Sunday, July 28, 2019

                    ਵਿਚਲੀ ਗੱਲ
          ਚਿੜੀ ਵਿਚਾਰੀ ਕੀ ਕਰੇ
                    ਚਰਨਜੀਤ ਭੁੱਲਰ
ਬਠਿੰਡਾ : ਗੁੰਮਨਾਮ ਜ਼ਿੰਦਗੀ ਦਾ ਕੋਈ ਸਿਰਨਾਵਾਂ ਨਹੀਂ ਹੁੰਦਾ। ਜਦੋਂ ਧਰਤ ਤੋਂ ਅੰਨ ਜਲ ਮੁੱਕ ਜਾਏ, ਫਿਰ ਟਿਕਾਣੇ ਹਿੱਲਦੇ ਨੇ। ਪਾਟੇ ਅੰਬਰਾਂ ਨੂੰ ਟਾਕੀ ਕੌਣ ਲਾਏ। ਸਿਆਣੇ ਵੀ ਤਾਂ ਕਿਥੋਂ ਲੱਭੀਏ, ਜਦੋਂ ਕੋਠੀ ’ਚ ਦਾਣੇ ਹੀ ਨਹੀਂ। ਰੁੱਖੀ ਸੁੱਖੀ ਖਾਣਾ, ਉਤੋਂ ਠੰਡਾ ਪਾਣੀ ਪੀਣਾ, ਇਹ ਕੋਈ ਭਾਣਾ ਨਹੀਂ, ਰਾਜੇ ਦੀ ਅੱਖ ਦਾ ਟੀਰ ਐ। ਅੰਨਦਾਤਾ ! ਹੁਣ ਤਾਂ ਰਮਜ਼ਾਂ ਸਮਝ। ਕਿੰਨਾ ਕੁ ਚਿਰ ਭਲੀ ਕਰੂ ਕਰਤਾਰ। ਦਾਣਾ ਪਾਣੀ ਤੂੰ ਹੀ ਕਿਉਂ ਚੁਗੇਂ। ਪੈਲੀ ਤੇਰੀ, ਕਿਰਤ ਤੇਰੀ, ਦਾਣੇ ਤੇਰੇ। ਕਿਥੋਂ ਦਾ ਨਿਆਂ ਏਂ ਕਿ ਦਾਣਿਆਂ ’ਤੇ ਹੁਣ ਤੇਰਾ ਨਾਮ ਨਹੀਂ। ਦਿੱਲੀ ਦੂਰ ਨਹੀਂ, ਜਮਾਂਬੰਦੀ ਚੋਂ ਵੀ ਤੂੰ ਵਿਦਾ ਹੋ ਜਾਏਂਗਾ।  ਦਿਨ ਹੁਣ ਭਲੇ ਨਹੀਂ ਰਹੇ। ਨਾ ਦੜ ਵੱਟ ਤੇ ਨਾ ਦਿਹਾੜੇ ਕੱਟ। ਪੱਤਾ ਪੱਤਾ ਵੈਰੀ ਬਣਿਐ। ਤੂੰ ਤਾਂ ਧੰਨਾ ਭਗਤ ਐਂ। ‘ਚਿੜੀ ਜਨੌਰ ਦੇ ਭਾਗੀਂ, ਰਾਹੀ ਪਾਂਧੀ ਦੇ ਭਾਗੀਂ’। ਫਸਲ ਬੀਜਣ ਤੋਂ ਪਹਿਲੋਂ ਇਹੋ ਅਰਜੋਈ ਕਰਦੈਂ। ਤੂੰ ਭਾਵੇਂ ਮੁਲਕ ਦਾ ਢਿੱਡ ਭਰਿਐ ਪਰ ‘ਮਲਿਕ ਭਾਗੋ‘ ਦਾ ਢਿੱਡ ਹਾਲੇ ਭਰਿਆ ਨਹੀਂ। ਅੱਖ ਦਾਣੇ ਦਾਣੇ ’ਤੇ ਐ, ਸਿਆਸੀ ਜਰਬਾਂ ਨੂੰ ਸਮਝ। ਸੋਨਭੱਦਰ (ਯੂ.ਪੀ)’‘ਚ ਹੁਣੇ 10 ਆਦਿਵਾਸੀ ਕਿਸਾਨ ਭੁੰਨੇ ਨੇ। ਦਾਦੇ ਪੜਦਾਦੇ ਸੋਨੇ ਵਰਗੀ ਜ਼ਮੀਨ ਬਣਾ ਗਏ। ਕਿਸਾਨ ਨੰਦਕੁਨ ਬੇਟਾ ਗੁਆ ਬੈਠਾ। ਚੰਦ ਤੇ ਚੰਦਰਯਾਨ-2 ਪੁੱਜਣ ਵਾਲਾ ਹੈ। ਕਿਸਾਨ ਦੇ ਘਰ ਬਿਜਲੀ ਨਹੀਂ, ਮੌਤ ਪੁੱਜੀ ਹੈ। ਪ੍ਰਿਅੰਕਾ ਨੂੰ ਯੋਗੀ ਨੇ ਰੋਕ ਲਿਆ।
                ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਐ। ਮਾਂ ਦੀ ਪੱਤ ਨੂੰ ਕੌਣ ਹੱਥ ਪਾਉਣ ਦਿੰਦੈ, ਨਾਬਰਾਂ ਨੇ ਗੋਲੀ ਦਾਗ ਦਿੱਤੀ। ਬਾਬਾ ਰਾਮਦੇਵ ਆਖਦੈ, ‘ ਗੋਲੀ ਤਾਂ ਮੇਰੀ ਵੀ ਗੁਣਾਕਾਰੀ ਐ, ਚਾਹੇ ਮਾਂ ਖਾ ਲਵੇ ਤੇ ਚਾਹੇ ਪੁੱਤ।’ ਨਾਲੇ ਆਖਦੈ, ‘ਜਹਾਂ ਦਾਣੇ, ਤਹਾਂ ਖਾਣੇ।’ ਯੋਗ ਗੁਰੂ ਹੁਣ ਮਹਾਰਾਸ਼ਟਰ ‘ਚ ਚੋਗ ਚੁਗੇਗਾ। ਕਿਸਾਨਾਂ ਤੋਂ 400 ਏਕੜ ਜ਼ਮੀਨ ਲਈ। ਕਾਰਖਾਨਾ ਸਰਕਾਰੀ ਲੱਗਣਾ ਸੀ। ਉਦੋਂ ਕਿਸਾਨਾਂ ਦੇ ਖ਼ਾਨੇ ਨਾ ਪਈ। ਦਾਣਿਆਂ ’ਤੇ ਹੁਣ ਰਾਮਦੇਵ ਦਾ ਨਾਮ ਲਿਖ ਦਿੱਤਾ। ਚਾਰ ਸੌ ਏਕੜ ਲਈ ਰਾਮਦੇਵ ਹੀ ਯੋਗ ਲੱਭਿਐ। ਅੰਨਦਾਤੇ ਦੇ ਹੁਣ ਖ਼ਾਨੇ ਪਈ ਹੈ। ਸੰਜੋਗ ਕਹੋ ,ਚਾਹੇ ਯੋਗ, ਅਡਾਨੀ ਲਈ ਜੁਲਾਈ ਸ਼ੁਭ ਹੈ। ਛੇ ਹਵਾਈ ਅੱਡਿਆਂ ਦਾ ਦਾਣਾ ਪਾਣੀ ਅਡਾਨੀ ਦੇ ਭਾਗੀਂ ਲਿਖਿਐ। ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਏਜੰਡੇ ’ਤੇ ਹੈ। ਗੱਲ ਤਿਲਕ ਗਈ ਜਾਪਦੀ ਐ। ਵੈਸੇ, ਖੇਤੀ ’ਚ ਵੀ ਕੋਈ ਘੱਟ ਤਿਲਕਣ ਐ। ਚਿੱਟੇ ਚੌਲ ਵੀ ਪੁੰਨ ਕੀਤੇ, ਦਾਣੇ ਦਾ ਮੁੱਲ ਫਿਰ ਨਹੀਂ ਮਿਲਦਾ। ਅੰਨਦਾਤਾ ਆਖਦੈ, ਘੱਟ ਨਾ ਤੋਲੀਂ, ਨਰਿੰਦਰ ਮੋਦੀ ਕਹਿੰਦਾ, ਥੜ੍ਹੇ ਨਾ ਚੜ੍ਹ। ਜਦੋਂ ਵੱਡਿਆਂ ਦੀ ਚੜ੍ਹ ਮੱਚੇ, ਪੈਲ਼ੀਆਂ ’ਚ ਘੋੜ ਸਵਾਰ ਪੁਲੀਸ ਦਗੜ ਦਗੜ ਕਰਦੀ ਹੈ।
                 ਮਾਨਸਾ ਵੱਲ ਗੋਬਿੰਦਪੁਰੇ ਚੱਲਦੇ ਹਾਂ। ‘ਪੋਇਨਾ ਪਾਵਰ ਕੰਪਨੀ’ ਲਾਏਗੀ ਥਰਮਲ। ਅਕਾਲੀਆਂ ਨੇ ਇਹ ਐਲਾਨ ਕੀਤਾ ਸੀ। ਗੋਬਿੰਦਪੁਰਾ ਦੀ 1458 ‘ਚੋਂ 806 ਏਕੜ ‘ਤੇ ਅੱਖ ਰੱਖੀ। ਜ਼ਮੀਨਾਂ ਛੱਡਣ ਤੋਂ ਕਿਸਾਨ ਆਕੀ ਹੋਏ। ਪੁਲੀਸ ਨੇ ਲੰਮੇ ਹੱਥ ਦਿਖਾਏ। ਕਿਸਾਨ ਧੀਆਂ ਨੇ ਦੋ ਦੋ ਹੱਥ ਕੀਤੇ। ਛੇ ਧੀਆਂ ਜੇਲ੍ਹੀਂ ਡੱਕ ਦਿੱਤੀਆਂ। ਸੁਰਜੀਤ ਸਿੰਘ ਹਮੀਦੀ ਖੇਤਾਂ ‘ਚ ਢੇਰ ਹੋ ਗਿਆ। ਅੰਗਰੇਜ਼ੀ ਲਫਜ਼ ਪੋਇਨਾ ਦਾ ਅਰਥ ‘ਦੁੱਖ, ਸਜ਼ਾ,ਜੁਰਮਾਨਾ’ ਹੈ। ਪੋਇਨਾ ਦੇ ਮਾਅਣੇ ਪੁਲੀਸ ਨੇ ਸਮਝਾ ਦਿੱਤੇ। ਅੱਠ ਵਰ੍ਹਿਆਂ ਮਗਰੋਂ ਵੀ ਥਰਮਲ ਨਹੀਂ ਲੱਗਿਆ। ਜ਼ਮੀਨ ਖਾਲੀ ਪਈ ਹੈ, ਦੁੱਖਾਂ ਨਾਲ ਕਿਸਾਨੀ ਘਰ ਭਰੇ ਨੇ। 62 ਪਰਿਵਾਰ ਪੂਰੀ ਜ਼ਮੀਨ ਤੋਂ ਵਿਰਵੇ ਹੋਏ। ਗੋਬਿੰਦਪੁਰਾ ਦਾ ਸਾਬਕਾ ਫੌਜੀ ਜਗਰੂਪ ਸਿੰਘ ਦੂਜੀ ਵਾਰ ਜੰਗ ’ਚ ਉਤਰਿਆ ਪਰ ਜ਼ਮੀਨ ਨਾ ਬਚਾ ਸਕਿਆ। ਤਿੰਨੋ ਜਵਾਨ ਮੁੰਡੇ ਦਿਹਾੜੀਆਂ ਕਰਦੇ ਨੇ। ਖੇਤਾਂ ’ਤੇ ਵਲੀ ਕੰਡਿਆਲੀ ਤਾਰ ਚੁਭਦੀ ਹੈ। ਦਾਦੇ ਪੜਦਾਦੇ ਦੀ ਅਮਾਨਤ ਬਚ ਨਾ ਸਕੀ। ਫਤਹਿਗੜ੍ਹ ਛੰਨਾ (ਬਰਨਾਲਾ) ਦੇ ਕਿਸਾਨ ਵੀ ਕਿਵੇਂ ਬਚਦੇ। ਜਦੋਂ ਦਾਣਿਆਂ ਤੇ ਮੋਹਰ ਟਰਾਈਡੈਂਟ ਵਾਲਿਆਂ ਦੀ ਲੱਗੀ ਸੀ। ਉਦੋਂ ਕਿਸਾਨਾਂ ਨਾਲ ਦੋ ਹੱਥ ਕੈਪਟਨ ਸਰਕਾਰ ਨੇ ਕੀਤੇ।
                 ਕੰਪਨੀ ਵਾਲੇ ਬਰਨਾਲੇ ਸ਼ੂਗਰ ਮਿੱਲ ਲਾਉਣਗੇ। ਡੰਡੇ ਦੇ ਜ਼ੋਰ ’ਤੇ 376 ਏਕੜ ਜ਼ਮੀਨ ਲਈ। ਕਿਸਾਨਾਂ ਨੂੰ ਕਿਧਰੇ ਖੰਡ ਮਿੱਲ ਨਹੀਂ ਲੱਭ ਰਹੀ। ਜੱਗਰ ਸਿਓਂ ਗੁਆਚੇ ਲਾਲ ਲੱਭ ਰਿਹੈ। ਜੱਗਰ ਦਾ ਕਿਰਤ ਤੇ ਸਿਰੜ ਦੇਖੋ। ਟਿੱਬਿਆਂ ਨੂੰ ਪੱਧਰਾ ਕਰ ਦਿੱਤਾ। ਜਦੋਂ ਖੇਤ ਸੋਨਾ ਬਣ ਗਏ, ਉਦੋਂ ਮਾਲਕੀ ਕੰਪਨੀ ਦੀ ਹੋ ਗਈ। ਜੱਗਰ ਸਿੰਘ ਦਾ ਨੌਜਵਾਨ ਪੋਤਾ ਝੱਲ ਨਾ ਸਕਿਆ। ਖੁਦਕੁਸ਼ੀ ਦੇ ਰਾਹ ਪੈ ਜ਼ਿੰਦਗੀ ਦਾ ਸਫ਼ਰ ਮੁਕਾ ਬੈਠਾ। ਮਾਨਾਵਾਲਾ (ਅੰਮ੍ਰਿਤਸਰ) ਦੇ ਕਿਸਾਨਾਂ ਨੇ 1218 ਏਕੜ ਜ਼ਮੀਨ ਮਸਾਂ ਬਚਾਈ। ਕਾਮਰੇਡ ਆਖਦੇ ਨੇ ਬਈ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ, ਸਭ ਜ਼ਮੀਨਾਂ ਦੀ ਮਾਲਕੀ ਕਾਰਪੋਰੇਟ ਘਰਾਣਿਆਂ ਦੀ ਹੋਣੀ ਹੈ। ਕਾਮਰੇਡਾਂ ਦੀ ਗੱਲ ’ਚ ਦਮ ਹੈ। ਦੇਸ਼ ‘ਚ 369 ਸਪੈਸ਼ਲ ਆਰਥਿਕ ਜ਼ੋਨ ਬਣੇ ਨੇ। ਇਨ੍ਹਾਂ ਲਈ 1.14 ਲੱਖ ਜ਼ਮੀਨ ਏਕੜ ਜ਼ਮੀਨ ਐਕੁਆਇਰ ਹੋਈ। 59,447 ਏਕੜ ਅੱਜ ਵੀ ਖਾਲੀ ਪਈ ਐ। ਜ਼ਮੀਨਾਂ ਦੇ ਮਾਲਕ ਕਿਥੇ ਗਏ, ਕਿਸ ਹਾਲ ਨੇ, ਸਰਕਾਰ ਨੇ ਕੀ ਲੈਣਾਂ। ਜਦੋਂ ਵਣਾਂਵਾਲੀ (ਮਾਨਸਾ) ‘ਚ ਥਰਮਲ ਲੱਗਾ। ਜਿਨ੍ਹਾਂ ਕੋਲ ਉਦੋਂ ਜ਼ਮੀਨ ਨਾ ਬਚੀ, ਉਹ ਜ਼ਰੂਰ ਹਰਿਆਣੇ ਚਲੇ ਗਏ।
                  ਬਠਿੰਡਾ ਥਰਮਲ ਦੀ ਜ਼ਮੀਨ ਸਰਕਾਰੀ ਅੱਖ ’ਚ ਰੜਕ ਰਹੀ ਹੈ। ਕਿਹੜੇ ਘਰਾਣੇ ਦੇ ਭਾਗ ਖੁੱਲ੍ਹਦੇ ਨੇ, ਛੇਤੀ ਪਤਾ ਲੱਗੇਗਾ। ਜ਼ਮੀਨ ਨਾਲ ਇੱਕ ਭਾਵੁਕ ਸਾਂਝ ਹੁੰਦੀ ਹੈ। ਪਿਉ ਦਾਦਿਆਂ ਦੀ ਰੂਹ ਪੈਲ਼ੀਆਂ ਚੋਂ ਦਿਖਦੀ ਹੈ। ਖੇਤ ਰਿਜ਼ਕ ਵੰਡਦੇ ਨੇ। ਕਿਸਾਨ ਦੀ ਛਤਰੀ ਬਣਦੇ ਨੇ। ਭਾਣਾ ਮੰਨਣ ਵਾਲੇ ਨੂੰ ਹੁੱਜਾਂ ਨਾ ਮਾਰੋ। ਖੇਤ ਤਾਂ ਪਹਿਲਾਂ ਹੀ ਸਾਹੂਕਾਰਾਂ ਦੇ ਹੋ ਚੱਲੇ ਨੇ। ਬੈਂਕਾਂ ਦੀਆਂ ਲਾਲ ਲਕੀਰਾਂ ਨੇ ਖਾਤੇ ਲਾਲ ਕਰ ਰੱਖੇ ਨੇ। ਨਿੱਕੇ ਹੁੰਦੇ ‘ਕਾਂ ਤੇ ਚਿੜੀ’ ਵਾਲੀ ਕਹਾਣੀ ਸੁਣੀ ਹੋਵੇਗੀ। ‘ਤੂੰ ਚੱਲ ਚਿੜੀਏ, ਮੈਂ ਆਇਆ’। ਚਿੜੀ ਪੈਲੀ ਪਾਲਦੀ ਐ। ਫਸਲ ਆਉਂਦੀ ਹੈ ਤਾਂ ਬਾਜਰਾ ਕਾਂ ਲੈ ਜਾਂਦਾ, ਤੂਤੜਾ ਚਿੜੀ ਨੂੰ ਛੱਡ ਦਿੰਦਾ। ਅੱਜ ਦੇ ਕਾਂ ਏਨੇ ਸਿਆਣੇ ਨੇ, ਚਿੜੀ ਨੂੰ ਤੂਤੜਾ ਵੀ ਨਹੀਂ ਛੱਡਦੇ। ਬਾਦਲ ਰਾਜ ‘ਚ ਮੈਕਸ ਹਸਪਤਾਲ ਨੂੰ ਜ਼ਮੀਨ ਦਿੱਤੀ। 4.81 ਏਕੜ ਸ਼ਹਿਰੀ ਜ਼ਮੀਨ। ਸਿਰਫ਼ ਇੱਕ ਰੁਪਏ ਲੀਜ਼ ’ਤੇ। ਇਵੇਂ ਮੁਹਾਲੀ ‘ਚ 3.15 ਏਕੜ ਜ਼ਮੀਨ ਦਿੱਤੀ। ਦਾਣੇ ਤਾਂ ਵੱਡੇ ਲੋਕ ਚੁਗ ਜਾਂਦੇ ਨੇ। ਸਰਕਾਰੀ ਤਰਕ ਸੁਣੋ, ਉਦਯੋਗ ਰੁਜ਼ਗਾਰ ਦਿੰਦੇ ਨੇ, ਨਿਵੇਸ਼ ਤਰੱਕੀ ਦੇ ਰਾਹ ਖੋਲ੍ਹਦੈ। ਤਾਹੀਓਂ ਛੋਟਾਂ ਦਿੰਦੇ ਹਾਂ। ਖੇਤੀ ਕਿੰਨਾ ਰੁਜ਼ਗਾਰ ਵੰਡਦੀ ਹੈ। ਕਦੇ ਸੋਚਿਐ। ਕਿੰਨੇ ਧੰਦੇ ਖੇਤੀ ਨਾਲ ਜੁੜੇ ਨੇ। ਅੰਨਦਾਤੇ ਲਈ ਹੱਥ ਕਿਉਂ ਘੁੱਟਿਆ ਜਾਂਦੈ।
                ਏਦਾਂ ਜਾਪਦੈ, ਸਿਆਸੀ ਖੇਤੀ ਹੁਣ ‘ਜੈ ਜਵਾਨ, ਜੈ ਕਿਸਾਨ’ ਤੇ ਹੀ ਪਲਦੀ ਐ। ਅਜਮੇਰ ਅੌਲਖ ਸਾਰੀ ਉਮਰ ਨਾਟਕਾਂ ’ਚ ਜੱਟ ਤੇ ਸੀਰੀ ਦਾ ਦੁੱਖ ਰੋਂਦਾ ਰਿਹਾ। ਗੱਠਜੋੜ ਸਰਕਾਰ ਨੇ ਸਾਲ 2008 ‘ਚ ਭਾਜਪਾ ਦੇ ਜ਼ਰੂਰ ਹੰਝੂ ਪੂੰਝੇ ਸਨ। ਵਿਚਾਰੇ ਭਾਜਪਾਈ ਆਖਣ ਲੱਗੇ, ਬਾਦਲ ਸਾਹਿਬ, ਸਾਡੇ ਕੋਲ ਤਾਂ ਦਫ਼ਤਰ ਜੋਗੀ ਥਾਂ ਨਹੀਂ। ਰਾਤੋ ਰਾਤ ਵੱਡੇ ਸ਼ਹਿਰਾਂ ’ਚ ਸਸਤੇ ਭਾਅ ‘ਤੇ ਦਫ਼ਤਰਾਂ ਲਈ ਜਗ੍ਹਾ ਅਲਾਟ ਹੋ ਗਈ। ਅਕਾਲੀ ਕਿਹੜਾ ਘੱਟ ਨੇ। ਕਹਿੰਦੇ ਮੋਦੀ ਸਾਹਿਬ, ਸਾਨੂੰ ਵੀ ਦਿੱਲੀ ’ਚ ਜਗ੍ਹਾ ਦਿਓ। ਮੋਦੀ ਏਡਾ ਕੂਲਾ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਫੁਰਨਾ ਦੇਖੋ। ਪ੍ਰਧਾਨ ਮੰਤਰੀਆਂ ਦਾ ਅਜਾਇਬ ਘਰ ਬਣੇਗਾ। ਹਰ ਪ੍ਰਧਾਨ ਮੰਤਰੀ ਦਾ ਬੁੱਤ ਵੀ ਸਜੇਗਾ। 226 ਕਰੋੜ ਦਾ ਬਜਟ ਰੱਖਿਆ ਹੈ। ਵੱਖਰੇ ਖੇਤੀ ਬਜਟ ਤੋਂ ਸਰਕਾਰ ਮੁੱਕਰ ਗਈ। ਮਰੇ ਮੁੱਕਰੇ ਦਾ ਕੋਈ ਵੈਦ ਨਹੀਂ। ‘ਕਿਸਾਨ ਮਰ ਗਿਆ ਤਾਂ ਭੁੱਖੇ ਮਰੋਂਗੇ, ਗੱਲ ਮੇਰੀ ਯਾਦ ਰੱਖਿਓ’, ਛੱਜੂ ਰਾਮ ਗੱਲ ਤਾਂ ਸਿਆਣੀ ਕਰਦੈ। ਹਰੀ ਕ੍ਰਾਂਤੀ ਜੋ ਵੇਖੀ ਹੈ। ਦੇਖੀਂ ਛੱਜੂ ਰਾਮਾ, ਕਿਤੇ ਹੋਰ ਨਾ ਨਵੀਂ ਕ੍ਰਾਂਤੀ ਕਰ ਦੇਵੀਂ।

Sunday, July 14, 2019

                         ਵਿਚਲੀ ਗੱਲ
     ਬੰਦ ਗਲੀ ’ਚ ਖੜ੍ਹੇ ਪੇਮੀ ਦੇ ਨਿਆਣੇ
                         ਚਰਨਜੀਤ ਭੁੱਲਰ
ਬਠਿੰਡਾ : ਪਿੰਡ ਦਾ ਖੂਨ ਠੰਢਾ ਹੋ ਜਾਵੇ। ਗੂੜ੍ਹੀ ਨੀਂਦ ’ਚ ਸ਼ਹਿਰ ਸੌ ਜਾਵੇ। ਸਮੇਂ ਦਾ ‘ਬਾਦਸ਼ਾਹ’ ਢੋਲੇ ਦੀਆਂ ਲਾਵੇ। ਉਦੋਂ ਸਭ ਸਹਿਜ ਬਣ ਜਾਂਦਾ ਹੈ। ਬਿਨਾਂ ਗੱਲੋਂ ‘ਪੇਮੀ ਦੇ ਨਿਆਣੇ’ ਨਹੀਂ ਸਹਿਮੇ। ਪੈਰਾਂ ਦੇ ਖੜਾਕ ਸੁਣਦੇ ਨੇ, ਤ੍ਰਭਕ ਜਾਂਦੇ ਨੇ। ਜਦੋਂ ਸੂਰਜ ਚੜ੍ਹਦਾ ਹੈ, ਨਵਾਂ ਭੈਅ ਪਸਰਦਾ ਹੈ। ਮਾਹੌਲ ਇਵੇਂ ਦਾ ਹੈ, ਕੋਈ ਕੁਸਕ ਨਹੀਂ ਸਕਦਾ। ਚੰਗਾ ਹੋਇਆ, ਬਾਬਾ ਬੋਹੜ ਭਲੇ ਵੇਲੇ ਤੁਰ ਗਿਆ। ਨਵੀਂ ਪੌਦ ਨੂੰ ਅੱਜ ਤੱਕਦਾ ਤਾਂ ਸੰਤ ਸਿੰਘ ਸੇਖੋਂ ਭੰਵਰਜਾਲ ’ਚ ਫਸ ਜਾਂਦਾ। ਉਨ੍ਹਾਂ ਵੇਲਿਆਂ ’ਚ ਬਾਲ ਮਨਾਂ ’ਤੇ ਇੱਕੋ ਵੱਡਾ ਡਰ ਸੀ। ਸਿਰਫ਼ ਭੂਤਾਂ-ਪ੍ਰੇਤਾਂ ਦਾ, ਰਾਸ਼ਿਆਂ ਦਾ। ਬਾਲ ਮਨਾਂ ਦੇ ਡਰ ’ਚੋਂ ਸੇਖੋਂ ਦੀ ਮਸ਼ਹੂਰ ਕਹਾਣੀ ‘ਪੇਮੀ ਦੇ ਨਿਆਣੇ’ ਜਨਮੀਂ। ਸਿਖਰ ’ਤੇ ਇੰਝ ਗਈ ਕਹਾਣੀ। ‘ਦੂਜੇ ਬੰਨ੍ਹੇ ਰਾਸ਼ੇ ਪਏ ਦੇਖਦੇ ਹਨ, ਨਿੱਕੇ ਬੱਚੇ ਠਠੰਬਰ ਜਾਂਦੇ ਹਨ, ਕਿਤੇ ਰਾਸ਼ਾ ਖਾ ਨਾ ਜਾਵੇ, ਸੜਕ ਪਾਰ ਕਰਨੋਂ ਡਰਦੇ ਹਨ। ਭੈਅ ਨਵਿਰਤੀ ਲਈ ਆਖਦੇ ਹਨ। ‘ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਹਾਂ।’ ਇਥੇ ਹੀ ਕਹਾਣੀ ਸਮਾਪਤ, ਹੁਣ ਬਾਹਰ ਨਿਕਲੋ ਪ੍ਰੇਤਾਂ ਦੇ ਜ਼ਮਾਨੇ ‘ਚੋਂ। ਸੰਤ ਸਿੰਘ ਸੇਖੋਂ ਪਰਲੋਕ ‘ਚ ਬੈਠਾ ਹੈ। ਕੁਝ ਸੁੱਝ ਨਹੀਂ ਰਿਹਾ, ਰੂਹ ਪ੍ਰੇਸ਼ਾਨ ਹੈ। ਅੱਜ ਮਾਹੌਲ ’ਚ ਸਹਿਮ ਹੈ। ਹਵਾ ਤੇ ਪੌਣ ਪਾਣੀ ਵੀ ਸ਼ੂਕਦੇ ਨਹੀਂ ਜਦੋਂ ਵਕਤ ਦਾ ਠੁੱਡਾ ਵੱਜਦੈ। ਉਮਰੋਂ ਪਹਿਲਾਂ ਬਚਪਨ ਸਿਆਣਾ ਹੁੰਦੈ। ਪੰਜਾਬ ਦੀ ਜੂਹ ਵਿਚਲੀ ਹਰ ਪਗਡੰਡੀ ਵੇਖੋ। ਕੀ ਛੱਡ ਕੇ ਜਾ ਰਹੇ ਹਾਂ। ਪੰਜਾਬ ਦੇ ਵਾਰਸਾਂ ਲਈ, ਜਿਸ ‘ਤੇ ਭਵਿੱਖ ਮਾਣ ਕਰੇ।
                 ਪਾਰਲੀਮੈਂਟ ‘ਚ ਹੁਣ ਨਵੀਂ ਰਿਪੋਰਟ ਪੇਸ਼ ਹੋਈ ਹੈ। ਬਚਪਨ ਉਮਰੇ ਤਣਾਅ ਦਾ ਏਡਾ ਵੱਡਾ ਹੱਲਾ। ਗਿਆਰਾਂ ਸਾਲ ਦੀ ਉਮਰ ’ਚ ਹੀ ਡਿਪਰੈਸ਼ਨ ਦੀ ਘੇਰਾਬੰਦੀ। 6.9 ਫੀਸਦੀ ਪਿੰਡਾਂ ਵਾਲੇ ਤੇ 13.5 ਫੀਸਦੀ ਸ਼ਹਿਰੀ ਬੱਚੇ ਤਣਾਅ ਪੀੜਤ ਹਨ। ਕਿਸੇ ਨੂੰ ਭਾਰੀ ਬਸਤਾ ਚੁੱਕਣਾ ਮੁਸ਼ਕਲ ਹੈ ਤੇ ਕਿਸੇ ਨੂੰ ਗੁਰਬਤ ਦਾ ਬੋਝ। ਯੂਜੀਸੀ ਦੀ ਸਟੱਡੀ ਚਾਰ ਸਾਲ ਪੁਰਾਣੀ ਹੈ। ਕਾਲਜ ’ਚ ਪੈਰ ਪਾਉਂਦੇ ਹੀ ਟੈਨਸ਼ਨ ਵਧ ਜਾਂਦੀ ਹੈ। ਇਹ ਬੱਚਿਆਂ ਨੇ ਪ੍ਰਤੀਕਰਮ ਦਿੱਤਾ। ਸਿਹਤ ਮੰਤਰਾਲੇ ਦਾ ਅੰਕੜਾ ਵੀ ਵੇਖੋ। 14 ਫੀਸਦੀ ਬੱਚੇ ਮੋਟਾਪੇ ਤੋਂ ਪੀੜਤ ਹਨ। ਉਧਰ, ਪੇਂਡੂ ਬੱਚੇ ਵੀ ਵੇਖੋ, ਜਿਨ੍ਹਾਂ ਨੂੰ ਚੰਦ ਵੀ ਰੋਟੀ ਲੱਗਦੈ। ਪੰਜਾਬ ‘ਚ ਹਰ ਜੰਮਦੇ ਬੱਚੇ ਸਿਰ ਕਰਜ਼ਾ ਹੈ। ਥੋੜ੍ਹੀ ਸੋਝੀ ਕੀ ਆਈ, ਸਭ ਤੋਂ ਪਹਿਲਾਂ ਸ਼ਾਹੂਕਾਰ ਵੇਖੇ। ਚਾਰ ਅੱਖਰਾਂ ਦੀ ਪਛਾਣ ਹੋਈ, ਬੈਂਕਾਂ ਦੇ ਨੋਟਿਸ ਪੜ੍ਹਨੇ ਪਏ। ਕਿਲਕਾਰੀ ਮਾਰਨ ਦੀ ਉਮਰੇ, ਸੱਥਰਾਂ ‘ਤੇ ਵੈਣ ਸੁਣਨੇ ਪਏ। ਮਹਿਮਾ ਭਗਵਾਨਾ (ਬਠਿੰਡਾ) ਦਾ ਬੱਚਾ ਸਿਕੰਦਰ। ਜ਼ਿੰਦਗੀ ਕਲੀ-ਜੋਟਾ ਖੇਡ ਰਹੀ ਹੈ, ਬਾਪ ਖੁਦਕੁਸ਼ੀ ਕਰ ਗਿਆ। ਹੁਣ ਤਸਵੀਰ ਚੁੱਕ ਕੇ ਹਰ ਮੁਜ਼ਾਹਰੇ ’ਚ ਜਾਂਦੈ। ਲਹਿਰਾ ਬੇਗਾ ਦਾ ਬੱਚਾ ਅਮਨਦੀਪ। ਉਮਰ ਕੇਵਲ ਚਾਰ ਸਾਲ, ਵਿਰਾਸਤ ’ਚ ਸਿਰਫ਼ ਦਾਦੀ ਦੀ ਗੋਦ। ਬਾਪ ਜਹਾਨ ਛੱਡ ਗਿਆ, ਮਾਂ ਘਰ ਛੱਡ ਕੇ ਚਲੀ ਗਈ। ਦਾਦੀ-ਪੋਤਾ ਕਦੇ ਸੜਕਾਂ ’ਤੇ, ਕਦੇ ਰੇਲਵੇ ਲਾਈਨਾਂ ’ਤੇ। ਸੰਘਰਸ਼ਾਂ ਤੋਂ ਬੱਚਾ ਬੇਖ਼ਬਰ ਹੈ। ਅਣਹੋਣੀ ਦਾ ਅੰਦਰੋਂ ਅਹਿਸਾਸ ਹੈ।
                  ਕੋਈ ਸੂਰਬੀਰ ਨਹੀਂ ਪਿੰਡ ਸਿਵੀਆਂ ਦਾ ਕਿਰਨਵੀਰ। ਦਸ ਮਹੀਨੇ ਦਾ ਸੀ ਜਦੋਂ ਕੈਂਸਰ ਨੇ ਦਬੋਚ ਲਿਆ। ਪਿੰਡ ਰੋਪਾਣਾ ਦੇ ਬੱਚੇ ਇਮਾਨ ਦੇ ਹਿੱਸੇ ਵੀ ਕੈਂਸਰ ਆਇਆ। ਮਲਵਈ ਬੱਚੇ ਸਕੂਲ ਨਹੀਂ, ਹੁਣ ਬੀਕਾਨੇਰ ਜਾਂਦੇ ਨੇ। ਜਿਨ੍ਹਾਂ ਦੇ ਮਾਪੇ ਕੈਂਸਰ ਨੇ ਸੁਆ ਦਿੱਤੇ, ਉਨ੍ਹਾਂ ਲਈ ਜ਼ਿੰਦਗੀ ਨਸੂਰ ਬਣੀ ਹੋਈ ਹੈ। ਕਿਵੇਂ ਮਾਣ ਕਰਨ, ਇਹ ਬੱਚੇ, ਉਸ ’ਤੇ, ਜੋ ਅਸੀਂ ਛੱਡ ਚੱਲੇ ਹਾਂ। ਪੁਰਾਣੀ ਫਿਲਮ ‘ਬੂਟ ਪਾਲਿਸ਼’, ਜ਼ਰੂਰ ਵੇਖਣਾ। ਗਾਣੇ ‘ਚੋਂ ਮਾਅਨੇ ਤਲਾਸ਼ਣੇ, ਨਾਲੇ ਉਮੀਦਾਂ ਵੀ। ‘ਨੰਨ੍ਹੇ ਮੁੰਨੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ’। ਬੱਚਿਆਂ ਦਾ ਜੁਆਬ, ‘ਮੁੱਠੀ ਮੇਂ ਹੈ ਤਕਦੀਰ ਹਮਾਰੀ’। ਆਸ਼ਾਵਾਂ ਦੀ ਸਿਖਰ ਵੇਖੋ, ‘ਨਾ ਭੁੱਖੋਂ ਕੀ ਭੀੜ ਰਹੇਗੀ, ਨਾ ਦੁੱਖੋਂ ਕਾ ਰਾਜ ਹੋਗਾ’। ਯੁੱਗ ਬਦਲ ਗਿਆ, ਰਾਜ ਬਦਲ ਗਏ, ਹਾਲਾਤ ਓਹੀ ਹਨ। ਦੁਨੀਆਂ ਮੁੱਠੀ ‘ਚ ਹੋ ਗਈ। ਵਾਰਸਾਂ ਦੀ ਮੁੱਠੀ ਖਾਲੀ ਹੈ। ਅੱਜ ਦੇ ‘ਪੇਮੀ ਦੇ ਨਿਆਣੇ’ ਡਰੇ ਹੋਏ ਹਨ। ਹਕੂਮਤ ਦੇ ਦਿਓ ਤੋਂ। ਹਜੂਮੀ ਹਿੰਸਾ ‘ਚ ਵੱਜਦੇ ਲਲਕਾਰੇ। ਭਾਰਤੀ ਸੰਸਦ ’ਚ ਨਾਅਰੇ। ਕੋਰੀ ਸਲੇਟ ’ਤੇ ਕੀ ਲਿਖ ਰਹੇ ਹਾਂ? ਕੋਟ ਈਸੇ ਖਾਂ ਦਾ ਛੇ ਸਾਲ ਦਾ ਬੱਚਾ, ਮਾਂ ਦਾ ਨਾਮ ਸੁਰਜੀਤ ਕੌਰ। ਵਿਆਹ ਤੋਂ 16 ਸਾਲ ਬਾਅਦ ਪੁੱਤ ਵੇਖਿਆ। ਬਾਪ ਜੈਮਲ ਸਿੰਘ, ਪੁਲਵਾਮਾ ਦਾ ਸ਼ਹੀਦ। ਚੋਣਾਂ ਦਾ ਬਿਗਲ ਜਦੋਂ ਵੀ ਵੱਜੇਗਾ, ਜੈਮਲ ਸਿੰਘ ਦਾ ਬੱਚਾ ਸਹਿਮੇਗਾ।
                 ਪਿੰਡ ਥੇੜੀ ਭਾਈਕਾ (ਮੁਕਤਸਰ) ਦਾ ਲਵਪ੍ਰੀਤ ਸਿੰਘ। ਉਮਰ ਸਿਰਫ਼ 15 ਸਾਲ। ਪੰਚਕੂਲਾ ਹਿੰਸਾ ’ਚ ਫੌਤ ਹੋ ਗਿਆ। ਲਵਪ੍ਰੀਤ ਨੂੰ ਨਾ ਇੰਸਾਂ ਦੇ ਤੇ ਨਾ ਹਿੰਸਾ ਦੇ ਮਾਅਨੇ ਪਤਾ ਸੀ। ਭੋਲਿਆਂ ਦੇ ਮਨਾਂ ’ਤੇ ਕੀ ਇਬਾਰਤ ਲਿਖ ਰਹੇ ਹਾਂ। ਪੰਜਾਬ ਦੇ ਕੀ, ਦੇਸ਼ ਦੇ ਬੱਚੇ ਵੀ ਭਮੰਤਰੇ ਹੋਏ ਹਨ। ਮਾਪਿਆਂ ‘ਚ ਹੁਣ ਹਿੰਮਤ ਕਿਥੇ। ਤਾਹੀਂ ਬੱਚਿਆਂ ਨੂੰ ਸਭ ਨਾਅਰੇ ਸਿਖਾ ਰਹੇ ਹਨ। ਪੰਜਾਬ ਦੇ ਬੱਚਿਆਂ ਕੋਲ ਪਾਰਕ ਵੀ ਨਹੀਂ ਬਚੇ। ਪਾਰਕਾਂ ’ਚ ਸਰਿੰਜਾਂ ਨੇ, ਬੱਚੇ ਕਿਥੇ ਖੇਡਣ, ਜੋ ਘਰਾਂ ਤੋਂ ਬਾਹਰ ਖੇਡਣ ਗਏ, ਕੰਨਾਂ ਨੂੰ ਹੱਥ ਲਾ ਕੇ ਮੁੜੇ। ਇੱਕੋ ਵਰ੍ਹੇ ’ਚ 1.13 ਲੱਖ ਲੋਕ ਅਵਾਰਾ ਕੁੱਤਿਆਂ ਦੇ ਅੜਿੱਕੇ ਚੜ੍ਹੇ। ਇਨ੍ਹਾਂ ’ਚੋਂ ਪੰਜਾਹ ਫੀਸਦੀ ਬੱਚੇ ਸਨ। ਪਹਿਲੋਂ ਪੇਂਡੂ ਬੱਚੇ ਨਹਿਰਾਂ ’ਚ ਤਾਰੀ ਲਾ ਲੈਂਦੇ ਸਨ। ਜਦੋਂ ਤੋਂ ਪਾਣੀ ਕਾਲੇ ਹੋਏ ਨੇ, ਨੇੜੇ ਜਾਣ ਤੋਂ ਡਰਦੇ ਨੇ। ਬਾਲ ਗਾਇਕ ਕਮਲਜੀਤ ਨੀਲੋਂ ‘ਮਾਣੋ ਬਿੱਲੀ ਆਈ ਐ ’ ਗਾ ਕੇ ਡਰਾਉਂਦਾ ਰਿਹਾ। ਛੇ ਸਾਲ ਦੀ ਬੱਚੀ ਗੁਰਪ੍ਰੀਤ, ਮੈਕਸੀਕੋ ਦੀ ਕੰਧ ਟੱਪਣੋਂ ਨਾ ਡਰੀ। ਅਮਰੀਕਾ ਦੇ ਮਾਰੂਥਲ ’ਚ ਹਾਰ ਗਈ। ਪੰਜਾਬ ਤਾਂ ਸ਼ੇਰ ਬੱਗਿਆਂ ਦੀ ਕਰਮਭੂਮੀ ਰਿਹਾ, ਜਿਥੋਂ ਦੀ ਪੰਜਾਬੀ ਲੰਘੇ। ਲੀਹਾਂ ਵਾਹੁੰਦੇ ਗਏ। ਨੀਂਹਾਂ ’ਚ ਚਿਣੇ ਗਏ, ਈਨ ਨਹੀਂ ਮੰਨੀ।
              ਉਨ੍ਹਾਂ ਦੇ ਵਾਰਸਾਂ ਲਈ ਹਾਕਮਾਂ ਨੇ ਕੀ ਛੱਡਿਐ। ਬੱਸ ਇਹੋ, ਵਿਰਸੇ ’ਚ ਕਰਜ਼ੇ ਦੀ ਪੰਡ ਛੱਡੀ, ਦੰਗਿਆਂ ਦਾ ਸੇਕ ਛੱਡਿਆ, ਜਿਥੋਂ ਬਚ ਜਾਣ, ਕੋਈ ਰਾਹ ਨਹੀਂ ਛੱਡਿਆ। ਪੰਜਾਬ ਦੀਆਂ ਜੇਲ੍ਹਾਂ ’ਚ ਸੈਂਕੜੇ ਬੱਚੇ ਹਨ। ਬਿਨਾਂ ਕਸੂਰੋਂ ਮਾਵਾਂ ਨਾਲ ਬੰਦ ਹਨ। ਲੁਧਿਆਣਾ ਦੀ ਜ਼ਨਾਨਾ ਜੇਲ੍ਹ, ਜਿਥੇ ਅੱਠ ਮਹੀਨੇ ਦੀ ਨਾਦਿਰਾ ਆਪਣੀ ਮਾਂ ਨਾਲ ਹੈ। ਦੂਸਰਾ ਬੱਚਾ ਮਾਂ ਪ੍ਰਿਅੰਕਾ ਦੇ ਗਰਭ ਵਿੱਚ ਪਲ ਰਿਹੈ। ਜੁਰਮ ਮਾਪਿਆਂ ਦਾ, ਸਜ਼ਾ ਬੱਚਿਆਂ ਨੂੰ। ਵੱਡੇ ਹੋਣਗੇ ਤਾਂ ਉਦੋਂ ਆਪਣਾ ਕਸੂਰ ਪੁੱਛਣਗੇ। ਜਦੋਂ ਤੋਂ ਹਵਸ ਭਾਰੂ ਹੋਈ ਹੈ, ਨਿੱਕੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ। ਕਦੇ ਬਿਗਾਨੇ ਵੀ ਪੰਜਾਬ ਦੇ ਖੰਭਾਂ ਹੇਠ ਛੁਪਦੇ ਸਨ। ਪੱਤ ਦੀ ਰੱਖਿਆ ਵਾਲਾ ਜ਼ਰਖ਼ੇਜ਼ ਪੰਜਾਬ ਕਿਥੇ ਗਿਆ। ਮੁੱਠੀ ਹੁਣ ਬੰਦ ਰਹੇ, ਇਸੇ ’ਚ ਭਲਾ। ਪੰਜਾਬੀ ਬੱਚੇ ਮੱਖਣ ਮਲਾਈ ਦੇਖ ਨੱਕ ਚੜ੍ਹਾਉਂਦੇ ਨੇ। ਗੁੜ੍ਹਤੀ ’ਚ ਪੀਜ਼ੇ ਬਰਗਰ ਜੋ ਮਿਲੇ ਨੇ। ਚਾਚਾ ਨਹਿਰੂ ਹੁਣ ਕਿਥੋਂ ਆਵੇ। ਬਚਪਨ ਦੀ ਮੌਜ ਵੀ ਉੱਡ ਗਈ। ਪਾੜੇ ਹੀ ਪਾੜੇ ਨੇ, ਸਿੱਖਿਆ ’ਚ, ਸਿਹਤ ਸਹੂਲਤਾਂ ‘ਚ। ਜਲਦੀ ਪਰਤਣਗੇ, ਲੀਡਰਾਂ ਦੇ ਵਾਰਸ ਵਿਦੇਸ਼ਾਂ ’ਚ ਪੜ੍ਹਨ ਗਏ ਨੇ। ਸਿਆਸੀ ਨੀਤ ਹੁੰਦੀ, ਬੱਚਿਆਂ ਲਈ ਵੀ ਨੀਤੀ ਬਣਦੀ।
                ਬਾਦਲ ਕਾਲਜ ਵਾਲੇ ਸੰਘਾ ਸਾਹਿਬ ਦੀ ਸੁਣੋ। ਆਖਦੇ ਨੇ, ਹਾਲੇ ਏਡਾ ਬੀਜ ਨਾਸ ਨਹੀਂ ਹੋਇਆ। ਚਕਰ ਪਿੰਡ ਵਾਲੇ ਕਾਮਰੇਡ ਦੀ ਧੀ ਸਿਮਰਨ ਦੀ ਮਿਸਾਲ ਦਿੱਤੀ। ਬਾਦਲ ਕਾਲਜ ’ਚ ਪੜ੍ਹਦੀ ਐ। ਬਾਪ ਪੰਜਾਬ ਦੇ ਕਾਲੇ ਦੌਰ ’ਚ ਮਾਰਿਆ ਗਿਆ। ਧੀਅ ਦਾ ਵਿਸ਼ਵ ਬੌਕਸਿੰਗ ਰੈਂਕਿੰਗ ’ਚ ਚੌਥਾ ਨੰਬਰ ਐ। ਮੈਰੀਕੌਮ ਨਾਲ ਕੈਂਪ ’ਚ ਹੈ। ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦਾ ਗੇੜਾ ਮਾਰੋ। ਧਰਵਾਸ ਮਿਲੇਗਾ ਜਦੋਂ ਗੋਦੜੀ ਦੇ ਲਾਲ ਮਿਲਣਗੇ। ਲੜਾਂਗੇ ਸਾਥੀ… ਏਦਾਂ ਦੇ ਸਿਰੜ ਵਾਲੇ ਵੀ ਘੱਟ ਨਹੀਂ। ਛੱਜੂ ਰਾਮ ਅੱਖਾਂ ਤਾਂ ਭਰ ਆਇਐ। ਏਨੀ ਛੇਤੀ ਹਾਰ ਮੰਨਣ ਵਾਲਾ ਕਿਥੇ। ਆਖਦੈ, ‘ਲਾਹੌਰ ਸ਼ਹਿਰ ਢਹਿ ਜਊ, ਪਿੰਡਾਂ ਵਰਗਾ ਤਾਂ ਰਹਿ ਜਊ’। ‘ਪੇਮੀ ਦੇ ਨਿਆਣੇ’ ਕਾਹਤੋਂ ਡਰਨ, ਹਾਲੇ ਬਹੁਤ ਰਾਹ ਖੁੱਲ੍ਹੇ ਨੇ।

Wednesday, July 10, 2019

                                                              ਸਟੱਡੀ ਵੀਜ਼ਾ 
                                 ਮਾਪਿਆਂ ’ਤੇ ਹਜ਼ਾਰ ਕਰੋੜ ਦਾ ਨਵਾਂ ਬੋਝ 
                                                            ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਪੇਂਡੂ ਘਰਾਂ ਲਈ ‘ਸਟੱਡੀ ਵੀਜ਼ਾ’ ਹੁਣ ਸਸਤਾ ਸੌਦਾ ਨਹੀਂ। ਪੇਂਡੂ ਮਾਪੇ ਸਟੱਡੀ ਵੀਜ਼ੇ ਲਈ ਕਰਜ਼ੇ ਚੁੱਕ ਰਹੇ ਹਨ, ਜ਼ਮੀਨਾਂ ਵੇਚ ਰਹੇ ਹਨ ਤਾਂ ਜੋ ਧੀਆਂ ਪੁੱਤਾਂ ਨੂੰ ਵਿਦੇਸ਼ ਪੜਾਈ ਲਈ ਭੇਜ ਸਕਣ। ਇਵੇਂ ਮੁਲਕ ’ਚ ਵੀ ਪੜ੍ਹਾਈ ਮਹਿੰਗਾ ਸੌਦਾ ਬਣੀ ਹੈ ਜਿਸ ਵਜੋਂ ਮੈਡੀਕਲ ਪੜਾਈ ਲਈ ਵੀ ਕਰਜ਼ਾ ਚੁੱਕਣਾ ਪੈਂਦਾ ਹੈ। ਭਾਵੇਂ ਹਰ ਤਬਕਾ ਐਜੂਕੇਸ਼ਨ ਲੋਨ ਚੁੱਕ ਰਿਹਾ ਹੈ ਪ੍ਰੰਤੂ ਦੋ ਤਿੰਨ ਵਰ੍ਹਿਆਂ ਤੋਂ ਪੇਂਡੂ ਕਿਸਾਨ ਪਰਿਵਾਰ ਆਪਣੇ ਬੱਚਿਆਂ ਨੂੰ ਸਟੱਡੀ ਵੀਜ਼ੇ ਤੇ ਵਿਦੇਸ਼ ਪੜਾਈ ਖਾਤਰ ਕਰਜ਼ਾ ਚੁੱਕ ਰਹੇ ਹਨ। ਜਦੋਂ ਰੁਜ਼ਗਾਰ ਦੇ ਵਸੀਲੇ ਮੁੱਕ ਜਾਣ ਅਤੇ ‘ਚਿੱਟੇ’ ਦਾ ਖ਼ੌਫ ਨੱਚਦਾ ਹੋਵੇ ਤਾਂ ਮਾਪਿਆਂ ਕੋਲ ਕੋਈ ਚਾਰਾ ਨਹੀਂ ਬਚਦਾ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ ਹਨ ਕਿ 2015-16 ਤੋਂ 2018-19 ਤੱਕ ਦੇ ਚਾਰ ਵਰ੍ਹਿਆਂ ਦੌਰਾਨ ਪੰਜਾਬ ਦੇ ਕਰੀਬ 50,499 ਵਿਦਿਆਰਥੀਆਂ ਨੂੰ ਦੇਸ਼ ਤੇ ਵਿਦੇਸ਼ ’ਚ ਪੜਾਈ ਲਈ ‘ਐਜੂਕੇਸ਼ਨ ਕਰਜ਼’ ਲੈਣਾ ਪਿਆ ਹੈ। ਇਨ੍ਹਾਂ ਚਾਰ ਵਰ੍ਹਿਆਂ ਦੌਰਾਨ ਮਾਪਿਆਂ ਸਿਰ ਐਜੂਕੇਸ਼ਨ ਲੋਨ ਦੇ 1718.93 ਕਰੋੜ ਰੁਪਏ ਚੜ੍ਹੇ ਹਨ। ਇਹ ਵੇਰਵਾ ਸਿਰਫ਼ ਪਬਲਿਕ ਸੈਕਟਰ ਦੇ ਬੈਂਕਾਂ ਦਾ ਹੈ। ਪ੍ਰਾਈਵੇਟ ਬੈਂਕਾਂ ਤਰਫ਼ੋਂ ਦਿੱਤਾ ਐਜੂਕੇਸ਼ਨ ਲੋਨ ਵੱਖਰਾ ਹੈ। ਦੇਸ਼ ਵਿਚ ਮੈਡੀਕਲ ਤੇ ਇੰਜਨੀਅਰਿੰਗ ਦੀ ਪੜਾਈ ਆਮ ਘਰਾਂ ਦੀ ਪਹੁੰਚ ਤੋਂ ਬਾਹਰ ਹੈ। ਨਵਾਂ ਰੁਝਾਨ ਹੁਣ ਵਿਦੇਸ਼ ਪੜਾਈ ਲਈ ਕਰਜ਼ਾ ਚੁੱਕਣ ਦਾ ਹੈ ਜੋ ਹਰ ਵਰੇ੍ਹ ਵਧ ਰਿਹਾ ਹੈ।
          ਮੋਟੇ ਅੰਦਾਜ਼ੇ ਅਨੁਸਾਰ ਪਬਲਿਕ ਸੈਕਟਰ ਬੈਂਕਾਂ ਵੱਲੋਂ ਪੰਜਾਬ ਦੇ ਕਰੀਬ 20 ਹਜ਼ਾਰ ਵਿਦਿਆਰਥੀਆਂ ਨੇ ਵਿਦੇਸ਼ ਪੜਾਈ ਲਈ ਕਰੀਬ ਇੱਕ ਹਜ਼ਾਰ ਕਰੋੜ ਦਾ ਐਜੂਕੇਸ਼ਨ ਲੋਨ ਲਿਆ ਹੈ ਜਦੋਂ ਕਿ ਤਿੰਨ ਵਰ੍ਹਿਆਂ ਵਿਚ 897 ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਤੋਂ ਇਨਕਾਰ ਹੋਇਆ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਸਭ ਤੋਂ ਵੱਧ ਐਜੂਕੇਸ਼ਨ ਲੋਨ ਦਿੱਤਾ ਹੈ। ਇਸ ਬੈਂਕ ਨੇ 2016-17 ਤੋਂ ਹੁਣ ਤੱਕ 2162 ਵਿਦਿਆਰਥੀਆਂ ਨੂੰ ਵਿਦੇਸ਼ ਪੜਾਈ ਲਈ 326.63 ਕਰੋੜ ਰੁਪਏ ਦਾ ਐਜੂਕੇਸ਼ਨ ਲੋਨ ਦਿੱਤਾ ਹੈ ਜਦੋਂ ਕਿ ਪਬਲਿਕ ਸੈਕਟਰ ਦੇ ਹੋਰਨਾਂ 20 ਬੈਂਕਾਂ ਨੇ ਐਜੂਕੇਸ਼ਨ ਲੋਨ ਵੰਡਿਆਂ ਹੈ। ਸਟੇਟ ਬੈਂਕ ਆਫ਼ ਇੰਡੀਆ ਦੀ ਬਠਿੰਡਾ ਥਰਮਲ ਬਰਾਂਚ ਦੀ ਫੀਲਡ ਅਫਸਰ ਇੰਦੂ ਰੋਪਾਣਾ ਦਾ ਕਹਿਣਾ ਸੀ ਕਿ ਐਜੂਕੇਸ਼ਨ ਲੋਨ ਲਈ ਦਿਹਾਤੀ ਖੇਤਰ ਵਿਚ ਰੁਝਾਨ ਵਧਿਆ ਹੈ ਅਤੇ ਵਿਦੇਸ਼ ਪੜਾਈ ਲਈ 20 ਲੱਖ ਰੁਪਏ ਤੱਕ ਦਾ ਐਜੂਕੇਸ਼ਨ ਲੋਨ ਦਿੱਤਾ ਜਾਂਦਾ ਹੈ। ਪਬਲਿਕ ਸੈਕਟਰ ਬੈਂਕਾਂ ਨੇ ਪੰਜਾਬ ’ਚ ਸਾਲ 2018-19 ਵਿਚ 4815 ਵਿਦਿਆਰਥੀਆਂ ਅਤੇ ਸਾਲ 2017-18 ਵਿਚ 4644 ਅਤੇ ਉਸ ਤੋਂ ਪਹਿਲਾਂ ਸਾਲ 2016-17 ਵਿਚ 4107 ਵਿਦਿਆਰਥੀਆਂ ਨੂੰ ਵਿਦੇਸ਼ ਪੜਾਈ ਲਈ ਸਟੱਡੀ ਲੋਨ ਦਿੱਤਾ ਹੈ।
               ਪੰਜਾਬੀ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿਚ ਪੜਾਈ ਲਈ ਹਰ ਵਰੇ੍ਹ ਅੌਸਤਨ 500 ਕਰੋੜ ਰੁਪਏ ਤੋਂ ਜਿਆਦਾ ਦਾ ਕਰਜ਼ਾ ਚੁੱਕ ਰਹੇ ਹਨ। ਬੈਂਕਾਂ ਵੱਲੋਂ 7.50 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨ ’ਤੇ ਕੋਈ ਪ੍ਰਾਪਰਟੀ ਵਗੈਰਾ ਪਲੱਜ ਨਹੀਂ ਕੀਤੀ ਜਾਂਦੀ। ਉਸ ਤੋਂ ਵੱਡੀ ਰਕਮ ’ਤੇ ਜ਼ਮੀਨ ਗਿਰਵੀ ਕਰਨੀ ਪੈਂਦੀ ਹੈ। ਐਜੂਕੇਸ਼ਨ ਲੋਨ ਦੀ 15 ਵਰ੍ਹਿਆਂ ’ਚ ਵਾਪਸੀ ਕਰਨੀ ਹੁੰਦੀ ਹੈ।  ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ (ਲੋਨ ਸੈਕਸ਼ਨ) ਸ੍ਰੀ ਅਜੇ ਲੂਥਰਾ ਦਾ ਕਹਿਣਾ ਸੀ ਕਿ ਪੰਜਾਬ ਵਿਚ ਹਰ ਵਰੇ੍ਹ ਐਜੂਕੇਸ਼ਨ ਲੋਨ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ ਅਤੇ ਸ਼ਹਿਰੀ ਅਤੇ ਪੇਂਡੂ ਲੋਕਾਂ ਵੱਲੋਂ ਇਹ ਕਰਜ਼ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਵਿਦੇਸ਼ ਪੜਾਈ ਲਈ ਵੀ ਐਜੂਕੇਸ਼ਨ ਲੋਨ ਲੈਣ ਦੀ ਦਰ ਵਧ ਰਹੀ ਹੈ। ਮਾਲ ਮਹਿਕਮੇ ਦੇ ਸੇਵਾ ਮੁਕਤ ਅਧਿਕਾਰੀ ਨਿਰਮਲ ਸਿੰਘ ਜੰਗੀਰਾਣਾ ਦਾ ਪ੍ਰਤੀਕਰਮ ਸੀ ਕਿ ਮਾਪੇ ਚੰਗੇਰੇ ਭਵਿੱਖ ਦੀ ਆਸ ਨਾਲ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ ਕਿਉਂਕਿ ਨਸ਼ਿਆਂ ਦਾ ਡਰ ਅਤੇ ਰੁਜ਼ਗਾਰ ਦੇ ਮੌਕੇ ਨਾ ਹੋਣ ਕਰਕੇ ਹੁਣ ਪੰਜਾਬ ਸੁਰੱਖਿਅਤ ਨਹੀਂ ਰਿਹਾ।
             ਜ਼ਮੀਨਾਂ ਘੱਟ ਤੇ ਕਰਜ਼ੇ ਵੱਧ : ਮੋਹਨ ਸਿੰਘ
 ਰੈਵਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਛੋਟੀ ਕਿਸਾਨੀ ਵੀ ਕਰਜ਼ਾ ਚੁੱਕ ਕੇ ਬੱਚੇ ਵਿਦੇਸ਼ ਪੜ੍ਹਨ ਭੇਜ ਰਹੀ ਹੈ ਜਿਨ੍ਹਾਂ ਤੋਂ ਏਨੀ ਘੱਟ ਜ਼ਮੀਨ ਹੈ ਤੇ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਣਾ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਜ਼ਮੀਨਾਂ ਵੇਚ ਕੇ ਵਿਦੇਸ਼ ’ਚ ਫੀਸਾਂ ਭਰੀਆਂ ਹਨ। ਜਿਨ੍ਹਾਂ ਨੂੰ ਐਜੂਕੇਸ਼ਨ ਲੋਨ ਨਹੀਂ ਮਿਲਦਾ, ਉਨ੍ਹਾਂ ਨੂੰ ਜ਼ਮੀਨ ਵੇਚਣੀ ਜਾਂ ਗਿਰਵੀ ਕਰਨੀ ਮਜਬੂਰੀ ਬਣ ਜਾਂਦੀ ਹੈ।
   



Sunday, July 7, 2019

                       ਵਿਚਲੀ ਗੱਲ
 ਸ਼ਾਹ ਮੁਹੰਮਦਾ ਕਰਨਾ ਪੰਜਾਬ ਖਾਲੀ…!
                      ਚਰਨਜੀਤ ਭੁੱਲਰ
ਬ ਠਿੰਡਾ: ਗੱਲ ਤਾਂ ਸਿਆਣੀ ਹੈ, ਬਹੁਤੀ ਪੁਰਾਣੀ ਵੀ ਨਹੀਂ। ਵੱਡੇ ਬਾਦਲ ਨੇ ਸਟੇਜ ਤੋਂ ਟਿੱਚਰ ਕੀਤੀ, ‘ਲੱਗਦੈ, ਪੂਰਾ ਪੰਜਾਬ ਹੀ ਬੁੱਢਾ ਹੋ ਗਿਆ।’ ਬਾਦਲ ਦੀ ਗੱਲ ਮੁੰਡਿਆਂ ਦੀ ਸਮਝੋਂ ਬਾਹਰ ਸੀ। ਉਦੋਂ ਸਰਕਾਰ ਨੇ ਬੁਢਾਪਾ ਪੈਨਸ਼ਨ ਛਾਣੀ ਸੀ। ਪੈਨਸ਼ਨ ਦੇ ਛਿੱਲੜਾਂ ਲਈ ਗੱਭਰੂ ਵੀ ਬੁੱਢੇ ਬਣ ਗਏ ਸਨ। ਪੰਡਾਲ ’ਚ ਘੁਸਰ ਮੁਸਰ ਹੋਈ। ਬਾਦਲ ਦੀ ਗੱਲ ਭੇਤੀ ਤਾਂ ਫੜ ਗਏ। ਮਿੱਟੀ ਦੇ ਮਾਧੋ ਕੰਨ ਵਲੇਟ ਕੇ ਘਰਾਂ ਨੂੰ ਜਾਂਦੇ ਰਹੇ । ਬਾਦਲ ਨੇ ਗੱਲ ਹਾਸੇ ‘ਚ ਆਖੀ ਸੀ। ਹਾਸੇ ਪਿਛਲਾ ਸੱਚ ਕੋਈ ਬੁੱਝ ਨਾ ਸਕਿਆ। ਫਾਜ਼ਿਲਕਾ ਵੱਲ ਕਿਤੇ ਗੇੜਾ ਲਾਇਓ। ਨਿਆਣਿਆਂ ਦੇ ਸਿਰ ਚਿੱਟੇ ਮਿਲਣਗੇ। ਜਿਵੇਂ ਪੰਜਾਬ ਦੇ ਦਾਰੇ ‘ਚਿੱਟੇ’ ਨੇ ਢਾਹੇ, ਵਾਲ ਉਮਰਾਂ ਨਾਲ ਨਹੀਂ, ਫਿਕਰਾਂ ਨਾਲ ਵੀ ਚਿੱਟੇ ਹੁੰਦੇ ਨੇ। ਸੱਚਮੁੱਚ, ਪੰਜਾਬ ਇਕੱਲਾ ਬੁੱਢਾ ਨਹੀਂ ਹੋਇਆ। ਤੇਜ਼ੀ ਨਾਲ ਪੰਜਾਬ ਖਾਲੀ ਵੀ ਹੋ ਚੱਲਿਐ। ਦੁਆਬੇ ਦੇ ਬਨੇਰਿਆਂ ’ਤੇ ਹੁਣ ਕਾਂ ਨਹੀਂ ਬੋਲਦੇ। ਪਿੰਡਾਂ ’ਚ ਸੁੰਨ ਦਾ ਪਹਿਰਾ ਹੈ। ਸ਼ਮਸ਼ਾਨ ਘਾਟਾਂ ’ਚ ਅਸਥੀਆਂ ਨੂੰ ਪੁੱਤਾਂ ਦੀ ਉਡੀਕ ਹੈ। ਅਦਿੱਖ ਜੰਗ ਚੱਲ ਰਹੀ ਹੈ। ਪੰਜਾਬ ਤੋਂ ਪੁੱਤ ਐਵੇਂ ਤਾਂ ਵਿਦਾ ਨਹੀਂ ਹੋ ਰਹੇ। ਦੇਸ਼ ਦੇ 10.90 ਲੱਖ ਨੌਜਵਾਨ ਸਟੱਡੀ ਵੀਜ਼ੇ ਤੇ ਗਏ ਨੇ। ਸਭ ਤੋਂ ਵੱਧ ਪੰਜਾਬੀ ਨੇ। ਇਕੱਲੇ ਕੈਨੇਡਾ ’ਚ 2.15 ਲੱਖ ਭਾਰਤੀ ਬੱਚੇ ਨੇ। ਰੋਜ਼ੀ ਰੋਟੀ ਲਈ ਵਿਦੇਸ਼ ਜਾਣ ਵਾਲੇ ਵੱਖਰੇ।
                ਦੱਖਣੀ ਭਾਰਤ ’ਚ ਵੀ ਪੰਜਾਬੀ ਮੁੰਡਿਆਂਂ ਦੀ ਭੀੜ ਵਧੀ ਹੈ। ਚਾਅ ਨਾਲ ਕੌਣ ਘਰ ਛੱਡਦੈ। ਦਿਲ ਤਾਂ ਹਰ ਪੁੱਤ ਦਾ ਕਰਦੈ, ਮਾਂ ਦੀ ਪੱਕੀ ਖਾਣ ਨੂੰ।ਬਿਗਾਨੇ ਮੁਲਕਾਂ ’ਚ ਰੁਲਣ ਪਿਛੇ ਕੋਈ ਤਾਂ ਮਜਬੂਰੀ ਹੋਵੇਗੀ। ਹਵਾ ਇਹੋ ਰਹੀ ਤਾਂ ਪਰਵਾਸੀ ਮਜ਼ਦੂਰ ਪੰਜਾਬ ਦੇ ਵਾਰਸ ਬਣਨਗੇ। ਕੋਈ ਸੱਜਣ ਬੋਲਿਐ, ‘ਉੁਹ ਦਿਨ ਬਹੁਤੇ ਦੂਰ ਨਹੀਂ ਜਦੋਂ ਕੋਈ ਪਰਵਾਸੀ ਮਜ਼ਦੂਰ ‘ਮਿਸਟਰ ਪੰਜਾਬ’ ਬਣ ਬੈਠੇਗਾ।’ ਖੇਤੀ ’ਵਰਸਿਟੀ ਅਨੁਸਾਰ ਪੰਜਾਬ ’ਚ 37 ਲੱਖ ਪਰਵਾਸੀ ਮਜ਼ਦੂਰ ਨੇ। ਫਿਰ ਤਾਂ ਵਿਸਾਖੀ ਮੇਲੇ ’ਤੇ ਵੀ ਪਰਵਾਸੀ ਦਮਾਮੇ ਮਾਰਨਗੇ। ਸਿਨੇਮਾ ਘਰਾਂ ’ਚ ਤਾਂ ਭੋਜਪੁਰੀ ਫਿਲਮਾਂ ਲੱਗਣ ਲੱਗੀਆਂ ਨੇ। ‘ਅੱਗ ਲੈਣ ਆਈ, ਮਾਲਕਣ ਬਣ ਬੈਠੀ’, ਏਦਾਂ ਹੀ ਹੋਣਾ ਪੰਜਾਬ ਨਾਲ। ਗੱਲ ਅੱਗੇ ਤੋਰਦੇ ਹਾਂ। ਜਿੰਨੇ ਨਸ਼ਿਆਂ ਨੇ, ਓਨੇ ਹੀ ਅੰਬਾਨੀ ਦੇ ‘ਜੀਓ’ ਨੇ ਘਰ ਪੱਟੇ ਹਨ। ਪੰਜਾਬ ਅੌੜ ਝੱਲ ਰਿਹਾ ਹੈ। ਵਿਹੜੇ ਸੁੰਨੇ ਹਨ ਤੇ ਗਲੀਆਂ ਭਰੀਆਂ ਨੇ। ਕਿਤੇ ਅਵਾਰਾ ਕੁੱਤੇ ਤੇ ਕਿਤੇ ਅਵਾਰਾ ਪਸ਼ੂ। ਪੰਜਾਬ ’ਚ ਕਿਧਰੇ ਕੋਈ ਜਲੌਅ ਨਹੀਂ। ਹੰਭਿਆ ਹੋਇਆ ਲੱਗਦੈ। ਗੁਰਦਾਸ ਮਾਨ ਤਾਹੀਂ ਬਾਬਿਆਂ ਤੋਂ ਭੰਗੜਾ ਪੁਆ ਰਿਹੈ। ਅੱਖਾਂ ਬੰਦ ਕੀਤੀਆਂ, ਲੱਗਿਆ ਕਿਤੇ ਸੱਚੀਓਂ ਤਾਂ ਪੰਜਾਬ ਬੁੱਢਾ ਨਹੀਂ ਹੋ ਗਿਆ।
               ਹੁਣ ਅੱਖਾਂ ਖੁੱਲ੍ਹੀਆਂ ਨੇ। ਜਦੋਂ ਵਿੱਤ ਮੰਤਰੀ ਬੀਬੀ ਨਿਰਮਲਾ ਬੋਲੀ। ਏਹ ਗੱਲ ਨਵੀਂ ਤੇ ਸਿੱਧੀ ਪੰਜਾਬ ’ਤੇ ਟਕੋਰ ਹੈ। ਅੱਖਾਂ ਮੀਚ ਕੇ ਵੀ ਕਬੂਤਰ ਬਚਣਾ ਨਹੀਂ। ਬੀਬੀ ਨਿਰਮਲਾ ਨੇ ਆਰਥਿਕ ਸਰਵੇਖਣ ’ਚ ਪੰਜਾਬ ਨੂੰ ਸ਼ੀਸ਼ਾ ਦਿਖਾ ਦਿੱਤਾ । ਅੱਗੇ ਤੇਰੇ ਭਾਗ ਲੱਛੀਏ। ਪੰਜਾਬ ਛੇਤੀ ਬੁੱਢਾ ਹੋਵੇਗਾ। ਮੁੰਡੇ ਲੱਭਣੇ ਨਹੀਂ, ਹਰ ਇੱਟ ’ਤੇ ਬੁੱਢੇ ਬੈਠੇ ਹੋਣਗੇ। ਪੰਜਾਬੀਓ, ਆਓ ਸ਼ੀਸ਼ਾ ਦੇਖੀਏ। ਹੁਣ ਪਛਤਾਵੇ ਕਾਹਦੇ, ਖੇਤ ਤਾਂ ਚੁਗਿਆ ਗਿਐ। ਖ਼ਜ਼ਾਨਾ ਮੰਤਰੀ ਨੇ ਵਹੀ ਖਾਤਾ ਖੋਲ ਕੇ ਰੱਖ ਦਿੱਤੈ। ਅਗਲੇ ਦੋ ਦਹਾਕੇ ਦਾ ਨਵਾਂ ਪੰਜਾਬ ਦਿਖਾਇਐ। ਨੌਜਵਾਨ ਮੁੰਡੇ.. ਢੂੰਡਤੇ ਰਹਿ ਜਾਓਗੇ। ਪੰਜਾਬ ’ਚ ਸਾਲ 2041 ’ਚ ਸਿਰਫ਼ 21 ਫੀਸਦੀ ਨੌਜਵਾਨ ਰਹਿ ਜਾਣਗੇ। ਜੋ ਸਾਲ 2011 ’ਚ 35.8 ਫੀਸਦੀ ਸਨ। ਬਜ਼ੁਰਗ ਵੀਹ ਸਾਲਾਂ ਮਗਰੋਂ ਦੁੱਗਣੇ ਹੋ ਜਾਣਗੇ। ਸ਼ੀਸ਼ੇ ਦੇ ਥੋੜ੍ਹਾ ਨੇੜੇ ਹੋਵੋ। ਆਬਾਦੀ ਵਿਕਾਸ ਦਰ ਤੇ ਸਕੂਲੀ ਬੱਚਿਆਂ ਦੀ ਗਿਣਤੀ ਵੀ ਘਟੇਗੀ। ਅੌਸਤ ਉਮਰ ਵਧੇਗੀ। ਜਿਧਰ ਜਾਓਗੇ, ਬਜ਼ੁਰਗ ਦਿਖਣਗੇ। ਦੇਖਿਓ ਕਿਤੇ ਸੇਵਾ ਮੁਕਤੀ 70 ਸਾਲ ’ਤੇ ਨਾ ਕਰ ਦਿਓ। ਛੱਜੂ ਰਾਮ ਨੇ ਪਰਚੀ ਘੱਲੀ ਹੈ, ਪੁੱਛਦੈ, ‘ਪੰਜਾਬ ਨੂੰ ਕੀ ਸੱਪ ਸੁੰਘ ਗਿਐ। ਹੋਇਆ ਕੀ ਐ, ਗੱਲ ਲਮਕਾਓ ਨਾ।’
                ਕੁੱਖ ਪੰਜਾਬ ਦੀ ਹੁਣ ਸੁਲੱਖਣੀ ਨਹੀਂ ਰਹੀ। ਨਵਾਂ ਖੁਲਾਸਾ ਕੇਂਦਰ ਸਰਕਾਰ ਦਾ ਹੈ। ਜਣੇਪਾ ਵਿਕਾਸ ਦਰ ਅੌਸਤ ਨਾਲੋਂ ਘਟੀ ਹੈ। ਠੀਕ ਉਵੇਂ ਮਾਂ ਦੀ ਕੁੱਖ ਨਾਲ ਹੋਇਐ ਜਿਵੇਂ ਪੰਜਾਬ ਦੇ ਮਿੱਟੀ ਪਾਣੀ ਨਾਲ । ਧਨੀ ਰਾਮ ਚਾਤ੍ਰਿਕ ਨੇ ਕਵਿਤਾ ‘ਪੰਜਾਬ’ ’ ਚ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇ। ਉਦੋਂ ਵੇਲੇ ਭਲੇ ਸਨ। ਹਾਕਮਾਂ ਦੀ ਜਦੋਂ ਨਜ਼ਰ ਸਵੱਲੀ ਨਾ ਰਹੇ, ਫਿਰ ਮਾਂ ਦੀ ਕੁੱਖ ਦਾ ਕੀ ਕਸੂਰ। ਖਾਣ ਪੀਣ, ਰਹਿਣ ਸਹਿਣ, ਤੇ ਤੌਰ ਤਰੀਕੇ ਬਦਲੇ ਨੇ। ਭੈਅ ਦਾ ਮਾਹੌਲ, ਉਪਰੋਂ ਨਸ਼ਿਆਂ ਦੀ ਮਾਰ। ‘ਚਿੱਟੇ’ ਦੇ ਝੰਬੇ ਕਿਥੋਂ ਸਮਰੱਥ ਰਹੇ ਨੇ। ਕਿਸੇ ਮਹਿਲਾ ਥਾਣੇ ਚਲੇ ਜਾਓ। ਸੁਹਾਗ ਚੂੜੇ ਲੱਥੇ ਨਹੀਂ, ਚਿਹਰੇ ਉੱਤਰੇ ਦੇਖੋਗੇ। ਪੰਜਾਬ ਨੂੰ ਅੌਲ਼ੇ ਦਾ ਸੁਆਦ ਹੁਣ ਆ ਰਿਹੈ। ਕੁੜੀਆਂ ਕਿਸਮਤ ਪੁੜੀਆਂ ਨਹੀਂ, ਹੁਣ ਕਿਸਮਤ ਥੁੜੀਆਂ ਨੇ। ਕੁੱਖ ਭਾੜੇ ਤੇ ਲੈਣੀ ਪਊ, ਕਿਸੇ ਸੋਚਿਆ ਸੀ। ਫਿਲਮ ਨਿਰਮਾਤਾ ਏਕਤਾ ਕਪੂਰ ‘ਕਿਰਾਏ ਦੀ ਕੁੱਖ’ ਨਾਲ ਹੁਣੇ ਮਾਂ ਬਣੀ ਹੈ। ਖ਼ਤਰੇ ਦੀ ਘੰਟੀ ਤਾਂ ਵੱਜੀ ਸੀ, ਪੰਜਾਬੀ ਸੰਭਲੇ ਨਹੀਂ। ਲੱਖਾ ਸਧਾਣਾ ਰੌਲਾ ਪਾਉਂਦਾ ਫਿਰਦੇ, ਅਖੇ ਨਸਲਕੁਸ਼ੀ ਹੋ ਰਹੀ ਹੈ।
               ਜੋਗਾ-ਰੱਲਾ ਅੌਰਤਾਂ ਦੇ ਸੁਹੱਪਣ ’ਚ ਮਸ਼ਹੂਰ ਰਿਹੈ। ਰੱਲਾ ਪਿੰਡ ’ਚ ਛੇ ਰਾਜੇ ਢੁੱਕੇ ਸਨ। ਨੌਵੀਂ ਪਾਤਸ਼ਾਹੀ ਨੇ ਵਰ ਦਿੱਤਾ ਸੀ। ਕੁੜੀਆਂ ਦੀ ਕੁੱਖ ਹਮੇਸ਼ਾ ਸਵੱਲੀ ਰਹੂ। ਰਾਜ ਕੁਮਾਰ ਤਾਹੀਓਂ ਖਿੱਚੇ ਜਾਂਦੇ ਸਨ। ਉਦੋਂ ਵੇਲੇ ਪੁਰਾਣੇ ਸਨ। ਨਵਿਆਂ ਨੇ ਤਾਂ ਭਰੂਣ ਨਹੀਂ ਬਖ਼ਸ਼ੇ। ਬੀਬੀ ਨਿਰਮਲਾ ਨੇ ਪੰਜਾਬੀਆਂ ਦੀ ਸਿੱਧੀ ਵੱਖੀ ’ਚ ਮਾਰੀ ਹੈ। ਬਾਬੇ ਨਾਨਕ ਦੀ ਕਿਰਤ ਤੋਂ ਮੂੰਹ ਫੇਰਿਆ, ਦਿਨ ਬੁਰੇ ਸ਼ੁਰੂ ਹੋ ਗਏ। ਜਰਮਨ ਤੇ ਫਰਾਂਸ ’ਚ ਵੀ ਦਿਨ ਅੱਛੇ ਨਹੀਂ। ਆਬਾਦੀ ਦਰ ਪੁੱਠੀ ਹੋ ਤੁਰੀ ਹੈ। ਚੀਨ ਵਾਲਿਆਂ ਨੇ ਦੋ ਬੱਚਿਆਾਂ ਦੀ ਖੁੱਲ੍ਹ ਦਿੱਤੀ। ਗੱਲ ਫਿਰ ਵੀ ਨਹੀਂ ਬਣ ਰਹੀ। ਬੱਚੇ ਵੱਧ ਜੰਮਣ, ਜਪਾਨ ਵਾਲਿਆਂ ਨੇ ਕਈ ਲਾਲਚ ਦਿੱਤੇ ਨੇ। ਜਣੋਂ ਚੋਣਾਂ ਆਈਆਂ, ਲਾਲਚ ਪੰਜਾਬ ਨੂੰ ਵੀ ਮਿਲਣਗੇ। ਪਤਾ ਚੋਣ ਕਮਿਸ਼ਨ ਨੂੰ ਉਦੋਂ ਲੱਗੂ ਜਦੋਂ ਪੋਲਿੰਗ ਬੂਥਾਂ ਤੇ ਮੁੰਡੇ ਨਾ ਲੱਭੇ। ਸ਼ਾਹ ਮੁਹੰਮਦ ਹੁੰਦਾ ਤਾਂ ਜ਼ਰੂਰ ਅੱਜ ਫਿਰ ਇੱਕ ਹੋਰ ਨਵਾਂ ਜੰਗਨਾਮਾ ਲਿਖਦਾ। ਰੰਗਲੇ ਤੋਂ ਪਿੰਗਲਾ ਕਿਵੇਂ ਬਣਿਆ ਪੰਜਾਬ। ਮਹਿਲਾਂ ਦੀ ਗੱਲ ਵੀ ਹੁੰਦੀ ਤੇ ਪਿੰਡ ਬਾਦਲ ਦੀ ਵੀ। ਕੈਪਟਨ ਅਮਰਿੰਦਰ ਆਖਦੈ, ਬਾਦਲ ਤਾਂ ਹੁਣ ਬੁੱਢਾ ਹੋ ਗਿਐ। ਜੋ ਪੰਜਾਬ ਖਾਲੀ ਹੋ ਰਿਹੈ, ਉਸ ਦਾ ਫਿਕਰ ਕੌਣ ਕਰੂ।
              ਪੰਜਾਬ ਦਾ ਮਨੁੱਖੀ ਖ਼ਜ਼ਾਨਾ ਜ਼ਰਖੇਜ਼ ਹੈ। 4.88 ਲੱਖ ਬਜ਼ੁਰਗਾਂ ਦੀ ਉਮਰ ਆਜ਼ਾਦੀ ਤੋਂ ਵੱਡੀ ਹੈ। 5500 ਬਜ਼ੁਰਗ ਜ਼ਿੰਦਗੀ ਦਾ ਸੈਂਕੜਾ ਮਾਰ ਚੁੱਕੇ ਨੇ। ਨਰਿੰਦਰ ਮੋਦੀ ਨੇ। ਨਵਾਂ ਭਾਰਤ ਦਿਖਾਇਐ। ਖੂੰਜੇ ਵਿਚ ਅਡਵਾਨੀ ਤੇ ਜੋਸ਼ੀ ਨੂੰ ਬਿਠਾਇਐ। ਵੱਖਰੀ ਗੱਲ ਹੈ ਕਿ ਸੰਸਦ ‘ਚ ਵੀ ਨਵੇਂ ਚੁਣੇ ਸਿਰਫ਼ ਅੱਠ ਐਮ.ਪੀ ਹਨ। ਜਿਨ੍ਹਾਂ ਦੀ ਉਮਰ 35 ਸਾਲ ਤੱਕ ਹੈ। 70 ਸਾਲ ਤੋਂ ਉੱਤੇ 22 ਐਮ.ਪੀ ਨੇ। ਬਠਿੰਡੇ ਵਾਲਿਆਂ ਨੇ ਕੇਰਾਂ ਸਾਬਕਾ ਐਮ.ਪੀ ਹਰਿੰਦਰ ਖਾਲਸਾ ਨੂੰ ਬਾਈ ਆਖ ਦਿੱਤਾ। ਬਹੁਤ ਗੁੱਸਾ ਕੀਤਾ ਉਸ ਨੇ। ਪੰਜਾਬੀਓ, ਕਿਤੇ ਤੁਸੀਂ ਗੁੱਸਾ ਨਾ ਖਾ ਜਾਇਓ। ਖੈਰ, ਕੱਪੜਾ ਚੁੱਕਾਂਗੇ ਤਾਂ ਢਿੱਡ ਆਪਣਾ ਹੀ ਨੰਗਾ ਹੋਣੈ। ਬਾਕੀ, ਕਬੀਰ ਜੀ ਆਖ ਹੀ ਗਏ, ‘ਕਰਨਗੇ ਸੋ ਭਰਨਗੇ’। ਛੱਜੂ ਰਾਮ ਰੌਲਾ ਪਾ ਰਿਹਾ, ‘ਬੱਸ ਵੀ ਕਰੋ ਹੁਣ, ਬਾਹਰ ਮੌਨਸੂਨ ਆ ਗਈ, ਖਾਓ ਪੀਓ ਲਓ ਆਨੰਦ..’। ਸਾਲ 2041 ਹਾਲੇ ਬਹੁਤ ਦੂਰ ਹੈ।

Wednesday, July 3, 2019

                                                           ਜਲ ਸੰਭਾਲ 
                                  ਮੁੰਡਿਆਂ ਦੇ ਜ਼ੋਸ ਨੇ ਬੂੰਦ ਬੂੰਦ ਨੂੰ ਮਾਰੇ ਨੱਕੇ
                                                           ਚਰਨਜੀਤ ਭੁੱਲਰ
ਬਠਿੰਡਾ : ਪੰਚਾਇਤ ਮੈਂਬਰ ਪ੍ਰਕਾਸ਼ ਸਿੰਘ ਏਨਾ ਸੰਜਮੀ ਹੈ ਕਿ ਮਹਿਮਾਨਾਂ ਵੱਲੋਂ ਗਲਾਸਾਂ ’ਚ ਛੱਡਿਆਂ ਜੂਠਾ ਪਾਣੀ ਡੋਲਦਾ ਨਹੀਂ। ਘਰ ਰੱਖੇ ਖਾਲੀ ਡਰੰਮ ’ਚ ਸੰਭਾਲਦਾ ਹੈ। ਬੱਚਿਆਂ ਨੂੰ ਬੁਰਸ਼ ਕਰਨ ਲਈ ਇੱਕ ਗਲਾਸ ਤੋਂ ਵੱਧ ਪਾਣੀ ਨਹੀਂ ਦਿੰਦਾ। ਮੋਗਾ ਦੇ ਪਿੰਡ ਰਣਸੀਹ ਕਲਾਂ ’ਚ ਜਲ ਸੰਭਾਲ ਲਈ ਲੋਕ ਸੋਚ ਦੀ ਇਹ ਇੱਕ ਨਮੂਨਾ ਹੈ। ਉਂਜ, ਸਮੁੱਚਾ ਪਿੰਡ ਪੰਜਾਬ ਲਈ ਮਿਸਾਲ ਹੈ ਜਿਥੋਂ ਦੇ ਲੋਕ ਪਾਣੀ ਦਾ ਤੁਪਕਾ ਅਜਾਈਂ ਨਹੀਂ ਜਾਣ ਦਿੰਦੇ। ਜਦੋਂ ਪਿੰਡ ਦੇ ਨੌਜਵਾਨ ਜਲ ਸੰਭਾਲ ਦੇ ਰਣ ਖੇਤਰ ’ਚ ਕੁੱਦੇ, ਫਿਰ ਸਭ ਇੱਕੋ ਮੋਰੀ ਨਿਕਲੇ। ਨੌਜਵਾਨ ‘ਮਿੰਟੂ ਸਰਪੰਚ’ ਨੇ ‘ਮਨ ਦੀ ਬਾਤ’ ਸੁਣਾਈ, ਪਿੰਡ ਦੇ ਮੁੰਡਿਆਂ ਨੇ ਹੱਥ ਮਿਲਾਏ, ਲੋਕਾਂ ਨੇ ਭਰੋਸਾ ਕੀਤਾ, ਦਾਨੀ ਸੱਜਣਾਂ ਨੇ ਵੱਡਾ ਦਿਲ ਕੀਤਾ। ਜਵਾਨੀ ਦੇ ਜਨੂਨ ਨੇ ਪਿੰਡ ਦਾ ਨਕਸ਼ਾ ਬਦਲ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਕੀਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਜਲ ਸੰਭਾਲ ਦੀ ਹੁਣ ਅਪੀਲ ਕੀਤੀ ਹੈ। ਰਣਸੀਂਹ ਕਲਾਂ ਨੇ ਪਹਿਲੋਂ ਹੀ ਪੈੜ ਪਾ ਦਿੱਤੀ ਸੀ। ਪਿੰਡ ਦੇ ਕਰੀਬ ਪੰਜਾਹ ਮੁੰਡਿਆਂ ਦੀ ਟੋਲੀ ਨੇ ਪਿੰਡ ਬੋਲਣ ਲਾ ਦਿੱਤਾ। ਇਸ ਪਿੰਡ ਦੇ ਖੇਤ ਕਰੀਬ 17 ਵਰ੍ਹਿਆਂ ਤੋਂ ਨਹਿਰੀ ਪਾਣੀ ਦੀ ਬੂੰਦ ਨੂੰ ਤਰਸ ਗਏ ਸਨ। ਖੇਤੀ ਮੋਟਰਾਂ ਨੇ ਧਰਤੀ ਦਾ ਪਾਣੀ ਸੂਤ ਲਿਆ। ਪਿੰਡ ਡਾਰਕ ਜ਼ੋਨ ’ਚ ਹੈ ਤੇ ਧਰਤੀ ਹੇਠਲਾ ਪਾਣੀ 80 ਫੁੱਟ ਤੋਂ 150 ਫੁੱਟ ਤੇ ਚਲਾ ਗਿਆ ਹੈ।
                ਗੱਲ ਉਦੋਂ ਸ਼ੁਰੂ ਹੋਈ ਜਦੋਂ ਪਿੰਡ ਦੇ ਕੈਨੇਡਾ ਗਏ ਮੁੰਡੇ ਪ੍ਰੀਤਇੰਦਰਪਾਲ ਸਿੰਘ ਉਰਫ ‘ਮਿੰਟੂ ਸਰਪੰਚ’ ਦਾ ਕੈਨੇਡਾ ਦੀ ਜਲ ਸੰਭਾਲ ਯੋਜਨਾ ਨੇ ਦਿਮਾਗ ਖੋਲ ਦਿੱਤਾ। ਸਭ ਕੁਝ ਛੱਡ ਮਿੰਟੂ ਪਿੰਡ ਆਇਆ। ਆਜ਼ਾਦ ਉਮੀਦਵਾਰ ਵਜੋਂ ਸਾਲ 2013 ਵਿਚ ਸਭਨਾਂ ਨੂੰ ਹਰਾ ਕੇ ਪਿੰਡ ਦਾ ਸਰਪੰਚ ਬਣਿਆ। ਦੂਸਰੀ ਵਾਰ ਹੁਣ ਸਰਬਸਮੰਤੀ ਨਾਲ ਉਹ ਪਿੰਡ ਦਾ ਸਰਪੰਚ ਬਣ ਗਿਆ ਹੈ। ਮਿੰਟੂ ਸਰਪੰਚ ਨੇ ਪਿੰਡ ਇਕੱਠਾ ਕੀਤਾ। ਜੇਬਾਂ ਖਾਲੀ ਸਨ ਤੇ ਹੱਥ ’ਚ ਸਵਾ ਦੋ ਕਰੋੜ ਦੀ ਯੋਜਨਾ ਦਾ ਖਾਕਾ। ਕਿਸੇ ਨੇ ਆਖਿਆ ਕਿ ‘ਥੁੱਕੀਂ ਬੜੇ ਨੀਂ ਪੱਕਦੇ’। ਕਈਆਂ ਨੇ ਟਕੋਰ ਮਾਰੀ ਕਿ ਸਰਪੰਚ ਪਾਗਲ ਹੋ ਗਿਆ ਹੈ। ਵਰ੍ਹਾ 2015 ਵਿਚ ਸੀਵਰੇਜ ਪ੍ਰੋਜੈਕਟ ਸ਼ੁਰੂ ਕੀਤਾ। ਵਿਕਾਸ ਕਮੇਟੀ ਬਣਾਈ ਜਿਸ ਨੇ ਘਰੋਂ ਘਰੀਂ ਜਾ ਕੇ ਦਾਨ ਮੰਗਿਆ। ਨੌਜਵਾਨ ਕਰਮਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਨੇ 10-10 ਲੱਖ ਰੁਪਏ ਗੁਪਤ ਦਾਨ ਵਜੋਂ ਦਿੱਤੇ। ਵੀਹ ਫੀਸਦ ਸਰਕਾਰ ਨੇ ਦਿੱਤਾ ਤੇ ਬਾਕੀ ਪਿੰਡ ਵਾਲਿਆਂ ਨੇ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਅਗਵਾਈ ਦਿੱਤੀ। ਫਿਰ ਕੀ ਸੀ, ਪੰਜਾਹ ਨੌਜਵਾਨ ਸਮੇਤ ਸਰਪੰਚ ਦਿਨ ਰਾਤ ਖੁਦ ਸੀਵਰੇਜ ਦਾ ਕੰਮ ਹੱਥੀਂ ਕੀਤਾ।
                ਇੰਦਰਪਾਲ ਦੱਸਦਾ ਹੈ ਕਿ ਕਰੀਬ 30 ਲੱਖ ਰੁਪਏ ਦੀ ਲੇਬਰ ਉਨ੍ਹਾਂ ਨੇ ਖੁਦ ਹੱਥੀਂ ਕੰਮ ਕਰਕੇ ਬਚਾਈ। ਡੇਢ ਏਕੜ ਵਿਚ ਟਰੀਟਮੈਂਟ ਪਲਾਂਟ ਖੜ੍ਹਾ ਕਰ ਦਿੱਤਾ। ‘ਸੀਚੇਵਾਲ ਮਾਡਲ’ ਨਾਲ ਪਿੰਡ ਵਿਚ ਸੀਵਰੇਜ ਦਾ ਪਾਣੀ ਕੁਦਰਤੀ ਢੰਗ ਨਾਲ ਸੋਧਿਆ ਜਾਂਦਾ ਹੈ। ਟਰੀਟਮੈਂਟ ਪਲਾਂਟ ’ਤੇ 50 ਲੱਖ ਦੀ ਲਾਗਤ ਆਈ। ਮਿੰਟੂ ਸਰਪੰਚ ਦੱਸਦਾ ਹੈ ਕਿ ਉਹ ਸੀਵਰੇਜ ਦਾ ਪਾਣੀ ਸੋਧ ਕੇ ਕਰੀਬ 100 ਏਕੜ ਖੇਤਾਂ ਨੂੰ ਪਾਣੀ ਮੁਫ਼ਤ ਦਿੰਦੇ ਹਨ। ਖੁਦ ਉਹ ਪਲਾਂਟ ਦੀ ਮੋਟਰ ਚਲਾਉਂਦੇ ਹਨ। ਖੇਤੀ ਮਾਹਿਰਾਂ ਨੇ ਤੱਤ ਕੱਢਿਆ ਕਿ ਸੋਧਿਆ ਪਾਣੀ ਫਸਲਾਂ ਲਈ ਵਰਦਾਨ ਹੈ। ਪਿੰਡ ਦੇ ਕਿਸਾਨ ਜਗਸੀਰ ਸਿੰਘ ਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਫਸਲਾਂ ਨੂੰ ਇਹ ਪਾਣੀ ਵਾਰੀ ਸਿਰ ਦਿੱਤਾ ਜਾਂਦਾ ਹੈ। ਕਿਸਾਨ ਕਰਤਾਰ ਸਿੰਘ ਆਖਦਾ ਹੈ ਕਿ ਲੋਕਾਂ ਨੇ ਬਦਲਵੀਂ ਫਸਲ ਵਜੋਂ ਮੱਕੀ ਦੀ ਕਾਸ਼ਤ ਕੀਤੀ, ਮਿੱਟੀ ਦੇ ਭਾਅ ਸੁੱਟਣੀ ਪਈ। ਸਰਪੰਚ ਮਿੰਟੂ ਤੇ ਨੌਜਵਾਨ ਸਾਲ ਵਿਚ ਦੋ ਵਾਰੀ ਪਿੰਡ ਦੇ ਸੀਵਰੇਜ ਦੀ ਖੁਦ ਸਫਾਈ ਕਰਦੇ ਹਨ। ਸਰਪੰਚ ਦੀ ਮਾਂ ਨੇ ਆਖਿਆ ਕਿ ‘ਪੁੱਤ ਕਾਲਾ ਹੋ ਜਾਵੇਗਾ’। ‘ਮਾਂ ਜਿਨ੍ਹਾਂ ਕਾਲਾ ਹੋਊ, ਉਨ੍ਹਾਂ ਪਿੰਡ ਚਮਕੂ’, ਸਰਪੰਚ ਦਾ ਜੁਆਬ ਸੀ।
               ਪੰਚਾਇਤ ਨੇ ਮਤਾ ਪਾਸ ਕੀਤਾ। ਪਾਣੀ ਦੀ ਦੁਰਵਰਤੋਂ ਕੀਤੀ ਤਾਂ ਪਹਿਲਾਂ 500 ਰੁਪਏ, ਦੂਸਰੀ ਵਾਰ ਤੇ 1000 ਰੁਪਏ ਅਤੇ ਤੀਸਰੀ ਵਾਰ ਤੇ ਕਨੂੰਨੀ ਕਾਰਵਾਈ ਹੋਵੇਗੀ। ਕਿਸੇ ਪਿੰਡ ਵਾਸੀ ਨੇ ਅੱਜ ਤੱਕ ਉਲੰਘਣਾ ਨਹੀਂ ਕੀਤੀ। ਪਿੰਡ ਦੀ 3200 ਆਬਾਦੀ ਹੈ ਅਤੇ ਪੰਜ ਸੌ ਦੇ ਕਰੀਬ ਘਰ ਹਨ। ਹੁਣ ਇਨ੍ਹਾਂ ਮੁੰਡਿਆਂ ਦਾ ਦੂਜਾ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ। ਪਿੰਡ ਦੇ ਨਿਕਾਸੀ ਪਾਣੀ ਅਤੇ ਬਾਰਸ਼ਾਂ ਦੇ ਪਾਣੀ ਦੀ ਸੰਭਾਲ ਲਈ ਪਿੰਡ ਵਿਚ ਝੀਲ ਬਣਾਈ ਹੈ ਜਿਸ ’ਤੇ ਕਰੀਬ 80 ਲੱਖ ਖਰਚ ਆ ਚੁੱਕੇ ਹਨ। ਨੌਜਵਾਨ ਹਰਮਨਪ੍ਰੀਤ ਆਖਦਾ ਹੈ ਕਿ ਝੀਲ ਵਿਚ ਪੂਰੇ ਪਿੰਡ ਦਾ ਪਾਣੀ ਇਕੱਠਾ ਹੋਵੇਗਾ। ਝੀਲ ਨੂੰ ਸੈਰਗਾਹ ਬਣਾ ਰਹੇ ਹਨ ਅਤੇ ਵਿਚਕਾਰ ਇੱਕ ਲਾਇਬਰੇਰੀ ਤੇ ਇੱਕ ਕੰਟੀਨ ਬਣਾ ਰਹੇ ਹਨ।
              ਧਰਤੀ ਹੇਠਲਾ ਪਾਣੀ ਮਾੜਾ ਹੈ ਜਿਸ ਕਰਕੇ ਪੂਰਾ ਪਿੰਡ ਸਰਕਾਰੀ ਆਰ.ਓ ਪਲਾਂਟ ਦਾ ਪਾਣੀ ਵਰਤਦਾ ਹੈ। ਮਿੰਟੂ ਸਰਪੰਚ ਤੇ ਸਾਥੀ ਜਵਾਨਾਂ ਨੇ ਪੂਰੇ ਪਿੰਡ ਵਿਚ ਸਵਾ ਦੋ ਕਰੋੜ ਦੀ ਲਾਗਤ ਨਾਲ ਇੰਟਰਾਲਾਕਿੰਗ ਲਗਾ ਦਿੱਤੀ ਹੈ। ਸਰਕਾਰ ਤੋਂ ਕੋਈ ਪੈਸਾ ਨਹੀਂ ਲਿਆ। ਪੰਚਾਇਤ ਨੇ ਪਿੰਡ ਵਿਚ ਅੌਰਤਾਂ ਲਈ ਜਿੰਮ ਬਣਾਇਆ ਹੈ ਅਤੇ ਪਿੰਡ ਵਿਚ ਸਟਰੀਟ ਲਾਈਟ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੇ ਚਾਰ ਕਮਰੇ ਏ.ਸੀ ਹਨ। ਪਿੰਡ ਦਾ ਸਰਪੰਚ ਖੁਦ ਦੋ ਮਹੀਨੇ ਬੱਚਿਆਂ ਨੂੰ ਘਰ ਵਿਚ ਪੇਪਰਾਂ ਮੌਕੇ ਪੜਾਉਂਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਪਿੰਡ ਦਾ ਗੇੜਾ ਮਾਰ ਚੁੱਕੇ ਹਨ।
                    ਮਹਿਰਾਜ ਦਾ ਨਰਕ ਵੀ ਦੇਖੋ !
ਤਸਵੀਰ ਦਾ ਦੂਜਾ ਪਾਸਾ ਦੇਖੋ। ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ ਮਹਿਰਾਜ, ਜਿਥੇ ਕਰੋੜਾਂ ਦੇ ਸਰਕਾਰੀ ਫੰਡਾਂ ਨਾਲ ਸੀਵਰੇਜ ਪਾਇਆ ਗਿਆ। ਨਾ ਸੀਵਰੇਜ ਚੱਲਿਆ ਅਤੇ ਨਾ ਹੀ ਟਰੀਟਮੈਂਟ ਪਲਾਂਟ। ਪਿੰਡ ਦੀਆਂ ਗਲੀਆਂ ਵਿਚ ਸੀਵਰੇਜ ਦਾ ਪਾਣੀ ਹਰਲ ਹਰਲ ਕਰਦਾ ਫਿਰਦਾ ਹੈ। ਸਰਕਾਰੀ ਮਸ਼ੀਨਰੀ ਪਿੰਡ ਦਾ ਸੀਵਰੇਜ ਸਾਫ ਨਹੀਂ ਕਰ ਸਕੀ। ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਤੇ ਅਫਸਰ ਮੂਕ ਦਰਸ਼ਕ।