Sunday, November 25, 2018

                           ਵਿਚਲੀ ਗੱਲ  
         ਗੁੜ ਤਾਂ ਹੈ ਨਹੀਂ, ਪਟਾਕੇ ਲੈ ਜਾਓ !
                          ਚਰਨਜੀਤ ਭੁੱਲਰ
ਬਠਿੰਡਾ  : ਮਾਨਸਾ ਜ਼ਿਲ੍ਹੇ ਦਾ ਹਰਦੀਪ ਸਿੰਘ ਸਿਰ ਫੜੀ ਬੈਠਾ ਹੈ। ਸਾਇੰਸ ਵਿਸ਼ੇ ’ਚ ਪੀ.ਐੱਚ.ਡੀ ਹੈ, ਟੈੱਟ ਪਾਸ ਹੈ। ਉਸ ਨੂੰ ਕੁੱਝ ਨਹੀਂ ਸੁੱਝ ਰਿਹਾ। ਕਿਸ ਦੀ ਮੰਨੇ, ਕਿਸ ਦੀ ਨਾ ਮੰਨੇ, ਕੋਈ ਉਹਦੇ ਦਿਲ ਦੀ ਨਹੀਂ ਬੁੱਝ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ‘ਚੁੱਪ ਕਰਕੇ ਪਕੌੜੇ ਤਲਣ ਲੱਗ ਜਾਓ’। ਮਾਂ ਦੇ ਬੋਲਾਂ ਨੇ ਹਰਦੀਪ ਦੀ ਸੋਚ ਹਲੂਣੀ, ‘ਤੈਨੂੰ ਪਕੌੜੇ ਤਲਣ ਲਈ ਨਹੀਂ ਪੜਾਇਆ ਸੀ।’ ਉਦੋਂ ਹੀ ਕਾਂਗਰਸੀ ਵਜ਼ੀਰ ਦੇ ਬੋਲ ਕੰਨਾਂ ’ਚ ਗੂੰਜੇ ‘ ਮੂੰਗਫਲੀ ਵੇਚ ਕੇ, ਕਬਾੜ ਵੇਚ ਕੇ ਵੀ ਚੰਗੀ ਕਮਾਈ ਕਰ ਸਕਦੇ ਹੋ’। ਰੁਜ਼ਗਾਰ ਮੇਲੇ ’ਚ ਵਜ਼ੀਰ ਵੱਲੋਂ ਦਿੱਤੀ ਇਹ ਨਸੀਹਤ ਰੜਕੀ। ਚੇਤੇ ’ਚ ਖੇਮੂਆਣਾ ਵਾਲੇ ਸੱਜਣ ਦਾ ਚਿਹਰਾ ਵੀ ਘੁੰਮਿਆ ਜੋ ਐਮ.ਏ,ਬੀ.ਐਡ ਸੀ ਤੇ ਮੂੰਹ ਬੰਨ੍ਹ ਕੇ ਕਬਾੜ ਇਕੱਠਾ ਕਰਦਾ ਹੁੰਦਾ ਸੀ। ਹਰਦੀਪ ਨੇ ਆਪਣਾ ਡਿਗਰੀਆਂ ਵਾਲਾ ਝੋਲਾ ਕੱਢਿਆ। ਪੀ.ਐੱਚ.ਡੀ ਦੀ ਡਿਗਰੀ ਲਾਹਨਤ ਪਾਉਂਦੀ ਜਾਪੀ, ‘ਆਪਣਾ ਨਹੀਂ, ਸਾਡਾ ਤਾਂ ਖ਼ਿਆਲ ਰੱਖ ਲੈ।’ ਪੁਰਾਣੇ ਅਕਾਲੀ ਮੰਤਰੀ ਵੱਲੋਂ ਸਟੇਜ ਤੋਂ ਦਿੱਤੇ ਮਸ਼ਵਰੇ ਹਲੂਣਾ ਦੇਣ ਲੱਗੇ, ‘ ਭੇਡਾਂ ਪਾਲੋ, ਬੱਕਰੀਆਂ ਪਾਲੋ, ਹੋਰ ਨਹੀਂ ਤਾਂ ਸੂਰ ਹੀ ਪਾਲ ਲਓ’। ਉਸ ਦੀਆਂ ਅੱਖਾਂ ਮੂਹਰੇ ਕੈਲਾ ਆਜੜੀ ਆ ਖੜ੍ਹਾ ਹੋਇਆ। 15 ਬੱਕਰੀਆਂ ਮਰਨ ਮਗਰੋਂ ਕੈਲੇ ਦਾ ਬਾਗ਼ ਹੀ ਉੱਜੜ ਗਿਆ ਸੀ। ਹਰਦੀਪ ਨੂੰ ਆਪਣੀ ਸੋਚ ’ਚ ਮੋਚ ਲੱਗੀ।
                 ਏਨੇ ਨੂੰ ਮਨਪ੍ਰੀਤ ਬਾਦਲ ਦੇ ਬੋਲ , ‘ਪਹਿਲੀ ਨੌਕਰੀ ਵੇਲੇ ਤਨਖ਼ਾਹ ਨਾ ਦੇਖੋ, ਤਜਰਬੇ ਵੱਲ ਦੇਖੋ, ਮਿਹਨਤ ਕਰੋ, ਹੋਰ ਦਰਵਾਜ਼ੇ ਖੁੱਲ੍ਹਣਗੇ’ ਦਿਮਾਗ਼ ਖੋਲ੍ਹਣ ਲੱਗੇ। ਮਨਪ੍ਰੀਤ ਨੇ ਵੀ ਤਾਂ ਪਹਿਲੀ ਨੌਕਰੀ ਢਾਈ ਪੌਂਡ ਵਾਲੀ ਹੀ ਕੀਤੀ ਸੀ। ਉਦੋਂ ਹੀ ਬਠਿੰਡਾ ਦੇ ਪਿੰਡ ਜਿਉਂਦ ਵਾਲੀ ਗੁਰਦੇਵ ਕੌਰ ਨੇ ਉਸ ਦੇ ਜ਼ਿਹਨ ’ਚ ਖਰੂਦ ਪਾ ਦਿੱਤਾ। ਅਧਿਆਪਕ ਮੋਰਚੇ ’ਚ 85 ਵਰ੍ਹਿਆਂ ਦੀ ਇਹ ਬਜ਼ੁਰਗ ਅੌਰਤ ਕੁੱਦੀ ਸੀ।  ਬਠਿੰਡਾ ਦੀਆਂ ਸੜਕਾਂ ’ਤੇ ਉਹ ਵੱਡਾ ਝੰਡਾ ਲੈ ਕੇ ਘੁੰਮੀ। ਪੁੱਤ ਪੋਤਿਆਂ ਨੂੰ ਰੁਜ਼ਗਾਰ ਲਈ ਰੁਲਣਾ ਨਾ ਪਵੇ, ਸਰਕਾਰੀ ਸਕੂਲ ਬਚ ਜਾਣ, ਇਹ ਸੋਚ ਕੇ ਬਿਰਧ ਮਾਈ ਨਾਅਰੇ ਵੀ ਲਾ ਰਹੀ ਸੀ। ‘ਪਟਿਆਲਾ ਮੋਰਚਾ’ ਖ਼ਜ਼ਾਨਾ ਮੰਤਰੀ ਦੇ ਹਲਕੇ ’ਚ ਆਇਆ ਹੋਇਆ ਸੀ। ਬਜ਼ੁਰਗ ਅੌਰਤ ਆਪੇ ਤੋਂ ਬਾਹਰ ਸੀ। ਉਸ ਦਾ ਝੁਰੜੀਆਂ ਵਾਲਾ ਚਿਹਰਾ ਇਹੋ ਕਹਿੰਦਾ ਜਾਪਿਆ, ‘ਸ਼ਾਇਰੋ ਸ਼ਾਇਰੀ ਨਾਲ ਢਿੱਡ ਭਰਦਾ ਤਾਂ ਕਾਹਤੋਂ ਸੜਕਾਂ ’ਤੇ ਬੁਢਾਪਾ ਰੋਲਦੇ।’  ਇਹ ਮਾਈ ਮੁਜ਼ਾਰੇ ਤੋਂ ਜ਼ਮੀਨ ਦੀ ਹਾਲੇ ਤੱਕ ਮਾਲਕ ਨਹੀਂ ਬਣ ਸਕੀ।  ਵੱਡਾ ਪੁੱਤ ਗੁਆ ਬੈਠੀ ਹੈ ਤੇ ਪੋਤਿਆਂ ਖ਼ਾਤਰ ਇਕੱਠਾਂ ’ਚ ਜਾਂਦੀ ਹੈ। ਹਰਦੀਪ ਦੇ ਖ਼ਿਆਲਾਂ ਦੀ ਲੜੀ ਟੁੱਟ ਨਹੀਂ ਰਹੀ।
                   ਸੋਚਾਂ ਦੀ ਉਲਝਣ ਵਿਚ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਆਣ ਖੜੇ ਹੋਏ। ਮੁਕਤਸਰ ਦੇ ਰੁਜ਼ਗਾਰ ਮੇਲੇ ਮਗਰੋਂ ਅਜੈਬ ਸਿੰਘ ਭੱਟੀ ਨੇ ਨੌਜਵਾਨਾਂ ਨੂੰ ਇੰਜ ਜੋ ਮਸ਼ਵਰਾ ਦਿੱਤਾ  ਸੀ ‘ਵੈਸੇ ਤਾਂ ਪੰਜਾਬੀਆਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਫ਼ੋਟੋ ਘਰ ਘਰ ਲਵਾ ਕੇ ਰੱਖਣੀ ਚਾਹੀਦੀ ਹੈ, ਪਰਸ ’ਚ ਪਾ ਕੇ ਰੱਖਣੀ ਚਾਹੀਦੀ ਹੈ ਜਿਨ੍ਹਾਂ ਦੀ ਸੋਚ ਸਦਕਾ ਹੁਣ ਨੌਕਰੀਆਂ ਵਾਲੇ ਮੁੰਡਿਆਂ ਨੂੰ ਭਾਲਦੇ ਫਿਰਦੇ ਹਨ’। ਹਰਦੀਪ ਆਖਦਾ ਹੈ ਕਿ ਉਨ੍ਹਾਂ ਦੇ ਪਿੰਡ ਤਾਂ ਹਾਲੇ ਕੋਈ ਪੁੱਜਾ ਨਹੀਂ। ਮਘਾਣੀਆਂ ਦਾ ਸੁਖਵਿੰਦਰ ਸਿੰਘ ਐਮ.ਏ, ਐਮ.ਐੱਡ ਹੈ, ਉਸ ਦਾ ਨੈੱਟ ਵੀ ਕਲੀਅਰ ਹੈ। ਬਾਪ ਨੇ ਸਾਰੀ ਉਮਰ ਕਾਂਗਰਸ ’ਚ ਗੁਜ਼ਾਰੀ। ਸੁਖਵਿੰਦਰ ਆਖਦਾ ਹੈ ਕਿ ਉਹ ਕਿਉਂ ਰੱਖੇ ਅਮਰਿੰਦਰ ਦੀ ਫ਼ੋਟੋ। ਪੰਜਾਬ ਦੇ ਲੋਕ ਪੁੱਛਦੇ ਹਨ, ਨੌਕਰੀਆਂ ਦੀ ਕੋਈ ਕਮੀ ਨਹੀਂ ਤਾਂ ਹਵਾਈ ਅੱਡਿਆਂ ਤੇ ਭੀੜਾਂ ਕਿਉਂ ਨੇ ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਰੇ੍ਹ 55 ਲੱਖ ਨੌਕਰੀਆਂ ਦੇਣ ਦੀ ਗੱਲ ਆਖੀ। ਕੈਪਟਨ ਅਮਰਿੰਦਰ ਸਿੰਘ ਨੇ ‘ਘਰ ਘਰ ਰੁਜ਼ਗਾਰ’ ਦੇਣ ਦਾ ਸੁਪਨਾ ਦਿਖਾਇਆ।
                  ਨੌਜਵਾਨਾਂ ਨੂੰ ਭੇਡਾਂ ਬੱਕਰੀਆਂ ਪਾਲਣ ਦੀ ਸਲਾਹ ਦੇਣ ਵਾਲੇ ਖੁਦ ਸਿਆਸੀ ਮੂੰਹ ਮੁਲਾਹਜ਼ੇ ਪਾਲ ਰਹੇ ਹਨ। ਲੀਡਰਾਂ ਲੋਕਾਂ ਨੂੰ ਚਾਰ ਰਹੇ ਹਨ। ਐਵੇਂ ਨਹੀਂ ਖ਼ਜ਼ਾਨੇ ਸਿਰ ਤੇ ਸਲਾਹਕਾਰਾਂ ਦੀ ਰਾਤੋ ਰਾਤ ਫ਼ੌਜ ਖੜ੍ਹੀ ਹੋਈ। ਪੰਜਾਬ ’ਚ ਪੰਜਾਹ ਹਜ਼ਾਰ ਟੈੱਟ ਪਾਸ ਸੜਕਾਂ ’ਤੇ ਘੁੰਮ ਰਿਹਾ। ਸੇਵਾਦਾਰ ਦੀ ਨੌਕਰੀ ਲਈ ਐਮ.ਫਿਲ ਤੇ ਐਮ.ਟੈੱਕ ਕਤਾਰਾਂ ’ਚ ਖੜ੍ਹਦੇ ਹਨ। ਪੰਜਾਬ ’ਚ ਸਚਿਆਰੇ ਨੌਜਵਾਨਾਂ ਦੀ ਕਮੀ ਨਹੀਂ ਜਿਨ੍ਹਾਂ ਨੂੰ ਸਰਕਾਰਾਂ ਨੇ ਵਿਚਾਰੇ ਬਣਾ ਰੱਖਿਆ ਹੈ। ਮੁੱਖ ਮੰਤਰੀ ਆਖਦੇ ਹਨ ਕਿ ਇਨ੍ਹਾਂ 10 ਦਿਨਾਂ ਵਿਚ 16 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਵਿਚ ਨੌਕਰੀ ਦਿੱਤੀ ਹੈ। ਨੌਜਵਾਨ ਜੁਆਬ ਦਿੰਦੇ ਹਨ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਨਾਲੋਂ ਤਾਂ ਪੇਂਡੂ ਖੇਡ ਮੇਲੇ ਚੰਗੇ ਨੇ, ਘੱਟੋ ਘੱਟ ਹਕੀਕਤ ਤਾਂ ਹੁੰਦੀ ਹੈ।
         ਵਜ਼ੀਰ ਚਰਨਜੀਤ ਚੰਨੀ ਆਖਦੇ ਹਨ ‘ ਦੋ ਲੱਖ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ ਹੈ’। ਸਭ ਅੱਛਾ ਹੈ ਤਾਂ ਪੰਜਾਬ ’ਚ ਸੜਕਾਂ ’ਤੇ ਅਫ਼ਰਾ ਤਫ਼ਰੀ ਕਿਉਂ ਹੈ। ਅਧਿਆਪਕਾਂ ਦੀ ਤਨਖ਼ਾਹ ’ਤੇ ਕੱਟ ਕਿਉਂ ਹੈ। ਪਿਛਲੀ ਗੱਠਜੋੜ ਸਰਕਾਰ ਵੀ ਹਵਾਈ ਗੱਲਾਂ ਦੀ ਥਾਂ ਧਰਤੀ ਦੇਖਦੀ ਤਾਂ ‘ਉੱਡਤਾ ਪੰਜਾਬ’ ਨੂੰ ਖੰਭ ਨਹੀਂ ਲੱਗਣੇ ਸਨ। ‘ਚਿੱਟੇ’ ਦੀ ਥਾਂ ਨੌਕਰੀ ਵੰਡੀ ਹੁੰਦੀ ਤਾਂ ਗੁਟਕੇ ਹੱਥਾਂ ਵਿਚ ਫੜ ਕੇ ਝੂਠੀ ਸਹੁੰ ਨਾ ਖਾਣੀ ਪੈਂਦੀ। ਕੇਜਰੀਵਾਲ ਤਾਂ ਮੁਆਫ਼ੀ ਮੰਗ ਕੇ ਪੱਲਾ ਛੁਡਾ ਗਿਆ, ਹੁਣ ਨਸ਼ਿਆਂ ਤੋਂ ਪੰਜਾਬ ਦਾ ਖਹਿੜਾ ਕੌਣ ਛੁਡਾਊ। ਨੌਜਵਾਨ ਰੁਜ਼ਗਾਰ ਮੰਗਦੇ ਹਨ। ਅਕਾਲੀ ਰਾਜ ਸਮੇਂ ਵੀ ਨੌਕਰੀਆਂ ਘੱਟ, ਅਸਲਾ ਲਾਇਸੈਂਸ ਜ਼ਿਆਦਾ ਵੰਡੇ ਗਏ। ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਹਰਦੀਪ ਸਿੰਘ ਨੂੰ ਸਿਰ ਫੜ ਕੇ ਬੈਠਣਾ ਨਾ ਪੈਂਦਾ।



Friday, November 23, 2018

                          ਬੇਕਿਰਕ ਨੇ ਹਾਕਮ
  ਸੱਥਰਾਂ ਉੱਤੇ ਬੈਠੇ ਲਾਲੋ, ਤੱਕਣ ਤੇਰੀਆਂ ਰਾਹਾਂ..
                            ਚਰਨਜੀਤ ਭੁੱਲਰ
ਬਠਿੰਡਾ :  ‘ਮਲਕ ਭਾਗੋ’ ਤੋਂ ਅੱਜ ਪੰਜਾਬ ਦੇ ਲਾਲੋ ਹਾਰ ਗਏ ਹਨ। ਬਾਬੇ ਨਾਨਕ ਨੇ ਕਿਰਤ ਦਾ ਹੋਕਾ ਦਿੱਤਾ ਤਾਂ ਉਨ੍ਹਾਂ ਹਲ਼ਾਂ ਦੇ ਮੁੱਠੇ ਫੜ ਲਏ। ਜ਼ਿੰਦਗੀ ਭਰ ਹਲ਼ ਵਾਹੁਣ ਵਾਲੇ ਲਾਲੋ ਅੱਜ ਖ਼ਾਲੀ ਹੱਥ ਹਨ। ਮਿੱਟੀ ਨਾਲ ਮਿੱਟੀ ਹੋਣ ਵਾਲੇ ਹਜ਼ਾਰਾਂ ਬਜ਼ੁਰਗ ਕਿਸਾਨ ਅੱਜ ਮੁੜ ਬਾਬੇ ਨਾਨਕ ਨੂੰ ਉਡੀਕ ਰਹੇ ਹਨ ਤਾਂ ਜੋ ਪੰਜਾਬ ਦੇ ਕਿਸੇ ਘਰ ਵਿਚ ਮੁੜ ਸੱਥਰ ਨਾ ਵਿਛੇ। ਕਿਧਰੇ ਵੀ ਕੋਈ ਸੁੱਖ ਨਹੀਂ। ਕੋਈ ਲਾਲੋ ਦੋ ਡੰਗ ਦੀ ਰੋਟੀ ਲਈ ਰੁਲ ਰਿਹਾ। ਕੋਈ ਸੜਕਾਂ ’ਤੇ ਬੈਠੇ ਹਨ ਤੇ ਇਲਾਜ ਨੂੰ ਤਰਸ ਰਿਹਾ ਹੈ। ਸੰਘਰਸ਼ੀ ਤੇ ਕਿਰਤੀ ਲੋਕਾਂ ਨੂੰ ਅੱਜ ਹਕੂਮਤਾਂ ਚੋਂ ਬਾਬਰ ਦਾ ਝਉਲਾ ਪੈਂਦਾ ਹੈ। ਖੇਤਾਂ ਦੇ ਰਾਜੇ ਅੱਜ ਹਕੂਮਤਾਂ ਹੱਥੋਂ ਹਾਰੇ ਹਨ। ਮਾਨਸਾ ਦੇ ਪਿੰਡ ਸਾਹਨੇਵਾਲੀ ਦੇ ਕਿਸਾਨ ਮੋਤੀ ਰਾਮ ਨੇ ਪੂਰੀ ਜ਼ਿੰਦਗੀ ਹਲ਼ ਵਾਹਿਆ। ਤਿੰਨ ਮਹੀਨੇ ਦਾ ਸੀ ਜਦੋਂ ਬਾਪ ਗੁਜ਼ਰ ਗਿਆ। ਮਾਂ ਨੇ ਭੇਡਾਂ ਲੈ ਦਿੱਤੀਆਂ। ਲੋਕਾਂ ਦੀ ਵਗਾਰ ਕਰਦੇ ਨੇ ਜਵਾਨੀ ਕੱਢ ਦਿੱਤੀ। ਤਿੰਨ ਏਕੜ ਪੈਲੀ ’ਤੇ ਹਲ਼ ਵਾਹੁਣਾ ਸ਼ੁਰੂ ਕੀਤਾ। ਹੁਣ 75 ਵਰ੍ਹਿਆਂ ਦਾ ਹੈ। ਜਦੋਂ ਜ਼ਿੰਦਗੀ ਨੇ ਦਮ ਲਿਆ ਤਾਂ ਮੋਤੀ ਰਾਮ ਦਾ ਵੱਡਾ ਲੜਕਾ ਖ਼ੁਦਕੁਸ਼ੀ ਕਰ ਗਿਆ। ਮੁੜ ਜੀਵਨ ਲੀਹ ਤੇ ਪੈਣ ਲੱਗਾ ਤਾਂ ਉਸ ਦੇ ਛੋਟੇ ਲੜਕੇ ਦੇ ਗੁਰਦੇ ਫ਼ੇਲ੍ਹ ਹੋ ਗਏ। ਇਲਾਜ ਨੇ ਕਰਜ਼ਾਈ ਕਰ ਦਿੱਤਾ। ਆਖ਼ਰ ਛੋਟਾ ਲੜਕਾ ਵੀ ਨਾ ਬਚ ਸਕਿਆ। ਪਿੰਡ ਦੇ ਲੋਕ ਆਖਦੇ ਹਨ ਕਿ ‘ ਏਹ ਮੋਤੀ ਰਾਮ ਨਹੀਂ, ਦੁੱਖਾਂ ਦੀ ਪੰਡ ਹੈ’।
           ਕਿਸਾਨ ਮੋਤੀ ਰਾਮ ਹੁਣ ਇੱਕ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਉਹ ਆਖਦਾ ਹੈ ਕਿ ਬਾਬਾ ਨਾਨਕ ਮੁੜ ਆਵੇ ਤਾਂ ਦੇਖੇ ਕਿ ਉਸ ਦੇ ਕਿਰਤੀ ਨੂੰ ਸਮੇਂ ਦੇ ਮਲਕ ਭਾਗੋ ਨੇ ਕਿਵੇਂ ਨਚੋੜ ਦਿੱਤਾ ਹੈ। ਪਿੰਡ ਮਾਈਸਰਖਾਨਾ ਦੇ 70 ਵਰ੍ਹਿਆਂ ਦੇ ਕਿਸਾਨ ਕੌਰ ਸਿੰਘ ਦੇ ਘਰ ਅੱਜ ਸੱਥਰ ਵਿਛ ਗਿਆ ਹੈ। ਉਸ ਦੇ ਜਵਾਨ ਪੁੱਤ ਕੁਲਦੀਪ ਸਿੰਘ ਨੇ ਖੇਤੀ ਸੰਕਟ ਨੂੰ ਨਾ ਸਹਾਰਦੇ ਹੋਏ ਜ਼ਿੰਦਗੀ ਖ਼ਤਮ ਕਰ ਲਈ ਹੈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ। ਕੌਰ ਸਿੰਘ ਦੱਸਦਾ ਹੈ ਕਿ ਉਸ ਨੇ ਤਾਂ ਪੂਰੀ ਉਮਰ ਬਾਬੇ ਨਾਨਕ ਦੇ ਬੋਲ ਪੁਗਾਏ। ਪੂਰੇ ਤੀਹ ਸਾਲ ਹਲ਼ ਵਾਹਿਆ। ਵਕਤ ਦੀ ਮਾਰ ਨੇ ਕਦੇ ਪੈਰ ਹੀ ਨਹੀਂ ਲੱਗਣ ਦਿੱਤੇ। ਆਖ਼ਰ ਬਿਰਧ ਉਮਰ ’ਚ ਕੌਰ ਸਿੰਘ ਪ੍ਰਾਈਵੇਟ ਅਦਾਰੇ ਦਾ ਚੌਕੀਦਾਰ ਵੀ ਬਣਿਆ। ਉਹ ਆਖਦਾ ਹੈ ਕਿ ਅੱਜ ਖੇਤਾਂ ਨੂੰ ਮੁੜ ਬਾਬੇ ਨਾਨਕ ਦੀ ਉਡੀਕ ਹੈ। ਨਹੀਂ ਤਾਂ ਕਿਰਤੀ ਦੀ ਜ਼ਿੰਦਗੀ ਘੱਟਾ ਢੋਂਦੇ ਦੀ ਹੀ ਨਿਕਲ ਜਾਣੀ ਹੈ।  ਮੁਕਤਸਰ ਦੇ ਪਿੰਡ ਭਲਾਈਆਣਾ ਦੇ ਕਿਸਾਨ ਨਛੱਤਰ ਸਿੰਘ ਦੇ ਆਖ਼ਰ ਭਾਗ ਹਾਰ ਗਏ ਹਨ। ਉਹ 70 ਵਰ੍ਹਿਆਂ ਦਾ ਹੈ ਅਤੇ ਉਸ ਦਾ ਜਵਾਨ ਮੁੰਡਾ ਖ਼ੁਦਕੁਸ਼ੀ ਕਰ ਗਿਆ ਹੈ। ਲੜਕੀ ਮੰਦਬੁੱਧੀ ਤੇ ਅਪਾਹਜ ਹੈ।  ਨਛੱਤਰ ਸਿੰਘ ਆਖਦਾ ਹੈ ਕਿ ਉਸ ਨੇ ਪੂਰੀ ਜ਼ਿੰਦਗੀ ਖੇਤਾਂ ਦੇ ਲੇਖੇ ਲਾਈ। ਜ਼ਿੰਦਗੀ ਦੇ ਆਖ਼ਰੀ ਮੋੜ ਤੇ ਹੱਥ ਖ਼ਾਲੀ ਹਨ। ਮਾਨਸਾ ਦੇ ਪਿੰਡ ਦਿਆਲਪੁਰਾ ਦੇ ਕਿਸਾਨ ਦੇਸ ਰਾਜ ਦੇ ਸਿਰੜ ਅੱਗੇ ਕਦੇ ਖੇਤ ਹਾਰ ਮੰਨ ਜਾਂਦੇ ਸਨ। ਅੱਜ ਉਹ ਖੁਦ ਨਿਹੱਥਾ ਹੋ ਗਿਆ ਹੈ। ਇੱਕ ਲੜਕਾ ਤੇ ਨੂੰਹ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ।
                 ਦੇਸ ਰਾਜ ਆਖਦਾ ਹੈ ਕਿ ਪੂਰੀ ਜ਼ਿੰਦਗੀ ਹਲ਼ ਵਾਹੁੰਦੇ ਕੱਢੀ। ਹੁਣ ਪੋਤੇ ਤੇ ਪੋਤੀ ਨੂੰ ਪਾਲ ਰਿਹਾ ਹੈ। ਲੰਘੇ 19 ਮਹੀਨਿਆਂ ਵਿਚ ਪੰਜਾਬ ’ਚ 829 ਕਿਸਾਨ ਖ਼ੁਦਕੁਸ਼ੀ ਕਰ ਗਏ ਹਨ।  ਮਜ਼ਦੂਰਾਂ ਦਾ ਹਾਲ ਇਸ ਤੋਂ ਭੈੜਾ ਹੈ। ਪੰਜਾਬ ਭਰ ਵਿਚ 18750 ਮਜ਼ਦੂਰ ਅਜਿਹੇ ਹਨ ਜਿਨ੍ਹਾਂ ਦੀ ਉਮਰ 80 ਵਰ੍ਹਿਆਂ ਤੋਂ ਟੱਪ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਤੋਰਾ ਤੋਰਨ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ। ਮਗਨਰੇਗਾ ਸਕੀਮ ’ਚ ਇਹ ਮਜ਼ਦੂਰ ਅੱਜ ਵੀ ਭਾਰ ਢੋਹ ਰਹੇ ਹਨ। ਪੰਜਾਬ ਵਿਚ 61 ਵਰ੍ਹਿਆਂ ਤੋਂ 80 ਸਾਲ ਤੱਕ ਦੇ ਮਜ਼ਦੂਰਾਂ ਦੀ ਗਿਣਤੀ 3.71 ਲੱਖ ਹੈ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਹੁਣ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ। ਪਿੰਡ ਲੱਖੀ ਜੰਗਲ ਦੇ ਗੁਰੂ ਘਰ ਵਿਚ ਅੱਜ ਇੱਕ ਬਿਰਧ ਅੌਰਤ ਨੇ ਦੱਸਿਆ ਕਿ ਉਸ ਨੇ ਪੂਰੀ ਜ਼ਿੰਦਗੀ ਮਜ਼ਦੂਰੀ ਕਰਨ ਵਿਚ ਕੱਢ ਦਿੱਤੀ, ਇੱਕ ਛੱਤ ਵੀ ਨਹੀਂ ਜੁੜ ਸਕੀ। ਲੱਖੇਵਾਲੀ ਦੇ ਮਜ਼ਦੂਰ ਗੁਰਬਿੰਦਰ ਸਿੰਘ ਦੇ ਇੱਕ ਕੱਚੇ ਕਮਰੇ ਨੂੰ ਬੂਹਾ ਨਸੀਬ ਨਹੀਂ ਹੋ ਸਕਿਆ। ਜੋ ਕਿਰਤੀ ਇਲਾਜ ਖੁਣੋਂ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ, ਉਨ੍ਹਾਂ ਦੀ ਗਿਣਤੀ ਕਿਸੇ ਹਿਸਾਬ ਵਿਚ ਨਹੀਂ। ਭਾਵੇਂ ਬਾਬਰਾਂ ਦੀ ਉਮਰ ਲਮੇਰੀ ਹੈ ਪ੍ਰੰਤੂ ਆਸਵੰਦਾਂ ਦੀ ਆਸ ਵੀ ਮੁੱਕੀ ਨਹੀਂ ਜੋ ਆਖਦੇ ਹਨ ਕਿ ਬਾਬੇ ਨਾਨਕ ਦੀ ਸੋਚ ਦਾ ਸਫ਼ਰ ਜਾਰੀ ਹੈ।




Tuesday, November 20, 2018

                            ਜੇਲ੍ਹ ਰੋਗ 
     ਭੰਗੂ ਨੇ ਲਾਏ ਹਸਪਤਾਲ ’ਚ ‘ਤੰਬੂ’
                         ਚਰਨਜੀਤ ਭੁੱਲਰ
ਬਠਿੰਡਾ : ਪਰਲਜ਼ ਗਰੁੱਪ ਦੇ ਅਰਬਪਤੀ ਨਿਰਮਲ ਭੰਗੂ ਦਾ ਬਠਿੰਡਾ ਜੇਲ੍ਹ ’ਚ ਸ਼ਾਇਦ ਚਿੱਤ ਨਹੀਂ ਲੱਗਦਾ ਹੈ। ਏਦਾਂ ਜਾਪਦਾ ਹੈ ਕਿ ਜਿਵੇਂ ਉਹ ਜੇਲ੍ਹ ’ਚ ਛੁੱਟੀ ਕੱਟਣ ਹੀ ਆਉਂਦੇ ਹੋਣ। ਦੌਲਤਮੰਦ ਨਿਰਮਲ ਭੰਗੂ ਹਵਾਲਾਤੀ ਤਾਂ ਬਠਿੰਡਾ ਜੇਲ੍ਹ ਦੇ ਹਨ ਪ੍ਰੰਤੂ ਉਹ ਮਰੀਜ਼ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਹਨ। ਬਠਿੰਡਾ ਪੁਲੀਸ ਨੂੰ ਹਸਪਤਾਲ ’ਚ ਵੀ.ਆਈ.ਪੀ ਮਰੀਜ਼ ਭੰਗੂ ਦੀ ਰਖਵਾਲੀ ਕਰੀਬ 45 ਲੱਖ ਰੁਪਏ ’ਚ ਪੈ ਚੁੱਕੀ ਹੈ। ਜ਼ਿਲ੍ਹਾ ਪੁਲੀਸ ਤਰਫ਼ੋਂ ਉਨ੍ਹਾਂ ਨਾਲ ਚਾਰ ਮੁਲਾਜ਼ਮਾਂ ਵਾਲੀ ਗਾਰਦ ਤਾਇਨਾਤ ਕੀਤੀ ਹੋਈ ਹੈ। ਦੂਸਰੀ ਤਰਫ਼ ਪਰਲਜ਼ ਕੰਪਨੀ ਦੇ ਕੱਖੋਂ ਹੌਲੇ ਕੀਤੇ ਨਿਵੇਸ਼ਕ ਦਿੱਲੀ ਵਿਚ 22 ਅਕਤੂਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਬਠਿੰਡਾ ਜੇਲ੍ਹ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵੇ ਹੈਰਾਨ ਕਰਨ ਵਾਲੇ ਅਤੇ ਰੌਚਿਕ ਹਨ। ਬਠਿੰਡਾ ਜੇਲ੍ਹ ’ਚ ਨਿਰਮਲ ਭੰਗੂ 13 ਜੂਨ 2016 ਨੂੰ ਬਤੌਰ ਹਵਾਲਾਤੀ ਆਏ ਸਨ। ਦੂਸਰੇ ਦਿਨ ਹੀ ਉਹ 14 ਜੂਨ 2016 ਨੂੰ ਜੇਲ੍ਹ ਚੋਂ ਮੋਹਾਲੀ ਦੇ ਹਸਪਤਾਲ ’ਚ ਇਲਾਜ ਲਈ ਚਲੇ ਗਏ। ਤੱਥਾਂ ਅਨੁਸਾਰ 13 ਜੂਨ 2016 ਤੋਂ ਲੈ ਕੇ 19 ਨਵੰਬਰ 2018 ਤੱਕ ਨਿਰਮਲ ਭੰਗੂ ਦਾ ਹਵਾਲਾਤੀ ਸਮਾਂ 889 ਦਿਨ ਬਣਦਾ ਹੈ ਜਿਸ ਚੋਂ 671 ਦਿਨ ਭੰਗੂ ਨੇ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਬਿਤਾਏ ਹਨ। ਮਤਲਬ ਕਿ ਭੰਗੂ 29 ਮਹੀਨਿਆਂ ਚੋਂ ਕਰੀਬ 22 ਮਹੀਨੇ ਹਸਪਤਾਲ ’ਚ ਰਹੇ ਹਨ। ਸਿਰਫ਼ 218 ਦਿਨ ਹੀ ਉਹ ਬਠਿੰਡਾ ਜੇਲ੍ਹ ਵਿਚ ਟਿਕੇ ਹਨ।                                                                                                               ਥਾਣਾ ਥਰਮਲ ਬਠਿੰਡਾ ਵਿਚ ਪਹਿਲੀ ਜੂਨ 2016 ਨੂੰ ਪਰਲਜ਼ ਗੋਲਡਨ ਫਾਰੈਸਟ ਲਿਮਟਿਡ (ਪੀਜੀਐਫ) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਵਗ਼ੈਰਾ ਤੇ ਧਾਰਾ 406,420 ਤਹਿਤ ਕੇਸ ਦਰਜ ਹੋਇਆ ਸੀ। ਭੰਗੂ ਖ਼ਿਲਾਫ਼ ਸੀ.ਬੀ.ਆਈ ਨੇ 45 ਹਜ਼ਾਰ ਦੇ ਘੁਟਾਲੇ ਦਾ ਫਰਵਰੀ 2014 ਵਿਚ ਕੇਸ ਦਰਜ ਕੀਤਾ ਸੀ ਜਿਸ ‘ਚ ਉਹ ਤਿਹਾੜ ਜੇਲ੍ਹ ਵਿਚ ਬੰਦ ਸੀ। ਪੰਜਾਬ ਪੁਲੀਸ ਭੰਗੂ ਨੂੰ ਤਿਹਾੜ ਜੇਲ੍ਹ ਤੋਂ ਬਠਿੰਡਾ ਜੇਲ੍ਹ ਲੈ ਆਈ ਸੀ। ਸੂਤਰ ਦੱਸਦੇ ਹਨ ਕਿ ਤਿਹਾੜ ਜੇਲ੍ਹ ਵਿਚ ਉਹ ਕਾਫ਼ੀ ਤੰਗ ਮਹਿਸੂਸ ਕਰਦੇ ਸਨ। ਸਰਕਾਰੀ ਸੂਚਨਾ ਅਨੁਸਾਰ ਨਿਰਮਲ ਭੰਗੂ ਜੇਲ੍ਹ ’ਚ ਇੱਕ ਰਾਤ ਕੱਟਣ ਮਗਰੋਂ ਹੀ 14 ਜੂਨ 2016 ਨੂੰ ਮੋਹਾਲੀ ਹਸਪਤਾਲ ’ਚ ਭਰਤੀ ਹੋ ਗਏ ਜਿੱਥੇ ਉਹ ਲਗਾਤਾਰ 18 ਫਰਵਰੀ 2017 ਤੱਕ (248 ਦਿਨ) ਰਹੇ। ਉਨ੍ਹਾਂ ਦੀ ਗਾਰਦ ਵਿਚ ਇੱਕ ਸਬ ਇੰਸਪੈਕਟਰ, ਦੋ ਹੌਲਦਾਰ ਅਤੇ ਦੋ ਸਿਪਾਹੀ ਸ਼ਾਮਿਲ ਸਨ। ਜੇਲ੍ਹ ਵਿਚ ਕਰੀਬ ਦੋ ਮਹੀਨੇ ਕੱਟਣ ਮਗਰੋਂ ਹੀ ਉਹ ਮੁੜ 28 ਅਪਰੈਲ 2017 ਨੂੰ ਮੋਹਾਲੀ ਹਸਪਤਾਲ ਚਲੇ ਗਏ ਜਿੱਥੇ ਉਹ 5 ਜੂਨ 2017 ਤੱਕ (ਕਰੀਬ 40 ਦਿਨ) ਰਹੇ। ਫਿਰ ਉਹ ਦੋ ਮਹੀਨੇ ਜੇਲ੍ਹ ਵਿਚ ਰਹੇ ਅਤੇ ਤੀਸਰੀ ਦਫ਼ਾ ਉਹ 1 ਅਗਸਤ 2017 ਨੂੰ ਮੋਹਾਲੀ ਹਸਪਤਾਲ ਵਿਚ ਪੁੱਜ ਗਏ ਜਿੱਥੇ ਉਹ 6 ਸਤੰਬਰ 2017 ਤੱਕ (37 ਦਿਨ) ਰਹੇ।
          ਵੇਰਵਿਆਂ ਅਨੁਸਾਰ ਪੌਣੇ ਦੋ ਮਹੀਨੇ ਜੇਲ੍ਹ ਵਿਚ ਟਿਕਣ ਮਗਰੋਂ ਉਹ ਮੁੜ 25 ਅਕਤੂਬਰ 2017 ਤੋਂ 3 ਮਾਰਚ 2018 ਤੱਕ (123 ਦਿਨ) ਹਸਪਤਾਲ ਰਹੇ। ਇਸੇ ਤਰ੍ਹਾਂ 17 ਕੁ ਦਿਨ ਜੇਲ੍ਹ ਵਿਚ ਕੱਟਣ ਮਗਰੋਂ ਮੁੜ 21 ਮਾਰਚ 2018 ਤੋਂ 14 ਜੁਲਾਈ 2018 ਤੱਕ (115 ਦਿਨ) ਹਸਪਤਾਲ ਵਿਚ ਭਰਤੀ ਰਹੇ। ਜੇਲ੍ਹ ’ਚ ਹਫ਼ਤੇ ਮਗਰੋਂ ਹੀ ਭੰਗੂ ਦੀ ਤਬੀਅਤ ਵਿਗੜ ਗਈ। ਫਿਰ ਉਹ 21 ਜੁਲਾਈ 2018 ਤੋਂ 24 ਅਕਤੂਬਰ 2018 ਤੱਕ (95 ਦਿਨ) ਪ੍ਰਾਈਵੇਟ ਹਸਪਤਾਲ ਵਿਚ ਇਲਾਜ ’ਤੇ ਰਹੇ। ਹੁਣ ਕਰੀਬ 12 ਦਿਨ ਜੇਲ੍ਹ ਵਿਚ ਰਹਿਣ ਮਗਰੋਂ ਭੰਗੂ 6 ਨਵੰਬਰ 2018 ਨੂੰ ਮੋਹਾਲੀ ਦੇ ਆਈ.ਵੀ.ਆਈ ਹਸਪਤਾਲ ਵਿਚ ਇਲਾਜ ਲਈ ਚਲੇ ਗਏ ਹਨ ਜਿੱਥੇ ਇਲਾਜ ਜਾਰੀ ਹੈ। ਸੂਤਰ ਦੱਸਦੇ ਹਨ ਕਿ ਹਸਪਤਾਲ ਤੋਂ ਕਰੀਬ ਡੇਢ ਕਿੱਲੋਮੀਟਰ ਦੀ ਦੂਰੀ ’ਤੇ ਹੀ ਭੰਗੂ ਦੀ ਮੋਹਾਲੀ ਵਿਚਲੀ ਰਿਹਾਇਸ਼ ਹੈ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਨਿਰਮਲ ਭੰਗੂ ਨੂੰ ਕਿਡਨੀ ਦੀ ਸਮੱਸਿਆ ਅਤੇ ਹਾਈਕੋਰਟ ਦੇ ਹੁਕਮਾਂ ’ਤੇ ਭੰਗੂ ਨੂੰ ਪ੍ਰਾਈਵੇਟ ਹਸਪਤਾਲ ਵਿਚੋਂ ਇਲਾਜ ਦੀ ਪ੍ਰਵਾਨਗੀ ਮਿਲੀ ਹੋਈ ਹੈ। ਉਹ ਸਮੇਂ ਸਮੇਂ ਤੇ ਭੰਗੂ ਦੀ ਬਿਮਾਰੀ ਸਬੰਧੀ ਡਾਕਟਰੀ ਰਿਪੋਰਟਾਂ ਦਾ ਰੀਵਿਊ ਕਰਦੇ ਹਨ ਅਤੇ ਉਸ ਮਗਰੋਂ ਹੀ ਹਸਪਤਾਲ ਭੇਜਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
                         ਸਰਕਾਰ ਦਾ ਹੱਥ ਭੰਗੂ ’ਤੇ ਹੈ : ਬਹਿਮਣ
ਪਰਲਜ਼ ਪੀੜਤਾਂ ਦੀ ਇਨਸਾਫ਼ ਦੀ ਆਵਾਜ਼ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਤੇਜ ਸਿੰਘ ਬਹਿਮਣ ਦਾ ਕਹਿਣਾ ਸੀ ਕਿ ਪੰਜਾਬ ਵਿਚ ਪਰਲਜ਼ ਤੋਂ 25 ਲੱਖ ਲੋਕ ਪੀੜਤ ਹਨ ਜਿਨ੍ਹਾਂ ਦਾ 10 ਹਜ਼ਾਰ ਕਰੋੜ ਪਰਲਜ਼ ਵੱਲ ਫਸਿਆ ਹੋਇਆ ਹੈ। ਨਿਵੇਸ਼ਕ 25 ਨਵੰਬਰ ਨੂੰ ਵੱਡਾ ਪ੍ਰਦਰਸ਼ਨ ਦਿੱਲੀ ਵਿਚ ਕਰ ਰਹੇ ਹਨ ਅਤੇ ਹੁਣ ਭੁੱਖ ਹੜਤਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਯੋਜਨਾਬੱਧ ਤਰੀਕੇ ਨਾਲ ਭੰਗੂ ਨੂੰ ਤਿਹਾੜ ਜੇਲ੍ਹ ਤੋਂ ਬਠਿੰਡਾ ਜੇਲ੍ਹ ਲਿਆਂਦਾ ਗਿਆ ਅਤੇ ਹੁਣ ਸਰਕਾਰੀ ਮਿਹਰ ਨਾਲ ਜੇਲ੍ਹ ਤੋਂ ਹਸਪਤਾਲ ਭੇਜਿਆ ਗਿਆ ਹੈ।

   






Monday, November 19, 2018

                            ਡੂੰਘੇ ਭੇਤ
   ਕੇਂਦਰ ਅਰੂਸਾ ਦੇ ਆਲਮ ਅੱਗੇ ਖਾਮੋਸ਼
                       ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਗ੍ਰਹਿ ਮੰਤਰਾਲੇ ਨੇ ਮਹਿਮਾਨ ਦੋਸਤ ਅਰੂਸਾ ਆਲਮ ਦਾ ਕੋਈ ਭੇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨੀ ਪਰੀ ਅਰੂਸਾ ਆਲਮ ਦੀ ਠਹਿਰ ਦਾ ਪਹਿਲਾਂ ਹੀ ਗੁੱਝਾ ਭੇਤ ਬਣਿਆ ਹੋਇਆ ਹੈ। ਉੱਪਰੋਂ ਕੇਂਦਰ ਸਰਕਾਰ ਵੀ ਇਸ ਮਾਮਲੇ ਦੀ ਭਾਫ਼ ਨਹੀਂ ਕੱਢਣਾ ਚਾਹੁੰਦੀ। ਰੌਲਾ ਰੱਪਾ ਪਿਆ ਸੀ ਕਿ ਇੱਕ ਮਹਿਲਾ ਕੇਂਦਰੀ ਮੰਤਰੀ ਨੇ ਅਰੂਸਾ ਆਲਮ ਦੇ ਵੀਜੇ ਦੀ ਮਿਆਦ ਵਧਾਏ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਜਦੋਂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਸੀ ਤਾਂ ਉਨ੍ਹਾਂ ਇੱਕ ਕੇਂਦਰੀ ਮੰਤਰੀ ਨੂੰ ਇਸ ਮਾਮਲੇ ’ਤੇ ਸਫ਼ਾਈ ਦੇਣ ਲਈ ਵੀ ਜਨਤਿਕ ਤੌਰ ’ਤੇ ਆਖਿਆ ਸੀ। ਵਿਰੋਧੀ ਆਖਦੇ ਹਨ ਕਿ ਅਰੂਸਾ ਆਲਮ ਚੰਡੀਗੜ੍ਹ ਠਹਿਰਦੀ ਹੈ ਪਰ ਠਹਿਰ ਦਾ ਕਿਸੇ ਨੂੰ ਕੋਈ ਇਲਮ ਨਹੀਂ। ਪੰਜਾਬੀ ਟ੍ਰਿਬਿਊਨ ਦੇ ਇਸ ਪੱਤਰਕਾਰ ਤਰਫ਼ੋਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ 12 ਸਤੰਬਰ ਨੂੰ ਆਨ ਲਾਈਨ ਆਰ.ਟੀ.ਆਈ ਦਰਖਾਸਤ ਅਪਲਾਈ ਕੀਤੀ ਗਈ ਸੀ ਜਿਸ ਤਹਿਤ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਉਨ੍ਹਾਂ ਸਿਫ਼ਾਰਸ਼ੀ ਪੱਤਰਾਂ ਦੀ ਫ਼ੋਟੋ ਕਾਪੀ ਮੰਗੀ ਗਈ ਸੀ ਜੋ ਪਾਕਿਸਤਾਨੀ ਮਹਿਲਾ ਨਾਗਰਿਕਾਂ ਦੇ ਵੀਜੇ ਦੀ ਮਿਆਦ ਵਿਚ ਵਾਧੇ ਲਈ ਕੇਂਦਰੀ ਵਜ਼ੀਰਾਂ ਵੱਲੋਂ ਲਿਖੇ ਗਏ ਸਨ।
                 ਕੇਂਦਰੀ ਵਿਦੇਸ਼ ਮੰਤਰਾਲੇ ਨੇ 20 ਸਤੰਬਰ ਨੂੰ ਇਹ ਐਪਲੀਕੇਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਦੀ ਵਿਦੇਸ਼ ਬਰਾਂਚ (ਪਾਕਿ ਸੈੱਲ) ਨੂੰ ਤਬਦੀਲ ਕਰ ਦਿੱਤੀ ਸੀ। ਉਸ ਮਗਰੋਂ ਕਾਫ਼ੀ ਸਮਾਂ ਮੰਤਰਾਲੇ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਰੱਖੀ ਅਤੇ ਹੁਣ 3 ਨਵੰਬਰ ਨੂੰ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇੰਟੈਲੀਜੈਂਸ ਬਿਊਰੋ ਨੇ 3 ਨਵੰਬਰ ਨੂੰ ਭੇਜੇ ਪੱਤਰ ਵਿਚ ਆਖਿਆ ਕਿ ਬਿਊਰੋ ਆਫ਼ ਇਮੀਗਰੇਸ਼ਨ ਅਤੇ ਇੰਟੈਲੀਜੈਂਸ ਬਿਊਰੋ ਨੂੰ ਆਰ.ਟੀ.ਆਈ ਐਕਟ ਤੋਂ ਛੋਟ ਮਿਲੀ ਹੋਈ ਹੈ। ਜੁਆਇੰਟ ਡਿਪਟੀ ਡਾਇਰੈਕਟਰ ਨੇ ਪੱਤਰ ਭੇਜ ਕੇ ਅਸਿੱਧੇ ਤਰੀਕੇ ਨਾਲ ਕੋਈ ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਰਟੀਆਈ ਤਹਿਤ ਪਾਕਿਸਤਾਨੀ ਮਹਿਮਾਨਾਂ ਦੀ ਪਹਿਲੀ ਜਨਵਰੀ 2016 ਤੋਂ ਹੁਣ ਤੱਕ ਦੀ ਠਹਿਰ ਬਾਰੇ ਪੁੱਛਿਆ ਗਿਆ ਸੀ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਸੂਚਨਾ ਦੇਣ ਤੋਂ ਪਾਸਾ ਵੱਟ ਲਿਆ ਸੀ।
                ਇਵੇਂ ਹੀ ਯੂ.ਟੀ ਚੰਡੀਗੜ੍ਹ ਦੇ ਐਸ.ਐਸ.ਪੀ ਨੂੰ ਪਾਕਿਸਤਾਨੀ ਮਹਿਲਾਵਾਂ ਦੀ ਲੰਘੇ ਦੋ ਵਰ੍ਹਿਆਂ ਦੀ ਠਹਿਰ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਆਰ.ਟੀ.ਆਈ ਦੀ ਦਰਖਾਸਤ ਡੀ.ਐਸ.ਪੀ (ਸੀ.ਆਈ.ਡੀ), ਡੀ.ਐਸ.ਪੀ ਸਕਿਉਰਿਟੀ ਵਿੰਗ ਤੇ ਡੀ.ਐੱਸ.ਪੀ ਹੈੱਡਕੁਆਟਰ ਕੋਲ ਭੇਜ ਦਿੱਤੀ ਸੀ। ਡੀ.ਐੱਸ.ਪੀ (ਸੀਆਈਡੀ) ਯੂ.ਟੀ ਚੰਡੀਗੜ੍ਹ ਨੇ ਵੀ 21 ਫਰਵਰੀ ਨੂੰ ਪੱਤਰ ਨੰਬਰ 201 ਤਹਿਤ ਪਾਕਿਸਤਾਨੀ ਮਹਿਲਾਵਾਂ ਦੀ ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਅਰੂਸਾ ਆਲਮ ਨੇ 26 ਦਸੰਬਰ 2007 ਨੂੰ ਚੰਡੀਗੜ੍ਹ ਵਿਚ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਸੀ। ਵਿਰੋਧੀ ਆਗੂ ਹਮੇਸ਼ਾ ਹੀ ਅਰੂਸਾ ਆਲਮ ਦੇ ਬਹਾਨੇ ਹਾਕਮ ਧਿਰ ਨੂੰ ਨਿਸ਼ਾਨੇ ਤੇ ਰੱਖਦੇ ਹਨ। ਪੰਜਾਬ ਦੇ ਆਮ ਲੋਕਾਂ ਦੀ ਸਿਰਫ਼ ਏਨੀ ਕੁ ਰੁਚੀ ਹੈ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਅਰੂਸਾ ਆਲਮ ਆਖ਼ਰ ਕਿਥੇ ਠਹਿਰਦੀ ਹੈ। ਵਿਰੋਧੀਆਂ ਵੱਲੋਂ ਲਗਾਏ ਜਾਂਦੇ ਇਲਜ਼ਾਮਾਂ ਵਿਚ ਕਿੰਨਾ ਕੁ ਸੱਚ ਹੈ। ਇਸ ਗੱਲੋਂ ਹੈਰਾਨ ਵੀ ਹਨ ਕਿ ਇਸ ਦਾ ਭੇਤ ਕਿਉਂ ਰੱਖਿਆ ਜਾ ਰਿਹਾ ਹੈ।


 






Sunday, November 18, 2018

                                                           ਵਿਚਲੀ ਗੱਲ
               ‘ਚੌਕੀਦਾਰ’ ਵਾਲਾ ਜਿਗਰਾ ਕਿਥੋਂ ਲਿਆਊ ਤਰਸੇਮ ਚਾਹ ਵਾਲਾ...?
                                                          ਚਰਨਜੀਤ ਭੁੱਲਰ
ਬਠਿੰਡਾ : ‘ਚਾਹ ਵਾਲੇ’ ਤਰਸੇਮ ਦਾ ਏਡਾ ਜਿਗਰਾ ਨਹੀਂ। ਜੇਡਾ ਦੇਸ਼ ਦੇ ਚੌਕੀਦਾਰ ਹੈ। ਹੱਕ ਦੀ ਰੋਟੀ ਖਾਣ ਦੀ ਸਮਝ ਤਰਸੇਮ ਨੂੰ ਜ਼ਰੂਰ ਹੈ। ਧੰਨ ਹੈ ਉਹ ‘ਚਾਹ ਵਾਲਾ’, ਰਾਫੇਲ ਡੀਲ ਦਾ ਰੌਲਾ ਜੋ ਅੱਖ ਦੇ ਫੋਰੇ ਨਾਲ ਝੱਲ ਗਿਆ। ਇੱਧਰ, ਗਿੱਦੜਬਾਹੇ ਦਾ ‘ਚਾਹ ਵਾਲਾ’ ਤਰਸੇਮ ਹਸਪਤਾਲ ਲਿਜਾਣਾ ਪਿਆ। ਹਾਸੇ ਠੱਠੇ ’ਚ ਕਿਸੇ ਨੇ ਆਖ ਦਿੱਤਾ। ‘ਛੱਡ ਚਾਹ ਵੇਚਣੀ, ਤੂੰ ਕਿਸੇ ‘ਚਾਹ ਵਾਲੇ’ ਨਾਲੋਂ ਘੱਟ ਹੈ, ਡੇਢ ਕਰੋੜ ਦੀ ਲਾਟਰੀ ਜੋ ਤੇਰੀ ਨਿਕਲ ਆਈ’। ਡੇਢ ਕਰੋੜ ਵਾਲੀ ਗੱਲ ਨਾ ਝੱਲ ਸਕਿਆ। ਨਾ ਟਿਕਟ ਖ਼ਰੀਦੀ ਤੇ ਨਾ ਲਾਟਰੀ ਪਾਈ, ਐਵੇਂ ਬਲੱਡ ਪ੍ਰੈਸ਼ਰ ਵਧਾ ਬੈਠਾ। ਹਸਪਤਾਲੋਂ ਦਵਾਈ ਲੈਣੀ ਪਈ। ਕਿਰਤੀ ਬੰਦੇ ਨੂੰ ਕਦੇ ਹਜ਼ਾਰਾਂ ਦੇ ਸੁਪਨੇ ਨਹੀਂ ਆਉਂਦੇ। ਕਰੋੜਾਂ ਦੀ ਗੱਲ ਝੱਲਣੀ ਕਿਤੇ ਸੌਖੀ ਹੈ। ਪੰਜਾਬੀ ਫ਼ਿਲਮ ਦਾ ਡਾਇਲਾਗ ਹੈ ‘ਛੋਟੇ ਲੋਕ, ਛੋਟੀ ਸੋਚ’। ਜੋ ਮੁਲਕ ਨੂੰ ਉਂਗਲਾਂ ’ਤੇ ਨਚਾਉਂਦੇ ਨੇ, ਉਨ੍ਹਾਂ ਨੂੰ ਦੇਖ ਕੇ ਤਰਸੇਮ ਸੋਚਦਾ ਹੋਵੇਗਾ, ‘ਅਸੀਂ ਛੋਟੇ ਹੀ ਚੰਗੇ, ਚਾਹ ਵਾਲੇ ਫੱਟੇ ’ਤੇ ਬਿਠਾ ਕੇ ਲੋਕਾਂ ਨੂੰ ਜੋੜਦੇ ਹੀ ਹਾਂ, ਤੋੜਦੇ ਤਾਂ ਨਹੀਂ।’ ਗੱਲ ’ਤੇ ਆਈਏ, ਬਠਿੰਡਾ ਦੇ ਗੁਲਾਬਗੜ੍ਹ ਦੀ ਸਕੂਲੀ ਬੱਚੀ ਨੂੰ ਡੇਢ ਕਰੋੜ ਦਾ ਦੀਵਾਲੀ ਬੰਪਰ ਨਿਕਲਿਆ। ਪੂਰਾ ਟੱਬਰ ਦਿਨ ਭਰ ਰੋਟੀ ਪਾਣੀ ਖਾਣਾ ਹੀ ਭੁੱਲ ਗਿਆ। ਗ਼ਰੀਬ ਆਦਮੀ ਦਾ ਏਨਾ ਮਾਜਨਾ ਕਿਥੇ।
                   ਕੱੁਝ ਵਰੇ੍ਹ ਪਹਿਲਾਂ ਅਬੋਹਰ ਦੇ ਇੱਕ ਪਿੰਡ ਦੇ ਮਜ਼ਦੂਰ ਦੀ ਲਾਟਰੀ ਨਿਕਲੀ। ਲਾਟਰੀ ਬਾਰੇ ਦੱਸਣ ਤੋਂ ਪਹਿਲਾਂ ਉਸ ਮਜ਼ਦੂਰ ਦੇ ਪਹਿਲਾਂ ਡਾਕਟਰ ਤੋਂ ਇੰਜੈੱਕਸ਼ਨ ਲਗਾਏ ਗਏ। ਕੀ ਪਤਾ, ਏਡੀ ਵੱਡੀ ਲਾਟਰੀ ਦਿਲ ਹੀ ਫ਼ੇਲ੍ਹ ਨਾ ਕਰ ਦੇਵੇ। ਕਦੇ ਲੋਹੜੀ ਬੰਪਰ, ਕਦੇ ਦੀਵਾਲੀ ਬੰਪਰ ਤੇ ਕਦੇ ਰਾਖੀ ਬੰਪਰ। ਪੰਜਾਬ ਸਰਕਾਰ ਦੇ ਇਹ ਬੰਪਰ ਆਮ ਲੋਕਾਂ ਲਈ ਹਨ। ਨੇਤਾ ਲੋਕਾਂ ਲਈ ਤਾਂ ‘ਸਦਾ ਦੀਵਾਲੀ ਸਾਧ ਦੀ’ ਵਾਲੀ ਗੱਲ ਐ। ਕਈ ਵਰੇ੍ਹ ਪਹਿਲਾਂ ਲੁਧਿਆਣਾ ਦੇ ਚੌਂਕ ’ਚ ਕਰੋੜ ਦੇ ਲਾਟਰੀ ਵਿਜੇਤਾ ਗ਼ਰੀਬ ਬੰਦੇ ਨੂੰ ਲੋਕਾਂ ਨੇ ਘੇਰਾ ਪਾ ਲਿਆ। ਪੁਲੀਸ ਛੁਡਵਾ ਕੇ ਲੈ ਕੇ ਗਈ ਕਿਤੇ ਉਸ ਦੀ ਕੋਈ ਟਿਕਟ ਹੀ ਨਾ ਖੋਹ ਲਵੇ। ਪੂਰੀ ਰਾਤ ਥਾਣੇ ਵਿਚ ਰੱਖਿਆ। ਲਾਟਰੀ ਮਹਿਕਮੇ ਦੇ ਡਾਇਰੈਕਟਰ ਨੇ ਰਾਤ ਨੂੰ ਬੈਂਕ ਖੁਲ੍ਹਵਾ ਕੇ ਉਸ ਦਾ ਟਿਕਟ ਜਮ੍ਹਾ ਕਰਾਇਆ। ਬਠਿੰਡਾ ਦੇ ਇੱਕ ਕੁੱਲੀ ਦੀ 50 ਲੱਖ ਦੀ ਲਾਟਰੀ ਨਿਕਲੀ। ਉਸ ਨੂੰ ਲਾਟਰੀ ਵਿਕਰੇਤਾ ਪਹਿਲਾਂ ਟੈਕਸੀ ਵਿਚ ਲੈ ਕੇ ਗਏ। ਉਸ ਦੇ ਸਿਹਤ ਬਾਰੇ ਪੁੱਛਗਿੱਛ ਕੀਤੀ। ਫਿਰ ਦੱਸਿਆ ਕਿ ਤੇਰੀ ਲਾਟਰੀ ਨਿਕਲੀ ਹੈ। ਲੁਧਿਆਣਾ ਦੇ ਥੋਕ ਲਾਟਰੀ ਵਿਕਰੇਤਾ ਰੂਪ ਸਿੰਘ ਦੱਸਦਾ ਹੈ ਕਿ ਦਿੱਲੀ ਦੇ ਇੱਕ ਲਲਾਰੀ ਨੂੰ ਦੀਵਾਲੀ ਬੰਪਰ ਨਿਕਲਿਆ। ਪਹਿਲਾਂ ਲਲਾਰੀ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਕਿ ਮੀਆਂ ਨੂੰ ਕੋਈ ਦਿਲ ਦੀ ਬਿਮਾਰੀ ਤਾਂ ਨਹੀਂ।
           ਲਾਟਰੀ ਬੰਪਰ ਤਾਂ ਜਲੰਧਰ ’ਚ ਕੇਲਿਆਂ ਦੀ ਰੇਹੜੀ ਵਾਲੇ ਨੂੰ ਵੀ ਨਿਕਲਿਆ ਸੀ। ਇਵੇਂ ਅੰਮ੍ਰਿਤਸਰ ਦੇ ਦੋ ਜਣਿਆ ਨੇ ਸਾਂਝੀ ਟਿਕਟ ਖ਼ਰੀਦੀ। ਡੇਢ ਕਰੋੜ ਦੀ ਲਾਟਰੀ ਨਿਕਲ ਆਈ। ਦੋਵਾਂ ਵਿਚ ਰੌਲਾ ਪੈ ਗਿਆ। ਦੱਸਦੇ ਹਨ ਕਿ ਇਹ ਡੇਢ ਕਰੋੜ ਹਾਲੇ ਤੱਕ ਕਲੇਮ ਨਹੀਂ ਹੋਇਆ ਹੈ। ਇਹ ਬੰਪਰ ਕਈ ਘਰਾਂ ਦੀ ਤਕਦੀਰ ਬਦਲ ਚੁੱਕੇ ਹਨ। ਬੰਪਰ ਜਿੱਤਣ ਵਾਲੇ ਵੀ ਸੋਚਦੇ ਹੋਣਗੇ, ਅੰਬਾਨੀ ਅਡਾਨੀ ਧੰਨ ਨੇ, ਜਿਨ੍ਹਾਂ ਦੀ ਨਿੱਤ ਲਾਟਰੀ ਲੱਗਦੀ ਹੈ। ਜਦੋਂ ਚੌਕੀਦਾਰ ਆਪਣਾ ਹੋਵੇ ਤਾਂ ਫਿਰ ਡਰ ਕਾਹਦਾ। ਜਦੋਂ ਯੂ.ਪੀ.ਏ ਸਰਕਾਰ ਸੀ, ਡਰ ਤਾਂ ਉਦੋਂ ਵੀ ਨੇੜੇ ਨਹੀਂ ਢੁੱਕਿਆ ਸੀ, ਤਾਹੀਓਂ ਤਾਂ ਨਿੱਤ ਘੁਟਾਲਿਆਂ ਦਾ ਢੋਲ ਖੜਕਦਾ ਰਹਿੰਦਾ ਸੀ। ਸੰਗਰੂਰ ਜ਼ਿਲ੍ਹੇ ਦੇ ਇੱਕ ਜੋਤਸ਼ੀ ਦੀ ਜਦੋਂ ਪਿਛਲੇ ਦਿਨੀਂ ਆਮਦਨ ਕਰ ਮਹਿਕਮੇ ਨੇ ਕੁੰਡਲੀ ਫਰੋਲੀ ਤਾਂ ਵਾਹਵਾ ਕੱੁਝ ਨਿਕਲ ਆਇਆ। ਜੋਤਸ਼ ਦਾ ਕਾਰੋਬਾਰ ਵੀ ਲਾਟਰੀ ਨਾਲੋਂ ਘੱਟ ਨਹੀਂ ਹੈ। ਹੈ ਤਾਂ ਦੋਵੇਂ ਕਿਸਮਤ ਵਾਦੀ ਵਰਤਾਰੇ ਹੀ। ਲਾਟਰੀ ਬੰਪਰ ਜਿੱਤਣ ਵਾਲਿਆਂ ਦਾ ਚਾਰੇ ਪਾਸੇ ਰੌਲਾ ਪੈ ਜਾਂਦਾ ਹੈ, ਜੋ ਨਿੱਤ ਦੇ ਸ਼ਿਕਾਰੀ ਸਰਕਾਰੀ ਖ਼ਜ਼ਾਨੇ ਨੂੰ ਸੰਨ ਲਾਉਂਦੇ ਹਨ, ਉਨ੍ਹਾਂ ਦੀ ਭਾਫ਼ ਨਹੀਂ ਨਿਕਲਦੀ।
                  ਖ਼ੈਰ, ਗੱਲ ਤੇ ਮੁੜੀਏ, ਬੰਪਰ ਕਿਸੇ ਦਾ ਵੀ ਨਿਕਲੇ, ਆਖ਼ਰ ਜਿੱਤ ਲਾਟਰੀ ਮਹਿਕਮੇ ਦੀ ਹੁੰਦੀ ਹੈ। ਫਿਰ ਵੀ ਲਾਟਰੀ ਮਹਿਕਮਾ ਠੱਗੀ ਮਾਰਨ ਤੋਂ ਪਿੱਛੇ ਨਹੀਂ ਹਟਦਾ। ਸਰਕਾਰੀ ਤੱਥ ਹਨ ਕਿ ਲੰਘੇ ਪੰਜ ਵਰ੍ਹਿਆਂ ਵਿਚ 16.43 ਕਰੋੜ ਦੀ ਲੱਛਮੀ ਨੇ ਟਿਕਟਾਂ ਖ਼ਰੀਦਣ ਵਾਲਿਆਂ ਦੇ ਛੱਪਰ ਨਹੀਂ ਪਾੜੇ। 408 ਬੰਪਰਾਂ ਦਾ ਇਹ ਇਨਾਮ ਅਣਵਿਕੀਆਂ ਟਿਕਟਾਂ ਚੋਂ ਨਿਕਲਿਆ ਜਿਸ ਕਰਕੇ ਖ਼ਰੀਦਦਾਰਾਂ ਦੇ ਹੱਥ ਖ਼ਾਲੀ ਰਹੇ। ਪਿਛਲੇ ਵਰੇ੍ਹ 4.30 ਕਰੋੜ ਅਤੇ ਉਸ ਤੋਂ ਪਹਿਲਾਂ ਸਾਲ 2016 ਵਿਚ 4.28 ਕਰੋੜ ਦੇ ਇਨਾਮ ਅਣਵਿਕੀਆਂ ਟਿਕਟਾਂ ਚੋਂ ਨਿਕਲੇ ਜਿਨ੍ਹਾਂ ਦਾ ਹੱਕ ਖ਼ਰੀਦਦਾਰਾਂ ਨੂੰ ਮਿਲਣਾ ਚਾਹੀਦਾ ਸੀ। ਦੇਖਿਆ ਜਾਵੇ ਤਾਂ ਇੱਥੇ ਹੱਕ ਦੀ ਖਾਣ ਵਾਲੇ ਨੂੰ ਕੌਣ ਪੁੱਛਦਾ ਹੈ। ਤਾਹੀਓਂ ਤਾਂ ਤਰਸੇਮ ਪ੍ਰੇਸ਼ਾਨ ਹੈ।
                                            ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ
ਬਠਿੰਡਾ (ਸੁਖਜੀਤ ਮਾਨ) :  ਪੰਜਾਬ ਸਰਕਾਰ ਦੀ ਤੰਦਰੁਸਤ ਮੁਹਿੰਮ ਦੇ ਨਿਯਮ ਬਿਮਾਰ ਹਨ ਜਿਨ੍ਹਾਂ ’ਤੇ ‘ਤੰਦਰੁਸਤੀ’ ਦਾ ਲੇਪ ਜ਼ਰੂਰ ਚਾੜ੍ਹਿਆ ਗਿਆ ਹੈ ਪਰ ਸਫਲਤਾ ਗੋਡਿਆ ਭਾਰ ਪਈ ਹੈ। ਖੇਡ ਵਿਭਾਗ ਦੀਆਂ ਖੇਡਾਂ ਨੇ ਤਾਂ ਪ੍ਰਬੰਧਕਾਂ ਨੂੰ ਦਮੋਂ ਕੱਢ ਰੱਖਿਆ ਹੈ ਜੋ ਖ਼ਾਲੀ ਖੀਸੇ ਖੇਡ ਮੁਕਾਬਲੇ ਨੇਪਰੇ ਚਾੜ੍ਹਨ ਲਈ ਜੱਦੋ-ਜ਼ਹਿਦ ਕਰ ਰਹੇ ਹਨ। ਖੇਡ ਕਿੱਟਾਂ ਤੋਂ ਸੱਖਣੇ ਵੱਡੀ ਗਿਣਤੀ ਖਿਡਾਰੀ ਟਰੈਕ ਸੂਟਾਂ ਦੀ ਥਾਂ ਸਕੂਲੀ ਵਰਦੀਆਂ ਤੇ ਚੱਪਲਾਂ ਪਾ ਕੇ ਹੀ ਉਦਘਾਟਨੀ ਸਮਾਰੋਹ ਦੀ ਪਰੇਡ ’ਚ ਸ਼ਾਮਿਲ ਹੁੰਦੇ ਆਮ ਵੇਖੇ ਜਾ ਸਕਦੇ ਹਨ। ਖੇਡ ਅਧਿਕਾਰੀ ਆਖਦੇ ਨੇ ਕਿ ‘‘ਤੁਸੀਂ ਖਿਡਾਰੀਆਂ ਦੇ ਪੈਰੀਂ ਪਾਈ ਚੱਪਲਾਂ ਨਾ ਵੇਖੋ ਉਨ੍ਹਾਂ ਦੀ ਦੌੜ ਵੇਖਿਓ ਕਿਵੇਂ ਹਵਾ ਨੂੰ ਗੰਢਾਂ ਦਿੰਦੇ ਨੇ’’।



Saturday, November 17, 2018

                     ਘਰ ਘਰ ਨੌਕਰੀ..
 ਮਨਪ੍ਰੀਤ ਦੇ ਖ਼ਜ਼ਾਨੇ ਦਾ ਹੀਰਾ ਚਮਕਿਆ
                       ਚਰਨਜੀਤ ਭੁੱਲਰ
ਬਠਿੰਡਾ : ਕੈਬਿਨਟ ਮੰਤਰੀ ਮਨਪ੍ਰੀਤ ਬਾਦਲ ਦੇ ਖ਼ਜ਼ਾਨੇ ਦਾ ਹੀਰਾ ਹੁਣ ਤਕਨੀਕੀ ’ਵਰਸਿਟੀ ਦੇ ਤਾਜ ਵਿਚ ਸਜ ਗਿਆ ਹੈ। ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਮੀਡੀਆ ਕੋਆਰਡੀਨੇਟਰ ਹਰਜੋਤ ਸਿੰਘ ਸਿੱਧੂ ਨੂੰ ਡਾਇਰੈਕਟਰ (ਟਰੇਨਿੰਗ ਐਂਡ ਪਲੇਸਮੈਂਟ) ਵਜੋਂ ਭਰਤੀ ਕਰ ਲਿਆ ਹੈ। ਹੁਣ ਯੂਨੀਵਰਸਿਟੀ ਦੇ ਖ਼ਜ਼ਾਨੇ ਚੋਂ ਇਸ ਨਵੇਂ ਡਾਇਰੈਕਟਰ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਵਰਸਿਟੀ ਦਾ ਤਰਕ ਹੈ ਕਿ ਡਾਇਰੈਕਟਰ ਦੇ ਅਹੁਦੇ ਲਈ ਉਮੀਦਵਾਰਾਂ ਚੋਂ ਸਭ ਤੋਂ ਯੋਗ ਹਰਜੋਤ ਸਿੰਘ ਹੀ ਸੀ। ਨਵੇਂ ਡਾਇਰੈਕਟਰ ਨੇ ਬੀਤੇ ਕੱਲ੍ਹ ਆਪਣਾ ਅਹੁਦਾ ਸੰਭਾਲ ਲਿਆ ਹੈ। ਵੇਰਵਿਆਂ ਅਨੁਸਾਰ ਬਠਿੰਡਾ ਦੇ ਪਿੰਡ ਸੰਗਤ ਕਲਾਂ ਦੇ ਹਰਜੋਤ ਸਿੰਘ ਸਿੱਧੂ ਨੇ ਆਪਣਾ ਸਿਆਸੀ ਜੀਵਨ ਸਾਲ 2010 ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਸ਼ੁਰੂ ਕੀਤਾ। ਉਹ 23 ਵਰ੍ਹਿਆਂ ਦੀ ਉਮਰ ਵਿਚ ਸਭ ਤੋਂ ਛੋਟੀ ਉਮਰ ਦਾ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਬਣਿਆ ਸੀ। ਮਨਪ੍ਰੀਤ ਬਾਦਲ ਨੇ ਖ਼ਜ਼ਾਨਾ ਮੰਤਰੀ ਬਣਨ ਮਗਰੋਂ ਹਰਜੋਤ ਸਿੱਧੂ ਨੂੰ 24 ਜੁਲਾਈ 2017 ਨੂੰ ਆਪਣਾ ਮੀਡੀਆ ਕੋਆਰਡੀਨੇਟਰ ਨਿਯੁਕਤ ਕਰ ਲਿਆ। ਉਨ੍ਹਾਂ ਨੇ ਬਤੌਰ ਮੀਡੀਆ ਕੋਆਰਡੀਨੇਟਰ ਕਰੀਬ ਸਵਾ ਸਾਲ ਕੰਮ ਕੀਤਾ ਅਤੇ ਉਹ ਖ਼ਜ਼ਾਨਾ ਮੰਤਰੀ ਦੇ ਨੇੜਲਿਆਂ ਚੋਂ ਸਨ। ਮੀਡੀਆ ਕੋਆਰਡੀਨੇਟਰ ਬਣਨ ਤੋਂ ਪਹਿਲਾਂ ਉਹ ਇੱਕ ਹੋਰ ਪ੍ਰਾਈਵੇਟ ਯੂਨੀਵਰਸਿਟੀ ਵਿਚ ਸਹਾਇਕ ਡਾਇਰੈਕਟਰ (ਮਾਰਕੀਟਿੰਗ ਐਂਡ ਐਡਮਿਸ਼ਨ) ਦੇ ਅਹੁਦੇ ਤੇ ਵੀ ਰਹੇ। ਉਨ੍ਹਾਂ ਦੀ ਯੋਗਤਾ ਐਮ.ਟੈੱਕ ਹੈ।
                    ਭਾਵੇਂ ਉਨ੍ਹਾਂ ਦੀ ਨਿਯੁਕਤੀ ਲਈ ਢੁਕਵੀਂ ਪ੍ਰਕਿਰਿਆ ਅਖ਼ਤਿਆਰ ਕੀਤੀ ਗਈ ਪੰ੍ਰਤੂ ਸਿਆਸੀ ਤੌਰ ’ਤੇ ਹਕੂਮਤ ਨਾਲ ਜੁੜੇ ਹੋਣ ਕਰਕੇਂ ਉਨ੍ਹਾਂ ਦੀ ਨਿਯੁਕਤੀ ’ਤੇ ਉਂਗਲ ਉੱਠੀ ਹੈ। ਯੂਨੀਵਰਸਿਟੀ ਨੇ ਡਾਇਰੈਕਟਰ (ਟਰੇਨਿੰਗ ਐਂਡ ਪਲੇਸਮੈਂਟ) ਦੀ ਅਸਾਮੀ ਲਈ 24 ਜੁਲਾਈ 2018 ਨੂੰ ਇੰਟਰਵਿਊ ਲਈ ਸੀ। ਵਰਸਿਟੀ ਨੇ 28 ਅਗਸਤ ਨੂੰ ਕੋਈ ਢੁਕਵਾਂ ਉਮੀਦਵਾਰ ਨਾ ਮਿਲਣ ਦਾ ਨੋਟਿਸ ਜਨਤਿਕ ਕੀਤਾ। ਦੁਬਾਰਾ 31 ਅਗਸਤ ਨੂੰ ਇਸ ਅਸਾਮੀ ਦਿੱਤੇ ਇਸ਼ਤਿਹਾਰ ਵਿਚ ਇਸ ਅਸਾਮੀ ਨੂੰ ਕੰਨਟਰੈਕਟ ਤੇ ਭਰਨ ਲਈ 60 ਫ਼ੀਸਦੀ ਅੰਕਾਂ ਨਾਲ ਐਮ.ਟੈੱਕ/ਐਮ.ਬੀ.ਏ ਅਤੇ ਪੰਜ ਸਾਲ ਦਾ ਤਜਰਬਾ ਮੰਗਿਆ। ਅਸਾਮੀ ਤਿੰਨ ਵਰ੍ਹਿਆਂ ਲਈ ਹੈ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਦੋ ਸਾਲ ਹੋਰ ਵਧਾਈ ਜਾ ਸਕਦੀ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ’ਵਰਸਿਟੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ’ਤੇ 13 ਨਵੰਬਰ ਦੇ ਸ਼ੱੁਭ ਦਿਹਾੜੇ ਵਾਲੇ ਦਿਨ ਇਸ ਅਸਾਮੀ ਲਈ ਇੰਟਰਵਿਊ ਰੱਖੀ ਜੋ ਕਿ ਤਕਨੀਕੀ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਅਸਾਮੀ ਲਈ ਕਰੀਬ ਪੰਜ ਛੇ ਉਮੀਦਵਾਰ ਹੋਰ ਸਨ ਜੋ ਸਭ ਯੋਗਤਾ ਪੂਰੀ ਕਰਦੇ ਸਨ ਪ੍ਰੰਤੂ ਇੰਟਰਵਿਊ ਦੇ ਅੰਕ ਨਿਰਧਾਰਿਤ ਕੀਤੇ ਹੋਣ ਕਰਕੇ ਇਸ ਅਸਾਮੀ ਲਈ ਬਾਕੀ ਉਮੀਦਵਾਰ ਪਛੜ ਗਏ।
                   ਸੂਤਰ ਆਖਦੇ ਹਨ ਕਿ ਪਹਿਲਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਲਾਟਰੀ ਲੱਗੀ ਸੀ ਅਤੇ ਹੁਣ ‘ਘਰ ਘਰ ਰੁਜ਼ਗਾਰ’ ਦਾ ਲਾਹਾ ਵਜ਼ੀਰਾਂ ਦੇ ਨੇੜਲਿਆਂ ਨੂੰ ਮਿਲਣ ਲੱਗਾ ਹੈ। ਪੱਖ ਜਾਣਨ ਲਈ ਹਰਜੋਤ ਸਿੱਧੂ ਨੂੰ ਫ਼ੋਨ ਕੀਤਾ ਜੋ ਉਨ੍ਹਾਂ ਚੱੁਕਿਆ ਨਹੀਂ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੋਹਨ ਪਾਲ ਸਿੰਘ ਈਸ਼ਰ ਦਾ ਪੱਖ ਸੀ ਕਿ ’ਵਰਸਿਟੀ ਨੇ ਡਾਇਰੈਕਟਰ ਦੇ ਅਹੁਦੇ ਲਈ ਦੋ ਦਫ਼ਾ ਪਹਿਲਾਂ ਇੰਟਰਵਿਊ ਕੀਤੀ ਪ੍ਰੰਤੂ ਕੋਈ ਢੁਕਵਾਂ ਉਮੀਦਵਾਰ ਨਾ ਲੱਭਾ ਜਿਸ ਕਰਕੇ ਹੁਣ ਤੀਸਰੀ ਦਫ਼ਾ ਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੇ ਵਾਈਸ ਚੇਅਰਮੈਨ ਦੀ ਅਗਵਾਈ ਵਿਚ ਇੰਟਰਵਿਊ ਕੀਤੀ ਗਈ ਜਿਸ ਵਿਚ ਵਿਸ਼ਾ ਮਾਹਿਰ ਵੀ ਸਨ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੇ ਅੰਕ ਰੱਖੇ ਗਏ ਸਨ ਅਤੇ ਸਭ ਤੋਂ ਢੁਕਵੇਂ ਤੇ ਯੋਗ ਉਮੀਦਵਾਰ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਕੱੁਝ ਵੀ ਗ਼ਲਤ ਨਹੀਂ। ਬਾਕੀ ਸਭ  ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
                        ਫ਼ੌਰੀ ਨਿਯੁਕਤੀ ਰੱਦ ਹੋਵੇ : ਚੀਮਾ
ਵਿਰੋਧੀ ਧਿਰ ਦੇ ਨੇਤਾ ਸ੍ਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਰਕਾਰ ਨੌਕਰੀ ਮੇਲੇ ਲਗਾ ਕੇ ਪੰਜਾਬ ਦੇ ਮੁੰਡਿਆਂ ਨੂੰ ਤਾਂ ਅੱਠ ਅੱਠ ਰੁਪਏ ਦੀ ਮਾਮੂਲੀ ਤਨਖ਼ਾਹ ਤੇ ਦੂਸਰੇ ਸੂਬਿਆਂ ਵਿਚ ਧੱਕ ਰਹੀ ਹੈ ਜਦੋਂ ਕਿ ਨੇੜਲੇ ਸਿਆਸੀ ਲੋਕਾਂ ਨੂੰ ਚੰਗੀਆਂ ਅਸਾਮੀਆਂ ’ਤੇ ਨਿਵਾਜ ਰਹੀ ਹੈ। ਉਨ੍ਹਾਂ ਆਖਿਆ ਕਿ ’ਵਰਸਿਟੀ ਦੇ ਡਾਇਰੈਕਟਰ ਦੇ ਅਹੁਦੇ ਦੀ ਨਿਯੁਕਤੀ ਫ਼ੌਰੀ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਿੱਧੇ ਤੌਰ ’ਤੇ ਵਜ਼ੀਰ ਦੇ ਨੇੜਲੇ ਨੂੰ ਲਾਹਾ ਦਿੱਤਾ ਗਿਆ ਹੈ।

Wednesday, November 14, 2018

                                                       ਮੁਕੱਦਰ ਦੇ ਸਿਕੰਦਰ 
                                ਜ਼ਿੰਦਗੀ ਨੇ ਭਰੀ ਪਰਵਾਜ਼, ਦਿਸਹੱਦੇ ਤੋਂ ਪਾਰ
                                                         ਚਰਨਜੀਤ ਭੁੱਲਰ
ਬਠਿੰਡਾ : ਕਦੇ ਜਿਨ੍ਹਾਂ ਲਈ ਕੂੜੇ ਦਾ ਢੇਰ ਨਸੀਬ ਬਣਿਆ, ਜ਼ਿੰਦਗੀ ਨੇ ਉਨ੍ਹਾਂ ਨੂੰ ਗਲੇ ਲਾ ਲਿਆ। ਬਚਪਨ ਦੀ ਕਿਲਕਾਰੀ ਤੋਂ ਕੂੜਾਦਾਨ ਵੀ ਪਿਘਲੇ। ਉਨ੍ਹਾਂ ਦਾ ਮਨ ਨਾ ਪਿਘਲਿਆ ਜਿਨ੍ਹਾਂ ਜਿਗਰ ਦੇ ਟੋਟਿਆਂ ਨੂੰ ਆਪਣੇ ਹਾਲ ’ਤੇ ਸੁੱਟ ਦਿੱਤਾ। ਨੰਨੇ ਮੁੰਨਿਆਂ ਦੇ ਦਗ ਦਗ ਕਰਦੇ ਚਿਹਰਿਆਂ ਨੂੰ ਬਚਪਨ ’ਚ ਹੀ ਵੱਡੇ ਦਾਗ਼ ਮਿਲ ਗਏ। ਕੋਈ ਗ਼ੈਰਕਾਨੂੰਨੀ ਅੌਲਾਦ ਆਖਦਾ ਤੇ ਕੋਈ ਅਨਾਥ ਆਖ ਕੇ ਛੇੜਦਾ। ਮੁਕੱਦਰ ਬਾਂਹ ਨਾ ਫੜਦਾ ਤਾਂ ਇਨ੍ਹਾਂ ਲਈ ਜ਼ਿੰਦਗੀ ਪਹਾੜ ਬਣ ਜਾਣੀ ਸੀ। ਪੰਜਾਬ ਵਿਚ ਲੰਘੇ ਪੰਜ ਵਰ੍ਹਿਆਂ ਵਿਚ ਕਰੀਬ 400 ਬੱਚੇ ਮੁਕੱਦਰ ਦੇ ਸਿਕੰਦਰ ਬਣੇ ਹਨ ਜਿਨ੍ਹਾਂ ਚੋਂ 144 ਬੱਚੇ ਵਿਦੇਸ਼ੀ ਧਰਤੀ ’ਤੇ ਪੁੱਜ ਗਏ। ਪੰਜ ਮਹੀਨੇ ਦੇ ਬੱਚੇ ਦੇ ਭਾਗ ਵੇਖੋ ਜਿਸ ਨੂੰ ਇੱਕ ਨਾਬਾਲਗ ਮਾਂ ਨੇ ਜਨਮ ਦਿੱਤਾ। ਗ਼ੈਰਕਾਨੂੰਨੀ ਅੌਲਾਦ ਹੋਣ ਦਾ ਦਾਗ਼ ਮੱਥੇ ’ਤੇ ਲੱਗਦਾ, ਉਸ ਤੋਂ ਪਹਿਲਾਂ ਹੀ ਹਾਈਕੋਰਟ ਦੇ ਇੱਕ ਜੱਜ ਨੇ ਉਸ ਨੂੰ ਗੋਦ ਲੈ ਲਿਆ। ਇਹ ਬੱਚਾ ਹੁਣ ਦੂਸਰੇ ਰਾਜ ਦੀ ਹਾਈਕੋਰਟ ਦੇ ਇੱਕ ਜੱਜ ਦੇ ਬਗੀਚੇ ਦਾ ਫੁੱਲ ਬਣ ਗਿਆ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਲਾਗੇ ਕੂੜੇ ਦੇ ਢੇਰ ’ਤੇ ਜਦੋਂ ਇੱਕ ਬੱਚੇ ਦੇ ਰੌਣ ਦੀ ਆਵਾਜ਼ ਸੁਣੀ ਤਾਂ ਇੱਕ ਰਾਹਗੀਰ ਦਾ ਦਿਲ ਧੜਕਿਆ। ਮਹਿਜ਼ 600 ਗਰਾਮ ਦਾ ਬੱਚਾ ਫ਼ੌਰੀ ਹਸਪਤਾਲ ਤੇ ਫਿਰ ਇੱਕ ਆਸ਼ਰਮ ਪਹੁੰਚਾ ਦਿੱਤਾ। ਹੁਣ ਉਹ 8 ਕਿੱਲੋਗਰਾਮ ਦਾ ਹੈ। ਅਮਰੀਕਾ ਦੇ ਇੱਕ ਗੋਰੇ ਨੇ ਉਸ ਨੂੰ ਗੋਦ ਲੈ ਲਿਆ ਹੈ ਅਤੇ ਜਲਦੀ ਹੀ ਵਿਦੇਸ਼ ਉਡਾਰੀ ਮਾਰ ਜਾਵੇਗਾ।
                  ਕਰੀਬ ਛੇ ਮਹੀਨੇ ਪਹਿਲਾਂ ਖ਼ਾਲੀ ਪਲਾਟ ਦੇ ਕੂੜੇ ਚੋਂ ਬੱਚੀ ਮਿਲੀ ਜੋ ਨਵਜੰਮੀ ਸੀ ਤੇ ਕੁੱਤਿਆਂ ਦੇ ਝੁੰਡ ਤੋਂ ਬਚ ਗਈ ਸੀ। ਹੁਣ ਇਹ ਬੱਚੀ ਛੇ ਚੰਡੀਗੜ੍ਹ ਦੇ ਇੱਕ ਡਾਕਟਰ ਦੇ ਘਰ ਪਲ ਰਹੀ ਹੈ। ਕਰੀਬ ਢਾਈ ਵਰੇ੍ਹ ਪਹਿਲਾਂ ਏਦਾਂ ਦੇ ਇੱਕ ਬੱਚੇ ਨੇ ਪੰਜਾਬ ਦੇ ਇੱਕ ਵਿਧਾਇਕ ਦੀ ਜ਼ਿੰਦਗੀ ਵਿਚ ਰੰਗ ਭਰੇ ਹਨ। ਲੁਧਿਆਣਾ ਦੇ ਫੁੱਟਪਾਥ ਦੇ ਕੂੜਾਦਾਨ ਚੋਂ ਮਿਲੀ ਬੱਚੀ ਵੀ ਹੁਣ ਮੁੰਬਈ ਵਿਚ ਵਕੀਲ ਮਾਂ ਦੀ ਗੋਦ ਦਾ ਨਿੱਘ ਬਣ ਗਈ ਹੈ। ਇਵੇਂ ਹੀ ਉਨ੍ਹਾਂ ਦੋ ਭੈਣਾਂ ਨੂੰ ਆਪਣਿਆਂ ਨੇ ਤਾਂ ਦੁਰਕਾਰ ਦਿੱਤਾ ਪਰ ਜ਼ਿੰਦਗੀ ਨੇ ਉਨ੍ਹਾਂ ਦੇ ਖੰਭ ਲਾ ਦਿੱਤੇ। ਨੌ ਸਾਲ ਦੀ ਉਮਰ ’ਚ ਜੋ ਬੱਚੀ ਅਨਾਥ ਸੀ ,ਉਹ  ਹੁਣ ਅੰਬਰੀ ਉਡਾਰੀਆਂ ਲਾ ਰਹੀ ਹੈ। ਉਹ ਦਿੱਲੀ ਵਿਚ ਇੱਕ ਪ੍ਰਾਈਵੇਟ ਏਅਰਲਾਈਨਜ਼ ਵਿਚ ਏਅਰ ਹੋਸਟੈਸ ਹੈ। ਉਸ ਦੀ ਵੱਡੀ ਭੈਣ ਪ੍ਰਾਈਵੇਟ ਕੰਪਨੀ ਵਿਚ ਹੈ। ਕਾਫ਼ੀ ਵਰੇ੍ਹ ਪਹਿਲਾਂ ਜਿਸ ਬੱਚੀ ਨੂੰ ਅਨਾਥ ਆਖ ਕੇ ਦੁਆਬੇ ਵਿਚ ਛੱਡ ਦਿੱਤਾ ਗਿਆ, ਉਹ ਬੱਚੀ ਐਮ.ਟੈੱਕ ਕਰਨ ਮਗਰੋਂ ਹੁਣ 15 ਲੱਖ ਦੇ ਪੈਕੇਜ ’ਤੇ ਬਹੁਕੌਮੀ ਕੰਪਨੀ ਵਿਚ ਹੈ। ਪੰਜ ਪੰਜ ਸਾਲ ਦੀਆਂ ਦੋ ਬੱਚੀਆਂ ਜਦੋਂ ਮਾਲਵਾ ਦੇ ਇੱਕ ਆਸ਼ਰਮ ਵਿਚ ਪੁੱਜੀਆਂ ਤਾਂ ਉਨ੍ਹਾਂ ਦੇ ਸਰੀਰ ਅਤੇ ਵਾਲਾਂ ਤੇ ਮੈਲ ਜੰਮੀ ਹੋਈ ਸੀ। ਫਟੇ ਪੁਰਾਣੇ ਕੱਪੜੇ ਤੇ ਬੁਰੇ ਹਾਲ ਵਿਚ ਸਨ। ਹੁਣ ਇੱਕ ਲੜਕੀ ਇਟਲੀ ਵਿਚ ਹੈ ਜਿਸ ਨੂੰ ਇੱਕ ਗੋਰੇ ਨੇ ਗੋਦ ਲਿਆ ਅਤੇ ਉਸ ਦੇ ਪਾਲਣ ਪੋਸ਼ਣ ਲਈ ਗੋਰੇ ਨੇ ਨੌਕਰੀ ਵੀ ਛੱਡ ਦਿੱਤੀ ਹੈ। ਦੂਸਰੀ ਅਮਰੀਕਾ ਵਿਚ ਹੈ।
                 ਫ਼ਰੀਦਕੋਟ ਖ਼ਿੱਤੇ ਵਿਚ ਇੱਕ ਕੂੜੇ ਦੇ ਢੇਰ ਚੋਂ ਮਿਲੀ ਲੜਕੀ ਨੂੰ ਹੁਣ ਇੱਕ ਡਾਕਟਰ ਜੋੜਾ ਪਾਲ ਰਿਹਾ ਹੈ। ਇਹ ਸਭ ਬੱਚੇ ਬਾਲ  ਆਸ਼ਰਮਾਂ ਵਿਚ ਪਲੇ ਹਨ ਅਤੇ ਮਾਪਿਆਂ ਤੋਂ ਅਣਜਾਣ ਹਨ। ਸੈਂਟਰਲ ਅਡਾਂਪਸਨ ਰਿਸੋਰਸ ਅਥਾਰਿਟੀ ਵੱਲੋਂ ਬੱਚਿਆਂ ਨੂੰ ਆਨ ਲਾਈਨ ਗੋਦ ਲੈਣ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਵਿਚ 11 ਬਾਲ ਘਰ ਹਨ  ਅਤੇ ਕੇਂਦਰੀ ਅਥਾਰਿਟੀ ਵੱਲੋਂ ਪ੍ਰਵਾਨਿਤ 9 ਬਾਲ ਆਸ਼ਰਮ ਹਨ। ਭਲਕੇ ਬਾਲ ਦਿਵਸ ਹੈ ਜਿਸ ਦੇ ਮੌਕੇ ’ਤੇ ਉਨ੍ਹਾਂ ਮਾਪਿਆਂ ਨੂੰ ਸੱਚੀ ਸਲਾਮ ਬਣਦੀ ਹੈ ਜਿਨ੍ਹਾਂ ਨੇ ਅਭਾਗੇ ਬੱਚਿਆਂ ਦੀ ਜ਼ਿੰਦਗੀ ਵਿਚ ਰੰਗ ਭਰੇ ਹਨ।  ਵੇਰਵਿਆਂ ਅਨੁਸਾਰ ਪੰਜਾਬ ਵਿਚ ਹੁਣ ਤੱਕ ਕਾਨੂੰਨੀ ਤੌਰ ਤੇ ਪੰਜਾਬ ਵਿਚ ਲੰਘੇ ਪੰਜ ਵਰ੍ਹਿਆਂ ਦੌਰਾਨ ਕਰੀਬ 254 ਬੱਚੇ ਗੋਦ ਲਏ ਗਏ ਹਨ ਜਦੋਂ ਕਿ 144 ਬੱਚੇ ਪੰਜਾਬ ਚੋਂ ਵਿਦੇਸ਼ੀ ਲੋਕਾਂ ਨੇ ਗੋਦ ਲਏ ਹਨ। ਦੇਸ਼ ’ਤੇ ਨਜ਼ਰ ਮਾਰੀਏ ਤਾਂ ਇਸ ਸਮੇਂ ਦੌਰਾਨ 17409 ਬੱਚੇ ਦੇਸ਼ ਵਿਚ ਅਤੇ 2699 ਬੱਚੇ ਵਿਦੇਸ਼ੀ ਲੋਕਾਂ ਵੱਲੋਂ ਗੋਦ ਲਏ ਗਏ ਹਨ। ਅਮਰੀਕਾ ਤੇ ਇਟਲੀ ਗੋਦ ਲੈਣ ਵਾਲਿਆਂ ਵਿਚ ਪਹਿਲੇ ਨੰਬਰ ’ਤੇ ਹੈ।
                                            ਇੱਕ ਚਾਚਾ ਏਹ ਵੀ..   
ਬਠਿੰਡਾ ਦਾ ਇੱਕ ਚਾਚਾ ਏਹ ਵੀ ਹੈ ਜਿਸ ਦੀ ਸਹਾਰਾ ਸੰਸਥਾ ਫੁੱਟ ਪਾਥ ’ਤੇ ਚੱਲਦੀ ਹੈ। ਠੀਕ 16 ਸਾਲ ਪਹਿਲਾਂ ਉਸ ਨੇ ਏਡਜ਼ ਪੀੜਤ ਬੱਚੀ ਗੋਦ ਲਈ ਜਿਸ ਦੇ ਮਾਪੇ ਏਡਜ਼ ਨਾਲ ਮਰ ਗਏ ਸਨ। ਇਹ ਬੱਚੀ ਹੁਣ ਜਵਾਨ ਹੈ ਜਿਸ ਨੂੰ ਵਿਜੇ ਗੋਇਲ ਨੇ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਗੋਇਲ ਪ੍ਰਵਾਰ ਵਿਚ ਇਹ ਬੱਚੀ ਜ਼ਿੰਦਗੀ ਦੀ ਹਰ ਖ਼ੁਸ਼ੀ ਦਾ ਨਿੱਘ ਮਾਣ ਰਹੀ ਹੈ। ਵਿਜੇ ਚਾਚਾ ਆਖਦਾ ਹੈ ਕਿ ‘ ਇਸ ਧੀਅ ਦੀ ਘਰ ਚੋਂ ਡੋਲੀ ਤੋਰਾਂਗਾ, ਅਰਥੀ ਨਹੀਂ ’। ਵਿਜੇ ਨੇ ਹੁਣ ਅੱਠ ਸਾਲ ਦੀ ਉਸ ਬੱਚੀ ਨੂੰ ਆਪਣੇ ਘਰ ਧੀਅ ਬਣਾ ਕੇ ਲਿਆਂਦਾ ਹੈ ਜੋ ਬਲਾਤਕਾਰ ਪੀੜਤ ਹੈ। ਉਸ ਨੂੰ ਪੇਟ ਦੀ ਟੀ.ਬੀ ਵੀ ਹੈ। ਦਰਸ਼ਨਾਂ ਗੋਇਲ ਇਨ੍ਹਾਂ ਦੋਵਾਂ ਤੋਂ ਬਿਨਾਂ ਹੁਣ ਸਾਹ ਨਹੀਂ ਲੈਂਦੀ।
       

Sunday, November 11, 2018

                          ਵਿਚਲੀ ਗੱਲ
    ਰਾਤੀਂ ਸੌਣ ਨਾ ਦਿੰਦੇ, ਬੋਲ ਸ਼ਰੀਕਾਂ ਦੇ...
                        ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਸ਼ਹਿਰ ਦੇ ਚੌਂਕਾਂ ’ਤੇ ਸਜੇ ਵੱਡ ਅਕਾਰੀ ਫਲੈਕਸਾਂ ’ਤੇ ਨਜ਼ਰ ਮਾਰੋਗੇ। ਏਨਾ ਕੁ ਜ਼ਰੂਰ ਸੋਚੋਗੇ, ‘ਵਕਤ ਬਲਵਾਨ ਨਾ ਹੁੰਦਾ ਤਾਂ ਹਰ ਕੋਈ ਭਲਵਾਨ ਹੁੰਦਾ’। ਕੋਈ ਵੇਲਾ ਸੀ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਤਸਵੀਰ ਇਨ੍ਹਾਂ ਫਲੈਕਸਾਂ ’ਤੇ ਕਿਸੇ ਨੂੰ ਖੰਘਣ ਨਹੀਂ ਦਿੰਦੀ ਸੀ। ਐਨ ਸੁਖਬੀਰ ਬਾਦਲ ਦੇ ਮੋਢੇ ਨਾਲ ਖਹਿੰਦੀ ਸੀ। ਲੰਘੀ ਦੀਵਾਲੀ ਤਾਂ ਕੀ, ਉਸ ਤੋਂ ਪਹਿਲਾਂ ਵੀ ਜੋ ਫਲੈਕਸ ਲੱਗੇ, ਉਨ੍ਹਾਂ ’ਤੇ ਨਾ ਸੁਖਬੀਰ ਤੇ ਨਾ ਹੀ ਮਜੀਠੀਆ ਨਜ਼ਰ ਪਏ। ਹੁਣ ਰਾਜ ਨਵਾਂ ਹੈ, ਫਲੈਕਸ ਨਵੇਂ ਹਨ, ਤਸਵੀਰਾਂ ਵੀ ਨਵੀਆਂ ਹਨ। ਹੁਣ ਜੈਜੀਤ ਸਿੰਘ ਜੋਜੋ (ਮਨਪ੍ਰੀਤ ਦੇ ਰਿਸ਼ਤੇਦਾਰ) ਦੀ ਤਸਵੀਰ ਮਨਪ੍ਰੀਤ ਬਾਦਲ ਨਾਲ ਦੂਰੋਂ ਨਜ਼ਰ ਪੈਂਦੀ ਹੈ।  ਉੱਡਦੇ ਪੰਛੀ ਨੇ ਟਿੱਚਰ ਕੀਤੀ, ਪੁਰਾਣੇ ਬੱਦਲ ਉੱਡ ਗਏ, ਨਵੇਂ ਆ ਗਏ। ੳੱੁਡਦੇ ਜਨੌਰ ਨੂੰ ਮਾਣਹਾਨੀ ਕੇਸ ਦਾ ਇਲਮ ਹੁੰਦਾ, ਭੁੱਲ ਕੇ ਵੀ ਸਿਆਸੀ ‘ਨਿਜ਼ਾਮ’ ਨੂੰ ਟਕੋਰਾਂ ਨਾ ਮਾਰਦਾ। ਮੁੱਦੇ ’ਤੇ ਆਈਏ, ਵੱਡੇ ਬਾਦਲਾਂ ਨੂੰ ਅਸੈਂਬਲੀ ’ਚ ਮਨਪ੍ਰੀਤ ਨੇ ਹਰ ਭਾਸ਼ਾ ’ਚ ਹੁੱਝ ਮਾਰੀ। ਪੋਤੜੇ ਫਰੋਲ ਕੇ ਰੱਖ ਦਿੱਤੇ। ਵੱਡੇ ਬਾਦਲਾਂ ਦਾ ਦਿਲ ਵੀ ਵੱਡਾ ਹੈ। ਕੀਹਦਾ ਕੀਹਦਾ ਮੂੰਹ ਫੜ ਲੈਣਗੇ। ਗ਼ੱੁਸੇ ਨਾਲ ਤਾਂ ਪੂਰਾ ਪੰਜਾਬ ਭਰਿਆ ਪਿਆ।
                 ਵੱਡੇ ਬਾਦਲਾਂ ਨੇ ਮਨਪ੍ਰੀਤ ਨੂੰ ਘੱਟ, ਜੋਜੋ ਨੂੰ ਵੱਧ ਭੰਡਿਆ। ਚਾਰੇ ਪਾਸੇ ਜੋਜੋ ਜੋਜੋ ਕਰਾ ਦਿੱਤੀ। ‘ਗੁੰਡਾ ਟੈਕਸ’ ਨਾਲ ਨਾਮ ਜੋੜ ਦਿੱਤਾ। ਜੋਜੋ ਦਾ ਖ਼ੂਨ ਖੌਲਣਾ ਸੁਭਾਵਿਕ ਸੀ। ਸ਼ਰੀਕਾਂ ਦੀ ਕੋਈ ਜਰੂ ਵੀ ਕਿਉਂ। ਜੈਜੀਤ ਜੌਹਲ ਨੇ 25 ਮਈ ਨੂੰ ਸੁਖਬੀਰ ਬਾਦਲ, ਹਰਸਿਮਰਤ ਕੌਰ ਤੇ ਉਸ ਦੇ ਭਰਾ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜ ਦਿੱਤੇ। ਮੀਡੀਆ ’ਚ ਐਲਾਨ ਕੀਤਾ ਕਿ ਉਸ ਦੇ ਅਕਸ ਨੂੰ ਢਾਹ ਲੱਗੀ ਹੈ, ਮਾਨਸਿਕ ਤੇ ਸਮਾਜਿਕ ਪੀੜਾ ਝੱਲਣੀ ਪਈ ਹੈ। ਹਫ਼ਤੇ ’ਚ ਮਾਫ਼ੀ ਨਾ ਮੰਗੀ ਤਾਂ ਉਹ ਤਾਂ 15 ਕਰੋੜ ਦੇ ਮਾਣਹਾਨੀ ਕੇਸ ਲਈ ਤਿਆਰ ਰਹਿਣ। ਮਾਫ਼ੀ ਤਾਂ ਦੂਰ ਦੀ ਗੱਲ, ਸੁਖਬੀਰ ਤੇ ਮਜੀਠੀਆ ਨੇ ਕਾਨੂੰਨੀ ਨੋਟਿਸ ਦਾ ਜੁਆਬ ਤੱਕ ਨਾ ਦਿੱਤਾ। ਸਾਢੇ ਪੰਜ ਮਹੀਨੇ ਲੰਘ ਗਏ ਨੇ, ਜੈਜੀਤ ਹਾਲੇ ਤੱਕ ਕੇਸ ਦਾਇਰ ਨਹੀਂ ਕੀਤਾ। ਹੁਣ ਜਿੰਨੇ ਮੂੰਹ, ਉਨੀਆਂ ਗੱਲਾਂ। ਕੋਈ ਆਖਦਾ, ਜੋਜੋ ਡਰ ਨਾ ਗਏ ਹੋਣ। ਖ਼ੈਰ ਰਾਜ ਭਾਗ ਹੁੰਦੇ ਕਾਹਦਾ ਡਰ। ਫਿਰ ਪਿੱਛੇ ਹਟਣ ਦੀ ਕੀ ਵਜ੍ਹਾ ? ਜੋਜੋ ਨੂੰ ਏਦਾ ਲੱਗਦਾ ਹੋਵੇਗਾ ਕਿ ਸੁਖਬੀਰ ਤੇ ਮਜੀਠੀਆ ਮਾਫ਼ੀ ਮੰਗ ਲੈਣਗੇ। ਕਾਨੂੰਨੀ ਮਾਹਿਰ ਆਖਦੇ ਹਨ ਕਿ ਮਾਫ਼ੀ ਮੰਗਣੀ ਹੁੰਦੀ ਤਾਂ ਹਫ਼ਤੇ ’ਚ ਮੰਗ ਲੈਂਦੇ।
          ਸਿਆਣੇ ਆਦਮੀ ਆਖਦੇ ਹਨ ਕਿ ਅਗਲਿਆਂ ਨੇ ਮਾਫ਼ੀ ਤਾਂ ਪੂਰੇ ਪੰਜਾਬ ਤੋਂ ਨਹੀਂ ਮੰਗੀ ਜਿਸ ਨੇ ਦਸ ਵਰੇ੍ਹ ਕੁਰਸੀ ਦਿੱਤੀ। ਜੈਜੀਤ ਦਾ ਕਹਿਣਾ ਹੈ ਕਿ ‘ਪਿੱਛੇ ਹਟਣ ਦਾ ਸੁਆਲ ਹੀ ਨਹੀਂ, ਕਾਗ਼ਜ਼ਾਤ ਪੂਰੇ ਕਰ ਰਹੇ ਹਾਂ, ਕੇਸ ਹਰ ਹਾਲਤ ’ਚ ਪਾਵਾਂਗੇ।’  ਉੱਧਰ ਹੁਣ ਮਜੀਠੀਆ ਵੀ ਜੋਜੋ ਦੀ ਗੱਲ ਕਰਨੋਂ ਹਟ ਗਏ। ਖ਼ੈਰ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ। ਆਪਾਂ ਕੀ ਲੈਣਾ। ਏਹ ਤਾਂ ਕੇਜਰੀਵਾਲ ਹੀ ਸੀ ਜਿਸ ਨੇ ਮਾਣਹਾਨੀ ਕੇਸ ਦੇ ਡਰੋਂ ਦੋ ਮਿੰਟ ਲਾਏ ਮਜੀਠੀਆ ਤੋਂ ਮਾਫ਼ੀ ਮੰਗਣ ਲਈ, ਭਾਵੇਂ ‘ਆਪ’ ਨੂੰ ਪੰਜਾਬ ’ਚ ਮੂਧੇ ਮੂੰਹ ਕਰਨਾ ਪਿਆ। ਕੇਜਰੀਵਾਲ ਤਾਂ ਹੁਣ ਵੀ ਹਿੱਕ ਠੋਕ ’ਕੇ ਕਹਿ ਰਿਹਾ, ਅੱਠ ਕੇਸ ਚੱਲਦੇ ਨੇ, ਸਭ ਤੋਂ ਮੰਗੂ ਮੁਆਫ਼ੀ। ‘ਲਾਲਾ ਜੀ’ ਜੋ ਹੋਏ, ਹਿਸਾਬ ਕਿਤਾਬ ਦੇ ਜਾਣੂ ਨੇ। ਸਾਬਕਾ ਮੰਤਰੀ ਐਮ. ਜੇ. ਅਕਬਰ ਹਿਸਾਬ ’ਚ ਮਾਰ ਖਾ ਗਏ ਜਿਨ੍ਹਾਂ ਨੂੰ ਹੁਣ ‘ਮੀ ਟੂ’ ਮਾਮਲੇ ’ਚ ਪੱਤਰਕਾਰ ਪ੍ਰਿਆ ਰਮਾਨੀ ’ਤੇ ਮਾਣਹਾਨੀ ਕੇਸ ਪਾਉਣਾ ਪਿਆ। ਭਾਜਪਾ ਨੇਤਾ ਸਵਰਨ ਸਲਾਰੀਆ ਨੇ ਮਨਪ੍ਰੀਤ ਅਤੇ ਨਵਜੋਤ ਸਿੱਧੂ ਖ਼ਿਲਾਫ਼ ਇਹੋ ਕੇਸ ਦਾਇਰ ਕੀਤਾ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬਿਨਾਂ ਦੇਰੀ ਵਿਧਾਇਕ ਸਿਮਰਜੀਤ ਬੈਂਸ ਖ਼ਿਲਾਫ਼ ਮਾਣਹਾਨੀ ਦਾ ਕੇਸ ਪਾ ਦਿੱਤਾ।
                 ਹਰਿਆਣਾ ਦੇ ਸਾਬਕਾ ਸਿੱਖਿਆ ਮੰਤਰੀ ਬਹਾਦਰ ਸਿੰਘ ਦੇ ਐਸ.ਡੀ.ਐਮ ਮੁੰਡੇ ਸੰਦੀਪ ਸਿੰਘ ਨੇ ਏਨੀ ਬਹਾਦਰੀ ਦਿਖਾਈ ਕਿ ਉਦਯੋਗ ਮੰਤਰੀ ਵਿਪੁਲ ਗੋਇਲ ਖ਼ਿਲਾਫ਼ ਮਾਣਹਾਨੀ ਕੇਸ ਪਾ ਦਿੱਤਾ। ਐਸ.ਡੀ.ਐਮ ਨੇ ਪਟੀਸ਼ਨ ਪਾਈ ਕਿ ਗ਼ੈਰਮੌਜੂਦਗੀ ਵਿਚ ਮੰਤਰੀ ਨੇ ਉਸ ਦੀ ਹੀ ਨਹੀਂ, ਬਾਪ ਦੀ ਵੀ ਮਾਣਹਾਨੀ ਕੀਤੀ। ਮਾਣਹਾਨੀ ਕੇਸ ਦਾ ਫ਼ੈਸਲਾ ਹਾਲੇ ਪੈਂਡਿੰਗ ਹੈ, ਹਰਿਆਣਾ ਸਰਕਾਰ ਨੇ ਐਸ.ਡੀ.ਐਮ ਦੀ ਮੁਅੱਤਲੀ ਦਾ ਫ਼ੈਸਲਾ ਫ਼ੌਰੀ ਸੁਣਾ ਦਿੱਤਾ। ਖੁੰਡ ਚਰਚਾ ਹੈ ਕਿ ਅਸੱਭਿਅਕ ਭਾਸ਼ਾ ਕਰਕੇ ਕਿਤੇ ਰਣਜੀਤ ਸਿੰਘ ਬ੍ਰਹਮਪੁਰਾ ਨਾ ਕਿਤੇ ਮਾਣਹਾਨੀ ਕੇਸ ’ਚ ਉਲਝ ਜਾਣ। ਮੀਡੀਆ ਲਈ ਮਾਣਹਾਨੀ ਕੇਸ ਉਪਰੇ ਨਹੀਂ।  ‘ਦ ਵਾਇਰ’ ਵਾਲੇ ਆਖਦੇ ਹਨ ਕਿ ਉਨ੍ਹਾਂ ਨੂੰ ਮਾਣਹਾਨੀ ਕੇਸਾਂ ਨੇ ਪੂਰਾ ਭਾਰਤ ਦਰਸ਼ਨ ਕਰਾ ਦਿੱਤਾ ਹੈ। ਲੀਡਰਾਂ ਦਾ ਹੁਣ ਹਾਜ਼ਮਾ ਛੇਤੀ ਖ਼ਰਾਬ ਹੁੰਦਾ ਹੈ। ਚੋਣਾਂ ਮੌਕੇ ਕੋਈ ਕੁੱਝ ਵੀ ਬੋਲੇ, ਘਿਉ ਵਾਂਗੂ ਲੱਗਦਾ ਹੈ। ਕਈ ਲੀਡਰ ਮਾਣਹਾਨੀ ਕੇਸਾਂ ਦੀ ਥਾਂ ਸਿੱਧਾ ਹਿਸਾਬ ਹੀ ਕਰਦੇ ਹਨ। ਤਾਹੀਓਂ ਮਹਿਤਾਬ ਗਿੱਲ ਕਮਿਸ਼ਨ ਇਨ੍ਹਾਂ ਕੇਸਾਂ ਨੂੰ ਹੀ ਉਲਟਾ ਸਿੱਧਾ ਕਰਕੇ ਦੇਖ ਰਿਹਾ ਹੈ।
                                                    ਸੇਵਾ ਨੂੰ ਨਾ ਲੱਗਿਆ ਮੇਵਾ
ਸੰਗਤ ਮੰਡੀ (ਧਰਮਪਾਲ ਸਿੰਘ ਤੂਰ) :  ਇੱਕ ਹਲਕੇ ਦੇ ਸੇਵਕ ਦੀ ਹੁਣ ਕਿਤੇ ਦਾਲ ਨਹੀਂ ਗਲ ਰਹੀ। ਨੌਕਰੀ ਗੁਆ ਕੇ ਸਿਆਸਤ ਦੀ ਗੱਡੀ ਚਲਾਈ। ਇਨਾਮ ਵਿਚ ਟਿਕਟ ਤਾਂ ਮਿਲੀ ਪਰ ਜਿੱਤ ਨਸੀਬ ਨਾ ਹੋਈ। ਹੁਣ ਉਹ ਹਲਕਾ ਸੇਵਕ ਬਣੇ ਵਿਚਰ ਰਿਹਾ ਹੈ। ਸਿਆਸੀ ਗੁਰੂ ਨੇ ਹਲਕਾ ਸੇਵਕ ਨੂੰ ਪਹਿਲਾਂ ਹਲਕਾ ਸੇਵਕ ਨੂੰ ਬਦਲੀਆਂ ਦਾ ਕੰਮ ਦਿੱਤਾ ਜੋ ਉਸ ਤੋਂ ਇੱਕ ਪੀ.ਏ ਨੇ ਖੋਹ ਲਿਆ। ਸਬਰ ਦਾ ਘੁੱਟ ਭਰ ਕੇ ਬੈਠ ਗਿਆ। ਦੱਸਦੇ ਕਿ ਸਿਆਸਤ ਨੇ ਉਸ ਦੇ ਘਰ ਦਾ ਬਜਟ ਹਿਲਾ ਦਿੱਤਾ ਹੈ। ਤਾਹੀਓਂ ਹੁਣ ਉਹ ਰੈਸਟ  ਹਾਊਸ ਜਾਂ ਸਰਕਟ ਹਾਊਸ ਬੈਠਣ ਲੱਗਾ ਹੈ ਅਤੇ ਹਲਕੇ ਦੇ ਦੌਰੇ ਲਈ ਕਿਸੇ ਵਰਕਰ ਦੀ ਗੱਡੀ ਵਰਤਦਾ ਹੈ।

Friday, November 9, 2018

                                                                ਟੇਢੀ ਸੱਟ
           ਬਿਜਲੀ ਟੈਕਸਾਂ ਦਾ 3000 ਕਰੋੜ ਦਾ ਝਟਕਾ
                                                          ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਲੋਕਾਂ ਦਾ ਬਿਜਲੀ ਟੈਕਸ ਹੀ ਕਚੂਮਰ ਕੱਢ ਰਹੇ ਹਨ ਜਿਸ ਤੋਂ ਖਪਤਕਾਰ ਅਣਜਾਣ ਜਾਪਦੇ ਹਨ। ਟੇਢੇ ਤਰੀਕੇ ਨਾਲ ਲੋਕਾਂ ਦੀ ਜੇਬ ਫਰੋਲੀ ਜਾ ਰਹੀ ਹੈ। ਖਪਤਕਾਰ ਕਰੀਬ ਛੇ ਤਰ੍ਹਾਂ ਦੇ ਟੈਕਸ ਤੇ ਸੈੱਸ ਤਾਰ ਰਹੇ ਹਨ। ਪੰਜਾਬ ਭਰ ਦੇ ਲੱਖਾਂ ਖਪਤਕਾਰ ਬਿਜਲੀ ਬਿੱਲਾਂ ’ਤੇ ਹਰ ਵਰੇ੍ਹ ਅੌਸਤਨ 3000 ਕਰੋੜ ਦੇ ਟੈਕਸ ਤੇ ਸੈੱਸ ਤਾਰਦੇ ਹਨ। ਚੁੱਪ ਚੁਪੀਤੇ ਸਰਕਾਰ ਇਹ ਝਟਕਾ ਦੇ ਰਹੀ ਹੈ। ਕਿਸਾਨਾਂ ਦੀ ਬਿਜਲੀ ਸਬਸਿਡੀ ਸਰਕਾਰ ਤਾਰਦੀ ਹੈ। ਘਰੇਲੂ ਅਤੇ ਸਨਅਤੀ ਖਪਤਕਾਰਾਂ ਨੂੰ ਇਸ ਵੇਲੇ ਛੇ ਤਰ੍ਹਾਂ ਤੇ ਬਿਜਲੀ ਟੈਕਸਾਂ ਅਤੇ ਸੈੱਸ ਦੀ ਮਾਰ ਪੈ ਰਹੀ ਹੈ। ਖਪਤਕਾਰ ਕਰੀਬ 22 ਫ਼ੀਸਦੀ ਟੈਕਸ ਬਿਜਲੀ ਬਿੱਲਾਂ ’ਤੇ ਦੇ ਰਹੇ ਹਨ। ਪਾਵਰਕੌਮ ਤੋਂ ਪ੍ਰਾਪਤ ਆਰ.ਟੀ.ਆਈ ਤਹਿਤ ਪ੍ਰਾਪਤ ਤੱਥਾਂ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2012-13 ਤੋਂ ਅਗਸਤ 2018 ਤੱਕ ਬਿਜਲੀ ਟੈਕਸਾਂ ਦੇ ਰੂਪ ਵਿਚ ਖਪਤਕਾਰਾਂ ਦੀ ਜੇਬ ਚੋਂ 15,290 ਕਰੋੜ ਰੁਪਏ ਕੱਢ ਲਏ ਹਨ। ਲੰਘੇ ਮਾਲੀ ਵਰੇ੍ਹ 2017-18 ਦੌਰਾਨ ਇਨ੍ਹਾਂ ਬਿਜਲੀ ਟੈਕਸਾਂ ਅਤੇ ਸੈੱਸ ਦੇ ਰੂਪ ਵਿਚ ਖਪਤਕਾਰਾਂ ਤੋਂ 3028 ਕਰੋੜ ਰੁਪਏ ਵਸੂਲੇ ਗਏ ਹਨ। ਲੰਘੇ ਸਾਢੇ ਛੇ ਵਰ੍ਹਿਆਂ ਦੌਰਾਨ ਪੰਜਾਬ ਸਰਕਾਰ ਨੇ ਬਿਜਲੀ ਕਰ ਵਜੋਂ 7448.99 ਕਰੋੜ ਰੁਪਏ ਵਸੂਲੇ ਹਨ ਅਤੇ ਸਮਾਜਿਕ ਸੁਰੱਖਿਆ ਫ਼ੰਡ (ਬਿਜਲੀ ਕਰ) ਤਹਿਤ 4643 ਕਰੋੜ ਪ੍ਰਾਪਤ ਕੀਤੇ ਹਨ। ਹਾਲਾਂਕਿ ਕਦੇ ਵੀ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਵੇਲੇ ਸਿਰ ਨਹੀਂ ਮਿਲੀ।
           ਪੰਜਾਬ ਸਰਕਾਰ ਇਨ੍ਹਾਂ ਬਜ਼ੁਰਗਾਂ ਨੂੰ ਪੈਨਸ਼ਨ ਆਦਿ ਦੇਣ ਦੇ ਨਾਮ ’ਤੇ ਪੰਜ ਫ਼ੀਸਦੀ ਸਮਾਜਿਕ ਸੁਰੱਖਿਆ ਫ਼ੰਡ ਦੇ ਨਾਮ ਹੇਠ ਖਪਤਕਾਰਾਂ ਤੋਂ ਬਿਜਲੀ ਕਰ ਵਸੂਲ ਕਰ ਰਹੀ ਹੈ। ਇਸ ਸੈੱਸ ਦੀ ਵਰਤੋਂ ਦਾ ਵੀ ਭੇਤ ਹੀ ਹੈ। ਇਸੇ ਤਰ੍ਹਾਂ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਵਜੋਂ 2015-16 ਤੋਂ ਅਗਸਤ ਤੱਕ 2357 ਕਰੋੜ ਵਸੂਲੇ ਜਾ ਚੁੱਕੇ ਹਨ। ਚਾਲੂ ਮਾਲੀ ਵਰੇ੍ਹ ਦੌਰਾਨ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਦੇ 620.99 ਕਰੋੜ ਸਰਕਾਰ ਨੇ ਪਾਵਰਕੌਮ ਨੂੰ ਸਬਸਿਡੀ ਆਦਿ ਵਿਚ ਐਡਜਸਟ ਕਰਾ ਦਿੱਤੇ ਹਨ। ਪੰਜਾਬ ਸਰਕਾਰ ਨੇ ਵਿਕਾਸ ਦੇ ਨਾਮ ’ਤੇ ਖਪਤਕਾਰਾਂ ਤੋਂ ਇਹ ਸੈੱਸ ਤਾਂ ਵਸੂਲਿਆ ਪ੍ਰੰਤੂ ਉਸ ਨੂੰ ਵਿਕਾਸ ਕੰਮਾਂ ਦੀ ਥਾਂ ’ਤੇ ਕਿਧਰੇ ਹੋਰ ਵਰਤਣਾ ਸ਼ੁਰੂ ਕੀਤਾ ਹੈ। ਚਾਲੂ ਮਾਲੀ ਵਰੇ੍ਹ ਦੌਰਾਨ ਬਿਜਲੀ ਕਰ ਦੇ 1479 ਕਰੋੜ ਰੁਪਏ ਵੀ ਸਬਸਿਡੀ ਆਦਿ ਵਿਚ ਐਡਜਸਟ ਕਰਾ ਦਿੱਤੇ ਗਏ ਹਨ।  ਇਸ ਮਾਲੀ ਵਰੇ੍ਹ ਦੌਰਾਨ ਸਰਕਾਰ ਨੇ ਨਵੰਬਰ 2018 ਤੱਕ 9145.92 ਕਰੋੜ ਦੀ ਸਬਸਿਡੀ ਤਾਰਨੀ ਸੀ ਪ੍ਰੰਤੂ ਪਾਵਰਕੌਮ ਨੂੰ 2788 ਕਰੋੜ ਹੀ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ 13 ਫ਼ੀਸਦੀ ਬਿਜਲੀ ਕਰ ਖਪਤਕਾਰਾਂ ’ਤੇ ਲਾਇਆ ਹੋਇਆ ਹੈ ਜਿਸ ਵਿਚ ਪੰਜ ਫ਼ੀਸਦੀ ਸਮਾਜਿਕ ਸੁਰੱਖਿਆ ਫ਼ੰਡ ਵੀ ਸ਼ਾਮਿਲ ਹੈ। ਪੰਜ ਫ਼ੀਸਦੀ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਵਸੂਲਿਆ ਜਾ ਰਿਹਾ ਹੈ ਜਦੋਂ ਕਿ ਸ਼ਹਿਰੀ ਖੇਤਰ ਦੇ ਖਪਤਕਾਰਾਂ ਤੋਂ 2 ਫ਼ੀਸਦੀ ਮਿੳਂੂਸੀਪਲ ਫ਼ੰਡ ਲਿਆ ਜਾ ਰਿਹਾ ਹੈ।
                  ਭਾਵੇਂ ਚੁੰਗੀ ਪੰਜਾਬ ਵਿਚ ਖ਼ਤਮ ਕੀਤੀ ਹੋਈ ਹੈ ਪ੍ਰੰਤੂ ਸਰਕਾਰ ਨੇ ਲੰਘੇ ਸਾਢੇ ਛੇ ਵਰ੍ਹਿਆਂ ਦੌਰਾਨ ਬਿਜਲੀ ਖਪਤਕਾਰਾਂ ਤੋਂ 735 ਕਰੋੜ ਦੀ ਚੁੰਗੀ ਵੀ ਵਸੂਲ ਕੀਤੀ ਹੈ। ਚਾਲੂ ਮਾਲੀ ਵਰੇ੍ਹ ਦੇ ਅਗਸਤ ਮਹੀਨੇ ਤੱਕ ਵੀ 3.89 ਕਰੋੜ ਦੀ ਚੁੰਗੀ ਵਸੂਲੀ ਗਈ ਹੈ। ਆਮ ਤੌਰ ’ਤੇ ਖਪਤਕਾਰ ਦੀ ਨਜ਼ਰ ਇਹ ਟੈਕਸ ਤੇ ਸੈੱਸ ਨਹੀਂ ਪੈਂਦੇ। ਪੰਜਾਬ ਸਰਕਾਰ ਨੇ ਸਾਲ 2017-18 ਦੌਰਾਨ  ਹੀ ਮਿਊਸਿਪਲ ਟੈਕਸ ਲਾਇਆ ਹੈ ਜੋ ਕਿ ਡੇਢ ਵਰੇ੍ਹ ਦੌਰਾਨ ਹੁਣ ਤੱਕ 97.90 ਕਰੋੜ ਵਸੂਲਿਆ ਜਾ ਚੁੱਕਾ ਹੈ। ਇਵੇਂ ਹੀ ਪੰਜਾਬ ਸਰਕਾਰ ਨੇ ਬਿਜਲੀ ਦੇ ਸ਼ਹਿਰੀ ਖਪਤਕਾਰਾਂ ’ਤੇ ਗਊ ਸੈੱਸ ਦਾ ਭਾਰ ਵੀ ਪਾਇਆ ਹੈ। ਸਾਲ 2016-17 ਤੋਂ ਅਗਸਤ 2018 ਤੱਕ ਖਪਤਕਾਰ ਬਿਜਲੀ ਬਿੱਲਾਂ ’ਤੇ 7.68 ਕਰੋੜ ਦਾ ਗਊ ਸੈੱਸ ਤਾਰ ਚੁੱਕੇ ਹਨ। ਸਾਲ 2016-17 ਵਿਚ 2.50 ਕਰੋੜ, ਸਾਲ 2017-18 ਵਿਚ 2.81 ਕਰੋੜ ਅਤੇ ਚਾਲੂ ਵਰੇ੍ਹ ਪੰਜ ਮਹੀਨਿਆਂ ਦੌਰਾਨ 2.36 ਕਰੋੜ ਗਊ ਸੈੱਸ ਵਜੋਂ ਸ਼ਹਿਰੀ ਲੋਕਾਂ ਦੀ ਜੇਬ ਚੋਂ ਨਿਕਲੇ ਹਨ। ਸਭ ਤੋਂ ਵੱਡਾ ਨੁਕਸਾਨ ਵੀ ਆਵਾਰਾ ਪਸ਼ੂਆਂ ਦਾ ਪੰਜਾਬ ਦੇ ਲੋਕ ਹੀ ਝੱਲ ਰਹੇ ਹਨ।
                  ਸਮਾਜਿਕ ਕਾਰਕੁਨ ਐਡਵੋਕੇਟ ਮਨੋਹਰ ਲਾਲ ਬਾਂਸਲ ਆਖਦੇ ਹਨ ਕਿ ਸਰਕਾਰ ਨੂੰ ਸਭ ਸੈੱਸਾਂ ਦੀ ਵਰਤੋਂ ਬਾਰੇ ਜਨਤਿਕ ਤੌਰ ਤੇ ਖ਼ੁਲਾਸਾ ਕਰਨਾ ਚਾਹੀਦਾ ਹੈ ਤਾਂ ਜੋ ਖਪਤਕਾਰ ਜਾਣ ਸਕਣ ਕਿ ਉਨ੍ਹਾਂ ਦਾ ਪੈਸਾ ਕਿਧਰ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਲੰਘੇ ਤਿੰਨ ਵਰ੍ਹਿਆਂ ਦੌਰਾਨ ਖਪਤਕਾਰਾਂ ’ਤੇ ਨਵੇਂ ਬੁਨਿਆਦੀ ਢਾਂਚਾ ਵਿਕਾਸ ਸੈੱਸ, ਮਿਊਸਿਪਲ ਸੈੱਸ ਅਤੇ ਗਊ ਸੈੱਸ ਦਾ ਨਵਾਂ ਭਾਰ ਪਿਆ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਮਗਰੋਂ ਹੁਣ ਸਨਅਤਾਂ ਨੂੰ ਵੀ ਰਿਆਇਤੀ ਦਰਾਂ ਤੇ ਬਿਜਲੀ ਦੇਣੀ ਸ਼ੁਰੂ ਕੀਤੀ ਹੈ। ਸਰਕਾਰ ਨੇ ਸਾਲ 2018-19 ਦੌਰਾਨ ਪਾਵਰਕੌਮ ਨੂੰ 13718.85 ਕਰੋੜ ਦੀ ਸਬਸਿਡੀ ਤਾਰਨੀ ਹੈ ਜਿਸ ਵਿਚ ਸਾਲ 2017-18 ਦੇ 4768.65 ਕਰੋੜ ਦੇ ਸਬਸਿਡੀ ਬਕਾਏ ਵੀ ਸ਼ਾਮਿਲ ਹਨ। ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਬਿਜਲੀ ’ਤੇ ਚਾਰ ਤਰ੍ਹਾਂ ਦੇ ਟੈਕਸ ਅਤੇ ਸੈੱਸ ਲੱਗੇ ਹੋਏ ਹਨ ਜਿਨ੍ਹਾਂ ਦੀ ਕੱੁਝ ਰਾਸ਼ੀ ਦੀ ਅਡਜਸਟਮੈਂਟ ਸਰਕਾਰ ਵੱਲੋਂ ਕੀਤੀ ਜਾਂਦੀ ਹੈ।

.


Wednesday, November 7, 2018

                                                       ਸਾਡੀ ਕਾਹਦੀ ਦੀਵਾਲੀ
                          ਦੁੱਖਾਂ ਦਾ ਤੇਲ, ਗਮਾਂ ਦੇ ਦੀਵੇ, ਬਲਦੇ ਨਸੀਬ ਚੰਦਰੇ..
                                                           ਚਰਨਜੀਤ ਭੁੱਲਰ
ਬਠਿੰਡਾ  : ਗੁਰਬਿੰਦਰ ਸਿੰਘ ਦੇ ਕੱਚੇ ਘਰ ਨੂੰ ਤਾਂ ਬੂਹਾ ਵੀ ਨਹੀਂ ਲੱਗਾ, ਲੱਛਮੀ ਫਿਰ ਵੀ ਨਹੀਂ ਆਉਂਦੀ। ਲੱਖੇਵਾਲੀ ਦੇ ਇਸ ਮਜ਼ਦੂਰ ਦੇ ਕੱਚੇ ਢਾਰੇ ’ਚ ਜਦੋਂ ਆਏ, ਦੁੱਖ ਹੀ ਆਏ। ਹੌਸਲਿਆਂ ਦੇ ਬਨੇਰੇ ਵੀ ਹੁਣ ਹੂੰਗਰ ਨਹੀਂ ਭਰਦੇ, ਉਹ ਬਾਲ ਕੇ ਦੀਵਾ ਕਿਥੇ ਰੱਖੇ। ਕਮਰੇ ਦਾ ਬੂਹਾ ਨਹੀਂ, ਫਟੀ ਪੱਲੀ ਹੀ ਪਰਦਾ ਕੱਜਦੀ ਹੈ। ਦਲਿਤ ਮਜ਼ਦੂਰ ਦੇ ਦੋ ਬੱਚੇ ਹਨ ਜੋ ਦੀਵਾਲੀ ਮੌਕੇ ਜਿੱਦ ਨਹੀਂ, ਧਰਵਾਸ ਕਰਦੇ ਹਨ। ਜਦੋਂ ਦੀਵਾਲੀ ਆਉਂਦੀ ਹੈ ਤਾਂ ਮਜ਼ਦੂਰ ਦੀ ਪਤਨੀ ਵੀਰਪਾਲ ਕੌਰ ਬੱਚਿਆਂ ਨੂੰ ਇਹੋ ਸਮਝਾਉਂਦੀ ਹੈ, ‘ ਦੀਵਾਲੀ ਪੈਸੇ ਵਾਲਿਆਂ ਦੀ, ਗ਼ਰੀਬਾਂ ਦੀ ਕਾਹਦੀ ’। ਇਸ ਪਰਿਵਾਰ ਨੂੰ ਨਾ ਨਲਕਾ ਜੁੜ ਸਕਿਆ, ਨਾ ਹੀ ਘਰ ਨੂੰ ਪੱਕੀ ਇੱਟ। ਬੱਚਿਆਂ ਨੂੰ ਸਕੂਲ ਤੋਰ ਨਹੀਂ ਸਕੇ। ਕਦੇ ਭੁੱਖੇ ਪੇਟ ਵੀ ਸੌਣਾ ਪੈਂਦਾ ਹੈ, ਕਿਸੇ ਕੋਲ ਢਿੱਡ ਨਹੀਂ ਫਰੋਲਦੇ। ਪੰਜਾਬ ’ਚ ਏਦਾਂ ਦੇ ਕੱਚੇ ਘਰਾਂ ਦੀ ਕਮੀ ਨਹੀਂ ਜੋ ਮਹਿਲਾਂ ਤੋਂ ਕਦੇ ਨਜ਼ਰ ਨਹੀਂ ਪੈਂਦੇ। ਮਾਨਸਾ ਦੇ ਪਿੰਡ ਕੋਟ ਧਰਮੂ ਦਾ ਕਿਸਾਨ ਰਣਜੀਤ ਸਿੰਘ ਤਾਂ ਜ਼ਿੰਦਗੀ ਤੋਂ ਹਾਰ ਗਿਆ। ਪਿੱਛੇ ਵਿਧਵਾ ਕਰਮਜੀਤ ਕੌਰ ਹੁਣ ਇਕੱਲੀ ਜੰਗ ਲੜ ਰਹੀ ਹੈ। ਕੋਈ ਦੀਵਾਲੀ ਇਸ ਘਰ ’ਚ ਦੀਵਾ ਨਹੀਂ ਬਲਦਾ। ਕਦੇ ਇਹ ਪੈਲ਼ੀਆਂ ਦੇ ਸਰਦਾਰ ਸਨ। 15 ਏਕੜ ਪੈਲੀ ਚੋਂ ਸਭ ਕਰਜ਼ੇ ’ਚ ਉੱਡ ਗਈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ ਜਾਂ ਫਿਰ ਇੱਕ ਮੰਦਬੁੱਧੀ ਬੱਚਾ।
                   ਜਵਾਨ ਧੀ ਕਿਰਨਦੀਪ ਕੌਰ ਦਾ ਫ਼ਿਕਰ ਸਿਰ ’ਤੇ ਹੈ। ਵਿਧਵਾ ਕਰਮਜੀਤ ਕੌਰ ਹੁਣ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਹੈ। ਪਿੰਡ ਸਮਾਓ ਦੇ ਕਿਸਾਨ ਜਗਬੀਰ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਹੀ ਜ਼ਿੰਦਗੀ ਨੂੰ ਹੱਥ ਜੋੜ ਦਿੱਤੇ। ਇਵੇਂ ਦੇ ਹਾਲਾਤ ਹੀ ਇਸ ਪਰਿਵਾਰ ਦੇ ਹਨ। ਜਿਨ੍ਹਾਂ ਦੇ ਕਮਾਊ ਤੁਰ ਜਾਂਦੇ ਹਨ, ਉਨ੍ਹਾਂ ਦੇ ਤਾਂ ਘਰ ਦੀ ਦਾਲ ਰੋਟੀ ਵੀ ਨਹੀਂ ਲੰਘਦੀ। ਦੀਵਾਲੀ ਦੇ ਜਸ਼ਨ ਤਾਂ ਦੂਰ ਦੀ ਗੱਲ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਮਗਰੋਂ ਹੁਣ ਤੱਕ ਪੰਜਾਬ ਵਿਚ 829 ਕਿਸਾਨ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ। ਮਤਲਬ ਅੌਸਤਨ 43 ਕਿਸਾਨ ਹਰ ਮਹੀਨੇ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਚਾਅ ਮਲ੍ਹਾਰ ਵੀ ਖ਼ੁਦਕੁਸ਼ੀ ਕਰ ਗਏ ਹਨ। ਕਦੇ ਚਿੱਟੀ ਮੱਖੀ ਤੇ ਕਦੇ ਝਾੜ, ਕਦੇ ਜਿਨਸਾਂ ਦੇ ਭਾਅ, ਖੇਤਾਂ ਦੇ ਰਾਜੇ ਨੂੰ ਮੰਡੀਓਂ ਖ਼ਾਲੀ ਮੋੜ ਰਹੇ ਹਨ। ਖੇਤਾਂ ਦੇ ਰਾਜੇ ਦਾ ਚਿਹਰਾ ਬੁੱਝ ਗਿਆ। ਕਪਾਹੀ ਦੇ ਫੁੱਲ ਜ਼ਰੂਰ ਖਿੜੇ ਨੇ ਪਰ ਟਾਹਲੀ ਵਾਲੇ ਖੇਤ ਮੌਤਾਂ ਵੰਡਣੋਂ ਨਹੀਂ ਰੁਕ ਰਹੇ। ਜੇ ਹਵਾ ਇਹ ਰਹੀ ਤਾਂ ਦਿਨ ਦੂਰ ਨਹੀਂ ਜਦੋਂ ਪਿੰਡਾਂ ’ਚ ਹੋਕੇ ਵੱਜਣਗੇ ‘ ਰੱਸੇ ਵਿਕਣੇ ਆਏ, ਲੈ ਲਓ ਰੱਸੇ ਨੀਂ’। ਜਦੋਂ ਹਵਾ ਦਾ ਰੁਖ ਕੋਝਾ ਹੋਵੇ ਤਾਂ ਦੀਵੇ ਕਿਵੇਂ ਬਾਲੀਏ, ਕਿਸਾਨ ਇਹੋ ਤਾਂ ਸਰਕਾਰ ਤੋਂ ਪੁੱਛਦੇ  ਹਨ।
                 ਹੁਣ ਮੰਡੀਆਂ ਵਿਚ ਕਿਸਾਨ ਜਿਣਸ ਦੇ ਢੇਰਾਂ ਕੋਲ ਬੈਠੇ ਹਨ। ਦੂਸਰੇ ਖੇਤਾਂ ਵਿਚ ਅਗਲੀ ਫ਼ਸਲ ਦੀ ਬਿਜਾਂਦ ਵਿਚ ਉਲਝੇ ਹੋਏ ਹਨ। ਦੰਦਲ ਪੂਰੇ ਪੰਜਾਬ ਨੂੰ ਪਈ ਹੈ, ਇਕੱਲੀ ਕਿਸਾਨੀ ਨੂੰ ਨਹੀਂ। ਅੱਧਾ ਪੰਜਾਬ ਬਿਮਾਰੀ ਨੇ ਢਾਹ ਲਿਆ ਹੈ। ਨਰਮਾ ਪੱਟੀ ’ਚ ਤਾਂ ਕੈਂਸਰ ਦੀ ਬਿਮਾਰੀ ਨੇ ਛੋਟੇ ਛੋਟੇ ਬੱਚਿਆਂ ਤੋਂ ਫੁੱਲ ਝੜੀਆਂ ਖੋਹ ਲਈਆਂ ਹਨ। ਬਾਜਾਖਾਨਾ ਦੇ ਛੋਟੇ ਕਿਸਾਨ ਇਕਬਾਲ ਸਿੰਘ ਦਾ ਅੱਠ ਵਰ੍ਹਿਆਂ ਦਾ ਬੇਟਾ ਸਰਤਾਜ ਇਸ ਚੰਦਰੀ ਬਿਮਾਰੀ ਨੂੰ ਝੱਲ ਰਿਹਾ ਹੈ। ਕਿਸਾਨ ਦੱਸਦਾ ਹੈ ਕਿ ਸਰਕਾਰ ਨੇ ਇਲਾਜ ਲਈ ਧੇਲਾ ਨਹੀਂ ਦਿੱਤਾ। ਇਸੇ ਤਰ੍ਹਾਂ ਸਿਵੀਆ ਦੇ ਅਵਤਾਰ ਸਿੰਘ ਦੇ ਘਰ ’ਚ ਖ਼ੁਸ਼ੀ ਦਾ ਦੀਵਾ ਉਦੋਂ ਹੀ ਬੁੱਝ ਗਿਆ ਸੀ ਜਦੋਂ ਉਸ ਦੇ ਦੋ ਮਹੀਨੇ ਦੇ ਬੱਚੇ ਨੂੰ ਕੈਂਸਰ ਹੋਣ ਦੀ ਡਾਕਟਰਾਂ ਨੇ ਗੱਲ ਆਖੀ ਸੀ। ਏਦਾਂ ਦਾ ਕੇਸਾਂ ਦੀ ਕੋਈ ਕਮੀ ਨਹੀਂ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਅੌਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ। ਉੱਪਰੋਂ ਹੁਣ ਡੇਂਗੂ ਨੇ ਪੰਜਾਬ ਨੱਪ ਲਿਆ ਹੈ। ਸਰਕਾਰੀ ਹਸਪਤਾਲ ਬਿਮਾਰ ਹਨ, ਪ੍ਰਾਈਵੇਟ ਪਹੁੰਚ ’ਚ ਨਹੀਂ ਰਹੇ। ਉਨ੍ਹਾਂ ਘਰਾਂ ’ਚ ਤਾਂ ਚਾਨਣ ਵੀ ਹੁੰਗਾਰਾ ਨਹੀਂ ਭਰਦਾ ਜਿਨ੍ਹਾਂ ਕੋਲ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ।
                ਉਨ੍ਹਾਂ ਹਜ਼ਾਰਾਂ ਮਜ਼ਦੂਰਾਂ ਦੇ ਘਰਾਂ ਨੂੰ ਜਿੰਦਰੇ ਵੱਜੇ ਹੋਏ ਹਨ ਜਿਨ੍ਹਾਂ ਦੇ ਜੀਅ ਗੁਜਰਾਤ ਵਿਚ ਨਰਮੇ ਦੇ ਖੇਤਾਂ ਚੋਂ ਲੱਛਮੀ ਲੱਭਣ ਗਏ ਹੋਏ ਹਨ। ਤਾਹੀਓਂ ਨਰਮੇ ਦੇ ਸੀਜ਼ਨ ਵਿਚ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਘੱਟ ਜਾਂਦੀ ਹੈ। ਨਾ ਜ਼ਮੀਨੀ ਵੰਡ ਹੋਈ, ਨਾ ਪੰਜ ਪੰਜ ਮਰਲੇ ਦੇ ਪਲਾਟਾਂ ਦੀ, ਮਜ਼ਦੂਰਾਂ ਹਿੱਸੇ ਬਿਮਾਰੀਆਂ ਦੀ ਪੰਡ ਆਈ ਹੈ। ਖੇਤ ਮਜ਼ਦੂਰਾਂ ਦੇ ਸਰਵੇ ਦੇ ਹਵਾਲੇ ਨਾਲ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸੇਵੇਵਾਲਾ ਨੇ ਦੱਸਿਆ ਕਿ ਮਜ਼ਦੂਰਾਂ ਨੂੰ 19 ਫ਼ੀਸਦੀ ਕਰਜ਼ਾ ਸਿਰਫ਼ ਬਿਮਾਰੀਆਂ ਦੇ ਇਲਾਜ ਲਈ ਚੁੱਕਣਾ ਪਿਆ ਹੈ। ‘ਪਟਿਆਲਾ ਮੋਰਚਾ’ ’ਚ ਉੱਤਰੇ ਅਧਿਆਪਕ ਆਖਦੇ ਹਨ ਕਿ ਉਨ੍ਹਾਂ ਦੀਵਾਲੀ ਵੀ ਐਤਕੀਂ ਕਾਲੀ ਹੀ ਹੈ। ਕਰੀਬ 50 ਹਜ਼ਾਰ ਟੈੱਟ ਪਾਸ ਨੌਜਵਾਨ ਭਵਿੱਖ ਦਾ ਦੀਵਾ ਬਾਲਣ ਦੀ ਉਡੀਕ ਕਰ ਰਿਹਾ ਹੈ। ‘ 5178 ਅਧਿਆਪਕ ਯੂਨੀਅਨ’ ਦੇ ਅਧਿਆਪਕ ਰੋਸ ਵਜੋਂ ਸੜਕਾਂ ਤੇ ਬੈਠ ਕੇ ਦੀਵੇ ਵੇਚ ਰਹੇ ਹਨ। ਉਨ੍ਹਾਂ ਨੂੰ ਨਾ ਰੈਗੂਲਰ ਕੀਤਾ ਤੇ ਨਾ ਕੱੁਝ ਅਰਸੇ ਤੋਂ ਤਨਖ਼ਾਹ ਮਿਲੀ ਹੈ।













 









Tuesday, November 6, 2018

                         ਨੱਚਣਾ ਭੁੱਲਿਆ ਪੰਜਾਬ
          ਢੋਲ ਦੇ ਡੱਗੇ ਤੇ ਹੁਣ ਨਹੀਂ ਉੱਠਦੇ ਪੱਬ..
                              ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਵਿਹੜੇ ’ਚ ਹੁਣ ਭੰਗੜੇ ਦੀ ਧਮਾਲ ਨਹੀਂ ਪੈਂਦੀ। ਹੁਣ ਨਾ ਛੈਲ ਛਬੀਲੇ ਗੱਭਰੂ ਲੱਭਦੇ ਨੇ ਅਤੇ ਨਾ ਹੀ ਜੇਬ ਭਾਰ ਝੱਲਦੀ ਹੈ। ਜੋ ਪੰਜਾਬ ਕਦੇ ਖੁਦ ਨੱਚਦਾ ਸੀ, ਉਸ ਦੇ ਪੱਬਾਂ ਹੇਠ ਜ਼ਰਖੇਜ਼ ਭੌਂ ਵੀ ਨਹੀਂ ਰਹੀ, ਨੁਕਤਾ ਇਹ ਵੀ ਛੋਟਾ ਨਹੀਂ। ਰਹਿੰਦੀ ਕਸਰ ‘ਉੱਡਤਾ ਪੰਜਾਬ’ ਨੇ ਕੱਢ ਦਿੱਤੀ। ਜੁੱਸੇ ਵਾਲੀ ਜਵਾਨੀ ਲੱਭਣੀ ਵੀ ਸੌਖੀ ਨਹੀਂ। ਬਾਕੀ ਬਾਜ਼ਾਰ ਦੀ ਲਿਸ਼ਕ ਨੇ ਲੋਕ ਨਾਚ ਭੰਗੜੇ ਦੀ ਨੁਹਾਰ ਖੋਹ ਲਈ ਹੈ। ਯੁਵਕ ਮੇਲਿਆਂ ’ਚ ਭੰਗੜਾ ਟੀਮਾਂ ਦਾ ਘਟਣਾ ਸਹਿਜ ਨਹੀਂ। ਭੰਗੜਾ ਏਨਾ ਮਹਿੰਗਾ ਵੀ ਹੋ ਗਿਆ ਹੈ ਕਿ ਸਰਕਾਰੀ ਕਾਲਜਾਂ ਦੇ ਵੱਸ ’ਚ ਨਹੀਂ ਰਿਹਾ। ਪੰਜਾਬ ਸਰਕਾਰ ਵੀ ਆਪਣੇ ਲੋਕ ਨਾਚ ਦੀ ਗੁਆਚ ਰਹੀ ਰੂਹ ਤੋਂ ਬੇਖ਼ਬਰ ਹੈ। ਭਲਵਾਨੀ ਤੇ ਕਿਸਾਨੀ ਦੇ ਸੰਗਮ ਵਾਲਾ ਲੋਕ ਨਾਚ ਭੰਗੜਾ ਪੰਜਾਬ ਦੇ ਕਲਚਰ ਦੀ ਵੱਡੀ ਪਹਿਚਾਣ ਹੈ। ਪੰਜਾਬੀ ’ਵਰਸਿਟੀ ਪਟਿਆਲਾ ਅਤੇ ਪੰਜਾਬ ’ਵਰਸਿਟੀ ਦੇ ਜ਼ੋਨਲ ਮੇਲੇ ਹੁਣੇ ਖ਼ਤਮ ਹੋਏ ਹਨ। ਮਾਨਸਾ ਜ਼ੋਨ ’ਚ ਕਰੀਬ 64 ਕਾਲਜ ਪੈਂਦੇ ਹਨ। ਭੰਗੜਾ ਸਿਰਫ਼ ਤਿੰਨ ਕਾਲਜ ਲੈ ਕੇ ਆਏ। ਬਠਿੰਡਾ ਜ਼ੋਨ ਦੇ ਕਰੀਬ 65 ਕਾਲਜਾਂ ਚੋਂ ਕੇਵਲ ਚਾਰ ਕਾਲਜਾਂ ਦੀ ਭੰਗੜਾ ਆਈਟਮ ਸੀ। ਇਵੇਂ ਸੰਗਰੂਰ ਜ਼ੋਨ ’ਚ ਵੀ ਕਰੀਬ 66 ਕਾਲਜ ਪੈਂਦੇ ਹਨ ਲੇਕਿਨ ਭੰਗੜਾ ਟੀਮਾਂ ਦੀ ਗਿਣਤੀ ਸਿਰਫ਼ ਪੰਜ ਰਹੀ।
                   ਯੂਨੀਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਗੁਰਸੇਵਕ ਲੰਬੀ ਆਖਦੇ ਹਨ ਕਿ ਕਿਸੇ ਜ਼ੋਨ ’ਚ ਪੰਜ ਤੋਂ ਵੱਧ ਟੀਮਾਂ ਭੰਗੜੇ ਦੀਆਂ ਨਹੀਂ ਆ ਰਹੀਆਂ। ਥੋੜੇ੍ਹ ਅਰਸੇ ਦੌਰਾਨ ਭੰਗੜੇ ਦੀ ਕਰੀਬ 30 ਫ਼ੀਸਦੀ ਭਾਗੀਦਾਰੀ ਘਟੀ ਹੈ। ਉਨ੍ਹਾਂ ਤਰਕ ਦਿੱਤਾ ਕਿ ਹੁਣ ਭੰਗੜਾ ਮਹਿੰਗਾ ਹੋ ਗਿਆ ਤੇ ਸਰਕਾਰੀ ਕਾਲਜਾਂ ਕੋਲ ਸਾਧਨ ਸੀਮਤ ਹੁੰਦੇ ਹਨ। ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਹੁਣ ਗੱਭਰੂ ਵੀ ਪੁਰਾਣੇ ਜੁੱਸੇ ਵਾਲੇ ਨਹੀਂ ਰਹੇ, 10 ਮਿੰਟ ਦੇ ਭੰਗੜੇ ਦੌਰਾਨ ਜੀਭਾਂ ਨਿਕਲ ਜਾਂਦੀਆਂ ਹਨ। ਅੱਜ ਦੀ ਜਵਾਨੀ ਨੂੰ ਭੰਗੜਾ ਜਲਦੀ ਹੰਭਾ ਦਿੰਦਾ ਹੈ। ਇਵੇਂ ਹੀ ਪੰਜਾਬ ਯੂਨੀਵਰਸਿਟੀ ਦੇ ਕਰੀਬ 200 ਕਾਲਜ ਹਨ ਜਿਨ੍ਹਾਂ ਦੇ ਦਰਜਨ ਜ਼ੋਨਾਂ ’ਚ ਕਲਚਰਲ ਮੁਕਾਬਲੇ ਹੁੰਦੇ ਹਨ। ਹਰ ਜ਼ੋਨ ਵਿਚ ਕਰੀਬ 5-6 ਟੀਮਾਂ ਹੀ ਭੰਗੜੇ ਦੀਆਂ ਆ ਰਹੀਆਂ ਹਨ। ਪੰਜਾਬ ’ਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਨਿਰਮਲ ਜੋੜਾ ਦਾ ਪ੍ਰਤੀਕਰਮ ਸੀ ਕਿ ਵਪਾਰੀਕਰਨ ਦੀ ਮਾਰ ਭੰਗੜੇ ਤੇ ਪਈ ਹੈ ਜਿਸ ਕਰਕੇ ਇੱਕ ਕਾਲਜ ਨੂੰ ਭੰਗੜੇ ਦੀ ਤਿਆਰੀ ਕਰੀਬ 50 ਹਜ਼ਾਰ ਤੋਂ ਡੇਢ ਲੱਖ ਰੁਪਏ ਵਿਚ ਪੈਂਦੀ ਹੈ। ਤਿਆਰੀ ਲਈ ਕਾਲਜ ਨੂੰ ਪੱਲਿਓਂ ਖ਼ਰਚ ਕਰਨਾ ਪੈਂਦਾ ਹੈ ਪਰ ਕਾਲਜਾਂ ਕੋਲ ਏਨੀ ਸਾਧਨ ਨਹੀਂ ਹੁੰਦੇ।
                     ਪ੍ਰਾਈਵੇਟ ਅਦਾਰਿਆਂ ਕਈ ਵਾਰ ਖੁੱਲ੍ਹ ਕੇ ਖ਼ਰਚ ਕਰ ਦਿੰਦੇ ਹਨ। ਜੋੜਾ ਨੇ ਆਖਿਆ ਕਿ ਗੱਭਰੂਆਂ ਦੀ ਕੋਈ ਕਮੀ ਨਹੀਂ, ਸਿਰਫ਼ ਮਹਿੰਗਾ ਸੌਦਾ ਬਣ ਗਿਆ ਹੈ। ਵੇਰਵਿਆਂ ਅਨੁਸਾਰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਸਾਲ 1984 ਵਿਚ ਅੰਤਰ ਵਰਸਿਟੀ ਮੁਕਾਬਲੇ ਸ਼ੁਰੂ ਕੀਤੇ ਅਤੇ ਉਦੋਂ ਹੀ ਭੰਗੜੇ ਨੂੰ ਲੋਕ ਨਾਚ ਵਜੋਂ ਕਮਿਸ਼ਨ ਨੇ ਮਾਨਤਾ ਦਿੱਤੀ ਸੀ। ਹੁਣ ਕੌਮੀ ਪੱਧਰ ’ਤੇ ਅੰਤਰ ਵਰਸਿਟੀ ਮੁਕਾਬਲੇ ਵਿਚ ਭੰਗੜਾ ਬਹੁਤੀਆਂ ਯੂਨੀਵਰਸਿਟੀਆਂ ਲੈ ਕੇ ਨਹੀਂ ਜਾਂਦੀਆਂ। ਪੰਜਾਬੀ ਵਰਸਿਟੀ, ਖੇਤੀ ਵਰਸਿਟੀ ਅਤੇ ਲਵਲੀ ਯੂਨੀਵਰਸਿਟੀ ਦਾ ਭੰਗੜਾ ਅੰਤਰ ਵਰਸਿਟੀ ਮੁਕਾਬਲੇ ’ਚ ਪ੍ਰਤੀਨਿਧਤਾ ਕਰਦਾ ਹੈ। ਵੱਡਾ ਪੱਖ ਇਹ ਵੀ ਉੱਭਰਿਆ ਕਿ ਭੰਗੜਾ ਪਾਉਣ ਵਾਲੇ ਤਾਂ ਹੁਣ ਹਵਾਈ ਅੱਡਿਆਂ ਤੇ ਖੜ੍ਹੇ ਹਨ ਅਤੇ ਬਾਕੀ ਆਈਲੈਟਸ ਕੇਂਦਰਾਂ ਵਿਚ ਸਿਰ ਫੜੀ ਬੈਠੇ ਹਨ। ਸਰਕਾਰੀ ਕਾਲਜਾਂ ’ਚ ਜੋ ਅਧਿਆਪਕ ਖੁਦ ਠੇਕੇ ਤੇ ਹਨ ਜਾਂ ਫਿਰ ਕੱਚੇ ਹਨ, ਉਨ੍ਹਾਂ ਲਈ ਭੰਗੜੇ ਤੋਂ ਪਹਿਲਾਂ ਪੇਟ ਹੈ। ਯੁਵਕ ਸੇਵਾਵਾਂ ਵਿਭਾਗ ਪੰਜਾਬ ਤਰਫ਼ੋਂ ਹਰ ਵਰੇ੍ਹ ਸਟੇਟ ਯੂਥ ਫ਼ੈਸਟੀਵਲ ਅਤੇ ਅੰਤਰ ਵਰਸਿਟੀ ਯੂਥ ਫ਼ੈਸਟੀਵਲ ਕਰਾਏ ਜਾਂਦੇ ਹਨ। ਯੁਵਕ ਸੇਵਾਵਾਂ ਨੂੰ ਫ਼ੰਡ ਦੇਣ ਮੌਕੇ ਸਰਕਾਰਾਂ ਹੱਥ ਪਿਛਾਂਹ ਖਿੱਚ ਲੈਂਦੀਆਂ ਹਨ। ਸੂਤਰ ਆਖਦੇ ਹਨ ਕਿ ਕਦੇ ਵੀ ਇਹ ਸਰਕਾਰੀ ਫ਼ੈਸਟੀਵਲ ਰੂਹ ਨਾਲ ਰੈਗੂਲਰ ਨਹੀਂ ਹੋਏ ਜਦੋਂ ਕਿ ਮਹਿਕਮਾ ਇਸ ਗੱਲੋਂ ਇਨਕਾਰ ਕਰਦਾ ਹੈ।
                        ਭੰਗੜੇ ਵਾਲਾ ਮਾਹੌਲ ਕੌਣ ਦੇਊ : ਅਮੋਲਕ ਸਿੰਘ
 ਪਲਸ ਮੰਚ ਦੇ ਕਨਵੀਨਰ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਵਿਚ ਤਾਂ ਭੰਗੜੇ ਵਾਲਾ ਮਾਹੌਲ ਹੀ ਨਹੀਂ। ਘਰ ਤੇ ਖੇਤ ਤਾਂ ਸਿਵਿਆਂ ’ਚ ਬਦਲ ਗਏ ਹਨ। ਜਵਾਨੀ ਨਸ਼ਾ ਛੁਡਾਊ ਕੇਂਦਰਾਂ ਵਿਚ ਪਈ ਹੈ ਤੇ ਲੋਕ ਹਸਪਤਾਲਾਂ ਵਿਚ। ਬੇਰੁਜ਼ਗਾਰ ਤੇ ਮੁਲਾਜ਼ਮ ਸੜਕਾਂ ’ਤੇ ਹਨ। ਪੰਜਾਬ ਤਾਂ ਉਦੋਂ ਹੀ ਭੰਗੜਾ ਪਾਉਣ ਦਾ ਹਾਣੀ ਬਣੂ ਜਦੋਂ ਭਗਤ ਸਿੰਘ ਤੇ ਦੁੱਲੇ ਨੂੰ ਪਹਿਚਾਨਣ ਲੱਗੇਗਾ।
                        ਜਵਾਨੀ ਨੂੰ ਮੋੜਾ ਦੇਣ ਦੀ ਤਾਕਤ : ਪੰਮੀ ਬਾਈ
ਮਸ਼ਹੂਰ ਲੋਕ ਗਾਇਕ ਤੇ ਭੰਗੜੇ ਦੀ ਤਾਕਤ ਪੰਮੀ ਬਾਈ ਦਾ ਕਹਿਣਾ ਹੈ ਕਿ ਜਿਸ ਭੰਗੜੇ ਨੇ ਅੱਤਵਾਦ ਦੇ ਭੈਅ ਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਸੀ, ਉਹ ਭੰਗੜਾ ਪੰਜਾਬ ਨੂੰ ਨਸ਼ਿਆਂ ਦੀ ਜਕੜ ਚੋਂ ਕੱਢਣ ਦੀ ਵੀ ਤਾਕਤ ਰੱਖਦਾ ਹੈ, ਬਸ਼ਰਤੇ ਸਰਕਾਰ ਇਸ ਪਾਸੇ ਧਿਆਨ ਦੇਵੇ। ਭੰਗੜਾ ਮਹਿੰਗਾ ਜ਼ਰੂਰ ਹੋਇਆ ਹੈ ਪਰ ਸਰਕਾਰਾਂ ਚਾਹੁਣ ਤਾਂ ਪੰਜਾਬ ਦੇ ਇਸ ਲੋਕ ਨਾਚ ਦੀ ਧਮਾਲ ਮੁੜ ਹਰ ਗਲੀ ਮਹੱਲੇ ਪੈ ਸਕਦੀ ਹੈ ਜੋ ਜਵਾਨੀ ਨੂੰ ਇੱਕ ਨਵਾਂ ਮੋੜਾ ਦੇਣ ਵਾਲੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਖੇਡਾਂ ਦੀ ਤਰ੍ਹਾਂ ਨੌਕਰੀਆਂ ਵਿਚ ਇੱਕ ਫ਼ੀਸਦੀ ਕੋਟਾ ਕਲਚਰਲ ਗਤੀਵਿਧੀਆਂ ਲਈ ਰਾਖਵਾਂ ਕਰੇ।
 






Sunday, November 4, 2018

                          ਵਿਚਲੀ ਗੱਲ 
ਮੋਦੀ ਜੀ ! ਕਦੇ ਸਾਡਾ ਢਿੱਡ ਵੀ ਫਰੋਲ ਲਓ..
                          ਚਰਨਜੀਤ ਭੁੱਲਰ
ਬਠਿੰਡਾ  : ਚਾਲ ਘੋੜੇ ਦੀ, ਨਾਮ ਪਿੰਡ ਦਾ ‘ਕੀੜੀ। ਲੋਕ ਸ਼ੇਰਾਂ ਵਰਗੇ, ਪਿੰਡ ਦਾ ਨਾਮ ਗਿੱਦੜ। ਇੱਕ ਵੀ ਮੁਰਗ਼ੀ ਨਹੀਂ, ਨਾਮ ‘ਆਂਡਿਆਂ ਵਾਲੀ’। ਰੱਜੀ ਰੂਹ ਦੇ ਲੋਕ ਨੇ, ਨਾਮ ਪਿੰਡ ਦਾ ‘ਭੁੱਖਿਆਂ ਵਾਲੀ’। ਇਵੇਂ ਹੀ ਕੱਟਿਆਂ ਵਾਲੀ, ਬੋਤਿਆਂ ਵਾਲੀ, ਝੋਟਿਆਂ ਵਾਲੀ ਵਗ਼ੈਰਾ ਵਗ਼ੈਰਾ..। ਇਨ੍ਹਾਂ ਪਿੰਡਾਂ ਵਾਲੇ ਆਖਦੇ ਹਨ ਕਿ ‘ ਨਰਿੰਦਰ ਮੋਦੀ ਜੀ, ਕਦੇ ਸਾਡਾ ਢਿੱਡ ਵੀ ਫਰੋਲ ਕੇ ਦੇਖ ਲਓ।’ ‘ਨਾਂਅ ’ਚ ਕੀ ਰੱਖਿਐ’, ਮੋਦੀ ਸਾਹਿਬ ਨੂੰ ਪਤੈ ਜਾਂ ਫਿਰ ਇਨ੍ਹਾਂ ਪਿੰਡਾਂ ਦੀ ਨਵੀਂ ਪੀੜ੍ਹੀ ਨੂੰ ਜੋ ਬਜ਼ੁਰਗਾਂ ਨੂੰ ਟਕੋਰਾਂ ਮਾਰਦੀ ਹੈ, ‘ਤੁਸੀਂ ਤਾਂ ਕੱਟ ਲਈ, ਸਾਨੂੰ ਤਾਂ ਸ਼ਰਮ ਆਉਂਦੀ ਹੈ। ਲੰਬੀ ਦਾ ਪਿੰਡ ਕੁੱਤਿਆਂ ਵਾਲੀ ਹੁਣ ਸ਼ੇਰਾਂਵਾਲੀ ਬਣ ਗਿਆ, ਤਾਹੀਓ ਲੋਕ ਵੱਡੇ ਬਾਦਲ ਦੀ ਸਿਫ਼ਤ ਕਰਦੇ ਨਹੀਂ ਥੱਕਦੇ। ਨਰਿੰਦਰ ਮੋਦੀ ਬਾਰੇ ਮਸ਼ਹੂਰ ਹੈ ਕਿ ਸ਼ਹਿਰ ਦਾ ਨਾਮ ਹੋਵੇ ਜਾਂ ਕਿਸੇ ਜੰਕਸ਼ਨ ਦਾ, ਐਵਾਰਡ ਦਾ ਨਾਮ ਹੋਵੇ ਜਾਂ ਫਿਰ ਕਿਸੇ ਸਕੀਮ ਦਾ, ਹੋਰ ਤਾਂ ਹੋਰ ਭਾਵੇਂ ਹਵਾਈ ਅੱਡੇ ਦਾ ਕਿਉਂ ਨਾ ਹੋਵੇ, ਅੱਖ ਦੇ ਫੋਰੇ ਨਾਲ ਨਾਮ ਬਦਲਦੇ  ਹਨ। ਤਾਹੀਓਂ ਮੁਗਲਸਰਾਏ ਜੰਕਸ਼ਨ ਹੁਣ ‘ਦੀਨ ਦਿਆਲ ਉਪਾਧਿਆ ਜੰਕਸ਼ਨ’ ਬਣ ਗਿਆ, ਅਲਾਹਾਬਾਦ  ਸ਼ਹਿਰ ਹੁਣ ‘ਪ੍ਰਯਾਗਰਾਜ’ ਬਣ ਗਿਆ, ਗੁੜਗਾਓ ਤੋਂ ਗੁਰੂਗਰਾਮ ਬਣ ਗਿਆ।
                 ਮੋਦੀ ਦਾ ਕਮਾਲ ਹੈ, ਕਿ ਅਗਰਤਲਾ ਏਅਰਪੋਰਟ ਹੁਣ ਮਹਾਰਾਜਾ ਬੀਰ ਬਿਕਰਮ ਸਿੰਘ ਏਅਰਪੋਰਟ ਅਤੇ ਛਤਰਪਤੀ ਸ਼ਿਵਾ ਜੀ ਏਅਰਪੋਰਟ ਹੁਣ ਛਤਰਪਤੀ ਸ਼ਿਵਾ ਜੀ ਮਹਾਰਾਜ ਕੌਮਾਂਤਰੀ ਏਅਰਪੋਰਟ ਬਣ ਗਿਆ ਹੈ। ਕਾਂਡਲਾ ਬੰਦਰਗਾਹ ਵੀ ਹੁਣ ‘ਦੀਨ ਦਿਆਲ ਪੋਰਟ, ਕਾਂਡਲਾ’ ’ਚ ਬਦਲ ਗਈ ਹੈ। ਪੰਜਾਬ ਪੁੱਛਦਾ ਹੈ ਕਿ ਮੋਹਾਲੀ ਏਅਰਪੋਰਟ ਦਾ ਨਾਮ ‘ਸ਼ਹੀਦੇ ਆਜ਼ਮ ਭਗਤ ਸਿੰਘ ਕੌਮਾਂਤਰੀ ਏਅਰਪੋਰਟ’ ਕਦੋਂ ਹੋਊ ਜਿਸ ’ਤੇ ਪੰਜਾਬ ਵੀ ਸਹਿਮਤ ਹੈ ਤੇ ਹਰਿਆਣਾ ਵੀ। ਫਿਰ ਦੇਰੀ ਕਾਹਦੀ ਹੈ। ਮਮਤਾ ਦੀਦੀ ਨੇ ‘ਪੱਛਮੀ ਬੰਗਾਲ’ ਦਾ ਨਾਮ ‘ਬੰਗਾਲ’ ਰਖਾਉਣ ਲਈ ਅਸੈਂਬਲੀ ’ਚ ਮਤਾ ਪਾਸ ਕਰਤਾ। ਕੇਰਲਾ ਨੂੰ ਕੇਰਲਾਮ ਤੇ ਭੂਪਾਲ ਨੂੰ ਭੋਜਪਾਲ ’ਚ ਤਬਦੀਲ ਕਰਾਉਣ ਦਾ ਵੀ ਮਸਲਾ ਵਿਚਾਲੇ ਹੈ। ਵਿਰੋਧੀ ਧਿਰ ਵਾਲੇ ਸ਼ਸ਼ੀ ਥਰੂਰ ਆਖਦੇ ਹਨ ਕਿ ਮੋਦੀ ਸਰਕਾਰ ਨੇ 23 ਕੇਂਦਰੀ ਸਕੀਮਾਂ ਚੋਂ 19 ਸਕੀਮਾਂ ਦੇ ਨਾਮ ਬਦਲ ਦਿੱਤੇ ਹਨ। ਕਹਾਵਤ ਹੈ ‘ਕੱਟੇ ਨੂੰ ਮਣ ਦੁੱਧ ਦਾ ਭਾਅ’। ਰੋਪੜ ਜ਼ਿਲ੍ਹੇ ਦੇ ਪਿੰਡ ਕੱਟਾ ਦੇ ਲੋਕ ਸ਼ਾਇਦ ਏਦਾਂ ਹੀ ਸੋਚਦੇ ਹੋਣਗੇ। ਪੰਜਾਬ ’ਚ ਕਰੀਬ 85 ਪਿੰਡ ਅਜਿਹੇ ਹਨ ਜਿਨ੍ਹਾਂ ਦੇ ਨਾਮ ਪੰਛੀਆਂ ਤੇ ਜਾਨਵਰਾਂ ਵਾਲੇ ਹਨ।
               ਬਹੁਤੇ ਪਿੰਡਾਂ ਵਾਲੇ ਆਖਦੇ ਹਨ ਕਿ ‘ਮੋਦੀ ਜੀ, ਕਰੋ ਸਾਡੇ ਤੇ ਵੀ ਕਿਰਪਾ’। ਵੱਡੇ ਬਾਦਲ ਨੇ ਕਈ ਵਾਰੀ ਆਖਿਆ  ‘ ਪੰਜਾਬ ਸਰਕਾਰ ਕੋਲ ਤਾਂ ਪਿੰਡ ਦੇ ਨਾਮ ਬਦਲਣ ਦਾ ਵੀ ਅਧਿਕਾਰ ਨਹੀਂ, ਉਹ ਵੀ ਦਿੱਲੀ ਕੋਲ ਹੈ’।  ਬਠਿੰਡਾ ਦੇ ਪਿੰਡ ਕੋਟਲੀ ਕਲਾਂ ’ਚ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਦੀ ਹੈ। ਬਾਦਲ ਸਰਕਾਰ ਸਮੇਂ ਰਾਤੋਂ ਰਾਤ ਪਿੰਡ ਦਾ ਨਾਮ ‘ਪ੍ਰੇਮ ਕੋਟਲੀ’ ਹੋਇਆ ਸੀ। ਪ੍ਰੇਮੀ ਤਾਂ ਖ਼ੁਸ਼ ਹੋ ਗਏ ਤੇ ਹੁਣ ਬਾਕੀ ਰੌਲਾ ਪਾ ਰਹੇ ਹਨ। ਫ਼ਾਜ਼ਿਲਕਾ ਦੇ ਪਿੰਡ ਝੋਟਿਆਂ ਵਾਲੀ ਦੇ ਮੁੰਡੇ ਪੁੱਛਦੇ ਨੇ, ਹੁਣ ਸਾਨੂੰ ਖ਼ੁਸ਼ ਕੌਣ ਕਰੂ। ਫ਼ਿਰੋਜ਼ਪੁਰ ਦੇ ਪਿੰਡ ਬੋਤਿਆਂ ਵਾਲੀ ਦਾ ਨਵਾਂ ਪੋਚ ਵੀ ਚਾਹੁੰਦਾ ਹੈ ਕਿ ਪਿੰਡ ਦਾ ਨਾਮ ਬਦਲ ਜਾਏ। ਇਵੇਂ ਹੀ ‘ਬੰਬ’ ,‘ਰਾਣੋ’,ਅੌਤਾਂਵਾਲੀ,ਭੇਡਪੁਰਾ, ਤੋਤਾ ਸਿੰਘ ਵਾਲਾ, ਡੱਡ, ਬਘਿਆੜੀ, ਚੂਹੇਵਾਲ, ਗੰਜਾ, ਗੰਜੀ, ਗਿੱਦੜੀ, ਸਾਂਡਪੁਰਾ, ਲੁਟੇਰਾ ਕਲਾਂ, ਕੁੱਕੜ, ਮੱਖੀ, ਕਾਲਾ ਬੱਕਰਾ ਦੇ ਨੌਜਵਾਨ ਕੀਹਦੇ ਕੋਲ ਫ਼ਰਿਆਦ ਕਰਨ। ਸਭ ਤਾਕਤ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਹੈ, ਉੱਥੇ ਹੀ ਜਾਣਾ ਪਊ।     
                                                ਘਰ ਵਾਪਸੀ ਲਈ ਕਾਹਲੇ ਪਏ ‘ਸਾਥੀ’
ਮੋਗਾ : (ਮਹਿੰਦਰ ਸਿੰਘ ਰੱਤੀਆਂ) : ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ‘ਕਾਂਗਰਸ ਛੱਡ ਚੁੱਕੇ ਲੀਡਰਾਂ ਨੂੰ ਘਰ ਵਾਪਸੀ’ ਦਾ ਸੱਦਾ ਦੇਣ ਦੀ ਦੇਰ ਸੀ ਕਿ ਜਗਮੀਤ ਬਰਾੜ ਦੇ ‘ਸਾਥੀ’ ਪੱਬਾਂ ਭਾਰ ਹੋ ਗਏ। ਦਿਲ ਦੀ ਗੱਲ ਜਗਮੀਤ ਖੁੱਲ੍ਹ ਕੇ ਨਹੀਂ ਦੱਸ ਰਹੇ ਪਰ ਘਰ ਵਾਪਸੀ ਲਈ ਅੰਦਰੋਂ ਉਹ ਵੀ ਕਾਹਲੇ ਪਏ ਹੋਏ ਹਨ। ਜਗਮੀਤ ਦੇ ਨੇੜਲੇ ਨੇਤਾ ਵਿਜੇ ਸਾਥੀ ਨੇ ਗਹਿਲੋਤ ਦੇ ਬਿਆਨ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਆਖਿਆ ਕਿ ਏਦਾਂ ਦੀ ਸੋਚ ਹੀ ਕਾਂਗਰਸ ਨੂੰ ਮਜ਼ਬੂਤ ਕਰੇਗੀ। ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ, ਸਾਥੀ ਜੀ ਆਪਣੇ ਦਿਲ ਦੀ ਕਹਿ ਗਏ। ਹੁਣ ਜਗਮੀਤ ਬਰਾੜ ਦੇ ਅੰਦਰ ਦੇ ਕਦੋਂ ਬਾਹਰ ਆਵੇਗੀ, ਆਉਂਦੇ ਦਿਨਾਂ ਵਿਚ ਭੇਤ ਖੁੱਲ੍ਹ ਜਾਣਗੇ। ਦੱਸਦੇ ਹਨ ਕਿ ਜਗਮੀਤ ਬਰਾੜ ਦੇ ਸਾਥੀ ਹੁਣ ਲੀਹਾਂ ਬਦਲ ਬਦਲ ਕੇ ਥੱਕ ਚੁੱਕੇ ਹਨ।