ਕਰਕੇ ਹੁਣ ਤੀਸਰੀ ਦਫ਼ਾ ਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੇ ਵਾਈਸ ਚੇਅਰਮੈਨ ਦੀ ਅਗਵਾਈ ਵਿਚ ਇੰਟਰਵਿਊ ਕੀਤੀ ਗਈ ਜਿਸ ਵਿਚ ਵਿਸ਼ਾ ਮਾਹਿਰ ਵੀ ਸਨ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੇ ਅੰਕ ਰੱਖੇ ਗਏ ਸਨ ਅਤੇ ਸਭ ਤੋਂ ਢੁਕਵੇਂ ਤੇ ਯੋਗ ਉਮੀਦਵਾਰ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਕੱੁਝ ਵੀ ਗ਼ਲਤ ਨਹੀਂ। ਬਾਕੀ ਸਭ  ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
                        ਫ਼ੌਰੀ ਨਿਯੁਕਤੀ ਰੱਦ ਹੋਵੇ : ਚੀਮਾ
ਵਿਰੋਧੀ ਧਿਰ ਦੇ ਨੇਤਾ ਸ੍ਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਰਕਾਰ ਨੌਕਰੀ ਮੇਲੇ ਲਗਾ ਕੇ ਪੰਜਾਬ ਦੇ ਮੁੰਡਿਆਂ ਨੂੰ ਤਾਂ ਅੱਠ ਅੱਠ ਰੁਪਏ ਦੀ ਮਾਮੂਲੀ ਤਨਖ਼ਾਹ ਤੇ ਦੂਸਰੇ ਸੂਬਿਆਂ ਵਿਚ ਧੱਕ ਰਹੀ ਹੈ ਜਦੋਂ ਕਿ ਨੇੜਲੇ ਸਿਆਸੀ ਲੋਕਾਂ ਨੂੰ ਚੰਗੀਆਂ ਅਸਾਮੀਆਂ ’ਤੇ ਨਿਵਾਜ ਰਹੀ ਹੈ। ਉਨ੍ਹਾਂ ਆਖਿਆ ਕਿ ’ਵਰਸਿਟੀ ਦੇ ਡਾਇਰੈਕਟਰ ਦੇ ਅਹੁਦੇ ਦੀ ਨਿਯੁਕਤੀ ਫ਼ੌਰੀ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਿੱਧੇ ਤੌਰ ’ਤੇ ਵਜ਼ੀਰ ਦੇ ਨੇੜਲੇ ਨੂੰ ਲਾਹਾ ਦਿੱਤਾ ਗਿਆ ਹੈ।

Wednesday, November 14, 2018

                                                       ਮੁਕੱਦਰ ਦੇ ਸਿਕੰਦਰ 
                                ਜ਼ਿੰਦਗੀ ਨੇ ਭਰੀ ਪਰਵਾਜ਼, ਦਿਸਹੱਦੇ ਤੋਂ ਪਾਰ
                                                         ਚਰਨਜੀਤ ਭੁੱਲਰ
ਬਠਿੰਡਾ : ਕਦੇ ਜਿਨ੍ਹਾਂ ਲਈ ਕੂੜੇ ਦਾ ਢੇਰ ਨਸੀਬ ਬਣਿਆ, ਜ਼ਿੰਦਗੀ ਨੇ ਉਨ੍ਹਾਂ ਨੂੰ ਗਲੇ ਲਾ ਲਿਆ। ਬਚਪਨ ਦੀ ਕਿਲਕਾਰੀ ਤੋਂ ਕੂੜਾਦਾਨ ਵੀ ਪਿਘਲੇ। ਉਨ੍ਹਾਂ ਦਾ ਮਨ ਨਾ ਪਿਘਲਿਆ ਜਿਨ੍ਹਾਂ ਜਿਗਰ ਦੇ ਟੋਟਿਆਂ ਨੂੰ ਆਪਣੇ ਹਾਲ ’ਤੇ ਸੁੱਟ ਦਿੱਤਾ। ਨੰਨੇ ਮੁੰਨਿਆਂ ਦੇ ਦਗ ਦਗ ਕਰਦੇ ਚਿਹਰਿਆਂ ਨੂੰ ਬਚਪਨ ’ਚ ਹੀ ਵੱਡੇ ਦਾਗ਼ ਮਿਲ ਗਏ। ਕੋਈ ਗ਼ੈਰਕਾਨੂੰਨੀ ਅੌਲਾਦ ਆਖਦਾ ਤੇ ਕੋਈ ਅਨਾਥ ਆਖ ਕੇ ਛੇੜਦਾ। ਮੁਕੱਦਰ ਬਾਂਹ ਨਾ ਫੜਦਾ ਤਾਂ ਇਨ੍ਹਾਂ ਲਈ ਜ਼ਿੰਦਗੀ ਪਹਾੜ ਬਣ ਜਾਣੀ ਸੀ। ਪੰਜਾਬ ਵਿਚ ਲੰਘੇ ਪੰਜ ਵਰ੍ਹਿਆਂ ਵਿਚ ਕਰੀਬ 400 ਬੱਚੇ ਮੁਕੱਦਰ ਦੇ ਸਿਕੰਦਰ ਬਣੇ ਹਨ ਜਿਨ੍ਹਾਂ ਚੋਂ 144 ਬੱਚੇ ਵਿਦੇਸ਼ੀ ਧਰਤੀ ’ਤੇ ਪੁੱਜ ਗਏ। ਪੰਜ ਮਹੀਨੇ ਦੇ ਬੱਚੇ ਦੇ ਭਾਗ ਵੇਖੋ ਜਿਸ ਨੂੰ ਇੱਕ ਨਾਬਾਲਗ ਮਾਂ ਨੇ ਜਨਮ ਦਿੱਤਾ। ਗ਼ੈਰਕਾਨੂੰਨੀ ਅੌਲਾਦ ਹੋਣ ਦਾ ਦਾਗ਼ ਮੱਥੇ ’ਤੇ ਲੱਗਦਾ, ਉਸ ਤੋਂ ਪਹਿਲਾਂ ਹੀ ਹਾਈਕੋਰਟ ਦੇ ਇੱਕ ਜੱਜ ਨੇ ਉਸ ਨੂੰ ਗੋਦ ਲੈ ਲਿਆ। ਇਹ ਬੱਚਾ ਹੁਣ ਦੂਸਰੇ ਰਾਜ ਦੀ ਹਾਈਕੋਰਟ ਦੇ ਇੱਕ ਜੱਜ ਦੇ ਬਗੀਚੇ ਦਾ ਫੁੱਲ ਬਣ ਗਿਆ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਲਾਗੇ ਕੂੜੇ ਦੇ ਢੇਰ ’ਤੇ ਜਦੋਂ ਇੱਕ ਬੱਚੇ ਦੇ ਰੌਣ ਦੀ ਆਵਾਜ਼ ਸੁਣੀ ਤਾਂ ਇੱਕ ਰਾਹਗੀਰ ਦਾ ਦਿਲ ਧੜਕਿਆ। ਮਹਿਜ਼ 600 ਗਰਾਮ ਦਾ ਬੱਚਾ ਫ਼ੌਰੀ ਹਸਪਤਾਲ ਤੇ ਫਿਰ ਇੱਕ ਆਸ਼ਰਮ ਪਹੁੰਚਾ ਦਿੱਤਾ। ਹੁਣ ਉਹ 8 ਕਿੱਲੋਗਰਾਮ ਦਾ ਹੈ। ਅਮਰੀਕਾ ਦੇ ਇੱਕ ਗੋਰੇ ਨੇ ਉਸ ਨੂੰ ਗੋਦ ਲੈ ਲਿਆ ਹੈ ਅਤੇ ਜਲਦੀ ਹੀ ਵਿਦੇਸ਼ ਉਡਾਰੀ ਮਾਰ ਜਾਵੇਗਾ।
                  ਕਰੀਬ ਛੇ ਮਹੀਨੇ ਪਹਿਲਾਂ ਖ਼ਾਲੀ ਪਲਾਟ ਦੇ ਕੂੜੇ ਚੋਂ ਬੱਚੀ ਮਿਲੀ ਜੋ ਨਵਜੰਮੀ ਸੀ ਤੇ ਕੁੱਤਿਆਂ ਦੇ ਝੁੰਡ ਤੋਂ ਬਚ ਗਈ ਸੀ। ਹੁਣ ਇਹ ਬੱਚੀ ਛੇ ਚੰਡੀਗੜ੍ਹ ਦੇ ਇੱਕ ਡਾਕਟਰ ਦੇ ਘਰ ਪਲ ਰਹੀ ਹੈ। ਕਰੀਬ ਢਾਈ ਵਰੇ੍ਹ ਪਹਿਲਾਂ ਏਦਾਂ ਦੇ ਇੱਕ ਬੱਚੇ ਨੇ ਪੰਜਾਬ ਦੇ ਇੱਕ ਵਿਧਾਇਕ ਦੀ ਜ਼ਿੰਦਗੀ ਵਿਚ ਰੰਗ ਭਰੇ ਹਨ। ਲੁਧਿਆਣਾ ਦੇ ਫੁੱਟਪਾਥ ਦੇ ਕੂੜਾਦਾਨ ਚੋਂ ਮਿਲੀ ਬੱਚੀ ਵੀ ਹੁਣ ਮੁੰਬਈ ਵਿਚ ਵਕੀਲ ਮਾਂ ਦੀ ਗੋਦ ਦਾ ਨਿੱਘ ਬਣ ਗਈ ਹੈ। ਇਵੇਂ ਹੀ ਉਨ੍ਹਾਂ ਦੋ ਭੈਣਾਂ ਨੂੰ ਆਪਣਿਆਂ ਨੇ ਤਾਂ ਦੁਰਕਾਰ ਦਿੱਤਾ ਪਰ ਜ਼ਿੰਦਗੀ ਨੇ ਉਨ੍ਹਾਂ ਦੇ ਖੰਭ ਲਾ ਦਿੱਤੇ। ਨੌ ਸਾਲ ਦੀ ਉਮਰ ’ਚ ਜੋ ਬੱਚੀ ਅਨਾਥ ਸੀ ,ਉਹ  ਹੁਣ ਅੰਬਰੀ ਉਡਾਰੀਆਂ ਲਾ ਰਹੀ ਹੈ। ਉਹ ਦਿੱਲੀ ਵਿਚ ਇੱਕ ਪ੍ਰਾਈਵੇਟ ਏਅਰਲਾਈਨਜ਼ ਵਿਚ ਏਅਰ ਹੋਸਟੈਸ ਹੈ। ਉਸ ਦੀ ਵੱਡੀ ਭੈਣ ਪ੍ਰਾਈਵੇਟ ਕੰਪਨੀ ਵਿਚ ਹੈ। ਕਾਫ਼ੀ ਵਰੇ੍ਹ ਪਹਿਲਾਂ ਜਿਸ ਬੱਚੀ ਨੂੰ ਅਨਾਥ ਆਖ ਕੇ ਦੁਆਬੇ ਵਿਚ ਛੱਡ ਦਿੱਤਾ ਗਿਆ, ਉਹ ਬੱਚੀ ਐਮ.ਟੈੱਕ ਕਰਨ ਮਗਰੋਂ ਹੁਣ 15 ਲੱਖ ਦੇ ਪੈਕੇਜ ’ਤੇ ਬਹੁਕੌਮੀ ਕੰਪਨੀ ਵਿਚ ਹੈ। ਪੰਜ ਪੰਜ ਸਾਲ ਦੀਆਂ ਦੋ ਬੱਚੀਆਂ ਜਦੋਂ ਮਾਲਵਾ ਦੇ ਇੱਕ ਆਸ਼ਰਮ ਵਿਚ ਪੁੱਜੀਆਂ ਤਾਂ ਉਨ੍ਹਾਂ ਦੇ ਸਰੀਰ ਅਤੇ ਵਾਲਾਂ ਤੇ ਮੈਲ ਜੰਮੀ ਹੋਈ ਸੀ। ਫਟੇ ਪੁਰਾਣੇ ਕੱਪੜੇ ਤੇ ਬੁਰੇ ਹਾਲ ਵਿਚ ਸਨ। ਹੁਣ ਇੱਕ ਲੜਕੀ ਇਟਲੀ ਵਿਚ ਹੈ ਜਿਸ ਨੂੰ ਇੱਕ ਗੋਰੇ ਨੇ ਗੋਦ ਲਿਆ ਅਤੇ ਉਸ ਦੇ ਪਾਲਣ ਪੋਸ਼ਣ ਲਈ ਗੋਰੇ ਨੇ ਨੌਕਰੀ ਵੀ ਛੱਡ ਦਿੱਤੀ ਹੈ। ਦੂਸਰੀ ਅਮਰੀਕਾ ਵਿਚ ਹੈ।
                 ਫ਼ਰੀਦਕੋਟ ਖ਼ਿੱਤੇ ਵਿਚ ਇੱਕ ਕੂੜੇ ਦੇ ਢੇਰ ਚੋਂ ਮਿਲੀ ਲੜਕੀ ਨੂੰ ਹੁਣ ਇੱਕ ਡਾਕਟਰ ਜੋੜਾ ਪਾਲ ਰਿਹਾ ਹੈ। ਇਹ ਸਭ ਬੱਚੇ ਬਾਲ  ਆਸ਼ਰਮਾਂ ਵਿਚ ਪਲੇ ਹਨ ਅਤੇ ਮਾਪਿਆਂ ਤੋਂ ਅਣਜਾਣ ਹਨ। ਸੈਂਟਰਲ ਅਡਾਂਪਸਨ ਰਿਸੋਰਸ ਅਥਾਰਿਟੀ ਵੱਲੋਂ ਬੱਚਿਆਂ ਨੂੰ ਆਨ ਲਾਈਨ ਗੋਦ ਲੈਣ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਵਿਚ 11 ਬਾਲ ਘਰ ਹਨ  ਅਤੇ ਕੇਂਦਰੀ ਅਥਾਰਿਟੀ ਵੱਲੋਂ ਪ੍ਰਵਾਨਿਤ 9 ਬਾਲ ਆਸ਼ਰਮ ਹਨ। ਭਲਕੇ ਬਾਲ ਦਿਵਸ ਹੈ ਜਿਸ ਦੇ ਮੌਕੇ ’ਤੇ ਉਨ੍ਹਾਂ ਮਾਪਿਆਂ ਨੂੰ ਸੱਚੀ ਸਲਾਮ ਬਣਦੀ ਹੈ ਜਿਨ੍ਹਾਂ ਨੇ ਅਭਾਗੇ ਬੱਚਿਆਂ ਦੀ ਜ਼ਿੰਦਗੀ ਵਿਚ ਰੰਗ ਭਰੇ ਹਨ।  ਵੇਰਵਿਆਂ ਅਨੁਸਾਰ ਪੰਜਾਬ ਵਿਚ ਹੁਣ ਤੱਕ ਕਾਨੂੰਨੀ ਤੌਰ ਤੇ ਪੰਜਾਬ ਵਿਚ ਲੰਘੇ ਪੰਜ ਵਰ੍ਹਿਆਂ ਦੌਰਾਨ ਕਰੀਬ 254 ਬੱਚੇ ਗੋਦ ਲਏ ਗਏ ਹਨ ਜਦੋਂ ਕਿ 144 ਬੱਚੇ ਪੰਜਾਬ ਚੋਂ ਵਿਦੇਸ਼ੀ ਲੋਕਾਂ ਨੇ ਗੋਦ ਲਏ ਹਨ। ਦੇਸ਼ ’ਤੇ ਨਜ਼ਰ ਮਾਰੀਏ ਤਾਂ ਇਸ ਸਮੇਂ ਦੌਰਾਨ 17409 ਬੱਚੇ ਦੇਸ਼ ਵਿਚ ਅਤੇ 2699 ਬੱਚੇ ਵਿਦੇਸ਼ੀ ਲੋਕਾਂ ਵੱਲੋਂ ਗੋਦ ਲਏ ਗਏ ਹਨ। ਅਮਰੀਕਾ ਤੇ ਇਟਲੀ ਗੋਦ ਲੈਣ ਵਾਲਿਆਂ ਵਿਚ ਪਹਿਲੇ ਨੰਬਰ ’ਤੇ ਹੈ।
                                            ਇੱਕ ਚਾਚਾ ਏਹ ਵੀ..   
ਬਠਿੰਡਾ ਦਾ ਇੱਕ ਚਾਚਾ ਏਹ ਵੀ ਹੈ ਜਿਸ ਦੀ ਸਹਾਰਾ ਸੰਸਥਾ ਫੁੱਟ ਪਾਥ ’ਤੇ ਚੱਲਦੀ ਹੈ। ਠੀਕ 16 ਸਾਲ ਪਹਿਲਾਂ ਉਸ ਨੇ ਏਡਜ਼ ਪੀੜਤ ਬੱਚੀ ਗੋਦ ਲਈ ਜਿਸ ਦੇ ਮਾਪੇ ਏਡਜ਼ ਨਾਲ ਮਰ ਗਏ ਸਨ। ਇਹ ਬੱਚੀ ਹੁਣ ਜਵਾਨ ਹੈ ਜਿਸ ਨੂੰ ਵਿਜੇ ਗੋਇਲ ਨੇ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਗੋਇਲ ਪ੍ਰਵਾਰ ਵਿਚ ਇਹ ਬੱਚੀ ਜ਼ਿੰਦਗੀ ਦੀ ਹਰ ਖ਼ੁਸ਼ੀ ਦਾ ਨਿੱਘ ਮਾਣ ਰਹੀ ਹੈ। ਵਿਜੇ ਚਾਚਾ ਆਖਦਾ ਹੈ ਕਿ ‘ ਇਸ ਧੀਅ ਦੀ ਘਰ ਚੋਂ ਡੋਲੀ ਤੋਰਾਂਗਾ, ਅਰਥੀ ਨਹੀਂ ’। ਵਿਜੇ ਨੇ ਹੁਣ ਅੱਠ ਸਾਲ ਦੀ ਉਸ ਬੱਚੀ ਨੂੰ ਆਪਣੇ ਘਰ ਧੀਅ ਬਣਾ ਕੇ ਲਿਆਂਦਾ ਹੈ ਜੋ ਬਲਾਤਕਾਰ ਪੀੜਤ ਹੈ। ਉਸ ਨੂੰ ਪੇਟ ਦੀ ਟੀ.ਬੀ ਵੀ ਹੈ। ਦਰਸ਼ਨਾਂ ਗੋਇਲ ਇਨ੍ਹਾਂ ਦੋਵਾਂ ਤੋਂ ਬਿਨਾਂ ਹੁਣ ਸਾਹ ਨਹੀਂ ਲੈਂਦੀ।
       

Sunday, November 11, 2018

                          ਵਿਚਲੀ ਗੱਲ
    ਰਾਤੀਂ ਸੌਣ ਨਾ ਦਿੰਦੇ, ਬੋਲ ਸ਼ਰੀਕਾਂ ਦੇ...
                        ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਸ਼ਹਿਰ ਦੇ ਚੌਂਕਾਂ ’ਤੇ ਸਜੇ ਵੱਡ ਅਕਾਰੀ ਫਲੈਕਸਾਂ ’ਤੇ ਨਜ਼ਰ ਮਾਰੋਗੇ। ਏਨਾ ਕੁ ਜ਼ਰੂਰ ਸੋਚੋਗੇ, ‘ਵਕਤ ਬਲਵਾਨ ਨਾ ਹੁੰਦਾ ਤਾਂ ਹਰ ਕੋਈ ਭਲਵਾਨ ਹੁੰਦਾ’। ਕੋਈ ਵੇਲਾ ਸੀ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਤਸਵੀਰ ਇਨ੍ਹਾਂ ਫਲੈਕਸਾਂ ’ਤੇ ਕਿਸੇ ਨੂੰ ਖੰਘਣ ਨਹੀਂ ਦਿੰਦੀ ਸੀ। ਐਨ ਸੁਖਬੀਰ ਬਾਦਲ ਦੇ ਮੋਢੇ ਨਾਲ ਖਹਿੰਦੀ ਸੀ। ਲੰਘੀ ਦੀਵਾਲੀ ਤਾਂ ਕੀ, ਉਸ ਤੋਂ ਪਹਿਲਾਂ ਵੀ ਜੋ ਫਲੈਕਸ ਲੱਗੇ, ਉਨ੍ਹਾਂ ’ਤੇ ਨਾ ਸੁਖਬੀਰ ਤੇ ਨਾ ਹੀ ਮਜੀਠੀਆ ਨਜ਼ਰ ਪਏ। ਹੁਣ ਰਾਜ ਨਵਾਂ ਹੈ, ਫਲੈਕਸ ਨਵੇਂ ਹਨ, ਤਸਵੀਰਾਂ ਵੀ ਨਵੀਆਂ ਹਨ। ਹੁਣ ਜੈਜੀਤ ਸਿੰਘ ਜੋਜੋ (ਮਨਪ੍ਰੀਤ ਦੇ ਰਿਸ਼ਤੇਦਾਰ) ਦੀ ਤਸਵੀਰ ਮਨਪ੍ਰੀਤ ਬਾਦਲ ਨਾਲ ਦੂਰੋਂ ਨਜ਼ਰ ਪੈਂਦੀ ਹੈ।  ਉੱਡਦੇ ਪੰਛੀ ਨੇ ਟਿੱਚਰ ਕੀਤੀ, ਪੁਰਾਣੇ ਬੱਦਲ ਉੱਡ ਗਏ, ਨਵੇਂ ਆ ਗਏ। ੳੱੁਡਦੇ ਜਨੌਰ ਨੂੰ ਮਾਣਹਾਨੀ ਕੇਸ ਦਾ ਇਲਮ ਹੁੰਦਾ, ਭੁੱਲ ਕੇ ਵੀ ਸਿਆਸੀ ‘ਨਿਜ਼ਾਮ’ ਨੂੰ ਟਕੋਰਾਂ ਨਾ ਮਾਰਦਾ। ਮੁੱਦੇ ’ਤੇ ਆਈਏ, ਵੱਡੇ ਬਾਦਲਾਂ ਨੂੰ ਅਸੈਂਬਲੀ ’ਚ ਮਨਪ੍ਰੀਤ ਨੇ ਹਰ ਭਾਸ਼ਾ ’ਚ ਹੁੱਝ ਮਾਰੀ। ਪੋਤੜੇ ਫਰੋਲ ਕੇ ਰੱਖ ਦਿੱਤੇ। ਵੱਡੇ ਬਾਦਲਾਂ ਦਾ ਦਿਲ ਵੀ ਵੱਡਾ ਹੈ। ਕੀਹਦਾ ਕੀਹਦਾ ਮੂੰਹ ਫੜ ਲੈਣਗੇ। ਗ਼ੱੁਸੇ ਨਾਲ ਤਾਂ ਪੂਰਾ ਪੰਜਾਬ ਭਰਿਆ ਪਿਆ।
                 ਵੱਡੇ ਬਾਦਲਾਂ ਨੇ ਮਨਪ੍ਰੀਤ ਨੂੰ ਘੱਟ, ਜੋਜੋ ਨੂੰ ਵੱਧ ਭੰਡਿਆ। ਚਾਰੇ ਪਾਸੇ ਜੋਜੋ ਜੋਜੋ ਕਰਾ ਦਿੱਤੀ। ‘ਗੁੰਡਾ ਟੈਕਸ’ ਨਾਲ ਨਾਮ ਜੋੜ ਦਿੱਤਾ। ਜੋਜੋ ਦਾ ਖ਼ੂਨ ਖੌਲਣਾ ਸੁਭਾਵਿਕ ਸੀ। ਸ਼ਰੀਕਾਂ ਦੀ ਕੋਈ ਜਰੂ ਵੀ ਕਿਉਂ। ਜੈਜੀਤ ਜੌਹਲ ਨੇ 25 ਮਈ ਨੂੰ ਸੁਖਬੀਰ ਬਾਦਲ, ਹਰਸਿਮਰਤ ਕੌਰ ਤੇ ਉਸ ਦੇ ਭਰਾ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜ ਦਿੱਤੇ। ਮੀਡੀਆ ’ਚ ਐਲਾਨ ਕੀਤਾ ਕਿ ਉਸ ਦੇ ਅਕਸ ਨੂੰ ਢਾਹ ਲੱਗੀ ਹੈ, ਮਾਨਸਿਕ ਤੇ ਸਮਾਜਿਕ ਪੀੜਾ ਝੱਲਣੀ ਪਈ ਹੈ। ਹਫ਼ਤੇ ’ਚ ਮਾਫ਼ੀ ਨਾ ਮੰਗੀ ਤਾਂ ਉਹ ਤਾਂ 15 ਕਰੋੜ ਦੇ ਮਾਣਹਾਨੀ ਕੇਸ ਲਈ ਤਿਆਰ ਰਹਿਣ। ਮਾਫ਼ੀ ਤਾਂ ਦੂਰ ਦੀ ਗੱਲ, ਸੁਖਬੀਰ ਤੇ ਮਜੀਠੀਆ ਨੇ ਕਾਨੂੰਨੀ ਨੋਟਿਸ ਦਾ ਜੁਆਬ ਤੱਕ ਨਾ ਦਿੱਤਾ। ਸਾਢੇ ਪੰਜ ਮਹੀਨੇ ਲੰਘ ਗਏ ਨੇ, ਜੈਜੀਤ ਹਾਲੇ ਤੱਕ ਕੇਸ ਦਾਇਰ ਨਹੀਂ ਕੀਤਾ। ਹੁਣ ਜਿੰਨੇ ਮੂੰਹ, ਉਨੀਆਂ ਗੱਲਾਂ। ਕੋਈ ਆਖਦਾ, ਜੋਜੋ ਡਰ ਨਾ ਗਏ ਹੋਣ। ਖ਼ੈਰ ਰਾਜ ਭਾਗ ਹੁੰਦੇ ਕਾਹਦਾ ਡਰ। ਫਿਰ ਪਿੱਛੇ ਹਟਣ ਦੀ ਕੀ ਵਜ੍ਹਾ ? ਜੋਜੋ ਨੂੰ ਏਦਾ ਲੱਗਦਾ ਹੋਵੇਗਾ ਕਿ ਸੁਖਬੀਰ ਤੇ ਮਜੀਠੀਆ ਮਾਫ਼ੀ ਮੰਗ ਲੈਣਗੇ। ਕਾਨੂੰਨੀ ਮਾਹਿਰ ਆਖਦੇ ਹਨ ਕਿ ਮਾਫ਼ੀ ਮੰਗਣੀ ਹੁੰਦੀ ਤਾਂ ਹਫ਼ਤੇ ’ਚ ਮੰਗ ਲੈਂਦੇ।
          ਸਿਆਣੇ ਆਦਮੀ ਆਖਦੇ ਹਨ ਕਿ ਅਗਲਿਆਂ ਨੇ ਮਾਫ਼ੀ ਤਾਂ ਪੂਰੇ ਪੰਜਾਬ ਤੋਂ ਨਹੀਂ ਮੰਗੀ ਜਿਸ ਨੇ ਦਸ ਵਰੇ੍ਹ ਕੁਰਸੀ ਦਿੱਤੀ। ਜੈਜੀਤ ਦਾ ਕਹਿਣਾ ਹੈ ਕਿ ‘ਪਿੱਛੇ ਹਟਣ ਦਾ ਸੁਆਲ ਹੀ ਨਹੀਂ, ਕਾਗ਼ਜ਼ਾਤ ਪੂਰੇ ਕਰ ਰਹੇ ਹਾਂ, ਕੇਸ ਹਰ ਹਾਲਤ ’ਚ ਪਾਵਾਂਗੇ।’  ਉੱਧਰ ਹੁਣ ਮਜੀਠੀਆ ਵੀ ਜੋਜੋ ਦੀ ਗੱਲ ਕਰਨੋਂ ਹਟ ਗਏ। ਖ਼ੈਰ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ। ਆਪਾਂ ਕੀ ਲੈਣਾ। ਏਹ ਤਾਂ ਕੇਜਰੀਵਾਲ ਹੀ ਸੀ ਜਿਸ ਨੇ ਮਾਣਹਾਨੀ ਕੇਸ ਦੇ ਡਰੋਂ ਦੋ ਮਿੰਟ ਲਾਏ ਮਜੀਠੀਆ ਤੋਂ ਮਾਫ਼ੀ ਮੰਗਣ ਲਈ, ਭਾਵੇਂ ‘ਆਪ’ ਨੂੰ ਪੰਜਾਬ ’ਚ ਮੂਧੇ ਮੂੰਹ ਕਰਨਾ ਪਿਆ। ਕੇਜਰੀਵਾਲ ਤਾਂ ਹੁਣ ਵੀ ਹਿੱਕ ਠੋਕ ’ਕੇ ਕਹਿ ਰਿਹਾ, ਅੱਠ ਕੇਸ ਚੱਲਦੇ ਨੇ, ਸਭ ਤੋਂ ਮੰਗੂ ਮੁਆਫ਼ੀ। ‘ਲਾਲਾ ਜੀ’ ਜੋ ਹੋਏ, ਹਿਸਾਬ ਕਿਤਾਬ ਦੇ ਜਾਣੂ ਨੇ। ਸਾਬਕਾ ਮੰਤਰੀ ਐਮ. ਜੇ. ਅਕਬਰ ਹਿਸਾਬ ’ਚ ਮਾਰ ਖਾ ਗਏ ਜਿਨ੍ਹਾਂ ਨੂੰ ਹੁਣ ‘ਮੀ ਟੂ’ ਮਾਮਲੇ ’ਚ ਪੱਤਰਕਾਰ ਪ੍ਰਿਆ ਰਮਾਨੀ ’ਤੇ ਮਾਣਹਾਨੀ ਕੇਸ ਪਾਉਣਾ ਪਿਆ। ਭਾਜਪਾ ਨੇਤਾ ਸਵਰਨ ਸਲਾਰੀਆ ਨੇ ਮਨਪ੍ਰੀਤ ਅਤੇ ਨਵਜੋਤ ਸਿੱਧੂ ਖ਼ਿਲਾਫ਼ ਇਹੋ ਕੇਸ ਦਾਇਰ ਕੀਤਾ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬਿਨਾਂ ਦੇਰੀ ਵਿਧਾਇਕ ਸਿਮਰਜੀਤ ਬੈਂਸ ਖ਼ਿਲਾਫ਼ ਮਾਣਹਾਨੀ ਦਾ ਕੇਸ ਪਾ ਦਿੱਤਾ।
                 ਹਰਿਆਣਾ ਦੇ ਸਾਬਕਾ ਸਿੱਖਿਆ ਮੰਤਰੀ ਬਹਾਦਰ ਸਿੰਘ ਦੇ ਐਸ.ਡੀ.ਐਮ ਮੁੰਡੇ ਸੰਦੀਪ ਸਿੰਘ ਨੇ ਏਨੀ ਬਹਾਦਰੀ ਦਿਖਾਈ ਕਿ ਉਦਯੋਗ ਮੰਤਰੀ ਵਿਪੁਲ ਗੋਇਲ ਖ਼ਿਲਾਫ਼ ਮਾਣਹਾਨੀ ਕੇਸ ਪਾ ਦਿੱਤਾ। ਐਸ.ਡੀ.ਐਮ ਨੇ ਪਟੀਸ਼ਨ ਪਾਈ ਕਿ ਗ਼ੈਰਮੌਜੂਦਗੀ ਵਿਚ ਮੰਤਰੀ ਨੇ ਉਸ ਦੀ ਹੀ ਨਹੀਂ, ਬਾਪ ਦੀ ਵੀ ਮਾਣਹਾਨੀ ਕੀਤੀ। ਮਾਣਹਾਨੀ ਕੇਸ ਦਾ ਫ਼ੈਸਲਾ ਹਾਲੇ ਪੈਂਡਿੰਗ ਹੈ, ਹਰਿਆਣਾ ਸਰਕਾਰ ਨੇ ਐਸ.ਡੀ.ਐਮ ਦੀ ਮੁਅੱਤਲੀ ਦਾ ਫ਼ੈਸਲਾ ਫ਼ੌਰੀ ਸੁਣਾ ਦਿੱਤਾ। ਖੁੰਡ ਚਰਚਾ ਹੈ ਕਿ ਅਸੱਭਿਅਕ ਭਾਸ਼ਾ ਕਰਕੇ ਕਿਤੇ ਰਣਜੀਤ ਸਿੰਘ ਬ੍ਰਹਮਪੁਰਾ ਨਾ ਕਿਤੇ ਮਾਣਹਾਨੀ ਕੇਸ ’ਚ ਉਲਝ ਜਾਣ। ਮੀਡੀਆ ਲਈ ਮਾਣਹਾਨੀ ਕੇਸ ਉਪਰੇ ਨਹੀਂ।  ‘ਦ ਵਾਇਰ’ ਵਾਲੇ ਆਖਦੇ ਹਨ ਕਿ ਉਨ੍ਹਾਂ ਨੂੰ ਮਾਣਹਾਨੀ ਕੇਸਾਂ ਨੇ ਪੂਰਾ ਭਾਰਤ ਦਰਸ਼ਨ ਕਰਾ ਦਿੱਤਾ ਹੈ। ਲੀਡਰਾਂ ਦਾ ਹੁਣ ਹਾਜ਼ਮਾ ਛੇਤੀ ਖ਼ਰਾਬ ਹੁੰਦਾ ਹੈ। ਚੋਣਾਂ ਮੌਕੇ ਕੋਈ ਕੁੱਝ ਵੀ ਬੋਲੇ, ਘਿਉ ਵਾਂਗੂ ਲੱਗਦਾ ਹੈ। ਕਈ ਲੀਡਰ ਮਾਣਹਾਨੀ ਕੇਸਾਂ ਦੀ ਥਾਂ ਸਿੱਧਾ ਹਿਸਾਬ ਹੀ ਕਰਦੇ ਹਨ। ਤਾਹੀਓਂ ਮਹਿਤਾਬ ਗਿੱਲ ਕਮਿਸ਼ਨ ਇਨ੍ਹਾਂ ਕੇਸਾਂ ਨੂੰ ਹੀ ਉਲਟਾ ਸਿੱਧਾ ਕਰਕੇ ਦੇਖ ਰਿਹਾ ਹੈ।
                                                    ਸੇਵਾ ਨੂੰ ਨਾ ਲੱਗਿਆ ਮੇਵਾ
ਸੰਗਤ ਮੰਡੀ (ਧਰਮਪਾਲ ਸਿੰਘ ਤੂਰ) :  ਇੱਕ ਹਲਕੇ ਦੇ ਸੇਵਕ ਦੀ ਹੁਣ ਕਿਤੇ ਦਾਲ ਨਹੀਂ ਗਲ ਰਹੀ। ਨੌਕਰੀ ਗੁਆ ਕੇ ਸਿਆਸਤ ਦੀ ਗੱਡੀ ਚਲਾਈ। ਇਨਾਮ ਵਿਚ ਟਿਕਟ ਤਾਂ ਮਿਲੀ ਪਰ ਜਿੱਤ ਨਸੀਬ ਨਾ ਹੋਈ। ਹੁਣ ਉਹ ਹਲਕਾ ਸੇਵਕ ਬਣੇ ਵਿਚਰ ਰਿਹਾ ਹੈ। ਸਿਆਸੀ ਗੁਰੂ ਨੇ ਹਲਕਾ ਸੇਵਕ ਨੂੰ ਪਹਿਲਾਂ ਹਲਕਾ ਸੇਵਕ ਨੂੰ ਬਦਲੀਆਂ ਦਾ ਕੰਮ ਦਿੱਤਾ ਜੋ ਉਸ ਤੋਂ ਇੱਕ ਪੀ.ਏ ਨੇ ਖੋਹ ਲਿਆ। ਸਬਰ ਦਾ ਘੁੱਟ ਭਰ ਕੇ ਬੈਠ ਗਿਆ। ਦੱਸਦੇ ਕਿ ਸਿਆਸਤ ਨੇ ਉਸ ਦੇ ਘਰ ਦਾ ਬਜਟ ਹਿਲਾ ਦਿੱਤਾ ਹੈ। ਤਾਹੀਓਂ ਹੁਣ ਉਹ ਰੈਸਟ  ਹਾਊਸ ਜਾਂ ਸਰਕਟ ਹਾਊਸ ਬੈਠਣ ਲੱਗਾ ਹੈ ਅਤੇ ਹਲਕੇ ਦੇ ਦੌਰੇ ਲਈ ਕਿਸੇ ਵਰਕਰ ਦੀ ਗੱਡੀ ਵਰਤਦਾ ਹੈ।

Friday, November 9, 2018

                                                                ਟੇਢੀ ਸੱਟ
           ਬਿਜਲੀ ਟੈਕਸਾਂ ਦਾ 3000 ਕਰੋੜ ਦਾ ਝਟਕਾ
                                                          ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਲੋਕਾਂ ਦਾ ਬਿਜਲੀ ਟੈਕਸ ਹੀ ਕਚੂਮਰ ਕੱਢ ਰਹੇ ਹਨ ਜਿਸ ਤੋਂ ਖਪਤਕਾਰ ਅਣਜਾਣ ਜਾਪਦੇ ਹਨ। ਟੇਢੇ ਤਰੀਕੇ ਨਾਲ ਲੋਕਾਂ ਦੀ ਜੇਬ ਫਰੋਲੀ ਜਾ ਰਹੀ ਹੈ। ਖਪਤਕਾਰ ਕਰੀਬ ਛੇ ਤਰ੍ਹਾਂ ਦੇ ਟੈਕਸ ਤੇ ਸੈੱਸ ਤਾਰ ਰਹੇ ਹਨ। ਪੰਜਾਬ ਭਰ ਦੇ ਲੱਖਾਂ ਖਪਤਕਾਰ ਬਿਜਲੀ ਬਿੱਲਾਂ ’ਤੇ ਹਰ ਵਰੇ੍ਹ ਅੌਸਤਨ 3000 ਕਰੋੜ ਦੇ ਟੈਕਸ ਤੇ ਸੈੱਸ ਤਾਰਦੇ ਹਨ। ਚੁੱਪ ਚੁਪੀਤੇ ਸਰਕਾਰ ਇਹ ਝਟਕਾ ਦੇ ਰਹੀ ਹੈ। ਕਿਸਾਨਾਂ ਦੀ ਬਿਜਲੀ ਸਬਸਿਡੀ ਸਰਕਾਰ ਤਾਰਦੀ ਹੈ। ਘਰੇਲੂ ਅਤੇ ਸਨਅਤੀ ਖਪਤਕਾਰਾਂ ਨੂੰ ਇਸ ਵੇਲੇ ਛੇ ਤਰ੍ਹਾਂ ਤੇ ਬਿਜਲੀ ਟੈਕਸਾਂ ਅਤੇ ਸੈੱਸ ਦੀ ਮਾਰ ਪੈ ਰਹੀ ਹੈ। ਖਪਤਕਾਰ ਕਰੀਬ 22 ਫ਼ੀਸਦੀ ਟੈਕਸ ਬਿਜਲੀ ਬਿੱਲਾਂ ’ਤੇ ਦੇ ਰਹੇ ਹਨ। ਪਾਵਰਕੌਮ ਤੋਂ ਪ੍ਰਾਪਤ ਆਰ.ਟੀ.ਆਈ ਤਹਿਤ ਪ੍ਰਾਪਤ ਤੱਥਾਂ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2012-13 ਤੋਂ ਅਗਸਤ 2018 ਤੱਕ ਬਿਜਲੀ ਟੈਕਸਾਂ ਦੇ ਰੂਪ ਵਿਚ ਖਪਤਕਾਰਾਂ ਦੀ ਜੇਬ ਚੋਂ 15,290 ਕਰੋੜ ਰੁਪਏ ਕੱਢ ਲਏ ਹਨ। ਲੰਘੇ ਮਾਲੀ ਵਰੇ੍ਹ 2017-18 ਦੌਰਾਨ ਇਨ੍ਹਾਂ ਬਿਜਲੀ ਟੈਕਸਾਂ ਅਤੇ ਸੈੱਸ ਦੇ ਰੂਪ ਵਿਚ ਖਪਤਕਾਰਾਂ ਤੋਂ 3028 ਕਰੋੜ ਰੁਪਏ ਵਸੂਲੇ ਗਏ ਹਨ। ਲੰਘੇ ਸਾਢੇ ਛੇ ਵਰ੍ਹਿਆਂ ਦੌਰਾਨ ਪੰਜਾਬ ਸਰਕਾਰ ਨੇ ਬਿਜਲੀ ਕਰ ਵਜੋਂ 7448.99 ਕਰੋੜ ਰੁਪਏ ਵਸੂਲੇ ਹਨ ਅਤੇ ਸਮਾਜਿਕ ਸੁਰੱਖਿਆ ਫ਼ੰਡ (ਬਿਜਲੀ ਕਰ) ਤਹਿਤ 4643 ਕਰੋੜ ਪ੍ਰਾਪਤ ਕੀਤੇ ਹਨ। ਹਾਲਾਂਕਿ ਕਦੇ ਵੀ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਵੇਲੇ ਸਿਰ ਨਹੀਂ ਮਿਲੀ।
           ਪੰਜਾਬ ਸਰਕਾਰ ਇਨ੍ਹਾਂ ਬਜ਼ੁਰਗਾਂ ਨੂੰ ਪੈਨਸ਼ਨ ਆਦਿ ਦੇਣ ਦੇ ਨਾਮ ’ਤੇ ਪੰਜ ਫ਼ੀਸਦੀ ਸਮਾਜਿਕ ਸੁਰੱਖਿਆ ਫ਼ੰਡ ਦੇ ਨਾਮ ਹੇਠ ਖਪਤਕਾਰਾਂ ਤੋਂ ਬਿਜਲੀ ਕਰ ਵਸੂਲ ਕਰ ਰਹੀ ਹੈ। ਇਸ ਸੈੱਸ ਦੀ ਵਰਤੋਂ ਦਾ ਵੀ ਭੇਤ ਹੀ ਹੈ। ਇਸੇ ਤਰ੍ਹਾਂ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਵਜੋਂ 2015-16 ਤੋਂ ਅਗਸਤ ਤੱਕ 2357 ਕਰੋੜ ਵਸੂਲੇ ਜਾ ਚੁੱਕੇ ਹਨ। ਚਾਲੂ ਮਾਲੀ ਵਰੇ੍ਹ ਦੌਰਾਨ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਦੇ 620.99 ਕਰੋੜ ਸਰਕਾਰ ਨੇ ਪਾਵਰਕੌਮ ਨੂੰ ਸਬਸਿਡੀ ਆਦਿ ਵਿਚ ਐਡਜਸਟ ਕਰਾ ਦਿੱਤੇ ਹਨ। ਪੰਜਾਬ ਸਰਕਾਰ ਨੇ ਵਿਕਾਸ ਦੇ ਨਾਮ ’ਤੇ ਖਪਤਕਾਰਾਂ ਤੋਂ ਇਹ ਸੈੱਸ ਤਾਂ ਵਸੂਲਿਆ ਪ੍ਰੰਤੂ ਉਸ ਨੂੰ ਵਿਕਾਸ ਕੰਮਾਂ ਦੀ ਥਾਂ ’ਤੇ ਕਿਧਰੇ ਹੋਰ ਵਰਤਣਾ ਸ਼ੁਰੂ ਕੀਤਾ ਹੈ। ਚਾਲੂ ਮਾਲੀ ਵਰੇ੍ਹ ਦੌਰਾਨ ਬਿਜਲੀ ਕਰ ਦੇ 1479 ਕਰੋੜ ਰੁਪਏ ਵੀ ਸਬਸਿਡੀ ਆਦਿ ਵਿਚ ਐਡਜਸਟ ਕਰਾ ਦਿੱਤੇ ਗਏ ਹਨ।  ਇਸ ਮਾਲੀ ਵਰੇ੍ਹ ਦੌਰਾਨ ਸਰਕਾਰ ਨੇ ਨਵੰਬਰ 2018 ਤੱਕ 9145.92 ਕਰੋੜ ਦੀ ਸਬਸਿਡੀ ਤਾਰਨੀ ਸੀ ਪ੍ਰੰਤੂ ਪਾਵਰਕੌਮ ਨੂੰ 2788 ਕਰੋੜ ਹੀ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ 13 ਫ਼ੀਸਦੀ ਬਿਜਲੀ ਕਰ ਖਪਤਕਾਰਾਂ ’ਤੇ ਲਾਇਆ ਹੋਇਆ ਹੈ ਜਿਸ ਵਿਚ ਪੰਜ ਫ਼ੀਸਦੀ ਸਮਾਜਿਕ ਸੁਰੱਖਿਆ ਫ਼ੰਡ ਵੀ ਸ਼ਾਮਿਲ ਹੈ। ਪੰਜ ਫ਼ੀਸਦੀ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਵਸੂਲਿਆ ਜਾ ਰਿਹਾ ਹੈ ਜਦੋਂ ਕਿ ਸ਼ਹਿਰੀ ਖੇਤਰ ਦੇ ਖਪਤਕਾਰਾਂ ਤੋਂ 2 ਫ਼ੀਸਦੀ ਮਿੳਂੂਸੀਪਲ ਫ਼ੰਡ ਲਿਆ ਜਾ ਰਿਹਾ ਹੈ।
                  ਭਾਵੇਂ ਚੁੰਗੀ ਪੰਜਾਬ ਵਿਚ ਖ਼ਤਮ ਕੀਤੀ ਹੋਈ ਹੈ ਪ੍ਰੰਤੂ ਸਰਕਾਰ ਨੇ ਲੰਘੇ ਸਾਢੇ ਛੇ ਵਰ੍ਹਿਆਂ ਦੌਰਾਨ ਬਿਜਲੀ ਖਪਤਕਾਰਾਂ ਤੋਂ 735 ਕਰੋੜ ਦੀ ਚੁੰਗੀ ਵੀ ਵਸੂਲ ਕੀਤੀ ਹੈ। ਚਾਲੂ ਮਾਲੀ ਵਰੇ੍ਹ ਦੇ ਅਗਸਤ ਮਹੀਨੇ ਤੱਕ ਵੀ 3.89 ਕਰੋੜ ਦੀ ਚੁੰਗੀ ਵਸੂਲੀ ਗਈ ਹੈ। ਆਮ ਤੌਰ ’ਤੇ ਖਪਤਕਾਰ ਦੀ ਨਜ਼ਰ ਇਹ ਟੈਕਸ ਤੇ ਸੈੱਸ ਨਹੀਂ ਪੈਂਦੇ। ਪੰਜਾਬ ਸਰਕਾਰ ਨੇ ਸਾਲ 2017-18 ਦੌਰਾਨ  ਹੀ ਮਿਊਸਿਪਲ ਟੈਕਸ ਲਾਇਆ ਹੈ ਜੋ ਕਿ ਡੇਢ ਵਰੇ੍ਹ ਦੌਰਾਨ ਹੁਣ ਤੱਕ 97.90 ਕਰੋੜ ਵਸੂਲਿਆ ਜਾ ਚੁੱਕਾ ਹੈ। ਇਵੇਂ ਹੀ ਪੰਜਾਬ ਸਰਕਾਰ ਨੇ ਬਿਜਲੀ ਦੇ ਸ਼ਹਿਰੀ ਖਪਤਕਾਰਾਂ ’ਤੇ ਗਊ ਸੈੱਸ ਦਾ ਭਾਰ ਵੀ ਪਾਇਆ ਹੈ। ਸਾਲ 2016-17 ਤੋਂ ਅਗਸਤ 2018 ਤੱਕ ਖਪਤਕਾਰ ਬਿਜਲੀ ਬਿੱਲਾਂ ’ਤੇ 7.68 ਕਰੋੜ ਦਾ ਗਊ ਸੈੱਸ ਤਾਰ ਚੁੱਕੇ ਹਨ। ਸਾਲ 2016-17 ਵਿਚ 2.50 ਕਰੋੜ, ਸਾਲ 2017-18 ਵਿਚ 2.81 ਕਰੋੜ ਅਤੇ ਚਾਲੂ ਵਰੇ੍ਹ ਪੰਜ ਮਹੀਨਿਆਂ ਦੌਰਾਨ 2.36 ਕਰੋੜ ਗਊ ਸੈੱਸ ਵਜੋਂ ਸ਼ਹਿਰੀ ਲੋਕਾਂ ਦੀ ਜੇਬ ਚੋਂ ਨਿਕਲੇ ਹਨ। ਸਭ ਤੋਂ ਵੱਡਾ ਨੁਕਸਾਨ ਵੀ ਆਵਾਰਾ ਪਸ਼ੂਆਂ ਦਾ ਪੰਜਾਬ ਦੇ ਲੋਕ ਹੀ ਝੱਲ ਰਹੇ ਹਨ।
                  ਸਮਾਜਿਕ ਕਾਰਕੁਨ ਐਡਵੋਕੇਟ ਮਨੋਹਰ ਲਾਲ ਬਾਂਸਲ ਆਖਦੇ ਹਨ ਕਿ ਸਰਕਾਰ ਨੂੰ ਸਭ ਸੈੱਸਾਂ ਦੀ ਵਰਤੋਂ ਬਾਰੇ ਜਨਤਿਕ ਤੌਰ ਤੇ ਖ਼ੁਲਾਸਾ ਕਰਨਾ ਚਾਹੀਦਾ ਹੈ ਤਾਂ ਜੋ ਖਪਤਕਾਰ ਜਾਣ ਸਕਣ ਕਿ ਉਨ੍ਹਾਂ ਦਾ ਪੈਸਾ ਕਿਧਰ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਲੰਘੇ ਤਿੰਨ ਵਰ੍ਹਿਆਂ ਦੌਰਾਨ ਖਪਤਕਾਰਾਂ ’ਤੇ ਨਵੇਂ ਬੁਨਿਆਦੀ ਢਾਂਚਾ ਵਿਕਾਸ ਸੈੱਸ, ਮਿਊਸਿਪਲ ਸੈੱਸ ਅਤੇ ਗਊ ਸੈੱਸ ਦਾ ਨਵਾਂ ਭਾਰ ਪਿਆ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਮਗਰੋਂ ਹੁਣ ਸਨਅਤਾਂ ਨੂੰ ਵੀ ਰਿਆਇਤੀ ਦਰਾਂ ਤੇ ਬਿਜਲੀ ਦੇਣੀ ਸ਼ੁਰੂ ਕੀਤੀ ਹੈ। ਸਰਕਾਰ ਨੇ ਸਾਲ 2018-19 ਦੌਰਾਨ ਪਾਵਰਕੌਮ ਨੂੰ 13718.85 ਕਰੋੜ ਦੀ ਸਬਸਿਡੀ ਤਾਰਨੀ ਹੈ ਜਿਸ ਵਿਚ ਸਾਲ 2017-18 ਦੇ 4768.65 ਕਰੋੜ ਦੇ ਸਬਸਿਡੀ ਬਕਾਏ ਵੀ ਸ਼ਾਮਿਲ ਹਨ। ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਬਿਜਲੀ ’ਤੇ ਚਾਰ ਤਰ੍ਹਾਂ ਦੇ ਟੈਕਸ ਅਤੇ ਸੈੱਸ ਲੱਗੇ ਹੋਏ ਹਨ ਜਿਨ੍ਹਾਂ ਦੀ ਕੱੁਝ ਰਾਸ਼ੀ ਦੀ ਅਡਜਸਟਮੈਂਟ ਸਰਕਾਰ ਵੱਲੋਂ ਕੀਤੀ ਜਾਂਦੀ ਹੈ।

.


Wednesday, November 7, 2018

                                                       ਸਾਡੀ ਕਾਹਦੀ ਦੀਵਾਲੀ
                          ਦੁੱਖਾਂ ਦਾ ਤੇਲ, ਗਮਾਂ ਦੇ ਦੀਵੇ, ਬਲਦੇ ਨਸੀਬ ਚੰਦਰੇ..
                                                           ਚਰਨਜੀਤ ਭੁੱਲਰ
ਬਠਿੰਡਾ  : ਗੁਰਬਿੰਦਰ ਸਿੰਘ ਦੇ ਕੱਚੇ ਘਰ ਨੂੰ ਤਾਂ ਬੂਹਾ ਵੀ ਨਹੀਂ ਲੱਗਾ, ਲੱਛਮੀ ਫਿਰ ਵੀ ਨਹੀਂ ਆਉਂਦੀ। ਲੱਖੇਵਾਲੀ ਦੇ ਇਸ ਮਜ਼ਦੂਰ ਦੇ ਕੱਚੇ ਢਾਰੇ ’ਚ ਜਦੋਂ ਆਏ, ਦੁੱਖ ਹੀ ਆਏ। ਹੌਸਲਿਆਂ ਦੇ ਬਨੇਰੇ ਵੀ ਹੁਣ ਹੂੰਗਰ ਨਹੀਂ ਭਰਦੇ, ਉਹ ਬਾਲ ਕੇ ਦੀਵਾ ਕਿਥੇ ਰੱਖੇ। ਕਮਰੇ ਦਾ ਬੂਹਾ ਨਹੀਂ, ਫਟੀ ਪੱਲੀ ਹੀ ਪਰਦਾ ਕੱਜਦੀ ਹੈ। ਦਲਿਤ ਮਜ਼ਦੂਰ ਦੇ ਦੋ ਬੱਚੇ ਹਨ ਜੋ ਦੀਵਾਲੀ ਮੌਕੇ ਜਿੱਦ ਨਹੀਂ, ਧਰਵਾਸ ਕਰਦੇ ਹਨ। ਜਦੋਂ ਦੀਵਾਲੀ ਆਉਂਦੀ ਹੈ ਤਾਂ ਮਜ਼ਦੂਰ ਦੀ ਪਤਨੀ ਵੀਰਪਾਲ ਕੌਰ ਬੱਚਿਆਂ ਨੂੰ ਇਹੋ ਸਮਝਾਉਂਦੀ ਹੈ, ‘ ਦੀਵਾਲੀ ਪੈਸੇ ਵਾਲਿਆਂ ਦੀ, ਗ਼ਰੀਬਾਂ ਦੀ ਕਾਹਦੀ ’। ਇਸ ਪਰਿਵਾਰ ਨੂੰ ਨਾ ਨਲਕਾ ਜੁੜ ਸਕਿਆ, ਨਾ ਹੀ ਘਰ ਨੂੰ ਪੱਕੀ ਇੱਟ। ਬੱਚਿਆਂ ਨੂੰ ਸਕੂਲ ਤੋਰ ਨਹੀਂ ਸਕੇ। ਕਦੇ ਭੁੱਖੇ ਪੇਟ ਵੀ ਸੌਣਾ ਪੈਂਦਾ ਹੈ, ਕਿਸੇ ਕੋਲ ਢਿੱਡ ਨਹੀਂ ਫਰੋਲਦੇ। ਪੰਜਾਬ ’ਚ ਏਦਾਂ ਦੇ ਕੱਚੇ ਘਰਾਂ ਦੀ ਕਮੀ ਨਹੀਂ ਜੋ ਮਹਿਲਾਂ ਤੋਂ ਕਦੇ ਨਜ਼ਰ ਨਹੀਂ ਪੈਂਦੇ। ਮਾਨਸਾ ਦੇ ਪਿੰਡ ਕੋਟ ਧਰਮੂ ਦਾ ਕਿਸਾਨ ਰਣਜੀਤ ਸਿੰਘ ਤਾਂ ਜ਼ਿੰਦਗੀ ਤੋਂ ਹਾਰ ਗਿਆ। ਪਿੱਛੇ ਵਿਧਵਾ ਕਰਮਜੀਤ ਕੌਰ ਹੁਣ ਇਕੱਲੀ ਜੰਗ ਲੜ ਰਹੀ ਹੈ। ਕੋਈ ਦੀਵਾਲੀ ਇਸ ਘਰ ’ਚ ਦੀਵਾ ਨਹੀਂ ਬਲਦਾ। ਕਦੇ ਇਹ ਪੈਲ਼ੀਆਂ ਦੇ ਸਰਦਾਰ ਸਨ। 15 ਏਕੜ ਪੈਲੀ ਚੋਂ ਸਭ ਕਰਜ਼ੇ ’ਚ ਉੱਡ ਗਈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ ਜਾਂ ਫਿਰ ਇੱਕ ਮੰਦਬੁੱਧੀ ਬੱਚਾ।
                   ਜਵਾਨ ਧੀ ਕਿਰਨਦੀਪ ਕੌਰ ਦਾ ਫ਼ਿਕਰ ਸਿਰ ’ਤੇ ਹੈ। ਵਿਧਵਾ ਕਰਮਜੀਤ ਕੌਰ ਹੁਣ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਹੈ। ਪਿੰਡ ਸਮਾਓ ਦੇ ਕਿਸਾਨ ਜਗਬੀਰ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਹੀ ਜ਼ਿੰਦਗੀ ਨੂੰ ਹੱਥ ਜੋੜ ਦਿੱਤੇ। ਇਵੇਂ ਦੇ ਹਾਲਾਤ ਹੀ ਇਸ ਪਰਿਵਾਰ ਦੇ ਹਨ। ਜਿਨ੍ਹਾਂ ਦੇ ਕਮਾਊ ਤੁਰ ਜਾਂਦੇ ਹਨ, ਉਨ੍ਹਾਂ ਦੇ ਤਾਂ ਘਰ ਦੀ ਦਾਲ ਰੋਟੀ ਵੀ ਨਹੀਂ ਲੰਘਦੀ। ਦੀਵਾਲੀ ਦੇ ਜਸ਼ਨ ਤਾਂ ਦੂਰ ਦੀ ਗੱਲ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਮਗਰੋਂ ਹੁਣ ਤੱਕ ਪੰਜਾਬ ਵਿਚ 829 ਕਿਸਾਨ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ। ਮਤਲਬ ਅੌਸਤਨ 43 ਕਿਸਾਨ ਹਰ ਮਹੀਨੇ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਚਾਅ ਮਲ੍ਹਾਰ ਵੀ ਖ਼ੁਦਕੁਸ਼ੀ ਕਰ ਗਏ ਹਨ। ਕਦੇ ਚਿੱਟੀ ਮੱਖੀ ਤੇ ਕਦੇ ਝਾੜ, ਕਦੇ ਜਿਨਸਾਂ ਦੇ ਭਾਅ, ਖੇਤਾਂ ਦੇ ਰਾਜੇ ਨੂੰ ਮੰਡੀਓਂ ਖ਼ਾਲੀ ਮੋੜ ਰਹੇ ਹਨ। ਖੇਤਾਂ ਦੇ ਰਾਜੇ ਦਾ ਚਿਹਰਾ ਬੁੱਝ ਗਿਆ। ਕਪਾਹੀ ਦੇ ਫੁੱਲ ਜ਼ਰੂਰ ਖਿੜੇ ਨੇ ਪਰ ਟਾਹਲੀ ਵਾਲੇ ਖੇਤ ਮੌਤਾਂ ਵੰਡਣੋਂ ਨਹੀਂ ਰੁਕ ਰਹੇ। ਜੇ ਹਵਾ ਇਹ ਰਹੀ ਤਾਂ ਦਿਨ ਦੂਰ ਨਹੀਂ ਜਦੋਂ ਪਿੰਡਾਂ ’ਚ ਹੋਕੇ ਵੱਜਣਗੇ ‘ ਰੱਸੇ ਵਿਕਣੇ ਆਏ, ਲੈ ਲਓ ਰੱਸੇ ਨੀਂ’। ਜਦੋਂ ਹਵਾ ਦਾ ਰੁਖ ਕੋਝਾ ਹੋਵੇ ਤਾਂ ਦੀਵੇ ਕਿਵੇਂ ਬਾਲੀਏ, ਕਿਸਾਨ ਇਹੋ ਤਾਂ ਸਰਕਾਰ ਤੋਂ ਪੁੱਛਦੇ  ਹਨ।
                 ਹੁਣ ਮੰਡੀਆਂ ਵਿਚ ਕਿਸਾਨ ਜਿਣਸ ਦੇ ਢੇਰਾਂ ਕੋਲ ਬੈਠੇ ਹਨ। ਦੂਸਰੇ ਖੇਤਾਂ ਵਿਚ ਅਗਲੀ ਫ਼ਸਲ ਦੀ ਬਿਜਾਂਦ ਵਿਚ ਉਲਝੇ ਹੋਏ ਹਨ। ਦੰਦਲ ਪੂਰੇ ਪੰਜਾਬ ਨੂੰ ਪਈ ਹੈ, ਇਕੱਲੀ ਕਿਸਾਨੀ ਨੂੰ ਨਹੀਂ। ਅੱਧਾ ਪੰਜਾਬ ਬਿਮਾਰੀ ਨੇ ਢਾਹ ਲਿਆ ਹੈ। ਨਰਮਾ ਪੱਟੀ ’ਚ ਤਾਂ ਕੈਂਸਰ ਦੀ ਬਿਮਾਰੀ ਨੇ ਛੋਟੇ ਛੋਟੇ ਬੱਚਿਆਂ ਤੋਂ ਫੁੱਲ ਝੜੀਆਂ ਖੋਹ ਲਈਆਂ ਹਨ। ਬਾਜਾਖਾਨਾ ਦੇ ਛੋਟੇ ਕਿਸਾਨ ਇਕਬਾਲ ਸਿੰਘ ਦਾ ਅੱਠ ਵਰ੍ਹਿਆਂ ਦਾ ਬੇਟਾ ਸਰਤਾਜ ਇਸ ਚੰਦਰੀ ਬਿਮਾਰੀ ਨੂੰ ਝੱਲ ਰਿਹਾ ਹੈ। ਕਿਸਾਨ ਦੱਸਦਾ ਹੈ ਕਿ ਸਰਕਾਰ ਨੇ ਇਲਾਜ ਲਈ ਧੇਲਾ ਨਹੀਂ ਦਿੱਤਾ। ਇਸੇ ਤਰ੍ਹਾਂ ਸਿਵੀਆ ਦੇ ਅਵਤਾਰ ਸਿੰਘ ਦੇ ਘਰ ’ਚ ਖ਼ੁਸ਼ੀ ਦਾ ਦੀਵਾ ਉਦੋਂ ਹੀ ਬੁੱਝ ਗਿਆ ਸੀ ਜਦੋਂ ਉਸ ਦੇ ਦੋ ਮਹੀਨੇ ਦੇ ਬੱਚੇ ਨੂੰ ਕੈਂਸਰ ਹੋਣ ਦੀ ਡਾਕਟਰਾਂ ਨੇ ਗੱਲ ਆਖੀ ਸੀ। ਏਦਾਂ ਦਾ ਕੇਸਾਂ ਦੀ ਕੋਈ ਕਮੀ ਨਹੀਂ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਅੌਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ। ਉੱਪਰੋਂ ਹੁਣ ਡੇਂਗੂ ਨੇ ਪੰਜਾਬ ਨੱਪ ਲਿਆ ਹੈ। ਸਰਕਾਰੀ ਹਸਪਤਾਲ ਬਿਮਾਰ ਹਨ, ਪ੍ਰਾਈਵੇਟ ਪਹੁੰਚ ’ਚ ਨਹੀਂ ਰਹੇ। ਉਨ੍ਹਾਂ ਘਰਾਂ ’ਚ ਤਾਂ ਚਾਨਣ ਵੀ ਹੁੰਗਾਰਾ ਨਹੀਂ ਭਰਦਾ ਜਿਨ੍ਹਾਂ ਕੋਲ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ।
                ਉਨ੍ਹਾਂ ਹਜ਼ਾਰਾਂ ਮਜ਼ਦੂਰਾਂ ਦੇ ਘਰਾਂ ਨੂੰ ਜਿੰਦਰੇ ਵੱਜੇ ਹੋਏ ਹਨ ਜਿਨ੍ਹਾਂ ਦੇ ਜੀਅ ਗੁਜਰਾਤ ਵਿਚ ਨਰਮੇ ਦੇ ਖੇਤਾਂ ਚੋਂ ਲੱਛਮੀ ਲੱਭਣ ਗਏ ਹੋਏ ਹਨ। ਤਾਹੀਓਂ ਨਰਮੇ ਦੇ ਸੀਜ਼ਨ ਵਿਚ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਘੱਟ ਜਾਂਦੀ ਹੈ। ਨਾ ਜ਼ਮੀਨੀ ਵੰਡ ਹੋਈ, ਨਾ ਪੰਜ ਪੰਜ ਮਰਲੇ ਦੇ ਪਲਾਟਾਂ ਦੀ, ਮਜ਼ਦੂਰਾਂ ਹਿੱਸੇ ਬਿਮਾਰੀਆਂ ਦੀ ਪੰਡ ਆਈ ਹੈ। ਖੇਤ ਮਜ਼ਦੂਰਾਂ ਦੇ ਸਰਵੇ ਦੇ ਹਵਾਲੇ ਨਾਲ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸੇਵੇਵਾਲਾ ਨੇ ਦੱਸਿਆ ਕਿ ਮਜ਼ਦੂਰਾਂ ਨੂੰ 19 ਫ਼ੀਸਦੀ ਕਰਜ਼ਾ ਸਿਰਫ਼ ਬਿਮਾਰੀਆਂ ਦੇ ਇਲਾਜ ਲਈ ਚੁੱਕਣਾ ਪਿਆ ਹੈ। ‘ਪਟਿਆਲਾ ਮੋਰਚਾ’ ’ਚ ਉੱਤਰੇ ਅਧਿਆਪਕ ਆਖਦੇ ਹਨ ਕਿ ਉਨ੍ਹਾਂ ਦੀਵਾਲੀ ਵੀ ਐਤਕੀਂ ਕਾਲੀ ਹੀ ਹੈ। ਕਰੀਬ 50 ਹਜ਼ਾਰ ਟੈੱਟ ਪਾਸ ਨੌਜਵਾਨ ਭਵਿੱਖ ਦਾ ਦੀਵਾ ਬਾਲਣ ਦੀ ਉਡੀਕ ਕਰ ਰਿਹਾ ਹੈ। ‘ 5178 ਅਧਿਆਪਕ ਯੂਨੀਅਨ’ ਦੇ ਅਧਿਆਪਕ ਰੋਸ ਵਜੋਂ ਸੜਕਾਂ ਤੇ ਬੈਠ ਕੇ ਦੀਵੇ ਵੇਚ ਰਹੇ ਹਨ। ਉਨ੍ਹਾਂ ਨੂੰ ਨਾ ਰੈਗੂਲਰ ਕੀਤਾ ਤੇ ਨਾ ਕੱੁਝ ਅਰਸੇ ਤੋਂ ਤਨਖ਼ਾਹ ਮਿਲੀ ਹੈ।