Friday, November 23, 2018

                          ਬੇਕਿਰਕ ਨੇ ਹਾਕਮ
  ਸੱਥਰਾਂ ਉੱਤੇ ਬੈਠੇ ਲਾਲੋ, ਤੱਕਣ ਤੇਰੀਆਂ ਰਾਹਾਂ..
                            ਚਰਨਜੀਤ ਭੁੱਲਰ
ਬਠਿੰਡਾ :  ‘ਮਲਕ ਭਾਗੋ’ ਤੋਂ ਅੱਜ ਪੰਜਾਬ ਦੇ ਲਾਲੋ ਹਾਰ ਗਏ ਹਨ। ਬਾਬੇ ਨਾਨਕ ਨੇ ਕਿਰਤ ਦਾ ਹੋਕਾ ਦਿੱਤਾ ਤਾਂ ਉਨ੍ਹਾਂ ਹਲ਼ਾਂ ਦੇ ਮੁੱਠੇ ਫੜ ਲਏ। ਜ਼ਿੰਦਗੀ ਭਰ ਹਲ਼ ਵਾਹੁਣ ਵਾਲੇ ਲਾਲੋ ਅੱਜ ਖ਼ਾਲੀ ਹੱਥ ਹਨ। ਮਿੱਟੀ ਨਾਲ ਮਿੱਟੀ ਹੋਣ ਵਾਲੇ ਹਜ਼ਾਰਾਂ ਬਜ਼ੁਰਗ ਕਿਸਾਨ ਅੱਜ ਮੁੜ ਬਾਬੇ ਨਾਨਕ ਨੂੰ ਉਡੀਕ ਰਹੇ ਹਨ ਤਾਂ ਜੋ ਪੰਜਾਬ ਦੇ ਕਿਸੇ ਘਰ ਵਿਚ ਮੁੜ ਸੱਥਰ ਨਾ ਵਿਛੇ। ਕਿਧਰੇ ਵੀ ਕੋਈ ਸੁੱਖ ਨਹੀਂ। ਕੋਈ ਲਾਲੋ ਦੋ ਡੰਗ ਦੀ ਰੋਟੀ ਲਈ ਰੁਲ ਰਿਹਾ। ਕੋਈ ਸੜਕਾਂ ’ਤੇ ਬੈਠੇ ਹਨ ਤੇ ਇਲਾਜ ਨੂੰ ਤਰਸ ਰਿਹਾ ਹੈ। ਸੰਘਰਸ਼ੀ ਤੇ ਕਿਰਤੀ ਲੋਕਾਂ ਨੂੰ ਅੱਜ ਹਕੂਮਤਾਂ ਚੋਂ ਬਾਬਰ ਦਾ ਝਉਲਾ ਪੈਂਦਾ ਹੈ। ਖੇਤਾਂ ਦੇ ਰਾਜੇ ਅੱਜ ਹਕੂਮਤਾਂ ਹੱਥੋਂ ਹਾਰੇ ਹਨ। ਮਾਨਸਾ ਦੇ ਪਿੰਡ ਸਾਹਨੇਵਾਲੀ ਦੇ ਕਿਸਾਨ ਮੋਤੀ ਰਾਮ ਨੇ ਪੂਰੀ ਜ਼ਿੰਦਗੀ ਹਲ਼ ਵਾਹਿਆ। ਤਿੰਨ ਮਹੀਨੇ ਦਾ ਸੀ ਜਦੋਂ ਬਾਪ ਗੁਜ਼ਰ ਗਿਆ। ਮਾਂ ਨੇ ਭੇਡਾਂ ਲੈ ਦਿੱਤੀਆਂ। ਲੋਕਾਂ ਦੀ ਵਗਾਰ ਕਰਦੇ ਨੇ ਜਵਾਨੀ ਕੱਢ ਦਿੱਤੀ। ਤਿੰਨ ਏਕੜ ਪੈਲੀ ’ਤੇ ਹਲ਼ ਵਾਹੁਣਾ ਸ਼ੁਰੂ ਕੀਤਾ। ਹੁਣ 75 ਵਰ੍ਹਿਆਂ ਦਾ ਹੈ। ਜਦੋਂ ਜ਼ਿੰਦਗੀ ਨੇ ਦਮ ਲਿਆ ਤਾਂ ਮੋਤੀ ਰਾਮ ਦਾ ਵੱਡਾ ਲੜਕਾ ਖ਼ੁਦਕੁਸ਼ੀ ਕਰ ਗਿਆ। ਮੁੜ ਜੀਵਨ ਲੀਹ ਤੇ ਪੈਣ ਲੱਗਾ ਤਾਂ ਉਸ ਦੇ ਛੋਟੇ ਲੜਕੇ ਦੇ ਗੁਰਦੇ ਫ਼ੇਲ੍ਹ ਹੋ ਗਏ। ਇਲਾਜ ਨੇ ਕਰਜ਼ਾਈ ਕਰ ਦਿੱਤਾ। ਆਖ਼ਰ ਛੋਟਾ ਲੜਕਾ ਵੀ ਨਾ ਬਚ ਸਕਿਆ। ਪਿੰਡ ਦੇ ਲੋਕ ਆਖਦੇ ਹਨ ਕਿ ‘ ਏਹ ਮੋਤੀ ਰਾਮ ਨਹੀਂ, ਦੁੱਖਾਂ ਦੀ ਪੰਡ ਹੈ’।
           ਕਿਸਾਨ ਮੋਤੀ ਰਾਮ ਹੁਣ ਇੱਕ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਉਹ ਆਖਦਾ ਹੈ ਕਿ ਬਾਬਾ ਨਾਨਕ ਮੁੜ ਆਵੇ ਤਾਂ ਦੇਖੇ ਕਿ ਉਸ ਦੇ ਕਿਰਤੀ ਨੂੰ ਸਮੇਂ ਦੇ ਮਲਕ ਭਾਗੋ ਨੇ ਕਿਵੇਂ ਨਚੋੜ ਦਿੱਤਾ ਹੈ। ਪਿੰਡ ਮਾਈਸਰਖਾਨਾ ਦੇ 70 ਵਰ੍ਹਿਆਂ ਦੇ ਕਿਸਾਨ ਕੌਰ ਸਿੰਘ ਦੇ ਘਰ ਅੱਜ ਸੱਥਰ ਵਿਛ ਗਿਆ ਹੈ। ਉਸ ਦੇ ਜਵਾਨ ਪੁੱਤ ਕੁਲਦੀਪ ਸਿੰਘ ਨੇ ਖੇਤੀ ਸੰਕਟ ਨੂੰ ਨਾ ਸਹਾਰਦੇ ਹੋਏ ਜ਼ਿੰਦਗੀ ਖ਼ਤਮ ਕਰ ਲਈ ਹੈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ। ਕੌਰ ਸਿੰਘ ਦੱਸਦਾ ਹੈ ਕਿ ਉਸ ਨੇ ਤਾਂ ਪੂਰੀ ਉਮਰ ਬਾਬੇ ਨਾਨਕ ਦੇ ਬੋਲ ਪੁਗਾਏ। ਪੂਰੇ ਤੀਹ ਸਾਲ ਹਲ਼ ਵਾਹਿਆ। ਵਕਤ ਦੀ ਮਾਰ ਨੇ ਕਦੇ ਪੈਰ ਹੀ ਨਹੀਂ ਲੱਗਣ ਦਿੱਤੇ। ਆਖ਼ਰ ਬਿਰਧ ਉਮਰ ’ਚ ਕੌਰ ਸਿੰਘ ਪ੍ਰਾਈਵੇਟ ਅਦਾਰੇ ਦਾ ਚੌਕੀਦਾਰ ਵੀ ਬਣਿਆ। ਉਹ ਆਖਦਾ ਹੈ ਕਿ ਅੱਜ ਖੇਤਾਂ ਨੂੰ ਮੁੜ ਬਾਬੇ ਨਾਨਕ ਦੀ ਉਡੀਕ ਹੈ। ਨਹੀਂ ਤਾਂ ਕਿਰਤੀ ਦੀ ਜ਼ਿੰਦਗੀ ਘੱਟਾ ਢੋਂਦੇ ਦੀ ਹੀ ਨਿਕਲ ਜਾਣੀ ਹੈ।  ਮੁਕਤਸਰ ਦੇ ਪਿੰਡ ਭਲਾਈਆਣਾ ਦੇ ਕਿਸਾਨ ਨਛੱਤਰ ਸਿੰਘ ਦੇ ਆਖ਼ਰ ਭਾਗ ਹਾਰ ਗਏ ਹਨ। ਉਹ 70 ਵਰ੍ਹਿਆਂ ਦਾ ਹੈ ਅਤੇ ਉਸ ਦਾ ਜਵਾਨ ਮੁੰਡਾ ਖ਼ੁਦਕੁਸ਼ੀ ਕਰ ਗਿਆ ਹੈ। ਲੜਕੀ ਮੰਦਬੁੱਧੀ ਤੇ ਅਪਾਹਜ ਹੈ।  ਨਛੱਤਰ ਸਿੰਘ ਆਖਦਾ ਹੈ ਕਿ ਉਸ ਨੇ ਪੂਰੀ ਜ਼ਿੰਦਗੀ ਖੇਤਾਂ ਦੇ ਲੇਖੇ ਲਾਈ। ਜ਼ਿੰਦਗੀ ਦੇ ਆਖ਼ਰੀ ਮੋੜ ਤੇ ਹੱਥ ਖ਼ਾਲੀ ਹਨ। ਮਾਨਸਾ ਦੇ ਪਿੰਡ ਦਿਆਲਪੁਰਾ ਦੇ ਕਿਸਾਨ ਦੇਸ ਰਾਜ ਦੇ ਸਿਰੜ ਅੱਗੇ ਕਦੇ ਖੇਤ ਹਾਰ ਮੰਨ ਜਾਂਦੇ ਸਨ। ਅੱਜ ਉਹ ਖੁਦ ਨਿਹੱਥਾ ਹੋ ਗਿਆ ਹੈ। ਇੱਕ ਲੜਕਾ ਤੇ ਨੂੰਹ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ।
                 ਦੇਸ ਰਾਜ ਆਖਦਾ ਹੈ ਕਿ ਪੂਰੀ ਜ਼ਿੰਦਗੀ ਹਲ਼ ਵਾਹੁੰਦੇ ਕੱਢੀ। ਹੁਣ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਲੰਘੇ 19 ਮਹੀਨਿਆਂ ਵਿਚ ਪੰਜਾਬ ’ਚ 829 ਕਿਸਾਨ ਖ਼ੁਦਕੁਸ਼ੀ ਕਰ ਗਏ ਹਨ।  ਮਜ਼ਦੂਰਾਂ ਦਾ ਹਾਲ ਇਸ ਤੋਂ ਭੈੜਾ ਹੈ। ਪੰਜਾਬ ਭਰ ਵਿਚ 18750 ਮਜ਼ਦੂਰ ਅਜਿਹੇ ਹਨ ਜਿਨ੍ਹਾਂ ਦੀ ਉਮਰ 80 ਵਰ੍ਹਿਆਂ ਤੋਂ ਟੱਪ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਤੋਰਾ ਤੋਰਨ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ। ਮਗਨਰੇਗਾ ਸਕੀਮ ’ਚ ਇਹ ਮਜ਼ਦੂਰ ਅੱਜ ਵੀ ਭਾਰ ਢੋਹ ਰਹੇ ਹਨ। ਪੰਜਾਬ ਵਿਚ 61 ਵਰ੍ਹਿਆਂ ਤੋਂ 80 ਸਾਲ ਤੱਕ ਦੇ ਮਜ਼ਦੂਰਾਂ ਦੀ ਗਿਣਤੀ 3.71 ਲੱਖ ਹੈ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਹੁਣ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ। ਪਿੰਡ ਲੱਖੀ ਜੰਗਲ ਦੇ ਗੁਰੂ ਘਰ ਵਿਚ ਅੱਜ ਇੱਕ ਬਿਰਧ ਅੌਰਤ ਨੇ ਦੱਸਿਆ ਕਿ ਉਸ ਨੇ ਪੂਰੀ ਜ਼ਿੰਦਗੀ ਮਜ਼ਦੂਰੀ ਕਰਨ ਵਿਚ ਕੱਢ ਦਿੱਤੀ, ਇੱਕ ਛੱਤ ਵੀ ਨਹੀਂ ਜੁੜ ਸਕੀ। ਲੱਖੇਵਾਲੀ ਦੇ ਮਜ਼ਦੂਰ ਗੁਰਬਿੰਦਰ ਸਿੰਘ ਦੇ ਇੱਕ ਕੱਚੇ ਕਮਰੇ ਨੂੰ ਬੂਹਾ ਨਸੀਬ ਨਹੀਂ ਹੋ ਸਕਿਆ। ਜੋ ਕਿਰਤੀ ਇਲਾਜ ਖੁਣੋਂ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ, ਉਨ੍ਹਾਂ ਦੀ ਗਿਣਤੀ ਕਿਸੇ ਹਿਸਾਬ ਵਿਚ ਨਹੀਂ। ਭਾਵੇਂ ਬਾਬਰਾਂ ਦੀ ਉਮਰ ਲਮੇਰੀ ਹੈ ਪ੍ਰੰਤੂ ਆਸਵੰਦਾਂ ਦੀ ਆਸ ਵੀ ਮੁੱਕੀ ਨਹੀਂ ਜੋ ਆਖਦੇ ਹਨ ਕਿ ਬਾਬੇ ਨਾਨਕ ਦੀ ਸੋਚ ਦਾ ਸਫ਼ਰ ਜਾਰੀ ਹੈ।




No comments:

Post a Comment