Thursday, May 30, 2019

                         ਸਿਆਸੀ ਮੌਜ 
 ਬਾਦਲ ਪਰਿਵਾਰ ਦੇ ਛੇ ਹੱਥਾਂ ਵਿਚ ਲੱਡੂ..!
                        ਚਰਨਜੀਤ ਭੁੱਲਰ
ਬਠਿੰਡਾ :  ਬਾਦਲਾਂ ਦੇ ਘਰ ਹੁਣ ਸਰਕਾਰੀ ਲੱਛਮੀ ਛੱਪਰ ਪਾੜ ਕੇ ਡਿੱਗੇਗੀ। ਬਾਦਲ ਪਰਿਵਾਰ ਦੇ ਛੇ ਹੱਥਾਂ ਵਿਚ ਲੱਡੂ ਹਨ। ਬੇਸ਼ੱਕ ਬਾਦਲਾਂ ਦੇ ਘਰ ਕੋਈ ਤੋਟ ਨਹੀਂ, ਫਿਰ ਵੀ ਕੇਂਦਰ ਤੇ ਪੰਜਾਬ ਦੇ ਖ਼ਜ਼ਾਨੇ ਦੀ ਮਿਹਰ ਰਹੇਗੀ। ਨਾਲੇ ਤਨਖ਼ਾਹਾਂ ਤੇ ਭੱਤੇ ਮਿਲਨਗੇ ਤੇ ਨਾਲੋਂ ਨਾਲੋ ਪੈਨਸ਼ਨ ਦਾ ਗੱਫਾ ਵੀ ਮਿਲੇਗਾ। ਸ਼੍ਰੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਫਿਰੋਜ਼ਪੁਰ ਤੋਂ ਐਮ.ਪੀ ਬਣੇ ਹਨ। ਹੁਣ ਉਨ੍ਹਾਂ ਨੂੰ ਐਮ.ਪੀ ਵਾਲੀ ਤਨਖਾਹ ਤੇ ਭੱਤੇ ਮਿਲਨਗੇ। ਨਾਲ ਹੀ ਉਨ੍ਹਾਂ ਨੂੰ ਬਤੌਰ ਸਾਬਕਾ ਐਮ.ਐਲ.ਏ (ਤਿੰਨ ਟਰਮ) ਵਾਲੀ ਪ੍ਰਤੀ ਮਹੀਨਾ 1.75 ਲੱਖ ਰੁਪਏ ਦੀ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ। ਜਦੋਂ ਪਹਿਲਾਂ ਉਹ ਐਮ.ਐਲ.ਏ ਹੀ ਸਨ ਤਾਂ ਉਦੋਂ ਸਾਬਕਾ ਐਮ.ਪੀ ਵਾਲੀ 55 ਹਜ਼ਾਰ ਰੁਪਏ ਪੈਨਸ਼ਨ (ਚਾਰ ਟਰਮਾਂ) ਵਾਲੀ ਪੈਨਸ਼ਨ ਮਿਲਦੀ ਸੀ। ਸੁਖਬੀਰ ਬਾਦਲ ਤਿੰਨ ਦਫ਼ਾ ਲੋਕ ਸਭਾ ਮੈਂਬਰ ਅਤੇ ਇੱਕ ਦਫ਼ਾ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਉਹ ਵਾਜਪਾਈ ਹਕੂਮਤ ਵਿਚ ਸਟੇਟ ਵਜ਼ੀਰ ਵੀ ਰਹਿ ਚੁੱਕੇ ਹਨ। ਪਾਰਲੀਮੈਂਟ ਵਿਚ ਉਹ ਹੁਣ ਪੰਜਵੀਂ ਵਾਰ ਜਾ ਰਹੇ ਹਨ। ਅਗਰ ਅੱਜ ਵੀ ਉਹ ਸਭ ਅਹੁਦੇ ਤਿਆਗ ਦੇਣ ਤਾਂ ਉਨ੍ਹਾਂ ਲਈ ਮਾਲੀ ਤੌਰ ’ਤੇ ਘਾਟੇ ਵਾਲਾ ਸੌਦਾ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪ੍ਰਤੀ ਮਹੀਨਾ 2.37 ਲੱਖ ਰੁਪਏ ਪੈਨਸ਼ਨ (ਐਮ.ਪੀ ਤੇ ਐਮ.ਐਲ.ਏ ਵਾਲੀ) ਮਿਲਣੀ ਸ਼ੁਰੂ ਹੋ ਜਾਵੇਗੀ।
                ਹਰਸਿਮਰਤ ਕੌਰ ਬਾਦਲ ਹੁਣ ਦੂਸਰੀ ਦਫ਼ਾ ਐਮ.ਪੀ ਬਣੇ ਹਨ। ਉਨ੍ਹਾਂ ਨੂੰ ਸੰਸਦ ਮੈਂਬਰ ਵਾਲੀ ਤਨਖਾਹ ਤੇ ਭੱਤੇ ਮਿਲਨਗੇ। ਇੱਕੋ ਘਰ ਵਿਚ ਸੰਸਦ ਮੈਂਬਰਾਂ ਵਾਲੀਆਂ ਸਹੂਲਤ ਹੁਣ ਡਬਲ ਹੋਣਗੀਆਂ। ਹਰਸਿਮਰਤ ਕੌਰ ਬਾਦਲ ਹੁਣ 35 ਹਜ਼ਾਰ ਪ੍ਰਤੀ ਮਹੀਨਾ ਵਾਲੀ ਪੈਨਸ਼ਨ ਲਈ ਵੀ ਯੋਗ ਹੋ ਗਏ ਹਨ। ਟੈਲੀਫੂਨ, ਬਿਜਲੀ ਪਾਣੀ, ਹਲਕਾ ਭੱਤਾ, ਦਫ਼ਤਰੀ ਭੱਤਾ ਤੇ ਰਿਹਾਇਸ਼ ਦੀ ਸਹੂਲਤ ਦਾ ਦੁੱਗਣਾ ਫਾਇਦਾ ਮਿਲੇਗਾ। ਬਿਜਲੀ ਦੀ ਖਪਤ ਦੇ 50 ਹਜ਼ਾਰ ਯੂਨਿਟ ਸਲਾਨਾ ਮੁਫ਼ਤ ਦੀ ਸਹੂਲਤ ਵਿਚ ਮਿਲਨਗੇ। ਰੇਲ ਤੇ ਹਵਾਈ ਭਾੜੇ ਦੀ ਵੱਖਰੀ ਸਹੂਲਤ ਮਿਲਣੀ ਹੈ।  ਇਸੇ ਤਰ੍ਹਾਂ ਤਿੰਨ ਟੈਲੀਫੂਨਾਂ ’ਤੇ ਸਲਾਨਾ 1.50 ਲੱਖ ਮੁਫ਼ਤ ਕਾਲਾਂ ਦੀ ਸਹੂਲਤ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਬਤੌਰ ਵਿਧਾਇਕ 85 ਹਜ਼ਾਰ ਰੁਪਏ ਸਮੇਤ ਭੱਤੇ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ ਜਦੋਂ ਕਿ ਉਹ ਨਾਲੋਂ ਨਾਲ ਬਤੌਰ ਸਾਬਕਾ ਐਮ.ਪੀ ਵਾਲੀ ਪੈਨਸ਼ਨ ਵੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ।
              ਸਾਬਕਾ ਐਮ.ਪੀ ਵਾਲੀਆਂ ਸਹੂਲਤਾਂ ਵੱਖਰੀਆਂ ਮਿਲਦੀਆਂ ਹਨ। ਉਹ ਦਸ ਵਾਰ ਵਿਧਾਇਕ ਬਣੇ ਹਨ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਵੱਡੇ ਬਾਦਲ ਇਸ ਵੇਲੇ 5.26 ਲੱਖ ਰੁਪਏ ਦੀ ਪੈਨਸ਼ਨ ਦੇ ਯੋਗ ਹੋ ਗਏ ਹਨ ਜਦੋਂ ਕਿ ਸਾਬਕਾ ਐਮ.ਪੀ ਵਾਲੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੱਖਰੀ ਪਹਿਲਾਂ ਹੀ ਮਿਲ ਰਹੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਲ 1997-2002 ਤੱਕ ਮੁੱਖ ਮੰਤਰੀ ਰਹੇ ਸਨ ਤਾਂ ਉਦੋਂ ਉਨ੍ਹਾਂ ਨੇ ਨਾ ਖ਼ਜ਼ਾਨੇ ਚੋ ਤਨਖਾਹ ਲਈ ਸੀ ਅਤੇ ਨਾ ਹੀ ਕੋਈ ਭੱਤਾ ਲਿਆ ਸੀ। ਉਸ ਮਗਰੋਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਖਰਚਾ ਮੈਡੀਕਲ ਦਾ ਰਿਹਾ ਹੈ ਜੋ ਸਰਕਾਰੀ ਖ਼ਜ਼ਾਨੇ ਨੇ ਝੱਲਿਆ ਹੈ। ਇਸੇ ਤਰ੍ਹਾਂ ਮਹਾਰਾਣੀ ਪ੍ਰਨੀਤ ਕੌਰ ਜਦੋਂ ਵਿਧਾਇਕ ਸਨ ਤਾਂ ਉਨ੍ਹਾਂ ਨੂੰ ਐਮ.ਪੀ ਵਾਲੀ ਪੈਨਸ਼ਨ ਵੀ ਮਿਲਦੀ ਰਹੀ ਹੈ। ਹੁਣ ਜਦੋਂ ਉਹ ਐਮ.ਪੀ ਬਣ ਗਏ ਹਨ ਤਾਂ ਨਾਲ ਹੀ ਉਨ੍ਹਾਂ ਨੂੰ ਐਮ.ਐਲ.ਏ ਵਾਲੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।
                 ਮੈਡੀਕਲ ਖਰਚੇ ’ਚ ਝੰਡੀ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਂਦੀ ਨੇ 1997-2002 ਦੇ ਕਾਰਜਕਾਲ ਦੌਰਾਨ ਨਿਊਯਾਰਕ ਤੋਂ 8 ਮਾਰਚ  ਤੋਂ 2 ਅਪਰੈਲ 1998 ਤੱਕ ਆਪਣਾ ਇਲਾਜ ਕਰਾਇਆ ਜਿਸ ਦਾ ਖਰਚਾ 39.11 ਲੱਖ ਰੁਪਏ ਖ਼ਜ਼ਾਨੇ ਚੋਂ ਤਾਰਿਆ ਗਿਆ। ਉਸ ਮਗਰੋਂ ਸਾਲ 2007-2012 ਦੌਰਾਨ ਬਾਦਲ ਪਰਿਵਾਰ ਦੇ ਮੈਡੀਕਲ ਦਾ ਖਰਚਾ 3.59 ਕਰੋੜ ਰੁਪਏ ਰਿਹਾ। ਫਰਵਰੀ 2017 ਵਿਚ ਵੱਡੇ ਬਾਦਲ ਦੇ ਅਮਰੀਕਾ ਵਿਚ ਚੱਲੇ ਇਲਾਜ ਦਾ ਖਰਚਾ ਸਮੇਤ ਟਿਕਟਾਂ ਆਦਿ ਕਰੀਬ ਇੱਕ ਕਰੋੜ ਰੁਪਏ ਰਿਹਾ ਹੈ।


Sunday, May 26, 2019

                                                          ਵਿਚਲੀ ਗੱਲ   
                               ਹਕੀਮ ਜੀ !  ਸਾਡੇ ਤਾਂ ਸਾਰੇ ਰੋਗ ਕੱਟੇ ਗਏ...
                                                          ਚਰਨਜੀਤ ਭੁੱਲਰ
ਬਠਿੰਡਾ : ਹੌਲੀ ਹੌਲੀ ਸਰੀਰ ਨੂੰ ਢਿੱਲਾ ਛੱਡੋ। ਅੱਖਾਂ ਬੰਦ ਕਰੋ ਤੇ ਅੰਤਰ ਧਿਆਨ ਹੋਵੋ। ਫਿਰ ਪੰਜ ਲੰਬੇ ਡੂੰਘੇ ਸਾਹ ਲਵੋ। ਕਿਤੇ ਵੀ ਹੋਵੋ, ਘਰ ਜਾਂ ਦਫਤਰ, ਸਕੂਲ ਜਾਂ ਕਾਲਜ। ਖੇਤ ’ਚ ਹੋਵੇ ਤੇ ਚਾਹੇ ਸੱਥ ’ਚ। ਸਿਰਫ਼ ਪੰਜ ਮਿੰਟ ਦੀ ਤਾਂ ਹੀ ਗੱਲ ਹੈ। ਤਣਾਓ ਤਾਂ ਘਟੇਗਾ ਹੀ। ਸਹਿਣ ਦੀ ਸ਼ਕਤੀ ਵੀ ਵਧੇਗੀ। ਹੁਣ ਤਾਂ ਨਿੱਤਨੇਮ ਹੀ ਬਣਾ ਲਓ। ਫਿਰ ਖੁਦ ਹੀ ਕਹੋਗੇ  ‘ਹਮ ਨਹੀਂ ਚੰਗੇ ਬੁਰਾ ਨਹੀਂ ਕੋਈ।’ ਭੁੱਲ ਹੀ ਜਾਓਗੇ, ਜੋ ਲੰਘੇ ਮਹੀਨੇ ਹੋਇਆ। ਰਾਤ ਗਈ, ਬੱਸ ਬਾਤ ਗਈ। ਚੋਣਾਂ ਦੀ ਚਰਖੜੀ ਤੋਂ ਮੁਲਕ ਉਤਰਿਐ। ਨਵਾਂ ਜੋਸ਼, ਨਵਾਂ ਰਾਸ਼ਟਰ, ਨਵੀਂ ਤਰੰਗ ਤੇ ਨਵੀਆਂ ਉਮੀਦਾਂ। ਬਿਨਾਂ ਸ਼ੱਕ, ਭਾਜਪਾ ਦੀ ਜਿੱਤ ਵੱਡੀ ਐ। ਪਹਿਲਾਂ ਮੁਬਾਰਕਾਂ ਦਿਓ, ਫਿਰ ਜੁਟ ਜਾਓ ਆਪਣੇ ਕੰਮਾਂ ’ਚ, ਬਾਕੀ ਫਕੀਰ ਤੇ ਛੱਡੋ।  ਡੋਨਾਲਡ ਟਰੰਪ, ਜਿੰਨਪਿੰਗ ਤੇ ਇਮਰਾਨ ਖਾਨ ਤੇ ਹੋਰ ਬਹੁਤ। ਸਭ ਨੇ ਸ਼ੁੱਭ ਇੱਛਾਵਾਂ ਭੇਜੀਆਂ ਹਨ। ਨਰਿੰਦਰ ਭਾਈ ਦੇ ਹੱਥ ਵੱਡੀ ਤਾਕਤ ਜੋ ਆਈ। ਬਾਗੋ ਬਾਗ ਮੋਦੀ ਇੰਝ ਬੋਲੇ ‘ਸ਼ੁਕਰੀਆ, ਫਕੀਰ ਦੀ ਝੋਲੀ ਭਰਨ ਲਈ’। ਛੱਜੂ ਰਾਮਾ.. ਤੂੰ ਨਾ ਤਿੰਨ ’ਚ ਨਾ ਤੇਰਾਂ ’ਚ। ਐਵੇਂ ਲਕੀਰ ਦਾ ਫਕੀਰ ਬਣਿਐ। ਫਿਕਰ ਨਾ ਕਰ, ਬੱਸ ਫਖਰ ਕਰ।  ਹੁਣ ਤਾਂ ਫਕੀਰ ਨੇ ਖੁਦ ਆਖਦੈ, ਚੋਣਾਂ ’ਚ ‘ਜੋ ਹੂਆ ਸੋ ਹੂਆ’, ਨਵੀਂ ਇਬਾਰਤ ਲਿਖਾਂਗੇ। ਬਦਨੀਅਤ ਨਾਲ ਨਹੀਂ, ਸੱਚੇ ਦਿਲ ਨਾਲ। ਮਨ ਦਾ ਡਰ ਕੱਢ ਛੱਜੂ ਰਾਮਾ। ਆਲਿਆ ਭੋਲਿਆ ਦਾ ਰੱਬ ਰਾਖਾ। ਰਾਹੁਲ ਗਾਂਧੀ ਦਾ ਕੌਣ ਰਾਖੈ, ਕੋਈ ਪਤਾ ਨਹੀਂ। ਪੰਜ ਮਿੰਟਾਂ ਨਾਲ ਗੱਲ ਨਹੀਂ ਬਣਨੀ। ਉਸ ਨੂੰ ਲੰਬਾ ਸਮਾਂ ਲੰਬੇ ਸਾਹ ਲੈਣੇ ਪੈਣੇ ਨੇ।
                ਓਧਰ, ਮੋਦੀ ਨੇ ਫਿਰ ਅਸ਼ੀਰਵਾਦ ਲਿਆ। ਬਜ਼ੁਰਗ ਜੋਸ਼ੀ ਤੇ ਅਡਵਾਨੀ ਤੋਂ। ਜੋਸ਼ੀ ਨੇ ਲੱਡੂ ਖੁਆ ਕੇ ਨਸੀਹਤ ਦਿੱਤੀ ‘ਬੂਟਾ ਬੜੀ ਅੌਖ ਨਾਲ ਲਾਇਐ, ਹੁਣ ਫਲ ਮਿੱਠੇ ਵੰਡਣਾ।’ ਛੱਜੂ ਰਾਮਾ..ਕੰਨਾਂ ਚੋਂ ਉਂਗਲਾਂ ਕੱਢ, ਚੱਲ ਉੱਠ, ਲੇਬਰ ਚੌਂਕ ਤੈਨੂੰ ਉਡੀਕ ਰਿਹੈ। ਚੋਣ ਮੇਲਾ ਕਦੋਂ ਦਾ ਮੁੱਕਿਐ। ‘ਚੌਕੀਦਾਰ’ ਵਾਲਾ ਟੈਗ ਵੀ ਉਤਾਰ ਦਿੱਤੈ। ਬਾਲਾਕੋਟ ਵਾਲੀ ਕਹਾਣੀ ਖਤਮ। ਫਕੀਰ ਦੀ ਨਵੀਂ ਪਾਰ ਸ਼ੁਰੂ। ਕੰਨਾਂ ’ਚ ਗੂੰਜ ਪੈਣੋਂ ਨਹੀਂ ਹਟ ਰਹੀ, ‘ਹਮ ਤੋਂ ਫਕੀਰ ਹੈ, ਝੋਲਾ ਲੈ ਕੇ ਚਲ ਪੜ੍ਹੇਗੇ’। ਨਾਲੋਂ ਨਾਲ ਜਨਾਬ ਮਿਰਜ਼ਾ ਗ਼ਾਲਬ ਚੇਤੇ ’ਚ ਘੁੰਮੇ ਨੇ ‘ਇਸ ਸਾਦਗੀ ਪੇ ਕੌਣ ਨਾ ਮਰ ਜਾਏ ਏ ਖੁਦਾ..।’ ਰਾਮਦੇਵ ਆਪਣੇ ਆਪ ਨੂੰ ਫਕੀਰ ਦੱਸਦੈੇ। ਇੱਧਰ, ਸਾਡੇ ਆਲ਼ੇ ਹੰਸ ਰਾਜ ਹੰਸ, ਫਕੀਰਾਂ ਤੋਂ ਘੱਟ ਨੇ। ਜਿਸ ਨਾਚੀਜ਼ ਤੇ ਨਿਮਾਣੇ ਦੀ ਝੋਲੀ ਆਖਰ ਜਿੱਤ ਪੈ ਹੀ ਗਈ। ਵੱਡੇ ਵੱਡੇ ਚਿੱਤ ਵੀ ਹੋਏ ਨੇ। ਅਮੇਠੀ ਤੋਂ ਰਾਹੁਲ, ਯਾਦਵਾਂ ਦੀ ਨੂੰਹ, ਦੇਵਗੌੜਾ ਤੇ ਉਸ ਦਾ ਪੋਤਾ ਤੇ ਕਿੰਨੇ ਹੀ ਸਾਬਕਾ ਮੁੱਖ ਮੰਤਰੀ ਹਾਰੇ ਨੇ। ਲੇਬਰ ਚੌਂਕ ’ਚ ਹੁੱਝਾਂ ਛੱਜੂ ਰਾਮ ਨੂੰ ਪਈਆਂ ਨੇ। ਅਖੇ.. ਆਹ ਕੀ ਕਰਤਾ। ਡਰ ਨਾ ਛੱਜੂ ਰਾਮਾ..ਅੱਖਾਂ ਬੰਦ ਕਰ..ਲੰਬੇ ਲੰਬੇ ਡੂੰਘ ਸਾਹ ਲੈ। ਅੌਹ ਦੇਖ, ਪਾਰਲੀਮੈਂਟ ’ਚ ਕੌਣ ਕੌਣ ਬੈਠੇ ਨੇ। ਤੈਨੂੰ ਭੀੜ ਪਈ, ਕੋਈ ਪਿਛੇ ਨਹੀਂ ਹਟੂ।
               ਕੇਰਲਾ ਵਾਲਾ ਕਾਂਗਰਸੀ ਡੀਨ ਕੁਰੀਆਕੋਸ ਐਮ.ਪੀ ਬਣ ਗਿਐ। ਡੀਨ ’ਤੇ ਪੂਰੇ 204 ਪੁਲੀਸ ਕੇਸ ਦਰਜ ਨੇ। ਡਰੀਂ ਨਾ, ਤੇਰੇ ਨਾਲ ਖੜੂ। ਭਾਜਪਾਈ ਕੇ. ਸੁਰਿੰਦਰਾਂ ’ਤੇ 240 ਕੇਸ ਦਰਜ ਨੇ। ਕਿਤੇ ਉਹ ਨਾ ਹਾਰਦਾ ਤਾਂ ਛੱਜੂ ਰਾਮਾ.. ਕਿਸੇ ਦੀ ਕੀ ਮਜਾਲ ਸੀ। ਲੋੜ ਪਈ ਤਾਂ 52 ਕੇਸਾਂ ਵਾਲਾ ਭਾਜਪਾਈ ਐਮ.ਪੀ ਰਾਓ ਸੋਇਆਮ (ਤੈਲੰਗਾਨਾ) ਅੱਗੇ ਹੋ ਕੇ ਲੜੂ। ਦੂਜੇ ਪਾਸੇ ਨਜ਼ਰ ਘੁੰਮਾ। ਅੌਹ ਦੇਖ, ਸਾਧਵੀ ਪ੍ਰਗਿਆ ਬੈਠੀ ਹੈ। ਮੌਨ ਤੋੜ ਦਿੱਤਾ ਹੈ, ਫਿਕਰ ਨਾ ਕਰੀ। ਸਾਕਸ਼ੀ ਮਹਾਰਾਜ ਵੀ ਨਾਲ ਹੀ ਬੈਠੇ ਨੇ। ਅਸਮਾਨ ’ਚ ਸੁਰਾਖ ਕਰਾਉਣਾ ਹੋਇਆ ਤਾਂ ਸਮ੍ਰਿਤੀ ਇਰਾਨੀ ਨੂੰ ਤਕਲੀਫ਼ ਦਿਆਂਗੇ। ਛੱਜੂ ਰਾਮਾ.. ਤੂੰ ਘਨ੍ਹਈਆ ਕੁਮਾਰ ਤੋਂ ਅੰਬ ਲੈਣੇ ਐ, ਉਧਰ ਦੇਖ ਕਿੰਨੇ ਮਹਾਂਰਥੀ ਹਾਜ਼ਰ ਨੇ। ਆਜ਼ਮ ਖਾਨ ਬੈਠੇ ਨੇ, ਦੂਜੇ ਪਾਸੇ ਗਿਰੀਰਾਜ, ਨਲੀਨ ਕਤੀਲ ਤੇ ਤੇਜਸਵੀ (ਬੰਗਲੌਰ) ਬੈਠੇ ਨੇ। ਹੁਣ ਕਿਉਂ ਤੱਤੀਆਂ ਗੱਲਾਂ ਕਰਨਗੇ। ਤੂੰ ਚੁਣ ਕੇ ਭੇਜੇ ਨੇ, ਤੇਰੇ ਸਾਹ ’ਚ ਸਾਹ ਲੈਣਗੇ। ਧਰਮਵੀਰ ਗਾਂਧੀ, ਵੀਰਪਾਲ ਕੌਰ ਰੱਲਾ, ਤੈਲੰਗਾਨਾ ਵਾਲੇ ਕਿਸਾਨ ਸੁੰਨਮ ਇਸਤਰੀ ਨੇ ਤੇਰਾ ਕੀ ਸੰਵਾਰ ਦੇਣਾ ਸੀ। ਸਨੀ ਦਿਓਲ ਤਾਂ ਤੇਰਾ ਆਪਣੈ, ਲੋੜ ਪਈ ਤਾਂ ਹੇਮਾ ਮਾਲਿਨੀ ਵੀ ਤੇਰੇ ਨਾਲ ਕੰਧ ਬਣਕੇ ਖੜੂ। ਗਹੁ ਨਾਲ ਵੇਖ, ਭਗਵੰਤ ਮਾਨ ਵੀ ਖੜ੍ਹੈ, ਫਕੀਰ ਦੇ ਪਿਛੇ ਪਤਾ ਨਹੀਂ ਕਿਉਂ ਪਿਐ। ਭਗਵੰਤ ਸਿਆਂ, ਭੁੱਲ ਜਾ, ਫਕੀਰ ਕਿਥੇ ਦੱਬਦੈ।
                ਵੈਸੇ ਛੱਜੂ ਰਾਮਾ.. ਤੈਨੂੰੰ ਇੱਕ ਗੱਲ ਮੰਨਣੀ ਪਊ। ਚੋਣਾਂ ’ਚ ਜੋ ਕੰਮ ਭਾਵੁਕ ਅਲਫਾਜ ਕਰਦੇ ਨੇ, ਪੈਸਾ ਵੀ ਨਹੀਂ ਕਰਦਾ। ਬਿਹਾਰ ਦਾ ਰਮੇਸ਼ ਸ਼ਰਮਾ ਦੇਸ਼ ਦਾ ਸਭ ਤੋਂ ਅਮੀਰ ਆਜ਼ਾਦ ਉਮੀਦਵਾਰ ਸੀ। ਪੂਰੇ 1110 ਕਰੋੜ ਦੀ ਸੰਪਤੀ ਪਰ ਵੋਟਾਂ ਪਈਆਂ ਸਿਰਫ਼ 1558। ਇਵੇਂ 875 ਕਰੋੜ ਦਾ ਮਾਲਕ ਕੌਂਡਾ ਰੈਡੀ ਵੀ ਚੋਣ ਹਾਰ ਗਿਆ। ਤੂੰ ਬਰਨਾਲੇ ਵਾਲੇ ਪੱਪੂ ਨੂੰ ਤਾਂ ਜਾਣਦੈ। ਤੇਰਾ ਮਜ਼ਦੂਰ ਭਾਈ ਐ। ਦੇਸ਼ ਦਾ ਸਭ ਤੋਂ ਗਰੀਬ ਉਮੀਦਵਾਰ। ਮਹਾਂਸਵਾਮੀ (ਕਰਨਾਟਕ) ਦੀ ਕੀ ਰੀਸ ਕਰੂ ਪੱਪੂ, ਉਸ ਕੋਲ ਪੂਰੇ 9 ਰੁਪਏ ਦੀ ਸੰਪਤੀ ਸੀ। ਦੋਵੇਂ ਹਾਰ ਗਏ। ਕਿੰਨੇ ਪੀ.ਐਚ.ਡੀ ਹਾਰ ਗਏ ਤੇ ਕਿਤੋਂ ਅਨਪੜ੍ਹ ਵੀ ਜਿੱਤ ਗਏ। ਮੁਹੰਮਦ ਸਦੀਕ ਵੀ ਪੰਜਵੀਂ ਨਹੀਂ ਟੱਪਿਆ। ਚੋਣ ਜਿੱਤਣੀ ਵੀ ਕਲਾ ਹੈ। ਬੱਸ ਪਤਾ ਹੋਵੇ, ਸੱਟ ਕਿਥੇ ਮਾਰਨੀ ਹੈ। ਹੰਸ ਰਾਜ ਕਹਿੰਦੈ, ਪਤਾ ਹੀ ਹੁਣ ਲੱਗਾ। ਚੋਣਾਂ ਤਾਂ ਐਤਕੀਂ ਸੱਪਾਂ ਦਾ ਮੇਲਾ ਹੀ ਸੀ। ਮਾਇਆਵਤੀ ਦੇ ਮੂੰਹ ਤੋਂ ਮੱਖੀ ਨਹੀਂ ਉੱਠ ਰਹੀ। ਦੀਦੀ ਘਬਰਾਈ ਹੋਈ ਹੈ। ਚੋਣਾਂ ’ਚ ਬਹੁਤ ਜ਼ਹਿਰ ਡੁੱਲਿਐ। ਪੂਰੇ ਦੇਸ਼ ਦੀ ਸ਼ੁੱਧੀ ਕਰਨੀ ਪੈਣੀ ਐ। ਤਿੰਨ ਫੀਸਦੀ ਐਮ.ਪੀ ਆਰਟਿਸਟ ਬਣੇ ਹਨ। ਥੋੜਾ ਬਹੁਤਾ ਮਿੱਠਾ ਸੰਗੀਤ ਛਿੜਕਣ। ਭਾਜਪਾ ਦੇ 303 ਐਮ.ਪੀ ਬਣੇ ਹਨ।
               ਛੱਜੂ ਰਾਮ ਨੇ ਮੁੜ ਹੱਥ ਜੋੜੇ ਨੇੇ। ਪੁੱਛ ਰਿਹੈ, ਖਾਤਾ ਬੰਦ ਕਰਾਵਾਂ ਜਾਂ 15 ਲੱਖ ਦੀ ਝਾਕ ਹਾਲੇ ਰੱਖਾ। ਸੱਜਣਾ ਦੇ ਲਾਰੇ ਰਹੇ ਕੰਵਾਰੇ। ਏਦਾਂ ਨਾ ਕਹਿ, ਉਮੀਦ ਤੇ ਹੀ ਦੁਨੀਆਂ ਜਿਉਂਦੀ ਐ। ਤੂੰ ਤਾਂ ਮਾਣ ਕਰ, ਤੇਰਾ ਦੇਸ਼ ਮਹਾਨ ਹੈ। ਖੁਸ਼ੀ ’ਚ ਸ਼ਾਮਿਲ ਹੋ, ਵਿਆਹ ’ਚ ਬੀਅ ਦਾ ਲੇਖਾ ਨਾ ਪਾ। ਸਿਆਸੀ ਸ਼ਰੀਕਾਂ ਨੂੰ ਹਜ਼ਮ ਨਹੀਂ ਹੋੋ ਰਿਹਾ। ਸੁਖਪਾਲ ਖਹਿਰਾ ਕਹਿੰਦੈ.. ਬਠਿੰਡੇ ਵਾਲਿਆਂ ਦੀ ਜ਼ਮੀਰ ਨੀਂ ਜਾਗੀ। ਦੇਸ਼ ਬਾਰੇ ਕੀ ਖਿਆਲ ਹੈ। ਜ਼ਮੀਰਾਂ ਹੁਣ ਬਗਾਵਤ ਨਹੀਂ ਕਰਦੀਆਂ। ਆਖਰ ’ਚ ਇੱਕ ਕਹਾਣੀ। ‘ਹਜ਼ੂਰ, ਲੋਕਾਂ ਦੀਆਂ ਜ਼ਮੀਰਾਂ ਸਵਰਗਵਾਸ ਹੋ ਗਈਆਂ ਨੇ’। ਬੀਰਬਲ ਦੀ ਇਹ ਗੱਲ ਅਕਬਰ ਨੂੰ ਜਚੀ ਨਾ। ਦੇਖਣ ਲਈ ਅਕਬਰ ਨੇ ਪੁਲ ਦੇ ਲਾਂਘੇ ਤੇ ਟੈਕਸ ਲਾ ਦਿੱਤਾ। ਕੋਈ ਚੂੰ ਨਾ ਕੀਤਾ। ਫਿਰ ਟੈਕਸ ਦੁੱਗਣਾ, ਤਿਗਣਾ ਤੇ ਫਿਰ ਚੌਗੁਣਾ ਕੀਤਾ। ਕੋਈ ਨਾ ਖੰਘਿਆ। ਟੈਕਸ ਨਾਲ ਛਿੱਤਰ ਵੀ ਮਾਰਨੇ ਸ਼ੁਰੂ ਕਰ ਦਿੱਤੇ। ਸਭ ਛਿੱਤਰ ਖਾ ਕੇ ਪੁਲ ਤੋਂ ਲੰਘੇ ਜਾਂਦੇ। ਛਿੱਤਰਾਂ ਦੀ ਗਿਣਤੀ ਹੋਰ ਵਧਾ ਦਿੱਤੀ। ਬਾਦਸ਼ਾਹ ਨੂੰ ਦੂਰੋਂ ਆਉਂਦੇ ਫਰਿਆਦੀ ਦੇਖ ਕੇ ਲੱਗਾ ਕਿ ਚਲੋ ਸ਼ੁਕਰ ਐ ਜ਼ਮੀਰਾਂ ਬਚੀਆਂ ਨੇ। ਫਰਿਆਦੀ ਲੋਕਾਂ ਨੇ ਹੱਥ ਜੋੜੇ, ‘ਬਾਦਸ਼ਾਹ ਸਲਾਮਤ, ਅਸੀਂ ਕੰਮਾਂ ਕਾਰਾਂ ਵਾਲੇ ਲੋਕ ਹਾਂ, ਲੇਟ ਹੋ ਜਾਂਦੇ ਹਾਂ, ਕਿਰਪਾ ਕਰੋ ਜੇ ਛਿੱਤਰ ਮਾਰਨ ਵਾਲਿਆਂ ਦੀ ਗਿਣਤੀ ਵਧਾ ਦਿਓ।’ ਛੱਜੂ ਰਾਮਾ.. ਬੋਲ ਭਾਰਤ ਮਾਤਾ ਕੀ ਜੈ !





Tuesday, May 21, 2019

                       ਨਵੀਂ ਕਪਤਾਨੀ
ਮਜੀਠੀਆ ਕੀ ਜਾਣੇ ਬਾਬੇ ਦੀਆਂ ਬਾਤਾਂ !
                       ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸੰਸਦੀ ਹਲਕੇ ਦੀ ਚੋਣ ਐਤਕੀਂ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਲਈ ਵੱਧ ਵਕਾਰੀ ਜਾਪਦੀ ਹੈ, ਨਾ ਕਿ ਵੱਡੇ ਬਾਦਲ ਲਈ। ਜਦੋਂ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਅਤੇ ਦੂਜੀ ਵਾਰ ਚੋਣ ਲੜੀ ਸੀ ਤਾਂ ਉਦੋਂ ਕਮਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਹੁੰਦੀ ਸੀ। ਐਤਕੀਂ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦੀ ਕਮਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲ ਰਹੀ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਹਲਕੇ ਤੋਂ ਵੱਧ ਸਮਾਂ ਬਠਿੰਡਾ ਹਲਕੇ ਨੂੰ ਦਿੱਤਾ ਹੈ। ਵੱਡੇ ਬਾਦਲ ਇਸ ਵਾਰ ਚੋਣ ਪ੍ਰਚਾਰ ਦੇ ਮੋਹਰੀ ਸੀਨ ਤੋਂ ਕੰਨੀ ’ਤੇ ਨਜ਼ਰ ਆਏ ਜੋ ਪਹਿਲਾਂ ਦਿਨ ਰਾਤ ਚੋਣ ਪ੍ਰਚਾਰ ’ਚ ਜੁਟਦੇ ਰਹੇ ਹਨ। ਫਸੇ ਗੱਡੇ ਕਿਵੇਂ ਕੱਢਣੇ ਨੇ, ਵੱਡੇ ਬਾਦਲ ਤੋਂ ਵੱਧ ਕੋਈ ਨਹੀਂ ਜਾਣਦਾ।  ਬਠਿੰਡਾ ਹਲਕੇ ’ਚ ਨਵੀਂ ਚਰਚੇ ਛਿੜੇ ਹਨ ਕਿ ਵੱਡੇ ਬਾਦਲ ਪਹਿਲਾਂ ਵਾਂਗ ਬਠਿੰਡਾ ਚੋਣ ਵਿਚ ਪੱਬਾਂ ਭਾਰ ਕਿਉਂ ਨਹੀਂ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਾਦਗੀ ਪੱਤਰ ਦਾਖਲ ਕਰਨ ਬਠਿੰਡਾ ਆਏ ਸਨ ਤੇ ਉਸ ਦਿਨ ਉਹ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੂੰ ਵੀ ਮਿਲੇ ਸਨ। ਉਸ ਮਗਰੋਂ ਵੱਡੇ ਬਾਦਲ ਬਠਿੰਡਾ ਅਤੇ ਮਾਨਸਾ ਸ਼ਹਿਰ ਵਿਚ ਕਿਤੇ ਵੀ ਨਜ਼ਰ ਨਹੀਂ ਪਏ।
                ਹਾਲਾਂਕਿ ਇਨ੍ਹਾਂ ਸ਼ਹਿਰਾਂ ਦੇ ਹਿੰਦੂ ਭਾਈਚਾਰੇ ’ਚ ਵੱਡੇ ਬਾਦਲ ਦੀ ਗੱਲ ਸੁਣੀ ਜਾਂਦੀ ਹੈ। ਜਦੋਂ ਵਿਹਲ ਮਿਲੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਜਲਸਿਆਂ ਨੂੰ ਹੀ ਸੰਬੋਧਨ ਕੀਤਾ। ਵੱਡੇ ਬਾਦਲ ਅਤੇ ਸੁਖਬੀਰ ਬਾਦਲ ਤੋਂ ਵੱਧ ਸਮਾਂ ਮਜੀਠੀਆਂ ਨੇ ਬਠਿੰਡਾ ਹਲਕੇ ਵਿਚ ਦਿੱਤਾ। ਭਾਵੇਂ ਵੱਡੇ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿਚ ਅਗੇਤੀ ਮੁਹਿੰਮ ਵਿੱਢੀ ਸੀ ਪ੍ਰੰਤੂ ਪੁਰਾਣੀ ਭੂਮਿਕਾ ਵਿਚ ਐਤਕੀਂ ਉਹ ਨਜ਼ਰ ਨਹੀਂ ਆਏ। ਪਿੰਡਾਂ ਵਿਚ ਵੀ ਆਖਰੀ ਪੜਾਅ ’ਤੇ ਕੁਝ ਦਿਨ ਚੋਣ ਜਲਸੇ ਕੀਤੇ। ਵੱਡੀ ਚਰਚਾ ਇਹ ਵੀ ਹੈ ਕਿ ਵੱਡੇ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕਿਤੇ ਵੀ ਇੱਕ ਸਿਆਸੀ ਸਟੇਜ ਤੇ ਇਕੱਠੇ ਨਜ਼ਰ ਨਹੀਂ ਪਏ। ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੀ ਮਜੀਠੀਆ ਕਿਤੇ ਅੱਗੇ ਨਹੀਂ ਦਿਖੇ ਜਿਸ ’ਚ ਵੱਡੇ ਬਾਦਲ ਸਟੇਜ ’ਤੇ ਸਨ।  ਹੁਣ ਜਦੋਂ ਮਜੀਠੀਆ ਦੇ ਹੱਥ ਕਮਾਨ ਰਹੀ ਹੈ ਤਾਂ ਚੋਣ ਨਤੀਜੇ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਣਾ ਸੁਭਾਵਿਕ ਹੈ। ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਉਸ ਨੇ ਵੋਟਰਾਂ ਨਾਲ ਜਿਆਦਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ।
                ਇਹ ਗੱਲ ਸਮਝੋ ਬਾਹਰ ਹੈ ਕਿ ਦਿਨ ਰਾਤ ਪ੍ਰਚਾਰ ’ਚ ਜੁਟਣ ਮਗਰੋਂ ਵੋਟਾਂ ਵਾਲੇ ਦਿਨ ਹਰਸਿਮਰਤ ਕੌਰ ਬਾਦਲ ਪੂਰਾ ਦਿਨ ਕਿਸੇ ਵੀ ਪੋਲਿੰਗ ਬੂਥ ’ਤੇ ਗੇੜਾ ਮਾਰਨ ਨਹੀਂ ਆਏ। ਤਲਵੰਡੀ ਸਾਬੋ ਅਤੇ ਬੁਢਲਾਡਾ ਵਿਚ ਹਿੰਸਕ ਘਟਨਾਵਾਂ ਵੀ ਵਾਪਰੀਆਂ, ਉਥੇ ਵੀ ਉਹ ਨਹੀਂ ਪੁੱਜੇ। ਜਦੋਂ ਕਿ ਵੋਟਾਂ ਤੋਂ ਇੱਕ ਦਿਨ ਪਹਿਲਾਂ ਉਹ ਗੁਰੂਸਰ ਸੈਣੇਵਾਲਾ ਦੇ ਜ਼ਖਮੀ ਹੋਏ ਅਕਾਲੀ ਵਰਕਰ ਦਾ ਹਾਲ ਚਾਲ ਪੁੱਛਣ ਬਠਿੰਡਾ ਹਸਪਤਾਲ ਵਿਚ ਪੁੱਜੇ ਸਨ। ਵੋਟਾਂ ਵਾਲਾ ਦਿਨ ਹਰਸਿਮਰਤ ਕੌਰ ਬਾਦਲ ਨੇ ਘਰ ਹੀ ਬਿਤਾਇਆ ਜਦੋਂ ਕਿ ਬਾਕੀ ਉਮੀਦਵਾਰਾਂ ਨੇ ਪੋਲਿੰਗ ਬੂਥਾਂ ’ਤੇ ਗੇੜਾ ਰੱਖਿਆ। ਸੁਖਬੀਰ ਸਿੰਘ ਬਾਦਲ ਵੀ ਪੋਲਿੰਗ ਵਾਲੇ ਦਿਨ ਪਿੰਡ ਬਾਦਲ ਵਿਚ ਹੀ ਰਹੇ। ਬਾਦਲ ਪਰਿਵਾਰ ਨੇ ਪਿੰਡ ਬਾਦਲ ਵਿਚ ਵੋਟਾਂ ਪਾਈਆਂ ਅਤੇ ਉਸ ਮਗਰੋਂ ਉਨ੍ਹਾਂ ਨੇ ਕਿਸੇ ਵੀ ਬੂਥ ’ਤੇ ਜਾਇਜ਼ਾ ਨਹੀਂ ਲਿਆ। ਅਸੈਂਬਲੀ ਹਲਕਿਆਂ ਦੇ ਅਕਾਲੀ ਆਗੂ ਵੀ ਇਸ ਗੱਲੋਂ ਕਾਫ਼ੀ ਹੈਰਾਨ ਹਨ ਅਤੇ ਉਹ ਵੀ ਸ਼ਸ਼ੋਪੰਜ ਵਿਚ ਪਏ ਹੋਏ ਹਨ।         
                                   ਵੱਡੀ ਉਮਰ ਦਾ ਚੋਣ ਪ੍ਰਚਾਰ ’ਤੇ ਅਸਰ : ਸਿੰਗਲਾ
ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਵੱਡੇ ਬਾਦਲ ਦੀ ਹੁਣ ਉਮਰ ਕਾਫੀ ਹੋ ਗਈ ਹੈ ਜਿਸ ਕਰਕੇ ਉਨ੍ਹਾਂ ਨੇ ਉਮਰ ਦੇ ਲਿਹਾਜ਼ ਨਾਲ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਹਰਸਿਮਰਤ ਬਾਦਲ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਆਉਣਾ ਚਾਹੁੰਦੇ ਸਨ ਪੰ੍ਰਤੂ ਉਨ੍ਹਾਂ ਨੇ ਰੋਕ ਦਿੱਤਾ ਕਿਉਂਕਿ ਭੁਗਤਾਨ ਦਾ ਕੰਮ ਤੇਜ਼ੀ ਨਾਲ ਚੱਲ ਹੀ ਰਿਹਾ ਸੀ।



Sunday, May 19, 2019

                                                            ਵਿਚਲੀ ਗੱਲ  
                             ਜੋ ਚੰਦ ਛਿੱਲੜਾਂ ’ਤੇ ਵਿਕੇ, ਉਨ੍ਹਾਂ ਦਾ ਕੱਖ ਨਾ ਰਹੇ...   
                                                            ਚਰਨਜੀਤ ਭੁੱਲਰ
ਬਠਿੰਡਾ : ਕਿਤੇ ਗਿਲਾਸੀ ਖੜਕੀ ਤੇ ਕਿਤੇ ਗੰਡਾਸੀ। ਟਾਵੀਂ ਟੱਲੀ ਜ਼ਮੀਰ ਵੀ ਧੜਕੀ। ਬਾਬਾ ਪੂਰੀ ਰਾਤ ਨਹੀਂ ਸੁੱਤਾ। ਜਾਗੋ ਮੀਚੀ ਚੋਂ ਉੱਠਿਐ। ਸਿਆਸੀ ਨਰੈਣ ਕਿਵੇਂ ਹਾਬੜੇ ਫਿਰਦੇ ਨੇ। ਰਾਡਾਰ ’ਤੇ ’ਕੱਲੀ ’ਕੱਲੀ ਕੀੜੀ ਦਾ ਘਰ ਐ। ਫਕੀਰ ਦੀ ਹੀਰ ਫਿਰ ਲੁੱਟੀ ਜਾਊ। ਕਿਵੇਂ ਸਮਝਾਏ ਕੋਈ ਕਿ ਈਦ ਰੋਜ਼ ਨਹੀਂ ਹੁੰਦੀ। ਬਾਬੇ ਦੀ ਤਾਹੀਂ ਅੱਖ ਨਹੀਂ ਲੱਗੀ। ਹੱਦੋਂ ਵੱਧ ਪ੍ਰੇਸ਼ਾਨ ਹੈ, ਵਾਲ ਐਵੇਂ ਧੁੱਪ ਨਾਲ ਚਿੱਟੇ ਨਹੀਂ ਹੋਏ। ਅੌਲਾਦ ਤੋਂ ਤਪਿਆ ਪਿਐ। ਅੌਖ ’ਚ ਫਿਰ ਮੰਜੀ ’ਤੇ ਟੇਢਾ ਹੋਇਐ। ਜਦੋਂ ਮੇਲਾ ਲੁੱਟਣਾ ਹੋਵੇ, ਉਦੋਂ ਹਰ ਨਰੈਣ ਭੱਜਦੈ। ਚੰਦ ਘੰਟੇ ਬਾਕੀ ਜੋ ਬਚੇ ਨੇ। ਪ੍ਰਾਹੁਣੇ ਨੂੰ ਫਿਰ ਕੀਹਨੇ ਪੁੱਛਣੈ। ਫੁੱਫੜ ਕੀ ਜਾਣਨ, ਲੰਬੜਾਂ ਦੀਆਂ ਚਾਲਾਂ। ਲੋਕ ਰਾਜ ਦੇ ਇੱਕ ਦਿਨ ਦੇ ਪ੍ਰਾਹੁਣੇ ਕੋਲ ਸਿਰਫ਼ ਚੰਦ ਘੰਟੇ ਬਚੇ ਹਨ। ਲੋਕ ਰਾਜ ਦਾ ਅੱਜ ਵੱਡਾ ਮੇਲਾ ਹੈ। ਮੇਲਾ ਲੁੱਟਣ ਲਈ, ਨਰੈਣ ਬੁਰੇ ਦੇ ਘਰ ਤੱਕ ਵੀ ਜਾਂਦੇ ਨੇ। ਬੁੱਤਾਂ ’ਚ ਕਿਤੇ ਜਾਨ ਹੁੰਦੀ। ਉਹ ਫਿਰ ਟੁੱਟਦੇ ਨਾ, ਗਲ਼ਾਂ ਨੂੰ ਹੱਥ ਪਾਉਂਦੇ। ਨਾ ‘ਚੌਕੀਦਾਰ’ ਦਾ ਲਿਹਾਜ਼ ਕਰਦੇ। ‘ਦੀਦੀ’ ਨੂੰ ਵੀ ਦੱਸਦੇ ਅੌਕਾਤ । ਵਿੱਦਿਆਸਾਗਰ ਦੀ ਰੂਹ ਬਹੁਤ ਕਲਪੀ ਹੋਊ। ਜਿਸ ਬੰਗਾਲ ਲਈ ਲਾਲਟੈਨ ਬਣਿਆ। ਉਥੇ ਬੁੱਤ ਵੀ ਝੱਲਿਆ ਨਹੀਂ ਗਿਆ। ਬਾਬੇ ਨੇ ਪਾਸਾ ਲਿਐ ਤੇ ਬੋਲਿਐ.. ‘ਮੈਂ ਤਾਂ ਹਰ ਨਰੈਣ ਝੱਲਿਐ’। ਸੌ ਜਾਓ ਬਜ਼ੁਰਗੋ, ਅੱਜ ਨਾ ਬੋਲੋ। ਸੁਲੱਖਣੀ ਘੜੀ ਹੈ, ਅੱਜ ਤਾਂ ਸ਼ੁੱਭ ਸ਼ੁੱਭ ਬੋਲੋ। ਪ੍ਰਾਹੁਣਿਓ, ਨਰੈਣੂ ਦੇ ਚੇਲੇ ਅੱਜ ਆਉਣਗੇ। ਕਿਸੇ ਨੂੰ ਗੱਡੀ ’ਚ ਬਿਠਾ ਕੇ। ਕਿਸੇ ਨੂੰ ਮੰਜੇ ’ਤੇ ਪਾ ਕੇ। ਕਿਸੇ ਨੂੰ ਕੰਧਾੜੇ ਚੜਾ ਕੇ, ਧੁਰ ਬੂਥ ਤੱਕ ਲੈ ਕੇ ਜਾਣਗੇ।
                 ਚੇਤੇ ਰੱਖੀ, ਅੱਜ ਭੁੱਲੀ ਨਾ। ਨਰੈਣ ਦੇ ਗੁਮਾਸ਼ਤੇ ਘੱਟ ਚਾਲੂ ਨਹੀਂ। ਰਾਤ ਤੇਰੀ ਵੋਟ ਦਾ ਨਹੀਂ, ਜ਼ਮੀਰ ਦਾ ਮੁੱਲ ਲਾਇਆ। ਜੋ ਨੋਟ ਤੇਰੀ ਜੇਬ ਚੋਂ ਕੱਢਿਆ ਸੀ, ਉਹੀ ਤੇਰੀ ਜੇਬ ’ਚ ਪਾਇਐ। ਕਬਾੜੀਏ ਵੀ ਇਨ੍ਹਾਂ ਤੋਂ ਸੌ ਗੁਣਾ ਚੰਗੇ ਨੇ ਜੋ ਖਾਲੀ ਬੋਤਲਾਂ ਖ੍ਰੀਦਦੇ ਨੇ, ਜ਼ਮੀਰਾਂ ਨਹੀਂ। ਭੁੱਲਜਾ ਰਾਤ ਦੇ ਨਸ਼ੇ ਨੂੰ। ਅੱਜ ਤਾਂ ਨਾਨਕ ਦੇ ਖੁਮਾਰ ’ਚ ਆ। ਆਪੋ ਆਪਣਾ ਇਸ਼ਟ ਧਿਆ ਕੇ, ਅਲਖ ਜਗਾ ਕੇ, ਬਿਰਤੀ ਲਾ ਕੇ, ਫਿਰ ਨੱਪੀ ਬਟਨ, ਇਹ ਸੋਚ ਕੇ ਕਿ ਅਬਕੀ ਵਾਰ.. ਜ਼ਮੀਰ ਦੀ ਸਰਕਾਰ। ਖੇਤਾਂ ਦੇ ਜੱਗਿਓ, ਜਦੋਂ ਉਂਗਲ ਨਾਲ ਬਟਨ ਦੱਬੋ, ਤਾਂ ਅੰਗੂਠੇ ਨੂੰ ਯਾਦ ਰੱਖਣਾ ਜੋ ਸ਼ਾਹੂਕਾਰਾਂ ਦੀ ਵਹੀ ਨੇ ਘਸਾਇਐ। ਕਾਮਿਓ.. ਤੁਸੀਂ ਵੀ ਬਟਨ ਭਾਵੇਂ ਹੌਲੀ ਦੱਬਿਓ ਪਰ ਹੱਥਾਂ ’ਤੇ ਪਏ ਅੱਟਣ ਨਾ ਭੁੱਲਿਓ। ਨਾ ਭੁੱਲਿਓ ਕਿ ਨਿਆਂ ਲਈ ਲਾਸਾਂ ਨੂੰ ਸੜਕਾਂ ’ਤੇ ਕਿਉਂ ਰੁਲਣਾ ਪਿਆ। ਜਵਾਨੋਂ, ਚੇਤੇ ਰੱਖਿਓ ਟੈਂਕੀਆਂ ’ਤੇ ਕੱਟੇ ਦਿਨਾਂ ਨੂੰ। ਭਾਵੁਕ ਵਹਿਣ ’ਚ ਨਾ ਵਹਿਣਾ।  ਦੇਸ਼ ਵੀ ਬਦਲ ਰਿਹੈ ਤੇ ਨਰੈਣ ਦੇ ਭਾਗ ਵੀ। ਲੋਕ ਰਾਜ ਦੇ ਫੁੱਫੜੋਂ, ਅਕਲ ਨੂੰ ਹੱਥ ਮਾਰਿਓ। ਜ਼ਿੰਦਾ ਹੋਣ ਦਾ ਸਬੂਤ ਬਣਿਓ। ਉਧਰ, ਮੰਜੇ ’ਚ ਪਿਆ ਬਾਬਾ ਹੱਸਿਐ.. ਇਨ੍ਹਾਂ ਤਿਲ਼ਾਂ ’ਚ ਤੇਲ ਨਹੀਂ।
                 ਬਾਬੇ ਤੋਂ ਕੀ ਭੁੱਲਿਐ ‘ਮਿਸ਼ਨ-13’। ਬਹੁਤ ਮਿਸ਼ਨ ਤੇ ਕਮਿਸ਼ਨ ਦੇਖੇ ਨੇ। ਬਾਬਾ ਲੋਕ ਰਾਜ ਦਾ ਵੱਡਾ 17ਵਾਂ ਮੇਲਾ ਦੇਖ ਰਿਹੈ। ਚੋਣਾਂ ਦੇ ਪੰਜਾਬ ਮੇਲੇ ’ਚ 278 ਉਮੀਦਵਾਰ ਖੜ੍ਹੇ ਨੇ। ਬਹੁਤੇ ਤਾਂ ਪੱਤਣਾਂ ਦੇ ਤਾਰੂ ਨੇ। ਦੁੱਖਾਂ ਦੀ ਦਾਰੂ ਕੋਈ ਨਹੀਂ। ਲਖਪਤੀ, ਕਰੋੜਪਤੀ ਤੇ ਅਰਬਪਤੀ ਵੀ ਨੇ। ਸਭ ਆਖਦੇ ਨੇ, ਬਾਬੇ ਦੇ ਭਾਗ ਬਦਲ ਦੇਣੇ ਨੇ। ਪਤਾ ਨਹੀਂ ਕਿਹੜੀ ਗੱਲੋਂ ਬਾਬਾ ਚੁੱਪ ਐ। ਇਨ੍ਹਾਂ ਨਾਲੋਂ ਚੋਣਾਂ ’ਚ ਕੁੱਦੇ ਮਹਾਤੜ੍ਹ ਚੰਗੇ ਨੇ। ਬਾਬਾ ਉੱਠ ਕੇ ਬੈਠਾ ਹੋਇਐ। ਪੱਪੂ ਕੁਮਾਰ ਨੇ ਬਾਬੇ ਤੋਂ ਆਸ਼ੀਰਵਾਦ ਮੰਗਿਐ। ਕੌਣ ਐ ਤੂੰ ਪੁੱਤ, ਪਛਾਣਿਆ ਨਹੀਂ, ‘ਬਾਬਾ ਸੰਗਰੂਰ ਤੋਂ ਚੋਣ ਲੜ ਰਿਹਾ’। ਪੱਪੂ ਕੁਮਾਰ ਨੰਗ ਮਲੰਗ ਐ। ਇਕੱਲਾ ਉਮੀਦਵਾਰ ਹੈ ਜਿਸ ਕੋਲ ਨਾ ਘਰ ਨਾ ਬਾਰ, ਨਾ ਪੈਸਾ ਤੇ ਨਾ ਖਾਤਾ। ਪੱਪੂ ਮਜ਼ਦੂਰੀ ਕਰਦੈ।  ਜਲੰਧਰ ਤੋਂ ਉਮੀਦਵਾਰ ਉਰਮਿਲਾ ਪੱਪੂ ਨਾਲੋਂ ਅਮੀਰ ਹੈ। ਉਰਮਿਲਾ ਕੋਲ 295 ਰੁਪਏ ਦੀ ਜਾਇਦਾਦ ਐ। ਅੰਮ੍ਰਿਤਸਰ ਤੋਂ ਉਮੀਦਵਾਰ ਚੈਨ ਸਿੰਘ ,ਉਸ ਤੋਂ ਵੀ ਵੱਧ ਅਮੀਰ ਐ, ਪੂਰੇ ਤਿੰਨ ਹਜ਼ਾਰ ਦੀ ਸੰਪਤੀ ਐ। ਲੁਧਿਆਣੇ ਵਾਲੇ ਨੌਜਵਾਨ ਦੀਦਾਰ ਕੋਲ ਛੇ ਹਜ਼ਾਰ ਦੀ ਜਾਇਦਾਦ ਐ, ਨਾਲ ਐਮ.ਏ ਦੀ ਡਿਗਰੀ ਵੀ ਹੈ। ਵਾਰੋ ਵਾਰੀ ਸਭਨਾਂ ਨੇ ਬਾਬੇ ਦੇ ਦਰਸ਼ਨ ਕੀਤੇ। ਧਨਾਢ ਤਾਂ ਬਾਬੇ ਨੂੰ ਜੇਬ ’ਚ ਪਾਈ ਫਿਰਦੇ ਨੇ।
                  ਛੱਜੂ ਰਾਮ ਡਰਿਆ ਫਿਰਦੈ। ਅਖੇ ਕਿਸੇ ਨੂੰ ਦੱਸਿਓ ਨਾ, ਹਰਸਿਮਰਤ ਕੋਲ ਇਕੱਲੇ ਗਹਿਣੇ ਨਹੀਂ, ਸਵਾ ਲੱਖ ਰੁਪਏ ਵਾਲਾ ਅਸਲਾ ਵੀ ਹੈ। ਚੋਣ ਕਮਿਸ਼ਨ ਨੇ ‘ਜਾਗੋ’ ਕੱਢੀ ਹੈ ਕਿ ਬਿਨਾਂ ਡਰ ਭੈਅ ਤੋਂ ਬਟਨ ਦੱਬਿਓ। ਜਦੋਂ ਚੋਣਾਂ ਹੋਣ, ਉਦੋਂ ਬਾਬਾ ਸਹਿਮ ਜਾਂਦੈ। ਬਹੁਤ ਦੁੱਖ ਝੱਲੇ ਨੇ, ਕਿਥੋਂ ਕਿਥੇ ਪਹੁੰਚ ਗਿਆ। ਮਾੜੀ ਅੌਲਾਦ ਨੇ ਘਰ ਦੇ ਚੁੱਲ੍ਹੇ ਠੰਢੇ ਕਰਤੇ। ਬਾਬਾ ਬੁੜ ਬੁੜ ਕਰੀ ਜਾਂਦੈ। ਚਿੱਟੀ ਚੁੰਨੀ ਵਾਲੀ ਮਹਿਲਾ ਨੇ ਬਾਬੇ ਦੇ ਪੈਰ ਛੂਹੇ ਨੇ। ਕੌਣ ਐਂ ਤੂੰ ਪੁੱਤ ? ਨਿਗ੍ਹਾ ਰਹੀ ਨਹੀਂ ਮੇਰੀ ਤਾਂ ਹੁਣ। ਬਾਬਾ, ਵੀਰਪਾਲ ਕੌਰ ਆ ਰੱਲੇ ਤੋਂ। ਕਿਸੇ ਨਰੈਣ ਨੇ ਨਹੀਂ ਸੁਣੀ। ਵਿਧਵਾ ਕਿਉਂ ਹੋ ਗਈ, ਬੱਸ ਇਹੋ ਦੱਸਣ ਲਈ ਚੋਣਾਂ ’ਚ ਖੜ੍ਹੀ ਹਾਂ। ਬਾਬੇ ਦਾ ਗੱਚ ਭਰ ਆਇਆ। ਅੌਹ ਪਿਛੇ ਕੌਣ ਖੜ੍ਹੀ ਐ ਭਾਈ। ਬਾਬਾ, ਪਰਮਜੀਤ ਕੌਰ ਖਾਲੜਾ, ਪਛਾਣਿਆ ਨਹੀਂ, ਖਡੂਰ ਸਾਹਿਬ ਤੋਂ ਚੋਣਾਂ ’ਚ ਖੜ੍ਹੀ ਹਾਂ। ਬਾਬੇ ਨੂੰ ਧਰਵਾਸ ਬੱਝਾ ਕਿ ਹਵਾ ਰੁਮਕੀ ਤਾਂ ਸਹੀ। ਬਾਹਰੋਂ ਇੱਕ ਹੋਰ ਕਾਹਲੇ ਪੈਰੀਂ ਆਇਐ। ਪਹਿਲਾਂ  ਹੀ ਬੋਲਿਐ, ਬਾਬਾ, ਪਟਿਆਲਿਓ ਧਰਮਵੀਰ ਗਾਂਧੀ। ਦਿਓ ਆਸ਼ੀਰਵਾਦ, ਟੱਕਰ ਮਹਿਲਾਂ ਨਾਲ ਐ। ਬਾਬੇ ਕੋਲ ਕੋਈ ਧਨਾਢ ਨਹੀਂ ਆਇਆ। ਕੋਈ ਕੀ ਜਾਣੇ, ਬਾਬੇ ਦਾ ਮੰਦੜਾ ਹਾਲ ਕਿਉਂ ਹੋਇਐ। ਅੰਤਾਂ ਦਾ ਕਰਜ਼ਾਈ ਐ ਬਾਬਾ। ਬਾਬੇ ਨੂੰ ਦੌਲਤਮੰਦ ਸਿਆਸੀ ਨਰੈਣਾਂ ਨੇ ਚੂੰਡ ਕੇ ਖਾ ਲਿਐ। ਧੀਆਂ ਵਿਧਵਾ ਹੋ ਰਹੀਆਂ ਨੇ ਤੇ ਬਾਬੇ ਦੇ ਪੁੱਤਾਂ ਨੂੰ ਚਿੱਟਾ ਖਾ ਗਿਆ। ਤਾਹੀਂ ਬਾਬਾ ਹੁਣ ਜ਼ਮੀਨ ਵੇਚ ਕੇ ਪੋਤਰੇ ਬਾਹਰ ਤੋਰੀ ਜਾਂਦੈ।
                  ਨਾ ਪੁੱਛਿਓ ਕਿ ਵੋਟਾਂ ਵਾਲਾ ਦਿਨ ਬਾਬੇ ਨੂੰ ਕਿਉਂ ਚੁੱਭਦੈ। ਸਿਆਸੀ ਨਰੈਣਾ ਨੇ ਬਾਬੇ ਦਾ ਪ੍ਰਵਾਰ ਵੰਡ ਦਿੱਤਾ, ਚੁੱਲ੍ਹੇ ਵੰਡ ਦਿੱਤੇ ਤੇ ਇੱਥੋਂ ਤੱਕ ਕਿ ਭੈਣ ਭਰਾ ਵੀ ਵੰਡ ਦਿੱਤੇ। ਇਨ੍ਹਾਂ ’ਤੇ ਕਿਸੇ ਨੇ ਅਕਾਲੀ ਤੇ ਕਿਸੇ ਨੇ ਕਾਂਗਰਸੀ ਠੱਪਾ ਲਾ ਦਿੱਤੈ। ਸਿਆਸੀ ਨਰੈਣਾਂ ਦੀ ਚਾਰੇ ਚੱਕ ਜਾਗੀਰ ਐ, ਬਾਬਾ ਭੁੱਖਾ ਸੌਂਦੈ। ਥੋਨੂੰ ਬਾਬੇ ਨਾਲ ਕੋਈ ਮੋਹ ਐ ਤਾਂ ਅੱਜ ਭਟਕਿਓ ਨਾ। ਬਾਬੇ ਦੀ ਇੱਜ਼ਤ ਦਾ ਸੁਆਲ ਐ। ‘ਜੋ ਚੰਦ ਛਿੱਲੜਾਂ ’ਤੇ ਵਿਕੇ, ਉਨ੍ਹਾਂ ਦਾ ਕੱਖ ਨਾ ਰਹੇ’, ਬਾਬੇ ਤੋਂ ਦੁਰਅਸੀਸ ਨਾ ਸੁਣ ਲਿਓ ਕਿਤੇ। ਵੋਟਾਂ ਮਗਰੋਂ ਦਿਲ ਹੌਲਾ ਨਾ ਕਰਿਓ। ਹੱਥ ਜੋੜਨ ਦੀ ਵਾਰੀ ਥੋਡੀ ਆਉਣੀ ਹੈ। ਜੋ ਗਲੇ ਮਿਲੇ, ਉਨ੍ਹਾਂ ਨੂੰ ਜੱਫੀਆਂ ਪਾਉਣ ਨੂੰ ਤਰਸੋਗੇ। ਉਧਰ, ਬਾਬਾ ਵੀ ’ਕੱਲਾ ਰਹਿ ਗਿਐ। ਮੰਜੇ ਤੇ ਮੁੜ ਪਿਆ ਤੇ ਅੱਖਾਂ ਭਰੀਆਂ ਨੇ। ਛੱਜੂ ਰਾਮ ਦੇ ਗੱਲ ਪਕੜ ’ਚ ਨਹੀਂ ਆ ਰਹੀ। ਕੌਣ ਐ ਇਹ ਬਾਬਾ। ਢਾਰਸ ਦਿੱਤੀ ਐ ਤੇ ਪੁੱਛਣ ਲੱਗੈ..ਬਾਬਾ, ਤੂੰ ਰੋ ਕਿਉਂ ਰਿਹੈ। ਬਾਬਾ ਬੋਲਿਐ.. ਭਲਿਆ ਲੋਕਾਂ, ਨਾ ਛੇੜ ਦਰਦਾਂ ਨੂੰ। ਨਹੀਂ ਛੇੜਦਾ ਬਾਬਾ, ਆਪਣੀ ਤਾਰੀਫ਼ ਤਾਂ ਦੱਸ ਦਿਓ। ਪੁੱਤ.. ‘ਮੈਂ ਤਾਂ ਪੰਜਾਬ ਸਿਓ ਹਾਂ’। ਅੱਖਾਂ ਛੱਜੂ ਰਾਮ ਵੀ ਭਰ ਆਇਐ।
         
         

 


Friday, May 17, 2019

                                                              ਚੋਣ ‘ਜੰਗਲ’ 
                        ਫਿਰੋਜ਼ਪੁਰੋ ਕੌਣ ਜਿੱਤੂ : ‘ਸ਼ੇਰ’ ਜਾਂ ‘ਸਵਾ ਸ਼ੇਰ’?
                                                             ਚਰਨਜੀਤ ਭੁੱਲਰ
ਬਠਿੰਡਾ  : ਇੱਕ ਪਾਸੇ ਕਾਂਗਰਸ ਦਾ ‘ਸ਼ੇਰ’ ਤੇ ਦੂਜੇ ਬੰਨੇ੍ਹ ਅਕਾਲੀਆਂ ਦਾ ‘ਸਵਾ ਸ਼ੇਰ’। ਜਦੋਂ ਸਰਹੱਦੀ ਲੋਕਾਂ ਨੂੰ ਪੁੱਛੋ, ਜਿੱਤੇਗਾ ਕੌਣ? ‘ਜੀਹਨੂੰ ਵੱਧ ਵੋਟਾਂ ਪਈਆਂ’, ਏਦਾਂ ਟਿੱਚਰ ’ਚ ਗੱਲ ਕਰਦੇ ਨੇ ਬਹੁਤੇ ਲੋਕ। ਸਰਹੱਦੀ ਹਲਕਾ ਫਿਰੋਜ਼ਪਰ ਵੱਡਾ ਸਬਰ ਰੱਖਦਾ ਹੈ। ਕੰਡਿਆਲੀ ਤਾਰ ਨੇੜਲੇ ਸੈਂਕੜੇ ਪਿੰਡਾਂ ’ਚ ਕਦੇ ਜ਼ਿੰਦਗੀ ਨਹੀਂ ਧੜਕੀ। ਫਿਰ ਵੀ ਲੋਕ ਈਵੀਐਮ ਦਾ ਬਟਨ ਦੱਬਣ ਲਈ ਕਤਾਰਾਂ ’ਚ ਲੱਗਦੇ ਹਨ। ਇੱਕ ਨਵੀਂ ਆਸ ਨਾਲ ਤੇ ਭਰੋਸੇ ਨਾਲ। ਕੌਮਾਂਤਰੀ ਸੀਮਾ ’ਤੇ ਪੈਂਦੇ ਪਿੰਡਾਂ ਦੇ ਲੋਕ ਚੱਤੋ ਪਹਿਰ ਜੰਗ ਲੜਦੇ ਹਨ। ਦਿਲਾਂ ’ਚ ਦਹਿਲ ਤੇ ਘਰਾਂ ’ਚ ਗੁਰਬਤ। ਵੱਡੇ ਸੁਪਨੇ ਲੈਣੋਂ ਹੀ ਭੁੱਲ ਗਏ ਨੇ। ਆਟਾ ਦਾਲ, ਬੁਢਾਪਾ ਪੈਨਸ਼ਨ, ਪੰਜ ਪੰਜ ਮਰਲੇ ਦੇ ਪਲਾਟਾਂ ਤੋਂ ਅੱਗੇ ਇਨ੍ਹਾਂ ਨੂੰ ਕੁਝ ਦਿਸਦਾ ਨਹੀਂ। ਸਤਲੁਜ ਦਰਿਆ ਤੋਂ ਪਾਰ ਦੇ ਪਿੰਡ ਤਾਂ ਦੁੱਖਾਂ ਦਾ ਟਾਪੂ ਜਾਪਦੇ ਹਨ। ਪਿੰਡ ਰਾਮ ਸਿੰਘ ਭੈਣੀ ਦਾ ਜਗੀਰ ਸਿੰਘ ਆਖਦਾ ਹੈ ਕਿ ਜਦੋਂ ਸਰਹੱਦੀ ਪਿੰਡਾਂ ਵੱਲ ਗੱਡੀਆਂ ਦੇ ਮੂੰਹ ਹੁੰਦੇ ਹਨ, ਹੂਟਰ ਵੱਜਣ ਲੱਗਦੇ ਹਨ ਤਾਂ ਉਦੋਂ ਛੋਟੇ ਬੱਚੇ ਰੌਲਾ ਪਾਉਂਦੇ ਨੇ  ‘ਚੋਣਾਂ ਆਲੇ ਆ ਗਏ ਬਾਬਾ ’। ਦੋਨਾ ਨਾਨਕਾ ਦੀ ਸੰਤੋ ਆਖਦੀ ਹੈ ਕਿ ‘ਕੋਈ ਲੀਡਰ ਪਿੰਡ ਦੇ ਨਲਕੇ ਦਾ ਗਲਾਸ ਪਾਣੀ ਪੀ ਕੇ ਦਿਖਾਵੇ, ਪੂਰਾ ਟੱਬਰ ਵੋਟ ਪਾ ਦਿਊ’। ਝੰਗਰ ਭੈਣੀ ਦੀ ਆਂਗਣਵਾੜੀ ਵਰਕਰ ਦੱਸਦੀ ਹੈ ਕਿ ‘ਨੇੜਲੇ ਪਿੰਡਾਂ ’ਚ ਆਰਓ ਲੱਗੇ ਸਨ, ਸਭ ਖਰਾਬ ਪਏ ਨੇ, ਵੱਡੀ ਮੰਗ ਸਾਡੀ ਪਾਣੀ ਦੀ ਹੈ’। ਨਿੱਕੇ ਨਿੱਕੇ ਮਸਲੇ ਇਨ੍ਹਾਂ ਲੋਕਾਂ ਲਈ ਵੱਡੇ ਹਨ। ਕੋਈ ਨੇਤਾ ਇਨ੍ਹਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣ ਸਕਿਆ।
         ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਬਤੌਰ ਕਾਂਗਰਸੀ ਉਮੀਦਵਾਰ ਮੈਦਾਨ ’ਚ ਹਨ। ਟੱਕਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੜ੍ਹੇ ਹਨ। ਘੁਬਾਇਆ ਨੇ ਟਿਕਟ ਲੈ ਕੇ ਪਹਿਲੀ ਬਾਜੀ ਤਾਂ ਜਿੱਤੀ। ਦੂਸਰੀ ਬਾਜੀ ਅੜੀ ਜਾਪਦੀ ਹੈ। ਘੁਬਾਇਆ ਪਹਿਲਾਂ ਦੋ ਦਫ਼ਾ ਅਕਾਲੀ ਟਿਕਟ ’ਤੇ ਫਿਰੋਜ਼ਪੁਰ ਤੋਂ ਜਿੱਤੇ। ਹੁਣ ਤੀਸਰੀ ਵਾਰ ਕਿਸਮਤ ਅਜ਼ਮਾ ਰਹੇ ਹਨ। ਸਥਾਪਤੀ ਵਿਰੋਧੀ ਹਵਾ ਵੀ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ। ਫਿਰੋਜ਼ਪੁਰ ’ਚ ਨੌ ਵਿਧਾਨ ਸਭਾ ਹਲਕੇ ਹਨ। ਜਲਾਲਾਬਾਦ ਅਕਾਲੀ ਦਲ ਕੋਲ ਤੇ ਅਬੋਹਰ ਭਾਜਪਾ ਕੋਲ ਹੈ। ਜੋ ਕਾਂਗਰਸੀ ਵਿਧਾਇਕ ਹਨ, ਉਨ੍ਹਾਂ ਦੇ ਦਿਲ ਘੁਬਾਇਆ ਨਾਲ ਮਿਲੇ ਨਹੀਂ ਲੱਗ ਰਹੇ। ਇੱਕ ਕਾਂਗਰਸੀ ਲੀਡਰ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਨੂੰ ਘੁਬਾਇਆ ਚੋਂ ਹਾਲੇ ਵੀ ਅਕਾਲੀ ਚਿਹਰਾ ਦਿਖਦਾ ਹੈ। ਸੁਰ ਤੇ ਤਾਲਮੇਲ ਬਿਠਾਉਣ ’ਚ ਮੁਸ਼ਕਲ ਹੈ। ਕਾਂਗਰਸ ਦੇ ਵਿਧਾਇਕ ਪਰਮਿੰਦਰ ਪਿੰਕੀ ਖੁੱਲ੍ਹ ਕੇ ਤੁਰੇ ਹਨ। ਪਿੰਕੀ ਦਾ ਦਿਲੋਂ ਤੁਰਨਾ ਤੇ ਇੱਕ ਭਾਜਪਾਈ ਆਗੂ ਵੱਲੋਂ ਕਾਂਡ ਕਰਨਾ, ਫਿਰੋਜ਼ਪੁਰ ਅਸੈਂਬਲੀ ਹਲਕੇ ਤੋਂ ਘੁਬਾਇਆ ਨੂੰ ਠੰਢੇ ਬੱੁਲੇ ਦਾ ਅਹਿਸਾਸ ਕਰਾ ਰਿਹਾ ਹੈ। ਖੇਡ ਮੰਤਰੀ ਰਾਣਾ ਸੋਢੀ ਨੇ ਕਈ ਮੀਟਿੰਗਾਂ ਕੀਤੀਆਂ ਹਨ। ਜਿਆਦਾ ਚੋਣ ਪ੍ਰਚਾਰ ਉਨ੍ਹਾਂ ਦਾ ਲੜਕਾ ਕਰ ਰਿਹਾ ਹੈ।
                ਕਾਂਗਰਸੀ ਵਿਧਾਇਕ ਨੱਥੂ ਰਾਮ ਦੀ ਚੋਣ ਸਰਗਰਮੀ ਵਿਚ ਕਿਧਰੇ ਰੌਂਅ ਨਹੀਂ ਦਿੱਖਦਾ ਹੈ। ਪਿੰਡਾਂ ਤੇ  ਸ਼ਹਿਰਾਂ ਦੇ ਮੋਹਤਬਰ ਇੱਕੋ ਗੱਲ ਖੁੱਲ੍ਹ ਕੇ ਆਖਦੇ ਹਨ ਕਿ ਕਾਂਗਰਸ ਦਾ ‘ਹੱਥ’ ਹੀ ਰਾਹ ਮੋਕਲੇ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਨਾਮਜ਼ਦਗੀ ਪੱਤਰ ਦਾਖਲ ਕਰਾਏ। ਫਿਰ ਫਾਜਿਲ਼ਕਾ ’ਚ ਇੱਕ ਚੋਣ ਰੈਲੀ ਕੀਤੀ। ਫਿਰੋਜ਼ਪੁਰ ਹਲਕੇ ’ਚ ਮੁੜ ਕੈਪਟਨ ਅਮਰਿੰਦਰ ਦਿਖੇ ਨਹੀਂ। ਹੋਰ ਵੀ ਕੋਈ ਵੱਡਾ ਕਾਂਗਰਸੀ ਨੇਤਾ ਨਹੀਂ ਆਇਆ। ਉਮੀਦਵਾਰ ਸ਼ੇਰ ਸਿੰਘ ਘੁਬਾਇਆ ਚਾਹੁੰਦਾ ਸੀ ਕਿ ਹਲਕੇ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਜਾਂ ਫਿਰ ਨਵਜੋਤ ਸਿੱਧੂ ਗੇੜਾ ਲਾ ਕੇ ਜਾਂਦੇ। ਸਰਹੱਦੀ ਚੋਣ ਜੰਗਲ ’ਚ ਕਾਂਗਰਸ ਨੇ ਮੁੜ ਕਦੇ ‘ਸ਼ੇਰ’ ਦੀ ਸਾਰ ਨਹੀਂ ਲਈ। ਉਧਰ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ ਮੁਕਾਬਲਾ ਅੌਖਾ ਨਹੀਂ ਜਾਪਦਾ ਹੈ। ਵੈਸੇ, ਪੰਥਕ ਧਿਰਾਂ ਵੱਲੋਂ ਬੀਤੇ ਦਿਨੀਂ ਕੀਤਾ ‘ਬਾਦਲ ਭਜਾਓ ਪੰਜਾਬ ਬਚਾਓ’ ਮਾਰਚ ਕਾਫੀ ਚਰਚਾ ਵਿਚ ਹੈ। ਸ਼ੇਰ ਸਿੰਘ ਘੁਬਾਇਆ ਨੇ ਦਾਅਵੇ ਨਾਲ ਆਖਿਆ ਕਿ ਲੀਡਰ ਵੱਡਾ ਬਣਾ ਜਾਂ ਛੋਟਾ, ਸੁਖਬੀਰ ਨੂੰ ਜਰੂਰ ਹਰਾ ਦੇਵਾਂਗਾ।
         ਸੂਤਰਾਂ ਅਨੁਸਾਰ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਆਪਣਾ ਦੁੱਖ ਰੋਇਆ ਹੈ। ਜਦੋਂ ਰਾਹੁਲ ਗਾਂਧੀ ਬੀਤੇ ਦਿਨੀਂ ਬਰਗਾੜੀ ਵਿਖੇ ਹੈਲੀਪੈਡ ਤੇ ਪੁੱਜੇ ਤਾਂ ਘੁਬਾਇਆ ਨੇ ਇੱਕ ਪਾਸੇ ਕਰਕੇ ਰਾਹੁਲ ਗਾਂਧੀ ਨਾਲ ਗੱਲ ਕੀਤੀ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਨੂੰ ਕਾਂਗਰਸੀ ਲੀਡਰਾਂ ਬਾਰੇ ਦੱਸਿਆ ਹੈ। ਫਿਰੋਜ਼ਪੁਰ ਹਲਕੇ ਵਿਚ ਬੇਅਦਬੀ ਦਾ ਅਸਰ ਵੀ ਦਿਖ ਰਿਹਾ ਹੈ। ਲੋਕ ਆਖਦੇ ਹਨ ਕਿ ਫਿਰੋਜ਼ਪੁਰ ਹਲਕੇ ਦੇ ਕਾਂਗਰਸੀ ਦਿਲੋਂ ਮਦਦ ਕਰਨ ਤਾਂ ਅਕਾਲੀ ਉਮੀਦਵਾਰ ਬਾਦਲ ਲਈ ਮੁਸ਼ਕਲ ਖੜੀ ਹੋ ਜਾਣੀ ਹੈ। ਬਹੁਤੇ ਆਖਦੇ ਹਨ ਕਿ ਸੁਖਬੀਰ ਲਈ ਰਾਹ ਹਾਲੇ ਬਹੁਤੇ ਅੌਖੇ ਨਹੀਂ ਜਾਪਦੇ। ਫਿਰ ਵੀ ਮੁਕਾਬਲਾ ਤਾਂ ਹੈ। ਚੋਣਾਂ ’ਚ ਕੁਝ ਵੀ ਸੰਭਵ ਹੁੰਦਾ ਹੈ। ਫਿਰੋਜ਼ਪੁਰ ਹਲਕੇ ਦੇ 16.13 ਲੱਖ ਵੋਟਰ ਹਨ ਜਿਨ੍ਹਾਂ ਚੋਂ ਕਰੀਬ ਢਾਈ ਲੱਖ ਵੋਟਰ ਰਾਏ ਸਿੱਖ ਬਰਾਦਰੀ ਦੇ ਦੱਸੇ ਜਾ ਰਹੇ ਹਨ ਜਦੋਂ ਕਿ ਡੇਢ ਲੱਖ ਵੋਟ ਕੰਬੋਜ ਬਰਾਦਰੀ ਦੀ ਆਖ ਰਹੇ ਹਨ। ਵੱਡਾ ਤੇ ਛੋਟਾ ਬਾਦਲ ਇਸ ਵੋਟ ਬੈਂਕ ਨੂੰ ਪਲੋਸਣ ਲੱਗੇ ਹਨ।
                 ਘੁਬਾਇਆ ਹਲਕੇ ਦੇ ਕਰਾਏ ਵਿਕਾਸ ਕੰਮਾਂ ਦੀ ਚਰਚਾ ਕਰਦਾ ਹੈ। ਆਖਦਾ ਹੈ ਕਿ ਬੇਅਦਬੀ ਮਾਮਲੇ ਮਗਰੋਂ ਉਸ ਨੇ ਅਕਾਲੀ ਦਲ ਨੂੰ ਛੱਡਣ ਦਾ ਫੈਸਲਾ ਲਿਆ। ਉਨ੍ਹਾਂ ਦਾ ਵਿਧਾਇਕ ਪੁੱਤਰ ਦਵਿੰਦਰ ਸਿੰਘ ਘੁਬਾਇਆ ਵੀ ਦਿਨ ਰਾਤ ਪ੍ਰਚਾਰ ’ਚ ਜੁਟਿਆ ਹੈ। ਉਧਰ ਸੁਖਬੀਰ ਬਾਦਲ ਚੋਣ ਪ੍ਰਚਾਰ ’ਚ ਪਿੰਡਾਂ ਨੂੰ ‘ਮਿੰਨੀ ਚੰਡੀਗੜ੍ਹ’ ਬਣਾਉਣ ਦੀ ਗੱਲ ਆਖ ਰਹੇ ਹਨ। ਦੱਸਦੇ ਹਨ ਕਿ ਰਾਏ ਸਿੱਖ ਬਰਾਦਰੀ ਦੇ ਵੋਟ ਬੈਂਕ ਤੇ ਦੋਹਾਂ ਧਿਰਾਂ ਦੀ ਟੇਕ ਹੈ ਜੋ ਫੈਸਲਾਕੁਨ ਦੱਸੀ ਜਾ ਰਹੀ ਹੈ। ਆਮ ਆਦਮੀ ਪਾਰਟੀ ਤਰਫ਼ੋਂ ਇਸ ਹਲਕੇ ਵਿਚ ਕਾਕਾ ਸਰਾਂ ਮੈਦਾਨ ਵਿਚ ਹਨ ਜਦੋਂ ਕਿ ਜਮਹੂਰੀ ਮੋਰਚਾ ਤਰਫ਼ੋਂ ਹੰਸ ਰਾਜ ਗੋਲਡਨ ਕੁੱਦੇ ਹੋਏ ਹਨ। ਚੋਣ ਪ੍ਰਚਾਰ ਸਮਾਪਤ ਹੋਣ ਲੱਗਾ ਹੈ। ਕੌਣ ਬਾਜੀ ਜਿੱਤੇਗਾ, ਸ਼ੇਰ ਜਾਂ ਸਵਾ ਸ਼ੇਰ , 23 ਮਈ ਨੂੰ ਢੋਲ ਵੱਜ ਜਾਣਗੇ।



Thursday, May 16, 2019

                                                              ਸਿਆਸੀ ਟੇਵਾ
                       ਲੱਖ ਰੁਪਏ ਦਾ ਸੁਆਲ, ਬਠਿੰਡੇ ਤੋਂ ਕੌਣ ਜਿੱਤੂ ? 
                                                             ਚਰਨਜੀਤ ਭੁੱਲਰ
ਬਠਿੰਡਾ : ਗਲੀ ਮੁਹੱਲੇ ਇੱਕੋ ਹੀ ਸੁਆਲ ਹੈ। ਬਠਿੰਡੇ ਤੋਂ ਕੌਣ ਜਿੱਤੂ। ਹਵਾ ਦਾ ਰੁਖ ਕੀਹਦੇ ਵੱਲ ਹੈ। ਸਿਰਫ਼ ਚਾਰ ਦਿਨ ਬਾਕੀ ਹਨ। ਬਾਦਲਾਂ ਦਾ ਸਿਆਸੀ ਗੱਡਾ ਚਿੱਕੜ ’ਚ ਫਸਿਆ ਜਾਪਦਾ ਹੈ। ਰਾਜਾ ਵੜਿੰਗ ਨੂੰ ਵੀ ਧੜਕੂ ਲੱਗਾ ਹੋਇਆ ਹੈ। ਨਵਜੋਤ ਸਿੱਧੂ ਦੇ ਸਿਆਸੀ ਲਲਕਾਰੇ ਨੇ ਸਾਹ ਸੂਤੇ ਹਨ। ਤਾਹੀਓਂ 16 ਮਈ ਨੂੰ ਹਰਸਿਮਰਤ ਦੀ ਹਮਾਇਤ ’ਚ ਸਨੀ ਦਿਓਲ ਰੋਡ ਸ਼ੋਅ ਕਰੇਗਾ। ਮਾਨਸਾ ’ਚ ਹੇਮਾ ਮਾਲਿਨੀ ਪ੍ਰਚਾਰ ਕਰੇਗੀ। ਚੋਣ ਪ੍ਰਚਾਰ ਦੇ ਆਖਰੀ ਦਿਨ 17 ਮਈ ਨੂੰ ਬਠਿੰਡਾ ਹਲਕੇ ’ਚ ਨਵਜੋਤ ਸਿੱਧੂ ਦਾ ਰੋਡ ਸ਼ੋਅ ਹੋਵੇਗਾ। ਸਨੀ ਦਿਓਲ ਤੇ ਨਵਜੋਤ ਸਿੱਧੂ ਕਿੰਨਾ ਕੁ ਭਾਰੀ ਪੈਂਦਾ ਹੈ, ਇਸ ਤੇ ਵੀ ਕਾਫ਼ੀ ਕੁਝ ਨਿਰਭਰ ਕਰੇਗਾ। ਕੁਝ ਦਿਨ ਪਹਿਲਾਂ ਤੱਕ ਸਿਆਸੀ ਗਿਣਤੀ ਮਿਣਤੀ ’ਚ ਹਰਸਿਮਰਤ ਕੌਰ ਬਾਦਲ ਅੱਗੇ ਸਨ। ਫਰਕ ਹੁਣ ਮੀਟਰਾਂ ਦਾ ਨਹੀਂ। ਸੂਤਾਂ ਦਾ ਰਹਿ ਗਿਆ ਹੈ। ਬਠਿੰਡਾ ਸੰਸਦੀ ਹਲਕੇ ’ਚ ਨੌ ਵਿਧਾਨ ਸਭਾ ਹਲਕੇ ਹਨ। ਅਸੈਂਬਲੀ ਚੋਣਾਂ ’ਚ ਪੰਜ ਹਲਕਿਆਂ ’ਚ ‘ਆਪ’, ਦੋ ’ਚ ਕਾਂਗਰਸ ਤੇ ਦੋ ਹਲਕਿਆਂ ’ਚ ਅਕਾਲੀ ਦਲ ਜੇਤੂ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਠਿੰਡਾ ਰੈਲੀ ਮੌਸਮ ਦੀ ਖਰਾਬੀ ਕਰਕੇ ਪੁਰਾਣਾ ਰੰਗ ਨਹੀਂ ਬੰਨ ਸਕੀ। ਮਗਰੋਂ ਪ੍ਰਿਯੰਕਾ ਗਾਂਧੀ ਨੇ ਰੈਲੀ ਕੀਤੀ। ਦੋਵਾਂ ਦੇ ਇਕੱਠ ’ਚ ਕੋਈ ਵੱਡਾ ਫਰਕ ਨਹੀਂ ਸੀ। ਸਿਰਫ਼ ਜਲੌਅ ਦੇ ਜਲਵੇ ਦਾ ਵਖਰੇਵਾਂ ਦਿਖਿਆ।
                 ਕੈਪਟਨ ਅਮਰਿੰਦਰ ਦੇ ਸਿਆਸੀ ਹਾਵ ਭਾਵ ਤੋਂ ਲੋਕ ਅੰਦਾਜ਼ੇ ਠੀਕ ਨਹੀਂ ਲਗਾ ਰਹੇ ਹਨ। ਬੇਅਦਬੀ ਮਾਮਲੇ ਨੇ ਅਕਾਲੀ ਦਲ ਦਾ ਸਿਆਸੀ ਦਮ ਘੁੱਟਣ ਲੱਗਾ ਹੈ। ਜਦੋਂ ਕਾਂਗਰਸੀ ਬੇਅਦਬੀ ਦੀ ਗੱਲ ਕਰਦੇ ਸਨ ਤਾਂ ਅਕਾਲੀ ਦਰਬਾਰ ਸਾਹਿਬ ਤੇ ਹੋਏ ਹਮਲੇ ਨਾਲ ਗੱਲ ਨਾਲ ਕੱਟਦੇ ਸਨ। ਚੋਣਾਂ ਤੋਂ ਚਾਰ ਦਿਨ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਅੱਜ ਏਦਾ ਦਾ ਪੈਂਤੜਾ ਲੈਣਾ ਪਿਆ ਹੈ। ਵਾਈਰਲ ਵੀਡੀਓ ’ਚ ਬੀਬੀ ਬਾਦਲ ਆਖ ਰਹੇ ਹਨ , ‘ ਮੈਂ ਗੁਰੂ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੀ ਹਾਂ ਕਿ ਜਿਸਨੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਜੋ ਵੀ ਇਸ ’ਤੇ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਦਾ ਕੱਖ ਨਾ ਰਹੇ’। ਇਵੇਂ ਹੀ ਮੋਗਾ ’ਚ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਆਖਿਆ ਸੀ। ਪਹਿਲਾਂ ਬੇਅਦਬੀ ਮੁੱਦੇ ’ਤੇ ਇਸ ਤਰ੍ਹਾਂ ਦੀ ਪ੍ਰਕਿਰਿਆ ਨਹੀਂ ਰਹੀ ਸੀ। ਬਾਦਲਾਂ ਦੀ ਇਹ ਬੇਨਤੀ ਪਿੰਡਾਂ ਵਿਚ ਕਿਸੇ ਹੱਦ ਤੱਕ ਠੰਢਾ ਵੀ ਛਿੜਕਦੀ ਹੈ। ਪੰਥਕ ਧਿਰਾਂ, ਕਿਸਾਨ ਯੂਨੀਅਨ ਤੇ ਭੁੱਲਰ ਭਾਈਚਾਰੇ ਵੱਲੋਂ ਕੀਤਾ ਵਿਰੋਧ ਅਕਾਲੀ ਦਲ ਨੂੰ ਭਾਰੀ ਪੈਣ ਲੱਗਾ ਹੈ। ਬਾਦਲਾਂ ਕੋਲ ਕਿੰਨੇ ਦਾਅ ਪੇਚ ਹਨ ਅਤੇ ਫਸਿਆ ਗੱਡਾ ਕਿਵੇਂ ਕੱਢਣਾ ਹੈ, ਵੱਡੇ ਬਾਦਲ ਕੋਲ ਏਦਾਂ ਦੀ ਗਿੱਦੜਸਿੰਘੀ ਵੀ ਹੈ।
               ਵੱਡੇ ਬਾਦਲ ਐਤਕੀਂ ਬਠਿੰਡਾ ਸ਼ਹਿਰ ਵਿਚ ਬਹੁਤਾ ਨਹੀਂ ਆਏ। ਪਿੰਡਾਂ ’ਤੇ ਹੀ ਫੋਕਸ ਕਰ ਰਹੇ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੂਰੀ ਟੀਮ ਸਮੇਤ ਪੁੱਜੇ ਹੋਏ ਹਨ। ਰੁੱਸਿਆ ਨੂੰ ਨਾਲ ਤੋਰਨ ’ਚ ਅਕਾਲੀ ਕਾਮਯਾਬ ਰਹੇ ਹਨ। ਬੇਅਦਬੀ ਅਤੇ ਸਥਾਪਤੀ ਵਿਰੋਧੀ ਹਵਾ ਠੱਲ੍ਹਣ ਲਈ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਰਾਜਾ ਵੜਿੰਗ ਅਤੇ ਉਸ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਪ੍ਰਚਾਰ ਲਈ ਕੋਈ ਮੌਕਾ ਖਾਲੀ ਨਹੀਂ ਜਾਣ ਦਿੱਤਾ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਸਰਗਰਮ ਚੋਣ ਪ੍ਰਚਾਰ ਨੇ ‘ਆਪ’ ਨੂੰ ਪਿਛਾਂਹ ਛੱਡ ਦਿੱਤਾ ਸੀ ਪਰ ਕੇਜਰੀਵਾਲ ਦੇ ਰੋਡ ਸ਼ੋਅ ਨੇ ਮਾਹੌਲ ਨੂੰ ਮੋੜਾ ਦਿੱਤਾ ਹੈ। ਇਸ ਪੜਾਅ ’ਤੇ ਟੱਕਰ ਮੁੱਖ ਧਿਰਾਂ ਵਿਚ ਹੀ ਉਭਰੀ ਜਾਪਦੀ ਹੈ। ਦੇਖਿਆ ਗਿਆ ਕਿ ਸ਼ਹਿਰਾਂ ਵਿਚ ਨੋਟਬੰਦੀ ਤੇ ਜੀਐਸਟੀ ਦਾ ਥੋੜਾ ਪ੍ਰਭਾਵ ਹੈ। ਵੱਡਾ ਮਸਲਾ ਬੇਅਦਬੀ ਤੋਂ ਬਿਨਾਂ ਬੇਰੁਜ਼ਗਾਰੀ ਦਾ ਵੀ ਉਭਰਿਆ ਹੈ। ਕਿਸਾਨੀ ਵੋਟ ਬੈਂਕ ਅਹਿਮ ਭੂਮਿਕਾ ਨਿਭਾਏਗਾ। ਡੇਰਾ ਸਿਰਸਾ ਨੇ 18 ਮਈ ਦੀ ਰਾਤ ਨੂੰ ਫੈਸਲਾ ਕਰਨਾ ਹੈ।
              ਇੰਝ ਹੀ ਲੱਗਦਾ ਹੈ ਕਿ ਡੇਰਾ ਫੈਸਲਾ ਗੁਪਤ ਰੱਖੇਗਾ। ਕਾਂਗਰਸੀ ਉਮੀਦਵਾਰ ਵੜਿੰਗ ਨੂੰ ਜੋ ਕਾਂਗਰਸ ਦੇ ਅੰਦਰੋਂ ਜੜ੍ਹੀਂ ਤੇਲ ਦਿੰਦੇ ਲੱਗਦੇ ਹਨ, ਉਨ੍ਹਾਂ ਦੀ ਖਿਚਾਈ ਵੀ ਦੋ ਦਿਨ ਪਹਿਲਾਂ ਹਾਈਕਮਾਨ ਨੇ ਕਰ ਦਿੱਤੀ ਹੈ। ਆਖਰੀ ਪਲਾਂ ’ਤੇ ਪੈਸਾ ਵੀ ਰੰਗ ਦਿਖਾਏਗਾ। ਹੁਣ ਹਲਕਾ ਵਾਈਜ ਨਜ਼ਰ ਮਾਰਦੇ ਹਾਂ। ਬਾਦਲਾਂ ਨੂੰ ਵੱਡੀ ਆਸ ਹਲਕਾ ਲੰਬੀ ਤੇ ਸਰਦੂਲਗੜ ਤੋਂ ਹੈ। ਹਲਕਾ ਲੰਬੀ ਵਿਚ 2014 ਵਿਚ 34 ਹਜ਼ਾਰ ਦੀ ਲੀਡ ਅਕਾਲੀ ਦਲ ਦੀ ਸੀ। ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੀ ਕਰੀਬ 30 ਹਜ਼ਾਰ ਦੀ ਲੀਡ ਸੀ।  ਅਕਾਲੀ ਦਲ ਦੀ ਕੁਝ ਹਲਕਿਆਂ ਚੋਂ ਮਿਲਣ ਵਾਲੀ ਲੀਡ ਨੂੰ ਕਾਂਗਰਸ ਬਠਿੰਡਾ ਸ਼ਹਿਰੀ ਤੇ ਮਾਨਸਾ ਵਿਧਾਨ ਸਭਾ ਹਲਕੇ ਦੇ ਵੋਟ ਬੈਂਕ ਨਾਲ ਠੱਲ੍ਹਣ ਦੀ ਤਾਕ ਵਿਚ ਹੈ। ਜੋ ਰੁਖ ਦਿਖ ਰਿਹਾ ਹੈ, ਉਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਲੰਬੀ, ਸਰਦੂਲਗੜ੍ਹ, ਬਠਿੰਡਾ ਦਿਹਾਤੀ ਤੇ ਭੁੱਚੋ ਮੰਡੀ ਹਲਕੇ ’ਚ ਉਪਰ ਦਿਖ ਰਿਹਾ ਹੈ। ਕਾਂਗਰਸ ਦਾ ਬਠਿੰਡਾ ਸ਼ਹਿਰੀ , ਮਾਨਸਾ ਅਤੇ ਮੌੜ ’ਚ ਆਪਣਾ ਹੱਥ ਉਪਰ ਦਿਖ ਰਿਹਾ ਹੈ। ਤਲਵੰਡੀ ਸਾਬੋ ਤੇ ਬੁਢਲਾਡਾ ਹਲਕੇ ਵਿਚ ਮੈਚ ਫਸਵਾਂ ਹੈ।
              ਮੌੜ ਹਲਕੇ ’ਚ ਅਕਾਲੀ ਦਲ ਨੂੰ ਮੰਡੀ ਕਲਾਂ ਅਤੇ ਬਾਲਿਆਂ ਵਾਲੀ ਵਿਚ ਹੋਏ ਵਿਰੋਧ ਨੇ ਵੱਡੀ ਸਿਆਸੀ ਸੱਟ ਮਾਰੀ ਹੈ। ਕਾਲੀਆਂ ਝੰਡੀਆਂ ਅਤੇ ਸੁਆਲ ਅਕਾਲੀ ਦਲ ਦੇ ਰਾਹ ਦਾ ਰੋੜਾ ਬਣੇ ਹਨ। ਹੁਣ ਸੱਟਾ ਬਾਜ਼ਾਰ ਵਿਚ ਵੀ ਕਾਫ਼ੀ ਬਦਲਾਅ ਦਿਖਣ ਲੱਗਾ ਹੈ। ਅੱਜ ਦੀ ਘੜੀ ਕੋਈ ਵੀ ਜਿੱਤ ਦਾ ਦਾਅਵਾ ਨਹੀਂ ਕਰ ਸਕਦਾ ਹੈ। ਮਾਨਸਾ ਤੇ ਬੁਢਲਾਡਾ ਹਲਕੇ ਵਿਚ ਹਰਸਿਮਰਤ ਦੇ ਬਾਹਰਲੇ ਲਫਟੈਣਾਂ ਨੇ ਢਾਹ ਲਾਈ ਹੈ। ਚਰਚੇ ਨੇ ਕਿ ਜਿਸ ਰਾਜੇ ਵੜਿੰਗ ਨੂੰ ਮੁਢਲੇ ਪੜਾਅ ’ਤੇ ਬਲਦੀ ਅੱਗ ਵਿਚ ਸੁੱਟਿਆ ਗਿਆ ਸੀ, ਉਹੀ ਰਾਜਾ ਹੁਣ ਟੱਕਰ ਵਿਚ ਖੜ੍ਹਾ ਹੋ ਗਿਆ ਹੈ। ਪਹਿਲੀ ਦਫਾ ਹੈ ਕਿ ਬਠਿੰਡਾ ਦੀ ਹਾਟ ਸੀਟ ’ਤੇ ਕੁਝ ਵੀ ਸੰਭਵ ਹੈ।
                                  ਐਂ ਜੀਅ ਕਰਦੈ, ਕਿਸੇ ਨੂੰ ਨਾ ਪਾਈਏ
ਭੰਮੇ ਕਲਾਂ ਦੇ ਖੇਤਾਂ ’ਚ ਜਦੋਂ ਗੱਗੀ ਨਾਮ ਦੇ ਨੌਜਵਾਨ ਨੂੰ ਪੁੱਛਿਆ, ਕਾਹਦੀ ਚੋਣ ਹੋ ਰਹੀ ਹੈ ਤੇ ਕਿਸ ਨੂੰ ਵੋਟਾਂ ਪਾਵੋਗੇ, ਜੁਆਬ ਮਿਲਿਆ ‘ ਮੈਨੂੰ ਤਾਂ ਕਾਸੇ ਦਾ ਨੀਂ ਪਤਾ, ਐਂ ਜੀਅ ਕਰਦੈ ਕਿਸ ਨੂੰ ਨਾ ਪਾਈਏ, ਕੋਈ ਕੁਛ ਨਹੀਂ ਕਰਦਾ, ਮਿੱਟੀ ਨਾਲ ਮਿੱਟੀ ਹੋਈ ਜਾਂਦੇ ਹਾਂ, ਨਰਮਾ ਕਰੰਡ ਹੋਇਆ ਪਿਐ।’ ਸਤਪਾਲ ਦਾ ਵੱਖਰਾ ਜੁਆਬ ਸੀ, ‘ਹਾਲੇ ਸਭ ਦੇ ਭਾਸ਼ਨ ਸੁਣੀ ਜਾਂਦੇ ਹਾਂ, ਜੋ ਜਵਾਨੀ ਵਾਰੇ ਸੋਚੂ, ਉਸ ਦਾ ਬਟਨ ਦੱਬਾਂਗੇ’। ਅੰਮ੍ਰਿਤਧਾਰੀ ਭੋਲਾ ਸਿੰਘ ਆਖਦਾ ਹੈ ਕਿ ਕਿਸੇ ਨੇ ਲੋਕਾਂ ਦਾ ਕੁਝ ਨਹੀਂ ਕੀਤਾ।
 



Sunday, May 12, 2019

                          ਵਿਚਲੀ ਗੱਲ  
ਪੁੱਤਾ ਮੇਰਿਆ ! ਗ਼ਮਾਂ ਨੇ ਕਾਹਤੋਂ ਘੇਰਿਆ..
                        ਚਰਨਜੀਤ ਭੁੱਲਰ
ਬਠਿੰਡਾ : ਪਹਿਲਾਂ ਸਬਰ ਦਾ ਘੁੱਟ ਤੇ ਹੁਣ ਕੌੜਾ ਘੁੱਟ ਭਰਿਐ। ਮਾੜਾ ਹਾਕਮ ਜੋ ਖੁਦਾ ਦਾ ਕਹਿਰ ਬਣਿਐ। ਚੋਣਾਂ ਦਾ ਸਿਖਰ ਕੀ ਆਇਐ। ਹੁਣ ਤਾਂ ਹਰ ਕੋਈ ਡਾਇਰ ਬਣਿਐ। ਮੂੰਹ ਕਿਸੇ ਦਾ ਕੋਈ ਫੜ ਨਹੀਂ ਸਕਦਾ।  ‘ਫਾਨੀ’ ਤੂਫਾਨ ਤੋਂ ਘੱਟ ਨਹੀਂ। ਹੱਥ ਜੋੜ ਕੋਈ ਪਿੰਡ ਤੇ ਕੋਈ ਸ਼ਹਿਰ ਵੜਿਐ। ਮਾਂ ਲੱਧੀ ਦਾ ਹੁਣ ਕੌਣ ਵਿਚਾਰਾ। ਰੁੱਗ ਕਾਲਜੇ ਦਾ ਭਰਿਆ ਗਿਐ। ਵੋਟਾਂ ਵਾਲਾ ਦਿਨ ਦੂਰ ਨਹੀਂ। ਹੱਥਾਂ ਚੋਂ ਤਾਹੀਓਂ ਨਿਕਲੇ ਫਿਰਦੇ ਨੇ। ਮੰਤਰੀ ਅਨਿਲ ਵਿੱਜ ਨੂੰ ਕੌਣ ਜਿੱਤ ਸਕਦੈ। ਅੰਬਾਲੇ ਭਰੇ ਬਾਜ਼ਾਰ ’ਚ ਮਾਂ ਦੀ ਗਾਲ ਕੱਢ ਦਿੱਤੀ। ਨਾ ਰੱਬ ਦੇ ਨਾਮ ਤੇ ਨਾ ਬੋਹੜ ਦੀ ਛਾਂ ਦੀ ਸ਼ਰਮ ਕੀਤੀ। ਬਿਰਧ ਮਾਵਾਂ ਨੂੰ ਮੂੰਹ ’ਚ ਚੁੰਨੀ ਲੈਣੀ ਪਈ। ਜਦੋਂ ਦੁੱਲੇ ਰੁਲਦੇ ਹੋਣ ਤਾਂ ਘੁੱਟ ਵੀ ਭਰਨੇ ਪੈਂਦੇ ਨੇ।  ਪਿੰਡ ਮੜ੍ਹਾਕ (ਫਰੀਦਕੋਟ) ਦੀ ਬਜ਼ੁਰਗ ਸੁਖਦੇਵ ਕੌਰ ਦਾ ਜਿਗਰਾ ਦੇਖੋ। ਸੱਤਰ ਵਰ੍ਹਿਆਂ ਦੀ ਹੈ, ਜ਼ਿੰਦਗੀ ’ਚ ਕੋਈ ਸੁੱਖ ਨਹੀਂ, ਸ਼ੂਗਰ ਵਧੀ ਹੋਈ ਹੈ। ਪੁੱਤ ਹਰਪ੍ਰੀਤ ਦੇ ਭਾਗ ਰੂੜੀ ਨਾਲੋਂ ਵੀ ਮਾੜੇ ਨਿਕਲੇ। ਪਪੀਹਾ ਬਣ ਪੂਰੇ 12 ਸਾਲ ਰੁਜ਼ਗਾਰ ਲਈ ਕੂਕਿਆ। ਹੁਣ ਓਵਰਏਜ ਹੋ ਗਿਆ। ਪੁੱਤ ਲਈ ਬਾਦਲਾਂ ਤੋਂ ਰੁਜ਼ਗਾਰ ਮੰਗਿਆ। ਪਹਿਲਾਂ ਮਾਘੀ ਮੇਲੇ ਤੇ ਫਿਰ ਫਤਹਿਗੜ੍ਹ ਦੇ ਜੋੜ ਮੇਲੇ ’ਤੇ। ਭਰੇ ਪੰਡਾਲ ’ਚ ਮਾਂ ਦੀ ਪੱਤ ਰੁਲੀ। ਪਟਿਆਲਾ ਤੇ ਨਾਭਾ ਜੇਲ੍ਹ ਵਿਖਾ ਦਿੱਤੀ। ਪੁਲੀਸ ਦੀ ਧੂਹ ਘੜੀਸ ਵੱਖਰੀ। ਮੰਜੇ ’ਤੇ ਬੈਠੀ ਐ, ਤੁਰਨੋਂ ਵੀ ਗਈ। ‘ ਹਾਕਮਾਂ ਨੇ ਹੱਕ ਦੱਬਿਐ ਤਾਂ ਪੁੱਤ ਲਈ ਅੱਕ ਚੱਭਿਆ ’, ਮਿਹਨਤ ਨਹੀਂ, ਕੇਸ ਪੱਲੇ ਪੈ ਗਏ। ਤਾਹੀਂ ਘੁੱਟ ਭਰਨੇ ਪੈਂਦੇ ਨੇ।
                ਨੌਜਵਾਨ ਕੁਲਦੀਪ ਕੌੜਾ ਘੁੱਟ ਭਰ ਲੈਂਦਾ ਤਾਂ ਸ਼ਾਇਦ ਖੜਾਕ ਨਾ ਹੁੰਦਾ। ਪੜਾਈ ਦਾ ਮੁੱਲ ਨਾ ਪਿਆ, ਭਰਾ ਵਿਦੇਸ਼ ਚਲਾ ਗਿਆ। ਬਾਪ ਜਹਾਨੋ ਚਲਾ ਗਿਆ। ਕੈਂਸਰ ਮਾਂ ਦਾ ਜਿਗਰਾ ਪਰਖ ਰਿਹੈ। ਪਿੰਡ ਬੁਸ਼ੈਹਰਾ (ਸੰਗਰੂਰ) ਦੇ ਕੁਲਦੀਪ ਨੇ ਜੁਰਅਤ ਕੀਤੀ। ਸੁਆਲ ਪੁੱਛ ਬੈਠਾ। ਬੀਬੀ ਭੱਠਲ ਦਾ ਹੱਥ ਕਿੰਨਾ ਸਖ਼ਤ ਹੈ। ਕੁਲਦੀਪ ਤੋਂ ਵੱਧ ਕੋਈ ਨਹੀਂ ਜਾਣਦੈ। ਕੰਨ ਹੁਣ ਕੇਵਲ ਢਿੱਲੋਂ ਦਾ ਟੀਂ ਟੀਂ ਕਰੀ ਜਾਂਦੈ। ਮਾਂ ਸਤਬੀਰ ਕੌਰ ਨੂੰ ਪੁੱਤ ਤੇ ਮਾਣ ਤੇ ਬੀਬੀ ਭੱਠਲ ’ਤੇ ਅਫਸੋਸ।  ਕੋਟਧਰਮੂ (ਮਾਨਸਾ) ਦੀ ਬਿਰਧ ਮੁਖਤਿਆਰ ਕੌਰ ਕਿਸ ਬੂਹੇ ਤੇ ਜਾਵੇ। ਦੁੱਖਾਂ ਦੀ ਭਰੀ ਵਹਿੰਗੀ ਤਾਂ ਹੈ, ਚੁੱਕਣ ਵਾਲਾ ਕੋਈ ਨਹੀਂ। ਛੇ ਧੀਆਂ ਘਰੋਂ ਘਰੀਂ ਤੋਰ ਦਿੱਤੀਆਂ। ਹੁਣ ਇਕੱਲੀ ਜਾਨ ਬਚੀ ਹੈ। ਨਿੱਕਾ ਜੇਹਾ ਕਮਰਾ, ਉਹ ਵੀ ਨੀਵਾਂ। ਡਾਲੀ ਵਾਲੇ ਸਿੰਘ ਚੋਂ ਉਸ ਨੂੰ ਰੱਬ ਦਿਖਦੈ। ਜੋ ਗੁਰੂ ਘਰ ਚੋਂ ਉਸ ਨੂੰ ਰੋਟੀ ਦੇ ਜਾਂਦੈ। ਹਨੇਰ ਪੈ ਜਾਏ.. ਤਾਂ ਘੁੱਟ ਭਰਨਾ ਪੈਂਦਾ ਹੈ। ਜੋਧਪੁਰ (ਬਰਨਾਲਾ) ’ਚ ਬੋਹੜ ਦੀ ਛਾਂ ਨਾਲੋਂ ਜੱਗੋਂ ਤੇਰ੍ਹਵੀਂ ਹੋਈ। 75 ਵਰ੍ਹਿਆਂ ਦੀ ਮਾਂ ਮੁਖਤਿਆਰ ਕੌਰ ਤੋਂ ਹੁਣ ਬਲਦੇ ਸਿਵੇ ਨਹੀਂ ਵੇਖੇ ਜਾਂਦੇ। ਜ਼ਮੀਨ ਬਚੀ ਨਹੀਂ, ਕਰਜ਼ ਬਚਿਆ ਹੈ। ਨਾ ਹੀ ਦੋ ਪੁੱਤ ਤੇ ਇੱਕ ਪੋਤਾ ਬਚ ਸਕਿਆ। ਮਾਂ ਕੋਲ ਖੁਦਕੁਸ਼ੀ ਦੇ ਫੱਟ ਬਚੇ ਨੇ। ਦੂਸਰਾ ਪੋਤਾ ਜਦੋਂ ਅੱਡੇ ’ਚ ਵਾਜਾਂ ਮਾਰਦੈ, ਦਾਦੀ ਦਾ ਗੱਚ ਭਰ ਆਉਂਦੈ। ਪੁੱਛਦੀ ਹੈ, ਹੁਣ ਦੱਸੋ ਕਿਹੜਾ ਘੁੱਟ ਭਰਾ।
              ਮੰਡੀ ਕਲਾਂ (ਬਠਿੰਡਾ) ਦੀ ਧੀ ਤੇਜੋ ਕੌਰ ਕਿਧਰ ਜਾਵੇਂ। ਜਮਾਂਦਰੂ ਗੂੰਗੀ ਬੋਲੀ ਐ। ਪਹਿਲਾਂ ਪਤੀ ਤੇ ਫਿਰ ਦੋ ਜਵਾਨ ਮੁੰਡੇ ਚਲੇ ਗਏ। ਸਿਰਫ਼ ਬੁਢਾਪਾ ਪੈਨਸ਼ਨ ਬਚੀ ਹੈ। ਉਸ ਲਈ ਤਾਂ ਜਹਾਨ ਹੀ ਗੂੰਗਾ ਹੋ ਗਿਆ। ਚੋਣ ਜਲਸੇ ’ਚ ਗਈ ਤੇਜੋ ਤੋਂ ਲੀਡਰਾਂ ਨੂੰ ਕਾਹਦਾ ਡਰ। ਲੁਧਿਆਣਾ ਦੀ ਇੱਕ ਮਾਂ ਦੇ ਦੁੱਖਾਂ ਦਾ ਨਹੀਂ ਕੋਈ ਟਿਕਾਣਾ। ਪਹਿਲਾਂ ਜਸਵੀਰ ਤੇ ਫਿਰ ਜਦੋਂ ਪੁੱਤ ਜੱਗਾ ਜੰਮਿਆ ਤਾਂ ਵਧਾਈਆਂ ਮਿਲੀਆਂ। ਪਿਛਲੇ ਵਰੇ੍ਹ ਦੋਵੇਂ ਪੁੱਤ ਢੇਰ ਹੋਏ ਮਿਲੇ। ਕੋਲੋਂ ਸਰਿੰਜਾਂ ਵੀ ਮਿਲੀਆਂ। ਮਾਂ ਦੇ ਸੀਨੇ ’ਚ ਉਦੋਂ ਖੰਜਰ ਚੁਭਦਾ। ਜਦੋਂ ਦਿਨੇ ਕੋਈ ਲੰਮ ਸਲੰਮਾ ਨੇਤਾ ਦੇਖਦੀ ਹੈ। ਰਾਤਾਂ ਨੂੰ ਦਿਮਾਗ ’ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਾਲਾ ਚਿਹਰਾ ਘੁੰਮਦੈ। ਇਨ੍ਹਾਂ ਮਾਵਾਂ ਲਈ ਜਿਉਣਾ ਜ਼ਹਿਰ ਵਾਂਗ ਹੈ। ਕੋਈ ਵੀ ਘੁੱਟ ਮਿੱਠਾ ਨਹੀਂ। ਨੇਹੀਆਂ ਵਾਲਾ (ਬਠਿੰਡਾ) ਦੀ ਮਾਂ ਇਕਬਾਲ ਕੌਰ ਪੁੱਤ ਦਾ ਖੁਦਕੁਸ਼ੀ ਨੋਟ ਸਾਂਭੀ ਬੈਠੀ ਹੈ। ‘ਸੱਤ ਹਜ਼ਾਰ ਨਾਲੋਂ ਮੌਤ ਚੰਗੀ’ , ਖੁਦਕੁਸ਼ੀ ਨੋਟ ਦੀ ਇਹ ਇਬਾਰਤ ‘ਠੇਕਾ ਪ੍ਰਣਾਲੀ’ ਨੂੰ ਲਾਹਨਤ ਪਾਉਂਦੇ ਹੈ। ਮਾਵਾਂ ਨੂੰ ਦੁੱਖ ਜਰਨੇ ਪੈਂਦੇ ਨੇ..।
              ਮਾੜੀ ਮੁਸਤਫਾ (ਮੋਗਾ) ’ਚ ਮਾਵਾਂ ਕਿਵੇਂ ਜੀਣ, ਮਾੜੇ ਲੇਖ ਜੋ ਹੋਏ। ਸਿਵਾ ਠੰਢਾ ਨਹੀਂ ਹੋ ਰਿਹਾ। ਗੁਰਤੇਜ ਨੇ ਕਾਪੀ ਖੋਲ੍ਹ ਕੇ ਦੱਸਿਆ। 275 ਸਿਵੇ ਬਾਲੇ ਨੇ ਕੈਂਸਰ ’ਤੇ ਕਾਲੇ ਪੀਲੀਏ ਨੇ। ਕੇਂਦਰੀ ਮੰਤਰੀ ਵਿਜੇ ਸਾਪਲਾਂ ਜਦੋਂ ਆਇਆ ਤਾਂ ਮਾਵਾਂ ਨੇ ਮਾੜੇ ਪਾਣੀ ਦੇ ਦੁੱਖ ਰੋਏ। ਮੰਤਰੀ ਦਾ ਜੁਆਬ ਸੁਣੋ, ‘ਏਹ ਬਿਮਾਰੀ ਪਾਣੀ ਕਰਕੇ ਨਹੀਂ, ਮਾੜੇ ਚਰਿੱਤਰ ਕਰਕੇ ਹੁੰਦੀ ਹੈ।’ ਪੂਰੇ ਪਿੰਡ ਨੂੰ ਕੌੜਾ ਘੁੱਟ ਭਰਨਾ ਪਿਆ। ਏਦਾਂ ਲੱਗਿਐ, ਜਿਵੇਂ ਪੂਰੇ ਪਿੰਡ ਨੂੰ ਗਾਲ ਕੱਢੀ ਹੋਵੇ। ਪਿੰਡ ਹਿੰਮਤਪੁਰਾ (ਬਠਿੰਡਾ) ਦੀ ਪੰਚਾਇਤ ਗਾਲ ਨਹੀਂ ਕੱਢਣ ਦਿੰਦੀ। ਜੋ ਮਾਂ ਭੈਣ ਦੀ ਗਾਲ ਕੱਢ ਬੈਠਦੈ, ਉਦੋਂ ਹੀ ਜੁਰਮਾਨਾ ਭਰਨਾ ਪੈਂਦੈ। ਇਨ੍ਹਾਂ ਚੋਣਾਂ ’ਚ ਸਭ ਸਤਜੁਗੀ ਬਣੇ ਹੋਏ ਨੇ। ਅੱਜ ਆਲਮੀ ਮਾਂ ਦਿਵਸ ਹੈ। ਧੰਨ ਜਿਗਰਾ ਇਨ੍ਹਾਂ ਮਾਵਾਂ ਦਾ ਜਿਨ੍ਹਾਂ ਨੇ ਪੂਰੀ ਕਾਇਨਾਤ ਦੇ ਦੁੱਖ ਝੋਲੀ ਪਾ ਰੱਖੇ ਨੇ। ਸਿਆਸੀ ਧਰਮਰਾਜ ਮਾਵਾਂ ਨੂੰ ‘ਬੁਢਾਪਾ ਪੈਨਸ਼ਨ’ ਤੋਂ ਅੱਗੇ ਨਹੀਂ ਵੇਖਦੇ। ਮਮਤਾ ਦੀ ਸੂਰਤ, ਤਿਆਗ ਦੀ ਮੂਰਤ, ਬੋਹੜ ਦੀ ਛਾਂ, ਰੱਬ ਦਾ ਨਾਮ, ਗੋਦ ’ਚ ਜੰਨਤ, ਦਿਲ ’ਚ ਮੰਨਤ, ਅੱਖਾਂ ’ਚ ਸੁਪਨੇ ਤੇ ਅਸੀਸਾਂ ਦੇ ਢੇਰ, ਨਾ ਛੱਡੇ ਕਦੇ ਮੇਰ।
               ਬਾਬੇ ਨਾਨਕ ਨੇ ਵੱਡਾ ਦਰਜਾ ਦਿੱਤਾ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’। ਭਾਈ ਵੀਰ ਸਿੰਘ ਨੇ ‘ਮਾਂ ਵਰਗਾ ਘਣਛਾਵਾਂ ਬੂਟਾ’ ਲਿਖ ਕੇ ਉਸਤਤ ਕੀਤੀ। ਸ਼ਿਵ ਨੇ ‘ਕੁਝ ਰੁੱਖ ਲੱਗਦੇ ਮਾਵਾਂ’ ਲਿਖਿਆ। ਸਮਾਂ ਲੱਗੇ ਤਾਂ ਗੋਰਕੀ ਦਾ ‘ਮਾਂ’ ਨਾਵਲ ਪੜ੍ਹ ਲੈਣਾ ਜਾਂ ਫਿਰ ‘ਮਦਰ ਇੰਡੀਆ’ ਦੇਖ ਆਇਓ। ਨਰਿੰਦਰ ਮੋਦੀ ਨੇ ਸਾਰੀ ਦੁਨੀਆ ਵੇਖ ਲਈ’। ਮਾਂ ਹੀਰਾਬੇਨ ਨੇ ਪੁੱਤ ਦੀ ਕਦੇ ਨਹੀਂ ਮੋੜੀ। ਨੋਟਬੰਦੀ ਵੇਲੇ ਕਤਾਰ ’ਚ ਖੜ੍ਹੀ ਹੋ ਗਈ। ਘਰ ਆਏ ਪੁੱਤ ਨੂੰ ਸਵਾ ਰੁਪਏ ਸ਼ਗਨ ਦੇਣਾ ਵੀ ਨਹੀਂ ਭੁੱਲੀ। ਖੈਰ, ਮੋਦੀ ਤਾਂ ਗੰਗਾ ਮਾਂ ਦਾ ਗੋਦ ਲਿਆ ਪੁੱਤ ਵੀ ਹੈ। ਪੁਲਵਾਮਾ ’ਚ ਜਵਾਨ ਸ਼ਹੀਦ ਹੋਏ, ਮਾਵਾਂ ਦੀਆਂ ਆਂਦਰਾ ਠਰੀਆਂ ਨਹੀਂ। ਮਰੇ ਕੋਈ ਵੀ ਤੇ ਕਿਤੇ ਵੀ, ਖੂਨ ਮਾਂ ਦਾ ਹੀ ਤੜਫਦੈ। ਮਾਂ ਫ਼ਾਤਿਮਾ ਜੇਐਨਯੂ ਚੋਂ ਗੁੰਮਿਆ ਪੁੱਤ ਨਜੀਬ ਉਡੀਕ ਰਹੀ ਹੈ।  ਫ਼ਾਤਿਮਾ ਨੂੰ ਹੁਣ ਘਨ੍ਹਈਆ ਕੁਮਾਰ ਚੋਂ ਪੁੱਤ ਦਿਖਦੈ।
               ਪੰਜਾਬ ’ਚ ਕਾਲੇ ਝੰਡੇ ਦਿਖ ਰਹੇ ਨੇ। ਪੰਜਾਬੀਆਂ ਦਾ ਅੰਦਰਲਾ ਦੁੱਲਾ ਜਾਗਿਐ। ਉਮੀਦਵਾਰੋ ਏਨਾ ਵੀ ਨਾ ਡਰੋਂ, ‘ਮਾਤਾ ਦਾ ਮਾਲ’ ਥੋਕ ’ਚ ਪਿਐ। ਛੱਜੂ ਰਾਮ ਪੰਗੇ ਲੈਣੋ ਨੀਂ ਹਟਦਾ..ਆਖਦੈ ‘ਕਿਤੇ ਸੁਖਬੀਰ ਜੀ, ਪੰਜ ਤਾਰਾ ਹੋਟਲ ਦੀ ਥਾਂ ਆਪਣਿਆਂ ਦੀ ਯਾਦ ’ਚ ਚੈਰੀਟੇਬਲ ਹਸਪਤਾਲ ਖੋਲ ਦਿੰਦੇ, ਦਸਵੰਧ ਨਿਕਲ ਜਾਣਾ ਸੀ।’ ਉਧਰ, ਹਰਸਿਮਰਤ ਨੂੰ ਪੇਂਡੂ ਮਾਵਾਂ ਦਾ ਮੋਹ ਆਉਣੋ ਨੀ ਹਟ ਰਿਹਾ। ਰਾਜਾ ਵੜਿੰਗ ਨੂੰ ਚੋਣਾਂ ’ਚ ਮਾਂ ਚੇਤੇ ਆਈ ਹੈ। ਯਾਦ ਰੱਖਿਓ, ਕਿਤੇ ਪੰਜਾਬ ’ਚ ‘ਜੱਗੇ’ ਦੀ ਰੂਹ ਆ ਗਈ ਤਾਂ ਨਾਨੀ ਵੀ ਚੇਤੇ ਆ ਜਾਊ। ਸ਼ੇਰ ਬੱਗਿਓ.. ਲੱਧੀ ਦੇ ਦੁੱਧ ਦੀ ਲਾਜ ਜਰੂਰ ਰੱਖਣਾ।


Thursday, May 9, 2019

                                                             ਰਪਟ ਕੌਣ ਲਿਖੂ
             ਮਹਾਰਾਜੇ ਦਾ ਖੂੰਡਾ ਬਠਿੰਡੇ ’ਚ ਗੁਆਚਿਆ
                                                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਹਲਕੇ ’ਚ ‘ਛੋਟਾ ਰਾਜਾ’ ਬਾਦਲਾਂ ਖ਼ਿਲਾਫ਼ ਕੂਕਦਾ ਰਿਹਾ ਜਦੋਂ ਕਿ ‘ਵੱਡੇ ਰਾਜੇ’ ਨੇ ਬਾਦਲਾਂ ਖ਼ਿਲਾਫ਼ ਸੁਰ ਨੂੰ ਮੱਠਾ ਰੱਖਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਹਲਕੇ ਵਿਚ ਭੁੱਚੋ ਮੰਡੀ ਅਤੇ ਸਰਦੂਲਗੜ੍ਹ ’ਚ ਦੋ ਚੋਣ ਜਲਸੇ ਕੀਤੇ। ਲੋਕਾਂ ਦਾ ਹੁੰਗਾਰਾ ਵੱਡਾ ਰਿਹਾ ਪ੍ਰੰਤੂ ਅਮਰਿੰਦਰ ਦੇ ਠੰਢੇ ਭਾਸ਼ਣਾਂ ਨੇ ਨਵੇਂ ਚਰਚੇ ਛੇੜ ਦਿੱਤੇ ਹਨ। ਚੋਣ ਜਲਸਿਆਂ ’ਚ ਪੁੱਜੇ ਵਰਕਰਾਂ ਨੇ ਉਹ ਦਿਨ ਯਾਦ ਕੀਤੇ ਜਦੋਂ ਅਮਰਿੰਦਰ ਸਿੰਘ ਬਾਦਲਾਂ ਖ਼ਿਲਾਫ਼ ਗਰਜਦਾ ਹੁੰਦਾ ਸੀ। ਦੋਵੇਂ ਚੋਣ ਜਲਸਿਆਂ ਵਿਚ ਮਹਾਰਾਜੇ ਦੀ ਨਾ ਗੜ੍ਹਕ ਦਿੱਖੀ ਅਤੇ ਨਾ ਹੀ ਵਰਕਰਾਂ ਨੂੰ ਪੱਬਾਂ ਭਾਰ ਕਰਨ ਵਾਲਾ ਭਾਸ਼ਨ।  ਅਮਰਿੰਦਰ ਨਾਲੋਂ ਤਾਂ ਵੜਿੰਗ ਦ ਭਾਸ਼ਨ ਕਾਫ਼ੀ ਗੂੰਜ ਵਾਲਾ ਰਿਹਾ। ਬਠਿੰਡਾ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਉਦੋਂ ਵੀ ਮੱਥਾ ਠਣਕਿਆ ਸੀ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਆਏ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਸ਼ਹਿਰ ਵਿਚ ਰੋਡ ਸ਼ੋਅ ਕਰਨ ਤੋਂ ਪਾਸਾ ਵੱਟ ਗਏ ਸਨ। ਮਗਰੋਂ ਖ਼ਜ਼ਾਨਾ ਮੰਤਰੀ ਅਤੇ ਰਾਜਾ ਵੜਿੰਗ ਨੇ ਵਪਾਰੀਆਂ ਤੋਂ ਮੁਆਫੀਆਂ ਮੰਗੀਆਂ ਸਨ। ਭੁੱਚੋ ਰੈਲੀ ਵਿਚ ਆਏ ਵਰਕਰਾਂ ਨੇ ਚੋਣ ਰੈਲੀ ਖਤਮ ਹੋਣ ਮਗਰੋਂ ਆਖਿਆ ਕਿ ਜੋ ਮਹਾਰਾਜਾ ਕਦੇ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਸਿਆਸੀ ਫੁੰਕਾਰੇ ਮਾਰਦਾ ਹੁੰਦਾ ਸੀ, ਉਹ ਰਾਜਾ ਕਿਧਰ ਗੁੰਮ ਹੋ ਗਿਆ ਹੈ।
                 ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਰੈਲੀ ਸਮਾਪਤੀ ਮਗਰੋਂ ਸਿੱਧੇ ਬਠਿੰਡਾ ਦੇ ਹੋਟਲ ਵਿਚ ਪੁੱਜ ਗਏ ਜਿਥੋਂ ਉਹ ਅੱਜ 11.25 ਵਜੇ ਤੇ ਬਾਹਰ ਨਿਕਲੇ। ਜਦੋਂ ਕਿ ਬਠਿੰਡਾ ਹਲਕੇ ਵਿਚ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਅਤੇ ਬਾਦਲ ਪਰਿਵਾਰ ਲੋਕਾਂ ਦੇ ਘਰੋ ਘਰੀਂ ਜਾ ਰਿਹਾ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ 17 ਘੰਟੇ ਹੋਟਲ ਚੋਂ ਬਾਹਰ ਪੈਰ ਹੀ ਨਹੀਂ ਪਾਇਆ। ਏਨਾ ਜਰੂਰ ਹੈ ਕਿ ਅੱਜ ਉਨ੍ਹਾਂ ਨੇ ਹੋਟਲ ਦੇ ਅੰਦਰ ਹੀ ਬਠਿੰਡਾ ਦੇ ਕਾਂਗਰਸੀ ਵਰਕਰਾਂ ਨਾਲ ਕਰੀਬ ਇੱਕ ਘੰਟਾ ਜਰੂਰ ਮੀਟਿੰਗ ਕੀਤੀ ਹੈ।  ਕਾਂਗਰਸੀ ਮੀਟਿੰਗ ਵਿਚ ਕਈ ਕਾਂਗਰਸੀ ਲੀਡਰਾਂ ਨੇ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਾਲ ਵਿਚ ਦੋ ਵਾਰ ਜਰੂਰ ਵਰਕਰਾਂ ਨੂੰ ਮਿਲਿਆ ਕਰਨ। ਦੂਸਰੀ ਤਰਫ਼ ਬਾਦਲ ਇੱਕ ਪਲ ਵੀ ਅਜਾਈ ਨਹੀਂ ਦੇਣ ਜਾ ਰਹੇ ਹਨ। ਅੱਜ ਸਰਦੂਲਗੜ੍ਹ ਦੀ ਚੋਣ ਰੈਲੀ ਵਿਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਬਾਦਲਾਂ ਖ਼ਿਲਾਫ਼ ਪੂਰਾ ਤਾਣ ਲਾ ਦਿੱਤਾ। ਇੱਥੋਂ ਤੱਕ ਕਿ ਸੁਖਬੀਰ ਬਾਦਲ ਨੂੰ ਦੂਸਰਾ ਜਨਰਲ ਡਾਇਰ ਦੱਸਿਆ। ਰੈਲੀ ਵਿਚ ਪੁੱਜੇ ਲੋਕ ਉਮੀਦ ਕਰਨ ਲੱਗੇ ਕਿ ਹੁਣ ਵੱਡਾ ਰਾਜਾ ਦਿਖਾਏਗਾ ਰੰਗ।
                 ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰਵਾਇਤੀ ਭਾਸ਼ਨ ਦਿੱਤਾ ਅਤੇ ਬੇਅਦਬੀ ਦੇ ਮਾਮਲੇ ’ਤੇ ਕਿਸੇ ਨੂੰ ਨਾ ਬਖ਼ਸ਼ਣ ਦੀ ਗੱਲ ਆਖੀ। ਜਦੋਂ ਭਾਸ਼ਨ ਖਤਮ ਹੋਇਆ ਕਿ ਕਈ ਆਖਦੇ ਸੁਣੇ ਗਏ ਕਿ ਦਾਲ ਵਿਚ ਕੁਝ ਕਾਲਾ ਜਾਪਦਾ ਹੈ। ਚੋਣ ਰੈਲੀਆਂ ਵਿਚ ਅਮਰਿੰਦਰ ਸਿੰਘ ਨੇ ਗਠਜੋੜ ਸਰਕਾਰ ਦੀਆਂ ਨਕਾਮੀਆਂ ਦਾ ਜ਼ਿਕਰ ਕੀਤਾ ਅਤੇ ਮੋਦੀ ਸਰਕਾਰ ’ਤੇ ਚਰਚਾ ਕੀਤੀ ਪ੍ਰੰਤੂ ਬਾਦਲਾਂ ਪ੍ਰਤੀ ਪੁਰਾਣੀ ਸੁਰ ਗਾਇਬ ਦਿੱਖੀ। ਕੈਪਟਨ ਅਮਰਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਦਿਨ ਐਲਾਨ ਕੀਤਾ ਸੀ ਕਿ ਉਹ ਦੋ ਦੋ ਦਿਨ ਬਠਿੰਡਾ ਤੇ ਫਿਰੋਜ਼ਪੁਰ ਵਿਚ ਡੇਰੇ ਲਾਉਣਗੇ। ਪਤਾ ਲੱਗਾ ਹੈ ਕਿ ਉਮੀਦਵਾਰ ਰਾਜਾ ਵੜਿੰਗ ਅੰਦਰੋਂ ਅੰਦਰੀ ਬੇਵੱਸ ਜਾਪਦੇ ਹਨ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਤਾਂ ਪਹਿਲਾਂ ਹੀ ਪ੍ਰਚਾਰ ਕਰ ਰਹੇ ਹਨ ਕਿ ਵੱਡੇ ਘਰਾਣੇ ਆਪਸ ਵਿਚ ਮਿਲ ਕੇ ਮੈਚ ਖੇਡ ਰਹੇ ਹਨ।
                                      ਨਹੀਂ ਕਰਨਗੇ ਰੋਡ ਸ਼ੋਅ
ਸੂਤਰ ਦੱਸਦੇ ਹਨ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਧਰੇ ਵੀ ਕੋਈ ਰੋਡ ਸ਼ੋਅ ਨਹੀਂ ਕਰਨਗੇ। ਦੱਸਦੇ ਹਨ ਕਿ ਉਨ੍ਹਾਂ ਤੋਂ ਜਿਆਦਾ ਸਮਾਂ ਖੜ੍ਹਾ ਨਹੀਂ ਜਾਂਦਾ ਹੈ ਜਿਸ ਕਰਕੇ ਉਹ ਰੋਡ ਸ਼ੋਅ ਤੋਂ ਪਾਸਾ ਹੀ ਵੱਟਣਗੇ। ਬਠਿੰਡਾ ਦੇ ਰੋਡ ਸ਼ੋਅ ਤੋਂ ਕਿਨਾਰਾ ਕੀਤੇ ਜਾਣ ਦਾ ਵੀ ਇਹੋ ਕਾਰਨ ਹੀ ਦੱਸਿਆ ਜਾ ਰਿਹਾ ਹੈ।



Tuesday, May 7, 2019

                               ਰਿਸਦੇ ਜ਼ਖ਼ਮ
                 ਮੁੱਕ ਚੱਲੀ ਸਾਹਾਂ ਦੀ ਪੂੰਜੀ 
                              ਚਰਨਜੀਤ ਭੁੱਲਰ
ਬਠਿੰਡਾ : ਵਿਧਵਾ ਸੁਖਵਿੰਦਰ ਕੌਰ ਪੰਜਾਬ ਦੇ ਖੇਤਾਂ ਦਾ ਰਿਸਦਾ ਜ਼ਖ਼ਮ ਹੈ। ਇੱਕ ਰਸਦੇ ਵਸਦੇ ਕਾਮੇ ਪਰਿਵਾਰ ਦੀ ਨੂੰਹ ਕੋਲ ਸਿਰਫ਼ ਸਾਹਾਂ ਦੀ ਪੂੰਜੀ ਬਚੀ ਹੈ।  ਉਹ ਕਿਸਾਨ ਪਤੀ ਨੂੰ ਗੁਆ ਚੁੱਕੀ ਹੈ। ਜਦੋਂ ਕਿ ਨੌਜਵਾਨ ਪੁੱਤ ਸੁੱਧ ਬੁੱਧ ਗੁਆ ਬੈਠੇ ਹਨ। ਜੋ ਪਰਿਵਾਰ ਖੇਤਾਂ ਦਾ ਹੀਰੋ ਸੀ, ਹੁਣ ਜ਼ੀਰੋ ਹੋ ਚੁੱਕਾ ਹੈ। ‘ਰੱਬ ਆਸਰਾ’ ਆਸ਼ਰਮ ਨੇ ਇਸ ਬਜ਼ੁਰਗ ਅੌਰਤ ਅਤੇ ਉਸ ਦੇ ਦੋ ਪੁੱਤਾਂ ਨੂੰ ਢੋਈ ਦਿੱਤੀ ਹੈ। ਸੁਖਵਿੰਦਰ ਕੌਰ ਇਕੱਲੀ ਨਹੀਂ, ਜਵਾਨ ਪੁੱਤ ਦੀ ਡਿਪਰੈਸ਼ਨ ’ਚ ਹਨ। ਮੋਗਾ ਦੇ ਪਿੰਡ ਮਾਹਲਾ ਖੁਰਦ ਦੇ ਖੇਤਾਂ ’ਚ ਇੱਕ ਕਮਰੇ ’ਚ ਤਿੰਨੋਂ ਜੀਅ ਕਈ ਮਹੀਨਿਆਂ ਤੋਂ ਬੇਸੁਧੀ ਵਿਚ ਪਏ ਰਹੇ ਜਿਨ੍ਹਾਂ ਤੋਂ ਪਿੰਡ ਵਾਸੀ ਵੀ ਅਣਜਾਣ ਸਨ। ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਜਦੋਂ ਭਿਣਕ ਪਈ ਤਾਂ ਉਨ੍ਹਾਂ ਪਹਿਲਾਂ ਖੁਦ ਹੰਭਲਾ ਮਾਰਿਆ। ਮਗਰੋਂ ਆਸ਼ਰਮ ਵਿਚ ਛੱਡ ਆਏ।ਪੰਜਾਬ ਦੀ ਕਿਸਾਨੀ ਦੀ ਜਨਮ ਕੁੰਡਲੀ ਦੱਸਣ ਲਈ ਅਰਧ ਪਾਗਲ ਅਵਸਥਾ ਵਿੱਚ ਪੁੱਜੇ ਇਹ ਤਿੰਨੋਂ ਜੀਅ ਕਾਫ਼ੀ ਹਨ। ਪਿਛਾਂਹ ਵੇਖਦੇ ਹਾਂ ਕਿ ਜਦੋਂ ਸੁਖਵਿੰਦਰ ਕੌਰ ਵਿਆਹ ਕੇ ਪਿੰਡ ਮਾਹਲਾ ਖੁਰਦ ਪੁੱਜੀ। ਉਦੋਂ ਪਿੰਡ ’ਚ ਉਸ ਦੇ ਸਹੁਰਿਆਂ ਨੂੰ ‘ਕਾਮੇ ਪਰਿਵਾਰ’ ਦਾ ਦਰਜਾ ਮਿਲਿਆ ਹੋਇਆ ਸੀ। ਖੇਤਾਂ ’ਚ ਕਮਾਈ ਕਰਨ ਤੋਂ ਬਿਨਾਂ ਇਸ ਪਰਿਵਾਰ ਨੂੰ ਹੋਰ ਕੁਝ ਨਹੀਂ ਆਉਂਦਾ ਸੀ। ਬਜ਼ੁਰਗ ਸੁਖਵਿੰਦਰ ਕੌਰ ਦੇ ਪਤੀ ਜੋਗਿੰਦਰ ਸਿੰਘ ਦੇ ਹਿੱਸੇ ਤਿੰਨ ਏਕੜ ਜ਼ਮੀਨ ਆਈ।
                 ਜਦੋਂ ਖੇਤਾਂ ਚੋਂ ਕੁਝ ਬਚਦਾ ਨਾ ਦਿਖਿਆ ਤਾਂ ਉਸ ਨੇ ਪੂਰੀ ਜ਼ਮੀਨ ਵੇਚ ਯੂ.ਪੀ ’ਚ ਜ਼ਮੀਨ ਬਣਾ ਲਈ। ਕਰਜ਼ ਉਸ ਦੇ ਪਿੱਛੇ ਪਿਛੇ ਚਲਾ ਗਿਆ। ਅਖੀਰ ਉਥੇ ਫਲੱਡਾਂ ਦੀ ਮਾਰ ਪੈਂਦੀ ਰਹੀ, ਸਭ ਕੁਝ ਵਿਕ ਗਿਆ। ਕਰੀਬ ਗਿਆਰਾਂ ਸਾਲ ਯੂ.ਪੀ ’ਚ ਰਹੇ। ਸ਼ਾਹੂਕਾਰਾਂ ਨੇ ਉਨ੍ਹਾਂ ਨੂੰ ਕਿਤੇ ਪੈਰ ਨਾ ਪੁੱਟਣ ਦਿੱਤਾ। ਮਾਹਲਾ ਖੁਰਦ ਦੇ ਮੋਹਤਬਰ ਖੁਦ ਗਏ। ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਜਾਲ ਚੋਂ ਕੱਢ ਕੇ ਲੈ ਆਏ। ਉਦੋਂ ਉਨ੍ਹਾਂ ਦੇ ਤਨ ਦੇ ਕੱਪੜੇ ਹੀ ਪ੍ਰਾਪਰਟੀ ਸਨ। ਦਬਾਓ ’ਚ ਕਿਸਾਨ ਜੋਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ, ਉਹ ਫੌਤ ਹੋ ਗਿਆ। ਵਿਧਵਾ ਸੁਖਵਿੰਦਰ ਕੌਰ ਨੂੰ ਪਿੰਡ ਨੇ ਕਿਤੇ ਇੱਕ ਕਮਰੇ ਬਣਾ ਕੇ ਦੇ ਦਿੱਤਾ। ਇੱਕ ਮੁੰਡਾ ਪਾਲਾ ਸਿੰਘ ਪਿੰਡ ’ਚ ਦਿਹਾੜੀ ਕਰਨ ਲੱਗਾ। ਕੁਝ ਲੋਕਾਂ ਨੇ ਮਜਬੂਰੀ ਦਾ ਖੂਬ ਫਾਇਦਾ ਉਠਾਇਆ। ਦੂਸਰੇ ਲੜਕੇ ਜਸਪ੍ਰੀਤ ਨੂੰ ਮਿਰਗੀ ਦੇ ਦੌਰੇ ਪੈਣ ਲੱਗੇ। ਸਮੇਂ ਦਾ ਚੱਕਰ ਤੇਜ਼ੀ ਨਾਲ ਘੁੰਮਿਆ ਕਿ ਤਿੰਨੋਂ ਜੀਅ ਗੁੰਮਨਾਮੀ ਵਿਚ ਚਲੇ ਗਏ। ਅਖੀਰਲੇ ਸਮੇਂ ਇੱਕ ਕਮਰੇ ’ਚ ਇਹ ਸੁੱਧ ਬੁੱਧ ਖੋਹੀ ਪਏ ਸਨ। ਘਸਮੈਲੇ ਕੱਪੜੇ ਤੇ ਵਧੇ ਨਹੁੰ, ਬੁਰੇ ਹਾਲ ’ਚ ਪਏ ਸਨ। ਕੋਈ ਖਾਣ ਨੂੰ ਦੇ ਦਿੰਦਾ ਤਾਂ ਖਾ ਲੈਂਦੇ ਸਨ।
         ਮਾਹਲਾ ਖੁਰਦ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੇ ਵੇਲਿਆਂ ’ਚ ਇਹ ਪਰਿਵਾਰ ਕਾਮਾ ਸੀ। ਖੇਤੀ ਦੇ ਸੰਕਟਾਂ ਨੇ ਪਰਿਵਾਰ ਦੇ ਕਿਤੇ ਪੈਰ ਲੱਗਣ ਨਹੀਂ ਦਿੱਤੇ। ਜਦੋਂ ਉਨ੍ਹਾਂ ਨੂੰ ਤਿੰਨੋਂ ਜੀਆਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਉਪਰਾਲਾ ਕੀਤਾ, ਫਿਰ ‘ਰੱਬ ਆਸਰਾ’ ਆਸ਼ਰਮ ਵਿਚ ਛੱਡ ਆਏ। ਰਾਮਪੁਰਾ ਕੋਲ ਚੱਲ ਰਹੇ ‘ਰੱਬ ਆਸਰਾ’ ਆਸ਼ਰਮ ਦੇ ਸੰਚਾਲਕ ਬਾਬਾ ਹਰਜੀਤ ਸਿੰਘ ਢਪਾਲੀ ਨੇ ਦੱਸਿਆ ਕਿ ਕਰੀਬ ਗਿਆਰਾਂ ਵਰ੍ਹਿਆਂ ਤੋਂ ਉਹ ਦੋਵੇਂ ਲੜਕਿਆਂ ਅਤੇ ਮਾਈ ਦਾ ਇਲਾਜ ਕਰਾ ਰਹੇ ਹਨ ਜੋ ਪਹਿਲਾਂ ਤਾਂ ਗੰਭੀਰ ਡਿਪਰੈਸ਼ਨ ਦਾ ਸ਼ਿਕਾਰ ਸਨ, ਹੁਣ ਥੋੜਾ ਬੋਲਣ ਲੱਗੇ ਹਨ। ਇਲਾਜ ਲੁਧਿਆਣਾ ਤੋਂ ਚੱਲ ਰਿਹਾ ਹੈ।  ਚੋਣਾਂ ’ਚ ਕਿਸਾਨੀ ਦੇ ਜੋ ਸਿਆਸੀ ਗਾਰਡ ਹੋਣ ਦਾ ਰੌਲਾ ਪਾ ਰਹੇ ਹਨ, ਉਹ ਵਿਧਵਾ ਸੁਖਵਿੰਦਰ ਕੌਰ ਦੇ ਦੁੱਖਾਂ ਦੀ ਪੰਡ ਜਰੂਰ ਫਰੋਲਣ। ਸੁਖਵਿੰਦਰ ਕੌਰ ਇਕੱਲੀ ਨਹੀਂ, ਮਾਲਵਾ ਖ਼ਿੱਤੇ ਦੀ ਕਿਸਾਨੀ ਦਾ ਵੱਡਾ ਹਿੱਸਾ ਡਿਪਰੈਸ਼ਨ ਦਾ ਸ਼ਿਕਾਰ ਹੈ। ਹੋਰ ਆਸ਼ਰਮਾਂ ਵਿਚ ਵੀ ਏਦਾਂ ਦੇ ਕੇਸ ਜਰੂਰ ਹੋਣਗੇ।
                                    ਛੋਟੀ ਕਿਸਾਨੀ ਤਣਾਓ ’ਚ : ਨਿਧੀ ਗੁਪਤਾ
ਮਾਨਸਿਕ ਰੋਗਾਂ ਦੀ ਮਾਹਿਰ ਡਾਕਟਰ ਨਿਧੀ ਗੁਪਤਾ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਹੁਣ ਮਾਲਵੇਂ ਦੀ ਛੋਟੀ ਕਿਸਾਨੀ ’ਚ ਡਿਪਰੈਸ਼ਨ ਆਮ ਹੋ ਗਿਆ ਹੈ ਅਤੇ ਖਾਸ ਕਰਕੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਦੇ ਕੇਸਾਂ ਦੀ ਦਰ ਵਧੀ ਹੈ। ਬਹੁਤੇ ਕਿਸਾਨ ਇਹੋ ਦੱਸਦੇ ਹਨ ਕਿ ਹੁਣ ਕਰਜ਼ ਮੋੜਨਾ ਵਸ ’ਚ ਨਹੀਂ ਰਿਹਾ, ਜਿਸ ਕਰਕੇ ਡਿਪਰੈਸ਼ਨ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇੱਕ ਵਾਰੀ ਚਿੱਟੀ ਮੱਖੀ ਨੇ ਫਸਲ ਤਬਾਹ ਕਰ ਦਿੱਤੀ ਸੀ ਤਾਂ ਉਦੋਂ ਵੀ ਡਿਪਰੈਸ਼ਨ ਦੇ ਕੇਸਾਂ ਦੀ ਗਿਣਤੀ ਕਾਫ਼ੀ ਵਧੀ ਸੀ।
     

Sunday, May 5, 2019

                                                                 ਵਿਚਲੀ ਗੱਲ
                      ਲਾਈਟ.. ਸਾਊਂਡ.. ਕੈਮਰਾ.. ਐਕਸ਼ਨ..ਤੇ ਪੈਸਾ ਵਸੂਲ !
                                                               ਚਰਨਜੀਤ ਭੁੱਲਰ
ਬਠਿੰਡਾ : ਟਵਿੰਕਲ ਖੰਨਾ ਟਿੱਚਰਾਂ ਕਰਨੋਂ ਨਹੀਂ ਹਟ ਰਹੀ। ਭਮੱਤਰੇ ਹੋਏ ਅਕਸ਼ੈ ਕੁਮਾਰ ਨੂੰ ਕੋਈ ਰਾਹ ਨਹੀਂ ਦਿੱਖਦਾ। ਹੁਣ ਵੇਲੇ ਨੂੰ ਪਛਤਾ ਰਿਹੈ। ਕਿਤੇ ਬੀਵੀ ਟਵਿੰਕਲ ਦੀ ਮੰਨ ਲੈਂਦਾ। ਮੂੰਹ ਦਿਖਾਉਣ ਜੋਗਾ ਤਾਂ ਰਹਿ ਜਾਂਦਾ। ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਸੀ। ਅੱਗਿਓਂ ਟੱਕਰਿਆ ਸਵਾ ਸ਼ੇਰ। ਨਰਿੰਦਰ ਮੋਦੀ ਦੀ ਇੰਟਰਵਿਊ ਕਰਨੀ ਸੀ। ਪਹਿਲਾਂ ‘ਗ੍ਰਹਿ ਮੰਤਰੀ’ ਤੋਂ ਤਾਂ ਪੁੱਛ ਲੈਂਦਾ। ਉਦੋਂ ਤਾਂ ਹੁੱਬ ਕੇ ਚਲਾ ਗਿਆ। ਹੁਣ ਟਵਿੰਕਲ ਨੇ ਘਰੇ ਕਲੇਸ਼ ਪਾ ਰੱਖਿਐ। ਟਵਿੰਕਲ ਨੂੰ ਟਿੱਚਰ ਤਾਂ ਮੋਦੀ ਨੇ ਕੀਤੀ। ਭੁਗਤ ਹੁਣ ਘਰੇ ਅਕਸ਼ੈ ਕੁਮਾਰ ਰਿਹੈ। ਜਦੋਂ ਟਵਿੰਕਲ ਨੇ ਇੰਟਰਵਿਊ ਦੇਖੀ। ਉਸ ਨੂੰ ਇੱਕ ਚੜ੍ਹੇ ਤੇ ਇੱਕ ਉੱਤਰੇ। ਮੋਦੀ ਨੇ ਖਚਰੀ ਹਾਸੀ ’ਚ ਆਖਿਆ ਸੀ, ‘ਬੱਲਿਆ, ਬੀਵੀ ਨੂੰ ਸਮਝਾ, ਟਵਿੱਟਰ ’ਤੇ ਗੁੱਸਾ ਕੱਢਦੀ ਐ.. ਮੈਂ ਕਿਹੜਾ ਉਹਦੇ ਮਾਂਹ ਮਾਰੇ ਨੇ।’ ਉਦੋਂ ਦਾ ਹੁਣ ਅਕਸ਼ੈ ਕੁਮਾਰ ਡੁੰਨ ਵੱਟਾ ਬਣਿਐ। ਇੱਕ ਪਾਸੇ ਬੀਵੀ, ਦੂਜੇ ਪਾਸੇ ਮੋਦੀ। ਗੁੱਸੇ ’ਚ ਵੋਟ ਪਾਉਣ ਹੀ ਨਹੀਂ ਗਿਆ। ਹੁਣ ਮਨੋਂ ਮਨੀ ਸੋਚ ਰਿਹੈ। ਫਾਰੂਕ ਅਬਦੁੱਲਾ ਨੇ ਸੱਚ ਹੀ ਆਖਿਆ ‘ਮੋਦੀ ਸਭ ਤੋਂ ਵੱਡੇ ਐਕਟਰ ਨੇ’। ਸਾਹਰੁਖ ਖਾਨ ਕੀ ਰੀਸ ਕਰੂ। ਤੇਲਗੂ ਦੇਸਮ ਵਾਲਾ ਕੇਸਨੈਨੀ ਪਾਰਲੀਮੈਂਟ ’ਚ ਬੋਲਿਆ ‘ ਮੋਦੀ ਜੀ, ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਐਕਟਰ ਹੋ, ਗੇ੍ਰਟ ਡਰਾਮਾ, ਗੇ੍ਰਟ ਐਕਸ਼ਨ।’ ਸੰਨੀ ਦਿਓਲ ਨੇ ਦੁਕਾਨ ਹਾਲੇ ਨਵੀਂ ਖੋਲ੍ਹੀ ਹੈ। ਪੂਜਾ ਦਿਓਲ ਨੇ ਘਰੋਂ ਤੁਰਨ ਲੱਗੇ ਨੂੰ ਗੁੜ ਦੀ ਰੋੜੀ ਦਿੱਤੀ। ਦਿੱਲੀਓਂ, ਮੋਦੀ ਨੇ ਸਿਰ ਪਲੋਸ ਕੇ ਤੋਰ ਦਿੱਤਾ, ‘ਜਾਹ ਬੱਚਾ ਜਾਖੜ ਉਡੀਕੀ ਜਾਂਦੈ’। ਅਕਸ਼ੈ ਤਾਂ ਸਮਝ ਗਿਐ ਕਿ ਅਸਲੀ ਐਕਟਰ ਕੌਣ ਨੇ। ਸਿਆਸਤ ’ਚ ਸੰਨੀ ਹਾਲੇ ਬੱਚਾ। ਏਹ ਵੀ ਸਮਝ ਜਾਊ।
                  ਅਮਿਤਾਭ ਬੱਚਨ ਵੀ ਸਿਆਸੀ ਪਰਦੇ ’ਤੇ ਆਇਆ ਤੇ ਗੋਵਿੰਦਾ ਵੀ। ਅਮਿਤਾਭ ਤੇ ਗੋਵਿੰਦੇ ਨੇ ਡੱੁਲੇ ਬੇਰ ਝੋਲੀ ’ਚ ਪਾਏ, ਮੁੜ ਗਏ ਘਰੋਂ ਘਰੀ। ਇਲਮ ਹੋਇਆ ਕਿ ਸਿਆਸੀ ਕਲਾਕਾਰ ਵੱਡੇ ਨੇ। ਫਿਲਮੀ ਬਾਦਸ਼ਾਹੋ, ਕਿਸੇ ਭੁਲੇਖਾ ’ਚ ਨਾ ਰਹਿਣਾ। ਸਾਡੇ ਕੋਲ ਇੱਕ ਤੋਂ ਇੱਕ ਚੜ੍ਹਦੈ। ਆਓ, ਦਿਖਾਈਏ ਥੋਨੂੰ  ‘ਝਾਕੀ ਹਿੰਦੋਸਤਾਨ ਦੀ।’ ਥੋੜਾ ਅੱਗੇ ਆ ਜਾਓ, ਅੌਹ ਕਰਨਾਟਕਾ ਦੇ ਮੰਤਰੀ ਨਾਗਰਾਜ ਨੂੰ ਦੇਖੋ। ਦਸ ਮਿੰਟਾਂ ਤੋਂ ਨਾਗਿਨ ਡਾਂਸ ਕਰੀ ਜਾ ਰਿਹੈ। ਚੋਣਾਂ ’ਚ ਲੋਕਾਂ ਦਾ ਕਿਹਾ ਸਿਰ ਮੱਥੇ। ਤਾਹੀਓਂ ‘ਮਨ ਡੋਲੇ ਮੇਰਾ ਤਨ ਡੋਲੇ’ ਧੁੰਨ ’ਤੇ ਨੱਚੀ ਜਾਂਦੈ। ਕੰਮ ਚਲਾਊ ਡਾਂਸ ਤਾਂ ਸਾਧਵੀ ਪ੍ਰੱਗਿਆ ਦਾ ਵੀ ਹੈ। ਸਿੰਧੀ ਅੌਰਤਾਂ ਨਾਲ ਠੁਮਕੇ ਲਾ ਰਹੀ ਹੈ। ਛੱਜੂ ਰਾਮ ਨੂੰ ਚੈਨ ਕਿਥੇ.. ਆਖਦੈ.. ਸਾਧਵੀਂ ਦੀਆਂ ਅੱਖਾਂ ’ਚ ਹੰਝੂ। ਅੰਦਰੋਂ ਧਾਹ ਨਿਕਲੀ। ਉਮਾ ਭਾਰਤੀ ਨੇ ਪਹਿਲਾਂ ਸਮਝਾਇਆ, ਨਾ ਮੇਰੀ ਭੈਣ, ਇੰਝ ਨਹੀਂ ਕਰਦੇੇ, ਫਿਰ ਚਮਚਾ ਖੀਰ ਦਾ ਖੁਆਇਆ। ਸਭ ਚੋਣਾਂ ਦਾ ਪ੍ਰਤਾਪ ਹੈ। ਬੰਗਾਲ ਦੇ ਦੇਵਜੀਤ ਨੇ ਐਵੇਂ ਰਿਕਸ਼ਾ ਥੋੜਾ ਚਲਾਉਣਾ ਸੀ। ਤ੍ਰਿਣਾਮੂਲ ਵਾਲਾ ਕਲਿਆਣ ਬੈਨਰਜੀ ਵੀ ਰਿਕਸ਼ੇ ਤੇ ਚੜ੍ਹਿਆ ਫਿਰਦੈ। ਵੀਰਭੂਮ ਜ਼ਿਲ੍ਹੇ ’ਚ ਮੰਡਲ ਸਾਹਿਬ, ਗੱਡੇ ’ਤੇ ਬੈਠੇ ਨੇ। ਕਰਨਾਲ ’ਚ ਸੰਜੇ ਭਾਟੀਆ ਟਰੈਕਟਰ ਖਿੱਚੀ ਫਿਰਦੈ। ਜੋਗੀ ਇਕਦਮ ਡਰਿਆ, ਜਦੋਂ ਰਾਇਬਰੇਲੀ ’ਚ ਪ੍ਰਿਯੰਕਾ ਨੇ ਸੱਪ ਹੱਥ ’ਚ ਫੜਿਆ। ਜੋਗੀ ਕੀ ਜਾਣੇ, ਚੋਣਾਂ ਦੀਆਂ ਬਾਤਾਂ। ਅਮੇਠੀ ’ਚ ਮੰਜੇ ’ਤੇ ਸੁੱਕਣੇ ਪਾਏ ਪਾਪੜ ਵੀ ਬੀਬਾ ਨੇ ਵੇਖੇ ਨੇ। ਰਾਹੁਲ ਦਾ ਤਪ ਤੇਜ਼ ਹੁੰਦਾ। ਪ੍ਰਿਯੰਕਾ ਢਾਬਿਆਂ ’ਤੇ ਚਾਹਾਂ ਕਾਹਤੋ ਪੀਂਦੀ।
                 ਗੁਲਾਬੀ ਗੈਂਗ ਵਾਲੀ ਸੰਪਤ ਪਾਲ ਵਾਜਾ ਚੁੱਕੀ ਫਿਰਦੀ ਹੈ। ‘ਧਰਮ ਦੇ ਨਾਮ ਤੇ ਦੰਗੇ ਕਰਾਏ,  ਕੌਣ ਹੈ ਜੋ ਹਮੇ ਸਤਾਏ, ਯੇ ਜਨਤਾ ਜਾਣਦੀ ਹੈ।’ ਗਲੀ ਗਲੀ ਘੁੰਮ ਰਹੀ ਹੈ। ਅਮੇਠੀ ਦੇ ਖੇਤਾਂ ’ਚ ਸਮ੍ਰਿਤੀ ਇਰਾਨੀ ਬਾਲਟੀ ਚੁੱਕੀ ਅੱਗ ਬੁਝਾ ਰਹੀ ਹੈ।  ਬੁਢਲਾਡੇ ਦੇ ਖੇਤਾਂ ’ਚ ਅੱਗ ਲੱਗੀ। ਹਰਸਿਮਰਤ ਵੀ ਭੱਜੀ ਭੱਜੀ ਗਈ। ਗੁਰਜੀਤ ਅੌਜਲਾ ਵੀ ਖੇਤਾਂ ’ਚ ਤੁਰਿਆ ਫਿਰਦੈ। ਸੁਖਬੀਰ ਬਾਦਲ  ‘ਸੈਲਫੀ ਸਟਾਰ’ ਬਣਿਆ। ਅੌਹ, ਰਾਜਾ ਵੜਿੰਗ ਝੁੱਗੀ ’ਚ ਸੁੱਤਾ ਪਿਐ। ਵੜਿੰਗ ਘੁੱਟ ਘੁੱਟ ਕੇ ਜੱਫੀਆਂ ਵੀ ਪਾ ਰਿਹੈ। ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ।  ਉਧਰ, ਮਜੀਠੀਆ ਸਿਰੋਪੇ  ਪਾ ਰਿਹੈ। ਨਰਿੰਦਰ ਮੋਦੀ 28 ਮਾਰਚ ਤੋਂ ਤੁਰਿਐ। 33 ਦਿਨਾਂ ਚੋਂ ਸਿਰਫ ਛੇ ਦਿਨ ਘਰੇ ਟਿਕਿਐ। ਅਮਿਤ ਸ਼ਾਹ ਦਾ ਵੀ ਪੈਰ ਭੁੰਜੇ ਨਹੀਂ ਲੱਗਦਾ। ਟੁੰਢੇ ਲਾਟ ਦੀ ਪ੍ਰਵਾਹ ਨਹੀਂ ਕਰਦੇ। ਇੱਧਰ, ਵੱਡੇ ਬਾਦਲ ਉਨ੍ਹਾਂ ਦੇ ਸੱਥਰਾਂ ’ਤੇ ਵੀ ਬੈਠੀ ਜਾਂਦੇ ਨੇ ਜਿਨ੍ਹਾਂ ਦੀ ਪਹਿਲੀ ਬਰਸੀ ਵੀ ਲੰਘ ਗਈ। ਗਡਕਰੀ ਬਲੱਡ ਵਧਾਈ ਫਿਰਦੈ। ਅਕਸ਼ੈ ਨੇ ਮੱਥੇ ’ਤੇ ਹੱਥ ਮਾਰਿਆ, ਮੈਂ ਕਿਹੜੀ ਦੁਨੀਆ ’ਚ ਰਿਹਾ। ਵੱਡੇ ਅਦਾਕਾਰ ਤਾਂ ਏਹ ਨੇ। ਸਤਰੂਘਣ ਸਿਨਹਾ ਮੁਸਕਰਾਇਆ, ਆਗੇ ਆਗੇ ਦੇਖੀਏ..। ਰਾਜੇ ਵੜਿੰਗ ਦੇਖੋ, ਕਿਵੇਂ ਤਰਲੇ ਮਾਰਦੈ..‘ ਛੋਟੇ ਹੁੰਦੇ ਦੀ ਮਾਂ ਚਲੀ ਗਈ, ਬਾਪ ਨਹੀਂ ਰਿਹਾ, ਯਤੀਮ ਹੋ ਗਿਆ, ਮਾਪਿਓ ਤੁਸੀਂ ਲਾਓ ਗਲ ਨਾਲ।’
                 ਭਗਵੰਤ ਮਾਨ ਆਪਣਾ ਮਾਲ ਵੇਚੀ ਜਾ ਰਿਹੈ। ਚੋਣ ਮੇਲੇ ’ਚ ‘ਆਪ’ ਵਾਲੇ ਪਤਾ ਨਹੀਂ ਕਿਥੇ ਗੁਆਚ ਗਏ। ਚੋਣਾਂ ’ਚ ਅੱਜ ਜੋ ਖੜ੍ਹੇ ਨੇ, ਜਿੱਤਣ ਮਗਰੋਂ ਬੈਠ ਜਾਣਗੇ। ਸੰਗਤ ਦਰਸ਼ਨਾਂ ’ਚ ਜਦੋਂ ਹਰਸਿਮਰਤ ਬੋਲਦੇ ਹੁੰਦੇ ਸਨ, ਮਾਇਕ ’ਤੇ ਪਹਿਲਾਂ ਰੁਮਾਲ ਬੰਨ੍ਹਿਆ ਜਾਂਦਾ ਸੀ। ਉਹੀ ਬੀਬਾ ਹੁਣ ਦਲਿਤ ਬੀਬੀਆਂ ਨੂੰ ਗਲੇ ਲਾ ਰਹੇ ਨੇ। ਸਭ ਉਮੀਦਵਾਰ ਬੀਬੇ ਰਾਣੇ ਤੇ ਨਿਮਾਣੇ ਬਣੇ ਹੋਏ ਨੇ। ਸੁਰੱਖਿਆ ਦੀ ਵੀ ਪ੍ਰਵਾਹ ਨਹੀਂ।  ਪੰਜਾਬ ’ਚ 13 ਸੀਟਾਂ ਲਈ 278 ਉਮੀਦਵਾਰਾਂ ਨੇ ਠੂਠੇ ਚੁੱਕੇ ਨੇ। ਹੁਣ ਤਾਂ ਚਿੜੀਆਂ ਦਾ ਦੁੱਧ ਕੀ ਨਾ ਲਿਆ ਦੇਣ। ਸਿਆਸੀ ਅਦਾਕਾਰਾਂ ਨੂੰ ਵੇਖ ਕੇ ਤਾਂ ਮਗਰਮੱਛਾਂ ਦੇ ਵੀ ਕੋਏ ਸੁੱਕੇ ਨੇ। ਛਤੀਸਗੜ੍ਹ ਦੇ ਪਿੰਡ ਮੋਹਤਰਾ ਦਾ ‘ਗੰਗਾਰਾਮ’ ਇਨ੍ਹਾਂ ਨਾਲੋ ਸੌ ਦਰਜੇ ਚੰਗਾ ਸੀ। ਛੱਪੜ ’ਚ ਮਗਰਮੱਛ ਸੀ, ਪਿੰਡ ਵਾਲੇ ਉਸ ਨੂੰ ਗੰਗਾਰਾਮ ਆਖਦੇ ਸਨ। ਨਾ ਕਦੇ ਬੇਕਾਬੂ ਹੋਇਆ ਤੇ ਨਾ ਅੱਥਰੂ ਵਹਾਏ। ਸ਼ਾਇਦ, ਘਾਟ ਘਾਟ ਦੇ ਨੇਤਾ ਗੰਗਾਰਾਮ ਨੇ ਵੀ ਵੇਖੇ ਹੋਣੇ ਨੇ। ਗੰਗਾਰਾਮ ਮਰ ਗਿਆ ਹੈ। ਹੁਣ ਗੰਗਾਰਾਮ ਦਾ ਸਮਾਰਕ ਬਣ ਰਿਹਾ ਹੈ। ਨੇਤਾ ਸਮਾਰਕ ’ਤੇ ਮੱਥਾ ਜਰੂਰ ਟੇਕਣ। ਪ੍ਰੇਸ਼ਾਨੀ ਗਿਰਗਿਟ ਵੀ ਘੱਟ ਨਹੀਂ। ਚੋਣਾਂ ’ਚ ਉਸ ਦਾ ਹੀ ਨਾਮ ਚੱਲਦੈ। ਬੰਗਾਲੀ ਰੰਜਨ ਚੌਧਰੀ ਨੇ ਉੱਚੀ ਦੇਣੇ ਆਖਿਆ ‘ ਮਮਤਾ ਤਾਂ ਗਿਰਗਿਟ ਹੈ’। ਜਲੰਧਰ ਵਿਚ ‘ਗਿਰਗਿਟ’ ਨਾਟਕ ਖੇਡ ਕੇ ਨੀਰਜ ਕੌਸ਼ਿਕ ਮਤਲਬ ਸਮਝਾਈ ਜਾ ਰਿਹੈ।
             ‘ਵਾਸ਼ਿੰਗਟਨ ਪੋਸਟ’ ਵਾਲੇ ਥੋੜਾ ਸਮਾਂ ਸਾਨੂੰ ਵੀ ਦੇਣ। ਜਿਨ੍ਹਾਂ ਨਤੀਜਾ ਕੱਢਿਐ ਕਿ ਅਮਰੀਕਾ ਵਾਲਾ ਟਰੰਪ ਰੋਜ਼ਾਨਾ 23 ਝੂਠ ਬੋਲਦੈ। ਟਰੰਪ ਵੀ ਕੱਚਾ ਖਿਡਾਰੀ ਹੀ ਨਿਕਲਿਐ। ਕਦੇ ਸਾਡੇ ਆਲ਼ੇ ਤੋਂ ਲੈਂਦਾ ਸਿਖਲਾਈ। ਅਦਾਕਾਰ ਸਾਡੇ ਵਾਲੇ ਵੱਡੇ ਨੇ। ਮਜਾਲ ਐ ਕੋਈ  ਬੁੱਝ ਲਏ। ਬੱਸ ਵੋਟਾਂ ਪੈਣ ਲੈ ਦਿਓ, ਫੇਰ ਸਭ ਡਾਰਕ ਰੂਮ ਵਿਚ ਜਾਣਗੇ। ਲੱਭਦੇ ਫਿਰਿਓ ਫਿਰ ਪੰਜ ਸਾਲ। ਏਹਨੂੰ ਕਹਿੰਦੇ ਨੇ ਹੱਥ ਦੀ ਸਫਾਈ। ਫਿਰ ਸਵੱਛ ਅਭਿਐਨ ਚਲਾਉਣਗੇ। ਜ਼ਿੰਦਗੀ ਦੇ ਅਸਲ ਅਦਾਕਾਰ ਚੋਣਾਂ ਦੇ ਘੜਮੱਸ ’ਚ ਰੁਲੇ ਨੇ। ਜਿਵੇਂ ਮੰਡੀਆਂ ’ਚ ਕਿਸਾਨ ਰੁਲ ਰਿਹੈ, ਗਰੀਬ ਹਸਪਤਾਲ ’ਚ। ਵਾਰਾਨਸੀ ਤੋਂ ਤੇਲੰਗਾਨਾ ਦਾ ਕਿਸਾਨ ਸੰਨਮ ਮਿਸਤਰੀ ਚੋੋਣ ਲੜ ਰਿਹੈ ਤੇ ਬਠਿੰਡਾ ਤੋਂ ਵਿਧਵਾ ਵੀਰਪਾਲ ਕੌਰ। ਸਿਰਫ ਅੰਨਦਾਤੇ ਦੇ ਘਰ ’ਚ ਭੁੰਜਦੀ ਭੰਗ ਦਿਖਾਉਣ ਲਈ। ਏਨੀ ਕੁ ਗੱਲ ਧਰਵਾਸ ਦਿੰਦੀ ਹੈ। ਉਮੀਦਵਾਰਾਂ ਤੋਂ ਸੁਆਲ ਪੁੱਛਣ ਲਈ ਕੋਈ ਤਾਂ ਹੱਥ ਉੱਠੇ ਨੇ। ਬਾਕੀ ਸੰਨੀ ਦਿਓਲ ਨੂੰ ਪਤੈ.. ਕੀ ਜਦੋਂ ਢਾਈ ਕਿਲੋ ਦਾ ਹੱਥ ਉੱਠਦੈ..।