Sunday, May 26, 2019

                                                          ਵਿਚਲੀ ਗੱਲ   
                               ਹਕੀਮ ਜੀ !  ਸਾਡੇ ਤਾਂ ਸਾਰੇ ਰੋਗ ਕੱਟੇ ਗਏ...
                                                          ਚਰਨਜੀਤ ਭੁੱਲਰ
ਬਠਿੰਡਾ : ਹੌਲੀ ਹੌਲੀ ਸਰੀਰ ਨੂੰ ਢਿੱਲਾ ਛੱਡੋ। ਅੱਖਾਂ ਬੰਦ ਕਰੋ ਤੇ ਅੰਤਰ ਧਿਆਨ ਹੋਵੋ। ਫਿਰ ਪੰਜ ਲੰਬੇ ਡੂੰਘੇ ਸਾਹ ਲਵੋ। ਕਿਤੇ ਵੀ ਹੋਵੋ, ਘਰ ਜਾਂ ਦਫਤਰ, ਸਕੂਲ ਜਾਂ ਕਾਲਜ। ਖੇਤ ’ਚ ਹੋਵੇ ਤੇ ਚਾਹੇ ਸੱਥ ’ਚ। ਸਿਰਫ਼ ਪੰਜ ਮਿੰਟ ਦੀ ਤਾਂ ਹੀ ਗੱਲ ਹੈ। ਤਣਾਓ ਤਾਂ ਘਟੇਗਾ ਹੀ। ਸਹਿਣ ਦੀ ਸ਼ਕਤੀ ਵੀ ਵਧੇਗੀ। ਹੁਣ ਤਾਂ ਨਿੱਤਨੇਮ ਹੀ ਬਣਾ ਲਓ। ਫਿਰ ਖੁਦ ਹੀ ਕਹੋਗੇ  ‘ਹਮ ਨਹੀਂ ਚੰਗੇ ਬੁਰਾ ਨਹੀਂ ਕੋਈ।’ ਭੁੱਲ ਹੀ ਜਾਓਗੇ, ਜੋ ਲੰਘੇ ਮਹੀਨੇ ਹੋਇਆ। ਰਾਤ ਗਈ, ਬੱਸ ਬਾਤ ਗਈ। ਚੋਣਾਂ ਦੀ ਚਰਖੜੀ ਤੋਂ ਮੁਲਕ ਉਤਰਿਐ। ਨਵਾਂ ਜੋਸ਼, ਨਵਾਂ ਰਾਸ਼ਟਰ, ਨਵੀਂ ਤਰੰਗ ਤੇ ਨਵੀਆਂ ਉਮੀਦਾਂ। ਬਿਨਾਂ ਸ਼ੱਕ, ਭਾਜਪਾ ਦੀ ਜਿੱਤ ਵੱਡੀ ਐ। ਪਹਿਲਾਂ ਮੁਬਾਰਕਾਂ ਦਿਓ, ਫਿਰ ਜੁਟ ਜਾਓ ਆਪਣੇ ਕੰਮਾਂ ’ਚ, ਬਾਕੀ ਫਕੀਰ ਤੇ ਛੱਡੋ।  ਡੋਨਾਲਡ ਟਰੰਪ, ਜਿੰਨਪਿੰਗ ਤੇ ਇਮਰਾਨ ਖਾਨ ਤੇ ਹੋਰ ਬਹੁਤ। ਸਭ ਨੇ ਸ਼ੁੱਭ ਇੱਛਾਵਾਂ ਭੇਜੀਆਂ ਹਨ। ਨਰਿੰਦਰ ਭਾਈ ਦੇ ਹੱਥ ਵੱਡੀ ਤਾਕਤ ਜੋ ਆਈ। ਬਾਗੋ ਬਾਗ ਮੋਦੀ ਇੰਝ ਬੋਲੇ ‘ਸ਼ੁਕਰੀਆ, ਫਕੀਰ ਦੀ ਝੋਲੀ ਭਰਨ ਲਈ’। ਛੱਜੂ ਰਾਮਾ.. ਤੂੰ ਨਾ ਤਿੰਨ ’ਚ ਨਾ ਤੇਰਾਂ ’ਚ। ਐਵੇਂ ਲਕੀਰ ਦਾ ਫਕੀਰ ਬਣਿਐ। ਫਿਕਰ ਨਾ ਕਰ, ਬੱਸ ਫਖਰ ਕਰ।  ਹੁਣ ਤਾਂ ਫਕੀਰ ਨੇ ਖੁਦ ਆਖਦੈ, ਚੋਣਾਂ ’ਚ ‘ਜੋ ਹੂਆ ਸੋ ਹੂਆ’, ਨਵੀਂ ਇਬਾਰਤ ਲਿਖਾਂਗੇ। ਬਦਨੀਅਤ ਨਾਲ ਨਹੀਂ, ਸੱਚੇ ਦਿਲ ਨਾਲ। ਮਨ ਦਾ ਡਰ ਕੱਢ ਛੱਜੂ ਰਾਮਾ। ਆਲਿਆ ਭੋਲਿਆ ਦਾ ਰੱਬ ਰਾਖਾ। ਰਾਹੁਲ ਗਾਂਧੀ ਦਾ ਕੌਣ ਰਾਖੈ, ਕੋਈ ਪਤਾ ਨਹੀਂ। ਪੰਜ ਮਿੰਟਾਂ ਨਾਲ ਗੱਲ ਨਹੀਂ ਬਣਨੀ। ਉਸ ਨੂੰ ਲੰਬਾ ਸਮਾਂ ਲੰਬੇ ਸਾਹ ਲੈਣੇ ਪੈਣੇ ਨੇ।
                ਓਧਰ, ਮੋਦੀ ਨੇ ਫਿਰ ਅਸ਼ੀਰਵਾਦ ਲਿਆ। ਬਜ਼ੁਰਗ ਜੋਸ਼ੀ ਤੇ ਅਡਵਾਨੀ ਤੋਂ। ਜੋਸ਼ੀ ਨੇ ਲੱਡੂ ਖੁਆ ਕੇ ਨਸੀਹਤ ਦਿੱਤੀ ‘ਬੂਟਾ ਬੜੀ ਅੌਖ ਨਾਲ ਲਾਇਐ, ਹੁਣ ਫਲ ਮਿੱਠੇ ਵੰਡਣਾ।’ ਛੱਜੂ ਰਾਮਾ..ਕੰਨਾਂ ਚੋਂ ਉਂਗਲਾਂ ਕੱਢ, ਚੱਲ ਉੱਠ, ਲੇਬਰ ਚੌਂਕ ਤੈਨੂੰ ਉਡੀਕ ਰਿਹੈ। ਚੋਣ ਮੇਲਾ ਕਦੋਂ ਦਾ ਮੁੱਕਿਐ। ‘ਚੌਕੀਦਾਰ’ ਵਾਲਾ ਟੈਗ ਵੀ ਉਤਾਰ ਦਿੱਤੈ। ਬਾਲਾਕੋਟ ਵਾਲੀ ਕਹਾਣੀ ਖਤਮ। ਫਕੀਰ ਦੀ ਨਵੀਂ ਪਾਰ ਸ਼ੁਰੂ। ਕੰਨਾਂ ’ਚ ਗੂੰਜ ਪੈਣੋਂ ਨਹੀਂ ਹਟ ਰਹੀ, ‘ਹਮ ਤੋਂ ਫਕੀਰ ਹੈ, ਝੋਲਾ ਲੈ ਕੇ ਚਲ ਪੜ੍ਹੇਗੇ’। ਨਾਲੋਂ ਨਾਲ ਜਨਾਬ ਮਿਰਜ਼ਾ ਗ਼ਾਲਬ ਚੇਤੇ ’ਚ ਘੁੰਮੇ ਨੇ ‘ਇਸ ਸਾਦਗੀ ਪੇ ਕੌਣ ਨਾ ਮਰ ਜਾਏ ਏ ਖੁਦਾ..।’ ਰਾਮਦੇਵ ਆਪਣੇ ਆਪ ਨੂੰ ਫਕੀਰ ਦੱਸਦੈੇ। ਇੱਧਰ, ਸਾਡੇ ਆਲ਼ੇ ਹੰਸ ਰਾਜ ਹੰਸ, ਫਕੀਰਾਂ ਤੋਂ ਘੱਟ ਨੇ। ਜਿਸ ਨਾਚੀਜ਼ ਤੇ ਨਿਮਾਣੇ ਦੀ ਝੋਲੀ ਆਖਰ ਜਿੱਤ ਪੈ ਹੀ ਗਈ। ਵੱਡੇ ਵੱਡੇ ਚਿੱਤ ਵੀ ਹੋਏ ਨੇ। ਅਮੇਠੀ ਤੋਂ ਰਾਹੁਲ, ਯਾਦਵਾਂ ਦੀ ਨੂੰਹ, ਦੇਵਗੌੜਾ ਤੇ ਉਸ ਦਾ ਪੋਤਾ ਤੇ ਕਿੰਨੇ ਹੀ ਸਾਬਕਾ ਮੁੱਖ ਮੰਤਰੀ ਹਾਰੇ ਨੇ। ਲੇਬਰ ਚੌਂਕ ’ਚ ਹੁੱਝਾਂ ਛੱਜੂ ਰਾਮ ਨੂੰ ਪਈਆਂ ਨੇ। ਅਖੇ.. ਆਹ ਕੀ ਕਰਤਾ। ਡਰ ਨਾ ਛੱਜੂ ਰਾਮਾ..ਅੱਖਾਂ ਬੰਦ ਕਰ..ਲੰਬੇ ਲੰਬੇ ਡੂੰਘ ਸਾਹ ਲੈ। ਅੌਹ ਦੇਖ, ਪਾਰਲੀਮੈਂਟ ’ਚ ਕੌਣ ਕੌਣ ਬੈਠੇ ਨੇ। ਤੈਨੂੰ ਭੀੜ ਪਈ, ਕੋਈ ਪਿਛੇ ਨਹੀਂ ਹਟੂ।
               ਕੇਰਲਾ ਵਾਲਾ ਕਾਂਗਰਸੀ ਡੀਨ ਕੁਰੀਆਕੋਸ ਐਮ.ਪੀ ਬਣ ਗਿਐ। ਡੀਨ ’ਤੇ ਪੂਰੇ 204 ਪੁਲੀਸ ਕੇਸ ਦਰਜ ਨੇ। ਡਰੀਂ ਨਾ, ਤੇਰੇ ਨਾਲ ਖੜੂ। ਭਾਜਪਾਈ ਕੇ. ਸੁਰਿੰਦਰਾਂ ’ਤੇ 240 ਕੇਸ ਦਰਜ ਨੇ। ਕਿਤੇ ਉਹ ਨਾ ਹਾਰਦਾ ਤਾਂ ਛੱਜੂ ਰਾਮਾ.. ਕਿਸੇ ਦੀ ਕੀ ਮਜਾਲ ਸੀ। ਲੋੜ ਪਈ ਤਾਂ 52 ਕੇਸਾਂ ਵਾਲਾ ਭਾਜਪਾਈ ਐਮ.ਪੀ ਰਾਓ ਸੋਇਆਮ (ਤੈਲੰਗਾਨਾ) ਅੱਗੇ ਹੋ ਕੇ ਲੜੂ। ਦੂਜੇ ਪਾਸੇ ਨਜ਼ਰ ਘੁੰਮਾ। ਅੌਹ ਦੇਖ, ਸਾਧਵੀ ਪ੍ਰਗਿਆ ਬੈਠੀ ਹੈ। ਮੌਨ ਤੋੜ ਦਿੱਤਾ ਹੈ, ਫਿਕਰ ਨਾ ਕਰੀ। ਸਾਕਸ਼ੀ ਮਹਾਰਾਜ ਵੀ ਨਾਲ ਹੀ ਬੈਠੇ ਨੇ। ਅਸਮਾਨ ’ਚ ਸੁਰਾਖ ਕਰਾਉਣਾ ਹੋਇਆ ਤਾਂ ਸਮ੍ਰਿਤੀ ਇਰਾਨੀ ਨੂੰ ਤਕਲੀਫ਼ ਦਿਆਂਗੇ। ਛੱਜੂ ਰਾਮਾ.. ਤੂੰ ਘਨ੍ਹਈਆ ਕੁਮਾਰ ਤੋਂ ਅੰਬ ਲੈਣੇ ਐ, ਉਧਰ ਦੇਖ ਕਿੰਨੇ ਮਹਾਂਰਥੀ ਹਾਜ਼ਰ ਨੇ। ਆਜ਼ਮ ਖਾਨ ਬੈਠੇ ਨੇ, ਦੂਜੇ ਪਾਸੇ ਗਿਰੀਰਾਜ, ਨਲੀਨ ਕਤੀਲ ਤੇ ਤੇਜਸਵੀ (ਬੰਗਲੌਰ) ਬੈਠੇ ਨੇ। ਹੁਣ ਕਿਉਂ ਤੱਤੀਆਂ ਗੱਲਾਂ ਕਰਨਗੇ। ਤੂੰ ਚੁਣ ਕੇ ਭੇਜੇ ਨੇ, ਤੇਰੇ ਸਾਹ ’ਚ ਸਾਹ ਲੈਣਗੇ। ਧਰਮਵੀਰ ਗਾਂਧੀ, ਵੀਰਪਾਲ ਕੌਰ ਰੱਲਾ, ਤੈਲੰਗਾਨਾ ਵਾਲੇ ਕਿਸਾਨ ਸੁੰਨਮ ਇਸਤਰੀ ਨੇ ਤੇਰਾ ਕੀ ਸੰਵਾਰ ਦੇਣਾ ਸੀ। ਸਨੀ ਦਿਓਲ ਤਾਂ ਤੇਰਾ ਆਪਣੈ, ਲੋੜ ਪਈ ਤਾਂ ਹੇਮਾ ਮਾਲਿਨੀ ਵੀ ਤੇਰੇ ਨਾਲ ਕੰਧ ਬਣਕੇ ਖੜੂ। ਗਹੁ ਨਾਲ ਵੇਖ, ਭਗਵੰਤ ਮਾਨ ਵੀ ਖੜ੍ਹੈ, ਫਕੀਰ ਦੇ ਪਿਛੇ ਪਤਾ ਨਹੀਂ ਕਿਉਂ ਪਿਐ। ਭਗਵੰਤ ਸਿਆਂ, ਭੁੱਲ ਜਾ, ਫਕੀਰ ਕਿਥੇ ਦੱਬਦੈ।
                ਵੈਸੇ ਛੱਜੂ ਰਾਮਾ.. ਤੈਨੂੰੰ ਇੱਕ ਗੱਲ ਮੰਨਣੀ ਪਊ। ਚੋਣਾਂ ’ਚ ਜੋ ਕੰਮ ਭਾਵੁਕ ਅਲਫਾਜ ਕਰਦੇ ਨੇ, ਪੈਸਾ ਵੀ ਨਹੀਂ ਕਰਦਾ। ਬਿਹਾਰ ਦਾ ਰਮੇਸ਼ ਸ਼ਰਮਾ ਦੇਸ਼ ਦਾ ਸਭ ਤੋਂ ਅਮੀਰ ਆਜ਼ਾਦ ਉਮੀਦਵਾਰ ਸੀ। ਪੂਰੇ 1110 ਕਰੋੜ ਦੀ ਸੰਪਤੀ ਪਰ ਵੋਟਾਂ ਪਈਆਂ ਸਿਰਫ਼ 1558। ਇਵੇਂ 875 ਕਰੋੜ ਦਾ ਮਾਲਕ ਕੌਂਡਾ ਰੈਡੀ ਵੀ ਚੋਣ ਹਾਰ ਗਿਆ। ਤੂੰ ਬਰਨਾਲੇ ਵਾਲੇ ਪੱਪੂ ਨੂੰ ਤਾਂ ਜਾਣਦੈ। ਤੇਰਾ ਮਜ਼ਦੂਰ ਭਾਈ ਐ। ਦੇਸ਼ ਦਾ ਸਭ ਤੋਂ ਗਰੀਬ ਉਮੀਦਵਾਰ। ਮਹਾਂਸਵਾਮੀ (ਕਰਨਾਟਕ) ਦੀ ਕੀ ਰੀਸ ਕਰੂ ਪੱਪੂ, ਉਸ ਕੋਲ ਪੂਰੇ 9 ਰੁਪਏ ਦੀ ਸੰਪਤੀ ਸੀ। ਦੋਵੇਂ ਹਾਰ ਗਏ। ਕਿੰਨੇ ਪੀ.ਐਚ.ਡੀ ਹਾਰ ਗਏ ਤੇ ਕਿਤੋਂ ਅਨਪੜ੍ਹ ਵੀ ਜਿੱਤ ਗਏ। ਮੁਹੰਮਦ ਸਦੀਕ ਵੀ ਪੰਜਵੀਂ ਨਹੀਂ ਟੱਪਿਆ। ਚੋਣ ਜਿੱਤਣੀ ਵੀ ਕਲਾ ਹੈ। ਬੱਸ ਪਤਾ ਹੋਵੇ, ਸੱਟ ਕਿਥੇ ਮਾਰਨੀ ਹੈ। ਹੰਸ ਰਾਜ ਕਹਿੰਦੈ, ਪਤਾ ਹੀ ਹੁਣ ਲੱਗਾ। ਚੋਣਾਂ ਤਾਂ ਐਤਕੀਂ ਸੱਪਾਂ ਦਾ ਮੇਲਾ ਹੀ ਸੀ। ਮਾਇਆਵਤੀ ਦੇ ਮੂੰਹ ਤੋਂ ਮੱਖੀ ਨਹੀਂ ਉੱਠ ਰਹੀ। ਦੀਦੀ ਘਬਰਾਈ ਹੋਈ ਹੈ। ਚੋਣਾਂ ’ਚ ਬਹੁਤ ਜ਼ਹਿਰ ਡੁੱਲਿਐ। ਪੂਰੇ ਦੇਸ਼ ਦੀ ਸ਼ੁੱਧੀ ਕਰਨੀ ਪੈਣੀ ਐ। ਤਿੰਨ ਫੀਸਦੀ ਐਮ.ਪੀ ਆਰਟਿਸਟ ਬਣੇ ਹਨ। ਥੋੜਾ ਬਹੁਤਾ ਮਿੱਠਾ ਸੰਗੀਤ ਛਿੜਕਣ। ਭਾਜਪਾ ਦੇ 303 ਐਮ.ਪੀ ਬਣੇ ਹਨ।
               ਛੱਜੂ ਰਾਮ ਨੇ ਮੁੜ ਹੱਥ ਜੋੜੇ ਨੇੇ। ਪੁੱਛ ਰਿਹੈ, ਖਾਤਾ ਬੰਦ ਕਰਾਵਾਂ ਜਾਂ 15 ਲੱਖ ਦੀ ਝਾਕ ਹਾਲੇ ਰੱਖਾ। ਸੱਜਣਾ ਦੇ ਲਾਰੇ ਰਹੇ ਕੰਵਾਰੇ। ਏਦਾਂ ਨਾ ਕਹਿ, ਉਮੀਦ ਤੇ ਹੀ ਦੁਨੀਆਂ ਜਿਉਂਦੀ ਐ। ਤੂੰ ਤਾਂ ਮਾਣ ਕਰ, ਤੇਰਾ ਦੇਸ਼ ਮਹਾਨ ਹੈ। ਖੁਸ਼ੀ ’ਚ ਸ਼ਾਮਿਲ ਹੋ, ਵਿਆਹ ’ਚ ਬੀਅ ਦਾ ਲੇਖਾ ਨਾ ਪਾ। ਸਿਆਸੀ ਸ਼ਰੀਕਾਂ ਨੂੰ ਹਜ਼ਮ ਨਹੀਂ ਹੋੋ ਰਿਹਾ। ਸੁਖਪਾਲ ਖਹਿਰਾ ਕਹਿੰਦੈ.. ਬਠਿੰਡੇ ਵਾਲਿਆਂ ਦੀ ਜ਼ਮੀਰ ਨੀਂ ਜਾਗੀ। ਦੇਸ਼ ਬਾਰੇ ਕੀ ਖਿਆਲ ਹੈ। ਜ਼ਮੀਰਾਂ ਹੁਣ ਬਗਾਵਤ ਨਹੀਂ ਕਰਦੀਆਂ। ਆਖਰ ’ਚ ਇੱਕ ਕਹਾਣੀ। ‘ਹਜ਼ੂਰ, ਲੋਕਾਂ ਦੀਆਂ ਜ਼ਮੀਰਾਂ ਸਵਰਗਵਾਸ ਹੋ ਗਈਆਂ ਨੇ’। ਬੀਰਬਲ ਦੀ ਇਹ ਗੱਲ ਅਕਬਰ ਨੂੰ ਜਚੀ ਨਾ। ਦੇਖਣ ਲਈ ਅਕਬਰ ਨੇ ਪੁਲ ਦੇ ਲਾਂਘੇ ਤੇ ਟੈਕਸ ਲਾ ਦਿੱਤਾ। ਕੋਈ ਚੂੰ ਨਾ ਕੀਤਾ। ਫਿਰ ਟੈਕਸ ਦੁੱਗਣਾ, ਤਿਗਣਾ ਤੇ ਫਿਰ ਚੌਗੁਣਾ ਕੀਤਾ। ਕੋਈ ਨਾ ਖੰਘਿਆ। ਟੈਕਸ ਨਾਲ ਛਿੱਤਰ ਵੀ ਮਾਰਨੇ ਸ਼ੁਰੂ ਕਰ ਦਿੱਤੇ। ਸਭ ਛਿੱਤਰ ਖਾ ਕੇ ਪੁਲ ਤੋਂ ਲੰਘੇ ਜਾਂਦੇ। ਛਿੱਤਰਾਂ ਦੀ ਗਿਣਤੀ ਹੋਰ ਵਧਾ ਦਿੱਤੀ। ਬਾਦਸ਼ਾਹ ਨੂੰ ਦੂਰੋਂ ਆਉਂਦੇ ਫਰਿਆਦੀ ਦੇਖ ਕੇ ਲੱਗਾ ਕਿ ਚਲੋ ਸ਼ੁਕਰ ਐ ਜ਼ਮੀਰਾਂ ਬਚੀਆਂ ਨੇ। ਫਰਿਆਦੀ ਲੋਕਾਂ ਨੇ ਹੱਥ ਜੋੜੇ, ‘ਬਾਦਸ਼ਾਹ ਸਲਾਮਤ, ਅਸੀਂ ਕੰਮਾਂ ਕਾਰਾਂ ਵਾਲੇ ਲੋਕ ਹਾਂ, ਲੇਟ ਹੋ ਜਾਂਦੇ ਹਾਂ, ਕਿਰਪਾ ਕਰੋ ਜੇ ਛਿੱਤਰ ਮਾਰਨ ਵਾਲਿਆਂ ਦੀ ਗਿਣਤੀ ਵਧਾ ਦਿਓ।’ ਛੱਜੂ ਰਾਮਾ.. ਬੋਲ ਭਾਰਤ ਮਾਤਾ ਕੀ ਜੈ !





No comments:

Post a Comment