Sunday, October 27, 2019

                         ਵਿਚਲੀ ਗੱਲ
              ਮਸ਼ਾਲਾਂ ਬਾਲ ਕੇ ਚੱਲੋ..!
                         ਚਰਨਜੀਤ ਭੁੱਲਰ
ਬਠਿੰਡਾ: ਮੌਸਮ ਦਾ ਮਿਜ਼ਾਜ ਕਿਹੋ ਜੇਹਾ ਹੈ, ਕੋਈ ਫਰਕ ਨਹੀਂ ਪੈਂਦਾ। ਵਰੋਲੇ ਚੱਲਦੇ ਨੇ, ਝੱਖੜ ਵਰ੍ਹਦੇ ਨੇ, ਚਾਹੇ ਸੁਨਾਮੀ ਵੀ ਹੋਵੇ। ਮਸ਼ਾਲਾਂ ਬਾਲ ਕੇ ਜੋ ਨਿਕਲੇ ਨੇ, ਉਹ ਮੌਸਮ ਨਹੀਂ ਵੇਖਦੇ। ਉਨ੍ਹਾਂ ਬਿਨਾਂ ਗੱਲੋਂ ਮੱਥਾ ਹਨੇਰੇ ਨਾਲ ਨਹੀਂ ਲਾਇਐ। ਜਦੋਂ ਨਫ਼ਰਤ ਦੇ ਹੋਲਸੇਲ ਬਾਜ਼ਾਰ ਸਜ ਜਾਣ, ਹਾਕਮ ਮੰਜਾ ਕੁੰਭਕਰਨ ਕੋਲ ਡਾਹ ਲੈਣ, ਕੂੜ ਕੁਤਬ ਮੀਨਾਰ ਬਣ ਜਾਏ ਅਤੇ ਸਿਆਸੀ ਸਾਧ ਧੂਣੀ ’ਤੇ ਬੈਠ ਜਾਣ ਤਾਂ ਫਿਰ ਤੂਫਾਨਾਂ ਦੀ ਅੜੀ ਭੰਨਣ ਲਈ ਮਲਾਹਾਂ ਨੂੰ ਉਠਣਾ ਪੈਂਦੈ। ਮਿੱਟੀ ਦੇ ਦੀਵੇ ਨੇ, ਬਾਵੇ ਨਹੀਂ। ਸੋਚਾਂ ਦਾ ਘਿਉ, ਸੂਝ ਦੀ ਬੱਤੀ, ਲਟ ਲਟ ਬਲਦੀ ਐ ਤੇ ਪੱਲਾ ਮਾਰ ਕੇ ਏਹ ਬੁੱਝਣੀ ਨਹੀਂ। ਪਵਿੱਤਰ ਤਿਉਹਾਰ ਹੈ, ਮੌਕਾ ਅੱਜ ਸ਼ੁੱਭ ਹੈ। ਤੁਹਾਨੂੰ ਢੇਰ ਸਾਰੀ ਮੁਬਾਰਕ, ਦੀਵਾਲੀ ਤੇ ਬੰਦੀ ਛੋੜ ਦਿਵਸ ਦੀ। ਸ਼ੁਰੂਆਤ ਇੱਕ ਗਜ਼ਲ ਦੇ ਬੋਲਾਂ ਤੋਂ। ਬੋਲ ਲਿਖੇ ਨੇ ਗੁਰਤੇਜ ਕੋਹਾਰਵਾਲਾ ਨੇ, ‘ਹਨੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ, ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ।’ ਦੀਵਾਲੀ ਮੌਕੇ ਗੱਲ ਅੱਜ ਕਰਾਂਗੇ, ਜਗਦੇ ਦੀਵਿਆਂ ਦੀ, ਬਲਦੀਆਂ ਮਸ਼ਾਲਾਂ ਦੀ। ਜੋ ਧਰਵਾਸ ਦਿੰਦੇ ਹਨ, ਪੰਜਾਬ ਦੇ ਬੁਝ ਰਹੇ ਨੈਣਾਂ ਨੂੰ। ਦਿਲਾਂ ਦੇ ਖ਼ਜ਼ਾਨਾ ਮੰਤਰੀ ਨੇ, ਏਹ ਲੱਛਮੀ ਨਹੀਂ ਉਡੀਕਦੇ। ਦਮਦਮਾ ਸਾਹਿਬ ਦੀ ਧਰਤ ਨੂੰ ਪ੍ਰਣਾਮ ਜਿੱਥੋਂ ਦਾ ਰੁਪਿੰਦਰਜੀਤ ਘਰੋਂ ਨਿਕਲਿਐ। ਹੱਥ ’ਚ ਦੀਵਾ ਹੈ, ਮਨ ’ਚ ਛੁਪੇ ਰਹਿਣ ਦੀ ਚਾਹ। ਮਹਿਕਮਾ ਖੁਰਾਕ ਤੇ ਸਪਲਾਈ ਤੇ ਰੁਤਬਾ ਇੰਸਪੈਕਟਰ ਦਾ ਹੈ।
                  ਕਿਰਤ ਦਾ ਪੱਲਾ ਫੜਿਐ, ਮੁੜਕਾ ਖੇਤਾਂ ’ਚ ਵਹਾਇਆ। ਦਿਮਾਗ ਏਨਾ ਉਪਜਾਊ, ਨੌਕਰੀ ਸਲਾਮ ਕਰਦੀ ਐ। ਜਜ਼ਬਾਤੀ ਹੈ ਤੇ ਜਨੂੰਨੀ ਵੀ। ਆਸਮਾਂ ਨਾਲ ਜਬਰ-ਜਨਾਹ ਹੋਇਆ। ਸਿਰ ਫੜ ਕੇ ਰੋਣ ਲੱਗ ਪਿਆ। ਹਸਪਤਾਲ ’ਚ ਇੱਕ ਗਰੀਬ ਲੜਕੀ ਬੇਵੱਸ ਦੇਖੀ। ਮਾਪਿਆਂ ਦੇ ਹੱਥ ਖਾਲੀ, ਡਾਕਟਰ ਛੁੱਟੀ ਨਾ ਦੇਵੇ। ਚੁੱਪ ਚੁਪੀਤੇ ਰੁਪਿੰਦਰ ਗਿਆ, ਡਾਕਟਰ ਨੂੰ ਪੈਸੇ ਫੜਾਏ। ਵਾਰਸਾਂ ਨੂੰ ਏਹ ਆਖ ਤੁਰ ਗਿਐ, ਥੋਡਾ ਬਿੱਲ ਡਾਕਟਰ ਨੇ ਮੁਆਫ਼ ਕਰ ਦਿੱਤਾ। ‘ਚਿੱਟੇ’ ਖ਼ਿਲਾਫ਼ ਨਿੱਤਰੇ ਇੱਕ ਮਿੱਤਰ ਦਾ ਬਾਪ ਤੁਰ ਗਿਆ। ਦੁੱਖ ’ਚ ਹਾਜ਼ਰ ਹੋਇਆ, ਏਟੀਐੱਮ ਕਾਰਡ ਕੱਢਿਆ, ਬਿਨਾਂ ਦੱਸੇ ਮਿੱਤਰ ਦੀ ਜੇਬ ’ਚ ਪਾ ਆਇਆ। ਸਰਕਾਰੀ ਡਿਊਟੀ ’ਚ ਵੀ ਖ਼ਰਾ ਹੈ। ਖਿਡਾਰੀ ਮੁੰਡੇ ਫਲਾਂ ’ਤੇ ਲਾ ਦਿੱਤੇ ਨੇ। ਰੇਹੜੀ ਵਾਲਾ ਫਲ ਖੁਆਉਂਦਾ, ਗੁਪਤਦਾਨ ਰੁਪਿੰਦਰ ਕਰਦੈ। ਖਿਡਾਰੀ ਆਖਦੇ ਨੇ.. ਰੇਹੜੀ ਵਾਲਾ ਮੁਫ਼ਤ ਸੇਵਾ ਕਰਦੈ। ਹੁਣ ਤਸਕਰਾਂ ਦੀ ਅੱਖ ’ਚ ਰੜਕਦੈ। ਜ਼ਿੱਦ ਜਵਾਨੀ ਨੂੰ ‘ਚਿੱਟਾ’ ਛੁਡਾਉਣ ਦੀ ਹੈ। ਕਿੰਨੇ ਘਰਾਂ ’ਚ ਸੱਥਰ ਵਿਛਣੋਂ ਬਚ ਗਏ। ਊਰੀ ਵਾਂਗੂ ਘੁੰਮ ਰਿਹੈ। ਲੋਕ ਆਖਦੇ ਨੇ ‘ਪਤਾ ਨਹੀਂ ਕਿਸ ਮਿੱਟੀ ਦਾ ਬਣਿਐ।’ ਰੁਪਿੰਦਰ ਆਖਦੈ ‘ਪੁੰਨ ਤੇ ਬੀਜ ਨੰਗੇ ਉਪਜਦੇ ਨਹੀਂ।’ 150 ਨਸ਼ੇੜੀ ਮੁੰਡਿਆਂ ਦਾ ਇਲਾਜ ਕਰਾ ਚੁੱਕੈ। ਸਾਰਾ ਖਰਚਾ ਪੱਲਿਓਂ ਝੱਲਦੈ, ਮੁੰਡਿਆਂ ਨੂੰ ਕਹਿੰਦੈ, ਡਾਕਟਰ ਬਾਹਲਾ ਚੰਗੈ, ਮੁਫ਼ਤ ਦਵਾਈ ਦਿੰਦੈ।
                ਅੌਹ ਦੇਖੋ.. ਫਿਰੋਜ਼ਪੁਰ ’ਚ ਵੀ ਇੱਕ ਦੀਵਾ ਬਲ ਰਿਹੈ, ਹਵਾ ਦਾ ਵੀ ਜ਼ੋਰ ਨਹੀਂ ਚੱਲਿਆ। ਪਿੰਡ ਕੋਟਲਾ ਖੁਰਦ ਦਾ ਪਟਵਾਰੀ ਗੁਰਮੇਜ ਸਿੰਘ ਵਹਿਣ ਦੇ ਉਲਟ ਚੱਲਿਐ, ਇਮਾਨ ’ਤੇ ਪਹਿਰਾ ਦਿੰਦੈ। ਜਦੋਂ ਕੋਈ ਜਿਮੀਂਦਾਰ ‘ਸੇਵਾ ਪਾਣੀ’ ਪੁੱਛਦੈ ਇੱਕੋ ਗੱਲ ਆਖਦੈ, ਸੇਵਾ ਪਾਣੀ ਸਰਕਾਰ ਦਿੰਦੀ ਐ। ਗਲਤ ਕੰਮ ਤੋਂ ਨਾਂਹ ਕੀਤੀ। ਨੇਤਾ ਜੀ ਨੇ ਬਦਲੀ ਕਰਾ ’ਤੀ। ਪੂਰਾ ਪਿੰਡ ਅੜ ਗਿਆ। ਮੁਜ਼ਾਹਰੇ ਕਰਕੇ ਪਟਵਾਰੀ ਮੁੜ ਪਿੰਡ ਲਿਆਂਦਾ। ਪਤਨੀ ਅਮਨਦੀਪ ਨੇ ਕਦੇ ਨਹੀਂ ਕਿਹਾ ‘ਤੂੰ ਕਾਹਦਾ ਪਟਵਾਰੀ’। ਸਗੋਂ ਚੌਕਸ ਕਰਦੀ ਹੈ, ‘ਧੱਬੇ ਤੋਂ ਬਚ ਕੇ’। ਲੁਧਿਆਣੇ ਦੇ ਪਿੰਡ ਘਵੱਦੀ ਜਾਵੋ। ਪੇਂਡੂ ਸਿਹਤ ਡਿਸਪੈਂਸਰੀ ਜ਼ਰੂਰ ਦੇਖਿਓ। ਕਮਾਲ ਦਾ ਡਾਕਟਰ ਐ। ਪਿੰਡ ਵਾਲੇ ਜੱਫਾ ਮਾਰੀ ਬੈਠੇ ਨੇ, ਅਖੇ ਬਦਲੀ ਨਹੀਂ ਹੋਣ ਦੇਣੀ। ਕੇਰਾਂ ਸਰਕਾਰ ਪੰਗਾ ਲੈ ਬੈਠੀ। ਲੋਕਾਂ ਨੇ ਚੰਡੀਗੜ੍ਹ ਨੀਵਾਂ ਕਰ ’ਤਾ, ਡਾਕਟਰ ਪਿੰਡ ਲਿਆ ਕੇ ਸਾਹ ਲਿਆ। ਡਾ. ਅਮਿਤ ਅਰੋੜਾ ਲਈ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਦੌਲਤ ਹੈ। ਦੋ ਵਾਰ ਡਿਸਪੈਂਸਰੀ ਨੂੰ ਝੰਡੀ ਮਿਲੀ। ਬਾਕੀ ਪੰਜਾਬ ਪਿੱਛੇ। ਮਹੀਨੇ ’ਚ ਹਜ਼ਾਰ ਮਰੀਜ਼ ਆਉਂਦੇ ਨੇ। ਉਸ ਤੋਂ ਵੱਧ ਵਿਦੇਸ਼ੋਂ ਪੈਸਾ ਆਉਂਦੈ। ਐੱਨਆਰਆਈ ਤੋਟ ਨਹੀਂ ਪੈਣ ਦਿੰਦੇ। ਸਾਲਾਨਾ 180 ਦੇ ਕਰੀਬ ਜਣੇਪੇ ਹੁੰਦੇ ਨੇ। ਲੋਕ ਸਹੁੰ ਖਾਂਦੇ ਨੇ ਡਾ. ਅਰੋੜਾ ਦੀ। ਪੈਸੇ ਤੋਂ ਵੱਡੀ ਅਸੀਸ ਨੂੰ ਮੰਨਦੈ।
               ਦੀਵਿਆਂ ਦਾ ਇਹ ਚਾਨਣ ਹਾਕਮਾਂ ਦੀਆਂ ਅੱਖਾਂ ਭੰਨਦਾ ਹੈ। ਸੁਰਜੀਤ ਪਾਤਰ ਲਿਖਦੈ ‘ਕੀ ਦਿਸਿਆ ਇਹਨਾਂ ਦੀ ਲੋਏ, ਤੁਸੀਂ ਹਜ਼ੂਰ ਖ਼ਫ਼ਾ ਕਿਉਂ ਹੋਏ, ਮਾਰ ਕੇ ਫੂਕ ਬੁਝਾ ਕਿਉਂ ਦਿੱਤੇ, ਦੁੱਖ ਦੀ ਜੋਤ, ਦਾਸ ਦੇ ਦੀਵੇ।’ ਜੋਸ਼ ਅਧਿਆਪਕ ਅਜੇ ਕੁਮਾਰ ਦਾ ਵੀ ਘੱਟ ਨਹੀਂ ਛਲਕਿਆ। ਜ਼ੀਰੋ ਲਾਈਨ ਦੇ ਐਨ ਨੇੜੇ ਪ੍ਰਾਇਮਰੀ ਸਕੂਲ ਪੈਂਦੈ। ਪਠਾਨਕੋਟ ਦਾ ਪਿੰਡ ਸਿੰਬਲ, ਦਰਿਆ ਤੋਂ ਪਾਰ। ਪਹਿਲੋਂ ਕਿਸ਼ਤੀ ਨਾਲ ਦਰਿਆ ਪਾਰ ਕਰਦੈ, ਫਿਰ ਕਿਲੋਮੀਟਰ ਲੰਮਾ ਜੰਗਲੀ ਰਸਤਾ। ਸਕੂਲ ਦੀ ਕਾਇਆ ਪਲਟ ਦਿੱਤੀ ਹੈ। ਏਨਾ ਸਿਰੜ ਤੇ ਬੱਚਿਆਂ ਨਾਲ ਮੋਹ। ਬਦਲੀ ਹੋਈ, ਨਾਰਾਜ਼ ਹੋਇਆ ਪੂਰਾ ਪਿੰਡ। ਬੱਚਿਆਂ ਖਾਤਰ ਮਹੀਨੇ ’ਚ ਦੋ ਦਿਨ ਹੁਣ ਸਿੰਬਲ ਪਿੰਡ ਜਾਂਦੈ ਪਰ ਤਾਇਨਾਤੀ ਕਿਤੇ ਹੋਰ ਹੈ। ਅਰਥਚਾਰੇ ਨੂੰ ਲਕਵਾ ਮਾਰ ਗਿਆ। ਲੋਕ ਆਖਦੇ ਨੇ ‘ਲੱਛਮੀ ਨਹੀਂ ਆਉਂਦੀ’, ਅਧਿਆਪਕਾ ਗੁਰਨਾਮ ਕੌਰ ਚੀਮਾ ਨੂੰ ਨੀਂਦ ਨਹੀਂ ਆਉਂਦੀ। ਦਾਨੀ ਸੱਜਣਾਂ ਤੋਂ ਸਵਾ ਕਰੋੜ ਇਕੱਠਾ ਕੀਤਾ, ਖੁਦ ਜੇਬ ’ਚੋਂ 27 ਲੱਖ ਖਰਚੇ, ਸੱਤ ਸਰਕਾਰੀ ਸਕੂਲ ਸਮਾਰਟ ਬਣਾ ਦਿੱਤੇ। ਝੁੱਗੀ-ਝੌਂਪੜੀ ਵਾਲੇ ਪੌਣੇ ਦੋ ਸੌ ਬੱਚੇ ਸਕੂਲ ਪੜ੍ਹਨ ਪਾਏ। ਸਪੈਸ਼ਲ ਟੈਂਪੂ ਵੀ ਲਵਾ ਦਿੱਤਾ। ਅੰਮ੍ਰਿਤਸਰ ਦੇ ਸਠਿਆਲਾ ਸਕੂਲ ’ਚ ਪੜ੍ਹਾਉਂਦੀ ਹੈ। ਮਿਸ਼ਨ ਵੱਡੇ ਹੋਣ, ਫਿਰ ਨੀਂਦਾਂ ਕਿੱਥੇ। ਬਠਿੰਡਾ ਦੇ ਮਾਣਕਖਾਨਾ ਦੀ ਨੌਜਵਾਨ ਸਰਪੰਚ ਸੈਸ਼ਨ ਦੀਪ ਕੌਰ ਮਿਸ਼ਨ ’ਤੇ ਹੁਣੇ ਨਿਕਲੀ ਐ। ਪਿੰਡ ਦੇ ਸਕੂਲ ’ਚ ਇੱਕੋ ਅਧਿਆਪਕ ਹੈ। ਸਰਪੰਚ ਬੱਚਿਆਂ ਨੂੰ ਖੁਦ ਪੜ੍ਹਾਉਂਦੀ ਹੈ।
                ਤਪੇ ਹੋਏ ਮਾਹੌਲ ‘ਚ ਦੀਵਿਆਂ ਦਾ ਹਾਲੇ ਤੋਟਾ ਨਹੀਂ ਜਿਨ੍ਹਾਂ ਦਾ ਜੀਵਨ ਮਸ਼ਾਲ ਵਰਗਾ ਹੈ। ਗੁਰਸ਼ਰਨ ਭਾਅ ਜੀ ਤੇ ਅਜਮੇਰ ਅੌਲਖ ਵੀ ਮਸ਼ਾਲ ਲੈ ਕੇ ਨਿਕਲੇ ਸਨ। ਗਦਰੀ ਬਾਬਿਆਂ ਦੇ ਮੇਲੇ ’ਤੇ ਵੀ ਮਸ਼ਾਲ ਬਲੇਗੀ। ਵਖਤਾਂ ਮਾਰੇ ਇਸ ਲੋਅ ’ਚੋਂ ਹੀ ਭਵਿੱਖ ਤਲਾਸ਼ਦੇ ਨੇ। ਸੰਗਰੂਰ ਦੇ ਪਿੰਡ ਨੀਲੋਵਾਲ ਦੀ ਜਸਵੀਰ ਕੌਰ। ਘਰ ਦਾ ਦੀਪ ਬੁਝ ਗਿਆ, ਦੀਵਾਲੀ ਵਾਲੀ ਰਾਤ ਪਤੀ ਖੁਦਕੁਸ਼ੀ ਕਰ ਗਿਆ। ਤਿੰਨ ਧੀਆਂ ਨੂੰ ਲੈ ਕੇ ਕਿੱਥੇ ਜਾਏ। ਵਿਧਵਾ ਕੋਲ ਸਿਰਫ਼ ਕਰਜ਼ਾ ਬਚਿਐ। ਦੀਵਾਲੀ ਵਾਲਾ ਦਿਨ ਸੀ, ਜਦੋਂ ਕਿਸਾਨ ਨੇਤਾ ਸ਼ਿੰਦਰਪਾਲ ਨੱਥੂਵਾਲਾ ਨੇ ਆਖਰੀ ਸਾਹ ਲਿਆ ਸੀ। ਨਰਮਾ ਪੱਟੀ ’ਚ ਸੰਤਾਪ ਵੱਡਾ ਹੈ। ਵਰ੍ਹਿਆਂ ਤੋਂ ਬਲ ਰਹੇ ਨੇ, ਨਾਲੇ ਸਿਵੇ, ਨਾਲੇ ਦੁੱਖਾਂ ਦੇ ਦੀਵੇ। ਲਹਿਰਾ ਧੂਰਕੋਟ (ਬਠਿੰਡਾ) ਦੀ ਧੀ ਸੰਦੀਪ ਕੌਰ। ਤੜਕੇ ਪਹਿਲਾਂ ਸਕੂਲ ਸੁੰਭਰਦੀ ਹੈ। ਮਹੀਨੇ ਦੇ ਹਜ਼ਾਰ ਰੁਪਏ ਮਿਲਦੇ ਨੇ। ਫਿਰ ਰਾਜਿੰਦਰਾ ਕਾਲਜ ਪੜ੍ਹਨ ਜਾਂਦੀ ਹੈ। ਕੋਈ ਢਾਰਸ ਨਹੀਂ, ਕੱਚੇ ਘਰਾਂ ਵਾਲੇ ਬੋਲੇ ਨੇ। ‘ਸਾਡੇ ਘਰਾਂ ਨੂੰ ਤਾਂ ਬੂਹੇ ਵੀ ਨਹੀਂ, ਲੱਛਮੀ ਫੇਰ ਵੀ ਨਹੀਂ ਆਉਂਦੀ।’
              ਤੁਸੀਂ ਦੀਵਾਲੀ ਮੌਕੇ ਸਫ਼ਾਈ ਕੀਤੀ। ਦੁਕਾਨਾਂ ਦੀ, ਆਪੋ ਆਪਣੇ ਘਰਾਂ ਦੀ, ਮਨਾਂ ਦੀ ਸਫ਼ਾਈ ਭੁੱਲ ਬੈਠੇ। ਕਸ਼ਮੀਰ ’ਚ ਦੀਵੇ ਜਗਣਗੇ, ਪਤਾ ਨਹੀਂ। ਯੂਪੀ ਦੇ ਭਾਜਪਾ ਨੇਤਾ ਗਜਰਾਜ ਰਾਣਾ ਨੂੰ ਕੌਣ ਭੁੱਲਿਐ। ਰਾਣਾ ਜੀ ਨੇ ਮੁਖਾਰਬਿੰਦ ’ਚੋਂ ਫ਼ਰਮਾਏ ‘ਹਿੰਦੂ ਵੀਰੋ ! ਦੀਵਾਲੀ ਤੋਂ ਪਹਿਲਾਂ ਸੋਨਾ ਚਾਂਦੀ ਨਹੀਂ, ਤਲਵਾਰਾਂ ਖਰੀਦੋ। ਥੋੜ੍ਹੇ ਮਹੀਨੇ ਪਿੱਛੇ ਚੱਲੋ। ਯਾਦ ਕਰੋ, ਆਗਰਾ ਦੇ ਸਕੂਲੀ ਬੱਚਿਆਂ ਨੂੰ ਚਾਕੂ ਵੰਡੇ ਗਏ ਸਨ। ਨੂਰ ਮੁਹੰਮਦ ਨੂਰ ਦੀ ਰਚਨਾ ਢੁੱਕਵੀਂ ਹੈ। ‘ਅਮਨਾਂ ਦੀ ਬਾਤ ਹੋਵੇ ਜਿਥੇ, ਉਹ ਸ਼ਹਿਰ ਲੱਭੋ, ਨਫ਼ਰਤ ਨੂੰ ਮਾਰ ਦੇਵੇ ਜਿਹੜੀ, ਉਹ ਜ਼ਹਿਰ ਲੱਭੋ।’  ਕੋਈ ਤਾਂ ਪ੍ਰਣ ਕਰੀਏ। ਦੀਵਾਲੀ ਨੂੰ ਸਵੱਛ ਰੱਖਣ ਦਾ। ਧੂੰਏਂ ਨੇ ਪਹਿਲਾਂ ਹੀ ਬੜਾ ਦਮ ਘੁੱਟਿਐ। ਈਰਖਾ ਦੇ ਨਹੀਂ, ਦੇਸ਼ ਦੀ ਮਮਟੀ ’ਤੇ ਪ੍ਰੇਮ ਦੇ ਦੀਵੇ ਰੱਖੀਏ। ਜੋ ਮਸ਼ਾਲਾਂ ਚੁੱਕ ਨਿਕਲੇ ਨੇ, ਉਨ੍ਹਾਂ ਲਈ ਰਾਹ ਛੱਡੀਏ। ਛੱਜੂ ਰਾਮ ਸਭ ਤੋਂ ਪਿੱਛੇ ਹੈ। ਹੱਥ ’ਚ ਮਸ਼ਾਲ ਹੈ। ਮੁਹੱਬਤਾਂ ਦਾ ਬਣਵਾਸ ਕੱਟਣ ਤੁਰਿਐ..।

2 comments:

  1. Very nice Bhullar Sahb carry on.

    ReplyDelete
  2. Sadivi chalde sanghras ch manvata kade vi mardi nahi dab jave ja pachhad jave phir angdaye le punger udhdi aa.bhullar varge rah dasere agvae karde ne.shala umar draaz hove.

    ReplyDelete