Showing posts with label Diwali. Show all posts
Showing posts with label Diwali. Show all posts

Wednesday, October 30, 2024

                                                            ਅੰਨਦਾਤਾ
                                  ਦੁੱਖਾਂ ਦਾ ਤੇਲ,ਗਮਾਂ ਦੇ ਦੀਵੇ.! 
                                                         ਚਰਨਜੀਤ ਭੁੱਲਰ    

ਚੰਡੀਗੜ੍ਹ : ਐਤਕੀਂ ਕਿਸਾਨਾਂ ਦੇ ਘਰਾਂ ’ਚ ਦੁੱਖਾਂ ਦੇ ਦੀਪ ਬਲਣਗੇ। ਇਸ ਖੁਸ਼ੀ ਦੇ ਤਿਉਹਾਰ ਮੌਕੇ ਕਿਸਾਨ ਮੰਡੀਆਂ ’ਚ ਬੈਠਾ ਹੈ। ਕਿਸਾਨ ਇਸ ਗੱਲੋਂ ਔਖ ’ਚ ਹੈ ਕਿ ਉਨ੍ਹਾਂ ਨੂੰ ਫਸਲ ਵੇਚਣ ਲਈ ਖੱਜਲ ਹੋਣਾ ਪੈ ਰਿਹਾ ਹੈ, ਉਪਰੋਂ ਝੋਨੇ ਦਾ ਝਾੜ ਦਸ ਫੀਸਦੀ ਤੱਕ ਘੱਟ ਗਿਆ ਹੈ। ਇੱਕ ’ਤੇ ਇੱਕ ਬਿਪਤਾ ਸਿਰ ’ਤੇ ਹੈ, ਹਾੜ੍ਹੀ ਦੀ ਫਸਲ ਲਈ ਡੀਏਪੀ ਮਿਲੇਗੀ ਜਾਂ ਨਹੀਂ, ਇਸ ਸੁਆਲ ਨੇ ਵੀ ਕਿਸਾਨਾਂ ਦਾ ਚੈਨ ਖੋਹ ਲਿਆ ਹੈ। ਬਠਿੰਡਾ ਦੇ ਪਿੰਡ ਮਲਕਾਣਾ ਦਾ ਕਿਸਾਨ ਗੁਰਮੇਲ ਸਿੰਘ ਆਖਦਾ ਹੈ ਕਿ ਨਮੀ ਦਾ ਬਹਾਨਾ ਲਾ ਕੇ ਫਸਲ ਦੀ ਢੇਰੀ ਵੱਲ ਕੋਈ ਮੂੰਹ ਨਹੀਂ ਕਰ ਰਿਹਾ ਹੈ, ਗਰਮੀ ਕਰਕੇ ਨਿਕਲੇ ਘੱਟ ਝਾੜ ਨੇ ਰਗੜਾ ਲਾ ਕੇ ਰੱਖ ਦਿੱਤਾ ਹੈ। ਉਹ ਆਖਦਾ ਹੈ ਕਿ ਡੀਏਪੀ ਨਾ ਸਹਿਕਾਰੀ ਸਭਾ ਚੋਂ ਮਿਲ ਰਿਹਾ ਹੈ ਅਤੇ ਨਾ ਹੀ ਬਾਜ਼ਾਰ ਚੋਂ, ਸਾਡੀ ਕਾਹਦੀ ਦੀਵਾਲੀ। ਪਿੰਡ ਗੌਂਸਪੁਰਾ ਦਾ ਕਿਸਾਨ ਰਜਿੰਦਰ ਸਿੰਘ ਫਸਲ ਦੀ ਵਿਕਰੀ ਲਈ ਮੰਡੀ ਵਿਚ ਬੈਠਾ ਹੈ। ਉਸ ਦੀ ਦੀਵਾਲੀ ਇਸ ਵਾਰ ਮੰਡੀ ਵਿਚ ਹੀ ਨਿਕਲੇਗੀ। 

         ਭਦੌੜ ਦਾ ਆੜ੍ਹਤੀਆ ਕੇਵਲ ਸਿੰਘ ਆਖਦਾ ਹੈ ਕਿ ਕਈ ਵਰਿ੍ਹਆਂ ਮਗਰੋਂ ਏਦਾਂ ਦੇ ਹਾਲਾਤ ਬਣੇ ਹਨ ਕਿ ਤਿੱਥ ਤਿਉਹਾਰ ਵਾਲੇ ਮੌਕੇ ਵੀ ਕਿਸਾਨ ਮੰਡੀਆਂ ਵਿਚ ਰਾਤਾਂ ਕੱਟਣਗੇ। ਖੇਤੀਬਾੜੀ ਵਿਭਾਗ ਦੇ ਮੁਢਲੇ ਮੁਲਾਂਕਣ ਤੋਂ ਪਤਾ ਲੱਗਿਆ ਹੈ ਕਿ ਫਸਲ ਦਾ ਝਾੜ 67 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਘਟ ਕੇ 64 ਕੁਇੰਟਲ ਪ੍ਰਤੀ ਹੈਕਟੇਅਰ ਰਹਿ ਗਿਆ ਹੈ।ਝੋਨੇ ਦੇ ਝਾੜ ’ਚ ਕਟੌਤੀ ਹੋਣ ਕਰਕੇ ਪ੍ਰਤੀ ਹੈਕਟੇਅਰ ਪਿਛੇ ਕਿਸਾਨਾਂ ਨੂੰ 6960 ਰੁਪਏ ਦਾ ਨੁਕਸਾਨ ਹੋਵੇਗਾ। ਹਾਲਾਂਕਿ ਝਾੜ ਬਾਰੇ ਖੇਤੀ ਮਹਿਕਮੇ ਦੀ ਆਖਰੀ ਰਿਪੋਰਟ ਪੰਦਰਵਾੜੇ ਤੋਂ ਬਾਅਦ ਵਿਚ ਆਵੇਗੀ। ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਮਹਿਕਮੇ ਵੱਲੋਂ ਇਸ ਵਾਰ ਪ੍ਰਤੀ ਹੈਕਟੇਅਰ ਪਿਛੇ ਝੋਨੇ ਦੀ ਝਾੜ ਵਿਚ 3 ਕੁਇੰਟਲ ਦੀ ਕਮੀ ਦੇਖਣ ਨੂੰ ਮਿਲੀ ਹੈ। ਭਗਤਾ ਭਾਈਕਾ ਦੇ ਆੜ੍ਹਤੀਏ ਰਾਜਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੀ.ਆਰ.126 ਅਤੇ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਦੇ ਕਾਸ਼ਤਕਾਰਾਂ ਨੂੰ ਫਸਲ ਵੇਚਣ ਵਿਚ ਵੱਡੇ ਅੜਿੱਕੇ ਖੜ੍ਹੇ ਹੋਏ ਹਨ। 

          ਮਾਨਸਾ ਦੇ ਪਿੰਡ ਗੁਰਨੇ ਕਲਾਂ ਦਾ ਕਿਸਾਨ ਦਰਸ਼ਨ ਸਿੰਘ ਆਖਦਾ ਹੈ ਕਿ ਕਿਸਾਨ ’ਤੇ ਇੱਕੋ ਵੇਲੇ ਕਈ ਮੁਸੀਬਤਾਂ ਪੈ ਗਈਆਂ ਹਨ ਜਿਸ ਕਰਕੇ ਕਿਸਾਨ ਘਰਾਂ ’ਚ ਦੀਵਾਲੀ ਦੇ ਰੰਗ ਐਤਕੀਂ ਫਿੱਕੇ ਹੀ ਰਹਿਣਗੇ। ਇਸੇ ਜ਼ਿਲ੍ਹੇ ਦੇ ਪਿੰਡ ਸੰਘਾ ਦਾ ਕਿਸਾਨ ਗੁਰਮੀਤ ਸਿੰਘ ਦੱਸਦਾ ਹੈ ਕਿ ਸਤੰਬਰ-ਅਕਤੂਬਰ ਮਹੀਨੇ ਵਿਚ ਗਰਮੀ ਘਟੀ ਨਹੀਂ ਜਿਸ ਕਰਕੇ ਪ੍ਰਤੀ ਏਕੜ ਪਿਛੇ ਪੰਜ ਮਣ ਝਾੜ ਘੱਟ ਨਿਕਲ ਰਿਹਾ ਹੈ। ਮੁਕਤਸਰ ਦੇ ਪਿੰਡ ਕੋਟਲੀ ਦੇਵਨ ਦਾ ਕਿਸਾਨ ਯਾਦਵਿੰਦਰ ਸਿੰਘ ਆਖਦਾ ਹੈ ਕਿ ਪੀਆਰ 126 ਅਤੇ ਹਾਈਬ੍ਰਿਡ ਕਿਸਮਾਂ ਦਾ ਝਾੜ ਚੰਗਾ ਹੈ ਪ੍ਰੰਤੂ ਇਨ੍ਹਾਂ ਦੀ ਵੇਚ ਵੱਟਤ ’ਤੇ ਕੱਟ ਲੱਗ ਰਿਹਾ ਹੈ। ਇੰਜ ਜਾਪਦਾ ਹੈ ਕਿ ਅਕਤੂਬਰ ਤੇ ਨਵੰਬਰ ਦਾ ਮਹੀਨਾ ਕਿਸਾਨ ਸੰਕਟਾਂ ਦੀ ਵਲਗਣ ਤੋਂ ਨਿਕਲਣੇ ਔਖੇ ਹਨ।ਪੁਆਧ ਦੇ ਕਿਸਾਨਾਂ ਤੋਂ ਪਤਾ ਲੱਗਿਆ ਹੈ ਕਿ ਉਹ ਪ੍ਰਤੀ ਕੁਇੰਟਲ 200 ਰੁਪਏ ਦਾ ਘਾਟਾ ਪਾ ਕੇ ਫਸਲ ਵੇਚ ਰਹੇ ਹਨ ਕਿਉਂਕਿ ਪੁਆਧ ਦੇ ਖਿੱਤੇ ਵਿਚ ਹਾਈਬ੍ਰਿਡ ਕਿਸਮਾਂ ਦੀ ਜ਼ਿਆਦਾ ਬਿਜਾਂਦ ਹੋਈ ਹੈ।                                                                                      

           ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਝੋਨੇ ਦਾ ਝਾੜ ਚਾਰ ਕੁਇੰਟਲ ਤੱਕ ਘਟਣ ਕਰਕੇ ਕਿਸਾਨਾਂ ਨੂੰ ਵਿੱਤੀ ਸੱਟ ਵੱਜੀ ਹੈ।ਕਿਸਾਨ ਆਗੂ ਆਖਦੇ ਹਨ ਕਿ ਫਸਲਾਂ ਦੀ ਖਰੀਦ ਵਿਚ ਅੜਿੱਕੇ ਪੈਣ ਕਰਕੇ ਕਣਕ ਦੀ ਬਿਜਾਈ ਪਛੜ ਰਹੀ ਹੈ ਅਤੇ ਕਿਸਾਨ ਹੁਣ ਇਸ ਲੇਟ ਦੇ ਖੱਪੇ ਨੂੰ ਭਰਨ ਵਾਸਤੇ ਮਜਬੂਰੀ ਵੱਸ ਪਰਾਲੀ ਨੂੰ ਅੱਗਾਂ ਵੀ ਲਾਉਣਗੇ ਪ੍ਰੰਤੂ ਸਰਕਾਰ ਨੇ ਪਹਿਲਾਂ ਹੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਚੰਗੀ ਗੱਲ ਇਹ ਵੀ ਹੈ ਕਿ ਹੁਣ ਤੱਕ ਅੱਗਾਂ ਦੇ ਕੇਸਾਂ ਵਿਚ 50 ਫੀਸਦੀ ਕਮੀ ਆਈ ਹੈ। ਪੰਜਾਬ ਵਿਚ ਇਸ ਵਾਰ ਝੋਨੇ ਹੇਠ 32.43 ਲੱਖ ਹੈਕਟੇਅਰ ਰਕਬਾ ਹੈ ਜਿਸ ਚੋਂ 6.80 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਹੈ ਜਦੋਂ ਕਿ ਬਾਕੀ ਦੇ ਰਕਬੇ ਚੋਂ 40 ਫੀਸਦੀ ’ਚ ਪੀਆਰ 126 ਅਤੇ ਹਾਈਬ੍ਰਿਡ ਕਿਸਮਾਂ ਦਾ ਝੋਨਾ ਹੈ। 

                                40 ਫੀਸਦੀ ਫਸਲ ਦੀ ਲਿਫਟਿੰਗ

ਮੰਡੀਆਂ ਚੋਂ ਹਾਲੇ ਤੱਕ 40 ਫੀਸਦੀ ਫਸਲ ਦੀ ਹੀ ਲਿਫਟਿੰਗ ਹੋਈ ਹੈ। ਲਿਫਟਿੰਗ ਨੇ ਰਫਤਾਰ ਤਾਂ ਫੜੀ ਹੈ ਪ੍ਰੰਤੂ ਫਸਲ ਦੀ ਆਮਦ ਅੱਜ ਇੱਕੋ ਦਿਨ ’ਚ 6.22 ਲੱਖ ਐੱਮਟੀ ਹੋ ਗਈ ਹੈ। ਮੰਡੀਆਂ ਵਿਚ ਹੁਣ ਤੱਕ ਕੁੱਲ 75.82 ਲੱਖ ਮੀਟਰਿਕ ਟਨ ਝੋਨਾ ਆਇਆ ਹੈ ਜਿਸ ਚੋਂ 70.53 ਲੱਖ ਮੀਟਰਿਕ ਝੋਨਾ ਵਿਕਿਆ ਹੈ। ਵਿਕੇ ਝੋਨੇ ਚੋਂ 28.49 ਲੱਖ ਮੀਟਰਿਕ ਟਨ ਦੀ ਲਿਫਟਿੰਗ ਹੋਈ ਹੈ। ਮੰਡੀਆਂ ਵਿਚ ਕਰੀਬ 5.29 ਲੱਖ ਮੀਟਰਿਕ ਟਨ ਫਸਲ ਅਣਵਿਕੀ ਪਈ ਹੈ। 


Thursday, November 4, 2021

                                               ਹਨੇਰ ਸਾਈਂ ਦਾ
                          ਤੁਸਾਂ ਦੀਪ ਬੁਝਾਏ ,ਅਸੀਂ ਮਸ਼ਾਲਾਂ ਬਾਲਾਂਗੇ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ :  ਜਿਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ, ਉਨ੍ਹਾਂ ਘਰਾਂ ’ਚ ਹੁਣ ਰੋਹ ਦੀ ਮਸ਼ਾਲ ਬਲਣ ਲੱਗੀ ਹੈ| ਵਰ੍ਹੇ ਤੋਂ ਚੱਲ ਰਹੇ ਕਿਸਾਨ ਘੋਲ ’ਚ ਸ਼ਹਾਦਤਾਂ ਦੇਣ ਵਾਲੇ ਘਰਾਂ ’ਚ ਐਤਕੀਂ ਦੀਵਾਲੀ ’ਤੇੇ ਦੀਪ ਨਹੀਂ ਬਲਣਗੇ| ਹਕੂਮਤ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਦੀ ਹਿੱਕ ’ਤੇ ਜੋ ਦੀਵਾ ਬਾਲਿਆ ਹੈ, ਉਨ੍ਹਾਂ ਖ਼ਿਲਾਫ਼ ਕਿਸਾਨਾਂ ਨੇ ਹੱਥਾਂ ਵਿਚ ਸੰਘਰਸ਼ੀ ਮਸ਼ਾਲ ਚੁੱਕ ਹੇਕ ਲਾਈ ਹੈ| ਜਦੋਂ ਤੱਕ ਸੱਤਾ ਦਾ ਹਨੇਰ ਦੂਰ ਨਹੀਂ ਹੁੰਦਾ, ਉਨ੍ਹਾਂ ਦੇ ਮੁੱਕੇ ਢਿੱਲੇ ਨਹੀਂ ਪੈਣਗੇ, ਨਾਅਰਿਆਂ ਦਾ ਜੋਸ਼ ਸੁੱਤਿਆਂ ਨੂੰ ਜਗਾਏਗਾ, ਹਨੇਰਾ ਦੂਰ ਕਰ ਕੇ ਹੀ ਦਿੱਲੀਓਂ ਘਰਾਂ ਨੂੰ ਪਰਤਾਂਗੇ|ਜ਼ਿਲ੍ਹਾ ਮਾਨਸਾ ਦੇ ਖੀਵਾ ਦਿਆਲੂਵਾਲਾ ਦੀ ਅਮਰਜੀਤ ਕੌਰ ਕਿਸਾਨ ਘੋਲ ’ਚ ਜਾਨ ਗੁਆ ਬੈਠੀ ਹੈ| ਪਰਿਵਾਰ ਆਖਦਾ ਹੈ ਕਿ ‘ਕਿਸੇ ਨੇ ਦੇਸ਼ ਭਗਤੀ ਪਰਖਣੀ ਹੈ ਤਾਂ ਸਾਡੇ ਘਰ ਆਓ’| ਦਿੱਲੀ ਵਿਚ ਟਿੱਪਰ ਦੇ ਦਰੜੇ ਜਾਣ ਕਰ ਕੇ ਅਮਰਜੀਤ ਕੌਰ ਅਤੇ ਇਸ ਪਿੰਡ ਦੀਆਂ ਦੋ ਔਰਤਾਂ ਦੀ ਜਾਨ ਚਲੀ ਗਈ| ਅਮਰਜੀਤ ਕੌਰ ਦਾ ਪਤੀ ਹਰਜੀਤ ਸਿੰਘ 26 ਸਾਲ ਪਹਿਲਾਂ ਖੇਤਾਂ ਵਿਚ ਸੱਪ ਦੇ ਡੱਸਣ ਕਾਰਨ ਮੌਤ ਦੇ ਮੂੰਹ ਜਾ ਪਿਆ| 

              ਅਮਰਜੀਤ ਕੌਰ ਦਾ ਲੜਕਾ ਫ਼ੌਜ ’ਚ ਤਾਇਨਾਤ ਹੈ ਜਦੋਂਕਿ ਉਸ ਦਾ ਦਿਓਰ ਫ਼ੌਜੀ ਗੁਰਚਰਨ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ| ਅਮਰਜੀਤ ਕੌਰ ਦੀ ਲੜਕੀ ਲਖਵਿੰਦਰ ਕੌਰ ਆਖਦੀ ਹੈ ਕਿ ‘ਸਾਡੇ ਪਰਿਵਾਰ ਨੇ ‘ਜੈ ਕਿਸਾਨ ਜੈ ਜਵਾਨ’ ਦੇ ਨਾਅਰੇ ’ਤੇ ਪਹਿਰਾ ਦਿੱਤਾ, ਤਿੰਨ ਜੀਅ ਗੁਆ ਲਏ, ਹੁਣ ਕਿਵੇਂ ਦੀਵਾਲੀ ਦੇ ਦੀਵੇ ਬਾਲੀਏ|’ ਮੋਗਾ ਦੇ ਪਿੰਡ ਰੌਲੀ ਦਾ ਕਿਸਾਨ ਦਰਸ਼ਨ ਸਿੰਘ ਕਿਸਾਨ ਘੋਲ ਦੇ ਆਪਣੀ ਜਾਨ ਲੇਖੇ ਲਾ ਗਿਆ| ਲੜਕਾ ਕਰਮਜੀਤ ਸਿੰਘ ਆਖਦਾ ਹੈ ਕਿ ਕੋਈ ਦੀਵਾਲੀ ਵੀ ਸੁੱਖ ਦਾ ਸੁਨੇਹਾ ਨਹੀਂ ਬਣੀ ਹੈ| ਸੰਗਰੂਰ ਦੇ ਪਿੰਡ ਗੰਢੂਆਂ ਦਾ ਕਿਸਾਨ ਜਾਗਰ ਸਿੰਘ ਪਹਿਲਾਂ ਮੌਤ ਦੇ ਮੂੰਹ ਜਾ ਪਿਆ ਅਤੇ ਸੰਘਰਸ਼ ਦੌਰਾਨ ਉਸ ਦੀ ਪਤਨੀ ਮਹਿੰਦਰ ਕੌਰ ਵੀ ਸ਼ਹਾਦਤ ਦੇ ਗਈ| ਲੜਕਾ ਅਜੈਬ ਸਿੰਘ ਆਖਦਾ ਹੈ ਕਿ ‘ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ’ਚ ਤਾਂ ਇਸ ਵਾਰ ਦੀਵਾਲੀ ’ਤੇ ਦੁੱਖਾਂ ਦੀ ਦੀਵੇ ਹੀ ਬਲਣਗੇ| 

              ਪਿੰਡ ਜੇਠੂਕੇ ਦੇ ਦੋ ਕਿਸਾਨ ਇਸ ਹਫ਼ਤੇ ਕਿਸਾਨ ਸੰਘਰਸ਼ ਦੇ ਲੇਖੇ ਲੱਗ ਗਏ, ਉਨ੍ਹਾਂ ਦੇ ਸਿਵੇ ਵੀ ਹਾਲੇ ਠੰਢੇ ਨਹੀਂ ਹੋਏ, ਪਰਿਵਾਰਾਂ ਦਾ ਰੋਹ ਹੀ ਦੀਵਾਲੀ ’ਤੇ ਬਲੇਗਾ| ਰਹਿੰਦੀ ਕਸਰ ਐਤਕੀਂ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਨੇ ਕੱਢ ਦਿੱਤੀ| ਕਰੀਬ 10 ਕਿਸਾਨ ਤਬਾਹ ਫ਼ਸਲ ਨੂੰ ਦੇਖ ਕੇ ਖ਼ੁਦਕੁਸ਼ੀ ਕਰ ਗਏ| ਮਾਨਸਾ ਦੇ ਪਿੰਡ ਘੁਦੂਵਾਲਾ ਵਿਚ ਅਣਹੋਣੀ ਵਾਪਰੀ ਜਿਸ ਕਰ ਕੇ ਪੂਰੇ ਪਿੰਡ ਲਈ ਐਤਕੀਂ ਦੀਵਾਲੀ ਸੁੰਨੀ ਰਹੇਗੀ| ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕਰ ਦਿੱਤੀ ਤਾਂ ਕਿਸਾਨ ਦਰਸ਼ਨ ਸਿੰਘ ਖ਼ੁਦਕੁਸ਼ੀ ਕਰ ਗਿਆ| ਜਦੋਂ ਕੁਝ ਅਰਸਾ ਪਹਿਲਾਂ ਅਮਰੀਕਨ ਸੁੰਡੀ ਨੇ ਉਨ੍ਹਾਂ ਦੀ ਫ਼ਸਲ ਬਰਬਾਦ ਕਰ ਦਿੱਤੀ ਸੀ ਤਾਂ ਉਦੋਂ ਦਰਸ਼ਨ ਸਿੰਘ ਦਾ ਭਰਾ ਸੁਖਪਾਲ ਸਿੰਘ ਖ਼ੁਦਕੁਸ਼ੀ ਕਰ ਗਿਆ ਸੀ| ਬਾਪ ਆਖਦਾ ਹੈ ਕਿ ਸੁੰਡੀਆਂ ਨੇ ਹੀ ਘਰ ਦਾ ਦੀਵਾ ਬੁਝਾ ਦਿੱਤਾ ਹੈ, ਉਹ ਦੀਵਾਲੀ ਕਿਵੇਂ ਮਨਾਉਣ| ਏਦਾਂ ਦੀ ਕਹਾਣੀ ਬਹੁਤੇ ਘਰਾਂ ਦੀ ਹੈ|

             ਲਖੀਮਪੁਰ ਖੀਰੀ (ਯੂਪੀ) ’ਚ ਜਿਨ੍ਹਾਂ ਚਾਰ ਕਿਸਾਨਾਂ ਨੂੰ ਹਕੂਮਤੀ ਜੀਪ ਨੇ ਦਰੜਿਆ, ਉਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ‘ਏਸ ਘੋਲ ਦੀ ਤਾਸੀਰ ਏਨੀ ਠੰਢੀ ਨਹੀਂ ਕਿ ਚੁੱਪ ਬੈਠ ਜਾਵਾਂਗੇ|’ ਲਖੀਮਪੁਰ ਦੇ ਪਿੰਡ ਮੋਹਰਨੀਆਂ ਦਾ ਜਵਾਨ ਪੁੱਤ ਗੁਰਵਿੰਦਰ ਸਿੰਘ ਵੀ ਲਖੀਮਪੁਰ ਕਾਂਡ ਵਿਚ ਜਾਨ ਤੋਂ ਹੱਥ ਧੋ ਬੈਠਾ| ਬਾਪ ਸੁਖਵਿੰਦਰ ਸਿੰਘ ਆਖਦਾ ਹੈ ਕਿ ਸ਼ਹਾਦਤਾਂ ਨੂੰ ਅਜਾਈਂ ਨਹੀਂ ਜਾਣ ਦਿਆਂਗੇ, ਜਿਨ੍ਹਾਂ ਨੇ ਘਰਾਂ ਦੇ ਦੀਪ ਬੁਝਾ ਦਿੱਤੇ, ਉਨ੍ਹਾਂ ਖ਼ਿਲਾਫ਼ ਮਸ਼ਾਲ ਚੁੱਕ ਤੁਰਾਂਗੇ| ਪਿੰਡ ਵਣਜਾਹਨ ਦਾ ਦਲਜੀਤ ਸਿੰਘ ਵੀ ਜੀਪ ਕਾਂਡ ’ਚ ਸ਼ਹਾਦਤ ਦੇ ਗਿਆ| ਭਰਾ ਜਗਜੀਤ ਸਿੰਘ ਆਖਦਾ ਹੈ ਕਿ ਕਿਵੇਂ ਬਨੇਰਿਆਂ ’ਤੇ ਦੀਵੇ ਰੱਖੀਏ| ਉਨ੍ਹਾਂ ਕਿਹਾ ਕਿ ਹਕੂਮਤੀ ਸਾਈਂ ਦੇ ਹਨੇਰ ਨੂੰ ਦੂਰ ਕਰ ਕੇ ਦਮ ਲਵਾਂਗੇ| ਕਿਸਾਨ ਘੋਲ ਵਿਚ ਬੈਠੇ ਕਿਸਾਨਾਂ ਦਾ ਪ੍ਰਣ ਹੈ ਕਿ ਉਹ ਦਿੱਲੀ ਦੀ ਸਰਹੱਦ ’ਤੇ ਹੀ ਦੀਵਾਲੀ ਮਨਾਉਣਗੇ| ਕਿਸਾਨ ਪਰਿਵਾਰਾਂ ਨੂੰ ਖੇਤੀ ਕਾਨੂੰਨਾਂ ਦਾ ਵੱਡਾ ਝੋਰਾ ਜ਼ਰੂਰ ਹੈ ਪਰ ਉਨ੍ਹਾਂ ਦੇ ਹੌਸਲੇ ਹਾਲੇ ਵੀ ਲਟ ਲਟ ਬਲ ਰਹੇ ਹਨ|

Sunday, October 27, 2019

                         ਵਿਚਲੀ ਗੱਲ
              ਮਸ਼ਾਲਾਂ ਬਾਲ ਕੇ ਚੱਲੋ..!
                         ਚਰਨਜੀਤ ਭੁੱਲਰ
ਬਠਿੰਡਾ: ਮੌਸਮ ਦਾ ਮਿਜ਼ਾਜ ਕਿਹੋ ਜੇਹਾ ਹੈ, ਕੋਈ ਫਰਕ ਨਹੀਂ ਪੈਂਦਾ। ਵਰੋਲੇ ਚੱਲਦੇ ਨੇ, ਝੱਖੜ ਵਰ੍ਹਦੇ ਨੇ, ਚਾਹੇ ਸੁਨਾਮੀ ਵੀ ਹੋਵੇ। ਮਸ਼ਾਲਾਂ ਬਾਲ ਕੇ ਜੋ ਨਿਕਲੇ ਨੇ, ਉਹ ਮੌਸਮ ਨਹੀਂ ਵੇਖਦੇ। ਉਨ੍ਹਾਂ ਬਿਨਾਂ ਗੱਲੋਂ ਮੱਥਾ ਹਨੇਰੇ ਨਾਲ ਨਹੀਂ ਲਾਇਐ। ਜਦੋਂ ਨਫ਼ਰਤ ਦੇ ਹੋਲਸੇਲ ਬਾਜ਼ਾਰ ਸਜ ਜਾਣ, ਹਾਕਮ ਮੰਜਾ ਕੁੰਭਕਰਨ ਕੋਲ ਡਾਹ ਲੈਣ, ਕੂੜ ਕੁਤਬ ਮੀਨਾਰ ਬਣ ਜਾਏ ਅਤੇ ਸਿਆਸੀ ਸਾਧ ਧੂਣੀ ’ਤੇ ਬੈਠ ਜਾਣ ਤਾਂ ਫਿਰ ਤੂਫਾਨਾਂ ਦੀ ਅੜੀ ਭੰਨਣ ਲਈ ਮਲਾਹਾਂ ਨੂੰ ਉਠਣਾ ਪੈਂਦੈ। ਮਿੱਟੀ ਦੇ ਦੀਵੇ ਨੇ, ਬਾਵੇ ਨਹੀਂ। ਸੋਚਾਂ ਦਾ ਘਿਉ, ਸੂਝ ਦੀ ਬੱਤੀ, ਲਟ ਲਟ ਬਲਦੀ ਐ ਤੇ ਪੱਲਾ ਮਾਰ ਕੇ ਏਹ ਬੁੱਝਣੀ ਨਹੀਂ। ਪਵਿੱਤਰ ਤਿਉਹਾਰ ਹੈ, ਮੌਕਾ ਅੱਜ ਸ਼ੁੱਭ ਹੈ। ਤੁਹਾਨੂੰ ਢੇਰ ਸਾਰੀ ਮੁਬਾਰਕ, ਦੀਵਾਲੀ ਤੇ ਬੰਦੀ ਛੋੜ ਦਿਵਸ ਦੀ। ਸ਼ੁਰੂਆਤ ਇੱਕ ਗਜ਼ਲ ਦੇ ਬੋਲਾਂ ਤੋਂ। ਬੋਲ ਲਿਖੇ ਨੇ ਗੁਰਤੇਜ ਕੋਹਾਰਵਾਲਾ ਨੇ, ‘ਹਨੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ, ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ।’ ਦੀਵਾਲੀ ਮੌਕੇ ਗੱਲ ਅੱਜ ਕਰਾਂਗੇ, ਜਗਦੇ ਦੀਵਿਆਂ ਦੀ, ਬਲਦੀਆਂ ਮਸ਼ਾਲਾਂ ਦੀ। ਜੋ ਧਰਵਾਸ ਦਿੰਦੇ ਹਨ, ਪੰਜਾਬ ਦੇ ਬੁਝ ਰਹੇ ਨੈਣਾਂ ਨੂੰ। ਦਿਲਾਂ ਦੇ ਖ਼ਜ਼ਾਨਾ ਮੰਤਰੀ ਨੇ, ਏਹ ਲੱਛਮੀ ਨਹੀਂ ਉਡੀਕਦੇ। ਦਮਦਮਾ ਸਾਹਿਬ ਦੀ ਧਰਤ ਨੂੰ ਪ੍ਰਣਾਮ ਜਿੱਥੋਂ ਦਾ ਰੁਪਿੰਦਰਜੀਤ ਘਰੋਂ ਨਿਕਲਿਐ। ਹੱਥ ’ਚ ਦੀਵਾ ਹੈ, ਮਨ ’ਚ ਛੁਪੇ ਰਹਿਣ ਦੀ ਚਾਹ। ਮਹਿਕਮਾ ਖੁਰਾਕ ਤੇ ਸਪਲਾਈ ਤੇ ਰੁਤਬਾ ਇੰਸਪੈਕਟਰ ਦਾ ਹੈ।
                  ਕਿਰਤ ਦਾ ਪੱਲਾ ਫੜਿਐ, ਮੁੜਕਾ ਖੇਤਾਂ ’ਚ ਵਹਾਇਆ। ਦਿਮਾਗ ਏਨਾ ਉਪਜਾਊ, ਨੌਕਰੀ ਸਲਾਮ ਕਰਦੀ ਐ। ਜਜ਼ਬਾਤੀ ਹੈ ਤੇ ਜਨੂੰਨੀ ਵੀ। ਆਸਮਾਂ ਨਾਲ ਜਬਰ-ਜਨਾਹ ਹੋਇਆ। ਸਿਰ ਫੜ ਕੇ ਰੋਣ ਲੱਗ ਪਿਆ। ਹਸਪਤਾਲ ’ਚ ਇੱਕ ਗਰੀਬ ਲੜਕੀ ਬੇਵੱਸ ਦੇਖੀ। ਮਾਪਿਆਂ ਦੇ ਹੱਥ ਖਾਲੀ, ਡਾਕਟਰ ਛੁੱਟੀ ਨਾ ਦੇਵੇ। ਚੁੱਪ ਚੁਪੀਤੇ ਰੁਪਿੰਦਰ ਗਿਆ, ਡਾਕਟਰ ਨੂੰ ਪੈਸੇ ਫੜਾਏ। ਵਾਰਸਾਂ ਨੂੰ ਏਹ ਆਖ ਤੁਰ ਗਿਐ, ਥੋਡਾ ਬਿੱਲ ਡਾਕਟਰ ਨੇ ਮੁਆਫ਼ ਕਰ ਦਿੱਤਾ। ‘ਚਿੱਟੇ’ ਖ਼ਿਲਾਫ਼ ਨਿੱਤਰੇ ਇੱਕ ਮਿੱਤਰ ਦਾ ਬਾਪ ਤੁਰ ਗਿਆ। ਦੁੱਖ ’ਚ ਹਾਜ਼ਰ ਹੋਇਆ, ਏਟੀਐੱਮ ਕਾਰਡ ਕੱਢਿਆ, ਬਿਨਾਂ ਦੱਸੇ ਮਿੱਤਰ ਦੀ ਜੇਬ ’ਚ ਪਾ ਆਇਆ। ਸਰਕਾਰੀ ਡਿਊਟੀ ’ਚ ਵੀ ਖ਼ਰਾ ਹੈ। ਖਿਡਾਰੀ ਮੁੰਡੇ ਫਲਾਂ ’ਤੇ ਲਾ ਦਿੱਤੇ ਨੇ। ਰੇਹੜੀ ਵਾਲਾ ਫਲ ਖੁਆਉਂਦਾ, ਗੁਪਤਦਾਨ ਰੁਪਿੰਦਰ ਕਰਦੈ। ਖਿਡਾਰੀ ਆਖਦੇ ਨੇ.. ਰੇਹੜੀ ਵਾਲਾ ਮੁਫ਼ਤ ਸੇਵਾ ਕਰਦੈ। ਹੁਣ ਤਸਕਰਾਂ ਦੀ ਅੱਖ ’ਚ ਰੜਕਦੈ। ਜ਼ਿੱਦ ਜਵਾਨੀ ਨੂੰ ‘ਚਿੱਟਾ’ ਛੁਡਾਉਣ ਦੀ ਹੈ। ਕਿੰਨੇ ਘਰਾਂ ’ਚ ਸੱਥਰ ਵਿਛਣੋਂ ਬਚ ਗਏ। ਊਰੀ ਵਾਂਗੂ ਘੁੰਮ ਰਿਹੈ। ਲੋਕ ਆਖਦੇ ਨੇ ‘ਪਤਾ ਨਹੀਂ ਕਿਸ ਮਿੱਟੀ ਦਾ ਬਣਿਐ।’ ਰੁਪਿੰਦਰ ਆਖਦੈ ‘ਪੁੰਨ ਤੇ ਬੀਜ ਨੰਗੇ ਉਪਜਦੇ ਨਹੀਂ।’ 150 ਨਸ਼ੇੜੀ ਮੁੰਡਿਆਂ ਦਾ ਇਲਾਜ ਕਰਾ ਚੁੱਕੈ। ਸਾਰਾ ਖਰਚਾ ਪੱਲਿਓਂ ਝੱਲਦੈ, ਮੁੰਡਿਆਂ ਨੂੰ ਕਹਿੰਦੈ, ਡਾਕਟਰ ਬਾਹਲਾ ਚੰਗੈ, ਮੁਫ਼ਤ ਦਵਾਈ ਦਿੰਦੈ।
                ਅੌਹ ਦੇਖੋ.. ਫਿਰੋਜ਼ਪੁਰ ’ਚ ਵੀ ਇੱਕ ਦੀਵਾ ਬਲ ਰਿਹੈ, ਹਵਾ ਦਾ ਵੀ ਜ਼ੋਰ ਨਹੀਂ ਚੱਲਿਆ। ਪਿੰਡ ਕੋਟਲਾ ਖੁਰਦ ਦਾ ਪਟਵਾਰੀ ਗੁਰਮੇਜ ਸਿੰਘ ਵਹਿਣ ਦੇ ਉਲਟ ਚੱਲਿਐ, ਇਮਾਨ ’ਤੇ ਪਹਿਰਾ ਦਿੰਦੈ। ਜਦੋਂ ਕੋਈ ਜਿਮੀਂਦਾਰ ‘ਸੇਵਾ ਪਾਣੀ’ ਪੁੱਛਦੈ ਇੱਕੋ ਗੱਲ ਆਖਦੈ, ਸੇਵਾ ਪਾਣੀ ਸਰਕਾਰ ਦਿੰਦੀ ਐ। ਗਲਤ ਕੰਮ ਤੋਂ ਨਾਂਹ ਕੀਤੀ। ਨੇਤਾ ਜੀ ਨੇ ਬਦਲੀ ਕਰਾ ’ਤੀ। ਪੂਰਾ ਪਿੰਡ ਅੜ ਗਿਆ। ਮੁਜ਼ਾਹਰੇ ਕਰਕੇ ਪਟਵਾਰੀ ਮੁੜ ਪਿੰਡ ਲਿਆਂਦਾ। ਪਤਨੀ ਅਮਨਦੀਪ ਨੇ ਕਦੇ ਨਹੀਂ ਕਿਹਾ ‘ਤੂੰ ਕਾਹਦਾ ਪਟਵਾਰੀ’। ਸਗੋਂ ਚੌਕਸ ਕਰਦੀ ਹੈ, ‘ਧੱਬੇ ਤੋਂ ਬਚ ਕੇ’। ਲੁਧਿਆਣੇ ਦੇ ਪਿੰਡ ਘਵੱਦੀ ਜਾਵੋ। ਪੇਂਡੂ ਸਿਹਤ ਡਿਸਪੈਂਸਰੀ ਜ਼ਰੂਰ ਦੇਖਿਓ। ਕਮਾਲ ਦਾ ਡਾਕਟਰ ਐ। ਪਿੰਡ ਵਾਲੇ ਜੱਫਾ ਮਾਰੀ ਬੈਠੇ ਨੇ, ਅਖੇ ਬਦਲੀ ਨਹੀਂ ਹੋਣ ਦੇਣੀ। ਕੇਰਾਂ ਸਰਕਾਰ ਪੰਗਾ ਲੈ ਬੈਠੀ। ਲੋਕਾਂ ਨੇ ਚੰਡੀਗੜ੍ਹ ਨੀਵਾਂ ਕਰ ’ਤਾ, ਡਾਕਟਰ ਪਿੰਡ ਲਿਆ ਕੇ ਸਾਹ ਲਿਆ। ਡਾ. ਅਮਿਤ ਅਰੋੜਾ ਲਈ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਦੌਲਤ ਹੈ। ਦੋ ਵਾਰ ਡਿਸਪੈਂਸਰੀ ਨੂੰ ਝੰਡੀ ਮਿਲੀ। ਬਾਕੀ ਪੰਜਾਬ ਪਿੱਛੇ। ਮਹੀਨੇ ’ਚ ਹਜ਼ਾਰ ਮਰੀਜ਼ ਆਉਂਦੇ ਨੇ। ਉਸ ਤੋਂ ਵੱਧ ਵਿਦੇਸ਼ੋਂ ਪੈਸਾ ਆਉਂਦੈ। ਐੱਨਆਰਆਈ ਤੋਟ ਨਹੀਂ ਪੈਣ ਦਿੰਦੇ। ਸਾਲਾਨਾ 180 ਦੇ ਕਰੀਬ ਜਣੇਪੇ ਹੁੰਦੇ ਨੇ। ਲੋਕ ਸਹੁੰ ਖਾਂਦੇ ਨੇ ਡਾ. ਅਰੋੜਾ ਦੀ। ਪੈਸੇ ਤੋਂ ਵੱਡੀ ਅਸੀਸ ਨੂੰ ਮੰਨਦੈ।
               ਦੀਵਿਆਂ ਦਾ ਇਹ ਚਾਨਣ ਹਾਕਮਾਂ ਦੀਆਂ ਅੱਖਾਂ ਭੰਨਦਾ ਹੈ। ਸੁਰਜੀਤ ਪਾਤਰ ਲਿਖਦੈ ‘ਕੀ ਦਿਸਿਆ ਇਹਨਾਂ ਦੀ ਲੋਏ, ਤੁਸੀਂ ਹਜ਼ੂਰ ਖ਼ਫ਼ਾ ਕਿਉਂ ਹੋਏ, ਮਾਰ ਕੇ ਫੂਕ ਬੁਝਾ ਕਿਉਂ ਦਿੱਤੇ, ਦੁੱਖ ਦੀ ਜੋਤ, ਦਾਸ ਦੇ ਦੀਵੇ।’ ਜੋਸ਼ ਅਧਿਆਪਕ ਅਜੇ ਕੁਮਾਰ ਦਾ ਵੀ ਘੱਟ ਨਹੀਂ ਛਲਕਿਆ। ਜ਼ੀਰੋ ਲਾਈਨ ਦੇ ਐਨ ਨੇੜੇ ਪ੍ਰਾਇਮਰੀ ਸਕੂਲ ਪੈਂਦੈ। ਪਠਾਨਕੋਟ ਦਾ ਪਿੰਡ ਸਿੰਬਲ, ਦਰਿਆ ਤੋਂ ਪਾਰ। ਪਹਿਲੋਂ ਕਿਸ਼ਤੀ ਨਾਲ ਦਰਿਆ ਪਾਰ ਕਰਦੈ, ਫਿਰ ਕਿਲੋਮੀਟਰ ਲੰਮਾ ਜੰਗਲੀ ਰਸਤਾ। ਸਕੂਲ ਦੀ ਕਾਇਆ ਪਲਟ ਦਿੱਤੀ ਹੈ। ਏਨਾ ਸਿਰੜ ਤੇ ਬੱਚਿਆਂ ਨਾਲ ਮੋਹ। ਬਦਲੀ ਹੋਈ, ਨਾਰਾਜ਼ ਹੋਇਆ ਪੂਰਾ ਪਿੰਡ। ਬੱਚਿਆਂ ਖਾਤਰ ਮਹੀਨੇ ’ਚ ਦੋ ਦਿਨ ਹੁਣ ਸਿੰਬਲ ਪਿੰਡ ਜਾਂਦੈ ਪਰ ਤਾਇਨਾਤੀ ਕਿਤੇ ਹੋਰ ਹੈ। ਅਰਥਚਾਰੇ ਨੂੰ ਲਕਵਾ ਮਾਰ ਗਿਆ। ਲੋਕ ਆਖਦੇ ਨੇ ‘ਲੱਛਮੀ ਨਹੀਂ ਆਉਂਦੀ’, ਅਧਿਆਪਕਾ ਗੁਰਨਾਮ ਕੌਰ ਚੀਮਾ ਨੂੰ ਨੀਂਦ ਨਹੀਂ ਆਉਂਦੀ। ਦਾਨੀ ਸੱਜਣਾਂ ਤੋਂ ਸਵਾ ਕਰੋੜ ਇਕੱਠਾ ਕੀਤਾ, ਖੁਦ ਜੇਬ ’ਚੋਂ 27 ਲੱਖ ਖਰਚੇ, ਸੱਤ ਸਰਕਾਰੀ ਸਕੂਲ ਸਮਾਰਟ ਬਣਾ ਦਿੱਤੇ। ਝੁੱਗੀ-ਝੌਂਪੜੀ ਵਾਲੇ ਪੌਣੇ ਦੋ ਸੌ ਬੱਚੇ ਸਕੂਲ ਪੜ੍ਹਨ ਪਾਏ। ਸਪੈਸ਼ਲ ਟੈਂਪੂ ਵੀ ਲਵਾ ਦਿੱਤਾ। ਅੰਮ੍ਰਿਤਸਰ ਦੇ ਸਠਿਆਲਾ ਸਕੂਲ ’ਚ ਪੜ੍ਹਾਉਂਦੀ ਹੈ। ਮਿਸ਼ਨ ਵੱਡੇ ਹੋਣ, ਫਿਰ ਨੀਂਦਾਂ ਕਿੱਥੇ। ਬਠਿੰਡਾ ਦੇ ਮਾਣਕਖਾਨਾ ਦੀ ਨੌਜਵਾਨ ਸਰਪੰਚ ਸੈਸ਼ਨ ਦੀਪ ਕੌਰ ਮਿਸ਼ਨ ’ਤੇ ਹੁਣੇ ਨਿਕਲੀ ਐ। ਪਿੰਡ ਦੇ ਸਕੂਲ ’ਚ ਇੱਕੋ ਅਧਿਆਪਕ ਹੈ। ਸਰਪੰਚ ਬੱਚਿਆਂ ਨੂੰ ਖੁਦ ਪੜ੍ਹਾਉਂਦੀ ਹੈ।
                ਤਪੇ ਹੋਏ ਮਾਹੌਲ ‘ਚ ਦੀਵਿਆਂ ਦਾ ਹਾਲੇ ਤੋਟਾ ਨਹੀਂ ਜਿਨ੍ਹਾਂ ਦਾ ਜੀਵਨ ਮਸ਼ਾਲ ਵਰਗਾ ਹੈ। ਗੁਰਸ਼ਰਨ ਭਾਅ ਜੀ ਤੇ ਅਜਮੇਰ ਅੌਲਖ ਵੀ ਮਸ਼ਾਲ ਲੈ ਕੇ ਨਿਕਲੇ ਸਨ। ਗਦਰੀ ਬਾਬਿਆਂ ਦੇ ਮੇਲੇ ’ਤੇ ਵੀ ਮਸ਼ਾਲ ਬਲੇਗੀ। ਵਖਤਾਂ ਮਾਰੇ ਇਸ ਲੋਅ ’ਚੋਂ ਹੀ ਭਵਿੱਖ ਤਲਾਸ਼ਦੇ ਨੇ। ਸੰਗਰੂਰ ਦੇ ਪਿੰਡ ਨੀਲੋਵਾਲ ਦੀ ਜਸਵੀਰ ਕੌਰ। ਘਰ ਦਾ ਦੀਪ ਬੁਝ ਗਿਆ, ਦੀਵਾਲੀ ਵਾਲੀ ਰਾਤ ਪਤੀ ਖੁਦਕੁਸ਼ੀ ਕਰ ਗਿਆ। ਤਿੰਨ ਧੀਆਂ ਨੂੰ ਲੈ ਕੇ ਕਿੱਥੇ ਜਾਏ। ਵਿਧਵਾ ਕੋਲ ਸਿਰਫ਼ ਕਰਜ਼ਾ ਬਚਿਐ। ਦੀਵਾਲੀ ਵਾਲਾ ਦਿਨ ਸੀ, ਜਦੋਂ ਕਿਸਾਨ ਨੇਤਾ ਸ਼ਿੰਦਰਪਾਲ ਨੱਥੂਵਾਲਾ ਨੇ ਆਖਰੀ ਸਾਹ ਲਿਆ ਸੀ। ਨਰਮਾ ਪੱਟੀ ’ਚ ਸੰਤਾਪ ਵੱਡਾ ਹੈ। ਵਰ੍ਹਿਆਂ ਤੋਂ ਬਲ ਰਹੇ ਨੇ, ਨਾਲੇ ਸਿਵੇ, ਨਾਲੇ ਦੁੱਖਾਂ ਦੇ ਦੀਵੇ। ਲਹਿਰਾ ਧੂਰਕੋਟ (ਬਠਿੰਡਾ) ਦੀ ਧੀ ਸੰਦੀਪ ਕੌਰ। ਤੜਕੇ ਪਹਿਲਾਂ ਸਕੂਲ ਸੁੰਭਰਦੀ ਹੈ। ਮਹੀਨੇ ਦੇ ਹਜ਼ਾਰ ਰੁਪਏ ਮਿਲਦੇ ਨੇ। ਫਿਰ ਰਾਜਿੰਦਰਾ ਕਾਲਜ ਪੜ੍ਹਨ ਜਾਂਦੀ ਹੈ। ਕੋਈ ਢਾਰਸ ਨਹੀਂ, ਕੱਚੇ ਘਰਾਂ ਵਾਲੇ ਬੋਲੇ ਨੇ। ‘ਸਾਡੇ ਘਰਾਂ ਨੂੰ ਤਾਂ ਬੂਹੇ ਵੀ ਨਹੀਂ, ਲੱਛਮੀ ਫੇਰ ਵੀ ਨਹੀਂ ਆਉਂਦੀ।’
              ਤੁਸੀਂ ਦੀਵਾਲੀ ਮੌਕੇ ਸਫ਼ਾਈ ਕੀਤੀ। ਦੁਕਾਨਾਂ ਦੀ, ਆਪੋ ਆਪਣੇ ਘਰਾਂ ਦੀ, ਮਨਾਂ ਦੀ ਸਫ਼ਾਈ ਭੁੱਲ ਬੈਠੇ। ਕਸ਼ਮੀਰ ’ਚ ਦੀਵੇ ਜਗਣਗੇ, ਪਤਾ ਨਹੀਂ। ਯੂਪੀ ਦੇ ਭਾਜਪਾ ਨੇਤਾ ਗਜਰਾਜ ਰਾਣਾ ਨੂੰ ਕੌਣ ਭੁੱਲਿਐ। ਰਾਣਾ ਜੀ ਨੇ ਮੁਖਾਰਬਿੰਦ ’ਚੋਂ ਫ਼ਰਮਾਏ ‘ਹਿੰਦੂ ਵੀਰੋ ! ਦੀਵਾਲੀ ਤੋਂ ਪਹਿਲਾਂ ਸੋਨਾ ਚਾਂਦੀ ਨਹੀਂ, ਤਲਵਾਰਾਂ ਖਰੀਦੋ। ਥੋੜ੍ਹੇ ਮਹੀਨੇ ਪਿੱਛੇ ਚੱਲੋ। ਯਾਦ ਕਰੋ, ਆਗਰਾ ਦੇ ਸਕੂਲੀ ਬੱਚਿਆਂ ਨੂੰ ਚਾਕੂ ਵੰਡੇ ਗਏ ਸਨ। ਨੂਰ ਮੁਹੰਮਦ ਨੂਰ ਦੀ ਰਚਨਾ ਢੁੱਕਵੀਂ ਹੈ। ‘ਅਮਨਾਂ ਦੀ ਬਾਤ ਹੋਵੇ ਜਿਥੇ, ਉਹ ਸ਼ਹਿਰ ਲੱਭੋ, ਨਫ਼ਰਤ ਨੂੰ ਮਾਰ ਦੇਵੇ ਜਿਹੜੀ, ਉਹ ਜ਼ਹਿਰ ਲੱਭੋ।’  ਕੋਈ ਤਾਂ ਪ੍ਰਣ ਕਰੀਏ। ਦੀਵਾਲੀ ਨੂੰ ਸਵੱਛ ਰੱਖਣ ਦਾ। ਧੂੰਏਂ ਨੇ ਪਹਿਲਾਂ ਹੀ ਬੜਾ ਦਮ ਘੁੱਟਿਐ। ਈਰਖਾ ਦੇ ਨਹੀਂ, ਦੇਸ਼ ਦੀ ਮਮਟੀ ’ਤੇ ਪ੍ਰੇਮ ਦੇ ਦੀਵੇ ਰੱਖੀਏ। ਜੋ ਮਸ਼ਾਲਾਂ ਚੁੱਕ ਨਿਕਲੇ ਨੇ, ਉਨ੍ਹਾਂ ਲਈ ਰਾਹ ਛੱਡੀਏ। ਛੱਜੂ ਰਾਮ ਸਭ ਤੋਂ ਪਿੱਛੇ ਹੈ। ਹੱਥ ’ਚ ਮਸ਼ਾਲ ਹੈ। ਮੁਹੱਬਤਾਂ ਦਾ ਬਣਵਾਸ ਕੱਟਣ ਤੁਰਿਐ..।

Wednesday, November 7, 2018

                                                       ਸਾਡੀ ਕਾਹਦੀ ਦੀਵਾਲੀ
                          ਦੁੱਖਾਂ ਦਾ ਤੇਲ, ਗਮਾਂ ਦੇ ਦੀਵੇ, ਬਲਦੇ ਨਸੀਬ ਚੰਦਰੇ..
                                                           ਚਰਨਜੀਤ ਭੁੱਲਰ
ਬਠਿੰਡਾ  : ਗੁਰਬਿੰਦਰ ਸਿੰਘ ਦੇ ਕੱਚੇ ਘਰ ਨੂੰ ਤਾਂ ਬੂਹਾ ਵੀ ਨਹੀਂ ਲੱਗਾ, ਲੱਛਮੀ ਫਿਰ ਵੀ ਨਹੀਂ ਆਉਂਦੀ। ਲੱਖੇਵਾਲੀ ਦੇ ਇਸ ਮਜ਼ਦੂਰ ਦੇ ਕੱਚੇ ਢਾਰੇ ’ਚ ਜਦੋਂ ਆਏ, ਦੁੱਖ ਹੀ ਆਏ। ਹੌਸਲਿਆਂ ਦੇ ਬਨੇਰੇ ਵੀ ਹੁਣ ਹੂੰਗਰ ਨਹੀਂ ਭਰਦੇ, ਉਹ ਬਾਲ ਕੇ ਦੀਵਾ ਕਿਥੇ ਰੱਖੇ। ਕਮਰੇ ਦਾ ਬੂਹਾ ਨਹੀਂ, ਫਟੀ ਪੱਲੀ ਹੀ ਪਰਦਾ ਕੱਜਦੀ ਹੈ। ਦਲਿਤ ਮਜ਼ਦੂਰ ਦੇ ਦੋ ਬੱਚੇ ਹਨ ਜੋ ਦੀਵਾਲੀ ਮੌਕੇ ਜਿੱਦ ਨਹੀਂ, ਧਰਵਾਸ ਕਰਦੇ ਹਨ। ਜਦੋਂ ਦੀਵਾਲੀ ਆਉਂਦੀ ਹੈ ਤਾਂ ਮਜ਼ਦੂਰ ਦੀ ਪਤਨੀ ਵੀਰਪਾਲ ਕੌਰ ਬੱਚਿਆਂ ਨੂੰ ਇਹੋ ਸਮਝਾਉਂਦੀ ਹੈ, ‘ ਦੀਵਾਲੀ ਪੈਸੇ ਵਾਲਿਆਂ ਦੀ, ਗ਼ਰੀਬਾਂ ਦੀ ਕਾਹਦੀ ’। ਇਸ ਪਰਿਵਾਰ ਨੂੰ ਨਾ ਨਲਕਾ ਜੁੜ ਸਕਿਆ, ਨਾ ਹੀ ਘਰ ਨੂੰ ਪੱਕੀ ਇੱਟ। ਬੱਚਿਆਂ ਨੂੰ ਸਕੂਲ ਤੋਰ ਨਹੀਂ ਸਕੇ। ਕਦੇ ਭੁੱਖੇ ਪੇਟ ਵੀ ਸੌਣਾ ਪੈਂਦਾ ਹੈ, ਕਿਸੇ ਕੋਲ ਢਿੱਡ ਨਹੀਂ ਫਰੋਲਦੇ। ਪੰਜਾਬ ’ਚ ਏਦਾਂ ਦੇ ਕੱਚੇ ਘਰਾਂ ਦੀ ਕਮੀ ਨਹੀਂ ਜੋ ਮਹਿਲਾਂ ਤੋਂ ਕਦੇ ਨਜ਼ਰ ਨਹੀਂ ਪੈਂਦੇ। ਮਾਨਸਾ ਦੇ ਪਿੰਡ ਕੋਟ ਧਰਮੂ ਦਾ ਕਿਸਾਨ ਰਣਜੀਤ ਸਿੰਘ ਤਾਂ ਜ਼ਿੰਦਗੀ ਤੋਂ ਹਾਰ ਗਿਆ। ਪਿੱਛੇ ਵਿਧਵਾ ਕਰਮਜੀਤ ਕੌਰ ਹੁਣ ਇਕੱਲੀ ਜੰਗ ਲੜ ਰਹੀ ਹੈ। ਕੋਈ ਦੀਵਾਲੀ ਇਸ ਘਰ ’ਚ ਦੀਵਾ ਨਹੀਂ ਬਲਦਾ। ਕਦੇ ਇਹ ਪੈਲ਼ੀਆਂ ਦੇ ਸਰਦਾਰ ਸਨ। 15 ਏਕੜ ਪੈਲੀ ਚੋਂ ਸਭ ਕਰਜ਼ੇ ’ਚ ਉੱਡ ਗਈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ ਜਾਂ ਫਿਰ ਇੱਕ ਮੰਦਬੁੱਧੀ ਬੱਚਾ।
                   ਜਵਾਨ ਧੀ ਕਿਰਨਦੀਪ ਕੌਰ ਦਾ ਫ਼ਿਕਰ ਸਿਰ ’ਤੇ ਹੈ। ਵਿਧਵਾ ਕਰਮਜੀਤ ਕੌਰ ਹੁਣ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਹੈ। ਪਿੰਡ ਸਮਾਓ ਦੇ ਕਿਸਾਨ ਜਗਬੀਰ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਹੀ ਜ਼ਿੰਦਗੀ ਨੂੰ ਹੱਥ ਜੋੜ ਦਿੱਤੇ। ਇਵੇਂ ਦੇ ਹਾਲਾਤ ਹੀ ਇਸ ਪਰਿਵਾਰ ਦੇ ਹਨ। ਜਿਨ੍ਹਾਂ ਦੇ ਕਮਾਊ ਤੁਰ ਜਾਂਦੇ ਹਨ, ਉਨ੍ਹਾਂ ਦੇ ਤਾਂ ਘਰ ਦੀ ਦਾਲ ਰੋਟੀ ਵੀ ਨਹੀਂ ਲੰਘਦੀ। ਦੀਵਾਲੀ ਦੇ ਜਸ਼ਨ ਤਾਂ ਦੂਰ ਦੀ ਗੱਲ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਮਗਰੋਂ ਹੁਣ ਤੱਕ ਪੰਜਾਬ ਵਿਚ 829 ਕਿਸਾਨ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ। ਮਤਲਬ ਅੌਸਤਨ 43 ਕਿਸਾਨ ਹਰ ਮਹੀਨੇ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਚਾਅ ਮਲ੍ਹਾਰ ਵੀ ਖ਼ੁਦਕੁਸ਼ੀ ਕਰ ਗਏ ਹਨ। ਕਦੇ ਚਿੱਟੀ ਮੱਖੀ ਤੇ ਕਦੇ ਝਾੜ, ਕਦੇ ਜਿਨਸਾਂ ਦੇ ਭਾਅ, ਖੇਤਾਂ ਦੇ ਰਾਜੇ ਨੂੰ ਮੰਡੀਓਂ ਖ਼ਾਲੀ ਮੋੜ ਰਹੇ ਹਨ। ਖੇਤਾਂ ਦੇ ਰਾਜੇ ਦਾ ਚਿਹਰਾ ਬੁੱਝ ਗਿਆ। ਕਪਾਹੀ ਦੇ ਫੁੱਲ ਜ਼ਰੂਰ ਖਿੜੇ ਨੇ ਪਰ ਟਾਹਲੀ ਵਾਲੇ ਖੇਤ ਮੌਤਾਂ ਵੰਡਣੋਂ ਨਹੀਂ ਰੁਕ ਰਹੇ। ਜੇ ਹਵਾ ਇਹ ਰਹੀ ਤਾਂ ਦਿਨ ਦੂਰ ਨਹੀਂ ਜਦੋਂ ਪਿੰਡਾਂ ’ਚ ਹੋਕੇ ਵੱਜਣਗੇ ‘ ਰੱਸੇ ਵਿਕਣੇ ਆਏ, ਲੈ ਲਓ ਰੱਸੇ ਨੀਂ’। ਜਦੋਂ ਹਵਾ ਦਾ ਰੁਖ ਕੋਝਾ ਹੋਵੇ ਤਾਂ ਦੀਵੇ ਕਿਵੇਂ ਬਾਲੀਏ, ਕਿਸਾਨ ਇਹੋ ਤਾਂ ਸਰਕਾਰ ਤੋਂ ਪੁੱਛਦੇ  ਹਨ।
                 ਹੁਣ ਮੰਡੀਆਂ ਵਿਚ ਕਿਸਾਨ ਜਿਣਸ ਦੇ ਢੇਰਾਂ ਕੋਲ ਬੈਠੇ ਹਨ। ਦੂਸਰੇ ਖੇਤਾਂ ਵਿਚ ਅਗਲੀ ਫ਼ਸਲ ਦੀ ਬਿਜਾਂਦ ਵਿਚ ਉਲਝੇ ਹੋਏ ਹਨ। ਦੰਦਲ ਪੂਰੇ ਪੰਜਾਬ ਨੂੰ ਪਈ ਹੈ, ਇਕੱਲੀ ਕਿਸਾਨੀ ਨੂੰ ਨਹੀਂ। ਅੱਧਾ ਪੰਜਾਬ ਬਿਮਾਰੀ ਨੇ ਢਾਹ ਲਿਆ ਹੈ। ਨਰਮਾ ਪੱਟੀ ’ਚ ਤਾਂ ਕੈਂਸਰ ਦੀ ਬਿਮਾਰੀ ਨੇ ਛੋਟੇ ਛੋਟੇ ਬੱਚਿਆਂ ਤੋਂ ਫੁੱਲ ਝੜੀਆਂ ਖੋਹ ਲਈਆਂ ਹਨ। ਬਾਜਾਖਾਨਾ ਦੇ ਛੋਟੇ ਕਿਸਾਨ ਇਕਬਾਲ ਸਿੰਘ ਦਾ ਅੱਠ ਵਰ੍ਹਿਆਂ ਦਾ ਬੇਟਾ ਸਰਤਾਜ ਇਸ ਚੰਦਰੀ ਬਿਮਾਰੀ ਨੂੰ ਝੱਲ ਰਿਹਾ ਹੈ। ਕਿਸਾਨ ਦੱਸਦਾ ਹੈ ਕਿ ਸਰਕਾਰ ਨੇ ਇਲਾਜ ਲਈ ਧੇਲਾ ਨਹੀਂ ਦਿੱਤਾ। ਇਸੇ ਤਰ੍ਹਾਂ ਸਿਵੀਆ ਦੇ ਅਵਤਾਰ ਸਿੰਘ ਦੇ ਘਰ ’ਚ ਖ਼ੁਸ਼ੀ ਦਾ ਦੀਵਾ ਉਦੋਂ ਹੀ ਬੁੱਝ ਗਿਆ ਸੀ ਜਦੋਂ ਉਸ ਦੇ ਦੋ ਮਹੀਨੇ ਦੇ ਬੱਚੇ ਨੂੰ ਕੈਂਸਰ ਹੋਣ ਦੀ ਡਾਕਟਰਾਂ ਨੇ ਗੱਲ ਆਖੀ ਸੀ। ਏਦਾਂ ਦਾ ਕੇਸਾਂ ਦੀ ਕੋਈ ਕਮੀ ਨਹੀਂ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਅੌਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ। ਉੱਪਰੋਂ ਹੁਣ ਡੇਂਗੂ ਨੇ ਪੰਜਾਬ ਨੱਪ ਲਿਆ ਹੈ। ਸਰਕਾਰੀ ਹਸਪਤਾਲ ਬਿਮਾਰ ਹਨ, ਪ੍ਰਾਈਵੇਟ ਪਹੁੰਚ ’ਚ ਨਹੀਂ ਰਹੇ। ਉਨ੍ਹਾਂ ਘਰਾਂ ’ਚ ਤਾਂ ਚਾਨਣ ਵੀ ਹੁੰਗਾਰਾ ਨਹੀਂ ਭਰਦਾ ਜਿਨ੍ਹਾਂ ਕੋਲ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ।
                ਉਨ੍ਹਾਂ ਹਜ਼ਾਰਾਂ ਮਜ਼ਦੂਰਾਂ ਦੇ ਘਰਾਂ ਨੂੰ ਜਿੰਦਰੇ ਵੱਜੇ ਹੋਏ ਹਨ ਜਿਨ੍ਹਾਂ ਦੇ ਜੀਅ ਗੁਜਰਾਤ ਵਿਚ ਨਰਮੇ ਦੇ ਖੇਤਾਂ ਚੋਂ ਲੱਛਮੀ ਲੱਭਣ ਗਏ ਹੋਏ ਹਨ। ਤਾਹੀਓਂ ਨਰਮੇ ਦੇ ਸੀਜ਼ਨ ਵਿਚ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਘੱਟ ਜਾਂਦੀ ਹੈ। ਨਾ ਜ਼ਮੀਨੀ ਵੰਡ ਹੋਈ, ਨਾ ਪੰਜ ਪੰਜ ਮਰਲੇ ਦੇ ਪਲਾਟਾਂ ਦੀ, ਮਜ਼ਦੂਰਾਂ ਹਿੱਸੇ ਬਿਮਾਰੀਆਂ ਦੀ ਪੰਡ ਆਈ ਹੈ। ਖੇਤ ਮਜ਼ਦੂਰਾਂ ਦੇ ਸਰਵੇ ਦੇ ਹਵਾਲੇ ਨਾਲ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸੇਵੇਵਾਲਾ ਨੇ ਦੱਸਿਆ ਕਿ ਮਜ਼ਦੂਰਾਂ ਨੂੰ 19 ਫ਼ੀਸਦੀ ਕਰਜ਼ਾ ਸਿਰਫ਼ ਬਿਮਾਰੀਆਂ ਦੇ ਇਲਾਜ ਲਈ ਚੁੱਕਣਾ ਪਿਆ ਹੈ। ‘ਪਟਿਆਲਾ ਮੋਰਚਾ’ ’ਚ ਉੱਤਰੇ ਅਧਿਆਪਕ ਆਖਦੇ ਹਨ ਕਿ ਉਨ੍ਹਾਂ ਦੀਵਾਲੀ ਵੀ ਐਤਕੀਂ ਕਾਲੀ ਹੀ ਹੈ। ਕਰੀਬ 50 ਹਜ਼ਾਰ ਟੈੱਟ ਪਾਸ ਨੌਜਵਾਨ ਭਵਿੱਖ ਦਾ ਦੀਵਾ ਬਾਲਣ ਦੀ ਉਡੀਕ ਕਰ ਰਿਹਾ ਹੈ। ‘ 5178 ਅਧਿਆਪਕ ਯੂਨੀਅਨ’ ਦੇ ਅਧਿਆਪਕ ਰੋਸ ਵਜੋਂ ਸੜਕਾਂ ਤੇ ਬੈਠ ਕੇ ਦੀਵੇ ਵੇਚ ਰਹੇ ਹਨ। ਉਨ੍ਹਾਂ ਨੂੰ ਨਾ ਰੈਗੂਲਰ ਕੀਤਾ ਤੇ ਨਾ ਕੱੁਝ ਅਰਸੇ ਤੋਂ ਤਨਖ਼ਾਹ ਮਿਲੀ ਹੈ।













 









Saturday, October 14, 2017

                        ਕੈਪਟਨ ਸਾਹਬ !
              ਦੀਵਾਲੀ ਦੇ ਤੋਹਫੇ ਲਵੋਗੇ
                        ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ 'ਤੋਹਫਾ ਕਲਚਰ' ਖਤਮ ਕਰੇਗੀ ਜੋ ਦੀਵਾਲ਼ੀ ਦੇ ਤਿਉਹਾਰ ਮੌਕੇ ਜ਼ੋਰ ਫੜਦਾ ਹੈ। ਦਸ ਵਰਿ•ਆਂ ਮਗਰੋਂ ਅਮਰਿੰਦਰ ਸਰਕਾਰ ਨੂੰ ਐਤਕੀਂ ਹਕੂਮਤੀ ਦੀਵਾਲ਼ੀ ਮਨਾਉਣ ਦਾ ਮੌਕਾ ਮਿਲਿਆ ਹੈ। ਕੈਪਟਨ ਸਰਕਾਰ ਨੇ 'ਵੀਆਈਪੀ ਕਲਚਰ' ਖਤਮ ਕਰਨ ਲਈ ਕਦਮ ਉਠਾਏ ਹਨ। ਸੁਆਲ ਉੱਠਣ ਲੱਗੇ ਹਨ ਕਿ ਕੀ ਕੈਪਟਨ ਸਰਕਾਰ ਦੀਵਾਲ਼ੀ ਮੌਕੇ ਵੱਡੇ ਅਫਸਰਾਂ ਅਤੇ ਵਜ਼ੀਰਾਂ ਨੂੰ ਤਿਉਹਾਰਾਂ ਬਹਾਨੇ ਦਿੱਤੇ ਜਾਣ ਵਾਲੇ ਤੋਹਫ਼ਿਆਂ 'ਤੇ ਪਾਬੰਦੀ ਲਗਾਏਗੀ। ਪੰਜਾਬ ਸਰਕਾਰ ਤਰਫ਼ੋਂ ਇਸ ਵਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਕੋਈ ਪੱਤਰ ਜਾਰੀ ਕੀਤਾ ਗਿਆ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਉਨ•ਾਂ ਨੇ ਜੁਬਾਨੀ ਹਦਾਇਤਾਂ ਜਾਰੀ ਕਰਕੇ ਪੂਰੇ ਮਹਿਕਮੇ ਵਿਚ ਸੁਨੇਹਾ ਲਗਾ ਦਿੱਤਾ ਹੈ ਕਿ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਲੈ ਕੇ ਉਨ•ਾਂ ਦੇ ਘਰ ਜਾਂ ਦਫ਼ਤਰ ਨਾ ਆਵੇ। ਉਨ•ਾਂ ਦੱਸਿਆ ਕਿ ਉਹ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਪ੍ਰਵਾਨ ਨਹੀਂ ਕਰਨਗੇ। ਅਗਰ ਕਿਸੇ ਨੇ ਦੀਵਾਲ਼ੀ ਮੁਬਾਰਕ ਕਹਿਣਾ ਹੈ ਤਾਂ ਉਹ ਫੋਨ 'ਤੇ ਐਸਐਮਐਸ ਕਰ ਦੇਵੇ।
                        ਦੂਸਰੀ ਤਰਫ ਮਨਪ੍ਰੀਤ ਬਾਦਲ ਨੇ ਫੋਨ ਨਹੀਂ ਚੁੱਕਿਆ ਪ੍ਰੰਤੂ ਉਨ•ਾਂ ਦੇ ਨੇੜਲੇ ਰਿਸ਼ਤੇਦਾਰ ਜੈਜੀਤ ਜੌਹਲ ਦਾ ਪ੍ਰਤੀਕਰਮ ਸੀ ਕਿ ਮਨਪ੍ਰੀਤ ਬਾਦਲ ਨੇ ਪਹਿਲਾਂ ਵੀ ਬਤੌਰ ਖ਼ਜ਼ਾਨਾ ਮੰਤਰੀ ਸਭ ਨੂੰ ਵਰਜਿਆ ਹੋਇਆ ਸੀ ਕਿ ਕੋਈ ਵੀ ਦੀਵਾਲ਼ੀ ਮੌਕੇ ਤੋਹਫ਼ਾ ਲੈ ਕੇ ਉਨ•ਾਂ ਦੇ ਘਰ ਵਿਚ ਦਾਖਲ ਨਾ ਹੋਵੇ ਅਤੇ ਹੁਣ ਵੀ ਉਹ ਆਪਣੇ ਮਿਸ਼ਨ ਤੇ ਪਹਿਰਾ ਦੇਣਗੇ। ਇਸੇ ਦੌਰਾਨ 'ਆਪ' ਲੀਡਰਾਂ ਨੇ ਕੈਪਟਨ ਸਰਕਾਰ 'ਤੇ ਇਸ ਮਾਮਲੇ ਨੂੰ ਲੈ ਕੇ  ਉਂਗਲ ਉਠਾਈ ਹੈ ਅਤੇ ਆਖਿਆ ਹੈ ਕਿ ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ। 'ਆਪ' ਦੇ ਕਨਵੀਨਰ ਅਤੇ ਐਮ.ਪੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਹਰ ਵਜ਼ੀਰ ਵਲੋਂ ਦੀਵਾਲ਼ੀ ਮੌਕੇ ਦਫ਼ਤਰਾਂ ਵਿਚ ਬਕਾਇਦਾ ਨੋਟਿਸ ਚਿਪਕਾਏ ਜਾਂਦੇ ਹਨ ਕਿ ਕੋਈ ਤੋਹਫ਼ਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਐਮ.ਪੀ ਮਾਨ ਨੇ ਆਖਿਆ ਕਿ ਅਸਿੱਧੇ ਰੂਪ ਵਿਚ ਦੀਵਾਲ਼ੀ ਮੌਕੇ ਮਿਲਦੇ ਤੋਹਫ਼ੇ ਵੀ ਰਿਸ਼ਵਤ ਹੀ ਹਨ ਜਿਸ ਵਾਰੇ ਕੈਪਟਨ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ। ਉਨ•ਾਂ ਆਖਿਆ ਕਿ 'ਆਪ' ਪੂਰੀ ਤਰ•ਾਂ 'ਤੋਹਫ਼ਾ ਕਲਚਰ' ਦੇ ਖ਼ਿਲਾਫ਼ ਹੈ ਜੋ ਕਿ ਪੰਜਾਬ ਵਿਚ ਬੰਦ ਹੋਣਾ ਚਾਹੀਦਾ ਹੈ।
                      ਦੱਸਣਯੋਗ ਹੈ ਕਿ ਐਤਕੀਂ ਕਾਂਗਰਸੀ ਵਿਧਾਇਕਾਂ ਨੂੰ ਦਸ ਵਰਿ•ਆਂ ਮਗਰੋਂ ਹਕੂਮਤੀ ਦੀਵਾਲੀ ਮਨਾਉਣ ਦਾ ਮੌਕਾ ਮਿਲਣਾ ਹੈ। ਵਰਿ•ਆਂ ਮਗਰੋਂ ਇਨ•ਾਂ ਲੀਡਰਾਂ ਦੇ ਘਰਾਂ ਵਿਚ ਤੋਹਫ਼ੇ ਪੁੱਜਣ ਦੇ ਅਨੁਮਾਨ ਹਨ। ਦੂਸਰੀ ਤਰਫ਼ ਗਠਜੋੜ ਦੇ ਲੀਡਰਾਂ ਦੇ ਐਤਕੀਂ ਦੀਵਾਲ਼ੀ ਸੁੱਕੀ ਰਹਿਣ ਦੀ ਸੰਭਾਵਨਾ ਹੈ।  ਇਸੇ ਦੌਰਾਨ ਵਿਜੀਲੈਂਸ ਰੇਂਜ ਬਠਿੰਡਾ ਦੇ ਐਸ. ਐਸ.ਪੀ ਨੇ ਵੀ ਇਹ ਪਹਿਲ ਕੀਤੀ ਹੈ ਅਤੇ ਰੇਂਜ ਦੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਦੀਵਾਲ਼ੀ ਮੌਕੇ 'ਤੋਹਫ਼ਾ ਕਲਚਰ' ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਹੈ।  ਬਠਿੰਡਾ ਰੇਂਜ ਦੇ ਐਸ.ਐਸ.ਪੀ ਜਗਜੀਤ ਸਿੰਘ ਭਗਤਾਣਾ ਨੇ ਅਪੀਲ ਕੀਤੀ ਕਿ ਕੋਈ ਅਧਿਕਾਰੀ ਜਾਂ ਮੁਲਾਜ਼ਮ 'ਤੋਹਫਾ ਕਲਚਰ' ਵਿਚ ਨਾ ਉਲਝੇ ਅਤੇ ਅਗਰ ਕੋਈ ਮਠਿਆਈ ਦੀ ਦਫ਼ਤਰ ਵਿਚ ਪੇਸ਼ਕਸ਼ ਕਰਦਾ ਹੈ ਤਾਂ ਉਹ ਮਠਿਆਈ ਦਫ਼ਤਰ ਵਿਚ ਹੀ ਸਾਰੇ ਮੁਲਾਜ਼ਮਾਂ ਤੋ ਹੋਰਨਾਂ ਨੂੰ ਵੰਡ ਦਿੱਤੀ ਜਾਵੇ। ਪਤਾ ਲੱਗਾ ਹੈ ਕਿ ਆਈ.ਪੀ.ਐਸ ਅਧਿਕਾਰੀ ਈਸ਼ਵਰ ਸਿੰਘ ਅਤੇ ਗੌਰਵ ਯਾਦਵ ਬਤੌਰ ਐਸ.ਐਸ.ਪੀ ਤਾਇਨਾਤੀ ਦੌਰਾਨ ਦੀਵਾਲ਼ੀ ਮੌਕੇ ਤੋਹਫ਼ੇ ਨਾ ਸਵੀਕਾਰੇ ਜਾਣ ਦਾ ਸੁਨੇਹਾ ਪੂਰੇ ਜ਼ਿਲ•ੇ ਵਿਚ ਦਿੰਦੇ ਰਹੇ ਹਨ।
                                       ਤੋਹਫ਼ਾ ਕਲਚਰ ਤੇ ਪਾਬੰਦੀ ਲੱਗੇ : ਖਹਿਰਾ
  ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਨੇਤਾ ਸੁਖਪਾਲ ਸਿੰਘ ਖਹਿਰਾ ਆਖਦੇ ਹਨ ਕਿ ਤੋਹਫ਼ਾ ਕਲਚਰ ਵੀ ਇੱਕ ਤਰ•ਾਂ ਨਾਲ ਵੀਆਈਪੀ ਕਲਚਰ ਦਾ ਹਿੱਸਾ ਹੀ ਹੈ। ਉਨ•ਾਂ ਆਖਿਆ ਕਿ ਅਗਰ ਕੈਪਟਨ ਸਰਕਾਰ ਸੁਹਿਰਦ ਹੈ ਤਾਂ ਕੰਮ ਦੇ ਇਵਜ਼ ਵਿਚ ਤਿਉਹਾਰਾਂ ਮੌਕੇ ਵਜ਼ੀਰਾਂ ਤੇ ਅਫਸਰਾਂ ਨੂੰ ਦਿੱਤੇ ਜਾਂਦੇ ਤੋਹਫ਼ਿਆਂ ਤੇ ਪਾਬੰਦੀ ਲਾਏ।

Friday, October 24, 2014

                                                              ਪੰਜਾਬ ਦੀ ਤ੍ਰਾਸਦੀ
                                   ਜ਼ਿੰਦਗੀ ਬਲਦੀ ਜਾਵੇ, ਬਣ ਕੇ ਦੁੱਖਾਂ ਦਾ ਦੀਵਾ
                                                                ਚਰਨਜੀਤ ਭੁੱਲਰ
ਬਠਿੰਡਾ : ਨਾ ਬਨੇਰਾ ਰਿਹਾ ਹੈ ਅਤੇ ਨਾ ਹੀ ਖ਼ੁਸ਼ੀ ਦੇ ਦੀਵੇ। ਇਕੱਲੀ ਦੀਵਾਲੀ ਹੀ ਨਹੀਂ, ਹਰ ਘੜੀ ਵਿਧਵਾ ਅਮਰਜੀਤ ਕੌਰ ਦੇ ਘਰ ਹੁਣ ਦੁੱਖਾਂ ਦੇ ਦੀਪ ਹੀ ਬਲਦੇ ਹਨ। ਖੇਤੀ ਸੰਕਟ ਨੇ ਪਿੰਡ ਢੱਡੇ ਦੀ ਅਮਰਜੀਤ ਕੌਰ ਨੂੰ ਵਿਧਵਾ ਕਰ ਦਿੱਤਾ। ਪਹਿਲਾਂ ਜ਼ਮੀਨ ਚਲੀ ਗਈ ਅਤੇ ਫਿਰ ਪਤੀ ਹਰਬੰਸ ਸਿੰਘ। ਸਦਮੇ ਵਿੱਚ ਖ਼ੁਦਕੁਸ਼ੀ ਦੇ ਰਾਹ 'ਤੇ ਹੀ ਵੱਡੀ ਧੀ ਵੀ ਬਾਪ ਦੇ ਪਿੱਛੇ ਹੀ ਚਲੀ ਗਈ। ਹਰਬੰਸ ਸਿੰਘ ਕੋਲ ਪੂਰੇ 15 ਏਕੜ ਜ਼ਮੀਨ ਸੀ। ਖੇਤਾਂ ਦੀ ਬੇਵਫ਼ਾਈ ਨੇ ਇਸ ਕਿਸਾਨ ਨੂੰ ਖ਼ਾਲੀ ਹੱਥ ਕਰ ਦਿੱਤਾ। ਪਿੰਡ ਦੇ ਦਾਨੀ ਸੱਜਣਾਂ ਨੇ ਉਸਦੀ ਵੱਡੀ ਧੀ ਦਾ ਰਲ ਮਿਲ ਕੇ ਵਿਆਹ ਕਰ ਦਿੱਤਾ। ਬਾਕੀ ਦੀਆਂ ਧੀਆਂ ਨੂੰ ਸਕੂਲ ਅਧਿਆਪਕਾਂ ਨੇ 12 ਜਮਾਤਾਂ ਤੱਕ ਪੜ੍ਹਾ ਦਿੱਤਾ। ਵਿਧਵਾ ਅਮਰਜੀਤ ਕੌਰ ਇਕੱਲੀ ਨਹੀਂ ਬਲਕਿ ਉਸ ਦੀਆਂ ਦੋ ਧੀਆਂ ਵੀ ਹੁਣ ਵੱਡੇ ਲੋਕਾਂ ਦੇ ਘਰਾਂ ਵਿੱਚ ਪੋਚੇ ਲਾਉਂਦੀਆਂ ਹਨ। ਖੇਤਾਂ ਦੇ ਮਾਲਕ ਹੁਣ ਨੌਕਰ ਬਣ ਗਏ ਹਨ। ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲਣ ਵਾਲੀ ਦੋ ਲੱਖ ਰੁਪਏ ਦੀ ਮਾਲੀ ਮੱਦਦ ਵੀ ਇਸ ਪਰਿਵਾਰ ਨੂੰ ਨਹੀਂ ਮਿਲੀ। ਅਮਰਜੀਤ ਕੌਰ ਆਖਦੀ ਹੈ, ”ਉਹ ਤਾਂ ਸਾਥ ਛੱਡ ਗਿਆ, ਮੈਂ ਤਾਂ ਨਿਭਾਂਗੀ। ਵਕਤ ਨੇ ਚੰਗੇ ਦਿਨਾਂ ਦੀ ਉਮੀਦ ਨੂੰ ਤੋੜ ਦਿੱਤਾ ਹੈ। ਸਾਡੀ ਕਾਹਦੀ ਦੀਵਾਲੀ।” ਪੰਜਾਬ ਦੇ ਵਿਹੜੇ ਵਿੱਚ ਕਿੰਨੇ ਹੀ ਦੁੱਖਾਂ ਦੇ ਦੀਵੇ ਬਲ ਰਹੇ ਹਨ, ਜੋ ਹਕੂਮਤ ਨੂੰ ਨਜ਼ਰ ਨਹੀਂ ਪੈਂਦੇ। ਮੁਕਤਸਰ ਦੇ ਪਿੰਡ ਗੋਨਿਆਣਾ ਕਲਾਂ ਦੇ ਮਜ਼ਦੂਰ ਰਾਜ ਸਿੰਘ ਕੋਲ ਤਾਂ ਦੀਵੇ ਰੱਖਣ ਲਈ ਘਰ ਦਾ ਬੂਹਾ ਹੀ ਨਹੀਂ ਹੈ। ਉਸ ਦੇ ਪਿਤਾ ਗੁਰਦੀਪ ਸਿੰਘ ਨੂੰ ਕੈਂਸਰ ਨੇ ਲਪੇਟ ਵਿੱਚ ਲੈ ਲਿਆ। ਉਹ ਨਾ ਬਾਪ ਨੂੰ ਬਚਾ ਸਕਿਆ ਅਤੇ ਨਾ ਹੀ ਘਰ ਨੂੰ। ਘਰ ਵਿਕਣ ਮਗਰੋਂ ਵੀ ਅੱਜ ਉਸ ਦ ਸਿਰ ਕਰਜ਼ਾ ਹੈ।
                    ਉਹ ਆਪਣੇ ਪਰਿਵਾਰ ਨਾਲ ਪਿੰਡ ਦੀ ਧਰਮਸ਼ਾਲਾ ਵਿੱਚ ਬੈਠਾ ਹੈ। ਪੰਜ-ਪੰਜ ਮਰਲੇ ਦਾ ਪਲਾਂਟ ਉਸ ਲਈ ਸਿਆਸੀ ਲਾਰਾ ਹੀ ਹੈ। ਧਰਮਸ਼ਾਲਾ ਨੂੰ ਤਾਂ ਕੋਈ ਬੂਹਾ ਵੀ ਨਹੀਂ ਲੱਗਿਆ ਹੈ ਪ੍ਰੰਤੂ ਫਿਰ ਵੀ ਕਦੇ ਇਸ ਮਜ਼ਦੂਰ ਦੇ ਵਿਹੜੇ ਲੱਛਮੀ ਨਹੀਂ ਆਈ। ਸੰਗਰੂਰ ਦੇ ਪਿੰਡ ਭੜੋਂ ਦੇ ਸੋਮਾ ਸਿੰਘ ਦੇ ਵਿਹੜੇ ਜਦੋਂ ਤੋਂ ਬੇਰੁਜ਼ਗਾਰੀ ਨੇ ਹਨੇਰਾ ਕੀਤਾ ਹੈ, ਉਦੋਂ ਤੋਂ ਉਸ ਨੂੰ ਕਈ ਤਿੱਥ ਤਿਉਹਾਰ ਜੇਲ੍ਹਾਂ ਵਿੱਚ ਹੀ ਮਨਾਉਣੇ ਪਏ ਹਨ। ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਵਿੱਢੇ ਸੰਘਰਸ਼ ਵਿੱਚ ਉਹ 12 ਦਫ਼ਾ ਜੇਲ੍ਹ ਜਾ ਚੁੱਕਿਆ ਹੈ। ਉਸ ਨੇ 16 ਮਾਰਚ 2010 ਨੂੰ ਵਿੱਤ ਮੰਤਰੀ ਢੀਂਡਸਾ ਦੇ ਘਰ ਅੱਗੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਉਹ ਬਚ ਤਾਂ ਗਿਆ ਪ੍ਰੰਤੂ ਸਰਕਾਰ ਨੇ ਅੱਜ ਵੀ ਉਸ ਨੂੰ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਹੋਇਆ ਹੈ। ਉਹ ਦੱਸਦਾ ਹੈ ਕਿ ਸੰਘਰਸ਼ ਵਿੱਚ ਉਸ ਦੀ ਪਿਛਲੀ ਪ੍ਰਾਈਵੇਟ ਨੌਕਰੀ ਵੀ ਚਲੀ ਗਈ ਹੈ ਅਤੇ ਸਰੀਰ ਵੀ ਬੇਕਾਰ ਹੋ ਗਿਆ ਹੈ। ਹੁਣ ਉਹ ਦਿਹਾੜੀ ਕਰਦਾ ਹੈ। ਉਹ ਸਰਕਾਰ ਨੂੰ ਪੁੱਛਦਾ ਹੈ ਕਿ ਉਹ ਕਿਹੜੀ ਖੁਸ਼ੀ ਵਿੱਚ ਬਨੇਰੇ 'ਤੇ ਦੀਵਾ ਬਾਲੇ। ਫ਼ਰੀਦਕੋਟ ਦੇ ਪਿੰਡ ਟਾਹਲੀਆਂ ਦਾ ਗੁਰਮੇਲ ਸਿੰਘ ਜਦੋਂ ਵੀ ਪੰਜਾਬ ਵਿੱਚ ਕਿਸੇ ਮੇਲੇ 'ਤੇ ਗਿਆ ਤਾਂ ਉਸ ਨੂੰ ਪੁਲੀਸ ਦੀ ਕੁੱਟ ਹੀ ਮਿਲੀ। ਉਸ ਦੇ ਰੋਮ ਰੋਮ ਵਿੱਚ ਅੱਜ ਵੀ ਚੀਸ ਪੈ ਰਹੀ ਹੈ। ਇਹ ਬੇਰੁਜ਼ਗਾਰ ਲਾਈਨਮੈਨ ਵੀ ਹੁਣ ਮਜ਼ਦੂਰੀ ਕਰਦਾ ਹੈ। ਭਵਾਨੀਗੜ੍ਹ ਦੇ ਰਘਬੀਰ ਸਿੰਘ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਲਿਆ ਟੈਟ (ਅਧਿਆਪਕ ਯੋਗਤਾ ਪ੍ਰੀਖਿਆ) ਪਾਸ ਕੀਤਾ ਹੈ। ਤਿੰਨ ਵਿਸ਼ਿਆਂ ਵਿੱਚ ਐਮ.ਏ ਅਤੇ ਐਮ.ਐਡ ਹੈ। ਸੰਘਰਸ਼ੀ ਹੋਣ ਕਰਕੇ ਹੁਣ ਉਸ ਨੂੰ ਕੋਈ ਪ੍ਰਾਈਵੇਟ ਸਕੂਲ ਕਾਲਜ ਵੀ ਨੌਕਰੀ ਨਹੀਂ ਦੇ ਰਿਹਾ ਹੈ। ਉਹ ਹੁਣ ਛੋਟੀ ਜਿਹੀ ਦੁਕਾਨ ਚਲਾ ਰਿਹਾ ਹੈ। ਉਹ ਆਖਦਾ ਹੈ, ” ਮਾਂ-ਬਾਪ ਨੇ ਕਰਜ਼ਾ ਚੁੱਕ ਚੁੱਕ ਕੇ ਦੁਕਾਨ ਕਰਨ ਵਾਸਤੇ ਨਹੀਂ ਪੜ੍ਹਾਇਆ ਸੀ।”
                     ਬਠਿੰਡਾ ਦੇ ਪਿੰਡ ਮਲਕਾਣਾ ਦੇ ਰਾਮਪਾਲ ਸਿੰਘ ਦਾ ਘਰ ਕੱਚਾ ਹੈ ਅਤੇ ਉਸ ਦੇ ਘਰ ਨੂੰ ਕਦੇ ਪੱਕੀ ਇੱਟ ਨਸੀਬ ਨਹੀਂ ਹੋਈ ਹੈ। ਇਸ ਮਜ਼ਦੂਰ ਦਾ ਕਹਿਣਾ ਹੈ ਕਿ ਉਸ ਦੇ ਘਰ ਦਾ ਬੂਹਾ ਨਹੀਂ ਹੈ ਪ੍ਰੰਤੂ ਫਿਰ ਵੀ ਕਦੇ ਬਰਕਤ ਨਹੀਂ ਆਈ। ਪਿੰਡ ਪੱਕਾ ਦੇ ਪ੍ਰੀਤਮ ਸਿੰਘ ਦੇ ਘਰ ਤਾਂ ਨਿੱਤ ਹੀ ਦੀਵਾ ਬਲਦਾ ਹੈ। ਉਸ ਦੀ ਜ਼ਿੰਦਗੀ ਦੀਵੇ ਦੀ ਲੋਅ 'ਚੋਂ ਹੀ ਨਹੀਂ ਨਿਕਲ ਸਕੀ ਹੈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਬਿਜਲੀ ਨਸੀਬ ਹੀ ਨਹੀਂ ਹੋ ਸਕੀ ਹੈ। ਮਾਲਵਾ ਖਿੱਤੇ ਵਿੱਚ ਤਾਂ ਕਰੀਬ 25 ਹਜ਼ਾਰ ਗਰੀਬ ਲੋਕਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ ਕਿਉਂਕਿ ਬਿਜਲੀ ਦੇ ਬਿੱਲ ਤਾਰਨੇ ਇਨ੍ਹਾਂ ਲੋਕਾਂ ਲਈ ਮੁਸ਼ਕਲ ਹੋ ਗਏ ਸਨ।ਪੰਜਾਬ ਦੇ ਇੱਕ ਪਾਸੇ ਦੀ ਇਹ ਤਸਵੀਰ ਹੈ, ਜੋ ਦੀਵਾਲੀ ਦੀ ਰੌਸ਼ਨੀ ਤੋਂ ਅਣਭਿੱਜ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੂਹਿਆਂ 'ਤੇ ਉਦੋਂ ਹੀ ਦੀਪ ਜਲਣਗੇ ਜਦੋਂ ਉਨ੍ਹਾਂ ਦੀ ਜ਼ਿੰਦਗੀ ਦੁੱਖਾਂ ਦੀ ਵਲਗਣ 'ਚੋਂ ਬਾਹਰ ਨਿਕਲੇਗੀ। ਇਹ ਲੋਕ 'ਅੱਛੇ ਦਿਨਾਂ' ਦੀ ਉਡੀਕ ਵਿੱਚ ਬੈਠੇ ਹਨ

Sunday, November 3, 2013

                                 ਕਾਹਦੀ ਦੀਵਾਲੀ !
                     ਏਥੇ ਦੀਵੇ ਬਲਦੇ ਦੁੱਖਾਂ ਦੇ...
                                  ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਕਰੀਬ ਦੋ ਲੱਖ ਘਰਾਂ ਵਿੱਚ ਨਿੱਤ ਦੀਵੇ ਹੀ ਬਲਦੇ ਹਨ। ਲੋਕ ਤਾਂ ਦੀਵਾਲੀ ਮੌਕੇ ਖੁਸ਼ੀ ਦੇ ਦੀਵੇ ਬਾਲਦੇ ਹਨ ਪਰ ਇਨ੍ਹਾਂ ਘਰਾਂ ਨੂੰ ਇਕੱਲੇ ਦੀਵੇ ਹੀ ਨਸੀਬ ਹੋਏ ਹਨ, ਖੁਸ਼ੀ ਨਹੀਂ। ਪੰਜਾਬ ਦੀ ਤਰੱਕੀ ਦੇ ਨਕਸ਼ੇ ਤੋਂ ਇਹ ਪਰਿਵਾਰ ਬਾਹਰ ਹਨ। ਪੰਜਾਬ ਦੇ ਪੰਜਾਹ ਫੀਸਦੀ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰਾਂ ਨੂੰ ਬਿਜਲੀ ਦਾ ਬੱਲਬ ਨਹੀਂ ਜੁੜ ਸਕਿਆ ਹੈ। ਇਹ ਪਰਿਵਾਰ ਅੱਜ ਵੀ ਘਰਾਂ ਵਿੱਚ ਦੀਵੇ ਹੀ ਬਾਲਦੇ ਹਨ। ਲਾਲਟੈਨ ਜਾਂ ਮੋਮਬੱਤੀ ਦੇ ਚਾਨਣ ਨੂੰ ਹੀ ਇਹ ਪਰਿਵਾਰ ਆਪਣਾ ਭਾਗ ਸਮਝਦੇ ਹਨ। ਜਿਨ੍ਹਾਂ ਘਰਾਂ 'ਚ ਬਿਜਲੀ ਦੇ ਬਿੱਲਾਂ ਦੇ ਭਾਰ ਨੇ ਹਨੇਰਾ ਕਰ ਦਿੱਤਾ ਹੈ, ਉਨ੍ਹਾਂ ਦੀ ਗਿਣਤੀ ਵੱਖਰੀ ਹੈ। ਇਨ੍ਹਾਂ ਘਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਇਨ੍ਹਾਂ ਪਰਿਵਾਰਾਂ ਵਿੱਚ ਦਲਿਤ ਵਰਗ ਅਤੇ ਛੋਟੀ ਕਿਸਾਨੀ ਸ਼ਾਮਲ ਹੈ। ਇਨ੍ਹਾਂ ਪਰਿਵਾਰਾਂ ਦਾ ਝੌਰਾ ਹੈ ਕਿ ਕੋਈ ਦੀਵਾਲੀ ਉਨ੍ਹਾਂ ਦੀ ਜ਼ਿੰਦਗੀ ਨੂੰ ਰੁਸ਼ਨਾ ਨਹੀਂ ਸਕੀ। ਇਨ੍ਹਾਂ ਘਰਾਂ ਦੀਆਂ ਕਈ ਕਈ ਪੀੜ੍ਹੀਆਂ ਦੀਵੇ ਦੇ ਚਾਨਣ ਦਾ ਪਰਛਾਵਾਂ ਬਣ ਕੇ ਹੀ ਤੁਰ ਗਈਆਂ।
               ਅੰਕੜਾ ਸਾਰ ਪੰਜਾਬ 2012 ਜੋ ਪੰਜ ਮਾਰਚ 2013 ਨੂੰ ਰਿਲੀਜ਼ ਹੋਇਆ, ਦੇ ਇਨ੍ਹਾਂ ਤੱਥਾਂ ਅਨੁਸਾਰ ਪੰਜਾਬ ਦੇ 2,20,142 ਘਰਾਂ ਵਿੱਚ ਬਿਜਲੀ ਦੀ ਸਹੂਲਤ ਹੀ ਨਹੀਂ ਹੈ ਜਿਨ੍ਹਾਂ ਘਰਾਂ ਦਾ ਚਾਨਣ ਸਿਰਫ਼ ਦੀਵੇ ਹੀ ਬਣਦੇ ਹਨ। ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ 54,09,699 ਘਰ ਹਨ ਜਦੋਂ ਕਿ ਘਰੇਲੂ ਬਿਜਲੀ ਦੇ ਕੁਨੈਕਸ਼ਨਾਂ ਦੀ ਗਿਣਤੀ 51,89,557 ਹੈ। ਇਸ ਹਿਸਾਬ ਨਾਲ 2.20 ਲੱਖ ਘਰ ਘਰੇਲੂ ਬਿਜਲੀ ਦੇ ਕੁਨੈਕਸ਼ਨ ਤੋਂ ਵਿਰਵੇ ਹਨ। ਮਾਲਵਾ ਪੱਟੀ ਵਿੱਚ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਹੋਏ ਹਨ ਜਿਸ ਕਰਕੇ ਇਨ੍ਹਾਂ ਘਰਾਂ ਵਿੱਚ ਵੀ ਹੁਣ ਦੁਖਾਂ ਦੀ ਦੀਵੇ ਹੀ ਬਲਦੇ ਹਨ। ਸਰਕਾਰੀ ਤੱਥਾਂ ਅਨੁਸਾਰ ਜਿਨ੍ਹਾਂ ਜ਼ਿਲ੍ਹਿਆਂ 'ਚ ਹਰ ਘਰ ਬਿਜਲੀ ਕੁਨੈਕਸ਼ਨ ਹੈ, ਉਨ੍ਹਾਂ 'ਚ ਜ਼ਿਲ੍ਹਾ ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਮੁਹਾਲੀ, ਲੁਧਿਆਣਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਘਰਾਂ ਤੋਂ ਜਿਆਦਾ ਕੁਨੈਕਸ਼ਨਾਂ ਦੀ ਗਿਣਤੀ ਹੈ।
               ਬਠਿੰਡਾ ਜ਼ਿਲ੍ਹੇ ਦੇ 30196 ਘਰਾਂ 'ਚ ਬਿਜਲੀ ਕੁਨੈਕਸ਼ਨ ਨਹੀਂ ਹਨ। ਇਨ੍ਹਾਂ ਘਰਾਂ ਵਿੱਚ ਲਾਲਟੈਨ ਜਾਂ ਦੀਵੇ ਦੀ ਰੋਸ਼ਨੀ ਵਿੱਚ ਹੀ ਜ਼ਿੰਦਗੀ ਚੱਲ ਰਹੀ ਹੈ। ਜ਼ਿਲ੍ਹੇ ਵਿੱਚ 2,66,035 ਘਰ ਹਨ ਜਦੋਂ ਕਿ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ 2,35,839 ਹੈ। ਜ਼ਿਲ੍ਹਾ ਬਰਨਾਲਾ ਵਿੱਚ 7152 ਘਰਾਂ ਵਿੱਚ ਬਿਜਲੀ ਦਾ ਇੱਕ ਬੱਲਬ ਵੀ ਨਹੀਂ ਹੈ। ਇਸ ਜ਼ਿਲ੍ਹੇ ਵਿੱਚ 1,12,276 ਘਰ ਹਨ ਜਦੋਂ ਕਿ ਬਿਜਲੀ ਕੁਨੈਕਸ਼ਨ 1,05,124 ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਵਿੱਚ 15053 ਘਰਾਂ ਵਿੱਚ ਬਿਜਲੀ ਨਹੀਂ ਹੈ ਜਦੋਂ ਕਿ ਜ਼ਿਲ੍ਹਾ ਫਰੀਦਕੋਟ ਦੇ 3532 ਘਰਾਂ ਵਿੱਚ ਬਿਜਲੀ ਦਾ ਚਾਨਣ ਨਹੀਂ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਥੋੜ੍ਹੇ ਸਮੇਂ ਵਿੱਚ ਪੰਜਾਬ ਸਰਪਲੱਸ ਬਿਜਲੀ ਵਾਲਾ ਸੂਬਾ ਬਣ ਜਾਣਾ ਹੈ। ਵਾਧੂ ਬਿਜਲੀ ਦਾ ਇਨ੍ਹਾਂ ਘਰਾਂ ਨੂੰ ਕੀ ਫਾਇਦਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ 13042 ਘਰਾਂ 'ਚ ਹਾਲੇ ਤੱਕ ਬਿਜਲੀ ਕੁਨੈਕਸ਼ਨ ਨਹੀਂ ਹੈ। ਇਸ ਜ਼ਿਲ੍ਹੇ 'ਚ 1,72,792 ਘਰ ਹਨ ਜਦੋਂ ਕਿ ਘਰੇਲੂ ਬਿਜਲੀ ਦੇ ਕੁਨੈਕਸ਼ਨਾਂ ਦੀ ਗਿਣਤੀ 1,59,750 ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ 'ਚ 26124 ਘਰਾਂ ਤੇ ਤਰਨਤਾਰਨ ਦੇ 35718 ਘਰ ਬਿਜਲੀ ਤੋਂ ਵਾਂਝੇ ਹਨ।
                 ਪਿੰਡ ਭੁੱਟੀਵਾਲਾ ਦੇ ਮਜ਼ਦੂਰ ਮੁਨੀ ਰਾਮ ਦੇ ਦੋ ਲੜਕੇ ਹਨ ਜੋ ਕਿ ਚੌਥੀ ਅਤੇ ਸੱਤਵੀਂ ਕਲਾਸ ਵਿਚ ਪੜ੍ਹਦੇ ਹਨ। ਮਿੱਟੀ ਦੇ ਤੇਲ ਵਾਲਾ ਦੀਵਾ ਹੀ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਵਿੱਦਿਆ ਦਾ ਚਾਨਣ ਫੈਲਾਉਣ ਵਿੱਚ ਮਦਦਗਾਰ ਬਣ ਰਿਹਾ ਹੈ। ਬਾਪ ਮਜ਼ਦੂਰੀ ਕਰਦਾ ਹੈ ਜਿਸ ਦੀ ਮਿਹਨਤ ਨਾਲ ਘਰ ਦਾ ਸਿਰਫ਼ ਗੁਜ਼ਾਰਾ ਹੀ ਚੱਲਦਾ ਹੈ। ਇਸੇ ਤਰ੍ਹਾਂ ਬਿਰਧ ਔਰਤ ਨੰਦ ਕੌਰ ਨੇ ਸਾਰੀ ਜ਼ਿੰਦਗੀ ਕੱਚੇ ਕੋਠੇ ਹੇਠ ਕੱਢ ਦਿੱਤੀ ਹੈ ਅਤੇ ਹੁਣ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਉਸ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਤਾਂ ਸਾਰੀ ਉਮਰ ਹੀ ਦੀਵੇ ਹੇਠ ਗੁਜ਼ਾਰੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਗਰੀਬਾਂ ਨੂੰ ਦੀਵਾਲੀ ਦੇ ਕਾਹਦੇ ਚਾਅ, ਉਨ੍ਹਾਂ ਲਈ ਦੋ ਵਕਤ ਦੀ ਰੋਟੀ ਹੀ ਵੱਡਾ ਮਸਲਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਹੁਣ ਬਿਜਲੀ ਦੇ ਇੰਨੀ ਮਹਿੰਗੀ ਹੈ ਕਿ ਗਰੀਬ ਮਜ਼ਦੂਰ ਬਿਜਲੀ ਦਾ ਸੁਪਨਾ ਵੀ ਨਹੀਂ ਲੈ ਸਕਦਾ ਹੈ।