Thursday, June 29, 2017

                          ਨਾਲੇ ਪੁੰਨ, ਨਾਲੇ ਫਲੀਆਂ
          ਔਰਬਿਟ ਨੇ ਦਿੱਤੇ ਸੁਖਬੀਰ ਨੂੰ  ਝੂਟੇ !
                              ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਪੰਜਾਬ ਚੋਣਾਂ ਵਿਚ ਚੋਣ ਪ੍ਰਚਾਰ ਲਈ ਔਰਬਿਟ ਕੰਪਨੀ ਦਾ ਹੈਲੀਕਾਪਟਰ ਦਿਨ ਰਾਤ ਉੱਡਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਚੋਂ 1.37 ਕਰੋੜ ਤਾਰੇ ਗਏ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ 27 ਦਿਨ ਔਰਬਿਟ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਵਰਤਿਆ ਜਿਸ ਨੇ ਚੋਣਾਂ 'ਚ ਅਸੈਂਬਲੀ ਹਲਕਿਆਂ ਦੇ 104 ਗੇੜੇ ਲਾਏ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ 40 ਸਟਾਰ ਪ੍ਰਚਾਰਕ ਸਨ ਪ੍ਰੰਤੂ ਔਰਬਿਟ ਹੈਲੀਕਾਪਟਰ ਦੀ ਵਰਤੋਂ ਸਿਰਫ਼ ਬਾਦਲ ਪਰਿਵਾਰ ਨੇ ਹੀ ਕੀਤੀ। ਦੋ ਦਿਨ ਬਿਕਰਮ ਮਜੀਠੀਆ ਅਤੇ ਇੱਕ ਦਿਨ ਹਰਸਿਮਰਤ ਕੌਰ ਬਾਦਲ ਨੇ ਇਸ ਦੀ ਵਰਤੋਂ ਕੀਤੀ। 24 ਦਿਨ ਹੈਲੀਕਾਪਟਰ ਦੀ ਵਰਤੋਂ ਇਕੱਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ.ਕੇ.ਸ਼ਰਮਾ ਨੇ ਹੁਣ ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜੋ ਪੰਜਾਬ ਚੋਣਾਂ ਵਿਚ ਪਾਰਟੀ ਦੇ ਹੋਏ ਕੁੱਲ ਖਰਚ ਦੀ ਰਿਟਰਨ ਜਮ•ਾ ਕਰਾਈ ਹੈ, ਉਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚੋਣਾਂ 'ਤੇ ਕੁੱਲ 15.67 ਕਰੋੜ ਰੁਪਏ ਖਰਚ ਕੀਤੇ ਹਨ।
                          ਸਭ ਤੋਂ ਵੱਡਾ ਖਰਚਾ ਮੀਡੀਆ ਇਸ਼ਤਿਹਾਰਾਂ 'ਤੇ 8.83 ਕਰੋੜ ਕੀਤਾ ਗਿਆ ਜਿਸ ਚੋਂ ਇਕੱਲੇ ਪ੍ਰਿੰਟ ਮੀਡੀਆ ਨੂੰ 6.63 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ। ਐਤਕੀਂ ਸੋਸ਼ਲ ਮੀਡੀਆ 'ਤੇ ਅਕਾਲੀ ਦਲ ਨੇ 1.73 ਕਰੋੜ ਖਰਚ ਕੀਤੇ ਜਦੋਂ ਕਿ ਲੋਕ ਸਭਾ ਚੋਣਾਂ 2014 ਵਿਚ ਸੋਸ਼ਲ ਮੀਡੀਆ 'ਤੇ ਪਾਰਟੀ ਨੇ 1.02 ਕਰੋੜ ਖਰਚ ਕੀਤੇ ਸਨ। ਪੋਸਟਰਾਂ,ਫਲੈਕਸਾਂ ਅਤੇ ਝੰਡਿਆਂ ਆਦਿ 'ਤੇ 4.06 ਕਰੋੜ ਦਾ ਖਰਚਾ ਕੀਤਾ ਗਿਆ। ਇਲੈਕਟ੍ਰੋਨਿਕ ਮੀਡੀਏ ਚੋਂ ਸ਼੍ਰੋਮਣੀ ਅਕਾਲੀ ਦਲ ਨੇ ਪੀ.ਟੀ.ਸੀ ਚੈਨਲ ਨੂੰ 57.50 ਲੱਖ, ਫਾਸਟ ਵੇਅ ਨੂੰ 28.75 ਲੱਖ ਦੇ ਇਸ਼ਤਿਹਾਰ ਦਿੱਤੇ ਜਦੋਂ ਕਿ ਜੀ-ਪੰਜਾਬੀ ਨੂੰ 30 ਲੱਖ ਦੇ ਇਸ਼ਤਿਹਾਰ ਦਿੱਤੇ। ਇਹ ਸਾਰਾ ਖਰਚਾ ਵੋਟਾਂ ਪੈਣ ਤੋਂ ਪਹਿਲਾਂ ਵਾਲੇ ਆਖਰੀ 16 ਦਿਨਾਂ ਦੌਰਾਨ ਕੀਤਾ ਗਿਆ। ਪਾਰਟੀ ਦਫ਼ਤਰਾਂ ਦੇ ਖ਼ਰਚਿਆਂ 'ਤੇ 1.18 ਕਰੋੜ ਰੁਪਏ ਖਰਚ ਆਏ ਹਨ। ਸ਼੍ਰੋ੍ਰਮਣੀ ਅਕਾਲੀ ਦਲ ਨੂੰ ਇਹ ਵੱਡਾ ਖਰਚਾ ਸਿਆਸੀ ਤੌਰ ਤੇ ਰਾਸ ਨਹੀਂ ਆ ਸਕਿਆ ਅਤੇ ਪਾਰਟੀ ਵਿਰੋਧੀ ਧਿਰ ਦੇ ਰੁਤਬੇ ਤੱਕ ਵੀ ਨਹੀਂ ਪੁੱਜ ਸਕੀ।
                          ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2012 ਦੀਆਂ ਚੋਣਾਂ ਵਿਚ ਹੈਲੀਕਾਪਟਰ 'ਤੇ 1.41 ਕਰੋੜ ਰੁਪਏ ਖਰਚ ਕੀਤੇ ਸਨ। ਐਤਕੀਂ ਚੋਣਾਂ ਵਿਚ ਇਕੱਲੀ ਔਰਬਿਟ ਕੰਪਨੀ ਦਾ ਹੈਲੀਕਾਪਟਰ ਵਰਤਿਆ ਗਿਆ ਜਿਸ ਨਾਲ ਬਾਦਲ ਪਰਿਵਾਰ ਨੇ ਇਕੱਲੇ 12 ਗੇੜੇ ਕਾਲਝਰਾਨੀ ਦੇ ਲਾਏ। ਜੋ ਖਰਚਾ ਉਮੀਦਵਾਰਾਂ ਨੇ ਆਪਣੇ ਤੌਰ ਤੇ ਕੀਤਾ ਹੈ, ਉਹ ਵੱਖਰਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਚੋਂ ਸਿਰਫ਼ ਪਟਿਆਲਾ ਦੇ ਉਮੀਦਵਾਰ ਜਰਨਲ ਜੇ.ਜੇ.ਸਿੰਘ ਨੂੰ 20 ਲੱਖ ਰੁਪਏ ਦਾ ਫੰਡ ਦਿੱਤਾ ਜਦੋਂ ਕਿ ਬਾਕੀ ਕਿਸੇ ਉਮੀਦਵਾਰ ਨੂੰ ਕੋਈ ਚੋਣ ਫੰਡ ਨਹੀਂ ਦਿੱਤਾ। ਦੂਸਰੀ ਤਰਫ਼ ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਲੜਨ ਵਾਲੇ 117 ਉਮੀਦਵਾਰਾਂ ਚੋਂ ਸਿਰਫ਼ 44 ਉਮੀਦਵਾਰਾਂ ਨੂੰ ਹੀ ਚੋਣ ਫੰਡ ਵਜੋਂ 10.90 ਕਰੋੜ ਦਿੱਤੇ। ਹਰ ਉਮੀਦਵਾਰ ਨੂੰ 25 ਲੱਖ ਰੁਪਏ ਦਾ ਚੋਣ ਫੰਡ ਦਿੱਤਾ ਗਿਆ। ਕਾਂਗਰਸ ਨੇ ਯੂ.ਪੀ ਵਿਚ ਪ੍ਰਤੀ ਉਮੀਦਵਾਰ 20 ਲੱਖ ਰੁਪਏ ਦਾ ਚੋਣ ਫੰਡ ਦਿੱਤਾ। ਤ੍ਰਿਣਾਮੂਲ ਕਾਂਗਰਸ ਪਾਰਟੀ ਨੇ ਚੋਣਾਂ ਬਿਨ•ਾਂ ਕੋਈ ਧੇਲਾ ਖਰਚ ਕੀਤੇ ਹੀ ਲੜੀਆਂ।
                                   ਕਾਮਰੇਡਾਂ ਦੇ ਸਟਾਰ ਪ੍ਰਚਾਰਕ ਬੱਸਾਂ 'ਚ ਘੁੰਮੇ
ਭਾਰਤੀ ਕਮਿਊਨਿਸਟ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਬੱਸਾਂ ਵਿਚ ਸਫਰ ਕੀਤਾ। ਪਾਰਟੀ ਦੇ ਸਟਾਰ ਪ੍ਰਚਾਰਕ ਬੰਤ ਸਿੰਘ ਬਰਾੜ ਦੇ ਬੱਸ ਸਫ਼ਰ ਦਾ 1210 ਰੁਪਏ ਖਰਚ ਅਤੇ ਗੁਰਨਾਮ ਕੰਵਰ ਦਾ 2880 ਰੁਪਏ ਖਰਚ ਆਇਆ। ਪਾਰਟੀ ਨੇਤਾ ਲਾਲ ਜੀ ਦੇ ਬੱਸ ਸਫ਼ਰ ਦਾ ਖਰਚ 1640 ਰੁਪਏ, ਵਿਜੇ ਸ਼ਰਮਾ ਦਾ 890 ਰੁਪਏ ਅਤੇ ਸਤਿਆਦੇਵ ਸੈਣੀ ਦਾ ਬੱਸ ਸਫ਼ਰ ਅਤੇ ਟੈਕਸੀ ਦਾ 8271 ਰੁਪਏ ਖਰਚਾ ਆਇਆ। ਸੀ.ਪੀ.ਆਈ ਨੇ ਚੋਣਾਂ ਵਿਚ ਕੁੱਦੇ ਆਪਣੇ 23 ਉਮੀਦਵਾਰਾਂ ਨੂੰ 1.80 ਲੱਖ ਰੁਪਏ ਚੋਣ ਫੰਡ ਵਜੋਂ ਦਿੱਤੇ।

Wednesday, June 28, 2017

                                     ਨਵਾਂ ਫੈਸਲਾ
             ਮੋਇਆਂ ਨੂੰ ਮਿਲੇਗਾ 'ਮੁਫ਼ਤ ਕਫ਼ਨ'
                                ਚਰਨਜੀਤ ਭੁੱਲਰ
ਬਠਿੰਡਾ : ਭਾਵੇਂ ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਚੋਂ ਮੁਫਤ ਇਲਾਜ ਤਾਂ ਬਹੁਤਾ ਨਹੀਂ ਮਿਲਦਾ ਪ੍ਰੰਤੂ ਹੁਣ ਮ੍ਰਿਤਕਾਂ ਨੂੰ 'ਮੁਫ਼ਤ ਕਫ਼ਨ' ਜਰੂਰ ਮਿਲੇਗਾ। ਸਿਹਤ ਵਿਭਾਗ ਪੰਜਾਬ ਦਾ ਨਵਾਂ ਫੈਸਲਾ ਹੈ ਕਿ ਜੋ ਗਰੀਬ ਲੋਕ ਹਨ, ਉਨ•ਾਂ ਨੂੰ ਮ੍ਰਿਤਕ ਦੇਹ ਢਕਣ ਵਾਸਤੇ 'ਮੁਫ਼ਤ ਕਫ਼ਨ' ਦਿੱਤਾ ਜਾਵੇਗਾ। ਇਵੇਂ ਹੀ ਮ੍ਰਿਤਕ ਦੇਹਾਂ ਨੂੰ ਲਿਜਾਣ ਵਾਸਤੇ ਟਰਾਂਸਪੋਰਟ ਦੀ ਸਹੂਲਤ ਲਈ 500 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੇ ਕੁਝ ਦਿਨ ਪਹਿਲਾਂ ਪੰਜਾਬ ਭਰ ਦੇ ਸਿਵਲ ਸਰਜਨਾਂ ਨੂੰ ਪੱਤਰ ਭੇਜ ਕੇ ਨਵੇਂ ਹਦਾਇਤਾਂ ਦਿੱਤੀਆਂ ਹਨ। ਬੇਸ਼ੱਕ ਇਸ ਨਾਲ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ ਪ੍ਰੰਤੂ ਸਰਕਾਰ ਨੇ ਇਸ ਵਾਸਤੇ ਬਜਟ ਦਾ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ ਹੈ। ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੇ ਸਰਕਾਰੀ ਹਸਪਤਾਲਾਂ ਚੋਂ ਮ੍ਰਿਤਕ ਦੇਹਾਂ ਨੂੰ ਸਨਮਾਨ ਸਹਿਤ ਲਿਜਾਣ ਸਬੰਧੀ ਹਦਾਇਤਾਂ ਦਿੱਤੀਆਂ ਹਨ। ਇਨ•ਾਂ ਹਦਾਇਤਾਂ ਅਨੁਸਾਰ ਸਿਵਲ ਸਰਜਨਾਂ ਨੂੰ ਆਖਿਆ ਗਿਆ ਹੈ ਕਿ ਮ੍ਰਿਤਕ ਦੇਹਾਂ ਵਾਸਤੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ ਪ੍ਰੰਤੂ ਕਿਸੇ ਵੀ ਸਰਕਾਰੀ ਹਸਪਤਾਲ ਚੋਂ ਮ੍ਰਿ੍ਰਤਕ ਦੇਹਾਂ ਲਿਜਾਣ ਵਾਲੀ ਵੈਨ ਨਹੀਂ ਹੈ।
                           ਪੰਜਾਬ ਦੇ ਗੁਰਦਾਸਪੁਰ ਸਮੇਤ ਇੱਕ ਦੋ ਜਿਲਿ•ਆਂ ਵਿਚ ਹੀ ਇਹ ਵੈਨਾਂ ਹਨ ਜੋ ਦਾਨੀ ਸੱਜਣਾਂ ਨੇ ਦਿੱਤੀਆਂ ਹੋਈਆਂ ਹਨ। ਇਹ ਵੀ ਲਿਖਿਆ ਹੈ ਕਿ ਅਗਰ ਸਰਕਾਰੀ ਹਸਪਤਾਲਾਂ ਕੋਲ ਇਹ ਵੈਨ ਨਹੀਂ ਤਾਂ ਗਰੀਬ ਲੋਕਾਂ ਨੂੰ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਟਰਾਂਸਪੋਰਟ ਲਈ 500 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇ। ਪੱਤਰ ਵਿਚ ਕਿਧਰੇ ਜ਼ਿਕਰ ਨਹੀਂ ਕਿ ਇਹ ਰਾਸ਼ੀ ਕਿਹੜੇ ਫੰਡਾਂ ਚੋਂ ਦਿੱਤੀ ਜਾਵੇ ਅਤੇ ਨਾ ਹੀ ਫੰਡਾਂ ਸਬੰਧੀ ਕੋਈ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਿਵਲ ਸਰਜਨ ਬਠਿੰਡਾ ਡਾ.ਆਰ.ਐਸ.ਰੰਧਾਵਾ ਨੇ ਦੱਸਿਆ ਕਿ ਐਮ.ਡੀ ਵਲੋਂ ਜਾਰੀ ਪੱਤਰ ਦੀ ਪਾਲਣਾ ਸ਼ੁਰੂ ਕਰ ਦਿੱਤੀ ਹੈ। ਉਨ•ਾਂ ਦੱਸਿਆ ਕਿ ਫੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣਾ ਬਾਕੀ ਹੈ ਪ੍ਰੰਤੂ ਇਹ ਫੰਡ 'ਯੂਜਰਜ਼ ਫੰਡਾਂ' ਚੋਂ ਹੀ ਵਰਤੇ ਜਾਣਗੇ। ਉਨ•ਾਂ ਦੱਸਿਆ ਕਿ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਹਸਪਤਾਲਾਂ ਕੋਲ ਵੈਨਾਂ ਨਹੀਂ ਹਨ ਜਿਸ ਕਰਕੇ ਗਰੀਬ ਪਰਿਵਾਰਾਂ ਨੂੰ ਨਗਦ ਰਾਸ਼ੀ ਹੀ ਦਿੱਤੀ ਜਾਵੇਗੀ।  ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਦੇ ਡਾਕਟਰ ਯਕੀਨੀ ਬਨ•ਾਉਣਗੇ ਕਿ ਮ੍ਰਿਤਕ ਦੇਹ ਨੂੰ ਸੁਚੱਜੇ ਤਰੀਕੇ ਨਾਲ ਸਿਵਲ ਹਸਪਤਾਲ 'ਚੋ ਭੇਜਿਆ ਜਾਵੇ।
                          ਵੇਰਵਿਆਂ ਅਨੁਸਾਰ ਸਰਕਾਰੀ ਹਸਪਤਾਲ ਦੇ ਡਾਕਟਰ ਵਲੋਂ ਹਸਪਤਾਲ 'ਚੋਂ ਮ੍ਰਿਤਕ ਦੇਹ ਦੀ ਰਲੀਜ਼ ਬਾਰੇ ਆਰਡਰ ਜਾਰੀ ਕੀਤਾ ਜਾਵੇਗਾ ਅਤੇ ਉਸੇ ਡਾਕਟਰ ਵਲੋਂ  ਮ੍ਰਿਤਕ ਦੇ ਵਾਰਸਾਂ ਤੋਂ ਮ੍ਰਿਤਕ ਦੇਹ ਲੈ ਕੇ ਜਾਣ ਸਬੰਧੀ ਪ੍ਰੋਫਾਰਮਾ ਭਰਾਇਆ ਜਾਵੇਗਾ। ਉਸ ਤੋਂ ਪਹਿਲਾਂ ਮ੍ਰਿਤਕ ਦੇ ਵਾਰਸਾਂ ਨੂੰ ਪੁੱਛਿਆ ਜਾਵੇਗਾ ਕਿ ਉਨ•ਾਂ ਕੋਲ ਲਾਸ਼ ਲਿਜਾਣ ਸਬੰਧੀ ਟਰਾਂਸਪੋਰਟ ਦਾ ਕੋਈ ਪ੍ਰਬੰਧ ਹੈ ਜਾਂ ਨਹੀਂ। ਅਗਰ ਕਿਸੇ ਕੋਲ ਅਜਿਹਾ ਪ੍ਰਬੰਧ ਨਹੀਂ ਹੋਵੇਗਾ ਜਾਂ ਮਾਲੀ ਪਹੁੰਚ ਨਹੀਂ  ਹੋਵੇਗੀ ਤਾਂ ਉਨ•ਾਂ ਦੇ ਵਾਰਸਾਂ ਨੂੰ 500 ਰੁਪਏ ਤੱਕ ਦੀ ਮਾਲੀ ਮਦਦ ਦਿੱਤੀ ਜਾਵੇਗੀ ਜਿਸ ਦਾ ਵੇਰਵਾ ਪ੍ਰੋਫਾਰਮੇ ਵਿਚ ਦਰਜ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਅਣਪਛਾਤੀਆਂ ਲਾਸ਼ਾਂ ਨੂੰ ਢਕਣ ਵਾਸਤੇ ਵੀ ਮੁਫ਼ਤ ਕਫ਼ਨ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ।  

Tuesday, June 27, 2017

                                    ਸਰਕਾਰੀ ਝੂਟੇ   
                  ਮਜੀਠੀਆ ਤੇ ਕੈਰੋਂ ਨੇ ਲੁੱਟੇ ਬੁੱਲੇ
                                  ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਸਾਬਕਾ ਵਜ਼ੀਰਾਂ ਦੇ ਹਕੂਮਤ ਦੌਰਾਨ ਹੈਲੀਕਾਪਟਰ ਦੇ ਝੂਟੇ ਖ਼ਜ਼ਾਨੇ ਨੂੰ ਭੁੰਜੇ  ਲਾਹ ਗਏ ਹਨ ਜਿਨ•ਾਂ 'ਤੇ ਹੁਣ ਉਂਗਲ ਉੱਠੀ ਹੈ। ਗਠਜੋੜ ਸਰਕਾਰ ਨੇ ਹਕੂਮਤ ਦੌਰਾਨ ਵਜ਼ੀਰਾਂ ਵਾਸਤੇ ਵੱਖਰੇ ਤੌਰ ਤੇ ਪੰਜ ਹਵਾਈ ਕੰਪਨੀਆਂ ਤੋਂ ਵਿਸ਼ੇਸ਼ ਤੌਰ 'ਤੇ ਹੈਲੀਕਾਪਟਰ ਭਾੜੇ ਤੇ ਲਏ। ਉਦੋਂ ਸਰਕਾਰ ਨੇ ਹੈਲੀਕਾਪਟਰ ਭਾੜੇ ਤੇ ਲੈਣ ਲਈ ਨਾ ਤਾਂ ਟੈਂਡਰ ਜਾਰੀ ਕੀਤੇ ਅਤੇ ਨਾ ਹੀ ਕਿਸੇ ਹਵਾਈ ਕੰਪਨੀ ਨਾਲ ਐਗਰੀਮੈਂਟ ਕੀਤਾ। ਮਾਲੀ ਵਰ•ਾ 2013-14 ਤੋਂ ਜੁਲਾਈ 2016 ਤੱਕ ਇਨ•ਾਂ ਪੰਜ ਹੈਲੀਕਾਪਟਰਾਂ ਦਾ ਸਭ ਤੋਂ ਵੱਧ ਨਜ਼ਾਰਾ ਤਤਕਾਲੀ ਵਜ਼ੀਰ ਬਿਕਰਮ ਮਜੀਠੀਆ ਅਤੇ ਆਦੇਸ਼ ਪ੍ਰਤਾਪ ਕੈਰੋਂ ਨੇ ਲੁੱਟਿਆ ਜਿਨ•ਾਂ ਦੇ ਹੈਲੀਕਾਪਟਰ ਦੇ ਝੂਟੇ ਖ਼ਜ਼ਾਨੇ ਨੂੰ ਕਰੀਬ ਡੇਢ ਕਰੋੜ ਰੁਪਏ ਵਿਚ ਪਏ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਤਤਕਾਲੀ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਨੇ ਜਿਆਦਾ ਦਿੱਲੀ ਚੰਡੀਗੜ• ਦੇ ਗੇੜੇ ਹੈਲੀਕਾਪਟਰ ਤੇ ਲਾਏ ਅਤੇ ਉਨ•ਾਂ ਨੇ 53 ਘੰਟੇ ਹੈਲੀਕਾਪਟਰ ਵਰਤਿਆ ਜਦੋਂ ਕਿ ਬਿਕਰਮ ਮਜੀਠੀਆ ਨੇ ਕਰੀਬ 22 ਘੰਟੇ ਹੈਲੀਕਾਪਟਰ ਦੀ ਵਰਤੋਂ ਕੀਤੀ।
                            ਵਜ਼ੀਰਾਂ ਵਾਸਤੇ ਵਰਤੇ ਇਨ•ਾਂ ਹੈਲੀਕਾਪਟਰਾਂ ਦਾ ਕਰੀਬ ਸਵਾ ਤਿੰਨ ਵਰਿ•ਆਂ ਦੌਰਾਨ 24.94 ਕਰੋੜ ਭਾੜਾ ਤਾਰਿਆ ਗਿਆ। ਇਹ ਹੈਲੀਕਾਪਟਰ ਕੁੱਲ 1112 ਘੰਟੇ ਅਸਮਾਨ ਵਿਚ ਉੱਡੇ। ਅਕਾਊਂਟੈਂਟ ਜਨਰਲ (ਆਡਿਟ) ਵਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਕੀਤੇ ਤਾਜ਼ਾ ਆਡਿਟ ਵਿਚ ਇਨ•ਾਂ ਉਡਾਣਾਂ 'ਤੇ ਇਤਰਾਜ਼ ਵੀ ਉੱਠੇ ਹਨ। ਪੰਜਾਬ ਸਰਕਾਰ ਨੇ ਨਵੰਬਰ 2012 ਵਿਚ 38.13 ਕਰੋੜ ਰੁਪਏ ਵਿਚ ਆਪਣਾ ਸਰਕਾਰੀ ਹੈਲੀਕਾਪਟਰ ਬੈੱਲ-429 ਖਰੀਦ ਕੀਤਾ ਸੀ ਜਿਸ ਦੀ ਲੰਘੇ ਸਵਾ ਤਿੰਨ ਵਰਿ•ਆਂ ਦੌਰਾਨ 1532 ਘੰਟੇ ਵਰਤੋਂ ਹੋਈ ਹੈ। ਸਰਕਾਰੀ ਅਤੇ ਪ੍ਰਾਈਵੇਟ ਹੈਲੀਕਾਪਟਰ ਦੀਆਂ ਉਡਾਣਾਂ ਤੇ ਨਜ਼ਰ ਮਾਰੀਏ ਤਾਂ ਰੋਜ਼ਾਨਾ ਔਸਤਨ ਸਵਾ ਦੋ ਘੰਟੇ ਹੈਲੀਕਾਪਟਰ ਦੀ ਵਰਤੋਂ ਹੋਈ ਹੈ। ਸਰਕਾਰੀ ਸੂਚਨਾ ਅਨੁਸਾਰ ਗਠਜੋੜ ਸਰਕਾਰ ਦੌਰਾਨ 1 ਅਪਰੈਲ 2007 ਤੋਂ 31 ਮਾਰਚ 2017 ਤੱਕ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ 'ਤੇ 117 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦੋਂ ਕਿ ਪੰਜਾਬ ਸਰਕਾਰ ਕੋਲ ਆਪਣਾ ਸਰਕਾਰੀ ਹੈਲੀਕਾਪਟਰ ਵੀ ਮੌਜੂਦ ਰਿਹਾ ਹੈ।
                         ਆਡਿਟ ਮਹਿਕਮੇ ਨੇ ਇਤਰਾਜ਼ ਕੀਤਾ ਹੈ ਕਿ ਅਗਰ ਵਜ਼ੀਰਾਂ ਵਾਸਤੇ ਹੈਲੀਕਾਪਟਰ ਫੌਰੀ ਹਾਇਰ ਕਰਨ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਵਾਧੂ ਦਾ ਮਾਲੀ ਬੋਝ ਪਾਉਣ ਦੀ ਥਾਂ ਇੱਕ ਹੋਰ ਹੈਲੀਕਾਪਟਰ ਖਰੀਦ ਕਿਉਂ ਨਹੀਂ ਲੈਂਦੀ। ਇਹ ਵੀ ਉਂਗਲ ਉਠੀ ਹੈ ਕਿ ਹੈਲੀਕਾਪਟਰ ਹਾਇਰ ਕਰਨ ਵਾਸਤੇ ਨਿਯਮਾਂ ਦੀ ਅਣਦੇਖੀ ਵੀ ਕੀਤੀ ਗਈ ਹੈ। ਹੁਣ ਕੈਪਟਨ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇਗੀ ਪ੍ਰੰਤੂ ਦਮਦਮਾ ਸਾਹਿਬ ਦੀ ਵਿਸਾਖੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਰਕਾਰੀ ਹੈਲੀਕਾਪਟਰ ਤੇ ਆਏ ਸਨ। ਫਿਲਹਾਲ ਕੈਪਟਨ ਸਰਕਾਰ ਦਾ ਹੈਲੀਕਾਪਟਰ ਦੀ ਵਰਤੋਂ ਦਾ ਭੇਤ ਬਣਿਆ ਹੋਇਆ ਹੈ। ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਕੈਪਟਨ ਹਕੂਮਤ ਵਲੋਂ ਵਰਤੇ ਜਾ ਰਹੇ ਹੈਲੀਕਾਪਟਰ ਦੇ ਗੇੜਿਆਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਏਨਾ ਜਰੂਰ ਦੱਸਿਆ ਹੈ ਕਿ ਨਵੀਂ ਸਰਕਾਰ ਨੇ ਪ੍ਰਾਈਵੇਟ ਹੈਲੀਕਾਪਟਰ ਹਾਇਰ ਕਰਨ ਲਈ ਕੋਈ ਫੈਸਲਾ ਨਹੀਂ ਲਿਆ ਹੈ। ਆਰਟੀਆਈ ਵਿਚ ਪਿਛਲੀ ਸਰਕਾਰ ਦਾ ਰਿਕਾਰਡ ਤਾਂ ਦੇ ਦਿੱਤਾ ਹੈ ਪ੍ਰੰਤੂ ਮੌਜੂਦਾ ਸਰਕਾਰ ਦੇ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ ਹੈ।

Monday, June 26, 2017

                                100 ਦਿਨ ਲੰਘੇ
                ਈਦ ਦਾ ਚੰਦ ਹੋਇਆ ਕੈਪਟਨ
                                 ਚਰਨਜੀਤ ਭੁੱਲਰ
ਬਠਿੰਡਾ  : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੀਦ ਨੂੰ ਹਕੂਮਤ ਦੇ 100 ਦਿਨਾਂ ਦੌਰਾਨ ਪੰਜਾਬ ਦੇ ਲੋਕ ਤਰਸਦੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਕੂਮਤ ਦੇ ਮੁਢਲੇ 100 ਦਿਨਾਂ ਚੋਂ ਪੰਜਾਬ ਦੇ ਗੇੜੇ ਲਈ ਸਿਰਫ਼ ਤਿੰਨ ਦਿਨ ਹੀ ਕੱਢੇ। ਪੰਜਾਬ ਦੇ 18 ਜ਼ਿਲਿ•ਆਂ ਨੂੰ ਇਨ•ਾਂ ਸੌ ਦਿਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਨਸੀਬ ਨਹੀਂ ਹੋ ਸਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ 16 ਮਾਰਚ 2017 ਨੂੰ ਮੁੱਖ ਮੰਤਰੀ ਪੰਜਾਬ ਵਜੋਂ ਸਹੁੰ ਚੁੱਕੀ ਸੀ। ਮੁੱਖ ਮੰਤਰੀ ਪੰਜਾਬ ਨੇ ਰਾਜ ਭਾਗ ਸੰਭਾਲਣ ਮਗਰੋਂ ਕਰੀਬ 53 ਦਿਨਾਂ ਮਗਰੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਪਿਛਲੀ ਪਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ 27 ਫਰਵਰੀ 2002 ਨੂੰ ਸਹੁੰ ਚੁੱਕੀ ਸੀ ਅਤੇ ਉਹ ਅਗਲੇ ਦਿਨ ਹੀ 28 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਏ ਸਨ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਦੇ ਸੌ ਦਿਨਾਂ ਦੌਰਾਨ ਚੰਡੀਗੜ• ਤੋਂ ਬਿਨ•ਾਂ ਦਿੱਲੀ, ਮੁੰਬਈ ਅਤੇ ਹਿਮਾਚਲ ਪ੍ਰਦੇਸ਼ ਦੇ ਗੇੜੇ ਰਹੇ ਹਨ। ਮੁੱਖ ਮੰਤਰੀ ਦੀ ਪੰਜਾਬ ਦੀ ਪਹਿਲੀ ਫੇਰੀ 8 ਅਪਰੈਲ ਦੀ ਜ਼ੀਰਕਪੁਰ ਦੀ ਰਹੀ ਜਿਥੇ ਉਨ•ਾਂ ਨੇ ਡੀ-ਮਾਰਟ ਸਟੋਰ ਦਾ ਉਦਘਾਟਨ ਕੀਤਾ ਸੀ। ਉਸ ਮਗਰੋਂ ਉਹ 7 ਮਈ ਨੂੰ ਜ਼ਿਲ•ਾ ਤਰਨਤਾਰਨ ਵਿਚ ਸ਼ਹੀਦ ਫੌਜੀ ਪਰਮਜੀਤ ਸਿੰਘ ਦੇ ਪਰਿਵਾਰ ਦੇ ਘਰ ਗਏ।
                         ਮੁੱਖ ਮੰਤਰੀ ਨੇ 8 ਮਈ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਿਆ ਅਤੇ ਦੁਪਹਿਰ ਮਗਰੋਂ ਹੁਸ਼ਿਆਰਪੁਰ ਵਿਚ ਸੋਨਾਲੀਕਾ ਟਰੈਕਟਰ ਦੇ ਪ੍ਰੋਜੈਕਟ ਨੂੰ ਦੇਖਣ ਗਏ। ਸਮੁੱਚਾ ਮਾਲਵਾ ਕੈਪਟਨ ਦੇ ਦੀਦਾਰ ਨੂੰ ਤਰਸ ਗਿਆ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਸ਼ਹਿਰ ਪਟਿਆਲਾ ਵੀ ਨਹੀਂ ਪਧਾਰੇ। ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਲੰਬੀ ਤੋਂ ਵੀ ਚੋਣ ਲੜੀ ਸੀ। ਭਾਵੇਂ ਉਹ ਇੱਥੋਂ ਚੋਣ ਹਾਰ ਗਏ ਪ੍ਰੰਤੂ ਚੋਣਾਂ ਮਗਰੋਂ ਉਹ ਹਲਕਾ ਲੰਬੀ ਦਾ ਧੰਨਵਾਦੀ ਦੌਰਾ ਕਰਨ ਵਾਸਤੇ ਵੀ ਨਹੀਂ ਪੁੱਜੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦਾ ਗੇੜਾ ਵੀ ਨਹੀਂ ਲਾਇਆ ਜਦੋਂ ਕਿ ਪੰਜਾਬ ਚੋਣਾਂ ਦੀ ਮੁਹਿੰਮ ਕੈਪਟਨ ਅਮਰਿੰਦਰ ਸਿੰਘ ਨੇ 15 ਜਨਵਰੀ ਨੂੰ ਪਿੰਡ ਮਹਿਰਾਜ ਤੋਂ ਸ਼ੁਰੂ ਕੀਤੀ ਸੀ। ਪਿੰਡ ਮਹਿਰਾਜ ਦੇ ਜਥੇਦਾਰ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ• ਮਿਲ ਕੇ ਆਏ ਹਨ ਅਤੇ ਮੁੱਖ ਮੰਤਰੀ ਨੇ ਸੈਸ਼ਨ ਮਗਰੋਂ ਪਿੰਡ ਮਹਿਰਾਜ ਆਉਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਐਤਕੀਂ ਤਾਂ ਡੇਰਾ ਰੂਮੀ ਭੁੱਚੋ ਵੀ ਨਹੀਂ ਆਏ ਹਨ ਜਦੋਂ ਕਿ ਪਹਿਲਾਂ ਉਹ ਮੁੱਖ ਮੰਤਰੀ ਬਣਨ ਮਗਰੋਂ ਸਾਲ 2002 ਵਿਚ ਪੁੱਜੇ ਸਨ।
                         ਲੋਕ ਆਖਦੇ  ਹਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਿਆਦਾ ਗੇੜੇ ਤੰਗ ਕਰਦੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਗੈਰਹਾਜ਼ਰੀ ਰੜਕਦੀ ਹੈ। ਪੰਜਾਬ ਚੋਣਾਂ ਦੇ ਪ੍ਰਚਾਰ ਸਮੇਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੇ ਬਹੁਤ ਗੇੜੇ ਲਾਏ ਸਨ ਪ੍ਰੰਤੂ ਹੁਣ ਉਨ•ਾਂ ਦੇ ਚੰਡੀਗੜ• ਚੋਂ ਨਾ ਨਿਕਲਣ ਕਰਕੇ ਕਾਂਗਰਸੀ ਵਿਧਾਇਕ ਵੀ ਅੰਦਰੋਂ ਅੰਦਰੀ ਚਾਅ ਦਬਾਈ ਬੈਠੇ ਹਨ। ਐਤਕੀਂ ਵਿਸਾਖੀ ਦਿਹਾੜੀ ਤੇ ਦਮਦਮਾ ਸਾਹਿਬ ਵਿਖੇ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਪ੍ਰੰਤੂ ਐਨ ਮੌਕੇ ਤੇ ਉਨ•ਾਂ ਪ੍ਰੋਗਰਾਮ ਕੈਂਸਲ ਕਰ ਦਿੱਤਾ। ਸ਼ਹੀਦੇ ਆਜਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਤੇ ਵੀ ਮੁੱਖ ਮੰਤਰੀ ਗੈਰਹਾਜ਼ਰ ਰਹੇ। ਹੋਰ ਵੀ ਸਟੇਟ ਪੱਧਰੀ ਸਮਾਗਮਾਂ ਵਿਚ ਵਜ਼ੀਰ ਹੀ ਸ਼ਾਮਿਲ ਹੋ ਰਹੇ ਹਨ। ਕਾਂਗਰਸੀ ਹਕੂਮਤੀ ਦੇ ਸੌ ਦਿਨਾਂ ਦੌਰਾਨ ਮੁੱਖ ਮੰਤਰੀ ਪੰਜਾਬ ਡਾ. ਬੀ. ਆਰ. ਅੰਬੇਦਕਰ ਦੇ ਜਨਮ ਦਿਨ,ਭਗਵਾਨ ਪਰਸੂ ਰਾਮ ਜਯੰਤੀ,ਕਬੀਰ ਜਯੰਤੀ, ਮਹਾਂਵੀਰ ਜਯੰਤੀ ਅਤੇ ਰਾਮ ਨੌਮੀ ਆਦਿ ਦਿਹਾੜਿਆਂ ਤੋਂ ਵੀ ਲਗਭਗ ਗੈਰਹਾਜ਼ਰ ਰਹੇ।
                      ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਮੁੱਖ ਮੰਤਰੀ ਚੋਣਾਂ 'ਚ ਕੀਤੇ ਵਾਅਦੇ ਦੇ ਉਲਟ ਪਹਿਲੇ 100 ਦਿਨਾਂ ਵਿਚ ਹੀ ਲੋਕਾਂ ਦੀ ਪਹੁੰਚ ਚੋਂ ਬਾਹਰ ਹੋ ਗਏ ਹਨ ਜਦੋਂ ਕਿ ਉਨ•ਾਂ ਨੂੰ ਬਿਹਤਰ ਸਰਕਾਰ ਦੇਣ ਲਈ ਵੱਧ ਤੋਂ ਵੱਧ ਲੋਕਾਂ ਵਿਚ ਵਿਚਰ ਕੇ ਫੀਡ ਬੈਕ ਹਾਸਲ ਕਰਨੀ ਚਾਹੀਦੀ ਹੈ। ਸੂਤਰ ਦੱਸਦੇ ਹਨ ਕਿ ਬਹੁਤੇ ਵਿਧਾਇਕ ਵੀ ਆਪੋ ਆਪਣੇ ਹਲਕਿਆਂ ਵਿਚ ਮੁੱਖ ਮੰਤਰੀ ਦੇ ਪ੍ਰੋਗਰਾਮ ਰੱਖਣ ਲਈ ਕਾਹਲੇ ਹਨ ਪ੍ਰੰਤੂ ਉਨ•ਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ। ਮੁੱਖ ਮੰਤਰੀ ਪੰਜਾਬ ਦੇ ਨੇੜਲੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪੰਜਾਬ ਦੇ ਪੈਰ ਨੂੰ ਪਹਿਲਾਂ ਮੋਚ ਆ ਗਈ ਸੀ ਅਤੇ ਉਸ ਮਗਰੋਂ ਵਿਧਾਨ ਸਭਾ ਦੇ ਸੈਸ਼ਨ ਕਾਰਨ ਮੁੱਖ ਮੰਤਰੀ ਰੁਝੇਵੇਂ 'ਚ ਰਹੇ। ਉਹ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਤਖਤ ਦਮਦਮਾ ਸਾਹਿਬ ਦਾ ਪ੍ਰੋਗਰਾਮ ਬਣਾ ਰਹੇ ਹਨ।

Sunday, June 25, 2017

                                    ਕਪਤਾਨ ਦਾ ਤੋਹਫਾ
                ਮਖ਼ਮਲੀ ਸੜਕ ਕਰੇਗੀ ਜੇਬ ਖਾਲੀ
                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ-ਜੀਰਕਪੁਰ ਕੌਮੀ ਸ਼ਾਹਰਾਹ ਦਾ ਸੁਹਾਣਾ ਸਫ਼ਰ ਹੁਣ ਕਰੀਬ 400 ਰੁਪਏ ਵਿਚ ਪਏਗਾ। ਕਰੀਬ 214 ਕਿਲੋਮੀਟਰ ਲੰਮੇ ਇਸ ਸੜਕ ਮਾਰਗ 'ਤੇ ਪੰਜ ਟੌਲ ਪਲਾਜਾ ਬਣ ਰਹੇ ਹਨ ਜਿਨ•ਾਂ 'ਤੇ ਬਠਿੰਡਾ ਤੋਂ ਚੰਡੀਗੜ• ਤੱਕ ਦੇ ਇੱਕ ਪਾਸੇ ਦੇ ਸਫ਼ਰ ਦੇ ਲੋਕਾਂ ਨੂੰ ਕਰੀਬ ਚਾਰ ਸੌ ਰੁਪਏ ਬਤੌਰ ਟੌਲ ਟੈਕਸ ਤਾਰਨੇ ਪੈਣਗੇ। ਕੌਮੀ ਸੜਕ ਅਥਾਰਟੀ ਨੇ ਪਹਿਲੇ ਟੌਲ ਪਲਾਜਾ ਦੇ ਰੇਟ ਜਾਰੀ ਕਰ ਦਿੱਤੇ ਹਨ ਜਿਸ ਤੋਂ ਇਸ ਕੌਮੀ ਸ਼ਾਹਰਾਹ ਦਾ ਸਫ਼ਰ ਮਹਿੰਗਾ ਹੋਣ ਦੇ ਸੰਕੇਤ ਮਿਲੇ ਹਨ। ਸੰਗਰੂਰ-ਪਟਿਆਲਾ ਦਰਮਿਆਨ ਪਿੰਡ ਕਾਲਾਝਾੜ ਵਿਖੇ ਟੌਲ ਪਲਾਜਾ ਲਗਭਗ ਤਿਆਰ ਹੋ ਚੁੱਕਾ ਹੈ ਜਿਸ ਦੇ ਟੌਲ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਜਦੋਂ ਕਿ ਕਰੀਬ ਚਾਰ ਮਹੀਨੇ ਮਗਰੋਂ ਬਡਬਰ ਟੌਲ ਪਲਾਜਾ ਚਾਲੂ ਹੋਣ ਦੀ ਸੰਭਾਵਨਾ ਹੈ। ਕੌਮੀ ਸੜਕ ਅਥਾਰਟੀ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਾਲਾਝਾੜ ਟੌਲ ਪਲਾਜਾ ਤੋਂ ਪਟਿਆਲਾ ਤੱਕ ਦੇ ਇੱਕ ਤਰਫ਼ ਦੇ ਸਫ਼ਰ ਲਈ ਕਾਰ,ਜੀਪ ਅਤੇ ਹੋਰ ਲਾਈਟ ਮੋਟਰ ਵਹੀਕਲ 'ਤੇ 80 ਰੁਪਏ ਟੌਲ ਲੱਗੇਗਾ ਜਦੋਂ ਕਿ ਮਿੰਨੀ ਬੱਸ ਨੂੰ ਇਸ 41 ਕਿਲੋਮੀਟਰ ਦੇ ਸਫ਼ਰ ਲਈ ਇੱਕ ਪਾਸੇ ਦਾ 125 ਰੁਪਏ, ਵੱਡੀ ਬੱਸ ਤੇ ਟਰੱਕ ਨੂੰ 285 ਰੁਪਏ ਅਤੇ ਕਮਰਸ਼ੀਅਲ ਵਹੀਕਲ (ਥ੍ਰੀ ਐਕਸਲ) ਨੂੰ 290 ਰੁਪਏ ਤਾਰਨੇ ਪੈਣਗੇ।
                        ਅਥਾਰਟੀ ਤਰਫ਼ੋਂ ਪ੍ਰਤੀ ਕਿਲੋਮੀਟਰ 1.95 ਰੁਪਏ ਟੌਲ ਲਾਇਆ ਗਿਆ ਹੈ ਜਿਸ ਤੋਂ ਅੰਦਾਜ਼ਾ ਹੈ ਕਿ ਬਠਿੰਡਾ ਤੋਂ ਜੀਰਕਪੁਰ ਦਾ ਇੱਕ ਪਾਸੇ ਦਾ ਸਫ਼ਰ ਕਰੀਬ ਚਾਰ ਸੌ ਰੁਪਏ ਵਿਚ ਪਏਗਾ। ਨੋਟੀਫਿਕੇਸ਼ਨ ਅਨੁਸਾਰ ਕਾਲਾਝਾੜ ਦੇ ਆਸ ਪਾਸ ਦੇ 20 ਕਿਲੋਮੀਟਰ ਦੇ ਸਫ਼ਰ ਲਈ ਮਹੀਨਾਵਾਰ ਪਾਸ ਬਣਾਏ ਜਾਣ ਦੀ ਵਿਵਸਥਾ ਵੀ ਕੀਤੀ ਗਈ ਹੈ। ਇਲਾਕੇ ਦੇ ਪਿੰਡਾਂ ਦੇ ਵਸਨੀਕ ਆਪਣੇ ਨਿੱਜੀ ਵਾਹਨਾਂ ਦੇ 245 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਸ ਬਣਾ ਸਕਣਗੇ। ਵੇਰਵਿਆਂ ਅਨੁਸਾਰ ਬਡਵਰ ਅਤੇ ਲਹਿਰਾ ਬੇਗਾ ਟੌਲ ਪਲਾਜਾ ਤਿਆਰ ਹੋਣੇ ਬਾਕੀ ਹਨ ਜਿਨ•ਾਂ ਦੇ ਟੌਲ ਦਾ ਨੋਟੀਫਿਕੇਸ਼ਨ ਤਿੰਨ ਚਾਰ ਮਹੀਨੇ ਵਿਚ ਹੋ ਜਾਵੇਗਾ। ਪਟਿਆਲਾ ਅਤੇ ਜੀਰਕਪੁਰ ਦਰਮਿਆਨ ਦੋ ਟੌਲ ਪਲਾਜਾ ਬਣਨੇ ਹਨ। ਬਠਿੰਡਾ ਤੋਂ ਸੰਗਰੂਰ ਦਰਮਿਆਨ ਪਿੰਡ ਲਹਿਰਾ ਬੇਗਾ ਅਤੇ ਪਿੰਡ ਬਡਬਰ ਕੋਲ ਟੌਲ ਪਲਾਜਾ ਹੋਣਗੇ। ਅੰਦਾਜ਼ੇ ਅਨੁਸਾਰ ਵੱਡੀ ਬੱਸ ਨੂੰ ਬਠਿੰਡਾ ਤੋਂ ਜੀਰਕਪੁਰ ਤੱਕ ਕਰੀਬ 1500 ਰੁਪਏ ਬਤੌਰ ਟੌਲ ਤਾਰਨੇ ਪੈਣਗੇ। ਲੋਕ ਨਿਰਮਾਣ ਵਿਭਾਗ ਦੇ ਨੋਡਲ ਅਧਿਕਾਰੀ ਸ੍ਰੀ ਐਨ.ਪੀ.ਸਿੰਘ ਦਾ ਕਹਿਣਾ ਸੀ ਕਿ ਕਾਲਾਝਾੜ ਟੌਲ ਪਲਾਜਾ ' ਅਜਮਾਇਸ਼ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਜਲਦੀ ਚਾਲੂ ਹੋ ਰਿਹਾ ਹੈ।
                      ਬਠਿੰਡਾ ਤੋਂ ਪਟਿਆਲਾ ਤੱਕ ਕੌਮੀ ਸੜਕ ਮਾਰਗ ਨੂੰ ਚਹੁੰ ਮਾਰਗੀ ਬਣਾਏ ਜਾਣ ਤੇ ਕਰੀਬ 2236 ਕਰੋੜ ਰੁਪਏ ਖਰਚ ਆਉਣੇ ਹਨ ਅਤੇ ਬਠਿੰਡਾ ਪਟਿਆਲਾ ਤੱਕ ਕਰੀਬ ਪੌਣੇ ਤਿੰਨ ਸੌ ਰੁਪਏ ਟੌਲ ਲੱਗਣ ਦਾ ਅਨੁਮਾਨ ਹੈ। ਬਠਿੰਡਾ ਤੋਂ ਬਡਰੁੱਖਾ ਤੱਕ ਦੇ 87 ਕਿਲੋਮੀਟਰ ਸੜਕ ਪ੍ਰੋਜੈਕਟ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ੍ਰੀ ਨੀਰਜ ਭੰਡਾਰੀ ਦਾ ਕਹਿਣਾ ਸੀ ਕਿ ਬਠਿੰਡਾ ਬਡਰੁੱਖਾ ਤੱਕ ਸੜਕ ਮਾਰਗ ਅਕਤੂਬਰ ਤੱਕ ਤਿਆਰ ਹੋ ਜਾਵੇਗਾ ਅਤੇ ਰਾਮਪੁਰਾ ਫਾਟਕ ਤੇ ਪੈਂਦਾ ਓਵਰ ਬਰਿੱਜ ਵੀ ਅਕਤੂਬਰ ਤੱਕ ਮੁਕੰਮਲ ਹੋ ਜਾਣਾ ਹੈ। ਉਸ ਮਗਰੋਂ ਟੌਲ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਸਾਇੰਨਟੈਫਿਕ ਅਵੇਰਸਨੈਸ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ (ਸੰਗਰੂਰ) ਦਾ ਪ੍ਰਤੀਕਰਮ ਸੀ ਕਿ ਜਦੋਂ ਕੇਂਦਰ ਸਰਕਾਰ ਖੁਦ ਇਸ ਪ੍ਰੋਜੈਕਟ ਤੇ ਪੈਸਾ ਲਗਾ ਰਹੀ ਹੈ ਤਾਂ ਟੌਲ ਲਗਾਏ ਜਾਣ ਦੀ ਕੋਈ ਤੁਕ ਨਹੀਂ ਬਣਦੀ ਹੈ। ਉਨ•ਾਂ ਆਖਿਆ ਕਿ ਭਾਵੇਂ ਚਹੁੰ ਮਾਰਗੀ ਸੜਕ ਬਣਨ ਨਾਲ ਸਫ਼ਰ ਦਾ ਸਮਾਂ ਘਟੇਗਾ ਅਤੇ ਹਾਦਸਿਆਂ ਵਿਚ ਕਮੀ ਆਵੇਗੀ ਪ੍ਰੰਤੂ ਇਹ ਸਹੂਲਤਾਂ ਦੇਣੀਆਂ ਵੈਲਫੇਅਰ ਸਟੇਟ ਦਾ ਮੁਢਲਾ ਫਰਜ਼ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜੀਰਕਪੁਰ ਤੱਕ ਦਰਜਨਾਂ ਫਲਾਈਓਵਰ ਵੀ ਬਣ ਰਹੇ ਹਨ। 

Wednesday, June 7, 2017

                                  ਵਕਫ਼ ਜ਼ਮੀਨਾਂ
              ਪੰਜਾਬ 'ਚ ਕਬਰਾਂ ਤੇ ਬਣੇ ਸਕੂਲ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਕਰੀਬ ਢਾਈ ਸੌ ਕਬਰਾਂ 'ਤੇ ਸਕੂਲ ਕਾਲਜ ਬਣੇ ਹੋਏ ਹਨ ਜਿਨ•ਾਂ 'ਚ ਹੁਣ ਬੱਚੇ ਕਬਰਾਂ ਤੇ ਬੈਠ ਕੇ ਪੜ•ਦੇ ਹਨ। ਇਵੇਂ ਪੁਲੀਸ ਥਾਣੇ, ਰੈਸਟ ਹਾਊਸ ਤੇ ਸਟੇਡੀਅਮ ਵੀ ਇਨ•ਾਂ ਕਬਰਾਂ 'ਤੇ ਬਣੇ ਹੋਏ ਹਨ। ਪੰਜਾਬ 'ਚ ਵਕਫ ਬੋਰਡ ਦੀਆਂ ਕਰੀਬ 16 ਹਜ਼ਾਰ ਜਾਇਦਾਦਾਂ 'ਤੇ ਨਜਾਇਜ਼ ਕਬਜ਼ੇ ਹੋ ਚੁੱਕੇ ਹਨ ਜਿਨ•ਾਂ 'ਚ ਇਹ ਕਬਰਾਂ ਵੀ ਸ਼ਾਮਿਲ ਹਨ। ਭੌਂ ਮਾਫੀਏ ਲਈ ਮੁਸਲਿਮ ਭਾਈਚਾਰੇ ਦੀ ਇਹ ਸੰਪਤੀ ਸੋਨਾ ਬਣੀ ਹੋਈ ਹੈ ਜਿਨ•ਾਂ ਨੇ ਨਜਾਇਜ਼ ਕਬਜ਼ੇ ਕੇ ਕਲੋਨੀਆਂ ਵੀ ਕੱਟ ਦਿੱਤੀਆਂ ਹਨ। ਬਠਿੰਡਾ ਵਿਚ ਹੁਣ ਜਦੋਂ ਰਜਵਾਹਾ ਟੁੱਟਿਆ ਤਾਂ ਉਦੋਂ ਭੇਤ ਖੁੱਲ•ਾ ਕਿ ਪਾਣੀ 'ਚ ਡੁੱਬਣ ਵਾਲੀ ਕਲੋਨੀ ਤਾਂ ਵਕਫ ਬੋਰਡ ਦੀ ਜਾਇਦਾਦ 'ਤੇ ਬਣੀ ਹੋਈ ਸੀ। ਪੜਤਾਲ ਮਗਰੋਂ ਹੁਣ ਪੁਲੀਸ ਕਾਰਵਾਈ ਹੋਣ ਲੱਗੀ ਹੈ। ਬਠਿੰਡਾ 'ਚ ਗਣਪਤੀ ਕਲੋਨੀ ਦੇ ਪਿਛਵਾੜੇ ਜਦੋਂ ਰਜਵਾਹੇ ਦਾ ਪਾਣੀ ਭਰ ਗਿਆ ਤਾਂ ਕਬਰਾਂ ਬੈਠ ਗਈਆਂ। ਵੇਰਵਿਆਂ ਅਨੁਸਾਰ ਪੰਜਾਬ ਵਿਚ 90 ਸਕੂਲ ਤੇ ਕਾਲਜ ਇਸ ਵੇਲੇ ਕਬਰਾਂ 'ਤੇ ਨਜਾਇਜ਼ ਉਸਰੇ ਹੋਏ ਹਨ ਜਿਨ•ਾਂ ਚੋਂ ਕਿਸੇ ਦਾ ਕਬਜ਼ਾ ਹਟਾਇਆ ਨਹੀਂ ਜਾ ਸਕਿਆ ਹੈ। ਕਈ ਕਬਰਾਂ ਤੇ ਖਾਲਸਾ ਸਕੂਲ ਬਣ ਗਏ ਹਨ ਜਦੋਂ ਕਿ ਰਾਮਾਂ ਮੰਡੀ ਤੇ ਬੁਢਲਾਡਾ ਤੋਂ ਇਲਾਵਾ ਕੁਲਾਣਾ (ਮਾਨਸਾ) ਵਿਚ ਕਬਰਾਂ ਤੇ ਸਰਕਾਰੀ ਸਕੂਲ ਬਣੇ ਹੋਏ ਹਨ।
                           ਗੁਰਦਾਸਪੁਰ ਜ਼ਿਲ•ੇ ਵਿਚ 18 ਕਬਰਾਂ,ਅੰਮ੍ਰਿਤਸਰ 'ਚ 10 ਕਬਰਾਂ ਅਤੇ ਫਿਰੋਜ਼ਪੁਰ ਫਾਜਿਲਕਾ ਵਿਚ ਵੀ 10 ਕਬਰਾਂ ਤੇ ਸਕੂਲ ਕਾਲਜ ਬਣ ਗਏ ਹਨ। ਬੁਢਲਾਡਾ ਦਾ ਬੱਸ ਅੱਡਾ ਵੀ ਕਬਰਾਂ ਤੇ ਬਣਿਆ ਹੋਇਆ ਹੈ ਜਿਸ ਦਾ ਕੇਸ ਹਾਈਕੋਰਟ ਵਿਚ ਪੈਂਡਿੰਗ ਹੈ। ਮਾਲਵੇ 'ਚ 28 ਕਬਰਾਂ 'ਤੇ ਸਕੂਲ ਕਾਲਜਾਂ ਚੱਲ ਰਹੇ ਹਨ। ਬਠਿੰਡਾ ਵਿਚ ਤਾਂ ਨਰਸਿੰਗ ਟਰੇਨਿੰਗ ਸੈਂਟਰ ਅਤੇ ਜਲੰਧਰ ਜ਼ਿਲ•ੇ ਵਿਚ ਲੋਕ ਨਿਰਮਾਣ ਵਿਭਾਗ ਦਾ ਰੈਸਟ ਹਾਊਸ ਵੀ ਕਬਰਾਂ ਤੇ ਨਜਾਇਜ਼ ਬਣਿਆ ਹੋਇਆ ਹੈ। ਜਲੰਧਰ ਤੇ ਬਠਿੰਡਾ ਦੇ ਖੇਡ ਸਟੇਡੀਅਮ ਵੀ ਇਨ•ਾਂ ਕਬਰਾਂ ਤੇ ਬਣੇ ਹੋਏ ਹਨ ਜਿਨ•ਾਂ ਦੇ ਕੇਸ ਅਦਾਲਤਾਂ ਵਿਚ ਹਨ। ਹਠੂਰ ਅਤੇ ਢੋਲੇਵਾਲਾ ਦਾ ਪੁਲੀਸ ਥਾਣਾ,ਅੰਮ੍ਰਿਤਸਰ ਤੇ ਗੋਰਾਇਆ ਵਿਚ ਪੁਲੀਸ ਚੌਂਕੀ ਤੋਂ ਇਲਾਵਾ ਫਿਰੋਜ਼ੁਪਰ ਦੀ ਇੱਕ ਪੁਲੀਸ ਚੌਂਕੀ ਵੀ ਕਬਰਾਂ ਤੇ ਬਣੀ ਹੋਈ ਹੈ। ਬਠਿੰਡਾ ਵਿਚ ਇੱਕ ਪਟਵਾਰਖਾਨਾ ਵੀ ਕਬਰਾਂ ਤੇ ਬਣਾ ਦਿੱਤਾ ਗਿਆ ਹੈ।  ਮੁਸਲਿਮ ਭਾਈਚਾਰੇ ਦੀਆਂ ਮਸੀਤਾਂ,ਮਸਜਿਦਾਂ ਤੇ ਕਬਰਸਤਾਨਾਂ ਦੀ ਇਸ ਜਗ•ਾ ਤੋਂ ਨਜਾਇਜ਼ ਕਬਜ਼ਾ ਹਟਾਉਣਾ ਕਾਫੀ ਮੁਸ਼ਕਲ ਹੈ। ਪੰਜਾਬ 'ਚ ਸਭ ਤੋਂ ਵੱਧ ਜ਼ਿਲ•ਾ ਹੁਸ਼ਿਆਰਪੁਰ ਵਿਚ ਵਕਫ ਬੋਰਡ ਦੀਆਂ 3154 ਸੰਪਤੀਆਂ ਤੇ ਨਜਾਇਜ਼ ਕਬਜ਼ੇ ਹਨ ਜਦੋਂ ਕਿ ਫਿਰੋਜ਼ਪੁਰ ਵਿਚ 2304 ਸੰਪਤੀਆਂ ਤੇ ਕਬਜ਼ੇ ਕੀਤੇ ਹੋਏ ਹਨ।
                         ਇਸੇ ਤਰ•ਾਂ ਸੰਗਰੂਰ ਵਿਚ 349,ਜਲੰਧਰ ਵਿਚ 1114,ਅੰਮ੍ਰਿਤਸਰ ਵਿਚ 909,ਲੁਧਿਆਣਾ ਵਿਚ 1900,ਮਾਨਸਾ ਵਿਚ 73,ਮੁਕਤਸਰ ਵਿਚ 197,ਪਟਿਆਲਾ ਵਿਚ 180,ਬਠਿੰਡਾ ਵਿਚ 369 ਅਤੇ ਮੋਗਾ ਵਿਚ 430 ਸੰਪਤੀਆਂ 'ਤੇ ਨਜਾਇਜ਼ ਕਬਜ਼ੇ ਹਨ। ਸਿਆਸੀ ਰਸੂਖ ਵਾਲੇ ਬਹੁਤੇ ਲੋਕਾਂ ਨੇ ਵਕਫ ਬੋਰਡ ਨੂੰ ਸੰਨ• ਲਾਈ ਹੈ। ਗਿੱਦੜਬਹੇ ਦੇ ਅਕਾਲੀ ਕੌਂਸਲਰ ਨੇ ਵਕਫ ਜਾਇਦਾਦ ਤੇ ਬਠਿੰਡਾ ਵਿਚ ਕਲੋਨੀ ਕੱਟ ਦਿੱਤੀ ਹੈ। ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਖਾਨ ਦਾ ਕਹਿਣਾ ਸੀ ਕਿ ਮੁਸਲਿਮ ਬਰਾਦਰੀ ਦੇ ਗਰੀਬ ਲੋਕ ਤਾਂ ਸੜਕਾਂ ਤੇ ਹਨ ਜਦੋਂ ਕਿ ਰਸੂਖਵਾਨਾਂ ਨੇ ਵਕਫ ਬੋਰਡ ਦੀ ਹਜਾਰਾਂ ਏਕੜ ਜ਼ਮੀਨ ਨੱਪ ਲਈ ਹੈ। ਗਰੀਬ ਮੁਸਲਿਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਅਤੇ ਤਕੜੇ ਲੋਕ ਹੀ ਇਸ ਭਾਈਚਾਰੇ ਦੀ ਜਾਇਦਾਦ ਨੂੰ ਛਕ ਰਹੇ ਹਨ। ਉਨ•ਾਂ ਕਰੁਪਸ਼ਨ ਦਾ ਬੋਲਬਾਲਾ ਹੋਣ ਦੀ ਗੱਲ ਵੀ ਆਖੀ ਅਤੇ ਵਕਫ ਬੋਰਡ ਦੇ ਅਫਸਰਾਂ ਦੀ ਮਿਲੀਭੁਗਤ ਦੱਸੀ।
                                            ਕਬਜ਼ੇ ਛੁਡਵਾ ਰਹੇ ਹਾਂ : ਲਤੀਫ ਅਹਿਮਦ
ਪੰਜਾਬ ਵਕਫ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਲਤੀਫ ਅਹਿਮਦ ਦਾ ਕਹਿਣਾ ਸੀ ਕਿ ਬੋਰਡ ਤਰਫੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਅਦਾਲਤਾਂ ਵਿਚ ਕੇਸ ਦਾਇਰ ਕੀਤੇ ਹੋਏ ਹਨ ਪ੍ਰੰਤੂ ਅਦਾਲਤੀ ਫੈਸਲਿਆਂ ਮਗਰੋਂ ਕਬਜ਼ੇ ਛੁਡਵਾਉਣ ਵਿਚ ਵੱਡੀ ਦਿੱਕਤ ਆ ਰਹੀ ਹੈ। ਉਨ•ਾਂ ਦੱਸਿਆ ਕਿ ਸਟਾਫ ਦੀ ਵੱਡੀ ਕਮੀ ਹੈ ਪ੍ਰੰਤੂ ਫਿਰ ਵੀ ਕਾਫੀ ਲੀਜ ਮਨੀ ਆ ਰਹੀ ਹੈ। ਇਸ ਮਾਮਲੇ ਤੇ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਹੈ। 

Tuesday, June 6, 2017

                            ਵੱਢੀਖੋਰ ਬਾਗੋ ਬਾਗ
      ਹੁਣ ਖੜਕਦਾ ਨਹੀਂ ਕੈਪਟਨ ਦਾ 'ਖੂੰਡਾ' !
                              ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਦੀ ਐਤਕੀਂ ਵੱਢੀਖੋਰਾਂ 'ਤੇ ਨਜ਼ਰ 'ਠੰਢੀ' ਜਾਪਦੀ ਹੈ। ਤਾਹੀਓਂ ਵਿਜੀਲੈਂਸ ਅਫਸਰ ਦਫਤਰਾਂ ਵਿਚ ਵਿਹਲੇ ਬੈਠੇ ਹਨ। ਰੌਂਅ ਨੂੰ ਦੇਖਦੇ ਹੋਏ ਲੋਕਾਂ ਨੇ ਵੀ ਵਿਜੀਲੈਂਸ ਕੋਲ ਵੱਢੀਖੋਰਾਂ ਖਿਲਾਫ ਪਹੁੰਚ ਕਰਨ ਤੋਂ ਪਾਸਾ ਵੱਟ ਲਿਆ ਹੈ। ਜਦੋਂ ਵਰ•ਾ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਬਣੀ ਸੀ ਤਾਂ ਉਦੋਂ ਵਿਜੀਲੈਂਸ ਦਫਤਰਾਂ ਵਿਚ ਸ਼ਿਕਾਇਤਾਂ ਦਾ ਹੜ ਆ ਗਿਆ ਸੀ। ਵਿਜੀਲੈਂਸ ਅਫਸਰਾਂ ਨੂੰ ਪੜਤਾਲਾਂ ਤੋਂ ਸਾਹ ਲੈਣ ਦੀ ਵਿਹਲ ਨਹੀਂ ਸੀ ਅਤੇ ਚਾਰੇ ਪਾਸੇ ਦਬਦਬਾ ਸੀ। ਵਿਜੀਲੈਂਸ ਥਾਣਾ ਬਠਿੰਡਾ ਵਿਚ 1 ਜਨਵਰੀ 2017 ਤੋਂ ਹੁਣ ਤੱਕ ਸਿਰਫ ਅੱਠ ਕੇਸ ਦਰਜ ਹੋਏ ਹਨ। ਕੈਪਟਨ ਸਰਕਾਰ ਬਣਨ ਮਗਰੋਂ ਬਠਿੰਡਾ ਰੇਂਜ ਦੇ ਤਿੰਨ ਜ਼ਿਲਿ•ਆਂ ਵਿਚ ਸਿਰਫ ਚਾਰ ਕੇਸ ਦਰਜ ਹੋਏ ਹਨ। ਰੇਂਜ ਵਿਚ ਪੈਂਦੇ ਬਠਿੰਡਾ ਤੇ ਫਰੀਦਕੋਟ ਜ਼ਿਲ•ੇ ਦਾ ਕੋਈ ਵੀ ਵੱਢੀਖੋਰ ਕੈਪਟਨ ਹਕੂਮਤ ਨੇ ਹਾਲੇ ਤੱਕ ਨਹੀਂ ਫੜਿਆ ਹੈ। ਜਦੋਂ ਵਰ•ਾ 2002 ਵਿਚ ਕੈਪਟਨ ਰਾਜ ਭਾਗ ਆਇਆ ਸੀ ਤਾਂ ਉਦੋਂ ਇਕੱਲੇ ਸਾਲ 2003 ਦੌਰਾਨ ਵਿਜੀਲੈਂਸ ਰੇਂਜ ਬਠਿੰਡਾ ਵਿਚ ਵੱਢੀਖੋਰਾਂ ਖਿਲਾਫ 62 ਕੇਸ ਦਰਜ ਹੋਏ ਸਨ। ਤਤਕਾਲੀ ਕੈਪਟਨ ਹਕੂਮਤ ਦੇ ਪੰਜ ਵਰਿ•ਆਂ (2002-07) ਦੌਰਾਨ ਬਠਿੰਡਾ ਰੇਂਜ ਵਿਚ 180 ਵਿਜੀਲੈਂਸ ਕੇਸ ਦਰਜ ਹੋਏ ਸਨ  ਜਦੋਂ ਕਿ ਗਠਜੋੜ ਹਕੂਮਤ ਦੇ 10 ਵਰਿ•ਆਂ ਦੌਰਾਨ 139 ਵਿਜੀਲੈਂਸ ਕੇਸ ਦਰਜ ਹੋਏ ਹਨ।
                          ਵਿਜੀਲੈਂਸ ਨੇ ਬਠਿੰਡਾ ਵਿਚ ਫਲਾਈਂਗ ਸਕੂਐਡ ਦਾ ਦਫਤਰ ਤਾਂ ਬਣਾਇਆ ਹੈ ਪ੍ਰੰਤੂ ਇਹ ਦਫਤਰ ਵੀ ਹੁਣ ਭਾਂਅ ਭਾਂਅ ਕਰ ਰਿਹਾ ਹੈ। ਇੱਥੇ ਹੁਣ ਕੋਈ ਅਧਿਕਾਰੀ ਹੀ ਨਹੀਂ ਹੈ। ਅਹਿਮ ਸੂਤਰ ਦੱਸਦੇ ਹਨ ਕਿ ਕੈਪਟਨ ਹਕੂਮਤ ਦੇ ਸਹੁੰ ਚੁੱਕਣ ਮਗਰੋਂ ਬਠਿੰਡਾ ਤੇ ਮੁਕਤਸਰ ਦੇ ਅਕਾਲੀ ਦਲ ਦੇ ਨੇੜਲੇ ਤਿੰਨ ਚਾਰ ਵੱਡੇ ਨੇਤਾ ਡਰ ਡਰ ਵਿਚ ਆਪੋ ਆਪਣੇ ਘਰ ਛੱਡ ਗਏ ਸਨ ਪ੍ਰੰਤੂ ਇੱਕ ਹਫਤੇ ਮਗਰੋਂ ਹੀ ਉਹ ਘਰਾਂ ਨੂੰ ਵਾਪਸ ਪਰਤ ਆਏ ਸਨ। ਗਠਜੋੜ ਸਰਕਾਰ ਦੌਰਾਨ ਕਈ ਵਿਭਾਗਾਂ 'ਚ ਮਲਾਈ ਖਾਣ ਵਾਲੀ ਸੰਗਰੂਰ ਦੀ ਇੱਕ ਫਰਮ ਨੇ ਕੈਪਟਨ ਸਰਕਾਰ 'ਤੇ ਵੀ ਡੋਰੇ ਪਾ ਲਏ ਹਨ। ਮਾਲ ਮਹਿਕਮੇ ਦੇ ਅਫਸਰਾਂ ਤੇ ਮੁਲਾਜ਼ਮਾਂ ਦੇ ਹੌਸਲੇ ਵੀ ਹੁਣ ਵਧ ਗਏ ਹਨ। ਮਲੋਟ ਦੇ ਸਿਰਕੱਢ ਕਾਂਗਰਸੀ ਨੇਤਾ ਉਦੋਂ ਹੌਸਲਾ ਛੱਡ ਗਏ ਜਦੋਂ ਵਿਜੀਲੈਂਸ ਨੇ ਨੌਕਰੀ ਘੁਟਾਲੇ ਵਿਚ ਇੱਕ ਵੱਡੇ ਅਕਾਲੀ ਨੇਤਾ ਨੂੰ ਕਲੀਨ ਚਿੱਟ ਦੇ ਦਿੱਤੀ। ਵਿਜੀਲੈਂਸ ਅਧਿਕਾਰੀ ਵੀ ਹੁਣ ਪਟਵਾਰੀਆਂ ਨੂੰ ਫੜ ਕੇ ਆਪਣਾ ਅੰਕੜਾ ਪੂਰਾ ਕਰ ਰਹੇ ਹਨ। ਵਿਜੀਲੈਂਸ ਨੇ ਫਾਜਿਲਕਾ ਜ਼ਿਲ•ੇ ਵਿਚ ਮਈ ਮਹੀਨੇ ਵਿਚ ਇੱਕ ਪਟਵਾਰੀ ਫੜਿਆ ਹੈ। ਬਠਿੰਡਾ ਰੇਂਜ ਵਿਚ ਗਠਜੋੜ ਸਰਕਾਰ ਸਮੇਂ ਸਾਲ 2012 ਵਿਚ 12, ਸਾਲ 2012 ਵਿਚ 13,2014 ਵਿਚ 17,2015 ਵਿਚ 23 ਅਤੇ ਸਾਲ 2016 ਵਿਚ 26 ਕੇਸ ਦਰਜ ਹੋਏ ਹਨ।
                        ਕਾਂਗਰਸ ਦੇ ਇੱਕ ਸੀਨੀਅਰ ਨੇਤਾ ਦਾ ਕਹਿਣਾ ਸੀ ਕਿ ਵਿਜੀਲੈਂਸ ਦੀ ਚੁੱਪ ਕਰਕੇ ਤਾਂ ਉਨ•ਾਂ ਨੂੰ ਵਰਕਰਾਂ ਨੂੰ ਜੁਆਬ ਦੇਣੇ ਔਖੇ ਹੋਏ ਪਏ ਹਨ। ਵਿਰੋਧੀ ਧਿਰ ਦੇ ਨੇਤਾ ਸ੍ਰੀ ਐਚ.ਐਸ.ਫੂਲਕਾ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਆਗੂਆਂ ਅਤੇ ਕਰੁਪਟ ਅਫਸਰਾਂ ਖਿਲਾਫ ਚੁੱਪ ਵੱਟਣ ਤੋਂ ਸਾਫ ਹੈ ਕਿ ਕਾਂਗਰਸੀ ਤੇ ਅਕਾਲੀ ਦਲ ਦੀ ਆਪਸੀ ਗੁਪਤ ਸੰਧੀ ਹੈ ਜਿਸ ਕਰਕੇ ਕਰੁਪਟ ਅਫਸਰਾਂ ਮੁੜ ਹੌਸਲਾ ਫੜ ਗਏ ਹਨ। ਉਨ•ਾਂ ਆਖਿਆ ਕਿ ਦੋਹਾਂ ਧਿਰਾਂ ਨੇ ਰਲ ਕੇ ਚੋਣਾਂ ਲੜੀਆਂ ਹਨ ਅਤੇ ਸਰਕਾਰੀ ਦਫਤਰਾਂ ਵਿਚ ਹੁਣ ਕਰੁਪਸ਼ਨ ਦਾ ਬੋਲਬਾਲਾ ਵਧ ਗਿਆ ਹੈ। ਬਠਿੰਡਾ ਰੇਂਜ ਦੇ ਐਸ.ਐਸ.ਪੀ (ਵਿਜੀਲੈਂਸ) ਸ੍ਰੀ ਜਗਜੀਤ ਸਿੰਘ ਭਗਤਾਣਾ ਦਾ ਕਹਿਣਾ ਸੀ ਕਿ ਵਿਜੀਲੈਂਸ ਤਰਫੋਂ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਹੈ ਪ੍ਰੰਤੂ ਸ਼ਿਕਾਇਤਾਂ ਹੀ ਬਹੁਤ ਘੱਟ ਆ ਰਹੀਆਂ ਹਨ। ਉਨ•ਾਂ ਆਖਿਆ ਕਿ ਜੋ ਮਾਮਲੇ ਆ ਰਹੇ ਹਨ, ਉਨ•ਾਂ ਦੀ ਪੜਤਾਲ ਡੂੰਘਾਈ ਨਾਲ ਕਰਕੇ ਕੇਸ ਦਰਜ ਕੀਤੇ ਜਾ ਰਹੇ ਹਨ। ਸਰਕਾਰ ਤਰਫੋਂ ਇਸ ਸਬੰਧੀ ਸਖਤ ਹਦਾਇਤਾਂ ਹਨ। 

Monday, June 5, 2017

                                             ਹਮ ਏਕ ਹੈ..
                       ਸਿੰਚਾਈ ਮੰਤਰੀ ਨੇ 'ਦਾਗੀ' ਨਿਵਾਜੇ
                                          ਚਰਨਜੀਤ ਭੁੱਲਰ
ਬਠਿੰਡਾ  : ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ 'ਤੇ ਹੁਣ ਸਿੰਚਾਈ ਮਹਿਕਮੇ 'ਚ ਦਾਗੀ ਐਕਸੀਅਨਾਂ ਨੂੰ ਨਿਵਾਜੇ ਜਾਣ ਤੋਂ ਉਂਗਲ ਉਠੀ ਹੈ। ਸਿੰਜਾਈ ਮੰਤਰੀ ਨੇ ਬਾਦਲਾਂ ਦੇ ਹਲਕੇ 'ਚ ਕਰੋੜਾਂ 'ਚ ਖੇਡਣ ਵਾਲੇ ਸ੍ਰੀ ਕੇ.ਕੇ.ਸਿੰਗਲਾ ਨੂੰ ਹੱਥੋਂ ਹੱਥੀ ਬਹਾਲ ਕਰਕੇ ਡਰੇਨੇਜ਼ ਡਵੀਜ਼ਨ ਮਾਨਸਾ 'ਚ ਐਕਸੀਅਨ ਵਜੋਂ ਤਾਇਨਾਤ ਕਰ ਦਿੱਤਾ ਹੈ। ਵਿਜੀਲੈਂਸ ਬਠਿੰਡਾ ਨੇ ਇਸ ਐਕਸੀਅਨ 'ਤੇ ਲੱਖਾਂ ਰੁਪਏ ਦੀ ਵੱਢੀਖੋਰੀ ਦਾ 10 ਜਨਵਰੀ 2017 ਨੂੰ ਪੁਲੀਸ ਕੇਸ ਦਰਜ ਕੀਤਾ ਸੀ। ਉਸ ਮਗਰੋਂ ਹੀ ਵਿਜੀਲੈਂਸ ਨੇ ਇਸ ਐਕਸੀਅਨ ਦੀ 4.81 ਕਰੋੜ ਦੀ ਸੰਪਤੀ ਦਾ ਪਤਾ ਲਗਾ ਕੇ 15 ਮਾਰਚ 2017 ਨੂੰ ਇੱਕ ਹੋਰ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੂੰ ਇਸ ਐਕਸੀਅਨ ਦੇ ਘਰੋਂ 1.96 ਕਰੋੜ ਦੀਆਂ 109 ਐਫ.ਡੀਜ਼ ਮਿਲੀਆਂ ਸਨ ਅਤੇ ਬੈਂਕ ਖਾਤਿਆਂ ਵਿਚ 1.71 ਕਰੋੜ ਰੁਪਏ ਜਮ•ਾ ਸਨ। ਪੰਜਾਬ ਸਰਕਾਰ ਨੇ ਇਸ ਐਕਸੀਅਨ ਨੂੰ ਫੌਰੀ ਮੁਅੱਤਲ ਕਰ ਦਿੱਤਾ ਸੀ। ਕਰੀਬ ਸਵਾ ਤਿੰਨ ਮਹੀਨੇ ਇਸ ਐਕਸੀਅਨ ਨੂੰ ਜੇਲ• ਦੀ ਹਵਾ ਖਾਣੀ ਪਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਚੋਂ ਇਸ ਐਕਸੀਅਨ ਨੂੰ 26 ਅਪਰੈਲ ਨੂੰ ਜਮਾਨਤ ਮਿਲੀ ਸੀ। ਟਿਊਬਵੈਲ ਕਾਰਪੋਰੇਸ਼ਨ ਵਿਚ ਇਹ ਐਕਸੀਅਨ ਬਠਿੰਡਾ ਵਿਖੇ ਤਾਇਨਾਤ ਸੀ ਅਤੇ ਬਾਦਲ ਪਰਿਵਾਰ ਨੇ ਇਸ ਐਕਸੀਅਨ ਰਾਹੀਂ ਬਠਿੰਡਾ,ਮਾਨਸਾ ਤੇ ਲੰਬੀ ਵਿਚ ਕਰੋੜਾਂ ਰੁਪਏ ਦੇ ਖਾਲੇ ਪੱਕੇ ਕਰਾਏ ਹਨ।
                           ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਐਮ.ਡੀ ਸ੍ਰੀ ਐਸ.ਐਸ.ਗਰੇਵਾਲ ਦਾ ਕਹਿਣਾ ਸੀ ਕਿ ਉਨ•ਾਂ ਨੇ ਐਕਸੀਅਨ ਨੂੰ ਉਦੋਂ ਹੀ ਮੁਅੱਤਲ ਕਰ ਦਿਤਾ ਸੀ। ਉਨ•ਾਂ ਪੁਸ਼ਟੀ ਕੀਤੀ ਕਿ ਹੁਣ ਅਧਿਕਾਰੀ ਦੀ ਬਹਾਲੀ ਹੋ ਗਈ ਹੈ। ਵੇਰਵਿਆਂ ਅਨੁਸਾਰ ਕੈਪਟਨ ਸਰਕਾਰ ਨੇ ਸਿੰਚਾਈ ਮਹਿਕਮੇ ਦੇ ਕਰੀਬ 57 ਕਰੋੜ ਦੇ ਪ੍ਰੋਜੈਕਟਾਂ ਦੀ ਵਿਜੀਲੈਂਸ ਪੜਤਾਲ ਕਰਾਈ ਹੈ ਅਤੇ ਪੜਤਾਲ ਵਾਲੀ ਡਵੀਜ਼ਨਾਂ ਦੇ ਦੋ ਐਕਸੀਅਨਾਂ ਦਾ ਤਬਾਦਲਾ ਵੀ ਦੋ ਘੰਟਿਆਂ ਵਿਚ ਹੀ ਰੱਦ ਕਰ ਦਿੱਤਾ ਗਿਆ ਹੈ। ਰਾਜਸਥਾਨ ਫੀਡਰ ਅਤੇ ਹਰੀਕੇ ਪੱਤਣ ਡਵੀਜ਼ਨ ਦੀ ਵਿਜੀਲੈਂਸ ਦੇ ਤਿੰਨ ਐਸ.ਐਸ.ਪੀਜ਼ ਨੇ ਪੜਤਾਲ ਕੀਤੀ ਹੈ ਜਿਸ ਦੀ ਪੜਤਾਲ ਰਿਪੋਰਟ ਸਰਕਾਰ ਨੂੰ ਹੁਣ ਸੌਂਪੀ ਗਈ ਹੈ। ਐਕਸੀਅਨ ਅਰਿੰਦਰ ਸਿੰਘ ਵਾਲੀਆ ਕਾਫੀ ਵਰਿ•ਆਂ ਤੋਂ ਰਾਜਸਥਾਨ ਫੀਡਰ ਮੰਡਲ ਵਿਚ ਤਾਇਨਾਤ ਹੈ ਅਤੇ ਪਿਛਲੀ ਸਰਕਾਰ ਨੇ ਉਸ ਨੂੰ ਬੀਐਮਐਲ ਪਟਿਆਲਾ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਅਕਾਲੀ ਸਰਕਾਰ ਦੇ ਕਾਫੀ ਨੇੜੇ ਹੋਣ ਕਰਕੇ ਇਸ ਐਕਸੀਅਨ ਨੂੰ ਦੋ ਅਹਿਮ ਥਾਂ ਮਿਲੇ ਹੋਏ ਸਨ।
                          ਸਿੰਚਾਈ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੇ 31 ਮਈ ਨੂੰ  21 ਐਕਸੀਅਨਾਂ ਦੇ ਤਬਦਾਲੇ ਕੀਤੇ ਹਨ ਜਿਨ•ਾਂ ਵਿਚ ਐਕਸੀਅਨ ਅਰਿੰਦਰ ਸਿੰਘ ਦੀ ਥਾਂ ਤੇ ਰਾਜਸਥਾਨ ਫੀਡਰ ਮੰਡਲ ਵਿਚ ਦਲਜੀਤ ਸਿੰਘ ਧਾਲੀਵਾਲ ਨੂੰ ਬਤੌਰ ਐਕਸੀਅਨ ਤਾਇਨਾਤ ਕਰ ਦਿੱਤਾ। ਇਵੇਂ ਹਰੀਕੇ ਪੱਤਣ ਮੰਡਲ ਜਿਸ ਦੀ ਵਿਜੀਲੈਂਸ ਪੜਤਾਲ ਹੋਈ ਹੈ, ਵਿਚ ਤਾਇਨਾਤ ਗੁਲਸ਼ਨ ਨਾਗਪਾਲ ਵਾਲੀ ਥਾਂ 'ਤੇ ਹਰਲਾਭ ਸਿੰਘ ਚਹਿਲ ਨੂੰ ਤਾਇਨਾਤ ਕਰ ਦਿੱਤਾ। ਦੋ ਘੰਟਿਆਂ ਮਗਰੋਂ ਹੀ ਦੋ ਪੰਨਿਆਂ ਦੀ ਤਬਾਦਲਾ ਸੂਚੀ ਦਾ ਪਹਿਲਾ ਪੰਨਾ ਬਦਲ ਕੇ ਰਾਜਸਥਾਨ ਫੀਡਰ ਮੰਡਲ ਅਤੇ ਹਰੀਕੇ ਪੱਤਣ ਮੰਡਲ 'ਚ ਲਾਏ ਨਵੇਂ ਐਕਸੀਅਨਾਂ ਨੂੰ 'ਆਊਟ' ਕਰ ਦਿੱਤਾ ਗਿਆ। ਸਿੰਚਾਈ ਮਹਿਕਮੇ ਵਲੋਂ ਤਬਾਦਲੇ ਸੂਚੀ ਦੇ ਦੋ ਘੰਟਿਆ ਵਿਚ ਬਦਲੇ ਨਵੇਂ ਪੰਨੇ ਦੇ ਉਪਰ 'ਉਸੇ ਨੰਬਰ ਅਤੇ ਮਿਤੀ ਦੀ ਥਾਂ ਲੇਵਾ' ਲਿਖਿਆ ਹੈ ਜਿਸ ਤੋਂ ਸਾਫ ਹੈ ਕਿ ਦੋ ਘੰਟਿਆਂ ਵਿਚ ਸਿੰਜਾਈ ਮਹਿਕਮੇ ਨੇ 21 ਐਕਸੀਅਨਾਂ ਦੀ ਤਬਾਦਲਾ ਸੂਚੀ ਚੋਂ ਦੋ ਐਕਸੀਅਨਾਂ ਦੇ ਨਾਮ ਬਾਹਰ ਕੱਢ ਕੇ ਵਿਜੀਲੈਂਸ ਪੜਤਾਲ ਦੇ ਦਾਇਰੇ ਵਿਚ ਆਏ ਦੋਵੇਂ ਐਕਸੀਅਨਾਂ ਨੂੰ 'ਅਹਿਮ ਥਾਂ' ਤੇ ਬੈਠਣ ਦਾ ਮੌਕਾ ਦੇ ਦਿੱਤਾ। ਐਕਸੀਅਨ ਅਰਿੰਦਰ ਵਾਲੀਆ ਦਾ ਕਹਿਣਾ ਸੀ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਸ ਦੀ ਕੋਈ ਬਦਲੀ ਵਗੈਰਾ ਨਹੀਂ ਹੋਈ ਹੈ।
                         ਸਿੰਚਾਈ ਮੰਤਰੀ ਵਲੋਂ ਨਵੇਂ ਤਬਾਦਲਿਆਂ ਵਿਚ ਬਾਦਲ ਪਰਿਵਾਰ ਦੇ ਨੇੜਲੇ ਐਕਸੀਅਨ ਰਮੇਸ਼ ਕੁਮਾਰ ਗੁਪਤਾ ਨੂੰ ਕੈਨਾਲ ਡਵੀਜ਼ਨ ਅਬੋਹਰ ਵਿਚ ਤਾਇਨਾਤ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਐਕਸੀਅਨ ਗੁਪਤਾ ਨੂੰ ਅਬੋਹਰ ਤੋਂ ਢੋਲਬਾਹਾ ਡੈਮ ਵਿਖੇ ਬਦਲ ਦਿੱਤਾ ਗਿਆ ਸੀ ਪ੍ਰੰਤੂ ਥੋੜੇ ਦਿਨਾਂ ਵਿਚ ਹੀ ਉਸ ਨੂੰ ਮੁੜ ਪੁਰਾਣੀ ਡਵੀਜ਼ਨ ਅਬੋਹਰ ਵਿਚ ਤਾਇਨਾਤੀ ਦਿੱਤੀ ਗਈ ਹੈ। ਗਠਜੋੜ ਸਰਕਾਰ 'ਚ ਐਕਸੀਅਨ ਗੁਪਤਾ ਕਰੀਬ ਸੱਤ ਵਰੇ• ਕੈਨਾਲ ਡਵੀਜ਼ਨ ਅਬੋਹਰ ਵਿਚ ਤਾਇਨਾਤ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਸ੍ਰੀ ਐਚ.ਐਸ.ਫੂਲਕਾ ਦਾ ਕਹਿਣਾ ਸੀ ਕਿ ਬਾਦਲਾਂ ਦੇ ਕਰੁਪਟ ਅਫਸਰਾਂ ਨੂੰ ਹੁਣ ਅਹਿਮ ਅਹੁਦਿਆਂ ਤੇ ਤਾਇਨਾਤ ਕਰਨ ਤੋਂ ਸਾਫ ਹੈ ਕਿ ਕਾਂਗਰਸ ਤੇ ਅਕਾਲੀ ਆਪਸ ਵਿਚ ਮਿਲੇ ਹੋਏ ਹਨ ਅਤੇ ਇਨ•ਾਂ ਦੀ ਸੰਧੀ ਵਜੋ ਹੀ ਕਰੁਪਟ ਅਫਸਰਾਂ ਨੂੰ ਮੁੜ ਖੁੱਲ• ਮਿਲ ਗਈ ਹੈ। ਸਿੰਚਾਈ ਮਹਿਕਮੇ ਦੀ ਤਬਾਦਲਾ ਸੂਚੀ ਇਸ ਦਾ ਸਬੂਤ ਹੈ।
                                       ਮੇਰੇ ਲਈ ਸਭ ਬਰਾਬਰ ਹਨ : ਮੰਤਰੀ
ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਲਿਸਟ ਵੇਖ ਕੇ ਹੀ ਕੁਝ ਦੱਸ ਸਕਦੇ ਹਨ ਪ੍ਰੰਤੂ ਜੋ ਕਿਸੇ ਪੜਤਾਲ ਵਿਚ ਦੋਸ਼ੀ ਪਾਏ ਗਏ ਹਨ, ਉਨ•ਾਂ ਨੂੰ ਕੋਈ ਅਜਿਹਾ ਅਹੁਦਾ ਨਹੀਂ ਦਿੱਤਾ ਗਿਆ ਹੈ। ਉਨ•ਾਂ ਲਈ ਸਭ ਅਧਿਕਾਰੀ ਬਰਾਬਰ ਹਨ ਅਤੇ ਤਬਾਦਲਾ ਸੂਚੀ ਵਾਲਾ ਕੋਈ ਅਧਿਕਾਰੀ ਹਾਲੇ ਦੋਸ਼ੀ ਨਹੀਂ ਪਾਇਆ ਗਿਆ ਹੈ। 

Sunday, June 4, 2017

                                           ਅਕਾਲੀ 'ਲਫਟੈਨ' 
                          ਗੰਨਮੈਨਾਂ ਦਾ ਬੋਝ ਕਰੇਗਾ ਬੇਚੈਨ
                                             ਚਰਨਜੀਤ ਭੁੱਲਰ
ਬਠਿੰਡਾ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 'ਲਫਟੈਨਾਂ' ਨੂੰ ਹੁਣ ਦੋ ਨੰਬਰ 'ਚ ਲਏ ਗੰਨਮੈਨਾਂ ਦਾ ਮੁੱਲ ਝੱਲਣਾ ਪਏਗਾ ਜੋ ਕਿ ਕਰੀਬ ਪੌਣੇ ਦੋ ਕਰੋੜ ਰੁਪਏ ਬਣਦਾ ਹੈ। ਆਡਿਟ ਮਹਿਕਮੇ ਨੇ ਇਨ•ਾਂ ਗੰਨਮੈਨਾਂ ਦੇ ਖਰਚੇ 'ਤੇ ਉਂਗਲ ਉਠਾਈ ਹੈ ਜਿਸ ਤੋਂ ਫਰੀਦਕੋਟ ਪੁਲੀਸ ਕਸੂਤੀ ਫਸ ਗਈ ਹੈ। ਕਰੀਬ 21 ਗੰਨਮੈਨ ਬਿਨ•ਾਂ ਕਿਸੇ ਪ੍ਰਵਾਨਗੀ ਤੋਂ ਸਿਆਸੀ ਲੀਡਰਾਂ ਨਾਲ ਲੱਗੇ ਹੋਏ ਸਨ। ਫਰੀਦਕੋਟ ਪੁਲੀਸ ਨੇ ਹੁਣ ਇਨ•ਾਂ ਆਗੂਆਂ ਤੋਂ ਗੰਨਮੈਨ ਤਾਂ ਵਾਪਸ ਲੈ ਲਏ ਹਨ ਪ੍ਰੰਤੂ ਇਨ•ਾਂ ਆਗੂਆਂ ਤੋਂ ਗੰਨਮੈਨਾਂ ਦਾ ਮੁੱਲ ਲੈਣ ਤੋਂ ਪੁਲੀਸ ਅਫਸਰ ਝਿਜਕ ਰਹੇ ਹਨ। ਆਡਿਟ ਮਹਿਕਮੇ ਤਰਫੋਂ ਜੋ ਜਨਵਰੀ 2017 ਤੱਕ ਦਾ ਮੁਲਾਂਕਣ ਕੀਤਾ ਗਿਆ ਹੈ, ਉਸ ਅਨੁਸਾਰ ਇਹ ਰਾਸ਼ੀ ਵਸੂਲ ਕਰਨੀ ਬਣਦੀ ਹੈ। ਆਡਿਟ ਰਿਪੋਰਟ ਪੰਜਾਬ ਦੇ ਡੀਜੀਪੀ ਨੂੰ ਭੇਜ ਦਿੱਤੀ ਗਈ ਹੈ ਅਤੇ ਇਸ 'ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਆਰਟੀਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਸੱਤ ਆਗੂਆਂ ਵੱਲ ਗੰਨਮੈਨਾਂ ਦਾ 1.14 ਕਰੋੜ ਰੁਪਏ ਦਾ ਬਕਾਇਆ ਕੱਢਿਆ ਗਿਆ ਹੈ ਜਿਨ•ਾਂ ਨਾਲ 11 ਗੰਨਮੈਨ ਤਾਇਨਾਤ ਸਨ। ਉਸ ਤੋਂ ਇਲਾਵਾ ਕਰੀਬ 53 ਲੱਖ ਹੋਰ ਬਕਾਇਆ ਵਸੂਲਣ ਲਈ ਆਖਿਆ ਗਿਆ ਹੈ ਜੋ ਕਿ 10 ਗੰਨਮੈਨਾਂ ਦੀ ਵੱਖਰੀ ਤਾਇਨਾਤੀ ਦਾ ਹੈ।
                         ਆਡਿਟ ਨੇ ਸਭ ਤੋਂ ਵੱਡਾ ਭਾਰ ਰਾਜ ਸਭਾ ਦੀ ਸਾਬਕਾ ਮੈਂਬਰ ਅਤੇ ਭਾਜਪਾ ਦੀ ਕੌਮੀ ਕੌਂਸਲ ਦੀ ਮੈਂਬਰ ਗੁਰਚਰਨ ਕੌਰ ਜੈਤੋ 'ਤੇ ਪਾਇਆ ਹੈ। ਦੋ ਗੰਨਮੈਨਾਂ ਦਾ 27.97 ਲੱਖ ਦਾ ਖਰਚਾ ਇਸ ਸਾਬਕਾ ਐਮ.ਪੀ ਵੱਲ ਕੱਢ ਦਿੱਤਾ ਗਿਆ ਹੈ ਜੋ  35 ਮਹੀਨਿਆਂ ਦੀ ਤਾਇਨਾਤੀ ਦਾ ਹੈ। ਪੰਜਾਬ ਪੁਲੀਸ ਨੇ ਹੁਣ ਇਹ ਦੋਵੇਂ ਗੰਨਮੈਨ ਵਾਪਸ ਲੈ ਲਏ ਹਨ। ਸਾਬਕਾ ਐਮ.ਪੀ ਗੁਰਚਰਨ ਕੌਰ ਦਾ ਕਹਿਣਾ ਸੀ ਕਿ ਉਸ ਨੂੰ ਨਿਯਮਾਂ ਅਨੁਸਾਰ ਏ.ਡੀ.ਜੀ.ਪੀ (ਸੁਰੱਖਿਆ) ਤੋਂ ਗੰਨਮੈਨ ਮਿਲੇ ਸਨ ਅਤੇ ਸੁਰੱਖਿਆ ਕਰਨੀ ਰਾਜ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਜਿਸ ਕਰਕੇ ਉਹ ਮੁੱਲ ਕਿਉਂ ਤਾਰਨਗੇ। ਉਸ ਨੂੰ ਸਰਕਾਰ ਨੇ ਹੁਣ ਬਤੌਰ ਸਾਬਕਾ ਐਮ.ਪੀ ਵੀ ਕੋਈ ਗੰਨਮੈਨ ਨਹੀਂ ਦਿੱਤਾ ਹੈ। ਵੇਰਵਿਆਂ ਅਨੁਸਾਰ ਸੁਖਬੀਰ ਸਿੰਘ ਬਾਦਲ ਦੇ ਅਤਿ ਨੇੜਲੇ ਅਤੇ ਟਰਾਂਸਪੋਰਟਰ ਯਾਦਵਿੰਦਰ ਸਿੰਘ ਯਾਦੀ (ਜੈਤੋ) ਵੱਲ 3.73 ਲੱਖ ਦੇ ਬਕਾਏ ਕੱਢ ਦਿੱਤੇ ਗਏ ਹਨ ਜੋ ਕਿ ਇੱਕ ਗੰਨਮੈਨ ਦਾ 94 ਮਹੀਨਿਆਂ ਦਾ ਮੁੱਲ ਬਣਦਾ ਹੈ।  ਸੁਖਬੀਰ ਬਾਦਲ ਦੇ ਖਾਸ ਸਮਝੇ ਜਾਂਦੇ ਅਤੇ ਸਾਬਕਾ ਚੇਅਰਮੈਨ ਪਰਬੰਸ ਸਿੰਘ ਰੋਮਾਣਾ ਨੂੰ ਅੱਠ ਮਹੀਨੇ ਦਾ ਇੱਕ ਗੰਨਮੈਨ ਦਾ ਕਰੀਬ ਪੌਣੇ ਤਿੰਨ ਲੱਖ ਰੁਪਏ ਦਾ ਬਕਾਇਆ ਪਾ ਦਿੱਤਾ ਹੈ।
                      ਇਵੇਂ ਹੀ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਰੋਮਾਣਾ ਨਾਲ 10 ਅਕਤੂਬਰ 2012 ਤੋਂ ਇੱਕ ਗੰਨਮੈਨ ਤਾਇਨਾਤ ਸੀ ਜਿਸ ਦਾ ਖਰਚਾ 13.20 ਲੱਖ ਰੁਪਏ ਸ੍ਰੀ ਰੋਮਾਣਾ ਨੂੰ ਤਾਰਨਾ ਪੈ ਸਕਦਾ ਹੈ। ਮਰਹੂਮ ਗੁਰਦੇਵ ਸਿੰਘ ਬਾਦਲ ਨਾਲ ਤਿੰਨ ਗੰਨਮੈਨ ਤਾਇਨਾਤ ਰਹੇ ਹਨ ਜਿਨ•ਾਂ ਦਾ ਕਰੀਬ 22 ਲੱਖ ਰੁਪਏ ਦਾ ਬਕਾਇਆ ਪਾ ਦਿੱਤਾ ਗਿਆ ਹੈ। ਇਸੇ ਤਰ•ਾਂ ਹੀ ਸੰਤ ਜਗਜੀਤ ਸਿੰਘ ਲੋਪੋ ਵੱਲ ਇੱਕ ਗੰਨਮੈਨ ਦੇ ਇੱਕ ਸਾਲ ਦੀ ਤਾਇਨਾਤੀ ਦਾ ਬਕਾਇਆ 4.11 ਲੱਖ ਰੁਪਏ ਪਾਇਆ ਗਿਆ ਹੈ। ਮਰਹੂਮ ਚੇਅਰਮੈਨ ਅਵਤਾਰ ਬਰਾੜ ਵੱਲ ਵੀ 6 ਲੱਖ ਦੇ ਬਕਾਏ ਕੱਢੇ ਗਏ ਹਨ।ਆਡਿਟ 'ਚ ਲਿਖਿਆ ਗਿਆ ਹੈ ਕਿ ਇਹ ਗੰਨਮੈਨ ਏਡੀਜੀਪੀ (ਸੁਰੱਖਿਆ) ਦੀ ਬਿਨ•ਾਂ ਪ੍ਰਵਾਨਗੀ ਤੋਂ ਤਾਇਨਾਤ ਕੀਤੇ ਗਏ ਸਨ। ਪੰਜਾਬ ਪੁਲੀਸ ਰੂਲ ,1934 ਦੇ ਰੂਲ 2.11(2) ਅਨੁਸਾਰ ਇਨ•ਾਂ ਆਗੂਆਂ ਨਾਲ ਤਾਇਨਾਤ ਸੁਰੱਖਿਆ ਦਾ ਖਰਚਾ ਵਸੂਲਣਾ ਬਣਦਾ ਹੈ। ਫਰੀਦਕੋਟ ਪੁਲੀਸ ਦਾ ਕਹਿਣਾ ਹੈ ਕਿ ਉਹ ਉਚ ਅਧਿਕਾਰੀਆਂ ਨਾਲ ਮਾਮਲਾ ਉਠਾਣਉਣਗੇ। ਐਸ.ਐਸ.ਪੀ ਫਰੀਦਕੋਟ ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਵਾਰੇ ਰਿਕਾਰਡ ਚੈੱਕ ਕਰਕੇ ਹੀ ਦੱਸ ਸਕਣਗੇ। 

Friday, June 2, 2017

                            ਔਰਬਿਟ ਦਾ ਰਾਜ
    ਮੋਤੀਆਂ ਵਾਲੀ ਸਰਕਾਰ 'ਚ ਛਾਏ ਬਾਦਲ !
                              ਚਰਨਜੀਤ ਭੁੱਲਰ
ਬਠਿੰਡਾ :  ਕੈਪਟਨ ਸਰਕਾਰ 'ਚ ਵੀ ਜਰਨੈਲੀ ਸੜਕਾਂ ਤੇ ਔਰਬਿਟ ਦਾ ਰਾਜ ਹੈ। ਸਰਕਾਰੀ ਬੱਸਾਂ ਨੂੰ ਹਕੂਮਤ ਬਦਲੀ ਮਗਰੋਂ ਵੀ ਸੁੱਖ ਦਾ ਸਾਹ ਨਹੀਂ ਆਇਆ। ਬਾਦਲ ਪਰਿਵਾਰ ਨੇ ਹੁਣ ਕਰੀਬ 15 ਨਵੀਆਂ ਮਰਸਡੀਜ਼ ਬੱਸਾਂ ਨੂੰ ਸੜਕਾਂ 'ਤੇ ਉਤਾਰਿਆ ਹੈ ਜਦੋਂ ਕਿ 30 ਦੇ ਕਰੀਬ ਨਵੀਆਂ ਸਧਾਰਨ ਬੱਸਾਂ ਆਉਂਦੇ ਦਿਨਾਂ 'ਚ ਸੜਕਾਂ ਤੇ ਦਿੱਖਣਗੀਆਂ। ਗਠਜੋੜ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨੇ 'ਤੇ ਔਰਬਿਟ ਬੱਸਾਂ ਸਨ। ਰਾਜ ਭਾਗ ਬਦਲਣ ਮਗਰੋਂ ਜਦੋਂ ਪੀ.ਆਰ.ਟੀ.ਸੀ ਨੇ ਗ਼ੈਰਕਨੂੰਨੀ ਬੱਸਾਂ ਖ਼ਿਲਾਫ਼ ਬਿਗਲ ਵਜਾਇਆ ਤਾਂ ਉਸੇ ਦਿਨ ਉਪਰੋਂ ਹੁਕਮ ਆ ਗਏ। ਕੁਝ ਘੰਟਿਆਂ 'ਚ ਹੀ ਸਮਾਂ ਪੁਰਾਣੀ ਚਾਲ ਵਿਚ ਆ ਗਿਆ। ਉਪਰੋਂ ਮਾਝੇ ਤੇ ਦੁਆਬੇ 'ਚ ਕਾਂਗਰਸੀ ਲੀਡਰਾਂ ਦੀ ਪ੍ਰਾਈਵੇਟ ਟਰਾਂਸਪੋਰਟ ਗ਼ੈਰਕਨੂੰਨੀ ਧੂੜਾਂ ਪੁੱਟਣ ਲੱਗੀ ਹੈ। ਅਹਿਮ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਨੇ 15 ਪੁਰਾਣੀਆਂ ਮਰਸਡੀਜ਼ ਬੱਸਾਂ ਨੂੰ ਸੜਕਾਂ ਤੋਂ ਉਤਾਰ ਕੇ ਨਵੀਆਂ ਮਰਸਡੀਜ਼ ਬੱਸਾਂ ਚਲਾ ਦਿੱਤੀਆਂ ਹਨ। ਪੁਰਾਣੀਆਂ ਬੱਸਾਂ ਦੀ ਬਰੇਕ ਡਾਊਨ ਜਿਆਦਾ ਹੋ ਗਈ ਸੀ। ਬਾਦਲ ਪਰਿਵਾਰ ਦੀ ਬੱਸ ਕੰਪਨੀ ਦੀਆਂ ਬਠਿੰਡਾ ਚੰਡੀਗੜ•, ਚੰਡੀਗੜ• ਅੰਮ੍ਰਿਤਸਰ ਅਤੇ ਚੰਡੀਗੜ• ਪਠਾਨਕੋਟ ਰੂਟ 'ਤੇ ਕਰੀਬ 32 ਮਰਸਡੀਜ਼ ਬੱਸਾਂ ਚੱਲਦੀਆਂ ਹਨ।
                     ਪੰਜ ਨਵੀਆਂ ਸਧਾਰਨ ਤੇ ਏ.ਸੀ ਬੱਸਾਂ ਪਾਈਆਂ ਗਈਆਂ ਹਨ ਜਦੋਂ ਕਿ ਇਸ ਵੀ.ਆਈ.ਪੀ ਬੱਸ ਕੰਪਨੀ ਨੇ 30 ਦੇ ਕਰੀਬ ਪੁਰਾਣੀਆਂ ਸਧਾਰਨ ਬੱਸਾਂ ਨੂੰ ਤਬਦੀਲ ਕਰਕੇ ਨਵੀਆਂ ਪਾਉਣੀਆਂ ਹਨ। ਸੂਤਰ ਆਖਦੇ ਹਨ ਕਿ ਵੀ.ਆਈ.ਪੀ ਬੱਸ ਕੰਪਨੀ ਦੀਆਂ ਕਰੀਬ ਦਰਜਨ ਤੋਂ ਉਪਰ ਇੰਡੋ ਕੈਨੇਡੀਅਨ ਬੱਸਾਂ ਅੰਮ੍ਰਿਤਸਰ ਤੋਂ ਦਿੱਲੀ ਕੰਨਟਰੈਕਟ ਕੈਰੇਜ਼ ਪਰਮਿਟ ਤੇ ਚੱਲਦੀਆਂ ਹਨ। ਪਰਮਿਟ ਦੀਆਂ ਸ਼ਰਤਾਂ ਅਨੁਸਾਰ ਰਸਤੇ ਤੋਂ ਬੱਸ ਕੰਪਨੀ ਕਿਤੋਂ ਵੀ ਕੋਈ ਸਵਾਰੀ ਚੁੱਕ ਜਾਂ ਉਤਾਰ ਨਹੀਂ ਸਕਦੀ ਹੈ। ਇੰਡੋ ਕੈਨੇਡੀਅਨ ਬੱਸ ਸਰਵਿਸ ਦੀ ਵੈਬਸਾਈਟ 'ਤੇ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਆਨ ਲਾਈਨ ਬੁਕਿੰਗ ਹੋ ਰਹੀ ਹੈ ਜਿਸ ਦਾ ਮਤਲਬ ਹੈ ਕਿ ਇਹ ਬੱਸ ਕੰਪਨੀ ਜਲੰਧਰ,ਫਗਵਾੜਾ,ਲੁਧਿਆਣਾ ਤੇ ਰਾਜਪੁਰਾ ਤੋਂ ਸਵਾਰੀ ਚੁੱਕਦੀ ਵੀ ਹੈ ਅਤੇ ਉਤਾਰਦੀ ਵੀ ਹੈ ਇਵੇਂ ਮਾਲਵੇ ਦੇ ਬਾਕੀ ਅਕਾਲੀ ਆਗੂਆਂ ਦੀ ਟਰਾਂਸਪੋਰਟ ਵੀ ਪੁਰਾਣੀ ਚਾਲ 'ਤੇ ਹੀ ਧੂੜਾਂ ਪੁੱਟ ਰਹੀ ਹੈ। ਵੱਡੇ ਕਾਂਗਰਸੀ ਟਰਾਂਸਪੋਰਟਰਾਂ ਨੇ ਵੀ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਬਾਹਰ,ਜਲੰਧਰ ਦੇ ਪੀ.ਏ.ਪੀ ਚੌਂਕ ਅਤੇ ਲੁਧਿਆਣਾ ਦੇ ਢੋਲੇਵਾਲਾ ਤੇ ਸਮਰਾਲਾ ਚੌਂਕ ਵਿਚ ਆਰਜ਼ੀ ਬੱਸ ਅੱਡੇ ਬਣਾ ਲਏ ਹਨ।
                  ਵੇਰਵਿਆਂ ਅਨੁਸਾਰ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਅੰਬਾਲਾ ਤੱਕ ਦੇ 13 ਟਾਈਮ ਪ੍ਰਵਾਨਿਤ ਹਨ ਜਦੋਂ ਕਿ ਕਾਂਗਰਸੀ ਲੀਡਰਾਂ ਦੀਆਂ ਬੱਸਾਂ ਦੇ ਹਕੀਕਤ 54 ਟਾਈਮ ਚੱਲ ਰਹੇ ਹਨ। ਪੀ.ਆਰ.ਟੀ.ਸੀ ਨੂੰ ਪਹਿਲਾਂ ਉਮੀਦ ਸੀ ਕਿ ਹਕੂਮਤ ਬਦਲੀ ਮਗਰੋਂ ਦਿਨ ਬਦਲਣਗੇ ਅਤੇ ਆਮਦਨੀ ਵਿਚ ਵੱਡਾ ਵਾਧਾ ਹੋਵੇਗਾ। ਤੱਥਾਂ ਅਨੁਸਾਰ ਪੀ.ਆਰ.ਟੀ.ਸੀ ਦੀ ਮਾਰਚ 2017 ਦੇ ਮਹੀਨੇ ਦੌਰਾਨ ਪ੍ਰਤੀ ਦਿਨ ਦੀ ਆਮਦਨ ਔਸਤਨ 1.06 ਕਰੋੜ ਰਹੀ ਹੈ ਜਦੋਂ ਕਿ ਮਾਰਚ 2016 ਵਿਚ ਗਠਜੋੜ ਹਕੂਮਤ ਸਮੇਂ ਇਹੋ ਔਸਤਨ 98 ਲੱਖ ਰੁਪਏ ਪ੍ਰਤੀ ਦਿਨ ਦੀ ਸੀ। ਮਤਲਬ ਕਿ ਸਿਰਫ 8 ਲੱਖ ਪ੍ਰਤੀ ਦਿਨ ਦਾ ਵਾਧਾ ਹੋਇਆ ਇਵੇਂ ਹੀ ਪੀ.ਆਰ.ਟੀ.ਸੀ ਦੀ ਅਪਰੈਲ 2017 ਦੌਰਾਨ ਪ੍ਰਤੀ ਦਿਨ ਦੀ ਆਮਦਨ ਕਰੀਬ 1.07 ਕਰੋੜ ਰੁਪਏ ਔਸਤਨ ਪ੍ਰਤੀ ਦਿਨ ਰਹੀ ਹੈ ਜਦੋਂ ਕਿ ਅਪਰੈਲ 2016 ਦੇ ਮਹੀਨੇ ਵਿਚ ਇਹੋ ਆਮਦਨ ਔਸਤਨ ਕਰੀਬ ਇੱਕ ਕਰੋੜ ਰੁਪਏ ਪ੍ਰਤੀ ਦਿਨ ਰਹੀ ਹੈ। ਪੀ. ਆਰ.ਟੀ.ਸੀ ਨੂੰ ਪਹਿਲੋਂ ਉਮੀਦ ਸੀ ਕਿ ਹਕੂਮਤ ਬਦਲੀ ਮਗਰੋਂ ਪ੍ਰਤੀ ਦਿਨ ਦੀ ਆਮਦਨ ਸਵਾ ਕਰੋੜ ਪ੍ਰਤੀ ਦਿਨ ਤੋਂ ਉਪਰ ਚਲੀ ਜਾਵੇਗੀ।
                     ਪੰਜਾਬ ਰੋਡਵੇਜ਼ ਇੰਪਲਾਈਜ ਯੂਨੀਅਨ (ਅਜ਼ਾਦ) ਦੇ ਜਨਰਲ ਸਕੱਤਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਹਕੂਮਤ ਬਦਲੀ ਮਗਰੋਂ ਵੀ ਕੋਈ ਫਰਕ ਨਹੀਂ ਪਿਆ ਅਤੇ ਸਭ ਗ਼ੈਰਕਨੂੰਨੀ ਅਪਰੇਸ਼ਨ ਪੁਰਾਣੀ ਤਰਜ਼ ਹੀ ਚੱਲ ਰਿਹਾ ਹੈ। ਉਨ•ਾਂ ਆਖਿਆ ਕਿ ਵੱਡੀ ਗੜਬੜ ਟਾਈਮ ਟੇਬਲਾਂ ਵਿਚ ਹੈ ਜਿਸ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਇਸੇ ਤਰ•ਾਂ ਪੀ.ਆਰ.ਟੀ.ਸੀ ਕਰਮਚਾਰੀ ਦਲ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਨਵੀਂ ਸਰਕਾਰ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਿਸ ਕਰਕੇ ਕੁਝ ਵੀ ਬਦਲਿਆ ਨਹੀਂ।
                                     ਟਾਈਮ ਟੇਬਲ ਹੀ ਗਲਤ ਹਨ : ਐਮ.ਡੀ
ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ.ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਟਾਈਮ ਟੇਬਲ ਬਹੁਤ ਗਲਤ ਬਣੇ ਹੋਏ ਹਨ ਜੋ ਕਿ ਨਵੀਂ ਟਰਾਂਸਪੋਰਟ ਪਾਲਿਸੀ ਮਗਰੋਂ ਠੀਕ ਹੋ ਜਾਣਗੇ। ਉਨ•ਾਂ ਦੱਸਿਆ ਕਿ ਫਿਲਹਾਲ ਕਾਰਪੋਰੇਸ਼ਨ ਦੀ ਆਮਦਨ ਵਿਚ ਕੋਈ ਬਹੁਤਾ ਵਾਧਾ ਨਹੀਂ ਹੋਇਆ ਅਤੇ ਨਵੀਂ ਪਾਲਿਸੀ ਮਗਰੋਂ ਆਮਦਨ ਵਧਣ ਦੀ ਉਮੀਦ ਹੈ। ਕਾਰਪੋਰੇਸ਼ਨ ਵਲੋਂ 250 ਨਵੀਆਂ ਬੱਸਾਂ ਤਿੰਨ ਮਹੀਨੇ ਦੇ ਅੰਦਰ ਅੰਦਰ ਪਾਈਆਂ ਜਾ ਰਹੀਆਂ ਹਨ।