Thursday, January 31, 2019

                                                         ਪੈਸਾ ਲੋਕਾਂ ਦਾ..
                            ਦੌਲਤਮੰਦ ਵਿਧਾਇਕਾਂ ਨੇ ‘ਕੰਗਾਲ’ ਕੀਤਾ ਖ਼ਜ਼ਾਨਾ
                                                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਦੌਲਤਮੰਦ ਵਿਧਾਇਕਾਂ ਨੇ ਸਰਕਾਰੀ ਖ਼ਜ਼ਾਨੇ ਦਾ ਧੂੰਆਂ ਕੱਢ ਦਿੱਤਾ ਹੈ। ਸਰਕਾਰੀ ਖ਼ਜ਼ਾਨੇ ਚੋਂ ਕਰੀਬ ਇੱਕ ਅਰਬ ਰੁਪਏ ਇਨ੍ਹਾਂ ਵਿਧਾਇਕਾਂ ਦੀ ਜੇਬ ’ਚ ਪਏ ਹਨ। ਵਧੀ ਤਨਖ਼ਾਹ ਤੇ ਭੱਤਿਆਂ ਦਾ ਕ੍ਰਿਸ਼ਮਾ ਹੈ ਕਿ ਵਿਧਾਇਕਾਂ ਦੇ ਖ਼ਰਚ ’ਚ ਦਸ ਵਰ੍ਹਿਆਂ ’ਚ ਸਾਢੇ ਚਾਰ ਗੁਣਾ ਵਾਧਾ ਹੋਇਆ ਹੈ। ਵਰ੍ਹਾ 2007-08 ਵਿਚ ਖ਼ਜ਼ਾਨੇ ਨੂੰ ਇੱਕ ਵਿਧਾਇਕ ਅੌਸਤਨ 4.89 ਲੱਖ ਰੁਪਏ ਸਲਾਨਾ ਵਿਚ ਪੈਂਦਾ ਸੀ, ਉਹੀ ਵਿਧਾਇਕ ਹੁਣ ਅੌਸਤਨ 18.76 ਲੱਖ ’ਚ ਪੈਣ ਲੱਗਾ ਹੈ। ਖ਼ਜ਼ਾਨਾ ਖ਼ਾਲੀ ਹੋਵੇ ਤੇ ਚਾਹੇ ਭਰਿਆ, ਵਿਧਾਨ ਸਭਾ ਸਕੱਤਰੇਤ ਨੂੰ ਖੁੱਲ੍ਹਾ ਬਜਟ ਮਿਲਦਾ ਹੈ। ਸਾਲ 2007-08 ਤੋਂ ਸਾਲ 2017-18 ਤੱਕ ਵਿਧਾਨ ਸਭਾ ਸਕੱਤਰੇਤ ਨੂੰ 338.62 ਕਰੋੜ ਦਾ ਬਜਟ ਮਿਲਿਆ ਜਿਸ ਚੋਂ 309.91 ਕਰੋੜ ਖ਼ਰਚ ਹੋਏ ਹਨ।  ਵਿਧਾਨ ਸਭਾ ਪੰਜਾਬ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਵਿਧਾਇਕ ਹੁਣ ਕਾਫ਼ੀ ਮਹਿੰਗੇ ਪੈਣ ਲੱਗੇ ਹਨ। ਮੁੱਖ ਮੰਤਰੀ, ਵਜ਼ੀਰ, ਵਿਰੋਧੀ ਧਿਰ ਦਾ ਨੇਤਾ, ਸਪੀਕਰ ,ਡਿਪਟੀ ਸਪੀਕਰ ਦਾ ਖਰਚਾ ਇਸ ਤੋਂ ਵੱਖਰਾ ਹੈ। ਇਹ ਨਿਰੋਲ 96 ਵਿਧਾਇਕਾਂ ਦਾ ਖਰਚਾ ਹੈ। ਮੁੱਖ ਸੰਸਦੀ ਸਕੱਤਰ ਦੇ ਅਹੁਦੇ ਸਮੇਂ ਵਿਧਾਇਕਾਂ ਦਾ ਅੰਕੜਾ 84 ਦੇ ਆਸ ਪਾਸ ਰਹਿੰਦਾ ਸੀ। ਸਰਕਾਰੀ ਖ਼ਜ਼ਾਨੇ ਨੇ ਇਕੱਲੇ ਵਿਧਾਇਕਾਂ ਨੂੰ ਸਾਲ 2007-08 ਤੋਂ ਸਾਲ 2017-18 ਤੱਕ 61.47 ਕਰੋੜ ਰੁਪਏ ਤਨਖ਼ਾਹ ਵਜੋਂ ਅਤੇ 42.24 ਕਰੋੜ ਰੁਪਏ ਟੀ.ਏ/ਡੀ.ਏ ਅਤੇ ਤੇਲ ਖ਼ਰਚ ਵਜੋਂ ਦਿੱਤੇ ਹਨ। ਮਤਲਬ ਕਿ 11 ਵਰ੍ਹਿਆਂ ਵਿਚ 103.71 ਕਰੋੜ ਰੁਪਏ ਦਾ ਖਰਚਾ ਵਿਧਾਇਕਾਂ ਦਾ ਰਿਹਾ ਹੈ।
           ਤੱਥ ਗਵਾਹ ਹਨ ਕਿ ਸਾਲ 2007-08 ਵਿਚ ਵਿਧਾਇਕਾਂ ਦੀ ਕੁੱਲ ਤਨਖ਼ਾਹ ਦੋ ਕਰੋੜ ਰੁਪਏ ਅਤੇ ਟੀ.ਏ/ਡੀ.ਏ ਅਤੇ ਤੇਲ ਖ਼ਰਚ 2.11 ਕਰੋੜ ਰੁਪਏ ਬਣਿਆ ਸੀ। ਉਦੋਂ ਵਿਧਾਇਕਾਂ ਦਾ ਸਲਾਨਾ ਖ਼ਰਚ 4.11 ਕਰੋੜ ਰੁਪਏ ਸੀ ਜਦੋਂ ਕਿ ਹੁਣ ਇਹੋ ਖਰਚਾ ਸਲਾਨਾ 18 ਕਰੋੜ ਹੋ ਗਿਆ ਹੈ। ਪੰਜਾਬ ਸਰਕਾਰ ਨੇ ਸਾਲ 2009-10 ਵਿਚ ਵਿਧਾਇਕਾਂ ’ਤੇ ਕੁੱਲ ਖਰਚਾ 5.77 ਕਰੋੜ ਰੁਪਏ ਕੀਤਾ ਜਦੋਂ ਕਿ ਸਾਲ 2014-15 ਵਿਚ ਇਹੋ ਖਰਚਾ ਵਧ ਕੇ ਸਲਾਨਾ ਦਾ 9.15 ਕਰੋੜ ਰੁਪਏ ਹੋ ਗਿਆ। ਸਾਲ 2015-16 ਵਿਚ ਵਿਧਾਇਕ ਖ਼ਜ਼ਾਨੇ ਨੂੰ 12.90 ਕਰੋੜ ਅਤੇ ਸਾਲ 2016-17 ਵਿਚ 15.10 ਕਰੋੜ ਵਿਚ ਪਏ ਹਨ। ਇਸ ਤੋਂ ਬਿਨਾਂ ਸਰਕਾਰ ਹਰ ਵਿਧਾਇਕ ਦਾ ਪ੍ਰਤੀ ਮਹੀਨਾ ਅੌਸਤਨ 7200 ਰੁਪਏ ਆਮਦਨ ਕਰ ਵੀ ਤਾਰਦੀ ਹੈ। ਪੰਜਾਬ ਦੇ ਜੋ ਮੌਜੂਦਾ 117 ਵਿਧਾਇਕ ਹਨ, ਉਨ੍ਹਾਂ ਚੋਂ 81 ਫ਼ੀਸਦੀ ਮਤਲਬ 95 ਵਿਧਾਇਕ ਤਾਂ ਕਰੋੜਪਤੀ ਹਨ। ਹਾਲਾਂਕਿ ਹੁਣ ਵਿਧਾਨ ਸਭਾ ਦੇ ਸੈਸ਼ਨ ਬਹੁਤ ਹੀ ਛੋਟੇ ਰਹਿ ਗਏ ਹਨ ਜਿਸ ਦੇ ਵਜੋਂ ਵਿਧਾਇਕ ਆਪਣੀ ਮੁੱਢਲੀ ਡਿਊਟੀ ਤੋਂ ਵਾਂਝੇ ਹੀ ਰਹਿੰਦੇ ਹਨ। ਫਿਰ ਵੀ ਖ਼ਜ਼ਾਨਾ ਇਨ੍ਹਾਂ ਦੌਲਤਮੰਦ ਵਿਧਾਇਕਾਂ ਦੀ ਜੇਬ ਖ਼ਾਲੀ ਨਹੀਂ ਹੋਣ ਦਿੰਦਾ। ਵਿਧਾਨ ਸਭਾ ਸਕੱਤਰੇਤ ਦਾ ਕੁੱਲ ਖ਼ਰਚ ਦਾ ਕਰੀਬ ਇੱਕ ਤਿਹਾਈ ਖਰਚਾ ਇਕੱਲੇ ਵਿਧਾਇਕਾਂ ’ਤੇ ਖ਼ਰਚ ਹੁੰਦਾ ਹੈ। ਵਿਧਾਇਕਾਂ ਲਈ ਜੋ ਵਾਹਨ ਖ਼ਰੀਦੇ ਜਾਂਦੇ ਹਨ, ਉਨ੍ਹਾਂ ਦਾ ਖਰਚਾ ਵੱਖਰਾ ਹੈ।
                ਜਦੋਂ ਵੀ ਖ਼ਜ਼ਾਨਾ ਸੰਕਟ ਵਿਚ ਹੁੰਦਾ ਹੈ ਤਾਂ ਮੁਲਾਜ਼ਮਾਂ ਅਤੇ ਲੋਕ ਭਲਾਈ ਸਕੀਮਾਂ ’ਤੇ ਕੱਟ ਲੱਗ ਜਾਂਦਾ ਹੈ ਪ੍ਰੰਤੂ ਵਿਧਾਇਕਾਂ ਦੀ ਤਨਖ਼ਾਹ ਕਦੇ ਇੱਕ ਦਿਨ ਵੀ ਨਹੀਂ ਪਛੜਦੀ ਹੈ। ਵੇਰਵਿਆਂ ਅਨੁਸਾਰ ਵਿਧਾਨ ਸਭਾ ਦਾ ਸਾਲ 2007-08 ਵਿਚ ਬਜਟ ਸਿਰਫ਼ 15.73 ਕਰੋੜ ਰੁਪਏ ਸੀ ਜਿਸ ਚੋਂ 10.28 ਕਰੋੜ ਖ਼ਰਚੇ ਗਏ ਸਨ। ਹੁਣ ਸਾਲ 2017-18 ਵਿਚ ਇਹੋ ਬਜਟ ਵੱਧ ਕੇ 43.29 ਕਰੋੜ ਰੁਪਏ ਹੋ ਗਿਆ ਹੈ ਜਿਸ ਚੋਂ 42.53 ਕਰੋੜ ਰੁਪਏ ਖ਼ਰਚੇ ਗਏ ਹਨ। ਵਿਧਾਨ ਸਭਾ ਦੀਆਂ 13 ਕਮੇਟੀਆਂ ਹਨ ਜਿਨ੍ਹਾਂ ਦੇ ਮੈਂਬਰਾਂ ਵੱਲੋਂ ਕਈ ਮੀਟਿੰਗਾਂ ਪਹਾੜੀ ਥਾਵਾਂ ’ਤੇ ਕੀਤੀਆਂ ਜਾਂਦੀਆਂ ਹਨ। ਕਈ ਵਿਧਾਇਕਾਂ ਤਾਂ ਭੱਤੇ ਲੈਣ ਖ਼ਾਤਰ ਇਨ੍ਹਾਂ ਮੀਟਿੰਗਾਂ ਲਈ ਊਰੀ ਵਾਂਗੂ ਘੁੰਮਦੇ ਹਨ। ਸਿਆਸੀ ਧਿਰਾਂ ਵਿਚ ਲੋਕ ਮੁੱਦਿਆਂ ’ਤੇ ਲੱਖ ਵਖਰੇਵੇਂ ਖੜ੍ਹੇ ਹੋ ਜਾਂਦੇ ਹਨ ਪ੍ਰੰਤੂ ਤਨਖ਼ਾਹਾਂ ਤੇ ਭੱਤਿਆਂ ਵਿਚ ਵਾਧੇ ਮੌਕੇ ਸਭ ਧਿਰਾਂ ਘਿਓ ਖਿਚੜੀ ਹੋ ਜਾਂਦੀਆਂ ਹਨ।
                                   ਵਿਧਾਇਕਾਂ ਦੇ ਇਲਾਜ ’ਤੇ ਛੇ ਕਰੋੜ ਖ਼ਰਚੇ
ਵਿਧਾਇਕਾਂ ਦੀ ਸਿਹਤ ਨੇ ਵੀ ਖ਼ਜ਼ਾਨੇ ਨੂੰ ਮੰਜੇ ਵਿਚ ਪਾਇਆ ਹੈ। 11 ਵਰ੍ਹਿਆਂ ਦੌਰਾਨ ਵਿਧਾਇਕਾਂ ਦੀ ਸਿਹਤ ’ਤੇ ਸਰਕਾਰੀ ਖ਼ਜ਼ਾਨੇ ਨੇ 6.01 ਕਰੋੜ ਰੁਪਏ ਖ਼ਰਚ ਕੀਤੇ ਹਨ। ਸਾਲ 2010-11 ਵਿਚ ਤਾਂ ਇਨ੍ਹਾਂ ਵਿਧਾਇਕਾਂ ਦੇ ਇਲਾਜ ਤੇ ਇੱਕੋ ਵਰੇ੍ਹ ਵਿਚ 3.59 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਸਾਲ 2017-18 ਵਿਚ ਵਿਧਾਇਕਾਂ ਦਾ ਇਲਾਜ ਖਰਚਾ 14.10 ਲੱਖ ਰੁਪਏ ਰਿਹਾ ਹੈ। ਇਸ ਤੋਂ ਬਿਨਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਵਿਧਾਇਕ ਲੜਕੇ ਦਾ ਇਲਾਜ ਖਰਚਾ ਕਰੀਬ ਛੇ ਕਰੋੜ ’ਚ ਖ਼ਜ਼ਾਨੇ ਨੂੰ ਪਿਆ ਹੈ।
                             ਵਿਧਾਇਕਾਂ ਦੇ ਖ਼ਰਚ ’ਤੇ ਇੱਕ ਝਾਤ 
ਸਾਲ ਕੁੱਲ ਤਨਖ਼ਾਹ (ਕਰੋੜਾਂ ’ਚ ) ਟੀ.ਏ/ਡੀ.ਏ/ਪੈਟਰੋਲ ਖ਼ਰਚ (ਕਰੋੜਾਂ ’ਚ)
2007-08      2.00 2.11
2008-09      2.42 1.94
2009-10               2.41 3.36
2010-11       3.56 3.56
2011-12       5.47 2.94
2012-13      5.58 3.82
2013-14       5.59 3.80
2014-15      5.43 3.72
2015-16      7.95 4.95
2016-17     9.43 5.67
2017-18    11.63 6.37

ਕੁੱਲ :    61.47 42.24
     

Saturday, January 26, 2019

                                                            ਵਿਚਲੀ ਗੱਲ
                         ਬਚਕੇ ਰਹੀ ਜਲੌਰ ਸਿਆਂ, ਰੁੱਤ ਭੇਡਾਂ ਮੁੰਨਣ ਦੀ ਆਈ..!
                                                          ਚਰਨਜੀਤ ਭੁੱਲਰ
ਬਠਿੰਡਾ :  ਸਿਆਲਾਂ ਮਗਰੋਂ ਭੇਡ ਨੂੰ ਮੁੰਨਿਆ ਜਾਵੇ, ਇਹੋ ਢੁਕਵਾਂ ਸਮਾਂ ਹੁੰਦਾ ਹੈ। ਇਹ ਕੋਈ ਅਟਕਲ ਪੱਚੂ ਨਹੀਂ, ਪਸ਼ੂਆਂ ਦੇ ਡਾਕਟਰਾਂ ਦਾ ਪਰਖਿਆ ਮਸ਼ਵਰਾ ਹੈ। ਇਤਫ਼ਾਕ ਹੈ, ਚੋਣਾਂ ਵੀ ਸਰਦੀ ਢਲ਼ਨ ਪਿੱਛੋਂ ਹੀ ਹਨ। ਉਨ੍ਹਾਂ ਨੂੰ ਇਸੇ ਮੌਸਮ ’ਚ ਕੰਨ ਹੋਣਗੇ ਜਿਨ੍ਹਾਂ ਦੀ ਕਾਟੋ ਕੱਲ੍ਹ ਤੱਕ ਫੁੱਲਾਂ ਤੇ ਖੇਡਦੀ ਰਹੀ ਕਿ ਕਿਸ ਭਾਅ ਵਿਕਦੀ ਹੈ। ਫੱੁਲੋ ਮਿੱਠੀ (ਬਠਿੰਡਾ) ਦਾ ਆਜੜੀ ਕਾਲਾ ਸਿੰਘ ਕਿਸ ਹੌਸਲੇ ਮੰਡੀ ’ਚ ਜਾਏ। ਭੇਡ ਦੀ ਉੱਨ ਦੇ ਮੁੱਲ ’ਚ ਜੋ ਮੰਦਾ ਆਇਆ। 300 ਰੁਪਏ ਕਿੱਲੋ ਵਾਲੀ ਉੱਨ ਹੁਣ 40 ਰੁਪਏ ਵਿਕਦੀ ਹੈ। ਦਿਲ ਹੌਲਾ ਨਾ ਕਰ ਕਾਲਾ ਸਿਆਂ, ਦਿਨ ਤੇਰੇ ਫਿਰਨਗੇ, ਤੂੰ ਤਾਂ ਜਮਹੂਰੀ ਪਿੜ ਦਾ ‘ਬਾਦਸ਼ਾਹ’ ਹੈ, ਕੋਈ ਲੱਲੀ ਛੱਲੀ ਨਹੀਂ। ਲੱਗਦੈ, ਭੇਡਾਂ ਵਾਲੇ ਕਾਲੇ ਨੇ ਜਗਸੀਰ ਜੀਦਾ ਦੀ ਬੋਲੀ ਨਹੀਂ ਸੁਣੀ ਹੋਣੀ ‘ਭੇਡ ਵਿਕ ਗਈ 8560 ਦੀ, ਚਾਰ ਸੌ ਨੂੰ ਵੋਟ ਵਿਕ ਗਈ।’ ਕਾਲੇ ਦੀ ਭੇਡ ਹੁਣ ਬਹੁਤੀ ਉੱਨ ਨਹੀਂ ਦਿੰਦੀ, ਲੋਕ ਰਾਜ ਦੀਆਂ ‘ਭੇਡਾਂ’ ਕੋਲ ਕਮੀ ਨਹੀਂ। ਲਓ, ਸਿਆਸੀ ਟੋਟਕਾ ਸੁਣੋ। ਚੀਨ ਵਾਲੇ ਜਦੋਂ ਨੇਫ਼ਾ ਖੇਤਰ ’ਚ ਘੱੁਸੇ ਤਾਂ ਭਾਰਤ ਨੇ ਪੁੱਛਿਆ ‘ਕਿਧਰ ਮੂੰਹ ਚੁੱਕਿਐ’। ਅੱਗਿਓਂ ਚੀਨੀ ਕਹਿੰਦੇ ‘ਸਾਡੀਆਂ ਭੇਡਾਂ ਗੁਆਚ ਗਈਆਂ, ਉਹ ਲੱਭਣ ਆਏ ਹਾਂ।’ ਪਤਾ ਉਦੋਂ ਲੱਗਾ ਜਦੋਂ ਅਗਲਿਆਂ ਜ਼ਮੀਨ ਨੱਪ ਲਈ।
                 ਹੁਣ ਦਿੱਲੀਓ ਲਾਮ ਲਸ਼ਕਰ ਤੁਰਨਗੇ ‘ਭਾਰਤ ਦਰਸ਼ਨ’ ਕਰਨ। ਕੋਈ ਸਿਆਸੀ ਸਿੰਗ ਨਾ ਦਾਗ਼ ਦੇਣ, ਇਸੇ ਡਰੋਂ ਸੋਨੀਆ ਦਾ ਕਾਕਾ ਤੇ ਬੀਬਾ ਇਕੱਲੇ ਨਹੀਂ, ਅੰਬਾਨੀਆਂ ਦਾ ਸਕਾ ਨਰਿੰਦਰ ਮੋਦੀ ਵੀ ਲੋਕਾਂ ਦੇ ਖੁਰ ਵੱਢੇਗਾ। ਕਾਲਾ ਸਿਓ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਕਦੋਂ ਭੇਡਾਂ ’ਚ ਸਿਆਸੀ ਸ਼ੇਰ ਰਲ ਗਏ। ਭੋਲਾ ਪੰਛੀ ਕੀ ਜਾਣੇ ਕਿ ਖੁਰ ਵੱਢਣ ਵਾਲਿਆਂ ਲਈ ਤਾਂ ਦੇਸ਼  ‘ਭੇਡਾਂ ਦਾ ਵਾੜਾ’ ਹੀ ਹੈ।ਅੰਕੜਾ ਕਿੰਨਾ ਮਿਲਦਾ ਜੁਲਦਾ ਹੈ। ਪੇਂਡੂ ਪੰਜਾਬ ’ਚ 1.27 ਕਰੋੜ ਵੋਟਰ ਹਨ ਜਦੋਂ ਕਿ ਭੇਡਾਂ ਦੀ ਗਿਣਤੀ 1.28 ਲੱਖ ਹੈ। ਉਂਜ ਤਾਂ ਪੰਜਾਬੀ ਸ਼ੇਰ ਹੀ ਹਨ, ਬੱਸ ਵੋਟਾਂ ਵਾਲੇ ਦਿਨ ‘ਭੇਡ’ ਬਣ ਜਾਂਦੇ ਨੇ, ਚਾਹੇ ਕੋਈ ਮਰਜ਼ੀ ਮੁੰਨ ਲਏ। ਸੁਖਪਾਲ ਖਹਿਰਾ ਕਹਿੰਦਾ ਫਿਰਦੈ, ਪੰਜਾਬੀਓ ਫਿਰ ਬਣੋ ਸ਼ੇਰ। ਅੰਬਾਨੀ ਅਡਾਨੀ ਸ਼ੇਰਾਂ ਤੇ ਭੇਡਾਂ ਦੀ ਗਿਣਤੀ ’ਚ ਉਲਝੇ ਹੋਏ ਨੇ, ਮਾਇਆ ਉਸੇ ਹਿਸਾਬ ਨਾਲ ਭੇਜਣਗੇ। ਲੀਡਰਾਂ ਦੇ ਮੂੰਹੋਂ ਨਿਕਲੀ ਅੱਗ ਪਿੰਡੇਂ ਨਾ ਸੇਕ ਸਕੀ ਤਾਂ ਫਿਰ ਇਹੋ ਨਵੇਂ ਨੋਟ ਰੰਗ ਦਿਖਾਉਣਗੇ।
           ਮੱਧ ਪ੍ਰਦੇਸ਼ ’ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਰੌਲਾ ਪਾਉਂਦਾ ਮਰ ਗਿਆ ਕਿ ਰਾਹੁਲ ਨੂੰ ਤਾਂ ਭੇਡ ਤੇ ਬੱਕਰੀ ਦੇ ਮੇਮਣੇ ਵਿਚਲਾ ਫ਼ਰਕ ਨਹੀਂ ਪਤਾ, ਕਿਥੋਂ ਭਾਲਦੇ ਹੋ ਖੇਤਾਂ ਦਾ ਭਲਾ। ਵੋਟਰਾਂ ਦੱਸ ਦਿੱਤਾ ਕਿ ਸਾਨੂੰ ਤਾਂ ਫ਼ਰਕ ਦਾ ਪਤੈ। ਰੌਲਾ ਤਾਂ ਪਿੰਡ ਬਾਸਮਾਂ (ਮੋਹਾਲੀ) ਦਾ ਰੌਸ਼ਨ ਲਾਲ ਵੀ ਪਾਉਂਦਾ ਫਿਰਦੈ ‘ ਭਾਈ, ਖੰਖਾਰੂ ਕੁੱਤਿਆਂ ਤੋਂ ਬਚ ਕੇ’ । ਉਸ ਦਾ ਭੇਡਾਂ ਦਾ ਵਾੜਾ ਜੋ ਖੰਖਾਰੂ ਖ਼ਾਲੀ ਕਰ ਗਏ। ਬਹਿਰੂ (ਪਟਿਆਲਾ) ਦਾ ਆਜੜੀ ਵੀ ਖੰਖਾਰੂਆਂ ਦੇ ਮੂੰਹ ਲੱਗਾ ਖ਼ੂਨ ਦੇਖ ਚੁੱਕਾ ਜੋ ਇੱਕੋ ਹੱਲੇ ਸੱਤ ਲੱਖ ਦੀਆਂ ਭੇਡਾਂ ਛੱਕ ਗਏ। ਚੋਣਾਂ ਸਿਰ ’ਤੇ ਹੋਣ ਕਰਕੇ ਇਵੇਂ ਹੀ ਹੁਣ ਪੂਰਾ ਦੇਸ਼ ਸਹਿਮਿਆ ਪਿਆ ਹੈ। ਚੋਣ ਮੇਲੇ ’ਚ ਜ਼ਮੀਨਾਂ ਤੋਂ ਘੱਟ ਭਾਅ ਜ਼ਮੀਰ ਦਾ ਹੋ ਜਾਂਦਾ ਹੈ। ਲੀਡਰ ਵੀ ਵਿਕਦੇ ਨੇ। ਆਦਮਪੁਰ ਦੀ ਉਪ ਚੋਣ ’ਚ ਉਦੋਂ ਦੇ ਇੱਕ ਅਕਾਲੀ ਮੰਤਰੀ ਨੇ ਆਖਿਆ ਸੀ ‘ਦੁਆਬੇ ਵਾਲਿ਼ਓਂ ਤੁਸੀਂ ਚੰਗੇ ਹੋ, ਹਜ਼ਾਰ ਨਾਲ ਸਾਰ ਲੈਂਦੇ ਹੋ, ਮਾਲਵੇ ’ਚ ਪੰਜ ਪੰਜ ਹਜ਼ਾਰ ਮੰਗਦੇ ਨੇ।’  ਪਹਿਲਾਂ ਟਿਕਟਾਂ ਫਿਰ ਵੋਟਾਂ ਵਿਕਦੀਆਂ ਨੇ। ਜਦੋਂ ਬਾਬੇ ਥੋਕ ਦਾ ਸੌਦਾ ਮਾਰਨ ਤਾਂ ਜਗਸੀਰ ਜੀਦਾ ਫਿਰ ਹੇਕ ਲਾਉਂਦੈ ‘ਵੇਖੀ ਸੰਗਤ ਵੇਚਦੀ ਵੋਟਾਂ, ਸੰਗਤਾਂ ਨੂੰ ਬਾਬੇ ਵੇਚ ਗਏ।’ ਆਪਣੀ ਸਮਝੇ ਤਾਂ ਅਕਾਲੀਆਂ ਨੇ ਸੌਦਾ ਸੱਚਾ ਕੀਤਾ ਪਰ ਝੋਲੀ 15 ਹੀ ਪੈਣਗੀਆਂ, ਚਿੱਤ ਚੇਤੇ ਵੀ ਨਹੀਂ ਸੀ।
           ਆਓ ਮੋੜੀਏ ਕਿਤੇ ‘ਅੱਛੇ ਦਿਨ’ ਉਡੀਕਦੀਆਂ ਭੇਡਾਂ ਹੀ ਨਾ ਭੱਜ ਜਾਣ। ਦੇਸ਼ ਵਿਚ 65 ਮਿਲੀਅਨ ਭੇਡਾਂ ਹਨ। ਦਹਾਕੇ ਦੌਰਾਨ ਇਹ ਗਿਣਤੀ 9.07 ਫ਼ੀਸਦੀ ਘਟੀ ਹੈ। ਦੇਸ਼ ਹਰ ਵਰੇ੍ਹ ਅੌਸਤਨ 130 ਮਿਲੀਅਨ ਡਾਲਰ ਦਾ ਭੇਡ/ਬੱਕਰੀ ਦਾ ਮੀਟ ਵਿਦੇਸ਼ ਭੇਜਦਾ ਹੈ। ਆਜੜੀ ਉੱਨ ਕਰਕੇ ਨਹੀਂ, ਮੀਟ ਕਰਕੇ ਬਚੇ ਨੇ। ਜਦੋਂ ਚੋਣਾਂ ਹੋਣ ਤਾਂ ਫਿਰ ਉਦੋਂ ਕੋਈ ਨਹੀਂ ਬਚਦਾ। ਬਚਾਓ ਹੈ ਕਿ ਲੀਡਰਾਂ ਜਾਣਦੇ ਨੇ ਕਿ ਜਵਾਨੀ ਤਾਂ ਭੇਡ ਤੇ ਆਈ ਮਾਣ ਨਹੀਂ ਹੁੰਦੀ। ਤਾਹੀਓਂ ਜਵਾਨੀ ਨੂੰ ਚੋਗ਼ਾ ਪੈਂਦਾ। ਇਸੇ ਜਵਾਨੀ ਨੇ ਤਾਂ ਦਿੱਲੀ ਵਾਲੇ ਲਾਲਾ ਜੀ ਦੀ ਧੰਨ ਧੰਨ ਕਰਾਤੀ ਸੀ। ਲੀਡਰਾਂ ਦੀ ਬਾਂ ਬਾਂ ਦੇਖ ਕੇ ਜਵਾਨੀ ਕਪਾਹ ’ਚ ਚਾਂਭਲੀ ਭੇਡ ਵਾਂਗੂ ਹੱਥਾਂ ਪੈਰਾਂ ਵਿਚ ਵੀ ਆ ਜਾਂਦੀ ਹੈ। ਕਦੋਂ ਮੁੰਨੇ ਗਏ, ਫਿਰ ਪਤਾ ਹੀ ਨਹੀਂ ਲੱਗਦਾ। ਹਾਲ ਅੌਟਲੀਆਂ ਭੇੜਾਂ ਵਰਗਾ ਹੋ ਜਾਂਦੈ।‘ਭੇਡ ਮੁੰਨਣਾ ਵੀ ਕਲਾ ਹੈ’। ਤਾਹੀਂ ਲੀਡਰ ਕੈਂਚੀ ਚੁੱਕੀ ਫਿਰਦੇ ਨੇ। ਵਜ਼ੀਰ ਵਿਜੇ ਸਾਂਪਲਾ ਨੇ ਮਹਾਂਗਠਜੋੜ ਨੂੰ ਭੇਡਾਂ ਬੱਕਰੀਆਂ ਦਾ ਇਕੱਠ ਦੱਸਿਆ। ਇਵੇਂ ਵੱਡੇ ਬਾਦਲ ਨੇ ਕੇਜਰੀਵਾਲ ਦੀ ਹਵਾ ਨੂੰ ਭੇਡ ਚਾਲ ਦੱਸਿਆ ਸੀ। ਕਿਸੇ ਨੇ ਚਰਵਾਹੇ ਨੂੰ ਪੁੱਛਿਆ ‘ ਵਾੜੇ ਦੀਆਂ 50 ਭੇਡਾਂ ਚੋਂ ਇੱਕ ਭੇਡ ਤਾਰ ਟੱਪ ਜਾਏ, ਪਿੱਛੇ ਕਿੰਨੀਆਂ ਬਚੀਆਂ’। ਚਰਵਾਹਾ ਕਹਿੰਦਾ, ਕੋਈ ਨਹੀਂ ਬਚੇਗੀ। ਇਹੋ ਭੇਡ ਚਾਲ ਹੁੰਦੀ ਹੈ ਜਿਸ ਤੋਂ ਲਾਹੇ ਲਈ ਹਰ ਦਲ ਕਾਹਲਾ ਹੈ।
              ਜਲੌਰਾ ਆਜੜੀ ਆਖਦੈ ਕਿ ‘ਸਾਨੂੰ ਤਾਂ ਕੋਈ ਡੋਲਾ ਵੀ ਨਹੀਂ ਦਿੰਦਾ’ । ਮੋਦੀ ਦੱਸੋ, ਇਸ ’ਚ ਕੀ ਕਰੇ, ਉਹ ਤਾਂ ਖੁਦ..। ਸਾਕਾਂ ਦੇ ਚੱਕਰ ’ਚ ਕਿਤੇ ‘ਕਾਲੀਆਂ ਭੇਡਾਂ’ ਦੀ ਗੱਲ ਵਿਚੇ ਨਾ ਰਹਿ ਜਾਏ। ਕੁਲਬੀਰ ਜ਼ੀਰਾ ਦੇ ਰੌਲਾ ਪਾਉਣ ਮਗਰੋਂ  ਮੁੱਖ ਮੰਤਰੀ ‘ਕਾਲੀਆਂ ਭੇਡਾਂ’ ਲੱਭਣ ਲੱਗੇ ਹਨ। ਮੱਖੂ ਦਾ ਸਾਬਕਾ ਚੇਅਰਮੈਨ ਕਹਿੰਦਾ ‘ਜ਼ੀਰਾ ਕਾਲਾ ਊਠ’ ਹੈ। ਲੀਡਰਾਂ ਨੂੰ ਮਾਰਾਂ ਦੇ ਭੰਨੇ ਲੋਕ ਬੇਸ਼ੱਕ ‘ਭੇਡਾਂ ਬੱਕਰੀਆਂ’ ਲੱਗਦੇ ਨੇ। ਜਦੋਂ ਇਹੋ ਆਪਣੀ ਆਈ ’ਤੇ ਆ ਜਾਣ ਤਾਂ ਬਿਨਾਂ ਜ਼ੀਰੇ ਤੋਂ ਵੀ ਤੜਕਾ ਲਾ ਦਿੰਦੇ ਨੇ। ਕੋਈ ਸ਼ੱਕ ਹੋਵੇ ਤਾਂ ਅਕਾਲੀਆਂ ਨੂੰ ਪੁੱਛ ਲੈਣਾ। ਸੁਆਦ ਪਹਿਲਾਂ ਮਹਾਰਾਜੇ ਨੇ ਵੀ ਵੇਖਿਆ। ਦਿਲ ਨਾ ਖੜ੍ਹੇ ਤਾਂ ਨਿਊਜ਼ੀਲੈਂਡ ਵਾਲੇ ਕਲਾਕਾਰ ਨੂੰ ਸੁਣਿਓ ‘ਤਖ਼ਤੇ ਨਹੀਂ ਪਲਟਾਉਣੇ ਸੱਜਣਾਂ ਵਿਕੀਆਂ ਵੋਟਾਂ ਨੇ’।
     




Sunday, January 20, 2019

                                                              ਵਿਚਲੀ ਗੱਲ
                        ਇੱਕ ਬੰਗਲਾ ਬਣੇ ਨਿਆਰਾ, ਢਾਹ ਕੇ ਛੱਜੂ ਦਾ ਚੁਬਾਰਾ..!
                                                            ਚਰਨਜੀਤ ਭੁੱਲਰ
ਬਠਿੰਡਾ : ਸਿਆਸੀ ਜ਼ੈਲਦਾਰਾਂ ਦੇ ਨੱਕ ਹੇਠ ਤਾਂ ਹੁਣ ਹਵੇਲੀ ਵੀ ਨਹੀਂ ਆਉਂਦੀ। ਚੁਬਾਰਾ ਤਾਂ ਦੂਰ ਦੀ ਗੱਲ। ਸਿਆਸਤੀ ਜ਼ੈਲਦਾਰ ਜੰਮੇ ਨਹੀਂ, ਬਣੇ ਹਨ, ਉਹ ਵੀ ਰਾਤੋਂ ਰਾਤ। ਜਿਵੇਂ ਉਨ੍ਹਾਂ ਦੇ ਬੰਗਲੇ ਬਣੇ ਨੇ, ਠੀਕ ਉਵੇਂ ਹੀ। ‘ ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?’ ਘੱਟੋ ਘੱਟ ਲੀਓ ਤਾਲਸਤਾਏ ਦੀ ਇਸ ਕਹਾਣੀ ’ਤੇ ਨਜ਼ਰ ਮਾਰ ਲੈਂਦੇ ਤਾਂ  ‘ਸਾਢੇ ਤਿੰਨ ਹੱਥ ਧਰਤੀ’ ਦਾ ਚੇਤਾ ਨਾ ਭੁੱਲਦੇ। ਲੋਕਾਂ ਦੇ ਖੰਭਾਂ ਨਾਲ ਏਨਾ ਉੱਡੇ ਕਿ ਅੌਕਾਤ ਹੀ ਭੁੱਲ ਬੈਠੇ। ‘ਭੈਣੋ ਅੌਰ ਭਾਈਓ’, ਜੋ ‘ਜ਼ੈਲਦਾਰ’ ਤੁਸੀਂ ਚੁਣੇ ਨੇ, ਲੱਗਦਾ ਹੈ ਕਿ ਉਨ੍ਹਾਂ ਪਹਿਲਾਂ ‘ਦੀਵਾਰ’ ਫ਼ਿਲਮ ਦੇਖੀ ਹੋਊ ‘ਮੇਰੇ ਪਾਸ ਬੰਗਲਾ ਹੈ, ਗਾਡੀ ਹੈ, ਤੇਰੇ ਪਾਸ ਕਿਆ ਹੈ’। ਫਿਰ ਦੀਵਾਰ ਖੜ੍ਹੀ ਕਰ ਦਿੱਤੀ, ਚੀਨ ਵਾਲੀ ਤੋਂ ਵੱਡੀ। ਡਿਜੀਟਲ ਇੰਡੀਆ ਦੇ ਕੰਧਾੜੇ ਚੜ੍ਹ ਕੇ ਦੇਖੋ ਤਾਂ ਸਹੀ, ਦੂਰੋਂ ਨਜ਼ਰ ਪਏਗਾ ਕਿ ਚੁਬਾਰੇ ਵਾਲਾ ਛੱਜੂ ਠੁਰ ਠੁਰ ਕਰ ਰਿਹੈ ਤੇ ਬੰਗਲੇ ਵਾਲੇ ਜ਼ੈਲਦਾਰਾਂ ਦੀ ਚੱਤੋ ਪਹਿਰ ਬਸੰਤ ਹੈ। ਕੋਈ ਚੌਕੀਦਾਰ ਬਣਿਆ ਫਿਰਦੈ ਤੇ ਕੋਈ ਸੇਵਾਦਾਰ। ਹਮਾਂਤੜਾਂ ਦੀ ਵੋਟ ਫਿਰ ਲੁੱਟੀ ਜਾਂਦੀ ਹੈ, ‘ਮਜ਼ਬੂਤ ਤੇ ਮਜਬੂਰ’ ਦਾ ਨਕਸ਼ਾ ਦਿਖਾ ਕੇ। ਦੀਵਾਰ ਕੋਈ ਰਾਤੋ ਰਾਤ ਨਹੀਂ ਉੱਸਰੀ, ਸਿਆਸੀ ਜ਼ੈਲਦਾਰਾਂ ਨੇ ਬੜਾ ਪਸੀਨਾ ਵਹਾਇਆ। ਲੋਕ ਰਾਜ ਦੇ ਚੌਕੀਦਾਰ ਕਿਥੋਂ ਕਿਥੇ ਪੁੱਜ ਗਏ। ਚੁਬਾਰੇ ਵਾਲਾ ਛੱਜੂ ਪੰਜ ਪੰਜ ਮਰਲੇ ਦੇ ਪਲਾਂਟਾਂ ਦੇ ਗੇੜ ’ਚ ਫਸਿਆ ਹੋਇਆ ਹੈ। ਕੋਈ ਸਿਰ ਫੜ੍ਹੀ ਬੈਠਾ ਹੈ, ਕਰਜ਼ੇ ਦਾ ਨਾਗਵਲ ਨਹੀਂ ਖੁੱਲ੍ਹਦਾ।
                 ਉੱਧਰ, ਚੋਣਾਂ ਮੌਕੇ ‘ਸਿਆਸੀ ਜ਼ੈਲਦਾਰ’ ਚੋਣ ਕਮਿਸ਼ਨ ਨੂੰ ਆਪਣੇ ਵਹੀ ਖਾਤੇ ਦਿਖਾਉਣਗੇ, ਕਿੰਨੇ ਬੰਗਲੇ ਨੇ ਤੇ ਕਿੰਨੇ ਪਲਾਟ। ਇੱਧਰ, ਲੋਕ ਰਾਜ ਦੀ ਮਾਂ ਦਾ ਮੂੰਹ ਕੋਠੀ ’ਚ ਐ, ਦਿਖਾਉਣ ਨੂੰ ਕੁੱਝ ਵੀ ਨਹੀਂ। ਚਲੋ, ਸਿਆਸੀ ਜ਼ੈਲਦਾਰਾਂ ਦੇ ਬੰਗਲੇ ਦੇਖਦੇ ਹਾਂ। ਮਾਣਯੋਗ ਅਰੁਣ ਜੇਤਲੀ ਦਾ ਖ਼ਜ਼ਾਨਾ ਭਰਪੂਰ ਜਾਪਦੇ, ਪੰਜ ਘਰ ਹਨ, ਦੋ ਦਿੱਲੀ ’ਚ, ਇੱਕ ਹਰਿਆਣੇ ਤੇ ਇੱਕ ਪੰਜਾਬ ’ਚ, ਇੱਕ ਗੁਜਰਾਤ ’ਚ ਵੀ। ਆਪਣੇ ਮੂੰਹੋਂ ਉਹ ਇਨ੍ਹਾਂ ਘਰਾਂ ਦੀ ਕੀਮਤ 28.70 ਕਰੋੜ ਦੱਸਦੇ  ਹਨ। ਨਿਤਿਨ ਗਡਕਰੀ ਕੋਲ ਕਿਹੜਾ ਘੱਟੇ ਨੇ, ਦੋ ‘ਗਰੀਬਖਾਨੇ’ ਹਨ, ਨਾਗਪੁਰ ਤੇ ਮੁੰਬਈ ’ਚ। ਬੈਂਕ ਖਾਤੇ  ਪੂਰੇ 21 ਹਨ। ਬਾਦਲ ਪਰਿਵਾਰ ਕੋਲ ਚੰਡੀਗੜ੍ਹ, ਪਿੰਡ ਬਾਦਲ ਤੇ ਬਾਲਾਸਰ ਵਿਖੇ ਅਤੇ ਚੌਥਾ ਘਰ ਦਿੱਲੀ ਵਿਚ ਹੋਣ ਦੀ ਦੱਸ ਪਈ ਹੈ। ਬਾਜ਼ਾਰੂ ਕੀਮਤ 34.96 ਕਰੋੜ ਹੈ। ਮਹਾਰਾਜਾ ਅਮਰਿੰਦਰ ਕੋਲ ਦੁਬਈ, ਹਿਮਾਚਲ ਤੇ ਪਟਿਆਲਾ ’ਚ ਤਿੰਨ ‘ਰੈਣ ਬਸੇਰੇ’ ਹਨ ਜਿਨ੍ਹਾਂ ਦਾ ਮੁੱਲ ਉਹ ਕਰੀਬ 35 ਕਰੋੜ ਦੱਸਦੇ ਹਨ। ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਦਾ ਸ਼ਿਮਲੇ ’ਚ ਨਵਾਂ ਘਰ ਬਣਿਆ। ਰਾਹੁਲ ਨੂੰ ਤਾਂ ਬਹੁਤ ਸੋਹਣਾ ਲੱਗਿਐ। ਘਰ ਤਾਂ ਨਵਜੋਤ ਸਿੱਧੂ ਦਾ ਵੀ ਦਰਸ਼ਨੀ ਹੈ। ਭੈਣ ਮਾਇਆਵਤੀ ਕੋਲ ਦਿੱਲੀ ਵਿਚ 62 ਕਰੋੜ ਦਾ ਬੰਗਲਾ ਹੈ ਤੇ ਲਖਨਊ ’ਚ 15 ਕਰੋੜ ਦਾ। ਕੁਰਸੀ ਨੂੰ ਹੱਥ ਪਵੇ ਸਹੀ, ਚੁਬਾਰੇ ਕਦੋਂ ਬੰਗਲੇ ਬਣਦੇ ਨੇ, ਪਤਾ ਹੀ ਨਹੀਂ ਲੱਗਦਾ। ਸਭਨਾਂ ਦੀ ਜਗੀਰ ਦੇਖ ਕੇ ਲੱਗਦਾ ਕਿ ਸੱਚਮੁੱਚ ‘ਚੋਰ, ਚੋਰ ਮਸੇਰੇ ਭਰਾ’ ਨੇ।
                  ਜਸਕਰਨ ਲੰਡੇ ਦੀ ਕਹਾਣੀ ‘ਨੀਤ’ ਦਾ ਆਖ਼ਰੀ ਫ਼ਿਕਰਾ ‘ਨੀਤ ਦੀ ਗ਼ਰੀਬੀ ਕਦੇ ਨਹੀਂ ਨਿਕਲਦੀ’, ਉਹ ਨੇਤਾ ਜ਼ਰੂਰ ਪੜ੍ਹਨ ਜਿਨ੍ਹਾਂ ਕੋਲ ਖੁਦ ਦੇ ਬੰਗਲੇ ਨੇ, ਅੱਖ ਫਿਰ ਵੀ ਸਰਕਾਰੀ ਬੰਗਲੇ ਤੋਂ ਨਹੀਂ ਹਟਦੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲ ਦੋ ਸਰਕਾਰੀ ਬੰਗਲੇ ਬਿਹਾਰ ’ਚ ਹਨ ਤੇ ਤੀਜਾ ਦਿੱਲੀ ’ਚ। ਸਾਬਕਾ ਮੁੱਖ ਮੰਤਰੀ ਤਾਉਮਰ ਸਰਕਾਰੀ ਘਰ ਰੱਖਣਗੇ, ਨਿਯਮ ਬਣਾ ਦਿੱਤਾ। ਨਿਤੀਸ਼ ਕੁਮਾਰ ਦਾ ਤਰਕ ਚੁਟਕਲੇ ਵਰਗਾ ਹੈ ਕਿ ਉਹ ਇੱਕ ਘਰ ’ਚ ਬਤੌਰ ਮੁੱਖ ਮੰਤਰੀ ਰਹਿੰਦਾ ਹੈ ਤੇ ਦੂਜੇ ਘਰ ਵਿਚ ਬਤੌਰ ਸਾਬਕਾ ਮੁੱਖ ਮੰਤਰੀ। ਨਿਬੇੜਾ ਹੁਣ ਅਦਾਲਤ ਨੇ ਕਰਨਾ ਹੈ। ਯੂ.ਪੀ ਦੇ ਛੇ ਸਾਬਕਾ ਮੁੱਖ ਮੰਤਰੀ ਸਰਕਾਰੀ ਬੰਗਲੇ ਮੱਲ੍ਹੀ ਬੈਠੇ ਸਨ,ਅਦਾਲਤ ਨੇ ਖ਼ਾਲੀ ਕਰਾਏ। ਮੱਧ ਪ੍ਰਦੇਸ਼ ਵਿਚ ਲਾਅ ਸਟੂਡੈਂਟ ਰੌਣਕ ਯਾਦਵ ਨੇ ਵੀ ਸਾਬਕਾ ਮੁੱਖ ਮੰਤਰੀ ਅਦਾਲਤ ’ਚ ਖਿੱਚੇ ਹਨ ਜੋ ਬੰਗਲੇ ਨਹੀਂ ਛੱਡ ਰਹੇ। ਸ਼ਿਵਰਾਜ ਚੌਹਾਨ ਨੇ ਤਾਂ ਦੋ ਬੰਗਲੇ ਰੱਖੇ ਹੋਏ ਨੇ। ਵਸੂੰਧਰੇ ਰਾਜੇ ਨੂੰ ਇਹੋ ਚਾਲ ਰਾਸ ਨਾ ਆਈ। ਅਦਾਲਤ ਦੀ ਬਦੌਲਤ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਕੱਲੀ ਸਰਕਾਰੀ ਨਹੀਂ, ਕਿਰਾਏ ਵਾਲੀ ਕੋਠੀ ਵੀ ਛੱਡਣੀ ਪਈ। ਬੀਬਾ ਭੱਠਲ ਦੀ ਕੋਠੀ ਵਾਲਾ ਮਾਮਲਾ ਕਿਸ ਤੋਂ ਭੁਲਿਐ। ਕੀ ਕੀ ਪਾਪੜ ਨਹੀਂ ਵੇਲਣੇ ਪਏ। ਸਾਹ ’ਚ ਸਾਹ ਆਇਆ ਜਦੋਂ 84 ਲੱਖ ਦਾ ਕਿਰਾਏ ’ਤੇ ਲੀਕ ਫਿਰੀ।
                 ਦੇਸ ਧਰੋਹ ਦਾ ਡਰ ਨਾ ਹੁੰਦਾ ਤਾਂ ਇਮਰਾਨ ਖ਼ਾਨ ਦੀ ਗੱਲ ਵੀ ਕਰਦੇ ਕਿ ਕਿਵੇਂ ਉਸ ਨੂੰ ਪ੍ਰਧਾਨ ਮੰਤਰੀ ਨਿਵਾਸ ਨਾਲੋਂ ਤਿੰਨ ਕਮਰੇ ਦਾ ਘਰ ਚੰਗਾ ਲੱਗਿਆ। ਛੱਡੋ, ਡਿਪਟੀ ਕਮਿਸ਼ਨਰਾਂ ਦੇ ਸਰਕਾਰੀ ਬੰਗਲੇ ਦੇਖਦੇ ਹਾਂ। ਉਹ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨੇ। 15 ਡਿਪਟੀ ਕਮਿਸ਼ਨਰਾਂ ਦੇ ਸਰਕਾਰੀ ਘਰ ਪੌਣੇ ਦੋ ਲੱਖ ਵਰਗ ਗਜ਼ ਰਕਬੇ ਵਿਚ ਹਨ। ਰਕਬੇ ਦੀ ਬਾਜ਼ਾਰੂ ਕੀਮਤ ਕਰੀਬ 1000 ਕਰੋੜ ਬਣਦੀ ਹੈ। ਸੰਗਰੂਰ ਦੇ ਡੀਸੀ ਦੇ ਘਰ ਦਾ ਰਕਬਾ 27,628 ਤੇ ਹੁਸ਼ਿਆਰਪੁਰ ਦੇ ਡੀਸੀ ਦੇ ਘਰ ਦਾ ਰਕਬਾ 24,380 ਵਰਗ ਗਜ ਹੈ। ਰੋਪੜ ਦੇ ਡੀਸੀ ਹਾਊਸ ਦੀ ਬਾਜ਼ਾਰੂ ਕੀਮਤ ਕਰੀਬ 50 ਕਰੋੜ ਹੈ। ਜਿਹੜਾ ਘਰ ਨਹੀਂ ਦੇਖਿਆ, ਉਹੀ ਭਲਾ। ਗੁਰਦੁਆਰਾ ਬੰਗਲਾ ਸਾਹਿਬ ਤੋਂ ਸੇਧ ਲਈ ਹੁੰਦੀ ਤਾਂ ਧਰਵਾਸ ਚੁਬਾਰੇ ਨੇ ਹੀ ਦੇ ਦੇਣਾ ਸੀ। ਤਾਹੀਂ ਤਾਂ ਗੁਰਦਾਸ ਮਾਨ ਗਾਉਂਦਾ ਫਿਰਦੈ ‘ ਮੇਲਾ ਚਾਰ ਦਿਨਾਂ ਦਾ’। ਬੰਦਾ ਜੇ ਬੰਦੇ ਦੀ ਦਾਰੂ ਹੁੰਦਾ ਤਾਂ ਚਮਕਦੇ ਭਾਰਤ ’ਚ ਦੀਵਾਰ ਨਹੀਂ ਖੜ੍ਹੀ ਹੋਣੀ ਸੀ। ਟਰੰਪ ਵੀ ਸ਼ਾਇਦ ਹੁਣ ਇਸੇ ਕੰਧ ਦਾ ਨਕਸ਼ਾ ਲੈ ਕੇ ਜਾਵੇ। ਇੱਧਰ, ਛੱਜੂ ਛੱਤ ਨੂੰ ਤਰਸੇ ਪਏ ਨੇ। ਕੇਂਦਰ ਨੇ ਦੱਸਿਆ ਕਿ ਪੇਂਡੂ ਭਾਰਤ ਦੇ  4.72 ਛੱਜੂਆਂ ਕੋਲ ਨਾ ਘਰ, ਨਾ ਜ਼ਮੀਨ ਹੈ। ਬੰਨਾਂਵਾਲੀ (ਫਾਜ਼ਿਲਕਾ) ਦੇ ਤਿੰਨੋਂ ਭਰਾ ਅੰਨ੍ਹੇ ਨੇ, ਸਿਰਫ ਛੱਤ ਮੰਗਦੇ ਨੇ। ਏਦਾਂ ਦੇ ਛੱਜੂ ਹਰ ਪਿੰਡ/ਸ਼ਹਿਰ ਨੇ। ਰੈਲੀਆਂ ਦੇ ਗੇੜ ’ਚ ਫਸਿਆ ਨੂੰ ਸੱਤ ਬਚਨ ਕਹਿਣਾ ਪੈਂਦਾ ਹੈ। ਛੱਜੂਆਂ ਦਾ ਖੂਨ ਖੌਲਿਆ ਤਾਂ ਬੋਲਤੀ ਬੰਦ ਹੁੰਦੇ ਦੇਰ ਨਹੀਂ ਲੱਗਣੀ।




Wednesday, January 16, 2019

                            ਬੈਂਡਾਂ ਦੀ ਮੰਡੀ 
 ਆਈਲੈੱਟਸ ਨੇ ਵਜਾਇਆ ਪੰਜਾਬ ਦਾ ਬੈਂਡ !
                           ਚਰਨਜੀਤ ਭੁੱਲਰ
ਬਠਿੰਡਾ : ਏਦਾ ਜਾਪਦਾ ਹੈ ਜਿਵੇਂ ਪੰਜਾਬ ਹੁਣ ਬੈਂਡਾਂ ਦੀ ਮੰਡੀ ਬਣ ਗਿਆ ਹੋਵੇ। ਵੱਡੇ ਛੋਟੇ ਸ਼ਹਿਰਾਂ ਵਿਚ ਆਈਲੈੱਟਸ (ਆਈਲੈੱਸ) ਕੋਚਿੰਗ ਸੈਂਟਰਾਂ ਨੂੰ ਸਾਹ ਨਹੀਂ ਆ ਰਿਹਾ। ਪੇਂਡੂ ਮਿੰਨੀ ਬੱਸਾਂ ਵਿਚ ਵੱਡੀ ਭੀੜ ਹੁਣ ਇਨ੍ਹਾਂ ਪਾੜ੍ਹਿਆਂ ਦੀ ਹੁੰਦੀ ਹੈ ਜਿਨ੍ਹਾਂ ਨਵੀਂ ਉਡਾਣ ਦੇ ਮੁਸਾਫਿਰ ਬਣਨਾ ਹੈ। ਪੰਜਾਬ ਦੀ ਹਰ ਜਰਨੈਲੀ ਸੜਕ ’ਤੇ ਕੋਚਿੰਗ ਸੈਂਟਰ ਦੇ ਵੱਡੇ ਵੱਡੇ ਫਲੈਕਸ ਹੁਣ ਦੂਰੋਂ ਨਜ਼ਰ ਪੈਂਦੇ ਹਨ। ਮਾਲਵਾ ਵੀ ਹੁਣ ਦੁਆਬੇ ਨਾਲ ਜਾ ਰਲਿਆ ਹੈ। ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਲਈ ਆਈਲੈੱਟਸ ਦੇ ਬੈਂਡ ਲਾਜ਼ਮੀ ਹਨ। ਜਦੋਂ ਪੰਜਾਬ ਨੇ ਅੱਡੀਆਂ ਚੁੱਕ ਲਈਆਂ ਤਾਂ ਆਈਲੈੱਟਸ ਪ੍ਰੀਖਿਆ ਪ੍ਰਬੰਧਕਾਂ (ਬ੍ਰਿਟਿਸ਼ ਕੌਂਸਲ ਤੇ ਆਈ.ਡੀ.ਪੀ) ਨੇ ਹਰ ਸ਼ਹਿਰ ਗਲੀਚੇ ਵਿਛਾ ਦਿੱਤੇ ਜੋ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਕਾਫੀ ਮਹਿੰਗੇ ਪੈ ਰਹੇ ਹਨ। ਪੰਜਾਬੀ ਟ੍ਰਿਬਿਊਨ ਤਰਫੋਂ ਇਕੱਲੀ ਆਈਲੈੱਟਸ ਪ੍ਰੀਖਿਆ ਤੇ ਕੋਚਿੰਗ ਸੈਂਟਰਾਂ ਦੇ ਜੋ ਕਾਰੋਬਾਰ ਦਾ ਖਾਕਾ ਵਾਹਿਆ ਗਿਆ ਹੈ, ਉਸ ਅਨੁਸਾਰ ਪੰਜਾਬ ਵਿਚ ਹੁਣ ਸਲਾਨਾ ਕਰੀਬ  1100 ਕਰੋੜ ਦਾ ਕਾਰੋਬਾਰ ਹੋਣ ਲੱਗਾ ਹੈ। ਪੰਜਾਬ ਭਰ ਚੋਂ ਹਰ ਵਰੇ੍ਹ ਕਰੀਬ 3.36 ਲੱਖ ਨੌਜਵਾਨ ਆਈਲੈੱਟਸ ਪ੍ਰੀਖਿਆ ਵਿਚ ਬੈਠਦੇ ਹਨ ਜੋ ਇਕੱਲੀ ਆਈਲੈੱਟਸ ਦੀ ਪ੍ਰੀਖਿਆ ਫੀਸ ਦੇ ਰੂਪ ਵਿਚ ਸਲਾਨਾ 425 ਕਰੋੜ ਰੁਪਏ ਤਾਰਦੇ ਹਨ। ਬ੍ਰਿਟਿਸ ਕੌਂਸਲ ਤੇ ਆਈ.ਡੀ.ਪੀ (ਪ੍ਰੀਖਿਆ ਪ੍ਰਬੰਧਕ) ਦੇ ਪੰਜਾਬ-ਚੰਡੀਗੜ੍ਹ ਵਿਚ ਸੱਤ-ਸੱਤ ਪ੍ਰੀਖਿਆ ਕੇਂਦਰ ਹਨ ਜਿਨ੍ਹਾਂ ਵਿਚ ਬਠਿੰਡਾ, ਮੋਗਾ, ਲੁਧਿਆਣਾ, ਪਟਿਆਲਾ,ਅੰਮ੍ਰਿਤਸਰ,ਜਲੰਧਰ ਤੇ ਚੰਡੀਗੜ੍ਹ ਸ਼ਾਮਿਲ ਹਨ। ਆਈ.ਡੀ.ਪੀ ਦੇ ਦੇਸ਼ ਭਰ ਵਿਚ ਕੁੱਲ 40 ਪ੍ਰੀਖਿਆ ਕੇਂਦਰ ਹਨ।
            ਹਰ ਪ੍ਰੀਖਿਆ ਕੇਂਦਰ ਦੀ ਸਮਰੱਥਾ 300 ਤੋਂ 700 ਸੀਟਾਂ ਦੀ ਹੈ ਅਤੇ ਹਰ ਮਹੀਨੇ ਚਾਰ ਦਫਾ ਪ੍ਰੀਖਿਆ ਹੁੰਦੀ ਹੈ। ਅੌਸਤਨ ਪੰਜ ਸੌ ਸੀਟਾਂ ਮੰਨ ਲਈਏ ਤਾਂ ਹਰ ਮਹੀਨੇ ਪੰਜਾਬ ’ਚ 28 ਹਜ਼ਾਰ ਨੌਜਵਾਨ ਆਈਲੈੱਟਸ ਪ੍ਰੀਖਿਆ ਦਿੰਦੇ ਹਨ। ਆਈਲੈੱਟਸ ਦੀ ਪ੍ਰੀਖਿਆ ਫੀਸ 12,650 ਰੁਪਏ ਹੈ ਜੋ ਕਿ ਦਸ ਵਰੇ੍ਹ ਪਹਿਲਾਂ 7200 ਰੁਪਏ ਹੁੰਦੀ ਸੀ। ਆਈ.ਡੀ.ਪੀ ਨੇ ਕਾਰੋਬਾਰ ਨੂੰ ਦੇਖਦੇ ਹੋਏ ਅਗਸਤ 2012 ਵਿਚ ਬਠਿੰਡਾ ਵਿਚ ਵੀ ਪ੍ਰੀਖਿਆ ਕੇਂਦਰ ਸ਼ੁਰੂ ਕਰ ਦਿੱਤਾ ਸੀ। ਨੌਜਵਾਨ ਹਰ ਮਹੀਨੇ 35.42 ਕਰੋੜ ਰੁਪਏ ਇਕੱਲੀ ਪ੍ਰੀਖਿਆ ਫੀਸ ਦੇ ਰੂਪ ਵਿਚ ਤਾਰਦੇ ਹਨ। ਕੋਚਿੰਗ ਸੈਂਟਰ ਪ੍ਰਬੰਧਕਾਂ ਅਨੁਸਾਰ ਪੰਜਾਬ ਦੇ ਕਰੀਬ 30 ਤੋਂ 35 ਫੀਸਦੀ ਨੌਜਵਾਨ ਹੀ ਆਈਲੈੱਟਸ ਪ੍ਰੀਖਿਆ ਪਾਸ ਕਰਨ ਵਿਚ ਸਫਲ ਹੁੰਦੇ ਹਨ। ਪੇਂਡੂ ਨੌਜਵਾਨਾਂ ਦੇ ਬੈਂਡਾਂ ਦੇ ਭੂਤ ਨੇ ਦਿਮਾਗ ਹਿਲਾ ਰੱਖੇ ਹਨ। ਬਹੁਤੇ ਪੇਂਡੂ ਨੌਜਵਾਨ ਤਿੰਨ ਤਿੰਨ ਵਾਰ ਪ੍ਰੀਖਿਆ ਦੇਣ ਦੇ ਬਾਵਜੂਦ ਲੋੜੀਦੇ ਬੈਂਡ ਲੈਣ ਵਿਚ ਸਫਲ ਨਹੀਂ ਹੁੰਦੇ ਜੋ ਕਈ ਵਾਰ ਮਾਫੀਏ ਦੇ ਪੰਜੇ ਵਿਚ ਵੀ ਜਾ ਫਸਦੇ ਹਨ। ਕਦੇ ਖੰਨਾ ਬੈਂਡਾਂ ਦਾ ਵੱਡਾ ਕੇਂਦਰ ਸੀ। ਹੁਣ ਬਠਿੰਡਾ ਆਈਲੈੱਟਸ ਕੋਚਿੰਗ ਵਿਚ ਤੇਜ਼ੀ ਨਾਲ ਉਭਰਿਆ ਹੈ। ਬਠਿੰਡਾ ਦੀ ਅਜੀਤ ਰੋਡ ਤਾਂ ਸਟੱਡੀ ਵੀਜ਼ੇ ਦੀ ਤਿਆਰੀ ਵਿਚ ਜੁਟੇ ਨੌਜਵਾਨਾਂ ਲਈ ਬੈਂਡਾਂ ਦੀ ਰਾਜਧਾਨੀ ਦਾ ਭੁਲੇਖਾ ਪਾਉਂਦੀ ਹੈ। ਇੱਥੋਂ ਤੱਕ ਕਿ ਹੁਣ ਤਾਂ ਛੋਟੇ ਸ਼ਹਿਰਾਂ ਵਿਚ ਵੀ ਕੋਚਿੰਗ ਸੈਂਟਰ ਖੁੱਲ੍ਹ ਗਏ ਹਨ। ਆਈਲੈੱਟਸ ਦੀ ਕੋਚਿੰਗ ਫੀਸ 5000 ਤੋਂ ਸ਼ੁਰੂ ਹੋ ਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀ ਹੈ। ਵੱਡਾ ਸ਼ਹਿਰ, ਵੱਡੀ ਫੀਸ। ਲੁਧਿਆਣਾ ਤੇ ਜਲੰਧਰ ’ਚ ਕੋਚਿੰਗ ਫੀਸ 15 ਤੋਂ 20 ਹਜ਼ਾਰ ਤੱਕ ਹੈ।
         ਬਠਿੰਡਾ ਤੇ ਪਟਿਆਲਾ ’ਚ ਇਹੋ ਫੀਸ 10 ਤੋਂ 13 ਹਜ਼ਾਰ ਰੁਪਏ ਹੈ। ਪੰਜਾਬੀ ਮੀਡੀਅਮ ਸਕੂਲਾਂ ਦੇ ਨੌਜਵਾਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਕੋਚਿੰਗ ਲੈਣੀ ਪੈਂਦੀ ਹੈ। ਉਨ੍ਹਾਂ ਨੂੰ ਕੋਚਿੰਗ ਤੇ ਪ੍ਰੀਖਿਆ ਫੀਸ ਦਾ ਖਰਚਾ ਹੀ ਕਰੀਬ 50 ਹਜ਼ਾਰ ਰੁਪਏ ਵਿਚ ਪੈਂਦਾ ਹੈ। ਇਕੱਲਾ ਅੌਸਤਨ ਕੋਚਿੰਗ ਖਰਚਾ ਪ੍ਰਤੀ ਵਿਦਿਆਰਥੀ ਅੰਦਾਜ਼ਨ 20 ਹਜ਼ਾਰ ਰੁਪਏ ਮੰਨੀਏ ਤਾਂ ਹਰ ਵਰ੍ਹੇ ਪ੍ਰੀਖਿਆ ਦੇਣ ਵਾਲੇ 3.36 ਲੱਖ ਨੌਜਵਾਨ ਸਲਾਨਾ 672 ਕਰੋੜ ਰੁਪਏ ਕੋਚਿੰਗ ਸੈਂਟਰਾਂ ਦੀ ਫੀਸ ਦਾ ਤਾਰ ਦਿੰਦੇ ਹਨ। ਨੌਜਵਾਨ ਬਲਪ੍ਰੀਤ ਸਿੰਘ ਗੋਨਿਆਣਾ ਨੂੰ ਜਦੋਂ ਪੁੱਛਿਆ ਕਿ ‘ਵਿਦੇਸ਼ ਕੀ ਪਿਆ, ਕਾਹਤੋਂ ਚੱਲੇ ਹੋ’। ਅੱਗਿਓ ਜੁਆਬ ਮਿਲਿਆ ‘ ਫਿਰ ਇੱਥੇ ਵੀ ਕੀ ਪਿਆ’। ਹਰ ਨੌਜਵਾਨ ਦੀ ਇਹੋ ਕਹਾਣੀ ਹੈ। ਪੰਜਾਬ ਵਿਚ ਕਰੀਬ ਰਜਿਸਟਿਡ ਆਈਲੈੱਟਸ ਕੋਚਿੰਗ ਸੈਂਟਰਾਂ ਦੀ ਗਿਣਤੀ 1200 ਦੇ ਕਰੀਬ ਬਣਦੀ ਹੈ। ਆਈ.ਡੀ.ਪੀ ਨਾਲ ਇਕੱਲੇ ਉਤਰੀ ਭਾਰਤ ਦੇ ਕਰੀਬ 910 ਕੋਚਿੰਗ ਸੈਂਟਰ ਰਜਿਸਟਿਡ ਹਨ ਜਦੋਂ ਕਿ ਬਾਕੀ ਸਾਰੇ ਦੇਸ਼ ਦੇ 282 ਸੈਂਟਰ ਬਣਦੇ ਹਨ। ਜੋ ਆਪ ਮੁਹਾਰੇ ਸੈਂਟਰ ਚੱਲ ਰਹੇ ਹਨ, ਉਨ੍ਹਾਂ ਦੀ ਗਿਣਤੀ ਹੋਰ ਵੀ ਵੱਡੀ ਹੈ। ਪੰਜਾਬ ਅਣਏਡਿਡ ਡਿਗਰੀ ਕਾਲਜਜ਼ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਗੁਰਮੀਤ ਸਿੰਘ ਧਾਲੀਵਾਲ ਅਤੇ ਪ੍ਰਧਾਨ ਸੁਖਮੰਦਰ ਸਿੰਘ ਚੱਠਾ ਦਾ ਪ੍ਰਤੀਕਰਮ ਸੀ ਕਿ ਆਈਲੈੱਟਸ ਦੇ ਰੁਝਾਨ ਨੇ ਵੱਡੀ ਸੱਟ ਡਿਗਰੀ ਕਾਲਜਾਂ ਨੂੰ ਮਾਰੀ ਹੈ ਅਤੇ ਕਾਲਜ ਖਾਲੀ ਹੋਣ ਲੱਗੇ ਹਨ। ਉਨ੍ਹਾਂ ਆਖਿਆ ਕਿ ਅਸਲ ਵਿਚ ਪੰਜਾਬ ਵਿਚ ਉੱਚੇਰੀ ਸਿੱਖਿਆ ਹੁਣ ਦਾਅ ’ਤੇ ਲੱਗ ਗਈ ਹੈ। ਇੱਥੋਂ ਤੱਕ ਬਾਰਵੀਂ ਤੋਂ ਮਗਰੋਂ ਹੁਣ ਬੱਚੇ ਇੱਥੇ ਪੜ੍ਹਨ ਨੂੰ ਤਿਆਰ ਹੀ ਨਹੀਂ ਹਨ।
                  ਦੱਸਣਯੋਗ ਹੈ ਕਿ ਮਾਲਵਾ ਵਿਚ ਅੱਧੀ ਦਰਜਨ ਡਿਗਰੀ ਕਾਲਜਾਂ ਨੇ ਆਪੋ ਆਪਣੇ ਕੈਂਪਸਾਂ ਵਿਚ ਆਈਲੈੱਟਸ ਕੋਚਿੰਗ ਵੀ ਸ਼ੁਰੂ ਕੀਤੀ ਪਰ ਉਨ੍ਹਾਂ ਦੀ ਦਾਲ ਗਲ ਨਾ ਸਕੀ। ਨਿਹੱਥੇ ਹੋਏ ਨੌਜਵਾਨ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਰਹੇ ਹਨ। ਮੋਗਾ ਜ਼ਿਲ੍ਹੇ ਵਿਚ ਇੱਕ ਵਿਦਿਆਰਥੀ ਨੇ ਬੈਂਡ ਨਾ ਆਉਣ ਮਗਰੋਂ ਖੁਦਕੁਸ਼ੀ ਕਰ ਲਈ ਸੀ। ਮਾਨਸਿਕ ਰੋਗਾਂ ਦੀ ਮਾਹਿਰ ਡਾ.ਨਿਧੀ ਗੁਪਤਾ ਨੇ ਦੱਸਿਆ ਕਿ ਹਰ ਮਹੀਨੇ ਉਨ੍ਹਾਂ ਕੋਲ ਅਜਿਹੇ ਵਿਦਿਆਰਥੀ ਆ ਰਹੇ ਹਨ ਜਿਨ੍ਹਾਂ ਦਾ ਬੈਂਡਾਂ ਨੇ ਮਾਨਸਿਕ ਤਵਾਜਨ ਹਿਲਾ ਰੱਖਿਆ ਹੈ। ਮਾਪਿਆਂ ਦਾ ਦਬਾਓ ਤੇ ਉਪਰੋਂ ਬੈਂਡ ਪ੍ਰੀਖਿਆ ਚੋਂ ਅਸਫਲਤਾ ਕਰਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੀ ਕਿਸਾਨੀ ਭਾਵੇਂ ਬੈਂਡਾਂ ਨੇ ਹਿਲਾ ਦਿੱਤੀ ਹੈ ਪ੍ਰੰਤੂ ਆਈਲੈੱਟਸ ਨੇ ਕਈ ਸਹਾਇਕ ਧੰਦੇ ਜਰੂਰ ਪੈਰਾਂ ਸਿਰ ਕਰ ਦਿੱਤੇ ਹਨ। ਪੰਜਾਬ ਦੇ ਹਰ ਮਹਾਂਨਗਰ ਵਿਚ ਦੋ ਦੋ ਤਿੰਨ ਤਿੰਨ ਹੋਟਲ ਪੂਰੇ ਪੂਰੇ ਸਾਲ ਲਈ ਬੁੱਕ ਹਨ ਜਿਥੇ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਬਠਿੰਡਾ ਦੇ ਦੋ ਤਿੰਨ ਮੈਰਿਜ ਪੈਲੇਸ ਵੀ ਪ੍ਰੀਖਿਆ ਕੇਂਦਰਾਂ ਵਿਚ ਤਬਦੀਲ ਹੋ ਗਏ ਹਨ। ਪੇਂਡੂ ਵਿਦਿਆਰਥੀ ਸ਼ਹਿਰਾਂ ਵਿਚ ਪੇਇੰਗ ਗੈਸਟ ਬਣ ਕੇ ਠਹਿਰਣ ਲੱਗੇ ਹਨ। ਬੱਸਾਂ ਦੀ ਬੁਕਿੰਗ ਵਿਚ ਵਾਧਾ ਹੋਇਆ ਹੈ।
                          ‘ਆਲ੍ਹਣਾ’ ਛੱਡਣ ਲਈ ਮਜਬੂਰ ਕੀਤੇ : ਡਾ. ਭੀਮਇੰਦਰ ਸਿੰਘ
ਪੰਜਾਬੀ ਵਰਸਿਟੀ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਡਾ. ਭੀਮਇੰਦਰ ਸਿੰਘ ਨੇ ਆਖਿਆ ਕਿ ਸਰਕਾਰਾਂ ਵੱਲੋਂ ਸਿੱਖਿਆ ਤੇ ਸਮਾਜਿਕ ਢਾਂਚੇ ਨੂੰ ਲਾਵਾਰਸ ਕੀਤੇ ਜਾਣ ਦਾ ਨਤੀਜਾ ਹੈ ਕਿ ਜਵਾਨੀ ਹੁਣ ਵਿਦੇਸ਼ਾਂ ਚੋਂ ਸੁਪਨੇ ਤਲਾਸ਼ਣ ਲੱਗੀ ਹੈ। ਕਿਸ ਦਾ ਦਿੱਲ ਕਰਦਾ ਹੈ ਆਲ੍ਹਣਾ ਛੱਡਣ ਨੂੰ। ਸਰਕਾਰਾਂ ਨੇ ਪੰਜਾਬ ਨੂੰ ਸਲੱਮ ਬਣਾ ਦਿੱਤਾ ਹੈ ਜਿਥੋਂ ਹੁਣ ਨੌਜਵਾਨ ਪਲਾਇਨ ਕਰਨ ਲਈ ਮਜਬੂਰ ਹਨ। ਤਾਹੀਂ ਬੈਂਡਾਂ ਦੀ ਮੰਡੀ ਦੇ ਠੇਕੇਦਾਰ ਤੇ ਕਰਿੰਦੇ ਹੱਥ ਰੰਗ ਰਹੇ ਹਨ।

       
   

Monday, January 14, 2019

                                                             ਵਿਚਲੀ ਗੱਲ
                 ਵਾਹ ਕਿਸਮਤ ਦਾ ਬਲੀਆ, ਪਤਾ ਨਹੀਂ ਖੀਰ ਬਣੂ ਕਿ ਦਲੀਆ..!
                                                            ਚਰਨਜੀਤ ਭੁੱਲਰ
ਬਠਿੰਡਾ :  ਯੋਗ ਗੁਰੂ ਰਾਮਦੇਵ ਫ਼ਰਮਾਉਂਦੇ ਹਨ ਕਿ ‘ਪ੍ਰਧਾਨ ਮੰਤਰੀ ਐਤਕੀਂ ਕੌਣ ਬਣੂ, ਇਹ ਕੋਈ ਪਤਾ ਨਹੀਂ ਪਰ ਖਿਚੜੀ ਬੜੀ ਗੁਣਾਕਾਰੀ ਹੈ, ਨਿਰਾ ਪੌਸ਼ਟਿਕ ਆਹਾਰ।’  ਰਾਮਦੇਵ ਦੇ ਘਰ ਕੋਈ ਤੋੜਾ ਨਹੀਂ, ਜਦੋਂ ਭਾਜਪਾ ਦੀ ਅੱਖ ਟੀਰੀ ਨਹੀਂ ਤਾਂ ਫਿਰ ਕਾਹਦਾ ਘਾਟਾ। ਪਤੰਜਲੀ ਫੂਡ ਪਾਰਕ, ਪਤੰਜਲੀ ਯੂਨੀਵਰਸਿਟੀ, ਹੁਣ ਤਾਂ ਖ਼ੁਸ਼ਬੋ ਬਿਖੇਰਦੇ ਪਤੰਜਲੀ ਕੱਪੜੇ ਵੀ, ਸੁਰੱਖਿਆ ਲਈ ਕੇਂਦਰ ਨੇ ਕਮਾਂਡੋ ਇਕੱਲੇ ਨਹੀਂ ਭੇਜੇ, ਪੰਜਾਹ ਕਰੋੜ ਦੇ ਸਰਕਾਰੀ ਫ਼ੰਡ ਵੀ ਭੇਜੇ ਨੇ, ਜੋ ਜ਼ਮੀਨ ਦੀ ਸੇਵਾ ਨਿਭਾਈ, ਉਹ ਵੱਖਰੀ। ਯੂ.ਪੀ ਵਾਲੇ ਯੋਗੀ ਨੂੰ ਜਦੋਂ ਯੋਗ ਗੁਰੂ ਨੇ ਅੱਖਾਂ ਦਿਖਾਈਆਂ ਤਾਂ ਨੋਇਡਾ ਫੂਡ ਪਾਰਕ ਲਈ ਤਣੀ ਸ਼ਰਤਾਂ ਦੀ ਘੁੰਡੀ ਢਿੱਲੀ ਪੈ ਗਈ। ‘ਚੌਂਕੀਦਾਰ’ ਦਾ ਦਿਲ ਘਟਣ ਲੱਗਾ ਹੈ। ਅਮਿਤ ਸ਼ਾਹ ਨੂੰ ਯੋਗ ਗੁਰੂ ਦੀ ਅੱਖ ’ਚ ਹੁਣ ਕਣ ਦਿੱਖਦੈ। ਰਾਮਦੇਵ ਅਗਲੇ ਚੋਣ ਪ੍ਰਚਾਰ ਤੋਂ ਟੇਢ ਜੋ ਵੱਟਣ ਲੱਗਾ ਹੈ। ਐਵੇ ਕੌਣ ਕਿਸੇ ਦੇ ਚਰਨੀ ਲੱਗਦੈ। ਇੰਜ ਜਾਪਦਾ ਜਿਵੇਂ ਅਮਿੱਤ ਸ਼ਾਹ ਨੇ ਰਾਮਦੇਵ ਦੇ ਕੰਨ ’ਚ ਆਖਿਆ ਹੋਵੇ ‘ ਆਸਣ ਛੱਡੋ, ਅੱਗੇ ਚੋਣਾਂ ਨੇ, ਕਰੋ ਕਿਰਪਾ’। ਸ਼ਾਹ ਸਾਹਿਬ ਨੇ ਚੇਤੇ ਕਰਾਇਆ ਹੋਊ ‘ਨਾਲੇ ਥੋਡੇ ’ਤੇ ਘੱਟ ਕਿਰਪਾ ਕੀਤੀ ਹੈ, ਅੰਬਾਨੀ ਅਡਾਨੀ ਤਾਂ ਐਵੇਂ ਬਦਨਾਮ ਨੇ।’ ਚਲੋ ਆਪਾ ਕੀ ਲੈਣਾ, ਵੱਡੇ ਲੋਕ, ਵੱਡੀਆਂ ਗੱਲਾਂ। ਐਵੇਂ ਆਪਾ ਨੂੰ ਦੱਸਣ ਦੀ ਕੀ ਲੋੜ ਕਿ ਪਤੰਜਲੀ ਦੇ ਨਮੂਨੇ ਵੀ ਫ਼ੇਲ੍ਹ ਹੋਏ ਸੀ, ਨਾਲੇ ਭਾਰਤੀ ਫ਼ੌਜ ਨੇ ਕੰਟੀਨਾਂ ਚੋਂ ਆਂਵਲਾ ਜੂਸ ਦਾ ਇੱਕ ਬੈਚ ਬੇਰੰਗ ਮੋੜਤਾ ਸੀ।
          ਭਾਜਪਾਈ ਕੜਾਹੇ ’ਚ ਇਕੱਠੀ ਪੰਜ ਹਜ਼ਾਰ ਕਿੱਲੋ ਖਿਚੜੀ ਪੱਕੀ, ਰਸਦ ਦਲਿਤ ਘਰਾਂ ਚੋਂ ਲਿਆਂਦੀ। ਰਾਮ ਲੀਲ੍ਹਾ ਮੈਦਾਨ ’ਚ ਸਭ ਨੇ ਛਕੀ ਖਿਚੜੀ, ਹੰਸਾਂ ਦੀ ਜੋੜੀ ਨਹੀਂ ਦਿੱਖੀ। ਵਿਰੋਧੀ ਆਖਦੇ ਨੇ ‘ਅਖੇ ਦਲਿਤਾਂ ਨੂੰ ਰਿਝਾਉਣ ਲਈ ਚੁੱਲ੍ਹਾ ਤਪਾਇਆ।’ ਪਹਿਲਾਂ ਹਰਸਿਮਰਤ ਬਾਦਲ ਨੇ ਵਰਲਡ ਫੂਡ ਪ੍ਰੋਗਰਾਮਾਂ ’ਚ 918 ਕਿੱਲੋ ਖਿਚੜੀ ਬਣਾਈ ਸੀ, ਉਹ ਚੋਣਾਂ ਕਰਕੇ ਨਹੀਂ, ਉਦੋਂ ਵਿਸ਼ਵ ਰਿਕਾਰਡ ਬਣਾਉਣ ਲਈ ਭੱਠੀ ਚੜ੍ਹੀ ਸੀ। ਖਿਚੜੀ ਨੂੰ ‘ਕੌਮੀ ਖ਼ੁਰਾਕ’ ਦਾ ਰੁਤਬਾ ਮਿਲਣਾ ਸੀ, ਰੌਲੇ ਨੇ ਕੰਮ ਖਰਾਬ ਕਰ ਦਿੱਤਾ। ਚੋਣਾਂ ਸਿਰ ’ਤੇ ਹਨ, ਹਾਲੇ ਤਾਂ ਹੋਰ ਬੜੇ ਰੌਲ਼ੇ ਪੈਣੇ ਹਨ। ਰੌਲਾ ਤਾਂ ਉਦੋਂ ਵੀ ਬੜਾ ਪਿਆ ਜਦੋਂ ਬਿਹਾਰ ਦੇ ਛਪਰਾ ’ਚ ਖਿਚੜੀ ਖਾਣ ਨਾਲ 11 ਬੱਚਿਆਂ ਦੀ ਜਾਨ ਚਲੀ ਗਈ ਸੀ। ਲੁਧਿਆਣਾ  ਦਾ ਰੇਹੜੀ ਵਾਲਾ ਅਰੁਣ ਸ਼ਾਹ  ਵੀ ਹੁਣ ਕਿਸ ਅਮਿੱਤ ਸ਼ਾਹ ਦੇ ਗਲ ਲੱਗ ਕੇ ਢਿੱਡ ਹੌਲਾ ਕਰੇ ਜਿਸ ਦੇ ਦੋ ਬੱਚੇ ਖਿਚੜੀ ਖਾ ਕੇ ਫੌਤ ਹੋ ਗਏੇ। ਚੋਣ ਵਰੇ੍ਹ ’ਚ ਤਾਂ ਲੀਡਰਾਂ ਨਾਲ ਵੀ ਖੇਤ ਪਏ ਗਧੇ ਵਾਲੀ ਹੁੰਦੀ ਹੈ। ਕੋਈ ਗੁਆਉਂਦਾ ਹੈ ਤੇ ਕੋਈ ਪਾਉਂਦੈ। ਜਿੱਧਰ ਵੀ ਦੇਖੋ, ਸਿਆਸੀ ਧਿਰਾਂ ਨੇ ਚੁੱਲ੍ਹੇ ਤਪਾ ਲਏ ਨੇ। ਤਪੇ ਹੋਏ ਲੋਕ ਵੀ ਕਚੀਚੀਆਂ ਵੱਟ ਰਹੇ ਨੇ। ਲੱਗਦੈ, ਡਾ. ਮਨਮੋਹਨ ਸਿੰਘ ਵੀ ਚੁੱਪ ਰਹਿਣ ਦੀ ਅੜੀ ਤੋੜਨਗੇ। ਇੱਧਰ ਮੋਦੀ ਨੂੰ ਚੁੱਪ ਰਹਿਣ ਦਾ ਮੰਤਰ ਵੋਟਰ ਸਿਖਾਉਣਗੇ।
           ਰਾਹੁਲ ਗਾਂਧੀ ਵੀ ‘ਲਾਈਨ ਟੱਚ’ ਤੇ ਖੜ੍ਹਾ ਹੈ। ਮੁੱਠੀਆਂ ਵਿਚ ਲੋਕਾਂ ਨੇ ਵੀ ਥੁੱਕ ਲਿਆ ਹੈ। ਜਦੋਂ ਸਿਆਸੀ ਮੈਦਾਨ ਫ਼ਤਿਹ ਕਰਨਾ ਹੋਵੇ ਤਾਂ ਉਦੋਂ ਪੁਰਾਣੇ ਗਿਲੇ ਭੁਲਾ ਕੇ ਘਿਓ ਖਿਚੜੀ ਹੋਣਾ ਪੈਂਦਾ।  ਯੂ.ਪੀ ’ਚ ‘ਭੂਆ-ਭਤੀਜੇ’ ਨੇ ਨਵੇਂ ਸੁਰ ਕੱਢੇ ਹਨ। ਅਖਲੇਸ਼ ਯਾਦਵ ਦੀ ਬੀਵੀ ਡਿੰਪਲ ਯਾਦਵ ਅਤੇ ਮਾਇਆਵਤੀ ਦਾ 15 ਜਨਵਰੀ ਨੂੰ ਜਨਮ ਦਿਨ ਹੈ। ਹੈਪੀ ਬਰਥ ਡੇਅ ਤੋਂ ਪਹਿਲਾਂ ਹੀ ਸੀਟਾਂ ਦਾ ਕਲੇਸ਼ ਮੁਕਾ ਲਿਆ। ਹੁਣ ਨਾਲੇ ਭੂਆ ਖ਼ੁਸ਼ ਤੇ ਨਾਲੇ ਬੀਵੀ। ਉਪੇਂਦਰ ਕੁਸ਼ਵਾਹਾ ਤੇ ਤੇਲਗੂ ਦੇਸਮ ਤੋਂ ਖ਼ੁਸ਼ ਤਾਂ ਹੁਣ ਰਾਹੁਲ ਗਾਂਧੀ ਵੀ ਹੈ ਜੋ ਮਹਾਂਗਠਜੋੜ ਦਾ ਨਕਸ਼ਾ ਚੁੱਕ ਕੇ ਬੂਹੇ ਖੜਕਾਉਂਦਾ ਘੁੰਮ ਰਿਹੈ। ਹਰਿਆਣੇ ’ਚ ਚੌਟਾਲਿਆਂ ਨੇ ਸਿਆਸੀ ਚੁੱਲ੍ਹੇ ਵੰਡ ਲਏ ਨੇ। ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਆਉਣਾ ਹੈ ਪਰ ਆਊ ਕੇਹੜੇ ਮੂੰਹ ਨਾਲ, ਮਾਫ਼ੀ ਵਾਲੀ ਗੱਲ ਪੰਜਾਬੀ ਭੁੱਲ ਹੀ ਨਹੀਂ ਰਹੇ। ‘ਪੰਜਾਬੀ ਏਕਤਾ ਪਾਰਟੀ’ ਬਣਾ ਕੇ ਸੁਖਪਾਲ ਖਹਿਰਾ ਨੇ ਆਪਣਾ ਘੋੜਾ ਸ਼ਿੰਗਾਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਬਣ ਕੇ ਤਿਆਰ ਬਰ ਤਿਆਰ ਹੈ। ਫੂਲਕਾ ਸਾਹਿਬ ਵੀ ਨਵੇਂ ਰੂਪ ਨਾਲ ਜਨਤਾ ਦੀ ਕਚਹਿਰੀ ’ਚ ਹਾਜ਼ਰ ਹਨ। ਹੁਣ ਸ਼੍ਰੋਮਣੀ ਕਮੇਟੀ ਦੇ ਮਾਮਲੇ ’ਤੇ ਗਰਮ ਦਿਖ ਰਹੇ ਨੇ। ਗਰਮਦਲੀਏ ਵੀ ਸਿਆਸੀ ਦਾਅ ਲਾਉਣ ਲਈ ਸਾਊ ਬਣੇ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਵੀ ਪੈਰ ਲਾਉਣ ਅੱਕੀ ਪਲਾਹੀ ਹੱਥ ਮਾਰ ਰਿਹਾ ਹੈ। ਅਮਰਿੰਦਰ ਸਿੰਘ ਸਭ ਕਾਸੇ ਨੂੰ ਕਾਂਗਰਸ ਲਈ ਸ਼ੁੱਭ ਮੰਨੀ ਬੈਠਾ ਹੈ।         
               ਕੌਣ ਕੌਣ ਘਿਓ ਖਿਚੜੀ ਹੋਣਗੇ, ਕੌਣ ਕੌਣ ਖੱਖੜੀਆਂ ਕਰੇਲੇ, ਆਉਂਦੇ ਦਿਨਾਂ ’ਚ ਕੋਈ ਢਕੀ ਨਹੀਂ ਰਹਿਣੀ। ਭਾਜਪਾ ਤੇ ਅਕਾਲੀ ਦਲ ਹੱਡ ਮਾਸ ਵਾਲੇ ਰਿਸ਼ਤੇ ਦਾ ਗਦੋੜਾ ਫੇਰਨਗੇ। ‘ਕਾਂ ਤੇ ਚਿੜ੍ਹੀ’ ਵਾਲੀ ਕਹਾਣੀ ਦਾ ਰੂਪਾਂਤਰਨ ਵੀ ਚੋਣ ਪਿੜ ’ਚ ਦਿਖੇਗਾ। ਮੋਹਨ ਭੰਡਾਰੀ ਦੀ ਕਹਾਣੀ ‘ਖ਼ੁਸ਼ਖ਼ਬਰੀ’ ਦੀ ਆਖ਼ਰੀ ਲਾਈਨ ਪ੍ਰਸੰਗਕ ਜਾਪੀ ‘ਅਜੇ ਆਦਮੀ ਆਪਸ ਵਿਚ ਲੜ ਰਹੇ ਨੇ, ਸਾਨੂੰ ਜਨੌਰਾਂ ਨੂੰ ਕੋਈ ਖ਼ਤਰਾ ਨਹੀਂ’। ਆਉਂਦੇ ਦਿਨਾਂ ’ਚ ਲੋਕਾਂ ਦੀ ਲੜਾਈ ਲੜਨ ਦੇ ਮਖੌਟੇ ਦਿਖਣਗੇ। ਅੰਦਰੋਂ ਲੜਾਈ ਕੁਰਸੀ ਦੀ ਹੀ ਹੋਵੇਗੀ। ਏਨੀ ਸਮਝ ਹੁੰਦੀ ਤਾਂ ਲੇਬਰ ਚੌਂਕ ’ਚ ਕਾਹਤੋਂ ਖੜ੍ਹਦੇ। ਫਿਰ ਵੀ ਮਜ਼ਦੂਰ ਆਗੂ ਸਮਝਾ ਰਿਹਾ ਹੈ ਕਿ ਖਿਚੜੀ ਬਿਮਾਰਾਂ ਲਈ ਬਣਦੀ ਹੈ। ਏਨਾ ਇਸ਼ਾਰਾ ਕਾਫ਼ੀ ਹੈ। ਸਕੂਲਾਂ ’ਚ ਪੁੱਜੇ ਸਰਕਾਰੀ ਸਾਈਕਲ ਵੀ ਚੋਣਾਂ ਦੀ ਘੰਟੀ ਦਾ ਇਸ਼ਾਰਾ ਹਨ।  ਉੱਧਰ ਖੇਤਾਂ ਵਿਚ ਆਵਾਰਾ ਪਸ਼ੂ ਕਿਸਾਨਾਂ ਨੂੰ ਢੁੱਡਾਂ ਮਾਰ ਰਹੇ ਨੇ ’ਤੇ ਸਕੂਲਾਂ ਵਿਚ ਠੰਢ। ਵਰਦੀਆਂ ਹਾਲੇ ਤੱਕ ਮਿਲੀਆਂ ਨਹੀਂ। ਪੌਣੇ ਤਿੰਨ ਵਰ੍ਹਿਆਂ ਤੋਂ ਪੰਜਾਬ ਦੇ 1.41 ਕਰੋੜ ਲੋਕ ਆਟਾ ਦਾਲ ਸਕੀਮ ਵਾਲੀ ਦਾਲ ਉਡੀਕ ਰਹੇ ਨੇ। ਬਿਨਾਂ ਦਾਲ ਤੋਂ ਤਾਂ ਖਿਚੜੀ ਵੀ ਨਹੀਂ ਬਣਦੀ। ਵਕਤ ਬੰਦੇ ਨੂੰ ਮਰੀਜ਼ ਵੀ ਬਣਾਉਂਦਾ ਤੇ ਮੁਥਾਜ ਵੀ। ਲੇਲ੍ਹੜੀਆਂ ਵੀ ਕਢਵਾਉਂਦਾ ਹੈ ਤੇ ਕੌੜਾ ਘੁੱਟ ਭਰਨਾ ਵੀ ਸਿਖਾਉਂਦੇ। ਸੱਚ ਇਹ ਵੀ ਹੈ ਕਿ ਪਾਣੀ ਸਿਰੋਂ ਲੰਘ ਜਾਏ ਤਾਂ ਬੰਦਾ ਗੋਲੀ ਬਣਦਾ ਵੀ ਦੇਰ ਨਹੀਂ ਲਾਉਂਦਾ। ਫਿਰ ਕਿਸੇ ਨੂੰ ਖਿਚੜੀ ਸੁਆਦ ਨਹੀਂ ਲੱਗਣੀ।




Saturday, January 12, 2019

                        ਸਹੁੰ ਚੁੱਕ ਸਮਾਰੋਹ 
         ਖ਼ਜ਼ਾਨੇ ਨੂੰ ਪੰਜ ਕਰੋੜ ’ਚ ਪੈਣਗੇ !
                          ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਖ਼ਜ਼ਾਨੇ ਨੂੰ ਪੰਚਾਂ/ਸਰਪੰਚਾਂ ਦੇ ਸਹੁੰ ਚੁੱਕ ਸਮਾਰੋਹ ਕਰੀਬ ਪੰਜ ਕਰੋੜ ’ਚ ਪੈਣਗੇ। ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਅੱਜ ਸਹੁੰ ਚੁੱਕ ਸਮਾਰੋਹ ਹੋਏ ਹਨ ਜਦੋਂ ਕਿ ਬਾਕੀ ਅੱਠ ਜ਼ਿਲ੍ਹਿਆਂ ’ਚ ਇਹੋ ਸਮਾਰੋਹ ਭਲਕੇ ਹੋਣਗੇ। ਪੰਜਾਬ ਸਰਕਾਰ ਤਰਫ਼ੋਂ ਇਨ੍ਹਾਂ ਸਹੁੰ ਚੁੱਕ ਸਮਾਰੋਹਾਂ ਵਿਚ ਪ੍ਰਤੀ ਪੰਚ/ਸਰਪੰਚ ਅੌਸਤਨ 400 ਰੁਪਏ ਖ਼ਰਚੇ ਜਾ ਰਹੇ ਹਨ। ਕਿਤੇ ਬਰੈੱਡ ਪਕੌੜਿਆਂ ਦੇ ਲੰਗਰ ਲਾਏ ਗਏ ਹਨ ਅਤੇ ਕਿਤੇ ਦੁਪਹਿਰ ਦਾ ਖਾਣਾ ਦਿੱਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ’ਚ ਦੋ ਦੋ ਲੱਡੂ ਵੀ ਦਿੱਤੇ ਗਏ ਹਨ। ਨਵੇਂ ਪੰਚਾਂ/ਸਰਪੰਚਾਂ ਨੇ ਅੱਜ ਫੀਤੀ ਦੇ ਚਾਅ ’ਚ ਸਰਕਾਰੀ ਪਕੌੜੇ ਵੀ ਛਕੇ ਤੇ ਉਸ ਤੋਂ ਪਹਿਲਾਂ ਅਹੁਦੇ ਦੀ ਸਹੁੰ ਚੁੱਕੀ। ਖ਼ਜ਼ਾਨਾ ਪਹਿਲਾਂ ਹੀ ਤੰਗੀ ਝੱਲ ਰਿਹਾ ਹੈ ਤੇ ਇੱਥੋਂ ਤੱਕ ਸਕੂਲੀ ਵਰਦੀਆਂ ਲਈ ਪੈਸਿਆਂ ਦਾ ਟੋਟਾ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸਪੈਸ਼ਲ ਸਕੱਤਰ ਤਰਫ਼ੋਂ ਕਰੀਬ ਪੰਜ ਕਰੋੜ ਰੁਪਏ ਦੇ ਫ਼ੰਡ ਜਾਰੀ ਕੀਤੇ ਗਏ ਹਨ ਅਤੇ 4.27 ਕਰੋੜ ਦੇ ਫ਼ੰਡਾਂ ਦੀ ਜ਼ਿਲ੍ਹਾ ਵਾਰ ਵੰਡ ਕੀਤੀ ਗਈ ਹੈ। ਸਭ ਤੋਂ ਵੱਧ ਫ਼ੰਡ ਜ਼ਿਲ੍ਹਾ ਪਟਿਆਲਾ ਨੂੰ 53.24 ਲੱਖ ਜਾਰੀ ਕੀਤੇ ਗਏ ਹਨ ਅਤੇ ਇਸ ਜ਼ਿਲ੍ਹੇ ਵਿਚ ਅੱਜ ਮੁੱਖ ਮੰਤਰੀ ਪੰਜਾਬ ਨੇ 7646 ਪੰਚਾਇਤੀ ਪ੍ਰਤੀਨਿਧਾਂ ਨੂੰ ਸਹੁੰ ਚੁਕਾਈ ਹੈ। ਇਸ ਜ਼ਿਲ੍ਹੇ ਵਿਚ ਸਰਕਾਰ ਨੇ ਪ੍ਰਤੀ ਪੰਚ/ਸਰਪੰਚ 696 ਰੁਪਏ ਖ਼ਰਚ ਕੀਤੇ ਹਨ ਜਦੋਂ ਕਿ ਬਾਕੀ ਪੰਜਾਬ ਵਿਚ ਪ੍ਰਤੀ ਨੁਮਾਇੰਦਾ ਅੌਸਤਨ 400 ਰੁਪਏ ਖ਼ਰਚ ਕੀਤੇ ਜਾ ਰਹੇ ਹਨ।
               ਸਰਕਾਰ ਵੱਲੋਂ ਚੁਣੇ ਪ੍ਰਤੀਨਿਧਾਂ ਨੂੰ ਰਿਫਰੈਸ਼ਮੈਂਟ ਦੇਣ ਦੀ ਹਦਾਇਤ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਪੰਜਾਬ ਭਰ ਦੇ 1,00,312 ਪੰਚਾਂ/ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਇਨ੍ਹਾਂ ਦੋ ਦਿਨਾਂ ਦੌਰਾਨ ਅਹੁਦੇ ਦੀ ਸਹੁੰ ਚੱੁਕਣੀ ਹੈ। ਪੰਜਾਬ ਭਰ ਵਿਚ 13262 ਨਵੇਂ ਸਰਪੰਚ, 83,831 ਪੰਚ, 2899 ਸਮਿਤੀ ਮੈਂਬਰ ਅਤੇ 353 ਜ਼ਿਲ੍ਹਾ ਪਰਿਸ਼ਦ ਮੈਂਬਰ ਚੁਣੇ ਗਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ 1405 ਸਰਪੰਚ, ਗੁਰਦਾਸਪੁਰ ਵਿਚ 1279 ਅਤੇ ਤੀਜੇ ਨੰਬਰ ’ਤੇ ਜ਼ਿਲ੍ਹਾ ਪਟਿਆਲਾ ਵਿਚ 1038 ਸਰਪੰਚ ਚੁਣੇ ਗਏ ਹਨ। ਬਰਨਾਲਾ ਜ਼ਿਲ੍ਹੇ ਨੂੰ ਸਹੁੰ ਚੁੱਕ ਸਮਾਰੋਹਾਂ ਲਈ ਪ੍ਰਤੀ ਨੁਮਾਇੰਦਾ 394 ਰੁਪਏ ਖਰਚਾ ਦਿੱਤਾ ਗਿਆ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਨੂੰ ਇਕਸਾਰ ਰਾਸ਼ੀ ਦਿੱਤੀ ਗਈ ਹੈ। ਜ਼ਿਲ੍ਹਿਆਂ ਵਿਚ ਅੱਜ ਵਜ਼ੀਰਾਂ ਨੇ ਸਹੁੰ ਚੁਕਾਈ ਹੈ। ਬਹੁਤੇ ਥਾਵਾਂ ’ਤੇ ਮੈਰਿਜ ਪੈਲੇਸਾਂ ਵਿਚ ਪ੍ਰੋਗਰਾਮ ਰੱਖੇ ਗਏ। ਬਠਿੰਡਾ ਜ਼ਿਲ੍ਹੇ ਵਿਚ ਅੱਜ ਵਜ਼ੀਰ ਵਿਜੇ ਇੰਦਰ ਸਿੰਗਲਾ ਨੇ ਸਹੁੰ ਚੁਕਾਈ। ਸਹੁੰ ਚੁੱਕਣ ਮਗਰੋਂ ਸਰਪੰਚਾਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਪੰਜਾਬ ਸਰਕਾਰ ਨੇ ਰਸਮੀ ਤੌਰ ਤੇ ਸਹੁੰ ਚੁਕਾ ਕੇ ਨਵੀਂ ਟੀਮ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਾਸਤੇ ਤਿਆਰ ਕਰ ਲਿਆ ਹੈ।
               ਆਉਂਦੇ ਦਿਨਾਂ ਵਿਚ ਫ਼ੰਡਾਂ ਦੇ ਗੱਫੇ ਵੀ ਇਨ੍ਹਾਂ ਸਰਪੰਚਾਂ ਨੂੰ ਦਿੱਤੇ ਜਾਣੇ ਹਨ। ਪ੍ਰਾਪਤ ਤੱਥਾਂ ਅਨੁਸਾਰ ਸਰਕਾਰ ਨੇ ਹੁਸ਼ਿਆਰਪੁਰ ਨੂੰ ਸਹੁੰ ਚੁੱਕ ਸਮਾਗਮਾਂ ਲਈ 38.72 ਲੱਖ, ਅੰਮ੍ਰਿਤਸਰ ਨੂੰ 26.84 ਲੱਖ, ਗੁਰਦਾਸਪੁਰ ਨੂੰ 36.33 ਲੱਖ, ਸੰਗਰੂਰ ਨੂੰ 20.44 ਲੱਖ, ਲੁਧਿਆਣਾ ਨੂੰ 30.38 ਲੱਖ, ਫ਼ਿਰੋਜ਼ਪੁਰ ਨੂੰ 22.75 ਲੱਖ ਦੇ ਫ਼ੰਡ ਜਾਰੀ ਕੀਤੇ ਹਨ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਸਕਿਰਨ ਸਿੰਘ ਨੇ ਦੱਸਿਆ ਕਿ ਪਹਿਲਾਂ ਸਟੇਟ ਪੱਧਰ ਦੇ ਸਮਾਰੋਹ ਹੁੰਦੇ ਰਹੇ ਹਨ ਅਤੇ ਐਤਕੀਂ ਜ਼ਿਲ੍ਹਾ ਪੱਧਰ ’ਤੇ ਇਹ ਸਮਾਰੋਹ ਕੀਤੇ ਜਾ ਰਹੇ ਹਨ ਜਿਨ੍ਹਾਂ ਲਈ ਪੰਜ ਕਰੋੜ ਦੇ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਚਾਹ ਪਾਣੀ ਵਗੈਰਾ ਤੇ ਕੋਈ ਵੱਡਾ ਫੰਡ ਨਹੀਂ ਖਰਚ ਰਹੇ ਅਤੇ ਚੁਣੇ ਪ੍ਰਤੀਨਿਧਾਂ ਦੇ ਮਾਣ ਸਨਮਾਨ ਲਈ ਹੀ ਕੀਤਾ ਗਿਆ ਹੈ।
                    ਖਜ਼ਾਨੇ ਦਾ ਪੈਸਾ ਉਡਾਇਆ : ਚੀਮਾ
ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਸਮਾਰੋਹਾਂ ਨੂੰ ਸਿਆਸੀ ਸਟੰਟ ਦੱਸਿਆ ਹੈ। ਉਨ੍ਹਾਂ ਆਖਿਆ ਕਿ ਹੁਣ ਸਰਕਾਰ ਦੀ ਕਿਫਾਇਤੀ ਮੁਹਿੰਮ ਕਿਥੇ ਚਲੀ ਗਈ ਹੈ ਅਤੇ ਕਰੋੜਾਂ ਰੁਪਏ ਵਹਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਇਹ ਫਜੂਲ ਖਰਚੀ ਹੈ ਅਤੇ ਇਹ ਸਮਾਗਮ ਸਾਦੇ ਅਤੇ ਪਿੰਡਾਂ ਵਿਚ ਹੋਣੇ ਚਾਹੀਦੇ ਸਨ। ਪੰਚਾਇਤਾਂ ਲੋਕਾਂ ਸਾਹਮਣੇ ਸਹੁੰ ਚੁੱਕਦੀਆਂ।



Friday, January 11, 2019

                       ਆਟਾ ਦਾਲ ਸਕੀਮ 
     ਕਰੀਬ ਸੱਤ ਲੱਖ ਲਾਭਪਾਤਰੀ ਗੁਆਚੇ
                         ਚਰਨਜੀਤ ਭੁੱਲਰ
ਬਠਿੰਡਾ : ਆਟਾ ਦਾਲ ਸਕੀਮ ਦੇ ਕਰੀਬ ਸੱਤ ਲੱਖ ਲਾਭਪਾਤਰੀ ‘ਗੁੰਮ’ ਹੋ ਗਏ ਹਨ ਜਿਨ੍ਹਾਂ ਨੂੰ ਹੁਣ ਸਰਕਾਰੀ ਅਫ਼ਸਰ ਤੇ ਮੁਲਾਜ਼ਮ ਲੱਭਣਗੇ। ਇਨ੍ਹਾਂ ਦੀ ਬਦੌਲਤ ਕਰੀਬ 84 ਕਰੋੜ ਦਾ ਰਗੜਾ ਹਰ ਵਰੇ੍ਹ ਖ਼ਜ਼ਾਨੇ ਨੂੰ ਲੱਗ ਰਿਹਾ ਸੀ। ਪੰਜਾਬ ਸਰਕਾਰ ਨੇ ਹੁਣ ਗ਼ਾਇਬ ਹੋਏ ਨੀਲੇ ਕਾਰਡ ਹੋਲਡਰਾਂ ਦੀ ਪੈੜ ਨੱਪਣ ਲਈ ਪੜਤਾਲ ਦੇ ਹੁਕਮ ਕੀਤੇ ਹਨ। ਖ਼ੁਰਾਕ ਤੇ ਸਪਲਾਈ ਮਹਿਕਮੇ ਤਰਫ਼ੋਂ ਜਦੋਂ ਆਖ਼ਰੀ ਦਫ਼ਾ ਆਟਾ ਦਾਲ ਸਕੀਮ ਦੇ ਅਨਾਜ ਦੀ ਈ-ਪੋਸ ਮਸ਼ੀਨਾਂ (ਪੁਆਇੰਟ ਆਫ਼ ਸੇਲ) ਨਾਲ ਵੰਡ ਕੀਤੀ ਤਾਂ ਹੈਰਾਨੀ ਵਾਲੇ ਤੱਥ ਸਾਹਮਣੇ ਆਏ। ਅਕਤੂਬਰ 2018 ਤੱਕ (ਛੇ ਮਹੀਨੇ ਦਾ) ਦਾ ਅਨਾਜ ਲੈਣ ਲਈ ਪੰਜਾਬ ਭਰ ਚੋਂ ਕਰੀਬ 1.76 ਲੱਖ ਨੀਲੇ ਕਾਰਡ ਹੋਲਡਰ ਨਹੀਂ ਆਏ ਜਿਨ੍ਹਾਂ ਵੱਲੋਂ 7.04 ਲੱਖ ਪਰਿਵਾਰਕ ਜੀਆਂ ਦਾ ਅਨਾਜ ਪਹਿਲਾਂ ਰੈਗੂਲਰ ਲਿਆ ਜਾਂਦਾ ਸੀ। ਖ਼ੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਨੇ 7 ਜਨਵਰੀ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ 15 ਫਰਵਰੀ ਤੱਕ ਪੜਤਾਲ ਮੁਕੰਮਲ ਕਰਨ ਦਾ ਟੀਚਾ ਦਿੱਤਾ ਗਿਆ ਹੈ।
                ਪੰਜਾਬ ਵਿਚ ਕਰੀਬ 35.26 ਲੱਖ ਨੀਲੇ ਕਾਰਡ ਹੋਲਡਰ ਹਨ ਜਿਨ੍ਹਾਂ ’ਤੇ 1.41 ਕਰੋੜ ਲਾਭਪਾਤਰੀ ਅਨਾਜ ਲੈ ਰਹੇ ਹਨ। ਕੈਪਟਨ ਸਰਕਾਰ ਨੇ ਜਦੋਂ ਹੁਣ ਈ-ਪੋਸ ਮਸ਼ੀਨਾਂ ਨਾਲ (ਅੰਗੂਠਾ ਲਗਵਾ ਕੇ) ਰਾਸ਼ਨ ਵੰਡਣਾ ਸ਼ੁਰੂ ਕੀਤਾ ਤਾਂ 33.50 ਲੱਖ ਪਰਿਵਾਰਾਂ ਨੇ ਰਾਸ਼ਨ ਲਿਆ ਜਦੋਂ ਕਿ ਬਾਕੀ 1.76 ਲੱਖ ਪਰਿਵਾਰ ਰਾਸ਼ਨ ਲੈਣ ਹੀ ਨਹੀਂ ਪੁੱਜੇ ਜੋ ਹੁਣ ਸ਼ੱਕ ਦੇ ਦਾਇਰੇ ਵਿਚ ਆ ਗਏ ਹਨ। ਪੰਜਾਬ ਸਰਕਾਰ ਤਰਫ਼ੋਂ ਹੁਣ ਆਟਾ ਦਾਲ ਸਕੀਮ ਦੀ  ਛੇਵੀਂ ਦਫ਼ਾ ਪੜਤਾਲ ਕਰਾਈ ਜਾਣੀ ਹੈ ਜਿਸ ’ਚ ਗੁੰਮ ਹੋਏ ਕਾਰਡ ਹੋਲਡਰਾਂ ਦਾ ਸੱਚ ਜਾਣਿਆ ਜਾਵੇਗਾ। ਗੱਠਜੋੜ ਸਰਕਾਰ ਸਮੇਂ ਤੋਂ ਹੀ ਆਟਾ ਦਾਲ ਸਕੀਮ ਪੜਤਾਲਾਂ ਚੋਂ ਹੀ ਬਾਹਰ ਨਹੀਂ ਨਿਕਲ ਸਕੀ ਹੈ। ਵੇਰਵਿਆਂ ਅਨੁਸਾਰ ਸਾਲ 2011 ਦੀ ਜਨਗਣਨਾ ਨੂੰ ਆਧਾਰ ਮੰਨੀਏ ਤਾਂ ਪੰਜਾਬ ਦੀ 49.50 ਫ਼ੀਸਦੀ ਆਬਾਦੀ ਆਟਾ ਦਾਲ ਸਕੀਮ ਦਾ ਫ਼ਾਇਦਾ ਲੈ ਰਹੀ ਹੈ ਜਿਨ੍ਹਾਂ ਵਿਚ 44.88 ਫ਼ੀਸਦੀ ਸ਼ਹਿਰੀ ਅਤੇ 54.60 ਫ਼ੀਸਦੀ ਆਬਾਦੀ ਪੇਂਡੂ ਹੈ। ਪੰਜਾਬ ਵਿਚ ਆਟਾ ਦਾਲ ਸਕੀਮ ਦੇ ਕਾਰਡਾਂ ਦੀ ਵੰਡ ਅਸਾਵੀਂ ਹੈ। ਸਰਹੱਦੀ ਜ਼ਿਲ੍ਹਿਆਂ ਵਿਚ 80 ਫ਼ੀਸਦੀ ਆਬਾਦੀ ਕੋਲ ਆਟਾ ਦਾਲ ਸਕੀਮ ਦੇ ਕਾਰਡ ਹਨ।
              ਖ਼ਜ਼ਾਨਾ ਮੰਤਰੀ ਦੇ ਹਲਕਾ ਬਠਿੰਡਾ ਵਿਚ 39 ਹਜ਼ਾਰ ਨੀਲੇ ਕਾਰਡ ਬਣੇ ਹੋਏ ਸਨ ਜਿਨ੍ਹਾਂ ਚੋਂ 22 ਹਜ਼ਾਰ ਕਾਰਡ ਅਯੋਗ ਨਿਕਲੇ ਸਨ। ਖ਼ੁਰਾਕ ਤੇ ਸਪਲਾਈ ਮੰਤਰੀ ਤਾਂ ਇੱਥੋਂ ਤੱਕ ਦੱਸਦੇ ਹਨ ਕਿ ਗੱਠਜੋੜ ਸਰਕਾਰ ਦੌਰਾਨ ਅਯੋਗ ਕਾਰਡ ਵੱਡੀ ਗਿਣਤੀ ਵਿਚ ਬਣੇ ਹਨ। ਉਨ੍ਹਾਂ ਅਨੁਸਾਰ ਮਜੀਠਾ ਹਲਕੇ ਵਿਚ 98 ਫ਼ੀਸਦੀ ਆਬਾਦੀ,ਜਲਾਲਾਬਾਦ ਵਿਚ 75 ਫ਼ੀਸਦੀ ਅਤੇ ਪੱਟੀ ਵਿਚ 72 ਫ਼ੀਸਦੀ ਆਬਾਦੀ ਆਟਾ ਦਾਲ ਸਕੀਮ ਦੀ ਕਾਰਡ ਹੋਲਡਰ ਹੈ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਬਠਿੰਡਾ ਤੇ ਮਾਨਸਾ ਵਿਚ ਧੜਾਧੜ ਆਟਾ ਦਾਲ ਸਕੀਮ ਦੇ ਕਾਰਡ ਬਣਦੇ ਰਹੇ ਹਨ। ਹੁਣ ਬਠਿੰਡਾ ਵਿਚ ਇਸ ਸਕੀਮ ਦੇ 1.78 ਲੱਖ ਤੇ ਮਾਨਸਾ ਵਿਚ 1.06 ਲੱਖ ਨੀਲੇ ਕਾਰਡ ਹਨ। ਪੰਜਾਬ ਸਰਕਾਰ ਤਰਫ਼ੋਂ ਆਟਾ ਦਾਲ ਸਕੀਮ ਤਹਿਤ ਪ੍ਰਤੀ ਕਾਰਡ ਹੋਲਡਰ ਨੂੰ ਅੌਸਤਨ ਚਾਰ ਜੀਆਂ ਦਾ ਸਲਾਨਾ ਅਨਾਜ 2.40 ਕੁਇੰਟਲ (ਕਣਕ) ਦਿੱਤਾ ਹੈ। ਇਹ ਕਣਕ ਦੋ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਮਾਰਕੀਟ ਭਾਅ ਦੇਖੀਏ ਤਾਂ ਸਭ ਖ਼ਰਚਿਆਂ ਸਮੇਤ ਕਰੀਬ 2000 ਰੁਪਏ ਪ੍ਰਤੀ ਕੁਇੰਟਲ ਕਣਕ ਪੈਂਦੀ ਹੈ। ਇਸ ਲਿਹਾਜ਼ ਨਾਲ ਸਰਕਾਰ 1.76 ਲੱਖ ਕਾਰਡ ਹੋਲਡਰਾਂ (ਜੋ ਹੁਣ ਗੁੰਮ ਹਨ) ਨੂੰ ਸਲਾਨਾ 84 ਕਰੋੜ ਦੀ ਕਣਕ ਵੰਡਦੀ ਰਹੀ ਹੈ।  ਈ-ਪੋਸ ਮਸ਼ੀਨਾਂ ਨਾਲ ਵੰਡ ਤੋਂ ਪਹਿਲਾਂ ਸੌ ਫ਼ੀਸਦੀ ਕਾਰਡ ਹੋਲਡਰ ਅਨਾਜ ਲੈਂਦੇ ਰਹੇ ਹਨ ਜਦੋਂ ਕਿ ਹੁਣ 7.04 ਲੱਖ ਲਾਭਪਾਤਰੀ ਗ਼ਾਇਬ ਹੋਏ ਹਨ। ਕਿਤੇ ਗੜਬੜ ਜ਼ਰੂਰ ਜਾਪਦੀ ਹੈ।
                    ਅਯੋਗ ਕਾਰਡ ਜਾਂਚ ’ਚ ਲੱਭੇ ਜਾਣਗੇ: ਆਸ਼ੂ
ਖ਼ੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ 1.76 ਲੱਖ ਕਾਰਡ ਹੋਲਡਰ ਮੌਜੂਦ ਹੀ ਨਹੀਂ ਹਨ ਜਿਨ੍ਹਾਂ ਦੀ ਜਾਂਚ ਦੇ ਹੁਕਮ ਕੀਤੇ ਹਨ ਜੋ ਵਾਜਬ ਕਾਰਡ ਹੋਲਡਰ ਨਹੀਂ ਜਾਪਦੇ। ਉਨ੍ਹਾਂ ਆਖਿਆ ਕਿ ਇਹ ਕਾਰਡ ਡਬਲ ਹੋ ਸਕਦੇ ਹਨ ਅਤੇ ਨਜਾਇਜ਼ ਕਾਰਡਾਂ ਬਣੇ ਹੋਣ ਦਾ ਦਾ ਵੀ ਸ਼ੱਕ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪੜਤਾਲ ਦੌਰਾਨ ਅਨਾਜ ਦੀ ਵੰਡ ਜਾਰੀ ਰਹੇਗੀ ਅਤੇ ਪੂਰੇ ਪੰਜਾਬ ਵਿਚ ਕਾਰਡਾਂ ਦੀ ਵੰਡ ਸਾਵੀਂ ਕੀਤੀ ਜਾਵੇਗੀ ਕਿਉਂਕਿ ਇਸ ਵੇਲੇ ਕਿਤੇ ਜ਼ਿਆਦਾ ਤੇ ਕਿਤੇ ਘੱਟ ਕਾਰਡ ਹੋਲਡਰ ਹਨ।
                     ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗਾ ਆਟਾ ਦਾਲ
ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ/ਭੂਮੀਹੀਣ ਪਰਿਵਾਰਾਂ ਨੂੰ ਵੀ ਆਟਾ ਦਾਲ ਸਕੀਮ ਦਾ ਲਾਭ ਮਿਲੇਗਾ। ਨਵੀਂ ਹਦਾਇਤ ਜਾਰੀ ਕਰਕੇ ਅਜਿਹੇ ਪਰਿਵਾਰਾਂ ਨੂੰ ਸਕੀਮ ਵਿਚ ਸ਼ਾਮਿਲ ਕਰਨ ਲਈ ਆਖਿਆ ਗਿਆ ਹੈ ਜਿਨ੍ਹਾਂ ਦੇ ਕਮਾਊ ਜੀਅ ਤੰਗੀ ਕਰਕੇ ਖ਼ੁਦਕੁਸ਼ੀ ਕਰ ਗਏ ਹਨ। ਇਸੇ ਤਰ੍ਹਾਂ ਸਾਬਕਾ ਫ਼ੌਜੀ ਅਤੇ ਉਨ੍ਹਾਂ ਦੇ ਆਸ਼ਰਿਤ ਵੀ ਇਸ ਸਕੀਮ ਵਿਚ ਸ਼ਾਮਿਲ ਹੋਣਗੇ ਜਿਨ੍ਹਾਂ ਦੀ ਸਲਾਨਾ ਆਮਦਨ ਪੈਨਸ਼ਨ ਤੋਂ ਇਲਾਵਾ 60 ਹਜ਼ਾਰ ਰੁਪਏ ਤੋਂ ਘੱਟ ਬਣਦੀ ਹੋਵੇਗੀ। ਏਡਜ਼ ਤੇ ਕੋਹੜ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਇਹ ਸਹੂਲਤ ਦਿੱਤੀ ਜਾਣੀ ਹੈ।

 








Wednesday, January 9, 2019

                         ਬਦਲਦਾ ਜ਼ਮਾਨਾ 
       ਇੱਕ ਧੀ ਮੁਨਸ਼ੀ ਤੇ ਦੂਜੀ ਪਟਵਾਰੀ
                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀਆਂ ਧੀਆਂ ਨੇ ਇਹ ਨਵੀਂ ਪੁਲਾਂਘ ਪੁੱਟੀ ਹੈ। ਇੱਕ ਧੀ ਮੁਨਸ਼ੀ ਤੇ ਇੱਕ ਪਟਵਾਰੀ। ਧੀਆਂ ਪਾਈਲਟ ਤਾਂ ਬਣੀਆਂ ਹੀ ਹਨ। ਹੁਣ ਜ਼ਮੀਨਾਂ ਦੀ ਮਿਣਤੀ ਤੇ ਤਕਸੀਮਾਂ ਦਾ ਖ਼ਾਕਾ ਵੀ ਕੁੜੀਆਂ ਵਾਹੁਣਗੀਆਂ। ਪੰਜਾਬ ਦੇ ਪਟਵਾਰ ਘਰਾਂ ਵਿਚ ਹੁਣ ਕੁੜੀਆਂ ਬੈਠਣਗੀਆਂ। ਉਹ ਵੀ ਉਚੇਰੀ ਪੜਾਈ ਵਾਲੀਆਂ। ਪੰਜਾਬ ਸਰਕਾਰ ਤਰਫ਼ੋਂ ਜੋ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਗਈ ਹੈ, ਉਸ ਵਿਚ 110 ਕੁੜੀਆਂ ਪਟਵਾਰੀ ਵਜੋਂ ਭਰਤੀ ਹੋਈਆਂ ਹਨ। ਕੋਈ ਕੁੜੀ ਐਮ.ਟੈੱਕ ਹੈ ਤੇ ਕੋਈ ਪੀ.ਐਚ.ਡੀ ਕਰ ਰਹੀ ਹੈ। ਇਨ੍ਹਾਂ ਕੁੜੀਆਂ ਨੂੰ ਸਿਖਲਾਈ ਮੁਕੰਮਲ ਹੋਣ ਮਗਰੋਂ ਨਿਯੁਕਤੀ ਪੱਤਰ ਮਿਲ ਗਏ ਹਨ। ਆਉਂਦੇ ਦਿਨਾਂ ’ਚ ਕਈ ਪਿੰਡਾਂ ਦੇ ਪਟਵਾਰ ਘਰਾਂ ਵਿਚ ਕੁੜੀਆਂ ਨਜ਼ਰ ਪੈਣਗੀਆਂ। ਪੁਰਾਣੇ ਵੇਲਿਆਂ ’ਚ ਇਹ ਬੋਲ ਕੰਨਾਂ ’ਚ ਗੂੰਜਦੇ ਹੁੰਦੇ ਸਨ ‘ ਦੋ ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ’। ਵਕਤ ਨੇ ਮੁਹਾਣ ਬਦਲੇ ਹਨ ਤੇ ਮੁਟਿਆਰਾਂ ਨੇ ਵੀ ਨਵੇਂ ਰਾਹਾਂ ’ਤੇ ਪੈਰ ਰੱਖਣੇ ਸ਼ੁਰੂ ਕੀਤੇ ਹਨ। ਪੰਜਾਬ ਵਿਚ ਪਹਿਲੀ ਦਫ਼ਾ ਪਟਵਾਰੀ ਲੱਗਣ ਵਾਸਤੇ ਕੁੜੀਆਂ ਨਿੱਤਰੀਆਂ ਹਨ। ਉਂਜ, ਤਰਸ ਦੇ ਆਧਾਰ ’ਤੇ ਕੱੁਝ ਕੁੜੀਆਂ ਪਹਿਲਾਂ ਵੀ ਪਟਵਾਰ ਘਰਾਂ ਵਿਚ ਪੁੱਜੀਆਂ ਸਨ। ਨਵੀਂ ਭਰਤੀ ਵਜੋਂ ਕੁੜੀਆਂ ਪਹਿਲੀ ਵਾਰ ਪਟਵਾਰ ਘਰਾਂ ਵੱਲ ਤੁਰੀਆਂ ਹਨ।
                ਪੰਜਾਬ ਸਰਕਾਰ ਵੱਲੋਂ 1227  ਪਟਵਾਰੀ ਨਿਯੁਕਤ ਕਰਨ ਵਾਸਤੇ 2016 ’ਚ ਪ੍ਰਕਿਰਿਆ ਸ਼ੁਰੂ ਕੀਤੀ ਗਈ। ਕਰੀਬ 65000 ਉਮੀਦਵਾਰਾਂ ਦੀ ਮੈਰਿਟ ਸੂਚੀ ਬਣੀ। ਨਿਯੁਕਤੀ ਮਗਰੋਂ ਇਨ੍ਹਾਂ ਉਮੀਦਵਾਰਾਂ ਨੇ ਇੱਕ ਵਰ੍ਹਾ ‘ਸਟੇਟ ਪਟਵਾਰ ਸਕੂਲ ਜਲੰਧਰ’ ਅਤੇ ਦਰਜਨ ਜ਼ਿਲ੍ਹਿਆਂ ਵਿਚ ਬਣਾਏ ਆਰਜ਼ੀ ਪਟਵਾਰ ਸਕੂਲਾਂ ਵਿਚ ਸਿਖਲਾਈ ਲਈ। ਉਸ ਮਗਰੋਂ ਛੇ ਮਹੀਨੇ ਫ਼ੀਲਡ ਵਿਚ ਸਿਖਲਾਈ ਲਈ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਜਾਣ ਲੱਗੀ ਹੈ। ਇਨ੍ਹਾਂ ਉਮੀਦਵਾਰਾਂ ਵਿਚ 110 ਕੁੜੀਆਂ ਵੀ ਸ਼ਾਮਿਲ ਹਨ, ਜੋ ਉੱਚ ਸਿੱਖਿਆ ਹਾਸਲ ਹਨ। ਬਠਿੰਡਾ ਜ਼ਿਲ੍ਹੇ ਵਿਚ 11 ਅਤੇ ਮੋਗਾ ਜ਼ਿਲ੍ਹੇ ਵਿਚ ਤਿੰਨ ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲੇ ਹਨ। ਬਠਿੰਡਾ ਦੀ ਗਲੈਕਸੀ ਬਾਂਸਲ ਹੁਣ ਪੀ.ਐੱਚ.ਡੀ ਕਰ ਰਹੀ ਹੈ ਜੋ ਪਟਵਾਰੀ ਵਜੋਂ ਤਾਇਨਾਤ ਕੀਤੀ ਗਈ ਹੈ। ਪੋਸਟ ਗਰੈਜੂਏਟ ਲੜਕੀ ਅਨੂਪਜੀਤ ਕੌਰ ਨੇ ਹੁਣ ਸਿਖਲਾਈ ਮੁਕੰਮਲ ਕੀਤੀ ਹੈ। ਮੁਕਤਸਰ ਦੇ ਪਿੰਡ ਕਾਉਣੀ ਦਾ ਨਵ ਨਿਯੁਕਤ ਪਟਵਾਰੀ ਰੁਪਿੰਦਰ ਸਿੰਘ ਵੀ ਪੀ.ਐੱਚ.ਡੀ ਕਰ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦਾ ਨਵ ਨਿਯੁਕਤ ਪਟਵਾਰੀ ਸ੍ਰੀ ਮਹਾਜਨ ਵੀ ਜਲੰਧਰ ਤੋਂ ਪੀ.ਐੱਚ.ਡੀ ਕਰ ਰਿਹਾ ਹੈ।
               ਮਾਲ ਰਿਕਾਰਡ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ ਨੇ ਮੋਟੇ ਅੰਦਾਜ਼ੇ ਨਾਲ ਦੱਸਿਆ ਕਿ ਨਵੀਂ ਭਰਤੀ ਵਿਚ ਕਰੀਬ 65 ਫ਼ੀਸਦੀ ਤਾਂ ਬੀ.ਟੈੱਕ ਅਤੇ ਐਮ.ਟੈੱਕ ਨਵ ਨਿਯੁਕਤ ਪਟਵਾਰੀ ਹਨ। ਕਰੀਬ ਢਾਈ ਦਹਾਕੇ ਮਗਰੋਂ ਨਵੀਂ ਭਰਤੀ ਹੋਈ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਕਰੀਬ 110 ਕੁੜੀਆਂ ਵੀ ਹਨ।  ਸੇਵਾ ਮੁਕਤ ਕਾਨੂੰਗੋ ਨਿਰਮਲ ਸਿੰਘ ਜੰਗੀਰਾਣਾ ਨੇ ਦੱਸਿਆ ਕਿ ਪੁਰਾਣੇ ਸਮਿਆਂ ਵਿਚ ਏਦਾ ਨਹੀਂ ਹੁੰਦਾ ਸੀ। ਹੁਣ ਜ਼ਮਾਨਾ ਬਦਲ ਗਿਆ ਹੈ ਤੇ ਕੁੜੀਆਂ ਲਈ ਹਰ ਪਾਸੇ ਰਾਹ ਖੁੱਲ੍ਹੇ ਹਨ। ਮਹਿਲਾ ਆਗੂ ਮੁਖ਼ਤਿਆਰ ਕੌਰ ਬੱਲ੍ਹੋ ਨੇ ਇਸ ਨੂੰ ਚੰਗੀ ਸ਼ੁਰੂਆਤ ਦੱਸਿਆ ਕਿ ਪਟਵਾਰ ਘਰਾਂ ਵਿਚ ਹੁਣ ਪੇਂਡੂ ਅੌਰਤਾਂ ਨੂੰ ਵੀ ਕੰਮ ਕਾਰਾਂ ਲਈ ਥੋੜ੍ਹੀ ਸੌਖ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਨੇ ਵੀ ਥਾਣਿਆਂ ’ਚ ਮੱੁਢਲੇ ਪੜਾਅ ’ਤੇ ਸਹਾਇਕ ਮੁਨਸ਼ੀ ਵਜੋਂ ਮਹਿਲਾ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ।
       ਬਹੁਤੇ ਥਾਣਿਆਂ ਵਿਚ ਨਵੀਆਂ ਮਹਿਲਾਂ ਮੁਲਾਜ਼ਮਾਂ ਸਹਾਇਕ ਮੁਨਸ਼ੀ ਵਜੋਂ ਕੰਮ ਕਰ ਰਹੀਆਂ ਹਨ। ਬਠਿੰਡਾ ਦੇ ਦਰਜਨ ਥਾਣਿਆਂ ਵਿਚ ਮਹਿਲਾ ਮੁਲਾਜ਼ਮ ਸਹਾਇਕ ਮੁਨਸ਼ੀ ਵਜੋਂ ਤਾਇਨਾਤ ਹਨ। ਵੇਖਣ ਵਿਚ ਮਿਲਿਆ ਹੈ ਕਿ ਪਟਵਾਰੀ ਅਤੇ ਮਹਿਲਾ ਪੁਲੀਸ ਮੁਲਾਜ਼ਮ ਵਜੋਂ ਤਾਇਨਾਤ ਕੁੜੀਆਂ ਆਮ ਘਰਾਂ ਦੀਆਂ ਹਨ ਜਿਨ੍ਹਾਂ ਨੂੰ ਮੁਨਸ਼ੀ ਤੇ ਪਟਵਾਰੀ ਲੱਗਣ ਦਾ ਮਾਣ ਵੀ ਮਿਲਿਆ ਹੈ। ਵੱਡੀ ਗੱਲ ਕਿ ਬਹੁਤੀਆਂ ਲੜਕੀਆਂ ਉਚੇਰੀ ਸਿੱਖਿਆ ਹਾਸਲ ਹਨ।
                           ਢਾਈ ਸੌ ਨੇ ਨੌਕਰੀ ਛੱਡੀ
ਭਰਤੀ ਕੀਤੇ ਨਵ ਨਿਯੁਕਤ ਪਟਵਾਰੀਆਂ ਚੋਂ ਕਰੀਬ 250 ਪਟਵਾਰੀ ਸਿਖਲਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਨੌਕਰੀ ਛੱਡ ਗਏ ਹਨ। ਪੰਜਾਬ ਸਰਕਾਰ ਨੇ ਕਰੀਬ ਤਿੰਨ ਵਰੇ੍ਹ ਤਾਂ ਪ੍ਰਕਿਰਿਆ ਵਿਚ ਹੀ ਕੱਢ ਦਿੱਤੇ ਅਤੇ ਇਸੇ ਦੌਰਾਨ ਬਹੁਤੇ ਉਮੀਦਵਾਰਾਂ ਨੇ ਹੋਰਨਾਂ ਵਿਭਾਗਾਂ ਵਿਚ ਨੌਕਰੀਆਂ ਹਾਸਲ ਕਰ ਲਈਆਂ। ਉਨ੍ਹਾਂ ਨੇ ਪਟਵਾਰੀ ਦੀ ਨੌਕਰੀ ਨੂੰ ਤਰਜੀਹ ਨਹੀਂ ਦਿੱਤੀ।



Tuesday, January 8, 2019

                      ਅੱਕ ਚੱਭਿਆ ?
  ਸਰਕਾਰ ਖ਼ਰੀਦੇਗੀ 43 ਲਗਜ਼ਰੀ ਗੱਡੀਆਂ
                             ਚਰਨਜੀਤ ਭੁੱਲਰ
ਬਠਿੰਡਾ :  ਕੈਪਟਨ ਸਰਕਾਰ ਨੇ ਸਿਆਸੀ ਜਕੋਤਕੀ ਮਗਰੋਂ ਕਰੀਬ 43 ਲਗਜ਼ਰੀ ਗੱਡੀਆਂ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ’ਤੇ ਕਰੀਬ ਸੱਤ ਕਰੋੜ ਖ਼ਰਚੇ ਜਾਣੇ ਹਨ। ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਨਵੇਂ ਵਾਹਨਾਂ ਲਈ ਹੁਣ ਵਿੱਤ ਮਹਿਕਮੇ ਤੋਂ ਕਰੀਬ ਸੱਤ ਕਰੋੜ ਦੇ ਫ਼ੰਡ ਮੰਗੇ ਹਨ। ਮੋਟਰ ਵਹੀਕਲ ਬੋਰਡ ਤਰਫ਼ੋਂ 3 ਅਪਰੈਲ ਨੂੰ ਮੀਟਿੰਗ ਕਰਕੇ ਵੀ.ਆਈ.ਪੀਜ਼ ਅਤੇ ਉੱਚ ਅਫ਼ਸਰਾਂ ਲਈ 432 ਵਾਹਨਾਂ ਦੀ ਇਨਟਾਈਟਲਮੈਂਟ ਕੀਤੀ ਕੀਤੀ ਗਈ ਸੀ। ਇਨ੍ਹਾਂ ਵਾਸਤੇ ਕਰੀਬ 81.01 ਕਰੋੜ ਦੇ ਫ਼ੰਡ ਅਨੁਮਾਨੇ ਗਏ ਸਨ। ਭਿਣਕ ਪੈਣ ਮਗਰੋਂ ਸਰਕਾਰ ’ਤੇ ਸਿਆਸੀ ਤਵੇ ਲੱਗਣੇ ਸ਼ੁਰੂ ਹੋ ਗਏ ਜਿਸ ਨੂੰ ਦੇਖਦੇ ਇੱਕ ਵਾਰ ਸਰਕਾਰ ਨੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਸੀ। ਖ਼ਜ਼ਾਨਾ ਤਾਂ ਏਨਾ ਭਾਰ ਝੱਲਣ ਜੋਗਾ ਵੀ ਨਹੀਂ।  ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਹੁਣ ਛੋਟੇ ਵੱਡੇ ਅਫ਼ਸਰਾਂ ਲਈ ਵਾਹਨ ਖ਼ਰੀਦਣ ਦਾ ਫ਼ੈਸਲੇ ਫ਼ਿਲਹਾਲ ਟਾਲ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਲਈ ਜੋ ਲੈਂਡ ਕਰੂਜ਼ਰ ਗੱਡੀਆਂ ਦੀ ਖ਼ਰੀਦ ਕਰਨੀ ਸੀ, ਉਸ ਨੂੰ ਵੀ ਟਾਲਿਆ ਗਿਆ ਹੈ। ਟਰਾਂਸਪੋਰਟ ਵਿਭਾਗ ਤਰਫ਼ੋਂ ਜੋ ਵਿੱਤ ਮਹਿਕਮੇ ਨੂੰ ਤਜਵੀਜ਼ ਭੇਜੀ ਹੈ, ਉਸ ਅਨੁਸਾਰ ਤਿੰਨ ਕੈਬਨਿਟ ਵਜ਼ੀਰਾਂ ਲਈ ਫਾਰਚੂਨਰ ਗੱਡੀਆਂ ਦੀ ਖ਼ਰੀਦ ਕੀਤੀ ਜਾਣੀ ਹੈ ਅਤੇ ਕਰੀਬ ਦੋ ਦਰਜਨ ਵਿਧਾਇਕਾਂ ਲਈ ਇਨੋਵਾ ਗੱਡੀਆਂ ਖ਼ਰੀਦ ਕੀਤੀਆਂ ਜਾਣੀਆਂ ਹਨ।
                 ਮੁੱਖ ਮੰਤਰੀ ਦਫ਼ਤਰ ਲਈ ਵੀ ਇਨੋਵਾ ਦੀ ਖ਼ਰੀਦ ਕੀਤੀ ਜਾ ਰਹੀ ਹੈ। ਕੱੁਝ ਹੋਰਨਾਂ ਵੀ.ਆਈ.ਪੀਜ਼ ਲਈ ਵੱਖ ਵੱਖ ਕੈਟਾਗਰੀਜ਼ ਵਾਲੀਆਂ ਗੱਡੀਆਂ ਖ਼ਰੀਦੇ ਜਾਣ ਦੀ ਤਜਵੀਜ਼ ਹੈ। ਸੂਤਰ ਦੱਸਦੇ ਹਨ ਕਿ ਕੱੁਝ ਵਿਧਾਇਕਾਂ ਤਰਫ਼ੋਂ ਵੀ ਟਰਾਂਸਪੋਰਟ ਮਹਿਕਮੇ ਦੇ ਮੁੱਖ ਦਫ਼ਤਰ ਵਿਚ ਗੇੜੇ ਤੇ ਗੇੜਾ ਮਾਰਿਆ ਜਾ ਰਿਹਾ ਸੀ ਅਤੇ ਉਹ ਆਪਣੀ ਗੱਡੀ ਦੀ ਮਿਆਦ ਪੁੱਗਣ ਦਾ ਤਰਕ ਦੇ ਰਹੇ ਸਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਕੱੁਝ ਸਲਾਹਕਾਰਾਂ ਅਤੇ ਓ.ਐੱਸ.ਡੀਜ਼ ਲਈ ਵੀ ਵਾਹਨ ਖ਼ਰੀਦ ਕੀਤੇ ਜਾ ਰਹੇ ਹਨ। ਮੋਟਰ ਵਹੀਕਲ ਬੋਰਡ ਤਰਫ਼ੋਂ ਮੁੱਖ ਮੰਤਰੀ ਪੰਜਾਬ ਨੂੰ 16 ਲੈਂਡ ਕਰੂਜਰ ਵਾਹਨ ਖ਼ਰੀਦੇ ਜਾਣ ਦਾ ਹੱਕਦਾਰ ਬਣਾਇਆ ਗਿਆ ਹੈ ਪ੍ਰੰਤੂ ਜਦੋਂ ਲੋਕਾਂ ਵਿਚ ਰੌਲਾ ਪੈ ਗਿਆ ਤਾਂ ਸਰਕਾਰ ਨੇ ਫ਼ਿਲਹਾਲ ਹੱਥ ਪਿਛਾਂਹ ਖਿੱਚ ਲਿਆ ਹੈ। ਟਰਾਂਸਪੋਰਟ ਵਿਭਾਗ ਦੇ ਸਕੱਤਰ ਤਰਫ਼ੋਂ ਵਿੱਤ ਵਿਭਾਗ ਨੂੰ ਨਵੇਂ ਵਾਹਨ ਖ਼ਰੀਦਣ ਲਈ ਫ਼ੰਡਾਂ ਦੀ ਪ੍ਰਵਾਨਗੀ ਲਈ ਪੱਤਰ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਅਫ਼ਸਰਾਂ ਅਤੇ ਵਿਭਾਗਾਂ ਲਈ ਨਵੇਂ ਵਾਹਨ ਦੇਣ ਦਾ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਹੈ।
               ਉਂਜ, ਡਿਪਟੀ ਕਮਿਸ਼ਨਰਾਂ ਤੋਂ ਲੈ ਕੇ ਮੁੱਖ ਸਕੱਤਰ ਤੱਕ ਨੂੰ 69 ਵਾਹਨ ਖ਼ਰੀਦਣ ਦੇ ਹੱਕਦਾਰ ਬਣਾਇਆ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰਾਂ ਅਤੇ ਵਿਭਾਗਾਂ ਦੇ ਮੁਖੀਆਂ ਲਈ 188 ਵਾਹਨਾਂ ਦੀ ਇਨਟਾਈਟਲਮੈਂਟ ਦਿੱਤੀ ਗਈ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਮਾਲ ਅਫ਼ਸਰਾਂ ਅਤੇ ਤਹਿਸੀਲਦਾਰਾਂ ਨੂੰ ਬਲੈਡਰੋਂ ਗੱਡੀਆਂ ਦਾ ਹੱਕਦਾਰ ਬਣਾਇਆ ਗਿਆ ਹੈ।  ਹੁਣ ਕਿਸੇ ਵੀ ਅਫ਼ਸਰ ਲਈ ਕੋਈ ਵਾਹਨ ਨਹੀਂ ਖ਼ਰੀਦ ਕੀਤਾ ਜਾ ਰਿਹਾ ਹੈ। ਇਕੱਲੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਲਈ 50 ਗੱਡੀਆਂ ਖ਼ਰੀਦਣ ਦਾ ਹੱਕ ਦਿੱਤਾ ਗਿਆ ਸੀ ਜਿਨ੍ਹਾਂ ਵਿਚ ਲੈਂਡ ਕਰੂਜ਼ਰ, ਸਕਾਰਪਿਓ, ਫਾਰਚੂਨਰ ਗੱਡੀਆਂ ਸ਼ਾਮਿਲ ਹਨ ਪ੍ਰੰਤੂ ਫ਼ਿਲਹਾਲ ਮੁੱਖ ਮੰਤਰੀ ਦਫ਼ਤਰ ਲਈ ਸਿਰਫ਼ ਇਨੋਵਾ ਗੱਡੀਆਂ ਆਦਿ ਦੀ ਖ਼ਰੀਦ ਕੀਤੀ ਜਾ ਰਹੀ ਹੈ। ਵਜ਼ੀਰਾਂ ਲਈ 18 ਟੋਆਇਟਾ ਫਾਰਚੂਨਰ ਗੱਡੀਆਂ ਖ਼ਰੀਦੇ ਜਾਣ ਦੀ ਵਿਉਂਤ ਸੀ ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ ਅਤੇ ਤਿੰਨ ਵਜ਼ੀਰਾਂ ਲਈ ਗੱਡੀਆਂ ਖ਼ਰੀਦ ਕੀਤੀਆਂ ਜਾਣੀਆਂ ਹਨ।
                      ਸਿਰਫ਼ ਕੰਡਮ ਵਾਹਨ ਬਦਲ ਰਹੇ ਹਾਂ : ਕਮਿਸ਼ਨਰ
ਸਟੇਟ ਟਰਾਂਸਪੋਰਟ ਕਮਿਸ਼ਨਰ ਦਿਲਰਾਜ ਸਿੰਘ ਦਾ ਕਹਿਣਾ ਸੀ ਕਿ ਜੋ ਪੁਰਾਣੇ ਵਾਹਨ ਅਤੇ ਕੰਡਮ ਹੋ ਚੁੱਕੇ ਹਨ, ਉਨ੍ਹਾਂ ਨੂੰ ਥਾਂ ਹੀ ਨਵੇਂ ਵਾਹਨ ਖ਼ਰੀਦ ਕੀਤੇ ਜਾ ਰਹੇ ਹਨ ਜਿਨ੍ਹਾਂ ਲਈ ਬਜਟ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਜ਼ੀਰਾਂ ਅਤੇ ਵਿਧਾਇਕਾਂ ਦੇ ਸਿਰਫ਼ ਕੰਡਮ ਵਾਹਨ ਹੀ ਬਦਲੇ ਜਾ ਰਹੇ ਹਨ ਜਿਨ੍ਹਾਂ ਲਈ ਸੱਤ ਕਰੋੜ ਦੇ ਫ਼ੰਡਾਂ ਦੀ ਮੰਗ ਕੀਤੀ ਗਈ ਹੈ ਪ੍ਰੰਤੂ ਹਾਲੇ ਤੱਕ ਵਿੱਤ ਵਿਭਾਗ ਤੋਂ ਫ਼ੰਡ ਪ੍ਰਾਪਤ ਨਹੀਂ ਹੋਏ ਹਨ।




         








Monday, January 7, 2019

                                                       ‘ਜੀਓ ਪੰਜਾਬੀਓ ਜੀਓ’
                                ਅਰਬਪਤੀ ਅੰਬਾਨੀ ਦੇ ਜਾਲ ਵਿਚ ਫਸੇ ਪੰਜਾਬੀ
                                                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀ ਜਵਾਨੀ ਨੂੰ ‘ਜੀਓ’ ਦਾ ਏਨਾ ਰੰਗ ਚੜ੍ਹਿਆ ਕਿ ਅਰਬਪਤੀ ਮੁਕੇਸ਼ ਅੰਬਾਨੀ ਨੂੰ ਮਾਲਾ ਮਾਲ ਕਰ ਦਿੱਤਾ ਹੈ। ਮੁਫ਼ਤ ਦਾ ਚੋਗ਼ਾ ਚੁਗਣ ਵਾਲਿਆਂ ਦੇ ਹੁਣ ਖੀਸੇ ਖ਼ਾਲੀ ਹੋਣ ਲੱਗੇ ਹਨ। ਪੰਜਾਬ ਵਿਚ ਡੇਢ ਵਰੇ੍ਹ ਦੌਰਾਨ 4-ਜੀ ਸੇਵਾ ਦੇ ਗ੍ਰਾਹਕਾਂ ਦੀ ਗਿਣਤੀ ਵਿਚ 96.93 ਲੱਖ ਦਾ ਵਾਧਾ ਹੋ ਗਿਆ ਹੈ। ਪੰਜਾਬ ਵਿਚ 4-ਜੀ ਸੇਵਾ ਦੇ ਇਸ ਵੇਲੇ 1.55 ਕਰੋੜ ਗ੍ਰਾਹਕ ਹਨ ਜਿਨ੍ਹਾਂ ਵੱਲੋਂ ਇੱਕ ਅੰਦਾਜ਼ੇ ਅਨੁਸਾਰ ਅੌਸਤਨ ਪ੍ਰਤੀ ਮਹੀਨਾ 200 ਰੁਪਏ (ਪ੍ਰਤੀ ਗ੍ਰਾਹਕ) ਖ਼ਰਚ ਕੀਤੇ ਜਾ ਰਹੇ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬੀ ਸਲਾਨਾ 3720 ਕਰੋੜ ਰੁਪਏ ਦਾ ਖਰਚਾ ਇਕੱਲੇ 4-ਜੀ ਸੇਵਾ ਲੈਣ ’ਤੇ ਖ਼ਰਚਦੇ ਹਨ। ਮਤਲਬ ਕਿ ਪੰਜਾਬੀ ਰੋਜ਼ਾਨਾ ਅੌਸਤਨ 10.19 ਕਰੋੜ ਰੁਪਏ 4-ਜੀ ਸੇਵਾ ਤੇ ਖ਼ਰਚ ਰਹੇ ਹਨ।  ਕੇਂਦਰੀ ਸੰਚਾਰ ਮੰਤਰਾਲੇ ਦੇ ਵੇਰਵੇ ਹਨ ਕਿ ਪੰਜਾਬ ਵਿਚ 31 ਮਾਰਚ 2017 ਨੂੰ 4-ਜੀ ਸੇਵਾ ਲੈਣ ਵਾਲੇ ਗ੍ਰਾਹਕਾਂ ਦੀ ਗਿਣਤੀ 58.24 ਲੱਖ ਸੀ ਜੋ ਇੱਕ ਵਰੇ੍ਹ ਮਗਰੋਂ ਵਧ ਕੇ 1.21 ਕਰੋੜ ਹੋ ਗਈ। ਇਹੋ ਗ੍ਰਾਹਕਾਂ ਦਾ ਹੁਣ ਅੰਕੜਾ ਡੇਢ ਵਰੇ੍ਹ ਮਗਰੋਂ 1.55 ਕਰੋੜ ਹੈ। ਮਾਹਿਰ ਦੱਸਦੇ ਹਨ ਕਿ 4-ਜੀ ਸੇਵਾ ਵਿਚ 90 ਫ਼ੀਸਦੀ ਹਿੱਸੇਦਾਰੀ ਰਿਲਾਇੰਸ ਜੀਓ ਦੀ ਹੈ ਅਤੇ ਇਸ ਹਿਸਾਬ ਨਾਲ ਰਿਲਾਇੰਸ ਜੀਓ ਹੁਣ ਤੱਕ ਪੰਜਾਬ ਵਿਚ 1.30 ਕਰੋੜ ਕੁਨੈਕਸ਼ਨ ਵੇਚ ਚੁੱਕਾ ਹੈ ਅਤੇ ਸਲਾਨਾ 3120 ਕਰੋੜ ਰੁਪਏ ਦੀ ਕਮਾਈ ਇਕੱਲੇ ਪੰਜਾਬ ਚੋਂ ਕਰ ਰਿਹਾ ਹੈ।
                 ਰਿਲਾਇੰਸ ਜੀਓ ਰੋਜ਼ਾਨਾ ਪੰਜਾਬ ਚੋਂ 8.54 ਕਰੋੜ ਰੁਪਏ ਕਮਾ ਰਿਹਾ ਹੈ। ਇਹ ਅੰਕੜਾ ਪ੍ਰਤੀ ਕੁਨੈਕਸ਼ਨ ਤੇ ਪ੍ਰਤੀ ਮਹੀਨਾ 200 ਰੁਪਏ ਦੇ ਖ਼ਰਚੇ ਦੇ ਹਿਸਾਬ ਨਾਲ ਕੱਢਿਆ ਗਿਆ ਹੈ।  ਪੰਜਾਬ ਵਿਚ ਅੰਦਾਜ਼ਨ 2.99 ਕਰੋੜ ਦੀ ਆਬਾਦੀ ਹੈ ਅਤੇ ਇਸ ਹਿਸਾਬ ਨਾਲ ਪੰਜਾਬ ਦੇ ਹਰ ਦੂਸਰੇ ਵਿਅਕਤੀ ਕੋਲ 4-ਜੀ ਸੁਵਿਧਾ ਵਾਲਾ ਕੁਨੈਕਸ਼ਨ ਹੈ। ਬੀ.ਐੱਸ. ਐਨ. ਐਨ ਤਰਫ਼ੋਂ ਹਾਲੇ ਤੱਕ 4-ਜੀ ਸੇਵਾ ਨਹੀਂ ਦਿੱਤੀ ਜਾ ਰਹੀ ਹੈ ਜਦੋਂ ਕਿ ਪ੍ਰਾਈਵੇਟ ਕੰਪਨੀਆਂ ਇਸ ਤੋਂ ਖੱਟੀ ਖਾ ਰਹੀਆਂ ਹਨ। ਪੰਜਾਬ ਵਿਚ ਚੱਲ ਰਹੇ ਕੁੱਲ ਮੋਬਾਈਲ ਕੁਨੈਕਸ਼ਨਾਂ ’ਤੇ ਨਜ਼ਰ ਮਾਰੀਏ ਇਸ ਵੇਲੇ 3.92 ਮੋਬਾਈਲ ਕੁਨੈਕਸ਼ਨ ਹਨ। ਪੰਜਾਬ ਦੀ ਆਬਾਦੀ ਨਾਲੋਂ ਕਰੀਬ 92 ਲੱਖ ਕੁਨੈਕਸ਼ਨ ਜ਼ਿਆਦਾ ਹਨ। ਭਾਵੇਂ ਪੰਜਾਬ ਸੰਕਟਾਂ ’ਚ ਘਿਰਿਆ ਹੋਇਆ ਹੈ ਪ੍ਰੰਤੂ ਮੋਬਾਈਲ ਕੁਨੈਕਸ਼ਨਾਂ ਲੈਣ ਲਈ ਪੰਜਾਬੀ ਪਿੱਛੇ ਨਹੀਂ ਰਹੇ ਹਨ। ਕਰੀਬ ਢਾਈ ਵਰੇ੍ਹ ਪਹਿਲਾਂ ਪੰਜਾਬੀਆਂ ਕੋਲ 3.17 ਕਰੋੜ ਮੋਬਾਈਲ ਕੁਨੈਕਸ਼ਨ ਸਨ ਜਿਨ੍ਹਾਂ ਵਿਚ ਢਾਈ ਵਰ੍ਹਿਆਂ ਦੌਰਾਨ 75 ਲੱਖ ਕੁਨੈਕਸ਼ਨਾਂ ਦਾ ਵਾਧਾ ਹੋਇਆ ਹੈ।
                 ਪੰਜਾਬ ਵਿਚ ਕਰੀਬ 55 ਲੱਖ ਘਰ ਹਨ ਅਤੇ ਇਸ ਨਾਲ ਪੰਜਾਬ ਦੇ ਹਰ ਘਰ ਵਿਚ ਅੌਸਤਨ 7 ਮੋਬਾਈਲ ਕੁਨੈਕਸ਼ਨ ਹਨ। ਜੀਓ ਕੁਨੈਕਸ਼ਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰ ਘਰ ਵਿਚ ਅੌਸਤਨ ਤਿੰਨ ਜੀਓ ਕੁਨੈਕਸ਼ਨ ਬਣਦੇ ਹਨ। ਪੰਜਾਬ ਦੀ ਖ਼ਾਸ ਕਰਕੇ ਜਵਾਨੀ ‘ਜੀਓ’ ਨੇ ਕਮਲੀ ਕਰ ਦਿੱਤੀ ਹੈ। ਸੁਵਿਧਾ ਤਾਂ ਵੱਡੀ ਹੋ ਸਕਦੀ ਹੈ ਪ੍ਰੰਤੂ ਸਕੂਲੀ ਵਿਦਿਆਰਥੀਆਂ ਕੋਲ ਵੀ ਜੀਓ ਕੁਨੈਕਸ਼ਨ ਹਨ। ਸਾਹਿੱਤਕਾਰ ਅਤੇ ਵਿੱਦਿਅਕ ਮਾਹਿਰ ਪ੍ਰਿੰਸੀਪਲ ਡਾ. ਜੇ. ਐੱਸ.ਅਨੰਦ ਆਖਦੇ ਹਨ ਕਿ ਜੀਓ ਕੁਨੈਕਸ਼ਨਾਂ ਮਗਰੋਂ ਵਿੱਦਿਅਕ ਨਤੀਜੇ ਵੀ ਪ੍ਰਭਾਵਿਤ ਹੋਏ ਹਨ। ਸਕੂਲੀ ਨਤੀਜਿਆਂ ’ਤੇ ਪਿਆ ਅਸਰ ਸਾਫ਼ ਦੇਖਿਆ ਜਾ ਸਕਦਾ ਹੈ। ਬਹੁਤੇ ਤਾਂ ਹੁਣ 4-ਜੀ ਸੇਵਾ ਦੇ ਆਦੀ ਹੋ ਗਏ ਹਨ।
       ਪੰਜਾਬ ਦੇ ਸਿਰਫ਼ ਦੋ ਦਰਜਨ ਪਿੰਡ ਹੀ ਅਜਿਹੇ ਬੱਚੇ ਹਨ ਜਿਨ੍ਹਾਂ ਕੋਲ ਮੋਬਾਈਲ ਸੁਵਿਧਾ ਨਹੀਂ ਹੈ। ਪੰਜਾਬ ਭਰ ਵਿਚ ਕਰੀਬ 18,500 ਮੋਬਾਈਲ ਟਾਵਰ ਲੱਗੇ ਹਨ। ਪੂਰੇ ਮੁਲਕ ਵਿਚ ਸਭ ਤੋਂ ਵੱਧ ਮੋਬਾਈਲ ਗ੍ਰਾਹਕ ਏਅਰਟੈੱਲ ਦੇ ਹਨ ਜਿਨ੍ਹਾਂ ਦੇ 341.66 ਮਿਲੀਅਨ ਕੁਨੈਕਸ਼ਨ ਚੱਲ ਰਹੇ ਹਨ। ਦੂਸਰੇ ਨੰਬਰ ’ਤੇ ਰਿਲਾਇੰਸ ਜੀਓ ਹੈ ਜਿਸ ਨੇ ਡੇਢ ਵਰੇ੍ਹ ਵਿਚ ਹੀ ਪੂਰੇ ਦੇਸ਼ ਵਿਚ 262.75 ਮਿਲੀਅਨ ਕੁਨੈਕਸ਼ਨ ਵੇਚ ਦਿੱਤੇ ਹਨ। ਤੀਸਰੇ ਨੰਬਰ ਤੇ ਵੋਡਾਫੋਨ ਅਤੇ ਚੌਥੇ ਨੰਬਰ ’ਤੇ ਆਈਡੀਆ ਕੰਪਨੀ ਹੈ। ਬੀ.ਐੱਸ.ਐਨ.ਐਨ ਮੁਲਕ ਵਿਚ ਇਸ ਪੱਖੋਂ ਪੰਜਵੇਂ ਨੰਬਰ ’ਤੇ ਹੈ। ਸੂਤਰ ਆਖਦੇ ਹਨ ਕਿ ਪੰਜਾਬ ਵਿਚ ਮੋਬਾਈਲ ਕੰਪਨੀਆਂ ਦੇ ਜਾਲ ਵਿਚ ਪੂਰੀ ਤਰ੍ਹਾਂ ਫਸ ਚੁੱਕਾ ਹੈ।





Sunday, January 6, 2019

                                                          ਵਿਚਲੀ ਗੱਲ 
                            ਧੰਨੋ ਨੂੰ ਰੋਕ ਬਸੰਤੀ ਏਹ ਸੜਕ ਕਿਤੇ ਨਹੀਂ ਜਾਂਦੀ..!
                                                          ਚਰਨਜੀਤ ਭੁੱਲਰ
ਬਠਿੰਡਾ :  ਕਿਥੇ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਤੇ ਕਿਥੇ ਓਮ ਪੁਰੀ ਦੀਆਂ ਗੱਲ੍ਹਾਂ। ਏਡਾ ਫਰਕ ਹੈ ,ਜਮਹੂਰੀ ਦਰਬਾਰ ਦੇ ‘ਰਾਜਾ ਭੋਜ’ ਦੀ ਤੇ ‘ਗੰਗੂ ਤੇਲੀ’ ਦੀ ਸੜਕ ’ਚ। ਕਾਮਰੇਡ ਆਖਦੇ ਹਨ ਕਿ ਲੋਕਾਂ ਦੇ ਖਾਨੇ ਫਿਰ ਵੀ ਕਿਉਂ ਨਹੀਂ ਪੈਂਦੀ। ਲੋਕ ਰਾਜ ਦਾ ‘ਭੋਜ’ ਬੋਲਾ ਹੋ ਜਾਏ ਤਾਂ ‘ਗੰਗੂ ਤੇਲੀ’ ਨੂੰ ਇਨ੍ਹਾਂ ਸੜਕਾਂ ’ਤੇ ਹੀ ਕੂਕਣਾ ਪੈਂਦਾ। ਕਦੇ ਗੰਨੇ ਦੇ ਭਾਅ ਲਈ, ਕਦੇੇ ਸਿਰ ਦੀ ਛੱਤ ਲਈ, ਰੁਜ਼ਗਾਰ ਲਈ ਵੀ। ਵਿਹੜੇ ਪੰਜਾਬ ਦੇ ਸੁੱਖ ਹੁੰਦੀ ਤਾਂ ਇਨ੍ਹਾਂ ਸੜਕਾਂ ’ਤੇ ਆਲੂ ਨਾ  ਰੁਲਦੇ। ਖੈਰ, ਰੁਲ ਤਾਂ ‘ਗੰਗੂ ਤੇਲੀ’ ਵੀ ਰਹੇ ਹਨ। ਜਦੋਂ ਦਿੱਲੀ ਦੀ ਗੱਦੀ ਥਾਪੜਾ ਹੋਵੇ ਤਾਂ ਕਿਸੇ ਪਹਿਲੂ ਖਾਨ ਨੂੰ ਕੌਣ ਬਚਾ ਸਕਦਾ ਹੈ। ਕੌਮੀ ਸੜਕ ’ਤੇ ਤੜਫ ਤੜਫ ਕੇ ਮਰਿਆ। ਵਾਰਸ ਕਿਸ ਤੋਂ ਨਿਆਂ ਮੰਗਣ ?  ਏਦਾ ਜਾਪਦਾ ਹੈ ਕਿ ਜਿਵੇਂ ਸੜਕਾਂ ’ਤੇ ‘ਹਿੰਸਕ ਭੀੜ’ ਦਾ ਰਾਜ ਹੋਵੇ। ਅਲਵਰ ਜ਼ਿਲ੍ਹੇ ’ਚ ਰਕਬਰ ਨੂੰ ਸੜਕ ’ਤੇ ਕੁੱਟ ਕੁੱਟ ਕੇ ਮਾਰ ਦਿੱਤਾ। ਕੇਹਾ ਇਨਸਾਫ ਜੋ ਸੜਕਾਂ ’ਤੇ ਮਿਲਦਾ ਹੈ। ‘ਮੌਬ ਲਿਚਿੰਗ’ ’ਚ 80 ਜਾਨਾਂ ਗਈਆਂ ਹਨ, ਬਹੁਤਿਆਂ ਦੀ ਜਾਨ ਸੜਕਾਂ ’ਤੇ ਲਈ ਗਈ। ਤੀਹ ਮਾਮਲਿਆਂ ’ਚ ਗਊ ਰੱਖਿਅਕਾਂ ’ਤੇ ਉਂਗਲ ਉੱਠੀ ਹੈ। ਸੁਰਿੰਦਰ ਕੌਰ ਸ਼ਾਇਦ ਅੱਜ ਇਹ ਨਾ ਗਾਉਂਦੀ ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ’ । ਹੁਣ ਤਾਂ ਸੜਕਾਂ ’ਤੇ ‘ਕੰਡੇ’ ਚੁੱਭਦੇ ਨਹੀਂ, ਜਾਨ ਕੱਢਦੇ ਹਨ। ਲੋਕ ਰਾਜ ਦੇ ਤੇਲੀ ਨੂੰ ਨਿਤਾਣਾ ਕਹੋ ਤੇ ਚਾਹੇ ਸਿਆਣਾ। ਐਸਾ ਜੜ੍ਹੀ ਤੇਲ ਦਿੱਤਾ ਕਿ ਤਿੰਨ ਰਾਜਾਂ ਦੇ ਭੋਜ ਸਿਰ ਪਰਨੇ ਜਾ ਡਿੱਗੇ।
                   ਸੜਕਾਂ ਕਿਥੋਂ ਤੇ ਕਿਥੇ ਜਾਂਦੀਆਂ ਹਨ। ਬਲਦੇਵ ਸਿੰਘ ਸੜਕਨਾਮਾ ਤੋਂ ਵੱਧ ਕੌਣ ਜਾਣ ਸਕਦਾ ਹੈ ਜਿਨ੍ਹਾਂ ਦਿੱਲੀ ਦੱਖਣ ਗਾਹਿਆ। ਸੜਕਾਂ ਵਾਂਗੂ ਗੱਲ ਵੀ ਕਿਧਰੋਂ ਕਿਧਰ ਹੀ ਚਲੀ ਗਈ। ਹੇਮਾ ਮਾਲਿਨੀ ਦੀਆਂ ਦਰਸ਼ਨੀ ਗੱਲ੍ਹਾਂ ਵਿਚੇ ਭੁੱਲ ਗਏ। ਨੇਤਾਵਾਂ ਨੂੰ ਚੋਣਾਂ ਵੇਲੇ ਫਿਲਮੀ ਬੀਬੀਆਂ ਦਾ ਬੜਾ ਹੇਜ ਆਉਂਦਾ। ਗੱਲ ਥੋੜੀ ਪੁਰਾਣੀ ਹੈ। ਲਾਲੂ ਪ੍ਰਸ਼ਾਦ ਯਾਦਵ ਨੇ ਇੱਕ ਵਾਰੀ ਚੋਣਾਂ ’ਚ ਐਲਾਨਿਆ ਕਿ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾਵਾਂਗੇ ਬਿਹਾਰ ਦੀਆਂ ਸੜਕਾਂ। ਹੋਣਾ ਕੀ ਸੀ, ਰਾਤ ਗਈ, ਬਾਤ ਗਈ। ਬਿਹਾਰੀ ਲੋਕਾਂ ਨੇ ਉਲਾਂਭਾ ਦਿੱਤਾ, ‘ਸੜਕਾਂ ’ਤੇ ਤਾਂ ਟੋਏ ਨੇ’। ਲਾਲੂ ਅੱਗਿਓ ਕਹਿੰਦਾ ‘ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਿਚ ਵੀ ਤਾਂ ਟੋਏ ਨੇ’। ‘ਮਹਾਰਾਜਾ’ ਸੁਖਬੀਰ ਬਾਦਲ ਨੇ ਪੰਜਾਬ ’ਚ ਕਿਤੇ ਚਹੁੰ ਮਾਰਗੀ ਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ। ਨਾਲ ਗਰੰਟੀ ਵੀ ਦਿੱਤੀ, ਸੜਕਾਂ ਬੰਬਾਂ ਨਾਲ ਵੀ ਨਹੀਂ ਟੁੱਟਣਗੀਆਂ। ਮੀਂਹ ਦੀ ਪਹਿਲੀ ਝੜੀ ਨੇ ਮੋਘਰੇ ਕੱਢ ਦਿੱਤੇ। ਕਿਸੇ ਮਜਾਹੀਏ ਨੇ ਪੱਖ ਰੱਖਿਆ ‘ਗਰੰਟੀ ਬੰਬਾਂ ਦੀ ਸੀ, ਨਾ ਕਿ ਮੀਂਹ ਦੀ ’। ਖੈਰ, ਪੰਜਾਬ ਮਲਾਈਦਾਰ ਸੜਕਾਂ ਦਾ ਲੁਤਫ ਲੈਂਦਾ ਜੇ ਕਿਤੇ ਟੌਲ ਨਾ ਹੁੰਦਾ। ਵੱਡੇ ਬਾਦਲ ਨੇ ਕੇਰਾਂ ਸਟੇਜ ਤੋਂ ਆਖਿਆ ‘ ਏਦਾਂ ਦੀਆਂ ਮਖਮਲੀ ਸੜਕਾਂ ਬਣਾਵਾਂਗੇ, ਚਾਹੇ ਸਾਡੇ ਪਿੰਡ ਵਾਲਾ ਮਰਾਸੀ ਭੰਗੜੇ ਪਾਉਂਦਾ ਫਿਰੇ।
                 ਸੱਚਮੁੱਚ ਸੜਕਾਂ ਪੱਧਰ ਹੋਣ ਤਾਂ ਸਾਹਿਤ ਦੇ ਵਿਹੜੇ ’ਚ ਵੀ ਲੁੱਡੀ ਪਾਉਂਦੀਆਂ ਨੇ। ਸੰਤੋਖ ਸਿੰਘ ਧੀਰ ਵੀ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਲਿਖ ਕੇ ਗੇੜਾ ਲਾ ਗਿਆ ਲੱਗਦੈ। ਪੁਰਾਣੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਫਰਮਾਉਂਦੇ ਨੇ ‘ ਅਮਰੀਕਾ ਦੀਆਂ ਸੜਕਾਂ ਤੋਂ ਕਿਤੇ ਵਧੀਆ ਨੇ ਮੱਧ ਪ੍ਰਦੇਸ਼ ਦੀਆਂ ਸੜਕਾਂ’। ਕਾਂਗਰਸੀ ਰੌਲਾ ਪਾਉਂਦੇ ਰਹੇ ਤੇ ਨਾਲੇ ਸੜਕਾਂ ਦੇ ਟੋਏ ਵਿਖਾਉਂਦੇ ਰਹੇ। ਗੁਰਸ਼ਰਨ ਭਾਅ ਜੀ ਨੇ ਪਿੰਡ ਪਿੰਡ ਨਾਟਕ ‘ਟੋਆ’ ਵਿਖਾਇਆ ਜੋ ਲੋਕ ਵਿੱਥਿਆ ਦਾ ਪ੍ਰਤੱਖ ਬਣਿਆ। ਦੇਸ਼ ਵਿਚ ਸੜਕੀ ਖੱਡਿਆਂ ਕਾਰਨ ਰੋਜ਼ਾਨਾ ਅੌਸਤਨ 9 ਜ਼ਿੰਦਗੀਆਂ ਵਿਦਾ ਹੁੰਦੀਆਂ ਹਨ। ਸੜਕ ਹਾਦਸੇ ਪੰਜਾਬ ’ਚ ਰੋਜ਼ਾਨਾ ਅੌਸਤਨ 13 ਜਾਨਾਂ ਲੈਂਦੇ ਹਨ। ਸੜਕਾਂ ’ਤੇ ਯਮਦੂਤ ਹਰਲ ਹਰਲ ਕਰਦਾ ਫਿਰਦੈ। ਪੰਜਾਬ ’ਚ 60 ਹਜ਼ਾਰ ਕਿਲੋਮੀਟਰ ਸੰਪਰਕ ਸੜਕਾਂ ਨੂੰ ਟਾਕੀਆਂ ਲਾਉਣ ਲਈ ਵੀ ਮੰਡੀ ਬੋਰਡ ਨੂੰ ਕਰਜ਼ਾ ਚੁੱਕਣਾ ਪੈਂਦੇ। ਇਨ੍ਹਾਂ ’ਤੇ ਖੱਡੇ ਹੀ ਖੱਡੇ ਹਨ, ਲੋਕਾਂ ਦੀਆਂ ਸੜਕਾਂ ਜੋ ਹੋਈਆਂ। ਸਮਰਾਲਾ-ਝਾੜ ਸੜਕ ਲਈ ਤਿੰਨ ਪਿੰਡਾਂ ਦੇ ਲੋਕਾਂ ਨੂੰ ਕੁੱਦਣਾ ਪਿਆ। ਕੇਰਾਂ ਭਗਵੰਤ ਮਾਨ ਨੇ ਡੀਸੀ ਨੂੰ ਫੋਨ ਕਰਕੇ ਪੁੱਛਿਆ ਕਿ ਸਾਹਮਣੇ ਬੋਰਡ ਤਾਂ ਲੱਗਿਆ ਕਿ ‘ਸੜਕ ਸੰਗਤੀਵਾਲ ਨੂੰ ਜਾਂਦੀ ਹੈ’ ਪਰ ਸੜਕ ਹੈਨੀ। ਵਾਈਰਲ ਵੀਡੀਓ ਦਾ ਕਾਫੀ ਰੌਲਾ ਪਿਆ।                                                                                                           ਸੜਕ ਦਾ ਮੁੱਲ ਤਾਂ ਕੋਈ ਆਨੰਦਪੁਰ ਸਾਹਿਬ ਦੇ ਪਿੰਡ ਕੱਲਰ ਦੇ ਲੋਕਾਂ ਤੋਂ ਪੁੱਛੋ ਜਿਨ੍ਹਾਂ ਨੂੰ ਦੋ ਕਿਲੋਮੀਟਰ ਸੜਕ ਦਾ ਟੋਟਾ ਨਾ ਹੋਣ ਕਰਕੇ ਪਹਾੜਪੁਰ ਡਿਪੂ ਤੋਂ ਰਾਸ਼ਨ ਲੈਣ ਲਈ 40 ਕਿਲੋਮੀਟਰ ਵਲ ਕੇ ਆਉਣਾ ਪੈਂਦਾ। ਚਾਹੁੰਦਾ ਤਾਂ ਪੰਜਾਬ ਦਾ ਹਰ ਪਿੰਡ ਹੈ ਕਿ ਉਸ ਦੇ ਭਾਗ ਪਿੰਡ ਬਾਦਲ ਵਰਗੇ ਹੋਣ। 30 ਕਰੋੜ ਦੇ ਕੇਂਦਰੀ ਫੰਡਾਂ ਨਾਲ ਬਾਦਲਾਂ ਨੇ ਬਠਿੰਡਾ-ਬਾਦਲ ਸੜਕ ਬਣਾਈ ਸੀ ਜਦੋਂ ਕਿ ਇਹ ਫੰਡ ਤਖਤ ਦਮਦਮਾ ਦੀ ਸੜਕ ਲਈ ਆਏ ਸਨ। ਕੇਂਦਰੀ ਫੰਡਾਂ ਦਾ ਵੱਡਾ ਗੱਫਾ ਹੁਣ ਮੰਤਰੀ ਵਿਜੇ ਸਿੰਗਲਾ ਆਪਣੇ ਸੰਗਰੂਰ ’ਚ ਵਰਤ ਰਹੇ ਹਨ। ਵੱਡੇ ਬਾਦਲ ਆਖਦੇ ਹਨ ਕਿ ਉਨ੍ਹਾਂ ਬਤੌਰ ਸਰਪੰਚ ਸਭ ਤੋਂ ਪਹਿਲੀ ਸੜਕ ਖਿਉਵਾਲੀ-ਬਾਦਲ ਬਣਾਈ ਸੀ। ਦੱਸ ਦੇਈਏ ਕਿ ਬਾਦਲਾਂ ਨੇ ਸਰਕਾਰੀ ਖਜ਼ਾਨੇ ਨਾਲ ਆਖਰੀ ਸੜਕ ਆਪਣੇ ਸੱਤ ਤਾਰਾ ਹੋਟਲ (ਪੱਲਣਪੁਰ) ਲਈ ਬਣਾਈ ਹੈ। ਮਹੇਸ਼ਪੁਰ (ਖਮਾਣੋ) ਦੀ ਮਜ਼ਦੂਰ ਅੌਰਤ ਪੂਨਮ ਨੂੰ ਇਸ ਦਾ ਕੀ ਭਾ, ਸੜਕੀ ਖੱਡਿਆਂ ਕਰਕੇ ਜਿਸ ਦਾ ਬੱਚਾ ਸੜਕ ’ਤੇ ਜਨਮਿਆ ਜੋ ਬਚ ਨਾ ਸਕਿਆ। ਸਮਾਂ ਮਿਲੇ ਤਾਂ ਅਮਰਿੰਦਰ ਪੇਂਡੂ ਸੜਕਾਂ ’ਤੇ ਗੇੜਾ ਜਰੂਰ ਮਾਰਨ।
        ਕੋਈ ਦਿਨ ਸੁੱਕਾ ਨਹੀਂ ਲੰਘਦਾ ਜਦੋਂ ਸੜਕਾਂ ’ਤੇ ਸੰਘਰਸ਼ੀ ਲੋਕ ਨਿਕਲੇ ਨਾ ਹੋਣ। ਅਨਿਆਂ ਖਿਲਾਫ ਅੌਰਤਾਂ ਦੀ ਮਨੁੱਖੀ ਕੜੀ ਬਣਦੀ ਹੈ ਤਾਂ ਕੇਰਲਾ ਦੀਆਂ ਸੜਕਾਂ ਵੀ ਛੋਟੀਆਂ ਪੈ ਜਾਂਦੀਆਂ ਹਨ। ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਠੰਢ ’ਚ ਸੜਕਾਂ ’ਤੇ ਬੈਠਣ ਦਾ ਕੋਈ ਚਾਅ ਨਹੀਂ। ਰੋਹ ਜਾਗਦਾ ਹੈ ਤਾਂ ਬਰਗਾੜੀ ਦੀਆਂ ਸੜਕਾਂ ’ਤੇ ਤਿੱਲ ਸੁੱਟਣ ਜੋਗੀ ਥਾਂ ਨਹੀਂ ਬਚਦੀ। ਪੰਜਾਬ ਦੇ ਤੇਲੀ ਉਦਾਸ ਜਰੂਰ ਹਨ ਪਰ ਉਨ੍ਹਾਂ ਦੇ ਅੰਦਰ ਤਾੜਾ ਲਾਉਣ ਦੀ ਹਿੰਮਤ ਹਾਲੇ ਘਟੀ ਨਹੀਂ। ਸੋ ਜਰਾ ਬਚ ਕੇ।

Thursday, January 3, 2019

                          ਮਹਿਲਾ ਸਰਪੰਚ
        ਸਿਆਸੀ ਵਗਾਰਾਂ ਦਾ ਦੁੱਖ ਤੋੜਿਆ
                           ਚਰਨਜੀਤ ਭੁੱਲਰ
ਬਠਿੰਡਾ : ਪਿੰਡ ਸੁੱਖਾ ਸਿੰਘ ਵਾਲਾ ਦੀ ਨਵੀਂ ਮਹਿਲਾ ਸਰਪੰਚ ਨੇ ਸਿਆਸੀ ਵਗਾਰਾਂ ਨੂੰ ਚੁਣੌਤੀ ਦੇ ਕੇ ਸਮੁੱਚੇ ਪਿੰਡ ਤੋਂ ਸਿਆਸੀ ਬੋਝ ਲਾਹੁਣ ਦਾ ਫ਼ੈਸਲਾ ਕੀਤਾ ਹੈ। ਨਵੀਂ ਚੁਣੀ ਮਹਿਲਾ ਸਰਪੰਚ ਜਸਪਾਲ ਕੌਰ ਨੇ ਐਲਾਨ ਕੀਤਾ ਹੈ ਕਿ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਵਿਚ ਲੋਕਾਂ ਨੂੰ ਨਹੀਂ ਲੈ ਕੇ ਜਾਏਗੀ ਅਤੇ ਨਾ ਹੀ ਸਿਆਸੀ ਧਿਰਾਂ ਦੀਆਂ ਰੈਲੀਆਂ ਵਾਸਤੇ ਬੱਸਾਂ ਵਿਚ ਚੜ੍ਹਨ ਲਈ ਕਿਸੇ ਵੀ ਪਿੰਡ ਵਾਸੀ ਨੂੰ ਆਖੇਗੀ। ਸਮੁੱਚੀ ਪੰਚਾਇਤ ਦੀ ਹਾਜ਼ਰੀ ਵਿਚ ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪੰਚਾਇਤ ਨੂੰ ਹਰ ਤਰ੍ਹਾਂ ਦੀ ਵਗਾਰ ਤੋਂ ਮੁਕਤ ਕਰਨਗੇ। ਜੋ ਵਗਾਰਾਂ ਦਾ ਦਾਗ਼ ਸਰਪੰਚਾਂ ਦੇ ਮੱਥੇ ’ਤੇ ਲੱਗਦਾ ਹੈ, ਉਸ ਨੂੰ ਧੋਣ ਲਈ ਮੁਹਿੰਮ ਵੀ ਵਿੱਢੀ ਜਾਵੇਗੀ। ਪਿੰਡ ਸੁੱਖਾ ਸਿੰਘ ਵਾਲਾ ਨੂੰ ਪਿੰਡ ਦੇ ਨੌਜਵਾਨਾਂ ਨੇ ਪਹਿਚਾਣ ਦਿੱਤੀ ਹੈ ਜਿਨ੍ਹਾਂ ਨੇ ਸਮੁੱਚੇ ਪਿੰਡ ਨੂੰ ਸਫ਼ੈਦ ਰੰਗ ਕਰਕੇ ਅਤੇ ਸਾਫ਼ ਸੁਥਰਾ ਬਣਾ ਕੇ ਸਵੱਛ ਪਿੰਡ ਹੋਣ ਦਾ ਖ਼ਿਤਾਬ ਜਿੱਤਿਆ ਹੈ। ਇਕਲੌਤਾ ਪਿੰਡ ਹੋਵੇਗਾ ਜਿਸ ਦੇ ਟੋਭੇ ਵਿਚ ਕਿਸ਼ਤੀਆਂ ਚੱਲਦੀਆਂ ਹਨ। ਪਿੰਡ ਵਿਚ ਕਰੀਬ 200 ਘਰ ਹਨ ਅਤੇ 636 ਵੋਟਾਂ ਹਨ। ਮਹਿਲਾ ਸਰਪੰਚ ਜਸਪਾਲ ਕੌਰ ਨੇ ਆਪਣੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਨੂੰ ਹਰਾਇਆ ਹੈ। ਮਹਿਲਾ ਸਰਪੰਚ ਦਾ ਪਤੀ ਹਰਦੀਪ ਸਿੰਘ ਪਿੰਡ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਿਚ ਮੋਹਰੀ ਰਿਹਾ ਹੈ ਅਤੇ ਉਸ ਨੇ ਇੱਥੋਂ ਤੱਕ ਕਿ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਵੀ ਖੁਦ ਕੀਤੀ ਹੈ।
                 ਪੰਚਾਇਤ ਮੈਂਬਰਾਂ ਵਿਚ ਜਸਵੀਰ ਸਿੰਘ,ਕਰਮਜੀਤ ਸਿੰਘ,ਜੀਤਾ ਰਾਮ,ਗੁਰਮੇਲ ਕੌਰ  ਅਤੇ ਵੀਰਦਾਸ ਸ਼ਾਮਿਲ ਹਨ ਜਿਨ੍ਹਾਂ ਨੇ ਮਹਿਲਾ ਸਰਪੰਚ ਨੂੰ ਪੂਰਨ ਹਮਾਇਤ ਦਿੱਤੀ ਹੈ। ਮਹਿਲਾ ਸਰਪੰਚ ਨੇ ਜਿੱਤਣ ਮਗਰੋਂ ਐਲਾਨ ਕੀਤਾ ਹੈ ਕਿ ਅੱਜ ਤੋਂ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਵਿਚ ਲੋਕਾਂ ਨੂੰ ਨਹੀਂ ਲੈ ਕੇ ਜਾਵੇਗੀ। ਲੋਕ ਆਪਣੀ ਮਰਜ਼ੀ ਨਾਲ ਜਾ ਸਕਦੇ ਹਨ ਪ੍ਰੰਤੂ ਪੰਚਾਇਤ ਕਿਸੇ ਨੂੰ ਜਾਣ ਲਈ ਨਹੀਂ ਆਖੇਗੀ। ਸਰਪੰਚ ਨੇ ਦੱਸਿਆ ਕਿ ਪੰਚਾਇਤ ਨਾ ਕਿਸੇ ਵੀ ਤਰ੍ਹਾਂ ਦੀ ਵਗਾਰ ਲਏਗੀ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਸਿਆਸੀ ਵਿਅਕਤੀ ਨੂੰ ਵਗਾਰ ਦੇਵੇਗੀ। ਮਹਿਲਾ ਸਰਪੰਚ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਉਹ ਪਿੰਡ ਨੂੰ ਸਿਆਸੀ ਧੜੇਬੰਦੀ ਤੋਂ ਮੁਕਤ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਵਿਚ ਪਈਆਂ ਲਕੀਰਾਂ ਨੂੰ ਮੇਟਣਾ ਚਾਹੁੰਦੀ ਹੈ। ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਉਸ ਦੀ ਤਰਜੀਹ ਹੋਵੇਗੀ।  ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਸਿਆਸੀ ਧਿਰ ਦਾ ਕੋਈ ਵੀ ਆਗੂ ਜਦੋਂ ਪਿੰਡ ਵਿਚ ਆਵੇਗਾ ਤਾਂ ਉਸ ਦਾ ਸਤਿਕਾਰ ਤੇ ਸਨਮਾਨ ਪੰਚਾਇਤ ਤਰਫ਼ੋਂ ਕੀਤਾ ਜਾਵੇਗਾ। ਪੰਚਾਇਤ ਪਿੰਡ ਦੇ ਵਿਕਾਸ ਲਈ ਹਰ ਸਿਆਸੀ ਨੇਤਾ ਕੋਲ ਜਾਏਗੀ।
                  ਦੱਸਣਯੋਗ ਹੈ ਕਿ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਹੈ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਫ਼ੈਸਲਾ ਵੀ ਪੰਚਾਇਤ ਨੇ ਕੀਤਾ ਹੈ। ਪੰਚਾਇਤ ਨੇ ਦੱਸਿਆ ਕਿ ਉਹ ਪਿੰਡ ਦਾ ਕੋਈ ਝਗੜਾ ਥਾਣੇ ਕਚਹਿਰੀ ਨਹੀਂ ਜਾਣ ਦੇਣਗੇ। ਜਦੋਂ ਪੰਚਾਇਤ ਦੇ ਵਿੱਤੋਂ ਬਾਹਰੀ ਗੱਲ ਹੋ ਗਈ ਤਾਂ ਕੋਈ ਵੀ ਅਗਲਾ ਕਦਮ ਚੁੱਕ ਸਕਦਾ ਹੈ। ਪੰਚਾਇਤ ਨੂੰ ਬਿਨਾਂ ਪੁੱਛੇ ਕੋਈ ਵੀ ਵਿਅਕਤੀ ਸਿੱਧਾ ਥਾਣੇ ਰਪਟ ਲਿਖਾਏਗਾ ਤਾਂ ਪੰਚਾਇਤ ਉਸ ਦਾ ਬਿਲਕੁਲ ਸਾਥ ਨਹੀਂ ਦੇਵੇਗੀ। ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪਿੰਡ ਦੀਆਂ ਅੌਰਤਾਂ ਨੂੰ ਹਰ ਕੰਮ ਵਿਚ ਅੱਗੇ ਲਾਏਗੀ ਤਾਂ ਜੋ ਉਹ ਫ਼ੈਸਲੇ ਕਰਨ ਵਿਚ ਸਮਰੱਥ ਹੋ ਸਕਣ। ਪੰਚਾਇਤ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਕਾਸ ਕੰਮ ਸ਼ੁਰੂ ਕਰਾ ਦਿੱਤਾ ਹੈ। ਪਿੰਡ ਦੀਆਂ ਬਾਹਰੀ ਬਸਤੀਆਂ ਨੂੰ ਹੁਣ ਦਿੱਖ ਦੇਣ ਨੂੰ ਪੰਚਾਇਤ ਨੇ ਏਜੰਡੇ ’ਤੇ ਰੱਖਿਆ ਹੈ। ਵੱਡੀ ਸਮੱਸਿਆ ਨਿਕਾਸ ਦੀ ਹੈ ਜਿਸ ਦੇ ਹੱਲ ਲਈ ਕੰਮ ਬਾਜ਼ੀਗਰ ਬਸਤੀ ਤੋਂ ਸ਼ੁਰੂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਅਧਿਕਾਰੀ ਪਿੰਡ ਦੇ ਨੌਜਵਾਨਾਂ ਦੇ ਉੱਦਮ ਨੂੰ ਦੇਖਣ ਲਈ ਪਿੰਡ ਸੁੱਖਾ ਸਿੰਘ ਵਾਲਾ ਦਾ ਕਈ ਵਾਰ ਗੇੜਾ ਮਾਰ ਚੁੱਕੇ ਹਨ। ਹੁਣ ਨਵੀਂ ਪੰਚਾਇਤ ਨੇ ਨਵੀਆਂ ਪੈੜਾਂ ਪਾਉਣ ਦਾ ਫ਼ੈਸਲਾ ਕੀਤਾ ਹੈ।



Wednesday, January 2, 2019

                                   ਬੁਲੰਦ ਸੋਚ
                ਬਾਬਾ ! ਸਾਡਾ ਮੱਕਾ ਤਾਂ ਬੀਕਾਨੇਰ
                                  ਚਰਨਜੀਤ ਭੁੱਲਰ
ਬਠਿੰਡਾ : ਜਦੋਂ ਅਪਾਹਜ ਗੁਰਜੰਟ ਸਿੰਘ ਦੀ ਰਿਸ਼ਟ ਪੁਸ਼ਟ ਸੋਚ ਨੇ ਉਡਾਣ ਭਰੀ ਤਾਂ ਬੀਕਾਨੇਰ ਦੇ ਮੀਲ ਪੱਥਰ ਵੀ ਛੋਟੇ ਪੈ ਗਏ। ਗ਼ਰੀਬ ਘਰਾਂ ਦੇ ਮੁੰਡਿਆਂ ਦਾ ਉੱਦਮ ਦੇਖੋ ਜਿਨ੍ਹਾਂ ਅਪਾਹਜ ਗੁਰਜੰਟ ਸਿੰਘ ਦੇ ਬੋਲ ਪੁਗਾ ਦਿੱਤੇ। ਬੀਕਾਨੇਰ ਨੂੰ ਬਠਿੰਡੇ ਤੋਂ ਚੱਲਦੀ ਕੈਂਸਰ ਟਰੇਨ ਨੂੰ ਕੋਈ ਨਹੀਂ ਭੁੱਲਿਆ। ਜੋ ਪਿੰਡ ਕੌਰੇਆਣਾ ਤੋਂ ਟਰੱਕ ਤੇ ਕੈਂਟਰ ਰਾਸ਼ਨ ਲੈ ਕੇ ਚੱਲਦੇ ਹਨ, ਉਨ੍ਹਾਂ ਤੋਂ ਕੋਈ ਜਾਣੂ ਨਹੀਂ। ਤੜਫਦੇ ਮਰੀਜ਼ਾਂ ਦੀ ਚੀਸ ਇਨ੍ਹਾਂ ਮੁੰਡਿਆਂ ਨੂੰ ਹਲੂਣ ਗਈ। ਬੀਕਾਨੇਰ ਦੇ ਕੈਂਸਰ ਹਸਪਤਾਲ ’ਚ ਮਰੀਜ਼ਾਂ ਦੀ ਸੇਵਾ ਨੂੰ ਇਹ ਮੁੰਡੇ ਵੱਡੀ ਦਾਤ ਮੰਨ ਰਹੇ ਹਨ। ਪੰਜਾਬ ਹਰਿਆਣਾ ਸੀਮਾ ’ਤੇ ਪੈਂਦੇ ਇਸ ਪਿੰਡ ਦੇ ਕਰੀਬ 20 ਨੌਜਵਾਨ ਛੋਟੀ ਕਿਸਾਨੀ ਚੋਂ ਹਨ ਜਿਨ੍ਹਾਂ ਦੇ ਜਿਗਰੇ ਵੱਡੇ ਹਨ ਤੇ ਉੱਦਮ ਉਸ ਤੋਂ ਵੀ ਵੱਡਾ। ਪਿੰਡ ਕੌਰੇਆਣਾ ਦੇ ਇਨ੍ਹਾਂ ਮੁੰਡਿਆਂ ਲਈ ਨਵਾਂ ਵਰ੍ਹਾ 2019 ਵੱਡੀ ਤਸੱਲੀ ਵਾਲਾ ਹੈ ਕਿਉਂਜੋ ਹੁਣ ਇਨ੍ਹਾਂ ਦਾ ਬੀਕਾਨੇਰ ਦੇ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਚੱਲਦਾ ਲੰਗਰ ਹੁਣ ਕਦੇ ਨਹੀਂ ਰੁਕੇਗਾ। ਇਹ ਮੁੰਡੇ ਇਕੱਲੇ ਲੰਗਰ ਦੀ ਨਹੀਂ, ਬਲੱਡ ਦੀ ਸੇਵਾ ਵੀ ਕਰਦੇ ਹਨ। ਮਾਲਵਾ ਖ਼ਿੱਤੇ ਚੋਂ ਬਹੁਤੇ ਗ਼ਰੀਬ ਮਰੀਜ਼ਾਂ ਦਾ ਆਖ਼ਰੀ ਸਹਾਰਾ ਬੀਕਾਨੇਰ ਦਾ ਕੈਂਸਰ ਹਸਪਤਾਲ ਬਣਦਾ ਹੈ। ਪੰਜ ਵਰੇ੍ਹ ਪਹਿਲਾਂ ਕੌਰੇਆਣਾ ਦਾ ਅਪਾਹਜ ਗੁਰਜੰਟ ਸਿੰਘ ਕਿਸੇ ਮਰੀਜ਼ ਦੇ ਨਾਲ ਬੀਕਾਨੇਰ ਹਸਪਤਾਲ ਗਿਆ। ਜਦੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਰੋਟੀ ਪਾਣੀ ਲਈ ਭਟਕਣਾ ਦੇਖੀ ਤਾਂ ਉਸ ਨੇ ਮਨ ਵਿਚ ਠਾਣ ਲਈ। ਜਦੋਂ ਉਸ ਨੇ ਪਿੰਡ ਦੇ ਮੁੰਡੇ ਇਕੱਠੇ ਕਰਕੇ ਲਕੀਰ ਖਿੱਚੀ ਤਾਂ ਸਭ ਲਕੀਰ ਤੇ ਕਾਫ਼ਲਾ ਬਣ ਕੇ ਖੜ੍ਹੇ ਹੋ ਗਏ।
           ਫਿਰ ਕਰੀਬ ਵੀਹ ਨੌਜਵਾਨਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੈੱਲਫੇਅਰ ਸੁਸਾਇਟੀ ਬਣਾ ਲਈ ਤੇ ਪਿੰਡ ਦੀ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅੱਗੇ ਲਾਇਆ। ਪਿੰਡ ਦੇ ਘਰ ਘਰ ਜਾ ਕੇ ਰਾਸ਼ਨ ਮੰਗਣਾ ਸ਼ੁਰੂ ਕਰ ਦਿੱਤਾ। ਦੋ ਟਰੈਕਟਰ ਟਰਾਲੀਆਂ ’ਤੇ ਰਾਸ਼ਨ ਲੱਦ ਕੇ ਪਿੰਡ ਕੌਰੇਆਣਾ ਤੋਂ ਕਰੀਬ 335 ਕਿੱਲੋਮੀਟਰ ਦੂਰ ਪੈਂਦੇ ਬੀਕਾਨੇਰ ਵੱਲ ਚੱਲ ਪਏ। ਕੈਂਸਰ ਹਸਪਤਾਲ ਦੇ ਸਾਹਮਣੇ ਸੜਕ ਤੇ ਚਲਾ ਦਿੱਤਾ ਲੰਗਰ। ਬੀਕਾਨੇਰ ਦੇ ਇੱਕ ਸੇਠ ਨੇ ਇਨ੍ਹਾਂ ਮੁੰਡਿਆਂ ਦੀ ਸੇਵਾ ਦੇਖ ਕੇ ਹਸਪਤਾਲ ਨੇੜਲੀ ਧਰਮਸ਼ਾਲਾ ਖ਼ੋਲ ਦਿੱਤੀ। ਨਾਲੇ ਇਨ੍ਹਾਂ ਨੌਜਵਾਨਾਂ ਦੀ ਪਿੱਠ ਥਾਪੜ ਦਿੱਤੀ ਜਿਸ ਵਜੋਂ ਪਹਿਲੇ ਵਰੇ੍ਹ ਸਾਲ 2014 ਵਿਚ ਇਨ੍ਹਾਂ ਮੁੰਡਿਆਂ ਨੇ ਪੂਰੇ 57 ਦਿਨ ਲੰਗਰ ਚਲਾਇਆ। ਦੂਸਰੇ ਵਰੇ੍ਹ 67 ਦਿਨ, ਤੀਸਰੇ ਵਰੇ੍ਹ 100 ਦਿਨ ਅਤੇ ਸਾਲ 2018 ਵਿਚ 125 ਦਿਨ ਚਲਾਇਆ। ਐਤਕੀਂ ਇਹ ਲੰਗਰ ਰੁਕਿਆ ਨਹੀਂ। ਹੁਣ ਪੂਰਾ ਵਰ੍ਹਾ ਚੱਲਦਾ ਰਹੇਗਾ।  ਬੀਕਾਨੇਰ ਹਸਪਤਾਲ ਦੇ ਡਾਕਟਰ ਇੱਕ ਦਿਨ ਮਨਾਂ ਦੇ ਸੰਸੇ ਦੂਰ ਕਰਨ ਲਈ ਪਿੰਡ ਕੌਰੇਆਣਾ ਪੁੱਜ ਗਏ। ਇਨ੍ਹਾਂ ਮੁੰਡਿਆਂ ਦੀ ਦਾਦ ਸੁਣੀ ਤਾਂ ਉਹ ਹੱਕੇ ਬੱਕੇ ਰਹਿ ਗਏ। ਹਰ ਵਰੇ੍ਹ ਨਵੰਬਰ ਮਹੀਨੇ ਤੋਂ ਲੰਗਰ ਸ਼ੁਰੂ ਹੁੰਦਾ ਹੈ। 1 ਨਵੰਬਰ 2017 ਤੋਂ ਇਨ੍ਹਾਂ ਜਵਾਨਾਂ ਨੇ ਬਲੱਡ ਦੀ ਸੇਵਾ ਵੀ ਨਾਲ ਸ਼ੁਰੂ ਕੀਤੀ ਹੈ।
                    ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 600 ਯੂਨਿਟ ਖ਼ੂਨਦਾਨ ਕੀਤਾ ਜਾ ਚੁੱਕਾ ਹੈ। ਸੁਸਾਇਟੀ ਨਾਲ ਸਭ ਗ਼ਰੀਬ ਘਰਾਂ ਦੇ ਮੁੰਡੇ ਜੁੜੇ ਹਨ ਅਤੇ ਵੱਡਾ ਸਹਿਯੋਗ ਪੂਰੇ ਪਿੰਡ ਦਾ ਹੈ ਤੇ ਕੋਈ ਘਰ ਪਿੱਛੇ ਨਹੀਂ ਰਿਹਾ। ਕੌਰੇਆਣਾ ਦੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਜਦੋਂ ਖੁਦ ਇਨ੍ਹਾਂ ਮੁੰਡਿਆਂ ਨਾਲ ਜੁੜ ਕੇ ਘਰੋਂ ਘਰੀਂ ਜਾਣਾ ਸ਼ੁਰੂ ਕੀਤਾ ਤਾਂ ਹੁਣ ਆਸ ਪਾਸ ਦੇ ਕਰੀਬ ਦੋ ਦਰਜਨ ਪਿੰਡ ਇਨ੍ਹਾਂ ਨਾਲ ਜੁੜ ਗਏ। ਪ੍ਰਧਾਨ ਤਾਰਾ ਸਿੰਘ ਨੇ ਦੱਸਿਆ ਕਿ ਬੀਕਾਨੇਰ ਦੇ ਲੋਕਲ ਲੋਕ ਵੀ ਹੁਣ ਲੰਗਰ ਲਈ  ਦੁੱਧ ਅਤੇ ਗੈਸ ਸਿਲੰਡਰ ਦੇਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਗ਼ਰੀਬ ਘਰਾਂ ਚੋਂ ਜ਼ਿਆਦਾ ਰਾਸ਼ਨ ਵਗ਼ੈਰਾ ਦਾ ਦਾਨ ਮਿਲਦਾ ਹੈ। ਇੱਥੋਂ ਤੱਕ ਕਿ ਕਈ ਦਲਿਤ ਪਰਿਵਾਰ ਤਾਂ ਇੱਕ ਇੱਕ ਰੁਪਿਆ ਵੀ ਪੋਟਲੀ ਵਿਚ ਪਾਉਂਦੇ ਹਨ। ਪਿੰਡ ਦੀ ਬਜ਼ੁਰਗ ਸੁਰਜੀਤ ਕੌਰ, ਛੋਟੇ ਕੌਰ ਸਮੇਤ ਅੌਰਤਾਂ ਦਾ ਜਥਾ ਵੀ ਲੰਗਰ ਦੀ ਸੇਵਾ ਵਿਚ ਜਾਂਦਾ ਰਿਹਾ ਹੈ। ਦੋ ਵਰੇ੍ਹ ਪਹਿਲਾਂ ਰੋਟੀਆਂ ਪਕਾਉਣ ਵਾਲੀ ਮਸ਼ੀਨ ਇਨ੍ਹਾਂ ਮੁੰਡਿਆਂ ਨੇ ਲਈ ਹੈ। ਜਦੋਂ ਮਸ਼ੀਨ ਦਾ ਮੁੱਲ 3.50 ਲੱਖ ਹੋਣ ਦਾ ਪਤਾ ਲੱਗਾ ਤਾਂ 15 ਮੁੰਡਿਆਂ ਨੇ ਜ਼ਿੰਮੇਵਾਰੀ ਲੈ ਲਈ ਜਿਨ੍ਹਾਂ ਨੇ 25-25 ਹਜ਼ਾਰ ਦਾ ਕਰਜ਼ਾ ਚੁੱਕ ਕੇ ਮਸ਼ੀਨ ਖ਼ਰੀਦੀ। ਮਗਰੋਂ ਇਹੋ ਪੈਸਾ ਵਿਆਜ ਸਮੇਤ ਮੋੜਿਆ ਗਿਆ।
                   ਸੁਸਾਇਟੀ ਨਾਲ ਜੁੜੇ ਡਾ. ਗੁਰਦਾਸ ਸਿੰਘ ਨੇ ਦੱਸਿਆ ਕਿ ਕੈਂਸਰ ਹਸਪਤਾਲ ਦੇ ਮਰੀਜ਼ਾਂ ਨੂੰ ਟਿਫ਼ਨ ਵਿਚ ਲੰਗਰ ਭੇਜਿਆ ਜਾਂਦਾ ਹੈ। ਡਾਕਟਰਾਂ ਮੁਤਾਬਿਕ ਮਰੀਜ਼ਾਂ ਲਈ ਬਕਾਇਦਾ ਖਿਚੜੀ ਵਗ਼ੈਰਾ ਵੀ ਤਿਆਰ ਕੀਤੀ ਜਾਂਦੀ ਹੈ। ਥਰਮੋਸਾਂ ਵਿਚ ਪਾ ਕੇ ਮਰੀਜ਼ਾਂ ਵਾਸਤੇ ਗਰਮ ਚਾਹ ਭੇਜੀ ਜਾਂਦੀ ਹੈ। ਨੌਜਵਾਨ ਬੂਟਾ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਦੋ ਟਾਈਮ ਕਰੀਬ 1000 ਵਿਅਕਤੀ ਲੰਗਰ ਛਕਦਾ ਹੈ। ਪਿੰਡ ਦੇ ਨੌਜਵਾਨ ਵਾਰੋ ਵਾਰੀ ਲੰਗਰ ਦੀ ਸੇਵਾ ਨਿਭਾਉਂਦੇ ਹਨ। ਇਨ੍ਹਾਂ ਮੁੰਡਿਆਂ ਨੇ ਦੱਸਿਆ ਕਿ ਉਨ੍ਹਾਂ ਲਈ ਬੀਕਾਨੇਰ ਹੀ ‘ਮੱਕਾ’ ਹੈ ਜਿਸ ਦੀ ਸੇਵਾ ਉਨ੍ਹਾਂ ਦੇ ਹਿੱਸੇ ਆਈ ਹੈ। ਕੌਰੇਆਣਾ ਦੇ ਅਪਾਹਜ ਦੀ ਸੋਚ ਹੁਣ ਕਾਫ਼ਲਾ ਬਣ ਗਈ ਹੈ ਅਤੇ ਪਿੰਡ ਸੀਂਗੋ, ਨੰਗਲਾ, ਨਥੇਹਾ, ਲਹਿਰੀ, ਗੋਲੇਵਾਲਾ, ਫੱਤਾਬਾਲੂ, ਰਾਈਆ, ਕਲਾਲਵਾਲਾ, ਮਿਰੇਜਆਣਾ ਅਤੇ ਭੂੰਦੜ ਆਦਿ ਤੋਂ ਇਲਾਵਾ ਅੰਤਰਰਾਜੀ ਸੀਮਾ ਤੇ ਪੈਂਦੇ ਹਰਿਆਣਾ ਦੇ ਪਿੰਡ ਪੱਕਾ ਸ਼ਹੀਦਾਂ ਅਤੇ ਕਮਾਲ ਆਦਿ ਵੀ ਜੁੜ ਗਏ ਹਨ। ਇਨ੍ਹਾਂ ਮੁੰਡਿਆਂ ਦੀ ਸ਼ਰਧਾ ਅਤੇ ਜਨੂਨ ਨੇ ਇਲਾਕੇ ਦੇ ਨੌਜਵਾਨਾਂ ਨੂੰ ਵੀ ਮੋੜਾ ਦੇ ਦਿੱਤਾ ਹੈ। ਇਹ ਨੌਜਵਾਨ ਆਖਦੇ ਹਨ ਕਿ ਭਾਵੇਂ ਮਰੀਜ਼ਾਂ ਦੀ ਹੋਣੀ ਕੁਦਰਤ ਦੇ ਹੱਥ ਹੈ ਪ੍ਰੰਤੂ ਉਨ੍ਹਾਂ ਵੱਲੋਂ ਵਧਾਇਆ ਹੱਥ ਮਰੀਜ਼ਾਂ ਦੀ ਪੀੜ ਜ਼ਰੂਰ ਘਟਾਉਂਦਾ ਹੈ।