Wednesday, June 30, 2021

                                               ਓਹਲੇ ਖੜ੍ਹਾ ਸੱਚ
                         ਮੁਫ਼ਤ ਬਿਜਲੀ’ ਦੇ ਜਾਲ ’ਚ ਫਸਿਆ ਪੰਜਾਬ
                                               ਚਰਨਜੀਤ ਭੁੱਲਰ   

ਚੰਡੀਗੜ੍ਹ :  ‘ਮੁਫਤ ਬਿਜਲੀ’ ਦੇ ਜਾਲ ’ਚ ਪੰਜਾਬ ਫਸਣ ਲੱਗਾ ਹੈ। ਸਿਆਸੀ ਧਿਰਾਂ ਲੋਕਾਂ ਨੂੰ ‘ਮੁਫ਼ਤ ਬਿਜਲੀ’ ਦਾ ਚੋਗਾ ਪਾਉਣ ਲੱਗੀਆਂ ਹਨ। ਪੰਜਾਬ ਚੋਂ ਇਹ ਆਵਾਜ਼ ਉੱਠੀ ਹੈ ਕਿ ਲੋਕਾਂ ਨੂੰ ਮੁਫਤ ਨਹੀਂ, ਸਸਤੀ ਬਿਜਲੀ ਦਿੱਤੀ ਜਾਵੇ। ਪੰਜਾਬ ’ਚ ਚੋਣਾਂ ਮਗਰੋਂ ਹਮੇਸ਼ਾ ਬਿਜਲੀ ਦੇ ਰੇਟ ਵਧੇ ਹਨ ਜਦੋਂ ਕਿ ਚੋਣਾਂ ਵਾਲੇ ਵਰ੍ਹੇ ਰੇਟ ਘਟਦੇ ਹਨ। ਹੁਣ ਜਦੋਂ ਕਾਂਗਰਸ ਦੇ ਏਜੰਡੇ ’ਤੇ ਘਰੇਲੂ ਖਪਤਕਾਰਾਂ ਨੂੰ 200 ਯੂਨਿਟ ਮੁਫ਼ਤ ਦਿੱਤੇ ਜਾਣਾ ਸੀ ਤਾਂ ‘ਆਪ’ ਨੇ ਅੱਜ 300 ਯੂਨਿਟ ਮੁਆਫੀ ਦਾ ਐਲਾਨ ਕੀਤਾ ਹੈ।ਤੈਰਵੀਂ ਨਜ਼ਰ ਮਾਰੀਏ ਤਾਂ ਪੰਜਾਬ ’ਚ ਕਰੀਬ ਇੱਕ ਕਰੋੜ ਕੁਨੈਕਸ਼ਨ ਹਨ, ਜਿਨ੍ਹਾਂ ’ਚੋਂ 72 ਲੱਖ ਘਰੇਲੂ ਕੁਨੈਕਸ਼ਨ ਹਨ। ‘ਆਪ’ ਦੀ ਯੋਜਨਾ ਦੇ ਸੰਦਰਭ ’ਚ ਵੇਖੀਏ ਤਾਂ ਇਨ੍ਹਾਂ 72 ਲੱਖ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਦੇ 300 ਯੂਨਿਟ ਦਿੱਤੇ ਜਾਣ ਨਾਲ ਸਾਲਾਨਾ ਛੇ ਤੋਂ ਸੱਤ ਹਜ਼ਾਰ ਕਰੋੜ ਦਾ ਖਰਚਾ ਆਵੇਗਾ। ਮੌਜੂਦਾ ਸਮੇਂ ਪੰਜਾਬ ’ਚ 21 ਲੱਖ ਘਰੇਲੂ ਖਪਤਕਾਰ 200 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਲੈ ਰਹੇ ਹਨ ਜਿਨ੍ਹਾਂ ’ਚ ਐੱਸਸੀ/ਬੀਸੀ/ਬੀਪੀਐਲ ਅਤੇ ਫਰੀਡਮ ਫਾਈਟਰ ਸ਼ਾਮਲ ਹਨ। ਮੌਜੂਦਾ ਸਮੇਂ ਇਨ੍ਹਾਂ ਪਰਿਵਾਰਾਂ ਨੂੰ 1700 ਕਰੋੜ ਦੀ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਖੇਤੀ ਸੈਕਟਰ ’ਚ 14.50 ਲੱਖ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਸਬਸਿਡੀ 6735 ਕਰੋੜ ਰੁਪਏ ਸਾਲਾਨਾ ਬਣਦੀ ਹੈ। 

            ਤੱਥਾਂ ਅਨੁਸਾਰ ਪੰਜਾਬ ਵਿਚ ਇਸ ਵੇਲੇ 35.50 ਲੱਖ ਖਪਤਕਾਰ ਬਿਜਲੀ ’ਤੇ ਸਬਸਿਡੀ ਲੈ ਰਹੀ ਹੈ। ਪੰਜਾਬ ਦਾ ਕੁੱਲ ਬਿਜਲੀ ਸਬਸਿਡੀ ਦਾ ਬਿੱਲ ਸਾਲਾਨਾ 10,668 ਕਰੋੜ ਰੁਪਏ ਬਣਦਾ ਹੈ। ਪਾਵਰਕੌਮ ਨੂੰ ਸਾਲਾਨਾ ਬਿਜਲੀ ਵੇਚਣ ਨਾਲ ਕਰੀਬ 33 ਹਜ਼ਾਰ ਕਰੋੜ ਦਾ ਮਾਲੀਆ ਪ੍ਰਾਪਤ ਹੁੰਦਾ ਹੈ ਜਿਸ ਚੋਂ ਵੱਡਾ ਹਿੱਸਾ ਸਬਸਿਡੀ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ।ਚੁਣਾਵੀ ਐਲਾਨਾਂ ਦਾ ਸੱਚ ਵੇਖੀਏ ਤਾਂ ਲੋਕ ਸਭਾ ਚੋਣਾਂ ਵਾਲੇ ਵਰ੍ਹੇ ਵਿਚ ਪੰਜਾਬ ਵਿਚ ਸਾਲ 2004-05 ਵਿਚ ਬਿਜਲੀ ਦੇ ਰੇਟ 6 ਫੀਸਦੀ ਘਟਾਏ ਗਏ ਸਨ। ਚੋਣਾਂ ਹੋਣ ਮਗਰੋਂ ਅਗਲੇ ਵਰ੍ਹੇ ਸਾਲ 2005-06 ਵਿਚ ਬਿਜਲੀ ਦੇ ਰੇਟ 10.27 ਫੀਸਦੀ ਵਧਾ ਦਿੱਤੇ ਗਏ। ਅਸੈਂਬਲੀ ਚੋਣਾਂ ਵਾਲੇ ਵਿੱਤੀ ਵਰ੍ਹੇ 2006-07 ਵਿਚ ਬਿਜਲੀ ਦੇ ਰੇਟ ਨਹੀਂ ਵਧਾਏ ਜਦੋਂ ਕਿ ਚੋਣਾਂ ਮਗਰੋਂ ਸਾਲ 2007-08 ਵਿਚ 4.90 ਫੀਸਦੀ ਰੇਟ ਵਧਾ ਦਿੱਤੇ ਗਏ। ਇਵੇਂ ਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ 2008-09 ਵਿਚ ਸਿਰਫ਼ 2.6 ਫੀਸਦੀ ਦਾ ਵਾਧਾ ਕੀਤਾ ਗਿਆ ਅਤੇ ਚੋਣਾਂ ਖ਼ਤਮ ਹੁੰਦੇ ਹੀ ਸਾਲ 2009-10 ਵਿਚ ਬਿਜਲੀ ਦੇ ਰੇਟ 12.92 ਫੀਸਦੀ ਵਧਾ ਦਿੱਤੇ ਗਏ। ਵਿਧਾਨ ਸਭਾ ਚੋਣਾਂ ਵਾਲੇ ਸਾਲ 2016-17 ਵਿਚ ਸਰਕਾਰ ਨੇ ਬਿਜਲੀ ਦੇ ਰੇਟ 0.65 ਫੀਸਦੀ ਘਟਾ ਦਿੱਤੇ ਜਦੋਂ ਕਿ ਚੋਣਾਂ ਮਗਰੋਂ ਮੌਜੂਦਾ ਸਰਕਾਰ ਨੇ ਪਹਿਲੇ ਵਰ੍ਹੇ ਹੀ ਬਿਜਲੀ ਦੇ ਰੇਟ 9.33 ਫੀਸਦੀ ਵਧਾ ਦਿੱਤੇ। ਲਗਾਤਾਰ ਤਿੰਨ ਵਰ੍ਹੇ ਰੇਟ ਵਧਦੇ ਗਏ ਜਦੋਂ ਕਿ ਹਾਲ ’ਚ ਹੀ 0.5 ਫੀਸਦੀ ਰੇਟ ਘਟਾਏ ਗਏ ਹਨ।

              ਪੰਜਾਬ ’ਚ ਮੌਜੂਦਾ ਸਮੇਂ ਘਰੇਲੂ ਅਤੇ ਵਪਾਰਕ ਬਿਜਲੀ ਦੇ 1698 ਕਰੋੜ ਦੇ ਬਿਜਲੀ ਬਿੱਲ ਲੋਕ ਤਾਰ ਨਹੀਂ ਸਕੇ ਹਨ ਜਿਨ੍ਹਾਂ ਨੂੰ ਪਾਵਰਕੌਮ ਨੇ ਡਿਫਾਲਟਰ ਐਲਾਨਿਆ ਹੈ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਬਿਜਲੀ ਖਰੀਦ ਸਮਝੌਤੇ ਰੀਵਿਊ ਕਰਕੇ ਰੱਦ ਕਰਨ ਦਾ ਵਾਅਦਾ ਕੀਤਾ ਜੋ ਹਾਲੇ ਤੱਕ ਹਵਾ ਵਿਚ ਲਟਕਿਆ ਹੋਇਆ ਹੈ। ਲੋਕ ਅਧਿਕਾਰ ਲਹਿਰ ਦੇ ਰੁਪਿੰਦਰ ਸਿੰਘ ਤਲਵੰਡੀ ਸਾਬੋ ਆਖਦੇ ਹਨ ਕਿ ਪੰਜਾਬ ਨੂੰ ਮੁਫ਼ਤ ਬਿਜਲੀ ਦੀ ਨਹੀਂ ਬਲਕਿ ਸਸਤੀ ਬਿਜਲੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਮੱਲ੍ਹਮ ਲਾਉਣ ਦੀ ਥਾਂ ਰੋਗ ਨੂੰ ਜੜ ਤੋਂ ਕੱਟਣ। ਬਿਜਲੀ ਨੂੰ ਆਮ ਲੋਕਾਂ ਦੀ ਪਹੁੰਚ ’ਚ ਕੀਤਾ ਜਾਵੇ। ਇਵੇਂ ਹੀ ਸਾਬਕਾ ਉਪ ਮੁੱਖ ਇੰਜਨੀਅਰ ਦਰਸ਼ਨ ਭੁੱਲਰ ਦਾ ਪ੍ਰਤੀਕਰਮ ਸੀ ਕਿ ਪਾਵਰਕੌਮ ‘ਆਂਡੇ ਦੇਣ ਵਾਲੀ ਮੁਰਗੀ’ ਹੈ ਜਿਸ ਦਾ ਗਲ ਚੋਣਾਂ ਮੌਕੇ ਮਰੋੜਨਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਹਿੰਗੀ ਬਿਜਲੀ ਦੀ ਜੜ ਬਿਜਲੀ ਖਰੀਦ ਸਮਝੌਤੇ ਹਨ ਜਿਨ੍ਹਾਂ ਨੂੰ ਰੱਦ ਕਰਨ ਤੋਂ ਸਭ ਸਿਆਸੀ ਧਿਰਾਂ ਭੱਜ ਰਹੀਆਂ ਹਨ।

                                    ਪੰਜਾਬ ਨੂੰ ਭਿਖਾਰੀ ਨਾ ਬਣਾਓ : ਪੰਮੀ ਬਾਈ

‘ਜਾਗਦਾ ਪੰਜਾਬ’ ਵੱਲੋਂ ਲੋਕਾਂ ਨੂੰ ‘ਮੁਫਤੀ ਚੋਗਿਆਂ’ ਤੋਂ ਚੇਤੰਨ ਕਰਨ ਲਈ ਮੁਹਾਲੀ ਤੋਂ ਤਲਵੰਡੀ ਸਾਬੋ ਤੱਕ ਮਾਰਚ ਕੱਢਿਆ ਜਾ ਰਿਹਾ ਹੈ। ‘ਜਾਗਦਾ ਪੰਜਾਬ’ ਦੇ ਸੀਨੀਅਰ ਆਗੂ ਅਤੇ ਗਾਇਕ ਪੰਮੀ ਬਾਈ ਦਾ ਕਹਿਣਾ ਸੀ ਕਿ ਉਹ ਮਾਰਚ ਕੱਢ ਕੇ ਹੋਕਾ ਦੇਣਗੇ ਕਿ ਪੰਜਾਬ ਨੂੰ ਭਿਖਾਰੀ ਨਾ ਬਣਾਇਆ ਜਾਵੇ ਬਲਕਿ ਲੋਕਾਂ ਨੂੰ ਬਿਜਲੀ ਖਰੀਦਣ ਦੇ ਸਮਰੱਥ ਬਣਾਇਆ ਜਾਵੇ। ਲੋੜ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੀ ਹੈ, ਨਾ ਕਿ ਮੁਫ਼ਤ ਬਿਜਲੀ।

Tuesday, June 29, 2021

                                                   ਬਿਜਲੀ ਸਮਝੌਤੇ 
                                              ਖੁੱਲ੍ਹਣ ਲੱਗੇ ਨਵੇਂ ਭੇਤ
                                                  ਚਰਨਜੀਤ ਭੁੱਲਰ   

ਚੰਡੀਗੜ੍ਹ :  ਪੰਜਾਬ ’ਤੇ ਭਾਰੀ ਪਏ ‘ਬਿਜਲੀ ਖਰੀਦ ਸਮਝੌਤਿਆਂ’ ਦੇ ਭੇਤ ਹੁਣ ਖੁੱਲ੍ਹਣ ਲੱਗੇ ਹਨ। ਪੰਜਾਬ ਸਰਕਾਰ ਇੰਨੀ ਨਿਹੱਥੀ ਹੋਈ ਹੈ ਕਿ ਜੇ ਪ੍ਰਾਈਵੇਟ ਥਰਮਲ ਝੋਨੇ ਦੀ ਸੀਜ਼ਨ ’ਚ ਵੀ ਬਿਜਲੀ ਸਪਲਾਈ ਨਾ ਦੇਣ ਤਾਂ ਵੀ ਇਨ੍ਹਾਂ ਨੂੰ ਕੋਈ ਜੁਰਮਾਨੇ ਨਹੀਂ ਲਗਾ ਸਕਦੀ। ਬਿਜਲੀ ਖਰੀਦ ਸਮਝੌਤਿਆਂ ’ਚ ਕਿਧਰੇ ਅਜਿਹੀ ਕੋਈ ਮੱਦ ਨਹੀਂ ਜਿਸ ’ਚ ਪੀਕ ਸੀਜ਼ਨ ’ਚ ਇਨ੍ਹਾਂ ਥਰਮਲਾਂ ਨੂੰ ਬਿਜਲੀ ਸਪਲਾਈ ਦੇਣਾ ਲਾਜ਼ਮੀ ਕਰਾਰ ਦਿੱਤਾ ਹੋਵੇ। ਝੋਨੇ ਦੇ ਸੀਜ਼ਨ ’ਚ ਪਏ ਰੌਲੇ ਮਗਰੋਂ ਸਿਆਸੀ ਤੌਰ ’ਤੇ ਵੀ ਬਿਜਲੀ ਖਰੀਦ ਸਮਝੌਤੇ ਮੁੱਖ ਮੁੱਦੇ ਵਜੋਂ ਉਭਰਨੇ ਸ਼ੁਰੂ ਹੋਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪਾਵਰਕੌਮ ਇਨ੍ਹਾਂ ਪ੍ਰਾਈਵੇਟ ਥਰਮਲਾਂ ਨੂੰ 31 ਮਾਰਚ 2021 ਤੱਕ ਕਰੀਬ 18,850 ਕਰੋੜ ਰੁਪਏ ਫਿਕਸਡ ਚਾਰਜਿਜ਼ ਵਜੋਂ ਤਾਰ ਚੁੱਕਾ ਹੈ ਜਿਸ ’ਚੋਂ 5900 ਕਰੋੜ ਰੁਪਏ ਬਿਨਾਂ ਬਿਜਲੀ ਲਏ ਦਿੱਤੇ ਹਨ। ਇੰਨੀ ਵੱਡੀ ਅਦਾਇਗੀ ਦੇ ਬਾਵਜੂਦ ਝੋਨੇ ਦੇ ਸੀਜ਼ਨ ’ਚ ਪ੍ਰਾਈਵੇਟ ਥਰਮਲਾਂ ਵੱਲੋਂ ਬਿਜਲੀ ਸਪਲਾਈ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਕੋਲ ਡੰਡਾ ਖੜਕਾਉਣ ਦੀ ਤਾਕਤ ਨਹੀਂ। ਤਲਵੰਡੀ ਸਾਬੋ ਪਾਵਰ ਪਲਾਂਟ ਦਾ ਯੂਨਿਟ ਨੰਬਰ 3 ਤਾਂ ਅੱਠ ਮਾਰਚ ਤੋਂ ਬੰਦ ਪਿਆ ਹੈ ਜਿਸ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ ਜਾ ਸਕਿਆ। 

             ਗੱਠਜੋੜ ਸਰਕਾਰ ਵੇਲੇ ਤਲਵੰਡੀ ਸਾਬੋ ਪਾਵਰ ਪਲਾਂਟ, ਰਾਜਪੁਰਾ ਥਰਮਲ ਪਲਾਂਟ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਦੇ 3920 ਮੈਗਾਵਾਟ ਸਮਰੱਥਾ ਦੇ ਬਿਜਲੀ ਖਰੀਦ ਸਮਝੌਤੇ ਹੋਏ ਸਨ। ਤਲਵੰਡੀ ਸਾਬੋ ਪਾਵਰ ਪਲਾਂਟ ਨਾਲ 1 ਸਤੰਬਰ 2008 ਅਤੇ ਰਾਜਪੁਰਾ ਥਰਮਲ ਪਲਾਂਟ ਦਾ 18 ਜਨਵਰੀ 2010 ਨੂੰ ਬਿਜਲੀ ਖਰੀਦ ਸਮਝੌਤਾ ਹੋਇਆ ਸੀ। ਬਿਜਲੀ ਸਮਝੌਤਿਆਂ ਅਨੁਸਾਰ ਜੇਕਰ ਇਹ ਤਿੰਨੋਂ ਪ੍ਰਾਈਵੇਟ ਥਰਮਲ ਕਿਸੇ ਵੀ ਵਜ੍ਹਾ ਕਾਰਨ ਸਾਲ ’ਚ 91 ਦਿਨ ਲਗਾਤਾਰ ਬਿਜਲੀ ਸਪਲਾਈ ਨਾ ਵੀ ਦੇਣ ਤਾਂ ਵੀ ਉਨ੍ਹਾਂ ’ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾ ਸਕਦਾ। ਮਾਹਿਰਾਂ ਅਨੁਸਾਰ ਜੇਕਰ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਕੋਈ ਵੀ ਇੱਕ ਯੂਨਿਟ ਸਾਲ ਵਿਚ 273 ਦਿਨ, ਰਾਜਪੁਰਾ ਤੇ ਗੋਇੰਦਵਾਲ ਸਾਹਿਬ ਥਰਮਲ ਦੀ ਇੱਕ-ਇੱਕ ਯੂਨਿਟ ਸਾਲ ’ਚ 182-182 ਦਿਨ ਬਿਨਾਂ ਕਿਸੇ ਕਾਰਨ ਵੀ ਬਿਜਲੀ ਸਪਲਾਈ ਨਹੀਂ ਦਿੰਦੇ ਤਾਂ ਵੀ ਉਨ੍ਹਾਂ ਨੂੰ ਕੋਈ ਜੁਰਮਾਨਾ ਨਹੀਂ ਕੀਤਾ ਜਾ ਸਕਦਾ।

           ਇਵੇਂ ਹੀ ਫਿਕਸਿਡ ਚਾਰਜਿਜ਼ ਦੀ ਗੱਲ ਕਰੀਏ ਤਾਂ ਤਲਵੰਡੀ ਸਾਬੋ ਪਲਾਂਟ ਦੀ 80 ਫੀਸਦੀ ਅਤੇ ਰਾਜਪੁਰਾ ਥਰਮਲ 85 ਫੀਸਦੀ ਪਲਾਂਟ ਉਪਲੱਭਧਤਾ ਹੈ ਤਾਂ ਵੀ ਉਨ੍ਹਾਂ ਨੂੰ ਪੂਰੇ ਫਿਕਸਿਡ ਚਾਰਜਿਜ਼ ਦੇਣੇ ਪੈਣਗੇ।ਸੌਖੇ ਲਫਜ਼ਾਂ ਕਹਿਣਾ ਹੋਵੇ ਤਾਂ ਤਲਵੰਡੀ ਸਾਬੋ ਪਲਾਂਟ ਸਾਲ ’ਚ ਲਗਾਤਾਰ 71 ਦਿਨ ਅਤੇ ਰਾਜਪੁਰਾ ਪਲਾਂਟ 55 ਦਿਨ ਬੰਦ ਵੀ ਰਹਿੰਦਾ ਹੈ ਤਾਂ ਉਨ੍ਹਾਂ ਦੇ ਫਿਕਸਿਡ ਚਾਰਜਿਜ਼ ’ਤੇ ਕੋਈ ਕੱਟ ਨਹੀਂ ਲੱਗੇਗਾ। ਝੋਨੇ ਦੇ ਸੀਜ਼ਨ ’ਚ ਕਰੀਬ ਦੋ ਮਹੀਨੇ ਬਿਜਲੀ ਦਾ ਪੀਕ ਸੀਜ਼ਨ ਹੁੰਦਾ ਹੈ ਪਰ ਇਸ ਸਮੇਂ ਦੌਰਾਨ ਪ੍ਰਾਈਵੇਟ ਥਰਮਲਾਂ ਦੇ ਨਾ ਚੱਲਣ ਦੀ ਸੂਰਤ ਵਿੱਚ ਵੀ ਸਰਕਾਰ ਕੋਈ ਐਕਸ਼ਨ ਨਹੀਂ ਲੈ ਸਕਦੀ। ਚਰਚੇ ਰਹੇ ਹਨ ਕਿ ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟ ਲਈ ਕੋਲਾ ਸਪਲਾਈ ਪਛਵਾੜਾ ਕੋਲਾ ਖਾਨ ਦੀ ਥਾਂ ਕੋਲ ਇੰਡੀਆ ਤੋਂ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਪਾਵਰਕੌਮ ਨੂੰ ਬਾਹਰੋਂ ਬਿਜਲੀ ਖਰੀਦਣ ਲਈ 500 ਕਰੋੜ ਰੁਪਏ ਜਾਰੀ ਕੀਤੇ ਹਨ। ਤਲਵੰਡੀ ਸਾਬੋ ਪਾਵਰ ਪਲਾਂਟ ਦਾ ਇੱਕ ਯੂਨਿਟ ਬੰਦ ਹੋਣ ਕਰਕੇ ਪਾਵਰਕੌਮ ਨੂੰ ਹੋਰਨਾਂ ਸਰੋਤਾਂ ਤੋਂ ਜਿੱਥੇ ਬਿਜਲੀ ਖ਼ਰੀਦਣੀ ਪੈ ਰਹੀ ਹੈ, ਉਥੇ ਤਲਵੰਡੀ ਸਾਬੋ ਪਲਾਂਟ ਨੂੰ ਪੂਰੇ ਫਿਕਸਿਡ ਚਾਰਜਿਜ਼ ਵੀ ਦੇਣੇ ਪੈ ਰਹੇ ਹਨ।

            ਪੀਐੱਸਈਬੀ ਇੰਜਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਹਨ। ਪੰਜਾਬ ਨੂੰ ਨਾ ਝੋਨੇ ਦੇ ਸੀਜ਼ਨ ’ਚ ਨਿਰਵਿਘਨ ਸਪਲਾਈ ਮਿਲੀ ਅਤੇ ਨਾ ਹੀ ਬਿਜਲੀ ਦੇ ਰੇਟ ਘਟੇ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਬਿਜਲੀ ਸਮਝੌਤੇ ਫੌਰੀ ਰੱਦ ਕੀਤੇ ਜਾਣ। ਪਾਵਰਕੌਮ ਦੇ ਸੀਐੱਮਡੀ ਏ. ਵੇਣੂ ਪ੍ਰਸਾਦ ਦਾ ਕਹਿਣਾ ਸੀ ਕਿ ਤਲਵੰਡੀ ਸਾਬੋ ਪਲਾਂਟ ਦਾ ਯੂਨਿਟ ਬੰਦ ਪਿਆ ਹੈ ਅਤੇ ਉਪਰੋਂ ਹਨੇਰੀ ਕਰਕੇ 13 ਹਜ਼ਾਰ ਖੰਭੇ ਨੁਕਸਾਨੇ ਗਏ ਜਿਸ ਕਰਕੇ ਦੋ ਕੁ ਦਿਨ ਖੇਤੀ ਸੈਕਟਰ ’ਚ ਸਮੱਸਿਆ ਆਈ ਸੀ ਪਰ ਹੁਣ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਖੇਤੀ ਨੂੰ ਦਿੱਤੀ ਜਾ ਰਹੀ ਹੈ। ਤਲਵੰਡੀ ਸਾਬੋ ਪਲਾਂਟ ਨੂੰ ਉਹ ਸਾਲਾਨਾ ਆਧਾਰ ’ਤੇ ਜੁਰਮਾਨਾ ਲਾਉਣਗੇ ਪਰ ਭਾਰਤ ’ਚ ਕਿਧਰੇ ਵੀ ਬਿਜਲੀ ਸਮਝੌਤਿਆਂ ਵਿੱਚ ਸੀਜ਼ਨ ਪੀਕ ਲੋਡ ਦੀ ਵਿਵਸਥਾ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਕਰੀਬ 80 ਕਰੋੜ ਰੁਪਏ ਮਿਲ ਚੁੱਕੇ ਹਨ ਜਦਕਿ ਬਾਕੀ ਦੇ ਬਿੱਲ ਜਲਦ ਜਮ੍ਹਾਂ ਕਰਾਏ ਜਾਣਗੇ।

                                          ਫੌਜਦਾਰੀ ਕਾਰਵਾਈ ਹੋਵੇ: ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗ ਕੀਤੀ ਕਿ ਨੁਕਸਦਾਰ ਬਿਜਲੀ ਸਮਝੌਤੇ ਕਰਨ ਵਾਲਿਆਂ ’ਤੇ ਫੌਜਦਾਰੀ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਨੂੰ 25 ਸਾਲ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਗੱਠਜੋੜ ਸਰਕਾਰ ਨੇ ਇਨ੍ਹਾਂ ’ਚ ਚਾਬੀ ਕਾਰਪੋਰੇਟਾਂ ਦੇ ਹੱਥ ਫੜਾ ਦਿੱਤੀ ਹੈ। ਕਰੋੜਾਂ ਰੁਪਏ ਦੇ ਫਿਕਸਿਡ ਚਾਰਜਿਜ਼ ਦੇਣ ਦੇ ਬਾਵਜੂਦ ਇਹ ਥਰਮਲ ਝੋਨੇ ਦੇ ਸੀਜ਼ਨ ’ਚ ਕੰਮ ਨਹੀਂ ਆਉਂਦੇ। 

Monday, June 28, 2021

                                                  ਵਿਚਲੀ ਗੱਲ
                                          ਸੱਤਾ, ਸੇਵਾ ਤੇ ਲੰਗਾਹ..!
                                                 ਚਰਨਜੀਤ ਭੁੱਲਰ    

ਚੰਡੀਗੜ੍ਹ, : ਤੇਰਾ ਏਹ ਬੰਦਾ, ਪੈਰੋਂ ਨੰਗਾ, ਨਾ ਫਤੂਰ ਨਾ ਗਰੂਰ, ਬੁੱਢੇ ਮਾਪੇ ਆਪ ਵੀ ਢਿੱਲਾ, ਦਮ ਦਾ ਕੀ ਵਿਸਾਹ। ਜਥੇਦਾਰ ਜੀ! ਹੁਣ ਮੁਆਫ਼ ਵੀ ਕਰੋ, ਦਾਸਾਂ ਦੇ ਦਾਸ ਨੇ, ਏਹ ਸੁੱਚਾ ਸਿੰਘ ਲੰਗਾਹ। ਜੂਠ ਨਾ ਹੋਵੇ, ਝੂਠ ਨਾ ਹੋਵੇ, ਉਹ ਸੁੱਚਾ ਅਖਵਾਏ। ਔਹ ਦੇਖੋ! ਲੰਗਾਹ ਵਾਲੇ, ਗੱਲ ਵਿੱਚ ਪੱਲੂ, ਦਿਲ ਵਿਚ ਸ਼ਰਧਾ, ਦਰ ਤੇਰੇ ’ਤੇ ਆਏ। ਗਿਆਨੀ ਜੀ! ਹੁਣ ਵੱਡਾ ਦਿਲ ਦਿਖਾਓ, ਆ ਗਈਆਂ ਚੋਣਾਂ, ਦੇਰ ਨਾ ਲਾਓ, ਜਾਣ ਨਿਮਾਣਾ ਸਿੱਖ, ਜਰਾ ਛੇਤੀ ਸਜ਼ਾ ਸੁਣਾਓ। ‘ਸਭ ਜੱਗ ਰੂਠੇ, ਰਾਮ ਨਾ ਰੂਠੇ।’ ਅੱਜ ਗੱਲ ਦਾ ਸ੍ਰੀ ਗਣੇੇਸ਼ ਪੱਛਮੀ ਬੰਗਾਲ ਤੋਂ ਕਰਨਾ ਸੀ। ਦਸੌਂਧਾ ਸਿੰਘ ਨੇ ਅੜੀ ਫੜੀ ਐ, ਨਾਲੇ ਆ ਕੇ ਕਲਮ ਫੜ ਲਈ, ਅਖ਼ੇ ਬੱਚੂ! ਬੰਗਾਲ ਨੂੰ ਛੱਡ, ਲੰਗਾਹ ਪਿੰਡ ਚੱਲ। ਬੰਗਾਲ ’ਚ ਖੇਲਾ ਖ਼ਤਮ, ਪੰਜਾਬ ’ਚ ਛਿੰਝ ਬਾਕੀ ਐ। ਪਹਿਲਾਂ ਮਾਜਰਾ ਸਮਝੋ, ਲੰਗਾਹ ਜੀ, ਖੇਤੀ ਮੰਤਰੀ ਰਹੇ ਨੇ। ‘ਪੜ੍ਹੇ ਫਾਰਸੀ ਵੇਚੇ ਤੇਲ, ਇਹ ਦੇਖੋ ਕਰਮਾਂ ਦਾ ਖੇਲ। ਬੱਸ ਸਵਾ ਚਾਰ ਵਰ੍ਹੇ ਪਹਿਲਾਂ, ਇੱਕ ਐਸੀ ਭੀੜ ਪਈ, ਸ਼੍ਰੋਮਣੀ ਅਕਾਲੀ ਦਲ ਨੇ ਦਲ ’ਚੋਂ, ਜਥੇਦਾਰ ਜੀ ਨੇ ਪੰਥ ’ਚੋਂ ਕੱਢ ’ਤਾ। ਏਹ ਜੱਗੋਂ ਤੇਰ੍ਹਵੀਂ ਕਿਵੇਂ ਹੋਈ? ਅਸਾਂ ਨੇ ਮੂੰਹ ਨਹੀਓਂ ਖੋਲ੍ਹਣਾ। ਸੰਗਤ ਜਾਣੀ ਜਾਣ ਐ..!

                 ਛੱਡੋ ਪੁਰਾਣਾ ਲੇਖਾ। ਜੋ ਹੁਣ ਲੰਗਾਹ ਜੀ ਫੁਰਮਾਏ, ਉਸ ’ਤੇ ਕਰੋ ਗੌਰ, ‘ਜਾਣੇ-ਅਣਜਾਣੇ ਹੋਈਆਂ ਭੁੱਲਾਂ ਮੁਆਫ਼ ਕਰਨਾ, ਨੰਗੇ ਪੈਰੀਂ ਆ ਸੇਵਾ ਕਰਦਾ, ਹੁਣ ਮਾਪੇ ਬੁੱਢੇ ਹੋ ਗਏ, ਦਾਸ ਦੀ ਸਿਹਤ ਦਾ ਵੀ ਕੀ ਭਰੋਸਾ, ਧਾਰਮਿਕ ਸਜ਼ਾ ਖਿੜੇ ਮੱਥੇ ਪ੍ਰਵਾਨ ਕਰਾਂਗਾ।’ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੰਨ ਹਰਫੀ ਜੁਆਬੀ ਬਿਆਨ, ‘ਹਾਲੇ ਮੀਟਿੰਗ ਸੱਦਾਂਗੇ’। ‘ਜਿਸ ਕਾ ਕਾਮ, ਉਸੀ ਕੋ ਸਾਜੇ’ ਅਸੀਂ ਐਵੇਂ ਵਿੱਚ ਘੋੜਾ ਭਜਾ ਲਿਆ। ਸ਼ੇਕਸਪੀਅਰ ਆਖਦੇ ਪਏ ਨੇ... ‘ਨਾਮ ’ਚ ਕੀ ਰੱਖਿਐ’। ਸਮਾਓ ਪਿੰਡ ਵਾਲੇ ਭੜਕ ਗਏ, ‘ਸ਼ੇਕਸਪੀਅਰ ਨੂੰ ਕੀ ਪਤੈ...’। ਸਮਾਓ ਦਾ ਸੁੱਚਾ ਸਿੰਘ ਸੂਰਮਾ ਹੋਇਐ। ਏਸ ਸੁੱਚਾ ਸਿੰਘ ਨੇ ਪਰਿਵਾਰ ਦੀ ਇੱਜ਼ਤ ਲਈ ਬੰਦੂਕ ਚੁੱਕੀ। ਪਿੱਛੋਂ ਡਾਕੂ ਬਣਿਆ, ਧੀਆਂ ਭੈਣਾਂ ਦੀ ਪੱਤ ਬਚਾਈ। ਭੁੱਲ ਨਾ ਜਾਈਏ ਕਿਤੇ, ਇੱਕ ਸੁੱਚਾ ਸਿੰਘ ਛੋਟੇਪੁਰ ਵੀ ਹੁੰਦੇ ਸਨ। ਵੱਡੇ ਬਾਦਲ ਅਕਸਰ ਆਖਦੇ ਹੁੰਦੇ ਨੇ...‘ਮੁਆਫ਼ੀ ਮੰਗਣ ਨਾਲ ਕੱਦ ਛੋਟਾ ਨਹੀਂ ਹੁੰਦਾ, ਸਗੋਂ ਮੁਆਫ਼ੀ ਦੇਣ ਵਾਲਾ ਵੀ ਵੱਡਾ ਬਣਦੈ।’

              ਅਦਾਲਤ ’ਚੋਂ ਲੰਗਾਹ ਬਰੀ ਹੋਏ ਨੇ। ਕਿਤੇ ਪੰਥ ਦੀ ਕਚਹਿਰੀ ’ਚ ਗੱਲ ਬਣ’ਗੀ, ਛੇਤੀ ਲੋਕ ਕਚਹਿਰੀ ’ਚ ਜਾਣਗੇ, ਚੋਣਾਂ ਕਿਹੜਾ ਦੂਰ ਨੇ। ਆਖਰੀ ਹਿਸਾਬ ਧਰਮਰਾਜ ਦੀ ਕਚਹਿਰੀ ਹੋਣੈ। ਪਰਲੋਕ ਨੂੰ ਛੱਡੋ, ਮਾਤਲੋਕ ’ਚ ਹਰ ਨੇਤਾ ਆਖਦੈ..‘ਅਭੀ ਤੋਂ ਮੈਂ ਜਵਾਨ ਹੂੰ।’ ‘ਸੇਵਾ’ ਦਾ ਜਜ਼ਬਾ ਵੀ ਬੁੱਢਾ ਨਹੀਂ ਹੁੰਦਾ, ਖਾਸ ਕਰਕੇ ਜਦੋਂ ਰੁੱਤ ਚੋਣਾਂ ਦੀ ਹੋਵੇ। ਸੱਤਾ ਏਦਾਂ ਦਾ ਟੌਨਿਕ ਹੈ, ਨੇਤਾ ਨੂੰ ਤੰਦਰੁਸਤ ਰੱਖਦੇ, ਚਾਹੇ ਕਬਰਾਂ ’ਚ ਲੱਤਾਂ ਹੋਣ। ਕੋਈ ਕਮਜ਼ੋਰੀ ਨੇੜੇ ਨਹੀਂ ਢੁਕਦੀ। ਬਿਲ ਕਲਿੰਟਨ ਨੇ ਟੌਨਿਕ ਐਸਾ ਡੀਕ ਲਾ ਪੀਤਾ, ਕੱਚੀ ਮੁਲਾਜ਼ਮ ਮੋਨਿਕਾ ਨੇ ਢੋਲ ਵਜਾਤੇ। ਕਲਿੰਟਨ ਬਾਬੂ ਅਨਾੜੀ ਨਿਕਲੇ, ‘ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ।’ ਸੱਤਾ ਦੇ ਸ਼ਿਕਾਰੀ, ਸਰੂਰ ’ਚ ਆਉਂਦੇ ਨੇ, ਫੇਰ ਸੱਤ ਖੂਨ ਮੁਆਫ਼ ਵਾਲੀ ਗੱਲ ਹੋ ਜਾਂਦੀ ਹੈ। ਕਈ ਪਾਪਾਂ ਦੇ ਕੱਚੇ ਘੜੇ ’ਤੇ ਤਰ ਜਾਂਦੇ ਨੇ, ਕਲਿੰਟਨ ਵਰਗੇ ਪੱਕੇ ਡੁਬੋ ਬੈਠਦੇ ਨੇ। ਐੱਨ.ਟੀ. ਰਾਮਾ ਰਾਓ, ਦੋ ਵਾਰ ਘੋੜੀ ਚੜ੍ਹੇ, 70 ਸਾਲਾ ਰਾਓ ਨੇ ਤੇਲਗੂ ਲੇਖਕਾ ਲਕਸ਼ਮੀ ਦੇ ਮਾਲਾ ਪਾਈ, ਆਂਧਰਾ ਦੇ ਤਿੰੰਨ ਵਾਰ ਮੁੱਖ ਮੰਤਰੀ ਬਣੇ।

             ਹਰਿਆਣਾ ਵਾਲੇ ਚੰਦਰ ਮੋਹਨ ਤੇ ਅਨੁਰਾਧਾ ਬਾਲੀ ਵਾਲਾ ਕਿੱਸਾ ਕੌਣ ਭੁੱਲਿਐ। ਕਾਂਗਰਸੀ ਸ਼ਸ਼ੀ ਥਰੂਰ ਨੂੰ ਟੌਨਿਕ ਏਨਾ ਰਾਸ ਆਇਐ, ਤਿੰਨ ਵਿਆਹ ਰਚਾਏ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, 68 ਵਰ੍ਹਿਆਂ ਦੀ ਉਮਰ ’ਚ ਐਂਕਰ ਅੰਮ੍ਰਿਤਾ ਨੂੰ ਦਿਲ ਦੇ ਬੈਠੇ। ‘ਜਿੰਨੇ ਕਿੱਸੇ, ਸਾਡੇ ਹਿੱਸੇ’। ਡੀਨ ਐਚਸਨ ਦੀ ਗੱਲ ਵੀ ਠੀਕ ਐ...‘ਸਿਆਸਤਦਾਨ ਬਣਨ ਲਈ ਪਹਿਲੀ ਸ਼ਰਤ ਬੰਦੇ ਦੀ ਮੋਟੀ ਮੱਤ ਵਾਲਾ ਹੋਣਾ ਹੈ।’ ਜਨਮਘੁਟੀ ਸੱਤਾ ਦੀ ਮਿਲ ਜਾਏ, ਫਿਰ ਖ਼ਾਹਿਸ਼ਾਂ ਦਾ ਸਟੋਰ ਹਾਊਸ ਫੁੱਲ ਹੋ ਜਾਂਦੈ। ‘ਸੇਵਾ’ ਲਈ ਨੇਤਾਜਨ ਕੁਰਸੀ ਭਾਲਦੇ ਨੇ। ਨਾਲੇ ‘ਸੇਵਾ’ ਲਈ ਕੋਈ ਉਮਰ ਸੀਮਾ ਨਹੀਂ ਹੁੰਦੀ। ਤਾਹੀਂ ਵੱਡੇ ਬਾਦਲ ਨੇ ਸਿਆਸਤ ਤਿਆਗੀ ਨਹੀਂ। ਅਮਰਿੰਦਰ ਆਖਦੇ ਨੇ... ‘ਹਾਲੇ ਹੋਰ ‘ਸੇਵਾ’ ਕਰੂੰਗਾ’, ਪੰਜਾਬ ਥਰ ਥਰ ਕੰਬਣ ਲੱਗੈ। ਨਵਜੋਤ ਸਿੱਧੂ ਆਖਦੈ, ‘ਸੇਵਾ’ ਵਾਲਾ ਬੱਠਲ ਛੇਤੀ ਮੈਨੂੰ ਫੜਾਓ। ਕੇਜਰੀਵਾਲ ਦੇ ਲੱਛਣ ਵੇਖ, ਭਗਵੰਤ ਮਾਨ ਸੋਚਦੈ, ‘ਸੇਵਾ’ ਵਾਲੀ ਮਿੱਤ ਹੁਣ ਮੇਰੀ ਐ। ਬੰਟੇ ਖੇਡਦੇ ਨਿਆਣੇ ਨੂੰ ਮਿੱਤ ਨਾ ਮਿਲੇ, ਭਲਾ ਫੇਰ ਉਹ ਕੀ ਆਖੂ, ‘ਨਾ ਖੇਡਣਾ, ਨਾ ਖੇਡਣ ਦੇਣੇ..।’ ਭਗਵੰਤ ਮਾਨ ਦਾ ਪਤਾ ਨਹੀਂ।

             ਸੁਖਬੀਰ ਬਾਦਲ ਜੀ ‘ਹਾਥੀ’ ’ਤੇ ਐਵੇਂ ਝੂਟਾ ਲੈਣ ਨੂੰ ਨਹੀਂ ਚੜ੍ਹੇ। ਹਾਲੇ ‘ਸੇਵਾ’ ਵਾਲਾ ਕਾਜ ਅਧੂਰੈ। ਸਾਧ ਸੰਗਤ ਜੀ! ਆਪਣੀ ਮਾਂ ਪਾਰਟੀ ਨੂੰ ‘ਸੇਵਾ’ ਦਾ ਮੌਕਾ ਦਿਓ। ਬਸਪਾ ਵਾਲਿਆਂ ਨੂੰ ਉਪ ਮੁੱਖ ਮੰਤਰੀ ਵਾਲੇ ਸੁਪਨੇ ਨਹੀਂ ਆਉਣੋਂ ਹਟਦੇ। ਪੰਜਾਬ ਆਖਦੈ, ਹੁਣ ਬੱਸ ਵੀ ਕਰੋ, ਨੇਤਾ ਰਿਹਾੜ ਪਏ ਨੇ, ‘ਸੇਵਾ’ ਤਾਂ ਕਰਕੇ ਛੱਡਾਂਗੇ। ‘ਸੇਵਾ’ ਦਾ ਫਲ ਜ਼ਰੂਰ ਮਿਲਦਾ, ਜ਼ਰੂਰੀ ਨਹੀਂ ਉਹ ਉਹੀ ਫ਼ਲ ਹੋਵੇ? ਮਹਾਤਮਾ ਗਾਂਧੀ ਦਾ ਮਸ਼ਵਰਾ ਕੌਣ ਸੁਣਦੈ, ‘ਜਿਸ ਨੇ ਸੇਵਾ ਕਰਨੀ ਹੈ, ਉਹ ਬਿਮਾਰਾਂ ਤੇ ਰੋਗੀਆਂ ਦੀ ਸੇਵਾ ਕਰੇ।’ ਰਹੀ ਗੱਲ ਪੱਛਮੀ ਬੰਗਾਲ ਦੀ, ਉਥੇ ਮਮਤਾ ਦੀਦੀ, ਸ਼ੁਧੀਕਰਨ ’ਚ ਜੁਟੇ ਨੇ। ਭਾਜਪਾ ’ਚ ਗਏ 350 ਵਰਕਰਾਂ ਨੇ ‘ਘਰ ਵਾਪਸੀ’ ਕਰਨੀ ਸੀ। ਦੀਦੀ ਦੇ ਬੰਦਿਆਂ ਨੇ ਪਹਿਲਾਂ ਇਨ੍ਹਾਂ ਵਰਕਰਾਂ ’ਤੇ ਗੰਗਾਜਲ ਛਿੜਕਿਆ। ਪਵਿੱਤਰ ਕਰਕੇ ਘਰ ਵਾੜੇ। ਹਰਿਆਣਵੀ ਦੁਸ਼ਿਯੰਤ ਚੌਟਾਲਾ, ਚੌਧਰੀ ਦੇਵੀ ਲਾਲ ’ਵਰਸਿਟੀ’ ਗਏ, ਪੜਦਾਦੇ ਦੇ ਬੁੱਤ ਦਾ ਉਦਘਾਟਨ ਕਰਨ। ਚਚੇਰਾ ਭਾਈ ਕਰਨ ਚੌਟਾਲਾ, ਦੂਜੇ ਦਿਨ ਗੰਗਾ ਜਲ ਲੈ ਪਹੁੰਚੇ, ਬੁੱਤ ਨੂੰ ਪਵਿੱਤਰ ਕੀਤਾ। ‘ਰੇਖ ’ਚ ਮੇਖ, ਦੇਖ ਭਾਵੇਂ ਨਾ ਦੇਖ।’

             ਹਫ਼ਤਾ ਪਹਿਲਾਂ ਅਖਿਲੇਸ਼ ਦੇ ਟੋਪੀਧਾਰਕਾਂ ਨੇ ਗੰਗਾ ਜਲ ਦਾ ਛਿੜਕਾਓ ਕੀਤੈ, ਜਿਥੋਂ ਦੀ ਮੁੱਖ ਮੰਤਰੀ ਯੋਗੀ ਲੰਘੇ। ਗੰਗਾ ਦਾ ਪਾਣੀ ਪਵਿੱਤਰ ਮੰਨਿਆ ਜਾਂਦੈ। ਫਿਰਕੂ ਕੀਟਾਣੂ ਮਾਰਨ ਲਈ, ਲੱਗਦੈ ਅੱਧੀ ਭਾਜਪਾ ਨੂੰ ‘ਦੋ ਦੋ ਬੂੰਦਾਂ’ ਗੰਗਾ ਜਲ ਪਿਲਾਉਣਾ ਪਊ। ਸਿੱਖ ਪੰਥ ਦਾ ਆਪਣਾ ਵਿਧਾਨ ਐ। ਦੇਸ਼ ਭਗਤਾਂ ਕੋਲ ਆਪਣਾ ਕਮੰਡਲ। ਤਾਹੀਂ ਨਰੇਂਦਰ ਭਾਈ ਆਖਦੇ ਨੇ... ਹਮ ਤੋ ਫਕੀਰ ਹੈਂ..! ‘ਫਕੀਰਾ ਫਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ।’ ਇੱਧਰ, ਛੱਜੂ ਰਾਮ ਹਰਿਦੁਆਰੋਂ ਆਇਐ, ਗੰਗਾ ਜਲ ਦਾ ਟੈਂਕਰ ਭਰ ਲਿਆਇਐ। ਐਲਾਨ ਕੀਤੈ, ਸਭ ਤੋਂ ਪਹਿਲਾਂ ਦੋ ਦੋ ਬੂੰਦਾਂ ਉਨ੍ਹਾਂ ਨੂੰ ਪਿਲਾਊ, ਜਿਨ੍ਹਾਂ ਨੇਤਾਵਾਂ ਦੀ ਦੂਰ ਦੀ ਨਿਗ੍ਹਾ ਕਮਜ਼ੋਰ ਐ, ਪਰਿਵਾਰ ਤੋਂ ਅਗਾਂਹ ਕੁਝ ਨਹੀਂ ਦਿਖਦਾ। ਗੰਗਾਜਲ ਪੰਜਾਬ ਪੁਲੀਸ ਨੂੰ ਵੀ ਦੇਣਾ। ਅਖ਼ੇ, ਨੇਤਾਵਾਂ ਦੀ ਪਾਣੀ ਦੀਆਂ ਬੁੁਛਾੜਾਂ ਨਾਲ ਸ਼ੁੱਧੀ ਕਰਾਓ। ‘ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ’। ਛੱਜੂਆ! ਲੀਡਰਾਂ ਨੂੰ ਥੋੜ੍ਹਾ-ਥੋੜ੍ਹਾ ਲੱਠਾ ਵੀ ਵੰਡੀ, ਘੱਟੋ ਘੱਟ ਦਿਲ ਤਾਂ ਸਾਫ ਕਰ ਲੈਣਗੇ।

            ਪੰਜਾਬੀਓ! ਚੋਣ ਬਿਗਲ ਛੇਤੀ ਵੱਜੂ, ਅੱਗੇ ਕੂਹਣੀ ਮੋੜ ਐ, ਜਰਾ ਸੰਭਲ ਕੇ। ਕੁਰਸੀ ਦੇ ਵਪਾਰੀ, ਨੰਗੇ ਪੈਰ ਆਉਣਗੇ, ਤੁਸਾਂ ਆਪਣੇ ਨੰਗੇ ਪੈਰ ਦਿਖਾਉਣਾ। ਕਿਸਾਨ ਭਰਾਵੋ! ਤੁਸਾਂ ਕਰਜ਼ਾ ਮੁਆਫ਼ੀ ਬਾਰੇ ਪੁੱਛਣਾ। ਲੰਗਾਹ ਵਾਲੀ ਮੁਆਫ਼ੀ ਦਾ ਐਵੇਂ ਬੋਝ ਨਾ ਪਾਇਓ। ਮੁਨਸ਼ੀ ਪ੍ਰੇਮ ਚੰਦ ਦਾ ਅੰਦਾਜ਼ਾ ਠੀਕ ਐ, ‘ਕਰਜ਼ਾ ਅਜਿਹਾ ਮਹਿਮਾਨ ਹੈ, ਜੋ ਇੱਕ ਵਾਰੀ ਆ ਕੇ ਜਾਣ ਦਾ ਨਾਮ ਨਹੀਂ ਲੈਂਦਾ।’ ਦੇਖਦੇ ਜਾਇਓ, ਕੋਈ ‘ਸੇਵਾ’ ਲਈ ਝੋਲੀ ਅੱਡੂ, ਕੋਈ ਰੰਗ ਬਦਲੂ, ਕੋਈ ਚਿਹਰੇ ਵੀ, ਨਾਲੇ ਪੱਗਾਂ ਦੀ ਅਦਲਾ ਬਦਲੀ ਹੋਊ। ਅੰਤ ’ਚ ਸੁਖਦੇਵ ਮਾਦਪੁਰੀ ਦੀ ਹਾਜ਼ਰੀ,‘ ਪਾਪੀ ਲੋਕ ਨਰਕ ਨੂੰ ਜਾਂਦੇ, ਕਹਿੰਦੇ ਲੋਕ ਸਿਆਣੇ/ਨੰਗੇ ਪਿੰਡੇ ਤੁਰਦੇ ਜਾਂਦੇ, ਕਿਆ ਰਾਜਾ ਕਿਆ ਰਾਣੇ/ਨੇਕੀ ਖੱਟ ਬੰਦਿਆਂ, ਧਰਮਰਾਜ ਦੇ ਭਾਣੇ।

Monday, June 21, 2021

                                                   ਵਿਚਲੀ ਗੱਲ
                                          ਤੇਲੀਆਂ ਵਾਲੀ ਸਰਕਾਰ
                                                 ਚਰਨਜੀਤ ਭੁੱਲਰ    

ਚੰਡੀਗੜ੍ਹ :  ਭਲਿਓ ! ਭਲਾ ਇੰਜ ਕੌਣ ਕਰੇਂਦਾ। ਨਾ ਬਣੋ ਮੂਰਖਾਂ ਦੇ ਜ਼ੈਲਦਾਰ। ਸਿਆਣਿਆਂ ਐਵੇਂ ਨਹੀਂ ਕਿਹਾ, ਸਰਕਾਰ ਦੇ ਘਰੋਂ ਤੇਲ ਮਿਲੇਂਦਾ ਹੋਵੇ, ਉਹ ਵੀ ਕੱਚੀ ਘਾਣੀ ਦਾ, ਨਾਲੇ ਮੁਫਤੋ ਮੁਫਤ। ਕੋਲੋਂ ਲੰਘਦੇ ਪਏ ਹੋਵੋੋ, ਭਾਂਡਾ ਕੋਲ ਨਾ ਵੀ ਹੋਵੇ, ਜੁੱਤੀ ’ਚ ਪਵਾ ਛੱਡੋ। ਦਸੌਂਧਾ ਸਿੰਘ ਪੁੱਛਦਾ ਪਿਐ, ‘ਜੇ ਪੈਰੋਂ ਨੰਗੇ ਹੋਈਏ’। ਮੂਰਖਦਾਸੋ! ਫੇਰ ਝੋਲੀ ਕਦੋਂ ਕੰਮ ਆਊ। ‘ਮੁਫ਼ਤ ਦੀ ਗਾਂ ਦੇ ਕੌਣ ਦੰਦ ਗਿਣਦੈ’। ਮਾਰ ਛੜੱਪੇ ਘਰ ਮੁੜ ਆਓ। ਜਿੰਨਾ ਕੁ ਬਚਿਆ, ਨਾਲੇ ਗਾਂ ਦੇ ਸਿੰਗ ਚਮਕਾਓ, ਬਾਕੀ ਜੁਆਕਾਂ ਦੀਆਂ ਬੋਦੀਆਂ ਨੂੰ ਲਾਓ। ‘ਈਦ ਹਰ ਰੋਜ਼ ਨਹੀਂ ਹੁੰਦੀ।’ ਬਜ਼ੁਰਗ ਲੱਖ ਪਏ ਆਖਣ, ‘ਮੁਫ਼ਤ ਨਾਲੋਂ ਮਹਿੰਗਾ ਕੁਝ ਨਹੀਂ ਹੁੰਦਾ।’ ਲੰਡੇ ਲਾਟ ਦੀ ਪ੍ਰਵਾਹ ਨਹੀਂਓ ਕਰਦੇ ਬਾਜਵੇ। ਸੱਚ ਪੁੱਛੋ ਤਾਂ ਦਿਲ ਕਾਦੀਆਂ ਜਾਣ ਨੂੰ ਕਰਦੈ। ਕਿਤੇ ਅੱਗਿਓਂ ਟੱਕਰ ਜਾਣ ਫਤਹਿਜੰਗ ਬਾਜਵਾ। ਪਹਿਲਾਂ ਸਾਹਮਣੇ ਖੜ੍ਹ ਨਿਹਾਰਾ, ਫੇਰ ਏਸ ਰੰਗਲੇ ਵਿਧਾਇਕ ਦੇ ਵਾਰੇ-ਵਾਰੇ ਜਾਵਾਂ। ਚੁੱਕ ਚਰਨਾਂ ਦੀ ਧੂੜ, ਸੌ ਵਾਰ ਮੱਥੇ ਨਾਲ ਲਾਵਾਂ। ਫਤਹਿਜੰਗ ਦੀ ਝੋਲੀ ਨੁਚੜਦੀ ਵੇਖ, ਅਸਾਂ ਲੱਖਣ ਲਾਇਆ, ਏਹ ਸੱਜਣ ਅਮਰਿੰਦਰ ਦੇ ਘਰੋਂ ਆਇਐ। ਮੁੰਡੇ ਟਾਵਰਾਂ ’ਤੇ ਚੜ੍ਹੇ ਰਹਿ ਗਏ। ਜੰਗ ਕੋਈ ਹੋਰ ਹੀ ਫ਼ਤਿਹ ਕਰ ਗਿਐ। ਕਾਦੀਆਂ ਦੀ ਸੱਥ ’ਚ ਢੋਲ ਵੱਜਿਐ। ਲਓ ਜੀ! ਬਾਜਵੇ ਦਾ ਮੁੰਡਾ ਥਾਣੇਦਾਰ ਜੋ ਸਜਿਐ।

             ‘ਪੀੜੇ ਬਿਨਾਂ ਤੇਲ ਨਹੀਂ ਨਿਕਲਦਾ।’ ਬਗਾਵਤ ਕਾਂਗਰਸ ਦੇ ਵਿਹੜੇ ਉੱਠ ਕੇ ਕਾਹਦਾ ਬੈਠੀ ਹੋਈ। ਕੋਹਲੂ ਸਿਸਵਾਂਪੁਰ ’ਚ ਚਲਾਉਣਾ ਪੈ ਗਿਆ। ਬਾਜਵਿਆਂ ਦਾ ਕਾਹਦਾ ਕਸੂਰ! ਮਜੀਠੀਏ ਐਵੇਂ ਚਿੱਕੜ ਸੁੱਟਦੇ ਨੇ। ਬਾਜਵੇ ਕੋਲੋਂ ਲੰਘਦੇ ਪਏ ਸਨ, ਹਕੂਮਤ ਦਾ ‘ਤੇਲੂ ਰਾਮ’ ਹੱਟੀ ਬੈਠਾ ਸੀ। ਬੱਸ ਫੇਰ ਕੀ ਸੀ, ਮੁਫ਼ਤ ਦੇ ਤੇਲ ਨੇ ਝੋਲੀ ਦਾ ਦਮ ਘੁੱਟ’ਤਾ। ਬਾਜਵੇ ਦੀ ਝੋਲੀ ਵੇਖ, ਲੁਧਿਆਣਵੀ ਵਿਧਾਇਕ ਰਾਕੇਸ਼ ਪਾਂਡੇ ਵੀ ਦੌੜਿਆ। ਸ਼ੁਕਰ ਐ! ਕੋਹਲੂ ਚੱਲਦਾ ਪਿਆ ਸੀ, ਜਨਾਬ ਪਾਂਡੇ ਨੇ ਖੀਸਾ ਅੱਗੇ ਕਰ’ਤਾ। ‘ਤੇਲੀਆਂ ਵਾਲੀ ਸਰਕਾਰ’ ਨੇ ਤੇਲ ਨਾਲ ਬੋਝਾ ਭਰ’ਤਾ।ਗੁਰ ਨਾਲ ਪ੍ਰੀਤ ਰੱਖਣ ਵਾਲਾ ਮੰਤਰੀ ਵਕਤੋਂ ਖੁੰਝ ਗਿਆ। ਝੋਲੀ ਅੱਡੀ ਰਹਿ ਗਈ..! ਮਾਲ ਬਿਨਾਂ ਕਾਹਦੇ ਮੰਤਰੀ। ਹੁਣ ਏਸ ਨੂੰ ਝੋਰਾ ਵੱਢ-ਵੱਢ ਖਾਂਦੈ, ਕਿਤੇ ਜਵਾਈ ਭਾਈ ਨਾ ਰੁੱਸ ਜਾਵੇ। ਮੁਫ਼ਤ ’ਚ ਵੰਡੇ ਤੇਲ ਦੀ ਬਿਨਾਂ ਧਾਰ ਵੇਖੇ, ਅਕਾਲੀਆਂ ਸਿਰ ’ਤੇ ਛੱਤ ਚੁੱਕ ਲਈ। ਪ੍ਰਧਾਨ ਜੀ ਛੱਤ ’ਤੇ ਚੜ੍ਹ ਲੱਗੇ ਰੌਲਾ ਪਾਉਣ। ਅਖ਼ੇ, ਵਿਧਾਇਕ ਫਤਹਿਜੰਗ ਬਾਜਵਾ ਦੇ ਮੁੰਡੇ ਨੂੰ ਥਾਣੇਦਾਰ, ਰਾਕੇਸ਼ ਪਾਂਡੇ ਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ ਕਾਹਤੋਂ ਲਾਇਐ। ‘ਜਿਸ ਦੀ ਤੇਗ, ਉਸ ਦੀ ਦੇਗ।’ ਅਮਰਿੰਦਰ ਦਬਦਾ ਕਿਥੇ ਐ..! ਜੁਆਬ ਸੁਣ ਕੇ ਜਾਇਓ, ਅਤਿਵਾਦ ਦੇ ਦੌਰ ’ਚ ਇਨ੍ਹਾਂ ਵਿਧਾਇਕਾਂ ਨੇ ਪਿਓ ਗੁਆਏ, ਤਾਹੀਂ ਦੋਵਾਂ ਦੇ ਲਾਡਲੇ ਨੌਕਰੀ ਲਾਏ।

              ਕੋਈ ਗਾਉਂਦਾ ਲੰਘ ਰਿਹੈ...‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ।’ ਭਰਾਵੋਂ! ਅਕਲਾਂ ਨੂੰ ਹੱਥ ਮਾਰੋ, ਸਰਕਾਰ ਦਾ ਏਡਾ ਵੱਡਾ ਭੰਡਾਰੈ, ਦੋ ਚਾਰ ਪੀਪੇ ਤੇਲ ਦੇ ਵੰਡ’ਤੇ, ਥੋਡਾ ਕਿਉਂ ਢਿੱਡ ਦੁੱਖਦੈ। ਵਿਰੋਧਦਾਸੋ! ਕੰਨ ਧਰ ਸੁਣੋ। ਭਾਈ! ਏਹ ਕਿਸਮਤ ਦੇ ਕੜਛੇ ਨੇ। 14 ਵਰ੍ਹੇ ਕੁ ਪਹਿਲਾਂ ਫਤਹਿਜੰਗ ਦੀ ਗਠੜੀ ’ਚ 17.71 ਕਰੋੜ ਦੀ ਮਾਇਆ ਸੀ। ਫੇਰ ਵੀ ਲੱਛਮੀ ਪਿੱਛਾ ਕਰਨਾ ਨਾ ਹਟੀ। ਅੱਜ ਏਸ ਲੋਕ ਸੇਵਕ ਕੋਲ 33.31 ਕਰੋੜ ਦੀ ਜਾਇਦਾਦ ਹੈ। ਹੁਣ ਬੱਕਰੀ ਵੀ ਨੋਟ ਨਹੀਂ ਖਾਂਦੀ। ‘ਕੌੜੀ ਨਿੰਮ ਨੂੰ ਲੱਗਣ ਪਤਾਸੇ, ਵਿਹੜੇ ਹਾਕਮਾਂ ਦੇ।’ ਪੁਰਾਣੇ ਵੇਲਿਆਂ ’ਚ ਸੁਣਦੇ ਸੀ ਕਿ ਵਿਆਹ ਮੌਕੇ ਕੁੜੀਆਂ ਸਿਹਰਾ ਪੜ੍ਹਦੀਆਂ। ਵਿਆਂਹਦੜ ਦੇ ਪਰਲੋਕ ਬੈਠੇ ਵਡੇਰਿਆਂ ਦੀ ਸਿਹਰੇ ’ਚ ਸਿਫ਼ਤ ਹੁੰਦੀ, ‘ਦਾਦਾ ਬੈਠ ਸਵਰਗ ਦੀ ਖਿੜਕੀ, ਵੇਖੋ ਕਿਵੇਂ ਫੁੱਲ ਵਰਸਾਂਵਦਾ ਏ।’ ਪਰਲੋਕ ’ਚ ਇਨ੍ਹਾਂ ਦਾਦਿਆਂ ਨੇ ਜ਼ਰੂਰ ਫੁੱਲ ਵਾਰੇ ਹੋਣਗੇ, ਆਖਰ ਪੋਤੇ ਅਫ਼ਸਰ ਜੋ ਬਣੇ ਨੇ। ਮਾਰਟਿਨ ਲੂਥਰ ਕਿੰਗ ਦੀ ਆਵਾਜ਼ ਕੰਨੀਂ ਪਈ ਐ... ‘ਨਾਇਨਸਾਫ਼ੀ ਕਿਤੇ ਵੀ ਹੋ ਰਹੀ ਹੋਵੇ, ਉਹ ਦੁਨੀਆ ਭਰ ਦੇ ਇਨਸਾਫ ਲਈ ਖ਼ਤਰਾ ਹੁੰਦੀ ਹੈ।’

            ਔਹ ਨਵਜੋਤ ਸਿੱਧੂ ਕਿਧਰੋਂ ਆ ਟਪਕੇ, ਓ ਗੁਰੂ! ਏਹ ਕੋਹਲੂ ਐਵੇਂ ਨਹੀਂ ਹੋਇਆ ਸ਼ੁਰੂ। ਦਸੌਂਧਾ ਸਿੰਘ ਚੁੱਪ ਨਹੀਂ ਰਹਿ ਸਕਦਾ... ਭਾਈ ਗੁਰੂ! ਫੱਤੋ ਦੇ ਭੈੜੇ-ਭੈੜੇ ਯਾਰਾਂ ਬਾਰੇ ਤਾਂ ਚਾਣਨਾ ਪਾਓ। ਪਰਗਟ ਸਿੰਘ ਕੰਨ ’ਚ ਦੱਸ ਰਿਹੈ, ‘ਏਹ ਸਾਰਾ ਸਾਧ ਦੀ ਭੂਰੀ ’ਤੇ ’ਕੱਠ ਹੈ।’ ਕਿਤੇ ਹਾਜ਼ਰ ਹੁੰਦੇ, ਵੱਡੇ ਬਾਦਲ ਜ਼ਰੂਰ ਆਖਦੇ... ਚਲੋ ਛੱਡੋ ਜੀ! ਅਮਰਿੰਦਰ ਜ਼ਿੱਦ ਛੱਡ ਕੇ, ਅਕਾਲੀਆਂ ਤੋਂ ਹੀ ਸਿੱਖ ਲੈਂਦੇ, ਰੌਲਾ ਤਾਂ ਨਾ ਪੈਂਦਾ। ਗੱਠਜੋੜ ਸਰਕਾਰ ਦੇ ਆਖਰੀ ਵਰ੍ਹੇ। ਨੇੜਲਿਆਂ ਦੇ ਕਈ ਜੁਆਕਾਂ ਨੂੰ ਚੋਰ ਦਰਵਾਜ਼ੇ ਏਐੱਸਆਈ/ਸਬ ਇੰਸਪੈਕਟਰ ਬਣਾ’ਤਾ ਸੀ। ਕਿੱਧਰੇ ਕੋਈ ਭਾਫ ਨਹੀਂ ਨਿਕਲੀ। ਮੁਨਸ਼ੀ ਪ੍ਰੇਮ ਚੰਦ ਦਾ ਪ੍ਰੇਮ ਵਾਕ ਸੁਣੋ...‘ਪ੍ਰਸਿੱਧੀ ਸਫ਼ੈਦ ਪਹਿਰਾਵੇ ਵਰਗੀ ਹੁੰਦੀ ਹੈ ਜਿਸ ’ਤੇ ਪਿਆ ਛੋਟਾ ਜੇਹਾ ਦਾਗ ਵੀ ਛੁਪਾਇਆ ਨਹੀਂ ਜਾ ਸਕਦਾ।’ ਕੈਪਟਨ ਦੀ ਚਿੱਟੀ ਚਾਦਰ ’ਤੇ ਪਹਿਲਾਂ ਛਿੱਟਾ ਉਦੋਂ ਪਿਆ, ਜਦੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਸਿੱਧਾ ਡੀਐੱਸਪੀ ਬਣਾ’ਤਾ। ਐਵਰੈਸਟ ਚੋਟੀ ਦੇ ਖਿਡਾਰੀ ਆਖ, ਇੱਕ ਪੀਸੀਐੱਸ ਅਫਸਰ ਦੇ ਮੁੰਡੇ, ਦੂਜਾ ਪਟਿਆਲੇ ਦੇ ਕਾਂਗਰਸੀ ਦੇ ਮੁੰਡੇ ਨੂੰ ਵੀ ਡੀਐੱਸਪੀ ਲਾ’ਤਾ। ਹੁਣ ਚੱਲ ਸੋ ਚੱਲ, ਨਵਾਂ ਕੋਹਲੂ ਕਾਹਦਾ ਚੱਲਿਐ, ਚਾਦਰ ਸਤਰੰਗੀ ਹੋ ਗਈ। ਪ੍ਰਸ਼ਾਂਤ ਕਿਸ਼ੋਰ ਨੇ ਸੁਨੇਹਾ ਲਾਇਐ, ਬਾਦਸ਼ਾਹੋ! ਫਿਕਰ ਛੱਡੋ, ਨਿਰਮਾ ਪਾਊਡਰ ਲੈ ਕੇ ਆ ਰਿਹਾ।

              ਛੱਜੂ ਰਾਮ ਕੀਰਤਨ ਸੁਣ ਰਿਹੈ...‘ਰੱਜਿਆਂ ਨੂੰ ਭਰਦੀ ਦੁਨੀਆ, ਪੁੱਛਦਾ ਕੌਣ ਗਰੀਬਾਂ ਨੂੰ।’ ਪਿੰਡ ਮੰਡਾਲੀ (ਮਾਨਸਾ) ਦਾ ਹਰਭਜਨ ਸਿੰਘ 21 ਵਰ੍ਹੇ ਪਹਿਲਾਂ ਕਸ਼ਮੀਰ ’ਚ ਸ਼ਹੀਦ ਹੋਇਆ। ਉਦੋਂ ਸ਼ਹੀਦ ਦਾ ਬੱਚਾ ਰਣਜੀਤ ਤਿੰਨ ਵਰ੍ਹਿਆਂ ਦਾ ਸੀ। ਐੱਮਏ, ਈਟੀਟੀ ਤੇ ਟੈੱਟ ਪਾਸ ਰਣਜੀਤ ਨੇ ਹੁਣ ਜਦੋਂ ਨੌਕਰੀ ਮੰਗੀ। ‘ਤੇਲੀਆਂ ਦੀ ਸਰਕਾਰ’ ਦਾ ਤਰਕ ਸੁਣੋ, ਬਾਪ ਦੀ ਸ਼ਹੀਦੀ ਨੂੰ ਲੰਮਾ ਸਮਾਂ ਹੋ ਗਿਆ, ਹੁਣ ਨਹੀਂ ਦੇ ਸਕਦੇ ਨੌਕਰੀ। ਕਾਸ਼! ਰਣਜੀਤ ਵੀ ਕਿਸੇ ਬਾਜਵੇ ਦਾ ਮੁੰਡਾ ਹੁੰਦਾ। ਯਾਦਾਂ ’ਚ ਮਹਾਰਾਜਾ ਰਣਜੀਤ ਸਿੰਘ ਆ ਘੁੰਮੇ ਨੇ। ਆਓ ਪਹਿਲਾਂ ਕਿੱਸਾ ਸੁਣਾਈਏ। ਕੇਰਾਂ ਰਾਜਾ ਰਣਜੀਤ ਸਿੰਘ, ਹਾਥੀ ’ਤੇ ਚੜ੍ਹ ਕਿਸੇ ਪਿੰਡ ’ਚੋਂ ਲੰਘ ਰਹੇ ਸਨ। ਇੱਕ ਪਰਚੂਨ ਦੀ ਹੱਟੀ ’ਤੇ ਬੈਠਾ ਮੁੰਡਾ ਦੇਖਿਆ। ਸ਼ੇਰ-ਏ-ਪੰਜਾਬ ਤੱਕੜੀ ਤੋਲਦੇ ਮੁੰਡੇ ਦਾ ਸਰੀਰ ਦੇਖ ਬੋਲੋ, ਜਵਾਨਾ! ਤੇਰੇ ਡੌਲੇ ਬੜੇ ਮਜ਼ਬੂਤ ਨੇ, ਤੂੰ ਜਰਨੈਲ ਬਣ ਸਕਦੈ। ਬਾਣੀਆਂ ਦੇ ਮੁੰਡੇ ਨੇ ਹੱਥ ਜੋੜੇ, ਬਾਦਸ਼ਾਹ ਸਲਾਮਤ! ਐਵੇਂ ਥੋਨੂੰ ਭੁਲੇਖਾ ਲੱਗ ਗਿਆ। ਉਹ ਜਰਨੈਲ ਮੋਹਕਮ ਚੰਦ ਸੀ ਜਿਸ ਨੇ ਮਹਾਰਾਜੇ ਦੀ ਮੌਤ ਪਿੱਛੋਂ, ਫਿਲੌਰ ਦੇ ਕਿਲੇ ’ਤੇ ਬੈਠ ਅੰਗਰੇਜ਼ ਖੰਘਣ ਨਹੀਂ ਦਿੱਤੇ ਸਨ।

             ਅੱਜ ਪੰਜਾਬ ਕਪਲਾ ਗਊ ਬਣਿਐ। ਸਿਆਸੀ ਜੌਹਰੀ ‘ਸੂਰਮਾ ਸਿੰਘ’ ਬਣੇ ਨੇ। ‘ਅੰਨ੍ਹਾ ਵੰਡੇ ਸ਼ੀਰਨੀ..!’ ਕਿਸੇ ਵਜ਼ੀਰ ਦਾ ਮੁੰਡਾ ਚੇਅਰਮੈਨ ਬਣਿਐ, ਕਿਸੇ ਦਾ ਐੱਮਡੀ। ‘ਘਰ-ਘਰ ਨੌਕਰੀ’ ਦੇ ਹੱਕਦਾਰ, ਕੂਕਦੇ ਪਏ ਨੇ। ਹੱਕ ਲਈ ਪਟਿਆਲਾ ’ਚ ਨੇਤਰਹੀਨਾਂ ਨੇ ਵੀ ਛੈਣੇ ਖੜਕਾਏ। ਇਨ੍ਹਾਂ ਵਾਰੀ ਰੁਜ਼ਗਾਰ ਵਾਲਾ ਲੰਗਰ ਮਸਤਾਨਾ ਹੋਇਐ। ਕਿਸਾਨ ਬਾਪ ਬਿਨਾਂ ਗੱਲੋਂ ਦਿੱਲੀ ’ਚ ਨਹੀਂ ਗੱਜ ਰਹੇ। ਸਿਆਣੇ ਆਖਦੇ ਹਨ, ‘ਜਿਹੜਾ ਪਹਿਲਾਂ ਹੀ ਗਿੱਲਾ ਹੋਵੇ, ਉਸ ਨੂੰ ਮੀਂਹ ਦੀ ਪ੍ਰਵਾਹ ਨਹੀਂ ਹੁੰਦੀ।’ ‘ਤਰਸ ਦਾ ਆਧਾਰ’ ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ ਬਣਦੈ। ਸਰਕਾਰੀ ਮੁਲਾਜ਼ਮਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡਣ ਵੇਲੇ, ਮੰਤਰੀ ਢੋਲ ਵਜਾਉਂਦੇ ਨੇ। ਸਮਾਰੋਹ ਰਚਾਉਂਦੇ ਨੇ, ਚੌਕੀਦਾਰੀ ਤੇ ਬੇਲਦਾਰੀ ਦੇ ਪੱਤਰ ਫੜਾਉਂਦੇ ਨੇ। ਕੋਈ ਸਿਆਸੀ ਕਾਨੂੰਗੋ ਨਹੀਂ ਦੱਸੇਗਾ, ਬਈ! ਜਦੋਂ ਰਾਕੇਸ਼ ਪਾਂਡੇ ਸਾਬਕਾ ਵਿਧਾਇਕ ਬਣੂ, ਉਸ ਨੂੰ ਪੌਣੇ ਤਿੰਨ ਲੱਖ ਚੜ੍ਹੇ ਮਹੀਨੇ ਪੈਨਸ਼ਨ ਮਿਲੂ। ਮੁੰਡਾ ਨਾਇਬ ਤਹਿਸੀਲਦਾਰ ਬਣਿਐ। ਪਾਂਡੇ ਪਰਿਵਾਰ ਲਈ ਤਾਂ ਇਨਕਲਾਬ ਆ ਗਿਐ। ਕਾਮਰੇਡ ਆਖਦੇ ਨੇ, ਉੱਚੀਆਂ ਸਟੇਜਾਂ ’ਤੇ ਚੜ੍ਹ ਕੇ ਵੀ ਨਾਅਰੇ ਬਹੁਤ ਮਾਰੇ, ਇਨਕਲਾਬ ਕਿਤੇ ਨਜ਼ਰ ਨਹੀਂ ਪਿਆ। ਕਿਸੇ ਨੇ ਮਸ਼ਵਰਾ ਦਿੱਤਾ, ਕਾਮਰੇਡੋ! ਹਾਥੀ ’ਤੇ ਚੜ੍ਹ ਕੇ ਦੇਖ ਲਓ। ਕਿਸੇ ਬੰਨ੍ਹਿਓ ਹੇਕ ਗੂੰਜਣ ਲੱਗੀ ਹੈ...‘ਨਿੱਤ ਬਰ੍ਹਮੇ ਜਲ ਪਾਵਾਂ, ਵੇ ਵੀਰਾ ਤੇਰੀ ਜੜ੍ਹ ਲੱਗ ਜਾਏ।’

Sunday, June 20, 2021

                                              ਕੌਣ ਸੁਣੇ ਅਰਜੋਈ
                             ਧੀਆਂ ਕਿਉਂ ਜੰਮੀਆਂ ਨੀਂ ਮਾਏ..!
                                                ਚਰਨਜੀਤ ਭੁੱਲਰ     

ਚੰਡੀਗੜ੍ਹ : ਵੀਰਪਾਲ ਕੌਰ ਨੂੰ ਬੇਕਾਰੀ ਨੇ ਕਈ ਥਾਣੇ ਦਿਖਾ ਦਿੱਤੇ ਹਨ। ਉਮਰ ਤੋਂ ਲੰਮੇਰਾ ਉਸ ਨੇ ਸੰਘਰਸ਼ ਕੀਤਾ ਹੈ, ਜਿਸ ਦਾ ਕੋਈ ਮੁੱਲ ਨਹੀਂ ਪਿਆ। ਇੰਨੇ ਲਾਠੀਚਾਰਜ ਝੱਲ ਚੁੱਕੀ ਹੈ ਕਿ ਗਿਣਤੀ ਦਾ ਚੇਤਾ ਨਹੀਂ। ਗੱਠਜੋੜ ਹਕੂਮਤ ਨੇ ਇਸ ਧੀ ’ਤੇ ਇਰਾਦਾ ਕਤਲ ਦਾ ਪਰਚਾ ਪਾਇਆ। ਕੈਪਟਨ ਸਰਕਾਰ ਤੋਂ ਰੁਜ਼ਗਾਰ ਮੰਗਣ ਗਈ, ਅੱਗਿਓਂ ਲਾਠੀਆਂ ਦੀ ਬੁਛਾੜ ਮਿਲੀ। ਵੀਰਪਾਲ ਦੇ ਪਿਓ-ਦਾਦੇ ਨੇ ਤਾਂ ਕਦੇ ਥਾਣੇ ਕਚਹਿਰੀ ਦਾ ਮੂੰਹ ਨਹੀਂ ਵੇਖਿਆ ਸੀ। ਮਾਂ ਮਹਿੰਦਰ ਕੌਰ ਨੂੰ ਗਸ਼ ਪੈ ਜਾਂਦਾ, ਜਦੋਂ ਧੀ ਨੂੰ ਹਵਾਲਾਤ ’ਚ ਵੇਖਦੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਧਾਣਾ ਦੀ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ। ਉਸ ਕੋਲ ਈਟੀਟੀ ਅਤੇ ਬੀ.ਐੱਡ ਦੀ ਡਿਗਰੀ ਹੈ। ਸਾਲ 2003 ਵਿੱਚ ਉਸ ਨੇ ਈਜੀਐੱਸ ਵਜੋਂ ਇੱਕ ਹਜ਼ਾਰ ਰੁਪਏ ’ਤੇ ਕੰਮ ਸ਼ੁਰੂ ਕੀਤਾ। 16 ਸਾਲ ਸੰਘਰਸ਼ ਕਰਨ ਮਗਰੋਂ ਅੱਜ ਤਨਖਾਹ ਛੇ ਹਜ਼ਾਰ ਰੁਪਏ ਹੈ ਤੇ ਉਹ ਮਹਿਕਮੇ ਦੀ ਕੱਚੀ ਮੁਲਾਜ਼ਮ ਹੈ। ਪਿਤਾ ਦੀ ਮੌਤ ਹੋ ਗਈ ਹੈ ਅਤੇ ਕਿਰਾਏ ਦੇ ਮਕਾਨ ’ਚ ਜ਼ਿੰਦਗੀ ਬਸਰ ਕਰ ਰਹੀ ਹੈ। ਵੀਰਪਾਲ ਆਖਦੀ ਹੈ ਕਿ ਉਸ ਕੋਲ ਵਿੱਦਿਅਕ ਯੋਗਤਾ ਤਾਂ ਹੈ ਪਰ ਸਿਆਸੀ ਸਿਫਾਰਸ਼ ਨਹੀਂ। ਉਸ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਕਾਲ ਸੜਕਾਂ ’ਤੇ ਕੂਕ ਕੂਕ ਕੱਢ ਲਿਆ ਹੈ। ਉਸ ’ਤੇ ਦਸ ਦਫ਼ਾ ਪੁਲੀਸ ਦੀ ਡਾਂਗ ਵਰ੍ਹੀ ਹੈ। ਉਹ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀ ਹੈ।

               ਬਲਾਕ ਮਲੋਟ ਦੇ ਪਿੰਡ ਰਾਣੀਵਾਲਾ ਦੀ ਰਾਜਵੀਰ ਕੌਰ ਕਿਸ ਮਹਾਰਾਜੇ ਦੇ ਦਰ ’ਤੇ ਜਾ ਕੇ ਰੋਵੇ। ਜਿੱਥੇ ਵੀ ਮੰਗ ਰੱਖੀ, ਲਾਠੀਆਂ ਮਿਲੀਆਂ। ਭਰਾ ਹਰਭਜਨ ਅੱਜ ਜਿਊਂਦਾ ਹੁੰਦਾ ਤਾਂ ਆਖਦਾ, ‘ਭੈਣੇ! ਤੈਨੂੰ ਪੁਲੀਸ ਦੀ ਕੁੱਟ ਖਾਣ ਲਈ ਨਹੀਂ ਪੜ੍ਹਾਇਆ।’ ਰਾਜਵੀਰ ਕੌਰ ਨੇ 16 ਜੂਨ ਨੂੰ ਮੁਹਾਲੀ ’ਚ ਸਿੱਖਿਆ ਬੋਰਡ ਦੀ ਇਮਾਰਤ ’ਤੇ ਸਲਫਾਸ ਖਾ ਲਈ ਸੀ। ਉਸ ਦੀ ਮਾਂ ਜਿਊਂਦੀ ਹੁੰਦੀ ਤਾਂ ਜ਼ਰੂਰ ਆਖਦੀ, ‘ਧੀਏ! ਤੈਨੂੰ ਸਲਫਾਸ ਖਾਣ ਲਈ ਨਹੀਂ ਜੰਮਿਆ ਸੀ।’ ਰਾਜਵੀਰ ਕੌਰ ਨੇ ਪਹਿਲਾਂ ਭੋਖੜਾ ’ਚ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ।ਰਾਜਵੀਰ ਦੇ ਪੇਟ ’ਚ ਅੱਠ ਮਹੀਨੇ ਦਾ ਬੱਚਾ ਸੀ, ਜਦੋਂ ਉਹ ਤਿੰਨ ਦਿਨ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਰਹੀ ਸੀ। ਉਹ ਗਰੈਜੂਏਟ ਹੈ ਤੇ ਈਟੀਟੀ ਤੇ ਐੱਨਟੀਟੀ ਪਾਸ ਹੈ। ਕਈ ਵਾਰ ਪਤੀ ਅੱਕ ਕੇ ਆਖ ਦਿੰਦੈ, ‘ਰਾਜਵੀਰ! ਥੋਡੀ ਕੋਈ ਸੁਣਦਾ ਤਾਂ ਹੈ ਨਹੀਂ, ਨਿੱਤ ਤੁਰ ਜਾਂਦੇ ਹੋ, ਇਵੇਂ ਚੱਲੇਗਾ ਤਾਂ ਘਰੇ ਨਾ ਆਇਓ।’ ਰੁਜ਼ਗਾਰ ਖ਼ਾਤਰ ਜਲੰਧਰ ਦੀ ਹਰਪ੍ਰੀਤ ਕੌਰ ਦੋ ਦਫ਼ਾ ਜੇਲ੍ਹ ਵੇਖ ਚੁੱਕੀ ਹੈ। ਪਾਣੀ ਦੀਆਂ ਬੁਛਾੜਾਂ ਅੱਗੇ ਕਈ ਵਾਰ ਅੜ ਚੁੱਕੀ ਹੈ। ਜਦੋਂ ਪੁਲੀਸ ਨੇ ਚੁਣੌਤੀ ਦਿੱਤੀ ਤਾਂ ਇਸ ਧੀ ਨੇ ਸਾਲ 2015 ਵਿੱਚ ਬਠਿੰਡਾ ਨਹਿਰ ਵਿੱਚ ਛਾਲ ਮਾਰ ਦਿੱਤੀ। 

               ਹਰਪ੍ਰੀਤ ਨਿੱਕੇ ਹੁੰਦੇ ਟੱਬ ਦੇ ਪਾਣੀ ਤੋਂ ਵੀ ਡਰ ਜਾਂਦੀ ਸੀ। ਸਿਰ ’ਤੇ ਆਣ ਪਈ ਤਾਂ ਨਹਿਰ ’ਚ ਕੁੱਦ ਪਈ। ਹਰਪ੍ਰੀਤ ਗਰੈਜੂਏਟ ਤੇ ਈਟੀਟੀ ਤੋਂ ਇਲਾਵਾ ਐੱਨਟੀਟੀ ਪਾਸ ਵੀ ਹੈ। ਉਹ 2008 ’ਚ ਬਤੌਰ ਏਆਈਈ ਭਰਤੀ ਹੋਈ। ਅੱਜ ਛੇ ਹਜ਼ਾਰ ਮਹੀਨੇ ’ਤੇ ਕੰਮ ਕਰ ਰਹੀ ਹੈ। ਉਸ ਦੀ ਧੀ ਪ੍ਰਨੀਤ ਕੌਰ ਵੀ ਪੰਦਰਾਂ ਵਰ੍ਹਿਆਂ ਦੀ ਹੈ। ਮਾਂ ਨੂੰ ਹਾਲੇ ਸਰਕਾਰ ਨੇ ਰੈਗੂਲਰ ਨਹੀਂ ਕੀਤਾ। ਬੱਚੀ ਪ੍ਰਨੀਤ ਨੂੰ ਜੁਆਕ ਸੁਆਲ ਕਰਦੇ ਨੇ, ‘ਤੇਰੀ ਮੰਮੀ ਜੇਲ੍ਹ ਕਿਉਂ ਗਈ ਸੀ।’ ਹਰਪ੍ਰੀਤ ਦੱਸਦੀ ਹੈ ਕਿ ਉਸ ਦੇ ਪੁਰਖਿਆਂ ’ਚੋਂ ਕੋਈ ਥਾਣੇ ਕਚਹਿਰੀ ਅੱਗਿਓਂ ਨਹੀਂ ਲੰਘਿਆ ਸੀ ਪਰ ਹਕੂਮਤਾਂ ਨੇ ਪਿਓ-ਦਾਦੇ ਦੀ ਵਿਰਾਸਤ ਨੂੰ ਦਾਗ਼ ਲਾ ਦਿੱਤਾ। ਹਰਪ੍ਰੀਤ ਕੌਰ ਅੱਜ ਵੀ ਮੁਹਾਲੀ ’ਚ ਸਿੱਖਿਆ ਵਿਭਾਗ ਦੀ ਇਮਾਰਤ ’ਤੇ ਸੰਘਰਸ਼ ਕਰਦੀ ਉੱਤਰੀ ਹੈ। ਹਰਪ੍ਰੀਤ ਕੌਰ ਦੀ ਮਾਂ ਤੀਰਥ ਕੌਰ ਕਹਿੰਦੀ ਹੈ, ‘ਮੈਂ ਮਰ ਕਿਉਂ ਨਹੀਂ ਗਈ, ਏਹ ਦਿਨ ਵੇਖਣ ਤੋਂ ਪਹਿਲਾਂ।’

               ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਕਿਰਨਜੀਤ ਕੌਰ ਦਾ ਦੁੱਖ ਏਨਾ ਵੱਡਾ ਹੈ ਕਿ ਉਸ ਨੂੰ ਜ਼ਿੰਦਗੀ ਭਰ ਆਪਣੇ ਹੱਥੋਂ ਕਿਰੀ ਬੱਚੀ ਦਾ ਮਲਾਲ ਰਹੇਗਾ। ਕਿਰਨਜੀਤ ਕੌਰ ਈਜੀਐੱਸ ਵਜੋਂ ਕੰਮ ਕਰ ਰਹੀ ਹੈ। ਹਰ ਸਰਕਾਰ ਦਾ ਉਸ ਨੇ ਲਾਠੀਚਾਰਜ ਝੱਲਿਆ ਹੈ। ਕਈ ਵਰ੍ਹੇ ਪਹਿਲਾਂ ਉਹ ਆਪਣੀ 14 ਮਹੀਨੇ ਦੀ ਧੀ ਰੂਥ ਨੂੰ ਗੋਦ ਵਿੱਚ ਬਿਠਾ ਕੇ ਧਰਨੇ ’ਤੇ ਬੈਠ ਗਈ ਸੀ। ਠੰਢੀਆਂ ਰਾਤਾਂ ਨੇ ਰੂਥ ਨੂੰ ਝਟਕਾ ਦੇ ਦਿੱਤਾ। ਮ੍ਰਿਤਕ ਬੱਚੀ ਦੀ ਦੇਹ ਸੜਕ ’ਤੇ ਰੱਖ ਇਨ੍ਹਾਂ ਅਧਿਆਪਕਾਂ ਨੇ ਸਰਕਾਰ ਨੂੰ ਹਲੂਣਾ ਦਿੱਤਾ। ਕਿਰਨਜੀਤ ਕੌਰ ਆਖਦੀ ਹੈ ਕਿ ਇੱਕ ਬੱਚੀ ਗੁਆ ਕੇ ਵੀ ਉਹ ਜ਼ਿੰਦਾ ਹੈ ਤਾਂ ਜੋ ਸਰਕਾਰਾਂ ਦਾ ਕਰੂਰ ਚਿਹਰਾ ਵੇਖ ਸਕੇ। ਉਹ ਆਖਦੀ ਹੈ ਕਿ ਜਿੰਨਾ ਸਮਾਂ ਜ਼ਿੰਦਗੀ ਹੈ, ਬੱਚੀ ਰੂਥ ਦਾ ਦੁੱਖ ਨਾਲ ਹੀ ਚੁੱਕਾਂਗੀ। ਇਸੇ ਤਰ੍ਹਾਂ ਦੀ ਕਹਾਣੀ ਹਜ਼ਾਰਾਂ ਧੀਆਂ ਦੀ ਹੈ, ਜਿਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਸਰਕਾਰ ਨੇ ਹੁਣ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਹੈ।

                                        ਕਦੇ ਲਾਰੇ ਤੇ ਕਦੇ ਵਾਅਦੇ ਮਿਲੇ

ਕੱਚਾ ਅਧਿਆਪਕ ਯੂਨੀਅਨ (ਪੰਜਾਬ) ਰੈਗੂਲਰ ਸੇਵਾਵਾਂ ਲਈ ਸੰਘਰਸ਼ੀ ਰਾਹ ’ਤੇ ਹੈ, ਜਿਸ ਵਿੱਚ ਸਿੱਖਿਆ ਪ੍ਰੋਵਾਈਡਰ/ ਈਜੀਐੱਸ/ ਏਆਈਈ/ ਐੱਸਟੀਆਰ/ ਆਈਈਵੀ ਸ਼ਾਮਲ ਹਨ। ਉਹ ਸਿੱਖਿਆ ਵਿਭਾਗ ਤੋਂ ਰੈਗੂਲਰ ਹੋਣ ਦੀ ਮੰਗ ਕਰ ਰਹੇ ਹਨ ਅਤੇ ਇਨ੍ਹਾਂ ਸਾਰੇ ਅਧਿਆਪਕਾਂ ਦੀ ਗਿਣਤੀ ਕਰੀਬ 10,724 ਹੈ। ਇਨ੍ਹਾਂ ਨੂੰ ਕਦੇ ਲਾਰੇ ਤੇ ਵਾਅਦੇ ਮਿਲੇ ਹਨ ਅਤੇ ਕਦੇ ਪੈਨਲ ਮੀਟਿੰਗ। ਅਸਲੀ ਮੰਗ ਨੂੰ ਕਿਸੇ ਸਰਕਾਰ ਨੇ ਕਬੂਲ ਨਹੀਂ ਕੀਤਾ। ਹੁਣ ਇਹ ਕੱਚੇ ਅਧਿਆਪਕ ਮੁਹਾਲੀ ਵਿੱਚ ਸੰਘਰਸ਼ੀ ਰਾਹ ’ਤੇ ਹਨ।

Friday, June 18, 2021

                                               ‘ਭਾਗਾਂ ਵਾਲਾ ਦਿਨ’ 
                               ਵਿਧਾਇਕਾਂ ਦੇ ਫਰਜ਼ੰਦ ਬਣਨਗੇ ਅਫ਼ਸਰ!
                                                 ਚਰਨਜੀਤ ਭੁੱਲਰ      

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਰੋੜਪਤੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਪੰਜਾਬ ਕੈਬਨਿਟ ਦੀ ਭਲਕੇ ਮੀਟਿੰਗ ਵਿਚ ਦੋ ਵੀ.ਆਈ.ਪੀ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਇਸ ਵੇਲੇ ਜਦੋਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਲਈ ਸੜਕਾਂ ’ਤੇ ਕੂਕ ਰਹੇ ਹਨ ਤਾਂ ਠੀਕ ਉਸ ਵਕਤ ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੁਜ਼ਗਾਰ’ ਤਹਿਤ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਲਿਆ ਜਾਵੇਗਾ।  ਪੰਜਾਬ ਕੈਬਨਿਟ ਲਈ ਗ੍ਰਹਿ ਵਿਭਾਗ ਪੰਜਾਬ ਤਰਫ਼ੋਂ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਨੂੰ ਪੁਲੀਸ ਸਬ ਇੰਸਪੈਕਟਰ/ਇੰਸਪੈਕਟਰ ਲਗਾਏ ਜਾਣ ਦਾ ਏਜੰਡਾ ਭੇਜਿਆ ਗਿਆ ਹੈ ਜਿਸ ’ਤੇ ਭਲਕੇ ਫੈਸਲਾ ਹੋਵੇਗਾ। ਇਸੇ ਤਰ੍ਹਾਂ ਮਾਲ ਵਿਭਾਗ ਵੱਲੋਂ ਹਲਕਾ ਲੁਧਿਆਣਾ (ਉੱਤਰੀ) ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਲਗਾਏ ਜਾਣ ਦਾ ਏਜੰਡਾ ਭੇਜਿਆ ਗਿਆ ਹੈ। 

    ਵੇਰਵਿਆਂ ਅਨੁਸਾਰ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਤਰਫ਼ੋਂ ਜੋ ਵਰ੍ਹਾ 2017 ’ਚ ਚੋਣਾਂ ਸਮੇਂ ਜਾਇਦਾਦ ਬਾਬਤ ਹਲਫ਼ੀਆ ਬਿਆਨ ਦਾਖਲ ਕੀਤਾ ਗਿਆ ਸੀ, ਉਸ ਅਨੁਸਾਰ ਵਿਧਾਇਕ ਬਾਜਵਾ ਕੋਲ ਕੁੱਲ 33.35 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ ਅਤੇ ਉਨ੍ਹਾਂ ਕੋਲ ਬੀ.ਐਮ.ਡਬਲਿਊ, ਲੈਂਡ ਕਰੂਜਰ ਤੇ ਇਨੋਵਾ ਗੱਡੀਆਂ ਵੀ ਹਨ। ਉਨ੍ਹਾਂ ਕੋਲ ਵਰ੍ਹਾ 2007 ਵਿਚ 17.71 ਕਰੋੜ ਦੀ ਸੰਪਤੀ ਸੀ। ਇਸ ਵਿਧਾਇਕ ਦੇ ਪਿਤਾ ਸਤਨਾਮ ਸਿੰਘ ਬਾਜਵਾ 1986-87 ਵਿਚ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ। ਇਸ ਅੱਤਵਾਦੀ ਘਟਨਾ ਦੇ ਇਵਜ਼ ਵਜੋਂ ਸਰਕਾਰ ਹੁਣ ਇਸ ਵਿਧਾਇਕ ਦੇ ਲੜਕੇ ਨੂੰ ਨੌਕਰੀ ਦੇਣਾ ਚਾਹੁੰਦੀ ਹੈ। ਸੂਤਰ ਦੱਸਦੇ ਹਨ ਕਿ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਇਸ ਵਿਧਾਇਕ ਦੇ ਪੁੱਤਰ ਨੂੰ ਨੌਕਰੀ ਦਿੱਤੇ ਜਾਣ ’ਤੇ ਲਿਖਤੀ ਇਤਰਾਜ਼ ਵੀ ਲਗਾ ਦਿੱਤਾ ਸੀ। ਏਜੰਡੇ ਅਨੁਸਾਰ ਹੁਣ ਇਸ ਵਿਧਾਇਕ ਦੇ ਲੜਕੇ ਨੂੰ ਸਬ ਇੰਸਪੈਕਟਰ/ਇੰਸਪੈਕਟਰ ਲਗਾਏ ਜਾਣ ਦੀ ਗੱਲ ਆਖੀ ਗਈ ਹੈ। ਬਾਕੀ ਫੈਸਲਾ ਕੈਬਨਿਟ ’ਤੇ ਛੱਡ ਦਿੱਤਾ ਗਿਆ ਹੈ। 

            ਚਰਚੇ ਹਨ ਕਿ ਗਵਰਨਰੀ ਰਾਜ ਸਮੇਂ ਮੌਜੂਦਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਡੀ.ਐਸ.ਪੀ ਦੀ ਨੌਕਰੀ ਲਈ ਅਪਲਾਈ ਕੀਤਾ ਸੀ ਪ੍ਰੰਤੂ ਗੱਲ ਸਿਰੇ ਨਹੀਂ ਲੱਗ ਸਕੀ ਸੀ। ਹੁਣ ਹਵਾਲਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦਿੱਤੀ ਗਈ ਹੈ, ਉਸ ਤਰ੍ਹਾਂ ਇਸੇ ਵਿਧਾਇਕ ਦੇ ਲੜਕੇ ਨੂੰ ਨੌਕਰੀ ਦੇ ਦਿੱਤੀ ਜਾਵੇ। ਹੁਣ ਜਦੋਂ ਪੰਜਾਬ ਕਾਂਗਰਸ ਵਿਚ ਬਗਾਵਤੀ ਸੁਰ ਉਠੇ ਹੋਏ ਹਨ ਤਾਂ ਘਟਨਾ ਤੋਂ ਕਰੀਬ 33 ਵਰੇ੍ਹ ਮਗਰੋਂ ਸਰਕਾਰ ਤਰਸ ਦੇ ਅਧਾਰ ’ਤੇ ਨੌਕਰੀ ਦੇ ਰਹੀ ਹੈ। ਲੁਧਿਆਣਾ (ਉੱਤਰੀ) ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਬਾਪ ਜੋਗਿੰਦਰਪਾਲ ਪਾਂਡੇ ਜੋ ਮੰਤਰੀ ਵੀ ਰਹੇ ਹਨ, ਵੀ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ। ਇਸ ਵਿਧਾਇਕ ਦੇ ਲੜਕੇ ਨੂੰ ਵੀ ਕਈ ਦਹਾਕਿਆਂ ਮਗਰੋਂ ਨਾਇਬ ਤਹਿਸੀਲਦਾਰ ਲਗਾਏ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਵਿਧਾਇਕ ਪਾਂਡੇ ਵੱਲੋਂ ਚੋਣਾਂ ਮੌਕੇ ਦਿੱਤੇ ਹਲਫੀਆਂ ਬਿਆਨ ਅਨੁਸਾਰ ਪਾਂਡੇ ਪਰਿਵਾਰ ਕੋਲ 3.26 ਕਰੋੜ ਦੀ ਜਾਇਦਾਦ ਹੈ ਅਤੇ ਉਨ੍ਹਾਂ ਕੋਲ ਚਾਰ ਗੱਡੀਆਂ ਵੀ ਹਨ। 

                          ਮੰਤਰੀ ਦਾ ਜਵਾਈ ਬਣੇਗਾ ਇੰਸਪੈਕਟਰ ?

ਸੂਤਰਾਂ ਅਨੁਸਾਰ ਪੰਜਾਬ ਦੇ ਇੱਕ ਮੰਤਰੀ ਦੇ ਜਵਾਈ ਨੂੰ ਵੀ ਇੰਸਪੈਕਟਰ ਲਗਾਏ ਜਾਣ ਦੀ ਸੰਭਾਵਨਾ ਹੈ ਜਿਸ ਦਾ ਏਜੰਡਾ ਖ਼ਬਰ ਲਿਖੇ ਜਾਣ ਤੱਕ ਸਰਕਾਰ ਕੋਲ ਪੁੱਜਾ ਨਹੀਂ ਸੀ। ਉਂਜ ਕਰੀਬ ਡੇਢ ਮਹੀਨਾ ਪਹਿਲਾਂ ਇਸ ਮੰਤਰੀ ਦੇ ਜਵਾਈ ਨੂੰ ਆਬਕਾਰੀ ਵਿਭਾਗ ਵਿਚ ਇੰਸਪੈਕਟਰ ਲਾਉਣ ਦਾ ਏਜੰਡਾ ਕੈਬਨਿਟ ਕੋਲ ਪੁੱਜ ਗਿਆ ਸੀ ਪ੍ਰੰਤੂ ਵਿੱਤ ਵਿਭਾਗ ਦੀ ਪ੍ਰਵਾਨਗੀ ਨਾ ਹੋਣ ਕਰਕੇ ਏਜੰਡਾ ਵਾਪਸ ਹੋ ਗਿਆ ਸੀ। ਚਰਚੇ ਹਨ ਕਿ ਭਲਕੇ ਇਸ ਮੰਤਰੀ ਦੇ ਜਵਾਈ ਨੂੰ ਵੀ ਸਰਕਾਰੀ ਨੌਕਰੀ ਮਿਲ ਸਕਦੀ ਹੈ। 

                 ਅਮਰਿੰਦਰ  ਦਾ ਸਾਥ ਨਹੀਂ ਛੱਡਾਂਗਾ : ਬਾਜਵਾ

ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਲੰਘੇ ਕੱਲ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਮਗਰੋਂ ਆਖਿਆ ਸੀ ਕਿ ਸਿਆਸੀ ਤੌਰ ’ਤੇ ਉਨ੍ਹਾਂ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਅਮਰਿੰਦਰ ਵਰਗਾ ਚਿਹਰਾ ਕਿਸੇ ਪਾਰਟੀ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਦਾ ਸਾਥ ਛੱਡਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਇੱਕ ਨਿੱਜੀ ਚੈਨਲ ’ਤੇ ਕਿਹਾ ਕਿ ਭਰਾ ਦੇ ਨਾਤੇ ਉੁਹ ਪ੍ਰਤਾਪ ਸਿੰਘ ਬਾਜਵਾ ਨਾਲ ਹਨ ਪ੍ਰੰਤੂ ਕੈਪਟਨ ਅਮਰਿੰਦਰ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਛੱਡੀ।


Thursday, June 17, 2021

                                                   ਚੱਲ ਉੱਡ ਚੱਲੀਏ
                              ਪੰਜਾਬ ’ਚ ਘਰ 55 ਲੱਖ, ਪਾਸਪੋਰਟ 54 ਲੱਖ ! 
                                                     ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ’ਚ ਪਾਸਪੋਰਟਾਂ ਦਾ ਹੜ੍ਹ ਵੇਖ ਲੱਗਦਾ ਹੈ ਕਿ ਪੰਜਾਬੀਆਂ ਦੀ ਰੀਸ ਕੌਣ ਕਰੂ ? ਪੰਜਾਬ ’ਚ ਕਰੀਬ 55 ਲੱਖ ਘਰ ਹਨ ਜਦੋਂ ਕਿ ਲੰਘੇ ਸੱਤ ਵਰਿ੍ਹਆਂ ’ਚ 54.36 ਲੱਖ ਪਾਸਪੋਰਟ ਬਣ ਗਏ ਹਨ। ਮਤਲਬ ਕਿ ਪੰਜਾਬ ਦੇ ਔਸਤਨ ਹਰ ਘਰ ਕੋਲ ਇੱਕ ਪਾਸਪੋਰਟ ਹੈ। ਹੁਣ ਕਰੋਨਾ ਮਹਾਂਮਾਰੀ ਨੇ ਪੰਜਾਬ ’ਚ ਪਾਸਪੋਰਟਾਂ ਦੇ ਹੜ ਨੂੰ ਠੱਲ ਪਾਈ ਹੈ। ਜਦੋਂ ਤੋਂ ਵਿਦੇਸ਼ਾਂ ਲਈ ਸਟੱਡੀ ਵੀਜ਼ੇ ਲਈ ਰਾਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ’ਚ ਧੜਾਧੜ ਨਵੇਂ ਪਾਸਪੋਰਟ ਬਣਨ ਲੱਗੇ ਹਨ। ਉੱਤਰੀ ਭਾਰਤ ਚੋਂ ਪੰਜਾਬ ਨੇ ਪਹਿਲਾ ਨੰਬਰ ਲਿਆ ਹੈ। ਪਹਿਲੀ ਜਨਵਰੀ 2014 ਤੋਂ ਫਰਵਰੀ 2021 ਤੱਕ ਪੰਜਾਬ ’ਚ 54.36 ਲੱਖ ਪਾਸਪੋਰਟ ਬਣੇ ਹਨ।

    ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਲੰਘੇ ਕਰੋਨਾ ਮਹਾਂਮਾਰੀ ਵਾਲੇ ਵਰੇ੍ਹ 2020 ਦੌਰਾਨ 4.82 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2019 ਦੌਰਾਨ 9.46 ਲੱਖ ਪਾਸਪੋਰਟ ਬਣੇ ਸਨ। ਇਸ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਵਿਚ ਮਹਾਂਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ ਪੰਜਾਹ ਫੀਸਦੀ ਥੱਲੇ ਆਈ ਹੈ। ਵਰ੍ਹਾ 2019 ਦੌਰਾਨ ਔਸਤਨ ਰੋਜ਼ਾਨਾ 2593 ਪਾਸਪੋਰਟ ਬਣਦੇ ਸਨ ਜਦੋਂ ਕਿ ਵਰ੍ਹਾ 2020 (ਮਹਾਂਮਾਰੀ ਵਾਲਾ ਸਾਲ) ਦੌਰਾਨ ਰੋਜ਼ਾਨਾ ਔਸਤਨ 1321 ਪਾਸਪੋਰਟ ਬਣੇ ਹਨ। 

   ਚਾਲੂ ਵਰੇ੍ਹ ਦੇ ਪਹਿਲੇ ਦੋ ਮਹੀਨਿਆਂ ਦੌਰਾਨ 90,791 ਪਾਸਪੋਰਟ ਬਣੇ ਹਨ। ਬੇਸ਼ੱਕ ਸਮੁੱਚੇ ਭਾਰਤ ਵਿਚ ਨਵੇਂ ਪਾਸਪੋਰਟਾਂ ਬਣਨ ਦੀ ਗਿਣਤੀ ਨੂੰ ਬਰੇਕ ਲੱਗੀ ਹੈ ਪ੍ਰੰਤੂ ਪੰਜਾਬ ਦੂਸਰੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਵਿਚ ਜੁਟਿਆ ਹੀ ਰਿਹਾ ਹੈ। ਪਾਸਪੋਰਟ ਬਣਾਏ ਜਾਣ ’ਤੇ ਔਸਤਨ ਕਰੀਬ ਦੋ ਹਜ਼ਾਰ ਰੁਪਏ ਤੋਂ ਜਿਆਦਾ ਖਰਚ ਆਉਂਦਾ ਹੈ ਅਤੇ ਲੰਘੇ ਸੱਤ ਸਾਲਾਂ ਵਿਚ ਪੰਜਾਬੀਆਂ ਨੇ ਕਰੀਬ 900 ਕਰੋੜ ਪਾਸਪੋਰਟ ਬਣਾਉਣ ’ਤੇ ਹੀ ਖਰਚ ਦਿੱਤੇ ਹਨ। 

  ਕੈਨੇਡਾ ਵਸਦੇ ਪਰਵਾਸੀ ਭਾਰਤੀ ਕਮਲਜੀਤ ਸਿੱਧੂ (ਰਾਈਆ) ਦਾ ਕਹਿਣਾ ਸੀ ਕਿ ਸਮੁੱਚਾ ਵਿਸ਼ਵ ਹੀ ਕਰੋਨਾ ਦੀ ਲਪੇਟ ਵਿਚ ਆਇਆ ਹੈ ਜਿਸ ਕਰਕੇ ਸਟੱਡੀ ਵੀਜ਼ੇ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਦਰ ਘਟੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ਨੇ ਪਾਸਪੋਰਟ ਬਣਾਉਣ ਲਈ ਗਤੀ ਵਰ੍ਹਾ 2017 ਤੋਂ ਫੜੀ ਹੈ ਅਤੇ ਇਸ ਵਰੇ੍ਹ ਵਿਚ 9.73 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2018 ਵਿਚ ਪੰਜਾਬ ’ਚ 10.69 ਲੱਖ ਪਾਸਪੋਰਟ ਬਣੇ ਸਨ ਜੋ ਆਪਣੇ ਆਪ ਵਿਚ ਰਿਕਾਰਡ ਹੈ। ਵਰ੍ਹਾ 2018 ਵਿਚ ਰੋਜ਼ਾਨਾ ਔਸਤਨ ਕਰੀਬ 2929 ਪਾਸਪੋਰਟ ਬਣਦੇ ਰਹੇ ਹਨ। 

           ਸ਼ੁਰੂਆਤੀ ਵਰਿ੍ਹਆਂ ਵੱਲ ਦੇਖੀਏ ਤਾਂ ਪੰਜਾਬ ਵਿਚ ਸਾਲ 2014 ਵਿਚ 5.48 ਲੱਖ, ਸਾਲ 2015 ਵਿਚ 6.65 ਲੱਖ ਅਤੇ ਸਾਲ 2016 ਵਿਚ 6.59 ਲੱਖ ਪਾਸਪੋਰਟ ਬਣੇ ਹਨ। ਪਾਸਪੋਰਟਾਂ ਦਾ ਇਹ ਰੁਝਾਨ ਤਸਦੀਕ ਕਰਦਾ ਹੈ ਕਿ ਜਵਾਨੀ ਪੰਜਾਬ ਨੂੰ ਛੱਡ ਕੇ ਜਾਣ ਲਈ ਕਿੰਨੀ ਕਾਹਲੀ ਹੈ। ਮੋਟੇ ਅੰਦਾਜ਼ੇ ਅਨੁਸਾਰ ਦੇਸ਼ ਭਰ ਚੋਂ ਕਰੀਬ 9 ਤੋਂ 10 ਫੀਸਦੀ ਪਾਸਪੋਰਟ ਇਕੱਲੇ ਪੰਜਾਬ ’ਚ ਬਣਦੇ ਹਨ। ਮੁਲਕ ਭਰ ਚੋਂ ਪੰਜਾਬ ਪਾਸਪੋਰਟਾਂ ਦੇ ਮਾਮਲੇ ਵਿਚ ਪੰਜਵੇਂ ਨੰਬਰ ’ਤੇ ਹੈ। ਪਾਸਪੋਰਟਾਂ ਦੀ ਵੈਰੀਫਿਕੇਸ਼ਨ ਬਦਲੇ ਪੰਜਾਬ ਪੁਲੀਸ ਨੂੰ ਵੀ ਪ੍ਰਤੀ ਪਾਸਪੋਰਟ 200 ਰੁਪਏ ਦੀ ਸਰਕਾਰੀ ਕਮਾਈ ਹੁੰਦੀ ਹੈ। 

           ਪੰਜਾਬ ਵਿਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਰਹੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ 7 ਤੋਂ 11 ਦਿਨ ਦਾ ਸਮਾਂ ਪਾਸਪੋਰਟ ਜਾਰੀ ਕਰਨ ਲਈ ਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਪਾਸਪੋਰਟਾਂ ਦੀ ਖੇਤੀ ਨੂੰ ਕਰੋਨਾ ਮਹਾਂਮਾਰੀ ਨੇ ਕਰੰਡ ਕਰ ਦਿੱਤਾ ਹੈ। ਜਿਥੇ ਮਹਾਂਮਾਰੀ ਕਰਕੇ ਆਈਲੈੱਟਸ ਸੈਂਟਰਾਂ ਦਾ ਕੰਮ ਠੱਪ ਪਿਆ ਹੈ, ਉਥੇ ਵਿਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਦੀ ਦਰ ’ਚ ਵੀ ਕਟੌਤੀ ਹੋਈ ਹੈ।  

         ਪੰਜਾਬ ’ਚ ਜਾਰੀ ਪਾਸਪੋਰਟ 

ਸਾਲ ਪਾਸਪੋਰਟਾਂ ਦੀ ਗਿਣਤੀ

2014 5,48,075

2015 6,65,200

2016 6,59,721

2017 9,73,866

2018 10,69,446

2019 9,46,797

2020 4,82,418

2021 (ਫਰਵਰੀ ਤੱਕ)  90,791

     


Tuesday, June 15, 2021

                                                  ਵਿਚਲੀ ਗੱਲ
                                         ਬਹੁੜੀਂ ਵੇ ਤਬੀਬਾ..!
                                                ਚਰਨਜੀਤ ਭੁੱਲਰ      

ਚੰਡੀਗੜ੍ਹ : ਕਵੀ ਸ਼ੈਲੇਂਦਰ ਦਾ ਗੀਤ, ਗਾਇਆ ਮੁਕੇਸ਼ ਨੇ, ਚੇਤਿਆਂ ’ਚ ਵਸਿਐ, ‘ਮੇਰਾ ਜੂਤਾ ਹੈ ਜਾਪਾਨੀ, ਯੇ ਪਤਲੂਨ ਇੰਗਲਿਸ਼ਤਾਨੀ, ਸਿਰ ਪੇ ਲਾਲ ਟੋਪੀ ਰੂਸੀ, ਫਿਰ ਭੀ ਦਿਲ ਹੈ ਹਿੰਦੁਸਤਾਨੀ’। ਦਿਲ ਦੀ ਗੰਢ ਰਾਜ ਕਪੂਰ ਨੇ ਤਾਂ ਖੋਲ੍ਹ’ਤੀ, ਕੈਪਟਨ ਅਮਰਿੰਦਰ ਨੇ ਭੇਤ ਰੱਖਿਐ। ਠੇਡਾ ਸਿਆਸੀ ਗ੍ਰਹਿ ਖਾ ਜਾਣ, ਉਦੋਂ ਲੰਚ ਦਿੰਦੇ ਨੇ, ਡਿਨਰ ਦਿੰਦੇ ਨੇ, ਹੁਣੇ ਹੁਣੇ ਭਾਸ਼ਣ ਵੀ ਦਿੱਤੈ..‘ਸਰਕਾਰੀ ਸਕੂਲਾਂ ’ਚ ਚੀਨੀ, ਅਰਬੀ ਤੇ ਫਰੈਂਚ ਭਾਸ਼ਾ ਪੜ੍ਹਾਵਾਂਗੇ।’ ਅਧਰੰਗ ਦਾ ਦੌਰਾ ਜ਼ਰੂਰ ਊੜੇ ਆੜੇ ਨੂੰ ਪਿਆ ਹੋਊ। ਸਿੱਖਿਆ ਮੰਤਰੀ ਝੁਕ ਕੇ ਬੋਲੇ, ਹਜ਼ੂਰ! ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਅਨਮੋਲ ਵਚਨ ਐ, ‘ਸਾਰੰਗੀ ਦਾ ਪਤਾ, ਉਸ ਦੇ ਸੁਰਾਂ ਤੋਂ ਲੱਗਦਾ ਹੈ।’ ਨਵੀਂ ਤਾਲ ਛੇੜੀ ਗਈ ਹੈ। ਬਈ! ਚੀਨੀ ਤੇ ਫਰੈਂਚ ਭਾਸ਼ਾ, ਮੁੰਡਿਆਂ ਦੇ ਵਿਦੇਸ਼ਾਂ ’ਚ ਕਰੀਅਰ ਬਣਾਉਣ ਦੇ ਕੰਮ ਆਊ। ‘ਮਾਂ ਮਜ਼ਦੂਰ, ਪੁੱਤ ਆਲਮ ਖਾਂ’। ਮੱਥੇ ’ਤੇ ਹੱਥ ਪੰਜਾਬੀ ’ਵਰਸਿਟੀ ਨੇ ਮਾਰਿਆ। ਗੁਰੂਆਂ ਪੀਰਾਂ, ਸੂਫ਼ੀ ਸੰਤ ਫ਼ਕੀਰਾਂ ਨੂੰ ਧਰਤੀ ਵਿਹਲ ਨਾ ਦੇਵੇ। ਤੁਸੀਂ ਤੋੜਾ ਭੰਨੋਗੇ, ‘ਪੰਜਾਬ ਪੁਰਾਣੇ ਜਨਮਾਂ ਦਾ ਫਲ ਭੋਗ ਰਿਹੈ।’ ਅਕਾਲੀ ਚਿੱਕੜ ਸੁੱਟਣਗੇ, ‘ਮਹਾਰਾਜਾ ਤਾਂ ਚੋੋਣਾਂ ਮੌਕੇ ਹੀ ਪੰਜਾਬੀ ਬੋਲਦੈ’। ਅਮਰਿੰਦਰ ਦੇ ਗੁਮਾਸ਼ਤੇ ਦਾ ਜੁਆਬ ਸੁਣੋ, ‘ਮਹਾਰਾਜੇ ਦੀ ਫੋਕਲ ਪੁਆਇੰਟੀ ਸੋਚ ਨਹੀਂ।’ ਵਿੱਚੋਂ ਕਵੀ ਸ਼ੈਲੇਂਦਰ ਨੇ ਟੋਕਿਐ..‘ਸੋਚਾਂ ਨੂੰ ਛੱਡੋ, ਦਿਲ ਬਾਰੇ ਦੱਸੋ।’

              ਸਿਆਣੇ ਆਖਦੇ ਨੇ ‘ਵਹਿਮ ਤਾਂ ਰੋਗ ਨਾਲੋਂ ਵੀ ਭੈੜਾ ਹੁੰਦੈ।’ ਅਕਾਲੀ ਭਾਸ਼ਣ ਕੰਨੀਂ ਗੂੰਜਦੇ ਨੇ, ‘ਪੰਜਾਬ ਨੂੰ ਪੈਰਿਸ ਬਣਾ ਦਿਆਂਗੇ।’ ਦਸੌਂਧਾ ਸਿਓਂ ਖੜ੍ਹੇ ਪੈਰ ਜੁਆਬ ਮੰਗਦੈ, ਭਲਿਓ! ਨੁਕਤਾਚੀਨ ਨਾ ਬਣੋ..ਓਹ ਤਾਂ ਪੰਜਾਬ ਨੂੰ ਪੈਰਿਸ ਬਣਾ ਗਏ। ਫਰਾਂਸ ਦੀ ਮਾਂ ਬੋਲੀ ਐ ਫਰੈਂਚ। ਮਹਾਰਾਜੇ ਦੀ ਸਰਕਾਰ ਫਰੈਂਚ ਪੜ੍ਹਾਏਗੀ। ਘਰ ਬੈਠੇ ਹੀ ਲੁੱਟੋ ਪੈਰਿਸ ਵਾਲੇ ਬੁੱਲ੍ਹੇ। ਬਾਬਾ ਬੁੱਲ੍ਹੇ ਸ਼ਾਹ ਤੋਂ ਰਿਹਾ ਨਾ ਗਿਆ, ਬਾਦਸ਼ਾਹੋ! ਵਿਦੇਸ਼ੀ ਭਾਸ਼ਾਵਾਂ ਵਾਲਾ ਹਲਟ ਜਿੰਨਾ ਮਰਜ਼ੀ ਚਲਾਓ, ਪਰ ਪੰਜਾਬੀ ਨੂੰ ਖਰਾਦ ’ਤੇ ਨਾ ਲਾਓ।ਅਮਰਿੰਦਰ ਦੀ ਸੋਚ ਦਾ ਖੇਤਰਫਲ, ਪੰਜਾਬ ਨਾਲੋਂ ਵੀ ਕਿਤੇ ਵੱਡੈ। ਜਰਮਨ ਨੂੰ ਜਰਮਨ ਪਿਆਰੀ, ਫਰਾਂਸ ਲਈ ਫਰੈਂਚ ਨਿਆਰੀ। ਪੱਛਮੀ ਬੰਗਾਲ ’ਚ ਬੰਗਾਲੀ ਦੀ ਕਿਆਰੀ, ਕਦੋਂ ਦੀ ਨਿੱਸਰੀ ਐ, ਰਾਖੀ ’ਤੇ ਮਮਤਾ ਬੈਨਰਜੀ ਬੈਠੀ ਐ। ‘ਪੰਜਾਬੀ’ ਦੇ ਖੇਤ, ਵਾੜ ਨੇ ਹੀ ਚਰ ਲਏ। ਬਾਬਿਆਂ ਨੇ ਪੰਜਾਬੀ ਦਾ ਛਿੱਟਾ ਦਿੱਤਾ, ਫਿਰੰਗਪੁਰੀਏ ਸੁਹਾਗੇ ਚਲਾ ਗਏ। ‘ਸਾਜਣ ਦੇ ਹੱਥ ਡੋਰ ਅਸਾਡੀ, ਮੈਂ ਸਾਜਣ ਦੀ ਗੁੱਡੀ।’ ਪੰਜਾਬੀਓ! ਬੱਸ ਮੋਹਰਾਂ ਪੰਜੇ ’ਤੇ ਲਾ ਦਿਓ, ਚੀਨੀ ਤੇ ਫਰੈਂਚ ਦੀ ਗੁੱਡੀ ਚੜ੍ਹਾ ਦਿਓ।

                ‘ਪਰਾਇਆ ਗਹਿਣਾ ਪਾਇਆ, ਅੱਧਾ ਰੂਪ ਗਵਾਇਆ।’ ਹੁਣ ਟਿੰਡ ’ਚ ਕਾਨਾ ਛੱਜੂ ਰਾਮ ਨੇ ਪਾਇਐ। ਪੁੱਛਦਾ ਪਿਆ ਏ ‘ਘਰ-ਘਰ ਰੁਜ਼ਗਾਰ’ ਵਾਲੀ ਹੱਟੀ ਦਾ ਕੀ ਬਣੂ। ਛੱਜੂ ਨੇ ਅੰਦਰਲੀ ਬੁੱਝੀ ਐ। ਹਕੂਮਤ ਵਿਦੇਸ਼ੀ ਭਾਸ਼ਾ ਸਿਖਾ ਮੁੰਡੇ ਵਿਦੇਸ਼ ਭੇਜ ਦੇਵੇਗੀ। ਫੇਰ ਕੌਣ ਟਾਵਰਾਂ ’ਤੇ ਚੜ੍ਹੂ? ਮਾਤ ਭਾਸ਼ਾ ਤਾਂ ਮੂੰਹ ਪਰਨੇ ਡਿੱਗੀ ਐ। ਮਾਸੀ ਤੇ ਤਾਈ ਭਾਸ਼ਾ ਨੇ ਕਿੱਕਲੀ ਪਾਈ ਐ। ਵਾਰਿਸ ਸ਼ਾਹ ਫੱਟੀ ਫੜਾ ਬੋਲੇ ਸਨ, ‘ਸੋਹਣੀ ਸੋਹਣੀ ਪੰਜਾਬੀ ਲਿਖਿਓ।’ ਅੰਗਰੇਜ਼ਾਂ ਨੇ ਗਾਚਨੀ ਦੇ ਢੇਰ ਲਾ’ਤੇ..ਆਪਣਿਆਂ ਨੇ ਫੱਟੀ ਪੋਚਤੀ। ਔਹ ਦੇਖੋ, ਕਵੀ ਹਰਮਨਜੀਤ ‘ਚਾਨਣ ਦਾ ਬਸਤਾ’ ਚੁੱਕੀ ਫਿਰਦੈ। ਸਤਿੰਦਰ ਸਰਤਾਜ ਗਾਉਣੋਂ ਨਹੀਂ ਹਟ ਰਿਹਾ..‘ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ/ਮਾਂ ਖੇਲਣੇ ਨੂੰ ਦਿੱਤੇ, ਬੜੀ ਲੋਰ ਦੇ ਨੇ ਅੱਖਰ।’‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’। ਮਹਾਰਾਜਾ ਭੁਪਿੰਦਰ ਸਿੰਘ ਦਾ ‘ਪੰਜਾਬੀ ਮੋਹ’ ਗਜ਼ਬ ਦਾ ਸੀ। ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ‘ਕਲਮ ਸਿਆਹੀ’ ਪੜ੍ਹੋਗੇ, ਦਿਮਾਗ ’ਚ ਲਾਟੂ ਜਗਣਗੇ। ਮਹਾਰਾਜਾ ਭੁਪਿੰਦਰ ਸਿੰਘ ਨੇ ਪੰਜਾਬੀ ਨੂੰ ਰਿਆਸਤ ਦੀ ਰਾਜ ਭਾਸ਼ਾ ਬਣਾਇਆ। ‘ਮਹਿਕਮਾ ਪੰਜਾਬੀ’ ਬਣਾ ਗੱਦੀ ਬਿਠਾਇਆ, ਹੁਣ ਭਾਸ਼ਾ ਵਿਭਾਗ ਆਖਦੇ ਨੇ। ਭਾਈ ਕਾਹਨ ਸਿੰਘ ਨਾਭਾ ਕੋਲ ਮਹਾਨਕੋਸ਼ ਦੀ ਪਹਿਲੀ ਛਪਾਈ ਲਈ ਪੈਸੇ ਦੀ ਥੁੜ੍ਹ ਸੀ, ਮਹਾਰਾਜਾ ਭੁਪਿੰਦਰ ਸਿੰਘ ਨੇ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ। ‘ਵੇਲੇ ਵੇਲੇ ਦਾ ਮੰਗਲ ਹੁੰਦੈ।’

                ਪਿਓ ਦੀ ਲਕੀਰ ਅੱਗਿਓਂ ਲੰਮੀ ਕੀਤੀ, ਮਹਾਰਾਜਾ ਯਾਦਵਿੰਦਰ ਸਿੰਘ ਨੇ। ਜਿਨ੍ਹਾਂ ਪੰਜਾਬੀ ’ਵਰਸਿਟੀ ਦੀ ਮੋਹੜੀ ਗੱਡੀ। ‘ਦੁਖੇ ਸਿਰ, ਬੰਨੋ੍ਹ ਗੋਡਾ’। ਪੋਤੇ ਅਮਰਿੰਦਰ ਨੇ ਪੰਜਾਬੀ ’ਵਰਸਿਟੀ ਤੋਂ ਹੀ ਮੁੱਖ ਮੋੜ ਲਿਆ। ਅਖ਼ੇ.. ਚੀਨੀ ਤੇ ਫਰੈਂਚ ਜਿੰਨੀ ਮਰਜ਼ੀ ਸਿੱਖ ਲੈਣਾ। ਭਾਸ਼ਾ ਵਿਭਾਗ ਦਾ ਚੁੱਲ੍ਹਾ ਠੰਢਾ ਹੋਇਐ, ਮੰਜੇ ਦੀ ਪੈਂਦ ’ਤੇ ਪੰਜਾਬੀ ਬੈਠੀ ਹੈ। ਗੋਦੀ ’ਚ ਬੈਠੇ ਊੜਾ ਐੜਾ ਸਿਸਕ ਰਹੇ ਨੇ। ਚੀਨੀ ਤੇ ਫਰੈਂਚ ਲਈ ਸਰਕਾਰੀ ਵਿਛੋਣਾ ਵਿਛਾਇਐ। ਇੱਧਰ, ਕਵੀ ਤੈ੍ਰਲੋਚਨ ਲੋਚੀ ਆਪਣਾ ਰਾਗ ਛੇੜ ਗਏ..‘ਸਿੱਖ ਅੰਗਰੇਜ਼ੀ, ਲਿਖ ਅੰਗਰੇਜ਼ੀ, ਇਹ ਵੀ ਇੱਕ ਅਮੀਰੀ/ਪਰ ਨਾ ਭੁੱਲੀ ਜਿਉਣ ਜੋਗਿਆ,ਊੜਾ ਐੜਾ ਈੜੀ।’ ਮਮਤਾ ਬੈਨਰਜੀ ਦੀ ਪੰਜਾਬੀ ਪ੍ਰਤੀ ਮਮਤਾ ਦਾ ਕਮਾਲ ਦੇਖੋ। ਖੁੱਲ੍ਹੀ ਆਫਰ ਭੇਜੀ, ‘ਬੰਗਾਲ ਆਓ, ਪੰਜਾਬੀ ਭਵਨ ਬਣਾਓ, ਚਾਹੇ ਪੰਜਾਬੀ ਅਕਾਦਮੀ ਬਣਾਓ, ਖਰਚਾ ਬੰਗਾਲ ਸਰਕਾਰ ਚੁੱਕੇਗੀ।’

               ਚੇਤੇ ਮਨਪ੍ਰੀਤ ਬਾਦਲ ਵੀ ਆਏ ਨੇ। ਪੰਜਾਬੀ ਭਵਨ ਲੁਧਿਆਣਾ ਦਾ ਵਿਹੜਾ, ਗੱਠਜੋੜ ਸਰਕਾਰ ਸੀ ਤੇ ਮੁੱਖ ਮਹਿਮਾਨ ਮਨਪ੍ਰੀਤ ਬਾਦਲ ਸਨ। ਕਵੀਆਂ ਨੇ ਸੰਗਦੇ ਸੰਗਦੇ 10 ਲੱਖ ਦੀ ਗਰਾਂਟ ਮੰਗੀ। ਮਨਪ੍ਰੀਤ ਦੀ ਫਰਾਖ਼ਦਿਲੀ ਵੇਖੋ..‘ਪੰਜਾਬੀ ਦੇ ਵਾਰਸੋ! ਕੇਵਲ ਦਸ ਲੱਖ, ਥੋਨੂੰ ਤਾਂ ਮੰਗਣਾ ਵੀ ਨਹੀਂ ਆਇਆ, ਏਨਾ ਵੱਡਾ ਪੰਜਾਬ ਦਾ ਖ਼ਜ਼ਾਨਾ, ਪੂਰੇ ਪੰਜ ਕਰੋੜ ਦਿਆਂਗਾ। ਤਾੜੀਆਂ ਦੀ ਗੂੰਜ ਨੇ ਭਵਨ ਹਿਲਾ’ਤਾ। ਚਾਅ ਨਾ ਚੁੱਕਿਆ ਜਾਏ। ਕਵੀ ਤਾਂ ਭੋਲੇ ਪੰਛੀ ਹੁੰਦੇ ਨੇ। ਹੁਣ ਕਿੰਨੇ ਹੀ ਵਰ੍ਹੇ ਬੀਤ ਚੱਲੇ ਨੇ..। ਲੇਖਕ ਪੰਜਾਬੀ ਭਵਨ ਦੀ ਦੇਹਲੀ ’ਤੇ ਬੈਠੇ ਨੇ.. ਨੋਟਾਂ ਵਾਲਾ ਟਰੱਕ ਉਡੀਕਦੇ ਪਏ ਨੇ। ਭਾਸ਼ਾ ਵਿਭਾਗ ਦੇ ਖਰੜਿਆਂ ਨਾਲ ਜੋ ਜੱਗੋਂ ਤੇਰ੍ਹਵੀਂ ਹੋਈ, ਉਹ ਕਦੇ ਫੇਰ ਦੱਸਾਂਗੇ। ਨੇਤਾ ਜਨੋ! ਘੱਟੋ ਘੱਟ ਮਹਿੰਦਰ ਸਿੰੰਘ ਰੰਧਾਵਾ ਵਾਲੀ ਡੰਡੀ ’ਤੇ ਹੀ ਤੁਰ ਪੈਂਦੇ। ਵੱਡੇ ਬਾਦਲ ਦੇ ਸਿਆਸੀ ਗੁਰੂ ਗਿਆਨੀ ਕਰਤਾਰ ਸਿੰਘ ਸਨ। ਗਿਆਨੀ ਜੀ ਮਾਲ ਮੰਤਰੀ ਸਨ, ਉਨ੍ਹਾਂ ਪੰਜਾਬੀ ਭਵਨ ਲਈ ਦੋ ਕਿੱਲੇ ਜ਼ਮੀਨ ਅਲਾਟ ਕੀਤੀ ਸੀ। ਇੱਕ ਕਿੱਲਾ ਵੱਡੇ ਬਾਦਲ ਨੇ ਵੀ ‘ਲੇਖਕ ਭਵਨ’ ਲਈ ਐਲਾਨਿਆ ਸੀ। ਲੇਖਕ ਜਰੀਬਾਂ ਚੁੱਕੀ ਫਿਰਦੇ ਨੇ, ਮੁਹਾਲੀ ’ਚ ਕਿਧਰੇ ਕਿੱਲਾ ਲੱਭਾ ਨਹੀਂ। ‘ਸੱਚ ਕਹੇ ਮੈਂ ਨੰਗਾ ਚੰਗਾ’।

              ਪੁਆੜੇ ਦੀ ਜੜ੍ਹ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ। ਐਸੀ ਮੁਹਾਰਨੀ ਫੜੀ, ‘ਰਾਜ ਭਾਸ਼ਾ ਐਕਟ-1967’ ਬਣਾ ਕੇ ਹਟੇ। ਪੰਜਾਬੀ ਭਾਸ਼ਾ ਨੂੰ ਤਖ਼ਤ ’ਤੇ ਗੱਦੀਨਸ਼ੀਨ ਕੀਤਾ। ਜਥੇਦਾਰ ਤੋਤਾ ਸਿੰਘ ਵੀ ਕਿਤੇ ਘੱਟ ਨੇ। ਬਤੌਰ ਸਿੱਖਿਆ ਮੰਤਰੀ ਗਰਜੇ, ‘ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਵਾਂਗੇ।’ ਜਥੇਦਾਰ ਜੀ ਨੇ ਲਛਮਣ ਗਿੱਲ ਦੇ ਪਿੰਡ ਚੂਹੜਚੱਕ ਤੋਂ ਅੰਗਰੇਜ਼ੀ ਵਾਲਾ ਫੀਤਾ ਖਿੱਚਿਆ। ਪੰਜਾਬੀ ਦਾ ਅਖਾਣ ਚੇਤੇ ਹੋਏਗਾ..‘ਹਿੱਕ ’ਤੇ ਦੀਵਾ ਬਾਲਣਾ’। ਪੰਜਾਬੀ ਦਾ ਢੂਲਾ ਹਿੱਲਿਐ। ਅੰਗਰੇਜ਼ੀ ਚੁਬਾਰੇ ਚੜ੍ਹ ਬੈਠੀ ਹੈ।ਵੱਡੇ ਬਾਦਲ ਨੇ ਅਗਲੀ ਪਾਰੀ ’ਚ, ‘ਰਾਜ ਭਾਸ਼ਾ ਐਕਟ’ ’ਚ ਸੋਧ ਕਰ ਕੇ, ਮਾਂ ਬੋਲੀ ਦੇ ਮੁੜ ਪੈਰੀਂ ਹੱਥ ਲਾਏ। ਅਕਾਲੀਆਂ ਨੇ ਨਾਅਰੇ ਲਾਏ, ‘ਮਾਂ ਬੋਲੀ ਦਾ ਰਾਖਾ.. ਜ਼ਿੰਦਾਬਾਦ।’ ਬੱਸ ਉਹ ਦਿਨ ਤੇ ਆਹ ਦਿਨ, ਭਾਸ਼ਾ ਵਿਭਾਗ ਨੂੰ ਕਦੇ ‘ਪੰਜਾਬ ਦਿਵਸ’ ਮਨਾਉਣ ਜੋਗੇ ਪੈਸੇ ਵੀ ਨਹੀਂ ਜੁੜੇ। ਮਾਤ ਭਾਸ਼ਾ ਦੇ ਹੱਡ ਪੈਰ ਜੁੜੇ ਨੇ, ਕੋਈ ਵੈਦ ਤਾਂ ਬਹੁੜੇ। ਲੇਖਕਾਂ ਕੋਲ ਬਹੁਤਾ ਪੈਸਾ ਧੇਲਾ ਤਾਂ ਹੁੰਦਾ ਨਹੀਂ। ਜਸਵੰਤ ਸਿੰਘ ਰਾਹੀ ਵਾਂਗੂ ਅੱਖਰ ਝਰੀਟਣ ਜੋਗੇ ਨੇ..‘ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ/ਅੱਗਾ ਪਿੱਛਾ ਹੈ ਨਹੀਂ ਜੇ ਤੇ, ਬਾਹਵਾਂ ਆਪ ਲੁਆ ਲਓ।’

              ਕਿਤੇ ਤੱਪੜਾਂ ਵਾਲੇ ਸਕੂਲਾਂ ’ਚ ਪੜ੍ਹੇ ਹੁੁੰਦੇ, ਨਿੱਕੇ ਹੁੰਦੇ ਪੰਜਾਬੀ ਵਾਲਾ ’ਗੂਠਾ ਚੁੰਘਦੇ ਹੁੰਦੇ ਤਾਂ ਏਹ ਨੇਤਾ ਭਾਵੇਂ ਪਤਲੂਨ ਇੰਗਲਿਸਤਾਨੀ ਹੀ ਪਾਉਂਦੇ, ਦਿਲ ਦੇ ਮੰਦਰ ’ਚ ਟੱਲ ਪੰਜਾਬੀ ਦੇ ਹੀ ਖੜਕਦੇ। ਫਿਲਪੀਨੀ ਫ਼ਰਮਾਉਂਦੇ ਨੇ..‘ਬਿਨਾਂ ਆਪਣੀ ਬੋਲੀ ਦੇ ਕੋਈ ਵੀ ਕੌਮ ਬਿਨਾਂ ਦਿਲ ਵਾਲੀ ਕੌਮ ਅਖਵਾਉਂਦੀ ਹੈ।’ ਅਸੈਂਬਲੀ ’ਚ ਵੀ ਮੁੱਖ ਮੰਤਰੀ ਨੇ ‘ਚੀਨੀ ਭਾਸ਼ਾ’ ਦੇ ਗੁਣ ਗਾਏ ਸਨ। ਪੰਜਾਬੀ ਦੇ ਜਥੇਦਾਰ ਜੋਦੜੀ ਕਰਦੇ ਪਏ ਨੇ, ਸਿਆਸੀ ਗੁਰਮੁਖੋ! ਹੇਕ ਕਿਸੇ ਮਰਜ਼ੀ ਭਾਸ਼ਾ ਦੀ ਗੱਜ ਵੱਜ ਲਾਓ ਪਰ ਪੰਜਾਬੀ ਨੂੰ ਤਰਸਦੀਨ ਨਾ ਬਣਾਓ।

Monday, June 14, 2021

                                              ਕੇਂਦਰ ਦਾ ਫੁਰਮਾਨ 
                                   ਕਰਜ਼ਾ ਲਓ ਜਾਂ ਖੇਤੀ ਸਬਸਿਡੀ ! 
                                               ਚਰਨਜੀਤ ਭੁੱਲਰ      

ਚੰਡੀਗੜ੍ਹ : ਕੇਂਦਰ ਸਰਕਾਰ ਨੇ ਹੁਣ ਖੇਤੀ ਸਬਸਿਡੀ ਦੇ ਖ਼ਾਤਮੇ ਲਈ ਨਵਾਂ ਤਾਣਾ ਬੁਣਿਆ ਹੈ। ਕੇਂਦਰ ਨੇ ਬਿਜਲੀ ਸੋਧ ਬਿੱਲ-2020 ਦਾ ਮੰਤਵ ਪੂਰਨ ਲਈ ਇਹ ਤਾਜ਼ਾ ਚਾਲ ਚੱਲੀ ਹੈ ਜੋ ਪੰਜਾਬ ਦੀ ਕਿਸਾਨੀ ਨੂੰ ਵੀ ਲਪੇਟੇ ਵਿਚ ਲੈਣ ਵਾਲੀ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਕਰੋਨਾ ਦੌਰ ’ਚ ਵਾਧੂ ਕਰਜ਼ੇ ਲਈ ਪ੍ਰਵਾਨਗੀ ਦਾ ਲਾਲਚ ਦਿੱਤਾ ਹੈ। ਵਿੱਤ ਮੰਤਰਾਲੇ ਵੱਲੋਂ 9 ਜੂਨ ਨੂੰ ਜਾਰੀ ਇਸ ਪੱਤਰ ਅਨੁਸਾਰ ਕੇਂਦਰ ਨੇ ਸੂਬਿਆਂ ਨੂੰ ਪੇਸ਼ਕਸ਼ ਕੀਤੀ ਹੈ ਕਿ ਅਗਰ ਉਹ ਕੁੱਲ ਰਾਜ ਘਰੇਲੂ ਉਤਪਾਦ ਦਾ 0.50 ਫੀਸਦੀ ਵਾਧੂ ਕਰਜ਼ ਲੈਣਾ ਚਾਹੰੁਦੇ ਹਨ ਤਾਂ ਬਿਜਲੀ ਸੈਕਟਰ ’ਚ ਖੇਤੀ ਸਬਸਿਡੀ ਨੂੰ ਖਤਮ ਕਰਨ ਵਰਗੇ ਕਦਮ ਚੁੱਕਣ।

  ਕੇਂਦਰੀ ਵਿੱਤ ਮੰਤਰਾਲੇ ਨੇ ਚਾਰ ਵਰਿ੍ਹਆਂ ਲਈ ਇਹ ਫ਼ਾਰਮੂਲਾ ਘੜਿਆ ਹੈ ਜਿਸ ਤਹਿਤ ਸੂਬਾ ਸਰਕਾਰ ਬਿਜਲੀ ਸੈਕਟਰ ’ਚ ਖੇਤੀ ਸਬਸਿਡੀ ਆਦਿ ਖਤਮ ਕਰਕੇ ਕੇਂਦਰ ਸਰਕਾਰ ਤੋਂ ਕੁੱਲ ਰਾਜ ਘਰੇਲੂ ਉਤਪਾਦ ਦਾ 0.50 ਫੀਸਦੀ ਵਾਧੂ ਕਰਜ਼ਾ ਚੁੱਕਣ ਦੇ ਯੋਗ ਹੋ ਜਾਵੇਗੀ। ਕੇਂਦਰੀ ਸ਼ਰਤਾਂ ਮੰਨਣ ਵਾਲੇ ਸੂਬੇ ਨੂੰ ਵਾਧੂ ਕਰਜ਼ ਦੀ ਪ੍ਰਵਾਨਗੀ ਮਿਲੇਗੀ। ਕੇਂਦਰੀ ਫ਼ਾਰਮੂਲਾ ਤਹਿਤ ਹਰ ਮਦ ਦੇ ਨੰਬਰ ਨਿਰਧਾਰਿਤ ਕੀਤੇ ਗਏ ਹਨ। ਮਿਸਾਲ ਦੇ ਤੌਰ ’ਤੇ ਖੇਤੀ ਸਬਸਿਡੀ ਨੂੰ ਮੁਕੰਮਲ ਖਤਮ ਕਰਨ ਦੀ ਸੂਰਤ ਵਿਚ 20 ਨੰਬਰ ਮਿਲਨਗੇ ਅਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੀ ਸਿੱਧੀ ਅਦਾਇਗੀ ਦੇ ਵੱਖਰੇ ਨੰਬਰ ਰੱਖੇ ਗਏ ਹਨ। ਖੇਤੀ ਮੋਟਰਾਂ ’ਤੇ ਮੀਟਰ ਲਾਏ ਜਾਣ ਦੀ ਸ਼ਰਤ ਵੀ ਰੱਖੀ ਗਈ ਹੈ। ਸਮੁੱਚੀ ਬਿਜਲੀ ਸਪਲਾਈ ਨੂੰ ਮੀਟਰਿਡ ਕੀਤੇ ਜਾਣ ਦੀ ਯੋਜਨਾ ਹੈ। 

  ਪੰਜਾਬ ਸਰਕਾਰ ਨੇ ਇਸ ’ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। ਮਾਹਿਰ ਆਖਦੇ ਹਨ ਕਿ ਅਗਰ ਪੰਜਾਬ ਸਰਕਾਰ ਇਨ੍ਹਾਂ ਸ਼ਰਤਾਂ ਨੂੰ ਮੰਨ ਲੈਂਦੀ ਹੈ ਤਾਂ ਰਾਜ ਸਰਕਾਰ 3200 ਕਰੋੜ ਦਾ ਵਾਧੂ ਕਰਜ਼ ਲੈਣ ਦੀ ਯੋਗ ਹੋ ਸਕੇਗੀ। ਚੋਣਾਂ ਵਾਲਾ ਵਰ੍ਹਾ ਹੋਣ ਕਰਕੇ ਪੰਜਾਬ ਸਰਕਾਰ ਕਿਸਾਨਾਂ ਦੀ ਨਰਾਜ਼ਗੀ ਸਹੇੜਨ ਦੀ ਪਹੁੰਚ ਵਿਚ ਨਹੀਂ ਹੈ। ਪੰਜਾਬ ਵਿਚ ਕਰੀਬ 14.50 ਲੱਖ ਖੇਤੀ ਮੋਟਰਾਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਖਪਤਕਾਰਾਂ ਨੂੰ ਸਮੇਤ ਖੇਤੀ ਮੋਟਰਾਂ ਸਲਾਨਾ 10,600 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਜਾਂਦੀ ਹੈ। 

  ਆਉਂਦੇ ਚਾਰ ਵਰਿ੍ਹਆਂ ਲਈ ਹਰ ਵਰੇ੍ਹ ਬਿਜਲੀ ਸੁਧਾਰਾਂ ਲਈ ਸੂਬਿਆਂ ਨੂੰ ਕਦਮ ਚੁੱਕਣੇ ਪੈਣਗੇ ਜਿਸ ਦੇ ਅਧਾਰ ’ਤੇ ਕੇਂਦਰ ਸਰਕਾਰ ਨੇ ਮੈਰਿਟ ਤੈਅ ਕਰਨੀ ਹੈ। ਫ਼ਾਰਮੂਲੇ ਅਨੁਸਾਰ 80 ਨੰਬਰ ਹਾਸਲ ਕਰਨ ਵਾਲਾ ਸੂਬਾ 0.50 ਫੀਸਦੀ ਵਾਧੂ ਕਰਜ਼ ਲਈ ਯੋਗ ਹੋਵੇਗਾ ਜਦੋਂ ਕਿ 50 ਨੰਬਰ ਪ੍ਰਾਪਤ ਕਰਨ ਵਾਲਾ ਸੂਬਾ 0.25 ਫੀਸਦੀ ਵਾਧੂ ਕਰਜ਼ ਲਈ ਪ੍ਰਵਾਨਗੀ ਯੋਗ ਹੋਵੇਗਾ। ਦੱਸਣਯੋਗ ਹੈ ਕਿ ਜਦੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਤਾਂ ਉਸ ਸਮੇਂ ਦੌਰਾਨ ਹੀ ਬਿਜਲੀ ਸੋਧ ਬਿੱਲ-2020 ਵੀ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਣਾ ਸੀ ਪ੍ਰੰਤੂ ਕਿਸਾਨੀ ਵਿਰੋਧ ਕਰਕੇ ਪੇਸ਼ ਨਹੀਂ ਕੀਤਾ ਜਾ ਸਕਿਆ ਸੀ। 

   ਸੰਯੁਕਤ ਕਿਸਾਨ ਮੋਰਚੇ ਦੀ ਤਿੰਨ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ-2020 ਨੂੰ ਪੇਸ਼ ਨਾ ਕੀਤੇ ਜਾਣ ਦੀ ਵੀ ਮੰਗ ਸੀ। ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ ਨੂੰ ਪੇਸ਼ ਤਾਂ ਨਹੀਂ ਕੀਤਾ ਪ੍ਰੰਤੂ ਬਦਲਵੇਂ ਰੂਪ ਵਿਚ ਕੇਂਦਰੀ ਵਿਤ ਮੰਤਰਾਲੇ ਨੇ ਸੂਬਿਆਂ ਨੂੰ ਇਹ ਸ਼ਰਤਾਂ ਵਾਲਾ ਪੱਤਰ ਜ਼ਰੂਰ ਭੇਜ ਦਿੱਤਾ ਹੈ। ਦੂਸਰੀ ਤਰਫ਼ ਸਰਕਾਰੀ ਸੂਤਰ ਇਸ ਪੱਤਰ ਤੋਂ ਅਣਜਾਣਤਾ ਜ਼ਾਹਰ ਕਰ ਰਹੇ ਹਨ। 

                    ਕਾਰਪੋਰੇਟੀ ਦਬਾਓ ਹੇਠ ਚੱਲੀ ਚੱਲੀ : ਉਗਰਾਹਾਂ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਪ੍ਰਤੀਕਰਮ ਸੀ ਕਿ ਕੇਂਦਰ ਸਰਕਾਰ ਖੇਤੀ ਅੰਦੋਲਨ ਦੇ ਦਬਾਓ ਕਰਕੇ ਚੋਰੀ ਛਿਪਿਓ ਵਿਸ਼ਵ ਵਪਾਰ ਸੰਸਥਾਂ ਦੀਆਂ ਨੀਤੀਆਂ ਲਾਗੂ ਕਰਾਉਣ ਲਈ ਅਜਿਹੀਆਂ ਸ਼ਰਤਾਂ ਲਗਾ ਰਹੀ ਹੈ। ਕਾਰਪੋਰੇਟਾਂ ਦੇ ਦਬਾਓ ਹੇਠ ਅਜਿਹੇ ਪੱਤਰ ਜਾਰੀ ਹੋ ਰਹੇ ਹਨ ਅਤੇ ਨਾਲੋ ਨਾਲ ਖੇਤੀ ਅੰਦੋਲਨ ਦੇ ਦਾਬੇ ਤੋਂ ਵੀ ਕੇਂਦਰ ਸਰਕਾਰ ਡਰ ਰਹੀ ਹੈ। ਕੇਂਦਰ ਨੇ ਇਹ ਟੇਢਾ ਢੰਗ ਤਰੀਕਾ ਅਖਤਿਆਰ ਕੀਤਾ ਹੈ ਪ੍ਰੰਤੂ ਪੰਜਾਬ ਵਿਚ ਇਸ ਨੂੰ ਕਿਸੇ ਸੂਰਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। 


Wednesday, June 9, 2021

                                                 ਜ਼ਿੰਦਗੀ ਦੀ ਜੰਗ
                                    ਏਸ ਟਾਵਰ ਤੋਂ ਮਹਿਲ ਦਿਸਦਾ ਹੈ..! 
                                                 ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਦੇ ‘ਘਰ ਘਰ ਰੁਜ਼ਗਾਰ’ ਦਾ ਇੱਕ ਸੱਚ ਸੁਰਿੰਦਰ ਪਾਲ ਵੀ ਹੈ। ਬਚਪਨ ਉਮਰੇ ਬਾਪ ਦੇ ਕੰਧੇੜੇ ਚੜ੍ਹਨ ਤੋਂ ਡਰਦਾ ਸੀ, ਹੁਣ ਰੁਜ਼ਗਾਰ ਲਈ ਏਨੇ ਉੱਚੇ ਟਾਵਰ ’ਤੇ ਚੜ੍ਹਿਆ ਹੈ ਤਾਂ ਜੋ ਪੰਜਾਬ ਸਰਕਾਰ ਦੀ ਨਜ਼ਰ ਪੈ ਸਕੇ। ਉਹ ਹੁਣ ਜ਼ਿੰਦਗੀ ਦੀ ਆਖਰੀ ਜੰਗ ਲੜ ਰਿਹਾ ਹੈ। ਪਟਿਆਲਾ ਦੇ ਲੀਲ੍ਹਾ ਭਵਨ ਦਾ ਮੋਬਾਈਲ ਟਾਵਰ, ਜਿਸ ਦੀ 260 ਫੁੱਟ ਦੀ ਉਚਾਈ ’ਤੇ ਈ.ਟੀ.ਟੀ ਅਧਿਆਪਕ ਸੁਰਿੰਦਰ ਪਾਲ 80 ਦਿਨਾਂ ਤੋਂ ਚੜ੍ਹਿਆ ਹੋਇਆ ਹੈ। ਉਸ ਨੇ 1920 ਘੰਟੇ ਟਾਵਰ ’ਤੇ ਗੁਜ਼ਾਰੇ ਹਨ। ਮੀਂਹ ਵੀ ਝੱਲੇ ਹਨ ਅਤੇ ਧੁੱਪਾਂ ਦਾ ਸੇਕ ਵੀ ਹੰਢਾਇਆ ਹੈ। ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦੇ ਸੁਰਿੰਦਰ ਪਾਲ ਦੀ ਦਾਸਤਾਂ ਸੁੰਨ ਕਰ ਦੇਣ ਵਾਲੀ ਹੈ। ਈ.ਟੀ.ਟੀ ਟੈੈੱਟ ਪਾਸ ਇਹ ਦਲਿਤ ਮੁੰਡਾ ਹਰ ਜਮਾਤ ਪਹਿਲੇ ਦਰਜੇ ’ਚ ਪਾਸ ਹੈ। ਮੰਗ ਏਨੀ ਕੁ ਹੈ ਕਿ ਸਰਕਾਰ ਵੱਲੋਂ ਈ.ਟੀ.ਟੀ ਟੈੱਟ ਪਾਸ 2364 ਅਧਿਆਪਕਾਂ ਦੀਆਂ ਪ੍ਰਕਾਸ਼ਿਤ ਅਸਾਮੀਆਂ ’ਚ ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦੇ ਹੱਕ ’ਤੇ ਕੋਈ ਡਾਕਾ ਨਾ ਵੱਜੇ। 36 ਵਰਿ੍ਹਆਂ ਦਾ ਸੁਰਿੰਦਰ ਪਾਲ ਨੌਕਰੀ ਦੀ ਝਾਕ ਵਿਚ ਵਿਆਹੁਤਾ ਸਫ਼ਰ ਵੀ ਸ਼ੁਰੂ ਨਹੀਂ ਕਰ ਸਕਿਆ। ਪੈਰ ਪੈਰ ’ਤੇ ਜ਼ਿੰਦਗੀ ਉਸ ਨੂੰ ਸ਼ਰੀਕ ਬਣ ਟੱਕਰੀ ਪਰ ਉਸ ਦੀ ਹਿੰਮਤ ਨੇ ਪਿੱਠ ਨਾ ਦਿਖਾਈ। ਮਾਂ ਦਾ ਦੇਹਾਂਤ ਹੋ ਗਿਆ ਅਤੇ 80 ਵਰਿ੍ਹਆਂ ਦੇ ਬਾਪ ਬਾਪ ਪਰਸ ਰਾਮ ਦੇ ਮਜ਼ਦੂਰੀ ਨੇ ਕੁੱਬ ਪਾ ਦਿੱਤਾ ਹੈ। 

      ਸੁਰਿੰਦਰ ਪਾਲ ਦਾ ਨਾਮ ਲਾਡ ’ਚ ਬਾਪ ਨੇ ਬਬਲੂ ਰੱਖਿਆ। ਅੱਠਵੀਂ ਜਮਾਤ ’ਚ ਹੀ ਗੁਰਬਤ ਨੇ ਬਬਲੂ ਨੂੰ ਦੋ ਹੱਥ ਦਿਖਾ ਦਿੱਤੇ। ਬਬਲੂ ਨੂੰ ਆਪਣੇ ਦੋ ਹੱਥਾਂ ’ਤੇ ਮਾਣ ਸੀ। ਸਕੂਲੀ ਉਮਰ ’ਚ ਉਹ ਇੱਕ ਦਿਨ ਸਕੂਲ ਜਾਂਦਾ ਤੇ ਇੱਕ ਦਿਨ ਦਿਹਾੜੀ ਕਰਦਾ। ਕਦੇ ਦਿਨੇ ਦਿਹਾੜੀ ਕਰਦਾ, ਰਾਤ ਨੂੰ ਇੱਕ ਇੱਕ ਵਜੇ ਤੱਕ ਪੜ੍ਹਦਾ। ਉਪਰੋਂ ਪਰਿਵਾਰ ਪਾਲਣ ਦੀ ਜਿੰਮੇਵਾਰੀ ਸਿਰ ਪੈ ਗਈ। ਉਹ ਜੂਡੋ ਦਾ ਮੈਡਲ ਜੇਤੂ ਖਿਡਾਰੀ ਵੀ ਹੈ। ਕਾਲਜ ਪੜ੍ਹਨ ਬਾਰੇ ਸੋਚਿਆ ਤਾਂ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਕਾਲਜ ਫੀਸ ਤੇ ਕਿਤਾਬਾਂ ਦੀ ਜਿੰਮੇਵਾਰੀ ਓਟ ਲਈ। ਸੁਰਿੰਦਰ ਪਾਲ ਆਖਦਾ ਹੈ ਕਿ ਬੱਸ ਦਾ ਭਾੜਾ ਬਾਪ ਦੇਣ ਦੀ ਪਹੁੰਚ ’ਚ ਨਹੀਂ ਸੀ ਜਿਸ ਦਾ ਜ਼ਿੰਦਗੀ ਭਰ ਮਲਾਲ ਰਹੇਗਾ। ਬਾਪ ਨੇ ਪੁੱਤ ਨੂੰ ਅਧਿਆਪਕ ਬਣਾਉਣ ਦਾ ਸੁਪਨਾ ਦੇਖਿਆ। ਸੁਰਿੰਦਰ ਪਾਲ ਉਨ੍ਹਾਂ ਦਿਨਾਂ ’ਚ ਅਧਿਆਪਕ ਤਾਂ ਨਹੀਂ ਬਣ ਸਕਿਆ, ਪਠਾਨਕੋਟ ਦੇ ਲੇਬਰ ਚੌਂਕ ਦਾ ਮਜ਼ਦੂਰ ਜ਼ਰੂਰ ਬਣ ਗਿਆ। ਸਰੀਰਕ ਤੌਰ ’ਤੇ ਮਾੜਕੂ ਹੋਣ ਕਰਕੇ ਉਸ ਨੂੰ ਕੋਈ ਦਿਹਾੜੀ ’ਤੇ ਵੀ ਨਹੀਂ ਲਿਜਾਂਦਾ ਸੀ। ਉਦੋਂ ਸਰੀਰ ਦਾ ਮੁੱਲ ਕਿਸੇ ਨਹੀਂ  ਪਾਇਆ ਅਤੇ ਹੁਣ ਬੁੱਧੀ ਦਾ ਮੁੱਲ ਸਰਕਾਰ ਨਹੀਂ ਪਾ ਰਹੀ। 

             ਉਸ ਨੇ ਅਧਿਆਪਕ ਬਣਨ ਦੀ ਠਾਣ ਲਈ। ਈ.ਟੀ.ਟੀ ਕਰਨ ਲਈ ਸਵਾ ਲੱਖ ਦਾ ਬੋਝ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਚੁੱਕ ਲਿਆ। ਆਖਰ ਟੈੱਟ ਵੀ ਪਾਸ ਕਰ ਲਿਆ। ਈ.ਟੀ.ਟੀ ਦੌਰਾਨ ਉਹ ਰਾਤ ਨੂੰ ਫੈਕਟਰੀ ਵਿਚ ਕੰਮ ਵੀ ਕਰਦਾ ਰਿਹਾ। ਉਹ ਕਦੇ ਜ਼ਿੰਦਗੀ ’ਚ ਤਿੱਥ ਤਿਉਹਾਰ ਨਹੀਂ ਮਨਾ ਸਕਿਆ। ਆਖਦਾ ਹੈ ‘ਜੇਬ ਹੈ ਖਾਲੀ ਤਾਂ ਕਾਹਦੀ ਦੀਵਾਲ਼ੀ।’ ਕੋਈ ਸ਼ੌਕ ਉਸ ਦੀ ਦੇਹਲੀ ਨਾ ਚੜ ਸਕਿਆ। ਅਸਾਮੀਆਂ ਪ੍ਰਕਾਸ਼ਿਤ ਹੋਈਆਂ ਤਾਂ ਉਸ ਨੂੰ ਆਸ ਬੱਝੀ ਪਰ ਸਭ ਸੁਪਨੇ ਖੰਭ ਲਾ ਉੱਡ ਗਏ। ਸੁਰਿੰਦਰ ਪਾਲ 20 ਮਾਰਚ ਨੂੰ ਇਹ ਸੋਚ ਪਟਿਆਲਾ ਦੇ ਟਾਵਰ ’ਤੇ ਚੜ੍ਹਿਆ ਕਿ ਸ਼ਾਇਦ ਸਰਕਾਰ ਨੂੰ ਨਜ਼ਰ ਨਹੀਂ ਪੈ ਰਿਹਾ। ਉਹ ਜ਼ਿੰਦਗੀ ਦੀ ਆਖਰੀ ਛਿੰਝ ਲੜ ਰਿਹਾ ਹੈ। ਬਾਪ ਕੋਲ ਹੱਲਾਸ਼ੇਰੀ ਦੇਣ ਤੋਂ ਸਿਵਾਏ ਕੁਝ ਨਹੀਂ ਬਚਿਆ। ਉਸ ਨੂੰ ਰੁਜ਼ਗਾਰ ਲਈ ਥਾਣੇ ਦੇਖਣੇ ਪਏ ਅਤੇ ਲਾਠੀਚਾਰਜ ਵੀ ਝੱਲਣੇ ਪਏ। ਉਹ ਆਖਦਾ ਹੈ ਕਿ ਏਸ ਟਾਵਰ ਤੋਂ ਮੋਤੀ ਮਹਿਲ ਦਿੱਖਦਾ ਹੈ ਪ੍ਰੰਤੂ ਮੋਤੀ ਮਹਿਲ ਨੂੰ ਟਾਵਰ ਨਹੀਂ ਦਿੱਖਦਾ। ਸਿੱਖਿਆ ਮੰਤਰੀ ਨੇ ਉਸ ਨਾਲ ਫੋਨ ’ਤੇ ਗੱਲ ਕੀਤੀ ਪ੍ਰੰਤੂ ਉਹ ਹਕੀਕੀ ਫੈਸਲਾ ਚਾਹੁੰਦਾ ਸੀ। ਪੰਜਾਬ ਸਰਕਾਰ ਨੇ ਟਾਵਰ ’ਤੇ ਪੁਲੀਸ ਪਹਿਰਾ ਲਾ ਦਿੱਤਾ ਪ੍ਰੰਤੂ ਹਕੂਮਤ ’ਚ ਏਨੀ ਸੰਵੇਦਨਾ ਨਹੀਂ ਦਿੱਖੀ ਕਿ ਸੁਰਿੰਦਰ ਪਾਲ ਨੂੰ ਟਾਵਰ ਤੋਂ ਹੀ ਉਤਾਰਨ ਦਾ ਹੀਲਾ ਕਰਦੀ।

            80 ਦਿਨਾਂ ਤੋਂ ਟਾਵਰ ’ਤੇ ਬੈਠੇ ਸੁਰਿੰਦਰ ਪਾਲ ਦਾ ਵਜ਼ਨ ਘੱਟ ਗਿਆ ਹੈ ਅਤੇ ਸਿਹਤ ਕਮਜ਼ੋਰ ਪੈਣ ਲੱਗੀ ਹੈ। ਕੇਵਲ ਬਿਸਕੁਟ ਖਾ ਰਿਹਾ ਤੇ ਪਾਣੀ ਪੀ ਰਿਹਾ ਹੈ। ਵਿਰੋਧੀ ਧਿਰਾਂ ਦੇ ਆਗੂ ਆਏ, ਸਿਰਫ਼ ਹਮਦਰਦੀ ਦੇ ਕੇ ਤੁਰ ਗਏ। ਗੁਰਾਂ ਦੇ ਪੰਜਾਬ ’ਚ ਕੋਈ ਅਜਿਹੀ ਆਵਾਜ਼ ਨਹੀਂ ਉੱਠੀ ਜੋ ਉਸ ਦਾ ਦੁੱਖਾਂ ਦੀ ਦਾਰੂ ਬਣ ਸਕਦੀ। ਉਸ ਨੂੰ ਪੜਾਈ ’ਤੇ ਅਫਸੋਸ ਨਹੀਂ, ਹਾਲਾਤਾਂ ’ਤੇ ਅਫਸੋਸ ਹੈ ਜਿਨ੍ਹਾਂ ਨੂੰ ਮੌਕੇ ਦੀਆਂ ਸਰਕਾਰਾਂ ਨੇ ਬਣਾਇਆ। ਉਸ ਨੂੰ ਜਿੱਤਣ ਦਾ ਭਰੋਸਾ ਹੈ। 

                        ਬੇਕਾਰੀ ਭੱਤਾ ਹੀ ਦੇ ਦਿਓ!

ਸੁਰਿੰਦਰ ਪਾਲ ਆਖਦਾ ਹੈ ਕਿ ਸਰਕਾਰ ਵੱਲ ਉਸ ਦਾ 2500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1.35 ਲੱਖ ਰੁਪਏ ਦਾ ਬੇਰੁਜ਼ਗਾਰੀ ਭੱਤੇ ਦਾ ਬਕਾਇਆ ਖੜ੍ਹਾ ਹੈ। ਸਰਕਾਰ ਬੇਕਾਰੀ ਭੱਤਾ ਦੇਵੇ। ਇਸ ਨੌਜਵਾਨ ਨੂੰ ਭਰਾਤਰੀ ਧਿਰਾਂ ਤੇ ਕਿਸਾਨ ਧਿਰਾਂ ਤੋਂ ਇਲਾਵਾ ਈ.ਟੀ.ਟੀ ਟੈੱਟ ਪਾਸ ਯੂਨੀਅਨ ਦੇ ਸਾਥ ’ਤੇ ਫ਼ਖ਼ਰ ਵੀ ਹੈ। ਦੇਖਿਆ ਜਾਵੇ ਤਾਂ ਸÇੁਰੰਦਰ ਪਾਲ ਅਧਿਆਪਕ ਦੀ ਬੇਕਦਰੀ ਦਾ ਪ੍ਰਤੱਖ ਨਮੂਨਾ ਹੈ। 


Monday, June 7, 2021

                                                    ਵਿਚਲੀ ਗੱਲ
                                  ਕਾਗ ਬਨੇਰੇ ਬੋਲਿਆ
                                         ਚਰਨਜੀਤ ਭੁੱਲਰ     

ਚੰਡੀਗੜ੍ਹ : ਜਦ ਮਹਿਲਾਂ ਦੇ ਬਨੇਰੇ ਤੇ ਕਾਂ ਬੋਲਿਆ, ਜ਼ਰੂਰ ਅੱਜ ਪ੍ਰਾਹੁਣੇ ਆਉਣਗੇ, ਇਹ ਸੋਚ ਅਮਰਿੰਦਰ ਨੇ ਜਦੋਂ ਰਾਹ ਤੱਕਿਆ। ਦੂਰੋਂ ਆਉਂਦਾ ਇੱਕ ਸਾਈਕਲ ਦਿਸਿਆ। ਕਾਠੀ ਤੇ ਸੁਖਪਾਲ ਖਹਿਰਾ ਬੈਠਾ ਪੈਡਲ ਮਾਰੇ। ਡੰਡੇ ਤੇ ਪਿਰਮਲ ਬੈਠਾ ਤੇ ਪਿੱਛੇ ਜਗਦੇਵ ਕਮਾਲੂ। ਸਿਆਣੇ ਆਖਦੇ ਨੇ, ਬਈ! ਲੰਮੇ ਰਾਹਾਂ ਦੇ ਪਾਂਧੀ ਹੌਲੀ ਚੱਲਦੇ ਨੇ। ਖਹਿਰੇ ਕੋਲ ਏਨਾ ਸਮਾਂ ਕਿੱਥੇ। ਮਹਾਰਾਜੇ ਬੋਲੇ, ਧੰਨਭਾਗ ! ਅੱਗਿਓਂ ਤਿੱਕੜੀ ਨੇ ਸੁਰ ਲਾਇਆ...ਤੇਰੀ ਦੀਦ ਨੂੰ ਤਰਸੇ ਦੀਦੇ।ਪਰਲੋਕ ਚ ਬੈਠਾ ਗਯਾ ਰਾਮ ਧੰਨ ਹੋਇਆ। ਸੱਤਰ ਦੇ ਦਹਾਕੇ ਚ ਗੂੰਜ ਪਈ ਸੀ...ਆਇਆ ਰਾਮ, ਗਯਾ ਰਾਮ।’ ‘ਦਲ ਬਦਲੀਦਾ ਸ਼ਨਾਖ਼ਤੀ ਕਾਰਡ ਬਣਿਆ ਗਯਾ ਰਾਮ। ਲੋਭ ਦਾ ਸ਼ੋਭ ਨਹੀਂ’, ਜ਼ਮੀਰ ਦੀ ਅੱਖ ਲੱਗੀ ਤਾਂ ਖਹਿਰੇ ਨੇ ਪਿਰਮਲ ਤੇ ਕਮਾਲੂ ਨੂੰ ਹੁੱਝ ਮਾਰੀ। ਆਖਦੇ ਨੇ ਜ਼ਿੰਦਗੀ ਇੱਕ ਸਾਈਕਲ ਵਾਂਗ ਹੈ, ਪੈਂਡਲ ਮਾਰਦੇ ਜਾਓ। ਖਹਿਰਾ ਐਂਡ ਕੰਪਨੀ ਸਿੱਧੀ ਫਾਰਮ ਹਾਊਸ ਤੇ ਜਾ ਪ੍ਰਗਟ ਹੋਈ। ਸਾਈਕਲ ਨੂੰ ਆਪਣੇ ਸਟੈਂਡ ਤੇ ਫ਼ਖ਼ਰ ਹੋਇਆ। ਭੁਲੱਥ ਦੇ ਫਰਜ਼ੰਦ ਨੇ ਵਾਇਆ ਬਠਿੰਡਾਰੂਟ ਲੈ ਕੇ ਰਾਜੇ ਦੇ ਦਰਬਾਰ ਨੂੰ ਰੰਗ ਭਾਗ ਲਾਤੇ। ਕੁਹਾੜੀ ਭੁੱਲ ਜਾਂਦੀ ਐ, ਦਰੱਖ਼ਤ ਨਹੀਂ।’ ‘ਆਪਦੇ ਚੇਤੇ ਦਾ ਪਤਾ ਨਹੀਂ।

           ਪੰਜਾਬ ਦੀ ਖ਼ੁਦਮੁਖ਼ਤਿਆਰੀ ਆਖਰ ਸ਼ਹੀਦ ਹੋ ਗਈ। ਪੰਜਾਬ ਦੋਖੀਓ! ਨਾ ਕਰੋ ਤੋਏ-ਤੋਏ। ਅਮਰਿੰਦਰ ਸਿੰਘ ਤੋਂ ਗੁਟਕਾ ਸਾਹਿਬ ਲੈ ਕੇ, ਜਲਦੀ ਹੀ ਖਹਿਰਾ ਸਾਹਿਬ ਪੰਜਾਬ ਦੀ ਸੁੱਖ-ਸ਼ਾਂਤੀ ਲਈ ਸਹੁੰ ਚੁੱਕਣਗੇ। ਖਹਿਰਾ ਸਾਹਿਬ ਖ਼ੁਦਮੁਖ਼ਤਿਆਰੀਦੀ ਮੜ੍ਹੀ ਪੱਲਿਓਂ ਬਣਾਉਣਗੇ, ਵੇਲੇ-ਕੁਵੇਲੇ ਮੜ੍ਹੀ ਤੇ ਲੱਸੀ ਵੀ ਪਾਉਣਗੇ। ਪੰਜਾਬ ਕਿਵੇਂ ਭੁੱਲੇ, ਆਵਾਜ਼-ਏ-ਪੰਜਾਬ ਖਹਿਰਾ ਦੇ ਬਠਿੰਡਾ ਰੈਲੀ ਵਿਚਲੇ ਓਹ ਬੋਲ...ਪੰਜਾਬੀਓ! ਪੰਜਾਬ ਦੀ ਖ਼ੁਦਮੁਖ਼ਤਿਆਰੀ ਲਈ ਲੜਾਂਗਾ।ਖਹਿਰਾਮਈ ਵਾਅਦਾ ਵੀ ਕੀਤਾ, ‘ਜੁਝਾਰੂ ਪੰਜਾਬੀਓ! ਘਰ ਬੈਠ ਜਾਵਾਂਗਾ, ਕਾਂਗਰਸ ਨਾਲ ਕਲਾਮ ਨਹੀਂ ਕਰਾਂਗਾ।ਘਾਹ ਫੁੱਲੇ, ਮੀਂਹ ਭੁੱਲੇ।ਪੰਜਾਬ ਦੇ ਭਵਿੱਖ ਲਈ ਹਰ ਦਰ ਗਏ। ਟੈਮ ਹੋ ਗਿਆ, ਬਦਲ ਗਏ ਕਾਂਟੇ।ਪੰਜਾਬ ਚ ਚੋਣਾਂ ਦੂਰ ਨਹੀਂ, ਤਾਹੀਂ ਆਖਰ ਮਹਿਲਾਂ ਦੇ ਨੇੜੇ ਆਏ। ਮਾਪੇ ਮਰ ਜਾਣ, ਬੰਦਾ ਸੰਭਲ ਜਾਂਦੈ। ਕਿਤੇ ਮੱਤ ਮਰ ਜਾਏ, ਪੰਜਾਬ ਨੂੰ ਯਤੀਮ ਹੋਣਾ ਪੈਂਦੈ। ਦਸੌਧਾ ਸਿੰਘ ਦਾ ਵੱਸ ਚੱਲੇ ਤਾਂ ਜ਼ਰੂਰ ਇੱਕ ਯਾਦਗਾਰੀ ਸਿੱਕਾ ਜਾਰੀ ਕਰੇ। ਪੰਜਾਬ ਰੇਸ਼ਮੀ ਪੁਸ਼ਾਕ ਹੁੰਦਾ ਸੀ, ਗਯਾ ਰਾਮ ਦੇ ਵਾਰਸਾਂ ਨੇ ਖੱਦਰ ਭੰਡਾਰ ਬਣਾਤਾ।

            ਹਾਥੀ ਚੱਲੇ ਬਾਜ਼ਾਰ, ਕੁੱਤੇ ਭੌਕਣ ਹਜ਼ਾਰ।ਖਹਿਰਾ ਸਾਹਿਬ! ਪ੍ਰਵਾਹ ਨਹੀਂਓ ਕਰਨੀ। ਖ਼ੁਦਮੁਖ਼ਤਿਆਰੀ ਖਾਤਰ ਪਿੰਡ ਬਾਦਲ ਵੀ ਜਾਣਾ ਪਵੇ, ਗੱਜ ਵੱਜ ਕੇ ਜਾਇਓ। ਦੇਖਿਓ ਹਾਲੇ ਕਿਤੇ ਦਿੱਲੀ ਨਾ ਚਲੇ ਜਾਣਾ, ਸੋਨੀਆ ਦਰਬਾਰ ਚ ਅੱਗੇ ਕਾਂਗਰਸੀ ਬੈਠੇ ਨੇ, ਅਖ਼ੇ ਖ਼ੁਦਮੁਖ਼ਤਿਆਰੀਵਾਲਾ ਟਰੰਕ ਲੈ ਕੇ ਪੰਜਾਬ ਮੁੜਾਂਗੇ। ਚੋਣਾਂ ਨੇੜੇ ਕੌਣ ਸੌਂਦਾ ਹੈ। ਹੁਣ ਜ਼ਮੀਰ ਜ਼ਰੂਰ ਲੰਮੀਆਂ ਤਾਣ ਸੌਵੇਗੀ। ਪੰਜਾਬ ਨੂੰ ਪੰਜ ਭੱਠ ਬੁਖ਼ਾਰ ਚੜ੍ਹਿਐ। ਕੋਈ ਚੰਗਾ ਵੈਦ ਮਿਲੇ ਤਾਂ ਸਹੀ। ਕਿਸੇ ਸੱਚ ਕਿਹਾ, ‘ਘੋੜ ਸਵਾਰਾਂ ਨੂੰ ਪੈਦਲਾਂ ਦੇ ਕਸ਼ਟ ਦਾ ਅੰਦਾਜ਼ਾ ਨਹੀਂ ਹੁੰਦਾ।ਵਾਰਸਾਂ ਨੂੰ ਦੇਣ ਲਈ ਪੰਜਾਬ ਕੋਲ ਸਿਰਫ਼ ਕਰਜ਼ਾ ਬਚਿਐ। ਅਮਰਿੰਦਰ ਦਾ ਸੁਰੱਖਿਆ ਇੰਚਾਰਜ ਖੂਬੀ ਰਾਮ ਜ਼ਰੂਰ ਅੱਭੜਵਾਹੇ ਉੱਠਿਆ ਹੋਵੇਗਾ, ਸੁੁਪਨੇ ਚ ਉੱਲੂ ਦਿਖਿਆ ਹੋਊ। ਦੂਜੇ ਦਿਨ ਕਾਂਗਰਸੀ ਪਿੱਟ ਉੱਠੇ, ਅਖੇ ਅਮਰਿੰਦਰ ਦੋਸਤਾਨਾ ਮੈਚ ਖੇਡ ਰਿਹੈ। ਪੀਚੋ ਬੱਕਰੀ ਵੱਡੇ ਅਫ਼ਸਰ ਖੇਡ ਗਏੇ, ਕਾਂਗਰਸੀ ਰੋਣ ਹਾਕੇ ਹੋਏ ਨੇ... ਅਸੀਂ ਕੀਹਦੀ ਮਾਂ ਨੂੰ ਮਾਸੀ ਆਖੀਏ।

             ਲੋਕ ਰਾਜ ਦਾ ਆਲਮ ਨਿਰਾਲਾ ਹੈ। ਫਰੈਂਕ ਡੇਨ ਦਾ ਕਥਨ ਐ...ਸਾਰੇ ਮੂਰਖ ਆਪਣੇ ਵਾਲੇ ਪਾਸੇ ਇਕੱਠੇ ਕਰ ਲਓ, ਫੇਰ ਤੁਸੀਂ ਕਿਸੇ ਵੀ ਅਹੁਦੇ ਲਈ ਚੁਣੇ ਜਾ ਸਕਦੇ ਹੋ।ਨਵਜੋਤ ਸਿੱਧੂ ਆਖਦੈ, ‘ਕੋਈ ਅਹੁਦਾ ਨਹੀਂ ਚਾਹੁੰਦਾ, ਪੰਜਾਬ ਲਈ ਨਿਆਂ ਚਾਹੁੰਦਾ ਹਾਂ।ਪਰਗਟ ਸਿੰਘ ਨੇ ਪਿੱਠ ਥਾਪੜ ਦਿੱਤੀ। ਮਝੈਲ ਵਜ਼ੀਰ ਸੁਖਜਿੰਦਰ ਰੰਧਾਵਾ ਨੂੰ ਜ਼ਮੀਰ ਨੇ ਹੁੱਝ ਮਾਰੀ। ਨਾਲ ਕਈ ਹੋਰ ਵਜ਼ੀਰਾਂ ਦੀ ਵੀ ਜਾਗ ਖੁੱਲ੍ਹ ਗਈ। ਦੇਖਦੇ-ਦੇਖਦੇ ਕਾਫ਼ਲਾ ਬਣ ਗਿਆ। ਸਭ ਤੁਰ ਪਏ ਦਿੱਲੀ ਵੱਲ...। ਲੋਕ ਬੋਲੀ ਐ...ਰੰਨ ਗਈ ਬਸਰੇ ਨੂੰ, ਮੋੜੀ ਬਾਬਾ ਡਾਂਗ ਵਾਲਿਆ।ਮਹਾਰਾਜੇ ਨੇ ਬਾਬੇ ਨੂੰ ਨਹੀਂ, ਵਿਜੀਲੈਂਸ ਨੂੰ ਡਾਂਗ ਫੜਾਤੀ, ਜਿਹਨੇ ਵਿਧਾਇਕਾਂ ਦੀ ਪੱਤਰੀ ਫਰੋਲ ਤੀ। ਵੋ ਭੀ ਦਿਨ ਥੇ, ਜਬ.. ਵਿਜੀਲੈਂਸ ਨੂੰ ਰਾਜੇ ਨੇ ਖੂੰਡਾ ਫੜਾਇਆ ਸੀ। ਕਾਂਗਰਸੀ ਕਾਟੋ-ਕਲੇਸ਼ ਸਿਖਰ ਤੇ ਹੈ। ਚੰਗਾ ਘੋੜਾ ਬਿਨਾਂ ਮੰਡੀ ਤੋਂ ਵੀ ਵਿਕ ਜਾਂਦਾ ਹੈ।ਪੰਜਾਬ ਕਿਸ ਤੇ ਕਾਠੀ ਪਾਵੇ। ਆਪਦੇ ਮੋਟਰਸਾਈਕਲ ਤੇ ਭਗਵੰਤ ਮਾਨ ਬੈਠੈ। ਢੀਂਡਸਾ ਟਰਾਂਸਪੋਰਟ ਪੰਜਾਬ ਚ ਘੁੰਮ ਰਹੀ ਹੈ। ਜਿੱਥੋਂ ਸਵਾਰੀ ਮਿਲਦੀ ਐ, ਚੁੱਕ ਲੈਂਦੇ ਨੇ। ਅਗਲੀ ਸੀਟ ਤੇ ਬ੍ਰਹਮਪੁਰਾ ਸਾਹਿਬ ਬੈਠੇ ਨੇ। ਪਰਮਿੰਦਰ ਢੀਂਡਸਾ ਸੀਟੀ ਤੇ ਸੀਟੀ ਮਾਰ ਰਿਹਾ ਹੈ, ਕੋਈ ਸਵਾਰੀ ਮਿਲੇ ਤਾਂ ਸਹੀ।

             ਮਹਾਮਾਰੀ ਨੇ ਵਾਜੇ ਵਜਾਏ ਨੇ। ਕਿਸਾਨਾਂ ਨੇ ਬੈਂਡ ਵਜਾਇਐ, ਮੋਦੀ ਸਰਕਾਰ ਦੇ ਕੰਨ ਪਾੜਤੇ। ਕਿਸਾਨ ਪਰਿਵਾਰ ਚੁੱਲ੍ਹਿਆਂ ਲਈ ਘਰੋਂ ਨਿਕਲੇ ਨੇ, ਉੱਧਰ ਚੱਕਵੇਂ ਚੁੱਲ੍ਹੇ ਨਵੇਂ ਸਿਆਸੀ ਘਰ ਲੱਭ ਰਹੇ ਨੇ। ਗੱਲ ਪੱਲੇ ਨਹੀਂ ਪੈ ਰਹੀ ਤਾਂ ਦਰਸ਼ਨ ਮਿਤਵਾ ਦਾ ਨਾਟਕ ਕੁਰਸੀ ਨਾਚ ਨਚਾਏਦੇਖ ਲੈਣਾ। ਕਾਂਗਰਸੀ ਖੇਡਾਂ ਦੇਖ, ਛੱਜੂ ਰਾਮ ਟੇਵਾ ਲਾ ਰਿਹੈ... ਕੁਝ ਨਹੀਂਓ ਹੋਣਾ, ਦੋ ਚਾਰ ਨੇਤਾਵਾਂ ਦੀ ਕੁਰਸੀ ਬਦਲੂ, ਪੰਜਾਬ ਦੇ ਭਾਗ ਨਹੀਂ ਬਦਲਣੇ। ਨਵਜੋਤ ਸਿੱਧੂ ਆਖਦਾ ਐ... ਅਸਾਂ ਕੋਲ ਝੁਰਲੂ ਐ, ਅੱਖ ਦੇ ਫੋਰੇ ਪੰਜਾਬ ਬਦਲੂ।ਪੰਜਾਬ ਪੱਥਰ ਬਣ ਕੰਧ ਨਾਲ ਲੱਗਾ ਬੈਠੈ, ਕਿਸੇ ਫਰਿਸ਼ਤੇ ਦੀ ਉਡੀਕ ਚ...। ਪ੍ਰਧਾਨ ਸੁਖਬੀਰ ਸਿੰਘ ਬਾਦਲ ਮਨੋ-ਮਨ ਆਖਦੇ ਹੋਣੇ ਨੇ... ਪੰਜਾਬੀ ਇੱਕ ਵਾਰੀ ਕੁਰਸੀ ਦੇ ਪਾਵੇ ਨੂੰ ਹੱਥ ਪਵਾ ਦੇਣ, ਫੇਰ ਦੇਖਣਾ, ਕੰਧਾਂ ਬੋਲਣ ਲਾ ਦਿਆਂਗੇ। ਸੁਨੀਲ ਜਾਖੜ ਦਾ ਹਾਸਾ ਨਹੀਂ ਰੁਕ ਰਿਹਾ। ਆਉਂਦੇ ਸਮੇਂ , ਕੋਈ ਕਾਂਗਰਸੀ ਬਣੇਗਾ, ਕੋਈ ਅਕਾਲੀ, ਕੋਈ ਆਪਦੇ ਯੱਕੇ ਤੇ ਬੈਠੇਗਾ। ਕੁਰਸੀ ਖਾਤਰ ਛਿੱਤਰੀਂ ਦਾਲ ਵੰਡਣਗੇ। ਟਕਸਾਲੀ-ਟਕਸਾਲੀ ਦਾ ਰੌਲਾ ਪਵੇਗਾ। ਕੇਰਾ ਬਰਨਾਲੇ ਚ ਵੱਡੇ ਬਾਦਲ ਨੂੰ ਇੱਕ ਪੱਤਰਕਾਰ ਨੇ ਸੁਆਲ ਕੀਤਾ। ਬਾਦਲ ਸਾਹਿਬ ! ਟਕਸਾਲੀ ਆਗੂ ਨੂੰ ਛੱਡ ਮਲਕੀਤ ਕੀਤੂ ਨੂੰ ਟਿਕਟ ਦੇਣ ਦੀ ਵਜ੍ਹਾ? ਅੱਗਿਓਂ ਬਾਦਲ ਨੇ ਤਰਕ ਦਿੱਤਾ, ਕਾਕਾ! ਅੱਜ-ਕੱਲ੍ਹ ਤਾਂ ਜੀਹਦੇ ਪੱਲੇ ਚਾਰ ਵੋਟਾਂ ਨੇ, ਓਹੀ ਟਕਸਾਲੀ ਐ। ਪੰਜਾਬ ਅੱਕੀ ਪਲਾਹੀ ਹੱਥ ਮਾਰ ਰਿਹੈ। ਮੰਗੋਲੀਆ ਦੇ ਵਿਦਵਾਨ ਮੱਤ ਦਿੰਦੇ ਨੇ, ‘ਜਦੋਂ ਤੱਕ ਨਦੀ ਨਜ਼ਰ ਨਾ ਆਵੇ, ਉਦੋਂ ਤੱਕ ਆਪਣੇ ਬੂਟਾਂ ਦੇ ਫੀਤੇ ਨਹੀਂ ਖੋਲ੍ਹਣੇ ਚਾਹੀਦੇ।

              ਕੋਈ ਤਾਇਆ ਖੇਤੀ ਕਾਨੂੰਨਾਂਨਾਲ ਭਿੜ ਰਿਹੈ ਤੇ ਕੋਈ ਚਾਚਾ ਮਹਾਮਾਰੀ ਨਾਲ ਦੋ ਹੱਥ ਕਰ ਰਿਹੈ। ਪੰਜਾਬ ਦੇ ਸਿਆਸੀ ਨੇਤਾ ਫੋਕਾ ਹੇਜ ਦਿਖਾ ਰਹੇ ਹਨ। ਨਵਾਂ ਦਾਅ ਭਰਨ ਦੀ ਤਿਆਰੀ ਵਿੱਚ ਹਨ। ਦਲ ਬਦਲੂ ਹਰ ਇੱਟ ਤੇ ਬੈਠੇਗਾ। ਅੱਜ ਮੁੜ ਫਰੀਦਕੋਟ ਜ਼ਿਲ੍ਹੇ ਵਾਲਾ ਸਾਧਾ ਚੇਤੇ ਆਇਐ। ਸਾਧੇ ਦਾ ਚਾਹ ਦਾ ਅੱਡਾ ਐ। ਗੱਲ ਪੁਰਾਣੀ ਐ, ਅਮਰਿੰਦਰ ਦੀ ਫੋਟੋ ਵਾਲਾ ਕੱਪੜਾ ਉਵੇਂ ਚਾਹ ਵਾਲੇ ਖੋਖੇ ਦੇ ਪਿੱਛੇ ਲੱਗਾ ਹੋਇਆ ਸੀ। ਹਕੂਮਤ ਗਠਜੋੜ ਦੇ ਹੱਥ ਆ ਚੁੱਕੀ ਸੀ। ਕਿਸੇ ਨੇ ਅਮਰਿੰਦਰ ਦੀ ਫੋਟੋ ਦੇਖ ਆਖਿਆ, ਸਾਧਿਆ! ਸਰਕਾਰ ਬਦਲ ਗਈ, ਤੂੰ ਵੀ ਅਮਰਿੰਦਰ ਦੀ ਤਸਵੀਰ ਵਾਲਾ ਕੱਪੜਾ ਬਦਲ ਲੈ। ਗਰੀਬ ਸਾਧੇ ਦਾ ਜੁਆਬ ਸੁਣੋ... ਸਰਦਾਰਾ! ਮੇਰਾ ਮਨੀ ਰਾਮ ਨਹੀਂ ਮੰਨਦਾ, ਕਿਤੇ ਏਹ ਕੱਪੜਾ ਬਦਲ ਦਿੱਤਾ, ਲੋਕ ਐਵੇਂ ਦਲ ਬਦਲੂ ਜੇਹਾ ਸਮਝਣਗੇ। ਕਾਸ਼! ਏਹ ਨੇਤਾ ਵੀ ਸਾਧੇ ਦਾ ਜੂਠਾ ਛਕ ਲੈਂਦੇ।

                                                  ਵਿਚਲੀ ਗੱਲ
                              ਆਓ ! ਟੋਭਾ ਇਸ਼ਨਾਨ ਕਰੀਏ
                                       ਚਰਨਜੀਤ ਭੁੱਲਰ         

ਚੰਡੀਗੜ੍ਹ : ਦਸੌਂਧਾ ਸਿਉਂ ਕਿਸੇ ਨਾਲੋਂ ਰੱਤੀ ਘੱਟ ਨਹੀਂ। ਮਜਾਲ ਐ ਕੋਈ ਖੰਘ ਜਾਏ! ਏਸ ਜ਼ਮਾਨੇ ਵਿੱਚ ਖੰਘਣਾ, ਉਂਜ ਸਸਤਾ ਸੌਦਾ ਨਹੀਂ। ਜ਼ਿੰਦਗੀ ਦੇ ਸਿਲਕ ਰੂਟ ਤੇ, ਸਾਹਾਂ ਦੇ ਸੌਦਾਗਰ ਆਣ ਖੜ੍ਹੇ ਨੇ। ਪਿੰਡ ਦੀ ਝਿੜੀ ਚ ਖੜ੍ਹ ਕੇ, ਤਖ਼ਤ ਦਾ ਚਿਹਰਾ ਪੜ੍ਹ ਕੇ, ਦਸੌਂਧਾ ਸਿੰਘ ਢੋਲ ਵਜਾ ਰਿਹੈ, ਨਾਲੇ ਹੋਕਾ ਲਾ ਰਿਹੈ, ‘ਦੁਨੀਆ ਭਰ ਦੇ ਡਾਕਟਰੋ! ਆਓ, ਸਾਡੇ ਪਿੰਡ ਵਾਲੇ ਟੋਭੇ ਚ ਨਹਾਓ। ਕਰੋਨਾਈ ਚਿੱਚੜ ਛੱਪੜ ਚ ਵਹਾਓ, ਤੁਸੀਂ ਨੌਂ ਬਰ ਨੌਂ ਹੋ ਕੇ ਜਾਓ। ਅੱਗੇ ਆਂਢ-ਗੁਆਂਢ ਵੀ ਦੱਸ ਪਾਓ। ਨਾਲੇ ਪੁੰਨ ਦੀਆਂ ਫਲੀਆਂ ਖਾਓ।ਅੱਗੇ ਨਹੀਂ ਸੀ ਮਾਣ, ਹੁਣ ਨੱਥ ਦਾ ਗ਼ੁਮਾਨ। ਬਾਬਾ ਦਸੌਂਧਾ ਸਿਉਂ ਦਾ ਨਵਾਂ ਨੁਸਖ਼ਾ ਹੈ, ‘ਟੋਭਾ ਇਸ਼ਨਾਨ।ਵੱਡਾ ਬੋਰਡ ਲਾਇਐ, ‘ਛੱਪੜ ਵਿੱਚ ਨਹਾਓ, ਕਰੋਨਾ ਭਜਾਓ।ਦੂਜੀ ਲਹਿਰ ਦਾ ਵਾਇਰਸ ਹੁਣ ਪਿੰਡਾਂ ਚ ਪੱਤਲ ਦੇਣ ਨਿਕਲਿਐ। ਨਾਰਦ ਮੁਨੀ ਤੋਂ ਪਹਿਲਾਂ ਇੱਕ ਖ਼ਬਰ ਸੁਣੋ; ਗੁਜਰਾਤ ਵਿੱਚ ਕਰੋਨਾ ਤੋਂ ਬਚਣ ਲਈ ਦੇਸ਼ ਭਗਤਾਂ ਨੇ ਗਊਸ਼ਾਲਾ ਵਿੱਚ ਗੋਹਾ ਇਸ਼ਨਾਨ ਕੀਤੈ। ਕਮਲ਼ਿਆਂ ਦੇ ਸਿੰਗ ਹੁੰਦੇ ਤਾਂ ਮੋਦੀ ਕੇ ਦੇਸ਼ ਮੇਂ, ਬਾਰਾਂਸਿੰਗੇ ਬੋ-ਮਾਨਸ ਕਰਦੇ ਫਿਰਦੇ। ਗੋਹੇ ਚ ਗੜੁੱਚ ਭਗਤਾਂ ਨੂੰ ਵੇਖ, ਕਰੋਨਾ ਤਾਂ ਮੌਗੈਂਬੋ ਤੋਂ ਵੱਧ ਖ਼ੁਸ਼ਹੋਇਆ ਹੋਊ। ਗਊਸ਼ਾਲਾ ਦੇ ਵਹਿੜਕੇ ਢੁੱਡਮਈ ਅੰਦਾਜ਼ ਚ ਹੱਸੇ ਕਿਸੇ ਨੇ ਸਿਆਣੀ ਮੱਤ ਦਿੱਤੀ, ‘ਗੋਹਾ ਭਗਤੋ! ਕਾਲੀ ਉੱਲੀ ਨਾ ਚੰਬੇੜ ਲਿਓ। ਉਂਜ ਸੁੱਜੇ ਮੂੰਹ ਨੂੰ ਸ਼ਹਿਦ ਵੀ ਕੌੜਾ ਲੱਗਦੈ।

             ਗੋਹੇ ਦਾ ਵਟਣਾ ਮਲਣ ਵਾਲਿਆਂ ਨੂੰ ਕੌਣ ਮੱਤ ਦੇਵੇ, ਮੱਤ ਹਜ਼ਮ ਕਰਨਾ ਸਿੱਖੋ। ਮੁੜ ਪਿੰਡ ਵਾਲੇ ਟੋਭੇ ਤੇ ਚੱਲਦੇ ਹਾਂ। ਬੂਰੀਆਂ ਮੱਝਾਂ ਕੀ, ਤੋਕੜ ਕੀ, ਕੱਟੇ-ਕੱਟੀਆਂ, ਛੱਪੜ ਚ ਤਾਰੀ ਲਾਉਂਦੀਆਂ, ਛੱਪੜ ਵਿੱਚ ਹੀ ਮਲ-ਮੂਤਰ, ਵਿੱਚੇ ਹੀ ਗੋਹਾ ਨਿਕਾਸੀ। ਉਸੇ ਟੋਭੇ ਚ ਜੁਆਕ ਵੀ ਡੁਬਕੋ-ਡੁਬਕੀ ਹੁੰਦੇ, ਜੈਵਿਕ ਇਸ਼ਨਾਨ ਕਰ ਘਰਾਂ ਨੂੰ ਮੁੜਦੇ। ਤਾਹੀਓਂ ਬਾਬਾ ਗੋਹਾਖਾਣੀ ਕਰ ਰਿਹੈ ਮੋਦੀ ਜਨੋਂ! ਗੋਹਾ ਇਸ਼ਨਾਨ ਛੱਡੋ, ਟੋਭਾ ਇਸ਼ਨਾਨ ਕਰੋ। ਜਿਨ੍ਹਾਂ 92 ਲੱਖ ਭਗਤਾਂ ਨੇ ਗੰਗਾ ਵਿੱਚ ਸ਼ਾਹੀ ਇਸ਼ਨਾਨ ਕੀਤੈ, ਮੁਲਕ ਚ ਲਾਗ ਦੇ ਖੁੱਲ੍ਹੇ ਗੱਫੇ ਵਰਤਾ ਰਹੇ ਨੇ। ਪ੍ਰਧਾਨ ਸੇਵਕ ਘੱਟੋ-ਘੱਟ ਮਹਾਮਾਰੀ ਤੋਂ ਹੀ ਸਿੱਖ ਲੈਂਦੇ। ਮਹਾਤਮਾ ਬੁੱਧ ਵੀ ਇਹੋ ਆਖਦੇ ਨੇ, ਜਦੋਂ ਕੋਈ ਸਿੱਖਣ ਲਈ ਤਿਆਰ ਹੁੰਦਾ ਹੈ ਤਾਂ ਗੁਰੂ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਬਲਿਹਾਰੇ ਜਾਈਏ ਸਿਆਸੀ ਭਗਤਾਂ ਦੇ! ਪਹਿਲੋਂ ਮਹਾਂ ਕੁੰਭ ਤੇ ਇਸ਼ਨਾਨ, ਮਗਰੋਂ ਗੋਹਾ ਇਸ਼ਨਾਨ। ਜਦੋਂ ਦਿਮਾਗ਼ ਚ ਗੋਹਾ ਭਰ ਜਾਵੇ, ਉਦੋਂ ਅਕਲ ਦੇ ਸੇਕੇ ਦੇਣੇ ਪੈਂਦੇ ਨੇ। ਕਾਸ਼, ਗੰਗਾ ਮਈਆ ਦਿਲਾਂ ਦਾ ਕੂੜ ਸਾਫ਼ ਕਰਦੀ! ਸਫ਼ੈਦ ਝੂਠ ਬੋਲਣ ਵਾਲਿਆਂ ਨੂੰ ਅੱਜ ਲੁਕਣਾ ਨਾ ਪੈਂਦਾ। ਦਿਲ ਤੋਂ ਵੱਧ ਪਵਿੱਤਰ ਕੋਈ ਗੁਫ਼ਾ ਨਹੀਂ। ਭਲੇ ਮਾਣਸਾਂ ਨੇ ਉੱਥੇ ਵੀ ਨਫ਼ਰਤੀ ਦਿਓ ਪਾਲ ਲਿਐ। ਰੱਬ ਕਿੱਧਰ ਜਾਏ.. ਅੱਗੇ ਦਿਓ ਖੜ੍ਹੈ। ਬਾਬਾ ਬੁੱਲ੍ਹੇ ਸ਼ਾਹ ਸੱਚ ਸੁਣਾ ਗਏ, ‘ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ।

            ਦਿਲਾਂ ਚ ਮੈਲ ਨਹੀਂ, ਫੇਰ ਚਾਹੇ ਪੰਜ ਇਸ਼ਨਾਨਾਂ ਕਰ ਲਓ। ਠੰਢੇ ਮੁਲਕਾਂ ਨੂੰ ਛੱਡੋ, ਇੱਧਰ ਵੀ ਬਹੁਤ ਸ਼ਨਿੱਚਰੀ ਮਿਲ ਜਾਣਗੇ, ਤਿੰਨ ਇਸ਼ਨਾਨਾਂ ਕਰਨ ਵਾਲੇ। ਮਤਲਬ ਮੂੰਹ ਹੱਥ ਧੋਤਾ, ਜੀਵਨ ਸਫ਼ਲਾ ਕੀਤਾ। ਚੇਤੇ ਚੋਂ ਖ਼ਾਰਜ ਹੋਇਐ, ਇੱਕ ਕੌਮਾਂਤਰੀ ਲਿਖਾਰੀ ਨੇ ਕੇਰਾਂ ਇੰਟਰਵਿਊ ਵਿੱਚ ਖ਼ੁਲਾਸਾ ਕੀਤਾ, ‘ਬਈ ਯਾਦ ਨਹੀਂ ਆਖ਼ਰੀ ਵਾਰ ਕਦੋਂ ਇਸ਼ਨਾਨ ਕੀਤਾ ਸੀ।ਸਰਦ ਰੁੱਤ ਵਿੱਚ ਬਹੁਤੇ ਆਖਣਗੇ, ‘ਸਰੀਰ ਨੂੰ ਕਸ਼ਟ ਕਾਹਤੋਂ ਦੇਣੈ, ਪੰਜ ਇਸ਼ਨਾਨਾਂ ਕਦੋਂ ਕੰਮ ਆਊ!ਇਸ਼ਨਾਨੀ ਕਥਾ ਉਸ ਭੁਜੰਗੀ ਦੀ ਗੱਲ ਸੁਣਾ ਕੇ ਪੂਰਦੇ ਹਾਂ ਜਿਹੜਾ ਪੰਜ ਇਸ਼ਨਾਨਾਂ ਸੁਣ ਛੂ-ਮੰਤਰ ਹੋ ਗਿਆ ਸੀ। ਸੁਣੋ, ਰੋਹੀ ਬੀਆਬਾਨ ਚ ਸਾਧ ਦੇ ਡੇਰੇ ਨਵਾਂ ਭੁਜੰਗੀ ਆਇਆ। ਭੁਜੰਗੀ ਦਾ ਨਿੱਤਨੇਮ ਸੀ, ਬਹੁਤ ਦੂਰੋਂ ਘੜਾ ਪਾਣੀ ਦਾ ਲਿਆਉਣਾ, ਥੱਕ ਟੁੱਟ ਜਾਂਦਾ ਤੇ ਵਾਟ ਚੂਰ ਕਰ ਦਿੰਦੀ। ਸਾਧ ਘੜੇ ਦੇ ਪਾਣੀ ਨਾਲ ਇਸ਼ਨਾਨ ਕਰਦਾ। ਇੱਕ ਦਿਨ ਸਾਧ ਆਖਣ ਲੱਗਾ, ‘ਅੱਜ ਪੰਜ ਇਸ਼ਨਾਨਾਂ ਕਰਾਂਗੇ।ਅਣਜਾਣ ਭੁਜੰਗੀ ਪੱਤਰੇ ਵਾਚ ਗਿਆ। ਜੋ ਸਮਝ ਬੈਠਾ ਸੀ ਕਿ ਅੱਜ ਗੁਰੂ ਪੰਜ ਵਾਰੀ ਇਸ਼ਨਾਨ ਕਰੇਗਾ। ਪਾਣੀ ਢੋਂਦਾ ਮਰਜੂੰ, ਡੇਰਾਗਿਰੀ ਹੀ ਛੱਡਤੀ। ਇਵੇਂ ਮਹਿਮਾਕਾਰ ਗੰਗਾ ਛੱਡ ਭੱਜ ਨਿਕਲੇ। ਗੰਗਾ ਸ਼ਰਮ ਚ ਡੁੱਬੀ ਐ। ਹੁਣ ਨਾਰੀਅਲ ਜਾਂ ਫੁੱਲ ਨਹੀਂ, ਗੰਗਾ ਵਿੱਚ ਲਾਸ਼ਾਂ ਨੂੰ ਜਲਪ੍ਰਵਾਹ ਕੀਤਾ ਜਾ ਰਿਹੈ। ਪਾਪਾਂ ਦੀ ਮੈਲ ਨੇ ਗੰਗਾ ਘਸਮੈਲ਼ੀ ਕਰਤੀ, ਹੁਣ ਲਾਸ਼ਾਂ ਦਾ ਬੋਝ ਕਿਵੇਂ ਚੁੱਕੇ। ਗੰਗਾ ਕਿਨਾਰੇ ਲਾਸ਼ਾਂ ਹੀ ਲਾਸ਼ਾਂ। ਮੋਇਆਂ ਦਾ ਵੱਸ ਚੱਲਦਾ, ਜ਼ਰੂਰ ਸਿਆਸੀ ਜਮਾਤ ਦਾ ਸੁਆਹਾ ਕਰਦੇ। ਗੰਗਾ ਨੇ ਢਕੀ ਨਹੀਂ ਰਿੱਝਣ ਦਿੱਤੀ।

           ਉਸਤਾਦ ਦਾਮਨ ਦੇ ਬੋਲ ਸੱਚੇ ਜਾਪਦੇ ਨੇ, ‘ਤੇਰੇ ਦੇਸ਼ ਅੰਦਰ ਦੀਵਾਰਾਂ ਵਿੱਚ ਲਾਸ਼ਾਂ, ਬਾਗ਼ਾਂ ਚ ਮੁਰਦੇ, ਬਾਜ਼ਾਰਾਂ ਚ ਲਾਸ਼ਾਂ, ਕਫ਼ਨ ਤੋਂ ਬਿਨਾਂ ਨੀਂ, ਹਜ਼ਾਰਾਂ ਚ ਲਾਸ਼ਾਂ, ਇਹ ਜਿਊਂਦੇ ਜੋ ਦਿਸਦੇ, ਕਤਾਰਾਂ ਚ ਲਾਸ਼ਾਂ।ਨਜ਼ਰ ਮਾਰੀਏ, ਚਾਰੋਂ ਪਾਸੇ ਕਤਾਰਾਂ ਹੀ ਕਤਾਰਾਂ ਹਨ। ਕਿਤੇ ਹਸਪਤਾਲਾਂ ਅੱਗੇ, ਕਿਤੇ ਆਕਸੀਜਨ ਲਈ। ਹੁਣ ਸ਼ਮਸ਼ਾਨਘਾਟਾਂ ਅੱਗੇ ਵੀ ਕਤਾਰਾਂ ਨੇ। ਗ਼ਰੀਬ ਪੱਲੇ ਅਰਦਾਸ ਤੋਂ ਬਿਨਾਂ ਕੁਝ ਨਹੀਂ। ਮਹਾਮਾਰੀ ਚ ਆਪਣੇ ਹਾਲ ਤੇ ਛੱਡੇ, ਦੁੱਖਾਂ ਨੂੰ ਤਰੰਨਮ ਚ ਗਾ ਰਹੇ ਨੇ। ਯੋਗੀ ਦੇ ਯੂਪੀ ਦੇ ਬੜੌਤ , ਇੱਕ ਵੱਡਾ ਬਜਾਜੀ ਸਿਵਿਆਂ ਵਿੱਚੋਂ ਕਫ਼ਨ ਚੋਰੀ ਕਰਦਾ ਫੜਿਆ ਗਿਆ। ਗੋਰਖਪੁਰ ਵਿੱਚ ਕਰੋਨਾ ਮ੍ਰਿਤਕ ਦੀਆਂ ਸੋਨੇ ਦੀਆਂ ਵੰਗਾਂ ਹੀ ਚੋਰੀ ਕਰ ਲਈਆਂ। ਰਾਮ ਰਾਜ ਕਿੱਥੇ ਐ! ਅਲਾਹਾਬਾਦ ਹਾਈ ਕੋਰਟ ਨੇ ਸਿਰੇ ਦੀ ਸੁਣਾ ਦਿੱਤੀ.. ਯੂ.ਪੀ. ਚ ਸਿਹਤ ਪ੍ਰਬੰਧ ਰਾਮ ਭਰੋਸੇ ਨੇ।ਵਿਗਿਆਨ ਦੇ ਦੌਰ ਵਿੱਚ, ਅਗਿਆਨੀ ਸੇਵਕਾਂ ਦੇ ਦਰਸ਼ਨ-ਦੀਦਾਰੇ ਵੀ ਕਰੋ। ਉੱਤਰਾਖੰਡੀ ਭਾਜਪਾਈ ਵਿਧਾਇਕ ਸੰਜੈ ਗੁਪਤਾ ਆਖਦੈ, ‘ਗਾਂ ਦੇ ਮੂਤਰ ਤੇ ਗੋਹੇ ਨਾਲ ਕਰੋਨਾ ਦਾ ਇਲਾਜ ਕਰਨਾ ਚਾਹੀਦੈ।ਐੱਮ.ਪੀ. ਪ੍ਰੱਗਿਆ ਠਾਕੁਰ ਕਰੋਨਾ ਲਈ ਗਊ ਮੂਤਰ ਪੀਣ ਦਾ ਮਸ਼ਵਰਾ ਦਿੰਦੀ ਐ। ਭਾਜਪਾਈ ਵਿਧਾਇਕ ਨੰਦ ਕਿਸ਼ੋਰ ਗੁੱਜਰ ਆਖਦੈ, ‘ਮੇਰੇ ਹਲਕੇ ਵਿੱਚ ਕਰੋਨਾ ਨਹੀਂ ਵੜੇਗਾ, ਗਊਆਂ ਦੇ ਵੱਡੇ ਵੱਗ ਜੋ ਹਲਕੇ ਵਿੱਚ ਨੇ।ਅਸਾਮੀ ਭਾਜਪਾ ਵਿਧਾਇਕ ਵੀ ਗਊ ਦੇ ਗੋਹੇ ਨੂੰ ਗੁਣਕਾਰੀ ਬੂਟੀ ਦੱਸ ਰਿਹੈ। ਭਾਜਪਾ ਆਗੂ ਕੈਲਾਸ਼ ਵਿਜੈਵਰਗੀਆ ਆਖਦੇ ਹਨ, 33 ਕਰੋੜ ਦੇਵੀ ਦੇਵਤਿਆਂ ਵਾਲੇ ਦੇਸ਼ ਦਾ ਕਰੋਨਾ ਕੁਝ ਨਹੀਂ ਵਿਗਾੜ ਸਕੇਗਾ। ਮੱਧ ਪ੍ਰਦੇਸ਼ ਦੀ ਮੰਤਰੀ ਊਸ਼ਾ ਠਾਕੁਰ ਨੇ ਨਵੀਂ ਕਢਾਈ ਪੇਸ਼ ਕੀਤੀ ਐ। ਅਖੇ, ਕਰੋਨਾ ਤੋਂ ਬਚਣਾ ਹੈ ਤਾਂ ਯੱਗ ਕਰੋ।

            ਮਹਾਮਾਰੀ ਦਾ ਦੌਰ, ਕਰੋਨਾ ਦਾ ਟੌਹਰ, ਝੱਲ ਨਹੀਓਂ ਸਕਿਆ ਪ੍ਰਧਾਨ ਸੇਵਕ। ਇੱਧਰ, ਕਿਸਾਨਾਂ ਲਈ ਵੀ ਖੇਤੀ ਕਾਨੂੰਨ ਵਾਇਰਸ ਤੋਂ ਘੱਟ ਨਹੀਂ। ਰਸਕਿਨ ਦਾ ਵਾਕ ਐ, ‘ਬਹੁਤੀਆਂ ਗ਼ਲਤੀਆਂ ਦੀ ਜੜ੍ਹ ਹੰਕਾਰ ਵਿੱਚ ਪਈ ਹੁੰਦੀ ਹੈ।ਅੱਜ ਸਰਵਣ ਪੁੱਤ ਵਹਿੰਗੀ ਚੁੱਕੀ ਹਸਪਤਾਲਾਂ ਅੱਗੇ ਖੜ੍ਹੇ ਨੇ। ਮਾਪਿਆਂ ਲਈ ਇੱਕ ਬੈਡ ਹੀ ਤਾਂ ਮੰਗ ਰਹੇ ਨੇ। ਚੰਦ ਸਾਹਾਂ ਖ਼ਾਤਰ ਲੇਲ੍ਹੜੀਆਂ ਕੱਢਦੇ ਮਹਾਤੜਾਂ ਨੂੰ ਦੇਖੋ। ਗ਼ਰੀਬੀ ਬੜੀ ਬੀਬੀ। ਸਾਹ ਹੀ ਜ਼ਿੰਦਗੀ ਦਾ ਸੰਗੀਤ ਹੁੰਦੇ ਨੇ, ਸ਼ਾਹ ਨੂੰ ਕੌਣ ਸਮਝਾਏ। ਤਖ਼ਤ ਬੈਠੇ, ਤਖ਼ਤੇ ਲਾਇਕ। ਮੌਤ ਨੇ ਵੀ ਹਿੰਡ ਫੜੀ ਹੈ। ਠੀਕ ਉਵੇਂ ਜਿਵੇਂ ਪ੍ਰਧਾਨ ਮੰਤਰੀ ਨੇ, ਨਵੀਂ ਸੰਸਦ ਤੇ ਆਪਣਾ ਮਹਿਲ ਉਸਾਰਨ ਦੀ। ਛੱਤੀਸਗੜ੍ਹ ਚ ਵੀ ਵਿਧਾਨ ਸਭਾ ਦੀ ਨਵੀਂ ਇਮਾਰਤ, ਮੁੱਖ ਮੰਤਰੀ ਤੇ ਵਜ਼ੀਰਾਂ ਦੇ ਘਰ ਬਣਨੇ ਸਨ, ਰਾਜ ਸਰਕਾਰ ਨੇ ਟੈਂਡਰ ਕੈਂਸਲ ਕਰ ਦਿੱਤੇ। ਪ੍ਰਧਾਨ ਮੰਤਰੀ ਨੇ ਤੀਜੀ ਲਹਿਰ ਲਈ ਹਾਰ ਚੁੱਕੇ ਨੇ। ਅੰਤ ਬਾਬਾ ਫ਼ਰੀਦ ਦੇ ਬੋਲਾਂ ਨਾਲ, ‘ਵੇਖ ਫ਼ਰੀਦਾ ਮਿੱਟੀ ਖੁੱਲ੍ਹੀ, ਮਿੱਟੀ ਉਤੇ ਮਿੱਟੀ ਡੁੱਲ੍ਹੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਏਹ ਤੇਰੀ ਨਾ ਏਹ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ, ਫਿਰ ਮਿੱਟੀ ਦੀ ਬਣ ਗਈ ਢੇਰੀ।ਕਿਤੇ ਬਾਬਾ ਫ਼ਰੀਦ ਦੀ ਗੱਲ ਸਿਆਸੀ ਜਮਾਤ ਨੇ ਗੱਠ ਮਾਰੀ ਹੁੰਦੀ। ਚੱਪਣੀ ਚ ਨੱਕ ਡੁਬੋ ਕੇ ਮਰਨ ਦਾ ਮਿਹਣਾ ਨਾ ਗੂੰਜਦਾ। ਛੱਜੂ ਰਾਮ ਨੇ ਮਾਸਕ ਲਾਇਐ, ਇੱਕ ਹੱਥ ਵਿੱਚ ਚੱਪਣੀ ਐ, ਦੂਜੇ ਹੱਥ ਚ ਪਾਣੀ ਦਾ ਲੋਟਾ। ਕੋਈ ਨੇਤਾ ਟੱਕਰੇ ਤਾਂ ਸਹੀ...!