Thursday, January 30, 2020

                                                       ਸ਼੍ਰੋਮਣੀ ਅਕਾਲੀ ਦਲ
                                    ਬਾਦਲ ਪਰਿਵਾਰ ਤੋਂ ਵਾਰੇ ਫੰਡਾਂ ਦੇ ਗੱਫੇ
                                                            ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਨੇ ਬਾਦਲ ਪਰਿਵਾਰ ਮੌਜ ਲਾ ਦਿੱਤੀ ਹੈ। ਲੋਕ ਸਭਾ ਚੋੋਣਾਂ ਵਿਚ ਚੋਣ ਫੰਡਾਂ ਦਾ ਵੱਡਾ ਗੱਫਾ ਅਕਾਲੀ ਦਲ ਦੇ ਖ਼ਜ਼ਾਨੇ ਚੋਂ ਇਕੱਲੇ ਬਾਦਲਾਂ ਨੂੰ ਮਿਲਿਆ। ਹਾਲਾਂਕਿ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ 10 ਉਮੀਦਵਾਰ ਖੜ੍ਹੇ ਸਨ ਪ੍ਰੰਤੂ ਚੋਣ ਫੰਡ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ। ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੂੰ ਪਾਰਟੀ ਨੇ ਚੋਣ ਫੰਡ ਵਜੋਂ 40.89 ਲੱਖ ਰੁਪਏ ਅਤੇ ਫਿਰੋਜ਼ਪੁਰ ਸੀਟ ਤੋਂ ਸੁਖਬੀਰ ਸਿੰਘ ਬਾਦਲ ਨੂੰ 40 ਲੱਖ ਰੁਪਏ ਦਿੱਤੇ ਗਏ। ਸ਼੍ਰੋਮਣੀ ਅਕਾਲੀ ਦਲ ਨੇ ਇੱਥੋਂ ਤੱਕ ਕਿ ਰਾਖਵੇਂ ਹਲਕਿਆਂ ਦੇ ਪਾਰਟੀ ਉਮੀਦਵਾਰਾਂ ਨੂੰ ਵੀ ਕੋਈ ਚੋਣ ਫੰਡ ਨਹੀਂ ਦਿੱਤਾ। ਲੋਕ ਸਭਾ ਚੋਣਾਂ ’ਚ ਅੌਰਬਿਟ ਏਵੀਂਏਸ਼ਨ ਨੂੰ 37.99 ਲੱਖ ਰੁਪਏ ਦਿੱਤੇ ਗਏ। ਸ਼੍ਰੋਮਣੀ ਅਕਾਲੀ ਦਲ ਨੇ ਜੋ ਚੋਣ ਕਮਿਸ਼ਨ ਕੋਲ ਚੋਣ ਖਰਚੇ ਦੇ ਵੇਰਵੇ ਦਿੱਤੇ ਹਨ, ਉਨ੍ਹਾਂ ’ਚ ਖੁਲਾਸਾ ਹੋਇਆ ਹੈ ਕਿ ਪਾਰਟੀ ਨੇ ਚੋਣ ਫੰਡ ਆਮ ਉਮੀਦਵਾਰਾਂ ਨੂੰ ਨਹੀਂ ਦਿੱਤੇ। ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿਚ 8.61 ਕਰੋੜ ਦਾ ਪਾਰਟੀ ਖਰਚਾ ਕੀਤਾ ਹੈ ਜਦੋਂ ਕਿ ਅਸੈਂਬਲੀ ਚੋਣਾਂ 2017 ਵਿਚ ਪਾਰਟੀ ਦਾ ਚੋਣ ਖਰਚਾ 15.67 ਕਰੋੜ ਰੁਪਏ ਆਇਆ ਸੀ। ਅਸੈਂਬਲੀ ਚੋਣਾਂ 2017 ਵਿਚ ਪਾਰਟੀ ਨੇ ਸਿਰਫ਼ ਪਟਿਆਲਾ ਤੋਂ ਉਮੀਦਵਾਰ ਜੇ.ਜੇ.ਸਿੰਘ ਨੂੰ ਚੋਣ ਫੰਡ ਵਜੋਂ 20 ਲੱਖ ਰੁਪਏ ਦਿੱਤੇ ਸਨ। ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਸਟਾਰ ਪ੍ਰਚਾਰਕ ਤਾਂ ਦਰਜਨਾਂ ਸਨ ਪ੍ਰੰਤੂ ਚੋਣਾਂ ਵਿਚ ਹੈਲੀਕਾਪਟਰ ਦੀ ਵਰਤੋਂ ਸਿਰਫ਼ ਬਾਦਲ ਪਰਿਵਾਰ ਨੇ ਹੀ ਕੀਤੀ। ਚੋਣ ਪ੍ਰਚਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਚਾਰ ਦਫ਼ਾ ਅਤੇ ਸੁਖਬੀਰ ਸਿੰਘ ਬਾਦਲ ਨੇ 11 ਦਫ਼ਾ ਹੈਲੀਕਾਪਟਰ ਦੀ ਵਰਤੋਂ ਕੀਤੀ।
        ਹੈਲੀਕਾਪਟਰ ਵੀ ਚੋਣਾਂ ’ਚ ਅੌਰਬਿਟ ਕੰਪਨੀ ਦਾ ਵਰਤਿਆ ਗਿਆ। ਅੌਰਬਿਟ ਹੈਲੀਕਾਪਟਰ ਦੀ ਵਰਤੋਂ 9 ਦੌਰਿਆਂ ’ਤੇ ਹੋਈ ਜਦੋਂ ਕਿ ਦੂਸਰੀ ਕੰਪਨੀ ਦੇ ਹੈਲੀਕਪਾਟਰ 5 ਦਫ਼ਾ ਵਰਤੇ ਗਏ। ਚੋਣ ਖਰਚੇ ਵਿਚ ਹੈਲੀਕਾਪਟਰਾਂ ਦਾ ਖਰਚਾ 54.73 ਲੱਖ ਦਿਖਾਇਆ ਗਿਆ ਹੈ ਜਿਸ ਚੋਂ 37.99 ਲੱਖ ਰੁਪਏ ਇਕੱਲੇ ਅੌਰਬਿਟ ਏਵੀਏਸ਼ਨ ਦੇ ਹਨ। ਇਸ ਤੋਂ ਪਹਿਲਾਂ ਅਸੈਂਬਲੀ ਚੋਣਾਂ 2017 ਵਿਚ ਵੀ ਅੌਰਬਿਟ ਹੈਲੀਕਾਪਟਰ ਵਰਤਿਆ ਗਿਆ ਸੀ ਜਿਸ ਨੂੰ ਪਾਰਟੀ ਖ਼ਜ਼ਾਨੇ ਚੋਂ 1.37 ਕਰੋੜ ਰੁਪਏ ਦਿੱਤੇ ਗਏ ਸਨ। ਉਦੋਂ ਵੀ ਇਕੱਲੇ ਬਾਦਲ ਪਰਿਵਾਰ ਨੇ ਹੈਲੀਕਾਪਟਰ ਦੀ ਵਰਤੋਂ ਕੀਤੀ ਸੀ। ਇਵੇਂ ਸਾਲ 2012 ਦੀਆਂ ਚੋਣਾਂ ਵਿਚ ਹੈਲੀਕਾਪਟਰਾਂ ਦੇ ਸਫਰ ’ਤੇ 1.41 ਕਰੋੜ ਦਾ ਖਰਚਾ ਕੀਤਾ ਗਿਆ ਸੀ। ਲੋਕ ਸਭਾ ਚੋਣਾਂ ’ਚ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਫੰਡ ਵਜੋਂ 10.57 ਕਰੋੜ ਰੁਪਏ ਇਕੱਠੇ ਹੋਏ ਜਿਸ ਚੋਂ 6.76 ਕਰੋੜ ਰੁਪਏ ਤਾਂ ਇਕੱਲੇ ਇਲੈਕਟ੍ਰੋਰਲ ਬਾਂਡ ਦੇ ਜਰੀਏ ਪ੍ਰਾਪਤ ਹੋਏ ਜਦੋਂ ਕਿ 2.99 ਕਰੋੜ ਰੁਪਏ ਚੈੱਕਾਂ ਅਤੇ ਡਰਾਫਟਾਂ ਦੇ ਰੂਪ ਵਿਚ ਪ੍ਰਾਪਤ ਹੋਏ। ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਪ੍ਰਾਪਤ ਫੰਡਾਂ ਚੋਂ ਸਾਰਾ ਖਰਚ ਕਰਕੇ 1.96 ਕਰੋੜ ਰੁਪਏ ਦੀ ਬੱਚਤ ਹੋਈ ਹੈ। ਅਕਾਲੀ ਦਲ ਨੇ ਚੋਣ ਪ੍ਰਚਾਰ ਲਈ ਮੀਡੀਆ ਇਸ਼ਤਿਹਾਰਾਂ ’ਤੇ ਕੁੱਲ 4.04 ਕਰੋੜ ਰੁਪਏ ਖਰਚ ਕੀਤੇ ਜਿਸ ਚੋਂ ਇਕੱਲੇ ਜੀ.ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ (ਪੀ.ਟੀ.ਸੀ ਚੈਨਲਜ਼) ਨੂੰ 2.50 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ। ਇਸੇ ਤਰ੍ਹਾਂ ਬਠਿੰਡਾ ਵਿਚ ਜੋ ਚੋਣਾਂ ਵੇਲੇ ਨਰਿੰਦਰ ਮੋਦੀ ਦੀ ਚੋਣ ਰੈਲੀ ਹੋਈ, ਉਸ ’ਤੇ 10.95 ਲੱਖ ਰੁਪਏ ਖਰਚ ਕੀਤੇ ਗਏ।
              ਇਸ ਤੋਂ ਬਿਨਾਂ ਪਾਰਟੀ ਦਫ਼ਤਰ ਦੇ 2.60 ਕਰੋੜ ਦੇ ਖਰਚੇ ਰਹੇ। ਭਾਵੇਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ 8 ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਪ੍ਰੰਤੂ ਬਾਦਲ ਪਰਿਵਾਰ ਦੇ ਦੋਵੇਂ ਉਮੀਦਵਾਰ ਨਾ ਸਿਰਫ ਜਿੱਤੇ ਬਲਕਿ ਕੇਂਦਰ ਵਿਚ ਵਜ਼ੀਰੀ ਵੀ ਮਿਲ ਗਈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਸਾਲ 2018-19 ਦੌਰਾਨ ਪੌਣੇ ਦੋ ਕਰੋੋੜ ਦੇ ਜੋ ਫੰਡ ਪ੍ਰਾਪਤ ਹੋਏ ਹਨ, ਉਸ ਚੋਂ ਪੰਜਾਹ ਫੀਸਦੀ ਫੰਡ ਤਾਂ ਇਕੱਲੇ ਬਾਦਲ ਪਰਿਵਾਰ ਨੇ ਪਾਰਟੀ ਨੂੰ ਦਿੱਤੇ ਹਨ। ਮੈਸਰਜ ਡਬਵਾਲੀ ਟਰਾਂਸਪੋਰਟ ਦੇ ਡਾਇਰੈਕਟਰ ਲਖਵੀਰ ਸਿੰਘ ਨੇ ਅਕਾਲੀ ਦਲ ਨੂੰ 45 ਲੱਖ ਰੁਪਏ ਅਤੇ ਅੌਰਬਿਟ ਰਿਜਾਰਟ ਪ੍ਰਾਈਵੇਟ ਲਿਮਟਿਡ ਗੁੜਗਾਓਂ ਦੇ ਐਮ.ਡੀ ਸ੍ਰੀ ਲਖਵੀਰ ਸਿੰਘ ਨੇ 59 ਲੱਖ ਰੁਪਏ ਚੰਦੇ ਵਜੋਂ ਦਿੱਤੇ ਹਨ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਨੂੰ 5.60 ਲੱਖ ਰੁਪਏ ਦਿੱਤੇ ਹਨ। ਪੱਖ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨ.ਕੇ.ਸ਼ਰਮਾ ਨੂੰ ਫੋਨ ਕੀਤਾ ਪ੍ਰੰਤੂ ਉਹ ਰੁਝੇਵੇਂ ਵਿਚ ਸਨ। ਇਸ ਤੋਂ ਇਲਾਵਾ ਆਪ ਆਦਮੀ ਪਾਰਟੀ ਨੇ ਪੰਜਾਬ ਯੂਨਿਟ ਨੂੰ 7.61 ਲੱਖ ਰੁਪਏ ਦੇ ਫੰਡ ਚੋਣਾਂ ਵਾਸਤੇ ਭੇਜੇ ਅਤੇ ਇਸ ਤੋਂ ਇਲਾਵਾ 4.43 ਲੱਖ ਰੁਪਏ ਮੈਟੀਰੀਅਲ ਆਦਿ ਤੇ ਖਰਚ ਵਾਸਤੇ ਦਿੱਤੇ ਗਏ।
                                  ਚੋਣ ਫੰਡ ਨਹੀਂ, ਮੈਟੀਰੀਅਲ ਦਿੱਤਾ : ਢੀਂਡਸਾ
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਸੀ, ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਮੌਕੇ ਕਿਸੇ ਉਮੀਦਵਾਰ ਨੂੰ ਚੋਣ ਫੰਡ ਨਹੀਂ ਦਿੱਤਾ ਅਤੇ ਚੋਣ ਪ੍ਰਚਾਰ ਦਾ ਮੈਟੀਰੀਅਲ ਵਗੈਰਾ ਜਰੂਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਦਾ ਮੁੱਖ ਫੋਕਸ ਆਪਣੇ ’ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਕਿ ਬਾਕੀ ਉਮੀਦਵਾਰਾਂ ਨੇ ਪਾਰਟੀ ਤੋਂ ਚੋਣ ਫੰਡ ਮੰਗੇ ਹਨ ਜਾਂ ਨਹੀਂ।



Tuesday, January 28, 2020

                           ਖ਼ਜ਼ਾਨੇ ’ਤੇ ਬੋਝ
   ਵੱਡੇ ਸਾਹਿਬਾਂ ਨੂੰ ਚੁੱਪ-ਚੁਪੀਤੇ ‘ਨਜ਼ਰਾਨਾ’
                            ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਨੇ ਚੁੱਪ ਚੁਪੀਤੇ ਆਈ.ਏ.ਐਸ ਅਫਸਰਾਂ ਨੂੰ ਸਰਕਾਰੀ ਨਜ਼ਰਾਨਾ ਦਿੱਤਾ ਹੈ। ਜਦੋਂ ਕਿ ਇਸ ਵੇਲੇ ਨੌਜਵਾਨਾਂ ਲਈ ਰੁਜ਼ਗਾਰ ਨਹੀਂ, ਬੇਰੁਜ਼ਗਾਰੀ ਭੱਤਾ ਨਹੀਂ। ਬੱਚੀਆਂ ਲਈ ਸਾਈਕਲ ਨਹੀਂ, ਵਰਦੀਆਂ ਲਈ ਪੈਸਾ ਨਹੀਂ। ਠੀਕ ਉਸੇ ਵੇਲੇ ਆਈ.ਏ.ਐਸ ਅਫਸਰਾਂ ਲਈ ਪੈਸੇ ਦਾ ਕੋਈ ਟੋਟਾ ਨਹੀਂ। ਮੁੱਖ ਮੰਤਰੀ ਪੰਜਾਬ ਨੇ ਹੁਣ ਆਈ.ਏ.ਐਸ ਅਫਸਰਾਂ ਨੂੰ ਆਪੋ ਆਪਣੇ ਘਰਾਂ ਵਿਚ ‘ਪ੍ਰਾਈਵੇਟ ਸਹਾਇਕ’ ਰੱਖਣ ਵਾਸਤੇ ਪ੍ਰਤੀ ਮਹੀਨਾ 15 ਹਜ਼ਾਰ ਦੇਣ ਦਾ ਫੈਸਲਾ ਕੀਤਾ ਹੈ। ‘ਐਟ ਹੋਮ ਸਹਾਇਕ’ ਰੱਖਣ ਲਈ ਕੋਈ ਸ਼ਰਤ ਤੇ ਨਿਯਮ ਤੋਂ ਇਲਾਵਾ ਯੋਗਤਾ ਤੈਅ ਨਹੀਂ। ਬੱਸ ਸਿਰਫ਼ ਆਈ.ਏ.ਐਸ ਅਧਿਕਾਰੀ ਲਿਖਤੀ ਰੂਪ ਵਿਚ ਦੱਸ ਕੇ ਸਲਾਨਾ 1.80 ਲੱਖ ਰੁਪਏ ਖ਼ਜ਼ਾਨੇ ਚੋਂ ਲੈ ਲਿਆ ਕਰੇਗਾ। ਵਿੱਤ ਵਿਭਾਗ ਪੰਜਾਬ ਨੇ ਚੰਡੀਗੜ੍ਹ ’ਚ ਤਾਇਨਾਤ ਆਈ.ਏ.ਐਸ ਅਫਸਰਾਂ ਨੂੰ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਸਕੱਤਰ ਪੰਜਾਬ ਤਰਫ਼ੋਂ ਇਸ ਬਾਰੇ ਬਕਾਇਦਾ ਪੱਤਰ ਜਾਰੀ ਹੋ ਚੁੱਕਾ ਹੈ। ਪਹਿਲੀ ਅਕਤੂਬਰ 2019 ਤੋਂ ਚੰਡੀਗੜ੍ਹ ਵਿਚ ਤਾਇਨਾਤ ਹਰ ਆਈ.ਏ.ਐਸ ਅਧਿਕਾਰੀ ‘ਪ੍ਰਾਈਵੇਟ ਸਹਾਇਕ’ ਦੀ ਮੱਦ ਹੇਠ 15 ਹਜ਼ਾਰ ਰੁਪਏ ਹਰ ਮਹੀਨੇ ਲੈਣ ਦੇ ਹੱਕਦਾਰ ਬਣ ਗਏ ਹਨ। ਜਦੋਂ ਕੈਪਟਨ ਸਰਕਾਰ ਬਣੀ ਸੀ ਤਾਂ ਉਦੋਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਹੋਈ ਸੀ ਕਿ ਉਹ ਕੈਂਪ ਦਫ਼ਤਰਾਂ ਚੋਂ ਕੰਮ ਨਾ ਕਰਨ, ਸਰਕਾਰੀ ਦਫ਼ਤਰਾਂ ਵਿਚ ਬੈਠਣ। ਹੁਣ ਕੈਪਟਨ ਸਰਕਾਰ ਨੇ ਆਪਣੇ ਫੈਸਲੇ ਨੂੰ ਹੀ ਉਲਟਾ ਮੋੜਾ ਦੇ ਦਿੱਤਾ ਹੈ।
      ਆਈ.ਏ.ਐਸ ਅਧਿਕਾਰੀ ਆਪਣੇ ਘਰਾਂ ਵਿਚ ਹੁਣ ਪ੍ਰਾਈਵੇਟ ਸਹਾਇਕ ਰੱਖਣਗੇ ਜਿਸ ਦਾ ਮਤਲਬ ਹੈ ਕਿ ਹਰ ਅਧਿਕਾਰੀ ਦੇ ਘਰ ਕੈਂਪ ਦਫ਼ਤਰ ਚੱਲੇਗਾ। ਪੰਜਾਬ ਵਿਚ ਕਰੀਬ 191 ਆਈ.ਏ.ਐਸ ਅਧਿਕਾਰੀ ਹਨ ਜਿਨ੍ਹਾਂ ਚੋਂ ਕਰੀਬ 125 ਆਈ.ਏ.ਐਸ ਅਫਸਰ ਚੰਡੀਗੜ੍ਹ ਵਿਚ ਤਾਇਨਾਤ ਹੈ ਜਿਨ੍ਹਾਂ ਨੂੰ ਸਲਾਨਾ 2.25 ਕਰੋੜ ਰੁਪਏ ਹੁਣ ਵੱਖਰੇ ਪ੍ਰਾਈਵੇਟ ਸਹਾਇਕ ਵਾਲੇ ਮਿਲਨਗੇ। ਹਰ ਮਹੀਨੇ ’ਤੇ ਇਹ ਨਵਾਂ 18.75 ਲੱਖ ਰੁਪਏ ਦਾ ਬੋਝ ਪਵੇਗਾ। ਇਹ ਪ੍ਰਾਈਵੇਟ ਸਹਾਇਕ ਕੌਣ ਹੋਣਗੇ, ਇਹ ਵੀ ਆਈ.ਏ.ਐਸ ਅਧਿਕਾਰੀ ਖੁਦ ਹੀ ਤੈਅ ਕਰਨਗੇ। ਸੂਤਰ ਆਖਦੇ ਹਨ ਕਿ ਹਕੀਕਤ ਇਹ ਹੋਵੇਗੀ ਕਿ ਇਹ ਪ੍ਰਾਈਵੇਟ ਸਹਾਇਕ ਕਾਗ਼ਜ਼ਾਂ ਵਿਚ ਰੱਖੇ ਜਾਣਗੇ ਜਾਂ ਫਿਰ ਜੋ ਅਫਸਰਾਂ ਦੇ ਘਰਾਂ ਵਿਚ ਪਹਿਲੋਂ ਹੀ ਨੌਕਰ ਹਨ, ਉਨ੍ਹਾਂ ਦੇ ਨਾਮ ’ਤੇ ਅਧਿਕਾਰੀ ਚੜ੍ਹੇ ਮਹੀਨੇ ਖ਼ਜ਼ਾਨੇ ਚੋਂ 15 ਹਜ਼ਾਰ ਰੁਪਏ ਵਸੂਲ ਕਰ ਲਿਆ ਕਰਨਗੇ।ਪੰਜਾਬ ਦੇ ਲੋਕਾਂ ਲਈ ਖ਼ਜ਼ਾਨਾ ਖਾਲੀ ਦਾ ਅਲਾਪ ਹੈ। ਬੇਰੁਜ਼ਗਾਰਾਂ ਲਈ ਨੌਕਰੀਆਂ ਨਹੀਂ। ਨਵੀਂ ਭਰਤੀ ਵਾਲੇ ਬੇਸਿਕ ਪੇਅ ’ਤੇ ਕੰਮ ਕਰ ਰਹੇ ਹਨ। ਕਈ ਨਵੇਂ ਗਜ਼ਟਿਡ ਅਫਸਰਾਂ ਨੂੰ 15 ਹਜ਼ਾਰ ਤੋਂ ਘੱਟ ਮਿਲ ਰਹੇ ਹਨ ਜਦੋਂ ਕਿ ਆਈ.ਏ.ਐਸ ਅਫਸਰਾਂ ਦੇ ਨਵੇਂ ਪ੍ਰਾਈਵੇਟ ਸਹਾਇਕਾਂ ਨੂੰ 15 ਹਜ਼ਾਰ ਰੁਪਏ ਦਾ ਤੋਹਫ਼ਾ ਮਿਲੇਗਾ।
               ਇਹ ਤੋਹਫ਼ਾ ਮੁਢਲੇ ਪੜਾਅ ’ਤੇ ਖਾਸ ਗਰੇਡ ਵਾਲੇ ਅਧਿਕਾਰੀਆਂ ਨੂੰ ਮਿਲੇਗਾ ਜਿਸ ਵਿਚ ਕਰੀਬ 70 ਫੀਸਦੀ ਅਧਿਕਾਰੀ ਆ ਜਾਂਦੇ ਹਨ।ਪਤਾ ਲੱਗਾ ਹੈ ਕਿ ਹੁਣ ਪੰਜਾਬ ਵਿਚ ਤਾਇਨਾਤ ਆਈ.ਏ.ਐਸ ਅਫਸਰਾਂ ਨੇ ਵੀ ਮੰਗ ਉਠਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਪੱਖ ਲੈਣ ਲਈ ਵਿੱਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਵਾਰ ਵਾਰ ਫੋਨ ਕੀਤਾ ਜੋ ਉਨ੍ਹਾਂ ਚੁੱਕਿਆ ਨਹੀਂ। ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦਾ ਗਠਜੋੜ ਹੈ ਜਿਸ ਨੇ ਸੂਬੇ ਦੀ ਆਰਥਿਕਤਾ ਤੋੜੀ ਹੈ। ਇਸ ਗਠਜੋੜ ਵਿਚ ਲੈਣ ਦੇਣ ਦੀ ਪਾਲਿਸੀ ਤਹਿਤ ਇਹ ਅੰਦਰਖਾਤੇ 15 ਹਜ਼ਾਰ ਰੁਪਏ ਦਾ ਤੋਹਫ਼ਾ ਅਫਸਰਾਂ ਨੂੰ ਦਿੱਤਾ ਗਿਆ ਹੈ ਜੋ ਕਿ ਲੋਕ ਫਤਵੇ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਏਦਾਂ ਦੀ ਗੁਪਤ ਵੰਡ ਨੇ ਪੰਜਾਬ ਨੂੰ ਭਿਖਾਰੀ ਸੂਬਾ ਬਣਾ ਦਿੱਤਾ ਹੈ ਅਤੇ ਲੋਕਾਂ ਲਈ ਖ਼ਜ਼ਾਨਾ ਖਾਲੀ ਖੜਕਾ ਕੇ ਦਿਖਾ ਰਹੇ ਹਨ।



Sunday, January 26, 2020

                           ਵਿਚਲੀ ਗੱਲ
          ਅੱਖਰ ਅੱਖਰ, ਵਰਕਾ ਵਰਕਾ..!
                            ਚਰਨਜੀਤ ਭੁੱਲਰ
ਬਠਿੰਡਾ : ਖਾਲਸਾ ਜੀਓ! ਸੁਖਬੀਰ ਜੀ ਨੇ ਬਦਾਮ ਵੀ ਖਾਧੇ, ਭਾਜਪਾ ਦੇ ਘਰੋਂ ‘ਪਕੌੜੇ’ ਵੀ। ਗੱਦੀ ਗਈ ਤਾਂ ਜ਼ਖ਼ਮ ਵੀ ਖਾਧੇ। ਠੋਕਰਾਂ ਅੱਜ-ਕੱਲ੍ਹ ਖਾ ਰਹੇ ਨੇ। ਅੌਲਾ ਕਿਤੇ ਵੇਲੇ ਸਿਰ ਖਾ ਲੈਂਦੇ। ਅਮਰਿੰਦਰ ਫਿਰ ਇੰਝ ਚਿੱਠੀ ਨਾ ਲਿਖਦਾ। ‘ਪਿਆਰੇ ਸੁਖਬੀਰ, ਹਿਟਲਰ ਦੀ ਆਤਮ ਕਥਾ ‘ਮਾਈਨ ਕੰਫ’ ਭੇਜ ਰਿਹੈਂ। ਤੈਨੂੰ ਭਾਜਪਾ ਦੀ ਸੋਚ ਸਮਝ ਪਊ। ਕਿਤਾਬ ਪੜ੍ਹੇਂਗਾ, ਇਤਿਹਾਸ ਦਾ ਪਤਾ ਲੱਗੂ।’ ਅਖੀਰ ’ਚ ‘ਸ਼ੁਭ ਇੱਛਾਵਾਂ’ ਵੀ ਭੇਜੀਆਂ। ਦਿੱਲੀਓਂ ਬੇਰੰਗ ਲਿਫਾਫੇ ਵਾਂਗੂ ਭੇਜ ਦਿੱਤੇ। ਸਾਧ ਸੰਗਤ ਜੀ! ਕਿਤਾਬਾਂ ਤਾਂ ਛੱਡੋ, ਮੋਦੀ ਦਾ ਚਿਹਰਾ ਹੀ ਪੜ੍ਹ ਲੈਂਦੇ। ਸੁਖਬੀਰ ਜੀ ਕਿਹੜੀ ਗੱਲੋਂ ਚੁੱਪ ਨੇ, ਪਤਾ ਨਹੀਂ। ਮਨਜਿੰਦਰ ਸਿਰਸਾ ਬਿਨਾਂ ਰੁਕੇ ਜ਼ਰੂਰ ਬੋਲੇ, ਭੇਤ ਫਿਰ ਨਹੀਂ ਖੋਲ੍ਹੇ, ਹਰਸਿਮਰਤ ਕਦੋਂ ਅਸਤੀਫ਼ਾ ਦੇਊ ? ‘ਅਕਲਾਂ ਬਾਝੋਂ, ਖੂਹ ਖਾਲੀ’ ਸਮਝੋ ਪੂਰੀ ਤਰ੍ਹਾਂ ਬਾਹਰ ਹੈ। ਜੋ ਪੰਜਾਬ ਦੀ ਕੰਧ ’ਤੇ ਲਿਖਿਐ। ਇਕੱਲਾ ਸੁਖਬੀਰ ਨਹੀਂ, ਅਮਰਿੰਦਰ ਸਿਓਂ ਵੀ ਪੜ੍ਹੇ। ਕਿਤਾਬਾਂ ਭਾਵੇਂ ਨਾ ਵੀ ਪੜ੍ਹਨ। ਅੱਗੇ ਮਨਜਿੰਦਰ ਸਿਰਸਾ ਤੋਂ ਸੁਣੋ। ਟਕੋਰ ਸਿੱਧੀ ਅਮਰਿੰਦਰ ’ਤੇ ਮਾਰੀ। ‘ਹਿਟਲਰ ਤੋਂ ਥੋਡੇ ਦਾਦੇ ਨੇ ਤੋਹਫ਼ੇ ਲਏ’। ‘ਕਿਤਾਬਾਂ ਤੁਸੀਂ ਪੜ੍ਹੋ, ਸਾਨੂੰ ਗੁਟਕਾ ਸਾਹਿਬ ਮੁਬਾਰਕ।’ ਜੋ ਪੜ੍ਹਦੇ ਲਿਖਦੇ ਹਨ। ਉਹੋ ਕਿਤਾਬਾਂ ਦੀ ਤਾਸੀਰ ਜਾਣਦੇ ਨੇ। ਮੌਨ ਹੋ ਕੇ ਵੀ ਕਿਤਾਬ ਬੋਲਦੀ ਹੈ। ‘ਪ੍ਰਧਾਨ ਜੀ’ ਨੂੰ ਕੌਣ ਸਮਝਾਵੇ। ਅਖੀਰ ਜਦੋਂ ਨਾ ਹੀ ਸਮਝੇ, ਢੀਂਡਸੇ ਰਾਤੋ ਰਾਤ ‘ਟੌਹੜਾ’ ਬਣ ਗਏ। ਕਾਸ਼ ! ਅਕਾਲੀ ਦਲ ਕੋਲ ਲਾਇਬਰੇਰੀ ਹੁੰਦੀ। ਕਿਤਾਬਾਂ ਜ਼ਰੂਰ ਟੋਕਦੀਆਂ, ਇੰਝ ਨਹੀਂ, ਇੰਝ ਕਰ।
                ਆਓ ਬੱਚਿਓ, ਤੁਹਾਨੂੰ ਅਕਾਲੀ ਦਲ ਦੀ ਲਾਇਬਰੇਰੀ ਦਿਖਾਈਏ। ਦੇਖ ਕੇ ਕਿਤੇ ਚੱਕਰ ਨਾ ਖਾ ਜਾਇਓ। ਲਾਇਬਰੇਰੀ ’ਚ ਸਿਰਫ਼ 461 ਰੁਪਏ ਦੀਆਂ ਕਿਤਾਬਾਂ ਹਨ। ਖੁਦ ਅਕਾਲੀ ਦਲ ਦੀ ਆਡਿਟ ਰਿਪੋਰਟ ’ਚ ਇਹ ਭੇਤ ਖੁੱਲ੍ਹਿਐ। ਛੱਡੋ ਜੀ, ਹੁਣ ਕਿਹੜਾ ਬਾਪੂ ਦਾ ਰਾਜ ਹੈ। ‘ਤਾਲੋਂ ਖੁੰਝੀ ਡੂਮਣੀ ਗਾਵੇ ਆਲ ਬੇਤਾਲ’। ਗੌਣ ਵਾਲੀ ਗੱਲ ਛੱਡੋ, ਤੁਸੀਂ ਇਹ ਦੱਸੋ ਹੁਣ ਮਹਾਰਾਜੇ ਨੂੰ ਸੁਖਬੀਰ ਕਿਹੜੀ ਕਿਤਾਬ ਭੇਜੇ। ਭਾਵੇਂ ਭਾਰਤ-ਪਾਕਿ ਸਬੰਧਾਂ ’ਤੇ ਹੀ ਦੱਸ ਦੇਵੋ। ਕੌਣ ਪੰਗਾ ਲੈਂਦਾ ਗੁਰੂ, ਕਿਤਾਬਾਂ ਦੱਸ ਕੇ। ਹਕੂਮਤੀ ਹੱਥ ਕਿੰਨੇ ਲੰਮੇ ਹੁੰਦੇ ਨੇ। ਬਾਬਾ ਬੁੱਲ੍ਹੇ ਸ਼ਾਹ ਦੱਸ ਰਿਹੈ ‘ਇਹ ਪੜ੍ਹਨਾ ਇਲਮ ਜ਼ਰੂਰ ਹੋਇਆ ਪਰ ਦੱਸਣਾ ਨਾ ਮਨਜ਼ੂਰ ਹੋਇਆ ਜਿਸ ਦੱਸਿਆ ਸੋ ਮਨਸੂਰ ਹੋਇਆ।’ ਖੈਰ ਅਮਰਿੰਦਰ ਪੜ੍ਹਦਾ ਤਾਂ ਬਹੁਤ ਹੈ। ਵਿਧਾਨ ਸਭਾ ਲਾਇਬਰੇਰੀ ਬੜੀ ਵਿਸ਼ਾਲ ਹੈ। ਉਥੋਂ ਅਮਰਿੰਦਰ ਨੇ ਪਹਿਲੀ ਪਾਰੀ ਵੇਲੇ 10 ਕਿਤਾਬਾਂ ਲਈਆਂ। ਲਾਇਬਰੇਰੀ ’ਚ ਹਿਟਲਰ ਦੀਆਂ ਕਿਤਾਬਾਂ ਦੇ ਛੇ ਸੈੱਟ ਪਏ ਨੇ। ਸੁਖਬੀਰ ਨੇ ਕਦੇ ਕੋਈ ਕਿਤਾਬ ਜਾਰੀ ਨਹੀਂ ਕਰਵਾਈ। ਸ਼ਾਇਦ ਸੁਖਬੀਰ ਨੂੰ ਇਹ ਗੱਲ ਜਚ ਗਈ, ਜੋ ਜ਼ਿਆਦਾ ਪੜ੍ਹਦੇ ਨੇ, ਸਿਆਸਤ ‘ਚ ਮਰਦੇ ਨੇ। ਜਗਮੀਤ ਬਰਾੜ, ਬੀਰਦਵਿੰਦਰ, ਕੁਲਦੀਪ ਵਡਾਲਾ ਤੇ ਮਨਪ੍ਰੀਤ ਬਾਦਲ ਆਦਿ। ਕਿਤਾਬਾਂ ਪੜ੍ਹਨ ਵਾਲਿਆਂ ’ਚ ਖੜ੍ਹੇ ਨੇ। ਜਮਹੂਰੀ ਸੂਚਕ ਅੰਕ ਇਕਦਮ ਥੱਲੇ ਡਿੱਗਿਐ।
                ਨਾਨਕ ਸਿੰਘ ਦੀ ਕਵਿਤਾ ‘ਖੂਨੀ ਵਿਸਾਖੀ’ ਦਾ ਚੇਤਾ ਆਇਐ। ‘ਅੱਜ ਸ਼ਹਿਰ ਵਿੱਚ ਪੈਣਗੇ ਵੈਣ ਡੂੰਘੇ, ਵਸਦੇ ਘਰਾਂ ਨੂੰ ਥੇਹ ਬਣਾਣ ਚੱਲੇ।’ ਮੁਲਕ ਹੁਣ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਬਣਿਐ। ਕਿਤੇ ਨਾਜ਼ੀ ਤਜਰਬਾ ਹੁੰਦੈ ਤੇ ਕਿਤੇ ਗੁਜਰਾਤੀ। ਜਦੋਂ ਟੱਕਰ ਕਾਲੀ ਬੋਲੀ ਰਾਤ ਨਾਲ ਹੋਵੇ, ਚਾਨਣ ਦੇ ਲੱਪ ਭਰ ਕੇ ਤੁਰਨਾ ਪੈਂਦਾ।ਕਿਤਾਬਾਂ ਤਾਂ ਸੱਚਮੁੱਚ ਲਾਟੂ ਹੀ ਨੇ। ਜਗਦੇ ਸਿਰ ਹੀ ਦਿੱਲੀ ਦੇ ਚੌਕਾਂ ’ਚ ਖੜ੍ਹੇ ਨੇ। ਐਵੇਂ ਯੂਨੀਵਰਸਿਟੀਆਂ ’ਚੋਂ ਮੌਤ ਨਾਲ ਮੁਕਲਾਵਾ ਲੈਣ ਕੌਣ ਨਿਕਲਦੈ। ਏਹ ਗੱਲਾਂ ਛੱਡੋ, ਪਹਿਲਾਂ ਇਹ ਦੱਸੋ, ਮੋਦੀ ਨੂੰ ਕਿਹੜੀ ਕਿਤਾਬ ਭੇਜੀਏ? ਪ੍ਰਧਾਨ ਮੰਤਰੀ ਨੇ ਢਾਈ ਸਾਲ ਪਹਿਲਾਂ ਖੁਦ ਕਿਹਾ। ‘ਗੁਲਦਸਤੇ ਨਹੀਂ, ਕਿਤਾਬਾਂ ਦਿਓ’। ਭਗਵੰਤ ਮਾਨ ਆਖਦੈ, ਮੋਦੀ ਨੂੰ ਜੋ ਮਰਜ਼ੀ ਕਿਤਾਬਾਂ ਭੇਜ ਦਿਓ, ਬੱਸ ਇਤਿਹਾਸ ਨੂੰ ਛੱਡ ਕੇ। ਕੀ ਪਤੈ ਕਦੋਂ ਇਤਿਹਾਸ ਬਦਲ ਦੇਵੇ। ਪਾਰਲੀਮੈਂਟ ’ਚ ਵਿਸ਼ਾਲ ਲਾਇਬਰੇਰੀ ਹੈ। ਸਾਢੇ ਚਾਰ ਲੱਖ ਕਿਤਾਬਾਂ ਪਈਆਂ ਨੇ। ਭਾਜਪਾ ਐੱਮਪੀ ਦੂਰੋਂ ਦੀ ਦੱਬੇ ਪੈਰ ਲੰਘਦੇ ਨੇ, ਕਿਤਾਬਾਂ ਕਿਤੇ ਜਾਗ ਨਾ ਪੈਣ। ਕਿਤਾਬਾਂ ਦਾ ਦਿੱਲੀ ਚੋਣਾਂ ’ਚ ਕੀ ਕੰਮ। ਪੰਗਾ ਹੁਣ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਪਾਇਐ। ਉਹੀ ਮਿਸ਼ਰਾ ਜੀਹਨੇ ਪ੍ਰਸ਼ਾਂਤ ਭੂਸ਼ਨ ਨੂੰ ਕੁੱਟ ਧਰਿਆ ਸੀ।
                ਕਪਿਲ ਮਿਸ਼ਰਾ ਆਪਣੇ ਮੁਖਾਰਬਿੰਦ ’ਚੋਂ ਇੰਝ ਬੋਲੋ, ‘ਹਿੰਦੁਸਤਾਨ ਬਨਾਮ ਪਾਕਿਸਤਾਨ’ ਮੁਕਾਬਲਾ ਅੱਠ ਫਰਵਰੀ ਨੂੰ ਹੋਵੇਗਾ। ਵਾਇਆ ਸ਼ਾਹੀਨ ਬਾਗ ਪਾਕਿਸਤਾਨ ਦਿੱਲੀ ਪੁੱਜਾ ਹੈ। ਛੋਟੇ ਛੋਟੇ ਪਾਕਿਸਤਾਨ ਬਣਾਏ ਜਾ ਰਹੇ ਨੇ।’ ਗੁਸਤਾਖ਼ੀ ਮੁਆਫ਼, ਬੱਸ ਥੋੜ੍ਹੀ ਕਿਰਪਾ ਕਰੋ, ਏਹ ਤਾਂ ਜ਼ਰੂਰ ਦੱਸੋ। ਮਿਸ਼ਰਾ ਸਾਹਿਬ ਨੂੰ ਕਿਹੜੀ ਕਿਤਾਬ ਭੇਜੀਏ? ਕਮਲੇਸ਼ਵਰ ਦੀ ਸ਼ਾਹ ਕਿਰਤ ‘ਕਿਤਨੇ ਪਾਕਿਸਤਾਨ’ ਠੀਕ ਰਹੂ। ਸ਼ਾਇਦ ਅੱਗ ਦਾ ਸੇਕ ਘਟ ਜਾਏ। ਕਮਲੇਸ਼ਵਰ ਦੇ ਨਾਵਲ ਦਾ ਨਿਚੋੜ ਸਮਝੋ। ‘ਪਾਕਿਸਤਾਨ ਤੋਂ ਪਾਕਿਸਤਾਨ ਪੈਦਾ ਹੁੰਦਾ ਹੈ ਜਿਵੇਂ ਛੂਤ ਦਾ ਰੋਗ। ਜਦੋਂ ਤੱਕ ਧਰਮ/ਜਾਤ/ਨਸਲ ਦੇ ਕੰਧਾੜੇ ਚੜ੍ਹ ਕੇ ਸੱਤਾ ਤੇ ਕਬਜ਼ੇ ਦੀ ਲਾਲਸਾ ਬਣੀ ਰਹੂ, ਉਦੋਂ ਤੱਕ ਇਸ ਭੂਮੀ ’ਤੇ ਪਾਕਿਸਤਾਨ ਬਣਾਏ ਜਾਣ ਦੀ ਫਿਰਕੂ ਵਿਰਾਸਤ ਫੈਲਦੀ ਰਹੇਗੀ।’ ਪੱਛਮੀ ਬੰਗਾਲ ਵਾਲਾ ਦਿਲੀਪ ਘੋਸ਼। ਗੱਬਰ ਸਿੰਘ ਬਣਿਐ। ਅਖੇ ਕੁੱਤਿਆਂ ਵਾਂਗੂ ਕੁੱਟਦੇ ਹਾਂ ਜੋ ਜਨਤਕ ਸੰਪਤੀ ਨੂੰ ਛੇੜਦੇ ਨੇ। ਯੂਪੀ ਵਾਲੇ ਮੁੱਖ ਮੰਤਰੀ। ਮਹਾਤਮਾ ਯੋਗੀ ਕਿਸੇ ਦੀ ਨੂੰਹ-ਧੀ ਨਾਲੋਂ ਘੱਟ ਨੇ। ਆਖਦੇ ਨੇ, ‘ਪੁਰਸ਼ ਆਪ ਰਜਾਈਆਂ ’ਚ ਬੈਠੇ ਨੇ, ਅੌਰਤਾਂ ਨੂੰ ਚੌਰਾਹਿਆਂ ’ਤੇ ਬਿਠਾ’ਤਾ।’ ਆਜ਼ਾਦੀ ਦੀ ਰੱਟ ਦੇਸ਼ਧ੍ਰੋਹ ਹੈ। ਭਾਜਪਾਈ ਕੈਲਾਸ਼ ਵਿਜੈਵਰਗੀਆ ਦੋ ਕਦਮ ਅੱਗੇ ਨੇ। ਮੋਦੀ ਕੱਪੜੇ ਪਛਾਣਦੇ ਨੇ। ਕੈਲਾਸ਼ ਬਾਬੂ, ਪੋਹਾ ਖਾਣ ਦੇ ਢੰਗ ਤੋਂ ਦੱਸਦੇ ਨੇ, ਕੌਣ ਬੰਗਲਾਦੇਸ਼ੀ ਹੈ।
                ਆਖ਼ਰੀ ਅਰਜ਼ ਐ, ਇਨ੍ਹਾਂ ਸੱਜਣਾਂ ਨੂੰ ਕਿਹੜੀ ਕਿਤਾਬ ਭੇਟ ਕਰੀਏ? ਅੱਛਾ, ਕਿਤਾਬਾਂ ਨਾਲ ਗੱਲ ਨਹੀਂ ਬਣਨੀ। ਇਨ੍ਹਾਂ ਨੂੰ ਇਕੱਠੇ ਕਰੋ, ਕਿਤੇ ਇੱਕ ਥਾਂ ਬਿਠਾਓ। ਮਰਹੂਮ ਟੋਨੀ ਬਾਤਿਸ਼ ਦਾ ਨਾਟਕ ‘ਕੁਦਰਤ ਦੇ ਸਭ ਬੰਦੇ’ ਦਿਖਾਓ।’ ਗੱਲ ਫਿਰ ਵੀ ਨਾ ਬਣੇ। ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਸੁਣਾਉਣਾ। ਜਦੋਂ ਮੁਲਕ ਦਾ ਬਟਵਾਰਾ ਹੁੰਦੈ। ਪਾਗਲਾਂ ਦਾ ਵਟਾਂਦਰਾ ਵੀ ਹੋਣ ਲੱਗਦੈ। ਕਿਰਦਾਰ ਬਿਸ਼ਨ ਸਿੰਘ ਪਾਗਲ ਜਾਨ ਦੇ ਦਿੰਦਾ ਹੈ। ਕਹਾਣੀ ਪਾਗਲਾਂ ਦੀ ਸੰਵੇਦਨਾਂ ਦਾ ਬਿਰਤਾਂਤ ਹੈ। ਫਿਰਕੂ ਸੋਚਾਂ ਵਾਲਿਆਂ ਨਾਲੋਂ ਪਾਗਲ ਵੀ ਕਿਤੇ ਚੰਗੇ ਨੇ। ਪਿਆਰਿਓ, ਇਨ੍ਹਾਂ ਦੇ ਫਿਰ ਪੱਲੇ ਨਾ ਪਈ ਤਾਂ ਕਿਤਾਬਾਂ ਦੇ ਯੱਭ ’ਚ ਨਾ ਪੈਣਾ। ਸੱਪ ਦੇ ਡੰਗੇ ਦਾ, ਕੁੱਤੇ ਦੇ ਵੱਢੇ ਦਾ, ਇਲਾਜ ਹਸਪਤਾਲਾਂ ’ਚ ਹੁੰਦੈ। ਮੁਲਕ ’ਚ ਇੱਕ ਵਿਸ਼ੇਸ਼ ਏਮਜ਼ ਬਣੇ, ਜਿਥੇ ਜ਼ੁਬਾਨ ਰੋਗ ਵਾਲਿਆਂ ਦਾ ਮੁਫ਼ਤ ’ਚ ਇਲਾਜ ਹੋਵੇ। ਜੇ ਦਾਦੀ ਤੋਂ ਬਾਤਾਂ ਟਿਕ ਕੇ ਸੁਣਦੇ, ਨਾਲੇ ਪੰਚਤੰਤਰ ਪੜ੍ਹਦੇ, ਨੌਬਤ ਇੱਥੋਂ ਤੱਕ ਨਾ ਆਉਂਦੀ।ਕਿਤਾਬਾਂ ਪੜ੍ਹਦੇ ਤਾਂ ਦਿਮਾਗ ਖੁੱਲ੍ਹਦੇ, ਮੋਹ ਬਣਾਉਂਦੇ ਪਿਆਰ ਵਧਾਉਂਦੇ। ਗੁਲਜ਼ਾਰ ਦੀ ਨਜ਼ਮ ਦਾ ਦਮ ਵੇਖੋ, ‘ਕਿਤਾਬੇਂ ਮਾਂਗਨੇ ਗਿਰਨੇ ਉਠਾਨੇ ਕੇ ਬਹਾਨੇ ਰਿਸ਼ਤੇ ਬਣਤੇ ਥੇ’।
                ਅੱਜ 71ਵਾਂ ਗਣਤੰਤਰ ਦਿਵਸ ਹੈ। ਗਣਰਾਜ ਨੂੰ ਇਨ੍ਹਾਂ ‘ਗੰਨ ਰਾਜ’ ਬਣਾ ਰੱਖਿਐ। ਦੇਸ਼ ਦਾ ਗਣ ਸ਼ਾਹੀਨ ਬਾਗ ਬੈਠਾ ਹੈ। ਬਿਰਧ ਮਾਵਾਂ ਤੇ ਬੱਚੇ ਵੀ ਡਟੇ ਨੇ। ਬਾਬਾ ਰਾਮਦੇਵ ਦਾ ਵੀ ਅੰਦਰਲਾ ਜਾਗਿਐ। ਮੁਲਕ ਭਰ ’ਚੋਂ ਕਾਫਲੇ ਤੁਰੇ ਹਨ। ਮਸਲਾ ਮੁਸਲਿਮ ਬਚਾਉਣ ਦਾ ਨਹੀਂ, ਜ਼ਮੀਰਾਂ ਦੀ ਰੱਖਿਆ ਦਾ ਹੈ। ਗਣਤੰਤਰ ਦਿਵਸ ਮੌਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਪੁੱਜੇ ਹਨ। ਚੀਨੀ ਉਤਪਾਦਨ ’ਚ ਬ੍ਰਾਜ਼ੀਲ ਵੱਡਾ ਖਿਡਾਰੀ ਹੈ। ਚੰਗਾ ਹੋਵੇ ਮੁੱਖ ਮਹਿਮਾਨ ਬ੍ਰਾਜ਼ੀਲੀ ਮਿੱਠਾ ਇਨ੍ਹਾਂ ਦੇ ਮੂੰਹਾਂ ’ਚ ਪਾ ਕੇ ਜਾਵੇ। ਹਾਲਾਂਕਿ ਭਾਰਤੀ ਕਿਸਾਨਾਂ ਦੀਆਂ ਬੇੜੀਆਂ ’ਚ ਵੱਟੇ ਬ੍ਰਾਜ਼ੀਲ ਨੇ ਹੀ ਪਾਏ ਹਨ। ਗਣਤੰਤਰ ਦਿਵਸ ਮਗਰੋਂ ਬਸੰਤ ਪੰਚਮੀ ਹੈ। ਸਿਰਫ਼ ਆਮ ਜਨ ਦੀ, ਜਿਨ੍ਹਾਂ ਦੀ ਚੱਤੋ ਪਹਿਰ ਬਸੰਤ ਹੈ, ਉਨ੍ਹਾਂ ਨੂੰ ਕਾਹਦਾ ਚਾਅ। ਬੇਸ਼ੱਕ ਕੈਪਟਨ ਨੂੰ ਪੁੱਛ ਕੇ ਦੇਖ ਲਓ। ਗੱਲ ਹਿਟਲਰ ਦੀ ਕਿਤਾਬ ਤੋਂ ਤੁਰੀ ਸੀ। ਆਖਦੇ ਨੇ ਅਕਲ ਬਦਾਮ ਖਾਣ ਨਾਲ ਨਹੀਂ, ਜ਼ਿੰਦਗੀ ’ਚ ਠੁੱਡੇ ਖਾਣ ਨਾਲ ਆਉਂਦੀ ਹੈ। ਤਮਾਮ ਉਮਰ ਛੱਜੂ ਰਾਮ ਨੇ ਠੋਕਰਾਂ ਹੀ ਤਾਂ ਖਾਧੀਆਂ ਨੇ। ਹੁਣ ਬਸੰਤ ਪੰਚਮੀ ’ਤੇ ਦਿੱਲੀ ਜਾਣ ਦੀ ਤਿਆਰੀ ਖਿੱਚੀ ਬੈਠੈ। ਆਖਦੈ, ‘ਨਵੇਂ ਮੁੰਡੇ ਨੇ, ਪੇਚਾ ਤਾਂ ਪਾ ਬੈਠੇ, ਆਸਮਾਨੋਂ ਗੁੱਡੀ ਕਿਵੇਂ ਲਾਹੁਣੀ ਹੈ, ਬੱਸ ਏਨਾ ਕੁ ਦੱਸਣ ਚੱਲਿਐਂ।’


Friday, January 24, 2020

                                                         ਪੰਜ ਕਰੋੜੀ ਤੋਹਫਾ
                        ਵਜ਼ੀਰਾਂ ਨੂੰ ਫਾਰਚੂਨਰ, ਵਿਧਾਇਕਾਂ ਨੂੰ ਇਨੋਵਾ
                                                            ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਨੇ ਹੁਣ ਨਵਾਂ ‘ਲਗਜ਼ਰੀ ਫਲੀਟ’ ਖਰੀਦਣਾ ਸ਼ੁਰੂ ਕੀਤਾ ਹੈ ਜਿਸ ’ਤੇ ਕਰੀਬ ਪੰਜ ਕਰੋੜ ਰੁਪਏ ਦਾ ਖਰਚਾ ਆਵੇਗਾ। ਪਹਿਲੀ ਖੇਪ ਵਜੋਂ ਟਰਾਂਸਪੋਰਟ ਵਜ਼ੀਰ ਨੂੰ ਨਵੀਂ ਫਾਰਚੂਨਰ ਗੱਡੀ ਖਰੀਦ ਕੇ ਦਿੱਤੀ ਗਈ ਹੈ ਜਦੋਂ ਕਿ ਮੁੱਖ ਮੰਤਰੀ ਦਫ਼ਤਰ ਨੂੰ 7 ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਹਨ। ਵਿੱਤ ਵਿਭਾਗ ਨੇ ਤਿੰਨ ਹੋਰ ਵਜ਼ੀਰਾਂ ਲਈ ਲਗਜ਼ਰੀ ਗੱਡੀਆਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਜਿਨ੍ਹਾਂ ਦੀ ਡਲਿਵਰੀ ਹੋਣੀ ਬਾਕੀ ਹੈ। ਬਾਕੀ ਸਭ ਵਜ਼ੀਰ ਆਪੋ ਆਪਣੇ ਪ੍ਰਾਈਵੇਟ ਵਾਹਨ ਵਰਤ ਰਹੇ ਹਨ ਜਿਸ ਦੇ ਬਦਲੇ ਪੰਜਾਬ ਸਰਕਾਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਅਦਾਇਗੀ ਕਰਦੀ ਹੈ। ਵਜ਼ੀਰਾਂ ਦੇ ਯਾਤਰਾ ਭੱਤੇ ’ਤੇ ਲਾਈ ਪਾਬੰਦੀ ਪਹਿਲੋਂ ਹੀ ਖੋਲ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਕੈਪਟਨ ਸਰਕਾਰ ਦੇ ਇਸ ਫਲੀਟ ਤਹਿਤ ਕੁੱਲ 28 ਲਗਜ਼ਰੀ ਫਾਰਚੂਨਰ ਤੇ ਇਨੋਵਾ ਦੀ ਖਰੀਦ ਕੀਤੀ ਜਾਣੀ ਹੈ ਜਿਸ ’ਤੇ ਕਰੀਬ ਪੰਜ ਕਰੋੜ ਦਾ ਖਰਚਾ ਆਉਣਾ ਹੈ। ਟਰਾਂਸਪੋਰਟ ਮੰਤਰੀ ਨੂੰ ਸਭ ਤੋਂ ਪਹਿਲਾਂ ਫਾਰਚੂਨਰ ਗੱਡੀ ਦੇ ਦਿੱਤੀ ਗਈ ਹੈ ਜਿਸ ਦੀ ਕੀਮਤ ਕਰੀਬ 28 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਦੇ ਕਾਫਲੇ ਲਈ ਸੱਤ ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੇ ਪ੍ਰਤੀ ਗੱਡੀ ਕਰੀਬ 15 ਲੱਖ ਰੁਪਏ ਖਰਚ ਆਏ ਹਨ।
               ਟਰਾਂਸਪੋਰਟ ਵਿਭਾਗ ਨੇ ਕਰੀਬ ਮਹੀਨਾ ਪਹਿਲਾਂ 17 ਹੋਰ ਇਨੋਵਾ ਗੱਡੀਆਂ ਖਰੀਦਣ ਦੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜੀ ਹੈ ਜਿਸ ਦੀ ਪ੍ਰਵਾਨਗੀ ਆਉਣੀ ਬਾਕੀ ਹੈ। ਜਦੋਂ ਆਮ ਲੋਕਾਂ ਲਈ ਖ਼ਜ਼ਾਨਾ ਤੰਗੀ ’ਚ ਹੋਵੇ, ਉਦੋਂ ਵਜ਼ੀਰਾਂ ਵੱਲੋਂ ਹੱਥ ਨਾ ਘੁੱਟਣਾ ਸੰਜੀਦਗੀ ਨੂੰ ਬਿਆਨਦਾ ਹੈ। ਹਾਲਾਂਕਿ ਬਾਕੀ ਵਜ਼ੀਰਾਂ ਨੇ ਪ੍ਰਾਈਵੇਟ ਵਾਹਨ ਵਰਤਣੇ ਸ਼ੁਰੂ ਕੀਤੇ ਹੋਏ ਹਨ। ਚਾਰ ਵਜ਼ੀਰ ਅਜਿਹੇ ਹਨ ਜੋ ਮਹਿਕਮੇ ਤੋਂ ਨਵੀਆਂ ਗੱਡੀਆਂ ਲੈਣ ਦੇ ਇੱਛੁਕ ਸਨ। ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਜ਼ੀਰ ਸਾਧੂ ਸਿੰਘ ਧਰਮਸੋਤ ਅਤੇ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਟਰਾਂਸਪੋਰਟ ਵਿਭਾਗ ਤੋਂ ਨਵੀਆਂ ਸਰਕਾਰੀ ਗੱਡੀਆਂ ਦੀ ਮੰਗ ਰੱਖੀ ਸੀ। ਇਨ੍ਹਾਂ ਤਿੰਨੋਂ ਵਜ਼ੀਰਾਂ ਲਈ ਗੱਡੀਆਂ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਪ੍ਰੰਤੂ ਡਲਿਵਰੀ ਹੋਣੀ ਬਾਕੀ ਹੈ। ਚਾਰੋ ਵਜ਼ੀਰਾਂ ਦੇ ਵਾਹਨਾਂ ਦੀ ਖਰੀਦ ’ਤੇ ਕੁੱਲ 1.02 ਕਰੋੜ ਦਾ ਖਰਚ ਆਵੇਗਾ ਜਦੋਂ ਕਿ ਦੋ ਦਰਜਨ ਇਨੋਵਾ ਵਾਹਨਾਂ ’ਤੇ 3.60 ਕਰੋੜ ਦੀ ਲਾਗਤ ਆਉਣੀ ਹੈ। ਵਿੱਤ ਵਿਭਾਗ ਪੰਜਾਬ ਨੂੰ ਕੁੱਲ ਫਲੀਟ ਦਾ ਕਰੀਬ ਪੰਜ ਕਰੋੜ ਦਾ ਖਰਚਾ ਝੱਲਣਾ ਪੈਣਾ ਹੈ। ਪਤਾ ਲੱਗਾ ਹੈ ਕਿ ਕਾਫ਼ੀ ਵਿਧਾਇਕਾਂ ਦੇ ਵਾਹਨ ਮਿਆਦ ਹੱਦ ਲੰਘਾ ਚੁੱਕੇ ਹਨ।
       ਲੋਕਾਂ ਦਾ ਪ੍ਰਤੀਕਰਮ ਹੈ ਕਿ ਜਦੋਂ ਮੁੱਖ ਮੰਤਰੀ ਤਾਂ ਪੰਜਾਬ ਦਾ ਕਦੇ ਗੇੜਾ ਤਾਂ ਮਾਰਦੇ ਨਹੀਂ, ਫਿਰ ਉਨ੍ਹਾਂ ਦੇ ਕਾਫਲੇ ਲਈ ਨਵੇਂ ਵਾਹਨ ਦੇਣ ਦੀ ਕਾਹਦੀ ਤੁਕ। ਨਾਗਰਿਕ ਚੇਤਨਾ ਮੰਚ ਦੇ ਪਿੰ੍ਰਸੀਪਲ ਬੱਗਾ ਸਿੰਘ ਆਖਦੇ ਹਨ ਕਿ ਖਾਲੀ ਖ਼ਜ਼ਾਨੇ ਦਾ ਰੌਣਾ ਆਮ ਲੋਕਾਂ ਲਈ ਹੈ ਅਤੇ ਵੱਡਿਆਂ ਨੂੰ ਸਹੂਲਤਾਂ ਦੇਣ ਮੌਕੇ ਖ਼ਜ਼ਾਨੇ ਕਿਵੇਂ ਰਾਤੋਂ ਰਾਤ ਭਰ ਜਾਂਦਾ ਹੈ, ਪੰਜਾਬ ਨੂੰ ਹੁਣ ਇਹੋ ਸਮਝਣ ਦੀ ਲੋੜ ਹੈ। ਸਰਕਾਰੀ ਮੁਲਾਜ਼ਮ ਤਨਖ਼ਾਹਾਂ ਤੇ ਬਕਾਏ ਲੈਣ ਲਈ ਸੜਕਾਂ ’ਤੇ ਹਨ। ਬੇਰੁਜ਼ਗਾਰਾਂ ਨੂੰ ਦੇਣ ਲਈ ਨੌਕਰੀ ਤਾਂ ਦੂਰ ਦੀ ਗੱਲ, ਬੇਰੁਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ ਹੈ। ਸਮਾਰਟ ਫੋਨ ਦੇਣ ਲਈ ਬਜਟ ਹਾਲੇ ਤੱਕ ਨਹੀਂ ਦਿੱਤਾ ਗਿਆ ਹੈ। ਫਾਜ਼ਿਲਕਾ ਇਲਾਕੇ ’ਚ ਟਿੱਡੀ ਦਲ ਦੇ ਡਰਾਏ ਕਿਸਾਨ ਨੌਜਵਾਨਾਂ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ ਜੀ, ਸਮਾਰਟ ਫੋਨ ਤਾਂ ਛੱਡੋ, ਪੀਪੇ ਹੀ ਦੇ ਦਿਓ ਤਾਂ ਜੋ ਟਿੱਡੀ ਦਲ ਦਾ ਹਮਲਾ ਹੋਣ ਦੀ ਸੂਰਤ ਵਿਚ ਖੜਕਾ  ਸਕੀਏ।
                      ਵਾਹਨ ਪੁਰਾਣੇ ਹੋ ਗਏ ਸਨ : ਕਮਿਸ਼ਨਰ
ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਦਾ ਕਹਿਣਾ ਸੀ ਕਿ ਚਾਰ ਵਜ਼ੀਰਾਂ ਲਈ ਵਾਹਨ ਖਰੀਦਣ ਦੀ ਪ੍ਰਵਾਨਗੀ ਮਿਲੀ ਸੀ ਜਿਸ ਚੋਂ ਇੱਕ ਵਜ਼ੀਰ ਲਈ ਗੱਡੀ ਆ ਚੁੱਕੀ ਹੈ ਅਤੇ ਬਾਕੀ ਤਿੰਨ ਵਾਹਨ ਆਉਣੇ ਬਾਕੀ ਹਨ। ਮੁੱਖ ਮੰਤਰੀ ਸੁਰੱਖਿਆ ਲਈ 7 ਗੱਡੀਆਂ ਦਿੱਤੀਆਂ ਗਈਆਂ ਹਨ ਅਤੇ 17 ਇਨੋਵਾ ਦੀ ਖਰੀਦ ਲਈ ਵਿੱਤ ਵਿਭਾਗ ਨੂੰ ਤਜਵੀਜ਼ ਭੇਜੀ ਹੋਈ ਹੈ। ਉਨ੍ਹਾਂ ਆਖਿਆ ਕਿ ਜੋ ਵਾਹਨ 10 ਸਾਲ ਤੋਂ ਪੁਰਾਣੇ ਹੋ ਗਏ ਹਨ, ਉਨ੍ਹਾਂ ਦੀ ਇੰਟਰੀ ਦਿੱਲੀ ਵਿਚ ਨਹੀਂ ਹੋ ਸਕਦੀ ਜਿਸ ਕਰਕੇ ਵਾਹਨ ਰਿਪਲੇਸ ਕੀਤੇ ਜਾ ਰਹੇ ਹਨ।


Wednesday, January 22, 2020

                        ਤਕਨੀਕੀ ਗੋਰਖਧੰਦਾ
      ਬਠਿੰਡਾ ’ਵਰਸਿਟੀ ਦੇ ਗੁੱਝੇ ਭੇਤ ਖੁੱਲ੍ਹੇ 
                            ਚਰਨਜੀਤ ਭੁੱਲਰ
ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਪੇਪਰ ਲੀਕ ਘਪਲੇ ਦੇ ਹੁਣ ਗੁੱਝੇ ਭੇਤ ਖੁੱਲ੍ਹੇ ਹਨ ਜਿਸ ਨੇ ’ਵਰਸਿਟੀ ਦੇ ਹੋਸ਼ ਉੱਡਾ ਦਿੱਤੇ ਹਨ। ਬਠਿੰਡਾ ’ਵਰਸਿਟੀ ’ਚ ਪੇਪਰ ਲੀਕ ਦਾ ਗੋਰਖਧੰਦਾ ਸਾਲ ਤੋਂ ਚੱਲ ਰਿਹਾ ਸੀ ਜਿਸ ’ਚ ’ਵਰਸਿਟੀ ਦੀ ਕਬੱਡੀ ਟੀਮ ਦੇ ਦੋ ਖਿਡਾਰੀ ਵੀ ਸ਼ਾਮਿਲ ਸਨ। ’ਵਰਸਿਟੀ ਕੈਂਪਸ ਵਿਚਲੇ ਵਾਈਸ ਚਾਂਸਲਰ ਤੋਂ ਥੋੜੀ ਦੂਰੀ ’ਤੇ ਹੀ ਹੋਸਟਲ ਵਿਚ ਪੇਪਰ ਲੀਕ ਸਰਗਨਾ ਕੰਮ ਕਰ ਰਿਹਾ ਸੀ। ’ਵਰਸਿਟੀ ਦੀ ਉੱਚ ਪੱਧਰੀ ਟੀਮ ਨੇ ਜੋ ਪੜਤਾਲ ਰਿਪੋਰਟ ਬਠਿੰਡਾ ਪੁਲੀਸ ਨੂੰ ਭੇਜੀ ਹੈ, ਉਸ ਅਨੁਸਾਰ ਦਸੰਬਰ 2018 ਤੋਂ ਪੇਪਰ ਲੀਕ ਸਕੈਂਡਲ ਦਾ ਮੁੱਢ ਬੱਝਣ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਕਰੀਬ ਨੌ ਪੇਪਰ ਲੀਕ ਹੋਣ ਦੀ ਪਰਤ ਖੁੱਲ੍ਹੀ ਹੈ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਪੜਤਾਲ ਰਿਪੋਰਟ ਅਨੁਸਾਰ ਵਿਦਿਆਰਥੀਆਂ ਤੋਂ ਜੋ ਕਰੀਬ 15 ਮੋਬਾਇਲ ਫੋਨ ਫੜੇ ਗਏ ਸਨ, ਉਨ੍ਹਾਂ ਤੋਂ ਪੰਜ ਪੇਪਰ ਲੀਕ ਹੋਣ ਦੀ ਪੁਸ਼ਟੀ ਸਿੱਧੇ ਤੌਰ ’ਤੇ ਹੋ ਗਈ ਹੈ ਜਦੋਂ ਚਾਰ ਪੇਪਰ ਹੋਰ ਲੀਕ ਹੋਣ ਦੀ ਗੱਲ ਵਿਦਿਆਰਥੀ ਪੜਤਾਲ ਦੌਰਾਨ ਕਬੂਲ ਕਰ ਗਏ ਹਨ। ਉੱਚ ਪੱਧਰੀ ਕਮੇਟੀ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਵਾਈਸ ਚਾਂਸਲਰ ਨੂੰੰ ਸੌਂਪ ਦਿੱਤੀ ਸੀ ਜਿਨ੍ਹਾਂ ਨੇ ਪੜਤਾਲ ਰਿਪੋਰਟ ਅਤੇ ਫੜੇ ਮੋਬਾਇਲ ਫੋਨ ਬਠਿੰਡਾ ਪੁਲੀਸ ਹਵਾਲੇ ਕਰ ਦਿੱਤੇ ਹਨ। ਅਸਾਨੀ ਨਾਲ ਪੇਪਰ ਮਿਲਣ ਕਰਕੇ ਪ੍ਰਤੀ ਪੇਪਰ ਦਾ ਭਾਅ ਸਿਰਫ਼ 500 ਰੁਪਏ ਹੀ ਸੀ ਜੋ ਵੱਟਸਅਪ ਗਰੁੱਪ ਦੇ ਜਰੀਏ ਆਨਲਾਈਨ ਵਿਦਿਆਰਥੀਆਂ ਨੂੰ ਮਿਲਦਾ ਸੀ।
               ਦੱਸਣਯੋਗ ਹੈ ਕਿ ਪੇਪਰ ਲੀਕ ਸਕੈਂਡਲ ਉਦੋਂ ਫੜਿਆ ਗਿਆ ਜਦੋਂ 8 ਜਨਵਰੀ ਨੂੰ ਕੈਂਪਸ ਦੇ ਹੋਸਟਲ ਦੇ ਕਮਰੇ ਵਿਚ ਵਿਦਿਆਰਥੀ ਆਨਲਾਈਨ ਆਏ ਪੇਪਰ ਤੋਂ ਸਵਾਲਾਂ ਨੂੰ ਹੱਲ ਕਰ ਰਹੇ ਸਨ। ’ਵਰਸਿਟੀ ਨੇ ਪੇਪਰ ਕੈਂਸਲ ਕਰ ਦਿੱਤਾ ਸੀ ਅਤੇ ਮਾਮਲੇ ਦੀ ਪੜਤਾਲ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ ਜਿਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਪੜਤਾਲ ਰਿਪੋਰਟ ਨੇ ’ਵਰਸਿਟੀ ਦੀ ਕਾਰਗੁਜ਼ਾਰੀ ’ਤੇ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ। ਰਿਪੋਰਟ ਅਨੁਸਾਰ ਫੜੇ ਮੋਬਾਇਲਾਂ ਤੋਂ ਪੁਸ਼ਟੀ ਹੋਈ ਹੈ ਕਿ 5 ਦਸੰਬਰ ਨੂੰ ਡਿਜ਼ਾਇਨ ਆਫ਼ ਸਟੀਲ ਸਟਰੱਕਚਰ-1 ਦਾ ਪੇਪਰ, 13 ਦਸੰਬਰ ਨੂੰ ਟਰਾਂਸਪੋਟੇੇਸ਼ਨਲ ਇੰਜਨੀਅਰਿੰਗ-1 ਦਾ ਪੇਪਰ, 20 ਦਸੰਬਰ ਨੂੰ ਜੀਓਮੈਟਿਕਸ ਇੰਜਨੀਅਰਿੰਗ ਦਾ ਪੇਪਰ,8 ਜਨਵਰੀ ਨੂੰ 2020 ਨੂੰ ਇਨਵਾਇਰਨਮੈਂਟ ਇੰਜਨੀਅਰਿੰਗ ਦਾ ਪੇਪਰ ਲੀਕ ਹੋਇਆ।ਇਸ ਤੋਂ ਬਿਨ੍ਹਾਂ ਦੋ ਵਿਦਿਆਰਥੀਆਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਤੀਜੇ ਸਮੈਸਟਰ ਦੀ ਰੀਅਪੀਅਰ ਦੇ 10 ਅਤੇ 11 ਦਸੰਬਰ ਨੂੰ ਹੋਏ ਦੋ ਪੇਪਰ ਵੀ ਲੀਕ ਹੋਣ ਮਗਰੋਂ ਮਿਲੇ। ਪੜਤਾਲ ਰਿਪੋਰਟ ਅਨੁਸਾਰ ’ਵਰਸਿਟੀ ਟੀਮ ਦੇ ਕਬੱਡੀ ਖਿਡਾਰੀ ਸੁਨੀਲ ਕੁਮਾਰ ਜੋ ਕਿ ਕੇਸੀਟੀ ਕਾਲਜ ਲਹਿਰਾਗਾਗਾ ਦਾ ਵਿਦਿਆਰਥੀ ਹੈ, ਨੇ ਕਬੂਲ ਕੀਤਾ ਕਿ ਉਸ ਨੇ ਇਸੇ ਸੈਸ਼ਨ ਵਿਚ ਦੋ ਪੇਪਰ ਅਤੇ  ਦਸੰਬਰ 2018 ਵਿਚ ਹਿਸਾਬ ਦਾ ਪੇਪਰ ਲੀਕ ਹੋਣ ਮਗਰੋਂ ਹਾਸਲ ਹੋਇਆ ਸੀ।
              ’ਵਰਸਿਟੀ ਦੇ ਕਬੱਡੀ ਖਿਡਾਰੀ ਸੰਦੀਪ ਨੂੰ ਵੀ ਇੱਕ ਪੇਪਰ 8 ਜਨਵਰੀ ਨੂੰ ਮਿਲਿਆ ਸੀ। ਸੁਨੀਲ ਨੇ ਇੱਕ ਕੈਂਪ ਦੌਰਾਨ ਸੰਦੀਪ ਨੂੰ ਇੱਕ ਮਨਜੀਤ ਸੰਗਤਪੁਰਾ ਨਾਮ ਦੇ ਵਿਅਕਤੀ ਨੂੰ ਮਿਲਾਇਆ ਸੀ ਜਿਸ ਨੇ ਲੀਕ ਪੇਪਰ ਅੱਗੇ ਭੇਜਿਆ ਸੀ।ਪੜਤਾਲ ਅਨੁਸਾਰ ਜਿਉਂ ਹੀ ਪੇਪਰ ਸ਼ੁਰੂ ਹੋਣ ਤੋਂ ਕਰੀਬ 40 ਮਿੰਟ ਪਹਿਲਾਂ ਪੇਪਰ ਲੀਕ ਮਿਲਦਾ ਸੀ ਤਾਂ ਇਸ ਸਰਗਨੇ ਵਲੋਂ ਇੱਕ ਵਿਸ਼ੇਸ਼ ਵੱਟਸਐਪ ਗਰੁੱਪ ਬਣਾਇਆ ਜਾਂਦਾ ਸੀ ਜਿਸ ਵਿਚ ਪ੍ਰਤੀ ਵਿਦਿਆਰਥੀ 500 ਰੁਪਏ ਲੈ ਕੇ ਐਡ ਕਰ ਲਿਆ ਜਾਂਦਾ ਸੀ। ਗਰੁੱਪ ਵਿਚ ਪੇਪਰ ਭੇਜਣ ਮਗਰੋਂ ਵਿਸ਼ੇਸ਼ ਗਰੁੱਪ ਸ਼ਾਮ ਵਕਤ ਡਲੀਟ ਕਰ ਦਿੱਤਾ ਜਾਂਦਾ ਸੀ। ਗਰੁੱਪ ਵਿਚ ਲੀਕ ਪੇਪਰ ਦੇ ਹੱਲ ਕੀਤੇ ਸੁਆਲ ਵੀ ਪਾਏ ਜਾਂਦੇ ਸਨ। ਗਰੁੱਪ ਨੂੰ ਹਰ ਨਵੇਂ ਪੇਪਰ ਸਮੇਂ ਵੱਖਰਾ ਨਾਮ ਦਿੱਤਾ ਜਾਂਦਾ ਸੀ ਜਿਵੇਂ ਗਰੱੁਪ ਸਿਵਲ, ਐਸ.ਏ, ਗਰੁੱਪ, ਕੇਕੇ, ਗਰੁੱਪ ਕੇ ਆਦਿ। ਮਕੈਨੀਕਲ ਦੇ ਸੱਤਵੇਂ ਸਮੈਸਟਰ ਦਾ ਵਿਦਿਆਰਥੀ ਰਵੀ ਕੁਮਾਰ ਵੀ ਇਸ ’ਚ ਸ਼ਾਮਿਲ ਹੈ ਜਿਸ ਤੋਂ ਸ਼ੱਕ ਹੈ ਕਿ ਮਕੈਨੀਕਲ ਦੇ ਪੇਪਰ ਵੀ ਲੀਕ ਹੁੰਦੇ ਰਹੇ ਹਨ ਜੋ ਵਿਸਥਾਰਤ ਪੜਤਾਲ ਵਿਚ ਸਾਹਮਣੇ ਆਵੇਗਾ। ਲਹਿਰਾਗਾਗਾ ਦੇ ਕੇਸੀਟੀ ਕਾਲਜ ਦੇ ਸਹਾਇਕ ਪ੍ਰੋ. ਕਰਮਪਾਲ ਪੁਰੀ ਨੇ ਲਿਖਤੀ ਰੂਪ ਵਿਚ ਕਬੂਲ ਕੀਤਾ ਕਿ ਉਸ ਨੇ 8 ਜਨਵਰੀ ਨੂੰ ਪ੍ਰਸ਼ਨ ਪੱਤਰ ਦੀ ਫੋਟੋ ਖਿੱਚ ਕੇ ਪਿੰਡ ਸੰਗਤਪੁਰਾ ਦੇ ਮਨਜੀਤ ਸਿੰਘ ਨੂੰ ਭੇਜੀ ਸੀ। ਸੂਤਰ ਆਖਦੇ ਹਨ ਕਿ ਆਨਲਾਈਨ ਪੇਪਰ ਲੀਕ ਹੋਰਨਾਂ ਕਾਲਜਾਂ ਵਿਚ ਵੀ ਹੁੰਦੇ ਰਹੇ ਹੋਣਗੇ।
       ਹੁਣ ਤੱਕ ਡੇਢ ਦਰਜਨ ਵਿਦਿਆਰਥੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਕੀ ਦੂਸਰੇ ਕਾਲਜਾਂ ਵਿਚ ਵੀ ਪੇਪਰ ਲੀਕ ਹੁੰਦੇ ਰਹੇ ਹਨ,ਪੜਤਾਲ ਹੋਣੀ ਬਾਕੀ ਹੈ। ਇਸ ਸਕੈਂਡਲ ਨੇ ’ਵਰਸਿਟੀ ਦੀ ਕਰੋੜਾਂ ਰੁਪਏ ਖਰਚ ਕੇ ਬਣਾਈ ਆਲੀਸ਼ਾਨ ਇਮਾਰਤ ’ਤੇ ਧੱਬਾ ਲਾ ਦਿੱਤਾ ਹੈ। ਬਠਿੰਡਾ ਪੁਲੀਸ ਤਰਫ਼ੋਂ ਮਾਮਲੇ ਦੀ ਪੜਤਾਲ ਡੀ.ਐਸ.ਪੀ (ਸਿਟੀ-ਟੂ) ਆਸ਼ਵੰਤ ਸਿੰਘ ਧਾਲੀਵਾਲ ਕਰ ਰਹੇ ਹਨ ਜਿਨ੍ਹਾਂ ਨੇ ਬੀਤੇ ਕੱਲ ’ਵਰਸਿਟੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਇਸੇ ਦੌਰਾਨ ’ਵਰਸਿਟੀ ਦੇ ਵਾਈਸ ਚਾਂਸਲਰ ਨੇ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਹੈ ਜੋ ਸੁਝਾਓ ਦੇਵੇਗੀ ਕਿ ਪੇਪਰ ਲੀਕ ਹੋਣ ਤੋਂ ਭਵਿੱਖ ਵਿਚ ਕਿਵੇਂ ਰੋਕੇ ਜਾ ਸਕਦੇ ਹਨ।ਗੌਰਤਲਬ ਹੈ ਕਿ ਪੰਜਾਬੀ ਟ੍ਰਿਬਿਊਨ ਤਰਫੋਂ ਇਸ ਮਾਮਲੇ ਨੂੰ ਬੇਪਰਦ ਕੀਤਾ ਗਿਆ ਸੀ ਅਤੇ ਬਠਿੰਡਾ ਪੁਲੀਸ ਨੇ ਸਹਾਇਕ ਪ੍ਰੋ. ਕਰਮਪਾਲ ਪੁਰੀ ਵਾਸੀ ਦਾਤੇਵਾਸ ਜ਼ਿਲ੍ਹਾ ਮਾਨਸਾ ਅਤੇ ਮਨਜੀਤ ਸਿੰਘ ਵਾਸੀ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਧਾਰਾ 409, 34 ਆਈ.ਪੀ. ਸੀ ਤਹਿਤ ਮੁਕੱਦਮਾ ਨੰਬਰ 9 ਦਰਜ ਕਰ ਲਿਆ ਹੈ। ਪੱਖ ਲੈਣ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵਾਰ ਵਾਰ ਫੋਨ ਕੀਤਾ ਜੋ ਉਨ੍ਹਾਂ ਚੁੱਕਿਆ ਨਹੀਂ।
                       ਤਕਨੀਕੀ ਨੁਕਤੇ ਤੋਂ ਜਾਂਚ ਹੋਏਗੀ : ਧਾਲੀਵਾਲ
ਡੀ.ਐਸ.ਪੀ (ਸਿਟੀ-ਟੂ) ਸ੍ਰੀ ਆਸ਼ਵੰਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ’ਵਰਸਿਟੀ ਤਰਫੋਂ ਪੜਤਾਲ ਰਿਪੋਰਟ ਮਿਲ ਗਈ ਹੈ ਅਤੇ ਨਾਲ ਹੀ ਮੌਕੇ ਤੋਂ ਬਰਾਮਦ ਮੋਬਾਇਲ ਫੋਨ ਵੀ ਮਿਲੇ ਹਨ ਜਿਨ੍ਹਾਂ ਦੀ ਤਕਨੀਕੀ ਮਾਹਿਰਾਂ ਤੋਂ ਜਾਂਚ ਕਰਾਈ ਜਾਵੇਗੀ। ਉਨ੍ਹਾਂ ਨੇ ’ਵਰਸਿਟੀ ਕੈਂਪਸ ਦਾ ਦੌਰਾ ਵੀ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਪੜਤਾਲ ’ਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ।



                         ਬਚਪਨ ’ਤੇ ਸੁਆਲ 
        ਨਿੱਕੇ ਬਾਲਾਂ ਦੀ ਧਾਰਮਿਕ ਸ਼ਨਾਖਤ ! 
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਬੱਚਿਆਂ ਦੀ ਹੁਣ ਧਰਮ ਦੇ ਅਧਾਰ ’ਤੇ ਸ਼ਨਾਖ਼ਤ ਹੋਣ ਲੱਗੀ ਹੈ ਜਿਸ ਤੋਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਤਰਫ਼ੋਂ ਜ਼ੁਬਾਨੀ ਹੁਕਮਾਂ ਨਾਲ ਇਨ੍ਹਾਂ ਬੱਚਿਆਂ ਦਾ ਅੰਕੜਾ ਇਕੱਠਾ ਕੀਤਾ ਜਾ ਰਿਹਾ ਹੈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਇਸ ਤੋਂ ਅਣਜਾਣ ਹੈ ਪ੍ਰੰਤੂ ਇਸ ਵਿਭਾਗ ਦੇ ਫੀਲਡ ਅਧਿਕਾਰੀ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਬੱਚਿਆਂ ਦੀ ਧਰਮ ਦੇ ਅਧਾਰ ’ਤੇ ਸ਼ਨਾਖ਼ਤ ਕਰਨ ਵਿਚ ਜੁਟ ਗਏ ਹਨ। ਇਸੇ ਦੌਰਾਨ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਫਿਰਕੂ ਅਧਾਰ ’ਤੇ ਕੋਈ ਅੰਕੜਾ ਮੁਹੱਈਆ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਮਨਜੀਤ ਸਿੰਘ ਰਾਏ ਜੋ ਕਿ ਕਰੀਬ ਵੀਹ ਸਾਲ ਤੋਂ ਭਾਜਪਾ ਦੇ ਸੀਨੀਅਰ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ, ਨੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਨੇ ਮੀਟਿੰਗਾਂ ਵਿਚ ਇਹ ਵੇਰਵੇ ਮੰਗੇ ਹਨ। ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਵਿਚ ਸਮਾਜਿਕ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੇ ਵਟਸਐਪ ਸੁਨੇਹਾ ਭੇਜ ਕੇ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਸਿੱਖ, ਇਸਾਈ, ਬੋਧੀ, ਜੈਨੀ,ਪਾਰਸੀ ਤੇ ਮੁਸਲਿਮ ਬੱਚਿਆਂ ਦੀ ਗਿਣਤੀ ਧਰਮ ਵਾਈਜ ਪੁੱਛੀ ਹੈ। ਆਂਗਣਵਾੜੀ ਵਰਕਰ ਇਹ ਵੇਰਵੇ ਇਕੱਠੇ ਕਰਨ ਵਿਚ ਜੁਟ ਗਏ ਹਨ। ਜਿਉਂ ਹੀ ਇਹ ਸੁਨੇਹਾ ਪੁੱਜੇ ਤਾਂ ਕਾਫ਼ੀ ਹਲਚਲ ਸ਼ੁਰੂ ਹੋ ਗਈ ਹੈ।
       ਜ਼ਿਲ੍ਹਾ ਪ੍ਰੋਗਰਾਮ ਅਫਸਰ ਮੁਕਤਸਰ ਰਤਨਦੀਪ ਕੌਰ ਦਾ ਕਹਿਣਾ ਸੀ ਕਿ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਤਰਫ਼ੋਂ ਹਦਾਇਤ ਕੀਤੀ ਗਈ ਸੀ ਜਿਸ ਕਰਕੇ ਉਹ ਵੱਖ ਵੱਖ ਧਰਮਾਂ ਦੇ ਆਂਗਣਵਾੜੀ ਸੈਂਟਰਾਂ ਵਿਚ ਪੜ੍ਹਦੇ ਬੱਚਿਆਂ ਦੀ ਗਿਣਤੀ ਇਕੱਠੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਇਹ ਯੂਨੀਵਰਸਲ ਸਕੀਮ ਹੈ ਅਤੇ ਇਸ ਤੋਂ ਪਹਿਲਾਂ ਧਰਮ ਵਾਈਜ ਕਦੇ ਕੋਈ ਅੰਕੜੇ ਨਹੀਂ ਮੰਗੇ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੇਰਵੇ ਵਿਭਾਗ ਤਰਫ਼ੋਂ ਨਹੀਂ ਮੰਗੇ ਗਏ ਹਨ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ ਅਵਤਾਰ ਕੌਰ ਦਾ ਕਹਿਣਾ ਸੀ ਕਿ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਮੀਟਿੰਗਾਂ ਵਿਚ ਹਦਾਇਤ ਕੀਤੀ ਸੀ ਕਿ ਘੱਟ ਗਿਣਤੀ ਦੇ ਬੱਚਿਆਂ ਦੀ ਧਰਮ ਵਾਈਜ ਵੇਰਵੇ ਇਕੱਠੇ ਕਰਕੇ ਭੇਜੇ ਜਾਣ ਜਿਸ ਕਰਕੇ ਉਹ ਅੰਕੜੇ ਇਕੱਠੇ ਕਰ ਰਹੇ ਹਨ। ਕਈ ਆਂਗਣਵਾੜੀ ਵਰਕਰਾਂ ਨੇ ਆਖਿਆ ਕਿ ਜਦੋਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਤੋਂ ਧਰਮ ਬਾਰੇ ਪੁੱਛਿਆ ਤਾਂ ਉਹ ਸੁਆਲ ਕਰਨ ਲੱਗੇ ਹਨ ਅਤੇ ਫਿਕਰਮੰਦ ਹੋ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ 27,289 ਆਂਗਣਵਾੜੀ ਸੈਂਟਰ ਹਨ ਜਿਨ੍ਹਾਂ ਵਿਚ ਕਰੀਬ 50,484 ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦੀ ਤਾਇਨਾਤੀ ਹੈ। ਇਨ੍ਹਾਂ ਸੈਂਟਰਾਂ ਵਿਚ ਕਰੀਬ 5.48 ਲੱਖ ਬੱਚੇ ਦਾਖਲ ਹਨ।
               ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਧਰਮ ਨੂੰ ਅਧਾਰ ਬਣਾ ਕੇ ਏਦਾਂ ਦੀ ਰਿਪੋਰਟ ਪਹਿਲਾਂ ਕਦੇ ਵੀ ਨਹੀਂ ਮੰਗੀ ਗਈ ਹੈ। ਇਸ ਤਰ੍ਹਾਂ ਦੀ ਆਂਗਣਵਾੜੀ ਵਰਕਰਾਂ ਨੂੰ ਰਿਪੋਰਟ ਨਾ ਦੇਣ ਲਈ ਆਖ ਦਿੱਤਾ ਹੈ ਕਿਉਂਕਿ ਇਸ ਨਾਲ ਮਾਪੇ ਵੀ ਵਰਕਰਾਂ ’ਤੇ ਸੁਆਲ ਖੜ੍ਹੇ ਕਰਨ ਲੱਗੇ ਹਨ। ਉਨ੍ਹਾਂ ਆਖਿਆ ਕਿ ਜਦੋਂ ਦੇਸ਼ ਵਿਚ ਨਾਗਰਿਕਤਾ ਕਾਨੂੰਨ ਦਾ ਰੌਲਾ ਰੱਪਾ ਪਿਆ ਹੋਇਆ ਹੈ ਤਾਂ ਉਸ ਮੌਕੇ ਮਾਪਿਆਂ ਦੇ ਮਨਾਂ ਵਿਚ ਹੋਰ ਤੌਖਲੇ ਖੜ੍ਹੇ ਹੋ ਗਏ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦਾ 15 ਨੁਕਾਤੀ ਪ੍ਰੋਗਰਾਮ ਸਾਲ 2005 ਤੋਂ ਚੱਲ ਰਿਹਾ ਹੈ। ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਵਾਸਤੇ ਕੇਂਦਰੀ ਯੂਨੀਵਰਸਲ ਸਕੀਮਾਂ ਹਨ , ਨਾ ਕਿ ਘੱਟ ਗਿਣਤੀ ਹੋਣ ਕਰਕੇ।ਸਮਾਜਿਕ ਸੁਰੱਖਿਆ ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਦਾ ਕਹਿਣਾ ਸੀ ਕਿ ਵਿਭਾਗ ਤਰਫ਼ੋਂ ਕਿਸੇ ਵੀ ਸੈਂਟਰ ਤੋਂ ਏਦਾਂ ਦੀ ਕੋਈ ਤਫਸ਼ੀਲ ਨਹੀਂ ਮੰਗੀ ਹੈ ਜਿਸ ਬਾਰੇ ਨਾ ਲਿਖਤੀ ਤੇ ਨਾ ਕੋਈ ਜੁਬਾਨੀ ਹੁਕਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।
                       ਗਲਤ ਮਤਲਬ ਨਾ ਕੱਢਿਆ ਜਾਵੇ : ਰਾਏ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਵਿਚ ਆਂਗਣਵਾੜੀ ਸੈਂਟਰ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਨੇ ਪੰਜਾਬ ਭਰ ਦਾ ਦੌਰਾ ਕਰਕੇ ਘੱਟ ਗਿਣਤੀ ਦੇ ਬੱਚਿਆਂ ਦੇ ਵੇਰਵਾ ਮੰਗੇ ਹਨ ਜਿਨ੍ਹਾਂ ਵਿਚ ਛੇ ਘੱਟ ਗਿਣਤੀਆਂ ਸ਼ਾਮਿਲ ਹਨ। ਉਨ੍ਹਾਂ ਨੇ ਇਹ ਵੇਰਵੇ ਬੱਚਿਆਂ ਨੂੰ ਮਿਲਦੇ ਲਾਭ ਜਾਣਨ ਦੇ ਨਜ਼ਰੀਏ ਤੋਂ ਮੰਗੇ ਹਨ ਜਿਸ ਦਾ ਕੋਈ ਗਲਤ ਮਤਲਬ ਨਹੀਂ ਕੱਢਿਆ ਜਾਣਾ ਬਣਦਾ ਹੈ। ਘੱਟ ਗਿਣਤੀ ਦੇ ਬੱਚਿਆਂ ਨੂੰ ਮਿਲਦੇ ਲਾਂਭ ਦੀ ਸਮੀਖਿਆ ਕੀਤੀ ਜਾਣੀ ਹੈ।
 

Sunday, January 19, 2020

                          ਵਿਚਲੀ ਗੱਲ    
            ਢੂੰਡਤੇ ਰਹਿ ਜਾਓਗੇ...
                           ਚਰਨਜੀਤ ਭੁੱਲਰ
ਬਠਿੰਡਾ : ‘ਮਹਾਰਾਜਾ’ ਪ੍ਰਕਾਸ਼ ਸਿੰਘ ਬਾਦਲ ਕਿਧਰ ਗੁਆਚ ਗਏ। ‘ਜਥੇਦਾਰ’ ਅਮਰਿੰਦਰ ਸਿੰਘ ਵੀ ਕਿਤੇ ਲੱਭਦੇ ਨਹੀਂ। ਤੁਸੀਂ ਕਿਹੜਾ ਭੁੱਲੇ ਹੋ, ਗੱਲ ਹੈ ਤਾਂ ਸੋਲ਼ਾਂ ਆਨੇ ਸੱਚ। ਵੱਡੇ ਬਾਦਲ ਜਦੋਂ ਵੱਡੀ ਕੁਰਸੀ ’ਤੇ ਤੀਜੀ ਦਫ਼ਾ ਬੈਠੇ। ਗੱਜ ਵੱਜ ਕੇ ਬੋਲੇ, ‘ਰਾਜ ਦਿਆਂਗਾ ਮਹਾਰਾਜਾ ਰਣਜੀਤ ਸਿੰਘ ਵਰਗਾ’। ਇਉਂ ਬਣੇ ਵੱਡੇ ਬਾਦਲ ‘ਮਹਾਰਾਜਾ’। ਜਿਨ੍ਹਾਂ ਪਿੰਡ ਬਾਦਲ ਵਾਲਾ ਮਹਿਲ ਦੇਖਿਆ। ਉਨ੍ਹਾਂ ਨੂੰ ਕੋਈ ਸ਼ੱਕ ਵੀ ਨਹੀਂ। ਅਮਰਿੰਦਰ ਜੱਦੀ ਪੁਸ਼ਤੀ ਮਹਾਰਾਜਾ ਨੇ। ਜਦੋਂ ਅਕਾਲੀ ਦਲ ਤਰਫ਼ੋਂ ਵਜ਼ੀਰ ਬਣੇ। ਉਦੋਂ ਕਈ ਪੇਂਡੂ ਬਜ਼ੁਰਗ ‘ਜਥੇਦਾਰ’ ਆਖ ਬੁਲਾਉਂਦੇ। ਅਮਰਿੰਦਰ ਸਿਓ..ਨਰਾਜ਼ ਨਹੀਂ ਹੁੰਦੇ ਸਨ। ਦੇਖਿਓ ਹੁਣ ਕਿਤੇ ਬੁਰਾ ਨਾ ਮਨਾ ਜਾਣ। ਪੰਜਾਬ ਦੇ ਲੋਕ ਜਰੂਰ ਬੁਰਾ ਮੰਨ ਗਏ ਨੇ। ‘ਬਾਪੂ ਸਾਡਾ ਘਰ ਨਹੀਂ..’। ਪੰਜਾਬ ਦਾ ਸਿਆਸੀ ਬਾਪੂ ਗੁਆਚ ਗਿਐ। ਖੂੰਡੇ ਦੀ ਤਾਂ ਗੱਲ ਛੱਡੋ। ਪੰਜਾਬ ਲਾਲਟੈਨ ਚੁੱਕੀ ਫਿਰਦੈ। ਕਿਤੋਂ ਖੂੰਡੇ ਵਾਲਾ ਰਾਜਾ ਮਿਲ ਜਾਏ। ਕਾਂਗਰਸੀ ਸੱਥਾਂ ’ਚ ਖੜਨ ਜੋਗੇ ਨਹੀਂ ਛੱਡੇ। ਵਿਆਹਾਂ-ਭੋਗਾਂ ’ਤੇ ਜਾਣ ਜੋਗੇ ਰਹਿ ਗਏ। ਬਠਿੰਡਾ ਦੇ ਪਿੰਡ ਝੁੰਬਾਂ ਵਾਲੇ ਸਿਰੇ ਦੇ ਮਖ਼ੌਲੀ ਨੇ। ਇਉਂ ਟਿੱਚਰਾਂ ਕਰਦੇ ਨੇ.. ਕੋਰ ਕੰਡੇ, ਚੂਹੇ ਲੰਡੇ.. ਹਾਲ਼ੀਓ ਪਾਲੀਓ.. ਕਿਤੇ ਸਾਡਾ ਰਾਜਾ ਵੇਖਿਆ ਹੋਵੋ..। ਕਾਂਗਰਸੀ ਕਿਥੋਂ ਪੈੜ ਲੱਭਣ, ਕੰਨ ਝਾੜ ਕੇ ਤੁਰ ਜਾਂਦੇ ਨੇ। ਰਾਜ ਭਾਗ ਦੇ ਤਿੰਨ ਵਰੇ੍ਹ ਪੂਰੇ ਹੋਣ ਵਾਲੇ ਨੇ। ਕਿਤੇ ਟੱਕਰੇ ਤਾਂ ਹਾਲ ਸੁਣਾਵਾਂ.. ਪੰਜਾਬ ਢਿੱਡ ਕਿਥੇ ਫਰੋਲੇ। ਪੰਜਾਬ ਦੇ ਕਿੰਨੇ ਹੀ ਜ਼ਿਲ੍ਹੇ ਹਨ। ਜਿਥੇ ਮੁੱਖ ਮੰਤਰੀ ਨੇ ਹਾਲੇ ਪੈਰ ਨਹੀਂ ਪਾਏ।
        ਨਵਜੋਤ ਸਿੱਧੂ ਗੁਆਚ ਗਿਆ। ਸੰਨੀ ਦਿਉਲ ਵੀ। ਨਾਲੇ ਸੁਖਪਾਲ ਖਹਿਰਾ ਵੀ। ਪ੍ਰਤਾਪ ਬਾਜਵਾ ਹੁਣੇ ਪ੍ਰਗਟ ਹੋਇਐ। ਬਾਜਵਾ ਗੱਜਿਐ.. ‘ਅਮਰਿੰਦਰ ਲੋਕਾਂ ਨੂੰ ਨਹੀਂ ਮਿਲਦੇ, ਅਫਸਰੀ ਰਾਜ ਚੱਲ ਰਿਹੈ।’ ਕਾਂਗਰਸੀ ਖੁਸ਼ ਨੇ, ਢਿੱਡ ਦੀ ਗੱਲ ਜੋ ਕੀਤੀ। ਪਟਿਆਲੇ ਵਾਲੇ ਚਾਰੋ ਐਮ.ਐਲ.ਏ। ਰੌਲਾ ਪਾਉਂਦੇ ਘਸ ਗਏ। ਮਹਿਲਾਂ ਨੇ ਟਿੱਚ ਕਰਕੇ ਜਾਣਿਆ। ਸਾਰੇ ਵਿਧਾਇਕ ਹੁਣ ਤਿੰਨ ਸਾਲਾਂ ਮਗਰੋਂ ਦਰਸ਼ਨ ਕਰ ਰਹੇ ਨੇ। ਅਮਰਿੰਦਰ ’ਕੱਲੇ ’ਕੱਲੇ ਵਿਧਾਇਕ ਨੂੰ ਮਿਲ ਰਿਹੈ। ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ..। ਪੰਜਾਬ ਦੀਦਾਰਾਂ ਨੂੰ ਤਰਸਿਐ। ਬੇਰੁਜ਼ਗਾਰਾਂ ਨੇ ਮੋਰਚੇ ਲਾਏ ਨੇੇ। ਨੌਕਰੀ ਮੰਗਣ ਨਹੀਂ, ਮਿਲਣ ਦਾ ਸਮਾਂ ਲੈਣ ਲਈ। ਅਮਰਿੰਦਰ ਨੇ ਉਹ ਵੀ ਨਹੀਂ ਦਿੱਤਾ। ਨੌਜਵਾਨ ਮਜਬੂਰ ਹਨ, ਆਖ ਰਹੇ ਨੇ.. ਨਾ ਦਿਓ ਮੋਬਾਇਲ, ਨਾ ਦਿਓ ਨੌਕਰੀ, ਨਾ ਦਿਓ ਕੋਈ ਭੱਤਾ, ਦਰਸ਼ਨ ਤਾਂ ਦੇ ਦਿਓ। ਅਗਲਿਆਂ ਨੇ ਪੰਜਾਬ ਭਰ ’ਚ ਫਲੈਕਸ ਲਾ ਦਿੱਤੇ। ਉਪਰ ਮੁੱਖ ਮੰਤਰੀ ਦੀ ਵੱਡੀ ਸਾਰੀ ਫੋਟੋ। ਲਓ ਕਰ ਲੋ ਖੁੱਲ੍ਹ ਕੇ ਦਰਸ਼ਨ। ਫੌਜੀ ਵਚਨਾਂ ਦੇ ਪੱਕੇ ਹੁੰਦੇ ਨੇ। ਉਪਰੋਂ ਗੁਟਕਾ ਸਾਹਿਬ ਦੀ ਸਹੁੰ। ਦਸਮ ਪਿਤਾ ਦੇ ਚਰਨਾਂ ਦੀ ਸਹੁੰ। ਬਠਿੰਡਾ ’ਚ ‘ਬਦਲਾਓ ਰੈਲੀ’ ਹੋਈ। ਚਾਰ ਸਾਲ ਪਹਿਲਾਂ। ਅਮਰਿੰਦਰ ਨੇ ਉਂਗਲਾਂ ’ਤੇ ਗਿਣਾਏ, ‘ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ’। ਅੱਗੇ ਇੰਝ ਬੋਲੇ.. ਪਹਿਲਾਂ ਬਾਦਲਾਂ ਦੀ ਕੇਬਲ ਬੰਦ ਕਰੂ, ਫਿਰ ਬੱਸਾਂ..ਸਭ ਰੂਟ ਨੌਜਵਾਨਾਂ ਨੂੰ ਵੰਡੂ।
               ਉਦੋਂ ਹੀ.. ਸਟੇਜ ਤੋਂ ਅਮਰਿੰਦਰ ਨੇ ਹੱਥ ਧੋਤੇ, ਗੁਟਕਾ ਸਾਹਿਬ ਫੜਿਆ, ਸਹੁੰ ਚੁੱਕੀ। ਉਪਰੋਂ ਬੇਅਦਬੀ ਮਾਮਲੇ ’ਤੇ ਰੋਹ ਦਿਖਾਇਆ। ਪੰਜਾਬੀ ਜਲਦੀ ਪਿਘਲਦੇ ਨੇ। ਭਰੋਸਾ ਕਿਵੇਂ ਨਾ ਕਰਦੇ, ਪਹਿਲੋਂ ਅਮਰਿੰਦਰ ਨੇ ਬੋਲ ਪੁਗਾਏ ਸਨ। ਪੰਜਾਬ ਨੇ ਮੁੜ ਤਖਤ ਬਖ਼ਸ਼ ਦਿੱਤਾ। ਹੁਣ ਵੇਲਾ ਹੱਥ ਨਹੀਂ ਆ ਰਿਹਾ। ਕਿਸ ਨੂੰ ਉਲਾਂਭਾ ਦੇਣ..‘ ਮਾਈ ਤੇਰੇ ਕੁੜਮਾਂ ਨੇ, ਮੇਰੇ ਕੰਮ ਦੀ ਕਦਰ ਨਾ ਪਾਈ।’ਤਿੰਨ ਸਾਲ ਥੋੜੇ ਨਹੀਂ ਹੁੰਦੇ। ਭਗਵੰਤ ਮਾਨ ਆਖਦੈ.. ਅਸੀਂ ਤਾਂ ਪਹਿਲੋਂ ਦੱਸ ਦਿੱਤਾ ਸੀ, ਫਰੈਂਡਲੀ ਮੈਚ ਹੈ। ‘ਆਪ’ ਵਾਲਾ ਕੁਲਤਾਰ ਸੰਧਵਾਂ। ਵਿਧਾਨ ਸਭਾ ਦੇ ਬਾਹਰ ਚੀਕਿਆ..‘ਬਿਜਲੀ ਸਮਝੌਤੇ ਰੱਦ ਨਹੀਂ ਹੁੰਦੇ, ਜਦੋਂ ਸਮਝੌਤਾ ਹੋਵੇ’। ਕਿੰਨਾ ਕੁ ਸੱਚ  ਹੈ, ਏਹ ਤਾਂ ਰੱਬ ਜਾਣਦੈ। ਪੰਜਾਬੀ ਆਖਦੇ ਨੇ.. ਹੁਣ ਕੋਈ ਫਰਕ ਨਹੀਂ ਪੈਂਦਾ, ਮਹਾਰਾਜਾ ਆਖੋ ਤੇ ਚਾਹੇ ਜਥੇਦਾਰ। ਕੁਝ ਨਹੀਂ ਬਦਲਿਆ। ਬਾਬਾ ਨਜ਼ਮੀ ਸੱਚ ਆਖਦੈ, ‘ਬਦਲ ਗਈਆਂ ਸ਼ਕਲਾਂ, ਰਾਗ ਪੁਰਾਣੇ ਨੇ/ਸੱਦੇ ਸਿਰਫ਼ ਨਵੇਂ ਨੇ, ਕਾਗ ਪੁਰਾਣੇ ਨੇ।’ ਪੁਰਾਣੀ ਭੱਲ ਮਹਾਰਾਜੇ ਦੀ ਗੁਆਚੀ ਹੈ। ਭਰੋਸਾ ਟੁੱਟਾ ਹੈ। ‘ਵਾਈਟ ਪੇਪਰ’ ਵੀ ਕਿੰਨਾ ਕੁ ਦੁੱਧ ਧੋਤਾ ਹੋਊ। ਗੱਲ ਹੁਣ ਬਣਨੀ ਨਹੀਂ। ਭਾਵੇਂ ਸੁਨੀਲ ਜਾਖੜ ਨੇ ਹੱਲਾਸ਼ੇਰੀ ਦਿੱਤੀ। ‘ਮੁੱਖ ਮੰਤਰੀ ਜੀ, ਸਿਕੰਦਰ ਬਣੋ ਤੇ ਤੋੜੋ ਬਿਜਲੀ ਸਮਝੌਤੇ।’ ਗਾਣੇ ਨੂੰ ਕੌਣ ਸਮਝਦੈ ‘ਇੱਥੋ ਹੋ ਹੋ ਗਏ ਕਲੰਦਰ, ਖਾਲੀ ਹੱਥੀਂ ਗਿਆ ਸਿਕੰਦਰ’।
      ਪੰਜਾਬ ਰੱਬ ਨੂੰ ਫੱੁਫੜ ਕਿਵੇਂ ਕਹੇ। ਏਨੀ ਪਹੁੰਚ ਹੀ ਨਹੀਂ। ਨਾ ਹੀ ਪੰਜਾਬ ਦੇ ਬਨੇਰੇ ਕਾਂ ਬੋਲਿਐ। ਵਾਅਦੇ ਕਿਸ ਦੇ ਚੇਤੇ ਨੇ। ਲੱਗਦੈ ‘ਮੈਮਰੀ ਪਲੱਸ’ ਦੇਣੀ ਪਊ। ਤਾਂ ਜੋ ਯਾਦ ਸ਼ਕਤੀ ਮੁੜੇ। ਕਾਂਗਰਸੀ ਦਬੀ ਆਵਾਜ਼ ’ਚ ਆਖਦੇ ਨੇ। ਖੁੱਲ੍ਹ ਕੇ ਰਾਜੇ ਨੂੰ ਕੌਣ ਕਹੇ.. ਚਾਪਲੂਸਾਂ ਤੋਂ ਬਚ ਕੇ ਰਹੋ। ਬੀਬੀ ਭੱਠਲ ਵੀ ਚੁੱਪ ਐ। ਅਫਸਰਾਂ ਨੇ ਵੀ ਬੋਲ ਕੇ ਕੀ ਲੈਣੈ। ਵਗਦੀ ਗੰਗਾ ’ਚ ਕੌਣ ਨਹੀਂ ਹੱਥ ਧੋਂਦਾ। ਸਤਲੁਜ ਦਰਿਆ ਦੀ ਗੱਲ ਅੱਗੇ ਕਰਾਂਗੇ। ਉਸ ਤੋਂ ਪਹਿਲਾਂ ਸੀਬੀਆਈ ਅਦਾਲਤ ਦੀ ਸੁਣੋ। ਪੰਚਕੂਲਾ ਅਦਾਲਤ ਨੇ ਵੱਢੀਖੋਰ ਥਾਣੇਦਾਰ ਨੂੰ ਸਜ਼ਾ ਸੁਣਾਈ।ਅਦਾਲਤ ਕਿਸ ਨਤੀਜੇ ’ਤੇ ਪਹੁੰਚੀ। ਉਹ ਵੀ ਜੱਜ ਤੋਂ ਸੁਣੋ, ‘ਵੱਢੀਖੋਰ ਦੋ ਕਿਸਮਾਂ ਦੇ ਹੁੰਦੇ ਨੇ, ਸ਼ਾਕਾਹਾਰੀ ਤੇ ਮਾਸਾਹਾਰੀ। ਜੋ ਬੇਕਿਰਕੀ ਨਾਲ ਲੁੱਟਣ, ਉਹ ਮਾਸਾਹਾਰੀ ਪ੍ਰਜਾਤੀ ਹੈ। ਹੁਣ ਪੰਜਾਬ ਦੱਸੇ, ਉਹ ਕਿਸ ਨਤੀਜੇ ’ਤੇ ਪੁੱਜੈ। ਪਿਛੋ ਕੋਈ ਬੋਲਿਐ, ਅਖੇ ਭੁੱਖੇ ਸ਼ੇਰਾਂ ਵਾਂਗੂ ਪੈ ਨਿਕਲੇ ਕਾਂਗਰਸੀ। ਕਿਸੇ ਦਾ ਕੁੜਮ, ਕਿਸੇ ਦਾ ਸਾਲਾ, ਕਿਸੇ ਦਾ ਪਤੀ ਤੇ ਕਿਸੇ ਦਾ ਮੁੰਡਾ। ਪੰਜਾਬ ਚੂੰਡਿਆ ਗਿਆ ਜਾਪਦੈ। ਅਫਸਰ ਕਿਸੇ ਨੂੰ ਥੜੇ੍ਹ ਨਹੀਂ ਚੜ੍ਹਨ ਦਿੰਦੇ। ਤਾਹੀਓਂ ਕਾਂਗਰਸੀ ਵਿਲਕ ਰਹੇ ਨੇ। ਮਲਵਈ ਐਸ.ਐਸ.ਪੀ ਦਾ ਢੰਗ ਦੇਖੋ। ਧਾਰਾ ਲਾਉਣ ਦੇ ਵੀ ਪੈਸੇ ਤੇ ਹਟਾਉਣ ਦੇ ਵੀ। ਬਿਨਾਂ ਪੱਖਪਾਤ ਤੋਂ ਲੈਂਦੈ। ਕਾਂਗਰਸੀ ਸਰਪੰਚ ਕਿਧਰ ਜਾਣ। ਜਦੋਂ ਫੰਡ ਹੀ ਨਹੀਂ, ਤਾਂ ਫਿਰ ਦਾਅ ਕਿਥੋਂ ਭਰੂ।
              ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮਾਲ ਮੰਤਰੀ ’ਤੇ ਉਂਗਲ ਉਠਾਈ। ਪਟਿਆਲੇ ਵੱਲ ਹੁਣੇ ਦੋ ਨਾਇਬ ਤਹਿਸੀਲਦਾਰ ਫੜੇ ਗਏ। ਐਮ.ਐਲ.ਏ ਸਤੁਰਾਣਾ ਦੇ ਬੰਦੇ ਨੂੰ ਵੱਢੀਖੋਰੀ ’ਚ 50 ਫੀਸਦੀ ਛੋਟ ਮਿਲ ਜਾਣੀ ਸੀ। ਸਤੁਰਾਣਾ ਨੇ ਸ਼ਾਕਾਹਾਰੀ ਅਫਸਰ ਦੀ ਕਦਰ ਹੀ ਨਹੀਂ ਪਾਈ। ਇੱਕ ਕਾਂਗਰਸੀ ਕੁੜਮ ਦੀ ਬੜੀ ਚਰਚੈ। ਜਿਵੇਂ ਪਹਿਲੇ ਸਮਿਆਂ ’ਚ ਜਥੇਦਾਰਾਂ ਦੀ ਸੀ। ਸਰਹੱਦੀ ਜ਼ਿਲ੍ਹੇ ’ਚ ਇੱਕ ਨੇਤਾ ਦਾ ਸਾਲਾ, ਇੱਕ ਦਾ ਪਤੀ ਤੇ ਇੱਕ ਨੇਤਾ ਖੁਦ, ਸਤਲੁਜ ਦਰਿਆ ਨੂੰ ਪੈ ਨਿਕਲੇ ਨੇ। ਅਜਨਾਲਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ’ਚ ਇਵੇਂ ਹੀ ਚੱਲ ਰਿਹੈ। ਇਕੱਲੇ ਫਿਰੋਜ਼ਪੁਰ ’ਚ 13 ਗ਼ੈਰਕਨੂੰਨੀ ਖੱਡਾਂ ਨੇ। ਰੇਤ ਮਾਫ਼ੀਆ ਨਵੇਂ ਬਸਤਰਾਂ ’ਚ ਆਇਆ। ਪਹਿਲਾਂ ਰਾਣਾ ਗੁਰਜੀਤ ਨੂੰ ਅਸਤੀਫ਼ਾ ਦੇਣਾ ਪਿਆ। ਮੰਤਰੀ ਸੰਤਰੀ ਸਭ ਜੁਟੇ ਹੋਏ ਨੇ। ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦੇ.. ਰੌਲਾ ਪੈ ਰਿਹਾ ਕਿ ਬਦਲੀਆਂ ਦਾ ਭਾਅ ਬੜੇ ਮਹਿੰਗਾ ਰੱਖਿਐ।ਵੱਡੇ ਅਫਸਰਾਂ ’ਚ ਦੌੜ ਲੱਗੀ ਹੋਈ ਹੈ। ਸਭ ਦੇ ਖ਼ਜ਼ਾਨੇ ਭਰਪੂਰ ਨੇ, ਲੋਕਾਂ ਦਾ ਖਾਲੀ ਹੈ। ਬਿਗਾਨੇ ਹੱਥ ਖੇਤੀ ਬੱਤੀਆਂ ਦੇ ਤੇਤੀ। ਅਫਸਰ ਇਵੇਂ ਹੀ ਕਰ ਰਹੇ ਹਨ। ਸਭ ਮਾਸਾਹਾਰੀ ਪ੍ਰਜਾਤੀ ਚੋਂ ਲੱਗਦੇ ਨੇ। ਕੋਈ ਪੁੱਛਣ ਵਾਲਾ ਨਹੀਂ। ‘ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ’ ਸੁਖਜਿੰਦਰ ਰੰਧਾਵਾ ਐਵੇਂ ਨਹੀਂ ਬੋਲ ਰਿਹਾ। ਬਾਕੀ ਮੰਤਰੀ ਚੁੱਪ ਕਿਉਂ ਨੇ।
              ਵਿਜੀਲੈਂਸ ਦੇ ਅੜਿੱਕੇ ਠੇਕੇਦਾਰ ਭਾਪਾ ਤੇ ਪਹਿਲਵਾਨ ਆਇਐ। ਮਲਾਈ ਛਕਣ ਵਾਲੇ ਭਲਵਾਨ ਬਚ ਗਏ। 2002-2007 ’ਚ ਬਚ ਨਹੀਂ ਸਕੇ ਸਨ। ਹੁਣ ਖੂੰਡਾ ਹੀ ਗੁਆਚ ਗਿਆ। ਪੰਜਾਬ ਕਰੇ ਵੀ ਕੀ। ਵਿਜੀਲੈਂਸ ਕੇਸਾਂ ਦਾ ਅਦਾਲਤਾਂ ’ਚ ਹਾਲ ਵੇਖੋ, 65 ਫੀਸਦੀ ਵੱਢੀਖੋਰ ਸਾਫ ਬਚ ਰਹੇ ਨੇ। ਪੰਜਾਬ ਚੁੱਪ ਜਰੂਰ ਹੈ, ਬੇਸਮਝ ਨਹੀਂ। ਅਮਰਿੰਦਰ ਨੇ ਦਿਲ ਦੀ ਦੱਸੀ ‘ਜਦੋਂ ਤੱਕ ਹਰ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ, ਸਿਆਸਤ ਨਹੀਂ ਛੱਡਾਂਗਾ’। ਪੰਜਾਬ ਨੇ ਮੱਥੇ ’ਤੇ ਹੱਥ ਮਾਰਿਐ। ਵੱਡੇ ਬਾਦਲ ਨੂੰ ਕਿਸੇ ਪੁੱਛਿਐ, ਕਦੋਂ ਸੰਨਿਆਸ ਲਵੋਗੇ.. ਜੁਆਬ ਮਿਲਿਆ.. ‘ਛੱਡੋ ਕਾਕਾ ਜੀ।’ ਛੱਜੂ ਰਾਮ ਕੋਲ ਇੱਕ ਮਿੰਟ ਦੀ ਵਿਹਲ ਨਹੀਂ। ਪਿੰਡ ਪਿੰਡ ਤੁਰਿਆ ਫਿਰਦੈ। ਲੋਕਾਂ ਨੂੰ ਗੁਰਮੰਤਰ ਦੱਸ ਰਿਹੈ। ਅਖੇ ‘ਪਹਿਲਾਂ ਹੱਥ ਜੋੜ ਅਰਜ਼ ਕਰੋ’। ਗੱਲ ਫਿਰ ਨਾ ਬਣੇ, ਹੱਥਾਂ ਦੇ ਮੁੱਕੇ ਬਣਾ ਕਿਵੇਂ ਤਣਨੇ ਨੇ, ਲੋਕਾਂ ਨੂੰ ਪੈਂਤੜਾ ਸਮਝਾ ਰਿਹੈ।
   


Sunday, January 12, 2020

                         ਵਿਚਲੀ ਗੱਲ
        ਅਸੀਂ ਹੁਣ ਵੈਣ ਨਹੀਂ ਪਾਉਣੇ..!
                         ਚਰਨਜੀਤ ਭੁੱਲਰ
ਬਠਿੰਡਾ : ਜੰਮਦੀਆਂ ਸੂਲ਼ਾਂ ਦੇ ਮੂੰਹ ਕਿੰਨੇ ਕੁ ਤਿੱਖੇ ਹੁੰਦੇ ਨੇ। ਬਹੁਤਾ ਦੂਰ ਨਹੀਂ, ਦਿੱਲੀ ਚਲੇ ਜਾਓ। ਆਇਸ਼ੀ ਘੋਸ਼ ਨੂੰ ਦੇਖ ਲੈਣਾ, ਪਤਾ ਲੱਗ ਜਾਊ। ਦੇਖੋਗੇ ਤਾਂ ਕਹੋਗੇ, ਏਹ ਹੈ ਉਹ ਬੰਗਾਲੀ ਸ਼ੇਰ ਬੱਚੀ, ਜੀਹਨੇ ਮੱਥਾ ਸਿੱਧਾ ਦਿੱਲੀ ਨਾਲ ਲਾਇਐ। ਸਫ਼ੈਦਪੋਸ਼ਾਂ ਦਾ ਵੀ ਮੱਥਾ ਠਣਕਿਆ ਹੋਊ। ਨਕਾਬਪੋਸ਼ਾਂ ਦੀ ਏਨੀ ਮਜਾਲ ਕਿਥੇ ਸੀ। ਕੁੜੀ ਦਾ ਐਵੇਂ ਮੱਥਾ ਭੰਨ ਜਾਂਦੇ। ਲਹੂ-ਲੁਹਾਣ ਹੋ ਗਈ ਆਇਸ਼ੀ ਘੋਸ਼। ਮੱਥੇ ’ਤੇ ਬਲਦੀ ਮਸ਼ਾਲ ਨੂੰ ਆਂਚ ਨਾ ਆਈ। ਸੁਭਾਸ਼ ਚੰਦਰ ਬੋਸ ਵੀ ਬੰਗਾਲੀ ਸੀ। ਬੋਸ ਨੇ ਮੱਥੇ ਜਗਾਏ ਸਨ ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’। ਜਿੰਨੀ ਨਿੱਕੀ, ਓਨੀ ਤਿੱਖੀ। ਬੰਗਾਲੀ ਕੁੜੀ ਆਇਸ਼ੀ ਘੋਸ਼ ਗੱਜੀ। ‘ਦਿਓ ਫੀਸਾਂ ਦੀ ਪੰਡ ਤੋਂ ਆਜ਼ਾਦੀ’। ਨਕਾਬਪੋਸ਼ਾਂ ਨੇ ਖੂਨ ਦੀ ਤਤੀਰੀ ਵਗਾ ਦਿੱਤੀ। ਆਜ਼ਾਦੀ ਮੌਜੂਦਾ ਰਾਜ ਸੱਤਾ ਦੇ ਦਿੰਦੀ। ਸੁਭਾਸ਼ ਚੰਦਰ ਬੋਸ ਦੀ ਰੂਹ ਨਾ ਕਲਪਦੀ। ਦਿੱਲੀ ਦੀ ਜੇਐੱਨਯੂ ਤੋਂ ਕੌਣ ਨਹੀਂ ਵਾਕਫ਼। ਵਿਦਿਆਰਥੀ ਯੂਨੀਅਨ ਦੀ ਮਹਿਲਾ ਪ੍ਰਧਾਨ ਆਇਸ਼ੀ ਘੋਸ਼ ਨੂੰ ਹੁਣ ਸਾਰਾ ਜੱਗ ਜਾਣਦੈ। ਤੁਸੀਂ ਆਖਦੇ ਹੋ, ‘ਹਮ ਦੇਖੇਂਗੇ’। ਉਹ ਆਖਦੇ ਨੇ, ਦੇਸ਼ ਜਾਏ ਢੱਠੇ ਖੂਹ ਪਰ ‘ਹਮ ਨਹੀਂ ਦੇਖੇਂਗੇ’। ਨਾ ਅੱਗਾ, ਨਾ ਪਿੱਛਾ। ਵੈਸੇ ਆਇਸ਼ੀ ਘੋਸ਼ ਦਾ ਪਿਛੋਕੜ ਬੰਗਾਲ ਦਾ ਹੈ। ਹਕੂਮਤੀ ਘਰ ’ਚ ਘੁਸਰ-ਮੁਸਰ ਹੋਈ ਹੈ, ‘ਹੱਡੀਆਂ ਦੀ ਮੁੱਠ ਐ, ਏਹ ਕਿਹੜੇ ਬਾਗ ਦੀ ਮੂਲ਼ੀ ਹੈ।’  ਬਾਪ ਦੇਬਾਸ਼ੀਸ਼ ਘੋਸ਼ ਨੇ ਦੱਸਿਆ, ‘ਬੇਟੀ ਨਿੱਕੀ ਹੁੰਦੀ ਬੰਗਾਲੀ ਮਿੱਟੀ ’ਚ ਜ਼ਿਆਦਾ ਖੇਡ’। ਬੰਗਾਲੀ ਮਿੱਟੀ ਹੈ ਵੀ ਬੜੀ ਜ਼ਰਖੇਜ਼। ਬੰਗਾਲ ਦਾ ਸਟੀਲ ਸਿਟੀ ਦੁਰਗਾਪੁਰ, ਜਿਥੇ ਇਹ ਬੱਚੀ ਪੜ੍ਹੀ ਲਿਖੀ। ਲੋਹੇ ਦੀਆਂ ਰਾਡਾਂ ਤੋਂ ਕਿਥੇ ਡਰਨਾ ਸੀ।
               ਜਜ਼ਬਾ ਦੇਖ ਕੇ ਲੱਗਦੈ, ਬੰਗਾਲੀ ਕੁੜੀ ਮੂਲ਼ੀ ਨਹੀਂ, ਏਹ ਕੁੜੀ ਤਾਂ ਸੂਲੀ ਹੈ, ਸਫ਼ੈਦਪੋਸ਼ਾਂ ਲਈ, ਨਕਾਬਪੋਸ਼ਾਂ ਲਈ, ਨਾਲੇ ਤਖ਼ਤਪੋਸ਼ਾਂ ਲਈ। ਦਵਿੰਦਰ ਸਤਿਆਰਥੀ ਦਾ ਕਹਾਣੀ ਸੰਗ੍ਰਹਿ ‘ਕੁੰਗ ਪੋਸ਼’ ਹੈ, ਸ਼ਾਇਦ ਆਇਸ਼ੀ ਨੇ ਪੜ੍ਹਿਆ ਹੋਵੇ। ਜੇਕਰ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੀ ਕੰਧ ’ਤੇ ਲਿਖਿਆ ਪੜ੍ਹਦੇ, ਸ਼ਾਇਦ ਹੋਣੀ ਟਲ ਜਾਂਦੀ। ਗੱਲ ਤਾਂ ਕਸ਼ਮੀਰੋਂ ਚੱਲੀ, ਵਾਇਆ ਅਯੁੱਧਿਆ ਆਈ, ਨਾਗਰਿਕਤਾ ਸੋਧ ਕਾਨੂੰਨ ’ਤੇ ਥੋੜ੍ਹਾ ਵਿਸ਼ਰਾਮ ਲਿਐ। ਰੁਕਣ ਦਾ ਨਾਮ ਆਰਥਿਕ ਮੰਦੀ ਨਹੀਂ ਲੈ ਰਹੀ। ਹਕੂਮਤ ਆਖਦੀ ਹੈ, ‘ਥੋਡੇ ਸਭ ਦੇ ਪੋਤੜੇ ਫਰੋਲਾਂਗੇ।’ ਹਾਲੇ ਆਖਦੇ ਪਏ ਹੋ, ‘ਹਮ ਕਾਗ਼ਜ਼ ਨਹੀਂ ਦਿਖਾਏਗੇ।’ ਜੇਐੱਨਯੂ ਦੇ ਵਿਹੜੇ ਜੋ ਨਕਾਬ ਚਾੜ੍ਹ ਕੁੱਦੇ, ਆਖ ਰਹੇ ਨੇ ‘ਹਮ ਸ਼ਕਲ ਨਹੀਂ ਦਿਖਾਏਂਗੇ’। ਦਿੱਲੀ ਦੇ ਸ਼ਾਹੀਨ ਬਾਗ ਜੋ ਬੁਰਕਾ ਲਾਹ ਬੈਠੀਆਂ ਨੇ। ਉਨ੍ਹਾਂ ਦਾ ਕਹਿਣੈ, ‘ਧਰਨਾ ਨਹੀਂ ਉਠਾਏਂਗੇ।’ ਮਘਦੇ ਸਿਰਾਂ ਵਾਲੇ ਸੜਕਾਂ ’ਤੇ ਹਨ, ਗੂੰਜ ਕੇ ਆਖ ਰਹੇ ਨੇ ‘ਅਬ ਘਰ ਨਹੀਂ ਜਾਏਂਗੇ।’ਚੇਤੇ ਕਰੋ ਮਾਰਟਿਨ ਲੂਥਰ ਕਿੰਗ ਦਾ ਯਾਦਗਾਰੀ ਭਾਸ਼ਨ। ਅਮਰੀਕਾ ’ਚ ਹੋਏ ਵੱਡੇ ਮਾਰਚ ’ਚ ਜੋ 28 ਅਗਸਤ 1963 ਨੂੰ ਦਿੱਤਾ। ਉਸ ਨੇ ਉਮੀਦ ਦਿਖਾਈ, ‘ਆਈ ਹੈਵ ਏ ਡਰੀਮ’। ਲੂਥਰ ਕਿੰਗ ਦਾ ਸੁਫ਼ਨਾ ਸੀ। ਗੋਰੇ ਕਾਲੇ ਬੱਚੇ ਇੱਕ ਦੂਜੇ ਦੇ ਮੋਢੇ ’ਤੇ ਹੱਥ ਰੱਖ ਕੇ ਚੱਲਣ। ਹੱਥਾਂ ’ਚ ਹੱਥ ਪਾ ਕੇ ਗਲੀ ਮੁਹੱਲਿਆਂ ’ਚ ਘੁੰਮਣ। ਪੂਰੇ ਭਾਰਤ ਦੀ ਆਤਮਾ ਵੀ ਇਹੋ ਚਾਹੁੰਦੀ ਹੈ। ਹਿੰਦੂ ਮੁਸਲਿਮ ਸਿੱਖ ਈਸਾਈ, ਸਭ ਜੋਟੀਆਂ ਬਣਾ ਕੇ ਤੁਰਨ।
               ਪੰਜਾਬ ਦੇ ਪਿੰਡ ’ਚ ਜੇ ਕਿਤੇ ਨੰਬਰਦਾਰ ਮੱਥੇ ਲੱਗ ਜਾਏ, ਬਦਸ਼ਗਨੀ ਮੰਨਿਆ ਜਾਂਦੈ। ਫਿਰ ਏਸ ਮੁਲਕ ਦੇ ਪਤਾ ਨਹੀਂ ਕਿਹੜਾ ਨੰਬਰਦਾਰ ਮੱਥੇ ਲੱਗਿਐ। ਕੱਪੜਿਆਂ ਤੋਂ ਵੀ ਪਛਾਣ ਨਹੀਂ ਹੋ ਰਹੀ। ਦਿੱਲੀ ’ਚ ਸੇਂਟ ਸਟੀਫਨ ਕਾਲਜ ਦੇ ਬੱਚੇ ਸਿੱਧੇ ਟੱਕਰੇ ਨੇ। ਵਰ੍ਹਿਆਂ ਮਗਰੋਂ ਕਾਫਲੇ ਬਣਾ ਕੇ ਤੁਰੇ ਨੇ, ਜਿਨ੍ਹਾਂ ਦੇ ਚਿਹਰੇ ਬੋਲ ਰਹੇ ਸਨ, ‘ਅਸੀਂ ‘ਕੇਲਾ ਗਣਰਾਣ’ (ਬਨਾਨਾ ਰਿਪਬਿਕ) ਦੇ ਬਾਸ਼ਿੰਦੇ ਨਹੀਂ।’ ਏਹ ਕੀ ਸ਼ੈਅ ਹੈ, ਸਾਮਰਾਜੀ ਦੇਸ਼ਾਂ ਦੇ ਜੋ ਦੇਸ਼ ਰਖੇਲ ਬਣੇ, ਉਹ ‘ਕੇਲਾ ਗਣਰਾਜ’ ਅਖਵਾਏ। ਜਵਾਨੀ ਦੇ ਸਬਰ ਦਾ ਪਿਆਲਾ ਉਛਲਿਐ। ਵੇਲਾ ਨੌਜਵਾਨਾਂ ਦੇ ਘਰਾਂ ’ਚ ਬੈਠਣ ਦਾ ਨਹੀਂ। ਸਿਆਣੇ ਆਖਦੇ ਨੇ, ‘ਜਦੋਂ ਗਲਤ ਖ਼ਿਲਾਫ਼ ਬੋਲਣਾ ਬੰਦ ਕਰੋਗੇ, ਤੁਸੀਂ ਆਪਣੇ ਜੀਵਨ ਦੇ ਅੰਤ ਦਾ ਮੁੱਢ ਬੰਨ੍ਹੋਗੇ।’ ਫੇਰ ਗ਼ੈਰਾਂ ਦੇ ਬੋਲ ਨਹੀਂ ਰੜਕਦੇ, ਆਪਣਿਆਂ ਦੀ ਖ਼ਾਮੋਸ਼ੀ ਚੀਰਦੀ ਹੈ। ਪੰਜਾਬ ਦੇ ਮੁੰਡੇ ਏਨਾ ਕੁ ਚੇਤਾ ਰੱਖਣ। ਉਦੋਂ ਫਿਰ ਲੁਕਦੇ ਫਿਰਨਗੇ, ਜਦੋਂ ਦਿੱਲੀ ਵਾਲੀਆਂ ਕੁੜੀਆਂ ਚੂੜੀਆਂ ਲੈ ਕੇ ਪੰਜਾਬ ਆ ਵੜੀਆਂ। ਦੇਸ਼ ’ਚ ਹੁਣ ਧੀਆਂ ਦਾ ਜੋਸ਼ ਸਿਰ ਚੜ੍ਹ ਕੇ ਬੋਲ ਰਿਹੈ। ਕਿੰਨੇ ਦੌਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਖੜ੍ਹੇ ਪੈਰ ਰੱਦ ਕਰਨੇ ਪਏ। ਬੇਰੁਜ਼ਗਾਰੀ, ਮਹਿੰਗਾਈ ਤੇ ਕੇਂਦਰੀ ਨੀਤੀਆਂ ਖ਼ਿਲਾਫ਼ ਪੂਰਾ ਦੇਸ਼ ਕੂਕਿਆ ਹੈ। ਕੌਮੀ ਹੜਤਾਲਾਂ ਨੂੰ ਹੁੰਗਾਰਾ ਕਿਸੇ ਗੱਲ ਨੂੰ ਮਿਲਿਐ। ਘੜੀ ਸੁਆਲ ਪੁੱਛਣ ਦੀ ਆਈ ਹੈ। ਰੁੱਤ ਜ਼ੋਰ ਅਜ਼ਮਾਈ ਵਾਲੀ ਵੀ ਹੈ।
                ਸੁਣੋ, ਸ਼ਾਇਰ ਰਾਸ਼ਿਦ ਅਨਵਰ ਰਾਸ਼ਿਦ ਕੀ ਆਖ ਰਿਹੈ, ‘ਠਾਨ ਲੀਆ ਹੈ ਇਸ ਮੌਸਮ ਮੇਂ, ਕੁਛ ਅਨਦੇਖਾ ਦੇਖੇਂਗੇ, ਤੁਮ ਖੇਮੇ ਮੇਂ ਛੁਪ ਜਾਓ, ਹਮ ਜ਼ੋਰ ਹਵਾ ਕਾ ਦੇਖੇਂਗੇ।’ ਰਾਜ ਸੱਤਾ ਪਹਿਲਾਂ ਵੀ ਨੌਜਵਾਨਾਂ ਦੇ ਦੋ ਹੱਥ ਵੇਖ ਚੁੱਕੀ ਹੈ। ਤਾਹੀਓਂ ਯੂਨੀਵਰਸਿਟੀਆਂ ਨਿਸ਼ਾਨੇ ’ਤੇ ਰੱਖੀਆਂ ਨੇ।ਸਤਿਆਜੀਤ ਰੇਅ ਦੀ ਬੰਗਾਲੀ ਫਿਲਮ ‘ਹਿਰਕ ਰਾਜਰ ਦੇਸ਼ੇ’ ਦਾ ਡਿਕਟੇਟਰ ਰਾਜਾ ਇਹੋ ਸੋਚ ਰੱਖਦਾ ਹੈ। ਅਦਾਰੇ ਖੁੱਲ੍ਹੇ ਰਹਿਣਗੇ, ਗਿਆਨ ਵੰਡਣਗੇ, ਸੋਝੀ ਆਏਗੀ, ਫਿਰ ਸੁਆਲ ਖੜ੍ਹੇ ਹੋਣਗੇ। ਰਾਜਾ ਅਦਾਰੇ ਬੰਦ ਕਰਾ ਦਿੰਦਾ ਹੈ। ਖਿਲਜੀ ਵੰਸ਼ ਨੇ ਵੀ ਆਪਣੀ ਅਕਲ ਦੀ ਏਦਾਂ ਹੀ ਪ੍ਰਦਰਸ਼ਨੀ ਲਾਈ ਸੀ। ਗਿਆਨ ਦੀ ਜੜ੍ਹ ਖ਼ਤਮ ਕਰਨ ਲਈ ‘ਨਾਲੰਦਾ ਯੂਨੀਵਰਸਿਟੀ’ ਨੂੰ ਅਗਨ ਭੇਟ ਕਰਾ ਦਿੱਤਾ। ਲਾਇਬਰੇਰੀ ‘ਚ ਅੱਗ ਕਈ ਮਹੀਨੇ ਧੁਖਦੀ ਰਹੀ। ਖਿਲਜੀ ਦੀ ਰੂਹ ਦੀ ਭਟਕਣਾ ਹਾਲੇ ਵੀ ਮੁੱਕੀ ਨਹੀਂ। ਅਦਾਰੇ ਖ਼ਤਮ ਹੋਣਗੇ, ਲੋਕ ਛੇਤੀ ਸੌਂਣਗੇ, ਹਕੂਮਤ ਦੇ ਰਾਹ ਪੱਧਰੇ ਹੋਣਗੇ। ਉਸਤਾਦ ਦਾਮਨ ਕਈ ਦਹਾਕੇ ਪਹਿਲਾਂ ਲਿਖ ਗਿਆ,‘ਜਾਗਣ ਵਾਲਿਆਂ ਰੱਜ ਕੇ ਲੁੱਟਿਆ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।’ਦੇਸ਼ ਭਰ ’ਚ ਲੰਘੇ ਤਿੰਨ ਸਾਲਾਂ ’ਚ ਦੇਸ਼ਧ੍ਰੋਹ ਤੇ ਆਫੀਸ਼ੀਅਲ ਸੀਕਰੇਟ ਐਕਟ ਤਹਿਤ 2801 ਮੁਕੱਦਮੇ ਦਰਜ ਹੋਏ ਹਨ। ਬਠਿੰਡਾ ਦੀ ਪੁਸ਼ਪ ਲਤਾ ਹੱਲਾਸ਼ੇਰੀ ਦੇ ਰਹੀ ਹੈ। ਕੁੜੀਓ… ਜੇਲ੍ਹਾਂ ਤੋਂ ਨਾ ਡਰਿਓ। ਆਇਸ਼ੀ ਘੋਸ਼ ਨੂੰ ਵੇਖ ਕੇ ਪੁਸ਼ਪ ਲਤਾ ਨੂੰ ਆਪਣੇ ਦਿਨ ਚੇਤੇ ਆ ਗਏ। ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ। ਆਇਸ਼ੀ ਘੋਸ਼ ਨੂੰ ‘ਲਾਲ ਸਲਾਮ’ ਭੇਜ ਰਹੀ ਹੈ।
                 ਦੇਸ਼ ਧਰਵਾਸ ਬੰਨ੍ਹ ਰਿਹਾ ਹੈ। ਪੰਜਾਬ ਦਾ ਹਾਲੇ ਸਰੀਰ ਨਹੀਂ ਬਣਿਆ। ਉਦੋਂ ਪੰਜਾਬ ਦਾ ਕੀ ਬਣੂ ਜਦੋਂ ‘ਗੁਆਚੀ ਹੋਈ ਪੀੜ੍ਹੀ’ ਨੂੰ ਦੇਖੂ। ਪੰਜਾਬ ਹੁਣ ਨਿਰਾਸ਼ਾ ਦੇ ਦੌਰ ’ਚ ਹੈ, ਜੋ ਇਸ ਆਲਮ ’ਚ ਬੱਚੇ ਪਲ ਰਹੇ ਹਨ, ਉਹ ਜਦੋਂ ਜਵਾਨ ਹੋਣਗੇ, ਉਹ ਆਸਾਂ ਦਾ ਲੱਪ ਕਿਵੇਂ ਵੰਡਣਗੇ। ਰੋਣਾ ਅੱਜ ਦੀ ਜਵਾਨੀ ਦਾ ਨਹੀਂ, ਜੋ ਆਉਣ ਵਾਲੀ ਪੀੜ੍ਹੀ ਹੈ, ਉਸ ਦਾ ਧੁੜਕੂ ਲੱਗਿਐ। ਦੇਸ਼ ’ਚ ਜੋ ਜਵਾਨ ਕੁੜੀਆਂ ਨੇ ਜਾਗ ਲਾਇਐ, ਉਸ ਦੀਆਂ ਬੂੰਦਾਂ ਦਾ ਮੁੱਲ ਜ਼ਰੂਰ ਪਊ। ਜਿਨ੍ਹਾਂ ਦੱਸ ਦਿੱਤਾ, ਧੀਆਂ ਬੋਝ ਨਹੀਂ, ਸਗੋਂ ਸੁਚੱਜੀ ਸੋਚ ਹਨ।ਤੁਸੀਂ ਨਕਾਬ ਪਹਿਨ ਆਵੋ, ਸ਼ਕਲ ਨਾ ਵੀ ਦਿਖਾਓ, ਏਹ ਕੁੜੀਆਂ ਜ਼ਰੂਰ ਅਕਲ ਦਿਖਾਉਣਗੀਆਂ। ਜਦੋਂ ਮੱਥੇ ਜਗਣਗੇ, ਨਕਾਬ ਲੀਰਾਂ ਬਣਨਗੇ। ਇੱਕ ਗੱਲ ਤੁਸੀਂ ਵੀ ਪਤਾ ਕਰ ਕੇ ਦੱਸਣਾ। ਆਇਸ਼ੀ ਘੋਸ਼ ਦਾ ਹਸਪਤਾਲ ਪਤਾ ਲੈਣ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਾਲੇ ਗਏ ਸਨ। ਨਾਲੇ ਦਿਮਾਗ ’ਤੇ ਜ਼ੋਰ ਪਾ ਕੇ ਦੱਸਿਓ… ‘ਨੰਨ੍ਹੀ ਛਾਂ’ ਦੇ ਮੂੰਹੋਂ ਆਇਸ਼ੀ ਘੋਸ਼ ਲਈ ਕੋਈ ਸ਼ਬਦ ਨਿਕਲਿਐ, ਭੁੱਲਿਓ ਨਾ। ਛੱਜੂ ਰਾਮ ਦੀ ਤਾਂ ਗੱਲ ਛੱਡੋ। ਉਹ ਤਾਂ ਉਸੇ ਰਾਤ ਆਇਸ਼ੀ ਘੋਸ਼ ਨੂੰ ਮਿਲ ਆਇਆ। ਦਸ ਰੁਪਏ ਸ਼ਗਨ ਵੀ ਦੇ ਕੇ ਆਇਐ। ਨਾਲੇ ਆਖ ਰਿਹੈ, ਵਕਤ ਦਾ ਗੁਬਾਰ ਜ਼ਰੂਰ ਹਟੂ, ਨਵੀਂ ਹਵਾ ਚੱਲੀ ਹੈ। ਪ੍ਰਧਾਨ ਮੰਤਰੀ ‘ਮੌਨ’ ’ਚ ਚਲੇ ਗਏ ਨੇ। ਕੁਝ ਅਹੁੜ ਹੀ ਨਹੀਂ ਰਿਹਾ। ਦੇਸ਼ ਭਰ ’ਚ ਇਕੱਠ ਸਾਧ ਦੀ ਭੂਰੀ ’ਤੇ ਨਹੀਂ, ਇਸ ਜੋੜੀ ’ਤੇ ਹੀ ਹੋਇਐ। ਜੋ ‘ਮਨ ਦੀ ਬਾਤ’ ਆਖਦੀ ਹੈ, ਸੁਣਦੀ ਨਹੀਂ।

Saturday, January 11, 2020

                                                            ਸੰਘਰਸ਼ੀ ਗੂੰਜਾਂ 
                           ਬਾਬਿਆਂ ਦੀ ਕਮਾਈ ਪੋਤਿਆਂ ਦੇ ਕੰਮ ਨਾ ਆਈ..!
                                                           ਚਰਨਜੀਤ ਭੁੱਲਰ
ਬਠਿੰਡਾ : ਪਿੰਡ ਝਾੜੋਂ (ਸੰਗਰੂਰ) ਦੀ ਸੰਦੀਪ ਕੌਰ ਦੇ ਰੁਜ਼ਗਾਰ ਘਰ ਪੁੱਜਿਆ ਹੁੰਦਾ ਤਾਂ ਉਸ ਨੂੰ ਸੰਘਰਸ਼ੀ ਮੋਰਚੇ ’ਚ ਬੈਠਣ ਦੀ ਲੋੜ ਨਹੀਂ ਪੈਣੀ ਸੀ। ਸੰਦੀਪ ਕੌਰ ਦੇ ਵੱਡੇ ਬਜ਼ੁਰਗ ਪੰਜਾਬੀ ਸੂਬਾ ਮੋਰਚੇ ਵਿਚ ਜਾਂਦੇ ਰਹੇ ਸਨ। ਬਜ਼ੁਰਗਾਂ ਨੇ ਪੰਜਾਬੀ ਸੂਬਾ ਤਾਂ ਲੈ ਲਿਆ ਪ੍ਰੰਤੂ ਉਸ ਦੇ ਵਾਰਸਾਂ ਦੀ ਪੰਜਾਬੀ ਸੂਬਾ ਬਾਂਹ ਨਹੀਂ ਫੜ ਸਕਿਆ। ਤਾਹੀਂ ਉਸ ਨੂੰ ਹੁਣ ਰੁਜ਼ਗਾਰ ਲਈ ਮੋਰਚਾ ਲਾਉਣਾ ਪੈ ਰਿਹਾ ਹੈ। ਸੰਦੀਪ ਕੌਰ ਇਕੱਲੀ ਨਹੀਂ ,ਉਸ ਦੀ ਮਾਮੀ ਅਨੀਤਾ ਰਾਣੀ ਵੀ ਸੰਘਰਸ਼ੀ ਮੋਰਚੇ ’ਚ ਬੈਠਦੀ ਹੈ। ਸੰਦੀਪ ਕੌਰ ਐਮ.ਏ.ਬੀ.ਐਡ ਅਤੇ ਟੈੱਟ ਤੇ ਨੈੱਟ ਪਾਸ ਹੈ। ਉਹ ਦੱਸਦੀ ਹੈ, ਵੱਡੇ ਬਜ਼ੁਰਗ ਵੀ ਮੋਰਚੇ ’ਚ ਜਾਂਦੇ ਰਹੇ ਹਨ,ਹੁਣ ਉਸ ਨੂੰ ਰੁਜ਼ਗਾਰ ਲਈ ਲੜਨਾ ਪੈ ਰਿਹਾ ਹੈ। ਮਾਮੀ ਭਾਣਜੀ ਇੱਕੋ ਇਕੱਠ ਚੋਂ ਨਾਅਰੇ ਮਾਰਦੀਆਂ ਹਨ। ਜਖੇਪਲ ਦੀ ਅਨੀਤਾ ਰਾਣੀ ਵੀ ਐਮ.ਏ,ਬੀ.ਐੱਡ,ਟੈੱਟ ਪਾਸ ਹੈ। ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਅਧਿਆਪਕ ਯੂਨੀਅਨ ਦਾ ਸੰਗਰੂਰ ਮੋਰਚਾ 100 ਦਿਨਾਂ ਨੂੰ ਪਾਰ ਕਰ ਚੁੱਕਾ ਹੈ। ਕਿਸੇ ਵੀ ਸਰਕਾਰੀ ਕੰਨ ’ਤੇ ਜੂੰਅ ਨਹੀਂ ਸਰਕੀ ਹੈ। ਪੂਰੀ ਸਰਦੀ ਇਨ੍ਹਾਂ ਬੇਰੁਜ਼ਗਾਰਾਂ ਨੇ ਪਿੰਡੇ ’ਤੇ ਝੱਲੀ ਹੈ। ਪਿੰਡ ਢਿਲਵਾਂ (ਬਰਨਾਲਾ) ਦਾ ਮਰਹੂਮ ਜਥੇਦਾਰ ਅਜਮੇਰ ਸਿੰਘ ਅੱਜ ਜਿਉਂਦਾ ਹੁੰਦਾ ਤਾਂ ਉਸ ਨੂੰ ਮੋਰਚਿਆਂ ’ਚ ਕੱਢੇ ਦਿਨਾਂ ’ਤੇ ਅਫਸੋਸ ਹੋਣਾ ਸੀ। ਉਸ ਦੇ ਪਰਿਵਾਰ ਦੇ ਚਾਰ ਜੀਅ ਅੱਜ ਇੱਕੋ ਵੇਲੇ ਬੇਰੁਜ਼ਗਾਰ ਹਨ, ਸਭ ਬੀ.ਐਡ ਹਨ ਜਿਨ੍ਹਾਂ ਚੋਂ ਦੋ ਜਣੇ ਟੈੱਟ ਪਾਸ ਹਨ।
                ਸੁਖਵਿੰਦਰ ਸਿੰਘ ਤੇ ਅਮਨਦੀਪ ਸਿੰਘ ਦੋਵੇਂ ਭਰਾ ਐਮ.ਏ, ਬੀ.ਐੱਡ ਤੇ ਟੈੱਟ ਪਾਸ ਹਨ। ਪਰਿਵਾਰ ਦੀਆਂ ਦੋ ਮਹਿਲਾਵਾਂ ਸ਼ਿੰਦਰ ਕੌਰ  ਤੇ ਬਲਜਿੰਦਰ ਕੌਰ ਵੀ ਬੇਰੁਜ਼ਗਾਰ ਅਧਿਆਪਕ ਹਨ। ਸੁਖਵਿੰਦਰ ਸਿੰਘ ਦੱਸਦਾ ਹੈ ਕਿ ਇੱਕੋ ਪਰਿਵਾਰ ਚੋਂ ਚਾਰ ਜੀਅ ‘ਸੰਘਰਸ਼ੀ ਮੋਰਚੇ’ ਵਿਚ ਜਾਂਦੇ ਹਾਂ। ਸੁਖਵਿੰਦਰ ਸਿੰਘ 2005 ਤੋਂ ਸੰਘਰਸ਼ੀ ਰਾਹ ’ਤੇ ਹੈ। ਪੁਲੀਸ ਜਬਰ ਦਾ ਸੇਕ ਕਈ ਵਾਰ ਝੱਲ ਚੁੱਕਾ ਹੈ ਅਤੇ ਹੁਣ ਉਹ ਯੂਨੀਅਨ ਦੀ ਅਗਵਾਈ ਕਰ ਰਿਹਾ ਹੈ। ਭਦੌੜ ਦਾ ਹਨੀਫ ਵੀ ਐਮ.ਏ,ਬੀ.ਐਡ ਤੇ ਟੈੱਟ ਪਾਸ ਹੈ ਅਤੇ ਉਸ ਦਾ ਚਚੇਰਾ ਭਰਾ ਬਸ਼ੀਰ ਖਾਨ ਵੀ ਟੈੱਟ ਪਾਸ ਹੈ। ਦੋਵੇਂ ਭਰਾ ਕਰੀਬ ਇੱਕ ਸੌ ਦਿਨਾਂ ਤੋਂ ਸੰਗਰੂਰ ਮੋਰਚੇ ਵਿਚ ਜਾ ਰਹੇ ਹਨ। ਹਨੀਫ ਦੱਸਦਾ ਹੈ ਕਿ ਰੁਜ਼ਗਾਰ ਮਿਲਣ ਤੱਕ ਜੰਗ ਜਾਰੀ ਰਹੇਗੀ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਦੀ ‘ਘਰ ਘਰ ਰੁਜ਼ਗਾਰ’ ਸਕੀਮ ਹਕੀਕਤ ਹੁੰਦੀ ਤਾਂ ਉਨ੍ਹਾਂ ਨੂੰ ਠੰਢ ਦੇ ਦਿਨ ਸੰਘਰਸ਼ੀ ਮੋਰਚੇ ’ਚ ਨਾ ਗੁਜ਼ਾਰਨੇ ਪੈਂਦੇ। ਇਸੇ ਤਰ੍ਹਾਂ ਪਿੰਡ ਬਾਲਦ ਕਲਾਂ ਦੇ ਦੋ ਭਰਾ ਸੰਘਰਸ਼ੀ ਮੋਰਚੇ ਵਿਚ ਬੈਠੇ ਹਨ। ਖੁਸ਼ਦੀਪ ਸਿੰਘ ਐਮ.ਏ, ਬੀ.ਐੱਡ, ਟੈੱਟ ਪਾਸ ਹੈ ਅਤੇ ਉਹ ਸੰਗਰੂਰ ਮੋਰਚੇ ਵਿਚ ਹੈ ਜਦੋਂ ਕਿ ਉਸ ਦਾ ਭਰਾ ਹਰਜੀਤ ਸਿੰਘ ਪਟਿਆਲਾ ਮੋਰਚੇ ਵਿਚ ਲੜਾਈ ਲੜ ਰਿਹਾ ਹੈ। ਚਾਰ ਸਾਲ ਪਹਿਲਾਂ ਇਨ੍ਹਾਂ ਭਰਾਵਾਂ ਦੇ ਬਾਪ ਹਰਪਾਲ ਸਿੰਘ ਨੇ ਜ਼ਮੀਨ ਪ੍ਰਾਪਤੀ ਮੋਰਚੇ ਵਿਚ ਲੜਾਈ ਲੜੀ ਅਤੇ ਜੇਲ੍ਹ ਵੀ ਜਾਣਾ ਪਿਆ।
                ਪਿੰਡ ਸ਼ਾਹਪੁਰ (ਚੀਮਾ ਮੰਡੀ) ਦਾ ਜਸਵਿੰਦਰ ਸਿੰਘ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਸੰਗਰੂਰ ਮੋਰਚੇ ਵਿਚ ਬੈਠਦਾ ਹੈ ਜਦੋਂ ਕਿ ਉਸ ਦੀ ਪਤਨੀ ਚਰਨਜੀਤ ਕੌਰ ਜੋ ਕਿ ਈ.ਟੀ.ਟੀ ,ਟੈੱਟ ਪਾਸ ਹੈ, ਦੂਸਰੇ ਬੰਨੇ ਚੱਲ ਰਹੇ ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਮੋਰਚੇ ਵਿਚ ਡਟਦੀ ਹੈ।ਜਸਵਿੰਦਰ ਸਿੰਘ ਨੂੰ ਸੰਘਰਸ਼ ਦੌਰਾਨ ਪੁਲੀਸ ਜਬਰ ਦਾ ਸ਼ਿਕਾਰ ਵੀ ਹੋਣਾ ਪਿਆ। ਉਸ ਦੀ ਪਤਨੀ ਗਰਭਵਤੀ ਹੋਣ ਦੇ ਬਾਵਜੂਦ ਮੋਰਚੇ ਵਿਚ ਹਾਜ਼ਰੀ ਭਰਦੀ ਰਹੀ। ਇਸੇ ਤਰ੍ਹਾਂ ਪਿੰਡ ਭੂਪਾਲ ਦਾ ਹਰਵਿੰਦਰ ਸਿੰਘ ਅਤੇ ਉਸ ਦਾ ਭਤੀਜਾ ਕੁਲਦੀਪ ਸਿੰਘ ਵੀ ਸੰਘਰਸ਼ੀ ਰਾਹ ’ਤੇ ਹਨ। ਮਚਾਕੀ (ਫਰੀਦਕੋਟ) ਦੀਆਂ ਦੋ ਸਕੀਆਂ ਭੈਣਾਂ ਵੀ ਇਕੱਠੀਆਂ ਰੁਜ਼ਗਾਰ ਲਈ ਜੰਗ ਲੜ ਰਹੀਆਂ ਹਨ। ਏਦਾਂ ਹੀ ਹੋਰ ਹਜ਼ਾਰਾਂ ਬੇਰੁਜ਼ਗਾਰ ਹਨ ਜਿਨ੍ਹਾਂ ਦੇ ਘਰਾਂ ਤੱਕ ‘ਘਰ ਘਰ ਰੁਜ਼ਗਾਰ’ ਹਾਲੇ ਪੁੱਜਾ ਨਹੀਂ ਹੈ। ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਚ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਹੱਕਾਂ ਵਾਸਤੇ ੳੱੁਤਰੇ ਹੋਏ ਹਨ ਪ੍ਰੰਤੂ ਸਰਕਾਰਾਂ ਦੀ ਨਜ਼ਰ ਹਾਲੇ ਤੱਕ ਇਨ੍ਹਾਂ ਨੌਜਵਾਨਾਂ ’ਤੇ ਨਹੀਂ ਪਈ। ਇਹ ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਾਲ ’ਚ ਹੀ ਆਖਿਆ ਹੈ ਕਿ ਜਿਨਾਂ ਸਮਾਂ ਨੌਜਵਾਨਾਂ ਨੂੰ ਪੂਰਾ ਰੁਜ਼ਗਾਰ ਨਹੀਂ ਦਿੰਦਾ,ਉਨ੍ਹਾਂ ਸਮਾਂ ਸਿਆਸਤ ’ਚ ਸਰਗਰਮ ਰਹਾਂਗਾ।



Friday, January 10, 2020

                                                            ਸਾਡਾ ਕੀ ਕਸੂਰ 
                        ਸਨਾਵਰੀ ਕਾਕਿਆਂ ਨੇ ਲਵਾਈ ਚੈਪੀਅਨਾਂ ਦੀ ਗੋਡਣੀ !
                                                             ਚਰਨਜੀਤ ਭੁੱਲਰ
ਬਠਿੰਡਾ : ਪਿੰਡ ਜੌਲਾ ਕਲਾਂ (ਲਾਲੜੂ) ਦੇ ਦਲਜਿੰਦਰ ਸਿੰਘ ਦਾ ਏਨਾ ਕਸੂਰ ਹੈ ਕਿ ਉਸ ਕੋਲ ਨਾ ਸਿਆਸੀ ਪਹੁੰਚ ਹੈ ਅਤੇ ਨਾ ਹੀ ਕੋਈ ਸਿਫਾਰਸ਼। ਉਹ ਸਨਾਵਰ ਸਕੂਲ ’ਚ ਵੀ ਨਹੀਂ ਪੜ੍ਹਿਆ। ਕਿਸਾਨ ਪਰਿਵਾਰ ਦੇ ਮੁੰਡੇ ਦਲਜਿੰਦਰ ਨੇ ਤਿੰਨ ਵਿਸ਼ਵ ਰਿਕਾਰਡ ਬਣਾਏ ਹਨ। ਦੋ ਵਰੇ੍ਹ ਪਹਿਲਾਂ ਮਾਊਂਟ ਐਵਰੇਸਟ ਦੀ ਚੋਟੀ ਸਰ ਕੀਤੀ। ਪਹਿਲਾਂ ਸਮੁੰਦਰ ਥੱਲੇ ਸਾਈਕਲਿੰਗ ਕਰਕੇ ਵਿਸ਼ਵ ਰਿਕਾਰਡ ਬਣਾਇਆ। ਫਿਰ ਦੁਬਾਰਾ ਰਿਕਾਰਡ ਤੋੜਿਆ। ਲਿਮਕਾ ਬੁੱਕ ’ਚ ਇੱਕ ਵਾਰੀ, ਏਸ਼ੀਆ ਬੁੱਕ, ਇੰਡੀਆਂ ਬੁੱਕ, ਯੂਨੀਕ ਬੁੱਕ ’ਚ ਤਿੰਨ ਤਿੰਨ ਵਾਰੀ ਨਾਮ ਦਰਜ ਕਰਾਇਆ। ਸਰਕਾਰੀ ਸਕੂਲ ’ਚ ਪੜ੍ਹੇ ਦਲਜਿੰਦਰ ਨੇ 25 ਲੱਖ ਦਾ ਕਰਜ਼ਾ ਚੁੱਕ ਕੇ ਐਵਰੈਸਟ ਨਾਲ ਮੱਥਾ ਲਾਇਆ। ਤਰਾਸ਼ਦੀ ਦੇਖੋ, ਨਾ ਕਰਜ਼ਾ ਮੁੜਿਆ ਅਤੇ ਨਾ ਹੀ ਮਿਹਨਤ ਦਾ ਮੁੱਲ। ਪੰਜਾਬ ਸਰਕਾਰ ਹੁਣ ਤੱਕ ਤਿੰਨ ਨੌਜਵਾਨਾਂ ਨੂੰ ਸਿੱਧੇ ਤੌਰ ’ਤੇ ਡੀ.ਐਸ.ਪੀ ਭਰਤੀ ਕਰ ਚੁੱਕੀ ਹੈ ਜੋ ਮਾਊਂਟ ਐਵਰੈਸਟ ਚੜ੍ਹੇ ਹਨ ਅਤੇ ਇਨ੍ਹਾਂ ਚੋਂ ਦੋ ਜਣੇ ਤਾਂ ਅੱਜ ਹੀ  ਸਿੱਧੇ ਡੀ. ਐਸ. ਪੀ ਬਣਾਏ ਗਏ ਹਨ। ਇਨ੍ਹਾਂ ਤਿੰਨਾਂ ਚੋਂ ਦੋ ਨੌਜਵਾਨ ਡੀ.ਐਸ.ਪੀ ਤਾਂ ਸਨਾਵਰ ਸਕੂਲ ਦੇ ਪੜ੍ਹੇ ਹੋਏ ਹਨ ਅਤੇ ਚੰਗੇ ਘਰਾਣਿਆਂ ਚੋਂ ਹਨ। ਇੱਧਰ ਦਲਜਿੰਦਰ ਸਿੰਘ ਦੀ ਹੈਸੀਅਤ ਸਿਆਸੀ ਤੇ ਮਾਲੀ ਤੌਰ ’ਤੇ ਏਨੇ ਦੇ ਨੇੜੇ ਤੇੜੇ ਵੀ ਨਹੀਂ। ਦਲਜਿੰਦਰ ਸਾਲ 1994 ਵਿਚ ਪੰਜਾਬ ਪੁਲੀਸ ’ਚ ਸਿਪਾਹੀ ਭਰਤੀ ਹੋਇਆ ਅਤੇ ਫਿਰ ਹੌਲਦਾਰ ਬਣਿਆ। ਥੋੜਾ ਸਮਾਂ ਪਹਿਲਾਂ ਲੋਕਲ ਰੈਂਕ ਦੇ ਕੇ ਏ.ਐਸ.ਆਈ ਬਣਾਇਆ।
               ਦਲਜਿੰਦਰ ਆਖਦਾ ਹੈ ਕਿ ਵਿਸ਼ਵ ਰਿਕਾਰਡਾਂ ਦਾ ਕਿਤੇ ਮੁੱਲ ਨਹੀਂ ਪਿਆ। ਮੁੱਖ ਮੰਤਰੀ ਅਤੇ ਡੀ.ਜੀ.ਪੀ ਨੂੰ ਦਰਖਾਸਤਾਂ ਵੀ ਦਿੱਤੀਆਂ ਸਨ। ਉਸ ਨੇ ਕਿਹਾ ਕਿ ਕਰਜ਼ੇ ਦਾ ਵਿਆਜ ਰਾਤਾਂ ਨੂੰ ਸੌਣ ਨਹੀਂ ਦਿੰਦਾ। ਉਹ ਦਾਅਵਾ ਕਰਦਾ ਹੈ ਕਿ ਚੋਟੀ ਸਰ ਕਰਨ ਵਾਲੇ ਕਿਸੇ ਪੰਜਾਬੀ ਕੋਲ ਉਸ ਜਿੰਨੇ ਸਰਟੀਫਿਕੇਟ ਨਹੀਂ ਹਨ। ਮਾਨਸਾ ਦੇ ਪਿੰਡ ਕਾਸ਼ਮਪੁਰ ਛੀਨਾ ਦੀ ਧੀਅ ਮਨਪ੍ਰੀਤ ਕੌਰ ਇੱਕ ਵਾਰ ਵਿਸ਼ਵ ਕੱਪ ਅਤੇ ਦੋ ਵਾਰ ਏਸ਼ਿਆਈ ਖੇਡਾਂ ਚੋਂ ਮੈਡਲ ਪ੍ਰਾਪਤ ਹੈ। ਉਸ ਨੇ 2013 ਵਿਚ ਵਿਸ਼ਵ ਕਬੱਡੀ ਕੱਪ ’ਚ ਗੋਲਡ ਮੈਡਲ ਲਿਆ।  2017 ਵਿਚ ਮਨਪ੍ਰੀਤ ਨੇ ਇਰਾਨ ’ਚ ਹੋਈ ਏਸ਼ੀਅਨ ਚੈਪੀਅਨਸ਼ਿਪ ਵਿਚ ਸੋਨ ਤਗਮਾ ਪ੍ਰਾਪਤ ਕੀਤਾ ਅਤੇ ਸਾਲ 2018 ਵਿਚ ਜਕਾਰਤਾ ’ਚ ਹੋਈਆਂ ਏਸ਼ੀਅਨ ਗੇਮਜ਼ ਵਿਚ ਸਿਲਵਰ ਮੈਡਲ ਹਾਸਲ ਕੀਤਾ। ਜਦੋਂ ਪੰਜਾਬ ਸਰਕਾਰ ਨੇ ਬਾਂਹ ਨਾ ਫੜੀ ਤਾਂ ਰਾਜਸਥਾਨ ਪੁਲੀਸ ਨੇ ਮਨਪ੍ਰੀਤ ਨੂੰ ਸਬ ਇੰਸਪੈਕਟਰ ਭਰਤੀ ਕਰ ਲਿਆ। ਮਨਪ੍ਰੀਤ ਆਖਦੀ ਹੈ ਕਿ ਨੌਕਰੀ ਤਾਂ ਦੂਰ ਦੀ ਗੱਲ, ਪੰਜਾਬ ਸਰਕਾਰ ਨੇ ਤਾਂ ਨਗਦ ਇਨਾਮੀ ਰਾਸ਼ੀ ਵੀ ਹਾਲੇ ਤੱਕ ਨਹੀਂ ਦਿੱਤੀ। ਮਨਪ੍ਰੀਤ ਨੇ ਤਿੰਨ ਵਾਰ ਯੂਨੀਵਰਸਿਟੀ ਮੈਡਲ ਵੀ ਜਿੱਤੇ ਹਨ। ਇਵੇਂ ਹੀ ਗੁਰਿੰਦਰ ਸਿੰਘ ਬਤੌਰ ਕਪਤਾਨ ਤਿੰਨ ਵਾਰ ਏਸ਼ਿਆਈ ਖੇਡਿਆ ਹੈ। ਪੁਲੀਸ ’ਚ ਹੌਲਦਾਰੀ ਤੋਂ ਅਗਾਂਹ ਨਹੀਂ ਵਧ ਸਕਿਆ। ਕਈ ਕੌਮਾਂਤਰੀ ਪੱਧਰ ’ਤੇ ਖੇਡੇ ਥਾਣੇਦਾਰ ਵੀ ਬਣ ਗਏ ਹਨ ਅਤੇ ਉਸ ਦੇ ਜੂਨੀਅਰ ਵੀ ਬਾਜੀ ਮਾਰ ਗਏ ਹਨ। ਜਲੰਧਰ ਪੀ.ਏ.ਪੀ ਦੇ ਗੁਰਿੰਦਰ ਦੀ ਕੋਈ ਬਾਂਹ ਫੜਨ ਵਾਲਾ ਨਹੀਂ।
              ਪਟਿਆਲਾ ਦੇ ਪਿੰਡ ਹਸ਼ਨਪੁਰ ਦਾ ਕੌਮੀ ਖਿਡਾਰੀ ਬਖਸ਼ੀਸ਼ ਸਿੰਘ ਸਾਈਕਲਿੰਗ ਵਿਚ ਦੋ ਵਾਰ ਕੌਮੀ ਚੈਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਚੁੱਕਾ ਹੈ। ਉਹ ਦੱਸਦਾ ਹੈ ਕਿ ਉਹ ਕਲਾਸ ਵਨ ਅਸਾਮੀ ਲਈ ਯੋਗਤਾ ਪੂਰੀ ਕਰਦਾ ਹੈ ਪ੍ਰੰਤੂ ਕੋਈ ਸੁਣਨ ਨੂੰ ਤਿਆਰ ਨਹੀਂ। ਸਰਕਾਰੀ ਸਕੂਲ ਦੇ ਪੜ੍ਹੇ ਇਸ ਖਿਡਾਰੀ ਨੇ ਜਪਾਨ ਵਿਚ ਵੀ ਕੌਮਾਂਤਰੀ ਪੱਧਰ ’ਤੇ ਸ਼ਮੂਲੀਅਤ ਕੀਤੀ ਹੈ।ਜਲੰਧਰ (ਪੀ.ਏ.ਪੀ) ਦੀ ਰਾਜਵਿੰਦਰ ਕੌਰ ਜੂਡੋ ਦੀ ਕੌਮਾਂਤਰੀ ਖਿਡਾਰਨ ਹੈ ਜਿਸ ਨੇ 2014 ਦੀਆਂ ਕਾਮਨਵੈਲਥ ਗੇਮਜ਼ ਵਿਚ ਤਗਮਾ ਜਿੱਤਿਆ ਹੋਇਆ ਹੈ। ਉਦੋਂ ਉਹ ਪੁਲੀਸ ਵਿਚ ਹੌਲਦਾਰ ਦੀ ਅਸਾਮੀ ’ਤੇ ਸੀ ਅਤੇ ਹੁਣ ਉਹ ਲੋਕਲ ਰੈਂਕ ਨਾਲ ਇੰਸਪੈਕਟਰ ਬਣੀ ਹੈ। ਉਸ ਦਾ ਡੀ.ਐਸ.ਪੀ ਦੀ ਅਸਾਮੀ ਲਈ ਕੇਸ ਗ੍ਰਹਿ ਮਹਿਕਮੇ ਨੇ ਬੇਰੰਗ ਮੋੜ ਦਿੱਤਾ। ਨਿਆਂ ਲੈਣ ਲਈ ਉਹ ਹਾਈਕੋਰਟ ’ਚ ਕੇਸ ਲੜ ਰਹੀ ਹੈ। ਨਵਜੋਤ ਚਾਨਾ ਵੀ ਕਾਮਨਵੈਲਥ ਗੇਮਜ਼ ਵਿਚ ਮੈਡਲ ਪ੍ਰਾਪਤ ਹੈ ਅਤੇ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਵੀ ਏਸ਼ੀਅਨ ਗੇਮਜ਼ 2014 ਵਿਚ ਕਬੱਡੀ ਵਿਚ ਸੋਨ ਤਗਮਾ ਜੇਤੂ ਹੈ ਪ੍ਰੰਤੂ ਉਹ ਹੌਲਦਾਰੀ ਤੋਂ ਅਗਾਂਹ ਨਹੀਂ ਵਧ ਸਕਿਆ। ਪੁਲੀਸ ਦੀ ਖੇਡ ਪਾਲਿਸੀ ਨੇ ਵੀ ਇਨ੍ਹਾਂ ਨਾਲ ਇਨਸਾਫ ਨਹੀਂ ਕੀਤਾ। ਇਨ੍ਹਾਂ ਨੇ ਹਾਈਕੋਰਟ ਦਾ ਬੂਹਾ ਖੜਕਾਇਆ ਹੈ।ਬਟਾਲਾ ਦੀ ਰਣਜੀਤ ਕੌਰ ਵੀ ਹਾਲੇ ਹੌਲਦਾਰ ਹੀ ਹੈ ਜਿਸ ਨੇ ਕਬੱਡੀ ਵਿਚ ਏਸ਼ੀਅਨ ਗੇਮਜ਼ 2018 ਵਿਚ ਸਿਲਵਰ ਮੈਡਲ ਹਾਸਲ ਕੀਤਾ। ਏਦਾਂ ਦੇ ਕਿੰਨੇ ਖਿਡਾਰੀ ਹਨ ਜਿਨ੍ਹਾਂ ਦਾ ਸਰਕਾਰਾਂ ਨੇ ਮੁੱਲ ਨਹੀਂ ਪਾਇਆ। ਸਨਾਵਰ ਸਕੂਲਾਂ ਵਾਲੇ ਮੇਲਾ ਲੁੱਟ ਗਏ ਹਨ ਜਦੋਂ ਕਿ ਪੇਂਡੂ ਸਕੂਲਾਂ ਵਾਲੇ ਦੇਖਦੇ ਰਹਿ ਗਏ ਹਨ। ਇਸ ਤੋਂ ਸਰਕਾਰ ਦੀ ਖਿਡਾਰੀਆਂ ਪ੍ਰਤੀ ਪਹੁੰਚ ਦਾ ਪਤਾ ਚੱਲਦਾ ਹੈ।
                ਕੈਪਟਨ ਨਾਲ ਨੇੜਤਾ ਦਾ ਮੁੱਲ ਪਿਆ
ਪੰਜਾਬ ਸਰਕਾਰ ਵੱਲੋਂ ਸਿੱਧੇ ਡੀ.ਐਸ.ਪੀ ਭਰਤੀ ਕੀਤੇ ਪ੍ਰਿਥਵੀ ਸਿੰਘ ਚਾਹਲ ਦੀ ਫਿਲੌਰ ਤੋਂ ਟਰੇਨਿੰਗ ਮੁਕੰਮਲ ਹੋ ਚੁੱਕੀ ਹੈ ਜੋ ਕਿ ਪੰਜਾਬ ਕਾਂਗਰਸ ਦੇ ਯੂਥ ਐਂਡ ਸਪੋਰਟਸ ਕਲੱਬ ਸੈੱਲ ਦੇ ਚੇਅਰਮੈਨ ਸੰਜੇ ਇੰਦਰ ਸਿੰਘ ਚਾਹਲ ਉਰਫ ਬੰਨੀ ਚਾਹਿਲ ਦੇ ਲੜਕੇ ਹਨ ਅਤੇ ਕੈਪਟਨ ਪਰਿਵਾਰ ਦੇ ਨੇੜਲੇ ਹਨ। ਬੰਨੀ ਚਾਹਿਲ 2002-07 ਦੌਰਾਨ ਪਟਿਆਲਾ ਬਲਾਕ ਸੰਮਤੀ ਦੇ ਚੇਅਰਮੈਨ ਵੀ ਰਹੇ ਹਨ। ਪੰਜਾਬ ਕੈਬਨਿਟ ਵੱਲੋਂ ਅੱਜ ਸਿੱਧੇ ਡੀ.ਐਸ.ਪੀ ਭਰਤੀ ਕੀਤੇ ਫਤਹਿ ਸਿੰਘ ਬਰਾੜ ਮੁਕਤਸਰ ਜ਼ਿਲ੍ਹੇ ਦੇ ਪਿੰਡ ਭਾਗਸਰ ਦੇ ਬਾਸ਼ਿੰਦੇ ਹਨ ਜਿਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਬਰਾੜ ਪੀ.ਸੀ.ਐਸ ਅਧਿਕਾਰੀ ਹਨ। ਦੋਵੇਂ ਸਨਾਵਰ ਸਕੂਲ ਦੇ ਪੜ੍ਹੇ ਹੋਏ ਹਨ।




Thursday, January 9, 2020

                           ਨਵਾਂ ਸਕੈਂਡਲ 
    ਪੰਜ ਸੌ ਰੁਪਏ ਦਿਓ, ਪ੍ਰਸ਼ਨ ਪੱਤਰ ਲਓ! 
                           ਚਰਨਜੀਤ ਭੁੱਲਰ
ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਚੱਲ ਰਹੀ ਸਮੈਸਟਰ ਪ੍ਰੀਖਿਆ ’ਚ ਪੇਪਰ ਲੀਕ ਸਕੈਂਡਲ ਬੇਪਰਦ ਹੋਇਆ ਹੈ ਜਿਸ ਦੇ ਤਾਰ ਪੰਜਾਬ ਦੀ ਹਾਕਮ ਧਿਰ ਨਾਲ ਜੁੜੇ ਜਾਪਦੇ ਹਨ। ਬਠਿੰਡਾ ਦੇ ਕੈਂਪਸ ਦੇ ਹੋਸਟਲ ਨੰਬਰ ਤਿੰਨ ਚੋਂ ਅੱਜ ਦੁਪਹਿਰ ਵੇਲੇ ਦਰਜਨਾਂ ਵਿਦਿਆਰਥੀ ਰੰਗੇ ਹੱਥੀ ਫੜੇ ਗਏ ਹਨ ਜਿਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ। ਪੇਪਰ ਲੀਕ ਮਾਮਲਾ ਕਈ ਦਿਨਾਂ ਤੋਂ ਚੱਲ ਰਿਹਾ ਸੀ ਪ੍ਰੰਤੂ ਯੂਨੀਵਰਸਿਟੀ ਨੇ ਮਾਮਲੇ ਨੂੰ ਬਹੁਤਾ ਸੰਜੀਦਗੀ ਨਾਲ ਨਹੀਂ ਲਿਆ। ਅੱਜ ਜਦੋਂ ਇੱਕ ਪ੍ਰੋਫੈਸਰ ਤੇ ਸਹਾਇਕਾਂ ਨੇ ਹੋਸਟਲ ਵਿਚ ਪੇਪਰ ਲੀਕ ਦੇ ਧੰਦੇ ਨੇ ਫੜ ਲਿਆ ਤਾਂ ਉਦੋਂ ਯੂਨੀਵਰਸਿਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅਹਿਮ ਸੂਤਰਾਂ ਅਨੁਸਾਰ ਜੋ ਵਿਦਿਆਰਥੀ ਅੱਜ ਲੀਕ ਪ੍ਰਸ਼ਨ ਪੱਤਰਾਂ ਸਮੇਤ ਫੜੇ ਗਏ ਹਨ, ਉਨ੍ਹਾਂ ਨੇ ਫੈਕਲਟੀ ਦੀ ਹਾਜ਼ਰੀ ਵਿਚ ਕਬੂਲ ਕੀਤਾ ਕਿ ਉਨ੍ਹਾਂ ਨੂੰ ਪ੍ਰਤੀ ਵਿਦਿਆਰਥੀ ਪੰਜ ਸੌ ਰੁਪਏ ਵਿਚ ਇੱਕ ਪ੍ਰਸ਼ਨ ਪੱਤਰ ਮਿਲਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਇੱਕ ਵਿਚੋਲੇ ਦਾ ਨਾਮ ਵੀ ਲਿਆ ਜੋ ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲੇ ਜ਼ਰੀਏ ਪੇਪਰ ਲੀਕ ਕਰਾ ਕੇ ਵਿਦਿਆਰਥੀਆਂ ਤੱਕ ਆਨ ਲਾਈਨ ਪੁੱਜਦਾ ਕਰਦਾ ਸੀ।
               ਅੱਜ ਹੋਸਟਲ ਦੇ ਜਿਸ ਕਮਰੇ ਚੋਂ ਇਹ ਵਿਦਿਆਰਥੀ ਫੜੇ ਗਏ ਹਨ, ਉਸ ਕਮਰੇ ਵਿਚ ਕਾਂਗਰਸ ਦੇ ਐਨ.ਐਸ.ਯੂ.ਆਈ ਵਿੰਗ ਦਾ ਪੋਸਟਰ ਵੀ ਲੱਗਾ ਹੋਇਆ ਸੀ ਜਿਸ ਤੋਂ ਜਾਪਦਾ ਹੈ ਕਿ ਪੇਪਰ ਲੀਕ ਵਿਚ ਹਾਕਮ ਧਿਰ ਨਾਲ ਜੁੜੇ ਕਿਸੇ ਵਿਅਕਤੀ ਦਾ ਹੱਥ ਹੋਵੇਗਾ।ਬਠਿੰਡਾ ਦੀ ਇਸ ’ਵਰਸਿਟੀ ਦਾ ਅੱਜ ਕਰੀਬ 22 ਪ੍ਰੀਖਿਆ ਕੇਂਦਰਾਂ ਵਿਚ ਸਿਵਲ ਇੰਜਨੀਅਰਿੰਗ ਦੇ ਪੰਜਵੇਂ ਸਮੈਸਟਰ ਦਾ (ਇਨਵਾਇਰਨਮੈਂਟ ਇੰਜਨੀਅਰਿੰਗ) ਦਾ 1.30 ਵਜੇ ਦੁਪਹਿਰ ਪੇਪਰ ਸ਼ੁਰੂ ਹੋਣਾ ਸੀ। ਉਸ ਤੋਂ ਪਹਿਲਾਂ ਹੋਸਟਲ ਦੇ ਕਮਰਾ ਨੰਬਰ 324 ਵਿਚ ਅਚਨਚੇਤ ਛਾਪੇਮਾਰੀ ਕੀਤੀ ਗਈ ਜਿਥੇ ਕਮਰਾ ਬੰਦ ਕਰਕੇ ਵਿਦਿਆਰਥੀ ਮੋਬਾਇਲ ਫੋਨ ਤੋਂ ਪ੍ਰਸ਼ਨ ਪੱਤਰ ਉਤਾਰ ਰਹੇ ਸਨ। ਗੁਪਤ ਸੂਹ ’ਤੇ ਇਹ ਛਾਪਾ ਮਾਰਿਆ ਗਿਆ ਸੀ। ਯੂਨੀਵਰਸਿਟੀ ਤਰਫ਼ੋਂ ਕਾਲਜਾਂ ਦੇ ਪ੍ਰੀਖਿਆ ਕੇਂਦਰ ਵਿਚ ਆਨ ਲਾਈਨ ਪ੍ਰਸ਼ਨ ਪੱਤਰ 12.50 ਵਜੇ ਭੇਜਿਆ ਜਾਂਦਾ ਹੈ ਅਤੇ ਇਸ ਕਮਰੇ ਵਿਚਲੇ ਮੋਬਾਇਲ ’ਤੇ ਪ੍ਰਸ਼ਨ ਪੱਤਰ 12.53 ਵਜੇ ਪ੍ਰਾਪਤ ਹੋਇਆ ਸੀ। ਸੂਤਰ ਦੱਸਦੇ ਹਨ ਕਿ ਵੱਟਸਅਪ ਗਰੁੱਪ ਵਿਚ ਇਹ ਪ੍ਰਸ਼ਨ ਪੱਤਰ ਆਉਂਦਾ ਸੀ। ਪਤਾ ਲੱਗਾ ਹੈ ਕਿ ਕਈ ਦਿਨਾਂ ਤੋਂ ਇਹ ਧੰਦਾ ਚੱਲ ਰਿਹਾ ਸੀ। ਅੱਜ ਮਾਮਲਾ ਉੱਠਣ ਮਗਰੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
               ਸ਼ੱਕ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਨ ਪੱਤਰ ਲਹਿਰਾਗਾਗਾ ਖੇਤਰ ਦੇ ਕਿਸੇ ਕਾਲਜ ਚੋਂ ਲੀਕ ਹੋਇਆ ਹੋਵੇਗਾ। ਜਦੋਂ ਅੱਜ ਛਾਪਾ ਮਾਰਿਆ ਗਿਆ ਤਾਂ ਪਹਿਲੋਂ ਵਿਦਿਆਰਥੀਆਂ ਨੇ ਬੰਦ ਕਮਰਾ ਨਾ ਖੋਲ੍ਹਿਆ। ਹੋਸਟਲ ਦੇ ਕੇਅਰ ਟੇਕਰ ਨੇ ਕਮਰਾ ਖੁਲ੍ਹਵਾਇਆ ਅਤੇ ਕੁੱਝ ਵਿਦਿਆਰਥੀ ਮੌਕੇ ਤੇ ਫਰਾਰ ਵੀ ਹੋ ਗਏ। ਖਾਸ ਗੱਲ ਇਹ ਹੈ ਕਿ ਪੇਪਰ ਲੀਕ ਸਕੈਂਡਲ ’ਵਰਸਿਟੀ ਕੈਂਪਸ ਦੇ ਐਨ ਲਾਗਲੇ ਹੋਸਟਲ ਵਿਚ ਚੱਲ ਰਿਹਾ ਸੀ। ਪ੍ਰਬੰਧਕਾਂ ਨੇ ਉਸ ਸੀਨੀਅਰ ਵਿਦਿਆਰਥੀ ਤੋਂ ਵੀ ਪੁੱਛਗਿੱਛ ਕੀਤੀ ਹੈ ਜਿਸ ਦਾ ਨਾਮ ਫੜੇ ਵਿਦਿਆਰਥੀਆਂ ਨੇ ਲਿਆ ਹੈ। ਟੈਕਨੀਕਲ ’ਵਰਸਿਟੀ ਦੇ ਕੰਟਰੋਲਰ ਸ੍ਰੀ ਕਰਨਵੀਰ ਸਿੰਘ ਦਾ ਕਹਿਣਾ ਸੀ ਕਿ ਅੱਜ ਸ਼ੱਕ ਪੈਣ ਮਗਰੋਂ ਹੋਸਟਲ ’ਤੇ ਛਾਪਾ ਮਾਰਿਆ ਗਿਆ ਜਿਥੇ ਕੁਝ ਵਿਦਿਆਰਥੀ ਮੋਬਾਇਲ ਫੋਨ ਤੋਂ ਪ੍ਰਸ਼ਨ ਪੱਤਰ ਉਤਾਰ ਰਹੇ ਸਨ। ਉਨ੍ਹਾਂ ਨੇ ਅੱਜ ਦੀ ਇਹ ਪ੍ਰੀਖਿਆ ਫੌਰੀ ਕੈਂਸਲ ਕਰ ਦਿੱਤੀ ਹੈ ਅਤੇ ਇਹ ਪ੍ਰੀਖਿਆ ਮੁੜ ਲਈ ਜਾਵੇਗੀ। ਕੰਟਰੋਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੀਨੀਅਰ ਪ੍ਰੋਫੈਸਰਾਂ ਦੇ ਅਧਾਰਿਤ ਅੰਦਰੂਨੀ ਪੜਤਾਲ ਕਮੇਟੀ ਬਣਾ ਦਿੱਤੀ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ। ਇਸੇ ਤਰ੍ਹਾਂ ਵਿਜੀਲੈਂਸ ਨੂੰ ਵੀ ਪੱਤਰ ਲਿਖ ਰਹੇ ਹਨ।
                      ਮਾਮਲਾ ਵਿਜੀਲੈਂਸ ਜਾਂਚ ਲਈ ਭੇਜਾਂਗੇ : ਚੰਨੀ
ਤਕਨੀਕੀ ਸਿੱਖਿਆ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਪੇਪਰ ਲੀਕ ਦਾ ਮਾਮਲਾ ਸੰਜੀਦਾ ਹੈ ਜਿਸ ਦੀ ਢੁਕਵੀਂ ਪੜਤਾਲ ਕਰਾਈ ਜਾਵੇਗੀ। ਉਹ ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਨੂੰ ਸੌਂਪ ਰਹੇ ਹਨ ਤਾਂ ਜੋ ਅਸਲ ਦੋਸ਼ੀਆਂ ਤੱਕ ਪੁੱਜਿਆ ਜਾ ਸਕੇ। ਇਸ ਮਾਮਲੇ ਵਿਚ ਜੋ ਵੀ ਕਸੂਰਵਾਰ ਹੋਇਆ, ਉਸ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਅੱਜ ’ਵਰਸਿਟੀ ਪ੍ਰਬੰਧਕਾਂ ਤੋਂ ਵੇਰਵੇ ਵੀ ਹਾਸਲ ਕੀਤੇ।



Wednesday, January 8, 2020

                        ਸਰਪੰਚਾਂ ਦੀ ਚੁੱਪ
       ਬੰਦ ਨਹੀਂ ਹੋਣਗੇ ਸ਼ਰਾਬ ਦੇ ਠੇਕੇ
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ’ਚ ਕਾਂਗਰਸੀ ਸਰਪੰਚਾਂ ਨੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਲਈ ਮੂੰਹ ਬੰਦ ਕਰ ਲਏ ਹਨ ਜਿਸ ਨਾਲ ਸਰਕਾਰੀ ਦਰਬਾਰ ਦੇ ਚਿਹਰੇ ਖਿੜੇ ਹਨ। ਕੈਪਟਨ ਸਰਕਾਰ ਨੇ ‘ਨਸ਼ਾ ਮੁਕਤ ਪੰਜਾਬ’ ਦੀ ਸਹੁੰ ਵੀ ਚੁੱਕੀ ਹੋਈ ਹੈ। ਪੰਚਾਇਤੀ ਚੋਣਾਂ ਮਗਰੋਂ ਇਹ ਪਹਿਲਾ ਮੌਕਾ ਸੀ ਕਿ ਜਦੋਂ ਪੰਚਾਇਤਾਂ ਵੱਲੋਂ ਆਪੋ ਆਪਣੇ ਪਿੰਡ ’ਚ ਠੇਕੇ ਬੰਦ ਕਰਾਉਣ ਲਈ ਪੰਚਾਇਤੀ ਮਤੇ ਪਾਸ ਕੀਤੇ ਜਾਣੇ ਸਨ। ਪੰਜਾਬ ਵਿਚ ਬਹੁਗਿਣਤੀ ਪੰਚਾਇਤਾਂ ’ਤੇ ਕਾਂਗਰਸ ਕਾਬਜ਼ ਹੈ। ਪਿਛਲੇ ਵਰੇ੍ਹ ਜਦੋਂ ਪੰਚਾਇਤੀ ਮਤੇ ਪਾਏ ਜਾਣ ਦਾ ਸਮਾਂ ਸੀ,ਉਦੋਂ ਪੰਜਾਬ ਵਿਚ ਪੰਚਾਇਤਾਂ ਭੰਗ ਸਨ ਅਤੇ ਚੋਣਾਂ ਨਹੀਂ ਹੋਈਆਂ ਸਨ। ਐਤਕੀਂ ਕਾਂਗਰਸੀ ਸਰਪੰਚਾਂ ਕੋਲ ਪਹਿਲਾ ਮੌਕਾ ਸੀ ਕਿ ਉਹ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਨਿੱਤਰ ਸਕਦੇੇ ਸਨ। ਕਰ ਅਤੇ ਆਬਕਾਰੀ ਮਹਿਕਮੇ ਕੋਲ ਐਤਕੀਂ ਠੇਕੇ ਬੰਦ ਕਰਾਉਣ ਵਾਸਤੇ ਪੰਜਾਬ ਭਰ ਚੋਂ ਸਿਰਫ਼ 58 ਪਿੰਡਾਂ ਚੋਂ ਹੀ ਪੰਚਾਇਤੀ ਮਤੇ ਪੁੱਜੇ ਹਨ ਜਿਨ੍ਹਾਂ ਦੀ ਮਹਿਕਮੇ ਦੇ ਕਮਿਸ਼ਨਰ ਵੱਲੋਂ 30 ਦਸੰਬਰ 2019 ਅਤੇ 3 ਜਨਵਰੀ 2020 ਨੂੰ ਸੁਣਵਾਈ ਰੱਖੀ ਗਈ ਸੀ। ਮਹਿਕਮੇ ਤਰਫ਼ੋਂ ਹੁਣ ਅਗਲੇ ਮਾਲੀ ਵਰ੍ਹੇ ਲਈ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਫੈਸਲਾ ਲਿਆ ਜਾਣਾ ਹੈ। ਪੰਜਾਬ ਦੇ ਦਸ ਜ਼ਿਲ੍ਹਿਆਂ ਚੋਂ ਤਾਂ ਕਿਸੇ ਪੰਚਾਇਤ ਨੇ ਇਹ ਮਤਾ ਪਾਇਆ ਹੀ ਨਹੀਂ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ਦੇ ਇਕਲੌਤੇ ਪਿੰਡ ਬਦਿਆਲਾ ਨੇ ਠੇਕਾ ਬੰਦ ਕਰਾਉਣ ਲਈ ਮਤਾ ਭੇਜਿਆ ਹੋਇਆ ਹੈ। ਮਾਨਸਾ ਦੇ ਪਿੰਡ ਮਾਨਖੇੜਾ ਅਤੇ ਬਹਿਣੀਵਾਲ ਨੇ ਮਤੇ ਪਾਸ ਕੀਤੇ ਹਨ।
        ਪਿੰਡ ਬਹਿਣੀਵਾਲ ਦਾ ਸਰਪੰਚ ਗੁਰਜੰਟ ਸਿੰਘ ਤਾਂ ਪਹਿਲਾਂ ਹੀ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਕੁੱਦਿਆ ਹੋਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ,ਗੁਰੂਸਰ ਮੜੀ,ਜਲਾਲਾਬਾਦ ਪੂਰਬੀ ਅਤੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ,ਭੈਣੀ ਰੱਤਾ ਅਤੇ ਹਰਦਾਸਪੁਰਾ ਨੇ ਠੇਕਾ ਬੰਦ ਕਰਾਉਣ ਲਈ ਮਤਾ ਪਾਸ ਕਰਕੇ ਭੇਜਿਆ ਹੈ। ਇਵੇਂ ਫਾਜ਼ਿਲਕਾ ਦੇ ਪਿੰਡ ਸਰਾਭਾ ਨਗਰ,ਖਾਨਵਾਲਾ ਅਤੇ ਪੱਤਰੇਵਾਲਾ ਨੇ ਵੀ ਮਤਾ ਪਾਸ ਕੀਤਾ ਹੈ। ਦੂਸਰੇ ਜ਼ਿਲ੍ਹਿਆਂ ’ਤੇ ਨਜ਼ਰ ਮਾਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ 16 ਪਿੰਡਾਂ,ਰੋਪੜ ਦੇ ਸੱਤ,ਜਲੰਧਰ ਦੇ ਤਿੰਨ,ਹੁਸ਼ਿਆਰਪੁਰ ਦੇ ਦੋ, ਗੁਰਦਾਸਪੁਰ ਦੇ ਪੰਜ, ਪਟਿਆਲਾ ਦੇ ਅੱਠ ਅਤੇ ਪਠਾਨਕੋਟ ਦੇ ਤਿੰਨ ਪਿੰਡਾਂ ਨੇ ਪੰਚਾਇਤੀ ਮਤੇ ਪਾਸ ਕੀਤੇ ਹਨ। ਇਸ ਮਾਮਲੇ ’ਚ ਸੰਗਰੂਰ ਜ਼ਿਲ੍ਹਾ ਮੋਹਰੀ ਹੈ ਜਿਥੇ ਸਾਇੰਨਟੈਫਿਕ ਅਵੇਰਸਨੈਸ ਫੋਰਮ ਪੰਜਾਬ ਨੇ ਤਕੜੀ ਮੁਹਿੰਮ ਵਿੱਢੀ ਹੋਈ ਹੈ। ਫੋਰਮ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ (ਸੰਗਰੂਰ) ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪੰਚਾਇਤਾਂ ਤੇ ਪਿੰਡਾਂ ਨੂੰ ਚੇਤੰਨ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਉਮੀਦ ਹੈ ਕਿ ਅਗਲੇ ਵਰੇ੍ਹੇ ਵਧੇਰੇ ਪਿੰਡ ਇਸ ਪਾਸੇ ਨਿੱਤਰ ਸਕਦੇ ਹਨ। ਉੱਨਾਂ ਕਿਹਾ ਕਿ ਕਾਂਗਰਸੀ ਸਰਪੰਚਾਂ ਨੂੰ ਹਾਲੇ ਨਵਾਂ ਨਵਾਂ ਚਾਅ ਵੀ ਹੈ ਜਿਸ ਕਰਕੇ ਉਨ੍ਹਾਂ ਦਾ ਇਸ ਪਾਸੇ ਬਹੁਤਾ ਧਿਆਨ ਹੀ ਨਹੀਂ ਰਿਹਾ ਹੋਣਾ।
               ਵੇਰਵਿਆਂ ਅਨੁਸਾਰ ਦੋ ਸਾਲ ਪਹਿਲਾਂ ਪੰਜਾਬ ਭਰ ਚੋਂ 90 ਪੰਚਾਇਤੀ ਮਤੇ ਆਏ ਸਨ ਜਿਨ੍ਹਾਂ ਚੋਂ 80 ਪਿੰਡਾਂ ਵਿਚ ਠੇਕੇ ਬੰਦ ਕੀਤੇ ਗਏ ਸਨ। ਵੇਰਵਿਆਂ ਅਨੁਸਾਰ ਸਾਲ 2016-17 ਲਈ 232 ਪੰਚਾਇਤੀ ਮਤੇ ਆਏ ਸਨ ਜਿਨ੍ਹਾਂ ਚੋਂ 70 ਫੀਸਦੀ ਠੇਕੇ ਬੰਦ ਕੀਤੇ ਗਏ ਅਤੇ ਸਾਲ 2015-16 ਲਈ 135 ਪਿੰਡਾਂ ਦੇ ਮਤੇ ਆਏ ਸਨ ਅਤੇ ਇਨ੍ਹਾਂ ਚੋਂ 66 ਫੀਸਦੀ ’ਚ ਠੇਕੇ ਬੰਦ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2014-15 ਲਈ 128 ਪੰਚਾਇਤਾਂ ਨੇ ਮਤੇ ਭੇਜੇ ਜਿਨ੍ਹਾਂ ਚੋਂ 17 ਫੀਸਦੀ ਪਿੰਡਾਂ ਵਿਚ ਠੇਕੇ ਬੰਦ ਕੀਤੇ ਜਾਣ ਦਾ ਫੈਸਲਾ ਲਿਆ ਸੀ। ਸਾਲ 2013-14 ਲਈ 127 ਪਿੰਡਾਂ ਦੇ ਮਤਿਆਂ ਚੋਂ 25 ਫੀਸਦੀ ਪਿੰਡਾਂ ਵਿਚ ਠੇਕੇ ਬੰਦ ਕੀਤੇ ਗਏ ਸਨ। ਸਾਲ 2012-13 ਲਈ 89 ਪੰਚਾਇਤੀ ਮਤੇ ਆਏ ਸਨ ਜਿਨ੍ਹਾਂ ਚੋਂ 36 ਫੀਸਦੀ ਠੇਕੇ ਬੰਦ ਕੀਤੇ ਗਏ ਸਨ। ਵਧੀਕ ਕਰ ਅਤੇ ਆਬਕਾਰੀ ਕਮਿਸ਼ਨਰ ਸ੍ਰੀ ਐਲ.ਕੇ.ਜੈਨ ਦਾ ਕਹਿਣਾ ਸੀ ਕਿ ਪੰਚਾਇਤੀ ਮਤਿਆਂ ’ਤੇ ਸੁਣਵਾਈ ਹੋ ਚੁੱਕੀ ਹੈ ਜਿਸ ਦੇ ਅਧਾਰ ’ਤੇ ਦੋ ਚਾਰ ਦਿਨਾਂ ਵਿਚ ਫੈਸਲਾ ਲੈ ਲਿਆ ਜਾਵੇਗਾ।
                 ਕਾਨੂੰਨ ਕੀ ਕਹਿੰਦਾ ਹੈ
ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ’ਤੇ ਨਜ਼ਰ ਮਾਰੀਏ ਤਾਂ ਇਸ ਧਾਰਾ ਤਹਿਤ ਕੋਈ ਵੀ ਪੰਚਾਇਤ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹੇ ਜਾਣ ਦਾ ਫੈਸਲਾ ਲੈ ਸਕਦੀ ਹੈ। ਇਹ ਲਾਜ਼ਮੀ ਹੈ ਕਿ ਪੰਚਾਇਤੀ ਮਤਾ ਦੋ ਤਿਹਾਈ ਬਹੁਮਤ ਨਾਲ ਪਾਸ ਹੋਇਆ ਹੋਵੇ। ਸ਼ਰਤ ਇਹ ਵੀ ਹੈ ਕਿ ਉਸ ਪਿੰਡ ਵਿਚ ਲੰਘੇ ਦੋ ਵਰ੍ਹਿਆਂ ਦੌਰਾਨ ਕੋਈ ਆਬਕਾਰੀ ਜੁਰਮ ਨਹੀਂ ਹੋਣਾ ਚਾਹੀਦਾ ਹੈ। ਹਰ ਪੰਚਾਇਤ ਨੇ 30 ਸਤੰਬਰ ਤੱਕ ਇਹ ਮਤਾ ਸਰਕਾਰ ਨੂੰ ਭੇਜਣ ਦਾ ਮੌਕਾ ਦਿੱਤਾ ਜਾਂਦਾ ਹੈ। ਜਨਵਰੀ ਵਿਚ ਮਤਿਆਂ ’ਤੇ ਫੈਸਲਾ ਲਿਆ ਜਾਂਦਾ ਹੈ।

   
         




Tuesday, January 7, 2020

                       ਧੀਆਂ ਦੀ ਗੂੰਜ
           ਅਸੀਂ ਲੜਾਂਗੇ! ਏਸ ਖ਼ੌਫ ਦੇ ਖ਼ਿਲਾਫ਼..
                      ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸ਼ਹਿਰ ਦੀ ਅਨੁਭੂਤੀ ਕੌਸ਼ਲ ਹੁਣ ਸੜਕ ’ਤੇ ਉੱਤਰੀ ਹੈ। ਅੱਖਾਂ ’ਚ ਸੁਪਨੇ, ਹੱਥਾਂ ਵਿਚ ਤਖ਼ਤੀ ਤੇ ਮਨ ਵਿਚ ਜੋਸ਼ ਹੈ। ਪਹਿਲੋਂ ਉਸ ਦਾ ਘਰ ਤੋਂ ਕਾਲਜ ਤੇ ਕਾਲਜ ਤੋਂ ਘਰ ਆਉਣਾ, ਰੋਜ਼ਮਰ੍ਹਾ ਦਾ ਨੇਮ ਸੀ।  ਉਸ ਨੇ ਜੇ.ਐਨ.ਯੂ ਦੀ ਵਿਦਿਆਰਥੀ ਆਗੂ ਆਇਸ਼ੀ ਘੋਸ਼ ਦਾ ਲਹੂ ਲੁਹਾਣ ਚਿਹਰਾ ਦੇਖਿਆ, ਉਹ ਪੂਰੀ ਰਾਤ ਸੌ ਨਾ ਸਕੀ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਹੋਈ ਗੁੰਡਾਗਰਦੀ ਦੇ ਖ਼ਿਲਾਫ਼ ਅੱਜ ਜੋ ਬਠਿੰਡਾ ’ਚ ਸੰਕੇਤਕ ਪ੍ਰਦਰਸ਼ਨ ਹੋਇਆ, ਉਸ ’ਚ ਇਕੱਲੀ ਅਨੁਭੂਤੀ ਨਹੀਂ, ਦਰਜਨਾਂ ਉਹ ਕੁੜੀਆਂ ਸਨ ਜਿਨ੍ਹਾਂ ਨੂੰ ਦਿੱਲੀ ਦੇ ਖ਼ੌਫ ਨੇ ਝੰਜੋੜਿਆ ਹੈ। ਇਨ੍ਹਾਂ ਨੌਜਵਾਨ ਕੁੜੀਆਂ ਨੇ ਇੱਕੋ ਵਲਵਲੇ ਨਾਲ ਗੂੰਜ ਪਾਈ। ਹੱਲਾਸ਼ੇਰੀ ਵਾਲੇ ਬੋਲ ਦਿੱਲੀ ਵੱਲ ਭੇਜੇ। ਜੋ ਇੰਝ ਸਨ, ‘ਬੋਲਣਾ ਵੀ ਜਾਣਦੇ ਹਾਂ ਤੇ ਰੋਲਣਾ ਵੀ, ਮਿਲਕੇ ਲੜਾਂਗੇ ਤੇ ਰੁਕਾਂਗੇ ਨਹੀਂ, ਅਸੀਂ ਤੁਹਾਡੇ ਨਾਲ ਹਾਂ।’ ਸੰਘਰਸ਼ੀ ਯੋਧੇ ਮਰਹੂਮ ਜਗਮੋਹਨ ਕੌਸ਼ਲ ਦੀ ਨੌਜਵਾਨ ਪੋਤਰੀ ਅਨੁਭੂਤੀ ਕੌਸ਼ਲ ਅੱਜ ਗੁੜ੍ਹਤੀ ਦਾ ਮੁੱਲ ਮੋੜਨ ਲਈ ਤਖਤੀ ਚੁੱਕ ਕੇ ਆਈ ਜਿਸ ’ਤੇ ‘ਆਜ਼ਾਦੀ’ ਉੱਕਰਿਆ ਹੋਇਆ ਸੀ। ਬਠਿੰਡਾ ਦੇ ਡੀ.ਏ.ਵੀ ਕਾਲਜ ਦੀ ਵਿਦਿਆਰਥਣ ਅਨੁਭੂਤੀ ਕੌਸ਼ਲ ਆਖਦੀ ਹੈ ਕਿ ਜੇ.ਐਨ.ਯੂ ਉਸ ਦਾ ਸੁਪਨਾ ਹੈ। ਉਹ ਉਚੇਰੀ ਸਿੱਖਿਆ ਲਈ ਉਥੇ ਜਾਣਾ ਚਾਹੁੰਦੀ ਹੈ। ਜੋ ਰਾਤੀਂ ਖੌਫ਼ ਦਾ ਮੰਜ਼ਰ ਦੇਖਿਆ, ਉਸ ਨੇ ਮੈਨੂੰ ਹਲੂਣ ਦਿੱਤਾ।
       ਜੰਗੀਰਾਣਾ ਦੀ ਪੇਂਡੂ ਲੜਕੀ ਸੁਖਜਿੰਦਰ ਕੌਰ ਸਹਿਜੇ ਹੀ ਬਠਿੰਡਾ ਪ੍ਰਦਰਸ਼ਨ ’ਚ ਨਹੀਂ ਆਈ। ਉਹ ਭੈਅ ਦੇ ਮਾਅਨੇ ਤੋਂ ਵਾਕਫ਼ ਹੈ। ਉਸ ਨੇ ਪਹਿਲਾਂ ਜਾਮੀਆ ਮਿਲੀਆ ਇਸਲਾਮੀਆਂ ਅਤੇ ਹੁਣ ਜੈ.ਐਨ.ਯੂ ’ਚ ਕੁੜੀਆਂ ’ਤੇ ਉੱਠੇ ਹੱਥ ਵੇਖੇ  ਹਨ। ਤਾਹੀਓਂ ਅੱਜ ਉਸ ਦੇ ਹੱਥ ਤਣੇ ਹੋਏ ਸਨ। ਮੱਧਵਰਗੀ ਪਰਿਵਾਰਾਂ ਦੀਆਂ ਇਹ ਧੀਆਂ ਵੀ ਦਿੱਲੀ ਦੇ ਦਿਲ ਦੀ ਰਮਜ਼ ਸਮਝਦੀਆਂ ਹਨ। ਸਵਰਾ ਭਾਸਕਰ, ਕਨ੍ਹਈਆ ਤੇ ਉਮਰ ਖਾਲਿਦ ਨਵੀਂ ਪੀੜੀ ਦੇ ਨਾਇਕ ਹਨ। ਮਰਹੂਮ ਜਗਮੋਹਨ ਕੌਸ਼ਲ ਦਾ ਬੇਟਾ ‘ਬਿੱਟੂ ਬਠਿੰਡਾ,’ ਵੀ ਆਪਣੀ ਧੀ ਦੇ ਨਾਲ  ਸੀ। ਪਿੰਡ ਮਹਿਮਾ ਭਗਵਾਨਾ ਦੀ ਸੁਖਜੀਵਨ ਕੌਰ ਨੇ ਸੁਨੇਹਾ ਦਿੱਤਾ ਕਿ ਚੁੱਪ ਨੂੰ ਕਿਤੇ ਮਜਬੂਰੀ ਨਾ ਸਮਝਣਾ, ਮਾਈ ਭÎਾਗੋ ਤੇ ਮਹਾਨ ਗਦਰੀ ਗੁਲਾਬ ਕੌਰ ਦੀਆਂ ਵਾਰਸ ਹਾਂ। ਰਜਿੰਦਰਾ ਕਾਲਜ ਦੀ ਵਿਦਿਆਰਥਣ ਸੰਗੀਤਾ ਰਾਣੀ ਨੇ ਆਖਿਆ ਕਿ ‘ਭਵਿੱਖ ਤੇ ਹੋਂਦ ਲਈ ਲੜਾਈ ਲੜਾਂਗੇ।’ ਉਹ ਆਖਦੀ ਹੈ ਕਿ ਸਿਆਸੀ ਜਮਾਤ ਹੁਣ ਕੁੜੀਆਂ ਨੂੰ ਘੱਟ ਨਾ ਸਮਝੇ।ਪਿੰਡ ਸਿਵੀਆਂ ਦੀ ਬੇਅੰਤ ਕੌਰ ਪੰਜਾਬੀ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਹੈ। ਉਹ ਵੀ ਜੇ.ਐਨ.ਯੂ ’ਚ ਹੋਈ ਗੁੰਡਾਗਰਦੀ ਦੇ ਖ਼ਿਲਾਫ਼ ਨਿੱਤਰੀ ਹੈ।ਪ੍ਰਿੰਸੀਪਲ ਰਵਿੰਦਰ ਸਿੰਘ ਘੁੰਮਣ ਆਖਦੇ ਹਨ ਕਿ ਜੋ ਬਿਨਾ ਰੋਕ ਵਾਪਰ ਰਿਹਾ, ਖ਼ੌਫ ਪੈਰ ਪਸਾਰ ਰਿਹਾ ਹੈ, ਉਸ ਖ਼ਿਲਾਫ਼ ਨਵੀਂ ਪੀੜੀ ਹੁਣ ਸੋਚਣ ਲੱਗੀ ਹੈ। ਕਵਿੱਤਰੀ ਡਾ. ਨੀਤੂ ਅਰੋੜਾ ਨੇ ਅੱਜ ਇੱਕ ਕਵਿਤਾ ਦੇ ਬੋਲਾਂ ਜਰੀਏ ਸਾਂਝੀ ਪੀੜ ਨੂੰ ਬਿਆਨਿਆਂ।
               ਬਠਿੰਡਾ ਦੇ ਫਾਇਰ ਬ੍ਰੀਗੇਡ ਚੌਂਕ ਵਿਚ ਅੱਜ ਨਾਗਰਿਕਤਾ ਸੋਧ ਕਾਨੂੰਨ ਅਤੇ ਜੇ.ਐਨ.ਯੂ ਦੇ ਵਿਦਿਆਰਥੀਆਂ ’ਤੇ ਹੋਏ ਹਮਲੇ ਖ਼ਿਲਾਫ਼ ਇਨਕਲਾਬੀ ਨੌਜਵਾਨ ਸਭਾ, ਨਾਗਰਿਕ ਏਕਤਾ ਮੰਚ, ਜਮਹੂਰੀ ਅਧਿਕਾਰੀ ਸਭਾ ਤੇ ਪੀ.ਐਸ. ਯੂ ਨੇ ਸੰਕੇਤਕ ਪ੍ਰਦਰਸ਼ਨ ਕੀਤਾ।ਇਨਕਲਾਬੀ ਨੌਜਵਾਨ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਰਾਜਿੰਦਰ ਸਿਵੀਆਂ,ਏਕਤਾ ਮੰਚ ਦੇ ਪ੍ਰੋ. ਅਮਨਦੀਪ ਸੇਖੋਂ, ਜੇ.ਐਨ.ਯੂ ਦੇ ਸਾਬਕਾ ਵਿਦਿਆਰਥੀ ਸੁਮੇਲ ਸਿੰਘ ਸਿੱਧੂ, ਜਮਹੂਰੀ ਅਧਿਕਾਰੀ ਸਭਾ ਦੇ ਪ੍ਰਿਤਪਾਲ ਸਿੰਘ,ਪੀ.ਐਸ.ਯੂ ਦੀ ਸੰਗੀਤਾ ਰਾਣੀ, ਸਮਾਜਿਕ ਕਾਰਕੁਨ ਲੋਕ ਬੰਧੂ, ਘੁੱਦਾ ਕਾਲਜ ਤੋਂ ਕਿਰਨ ਅਤੇ ਹੋਰ ਆਗੂ ਸ਼ਾਮਿਲ ਸਨ ਜਿਨ੍ਹਾਂ ਨੇ ਆਖਿਆ ਕਿ ਸ਼ਾਂਤਮਈ ਪ੍ਰਦਰਸ਼ਨਾਂ ’ਤੇ ਗੋਲੀਆਂ ਲਾਠੀਆਂ ਚਲਾ ਕੇ ਸਰਕਾਰ ਵਿਦਿਆਰਥੀਆਂ ਦੀ ਅਵਾਜ਼ ਨੂੰ ਦਬਾ ਨਹੀਂ ਸਕੇਗੀ। ਉਨ੍ਹਾਂ ਬਠਿੰਡਾ ਵਿਚ 10 ਜਨਵਰੀ ਨੂੰ ਵਿਸ਼ਾਲ ਮੁਜ਼ਾਹਰਾ ਕਰਨ ਦੀ ਐਲਾਨ ਵੀ ਕੀਤਾ।ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ.ਏ.ਕੇ.ਮਲੇਰੀ,ਮੀਤ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਜਗਮੋਹਣ ਸਿੰਘ,ਡਾ.ਅਜੀਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਬੂਟਾ ਸਿੰਘ ਨੇ ਅੱਜ ਵੱਖਰਾ ਬਿਆਨ ਜਾਰੀ ਕਰਕੇ ਜੇ.ਐਨ.ਯੂ ਕੈਂਪਸ ਵਿਚ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਇਸ ਬੇਕਿਰਕੀ ਨੇ ਸਮੁੱਚੇ ਲਾਣੇ ਦਾ ਅਣਮਨੁੱਖੀ ਤੇ ਵਹਿਸ਼ੀ ਚਿਹਰਾ ਦਿਖਾ ਦਿੱਤਾ ਹੈ।
                       ਖੁਫ਼ੀਆ ਟੀਮ ਪਿੱਛਾ ਕਰਨ ਲੱਗੀ।
ਖੁਫ਼ੀਆ ਵਿੰਗ ਹੁਣ ਖ਼ੌਫ ਖ਼ਿਲਾਫ਼ ਨਿੱਤਰੇ ਲੋਕਾਂ ਦੀ ਪੈੜ ਨੱਪਣ ਲੱਗਾ ਹੈ। ਭਾਵੇਂ ਅੱਜ ਬਠਿੰਡਾ ਵਿਚ ਕੋਈ ਵੱਡਾ ਇਕੱਠ ਨਹੀਂ ਸੀ ਪ੍ਰੰਤੂ ਪ੍ਰਦਰਸ਼ਨ ਵਿਚ ਪੁੱਜੇ ਲੋਕਾਂ ਦੀ ਅਹਿਮੀਅਤ ਪੱਖੋਂ ਖੁਫੀਆਤੰਤਰ ਪਿੱਛਾ ਕਰ ਰਿਹਾ ਸੀ। ਖੁਫ਼ੀਆ ਵਿੰਗ ਦੀ ਟੀਮ ਇਹੋ ਬੁੱਝਣ ਵਿਚ ਲੱਗੀ ਰਹੀ ਕਿ ਇਸ ਪ੍ਰਦਰਸ਼ਨ ਵਿਚ ਅਧਿਆਪਕ ਕਿੰਨੇ ਪੁੱਜੇ ਹਨ ਅਤੇ ਉਹ ਕੌਣ ਕੌਣ ਹਨ।
               





Sunday, January 5, 2020

                       ਉਜਾੜੇ ਦੀ ਚੀਸ 
        ਧਰਤੀ ਦੇ ਜਾਏ, ਹੋ ਗਏ ਪਰਾਏ
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਜੱਗੋਂ ਤੇਰ੍ਹਵੀਂ ਇਕੱਲੇ ਕਿਸਾਨ ਲਾਲ ਸਿੰਘ ਨਹੀਂ ਹੋਈ। ਹਜ਼ਾਰਾਂ ਕਿਸਾਨ ਉਸ ਵਾਂਗੂ ਉਜਾੜੇ ਦੀ ਚੀਸ ਹੰਢਾ ਰਹੇ ਨੇ। ਖੇਤਾਂ ਦੇ ਵਾਰਸ ਹੁਣ ਇਹ ਕਿਸਾਨ ਨਹੀਂ ਰਹੇ। 16 ਫਰਵਰੀ 2006 ਦਾ ਉਹ ਦਿਨ ਭੁੱਲਣਾ ਅੌਖਾ ਹੈ ਜਦੋਂ ਸਰਕਾਰੀ ਦਾਬੇ ਨਾਲ ‘ਟਰਾਈਡੈਂਟ ਗਰੁੱਪ’ 376 ਏਕੜ ਜ਼ਮੀਨ ਦਾ ਮਾਲਕ ਬਣਿਆ। ਉਦੋਂ ਕੈਪਟਨ ਸਰਕਾਰ ਨੇ ਬਰਨਾਲੇ ਦੇ ਤਿੰਨ ਪਿੰਡਾਂ ਦੇ 125 ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ। ‘ਟਰਾਈਡੈਂਟ ਗਰੁੱਪ’ ਨੇ ਸ਼ੂਗਰ ਮਿੱਲ ਲਾਉਣੀ ਸੀ। ਵੱਡਾ ਮੁੱਲ ਤਾਰਨਾ ਪਿਆ ਕਿਸਾਨਾਂ ਨੂੰ। ਜ਼ਮੀਨਾਂ ਬਚਾਉਣ ਲਈ ਕਿਸਾਨਾਂ ਨੇ ਘੋਲ ਲੜਿਆ। ਸੰਘਰਸ਼ ’ਚ ਤਿੰਨ ਕਿਸਾਨ ਜੇਲ੍ਹਾਂ ’ਚ ਜਾਨ ਗੁਆ ਬੈਠੇ। 71 ਕਿਸਾਨ ਜ਼ਖ਼ਮੀ ਹੋਏ, ਬਲੌਰ ਸਿੰਘ ਦੀ ਖੱਬੀ ਅੱਖ ਚਲੀ ਗਈ। ਪੈਲ਼ੀਆਂ ਦੇ ਮਾਲਕ ਉੱਜੜ ਗਏ, ਏਡਾ ਖੂਨ ਖ਼ਰਾਬਾ ਵੀ ਹੋਇਆ। ਚੌਂਦਾ ਸਾਲਾਂ ਮਗਰੋਂ ਵੀ ਅੱਜ ਇਸ ਜ਼ਮੀਨ ’ਤੇ ਹਾਲੇ ਤੱਕ ਗੰਨਾ ਮਿੱਲ ਨਹੀਂ ਲੱਗੀ। ਫਤਹਿਗੜ੍ਹ ਛੰਨਾ ਦਾ ਕਿਸਾਨ ਲਾਲ ਸਿੰਘ ਆਖਦਾ ਹੈ ਕਿ ਜਦੋਂ ਪਿਉ ਦਾਦੇ ਦੀ ਜ਼ਮੀਨ ’ਤੇ ਹੁਣ ਪ੍ਰਾਈਵੇਟ ਘਰਾਣੇ ਦੇ ਸਫ਼ੈਦੇ ਲੱਗੇ ਵੇਖਦਾ, ਕਲੇਜਾ ਖਾਣ ਨੂੰ ਆਉਂਦਾ ਹੈ। ਲਾਲ ਸਿੰਘ ਦੀ ਜ਼ਮੀਨ ਚਲੀ ਗਈ। ਮੁਆਵਜ਼ੇ ਰਾਸ਼ੀ ਨਾਲ ਕਰਜ਼ ਲਾਹ ਦਿੱਤਾ। ਜ਼ਮੀਨ ਖੱੁਸਣ ਕਰਕੇ ਮੁੰਡੇ ਲਈ ਰਿਸ਼ਤਾ ਅੌਖਾ ਹੋ ਗਿਆ ਹੈ। ਆਖਰ ਕਿਸਾਨ ਆਜੜੀ ਬਣ ਗਿਆ। ਬੱਕਰੀਆਂ ਲਈ ਲੋਨ ਲਿਆ। ਹੁਣ ਬੱਕਰੀਆਂ ਦੀ ਕੁਰਕੀ ਆ ਗਈ ਹੈ। ਪਿੰਡ ਫਤਹਿਗੜ੍ਹ ਛੰਨਾ,ਧੌਲ਼ਾ ਤੇ ਸੰਘੇੜਾ ਦੇ ਕਿਸਾਨਾਂ ਦੇ ਹੌਂਕੇ ਤੇ ਵਲਵਲੇ ਇੱਕੋ ਹਨ।
       ਕਿਸਾਨ ਮਲਕੀਤ ਸਿੰਘ ਦੀ ਜ਼ਮੀਨ ਹੱਥੋਂ ਨਿਕਲੀ। ਦੂਰੋ ਪੈਲੀ ’ਤੇ ਵਲੀ ਕੰਡਿਆਲੀ ਤਾਰ ਵੇਖੀ। ਸਹਾਰ ਨਾ ਸਕਿਆ, ਖੁਦਕੁਸ਼ੀ ਕਰ ਗਿਆ। ਮਲਕੀਤ ਸਿੰਘ ਨੂੰ ਆਖਰ ਪਿੰਡ ਛੱਡਣਾ ਪਿਆ। ਮਲਕੀਤ ਨੇ ਕਿਸੇ ਦੂਸਰੇ ਪਿੰਡ ਜ਼ਮੀਨ ਲਈ  ਹੈ। ਆਖਦਾ ਹੈ ਕਿ ਚਾਅ ’ਚ ਕੌਣ ਪਿੰਡ ਛੱਡਦੈ। ਇੱਥੋਂ ਦੇ ਇੱਕ ਹੋਰ ਕਿਸਾਨ ਦੀ ਜ਼ਮੀਨ ਜਦੋਂ ਖਿਸਕ ਗਈ। ਪਤਨੀ ਨੇ ਸਦਮੇ ’ਚ ਖੁਦਕੁਸ਼ੀ ਕਰ ਲਈ। ਜੋ ਕਦੇ ਖੇਤਾਂ ਦਾ ਮਾਲਕ ਸੀ, ਹੁਣ ਕਿਰਾਏ ’ਤੇ ਥ੍ਰੀ ਵੀਲਰ ਲੈ ਕੇ ਚਲਾ ਰਿਹਾ ਹੈ। ਰਾਮ ਸਿੰਘ ਦੀ 23 ਏਕੜ ਜ਼ਮੀਨ ਦੇ ਮਾਲਕ ਹੁਣ ਟਰਾਈਡੈਂਟ ਵਾਲੇ ਨੇ। ਇਸ ਕਿਸਾਨ ਨੂੰ ਤਿੰਨ ਵਾਰ ਉਜੜਣਾ ਪਿਆ। ਪਹਿਲਾਂ ਪਿੰਡ ਪੱਖੋ ਜ਼ਮੀਨ ਲਈ, ਉਥੋਂ ਵੇਚ ਕੇ ਰੂੜੇਕੇ ਲਏ, ਉਥੋਂ ਵੇਚ ਕੇ ਹੁਣ ਕਿਤੇ ਹੋਰ ਲਈ ਹੈ। ਕਿਸਾਨ ਬਲੌਰ ਸਿੰਘ ਹੁਣ ਦਿਹਾੜੀ ਕਰ ਰਿਹਾ ਹੈ। ਭਾਵੇਂ ਟਰਾਂਈਡੈਂਟ ਨੇ ਕਾਫ਼ੀ ਰੁਜ਼ਗਾਰ ਵੀ ਦਿੱਤਾ। ਫਤਹਿਗੜ੍ਹ ਛੰਨਾ ਨਾਲ ਰੜਕ ਭੁੱਲੀ ਨਹੀਂ। ਡੀ.ਏ.ਵੀ ਕਾਲਜ ਚੰਡੀਗੜ੍ਹ ਦੇ ਪ੍ਰੋ. ਮਨਜੀਤ ਸ਼ਰਮਾ ਜਿਨ੍ਹਾਂ ਨੇ ਇਨ੍ਹਾਂ ਪਿੰਡਾਂ ’ਤੇ ਖੋਜ ਰਿਪੋਰਟ ਵੀ ਲਿਖੀ, ਦਾ ਪ੍ਰਤੀਕਰਮ ਸੀ ਕਿ ਕਿਸਾਨਾਂ ਦੀ ਸਿਰਫ਼ ਜ਼ਮੀਨ ਨਹੀਂ ਗਈ, ਉਨ੍ਹਾਂ ਦਾ ਜ਼ਮੀਨ ਨਾਲ ਭਾਵੁਕ ਲਗਾਓ ਵੀ ਕਤਲ ਹੋਇਆ ਹੈ। ਪੰਜਾਬ ਸਰਕਾਰ ਨੇ ਜ਼ਮੀਨਾਂ ਖੋਹਣ ਲਈ ਕਾਰਪੋਰੇਟ ਪੱਖੀ ਭੂਮਿਕਾ ਨਿਭਾਈ। ਇਵੇਂ ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਆਖਦੇ ਹਨ ਕਿ ਸਰਕਾਰੀ ਏਜੰਡਾ ਲੋਕ ਪੱਖੀ ਹੁੰਦਾ ਤਾਂ ਅੱਜ ਖੋਹੀ ਜ਼ਮੀਨ ’ਤੇ ਸ਼ੂਗਰ ਮਿੱਲ ਲੱਗੀ ਹੁੰਦੀ। ਕਿੰਨੇ ਕਿਸਾਨਾਂ ਨੂੰ ਘਰ ਬਾਰ ਤੇ ਪਿੰਡ ਛੱਡਣੇ ਪੈ ਗਏ।
               ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦਾ 31 ਅਗਸਤ 2016 ਨੂੰ ਪੱਛਮੀ ਬੰਗਾਲ ਦੇ ਸੰਗੂਰ ਬਾਰੇ ਫੈਸਲਾ ਆਇਆ ਹੈ ਜੋ ਪ੍ਰੋਜੈਕਟ ਨਾ ਲੱਗਣ ਦੀ ਸੂਰਤ ’ਚ ਜ਼ਮੀਨ ਵਾਪਸੀ ਦੀ ਗੱਲ ਕਰਦਾ ਹੈ। ਮਾਨਸਾ ਜ਼ਿਲ੍ਹੇ ਦੇ ਚਾਰ ਪਿੰਡਾਂ ਦੀ ਹੋਣੀ ਵੀ ਵੱਖਰੀ ਨਹੀਂ। ਗੱਠਜੋੜ ਸਰਕਾਰ ਨੇ ‘ਇੰਡੀਆ ਬੁੱਲ ਲਿਮਟਿਡ’ ਲਈ 871 ਏਕੜ ਜ਼ਮੀਨ ਪੁਲੀਸ ਦਬਸ਼ ਨਾਲ ਅਕਤੂਬਰ 2010 ’ਚ ਐਕੁਆਇਰ ਕੀਤੀ। ਜ਼ਮੀਨ ਬਚਾਉਣ ਲਈ 17 ਮਹੀਨੇ ਕਿਸਾਨ ਧਿਰਾਂ ਨੇ ਘੋਲ ਲੜਿਆ। ਪੁਲੀਸ ਜਬਰ ’ਚ ਹਮੀਦੀ ਪਿੰਡ ਦਾ ਕਿਸਾਨ ਜਾਨ ਗੁਆ ਬੈਠਾ। ਪਿੰਡ ਗੋਬਿੰਦਪੁਰਾ, ਜਲਵੇੜਾ, ਸਿਰਸੀਵਾਲਾ ਤੇ ਬਰੇਟਾ ਦੇ 1882 ਕਿਸਾਨਾਂ ਤੋਂ ਜ਼ਮੀਨ ਲਈ ਗਈ। ਵੱਡਾ ਮੁੱਲ ਕਿਸਾਨਾਂ ਨੂੰ ਤਾਰਨਾ ਪਿਆ।ਗੋਬਿੰਦਪੁਰਾ ’ਚ ਇੱਕ ਦਹਾਕੇ ਮਗਰੋਂ ਵੀ ਥਰਮਲ ਪਲਾਂਟ ਨਹੀਂ ਲੱਗਾ। ਕਿਸਾਨ ਬੇਜ਼ਮੀਨੇ ਤੇ ਬਘਰੇ ਹੋ ਗਏ। ਉਪਰੋਂ ਥਰਮਲ ਪ੍ਰੋਜੈਕਟ ਵੀ ਮਿੱਟੀ ਹੋ ਗਿਆ। ਗੋਬਿੰਦਪੁਰਾ ਪਿੰਡ ਦੀ 806 ਏਕੜ ਜ਼ਮੀਨ ਐਕੁਆਇਰ ਹੋਈ। ਕਿਸਾਨਾਂ ਕੋਲ ਸਿਰਫ਼ 650 ਏਕੜ ਪਿੱਛੇ ਬਚੀ ਹੈ। 62 ਪਰਿਵਾਰ ਬੇਜ਼ਮੀਨੇ ਹੋ ਗਏ। ਜਿਥੇ ਥਰਮਲ ਲੱਗਣਾ ਸੀ, ਉਥੇ ਵੱਡਾ ਜੰਗਲ ਬਣ ਗਿਆ ਹੈ। ਹਜ਼ਾਰਾਂ ਜੰਗਲੀ ਸੂਰ ਆ ਗਏ ਨੇ। ਕਿਸਾਨ ਹਰਪਾਲ ਸਿੰਘ ਦੱਸਦਾ ਹੈ ਕਿ ਕਾਗਜ਼ੀ ਪ੍ਰੋਜੈਕਟ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਜੰਗਲੀ ਸੂਰ ਕਣਕਾਂ ਦਾ ਉਜਾੜਾ ਕਰ ਰਹੇ ਨੇ। ਦੂਸਰੇ ਪਿੰਡਾਂ ਦੇ ਲੋਕ ਅਵਾਰਾ ਪਸ਼ੂ ਛੱਡ ਜਾਂਦੇ ਨੇ। ਨਸ਼ੇੜੀਆਂ ਨੇ ਅੱਡੇ ਬਣਾ ਲਏ ਨੇ।
       ਗੋਬਿੰਦਪੁਰਾ ਦੇ ਕਿਸਾਨ ਭੋਲਾ ਸਿੰਘ ਤੇ ਮੇਜਰ ਸਿੰਘ ਦੀ ਪੂਰੀ ਜ਼ਮੀਨ ਐਕੁਆਇਰ ਹੋ ਗਈ। ਦੋਵੇਂ ਭਰਾਵਾਂ ਨੂੰ ਪਿੰਡ ਛੱਡਣਾ ਪਿਆ। ਸੰਗਰੂਰ ਜ਼ਿਲ੍ਹੇ ਦੇ ਕਿਸੇ ਪਿੰਡ ਜ਼ਮੀਨ ਲੈ ਲਈ ਤੇ ਮਕਾਨ ਬਣਾ ਲਏ। ਜਦੋਂ ਅਪਣੱਤੀ ਮੋਹ ਨਾ ਮਿਲਿਆ। ਪਿੰਡ ਦਾ ਉਦਰੇਵਾਂ ਬੇਚੈਨ ਕਰਨ ਲੱਗਾ। ਭੋਲਾ ਸਿੰਘ ਚੱਲ ਵਸਿਆ ਤੇ ਮੇਜਰ ਸਿੰਘ ਨੂੰ ਅਧਰੰਗ ਹੋ ਗਿਆ। ਹੁਣ ਦੋਵੇਂ ਕਿਸਾਨਾਂ ਦਾ ਪਰਿਵਾਰ ਵਾਪਸ ਪਿੰਡ ਗੋਬਿੰਦਪੁਰਾ ਆਇਆ ਹੈ। ਆਪਣੇ ਹੀ ਪਿੰਡ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਹੈ। ਕਿਸਾਨ ਆਗੂ ਮੇਜਰ ਸਿੰਘ ਦੱਸਦਾ ਹੈ ਕਿ ਮੁਆਵਜ਼ਾ ਰਾਸ਼ੀ ਦੇ ਚੈੱਕਾਂ ਨੇ ਕਈ ਭੈਣਾਂ ਭਰਾਵਾਂ ਦੇ ਰਿਸ਼ਤੇ ’ਚ ਦਰਾੜ ਪਾ ਦਿੱਤੀ ਹੈ।ਗੋਬਿੰਦਪੁਰਾ ਦਾ ਸਰਪੰਚ ਗੁਰਲਾਲ ਸਿੰਘ ਆਖਦਾ ਹੈ ਕਿ ਉਹ ਤਾਂ ਪਿੰਡ ’ਚ ਹੀ ਸ਼ਰਨਾਰਥੀ ਬਣ ਕੇ ਰਹਿ ਗਏ ਹਨ। ਨਾ ਪ੍ਰੋਜੈਕਟ ਲੱਗਾ ਅਤੇ ਨਾ ਹੀ ਯੋਗ ਤੇ ਸਹੀ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ। ਘਪਲਾ ਕਰਕੇ ਦੂਸਰੇ ਪਿੰਡਾਂ ਦੇ ਲੋਕ ਨੌਕਰੀਆਂ ਲੈ ਗਏ ਹਨ। ਪਿੰਡ ਦੀ ਜ਼ਿੰਦਗੀ ਨਰਕਮਈ ਹੈ। ਮਾਨਸਾ ਜ਼ਿਲ੍ਹੇ ’ਚ ਵਣਾਂਵਾਲੀ ਥਰਮਲ ਲਈ ਗੱਠਜੋੜ ਸਰਕਾਰ ਨੇ ਸਾਲ 2008 ’ਚ ਵਣਾਂਵਾਲੀ, ਪੇਰੋ ਅਤੇ ਰਾਏਪੁਰ ਪਿੰਡਾਂ ਦੀ 2113 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਵੇਦਾਂਤਾ ਗਰੁੱਪ ਨੇ ਥਰਮਲ ਤਾਂ ਲਾ ਦਿੱਤਾ ਪ੍ਰੰਤੂ ਇਨ੍ਹਾਂ ਪਿੰਡਾਂ ਦੇ ਪੱਲੇ ਉਜਾੜਾ ਪਾ ਦਿੱਤਾ।
       ਵਣਾਂਵਾਲੀ ਦੇ ਕਿਸਾਨ ਸੂਬਾ ਸਿੰਘ ਦੀ 12 ਏਕੜ ਜ਼ਮੀਨ ਐਕੁਆਇਰ ਹੋਈ। ਜ਼ਮੀਨ ਗਈ, ਘਰ ਗਿਆ ਤੇ ਇਸ ਕਿਸਾਨ ਨੂੰ ਪੰਜਾਬ ਵੀ ਛੱਡਣਾ ਪਿਆ। ਰਾਜਸਥਾਨ ’ਚ ਜ਼ਮੀਨ ਲੈ ਕੇ ਪੈਲੀ ਕਰ ਰਿਹਾ ਹੈ। ਕਿਸਾਨ ਰਾਜ ਸਿੰਘ ਨੂੰ ਹਰਿਆਣਾ ਜਾਣਾ ਪਿਆ ਹੈ। ਲੋਕਾਂ ਨੇ ਦੱਸਿਆ ਕਿ ਮੁਆਵਜ਼ਾ ਰਾਸ਼ੀ ਨੇ ਪਰਿਵਾਰਾਂ ’ਚ ਕੰਧ ਖੜ੍ਹੀ ਕਰ ਦਿੱਤੀ। ਦਰਜਨਾਂ ਕਿਸਾਨ ਲੇਬਰ ਚੌਂਕ ਦੇ ਮਜ਼ਦੂਰ ਬਣ ਗਏ ਹਨ। ਗੋਇੰਦਵਾਲ ਪਾਵਰ ਪ੍ਰੋਜੈਕਟ ਲਈ ਕਿਸਾਨਾਂ ਦੀ 1074 ਏਕੜ ਅਤੇ ਰਾਜਪੁਰਾ ਪਾਵਰ ਪਲਾਂਟ ਲਈ ਕਿਸਾਨਾਂ ਦੀ 1078 ਏਕੜ ਜ਼ਮੀਨ ਐਕੁਆਇਰ ਕੀਤੀ ਗਈ। ਇੱਥੇ ਵੀ ਕਿਸਾਨਾਂ ਨੂੰ ਉਜਾੜਾ ਝੱਲਣਾ ਪਿਆ। ਬਠਿੰਡਾ ਦੇ ਪਿੰਡ ਘੁੱਦਾ ਵਿਚ ਕੇਂਦਰੀ ਯੂਨੀਵਰਸਿਟੀ ਲਈ 2010 ਵਿਚ 500 ਏਕੜ ਜ਼ਮੀਨ ਐਕੁਆਇਰ ਹੋਈ। ਦਸ ਸਾਲਾਂ ਮਗਰੋਂ ਵੀ ਹਾਲੇ ’ਵਰਸਿਟੀ ਇੱਥੇ ਚਾਲੂ ਨਹੀਂ ਹੋਈ, ਜੋ ਬਠਿੰਡਾ ਦੀ ਧਾਗਾ ਮਿੱਲ ’ਚ ਚੱਲ ਰਹੀ ਹੈ। ਵਿਰਕ ਕਲਾਂ ’ਚ ਹਵਾਈ ਅੱਡੇ ਲਈ 37 ਏਕੜ ਜ਼ਮੀਨ ਐਕੁਆਇਰ ਹੋਈ ਸੀ। ਪੰਜਾਬ ’ਚ  ਚਾਰ ਥਰਮਲਾਂ ਲਈ ਕੁੱਲ 5136 ਏਕੜ ਜ਼ਮੀਨ ਐਕੁਆਇਰ ਹੋਈ ਜਿਨ੍ਹਾਂ ਦਾ 1045.37 ਕਰੋੜ ਮੁਆਵਜ਼ਾ ਦਿੱਤਾ ਗਿਆ ਹੈ।
         ਜਦੋਂ ਬਠਿੰਡਾ ਥਰਮਲ ਅਤੇ ਲਹਿਰਾ ਮੁਹੱਬਤ ਥਰਮਲ ਲੱਗੇ ਸਨ, ਉਦੋਂ ਚੰਗਾ ਪੱਖ ਇਹ ਸੀ ਕਿ ਹਰ ਪ੍ਰਭਾਵਿਤ ਪਰਿਵਾਰ ਦੇ ਇੱਕ ਇੱਕ ਜੀਅ ਨੂੰ ਨੌਕਰੀ ਦਿੱਤੀ ਗਈ। ਨਵੇਂ ਪ੍ਰੋਜੈਕਟਾਂ ’ਚ ਏਦਾਂ ਨਹੀਂ ਹੋ ਰਿਹਾ। ਨਵੇਂ ਪ੍ਰੋਜੈਕਟਾਂ ਤੋਂ ਪੀੜਤ ਕਿਸਾਨ ਇਹੋ ਪੁੱਛ ਰਹੇ ਹਨ ਕਿ ਕੋਈ ਅਜਿਹਾ ਕੌਮੀ ਰਜਿਸਟਰ ਹੈ, ਜਿਸ ’ਚ ਉਹ ਆਪਣੀ ਪੀੜਾ ਦਰਜ ਕਰਾ ਸਕਣ।ਪੰਜਾਬ ’ਚ ਸਪੈਸ਼ਲ ਆਰਥਿਕ ਜ਼ੋਨਾਂ ਲਈ ਵੀ 62.72 ਏਕੜ ਸ਼ਹਿਰੀ ਜ਼ਮੀਨ ਐਕੁਆਇਰ ਕੀਤੀ ਗਈ ਜਾਂ ਰਾਖਵੀਂ ਰੱਖੀ ਗਈ ਸੀ। ਇਨ੍ਹਾਂ ਜ਼ਮੀਨਾਂ ’ਤੇ ਤਿੰਨ ਆਰਥਿਕ ਜ਼ੋਨ ਬਣੇ ਹਨ ਜਿਨ੍ਹਾਂ ਕੋਲ 49.80 ਏਕੜ ਜ਼ਮੀਨ ਹਾਲੇ ਵੀ ਖਾਲੀ ਪਈ ਹੈ। ਗੱਠਜੋੜ ਸਰਕਾਰ ਨੇ ਖੇਤੀ ਵਰਸਿਟੀ ਦੇ ਬਠਿੰਡਾ ਸੈਂਟਰ ’ਚ ਖੇਤੀ ਖੋਜਾ ਵਾਲੀ ਜ਼ਮੀਨ ‘ਕੌਮਾਂਤਰੀ ਕ੍ਰਿਕਟ ਸਟੇਡੀਅਮ’ ਵਾਸਤੇ ਤਬਦੀਲ ਕਰ ਦਿੱਤੀ ਗਈ ਸੀ। ਉਥੇ ਜਦੋਂ ਸਟੇਡੀਅਮ ਨਾ ਬਣਿਆ ਤਾਂ ਸਰਕਾਰ ਨੇ ਮੱਛੀ ਮਾਰਕੀਟ ਬਣਾ ਦਿੱਤੀ। ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਸੀ ਕਿ ਬਰਨਾਲਾ ਤੇ ਮਾਨਸਾ ਜ਼ਿਲ੍ਹੇ ’ਚ ਸਨਅਤੀ ਪ੍ਰੋਜੈਕਟਾਂ ਲਈ ਪਿਛਲੀਆਂ ਸਰਕਾਰਾਂ ਸਮੇਂ ਜ਼ਮੀਨਾਂ ਐਕੁਆਇਰ ਹੋਈਆਂ ਸਨ ਜਿਨ੍ਹਾਂ ਦੀ ਮੌਜੂਦਾ ਸਥਿਤੀ ਉਹ ਚੈੱਕ ਕਰਨਗੇ। ਉਹ ਕੋਸ਼ਿਸ਼ ਕਰਨਗੇ ਕਿ ਇਨ੍ਹਾਂ ਖਾਲੀ ਜ਼ਮੀਨਾਂ ’ਤੇ ਕੋਈ ਸਨਅਤੀ ਪ੍ਰੋਜੈਕਟ ਲੱਗਣ ਤਾਂ ਜੋ ਜ਼ਮੀਨਾਂ ਵਰਤੋਂ ਵਿਚ ਆ ਸਕਣ।
                  ਐਕੁਆਇਰ ਜ਼ਮੀਨ ਦਾ ਵੇਰਵਾ
  ਪ੍ਰੋਜੈਕਟ ਦਾ ਨਾਮ   ਐਕੁਆਇਰ ਜ਼ਮੀਨ          ਮੌਜੂਦਾ ਸਥਿਤੀ
1. ਗੋਬਿੰਦਪੁਰਾ ਤਾਪ ਬਿਜਲੀ ਘਰ 871 ਏਕੜ      ਪ੍ਰੋਜੈਕਟ ਲੱਗਾ ਨਹੀਂ।
2. ਟਰਾਈਡੈਂਟ ਗਰੁੱਪ ਬਰਨਾਲਾ 376 ਏਕੜ     ਪ੍ਰੋਜੈਕਟ ਲੱਗਾ ਨਹੀਂ।
3.  ਤਲਵੰਡੀ ਸਾਬੋ ਥਰਮਲ ਪਲਾਂਟ 2113 ਏਕੜ          ਪ੍ਰੋਜੈਕਟ ਚਾਲੂ
4.  ਰਾਜਪੁਰਾ ਥਰਮਲ ਪਲਾਂਟ 1078 ਏਕੜ           ਪ੍ਰੋਜੈਕਟ ਚਾਲੂ
5. ਗੋਇੰਦਵਾਲ ਪਾਵਰ ਪ੍ਰੋਜੈਕਟ 1074 ਏਕੜ    ਪ੍ਰੋੋਜੈਕਟ ਚਾਲੂ।
6. ਕੇਂਦਰੀ ’ਵਰਸਿਟੀ ਘੁੱਦਾ 500 ਏਕੜ ਪ੍ਰੋਜੈਕਟ ਅਧੂਰਾ।
       





                             ਵਿਚਲੀ ਗੱਲ        
          ਟੈਂਕੀ ਤੋਂ ਉੱਤਰੋ, ਪਹਾੜਾਂ ’ਤੇ ਚੜੋ੍..। 
                              ਚਰਨਜੀਤ ਭੁੱਲਰ
ਬਠਿੰਡਾ : ਕੋਈ ਢੋਲ ਵਜਾ ਰਿਹਾ ਹੈ। ਨਾਲੇ ਹੋਕਾ ਉੱਚੀ ਲਾ ਰਿਹਾ ਹੈ। ਭਾਗਾਂ ਵਾਲਾ ਦਿਨ, ਇਕੱਲਾ ਨਹੀਂ ਆਇਆ, ਖੁਸ਼ ਖ਼ਬਰ ਵੀ ਲਿਆਇਐ। ਢੋਲ ਵਾਲਾ ਆਖ ਰਿਹੈ...ਐਂ ਮੁੰਡਿਓ ਕੰਨ ਖੋਲ੍ਹ ਕੇ ਸੁਣੋ। ਕਿਧਰੇ ਸੁੱਤੇ ਹੀ ਨਾ ਰਹਿ ਜਾਇਓ। ਰਾਜ ਥੋਡਾ, ਭਾਗ ਥੋਡਾ। ਜਦ ਮਰਜ਼ੀ ਆਓ ਜਾਓ, ਨੱਚੋ ਟੱਪੋ, ਹੱਸੋ ਗਾਓ, ਮੁੱਕਦੀ ਗੱਲ, ਹੁਣ ਢੋਲੇ ਦੀਆਂ ਲਾਓ। ਨਾ ਟੈੱਟ ਦੀ ਲੋੜ, ਨਾ ਟੈਂਟ ਲਾਉਣ ਦੀ। ਮੁਜ਼ਾਹਰੇ ਕਰਨ ਦੀ, ਸੜਕਾਂ ’ਤੇ ਠਰਨ ਦੀ, ਨੰਗੇ ਪਿੰਡੇ ਜਰਣ ਦੀ। ਹੁਣ ਕੋਈ ਲੋੜ ਨਹੀਂ। ਟੈਂਕੀਆਂ ਤੋਂ ਉਤਰੋ, ਜਹਾਜ਼ਾਂ ਚੋਂ ਉਤਰੋ। ਨਾ ਅਮਰੀਕਾ, ਨਾ ਕੈਨੇਡਾ। ਲੋੜ ਕਿਤੇ ਜਾਣ ਦੀ ਨਹੀਂ। ਪੈਂਡਾ ਹੈ ਤਾਂ ਥੋੜਾ ਅੌਖਾ। ਬੱਸ, ਕਰ ਲਓ ਕਮਰ ਕਸੇ, ਸਿੱਧੇ ਨੇਪਾਲ ਜਾਓ। ਪਰਬਤ ’ਤੇ ਚੜੋ੍ਹ, ਪੰਜਾਬ ਆਓ, ਸਿੱਧੀ ਨੌਕਰੀ ਪਾਓ। ਢੋਲ ਕੀ ਵੱਜਾ। ਸਾਹਮਣੇ ਮੇਲਾ ਬੱਝ ਗਿਐ। ਦੱਸੋ ਕਿਹੜੇ ਪਰਬਤ ਚੜ੍ਹੀਏ, ਅਸੀਂ ਮੌਤੋਂ ਮੂਲ ਨਾ ਡਰੀਏ। ਲੱਖਾਂ ਮੁੰਡੇ ਪੁੱਛਣ ਲੱਗੇ। ਮਾਹੌਲ ਖਾਮੋਸ਼ ਹੋਇਆ ਤਾਂ ਢੋਲੀ ਬਾਬਾ ਬੋਲਿਐ। ਸੱਜਣੋ, ਤੁਸੀਂ ਪੜ੍ਹੇ ਲਿਖੇ ਹੋ, ਨਾਮ ਤਾਂ ਸੁਣਿਆ ਹੋਣੈ ‘ਸਰ ਜੌਰਜ ਐਵਰੈਸਟ’ ਦਾ। ਨੇਪਾਲ ’ਚ ਸਭ ਤੋਂ ਵੱਡਾ ਪਰਬਤ ‘ਮਾਊਂਟ ਐਵਰੈਸਟ’। ਬ੍ਰਿਟਿਸ਼ ਦੇ ‘ਸਰ ਜੌਰਜ’ ਨੇ ਹੀ ਤਾਂ ਖੋਜਿਆ। ਹੁਣ ਕੰਮ ਥੋਡੇ ਆਊ। ਬਾਤਾਂ ਨਾ ਸੁਣਾਓ, ਗੱਲ ਰਾਹ ਪਾਓ। ਮੁੰਡੇ ਤਲ਼ਖ ਹੋਏ ਨੇ। ਢੋਲੀ ਨੇ ਜਿਉਂ ਹੀ ਗੱਲ ਦੱਸੀ। ਮੁੰਡਿਆਂ ਨੇ ਸ਼ੂਟ ਪਰਬਤ ਵੱਲ ਵੱਟੀ। ਪੰਜਾਬੀਓ, ਏਹ ਕੋਈ ਟੋਟਕਾ ਨਹੀਂ। ਗੱਲ ਹੈ ਸੌਲ਼ਾਂ ਆਨੇ ਸੱਚੀ। ਜਦੋਂ ਮਰਹੂਮ ਬੇਅੰਤ ਸਿੰਘ ਦਾ ਪੋਤਾ ਡੀ.ਐਸ.ਪੀ ਲਾਇਆ। ਪੰਜਾਬ ’ਚ ’ਕੱਲੇ ਦੇ ਹੀ ਢੋਲ ਵੱਜ ਗਏ।
        ਕੈਪਟਨ ਸਰਕਾਰ ਦੇ ਘਰ ਕਾਹਦਾ ਘਾਟਾ। ਗੱਲ ਪਤੇ ਦੀ ਅਤੇ ਭੇਤ ਦੀ ਵੀ ਹੈ ਜੋ ਅੱਜ ਤੱਕ ਨਹੀਂ ਖੁੱਲ੍ਹਾ ਸੀ। ਹੁਣ ਕੰਨ ਖੋਲ੍ਹੋ ਤੇ ਤੁਸੀਂ ਵੀ ਸੁਣੋ। ਪੌਣੇ ਦੋ ਵਰੇ੍ਹ ਪਹਿਲਾਂ ਦੀ ਗੱਲ। ਇੱਕ ਮੁੰਡਾ ਹੋਰ ਚੁੱਪ ਚੁਪੀਤੇ ਡੀ.ਐਸ.ਪੀ ਲਾਇਐ। ਖ਼ਾਸ ਘਰ ਦਾ ਹੈ ਤੇ ਖਾਸਮਖਾਸ ਹੈ। ਏਹ ਮੁੰਡਾ ਮਾਊਂਟ ਐਵਰੇਸਟ ’ਤੇ ਚੜ੍ਹ ਕੇ ਆਇਐ। ਰਾਜਾ ਸਾਹਿਬ ਨੇ, ਤਾਹੀਂ ‘ਕਾਕਾ ਜੀ’ ਨੂੰ ਡੀ.ਐਸ.ਪੀ ਲਾਇਐ। ਜਦੋਂ ਸਰਕਾਰ ਘਰੇਲੂ ਹੋਵੇ। ਫਿਰ ਕੌਣ ਪੁੱਛਦੈ ਖੇਡ ਪਾਲਿਸੀ ਨੂੰ। ਕਿਤੇ ਨਹੀਂ ਲਿਖਿਆ, ‘ਮਾਊਂਟ ਐਵਰੇਸਟ ਚੜ੍ਹੋਗੇ ਤਾਂ ਨੌਕਰੀ ਪਾਓਗੇ।’ ‘ਗੱਲ ਸਹੇ ਦੀ ਨਹੀਂ,ਪਹੇ ਦੀ ਹੈ’। ਹੁਣ ਇੱਕ ‘ਫਰੀਦਕੋਟੀ ਕਾਕਾ’ ਮੁੱਖ ਮੰਤਰੀ ਦੇ ਗੋਡੀ ਲੱਗਿਐ। ਏਹ ਕਾਕਾ ਜੀ ਵੀ ਐਵਰੈਸਟ ਚੜ੍ਹੇ ਨੇ। ਗ੍ਰਹਿ ਮਹਿਕਮੇ ਨੇ ਡੀ.ਐਸ.ਪੀ ਬਣਾਉਣ ਦਾ ਕੇਸ ਹੱਥੋਂ ਹੱਥੀ ਤਿਆਰ ਕੀਤੈ। ਮੋਢੇ ’ਤੇ ਸਟਾਰ ਛੇਤੀ ‘ਫਰੀਦਕੋਟੀ ਕਾਕੇ’ ਦੇ ਸਟਾਰ ਸਜਣਗੇ। ਇੰਝ ਹਰਿਆਣੇ ’ਚ ਵੀ ਹੋਇਆ। ਹੂਡਾ ਸਰਕਾਰ ਨੇ ਪਰਬਤਰੋਹੀ ਮਮਤਾ ਸੋਧਾ ਨੂੰ ਡੀ.ਐਸ.ਪੀ. ਲਾ ਦਿੱਤਾ। ਬਾਕੀ ਵੀ ਹਾਈਕੋਰਟ ਜਾ ਪੁੱਜੇ। ਤਿੰਨ ਹੋਰ ਨੂੰ ਸਬ ਇੰਸਪੈਕਟਰ ਲਾਉਣਾ ਪਿਐ। ਖੱਟਰ ਸਰਕਾਰ ਨੂੰ ਹੁਣ ਕੋਈ ਰਾਹ ਨਹੀਂ ਲੱਭਦਾ। ਅਸ਼ੋਕ ਖੇਮਕਾ ਨੇ ਲੱਭ ਕੇ ਇਹ ਇਤਰਾਜ਼ ਲਾਏ, ਪਰਬਤ ’ਤੇ ਚੜ੍ਹਨਾ ਕੋਈ ‘ਮੁਕਾਬਲਾ ਖੇਡ’ ਨਹੀਂ। ਪੰਜਾਬ ਕਿਸੇ ਨੂੰਹ ਧੀ ਨਾਲੋਂ ਘੱਟ ਐ। ‘ਕਾਕਿਆਂ’ ਨੂੰ ਮੌਜ ਲਾ ਦਿੱਤੀ ਹੈ।
              ਉਨ੍ਹਾਂ ਦਾ ਕੀ ਬਣੂ, ਜੋ ਟੈਂਕੀਆਂ ’ਤੇ ਚੜ੍ਹਦੇ ਨੇ। ਉਹ ਮੌਲੇ ਬਲਦ ਨਹੀਂ। ਐਵਰੇਸਟ ਚੜ੍ਹ ਆਏ, ਫਿਰ ਕੀ ਜੁਆਬ ਦਿਓਗੇ। ਗੱਲਵੱਟੀ (ਪਟਿਆਲਾ) ਦਾ ਅੰਗਹੀਣ ਸੁਖਜੀਤ ਸਿੰਘ। ਟੈੱਟ ਪਾਸ ਹੈ ਤੇ 91 ਦਿਨ ਸੰਗਰੂਰ ’ਚ ਪਾਣੀ ਵਾਲੀ ਟੈਂਕੀ ’ਤੇ ਬੈਠਾ। ਨਾ ਸਰਦੀ ਦੇਖੀ ਤੇ ਨਾ ਗਰਮੀ। ਭਰਾ ਗੁਜ਼ਰ ਗਿਐ, ਬਾਪ ਦਿਲ ਦਾ ਮਰੀਜ਼ ਐ ਤੇ ਮਾਂ ਮੰਜੇ ’ਤੇ ਹੈ। ਸੁਖਜੀਤ ਆਖਦੈ, ‘ਕਿਸੇ ਮਰਜ਼ੀ ਪਰਬਤ ’ਤੇ ਚਾੜ੍ਹ ਦਿਓ, ਬੱਸ ਰੁਜ਼ਗਾਰ ਦੀ ਹਾਮੀ ਭਰੋ।’‘ਘੁੱਗੀ ਕੀ ਜਾਣੇ, ਕੁਦਰਤ ਦੀਆਂ ਬਾਤਾਂ’। ਪਰ ਬਾਦਲ ਤਾਂ ਜਾਣਦੇ ਨੇ। ਹੱਥ ਦੀ ਸਫਾਈ ਸੁਖਬੀਰ ਬਾਦਲ ਨੇ, ਸਰਕਾਰ ਜਾਣ ਤੋਂ ਐਨ ਪਹਿਲਾਂ ਦਿਖਾਈ। ਰਾਤੋਂ ਰਾਤ ਅਤਿ ਨੇੜਲੇ ਕਰੀਬ 8 ਜਣੇ ਏ. ਐਸ. ਆਈ/ਸਬ ਇੰਸਪੈਕਟਰ  ਸਿੱਧੇ ਲਾਏ। ਭਰਤੀ ਚੋਰੀ ਦਰਵਾਜ਼ੇ ਹੋਈ। ‘ਕਲਿਆਣਾਂ’ ਵਾਲੇ ਵੀ ਬਾਜ਼ੀ ਮਾਰ ਗਏ। ਭਾਗ ਏਸ਼ਿਆਈ ਖਿਡਾਰੀ ਗੁਰਿੰਦਰ ਦੇ ਹਾਰ ਗਏ। ਮਾਂ ਸਕੂਲ ’ਚ ਪੀਅਨ ਹੈ ਤੇ ਬਾਪ ਡਰਾਇਵਰ। ਵਾਲੀਵਾਲ ’ਚ ਤਿੰਨ ਵਾਰ ਏਸ਼ੀਆ ਖੇਡਿਆ। ਹੌਲਦਾਰੀ ਮਸਾਂ ਮਿਲੀ ਐ। ਜਿਵੇਂ ਵਿਸ਼ਵ ਕਬੱਡੀ ਕੱਪ ਦੇ ਜੇਤੂਆਂ ਨੂੰ ਇਨਾਮੀ ਪੈਸੇ। ਦੋ ਕਰੋੜ ਦਾ ਇਨਾਮ ਲੈਣ ਲਈ ਕੋਰਟ ਜਾਣਾ ਪਿਐ। ਮਹਾਤੜ ਕਿਤੇ ਜਾਣ ਜੋਗੇ ਨਹੀਂ। ਸ਼ਾਇਦ ਕਿਤੇ ਇਨ੍ਹਾਂ ਦਾ ਦਿਨ ਵੀ ਆ ਜਾਏ। ਡਾ. ਜਗਤਾਰ ਦੀ ਨਜ਼ਮ ਦੇ ਬੋਲ ਨੇ, ‘ਇੱਕ ਦਿਨ ਹਿਸਾਬ ਮੰਗਣਾ, ਲੋਕਾਂ ਨੇ ਇਸ ਲਹੂ ਦਾ, ਤਾਕਤ ’ਚ ਮਸਤ ਦਿੱਲੀ, ਹਾਲੇ ਤਾਂ ਬੇਖ਼ਬਰ ਹੈ।’
               ਜਦੋਂ ਚੁੱਲ੍ਹੇ ਠਰੇ ਹੋਣ, ਮਾਪੇ ਡਰੇ ਹੋਣ, ਐਵਰੈਸਟ ਨੂੰ ਤਾਂ ਛੱਡੋ, ਬੇਕਾਰੀ ਦੇ ਸੁਪਰਮੈਨ ਨੇ, ‘ਨੰਗੇ ਪਰਬਤ’ ਕੀ ਨਾ ਟੱਪ ਜਾਣ। ਮਹਿਲਾਂ ਨਾਲ ਪਿੱਠ ਲੱਗਦੀ ਹੋਵੇ। ਫਿਰ ਕਿਸਮਤ ਮੱਥਾ ਟੇਕਦੀ ਹੈ। ਲੁਧਿਆਣੇ ਵਾਲੇ ‘ਚਾਚਾ-ਭਤੀਜਾ’ ਕਿੰਨੇ ਲੱਕੀ ਨੇ। ਸਰਕਾਰ ਨੇ ਕੁਛ ਲਕੋ ਕੇ ਨਹੀਂ ਰੱਖਿਆ। ਚਾਚੇ ਨੂੰ ਮੀਡੀਅਮ ਸਕੇਲ ਇੰਡਸਟਰੀ ਦਾ ਚੇਅਰਮੈਨ ਲਾਇਐ। ਭਤੀਜੇ ਨੂੰ ਯੂਥ ਡਿਵੈਲਮੈਂਟ ਬੋਰਡ ਦਾ ਚੇਅਰਮੈਨ। ਭਤੀਜੇ ਨੂੰ ਚੜ੍ਹੇ ਮਹੀਨੇ 25 ਹਜ਼ਾਰ ਤਨਖਾਹ, 25 ਹਜ਼ਾਰ ਹਾਊਸ ਰੈਂਟ,45 ਹਜ਼ਾਰ ਗੱਡੀ ਦਾ ਖਰਚਾ। ਪੰਜ ਸੱਤ ਗੰਨਮੈਨ ਦਿੱਤੇ ਨੇ। ਐਸਕਾਰਟ ਗੱਡੀ ਜੋ ਅੱਗੇ ਲੱਗੇਗੀ, ਉਹ ਵੱਖਰੀ। ਗ੍ਰਹਿ ਸਿੱਧੇ ਹੋਣ, ਇੱਕੋ ਘਰ ’ਚ ਦੋ ਦੋ ਗੱਫੇ ਆਉਂਦੇ ਨੇ। ਤਕਦੀਰ ’ਚ ਖੋਟ ਹੋਵੇ, ਟੈਂਕੀਆਂ ’ਤੇ ਚੜ੍ਹਨਾ ਪੈਂਦੈ। ਡੰਡੀ ਖੁਰਦ (ਫਾਜ਼ਿਲਕਾ) ਵਾਲੇ ‘ਚਾਚੇ-ਭਤੀਜੇ’ ਦੇ ਭਾਗ ਏਨੇ ਚੰਗੇ ਕਿਥੇ। ਚਾਚਾ ਸੁਖਦੇਵ ਸਿੰਘ ਸਿਹਤ ਕਾਮਾ ਹੈ। ਨੌਕਰੀ ਲਈ ਪੰਦਰਾਂ ਸਾਲ ਤੋਂ ਸੰਘਰਸ਼ੀ ਪੈਂਡੇ ’ਤੇ ਹੈ। ਹੁਣ ਪਟਿਆਲੇ ਧਰਨੇ ’ਚ ਬੈਠੈ। 13 ਸਾਲ ਦੀ ਨੌਕਰੀ ਲਈ। ਸੜਕਾਂ ’ਤੇ 15 ਸਾਲਾਂ ਤੋਂ ਕੂਕ ਰਿਹਾ। ਭਤੀਜਾ ਅਸ਼ੋਕ ਵੀ ਸੁਖਦੇਵ ਚਾਚੇ ਵਾਲੇ ਰਾਹ ’ਤੇ ਹੈ। ਬੀ.ਐੱਡ ਕੀਤੀ ਹੈ, ਕਿਤੇ ਕਿਸੇ ਮੁਜ਼ਾਹਰੇ ’ਚ ਜਾਂਦੇ ਤੇ ਕਿਤੇ ਸ਼ਹਿਰ ਨਾਅਰੇ ਮਾਰਦੈ। ਈ.ਟੀ.ਟੀ ਟੈੱਟ ਪਾਸ 4 ਸਤੰਬਰ ਤੋਂ ਸੰਗਰੂਰ ਮੋਰਚੇ ’ਤੇ ਬੈਠੇ ਨੇ। ਕੋਈ ਪਟਿਆਲੇ ਤੇ ਕੋਈ ਮਲੇਰਕੋਟਲੇ ’ਚ ਡਟਿਐ। ਵੱਡੀ ਮੁਸੀਬਤ ਬੇਰੁਜ਼ਗਾਰ ਅਧਿਆਪਕ ਝੱਲ ਰਹੇ ਨੇ। ਇਨ੍ਹਾਂ ਨੇ ਨਿੱਕੇ ਹੁੰਦਿਆਂ ਨੇ ਮੋਹਨ ਭੰਡਾਰੀ ਦੀ ਕਹਾਣੀ ਪਤਾ ਨਹੀਂ ਪੜ੍ਹੀ ਹੈ ਜਾਂ ਨਹੀਂ।
       ‘ਮੈਨੂੰ ਟੈਗੋਰ ਬਣਾ ਦੇ ਮਾਂ’ ਦਾ ਨਾਇਕ ਬੱਚਾ ਸਲੀਮ ਤੰਗੀ ਤੁਰਸ਼ੀ ਦੇ ਬਾਵਜੂਦ ਅੰਦਰਲੇ ਟੈਗੋਰ ਨੂੰ ਮਰਨ ਨਹੀਂ ਦਿੰਦਾ। ਅਧਿਆਪਕ ਦੇ ਬੋਲ ਬੱਚੇ ਨੂੰ ਡੋਲਣ ਨਹੀਂ ਦਿੰਦੇ। ਅਖੀਰ ’ਚ ਸਲੀਮ ਨੂੰ ਅਹਿਸਾਸ ਹੁੰਦਾ ਹੈ ਕਿ ਵਧੀਆ ਅਧਿਆਪਕ ਹੀ ਟੈਗੋਰ ਹੁੰਦਾ ਹੈ। ਅਗਰ ਬੱਚਾ ਸਮਝ ਸਕਦਾ ਹੈ ਤਾਂ ਸਰਕਾਰਾਂ ਨੂੰ ਕੀ ਅੌਖ ਹੈ। ਪੰਜਾਬ ’ਚ ਅੱਜ ‘ਟੈਗੋਰ’ ਦਾ ਸਵੈਮਾਨ ਦਾਅ ’ਤੇ ਲੱਗਾ। ‘ਟੈਗੋਰ’ ਨੂੰ ਕਦੇ ਟੈਂਕੀਆਂ ’ਤੇ ਚੜ੍ਹਨਾ ਪੈਂਦੇ। ਕਦੇ ਸੜਕਾਂ ’ਤੇ ਕੰਧ ਬਣਨਾ ਪੈਂਦੈ। ਸਿਆਣੇ ਆਖਦੇ ਨੇ, ‘ਜਦੋਂ ਦੀਵਾ ਬੁਝਣ ’ਤੇ ਆਵੇ-ਲੋਅ ਉੱਚੀ ਹੋ ਜਾਵੇ।’ ਭੌਂਦੂ ਨਾ ਬਣੋ, ਟਟੈਣੇ ਬਣੋ। ਇੱਥੇ ‘ਚਾਚਾ ਆਖਿਆਂ-ਪੰਡ ਕੋਈ ਨਹੀਂ ਚੁੱਕਦਾ’। ਸਰਕਾਰਾਂ ਦੀ ਦੂਰ ਦੀ ਨਿਗ੍ਹਾ ਕਮਜ਼ੋਰ ਹੁੰਦੀ ਹੈ। ਤਾਹੀਓਂ ਘਰਾਂ ਤੋਂ ਬਾਹਰ ਕੁਝ ਨਹੀਂ ਦਿੱਖਦਾ। ਕਾਸ਼ ! ਸਾਡੀ ਕਿਸਮਤ ‘ਕਰਨ ਢਿਲੋਂ’ ਵਰਗੀ ਹੁੰਦੀ। ਪਟਿਆਲੇ ਮੋਰਚੇ ’ਚ ਬੈਠੇ ਮੁੰਡੇ  ਸ਼ਾਇਦ ਇਹੋ ਸੋਚਦੇ ਹੋਣਗੇ। ਕਾਂਗਰਸੀ ਵਿਧਾਇਕ ਕੇਵਲ ਢਿੱਲੋਂ ਨੂੰ ਮੁਬਾਰਕਾਂ। ਜਿਨ੍ਹਾਂ ਦਾ ਲੜਕਾ ਕਰਨ ਢਿਲੋਂ ਹੁਣੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦਾ ਚੇਅਰਮੈਨ ਬਣਿਐ।
      ਮੋਫਰਾਂ ਦਾ ਮੁੰਡਾ ਤੇ ਬਾਜਵੇ ਦਾ ਮੁੰਡਾ ਵੀ ਚੇਅਰਮੈਨ ਬਣੇ ਨੇ। ਘਨੌਰ ਵਾਲੇ ਐਮ. ਐਲ.ਏ ਦਾ ਮੁੰਡਾ ਵੀ। ਢੋਲ ਵਾਲੇ ਨੇ ਮੁੜ ਡੱਗਾ ਲਾਇਐ। ਮੁੰਡਿਓ.. ਪਰਬਤਾਂ ਵੱਲ ਫਿਰ ਜਾਇਓ, ਪਹਿਲਾਂ ਪੱਕਾ ਮਨ ਬਣਾਇਓ। ਚੰਡੀਗੜ੍ਹੋਂ ਆਵਾਜ਼ ਦੀ ਗੂੰਜ ਪਈ ਹੈ। ਕਿਧਰੇ ਨਾ ਜਾਇਓ ਮੂੰਹ ਚੁੱਕ ਕੇ। ‘ਘਰ ਘਰ ਰੁਜ਼ਗਾਰ’ ਲੈ ਕੇ ਥੋਡੇ ਘਰ ਆਵਾਂਗੇ। ਨਾਲੇ ਸਮਾਰਟ ਫੋਨ ਦਿਆਂਗੇ। ਜੇ ਕਿਤੇ ਘਰੇ ਨਾ ਮਿਲੇ ਤਾਂ ਫਿਰ ਝੁਰਦੇ ਰਹਿ ਜਾਓਗੇ। ਐਵਰੈਸਟ ਭਾਗਾਂ ਵਾਲਿਆਂ ਨੂੰ ‘ਵਰ’ ਦਿੰਦੀ ਹੈ। ‘ਕਾਕਿਆਂ’ ਨੇ ਧੁਰੋਂ ਭਾਗ ਲਿਖਾਏ ਨੇ। ਛੱਜੂ ਰਾਮ ਕਿਥੇ ਦੱਬਦੈ। ਕਈ ਦਿਨਾਂ ਤੋਂ ਸੰਗਰੂਰ ਮੋਰਚੇ ’ਚ ਪੁੱਜਿਐ। ਚਾਰੇ ਪਾਸੇ ਮੁੰਡਿਆਂ ਦਾ ਇਕੱਠ ਐ, ਐਨ ਵਿਚਾਲੇ ਬੈਠੈ, ਹੱਥ ’ਚ ਕਿਤਾਬ ਐ, ਹੇਕਾਂ ਲਾ ਲਾ ਕੇ ਬੰਦਾ ਬਹਾਦਰ ਦੀ ਜੀਵਨੀ ਸੁਣਾ ਰਿਹੈ।

Thursday, January 2, 2020

                                                       ਸਿਆਸੀ ਅਖਾੜਾ 
                              ਮਲੂਕਾ ਨੇ ਬੜ੍ਹਕ ਮਾਰੀ, ਕਾਂਗੜ ਨੇ ਹੱਥ ਮਲੇ
                                                            ਚਰਨਜੀਤ ਭੁੱਲਰ
ਬਠਿੰਡਾ : ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹੁਣ ਵੱਢੀਖੋਰੀ ਮਾਮਲੇ ’ਚ ਇੱਕ ਦੂਸਰੇ ਦੀ ਚੁਣੌਤੀ ਕਬੂਲ ਕਰ ਲਈ ਹੈ। ਪੰਜਾਬ ਦੀ ਸਿਆਸਤ ਵਿਚ ਇਹ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਮਾਝੇ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ’ਤੇ ਲਿਆ ਹੋਇਆ ਹੈ ਅਤੇ ਇੱਧਰ ਮਾਲਵਾ ’ਚ ਸਾਬਕਾ ਮੰਤਰੀ ਮਲੂਕਾ ਨੇ ਮਾਲ ਮੰਤਰੀ ਕਾਂਗੜ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਮਲੂਕਾ ਤੇ ਕਾਂਗੜ ਦਰਮਿਆਨ ਹੁਣ ਸਿਆਸੀ ਜੰਗ ਭਖਣ ਦੇ ਆਸਾਰ ਬਣ ਗਏ ਹਨ। ਦੇਖਣਾ ਇਹ ਹੈ ਕਿ ਇਹ ਸਿਆਸੀ ਜੰਗ ਕਿਥੇ ਜਾ ਕੇ ਰੁਕਦੀ ਹੈ। ਦੱਸਣਯੋਗ ਹੈ ਕਿ ਮਾਲ ਮੰਤਰੀ ਪੰਜਾਬ ਕਾਂਗੜ ਨੇ ਪਾਵਰਕੌਮ ਦੇ ਚੇਅਰਮੈਨ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕੀ ਸੀ। ਉਸ ਮਗਰੋਂ ਸਾਬਕਾ ਮੰਤਰੀ ਮਲੂਕਾ ਨੇ ਮਾਲ ਮੰਤਰੀ ਕਾਂਗੜ ਅਤੇ ਪਾਵਰਕੌਮ ਦੇ ਚੇਅਰਮੈਨ ਦੀ ਕਾਰਗੁਜ਼ਾਰੀ ਦੀ ਪੜਤਾਲ ਦੀ ਮੰਗ ਉਠਾਈ ਸੀ। ਸਿਕੰਦਰ ਸਿੰਘ ਮਲੂਕਾ ਨੇ ਆਖਿਆ ਸੀ ਕਿ ਮਾਲ ਮੰਤਰੀ ਦੇ ਵਿਭਾਗ ’ਚ ਹੋਈਆਂ ਬਦਲੀਆਂ ਦੀ ਜਾਂਚ ਵੀ ਕਰਾਈ ਜਾਵੇ। ਦੂਸਰੀ ਤਰਫ਼ ਮਾਲ ਮੰਤਰੀ ਨੇ ਆਖਿਆ ਸੀ ਕਿ ਸਾਬਕਾ ਮੰਤਰੀ ਮਲੂਕਾ ਆਪਣੀ ਸੰਪਤੀ ਦੀ ਜਾਂਚ ਵੀ ਕਰਾਉਣ। ਅੱਜ ਇਸ ਸਿਆਸੀ ਤਲਖ਼ੀ ਨੇ ਨਵਾਂ ਮੋੜਾ ਲਿਆ ਜਦੋਂ ਕਿ ਦੋਵੇਂ ਧਿਰਾਂ ਨੇ ਇੱਕ ਦੂਸਰੇ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ।
        ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ  ਉਹ ਆਪਣੀ ਜਾਂਚ ਕਰਾਉਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਹੁਣ ਪਾਵਰਕੌਮ ਦਾ ਚੇਅਰਮੈਨ ਤਾਂ ਪਾਸੇ ਰਿਹਾ ਅਤੇ ਉਹ ਹੁਣ ਮਾਲ ਮੰਤਰੀ ਨਾਲ ਸਿੱਧੀ ਲੜਾਈ ਲੜਨਗੇ। ਮਲੂਕਾ ਨੇ ਕਿਹਾ ਕਿ ਕਾਂਗੜ ਜਦੋਂ ਚਾਹੇ ਤੇ ਜਿਥੇ ਚਾਹੇ, ਉਹ ਪੜਤਾਲ ਵਾਸਤੇ ਸਾਂਝੀ ਦਰਖਾਸਤ ਤਿਆਰ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜਸਟਿਸ ਨੂੰ ਦੇਣ ਲਈ ਤਿਆਰ ਹਨ। ਉਨ੍ਹਾਂ ਨੂੰ ਖੁਦ ਦੀ ਪੜਤਾਲ ਤੋਂ ਭੋਰਾ ਵੀ ਝਿਜਕ ਨਹੀਂ। ਦੂਸਰੀ ਤਰਫ਼ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮਲੂਕਾ ਸਾਂਝੀ ਪੜਤਾਲ ਲਈ ਦਰਖਾਸਤ ਤਿਆਰ ਕਰ ਲੈਣ, ਉਹ ਖੁਦ ਦਸਤਖ਼ਤ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੜਤਾਲ ਵਿਚ ਬੇਨਾਮੀ ਜਾਇਦਾਦ ਵੀ ਸ਼ਾਮਿਲ ਕੀਤੀ ਜਾਵੇਗੀ। ਉਹ ਆਪਣੀ ਤਰਫ਼ੋਂ ਸਾਰੇ ਸਬੂਤ ਪੇਸ਼ ਕਰਨਗੇ। ਮਾਲ ਮੰਤਰੀ ਕਾਂਗੜ ਨੇ ਕਿਹਾ ਕਿ ਦੋਹਾਂ ਧਿਰਾਂ ਦੀ ਜਾਇਦਾਦਾਂ ਦਾ ਸਭਨਾਂ ਨੂੰ ਪਤਾ ਹੀ ਹੈ। ਸਾਬਕਾ ਮੰਤਰੀ ਮਲੂਕਾ ਨੇ ਫੌਰੀ ਇਸ ’ਤੇ ਟਿੱਪਣੀ ਕਰਦੇ ਹੋਇਆ ਆਖਿਆ ਕਿ ਮਾਲ ਮੰਤਰੀ ਖੁਦ ਹੀ ਪੜਤਾਲ ਵਾਸਤੇ ਦਰਖਾਸਤ ਤਿਆਰ ਕਰ ਲਵੇ, ਉਹ ਦੋਵੇਂ ਇਕੱਠੇ ਮੁੱਖ ਜਸਟਿਸ ਕੋਲ ਚਲੇ ਜਾਣਗੇ।
               ਉਨ੍ਹਾਂ ਕਿਹਾ ਕਿ ਜਦੋਂ ਪੜਤਾਲ ਚੱਲੇਗੀ ਤਾਂ ਉਹ ਵੀ ਸਾਰੇ ਸਬੂਤ ਦੇਣਗੇ। ਉਨ੍ਹਾਂ ਕਿਹਾ ਕਿ ਸਬੂਤ ਦੇਣਾ ਤਾਂ ਇੱਕ ਦੂਜੇ ਦਾ ਹੱਕ ਹੈ। ਜੋ ਮਰਜ਼ੀ ਸਬੂਤ ਲੈ ਜਾਣ। ਉਹ ਪਹਿਲ ਕਰ ਲੈਣ, ਉਹ ਇਸ ਚੰਗੇ ਕੰਮ ਲਈ ਪੜਤਾਲ ਵਾਸਤੇ ਨਾਲ ਚਲੇ ਜਾਣਗੇ। ਦੱਸਣਯੋਗ ਹੈ ਕਿ ਥੋੜੇ ਦਿਨ ਪਹਿਲਾਂ ਹੀ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਚੋਣ ਹੋਈ ਹੈ ਜਿਸ ਵਿਚ ਮਾਲ ਮੰੰਤਰੀ ਕਾਂਗੜ ਦੇ ਲੜਕੇ ਹਰਮਨਵੀਰ ਸਿੰਘ ਕਾਂਗੜ ਸਮੇਤ ਨੌ ਕਾਂਗਰਸੀ ਡਾਇਰੈਕਟਰ ਚੁਣੇ ਗਏ ਹਨ। ਸਾਬਕਾ ਮੰਤਰੀ ਮਲੂਕਾ ਦੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਇਸ ਚੋਣ ਵਿਚ ਧਾਂਦਲੀ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਸੀ। ਇਸ ਚੋਣ ਮਗਰੋਂ ਦੋਹਾਂ ਧਿਰਾਂ ਵਿਚ ਖਟਾਸ ਨੇ ਗੰਭੀਰ ਰੂਪ ਲਿਆ ਹੈ। ਸੂਤਰ ਦੱਸਦੇ ਹਨ ਕਿ ਦੋਹਾਂ ਧਿਰਾਂ ਕੋਲ ਅੰਦਰੋਂ ਅੰਦਰੀਂ ਇੱਕ ਦੂਸਰੇ ਦੇ ਭੇਤ ਵੀ ਹਨ। ਮਾਲ ਮੰਤਰੀ ਨੇ ਹੁਣ ਇੱਥੋਂ ਤੱਕ ਕਿਹਾ ਕਿ ‘ਪਿਉ ਦਾ ਪੁੱਤ ਨਹੀਂ, ਜੇ ਪਿਛਾਂਹ ਹਟਾ’। ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਦੋਵੇਂ ਆਗੂ ਏਦਾਂ ਮਿਹਣੋਂ ਮਿਹਣੀ ਹੀ ਹੋਣਗੇ ਜਾਂ ਫਿਰ ਸਥਾਨ ਤੇ ਸਮਾਂ ਨਿਸ਼ਚਿਤ ਕਰਕੇ ਪੜਤਾਲ ਦਾ ਮੁੱਢ ਵੀ ਬੰਨ੍ਹਣਗੇ।


Wednesday, January 1, 2020

                        ਵੱਢੀਖੋਰੀ ਮਾਮਲਾ 
      ਮਲੂਕਾ ’ਤੇ ਕਾਂਗੜ ਭਿੜੇ
                        ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਆਪਣੇ ਸਿਆਸੀ ਸ਼ਰੀਕ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ’ਤੇ ਉਂਗਲ ਉਠਾਈ ਹੈ। ਸਾਬਕਾ ਮੰਤਰੀ ਮਲੂਕਾ ਨੇ ਅੱਜ ਕਰੱਪੁਸ਼ਨ ਦੇ ਮਾਮਲੇ ਨੂੰ ਲੈ ਕੇ ਮਾਲ ਮੰਤਰੀ ਕਾਂਗੜ ਖਿਲਾਫ ਮੋਰਚਾ ਖੋਲਿਆ ਹੈ ਜਿਸ ਤੋਂ ਮਾਲ ਮੰਤਰੀ ਕਾਂਗੜ ਨਵੇਂ ਵਿਵਾਦ ਵਿਚ ਘਿਰ ਗਏ ਹਨ। ਦੂਸਰੀ ਤਰਫ ਮਾਲ ਮੰਤਰੀ ਕਾਂਗੜ ਨੇ ਵੀ ਆਪਣੀ ਚੁੱਪ ਤੋੜੀ ਹੈ। ਅਸੈਂਬਲੀ ਚੋਣਾਂ ਮੌਕੇ ਹਲਕਾ ਰਾਮਪੁਰਾ ਫੂਲ ਵਿਚ ਸ੍ਰੀ ਮਲੂਕਾ ਅਤੇ ਕਾਂਗੜ ਆਹਮੋ ਸਾਹਮਣੇ ਭਿੜਦੇ ਰਹੇ ਹਨ। ਕੈਪਟਨ ਸਰਕਾਰ ਬਣਨ ਮਗਰੋਂ ਇਨ੍ਹਾਂ ਦੋਵਾਂ ਆਗੂਆਂ ਵਿਚ ਬਹੁਤੀ ਤਲਖੀ ਨਹੀਂ ਰਹੀ ਸੀ। ਹੁਣ ਨਵੇਂ ਸਾਲ ਦੇ ਐਨ ਮੌਕੇ ’ਤੇ ਸਾਬਕਾ ਮੰਤਰੀ ਮਲੂਕਾ ਨੇ ਕਾਂਗੜ ਨੂੰ ਨਿਸ਼ਾਨੇ ਤੇ ਲਿਆ ਹੈ। ਦੱਸਣਯੋਗ ਹੈ ਕਿ ਥੋੜੇ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਕਾਂਗੜ ਨੇ ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਬਾਰੇ ਆਖਿਆ ਸੀ ਕਿ ਚੇਅਰਮੈਨ ਦੀ ਕਾਰਗੁਜ਼ਾਰੀ ਜ਼ੀਰੋ ਹੈ ਅਤੇ ਸਰਾਂ ਨੂੰ ਚੇਅਰਮੈਨ ਲਾਉਣਾ ਸਰਕਾਰ ਦੀ ਭੁੱਲ ਰਹੀ ਹੈ। ਅੱਜ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਆਖਿਆ ਕਿ ਮਾਲ ਮੰਤਰੀ ਕਾਂਗੜ ਨੇ ਪਾਵਰਕੌਮ ਦੇ ਚੇਅਰਮੈਨ ’ਤੇ ਕਾਰਗੁਜ਼ਾਰੀ ਜ਼ੀਰੋ ਹੋਣ ਦੇ ਦੋਸ਼ ਲਾਏ ਹਨ।
               ਉਨ੍ਹਾਂ ਕਿਹਾ ਕਿ ਦੁੱਖ ਹੁੰਦਾ ਹੈ ਕਿ ਇੱਕ ਕਿਸਾਨ ਪਰਿਵਾਰ ਚੋਂ ਉੱਠ ਕੇ ਉੱਚ ਅਹੁਦੇ ਤੇ ਪੁੱਜੇ ਵਿਅਕਤੀ ’ਤੇ ਦੋਸ਼ ਲਾਏ ਜਾ ਜਾਣ। ਹਾਲਾਂਕਿ ਚੇਅਰਮੈਨ ’ਤੇ ਅੱਜ ਤੱਕ ਕਿਸੇ ਨੇ ਕੋਈ ਉਂਗਲ ਨਹੀਂ ਉਠਾਈ ਅਤੇ ਚੇਅਰਮੈਨ ਦੀ ਕਦੇ ਕੋਈ ਏਦਾਂ ਦੀ ਗੱਲ ਨਹੀਂ ਸੁਣੀ ਹੈ। ਸਾਬਕਾ ਮੰਤਰੀ ਮਲੂਕਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਫੌਰੀ ਮਾਲ ਮੰਤਰੀ ਕਾਂਗੜ ਅਤੇ ਚੇਅਰਮੈਨ ਸਰਾਂ ਦੇ ਡੇਢ ਵਰੇ੍ਹ ਦੀ ਕਾਰਜਕਾਲ ਦੀ ਸੀ.ਬੀ.ਆਈ ਜਾਂ ਫਿਰ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਪੜਤਾਲ ਕਰਨ ਦੇ ਹੁਕਮ ਕਰਨ। ਜਾਂਚ ਵਿਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਨਾਲ ਕੁਝ ਨਹੀਂ ਬਣਦਾ, ਜਾਂਚ ਵਿਚ ਹੀ ਗੱਲ ਨਿੱਖਰ ਸਕਦੀ ਹੈ। ਅਸਲ ਵਿਚ ਸਰਕਾਰ ਦੀ ਕਾਰਗੁਜ਼ਾਰੀ ਹੀ ਜ਼ੀਰੋ ਹੈ। ਉਨ੍ਹਾਂ ਅਸਿੱਧੇ ਤਰੀਕੇ ਨਾਲ ਮਾਲ ਮੰਤਰੀ ਨੂੰ ਆਪਣੀ ਪੀੜੀ  ਹੇਠ ਸੋਟਾ ਫੇਰਨ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਮਾਲ ਮੰਤਰੀ ਦੇ ਮਹਿਕਮੇ ਵਿਚ ਪਿਛਲੀਆਂ ਹੋਈਆਂ ਬਦਲੀਆਂ ਦੀ ਜਾਂਚ ਵੀ ਸੀ.ਬੀ.ਆਈ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਅਫਸਰਾਂ ਅਤੇ ਥਾਂ ਥਾਂ ’ਤੇ ਮਾਲ ਮੰਤਰੀ ਦੀ ਚਰਚਾ ਚੱਲ ਰਹੀ ਹੈ।
       ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਚ ਮਾਲ ਮੰਤਰੀ ਹੀ ਸਭ ਤੋਂ ਵੱਧ ਚਰਚਾ ਵਿਚ ਹੈ। ਭਾਵੇਂ ਨਗਰ ਕੌਂਸਲ ਦੇ ਪ੍ਰਧਾਨ/ਮੀਤ ਪ੍ਰਧਾਨ ਦੀ ਚੋਣ ਹੋਵੇ, ਸਰਪੰਚੀ ਦੀਆਂ ਚੋਣਾਂ ਹੋਣ ਤੇ ਬੇਸ਼ੱਕ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਹੋਵੇ। ਕਾਂਗਰਸੀ ਖੁਦ ਹੀ ਉਨ੍ਹਾਂ ’ਤੇ ਇਲਜ਼ਾਮ ਲਾ ਰਹੇ ਹਨ। ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਖੁਦ ਇੱਕ ਤਹਿਸੀਲਦਾਰ ’ਤੇ ਦੋਸ਼ ਲਾ ਚੁੱਕੇ ਹਨ ਪਰ ਵਜ਼ੀਰ ਉਸ ਦੀ ਜਾਂਚ ਤੋਂ ਭੱਜ ਗਏ ਹਨ। ਦੱਸਣਯੋਗ ਹੈ ਕਿ ਮਲੂਕਾ ਤੇ ਕਾਂਗੜ ਲੰਮੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਹਨ ਅਤੇ ਇੱਕ ਦੂਸਰੇ ਖਿਲਾਫ ਚੋਣਾਂ ਵਿਚ ਟੱਕਰਦੇ ਰਹੇ ਹਨ। ਮਲੂਕਾ ਨੇ ਇਹ ਵੀ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿਚ ਕਾਂਗੜ ਨੇ ਕੋਈ ਵਿਕਾਸ ਕੰਮ ਨਹੀਂ ਕਰਾਇਆ ਅਤੇ ਸਿਰਫ ਭਗਤਾ ਵਿਚ ਪਾਵਰਕੌਮ ਦਾ ਸਬ ਸਟੋਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
                      ਮਲੂਕਾ ਆਪਣੀ ਜਾਂਚ ਵੀ ਕਰਾਏ : ਕਾਂਗੜ
ਦੂਸਰੀ ਤਰਫ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਤੇ ਭਾਵੇਂ ਕਿਸੇ ਵੀ ਏਜੰਸੀ ਤੋਂ ਜਾਂਚ ਕਰਾ ਲਈ ਜਾਵੇ। ਉਹ ਖੁਦ ਜਾਂਚ ਵਾਸਤੇ ਲਿਖ ਕੇ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਮਲੂਕਾ ਖੁਦ ਆਪਣੀ ਪੜਤਾਲ ਵੀ ਕਰਾਉਣ ਅਤੇ ਪੜਤਾਲ ਵਾਸਤੇ ਲਿਖ ਕੇ ਦੇਣ। ਉਨ੍ਹਾਂ ਮਲੂਕਾ ਦੀ ਪ੍ਰਾਪਰਟੀ ਦੇ ਮਾਮਲੇ ’ਤੇ ਉਂਗਲ ਉਠਾਈ। ਕਾਂਗੜ ਨੇ ਵਿਕਾਸ ਦੇ ਮੁੱਦੇ ਤੇ ਕਿਹਾ ਕਿ 2022 ਵਾਲੀਆਂ ਚੋਣਾਂ ਵਿਚ ਮਲੂਕਾ ਨੂੰ ਪਤਾ ਲੱਗ ਜਾਵੇਗਾ।