Sunday, August 30, 2020

                          ਵਿਚਲੀ ਗੱਲ 
                 ਭਲੀ ਕਰੂ ਕਰਤਾਰ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਸ਼ਹਿਰ ਗੁਲਾਬੀ, ਰੰਗ ਮਤਾਬੀ। ਜੈਪੁਰ ਦੀ ਕਿਵੇਂ ਸਿਫ਼ਤ ਕਰੀਏ। ਪੁਰੇ ਦਾ ਹਵਾ ਮਹਿਲ ਨੂੰ ਕੀ ਭਾਅ। ਸੁਨੱਖੇ ਸ਼ਹਿਰ ’ਚ ਹੁਣ ਬੈਂਗਣੀ ਉੱਘੜਿਐ। ਪਹਿਲਾਂ ਤਾਂ ਖ਼ੂਬ ਹੱਸੇ, ਫੇਰ ਨੱਚਣੋਂ ਨਾ ਹਟਣ। ਬਾਕਮਾਲ ਨੇ ਇਹ ਜੈਪੁਰੀ ਮੰਗਤੇ। ਕਿੱਧਰੋਂ ਵੀ ਹਵਾ ਚੱਲੇ, ਢੋਲੇ ਦੀਆਂ ਲਾਉਂਦੇ ਨੇ। ਮੰਗਤਾ ਕਦੇ ਦੀਵਾਲੀਆ ਨਹੀਂ ਹੁੰਦਾ। ਕਰੋਨਾ ਦਾ ਕੱਥਕ ਤਾਂ ਦੇਖੋ। ਝਾਤੀ ‘ਡਾਰਕ ਰੂਮ’ ਵਿਚ ਵੀ ਮਾਰੋ, ਅੰਦਰ ਮੁਲਕ ਦੜ੍ਹ ਵੱਟੀ ਬੈਠੈ। ਮੰਗਤੇ ਅੌਕਾਤ ਭੁੱਲੇ ਨੇ, ਭੰਗੜਾ ਨਹੀਂ ਭੁੱਲੇ। ਜ਼ਿੰਦਗੀ ਦੀ ਦੌੜ, ਕਦੇ ਮੱਠੀ ਕਦੇ ਤੇਜ਼। ਵੱਖੀਆਂ ’ਤੇ ਹੱਥ ਰੱਖ, ਮੰਗਤੇ ਹੱਸ ਹੱਸ ਦੂਹਰੇ ਹੋਏ ਨੇ। ਟਰੰਪ ਨੂੰ ਡੋ-ਡੋ ਕਰ ਰਹੇ ਨੇ। ਰੱਬ ਤੋਂ ਵੱਡਾ ਨਰਿੰਦਰ ਮੋਦੀ ’ਤੇ ਮਾਣ। ਰੋਮਨਾਂ ਦਾ ਹੋਕਾ ਵੀ ਸੁਣੋ, ‘ਸੰਤੁਸ਼ਟ ਆਦਮੀ ਹਮੇਸ਼ਾ ਅਮੀਰ ਹੁੰਦਾ ਹੈ।’ ਸੁਪਨਾ ਕਾਰਲ ਮਾਰਕਸ ਨੇ ਲਿਆ, ਪੂਰਾ ਕੇਂਦਰ ਸਰਕਾਰ ਨੇ ਕਰ ਵਿਖਾਇਐ। ਰਤਾ ਗਹੁ ਨਾਲ ਨੇੜਿਓਂ ਦੇਖੋ, ਕਦੋਂ ਦਾ ‘ਸਮਾਜਵਾਦ’ ਲੈਂਡ ਕੀਤੈ। ਛੋਟੇ-ਵੱਡੇ, ਸਭ ਮੰਗਤੇ ਬਣਾ ਦਿੱਤੇ, ਹੁਣ ਨਾ ਰਹੇਗਾ ਬਾਾਂਸ...। ਕਾਮਰੇਡਾਂ ਦੇ ਨਖ਼ਰੇ ਤੋਂ ਜਵਾਨੀਆਂ ਵਾਰਾਂ। ਇਨ੍ਹਾਂ ਦਾ ਮੂੰਹ ਟੁੱਟ ਜਾਏ, ਪਿਆਰੇ ਮੋਦੀ ਨੂੰ ਦੋ ਮਿੱਠੇ ਲਫਜ਼ ਬੋਲ ਪੈਣ। ਛੱਡੋ, ਕਾਮਰੇਡਾਂ ਨਾਲ ਕਿਹੜਾ ਬਹਿਸੇ। ਆਓ ਜੈਪੁਰ ਨਗਰੀ ਚੱਲਦੇ ਹਾਂ, ਦੇਖਦੇ ਹਾਂ ਕਿਉਂ ਢੋਲ ਵੱਜੇ ਨੇ। ਹੁਣੇ ਜੈਪੁਰ ਪ੍ਰਸ਼ਾਸਨ ਨੇ ਸਰਵੇ ਕੀਤੈ। ਗੁਲਾਬੀ ਸ਼ਹਿਰ ’ਚੋਂ 1162 ਮੰਗਤੇ ਲੱਭੇ ਨੇ। ਮੈਡੀਕਲ ਜਾਂਚ ਕਰਾਈ ਤਾਂ 898 ਮੰਗਤੇ ਪੂਰੇ ਤੰਦਰੁਸਤ ਨਿਕਲੇ। ਡੇਢ ਦਰਜਨ ਨੂੰ ਦਮਾ, ਛੇ ਕੁ ਨੂੰ ਟੀ.ਬੀ ਤੇ ਪੰਜ ਨੂੰ ਮਿਰਗੀ ਦੀ ਮਰਜ਼। ਉਦੋਂ ਭੰਗੜੇ ਪਏ ਜਦੋਂ ਸਭ ਮੰਗਤੇ ਕਰੋਨਾ ਟੈਸਟ ’ਚ ਨੈਗੇਟਿਵ ਆਏ। ਚੌਕਾਂ ’ਚ ਅਮੀਰਾਂ ਤੋਂ ਤਿਲ ਫੁੱਲ ਲੈਂਦੇ ਰਹੇ। ਕਰੋਨਾ ਨਹੀਂ ਲਿਆ, ਬਿਮਾਰੀ ਦੀ ਅਮੀਰੀ ਤਾਂ ਦੇਖੋ।
                 ਠਹਿਰੋ! ਅੱਗੇ ਵੀ ਸੁਣਦੇ ਜਾਓ। ਪੰਜ ਮੰਗਤੇ ਪੋਸਟ ਗਰੈਜੂਏਟ, 193 ਬਾਰ੍ਹਵੀਂ ਪਾਸ। 27 ਮੰਗਤੇ ਆਖਣ ਲੱਗੇ, ‘ਮਾਈ ਬਾਪ, ਪੜ੍ਹਨਾ ਚਾਹੁੰਦੇ ਹਾਂ।’ 419 ਭਿਖਾਰੀ ਦਿਲ ਖੋਲ੍ਹ ਬੈਠੇ, ‘ਕਿਤੋਂ ਕੰਮ ਮਿਲੇ ਤਾਂ ਸਹੀ, ਮੰਗਣਾ ਕਿਹੜਾ ਸੌਖੈ।’ 103 ਮੰਗਤੇ ਹੱਥ ਜੋੜ ਖੜ੍ਹੇ ਹੋਏ, ‘ਕੋਈ ਮਜ਼ਦੂਰੀ ਦਾ ਕੰਮ ਹੀ ਦਿਵਾ ਦਿਓ।’ ਹੁਣ ਜੈਪੁਰ ਪ੍ਰਸ਼ਾਸਨ ਭੱਜ ਨੱਠ ’ਚ ਪਿਐ। ਅੰਦਰੋਂ ਥਿੜਕੇ ਵੀ ਨੇ ਜੈਪੁਰੀ ਮੰਗਤੇ। ਕਰੋਨਾ ਛੜੱਪੇ ਮਾਰ ਰਿਹੈ, ਕਿਤੇ ਫੁੱਟਪਾਥ ਕੁੰਭ ਨਾ ਬਣ ਜਾਣ। ਭਿਖਾਰੀ ਗਹੁ ਨਾਲ ਵੇਖਦੇ ਨੇ, ਹਰ ਕੋਈ ‘ਗੁਰ ਭਾਈ’ ਲੱਗਦੈ।ਨੰਦ ਲਾਲ ਨੂਰਪੁਰੀ ਨੇ ਸੁਰ ਲਾਇਐ, ‘ਇੱਥੇ ਡਾਕੇ ਪੈਣ ਦੁਪਹਿਰ ਨੂੰ, ਤੇਰੇ ਆਲ੍ਹਣੇ ਦੇਣਗੇ ਢਾਹ, ਇੱਥੇ ਜ਼ਹਿਰ ਭਰੇ ਵਿਚ ਦਾਣਿਆਂ, ਤੇਰੀ ਦਿੱਤੀ ਚੋਗ ਖਿਡਾ।’ ਕੇਂਦਰੀ ਰਿਪੋਰਟ ਦੇ ਤੱਥ ਹਨ ਕਿ ‘ਕਰੋਨਾ ਯੁੱਗ’ ਵਿਚ 1.90 ਕਰੋੜ ਦੀ ਨੌਕਰੀ ਨੂੰ ਲੱਤ ਵੱਜੀ ਐ। ਕਦੇ ਸਿੱਪੀ ਸਹਾਰੇ ਸਮੁੰਦਰ ਪਾਰ ਹੋਏ ਨੇ। ਫੇਰ ਮਹਾਤੜ ਕਿੱਧਰ ਨੂੰ ਜਾਣ। ਤਾਹੀਓਂ ਮੰਗਤੇ ਗੜ੍ਹਕੇ ਨੇ। ਆਖਦੇ ਹਨ, ਜਿੱਥੇ ਮਰਜ਼ੀ ਤੁਰ ਜਾਣ, ਫੁੱਟਪਾਥ ’ਤੇ ਬੈਠਣ ਨਹੀਂ ਦਿਆਂਗੇ। ਸਿਆਸੀ ਦਾਨਵੀਰਾਂ ਦਾ ਕੀ ਪਤੈ, ਕੱਲ੍ਹ ਨੂੰ ਫੁੱਟਪਾਥਾਂ ’ਤੇ ਫੱਟੇ ਲਾ ਦੇਣ, ‘ਰਾਸ਼ਟਰਵਾਦੀ ਫੁੱਟਪਾਥ’। ਖ਼ੁਫ਼ੀਆ ਵਿੰਗ ਫਿਰ ‘ਐਂਟੀ ਨੈਸ਼ਨਲ’ ਮੰਗਤੇ ਲੱਭੇਗਾ। ਠੂਠੇ ਆਧਾਰ ਕਾਰਡ ਨਾਲ ਜੋੜੇ ਜਾਣਗੇ। ਇਹ ਤਾਂ ਸ਼ੁਕਰ ਕਰੋ, ਭਿਖਾਰੀ ਦੀ ਵੋਟ ਨਹੀਂ ਹੁੰਦੀ। ਚਲੋ ਟੁਕੜੇ ਟੁਕੜੇ ਹੋਣ ਤੋਂ ਤਾਂ ਬਚੇ। ਦੇਸ਼ ’ਚ 4.13 ਲੱਖ ਮੰਗਤੇ ਨੇ। 78 ਹਜ਼ਾਰ ਬਾਰਵ੍ਹੀਂ ਪਾਸ ਨੇ। ਦਿੱਲੀ ਹਾਈ ਕੋਰਟ ਦਾ ਫ਼ੈਸਲਾ ਹੈ, ਭੀਖ ਮੰਗਣਾ ਅਪਰਾਧ ਨਹੀਂ।
               ਪ੍ਰਸ਼ਾਂਤ ਭੂਸ਼ਣ ਆਪਣਾ ਇਲਾਜ ਕਰਾਏ। ਬਿਨਾਂ ਗੱਲੋਂ ਅੜ੍ਹ ਰਿਹੈ, ਅਖੇ ‘ਰਹਿਮ ਦੀ ਭੀਖ ਨਹੀਂ ਮੰਗਾਂਗਾ’ ਫ਼ਰੀਦ ਫ਼ਰਮਾਉਂਦੇ ਨੇ, ‘ਫ਼ਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤਾ ਖਾਇਕੇ, ਸੁਬ੍ਹਾ ਨੂੰ ਫੇਰ ਖੜ੍ਹੀ।’ ਪੰਜਾਬ ਦੇ ਬੇਰੁਜ਼ਗਾਰ ਮੁੰਡਿਆਂ ਨੂੰ ਗੱਲ ਜਚੀ ਹੈ। ਤਾਹੀਓਂ ਕੰਧਾਂ ’ਤੇ ਹਰਫ਼ ਲਿਖ ਰਹੇ ਨੇ। ਭਾਜਪਾਈ ਐੱਮ.ਪੀ ਹਰਨਾਥ ਸਿੰਘ ਫੁਰਮਾਏ ਨੇ, ‘ਸਿਵਲ ਪ੍ਰੀਖਿਆ ’ਚੋਂ ਇਸਲਾਮਿਕ ਸਟੱਡੀ ਬੰਦ ਕਰੋ’। ਉੱਪਰੋਂ ਕੇਂਦਰ ਡਰਾ ਰਿਹੈ। ਹੇਠਾਂ ਕਰੋਨਾ ਬੁਝਾ ਰਿਹੈ। ਜਿਨ੍ਹਾਂ ਨੂੰ ਚੰਨ ਰੋਟੀ ਲੱਗਦੈ, ਉਹ ਆਖਦੇ ਨੇ, ‘ਖ਼ੁਦਾ ਦਾ ਖ਼ੌਫ਼ ਖਾਓ।’ ਸ਼ਾਹ ਮੁਹੰਮਦ ਨੂੰ ਵੀ ਸੁਣੋ, ‘ਸਫ਼ਾਂ ਪਿਛਲੀਆਂ ਸਭ ਸਮੇਟ ਲੈਂਦਾ, ਅੱਗੇ ਹੋਰ ਹੀ ਹੋਰ ਵਿਛਾਂਵਦਾ ਈ, ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ, ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ।’ ਜ਼ਿੰਦਗੀ ਦਾ ਸ਼ਹਿਨਸ਼ਾਹ ਤਾਂ ਭਿਖਾਰੀ ਰਾਜੂ ਹੈ। ਪਠਾਨਕੋਟ ਦੇ ਇਸ ਅਪਾਹਜ ਦੀ ਸੋਚ ਤੰਦਰੁਸਤ ਐ। ‘ਭੀਖ ਦਾ ਪੈਸਾ, ਗ਼ਰੀਬ ਦਾ ਮੂੰਹ’। ਸੌ ਪਰਿਵਾਰਾਂ ਨੂੰ ਰਾਸ਼ਨ, ਤਿੰਨ ਹਜ਼ਾਰ ਨੂੰ ਮਾਸਕ ਵੰਡੇ ਨੇ। 22 ਗ਼ਰੀਬ ਕੁੜੀਆਂ ਦੇ ਵਿਆਹ ਕਰਾ ਦਿੱਤੇ। ਭੋਰਾ ਰਾਜੂ ਤੋਂ ਸਿੱਖ ਲਓ। ਕੋਈ ਪੰਜਾਬੀ ਵਜ਼ੀਰ ਨਹੀਂ, ਜਿਹਨੇ ਸਹੁੰ ਭੰਨੀ ਹੋਵੇ, ਚਾਰ ਛਿੱਲੜ ਜੇਬ ’ਚੋਂ ਕੱਢੇ ਹੋਣ। ਬਾਦਲਾਂ ’ਤੇ ਕਾਹਦਾ ਗ਼ਿਲਾ।ਮੰਗਤਾ ਧਰਮਵੀਰ ਪਿੰਡ ਦਾ ਸਰਪੰਚ ਬਣਿਆ। ਯੂ.ਪੀ ਦਾ ਪਿੰਡ ਖਾਈ ਖੇੜਾ ਜਿੱਥੋਂ ਲੋਕਾਂ ਨੇ ਮੰਗਤੇ ਨੂੰ ਚੁਣਿਐ।  ਠੂਠੇ ਦੀ ਭੀਖ ਪਿੰਡ ’ਤੇ ਲਾਉਂਦੈ। ਕਾਸ਼! ਇਸ ਮੰਗਤੇ ਦਾ ਜੂਠਾ ਅਮਰਿੰਦਰ ਦੇ ਸਰਪੰਚ ਖਾ ਲੈਂਦੇ।
               ਪ੍ਰੋ. ਹਰਪਾਲ ਪੰਨੂ ਨੇ ਅਬਦੁਲ ਸਤਾਰ ਈਦੀ ਅਮਰ ਕਰਤਾ। ਪਾਕਿਸਤਾਨੀ ਚੌਕਾਂ ’ਚ ਈਦੀ ਠੂਠਾ ਫੜ ਬੈਠਦਾ। ਕਿਤੇ ਅੌਕਾਤ ਨਾ ਭੁੱਲ ਜਾਵਾਂ। ਦੀਨ ਦੁਖੀ ਕੋਈ ਈਦੀ ਹੁੰਦੇ ਰੁਲਿਆ ਨਹੀਂ।ਮੋਦੀ ਸਾਹਿਬ ਦੂਸਰੀ ਦਫ਼ਾ ਜਿੱਤੇ। ਗਦ-ਗਦ ਹੋ ਕੇ ਬੋਲੇ, ‘ਤੁਸੀਂ ਇੱਕ ਭਿਖਾਰੀ ਦਾ ਠੂਠਾ ਭਰ ਦਿੱਤੈ।’ ਪੰਜਾਬੀ ਕਿਸਾਨਾਂ ਨੇ ਦੇਸ਼ ਦਾ ਕਟੋਰਾ ਭਰਿਐ। ਇਨਾਮ ’ਚ ਮਿਲੇ ਖੇਤੀ ਆਰਡੀਨੈਂਸ। ਕਿਸਾਨਾਂ ਨੂੰ ਠੂਠਾ ਫੜਾ ਦਿੱਤਾ। ਪੰਜਾਬ ਦੇ ਪਿੰਡਾਂ ’ਚ ਸੁੱਖ ਨਹੀਂ। ਨਾਅਰੇ ਗੂੰਜਣ ਲੱਗੇ ਨੇ, ਚਿਹਰੇ ਤਪੇ ਨੇ। ਪਲਸ ਮੰਚ ਵਾਲਾ ਅਮੋਲਕ ਰੌਲਾ ਪਾਉਂਦਾ ਫਿਰਦੈ, ‘ਖੇਤਾਂ ਦੇ ਪੁੱਤ ਜਾਗ ਪਏ।’ ਕਿਸਾਨੀ ਵਰ੍ਹਿਆਂ ਮਗਰੋਂ ਸਿਰ ਜੋੜਨ ਲੱਗੀ ਐ।ਅਫ਼ਰੀਕੀ ਅਖਾਣ ਹੈ, ‘ਕੁਲਹਾੜੀ ਭੁੱਲ ਜਾਂਦੀ ਹੈ ਪਰ ਦਰੱਖ਼ਤ ਨਹੀਂ।’ ਪੰਜਾਬ ਤਾਂ ਨਦੀ ਕਿਨਾਰੇ ਰੁੱਖ ਹੈ। ਗੁਰਦਾਸ ਮਾਨ ਗਾ ਰਿਹੈ, ‘ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ’। ਜਗਸੀਰ ਜੀਦਾ ਕਿੱਥੋਂ ਝੱਲਦੈ, ‘ਹੱਕ ਮੰਗੀਏ ਬਰਾਬਰ ਦੇ, ਕਾਹਤੋਂ ਬੂਟ ਪਾਲਿਸ਼ਾਂ ਕਰੀਏ।’ ਅਮਰਿੰਦਰ-ਮੋਦੀ ‘ਭਾਈ ਭਾਈ’ ਬਣੇ ਨੇ। ਇੱਕਸੁਰ ਬੋਲੇ ਨੇ, ‘ਹੱਕ ਹਕੂਕ ਛੱਡੋ, ਕੋਵਿਡ ਤੋਂ ਡਰੋਂ, ਚੁੱਪ ਵੱਟ ਕੇ ਘਰਾਂ ’ਚ ਬੈਠੋ।’‘ਘਾਹ ਫੁੱਲੇ ਤੇ ਮੀਂਹ ਭੁੱਲੇ।’ ਅਮਰਿੰਦਰ ਨਹੀਂ ਭੁੱਲੇ। ਦੇਖੋ ਕਿਵੇਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕੁੱਦੇ। ਨਾਲੇ ਹੁਣ ਇਕਾਂਤਵਾਸ ’ਚ ਚਲੇ ਗਏ। ਸੁਖਬੀਰ ਬਾਦਲ, ਕੇਂਦਰੀ ਮੰਤਰੀ ਤੋਮਰ ਦੀ ‘ਗਿੱਦੜ ਚਿੱਠੀ’ ਚੁੱਕੀ ਫਿਰਦੈ।
               ਅਖੇ ਕਿਸਾਨ ਸਰ੍ਹਾਣੇ ਹੇਠ ਬਾਂਹ ਦੇ ਕੇ ਸੌ ਜਾਣ, ਜਿਣਸ ਨਹੀਂ ਰੁਲਣ ਦਿਆਂਗੇ। 1980 ਦੇ ਵੇਲਿਆਂ ’ਚ ਲੱਗਾ ਨਾਅਰਾ ਚੇਤੇ ਆ ਗਿਆ, ‘ਹੇਠਾਂ ਬਾਦਲ, ਉੱਤੇ ਬਰਨਾਲਾ, ਕੱਢ ਦਿੱਤਾ ਜੱਟਾਂ ਦਾ ਦੀਵਾਲਾ।’ ਉਦੋਂ ਬਰਨਾਲਾ ਕੇਂਦਰੀ ਖੇਤੀ ਮੰਤਰੀ ਸਨ। ਛੋਟੀ ਕਿਸਾਨੀ ਮਰੁਢ ਬਣੀ ਐ। ਲੇਬਰ ਚੌਕਾਂ ’ਚ ਜੱਟਾਂ ਦੇ ਮੁੰਡੇ ਕਦੋਂ ਦੇ ਖੜ੍ਹਦੇ ਨੇ। ਅੰਦਰੋਂ ਭਿਖਾਰੀ ਡਰੇ ਨੇ, ਫੁੱਟਪਾਥ ਤਾਂ ਪਹਿਲਾਂ ਘੱਟ ਨੇ। ਚੌਕਾਂ ਨੂੰ ਛੱਡ ਕਿਤੇ ਫੁੱਟਪਾਥਾਂ ਵੱਲ ਨਾ ਹੋ ਜਾਣ।  ਸਮੇਂ ਨੇ ਹਰ ਕੋਈ ਮੰਗਤਾ ਬਣਾਇਐ। ਕੋਈ ਬੋਲਣ ਦਾ ਹੱਕ ਮੰਗ ਰਿਹੈ ਤੇ ਕੋਈ ਜਿਉਣ ਦਾ। ਕੋਈ ਮੁਆਫ਼ੀ ਮੰਗ ਰਿਹੈ, ਕੋਈ ਹਿਸਾਬ ਮੰਗ ਰਿਹੈ।ਪ੍ਰਧਾਨ ਮੰਤਰੀ ਦਾ ਦੁੱਖ ਕੌਣ ਸਮਝਦੈ। ਆਖ਼ਰੀ ਵਾਰ 15 ਨਵੰਬਰ ਨੂੰ ਵਿਦੇਸ਼ ਦੌਰੇ ’ਤੇ ਗਏ। ਮੋਰਾਂ ਨੂੰ ਚੋਗਾ ਕੀ ਚੁਗਾ ਦਿੱਤਾ, ‘ਐਂਟੀ ਨੈਸ਼ਨਲ’ ਪਿੱਛੇ ਹੀ ਪੈ ਗਏ। ਚੀਨ ਦੀਆਂ ਚਿੜੀਆਂ ਦਾਣੇ ਚੁਗ ਗਈਆਂ। ਦਾਣਾ ਪਾਣੀ ਕਰੋਨਾ ਮੁਕਾਉਣ ਲੱਗੈ। ਟੈਸਟਾਂ ’ਚ ਲੋਕ ਉਲਝੇ ਨੇ। ‘ਮਾੜਾ ਹਾਕਮ, ਖ਼ੁਦਾ ਦਾ ਕਹਿਰ’। ਜੈਪੁਰੀ ਮੰਗਤੇ ਲੁੱਡੀ ਪਾ ਰਹੇ ਨੇ। ਢਿੱਡੋਂ ਖੁਸ਼ ਨੇ। ਚਲੋ ‘ਸਮਾਜਵਾਦ’ ਤਾਂ ਆਇਐ।ਛੱਜੂ ਰਾਮ ਕਮਾ ਕੇ ਖਾਣ ਵਾਲਾ ਹੈ। ਕੋਈ ਢਿੱਲੀ ਗੱਲ ਕਰੇ, ਇਹ ਉਸ ਨੂੰ ਪਸੰਦ ਨਹੀਂ। ਮੜ੍ਹਕ ਤੇ ਰੜਕ ਪੋਲੀ ਨਹੀਂ ਪੈਣ ਦਿੰਦਾ। ਪਿੰਡ ਪਿੰਡ ਤੁਰਿਆ ਫਿਰਦੈ। ਕਦੇ ਮਾਵਾਂ ਕੋਲ ਜਾਂਦੈ ਤੇ ਕਦੇ ਮੁੰਡਿਆਂ ਦੇ ’ਕੱਠ ਕਰਦੈ। ਜਦੋਂ ਬੋਲਦੈ, ਕੇਰਾਂ ਤਾਂ ਰੌਂਗਟੇ ਖੜ੍ਹ੍ਵੇ ਕਰ ਦਿੰਦੈ, ‘ਕਿਸਾਨ ਸਾਥੀਓ! ਠੂੰਹੇਂ ਬਣੋ ਠੂੰਹੇਂ, ਦੇਖਾਂਗੇ ਫੇਰ ਕੌਣ ਹੱਥ ਠੂਠਾ ਫੜਾਉਂਦੈ।’

Sunday, August 23, 2020

                                   ਵਿਚਲੀ ਗੱਲ
                       ਚੱਲ ਮਦਾਰੀ ਪੈਸਾ ਖੋਟਾ..!
                                   ਚਰਨਜੀਤ ਭੁੱਲਰ
ਚੰਡੀਗੜ੍ਹ : ਕੋਈ ਢੋਲ ਵਜਾ ਰਿਹਾ ਹੈ, ਨਾਲੇ ਹੋਕਾ ਲਾ ਰਿਹਾ ਹੈ। ਸੁਣੋ ਸੁਣੋ ਸੁਣੋ... ਨਿਆਣੇ ਤੇ ਸਿਆਣੇ, ਹਰ ਮਾਈ ਤੇ ਭਾਈ, ਆਪਣੇ ਤੇ ਪਰਾਏ। ਤੁਸੀਂ ਸਭ ਆਰਾਮ ਫ਼ਰਮਾਓ, ਬੇਸ਼ੱਕ ਸੌਂ ਜਾਓ। ਹੁਣ ਅਮਰਿੰਦਰ ਸਿਓਂ ਜਾਗਣਗੇ। ਗਲੀ ਮੁਹੱਲੇ, ਨਗਰ ਖੇੜੇ, ਢੋਲ ਵੱਜਣਗੇ। ਢੋਲੀ ਪੇਂਡੂ ਸੱਥਾਂ ‘ਚ ਵੀ ਜਾਏਗਾ, ਬਹਿ ਇੰਝ ਸਮਝਾਏਗਾ...‘ਬਜ਼ੁਰਗੋ! ਮੁੱਖ ਮੰਤਰੀ ਉਦੋਂ ਤੱਕ ਆਰਾਮ ਨਹੀਂ ਕਰਨਗੇ, ਜਦੋਂ ਤੱਕ ਪੰਜਾਬ ਦਾ ਵਿਕਾਸ ਲੀਹ ‘ਤੇ ਨਹੀਂ ਚੜ੍ਹਦਾ।‘ ਅਮਰਿੰਦਰ ਦਾ ਇਹ ਸੱਜਰਾ ਨੁਸਖ਼ਾ ਹੈ। ਓਧਰ ਵੀ ਕੰਨ ਕਰਕੇ ਸੁਣ ਲਓ। ਕੋਈ ਥਾਲ਼ੀ ਤੇ ਕੋਈ ਬਾਟੀ ਖੜਕਾ ਰਿਹੈ। ਨਾਲੇ ਹੱਥ ਹਿਲਾ ਰਿਹੈ। ‘ਮਿੱਤਰੋਂ! ਜਦੋਂ ਤੱਕ ਦੇਸ਼ ਆਤਮਨਿਰਭਰ ਨਹੀਂ ਬਣ ਜਾਂਦਾ, ਉਦੋਂ ਤੱਕ ਆਰਾਮ ਨਹੀਂ ਕਰੂੰਗਾ‘। ਨਰਿੰਦਰ ਮੋਦੀ ਨੇ ਨਵਾਂ ਜੈਵਿਕ ਵਚਨ ਦਿੱਤੈ। ਰੂਸੀ ਤਾਇਆ ਫਰਮਾ ਰਿਹੈ, ‘ਜਦੋਂ ਪੈਸਾ ਬੋਲਦਾ ਹੈ, ਸੱਚ-ਚੁੱਪ ਹੋ ਜਾਂਦਾ ਹੈ।‘ ਪੰਜਾਬ ਪਹਿਲਾਂ ਨਿਰਾ ਰੇਸ਼ਮ ਸੀ, ਹੁਣ ਖੱਦਰ ਭੰਡਾਰ ਬਣਿਐ। ਤਰੱਕੀ ਦੀ ਲੌਣ ਕਿਥੋਂ ਗਿੱਲੀ ਹੋਣੀ ਸੀ। ਗਿਆਨੀ ਲੋਕ ਆਖਦੇ ਨੇ, ‘ਹੌਲੀ-ਹੌਲੀ ਚੱਲ ਕੇ ਤਾਂ ਬਾਂਦਰ ਤਿੱਬਤ ਪਹੁੰਚ ਜਾਂਦੈ।‘ ਸੁਖਬੀਰ ਬਾਦਲ ਅੱਚਵੀ ‘ਚ ਨੇ। ਭਗਵੰਤ ਮਾਨ ਕੁਰਸੀ ਲੱਭ ਰਿਹੈ ਅਤੇ ਭਾਜਪਾ ਮੌਕਾ। ਨਵਜੋਤ ਸਿੱਧੂ ਗੁੰਮ-ਸੁੰਮ ਹੋ ਗਿਆ। ਬੋਲਣੋਂ ਪ੍ਰਤਾਪ ਬਾਜਵਾ ਨਹੀਂ ਹਟ ਰਿਹਾ। ਗੁੱਸਾ ਸੁਨੀਲ ਜਾਖੜ ਨੂੰ ਆਇਐ। ਆਸ਼ਾ ਕੁਮਾਰੀ, ਵਿਚਾਰੀ ਬਣੀ ਐ। ਸਿਰੋਪੇ ਸੁਖਦੇਵ ਢੀਂਡਸਾ ਪਾਈ ਜਾ ਰਿਹੈ। ਪੰਜਾਬ ਸਿਰ ਫੜੀ ਬੈਠਾ ਹੈ, ਸ਼ਾਹਜਹਾਂ ਵਾਲੀ ਹੋਈ ਐ। ਕਿਤੇ ਗੱਲਾਂ ਨਾਲ ਵੀ ਚੌਲ ਰਿੱਝੇ ਨੇ।
                 ਬੰਦੇ ਦੀਆਂ ਸਕੀਮਾਂ ‘ਤੇ ਰੱਬ ਹੱਸ ਰਿਹੈ। ਦਸੌਂਧਾ ਸਿਓਂ ਨੇ ਜੈਕਾਰਾ ਛੱਡਿਐ। ਸਿਆਸੀ ਮਦਾਰੀ ਪੋਟਲੀ ਚੁੱਕ ਨਿਕਲੇ ਨੇ। ਡੁਗਡੁਗੀ ਵੱਜੇਗੀ, ਮਜਮਾ ਲੱਗੇਗਾ। ਜਮੂਰਾ ਪੰਜਾਬ ਬਣੇਗਾ। ਹੱਥ ਦੀ ਸਫਾਈ ਦੇਖਣਾ। ਕੌਣ ਝੁਰਲੂ ਫੇਰ ਗਿਐ। ਦੇਖਦੇ ਰਹਿ ਜਾਓਗੇ..!  ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ। ਇੰਝ ਫਰਮਾਏ ਹਨ, ‘ਤੇਲ ਨਾ ਵੇਖੋ, ‘ਸਵੱਛ ਭਾਰਤ‘ ਦੀ ਧਾਰ ਵੇਖੋ।‘ ਗਹੁ ਨਾਲ ਤਸਵੀਰਾਂ ਤਾਂ ਵੇਖੋ... ਪ੍ਰਧਾਨ ਸੇਵਕ ਕੂੜਾ ਚੁਗ ਰਹੇ ਨੇ। ਅਮਿਤ ਸ਼ਾਹ ਝਾੜੂ ਮਾਰ ਰਿਹੈ। ਕੂੜੇਦਾਨ ਵੰਡਦੀ ਹੇਮਾ ਮਾਲਿਨੀ ਦਾ ਰੌਂਅ ਵੀ ਵੇਖੋ। ਏਨੇ ਪ੍ਰਤਾਪੀ ਆਗੂ ਮਿਲੇ ਨੇ... ਭਾਰਤ ਕਿਉਂ ਨਹੀਂ ਲਿਸ਼ਕੇਗਾ। ਸਫਾਈ ਕਾਮੇ ਕਿਉਂ ਚੁੱਪ ਨੇ..!ਗਿਆਨੀ ਕੁੰਦਨ ਸਿੰਘ ਯਾਦ ਆਏ ਨੇ ਜਿਨ੍ਹਾਂ ਕੇਰਾਂ ਗੱਲ ਸੁਣਾਈ। ‘ਭਰਵਾਂ ਮੀਂਹ ਪਿਆ, ਕਿਸੇ ਨੇ ਮੌਸਮ ਵਿਗਿਆਨੀ ਨੂੰ ਪੁੱਛਿਆ, ਕਿਵੇਂ ਪੈਂਦਾ ਮੀਂਹ? ਮੈਦਾਨਾਂ ‘ਚ ਗਰਮੀ ਪਈ, ਸਮੁੰਦਰ ਤੋਂ ਠੰਢੀਆਂ ਹਵਾਵਾਂ ਚੱਲੀਆਂ, ਪਹਾੜ ਨਾਲ ਟਕਰਾ ਗਈਆਂ... ਪੈ ਗਿਆ ਮੀਂਹ। ਕਿਸੇ ਭਗਤ ਨੂੰ ਪੁੱਛੋਗੇ... ਇਹੋ ਆਖੇਗਾ, ਇੰਦਰ ਦੇਵਤਾ ਦੀ ਕਿਰਪਾ ਨਾਲ, ਮੀਂਹ ਮਗਰੋਂ ਲਾਲ ਪੀਲੇ ਡੱਡੂ ਨਿਕਲਦੇ ਨੇ.. ਜੋ ਆਖਦੇ ਨੇ... ਮੀਂਹ ਤਾਂ ਅਸਾਂ ਨੇ ਪਾਇਐ। ਤਾਹੀਂ ਸਫਾਈ ਕਾਮੇ ਭਰੇ ਪੀਤੇ ਬੈਠੇ ਨੇ।
              ‘ਸਵੱਛਤਾ ਸਰਵੇਖਣ‘ ਦਾ ਚਾਰਟ ਵੇਖੋ। ਇੰਦੌਰ ਸਫਾਈ ‘ਚ ਟੌਪ, ਰਾਹਤ ਇੰਦੌਰੀ ਅੱਜ ਹੁੰਦੇ, ਜ਼ਰੂਰ ਚਾਨਣਾ ਪਾਉਂਦੇ। ਪਟਨਾ, ਸਿਰੇ ਦਾ ਗੰਦਾ। ਬਠਿੰਡਾ ਟੌਪ, ਪਟਿਆਲਾ ਸੈਕਿੰਡ। ਅਬੋਹਰ ਨੇ ਰੱਬ ਦੇ ਮਾਂਹ ਮਾਰਤੇ। ਦੇਸ਼ ਭਰ ‘ਚੋਂ ਸਭ ਤੋਂ ਵੱਧ ਤੀਜਾ ਗੰਦਾ ਸ਼ਹਿਰ। ਮੂੰਹ ਦਿਖਾਉਣ ਜੋਗਾ ਨਹੀਂ ਅਬੋਹਰ। ਦੋ ਵਰ੍ਹੇ ਪਹਿਲਾਂ ਨਵਜੋਤ ਸਿੱਧੂ ਗਏ। ਅਬੋਹਰ ਨੂੰ ਗੋਦ ਲੈ ਕੇ ਮੁੜੇ। ਨਿਆਣੇ ਵਾਂਗੂ ਹੁਣ ਸ਼ਹਿਰ ਰੋ ਰਿਹੈ, ਗੁਰੂ ਲੱਭਦਾ ਨਹੀਂ।  ਬੁਢਲਾਡੇ ਵਾਲੇ ਕੀਹਦੇ ਗੱਲ ਲੱਗ ਰੋਣ। ਉੱਤਰੀ ਭਾਰਤ ‘ਚੋਂ ਝੰਡੀ ਲੈ ਗਿਆ। ਬੁਢਲਾਡਾ ਕੂੜੇ ਨਾਲ ਭਰਿਐ। ਮਹਾਤਮਾ ਗਾਧੀ ਦਾ ਚਸ਼ਮਾ। ਵੇਖਣੋ ਨਹੀਂ ਹਟ ਰਿਹਾ ਹੈ..! ‘ਸਵੱਛ ਭਾਰਤ‘ ਦੇ ਅੰਦਰਲੇ ਸੱਚ ਨੂੰ। ਗੁਰੂ ਘਰ ‘ਚ ਕੀਰਤਨ ਚੱਲ ਰਿਹੈ... ‘ਤੇਰੇ ਅੰਦਰੋਂ ਮੈਲ ਨਾ ਜਾਵੇ..!‘ ਠੇਠਰ ਸਿਆਸੀ ਜਮਾਤ ਬਣੀ ਐ। ਨਫ਼ਰਤ ਦੀ ਅਮਰਵੇਲ ਤੋਂ ਕੋਈ ਟਾਹਣਾ ਨਹੀਂ ਬਚਿਆ। ਮਨ ਕਿਤੇ ਮੰਦਰ ਬਣ ਜਾਏ, ਮੁਹੱਬਤਾਂ ਦੇ ਟੱਲ ਵੱਜਦੇ ਸੁਣੀਏ। ਮਨ ਦੀ ਮੈਲ ਕਿਵੇਂ ਧੋਤੀ ਜਾਊ। ‘ਸਵੱਛ ਸੋਚ, ਬੇਦਾਗ ਦਿਲ‘, ਨਵੀਂ ਮੁਹਿੰਮ, ਕੋਈ ਤਾਂ ਛੇੜੋ। ਦੇਸ਼ ਦਾ ਕੂੜਾ ਹੂੰਝ ਰਹੇ ਹਾਂ। ਦਿਲ ਕੂੜਾ ਡੰਪ ਬਣੇ ਨੇ। ਨਾ ਸਮੁੰਦਰ ਡੂੰਘੇ ਰਹੇ, ਨਾ ਹੁਣ ਦਿਲ ਦਰਿਆ ਨੇ। ਤਾਹੀਓਂ ਸਟੈਂਟ ਪਾਉਣੇ ਪੈਂਦੇ ਨੇ।
               ਧੰਨ ਤਾਂ ਧੰਨਾ ਭਗਤ ਸੀ। ਪਾਕ ਪਵਿੱਤਰ ਦਿਲ, ਪੱਥਰਾਂ ‘ਚੋਂ ਰੱਬ ਪਾ ਲਿਆ। ਸਿਆਸੀ ਮਦਾਰੀ ਪੱਥਰ ਬਣੇ ਨੇ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ। ਵਾਤਾਵਰਨ ਬਥੇਰਾ ਸਾਫ ਕਰਦੇ ਹੋ। ਅਲਖ ਜਗਾਉਂਦੇ ਹੋ, ਪੌਦੇ ਲਾਉਂਦੇ ਹੋ। ਬਾਬਾ ਜੀ, ਚਲਾਓ ਕੋਈ ਕਾਰ ਸੇਵਾ... ਮੁਕਾ ਦਿਓ ਨਫ਼ਰਤੀ ਝੇੜੇ। ਬਟਵਾਰੇ ਮਗਰੋਂ ਸੱਚਰ ਹਕੂਮਤ ਸੀ। ਵਿਰੋਧੀ ਧਿਰ ਦੇ ਆਗੂ ‘ਤੇ 14 ਕੇਸ ਦਰਜ ਕੀਤੇ। ਉਦੋਂ ‘ਐਂਟੀ ਸੋਸ਼ਲ‘ ਦਾ ਤੇਸਾ ਚੱਲਦਾ ਸੀ। ਸਾਂਝੇ ਪੰਜਾਬ ਦਾ ਜ਼ਿਲ੍ਹਾ ਰੋਹਤਕ, ਗੜਬੜ ਵਾਲਾ ਖ਼ਿੱਤਾ ਕਰਾਰ ਦਿੱਤਾ। ਤਰੱਕੀ ਦਾ ਗਡੀਰਾ ਦੇਖੋ। ‘ਐਂਟੀ ਸੋਸ਼ਲ‘ ਦੀ ਥਾਂ ‘ਐਂਟੀ ਨੈਸ਼ਨਲ‘ ਨੇ ਮੱਲ ਲਈ। ਸਮੁੱਚਾ ਮੁਲਕ ਰੋਹਤਕ ਬਣਿਆ ਜਾਪਦੈ। ਦਿਲ ਤਾਂ ਛੋਟੇ ਨੇ, ਕੋਈ ਸਰਜਨ ਨਹੀਂ ਲੱਭਦਾ, ‘ਬਾਈਪਾਸ ਸਰਜਰੀ‘ ਕਿਥੋਂ ਕਰਾਈਏ। ਦਿਲ ‘ਚੋਂ ਗੰਦਾ ਮੈਲਾ ਜੋ ਕੱਢ ਸੁੱਟੇ। ਚਾਚਾ ਗਾਲਿਬ ਫ਼ਰਮਾ ਰਹੇ ਨੇ, ‘ਬੜਾ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ, ਜੋ ਚੀਰਾ ਤੋ ਕਤਰਾ ਏ ਖੂੰ ਨਾ ਨਿਕਲਾ।‘ ਗੰਗਾ ਕੰਢੇ ‘ਤੇ ਅੰਬਾਨੀ-ਅਡਾਨੀ ਬੈਠੇ ਨੇ। ਵਗਦੀ ਗੰਗਾ ‘ਚੋਂ ਹੱਥ ਧੋ ਰਹੇ ਨੇ। ਚੇਤੇ ਕਰੋ, ਸਫਾਈ ਕਾਮਿਆਂ ਦੇ ਪੈਰ। ਜੋ ਕੁੰਭ ਮੇਲੇ ‘ਤੇ ਮੋਦੀ ਨੇ ਧੋਤੇ। ਕਾਸ਼, ਸਫਾਈ ਕਾਮਿਆਂ ਦੇ ਦੁੱਖ ਧੋਤੇ ਹੁੰਦੇ।
               ਸਫਾਈ ਕਾਮਿਆਂ ਦਾ ਚੇਅਰਮੈਨ, ਗੇਜਾ ਰਾਮ ਕੁਰਲਾ ਰਿਹੈ। ‘ਤਨ ‘ਤੇ ਕੱਪੜਾ ਨਹੀਂ, ਸਿਰ ‘ਤੇ ਛੱਤ ਨਹੀਂ, ਢਿੱਡ ਖਾਲੀ ਨੇ।‘ ‘ਸਵੱਛ ਭਾਰਤ‘ ਦੇ ਅਸਲ ਨਾਇਕ ਉੱਖੜੇ ਹੋਏ ਨੇ। ਪੰਜਾਬ ‘ਚ 28 ਹਜ਼ਾਰ ਸਫਾਈ ਕਾਮੇ ਨੇ। ਜ਼ਿੰਦਗੀ ਦਾ ਘੱਟਾ ਢੋਣਾ ਮਜਬੂਰੀ ਹੈ। ਕਿਥੇ ਫਰਿਆਦ ਕਰਨ।‘ਸਵੱਛ ਭਾਰਤ‘ ਦੇ ਸਟਾਰ ਕਿਸੇ ਹੋਰ ਮੋਢੇ ਸਜਦੇ ਨੇ। ਪੰਜਾਬ ਹਰ ਵਾਰ ਨਿਲਾਮ ਹੁੰਦੈ। ਕਰੋਨਾ ਦਾ ਲਾਗ ਫੁੰਕਾਰੇ ਨਾ ਮਾਰਦਾ। ਸਿਆਸੀ ਦੈਂਗੜ ਦੈਂਗੜ ਹੋ ਜਾਣੀ ਸੀ। ਕੁਰਸੀ ਨੂੰ ਜਾਂਦਾ ਰਾਹ ਕਰੋਨਾ ਕਿਵੇਂ ਰੋਕੂ। ਵਿਰੋਧੀ ਕਦੇ ਕਿਤੇ, ਕਦੇ ਕਿਤੇ ਨਾਅਰੇ ਮਾਰਦੇ ਨੇ। ਪਿਆਰੇ ਪੰਜਾਬੀਓ, ਥੋਡੀ ‘ਸੇਵਾ‘ ਲਈ ਕਰੋਨਾ ਦੀ ਪ੍ਰਵਾਹ ਤੱਕ ਨਹੀਂ ਕਰਦੇ। ਮੌਤ ਲੱਕ ਨਾਲ ਬੰਨ੍ਹ ਕੇ ਲੜ ਰਹੇ ਨੇ। ਨਕਲੀ ਸ਼ਰਾਬ ਨਾਲ ਜੋ ਮਰੇ। ਉਨ੍ਹਾਂ ‘ਚੋਂ 115 ਮ੍ਰਿਤਕ ਬਾਲਮੀਕਿ ਸਮਾਜ ‘ਚੋਂ ਸਨ। ਨਿੱਕੇ ਬੱਚੇ ਪਤੰਗ ਲੁੱਟਦੇ ਨੇ, ਨੇਤਾ ਚੋਣਾਂ ਲੁੱਟਦੇ ਨੇ। ਮਜੀਠੀਆ ਸਮਝਾ ਰਿਹੈ, ਪੰਜਾਬ ਨੂੰ ਕੌਣ ਲੁੱਟ ਰਿਹੈ। ਅਮਰਿੰਦਰ ਆਜ਼ਾਦੀ ਦਿਹਾੜੇ ‘ਤੇ ਬੋਲੇ ਨੇ। ‘ਹੁਣ ਨਹੀਂ ਟਿਕ ਕੇ ਬੈਠਾਂਗਾ‘। ਛੇ ਲੱਖ ਨੌਕਰੀਆਂ ਦਿਆਂਗਾ। ਬੇਰੁਜ਼ਗਾਰ ਨੌਜਵਾਨ ਆਖਦੇ ਨੇ, ਨਾ ਰੋਣ ਆਉਂਦਾ ਹੈ ਤੇ ਨਾ ਹਾਸਾ। ਸਰਕਾਰੀ ਢੋਲਚੀ... ਬਾਦਸ਼ਾਹੀ ਤੂਤੀ ਵਜਾ ਰਿਹੈ। ਰੱਬ ਨੂੰ ਮੱਗ ਦੱਸਣ, ਕਰੋਨਾ ਕਰਕੇ ਸਹਿਮੇ ਨੇ। ਮਹਾਤੜਾਂ ਦੀ ਜ਼ਿੰਦਗੀ ਦਾਅ ‘ਤੇ ਲੱਗੀ ਹੈ। ਸਿਆਸੀ ਜਮਾਤ ਮੱਛਰੀ ਫਿਰਦੀ ਐ। ਮਰਹੂਮ ਅਮਰਜੀਤ ਢਿੱਲੋਂ ਦੀ ਤੁਕ ਐ, ‘ਚਿੱਟੇ ਕਾਲੇ ਨੀਲੇ ਮੋਰ, ਲਾਲ ਕੇਸਰੀ ਕਿੰਨੇ ਹੋਰ।‘
              ਜਿਨ੍ਹਾਂ ਦੇ ਮੱਥੇ ਦਗਦੇ ਨੇ। ਭਾਂਬੜ ਸੀਨੇ ‘ਚ ਬਲਦੇ ਨੇ। ਪ੍ਰਸ਼ਾਂਤ ਭੂਸ਼ਨ ਦੇ ਖੱਬੇ ਸੱਜੇ ਨੇ। ‘ਹਮ ਦੇਖੇਗੇਂ...‘ ਬੋਲ ਮੁੜ ਗੂੰਜੇ ਨੇ। ਬੇਲਾਰੂਸ ਵਾਲੀ ਅਧਿਆਪਕਾ ਸਵੇਤਲਾਨਾ। ਉਥੋਂ ਦੀ ਜਬਰੀ ਹਕੂਮਤ ਖ਼ਿਲਾਫ਼ ਪ੍ਰਤੀਕ ਬਣੀ ਹੈ। ਕੁੜੀਆਂ ਦੇ ਹੱਥਾਂ ਵਿੱਚ ਗੁਲਾਬ ਨੇ। ਬੇਲਾਰੂਸ ‘ਚ ਸੜਕਾਂ ‘ਤੇ ਨਾਅਰੇ ਗੂੰਜੇ ਨੇ... ਸਵੇਤਲਾਨਾ ਅੱਗੇ ਵਧੋ...ਅਸੀਂ ਤੁਹਾਡੇ ਨਾਲ ਹਾਂ।‘ ਪੰਜਾਬੀ ਡਰੇ ਜ਼ਰੂਰ ਨੇ, ਹਰੇ ਨਹੀਂ। ਜੋ ਮਰਜ਼ੀ ਝੱਖੜ ਆਉਣ, ਛੱਜੂ ਰਾਮ ਦਾ ਸਿਦਕ ਪੈਰ ਗੱਡ ਕੇ ਖੜ੍ਹੈ, ਪਤਾ ਨਹੀਂ ਕਿਸ ਦਾਈ ਨੇ ਗੁੜ੍ਹਤੀ ਦਿੱਤੀ ਹੈ। ‘ਅਸੀਂ ਖੇਤਾਂ ‘ਚ ਲੱਗੇ ਡਰਨੇ ਨਹੀਂ...‘ ਸਮਾਰਟ ਫੋਨ ‘ਤੇ ਧੜਾਧੜ ਸੁਨੇਹੇ ਭੇਜ ਰਿਹੈ। ਢੋਲੀ ਡੱਗਾ ਲਾਉਣੋਂ ਨਹੀਂ ਹਟ ਰਿਹਾ... ਅਖੇ ਤੁਸੀਂ ਸੌਂ ਜਾਓ, ਮਹਾਰਾਜਾ ਸਾਹਿਬ ਜਾਗਣਗੇ। ਸਿਆਸੀ ਡਮਰੂ ਵੱਜਿਆ ਹੈ। ਪੰਜਾਬ ਕਿਤੇ ਜਮੂਰਾ ਬਣਨ ਤੋਂ ਆਕੀ ਨਾ ਹੋ ਜਾਏ। ਤਰਕੀਬਾਂ ਲਈ ਸਿਰ ਜੁੜਨ ਲੱਗੇ ਨੇ। ਡਮਰੂ ਵਾਲੇ ਸਿਆਸੀ ਮਦਾਰੀ, ਏਨਾਂ ਕੁ ਚੇਤੇ ਰੱਖਣ। ਕਿਤੇ ਜਮੂਰੇ ਧਤੂਰੇ ਨਾ ਬਣ ਜਾਣ। ਅਖੀਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੇ ਮੁਹੱਬਤੀ ਬੋਲਾਂ ਨਾਲ...‘ਇਸ਼ਕ ਡਮਰੂ ਸਹੀ ਮਨ ਡਮਰੂ ਸਹੀ, ਤੂੰ ਮਦਾਰੀ ਸਹੀ ਇਹ ਤਮਾਸ਼ਾ ਸਹੀ/ਮੈਂ ਦੀਵਾਨਾ ਤੇਰਾ, ਤੇਰੀ ਦੁਨੀਆ ਲਈ, ਇਸ਼ਕ ਮੇਰਾ ਜੇ ਹਾਸਾ ਤਾਂ ਹਾਸਾ ਸਹੀ।‘

Friday, August 21, 2020

                          ਬਿਜਲੀ ਸਮਝੌਤੇ 
           ਹੁਣ ਨਵੇਂ ਪਾਜ ਉੱਧੜਨ ਲੱਗੇ !
                           ਚਰਨਜੀਤ ਭੁੱਲਰ
ਚੰਡੀਗੜ੍ਹ : ਐਡਵੋਕੇਟ ਜਨਰਲ ਪੰਜਾਬ ਦੇ ‘ਕਾਨੂੰਨੀ ਮਸ਼ਵਰੇ’ ਨੇ ਮਹਿੰਗੇ ਬਿਜਲੀ ਸਮਝੌਤੇ ਦੇ ਨਵੇਂ ਪਾਜ ਉਧੇੜੇ ਹਨ ਜਿਸ ’ਚ ਸੀਨੀਅਰ ਅਫਸਰਾਂ ’ਤੇ ਉਂਗਲ ਧਰੀ ਗਈ ਹੈ। ਇਵੇਂ ਮੁੱਖ ਇੰਜੀਨੀਅਰ (ਪ੍ਰੋਜੈਕਟਸ) ਦੀ ਗੁਪਤ ਰਿਪੋਰਟ ਵੀ ਉਨ੍ਹਾਂ ਨੌਕਰਸ਼ਾਹਾਂ ’ਤੇ ਸੁਆਲ ਖੜ੍ਹੇ ਕਰਦੀ ਹੈ ਜਿਨ੍ਹਾਂ ਨੇ ਮਹਿੰਗੇ ਬਿਜਲੀ ਸਮਝੌਤੇ ਕਰਨ ਵਿਚ ਭੂਮਿਕਾ ਨਿਭਾਈ। ਬਿਜਲੀ ਸਮਝੌਤਿਆਂ ਦੇ ਨਾਲ ਹੁਣ ਨਵਾਂ ਵਿਵਾਦ ਜੁੜ ਗਿਆ ਹੈ। ਐਡਵੋਕੇਟ ਜਨਰਲ (ਏ.ਜੀ) ਵੱਲੋਂ ਦਿੱਤੀ ‘ਕਾਨੂੰਨੀ ਮਸ਼ਵਰੇ’ ਵਾਲੀ ਰਿਪੋਰਟ (18 ਫਰਵਰੀ 2020) ਤੋਂ ਪਤਾ ਚੱਲਦਾ ਹੈ ਕਿ ਕਿਵੇਂ ਮੰਤਰੀ ਮੰਡਲ ਦਾ ਫੈਸਲਾ ਅਣਡਿੱਠ ਕਰਕੇ ਅਫਸਰਾਂ ਨੇ ਰਾਤੋ ਰਾਤ ਨਵੇਂ ਫੈਸਲੇ ਲਏ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਸਾਰੇ ਅਹਿਮ ਗੁਪਤ ਦਸਤਾਵੇਜ਼ਾਂ ਅਨੁਸਾਰ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲਾਂ ਲਈ ਕੋਲਾ ਬਿਜਲੀ ਬੋਰਡ ਦੀ ਆਪਣੀ ਪਛਵਾੜਾ (ਝਾਰਖੰਡ) ਖਾਣ ਦੀ ਬਜਾਏ ‘ਕੋਲ ਇੰਡੀਆ’ ਤੋਂ ਮਹਿੰਗਾ ਕੋਲਾ ਲਿਆ ਅਤੇ ਏ.ਜੀ ਰਿਪੋਰਟ ਅਨੁਸਾਰ ਇਹ ਫੈਸਲਾ ਲੈਣ ’ਚ ਸੀਨੀਅਰ ਅਫਸਰਾਂ ਦੀ ਭੂਮਿਕਾ ਰਹੀ। ਨਤੀਜੇ ਵਜੋਂ ਇਕੱਲੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਸਲਾਨਾ ਕਰੀਬ 300 ਕਰੋੜ ਦਾ ਬੋਝ ਖਪਤਕਾਰ ਚੁੱਕਣਗੇ।
               ਕੈਪਟਨ ਸਰਕਾਰ ਸਮੇਂ ਕੈਬਨਿਟ ਨੇ 6 ਸਤੰਬਰ 2006 ਨੂੰ ਦੋ ਹਜ਼ਾਰ ਮੈਗਾਵਾਟ ਦੇ ਦੋ ਥਰਮਲ ਲਾਏ ਜਾਣ ਨੂੰ ਸਿਧਾਂਤਿਕ ਪ੍ਰਵਾਨਗੀ ਦਿੱਤੀ। ਫੈਸਲਾ ਕੀਤਾ ਕਿ ਪਛਵਾੜਾ ਕੋਲਾ ਖਾਣ ਤੋਂ ਕੋਲਾ ਲਿਆ ਜਾਵੇ ਜਿਥੇ 3000 ਮੈਗਾਵਾਟ ਬਿਜਲੀ ਉਤਪਾਦਨ ਲਈ ਕੋਲਾ 30 ਤੋਂ 40 ਵਰ੍ਹਿਆਂ ਲਈ ਮੌਜੂਦ ਸੀ।ਗਠਜੋੜ ਸਰਕਾਰ ਨੇ ਆਉਂਦੇ ਹੀ ਤਲਵੰਡੀ ਸਾਬੋ ਅਤੇ ਨਾਭਾ ਪਾਵਰ ਲਿਮਟਿਡ ਤਹਿਤ ਦੋ ਸਪੈਸ਼ਲ ਪਰਪਜ਼ ਵਹੀਕਲ ਦਾ ਗਠਨ ਕੀਤਾ ਜਿਨ੍ਹਾਂ ਦਾ ਸੀਨੀਅਰ ਅਧਿਕਾਰੀ ਨੂੰ ਚੇਅਰਮੈਨ (ਮੌਜੂਦਾ ਵਧੀਕ ਮੁੱਖ ਸਕੱਤਰ, ਪਾਵਰ) ਲਾਇਆ ਗਿਆ। ਉਦੋਂ ਅਹਿਮ ਸੀਨੀਅਰ ਅਧਿਕਾਰੀ ਵੀ ਸਕੱਤਰ (ਪਾਵਰ) ਸਨ। ਦਸਤਾਵੇਜ਼ਾਂ ਅਨੁਸਾਰ ਗੜਬੜ ਉਦੋਂ ਸ਼ੁਰੂ ਹੋਈ ਜਦੋਂ ਦੋਵਾਂ ਥਰਮਲਾਂ ਦੀ ਸਮਰੱਥਾ 2000 ਮੈਗਾਵਾਟ ਤੋਂ ਵਧਾ ਕੇ 3380 ਮੈਗਾਵਾਟ ਕਰ ਦਿੱਤੀ। ਪਛਵਾੜਾ ਕੋਲਾ ਖਾਣ ਤੋਂ ਸਸਤਾ ਕੁਆਲਟੀ ਵਾਲਾ ਕੋਲਾ ਲੈਣ ਤੋਂ ਮੂੰਹ ਫੇਰ ਲਿਆ।
               ਬਿਜਲੀ ਬੋਰਡ ਦੇ ਤਤਕਾਲੀ ਡਾਇਰੈਕਟਰ (ਪ੍ਰੋਜੈਕਟਸ) ਇੰਜ.ਕੇ. ਬੀ. ਕਾਂਸਲ ਨੇ ਪੱਤਰ ਨੰਬਰ 679/ਡੀਬੀਟੀ-6 ਮਿਤੀ 3 ਦਸੰਬਰ 2007 ’ਚ ਉਂਗਲ ਉਠਾ ਦਿੱਤੀ ਕਿ ਬਿਜਲੀ ਬੋਰਡ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਨੇ 18 ਜੁਲਾਈ 2006 ਦੀ ਮੀਟਿੰਗ ’ਚ ਅਤੇ ਕੈਬਨਿਟ ਨੇ 6 ਸਤੰਬਰ 2006 ਦੀ ਮੀਟਿੰਗ ਵਿਚ ਪਛਵਾੜਾ ਕੋਲਾ ਖਾਣ ਦਾ ਕੋਲਾ ਵਰਤਣ ਦੀ ਪ੍ਰਵਾਨਗੀ ਦਿੱਤੀ ਸੀ ਅਤੇ ਇਹ ਕੋਲਾ ਵਰਤੇ ਜਾਣ ਨਾਲ ਬਿਜਲੀ ਪ੍ਰਤੀ ਯੂਨਿਟ 20 ਤੋਂ 25 ਪੈਸਾ ਸਸਤੀ ਪੈਣੀ ਸੀ ਅਤੇ ਬਿਜਲੀ ਬੋਰਡ ਨੂੰ ਸਲਾਨਾ 300 ਕਰੋੜ ਦੀ ਬੱਚਤ ਹੋਣੀ ਸੀ ਪ੍ਰੰਤੂ ਇਸ ਦੇ ਉਲਟ ਪ੍ਰਾਈਵੇਟ ਥਰਮਲਾਂ ਲਈ ‘ਕੋਲ ਇੰਡੀਆ’ ਤੋਂ ਕੋਲਾ ਲੈਣ ਦਾ ਫੈਸਲਾ ਹੋਇਆ ਜੋ ਘੱਟ ਗਰੇਡ ਵਾਲਾ ਹੈ ਜਿਸ ਨਾਲ ਬਿਜਲੀ ਦਾ ਟੈਰਿਫ ਵਧੇਗਾ।
               ਐਡਵੋਕੇਟ ਜਨਰਲ ਦੇ ‘ਕਾਨੂੰਨੀ ਮਸ਼ਵਰੇ’ ਦੇ ਲੜੀ ਨੰਬਰ 41 ਵਿਚ ਦਰਜ ਹੈ ਕਿ ਹੈਰਾਨੀ ਹੈ ਕਿ ਪਛਵਾੜਾ ਕੋਲਾ ਖਾਣ ਤੋਂ ਕੋਲਾ ਲੈਣ ਅਤੇ ਕੈਬਨਿਟ ਮੀਟਿੰਗ ਦੇ ਫੈਸਲੇ ਬਾਰੇ ਮੁੱਖ ਇੰਜੀਨੀਅਰ (ਪ੍ਰੋਜੈਕਟ) ਨੇ ਉਦੋਂ ਦੇ ਮੈਂਬਰ (ਵਿੱਤ) ਅਤੇ ਸਕੱਤਰ (ਪਾਵਰ) ਨਾਲ 4 ਦਸੰਬਰ 2007 ਨੂੰ ਮਾਮਲਾ ਵਿਚਾਰਿਆ। ਮੁੱਖ ਇੰਜੀਨੀਅਰ ਵੱਲੋਂ ਪੱਤਰ ਤੇ ਖੁਦ ਦਿੱਤੀ ਨੋਟਿੰਗ ਅਨੁਸਾਰ ਦੋਵਾਂ ਅਧਿਕਾਰੀਆਂ ਨੇ ਪਛਵਾੜਾ ਕੋਲਾ ਖਾਣ ਤੋਂ ਕੋਲਾ ਲੈਣ ਦੀ ਤਜਵੀਜ਼ ਰੱਦ ਕਰ ਦਿੱਤੀ। ਇਹ ਵੀ ਲਿਖਿਆ ਕਿ ਦੋ ਅਧਿਕਾਰੀਆਂ ਦੇ ਇਸ ਫੈਸਲੇ ਨਾਲ ਬਿਜਲੀ ਬੋਰਡ ਨੂੰ 300 ਕਰੋੜ ਦੀ ਹੋਣ ਵਾਲੀ ਬੱਚਤ ਅਤੇ ਸਸਤੀ ਬਿਜਲੀ ਦਾ ਮਾਮਲਾ ਰੱਦ ਹੋ ਗਿਆ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 1 ਜਨਵਰੀ 2020 ਨੂੰ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਅਧਿਕਾਰੀਆਂ ਦੀ ਗੈਰ ਸੰਜੀਦਗੀ ਦਾ ਖ਼ਮਿਆਜ਼ਾ ਆਮ ਖਪਤਕਾਰਾਂ ਨੂੰ ਭੁਗਤਣਾ ਪਵੇਗਾ। ਐਡਵੋਕੇਟ ਜਨਰਲ ਨੇ ਕਾਨੂੰਨੀ ਰਾਇ ਦਿੱਤੀ ਹੈ ਕਿ ਪੰਜਾਬ ਸਰਕਾਰ ਤਰਫ਼ੋਂ ਜੋ ਬਿਜਲੀ ਸਮਝੌਤਿਆਂ ਨੂੰ ਲੈ ਕੇ ‘ਵਾਈਟ ਪੇਪਰ’ ਤਿਆਰ ਕੀਤਾ ਜਾ ਰਿਹਾ ਹੈ, ਉਸ ਵਿਚ ਇਨ੍ਹਾਂ ਨੁਕਤਿਆਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ।
               ਮੁੱਖ ਮੰਤਰੀ ਨੇ 17 ਜਨਵਰੀ 2020 ਨੂੰ ‘ਵਾਈਟ ਪੇਪਰ’ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਦੇਖਣਾ ਹੋਵੇਗਾ ਕਿ ‘ਵਾਈਟ ਪੇਪਰ’ ’ਚ ਏ.ਜੀ ਤੇ ਮੁੱਖ ਇੰਜੀਨੀਅਰ ਦੇ ਪੱਖ ਨੂੰ ਸ਼ਾਮਿਲ ਕੀਤਾ ਜਾਵੇਗਾ ਜਾਂ ਨਹੀਂ। ਪੰਜਾਬ ਸਰਕਾਰ ਨੇ ਹੁਣ ਨਵੇਂ ਵਧੀਕ ਮੁੱਖ ਸਕੱਤਰ (ਪਾਵਰ) ਲਾਏ ਹਨ ਜੋ ਪਹਿਲਾਂ 17 ਅਪਰੈਲ 2006 ਤੋਂ ਲੈ ਕੇ 31 ਅਗਸਤ 2015 ਤੱਕ (ਸਿਰਫ਼ 27 ਦਿਨਾਂ ਨੂੰ ਛੱਡ ਕੇ) ਬਿਜਲੀ ਬੋਰਡ ਦੇ ਕਿਸੇ ਨਾ ਕਿਸੇ ਅਹੁਦੇ ਤੇ ਤਾਇਨਾਤ ਰਹੇ ਹਨ। ਸਿਆਸੀ ਹਲਕੇ ‘ਵਾਈਟ ਪੇਪਰ’ ਨੂੰ ਲੈ ਬੁਣੀ ਜਾ ਰਹੀ ਬਣਤਰ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਵੇਰਵਿਆਂ ਅਨੁਸਾਰ ਕੋਲ ਇੰਡੀਆ ਤੋਂ ਵੀ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਲਈ ਪੂਰਾ ਕੋਲਾ ਅਲਾਟ ਨਹੀਂ ਹੋਇਆ ਜਿਸ ਕਰਕੇ ਮਹਿੰਗਾ ਇੰਮਪੋਟਡ ਕੋਲਾ ਖਰੀਦਣਾ ਪਿਆ ਜਿਸ ਨੇ ਬਿਜਲੀ ਹੋਰ ਮਹਿੰਗੀ ਕਰ ਦਿੱਤੀ। ਕੋਈ ਸ਼ੱਕ ਨਹੀਂ ਕਿ ਬਿਨਾਂ ਲੋੜ ਤੋਂ ਵੱਧ ਸਮਰੱਥਾ ਦੇ 25 ਸਾਲ ਦੇ ਲੰਮੇ ਅਰਸੇ ਦੇ ਬਿਜਲੀ ਸਮਝੌਤੇ ਕੀਤੇ ਗਏ ਜਿਸ ਵਜੋਂ ਪ੍ਰਾਈਵੇਟ ਥਰਮਲਾਂ ਨੂੰ ਫਿਕਸਿਡ ਚਾਰਜਜ ਵਜੋਂ 3683 ਕਰੋੜ ਦਿੱਤੇ ਜਾ ਚੁੱਕੇ ਹਨ।
                ਸੂਤਰ ‘ਵਾਈਟ ਪੇਪਰ’ ਦੀ ਤਿਆਰੀ ’ਤੇ ਸ਼ੱਕ ਖੜ੍ਹਾ ਕਰਦੇ ਹਨ ਕਿਉਂਕਿ ਸਰਕਾਰ ਨੇ ਪਹਿਲਾਂ ਇੱਕ ਮਹਿਲਾ ਵਧੀਕ ਮੁੱਖ ਸਕੱਤਰ (ਪਾਵਰ) ਨੂੰ 17 ਮਾਰਚ 2020 ਨੂੰ ਬਦਲ ਦਿੱਤਾ। ਉਸ ਮਗਰੋਂ ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੂੰ ਟਰਮ ਸਮਾਪਤੀ ਮਗਰੋਂ ਲਾਂਭੇ ਕਰ ਦਿੱਤਾ। ਚੇਅਰਮੈਨੀ ਦੀ ਜਿੰਮੇਵਾਰੀ ਸੀਨੀਅਰ ਨੌਕਰਸ਼ਾਹ ਹਵਾਲੇ ਕਰ ਦਿੱਤੀ।
                          ਆਡਿਟ ਚੋਂ ਬਿਜਲੀ ਸਮਝੌਤੇ ਆਊਟ
ਪੰਜਾਬ ਸਰਕਾਰ ਨੇ 18 ਮਾਰਚ 2017 ਨੂੰ ਪਾਵਰਕੌਮ ਦਾ ਥਰਡ ਪਾਰਟੀ ਆਡਿਟ ਕਰਾਉਣ ਦਾ ਫੈਸਲਾ ਕੀਤਾ ਜਿਸ ਬਾਰੇ 8 ਅਗਸਤ 2019 ’ਚ ਜਾਰੀ ਪੱਤਰ ’ਚ 2012-13 ਤੋਂ 2016-17 ਦੇ ਸਮੇਂ ਦਾ ਆਡਿਟ ਕਰਾਏ ਬਾਰੇ ਲਿਖਿਆ ਗਿਆ ਹੈ ਜਦੋਂ ਕਿ ਬਿਜਲੀ ਸਮਝੌਤੇ ਉਸ ਤੋਂ ਪਹਿਲਾਂ ਹੋਏ ਹਨ। ਸੂਤਰ ਆਖਦੇ ਹਨ ਕਿ ਸਰਕਾਰ ਨੇ ਬਿਜਲੀ ਸਮਝੌਤਿਆਂ ਵਾਲੇ ਸਮੇਂ ਨੂੰ ਆਡਿਟ ਚੋਂ ਕਿਉਂ ਬਾਹਰ ਰੱਖਿਆ ਗਿਆ ਹੈ।
         


Saturday, August 15, 2020

                        ਸਮਾਰਟ ਫੋਨ
     ਸਰਕਾਰੀ ਅੱਖ ਰਾਹਤ ਫੰਡਾਂ ’ਤੇ !
                        ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਸਰਕਾਰ ਨੇ ਸਮਾਰਟ ਫੋਨਾਂ ਲਈ ਆਫਤਾਂ ਵਾਲੇ ਰਾਹਤ ਫੰਡਾਂ ’ਤੇ ਅੱਖ ਰੱਖ ਲਈ ਹੈ। ਮੰਤਰੀ ਮੰਡਲ ਨੇ ਚੁੱਪ ਚੁਪੀਤੇ 5 ਅਗਸਤ ਨੂੰ ‘ਸਟੇਟ ਆਫ਼ਤ ਪ੍ਰਬੰਧਨ ਫੰਡ’ ਚੋਂ ਸਮਾਰਟ ਫੋਨਾਂ ਦੀ ਖਰੀਦ ਵਾਸਤੇ ਫੰਡ ਲੈਣ ਲਈ ਹਰੀ ਝੰਡੀ ਦੇ ਦਿੱਤੀ। ਕੇਂਦਰੀ ਫੰਡਾਂ ਕਰਕੇ ਵੱਡਾ ਅੜਿੱਕਾ ਖੜ੍ਹਾ ਹੋ ਗਿਆ ਜਿਸ ਕਰਕੇ ਰਾਜ ਸਰਕਾਰ ਫੰਡਾਂ ਲਈ ਇੱਧਰ ਉੱਧਰ ਹੱਥ ਮਾਰਨ ਲੱਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੌਮਾਂਤਰੀ ਯੁਵਾ ਦਿਵਸ ਮੌਕੇ ਸਮਾਰਟ ਫੋਨ ਵੰਡ ਦਾ ਅਗਾਜ਼ ਕਰ ਚੁੱਕੇ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫ਼ੋਂ ਮੁਢਲੇ ਪੜਾਅ ’ਤੇ ਬਾਰ੍ਹਵੀਂ ਕਲਾਸ ’ਚ ਪੜ੍ਹਦੇ 1.74 ਲੱਖ ਲੜਕੇ ਤੇ ਲੜਕੀਆਂ ਨੂੰ ਸਮਾਰਟ ਫੋਨ ਦਿੱਤੇ ਜਾਣੇ ਹਨ। ਪਹਿਲੇ ਖੇਪ ਵਜੋਂ 50 ਹਜ਼ਾਰ ਸਮਾਰਟ ਫੋਨ ਪ੍ਰਾਪਤ ਹੋਣ ਦਾ ਸਰਕਾਰੀ ਦਾਅਵਾ ਕੀਤਾ ਗਿਆ ਹੈ। ਆਉਂਦੇ ਦਿਨਾਂ ਵਿਚ ਮੋਬਾਈਲ ਫੋਨਾਂ ਦੀ ਤੇਜ਼ੀ ਨਾਲ ਵੰਡ ਸ਼ੁਰੂ ਹੋਣੀ ਹੈ। ਇਨ੍ਹਾਂ ਮੋਬਾਈਲ ਫੋਨਾਂ ਦੀ ਖਰੀਦ ਲਈ 93 ਕਰੋੜ ਰੁਪਏ ਲੋੜੀਂਦੇ ਹਨ। ਉਦਯੋਗ ਵਿਭਾਗ ਨੂੰ ਇਨ੍ਹਾਂ ਦੀ ਖਰੀਦ ਦਾ ਜਿੰਮਾ ਦਿੱਤਾ ਗਿਆ ਹੈ ਜਿਨ੍ਹਾਂ ਦੇ ਅਦਾਰੇ ਇਨਫੋਟੈੱਕ ਤਰਫੋਂ ਖਰੀਦ ਪ੍ਰਬੰਧ ਦੇਖੇ ਜਾ ਰਹੇ ਹਨ ਜਿਸ ਲਈ ‘ਸਟੇਟ ਕਾਰਜਕਾਰੀ ਕਮੇਟੀ’ ਬਣਾਈ ਗਈ ਹੈ।
               ਸਿੱਖਿਆ ਵਿਭਾਗ ਨੇ (ਮੀਮੋ ਨੰਬਰ 5/3-ਆਈਸੀਟੀ-2020/ਫੁਟਕਲ/180936 ਮਿਤੀ 3 ਅਗਸਤ 2020) ਤਹਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਟ ਆਫ਼ਤ ਪ੍ਰਬੰਧਨ ਫੰਡ ਚੋਂ ਮੋਬਾਈਲ ਫੋਨ ਮੁਹੱਈਆ ਕਰਾਉਣ ਲਈ ‘ਸਟੇਟ ਕਾਰਜਕਾਰੀ ਕਮੇਟੀ’ ਦੇ ਸਾਹਮਣੇ ਇੱਕ ਪ੍ਰਸਤਾਵ ਪੇਸ਼ ਕੀਤਾ। ਅੱਗੇ ਕਮੇਟੀ ਵੱਲੋਂ ਇਹ ਮਾਮਲਾ ਉਠਾਏ ਜਾਣ ਦੀ ਗੱਲ ਕੀਤੀ ਗਈ।ਕੈਬਨਿਟ ਮੀਟਿੰਗ ’ਚ ਇਹ ਏਜੰਡਾ ਨੰਬਰ 1.9 ਵਜੋਂ ਲੱਗਾ। ਮੰਤਰੀ ਮੰਡਲ ਵੱਲੋਂ ਪੈਰਾ ਨੰਬਰ ਦੋ ਤਹਿਤ ਹਰੀ ਝੰਡੀ ਦਿੱਤੀ ਗਈ ਕਿ ‘ਰਾਜ ਕਾਰਜਕਾਰੀ ਕਮੇਟੀ’ ਦੀ ਪ੍ਰਵਾਨਗੀ ਉਪਰੰਤ ਸਮਾਰਟ ਫੋਨਾਂ ਦੀ ਖਰੀਦ ਲਈ ਫੰਡ ‘ਸਟੇਟ ਆਫ਼ਤ ਪ੍ਰਬੰਧਨ ਫੰਡ’ ਚੋਂ ਲਏ ਜਾਣਗੇ। ਇਸ ਸਕੀਮ ਬਾਬਤ ਸਾਰੇ ਅਧਿਕਾਰ ਵੀ ਮੁੱਖ ਮੰਤਰੀ ਨੂੰ ਦਿੱਤੇ ਗਏ ਹਨ। ਮਸਲਾ ਇਹ ਖੜ੍ਹਾ ਹੋ ਗਿਆ ਕਿ ਕੇਂਦਰੀ ਨਿਯਮ ਇਨ੍ਹਾਂ ਆਫ਼ਤ ਪ੍ਰਬੰਧਨ ਫੰਡ ਚੋਂ ਸਮਾਰਟ ਫੋਨਾਂ ਖਰੀਦਣ ਦੀ ਇਜਾਜ਼ਤ ਨਹੀਂ ਦਿੰਦੇ।ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਸੀ ਕਿ ਮੋਬਾਈਲ ਫੋਨਾਂ ਦੀ ਪਹਿਲੀ ਖੇਪ ਦੀ ਵੰਡ ਦੋ ਮਹੀਨਿਆਂ ਦੇ ਅੰਦਰ ਅੰਦਰ ਕਰ ਦਿੱਤੀ ਜਾਵੇਗੀ ਜਿਸ ’ਤੇ ਕਰੀਬ 93 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਫੰਡ ਕਿਥੋਂ ਲਏ ਜਾਣੇ ਹਨ, ਇਸ ਬਾਰੇ ਜਾਣਕਾਰੀ ਨਹੀਂ।
              ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਇਨਫੋਟੈੱਕ ਦੇ ਐਮ.ਡੀ ਨੇ ਫੋਨ ਨਹੀਂ ਚੁੱਕਿਆ। ਸੂਤਰਾਂ ਅਨੁਸਾਰ ਮਾਮਲਾ ਹੁਣ ਮੁੱਖ ਸਕੱਤਰ ਪੰਜਾਬ ਕੋਲ ਪਿਆ ਹੈ ਅਤੇ ਸਰਕਾਰ ਫੰਡਾਂ ਲਈ ਹੱਥ ਪੈਰ ਮਾਰ ਰਹੀ ਹੈ। ਪੰਜਾਬ ਸਰਕਾਰ ਨੇ ਸਾਲ 2020-21 ਦੇ ਬਜਟ ਵਿਚ ਸਮਾਰਟ ਫੋਨਾਂ ਲਈ ਕਰੀਬ 100 ਕਰੋੜ ਦਾ ਬਜਟ ਰੱਖਿਆ ਸੀ ਪ੍ਰੰਤੂ ਮਗਰੋਂ ਇਸ ਨੂੰ ਸਰੰਡਰ ਕਰਾ ਲਿਆ ਗਿਆ। ਸੂਤਰ ਦੱਸਦੇ ਹਨ ਕਿ ਸਰਕਾਰ ਇਸ ਨੂੰ ਕੋਵਿਡ ਦੇ ਖਾਤੇ ਪਾਉਣਾ ਚਾਹੁੰਦੀ ਹੈ ਕਿ ਕੋਵਿਡ ਦੌਰਾਨ ਆਨ ਲਾਈਨ ਪੜਾਈ ਖਾਤਰ ਮੋਬਾਈਲ ਫੋਨ ਦੇਣੇ ਜਰੂਰੀ ਹਨ। ਮਾਲ ਵਿਭਾਗ ਪੰਜਾਬ ਦੇ ਅਧਿਕਾਰੀ ਇਸ ਗੱਲੋਂ ਬੋਚ ਬੋਚ ਕੇ ਪੈਰ ਰੱਖ ਰਹੇ ਹਨ ਕਿਉਂਕਿ ਕੇਂਦਰੀ ਨਿਯਮ ਕਿਸੇ ਤਰ੍ਹਾਂ ਦੀ ‘ਰਾਜ ਆਫ਼ਤ ਪ੍ਰਬੰਧਨ ਫੰਡ’ ਮੋਬਾਈਲ ਫੋਨ ਖਰੀਦਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਪਤਾ ਲੱਗਾ ਹੈ ਕਿ ਵਿੱਤ ਵਿਭਾਗ ਨੂੰ ਫੰਡਾਂ ਦੇ ਪ੍ਰਬੰਧ ਬਾਬਤ ਕਿਹਾ ਗਿਆ ਹੈ।
                        ਆਫ਼ਤ ਪ੍ਰਬੰਧਨ ਫੰਡ ਨਹੀਂ ਦਿੱਤੇ ਜਾ ਰਹੇ : ਕਾਂਗੜ
ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਮੰਤਰੀ ਮੰਡਲ ਦੀ ਮੀਟਿੰਗ ਵਿਚ ਸਮਾਰਟ ਫੋਨਾਂ ਦੀ ਖਰੀਦ ਲਈ ਫੰਡਾਂ ਦਾ ਪ੍ਰਬੰਧ ‘ਰਾਜ ਆਫ਼ਤ ਪ੍ਰਬੰਧਨ ਫੰਡ’ ਚੋਂ ਕਰਨ ਦਾ ਮਾਮਲਾ ਵਿਚਾਰਿਆ ਗਿਆ ਸੀ ਪ੍ਰੰਤੂ ਨਿਯਮਾਂ ਅਨੁਸਾਰ ਇਹ ਆਫ਼ਤ ਪ੍ਰਬੰਧਨ ਫੰਡ ਦਿੱਤੇ ਨਹੀਂ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤਰਫੋਂ ਹੁਣ ਵਿੱਤ ਵਿਭਾਗ ਨੂੰ ਫੰਡਾਂ ਬਾਰੇ ਮੁੜ ਲਿਖਿਆ ਗਿਆ ਹੈ।


 


Thursday, August 13, 2020

                                                      ਸਿਆਸੀ ਪਾਵਰ
                             ਚਾਲੀ ਹਜ਼ਾਰ ਅਸਾਮੀਆਂ ਨੂੰ ਸਰਕਾਰੀ ਝਟਕਾ !
                                                         ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪਾਵਰਕੌਮ ਦੀਆਂ ਕਰੀਬ 40 ਹਜ਼ਾਰ ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਜੋ ਇੱਕ ਵੱਡਾ ਝਟਕਾ ਹੈ। ਪਾਵਰਕੌਮ ’ਚ ‘ਘਰ ਘਰ ਰੁਜ਼ਗਾਰ’ ਸਕੀਮ ਲਈ ਰੁਜ਼ਗਾਰ ਉਡੀਕਦੇ ਨੌਜਵਾਨਾਂ ਲਈ ਹੁਣ ਨਵੇਂ ਰਾਹ ਬੰਦ ਹੋ ਗਏ ਹਨ। ਊਰਜਾ ਵਿਭਾਗ ਤਰਫ਼ੋਂ ਦੋ ਮੀਟਿੰਗਾਂ ਜ਼ਰੀਏ ਅਹਿਮ ਫੈਸਲੇ ਲਏ ਗਏ ਹਨ ਜਿਨ੍ਹਾਂ ਨੂੰ ਮੁਲਾਜ਼ਮਾਂ ਦੇ ਵਿਰੋਧ ਦੇ ਡਰੋ ਗੁਪਤ ਰੱਖਿਆ ਗਿਆ ਹੈ। ਵਧੀਕ ਮੁੱਖ ਸਕੱਤਰ (ਪਾਵਰ) ਦੀ ਪ੍ਰਧਾਨਗੀ ਹੇਠ 22 ਜੁਲਾਈ ਨੂੰ ਉੱਚ ਪੱਧਰੀ ਮੀਟਿੰਗ ਹੋਈ ਹੈ ਜਿਸ ਵਿਚ ਢਾਈ ਦਰਜਨ ਦੇ ਕਰੀਬ ਫੈਸਲੇ ਲਏ ਗਏ ਹਨ। ਅਗਸਤ ਦੇ ਪਹਿਲੇ ਹਫਤੇ ਜੋਂ ਮੀਟਿੰਗ ਦੀ ਕਾਰਵਾਈ ਜਾਰੀ ਹੋਈ ਹੈ, ਉਸ ਦੇ ਏਜੰਡਾ ਨੰਬਰ 26 ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਾਵਰਕੌਮ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵਿਚ ਲੰਘੇ ਇੱਕ ਸਾਲ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਪਾਵਰਕੌਮ ਵਿਚ 75,757 ਅਸਾਮੀਆਂ ਸੈਕਸ਼ਨ ਹਨ ਜਿਨ੍ਹਾਂ ਚੋਂ 40,483 ਅਸਾਮੀਆਂ ਖਾਲੀ ਪਈਆਂ ਹਨ। ਫੈਸਲੇ ਦੀ ਨਜ਼ਰ ਵਿਚ ਦੇਖੀਏ ਤਾਂ ਗਰੁੱਪ ਏ ਦੀਆਂ 761, ਗਰੁੱਪ ਬੀ ਦੀਆਂ 2862, ਗਰੁੱਪ ਸੀ ਦੀਆਂ 30,702 ਅਤੇ ਗਰੁੱਪ ਡੀ ਦੀਆਂ 6158 ਅਸਾਮੀਆਂ ਨੂੰ ਖਤਮ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
               ਇਸ ਤੋਂ ਬਿਨ੍ਹਾਂ ਪਾਵਰਕੌਮ ਦੇ ਜੋ 6427 ਡੇਲੀ ਵੇਜ਼ਿਜ਼, ਵਰਕ ਚਾਰਜ ਅਤੇ ਠੇਕਾ ਪ੍ਰਣਾਲੀ ਵਾਲੇ ਮੁਲਾਜ਼ਮ ਹਨ, ਉਨ੍ਹਾਂ ’ਤੇ ਵੀ 20 ਫੀਸਦੀ ਕੱਟ ਲਾਇਆ ਜਾਣਾ ਹੈ। ਪੰਜਾਬ ਵਿਚ ਪਾਵਰਕੌਮ ਦੇ ਦਫ਼ਤਰਾਂ ਅਤੇ ਫੀਲਡ ਵਿਚ ਇਸ ਵੇਲੇ ਜੇ.ਈਜ ਅਤੇ ਕਲਰਕਾਂ ਦੀ ਵੱਡੀ ਘਾਟ ਹੈ।ਇਵੇਂ ਹੀ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀਆਂ ਇੱਕ ਸਾਲ ਖਾਲੀ ਪਈਆਂ ਅਸਾਮੀਆਂ ਵੀ ਖਤਮ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਤਰਫੋਂ ਹਰੀ ਝੰਡੀ ਮਿਲਣ ਮਗਰੋਂ ਹੁਣ ਅਸਾਮੀਆਂ ਨੂੰ ਖਤਮ ਕਰਨ ਦਾ ਏਜੰਡਾ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਕੋਲ ਲੱਗੇਗਾ। ਬਠਿੰਡਾ ਥਰਮਲ ਪਹਿਲਾਂ ਹੀ ਸਰਕਾਰ ਬੰਦ ਕਰ ਚੁੱਕੀ ਹੈ ਅਤੇ ਆਹਲੂਵਾਲੀਆ ਕਮੇਟੀ ਨੇ ਰੋਪੜ ਅਤੇ ਲਹਿਰਾ ਮੁਹੱਬਤ ’ਤੇ ਵੀ ਤਲਵਾਰ ਲਟਕਾ ਦਿੱਤੀ ਹੈ।ਇਸੇ ਤਰ੍ਹਾਂ ਪਾਣੀ ਬਚਾਓ,ਪੈਸਾ ਬਚਾਓ ਸਕੀਮ, ਬਿਜਲੀ ਚੋਰੀ ਰੋਕਣ ਅਤੇ ਬਿਜਲੀ ਸੁਧਾਰਾਂ ਬਾਰੇ ਵੀ ਫੈਸਲੇ ਲਏ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ ਇਸ ਵੇਲੇ 97.49 ਲੱਖ ਖਪਤਕਾਰ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਫੈਸਲਿਆਂ ਦਾ ਖਮਿਆਜ਼ਾ ਭੁਗਤਣਾ ਪਵੇਗਾ।
              ਦੂਸਰੀ ਮੀਟਿੰਗ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੀ ਪ੍ਰਧਾਨਗੀ ਹੇਠ 21 ਜੁਲਾਈ ਨੂੰ ਹੋਈ ਹੈ ਜਿਸ ਵਿਚ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਨਾਲ ਸਬੰਧਿਤ ਕਈ ਫੈਸਲੇ ਲਏ ਗਏ ਹਨ ਜੋ ਮੁਲਾਜ਼ਮਾਂ ਦੇ ਖ਼ਿਲਾਫ਼ ਭੁਗਤਦੇ ਹਨ। ਇਨ੍ਹਾਂ ਫੈਸਲਿਆਂ ਵਿਚ ਪੈਸਕੋ ਮੁਲਾਜ਼ਮਾਂ ਵਿਚ 20 ਫੀਸਦੀ ਕਟੌਤੀ ਕੀਤੀ ਜਾਣੀ ਹੈ। ਮੋਟੇ ਤੌਰ ’ਤੇ ਦੇਖੀਏ ਤਾਂ ਪੈਸਕੋ ਰਾਹੀਂ ਰੱਖੇ 1284 ਮੁਲਾਜ਼ਮਾਂ ਨੂੰ ਘਰੇ ਤੋਰਿਆ ਜਾਵੇਗਾ। ਰੋਪੜ ਥਰਮਲ ਪਲਾਂਟ ਦੇ 200 ਸੁਰੱਖਿਆ ਮੁਲਾਜ਼ਮਾਂ ਦੀ ਕਟੌਤੀ ਕਰਨ ਲਈ ਸੰਭਾਵਨਾ ਤਲਾਸ਼ਣ ਲਈ ਆਖਿਆ ਹੈ ਅਤੇ ਇਸੇ ਤਰ੍ਹਾਂ ਲਹਿਰਾ ਥਰਮਲ ਦੇ ਠੇਕਾ ਪ੍ਰਣਾਲੀ ਵਾਲੇ 1700 ਕਾਮਿਆਂ ਚੋਂ 200 ਦੀ ਕਟੌਤੀ ਕਰਨ ਲਈ ਆਖਿਆ ਗਿਆ ਹੈ।
              ਰੋਪੜ ਥਰਮਲ ਵਿਚ ਤਰਸ ਦੇ ਅਧਾਰ ’ਤੇ ਨੌਕਰੀ ਲੈਣ ਵਾਲੇ ਮੁਲਾਜ਼ਮਾਂ ਦੀ ਨਵੀਂ ਪੋਸਟਿੰਗ ਨਾ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹ ਫੈਸਲੇ ਦੋਵੇਂ ਥਰਮਲ ਦੀ ਜਨਰੇਸ਼ਨ ਖਰਚ ਘੱਟ ਕਰਨ ਦੇ ਮੱਦੇਨਜ਼ਰ ਲਏ ਗਏ ਹਨ।ਪੰਜਾਬੀ ਟ੍ਰਿਬਿਊਨ ਕੋਲ ਇਨ੍ਹਾਂ ਮੀਟਿੰਗਾਂ ਦੇ ਫੈਸਲੇ ਮੌਜੂਦ ਹਨ ਪ੍ਰੰਤੂ ਪਾਵਰਕੌਮ ਦੇ ਚੇਅਰਮੈਨ ਸ੍ਰੀ ਵੇਨੂੰ ਪ੍ਰਸ਼ਾਦ ਨੇ ਸਾਫ ਇਨਕਾਰ ਕਰ ਦਿੱਤਾ ਕਿ ਕੋਈ ਮੀਟਿੰਗ ਹੋਈ ਹੀ ਨਹੀਂ ਹੈ। ਸਰਕਾਰੀ ਸੂਤਰਾਂ ਆਖਦੇ ਹਨ ਕਿ ਵਾਧੂ ਅਸਾਮੀਆਂ ਨੂੰ ਖਤਮ ਕੀਤਾ ਜਾਵੇਗਾ ਜੋ ਖਾਲੀ ਪਈਆਂ ਹਨ। ਸੂਤਰ ਆਖਦੇ ਹਨ ਕਿ ਪ੍ਰਾਈਵੇਟ ਕੰਪਨੀਆਂ ਲਈ ਏਦਾਂ ਦੇ ਫੈਸਲੇ ਲੈ ਕੇ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ।


Wednesday, August 12, 2020

                                                           ਨਵੀਂ ਰਣਨੀਤੀ 
                                ਲਹਿਰਾ ਤੇ ਰੋਪੜ ਥਰਮਲ ਨੂੰ ਲੱਗੇਗਾ ਤਾਲਾ!
                                                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਨਵੀਂ ਆਰਥਿਕ ਰਣਨੀਤੀ ’ਚ ਪਬਲਿਕ ਸੈਕਟਰ ਦੇ ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ਬੰਦ ਕਰਨ ਦਾ ਏਜੰਡਾ ਹੈ ਜਿਨ੍ਹਾਂ ਦੀ ਜ਼ਮੀਨ ’ਤੇ ਨਵੇਂ ਸਨਅਤੀ ਪਾਰਕ ਬਣਾਏ ਜਾਣ ਦੀ ਵਿਉਂਤ ਹੈ। ‘ਮਾਹਿਰਾਂ ਦੇ ਗਰੁੱਪ’ ਵੱਲੋਂ 4 ਅਗਸਤ ਨੂੰ ਜੋ ਪਹਿਲੀ ਮੁਢਲੀ ਰਿਪੋਰਟ ਸੌਂਪੀ ਗਈ ਹੈ, ਉਸ ’ਚ ਸਿਫਾਰਸ਼ ਕੀਤੀ ਗਈ ਹੈ ਕਿ ਆਪਣੀ ਉਮਰ ਲੰਘਾ ਚੁੱਕੇ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਜੋ ਇਨ੍ਹਾਂ ਤੋਂ ਬਿਜਲੀ ਮਹਿੰਗੀ ਪੈ ਰਹੀ ਹੈ। ਪੰਜਾਬ ਸਰਕਾਰ ਤਰਫ਼ੋਂ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ’ਚ ‘ਮਾਹਿਰਾਂ ਦਾ ਗਰੁੱਪ’ ਗਠਿਤ ਕੀਤਾ ਗਿਆ ਸੀ ਤਾਂ ਜੋ ਕੋਵਿਡ ਮਗਰੋਂ ਪੰਜਾਬ ਨੂੰ ਲੀਹ ’ਤੇ ਲਿਆਉਣ ਲਈ ਦਰਮਿਆਨੀ ਤੇ ਲੰਮੇ ਸਮੇਂ ਦੀ ਆਰਥਿਕ ਰਣਨੀਤੀ ਬਣ ਸਕੇ। ‘ਮਾਹਿਰਾਂ ਦੇ ਗਰੁੱਪ’ ਵੱਲੋਂ ਪੰਜਾਬ ਦੀ ਮਾਲੀ ਸਥਿਤੀ, ਸਿਹਤ, ਸਨਅਤ,ਪਾਵਰ ਤੇ ਖੇਤੀ ਆਦਿ ਨੂੰ ਪੈਰਾਂ ਸਿਰ ਕਰਨ ਵਾਸਤੇ 74 ਪੇਜ਼ ਦੀ ਰਿਪੋਰਟ ਤਿਆਰ ਕੀਤੀ ਹੈ ਜਿਸ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਕੇਂਦਰੀ ਨੀਤੀਆਂ ’ਤੇ ਹੀ ਪਹਿਰਾ ਦਿੱਤਾ ਗਿਆ ਹੋਵੇ।‘ਮਾਹਿਰਾਂ ਦੇ ਗਰੁੱਪ’ ’ਚ ਵੱਡੀ ਗਿਣਤੀ ਆਰਥਿਕ ਮਾਹਿਰਾਂ, ਸਨਅਤਕਾਰਾਂ, ਨੌਕਰਸਾਹਾਂ ਆਦਿ ਦੀ ਹੈ ਜਦੋਂ ਕਿ ਆਮ ਲੋਕਾਂ ਤਰਫ਼ੋਂ ਕੋਈ ਨੁਮਾਇੰਦਾ ਸ਼ਾਮਿਲ ਨਹੀਂ ਹੈ। ਗਰੁੱਪ ਤਰਫ਼ੋਂ ਦੂਸਰੀ ਰਿਪੋਰਟ 31 ਦਸੰਬਰ ਤੱਕ ਦਿੱਤੀ ਜਾਣੀ ਹੈ। ਪਾਵਰ ਸੈਕਟਰ ਦੇ ਸੁਧਾਰਾਂ ਲਈ ਪਬਲਿਕ ਸੈਕਟਰ ਦੇ ਮਿਆਦ ਪੁਗਾ ਚੁੱਕੇ ਥਰਮਲ ਬੰਦ ਕਰਨ ਦੀ ਸਿਫਾਰਸ਼ ਹੈ। ਰੋਪੜ ਥਰਮਲ ਆਪਣੀ ਉਮਰ ਲੰਘਾ ਚੁੱਕਾ ਹੈ ਜਦੋਂ ਕਿ ਲਹਿਰਾ ਥਰਮਲ ਦੀ ਉਮਰ ਦੋ ਸਾਲ ਰਹਿ ਗਈ ਹੈ।
               ਬਠਿੰਡਾ ਸਮੇਤ ਤਿੰਨੋਂ ਥਰਮਲਾਂ ਦੀ ਜ਼ਮੀਨ ਸਨਅਤੀ ਪਾਰਕਾਂ ਦੀ ਵਰਤੋਂ ਲਈ ਸਿਫਾਰਸ਼ ਕੀਤੀ ਹੈ। ਪ੍ਰਾਈਵੇਟ ਥਰਮਲਾਂ ਵਾਰੇ ਰਿਪੋਰਟ ਚੁੱਪ ਹੈ। ਗਰੁੱਪ ਨੇ ਮੁਫ਼ਤ ਬਿਜਲੀ ਨੂੰ ਮੁਸੀਬਤ ਦੱਸਿਆ ਹੈ ਤੇ ਖੇਤੀ ਟਿਊਬਵੈਲਾਂ ਨੂੰ ਸੋਲਰ ਐਨਰਜੀ ਤੇ ਚਲਾਉਣ ਦੀ ਸਿਫਾਰਸ਼ ਕੀਤੀ ਹੈ। ਸੂਤਰ ਆਖਦੇ ਹਨ ਕਿ 14 ਲੱਖ ਟਿਊਬਵੈਲਾਂ ਨੂੰ ਸੋਲਰ ’ਤੇ ਕਰਨ ਲਈ ਇੱਕ ਲੱਖ ਕਰੋੜ ਦੀ ਲੋੜ ਹੈ ਅਤੇ 1.25 ਲੱਖ ਏਕੜ ਜ਼ਮੀਨ ਦੀ ਜਰੂਰਤ ਹੋਵੇਗੀ। ਵੱਡੇ ਸ਼ਹਿਰਾਂ ਵਿਚ ਬਿਜਲੀ ਵੰਡ ਦਾ ਕੰਮ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਵਕਾਲਤ ਕੀਤੀ ਹੈ। ਸਨਅਤਾਂ ਨੂੰ ਵਨ ਪਾਰਟ ਟੈਰਿਫ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਸਨਅਤਕਾਰਾਂ ਨੂੰ ਫਿਕਸਿਡ ਚਾਰਜਜ ਨਾ ਦੇਣੇ ਪੈਣ। ਪਤਾ ਲੱਗਾ ਹੈ ਕਿ ਫਿਕਸਿਤ ਚਾਰਜ ਦੀ ਸਲਾਨਾ ਰਾਸ਼ੀ ਕਰੀਬ 1500 ਕਰੋੜ ਰੁਪਏ ਬਣਦੀ ਹੈ ਜਿਸ ਦਾ ਭਾਰ ਦੂਸਰੇ ਖਪਤਕਾਰਾਂ ’ਤੇ ਪਾਏ ਜਾਣ ਦਾ ਇਸ਼ਾਰਾ ਹੈ। ਗਰੁੱਪ ਨੇ ਮੋਟੇ ਤੌਰ ’ਤੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਪੰਜਾਬ ਦੇ ਸਭ ਦੁੱਖਾਂ ਦੀ ਦਾਰੂ ਦੱਸਿਆ ਹੈ। ਮਾਹਿਰ ਗਰੁੱਪ ਨੇ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਤਰਜ਼ ’ਤੇ ਕਿਸਾਨਾਂ ਲਈ ‘ਖੁੱਲ੍ਹੀ ਮੰਡੀ’ ਦੀ ਵਕਾਲਤ ਕੀਤੀ ਹੈ। ਸਭ ਤੋੋਂ ਵੱਡੀ ਫਿਕਰਮੰਦੀ ਵਾਲੀ ਗੱਲ ਹੈ ਕਿ ਇਸ ਗਰੁੱਪ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਸਟੇਟ ਕਾਨੂੰਨਾਂ ਵਿਚ ਸੋਧ ਕਰਕੇ ਜ਼ਮੀਨਾਂ ਨੂੰ ਲੰਮੇ ਸਮੇਂ ਲਈ ਲੀਜ਼ ਤੇ ਦੇਣ ਦੀ ਪ੍ਰਕਿਰਿਆ ਸੁਖਾਲੀ ਕੀਤੀ ਜਾਵੇ।
       ਇਵੇਂ ਹੀ ਖੇਤੀ ਜ਼ਮੀਨ ਨੂੰ ਗੈਰ ਖੇਤੀ ਕੰਮਾਂ ਲਈ ਵਰਤੋਂ ਵਾਸਤੇ ਕਾਨੂੰਨਾਂ ਨੂੰ ਉਦਾਰਵਾਦੀ ਬਣਾਇਆ ਜਾਵੇ। ਵੱਡੀ ਬੀਜ ਕੰਪਨੀਆਂ ਲਈ ਵੀ ਰਾਹ ਖੋਲ੍ਹੇ ਜਾਣ ਦੀ ਗੱਲ ਆਖੀ ਹੈ ਤਾਂ ਜੋ ਕੰਨਟਰੈਕਟ ਫਾਰਮਿੰਗ ਤਹਿਤ ਕੰਪਨੀਆਂ ਬੀਜ ਦਾ ਕਾਰੋਬਾਰ ਕਰ ਸਕਣ। ਇਨ੍ਹਾਂ ਸਿਫਾਰਸ਼ਾਂ ਤੋਂ ਲੱਗਦਾ ਹੈ ਕਿ ਕਿਸਾਨਾਂ ਦੀ ਜ਼ਮੀਨ ’ਤੇ ਪ੍ਰਾਈਵੇਟ ਧਿਰਾਂ ਦੇ ਪੈਰ ਧਰਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਕਿਸਾਨ ਪੱਖੀ ਸਿਫਾਰਸ਼ਾਂ ਦੀ ਥਾਂ ਸਨਅਤਕਾਰਾਂ ਦਾ ਪੱਖ ਪੂਰਨ ਵਾਲੀ ਰਿਪੋਰਟ ਜਾਪਦੀ ਹੈ।ਮਾਹਿਰਾਂ ਦੇ ਗਰੁੱਪ’ ਦੀਆਂ ਇਹ ਸਿਫਾਰਸ਼ਾਂ ਹਨ ਜਿਨ੍ਹਾਂ ਨੂੰ ਭਾਵੇਂ ਸਰਕਾਰ ਮੰਨਣ ਲਈ ਪਾਬੰਦ ਨਹੀਂ ਹੈ ਪ੍ਰੰਤੂ ਇਸ ਤੋਂ ਸਰਕਾਰੀ ਦੀ ਮਨਸ਼ਾ ਸਾਫ ਹੋ ਗਈ ਹੈ। ਪੰਜਾਬ ਵਿਚ ਝੋਨੇ ਹੇਠੋਂ ਰਕਬਾ ਘਟਾਉਣ ਲਈ ਹਰਿਆਣਾ ਪੈਟਰਨ ਅਪਣਾਉਣ ਦੀ ਗੱਲ ਆਖੀ ਹੈ। ਜਿਵੇਂ  ਹਰਿਆਣਾ ਵਿਚ ਕਿਸਾਨਾਂ ਨੂੰ ਪ੍ਰਤੀ ਏਕੜ ਸੱਤ ਹਜ਼ਾਰ ਦਿੱਤੇ ਜਾਂਦੇ ਹਨ, ਉਸ ਨੂੰ ਲਾਗੂ ਕਰਨ ਲਈ ਆਖਿਆ ਹੈ। ‘ਪਾਣੀ ਬਚਾਓ, ਪੈਸਾ ਕਮਾਓ’ ਸਕੀਮ ਨੂੰ ਲਾਹੇਵੰਦਾ ਦੱਸਿਆ ਹੈ। ਪੰਜਾਬ ਸਰਕਾਰ ਅਤੇ ਨਗਰ ਕੌਂਸਲਾਂ ਦੀ ਸੰਗਤੀਆਂ ਜੋ ਲੀਜ਼ ’ਤੇ ਲੋਕਾਂ ਕੋਲ ਹਨ, ਉਨ੍ਹਾਂ ਨੂੰ ਮਾਰਕੀਟ ਰੇਟ ’ਤੇ ਵੇਚਣ ਦੀ ਸਿਫਾਰਸ਼ ਕੀਤੀ ਹੈ। ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਨੂੰ ਮਰਜ਼ ਕਰਨ ਦੀ ਵੀ ਵਕਾਲਤ ਕੀਤੀ ਗਈ ਹੈ।
       ਰਿਪੋਰਟ ’ਚ ਕਿਹਾ ਗਿਆ ਕਿ ਪੰਜਾਬ ’ਚ ਪੁਲੀਸ ਆਬਾਦੀ ਦੇ ਅਨੁਪਾਤ ਦੇ ਲਿਹਾਜ਼ ਨਾਲ ਜਿਆਦਾ ਹੈ ਜਿਸ ਕਰਕੇ ਕੁਝ ਸਾਲਾਂ ਲਈ ਪੁਲੀਸ ਦੀ ਭਰਤੀ ਨਾ ਕੀਤੀ ਜਾਵੇ। ਸਕੂਲੀ ਬੱਚਿਆਂ ਨੂੰ ਪੌਸ਼ਟਿਕ ਭੋਜਨ ਲਈ ਮਿਡ ਡੇ ਮੀਲ ਵਿਚ ਦੁੱਧ ਅਤੇ ਅੰਡੇ ਦੇਣ ਦੀ ਸਿਫਾਰਸ਼ ਕੀਤੀ ਹੈ। ਤਕਨੀਕੀ ਸਿੱਖਿਆ ਦੇ ਪਸਾਰ ਲਈ ਸਕਿੱਲ ਯੂਨੀਵਰਸਿਟੀ ਬਣਾਏ ਜਾਣ ਦੀ ਗੱਲ ਆਖੀ ਗਈ ਹੈ। ਕਾਫ਼ੀ ਸੁਝਾਅ ਸਨਅਤਾਂ ਨੂੰ ਮੁੜ ਖੜ੍ਹਾ ਕਰਨ ਵਾਸਤੇ ਹੀ ਹਨ। ਸਰਕਾਰੀ ਮੁਲਾਜ਼ਮਾਂ ਦੇ ਇਹ ਰਿਪੋਰਟ ਖ਼ਿਲਾਫ਼ ਭੁਗਤਦੀ ਹੈ। ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਤਹਿਤ ਤਨਖਾਹ ਦੇਣ ਲਈ ਆਖਿਆ ਗਿਆ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਹੀ ਲਾਗੂ ਕਰ ਦਿੱਤਾ ਹੈ। ਦੂਸਰੇ ਸੂਬਿਆਂ ਦੀ ਤਰ੍ਹਾਂ ਤਨਖ਼ਾਹਾਂ ਆਦਿ ਡੈਫਰ ਕਰਨ ਵਾਸਤੇ ਆਖਿਆ ਗਿਆ ਹੈ। ਪੰਜਾਬ ਵਿਚ ਸ਼ਰਾਬ ਦੇ ਅਗਲੇ ਦੋ ਸਾਲਾਂ ਵਿਚ ਰੇਟ ਵਧਾਉਣ ਅਤੇ ਟੈਕਸ ਵਧਾਉਣ ਦੀ ਗੱਲ ਆਖੀ ਹੈ। ਪੰਜਾਬ ਸਰਕਾਰ ਦੀਆਂ ਸ਼ਹਿਰਾਂ ਜ਼ਮੀਨਾਂ ਜਿਨ੍ਹਾਂ ’ਤੇ ਨਾਜਾਇਜ਼ ਕਬਜ਼ੇ ਹਨ, ਉਨ੍ਹਾਂ ਨੂੰ ਕਰਨਾਟਕਾ ਦੀ ਤਰਜ਼ ’ਤੇ ਰੈਗੂਲਰ ਕਰਨ ਦੀ ਸਿਫਾਰਸ਼ ਕੀਤੀ ਹੈ।


Tuesday, August 11, 2020

                                                ਗੁੰਡਾ ਟੈਕਸ
             ਭੇਡਾਂ-ਬੱਕਰੀਆਂ ਦੀ ਖੱਲ ਲਾਹੁਣ ਲੱਗਿਆ ਬ੍ਰਿਗੇਡ
                        ਚਰਨਜੀਤ ਭੁੱਲਰ

ਚੰਡੀਗੜ੍ਹ : ‘ਗੁੰਡਾ ਟੈਕਸਤੋਂ ਪੰਜਾਬਚ ਭੇਡਾਂ ਤੇ ਬੱਕਰੇ ਵੀ ਨਹੀਂ ਬਚੇ ਹਨ ਉਂਜ ਕੋਵਿਡ ਦੀ ਆੜਚ ਸਮੁੱਚੇ ਪੰਜਾਬਚ ਪਸ਼ੂ ਪਾਲਕ ਤੇ ਵਪਾਰੀਗੁੰਡਾ ਪਰਚੀਝੱਲਣ ਲਈ ਮਜਬੂਰ ਹਨ ਪਸ਼ੂ ਮੇਲਾ ਠੇਕੇਦਾਰਾਂ ਨੇ ਅੰਤਰਰਾਜੀ ਸਰਹੱਦਾਂਤੇ ਨਾਕੇ ਲਾਏ ਹਨ ਦੂਸਰੇ ਸੂਬਿਆਂਚ ਦੁਧਾਰੂ ਪਸ਼ੂ ਲਿਜਾਣ ਵਾਲੇ ਪਸ਼ੂ ਪਾਲਕਾਂ ਤੋਂ ਪੰਜ ਹਜ਼ਾਰ ਤੋਂ ਦਸ ਹਜ਼ਾਰ ਰੁਪਏ ਪ੍ਰਤੀ ਗੱਡੀ ਵਸੂਲੇ ਜਾ ਰਹੇ ਹਨ ਪੰਜਾਬਚ ਪਸ਼ੂ ਮੇਲੇ ਬੰਦ ਹਨ ਜਦੋਂ ਕਿ ਠੇਕੇਦਾਰਾਂ ਦੇ ਬ੍ਰਿਗੇਡ ਰਾਤ ਨੂੰ ਸੜਕਾਂਤੇ ਘੁੰਮਦੇ ਹਨ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਪਸ਼ੂ ਮੇਲਿਆਂ ਦਾ ਠੇਕਾ 1 ਅਗਸਤ 2019 ਤੋਂ 31 ਜੁਲਾਈ 2020 ਤੱਕ ਦਾ ਮੈਸਰਜ ਸ਼ਦਬ ਰਵਿੰਦਰ ਐਂਡ ਕੰਪਨੀ ਰਾਜਪੁਰਾ ਨੂੰ 72.43 ਕਰੋੜ ਰੁਪਏ ਦਿੱਤਾ ਸੀ ਕੋਵਿਡ ਕਰਕੇ 19 ਮਾਰਚ ਨੂੰ ਪਸ਼ੂ ਮੇਲੇ ਬੰਦ ਹੋ ਗਏ ਪਸ਼ੂ ਮੇਲੇ ਖੋਲ੍ਹਣ ਲਈ ਮਹਿਕਮੇ ਨੇ 20 ਮਈ ਨੂੰ ਕਮੇਟੀ ਦਾ ਗਠਨ ਕੀਤਾ ਜਿਸ ਦੀ ਸਿਫਾਰਸ਼ਤੇ ਮਹਿਕਮੇ ਨੇ ਪੰਜਾਬ ਵਿਚ ਮੀਟ ਫੈਕਟਰੀਆਂ ਨੂੰ ਸਪਲਾਈ ਹੁੰਦੇ ਅਤੇ ਦੂਸਰੇ ਸੂਬਿਆਂ ਨੂੰ ਜਾਣ ਵਾਲੇ ਪਸ਼ੂਆਂ ਤੋਂ ਫੀਸ ਵਸੂਲੀ ਦਾ ਅਧਿਕਾਰ ਠੇਕੇਦਾਰਾਂ ਨੂੰ ਦੇ ਦਿੱਤਾ

        ਪੰਚਾਇਤ ਮਹਿਕਮੇ ਨੇ 22 ਮਈ ਨੂੰ ਪੱਤਰ ਜਾਰੀ ਕਰਕੇ ਠੇਕੇਦਾਰਾਂ ਨੂੰ ਵੱਡਾ ਗੱਫਾ ਦਿੱਤਾ ਜਿਸ ਤਹਿਤ ਪਸ਼ੂ ਠੇਕੇਦਾਰਾਂ ਨੇ ਪ੍ਰਤੀ ਮਹੀਨਾ ਸਿਰਫ਼ 22 ਫੀਸਦੀ ਰਾਸ਼ੀ ਭਰਨੀ ਸੀ ਠੇਕੇਦਾਰਾਂ ਨੂੰ ਪ੍ਰਤੀ ਮਹੀਨਾ 4.50 ਕਰੋੜ ਦਾ ਲਾਹਾ ਮਿਲ ਗਿਆ ਪਹਿਲਾਂ ਪਸ਼ੂ ਮੇਲਿਆਂਚ ਫੀਸ ਵਸੂਲੀ ਹੁੰਦੀ ਸੀ ਜਦੋਂ ਕਿ ਹੁਣ ਠੇਕੇਦਾਰਾਂ ਦੀ ਬ੍ਰਿਗੇਡ ਨੇ ਸਮੁੱਚੇ ਪੰਜਾਬ ਦੀਆਂ ਅੰਤਰਰਾਜੀ ਸੜਕਾਂਤੇ ਨਾਕੇ ਲਾਏ ਹਨ। ਵਿਭਾਗੀ ਐਗਰਮੈਂਟਚ ਅਨੁਸਾਰ ਦੂਸਰੇ ਰਾਜਾਂ ਤੋਂ ਕਿਸੇ ਹੋਰ ਦੂਸਰੇ ਰਾਜ ਵਿਚ ਜਾਣ ਲਈ ਪੰਜਾਬ ਵਿਚੋਂ ਦੀ ਲੰਘਣ ਵਾਲੇ ਪਸ਼ੂਆਂਤੇ  ਕੋਈ ਫੀਸ ਨਹੀਂ ਲੱਗੇਗੀ ਆਲ ਕਸ਼ਮੀਰ ਹੋਲਸੇਲ ਮਟਨ ਡੀਲਰਜ਼ ਯੂਨੀਅਨ ਸ੍ਰੀਨਗਰ ਨੇ ਡੀਸੀ ਪਠਾਨਕੋਟ ਨੂੰ 17 ਜੁਲਾਈ ਨੂੰ ਪੱਤਰ ਦੇ ਕੇ ਠੇਕੇਦਾਰਾਂ ਵੱਲੋਂ ਗੁੰਡਾਗਰਦੀ ਬਾਰੇ ਦੱਸਿਆ ਉਹ ਜੋ ਭੇਡਾਂ ਬੱਕਰੀਆਂ ਰਾਜਸਥਾਨ, ਦਿੱਲੀ ਅਤੇ ਹਰਿਆਣਾ ਚੋਂ ਕਸ਼ਮੀਰ ਲਿਜਾ ਰਹੇ ਹਨ, ਉਨ੍ਹਾਂਤੇ ਠੇਕੇਦਾਰ ਪੈਸਾ ਵਸੂਲ ਰਹੇ ਹਨ

             ਪੱਤਰ ਅਨੁਸਾਰ ਪਠਾਨਕੋਟ ਦੇ ਮਾਧੋਪੁਰ ਚੈੱਕ ਪੋਸਟਤੇ ਠੇੇਕੇਦਾਰਾਂ ਦੀ ਬ੍ਰਿਗੇਡ ਬੈਠੀ ਹੈ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ 9 ਸਤੰਬਰ 2019 ਨੂੰ ਵੀ ਠੇਕੇਦਾਰਾਂ ਨੂੰ ਪੱਤਰ ਲਿਖ ਕੇ ਮਾਧੋਪੁਰ ਪੋਸਟਤੇ ਜਬਰੀ ਵਸੂਲੀ ਦਾ ਜ਼ਿਕਰ ਕੀਤਾ ਸੀ ਅੱਕੇ ਹੋਏ ਮਟਨ ਡੀਲਰਜ਼ ਯੂਨੀਅਨ ਨੇ ਹਾਈਕੋਰਟ ਵਿਚ ਕੇਸ ਪਾਇਆ ਹੈ ਜਿਸ ਦੀ ਨਵਬੰਰਚ ਸੁਣਵਾਈ ਹੈ ਡੀ.ਡੀ.ਪੀ.ਓ ਪਠਾਨਕੋਟ ਪਰਮਪਾਲ ਸਿੰਘ ਆਖਦੇ ਹਨ ਕਿ ਹਾਈਕੋਰਟ ਦੇ ਨੋਟਿਸ ਤੋਂ ਸਭ ਨੂੰ ਜਾਣੂ ਕਰਾਇਆ ਹੈ ਅਤੇ ਪਸ਼ੂ ਮੇਲਾ ਠੇਕੇਦਾਰ ਹਾਲੇ ਵੀ ਵਸੂਲੀ ਕਰ ਰਹੇ ਹਨ ਸੂਤਰਾਂ ਅਨੁਸਾਰ ਹਰ ਵਰੇ੍ਹ ਕਰੋੜਾਂ ਰੁਪਏ ਦੀਆਂ ਭੇਡਾਂ ਅਤੇ ਬੱਕਰੇ ਕਸ਼ਮੀਰ ਜਾਂਦੇ ਹਨ ਅਤੇ ਰੋਜ਼ਾਨਾ ਦਾ ਲੱਖਾਂ ਰੁਪਏ ਦਾ ਗ਼ੈਰਕਨੂੰਨੀਗੁੰਡਾ ਪਰਚੀਕਸ਼ਮੀਰ ਦੇ ਵਪਾਰੀ ਝੱਲਦੇ ਹਨ ਸੂਤਰਾਂ ਅਨੁਸਾਰ ਪੰਜਾਬ ਵਿਚ ਮੀਟ ਸਨਅਤਾਂ ਆਪਣੀ ਸਮਰੱਥਾ ਤੋਂ ਪੰਜਾਹ ਫੀਸਦੀ ਸਮਰੱਥਾਤੇ ਵੀ ਚੱਲਣ ਤਾਂ ਵੀ ਇਨ੍ਹਾਂ ਸਨਅਤਾਂ ਤੋਂ ਮਹੀਨੇ ਦੀ ਵਸੂਲੀ ਕਰੀਬ 10 ਕਰੋੜ ਬਣਦੀ ਹੈ ਪ੍ਰੰਤੂ ਸਰਕਾਰ ਪ੍ਰਤੀ ਮਹੀਨਾ ਡੇਢ ਕਰੋੜ ਹੀ ਠੇਕੇਦਾਰਾਂ ਤੋਂ ਵਸੂਲਦੀ ਹੈ

            ਪੰਜਾਬ ਵਿਚ ਫੀਸ ਪਰਚੀ ਵਾਲੀ ਬ੍ਰੀਗੇਡ ਨੇ ਕਿੱਲਿਆਂ ਵਾਲੀ, ਸਰਦੂਲਗੜ੍ਹ, ਖਨੌਰੀ, ਸੰਭੂ ਬਾਰਡਰ, ਜੀਦਾ ਅਤੇ ਮਾਧੋਪੁਰ ਆਦਿਤੇ ਨਾਕੇ ਲਾਏ ਹੋਏ ਹਨ ਮੋਬਾਇਲ ਟੀਮਾਂ ਵੀ ਹਨ ਅੱਜ ਹੀ ਸ਼ਾਮ ਵਕਤ ਮਾਨਸਾ ਤੋਂ ਜਸਵਿੰਦਰ ਸਿੰਘ ਆਪਣੇ ਦੁਧਾਰੂ ਪਸ਼ੂ ਲਿਜਾ ਰਿਹਾ ਸੀ ਇਸ ਪਸ਼ੂ ਪਾਲਕ ਨੇ ਦੱਸਿਆ ਕਿ ਬ੍ਰਿਗੇਡ ਨੇ ਕੈਂਟਰ ਰੋਕ ਲਿਆ ਅਤੇ ਪੈਸੇ ਦੀ ਮੰਗ ਕੀਤੀ ਜਦੋਂ ਉਨ੍ਹਾਂ ਨੇ ਬ੍ਰਿਗੇਡ ਦੀ ਬਲੈਰੋ ਗੱਡੀ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਹ ਸਭ ਫਰਾਰ ਹੋ ਗਏ ਤਪਾ ਮੰਡੀ ਦੇ ਰੇਸ਼ਮ ਨੇ ਦੱਸਿਆ ਕਿ 23 ਜੁਲਾਈ ਦੀ ਰਾਤ ਨੂੰ ਖਨੌਰੀ ਬਾਰਡਰਤੇ ਜਦੋਂ ਬ੍ਰਿਗੇਡ ਵਾਲਿਆਂ ਨੇ ਗੱਡੀ ਘੇਰ ਲਈ ਤਾਂ ਉਸ ਨੇ ਪਟਿਆਲਾ ਪੁਲੀਸ ਨੂੰ ਫੋਨ ਕਰ ਦਿੱਤਾ ਡਰਾਈਵਰ ਅਮਰਜੀਤ ਨੇ ਦੱਸਿਆ ਕਿ ਗੁੰਡਾ ਟੈਕਸ ਵਜੋਂ ਪਹਿਲਾਂ 20 ਹਜ਼ਾਰ ਮੰਗੇ ਜਦੋਂ ਪੁਲੀਸ ਦਾ ਡਰ ਦਿੱਖਿਆ ਤਾਂ 3500 ਰੁਪਏ ਵਿਚ ਮੰਨ ਗਏ ਜ਼ਿਲ੍ਹਾ ਬਰਨਾਲਾ ਦੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਦੁਧਾਰੂ ਪਸ਼ੂ ਲਿਆ ਜਾ ਰਿਹਾ ਸੀ ਤਾਂ ਬ੍ਰਿਗੇਡ ਨੇ ਧੱਕੇਸ਼ਾਹੀ ਦਿਖਾਈ ਅਤੇ ਪਰਚੀ ਫੀਸ ਮੰਗੀ

         ਇਵੇਂ ਰਾਮਪੁਰਾ ਦੇ ਪੰਮੀ ਨੇ ਦੱਸਿਆ ਕਿ ਹਫਤਾ ਪਹਿਲਾਂ ਰਾਤ ਨੂੰ ਸਰਦੂਲਗੜ ਨਾਕੇਤੇ ਇਸ ਬ੍ਰਿਗੇਡ ਨੇ ਰੋਕ ਲਿਆ ਤੇ ਪੰਜ ਹਜ਼ਾਰ ਮੰਗੇ ਜਦੋਂ ਉਹ ਅੜ੍ਹ ਗਏ ਤਾਂ ਬਲੈਰੋ ਵਾਲੇ ਭੱਜ ਗਏ। ਕੈਟਲ ਫੇਅਰ ਐਕਟ 1967 ਅਤੇ ਹਾਈਕੋਰਟ ਦੇ ਪਹਿਲਾਂ ਆਏ ਫੈਸਲਿਆਂ ਅਨੁਸਾਰ ਸਰਕਾਰੀ ਫੀਸ ਸਿਰਫ਼ ਪਸ਼ੂ ਮੇਲਿਆਂ ਦੀ ਹਦੂਦ ਅੰਦਰ ਲਈ ਜਾ ਸਕਦੀ ਹੈ ਮਹਿਕਮੇ ਨੇ ਕਿਸ ਐਕਟ ਤਹਿਤ ਪੂਰੇ ਪੰਜਾਬ ਚੋਂ ਵਸੂਲੀ ਦੇ ਹੁਕਮ ਕੀਤੇ ਹਨ, ਦੇਖਣ ਵਾਲੀ ਗੱਲ ਹੈ ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਅਫਸਰਾਂ ਦੀ ਮਿਲੀਭੁਗਤ ਨਾਲ ਰਾਤ ਨੂੰ ਗੁੰਡਾ ਪਰਚੀ ਵਸੂਲੀ ਜਾ ਰਹੀ ਹੈ ਅਤੇ ਤੰਗ ਪ੍ਰੇਸ਼ਾਨ ਲੋਕਾਂ ਦੇ ਰੋਜ਼ਾਨਾ ਉਨ੍ਹਾਂ ਨੂੰ ਪੰਜ ਛੇ ਫੋਨ ਆਉਂਦੇ ਹਨ ਉਨ੍ਹਾਂ ਕਿਹਾ ਕਿ ਕੋਵਿਡ ਦੀ ਆੜ ਵਿਚ ਠੇਕੇਦਾਰ ਕਰੋੜਾਂ ਦਾ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ

                         ਨਿਯਮਾਂ ਅਨੁਸਾਰ ਫੀਸ ਦੀ ਵਸੂਲੀ : ਠੇਕੇਦਾਰ

ਪਸ਼ੂ ਮੇਲਾ ਠੇਕੇਦਾਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੋਵਿਡਚ ਪਸ਼ੂ ਮੇਲੇ ਬੰਦ ਹੋਣ ਕਰਕੇ ਉਨ੍ਹਾਂ ਨੂੰ ਵੱਡਾ ਘਾਟਾ ਪਿਆ ਹੈ ਅਤੇ ਸਰਕਾਰ ਨੇ 22 ਫੀਸਦੀ ਦਰ ਨਾਲ ਹੁਣ ਫੀਸ ਵਸੂਲੀ ਦੇ ਅਧਿਕਾਰ ਦਿੱਤੇ ਹਨ ਉਹ ਨਿਯਮਾਂ ਅਨੁਸਾਰ ਫੀਸ ਵਸੂਲ ਰਹੇ ਹਨ ਅਤੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਨਹੀਂ ਕਰ ਰਹੇ ਹਨ ਕੁਝ ਲੋਕ ਝੂਠੀਆਂ ਗੱਲਾਂ ਫੈਲਾ ਰਹੇ ਹਨ ਉਨ੍ਹਾਂ ਕਿਹਾ ਕਿ ਫੀਸ ਦੀ ਬਕਾਇਦਾ ਪਰਚੀ ਦਿੰਦੇ ਹਨ ਅਤੇ ਗੁੰਡਾ ਪਰਚੀ ਵਾਲੀ ਕੋਈ ਗੱਲ ਨਹੀਂ ਹੈ

                          ਮਾਮਲੇ ਦੀ ਪੜਤਾਲ ਕਰਾਂਗੇ : ਬਾਜਵਾ

ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਕੋਵਿਡ ਦੌਰਾਨ ਸਰਕਾਰੀ ਆਮਦਨ ਬੰਦ ਹੋਣ ਕਰਕੇ ਪਸ਼ੂ ਠੇਕੇਦਾਰਾਂ ਨੂੰ ਦੋ ਮਹੀਨੇ ਲਈ ਫੀਸ ਵਸੂਲੀ ਦੇ ਅਧਿਕਾਰ ਦਿੱਤੇ ਸਨ ਅਤੇ ਇਸੇ ਮਹੀਨੇ ਨਵੇਂ ਸਿਰਿਓਂ ਪਸ਼ੂ ਮੇਲਿਆਂ ਦੀ ਨਿਲਾਮੀ ਹੋ ਜਾਣੀ ਹੈ ਉਨ੍ਹਾਂ ਕਿਹਾ ਕਿ ਕਸ਼ਮੀਰ ਵਾਲੇ ਅਗਰ ਦੂਸਰੇ ਸੂਬਿਆਂ ਚੋਂ ਪਸ਼ੂ ਦੀ ਖਰੀਦ ਦਾ ਸਬੂਤ ਦਿਖਾਉਣਗੇ ਤਾਂ ਪਰਚੀ ਫੀਸ ਨਹੀਂ ਲੱਗੇਗੀ ਉਨ੍ਹਾਂ ਕਿਹਾ ਕਿ ਕਿਤੇ ਕੋਈ ਏਦਾ ਹੋ ਰਿਹਾ ਹੈ ਤਾਂ ਉਹ ਪਤਾ ਕਰਨਗੇ ਤੇ ਭਲਕ ਹੀ ਪੜਤਾਲ ਕਰਨਗੇ

                                          

 

 


Sunday, August 9, 2020

Add caption

                     

                            ਵਿਚਲੀ ਗੱਲ

       ਮੇਰੇ ਰਾਮ ਜੀਓ...!

                          ਚਰਨਜੀਤ ਭੁੱਲਰ

ਚੰਡੀਗੜ੍ਹ : ‘ਰਾਜਾ ਮਰ ਗਿਆ ਹੈ ਪਰ ਰਾਜਾ ਅਮਰ ਰਹੇ।’ ਪੁਰਾਣੀ ਪ੍ਰਚਲਿਤ ਅਖਾਣ ਹੈ। ਜਿਥੇ ਕਿਤੇ ਰਾਜ਼ਾਸਾਹੀ ਹੈ, ਉਥੇ ਇਹੋ ਜਾਪ ਹੁੰਦਾ ਹੈ ਕਿ ਗੱਦੀ ਖਾਲੀ ਨਾ ਰਹੇ। ਲੋਕ ਰਾਜ ਦਾ ਵੀ ਇਹੋ ਦਸਤੂਰ ਬਣਿਐ। ਤਖ਼ਤ ਵੀ ਉਹੀ, ਸਾਜ਼ ਵੀ ਹੋਈ, ਰਾਗ ਵੀ ਉਹੀ। ਚਿਹਰੇ ਬਦਲਦੇ ਨੇ, ਖਾਸਾ ਤੇ ਰੂਹਾਂ ਨਹੀਂ। ਓਹੀ ਬਾਹਾਂ ਤੇ ਕੁਹਾੜੀ ਵੀ ਓਹੀ। ਵੇਖੋ ਤਮਾਸ਼ਾ-ਏ-ਜ਼ਿੰਦਗੀ। ਸਿਆਸੀ ਡੌਰੂ ਕਿਵੇਂ ਖੜਕ ਰਿਹੈ। ਹਾਲੇ ਤੁਸੀਂ ਪੁੱਛਦੇ ਹੋ, ਕਦੋਂ ਆਏਗਾ ਰਾਮ ਰਾਜ। ਪੁੱਛਣਾ ਤਾਂ ਇਹ ਬਣਦੈ, ਕਿ ਕਦੋਂ ਆਇਆ ਰਾਮ ਰਾਜ। ਜੋ ਲਾਹੌਰ ਬੱਧੂ, ਉਹੋ ਪਿਸ਼ੌਰ ਬੱਧੂ। ਲਗਨ ਠੰਢਾ ਹੋ ਜਾਏ, ਅੱਗਿਓਂ ਨੰਬਰਦਾਰ ਮੱਥੇ ਲੱਗੇ, ਫਿਰ ਕਿੱਥੋਂ ਪਤਾ ਲੱਗਦੈ। ਕੌਣ ਆਇਆ, ਕੌਣ ਗਿਆ। ਆਸਾਂ ਦੇ ਪੁਲ ਬਣਾਉਂਦੇ ਨੇ। ਜਿੰਨੇ ਦਲ, ਉਨੇ ਸਾਜ਼ ਵਜਾਉਂਦੇ ਨੇ। ਹੋਕੇ ਲਾਉਂਦੇ ਨੇ, ਤੁਸੀਂ ਸਾਨੂੰ ਮੁੜ ਲਿਆਓ। ਅਸੀਂ ਕੱਟਾਂਗੇ ਦੁੱਖਾਂ ਦਾ ਬਣਵਾਸ। ਗੱਜ ਵੱਜ ਸਹੁੰ ਚੁੱਕਦੇ ਨੇ। ਗੱਦੀ ਖਾਲੀ ਜੋ ਨਹੀਂਓ ਰੱਖਣੀ। ਸੱਤਾ ਦੇ ਸੇਲਜ਼ਮੈਨ, ਮੁੜ ਲੱਭਿਆ ਨਹੀਂ ਲੱਭਦੇ। ਹੁਕਮ ਤਾਂ ਛੱਡੋ। ਸੋਨੇ ਦੀ ਲੰਕਾ ਬਣਾ ਦਿਆਂਗੇ। ਨੰਗਿਆਂ ਦੀ ਬਸਤੀ ’ਚ ਧੋਬੀ ਦਾ ਘਰ ਪਾ ਦਿਆਂਗੇ। ਤੁਰਕੀ ਵਾਲੇ ਲੱਖ ਪਏ ਆਖਣ, ‘ਸੂਈ ਨਾਲ ਖੂਹ ਨਹੀਂ ਪੁੱਟੇ ਜਾਂਦੇ’। ਰੇਡੀਓ ਆਨ ਕਰੋ, ਮਨ ਦੀ ਸੁਣੋ, ਅਸੀਂ ਚੰਦਰਮਾ ’ਤੇ ਮੈਟਰੋ ਚਲਾ ਦਿਆਂਗੇ। ਕਿਤੇ ਨਖ਼ਲਿਸਤਾਨ, ਕਿਤੇ ਜੰਗਲ ’ਚ ਮੰਗਲ ਲਾ ਦਿਆਂਗੇ। ਧਨੀ ਰਾਮ ਚਾਤ੍ਰਿਕ ਪਤਾ ਨਹੀਂ ਕੀ ਚਾਹੁੰਦੈ। ਉਸੇ ਤੋਂ ਹੀ ਸੁਣ ਲਓ, ‘ਵੱਡਿਆਂ ਦਾ ਦਿਲ ਹੋ ਜਾਏ ਵੱਡਾ, ਢਾਹ ਸੁੱਟਣ ਨਫ਼ਰਤ ਦਾ ਅੱਡਾ/ਇੱਕ ਦੂਜੇ ਤੋਂ ਸਦਕੇ ਜਾਣ, ਸੱਚਮੁੱਚ ਦਾ ਇਨਸਾਨਸਤਾਨ।’ ਸੱਜਣ ਜੀ ਫਿਕਰ ਛੱਡੋ, ਫਾਕੇ ਵੱਢੋ। ਧਨੀ ਰਾਮ ਜੀ, ਤੁਸੀਂ ਬੋਲੋ, ਕੇਹਾ ਰਾਜ ਚਾਹੀਏ। ਹਰ ਵੰਨਗੀ ਦਾ ਮਿਲੇਗਾ। 

                 ਕੇਰਾਂ ਨਜ਼ਰ ਤਾਂ ਘੁਮਾਓ। ਆਹ ਗੁਰੂ ਗੋਬਿੰਦ ਸਿੰਘ ਵਾਲਾ ਰਾਜ ਐ। ਜਾਤ ਪਾਤ ਤੋਂ ਮੁਕਤ। ਬਾਬੇ ਨਾਨਕ ਵਾਲਾ, ਕਿਰਤ ਦਾ ਰਾਹ ਦਿਖਾਉਂਦੈ। ਪਲੈਟੋ ਦਾ ‘ਆਦਰਸ਼ ਰਾਜ’ ਵੀ ਹੈ। ਨਾਲੇ ਕਾਰਲ ਮਾਰਕਸ ਦਾ ‘ਦਾਸ ਕੈਪੀਟਲ’ ਵਾਲਾ ਰਾਜ ਵੀ। ਟਿਕਾਊ ਤੇ ਹੰਢਾਊ ਹੈ, ਵਿਕਦੈ ਥੋੜ੍ਹਾ ਘੱਟ ਐ। ‘ਨਾ ਰਾਜਾ ਝੂਠ ਬੋਲੇ, ਨਾ ਪਰਜਾ ਝੂਠ ਸਹੇ’, ਏਹ ਤਾਂ ਮਹਾਤਮਾ ਗਾਂਧੀ ਵਾਲਾ ਹੈ। ਸੱਚ ਦੀ ਪਾਣ ਵੀ ਚੜ੍ਹੀ ਐ। ਜੈਸਾ ਰਾਜ ਤੈਸੀ ਪਰਜਾ। ਧਨੀ ਰਾਮ ਜੀ ਧੀਰਜ ਰੱਖੋ। ਖੁੱਲ੍ਹੇ ਪਣੇ ਵਾਲਾ ਵੀ ਮਿਲੂ। ਸ਼ਹੀਦ-ਏ-ਆਜ਼ਮ ਭਗਤ ਸਿਓਂ ਵਾਲਾ ਰਾਜ ਵੀ ਹੈ। ਨਿਆਂ ਪਸੰਦ ਹੋ ਤਾਂ ਚੇਤਿਆਂ ’ਚ ਲਿਆਓ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ। ‘ਢਿੱਡੋਂ ਭੁੱਖੀ, ਭੰਗੜੇ ਦਾ ਚਾਅ’। ਧਨੀ ਰਾਮ ਜੀ, ਵਿਦਾ ਹੋਵੇ, ਨਖ਼ਰੇ ਨਹੀਓਂ ਝੱਲਦੇ ਪੰਜਾਬੀ। ਐਡਲਸ ਹਕਸਲੇ ਤਾਂ ਸਭ ਦਾ ਗੁਰੂ ਨਿਕਲਿਐ। ਜਿਹਦਾ ਨਾਵਲ ‘ਬਰੇਵ ਨਿਊ ਵਰਲਡ’। ਨਵੇਂ ਨਰੋਏ ਸਮਾਜ ਦੀ ਕਲਪਨਾ ਦਾ ਸਿਖ਼ਰ ਐ। ਬਾਬੂ ਹਕਸਲੇ ਉਂਗਲੀ ਫੜ ਤੋਰਦੇ ਨੇ। ਇੰਝ ਛਾਏਗੀ ਭਵਿੱਖ ’ਚ ਸਾਇੰਸ/ਤਕਨੀਕ। ਮਾਂ ਦੀ ਕੁੱਖ ਨਹੀਂ, ਟੈਸਟ ਟਿਊਬ, ਬੇਬੀ ਜਮਾਏਗੀ। ਹਰ ਤਰ੍ਹਾਂ ਦੇ ਤੜਕੇ ਵਾਲਾ ਬੱਚਾ। ਕੋਈ ਲੇਬਰ ਸਟੱਫ ਹੋਵੇਗਾ। ਮਿੱਟੀ ਨਾਲ ਮਿੱਟੀ ਹੋਏਗਾ, ਨਾ ਬੋਲੇਗਾ, ਨਾ ਚੂੰ ਕਰੇਗਾ। ਲੜਾਕੇ ਵੀ ਹੋਣਗੇ, ਕੇਵਲ ਲੜਨਗੇ। ਗਿਆਨੀ ਵੀ, ਧਿਆਨੀ ਵੀ ਹੋਣਗੇ। ਖ਼ਾਲਸ ਜਜ਼ਬਾਤ ਰਹਿਤ ਰਾਜ। ਨਾ ਕੋਈ ਖੁਸ਼ੀ, ਨਾ ਕੋਈ ਗ਼ਮ। ਕੈਪਸੂਲ ਮਿਲੇਗਾ, ਖਾਓ ਤੇ ਹੱਸੋ। ਦੋ ਬੂੰਦਾਂ ਲਓ, ਖੁੱਲ੍ਹ ਕੇ ਰੋ ਲਓ। ਨਾ ਰਿਸ਼ਤਾ, ਨਾ ਕੋਈ ਸਾਂਝ। ਨਿਰਾ ਮਸ਼ੀਨੀ ਸਮਾਜ। 

                ਵਰ੍ਹੇ ਛਿਮਾਹੀ ਗੱਲ ਦਸੌਂਧਾ ਸਿਓਂ ਵੀ ਚੰਗੀ ਕਰਦੈ। ਅਖੇ, ਹਕਸਲੇ ਨੇ ਸਾਡਾ ਫਾਰਮੂਲਾ ਚੋਰੀ ਕੀਤੈ। ਭਵਿੱਖ ਨੂੰ ਛੱਡੋ, ਦੇਸ਼ ਦਾ ਗੇੜਾ ਕੱਢੋ, ਚਾਹੇ ਹੁਣੇ ਤਸੱਲੀ ਕਰੋ। ਕਿੱਧਰੇ ਕੋਈ ਤਿੜ ਫਿੜ ਕਰਦੈ। ਰਿਸ਼ੀ ਬਾਲਮੀਕ ਨੇ ਰਮਾਇਣ ਰਚੀ। ਕਲਪਨਾ ਰਾਮ ਰਾਜ ਦੀ ਕੀਤੀ। ਪਰਜਾ ਸੰਤਾਨ ਹੋਏਗੀ, ਨਾ ਵੈਰ ਵਿਰੋਧ, ਨਾ ਨਫਰਤੀ ਝੇੜੇ, ਕੇਵਲ ਮਰਿਆਦਾ ਪੂਰਨ ਰਾਜ, ਵਡੇਰਿਆਂ ਦੇ ਨਾਪ ਵਾਲਾ। ਕੈਬਨਿਟ ਮੀਟਿੰਗ ’ਚ ਕਦੇ ਪ੍ਰਧਾਨ ਮੰਤਰੀ ਬੈਠਾ ਵੇਖਿਓ, ਪਿਛਲੇ ਪਾਸੇ ਨਜ਼ਰ ਪਵੇਗਾ, ‘ਸਤਿਆਮੇਵ ਜਯਤੇ’। ਮਤਲਬ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਆਓ ਕੁਝ ਸੁਰਖੀਆਂ ’ਤੇ ਝਾਤ ਪਾਈਏ। ‘ਮੱਧ ਪ੍ਰਦੇਸ਼ ਪੁਲੀਸ ਨੇ ਗ੍ਰੰਥੀ ਨੂੰ ਵਾਲਾਂ ਤੋਂ ਫੜ ਘਸੀਟਿਆ।’ ‘ਭੋਪਾਲ ਦੀ ਗਰੀਬ ਬਸਤੀ ’ਚ ਪਾਣੀ ਦੀ ਬਾਲਟੀ ਦਾ ਮੁੱਲ ਦੋ ਰੁਪਏ।’ ‘ਕਰੋਨਾ ਮਰੀਜ਼ਾਂ ਦਾ ਅੰਕੜਾ 20 ਲੱਖ ਨੂੰ ਪਾਰ। ‘ਪ੍ਰੋ. ਹਨੀ ਬਾਬੂ ਗ੍ਰਿਫ਼ਤਾਰ।’ ਅਗਲੇ ਸਿਰਲੇਖ਼ ਵੀ ਪੜ੍ਹੋ, ‘ਵਿਦੇਸ਼ੀ ਯਾਤਰੀ ਨੇ ‘ਰਾਮ ਰਾਮ’ ਦਾ ਜੁਆਬ ਨਾ ਦਿੱਤਾ, ਚਾਕੂ ਮਾਰਿਆ।’ ‘ਰਾਜਸਥਾਨ ’ਚ ਵਿਧਾਇਕਾਂ ਦੀ ਖੁੱਲ੍ਹੀ ਬੋਲੀ’। ‘ਯੂਪੀ ਦੇ ਬਾਰਾਂ ਲੱਖ ਕਿਸਾਨ ਕੇਂਦਰੀ ਯੋਜਨਾ ਦੀ ਪਹਿਲੀ ਕਿਸ਼ਤ ਨੂੰ ਤਰਸੇ।’ ਯੂਪੀ ਵਾਲੇ ਯੋਗੀ ਦੀ ਬਰੇਕਿੰਗ ਖ਼ਬਰ।, ‘ਮਸਜਿਦ ਦਾ ਉਦਘਾਟਨ ਕਰਾਂਗਾ ਬਤੌਰ ਮੁੱਖ ਮੰਤਰੀ, ਹਿੰਦੂ ਤੇ ਯੋਗੀ ਹੋਣ ਦੇ ਨਾਤੇ ਨਹੀਂ।’ ‘ਧਾਰਾ 370 ਨੂੰ ਖ਼ਤਮ ਕਰਨ ਦੀ ਪਹਿਲੀ ਵਰ੍ਹੇ ਗੰਢ ਮੌਕੇ ਕਸ਼ਮੀਰ ’ਚ ਕਰਫਿਊ।’ ਸੰਤ ਰਾਮ ਉਦਾਸੀ ਕਿੱਧਰ ਆਣ ਵੜੇ, ‘ਅਜੇ ਤਾਂ ਹਿੰਸਾ ਖੁੱਲ੍ਹੀ ਚਰਦੀ, ਅਮਨ ਅਮਾਨ ਦੇ ਨਾਅਰੇ ਥੱਲੇ/ਅਜੇ ਤਾਂ ਦੁਨੀਆ ਨਰਕ ਭੋਗਦੀ, ਜੰਨਤ ਦੇ ਇੱਕ ਲਾਰੇ ਥੱਲੇ।’ 

                 ਕਾਹਤੋਂ ਸੱਚ ਨਿੱਤ ਹਾਰਦੈ, ਨੇਤਾ ਜਿੱਤਦੇ ਨੇ, ਹਰ ਪੰਜ ਸਾਲਾਂ ਪਿੱਛੋਂ। ਖ਼ੌਫ ਦਾ ਏਨਾ ਪਹਿਰਾ,‘ਰਾਮ ਰਾਜ’ ਵੀ ਥਰ-ਥਰ ਕੰਬਦੈ। ਜਦੋਂ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੀਟਿੰਗ ਕਰਦੇ ਹਨ। ਉਪਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦਿਖੇਗੀ। ਸੰਨਾਟਾ ਨਹੀਂ, ਛਰਾਟਾ ਨੇ, ਕਿਤੇ ਕਾਲੇ ਬਿੱਲੇ ਲਾ, ਕਿਤੇ ਕਾਲੇ ਚੋਲੇ ਪਾ, ਬੇਰੁਜ਼ਗਾਰ ਨਾਲੇ ਮੁਲਾਜ਼ਮ ਵਰ੍ਹ ਰਹੇ ਨੇ। ਕਿੱਧਰ ਗੁਆਚਿਐ ਰਾਜ ਰਾਜ।  ਬਟਵਾਰੇ ਤੋਂ ਪਹਿਲਾਂ। ਸਾਂਝੇ ਪੰਜਾਬ ’ਚ ਛੇ ਮੰਤਰੀ ਹੁੰਦੇ ਸਨ। ਬਟਵਾਰੇ ਮਗਰੋਂ ਪੰਜਾਬ ਲੰਗੜਾ ਹੋ ਗਿਆ, ਮੰਤਰੀ ਅੱਠ ਹੋ ਗਏ। ਨਵਾਂ ਪੰਜਾਬ ਬਣ ਗਿਆ, ਮੰਤਰੀ ਹੁਣ ਸਤਾਰਾਂ ਨੇ। ਖੇਤੀ ਆਰਡੀਨੈਂਸ ਤਿੰਨ, ਚੌਥਾ ਬਿਜਲੀ ਸੋਧ ਐਕਟ। ਜਿਣਸਾਂ ਦੇ ਮਲੀਆਮੇਟ ਲਈ, ਨਾਮ ਹੀ ਕਾਫ਼ੀ ਹਨ। ਭੇਤੀ ਡੌਂਡੀ ਪਿੱਟਣੋਂ ਕਿਥੋਂ ਹਟਦੇ ਨੇ। ਫਲਾਣੇ ਮੰਤਰੀ ਨੇ ਫਾਰਮ ਹਾਊਸ ਲੈ ਲਿਆ। ਫਲਾਂ ਨੇ ਨੀਂਹਾਂ ਪੁੱਟ ਲਈਆਂ। ਮਹਾਤੜਾਂ ਨੂੰ ਪ੍ਰਵਚਨ ਦਿੰਦੇ ਨੇ, ‘ਮਨ ਨੂੰ ਮੰਦਰ ਬਣਾ ਲਓ, ਅੰਦਰ ਵਸੋਂ ਤੇ ਬੁੱਲ੍ਹੇ ਲੁੱਟੋ। ਮਹਾਤਮਾ ਗਾਂਧੀ ਦੀ ਰੂਹ ਕੂਕ ਰਹੀ ਹੈ, ‘ਰਘੂਪਤੀ ਰਾਘਵ ਸੀਤਾ ਰਾਮ’, ‘ਈਸ਼ਵਰ ਅੱਲਾ ਤੇਰੇ ਨਾਮ’। ਅਸੀਂ ਰਾਮ ਰਾਜ ਲੱਭਦੇ ਘੁੰਮ ਰਹੇ ਹਾਂ। ਸੈਂਕੜੇ ਮੁਲਾਜ਼ਮ ਪਟਿਆਲਾ ‘ਚ ਗੱਜੇ। ‘ਕੈਪਟਨ ਨੂੰ ਲੱਭੋ, ਬੈਨਰ ਫੜ ਕੇ ਚੱਲੇ।’ ਮਾਝੇ ਵਾਲੇ ਸੰਨੀ ਦਿਓਲ ਨੂੰ ਲੱਭ ਰਹੇ ਨੇ। ਨਵਜੋਤ ਸਿੱਧੂ ਕਿਤੋਂ ਲੱਭਦਾ ਹੀ ਨਹੀਂ। ਸੁਖਦੇਵ ਸਿੰਘ ਢੀਂਡਸਾ ਦੱਬਦਾ ਨਹੀਂ। ਤੁਰਿਆ ਹੀ ਫਿਰਦੈ। ਪਰਮਿੰਦਰ ਢੀਂਡਸਾ ਨੇ ਹੌਂਸਲਾ ਦਿੱਤੈ, ‘ਲੱਗੇ ਰਹੋ, ਬੂੰਦ ਬੂੰਦ ਨਾਲ ‘ਸ਼੍ਰੋਮਣੀ ਯੱਗ’ ਭਰੂ।‘ ਵੱਡੇ ਬਾਦਲ ਜਾਣੀ ਜਾਣ ਨੇ।

                 ਪ੍ਰਵਾਸੀ ਪੰਜਾਬੀ ਉਲਝੇ ਪਏ ਨੇ। ਜਿਸ ਦੇ ਯੱਕੇ ’ਤੇ ਚੜ੍ਹੇ। ਸਭ ਲੱਕੜ ਦੇ ਘੋੜੇ ਨਿਕਲੇ। ਡਾਲਰਾਂ ਦਾ ਦਸਵੰਧ ਕੱਢਦੇ ਨੇ। ਫਿਰ ‘ਰਾਮ ਰਾਜ’ ਹੱਥ ਨਹੀਂ ਫੜਾ ਰਿਹਾ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜੇਬ ’ਚੋਂ ਗਿੱਦੜ-ਸਿੰਗੀ ਕੱਢੀ ਹੈ। ਇੰਝ ਫ਼ਰਮਾਏ, ਖਾਲਸਾ ਜੀ! ਬੱਸ ਸ਼ਰਾਬਬੰਦੀ ਕਰ ਦਿਓ। ਦੱਸੋ ਪ੍ਰਧਾਨ ਜੀ ਨੂੰ ਕੌਣ ਸਮਝਾਏ। ਸ਼ਰਾਬ ਸਨਅਤਾਂ ਐਵੇਂ ਨਹੀਂ ਲੱਗੀਆਂ। ਕੈਪਟਨਾਂ ਤੇ ਬਾਦਲਾਂ ਨੇ 500 ਕਰੋੜਾਂ ਦੀਆਂ ਛੋਟਾਂ ਦਿੱਤੀਆਂ ਨੇ। ਕਾਹਤੋਂ ਬੁਰਕੀ  ਖੋਹਣ ਲੱਗੇ ਹੋ ਗਰੀਬ ਠੇਕੇਦਾਰਾਂ ਤੋਂ। ਸ਼ਰਾਬ ਮਾਫੀਏ ਦਾ ਸਾਮਰਾਜ ਵੇਖ, ਧਰਮਰਾਜ ਖੁੱਲ੍ਹ ਕੇ ਹੱਸੇ। ਕੋਲ ਬੈਠੇ ਅਮਰੀਸ਼ਪੁਰੀ ਨਾ ਟਲੇ...ਮੋਗੈਂਬੋ ਖੁਸ਼ ਹੂਆ..! ਯਮਦੂਤਾਂ ਦਾ ਕੁੰਭ ਭਰਿਐ। ਕਿਸੇ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ। ਪੰਜਾਬ ਦੇ 119 ਘਰਾਂ ’ਚ ਸੱਥਰ ਵਿਛਾ ਗਏ। ਪਹਿਲਾਂ ਵਿਰੋਧੀ ਨੇਤਾ ਬੈਠ ਕੇ ਆਏ, ਉਸ ਮਗਰੋਂ ਅਮਰਿੰਦਰ ਸਿਓਂ। ਸੌ ਹੱਥ ਰੱਸਾ ਸਿਰੇ ’ਤੇ ਗੰਢ। ਕਾਮਰੇਡ ਕੱਛ ’ਚ ‘ਲਾਲ ਕਿਤਾਬ’ ਚੁੱਕੀ ਫਿਰਦੇ ਨੇ। ਅਖੇ ਏਹ ਸੁਤਿਆ ਨੂੰ ਜਗਾਊ। ਕਮਲਜੀਤ ਨੀਲੋਂ ਨੇ ਦੂਰਦਰਸ਼ਨ ਦੇ ਜ਼ਮਾਨੇ ’ਚ ਇੱਕ ਲੋਰੀ ਗਾਈ। ਚਹੁੰ ਪਾਸੇ ਛਾ ਗਿਆ। ਕਮਲਜੀਤ ਨੀਲੋਂ ਦਾ ਗਜ਼ਲਗੋ ਬਾਪ, ਤਾਉਮਰ ਲੋਕਾਂ ਨੂੰ ਜਗਾਉਣ ਲਈ ਖਪਦਾ ਰਿਹਾ, ਕਿਸੇ ਨੇ ਇੱਕ ਨਾ ਸੁਣੀ। ਲੋਰੀ ਦੀ ਕਾਮਯਾਬੀ ’ਤੇ ਲੋਕਾਂ ਵਧਾਈ ਦਿੱਤੀ। ਅੱਗਿਓਂ ਗਜ਼ਲਗੋ ਬਾਬਾ ਬੋਲਿਆ, ਗਜ਼ਲ ਨੂੰ ਕੌਣ ਗੌਲ਼ਦਾ, ਮੁੰਡੇ ਨੇ ਲੋਰੀ ਗਾਈ, ਰਾਤੋਂ ਰਾਤ ਸਟਾਰ ਬਣ ਗਿਆ। ‘ਦਰਅਸਲ ਲੋਕ ਜਾਗਣਾ ਨਹੀਂ ਚਾਹੁੰਦੇ, ਤਾਹੀਓਂ ਲੋਰੀਆਂ ਰਾਸ ਆਉਂਦੀਆਂ ਨੇ।’ ਬਾਬਾ ਏਨਾ ਆਖ ਛੱਜੂ ਰਾਮ ਦੀ ਪਿੱਠ ਥਾਪੜਨ ਲੱਗਾ.. ਧੰਨ ਐ ਤੂੰ ਪੁੱਤਰਾਂ। 


 

Sunday, August 2, 2020

                           ਵਿਚਲੀ ਗੱਲ  
       ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ...!
                           ਚਰਨਜੀਤ ਭੁੱਲਰ
ਚੰਡੀਗੜ੍ਹ : ਹੁਣ ਇਹ ਗੁੜ ਦੀ ਰੋੜੀ ਨਹੀਂ, ਚੰਡੇ ਖੰਡੇ ਦੀ ਧਾਰ ਹੈ। ਨਾ ਆਟੇ ਦੀ ਚਿੜੀ, ਨਾ ਏਹ ਚੰਬਾ, ਘੁੰਡ ਲਈ ਵੰਗਾਰ ਹੈ। ਪਾਤੜਾਂ ਵਾਲੇ ਖੂਹ ’ਚੋਂ ਆਵਾਜ਼ ਗੂੰਜੀ, ‘ਤੋੜ ਦਿਓ ਘੁਮੰਡ ਦਾ ਤਾਣਾ।’ਦਿੱਲੀ ’ਚ ਮੁੱਕੇ ਤਣ ਗਏ, ਸੱਤਾ ਦੇ ਗਰੂਰ ਛਣ ਗਏ। ਜਦੋਂ ਇੰਝ ਧੀਆਂ ਗਰਜੀਆਂ, ‘ਪਿੰਜਰਾ ਤੋੜੋ, ਸਮਾਂ ਆ ਗਿਆ।’ ਤੁਸੀਂ ਸਜਾਓ ਗੁੱਟਾਂ ’ਤੇ ਰੱਖੜੀ, ਅਸਾਂ ਕੋਲ ਹੁਣ ਵਕਤ ਕਿੱਥੇ। ਕਈ ਬੰਨੂ ਬੰਨ੍ਹਣੇ ਨੇ। ਭੁੰਨੀ ਛੱਲੀ ਨਹੀਂ, ਚੱਲੀ ਹਾਂ ਤਾਂ ਕੱਲੀ ਨਹੀਂ। ਤੁਸੀਂ ਬੰਧਨ ਨਿਭਾਓ। ਅਸਾਡੇ ਕਦਮ ਤਾਂ ਹੁਣ ਜ਼ਰੀਬਾਂ ਨੇ..!  ਵਾਹ ਕੁੜੀਓ ਵਾਹ! ਲਛਮਣ ਰੇਖਾ ਨੂੰ ਅੌਕਾਤ ਦਿਖਾ ਦਿੱਤੀ। ‘ਉਹ ਜ਼ਮੀਨ ਰਾਣੀ, ਜਿਹਦੇ ਸਿਰ ’ਤੇ ਪਾਣੀ’। ਸਿਆਣੇ ਮੱਤ ਦਿੰਦੇ ਨੇ, ‘ਪਹਿਲਾ ਕਦਮ ਹੀ ਅੌਖਾ ਹੁੰਦੈ।’ ਆਓ ਪਰਿਕਰਮਾ ਦੇਸ਼ ਦੀ ਕਰੀਏ। ਦਿਮਾਗੀ ਘੋੜੇ ਦੁੜਾਓ, ਗੁਜਰੇ ਜ਼ਮਾਨੇ ’ਚ ਆਓ। ਕਦੇ ਅੌਰਤ ਦੀ ਹੈਸੀਅਤ ‘ਗੁੜ੍ਹ ਦੀ ਰੋੜੀ’ ਵਾਂਗ ਸੀ। ਮਿਥਿਹਾਸ ਸੁਣੋ, ਕੇਰਾਂ ਅੌਰਤ ਧਰਮਰਾਜ ਦੀ ਕਚਹਿਰੀ ਪੇਸ਼ ਹੋਈ। ‘ਹਜ਼ੂਰ, ਹਰ ਕੋਈ ਗੁੜ ਦੀ ਰੋੜੀ ਸਮਝ ਮੂੰਹ ਅੱਡ ਲੈਂਦਾ ਹੈ।’ ਧਰਮਰਾਜ ਲਲਚਾ ਕੇ ਬੋਲੇ, ਦੂਰ ਹੋਜਾ ਕੰਬਖਤ ਕਿਤੇ... ਯਮਦੂਤ ਦੇ ਮੂੰਹ ’ਚੋਂ ਵੀ ਲਾਲ ਟਪਕੀ।ਫਰਾਂਸ ਵਾਲੇ ਭੱਦਰਪੁਰਸ਼ ਵੀ ਸੱਚੇ ਨੇ। ‘ਧੀਆਂ ਵਾਲਾ ਬਾਪ ਹਮੇਸ਼ਾਂ ਆਜੜੀ ਵਾਂਗੂ ਵਿਚਰਦੈ।’ ਤਾਹੀਂ ਪਾਤੜਾਂ ਵਾਲਾ ਖੂਹ ਉਬਾਲਾ ਖਾ ਗਿਆ। ਇਹ ਖੂਹ ਕਦੇ ਰਾਹਗੀਰਾਂ ਦੀ ਪਿਆਸ ਬੁਝਾਉਂਦਾ ਹੋਊ।
               ਘਟਨਾ ਸਾਲ 2006 ਦੀ ਹੈ। ਡਾਕਟਰ ਜੋੜੇ ਨੇ ਜੇਬਾਂ ਭਰੀਆਂ, ਖੂਹ ਨਵਜੰਮੀਆਂ ਨਾਲ ਭਰ ਦਿੱਤਾ। ਮੌਣ ਖੂਹ ਦੀ ਸੁੰਨ ਹੋ ਗਈ। ਪਤਾਲੋਂ ਆਵਾਜ਼ ਆਈ, ‘ਵੇ ਧਰਮੀ ਬਾਬਲਾ..!’ ਪੁਲੀਸ ਨੂੰ ਸੈਂਕੜੇ ਭਰੂਣਾਂ ਦੇ ਪਿੰਜਰ ਲੱਭੇ। ਬੁੱਲ੍ਹੇ ਸ਼ਾਹ ਦਾ ਰੱਬ ਨੂੰ ਤਰਲਾ, ‘ਘੁੰਡ ਮੁਖੜੇ ਤੋਂ ਲਾਹ ਓ ਯਾਰ।’ ਬੁੱਲ੍ਹਿਆ ਨਵੇਂ ਜ਼ਮਾਨੇ ਆਏ, ਨਵੀਂ ਸੋਚ ਨੇ ਖੰਭ ਫੈਲਾਏ। ਪਿੱਤਰ ਸੱਤਾ ਦਾ ਵੇਲਾ ਗਿਆ ਜਦੋਂ ਅੌਰਤ ਪਤੀ ਦੇ ਮਰਨ ਪਿੱਛੋਂ ਮੂੰਹ ਵੇਂਹਦੀ ਸੀ। ਅੱਜ ਦੀ ਕੁੜੀ, ਹਕੂਮਤ ਦੀ ਅੱਖ ’ਚ ਅੱਖ ਪਾਉਂਦੀ ਹੈ। ਰੱਖੜੀ ਦੇ ਫਰਜ਼ ਭੁੱਲੀ ਨਹੀਂ। ਰੱਖਿਆ ਦੀ ਝਾਕ ਭੁਲਾ ਬੈਠੀ ਐ। ਦਿੱਲੀ ਦਾ ‘ਪਿੰਜਰਾ ਤੋੜ’ ਜੁਝਾਰੂ ਗਰੁੱਪ ਹੈ। ਨੌਜਵਾਨ ਕੁੜੀਆਂ ਦਾ ਸਮੂਹ। ਨਾਬਰੀ ਖ਼ਿਲਾਫ਼ ਹੱਲਾ ਨੇ। ਇੰਝ ਸੜਕਾਂ ’ਤੇ ਗਰਜੀਆਂ। ‘ਤੁਸੀਂ ਕੰਧਾਂ ਨੂੰ ਤਾਲੇ ਨਹੀਂ ਮਾਰ ਸਕਦੇ’। ‘ਪਿੰਜਰਾ ਤੋੜ’ ਦੀਆਂ ਦੋ ਕੁੜੀਆਂ ਨਤਾਸ਼ਾ ਨਾਰਵਾਨ ਤੇ ਦੇਵਾਂਗਨਾ ਕਾਲਿਤਾ। ਦਿੱਲੀ ਨੇ ਜੇਲ੍ਹ ਦਿਖਾ ਦਿੱਤੀ। ਅਰਬੀ ਫ਼ਰਮਾਉਂਦੇ ਨੇ,‘ਤੰਗ ਰਸਤੇ ’ਤੇ ਕੋਈ ਸਕਾ ਨਹੀਂ ਹੁੰਦਾ।’ ਨੰਦ ਲਾਲ ਨੂਰਪੂਰੀ ਨੇ ਕਿਸੇ ਗੱਲੋਂ ਕਿਹਾ ਹੋਣੈ, ‘ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ..! ਕਨੂੰ ਪ੍ਰਿਆ ਨੇ ਸਿਜਦਾ ਕੀਤਾ। ਪੰਜਾਬ ’ਵਰਸਿਟੀ ’ਚ ਪ੍ਰਧਾਨ ਬਣੀ। ਨਵੀਂ ਲੀਕ ਵਾਹ ਆਈ, ਖੜੋਤਾਂ ਦਾ ਮੱਕੂ ਠੱਪ ਦਿੱਤਾ। ਕੋਈ ਉਪ ਕੁਲਪਤੀ ਨਾਬਰੀ ਦਿਖਾਏ। ਉਦੋਂ ਕੋਈ ਸਾਰੂ ਰਾਣਾ ਉੱਠਦੀ ਹੈ।
                ਗੁਜਰਾਤੀ ਸਿਪਾਹੀ ਸੁਨੀਤਾ ਯਾਦਵ। ਪ੍ਰਤਾਪੀ ਮੱਥਾ, ਮੱਤ ਚੋਟੀ ’ਤੇ, ਅਸੂਲ ਮੁੱਠੀ ’ਚ। ਮੰਤਰੀ ਦੇ ਮੁੰਡੇ ਲੌਕਡਾਊਨ ਤੋੜਿਆ। ਉਪਰੋਂ ਮੰਤਰੀ ਦੇ ਡਰਾਵੇ, ਸੁਨੀਤਾ ਹੱਥ ਨਾ ਆਵੇ। ਮੁੰਡੇ ’ਤੇ ਪਰਚਾ ਹੋਇਆ, ਮੰਤਰੀ ਕੁਰਲਾਵੇ। ਬੇਅੰਤ ਸਿਓਂ ਦੀ ਹਕੂਮਤ ਸੀ। ‘ਸੁਪਰ ਕੌਪ’ ਨੇ ਮਹਿਲਾ ਆਈਏਐੱਸ ਅਫ਼ਸਰ ਦੀ ਪਿੱਠ ’ਤੇ ਹੱਥ ਮਾਰਿਆ। ਮਹਿਲਾ ਨੇ ਦਿਖਾ ਦਿੱਤਾ ਫੇਰ ‘ਜੈਤੋ ਦਾ ਕਿਲਾ।’ ਬਹੁਤਾ ਦੂਰ ਨਹੀਂ, ਪਿੱਛੇ ਜੇਹੇ ਇੱਕ ਮੰਤਰੀ ਦੇ ਗ੍ਰਹਿ-ਨਛੱਤਰ ਚਾਂਭਲ ਗਏ। ਮਹਿਲਾ ਅਫ਼ਸਰ ਨੂੰ ਐੱਸਐੱਮਐੱਸ ਭੇਜ ਬੈਠਾ। ਅਗਲੀ ਨੇ ਨੀਂਦ ਉਡਾ ਦਿੱਤੀ। ਜਾਨ ਬਚੀ ਸੋ ਲਾਖੋਂ ਪਾਏ..! ਕਰੋਨਾ ਵਰਗੀ ‘ਮੀ ਟੂ’ ਲਹਿਰ ਸੀ। ਨਵੇਂ ਯੁੱਗ ਨੇ ਦੱਸ ਦਿੱਤਾ। ‘ਧੀਆਂ ਕੰਧੋਲ਼ੀ ’ਤੇ ਵਾਹੀਆਂ ਮੋਰਨੀਆਂ ਨਹੀਂ’।ਉਹ ਵੇਲਾ ਨਹੀਂ ਰਿਹਾ। ਜਦੋਂ ਦਾਈ ਜੰਮਦੀ ਦਾ ਗਲਾ ਦਬਾਉਂਦੀ ਸੀ। ਮਾਪੇ ਕੁੜੀ ਨੂੰ ਦੱਬ ਦਿੰਦੇ। ਕੋਲ਼ ਗੁੜ ਦੀ ਰੋੜੀ ਤੇ ਪੂਣੀ ਰੱਖ ਆਖਦੇ। ‘ਗੁੜ ਖਾਵੀਂ, ਪੂਣੀ ਕੱਤੀ, ਆਪ ਨਾ ਆਵੀਂ, ਵੀਰੇ ਨੂੰ ਘੱਤੀ।’ ਅੰਮ੍ਰਿਤਾ ਪ੍ਰੀਤਮ ਨੇ ਅੌਰਤ ਨੂੰ ‘ਮੋਮ ਦੀ ਗੁੱਡੀ’ ਕਿਹਾ। ਨਵੀਂ ਵੀ ਸੁਣ ਲਓ। ਲੋਹਾ ਖੇੜਾ (ਸੰਗਰੂਰ) ਦੀ ਪੇਂਡੂ ਕੁੜੀ ਮਨਪ੍ਰੀਤ ਮੰਜੂ। ਨਾਢੂ ਖਾਂ ਮੁੰਡਾ ਰਾਹ ਰੋਕਣੋਂ ਬਾਜ ਨਾ ਆਵੇ। ਦੁਨਾਲੀ ਚੁੱਕ ਮੁੰਡੇ ਦੇ ਘਰ ਗਈ। ਤਿੰਨ ਹਵਾਈ ਫਾਇਰ ਕੀਤੇ। ਮੁੰਡਾ ਸੁਸਰੀ ਬਣ ਗਿਆ।
               ਢੁੱਡੀਕੇ ਵਾਲੀ ਕੁੜੀ ਦੇ ਚਰਚੇ ਸੁਣੇ ਨੇ। ਉਹ ਬੁਰੇ ਦੇ ਘਰ ਤੱਕ ਗਈ ਸੀ। ਚੰਡੀਗੜ੍ਹ ’ਚ ਅਮੀਰਜ਼ਾਦੇ ਛੇੜਖ਼ਾਨੀ ਕਰ ਬੈਠੇ। ਰਿਵਾਲਵਰ ਚੁੱਕਿਆ, ਲੁਧਿਆਣਾ ਤੱਕ ਪਿੱਛਾ ਕੀਤਾ, ਛੂਮੰਤਰ ਹੋ ਗਏ। ਤਾਜ਼ੀ ਤਾਜ਼ੀ ਵੀ ਸੁਣੋ। ਬਠਿੰਡਾ ਵਾਲੀ ਐੱਸਪੀ ਅਵਨੀਤ ਸਿੱਧੂ। ‘ਸਿੱਧੂ ਮੂਸੇਵਾਲੇ’ ’ਤੇ ਗਰਜੀ। ‘ਤੂੰ ਹੁੰਦਾ ਕੌਣ ਐਂ’। ਮੂਸੇਵਾਲੇ ਕਾਕਾ ਜੀ ਮੁੜ ਅੱਖ ’ਚ ਪਾਏ ਨੀ ਰੜਕੇ।ਆਓ ਅੱਗੇ ਵਧਦੇ ਹਾਂ। ਮਹਿਮਾ ਭਗਵਾਨਾ ਦੀ ਗਿਆਰ੍ਹਵੀਂ ’ਚ ਪੜ੍ਹਦੀ ਧੀ ਬਲਦੀਪ ਕੌਰ। ਤਿੰਨ ਭੈਣਾਂ ’ਚੋਂ ਸਭ ਤੋਂ ਛੋਟੀ। ਪੁੱਤ ਬਣ ਖੇਤਾਂ ਦੀ ਵੱਟੋ ਵੱਟ ਤੁਰੀ। ਖੇਤੀ ਆਰਡੀਨੈਂਸਾਂ ਤੋਂ ਵੱਟ ਚੜ੍ਹ ਗਿਆ। ਟਰੈਕਟਰ ਮਾਰਚ ਦੇ ਕਾਫਲੇ ’ਚ ਟਰੈਕਟਰ ਲੈ ਵੜੀ। ਮੂੰਹ ਪਿੰਡ ਬਾਦਲ ਵੱਲ ਕੀਤਾ ਜਿਵੇਂ ਆਖ ਰਹੀ ਹੋਵੇ, ‘ਖੇਤਾਂ ਨਾਲ ਕਾਹਦਾ ਵੈਰ..!’ ਅੱਖਾਂ ਦੇ ਅੱਥਰੂ ਨਹੀਂ ਏਹ ਕੁੜੀਆਂ। ਇਨ੍ਹਾਂ ਇਤਿਹਾਸ ਪੜ੍ਹਿਐ, ਮਾਈ ਭਾਗੋ ਦਾ, ਮਾਤਾ ਸੁੰਦਰੀ ਦਾ ਤੇ ਝਾਂਸੀ ਦੀ ਰਾਣੀ ਦਾ ਵੀ। ਕੇਰਲਾ ’ਚ ਸਬਰੀਮਾਲਾ ਮੰਦਰ ਦੇ ਬੂਹੇ ਭੇੜੇ ਗਏ। ਮੌਤ ਨੂੰ ਲੱਕ ਨਾਲ ਬੰਨ੍ਹ ਦੋ ਅੌਰਤਾਂ ਕੁੱਦੀਆਂ। ਰੇਡੀਓ ’ਤੇ ਗਾਣਾ ਵੱਜ ਰਿਹੈ, ‘ਭਈਆ ਮੇਰੇ ਰਾਖੀ ਕੇ ਬੰਧਨ ਕੋ ਨਿਭਾਨਾ’। ਖਰੜ ਦੀ ਹਰਜੀ ਢਿੱਲੋਂ ਨੇ ਫਰਜ਼ ਨਿਭਾਇਐ। ਯੋਗਤਾ ਐੱਮਏ, ਐੱਮਫਿਲ ਹੈ। ਵੇਚਦੀ ਕੜ੍ਹੀ ਚਾਵਲ ਹੈ। ਆਖਦੀ ਐ, ’ਕਿਸੇ ਅੱਗੇ ਹੱਥ ਕਿਉਂ ਅੱਡਾਂ।’
                ਪਿੰਡ ਬੰਗੀਵਾਲ (ਜਲੰਧਰ) ਦੀ ਮਰਦਾਨੀ ਕੁਲਦੀਪ ਕੌਰ। ਪਤੀ ਦੀ ਮੌਤ ਹੋ ਗਈ, ਪੰਜਾਬ ਦੀ ਪਹਿਲੀ ਮਹਿਲਾ ਚੌਕੀਦਾਰ ਬਣੀ। ਰੇਤ ਮਾਫੀਆ ਹੋਵੇ ਤੇ ਚਾਹੇ ਨਸ਼ਾ ਮਾਫੀਆ, ਪੁਲੀਸ ਦੇ ਬਰਾਬਰ ਡਟਦੀ ਹੈ। ਤੁਸੀਂ ਰੱਖੜੀ ਦੇ ਜਸ਼ਨ ਮਨਾਓ, ਇਨ੍ਹਾਂ ਪਹਾੜ ਚੀਰਨੇ ਨੇ। ਫਾਜ਼ਿਲਕਾ ’ਚ ਥਾਣੇਦਾਰ ਲਵਮੀਤ ਕੌਰ ਨੇ ਵੀ ਮੱਥਾ ਪਹਾੜ ਨਾਲ ਲਾਇਆ। ਵਿਧਾਇਕ ਦਵਿੰਦਰ ਘੁਬਾਇਆ ਨਾਲ ਪੰਗਾ ਪਾਇਆ। ਘੁਬਾਇਆ ਬੋਲੇ... ‘ਜੁੱਲੀ ਬਿਸਤਰਾ ਗੋਲ ਕਰਾਦੂੰ।’ ਯੂਨਾਨੀ ਆਖਦੇ ਨੇ, ‘ਟੁੱਟੇ ਸਾਜ਼ ’ਚੋਂ ਸੋਹਣੇ ਸੰਗੀਤ ਦੀ ਆਸ ਨਾ ਕਰੋ।’ ਲਵਮੀਤ ਕੌਰ ਦੀ ਅੰਦਰੋਂ ਰੂਹ ਟੁੱਟ ਕੇ ਪਈ। ਵੀਹ ਦੇਖੇ ਨੇ ਤੇਰੇ ਵਰਗੇ..! ‘ਚੌਲ ਛੰਡਦਿਆਂ ਹੀ ਚਿੱਟੇ ਹੁੰਦੇ ਨੇ।’ ਜੰਮੂ ਵਾਲੇ ਸੁਰਿੰਦਰ ਨਾਥ ਦੀ ਧੀ ਅੰਜੂ ਬਾਲਾ। ਯੂਪੀ ’ਚੋਂ ਐੱਮਪੀ ਬਣੀ ਸੀ। ਪੰਜ ਧੀਆਂ ਦੇ ਬਾਪ ਨੇ ਸਟੋਰ ਅੱਗੇ ਬੋਰਡ ਸਜਾਇਆ, ‘ਸੁਰਿੰਦਰ ਨਾਥ ਐਂਡ ਡਾਟਰਜ਼।’ ਨਾਰੀਵਾਦੀ ਲਹਿਰ ਨੇ ਗੇਅਰ ਬਦਲਿਐ। ਉਪਰੋਂ ਬਾਰ੍ਹਵੀਂ ਦਾ ਨਤੀਜਾ ਆਇਐ। ਪਿੰਡ ਬਾਜੇਵਾਲਾ (ਮਾਨਸਾ) ਦਾ ਰਵੀ ਸਿੰਘ। ਰੱਖੜੀ ਦਾ ਸੱਚਾ ਹੱਕਦਾਰ ਹੈ। ਭੈਣਾਂ ਪੜ੍ਹਾਉਣ ਲਈ ਖੁਦ ਪੜ੍ਹਨੋਂ ਹਟ ਗਿਆ। ਰਵੀ ਹਲਵਾਈ ਕੋਲ ਦਿਹਾੜੀ ਕਰਦੈ। ਭੈਣ ਨੇ ਹੁਣੇ 450 ‘ਚੋਂ 448 ਨੰਬਰ ਲਏ ਨੇ। ਰਵੀ ਸਿੰਘ ਮਠਿਆਈ ਲਿਆਊ, ਰੱਖੜੀ ਭੈਣ ਬੰਨ੍ਹੂ। ਏਹ ਹੈ ਸੱਚਾ ਰਿਸ਼ਤਾ।
                ਪਿੰਡ ਬੱਲ੍ਹੋ (ਬਠਿੰਡਾ) ਦੀ ਰਾਜਨਦੀਪ ਕੌਰ। ਮਜ਼ਦੂਰ ਦੀ ਧੀ ਨੇ ਕਦੇ ਝੋਨਾ ਲਾਇਆ, ਕਦੇ ਆਲੂ ਪੁੱਟੇ ਤੇ ਕਦੇ ਨਰਮਾ ਚੁਗਿਆ। ਬਾਰ੍ਹਵੀਂ ’ਚੋਂ ਨਰਮੇ ਦੇ ਫੁੱਟਾਂ ਵਰਗੇ 97 ਫੀਸਦੀ ਨੰਬਰ ਲਏ। ਪੰਜ ਕੁ ਵਰ੍ਹਿਆਂ ਦਾ ਛੋਟਾ ਭਰਾ ਹੁਣ ਰੱਖੜੀ ਚੁੱਕੀ ਫਿਰਦੈ। ਰੁਹੇਲਾ (ਫਾਜ਼ਿਲਕਾ) ਦੀ ਗੁਰਮੀਤ ਕੌਰ। ਸਭ ਟਾਲ਼ਾ ਵੱਟੂ ਨਿਕਲੇ, ਭਰਾ ਨੂੰ ਗੁਰਦਾ ਦੇ ਦਿੱਤਾ। ਆਂਧਰਾ ਪ੍ਰਦੇਸ਼ ਦੀਆਂ ਦੋ ਭੈਣਾਂ ਨੇ ਬਲਦਾਂ ਵਾਂਗ ਹਲ਼ ਵਾਹਿਆ। ਅਦਾਕਾਰ ਸੋਨੂੰ ਸੂਦ ਨੇ ਤੋਹਫੇ ਵਜੋਂ ਟਰੈਕਟਰ ਭੇਜ ਦਿੱਤਾ। ਇੱਧਰ, ਜਦੋਂ ਤੋਂ ‘ਚਿੱਟਾ’ ਆਇਆ, ਪੰਜਾਬੀ ਭੈਣਾਂ ਦੇ ਦੁੱਖਾਂ ਦੇ ਹਲ਼ ਨੂੰ ਹੱਥ ਪੈ ਗਏ। ਲੰਘੇ ਵਰ੍ਹੇ ਰੱਖੜੀ ਲੈਣ ਤੋਰਿਆ। ਭਰਾ ਲੋਥ ਬਣ ਮੁੜਿਆ। ਅਬੋਹਰ ਦੀ ਭੈਣ ਤਸਕਰਾਂ ਨੂੰ ਪੈ ਨਿਕਲੀ। ਨਵਾਂ ਸ਼ਹਿਰ ਦੀ ਮਹਿਲਾ ਡਾਕਟਰ ਦੁਹੱਥੜ ਮਾਰ ਭਗਵੰਤ ਮਾਨ ਕੋਲ ਰੋਈ। ‘ਭਰਾਵਾਂ ਦੇ ਵੈਲਪੁਣੇ ਨੇ ਭੈਣਾਂ ਨੂੰ ਕੁਆਰਾ ਰੱਖ ਦਿੱਤਾ।’ ਸਮਾਪਤੀ ‘ਨਿਆਮਤ’ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਖ਼ਤ ਦੇ ਆਖਰੀ ਸ਼ਬਦਾਂ ਨਾਲ। ‘ਬਲਦਾ ਪੰਜਾਬ ਤੁਹਾਡੇ ਪੰਜਾਬ ਨਾਲੋਂ ਵੱਖਰੈ, ਇਸ ਪੀੜ੍ਹੀ ਨੂੰ ਇੰਨਾ ਵੀ ਬੇਸਮਝ ਨਾ ਜਾਣਿਓਂ ਕਿ ਆਪਣੀਆਂ ਜੜਾਂ ’ਚ ਤੇਲ ਵਾਲੇ ਹੱਥਾਂ ਨੂੰ ਪਛਾਣ ਨਾ ਸਕੇ।’ ਛੱਜੂ ਰਾਮ ‘ਨਿਆਮਤ’ ਦਾ ਮੂੰਹ ਮਿੱਠਾ ਕਰਾ ਰਿਹੈ।



Saturday, August 1, 2020

                                                          ਸਰਕਾਰੀ ਹਾਜ਼ਮਾ
                                 ਦਾਣੇ ਦਾਣੇ ’ਤੇ ਲਵਾਈ ਸਾਹਿਬ ਨੇ ਮੋਹਰ..!
                                                            ਚਰਨਜੀਤ ਭੁੱਲਰ
ਚੰਡੀਗੜ੍ਹ : ਖੁਰਾਕ ਤੇ ਸਪਲਾਈ ਵਿਭਾਗ, ਬਠਿੰਡਾ ਦੇ ਉੱਚ ਅਧਿਕਾਰੀ ਦੀ ‘ਵੱਡੀ ਸੇਵਾ‘ ਨੇ ਖੁਰਾਕ ਤੇ ਸਪਲਾਈ ਇੰਸਪੈਕਟਰਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਆਰਥਿਕ ਤੇ ਮਾਨਸਿਕ ਸ਼ੋਸ਼ਣ ਤੋਂ ਅੱਕੇ ਇਨ੍ਹਾਂ ਇੰਸਪੈਕਟਰਾਂ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਦਫ਼ਤਰ ‘ਚ ਆ ਕੇ ਆਪਣਾ ਰੋਣਾ ਰੋਇਆ। ਇੰਸਪੈਕਟਰਾਂ ਨੇ ਜ਼ਿਲ੍ਹਾ ਕੰਟਰੋਲਰ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਭੇਜੇ ਪੱਤਰ ਵਿਚ ਕਰੀਬ ਦੋ ਦਰਜਨ ਇੰਸਪੈਕਟਰਾਂ ਨੇ ਦੋਸ਼ ਲਾਇਆ ਹੈ ਕਿ ਮਈ ਦੌਰਾਨ ਜ਼ਿਲ੍ਹਾ ਕੰਟਰੋਲਰ ਨੇ ਆਪਣੇ ਨੇੜਲੇ ਸਟਾਫ਼ ਰਾਹੀਂ ਇੰਸਪੈਕਟਰਾਂ ਤੋਂ ਬਠਿੰਡਾ ਵਿਚ ਕਿਰਾਏ ‘ਤੇ ਲਈ ਕੋਠੀ ਲਈ ਸਾਮਾਨ ਹੀ ਵਗਾਰ ਵਿਚ ਮੰਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦ ਲਾਲਚ ਹੱਦੋਂ ਵੱਧ ਗਿਆ ਤਾਂ ਉਨ੍ਹਾਂ ਸ਼ਿਕਾਇਤ ਕੀਤੀ। ਇੰਸਪੈਕਟਰਾਂ ਨੇ ਲਿਖਿਆ ਹੈ ਕਿ ਕੋਠੀ ਦਾ ਸਾਰਾ ਸਾਮਾਨ ਵਗਾਰ ਵਿਚ ਦਿੱਤਾ ਗਿਆ। ਉਨ੍ਹਾਂ ਪੱਤਰ ‘ਚ ਦੱਸਿਆ ਹੈ ਕਿ ਕੰਟਰੋਲਰ ਦੀ ਕੋਠੀ ਲਈ ਭਾਈਰੂਪਾ ਕੇਂਦਰ ਤੋਂ ਵਾਸ਼ਿੰਗ ਮਸ਼ੀਨ ਤੇ ਏਸੀ ਲਿਆ ਗਿਆ ਜਦਕਿ ਸੰਗਤ ਕੇਂਦਰ ਤੋਂ 28 ਹਜ਼ਾਰ ਦਾ ਡਾਈਨਿੰਗ ਟੇਬਲ ਲਿਆ ਗਿਆ।
                ਇਸੇ ਤਰ੍ਹਾਂ ਮੌੜ ਕੇਂਦਰ ਤੋਂ 47 ਹਜ਼ਾਰ ਰੁਪਏ ਵਾਲਾ ਵੱਡਾ ਫਰਿੱਜ, ਭਗਤਾ ਕੇਂਦਰ ਤੋਂ 22 ਹਜ਼ਾਰ ਦਾ ਐਲਈਡੀ ਟੀਵੀ, ਰਾਮਾ ਕੇਂਦਰ ਤੋਂ 28 ਹਜ਼ਾਰ ਦਾ ਸੋਫ਼ਾ ਸੈੱਟ, ਟੈਂਡਰ ਸੀਟ ਤੋਂ 28,098 ਦੇ ਰਸੋਈ ਦੇ ਭਾਂਡੇ ਤੇ ਰਾਸ਼ਨ ਦਾ ਸਾਮਾਨ ਲਿਆ ਗਿਆ। ਭੁੱਚੋ ਕੇਂਦਰ ਤੋਂ 27 ਹਜ਼ਾਰ ਦੇ ਪਰਦੇ ਅਤੇ ਹੋਰ ਫੁਟਕਲ ਸਾਮਾਨ ਲਿਆ ਗਿਆ। ਪੱਤਰ ਅਨੁਸਾਰ ਜ਼ਿਲ੍ਹਾ ਅਧਿਕਾਰੀ ਨੇ ਕੁੱਝ ਆਈਟਮਾਂ ਤਾਂ ਖ਼ੁਦ ਪਸੰਦ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀ ਨੇ ਕੋਈ ਸਾਮਾਨ ਨਾਲ ਨਹੀਂ ਲਿਆਂਦਾ।‘ਪੰਜਾਬੀ ਟ੍ਰਿਬਿਊਨ‘ ਕੋਲ ਕੁੱਝ ਆਡੀਓ ਤੇ ਵੀਡੀਓਜ਼ ਵੀ ਮੌਜੂਦ ਹਨ। ਖ਼ੁਰਾਕ ਇੰਸਪੈਕਟਰਾਂ ਨੇ ਲਿਖਿਆ ਹੈ ਕਿ ਤਿੰਨ-ਚਾਰ ਮਹੀਨਿਆਂ ਤੋਂ ਬਦਲੀਆਂ ਕਰਨ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇੰਸਪੈਕਟਰਾਂ ਨੇ ਦੋ ਸਟਾਫ਼ ਮੈਂਬਰਾਂ ਦੇ ਨਾਂ ਵੀ ਸ਼ਿਕਾਇਤ ਵਿਚ ਲਿਖੇ ਹਨ। ਅੱਜ ਦੁਪਹਿਰੇ ਖੁਰਾਕ ਇੰਸਪੈਕਟਰਾਂ ਨੇ ਬਠਿੰਡਾ ‘ਚ ਅਧਿਕਾਰੀ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਵੀ ਕੀਤੀ।
                ਖੁਰਾਕ ਇੰਸਪੈਕਟਰ ਅੱਜ ਚੰਡੀਗੜ੍ਹ ਪੁੱਜੇ ਤੇ ਸ਼ਿਕਾਇਤ ਦੇ ਕੇ ਆਡੀਓ/ਵੀਡੀਓ ਸਬੂਤਾਂ ਦਾ ਹਵਾਲਾ ਵੀ ਦਿੱਤਾ। ਇੱਕ ਵੀਡੀਓ ‘ਚ ਇਹ ਇੰਸਪੈਕਟਰ ਜ਼ਿਲ੍ਹਾ ਅਧਿਕਾਰੀ ਨੂੰ ਕੋਠੀ ਵਾਸਤੇ ਲਈਆਂ ਆਈਟਮਾਂ ਵੀ ਗਿਣਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਨਿਆਂ ਲਈ ਸੰਘਰਸ਼ ਕਰਨਗੇ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਸ਼ੋਸ਼ਣ ਤੋਂ ਬਚਾਇਆ ਜਾਵੇ ਅਤੇ ਜ਼ਿਲ੍ਹਾ ਅਧਿਕਾਰੀ ਤੇ ਜ਼ਿੰਮੇਵਾਰ ਸਟਾਫ਼ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਅੱਜ ਹੀ ਮਾਮਲਾ ਧਿਆਨ ਵਿਚ ਆਇਆ ਹੈ। ਉਨ੍ਹਾਂ ਪ੍ਰਮੁੱਖ ਸਕੱਤਰ ਨੂੰ ਮਾਮਲੇ ਦੀ ਪੜਤਾਲ ਲਈ ਆਖਿਆ ਹੈ. ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
                                    ਦੋਸ਼ਾਂ ਵਿਚ ਕੋਈ ਸਚਾਈ ਨਹੀਂ: ਕੰਟਰੋਲਰ
ਖੁਰਾਕ ਤੇ ਸਪਲਾਈ ਵਿਭਾਗ ਬਠਿੰਡਾ ਦੇ ਜ਼ਿਲ੍ਹਾ ਕੰਟਰੋਲਰ ਮਨਦੀਪ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਇਲਜ਼ਾਮਾਂ ਵਿਚ ਬਿਲਕੁੱਲ ਸਚਾਈ ਨਹੀਂ ਹੈ ਤੇ ਇਹ ਪੜਤਾਲ ਦਾ ਮਾਮਲਾ ਹੈ। ਕੰਟਰੋਲਰ ਨੇ ਕਿਹਾ ਕਿ ਪਿਛਲੇ ਕਾਫ਼ੀ ਅਰਸੇ ਤੋਂ ਇਹ ਇੰਸਪੈਕਟਰ ਦਫ਼ਤਰੀ ਸੀਟਾਂ ‘ਤੇ ਬੈਠੇ ਸਨ ਅਤੇ ਜਦੋਂ ਉਨ੍ਹਾਂ ਨੂੰ ਫ਼ੀਲਡ ਵਿਚ ਲਾ ਦਿੱਤਾ ਗਿਆ ਤਾਂ ਉਨ੍ਹਾਂ ਇਹ ਬਦਲੀ ਵਾਪਸ ਕਰਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਬਦਲੀਆਂ ਕਰ ਕੇ ਹੀ ਇਹ ਇੰਸਪੈਕਟਰ ਹੁਣ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਸੁਆਲ ਕੀਤਾ ਕਿ ਇਹ ਇੰਸਪੈਕਟਰ ਖਾਸ ਸੀਟਾਂ ‘ਤੇ ਹੀ ਕਿਉਂ ਰਹਿਣਾ ਚਾਹੁੰਦੇ ਹਨ.