Sunday, August 23, 2020

                                   ਵਿਚਲੀ ਗੱਲ
                       ਚੱਲ ਮਦਾਰੀ ਪੈਸਾ ਖੋਟਾ..!
                                   ਚਰਨਜੀਤ ਭੁੱਲਰ
ਚੰਡੀਗੜ੍ਹ : ਕੋਈ ਢੋਲ ਵਜਾ ਰਿਹਾ ਹੈ, ਨਾਲੇ ਹੋਕਾ ਲਾ ਰਿਹਾ ਹੈ। ਸੁਣੋ ਸੁਣੋ ਸੁਣੋ... ਨਿਆਣੇ ਤੇ ਸਿਆਣੇ, ਹਰ ਮਾਈ ਤੇ ਭਾਈ, ਆਪਣੇ ਤੇ ਪਰਾਏ। ਤੁਸੀਂ ਸਭ ਆਰਾਮ ਫ਼ਰਮਾਓ, ਬੇਸ਼ੱਕ ਸੌਂ ਜਾਓ। ਹੁਣ ਅਮਰਿੰਦਰ ਸਿਓਂ ਜਾਗਣਗੇ। ਗਲੀ ਮੁਹੱਲੇ, ਨਗਰ ਖੇੜੇ, ਢੋਲ ਵੱਜਣਗੇ। ਢੋਲੀ ਪੇਂਡੂ ਸੱਥਾਂ ‘ਚ ਵੀ ਜਾਏਗਾ, ਬਹਿ ਇੰਝ ਸਮਝਾਏਗਾ...‘ਬਜ਼ੁਰਗੋ! ਮੁੱਖ ਮੰਤਰੀ ਉਦੋਂ ਤੱਕ ਆਰਾਮ ਨਹੀਂ ਕਰਨਗੇ, ਜਦੋਂ ਤੱਕ ਪੰਜਾਬ ਦਾ ਵਿਕਾਸ ਲੀਹ ‘ਤੇ ਨਹੀਂ ਚੜ੍ਹਦਾ।‘ ਅਮਰਿੰਦਰ ਦਾ ਇਹ ਸੱਜਰਾ ਨੁਸਖ਼ਾ ਹੈ। ਓਧਰ ਵੀ ਕੰਨ ਕਰਕੇ ਸੁਣ ਲਓ। ਕੋਈ ਥਾਲ਼ੀ ਤੇ ਕੋਈ ਬਾਟੀ ਖੜਕਾ ਰਿਹੈ। ਨਾਲੇ ਹੱਥ ਹਿਲਾ ਰਿਹੈ। ‘ਮਿੱਤਰੋਂ! ਜਦੋਂ ਤੱਕ ਦੇਸ਼ ਆਤਮਨਿਰਭਰ ਨਹੀਂ ਬਣ ਜਾਂਦਾ, ਉਦੋਂ ਤੱਕ ਆਰਾਮ ਨਹੀਂ ਕਰੂੰਗਾ‘। ਨਰਿੰਦਰ ਮੋਦੀ ਨੇ ਨਵਾਂ ਜੈਵਿਕ ਵਚਨ ਦਿੱਤੈ। ਰੂਸੀ ਤਾਇਆ ਫਰਮਾ ਰਿਹੈ, ‘ਜਦੋਂ ਪੈਸਾ ਬੋਲਦਾ ਹੈ, ਸੱਚ-ਚੁੱਪ ਹੋ ਜਾਂਦਾ ਹੈ।‘ ਪੰਜਾਬ ਪਹਿਲਾਂ ਨਿਰਾ ਰੇਸ਼ਮ ਸੀ, ਹੁਣ ਖੱਦਰ ਭੰਡਾਰ ਬਣਿਐ। ਤਰੱਕੀ ਦੀ ਲੌਣ ਕਿਥੋਂ ਗਿੱਲੀ ਹੋਣੀ ਸੀ। ਗਿਆਨੀ ਲੋਕ ਆਖਦੇ ਨੇ, ‘ਹੌਲੀ-ਹੌਲੀ ਚੱਲ ਕੇ ਤਾਂ ਬਾਂਦਰ ਤਿੱਬਤ ਪਹੁੰਚ ਜਾਂਦੈ।‘ ਸੁਖਬੀਰ ਬਾਦਲ ਅੱਚਵੀ ‘ਚ ਨੇ। ਭਗਵੰਤ ਮਾਨ ਕੁਰਸੀ ਲੱਭ ਰਿਹੈ ਅਤੇ ਭਾਜਪਾ ਮੌਕਾ। ਨਵਜੋਤ ਸਿੱਧੂ ਗੁੰਮ-ਸੁੰਮ ਹੋ ਗਿਆ। ਬੋਲਣੋਂ ਪ੍ਰਤਾਪ ਬਾਜਵਾ ਨਹੀਂ ਹਟ ਰਿਹਾ। ਗੁੱਸਾ ਸੁਨੀਲ ਜਾਖੜ ਨੂੰ ਆਇਐ। ਆਸ਼ਾ ਕੁਮਾਰੀ, ਵਿਚਾਰੀ ਬਣੀ ਐ। ਸਿਰੋਪੇ ਸੁਖਦੇਵ ਢੀਂਡਸਾ ਪਾਈ ਜਾ ਰਿਹੈ। ਪੰਜਾਬ ਸਿਰ ਫੜੀ ਬੈਠਾ ਹੈ, ਸ਼ਾਹਜਹਾਂ ਵਾਲੀ ਹੋਈ ਐ। ਕਿਤੇ ਗੱਲਾਂ ਨਾਲ ਵੀ ਚੌਲ ਰਿੱਝੇ ਨੇ।
                 ਬੰਦੇ ਦੀਆਂ ਸਕੀਮਾਂ ‘ਤੇ ਰੱਬ ਹੱਸ ਰਿਹੈ। ਦਸੌਂਧਾ ਸਿਓਂ ਨੇ ਜੈਕਾਰਾ ਛੱਡਿਐ। ਸਿਆਸੀ ਮਦਾਰੀ ਪੋਟਲੀ ਚੁੱਕ ਨਿਕਲੇ ਨੇ। ਡੁਗਡੁਗੀ ਵੱਜੇਗੀ, ਮਜਮਾ ਲੱਗੇਗਾ। ਜਮੂਰਾ ਪੰਜਾਬ ਬਣੇਗਾ। ਹੱਥ ਦੀ ਸਫਾਈ ਦੇਖਣਾ। ਕੌਣ ਝੁਰਲੂ ਫੇਰ ਗਿਐ। ਦੇਖਦੇ ਰਹਿ ਜਾਓਗੇ..!  ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ। ਇੰਝ ਫਰਮਾਏ ਹਨ, ‘ਤੇਲ ਨਾ ਵੇਖੋ, ‘ਸਵੱਛ ਭਾਰਤ‘ ਦੀ ਧਾਰ ਵੇਖੋ।‘ ਗਹੁ ਨਾਲ ਤਸਵੀਰਾਂ ਤਾਂ ਵੇਖੋ... ਪ੍ਰਧਾਨ ਸੇਵਕ ਕੂੜਾ ਚੁਗ ਰਹੇ ਨੇ। ਅਮਿਤ ਸ਼ਾਹ ਝਾੜੂ ਮਾਰ ਰਿਹੈ। ਕੂੜੇਦਾਨ ਵੰਡਦੀ ਹੇਮਾ ਮਾਲਿਨੀ ਦਾ ਰੌਂਅ ਵੀ ਵੇਖੋ। ਏਨੇ ਪ੍ਰਤਾਪੀ ਆਗੂ ਮਿਲੇ ਨੇ... ਭਾਰਤ ਕਿਉਂ ਨਹੀਂ ਲਿਸ਼ਕੇਗਾ। ਸਫਾਈ ਕਾਮੇ ਕਿਉਂ ਚੁੱਪ ਨੇ..!ਗਿਆਨੀ ਕੁੰਦਨ ਸਿੰਘ ਯਾਦ ਆਏ ਨੇ ਜਿਨ੍ਹਾਂ ਕੇਰਾਂ ਗੱਲ ਸੁਣਾਈ। ‘ਭਰਵਾਂ ਮੀਂਹ ਪਿਆ, ਕਿਸੇ ਨੇ ਮੌਸਮ ਵਿਗਿਆਨੀ ਨੂੰ ਪੁੱਛਿਆ, ਕਿਵੇਂ ਪੈਂਦਾ ਮੀਂਹ? ਮੈਦਾਨਾਂ ‘ਚ ਗਰਮੀ ਪਈ, ਸਮੁੰਦਰ ਤੋਂ ਠੰਢੀਆਂ ਹਵਾਵਾਂ ਚੱਲੀਆਂ, ਪਹਾੜ ਨਾਲ ਟਕਰਾ ਗਈਆਂ... ਪੈ ਗਿਆ ਮੀਂਹ। ਕਿਸੇ ਭਗਤ ਨੂੰ ਪੁੱਛੋਗੇ... ਇਹੋ ਆਖੇਗਾ, ਇੰਦਰ ਦੇਵਤਾ ਦੀ ਕਿਰਪਾ ਨਾਲ, ਮੀਂਹ ਮਗਰੋਂ ਲਾਲ ਪੀਲੇ ਡੱਡੂ ਨਿਕਲਦੇ ਨੇ.. ਜੋ ਆਖਦੇ ਨੇ... ਮੀਂਹ ਤਾਂ ਅਸਾਂ ਨੇ ਪਾਇਐ। ਤਾਹੀਂ ਸਫਾਈ ਕਾਮੇ ਭਰੇ ਪੀਤੇ ਬੈਠੇ ਨੇ।
              ‘ਸਵੱਛਤਾ ਸਰਵੇਖਣ‘ ਦਾ ਚਾਰਟ ਵੇਖੋ। ਇੰਦੌਰ ਸਫਾਈ ‘ਚ ਟੌਪ, ਰਾਹਤ ਇੰਦੌਰੀ ਅੱਜ ਹੁੰਦੇ, ਜ਼ਰੂਰ ਚਾਨਣਾ ਪਾਉਂਦੇ। ਪਟਨਾ, ਸਿਰੇ ਦਾ ਗੰਦਾ। ਬਠਿੰਡਾ ਟੌਪ, ਪਟਿਆਲਾ ਸੈਕਿੰਡ। ਅਬੋਹਰ ਨੇ ਰੱਬ ਦੇ ਮਾਂਹ ਮਾਰਤੇ। ਦੇਸ਼ ਭਰ ‘ਚੋਂ ਸਭ ਤੋਂ ਵੱਧ ਤੀਜਾ ਗੰਦਾ ਸ਼ਹਿਰ। ਮੂੰਹ ਦਿਖਾਉਣ ਜੋਗਾ ਨਹੀਂ ਅਬੋਹਰ। ਦੋ ਵਰ੍ਹੇ ਪਹਿਲਾਂ ਨਵਜੋਤ ਸਿੱਧੂ ਗਏ। ਅਬੋਹਰ ਨੂੰ ਗੋਦ ਲੈ ਕੇ ਮੁੜੇ। ਨਿਆਣੇ ਵਾਂਗੂ ਹੁਣ ਸ਼ਹਿਰ ਰੋ ਰਿਹੈ, ਗੁਰੂ ਲੱਭਦਾ ਨਹੀਂ।  ਬੁਢਲਾਡੇ ਵਾਲੇ ਕੀਹਦੇ ਗੱਲ ਲੱਗ ਰੋਣ। ਉੱਤਰੀ ਭਾਰਤ ‘ਚੋਂ ਝੰਡੀ ਲੈ ਗਿਆ। ਬੁਢਲਾਡਾ ਕੂੜੇ ਨਾਲ ਭਰਿਐ। ਮਹਾਤਮਾ ਗਾਧੀ ਦਾ ਚਸ਼ਮਾ। ਵੇਖਣੋ ਨਹੀਂ ਹਟ ਰਿਹਾ ਹੈ..! ‘ਸਵੱਛ ਭਾਰਤ‘ ਦੇ ਅੰਦਰਲੇ ਸੱਚ ਨੂੰ। ਗੁਰੂ ਘਰ ‘ਚ ਕੀਰਤਨ ਚੱਲ ਰਿਹੈ... ‘ਤੇਰੇ ਅੰਦਰੋਂ ਮੈਲ ਨਾ ਜਾਵੇ..!‘ ਠੇਠਰ ਸਿਆਸੀ ਜਮਾਤ ਬਣੀ ਐ। ਨਫ਼ਰਤ ਦੀ ਅਮਰਵੇਲ ਤੋਂ ਕੋਈ ਟਾਹਣਾ ਨਹੀਂ ਬਚਿਆ। ਮਨ ਕਿਤੇ ਮੰਦਰ ਬਣ ਜਾਏ, ਮੁਹੱਬਤਾਂ ਦੇ ਟੱਲ ਵੱਜਦੇ ਸੁਣੀਏ। ਮਨ ਦੀ ਮੈਲ ਕਿਵੇਂ ਧੋਤੀ ਜਾਊ। ‘ਸਵੱਛ ਸੋਚ, ਬੇਦਾਗ ਦਿਲ‘, ਨਵੀਂ ਮੁਹਿੰਮ, ਕੋਈ ਤਾਂ ਛੇੜੋ। ਦੇਸ਼ ਦਾ ਕੂੜਾ ਹੂੰਝ ਰਹੇ ਹਾਂ। ਦਿਲ ਕੂੜਾ ਡੰਪ ਬਣੇ ਨੇ। ਨਾ ਸਮੁੰਦਰ ਡੂੰਘੇ ਰਹੇ, ਨਾ ਹੁਣ ਦਿਲ ਦਰਿਆ ਨੇ। ਤਾਹੀਓਂ ਸਟੈਂਟ ਪਾਉਣੇ ਪੈਂਦੇ ਨੇ।
               ਧੰਨ ਤਾਂ ਧੰਨਾ ਭਗਤ ਸੀ। ਪਾਕ ਪਵਿੱਤਰ ਦਿਲ, ਪੱਥਰਾਂ ‘ਚੋਂ ਰੱਬ ਪਾ ਲਿਆ। ਸਿਆਸੀ ਮਦਾਰੀ ਪੱਥਰ ਬਣੇ ਨੇ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ। ਵਾਤਾਵਰਨ ਬਥੇਰਾ ਸਾਫ ਕਰਦੇ ਹੋ। ਅਲਖ ਜਗਾਉਂਦੇ ਹੋ, ਪੌਦੇ ਲਾਉਂਦੇ ਹੋ। ਬਾਬਾ ਜੀ, ਚਲਾਓ ਕੋਈ ਕਾਰ ਸੇਵਾ... ਮੁਕਾ ਦਿਓ ਨਫ਼ਰਤੀ ਝੇੜੇ। ਬਟਵਾਰੇ ਮਗਰੋਂ ਸੱਚਰ ਹਕੂਮਤ ਸੀ। ਵਿਰੋਧੀ ਧਿਰ ਦੇ ਆਗੂ ‘ਤੇ 14 ਕੇਸ ਦਰਜ ਕੀਤੇ। ਉਦੋਂ ‘ਐਂਟੀ ਸੋਸ਼ਲ‘ ਦਾ ਤੇਸਾ ਚੱਲਦਾ ਸੀ। ਸਾਂਝੇ ਪੰਜਾਬ ਦਾ ਜ਼ਿਲ੍ਹਾ ਰੋਹਤਕ, ਗੜਬੜ ਵਾਲਾ ਖ਼ਿੱਤਾ ਕਰਾਰ ਦਿੱਤਾ। ਤਰੱਕੀ ਦਾ ਗਡੀਰਾ ਦੇਖੋ। ‘ਐਂਟੀ ਸੋਸ਼ਲ‘ ਦੀ ਥਾਂ ‘ਐਂਟੀ ਨੈਸ਼ਨਲ‘ ਨੇ ਮੱਲ ਲਈ। ਸਮੁੱਚਾ ਮੁਲਕ ਰੋਹਤਕ ਬਣਿਆ ਜਾਪਦੈ। ਦਿਲ ਤਾਂ ਛੋਟੇ ਨੇ, ਕੋਈ ਸਰਜਨ ਨਹੀਂ ਲੱਭਦਾ, ‘ਬਾਈਪਾਸ ਸਰਜਰੀ‘ ਕਿਥੋਂ ਕਰਾਈਏ। ਦਿਲ ‘ਚੋਂ ਗੰਦਾ ਮੈਲਾ ਜੋ ਕੱਢ ਸੁੱਟੇ। ਚਾਚਾ ਗਾਲਿਬ ਫ਼ਰਮਾ ਰਹੇ ਨੇ, ‘ਬੜਾ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ, ਜੋ ਚੀਰਾ ਤੋ ਕਤਰਾ ਏ ਖੂੰ ਨਾ ਨਿਕਲਾ।‘ ਗੰਗਾ ਕੰਢੇ ‘ਤੇ ਅੰਬਾਨੀ-ਅਡਾਨੀ ਬੈਠੇ ਨੇ। ਵਗਦੀ ਗੰਗਾ ‘ਚੋਂ ਹੱਥ ਧੋ ਰਹੇ ਨੇ। ਚੇਤੇ ਕਰੋ, ਸਫਾਈ ਕਾਮਿਆਂ ਦੇ ਪੈਰ। ਜੋ ਕੁੰਭ ਮੇਲੇ ‘ਤੇ ਮੋਦੀ ਨੇ ਧੋਤੇ। ਕਾਸ਼, ਸਫਾਈ ਕਾਮਿਆਂ ਦੇ ਦੁੱਖ ਧੋਤੇ ਹੁੰਦੇ।
               ਸਫਾਈ ਕਾਮਿਆਂ ਦਾ ਚੇਅਰਮੈਨ, ਗੇਜਾ ਰਾਮ ਕੁਰਲਾ ਰਿਹੈ। ‘ਤਨ ‘ਤੇ ਕੱਪੜਾ ਨਹੀਂ, ਸਿਰ ‘ਤੇ ਛੱਤ ਨਹੀਂ, ਢਿੱਡ ਖਾਲੀ ਨੇ।‘ ‘ਸਵੱਛ ਭਾਰਤ‘ ਦੇ ਅਸਲ ਨਾਇਕ ਉੱਖੜੇ ਹੋਏ ਨੇ। ਪੰਜਾਬ ‘ਚ 28 ਹਜ਼ਾਰ ਸਫਾਈ ਕਾਮੇ ਨੇ। ਜ਼ਿੰਦਗੀ ਦਾ ਘੱਟਾ ਢੋਣਾ ਮਜਬੂਰੀ ਹੈ। ਕਿਥੇ ਫਰਿਆਦ ਕਰਨ।‘ਸਵੱਛ ਭਾਰਤ‘ ਦੇ ਸਟਾਰ ਕਿਸੇ ਹੋਰ ਮੋਢੇ ਸਜਦੇ ਨੇ। ਪੰਜਾਬ ਹਰ ਵਾਰ ਨਿਲਾਮ ਹੁੰਦੈ। ਕਰੋਨਾ ਦਾ ਲਾਗ ਫੁੰਕਾਰੇ ਨਾ ਮਾਰਦਾ। ਸਿਆਸੀ ਦੈਂਗੜ ਦੈਂਗੜ ਹੋ ਜਾਣੀ ਸੀ। ਕੁਰਸੀ ਨੂੰ ਜਾਂਦਾ ਰਾਹ ਕਰੋਨਾ ਕਿਵੇਂ ਰੋਕੂ। ਵਿਰੋਧੀ ਕਦੇ ਕਿਤੇ, ਕਦੇ ਕਿਤੇ ਨਾਅਰੇ ਮਾਰਦੇ ਨੇ। ਪਿਆਰੇ ਪੰਜਾਬੀਓ, ਥੋਡੀ ‘ਸੇਵਾ‘ ਲਈ ਕਰੋਨਾ ਦੀ ਪ੍ਰਵਾਹ ਤੱਕ ਨਹੀਂ ਕਰਦੇ। ਮੌਤ ਲੱਕ ਨਾਲ ਬੰਨ੍ਹ ਕੇ ਲੜ ਰਹੇ ਨੇ। ਨਕਲੀ ਸ਼ਰਾਬ ਨਾਲ ਜੋ ਮਰੇ। ਉਨ੍ਹਾਂ ‘ਚੋਂ 115 ਮ੍ਰਿਤਕ ਬਾਲਮੀਕਿ ਸਮਾਜ ‘ਚੋਂ ਸਨ। ਨਿੱਕੇ ਬੱਚੇ ਪਤੰਗ ਲੁੱਟਦੇ ਨੇ, ਨੇਤਾ ਚੋਣਾਂ ਲੁੱਟਦੇ ਨੇ। ਮਜੀਠੀਆ ਸਮਝਾ ਰਿਹੈ, ਪੰਜਾਬ ਨੂੰ ਕੌਣ ਲੁੱਟ ਰਿਹੈ। ਅਮਰਿੰਦਰ ਆਜ਼ਾਦੀ ਦਿਹਾੜੇ ‘ਤੇ ਬੋਲੇ ਨੇ। ‘ਹੁਣ ਨਹੀਂ ਟਿਕ ਕੇ ਬੈਠਾਂਗਾ‘। ਛੇ ਲੱਖ ਨੌਕਰੀਆਂ ਦਿਆਂਗਾ। ਬੇਰੁਜ਼ਗਾਰ ਨੌਜਵਾਨ ਆਖਦੇ ਨੇ, ਨਾ ਰੋਣ ਆਉਂਦਾ ਹੈ ਤੇ ਨਾ ਹਾਸਾ। ਸਰਕਾਰੀ ਢੋਲਚੀ... ਬਾਦਸ਼ਾਹੀ ਤੂਤੀ ਵਜਾ ਰਿਹੈ। ਰੱਬ ਨੂੰ ਮੱਗ ਦੱਸਣ, ਕਰੋਨਾ ਕਰਕੇ ਸਹਿਮੇ ਨੇ। ਮਹਾਤੜਾਂ ਦੀ ਜ਼ਿੰਦਗੀ ਦਾਅ ‘ਤੇ ਲੱਗੀ ਹੈ। ਸਿਆਸੀ ਜਮਾਤ ਮੱਛਰੀ ਫਿਰਦੀ ਐ। ਮਰਹੂਮ ਅਮਰਜੀਤ ਢਿੱਲੋਂ ਦੀ ਤੁਕ ਐ, ‘ਚਿੱਟੇ ਕਾਲੇ ਨੀਲੇ ਮੋਰ, ਲਾਲ ਕੇਸਰੀ ਕਿੰਨੇ ਹੋਰ।‘
              ਜਿਨ੍ਹਾਂ ਦੇ ਮੱਥੇ ਦਗਦੇ ਨੇ। ਭਾਂਬੜ ਸੀਨੇ ‘ਚ ਬਲਦੇ ਨੇ। ਪ੍ਰਸ਼ਾਂਤ ਭੂਸ਼ਨ ਦੇ ਖੱਬੇ ਸੱਜੇ ਨੇ। ‘ਹਮ ਦੇਖੇਗੇਂ...‘ ਬੋਲ ਮੁੜ ਗੂੰਜੇ ਨੇ। ਬੇਲਾਰੂਸ ਵਾਲੀ ਅਧਿਆਪਕਾ ਸਵੇਤਲਾਨਾ। ਉਥੋਂ ਦੀ ਜਬਰੀ ਹਕੂਮਤ ਖ਼ਿਲਾਫ਼ ਪ੍ਰਤੀਕ ਬਣੀ ਹੈ। ਕੁੜੀਆਂ ਦੇ ਹੱਥਾਂ ਵਿੱਚ ਗੁਲਾਬ ਨੇ। ਬੇਲਾਰੂਸ ‘ਚ ਸੜਕਾਂ ‘ਤੇ ਨਾਅਰੇ ਗੂੰਜੇ ਨੇ... ਸਵੇਤਲਾਨਾ ਅੱਗੇ ਵਧੋ...ਅਸੀਂ ਤੁਹਾਡੇ ਨਾਲ ਹਾਂ।‘ ਪੰਜਾਬੀ ਡਰੇ ਜ਼ਰੂਰ ਨੇ, ਹਰੇ ਨਹੀਂ। ਜੋ ਮਰਜ਼ੀ ਝੱਖੜ ਆਉਣ, ਛੱਜੂ ਰਾਮ ਦਾ ਸਿਦਕ ਪੈਰ ਗੱਡ ਕੇ ਖੜ੍ਹੈ, ਪਤਾ ਨਹੀਂ ਕਿਸ ਦਾਈ ਨੇ ਗੁੜ੍ਹਤੀ ਦਿੱਤੀ ਹੈ। ‘ਅਸੀਂ ਖੇਤਾਂ ‘ਚ ਲੱਗੇ ਡਰਨੇ ਨਹੀਂ...‘ ਸਮਾਰਟ ਫੋਨ ‘ਤੇ ਧੜਾਧੜ ਸੁਨੇਹੇ ਭੇਜ ਰਿਹੈ। ਢੋਲੀ ਡੱਗਾ ਲਾਉਣੋਂ ਨਹੀਂ ਹਟ ਰਿਹਾ... ਅਖੇ ਤੁਸੀਂ ਸੌਂ ਜਾਓ, ਮਹਾਰਾਜਾ ਸਾਹਿਬ ਜਾਗਣਗੇ। ਸਿਆਸੀ ਡਮਰੂ ਵੱਜਿਆ ਹੈ। ਪੰਜਾਬ ਕਿਤੇ ਜਮੂਰਾ ਬਣਨ ਤੋਂ ਆਕੀ ਨਾ ਹੋ ਜਾਏ। ਤਰਕੀਬਾਂ ਲਈ ਸਿਰ ਜੁੜਨ ਲੱਗੇ ਨੇ। ਡਮਰੂ ਵਾਲੇ ਸਿਆਸੀ ਮਦਾਰੀ, ਏਨਾਂ ਕੁ ਚੇਤੇ ਰੱਖਣ। ਕਿਤੇ ਜਮੂਰੇ ਧਤੂਰੇ ਨਾ ਬਣ ਜਾਣ। ਅਖੀਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੇ ਮੁਹੱਬਤੀ ਬੋਲਾਂ ਨਾਲ...‘ਇਸ਼ਕ ਡਮਰੂ ਸਹੀ ਮਨ ਡਮਰੂ ਸਹੀ, ਤੂੰ ਮਦਾਰੀ ਸਹੀ ਇਹ ਤਮਾਸ਼ਾ ਸਹੀ/ਮੈਂ ਦੀਵਾਨਾ ਤੇਰਾ, ਤੇਰੀ ਦੁਨੀਆ ਲਈ, ਇਸ਼ਕ ਮੇਰਾ ਜੇ ਹਾਸਾ ਤਾਂ ਹਾਸਾ ਸਹੀ।‘

1 comment:

  1. ਬਹੁਤ ਵਧੀਆ ਲਿਖਿਆ। ਕਮਾਲ ਕੀਤੀ ਪਈ ਐ।👌👌👌👌👌👌

    ReplyDelete