Saturday, December 30, 2023

                                                  ਗਾਥਾ ਗਧੇ ਦੀ  ! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ: ਪੰਡਿਤ ਨਹਿਰੂ ਕਿਤੇ ਪਰਲੋਕਪੁਰੀ ਵਿੱਚੋਂ ਖਿੜਕੀ ਖੋਲ੍ਹ ਅੱਜ ਹੇਠਾਂ ਝਾਕਣ ਤਾਂ ਜ਼ਰੂਰ ਮੱਥੇ ’ਤੇ ਹੱਥ ਮਾਰਨਗੇ, ‘ਓਹ ਮੇਰਿਆ ਰੱਬਾ! ਏਨੇ ਗਧੇ ਕਿੱਥੋਂ ਭੇਜ ਦਿੱਤੇ।’ ਪੰਡਿਤ ਜੀ! ਹੁਣ ਰੱਬ ਨੂੰ ਕਾਹਦੇ ਉਲਾਂਭੇ, ਤੁਸਾਂ ਲੋਕ ਰਾਜ ਦੇ ਬੂਟੇ ਨੂੰ ਪਾਣੀ ਪਾਇਆ, ਕਿੰਨਾ ਸੋਹਣਾ ਬੋਹੜ ਬਣਾਇਆ। ਬੋਹੜ ਦੀ ਸੰਘਣੀ ਛਾਂ ਹੇਠ, ਹੁਣ ਗਧੇ ਬੈਠਣ ਜਾਂ ਘੋੜੇ, ਤੁਸਾਂ ਫ਼ਿਕਰ ਨਹੀਓਂ ਕਰਨਾ, ਬੱਸ ਘੋੜੇ ਵੇਚ ਕੇ ਸੌਂ ਜਾਓ। ਵੋਟਾਂ ਦੀ ਗ਼ਰਜ਼ ਵੇਲੇ ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਕਹਿੰਦੇ ਨੇ। ਇਨ੍ਹਾਂ ਨੂੰ ਦੇਖ ਇੰਜ ਲੱਗਦੈ ਕਿ ਮੁੰਨੀ ਤਾਂ ਐਵੇਂ ਬਦਨਾਮ ਐ।

         ‘ਡਿਕਸ਼ਨਰੀ ਆਫ਼ ਨਿਹੰਗ ਸਿੰਘਜ਼’ ਵਿੱਚ ਗਧੇ ਨੂੰ ਸੁਲਤਾਨ ਲਿਖਿਐ। ਫੇਰ ਕਿਉਂ ਨਾ ਮਾਣ ਕਰੀਏ, ਸਾਡੀ ਤਾਂ ਸਿਆਸਤ ਹੀ ਸੁਲਤਾਨਾਂ ਨਾਲ ਭਰੀ ਪਈ ਹੈ। ਜਮਹੂਰੀਅਤ ਵੀ ਗਧੇਪਣ ਦੇ ਅਹਿਸਾਸ ’ਚ ਗੜੁੱਚ ਹੈ। ‘ਅੱਲ੍ਹਾ ਮਿਹਰਬਾਨ, ਗਧਾ ਪਹਿਲਵਾਨ।’ ਚੋਣ ਅਖਾੜੇ ’ਚ ਦੁਲੱਤੀਆਂ ਮਾਰਨ ਦੀ ਸਭ ਜੀਵਾਂ ਨੂੰ ਖੁੱਲ੍ਹ ਐ। ਨਾਲੇ ਪੜਦਾਦੇ ਅਰਸਤੂ ਨੇ ਖ਼ੁਦ ਕਿਹਾ, ‘ਮਨੁੱਖ ਤਾਂ ਸਮਾਜਿਕ ਜੀਵ ਐ।’

ਕਵੀ ਕੁਮਾਰ ਵਿਸ਼ਵਾਸ ਵੀ ਇਹੋ ਕਹਿ ਰਹੇ ਨੇ,

              ‘ਗਧੇ ਹਸ ਰਹੇ, ਆਦਮੀ ਰੋ ਰਹਾ ਹੈ,                   

              ਹਿੰਦੋਸਤਾਂ ਮੇਂ ਯੇਹ ਕਯਾ ਹੋ ਰਹਾ ਹੈ।’

ਕਵਿਤਾ ਨੂੰ ਛੱਡੋ, ਔਹ ਰਾਜ ਬਰਾੜ ਤੋਂ ਸੁਣੋ,

              ‘ਸਾਡੇ ਸਿਰ ’ਤੇ ਅੱਜ ਕੱਲ੍ਹ ਇਲਜ਼ਾਮ ਬੜੇ ਹੋ ਗਏ

           ਤੁਸੀਂ ਮਸ਼ਹੂਰ ਬੜੇ ਹੋ ਗਏ, ਅਸਾਂ ਬਦਨਾਮ ਬੜੇ ਹੋ ਗਏ।’

         ਸਫ਼ਰ, ਕਿਵੇਂ ਸਮਾਜਵਾਦ ਤੋਂ ਚੱਲੇ, ‘ਹਿਣਕਨਵਾਦ’ ਤਕ ਪਹੁੰਚ ਗਏ। ਇੱਕ ਵਾਰੀ ਨੇਤਾ ਜੀ ਆਪਣੇ ਕੁੱਤੇ ਨਾਲ ਜਾ ਰਹੇ ਸਨ, ਕਿਸੇ ਗੁਸਤਾਖ਼ ਮੱਲ ਨੇ ਪੁੱਛਿਆ ਕਿ ਹਜ਼ੂਰ, ਗਧੇ ਨਾਲ ਕਿਧਰ ਚੱਲੇ ਹੋ। ਨੇਤਾ ਜੀ ਅੱਗਬਬੂਲਾ ਹੋਏ, ‘ਏਹ ਗਧਾ ਨਹੀਂ, ਕੁੱਤਾ ਹੈ।’ ‘ਮੁਆਫ਼ ਕਰਨਾ, ਮੈਂ ਕੁੱਤੇ ਨੂੰ ਪੁੱਛਿਆ,’ ਗੁਸਤਾਖ਼ ਮੱਲ ਨੇ ਅੱਗਿਓਂ ਜੁਆਬ ਦਿੱਤਾ।

        ਜਮਹੂਰੀ ਤਰੀਕੇ ਨਾਲ ਥਾਪੇ ਨਵੇਂ ਮੁੱਖ ਮੰਤਰੀ ਨੇ ਲੰਘੇ ਦਿਨੀਂ ਇੰਜ ਬਿਆਨ ਕੀਤੈ, ‘ਮੈਂ ਪ੍ਰਧਾਨ ਸੇਵਕ ਕੋ ਭਾਵਭਿੰਨੀ ਸ਼ਰਧਾਂਜਲੀ ਦੇਤਾ ਹੂੰ।’ ਹੁਣ ਕੌਣ ਸਮਝਾਏ ਕਿ ਬਈ! ਜਿਉਂਦੇ ਜੀਅ ਨੂੰ ਸ਼ਰਧਾ ਭੇਟ ਹੁੰਦੀ ਹੈ, ਸ਼ਰਧਾਂਜਲੀ ਨਹੀਂ। ਸਰਵਨ ਭੱਟੀ ਨੇ ਕਰਾਚੀ ਅਦਾਲਤ ’ਚ ਪਟੀਸ਼ਨ ਪਾਈ ਹੈ ਕਿ ‘ਗਧਾ ਮਿਹਨਤੀ ਤੇ ਮਾਸੂਮ ਜਾਨਵਰ ਹੈ, ਇਸ ਨੂੰ ਭ੍ਰਿਸ਼ਟ ਸਿਆਸਤਦਾਨਾਂ ਨਾਲ ਜੋੜਨਾ ਗ਼ਲਤ ਹੈ। ਕਿਥੇ ਸੰਜਮੀ ਤੇ ਸੰਤੋਖੀ ਜਾਨਵਰ, ਕਿੱਥੇ ਏਹ ਨੇਤਾ। ਗਧੇ ਦੀ ਵਫ਼ਾਦਾਰੀ ਦਾ ਕੋਈ ਮੁਕਾਬਲਾ ਨਹੀਂ।’

        ਇਹਨੂੰ ਸਰਵਨ ਭੱਟੀ ਨਹੀਂ, ਅਸਲ ਵਿਚ ਸਰਵਣ ਪੁੱਤ ਕਹੋ, ਜਿਨ੍ਹਾਂ ਤੋਂ ਗਧਾ ਜਾਤੀ ਦਾ ਅਪਮਾਨ ਝੱਲ ਨਾ ਹੋਇਆ। ਭੱਟੀ ਸਾਹਿਬ ਨੇ ਤਾਂ ਸਚਮੁੱਚ ਗਧਾ ਜਾਤੀ ਦਾ ਮਾਣ ’ਚ ਸਿਰ ਉਚਾ ਕੀਤੈ। ਦੇਖਣਾ ਹੋਵੇਗਾ ਕਿ ਕਰਾਚੀ ਅਦਾਲਤ ਵਿੱਚੋਂ ਗਧਿਆਂ ਨੂੰ ਨਿਆਂ ਮਿਲਦਾ ਹੈ ਜਾਂ ਨਹੀਂ। ਸੰਨੀ ਦਿਓਲ ਨੇ ਤਾਂ ਇਹੋ ਰਟ ਲਾਈ ਹੈ, ‘ਤਾਰੀਖ਼ ਪੇ ਤਾਰੀਖ਼।’

       ਏਨਾ ਜ਼ਰੂਰ ਐ ਕਿ ਅਦਾਲਤ ’ਚ ਵਕੀਲ ਸਰਵਨ ਭੱਟੀ ਨੇ ਬੇਜ਼ਬਾਨ ਗਧਿਆਂ ਦਾ ਠੋਕ ਕੇ ਪੱਖ ਰੱਖਿਆ, ‘ਮਾਈ ਲਾਰਡ, ਗਧਾ ਬੇਕਸੂਰ ਜਾਨਵਰ ਐ, ਨੇਤਾਵਾਂ ਵਾਂਗੂੰ ਕਿਸ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਲੀਡਰਾਂ ਨਾਲ ਗਧੇ ਦੀ ਤੁਲਨਾ ਕਰਨੀ, ਗਧੇ ਦੀ ਤੌਹੀਨ ਹੈ। ਇਸ ਨਾਲ ਗਧਿਆਂ ਦੀ ਸਾਖ ਨੂੰ ਧੱਕਾ ਲੱਗਦੈ। ’ ਵੈਸੇ ਪਾਕਿਸਤਾਨ ਦੀ ਇਕਾਨਮੀ ਗਧਿਆਂ ਨਾਲ ਚੱਲਦੀ ਹੈ। ਦੁਨੀਆਂ ’ਚੋਂ ਪਾਕਿਸਤਾਨ ਗਧਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਤੀਜੇ ਨੰਬਰ ’ਤੇ ਹੈ ਅਤੇ ਚੀਨ ਨੂੰ ਆਪਣੇ ਗਧੇ ਵੀ ਵੇਚਦਾ ਹੈ। ਗਧਾ, ਧੋਬੀ ਦਾ ਬੋਝ ਵੀ ਉਠਾਉਂਦਾ ਹੈ ਅਤੇ ਘੁਮਿਆਰ ਦਾ ਵੀ।

       ਕ੍ਰਿਸ਼ਨ ਚੰਦਰ ਦੇ ਨਾਵਲ ‘ਇੱਕ ਗਧੇ ਦੀ ਆਤਮ ਕਥਾ’ ਵਿਚਲੇ ਗਧੇ ਵਾਂਗ ਧੋਬੀ ਦਾ ਗਧਾ ਵੀ ਬੋਲ ਪਾਉਂਦਾ ਤਾਂ ‘ਕੁਲੀ’ ਫ਼ਿਲਮ ਵਿਚਲੇ ਇਸ ਗਾਣੇ ਦੀ ਜ਼ਰੂਰ ਹੇਕ ਲਾਉਂਦਾ,

                         ‘ਲੋਗ ਆਤੇ ਹੈਂ, ਲੋਗ ਜਾਤੇ ਹੈਂ

                   ਸਾਰੀ ਦੁਨੀਆਂ ਕਾ ਬੋਝ ਹਮ ਉਠਾਤੇ ਹੈਂ।’

ਕਈ ਨਸਲੀ ਗਧੇ ਬੜੇ ਮਹਿੰਗੇ ਵਿਕਦੇ ਨੇ, ਨੇਤਾਵਾਂ ਦੇ ਮੁੱਲ ਦਾ ਤਾਂ ਪਤਾ ਨਹੀਂ। ਅਹਿਮਦਾਬਾਦ ਕੋਲ ‘ਗਧਿਆਂ ਦਾ ਮੇਲਾ’ ਵੀ ਲੱਗਦਾ ਹੈ। ਗੁਜਰਾਤੀ ਗਧਿਆਂ ਬਾਰੇ ਅਮਿਤਾਭ ਬੱਚਨ ਨੇ ਇੱਕ ਮਸ਼ਹੂਰੀ ਕੀਤੀ ਸੀ ਜਿਸ ਬਾਰੇ ਅਖਿਲੇਸ਼ ਯਾਦਵ ਨੇ ਵਿਵਾਦ ਵੀ ਛੇੜਿਆ ਸੀ। ‘ਗਿਆਨੀ ਕੇ ਹਮ ਗੁਰੂ ਹੈਂ, ਮੂਰਖ ਕੇ ਹਮ ਦਾਸ।’  ਜੈਪੁਰ ਨੇੜੇ ਇੱਕ ‘ਗਧਾ ਉਤਸਵ’ ਹੁੰਦਾ ਹੈ। ਦੁਨੀਆਂ ਭਰ ’ਚੋਂ ਗਧੇ ਵਿਕਣ ਲਈ ਆਉਂਦੇ ਨੇ।

         ਕੇਰਾਂ ਇੱਕ ਨੇਤਾ ‘ਗਧਾ ਉਤਸਵ’ ਦਾ ਉਦਘਾਟਨ ਕਰਨ ਆਇਆ, ਉਸ ਨੇ ਸ਼ਿੰਗਾਰੇ ਹੋਏ ਗਧੇ ਨੂੰ ਗਲ ਨਾਲ ਲਾਇਆ, ਜਨਤਾ ਦਾ ਏਨਾ ਦਿਮਾਗ਼ ਘੁਮਾਇਆ, ਪਤਾ ਹੀ ਨਾ ਲੱਗੇ ਕਿ ਅਸਲੀ ਕਿਹੜੈ। ਵਰਿ੍ਹਆਂ ਤੋਂ ‘ਗਧਾ ਉਤਸਵ’ ਦਾ ਉਦਘਾਟਨੀ ਫੀਤਾ ਕੱਟਣ ਕੋਈ ਨੇਤਾ ਨਹੀਂ ਆਇਆ। ਸਭ ਨੂੰ ਡਰ ਐ, ਜਿਹੜਾ ਫੀਤਾ ਕੱਟੂ, ਉਹੀ ਚੋਣਾਂ ਹਾਰੂ। ਵੈਸੇ ਗਧੇ ਸਮਾਜ ਦੀ ਸੱਚੀ ਤਰਜਮਾਨੀ ਕਰਦੇ ਹਨ। ਸਮਾਜ ਦਾ ਅਸਲ ਸ਼ੀਸ਼ਾ ਗਧੇ ਹੀ ਨੇ। ਪਤਾ ਨਹੀਂ ਕਿਉਂ, ਚੋਣਾਂ ਵਾਲਾ ਮੇਲਾ ਦੇਖਣ ਮਗਰੋਂ ਗਧੇ ਪ੍ਰਤੀ ਇੱਜ਼ਤ ਮਨਾਂ ਮੂੰਹੇਂ ਵਧ ਜਾਂਦੀ ਹੈ। ‘ਅਕਲਾਂ ਬਾਝੋਂ ਖੂਹ ਖ਼ਾਲੀ’, ਦੇਸ਼ ਦਾ ਸਿਆਸੀ ਪਾਣੀ ਤਾਂ ਪੱਤਣ ਤਕ ਉਤਰਿਐ।

       ਬੰਗਲੌਰ ’ਚ ਕੇਰਾਂ ਇੱਕ ਖੇਤਰੀ ਨੇਤਾ ਨੇ ਸਿਆਸਤ ਵਿਚਲੀ ਦਲ ਬਦਲੀ ਤੇ ਅਨੁਸ਼ਾਸਨਹੀਣਤਾ ਦੇ ਰੰਗ ਢੰਗ ਦੇਖ ਸ਼ਹਿਰ ’ਚੋਂ ਦੋ ਗਧੇ ਫੜੇ, ਉਨ੍ਹਾਂ ਨੂੰ ਫੁੱਲਾਂ ਨਾਲ ਲੱਦ ਦਿੱਤਾ। ਜਿਹੜਾ ਸਿਆਸਤ ਦੇ ਚਰਨੀਂ ਲੱਗਦੈ, ਉਸ ਨੂੰ ਰਾਜਨੀਤੀ ਅਜਬ ਨਸ਼ਾ ਚੜ੍ਹਾਉਂਦੀ ਐ, ਰੁਤਬੇ ਦਿਵਾਉਂਦੀ ਐ, ਸਬਜ਼ਬਾਗ਼ ਵੀ ਦਿਖਾਉਂਦੀ ਹੈ। ਜਨਤਾ ਤੋਂ ਦੂਰੀ ਬਣਵਾਉਂਦੀ ਐ, ਨਾਲੇ ਹੱਸਣਾ ਵੀ ਭੁਲਾਉਂਦੀ ਹੈ। ਤਾਹੀਂ ਤਾਂ ਸਤਿੰਦਰ ਸਰਤਾਜ ਨੂੰ ਗਾਉਣਾ ਪੈ ਰਿਹੈ,

                             ‘ਕਿਤੇ ਨ੍ਹੀਂ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਬੁਲਾ ਲਵੇਂ ਕਿਧਰੇ’

         ਮਹਾਰਾਜਾ ਰਣਬੀਰ ਸਿੰਘ ਬੋਲਾ ਸੀ, ਪਰਜਾ ਦੇ ਬੁੱਲ੍ਹਾਂ ਦੀ ਹਰਕਤ ਤੋਂ ਕਹੀ ਗੱਲ ਸਮਝ ਲੈਂਦੇ ਸਨ। ਹੁਣ ਲੋਕ ਕੂਕਦੇ ਵੀ ਨੇ, ਵੋਟ-ਵਪਾਰੀ ਫਿਰ ਵੀ ਸਮਝਦੇ ਨਹੀਂ। ਵੋਟਰ ਪਾਤਸ਼ਾਹ ਨਾਲ ਤੋਕੜ ਮੱਝ ਵਰਗਾ ਸਲੂਕ ਹੁੰਦੈ। ਗੱਲ ਤਾਂ ਗਧਿਆਂ ਦੀ ਤੋਰੀ ਸੀ, ਵਿਚ ਤੋਕੜ ਮੱਝ ਆ ਵੜੀ।

        ਮੇਨਕਾ ਗਾਂਧੀ ਫ਼ਰਮਾਏ ਸਨ ਕਿ ਮਿਸ਼ਰ ਦੀ ਰਾਣੀ ਗਧੀ ਦੇ ਦੁੱਧ ਨਾਲ ਨਹਾਉਂਦੀ ਹੈ। ਅਖੇ ਜੇ ਦੁੱਧ ਨ੍ਹੀਂ ਮਿਲਦਾ ਤਾਂ ਗਧੀ ਦੇ ਦੁੱਧ ਤੋਂ ਬਣੀ ਸਾਬਣ ਲੈ ਲਓ। ਗਧੇ ਦੀ ਖੱਲ ਤੋਂ ਚੀਨ ਮਰਦਾਨਗੀ ਵਾਲੀ ਦਵਾਈ ਬਣਾਉਂਦਾ ਹੈ।

   ਕਿਸੇ ਬਾਬੇ ਦੇ ਟਿੱਲੇ ’ਤੇ ਸੰਗਤ ਗਾ ਰਹੀ ਹੈ,

                        ‘ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ, 

                               ਪਸ਼ੂਆਂ ਦੇ ਹੱਡ ਵਿੱਕਦੇ’

ਗੱਲ ਸੋਲ੍ਹਾਂ ਆਨੇ ਸੱਚ ਹੈ। ਤਾਹੀਂ ਤਾਂ ਗਧਾ ਜਾਤੀ ਦਾ ਕੇਸ ਕਰਾਚੀ ਅਦਾਲਤ ਤਕ ਪੁੱਜਾ ਹੈ। ਲੋਕ ਉਥੇ ਹੀ ਖੜ੍ਹੇ ਨੇ, ਜਿਥੇ ਨਹਿਰੂ ਛੱਡ ਕੇ ਗਿਆ ਸੀ। ਅੰਤ ਚਾਣਕਿਆ ਦੇ ਬੋਲਾਂ ਨਾਲ, ‘ਬੇਸ਼ਰਮ ਬਾਦਸ਼ਾਹ ਅਤੇ ਸੁੱਤੀ ਹੋਈ ਜਨਤਾ, ਦੇਸ਼ ਲਈ ਘਾਤਕ ਹੁੰਦੇ ਹਨ।’

(30 ਦਸੰਬਰ 2023)


                                                     ਬਠਿੰਡਾ ਰਿਫ਼ਾਈਨਰੀ 
                             ‘ਆਪ’ ਵਿਧਾਇਕਾ ਨੇ ਆਪਣੀ ਸਰਕਾਰ ਘੇਰੀ
                                                      ਚਰਨਜੀਤ ਭੁੱਲਰ 

ਚੰਡੀਗੜ੍ਹ : ਬਠਿੰਡਾ ਜ਼ਿਲ੍ਹੇ ਵਿਚਲੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ’ਚ ਮੁੜ ਗੁੰਡਾ ਟੈਕਸ ਦੀ ਗੂੰਜ ਪਈ ਹੈ। ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ.ਬਲਜਿੰਦਰ ਕੌਰ (ਕੈਬਨਿਟ ਰੈਂਕ) ਨੇ ‘ਓਵਰਲੋਡਿੰਗ’ ਦੇ ਹਵਾਲੇ ਨਾਲ ਆਪਣੀ ਹੀ ਸਰਕਾਰ ’ਤੇ ਉਂਗਲ ਧਰੀ ਹੈ। ਵਿਧਾਇਕਾ ਨੇ ਬਠਿੰਡਾ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ ਜਦੋਂ ਕਿ ਦੂਸਰੀ ਤਰਫ਼ ਇੱਕ ਕਾਰੋਬਾਰੀ ਨੇ ਵੀ ਐੱਸ.ਐੱਸ.ਪੀ ਨੂੰ ਪੱਤਰ ਲਿਖ ਕੇ ਰਿਫ਼ਾਈਨਰੀ ਚੋਂ ਗੁੰਡਾ ਟੈਕਸ ਦੀ ਹੁੰਦੀ ਵਸੂਲੀ ਦਾ ਪਾਜ ਖੋਲ੍ਹਿਆ ਹੈ। 

        ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਐੱਸ.ਐੱਸ.ਪੀ ਬਠਿੰਡਾ ਨੂੰ ਪੱਤਰ (ਨੰਬਰ 204/23) ਲਿਖ ਕੇ ਕਿਹਾ ਹੈ ਕਿ ਰਿਫ਼ਾਈਨਰੀ ਦੇ ਕੁੱਝ ਅਧਿਕਾਰੀਆਂ ਅਤੇ ਬਾਹਰੀ ਟਰਾਂਸਪੋਰਟਰਾਂ ਦੀ ਮਿਲੀਭੁਗਤ ਨਾਲ ‘ਓਵਰਲੋਡਿੰਗ’ ਕਰਨ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਨਜਾਇਜ਼ ਚੱਲਦੀਆਂ ਗੱਡੀਆਂ ਦੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੇ ਉਸ ਨੂੰ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਪ੍ਰੰਤੂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। 

       ਚੇਤੇ ਰਹੇ ਕਿ ਸਾਲ 2018 ਵਿਚ ਰਿਫ਼ਾਈਨਰੀ ਦੇ ਗੁੰਡਾ ਟੈਕਸ ਦੇ ਮਾਮਲੇ ਨੂੰ ਪੰਜਾਬੀ ਟ੍ਰਿਬਿਊਨ ਨੇ ਪ੍ਰਮੁੱਖਤਾ ਨਾਲ ਉਭਾਰਿਆ ਸੀ ਅਤੇ ਉਸ ਵੇਲੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੰਡਾ ਟੈਕਸ ਦੀ ਵਸੂਲੀ ਰੋਕ ਦਿੱਤੀ ਸੀ। ਹੁਣ ‘ਆਪ’ ਵਿਧਾਇਕਾ ਨੇ ਐੱਸਐੱਸਪੀ ਨੂੰ ਪੱਤਰ ’ਚ ਲਿਖਿਆ ਹੈ ਕਿ ,‘ਤੁਹਾਨੂੰ ਫ਼ੋਨ ਰਾਹੀਂ ਕੀਤੀ ਬੇਨਤੀ ਤੇ ਤੁਸੀਂ ਮੈਨੂੰ ਪੂਰਨ ਵਿਸ਼ਵਾਸ ਦੁਆਇਆ ਕਿ ‘ਓਵਰਲੋਡਿੰਗ’ ਕਰ ਰਹੇ ਗਿਰੋਹ ਨੂੰ ਇੱਕ ਮਹੀਨੇ ਵਿਚ ਖ਼ਤਮ ਕਰ ਦਿੱਤਾ ਜਾਵੇਗਾ’

       ਵਿਧਾਇਕਾ ਨੇ ਐਸਐਸਪੀ ਤੋਂ ਆਸ ਜ਼ਾਹਰ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨਗੇ। ‘ਆਪ’ ਦੀ ਚੀਫ਼ ਵਿ੍ਹਪ ਬਲਜਿੰਦਰ ਕੌਰ ਨੇ ਕਿਹਾ ਹੈ ਕਿ ਓਵਰਲੋਡਿੰਗ ਕਰਕੇ ਉਨ੍ਹਾਂ ਦੇ ਹਲਕੇ ਵਿਚ ਸੜਕ ਹਾਦਸੇ ਹੋ ਰਹੇ ਹਨ ਅਤੇ ਹਲਕੇ ਦੇ ਲੋਕਾਂ ਨੇ ਕਰਜ਼ੇ ਲੈ ਕੇ ਗੱਡੀਆਂ ਖ਼ਰੀਦ ਕੀਤੀਆਂ ਸਨ ਜਿਨ੍ਹਾਂ ਨੂੰ ਰਿਫ਼ਾਈਨਰੀ ਵੱਲੋਂ ਓਵਰਲੋਡਿੰਗ ਲਈ ਮਜਬੂਰ ਕੀਤਾ ਜਾ ਰਿਹਾ ਹੈ।

        ਵਿਧਾਇਕਾ ਨੇ ਰਿਫ਼ਾਈਨਰੀ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਰਿਫ਼ਾਈਨਰੀ ਵੱਲੋਂ ਕੋਈ ਵੀ ਰੁਜ਼ਗਾਰ ਮੁਹੱਈਆ ਨਹੀਂ ਕਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਿਫ਼ਾਈਨਰੀ ਸਾਈਟ ਦੇ ਕਾਰੋਬਾਰੀ ਅਸ਼ੋਕ ਕੁਮਾਰ ਬਾਂਸਲ ਨੇ ਵੀ ਐੱਸਐੱਸਪੀ ਬਠਿੰਡਾ ਨੂੰ 16 ਨਵੰਬਰ ਨੂੰ ਪੱਤਰ ਲਿਖਿਆ ਸੀ ਕਿ ਪੁਲੀਸ ਦੀ ਮਿਲੀਭੁਗਤ ਨਾਲ ਰਿਫ਼ਾਈਨਰੀ ਚੋਂ ਗੁੰਡਾ ਟੈਕਸ ਦੀ ਵਸੂਲੀ ਹੋ ਰਹੀ ਹੈ। ਉਨ੍ਹਾਂ ਸਬੂਤ ਵਜੋਂ ਤਸਵੀਰਾਂ ਅਤੇ ਵੀਡੀਓਜ ਵੀ ਭੇਜੀਆਂ ਸਨ। 

        ਉਨ੍ਹਾਂ ਕਿਹਾ ਕਿ 16 ਨਵੰਬਰ ਨੂੰ ਇੱਕ ਬਲੈਰੋ ਜੀਪ ਵਿਚ ਸਵਾਰ ਵਿਅਕਤੀ ਆਏ ਜਿਨ੍ਹਾਂ ਵਿਚ ਇੱਕ ਪੁਲੀਸ ਮੁਲਾਜ਼ਮ ਵੀ ਸੀ। ਇਨ੍ਹਾਂ ਵਿਅਕਤੀਆਂ ਨੇ ਸਾਈਟ ਵਿਚ ਦਾਖਲ ਹੋ ਕੇ ਕਿਹਾ ਕਿ ਜੋ ਵੀ ਰੇਤਾ ਬਜਰੀ ਦੇ ਟਰੱਕ ਸਾਈਟ ਦੇ ਅੰਦਰ ਆਏ ਹਨ, ਉਨ੍ਹਾਂ ਨੂੰ ਬਾਹਰ ਕੱਢੋ ਅਤੇ ਕੋਈ ਵੀ ਟਰੱਕ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਆਵੇਗਾ। ਪੁਲੀਸ ਮੁਲਾਜ਼ਮ ਨੇ ਬਜਰੀ ਦੇ ਖ਼ਾਲੀ ਟਰੱਕਾਂ ਦੇ ਨੰਬਰ ਵੀ ਨੋਟ ਕੀਤੇ।

       ਕਾਰੋਬਾਰੀ ਅਸ਼ੋਕ ਬਾਂਸਲ ਨੇ ਲਿਖਿਆ ਹੈ ਕਿ ਅਜਿਹੇ ਲੋਕ ਪੁਲੀਸ ਮੁਲਾਜ਼ਮਾਂ ਨਾਲ ਮਿਲ ਕੇ ਸਰਕਾਰ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ’ਤੇ ਵਿਰੋਧੀ ਧਿਰ ਦੇ ਆਗੂਆਂ ਨੇ ਉਂਗਲ ਉਠਾਈ ਹੈ ਕਿ ‘ਆਪ’ ਦੇ ਵਿਧਾਇਕਾਂ ਦੇ ਇਹ ਮਾਮਲਾ ਚੁੱਕਣ ਪਿੱਛੇ ਕਾਰਨ ਕੁਝ ਹੋਰ ਹਨ।   ਰਿਫ਼ਾਈਨਰੀ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਅਸਲ ਵਿਚ ਸਥਾਨਿਕ ਟਰਾਂਸਪੋਰਟਰਾਂ ਵੱਲੋਂ ਇਸ ਮਾਮਲੇ ’ਤੇ ਹਾਈਕੋਰਟ ਵਿਚ ਕੇਸ ਵੀ ਦਾਇਰ ਕੀਤਾ ਗਿਆ ਸੀ ਅਤੇ ਹਾਈਕੋਰਟ ਨੇ ਟਰਾਂਸਪੋਰਟ ਵਿਭਾਗ ਦੀ ਰਿਪੋਰਟ ਦੇ ਅਧਾਰ ’ਤੇ ਕੇਸ ਖ਼ਾਰਜ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਿਫ਼ਾਈਨਰੀ ਚੋਂ ਉਤਪਾਦ ਆਦਿ ਸੀਲਡ ਕੰਨਟੇਨਰਾਂ ਵਿਚ ਜਾਂਦੇ ਹਨ। 

                            ਲੋਕਾਂ ਨਾਲ ਧਰਨੇ ਤੇ ਵੀ ਬੈਠਾਂਗੀ : ਪ੍ਰੋ. ਬਲਜਿੰਦਰ ਕੌਰ 

ਵਿਧਾਇਕਾ ਬਲਜਿੰਦਰ ਕੌਰ ਦਾ ਕਹਿਣਾ ਸੀ ਕਿ ਕਾਂਗਰਸੀ ਹਕੂਮਤ ਸਮੇਂ ਤੋਂ ਪੁਰਾਣੇ ਬਾਹਰਲੇ ਟਰਾਂਸਪੋਰਟਰਾਂ ਅਤੇ ਰਿਫ਼ਾਈਨਰੀ ਅਧਿਕਾਰੀਆਂ ਦਾ ਗੱਠਜੋੜ ਚੱਲ ਰਿਹਾ ਹੈ ਜਿਸ ਨਾਲ ਸਥਾਨਿਕ ਟਰਾਂਸਪੋਰਟਰਾਂ ਦੀ ਕਿਧਰੇ ਸੁਣਵਾਈ ਨਹੀਂ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਮਾਮਲਾ ਲਿਆਂਦਾ ਸੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਮਾਮਲੇ ’ਤੇ ਕੋਈ ਮੁਜ਼ਾਹਰਾ ਕੀਤਾ ਤਾਂ ਉਹ ਲੋਕਾਂ ਦੇ ਨਾਲ ਖੜਨਗੇ। 

                                ਪੱਤਰ ਡੀਸੀ ਕੋਲ ਭੇਜਿਆ : ਐੱਸਐੱਸਪੀ

ਬਠਿੰਡਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਵਿਧਾਇਕਾ ਬਲਜਿੰਦਰ ਕੌਰ ਦਾ ਇੱਕ ਪੱਤਰ ਆਇਆ ਸੀ ਜਿਸ ਦਾ ਤੁਅੱਲਕ ਡਿਪਟੀ ਕਮਿਸ਼ਨਰ ਨਾਲ ਸੀ, ਸੋ ਉਨ੍ਹਾਂ ਨੇ ਇਹ ਪੱਤਰ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਕਾਰੋਬਾਰੀ ਦਾ ਗੁੰਡਾ ਟੈਕਸ ਬਾਰੇ ਆਇਆ ਪੱਤਰ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ।



Thursday, December 28, 2023

                                                        ਸੰਨੀ ਦਿਓਲ
                                ਫ਼ਿਲਮਾਂ ’ਚ ਲਲਕਾਰੇ, ਸੰਸਦ ਵਿਚ ਖਾਮੋਸ਼
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਉਲ ਨੇ ਲੋਕ ਸਭਾ ਵਿਚ ਅੱਜ ਤੱਕ ਕਦੇ ਮੂੰਹ ਨਹੀਂ ਖੋਲਿ੍ਹਆ ਹੈ। ਉਨ੍ਹਾਂ ਨੇ ਕਦੇ ਵੀ ਕਿਸੇ ਬਹਿਸ ਵਿਚ ਹਿੱਸਾ ਨਹੀਂ ਲਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਸੈਸ਼ਨ ਦੌਰਾਨ ਸੰਸਦ ਦਾ ਬਹੁਤਾ ਗੇੜਾ ਵੀ ਨਹੀਂ ਲਾਇਆ ਹੈ। ਪਾਰਲੀਮੈਂਟ  ਦੀ ਨਵੀਂ ਬਣੀ ਇਮਾਰਤ ਵਿਚ ਸਿਰਫ਼ ਇੱਕ ਦਿਨ ਹੀ ਸੰਨੀ ਦਿਉਲ ਆਏ ਹਨ। ਜਦੋਂ ਸੰਸਦ ਦੇ ਲੰਘੇ ਸਰਦ ਰੁੱਤ ਸੈਸ਼ਨ ਵਿਚ ਹਾਜ਼ਰੀ ਦੀ ਗੱਲ ਕਰਦੇ ਹਾਂ ਤਾਂ ਸੰਸਦ ਮੈਂਬਰ ਸੰਨੀ ਦਿਉਲ ਦੀ ਸੈਸ਼ਨ ਵਿਚ ਸਿਰਫ਼ ਇੱਕ ਦਿਨ ਦੀ ਹਾਜ਼ਰੀ ਬਣਦੀ ਹੈ।17ਵੀਂ ਲੋਕ ਸਭਾ ਦਾ ਇਹ ਆਖ਼ਰੀ ਸਰਦ ਰੁੱਤ ਸੈਸ਼ਨ ਹੈ ਅਤੇ 1 ਜੂਨ 2019 ਤੋਂ ਹੁਣ ਤੱਕ ਸੰਸਦ ਦੇ ਸੈਸ਼ਨ ਵਿਚ ਹਾਜ਼ਰੀ ਦੀ ਕੌਮੀ ਔਸਤ 79 ਫ਼ੀਸਦੀ ਬਣਦੀ ਹੈ ਜਦੋਂ ਕਿ ਪੰਜਾਬ ਦੀ ਔਸਤ 70 ਫ਼ੀਸਦੀ ਬਣਦੀ ਹੈ। 

          ਐਮ.ਪੀ ਸੰਨੀ ਦਿਉਲ ਦੀ ਹੁਣ ਤੱਕ ਦੀ ਹਾਜ਼ਰੀ ਦਰ 17 ਫ਼ੀਸਦੀ ਬਣਦੀ ਹੈ। ਲੰਘੇ ਸਰਦ ਰੁੱਤ ਸੈਸ਼ਨ ਵਿਚ ਇਹ ਹਾਜ਼ਰੀ ਕੇਵਲ ਇੱਕ ਦਿਨ ਦੀ ਹੈ। ਇਸੇ ਤਰ੍ਹਾਂ ਮਈ 2019 ਤੋਂ ਹੁਣ ਤੱਕ ਸੰਨੀ ਦਿਉਲ ਨੇ ਕਦੇ ਵੀ ਕਿਸੇ ਬਹਿਸ ਵਿਚ ਹਿੱਸਾ ਨਹੀਂ ਲਿਆ। ਬਹਿਸ ਦੀ ਕੌਮੀ ਔਸਤ 45.1 ਫ਼ੀਸਦੀ ਅਤੇ ਪੰਜਾਬ ਦੀ ਔਸਤ 37.5 ਫ਼ੀਸਦੀ ਰਹੀ ਹੈ। ਅੱਗੇ ਦੇਖੀਏ ਤਾਂ ਪ੍ਰਸ਼ਨ ਪੁੱਛਣ ਦੀ ਕੌਮੀ ਔਸਤ 204 ਸੁਆਲਾਂ ਅਤੇ ਪੰਜਾਬ ਦੀ ਔਸਤ 106 ਸੁਆਲਾਂ ਦੀ ਰਹੀ ਹੈ ਜਦੋਂ ਕਿ ਸੰਨੀ ਦਿਉਲ ਨੇ ਏਨੇ ਵਰਿ੍ਹਆਂ ਵਿਚ ਸਿਰਫ਼ ਚਾਰ ਸੁਆਲ ਹੀ ਪੁੱਛੇ ਹਨ। ਹਲਕਾ ਗੁਰਦਾਸਪੁਰ ਚੋਂ ਸੰਨੀ ਦਿਉਲ ਦੀ ਗ਼ੈਰਹਾਜ਼ਰੀ ਕਿਸੇ ਤੋਂ ਭੁੱਲੀ ਨਹੀਂ ਹੈ। ਦੂਸਰੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਐਮ.ਪੀ ਸੁਖਬੀਰ ਸਿੰਘ ਬਾਦਲ ਹਨ ਜਿਨ੍ਹਾਂ ਨੇ ਲੰਘੇ ਸਰਦ ਰੁੱਤ ਸੈਸ਼ਨ ਵਿਚ ਤਿੰਨ ਦੀ ਹਾਜ਼ਰੀ ਭਰੀ ਹੈ ਜਦੋਂ ਕਿ 11 ਦਿਨ ਗ਼ੈਰਹਾਜ਼ਰ ਰਹੇ ਹਨ।

         ਸੁਖਬੀਰ ਸਿੰਘ ਬਾਦਲ ਦੀ 1 ਜੂਨ 2019 ਤੋਂ ਹੁਣ ਤੱਕ ਦੀ ਲੋਕ ਸਭਾ ਵਿਚ ਹਾਜ਼ਰੀ ਕਰੀਬ 20 ਫ਼ੀਸਦੀ ਹੀ ਰਹੀ ਹੈ। ਤੀਸਰੇ ਨੰਬਰ ’ਤੇ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਹਨ ਜਿਹੜੇ ਲੰਘੇ ਸਰਦ ਰੁੱਤ ਸੈਸ਼ਨ ਵਿਚ ਚਾਰ ਦਿਨ ਹੀ ਹਾਜ਼ਰ ਰਹੇ ਹਨ। ਐਤਕੀਂ ਸਰਦ ਰੁੱਤ ਸੈਸ਼ਨ ਵਿਚ ਸਭ ਤੋਂ ਵੱਧ ਹਾਜ਼ਰੀ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਰਹੀ ਹੈ ਜੋ ਸੈਸ਼ਨ ਵਿਚ 13 ਦਿਨ ਹਾਜ਼ਰ ਰਹੇ ਹਨ। ਕਾਂਗਰਸੀ ਐਮ.ਪੀ ਮੁਨੀਸ਼ ਤਿਵਾੜੀ ਵੀ 11 ਦਿਨ ਹਾਜ਼ਰ ਰਹੇ ਹਨ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਲੰਘੇ ਸੈਸ਼ਨ ਵਿਚ ਸਿਰਫ਼ ਛੇ ਦਿਨ ਹੀ ਹਾਜ਼ਰ ਰਹੇ ਹਨ ਪ੍ਰੰਤੂ ਉਨ੍ਹਾਂ ਨੇ ਲੰਘੇ ਸੈਸ਼ਨ ਵਿਚ ਪੰਜਾਬ ਦੇ ਸੰਸਦ ਮੈਂਬਰਾਂ ਚੋਂ ਸਭ ਤੋਂ ਵੱਧ 20 ਦਸੰਬਰ ਨੂੰ ਸਰਕਾਰੀ ਬਿੱਲ ’ਤੇ 17 ਮਿੰਟ ਬੋਲਿਆ ਹੈ ਜਦੋਂ ਕਿ ਮੁਨੀਸ਼ ਤਿਵਾੜੀ 16 ਮਿੰਟ ਬੋਲੇ ਸਨ। 

          ਐਮ.ਪੀ ਪਰਨੀਤ ਕੌਰ 12 ਦਿਨ ਹਾਜ਼ਰ ਰਹੇ ਹਨ ਜਦੋਂ ਕਿ ਰਵਨੀਤ ਬਿੱਟੂ, ਜਸਬੀਰ ਗਿੱਲ, ਗੁਰਜੀਤ ਔਜਲਾ ਅਤੇ ਡਾ.ਅਮਰ ਸਿੰਘ ਦੀ ਸੈਸ਼ਨ ਵਿਚ ਹਾਜ਼ਰੀ 10-10 ਦਿਨ ਦੀ ਰਹੀ ਹੈ। ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ 21 ਦਸੰਬਰ ਤੱਕ ਚੱਲਿਆ ਹੈ ਅਤੇ ਇਸ ਸਮੇਂ ਦੌਰਾਨ ਸੈਸ਼ਨ ਦੀਆਂ 14 ਬੈਠਕਾਂ ਹੋਈਆਂ ਹਨ। ਸਰਦ ਰੁੱਤ ਸੈਸ਼ਨ ਦੌਰਾਨ ਲੋਕ ਸਭਾ ਵਿਚ 61.8 ਘੰਟੇ ਅਤੇ ਰਾਜ ਸਭਾ ਵਿਚ 67.4 ਘੰਟੇ ਕੰਮ ਹੋਇਆ ਹੈ। ਲੋਕ ਸਭਾ ਵਿਚ ਸਿਫ਼ਰ ਕਾਲ ਕੁੱਲ 7.3 ਘੰਟੇ ਅਤੇ ਰਾਜ ਸਭਾ ਵਿਚ 10.1 ਘੰਟੇ ਸਿਫ਼ਰ ਕਾਲ ਚੱਲਿਆ ਹੈ। ਸਰਦ ਰੁੱਤ ਸੈਸ਼ਨ ਦੇ ਕੁੱਲ ਸਮੇਂ ਚੋਂ 15 ਫ਼ੀਸਦੀ ਸਮਾਂ ਬਹਿਸ ’ਤੇ ਖ਼ਰਚ ਹੋਇਆ ਹੈ।

                                      ਰਾਜ ਸਭਾ ’ਚ ਹਰਭਜਨ ਦਾ ‘ਚੌਕਾ’

ਰਾਜ ਸਭਾ ਮੈਂਬਰਾਂ ਚੋਂ ਹਰਭਜਨ ਸਿੰਘ ਸਿਰਫ਼ ਚਾਰ ਦਿਨ ਹੀ ਸੈਸ਼ਨ ਵਿਚ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਪੰਜ ਦਿਨਾਂ ਦੀ ਛੁੱਟੀ ਲਈ ਹੋਈ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਸੈਸ਼ਨ ਦੌਰਾਨ 10-10 ਦਿਨ ਹਾਜ਼ਰ ਰਹੇ ਅਤੇ ਸੀਚੇਵਾਲ ਨੇ ਤਿੰਨ ਦਿਨਾਂ ਦੀ ਬਕਾਇਆ ਛੁੱਟੀ ਲਈ ਹੋਈ ਸੀ। ਰਾਘਵ ਚੱਢਾ ਅਤੇ ਸੰਜੀਵ ਅਰੋੜਾ ਦੀ ਹਾਜ਼ਰੀ 14-14 ਦਿਨਾਂ ਅਤੇ ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਦੀ ਹਾਜ਼ਰੀ 13-13 ਦਿਨਾਂ ਦੀ ਰਹੀ ਹੈ।


Tuesday, December 26, 2023

                                                          ਵਿੱਦਿਅਕ ਲੋਨ
                              ਸਟੱਡੀ ਵੀਜ਼ਿਆਂ ਨੇ ਚੜ੍ਹਾਇਆ ਕਰਜ਼ਾ
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਕਰੀਬ 40 ਹਜ਼ਾਰ ਵਿਦਿਆਰਥੀ ਕਰਜ਼ਾਈ ਹਨ ਜਿਨ੍ਹਾਂ ਵਿਦੇਸ਼ ਪੜ੍ਹਨ ਖ਼ਾਤਰ ਬੈਂਕਾਂ ਤੋਂ ‘ਵਿੱਦਿਅਕ ਲੋਨ’ ਲਿਆ ਹੋਇਆ ਹੈ। ਸਟੱਡੀ ਵੀਜ਼ੇ ਵਾਲੇ ਇਹ ਵਿਦਿਆਰਥੀ ਇਸ ਵੇਲੇ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਰਜ਼ਾਈ ਹਨ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿੱਦਿਅਕ ਕਰਜ਼ਾ ਦਿੱਤਾ ਹੋਇਆ ਹੈ, ਉਸ ਅਨੁਸਾਰ ਪੰਜਾਬ ਦੇ 38,877 ਵਿਦਿਆਰਥੀਆਂ ਵੱਲ 2891.59 ਕਰੋੜ ਦਾ ਕਰਜ਼ਾ ਖੜ੍ਹਾ ਹੈ। ‘ਵਿੱਦਿਅਕ ਲੋਨ’ ਲੈਣ ਵਾਲੇ ਬਹੁਗਿਣਤੀ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਹਨ। 

         ਸਟੇਟ ਲੈਵਲ ਬੈਂਕਰਜ਼ ਕਮੇਟੀ ਦੇ ਇਹ ਤਾਜ਼ਾ ਵੇਰਵੇ ਹਨ ਕਿ ‘ਵਿੱਦਿਅਕ ਲੋਨ’ ਲੈਣ ਵਾਲਿਆਂ ’ਚੋਂ 13,747 ਲੜਕੀਆਂ ਹਨ ਜਿਨ੍ਹਾਂ ਵੱਲ 924.18 ਕਰੋੜ ਦਾ ਕਰਜ਼ਾ ਬਕਾਇਆ ਹੈ ਜਦਕਿ 3896 ਐੱਸਸੀ ਵਰਗ ਦੇ ਵਿਦਿਆਰਥੀ ਹਨ ਜੋ ਹਾਲੇ ਤੱਕ 265.45 ਕਰੋੜ ਦਾ ਕਰਜ਼ਾ ਮੋੜ ਨਹੀਂ ਸਕੇ ਹਨ। ਇਨ੍ਹਾਂ ਬੈਂਕਾਂ ਨੇ ਚਾਲੂ ਵਿੱਤੀ ਵਰ੍ਹੇ ਦੀ ਦੂਸਰੀ ਤਿਮਾਹੀ ਵਿਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਮਾਪੇ ਕਿਵੇਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਭੇਜ ਰਹੇ ਹਨ।

         ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਮਾਲਵਾ ਖ਼ਿੱਤੇ ਦੇ ਪਿੰਡਾਂ ’ਚੋਂ ਕਿਸਾਨ ਪਰਿਵਾਰ ਆਪਣੀਆਂ ਜ਼ਮੀਨਾਂ ਕੇ ਜਾਂ ਫਿਰ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਮਾਪਿਆਂ ਦੀਆਂ ਆਸਾਂ ਬੱਚਿਆਂ ਦੇ ਭਵਿੱਖ ’ਤੇ ਲੱਗੀਆਂ ਹੋਈਆਂ ਹਨ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2021-22 ਤੋਂ ਅਕਤੂਬਰ 2023 ਤੱਕ ਇਕੱਲੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23,554 ਵਿਦਿਆਰਥੀਆਂ ਨੂੰ ‘ਵਿੱਦਿਅਕ ਲੋਨ’ ਦਿੱਤਾ ਹੈ। ਇਨ੍ਹਾਂ ਬੈਂਕਾਂ ਨੇ ਲੰਘੇ ਢਾਈ ਸਾਲਾਂ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ‘ਵਿੱਦਿਅਕ ਲੋਨ’ ਜਾਰੀ ਕੀਤਾ ਹੈ।          

         ਚਾਲੂ ਵਿੱਤੀ ਵਰ੍ਹੇ ਦੇ ਛੇ ਮਹੀਨਿਆਂ ਦੌਰਾਨ ਬੈਂਕਾਂ ਨੇ 7469 ਵਿਦਿਆਰਥੀਆਂ ਨੂੰ 317.37 ਕਰੋੜ ਦਾ ‘ਵਿੱਦਿਅਕ ਲੋਨ’ ਦਿੱਤਾ ਹੈ ਜਦਕਿ ਸਾਲ 2022-23 ਦੌਰਾਨ 8886 ਵਿਦਿਆਰਥੀਆਂ ਨੇ 511.04 ਕਰੋੜ ਦਾ ਵਿੱਦਿਅਕ ਕਰਜ਼ਾ ਚੁੱਕਿਆ ਹੈ। ਉਸ ਤੋਂ ਪਹਿਲਾਂ ਸਾਲ 2021-22 ਵਿਚ 7199 ਵਿਦਿਆਰਥੀਆਂ ਨੇ 436.67 ਕਰੋੜ ਦਾ ਕਰਜ਼ਾ ਚੁੱਕਿਆ ਸੀ। ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਹੂਕਾਰਾਂ ਤੋਂ ਜੋ ਕਰਜ਼ਾ ਚੁੱਕਦੇ ਹਨ, ਉਹ ਵੱਖਰਾ ਹੈ। ਬੈਂਕ ਅਧਿਕਾਰੀ ਦੱਸਦੇ ਹਨ ਕਿ ਵਿੱਦਿਅਕ ਲੋਨ ਲੈਣ ਵਾਲੇ ਕਈ ਦਫ਼ਾ ਡਿਫਾਲਟਰ ਹੋ ਜਾਂਦੇ ਹਨ ਜਿਸ ਕਰਕੇ ਮਾਪਿਆਂ ’ਤੇ ਵੀ ਤਲਵਾਰ ਲਟਕਦੀ ਰਹਿੰਦੀ ਹੈ।

        ‘ਆਪ’ ਸਰਕਾਰ ਨੇ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਹੈ ਪਰ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਵਿੱਦਿਅਕ ਲੋਨ ਚੁੱਕਣ ਵਾਲੇ ਵਿਦਿਆਰਥੀਆਂ ਦਾ ਅੰਕੜਾ ਵਧਿਆ ਹੈ। ਸਟੱਡੀ ਵੀਜ਼ੇ ਦੀ ਔਸਤ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਵਿਚ ਵੀ ਕੋਈ ਕਮੀ ਨਹੀਂ ਹੋ ਰਹੀ ਹੈ। ਕਿਸਾਨੀ ਕਰਜ਼ੇ ਤੋਂ ਇਲਾਵਾ ਹੁਣ ‘ਵਿੱਦਿਅਕ ਕਰਜ਼ੇ’ ਦੀ ਪੰਡ ਵੀ ਭਾਰੀ ਹੋ ਰਹੀ ਹੈ।


Monday, December 25, 2023

                                                      ਕਲਯੁਗੀ ‘ਕ੍ਰਿਸ਼ਮਾ’ 
                                           ਹੰਸ ਨੇ ਚੁਗੇ ਸਰਕਾਰੀ ਮੋਤੀ ! 
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੇ ਇੱਕ ਮੁਲਾਜ਼ਮ ਪਰਿਵਾਰ ਨੇ ਸੱਚਮੁੱਚ ‘ਕ੍ਰਿਸ਼ਮਾ’ ਕਰ ਦਿਖਾਇਆ ਹੈ ਜਿਨ੍ਹਾਂ ਦਾ ਮੁਖੀਆ ਮੈਂਬਰ ਇੱਕੋ ਵੇਲੇ ਦੋ-ਦੋ ਵਿਭਾਗਾਂ ’ਚ ਨੌਕਰੀ ਕਰਦਾ ਰਿਹਾ। ਉਸ ਨੇ ਇੱਕ ਸਮੇਂ ਦੋ-ਦੋ ਤਨਖ਼ਾਹਾਂ ਲਈਆਂ। ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੇ ਪਰਿਵਾਰ ਨੇ ਤਰਸ ਦੇ ਆਧਾਰ ’ਤੇ ਦੋ ਸਰਕਾਰੀ ਨੌਕਰੀਆਂ ਵੀ ਲਈਆਂ। ਨਾਲੇ ਇੱਕੋ ਵੇਲੇ ਦੋ ਪੈਨਸ਼ਨਾਂ ਲਈਆਂ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਕੀਤੀ ਪੜਤਾਲ ’ਚ ਇਹ ਘਪਲੇਬਾਜ਼ੀ ਬੇਪਰਦ ਹੋਈ ਹੈ ਜਿਸ ’ਚ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਵੀ ਲੱਗਿਆ ਹੈ।

         ਗੁਰਦਾਸਪੁਰ ਦੇ ਪਿੰਡ ਤਾਰਾਗੜ੍ਹ ਦੇ ਕੁਲਦੀਪ ਸਿੰਘ ਨੇ ਪਹਿਲੀ ਅਪਰੈਲ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਭੇਜ ਕੇ ਇਸ ਘਪਲੇ ’ਤੇ ਉਂਗਲ ਧਰੀ ਸੀ। ਵਿਜੀਲੈਂਸ ਬਿਊਰੋ ਨੇ 2 ਜੂਨ 2023 ਨੂੰ ਪੱਤਰ ਨੰਬਰ 23042 ਤਹਿਤ ਇਹ ਸ਼ਿਕਾਇਤ ਜਲ ਸਰੋਤ ਵਿਭਾਗ ਨੂੰ ਪੜਤਾਲ ਲਈ ਭੇਜ ਦਿੱਤੀ ਸੀ। ਜਲ ਸਰੋਤ ਵਿਭਾਗ ਦੀ ਸ਼ਿਕਾਇਤ ਸ਼ਾਖਾ ਦੇ ਕਾਰਜਕਾਰੀ ਇੰਜੀਨੀਅਰ ਨੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਅਤੇ 14 ਨਵੰਬਰ ਨੂੰ ਪੜਤਾਲ ਪ੍ਰਮੁੱਖ ਸਕੱਤਰ ਨੂੰ ਸੌਂਪ ਦਿੱਤੀ।

         ਜਲ ਸਰੋਤ ਵਿਭਾਗ ਨੇ 15 ਦਸੰਬਰ 2023 ਨੂੰ ਟਰਾਂਸਪੋਰਟ ਵਿਭਾਗ ਨੂੰ ਵੀ ਪੜਤਾਲ ਦਾ ਹਵਾਲਾ ਦੇ ਕੇ ਕਾਰਵਾਈ ਲਈ ਲਿਖ ਦਿੱਤਾ। ਪੜਤਾਲ ਰਿਪੋਰਟ ਅਨੁਸਾਰ ਗੁਰਦਾਸਪੁਰ ਦੇ ਮਹੱਲਾ ਸੁੰਦਰ ਨਗਰ ਦੇ ਹੰਸ ਰਾਜ ਨੇ ਜਲ ਸਰੋਤ ਵਿਭਾਗ ਦੀ ਮਾਧੋਪੁਰ ਡਵੀਜ਼ਨ ਵਿਚ 1 ਮਈ 1975 ਨੂੰ ਜੁਆਇਨ ਕੀਤਾ ਸੀ ਅਤੇ ਉਹ 14 ਜਨਵਰੀ 2002 (ਮੌਤ ਹੋਣ ਤੱਕ) ਤੱਕ ਸਰਕਾਰੀ ਨੌਕਰੀ ’ਤੇ ਬਤੌਰ ਮੇਟ ਕੰਮ ਕਰਦਾ ਰਿਹਾ। ਇਸੇ ਤਰ੍ਹਾਂ ਹੰਸ ਰਾਜ ਨੇ 21 ਜਨਵਰੀ 1997 ਨੂੰ ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ-1 ਵਿਚ ਨੌਕਰੀ ਜੁਆਇਨ ਕੀਤੀ ਅਤੇ ਉਹ ਮੌਤ ਹੋਣ ਤੱਕ ਡਿਊਟੀ ਕਰਦਾ ਰਿਹਾ।

         ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਗੁਰਦਾਸਪੁਰ ਨੇ ਵੀ 9 ਨਵੰਬਰ 2023 ਨੂੰ ਪੱਤਰ ਭੇਜ ਕੇ ਸਪਸ਼ਟ ਕੀਤਾ ਕਿ ਹੰਸ ਰਾਜ ਇੱਕੋ ਸਮੇਂ ਦੋ ਜਗ੍ਹਾ ਨੌਕਰੀ ਕਰਦਾ ਰਿਹਾ, ਇੱਕ ਨੌਕਰੀ ਜਲ ਸਰੋਤ ਵਿਭਾਗ ’ਚ ਅਤੇ ਦੂਸਰੀ ਨੌਕਰੀ ਟਰਾਂਸਪੋਰਟ ਵਿਭਾਗ ਵਿਚ। ਪੱਤਰ ਅਨੁਸਾਰ ਜਦੋਂ ਹੰਸ ਰਾਜ ਦੀ ਮੌਤ ਹੋ ਗਈ ਤਾਂ ਪਰਿਵਾਰ ਦੋਵਾਂ ਵਿਭਾਗਾਂ ਤੋਂ ਪੈਨਸ਼ਨ ਦੇ ਲਾਭ ਵੀ ਲੈ ਰਿਹਾ ਹੈ। ਪੜਤਾਲ ਤੋਂ ਪਤਾ ਲੱਗਦਾ ਹੈ ਕਿ ਹੰਸ ਰਾਜ ਦੇ ਦੋ ਵਿਆਹ ਸਨ।

       ਜਦੋਂ ਹੰਸ ਰਾਜ ਦੀ ਮੌਤ ਹੋ ਗਈ ਤਾਂ ਉਸ ਦੀ ਪਤਨੀ ਸ਼ਾਨੋ ਦੇਵੀ ਨੇ ਤਰਸ ਦੇ ਆਧਾਰ ’ਤੇ 27 ਜੁਲਾਈ 2005 ਨੂੰ ਜਲ ਸਰੋਤ ਵਿਭਾਗ ਵਿਚ ਬੇਲਦਾਰ ਦੀ ਅਸਾਮੀ ’ਤੇ ਜੁਆਇਨ ਕਰ ਲਿਆ ਅਤੇ ਇਸ ਵੇਲੇ ਸ਼ਾਨੋ ਦੇਵੀ ਕੰਡੀ ਏਰੀਆ ਡੈਮ ਮੈਂਟੀਨੈੱਸ ਡਵੀਜ਼ਨ ਨੰਬਰ-ਇੱਕ ਵਿਚ ਤਾਇਨਾਤ ਹੈ। ਇਸੇ ਤਰ੍ਹਾਂ ਮਰਹੂਮ ਹੰਸ ਰਾਜ ਦੇ ਪੁੱਤਰ ਗੁਰਪਾਲ ਸਿੰਘ ਜੋ ਕਿ ਪਹਿਲੀ ਪਤਨੀ ਦਾ ਪੁੱਤਰ ਹੈ, ਨੇ ਸਾਲ 2009 ਵਿਚ ਆਪਣੇ ਬਾਪ ਹੰਸ ਰਾਜ ਦੀ ਥਾਂ ’ਤੇ ਤਰਸ ਦੇ ਆਧਾਰ ’ਤੇ ਟਰਾਂਸਪੋਰਟ ਵਿਭਾਗ ’ਚ ਬਤੌਰ ਕੰਡਕਟਰ ਨੌਕਰੀ ਲੈ ਲਈ।

          ਰਿਪੋਰਟ ਅਨੁਸਾਰ ਗੁਰਪਾਲ ਸਿੰਘ ਇਸ ਵੇਲੇ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਵਿਚ ਬਤੌਰ ਕੰਡਕਟਰ/ਸਬ ਇੰਸਪੈਕਟਰ ਨੌਕਰੀ ਕਰ ਰਿਹਾ ਹੈ। ਪੜਤਾਲ ਅਨੁਸਾਰ ਇਹ ਪਰਿਵਾਰ ਦੋ ਫੈਮਲੀ ਪੈਨਸ਼ਨਾਂ ਵੀ ਲੈ ਰਿਹਾ ਹੈ। ਪੜਤਾਲ ਦੌਰਾਨ ਗੁਰਪਾਲ ਸਿੰਘ ਨੂੰ ਸੱਦਿਆ ਗਿਆ ਪ੍ਰੰਤੂ ਉਹ ਹਾਜ਼ਰ ਨਹੀਂ ਹੋਇਆ। ਪੜਤਾਲ ਵਿਚ ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ ਸਾਬਤ ਹੋ ਗਏ ਹਨ। ਦੇਖਣ ਵਾਲੀ ਗੱਲ ਹੈ ਕਿ ਸਰਕਾਰ ਦੇ ਕਿਸੇ ਆਡੀਟਰ ਦੇ ਇਹ ਮਾਮਲਾ ਧਿਆਨ ਵਿਚ ਨਹੀਂ ਆਇਆ।

                                 ਡਬਲ ਤਨਖ਼ਾਹ ਦੀ ਰਿਕਵਰੀ ਹੋਵੇ : ਪ੍ਰਮੁੱਖ ਸਕੱਤਰ

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਟਰਾਂਸਪੋਰਟ ਵਿਭਾਗ ਨੂੰ ਲਿਖਿਆ ਹੈ ਕਿ ਹੰਸ ਰਾਜ ਦੇ ਪਰਿਵਾਰ ਦੀ ਪੈਨਸ਼ਨ ਬੰਦ ਕਰਾਈ ਜਾਵੇ ਅਤੇ ਗ਼ਲਤ ਤਰੀਕੇ ਨਾਲ ਗੁਰਪਾਲ ਸਿੰਘ ਹਾਸਲ ਕੀਤੀ ਨੌਕਰੀ ਦੇ ਬਦਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇ। ਇਹ ਵੀ ਕਿਹਾ ਹੈ ਕਿ ਹੰਸ ਰਾਜ ਦੀ ਟਰਾਂਸਪੋਰਟ ਵਿਭਾਗ ਵਿਚ ਗ਼ਲਤ ਨਿਯੁਕਤੀ ਹੋਈ ਅਤੇ ਡਬਲ ਤਨਖ਼ਾਹ ਲਈ ਗਈ, ਦੀ ਵਿਭਾਗ ਰਿਕਵਰੀ ਕਰੇ।


Saturday, December 23, 2023

                                                     ਭਾਰਤ ਮਾਲਾ ਪ੍ਰਾਜੈਕਟ 
                                           ਪੰਜਾਬ ਵਿਚ ਲੱਗੀਆਂ ਬਰੇਕਾਂ !
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਕੇਂਦਰ ਸਰਕਾਰ ਦੇ ‘ਭਾਰਤਮਾਲਾ ਪ੍ਰਾਜੈਕਟ’ ਦੀ ਪੰਜਾਬ ਵਿਚ ਰਫ਼ਤਾਰ ਮੱਠੀ ਪੈ ਗਈ ਹੈ ਜਦੋਂ ਕਿ ਦੂਜੇ ਸੂਬਿਆਂ ਵਿਚ ਇਹ ਪ੍ਰਾਜੈਕਟ ਮੁਕੰਮਲ ਹੋਣ ਕੰਢੇ ਹੈ। ਪੰਜਾਬ ਵਿਚ ਕੌਮੀ ਸੜਕ ਪ੍ਰਾਜੈਕਟਾਂ ਵਾਸਤੇ ਜ਼ਮੀਨ ਪ੍ਰਾਪਤੀ ਵੱਡਾ ਮਸਲਾ ਬਣ ਗਿਆ ਹੈ ਅਤੇ ਕਿਸਾਨਾਂ ਨੂੰ ਭੌਂ ਪ੍ਰਾਪਤੀ ਬਦਲੇ ਦਿੱਤਾ ਜਾਂਦਾ ਮੁਆਵਜ਼ਾ ਵੀ ਮਾਮੂਲੀ ਹੈ। ਤਿੰਨ ਵਰ੍ਹਿਆਂ ਤੋਂ ਕਿਸਾਨ ਸੜਕਾਂ ’ਤੇ ਹਨ ਅਤੇ ਸਰਕਾਰਾਂ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨਹੀਂ ਸਮਝਿਆ। ਕੇਂਦਰ ਸਰਕਾਰ ਨੇ ਵੀ ਸੜਕੀ ਪ੍ਰਾਜੈਕਟ ਤਣ-ਪੱਤਣ ਲਾਉਣ ਲਈ ਕੋਈ ਹੰਭਲਾ ਨਹੀਂ ਮਾਰਿਆ ਹੈ। ਕੇਂਦਰੀ ਟਰਾਂਸਪੋਰਟ ਅਤੇ ਸੜਕ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਭਾਰਤਮਾਲਾ ਪ੍ਰਾਜੈਕਟ ਤਹਿਤ ਸਮੁੱਚੇ ਦੇਸ਼ ਵਿਚ 34,800 ਕਿਲੋਮੀਟਰ ਕੌਮੀ ਸੜਕ ਮਾਰਗ ਬਣਨਾ ਹੈ ਜਿਸ ’ਚੋਂ 26,418 ਕਿਲੋਮੀਟਰ ਸੜਕ ਵਾਸਤੇ ਜ਼ਮੀਨ ਪ੍ਰਾਪਤੀ ਲਈ ਐਵਾਰਡ ਹੋ ਚੁੱਕਾ ਹੈ ਜਦੋਂ ਕਿ 15,045 ਕਿਲੋਮੀਟਰ ਸੜਕ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਜੋ 56.94 ਫ਼ੀਸਦੀ ਬਣਦੀ ਹੈ। 

         ਪੰਜਾਬ ਵਿਚਲੇ ‘ਭਾਰਤ ਮਾਲਾ ਪ੍ਰਾਜੈਕਟ’ ਦੇ ਹਿੱਸੇ ’ਤੇ ਨਜ਼ਰ ਮਾਰੀਏ ਤਾਂ ਸਥਿਤੀ ਕੁੱਝ ਹੋਰ ਜਾਪਦੀ ਹੈ। ਕੇਂਦਰ ਸਰਕਾਰ ਇਸ ਪ੍ਰਾਜੈਕਟ ’ਤੇ ਹੁਣ ਤੱਕ 4.10 ਲੱਖ ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ। ਦੇਸ਼ ’ਚੋਂ ਪੰਜਾਬ ਅਤੇ ਕੇਰਲਾ ਅਜਿਹੇ ਸੂਬੇ ਹਨ ਜੋ ‘ਭਾਰਤ ਮਾਲਾ ਪ੍ਰਾਜੈਕਟ’ ਦੀ ਉਸਾਰੀ ਵਿਚ ਫਾਡੀ ਹਨ।ਪੰਜਾਬ ਵਿਚ ਪ੍ਰਾਜੈਕਟ ਤਹਿਤ 1764 ਕਿਲੋਮੀਟਰ ਸੜਕ ਦੀ ਉਸਾਰੀ ਹੋਣੀ ਹੈ ਜਿਸ ਵਾਸਤੇ ਹੁਣ ਤੱਕ 1553 ਕਿਲੋਮੀਟਰ ਸੜਕ ਲਈ ਜ਼ਮੀਨ ਪ੍ਰਾਪਤੀ ਲਈ ਐਵਾਰਡ ਹੋ ਚੁੱਕਾ ਹੈ। ਸੂਬੇ ਵਿਚ 393 ਕਿਲੋਮੀਟਰ ਸੜਕ ਦੀ ਹੀ ਉਸਾਰੀ ਹੋਈ ਹੈ ਜੋ ਸਿਰਫ਼ 25.30 ਫ਼ੀਸਦੀ ਬਣਦੀ ਹੈ। ਕੇਰਲਾ ਵਿਚ ਵੀ ਸਿਰਫ਼ 22.45 ਫ਼ੀਸਦੀ ਉਸਾਰੀ ਹੋਈ ਹੈ। ਸੂਬੇ ਹਰਿਆਣਾ ਵਿਚ ਕੁੱਲ 1058 ਕਿਲੋਮੀਟਰ ਸੜਕ ਦਾ ਮੁਕੰਮਲ ਐਵਾਰਡ ਹੋ ਚੁੱਕਾ ਹੈ ਅਤੇ 765 ਕਿਲੋਮੀਟਰ ਸੜਕ ਦੀ ਉਸਾਰੀ ਵੀ ਹੋ ਚੁੱਕੀ ਹੈ ਜੋ 72.30 ਫ਼ੀਸਦੀ ਬਣਦੀ ਹੈ।

          ਦੂਸਰੇ ਪਾਸੇ ਰਾਜਸਥਾਨ ਵਿਚ ਵੀ ਪ੍ਰਾਜੈਕਟ ਤਹਿਤ ਕੁੱਲ 2530 ਕਿਲੋਮੀਟਰ ਸੜਕ ’ਚੋਂ 2360 ਕਿਲੋਮੀਟਰ ਲਈ ਜ਼ਮੀਨ ਪ੍ਰਾਪਤੀ ਦਾ ਐਵਾਰਡ ਹੋ ਚੁੱਕਾ ਹੈ ਜਿਸ ’ਚੋਂ 2120 ਕਿਲੋਮੀਟਰ ਦੀ ਉਸਾਰੀ ਵੀ ਹੋ ਚੁੱਕੀ ਹੈ ਜਿਸ ਦੀ ਦਰ 89.30 ਫ਼ੀਸਦੀ ਬਣਦੀ ਹੈ। ਪੰਜਾਬ ਵਿਚ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਪ੍ਰਾਜੈਕਟ ਵਾਸਤੇ ਐਕੁਆਇਰ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਮੁਆਵਜ਼ਾ ਮਾਰਕੀਟ ਦੇ ਲਿਹਾਜ਼ ਨਾਲ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਕਿਸਾਨ ਸੜਕਾਂ ’ਤੇ ਮੁਜ਼ਾਹਰੇ ਕਰ ਰਹੇ ਹਨ। ਭਾਰਤਮਾਲਾ ਪ੍ਰਾਜੈਕਟ ਤਹਿਤ ਦੋ ਵੱਡੇ ‘ਦਿੱਲੀ-ਕੱਟੜਾ ਐਕਸਪ੍ਰੈੱਸਵੇਅ’ ਅਤੇ ‘ਅੰਮ੍ਰਿਤਸਰ-ਜਾਮ ਨਗਰ ਐਕਸਪ੍ਰੈਸਵੇਅ’ ਬਣਨੇ ਹਨ। ਸੂਬੇ ਦੇ ਕਰੀਬ ਡੇਢ ਦਰਜਨ ਜ਼ਿਲ੍ਹਿਆਂ ’ਚੋਂ ਇਨ੍ਹਾਂ ਪ੍ਰਾਜੈਕਟਾਂ ਵਾਸਤੇ ਜ਼ਮੀਨ ਐਕੁਆਇਰ ਹੋ ਰਹੀ ਹੈ। ਕੇਂਦਰੀ ਹਕੂਮਤ ਨੇ ਵੀ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਹੈ ਅਤੇ ਨਾ ਹੀ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਗ਼ੌਰ ਕੀਤੀ ਹੈ। 

            ਭੌਂ ਪ੍ਰਾਪਤੀ ਕੇਸਾਂ ਦੇ ਮਾਹਿਰ ਵਕੀਲ ਵਿਨੋਦ ਬਾਂਸਲ (ਬਠਿੰਡਾ) ਨੇ ਕਿਹਾ ਕਿ ਅਸਲ ਵਿਚ ਬਾਕੀ ਸੂਬਿਆਂ ਦੇ ਨਿਸਬਤ ਪੰਜਾਬ ਦੀ ਜ਼ਮੀਨ ਉਪਜਾਊ ਜ਼ਿਆਦਾ ਹੈ ਪ੍ਰੰਤੂ ਸਰਕਾਰ ਵੱਲੋਂ ਜ਼ਮੀਨ ਦਾ ਬਣਦਾ ਮੁੱਲ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਕੌਮੀ ਸੜਕ ਅਥਾਰਿਟੀ ਨੂੰ ਕਬਜ਼ੇ ਨਹੀਂ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮੀ ਸੜਕ ਅਥਾਰਿਟੀ ਦੇ ਭੌਂ ਪ੍ਰਾਪਤੀ ਦੇ ਨਿਯਮ ਨੁਕਸਦਾਰ ਹਨ। ਉਨ੍ਹਾਂ ਮਿਸਾਲ ਦਿੱਤੀ ਕਿ ਬਠਿੰਡਾ-ਡੱਬਵਾਲੀ ਸੜਕ ਮਾਰਗ ’ਤੇ 12 ਪੈਟਰੋਲ ਪੰਪ ਹਨ ਜਿਨ੍ਹਾਂ ਨੂੰ ਵਪਾਰਕ ਮੁਆਵਜ਼ਾ ਦੇਣ ਦੀ ਥਾਂ ਖੇਤੀ ਜ਼ਮੀਨ ਵਜੋਂ ਵਿਚਾਰਿਆ ਗਿਆ ਹੈ।

                                        ਜ਼ਮੀਨਾਂ ਦੀ ਲੁੱਟ ਹੋ ਰਹੀ ਹੈ: ਕਮੇਟੀ

ਸੜਕ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕੌਮੀ ਪ੍ਰਾਜੈਕਟਾਂ ਦੇ ਨਾਮ ਹੇਠ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟੀ ਜਾ ਰਹੀ ਹੈ ਅਤੇ ਸਰਕਾਰ ਢੁੱਕਵਾਂ ਮੁਆਵਜ਼ਾ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਐਕਸਪ੍ਰੈਸ ਵੇਅ ਜ਼ਮੀਨਾਂ ਨੂੰ ਵਿਚਕਾਰੋਂ ਕੱਟ ਰਹੇ ਹਨ ਜਿਸ ਕਰਕੇ ਜ਼ਿਆਦਾ ਜ਼ਮੀਨ ਕਿਸਾਨਾਂ ਦੀ ਬੇਕਾਰ ਹੋ ਜਾਵੇਗੀ। ਐਕਸਪ੍ਰੈੱਸ ਵੇਅ ਉੱਚੇ ਵੀ ਹੋਣਗੇ ਜਿਸ ਕਰਕੇ ਹੜ੍ਹਾਂ ਦਾ ਖ਼ਤਰਾ ਹੋਰ ਵਧ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਤਾਂ ਕਿਸਾਨਾਂ ਹੱਥੋਂ ਜ਼ਮੀਨ ਖੁੱਸੇਗੀ, ਦੂਸਰਾ ਘੱਟ ਮੁਆਵਜ਼ੇ ਕਰਕੇ ਬੇਰੁਜ਼ਗਾਰੀ ਵਧੇਗੀ।

                                                ਐਸੀ ਰੱਬ ਦੀ ਮਾਇਆ !        
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਰਾਂਚੀ ਵਾਲੇ ਐਮ.ਪੀ. ਧੀਰਜ ਸਾਹੂ ਨੂੰ ਕੋਟਨ ਕੋਟਿ ਪ੍ਰਣਾਮ। ਇੱਕੋ ਵੇਲੇ ਦੋ ਧੰਦੇ ਕੀਤੇ; ਇੱਕ ਸ਼ਰਾਬ ਦਾ ਦੂਜਾ ਸਿਆਸਤ ਦਾ। ਵੈਲ ਤਾਂ ਚਾਹ ਦਾ ਵੀ ਮਾੜੈ, ਧੀਰਜ ਸਾਹੂ ਨੂੰ ਇੱਕ ਦੌਲਤ ਦਾ ਸਰੂਰ, ਦੂਜਾ ਕੁਰਸੀ ਦੇ ਨਸ਼ੇ ’ਚ ਟੁੰਨ ਹੋ ਗਿਆ। ਐਸੀ ਕਲਾ ਵਰਤੀ, ਦਿਨਾਂ ’ਚ ਨੋਟਾਂ ਦੇ ਪਹਾੜ ਖੜ੍ਹੇ ਹੋ ਗਏ। ਹੁਣ ਆਮਦਨ ਕਰ ਵਾਲੇ ਸਾਹੂ ਦੀ ਦੌਲਤ ਨੇ ਸਾਹੋ-ਸਾਹੀਂ ਕੀਤੇ ਨੇ। ਟਣਕਦੀ ਖ਼ਬਰ ਏਹ ਹੈ ਕਿ ਸਾਹੂ ਦੇ ਖ਼ਜ਼ਾਨੇ ’ਚੋਂ 353 ਕਰੋੜ ਦੀ ਨਕਦੀ, 60 ਕਿਲੋ ਸੋਨਾ ਵਸੂਲ ਹੋਇਆ ਹੈ।

        ਤੁਸੀਂ ਪੱਤਣਾਂ ਦਾ ਤਾਰੂ ਕਹੋ, ਚਾਹੇ ਨੋਟਾਂ ਦਾ ਸ਼ਿਕਾਰੀ। ਸਾਹੂ ਦੀ ਲੱਛਮੀ ਨੇ ਸਭ ਵਾਹਣੀਂ ਪਾਏ ਨੇ, ਨੋਟ ਗਿਣਨ ਵਾਲੀਆਂ 40 ਮਸ਼ੀਨਾਂ ਹੰਭੀਆਂ ਨੇ। ਕਈ ਮਸ਼ੀਨਾਂ ਨੇ ਫ਼ਿਊਜ਼ ਉਡਾ’ਤੇ। ਚੰਦਰੀ ਮਾਇਆ ਨੂੰ ਦੇਖ ਕਈ ਅਫ਼ਸਰਾਂ ਨੂੰ ਹੌਲ ਪੈ ਗਏ, ਕਈ ਮੁਲਾਜ਼ਮ ਇਲਾਜ ਅਧੀਨ ਨੇ। ਏਨੀ ਧਨ-ਦੌਲਤ ਅਸਾਂ ਤਾਂ ਕਦੇ ਨਹੀਂ ਦੇਖੀ। ਇੰਜ ਲੱਗਦੈ ਜਿਵੇਂ ਰੂਸ ਵਾਲਾ ਇਨਕਲਾਬ ਸਾਹੂ ਦੀ ਝੌਂਪੜੀ ਆਣ ਵੜਿਆ ਹੋਵੇ। ਪਿੰਡ ਤਾਂ ਗੁਹਾਰਿਆਂ ਤੋਂ ਪਛਾਣਿਆ ਜਾਂਦੈ। ਦੇਸ਼ ਐਨ ਸੁਰੱਖਿਅਤ ਹੱਥਾਂ ਵਿਚ ਐ, ਜਨਤਾ ਜਨਾਰਧਨ ਚਾਹੇ ਹੁਣ ਘੋੜੇ ਵੇਚ ਕੇ ਸੌਂ ਜਾਵੇ।

        ਐਂਵੇ ਕਿਸੇ ਮਹਾਂਯੱਭ ’ਚ ਨਾ ਪਵੋ। ਕੰਵਰ ਗਰੇਵਾਲ ਨੂੰ ਧਿਆਨ ਧਰ ਧਿਆਓ...‘ਮੈਂ ਓਹਦੀਆਂ ਗੱਠੜੀਆਂ ਬੰਨ੍ਹ ਬੈਠਾ, ਜਿਹੜਾ ਨਾਲ ਨਹੀਂ ਜਾਣਾ।’ ਗਰੇਵਾਲਾ! ਤੂੰ ਕੀ ਜਾਣੇ, ਭਾਰਤੀ ਡੱਡਾਂ ਕਦੋਂ ਪਾਣੀ ਪੀਂਦੀਆਂ ਨੇ। ਔਹ ਦੇਖੋ, ਕਿਵੇਂ ਟਰੱਕਾਂ ਤੇ ਟਰਾਲੀਆਂ ’ਚ ਸਾਹੂ ਦੀ ਦੌਲਤ ਨੂੰ ਪੰਡਾਂ ਬੰਨ੍ਹ ਕੇ ਲਿਜਾ ਰਹੇ ਨੇ। ਮਾੜੇ ਬੰਦੇ ਤੋਂ ਤਾਂ ਤੂੜੀ ਦੀ ਪੰਡ ਨ੍ਹੀਂ ਬੰਨ੍ਹੀ ਜਾਂਦੀ। ਕੋਈ ਐਮਡੀਐਚ ਮਸਾਲੇ ਵਾਲੇ ਮਹਾਸ਼ੈ ਨੂੰ ਆਖਦੈ, ‘ਬਾਦਸ਼ਾਹੋ! ਤੁਸੀਂ ਤਾਂ ਮਸਾਲਿਆਂ ਦੇ ਸ਼ਹਿਨਸ਼ਾਹ ਹੋ’। ਮਹਾਸ਼ਾ ਜੀ ਅੱਗਿਓਂ ਆਖਦੇ ਨੇ, ‘ਸਭ ਆਪ ਕੀ ਮੇਹਰਬਾਨੀ ਸੇ।’

       ਹੁਣ ਵੋਟਰ ਪਾਤਸ਼ਾਹ ਪੁੱਛਦੇ ਪਏ ਨੇ, ਧੀਰਜ ਬਾਬੂ! ਤੁਸੀਂ ਤਾਂ ਨੋਟਾਂ ਦੇ ਸ਼ਹਿਨਸ਼ਾਹ ਨਿਕਲੇ। ‘ਸਭ ਆਪ ਕੀ ਮੇਹਰਬਾਨੀ ਸੇ’, ਜਨਤਾ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ। ਮਾਂ ਨੇ ਨਾਂ ਰੱਖਿਆ, ਧੀਰਜ। ਕਿਤੇ ਸਾਹੂ ਥੋੜ੍ਹਾ ਧੀਰਜ ਦਿਖਾਉਂਦਾ ਤਾਂ ਵੋਟਾਂ ਦੇ ਕਾਰੋਬਾਰ ’ਚੋਂ ਕਿਵੇਂ ਜੱਸ ਪਾਉਂਦਾ। ਏਹ ਸੰਸਾਰੀ ਜੀਵ ਐਂਵੇ ਮੋਹ ਮਾਇਆ ’ਚ ਫਸ ਬੈਠਾ। ਓਧਰ, ਅਮਿਤਾਭ ਬੱਚਨ ਦੁਬਿਧਾ ’ਚ ਫਸਿਐ, ਹਾਲੇ ਵੀ ਪੁੱਛਦਾ ਪਿਐ, ‘ਕੌਣ ਬਣੇਗਾ ਕਰੋੜਪਤੀ।’ ਓਹ ਭਾਈ ਲੰਬੂ, ਰੱਬ ਤਾਂ ਆਨੀਆਂ-ਬਾਨੀਆਂ ਨੇ ਜੇਬ ’ਚ ਪਾਇਆ, ਘਾਹ ਖੋਤਣ ਵਾਲਿਆਂ ਦੇ ਨਸੀਬ ਕਿੱਥੇ।

       ਘਾਹਪੁਰੀਓ, ਸਾਹੂ ਨੂੰ ਛੱਡੋ, ਆਹ ਸੰਗੀਤ ਮਾਣੋ, ‘ਪੈਸਾ ਪੈਸਾ ਕਰਤੀ ਹੈ, ਕਿਉਂ ਪੈਸੇ ਪੇ ਤੂੰ ਮਰਤੀ ਹੈ।’ ‘ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ।’ ਜਦੋਂ ਰੱਬ ਸ੍ਰਿਸ਼ਟੀ ਸਾਜ ਕੇ ਲੁਕਣ ਲੱਗਿਆ, ਧੀਰਜ ਸਾਹੂ ਨੇ ਜ਼ਰੂਰ ਅੱਗਿਓਂ ਵਲ ਲਿਆ ਹੋਊ। ਅੱਕੇ ਹੋਏ ਰੱਬ ਨੇ ਗਾਜਰਾਂ ਦਾ ਟੋਕਰਾ ਵਗਾਹ ਮਾਰਿਆ, ਸਾਹੂ ਰੰਬਾ ਚੁੱਕੀ ਫਿਰਦੈ, ਆਮਦਨ ਕਰ ਵਾਲੇ ਮਸ਼ੀਨਾਂ। ਅਸਾਂ ਲੱਖਣ ਲਾਇਐ, ਬਈ! ਨਿੱਕਾ ਹੁੰਦਾ ਸਾਹੂ ਜ਼ਰੂਰ ਕਿਸੇ ਸਾਧ ਦੇ ਪ੍ਰਵਚਨ ਸੁਣਦਾ ਰਿਹਾ ਹੋਊ।

        ਭਗਤਜਣੋ! ਪੈਸਾ ਤਾਂ ਹੱਥਾਂ ਦੀ ਮੈਲ ਐ। ਬੱਸ ਫੇਰ ਕੀ ਸੀ, ਸਾਹੂ ਨੇ ਗੱਲ ਪੱਲੇ ਬੰਨ੍ਹੀ ਤੇ ਹੱਥ ਧੋਣੇ ਛੱਡ’ਤੇ। ਨਾ ਦਿਨ ਦੇਖਿਆ ਨਾ ਰਾਤ। ਆਹ ਆਮਦਨ ਕਰ ਵਾਲਿਆਂ ਨੂੰ ਹੁਣ ਸਾਹੂ ਦੇ ਤਹਿਖ਼ਾਨਿਆਂ ’ਚੋਂ ਮੈਲ ਦੇ ਭਰੇ 176 ਬੈਗ ਮਿਲੇ ਨੇ। ਇੰਦਰਾ ਗਾਂਧੀ ਨੇ ਸੰਵਿਧਾਨ ’ਚ ‘ਸਮਾਜਵਾਦ’ ਸ਼ਬਦ ਪਾਇਆ, ਧੀਰਜ ਸਾਹੂ ਨੇ ਸੱਚ ਕਰ ਦਿਖਾਇਆ। ਕਾਦਰ ਖ਼ਾਨ ਮੌਕੇ ਦਾ ਗਵਾਹ ਐ, ਤਾਹੀਂ ਗਾਉਣੋਂ ਨ੍ਹੀਂ ਹਟ ਰਿਹਾ,..‘ਯੇ ਪੈਸਾ ਬੋਲਤਾ ਹੈ।’ ਭੋਲਿਓ! ਇਹ ਭਾਗਾਂ ਦੀ ਖੇਡ ਐ। ਮਲੰਗਦਾਸ ਪਿਛਲੇ ਜਨਮਾਂ ਦੇ ਕਰਮ ਭੋਗਦੇ ਰਹੇ। ਪੈਸੇ ਨੂੰ ਸਾਹੂ ਦਾ ਪੈਸਾ ਖਿੱਚਦਾ ਰਿਹਾ।

        ਕੇਰਾਂ ਕਿਸੇ ਮਹਾਤੜ ਨੇ ਲਾਲੇ ਦੇ ਗੱਲੇ ’ਤੇ ਅਠਿਆਨੀ ਸੁੱਟੀ। ਦੇਖਦਾ ਰਿਹਾ ਕਿ ਅਠਿਆਨੀ ਗੱਲੇ ’ਚੋਂ ਨੋਟ ਖਿੱਚ ਲਿਆਏਗੀ। ਲਾਲਾ ਜੀ ਫ਼ਰਮਾਏ, ਜਾਹ ਭਾਈ, ਅਸਾਂ ਦੇ ਨੋਟਾਂ ਨੇ ਤੇਰੀ ਅਠਿਆਨੀ ਵੀ ਖਿੱਚ ਲਈ। ਗੁਰਦਾਸ ਮਾਨ ਵੀ ਅਠਿਆਨੀ ਵਾਲਿਆਂ ਨੂੰ ਹੀ ਨਸੀਹਤਾਂ ਦੇਣ ਜੋਗੈ...‘ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ।’ ਪਰ ਜਗਸੀਰ ਜੀਦਾ ਟਕੇ ਵਰਗਾ ਜੁਆਬ ਦਿੰਦੈ, ‘ਹੱਕ ਮੰਗੀਏ ਬਰਾਬਰ ਦੇ, ਕਾਹਤੋਂ ਬੂਟ ਪਾਲਿਸ਼ਾਂ ਕਰੀਏ।’ ਜਦ ਆਵਾ ਹੀ ਊਤ ਜਾਵੇ, ਤਾਂ ’ਕੱਲੇ ਸਾਹੂ ਨੂੰ ਕਿਉਂ ਰੋਈਏ।

        ਕਾਨਪੁਰ ਵਾਲਾ ਇੱਤਰ ਵਪਾਰੀ ਪਿਊਸ ਜੈਨ, ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ। ਆਮਦਨ ਕਰ ਵਾਲਿਆਂ ਦਾ ਕੱਖ ਨਾ ਰਹੇ, ਜਿਨ੍ਹਾਂ ਜੈਨ ਦੇ ਤਹਿਖ਼ਾਨੇ ਫਰੋਲ ਸੁੱਟੇ। 257 ਕਰੋੜ ਦੀ ਨਕਦੀ ਨਿਕਲੀ। ਜੈਨ ਸਾਹਿਬ ਨੇ ਵੀ ਸਾਧ ਦੀ ਗੱਲ ਪੱਲੇ ਬੰਨ੍ਹੀ ਹੋਊ। ‘ਸੰਗਤਜਣੋ! ਮਾਇਆ ਨਾਗਣੀ ਐ।’ ਲਓ ਜੀ, ਜੇ ਮਾਇਆ ਨਾਗਣੀ ਐ ਤਾਂ ਪਿਊਸ਼ ਜੈਨ ਵੀ ਕਹਿੰਦੇ ਕਹਾਉਂਦੇ ਜੋਗੀ ਨੇ। ਬੀਨ ਵਜਾ ਨਾਗਣੀ ਮਾਇਆ ਦੀ ਸਿਰੀ ਨੱਪਦੇ ਰਹੇ। ਪਾਪੀ ਬੰਦਿਓ! ਤੁਸੀਂ ਸਦਕੇ ਜਾਓ, ਸਾਹੂ ਤੇ ਜੈਨ ਦੇ ਜਿਨ੍ਹਾਂ ਮਸ਼ੱਕਤ ਕਰ ਕੇ ਨਾਗ ਦੇ ਬੱਚੇ ਸਾਂਭੇ। ਮਾੜੇ ਜਿਗਰੇ ਵਾਲਾ ਤਾਂ ਸੌ ਠੀਕਰੀਆਂ ਨ੍ਹੀਂ ਸਾਂਭ ਸਕਦੈ।

       ‘ਮਾਇਆ ਤੇਰੇ ਤੀਨ ਰਾਮ, ਪਰਸੂ ਪਰਸਾ ਪਰਸ ਰਾਮ।’ ਕਿੰਨੇ ਹੀ ਪਰਸ ਰਾਮ ਨੇ ਜਿਨ੍ਹਾਂ ਦੀ ਪਟਾਰੀ ਹਕੂਮਤੀ ਹੱਥਾਂ ਤੋਂ ਦੂਰ ਹੈ। ਤਾਮਿਲਨਾਡੂ ਦੇ ਇੱਕ ਠੇਕੇਦਾਰ ਦੇ ਘਰੋਂ 163 ਕਰੋੜ ਦੀ ਨਕਦੀ, ਕੁਇੰਟਲ ਸੋਨਾ ਨਿਕਲਿਆ ਸੀ। ਪ੍ਰਯਾਗਰਾਜ ਦੇ ਇੱਕ ਮਹੰਤ ਦੇ ਕਮਰੇ ’ਚੋਂ ਸੀਬੀਆਈ ਨੂੰ ਤਿੰਨ ਕਰੋੜ ਨਕਦ ਨਾਰਾਇਣ ਅਤੇ 24 ਕੈਰਿਟ ਖਰਾ 50 ਕਿਲੋ ਸੋਨਾ ਮਿਲਿਆ। ਇੱਕ ਹੋਰ ਬਾਬੇ ਦੀ ਝੌਂਪੜੀ ’ਚੋਂ ਕੁਇੰਟਲ ਸੋਨਾ ਪ੍ਰਗਟ ਹੋਇਆ। ਮਹਿੰਦਰ ਕਪੂਰ ਦਾ ਪੁਰਾਣਾ ਗੀਤ ਤਾਂ ਸੁਣਿਆ ਹੋਊ, ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ...।’

         ਧਰਤੀ ਨੇ ਸੋਨਾ ਉਗਲਿਆ, ਬਾਬਿਆਂ ਨੇ ’ਕੱਠਾ ਕਰ ਲਿਆ। ਨੇਤਾਵਾਂ ਨੂੰ ਬੇਈਮਾਨੀ ਦਾ ਕੰਬਲ ਨਹੀਂ ਛੱਡ ਰਿਹਾ। ਬਾਬਾ ਨਾਨਕ ਨੂੰ ਹੁਣ ਕਿਵੇਂ ਧਿਆਉਣ ‘ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ।’ ਬਾਬੇ ਦੇ ਲਾਲੋ ਤਾਂ ਅੱਜ ਵੀ ਰੁਲਦੇ ਨੇ। ‘ਭੁੱਲ ਗਏ ਨੇ ਰੰਗ ਰਾਗ, ਭੁੱਲ ਗਈਆਂ ਯੱਕੜਾਂ, ਤਿੰਨੋਂ ਗੱਲਾਂ ਯਾਦ ਰਹੀਆਂ, ਲੂਣ ਤੇਲ ਲੱਕੜਾਂ।’ ਰੱਬ ਪਤਾ ਨਹੀਂ ਕਿਉਂ, ਦਾਣੇ ਦਾਣੇ ’ਤੇ ਸਾਹੂਆਂ ਤੇ ਜੈਨਾਂ ਦੇ ਨਾਂ ਲਿਖ ਰਿਹੈ।

          ਨੇਤਾਜਨੋ! ਨਾਨਾ ਪਾਟੇਕਰ ਦੇ ਬੋਲਾਂ ’ਚੋਂ ਤੁਹਾਨੂੰ ਅਪਣੱਤ ਦਿਖੇਗੀ, ‘ਬੇਈਮਾਨੀ ਮੇਰਾ ਜਨਮਸਿੱਧ ਅਧਿਕਾਰ ਹੈ, ਸਭੀ ਭ੍ਰਿਸ਼ਟਚਾਰੀ ਮੇਰੇ ਭਾਈ ਬਹਿਨ ਹੈਂ।’ ਪੰਜਾਬ ਦੇ ਨੇਤਾਵਾਂ ਨੇ ਤਾਂ ਨੱਕ ਕਟਾ’ਤੀ, ਨਹੀਂ ਸਾਹੂ ਤੇ ਜੈਨ ਦੀ ਕੀ ਮਜਾਲ ਸੀ! ਵੈਸੇ ਮਾਇਆ ਦੇ ਢੇਰ ਦੇਖ ਕਈ ਪੰਜਾਬੀ ਆਗੂਆਂ ਦੀਆਂ ਲਾਰਾਂ ਡਿੱਗੀਆਂ ਹੋਣੀਆਂ ਨੇ। ਪ੍ਰੋ. ਮੋਹਨ ਸਿੰਘ ਨੇ ਲਿਖਿਐ, ‘ਵਿੱਚ ਸੁਖਾਂ ਦੇ ਸਾਰੀ ਦੁਨੀਆਂ, ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ, ਜਦ ਬਾਜ਼ੀ ਪੁੱਠੀ ਪੈਂਦੀ।’

       ਪ੍ਰੋਫ਼ੈਸਰ ਸਾਹਿਬ ਚਿੰਤਾ ਛੱਡੋ, ਅਸਾਡੇ ਨੇਤਾਗਣ ਧੀਰਜ ਸਾਹੂ ਦੀ ਪਿੱਠ ਨਹੀਂ ਲੱਗਣ ਦੇੇਣਗੇ। ਸਾਧ ਦੇ ਡੇਰੇ ’ਤੇ ਲੱਖ ਛੈਣੇ ਖੜਕਣ, ‘ਗਿਰਝਾਂ ਮਾਸ ਨਹੀਂ ਖਾਣਾ, ਪਾਪੀ ਬੰਦਿਆਂ ਦਾ।’ ਜੇ ਹਾਲੇ ਵੀ ਯਕੀਨ ਨਹੀਂ ਬੱਝਦਾ ਤਾਂ ਬਹਾਦਰ ਸ਼ਾਹ ਜ਼ਫ਼ਰ ਦਾ ਆਖ਼ਰੀ ਵੇਲਾ ਦੇਖ ਲਓ। ‘ਕਿਤਨਾ ਹੈ ਬਦਨਸੀਬ ਜ਼ਫ਼ਰ ਦਫ਼ਨ ਕੇ ਲੀਏ, ਦੋ ਗਜ਼ ਜ਼ਮੀਨ ਭੀ ਮਿਲ ਨਾ ਸਕੀ ਕੂ-ਏ-ਯਾਰ ਮੇਂ।’

(15 ਦਸੰਬਰ, 2023)

Thursday, December 14, 2023

                                                         ਨਸ਼ਾ ਤਸਕਰੀ 
                                       ਪੰਜਾਬੀ ਔਰਤਾਂ ਦੀ ਏਹ ਕੇਹੀ ਮੱਲ !
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬੀ ਔਰਤਾਂ ਦੇਸ਼ ਚੋਂ ਨਸ਼ਾ ਤਸਕਰੀ ਦੇ ਕਾਰੋਬਾਰ ’ਚ ਸਿਖਰ ’ਤੇ ਹਨ। ਸਮੁੱਚੇ ਮੁਲਕ ਚੋਂ ਸਭ ਤੋਂ ਵੱਧ ਨਸ਼ਾ ਤਸਕਰੀ ’ਚ ਪੰਜਾਬੀ ਔਰਤਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਲੰਘੇ ਤਿੰਨ ਵਰਿ੍ਹਆਂ ਵਿਚ ਦੇਸ਼ ਭਰ ਚੋਂ 9631 ਔਰਤਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚ 3164 ਪੰਜਾਬੀ ਔਰਤਾਂ ਫੜੀਆਂ ਹਨ ਅਤੇ ਇਹ ਦਰ 32.85 ਫ਼ੀਸਦੀ ਬਣਦੀ ਹੈ। ਪੰਜਾਬ ਦੇ ਦਰਜਨਾਂ ਪਿੰਡ ਅਜਿਹੇ ਹਨ ਜਿੱਥੇ ਔਰਤਾਂ ’ਤੇ ਨਸ਼ਾ ਤਸਕਰੀ ਦੇ ਜ਼ਿਆਦਾ ਮਾਮਲੇ ਦਰਜ ਹਨ। ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਤੱਥਾਂ ਅਨੁਸਾਰ ਸਾਲ 2022 ਵਿਚ ਦੇਸ਼ ਭਰ ਵਿਚ ਐੱਨਡੀਪੀਐੱਸ ਐਕਟ ਤਹਿਤ ਚਾਰ ਹਜ਼ਾਰ ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਪੰਜਾਬ ਵਿਚ ਇਹ ਅੰਕੜਾ 1448 ਔਰਤਾਂ ਦਾ ਹੈ। ਦੂਸਰੇ ਨੰਬਰ ’ਤੇ ਤਾਮਿਲਨਾਡੂ ਵਿਚ 490 ਅਤੇ ਹਰਿਆਣਾ ਵਿਚ 337 ਔਰਤਾਂ ਫੜੀਆਂ ਗਈਆਂ ਹਨ। 

          ਸਾਲ 2021 ਵਿਚ ਸਮੁੱਚੇ ਮੁਲਕ ਵਿਚ 3104 ਔਰਤਾਂ ਪ੍ਰੰਤੂ ਪੰਜਾਬ ’ਚ ਨਸ਼ਾ ਤਸਕਰੀ ’ਚ 928 ਔਰਤਾਂ ਦੀ ਗ੍ਰਿਫ਼ਤਾਰੀ ਹੋਈ ਸੀ। ਇਸੇ ਤਰ੍ਹਾਂ ਹੀ ਸਾਲ 2020 ਵਿਚ ਦੇਸ਼ ਵਿਚ ਗ੍ਰਿਫ਼ਤਾਰ ਹੋਈਆਂ 2527 ਔਰਤਾਂ ਚੋਂ ਪੰਜਾਬ ਵਿਚ ਫੜੀਆਂ ਔਰਤਾਂ ਦਾ ਅੰਕੜਾ 788 ਸੀ। ਤਿੰਨਾਂ ਵਰਿ੍ਹਆਂ ਤੋਂ ਸਭ ਤੋਂ ਵੱਧ ਪੰਜਾਬੀ ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ। ਪੰਜਾਬ ਵਿਚ ਕੁੱਲ ਔਰਤਾਂ ਦੀ ਆਬਾਦੀ ਦੇ ਲਿਹਾਜ਼ ਨਾਲ ਇਹ ਅੰਕੜਾ ਮਾਮੂਲੀ ਹੈ। ਇਸ ਤੋਂ ਪਹਿਲਾਂ ਔਰਤਾਂ ਸਰਕਾਰੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਵਿਚ ਵੀ ਕੁੱਦੀਆਂ ਹਨ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ’ਚ ਬੰਦ ਔਰਤਾਂ ਚੋਂ ਬਹੁਗਿਣਤੀ ਐੱਨਡੀਪੀਐੱਸ ਕੇਸਾਂ ਵਾਲੀਆਂ ਔਰਤਾਂ ਦੀ ਹੈ।ਪੰਜਾਬ ਦੀਆਂ ਜੇਲ੍ਹਾਂ ਦੀ ਸਮਰੱਥਾ ਇਸ ਵੇਲੇ 26556 ਬੰਦੀਆਂ ਦੀ ਹੈ ਜਦੋਂ ਕਿ ਇਨ੍ਹਾਂ ਜੇਲ੍ਹਾਂ ਵਿੱਚ 31218 ਬੰਦੀ ਬੰਦ ਹਨ ਜੋ ਕਿ 117.55 ਫ਼ੀਸਦੀ ਬਣਦੇ ਹਨ।

          ਜੇਲ੍ਹਾਂ ਵਿਚ 1497 ਔਰਤਾਂ ਬੰਦ ਹਨ। ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਬਹੁਤੀਆਂ ਔਰਤਾਂ ਦੇ ਪਤੀ ਨਸ਼ੇੜੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਜਬੂਰੀ ਵਿਚ ਇਸ ਕਾਰੋਬਾਰ ਵਿਚ ਉੱਤਰਨਾ ਪੈਂਦਾ ਹੈ। ਬਹੁਤੇ ਕੇਸਾਂ ਵਿਚ ਨਸ਼ਾ ਤਸਕਰੀ ਦਾ ਕੰਮ ਪਤੀ ਪਤਨੀ ਦੋਵੇਂ ਕਰਦੇ ਹੁੰਦੇ ਹਨ।ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੋਨਾਖੁਰਦ, ਮੁਕਤਸਰ ਦੇ ਪਿੰਡ ਝੋਰੜ, ਬਠਿੰਡਾ ਦੇ ਪਿੰਡ ਬੀੜ ਤਲਾਬ ਆਦਿ ’ਚ ਕਈ ਔਰਤਾਂ ’ਤੇ ਦੋ ਤੋਂ ਜ਼ਿਆਦਾ ਕੇਸ ਦਰਜ ਹਨ। ਪੰਜਾਬ ਵਿਚ ਨਾਬਾਲਗ ਬੱਚੇ ਵੀ ਨਸ਼ਾ ਤਸਕਰੀ ਦੇ ਰਾਹ ਪਏ ਹਨ। ਲੰਘੇ ਤਿੰਨ ਸਾਲਾਂ ਵਿਚ 78 ਨਾਬਾਲਗ ਬੱਚਿਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2022 ਵਿਚ 37 ਨਾਬਾਲਗ ਬੱਚੇ, ਸਾਲ 2021 ਵਿਚ 25 ਅਤੇ ਸਾਲ 2020 ਵਿਚ 16 ਨਾਬਾਲਗ ਬੱਚਿਆਂ ਨੂੰ ਪੰਜਾਬ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਵਿਚ ਤਿੰਨ ਸਾਲਾਂ ਵਿਚ 55 ਨਾਬਾਲਗ ਬੱਚਿਆਂ ਦੀ ਗ੍ਰਿਫ਼ਤਾਰੀ ਹੋਈ ਹੈ।

           ਇਸ ਤੋਂ ਇਲਾਵਾ ਪੰਜਾਬ ਪੁਲੀਸ ਨੇ ਇਨ੍ਹਾਂ ਉਪਰੋਕਤ ਤਿੰਨ ਵਰਿ੍ਹਆਂ ਦੌਰਾਨ 12085 ਮੁਕੱਦਮੇ ਇਕੱਲੇ ਨਸ਼ੇੜੀਆਂ ’ਤੇ ਹੀ ਦਰਜ ਕੀਤੇ ਹਨ। ਇਨ੍ਹਾਂ ਕੋਲ ਗ੍ਰਿਫ਼ਤਾਰੀ ਮੌਕੇ ਸਿਰਫ਼ ਆਪਣੀ ਨਿੱਜੀ ਵਰਤੋਂ ਜੋਗਾ ਨਸ਼ਾ ਸੀ। ਸਾਲ 2022 ਵਿਚ 5009 ਕੇਸ ਨਸ਼ੇੜੀਆਂ ’ਤੇ ਦਰਜ ਕੀਤੇ ਗਏ ਹਨ ਜਦੋਂ ਕਿ ਸਾਲ 2021 ਵਿਚ 4206 ਕੇਸ ਨਸ਼ੇੜੀਆਂ ’ਤੇ ਦਰਜ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਵਿਚ ਕਿਹਾ ਸੀ ਕਿ ਨਸ਼ੇੜੀਆਂ ਦੀ ਥਾਂ ਤਸਕਰਾਂ ਨੂੰ ਨਿਸ਼ਾਨੇ ’ਤੇ ਰੱਖਿਆ ਜਾਵੇ। ਚੇਤੇ ਰਹੇ ਕਿ ਜਦੋਂ ਵੀ ਪੰਜਾਬ ਵਿਚ ਨਸ਼ਾ ਤਸਕਰੀ ਦਾ ਮਾਮਲਾ ਉੱਭਰਦਾ ਹੈ ਤਾਂ ਪੰਜਾਬ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ। ਅਜਿਹਾ ਹਰ ਸਿਆਸੀ ਪਾਰਟੀ ਦੇ ਰਾਜ ਭਾਗ ਸਮੇਂ ਹੋਇਆ ਹੈ।                               

                                                        ਕੇਂਦਰੀ ਅੜਿੱਕੇ 
                                     ‘ਤੀਰਥ ਯਾਤਰਾ’ ਸਕੀਮ ਨੂੰ ਬਰੇਕਾਂ ! 
                                                       ਚਰਨਜੀਤ ਭੁੱਲਰ 

ਚੰਡੀਗੜ੍ਹ: ਕੇਂਦਰੀ ਰੇਲ ਮੰਤਰਾਲੇ ਦੇ ਅੜਿੱਕੇ ਕਾਰਨ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਨੂੰ ਬਰੇਕ ਲੱਗ ਗਈ ਹੈ। ਕੇਂਦਰ ਸਰਕਾਰ ਨੇ ਆਉਂਦੇ ਡੇਢ ਮਹੀਨੇ ਦੌਰਾਨ ਪੰਜਾਬ ਨੂੰ ਇਸ ਸਕੀਮ ਤਹਿਤ ਟਰੇਨਾਂ ਦੇਣ ਤੋਂ ਅਸਮਰਥਾ ਜ਼ਾਹਿਰ ਕਰ ਦਿੱਤੀ ਹੈ। ਭਾਰਤੀ ਰੇਲਵੇ ਦੇ ਇੱਕ ਉੱਚ ਅਧਿਕਾਰੀ ਨੇ ਅੱਜ ਪੰਜਾਬ ਸਰਕਾਰ ਨੂੰ ਜ਼ੁਬਾਨੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ ਕਿ ਉਹ ਫਰਵਰੀ ਮਹੀਨੇ ਤੋਂ ਹੀ ਟਰੇਨਾਂ ਦੇ ਸਕਣਗੇ। ਸੂਬਾ ਸਰਕਾਰ ਹੁਣ ਰੇਲਵੇ ਦੇ ਲਿਖਤੀ ਪੱਤਰ ਦੀ ਉਡੀਕ ਕਰ ਰਹੀ ਹੈ। ਬੇਸ਼ੱਕ ਕੇਂਦਰੀ ਰੇਲਵੇ ਵੱਲੋਂ ਇਸ ਇਨਕਾਰੀ ਪਿੱਛੇ ਕਈ ਬਹਾਨੇ ਘੜੇ ਜਾ ਰਹੇ ਹਨ ਪ੍ਰੰਤੂ ਸਿਆਸੀ ਹਲਕੇ ਆਖ ਰਹੇ ਹਨ ਕਿ ਕੇਂਦਰ ਸਰਕਾਰ ਜਾਣਬੁੱਝ ’ਤੇ ਪੰਜਾਬ ਸਰਕਾਰ ਦੀ ‘ਤੀਰਥ ਯਾਤਰਾ’ ਸਕੀਮ ਨੂੰ ਫਲਾਪ ਕਰਨ ਦੇ ਰੌਂਅ ਵਿਚ ਹੈ। ਇਹੋ ਵਜਾ ਹੈ ਕਿ ਪੰਜਾਬ ਚੋਂ ਹਾਲੇ ਤੱਕ ਤੀਰਥ ਯਾਤਰਾ ਲਈ ਸਿਰਫ਼ ਇੱਕ ਹੀ ਟਰੇਨ ਜਾ ਸਕੀ ਹੈ। 

          ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ’ਤੇ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ ਯਾਤਰੀਆਂ ਦਾ ਪਹਿਲਾ ਜਥਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਭਾਰਤੀ ਰੇਲਵੇ ਦੇ ਅੜਿੱਕੇ ਕਰਕੇ 6 ਦਸੰਬਰ ਨੂੰ ਜਲੰਧਰ ਤੋਂ ਵਾਰਾਨਸੀ ਲਈ ਜਾਣ ਵਾਲੇ ਟਰੇਨ ਵੀ ਕੈਂਸਲ ਹੋ ਗਈ ਸੀ ਜਿਸ ਕਰਕੇ ਯਾਤਰੀ ਰਵਾਨਾ ਨਹੀਂ ਹੋ ਸਕੇ ਸਨ। ਰੇਲਵੇ ਨੇ ਤੈਅ ਪ੍ਰੋਗਰਾਮ ਤੋਂ ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਟਰੇਨ ਪ੍ਰੋਗਰਾਮ ਰੱਦ ਹੋਣ ਦੇ ਸੁਨੇਹਾ ਦਿੱਤਾ ਸੀ। ਹੁਣ 15 ਦਸੰਬਰ ਨੂੰ ਮਲੇਰਕੋਟਲਾ ਤੋਂ ਅਜਮੇਰ ਸਰੀਫ ਲਈ ਟਰੇਨ ਜ਼ਰੀਏ ਸ਼ਰਧਾਲੂਆਂ ਦਾ ਜਥਾ ਜਾਣਾ ਸੀ ਪ੍ਰੰਤੂ ਅੱਜ ਫਿਰ ਰੇਲਵੇ ਨੇ ਟਰੇਨ ਦੇਣ ਤੋਂ ਅਸਮਰਥਾ ਜਤਾ ਦਿੱਤੀ ਹੈ। ਪੰਜਾਬ ਸਰਕਾਰ ਨੇ 15 ਦਸੰਬਰ ਵਾਲੀ ਟਰੇਨ ਦੇ 1.34 ਕਰੋੜ ਰੁਪਏ ਰੇਲਵੇ ਕੋਲ ਜਮ੍ਹਾ ਵੀ ਕਰਾਏ ਹੋਏ ਸਨ। 

        ਰੇਲਵੇ ਅਧਿਕਾਰੀ ਆਖ ਰਹੇ ਹਨ ਕਿ ਜਨਰੇਟਰ ਕਾਰਾਂ ਦੀ ਕਮੀ ਕਰਕੇ ਏਸੀ ਟਰੇਨਾਂ ਦੀ ਉਪਲਬਧਤਾ ਨਹੀਂ ਹੈ ਅਤੇ ਕੋਲਾ ਰੈਕ ਆਉਣ ਕਰਕੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਦੇ ਅਧਿਕਾਰੀ ਤਰਕ ਦੇ ਰਹੇ ਹਨ ਕਿ ਜਦੋਂ ਬਕਾਇਦਾ ਐਮਓਯੂ ਸਾਈਨ ਹੋਇਆ ਹੈ ਅਤੇ ਰਾਸ਼ੀ ਵੀ ਐਡਵਾਂਸ ਵਿਚ ਦਿੱਤੀ ਹੈ ਤਾਂ ਅਜਿਹਾ ਕਿਉਂ ਹੈ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਵੱਲੋਂ ਵਰ੍ਹਾ 2023-24 ਲਈ ਇਸ ਸਕੀਮ ਤਹਿਤ 40 ਕਰੋੜ ਦਾ ਬਜਟ ਰੱਖਿਆ ਗਿਆ ਹੈ। ਚਾਲੂ ਵਿੱਤੀ ਵਰ੍ਹੇ ਦੌਰਾਨ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ 13 ਟਰੇਨਾਂ ਨੂੰ ਧਾਰਮਿਕ ਅਸਥਾਨਾਂ ਲਈ ਭੇਜੇ ਜਾਣ ਦਾ ਪ੍ਰੋਗਰਾਮ ਸੀ ਅਤੇ ਹਰ ਹਫ਼ਤੇ ਇੱਕ ਟਰੇਨ ਰਵਾਨਾ ਕਰਨੀ ਸੀ। ਪ੍ਰਤੀ ਟਰੇਨ ਇੱਕ ਹਜ਼ਾਰ ਯਾਤਰੀ ਜਾਣੇ ਸਨ। 

         ਪੰਜਾਬ ਸਰਕਾਰ ਨੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨਾਲ ਬਕਾਇਦਾ ਐਮ.ਓ.ਯੂ ਸਾਈਨ ਕੀਤਾ ਹੋਇਆ ਹੈ। ਦੂਸਰੀ ਤਰਫ਼ ਪੰਜਾਬ ਵਿਚਲੇ ਤਖ਼ਤਾਂ ਦੀ ਯਾਤਰਾ ਲਈ ਬੱਸਾਂ ਰਾਹੀਂ ਯਾਤਰੀ ਹਲਕਿਆਂ ਚੋਂ ਭੇਜੇ ਜਾ ਰਹੇ ਹਨ। ਇਸ ਯਾਤਰਾ ਦੀ ਰੂਪ ਰੇਖਾ ਲਈ ਕੈਬਨਿਟ ਸਬ ਕਮੇਟੀ ਬਣੀ ਹੋਈ ਹੈ ਜਿਸ ਵਿਚ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਅਮਨ ਅਰੋੜਾ ਸ਼ਾਮਿਲ ਹਨ। ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਵੀ 1 ਜਨਵਰੀ 2016 ਨੂੰ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਦੀ ਸ਼ੁਰੂਆਤ ਹੋਈ ਸੀ। ਮੁੱਖ ਸਕੱਤਰ ਅਨੁਰਾਗ ਵਰਮਾ ਦਾ ਕਹਿਣਾ ਸੀ ਕਿ ਉਹ ਰੇਲਵੇ ਤੋਂ ਟਰੇਨਾਂ ਲੈਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਅੱਜ ਹੀ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਬੱਸਾਂ ਦੀ ਗਿਣਤੀ ਵਧਾ ਕੇ ਰੋਜ਼ਾਨਾ ਦੀ 10 ਕਰ ਦਿੱਤੀ ਗਈ ਹੈ ਅਤੇ ਹਫ਼ਤੇ ਵਿਚ ਇੱਕ ਟਰੇਨ ਭੇਜਣ ਦੀ ਯੋਜਨਾ ਸੀ।

Wednesday, December 13, 2023

                                                   ਮਾਧੋਪੁਰ ਰੈਸਟ ਹਾਊਸ  
                                ਡਿਪਟੀ ਕਮਿਸ਼ਨਰ ਨੂੰ ‘ਕਾਰਨ ਦੱਸੋ ਨੋਟਿਸ’
                                                      ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਸਰਕਾਰ ਨੇ ਅੱਜ ਬਹੁਕੀਮਤੀ ਸਰਕਾਰੀ ਜਾਇਦਾਦ ’ਤੇ ਨਜਾਇਜ਼ ਕਬਜ਼ੇ ਦੇ ਮਾਮਲੇ ਵਿਚ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੋਂ ਪ੍ਰਵਾਨਗੀ ਮਿਲਣ ਮਗਰੋਂ ਪ੍ਰਸੋਨਲ ਵਿਭਾਗ ਦੇ ਸਪੈਸ਼ਲ ਸਕੱਤਰ ਨੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਕੇ ਦੋ ਹਫ਼ਤਿਆਂ ਵਿਚ ਜੁਆਬ ਮੰਗਿਆ ਹੈ। ਸਪੈਸ਼ਲ ਸਕੱਤਰ ਨੇ ਇਸ ਦੇ ਨਾਲ ਹੀ ਨਜਾਇਜ਼ ਕਬਜ਼ੇ ਦੇ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਹਨ ਅਤੇ ਜਲੰਧਰ ਡਵੀਜ਼ਨ ਦੀ ਕਮਿਸ਼ਨਰ ਨੂੰ 15 ਦਿਨਾਂ ਵਿਚ ਜਾਂਚ ਮੁਕੰਮਲ ਕਰਨ ਵਾਸਤੇ ਕਿਹਾ ਗਿਆ ਹੈ।ਮੁੱਖ ਸਕੱਤਰ ਅਨੁਰਾਗ ਵਰਮਾ ਦੇ ਹੁਕਮਾਂ ਤੇ ਪਹਿਲਾਂ ਜਲੰਧਰ ਡਵੀਜ਼ਨ ਦੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਇਸ ਮਾਮਲੇ ਦੀ ‘ਤੱਥ ਖੋਜ ਰਿਪੋਰਟ’ ਪੇਸ਼ ਕੀਤੀ ਸੀ ਜਿਸ ਵਿਚ ਸਾਬਤ ਹੋ ਗਿਆ ਕਿ ਪ੍ਰਾਈਵੇਟ ਪਾਰਟੀ ਨੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ (ਜੋ ਕਿ ਜਲ ਸਰੋਤ ਵਿਭਾਗ ਦੇ ਮਾਧੋਪੁਰ ਰੈਸਟ ਹਾਊਸ ਵਿਚ ਹੈ) ਦੀ ਕੰਧ ਤੋੜ ਕੇ ਕਰੀਬ 13 ਮਰਲੇ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕੀਤਾ ਹੈ।

         ਸੂਤਰ ਹੈਰਾਨ ਹਨ ਕਿ ਕਿਵੇਂ ਕਿਸੇ ਪ੍ਰਾਈਵੇਟ ਪਾਰਟੀ ਨੇ ਡੀਸੀ ਦੀ ਰਿਹਾਇਸ਼ ਦੀ ਪੱਕੀ ਕੰਧ ਤੋੜ ਕੇ ਕਬਜ਼ਾ ਜਮਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ‘ਕਾਰਨ ਦੱਸੋ ਨੋਟਿਸ’ ’ਚ ਸੁਆਲ ਖੜ੍ਹੇ ਕੀਤੇ ਗਏ ਹਨ ਕਿ ਰੈਸਟ ਹਾਊਸ ਵਿਚ ਡੀਸੀ ਦੀ ਰਿਹਾਇਸ਼ ਦੇ ਹੁੰਦੇ ਹੋਏ ਕਿਵੇਂ ਸਰਕਾਰੀ ਸੰਪਤੀ ’ਤੇ ਪ੍ਰਾਈਵੇਟ ਕੰਪਨੀ ਨੇ ਕੰਧ ਉਸਾਰ ਦਿੱਤੀ। ਕਿਹਾ ਗਿਆ ਹੈ ਕਿ ਜਦੋਂ ਰੈਸਟ ਹਾਊਸ ’ਚ ਨਵੀਂ ਕੰਧ ਉਸਾਰਨ ਤੋਂ ਪਹਿਲਾਂ ਪੁਰਾਣੀ ਕੰਧ ਨੂੰ ਤੋੜਿਆ ਜਾ ਰਿਹਾ ਸੀ ਤਾਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਮਲਾ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ। ਡਿਪਟੀ ਕਮਿਸ਼ਨਰ ਤੋਂ ਕਾਰਨ ਪੁੱਛਿਆ ਗਿਆ ਹੈ ਕਿ ਕਿੰਨਾਂ ਹਾਲਾਤਾਂ ਵਿਚ ਪੰਚਾਇਤੀ ਰਾਜ ਦੇ ਐਕਸੀਅਨ ਨੂੰ ਸ਼ਾਹਪੁਰ ਕੰਡੀ ਡੈਮ ਦੀ ਹੋਰ ਖ਼ਾਲੀ ਪਈ ਜਗਾਂ ’ਤੇ ਗ਼ੈਰਕਾਨੂੰਨੀ ਤੌਰ ’ਤੇ ਕੰਧ ਉਸਾਰਨ ਅਤੇ ਕੰਡਿਆਲੀ ਤਾਰ ਲਗਾਉਣ ਲਈ ਕਿਉਂ ਕਿਹਾ ਗਿਆ।ਸਰਕਾਰੀ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰ ਤੋਂ ਪੁੱਛਿਆ ਗਿਆ ਹੈ ਕਿ ਪ੍ਰਾਈਵੇਟ ਕੰਪਨੀ ਨੂੰ ਅਣਅਧਿਕਾਰਤ ਤੌਰ ’ਤੇ ਨਜਾਇਜ਼ ਕਬਜ਼ਾ ਕਰਨ ਦੀ ਆਗਿਆ ਕਿਉਂ ਦਿੱਤੀ ਗਈ। 

         ਅਹਿਮ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨਜਾਇਜ਼ ਕਬਜ਼ੇ ਵਿਚ ਡਿਪਟੀ ਕਮਿਸ਼ਨਰਾਂ ਦੀ ਭੂਮਿਕਾ ਨੂੰ ਸ਼ੱਕੀ ਮੰਨ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਸਰਕਾਰ ਹੋਰ ਸਖ਼ਤ ਕਦਮ ਵੀ ਚੁੱਕ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ। ਮੁੱਢਲੇ ਪੜਾਅ ’ਤੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਮੁੱਖ ਸਕੱਤਰ ਨੂੰ ਭੇਜੀ ਸੀ ਜਿਸ ਅਨੁਸਾਰ ਕਬਜ਼ੇ ਵਾਲੀ ਜ਼ਮੀਨ ਦਾ ਰਕਬਾ ਸਵਾ ਦੋ ਕਨਾਲ ਦੇ ਕਰੀਬ ਹੈ ਜਿਸ ਦੀ ਮਾਰਕੀਟ ਕੀਮਤ ਕਰੀਬ 5.50 ਕਰੋੜ ਬਣਦੀ ਹੈ। ਪ੍ਰਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰ ਤੋਂ ਰੈਸਟ ਹਾਊਸ ਖ਼ਾਲੀ ਕਰਾਏ ਜਾਣ ਬਾਰੇ ਵੀ ਲਿਖਿਆ ਸੀ। ਪ੍ਰਮੁੱਖ ਸਕੱਤਰ ਨੇ 1 ਦਸੰਬਰ ਨੂੰ ਐੱਸਐੱਸਪੀ ਪਠਾਨਕੋਟ ਨੂੰ ਪੱਤਰ ਲਿਖ ਕੇ ਪ੍ਰਾਈਵੇਟ ਪਾਰਟੀ ’ਤੇ ਪੁਲੀਸ ਕੇਸ ਦਰਜ ਕੀਤੇ ਜਾਣ ਦੀ ਲਿਖਤੀ ਸ਼ਿਕਾਇਤ ਭੇਜੀ ਹੈ।

                                ਨੋਟਿਸ ਦਾ ਜੁਆਬ ਦਿਆਂਗਾ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ‘ਕਾਰਨ ਦੱਸੋ ਨੋਟਿਸ’ ਮਿਲੇਗਾ ਤਾਂ ਉਹ ਜੁਆਬ ਦੇ ਦੇਣਗੇ। ਉਨ੍ਹਾਂ ਕਿਹਾ ਕਿ ‘ਮੇਰੇ ਖ਼ਿਲਾਫ਼ ਸਾਜ਼ਿਸ਼ ਚੱਲ ਰਹੀ ਹੈ ਅਤੇ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਜੋ ਪੜਤਾਲ ਲਈ ਕਮੇਟੀ ਬਣਾਈ ਸੀ ਉਸ ਦੀ ਰਿਪੋਰਟ ਵਿਚ ਸਿਰਫ਼ 13 ਮਰਲੇ ਜਗ੍ਹਾ ਦੀ ਗੱਲ ਸਾਹਮਣੇ ਆਈ ਹੈ ਅਤੇ ਉਹ ਵੀ ਪਹਾੜੀ ਖੇਤਰ ਹੋਣ ਕਰਕੇ ਵੇਰੀਏਸ਼ਨ ਹੈ।

                                                ਦੂਸਰਿਆਂ ਨੂੰ ਨਸੀਹਤ !

ਡਿਪਟੀ ਕਮਿਸ਼ਨਰ ਨੇ ਲੰਘੇ ਕੱਲ੍ਹ ਤੋਂ ਪਠਾਨਕੋਟ ਸ਼ਹਿਰ ਵਿਚ ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਵਿੱਢੀ ਹੈ ਜਦੋਂ ਕਿ ਦੂਸਰੇ ਪਾਸੇ ਉਨ੍ਹਾਂ ਦੀ ਖ਼ੁਦ ਦੀ ਰਿਹਾਇਸ਼ ’ਤੇ ਕਿਸੇ ਪ੍ਰਾਈਵੇਟ ਪਾਰਟੀ ਨੇ 13 ਮਰਲੇ ਜ਼ਮੀਨ ’ਤੇ ਨਜਾਇਜ਼ ਕਬਜ਼ਾ ਜਮ੍ਹਾ ਲਿਆ ਹੈ। ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਨੇ ਡਿਪਟੀ ਕਮਿਸ਼ਨਰ ਨੂੰ ਲੰਘੇ ਕੱਲ੍ਹ ਸ਼ਹਿਰ ਚੋਂ ਨਜਾਇਜ਼ ਕਬਜ਼ੇ ਹਟਾਏ ਜਾਣ ਦੇ ਮਾਮਲੇ ’ਤੇ ਨਿਸ਼ਾਨੇ ’ਤੇ ਲਿਆ ਹੈ।

Tuesday, December 5, 2023

                                                       ਨਹੀਂ ਬਦਲੀ ਹਵਾ
                                 ਪੰਜਾਬ ’ਚ ਆਈ ਪਾਸਪੋਰਟਾਂ ਦੀ ਹਨੇਰੀ..!
                                                        ਚਰਨਜੀਤ ਭੁੱਲਰ

ਚੰਡੀਗੜ੍ਹ : ਪਾਸਪੋਰਟ ਬਣਾਉਣ ਵਿੱਚ ਪੰਜਾਬ ਮੁੜ ਸਿਖਰ ਵੱਲ ਵਧਣ ਲੱਗਾ ਹੈ। ਕਰੋਨਾ ਮਹਾਮਾਰੀ ਕਾਰਨ ਪਾਸਪੋਰਟਾਂ ਦੀ ਆਈ ਹਨੇਰੀ ਨੂੰ ਕੁਝ ਸਮਾਂ ਠੱਲ੍ਹ ਪਈ ਸੀ ਪਰ ਇਹ ਰਫ਼ਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ। ਬੇਸ਼ੱਕ ‘ਆਪ’ ਸਰਕਾਰ ਨੇ ‘ਵਤਨ ਵਾਪਸੀ’ ਦੇ ਏਜੰਡੇ ’ਤੇ ਕੰਮ ਸ਼ੁਰੂ ਕੀਤਾ ਹੈ, ਪਰ ਪੰਜਾਬੀ ਪਾਸਪੋਰਟ ਬਣਾਉਣ ਵਿੱਚ ਕੋਈ ਢਿੱਲ ਨਹੀਂ ਦਿਖਾ ਰਹੇ ਹਨ। ਪਾਸਪੋਰਟਾਂ ਦੇ ਰੁਝਾਨ ’ਤੇ ਨਜ਼ਰ ਮਾਰੀਏ ਤਾਂ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਠੱਲ੍ਹ ਪੈਂਦੀ ਨਹੀਂ ਦਿਖ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜੇ ਹਨ ਕਿ ਸਾਲ 2023 ਦੇ ਨਵੰਬਰ ਮਹੀਨੇ ਤੱਕ ਪੰਜਾਬ ਵਿੱਚ 9.79 ਲੱਖ ਪਾਸਪੋਰਟ ਬਣੇ ਹਨ ਅਤੇ ਇਸ ਅੰਕੜੇ ਨਾਲ ਪੰਜਾਬ ਪੂਰੇ ਦੇਸ਼ ’ਚੋਂ ਚੌਥੇ ਨੰਬਰ ’ਤੇ ਆ ਗਿਆ ਹੈ। ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਸੂਬੇ ਵਿੱਚ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਹੈ। 

         ਬੀਤੇ ਇੱਕ ਦਹਾਕੇ ਦੌਰਾਨ ਸਾਲ 2018 ਇਕਲੌਤਾ ਵਰ੍ਹਾ ਸੀ, ਜਦੋਂ ਇੱਕੋ ਸਾਲ ’ਚ ਪੰਜਾਬ ਵਿੱਚ ਰਿਕਾਰਡ 10.69 ਲੱਖ ਪਾਸਪੋਰਟ ਬਣੇ ਸਨ। ਵੇਰਵਿਆਂ ਅਨੁਸਾਰ ਸਾਲ 2020 ਵਿੱਚ ਇਹ ਅੰਕੜਾ ਘੱਟ ਕੇ 4.82 ਲੱਖ ਪਾਸਪੋਰਟਾਂ ਦਾ ਰਹਿ ਗਿਆ ਸੀ। ਪੰਜਾਬ ਵਿੱਚ ਸਾਲ 2021 ਵਿੱਚ 6.44 ਲੱਖ ਪਾਸਪੋਰਟ ਬਣੇ ਅਤੇ 2022 ਵਿੱਚ ਇਹ ਅੰਕੜਾ ਵਧ ਕੇ 9.35 ਲੱਖ ਪਾਸਪੋਰਟਾਂ ਦਾ ਹੋ ਗਿਆ। ਚਾਲੂ ਵਰ੍ਹੇ ਦੇ ਨਵੰਬਰ ਮਹੀਨੇ ਤੱਕ 9.79 ਲੱਖ ਪਾਸਪੋਰਟ ਬਣ ਚੁੱਕੇ ਹਨ। ਦਸੰਬਰ ਮਹੀਨੇ ਤੱਕ ਇਹ ਅੰਕੜਾ 10ਲੱਖ ਨੂੰ ਛੂਹ ਸਕਦਾ ਹੈ। ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਰੁਜ਼ਗਾਰ ਮਿਲਣ ਕਰ ਕੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਵੇਗੀ। ਦੂਜੇ ਪਾਸੇ ਨਵੇਂ ਬਣ ਰਹੇ ਪਾਸਪੋਰਟ ਸਟੱਡੀ ਵੀਜ਼ੇ ਨੂੰ ਮੋੜਾ ਨਾ ਪੈਣ ਦੀ ਗਵਾਹੀ ਭਰ ਰਹੇ ਹਨ। 

         ਸਮੁੱਚੇ ਦੇਸ਼ ’ਚੋਂ ਇਸ ਵੇਲੇ 13 ਲੱਖ ਵਿਦਿਆਰਥੀ ਵਿਦੇਸ਼ੀ ਧਰਤੀ ’ਤੇ ਸਿੱਖਿਆ ਹਾਸਲ ਕਰ ਰਹੇ ਹਨ।ਗੁਆਂਢੀ ਸੂਬੇ ਹਰਿਆਣਾ ਵਿੱਚ ਚਾਲੂ ਵਰ੍ਹੇ ਦੇ ਨਵੰਬਰ ਮਹੀਨੇ ਤੱਕ 4.79 ਲੱਖ ਪਾਸਪੋਰਟ ਹੀ ਬਣੇ ਹਨ ਅਤੇ ਰਾਜਸਥਾਨ ’ਚ ਇਸ ਸਮੇਂ ਦੌਰਾਨ 3.84 ਲੱਖ ਪਾਸਪੋਰਟ ਬਣੇ ਹਨ। ਇਸੇ ਤਰ੍ਹਾਂ ਗੁਜਰਾਤ ਵਿੱਚ 8.19 ਲੱਖ ਤੇ ਹਿਮਾਚਲ ਪ੍ਰਦੇਸ਼ ਵਿੱਚ 57,153 ਪਾਸਪੋਰਟ ਬਣੇ ਹਨ। ਦੇਸ਼ ਭਰ ’ਚੋਂ ਇਸ ਵਰ੍ਹੇ ਪਾਸਪੋਰਟ ਬਣਾਉਣ ਵਿੱਚ ਕੇਰਲਾ ਦੀ ਝੰਡੀ ਰਹੀ ਹੈ, ਜਿੱਥੇ 11 ਮਹੀਨਿਆਂ ਵਿੱਚ 12.85 ਲੱਖ ਪਾਸਪੋਰਟ ਬਣੇ ਹਨ ਜਦਕਿ 12.57 ਲੱਖ ਪਾਸਪੋਰਟਾਂ ਨਾਲ ਮਹਾਰਾਸ਼ਟਰ ਦੂਸਰੇ ਨੰਬਰ ’ਤੇ ਅਤੇ ਉੱਤਰ ਪ੍ਰਦੇਸ਼ 11.49 ਲੱਖ ਪਾਸਪੋਰਟਾਂ ਨਾਲ ਤੀਜੇ ਨੰਬਰ ’ਤੇ ਹੈ। ਪੰਜਾਬ ਇਸ ਸੂਚੀ ਵਿੱਚ 9.79 ਲੱਖ ਪਾਸਪੋਰਟਾਂ ਨਾਲ ਚੌਥੇ ਨੰਬਰ ’ਤੇ ਹੈ।

                                    ਨੌਂ ਸਾਲਾਂ ’ਚ 79.05 ਲੱਖ ਪਾਸਪੋਰਟ ਬਣੇ

ਪੰਜਾਬ ਵਿੱਚ ਸਾਲ 2014 ਤੋਂ ਨਵੰਬਰ 2023 ਤੱਕ ਕੁੱਲ 79.05 ਲੱਖ ਪਾਸਪੋਰਟ ਬਣ ਚੁੱਕੇ ਹਨ। ਪੰਜਾਬ ਵਿੱਚ ਇਸ ਵੇਲੇ ਅੰਦਾਜ਼ਨ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦੀ ਔਸਤ ਦੇਖੀਏ ਤਾਂ ਹਰੇਕ ਘਰ ਵਿੱਚ ਇੱਕ ਤੋਂ ਜ਼ਿਆਦਾ ਪਾਸਪੋਰਟ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੂੰ ਨਵੇਂ ਪਾਸਪੋਰਟਾਂ ਨਾਲ ਪੰਜਾਬ ਤੋਂ ਕਾਫ਼ੀ ਕਮਾਈ ਹੋ ਰਹੀ ਹੈ। ਸਾਲ 2017 ਤੋਂ ਪੰਜਾਬ ਵਿੱਚ ਸਟੱਡੀ ਵੀਜ਼ੇ ਦੇ ਰੁਝਾਨ ਨੇ ਜ਼ੋਰ ਫੜਨਾ ਸ਼ੁਰੂ ਕੀਤਾ ਸੀ। ਹੁਣ ਜਦੋਂ ਪਹਿਲੋਂ ਪਹਿਲ ਗਏ ਵਿਦਿਆਰਥੀ ਦੂਸਰੇ ਮੁਲਕਾਂ ਵਿੱਚ ਨੌਕਰੀ ਕਰਨ ਲੱਗ ਪਏ ਹਨ ਤਾਂ ਹੁਣ ਉਨ੍ਹਾਂ ਦੇ ਮਾਪੇ ਵੀ ਪਿੱਛੇ-ਪਿੱਛੇ ਵਿਦੇਸ਼ ਜਾਣ ਲੱਗੇ ਹਨ।

Sunday, December 3, 2023

                                      ਮਾਫ਼ੀ! ਮਾਫ਼ੀ!! ਮਾਫ਼ੀ!!!
                                                         ਚਰਨਜੀਤ ਭੁੱਲਰ  

ਚੰਡੀਗੜ੍ਹ: ਵੱਡੇ ਬਾਦਲ ਦੀ ਗੱਲ ਭੁਲਾਇਆਂ ਨਹੀਂ ਭੁੱਲਦੀ, ‘ਬਈ ! ਮਾਫ਼ ਕਰਨ ਵਾਲਾ ਵੱਡਾ ਹੁੰਦਾ ਹੈ।’ ਗੱਲ ਹੈ ਵੀ ਠੀਕ , ਬਹੁਤੇ ਸਿੰਞ ਅੜਾਉਣੇ ਚੰਗੇ ਨਹੀਂ ਹੁੰਦੇ, ਕਈ ਵਾਰੀ ਕੋਈ ਮਾਰਖ਼ੋਰਾ ਵੀ ਟੱਕਰ ਜਾਂਦੈ। ਜਥੇਦਾਰ ਸੁਖਬੀਰ ਸਿੰਘ ਬਾਦਲ ਪਏ ਆਖਦੇ ਨੇ ਕਿ ‘ਹਮਕੋ ਮਿਟਾ ਸਕੇ, ਯੇ ਜ਼ਮਾਨੇ ਮੇਂ ਦਮ ਨਹੀਂ’। ਪਿੰਡ ਬਾਦਲ ਦੀ ਜ਼ਿੱਦ ਐ ਕਿ ਕੇਜਰੀਵਾਲ ਵਾਂਗੂ ਸਤੌਜਪੁਰਾ ਵੀ ਮਾਫ਼ੀ ਮੰਗੇ। ਭਗਵੰਤ ਮਾਨ, ਹਿਸਾਬ ਆਲੇ ਮਾਸਟਰ ਦਾ ਮੁੰਡੈ। ਜੀਹਨੇ ‘ਲਾਭ ਹਾਨੀ’ ਦਾ ਮੌਲਿਕ ਸਿਧਾਂਤ ਪੜ੍ਹਿਐ। ਬੱਚੂ! ਮਾਣਹਾਨੀ ਕਿਸ ਸ਼ੈਅ ਦਾ ਨਾਂ ਐ, ਇਹ ਹੁਣ ਲੱਗੂ ਪਤਾ।

        ਜਥੇਦਾਰ ਨੇ ਕਿਹੜਾ ਤੁਸਾਂ ਤੋਂ ਚੰਡੀਗੜ੍ਹ ਮੰਗ ਲਿਐ। ਏਨਾ ਹੀ ਕਿਹਾ ਕਿ ਮਾਫ਼ੀ ਮੰਗੋ। ਤੁਸਾਂ ਰੱਟ ਲਾਈ ਐ ਕਿ ‘ਮੰਗਣ ਗਿਆ ਸੋ ਮਰ ਗਿਆ।’ ਸਿਆਸਤ ’ਚ ਗਰਾਮੋਫੋਨ ਦੀ ਸੂਈ ਵਾਂਗੂ ਫਸ-ਫਸਾਈ ਨਹੀਂ ਚੱਲਦੀ। ਜ਼ਿੱਦਪੁਰੀਏ ਇਹ ਨਹੀਂ ਜਾਣਦੇ ਕਿ ਦੀਵਾਨੀ ਅਦਾਲਤਾਂ ਦਾ ਗੇੜ ਪੁਨਰ ਜਨਮ ਤਕ ਚੱਲਦੈ। ਵੱਡੀ ਕੁਰਸੀ ਵਾਲੇ ਜਨਾਬ ਤਾਂ ਫ਼ਿਲਮ ‘ਸਰਕਾਰ’ ਦਾ ਓਹ ਡਾਇਲਾਗ ਬੋਲ ਛੱਡਦੇ ਨੇ- ‘‘ਜੋ ਮੁਝਕੋ ਸਹੀ ਲਗਤਾ ਹੈ, ਵੋ ਮੈਂ ਕਰਤਾ ਹੂੰ।’’

       ਕੋਈ ਪੁੱਛਦਾ ਪਿਐ, ਏਹ ਪਾਣੀ ’ਚ ਮਧਾਣੀ ਕੀ ਐ! ਬਹੁਤੀ ਪੁਰਾਣੀ ਨਹੀਂ, ਪੰਜਾਬ ਦਿਵਸ ਮੌਕੇ ‘ਸਤੌਜਸਰ’ ਨੇ ਬਾਦਲਾਂ ਦੇ ‘ਬਾਲਾਸਰ’ ਦੀ ਨੇਕਨਾਮੀ ’ਤੇ ਬੁੱਕ ਭਰ ਕੇ ਚਿੱਕੜ ਸੁੱਟਿਐ। ‘ਮਾਣਹਾਨੀ ਵਿਰੋਧੀ ਕਾਨੂੰਨ’ ਦੇ ਜਨਮਦਾਤੇ ਨੂੰ ‘ਗਾਰਡ ਔਫ਼ ਆਨਰ’ ਦੇਣਾ ਬਣਦੈ। ਮਾਣਹਾਨੀ ਦੀ ਸਿੱਧ ਪੱਧਰੀ ਜਿਹੀ ਪਹਿਲੀ ਸ਼ਰਤ ਐ ਕਿ ਬਈ, ਬੰਦੇ ਦਾ ਮਾਣ ਹੋਵੇ! ਇਹ ਚੀਜ਼ ਕਿਹੜੇ-ਕਿਹੜੇ ਲੀਡਰ ਕੋਲ ਐ, ਏਹ ਤਾਂ ਪਤਾ ਨਹੀਂ ਪਰ ‘ਆਪ’ ਵਾਲੇ ਮਲੰਗ ਜ਼ਰੂਰ ਨੇ। ਤਾਈਓਂ ਕਾਕਾ ਸੁਖਬੀਰ ਨੇ ਲੱਖਣ ਲਾ ਕੇ ਕਿਹਾ ਹੋਊ, ‘ਆਪ’ ਵਾਲੇ ਮਲੰਗਾਂ ਨੇ ਸਾਨੂੰ ਬਦਨਾਮ ਕੀਤੈ।

       ‘ਆਪ’ ਦੇ ‘ਮਲੰਗਪੁਰੀਏ’ ਵੀ ਮੂਰਖਦਾਸ ਹੀ ਨੇ, ਨੱਚਣ ਲੱਗ ਪਏ ਨੇ। ਗਾਣੇ ਦੀ ਧੁਨ ਵੀ ਕਮਾਲ ਦੀ ਢੁਕੀ ਐ- ‘ਮਲੰਗ ਮਲੰਗ, ਦਮ ਦਮ ਮਲੰਗ, ਇਸ਼ਕ ਹੈ ਮਲੰਗ ਮੇਰਾ।’ ਸਾਥੀਓ! ਏਹ ਗੌਣ ਪਾਣੀ ਕਰੋ ਬੰਦ, ਪਹਿਲਾਂ ਆਹ ਮੁੱਖ ਮੰਤਰੀ ਆਲਾ ਜੁਆਬ ਧਿਆਨ ਧਰ ਸੁਣੋ। ‘ਸੁਖਬੀਰ ਸਿਆਂ! ਏਹ ਮਲੰਗ ਕੀਤੇ ਕੀਹਨੇ ਨੇ।’

       ਮਾਫ਼ੀਵੀਰਾਂ ਦਾ ਆਪਣਾ ਇਤਿਹਾਸ ਐ। ਬਿੱਲ ਕਲਿੰਟਨ ਆਪਣੇ ਦਫ਼ਤਰ ਦੀ ਕੱਚੀ ਮੁਲਾਜ਼ਮ ਮੋਨਿਕਾ ਲੈਵਿੰਸਕੀ ਨੂੰ ਛੇੜ ਬੈਠਾ ਸੀ। ‘ਪ੍ਰੇਮ ਭਵਨ’ ਵਿੱਚੋਂ ਬਾਹਰ ਆਇਆ, ਮੋਨਿਕਾ ਨੇ ਅਮਰੀਕਾ ਸਿਰ ’ਤੇ ਚੁੱਕ ਲਿਆ। ਬ੍ਰਹਮ ਮਹੂਰਤ ਵੇਲੇ ਕਲਿੰਟਨ ਨੇ ਮਾਫ਼ੀ ਮੰਗ ਕੇ ਬੀਬੀ ਤੋਂ ਖਹਿੜਾ ਛੁੜਾਇਆ। ਅਡਵਾਨੀ ਨੇ ਸੋਨੀਆ ਗਾਂਧੀ ਤੋਂ ਮਾਫ਼ੀ ਮੰਗ ਕੇ ਬੁਢਾਪਾ ਸੌਖਾ ਕਰ ਲਿਐ। ਹੁਣੇ ਹੀ ਬਿਹਾਰ ਆਲੇ ਨਿਤੀਸ਼ ਨੇ ਬੀਬੀਆਂ ਤੋਂ ਮਾਫ਼ੀ ਮੰਗੀ ਹੈ। ਚੰਦਰੇ ਭਤੀਜੇ ਕਰਕੇ ਮਮਤਾ ਬੈਨਰਜੀ ਨੂੰ ਰਾਸ਼ਟਰਪਤੀ ਤੋਂ ਮੁਆਫ਼ੀ ਮੰਗਣੀ ਪਈ।

        ਦੂਰ ਨਾ ਜਾਓ, ਆਹ ਆਪਣੇ ਸੁੱਚਾ ਸਿੰਘ ਲੰਗਾਹ ਨੇ ਗਲ ’ਚ ਪੱਲੂ ਪਾ ਪਰਵਰਦਿਗਾਰ ਤੋਂ ਗੁਰੂਘਰ ਦਾ ਚਾਕਰ ਬਣ ਮਾਫ਼ੀ ਮੰਗੀ ਹੈ। ਅਕਾਲੀਆਂ ਨੇ ਹਮੇਸ਼ਾ ਵੱਡਾ ਦਿਲ ਦਿਖਾਇਐ, ਸਿਰਸਾ ਵਾਲੇ ਬਾਬਾ ਜੀ ਨੇ ਕਿਹੜਾ ਮਾਫ਼ੀ ਮੰਗੀ ਸੀ, ਅਸਾਂ ਤਾਂ ਫੇਰ ਵੀ ਮੁਆਫ਼ ਕਰ’ਤਾ। ਦੱਸੋ ! ਕਰੂ ਕੋਈ ਰੀਸ ਸਾਡੇ ਵੀਰ ਸੁਖਬੀਰ ਦੀ! ਲਓ ਵੀ, ਕੇਜਰੀਵਾਲ ਦੀ ਪਿੱਠ ਪਈ ਸੁਣਦੀ ਐ। ਵੱਡੇ ਤੜਕੇ ਨਹਾ ਧੋ ਕੇ, ਹਨੂੰਮਾਨ ਨੂੰ ਧਿਆ ਕੇ, ਦੋ ਚਮਚੇ ਚਵਨਪ੍ਰਾਸ਼ ਖਾ ਕੇ, ਮਾਫ਼ੀ ਮੰਗਣ ਸਿੱਧੇ ਮਜੀਠਾ ਜਾ ਪਹੁੰਚੇ। ਬਿਕਰਮ ਮਜੀਠੀਆ ਬਾਦਸ਼ਾਹੀ ਮੂਡ ’ਚ ਬੈਠੇ ਸਨ, ਅਖੇ! ਪਿਆਰੇ ਤੁਸਾਂ ਨੂੰ ਮੁਆਫ਼ ਕੀਤਾ। ਕੇਜਰੀਵਾਲ ਉਸ ਸਿਆਣੇ ਬੱਚੇ ਵਰਗੈ ਜਿਹੜੇ ਮਾਸਟਰ ਦੇ ਡੰਡਾ ਚੁੱਕਣ ਤੋਂ ਪਹਿਲਾਂ ਹੀ ਕੰਨ ਫੜ ਲੈਂਦਾ ਸੀ।

         ਲੱਗਦੇ ਹੱਥ ਕੇਜਰੀਵਾਲ ਨੇ ਕਪਿਲ ਸਿੱਬਲ ਦੇ ਮੁੰਡੇ ਤੋਂ ਮਾਫ਼ੀ ਮੰਗ ਲਈ। ਨਿਤਿਨ ਗਡਕਰੀ ਦੇ ਵੀ ਗੋਡੇ ਜਾ ਫੜੇ। ਕੇਜਰੀਵਾਲ ਨੇ ਸ਼ਾਇਦ ਓਹ ਗਾਣਾ ਸੁਣਿਆ ਹੋਊ, ‘ਕਿਸੇ ਤੋਂ ਮਾਫ਼ੀ ਮੰਗ ਲਈਏ, ਕਿਸੇ ਨੂੰ ਮਾਫ਼ ਕਰੀਏ।’ ਔਹ ਦੇਖੋ, ਆਪਣਾ ਰਾਘਵ ਚੱਢਾ, ਕਿਵੇਂ ਟੱਪੂ ਟੱਪੂ ਕਰਦਾ ਫਿਰਦੈ, ਨਵੀਂ ਵਿਆਹੀ ਕੁੜੀ ਵਾਂਗੂ। ਕੋਈ ਪੇਂਡੂ ਮਾਈ ਫੋਟੋ ਦੇਖ ਕਹਿਣ ਲੱਗੀ, ‘ਏਹ ਤਾਂ ਕੱਲ ਦਾ ਛੋਕਰੈ! ਕਿਤੇ ਸਕੂਲ ਵਿਚ ਫ਼ੀਸ ਮੁਆਫ਼ੀ ਦੀ ਅਰਜ਼ੀ ਲਿਖੀ ਹੁੰਦੀ ਤਾਂ ਪਤਾ ਹੁੰਦਾ।’’ ਰਾਘਵ ਦੀ ਭੂਰੀ ’ਤੇ ’ਕੱਠ ਐ, ਸਿਆਸਤੀ ਬਾਬੇ ਐਵੇਂ ਬੱਚੇ ਦੇ ਪਿੱਛੇ ਪਏ ਨੇ।  ‘ਛੋਟਾ ਬੱਚਾ ਜਾਨ ਕੇ ਹਮ ਕੋ ਨਾ ਤੜਫਾਨਾ ਰੇ..।’

        ਸੁਪਰੀਮ ਕੋਰਟ ਨੇ ਇਸ ਬੱਚੇ ਨੂੰ ਕਿਹਾ ਕਿ ‘ਚੁੱਪ ਕਰਕੇ ਧਨਖੜ ਸਾਹਿਬ ਤੋਂ ਮਾਫ਼ੀ ਮੰਗ ਲਓ, ਉਹ ਵੀ ਬਿਨਾਂ ਸ਼ਰਤ।’ ‘ਗੋਲੀ ਕੀਹਦੀ ਤੇ ਗਹਿਣੇ ਕੀਹਦੇ।’ ਚੱਢਾ ਸਾਹਿਬ, ਦੇਰ ਨਾ ਲਾਓ, ਜਾਓ ਧਨਖੜ ਦੀ ਦੇਹਲੀ ’ਤੇ। ਤੁਸੀਂ ‘ਕਰਨ ਅਰਜਨ’ ਫ਼ਿਲਮ ਤਾਂ ਦੇਖੀ ਹੋਊ, ਬੱਸ ਉਸ ਨੂੰ ਚਿੱਤ ’ਚ ਧਿਆਓ, ‘ਮੁਝ ਕੋ ਰਾਣਾ ਜੀ ਮਾਫ਼ ਕਰਨਾ, ਗ਼ਲਤੀ ਮਾਰੇ ਸੇ ਹੋ ਗਈ।’ ਰਾਹੁਲ ਗਾਂਧੀ ’ਚ ਪਤਾ ਨਹੀਂ ਕਿਹੜੇ ਵਿਟਾਮਿਨ ਦੀ ਵਾਧ-ਘਾਟ ਹੈ। ਰਾਣਾ ਪ੍ਰਤਾਪ ਦੇ ਘੋੜੇ ਵਾਂਗੂ ਭੱਜਿਆ ਹੀ ਫਿਰਦੈ। ਮਾਣਹਾਨੀ ਦੇ ਕੇਸ ’ਚ ਕੁਰਸੀ ਚਲੀ ਜਾਣੀ ਸੀ।

        ਪ੍ਰਧਾਨ ਸੇਵਕ ਨੂੰ ਕੰਨਖਜੂਰੇ ਵਾਂਗੂ ਚੁੰਬੜਿਐ। ਤਾਈਓਂ ਤਾਂ ਪ੍ਰਧਾਨ ਮੰਤਰੀ ਨੂੰ ਕਹਿਣਾ ਪਿਆ, ‘ਏਹ ਤਾਂ ਮੂਰਖਾਂ ਦਾ ਸਰਦਾਰ ਐ।’ ਸੋਨੀਆ ਦੇ ਕਾਕੇ ਨੂੰ ਪਤਾ ਨਹੀਂ ਕਿਸ ਨੇ ਗੁੜਤੀ ਦਿੱਤੀ ਹੋਊ। ਅਖੇ! ਮਾੜੇ ਬੰਦਿਆਂ ਦੇ ਪਰਛਾਂਵੇ ਕਰਕੇ ਵਿਸ਼ਵ ਕੱਪ ’ਚ ਭਾਰਤ ਹਾਰਿਐ। ਆਸਾਮ ਆਲੇ ਮੁੱਖ ਮੰਤਰੀ ਹਿਮੰਤਾ ਬਿਸਵਾ ਦੇ ਤਰਕ ਸ਼ਾਸਤਰ ਦੇ ਵਾਰੇ ਵਾਰੇ ਜਾਵਾਂ, ਜਿਨ੍ਹਾਂ ਜੁਆਬੀ ਹਮਲੇ ’ਚ ਆਪਣੀ ਅਕਲ ਦਾ ਪ੍ਰਦਰਸ਼ਨ ਇੰਜ ਕੀਤਾ, ‘ਫਾਈਨਲ ਮੈਚ ਤਾਂ ਹਾਰੇ, ਉਸ ਦਿਨ ਇੰਦਰਾ ਗਾਂਧੀ ਦਾ ਜਨਮ ਦਿਨ ਸੀ।’ ਭਾਜਪਾਈਆਂ ਨੇ ਭਾਰਤੀ ਸਿਆਸਤ ਨੂੰ ਅਜਿਹੀ ਨਿਵਾਣ ਬਖਸ਼ੀ ਹੈ ਕਿ ਗਿੱਠ ਮੁੱਠੀਏ ਵੀ ਹੈਰਾਨ ਹਨ।

       ਪੰਜਾਬ ਦੀ ਤਾਂ ਮਸੀਤ ਹੀ ਵੱਖਰੀ ਹੈ। ਪੰਜਾਬੀ ਨੇਤਾ ਵੀ ਹੁਣ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ। ਭਾਈ! ਪੰਜਾਬ ਧੀਆਂ ਭੈਣਾਂ ਆਲਾ ਐ, ਇੰਜ ਨਾ ਕਰੋ। ‘ਮੰਦੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।’ ਨੱਬੇ ਦੇ ਦਹਾਕੇ ’ਚ ਨਛੱਤਰ ਸੱਤਾ ਗਾਉਂਦਾ ਹੁੰਦਾ ਸੀ, ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ’। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਕਿ ਬੋਲਣਾ ਵੀ ਇੱਕ ਕਲਾ ਹੈ, ਚੁੱਪ ਉਸ ਤੋਂ ਵੀ ਵੱਡੀ ਕਲਾ ਹੈ। ਜ਼ੁਬਾਨ ਦਾ ਅੱਥਰਾ ਘੋੜਾ ਕਿਵੇਂ ਕਾਬੂ ਕਰਨੈ, ਇਹ ਕੋਈ ਵੱਡੇ ਬਾਦਲ ਤੋਂ ਸਿੱਖਦਾ।

      ਅੱਜ ਦੀ ਸਿਆਸਤ ’ਚ ਸਭ ਜ਼ੁਬਾਨ ਰਸ ਦੇ ਪੁਆੜੇ ਨੇ। ਵਿਰੋਧੀ ਲੱਖ ਪਏ ਬੋਲਣ ਪਰ ਜਿੰਨ੍ਹਾਂ ਦੀ ਸੱਤਾ ਚੱਲਦੀ ਐ, ਉਨ੍ਹਾਂ ਨੂੰ ਜ਼ੁਬਾਨ ਚਲਾਉਣ ਦੀ ਕੀ ਲੋੜ। ਦੇਸ਼ ਦਾ ਹਾਲ ਦੇਖੋ, ਅੱਜ ਨਾ ਜ਼ੁਬਾਨ ਐ, ਨਾ ਈਮਾਨ ਅਤੇ ਨਾ ਹੀ ਮਾਣ ਹੈ। ਪਤਾ ਨਹੀਂ ਕਦੋਂ ਮਾਣਯੋਗ ਬਣਨਗੇ। ਕਾਸ਼! ਉਸ ਪਾਠਸ਼ਾਲਾ ’ਚ ਹੀ ਦਾਖ਼ਲਾ ਲੈ ਲੈਂਦੇ, ਜਿਥੇ ਇਹੋ ਗੂੰਜ ਪੈ ਰਹੀ ਹੈ, ‘ਦੁਨੀਆਂ ਮੇਂ ਕਿਤਨੀ ਹੈਂ ਨਫ਼ਰਤੇਂ, ਫਿਰ ਭੀ ਦਿਲੋਂ ਮੇਂ ਹੈਂ ਚਾਹਤੇਂ।’    

       ‘ਸ਼ਰਬਤ ਵਰਗਾ ਪਾਣੀ, ਬਾਬਾ ਤੇਰੇ ਗੜਬੇ ਦਾ।’ ਹੋਰ ਨਹੀਂ ਤਾਂ ਘੱਟੋ-ਘੱਟ ਬਾਬੇ ਦੇ ਗੜਬੇ ਦਾ ਦੋ ਘੁੱਟ ਪਾਣੀ ਹੀ ਪੀ ਲੈਣ। ਕੀ ਪਤੈ, ਜ਼ੁਬਾਨ ਦੀ ਧੁਲਾਈ ਹੀ ਹੋ ਜਾਵੇ। ਸਿਆਸਤ ਦੇ ਏਹ ਮਹਾਂਗਿਆਨੀ ਕਿਸ ਮਿੱਟੀ ਦੇ ਬਣੇ ਨੇ, ਮਜਾਲ ਐ, ਜ਼ੁਬਾਨ ’ਤੇ ਸਰਸਵਤੀ ਨੂੰ ਬੈਠਣ ਦੇਣ। ਓਹ ਪੁਰਾਣੇ ਵੇਲੇ ਸੀ ਜਦੋਂ ਆਖਦੇ ਸਨ, ‘ਜੀਹਦੀ ਜ਼ੁਬਾਨ ਚੱਲਦੀ ਐ, ਉਹਦੇ ਸੱਤ ਹਲ ਚੱਲਦੇ ਨੇ।’ ਅੱਜ ਕੱਲ੍ਹ ਜੀਹਦੀ ਸੱਤਾ ਚੱਲ ਪਵੇ, ਉਹਦੇ ਹੋਟਲ ਵੀ ਚੱਲਦੇ ਨੇ ਤੇ ਜਹਾਜ਼ ਵੀ।

        ਇਹ ਕੋਈ ਮੌਰੀਆ ਕਾਲ ਦੇ ਬਾਸ਼ਿੰਦੇ ਤਾਂ ਹੈ ਨਹੀਂ, ਪੰਜਾਬ ਦੇ ਜਾਏ ਨੇ ਜਿਹੜੇ ਸ਼ੁੱਧ ਵੋਟਾਂ ਪਾਉਂਦੇ ਨੇ, ਹੁਣ ਨਵਿਆਂ ਨੂੰ ਵੀ ਜਿਤਾਉਂਦੇ ਨੇ। ਕਿੰਨਾ ਕੁ ਪਛਤਾਉਂਦੇ ਨੇ, ਇਹ ਥੋਨੂੰ ਵੱਧ ਪਤਾ ਹੋਊ। ਅਸਾਂ ਤਾਂ ਦਾਦਿਆਂ ਪੜਦਾਦਿਆਂ ਤੋਂ ਇਹੋ ਸੁਣਿਐ ਕਿ ਪੰਜਾਬ ਸੋਨੇ ਦੀ ਚਿੜ੍ਹੀ ਹੈ। ਹੁਣ ਜਦੋਂ ਦੇਖਦੇ ਹਾਂ ਤਾਂ ਹੱਥ ’ਚ ਲੱਕੜ ਦੀ ਚਿੜ੍ਹੀ ਬਚੀ ਹੈ। ਨੇਤਾ ਮਦਾਰੀ ਬਣੇ ਨੇ ਤੇ ਅੱਗੇ ਪੰਜਾਬ ਜਮੂਰਾ ਬਣਿਆ ਬੈਠੇ। ਜਮੂਰਾ ਕੀ ਕਰੇ, ਹਰ ਮਦਾਰੀ ‘ਲੱਕੜ ਦੀ ਚਿੜ੍ਹੀ’ ’ਤੇ ਝੁਰਲੂ ਫੇਰ ਆਖਦੇ, ‘ਬਣਾ ਦਿਆਂ ਸੋਨੇ ਦੀ!’ ਪੰਜਾਬ ਸੱਤ ਵਚਨ ਆਖ ਛੱਡਦੈ।

         ਏਹ ਵੋਟਰ ਪਾਤਸ਼ਾਹ ਹੀ ਹਨ, ਜੋ ਨੇਤਾਵਾਂ ਨੂੰ ਪੰਜ ਸਾਲਾਂ ਮਗਰੋਂ ਮਾਣਯੋਗ ਬਣਾਉਂਦੇ ਨੇ। ਵੋਟਾਂ ਦਾ ਮੇਲਾ ਵਿਝੜਨ ਮਗਰੋਂ ਇਹ ਪਾਤਸ਼ਾਹ ਆਪਣੀ ਨਿੱਤ ਮਾਣਹਾਨੀ ਕਰਾਉਂਦੇ ਨੇ। ਸਿਆਸਤਦਾਨਾਂ ਨੂੰ ਕੌਣ ਸਮਝਾਵੇ ਕਿ ਅੱਗਾ ਢਕੋ। ਸ਼ਾਇਦ ਇਹ ਗੁਰਦਾਸ ਮਾਨ ਦੀ ਸੁਣ ਲੈਣ, ‘ਇਥੇ ਹੋ ਹੋ ਗਏ ਕਲੰਦਰ, ਖ਼ਾਲੀ ਹੱਥੀਂ ਗਿਆ ਸਿਕੰਦਰ, ਕਹਿੰਦਾ ਕੁਝ ਨਹੀਂ ਦੁਨੀਆਂ ਅੰਦਰ, ਮੇਲਾ ਚਾਰ ਦਿਨਾਂ ਦਾ।’

(26 ਨਵੰਬਰ 2023)

Friday, December 1, 2023

                                                           ਕਾਹਦਾ ਪਰਦਾ
                                     ‘ਗੁਪਤ ਫੰਡ’, ਕਰ ਗਏ ਦੰਗ
                                                          ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ‘ਗੁਪਤ ਫ਼ੰਡ’ ਵਿੱਚ ਵਾਧਾ ਹੈਰਾਨ ਕਰਨ ਵਾਲਾ ਹੈ। ਕਾਂਗਰਸ ਸਰਕਾਰ ਸਮੇਂ ਇਸ ‘ਗੁਪਤ ਫ਼ੰਡ’ ਨੇ ਸਿਖ਼ਰਾਂ ਛੋਹੀਆਂ ਤੇ ਉਸ ਸਮੇਂ ਦੌਰਾਨ ਇਸ ਫ਼ੰਡ ਵਿੱਚ ਪੰਜ ਗੁਣਾ ਵਾਧਾ ਹੋਇਆ। ਸਮੇਂ-ਸਮੇਂ ’ਤੇ ਚੇਅਰਮੈਨ ਦੇ ‘ਗੁਪਤ ਫ਼ੰਡ’ ਦੇ ਖ਼ਰਚੇ ਸਬੰਧੀ ਉਂਗਲਾਂ ਵੀ ਉੱਠੀਆਂ ਹਨ। ਪਹਿਲਾਂ ਇਸ ਫ਼ੰਡ ਦਾ ਕੋਈ ਆਡਿਟ ਨਹੀਂ ਹੁੰਦਾ ਸੀ ਪਰ ਹਾਈ ਕੋਰਟ ਦੇ ਹੁਕਮਾਂ ਮਗਰੋਂ ਅਜਿਹਾ ਸੰਭਵ ਹੋ ਸਕਿਆ ਹੈ।ਪੰਜਾਬ ਵਿਧਾਨ ਸਭਾ ’ਚ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੱਲੋਂ ਪੁੱਛੇ ਗਏ ਸਵਾਲ ਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਜਵਾਬ ’ਚ ਇਹ ਵੇਰਵਾ ਸਾਹਮਣੇ ਆਇਆ ਹੈ। ਇਸ ਜਵਾਬ ਅਨੁਸਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਤੀ ਵਿਨਿਯਮ 21 (2) ਤਹਿਤ ਚੇਅਰਮੈਨ ਦੇ ਗੁਪਤ ਫ਼ੰਡ ਦੀ ਵਿਵਸਥਾ ਕੀਤੀ ਗਈ ਹੈ। ਹਰ ਵਰ੍ਹੇ ਚੇਅਰਮੈਨ ਦੇ ਗੁਪਤ ਫ਼ੰਡ ਲਈ ਬਜਟ ਰੱਖਿਆ ਜਾਂਦਾ ਹੈ। 

        ਵਰ੍ਹਾ 2018-19 ਵਿੱਚ ਚੇਅਰਮੈਨ ਦੇ ਗੁਪਤ ਫ਼ੰਡ ਦਾ ਖਰਚਾ 2.70 ਕਰੋੜ ਰੁਪਏ ਸੀ ਜੋ ਕਿ 2019-20 ਵਿੱਚ ਤਿੰਨ ਕਰੋੜ ਰੁਪਏ ਅਤੇ ਸਾਲ 2021-22 ਵਿੱਚ ਵਧ ਕੇ 13.60 ਕਰੋੜ ਰੁਪਏ ਹੋ ਗਿਆ ਸੀ।   ਸਾਲ 2012 ਤੋਂ ਪਹਿਲਾਂ ਇਸ ਗੁਪਤ ਫ਼ੰਡ ਦਾ ਕੋਈ ਆਡਿਟ ਨਹੀਂ ਹੁੰਦਾ ਸੀ ਤੇ ਸਾਲ 2007 ਤੋਂ ਪਹਿਲਾਂ ਗੁਪਤ ਫ਼ੰਡ ਸਿਰਫ਼ 50 ਲੱਖ ਰੁਪਏ ਸੀ। ਮੌਜੂਦਾ ਸਰਕਾਰ ਦੇ ਪਹਿਲੇ ਵਰ੍ਹੇ ਸਾਲ 2022-23 ਦੌਰਾਨ ਇਹ ਗੁਪਤ ਫ਼ੰਡ ਘੱਟ ਕੇ 7.85 ਕਰੋੜ ਰੁਪਏ ਹੋ ਗਿਆ ਸੀ ਤੇ ਚਾਲੂ ਵਿੱਤੀ ਵਰ੍ਹੇ ਦੌਰਾਨ 7.40 ਕਰੋੜ ਦਾ ਅਨੁਮਾਨਿਤ ਖਰਚਾ ਦੱਸਿਆ ਗਿਆ ਹੈ। ਲਿਖਤ ’ਚ ਦਿੱਤੇ ਗਏ ਜਵਾਬ ’ਚ ਦੱਸਿਆ ਗਿਆ ਹੈ ਕਿ ਗੁਪਤ ਫ਼ੰਡ ਦੀ ਵਰਤੋਂ ਪ੍ਰੀਖਿਆ ਲਈ ਪ੍ਰਸ਼ਨ ਪੱਤਰਾਂ ਦੀ ਛਪਾਈ, ਕੇਂਦਰ ਵਾਈਜ਼ ਪੈਕਿੰਗ, ਨਤੀਜਾ ਕਾਰਡ ਆਦਿ ਦੀ ਬਣਵਾਈ ਲਈ ਕੀਤੀ ਜਾਂਦੀ ਹੈ। ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਵੀ ਚੇਅਰਮੈਨ ਦੇ ਗੁਪਤ ਫ਼ੰਡ ’ਚ ਅਚਨਚੇਤ ਵਾਧਾ ਹੋਇਆ ਸੀ। 

        ਸਾਲ 2009-10 ’ਚ ਇਹ ਫ਼ੰਡ ਸਿਰਫ਼ ਦੋ ਕਰੋੜ ਰੁਪਏ ਸੀ, ਜੋ ਕਿ ਸਾਲ 2011-12 ’ਚ ਵਧ ਕੇ 11 ਕਰੋੜ ਰੁਪਏ ਹੋਇਆ ਅਤੇ ਅਗਲੇ ਵਰ੍ਹੇ ਸਾਲ 2012-13 ਵਿੱਚ ਇਸ ਗੁਪਤ ਫ਼ੰਡ ਦਾ ਖਰਚਾ ਮੁੜ 1.94 ਕਰੋੜ ਰਹਿ ਗਿਆ।  ਸੂਤਰਾਂ ਮੁਤਾਬਕ ਜਦੋਂ ਕੁਝ ਸਮੇਂ ਲਈ ਆਈਏਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਣੇ ਸਨ ਤਾਂ ਗੁਪਤ ਫ਼ੰਡ ਦੇ ਖ਼ਰਚੇ ਵਿੱਚ ਇਕਦਮ ਕਮੀ ਆਈ ਸੀ। ਸਿੱਖਿਆ ਬੋਰਡ ਨੇ ਦੱਸਿਆ ਹੈ ਕਿ ਗੁਪਤ ਫ਼ੰਡ ਦੇ ਖ਼ਰਚਿਆਂ ਦੇ ਖਾਤੇ ਦਾ ਸਾਲਾਨਾ ਆਡਿਟ ਵੀ ਕਰਵਾਇਆ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਬੋਰਡ ਦੀ ਵਿੱਤੀ ਹਾਲਤ ਇਸ ਵੇਲੇ ਬਹੁਤੀ ਚੰਗੀ ਨਹੀਂ ਹੈ। ਇਹ ਉਂਗਲ ਵੀ ਉੱਠ ਰਹੀ ਹੈ ਕਿ ਪ੍ਰਸ਼ਨ ਪੱਤਰਾਂ ਦੀ ਛਪਾਈ ਗੁਪਤ ਫ਼ੰਡਾਂ ’ਚੋਂ ਕਰਾਉਣਾ ਤਾਂ ਸਮਝ ਆਉਂਦਾ ਹੈ ਪਰ ਉੱਤਰ ਕਾਪੀਆਂ ਦੀ ਛਪਾਈ ਇਨ੍ਹਾਂ ਫ਼ੰਡਾਂ ’ਚੋਂ ਕਿਉਂ ਕਰਵਾਈ ਜਾਂਦੀ ਹੈ। ਮਾਹਿਰ ਆਖਦੇ ਹਨ ਕਿ ਜੇਕਰ ਉੱਤਰ ਕਾਪੀਆਂ ਦੀ ਛਪਾਈ ਟੈਂਡਰ ਕੱਢ ਕੇ ਕਰਵਾਈ ਜਾਵੇ ਤਾਂ ਬੋਰਡ ਨੂੰ ਕਾਫ਼ੀ ਵਿੱਤੀ ਬੱਚਤ ਹੋ ਸਕਦੀ ਹੈ।

                                   ਪਾਠ ਪੁਸਤਕਾਂ ਦਾ 154 ਕਰੋੜ ਦਾ ਬਕਾਇਆ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਜੋ ਮੁਫ਼ਤ ਪਾਠ ਪੁਸਤਕਾਂ ਮੁਹੱਈਆ ਕਰਾਈਆਂ ਗਈਆਂ ਸਨ, ਉਨ੍ਹਾਂ ਦੀ ਕਰੀਬ 154.58 ਕਰੋੜ ਦੀ ਰਾਸ਼ੀ ਪੰਜਾਬ ਸਰਕਾਰ ਵੱਲ ਬਕਾਇਆ ਪਈ ਹੈ ਜੋ ਕਿ ਸਾਲ 2016-17 ਤੋਂ 2019-20 ਦੀ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦਾ ਕਹਿਣਾ ਹੈ ਕਿ ਬਕਾਇਆ ਰਾਸ਼ੀ ਵਿੱਤ ਵਿਭਾਗ ਵੱਲੋਂ ਆਡਿਟ ਮੁਕੰਮਲ ਹੋਣ ਮਗਰੋਂ ਬੋਰਡ ਨੂੰ ਜਾਰੀ ਕੀਤੀ ਜਾਵੇਗੀ।

                                          ਗੁਪਤ ਫ਼ੰਡ ਪਾਰਦਰਸ਼ੀ ਹੋਣ: ਸੁੱਖੀ

ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦਾ ਕਹਿਣਾ ਹੈ ਕਿ ਗੁਪਤ ਫ਼ੰਡਾਂ ਦੀ ਵਰਤੋਂ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਪਤ ਫ਼ੰਡਾਂ ਦੇ ਨਾਮ ’ਤੇ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬੋਰਡ ਦਾ ਪੰਜਵੀਂ ਅਤੇ ਅੱਠਵੀਂ ਕਲਾਸ ਲਈ ਪੋਰਟਲ ਹਾਲੇ ਚਾਲੂ ਨਹੀਂ ਹੋਇਆ ਹੈ ਅਤੇ ਇਸ ਦੀ ਰਜਿਸਟ੍ਰੇਸ਼ਨ ਦੇ ਨਾਂ ’ਤੇ ਪ੍ਰਤੀ ਵਿਦਿਆਰਥੀ 200 ਰੁਪਏ ਲਏ ਜਾ ਰਹੇ ਹਨ।