Sunday, January 26, 2020

                           ਵਿਚਲੀ ਗੱਲ
          ਅੱਖਰ ਅੱਖਰ, ਵਰਕਾ ਵਰਕਾ..!
                            ਚਰਨਜੀਤ ਭੁੱਲਰ
ਬਠਿੰਡਾ : ਖਾਲਸਾ ਜੀਓ! ਸੁਖਬੀਰ ਜੀ ਨੇ ਬਦਾਮ ਵੀ ਖਾਧੇ, ਭਾਜਪਾ ਦੇ ਘਰੋਂ ‘ਪਕੌੜੇ’ ਵੀ। ਗੱਦੀ ਗਈ ਤਾਂ ਜ਼ਖ਼ਮ ਵੀ ਖਾਧੇ। ਠੋਕਰਾਂ ਅੱਜ-ਕੱਲ੍ਹ ਖਾ ਰਹੇ ਨੇ। ਅੌਲਾ ਕਿਤੇ ਵੇਲੇ ਸਿਰ ਖਾ ਲੈਂਦੇ। ਅਮਰਿੰਦਰ ਫਿਰ ਇੰਝ ਚਿੱਠੀ ਨਾ ਲਿਖਦਾ। ‘ਪਿਆਰੇ ਸੁਖਬੀਰ, ਹਿਟਲਰ ਦੀ ਆਤਮ ਕਥਾ ‘ਮਾਈਨ ਕੰਫ’ ਭੇਜ ਰਿਹੈਂ। ਤੈਨੂੰ ਭਾਜਪਾ ਦੀ ਸੋਚ ਸਮਝ ਪਊ। ਕਿਤਾਬ ਪੜ੍ਹੇਂਗਾ, ਇਤਿਹਾਸ ਦਾ ਪਤਾ ਲੱਗੂ।’ ਅਖੀਰ ’ਚ ‘ਸ਼ੁਭ ਇੱਛਾਵਾਂ’ ਵੀ ਭੇਜੀਆਂ। ਦਿੱਲੀਓਂ ਬੇਰੰਗ ਲਿਫਾਫੇ ਵਾਂਗੂ ਭੇਜ ਦਿੱਤੇ। ਸਾਧ ਸੰਗਤ ਜੀ! ਕਿਤਾਬਾਂ ਤਾਂ ਛੱਡੋ, ਮੋਦੀ ਦਾ ਚਿਹਰਾ ਹੀ ਪੜ੍ਹ ਲੈਂਦੇ। ਸੁਖਬੀਰ ਜੀ ਕਿਹੜੀ ਗੱਲੋਂ ਚੁੱਪ ਨੇ, ਪਤਾ ਨਹੀਂ। ਮਨਜਿੰਦਰ ਸਿਰਸਾ ਬਿਨਾਂ ਰੁਕੇ ਜ਼ਰੂਰ ਬੋਲੇ, ਭੇਤ ਫਿਰ ਨਹੀਂ ਖੋਲ੍ਹੇ, ਹਰਸਿਮਰਤ ਕਦੋਂ ਅਸਤੀਫ਼ਾ ਦੇਊ ? ‘ਅਕਲਾਂ ਬਾਝੋਂ, ਖੂਹ ਖਾਲੀ’ ਸਮਝੋ ਪੂਰੀ ਤਰ੍ਹਾਂ ਬਾਹਰ ਹੈ। ਜੋ ਪੰਜਾਬ ਦੀ ਕੰਧ ’ਤੇ ਲਿਖਿਐ। ਇਕੱਲਾ ਸੁਖਬੀਰ ਨਹੀਂ, ਅਮਰਿੰਦਰ ਸਿਓਂ ਵੀ ਪੜ੍ਹੇ। ਕਿਤਾਬਾਂ ਭਾਵੇਂ ਨਾ ਵੀ ਪੜ੍ਹਨ। ਅੱਗੇ ਮਨਜਿੰਦਰ ਸਿਰਸਾ ਤੋਂ ਸੁਣੋ। ਟਕੋਰ ਸਿੱਧੀ ਅਮਰਿੰਦਰ ’ਤੇ ਮਾਰੀ। ‘ਹਿਟਲਰ ਤੋਂ ਥੋਡੇ ਦਾਦੇ ਨੇ ਤੋਹਫ਼ੇ ਲਏ’। ‘ਕਿਤਾਬਾਂ ਤੁਸੀਂ ਪੜ੍ਹੋ, ਸਾਨੂੰ ਗੁਟਕਾ ਸਾਹਿਬ ਮੁਬਾਰਕ।’ ਜੋ ਪੜ੍ਹਦੇ ਲਿਖਦੇ ਹਨ। ਉਹੋ ਕਿਤਾਬਾਂ ਦੀ ਤਾਸੀਰ ਜਾਣਦੇ ਨੇ। ਮੌਨ ਹੋ ਕੇ ਵੀ ਕਿਤਾਬ ਬੋਲਦੀ ਹੈ। ‘ਪ੍ਰਧਾਨ ਜੀ’ ਨੂੰ ਕੌਣ ਸਮਝਾਵੇ। ਅਖੀਰ ਜਦੋਂ ਨਾ ਹੀ ਸਮਝੇ, ਢੀਂਡਸੇ ਰਾਤੋ ਰਾਤ ‘ਟੌਹੜਾ’ ਬਣ ਗਏ। ਕਾਸ਼ ! ਅਕਾਲੀ ਦਲ ਕੋਲ ਲਾਇਬਰੇਰੀ ਹੁੰਦੀ। ਕਿਤਾਬਾਂ ਜ਼ਰੂਰ ਟੋਕਦੀਆਂ, ਇੰਝ ਨਹੀਂ, ਇੰਝ ਕਰ।
                ਆਓ ਬੱਚਿਓ, ਤੁਹਾਨੂੰ ਅਕਾਲੀ ਦਲ ਦੀ ਲਾਇਬਰੇਰੀ ਦਿਖਾਈਏ। ਦੇਖ ਕੇ ਕਿਤੇ ਚੱਕਰ ਨਾ ਖਾ ਜਾਇਓ। ਲਾਇਬਰੇਰੀ ’ਚ ਸਿਰਫ਼ 461 ਰੁਪਏ ਦੀਆਂ ਕਿਤਾਬਾਂ ਹਨ। ਖੁਦ ਅਕਾਲੀ ਦਲ ਦੀ ਆਡਿਟ ਰਿਪੋਰਟ ’ਚ ਇਹ ਭੇਤ ਖੁੱਲ੍ਹਿਐ। ਛੱਡੋ ਜੀ, ਹੁਣ ਕਿਹੜਾ ਬਾਪੂ ਦਾ ਰਾਜ ਹੈ। ‘ਤਾਲੋਂ ਖੁੰਝੀ ਡੂਮਣੀ ਗਾਵੇ ਆਲ ਬੇਤਾਲ’। ਗੌਣ ਵਾਲੀ ਗੱਲ ਛੱਡੋ, ਤੁਸੀਂ ਇਹ ਦੱਸੋ ਹੁਣ ਮਹਾਰਾਜੇ ਨੂੰ ਸੁਖਬੀਰ ਕਿਹੜੀ ਕਿਤਾਬ ਭੇਜੇ। ਭਾਵੇਂ ਭਾਰਤ-ਪਾਕਿ ਸਬੰਧਾਂ ’ਤੇ ਹੀ ਦੱਸ ਦੇਵੋ। ਕੌਣ ਪੰਗਾ ਲੈਂਦਾ ਗੁਰੂ, ਕਿਤਾਬਾਂ ਦੱਸ ਕੇ। ਹਕੂਮਤੀ ਹੱਥ ਕਿੰਨੇ ਲੰਮੇ ਹੁੰਦੇ ਨੇ। ਬਾਬਾ ਬੁੱਲ੍ਹੇ ਸ਼ਾਹ ਦੱਸ ਰਿਹੈ ‘ਇਹ ਪੜ੍ਹਨਾ ਇਲਮ ਜ਼ਰੂਰ ਹੋਇਆ ਪਰ ਦੱਸਣਾ ਨਾ ਮਨਜ਼ੂਰ ਹੋਇਆ ਜਿਸ ਦੱਸਿਆ ਸੋ ਮਨਸੂਰ ਹੋਇਆ।’ ਖੈਰ ਅਮਰਿੰਦਰ ਪੜ੍ਹਦਾ ਤਾਂ ਬਹੁਤ ਹੈ। ਵਿਧਾਨ ਸਭਾ ਲਾਇਬਰੇਰੀ ਬੜੀ ਵਿਸ਼ਾਲ ਹੈ। ਉਥੋਂ ਅਮਰਿੰਦਰ ਨੇ ਪਹਿਲੀ ਪਾਰੀ ਵੇਲੇ 10 ਕਿਤਾਬਾਂ ਲਈਆਂ। ਲਾਇਬਰੇਰੀ ’ਚ ਹਿਟਲਰ ਦੀਆਂ ਕਿਤਾਬਾਂ ਦੇ ਛੇ ਸੈੱਟ ਪਏ ਨੇ। ਸੁਖਬੀਰ ਨੇ ਕਦੇ ਕੋਈ ਕਿਤਾਬ ਜਾਰੀ ਨਹੀਂ ਕਰਵਾਈ। ਸ਼ਾਇਦ ਸੁਖਬੀਰ ਨੂੰ ਇਹ ਗੱਲ ਜਚ ਗਈ, ਜੋ ਜ਼ਿਆਦਾ ਪੜ੍ਹਦੇ ਨੇ, ਸਿਆਸਤ ‘ਚ ਮਰਦੇ ਨੇ। ਜਗਮੀਤ ਬਰਾੜ, ਬੀਰਦਵਿੰਦਰ, ਕੁਲਦੀਪ ਵਡਾਲਾ ਤੇ ਮਨਪ੍ਰੀਤ ਬਾਦਲ ਆਦਿ। ਕਿਤਾਬਾਂ ਪੜ੍ਹਨ ਵਾਲਿਆਂ ’ਚ ਖੜ੍ਹੇ ਨੇ। ਜਮਹੂਰੀ ਸੂਚਕ ਅੰਕ ਇਕਦਮ ਥੱਲੇ ਡਿੱਗਿਐ।
                ਨਾਨਕ ਸਿੰਘ ਦੀ ਕਵਿਤਾ ‘ਖੂਨੀ ਵਿਸਾਖੀ’ ਦਾ ਚੇਤਾ ਆਇਐ। ‘ਅੱਜ ਸ਼ਹਿਰ ਵਿੱਚ ਪੈਣਗੇ ਵੈਣ ਡੂੰਘੇ, ਵਸਦੇ ਘਰਾਂ ਨੂੰ ਥੇਹ ਬਣਾਣ ਚੱਲੇ।’ ਮੁਲਕ ਹੁਣ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਬਣਿਐ। ਕਿਤੇ ਨਾਜ਼ੀ ਤਜਰਬਾ ਹੁੰਦੈ ਤੇ ਕਿਤੇ ਗੁਜਰਾਤੀ। ਜਦੋਂ ਟੱਕਰ ਕਾਲੀ ਬੋਲੀ ਰਾਤ ਨਾਲ ਹੋਵੇ, ਚਾਨਣ ਦੇ ਲੱਪ ਭਰ ਕੇ ਤੁਰਨਾ ਪੈਂਦਾ।ਕਿਤਾਬਾਂ ਤਾਂ ਸੱਚਮੁੱਚ ਲਾਟੂ ਹੀ ਨੇ। ਜਗਦੇ ਸਿਰ ਹੀ ਦਿੱਲੀ ਦੇ ਚੌਕਾਂ ’ਚ ਖੜ੍ਹੇ ਨੇ। ਐਵੇਂ ਯੂਨੀਵਰਸਿਟੀਆਂ ’ਚੋਂ ਮੌਤ ਨਾਲ ਮੁਕਲਾਵਾ ਲੈਣ ਕੌਣ ਨਿਕਲਦੈ। ਏਹ ਗੱਲਾਂ ਛੱਡੋ, ਪਹਿਲਾਂ ਇਹ ਦੱਸੋ, ਮੋਦੀ ਨੂੰ ਕਿਹੜੀ ਕਿਤਾਬ ਭੇਜੀਏ? ਪ੍ਰਧਾਨ ਮੰਤਰੀ ਨੇ ਢਾਈ ਸਾਲ ਪਹਿਲਾਂ ਖੁਦ ਕਿਹਾ। ‘ਗੁਲਦਸਤੇ ਨਹੀਂ, ਕਿਤਾਬਾਂ ਦਿਓ’। ਭਗਵੰਤ ਮਾਨ ਆਖਦੈ, ਮੋਦੀ ਨੂੰ ਜੋ ਮਰਜ਼ੀ ਕਿਤਾਬਾਂ ਭੇਜ ਦਿਓ, ਬੱਸ ਇਤਿਹਾਸ ਨੂੰ ਛੱਡ ਕੇ। ਕੀ ਪਤੈ ਕਦੋਂ ਇਤਿਹਾਸ ਬਦਲ ਦੇਵੇ। ਪਾਰਲੀਮੈਂਟ ’ਚ ਵਿਸ਼ਾਲ ਲਾਇਬਰੇਰੀ ਹੈ। ਸਾਢੇ ਚਾਰ ਲੱਖ ਕਿਤਾਬਾਂ ਪਈਆਂ ਨੇ। ਭਾਜਪਾ ਐੱਮਪੀ ਦੂਰੋਂ ਦੀ ਦੱਬੇ ਪੈਰ ਲੰਘਦੇ ਨੇ, ਕਿਤਾਬਾਂ ਕਿਤੇ ਜਾਗ ਨਾ ਪੈਣ। ਕਿਤਾਬਾਂ ਦਾ ਦਿੱਲੀ ਚੋਣਾਂ ’ਚ ਕੀ ਕੰਮ। ਪੰਗਾ ਹੁਣ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਪਾਇਐ। ਉਹੀ ਮਿਸ਼ਰਾ ਜੀਹਨੇ ਪ੍ਰਸ਼ਾਂਤ ਭੂਸ਼ਨ ਨੂੰ ਕੁੱਟ ਧਰਿਆ ਸੀ।
                ਕਪਿਲ ਮਿਸ਼ਰਾ ਆਪਣੇ ਮੁਖਾਰਬਿੰਦ ’ਚੋਂ ਇੰਝ ਬੋਲੋ, ‘ਹਿੰਦੁਸਤਾਨ ਬਨਾਮ ਪਾਕਿਸਤਾਨ’ ਮੁਕਾਬਲਾ ਅੱਠ ਫਰਵਰੀ ਨੂੰ ਹੋਵੇਗਾ। ਵਾਇਆ ਸ਼ਾਹੀਨ ਬਾਗ ਪਾਕਿਸਤਾਨ ਦਿੱਲੀ ਪੁੱਜਾ ਹੈ। ਛੋਟੇ ਛੋਟੇ ਪਾਕਿਸਤਾਨ ਬਣਾਏ ਜਾ ਰਹੇ ਨੇ।’ ਗੁਸਤਾਖ਼ੀ ਮੁਆਫ਼, ਬੱਸ ਥੋੜ੍ਹੀ ਕਿਰਪਾ ਕਰੋ, ਏਹ ਤਾਂ ਜ਼ਰੂਰ ਦੱਸੋ। ਮਿਸ਼ਰਾ ਸਾਹਿਬ ਨੂੰ ਕਿਹੜੀ ਕਿਤਾਬ ਭੇਜੀਏ? ਕਮਲੇਸ਼ਵਰ ਦੀ ਸ਼ਾਹ ਕਿਰਤ ‘ਕਿਤਨੇ ਪਾਕਿਸਤਾਨ’ ਠੀਕ ਰਹੂ। ਸ਼ਾਇਦ ਅੱਗ ਦਾ ਸੇਕ ਘਟ ਜਾਏ। ਕਮਲੇਸ਼ਵਰ ਦੇ ਨਾਵਲ ਦਾ ਨਿਚੋੜ ਸਮਝੋ। ‘ਪਾਕਿਸਤਾਨ ਤੋਂ ਪਾਕਿਸਤਾਨ ਪੈਦਾ ਹੁੰਦਾ ਹੈ ਜਿਵੇਂ ਛੂਤ ਦਾ ਰੋਗ। ਜਦੋਂ ਤੱਕ ਧਰਮ/ਜਾਤ/ਨਸਲ ਦੇ ਕੰਧਾੜੇ ਚੜ੍ਹ ਕੇ ਸੱਤਾ ਤੇ ਕਬਜ਼ੇ ਦੀ ਲਾਲਸਾ ਬਣੀ ਰਹੂ, ਉਦੋਂ ਤੱਕ ਇਸ ਭੂਮੀ ’ਤੇ ਪਾਕਿਸਤਾਨ ਬਣਾਏ ਜਾਣ ਦੀ ਫਿਰਕੂ ਵਿਰਾਸਤ ਫੈਲਦੀ ਰਹੇਗੀ।’ ਪੱਛਮੀ ਬੰਗਾਲ ਵਾਲਾ ਦਿਲੀਪ ਘੋਸ਼। ਗੱਬਰ ਸਿੰਘ ਬਣਿਐ। ਅਖੇ ਕੁੱਤਿਆਂ ਵਾਂਗੂ ਕੁੱਟਦੇ ਹਾਂ ਜੋ ਜਨਤਕ ਸੰਪਤੀ ਨੂੰ ਛੇੜਦੇ ਨੇ। ਯੂਪੀ ਵਾਲੇ ਮੁੱਖ ਮੰਤਰੀ। ਮਹਾਤਮਾ ਯੋਗੀ ਕਿਸੇ ਦੀ ਨੂੰਹ-ਧੀ ਨਾਲੋਂ ਘੱਟ ਨੇ। ਆਖਦੇ ਨੇ, ‘ਪੁਰਸ਼ ਆਪ ਰਜਾਈਆਂ ’ਚ ਬੈਠੇ ਨੇ, ਅੌਰਤਾਂ ਨੂੰ ਚੌਰਾਹਿਆਂ ’ਤੇ ਬਿਠਾ’ਤਾ।’ ਆਜ਼ਾਦੀ ਦੀ ਰੱਟ ਦੇਸ਼ਧ੍ਰੋਹ ਹੈ। ਭਾਜਪਾਈ ਕੈਲਾਸ਼ ਵਿਜੈਵਰਗੀਆ ਦੋ ਕਦਮ ਅੱਗੇ ਨੇ। ਮੋਦੀ ਕੱਪੜੇ ਪਛਾਣਦੇ ਨੇ। ਕੈਲਾਸ਼ ਬਾਬੂ, ਪੋਹਾ ਖਾਣ ਦੇ ਢੰਗ ਤੋਂ ਦੱਸਦੇ ਨੇ, ਕੌਣ ਬੰਗਲਾਦੇਸ਼ੀ ਹੈ।
                ਆਖ਼ਰੀ ਅਰਜ਼ ਐ, ਇਨ੍ਹਾਂ ਸੱਜਣਾਂ ਨੂੰ ਕਿਹੜੀ ਕਿਤਾਬ ਭੇਟ ਕਰੀਏ? ਅੱਛਾ, ਕਿਤਾਬਾਂ ਨਾਲ ਗੱਲ ਨਹੀਂ ਬਣਨੀ। ਇਨ੍ਹਾਂ ਨੂੰ ਇਕੱਠੇ ਕਰੋ, ਕਿਤੇ ਇੱਕ ਥਾਂ ਬਿਠਾਓ। ਮਰਹੂਮ ਟੋਨੀ ਬਾਤਿਸ਼ ਦਾ ਨਾਟਕ ‘ਕੁਦਰਤ ਦੇ ਸਭ ਬੰਦੇ’ ਦਿਖਾਓ।’ ਗੱਲ ਫਿਰ ਵੀ ਨਾ ਬਣੇ। ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਸੁਣਾਉਣਾ। ਜਦੋਂ ਮੁਲਕ ਦਾ ਬਟਵਾਰਾ ਹੁੰਦੈ। ਪਾਗਲਾਂ ਦਾ ਵਟਾਂਦਰਾ ਵੀ ਹੋਣ ਲੱਗਦੈ। ਕਿਰਦਾਰ ਬਿਸ਼ਨ ਸਿੰਘ ਪਾਗਲ ਜਾਨ ਦੇ ਦਿੰਦਾ ਹੈ। ਕਹਾਣੀ ਪਾਗਲਾਂ ਦੀ ਸੰਵੇਦਨਾਂ ਦਾ ਬਿਰਤਾਂਤ ਹੈ। ਫਿਰਕੂ ਸੋਚਾਂ ਵਾਲਿਆਂ ਨਾਲੋਂ ਪਾਗਲ ਵੀ ਕਿਤੇ ਚੰਗੇ ਨੇ। ਪਿਆਰਿਓ, ਇਨ੍ਹਾਂ ਦੇ ਫਿਰ ਪੱਲੇ ਨਾ ਪਈ ਤਾਂ ਕਿਤਾਬਾਂ ਦੇ ਯੱਭ ’ਚ ਨਾ ਪੈਣਾ। ਸੱਪ ਦੇ ਡੰਗੇ ਦਾ, ਕੁੱਤੇ ਦੇ ਵੱਢੇ ਦਾ, ਇਲਾਜ ਹਸਪਤਾਲਾਂ ’ਚ ਹੁੰਦੈ। ਮੁਲਕ ’ਚ ਇੱਕ ਵਿਸ਼ੇਸ਼ ਏਮਜ਼ ਬਣੇ, ਜਿਥੇ ਜ਼ੁਬਾਨ ਰੋਗ ਵਾਲਿਆਂ ਦਾ ਮੁਫ਼ਤ ’ਚ ਇਲਾਜ ਹੋਵੇ। ਜੇ ਦਾਦੀ ਤੋਂ ਬਾਤਾਂ ਟਿਕ ਕੇ ਸੁਣਦੇ, ਨਾਲੇ ਪੰਚਤੰਤਰ ਪੜ੍ਹਦੇ, ਨੌਬਤ ਇੱਥੋਂ ਤੱਕ ਨਾ ਆਉਂਦੀ।ਕਿਤਾਬਾਂ ਪੜ੍ਹਦੇ ਤਾਂ ਦਿਮਾਗ ਖੁੱਲ੍ਹਦੇ, ਮੋਹ ਬਣਾਉਂਦੇ ਪਿਆਰ ਵਧਾਉਂਦੇ। ਗੁਲਜ਼ਾਰ ਦੀ ਨਜ਼ਮ ਦਾ ਦਮ ਵੇਖੋ, ‘ਕਿਤਾਬੇਂ ਮਾਂਗਨੇ ਗਿਰਨੇ ਉਠਾਨੇ ਕੇ ਬਹਾਨੇ ਰਿਸ਼ਤੇ ਬਣਤੇ ਥੇ’।
                ਅੱਜ 71ਵਾਂ ਗਣਤੰਤਰ ਦਿਵਸ ਹੈ। ਗਣਰਾਜ ਨੂੰ ਇਨ੍ਹਾਂ ‘ਗੰਨ ਰਾਜ’ ਬਣਾ ਰੱਖਿਐ। ਦੇਸ਼ ਦਾ ਗਣ ਸ਼ਾਹੀਨ ਬਾਗ ਬੈਠਾ ਹੈ। ਬਿਰਧ ਮਾਵਾਂ ਤੇ ਬੱਚੇ ਵੀ ਡਟੇ ਨੇ। ਬਾਬਾ ਰਾਮਦੇਵ ਦਾ ਵੀ ਅੰਦਰਲਾ ਜਾਗਿਐ। ਮੁਲਕ ਭਰ ’ਚੋਂ ਕਾਫਲੇ ਤੁਰੇ ਹਨ। ਮਸਲਾ ਮੁਸਲਿਮ ਬਚਾਉਣ ਦਾ ਨਹੀਂ, ਜ਼ਮੀਰਾਂ ਦੀ ਰੱਖਿਆ ਦਾ ਹੈ। ਗਣਤੰਤਰ ਦਿਵਸ ਮੌਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਪੁੱਜੇ ਹਨ। ਚੀਨੀ ਉਤਪਾਦਨ ’ਚ ਬ੍ਰਾਜ਼ੀਲ ਵੱਡਾ ਖਿਡਾਰੀ ਹੈ। ਚੰਗਾ ਹੋਵੇ ਮੁੱਖ ਮਹਿਮਾਨ ਬ੍ਰਾਜ਼ੀਲੀ ਮਿੱਠਾ ਇਨ੍ਹਾਂ ਦੇ ਮੂੰਹਾਂ ’ਚ ਪਾ ਕੇ ਜਾਵੇ। ਹਾਲਾਂਕਿ ਭਾਰਤੀ ਕਿਸਾਨਾਂ ਦੀਆਂ ਬੇੜੀਆਂ ’ਚ ਵੱਟੇ ਬ੍ਰਾਜ਼ੀਲ ਨੇ ਹੀ ਪਾਏ ਹਨ। ਗਣਤੰਤਰ ਦਿਵਸ ਮਗਰੋਂ ਬਸੰਤ ਪੰਚਮੀ ਹੈ। ਸਿਰਫ਼ ਆਮ ਜਨ ਦੀ, ਜਿਨ੍ਹਾਂ ਦੀ ਚੱਤੋ ਪਹਿਰ ਬਸੰਤ ਹੈ, ਉਨ੍ਹਾਂ ਨੂੰ ਕਾਹਦਾ ਚਾਅ। ਬੇਸ਼ੱਕ ਕੈਪਟਨ ਨੂੰ ਪੁੱਛ ਕੇ ਦੇਖ ਲਓ। ਗੱਲ ਹਿਟਲਰ ਦੀ ਕਿਤਾਬ ਤੋਂ ਤੁਰੀ ਸੀ। ਆਖਦੇ ਨੇ ਅਕਲ ਬਦਾਮ ਖਾਣ ਨਾਲ ਨਹੀਂ, ਜ਼ਿੰਦਗੀ ’ਚ ਠੁੱਡੇ ਖਾਣ ਨਾਲ ਆਉਂਦੀ ਹੈ। ਤਮਾਮ ਉਮਰ ਛੱਜੂ ਰਾਮ ਨੇ ਠੋਕਰਾਂ ਹੀ ਤਾਂ ਖਾਧੀਆਂ ਨੇ। ਹੁਣ ਬਸੰਤ ਪੰਚਮੀ ’ਤੇ ਦਿੱਲੀ ਜਾਣ ਦੀ ਤਿਆਰੀ ਖਿੱਚੀ ਬੈਠੈ। ਆਖਦੈ, ‘ਨਵੇਂ ਮੁੰਡੇ ਨੇ, ਪੇਚਾ ਤਾਂ ਪਾ ਬੈਠੇ, ਆਸਮਾਨੋਂ ਗੁੱਡੀ ਕਿਵੇਂ ਲਾਹੁਣੀ ਹੈ, ਬੱਸ ਏਨਾ ਕੁ ਦੱਸਣ ਚੱਲਿਐਂ।’


No comments:

Post a Comment