Thursday, October 31, 2019

                 ਪਰਵਾਸ ਦਾ ਨਾਗਵਲ 
   ਮਿੱਟੀ ਹੁਣ ਨਹੀਂ ਮਾਰਦੀ ’ਵਾਜਾਂ ! 
                      ਚਰਨਜੀਤ ਭੁੱਲਰ
ਬਠਿੰਡਾ : ਖੇਤਾਂ ’ਚ ‘ਜ਼ਮੀਨ ਵਿਕਾਊ’ ਦੇ ਲੱਗੇ ਬੋਰਡ ਪੇਂਡੂ ਪੰਜਾਬ ਦਾ ਢਿੱਡ ਨੰਗਾ ਕਰ ਰਹੇ ਹਨ। ਪੰਜਾਬ ਸਰਕਾਰ ਇਨ੍ਹਾਂ ਬੋਰਡਾਂ ’ਤੇ ਲਿਖਿਆ ਪੜ੍ਹ ਨਹੀਂ ਰਹੀ। ਤਾਹੀਓਂ ਪਰਵਾਸ ਪੈਲੀ ਨਾਲੋਂ ਤੋੜ ਵਿਛੋੜਾ ਕਰਾਉਣ ਲੱਗਾ ਹੈ। ਸ਼ਾਇਦ ਪੰਜਾਬ ਦੀ ਮਿੱਟੀ ਵੀ ਹੁਣ ’ਵਾਜਾਂ ਨਹੀਂ ਮਾਰਦੀ। ਨਵਾਂ ਰੁਝਾਨ ਹੈ ਕਿ ਪ੍ਰਵਾਸੀ ਪੰਜਾਬੀ ਜੱਦੀ ਪੁਸ਼ਤੀ ਜ਼ਮੀਨਾਂ ਸਮੇਟਣ ਲੱਗੇ ਹਨ। ਵਿਦੇਸ਼ਾਂ ’ਚ ਵਸਦਿਆਂ ਨੂੰ ਪੰਜਾਬ ’ਚ ਜ਼ਮੀਨ ਸੁਰੱਖਿਅਤ ਨਹੀਂ ਜਾਪਦੀ। ਇਸੇ ਵਜੋਂ ਜ਼ਮੀਨਾਂ ਦੇ ਸੌਦੇ ਕਰਨ ਦੇ ਰਾਹ ਪਏ ਹਨ। ਪੰਜਾਬ ਵਿਚ ਵੀ ਮਾਪੇ ਜ਼ਮੀਨਾਂ ਵਿਕਾਊ ਕਰ ਰਹੇ ਹਨ ਤਾਂ ਜੋ ਬੱਚਿਆਂ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜ ਸਕਣ। ਪੇਂਡੂ ਪੰਜਾਬ ਵੱਡਾ ਸੰਤਾਪ ਝੱਲ ਰਿਹਾ ਹੈ। ਪ੍ਰਵਾਸੀ ਪੰਜਾਬੀਆਂ ਦੇ ਜ਼ਮੀਨਾਂ ਦੇ ਵੱਡੇ ਟੱਕ ਵਿਕਾਊ ਹਨ। ਖਰੀਦਦਾਰ ਕਿਧਰੇ ਕੋਈ ਲੱਭਦਾ ਨਹੀਂ  ਪੰਜਾਬੀ ਟ੍ਰਿਬਿਊਨ ਵੱਲੋਂ ਖੋਜੇ ਤੱਥਾਂ ਅਨੁਸਾਰ ਜ਼ਿਲ੍ਹਾ ਮੋਗਾ ’ਚ ਜ਼ਮੀਨਾਂ ਦੇ ਭਾਅ ਧੜੱਮ ਕਰਕੇ ਡਿੱਗੇ ਹਨ। ਮੋਗਾ ਦੇ ਪਿੰਡ ਧਰਮਕੋਟ, ਭਿੰਡਰ ਕਲਾਂ, ਇੰਦਗੜ੍ਹ, ਬੱਡੂਵਾਲਾ, ਤਲਵੰਡੀ ਮੱਲੀਆਂ ਅਤੇ ਮਹਿਣਾ ਆਦਿ ਵਿਚ ਲੰਘੇ ਦੋ ਵਰ੍ਹਿਆਂ ਵਿਚ ਕਰੀਬ 600 ਏਕੜ ਜ਼ਮੀਨ ਪ੍ਰਵਾਸੀ ਪੰਜਾਬੀ ਵੇਚ ਚੁੱਕੇ ਹਨ। ਧਰਮਕੋਟ ਦੇ ਪਿੰਡ ਤਲਵੰਡੀ ਬੂਟੀਆਂ ਵਿਚ ਇੱਕ ਪ੍ਰਵਾਸੀ ਨੇ ਥੋੜਾ ਸਮਾਂ ਪਹਿਲਾਂ ਹੀ ਆਪਣੀ ਅੱਧੀ ਜ਼ਮੀਨ ਵੇਚੀ ਹੈ।
               ਸੂਤਰਾਂ ਅਨੁਸਾਰ ਮੋਗਾ ਦੇ ਪਿੰਡ ਬੁੱਟਰ ’ਚ ਇੱਕ ਐਨ.ਆਰ.ਆਈ ਨੇ ਸਾਰੀ ਜ਼ਮੀਨ ਵੇਚ ਦਿੱਤੀ ਜਦੋਂ ਕਿ ਪਿੰਡ ਧੂਰਕੋਟ ਵਿਚ ਜ਼ਮੀਨ ਦਾ ਸੌਦਾ ਇੱਕ ਪ੍ਰਵਾਸੀ ਨੇ ਹੁਣੇ ਕੀਤਾ ਹੈ। ਮੱਝੂਕੇ ’ਚ ਵੀ ਜ਼ਮੀਨ ਵਿਕੀ ਹੈ। ਇਵੇਂ ਪਿੰਡ ਥਰਾਜ ਵਿਚ ਇੱਕ ਪ੍ਰਵਾਸੀ ਨੇ ਜ਼ਮੀਨ ਵੇਚੀ ਹੈ। ਨਿਹਾਲ ਸਿੰਘ ਵਾਲਾ ਦੇ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਛੇ ਮਹੀਨੇ ਵਿਚ ਜ਼ਮੀਨਾਂ ਦਾ ਭਾਅ ਦੋ ਲੱਖ ਰੁਪਏ ਹੋਰ ਘਟੇ ਹਨ। ਬਹੁਤੇ ਪ੍ਰਵਾਸੀ ਪੰਜਾਬੀ ਕਬਜ਼ਿਆਂ ਦੇ ਡਰੋਂ ਕਿਨਾਰਾ ਕਰਨ ਲੱਗੇ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਪਿੰਡ ਮਲੂਕਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਹੁਣੇ ਜ਼ਮੀਨ ਦਾ ਬਿਆਨਾ ਕੀਤਾ ਹੈ ਅਤੇ ਪਿੰਡ ਦਿਆਲਪੁਰਾ ਭਾਈਕਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਆਪਣੀ ਸਾਰੀ ਜ਼ਮੀਨ ਵੇਚੀ ਹੈ। ਜਲਾਲ-ਗੁੰਮਟੀ ਸੜਕ ’ਤੇ ਖੇਤਾਂ ਵਿਚ ਦਸ ਏਕੜ ਜ਼ਮੀਨ ਵਿਕਾਊ ਦਾ ਬੋਰਡ ਦੂਰੋ ਨਜ਼ਰ ਪੈਂਦਾ ਹੈ। ਮਹਿਲ ਕਲਾਂ (ਬਰਨਾਲਾ) ਖ਼ਿੱਤੇ ’ਚ ਪ੍ਰਵਾਸੀਆਂ ਨੇ ਜ਼ਮੀਨਾਂ ਵਿਕਾਊ ਕੀਤੀਆਂ ਹਨ। ਪਿੰਡ ਕਾਲੇਕੇ ਵਿਚ ਇੱਕ ਪ੍ਰਵਾਸੀ ਨੇ ਜ਼ਮੀਨ ਵਿਕਾਊ ਕੀਤੀ ਹੈ। ਬਰਨਾਲਾ ਨੇੜਲੇ ਪਿੰਡਾਂ ਵਿਚ ਦਰਜਨਾਂ ਪ੍ਰਵਾਸੀ ਜ਼ਮੀਨਾਂ ਦੇ ਖ੍ਰੀਦਦਾਰ ਤਲਾਸ਼ ਰਹੇ ਹਨ।
               ਪੰਜਾਬ ਪ੍ਰਾਪਰਟੀ ਹੰਢਿਆਇਆ ਦੇ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪਹਿਲੋਂ ਸਰਦੀਆਂ ਵਿਚ ਜਦੋਂ ਪ੍ਰਵਾਸੀ ਆਉਂਦੇ ਤਾਂ ਪ੍ਰਾਪਰਟੀ ’ਚ ਉਛਾਲ ਆਉਂਦਾ ਸੀ। ਉਹ ਜ਼ਮੀਨਾਂ ’ਚ ਨਿਵੇਸ਼ ਕਰਦੇ ਸਨ। ਹੁਣ ਜਦੋਂ ਪ੍ਰਵਾਸੀ ਆਉਂਦੇ ਹਨ ਤਾਂ ਰੇਟ ਡਿੱਗਦੇ ਹਨ। ਬਠਿੰਡਾ ਦੇ ਪਿੰਡ ਡਿੱਖ ਵਿਚ ਥੋੜੇ ਸਮੇਂ ਵਿਚ ਹੀ 50 ਏਕੜ ਅਤੇ ਪਿੰਡ ਖੋਖਰ ਵਿਚ ਕਰੀਬ 40 ਏਕੜ ਜ਼ਮੀਨ ਵਿਕੀ ਹੈ। ਮੰਡੀ ਕਲਾਂ ਚੋਂ ਇੱਕ ਪ੍ਰਵਾਸੀ ਨੇ ਸਾਰੀ ਜ਼ਮੀਨ ਵੇਚੀ ਹੈ। ਸਟੱਡੀ ਵੀਜ਼ੇ ਕਰਕੇ ਛੋਟੀ ਕਿਸਾਨੀ ਨੇ ਥੋੜੀ ਥੋੜੀ ਜ਼ਮੀਨ ਵਿਕਾਊ ਕੀਤੀ ਹੈ। ਗਿੱਲ ਕਲਾਂ ਦੇ ਕਰੀਬ ਅੱਧੀ ਦਰਜਨ ਕਿਸਾਨਾਂ ਨੇ ਜ਼ਮੀਨਾਂ ਵੇਚੀਆਂ ਹਨ। ਤਹਿਸੀਲ ਬਠਿੰਡਾ ਦੇ ਐਡਵੋਕੇਟ ਸੁਰਜੀਤ ਸਿੰਘ ਨੇ ਦੱਸਿਆ ਕਿ ਅਬਲੂ,ਕਿੱਲੀ ਨਿਹਾਲ ਸਿੰਘ ਵਾਲਾ,ਧੰਨ ਸਿੰਘ ਖਾਨਾ ਅਤੇ ਕੋਟਫੱਤਾ ਆਦਿ ਪਿੰਡਾਂ ਵਿਚ ਸਟੱਡੀ ਵੀਜ਼ੇ ਤੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨਾਂ ਦੇ ਸੌਦੇ ਹੋਏ ਹਨ। ਫਰੀਦਕੋਟ ਦੇ ਪਿੰਡ ਸੇਖਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਜ਼ਮੀਨ ਵਿਕਾਊ ਕੀਤੀ ਹੈ। ਜਦੋਂ ਤੋਂ ਜ਼ਮੀਨਾਂ ਵਿਕਣ ’ਤੇ ਲੱਗੀਆਂ ਹਨ, ਮਾਲਵਾ ਵਿਚ ਦਰਜਨਾਂ ਮੱਝਾਂ ਦੇ ਵਪਾਰੀ ਵੀ ਪ੍ਰਾਪਰਟੀ ਡੀਲਰ ਬਣ ਗਏ ਹਨ। ਰੁਝਾਨ ਏਦਾਂ ਦਾ ਹੈ ਕਿ ਹਰ ਪਿੰਡ ਜ਼ਮੀਨ ਵਿਕਾਊ ਹੈ।
                ਸਾਦਿਕ ਦੇ ਕਾਰੋਬਾਰੀ ਗੁਰਬਖਸ ਸਿੰਘ ਦੱਸਦੇ ਹਨ ਕਿ ਜੋ ਜ਼ਮੀਨ ਅੱਠ ਸਾਲ ਪਹਿਲਾਂ 22 ਲੱਖ ਦੀ ਏਕੜ ਸੀ, ਉਹ 11 ਲੱਖ ਦੀ ਏਕੜ ਰਹਿ ਗਈ ਹੈ, ਫਿਰ ਵੀ ਕੋਈ ਖਰੀਦਦਾਰ ਨਹੀਂ। ਮਾਨਸਾ ਦੇ ਪ੍ਰਾਪਰਟੀ ਕਾਰੋਬਾਰੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਹੁਣ ਖੇਤੀ ਜ਼ਮੀਨਾਂ ਵਪਾਰੀ ਤਾਂ ਲੈ ਹੀ ਨਹੀਂ ਰਿਹਾ ਹੈ। ਪਿੰਡਾਂ ਦੇ ਰੱਜਦੇ ਪੁੱਜਦੇ ਕਿਸਾਨ ਹੀ ਖਰੀਦਦਾਰ ਬਚੇ ਹਨ। ਸਰਕਾਰੀ/ਪ੍ਰਾਈਵੇਟ ਪ੍ਰੋਜੈਕਟਾਂ ’ਚ ਜੋ ਜ਼ਮੀਨ ਆਈ ਹੈ, ਉਨ੍ਹਾਂ ਦੇ ਮਾਲਕ ਵੀ ਨਵੀਂ ਜ਼ਮੀਨ ਦੇ ਖਰੀਦਦਾਰ ਬਣਦੇ ਹਨ। ਤਹਿਸੀਲਦਾਰ (ਗਿੱਦੜਬਹਾ) ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਮੀਨਾਂ ਦੇ ਛੋਟੇ ਸੌਦੇ ਹੋ ਰਹੇ ਹਨ ਅਤੇ ਵਿਦੇਸ਼ ਬੱਚੇ ਭੇਜਣ ਲਈ ਹੀ ਬਹੁਤੇ ਕਿਸਾਨ ਜ਼ਮੀਨਾਂ ਵੇਚ ਰਹੇ ਹਨ। ਰਜਿਸਟਰੀਆਂ ਘਟਣ ਕਰਕੇ ਹੀ ਅਸ਼ਟਾਮ ਫੀਸ ਵੀ ਪ੍ਰਭਾਵਿਤ ਹੋਈ ਹੈ। ਵੇਰਵਿਆਂ ਅਨੁਸਾਰ ਪਿਛਲੇ ਅਰਸੇ ਦੌਰਾਨ ਦੂਰ ਦੇ ਲੋਕਾਂ ਨੇ ਜੋ ਜ਼ਮੀਨਾਂ ਮਲਵਈ ਪਿੰਡਾਂ ਵਿਚ ਖਰੀਦ ਕੀਤੀਆਂ ਸਨ, ਉਹ ਵੀ ਜ਼ਮੀਨਾਂ ਵੇਚ ਰਹੇ ਹਨ। ਬਾਲਿਆਂ ਵਾਲੀ ਵਿਚ ਏਦਾਂ ਦੀ 22 ਏਕੜ ਜ਼ਮੀਨ ਵਿਕੀ ਹੈ। ਇਹ ਸੰਕਟ ਵੱਡਾ ਹੈ ਜਿਸ ਦਾ ਭਵਿੱਖ ’ਚ ਪੰਜਾਬ ਨੂੰ ਮੁੱਲ ਤਾਰਨਾ ਪੈਣਾ ਹੈ।
                        ਜੜ੍ਹਾਂ ਨਾਲੋਂ ਟੁੱਟਣਾ ਸੌਖਾ ਨਹੀਂ : ਸਿੱਧੂ
ਕੈਨੇਡਾ ਵਸਦੇ ਪ੍ਰਵਾਸੀ ਪੰਜਾਬੀ ਕਮਲਜੀਤ ਸਿੰਘ ਸਿੱਧੂ (ਰਾਈਆ) ਨੇ ਤਜਰਬੇ ਚੋਂ ਦੱਸਿਆ ਕਿ ਪੰਜਾਬ ਸਰਕਾਰ ਜੋ ਮਰਜ਼ੀ ਦਮਗਜੇ ਮਾਰੇ ਪਰ ਪੰਜਾਬ ’ਚ ਪ੍ਰਵਾਸੀ ਪੰਜਾਬੀਆਂ ਦੀ ਜਾਇਦਾਦ ਸੁਰੱਖਿਅਤ ਨਹੀਂ। ਬਹੁਤੇ ਪ੍ਰਵਾਸੀ ਇਸੇ ਡਰ ’ਚ ਜ਼ਮੀਨਾਂ ਵੇਚ ਰਹੇ ਹਨ। ਪ੍ਰਵਾਸੀਆਂ ਦੀ ਨਵੀਂ ਪੀੜੀ ਨੂੰ ਜ਼ਮੀਨਾਂ ਨਾਲ ਕੋਈ ਤੁਆਲਕ ਨਹੀਂ ਰਿਹਾ ਜਿਸ ਕਰਕੇ ਉਹ ਵੀ ਮਾਪਿਆਂ ’ਤੇ ਦਬਾਓ ਬਣਾ ਰਹੇ ਹਨ। ਉਨ੍ਹਾਂ ਆਖਿਆ ਕਿ ਜੜ੍ਹਾਂ ਨਾਲੋਂ ਕੌਣ ਟੁੱਟਣਾ ਚਾਹੁੰਦਾ ਹੈ, ਕੋਈ ਤਾਂ ਮਜਬੂਰੀ ਹੈ, ਸਰਕਾਰ ਫਿਰ ਵੀ ਸਮਝ ਨਹੀਂ ਰਹੀ।
                 ਸਰਕਾਰੀ ਖ਼ਜ਼ਾਨਾ ਵੀ ਝੰਬਿਆਂ ਗਿਆ
ਰਜਿਸਟਰੀਆਂ ਵੀ ਘਟ ਗਈਆਂ ਹਨ। ਸਰਕਾਰੀ ਖ਼ਜ਼ਾਨੇ ਨੂੰ ਅਸ਼ਟਾਮ ਫੀਸ ਵਜੋਂ ਹੋਣ ਵਾਲੀ ਆਮਦਨੀ ਨੂੰ ਵੀ ਸੱਟ ਵੱਜੀ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੂੰ ਅਸ਼ਟਾਮ ਫੀਸ ਵਜੋਂ ਸਾਲ 2016 ਵਿਚ 1536.21 ਕਰੋੜ ਪ੍ਰਾਪਤ ਹੋਏ ਸਨ ਜੋ ਸਾਲ 2017 ਵਿਚ ਘੱਟ ਕੇ 1408 ਕਰੋੜ ਆਮਦਨੀ ਰਹਿ ਗਈ। ਲੰਘੇ ਸਾਲ ਇਹ ਆਮਦਨ 1500.79 ਕਰੋੜ ਰੁਪਏ ਸੀ ਅਤੇ ਇਸ ਵਰੇ੍ਹ ਅਕਤੂਬਰ ਮਹੀਨੇ ਤੱਕ ਅਸ਼ਟਾਮ ਫੀਸ ਦੀ ਆਮਦਨੀ 1303.34 ਕਰੋੜ ਰੁਪਏ ਹੋਈ ਹੈ।




Wednesday, October 30, 2019

                          ਨਹੀਂ ਰੀਸਾਂ ਸਾਡੀਆਂ
              ਪੰਜਾਬ ਛੋਟਾ, ਨਾਢੂ ਖਾਂ ਵੱਡੇ !
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਹੁਣ ਵੀ.ਆਈ.ਪੀਜ਼ ਦੀ ਫੌਜ ਖੜ੍ਹੀ ਹੋ ਗਈ ਹੈ। ‘ਦੇਸ਼ ਪੰਜਾਬ’ ਨੇ ਇਸ ਮਾਮਲੇ ’ਚ ਪੂਰੇ ਮੁਲਕ ਨੂੰ ਪਿਛਾਂਹ ਛੱਡ ਦਿੱਤਾ ਹੈ। ਫਿਕਰਮੰਦੀ ਵਾਲੀ ਰਿਪੋਰਟ ਹੈ ਕਿ ਦੇਸ਼ ਭਰ ਚੋਂ ਪੰਜਾਬ ‘ਨੰਬਰ ਵਨ’ ਸੂਬਾ ਬਣ ਗਿਆ ਹੈ ਜਿਥੇ ਪ੍ਰਤੀ ਅਸੈਂਬਲੀ ਹਲਕਾ ਸਭ ਤੋਂ ਵੱਧ ਵੀ. ਆਈ.ਪੀਜ਼ ਹਨ। ਕੈਪਟਨ ਹਕੂਮਤ ਨੇ ਗੱਜ ਵੱਜ ਕੇ ਐਲਾਨਿਆ ਸੀ ਕਿ ਪੰਜਾਬ ਚੋਂ ਵੀ.ਆਈ.ਪੀ ਕਲਚਰ ਵਿਦਾ ਕਰਾਂਗੇ। ਹੁਣ ਉਲਟੀ ਗੰਗਾ ਵਹਿ ਰਹੀ ਹੈ ਕਿ ਪੰਜਾਬ ’ਚ ਵੀ.ਆਈ.ਪੀਜ਼ ਦਾ ਹੜ੍ਹ ਆ ਗਿਆ ਹੈ। ਕਾਂਗਰਸ ਦੇ ਬਹੁਤੇ ਸ਼ਹਿਰੀ ਤੇ ਜ਼ਿਲ੍ਹਾ ਪ੍ਰਧਾਨ ਵੀ ਹੁਣ ਪੁਲੀਸ ਸੁਰੱਖਿਆ ਨਾਲ ਲੈਸ ਹਨ। ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈਲਮੈਂਟ ਦੀ ਹੁਣੇ ਆਈ ਰਿਪੋਰਟ ਅਨੁਸਾਰ ਪੰਜਾਬ ’ਚ ਅੌਸਤਨ ਹਰ ਅਸੈਂਬਲੀ ਹਲਕੇ ਪਿਛੇ 20 ਵੀ.ਆਈ.ਪੀਜ਼ ਹਨ ਜਿਨ੍ਹਾਂ ਨੂੰ ਹਲਕੇ ਪਿਛੇ ਅੌਸਤਨ 63 ਗੰਨਮੈਨਾਂ ਦੀ ਸੁਰੱਖਿਆ ਮਿਲੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਪੁਲੀਸ ਦੀ 8.89 ਫੀਸਦੀ ਪੁਲੀਸ ਇਨ੍ਹਾਂ ਵੀ.ਆਈ.ਪੀਜ਼ ਦੀ ਸੁਰੱਖਿਆ ’ਤੇ ਤਾਇਨਾਤ ਹੈ। ਪੰਜਾਬ ’ਚ ਪੁਲੀਸ ਮੁਲਾਜ਼ਮਾਂ/ਅਫਸਰਾਂ ਦੀ 82,353 ਦੀ ਨਫ਼ਰੀ ਹੈ। ਕੇਂਦਰੀ ਬਿਊਰੋ ਨੇ 1 ਜਨਵਰੀ 2018 ਨੂੰ ਅਧਾਰ ਬਣਾ ਕੇ ਇਹ ਰਿਪੋਰਟ ਪੇਸ਼ ਕੀਤੀ ਹੈ।
        ਰਿਪੋਰਟ ਅਨੁਸਾਰ ਦੇਸ਼ ਭਰ ’ਚ 17,468 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ ’ਤੇ 56,553 ਪੁਲੀਸ ਮੁਲਾਜ਼ਮਾਂ/ਅਫਸਰਾਂ ਦੀ ਤਾਇਨਾਤੀ ਕੀਤੀ ਹੋਈ ਹੈ। ਦੇਸ਼ ਭਰ ’ਚ ਵਿਧਾਨ ਸਭਾਵਾਂ ਦੇ ਕੁੱਲ 3960 ਹਲਕੇ ਹਨ। ਪ੍ਰਤੀ ਹਲਕਾ ਕੌਮੀ ਅੌਸਤ ਦੇਖੀਏ ਤਾਂ ਹਰ ਹਲਕੇ ’ਚ ਅੌਸਤਨ 4.41 ਵੀ.ਆਈ.ਪੀਜ਼ ਹਨ ਜਦੋਂ ਕਿ ਪੰਜਾਬ ’ਚ ਇਹ ਅੌਸਤ ਪ੍ਰਤੀ ਹਲਕਾ 20 ਵੀ.ਆਈ.ਪੀਜ਼ ਦੀ ਹੈ। ਦੋ ਨੰਬਰ ’ਚ ਜੋ ਸੁਰੱਖਿਆ ਦਿੱਤੀ ਗਈ ਹੈ, ਉਹ ਇਸ ਤੋਂ ਵੱਖਰੀ ਹੈ। ਕੈਪਟਨ ਸਰਕਾਰ ਦਾਅਵਾ ਕਰਦੀ ਹੈ ਕਿ ਗੰਨਮੈਨਾਂ ਦੀ ਵੱਡੀ ਨਫ਼ਰੀ ਵਾਪਸ ਵੀ ਲਈ ਗਈ ਹੈ। ਪੰਜਾਬ ’ਚ 2344 ਵੀ.ਆਈ.ਪੀਜ਼ ਦੱਸੇ ਗਏ ਹਨ ਜਿਨ੍ਹਾਂ ਦੀ ਸੁਰੱਖਿਆ ਵਾਸਤੇ 53,15 ਗੰਨਮੈਨ ਪ੍ਰਵਾਨਿਤ ਸਨ ਪ੍ਰੰਤੂ ਇਸ ਦੇ ਉਲਟ 73,24 ਗੰਨਮੈਨਾਂ ਦੀ ਤਾਇਨਾਤੀ ਕੀਤੀ ਹੋਈ ਹੈ। ਪ੍ਰਵਾਨਿਤ ਨਫ਼ਰੀ ਤੋਂ ਕਰੀਬ 2009 ਗੰਨਮੈਨ ਜਿਆਦਾ ਲਾਏ ਹੋਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਨੇ ਨੇੜਲਿਆਂ ਨੂੰ ਗੰਨਮੈਨ ਦੇ ਕੇ ਖੁਸ਼ ਕਰਨ ਦਾ ਯਤਨ ਕੀਤਾ ਹੈ। ਚੰਡੀਗੜ੍ਹ ਯੂ.ਟੀ ’ਚ 176 ਵੀ. ਆਈ.ਪੀਜ਼ ਦੀ ਰੱਖਿਆ 795 ਗੰਨਮੈਨਾਂ ਦੀ ਜਿੰਮੇ ਹੈ। ਭਾਵੇਂ ਯੂ.ਪੀ ’ਚ ਹਾਲਾਤ ਨਾਜ਼ਕ ਦੱਸੇ ਜਾਂਦੇ ਹਨ ਪ੍ਰੰਤੂ ਯੂ.ਪੀ ’ਚ ਸਿਰਫ਼ 110 ਵੀ. ਆਈ. ਪੀਜ਼ ਹੀ ਹਨ ਜਿਨ੍ਹਾਂ ਦੀ  ਸੁਰੱਖਿਆ ’ਤੇ 1803 ਗੰਨਮੈਨਾਂ ਹਵਾਲੇ ਹੈ।
               ਯੂ.ਪੀ ’ਚ ਚਾਰ ਅਸੈਂਬਲੀ ਹਲਕਿਆਂ ਪਿਛੇ ਇੱਕ ਵੀ.ਆਈ.ਪੀ ਹੈ। ਪੰਜਾਬ ਤੋਂ ਪਿਛੇ ਹਰਿਆਣਾ ਦਾ ਨੰਬਰ ਦੂਜਾ ਹੈ। ਹਰਿਆਣਾ ’ਚ ਪ੍ਰਤੀ ਹਲਕਾ 15 ਵੀ.ਆਈ.ਪੀਜ਼ ਹਨ ਜਿਨ੍ਹਾਂ ਦੇ ਨਾਲ 3435 ਗੰਨਮੈਨ ਲਾਏ ਹੋਏ ਹਨ। ਬਿਹਾਰ ਰਾਜ ’ਚ ਪ੍ਰਤੀ ਅਸੈਂਬਲੀ ਹਲਕਾ 13 ਵੀ.ਆਈ.ਪੀਜ਼ ਹਨ ਅਤੇ ਇਸ ਰਾਜ ਵਿਚ 6127 ਗੰਨਮੈਨਾਂ ਵੀ.ਆਈ.ਪੀਜ ਦੀ ਰਾਖੀ ਕਰ ਰਹੇ ਹਨ। ਬਿਹਾਰ ਤੀਜੇ ਨੰਬਰ ’ਤੇ ਹੈ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਸਿਰਫ਼ ਇੱਕ ਸੌ ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਰਾਖੀ 204 ਗੰਨੈਮਨ ਕਰ ਰਹੇ ਹਨ। ਕੌਮੀ ਰਾਜਧਾਨੀ ਦਿੱਲੀ ਵਿਚ 465 ਵੀ.ਆਈ.ਪੀਜ਼ ਹਨ ਜਿਨ੍ਹਾਂ ਨਾਲ 7293 ਗੰਨਮੈਨ ਤਾਇਨਾਤ ਹਨ। ਪੰਜਾਬ ’ਚ ਨਿਯਮਾਂ ਅਨੁਸਾਰ ਆਮ ਤੌਰ ’ਤੇ ਏ.ਡੀ.ਜੀ.ਪੀ (ਸੁਰੱਖਿਆ) ਵੱਲੋਂ ਖ਼ਤਰੇ ਦੇ ਮੱਦੇਨਜ਼ਰ ਰਿਪੋਰਟ ਲੈਣ ਮਗਰੋਂ ਸੁਰੱਖਿਆ ਦਿੱਤੀ ਜਾਂਦੀ ਹੈ। ਆਮ ਇਹੋ ਹੁੰਦਾ ਹੈ ਕਿ ਪੁਲੀਸ ਲਾਈਨਾਂ ਚੋਂ ਐਸ.ਐਸ.ਪੀਜ਼ ਦੇ ਜੁਬਾਨੀ ਹੁਕਮਾਂ ’ਤੇ ਲੋਕਲ ਲੀਡਰਾਂ ਨੂੰ ਗੰਨਮੈਨ ਦੇ ਦਿੱਤੇ ਜਾਂਦੇ ਹਨ।  ਪੰਜਾਬ ’ਚ 7324 ਦੀ ਨਫ਼ਰੀ ਤਾਇਨਾਤ ਹੈ। ਅੌਸਤਨ ਪ੍ਰਤੀ ਮੁਲਾਜ਼ਮ 40 ਹਜ਼ਾਰ ਰੁਪਏ ਵੀ ਤਨਖਾਹ ਲਾਈਏ ਤਾਂ ਸਲਾਨਾ 351.48 ਕਰੋੜ ਰੁਪਏ ਵੀ.ਆਈ.ਪੀਜ਼ ਦੀ ਸੁਰੱਖਿਆ ’ਤੇ ਖਰਚ ਕੀਤੇ ਜਾ ਰਹੇ ਹਨ।
               ਦੂਸਰੇ ਸੂਬਿਆਂ ’ਤੇ ਨਜ਼ਰ ਮਾਰੀਏ ਤਾਂ ਕੇਰਲਾ ਵਿਚ ਸਿਰਫ 79 ਵੀ.ਆਈ.ਪੀਜ਼ ਹੀ ਹਨ ਅਤੇ ਇਸੇ ਤਰ੍ਹਾਂ ਰਾਜਸਥਾਨ ਵਿਚ 481 ਵੀ.ਆਈ.ਪੀਜ਼ ਹੀ ਹਨ। ਗੁਜਰਾਤ ਵਿਚ 370 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ ’ਤੇ 830 ਗੰਨਮੈਨ ਲਾਏ ਗਏ ਹਨ। ਇਵੇਂ ਮੱਧ ਪ੍ਰਦੇਸ਼ ਵਿਚ 402 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ 906 ਮੁਲਾਜ਼ਮ ਕਰ ਰਹੇ ਹਨ। ਕੇਂਦਰੀ ਬਿਊਰੋ ਨੇ ਵੀ.ਆਈ.ਪੀਜ਼ ਦੀ ਕੈਟਾਗਿਰੀ ’ਚ ਮੰਤਰੀ, ਐਮ. ਪੀਜ਼,ਐਮ. ਐਲ.ਏਜ਼,ਜੱਜ,ਨੌਕਰਸ਼ਾਹ ਆਦਿ ਨੂੰ ਰੱਖਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਸੁਰੱਖਿਆ ਇਸ ’ਚ ਸ਼ਾਮਿਲ ਨਹੀਂ ਹੈ। ਪੰਜਾਬ ’ਚ ਪੁਲੀਸ ਥਾਣੇ ਖਾਲੀ ਪਏ ਹਨ ਅਤੇ ਆਮ ਲੋਕਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ।
                               ਆਮ ਲੋਕਾਂ ਦੀ ਸੁਰੱਖਿਆ ਦਾਅ ’ਤੇ ਲਾਈ : ਚੀਮਾ
ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਪ੍ਰਤੀਕਰਮ ਸੀ ਕਿ ਕਾਂਗਰਸ ਸਰਕਾਰ ਨੇ ਵੀ.ਆਈ.ਪੀ ਕਲਚਰ ਨੂੰ ਵੱਧ ਹਵਾ ਦਿੱਤੀ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਜੋ ਪੁਲੀਸ ਮੁਲਾਜ਼ਮ ਆਮ ਲੋਕਾਂ ਦੀ ਸੁਰੱਖਿਆ ’ਤੇ ਲੱਗਣੇ ਚਾਹੀਦੇ ਸਨ, ਉਹ ਵੀ.ਆਈ.ਪੀਜ਼ ਦੇ ਦੁਆਲੇ ਘੁੰਮ ਰਹੇ ਹਨ। ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦਾ ਖਿਆਲ ਕਰੇ। ਵੱਡੀ ਗਿਣਤੀ ਵਿਚ ‘ਆਫ਼ ਰਿਕਾਰਡ’ ਗੰਨਮੈਨ ਵੀ ਦਿੱਤੇ ਹੋਏ ਹਨ।
                    ਦੋ ਮਹੀਨੇ ’ਚ 700 ਗੰਨਮੈਨ ਵਾਪਸ ਲਏ : ਏ.ਡੀ.ਜੀ.ਪੀ (ਸੁਰੱਖਿਆ)
ਏ.ਡੀ.ਜੀ.ਪੀ (ਸੁਰੱਖਿਆ) ਸ੍ਰੀ ਵਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਕੇਂਦਰੀ ਬਿਊਰੋ ਨੇ ਐਤਕੀਂ ਡੀ.ਐਸ.ਪੀਜ਼ ਤੋਂ ਲੈ ਕੇ ਸੀਨੀਅਰ ਰੈਂਕ ਅਧਿਕਾਰੀਆਂ ਦੀ ਸੁਰੱਖਿਆ ਨਫ਼ਰੀ ਨੂੰ ਵੀ ਅੰਕੜੇ ’ਚ ਸ਼ਾਮਿਲ ਕੀਤਾ ਹੈ ਜਦੋਂ ਕਿ ਪੁਲੀਸ ਤੇ ਸਿਵਲ ਅਧਿਕਾਰੀਆਂ ਦੀ ਸੁਰੱਖਿਆ ‘ਡਿਊਟੀ ਲੋੜਾਂ’ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਲੰਘੇ ਦੋ ਮਹੀਨਿਆਂ ਵਿਚ ਹੀ ਕਰੀਬ 700 ਗੰਨਮੈਨ ਵਾਪਸ ਲਏ ਗਏ ਹਨ। ਸਮੇਂ ਸਮੇਂ ’ਤੇ ਸੁਰੱਖਿਆ ਰੀਵਿਊ ਕੀਤਾ ਜਾਂਦਾ ਹੈ ਜਿਸ ਦੇ ਅਧਾਰ ’ਤੇ ਨਫ਼ਰੀ ਵਾਪਸ ਵੀ ਲੈ ਲਈ ਜਾਂਦੀ ਹੈ।
 


Tuesday, October 29, 2019

                                                          ਚੁੱਪ ਦੀ ਆਵਾਜ਼
                             ਗੂੰਗੇ ਬੋਲੇ ਬੱਚਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚੀ
                                                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪ੍ਰਸ਼ਾਸਨ ਨੇ ਗੁਜਰਾਤੀ ਕੰਪਨੀ ਦੇ ਪ੍ਰੋਜੈਕਟ ਲਈ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਕੈਂਪਸ ’ਤੇ ਹਥੌੜਾ ਚਲਾ ਦਿੱਤਾ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਰੈਡ ਕਰਾਸ ਬਠਿੰਡਾ ਵੱਲੋਂ 1999 ਵਿਚ ਗੂੰਗੇ ਬੋਲੇ ਬੱਚਿਆਂ ਦਾ ਸਕੂਲ ਬਣਾਇਆ ਗਿਆ ਸੀ ਜੋ ਪੰਜਾਬ ਦਾ ਸਭ ਤੋਂ ਵੱਡਾ ਸਕੂਲ ਹੈ। ਮਹੰਤ ਗੁਰਬੰਤਾ ਦਾਸ ਨੇ ਇਸ ਸਕੂਲ ਖਾਤਰ ਕਰੀਬ 10 ਏਕੜ ਜ਼ਮੀਨ ਦਾਨ ’ਚ ਦਿੱਤੀ ਸੀ ਜਿਸ ’ਤੇ ਇੱਕ ਪਾਸੇ ਪੈਲੇਸ ਵੀ ਬਣਾਇਆ ਗਿਆ ਤਾਂ ਜੋ ਸਕੂਲ ਲਈ ਆਮਦਨੀ ਹੋ ਸਕੇ। ਮੁੱਖ ਸੜਕ ’ਤੇ ਸਕੂਲ  ਕੈਂਪਸ ਦੀ ਮੁੱਖ ਇਮਾਰਤ ਦੇ ਐਨ ਅੱਗੇ ਗੁਜਰਾਤੀ ਕੰਪਨੀ ਲਈ ਇੱਕ ਏਕੜ ਜਗ੍ਹਾ ਦੇ ਦਿੱਤੀ ਗਈ ਹੈ। ਲੋਕ ਪੱਖੀ ਧਿਰਾਂ ਨੇ ਇਸ ਸਰਕਾਰੀ ਪੇਸ਼ਕਦਮੀ ਖ਼ਿਲਾਫ਼ ਰੌਲਾ ਪਾਇਆ ਹੈ। ਵੇਰਵਿਆਂ ਅਨੁਸਾਰ ਗੂੰਗੇ ਬੋਲੇ ਬੱਚਿਆਂ ਦੇ ਇਸ ਸਕੂਲ ਵਿਚ ਕਰੀਬ 170 ਬੱਚੇ ਪੜ੍ਹ ਰਹੇ ਹਨ ਅਤੇ ਦਸ ਵਰ੍ਹਿਆਂ ਤੋਂ ਦਸਵੀਂ ਕਲਾਸ ਦੇ ਸਾਰੇ ਬੱਚੇ ਫਸਟ ਡਵੀਜ਼ਨਾਂ ਵਿਚ ਪਾਸ ਹੋ ਰਹੇ ਹਨ। ਸਕੂਲ ਦੇ ਮੁੱਖ ਗੇਟ ਦੇ ਨਾਲ ਹੀ ਕੈਂਪਸ ਅੰਦਰ ਮੁੱਖ ਇਮਾਰਤ ਦੇ ਅੱਗੇ ਖੇਡ ਮੈਦਾਨ ਹੈ ਜਿਸ ਦੀ ਹੁਣ ਬਲੀ ਦਿੱਤੀ ਗਈ ਹੈ। ਰੈਡ ਕਰਾਸ ਬਠਿੰਡਾ ਨੇ ‘ਗੁਜਰਾਤ ਪੈਟਰੋਨੈੱਟ ਲਿਮਟਿਡ’ ਨੂੰ ਸਕੂਲ ਕੈਂਪਸ ਦੀ ਕਰੀਬ ਇੱਕ ਏਕੜ ਜਗ੍ਹਾ ਕੁਦਰਤੀ ਗੈਸ ਪ੍ਰੋਜੈਕਟ ਵਾਸਤੇ ਦੇ ਦਿੱਤੀ ਹੈ ਜਿਸ ਨੇ ਸ਼ਹਿਰ ਵਿਚ ਪਾਈਪਿੰਗ ਵਿਛਾਉਣ ਦਾ ਕੰਮ ਕਰਨਾ ਹੈ।
                ਰੈਡ ਕਰਾਸ ਨੇ ਇਹ ਜ਼ਮੀਨ 29 ਵਰ੍ਹਿਆਂ ਲਈ ਲੀਜ਼ ਤੇ ਦਿੱਤੀ ਹੈ। ਕੰਪਨੀ ਪ੍ਰਤੀ ਮਹੀਨਾ 1.80 ਲੱਖ ਰੁਪਏ ਲੀਜ਼ ਮਨੀ ਦੇਵੇਗੀ।ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸ੍ਰੀ ਐਚ.ਸੀ.ਅਰੋੜਾ ਆਖਦੇ ਹਨ ਕਿ ਜਿਸ ਮਕਸਦ ਲਈ ਇਹ ਜਗ੍ਹਾ ਦਾਨ ਵਜੋਂ ਦਿੱਤੀ ਗਈ ਸੀ, ਉਸ ਮਕਸਦ ਤੋਂ ਬਾਹਰ ਜਾ ਕੇ ਕਿਸੇ ਵੀ ਪ੍ਰੋਜੈਕਟ ਨੂੰ ਅਗਰ ਜਗ੍ਹਾ ਦਿੱਤੀ ਜਾਂਦੀ ਹੈ ਤਾਂ ਉਹ ਗ਼ੈਰਕਨੂੰਨੀ ਕਦਮ ਹੈ। ਸੂਤਰ ਆਖਦੇ ਹਨ ਕਿ ਸਕੂਲ ਲਈ ਇਹ ਜਗ੍ਹਾ ਦਾਨ ਕਰਨ ਵਾਲੇ ਵਿਅਕਤੀ ਤੋਂ ਇਸ ਵਾਸਤੇ ਕੋਈ ਸਹਿਮਤੀ ਵੀ ਨਹੀਂ ਲਈ ਗਈ ਹੈ। ਗੁਜਰਾਤੀ ਕੰਪਨੀ ਨੇ ਪ੍ਰੋਜੈਕਟ ਸਾਈਟ ’ਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਲਦੀ ਹੀ ਬਹੁਮੰਜ਼ਲੀ ਇਮਾਰਤ ਖੜ੍ਹੀ ਹੋ ਜਾਣੀ ਹੈ। ਜਿਥੇ ਸਕੂਲ ਦੀ ਦਿੱਖ ਨੂੰ ਸੱਟ ਵੱਜੀ ਹੈ, ਉਥੇ ਪ੍ਰਾਈਵੇਟ ਪ੍ਰੋਜੈਕਟ ਸਕੂਲ ਵਿਚ ਹੋਣ ਕਰਕੇ ਸਕੂਲੀ ਮਾਹੌਲ ਵੀ ਪ੍ਰਭਾਵਿਤ ਹੋਵੇਗੀ। ਸਕੂਲ ਕੈਂਪਸ ਵਿਚ ਹੀ ਬੱਚਿਆਂ ਦਾ ਹੋਸਟਲ ਵੀ ਹੈ ਅਤੇ ਐਤਕੀਂ ਸਕੂਲ ਵਿਚ ਗਿਆਰਵੀਂ ਦੀ ਕਲਾਸ ਵੀ ਸ਼ੁਰੂ ਕੀਤੀ ਗਈ ਹੈ।
               ਰੈਡ ਕਰਾਸ ਦੇ ਸਕੱਤਰ ਦਰਸ਼ਨ ਕੁਮਾਰ ਦਾ ਤਰਕ ਹੈ ਕਿ ਸਕੂਲ ਦਾ ਪ੍ਰਤੀ ਮਹੀਨਾ ਪੰਜ ਛੇ ਲੱਖ ਰੁਪਏ ਦਾ ਖਰਚਾ ਹੈ ਅਤੇ ਪਿਛਲੇ ਸਮੇਂ ਦੌਰਾਨ ਤਨਖ਼ਾਹਾਂ ਦੇਣ ਦੀ ਦਿੱਕਤ ਵੀ ਆ ਗਈ ਸੀ। ਉਨ੍ਹਾਂ ਆਖਿਆ ਕਿ ਸਕੂਲ ਲਈ ਵਸੀਲੇ ਪੈਦਾ ਕਰਨ ਵਾਸਤੇ ਹੀ ਗੁਜਰਾਤ ਪੈਟਰੋਨੈੱਟ ਨੂੰ ਜਗ੍ਹਾ ਲੀਜ਼ ਤੇ ਦਿੱਤੀ ਗਈ ਹੈ। ਖੇਡ ਮੈਦਾਨ ਦੂਸਰੇ ਪਾਸੇ ਬਣਾ ਦਿੱਤਾ ਜਾਵੇਗਾ। ਦੂਸਰੀ ਤਰਫ਼ ਐਡਵੋਕੇਟ ਐਨ.ਕੇ.ਜੀਤ ਦਾ ਪ੍ਰਤੀਕਰਮ ਹੈ ਕਿ ਅਗਰ ਸਕੂਲ ਨੂੰ ਭਵਿੱਖ ਵਿਚ ਹੋਰ ਘਾਟਾ ਪਿਆ ਤਾਂ ਕੀ ਬਾਕੀ ਸਕੂਲ ਦੀ ਜ਼ਮੀਨ ਵੀ ਲੀਜ਼ ਦੇ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਿਆਸੀ ਦਬਾਓ ਹੇਠ ਸਕੂਲ ਕੈਂਪਸ ਦੀ ਜਗ੍ਹਾ ਨੂੰ ਦਾਅ ’ਤੇ ਲਾਇਆ ਗਿਆ ਹੈ। ਪ੍ਰੋਜੈਕਟ ਉਸਾਰੀ ਦੌਰਾਨ ਵੀ ਸਕੂਲੀ ਬੱਚਿਆਂ ਨੂੰ ਸਿਹਤ ਦਾ ਹਰਜਾ ਝੱਲਣਾ ਪਵੇਗਾ ਕਿਉਂਕਿ ਪ੍ਰੋਜੈਕਟ ਸਾਈਟ ’ਤੇ ਸੁਆਹ ਨਾਲ ਧਰਾਤਲ ਭਰਿਆ ਜਾ ਰਿਹਾ ਹੈ। ਕੌਮੀ ਮਾਰਗ ’ਤੇ ਹੋਣ ਕਰਕੇ ਇਹ ਜਗ੍ਹਾ ਕਰੋੜਾਂ ਰੁਪਏ ਦੀ ਹੈ। ਦੱਸਦੇ ਹਨ ਕਿ ਹਾਕਮ ਧਿਰ ਦੇ ਦਬਾਓ ਮਗਰੋਂ ਬਠਿੰਡਾ ਪ੍ਰਸ਼ਾਸਨ ਨੇ ਇਹ ਕਦਮ ਉਠਾਇਆ ਹੈ।
              ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਆਖਦੇ ਹਨ ਕਿ ਬਠਿੰਡਾ ਪ੍ਰਸ਼ਾਸਨ ਦੀ ਇਹ ਬੇਹੂਦਾ ਕਦਮ ਹੈ। ਜੋ ਪਹਿਲਾਂ ਹੀ ਕੁਦਰਤ ਦੇ ਮਾਰੇ ਹਨ, ਉਨ੍ਹਾਂ ਦੇ ਸਕੂਲ ’ਤੇ ਵੀ ਕੁਹਾੜਾ ਚਲਾ ਦਿੱਤਾ ਗਿਆ ਹੈ। ਰੈਡ ਕਰਾਸ ਨੇ ਏਸੇ ਕਰਕੇ ਇਸ ਸਕੂਲ ਨੂੰ ਨਿਸ਼ਾਨਾ ਬਣਾਇਆ ਕਿ ਬੱਚੇ ਬੋਲ ਸੁਣ ਨਹੀਂ ਸਕਦੇ। ਵਸੀਲਿਆਂ ਦੀ ਗੱਲ ਹੈ ਤਾਂ ਰੈਡ ਕਰਾਸ ਆਪਣੀਆਂ ਹੋਰ ਜਾਇਦਾਦਾਂ ਚੋਂ ਵੀ ਇਸ ਪ੍ਰੋੋਜੈਕਟ ਲਈ ਜਗ੍ਹਾ ਦੇ ਸਕਦੀ ਸੀ। ਬੱਗਾ ਸਿੰਘ ਨੇ ਆਖਿਆ ਕਿ ਉਹ ਬੱਚਿਆਂ ਦੇ ਸਕੂਲ ਨੂੰ ਬਚਾਉਣ ਲਈ ਕਦਮ ਉਠਾਉਣਗੇ।
                               ਸਕੂਲ ਦੀ ਬਿਹਤਰੀ ਲਈ ਜਗ੍ਹਾ ਦਿੱਤੀ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਅਤੇ ਰੈਡ ਕਰਾਸ ਬਠਿੰਡਾ ਦੇ ਪੈ੍ਰਜ਼ੀਡੈਂਟ ਬੀ.ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ ਸਕੂਲ ਚਲਾਉਣ ਖਾਤਰ ਹੀ ਗੈਸ ਕੰਪਨੀ ਨੂੰ ਸਕੂਲ ਕੈਂਪਸ ਦੀ ਜਗ੍ਹਾ ਕਿਰਾਏ ਤੇ ਦਿੱਤੀ ਗਈ ਹੈ ਜੋ ਕਿ ਖਾਲੀ ਪਈ ਸੀ। ਉਨ੍ਹਾਂ ਆਖਿਆ ਕਿ ਪ੍ਰਤੀ ਮਹੀਨਾ ਜੋ ਕਿਰਾਇਆ ਆਵੇਗਾ, ਉਸ ਨਾਲ ਸਕੂਲ ਚੱਲੇਗਾ।




Sunday, October 27, 2019

                         ਵਿਚਲੀ ਗੱਲ
              ਮਸ਼ਾਲਾਂ ਬਾਲ ਕੇ ਚੱਲੋ..!
                         ਚਰਨਜੀਤ ਭੁੱਲਰ
ਬਠਿੰਡਾ: ਮੌਸਮ ਦਾ ਮਿਜ਼ਾਜ ਕਿਹੋ ਜੇਹਾ ਹੈ, ਕੋਈ ਫਰਕ ਨਹੀਂ ਪੈਂਦਾ। ਵਰੋਲੇ ਚੱਲਦੇ ਨੇ, ਝੱਖੜ ਵਰ੍ਹਦੇ ਨੇ, ਚਾਹੇ ਸੁਨਾਮੀ ਵੀ ਹੋਵੇ। ਮਸ਼ਾਲਾਂ ਬਾਲ ਕੇ ਜੋ ਨਿਕਲੇ ਨੇ, ਉਹ ਮੌਸਮ ਨਹੀਂ ਵੇਖਦੇ। ਉਨ੍ਹਾਂ ਬਿਨਾਂ ਗੱਲੋਂ ਮੱਥਾ ਹਨੇਰੇ ਨਾਲ ਨਹੀਂ ਲਾਇਐ। ਜਦੋਂ ਨਫ਼ਰਤ ਦੇ ਹੋਲਸੇਲ ਬਾਜ਼ਾਰ ਸਜ ਜਾਣ, ਹਾਕਮ ਮੰਜਾ ਕੁੰਭਕਰਨ ਕੋਲ ਡਾਹ ਲੈਣ, ਕੂੜ ਕੁਤਬ ਮੀਨਾਰ ਬਣ ਜਾਏ ਅਤੇ ਸਿਆਸੀ ਸਾਧ ਧੂਣੀ ’ਤੇ ਬੈਠ ਜਾਣ ਤਾਂ ਫਿਰ ਤੂਫਾਨਾਂ ਦੀ ਅੜੀ ਭੰਨਣ ਲਈ ਮਲਾਹਾਂ ਨੂੰ ਉਠਣਾ ਪੈਂਦੈ। ਮਿੱਟੀ ਦੇ ਦੀਵੇ ਨੇ, ਬਾਵੇ ਨਹੀਂ। ਸੋਚਾਂ ਦਾ ਘਿਉ, ਸੂਝ ਦੀ ਬੱਤੀ, ਲਟ ਲਟ ਬਲਦੀ ਐ ਤੇ ਪੱਲਾ ਮਾਰ ਕੇ ਏਹ ਬੁੱਝਣੀ ਨਹੀਂ। ਪਵਿੱਤਰ ਤਿਉਹਾਰ ਹੈ, ਮੌਕਾ ਅੱਜ ਸ਼ੁੱਭ ਹੈ। ਤੁਹਾਨੂੰ ਢੇਰ ਸਾਰੀ ਮੁਬਾਰਕ, ਦੀਵਾਲੀ ਤੇ ਬੰਦੀ ਛੋੜ ਦਿਵਸ ਦੀ। ਸ਼ੁਰੂਆਤ ਇੱਕ ਗਜ਼ਲ ਦੇ ਬੋਲਾਂ ਤੋਂ। ਬੋਲ ਲਿਖੇ ਨੇ ਗੁਰਤੇਜ ਕੋਹਾਰਵਾਲਾ ਨੇ, ‘ਹਨੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ, ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ।’ ਦੀਵਾਲੀ ਮੌਕੇ ਗੱਲ ਅੱਜ ਕਰਾਂਗੇ, ਜਗਦੇ ਦੀਵਿਆਂ ਦੀ, ਬਲਦੀਆਂ ਮਸ਼ਾਲਾਂ ਦੀ। ਜੋ ਧਰਵਾਸ ਦਿੰਦੇ ਹਨ, ਪੰਜਾਬ ਦੇ ਬੁਝ ਰਹੇ ਨੈਣਾਂ ਨੂੰ। ਦਿਲਾਂ ਦੇ ਖ਼ਜ਼ਾਨਾ ਮੰਤਰੀ ਨੇ, ਏਹ ਲੱਛਮੀ ਨਹੀਂ ਉਡੀਕਦੇ। ਦਮਦਮਾ ਸਾਹਿਬ ਦੀ ਧਰਤ ਨੂੰ ਪ੍ਰਣਾਮ ਜਿੱਥੋਂ ਦਾ ਰੁਪਿੰਦਰਜੀਤ ਘਰੋਂ ਨਿਕਲਿਐ। ਹੱਥ ’ਚ ਦੀਵਾ ਹੈ, ਮਨ ’ਚ ਛੁਪੇ ਰਹਿਣ ਦੀ ਚਾਹ। ਮਹਿਕਮਾ ਖੁਰਾਕ ਤੇ ਸਪਲਾਈ ਤੇ ਰੁਤਬਾ ਇੰਸਪੈਕਟਰ ਦਾ ਹੈ।
                  ਕਿਰਤ ਦਾ ਪੱਲਾ ਫੜਿਐ, ਮੁੜਕਾ ਖੇਤਾਂ ’ਚ ਵਹਾਇਆ। ਦਿਮਾਗ ਏਨਾ ਉਪਜਾਊ, ਨੌਕਰੀ ਸਲਾਮ ਕਰਦੀ ਐ। ਜਜ਼ਬਾਤੀ ਹੈ ਤੇ ਜਨੂੰਨੀ ਵੀ। ਆਸਮਾਂ ਨਾਲ ਜਬਰ-ਜਨਾਹ ਹੋਇਆ। ਸਿਰ ਫੜ ਕੇ ਰੋਣ ਲੱਗ ਪਿਆ। ਹਸਪਤਾਲ ’ਚ ਇੱਕ ਗਰੀਬ ਲੜਕੀ ਬੇਵੱਸ ਦੇਖੀ। ਮਾਪਿਆਂ ਦੇ ਹੱਥ ਖਾਲੀ, ਡਾਕਟਰ ਛੁੱਟੀ ਨਾ ਦੇਵੇ। ਚੁੱਪ ਚੁਪੀਤੇ ਰੁਪਿੰਦਰ ਗਿਆ, ਡਾਕਟਰ ਨੂੰ ਪੈਸੇ ਫੜਾਏ। ਵਾਰਸਾਂ ਨੂੰ ਏਹ ਆਖ ਤੁਰ ਗਿਐ, ਥੋਡਾ ਬਿੱਲ ਡਾਕਟਰ ਨੇ ਮੁਆਫ਼ ਕਰ ਦਿੱਤਾ। ‘ਚਿੱਟੇ’ ਖ਼ਿਲਾਫ਼ ਨਿੱਤਰੇ ਇੱਕ ਮਿੱਤਰ ਦਾ ਬਾਪ ਤੁਰ ਗਿਆ। ਦੁੱਖ ’ਚ ਹਾਜ਼ਰ ਹੋਇਆ, ਏਟੀਐੱਮ ਕਾਰਡ ਕੱਢਿਆ, ਬਿਨਾਂ ਦੱਸੇ ਮਿੱਤਰ ਦੀ ਜੇਬ ’ਚ ਪਾ ਆਇਆ। ਸਰਕਾਰੀ ਡਿਊਟੀ ’ਚ ਵੀ ਖ਼ਰਾ ਹੈ। ਖਿਡਾਰੀ ਮੁੰਡੇ ਫਲਾਂ ’ਤੇ ਲਾ ਦਿੱਤੇ ਨੇ। ਰੇਹੜੀ ਵਾਲਾ ਫਲ ਖੁਆਉਂਦਾ, ਗੁਪਤਦਾਨ ਰੁਪਿੰਦਰ ਕਰਦੈ। ਖਿਡਾਰੀ ਆਖਦੇ ਨੇ.. ਰੇਹੜੀ ਵਾਲਾ ਮੁਫ਼ਤ ਸੇਵਾ ਕਰਦੈ। ਹੁਣ ਤਸਕਰਾਂ ਦੀ ਅੱਖ ’ਚ ਰੜਕਦੈ। ਜ਼ਿੱਦ ਜਵਾਨੀ ਨੂੰ ‘ਚਿੱਟਾ’ ਛੁਡਾਉਣ ਦੀ ਹੈ। ਕਿੰਨੇ ਘਰਾਂ ’ਚ ਸੱਥਰ ਵਿਛਣੋਂ ਬਚ ਗਏ। ਊਰੀ ਵਾਂਗੂ ਘੁੰਮ ਰਿਹੈ। ਲੋਕ ਆਖਦੇ ਨੇ ‘ਪਤਾ ਨਹੀਂ ਕਿਸ ਮਿੱਟੀ ਦਾ ਬਣਿਐ।’ ਰੁਪਿੰਦਰ ਆਖਦੈ ‘ਪੁੰਨ ਤੇ ਬੀਜ ਨੰਗੇ ਉਪਜਦੇ ਨਹੀਂ।’ 150 ਨਸ਼ੇੜੀ ਮੁੰਡਿਆਂ ਦਾ ਇਲਾਜ ਕਰਾ ਚੁੱਕੈ। ਸਾਰਾ ਖਰਚਾ ਪੱਲਿਓਂ ਝੱਲਦੈ, ਮੁੰਡਿਆਂ ਨੂੰ ਕਹਿੰਦੈ, ਡਾਕਟਰ ਬਾਹਲਾ ਚੰਗੈ, ਮੁਫ਼ਤ ਦਵਾਈ ਦਿੰਦੈ।
                ਅੌਹ ਦੇਖੋ.. ਫਿਰੋਜ਼ਪੁਰ ’ਚ ਵੀ ਇੱਕ ਦੀਵਾ ਬਲ ਰਿਹੈ, ਹਵਾ ਦਾ ਵੀ ਜ਼ੋਰ ਨਹੀਂ ਚੱਲਿਆ। ਪਿੰਡ ਕੋਟਲਾ ਖੁਰਦ ਦਾ ਪਟਵਾਰੀ ਗੁਰਮੇਜ ਸਿੰਘ ਵਹਿਣ ਦੇ ਉਲਟ ਚੱਲਿਐ, ਇਮਾਨ ’ਤੇ ਪਹਿਰਾ ਦਿੰਦੈ। ਜਦੋਂ ਕੋਈ ਜਿਮੀਂਦਾਰ ‘ਸੇਵਾ ਪਾਣੀ’ ਪੁੱਛਦੈ ਇੱਕੋ ਗੱਲ ਆਖਦੈ, ਸੇਵਾ ਪਾਣੀ ਸਰਕਾਰ ਦਿੰਦੀ ਐ। ਗਲਤ ਕੰਮ ਤੋਂ ਨਾਂਹ ਕੀਤੀ। ਨੇਤਾ ਜੀ ਨੇ ਬਦਲੀ ਕਰਾ ’ਤੀ। ਪੂਰਾ ਪਿੰਡ ਅੜ ਗਿਆ। ਮੁਜ਼ਾਹਰੇ ਕਰਕੇ ਪਟਵਾਰੀ ਮੁੜ ਪਿੰਡ ਲਿਆਂਦਾ। ਪਤਨੀ ਅਮਨਦੀਪ ਨੇ ਕਦੇ ਨਹੀਂ ਕਿਹਾ ‘ਤੂੰ ਕਾਹਦਾ ਪਟਵਾਰੀ’। ਸਗੋਂ ਚੌਕਸ ਕਰਦੀ ਹੈ, ‘ਧੱਬੇ ਤੋਂ ਬਚ ਕੇ’। ਲੁਧਿਆਣੇ ਦੇ ਪਿੰਡ ਘਵੱਦੀ ਜਾਵੋ। ਪੇਂਡੂ ਸਿਹਤ ਡਿਸਪੈਂਸਰੀ ਜ਼ਰੂਰ ਦੇਖਿਓ। ਕਮਾਲ ਦਾ ਡਾਕਟਰ ਐ। ਪਿੰਡ ਵਾਲੇ ਜੱਫਾ ਮਾਰੀ ਬੈਠੇ ਨੇ, ਅਖੇ ਬਦਲੀ ਨਹੀਂ ਹੋਣ ਦੇਣੀ। ਕੇਰਾਂ ਸਰਕਾਰ ਪੰਗਾ ਲੈ ਬੈਠੀ। ਲੋਕਾਂ ਨੇ ਚੰਡੀਗੜ੍ਹ ਨੀਵਾਂ ਕਰ ’ਤਾ, ਡਾਕਟਰ ਪਿੰਡ ਲਿਆ ਕੇ ਸਾਹ ਲਿਆ। ਡਾ. ਅਮਿਤ ਅਰੋੜਾ ਲਈ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਦੌਲਤ ਹੈ। ਦੋ ਵਾਰ ਡਿਸਪੈਂਸਰੀ ਨੂੰ ਝੰਡੀ ਮਿਲੀ। ਬਾਕੀ ਪੰਜਾਬ ਪਿੱਛੇ। ਮਹੀਨੇ ’ਚ ਹਜ਼ਾਰ ਮਰੀਜ਼ ਆਉਂਦੇ ਨੇ। ਉਸ ਤੋਂ ਵੱਧ ਵਿਦੇਸ਼ੋਂ ਪੈਸਾ ਆਉਂਦੈ। ਐੱਨਆਰਆਈ ਤੋਟ ਨਹੀਂ ਪੈਣ ਦਿੰਦੇ। ਸਾਲਾਨਾ 180 ਦੇ ਕਰੀਬ ਜਣੇਪੇ ਹੁੰਦੇ ਨੇ। ਲੋਕ ਸਹੁੰ ਖਾਂਦੇ ਨੇ ਡਾ. ਅਰੋੜਾ ਦੀ। ਪੈਸੇ ਤੋਂ ਵੱਡੀ ਅਸੀਸ ਨੂੰ ਮੰਨਦੈ।
               ਦੀਵਿਆਂ ਦਾ ਇਹ ਚਾਨਣ ਹਾਕਮਾਂ ਦੀਆਂ ਅੱਖਾਂ ਭੰਨਦਾ ਹੈ। ਸੁਰਜੀਤ ਪਾਤਰ ਲਿਖਦੈ ‘ਕੀ ਦਿਸਿਆ ਇਹਨਾਂ ਦੀ ਲੋਏ, ਤੁਸੀਂ ਹਜ਼ੂਰ ਖ਼ਫ਼ਾ ਕਿਉਂ ਹੋਏ, ਮਾਰ ਕੇ ਫੂਕ ਬੁਝਾ ਕਿਉਂ ਦਿੱਤੇ, ਦੁੱਖ ਦੀ ਜੋਤ, ਦਾਸ ਦੇ ਦੀਵੇ।’ ਜੋਸ਼ ਅਧਿਆਪਕ ਅਜੇ ਕੁਮਾਰ ਦਾ ਵੀ ਘੱਟ ਨਹੀਂ ਛਲਕਿਆ। ਜ਼ੀਰੋ ਲਾਈਨ ਦੇ ਐਨ ਨੇੜੇ ਪ੍ਰਾਇਮਰੀ ਸਕੂਲ ਪੈਂਦੈ। ਪਠਾਨਕੋਟ ਦਾ ਪਿੰਡ ਸਿੰਬਲ, ਦਰਿਆ ਤੋਂ ਪਾਰ। ਪਹਿਲੋਂ ਕਿਸ਼ਤੀ ਨਾਲ ਦਰਿਆ ਪਾਰ ਕਰਦੈ, ਫਿਰ ਕਿਲੋਮੀਟਰ ਲੰਮਾ ਜੰਗਲੀ ਰਸਤਾ। ਸਕੂਲ ਦੀ ਕਾਇਆ ਪਲਟ ਦਿੱਤੀ ਹੈ। ਏਨਾ ਸਿਰੜ ਤੇ ਬੱਚਿਆਂ ਨਾਲ ਮੋਹ। ਬਦਲੀ ਹੋਈ, ਨਾਰਾਜ਼ ਹੋਇਆ ਪੂਰਾ ਪਿੰਡ। ਬੱਚਿਆਂ ਖਾਤਰ ਮਹੀਨੇ ’ਚ ਦੋ ਦਿਨ ਹੁਣ ਸਿੰਬਲ ਪਿੰਡ ਜਾਂਦੈ ਪਰ ਤਾਇਨਾਤੀ ਕਿਤੇ ਹੋਰ ਹੈ। ਅਰਥਚਾਰੇ ਨੂੰ ਲਕਵਾ ਮਾਰ ਗਿਆ। ਲੋਕ ਆਖਦੇ ਨੇ ‘ਲੱਛਮੀ ਨਹੀਂ ਆਉਂਦੀ’, ਅਧਿਆਪਕਾ ਗੁਰਨਾਮ ਕੌਰ ਚੀਮਾ ਨੂੰ ਨੀਂਦ ਨਹੀਂ ਆਉਂਦੀ। ਦਾਨੀ ਸੱਜਣਾਂ ਤੋਂ ਸਵਾ ਕਰੋੜ ਇਕੱਠਾ ਕੀਤਾ, ਖੁਦ ਜੇਬ ’ਚੋਂ 27 ਲੱਖ ਖਰਚੇ, ਸੱਤ ਸਰਕਾਰੀ ਸਕੂਲ ਸਮਾਰਟ ਬਣਾ ਦਿੱਤੇ। ਝੁੱਗੀ-ਝੌਂਪੜੀ ਵਾਲੇ ਪੌਣੇ ਦੋ ਸੌ ਬੱਚੇ ਸਕੂਲ ਪੜ੍ਹਨ ਪਾਏ। ਸਪੈਸ਼ਲ ਟੈਂਪੂ ਵੀ ਲਵਾ ਦਿੱਤਾ। ਅੰਮ੍ਰਿਤਸਰ ਦੇ ਸਠਿਆਲਾ ਸਕੂਲ ’ਚ ਪੜ੍ਹਾਉਂਦੀ ਹੈ। ਮਿਸ਼ਨ ਵੱਡੇ ਹੋਣ, ਫਿਰ ਨੀਂਦਾਂ ਕਿੱਥੇ। ਬਠਿੰਡਾ ਦੇ ਮਾਣਕਖਾਨਾ ਦੀ ਨੌਜਵਾਨ ਸਰਪੰਚ ਸੈਸ਼ਨ ਦੀਪ ਕੌਰ ਮਿਸ਼ਨ ’ਤੇ ਹੁਣੇ ਨਿਕਲੀ ਐ। ਪਿੰਡ ਦੇ ਸਕੂਲ ’ਚ ਇੱਕੋ ਅਧਿਆਪਕ ਹੈ। ਸਰਪੰਚ ਬੱਚਿਆਂ ਨੂੰ ਖੁਦ ਪੜ੍ਹਾਉਂਦੀ ਹੈ।
                ਤਪੇ ਹੋਏ ਮਾਹੌਲ ‘ਚ ਦੀਵਿਆਂ ਦਾ ਹਾਲੇ ਤੋਟਾ ਨਹੀਂ ਜਿਨ੍ਹਾਂ ਦਾ ਜੀਵਨ ਮਸ਼ਾਲ ਵਰਗਾ ਹੈ। ਗੁਰਸ਼ਰਨ ਭਾਅ ਜੀ ਤੇ ਅਜਮੇਰ ਅੌਲਖ ਵੀ ਮਸ਼ਾਲ ਲੈ ਕੇ ਨਿਕਲੇ ਸਨ। ਗਦਰੀ ਬਾਬਿਆਂ ਦੇ ਮੇਲੇ ’ਤੇ ਵੀ ਮਸ਼ਾਲ ਬਲੇਗੀ। ਵਖਤਾਂ ਮਾਰੇ ਇਸ ਲੋਅ ’ਚੋਂ ਹੀ ਭਵਿੱਖ ਤਲਾਸ਼ਦੇ ਨੇ। ਸੰਗਰੂਰ ਦੇ ਪਿੰਡ ਨੀਲੋਵਾਲ ਦੀ ਜਸਵੀਰ ਕੌਰ। ਘਰ ਦਾ ਦੀਪ ਬੁਝ ਗਿਆ, ਦੀਵਾਲੀ ਵਾਲੀ ਰਾਤ ਪਤੀ ਖੁਦਕੁਸ਼ੀ ਕਰ ਗਿਆ। ਤਿੰਨ ਧੀਆਂ ਨੂੰ ਲੈ ਕੇ ਕਿੱਥੇ ਜਾਏ। ਵਿਧਵਾ ਕੋਲ ਸਿਰਫ਼ ਕਰਜ਼ਾ ਬਚਿਐ। ਦੀਵਾਲੀ ਵਾਲਾ ਦਿਨ ਸੀ, ਜਦੋਂ ਕਿਸਾਨ ਨੇਤਾ ਸ਼ਿੰਦਰਪਾਲ ਨੱਥੂਵਾਲਾ ਨੇ ਆਖਰੀ ਸਾਹ ਲਿਆ ਸੀ। ਨਰਮਾ ਪੱਟੀ ’ਚ ਸੰਤਾਪ ਵੱਡਾ ਹੈ। ਵਰ੍ਹਿਆਂ ਤੋਂ ਬਲ ਰਹੇ ਨੇ, ਨਾਲੇ ਸਿਵੇ, ਨਾਲੇ ਦੁੱਖਾਂ ਦੇ ਦੀਵੇ। ਲਹਿਰਾ ਧੂਰਕੋਟ (ਬਠਿੰਡਾ) ਦੀ ਧੀ ਸੰਦੀਪ ਕੌਰ। ਤੜਕੇ ਪਹਿਲਾਂ ਸਕੂਲ ਸੁੰਭਰਦੀ ਹੈ। ਮਹੀਨੇ ਦੇ ਹਜ਼ਾਰ ਰੁਪਏ ਮਿਲਦੇ ਨੇ। ਫਿਰ ਰਾਜਿੰਦਰਾ ਕਾਲਜ ਪੜ੍ਹਨ ਜਾਂਦੀ ਹੈ। ਕੋਈ ਢਾਰਸ ਨਹੀਂ, ਕੱਚੇ ਘਰਾਂ ਵਾਲੇ ਬੋਲੇ ਨੇ। ‘ਸਾਡੇ ਘਰਾਂ ਨੂੰ ਤਾਂ ਬੂਹੇ ਵੀ ਨਹੀਂ, ਲੱਛਮੀ ਫੇਰ ਵੀ ਨਹੀਂ ਆਉਂਦੀ।’
              ਤੁਸੀਂ ਦੀਵਾਲੀ ਮੌਕੇ ਸਫ਼ਾਈ ਕੀਤੀ। ਦੁਕਾਨਾਂ ਦੀ, ਆਪੋ ਆਪਣੇ ਘਰਾਂ ਦੀ, ਮਨਾਂ ਦੀ ਸਫ਼ਾਈ ਭੁੱਲ ਬੈਠੇ। ਕਸ਼ਮੀਰ ’ਚ ਦੀਵੇ ਜਗਣਗੇ, ਪਤਾ ਨਹੀਂ। ਯੂਪੀ ਦੇ ਭਾਜਪਾ ਨੇਤਾ ਗਜਰਾਜ ਰਾਣਾ ਨੂੰ ਕੌਣ ਭੁੱਲਿਐ। ਰਾਣਾ ਜੀ ਨੇ ਮੁਖਾਰਬਿੰਦ ’ਚੋਂ ਫ਼ਰਮਾਏ ‘ਹਿੰਦੂ ਵੀਰੋ ! ਦੀਵਾਲੀ ਤੋਂ ਪਹਿਲਾਂ ਸੋਨਾ ਚਾਂਦੀ ਨਹੀਂ, ਤਲਵਾਰਾਂ ਖਰੀਦੋ। ਥੋੜ੍ਹੇ ਮਹੀਨੇ ਪਿੱਛੇ ਚੱਲੋ। ਯਾਦ ਕਰੋ, ਆਗਰਾ ਦੇ ਸਕੂਲੀ ਬੱਚਿਆਂ ਨੂੰ ਚਾਕੂ ਵੰਡੇ ਗਏ ਸਨ। ਨੂਰ ਮੁਹੰਮਦ ਨੂਰ ਦੀ ਰਚਨਾ ਢੁੱਕਵੀਂ ਹੈ। ‘ਅਮਨਾਂ ਦੀ ਬਾਤ ਹੋਵੇ ਜਿਥੇ, ਉਹ ਸ਼ਹਿਰ ਲੱਭੋ, ਨਫ਼ਰਤ ਨੂੰ ਮਾਰ ਦੇਵੇ ਜਿਹੜੀ, ਉਹ ਜ਼ਹਿਰ ਲੱਭੋ।’  ਕੋਈ ਤਾਂ ਪ੍ਰਣ ਕਰੀਏ। ਦੀਵਾਲੀ ਨੂੰ ਸਵੱਛ ਰੱਖਣ ਦਾ। ਧੂੰਏਂ ਨੇ ਪਹਿਲਾਂ ਹੀ ਬੜਾ ਦਮ ਘੁੱਟਿਐ। ਈਰਖਾ ਦੇ ਨਹੀਂ, ਦੇਸ਼ ਦੀ ਮਮਟੀ ’ਤੇ ਪ੍ਰੇਮ ਦੇ ਦੀਵੇ ਰੱਖੀਏ। ਜੋ ਮਸ਼ਾਲਾਂ ਚੁੱਕ ਨਿਕਲੇ ਨੇ, ਉਨ੍ਹਾਂ ਲਈ ਰਾਹ ਛੱਡੀਏ। ਛੱਜੂ ਰਾਮ ਸਭ ਤੋਂ ਪਿੱਛੇ ਹੈ। ਹੱਥ ’ਚ ਮਸ਼ਾਲ ਹੈ। ਮੁਹੱਬਤਾਂ ਦਾ ਬਣਵਾਸ ਕੱਟਣ ਤੁਰਿਐ..।

Wednesday, October 23, 2019

                     ਕਰਜ਼ੇ ਦੀ ਮਾਰ
         ਸੈਂਕੜੇ ਕਿਸਾਨ ਭਗੌੜੇ ਕਰਾਰ
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਕਰਜ਼ੇ ਹੇਠ ਦੱਬੇ ਸੈਂਕੜੇ ਕਿਸਾਨ ਭਗੌੜੇ ਐਲਾਨ ਦਿੱਤੇ ਗਏ ਹਨ। ਸਹਿਕਾਰੀ ਬੈਂਕਾਂ ਵੱਲੋਂ ਚੈੱਕ ਬਾਊਂਸ ਨੂੰ ਆਧਾਰ ਬਣਾ ਕੇ ਅਦਾਲਤੀ ਕੇਸ ਕੀਤੇ ਗਏ ਜਿਨ੍ਹਾਂ 'ਚ ਕਿਸਾਨ ਭਗੌੜਾ ਕਰਾਰ ਦਿੱਤੇ ਜਾ ਰਹੇ ਹਨ। ਪ੍ਰਾਈਵੇਟ ਤੇ ਕੌਮੀ ਬੈਂਕ ਇਸ ਮਾਮਲੇ 'ਚ ਸਭ ਤੋਂ ਅੱਗੇ ਹਨ। ਇਕੱਲੇ ਮਾਲਵਾ ਖਿੱਤੇ 'ਚ ਇਨ੍ਹਾਂ ਸਾਰੇ ਬੈਂਕਾਂ ਵੱਲੋਂ ਡੇਢ ਸਾਲ ਦੌਰਾਨ ਕਰੀਬ ਇੱਕ ਹਜ਼ਾਰ ਕਰਜ਼ਈ ਕਿਸਾਨਾਂ ਨੂੰ ਭਗੌੜੇ ਐਲਾਨ ਦਿੱਤਾ ਗਿਆ ਹੈ। ਅੰਦਾਜ਼ੇ ਅਨੁਸਾਰ ਸਹਿਕਾਰੀ ਬੈਂਕਾਂ ਦੇ ਚੈੱਕ ਬਾਊਂਸ ਮਾਮਲਿਆਂ 'ਚ ਕਰੀਬ ਤਿੰਨ ਸੌ ਕਿਸਾਨ ਅਦਾਲਤਾਂ 'ਚੋਂ ਭਗੌੜੇ ਐਲਾਨੇ ਜਾ ਚੁੱਕੇ ਹਨ।
ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਇਕੱਲੇ ਸਹਿਕਾਰੀ ਬੈਂਕਾਂ, ਖਾਸ ਕਰ ਕੇ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਨੇ ਫਰਵਰੀ 2019 ਤੋਂ ਹੁਣ ਤੱਕ 23 ਕਰਜ਼ਈ ਕਿਸਾਨ ਅਦਾਲਤਾਂ ਰਾਹੀਂ ਭਗੌੜੇ ਕਰਾਰ ਦਿੱਤੇ ਹਨ। ਜਿਨ੍ਹਾਂ ਵਿਚ ਪਿੰਡ ਜੈ ਸਿੰਘ ਵਾਲਾ ਦੇ ਦੋ ਕਿਸਾਨ, ਚੱਕ ਰੁਲਦੂ ਸਿੰਘ ਵਾਲਾ, ਰਾਏਕੇ ਖ਼ੁਰਦ ਦੇ ਕਿਸਾਨ ਵੀ ਸ਼ਾਮਲ ਹਨ। ਸਾਰੀਆਂ ਬੈਂਕਾਂ ਵੱਲੋਂ ਚੈੱਕ ਬਾਊਂਸ 'ਚ ਬਠਿੰਡਾ ਜ਼ਿਲ੍ਹੇ ਦੇ ਕੁੱਲ 86 ਕਿਸਾਨ ਭਗੌੜੇ ਕਰਾਰ ਦਿੱਤੇ ਗਏ ਹਨ। ਭਗੌੜੇ ਐਲਾਨੇ ਕਿਸਾਨਾਂ 'ਤੇ ਕਾਰਵਾਈ ਦੀ ਤਲਵਾਰ ਲਟਕੀ ਹੋਈ ਹੈ। ਬਹੁਤੇ ਕਿਸਾਨ ਅਦਾਲਤਾਂ ਵਿਚ ਕੇਸ ਲੜਨ ਦੇ ਸਮਰੱਥ ਨਹੀਂ ਹਨ।
             ਅਦਾਲਤਾਂ ਵਿਚ ਸੀਆਰਪੀਸੀ ਦੀ ਧਾਰਾ 83 ਤਹਿਤ ਇਨ੍ਹਾਂ ਨੂੰ ਭਗੌੜਾ ਐਲਾਨਿਆ ਗਿਆ ਹੈ। ਬੈਂਕਾਂ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਇਹ ਕੇਸ ਦਾਇਰ ਕੀਤੇ ਜਾਂਦੇ ਹਨ। ਸਹਿਕਾਰੀ ਤੇ ਪ੍ਰਾਈਵੇਟ ਬੈਂਕਾਂ ਵੱਲੋਂ ਕਿਸਾਨਾਂ ਤੋਂ ਖਾਲੀ ਚੈੱਕ ਲਏ ਜਾਣ ਦਾ ਰੌਲਾ ਪਹਿਲਾਂ ਵੀ ਪੈ ਚੁੱਕਾ ਹੈ। ਸਹਿਕਾਰੀ ਖੇਤੀ ਵਿਕਾਸ ਬੈਂਕਾਂ ਵੱਲੋਂ ਚੈੱਕ ਬਾਊਂਸ ਹੋਣ ਮਗਰੋਂ ਅਦਾਲਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਂਦੀ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿਚ ਸਾਲ 2019 ਦੌਰਾਨ 26 ਕਰਜ਼ਈ ਕਿਸਾਨ ਭਗੌੜੇ ਕਰਾਰ ਦਿੱਤੇ ਗਏ ਹਨ ਜਿਨ੍ਹਾਂ ਵਿਚ ਸੈਦੇਕੇ ਰਹੇਲਾ, ਚੱਕ ਦੋਨਾ ਰਹੀਮ ਕੇ, ਬਡਾਲਾ, ਚੱਕੇ ਭੰਗੇ ਵਾਲਾ ਅਤੇ ਸੋਢੀਵਾਲਾ ਦੇ ਕਿਸਾਨ ਸ਼ਾਮਲ ਹਨ। ਸਾਲ 2018 ਵਿਚ ਇਸ ਜ਼ਿਲ੍ਹੇ ਦੇ 20 ਕਿਸਾਨ ਅਤੇ ਉਸ ਤੋਂ ਪਹਿਲਾਂ ਦੇ ਤਿੰਨ ਸਾਲਾਂ ਵਿਚ 48 ਕਰਜ਼ਈ ਕਿਸਾਨ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ। ਅਕਤੂਬਰ 2019 ਦੇ ਆਖ਼ਰੀ ਦੋ ਹਫ਼ਤਿਆਂ ਵਿਚ ਤਿੰਨ ਕਿਸਾਨ ਭਗੌੜੇ ਐਲਾਨੇ ਗਏ ਹਨ। ਪੰਜਾਬ ਦੀਆਂ ਅਦਾਲਤਾਂ ਵਿਚ ਚੈੱਕ ਬਾਊਂਸ ਦੇ ਹਜ਼ਾਰਾਂ ਕੇਸ ਚੱਲ ਰਹੇ ਹਨ।
             ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਕੱਲੇ ਸਤੰਬਰ 2019 ਦੇ ਮਹੀਨੇ ਵਿਚ ਸਾਰੀਆਂ ਬੈਂਕਾਂ ਦੇ ਚੈੱਕ ਬਾਊਂਸ ਮਾਮਲਿਆਂ ਵਿਚ 10 ਕਰਜ਼ਈ ਕਿਸਾਨ ਭਗੌੜੇ ਕਰਾਰ ਦਿੱਤੇ ਗਏ ਹਨ। ਜ਼ਿਲ੍ਹਾ ਮੋਗਾ ਵਿਚ ਲੰਘੇ ਸਾਢੇ ਤਿੰਨ ਮਹੀਨਿਆਂ 'ਚ ਬੈਂਕਾਂ ਵੱਲੋਂ 10 ਕਿਸਾਨ ਭਗੌੜੇ ਐਲਾਨਣ ਦੀ ਕਾਰਵਾਈ ਕੀਤੀ ਗਈ ਹੈ। ਸੰਗਰੂਰ ਜ਼ਿਲ੍ਹੇ ਵਿਚ ਅਗਸਤ-ਸਤੰਬਰ ਮਹੀਨੇ ਦੌਰਾਨ ਤਿੰਨ ਕਿਸਾਨ ਭਗੌੜੇ ਐਲਾਨੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ਵਿਚ ਇਕੱਲੇ ਚਾਲੂ ਮਾਲੀ ਵਰ੍ਹੇ ਦੌਰਾਨ 16 ਕਰਜ਼ਈ ਕਿਸਾਨ ਭਗੌੜੇ ਕਰਾਰ ਦਿੱਤੇ ਗਏ ਹਨ। ਵਰ੍ਹਾ 2018 ਵਿਚ ਦੋ ਦਰਜਨ ਕਿਸਾਨ ਭਗੌੜੇ ਐਲਾਨੇ ਗਏ ਹਨ। ਇਸ ਤਰ੍ਹਾਂ ਦਾ ਰੁਝਾਨ ਬਾਕੀ ਜ਼ਿਲ੍ਹਿਆਂ ਵਿਚ ਵੀ ਹੈ। ਐਡਵੋਕੇਟ ਐਨ.ਕੇ. ਜੀਤ ਦਾ ਕਹਿਣਾ ਸੀ ਕਿ ਬੈਂਕਾਂ ਵੱਲੋਂ ਕਰਜ਼ਾ ਦੇਣ ਵੇਲੇ ਕਿਸਾਨਾਂ ਤੋਂ ਖਾਲੀ ਚੈੱਕ ਲੈ ਲਏ ਜਾਂਦੇ ਹਨ ਜਿਨ੍ਹਾਂ ਦੇ ਬਾਊਂਸ ਹੋਣ ਮਗਰੋਂ ਕੇਸ ਅਦਾਲਤਾਂ ਵਿਚ ਪਾ ਦਿੱਤੇ ਜਾਂਦੇ ਹਨ।
                          ਕਿਸਾਨਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੰਘਰਸ਼ ਕਰੇਗੀ 
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਬੈਂਕ ਕਿਸਾਨਾਂ ਤੇ ਦਬਾਅ ਬਣਾਉਣ ਲਈ ਭਗੌੜੇ ਹੋਣ ਦੀ ਤਲਵਾਰ ਲਟਕਾ ਦਿੰਦੇ ਹਨ ਅਤੇ ਇਹ ਜਬਰੀ ਵਸੂਲੀ ਵੱਲ ਜਾਂਦਾ ਰਾਹ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਯੂਨੀਅਨ ਪਿੱਛੇ ਨਹੀਂ ਹਟੇਗੀ ਕਿਉਂਕਿ ਖਾਲੀ ਚੈੱਕ ਲੈਣਾ ਗ਼ੈਰਕਾਨੂੰਨੀ ਹੈ। ਕਿਸਾਨਾਂ ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ ਜਾਵੇਗਾ।

Tuesday, October 22, 2019

                                                        ਕਚਰਾ ਮੁਕਤ ਮਾਡਲ
                               ਤੁਸੀਂ ਆਓ..! ਝੋਲੇ ਵੀ ਸਾਡੇ, ਖੰਡ ਵੀ ਸਾਡੀ
                                                           ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਮੋਗਾ ਦੇ ਇਸ ਪਿੰਡ ਤੋਂ ਕੌਣ ਬਲਿਹਾਰੇ ਨਹੀਂ ਜਾਏਗਾ। ਪਿੰਡ ਰਣਸੀਹ ਕਲਾਂ ਨੇ ਪੇਂਡੂ ਪੰਜਾਬ ਦੇ ਨਕਸ਼ੇ ’ਤੇ ਅੱਜ ਨਵਾਂ ਰੰਗ ਭਰਿਆ ਜਦੋਂ ਮਿੰਟੂ ਸਰਪੰਚ ਨੇ ਸੰਕਲਪ ਲਿਆ, ਸਮੁੱਚੀ ਪੰਚਾਇਤ ਨੇ ਮੋਢਾ ਦਿੱਤਾ। ਨਵੇਂ ਪੋਚ ਦੀ ਨਵੀਂ ਸੋਚ ਚੋਂ ਅੱਜ ਨਵੇਂ ਫੈਸਲੇ ਨਿਕਲੇ। ਪੰਜਾਬ ਦਾ ਪਹਿਲਾ ਪਿੰਡ ਹੋਵੇਗਾ ਜਿਥੇ ਕਚਰੇ ਬਦਲੇ ਖੰਡ ਮਿਲਦੀ ਹੈ, ਉਹ ਵੀ ਮੁਫ਼ਤ। ਜਿਨ੍ਹਾਂ ਕਚਰਾ ਦਿਓਗੇ, ਉਨ੍ਹੀ ਖੰਡ ਮਿਲੇਗੀ। ਸਰਪੰਚ ਪ੍ਰੀਤਇੰਦਰਪਾਲ ਸਿੰਘ ਉਰਫ ਮਿੰਟੂ ਨੇ ਹੋਕਾ ਦਿੱਤਾ ਕਿ ਸਭ ਆਓ.. ਪਲਾਸਟਿਕ ਕਚਰਾ ਲਿਆਓ, ਬਦਲੇ ’ਚ ਖੰਡ ਲੈ ਜਾਓ। ਪੰਚਾਇਤ ਨੇ ਪਿੰਡ ਨੂੰ ‘ਪਲਾਸਟਿਕ ਮੁਕਤ’ ਅਤੇ ‘ਰੂੜੀ ਮੁਕਤ’ ਬਣਾਉਣ ਦਾ ਨਵਾਂ ਮਾਡਲ ਪੇਸ਼ ਕੀਤਾ। ਰਣਸੀਹ ਕਲਾਂ ’ਚ ਅੱਜ ਗਰਾਮ ਸਭਾ ਦਾ ਇਜਲਾਸ ਜੁੜਿਆ। ਸਮੁੱਚੇ ਪਿੰਡ ਨੇ ਹਾਜ਼ਰੀ ਭਰੀ। ਮਿੰਟੂ ਸਰਪੰਚ ਨੇ ਲੋਕਾਂ ਦਾ ਮੁੱਲ ਮੋੜਿਆ ਜੋ ਪਿੰਡ ਦੇ ਮੋਹ ਦੀ ਤਾਂਘ ’ਚ ਵਿਦੇਸ਼ ਤੋਂ ਮੁੜਿਆ ਸੀ। ਪੂਰੇ ਪਿੰਡ ਨੇ ਥਾਪੀ ਦਿੱਤੀ, ਨਵੇਂ ਮੁੰਡੇ ਨੂੰ ਸਰਪੰਚੀ ਦੂਸਰੀ ਦਫਾ ਦੇ ਦਿੱਤੀ। ਪੰਚਾਇਤ ਨੇ ਅੱਜ ਚਾਰ ਕੁਇੰਟਲ ਖੰਡ ਵੰਡੀ। ਵਾਰੋ ਵਾਰੀ ਲੋਕ ਪਲਾਸਟਿਕ ਦੀ ਰਹਿੰਦ ਖੂੰਹਦ ਦਿੰਦੇ ਗਏ, ਬਦਲੇ ਵਿਚ ਮੁਫ਼ਤ ਖੰਡ ਲੈਂਦੇ ਗਏ। ਮਹਿਲਾ ਮੈਂਬਰ ਹਰਜੀਤ ਕੌਰ ‘ਖੰਡ ਬਰਾਂਚ’ ਦੀ ਇੰਚਾਰਜ ਹੈ। ਦੋ ਮਹੀਨੇ ਮਗਰੋਂ ਇੱਕ ਦਿਨ ਖੰਡ ਵੰਡੀ ਜਾਏਗੀ। ਗਰਾਮ ਸਭਾ ਦੇ ਅਜਲਾਸ ’ਚ ਚਾਰ ਪ੍ਰਮੁੱਖ ਫੈਸਲੇ ਹੋਏ। ਸਭ ਫੈਸਲੇ ਪੰਚਾਇਤ ਨੇ ਫੌਰੀ ਅਮਲ ਵਿਚ ਲਿਆਂਦੇ।
        ਪੰਚਾਇਤ ਨੇ ਦਾਨੀ ਸੱਜਣਾਂ ਦਾ ਚਾਰ ਮੈਂਬਰੀ ਪੈਨਲ ਬਣਾਇਆ ਜਿਨ੍ਹਾਂ ’ਚ ਰੁਪਿੰਦਰਦੀਪ ਸਿੰਘ, ਜਗਸੀਰ ਸਿੰਘ, ਜਥੇਦਾਰ ਹਰਨੇਕ ਸਿੰਘ ਤੇ ਇੱਕ ਗੁੰਮਨਾਮੀ ਸੱਜਣ ਸ਼ਾਮਿਲ ਹੈ। ਚਾਰੋਂ ਦਾਨੀ ਸੱਜਣ ਪੰਚਾਇਤ ਨੂੰ ਖੰਡ ਖ੍ਰੀਦਣ ਲਈ ਫੰਡ ਦੇਣਗੇ। ਪੰਚਾਇਤ ਇਕੱਠੇ ਹੋਏ ਪਲਾਸਟਿਕ ਕਚਰੇ ਨੂੰ ਲੁਧਿਆਣੇ ਦੀ ਫੈਕਟਰੀ ਵਿਚ ਵੇਚੇਗੀ। ਪ੍ਰਾਪਤ ਆਮਦਨ ਦੀ ਖੰਡ ਖ਼ਰੀਦੇਗੀ। ਮਿੰਟੂ ਸਰਪੰਚ ਦੱਸਦਾ ਹੈ ਕਿ ਪਿੰਡ ’ਚ 500 ਘਰ, 3200 ਦੀ ਅਬਾਦੀ ਹੈ, ਵੱਡੀ ਗਿਣਤੀ ਦਲਿਤ ਲੋਕਾਂ ਦੀ ਹੈ। ਪਿੰਡ ’ਚ ਰੂੜੀਆਂ ’ਤੇ ਜਦੋਂ ਕਚਰਾ ਦੇਖਿਆ ਤਾਂ ਉਦੋਂ ਹੀ ਮਨ ’ਚ ਧਾਰ ਲਈ ਸੀ। ਪਿੰਡ ਨੂੰ ਰੂੜੀ ਮੁਕਤ ਤੇ ਪਲਾਸਟਿਕ ਮੁਕਤ ਬਣਾਉਣ ਦੀ ਅੱਜ ਸ਼ੁਰੂਆਤ ਕੀਤੀ ਹੈ। ਪਿੰਡ ਦਾ 1200 ਏਕੜ ਦਾ ਰਕਬਾ ਹੈ ਤੇ ਬਹੁਤੇ ਕਿਸਾਨ ਝੋਨਾ ਲਾਉਂਦੇ ਹਨ। ਪੰਚਾਇਤ ਨੇ ਅੱਜ ਦੂਜਾ ਫੈਸਲਾ ਲਿਆ ਕਿ ਕੋਈ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਏਗਾ। ਸਰਪੰਚ ਨੇ ਬਦਲ ਵੀ ਦਿੱਤਾ। ਪੰਚਾਇਤ ਨੇ ਪੰਜ ਲੱਖ ਦੀ ਮਸ਼ੀਨਰੀ ਖਰੀਦ ਕੀਤੀ ਹੈ। ਸਭ ਕਿਸਾਨਾਂ ਨੂੰ ਮਸ਼ੀਨਰੀ ਮੁਫ਼ਤ ਮਿਲੇਗੀ। ਅਗਲੇ ਵਰੇ੍ਹ ਨਵਾਂ ਟਰੈਕਟਰ ਪੰਚਾਇਤ ਖ਼ਰੀਦੇਗੀ। ਉਨ੍ਹਾਂ ਸਮਾਂ ਸਰਪੰਚ ਆਪਣਾ ਨਿੱਜੀ ਟਰੈਕਟਰ ਕਿਸਾਨਾਂ ਨੂੰ ਵਰਤੋਂ ਲਈ ਮੁਫ਼ਤ ਦੇਵੇਗਾ। ਅਗਲੇ ਇਜਲਾਸ ’ਚ ਉੱਦਮੀ ਕਿਸਾਨ ਸਨਮਾਨਿਤ ਕੀਤੇ ਜਾਣੇ ਹਨ। ਪੰਚਾਇਤ ਦਾ ਤੀਜਾ ਫੈਸਲਾ ਵੀ ਸੁਣੋ। ਇਕੱਲੀ ਖੰਡ ਨਹੀਂ, ਪੰਚਾਇਤ ਨੇ ਖੁਦ ਮੁਫ਼ਤ ਝੋਲੇ ਵੀ ਵੰਡੇ। ਪ੍ਰਵਾਸੀ ਇੰਦਰਪਾਲ ਸਿੰਘ ਕੈਨੇਡਾ ਨੇ ਝੋਲੇ (ਬੈਗ) ਲਈ ਦਾਨ ਦਿੱਤਾ। ਪੋਲੀਥਿਨ ਦੇ ਬਦਲ ਵਜੋਂ ਝੋਲੇ ਵੰਡੇ ਗਏ।
        ਪੰਚਾਇਤ ਮੈਂਬਰ ਨਛੱਤਰ ਸਿੰਘ ਤੇ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪਾਣੀ ਬੱਚਤ ਦੇ ਮੱਦੇਨਜ਼ਰ ਵੀ ਫੈਸਲੇ ਲਏ ਗਏ। ਪੰਚਾਇਤ ਨੇ ਅੱਜ ਗਾਗਰਾਂ/ਬਾਲਟੀਆਂ ਵੀ ਵੰਡੀਆਂ। 50 ਘਰਾਂ ਨੂੰ ਗਾਗਰਾਂ ਦਿੱਤੀਆਂ ਜਿਨ੍ਹਾਂ ਦੇ ਘਰਾਂ ’ਚ ਆਰ.ਓ ਕਰਕੇ ਪਾਣੀ ਅਜਾਈਂ ਚਲਾ ਜਾਂਦਾ ਸੀ। ਹਰ ਘਰ ਆਰ.ਓ ਦੇ ਨਿਕਾਸੀ ਪਾਣੀ ਨੂੰ ਗਾਗਰ ’ਚ ਭਰੇਗਾ। ਏ.ਸੀ ਦੇ ਪਾਣੀ ਦੀ ਸੰਭਾਲ ਲਈ ਬਾਲਟੀਆਂ ਦਿੱਤੀਆਂ ਗਈਆਂ। ਮਹਿਮਾਨਾਂ ਦੇ ਜੂਠੇ ਪਾਣੀ ਨੂੰ ਕੋਈ ਨਹੀਂ ਡੋਲੇਗਾ। ਬਾਲਟੀਆਂ ’ਚ ਸੰਭਾਲਿਆ ਜਾਵੇਗਾ। ਮੈਂਬਰ ਕਰਮਜੀਤ ਕੌਰ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਪਾਣੀ ਦੀ ਵਰਤੋਂ ਬਗੀਚੀ ’ਚ ਕੀਤੀ ਜਾ ਸਕੇਗੀ। ਪੰਚਾਇਤ ਮੈਂਬਰ ਰਾਜਦੀਪ ਕੌਰ ਨੇ ਦੱਸਿਆ ਕਿ ਇਜਲਾਸ ਦੇ ਭਰਵੇਂ ਇਕੱਠ ਨੇ ਪੰਚਾਇਤ ਨੂੰ ਹੌਸਲਾ ਦਿੱਤਾ ਹੈ।  ਇਸੇ ਤਰ੍ਹਾਂ ਮੈਂਬਰ ਰੇਸ਼ਮ ਸਿੰਘ ਅਤੇ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਸਮੁੱਚੀ ਪੰਚਾਇਤ ਤੇ ਪਿੰਡ ਇੱਕੋ ਮੋਰੀ ਲੰਘਦੇ ਹਨ। ਸਰਪੰਚ ਦੀ ਅਗਵਾਈ, ਲੋਕਾਂ ਦਾ ਸਾਥ, ਜਰੂਰ ਨਵਾਂ ਚੈਪਟਰ ਲਿਖੇਗਾ।
       ਦੱਸਣਯੋਗ ਹੈ ਕਿ ਸਰਪੰਚ ਨਾਲ ਪੰਜਾਹ ਕੁ ਮੁੰਡਿਆਂ ਦੀ ਟੀਮ ਹੈ ਜਿਨ੍ਹਾਂ ਦੀ ਹਿੰਮਤ ਵੇਖ ਕੇ ਪੂਰਾ ਪਿੰਡ ਗਦ ਗਦ ਹੋ ਉੱਠਿਆ ਹੈ। ਪਾਣੀ ਦੀ ਬੱਚਤ ਦਾ ਮਾਡਲ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ। ਲੋਕਾਂ ਦੀ ਮਦਦ ਨਾਲ ਪੰਚਾਇਤ ਨੇ ਵਰ੍ਹਾ 2015 ਵਿਚ ਸੀਵਰੇਜ ਪ੍ਰੋਜੈਕਟ ਸ਼ੁਰੂ ਕੀਤਾ। ਮੁੰਡਿਆਂ ਨੇ ਖੁਦ ਹੱਥੀ ਕੰਮ ਕੀਤਾ। ਸੀਚੇਵਾਲ ਮਾਡਲ ਨਾਲ ਸੀਵਰੇਜ ਦਾ ਪਾਣੀ ਸੋਧਿਆ ਜਾਂਦਾ ਹੈ ਜੋ 100 ਏਕੜ ਖੇਤਾਂ ਦੀ ਪਿਆਸ ਬੁਝਾਉਂਦਾ ਹੈ। ਸਰਪੰਚ ਖੁਦ ਪਿੰਡ ਦੀ ਸਫਾਈ ਲਈ ਅੱਗੇ ਲੱਗਦਾ ਹੈ। ਪਿੰਡ ਵਿਚ ਸੁੰਦਰ ਝੀਲ ਬਣੀ ਹੈ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਜੁਰਮਾਨਾ ਵੀ ਰੱਖਿਆ ਗਿਆ ਹੈ। ਹੋਰ ਬਹੁਤ ਕੰਮ ਨੇ ਜੋ ਦੂਜੇ ਪਿੰਡਾਂ ’ਚ ਨਹੀਂਓ ਲੱਭਦੇ।
                      ਐਸ.ਡੀ.ਐਮ ਗਦ ਗਦ ਹੋ ਉੱਠੇ
ਨਿਹਾਲ ਸਿੰਘ ਵਾਲਾ ਦੇ ਐਸ.ਡੀ.ਐਮ ਰਾਮ ਸਿੰਘ ਉਚੇਚੇ ਤੌਰ ’ਤੇ ਰਣਸੀਹ ਕਲਾਂ ਦੇ ਇਜਲਾਸ ’ਚ ਪੁੱਜੇ। ਜਦੋਂ ਪੰਚਾਇਤ ਦੇ ਕੰਮ ਵੇਖੇ, ਗਦ ਗਦ ਕਰ ਉੱਠੇ। ਐਸ.ਡੀ.ਐਮ ਨੇ ਕਿਹਾ ਕਿ ਏਦਾਂ ਦੀ ਪੰਚਾਇਤ ਤੇ ਪਿੰਡ ਪਹਿਲਾਂ ਕਦੇ ਨਹੀਂ ਵੇਖਿਆ। ਪੰਚਾਇਤ ਖੁਦ ਹੀ ਆਪਣੇ ਖੰਭਾਂ ਨਾਲ ਉੱਡ ਰਹੀ ਹੈ। ਦੂਸਰੇ ਪਿੰਡਾਂ ਨੂੰ ਵੀ ਇਸ ਪਿੰਡ ਦੀ ਲੀਹ ’ਤੇ ਤੁਰਨਾ ਚਾਹੀਦਾ ਹੈ।




Sunday, October 20, 2019

                          ਵਿਚਲੀ ਗੱਲ
                 ਭੁੱਖੇ ਨੂੰ ਪਾਈ ਬਾਤ..!
                         ਚਰਨਜੀਤ ਭੁੱਲਰ
ਬਠਿੰਡਾ :  ਭਗਤੀ ਭੁੱਖੇ ਢਿੱਡ ਨਹੀਂ ਹੁੰਦੀ। ਖ਼ਾਸ ਕਰ ਕੇ ‘ਦੇਸ਼ ਭਗਤੀ’। ਵਸੀਲੇ ਮੁੱਕ ਜਾਣ, ਚੁੱਲ੍ਹੇ ਬੁੱਝ ਜਾਣ, ਅੱਗ ਫਿਰ ਢਿੱਡ ’ਚ ਧੁਖਦੀ ਹੈ। ਢਿੱਡ ’ਤੇ ਬਣੀ ਹੋਵੇ, ਅੱਖਾਂ ਅੱਗੇ ਹਨੇਰਾ ਛਾ ਜਾਂਦੈ। ਕਿਵੇਂ ਦੇਖਣ ਤੇਰਾ ‘ਨਵਾਂ ਇੰਡੀਆ’। ਸੋਮਾਲੀਆ ਦੇਖਿਆ, ਇਥੋਪੀਆ ਵੀ ਦੇਖਿਆ, ਕਾਂਬਾ ਰੂਹ ਨੂੰ ਐਵੇਂ ਨਹੀਂ ਛਿੜਿਐ। ਪਿੰਜਰ ਬਣੇ ਹੋਏ ਲੋਕ ਵੇਖੇ ਨੇ। ਸਿਵਿਆਂ ਵਾਂਗੂ ਢਿੱਡ ਬਲਦੇ ਨੇ, ਆਖਰ ਬੁੱਝ ਜਾਂਦੇ ਨੇ, ਭੁੱਖ ਦੀਆਂ ਛਮਕਾਂ ਕਿਵੇਂ ਝੱਲਣ। ਤੁਸੀਂ ਆਖਦੇ ਹੋ, ਬਾਲਾਕੋਟ ਵੇਖੋ, ਕਸ਼ਮੀਰ ਵੇਖੋ, ਵਿਸ਼ਵ ’ਚ ਬਣੀ ਚੌਧਰ ਵੇਖੋ। ਪਿਆਰੇ ਵਤਨ ’ਚ, ਅਠਾਈ ਕਰੋੜ ‘ਸੂਰਮੇ’ ਨੇ, ਢਿੱਡ ਨੂੰ ਗੱਠ ਦੇਈ ਬੈਠੇ ਨੇ, ਕੁਰਬਾਨੀ ਛੋਟੀ ਨਹੀਂ। ਪੇਂਡੂ ਪੰਜਾਬ ’ਚ ਸੂਰਮਾ ਕਿਸ ਨੂੰ ਆਖਦੇ ਨੇ। ਜੋ ਅੱਖਾਂ ਦੀ ਜੋਤ ਗੁਆ ਬੈਠਦੇ ਨੇ, ਲੋਕ ਸੂਰਮਾ ਆਖ ਬੁਲਾਉਂਦੇ ਨੇ। ਗਰੀਬੀ ਰੇਖਾ ਤੋਂ ਹੇਠਾਂ 22 ਫ਼ੀਸਦੀ ਲੋਕ ਨੇ। ਨੈਣਾਂ ਦੀ ਜੋਤ ਵੀ ਹੈ, ਫਿਰ ਵੀ ਸੂਰਮੇ ਹਨ। ਸਮਰੱਥਾ ਨਹੀਂ ਬਚੀ ‘ਚੰਦਰਯਾਨ’ ਤੇ ‘ਬੁਲੇਟ ਟਰੇਨ’ ਵੇਖਣ ਦੀ। ਢਿੱਡ ਤੋਂ ਅੱਗੇ ਕੁਝ ਨਹੀਂ ਦਿਖਦਾ। ਅਜੀਬ ਰਿਸ਼ਤਾ ਹੈ, ਢਿੱਡ ਤੇ ਰੋਟੀ ਦਾ। ਗਰੀਬੀ ਨੇ ਜੱਫਾ ਮਾਰ ਰੱਖਿਐ। ਤੁਸੀਂ ਜੱਫੀ ਟਰੰਪ ਨੂੰ ਪਾਓ, ਚਾਹੇ ਜਿਨਪਿੰਗ ਨੂੰ। ਏਨਾਂ ਨੂੰ ਤਾਂ ਕੋਈ ਰਾਹ ਪਾਓ। ਬਾਲਾਕੋਟ ਛੱਡੋ। ਕਸ਼ਮੀਰੀ ਸੇਬਾਂ ਨੂੰ ਵੀ ਛੱਡੋ। ਕੰਧ ’ਤੇ ਲਿਖਿਆ ਤਾਂ ਪੜ੍ਹੋ। ਕਿੰਨੇ ਚਲਾਕ ਹੋ ਤੁਸੀਂ, ਆਪਣੇ ਵਾਰੀ ‘ਸੂਰਮੇ’ ਬਣ ਜਾਂਦੇ ਹੋ।
                ਵਿਸ਼ਵ ਭੁੱਖਮਰੀ ਸੂਚੀ ਹੁਣੇ ਜਾਰੀ ਹੋਈ ਹੈ। ਸੱਚ ਕੌੜਾ ਹੁੰਦੈ। ਸਭ ਕੁਝ ਕਾਬੂ ਕਰ ਲੈਣਾ। ਭਾਰਤ ਵਿਸ਼ਵ ਦੇ 117 ਦੇਸ਼ਾਂ ’ਚੋਂ 102 ਵੇਂ ਨੰਬਰ ’ਤੇ ਹੈ। ਭੁੱਖਮਰੀ/ਕੁਪੋਸ਼ਣ ਨੂੰ ਕੌਣ ਕਾਬੂ ਕਰੂ। ਨੇਪਾਲ, ਬੰਗਲਾ ਦੇਸ਼, ਪਾਕਿਸਤਾਨ ਵੀ। ਸਭ ਸਾਥੋਂ ਬਿਹਤਰ ਨਿਕਲੇ। ਭੁੱਖਮਰੀ ’ਤੇ ਸਰਜੀਕਲ ਸਟ੍ਰਾਈਕ ਕੌਣ ਕਰੂ। ਆਹ ਚਿੱਠੀ ਵੀ ਪੜ੍ਹੋ। ‘ਲਿਖਤਮ ਯੂਨੀਸੈੱਫ, ਅਸੀਂ ਰਾਜ਼ੀ ਖੁਸ਼ੀ ਹਾਂ, ਆਪ ਦੀ ਭਲੀ ਚਾਹੁੰਦੇ ਹਾਂ, ਫਿਕਰ ਹੈ ਕਿ ਥੋਡੇ (ਭਾਰਤ) 69 ਫੀਸਦੀ ਬੱਚਿਆਂ ਦੀ ਮੌਤ ਦੀ ਵਜ੍ਹਾ ਕੁਪੋਸ਼ਣ ਹੈ। ਖਿਆਲ ਰੱਖਿਆ ਕਰੋ ਪੰਜ ਸਾਲ ਤੋਂ ਛੋਟਿਆਂ ਦਾ। ਸਿਰ ਅੌਰਤਾਂ ਦਾ ਵੀ ਪਲੋਸਣਾ। ਖੂਨ ਦੀ ਕਮੀ ਹਰ ਦੂਸਰੀ ਮਹਿਲਾ ’ਚ ਹੈ।’ ਕਿਥੋਂ ਆਸ ਰੱਖੀਏ, ਗੱਲਾਂ ਦੇ ਗਲਾਕੜ ਨੇ। ਕੋਠੇ ਸਿਹਤ ਮੰਤਰਾਲਾ ਵੀ ਚੜ੍ਹਿਐ। ਅਖੇ ਘਰ ਘਰ ਏਹੋ ਅੱਗ। ਸਾਨੂੰ ਤਾਂ ਪੰਜਾਬ ਦੀ ਦੱਸੋ। ਕਿਥੋਂ ਲੱਭੀਏ ਛੈਲ ਛਬੀਲੇ। 21.6 ਫੀਸਦੀ ਪੰਜਾਬੀ ਬੱਚੇ ਵਜ਼ਨ ਤੋਂ ਊਣੇ ਨੇ। 53.5 ਫ਼ੀਸਦੀ ਪੰਜਾਬੀ ਅੌਰਤਾਂ, ਖੂਨ ਕਿਥੋਂ ਪੂਰਾ ਕਰਨ। ਵੇਲਾ ਹਰੀ ਕ੍ਰਾਂਤੀ ਦਾ ਯਾਦ ਕਰੋ। ਦੇਸ਼ ਦੇ ਢਿੱਡ ਨੂੰ ਅੱਗ ਲੱਗੀ, ਪੰਜਾਬ ਨੇ ਬੁਝਾਈ। ਅਲਾਮਤਾਂ ਦਾ ਰੱਸਾ ਹੁਣ ਪੰਜਾਬ ਦੇ ਗਲ ਪਿਐ। ਭੁੱਖਮਰੀ/ਕੁਪੋਸ਼ਣ ’ਚ ਪੰਜਾਬ ‘ਗੰਭੀਰ’ ਸ਼ੇ੍ਣੀ ‘ਚ ਹੈ। ਭੁੱਖਾ ਸ਼ੇਰ, ਹੱਡੀਆਂ ਦਾ ਢੇਰ। ਪੰਜਾਬ ਕਿਵੇਂ ਸ਼ੇਰ ਬੱਚਾ ਬਣੇ। ਖੋਜ ’ਚ ਅਮਰੀਕੀ ਵਿਗਿਆਨੀ ਜੁਟੇ ਨੇ। ਮੱਛਰਾਂ ਨੂੰ ‘ਡਾਈਟਿੰਗ ਡਰੱਗਜ਼’ ਦੇ ਰਹੇ ਨੇ। ਜਦੋਂ ਮੱਛਰਾਂ ਨੂੰ ਭੁੱਖ ਨਾ ਲੱਗੀ। ਬਿਮਾਰੀ ਫਿਰ ਕਿਵੇਂ ਨੇੜੇ ਲੱਗੂ।
               ਗਰੀਬ ਦਾ ਘਰ ਫਿਰ ਨਹੀਂ ਬਚਦਾ। ਤੈਨੂੰ ਵਿਸ਼ਵ ਚੱਕਰੀ ਤੋਂ ਵਿਹਲ ਮਿਲੇ। ਪੇਂਡੂ ਦਲਿਤ ਵਿਹੜੇ, ਸ਼ਹਿਰੀ ਸਲੱਮ ਇਲਾਕੇ। ਕਿਤੇ ਵੀ ਜਾ ਕੇ ਵੇਖੀਂ। ਕਿਵੇਂ ਜੰਗ ਚੱਲ ਰਹੀ ਹੈ, ਰੋਟੀ ’ਤੇ ਪੇਟ ਵਿਚਾਲੇ। ਤੂੰ ਆਖਦੈਂ, ਸਭ ਨੂੰ ਘਰ ਦੇਊਂ। ਬੁਰਕੀ ਤੋਂ ਮੁਥਾਜ ਨੇ ਜੋ, ਪਹਿਲੋਂ ਉਨ੍ਹਾਂ ਦੀ ਅੱਗ ਬੁਝਾ।ਅਮਰਿੰਦਰ ਸਿਓਂ, ਜ਼ਿਮਨੀ ਚੋਣਾਂ ’ਚ ਉਲਝਿਐ। ਪੰਜਾਬ ਦੀ ਜ਼ਿਮਨੀ ਲਿਖਣ ਵਾਲਾ ਕੋਈ ਨਹੀਂ। ਦੇਸ਼ ’ਚ ਸਤਾਈ ਕਰੋੜ ਲੋਕਾਂ ਦੀ ਰੋਜ਼ਾਨਾ ਆਮਦਨ 50 ਰੁਪਏ ਤੋਂ ਘੱਟ ਹੈ। ਕਿਤੇ ਪਰਲੋਕ ‘ਚੋਂ ‘ਖੇਤੀ ਸ਼ਹੀਦ’ ਮੁੜਦੇ। ਜ਼ਰੂਰ ਮੱਤ ਦਿੰਦੇ, ਅਮਰਿੰਦਰ ਤੇ ਮੋਦੀ ਨੂੰ, ਦੋਵੇਂ ਇਕੱਠੇ ਬੈਠ ਕੇ ਵੇਖੋ, ਡਾ. ਸਾਹਿਬ ਸਿੰਘ ਦਾ ਨਾਟਕ ‘ਸੰਮਾਂ ਵਾਲੀ ਡਾਂਗ’। ਪਤਾ ਲੱਗੂ ਕਿਵੇਂ ਭੁੱਬਲ ਭੁੱਜਦੀ ਐ ‘ਜਵਾਨ ਤੇ ਕਿਸਾਨ’ ਦੇ ਵਿਹੜੇ। ਬਾਬਾ ਨਜ਼ਮੀ ਦੀ ‘ਮਿੱਟੀ ਸੋਨਾ ਕਰਨਿਓ ਲੋਕੋ, ਫਿਰ ਵੀ ਭੁੱਖੇ ਮਰਨਿਓ ਲੋਕੋ’ ਰਚਨਾ ’ਤੇ ਵੀ ਨਜ਼ਰ ਮਾਰਿਓ। ਉੱਛਲ-ਉੱਛਲ ਪੈ ਰਹੇ ਨੇ ਹੁਣ ਦੇਸ਼ ਦੇ ਅਨਾਜ ਭੰਡਾਰ। ਕੋਈ ਵੇਲਾ ਸੀ, ਅਨਾਜ ਦਾ ਟੋਟਾ ਸੀ। ਅੱਜ ਖ਼ਜ਼ਾਨੇ ਭਰਪੂਰ ਨੇ। ਲੋੜ ਤੋਂ ਦੁੱਗਣਾ ਸਟਾਕ ਪਿਐ। ਗੁਦਾਮਾਂ ’ਚ ਸੜ ਵੀ ਰਿਹੈ। ਗਰੀਬ ਦੇ ਢਿੱਡ ਤੋਂ ਅਨਾਜ ਫਿਰ ਵੀ ‘ਆਊਟ ਆਫ਼ ਰੇਂਜ’ ਹੈ।
              ਅੰਗਰੇਜ਼ੀ ਅਖਾਣ ਹੈ ਕਿ ਦਾਨ ਘਰ ਤੋਂ ਸ਼ੁਰੂ ਹੁੰਦਾ ਹੈ। ਅਕਲਾਂ ਬਾਝੋਂ ਖੂਹ ਖਾਲੀ। ਗੁਦਾਮ ਭਰੇ ਹੋਏ ਨੇ, ਲੋਕ ਰੋਟੀ ਲਈ ਮੁਥਾਜ ਨੇ। ਖੁਰਾਕ ਮੰਤਰਾਲੇ ਨੇ ਹੁਣੇ ਕੀਤੀ ਹੈ ਵਿਦੇਸ਼ ਮੰਤਰਾਲੇ ਨੂੰ ਬੇਨਤੀ। ਭਾਰਤ ਫੌਰੀ ਅਨਾਜ ਗਰੀਬ ਮੁਲਕਾਂ ਨੂੰ ਭੇਜੇ। ਦਾਨ ’ਚ ਜਿਵੇਂ ਪਹਿਲਾਂ ਅਫ਼ਗਾਨਿਸਤਾਨ ਨੂੰ 3.5 ਲੱਖ ਐੱਮਟੀ ਕਣਕ ਭੇਜੀ ਸੀ। ਫਿਰ ਯਮਨ, ਨਮੀਬੀਆ ਤੇ ਜ਼ਿੰਬਾਬਵੇ ਨੂੰ ਇਹੋ ਦਾਨ ਦਿੱਤਾ। ਗੱਲ ਮਾੜੀ ਨਹੀਂ, ਨਾ ਸੋਚ ’ਚ ਟੇਢ ਹੈ। ਚੰਗਾ ਹੋਵੇ, ਪਹਿਲੋਂ ਦੇਸ਼ ਦੇ ‘ਸਲੱਮ’ ’ਤੇ ਛਿੱਟਾ ਦੇਈਏ। ਉਂਜ, ਪੰਜਾਬੀ ਮੂੰਹ ਕੂਲ ਵੀ ਨੇ, ਪਿਘਲਦੇ ਵੀ ਛੇਤੀ ਨੇ। ਨੂਰ ਮੁਹੰਮਦ ਨੂਰ ਦੇ ਬੋਲ ਢੁਕਵੇਂ ਜਾਪਦੇ ਨੇ ‘ ਨੀਂਦ ਨਾ ਆਈ ਭੁੱਖਾ ਦੇਖ ਪੜੋਸੀ ਨੂੰ, ਮੇਰੇ ਸਾਰੇ ਖ਼ਾਬ ਅਧੂਰੇ ਰਹਿ ਗਏ ਨੇ।’  ਕੋਈ ਨੇਤਾ ਨਜ਼ਰ ਨਹੀਂ ਚੜ੍ਹਿਐ। ਜੀਹਦਾ ਦਿਲ ਚੰਗੀ ਮਾਈਲੇਜ ਦਿੰਦਾ ਹੋਵੇ। ਭੁੱਖ ਛੂਹ ਕੇ ਵੇਖੀ ਹੁੰਦੀ। ਮਾਇਆ ਦੀ ਭੁੱਖ ’ਚ ਨਾ ਡੁੱਬਦੇ। ਕਿਸੇ ਨੂੰ ਚੌਧਰ ਦੀ, ਕਿਸੇ ਨੂੰ ਪੈਸੇ ਦੀ ਭੁੱਖ ਐ। ਲੋਕਾਂ ਨੂੰ ਮੱਤਾਂ ਕਿ ਮਾਇਆ ਛਾਇਆ ਹੈ। ਮੁਲਕ ਦੇ 85 ਫੀਸਦੀ ਐੱਮ.ਪੀ ਕਰੋੜਪਤੀ ਨੇ। ਆਮਦਨ ਕਰ ਅਫ਼ਸਰਾਂ ਨੇ ਦੱਸਿਐ। ਦੇਸ਼ ’ਚ ਕਰੋੜਪਤੀ ਲੋਕ 20 ਫੀਸਦੀ ਵਧੇ ਨੇ। 1.67 ਲੱਖ ਲੋਕਾਂ ਦੀ ਆਮਦਨ ਕਰੋੜ ਤੋਂ ਵੱਧ ਹੈ। 81 ਲੱਖ ਲਖਪਤੀ ਹਨ। ( ਦੋ ਨੰਬਰ ਦੀ ਕਮਾਈ ਵਾਲੇ ਇਸ ’ਚ ਸ਼ਾਮਲ ਨਹੀਂ) ਅਮਰਿੰਦਰ ਤੇ ਬਾਦਲਾਂ ਦੇ ਘਰ ਵੀ ਕੋਈ ਘਾਟਾ ਨਹੀਂ। ਕਈ ਮੰਤਰੀ ਵੀ ਰੁਝੇ ਹੋਏ ਨੇ, ਮਾਲ ਹੂੰਝਣ ’ਚ। 10 ਸਾਲ ਮਗਰੋਂ ਦਾਅ ਭਰਿਐ।
                ਤੰਗਲ਼ੀ ਨਾਲ ਮਾਇਆ ਇਕੱਠੀ ਕਰਨ ਲੱਗੇ ਨੇ। ਕਿਸੇ ਦਾ ਸਾਲਾ, ਕਿਸੇ ਦਾ ਕੁੜਮ ਤੇ ਕਿਸੇ ਦਾ ਸਾਢੂ। ‘ਮਾਇਆ ਮਾਇਆ ਕਰ ਮੁਏ, ਮਾਇਆ ਕਿਸੇ ਨਾ ਸਾਥ’। ਫਿਰ ਵੀ ਪੰਡਾਂ ਬੰਨ੍ਹੀ ਜਾਂਦੇ ਨੇ। ਮਹਾਰਾਜਾ ਸਾਹਿਬ, ਉਦੋਂ ਕਿੰਨੇ ਘੁਟਾਲੇ, ਕਿੰਨੇ ਠੱਗ, ਉਂਗਲਾਂ ਦੇ ਪੋਟਿਆਂ ‘ਤੇ ਗਿਣਾਉਂਦੇ ਸੀ। ਹੁਣ ਕਿਉਂ ਸਭ ਕੁਝ ਭੁੱਲ ਭੁਲਾ ਗਏ। ਜਦੋਂ ਤ੍ਰਿਸ਼ਨਾ ਵੱਡੀ ਕੁਰਸੀ ਦੀ ਹੋਵੇ, ਉਦੋਂ ਗਰੀਬਾਂ ਦਾ ਹੇਜ ਜਾਗ ਜਾਂਦੈ। ਹੁਣ ਗਰੀਬ ਅੱਡੀਆਂ ਚੁੱਕੀ ਖੜ੍ਹੇ ਨੇ। ਆਲਮ ਨਿਰਾਲਾ ਹੈ, ਕੋਈ ਤਨ ਦੀ ਲੋੜ ਨੂੰ ਤਰਸ ਰਿਹੈ, ਕੋਈ ਮਨ ਦੇ ਲੋਭ ’ਚ ਡੁੱਬਾ ਹੈ। ਬੱਚੇ ਕੁਪੋਸ਼ਣ ਨੇ ਮਧੋਲ ਰੱਖੇ ਨੇ, ਕੋਈ ਦਿਲ ਡੁਸਕ ਨਹੀਂ ਰਿਹਾ। ਰਾਬਿੰਦਰ ਨਾਥ ਟੈਗੋਰ ਆਖਦੇ ਹਨ ਕਿ ‘ਬੱਚੇ ਤੇ ਫੁੱਲ’ ਤੇ ਕਿਸੇ ਦਾ ਦਿਲ ਨਾ ਪਿਘਲੇ ਤਾਂ ਸਮਝੋ ਪੱਥਰ ਹੈ।ਸੱਚ ਜਾਣਿਓ, ਪੱਥਰ ਹੋ ਗਏ ਨੇ ਦੌਲਤਾਂ ਵਾਲੇ, ਤਖ਼ਤਾਂ ਵਾਲੇ। ਭੋਲੇ ਪੰਛੀਓ, ਏਹ ਮਾਇਆ ਦੀ ਭੁੱਖ ਨੂੰ ਨਹੀਂ ਕਰਨਗੇ ‘ਜਲ ਪ੍ਰਵਾਹ’। ਥੋਡੇ ਢਿੱਡ ’ਚ ਬਲਦੀ ਅੱਗ ਦੀ ਪ੍ਰਵਾਹ ਕਿੱਥੇ। ਬਾਬੇ ਨਾਨਕ ਦਾ 550 ਵਾਂ ਗੁਰਪੁਰਬ ਹੈ। ਤੇਰਾਂ ਤੇਰਾਂ ਤੋਲਿਆ। ਸ਼ਰਧਾ ਹੈ ਤਾਂ ਵੰਡ ਦਿਓ ਦੌਲਤਾਂ। ਕੁੱਲੀਆਂ ਦਾ ਢਿੱਡ ਅਸੀਸਾਂ ਦੇਊ। ਚੇਤੇ ਰੱਖਿਓ, ਇਨਕਲਾਬ ਵੀ ਇਨ੍ਹਾਂ ਕੁੱਲੀਆਂ ਚੋਂ ਹੀ ਉੱਠੇ ਨੇ। ਛੱਜੂ ਰਾਮ ‘ਪਾਪਾਂ ਦੇ ਘੜੇ’ ਕੋਲ ਬੈਠਾ। ਆਖ ਰਿਹੈ ਕਿ ਥੋੜਾ ਜੇਹਾ ਊਣਾ। ਕੰਨ ’ਚ ਏਹ ਵੀ ਦੱਸਿਐ, ਅਖੇ ਕੁੱਲੀਆਂ ਵਾਲੇ ਲੰਗੋਟ ਕਸੀ ਜਾਂਦੇ ਨੇ। ਥੋਡਾ ਭਲਾ ਹੋਵੇ, ਦੇਖਿਓ ਕਿਤੇ..!


Wednesday, October 16, 2019

                         ਅਪਰੇਸ਼ਨ ਕਲੀਨ
     ‘ਚਿੱਟੇ’ ਖਿਲਾਫ ਦਿਲ ਵੀ ਜੁੜੇ ਤੇ ਹੱਥ ਵੀ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ’ਚ ‘ਅਪਰੇਸ਼ਨ ਕਲੀਨ’ ਸ਼ੁਰੂ ਹੈ ਜਿਸ ਦਾ ਮਿਸ਼ਨ ਤੇ ਟੀਚਾ ਸੈਂਕੜੇ ਪਿੰਡਾਂ ਚੋਂ ‘ਚਿੱਟਾ’ ਖਤਮ ਕਰਨਾ ਹੈ। ‘ਸਾਂਝਾ ਅਪਰੇਸ਼ਨ’ ਚਲਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਹਨ। ਜਦੋਂ ਜਵਾਨੀ ਸਿਰੜ ਦਾ ਪੱਲਾ ਫੜਦੀ ਹੈ ਤਾਂ ਫਿਰ ਰਾਹ ਆਪਣੇ ਆਪ ਬਣਦੇ ਹਨ। ਨਸ਼ਾ ਤਸਕਰਾਂ ਖ਼ਿਲਾਫ਼ ਜਵਾਨੀ ਦਾ ਇਹ ਬਿਗਲ ਹੈ ਜੋ ‘ਚਿੱਟੇ’ ਦੇ ਧੰੂਏਂ ’ਚ ਉਲਝੇ ਨੌਜਵਾਨਾਂ ਲਈ ਨਵੀਂ ਸਵੇਰ ਬਣੇਗਾ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਪਹਿਲਾਂ ਤੋਂ ਹੀ ਮੋਰਚੇ ’ਤੇ ਸੀ। ਹੁਣ ਨਵੀਂ ਪਹਿਲ ਹੋਈ ਹੈ ਕਿ ਦੋਵਾਂ ਸੂਬਿਆਂ ਦੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੇ ਸਾਂਝਾ ਮੰਚ ਬਣਾ ਲਿਆ ਹੈ ਤਾਂ ਜੋ ‘ਸਾਂਝਾ ਅਪਰੇਸ਼ਨ’ ਕੀਤਾ ਜਾ ਸਕੇ। ‘ਅਪਰੇਸ਼ਨ ਕਲੀਨ’ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਕੱਟਣਾ ਅਤੇ ਨਸ਼ੇੜੀ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ਵਿਚ ਲਿਆਉਣਾ ਹੈ। ਇਨ੍ਹਾਂ ਨੌਜਵਾਨਾਂ ਨੇ ਆਪੋ ਆਪਣੇ ਪਿੰਡਾਂ ਵਿਚ ‘ਖੁਫ਼ੀਆ ਵਿੰਗ’ ਤਿਆਰ ਕੀਤੇ ਹਨ ਜੋ ਤਸਕਰਾਂ ’ਤੇ ਅੱਖ ਰੱਖਦੇ ਹਨ। ਅੱਜ ਹੀ ਹਰਿਆਣਾ ਦੇ ਪਿੰਡ ਦੇਸੂ ਮਲਕਾਣਾ ਦੇ ਖੁਫ਼ੀਆ ਵਿੰਗ ਨੇ ਪੰਜਾਬ ’ਚ ਦਾਖਲ ਹੋਏ ਤਸਕਰਾਂ ਦੀ ਪੈੜ ਨੱਪੀ। ਇੱਧਰ ਪੰਜਾਬ ਦੇ ਮੈਂਬਰਾਂ ਨੇ ਫੌਰੀ ਬਠਿੰਡਾ ਪੁਲੀਸ ਨੂੰ ਸੂਚਨਾ ਦੇ ਦਿੱਤੀ। ਸੂਤਰ ਦੱਸਦੇ ਹਨ ਕਿ ਤਿੰਨੋਂ ਤਸਕਰ ਪੁਲੀਸ ਨੇ ਫੜ ਲਏ ਹਨ।
                ਦੇਸੂ ਜੋਧਾ ਪਿੰਡ ਦਾ ਨਸ਼ਾ ਤਸਕਰਾਂ ਦਾ ਘਰ ਹੈ ਜਿਥੇ ਪਿਛਲੇ ਦਿਨੀਂ ਬਠਿੰਡਾ ਪੁਲੀਸ ’ਤੇ ਹਮਲਾ ਵੀ ਹੋਇਆ ਸੀ।ਹਰਿਆਣਾ ਦੇ ਪਿੰਡ ਦੇਸੂ ਮਲਕਾਣਾ ਦੇ ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਦੋਵੇਂ ਸੂਬਿਆਂ ਦੀ ਪੁਲੀਸ ਨਸ਼ਿਆਂ ਦੇ ਮਾਮਲੇ ’ਤੇ ਇੱਕ ਦੂਸਰੇ ਦੇ ਪਾਲੇ ਵਿਚ ਗੇਂਦ ਸੁੱਟ ਦਿੰਦੀ ਹੈ ਪ੍ਰੰਤੂ ਹਕੀਕਤ ਇਹ ਹੈ ਕਿ ਦੋਵੇਂ ਸੂਬਿਆਂ ਦੀ ਜਵਾਨੀ ਨਸ਼ਿਆਂ ’ਚ ਗਰਕ ਹੋ ਰਹੀ ਹੈ। ਉਨ੍ਹਾਂ ਨੇ ਹੁਣ ਪੰਜਾਬ ਦੇ ਨੌਜਵਾਨਾਂ ਨਾਲ ਸਿਰ ਜੋੜ ਲਏ ਹਨ। ‘ਅਪਰੇਸ਼ਨ ਕਲੀਨ’ ਤਹਿਤ ਪਿੰਡਾਂ ਨੂੰ ਮੁੜ ਮਹਿਕਣ ਲਾਵਾਂਗੇ। ਹਰਿਆਣਾ ਦੇ ਪਿੰਡ ਕਿਉਲ ਦਾ ਮੱਖਣ ਸਿੰਘ ਦੱਸਦਾ ਹੈ ਕਿ ਕੋਸ਼ਿਸ਼ ਕਰਨ ਵਾਲੇ ਕਦੇ ਹਾਰਦੇ ਨਹੀਂ। ਉਨ੍ਹਾਂ ਆਖਿਆ ਕਿ ਪੁਲੀਸ ਨੇ ਸਾਥ ਦਿੱਤਾ ਤਾਂ ਤਸਕਰਾਂ ਦੇ ਦਿਨ ਪੁਗਾ ਦਿਆਂਗੇ। ਵੇਰਵਿਆਂ ਅਨੁਸਾਰ ਹਰਿਆਣਾ ਦੇ ਪਿੰਡ ਦੇਸੂ ਮਲਕਾਣਾ, ਹੱਸੂ, ਦੇਸੂ ਜੋਧਾ, ਨਾਰੰਗ, ਅਸੀਰ, ਮਾਖਾ, ਪਿਪਲੀ, ਖੋਖਰ, ਟੱਪੀ, ਜਗਮਾਲ ਵਾਲੀ, ਚੋਰਮਾਰ, ਜਲਾਲਆਣਾ, ਤਰਲੋਕੇਵਾਲਾ, ਦਾਦੂ ਤੇ ਕਿਉਲ ਪਿੰਡ ਵਿਚ ਨੌਜਵਾਨਾਂ ਦੇ ਮੰਚਾਂ ਦਾ ਗਠਨ ਹੋ ਚੁੱਕਾ ਹੈ। ਹਰਿਆਣਾ ਦੇ ਇਨ੍ਹਾਂ ਪਿੰਡਾਂ ਵਿਚ ਲੋਕਾਂ ਨੂੰ ਚੇਤੰਨ ਕਰਨ ਵਾਸਤੇ ਦੋਵਾਂ ਸੂਬਿਆਂ ਦੇ ਨੌਜਵਾਨਾਂ ਨੇ ਸਾਂਝਾ ਮਾਰਚ ਵੀ ਕੱਢਿਆ ਹੈ।
               ਭਲਕੇ 16 ਅਕਤੂੁਬਰ ਨੂੰ ਇਸ ਮੰਚ ਨੇ ਸਰਹੱਦੀ ਪਿੰਡ ਗਾਟਵਾਲੀ ਵਿਚ ਇੱਕ ਵੱਡਾ ਸਮਾਗਮ ਰੱਖਿਆ ਹੈ ਜਿਥੇ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਦੀਆਂ ਪੰਚਾਇਤਾਂ ਜੁੜਨਗੀਆਂ। ਐਸ.ਐਸ.ਪੀ ਡਾ. ਨਾਨਕ ਸਿੰਘ ਖੁਦ ਇਨ੍ਹਾਂ ਸਮਾਗਮਾਂ ਵਿਚ ਜਾ ਰਹੇ ਹਨ ਅਤੇ ਉਧਰ ਹਰਿਆਣਾ ਦੇ ਪੁਲੀਸ ਅਫਸਰ ਵੀ ਪੁੱਜ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪੁਲੀਸ ਨੇ ਬਹੁਤਾ ਸਾਥ ਨਹੀਂ ਦਿੱਤਾ। ਹੁਣ ਜਦੋਂ ਲਹਿਰ ਬਣਨ ਲੱਗੀ ਹੈ ਤਾਂ ਪੁਲੀਸ ਵੀ ਨਿੱਤਰੀ ਹੈ। ਨਸ਼ਾ ਵਿਰੋਧੀ ਮੰਚ ਤੇ ਪੁਲੀਸ ਦਾ ਆਪਸੀ ਤਾਲਮੇਲ ਬਣਿਆ ਹੈ। ਤਲਵੰਡੀ ਸਾਬੋ ਦੇ ਨੌਜਵਾਨ ਰੁਪਿੰਦਰਜੀਤ ਸਿੰਘ ਆਖਦੇ ਹਨ ਕਿ ਤਸਕਰਾਂ ਨਾਲ ਮੱਥਾ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਨੌਜਵਾਨਾਂ ਦਾ ਜੋਸ਼ ਚੰਗੇ ਨਤੀਜੇ ਆਉਣ ਦੀ ਗਵਾਹੀ ਭਰ ਰਿਹਾ ਹੈ। ਤਲਵੰਡੀ ਸਾਬੋ ਖ਼ਿੱਤੇ ਦੇ ਨੌਜਵਾਨ ਲਾਭ ਸਿੰਘ ਰਾਮਾਂ, ਜਸਪਾਲ ਸਿੰਘ ਬਾਘਾ ਅਤੇ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਨੌਜਵਾਨਾਂ ਦਾ ਸਾਂਝਾ ਮੰਚ ਬਣਨ ਮਗਰੋਂ ਆਪਸੀ ਤਾਲਮੇਲ ਬਣ ਗਿਆ ਹੈ ਅਤੇ ਪਿੰਡ ਪਿੰਡ ਖੁਫ਼ੀਆ ਵਿੰਗ ਅਤੇ ਕਮੇਟੀਆਂ ਬਣਾ ਦਿੱਤੀਆਂ ਹਨ ਜਿਨ੍ਹਾਂ ਵੱਲੋਂ ਮੌਕੇ ’ਤੇ ਪੁਲੀਸ ਨੂੰ ਸੂਚਨਾ ਦਿੱਤੀ ਜਾਇਆ ਕਰੇਗੀ।
              ਵੇਰਵਿਆਂ ਅਨੁਸਾਰ ਹਰਿਆਣਾ ਚੋ ਪੰਜ ਨੌਜਵਾਨ ਨਸ਼ਾ ਛੱਡਣ ਵਾਸਤੇ ਰਾਮਾਂ ਮੰਡੀ ਪੁੱਜੇ ਹਨ ਜਿਥੇ ਨਸ਼ਾ ਛੁਡਾਊ ਗਰੁੱਪ ਚੱਲ ਰਿਹਾ ਹੈ।ਨਸ਼ੇੜੀਆਂ ਦੀ ਕੌਸਲਿੰਗ ਲਈ ਵੀ ਨੌਜਵਾਨਾਂ ਨੇ ਗਰੁੱਪ ਬਣਾਏ ਹੋਏ ਹਨ। ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇੜੀਆਂ ਨੂੰ ਭਰਤੀ ਕਰਾਉਣਾ ਵੀ ਇਸ ਮੰਚ ਦਾ ਏਜੰਡਾ ਹੈ। ਹਰਿਆਣਾ ਦੇ ਪਿੰਡ ਦੇਸੂ ਜੋਧਾ ਵਿਚ ਪੁਲੀਸ ’ਤੇ ਹਮਲਾ ਹੋਣ ਕਰਕੇ ਮਾਹੌਲ ਕਾਫ਼ੀ ਗਰਮ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਾਲਾਂਵਾਲੀ ਰੈਲੀ ਵਿਚ ਦੇਸੂ ਜੋਧਾ ਦਾ ਜ਼ਿਕਰ ਕੀਤਾ ਹੈ। ਇਸ ਪਿੰਡ ਦੇ ਨੌਜਵਾਨ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ 60 ਦੇ ਕਰੀਬ ਘਰ ਚਿੱਟਾ ਵੇਚਦੇ ਹਨ। ਨਾ ਸਰਕਾਰ ਕੁੱਝ ਕਰਦੀ ਹੈ ਅਤੇ ਨਾ ਹੀ ਹਰਿਆਣਾ ਪੁਲੀਸ ਤਸਕਰਾਂ ਨੂੰ ਹੱਥ ਪਾਉਂਦੀ ਹੈ। ਪਤਾ ਲੱਗਾ ਹੈ ਕਿ ਹਰਿਆਣਾ ਦੇ ਆਮ ਲੋਕ ਵੀ ਨਸ਼ਿਆਂ ਖ਼ਿਲਾਫ਼ ਨਿੱਤਰੇ ਨੌਜਵਾਨਾਂ ਨੂੰ ਸਾਥ ਦੇਣ ਲੱਗੇ ਹਨ।
                   ਹਿਫ਼ਾਜ਼ਤ ਲਈ ਲਾਇਸੈਂਸ ਬਣਾਏ ਜਾਣ : ਕਮਾਲੂ
ਨਸ਼ਾ ਵਿਰੋਧੀ ਮੰਚ ਦੇ ਨੌਜਵਾਨ ਆਪਣੀ ਹਿਫਾਜਤ ਲਈ ਅਸਲਾ ਲਾਇਸੈਂਸ ਬਣਾਉਣਾ ਚਾਹੁੰਦੇ ਹਨ। ਬਠਿੰਡਾ ਪੁਲੀਸ ਤੇ ਹਮਲਾ ਹੋਣ ਮਗਰੋਂ ਨੌਜਵਾਨਾਂ ਨੇ ਇਹ ਵਿਚਾਰ ਬਣਾਈ ਹੈ ਕਿ ਤਾਕਤ ਰੱਖਣ ਵਾਲੇ ਤਸਕਰ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਨਸ਼ਾ ਵਿਰੋਧੀ ਮੰਚ ਦੇ ਮੋਹਰੀ ਆਗੂ ਮੇਜਰ ਸਿੰਘ ਕਮਾਲੂ ਦਾ ਕਹਿਣਾ ਸੀ ਕਿ ਉਹ ਭਲਕੇ ਹਿਫਾਜਤ ਖਾਤਰ ਐਸ.ਐਸ.ਪੀ ਕੋਲ ਅਸਲਾ ਲਾਇਸੈਂਸ ਬਣਾਏ ਜਾਣ ਦੀ ਮੰਗ ਰੱਖਣਗੇ।
                          ਆਂਚ ਨਹੀਂ ਆਉਣ ਦਿੱਤੀ ਜਾਵੇਗੀ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਉਹ ਭਲਕੇ ਪਿੰਡ ਗਾਟਵਾਲੀ ਵਿਚ ਜਾਣਗੇ ਜਿਥੇ ਹਰਿਆਣਾ ਚੋਂ 24-25 ਪਿੰਡਾਂ ਦੀਆਂ ਪੰਚਾਇਤਾਂ ਪੁੱਜ ਰਹੀਆਂ ਹਨ। ਇਹ ਮੰਚ ਵਾਲੇ ਨੌਜਵਾਨ ਚੰਗਾ ਕੰਮ ਕਰ ਰਹੇ ਹਨ ਅਤੇ ਜਦੋਂ ਵੀ ਮੰਚ ਦੇ ਮੈਂਬਰ ਕੋਈ ਸੂਚਨਾ ਦਿੰਦੇ ਹਨ, ਪੁਲੀਸ ਫੌਰੀ ਕਾਰਵਾਈ ਕਰਦੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਪੂਰਨ ਸੁਰੱਖਿਆ ਮਿਲੇਗੀ ਅਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ।



Sunday, October 13, 2019

                        ਵਿਚਲੀ ਗੱਲ
             ਬਿਨ ਮਾਂਗੇ ਮੋਤੀ ਮਿਲੇ..! 
                       ਚਰਨਜੀਤ ਭੁੱਲਰ
ਬਠਿੰਡਾ : ਲਾਟ ਸਾਹਬ ਦੀ ਸਾਲੀ, ਸਭ ਤੋਂ ਪਿਆਰੀ। ਬਾਬੇ ਦਾ ਪੋਤਾ, ਕਿਸੇ ਦਾ ਦੋਹਤਾ। ਨਾਲੇ ਭੈਣ ਦੀ ਕੁੜੀ ਨਿਆਰੀ। ਸਰਕਾਰ ਮੋਤੀਆਂ ਵਾਲੀ, ਏਨਾ ਕੁ ਤਾਂ ਦੱਸ, ਕਦੋਂ ਆਊ ਮਹਾਤੜ ਦੀ ਵਾਰੀ। ਅੱਖਾਂ ’ਚ ਕਾਲਾ ਮੋਤੀਆ ਉਤਰਿਐ। ਨਹੀਂ ਦੱਸਣਾ ਇਨ੍ਹਾਂ ਨੇ। ਗਰਾਰੀ ਚੇਤਿਆਂ ਦੀ ਘੁਮਾਓ। ਨਿੱਕੇ ਹੁੰਦੇ ਸੁਣਿਆ ਹੋਊ, ਰਾਜੇ-ਰਾਜੇ ਲੱਡੂ ਖਾਂਦੇ..! ਬਿੱਲੀਆਂ ਵਾਂਗ ਪਾੜ੍ਹੇ ਝਾਕ ਰਹੇ ਨੇ। ਊਠ ਦਾ ਬੁੱਲ੍ਹ ਕਦੋਂ ਡਿੱਗੂ। ਲੱਛੀ ਨੂੰ ਭਾਗਾਂ ’ਤੇ ਛੱਡ ਦਿੱਤੈ। ਜਵਾਨੀ ਨੂੰ ਸੜਕਾਂ ’ਤੇ। ਦੋ ਟਕਿਆਂ ਦੀ ਨੌਕਰੀ ਵੀ ਹੱਥੋਂ ਨਿਕਲੀ ਐ। ਪੜ੍ਹੇ ਲਿਖੇ ਹੱਥਾਂ ਦੀ ਕਮੀ ਨਹੀਂ। ਪੰਜਾਬ ਦੇ ਭਵਿੱਖ ਦੀ ਬਾਂਹ ਵੇਲਣੇ ’ਚ ਹੈ। ਆਓ ਪੰਜਾਬ ‘ਚ ‘ਘਰ-ਘਰ ਰੁਜ਼ਗਾਰ’ ਦਾ ਸੱਚ ਵੇਖੀਏ। ਬੋਲਣਾ ਨਹੀਂ, ਤੁਸੀਂ ਸਿਰਫ਼ ਸੁਣਨਾ, ‘ਉੱਡਦੇ ਪੰਛੀ’ ਨੂੰ ਜੋ ਵਿਧਾਨ ਸਭਾ ਤੋਂ ਉੱਡਿਐ। ਏਹ ਪੰਛੀ ਦੱਸ ਰਿਹੈ। ਵੱਡਿਆਂ ਦੇ ਸਕਿਆਂ ਦੇ ਕਿੰਨੇ ਚੰਗੇ ਭਾਗ ਨੇ। ਡਿਗਰੀਆਂ ਚੁੱਕ ਦਾਸ ਵੀ ਆਏ, ਗੱਲ ਨਹੀਂ ਬਣੀ। ‘ਜਿਸ ਦਾ ਰਾਜ, ਉਸੇ ਦਾ ਤੇਜ’। ਤਾਹੀਂ ਤਪ ਤੇਜ ਭਾਣਜੇ ਦਾ ਨਿਕਲਿਐ। ਸਿਆਸੀ ਮਾਮੇ ਦੀ ਹੋਈ ਫੁੱਲ ਕਿਰਪਾ। ਭਾਣਜਾ ਹੁਣ ਵੱਡਾ ਅਫ਼ਸਰ ਲੱਗ ਗਿਆ। ਛੋਟੇ ਸਿਆਸੀ ਮਾਸੜ ਦੀ ਜੈ ਹੋਵੇ। ਪਹਿਲਾਂ ਭਾਣਜੀ ਨੂੰ ਘਰੇ ਕੁੱਕ ਲਾਇਆ। ਤਨਖਾਹ ਖ਼ਜ਼ਾਨੇ ਨੇ ਝੱਲੀ। ਹੁਣ ਭਤੀਜੀ ਨੂੰ ਕਲਰਕੀ ਦਾ ਮੇਵਾ ਦਿੱਤੈ। ਇਵੇਂ ਲਾਟ ਸਾਹਿਬ ਵੀ ਸਾਲੀ ਪਿਛੇ ਨਹੀਂ ਰਹੀ। ਨੌਕਰੀ ਮਿਲਣ ਮਗਰੋਂ ਬੋਲੀ… ਜਿਊਂਦੇ ਰਹੋ ਜੀਜਾ ਜੀ।
                ਅੱਗੇ ਵੀ ਸੁਣੋ। ਜਦੋਂ ਮਾਸੀ ਅਫ਼ਸਰ ਹੋਵੇ, ਵੱਡੇ ਘਰ ਦੇ ਨੇੜੇ ਹੋਵੇ, ਭਾਣਜੀ ਨੂੰ ਫਿਰ ਕਾਹਦਾ ਡਰ। ਹੱਥੋਂ ਹੱਥ ਨੌਕਰੀ ਮਿਲ ਗਈ। ਕਿਸਮਤ ਪੁੜੀ ਸਾਬਕਾ ਐੱਮਐੱਲਏ ਦੇ ਕਾਕੇ ਦੀ ਵੀ ਖੁੱਲ੍ਹੀ ਹੈ, ਜੋ ਲੁਧਿਆਣੇ ਵੱਲ ਦਾ ਹੈ। ਬਿਨ ਮਾਂਗੇ ਮੋਤੀ ਮਿਲੇ..! ਵੀਆਈਪੀ ਡਰਾਈਵਰ ਦੀ ਬੀਵੀ ਵੀ ਸਰਕਾਰੀ ਨੌਕਰ ਬਣ ਗਈ। ਮਹਿਲਾ ਐੱਮਪੀ ਨੇ ਡਰਾਈਵਰੀ ਦਾ ਮੁੱਲ ਪਾਇਆ, ਨੌਕਰੀ ਦਿਵਾ ਦਿੱਤੀ। ਇਸੇ ਵਰ੍ਹੇ ਸਫਾਈ ਸੇਵਕ ਵੀ ਰੱਖੇ ਨੇ। ਬੀਐੱਸਸੀ ਮੁੰਡਾ ਪਿਛੇ ਰਹਿ ਗਿਆ, ਮੈਟ੍ਰਿਕ ਪਾਸ ਬਾਜ਼ੀ ਮਾਰ ਗਈ। ਚਪੜਾਸੀ ਵੀ ਰੱਖੇ ਨੇ। ਐੱਮਏ ਪਾਸ ਪਿਛੇ ਰਹਿ ਗਿਆ, ਦਾਅ ਬਾਰ੍ਹਵੀਂ ਪਾਸ ਦਾ ਲੱਗਿਐ। ਜਦੋਂ ਗੱਠਜੋੜ ਵਾਲੇ ਸਨ, ਬਾਦਲਾਂ ਦੇ ਕੁੱਕ ਵੀ ਮੇਲਾ ਲੁੱਟ ਗਏ। ਬਾਦਲ ਦੇ ਗੁਆਂਢੀ ਪਿੰਡ ਤੋਂ ਪੰਛੀ ਉੱਡਿਐ। ਦੱਸਦੇ ਨੇ ਕਿ ਮੰਤਰੀ ਦੇ ਦੋ ਚਹੇਤੇ ਹੁਣੇ ਨੌਕਰੀ ਲੱਗੇ ਨੇ। ਦੱਸਦੇ ਨੇ, ਵਿਧਾਨ ਸਭਾ ਨੂੰ 70 ਨਵੀਆਂ ਪੋਸਟਾਂ ਦਿੱਤੀਆਂ ਨੇ। ‘ਘਰ-ਘਰ ਰੁਜ਼ਗਾਰ’ ਘਰੋਂ ਹੀ ਤਾਂ ਸ਼ੁਰੂ ਹੁੰਦੈ। ਮਰਹੂਮ ਬਾਬੇ ਦੇ ਪੋਤੇ ਦੀ ਧੰਨ ਧੰਨ ਹੋ ਗਈ। ਖਸਮਾਂ ਨੂੰ ਖਾਵੇ ਕਾਨੂੰਨ, ਡੀਐੱਸਪੀ ਦੀ ਨੌਕਰੀ ’ਤੇ ਕੈਬਨਿਟੀ ਮੋਹਰ ਅੱਖ ਦੇ ਫੋਰੇ ਲੱਗੀ।
                ਪੰਜਾਬੀਓ, ਸਭ ਨਛੱਤਰਾਂ ਦੀ ਖੇਡ ਹੈ। ਖ਼ਜ਼ਾਨਾ ਮੰਤਰੀ ਦਾ ਨੇੜਲਾ ਖ਼ਜ਼ਾਨੇ ਦਾ ‘ਕੋਹਿਨੂਰ ਹੀਰਾ’ ਨਿਕਲਿਆ। ਬਠਿੰਡਾ ਦੀ ਟੈਕਨੀਕਲ ’ਵਰਸਿਟੀ ਤੋਂ ਪੰਛੀ ਉਡਿਐ। ਦੱਸਦੇ ਨੇ ਕਿ ’ਵਰਸਿਟੀ ਨੇ ਇਸ ਹੀਰੇ ਨੂੰ ਰੈਗੂਲਰ ਕਰਨਾ ਹੈ। ਪਹਿਲਾਂ ਨਿਯਮਾਂ ’ਚ ਛੋਟਾਂ ਦਿੱਤੀਆਂ। ਲੱਖ ਰੁਪਏ ਤਨਖਾਹ ’ਤੇ ਤਿੰਨ ਸਾਲ ਲਈ ਡਾਇਰੈਕਟਰ ਲਾਇਆ। ਸਾਲ ਤੋਂ ਪਹਿਲਾਂ ਹੀ ਰੈਗੂਲਰ ਹੋਣ ਦੀ ਫਾਈਲ ਤੁਰ ਪਈ। ਪੰਜਾਬ ’ਚ ਠੇਕਾ ਪ੍ਰਣਾਲੀ ਵਾਲੇ 3.50 ਲੱਖ ਨੌਜਵਾਨ ਹਨ। ਤਨਖਾਹ ਛੇ ਤੋਂ 9 ਹਜ਼ਾਰ ਹੈ। 12 ਵਰ੍ਹਿਆਂ ਤੋਂ ਪੱਕੇ ਨਹੀਂ ਹੋ ਸਕੇ। ਸੜਕਾਂ ’ਤੇ ਪਿੱਟ ਸਿਆਪੇ ਕਰ ਰਹੇ ਨੇ। ਲੱਖਾਂ ਮੁੰਡਿਆਂ ਦੇ ਭਾਗ ਮੰਤਰੀ ਦੇ ਹੀਰੇ ਵਰਗੇ ਨਹੀਂ।ਸਾਬਕਾ ਡੀਜੀਪੀ ਵੀ ਕਿਸਮਤ ਦੇ ਧਨੀ ਨਿਕਲੇ। ਬਾਦਲਾਂ ਦੇ ਨੇੜਲੇ ਰਹੇ। ਹੁਣੇ ਸੇਵਾਮੁਕਤ ਹੋਏ। ਹੁਣੇ ਮੁੱਖ ਸੂਚਨਾ ਕਮਿਸ਼ਨਰ ਲੱਗ ਗਏ। ਚਿੱਟੇ ਚੌਲ ਪੁੰਨ ਕੀਤੇ ਹੋਣਗੇ। ਖ਼ਜ਼ਾਨੇ ’ਚੋਂ ਹੁਣ 2.50 ਲੱਖ ਹਰ ਮਹੀਨੇ ਤਨਖਾਹ ਮਿਲੇਗੀ। ਜੋ ਲੱਖਾਂ ਰੁਪਏ ਡੀਜੀਪੀ ਵਾਲੀ ਪੈਨਸ਼ਨ ਦੇ ਮਿਲਣੇ ਨੇ, ਉਹ ਵੱਖਰੇ। ਭਲੇਮਾਣਸੋ! ਟੈਂਕੀਆਂ ਤੋਂ ਹੇਠਾਂ ਉੱਤਰੋ, ਆਹ ਨੇੜਿਓਂ ਦੇਖੋ, ਸਾਬਕਾ ਆਈਏਐੱਸ/ਆਈਪੀਐੱਸ ਅਫ਼ਸਰਾਂ ਦੇ ਹੱਥਾਂ ਦੀਆਂ ਲਕੀਰਾਂ। ਸੇਵਾਮੁਕਤੀ ਪਿਛੋਂ, ਪਹਿਲਾਂ ਅਗਲੀ ਨੌਕਰੀ ਤਿਆਰ। ਉਹ ਵੀ ਸਭ ਕੁਝ ਚੁੱਪ-ਚੁਪੀਤੇ।
              ਹਨੇਰ ਸਾਈਂ ਦਾ, ਜੋ ‘ਤਰਸ ਦੇ ਆਧਾਰ’ ’ਤੇ ਨੌਕਰੀ ਲੈਂਦੇ ਹਨ। ਉਨ੍ਹਾਂ ਦੇ ਢੋਲ ਵਜਾ ਦਿੱਤੇ ਜਾਂਦੇ ਨੇ। ਮੰਤਰੀ ਸਮਾਰੋਹਾਂ ’ਚ ਨਿਯੁਕਤੀ ਪੱਤਰ ਵੰਡਦੇ ਨੇ। ਅਖਾਣ ਤਾਂ ਸੁਣਿਆ ਹੋਊ, ਸਾਰਾ ਪਿੰਡ ਮਰ ਜਾਏ, ਪੁੱਤ ਤੈਨੂੰ ਲੰਬੜਦਾਰੀ ਨਹੀਂ ਮਿਲਣੀ। ਮਹਾਤੜੋ! ਥੋਡੇ ਹਿੱਸੇ ਹੁਣ ਦਰਜਾ ਚਾਰ ਦੀ ਨੌਕਰੀ ਵੀ ਨਹੀਂ ਆਉਣੀ। ਗੇੜਾ ਰਾਜਸਥਾਨ ਦਾ ਵੀ ਲਾਈਏ। ਉਥੋਂ ਦੀ ਵਿਧਾਨ ਸਭਾ ’ਚ ਚਪੜਾਸੀ ਰੱਖਣਾ ਸੀ। 129 ਇੰਜਨੀਅਰਾਂ ਨੇ ਇੰਟਰਵਿਊ ਦਿੱਤੀ। ਭਾਜਪਾ ਐੱਮਐੱਲਏ ਦਾ ਦਸਵੀਂ ਪਾਸ ਮੁੰਡਾ ਝੰਡੀ ਲੈ ਗਿਆ। ਰੌਲਾ ਕਾਂਗਰਸੀ ਪਾਉਂਦੇ ਰਹਿ ਗਏ। ਰੌਲਾ ਯੂਪੀ ’ਚ ਵੀ ਪਿਆ ਸੀ। ਯੂਪੀ ਪੁਲੀਸ ਨੇ ਪੰਜਵੀਂ ਪਾਸ 62 ਚਪੜਾਸੀ ਰੱਖਣੇ ਸੀ। 3700 ਪੀਐੱਚਡੀ ਡਿਗਰੀ ਹੋਲਡਰ ਪੁੱਜ ਗਏ। ਨਜ਼ਰ ਘੁਮਾਓ, ਕੇਂਦਰ ਤੇ ਸੂਬਿਆਂ ‘ਚ 24 ਲੱਖ ਅਸਾਮੀਆਂ ਖਾਲੀ ਹਨ। ਫਿਕਰ ਨਾ ਕਰਿਓ, ਮੋਦੀ ਹੈ ਤਾਂ ਮੁਮਕਿਨ ਹੈ।ਪੰਜਾਬ ਦੇ ਐੱਸਐੱਸਐੱਸ ਬੋਰਡ ਨੇ ਕੋਈ ਨੌਕਰੀ ਵੰਡੀ ਹੋਵੇ, ਜ਼ਰੂਰ ਦੱਸਣਾ। ਸਰਕਾਰੀ ਕਾਲਜਾਂ ਦੀ ਕੌਣ ਸੁਣਦੈ। 23 ਵਰ੍ਹਿਆਂ ਤੋਂ ਲੈਕਚਰਾਰਾਂ ਦੀ ਭਰਤੀ ਨਹੀਂ ਹੋਈ। ਕੇਂਦਰੀ ਏਜੰਸੀ ਦੀ ਤਾਜ਼ਾ ਰਿਪੋਰਟ ਹੈ। ਦੇਸ਼ ’ਚ ਦੋ ਸਾਲ ਪਹਿਲਾਂ 2.4 ਕਰੋੜ ਬੇਰੁਜ਼ਗਾਰ ਸਨ। ਹੁਣ 4.50 ਕਰੋੜ ਹਨ।
              ਨੌਕਰੀ ਵਿਹੂਣੇ ਨੌਜਵਾਨ ਦੋ ਵਰ੍ਹਿਆਂ ’ਚ 73 ਫ਼ੀਸਦੀ ਵਧੇ ਨੇ। ਕਸ਼ਮੀਰ ਵਾਲੇ ਸਤਿਆਪਾਲ ਮਲਿਕ ਜੀ ਕੀ ਬੋਲੇ ਨੇ, ਉਹ ਵੀ ਸੁਣੋ। ਜੰਮੂ ਕਸ਼ਮੀਰ ’ਚ 50 ਹਜ਼ਾਰ ਨੌਕਰੀਆਂ ਲੱਭੀਆਂ ਨੇ। ਦੇਖਦੇ ਜਾਓ, ਹੁਣ ਕਿਵੇਂ ਭਰਾਂਗੇ। ਸ਼ੇਰਪੁਰ (ਸੰਗਰੂਰ) ਦਾ ਗੁਰਮੀਤ ਸਿੰਘ ਆਖਦੈ, ਬਾਦਲ ਵੀ ਦੇਖੇ ਨੇ ਤੇ ਅਮਰਿੰਦਰ ਵੀ। ਕੋਈ ਦੇਖ ਨਾ ਲਏ, ਤਾਹੀਓਂ ਗੁਰਮੀਤ ਰਾਤਾਂ ਨੂੰ ਵਿਆਹਾਂ ’ਚ ਵੇਟਰ ਬਣਿਆ। ਬਜ਼ੁਰਗ ਮਾਪੇ ਦਿਹਾੜੀ ਕਰਦੇ ਨੇ। ਗੁਰਮੀਤ ਦੀ ਡਿਗਰੀ ਕੋਈ ਤਾਂ ਦੇਖੋ। ਐੱਮਏ, ਬੀਐੱਡ, ਟੈੱਟ ਪਾਸ ਤੇ ਯੋਗ ’ਚ ਨੈਸ਼ਨਲ ਗੋਲਡ ਮੈਡਲਿਸਟ। ਸੁਫ਼ਨਾ ਅਧਿਆਪਕ ਬਣਨ ਦਾ ਲਿਆ, ਬਣ ਗਿਆ ਵੇਟਰ। ਮਹੀਨਾ ਪਹਿਲਾਂ ਉਹ ਮੱਧ ਪ੍ਰਦੇਸ਼ ਚਲਾ ਗਿਆ, ਉਥੇ ਠੇਕੇ ਵਾਲੀ ਨੌਕਰੀ ਕਰਦੈ। ਰਿਉਂਦ ਕਲਾਂ (ਮਾਨਸਾ) ਦਾ ਬਚਿੱਤਰ ਸਿੰਘ। ਪੰਜਾਬ ’ਚ ਨੌਕਰੀ ਨਹੀਂ ਮਿਲੀ। ਟੈੱਟ ਪਾਸ ਹੁਣ ਹਰਿਆਣੇ ਦੇ ਪ੍ਰਾਈਵੇਟ ਸਕੂਲ ’ਚ ਹੈ। ਟੈੱਟ ਪਾਸ ਇੱਕ ਕੁੜੀ ਦੋਧੀ ਬਣੀ ਹੈ।
              ਆਲੀਕੇ (ਬਠਿੰਡਾ) ਦਾ ਕੰਪਿਊਟਰ ਇੰਜਨੀਅਰ ਦਲਬੀਰ ਕਿਸਮਤ ਦੀ ਬਾਜ਼ੀ ਹਾਰ ਗਿਆ। ਚਾਰ ਮਹੀਨੇ ਪਹਿਲਾਂ ਪੱਖੇ ਨਾਲ ਲਟਕ ਗਿਆ। ਪਹਿਲਾਂ ਥੋੜ੍ਹੀ ਜ਼ਮੀਨ ਵਿਕੀ, ਮਾਪਿਆਂ ਦੇ ਇਲਾਜ ’ਚ ਪੰਜ ਲੱਖ ਦਾ ਕਰਜ਼ ਚੜ੍ਹਿਆ। ਰੁਜ਼ਗਾਰ ਮਿਲਿਆ ਨਹੀਂ, ਮੌਤ ਟੱਕਰ ਗਈ। ਬੇਕਾਰੀ ਦਾ ਭੰਨਿਆ ਮੋਗਾ ਦੇ ਪਿੰਡ ਰੋਡੇ ਦਾ ਪ੍ਰਗਟ ਸਿੰਘ ਵੀ ਇਸੇ ਰਾਹ ਚਲਾ ਗਿਆ। ਮੁੱਖ ਮੰਤਰੀ ਆਖਦੇ ਹਨ ਕਿ 10 ਲੱਖ ਤੋਂ ਵੱਧ ਨੂੰ ਰੁਜ਼ਗਾਰ ਦੇ ਦਿੱਤਾ ਹੈ। ਹੁਣ ਸਮਾਰਟ ਫੋਨ ਵੀ ਦਿਆਂਗੇ। ‘ਦਰਸ਼ਨ ਕਦੋਂ ਦਿਓਗੇ’, ਜਵਾਨੀ ਕੂਕ ਕੂਕ ਕੇ ਪੁੱਛ ਰਹੀ ਹੈ। ਜਵਾਨੀ ਦਾ ਹੱਥ ਸ਼ਿਕੰਜੇ ’ਚ ਹੈ, ਵਿਚਾਰੀ ਕਰੇ ਵੀ ਕੀ। ਮਾਪਿਆਂ ਦੇ ਅਰਮਾਨ ‘ਨਜ਼ਰਬੰਦ’ ਹਨ। ਸੜਕਾਂ ਉਦਾਸ ਨੇ, ਸੱਥਾਂ ਪ੍ਰੇਸ਼ਾਨ ਨੇ, ਸੱਥਰ ਵਿਛੇ ਨੇ, ਕੋਈ ਢਾਰਸ ਦੇਣ ਵਾਲਾ ਨਹੀਂ।
                ਪੰਜਾਬ ਦੇ ਪੌਣੇ ਦੋ ਲੱਖ ਘਾਹੀ ਵਿਦੇਸ਼ ਗਏ ਨੇ ਪੜ੍ਹਨ, ਉਥੇ ਘਾਹ ਵੀ ਖੋਤਣਗੇ। ਅੌਲਾਦ ਅੱਖੋਂ ਓਹਲੇ ਕਰਨੀ ਸੌਖੀ ਨਹੀਂ। ਵਿਦੇਸ਼ ਮੰਤਰਾਲਾ ਦੱਸਦਾ ਹੈ ਕਿ ਲੰਘੇ ਸਾਢੇ ਚਾਰ ਸਾਲਾਂ ’ਚ ਵਿਦੇਸ਼ਾਂ ’ਚੋਂ 19,305 ਮ੍ਰਿਤਕ ਦੇਹਾਂ ਕਲਬੂਤਾਂ ’ਚ ਆਈਆਂ ਨੇ। ਹਾਕਮ ਇਹ ਨਾ ਭੁੱਲਣ ਕਿ ਖੁਦਾ ਲਾਠੀ ਨਾਲ ਨਹੀਂ ਮਾਰਦਾ। ਯਕੀਨ ਨਹੀਂ ਤਾਂ ਪਿੰਡ ਬਾਦਲ ਚਲੇ ਜਾਓ। ਤਖ਼ਤ ਤੋਂ ਬਖ਼ਤ ਹੁੰਦੇ ਬਹੁਤੀ ਦੇਰ ਨਹੀਂ ਲੱਗਦੀ। ਪੰਜਾਬੀ ਅੱਕ ਚੱਬਣਾ ਵੀ ਜਾਣਦੇ ਨੇ, ਭੁੱਲੇ ਘੋਟਣਾ ਚੁੱਕਣਾ ਵੀ ਨਹੀਂ। ਹੱਥ ਜੋੜਿਆਂ ਕਿਤੇ ਹੱਕ ਮਿਲੇ ਨੇ। ਪਾਣੀ ਤਾਂ ਪੁਲਾਂ ਹੇਠ ਦੀ ਲੰਘਣਾ, ਪੁਲ ’ਤੇ ਛੱਜੂ ਰਾਮ ਬੈਠਾ, ਮੂੰਹ ਬੰਨ੍ਹਿਐ, ਹੱਥ ’ਚ ਡਾਂਗ ਐ। ਹੁਣ ਅੱਲਾ ਖੈਰ ਕਰੇ..!




Saturday, October 12, 2019

                                 ਧਨੇਰ ਮਾਮਲਾ

     ਧਨੇਰ ਦੇ ਹਰ ਦਿਲ ’ਚ ਧੜਕਦਾ ਹੈ ਮਨਜੀਤ  

                              ਚਰਨਜੀਤ ਭੁੱਲਰ
ਬਰਨਾਲਾ  ਜ਼ਿਲ੍ਹਾ ਬਰਨਾਲਾ ਦਾ ਪਿੰਡ ਧਨੇਰ ਨੇਅੱਜ-ਕੱਲ੍ਹ ਰਾਤਾਂ ਜਾਗ ਕੇ ਕੱਟ ਰਿਹਾ ਹੈ। ਜਦੋਂ ਮਾਮਲਾ ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਦਾ ਹੋਵੇ, ਉਦੋਂ ਜੂਹਾਂ ਨੂੰ ਜਾਗਣਾ ਹੀ ਪੈਂਦਾ ਹੈ। ਪਿੰਡ ਧਨੇਰ ਦੇ ਦਿਲ ’ਚ ਮਨਜੀਤ ਧੜਕ ਰਿਹਾ ਹੈ। ਕੋਈ ਘਰ ਦੁਆ ਕਰ ਰਿਹਾ ਹੈ ਤੇ ਕੋਈ ਗਲੀ ਜੋਸ਼ ’ਚ ਦੂਹਰੀ ਹੋ ਰਹੀ ਹੈ। ਛੋਟਾ ਜਿਹਾ ਪਿੰਡ ਧਨੇਰ, ਹਕੂਮਤਾਂ ਦੀ ਨਜ਼ਰ ਤੋਂ ਦੂਰ ਹੈ, ਲੋਕ ਸੰਘਰਸ਼ਾਂ ਦੇ ਨੇੜੇ ਹੈ। ਹੁਣ ਪਿੰਡ ਧਨੇਰ ਦੇ ਸਮੁੱਚੇ ਲੋਕਾਂ ਨੇ ਪ੍ਰਣ ਲਿਆ ਹੈ ਕਿ ਮਨਜੀਤ ਦੇ ਚੁੱਲ੍ਹੇ ਵਿੱਚ ਘਾਹ ਨਹੀਂ ਉਗਣ ਦਿਆਂਗੇ। ਜਦੋਂ ਮਹਿਲ ਕਲਾਂ ਦੀ ਸਕੂਲੀ ਬੱਚੀ ਕਿਰਨਜੀਤ ਨਾਲ ਕਰੀਬ 22 ਵਰ੍ਹੇ ਪਹਿਲਾਂ ਅਨਰਥ ਹੋਇਆ ਸੀ, ਉਦੋਂ ਹੀ ਪਿੰਡ ਧਨੇਰ ਸੁਰਖੀਆਂ ਵਿੱਚ ਆਇਆ ਸੀ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਰਨਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਪਿੰਡੋਂ ਪੈਰ ਪੁੱਟਿਆ। ਉਹ ਉਦੋਂ ਤਕ ਬੇਚੈਨ ਰਿਹਾ ਜਦੋਂ ਤਕ ਦੋਸ਼ੀ ਸਲਾਖਾਂ ਪਿਛੇ ਨਾ ਚਲੇ ਗਏ। ਹੁਣ 42 ਧਿਰਾਂ ’ਤੇ ਆਧਾਰਤ ਸੰਘਰਸ਼ ਕਮੇਟੀ ਨੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜੇਲ੍ਹ ਅੱਗੇ ਮੋਰਚਾ ਲਾਇਆ ਹੈ। ਗੂੰਜ ਦੇਸ਼-ਵਿਦੇਸ਼ ਤੱਕ ਜਾ ਪੁੱਜੀ ਹੈ। ਸੰਘਰਸ਼ ਕਮੇਟੀ ਦਾ ਮੈਂਬਰ ਨਰਾਇਣ ਦੱਤ ਆਖਦਾ ਹੈ ਕਿ ਦਿੱਲੀ ਹੁਣ ਦੂਰ ਨਹੀਂ।
           ਇਕੱਲਾ ਪਿੰਡ ਧਨੇਰ ਨਹੀਂ, ਪੂਰੇ ਖ਼ਿੱਤੇ ’ਚ ਮਨਜੀਤ ਧਨੇਰ ਨੂੰ ਧੀਆਂ ਦੇ ਰਾਖੇ ਵਜੋਂ ਦੇਖਿਆ ਜਾਂਦਾ ਹੈ। ਜਦੋਂ ਮਨਜੀਤ ਜੇਲ੍ਹ ਜਾਣ ਲੱਗਾ ਤਾਂ ਉਹ ਉਸ ਤੋਂ ਪਹਿਲਾਂ ਪਿੰਡ ਦੀਆਂ ਦਰਜਨਾਂ ਸਕੂਲੀ ਬੱਚੀਆਂ ਨੂੰ ਮਿਲਿਆ। ਬਾਰਵੀਂ ਕਲਾਸ ਦੀ ਬੱਚੀ ਦਾ ਪ੍ਰਤੀਕਰਮ ਇੰਝ ਸੀ ਕਿ ‘ਮਨਜੀਤ ਅੰਕਲ’ ਦੀ ਬਦੌਲਤ ਹੀ ਸਕੂਲੀ ਬੱਚੀਆਂ ਲਈ ਘਰਾਂ ’ਚੋਂ ਬਾਹਰ ਪੈਰ ਪੁੱਟਣ ਦਾ ਮਾਹੌਲ ਬਣਿਆ ਹੈ। ਗਿਆਰਵੀਂ ਕਲਾਸ ਦੀ ਇੱਕ ਹੋਰ ਲੜਕੀ ਦਾ ਪ੍ਰਤੀਕਰਮ ਸੀ ਕਿ ‘ਅੰਕਲ’ ਨੇ ਮਾਪਿਆਂ ਨੂੰ ਸਹਿਮ ਦੇ ਮਾਹੌਲ ’ਚੋਂ ਕੱਢਿਆ। ਜਦੋਂ ਮਨਜੀਤ ਜੇਲ੍ਹ ਲਈ ਪਿੰਡੋਂ ਰਵਾਨਾ ਹੋਇਆ ਤਾਂ ਉਸ ਵੇਲੇ ਇਨ੍ਹਾਂ ਬੱਚੀਆਂ ਵੱਲੋਂ ਕੀਤੇ ਸੁਆਲ ਛੋਟੇ ਨਹੀਂ ਸਨ, ਜਿਵੇਂ ‘ਦੋਸ਼ੀ ਧਨਾਢਾਂ ਨਾਲ ਮੱਥਾ ਲਾਉਣ ਵੇਲੇ ਥੋਨੂੰ ਡਰ ਨਹੀਂ ਲੱਗਿਆ’?, ‘ਪਰਿਵਾਰ ਛੱਡ ਕੇ ਜੇਲ੍ਹ ਜਾ ਰਹੇ ਹੋ, ਕੋਈ ਮਲਾਲ ਤਾਂ ਨਹੀਂ’ ?, ਤੁਸੀਂ ਬਚਪਨ ਤੋਂ ਹੀ ਏਦਾਂ ਦੇ ਸੀ ? ਜੁਆਬ ’ਚ ਮਨਜੀਤ ਧਨੇਰ ਨੇ ਬਾਬੇ ਨਾਨਕ ਤੇ ਸ਼ਹੀਦ ਭਗਤ ਸਿੰਘ ਦਾ ਫਲਸਫ਼ਾ ਸਮਝਾਇਆ। ਮਨਜੀਤ ਧਨੇਰ ਨੇ ਵਿਦਾ ਹੋਣ ਤੋਂ ਪਹਿਲਾਂ ਵਾਅਦਾ ਕੀਤਾ ਕਿ ਉਹ ਜਲਦੀ ਪਰਤ ਆਏਗਾ। ਪਿੰਡ ਧਨੇਰ ਦੇ ਚੌਕੀਦਾਰ ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਮਨਜੀਤ ਨੇ ਪੂਰੀ ਜ਼ਿੰਦਗੀ ਜਬਰ ਖਿਲਾਫ ਲੜਨ ਵਿੱਚ ਲਾ ਦਿੱਤੀ ਤੇ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ। ਉਨ੍ਹਾਂ ਆਖਿਆ ਕਿ ਪਿੰਡ ਧਨੇਰ ਦਾ ਅਸਲ ਚੌਕੀਦਾਰ ਤਾਂ ਮਨਜੀਤ ਹੀ ਹੈ।
              ਦੱਸ ਦੇਈਏ ਪਿੰਡ ਧਨੇਰ ਵਿੱਚ 350 ਕੁ ਘਰ ਹਨ ਅਤੇ ਵੱਡੀ ਗਿਣਤੀ ਦਲਿਤ ਪਰਿਵਾਰਾਂ ਦੀ ਹੈ। ਹੁਣ ਜਦੋਂ ਮਨਜੀਤ ਧਨੇਰ ਖਾਤਰ ਮੋਰਚਾ ਲੱਗਾ ਹੈ ਤਾਂ ਸਮੁੱਚਾ ਪਿੰਡ ਇੱਕੋ ਮੋਰੀ ਨਿਕਲ ਰਿਹਾ ਹੈ। ਪਿੰਡ ਦਾ ਕੋਈ ਘਰ ਵਿਰੋਧੀ ਵਿਚਾਰ ਵੀ ਰੱਖਦਾ ਹੈ ਤਾਂ ਉਹ ਹੁਣ ਚੁੱਪ ਹੈ। ਪਿੰਡ ਧਨੇਰ ਚੋਂ ਔਰਤਾਂ ਨਿੱਤ ਮੋਰਚੇ ‘ਚ ਪੁੱਜਦੀਆਂ ਹਨ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੰਚਾਰਜ ਅਧਿਆਪਕ ਪਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਨਜੀਤ ਹਮੇਸ਼ਾ ਹੀ ਸਕੂਲੀ ਬੱਚੀਆਂ ਨੂੰ ਹੱਲਾਸ਼ੇਰੀ ਦੇਣ ਲਈ ਸਕੂਲ ਨਾਲ ਰਾਬਤੇ ਵਿੱਚ ਰਿਹਾ ਹੈ। ਉਹ ਸਕੂਲੀ ਬੱਚੀਆਂ ਲਈ ਆਦਰਸ਼ ਹੈ। ਪਿੰਡ ਧਨੇਰ ਦੀ ਮਹਿਲਾ ਸਰਪੰਚ ਵੀਰਪਾਲ ਕੌਰ ਆਖਦੀ ਹੈ ਕਿ ਪੂਰਾ ਪਿੰਡ ਮਨਜੀਤ ਖਾਤਰ ਇਕਜੁੱਟ ਹੈ ਅਤੇ ਪੰਚਾਇਤ ਦਾ ਪੂਰਾ ਸਹਿਯੋਗ ਹੈ। ਦੱਸਣਯੋਗ ਹੈ ਪਿੰਡ ਭਾਵੇਂ ਪਿੰਡ ਛੋਟਾ ਹੈ ਪ੍ਰੰਤੂ ਇਥੇ ਕਿਸਾਨ ਧਿਰਾਂ ਦਾ ਦਬਦਬਾ ਹੈ। ਛੋਟੇ ਬੱਚਿਆਂ ਨੂੰ ਸੰਘਰਸ਼ ਦੀ ਗੁੜ੍ਹਤੀ ਮਿਲ ਰਹੀ ਹੈ। ਇਸ ਪਿੰਡ ਦੇ ਨਿਆਣੇ ਵੀ ਸੰਘਰਸ਼ੀ ਨਾਅਰਿਆਂ ਤੋਂ ਵਾਕਿਫ਼ ਹਨ। ਸਕੂਲੀ ਬੱਚੇ ਵੀ ਸਵੈ ਭਰੋਸੇ ਨਾਲ ਭਰੇ ਹੋਏ ਹਨ। ਪਿੰਡ ਦੀਆਂ ਬਿਰਧ ਔਰਤਾਂ ਜੋ ਮੋਰਚੇ ਵਿੱਚ ਨਹੀਂ ਜਾ ਸਕੀਆਂ, ਉਹ ਵੀ ਮਨਜੀਤ ਲਈ ਸੁੱਖ ਮੰਗ ਰਹੀਆਂ ਹਨ। 
               ਮਨਜੀਤ ਧਨੇਰ ਦੀ ਨੂੰਹ ਦਵਿੰਦਰ ਕੌਰ ਨੂੰ ਪਿੰਡ ਦੀ ਕੋਈ ਔਰਤ ਜੁਆਬ ਨਹੀਂ ਦਿੰਦੀ ਜੋ ਹੁਣ ਬਰਨਾਲਾ ਸੰਘਰਸ਼ ਵਿੱਚ ਅੱਗੇ ਹੋ ਕੇ ਚੱਲੀ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਬਿਨਾਂ ਨਤੀਜੇ ਤੋਂ ਹੁਣ ਗੱਲ ਮੁੱਕੇਗੀ ਨਹੀਂ। ਪਿੰਡ ਧਨੇਰ ਦੇ ਬਜ਼ੁਰਗ ਕਾਹਨ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੀਆਂ ਧੀਆਂ ਭੈਣਾਂ ਦੇ ਪਰਿਵਾਰਕ ਮਾਮਲੇ ਮਨਜੀਤ ਨੇ ਕਦੇ ਪਿੰਡ ਦੀ ਜੂਹ ਨਹੀਂ ਟੱਪਣ ਦਿੱਤੇ। ਪਿੰਡ ਵਿੱਚ ਹੀ ਬਹੁਤੇ ਮਸਲੇ ਸੁਲਝਦੇ ਰਹੇ ਹਨ। ਕਿਸੇ ਨੇ ਕਦੇ ਵੀ ਮਨਜੀਤ ਨੂੰ ਆਵਾਜ਼ ਮਾਰੀ ਤਾਂ ਉਹ ਤੁਰੰਤ ਬਹੁੜਿਆ। ਮਨਜੀਤ ਕਰੀਬ 42 ਸਾਲ ਤੋਂ ਸੰਘਰਸ਼ੀ ਰਾਹ ‘ਤੇ ਚੱਲਿਆ ਹੋਇਆ ਹੈ। ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਸੰਘਰਸ਼ੀ ਧਿਰਾਂ ਦੀ ਤਾਕਤ ਜੇ ਹਾਕਮਾਂ ਨੇ ਨਾ ਪਛਾਣੀ ਤਾਂ ਇਹ ਉਨ੍ਹਾਂ ਦੀ ਵੱਡੀ ਭੁੱਲ ਹੋਵੇਗੀ।
                          ਚੰਡੀਗੜ੍ਹ ਲਈ ਪਿੰਡ ਧਨੇਰ ਹਾਲੇ ਦੂਰ
ਸਰਕਾਰ ਤਰਫ਼ੋਂ ਪਿੰਡ ਨਜ਼ਰਅੰਦਾਜ਼ ਹੈ। ਪਿੰਡ ਵਿਚ ਸਿਰਫ ਸਰਕਾਰੀ ਮਿਡਲ ਸਕੂਲ ਹੈ ਜੋ ਸਾਲ 1965 ਵਿੱਚ ਬਣਿਆ ਸੀ। 55 ਸਾਲਾਂ ਮਗਰੋਂ ਵੀ ਪਿੰਡ ਦਾ ਸਕੂਲ ਅਪਗਰੇਡ ਨਹੀਂ ਹੋ ਸਕਿਆ। ਪਿੰਡ ਦੀਆਂ ਕੁੜੀਆਂ ਨੇੜਲੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਜਾਂਦੀਆਂ ਹਨ। ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਹਾਲੇ ਤੱਕ ਕੋਈ ਸਿਹਤ ਸਹੂਲਤ ਨਹੀਂ ਪੁੱਜੀ। ਕਿਸਾਨ ਲਛਮਣ ਸਿੰਘ ਨੇ ਦੱਸਿਆ ਕਿ ਪੂਰਾ ਪਿੰਡ ਕਰਜ਼ੇ ਹੇਠ ਹੈ ਅਤੇ ਪਿਛਲੇ ਸਮੇਂ ਦੌਰਾਨ ਤਿੰਨ ਕਿਸਾਨ ਖੁਦਕੁਸ਼ੀ ਵੀ ਕਰ ਚੁੱਕੇ ਹਨ

Wednesday, October 9, 2019

                                                              ਧਨੇਰ ਮਾਮਲਾ
                        ਬਰਨਾਲੇ ਦੀ ਧਰਤੀ ਬਣੀ ਜੰਗ ਦਾ ਅਖਾੜਾ
                                                 ਚਰਨਜੀਤ ਭੁੱਲਰ
ਬਰਨਾਲਾ : ਬਰਨਾਲਾ ਦੀ ਧਰਤੀ ਮੁੜ ਜੰਗ ਦਾ ਅਖਾੜਾ ਬਣੀ ਹੈ। ਲੋਕ ਤਾਕਤ ਦੀ ਨੇਕੀ ਦਾ ਯੱਕ ਬੱਝਣ ਲੱਗਾ ਹੈ। ਦਸਹਿਰੇ ਦੇ ਮੌਕੇ ਜਰਵਾਣੇ ਇਕੱਠ ਨੇ ਅੱਜ ਮੁੱਕੇ ਤਣੇ। ਐਲਾਨ ਕੀਤਾ ਕਿ ਵਕਤ ਦੇ 'ਰਾਵਣਾਂ' ਖਿਲਾਫ ਜੰਗ ਜਾਰੀ ਰਹੇਗੀ। ਮਾਮਲਾ ਮਨਜੀਤ ਧਨੇਰ ਦੀ ਸਜ਼ਾ ਮੁਆਫੀ ਦਾ ਹੈ। ਠੀਕ 22 ਵਰੇ• ਪਹਿਲਾਂ ਮਹਿਲ ਕਲਾਂ ਤੋਂ ਉਦੋਂ ਲੋਕਾਂ ਦਾ ਤੂਫਾਨ ਉੱਠਿਆ ਜਦੋਂ ਅਰਹਰ ਦੇ ਖੇਤਾਂ ਚੋਂ ਕਿਰਨਜੀਤ ਕੌਰ ਲਾਸ਼ ਮਿਲੀ। ਬਰਨਾਲਾ ਖ਼ਿੱਤੇ 'ਚ ਉਦੋਂ ਕਰੀਬ ਪੰਜਾਹ ਦਿਨ ਨਾਅਰੇ ਗੂੰਜੇ। ਲੋਕ ਸੰਘਰਸ਼ ਨੇ ਇੱਕ ਜੰਗ ਜਿੱਤ ਲਈ ਸੀ ਜੋ ਸਮੇਂ ਦੇ ਰਾਵਣ ਨੂੰ ਹਜ਼ਮ ਨਾ ਹੋਈ। ਬਰਨਾਲਾ ਜੇਲ• ਦੇ ਅੰਦਰ ਮਨਜੀਤ ਧਨੇਰ ਬੰਦ ਹੈ ਜਿਸ ਦੇ ਨਿਆਂ ਲਈ ਜੇਲ• ਦੇ ਬਾਹਰ ਜਮਹੂਰੀ ਤਾਕਤ ਦਾ ਦੰਗਲ 30 ਸਤੰਬਰ ਤੋਂ ਜਾਰੀ ਹੈ। ਏਦਾਂ ਜਾਪਦਾ ਹੈ ਕਿ ਲੋਕ ਛੇਤੀ ਕਿਤੇ ਹੁਣ ਜਰਕਣ ਵਾਲੇ ਨਹੀਂ। 42 ਜਮਹੂਰੀ ਧਿਰਾਂ ਤੇ ਅਧਾਰਿਤ ਸੰਘਰਸ਼ ਕਮੇਟੀ ਕੋਲ ਇਸ ਦੀ ਅਗਵਾਈ ਹੈ। ਵੱਡਾ ਯੋਗਦਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਬੀ.ਕੇ.ਯੂ (ਉਗਰਾਹਾਂ) ਹੈ। ਸੰਘਰਸ਼ ਕਮੇਟੀ ਨੇ 20 ਸਤੰਬਰ ਤੋਂ 26 ਸਤੰਬਰ ਤੱਕ ਪਟਿਆਲਾ ਮੋਰਚਾ ਲਾਇਆ। ਪੰਜਾਬ ਸਰਕਾਰ ਨੂੰ ਮਨਜੀਤ ਧਨੇਰ ਦੀ ਸਜ਼ਾ ਮੁਆਫੀ ਦਾ ਕੇਸ ਰਾਜਪਾਲ ਪੰਜਾਬ ਕੋਲ ਭੇਜਣਾ ਪਿਆ।
            ਹੁਣ ਬਰਨਾਲਾ ਜੇਲ• ਅੱਗੇ ਰੋਜ਼ਾਨਾ ਵੱਡਾ ਇਕੱਠ ਜੁੜ ਰਿਹਾ ਹੈ। ਬੀਤੇ ਕੱਲ ਔਰਤਾਂ ਨੇ ਇਸ ਸੰਘਰਸ਼ ਨੂੰ ਮੋਢਾ ਦਿੱਤਾ। ਪੂਰੇ ਮਾਲਵੇ ਚੋਂ ਹੁਣ ਲੇਖਕ ਇਕੱਠੇ ਹੋ ਕੇ 14 ਅਕਤੂਬਰ ਨੂੰ ਬਰਨਾਲਾ ਪੁੱਜਣਗੇ। ਜਸਪਾਲ ਮਾਨਖੇੜਾ ਦਾ ਕਹਿਣਾ ਸੀ ਕਿ ਜਦੋਂ ਲੋਕ ਸੜਕਾਂ 'ਤੇ ਆ ਜਾਣ, ਫਿਰ ਲੇਖਕ ਘਰਾਂ 'ਚ ਕਿਵੇਂ ਬੈਠ ਸਕਦੇ ਹਨ। ਦੇਖਿਆ ਗਿਆ ਕਿ ਪਿੰਡਾਂ 'ਚ ਕਾਫੀ ਹਿਲਜੁਲ ਹੈ। ਸਾਉਣੀ ਦੀ ਫਸਲ ਪੱਕੀ ਹੈ, ਫਿਰ ਵੀ ਕਿਸਾਨਾਂ ਮਜ਼ਦੂਰਾਂ ਲਈ ਬਰਨਾਲਾ ਦੂਰ ਨਹੀਂ।ਲੋਕ ਸੰਘਰਸ਼ ਲੜਣੇ ਸੌਖੇ ਨਹੀਂ। ਬਰਨਾਲੇ 'ਚ ਲੋਕ ਜਜ਼ਬਾ ਹੁਣ ਦੇਖਣ ਵਾਲਾ ਹੈ। ਲੰਘੇ ਕੱਲ 150 ਪਿੰਡਾਂ ਚੋਂ ਪੇਂਡੂ ਔਰਤਾਂ ਪੁੱਜੀਆਂ। ਸਭਨਾਂ ਨੇ ਆਪੋ ਆਪਣੇ ਪਿੰਡਾਂ 'ਚ ਘਰੋਂ ਘਰੀ ਜਾ ਕੇ 10-10 ਰੁਪਏ ਇਕੱਠੇ ਕੀਤੇ। ਕਰੀਬ 20 ਹਜ਼ਾਰ ਰੁਪਏ ਸੰਘਰਸ਼ ਕਮੇਟੀ ਨੂੰ ਸੌਂਪ ਦਿੱਤੇ। ਦੋ ਦਿਨ ਪਹਿਲਾਂ ਮੁਲਾਜ਼ਮਾਂ ਦਾ ਇਕੱਠ ਜੁੜਿਆ। ਪੰਜਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਦਰਜਨਾਂ  ਵਲੰਟੀਅਰ ਸੰਘਰਸ਼ 'ਚ ਲੰਗਰ ਦੀ ਡਿਊਟੀ 'ਤੇ ਹਨ। ਮਨੀਲਾ ਤੋਂ ਭੁਪਿੰਦਰ ਮੂਮ ਨੇ 15 ਹਜ਼ਾਰ ਅਤੇ ਆਸਟਰੇਲੀਆ ਤੋਂ ਤਰਲੋਚਨ ਰਾਜੂ ਨੇ 10 ਹਜ਼ਾਰ ਦੀ ਰਾਸ਼ੀ ਇਸ ਸੰਘਰਸ਼ ਲਈ ਭੇਜੀ ਹੈ।
            ਖਨੌਰੀ ਤੋਂ ਵਿਦਿਆਰਥੀ ਜਥੇਬੰਦੀ ਦੇ ਕਾਰਕੁਨ ਅੱਜ ਤੜਕੇ ਤੋਂ ਪੁੱਜੇ ਹਨ। ਪਿੰਡਾਂ ਵਿਚੋਂ ਕਿਤੋਂ ਦੁੱਧ ਆ ਰਿਹਾ ਹੈ ਅਤੇ ਕਿਤੋਂ ਆਟਾ। ਇਸ ਲੋਕ ਸੰਘਰਸ਼ੀ ਮੋਰਚੇ 'ਤੇ 19 ਦਿਨਾਂ ਵਿਚ 3.27 ਕਰੋੜ ਦਾ ਖਰਚਾ ਆ ਚੁੱਕਾ ਹੈ। ਇਕੱਲੇ ਪਟਿਆਲਾ ਮੋਰਚੇ 'ਤੇ ਦੋ ਕਰੋੜ ਰੁਪਏ ਦਾ ਖਰਚ ਆਇਆ। ਹੁਣ ਬਰਨਾਲਾ 'ਚ ਰੋਜ਼ਾਨਾ ਤਿੰਨ ਲੱਖ ਰੁਪਏ ਦਾ ਖਰਚਾ ਹੈ। ਲੰਗਰ ਦਾ ਖਰਚਾ ਇਸ ਤੋਂ ਵੱਖਰਾ। ਪਟਿਆਲਾ ਮੋਰਚਾ 'ਚ ਰੋਜ਼ਾਨਾ 400 ਵਹੀਕਲ ਜਾਂਦੇ ਸਨ। ਕਈ ਜ਼ਿਲਿ•ਆਂ ਨੇ ਪ੍ਰਤੀ ਬੱਸ ਅੱਠ ਹਜ਼ਾਰ ਰੁਪਏ ਕਿਰਾਇਆ ਵੀ ਤਾਰਿਆ। ਲੰਗਰ ਦਾ ਕਰੀਬ ਇੱਕ ਲੱਖ ਰੁਪਏ ਰੋਜ਼ਾਨਾ ਦਾ ਖਰਚਾ ਆਇਆ। ਸੰਘਰਸ਼ ਕਮੇਟੀ ਅਨੁਸਾਰ ਪਟਿਆਲਾ ਮੋਰਚੇ ਵਿਚ ਰੋਜ਼ਾਨਾ 10 ਤੋਂ 15 ਕੁਇੰਟਲ ਆਟਾ ਪੱਕਦਾ ਰਿਹਾ ਹੈ।ਮਨਜੀਤ ਧਨੇਰ ਮਾਮਲੇ 'ਤੇ ਪ੍ਰਚਾਰ ਸਮੱਗਰੀ 'ਤੇ 4.50 ਲੱਖ ਰੁਪਏ ਦਾ ਖਰਚਾ ਆ ਚੁੱਕਾ ਹੈ। ਦੋ ਲੱਖ ਹੱਥ ਪਰਚਾ ਅਤੇ 50 ਹਜ਼ਾਰ ਵੱਡੇ ਇਸ਼ਤਿਹਾਰ ਛਪਵਾਏ ਗਏ। ਹੁਣ ਬਰਨਾਲਾ ਮੋਰਚੇ 'ਚ ਟੈਂਟ ਸਾਊਂਡ ਆਦਿ ਦਾ ਰੋਜ਼ਾਨਾ ਕਰੀਬ 50 ਹਜ਼ਾਰ ਅਤੇ 2.50 ਰੁਪਏ ਦਾ ਰੋਜ਼ਾਨਾ ਖਰਚਾ ਵਹੀਕਲਾਂ ਵਗੈਰਾ ਦਾ ਹੈ। ਬੀ.ਕੇ.ਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਜਦੋਂ ਸਿਰ ਧੜ ਦੀ ਲੱਗੀ ਹੋਵੇ ਤਾਂ ਫਿਰ ਖਰਚੇ ਕੋਈ ਮਾਅਨੇ ਨਹੀਂ ਰੱਖਦੇ। ਸੱਚ ਨੂੰ ਫਾਂਸੀ ਲੱਗਣ ਮੌਕੇ ਗਿਣਤੀ ਮਿਣਤੀ ਨਹੀਂ ਦੇਖੀ ਜਾਂਦੀ।
            ਜੇਲ• ਅੱਗੇ ਲੋਕ ਇਕੱਠ ਚੋਂ ਉੱਠਦੇ ਮੁੱਕਿਆਂ ਅਤੇ ਜਜ਼ਬੇ ਦਾ ਤਾਲਮੇਲ ਵੇਖ ਕੇ ਸੰਘਰਸ਼ ਕਮੇਟੀ ਨੂੰ ਵੀ ਜੋਸ਼ ਭਰਦਾ ਹੈ। ਖੁਫੀਆ ਵਿੰਗ ਵੀ ਚੰਡੀਗੜ• ਨੂੰ ਲੋਕ ਰੋਅ ਦੀ ਨਬਜ਼ ਤੋਂ ਰੋਜ਼ਾਨਾ ਜਾਣੂ ਕਰਾ ਰਿਹਾ ਹੈ। ਲੋਕ ਇਕੱਠ 'ਚ ਏਦਾਂ ਦੀਆਂ ਬਜ਼ੁਰਗ ਔਰਤਾਂ ਵੀ ਪੁੱਜੀਆਂ ਜਿਨ•ਾਂ ਦੇ ਹੱਥਾਂ ਵਿਚ ਬੈਠਣ ਲਈ ਪੀੜੀਆਂ ਸਨ। ਸੰਗਰੂਰ ਤੋਂ 70 ਸਾਲ ਤੋਂ ਉਪਰ ਦੀਆਂ ਔਰਤਾਂ ਪੁੱਜੀਆਂ। ਬਠਿੰਡਾ ਦੇ ਪਿੰਡ ਜੇਠੂਕੇ ਦੀ 90 ਸਾਲ ਦੀ ਬਜ਼ੁਰਗ ਔਰਤ ਦਲੀਪ ਕੌਰ ਵੀ ਧਨੇਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਆਈ। ਵੱਡੀ ਗੱਲ ਕਿ ਸੰਘਰਸ਼ੀ ਪਿੜ 'ਚ ਪੁੱਜਣ ਵਾਲੇ ਲੋਕ ਤਿਲ ਫੁਲ ਮਾਲੀ ਇਮਦਾਦ ਕੀਤੇ ਬਿਨਾਂ ਨਹੀਂ ਮੁੜਦੇ। ਰੋਜ਼ਾਨਾ ਸਟੇਜ ' ਤੇ 10 ਤੋਂ 15 ਹਜ਼ਾਰ ਰੁਪਏ ਇਕੱਠੇ ਹੋ ਜਾਂਦੇ ਹਨ। ਇੱਥੋਂ ਤੱਕ ਕਿ ਸਕੂਲੀ ਬੱਚੇ ਵੀ ਦਸ ਦਸ ਰੁਪਏ ਦਾ ਫੰਡ ਦੇ ਕੇ ਗਏ। ਰਾਹਗੀਰ ਤੇ ਮੁਲਾਜ਼ਮ ਵੀ ਹਿੱਸਾ ਪਾ ਰਹੇ ਹਨ।
            ਸੰਘਰਸ਼ ਕਮੇਟੀ ਦੇ ਮੈਂਬਰ ਨਰਾਇਣ ਦੱਤ ਦਾ ਪ੍ਰਤੀਕਰਮ ਸੀ ਕਿ ਸਮਾਜ ਦੇ ਹਰ ਤਬਕੇ ਦਾ ਇਸ ਸੰਘਰਸ਼ ਨਾਲ ਮਾਨਸਿਕ ਤੌਰ 'ਤੇ ਜੁੜਣਾ ਦੱਸਦਾ ਹੈ ਕਿ 'ਰਾਵਣਾਂ' ਦੇ ਦਿਨ ਪੁੱਗਣ ਦਾ ਵੇਲਾ ਆ ਗਿਆ ਹੈ। ਦੱਸ ਦੇਈਏ ਕਿ ਮਹਿਲ ਕਲਾਂ ਤੋਂ ਹੁਣ ਤੱਕ ਜੋ ਕਾਨੂੰਨੀ ਲੜਾਈ ਲੜੀ ਗਈ, ਉਸ 'ਤੇ ਕਰੀਬ 20 ਲੱਖ ਰੁਪਏ ਖਰਚ ਆ ਚੁੱਕੇ ਹਨ। ਹਾਲਾਂਕਿ ਲੋਕ ਪੱਖੀ ਸੋਚ ਵਾਲੇ ਬਹੁਤੇ ਵਕੀਲਾਂ ਲਈ ਫੀਸ ਤਰਜੀਹੀ ਨਹੀਂ ਸੀ। ਇਸ ਮੋਰਚੇ ਵਿਚ ਮਨਜੀਤ ਧਨੇਰ ਦੀ ਪਤਨੀ ਹਰਬੰਸ ਕੌਰ, ਲੜਕੀ ਦਵਿੰਦਰ ਕੌਰ ਅਤੇ ਨੂੰਹ ਪ੍ਰਦੀਪ ਕੌਰ ਮੋਹਰੀ ਹਨ।
                                     ਇੰਝ ਰਿਹਾ 22 ਸਾਲ ਦਾ ਸਫ਼ਰ..
ਕਾਲਜੋਂ ਵਾਪਸ ਆ ਰਹੀ ਕਿਰਨਜੀਤ ਕੌਰ ਨੂੰ 29 ਜੁਲਾਈ 1997 ਨੂੰ ਗੁੰਡਾ ਅਨਸਰਾਂ'ਤੇ ਅਗਵਾ ਕੀਤਾ ਤੇ ਸਮੂਹਿਕ ਜਬਰ ਜਿਨਾਹ ਕੀਤਾ। ਡੈਡ ਬਾਡੀ 11 ਅਗਸਤ ਨੂੰ ਮਿਲੀ ਤੇ ਪੁਲੀਸ ਨੇ 3 ਅਗਸਤ 1997 ਨੂੰ ਪਰਚਾ ਦਰਜ ਕੀਤਾ। ਅਦਾਲਤ ਨੇ ਇਸ ਮਾਮਲੇ 'ਚ 16 ਅਗਸਤ 2001 ਨੂੰ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਫਿਰ ਦੋਸ਼ੀ ਦਲੀਪ ਸਿੰਘ ਦਾ ਕਤਲ ਹੁੰਦਾ ਹੈ ਜਿਸ ਦੇ ਸਬੰਧ ਵਿਚ ਪੁਲੀਸ ਲੋਕ ਆਗੂ ਨਰਾਇਣ ਦੱਤ,ਪ੍ਰੇਮ ਕੁਮਾਰ ਤੇ ਮਨਜੀਤ ਧਨੇਰ 'ਤੇ ਧਾਰਾ 302 ਦਾ ਕੇਸ ਦਰਜ ਕਰਦੀ ਹੈ।  30 ਮਾਰਚ 2005 ਨੂੰ ਅਦਾਲਤ ਨੇ ਤਿੰਨੋ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਰਾਜਪਾਲ ਪੰਜਾਬ ਵੱਲੋਂ 24 ਜੁਲਾਈ 2007 ਨੂੰ ਤਿੰਨੋਂ ਆਗੂਆਂ ਦੀ ਸਜ਼ਾ ਮੁਆਫ ਕਰ ਦਿੱਤੀ। ਉਸ ਮਗਰੋਂ ਹਾਈਕੋਰਟ  ਨੇ 11 ਮਾਰਚ 2008 ਨੂੰ ਮਨਜੀਤ ਧਨੇਰ ਦੀ ਸਜ਼ਾ ਬਰਕਰਾਰ ਰੱਖਣ ਅਤੇ ਸਜ਼ਾ ਮੁਆਫੀ ਦਾ ਹੁਕਮ ਰੱਦ ਕਰਨ ਦਾ ਫੈਸਲਾ ਸੁਣਾਇਆ। ਮਗਰੋਂ ਸੁਪਰੀਮ ਕੋਰਟ ਨੇ 24 ਫਰਵਰੀ 2011 ਨੂੰ ਸਜ਼ਾ ਮੁਆਫੀ ਦਾ ਕੇਸ ਮੁੜ ਰਾਜਪਾਲ ਕੋਲ ਭੇਜਿਆ। ਸੁਪਰੀਮ ਕੋਰਟ ਨੇ 3 ਸਤੰਬਰ 2019 ਨੂੰ ਧਨੇਰ ਦੀ ਸਜ਼ਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ।
         

Sunday, October 6, 2019

                        ਵਿਚਲੀ ਗੱਲ
  ਬਾਪੂ ਸਾਡਾ ਰਾਜਾ, ਸੋਨੇ ਦਾ ਦਰਵਾਜ਼ਾ
                        ਚਰਨਜੀਤ ਭੁੱਲਰ
ਬਠਿੰਡਾ :  ਬਾਪੂ ਨੇ ਚਸ਼ਮਾ ਠੀਕ ਕੀਤਾ। ਘੁੱਟ ਪਾਣੀ ਦਾ ਪੀਤਾ, ਨਾਲੇ ਹੌਸਲਾ ਜੇਹਾ ਕੀਤਾ। ਫਿਰ ਯਮਰਾਜ ਬੋਲਿਆ ਭਰਿਆ ਪੀਤਾ। ਐ ਬਾਪੂ, ਤੈਂ ਨਹੀਂ ਜਾਣਾ ਹੁਣ ਮਾਤ ਲੋਕ ’ਚ। ਨਾਲੇ ਬਾਂਦਰਾਂ ਦਾ ਫਿਕਰ ਛੱਡ। ਕਿਤੇ ਬਣੀ ਨਬੇੜ ਰਹੇ ਹੋਣਗੇ। ਉਦੋਂ ਠਰ੍ਹੰਮੇ ਤੋਂ ਕੰਮ ਲੈਂਦਾ। ਅਖੇ, ਪਿਆਰੇ ਬਾਂਦਰੋ, ਤੁਸੀਂ ਜਾਓ ਤੇ ਲੁੱਟੋ ਬੁੱਲੇ। ਉਡੀਕ ਛੱਡੋ ਹੁਣ ਬਾਂਦਰਾਂ ਦੀ। ਤਾਹੀਂ ਮੁੜਨਗੇ ਜੇ ਅਗਲੇ ਛੱਡਣਗੇ। ਚੁੱਪ ਕਰਕੇ ਬੈਠੋ, ਰੇਡੀਓ ਸੁਣੋ। ਏਹ ਟਰੰਪ ਬੋਲ ਰਿਹੈ, ‘ਮੋਦੀ ਦੇਸ਼ ਦੇ ਬਾਪੂ ਨੇ’। ਬਜ਼ੁਰਗੋ, ਦੇਸ਼ ਨੂੰ ਨਵੇਂ ਬਾਪੂ ਮਿਲ ਗਏ ਨੇ। ਰਾਮ ਰਾਜ ਦਾ ਤਾਂ ਪਤਾ ਨਹੀਂ। ਬਾਪੂ ਦੇ ਤਿੰਨੋਂ ਬਾਂਦਰ ਗੁਆਚ ਗਏ ਨੇ। ਜਿਵੇਂ ਮੁਲਕ ਦਾ ਅਮਨ ਚੈਨ ਤੇ ਪੰਜਾਬ ਦਾ ਨਵਜੋਤ ਸਿੱਧੂ। ਗੁਆਚਿਆ ਤਾਂ ਅਮਰਿੰਦਰ ਵੀ ਹੈ। ਜ਼ਿਮਨੀ ਚੋਣਾਂ ਕਰਕੇ ਘਰੋਂ ਨਿਕਲੇ ਨੇ। ਤੁਸੀਂ ਭੁੱਲੇ ਤਾਂ ਨਹੀਂ ਤਿੰਨੇ ਬਾਂਦਰਾਂ ਨੂੰ। ਜੋ ਬਾਪੂ ਦਾ ਏਹ ਸੰਦੇਸ਼ ਦਿੰਦੇ ਸਨ; ‘ਬੁਰਾ ਮਤ ਦੇਖੋ, ਬੁਰਾ ਮਤ ਸੁਣੋ, ਬੁਰਾ ਮਤ ਬੋਲੋ।’ ਹੁਣ ਮਹਾਨ ਸਮਾਰੋਹਾਂ ’ਤੇ ਬਾਪੂ ਨੇ ਇੱਥੇ ਘੱਲੇ ਸਨ। ਅੱਗਿਓਂ ‘ਨਵਾਂ ਬਾਪੂ’ ਟੱਕਰ ਗਿਆ। ‘ਰਾਮ ਰਾਜ’ ਦੇਖ ਤਿੰਨੋਂ ਬਾਂਦਰ ਦਹਿਲ ਗਏ। ਕਿੱਧਰ ਗੁਆਚ ਗਏ, ਕੋਈ ਇਲਮ ਨਹੀਂ। ਬਾਪੂ, ਤੂੰ ਫਿਕਰ ਛੱਡ। ਮੁਲਕ ਦੇ ਨਵੇਂ ਬਾਪੂ ਦੇ ਰੰਗ ਦੇਖ। ਜੋ ਕਿਰਤ ਦੇ ਬਾਪੂ ਨੇ, ਉਨ੍ਹਾਂ ਨੂੰ ਹੁਣ ਕੌਣ ਪੁੱਛਦੈ।
                 ਸਵੱਛਤਾ ਸਮਾਰੋਹਾਂ ਦੇ ਜਸ਼ਨ ਹੁਣ ਖ਼ਤਮ। ਨਰਾਤਿਆਂ ਦੇ ਸਿਖਰ ’ਤੇ। ‘ਉੱਡਦੇ ਪੰਛੀ’ ਨੇ ਦੱਸਿਆ, ਤਿੰਨੋਂ ਬਾਂਦਰ ਗੁਜਰਾਤ ਪੁੱਜੇ ਸਨ। ਪ੍ਰਸਿੱਧ ਨਾਚ ‘ਗਰਬਾ’ ਵੇਖਣ। ਅੱਗੇ ਬਜਰੰਗ ਦਲ ਹੋਕਾ ਦੇ ਰਿਹਾ ਸੀ। ਕੋਈ ਗੈਰ ਹਿੰਦੂ ‘ਗਰਬਾ’ ਸਮਾਰੋਹਾਂ ’ਚ ਆਇਆ, ਆਪਣੀ ਭਲੀ ਵਿਚਾਰੇ। ‘ਆਧਾਰ ਕਾਰਡ’ ਪਹਿਲਾਂ ਵੇਖਾਂਗੇ। ਤਿੰਨੋਂ ਪੱਤਰੇ ਵਾਚ ਗਏ। ਆਧਾਰ ਵੀ ਨਹੀਂ ਸੀ, ਨਾਲੇ ਜਾਨ ਤਾਂ ਬਾਂਦਰਾਂ ਨੂੰ ਵੀ ਪਿਆਰੀ ਹੈ। ਦਮੋਂ ਦਮੀਂ ਹੋਏ ਮੱਧ ਪ੍ਰਦੇਸ਼ ਦੀ ਜੂਹ ’ਚ ਜਾ ਵੜੇ। ਭਾਜਪਾਈ ਐੱਮਪੀ ਜਨਾਰਦਨ ਮਿਸ਼ਰਾ ਦੀ ਸਮਰੱਥਾ ਦੇਖੋ। ‘ਜਿਉਂਦੇ ਨੂੰ ਧਰਤੀ ’ਚ ਗੱਡ ਦਿੰਦਾ ਹਾਂ।’ ਆਈਏਐੱਸ ਅਫ਼ਸਰ ਕੋਲ ਖੜ੍ਹਾ ਥਰ-ਥਰ ਕੰਬੇ। ਤਿੰਨੋਂ ਬਹਿ-ਬਹਿ ਕੇ ਨਿਕਲ ਗਏ। ਅੱਗੇ ਸਾਧਵੀ ਪ੍ਰਗਿਆ ਤਪੀ ਬੈਠੀ ਸੀ। ਨਰਾਤੇ ਨੇ ਭਾਈ, ‘ਸਪੀਕਰ ਵੀ ਵੱਜੂ ਤੇ ਡੀਜੇ ਵੀ।’ ਕੀ ਕਾਨੂੰਨ ਸਿਰਫ਼ ਹਿੰਦੂਆਂ ਲਈ ਨੇ..? ਪੁਲੀਸ ਦੀ ਹਿੰਮਤ ਐ, ਤਾਂ ਰੋਕੇ। ਭਲੀਏ ਲੋਕੇ, ਤੈਨੂੰ ‘ਨਵਾਂ ਬਾਪੂ’ ਨਹੀਂ ਰੋਕ ਸਕਿਆ। ਮੱਧ ਪ੍ਰਦੇਸ਼ ਪੁਲੀਸ ਦੀ ਕੀ ਮਜਾਲ। ਰੀਵਾ (ਮੱਧ ਪ੍ਰਦੇਸ਼) ਦੇ ‘ਬਾਪੂ ਭਵਨ’ ’ਚੋਂ ਹੁਣੇ ਅਸਥੀਆਂ ਚੋਰੀ ਹੋਈਆਂ ਨੇ। ਬਾਪੂ ਦੀ ਫੋਟੋ ਦਾ ਵੀ ਅਪਮਾਨ ਕੀਤੈ। ਚੁੱਪ ਹੁਣ ਪੁਲੀਸ ਨੇ ਨਹੀਂ ਬਹਿਣਾ। ਵਾਹ, ਯੋਗੀ ਦੀ ਪੁਲੀਸ ਦਾ ਵੀ ਕਿਆ ਕਹਿਣਾ। ਉਥੇ 50 ਹਸਤੀਆਂ ’ਤੇ ਪਰਚਾ ਦਰਜ ਕਰ ਦਿੱਤੈ ਦੇਸ਼ ਧਰੋਹ ਦਾ। ਨਵੇਂ ਬਾਪੂ ਨਾਲ ‘ਹਜੂਮੀ ਹਿੰਸਾ’ ’ਤੇ ਜ਼ੁਬਾਨ ਲੜਾਉਂਦੇ ਸੀ।
              ਡਾ. ਕਫੀਲ ਖਾਨ ਦੀ ਬੋਲਤੀ ਮੁੜ ਬੰਦ ਕੀਤੀ ਹੈ। ਕਫੀਲ ਵੀ ਨਵੇਂ ਬਾਪੂ ਨਾਲ ਖਹਿੰਦਾ ਸੀ। ਬਾਪੂ ਦੇ ਬਾਂਦਰ ਕੀ ਜਾਣਨ, ਕਿਰਤ ਦੇ ਬਾਪੂ ਖੇਤ ’ਚ, ਬੱਚੀਆਂ ਰੇਪ ’ਚ, ਕਿਵੇਂ ਫਸੀਆਂ ਨੇ। ਪੀੜਤਾ ਜੇਲ੍ਹ ’ਚ ਹੈ, ਮੁਲਜ਼ਮ ਚਿਨਮਯਾਨੰਦ ਹਸਪਤਾਲ ’ਚ। ਅੱਖਾਂ ਦੇ ਡਾਕਟਰ ਨੇ ਗੱਲ ਮੂੰਹ ’ਤੇ ਕਹੀ, ‘ਅਪਰੇਸ਼ਨ ਨਾਲ ਝਾਕਣੀ ’ਚ ਕੋਈ ਫਰਕ ਨਹੀਂ ਪੈਣਾ’ ਪਰ ਓਨਾਓਂ ਰੇਪ ਪੀੜਤਾ ਨੂੰ ਬਹੁਤ ਪਿਐ, ਦਿੱਲੀ ’ਚ ਕੋਈ ਕਮਰਾ ਦੇਣ ਨੂੰ ਤਿਆਰ ਨਹੀਂ। ਕੇਰਲ ’ਚ ਬੱਚੀ ਦੀ ਉਮਰ 12 ਸਾਲ, ਜਬਰ ਜਨਾਹ ਵਾਲੇ ਪੰਜਾਹ। ਉੜੀਸਾ ’ਚ ਹੁਣੇ ਛੇ ਬਜ਼ੁਰਗਾਂ ਨਾਲ ਜੱਗੋਂ ਤੇਰ੍ਹਵੀਂ ਹੋਈ। ਮਾਨਵ ਖੱਲ ਖਾਣ ਲਈ ਮਜਬੂਰ ਕੀਤਾ। ਬਾਕੀ ਕਸ਼ਮੀਰ ਨੂੰ ਪੁੱਛ ਕੇ ਦੇਖ ਲਓ। ਬਾਪੂ ਦੇ ਬਾਂਦਰ ਟਪੂਸੀ ’ਤੇ ਟਪੂਸੀ ਮਾਰ ਰਹੇ ਨੇ। ਕੋਈ ਵਾਹ ਨਹੀਂ ਚੱਲਦੀ। ਤਿੰਨੋਂ ਡਰੇ ਨੇ, ਅਖੇ ਉਪਰ ਬਾਪੂ ਨੂੰ ਕੀ ਮੂੰਹ ਵਿਖਾਵਾਂਗੇ। ਮੂੰਹ ਦਿਖਾਉਣ ਜੋਗਾ ਤਾਂ ਮੀਡੀਆ ਵੀ ਨਹੀਂ। ਬਹੁਤੇ ਨਵੇਂ ਬਾਪੂ ਦੇ ਉਪਾਸ਼ਕ ਬਣ ਗਏ, ਜੋ ਬਚ ਗਏ ਨੇ, ਉਹ ਸ਼ਿਕਾਰ ਬਣ ਗਏ। ਹੁਣੇ ਦਿੱਲੀ ਵਿਚ ‘ਭਾਰਤ ਦੇ ਖਾਮੋਸ਼ ਪੱਤਰਕਾਰ’ ਕਿਤਾਬ ਰਿਲੀਜ਼ ਹੋਈ ਹੈ। ਪੰਨੇ ਬੋਲਦੇ ਨੇ ਕਿ ਅਠਾਰਾਂ ਵਰ੍ਹਿਆਂ ’ਚ 65 ਪੱਤਰਕਾਰਾਂ ਦੀ ਹੱਤਿਆ ਹੋਈ। ਐੱਨਡੀਏ (ਵਾਜਪਾਈ ਤੇ ਮੋਦੀ ਕਾਰਜਕਾਲ) ਦੇ ਨੌਂ ਸਾਲਾਂ ’ਚ 37 ਮੀਡੀਆ ਕਰਮੀ ਮਾਰੇ ਗਏ। ਯੂਪੀਏ ਦੇ ਦਸ ਵਰ੍ਹਿਆਂ ’ਚ 28 ਪੱਤਰਕਾਰ ਮਾਰੇ ਗਏ।
               ਤਿੰਨੋਂ ਬਾਂਦਰ ਰਵੀਸ਼ ਕੁਮਾਰ ਦੀ ਸੁੱਖ ਮੰਗ ਰਹੇ ਹਨ, ਜਿਵੇਂ ਪੂਰਾ ਦੇਸ਼ ਡੋਲ ਰਹੇ ਅਰਥਚਾਰੇ ਦੀ। ਉਮਾ ਭਾਰਤੀ ਕੀ ਬੋਲੀ, ਸੁਣੋ ‘ਅਰਥ ਵਿਵਸਥਾ ਸਾਹ ਦੀ ਤਰ੍ਹਾਂ ਹੈ। ਉਪਰ ਹੇਠਾਂ ਹੁੰਦੀ ਰਹਿੰਦੀ ਹੈ, ਸਰੀਰ ਤਾਂ ਚੱਲ ਰਿਹੈ।’ਪੰਜਾਬ ਕਿਵੇਂ ਚੱਲ ਰਿਹੈ। ਕੋਈ ਆਖਦੈ, ਰੱਬ ਆਸਰੇ। ਬਾਪੂ ਨੇ ਸੋਟੀ ਚੁੱਕੀ ਤੇ ਫਿਰ ਉੱਠਿਐ। ਯਮਰਾਜ ਨੇ ਰੋਕਿਐ। ਤੇਰੇ ਵੱਸ ਦੀ ਗੱਲ ਨਹੀਂ। ਕਿਤੇ ਭੀੜ ਦੇ ਅੜਿੱਕੇ ਆ ਗਿਆ..! ਤਿੰਨੋਂ ਬਾਂਦਰ ਪਹਿਲਾਂ ਗੁਆ ਬੈਠੈ, ਚਸ਼ਮਾ ਵੀ ਨਹੀਂ ਲੱਭਣਾ। ਪਿਆਰੇ ਬਾਪੂ, ਅੌਹ ਸਾਹਮਣੇ ਥੜ੍ਹੇ ’ਤੇ ਬੈਠ ਜਾ, ਉਥੋਂ ਪੂਰਾ ਪੰਜਾਬ ਦਿਖਦੈ। ਧੰਨ ਨੇ ਕਿਰਤ ਦੇ ਬਾਪੂ। ਜਰਦੇ ਵੀ ਨੇ ਤੇ ਮਰਦੇ ਵੀ। ਪਿੰਡ ਬੂਲਾ ਰਾਏ (ਫਾਜ਼ਿਲਕਾ) ਦਾ ਬਾਪੂ ਸੰਤਾ ਸਿੰਘ। ਕਦੇ ਪਿਓ ਦਾਦੇ ਨੇ ਥਾਣੇ ਦਾ ਮੂੰਹ ਨਹੀਂ ਵੇਖਿਆ ਸੀ। ਕਰਜ਼ੇ ਨੇ ਜੇਲ੍ਹ ਵਿਖਾ ਦਿੱਤੀ। ਜੇਲ੍ਹ ਦੀ ਰੋਟੀ ਪਾਣੀ ਦਾ ਖਰਚਾ ਵੀ ਸੰਤਾ ਸਿੰਘ ਦੇ ਬੈਂਕ ਖਾਤੇ ’ਚ ਜੋੜ ਦਿੱਤਾ। ਖੁਦ ਨਜ਼ਰਾਂ ’ਚ ਡਿੱਗਿਆ। ਹੁਣ ਖੇਤਾਂ ’ਚ ਝੱਖੜ ਨਾਲ ਝੋਨਾ। ਏਹ ਅਨੋਖਾ ਦਸਤੂਰ ਹੈ। ਕਾਤਲ ਜੇਲ੍ਹ ਜਾਣ, ਰੋਟੀ ਦਾ ਖਰਚਾ ਸਰਕਾਰੀ। ਕਿਸਾਨ ਕਰਜ਼ੇ ’ਚ ਜੇਲ੍ਹ ਜਾਵੇ, ਮੁੱਲ ਦੀ ਰੋਟੀ ਮਿਲਦੀ ਹੈ। ਕਰਜ਼ੇ ਦਾ ਕੇਸ ਅਦਾਲਤ ਚਲਾ ਜਾਵੇ। ਕਿਸਾਨ ਆਪਣੇ ਵਕੀਲ ਦਾ ਹੀ ਨਹੀਂ, ਬੈਂਕ ਦੇ ਵਕੀਲ ਦਾ ਖਰਚਾ ਵੀ ਚੁੱਕਦੈ। ਖੇਤਾਂ ਦੇ ਬਾਪੂ ਦਾ ਸਿਰ ਐਵੇਂ ਗੰਜਾ ਨਹੀਂ ਹੋਇਆ।
                 ਉਸ ਬਾਪੂ ਦਾ ਵੀ ਧੰਨ ਜਿਗਰਾ, ਜਿਸ ਦੀ ਧੀ ਹਿੱਸੇ ਵਿਧਵਾ ਹੋਣਾ ਆਇਐ। ਗਿੱਦੜ (ਬਠਿੰਡਾ) ਦੀ ਵੀਰਾਂ ਕੌਰ, ਕਰਜ਼ ’ਚ ਪਤੀ ਖੁਦਕੁਸ਼ੀ ਕਰ ਗਿਆ। ਦਿਉਰ ਦੇ ਲੜ ਲਾਈ, ਉਹ ਵੀ ਖ਼ੁਦਕੁਸ਼ੀ ਕਰ ਗਿਆ। ਅਪਾਹਜ ਪੁੱਤ ਸਿਕੰਦਰ ਬੋਲਿਆ, ਮਾਂ ਹੁਣ ਝੱਲ ਨਹੀਂ ਹੋਣਾ। ਮਾਂ ਵੀਰਾਂ ਨੇ ਹੌਸਲਾ ਦਿੱਤਾ, ਨਾ ਪੁੱਤ ਨਾ, ਸਿਕੰਦਰ ਕਦੇ ਹਾਰਦੇ ਨਹੀਂ। ਪਿੰਡ ਸੈਦੇਵਾਲਾ (ਮਾਨਸਾ) ਦਾ ਬਾਪੂ ਦਾਰਾ ਸਿੰਘ। ਉਮਰ ਪੂਰੇ 86 ਸਾਲ। ਨਰੇਗਾ ਦੀ ਟੋਕਰੀ ਚੁੱਕੀ ਫਿਰਦੈ। ਇਵੇਂ ਦੇ ਪੰਜਾਬ ਦੇ 26 ਹਜ਼ਾਰ ਬਾਪੂ ਹਨ। ਅੱਸੀ ਸਾਲ ਤੋਂ ਵੱਡੇ। ਅਰਾਮ ਦੀ ਉਮਰੇ ਬੇਅਰਾਮ ਹਨ। ਮਚਾਕੀ ਕਲਾਂ (ਫਰੀਦਕੋਟ) ਦਾ 83 ਸਾਲ ਦਾ ਬਾਪੂ ਗੁਰਦੇਵ ਸਿੰਘ। ਉਮਰ ਦੇ ਆਖ਼ਰੀ ਮੋੜ ’ਤੇ ਕੈਂਸਰ ਨੇ ਢਾਹ ਲਿਆ। ਮੌੜ ਚੜ੍ਹਤ ਸਿੰਘ (ਬਠਿੰਡਾ) ਦਾ ਬਾਪੂ ਬਿਹਾਰਾ ਸਿੰਘ ਵੀ ਜਹਾਨੋਂ ਚਲਾ ਗਿਆ। ਪਹਿਲੋਂ ਪੈਲੀ ਦੇ ਰੋਸੇ ’ਚ ਦੋ ਪੁੱਤ ਚਲੇ, ਇੱਕ ਪੋਤਾ। ਮਾਲਵੇ ਦੇ ਕਿੰਨੇ ਬਾਪੂ ਭਾਖੜਾ ’ਤੇ ਜਾ ਬੈਠਦੇ ਨੇ। ਗੁਆਚੇ ਲਾਲ ਕੋਈ ਤਾਂ ਲੱਭੇ। ‘ਬੇਦਖਲੀ ਨੋਟਿਸ’ ਵੀ ਕੋਈ ਮਜਬੂਰ ਬਾਪ ਹੀ ਦੇ ਸਕਦੈ।
                ਮਾਂ-ਭੈਣ ਦੀ ਲੋਰੀ ਦਾ ਤਾਂ ਚੇਤਾ ਹੋਊ। ‘ਪਿਓ ਤੇਰਾ ਰਾਜਾ, ਸੋਨੇ ਦਾ ਦਰਵਾਜ਼ਾ, ਚਾਂਦੀ ਦੀਆਂ ਪੌੜੀਆਂ, ਸੱਤੇ ਭੈਣਾਂ ਗੋਰੀਆਂ।’ ਵੱਡੇ ਹੋਏ ਤਾਂ ਸੁਰਜੀਤ ਪਾਤਰ ਦੀ ਨਜ਼ਮ ਪ੍ਰਗਟ ਹੋ ਗਈ ‘ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ।’ ਬਾਪੂ ਨੂੰ ਆਪਣੇ ਬਾਂਦਰਾਂ ਦੀ ਚਿੰਤਾ ਹੈ। ‘ਪਰਲੋਕ ਮੁੜ ਆਉਣ, ਮੁੜ ਮਾਤ ਲੋਕ ਨਹੀਂ ਭੇਜਦਾ।’ ਸੂਹ ਮਿਲੀ ਹੈ ਕਿ ਤਿੰਨੋਂ ਬਾਂਦਰ ਕਸ਼ਮੀਰ ਚਲੇ ਗਏ ਨੇ। ਅੱਲਾ ਖੈਰ ਕਰੇ। ਛੱਜੂ ਰਾਮ ਬੁੜ ਬੁੜ ਕਰੀ ਜਾਂਦੈ, ਅਖੇ ਮੇਰੀ ਕੋਈ ਸੁਣਦੈ, ‘ਬਾਂਦਰ ਹੱਥ ਬੰਦੂਕ’ ਦਿਓਗੇ, ਫਿਰ ਇਵੇਂ ਹੋਊ। ਖੂੰਡਾ ਚੁੱਕੇ ਬਿਨਾਂ ਗੱਲ ਨਹੀਂ ਬਣਨੀ, ਦੇਸ਼ ਦੇ ਬਾਪੂ ਏਨੇ ਗਏ ਗੁਜ਼ਰੇ ਤਾਂ ਨਹੀਂ। ਯਮਰਾਜ ਦੇ ਰੇਡੀਓ ’ਤੇ ਗੀਤ ਵੱਜ ਰਿਹੈ, ‘ਕੱਢ ਦੇਊ ਤੇਰੀਆਂ ਰੜਕਾਂ, ਬਾਪੂ ਦਾ ਖੂੰਡਾ।’


Thursday, October 3, 2019

                      ਛੇ ਹਜ਼ਾਰੀ ਸਕੀਮ 
 ਪੰਜਾਬ ’ਚ ਔੜ, ਹਰਿਆਣਾ ’ਚ ਝੜੀ
                       ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਦੀ ‘ਛੇ ਹਜ਼ਾਰੀ ਸਕੀਮ’ ਦਾ ਮੋਘਾ ਹੁਣ ਹਰਿਆਣਾ ’ਚ ਖੁੱਲ੍ਹਾ ਹੈ ਜਦੋਂ ਕਿ ਪੰਜਾਬ ਨੂੰ ਔੜ ਝੱਲਣੀ ਪੈ ਰਹੀ ਹੈ। ਚੋਣਾਂ ਕਰਕੇ ਹਰਿਆਣਾ ਦੇ ਕਿਸਾਨਾਂ ਨੂੰ ਮੌਜ ਲੱਗੀ ਹੈ ਜਿਨ੍ਹਾਂ ਦੇ ਬੈਂਕ ਖਾਤਿਆਂ ’ਚ ਬਿਨਾਂ ਰੋਕ ਪੈਸਾ ਪੁੱਜ ਰਿਹਾ ਹੈ। ਇੱਧਰ, ਪੰਜਾਬ ਦੇ ਕਿਸਾਨ ਕੇਂਦਰ ਦੇ ਮੂੰਹ ਵੱਲ ਵੇਖ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਲੋਕ ਸਭਾ ਤੋਂ ਪਹਿਲਾਂ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਐਲਾਨੀ ਸੀ। ਇਸ ਕੇਂਦਰੀ ਸਕੀਮ ਤਹਿਤ ਕਿਸਾਨਾਂ ਨੂੰ ਸਲਾਨਾ ਛੇ ਹਜ਼ਾਰ ਰੁਪਏ ਤਿੰਨ ਕਿਸ਼ਤਾਂ ’ਚ ਦਿੱਤੇ ਜਾਣੇ ਹਨ। ਚੋਣਾਂ ਤੋਂ ਪਹਿਲਾਂ ਤਾਂ ਦੋ ਕਿਸ਼ਤਾਂ ਬਿਨਾਂ ਦੇਰੀ ਪੁੱਜ ਗਈਆਂ ਸਨ। ਲੋਕ ਸਭਾ ਚੋਣਾਂ ਮਗਰੋਂ ਇਸ ਸਕੀਮ ਦੀ ਤੀਸਰੀ ਕਿਸ਼ਤ ਨੂੰ ਬਰੇਕ ਲੱਗ ਗਈ।  ਵੇਰਵਿਆਂ ਅਨੁਸਾਰ ‘ਛੇ ਹਜ਼ਾਰੀ ਸਕੀਮ’ ਦੇ ਪੰਜਾਬ ਵਿਚ 14.79 ਲੱਖ ਅਤੇ ਹਰਿਆਣਾ ਵਿਚ 13.51 ਲੱਖ ਲਾਭਪਾਤਰੀ ਕਿਸਾਨ ਹਨ। ਕਿਸਾਨਾਂ ਨੂੰ ਇਸ ਸਕੀਮ ਤਹਿਤ ਪਹਿਲੀ ਅਗਸਤ ਤੋਂ ਤੀਜੀ ਕਿਸ਼ਤ ਮਿਲਣੀ ਸੀ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਇਸ ਸਕੀਮ ਦੀ ਤੀਜੀ ਕਿਸ਼ਤ ਸਿਰਫ਼ 16,243 ਕਿਸਾਨਾਂ ਨੂੰ ਮਿਲੀ ਹੈ ਜੋ ਕਿ ਸਿਰਫ਼ 1.09 ਫ਼ੀਸਦੀ ਬਣਦੀ ਹੈ।
               ਹਰਿਆਣਾ ’ਚ ਏਦਾ ਦਾ ਸੋਕਾ ਨਹੀਂ ਜਿਥੋਂ ਦੇ 6.93 ਲੱਖ ਕਿਸਾਨਾਂ ਨੂੰ ਤੀਜੀ ਕਿਸ਼ਤ ਵੀ ਮਿਲ ਚੁੱਕੀ ਹੈ ਜੋ ਕਿ 51.31 ਫ਼ੀਸਦੀ ਬਣਦੇ ਹਨ। ਦੇਸ਼ ਚੋਂ ਹਰਿਆਣਾ ਇਕਲੌਤਾ ਸੂਬਾ ਹੈ ਜਿਥੋਂ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਇਸ ਕੇਂਦਰੀ ਸਕੀਮ ਦੀ ਤੀਜੀ ਕਿਸ਼ਤ ਦੀ ਰਾਸ਼ੀ ਮਿਲੀ ਹੈ। ਪੰਜਾਬ ਵਿਚ ਇਵੇਂ ਦੇ 1.65 ਲੱਖ ਕਿਸਾਨ ਹਨ ਜਿਨ੍ਹਾਂ ਨੂੰ ਕੇਂਦਰੀ ਸਕੀਮ ਦੀ ਦੂਸਰੀ ਕਿਸ਼ਤ ਵੀ ਪ੍ਰਾਪਤ ਨਹੀਂ ਹੋਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕਾ ਬਠਿੰਡਾ (ਸਮੇਤ ਮਾਨਸਾ) ’ਚ ਇਸ ਸਕੀਮ ਦੇ ਕੁੱਲ 1.88 ਲੱਖ ਲਾਭਪਾਤਰੀ ਕਿਸਾਨ ਹਨ ਜਿਨ੍ਹਾਂ ਚੋਂ ਸਿਰਫ਼ 844 ਕਿਸਾਨਾਂ ਦੇ ਖਾਤਿਆਂ ਵਿਚ ਤੀਜੀ ਕਿਸ਼ਤ ਦੀ ਰਾਸ਼ੀ ਆਈ ਹੈ ਜੋ ਕਿ 0.44 ਫ਼ੀਸਦੀ ਬਣਦੀ ਹੈ। ਸਭ ਤੋਂ ਘੱਟ ਫਰੀਦਕੋਟ ਦੇ ਸਿਰਫ਼ 70 ਅਤੇ ਫਤਹਿਗੜ੍ਹ ਸਾਹਿਬ ਦੇ 72 ਕਿਸਾਨਾਂ ਨੂੰ ਤੀਸਰੀ ਕਿਸ਼ਤ ਪ੍ਰਾਪਤ ਹੋਈ ਹੈ। ਪੰਜਾਬ ’ਚ ਸਭ ਤੋਂ ਵੱਧ ਫਾਜ਼ਿਲਕਾ ਜ਼ਿਲ੍ਹੇ ਦੇ 3357 ਕਿਸਾਨਾਂ ਨੂੰ ਤੀਸਰੀ ਕਿਸ਼ਤ ਮਿਲੀ ਹੈ। ਬਰਨਾਲਾ ਜ਼ਿਲ੍ਹੇ ਦੇ 403 ਅਤੇ ਮੁਕਤਸਰ ਸਾਹਿਬ ਦੇ 177 ਕਿਸਾਨਾਂ ਕੋਲ ਇਹ ਤੀਜੀ ਕਿਸ਼ਤ ਪੁੱਜੀ ਹੈ।
        ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ 2019 ਨੂੰ ਇਸ ਸਕੀਮ ਦਾ ਉਦਘਾਟਨ ਕੀਤਾ ਸੀ। ਕੇਂਦਰੀ ਸਕੀਮ ਦੀ ਪਹਿਲੀ ਕਿਸ਼ਤ 31 ਮਾਰਚ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਸੀ। ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਹਿਰੀ ਭਾਗੀ ਦਾ ਕਹਿਣਾ ਸੀ ਕਿ ਕੇਂਦਰੀ ਸਕੀਮ ਦੀਆਂ ਦੋ ਕਿਸ਼ਤਾਂ ਸਮੇਂ ਸਿਰ ਖਾਤਿਆਂ ਵਿਚ ਪੁੱਜੀਆਂ ਸਨ ਪ੍ਰੰਤੂ ਹੁਣ ਤੀਸਰੀ ਕਿਸ਼ਤ ਦਾ ਪੈਂਡਾ ਲੰਮਾ ਹੋ ਗਿਆ ਹੈ। ਕਿਸਾਨ ਸਹਿਕਾਰੀ ਮੁਲਾਜ਼ਮਾਂ ਕੋਲ ਗੇੜੇ ਮਾਰ ਰਹੇ ਹਨ। ਉਨ੍ਹਾਂ ਆਖਿਆ ਕਿ ਨਵੇਂ ਕਿਸਾਨ ਜੋ ਇਸ ਸਕੀਮ ਦੇ ਮੈਂਬਰ ਬਣਨੇ ਸਨ, ਉਸ ਦਾ ਕੰਮ ਠੰਡੇ ਬਸਤੇ ਵਿਚ ਪਿਆ ਹੈ ਅਤੇ ਪੰਜਾਬ ਸਰਕਾਰ ਵੀ ਕੋਈ ਸਰਗਰਮੀ ਨਹੀਂ ਦਿਖਾ ਰਹੀ ਹੈ।  ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ ਦੇ 14.79 ਲੱਖ ਕਿਸਾਨਾਂ ਚੋਂ 14.60 ਲੱਖ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੀ ਰਾਸ਼ੀ ਮਿਲੀ ਹੈ ਜਦੋਂ ਕਿ 13.14 ਲੱਖ ਕਿਸਾਨਾਂ ਨੂੰ ਦੂਸਰੀ ਕਿਸ਼ਤ ਪ੍ਰਾਪਤ ਹੋਈ ਹੈ।
              ਪੰਜਾਬ ਦੇ ਕਿਸਾਨਾਂ ਨੂੰ ਤੀਸਰੀ ਕਿਸ਼ਤ ਵਜੋਂ ਹੁਣ ਤੱਕ 3.24 ਲੱਖ ਰੁਪਏ ਪ੍ਰਾਪਤ ਹੋਏ ਹਨ ਜਦੋਂ ਕਿ ਹਰਿਆਣਾ ਦੇ ਕਿਸਾਨਾਂ ਨੂੰ ਤੀਜੀ ਕਿਸ਼ਤ ਦੇ 138.67 ਕਰੋੜ ਰੁਪਏ ਖਾਤਿਆਂ ਵਿਚ ਪੈ ਗਏ ਹਨ। ਪੰਜਾਬ ਦੇ ਕਿਸਾਨਾਂ ਨੂੰ ਇਸ ਸਕੀਮ ਤਹਿਤ ਸਲਾਨਾ 887 ਕਰੋੜ ਰੁਪਏ ਮਿਲਨੇ ਹਨ ਜਦੋਂ ਕਿ ਹਰਿਆਣਾ ਦੇ ਕਿਸਾਨਾਂ ਨੂੰ 410 ਕਰੋੜ ਰੁਪਏ ਪ੍ਰਾਪਤ ਹੋਣੇ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਕੇਂਦਰੀ ਸਕੀਮ ਸਿਆਸੀ ਰੰਗ ਤੋਂ ਮੁਕਤ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਪੰਜਾਬ ਨਾਲ ਕਾਣੀ ਵੰਡ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਕਿ ਕੇਂਦਰ ਬਿਨਾਂ ਵਿਤਕਰੇ ਤੋਂ ਪੰਜਾਬ ਦੇ ਕਿਸਾਨਾਂ ਨੂੰ ਕੇਂਦਰੀ ਸਕੀਮ ਦੀ ਤੀਜੀ ਕਿਸ਼ਤ ਫੌਰੀ ਜਾਰੀ ਕਰੇ।
                        ‘ਕਮਲ’ ਵਾਲੇ ਸੂਬੇ ਅੱਗੇ ਨਿਕਲੇ
ਦੂਸਰੇ ਸੂਬਿਆਂ ’ਤੇ ਨਜ਼ਰ ਮਾਰੀਏ ਤਾਂ ਗੁਜਰਾਤ ਦੇ 30.87 ਫੀਸਦੀ ਕਿਸਾਨਾਂ ਅਤੇ ਉੱਤਰ ਪ੍ਰਦੇਸ਼ ਦੇ 25.17 ਫੀਸਦੀ ਕਿਸਾਨਾਂ ਨੂੰ ਇਸ ਸਕੀਮ ਦੀ ਤੀਜੀ ਕਿਸ਼ਤ ਦਾ ਪੈਸਾ ਮਿਲ ਚੁੱਕਾ ਹੈ। ਛੋਟੇ ਸੂਬਿਆਂ ਨੂੰ ਵੀ ਇਹ ਪੈਸਾ ਨਹੀਂ ਮਿਲਿਆ ਹੈ। ਦਿੱਲੀ ਦੇ 11,385 ਕਿਸਾਨ ਹਨ ਜਿਨ੍ਹਾਂ ਨੂੰ ਤੀਜੀ ਕਿਸ਼ਤ ਨਹੀਂ ਮਿਲੀ। ਹੈਰਾਨੀ ਵਾਲੇ ਤੱਥ ਹਨ ਕਿ ਪੱਛਮੀ ਬੰਗਾਲ ਵਿਚ ਇਸ ਕੇਂਦਰੀ ਸਕੀਮ ਦਾ ਇੱਕ ਵੀ ਲਾਭਪਾਤਰੀ ਕਿਸਾਨ ਨਹੀਂ ਹੈ। ਮੱਧ ਪ੍ਰਦੇਸ਼ ਦੀ ਹਾਲਤ ਪੰਜਾਬ ਨਾਲੋਂ ਮਾੜੀ ਹੈ ਜਿਥੇ 37.65 ਲੱਖ ਕਿਸਾਨਾਂ ਚੋਂ ਸਿਰਫ਼ 26 ਕਿਸਾਨਾਂ ਨੂੰ ਤੀਜੀ ਕਿਸ਼ਤ ਮਿਲੀ ਹੈ।
                             ਅਦਾਇਗੀ ਕੇਂਦਰ ਨੇ ਕਰਨੀ ਹੈ : ਪੰਨੂ
ਖੇਤੀ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਦੀ ਤੀਜੀ ਕਿਸ਼ਤ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਣੀ ਹੈ ਅਤੇ ਹੁਣ ਇਸ ’ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਲਾਭਪਾਤਰੀਆਂ ਦਾ ਅੰਕੜਾ ਕੇਂਦਰ ਨੂੰ ਮੁਹੱਈਆ ਕਰਾ ਦਿੱਤਾ ਹੈ ਅਤੇ ਨਵੇਂ ਕਿਸਾਨਾਂ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। ਅਦਾਇਗੀ ਦਾ ਕੰਮ ਹੁਣ ਪੂਰੀ ਤਰ੍ਹਾਂ ਕੇਂਦਰ ਦੇ ਹੱਥ ਹੈ।