Sunday, July 28, 2019

                    ਵਿਚਲੀ ਗੱਲ
          ਚਿੜੀ ਵਿਚਾਰੀ ਕੀ ਕਰੇ
                    ਚਰਨਜੀਤ ਭੁੱਲਰ
ਬਠਿੰਡਾ : ਗੁੰਮਨਾਮ ਜ਼ਿੰਦਗੀ ਦਾ ਕੋਈ ਸਿਰਨਾਵਾਂ ਨਹੀਂ ਹੁੰਦਾ। ਜਦੋਂ ਧਰਤ ਤੋਂ ਅੰਨ ਜਲ ਮੁੱਕ ਜਾਏ, ਫਿਰ ਟਿਕਾਣੇ ਹਿੱਲਦੇ ਨੇ। ਪਾਟੇ ਅੰਬਰਾਂ ਨੂੰ ਟਾਕੀ ਕੌਣ ਲਾਏ। ਸਿਆਣੇ ਵੀ ਤਾਂ ਕਿਥੋਂ ਲੱਭੀਏ, ਜਦੋਂ ਕੋਠੀ ’ਚ ਦਾਣੇ ਹੀ ਨਹੀਂ। ਰੁੱਖੀ ਸੁੱਖੀ ਖਾਣਾ, ਉਤੋਂ ਠੰਡਾ ਪਾਣੀ ਪੀਣਾ, ਇਹ ਕੋਈ ਭਾਣਾ ਨਹੀਂ, ਰਾਜੇ ਦੀ ਅੱਖ ਦਾ ਟੀਰ ਐ। ਅੰਨਦਾਤਾ ! ਹੁਣ ਤਾਂ ਰਮਜ਼ਾਂ ਸਮਝ। ਕਿੰਨਾ ਕੁ ਚਿਰ ਭਲੀ ਕਰੂ ਕਰਤਾਰ। ਦਾਣਾ ਪਾਣੀ ਤੂੰ ਹੀ ਕਿਉਂ ਚੁਗੇਂ। ਪੈਲੀ ਤੇਰੀ, ਕਿਰਤ ਤੇਰੀ, ਦਾਣੇ ਤੇਰੇ। ਕਿਥੋਂ ਦਾ ਨਿਆਂ ਏਂ ਕਿ ਦਾਣਿਆਂ ’ਤੇ ਹੁਣ ਤੇਰਾ ਨਾਮ ਨਹੀਂ। ਦਿੱਲੀ ਦੂਰ ਨਹੀਂ, ਜਮਾਂਬੰਦੀ ਚੋਂ ਵੀ ਤੂੰ ਵਿਦਾ ਹੋ ਜਾਏਂਗਾ।  ਦਿਨ ਹੁਣ ਭਲੇ ਨਹੀਂ ਰਹੇ। ਨਾ ਦੜ ਵੱਟ ਤੇ ਨਾ ਦਿਹਾੜੇ ਕੱਟ। ਪੱਤਾ ਪੱਤਾ ਵੈਰੀ ਬਣਿਐ। ਤੂੰ ਤਾਂ ਧੰਨਾ ਭਗਤ ਐਂ। ‘ਚਿੜੀ ਜਨੌਰ ਦੇ ਭਾਗੀਂ, ਰਾਹੀ ਪਾਂਧੀ ਦੇ ਭਾਗੀਂ’। ਫਸਲ ਬੀਜਣ ਤੋਂ ਪਹਿਲੋਂ ਇਹੋ ਅਰਜੋਈ ਕਰਦੈਂ। ਤੂੰ ਭਾਵੇਂ ਮੁਲਕ ਦਾ ਢਿੱਡ ਭਰਿਐ ਪਰ ‘ਮਲਿਕ ਭਾਗੋ‘ ਦਾ ਢਿੱਡ ਹਾਲੇ ਭਰਿਆ ਨਹੀਂ। ਅੱਖ ਦਾਣੇ ਦਾਣੇ ’ਤੇ ਐ, ਸਿਆਸੀ ਜਰਬਾਂ ਨੂੰ ਸਮਝ। ਸੋਨਭੱਦਰ (ਯੂ.ਪੀ)’‘ਚ ਹੁਣੇ 10 ਆਦਿਵਾਸੀ ਕਿਸਾਨ ਭੁੰਨੇ ਨੇ। ਦਾਦੇ ਪੜਦਾਦੇ ਸੋਨੇ ਵਰਗੀ ਜ਼ਮੀਨ ਬਣਾ ਗਏ। ਕਿਸਾਨ ਨੰਦਕੁਨ ਬੇਟਾ ਗੁਆ ਬੈਠਾ। ਚੰਦ ਤੇ ਚੰਦਰਯਾਨ-2 ਪੁੱਜਣ ਵਾਲਾ ਹੈ। ਕਿਸਾਨ ਦੇ ਘਰ ਬਿਜਲੀ ਨਹੀਂ, ਮੌਤ ਪੁੱਜੀ ਹੈ। ਪ੍ਰਿਅੰਕਾ ਨੂੰ ਯੋਗੀ ਨੇ ਰੋਕ ਲਿਆ।
                ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਐ। ਮਾਂ ਦੀ ਪੱਤ ਨੂੰ ਕੌਣ ਹੱਥ ਪਾਉਣ ਦਿੰਦੈ, ਨਾਬਰਾਂ ਨੇ ਗੋਲੀ ਦਾਗ ਦਿੱਤੀ। ਬਾਬਾ ਰਾਮਦੇਵ ਆਖਦੈ, ‘ ਗੋਲੀ ਤਾਂ ਮੇਰੀ ਵੀ ਗੁਣਾਕਾਰੀ ਐ, ਚਾਹੇ ਮਾਂ ਖਾ ਲਵੇ ਤੇ ਚਾਹੇ ਪੁੱਤ।’ ਨਾਲੇ ਆਖਦੈ, ‘ਜਹਾਂ ਦਾਣੇ, ਤਹਾਂ ਖਾਣੇ।’ ਯੋਗ ਗੁਰੂ ਹੁਣ ਮਹਾਰਾਸ਼ਟਰ ‘ਚ ਚੋਗ ਚੁਗੇਗਾ। ਕਿਸਾਨਾਂ ਤੋਂ 400 ਏਕੜ ਜ਼ਮੀਨ ਲਈ। ਕਾਰਖਾਨਾ ਸਰਕਾਰੀ ਲੱਗਣਾ ਸੀ। ਉਦੋਂ ਕਿਸਾਨਾਂ ਦੇ ਖ਼ਾਨੇ ਨਾ ਪਈ। ਦਾਣਿਆਂ ’ਤੇ ਹੁਣ ਰਾਮਦੇਵ ਦਾ ਨਾਮ ਲਿਖ ਦਿੱਤਾ। ਚਾਰ ਸੌ ਏਕੜ ਲਈ ਰਾਮਦੇਵ ਹੀ ਯੋਗ ਲੱਭਿਐ। ਅੰਨਦਾਤੇ ਦੇ ਹੁਣ ਖ਼ਾਨੇ ਪਈ ਹੈ। ਸੰਜੋਗ ਕਹੋ ,ਚਾਹੇ ਯੋਗ, ਅਡਾਨੀ ਲਈ ਜੁਲਾਈ ਸ਼ੁਭ ਹੈ। ਛੇ ਹਵਾਈ ਅੱਡਿਆਂ ਦਾ ਦਾਣਾ ਪਾਣੀ ਅਡਾਨੀ ਦੇ ਭਾਗੀਂ ਲਿਖਿਐ। ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਏਜੰਡੇ ’ਤੇ ਹੈ। ਗੱਲ ਤਿਲਕ ਗਈ ਜਾਪਦੀ ਐ। ਵੈਸੇ, ਖੇਤੀ ’ਚ ਵੀ ਕੋਈ ਘੱਟ ਤਿਲਕਣ ਐ। ਚਿੱਟੇ ਚੌਲ ਵੀ ਪੁੰਨ ਕੀਤੇ, ਦਾਣੇ ਦਾ ਮੁੱਲ ਫਿਰ ਨਹੀਂ ਮਿਲਦਾ। ਅੰਨਦਾਤਾ ਆਖਦੈ, ਘੱਟ ਨਾ ਤੋਲੀਂ, ਨਰਿੰਦਰ ਮੋਦੀ ਕਹਿੰਦਾ, ਥੜ੍ਹੇ ਨਾ ਚੜ੍ਹ। ਜਦੋਂ ਵੱਡਿਆਂ ਦੀ ਚੜ੍ਹ ਮੱਚੇ, ਪੈਲ਼ੀਆਂ ’ਚ ਘੋੜ ਸਵਾਰ ਪੁਲੀਸ ਦਗੜ ਦਗੜ ਕਰਦੀ ਹੈ।
                 ਮਾਨਸਾ ਵੱਲ ਗੋਬਿੰਦਪੁਰੇ ਚੱਲਦੇ ਹਾਂ। ‘ਪੋਇਨਾ ਪਾਵਰ ਕੰਪਨੀ’ ਲਾਏਗੀ ਥਰਮਲ। ਅਕਾਲੀਆਂ ਨੇ ਇਹ ਐਲਾਨ ਕੀਤਾ ਸੀ। ਗੋਬਿੰਦਪੁਰਾ ਦੀ 1458 ‘ਚੋਂ 806 ਏਕੜ ‘ਤੇ ਅੱਖ ਰੱਖੀ। ਜ਼ਮੀਨਾਂ ਛੱਡਣ ਤੋਂ ਕਿਸਾਨ ਆਕੀ ਹੋਏ। ਪੁਲੀਸ ਨੇ ਲੰਮੇ ਹੱਥ ਦਿਖਾਏ। ਕਿਸਾਨ ਧੀਆਂ ਨੇ ਦੋ ਦੋ ਹੱਥ ਕੀਤੇ। ਛੇ ਧੀਆਂ ਜੇਲ੍ਹੀਂ ਡੱਕ ਦਿੱਤੀਆਂ। ਸੁਰਜੀਤ ਸਿੰਘ ਹਮੀਦੀ ਖੇਤਾਂ ‘ਚ ਢੇਰ ਹੋ ਗਿਆ। ਅੰਗਰੇਜ਼ੀ ਲਫਜ਼ ਪੋਇਨਾ ਦਾ ਅਰਥ ‘ਦੁੱਖ, ਸਜ਼ਾ,ਜੁਰਮਾਨਾ’ ਹੈ। ਪੋਇਨਾ ਦੇ ਮਾਅਣੇ ਪੁਲੀਸ ਨੇ ਸਮਝਾ ਦਿੱਤੇ। ਅੱਠ ਵਰ੍ਹਿਆਂ ਮਗਰੋਂ ਵੀ ਥਰਮਲ ਨਹੀਂ ਲੱਗਿਆ। ਜ਼ਮੀਨ ਖਾਲੀ ਪਈ ਹੈ, ਦੁੱਖਾਂ ਨਾਲ ਕਿਸਾਨੀ ਘਰ ਭਰੇ ਨੇ। 62 ਪਰਿਵਾਰ ਪੂਰੀ ਜ਼ਮੀਨ ਤੋਂ ਵਿਰਵੇ ਹੋਏ। ਗੋਬਿੰਦਪੁਰਾ ਦਾ ਸਾਬਕਾ ਫੌਜੀ ਜਗਰੂਪ ਸਿੰਘ ਦੂਜੀ ਵਾਰ ਜੰਗ ’ਚ ਉਤਰਿਆ ਪਰ ਜ਼ਮੀਨ ਨਾ ਬਚਾ ਸਕਿਆ। ਤਿੰਨੋ ਜਵਾਨ ਮੁੰਡੇ ਦਿਹਾੜੀਆਂ ਕਰਦੇ ਨੇ। ਖੇਤਾਂ ’ਤੇ ਵਲੀ ਕੰਡਿਆਲੀ ਤਾਰ ਚੁਭਦੀ ਹੈ। ਦਾਦੇ ਪੜਦਾਦੇ ਦੀ ਅਮਾਨਤ ਬਚ ਨਾ ਸਕੀ। ਫਤਹਿਗੜ੍ਹ ਛੰਨਾ (ਬਰਨਾਲਾ) ਦੇ ਕਿਸਾਨ ਵੀ ਕਿਵੇਂ ਬਚਦੇ। ਜਦੋਂ ਦਾਣਿਆਂ ਤੇ ਮੋਹਰ ਟਰਾਈਡੈਂਟ ਵਾਲਿਆਂ ਦੀ ਲੱਗੀ ਸੀ। ਉਦੋਂ ਕਿਸਾਨਾਂ ਨਾਲ ਦੋ ਹੱਥ ਕੈਪਟਨ ਸਰਕਾਰ ਨੇ ਕੀਤੇ।
                 ਕੰਪਨੀ ਵਾਲੇ ਬਰਨਾਲੇ ਸ਼ੂਗਰ ਮਿੱਲ ਲਾਉਣਗੇ। ਡੰਡੇ ਦੇ ਜ਼ੋਰ ’ਤੇ 376 ਏਕੜ ਜ਼ਮੀਨ ਲਈ। ਕਿਸਾਨਾਂ ਨੂੰ ਕਿਧਰੇ ਖੰਡ ਮਿੱਲ ਨਹੀਂ ਲੱਭ ਰਹੀ। ਜੱਗਰ ਸਿਓਂ ਗੁਆਚੇ ਲਾਲ ਲੱਭ ਰਿਹੈ। ਜੱਗਰ ਦਾ ਕਿਰਤ ਤੇ ਸਿਰੜ ਦੇਖੋ। ਟਿੱਬਿਆਂ ਨੂੰ ਪੱਧਰਾ ਕਰ ਦਿੱਤਾ। ਜਦੋਂ ਖੇਤ ਸੋਨਾ ਬਣ ਗਏ, ਉਦੋਂ ਮਾਲਕੀ ਕੰਪਨੀ ਦੀ ਹੋ ਗਈ। ਜੱਗਰ ਸਿੰਘ ਦਾ ਨੌਜਵਾਨ ਪੋਤਾ ਝੱਲ ਨਾ ਸਕਿਆ। ਖੁਦਕੁਸ਼ੀ ਦੇ ਰਾਹ ਪੈ ਜ਼ਿੰਦਗੀ ਦਾ ਸਫ਼ਰ ਮੁਕਾ ਬੈਠਾ। ਮਾਨਾਵਾਲਾ (ਅੰਮ੍ਰਿਤਸਰ) ਦੇ ਕਿਸਾਨਾਂ ਨੇ 1218 ਏਕੜ ਜ਼ਮੀਨ ਮਸਾਂ ਬਚਾਈ। ਕਾਮਰੇਡ ਆਖਦੇ ਨੇ ਬਈ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ, ਸਭ ਜ਼ਮੀਨਾਂ ਦੀ ਮਾਲਕੀ ਕਾਰਪੋਰੇਟ ਘਰਾਣਿਆਂ ਦੀ ਹੋਣੀ ਹੈ। ਕਾਮਰੇਡਾਂ ਦੀ ਗੱਲ ’ਚ ਦਮ ਹੈ। ਦੇਸ਼ ‘ਚ 369 ਸਪੈਸ਼ਲ ਆਰਥਿਕ ਜ਼ੋਨ ਬਣੇ ਨੇ। ਇਨ੍ਹਾਂ ਲਈ 1.14 ਲੱਖ ਜ਼ਮੀਨ ਏਕੜ ਜ਼ਮੀਨ ਐਕੁਆਇਰ ਹੋਈ। 59,447 ਏਕੜ ਅੱਜ ਵੀ ਖਾਲੀ ਪਈ ਐ। ਜ਼ਮੀਨਾਂ ਦੇ ਮਾਲਕ ਕਿਥੇ ਗਏ, ਕਿਸ ਹਾਲ ਨੇ, ਸਰਕਾਰ ਨੇ ਕੀ ਲੈਣਾਂ। ਜਦੋਂ ਵਣਾਂਵਾਲੀ (ਮਾਨਸਾ) ‘ਚ ਥਰਮਲ ਲੱਗਾ। ਜਿਨ੍ਹਾਂ ਕੋਲ ਉਦੋਂ ਜ਼ਮੀਨ ਨਾ ਬਚੀ, ਉਹ ਜ਼ਰੂਰ ਹਰਿਆਣੇ ਚਲੇ ਗਏ।
                  ਬਠਿੰਡਾ ਥਰਮਲ ਦੀ ਜ਼ਮੀਨ ਸਰਕਾਰੀ ਅੱਖ ’ਚ ਰੜਕ ਰਹੀ ਹੈ। ਕਿਹੜੇ ਘਰਾਣੇ ਦੇ ਭਾਗ ਖੁੱਲ੍ਹਦੇ ਨੇ, ਛੇਤੀ ਪਤਾ ਲੱਗੇਗਾ। ਜ਼ਮੀਨ ਨਾਲ ਇੱਕ ਭਾਵੁਕ ਸਾਂਝ ਹੁੰਦੀ ਹੈ। ਪਿਉ ਦਾਦਿਆਂ ਦੀ ਰੂਹ ਪੈਲ਼ੀਆਂ ਚੋਂ ਦਿਖਦੀ ਹੈ। ਖੇਤ ਰਿਜ਼ਕ ਵੰਡਦੇ ਨੇ। ਕਿਸਾਨ ਦੀ ਛਤਰੀ ਬਣਦੇ ਨੇ। ਭਾਣਾ ਮੰਨਣ ਵਾਲੇ ਨੂੰ ਹੁੱਜਾਂ ਨਾ ਮਾਰੋ। ਖੇਤ ਤਾਂ ਪਹਿਲਾਂ ਹੀ ਸਾਹੂਕਾਰਾਂ ਦੇ ਹੋ ਚੱਲੇ ਨੇ। ਬੈਂਕਾਂ ਦੀਆਂ ਲਾਲ ਲਕੀਰਾਂ ਨੇ ਖਾਤੇ ਲਾਲ ਕਰ ਰੱਖੇ ਨੇ। ਨਿੱਕੇ ਹੁੰਦੇ ‘ਕਾਂ ਤੇ ਚਿੜੀ’ ਵਾਲੀ ਕਹਾਣੀ ਸੁਣੀ ਹੋਵੇਗੀ। ‘ਤੂੰ ਚੱਲ ਚਿੜੀਏ, ਮੈਂ ਆਇਆ’। ਚਿੜੀ ਪੈਲੀ ਪਾਲਦੀ ਐ। ਫਸਲ ਆਉਂਦੀ ਹੈ ਤਾਂ ਬਾਜਰਾ ਕਾਂ ਲੈ ਜਾਂਦਾ, ਤੂਤੜਾ ਚਿੜੀ ਨੂੰ ਛੱਡ ਦਿੰਦਾ। ਅੱਜ ਦੇ ਕਾਂ ਏਨੇ ਸਿਆਣੇ ਨੇ, ਚਿੜੀ ਨੂੰ ਤੂਤੜਾ ਵੀ ਨਹੀਂ ਛੱਡਦੇ। ਬਾਦਲ ਰਾਜ ‘ਚ ਮੈਕਸ ਹਸਪਤਾਲ ਨੂੰ ਜ਼ਮੀਨ ਦਿੱਤੀ। 4.81 ਏਕੜ ਸ਼ਹਿਰੀ ਜ਼ਮੀਨ। ਸਿਰਫ਼ ਇੱਕ ਰੁਪਏ ਲੀਜ਼ ’ਤੇ। ਇਵੇਂ ਮੁਹਾਲੀ ‘ਚ 3.15 ਏਕੜ ਜ਼ਮੀਨ ਦਿੱਤੀ। ਦਾਣੇ ਤਾਂ ਵੱਡੇ ਲੋਕ ਚੁਗ ਜਾਂਦੇ ਨੇ। ਸਰਕਾਰੀ ਤਰਕ ਸੁਣੋ, ਉਦਯੋਗ ਰੁਜ਼ਗਾਰ ਦਿੰਦੇ ਨੇ, ਨਿਵੇਸ਼ ਤਰੱਕੀ ਦੇ ਰਾਹ ਖੋਲ੍ਹਦੈ। ਤਾਹੀਓਂ ਛੋਟਾਂ ਦਿੰਦੇ ਹਾਂ। ਖੇਤੀ ਕਿੰਨਾ ਰੁਜ਼ਗਾਰ ਵੰਡਦੀ ਹੈ। ਕਦੇ ਸੋਚਿਐ। ਕਿੰਨੇ ਧੰਦੇ ਖੇਤੀ ਨਾਲ ਜੁੜੇ ਨੇ। ਅੰਨਦਾਤੇ ਲਈ ਹੱਥ ਕਿਉਂ ਘੁੱਟਿਆ ਜਾਂਦੈ।
                ਏਦਾਂ ਜਾਪਦੈ, ਸਿਆਸੀ ਖੇਤੀ ਹੁਣ ‘ਜੈ ਜਵਾਨ, ਜੈ ਕਿਸਾਨ’ ਤੇ ਹੀ ਪਲਦੀ ਐ। ਅਜਮੇਰ ਅੌਲਖ ਸਾਰੀ ਉਮਰ ਨਾਟਕਾਂ ’ਚ ਜੱਟ ਤੇ ਸੀਰੀ ਦਾ ਦੁੱਖ ਰੋਂਦਾ ਰਿਹਾ। ਗੱਠਜੋੜ ਸਰਕਾਰ ਨੇ ਸਾਲ 2008 ‘ਚ ਭਾਜਪਾ ਦੇ ਜ਼ਰੂਰ ਹੰਝੂ ਪੂੰਝੇ ਸਨ। ਵਿਚਾਰੇ ਭਾਜਪਾਈ ਆਖਣ ਲੱਗੇ, ਬਾਦਲ ਸਾਹਿਬ, ਸਾਡੇ ਕੋਲ ਤਾਂ ਦਫ਼ਤਰ ਜੋਗੀ ਥਾਂ ਨਹੀਂ। ਰਾਤੋ ਰਾਤ ਵੱਡੇ ਸ਼ਹਿਰਾਂ ’ਚ ਸਸਤੇ ਭਾਅ ‘ਤੇ ਦਫ਼ਤਰਾਂ ਲਈ ਜਗ੍ਹਾ ਅਲਾਟ ਹੋ ਗਈ। ਅਕਾਲੀ ਕਿਹੜਾ ਘੱਟ ਨੇ। ਕਹਿੰਦੇ ਮੋਦੀ ਸਾਹਿਬ, ਸਾਨੂੰ ਵੀ ਦਿੱਲੀ ’ਚ ਜਗ੍ਹਾ ਦਿਓ। ਮੋਦੀ ਏਡਾ ਕੂਲਾ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਫੁਰਨਾ ਦੇਖੋ। ਪ੍ਰਧਾਨ ਮੰਤਰੀਆਂ ਦਾ ਅਜਾਇਬ ਘਰ ਬਣੇਗਾ। ਹਰ ਪ੍ਰਧਾਨ ਮੰਤਰੀ ਦਾ ਬੁੱਤ ਵੀ ਸਜੇਗਾ। 226 ਕਰੋੜ ਦਾ ਬਜਟ ਰੱਖਿਆ ਹੈ। ਵੱਖਰੇ ਖੇਤੀ ਬਜਟ ਤੋਂ ਸਰਕਾਰ ਮੁੱਕਰ ਗਈ। ਮਰੇ ਮੁੱਕਰੇ ਦਾ ਕੋਈ ਵੈਦ ਨਹੀਂ। ‘ਕਿਸਾਨ ਮਰ ਗਿਆ ਤਾਂ ਭੁੱਖੇ ਮਰੋਂਗੇ, ਗੱਲ ਮੇਰੀ ਯਾਦ ਰੱਖਿਓ’, ਛੱਜੂ ਰਾਮ ਗੱਲ ਤਾਂ ਸਿਆਣੀ ਕਰਦੈ। ਹਰੀ ਕ੍ਰਾਂਤੀ ਜੋ ਵੇਖੀ ਹੈ। ਦੇਖੀਂ ਛੱਜੂ ਰਾਮਾ, ਕਿਤੇ ਹੋਰ ਨਾ ਨਵੀਂ ਕ੍ਰਾਂਤੀ ਕਰ ਦੇਵੀਂ।

2 comments:

  1. ਬਹੁਤ ਸ਼ੁਕਰੀਆ ਭਰਾ ਇਹ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ।

    ReplyDelete
  2. ਕਿਸਾਨੀ ਦੁਰਦਸ਼ਾ ਤੋ ਲੈਕੇ ਸਰਕਾਰਾਂ ਵਲੋ "ਵਡੇ" ਸਾਂਝੀਦਾਰਾ ਲੲੀ ਖੋਲੇ ਗਫਿਆਂ ਦੇ ਪਟਾਰੇ ,ਦੇਸ਼ ਦੀ ਆਰਥਿਕਤਾ ਦੀ ਦੋਹੀ ਹੱਥੀ ਲੁੱਟ ਤੇ ਹੋਰ ,ਸਭਦੀ ਤਸਵੀਰ ਿਿਸਰਜੀ ਅੈ ਤੁਸਾਂ

    ReplyDelete