Showing posts with label lalo. Show all posts
Showing posts with label lalo. Show all posts

Friday, November 23, 2018

                          ਬੇਕਿਰਕ ਨੇ ਹਾਕਮ
  ਸੱਥਰਾਂ ਉੱਤੇ ਬੈਠੇ ਲਾਲੋ, ਤੱਕਣ ਤੇਰੀਆਂ ਰਾਹਾਂ..
                            ਚਰਨਜੀਤ ਭੁੱਲਰ
ਬਠਿੰਡਾ :  ‘ਮਲਕ ਭਾਗੋ’ ਤੋਂ ਅੱਜ ਪੰਜਾਬ ਦੇ ਲਾਲੋ ਹਾਰ ਗਏ ਹਨ। ਬਾਬੇ ਨਾਨਕ ਨੇ ਕਿਰਤ ਦਾ ਹੋਕਾ ਦਿੱਤਾ ਤਾਂ ਉਨ੍ਹਾਂ ਹਲ਼ਾਂ ਦੇ ਮੁੱਠੇ ਫੜ ਲਏ। ਜ਼ਿੰਦਗੀ ਭਰ ਹਲ਼ ਵਾਹੁਣ ਵਾਲੇ ਲਾਲੋ ਅੱਜ ਖ਼ਾਲੀ ਹੱਥ ਹਨ। ਮਿੱਟੀ ਨਾਲ ਮਿੱਟੀ ਹੋਣ ਵਾਲੇ ਹਜ਼ਾਰਾਂ ਬਜ਼ੁਰਗ ਕਿਸਾਨ ਅੱਜ ਮੁੜ ਬਾਬੇ ਨਾਨਕ ਨੂੰ ਉਡੀਕ ਰਹੇ ਹਨ ਤਾਂ ਜੋ ਪੰਜਾਬ ਦੇ ਕਿਸੇ ਘਰ ਵਿਚ ਮੁੜ ਸੱਥਰ ਨਾ ਵਿਛੇ। ਕਿਧਰੇ ਵੀ ਕੋਈ ਸੁੱਖ ਨਹੀਂ। ਕੋਈ ਲਾਲੋ ਦੋ ਡੰਗ ਦੀ ਰੋਟੀ ਲਈ ਰੁਲ ਰਿਹਾ। ਕੋਈ ਸੜਕਾਂ ’ਤੇ ਬੈਠੇ ਹਨ ਤੇ ਇਲਾਜ ਨੂੰ ਤਰਸ ਰਿਹਾ ਹੈ। ਸੰਘਰਸ਼ੀ ਤੇ ਕਿਰਤੀ ਲੋਕਾਂ ਨੂੰ ਅੱਜ ਹਕੂਮਤਾਂ ਚੋਂ ਬਾਬਰ ਦਾ ਝਉਲਾ ਪੈਂਦਾ ਹੈ। ਖੇਤਾਂ ਦੇ ਰਾਜੇ ਅੱਜ ਹਕੂਮਤਾਂ ਹੱਥੋਂ ਹਾਰੇ ਹਨ। ਮਾਨਸਾ ਦੇ ਪਿੰਡ ਸਾਹਨੇਵਾਲੀ ਦੇ ਕਿਸਾਨ ਮੋਤੀ ਰਾਮ ਨੇ ਪੂਰੀ ਜ਼ਿੰਦਗੀ ਹਲ਼ ਵਾਹਿਆ। ਤਿੰਨ ਮਹੀਨੇ ਦਾ ਸੀ ਜਦੋਂ ਬਾਪ ਗੁਜ਼ਰ ਗਿਆ। ਮਾਂ ਨੇ ਭੇਡਾਂ ਲੈ ਦਿੱਤੀਆਂ। ਲੋਕਾਂ ਦੀ ਵਗਾਰ ਕਰਦੇ ਨੇ ਜਵਾਨੀ ਕੱਢ ਦਿੱਤੀ। ਤਿੰਨ ਏਕੜ ਪੈਲੀ ’ਤੇ ਹਲ਼ ਵਾਹੁਣਾ ਸ਼ੁਰੂ ਕੀਤਾ। ਹੁਣ 75 ਵਰ੍ਹਿਆਂ ਦਾ ਹੈ। ਜਦੋਂ ਜ਼ਿੰਦਗੀ ਨੇ ਦਮ ਲਿਆ ਤਾਂ ਮੋਤੀ ਰਾਮ ਦਾ ਵੱਡਾ ਲੜਕਾ ਖ਼ੁਦਕੁਸ਼ੀ ਕਰ ਗਿਆ। ਮੁੜ ਜੀਵਨ ਲੀਹ ਤੇ ਪੈਣ ਲੱਗਾ ਤਾਂ ਉਸ ਦੇ ਛੋਟੇ ਲੜਕੇ ਦੇ ਗੁਰਦੇ ਫ਼ੇਲ੍ਹ ਹੋ ਗਏ। ਇਲਾਜ ਨੇ ਕਰਜ਼ਾਈ ਕਰ ਦਿੱਤਾ। ਆਖ਼ਰ ਛੋਟਾ ਲੜਕਾ ਵੀ ਨਾ ਬਚ ਸਕਿਆ। ਪਿੰਡ ਦੇ ਲੋਕ ਆਖਦੇ ਹਨ ਕਿ ‘ ਏਹ ਮੋਤੀ ਰਾਮ ਨਹੀਂ, ਦੁੱਖਾਂ ਦੀ ਪੰਡ ਹੈ’।
           ਕਿਸਾਨ ਮੋਤੀ ਰਾਮ ਹੁਣ ਇੱਕ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਉਹ ਆਖਦਾ ਹੈ ਕਿ ਬਾਬਾ ਨਾਨਕ ਮੁੜ ਆਵੇ ਤਾਂ ਦੇਖੇ ਕਿ ਉਸ ਦੇ ਕਿਰਤੀ ਨੂੰ ਸਮੇਂ ਦੇ ਮਲਕ ਭਾਗੋ ਨੇ ਕਿਵੇਂ ਨਚੋੜ ਦਿੱਤਾ ਹੈ। ਪਿੰਡ ਮਾਈਸਰਖਾਨਾ ਦੇ 70 ਵਰ੍ਹਿਆਂ ਦੇ ਕਿਸਾਨ ਕੌਰ ਸਿੰਘ ਦੇ ਘਰ ਅੱਜ ਸੱਥਰ ਵਿਛ ਗਿਆ ਹੈ। ਉਸ ਦੇ ਜਵਾਨ ਪੁੱਤ ਕੁਲਦੀਪ ਸਿੰਘ ਨੇ ਖੇਤੀ ਸੰਕਟ ਨੂੰ ਨਾ ਸਹਾਰਦੇ ਹੋਏ ਜ਼ਿੰਦਗੀ ਖ਼ਤਮ ਕਰ ਲਈ ਹੈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ। ਕੌਰ ਸਿੰਘ ਦੱਸਦਾ ਹੈ ਕਿ ਉਸ ਨੇ ਤਾਂ ਪੂਰੀ ਉਮਰ ਬਾਬੇ ਨਾਨਕ ਦੇ ਬੋਲ ਪੁਗਾਏ। ਪੂਰੇ ਤੀਹ ਸਾਲ ਹਲ਼ ਵਾਹਿਆ। ਵਕਤ ਦੀ ਮਾਰ ਨੇ ਕਦੇ ਪੈਰ ਹੀ ਨਹੀਂ ਲੱਗਣ ਦਿੱਤੇ। ਆਖ਼ਰ ਬਿਰਧ ਉਮਰ ’ਚ ਕੌਰ ਸਿੰਘ ਪ੍ਰਾਈਵੇਟ ਅਦਾਰੇ ਦਾ ਚੌਕੀਦਾਰ ਵੀ ਬਣਿਆ। ਉਹ ਆਖਦਾ ਹੈ ਕਿ ਅੱਜ ਖੇਤਾਂ ਨੂੰ ਮੁੜ ਬਾਬੇ ਨਾਨਕ ਦੀ ਉਡੀਕ ਹੈ। ਨਹੀਂ ਤਾਂ ਕਿਰਤੀ ਦੀ ਜ਼ਿੰਦਗੀ ਘੱਟਾ ਢੋਂਦੇ ਦੀ ਹੀ ਨਿਕਲ ਜਾਣੀ ਹੈ।  ਮੁਕਤਸਰ ਦੇ ਪਿੰਡ ਭਲਾਈਆਣਾ ਦੇ ਕਿਸਾਨ ਨਛੱਤਰ ਸਿੰਘ ਦੇ ਆਖ਼ਰ ਭਾਗ ਹਾਰ ਗਏ ਹਨ। ਉਹ 70 ਵਰ੍ਹਿਆਂ ਦਾ ਹੈ ਅਤੇ ਉਸ ਦਾ ਜਵਾਨ ਮੁੰਡਾ ਖ਼ੁਦਕੁਸ਼ੀ ਕਰ ਗਿਆ ਹੈ। ਲੜਕੀ ਮੰਦਬੁੱਧੀ ਤੇ ਅਪਾਹਜ ਹੈ।  ਨਛੱਤਰ ਸਿੰਘ ਆਖਦਾ ਹੈ ਕਿ ਉਸ ਨੇ ਪੂਰੀ ਜ਼ਿੰਦਗੀ ਖੇਤਾਂ ਦੇ ਲੇਖੇ ਲਾਈ। ਜ਼ਿੰਦਗੀ ਦੇ ਆਖ਼ਰੀ ਮੋੜ ਤੇ ਹੱਥ ਖ਼ਾਲੀ ਹਨ। ਮਾਨਸਾ ਦੇ ਪਿੰਡ ਦਿਆਲਪੁਰਾ ਦੇ ਕਿਸਾਨ ਦੇਸ ਰਾਜ ਦੇ ਸਿਰੜ ਅੱਗੇ ਕਦੇ ਖੇਤ ਹਾਰ ਮੰਨ ਜਾਂਦੇ ਸਨ। ਅੱਜ ਉਹ ਖੁਦ ਨਿਹੱਥਾ ਹੋ ਗਿਆ ਹੈ। ਇੱਕ ਲੜਕਾ ਤੇ ਨੂੰਹ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ।
                 ਦੇਸ ਰਾਜ ਆਖਦਾ ਹੈ ਕਿ ਪੂਰੀ ਜ਼ਿੰਦਗੀ ਹਲ਼ ਵਾਹੁੰਦੇ ਕੱਢੀ। ਹੁਣ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਲੰਘੇ 19 ਮਹੀਨਿਆਂ ਵਿਚ ਪੰਜਾਬ ’ਚ 829 ਕਿਸਾਨ ਖ਼ੁਦਕੁਸ਼ੀ ਕਰ ਗਏ ਹਨ।  ਮਜ਼ਦੂਰਾਂ ਦਾ ਹਾਲ ਇਸ ਤੋਂ ਭੈੜਾ ਹੈ। ਪੰਜਾਬ ਭਰ ਵਿਚ 18750 ਮਜ਼ਦੂਰ ਅਜਿਹੇ ਹਨ ਜਿਨ੍ਹਾਂ ਦੀ ਉਮਰ 80 ਵਰ੍ਹਿਆਂ ਤੋਂ ਟੱਪ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਤੋਰਾ ਤੋਰਨ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ। ਮਗਨਰੇਗਾ ਸਕੀਮ ’ਚ ਇਹ ਮਜ਼ਦੂਰ ਅੱਜ ਵੀ ਭਾਰ ਢੋਹ ਰਹੇ ਹਨ। ਪੰਜਾਬ ਵਿਚ 61 ਵਰ੍ਹਿਆਂ ਤੋਂ 80 ਸਾਲ ਤੱਕ ਦੇ ਮਜ਼ਦੂਰਾਂ ਦੀ ਗਿਣਤੀ 3.71 ਲੱਖ ਹੈ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਹੁਣ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ। ਪਿੰਡ ਲੱਖੀ ਜੰਗਲ ਦੇ ਗੁਰੂ ਘਰ ਵਿਚ ਅੱਜ ਇੱਕ ਬਿਰਧ ਅੌਰਤ ਨੇ ਦੱਸਿਆ ਕਿ ਉਸ ਨੇ ਪੂਰੀ ਜ਼ਿੰਦਗੀ ਮਜ਼ਦੂਰੀ ਕਰਨ ਵਿਚ ਕੱਢ ਦਿੱਤੀ, ਇੱਕ ਛੱਤ ਵੀ ਨਹੀਂ ਜੁੜ ਸਕੀ। ਲੱਖੇਵਾਲੀ ਦੇ ਮਜ਼ਦੂਰ ਗੁਰਬਿੰਦਰ ਸਿੰਘ ਦੇ ਇੱਕ ਕੱਚੇ ਕਮਰੇ ਨੂੰ ਬੂਹਾ ਨਸੀਬ ਨਹੀਂ ਹੋ ਸਕਿਆ। ਜੋ ਕਿਰਤੀ ਇਲਾਜ ਖੁਣੋਂ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ, ਉਨ੍ਹਾਂ ਦੀ ਗਿਣਤੀ ਕਿਸੇ ਹਿਸਾਬ ਵਿਚ ਨਹੀਂ। ਭਾਵੇਂ ਬਾਬਰਾਂ ਦੀ ਉਮਰ ਲਮੇਰੀ ਹੈ ਪ੍ਰੰਤੂ ਆਸਵੰਦਾਂ ਦੀ ਆਸ ਵੀ ਮੁੱਕੀ ਨਹੀਂ ਜੋ ਆਖਦੇ ਹਨ ਕਿ ਬਾਬੇ ਨਾਨਕ ਦੀ ਸੋਚ ਦਾ ਸਫ਼ਰ ਜਾਰੀ ਹੈ।




Sunday, March 8, 2015

                                        ਔਲਖ ਨੂੰ ਸਲਾਮ
                            ਤੇਰਾ ਇੱਕ ਲਾਲੋ ਏਹ ਵੀ...
                                    ਚਰਨਜੀਤ ਭੁੱਲਰ
ਬਠਿੰਡਾ : ਬਾਬਾ, ਆ ਦੇਖ ਤੇਰੇ ਲਾਲੋ ਅੱਜ ਵੀ ਰੁਲਦੇ ਨੇ। ਸਮਾਂ ਬਦਲਿਆਂ ਹੈ,ਹਾਲਾਤ ਨਹੀਂ। ਅੱਸੀ ਵਰਿ•ਆਂ ਦਾ ਜੱਗਰ ਅੱਜ ਵੀ ਮਨਰੇਗਾ ਦੇ ਟੋਕਰੇ ਚੁੱਕਦਾ ਹੈ। ਪੈਲ਼ੀਆਂ ਦੇ ਵਾਰਸ ਲੇਬਰ ਚੌਂਕਾਂ ਵਿਚ ਮੂੰਹ ਲਕੋਈ ਖੜ•ੇ ਨੇ। ਕੈਲੇ ਸੀਰੀ ਦਾ ਮੁੰਡਾ ਅੱਜ ਵੀ ਸੀਰੀ ਹੀ ਹੈ। ਬਚਨੋ ਮਾਈ ਅੱਜ ਵੀ ਲੋਕਾਂ ਦੇ ਘਰਾਂ ਵਿਚ ਗੋਹਾ ਕੂੜਾ ਹੀ ਕਰਦੀ ਹੈ। ਵੱਡੇ ਦਰਵਾਜੇ ਵਾਲਿਆਂ ਦੀ ਨੂੰਹ ਹੁਣ ਲੋਕਾਂ ਦੇ ਘਰਾਂ ਵਿਚ ਪੋਚੇ ਲਾਉਂਦੀ ਹੈ। ਦਿਆਲੇ ਦੇ ਮੁੰਡੇ ਨੂੰ ਭੈਣ ਦੇ ਵਿਆਹ ਲਈ ਟਰੈਕਟਰ ਵੇਚਣਾ ਪਿਆ ਹੈ। ਬਾਬਾ, ਟੈਂਕੀਆਂ ਤੇ ਚੜਣਾ ਇਹਨਾਂ ਮੁੰਡਿਆਂ ਦਾ ਸ਼ੌਕ ਨਹੀਂ। ਮਲਕ ਭਾਗੋਆਂ ਨੂੰ ਉਚਾ ਸੁਣਨ ਲੱਗ ਪਿਆ ਹੈ। ਤਾਹੀਓਂ ਇਹ ਟੈਂਕੀਆਂ ਤੇ ਚੜੇ ਨੇ। ਇੱਧਰ ਵੇਖ, ਫੌਜੀ ਭਰਤੀ ਵਿਚ ਦਮੋਂ ਨਿਕਲੇ ਨੌਜਵਾਨਾਂ ਲਈ ਵੀ ਮਸਲਾ ਢਿੱਡ ਦਾ ਹੀ ਹੈ। ਬਾਬਾ, ਆ ਦੇਖ, ਬੇਬੇ ਦਾ ਸੰਦੂਕ ਹੁਣ ਬੈਂਕਾਂ ਦੇ ਨੋਟਿਸਾਂ ਨਾਲ ਭਰ ਗਿਆ ਹੈ। ਉਸ ਅੱਸੀ ਵਰਿ•ਆਂ ਦੀ ਕਿਸ਼ਨੋ ਬੁੜੀ ਦਾ ਜੇਰਾ ਵੇਖ, ਖੇਤਾਂ ਦੇ ਰੁਸੇਵੇਂ ਨੇ ਸਾਰਾ ਘਰ ਸੁੰਨਾ ਕਰ ਦਿੱਤਾ ਹੈ। ਔਹ, ਸੋਟੀ ਦੇ ਸਹਾਰੇ ਤੁਰੇ ਆਉਂਦੇ ਪਿਆਰਾ ਸਿਓ ਵੱਲ ਵੇਖ, ਜੋ ਢਾਈ ਸੌ ਰੁਪਏ ਦੀ ਬੁਢਾਪਾ ਪੈਨਸ਼ਨ ਦੀ ਗਰਜ਼ ਵਿਚ ਸਰਪੰਚਾਂ ਨਾਲ ਕਦੇ ਕਿਸੇ ਰੈਲੀ ਵਿਚ ਜਾਂਦਾ ਹੈ ਤੇ ਕਦੇ ਕਿਸੇ ਪੰਡਾਲ ਦੀ ਸੋਭਾ ਬਣਦਾ ਹੈ। ਔਹ ਵੇਖ, ਭੱਜੇ ਜਾਂਦੇ ਨੱਥਾ ਸਿਓ ਦੇ ਖੁੱਲ•ੇ ਵਾਲਾਂ ਚੋ ਵਹਿੰਦਾ ਲਹੂ, ਸੋਚਦਾ ਹੋਵੇਗਾ ਕਿ ਕੋਈ ਚੋਰੀ ਕਰਕੇ ਭੱਜਿਆ। ਨਹੀਂ ਬਾਬਾ, ਉਹ ਤਾਂ ਪ੍ਰਾਈਵੇਟ ਕੰਪਨੀ ਤੋਂ ਆਪਣੇ ਖੇਤ ਬਚਾਉਣ ਲਈ ਜਿੱਦ ਕਰ ਬੈਠਾ। ਜਿਨ•ਾਂ ਖੇਤਾਂ ਵਾਸਤੇ ਪਸੀਨਾ ਵਹਾਇਆ, ਉਨ•ਾਂ ਖੇਤਾਂ ਲਈ ਹੁਣ ਖੂਨ ਵਹਾਉਣਾ ਪਿਆ। ਬਾਬਾ, ਤੂੰ ਤਾਂ ਕਿਰਤ ਦਾ ਹੋਕਾ ਦਿੱਤਾ ਤੇ ਇਨ•ਾਂ ਨੇ ਉਸ ਤੇ ਪਹਿਰਾ ਦਿੱਤਾ।
                   ਆਹ ਖ਼ਬਰ ਦੀ ਸੁਰਖੀ ਵੀ ਪੜ•। ਤਿੰਨ ਮੋਟਰ ਸਾਈਕਲ ਸਵਾਰ ਮੰਗਤੇ ਦੀ ਆਟੇ ਵਾਲੀ ਪੋਟਲੀ ਖੋਹ ਕੇ ਫਰਾਰ। ਹੁਣ ਤਾਂ ਮੰਗਤੇ ਦੀ ਪੋਟਲੀ ਵੀ ਸੁਰੱਖਿਅਤ ਨਹੀਂ। ਹਾਕਮ ਕੋਈ ਭੋਲੇ ਨਹੀਂ ਹਨ। ਜਵਾਨੀ ਹੱਕਾਂ ਵਾਸਤੇ ਮੂੰਹ ਖੋਲ•ੇ, ਉਸ ਤੋਂ ਪਹਿਲਾਂ ਕਿਸੇ ਦੇ ਮੂੰਹ ਵਿਚ ਚਿੱਟਾ ਪਾ ਦਿੱਤਾ ਅਤੇ ਕਿਸੇ ਨੂੰ ਪੁੜੀ ਤੇ ਲਾ ਦਿੱਤਾ। ਬਾਬਾ, ਬਹੁਤੇ ਸਿਆਸੀ ਜਲਸਿਆਂ ਵਿਚ ਇਹ ਪੁੜੀਆਂ ਵਾਲੇ ਹੀ ਲੀਡਰਾਂ ਦੇ ਝੰਡੇ ਚੁੱਕਦੇ ਨੇ। ਕੁਝ ਨੂੰ ਹਾਲਾਤਾਂ ਨੇ ਮਾਰ ਦਿੱਤਾ ਅਤੇ ਕੁਝ ਲਈ ਹਾਲਾਤ ਪੈਦਾ ਕਰ ਦਿੱਤੇ ਗਏ ਹਨ। ਰਹਿੰਦੀ ਕਸਰ ਬਿਮਾਰੀ ਨੇ ਕੱਢ ਦਿੱਤੀ ਹੈ। ਸਰਕਾਰਾਂ ਨੂੰ ਕੈਂਸਰ ਪੀੜਤਾਂ ਚੋਂ ਵੋਟ ਹੀ ਦਿੱਖਦੀ ਹੈ। ਬਾਬਾ, ਤੂੰ ਹੀ ਦੱਸ, ਜਿਨ•ਾਂ ਲਾਲੋਆਂ ਨੂੰ ਰੋਟੀ ਲਈ ਲਾਲੇ ਪਏ ਨੇ, ਉਹ ਮਹਿੰਗੇ ਇਲਾਜ ਕਿਥੋਂ ਕਰਾਉਣ। ਬਾਬਾ, ਤੇਰਾ ਹੋਕਾ ਹਰ ਲਾਲੋ ਦੇ ਚੇਤੇ ਹੈ, ਮਲਕ ਭਾਗੋ ਭੁੱਲ ਗਏ ਨੇ। ਨਿਰਾਸ ਨਾ ਹੋ ਬਾਬਾ, ਹਾਲੇ ਵੀ ਬਹੁਤ ਨੇ ਤੇਰੀ ਰਬਾਬ ਦੇ ਸ਼ੁਦਾਈ।
                     ਬਾਬਾ ਔਹ ਵੇਖ, ਏਹ ਤੇਰੇ ਹੋਕੇ ਦਾ ਪਹਿਰੇਦਾਰ ਹੀ ਹੈ। ਜੋ ਪਿੰਡ ਪਿੰਡ ਅੱਜ ਦੇ ਲਾਲੋ ਦੀ ਜ਼ਿੰਦਗੀ ਨੂੰ ਆਪਣੇ ਨਾਟਕਾਂ ਚੋਂ ਦਿਖਾ ਰਿਹਾ ਹੈ। ਨਾਲੋ ਨਾਲ ਮਲਕ ਭਾਗੋ ਦੀ ਗੱਲ ਵੀ ਕਰਦਾ ਹੈ ਅਤੇ ਉਸ ਦੇ ਮਹਿਲਾਂ ਦੀ ਵੀ। ਪੂਰੀ ਜ਼ਿੰਦਗੀ ਪ੍ਰੋ. ਅਜਮੇਰ ਔਲਖ ਨੇ ਨਾਟਕ ਦੇ ਮਾਧਿਅਮ ਨਾਲ ਅੱਜ ਦੇ ਕਿਰਤੀ ਦੀਆਂ ਦੁਸ਼ਵਾਰੀਆਂ ਦੀ ਗੱਲ ਕੀਤੀ। ਨਾਟਕ ਕਲਾ ਨਾਲ ਉਸ ਨੇ ਹਰ ਦਿਲ ਨੂੰ ਝੰਜੋੜਿਆ ਹੈ ਅਤੇ ਜਗਾਇਆ ਵੀ ਹੈ ਤਾਂ ਜੋ ਉਹ ਅੱਜ ਦੇ ਮਲਕ ਭਾਗੋ ਤੋਂ ਖ਼ਬਰਦਾਰ ਰਹਿ ਸਕਣ। ਬਾਬਾ, ਉਂਝ ਤੇਰਾ ਹੋਕਾ ਦੇਣ ਵਾਲੇ ਅੱਜ ਵੀ ਮਲਕ ਭਾਗੋ ਨੂੰ ਰੜਕਦੇ ਨੇ। ਰੜਕਣਾ ਵੀ ਜਾਇਜ਼ ਹੈ, ਕਿਉਂਜੋ ਲੋਕ ਜਾਗ ਪਏ ਤਾਂ ਸਭ ਤੋਂ ਪਹਿਲਾਂ ਇਨ•ਾਂ ਦੇ ਬੂਹੇ ਹੀ ਖੜਕਣੇ ਨੇ। ਹਕੂਮਤ ਤੇਰੇ ਉਪਦੇਸ਼ ਨੂੰ ਮੰਨਦੀ ਹੁੰਦੀ ਤਾਂ ਇਨ•ਾਂ ਜਗਾਉਣ ਵਾਲਿਆਂ ਨੂੰ ਵੀ ਕਲਾ ਦੀ ਤਰੱਕੀ ਖਾਤਰ ਫੰਡਾਂ ਦੇ ਗੱਫੇ ਮਿਲਦੇ। ਬਾਬਾ, ਤੈਥੋਂ ਕੀ ਭੁੱਲਿਐ, ਲੋਕਾਂ ਦਾ ਜਾਗਣਾ ਗੱਦੀ ਨੂੰ ਵਾਰਾ ਨਹੀਂ ਖਾਂਦਾ, ਤਾਹੀਓ ਫੰਡਾਂ ਦੀ ਪੋਟਲੀ ਸਮਸ਼ਾਨਘਾਟਾਂ ਤੱਕ ਸਿਮਟ ਜਾਂਦੀ ਹੈ। ਬਾਬਾ ਪਤੈ, ਗੁਰਸ਼ਰਨ ਭਾਅ ਜੀ ਵੀ ਤੇਰੇ ਵੱਡੇ ਉਪਾਸ਼ਕ ਸਨ। ਪੂਰਾ ਜੀਵਨ ਤੇਰਾ ਸੰਦੇਸ਼ ਘਰ ਘਰ ਤੱਕ ਲਿਜਾਣ ਦੇ ਲੇਖੇ ਲਾ ਦਿੱਤਾ। ਹਾਕਮਾਂ ਨੂੰ ਤੇਰੇ ਵਚਨਾਂ ਦੀ ਕਦਰ ਹੁੰਦੀ ਤਾਂ ਕੁੱਸੇ ਪਿੰਡ ਵਿਚ ਆਮ ਲੋਕਾਂ ਨੂੰ ਭਾਅ ਜੀ ਨੂੰ ਸਨਮਾਨਿਤ ਨਾ ਕਰਨਾ ਪੈਂਦਾ। ਸਰਕਾਰ ਆਪਣੀ ਡਿਊਟੀ ਨਿਭਾਉਂਦੀ। ਅੱਜ ਉਹੀ ਲੋਕ ਬਰਨਾਲਾ ਵਿਚ ਤੇਰੇ ਇੱਕ ਹੋਰ ਉਪਾਸ਼ਕ ਦੀ ਕਿਰਤ ਨੂੰ ਸਨਮਾਨ ਰਹੇ ਹਨ।
                    ਗੁਰਸ਼ਰਨ ਸਿੰਘ ਲੋਕ ਕਲਾ ਸੰਗਰਾਮ ਕਾਫਲਾ ਤੁਰਿਆ ਹੈ ਜੋ ਤੇਰੇ ਹਰ ਲਾਲੋ ਨੂੰ ਨਤਮਸਤਕ ਹੋ ਰਿਹਾ ਹੈ। ਇਸੇ ਕਾਫਲੇ ਵਲੋਂ ਅੱਜ ਬਰਨਾਲਾ ਵਿਚ ਪ੍ਰੋ.ਅਜਮੇਰ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਦਿੱਤਾ ਜਾ ਰਿਹਾ ਹੈ। ਹੁਣ ਦੋ ਲਫਜ਼ ਔਲਖ ਵਾਰੇ। ਔਲਖ ਨੂੰ ਕੌਣ ਨਹੀਂ ਜਾਣਦਾ। ਪੂਰੀ ਜ਼ਿੰਦਗੀ ਕਿਰਤ ਦੇ ਵਿਹੜੇ ਅਲਖ ਜਗਾਈ। ਸਮਾਜ ਦੇ ਹਰ ਕਿਰਤੀ ਦਾ ਦਰਦ ਉਸ ਦੀ ਕਲਾ ਚੋਂ ਝਲਕਿਆ। ਪੇਂਡੂ ਪੰਜਾਬ ਦਾ ਕੋਈ ਵਿਹੜਾ ਔਲਖ ਨੂੰ ਭੁੱਲਿਆ ਨਹੀਂ। ਨਾਟਕ ਤਾਂ ਇੱਕ ਵਿਧਾ ਹੈ। ਹਰ ਕਿਰਤੀ ਨੂੰ ਔਲਖ ਦੀ ਇਸ ਵਿਧਾ ਚੋਂ ਆਪਣੇ ਘਰ ਦਾ ਝਉਲਾ ਪੈਂਦਾ ਹੈ। ਇਕੱਲੇ ਬੋਹਲ ਨਹੀਂ ਰੋਂਦੇ ਸਨ, ਔਲਖ ਦਾ ਅੰਦਰਲਾ ਵੀ ਤੜਫਦਾ ਹੈ। ਉਸ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਊਂਕਿਆਂ ਨੂੰ ਨੇੜਿਓਂ ਸੁਣਿਆ। ਪਿੰਡ ਪਿੰਡ ਹੋਕਾ ਵੀ ਦਿੱਤਾ ਅਤੇ ਹੇਕ ਵੀ ਲਾਈ ਕਿ ਜਾਗੋ, ਨਹੀਂ ਤਾਂ ਤੰਗਲ਼ੀ ਵੀ ਨਹੀਂ ਬਚਣੀ। ਅੱਜ ਦਾ ਭਾਈ ਲਾਲੋ ਕਲਾ ਸਨਮਾਨ ਸਮਾਜ ਵਿਚ ਅਲਖ ਜਗਾਉਣ ਵਾਲਿਆਂ ਨੂੰ ਦਿੱਲੀ ਦੂਰ ਨਹੀਂ, ਦਾ ਸੁਨੇਹਾ ਜਰੂਰ ਦੇਵੇਗਾ।
        

Thursday, November 6, 2014

                                        ਆ ਵੇਖ 
                    ਅੱਜ ਵੀ ਰੁਲਦੇ ਨੇ ਤੇਰੇ ਲਾਲੋ....
                             ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਕਿੰਨੇ ਹੀ ਲਾਲੋ ਅੱਜ ਵੀ ਰੁਲ ਰਹੇ ਹਨ। ਕੋਈ ਰੁਲ ਰਿਹਾ ਹੈ ਕਿ ਦੋ ਡੰਗ ਦੀ ਰੋਟੀ ਲਈ। ਕੋਈ ਟੈਂਕੀ ਤੇ ਚੜਿ•ਆ ਹੈ ਤੇ ਕੋਈ ਸੜਕਾਂ ਤੇ ਬੈਠਾ ਹੈ। ਕੋਈ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਕਿ ਮੌਤ ਤੋਂ ਪਹਿਲਾਂ ਇਮਦਾਦ ਮਿਲ ਜਾਵੇ। ਕੋਈ ਛੱਤ ਨੂੰ ਤਰਸ ਰਿਹਾ ਹੈ ਅਤੇ ਕੋਈ ਸਕੂਲ ਦਾ ਮੂੰਹ ਵੇਖਣ ਨੂੰ। ਸਭਨਾਂ ਦੇ ਚਿਹਰੇ ਇਹੋ ਆਖ ਰਹੇ ਹਨ ਕਿ ਬਾਬਾ, ਆ ਵੇਖ ਤੇਰੇ ਲਾਲੋ ਅੱਜ ਵੀ ਰੁਲ ਰਹੇ ਨੇ। ਆਖਦੇ ਹਨ ਕਿ ਬਾਬਾ, ਤੂੰ ਤਾਂ ਬੋਲਿਆ ਸੀ ਪਰ ਅੱਜ ਦੇ ਬਾਬਰ ਤਾਂ ਬੋਲਣ ਤੋਂ ਪਹਿਲਾਂ ਹੀ ਜੇਲ• ਵਿਖਾ ਦਿੰਦੇ ਹਨ। ਪਿੰਡ ਲਹਿਰਾ ਮੁਹੱਬਤ ਦੇ ਆਜੜੀ ਚੜ•ਤ ਸਿੰਘ ਲਈ ਕੋਈ ਦਿਨ ਸੁੱਖਾਂ ਦਾ ਨਹੀਂ ਚੜਿ•ਆ ਹੈ। ਉਸ ਦੇ ਲੜਕੇ ਹਰਵਿੰਦਰ ਸਿੰਘ ਨੇ ਜ਼ਿੰਦਗੀ ਦੇ ਚਾਨਣ ਲਈ ਰਾਤਾਂ ਦੇ ਹਨੇਰੇ ਵਿਚ ਵੀ ਬੱਕਰੀਆਂ ਚਾਰੀਆਂ। ਬਚਪਨ ਬੱਕਰੀਆਂ ਦੇ ਪਿਛੇ ਬੀਤ ਗਿਆ ਅਤੇ ਬਾਕੀ ਜ਼ਿੰਦਗੀ ਦਿਹਾੜੀ ਦੇ ਲੇਖੇ ਲੱਗ ਗਈ। ਉਸ ਨੇ ਜਮ•ਾ ਦੋ ਦੀ ਪੜਾਈ ਵਾਸਤੇ ਕਦੇ ਖੇਤਾਂ ਵਿਚ ਆਲੂ ਚੁਗੇ ਅਤੇ ਕਦੇ ਸੈਲਰਾਂ ਦੀ ਉਸਾਰੀ ਵਿਚ ਦਿਹਾੜੀ ਕੀਤੀ। ਦੀਵੇ ਦੀ ਲੋਅ ਨੇ ਉਸ ਦਾ ਪੜਾਈ ਵਿਚ ਰਾਤਾਂ ਨੂੰ ਸਾਥ ਦਿੱਤਾ ਪਰ ਹਕੂਮਤ ਨੇ ਮੁੱਖ ਮੋੜ ਲਿਆ। ਉਸ ਨੇ ਦਿਹਾੜੀ ਕਰ ਕਰ ਕੇ ਅਤੇ ਫਿਰ ਟਿਊਸ਼ਨਾਂ ਪੜਾ ਪੜਾ ਕੇ ਐਮ.ਏ ਕੀਤੀ ਅਤੇ ਫਿਰ ਬੀ.ਐਡ ਕੀਤੀ। ਉਸ ਨੇ ਦੋ ਦਫ਼ਾ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕੀਤੀ ਹੈ ਪ੍ਰੰਤੂ ਫਿਰ ਵੀ ਉਸ ਦੀ ਮਿਹਨਤ ਨੂੰ ਫਲ ਨਹੀਂ ਲੱਗਾ। ਉਹ ਦੱਸਦਾ ਹੈ ਕਿ ਉਸ ਨੂੰ ਬੀ.ਐਡ ਦੀ ਪੜਾਈ ਖਾਤਰ ਬੈਂਕ ਤੋਂ 49 ਹਜ਼ਾਰ ਦਾ ਕਰਜ਼ਾ ਲੈਣ ਲਈ ਇੱਕ ਸਾਲ ਗੇੜੇ ਮਾਰਨੇ ਪਏ। ਉਸ ਨੇ ਦੱਸਿਆ ਕਿ ਹੁਣ ਉਹ ਟਿਊਸ਼ਨਾਂ ਨਾਲ ਕਰਜ਼ ਉਤਾਰ ਰਿਹਾ ਹੈ। ਉਹ ਆਖਦਾ ਹੈ ਕਿ ਹੁਣ ਬਾਬੇ ਦੇ ਆਉਣ ਦਾ ਸਮਾਂ ਹੈ।          
                        ਪਿੰਡ ਚੱਕ ਅਤਰ ਸਿੰਘ ਵਾਲਾ ਦਾ ਸ਼ਾਹ ਮੁਹੰਮਦ ਜਦੋਂ ਖੇਤਾਂ ਵਿਚ ਫੀਸ ਖਾਤਰ ਦਿਹਾੜੀ ਕਰ ਰਿਹਾ ਹੁੰਦਾ ਸੀ ਤਾਂ ਉਸ ਦੇ ਸਕੂਲੀ ਸਾਥੀ ਉਨ•ਾਂ ਦਿਨਾਂ ਵਿਚ ਛੁੱਟੀਆਂ ਮਨਾਉਣ ਵਾਸਤੇ ਜਾ ਰਹੇ ਹੁੰਦੇ ਸਨ। ਜਦੋਂ ਸਕੂਲੀ ਫੀਸ ਹੀ ਪਹਾੜ ਬਣੀ ਗਈ ਤਾਂ ਸਾਹ ਮੁਹੰਮਦ ਨੇ ਬਠਿੰਡਾ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਵਿਚ ਮੁਰਦਿਆਂ ਦੀ ਸੰਭਾਲ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਦਿਨ ਵਕਤ ਪੜਾਈ ਕਰਦਾ ਸੀ ਅਤੇ ਰਾਤ ਵਕਤ ਹਸਪਤਾਲ ਵਿਚ ਡਿਊਟੀ। ਬਦਲੇ ਵਿਚ 4500 ਰੁਪਏ ਮਿਲਦੇ ਸਨ। ਉਸ ਦੀ ਰੂਸੀ ਸਾਹਿਤ ਪੜ•ਨ ਦੀ ਮੱਸ ਨੂੰ ਵੀ ਹਾਲਾਤ ਮਾਰ ਨਾ ਸਕੇ।  ਦੋਸਤ ਫੀਸ ਨਾ ਭਰਦੇ ਤਾਂ ਉਹ ਯੂਨੀਵਰਸਿਟੀ ਕਾਲਜ ਘੁੱਦਾ ਵਿਚ ਦਾਖਲ ਹੋਣੋ ਰਹਿ ਜਾਣਾ ਸੀ। ਉਹ ਆਖਦਾ ਹੈ ਕਿ ਅਧਿਆਪਕਾਂ ਦੀ ਹੱਲਾਸ਼ੇਰੀ ਨੇ ਉਸ ਦੇ ਹੌਸਲੇ ਨੂੰ ਖੰਭ ਲਾਏ ਹੋਏ ਹਨ। ਉਹ ਆਖਦਾ ਹੈ ਕਿ ਮੈਨੂੰ ਤਾਂ ਅੱਜ ਦੀ ਹਕੂਮਤ ਚੋਂ ਵੀ ਬਾਬਰ ਦਾ ਝਉਲਾ ਪੈਂਦਾ ਹੈ। ਉਸ ਲਈ ਹੁਣ ਪੜਾਈ ਜਾਰੀ ਰੱਖਣੀ ਔਖੀ ਹੋ ਗਈ ਹੈ। ਉਹ ਹੁਣ ਦੁੱਧ ਵਾਲੀ ਡੇਅਰੀ ਤੇ ਕੰਮ ਕਰ ਰਿਹਾ ਹੈ। ਪਿੰਡ ਭਗਵਾਨਗੜ• ਦਾ ਬੱਗਾ ਸਿੰਘ ਨੌ ਧੀਆਂ ਦਾ ਬਾਪ ਹੈ। ਉਸ ਦੇ ਘਰ ਨਾ ਬਿਜਲੀ ਹੈ ਅਤੇ ਨਾ ਪਾਣੀ। ਉਸ ਦੀ ਲੜਕੀ ਗੁਰਮੀਤ ਕੌਰ ਨੇ ਦਸਵੀਂ ਚੋਂ 77 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਅਧਿਆਪਕ ਸਿਰ ਤੇ ਹੱਥ ਨਾ ਰੱਖਦੇ ਤਾਂ ਗੁਰਮੀਤ ਕੌਰ ਨੇ ਵੀ ਬਾਕੀ ਭੈਣਾਂ ਵਾਂਗ ਸਕੂਲੋਂ ਹਟ ਜਾਣਾ ਸੀ। ਫਤਹਿਗੜ ਸਾਹਿਬ ਜ਼ਿਲੇ• ਦੇ ਪਿੰਡ ਰੁੜਕੀ ਦੇ ਭਾਗ ਸਿੰਘ ਦਾ ਵੀ ਕਿਸਮਤ ਨੇ ਸਾਥ ਨਹੀਂ ਦਿੱਤਾ। ਜਦੋਂ ਵੀ ਉਸ ਨੇ ਨੌਕਰੀ ਮੰਗੀ ਤਾਂ ਸਰਕਾਰ ਨੇ ਉਸ ਨੂੰ ਜੇਲ• ਵਿਖਾ ਦਿੱਤੀ। ਉਹ ਪੰਜਾਬ ਦੀ ਤਕਰੀਬਨ ਹਰ ਜੇਲ• ਵੇਖ ਚੁੱਕਾ ਹੈ।
                 ਬੇਰੁਜ਼ਗਾਰ ਭਾਗ ਸਿੰਘ ਨੂੰ ਹੁਣ ਚਾਰੇ ਪਾਸੇ ਮਲਕ ਭਾਗੋ ਹੀ ਦਿੱਖਦੇ ਹਨ। ਉਹ ਰੁਜ਼ਗਾਰ ਲਈ ਪੁਲੀਸ ਦੀ ਕੁੱਟ ਵੀ ਖਾ ਚੁੱਕਾ ਹੈ। ਏਨੀ ਜਲਾਲਤ ਮਗਰੋਂ ਵੀ ਉਹ ਬੇਰੁਜ਼ਗਾਰ ਹੈ। ਹੁਣ ਉਹ ਆਪਣੀ ਨੌਕਰੀ ਦੀ ਉਮਰ ਹੱਦ ਵੀ ਲੰਘਾ ਚੁੱਕਾ ਹੈ। ਉਸ ਦੀ ਲੜਕੀ ਵੀ ਹੁਣ ਬੀ.ਐਡ ਕਰ ਰਹੀ ਹੈ। ਕੇਂਦਰੀ ਸਪੌਸਰ ਸਕੀਮ ਤਹਿਤ ਕੰਮ ਕਰਦੇ 138 ਅਧਿਆਪਕ ਅੱਜ ਬਾਬੇ ਨਾਨਕ ਨੂੰ ਯਾਦ ਕਰ ਰਹੇ ਹਨ। ਉਨ•ਾਂ ਨੇ ਜਦੋਂ ਪਹਿਲੀ ਮਈ 2013 ਨੂੰ ਮਈ ਦਿਵਸ ਦੇ ਮੌਕੇ ਤੇ 13 ਮਹੀਨੇ ਦੀ ਰੁਕੀ ਤਨਖਾਹ ਮੰਗਣ ਲਈ ਬਠਿੰਡਾ ਵਿਚ ਮੂੰਹ ਖੋਲਿ•ਆਂ ਤਾਂ ਪੁਲੀਸ ਨੇ ਉਨ•ਾਂ ਨੂੰ ਫਰੀਦਕੋਟ ਜੇਲ• ਭੇਜ ਦਿੱਤਾ ਜਿਨ•ਾਂ ਵਿਚ 43 ਲੜਕੀਆਂ ਵੀ ਸਾਮਲ ਸਨ। ਅਧਿਆਪਕ ਆਗੂ ਦੀਦਾਰ ਸਿੰਘ ਮੁਦਕੀ ਦਾ ਕਹਿਣਾ ਸੀ ਕਿ ਉਹ ਅੱਜ ਵੀ ਬਠਿੰਡਾ ਅਦਾਲਤਾਂ ਵਿਚ ਤਰੀਕਾਂ ਭੁਗਤ ਰਹੇ ਹਨ। ਉਨ•ਾਂ ਆਖਿਆ ਕਿ ਮੂੰਹ ਖੋਲਣ ਦੀ ਸਜਾ ਇਹ ਵੀ ਦਿੱਤੀ ਕਿ ਉਨ•ਾਂ ਦੀ ਤਨਖਾਹ 18 ਹਜਾਰ ਤੋਂ ਘਟਾ ਕੇ 10,300 ਰੁਪਏ ਕਰ ਦਿੱਤੀ।ਪਲਸ ਮੰਚ ਦੇ ਆਗੂ ਅਮਲੋਕ ਸਿੰਘ ਦਾ ਕਹਿਣਾ ਸੀ ਕਿ ਅੱਜ ਦੇ ਬਾਬਰ ਤਾਂ ਕਾਲੇ ਕਾਨੂੰਨ ਲੈ ਕੇ ਆਏ ਹਨ ਅਤੇ ਲੋਕਾਂ ਤੋਂ ਜੁਬਾਨ ਖੋਲਣ ਦਾ ਹੱਕ ਵੀ ਖੋਹ ਲਿਆ ਹੈ। ਉਨ•ਾਂ ਆਖਿਆ ਕਿ ਅੱਜ ਦੀ ਹਕੂਮਤ ਤਾਂ ਹੁਣ ਬਾਲੇ ਤੇ ਮਰਦਾਨੇ ਨੂੰ ਵੀ ਵੰਡਣ ਤੇ ਲੱਗੀ ਹੋਈ ਹੈ। ਸਾਂਝੇ ਸਰੋਕਾਰਾਂ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਉਨ•ਾਂ ਆਖਿਆ ਕਿ ਬਾਬੇ ਨਾਨਕ ਦੀ ਸੋਚ ਅੱਜ ਵੀ ਸਫਰ ਤੇ ਹੈ ਅਤੇ ਸਰਕਾਰਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ।