Saturday, January 29, 2022

                                                          ਘਰੇਲੂ 'ਸਰਕਾਰ'
ਬੀਵੀ ਨਾਲ ਪਿਆਰ, ਕਿਵੇਂ ਕਰੇ ਇਨਕਾਰ
                                                          ਚਰਨਜੀਤ ਭੁੱਲਰ

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਚੋਣਾਂ ਦੇ ਪਿੜ ’ਚ ਨਿੱਤਰੇ ਉਮੀਦਵਾਰਾਂ ਲਈ ਕਵਰਿੰਗ ਉਮੀਦਵਾਰ ਵਜੋਂ ਪਹਿਲੀ ਪਸੰਦ ਆਪਣੀ ਪਤਨੀ ਹੈ। ਪ੍ਰਮੁੱਖ ਰਾਜਸੀ ਧਿਰਾਂ ’ਚੋਂ ਕੋਈ ਅਜਿਹਾ ਉਮੀਦਵਾਰ ਨਜ਼ਰ ਨਹੀਂ ਪੈਂਦਾ ਹੈ, ਜਿਸ ਨੇ ਕਵਰਿੰਗ ਉਮੀਦਵਾਰ ਆਪਣੇ ਹਲਕੇ ਦੇ ਕਿਸੇ ਹੋਰ ਸੀਨੀਅਰ ਆਗੂ ਨੂੰ ਬਣਾਇਆ ਹੋਵੇ। ਸਾਰਿਆਂ ਨੇ ਆਪੋ-ਆਪਣੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਹੈ। ਹਰ ਸਿਆਸੀ ਪਾਰਟੀ ਦੀ ਸੋਚ ਇਸ ਮਾਮਲੇ ’ਚ ਇੱਕੋ ਹੈ। ਟਿਕਟਾਂ ਤੋਂ ਖੁੰਝੇ ਚਾਹਵਾਨ ਤਾਂ ਕਵਰਿੰਗ ਉਮੀਦਵਾਰ ਵੀ ਨਹੀਂ ਬਣ ਪਾਉਂਦੇੇ।ਪੰਜਾਬ ਚੋਣਾਂ ਲਈ ਹੁਣ ਤੱਕ 299 ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਫ਼ੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ, ਜਿਨ੍ਹਾਂ ਆਪਣੀ ਪਤਨੀ ਨੂੰ ਹੀ ਕਵਰਿੰਗ ਉਮੀਦਵਾਰ ਬਣਾਇਆ ਹੈ।
ਕਈਆਂ ਨੇ ਆਪਣੇ ਧੀਆਂ-ਪੁੱਤਾਂ ਨੂੰ ਵੀ ਕਵਰਿੰਗ ਉਮੀਦਵਾਰ ਬਣਾਇਆ ਹੈ। ਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਕਵਰਿੰਗ ਉਮੀਦਵਾਰ ਅੰਮ੍ਰਿਤਾ ਸਿੰਘ (ਪਤਨੀ) ਹੈ। ਵੜਿੰਗ ਦੇ ਵਿਰੋਧੀ ਉਮੀਦਵਾਰ ਡਿੰਪੀ ਢਿੱਲੋਂ ਨੇ ਵੀ ਆਪਣੀ ਪਤਨੀ ਹਰਜੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਲਈ ਕਵਰਿੰਗ ਉਮੀਦਵਾਰ ਵਜੋਂ ਤਰਜੀਹ ਆਪਣੀ ਪਤਨੀ ਸੁਖਪ੍ਰੀਤ ਕੌਰ ਰਹੀ ਹੈ। ਸੰਗਰੂਰ ਤੋਂ ਵਿਜੈਇੰਦਰ ਸਿੰਗਲਾ ਦੀ ਕਵਰਿੰਗ ਉਮੀਦਵਾਰ ਉਨ੍ਹਾਂ ਦੀ ਪਤਨੀ ਦੀਪਾ ਸਿੰਗਲਾ ਹੈ। ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਨੇ ਵੀ ਪਤਨੀ ਡਾ. ਸ਼ਿਵਾਨੀ ਅਰੋੜਾ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।
ਕਾਂਗਰਸ ਨੇ ਤਾਂ ਐਤਕੀਂ ਟਿਕਟਾਂ ਦੀ ਵੰਡ ਵਿੱਚ ਵੀ ਭਾਈ-ਭਤੀਜਾਵਾਦ ਨੂੰ ਹੁਲਾਰਾ ਦਿੱਤਾ ਹੈ। ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਪਤਨੀ ਪੁਨੀਤਾ ਸੰਧੂ ਉਨ੍ਹਾਂ ਦੀ ਕਵਰਿੰਗ ਉਮੀਦਵਾਰ ਹੈ। ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਭਾਰਤ ਭੂਸ਼ਨ ਆਸ਼ੂ ਨੇ ਵੀ ਆਪਣੀ ਪਤਨੀ ਨੂੰ ਕਵਰਿੰਗ ਉਮੀਦਵਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਧਰਮਕੋਟ ਤੋਂ ਅਕਾਲੀ ਉਮੀਦਵਾਰ ਜਥੇਦਾਰ ਤੋਤਾ ਸਿੰਘ ਨੇ ਆਪਣੀ ਪਤਨੀ ਮੁਖ਼ਤਿਆਰ ਕੌਰ ਅਤੇ ਮੁਕਤਸਰ ਤੋਂ ਅਕਾਲੀ ਉਮੀਦਵਾਰ ਰੋਜ਼ੀ ਬਰਕੰਦੀ ਨੇ ਪਤਨੀ ਖੁਸ਼ਪ੍ਰੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।ਖਰੜ ਤੋਂ ਅਕਾਲੀ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵੀ ਆਪਣੀ ਪਤਨੀ ਪਰਮਜੀਤ ਕੌਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।
ਸਿਆਸੀ ਮਾਹਿਰ ਆਖਦੇ ਹਨ ਕਿ ਸਿਆਸੀ ਧਿਰਾਂ ਨੂੰ ਇਹ ਚਾਹੀਦਾ ਹੈ ਕਿ ਕਵਰਿੰਗ ਉਮੀਦਵਾਰ ਹਲਕੇ ਦਾ ਸੀਨੀਅਰ ਆਗੂ ਹੋਣਾ ਚਾਹੁੰਦਾ ਹੈ। ਹਾਲਾਂਕਿ ਮੁੱਖ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਸੂਰਤ ’ਚ ਹੀ ਕਵਰਿੰਗ ਉਮੀਦਵਾਰ ਨੂੰ ਮੌਕਾ ਮਿਲਣਾ ਹੁੰਦਾ ਹੈ ਪਰ ਉਮੀਦਵਾਰ ਇਹ ਮੌਕੇ ਵੀ ਪਰਿਵਾਰ ਤੋਂ ਬਾਹਰ ਨਹੀਂ ਦੇਣਾ ਚਾਹੁੰਦੇ। ਅੱਜ ਦੇ ਜ਼ਮਾਨੇ ’ਚ ਉਸ ਹਲਕੇ ਦਾ ਸੀਨੀਅਰ ਆਗੂ ਹੀ ਕਵਰਿੰਗ ਉਮੀਦਵਾਰ ਬਣਨ ਦਾ ਸੁਫਨਾ ਲੈ ਸਕਦਾ ਹੈ, ਜਿਹੜਾ ਕੋਈ ਉਮੀਦਵਾਰ ਅਣਵਿਆਹਾ ਹੋਵੇ।ਅੱਗੇ ਨਜ਼ਰ ਮਾਰੀਏ ਤਾਂ ਲਹਿਰਾਗਾਗਾ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪੁੱਤਰ ਨਵਿੰਦਰਪ੍ਰੀਤ ਸਿੰਘ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।
ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਲੜਕੇ ਗੁਰਬਾਜ਼ ਸਿੰਘ ਨੂੰ ਕਵਰਿੰਗ ਉਮੀਦਵਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਆਮ ਆਦਮੀ ਪਾਰਟੀ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹੈ। ਸੁਨਾਮ ਤੋਂ ‘ਆਪ’ ਦੇ ਅਮਨ ਅਰੋੜਾ ਦੀ ਪਤਨੀ ਸਬੀਨਾ ਅਰੋੜਾ ਉਨ੍ਹਾਂ ਦੀ ਕਵਰਿੰਗ ਉਮੀਦਵਾਰ ਹੈ।ਮਾਨਸਾ ਤੋਂ ‘ਆਪ’ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਵੀ ਆਪਣੀ ਪਤਨੀ ਅਨੀਤਾ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਆਪਣੀ ਪਤਨੀ ਸ਼ਗਨ ਕੁਮਾਰੀ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਸੰਗਰੂਰ ਤੋਂ ‘ਆਪ’ ਉਮੀਦਵਾਰ ਨਰਿੰਦਰ ਕੌਰ ਨੇ ਆਪਣੀ ਮਾਂ ਚਰਨਜੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਸਿਆਸੀ ਹਲਕੇ ਆਖਦੇ ਹਨ ਕਿ ਪੰਜਾਬ ਚੋਣਾਂ ਦੇ ਰਾਜਸੀ ਇਤਿਹਾਸ ’ਚ ਕੋਈ ਟਾਵਾਂ ਮੌਕਾ ਹੋਵੇਗਾ ਕਿ ਜਦੋਂ ਮੁੱਖ ਉਮੀਦਵਾਰ ਦੇ ਕਾਗ਼ਜ਼ ਰੱਦ ਹੋਏ ਹੋਣ ਤੇ ਚੋਣ ਕਵਰਿੰਗ ਉਮੀਦਵਾਰ ਨੇ ਲੜੀ ਹੋਈ ਹੋਵੇ।
ਜਮਹੂਰੀ ਯੁੱਗ ’ਚ ਜਾਗੀਰੂ ਸੋਚ ਭਾਰੂ: ਭੰਦੋਹਲ
ਸਿਆਸੀ ਵਿਸ਼ਲੇਸ਼ਕ ਐਡਵੋਕੇਟ ਜਗਦੇਵ ਸਿੰਘ ਭੰਦੋਹਲ ਅਨੁਸਾਰ ਕਵਰਿੰਗ ਉਮੀਦਵਾਰ ਦਾ ਇਹ ਰੁਝਾਨ ਜਮਹੂਰੀਅਤ ਦੀ ਮੂਲ ਭਾਵਨਾ ਦੇ ਖ਼ਿਲਾਫ਼ ਭੁਗਤਦਾ ਹੈ। ਕਵਰਿੰਗ ਉਮੀਦਵਾਰ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਰੱਖਣਾ ਉਮੀਦਵਾਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਨ੍ਹਾਂ ਵੱਲੋਂ ਦਾਅਵੇ ਹਮੇਸ਼ਾ ਲੋਕ ਰਾਜ ’ਚ ਭਰੋਸਗੀ ਦੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਵਰਿੰਗ ਉਮੀਦਵਾਰ ਆਪਣੇ ਪਰਿਵਾਰਕ ਮੈਂਬਰ ਨੂੰ ਬਣਾਉਣ ਦਾ ਸਿੱਧਾ ਮਤਲਬ ਹੈ ਕਿ ਉਮੀਦਵਾਰ ਨੂੰ ਆਪਣੀ ਪਾਰਟੀ ਅਤੇ ਹਲਕੇ ਦੇ ਸੀਨੀਅਰ ਆਗੂਆਂ ਪ੍ਰਤੀ ਕੋਈ ਸਨੇਹ ਜਾਂ ਭਰੋਸਾ ਨਹੀਂ ਹੈ। ਜਮਹੂਰੀ ਯੁੱਗ ’ਚ ਇਹ ਜਾਗੀਰੂ ਸੋਚ ਦੀ ਮਿਸਾਲ ਹੈ।

Friday, January 28, 2022

                                                             ਸਿਆਸੀ ਮੋਹ
                                   ਕਾਂਗਰਸ ਨੇ ਨਿਵਾਜੇ ਆਪਣੇ ‘ਪੁੱਤ ਭਤੀਜੇ’
                                                            ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਚੋਣਾਂ ਦੇ ਮੈਦਾਨ ’ਚ ਐਤਕੀਂ ਕਾਂਗਰਸ ਪਾਰਟੀ ਨੇ ਜ਼ਿਆਦਾ ਆਪਣੇ ‘ਪੁੱਤ ਭਤੀਜੇ’ ਉਤਾਰੇ ਹਨ। ਕਾਂਗਰਸ ਹਾਈ ਕਮਾਨ ਨੇ ਸਭ ਪ੍ਰਮੁੱਖ ਆਗੂਆਂ ਦੇ ਪਰਿਵਾਰਾਂ ਨੂੰ ਖ਼ੁਸ਼ ਰੱਖਣ ਦਾ ਯਤਨ ਕੀਤਾ ਹੈ। ਕਾਂਗਰਸ ਹੁਣ ਤੱਕ 109 ਉਮੀਦਵਾਰ ਐਲਾਨ ਚੁੱਕੀ ਹੈ ਅਤੇ ਇਸ ਸੂਚੀ ’ਚ ਪਰਿਵਾਰਵਾਦ ਭਾਰੂ ਨਜ਼ਰ ਪੈ ਰਿਹਾ ਹੈ। ‘ਇੱਕ ਪਰਿਵਾਰ ਇੱਕ ਟਿਕਟ’ ਦਾ ਫ਼ਾਰਮੂਲਾ ਵੀ ਇਸ ਸੂਚੀ ’ਚ ਅੱਖੋਂ ਪਰੋਖੇ ਹੋਇਆ ਹੈ। ਵੇਰਵਿਆਂ ਅਨੁਸਾਰ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਸਿੰਘ ਬਾਜਵਾ ਨੂੰ ਹਲਕਾ ਸਾਹਨੇਵਾਲ ਤੋਂ ਉਮੀਦਵਾਰ ਬਣਾਇਆ ਹੈ ਜਦਕਿ ਬੀਬੀ ਭੱਠਲ ਖ਼ੁਦ ਲਹਿਰਾਗਾਗਾ ਤੋਂ ਪਾਰਟੀ ਦੇ ਉਮੀਦਵਾਰ ਹਨ। 

            ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਨੂੰ ਕਾਂਗਰਸ ਨੇ ਹਲਕਾ ਮੁਕਤਸਰ ਤੋਂ ਉਮੀਦਵਾਰ ਬਣਾਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਭਤੀਜੇ ਸਮਿੱਤ ਸਿੰਘ ਨੂੰ ਹਲਕਾ ਅਮਰਗੜ੍ਹ ਤੋਂ ਟਿਕਟ ਦਿੱਤੀ ਗਈ ਹੈ। ਸਮਿੱਤ ਸਿੰਘ ਹਲਕਾ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਧਨਵੰਤ ਸਿੰਘ ਧੂਰੀ ਦੇ ਲੜਕੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੂੰ ਹਲਕਾ ਅਬੋਹਰ ਤੋਂ ਟਿਕਟ ਦਿੱਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਬੇਸ਼ੱਕ ਆਪਣੇ ਭਰਾ ਨੂੰ ਟਿਕਟ ਨਹੀਂ ਦਿਵਾ ਸਕੇ ਹਨ ਪ੍ਰੰਤੂ ਚੰਨੀ ਨੇ ਦੂਜੀ ਸੂਚੀ ਵਿੱਚ ਆਪਣੀ ਪੂਰੀ ਛਾਪ ਛੱਡੀ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਅਤੇ ਐੱਮਪੀ ਅਮਰ ਸਿੰਘ ਦੇ ਲੜਕੇ ਕਾਮਿਲ ਅਮਰ ਸਿੰਘ ਨੂੰ ਹਲਕਾ ਰਾਏਕੋਟ ਤੋਂ ਟਿਕਟ ਦਿੱਤੀ ਗਈ ਹੈ। 

            ਇਸੇ ਤਰ੍ਹਾਂ ਐੱਮਪੀ ਰਵਨੀਤ ਬਿੱਟੂ ਨੇ ਆਪਣੇ ਰਿਸ਼ਤੇਦਾਰ ਬਿਕਰਮ ਸਿੰਘ ਮੋਫਰ ਨੂੰ ਹਲਕਾ ਸਰਦੂਲਗੜ੍ਹ ਤੋਂ ਟਿਕਟ ਦਿਵਾਈ ਹੈ। ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੇ ਲੜਕੇ ਰਾਜਾ ਗਿੱਲ ਨੂੰ ਕਾਂਗਰਸ ਨੇ ਹਲਕਾ ਸਮਰਾਲਾ ਤੋਂ ਟਿਕਟ ਦਿੱਤੀ ਹੈ ਅਤੇ ਇਸ ਪਰਿਵਾਰ ਦਾ ਨਾਤਾ ਵੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਜੁੜਦਾ ਹੈ। ਐੱਮਪੀ ਚੌਧਰੀ ਸੰਤੋਖ ਸਿੰਘ ਦੇ ਲੜਕੇ ਵਿਕਰਮ ਸਿੰਘ ਚੌਧਰੀ ਨੂੰ ਦੂਸਰੀ ਵਾਰ ਪਾਰਟੀ ਨੇ ਹਲਕਾ ਫਿਲੌਰ ਤੋਂ ਟਿਕਟ ਦਿੱਤੀ ਹੈ। ਸਾਬਕਾ ਵਿਧਾਇਕ ਮਰਹੂਮ ਗੁਰਨਾਮ ਸਿੰਘ ਅਬੁਲਖੁਰਾਣਾ ਦੇ ਲੜਕੇ ਜਗਪਾਲ ਸਿੰਘ ਅਬੁਲਖੁਰਾਣਾ ਨੂੰ ਹਲਕਾ ਲੰਬੀ ਤੋਂ ਟਿਕਟ ਦਿੱਤੀ ਗਈ ਹੈ ਜਦਕਿ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਲੜਕੇ ਜਸਵਿੰਦਰ ਸਿੰਘ ਧੀਮਾਨ ਨੂੰ ਹਲਕਾ ਸੁਨਾਮ ਤੋਂ ਟਿਕਟ ਦਿੱਤੀ ਗਈ ਹੈ।

         ਇਸ ਤੋਂ ਇਲਾਵਾ ਕਾਂਗਰਸ ਨੇ ਸਾਬਕਾ ਐੱਮਪੀ ਮਰਹੂਮ ਹਾਕਮ ਸਿੰਘ ਮੀਆਂ ਦੀ ਪੋਤ ਨੂੰਹ ਰਣਬੀਰ ਕੌਰ ਮੀਆਂ ਨੂੰ ਹਲਕਾ ਬੁਢਲਾਡਾ ਤੋਂ ਮੈਦਾਨ ਵਿੱਚ ਉਤਾਰਿਆ ਹੈ।   ਕਾਂਗਰਸ ਪਾਰਟੀ ਨੇ ਕਈ ਸਾਬਕਾ ਵਿਧਾਇਕਾਂ ਅਤੇ ਵਜ਼ੀਰਾਂ ਦੇ ਪਰਿਵਾਰਾਂ ਨੂੰ ਟਿਕਟ ਨਹੀਂ ਦਿੱਤੀ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਪਟਿਆਲਾ ਸ਼ਹਿਰੀ ਤੋਂ ਟਿਕਟ ਮੰਗ ਰਹੇ ਹਨ ਜਦਕਿ ਪਾਰਟੀ ਤਰਫ਼ੋਂ ਪਹਿਲਾਂ ਹੀ ਉਨ੍ਹਾਂ ਦੇ ਲੜਕੇ ਰਾਜਿੰਦਰ ਸਿੰਘ ਨੂੰ ਹਲਕਾ ਸਮਾਣਾ ਤੋਂ ਟਿਕਟ ਦਿੱਤੀ ਹੋਈ ਹੈ। ਐੱਮਪੀ ਜਸਬੀਰ ਸਿੰਘ ਡਿੰਪਾ ਵੀ ਹਲਕਾ ਖਡੂਰ ਸਾਹਿਬ ਤੋਂ ਆਪਣੇ ਲੜਕੇ ਲਈ ਟਿਕਟ ਲੈਣ ਦੇ ਇੱਛੁਕ ਸਨ। ਡਿੰਪਾ ਨੇ ਅੱਜ ਟਵੀਟ ਕਰਕੇ ਏਨਾ ਕੁ ਕਿਹਾ ਹੈ ਕਿ ਵਫ਼ਾਦਾਰੀ, ਮਿਹਨਤ ’ਤੇ ਰੋਕੜ ਭਾਰੀ ਪੈ ਜਾਵੇ ਤਾਂ ਉਸ ਪਾਰਟੀ ਦਾ ਕੀ ਕਰਨਾ ਚਾਹੀਦਾ ਹੈ।  

          ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਆਪਣੇ ਲੜਕੇ ਲਈ ਪਾਰਟੀ ਤੋਂ ਟਿਕਟ ਚਾਹੁੰਦੇ ਸਨ।  ਕਾਂਗਰਸ ਨੇ ਜੂਨੀਅਰ ਅਵਤਾਰ ਹੈਨਰੀ ਨੂੰ ਉਮੀਦਵਾਰ ਐਲਾਨਿਆ ਹੈ ਜੋ ਕਿ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਲੜਕੇ ਹਨ। ਸਾਬਕਾ ਮੰਤਰੀ ਰਘੂਨਾਥ  ਸਹਾਏਪੁਰੀ ਦੇ ਲੜਕੇ ਨਰੇਸ਼ ਪੁਰੀ ਨੂੰ  ਮੁੜ ਹਲਕਾ ਸੁਜਾਨਪੁਰ ਤੋਂ ਉਮੀਦਵਾਰ  ਬਣਾਇਆ ਹੈ।     ਸਾਬਕਾ ਮੰਤਰੀ  ਸਰਦੂਲ ਸਿੰਘ ਦਾ ਲੜਕਾ ਸੁਖਵਿੰਦਰ  ਸਿੰਘ ਡੈਨੀ ਹਲਕਾ ਜੰਡਿਆਲਾ ਗੁਰੂ ਤੋਂ ਉਮੀਦਵਾਰ ਬਣਿਆ  ਹੈ।   ਬਹੁਤੇ ਕਾਂਗਰਸੀ ਪਰਿਵਾਰਾਂ ਦੇ  ਲੜਕੇ ਤੇ ਰਿਸ਼ਤੇਦਾਰ ਐਤਕੀਂ  ਚੋਣਾਂ  ਵਿੱਚ ਉੱਤਰੇ ਹਨ  ਜਿਸ ਤੋਂ  ਕਾਂਗਰਸੀ ਟਿਕਟਾਂ ਦੇ ਚਾਹਵਾਨ ਸਾਧਾਰਨ ਆਗੂ ਨਾਰਾਜ਼ ਹਨ। 

                                             ਚੰਨੀ ਅਤੇ ਸਿੱਧੂ ’ਤੇ ਵਰ੍ਹੇ ਬਾਗ਼ੀ 

ਟਿਕਟਾਂ ਤੋਂ ਵਾਂਝੇ ਰਹਿ ਗਏ ਆਗੂਆਂ ਦੇ ਨਿਸ਼ਾਨੇ ’ਤੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆ ਗਏ ਹਨ। ਟਿਕਟ ਤੋਂ ਖੁੰਝੀਂ ਸੁਨਾਮ ਤੋਂ ਦਮਨ ਬਾਜਵਾ ਨੇ ਟਿਕਟ ਕੱਟੇ ਜਾਣ ਪਿੱਛੇ ਨਵਜੋਤ ਸਿੱਧੂ ਦਾ ਹੱਥ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣੇ ਭਤੀਜੇ ਨੂੰ ਅਮਰਗੜ੍ਹ ਤੋਂ ਉਤਾਰਨ ਲਈ ਸੁਨਾਮ ਤੋਂ ਧੀਮਾਨ ਦੇ ਲੜਕੇ ਨੂੰ ਉਤਾਰਿਆ। ਕਾਂਗਰਸ ਪਾਰਟੀ ਅੰਦਰ ਇਸ ਗੱਲੋਂ ਕਈ ਆਗੂ ਔਖ ਵਿੱਚ ਹਨ ਕਿ ਹਾਈਕਮਾਨ ਨੇ ਦਾਗ਼ੀ ਚਿਹਰਿਆਂ ਨੂੰ ਵੀ ਮੈਦਾਨ ਵਿੱਚ ਉਤਾਰ ਦਿੱਤਾ ਹੈ। ਕਈ ਪ੍ਰਮੁੱਖ ਆਗੂਆਂ ਦੇ ਕਾਰੋਬਾਰੀ ਹਿੱਤ ਜੁੜੇ ਹੋਣ ਕਰਕੇ ਕਈ ਕਾਰੋਬਾਰੀ ਲੋਕ ਵੀ ਟਿਕਟ ਲੈਣ ਵਿੱਚ ਸਫ਼ਲ ਹੋ ਗਏ ਹਨ। 

Wednesday, January 26, 2022

                                                       ਚੁਣਾਵੀ ਸੁਫ਼ਨੇ
                             ਕਾਸ਼ ! ਬਿਨਾਂ ਮੁਕਾਬਲਾ ਹੀ ਚੁਣਿਆ ਜਾਵਾਂ..!
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ’ਚ ਹੁਣ ਨਵੇਂ ਰੰਗ ਦਿਖਣ ਲੱਗੇ ਹਨ। ਨਵੇਂ ਯੁੱਗ ਨੇ ਸਿਆਸਤ ਨੂੰ ਵੀ ਮੋੜਾ ਦਿੱਤਾ ਹੈ। ਕੋਈ ਵੇਲਾ ਸੀ ਜਦੋਂ ਬਿਨਾਂ ਮੁਕਾਬਲਾ ਵੀ ਉਮੀਦਵਾਰ ਜਿੱਤਦੇ ਸਨ। ਆਹਮੋ-ਸਾਹਮਣੇ ਚੋਣ ਮੁਕਾਬਲੇ ਹੁੰਦੇ ਸਨ ਜਾਂ ਫਿਰ ਤਿੰਨ ਧਿਰੀ ਮੁਕਾਬਲੇ। ਮੌਜੂਦਾ ਚੋਣਾਂ ’ਚ ਬਹੁਧਿਰੀ ਮੁਕਾਬਲੇ ਹੋਣੇ ਯਕੀਨੀ ਹਨ। ਲੋਕ ਰਾਜ ਨੇ ਵੋਟਰਾਂ ਲਈ ਪਸੰਦ ਦਾ ਘੇਰਾ ਮੋਕਲਾ ਕੀਤਾ ਹੈ। ਅੱਜ ਦੇ ਜ਼ਮਾਨੇ ’ਚ ਉਮੀਦਵਾਰਾਂ ਲਈ ਇਹ ਸੁਫ਼ਨਾ ਹੀ ਬਣ ਗਿਆ ਹੈ ਕਿ ਕਾਸ਼! ਉਹ ਵੀ ਬਿਨਾਂ ਮੁਕਾਬਲਾ ਚੁਣੇ ਜਾਣ।ਜਦੋਂ ਪੰਜਾਬ ਚੋਣਾਂ ਦੇ ਰਾਜਸੀ ਇਤਿਹਾਸ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਕੁਝ ਅਲੋਕਾਰੀ ਦਿਖਦਾ ਹੈ। 

            ਪ੍ਰਾਪਤ ਵੇਰਵਿਆਂ ਅਨੁਸਾਰ 1952 ਦੀਆਂ ਚੋਣਾਂ ਤੋਂ 2017 ਤੱਕ ਪੰਜਾਬ ’ਚ ਸਿਰਫ਼ ਪੰਜ ਉਮੀਦਵਾਰ ਹੀ ਨਿਰਵਿਰੋਧ ਚੁਣੇ ਗਏ ਹਨ। ਹੁਣ ਲੰਘੇ ਤੀਹ ਵਰ੍ਹਿਆਂ ਤੋਂ ਕੋਈ ਵੀ ਉਮੀਦਵਾਰ ਨਿਰਵਿਰੋਧ ਨਹੀਂ ਚੁਣਿਆ ਗਿਆ। ਆਜ਼ਾਦੀ ਪਿੱਛੋਂ ਪੰਜਾਬ ਵਿਧਾਨ ਸਭਾ ਲਈ ਪਹਿਲੀ ਪੋਲਿੰਗ 27 ਮਾਰਚ 1952 ਨੂੰ ਹੋਈ ਸੀ, ਜਿਸ ’ਚ ਫ਼ਿਰੋਜ਼ਪੁਰ ਹਲਕੇ ਤੋਂ ਮੁਹੰਮਦ ਯਸਕੀਨ ਖ਼ਾਨ ਨਿਰਵਿਰੋਧ ਚੋਣ ਜਿੱਤ ਗਿਆ ਸੀ। ਉਸ ਦੇ ਮੁਕਾਬਲੇ ’ਚ ਕੋਈ ਉਮੀਦਵਾਰ ਨਹੀਂ ਸੀ। ਉਦੋਂ ਫ਼ਿਰੋਜ਼ਪੁਰ ਹਲਕੇ ’ਚ 58,260 ਵੋਟਰ ਸਨ। ਪੰਜਾਬ ਚੋਣਾਂ ’ਚ ਬਿਨਾਂ ਮੁਕਾਬਲੇ ਤੋਂ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਕਾਂਗਰਸ ਦੀ ਸਮਿੱਤਰਾ ਦੇਵੀ ਹੈ, ਜੋ 1957 ਦੀਆਂ ਚੋਣਾਂ ਰਿਵਾੜੀ ਹਲਕੇ ਤੋਂ ਲੜੀ ਸੀ। 

            ਉਸ ਮਗਰੋਂ 1972 ਦੀਆਂ ਚੋਣਾਂ ਵਿਚ ਕਰਤਾਰਪੁਰ ਹਲਕੇ ਤੋਂ ਬਿਨਾਂ ਮੁਕਾਬਲੇ ਤੋਂ ਗੁਰਬੰਤਾ ਸਿੰਘ ਚੁਣੇ ਗਏ ਸਨ। ਉਦੋਂ ਚਾਰ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ ਤਿੰਨ ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਸਨ। ਇਸੇ ਤਰ੍ਹਾਂ ਜਦੋਂ ਪੰਜਾਬ ’ਚ ਕਾਲਾ ਦੌਰ ਸੀ, ਉਦੋਂ 1992 ਦੀਆਂ ਚੋਣਾਂ ਵਿਚ ਦੋ ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ। ਸਮਾਣਾ ਹਲਕੇ ਤੋਂ ਅਕਾਲੀ ਉਮੀਦਵਾਰ ਅਮਰਿੰਦਰ ਸਿੰਘ ਬਿਨਾਂ ਮੁਕਾਬਲਾ ਚੋਣ ਜਿੱਤੇ ਸਨ। ਹਲਕਾ ਸਮਾਣਾ ਤੋਂ ਉਸ ਵੇਲੇ 11 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ ਇੱਕ ਰੱਦ ਹੋ ਗਿਆ ਸੀ ਅਤੇ ਨੌਂ ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਸਨ। 1992 ’ਚ ਹੀ ਹਲਕਾ ਤਰਨ ਤਾਰਨ ਤੋਂ ਵੀ ਦਿਲਬਾਗ ਸਿੰਘ ਨਿਰਵਿਰੋਧ ਚੁਣੇ ਗਏ ਸਨ। ਇਸ ਹਲਕੇ ਤੋਂ ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ ਦੋ ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਸਨ। 

           1992 ਤੋਂ ਮਗਰੋਂ ਕਦੇ ਵੀ ਪੰਜਾਬ ਚੋਣਾਂ ਵਿਚ ਕੋਈ ਉਮੀਦਵਾਰ ਨਿਰਵਿਰੋਧ ਨਹੀਂ ਚੁਣਿਆ ਗਿਆ। ਪਹਿਲਾਂ ਤਾਂ ਕਈ ਹਲਕਿਆਂ ਤੋਂ ਆਹਮੋ-ਸਾਹਮਣੇ ਮੁਕਾਬਲੇ ਹੁੰਦੇ ਰਹੇ ਹਨ। 1997 ਦੀਆਂ ਚੋਣਾਂ ਮਗਰੋਂ ਕਿਸੇ ਵੀ ਹਲਕੇ ਵਿਚ ਆਹਮੋ-ਸਾਹਮਣੇ ਮੁਕਾਬਲੇ ਨਹੀਂ ਹੋਏ। 1952 ਤੋਂ 1992 ਤੱਕ ਪੰਜਾਬ ਚੋਣਾਂ ਦੌਰਾਨ 58 ਅਜਿਹੇ ਹਲਕੇ ਨਜ਼ਰ ਪਏ ਹਨ, ਜਿਨ੍ਹਾਂ ’ਤੇ ਚੋਣ ਮੁਕਾਬਲਾ ਸਿਰਫ਼ ਦੋ ਉਮੀਦਵਾਰਾਂ ’ਚ ਹੀ ਹੋਇਆ ਹੈ। 1997 ਵਿਚ ਇਕਲੌਤਾ ਰਾਜਾਸਾਂਸੀ ਹਲਕਾ ਸੀ, ਜਿੱਥੋਂ ਅਕਾਲੀ ਉਮੀਦਵਾਰ ਵੀਰ ਸਿੰਘ ਲੋਪੋਕੇ ਅਤੇ ਕਾਂਗਰਸੀ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ’ਚ ਸਿੱਧਾ ਮੁਕਾਬਲਾ ਸੀ। ਇਸ ਹਲਕੇ ਤੋਂ ਸਿਰਫ ਦੋ ਉਮੀਦਵਾਰ ਹੀ ਮੈਦਾਨ ਵਿਚ ਸਨ, ਜਿਨ੍ਹਾਂ ’ਚੋਂ ਵੀਰ ਸਿੰਘ ਲੋਪੋਕੇ ਚੋਣ ਜਿੱਤ ਗਏ ਸਨ। ਸਿਆਸੀ ਮਾਹਿਰ ਆਖਦੇ ਹਨ ਕਿ ਪਹਿਲਾਂ ਸਿਆਸਤ ਵਿਚ ਘੜਮੱਸ ਨਹੀਂ ਹੁੰਦਾ ਸੀ ਅਤੇ ਸੰਜੀਦਾ ਉਮੀਦਵਾਰ ਹੀ ਚੋਣ ਮੈਦਾਨ ਵਿਚ ਡਟਦੇ ਸਨ। 

           1985 ਵਿਚ ਹਲਕਾ ਬਾਘਾਪੁਰਾਣਾ ਤੋਂ ਦੋ ਉਮੀਦਵਾਰ ਹੀ ਚੋਣ ਲੜੇ ਸਨ ਅਤੇ ਇਸ ਚੋਣ ਵਿਚ ਅਕਾਲੀ ਉਮੀਦਵਾਰ ਮਲਕੀਤ ਸਿੱਧੂ ਨੇ ਕਾਂਗਰਸ ਦੇ ਦਰਸ਼ਨ ਬਰਾੜ ਨੂੰ ਹਰਾਇਆ ਸੀ। ਉਦੋਂ ਹੀ ਹਲਕਾ ਪੰਜਗਰਾਈਂ ਤੋਂ ਅਕਾਲੀ ਉਮੀਦਵਾਰ ਗੁਰਦੇਵ ਸਿੰਘ ਬਾਦਲ ਨੇ ਕਾਂਗਰਸ ਦੇ ਗੁਰਚਰਨ ਸਿੰਘ ਨੂੰ ਹਰਾਇਆ ਸੀ।1969 ਦੀਆਂ ਚੋਣਾਂ ਵਿਚ ਸਭ ਤੋਂ ਵੱਧ 13 ਅਜਿਹੇ ਹਲਕੇ ਸਨ, ਜਿੱਥੇ ਆਹਮੋ-ਸਾਹਮਣਾ ਮੁਕਾਬਲਾ ਹੋਇਆ ਸੀ। 1969 ਵਿਚ ਕੋਟਕਪੂਰਾ ਹਲਕੇ ਤੋਂ ਕਾਂਗਰਸ ਦੇ ਹਰਚਰਨ ਸਿੰਘ ਨੇ ਅਕਾਲੀ ਉਮੀਦਵਾਰ ਹਰਭਜਨ ਸਿੰਘ ਨੂੰ ਹਰਾਇਆ ਸੀ ਅਤੇ ਇਸੇ ਤਰ੍ਹਾਂ ਫ਼ਰੀਦਕੋਟ ਹਲਕੇ ਤੋਂ ਭਗਤ ਸਿੰਘ ਤੇ ਸੁਰੈਣ ਸਿੰਘ ਮੁਕਾਬਲੇ ਵਿਚ ਸਨ।

         ਜੇ ਉਨ੍ਹਾਂ ਹਲਕਿਆਂ ਦੀ ਗੱਲ ਕਰੀਏ ਜਿੱਥੇ ਸਭ ਤੋਂ ਵੱਧ ਉਮੀਦਵਾਰ ਖੜ੍ਹੇ ਹੋਏ ਤਾਂ ਇਸ ਮਾਮਲੇ ’ਚ 1952 ਤੋਂ ਲੈ ਕੇ 2017 ਤੱਕ ਹਲਕਾ ਸਮਾਣਾ ਸਭ ਤੋਂ ਅੱਗੇ ਹੈ। 1985 ਦੀਆਂ ਚੋਣਾਂ ਮੌਕੇ ਹਲਕਾ ਸਮਾਣਾ ਤੋਂ 22 ਉਮੀਦਵਾਰਾਂ ਨੇ ਚੋਣ ਲੜੀ ਸੀ। 2017 ਦੀਆਂ ਚੋਣਾਂ ਵਿਚ ਹਲਕਾ ਸਨੌਰ ਇਕਲੌਤਾ ਹਲਕਾ ਸੀ, ਜਿੱਥੋਂ ਸਭ ਤੋਂ ਵੱਧ 19 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਸਨ। ਇਨ੍ਹਾਂ ਵਿੱਚ ਨੌਂ ਆਜ਼ਾਦ ਉਮੀਦਵਾਰ ਸਨ। 1992 ਵਿਚ ਸਭ ਤੋਂ ਵੱਧ ਉਮੀਦਵਾਰ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜੇ ਸਨ, ਜਿਨ੍ਹਾਂ ਦੀ ਗਿਣਤੀ 14 ਸੀ।

                                        ਪਟਿਆਲਾ ਨੇ ਅਨੋਖਾ ਨਾਮਣਾ ਖੱਟਿਆ

ਪੰਜਾਬ ਦਾ ਹਲਕਾ ਪਟਿਆਲਾ (ਸ਼ਹਿਰੀ) ਅਜਿਹਾ ਹੈ, ਜਿੱਥੇ ਪੰਜ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। 2012 ਦੀਆਂ ਚੋਣਾਂ ਵਿਚ ਪੰਜਾਬ ਭਰ ’ਚੋਂ ਸਭ ਤੋਂ ਵੱਧ 16 ਉਮੀਦਵਾਰ ਇਸ ਹਲਕੇ ਤੋਂ ਖੜ੍ਹੇ ਹੋਏ ਸਨ, ਜਿਨ੍ਹਾਂ ਵਿਚ 10 ਆਜ਼ਾਦ ਉਮੀਦਵਾਰ ਸਨ। ਉਸ ਤੋਂ ਪਹਿਲਾਂ 2007 ਦੀਆਂ ਚੋਣਾਂ ਵਿਚ ਇਸ ਹਲਕੇ ਤੋਂ 18 ਉਮੀਦਵਾਰ ਖੜ੍ਹੇ ਹੋਏ ਸਨ। 1997 ਦੀਆਂ ਚੋਣਾਂ ਮੌਕੇ ਵੀ ਸਭ ਤੋਂ ਵੱਧ ਉਮੀਦਵਾਰ 14 ਇਸੇ ਹਲਕੇ ਤੋਂ ਮੈਦਾਨ ਵਿਚ ਸਨ। 1980 ਵਿਚ ਵੀ ਇਸੇ ਹਲਕੇ ਤੋਂ ਸਭ ਤੋਂ ਵੱਧ 14 ਤੇ ਇਸੇ ਤਰ੍ਹਾਂ 1977 ਦੀਆਂ ਚੋਣਾਂ ਵਿਚ ਸਭ ਤੋਂ ਵੱਧ ਇਸੇ ਹਲਕੇ ਤੋਂ 19 ਉਮੀਦਵਾਰ ਖੜ੍ਹੇ ਹੋਏ ਸਨ।

Tuesday, January 25, 2022

                                                          ਸਿਆਸੀ ਸਟੰਟ
                                                 ਨਾਮ ਵਿੱਚ ਕੀ ਰੱਖਿਆ..!
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਐਤਕੀਂ ਤੁਹਾਨੂੰ ਇੱਕੋ ਨਾਮ ਵਾਲੇ ਕਈ-ਕਈ ਉਮੀਦਵਾਰ ਟੱਕਰ ਜਾਣ ਤਾਂ ਹੈਰਾਨ ਨਾ ਹੋਣਾ। ਸਿਆਸੀ ਪਿੜ ਵਿੱਚ ਇਹ ਵਰਤਾਰਾ ਬਹੁਤਾ ਪੁਰਾਣਾ ਨਹੀਂ ਪਰ ਇਸ ਦਫ਼ਾ ਸੰਭਾਵਨਾ ਹੈ ਕਿ ਵੋਟਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਰਾਜਸੀ ਧਿਰਾਂ ਹਰ ਚਾਲ ਚੱਲ ਸਕਦੀਆਂ ਹਨ। ਚਮਕੌਰ ਸਾਹਿਬ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਹੋਣਗੇ। ‘ਆਪ’ ਨੇ ਚੰਨੀ ਦੇ ਮੁਕਾਬਲੇ ਵਿੱਚ ਡਾ. ਚਰਨਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਚਰਨਜੀਤ ਚੰਨੀ ਨੇ 2017 ਵਿੱਚ ਇਸੇ ਚਰਨਜੀਤ ਸਿੰਘ ਨੂੰ ਹਰਾਇਆ ਸੀ। ਇਵੇਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅੰਮ੍ਰਿਤਸਰ ਤੋਂ 2014 ਵਿੱਚ ਲੋਕ ਸਭਾ ਚੋਣ ਲੜੀ ਤਾਂ ਉਸੇ ਹਲਕੇ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਕੁੱਦਿਆ ਸੀ। 

             ਮਨਪ੍ਰੀਤ ਬਾਦਲ ਉਦੋਂ ਹੱਕੇ-ਬੱਕੇ ਰਹਿ ਗਏ, ਜਦੋਂ ਉਨ੍ਹਾਂ ਦੇ ਮੁਕਾਬਲੇ ਵਿੱਚ ਹਲਕਾ ਬਠਿੰਡਾ ਤੋਂ 2014 ਦੌਰਾਨ ਇੱਕ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਆ ਗਿਆ ਸੀ। ਆਜ਼ਾਦ ਉਮੀਦਵਾਰ ਦਾ ਚੋਣ ਨਿਸ਼ਾਨ ਵੀ ‘ਪਤੰਗ’ ਸੀ, ਜੋ ਬਿਨਾਂ ਚੋਣ ਪ੍ਰਚਾਰ ਤੋਂ 4618 ਵੋਟਾਂ ਲੈ ਗਿਆ ਸੀ। ਪੰਜਾਬ ਚੋਣਾਂ ਵਿੱਚ ਐਤਕੀਂ ਵੀ ‘ਪਛਾਣ ਦਾ ਸੰਕਟ’ ਖੜ੍ਹਾ ਹੋ ਸਕਦਾ ਹੈ। ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਇੱਕ ਦੂਸਰੇ ਖ਼ਿਲਾਫ਼ ਆਪਣੇ ਵਿਰੋਧੀ ਉਮੀਦਵਾਰ ਦੇ ਨਾਮ ਵਾਲੇ ਆਜ਼ਾਦ ਉਮੀਦਵਾਰ ਖੜ੍ਹੇ ਕਰ ਦਿੱਤੇ ਜਾਂਦੇ ਹਨ ਤਾਂ ਜੋ ਵੋਟਰਾਂ ਵਿੱਚ ਭੰਬਲਭੂਸਾ ਬਣ ਜਾਵੇ। ਹਾਲਾਂਕਿ ਇਹ ਸਿਆਸੀ ਚਾਲ ਕਦੇ ਵੀ ਬਹੁਤੀ ਸਫ਼ਲ ਨਹੀਂ ਹੋਈ ਹੈ। 

            ਇਸ ਤਰ੍ਹਾਂ ਦੀ ਸਿਆਸੀ ਘੁਣਤਰ 2002 ਦੀਆਂ ਚੋਣਾਂ ਤੋਂ ਮਗਰੋਂ ਸ਼ੁਰੂ ਹੋਈ ਹੈ। 2017 ਦੀਆਂ ਚੋਣਾਂ ਵਿੱਚ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਸਨ, ਜਦੋਂ ਕਿ ਇਸੇ ਹਲਕੇ ਤੋਂ ਇੱਕ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ‘ਅਕਾਲੀ’ ਡਟ ਗਿਆ ਸੀ। ਇਸ ਮਾਮਲੇ ਵਿੱਚ ਹਲਕਾ ਰਾਮਪੁਰਾ ਫੂਲ ਸਭ ਤੋਂ ਅੱਗੇ ਰਿਹਾ ਹੈ, ਜਿੱਥੇ ਰਵਾਇਤੀ ਵਿਰੋਧੀ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਕਾਂਗੜ ਦਰਮਿਆਨ ਟੱਕਰ ਬਣਦੀ ਰਹੀ ਹੈ। 2017 ਦੀਆਂ ਚੋਣਾਂ ਵਿੱਚ ਰਾਮਪੁਰਾ ਹਲਕੇ ਤੋਂ ਚੋਣ ਮੈਦਾਨ ਵਿਚ ਇਕੱਲਾ ਗੁਰਪ੍ਰੀਤ ਕਾਂਗੜ ਨਹੀਂ ਸੀ, ਬਲਕਿ ਤਿੰਨ ਹੋਰ ਗੁਰਪ੍ਰੀਤ ਵੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉੱਤਰੇ ਹੋਏ ਸਨ। ਇਵੇਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਇਕੱਲੇ ਨਹੀਂ, ਇੱਕ ਹੋਰ ਸਿਕੰਦਰ ਵੀ ਮੈਦਾਨ ਵਿੱਚ ਸੀ। 

             ਇਵੇਂ ਹੀ 2007 ਚੋਣਾਂ ਵਿੱਚ ਹੋਇਆ ਸੀ, ਉਦੋਂ ਇਸ ਹਲਕੇ ਤੋਂ ਇੱਕੋ ਵੇਲੇ ਤਿੰਨ ਸਿਕੰਦਰ ਅਤੇ ਦੋ ਗੁਰਪ੍ਰੀਤ ਚੋਣ ਲੜ ਰਹੇ ਸਨ। 2012 ਦੀਆਂ ਚੋਣਾਂ ਵਿੱਚ ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਇੱਕ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਵੀ ਮੈਦਾਨ ਵਿੱਚ ਉੱਤਰਿਆ ਹੋਇਆ ਸੀ। ਵਿਰੋਧੀ ਕਾਂਗਰਸੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਦੇ ਬਰਾਬਰ ਇੱਕ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ ਵੀ ਚੋਣ ਲੜ ਰਿਹਾ ਸੀ। 2017 ਚੋਣਾਂ ’ਚ ਜ਼ੀਰਾ ਹਲਕੇ ਸਭ ਤੋਂ ਵੱਧ ਪਛਾਣ ਦਾ ਸੰਕਟ ਖੜ੍ਹਾ ਹੋਇਆ, ਜਦੋਂ ਇੱਥੋਂ ਇੱਕੋ ਵੇਲੇ ਚਾਰ ਕੁਲਬੀਰ ਸਿੰਘ ਚੋਣ ਲੜ ਰਹੇ ਸਨ, ਜਿਨ੍ਹਾਂ ਵਿੱਚੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਤੋਂ ਬਿਨਾਂ ਬਾਕੀ ਤਿੰਨੋਂ ਕੁਲਬੀਰ ਆਜ਼ਾਦ ਉਮੀਦਵਾਰ ਸਨ। ਇੱਥੋਂ ਹੀ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਸਾਹਮਣੇ ਤਿੰਨ ਹੋਰ ਗੁਰਪ੍ਰੀਤ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।

           ਇਸੇ ਤਰ੍ਹਾਂ 2007 ਦੀਆਂ ਚੋਣਾਂ ਵਿੱਚ ਹਲਕਾ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਨਾਲ ਚੋਣ ਮੈਦਾਨ ਵਿੱਚ ਦੋ ਹੋਰ ਅਮਰੀਕ ਸਿੰਘ ਆਜ਼ਾਦ ਉਮੀਦਵਾਰ ਸਨ। ਇਨ੍ਹਾਂ ਚੋਣਾਂ ਵਿੱਚ ਹੀ ਹਲਕਾ ਧਾਰੀਵਾਲ ਤੋਂ ਸੁੱਚਾ ਸਿੰਘ ਨਾਮ ਦੇ ਤਿੰਨ ਉਮੀਦਵਾਰ ਆਹਮੋ-ਸਾਹਮਣੇ ਸਨ। ਇੱਕ ਸੁੱਚਾ ਸਿੰਘ ਲੰਗਾਹ, ਦੂਜਾ ਸੁੱਚਾ ਸਿੰਘ ਛੋਟੇਪੁਰ ਤੇ ਤੀਜਾ ਆਜ਼ਾਦ ਉਮੀਦਵਾਰ ਸੁੱਚਾ ਸਿੰਘ। ਅਬੋਹਰ ਹਲਕੇ ਵਿੱਚ ਸੁਨੀਲ ਜਾਖੜ ਦੇ ਨਾਲ ਆਜ਼ਾਦ ਉਮੀਦਵਾਰ ਸੁਨੀਲ ਕੁਮਾਰ ਵੀ ਚੋਣਾਂ ਵਿੱਚ ਖੜ੍ਹਾ ਸੀ। 1997 ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ ਦੇ ਨਾਲ ਚੋਣ ਮੈਦਾਨ ਵਿੱਚ ਇੱਕ ਹੋਰ ਹਰਜਿੰਦਰ ਸਿੰਘ ਡਟਿਆ ਹੋਇਆ ਸੀ। 2017 ਵਿੱਚ ਬਟਾਲਾ ਹਲਕੇ ਤੋਂ ਤਿੰਨ ਅਸ਼ਵਨੀ ਚੋਣ ਲੜੇ ਸਨ। 

           2012 ਦੀਆਂ ਚੋਣਾਂ ਵਿੱਚ ਫ਼ਰੀਦਕੋਟ ਹਲਕੇ ਤੋਂ ਤਿੰਨ ਅਵਤਾਰ ਚੋਣ ਲੜੇ ਸਨ। ਐਤਕੀਂ ਚੋਣ ਮੁਕਾਬਲੇ ਦਿਲਚਸਪ ਹੋਣੇ ਹਨ ਅਤੇ ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਹੋਣੇ ਹਨ। ਸਿਆਸੀ ਧਿਰਾਂ ਦੀ ਉਮੀਦਵਾਰਾਂ ਦੇ ਨਾਮ ਦੇ ਭੁਲੇਖੇ ਵਿੱਚ ਪਾਉਣ ਦੀ ਚਾਲ ਕਦੇ ਵੋਟਰਾਂ ਨੇ ਸਫਲ ਨਹੀਂ ਹੋਣ ਦਿੱਤੀ। ਜਿਹੜੇ ਵੀ ਮੁੱਖ ਉਮੀਦਵਾਰ ਦੇ ਨਾਮ ਵਾਲੇ ਚੋਣ ਮੈਦਾਨ ਵਿੱਚ ਹੋਰ ਆਜ਼ਾਦ ਉਮੀਦਵਾਰ ਡਟੇ, ਉਨ੍ਹਾਂ ਨੂੰ ਕਦੇ ਵੀ 600 ਤੋਂ ਜ਼ਿਆਦਾ ਵੋਟ ਨਹੀਂ ਪਈ। ਰਾਮਪੁਰਾ ਵਿੱਚ 400 ਤੋਂ ਜ਼ਿਆਦਾ, ਜ਼ੀਰਾ ਵਿੱਚ 525 ਤੋਂ ਜ਼ਿਆਦਾ, ਗੁਰੂਹਰਸਹਾਏ ਵਿੱਚ ਅਜਿਹੇ ਉਮੀਦਵਾਰਾਂ ਨੂੰ 450 ਤੋਂ ਜ਼ਿਆਦਾ ਪ੍ਰਤੀ ਉਮੀਦਵਾਰ ਵੋਟ ਨਹੀਂ ਮਿਲੀ ਹੈ। ਮਜੀਠਾ ਵਿੱਚ ਤਾਂ ਵੋਟਾਂ ਦਾ ਅੰਕੜਾ 350 ਤੋਂ ਵੀ ਘੱਟ ਰਿਹਾ ਹੈ। 

                                                   ਭਲੇ ਵੇਲੇ, ਸਾਦੇ ਨਾਮ

ਪੁਰਾਣੇ ਸਮਿਆਂ ਵਿੱਚ ਵਿਧਾਨ ਸਭਾ ਪੁੱਜਣ ਵਾਲਿਆਂ ਦੇ ਨਾਮਾਂ ਵਿੱਚ ਸਾਦਗੀ ਝਲਕਦੀ ਸੀ, ਜਦਕਿ ਨਵੇਂ ਵਿਧਾਨਕਾਰਾਂ ਦੇ ਨਾਮ ਵੀ ਨਵੇਂ ਨਿਵੇਕਲੇ ਹੁੰਦੇ ਹਨ। ਪੁਰਾਣੇ ਵੇਲਿਆਂ ਵਿਚ ਕੁੰਦਨ ਸਿੰਘ, ਸੰਤ ਸਿੰਘ, ਬਚਨ ਸਿੰਘ, ਦਾਨਾ ਰਾਮ, ਬਾਮ ਦੇਵ ਆਦਿ ਨਾਮ ਹੁੰਦੇ ਸਨ, ਜਦਕਿ ਹੁਣ ਦੇ ਵਿਧਾਇਕ ਆਪਣੇ ਨਾਮ ਨਾਲ ਆਪਣਾ ਗੋਤ ਜਾਂ ਪਿੰਡ ਸ਼ਹਿਰ ਦਾ ਨਾਮ ਲਾਉਣ ਲੱਗੇ ਹਨ। ਚੰਨੀ, ਲਾਡੀ, ਬਾਦਲ, ਮਜੀਠੀਆ, ਭੱਟੀ, ਕਿੱਕੀ ਤੇ ਕਮਾਲੂ ਆਦਿ ਵਿਧਾਇਕਾਂ ਦੀ ਪਛਾਣ ਬਣੇ ਹਨ।

Monday, January 24, 2022

                                                       ਚੋਣਾਂ ’ਚ ਰੋਣਾ
                                  ਦੇਖਿਓ ਜ਼ਮਾਨਤ ਨਾ ਜ਼ਬਤ ਕਰਾ ਦਿਓ..!
                                                      ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ’ਚ ਵੋਟਰ ਆਈ ’ਤੇ ਆ ਜਾਣ ਤਾਂ ਜ਼ਮਾਨਤਾਂ ਜ਼ਬਤ ਕਰਾ ਦਿੰਦੇ ਹਨ। ਚੋਣਾਂ ਦੇ ਅੰਕੜੇ ਇਸ ਗੱਲ ’ਤੇ ਮੋਹਰ ਲਾਉਂਦੇ ਹਨ। ਮੌਜੂਦਾ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉੱਤਰੇ ਬਹੁਤੇ ਉਮੀਦਵਾਰ ਵੀ ਇਸੇ ਖ਼ੌਫ਼ ’ਚ ਹਨ ਕਿ ਕਿਤੇ ਵੋਟਰ ਐਤਕੀਂ ਜ਼ਮਾਨਤ ਹੀ ਜ਼ਬਤ ਨਾ ਕਰਾ ਦੇਣ। ਵਿਧਾਨ ਸਭਾ ਚੋਣਾਂ ’ਚ 1969 ਤੋਂ ਲੈ ਕੇ 2017 ਤੱਕ ਚੋਣ ਮੈਦਾਨ ’ਚ ਕੁੱਦੇ ਕੁੱਲ 8661 ਉਮੀਦਵਾਰਾਂ ’ਚੋਂ 5818 ਉਮੀਦਵਾਰ ਤਾਂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਮਤਲਬ ਕਿ 67.17 ਫ਼ੀਸਦੀ ਦੀ ਜ਼ਮਾਨਤ ਹੀ ਜ਼ਬਤ ਹੋ ਗਈ।

          ਪ੍ਰਾਪਤ ਵੇਰਵਿਆਂ ਅਨੁਸਾਰ ਮੌਜੂਦਾ ਰੁਝਾਨ ਦੇਖੀਏ ਤਾਂ ਅਸੈਂਬਲੀ ਚੋਣਾਂ ’ਚ ਔਸਤਨ 30 ਤੋਂ 35 ਫ਼ੀਸਦੀ ਉਮੀਦਵਾਰ ਹੀ ਆਪਣੀ ਜ਼ਮਾਨਤ ਰਾਸ਼ੀ ਬਚਾਉਣ ਵਿਚ ਸਫਲ ਹੁੰਦੇ ਹਨ। 1969 ਤੋਂ ਲੈ ਕੇ 2017 ਤੱਕ ਅਸੈਂਬਲੀ ਚੋਣਾਂ ਵਿਚ ਕਾਂਗਰਸ ਦੇ 43 ਉਮੀਦਵਾਰਾਂ, ਸ਼੍ਰੋਮਣੀ ਅਕਾਲੀ ਦਲ ਦੇ 65 ਉਮੀਦਵਾਰਾਂ ਅਤੇ ਭਾਜਪਾ ਦੇ 110 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਚੁੱਕੀ ਹੈ। ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ 1957 ਤੋਂ ਹੁਣ ਤੱਕ 4384 ’ਚੋਂ 4098 ਉਮੀਦਵਾਰਾਂ (93.47 ਫ਼ੀਸਦੀ) ਦੀ ਜ਼ਮਾਨਤ ਜ਼ਬਤ ਹੋਈ ਹੈ।

          ਸਿਆਸੀ ਮਾਹਿਰਾਂ ਅਨੁਸਾਰ ਅਸਲ ਵਿਚ ਚੋਣ ਮੈਦਾਨ ’ਚ ਬਹੁਤੇ ਗੈਰ-ਸੰਜੀਦਾ ਲੋਕ ਖੜ੍ਹ ਜਾਂਦੇ ਹਨ ਜਾਂ ਲੋਕ ਰੋਹ ਕਾਰਨ ਵੋਟਾਂ ਹਾਸਲ ਕਰਨ ਵਿਚ ਫੇਲ੍ਹ ਹੋ ਜਾਂਦੇ ਹਨ। ਨਤੀਜੇ ਵਜੋਂ ਉਨ੍ਹਾਂ ਦੀ ਜ਼ਮਾਨਤ ਰਾਸ਼ੀ ਖ਼ਜ਼ਾਨੇ ਵਿਚ ਚਲੀ ਜਾਂਦੀ ਹੈ। 2017 ਅਸੈਂਬਲੀ ਚੋਣਾਂ ਵਿਚ 1145 ਉਮੀਦਵਾਰਾਂ ’ਚੋਂ 824 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ, ਜਿਸ ਕਰਕੇ ਸਰਕਾਰੀ ਖ਼ਜ਼ਾਨੇ ਨੂੰ 84.41 ਲੱਖ ਰੁਪਏ ਪ੍ਰਾਪਤ ਹੋਏ ਸਨ। 2012 ਵਿਚ 1078 ਉਮੀਦਵਾਰਾਂ ’ਚੋਂ 817 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ।

          ਇਸੇ ਤਰ੍ਹਾਂ 2007 ਵਿਚ 1043 ’ਚੋਂ 798 ਉਮੀਦਵਾਰਾਂ, 2002 ਵਿਚ 923 ਉਮੀਦਵਾਰਾਂ ’ਚੋਂ 655 ਅਤੇ 1997 ਵਿਚ 693 ਉਮੀਦਵਾਰਾਂ ’ਚੋਂ 420 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਜਦੋਂ ਪੰਜਾਬ ਵਿਚ ਲੰਮਾ ਸਮਾਂ ਰਾਸ਼ਟਰਪਤੀ ਰਾਜ ਲੱਗਣ ਮਗਰੋਂ 1992 ਵਿਚ ਚੋਣ ਹੋਈ ਸੀ ਤਾਂ ਉਦੋਂ 579 ਚੋਂ 317 ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਨਹੀਂ ਬਚਾ ਸਕੇ ਸਨ ਜੋ ਕਿ 54.74 ਫ਼ੀਸਦੀ ਬਣਦੇ ਹਨ। ਅੱਗੇ ਦੇਖੀਏ ਤਾਂ 1985 ਵਿਚ 69.42 ਫ਼ੀਸਦੀ, 1980 ਵਿਚ 64.54 ਫ਼ੀਸਦੀ, 1977 ਵਿਚ 64.07 ਫ਼ੀਸਦੀ ਅਤੇ 1972 ਵਿਚ 53.41 ਫ਼ੀਸਦੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ।

           ਲੋਕ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਥੋੜ੍ਹਾ ਸਮਾਂ ਪਹਿਲਾਂ ਨਵਜੋਤ ਸਿੱਧੂ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਸਿੱਧੂ ਪਟਿਆਲਾ ਤੋਂ ਚੋਣ ਲੜੇ ਤਾਂ ਉਹ ਆਪਣੀ ਜ਼ਮਾਨਤ ਨਹੀਂ ਬਚਾ ਸਕਣਗੇ। ਜੇ ਜ਼ਮਾਨਤ ਜ਼ਬਤ ਦੇ ਰਿਕਾਰਡ ਵੱਲ ਦੇਖੀਏ ਤਾਂ ਕਾਕਾ ਜੋਗਿੰਦਰ ਸਿੰਘ ‘ਧਰਤੀਪਕੜ’ ਹੁਣ ਤੱਕ 300 ਚੋਣਾਂ ਵਿਚ ਆਪਣੀ ਜ਼ਮਾਨਤ ਜ਼ਬਤ ਕਰਾ ਚੁੱਕੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸਭ ਤੋਂ ਵੱਧ ਜ਼ਮਾਨਤ ਰਾਸ਼ੀ ਜ਼ਬਤ 1997 ਚੋਣਾਂ ਵਿਚ ਹੋਈ ਸੀ ਜਦੋਂ ਕਾਂਗਰਸ ਦੇ 15 ਉਮੀਦਵਾਰ ਜ਼ਮਾਨਤ ਨਹੀਂ ਬਚਾ ਸਕੇ ਸਨ।

             2017 ਚੋਣਾਂ ਵਿਚ ਕਾਂਗਰਸ ਦੇ ਦੋ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ ਜਦਕਿ 1992 ਦੀਆਂ ਚੋਣਾਂ ਵਿਚ ਕਾਂਗਰਸ ਦੇ ਚਾਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਇਤਿਹਾਸ ਦੇਖੀਏ ਤਾਂ 2017 ਵਿਚ ਦੋ ਅਕਾਲੀ ਉਮੀਦਵਾਰਾਂ, 2002 ਚੋਣਾਂ ਵਿਚ ਦੋ ਉਮੀਦਵਾਰਾਂ, 1980 ’ਚ 7 ਅਕਾਲੀ ਉਮੀਦਵਾਰਾਂ ਅਤੇ 1972 ਵਿਚ 9 ਅਕਾਲੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਇਸੇ ਤਰ੍ਹਾਂ ਭਾਜਪਾ ਦੇ 25 ਉਮੀਦਵਾਰਾਂ ਦੀ 1992 ਦੀਆਂ ਚੋਣਾਂ ਅਤੇ 19 ਭਾਜਪਾ ਉਮੀਦਵਾਰਾਂ ਦੀ 1980 ਦੀਆਂ ਚੋਣਾਂ ਵਿਚ ਜ਼ਮਾਨਤ ਜ਼ਬਤ ਹੋਈ ਸੀ।

           ਆਜ਼ਾਦ ਉਮੀਦਵਾਰਾਂ ਦੀ ਸਿਆਸੀ ਦੁਰਗਤੀ ਵਰ੍ਹਾ 2017 ਦੀਆਂ ਚੋਣਾਂ ਵਿਚ ਹੋਈ ਸੀ ਜਦੋਂ 303 ਆਜ਼ਾਦ ਉਮੀਦਵਾਰਾਂ ’ਚੋਂ ਸਿਰਫ਼ ਤਿੰਨ ਉਮੀਦਵਾਰ ਹੀ ਆਪਣੀ ਜ਼ਮਾਨਤ ਰਾਸ਼ੀ ਬਚਾ ਸਕੇ ਸਨ। 2017 ਦੀਆਂ ਅਸੈਂਬਲੀ ਚੋਣਾਂ ਵਿਚ ਦੋ ਦਰਜਨ ‘ਆਪ’ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ।ਮਾਹਿਰਾਂ ਅਨੁਸਾਰ ਕਈ ਵਾਰ ਰਵਾਇਤੀ ਸਿਆਸੀ ਧਿਰਾਂ ਵੱਲੋਂ ਆਪਣੇ ਵਿਰੋਧੀਆਂ ਦੀ ਵੋਟ ਨੂੰ ਸੰਨ੍ਹ ਲਾਉਣ ਲਈ ਹੱਲਾਸ਼ੇਰੀ ਦੇ ਕੇ ਗੈਰ-ਸੰਜੀਦਾ ਉਮੀਦਵਾਰ ਵੀ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਪ੍ਰਚਾਰ ’ਚ ਅਕਸਰ ਆਗੂ ਅਜਿਹੇ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਕਿ ਉਹ ਆਪਣੇ ਵਿਰੋਧੀ ਦੀ ਜ਼ਮਾਨਤ ਜ਼ਬਤ ਕਰਾ ਦੇਣਗੇ।

                                              ਕਿਵੇਂ ਬਚਦੀ ਹੈ ਜ਼ਮਾਨਤ ਰਾਸ਼ੀ

ਭਾਰਤੀ ਚੋਣ ਕਮਿਸ਼ਨ ਅਨੁਸਾਰ ਜੇ ਕੋਈ ਉਮੀਦਵਾਰ ਹਲਕੇ ਵਿਚ ਪਈਆਂ ਵੋਟਾਂ ਦਾ ਛੇਵਾਂ ਹਿੱਸਾ ਪ੍ਰਾਪਤ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਉਸ ਦੀ ਜ਼ਮਾਨਤ ਰਾਸ਼ੀ ਜ਼ਬਤ ਹੋ ਜਾਂਦੀ ਹੈ। ਅਸੈਂਬਲੀ ਚੋਣਾਂ ਲਈ ਉਮੀਦਵਾਰਾਂ ਤੋਂ 10 ਹਜ਼ਾਰ ਰੁਪਏ ਜ਼ਮਾਨਤ ਰਾਸ਼ੀ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਵਸੂਲੀ ਜਾਂਦੀ ਹੈ। ਜੇ ਪਈਆਂ ਵੋਟਾਂ ਦਾ ਛੇਵਾਂ ਹਿੱਸਾ ਉਮੀਦਵਾਰ ਹਾਸਲ ਕਰ ਲੈਂਦੇ ਹਨ ਤਾਂ ਉਨ੍ਹਾਂ ਦੀ ਜ਼ਮਾਨਤ ਰਾਸ਼ੀ ਮੋੜਨਯੋਗ ਹੁੰਦੀ ਹੈ

Sunday, January 23, 2022

                                                          ਪੰਜਾਬ ਚੋਣਾਂ
                             ਸਿਆਸਤ ਦੇ ਪਿੜ ’ਚ ਔਰਤਾਂ ਨੇ ਵਧਾਏ ਕਦਮ
                                                         ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦਾ ਰਾਜਸੀ ਇਤਿਹਾਸ ਇਸ ਰੁਝਾਨ ’ਤੇ ਮੋਹਰ ਲਾਉਂਦਾ ਹੈ ਕਿ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ ਤਾਂ ਵਧੀ ਹੈ ਪਰ ਉਨ੍ਹਾਂ ਦੇ ਹਿੱਸੇ ਬਹੁਤੀ ਕਾਮਯਾਬੀ ਨਹੀਂ ਆ ਸਕੀ ਹੈ। ਰਾਜਸੀ ਧਿਰਾਂ ਨੇ ਤਾਂ ਕਦੇ ਵੀ ਮਹਿਲਾ ਉਮੀਦਵਾਰਾਂ ਦਾ ਅੰਕੜਾ ਵਧਾਉਣ ਵਿਚ ਫਰਾਖਦਿਲੀ ਨਹੀਂ ਦਿਖਾਈ ਹੈ, ਜਿਸ ਤਹਿਤ ਆਜ਼ਾਦ ਉਮੀਦਵਾਰ ਵਜੋਂ ਹੀ ਮਹਿਲਾ ਉਮੀਦਵਾਰ ਚੋੋਣ ਮੈਦਾਨ ਵਿੱਚ ਕੁੱਦੀਆਂ ਹਨ। 1957 ਦੀਆਂ ਚੋਣਾਂ ਤੋਂ 2017 ਦੀਆਂ ਚੋੋਣਾਂ ਤੱਕ 507 ਔਰਤਾਂ ਨੇ ਚੋਣ ਮੈਦਾਨ ਵਿੱਚ ਪੈਰ ਪਾਇਆ ਹੈ, ਜਿਨ੍ਹਾਂ ਵਿੱਚੋਂ 86 ਔਰਤਾਂ ਵਿਧਾਇਕ ਬਣੀਆਂ ਹਨ।

               ਕੋਈ ਜ਼ਮਾਨਾ ਸੀ ਜਦੋਂ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਲਕਸ਼ਮੀ ਕਾਂਤਾ ਚਾਵਲਾ, ਵਿਮਲਾ ਡਾਂਗ, ਸਤਵੰਤ ਕੌਰ ਸੰਧੂ, ਰਜਿੰਦਰ ਕੌਰ ਭੱਠਲ, ਉਪਿੰਦਰਜੀਤ ਕੌਰ, ਮਾਲਤੀ ਥਾਪਰ, ਸੁਸ਼ੀਲ ਮਹਾਜਨ ਜਿਹੀਆਂ ਹਸਤੀਆਂ ਦੀ ਧਾਕ ਪੈਂਦੀ ਰਹੀ ਹੈ। ਸਤਵੰਤ ਕੌਰ ਸੰਧੂ ਹਲਕਾ ਚਮਕੌਰ ਸਾਹਿਬ ਤੋਂ ਪੰਜ ਦਫਾ ਵਿਧਾਇਕ ਰਹੇ ਹਨ ਅਤੇ ਦੋ ਵਾਰ ਮੰਤਰੀ ਵੀ ਰਹੇ ਸਨ। ਲਕਸ਼ਮੀ ਕਾਂਤਾ ਚਾਵਲਾ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। 2017 ਚੋਣਾਂ ਵਿੱਚ ਛੇ ਮਹਿਲਾ ਵਿਧਾਇਕ ਚੁਣੀਆਂ ਗਈਆਂ ਸਨ।

             ਸਿਆਸੀ ਮੁਲਾਂਕਣ ਕਰੀਏ ਤਾਂ 1969 ਦੀਆਂ ਚੋਣਾਂ ਵਿੱਚ ਕੋਈ ਵੀ ਮਹਿਲਾ ਉਮੀਦਵਾਰ ਜੇਤੂ ਨਹੀਂ ਰਹੀ ਸੀ ਅਤੇ ਉਦੋਂ ਅੱਠ ਔਰਤਾਂ ਚੋਣ ਮੈਦਾਨ ਵਿੱਚ ਸਨ। ਦੂਜੇ ਪਾਸੇ ਸਾਲ 2012 ਵਿੱਚ ਸਭ ਤੋਂ ਵੱਧ ਮਹਿਲਾ ਉਮੀਦਵਾਰਾਂ ਚੋਣ ਜਿੱਤੀਆਂ ਸਨ, ਜਿਨ੍ਹਾਂ ਦੀ ਗਿਣਤੀ 14 ਬਣਦੀ ਹੈ। ਉਸ ਵੇਲੇ ਕੁੱਲ 93 ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ। ਕੋਈ ਸਮਾਂ ਸੀ ਜਦੋਂ ਕੁਝ ਕੁ ਹਲਕਿਆਂ ਵਿੱਚ ਹੀ ਮਹਿਲਾ ਉਮੀਦਵਾਰ ਨਜ਼ਰ ਪੈਂਦੀਆਂ ਸਨ, ਹੁਣ ਦੇਖੀਏ ਤਾਂ ਪਿਛਲੀ 2017 ਦੀ ਚੋਣ ਵਿੱਚ 51 ਹਲਕਿਆਂ ’ਚ ਔਰਤ ਉਮੀਦਵਾਰਾਂ ਦੀ ਮੌਜੂਦਗੀ ਸੀ ਜਦਕਿ 1967 ਵਿੱਚ ਸਿਰਫ ਅੱਠ ਹਲਕਿਆਂ ਤੋਂ ਹੀ ਔਰਤ ਉਮੀਦਵਾਰਾਂ ਨੇ ਚੋਣ ਲੜੀ ਸੀ।

            ਐੱਸਡੀ ਕਾਲਜ ਬਰਨਾਲਾ ਦੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਸ਼ੋਇਬ ਜ਼ਫਰ ਆਖਦੇ ਹਨ ਕਿ ਹਰ ਖੇਤਰ ਦੀਆਂ ਔਰਤਾਂ ਦੀ ਚੋਣ ਪ੍ਰਕਿਰਿਆ ਵਿੱਚ ਹਿੱਸੇਦਾਰੀ ਵਧੀ ਹੈ। ਔਰਤਾਂ ਲਈ ਹੁਣ ਚੋਣਾਂ ਦਾ ਮੈਦਾਨ ਓਪਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਵੱਲੋਂ ਹਾਲੇ ਵੀ ਔਰਤ ਉਮੀਦਵਾਰ ਬਣਾਏ ਜਾਣ ਵਿੱਚ ਕੰਜੂਸੀ ਵਰਤੀ ਜਾਂਦੀ ਹੈ। ਵੇਰਵਿਆਂ ਅਨੁਸਾਰ 2012 ਵਿੱਚ 67 ਹਲਕਿਆਂ ’ਚ 93 ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿੱਚੋਂ 14 ਜੇਤੂ ਰਹੀਆਂ। ਉਦੋਂ ਜੈਤੋ ਹਲਕੇ ਤੋਂ ਸਭ ਤੋਂ ਵੱਧ 4 ਮਹਿਲਾ ਉਮੀਦਵਾਰ ਸਨ।

            ਇਵੇਂ ਹੀ 2007 ਦੀਆਂ ਚੋਣਾਂ ਵਿੱਚ 47 ਹਲਕਿਆਂ ਤੋਂ 56 ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿੱਚੋਂ 7 ਔਰਤਾਂ ਜੇਤੂ ਰਹੀਆਂ। 2002 ਦੀਆਂ ਚੋਣਾਂ ਵਿੱਚ 50 ਹਲਕਿਆਂ ਤੋਂ ਚੋਣ ਲੜ ਰਹੀਆਂ 71 ਮਹਿਲਾਵਾਂ ਵਿੱਚੋਂ 8 ਔਰਤਾਂ ਨੂੰ ਜਿੱਤ ਹਾਸਲ ਹੋਈ ਸੀ। ਉਸ ਵੇਲੇ ਜਲੰਧਰ ਕੈਂਟ ਅਤੇ ਧਰਮਕੋਟ ਹਲਕੇ ਤੋਂ ਸਭ ਤੋਂ ਵੱਧ ਚਾਰ ਚਾਰ ਔਰਤਾਂ ਨੇ ਚੋਣ ਲੜੀ ਸੀ। 1997 ਵਿੱਚ 44 ਹਲਕਿਆਂ ਤੋਂ 52 ਔਰਤਾਂ ਨੇ ਚੋਣ ਲੜੀ, ਜਿਨ੍ਹਾਂ ਵਿੱਚੋਂ 7 ਔਰਤਾਂ ਸਫ਼ਲ ਹੋਈਆਂ, ਜਦੋਂ ਕਿ 1992 ਵਿੱਚ ਚੋਣ ਲੜਨ ਵਾਲੀਆਂ 22 ਔਰਤਾਂ ਵਿੱਚੋਂ 6 ਮਹਿਲਾ ਉਮੀਦਵਾਰ ਸਫ਼ਲ ਹੋਈਆਂ ਸਨ। 

           1985 ਦੀਆਂ ਚੋਣਾਂ ਵਿੱਚ 29 ਹਲਕਿਆਂ ਤੋਂ 33 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 4 ਔਰਤਾਂ ਨੂੰ ਹੀ ਕਾਮਯਾਬੀ ਮਿਲੀ ਸੀ। ਅੱਗੇ ਅੰਕੜਾ ਦੇਖੀਏ ਤਾਂ 1980 ਦੀਆਂ ਚੋਣਾਂ ਵਿੱਚ 16 ਹਲਕਿਆਂ ਤੋਂ 19 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਇਨ੍ਹਾਂ ਵਿੱਚੋਂ 6 ਔਰਤਾਂ ਜੇਤੂ ਰਹੀਆਂ ਸਨ। 1977 ਵਿੱਚ 17 ਹਲਕਿਆਂ ਤੋਂ 18 ਔਰਤਾਂ ਮੈਦਾਨ ਵਿੱਚ ਡਟੀਆਂ, ਜਿਨ੍ਹਾਂ ਵਿੱਚੋਂ ਸਿਰਫ 3 ਔਰਤਾਂ ਹੀ ਵਿਧਾਇਕ ਬਣ ਸਕੀਆਂ ਸਨ। 1972 ਵਿੱਚ ਸਿਰਫ 11 ਹਲਕਿਆਂ ਤੋਂ 12 ਔਰਤਾਂ ਉਮੀਦਵਾਰ ਸਨ, ਉਦੋਂ ਪੰਜਾਹ ਫੀਸਦੀ ਸਫ਼ਲ ਦਰ ਰਹੀ ਸੀ। 1969 ਵਿੱਚ ਅੱਠ ਹਲਕਿਆਂ ਤੋਂ ਅੱਠ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 2 ਔਰਤਾਂ ਹੀ ਜੇਤੂ ਰਹੀਆਂ ਸਨ।

            ਮੌਜੂਦਾ ਪੰਜਾਬ ਚੋਣਾਂ ਵਿੱਚ ਵੀ ਕਾਂਗਰਸ ਤਰਫੋਂ ਹਾਲੇ ਤੱਕ 9 ਔਰਤਾਂ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵੱਲੋਂ 40 ਫੀਸਦੀ ਟਿਕਟਾਂ ਔਰਤਾਂ ਨੂੰ ਦਿੱਤੇ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ। ਉਪਿੰਦਰਜੀਤ ਕੌਰ 1997 ਤੋਂ 2012 ਤੱਕ ਵਿਧਾਇਕ ਰਹੇ ਅਤੇ ਉਹ ਤਤਕਾਲੀ ਸਰਕਾਰ ਵਿੱਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਵਿਭਾਗ ਦੇ ਮੰਤਰੀ ਵੀ ਰਹੇ। ਜ਼ਿਕਰਯੋਗ ਹੈ ਕਿ ਹੁਣ ਤੱਕ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨ ਜਥੇਬੰਦੀਆਂ ਦੀਆਂ ਪਾਰਟੀਆਂ ਨੇ ਵੀ ਜੋ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ’ਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਘੱਟ ਹੈ। 

                                     ਮੌਜੂਦਾ ਦੌਰ ਵਿੱਚ ਸਫ਼ਲ ਮਹਿਲਾ ਵਿਧਾਇਕ 

ਮੌਜੂਦਾ ਦੌਰ ਵਿੱਚ ਵਿਧਾਨ ਸਭਾ ਦੀ ਪੌੜੀ ਚੜਨ ਵਾਲੀਆਂ ਮਹਿਲਾ ਉਮੀਦਵਾਰਾਂ ਵਿੱਚ ਬੀਬੀ ਜਗੀਰ ਕੌਰ, ਅਰੁਨਾ ਚੌਧਰੀ, ਰਜ਼ੀਆ ਸੁਲਤਾਨਾ, ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਡਾ. ਨਵਜੋਤ ਕੌਰ ਸਿੱਧੂ, ਮਹਿੰਦਰ ਕੌਰ ਜੋਸ਼ ਸ਼ਾਮਲ ਹਨ। ਬੀਬੀ ਰਾਜਿੰਦਰ ਕੌਰ ਭੱਠਲ ਤਾਂ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।

Saturday, January 22, 2022

                                                          ਚੋਣਾਂ ਦਾ ਪੈਂਡਾ
                            ਸਿਆਸੀ ਮੁਕੱਦਰ ਨੇ ਬਣਾਏ ਆਜ਼ਾਦ ਸਿਕੰਦਰ..!
                                                         ਚਰਨਜੀਤ ਭੁੱਲਰ     


 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਿਆਸੀ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਜੇਤੂ ਮੁੱਢ ਬੰਨ੍ਹਿਆ, ਉਨ੍ਹਾਂ ਨੂੰ ਵੱਡੇ ਅਹੁਦੇ ਨਸੀਬ ਹੋਏ।ਬੇਸ਼ੱਕ ਆਜ਼ਾਦ ਵਿਧਾਇਕ ਬਹੁਤਾ ਸਮਾਂ ਆਪਣੀ ਹਸਤੀ ਨੂੰ ਆਜ਼ਾਦ ਨਹੀਂ ਰੱਖ ਸਕੇ, ਫਿਰ ਵੀ ਉਨ੍ਹਾਂ ਲਈ ਰਾਜਸੀ ਆਗਾਜ਼ ਚੰਗਾ ਹੋ ਨਿੱਬੜਿਆ ਸਾਲ 1952 ਤੋਂ ਲੈ ਕੇ ਹੁਣ ਤੱਕ ਹੋਈਆਂ 15 ਅਸੈਂਬਲੀ ਚੋਣਾਂ ਵਿੱਚ 81 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਸਿਆਸੀ ਮੁਲਾਂਕਣ ਅਨੁਸਾਰ ਪੰਜਾਬੀ ਸੂਬਾ ਬਣਨ ਮਗਰੋਂ 41 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜਿਨ੍ਹਾਂ ਵਿੱਚੋਂ 18 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਇਆ, ਜਦਕਿ 19 ਆਜ਼ਾਦ ਵਿਧਾਇਕਾਂ ਨੇ ਕਾਂਗਰਸੀ ਉਮੀਦਵਾਰਾਂ ਨੂੰ ਹਰਾਇਆ।

             ਵੱਡਾ ਸਿਆਸੀ ਰਸੂਖ਼ ਰੱਖਣ ਵਾਲੇ ਹੀ ਆਜ਼ਾਦ ਵਿਧਾਇਕ ਵਜੋਂ ਵਿਧਾਨ ਸਭਾ ਦੀ ਪੌੜੀ ਚੜ੍ਹੇ ਹਨ। ਤਕਰੀਬਨ ਸਾਰੇ ਆਜ਼ਾਦ ਵਿਧਾਇਕ ਹੀ ਮਗਰੋਂ ਕਿਸੇ ਨਾ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦੇ ਰਹੇ ਹਨ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2007 ਵਿੱਚ ਚਮਕੌਰ ਸਾਹਿਬ ਤੋਂ ਅਕਾਲੀ ਉਮੀਦਵਾਰ ਨੂੰ ਹਰਾ ਕੇ ਆਜ਼ਾਦ ਵਿਧਾਇਕ ਬਣੇ ਸਨ, ਜੋ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ ਹਨ। ਇਸੇ ਤਰ੍ਹਾਂ 1969 ਵਿੱਚ ਪਾਇਲ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਬੇਅੰਤ ਸਿੰਘ ਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਗਿਆਨ ਸਿੰਘ ਰਾੜੇਵਾਲਾ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ, ਮਗਰੋਂ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ। ਅੰਮ੍ਰਿਤਸਰ ਪੱਛਮੀ ਤੋਂ ਆਜ਼ਾਦ ਉਮੀਦਵਾਰ ਵਜੋਂ ਓਪੀ ਸੋਨੀ ਨੇ 1997 ਵਿੱਚ ਭਾਜਪਾ ਉਮੀਦਵਾਰ ਨੂੰ ਹਰਾਇਆ ਤੇ ਫਿਰ 2002 ਵਿੱਚ ਮੁੜ ਆਜ਼ਾਦ ਉਮੀਦਵਾਰ ਮੈਦਾਨ ’ਚ ਉੱਤਰ ਕੇ ਸੀਪੀਆਈ ਦੇ ਉਮੀਦਵਾਰ ਨੂੰ ਹਰਾਇਆ।

             ਦੋ ਦਫ਼ਾ ਆਜ਼ਾਦ ਚੋਣ ਜਿੱਤੇ ਸੋਨੀ ਹੁਣ ਉੱਪ ਮੁੱਖ ਮੰਤਰੀ ਹਨ। ਹਲਕਾ ਨਕੋਦਰ ਤੋਂ 1967 ਵਿੱਚ ਦਰਬਾਰਾ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਕਾਂਗਰਸੀ ਉਮੀਦਵਾਰ ਉਮਰਾਓ ਸਿੰਘ ਨੂੰ ਹਰਾਇਆ ਅਤੇ 1969 ਵਿੱਚ ਆਜ਼ਾਦ ਉਮੀਦਵਾਰ ਵਜੋਂ ਕਾਂਗਰਸ ਉਮੀਦਵਾਰ ਨੂੰ ਹਰਾਇਆ। ਦਰਬਾਰਾ ਸਿੰਘ ਮਗਰੋਂ ਡਿਪਟੀ ਮੰਤਰੀ, ਲੋਕ ਸਭਾ ਮੈਂਬਰ, ਸਪੀਕਰ ਤੇ ਰਾਜਸਥਾਨ ਦੇ ਗਵਰਨਰ ਦੇ ਅਹੁਦੇ ਤੱਕ ਪੁੱਜੇ ਸਨ। ਮੌਜੂਦਾ ਕੈਬਨਿਟ ਮੰਤਰੀ ਪਰਗਟ ਸਿੰਘ ਮਰਹੂਮ ਦਰਬਾਰਾ ਸਿੰਘ ਦੇ ਜਵਾਈ ਹਨ।ਬੀਬੀ ਰਾਜਿੰਦਰ ਕੌਰ ਭੱਠਲ ਲਈ ਇਹ ਤਜਰਬਾ ਉਲਟਾ ਰਿਹਾ ਹੈ। ਬੀਬੀ ਭੱਠਲ ਨੇ 1972 ਵਿੱਚ ਹਲਕਾ ਧਨੌਲਾ ਤੋਂ ਬਤੌਰ ਕਾਂਗਰਸੀ ਉਮੀਦਵਾਰ ਚੋਣ ਲੜੀ ਸੀ ਪਰ ਉਹ ਉਦੋਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਕੋਲੋਂ ਹਾਰ ਗਏ ਸਨ। ਮਗਰੋਂ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ। 

             ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਨੇ ਵੀ 2007 ਵਿੱਚ ਬਤੌਰ ਆਜ਼ਾਦ ਉਮੀਦਵਾਰ ਹਲਕਾ ਟਾਂਡਾ ਤੋਂ ਚੋਣ ਜਿੱਤੀ ਸੀ, ਜੋ ਹੁਣ ਕੈਬਨਿਟ ਮੰਤਰੀ ਹਨ। ਗੁਰਪ੍ਰੀਤ ਸਿੰਘ ਕਾਂਗੜ ਨੇ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ, ਜੋ ਮਗਰੋਂ ਕੈਬਨਿਟ ਮੰਤਰੀ ਵੀ ਰਹੇ। ਹਲਕਾ ਨਵਾਂਸ਼ਹਿਰ ਤੋਂ ਆਜ਼ਾਦ ਤੌਰ ’ਤੇ 1980 ਵਿੱਚ ਚੋਣ ਜਿੱਤੇ ਦਿਲਬਾਗ ਸਿੰਘ ਮਗਰੋਂ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਵੀ ਰਹੇ ਸਨ। ਦੋ ਸਕੇ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਵੀ 2012 ਵਿੱਚ ਆਜ਼ਾਦ ਉਮੀਦਵਾਰ ਵਜੋਂ ਜੇਤੂ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਹੁਣ ਲੋਕ ਇਨਸਾਫ਼ ਪਾਰਟੀ ਬਣਾਈ ਹੈ।

           ਸਿਆਸੀ ਵਿਸ਼ਲੇਸ਼ਕ ਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਪਟਿਆਲਾ ਆਖਦੇ ਹਨ ਕਿ ਪਹਿਲਾਂ ਜਦੋਂ ਸਿਫ਼ਾਰਸ਼ ਵਾਲੇ ਟਿਕਟਾਂ ਲਿਜਾਂਦੇ ਸਨ ਤਾਂ ਯੋਗ ਉਮੀਦਵਾਰ ਆਜ਼ਾਦ ਚੋਣ ਲੜਦੇ ਸਨ, ਜੋ ਰਸੂਖ਼ ਨਾਲ ਜਿੱਤ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਆਜ਼ਾਦ ਚੋਣ ਜਿੱਤਣਾ ਸੌਖਾ ਨਹੀਂ ਰਿਹਾ। ਸਮੇਂ-ਸਮੇਂ ’ਤੇ ਆਜ਼ਾਦ ਚੋਣ ਜਿੱਤਣ ਵਾਲਿਆਂ ਵਿੱਚ ਮਦਨ ਲਾਲ ਜਲਾਲਪੁਰ, ਇਕਬਾਲ ਸਿੰਘ ਝੂੰਦਾਂ, ਜੀਤਮਹਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ ਧੀਮਾਨ, ਸੁੱਚਾ ਸਿੰਘ ਛੋਟੇਪੁਰ, ਹਰਮੀਤ ਸੰਧੂ, ਮਨਤਾਰ ਸਿੰਘ, ਮਲਕੀਤ ਸਿੰਘ ਕੀਤੂ, ਰਮੇਸ਼ ਕੁਮਾਰ, ਕਰਨੈਲ ਸਿੰਘ ਡੋਡ ਤੇ ਧਨਵੰਤ ਸਿੰਘ ਸ਼ਾਮਲ ਹਨ।

                                           ਜਦੋਂ ਆਜ਼ਾਦ ਹੀ ਆਪਸ ਵਿੱਚ ਭਿੜੇ

1985 ਵਿੱਚ ਹਲਕਾ ਬਲਾਚੌਰ ਤੋਂ ਤਿੰਨ ਆਜ਼ਾਦ ਉਮੀਦਵਾਰਾਂ ਵਿੱਚ ਹੀ ਤਿਕੋਣੀ ਟੱਕਰ ਸੀ ਅਤੇ ਆਜ਼ਾਦ ਰਾਮ ਕਿਸ਼ਨ ਵਿਰੋਧੀ ਆਜ਼ਾਦ ਉਮੀਦਵਾਰ ਤੁਲਸੀ ਰਾਮ ਨੂੰ ਹਰਾ ਕੇ ਵਿਧਾਇਕ ਬਣੇ ਸਨ। ਉਦੋਂ ਕਾਂਗਰਸ ਤੇ ਸੀਪੀਐੱਮ ਦਾ ਨੰਬਰ ਚੌਥਾ ਤੇ ਪੰਜਵਾਂ ਰਿਹਾ ਸੀ। 1985 ਵਿੱਚ ਹੀ ਗੁਰੂਹਰਸਹਾਏ ਤੋਂ ਆਜ਼ਾਦ ਉਮੀਦਵਾਰ ਸਜਵਰ ਸਿੰਘ ਨੇ ਵਿਰੋਧੀ ਆਜ਼ਾਦ ਉਮੀਦਵਾਰ ਗੁਰੂਹਰੇਸ਼ ਸਿੰਘ ਨੂੰ ਹਰਾਇਆ ਸੀ। ਇਸੇ ਤਰ੍ਹਾਂ ਹਲਕਾ ਨਾਭਾ ਤੋਂ 1969 ਵਿੱਚ ਦੋ ਆਜ਼ਾਦ ਉਮੀਦਵਾਰਾਂ ਵਿੱਚ ਹੀ ਮੁਕਾਬਲਾ ਸੀ। ਇੱਥੇ ਨਰਿੰਦਰ ਸਿੰਘ ਨੇ ਵਿਰੋਧੀ ਉਮੀਦਵਾਰ ਗੁਰਦਰਸ਼ਨ ਸਿੰਘ ਨੂੰ ਹਰਾਇਆ ਸੀ।

                                              ਆਜ਼ਾਦ ਜੇਤੂਆਂ ਦਾ ਇਤਿਹਾਸ

ਅੰਕੜਾ ਦੇਖੀਏ ਤਾਂ 1951 ਵਿੱਚ 9, 1957 ਵਿੱਚ 13 ਅਤੇ 1962 ਦੀਆਂ ਚੋਣਾਂ ਵਿੱਚ 18 ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਇਸੇ ਤਰ੍ਹਾਂ 1967 ਦੀਆਂ ਚੋਣਾਂ ਵਿੱਚ 9, 1969 ਦੀਆਂ ਚੋਣਾਂ ਵਿੱਚ ਚਾਰ, 1972 ਦੀਆਂ ਚੋਣਾਂ ਵਿੱਚ ਤਿੰਨ, 1977 ਵਿੱਚ ਦੋ, ਸਾਲ 1980 ਵਿੱਚ ਦੋ, 1985 ਵਿੱਚ ਚਾਰ, 1992 ਵਿੱਚ ਚਾਰ, 1997 ਦੀਆਂ ਚੋਣਾਂ ਵਿੱਚ 6, 2002 ਦੀਆਂ ਚੋਣਾਂ ਵਿੱਚ 9, ਵਰ੍ਹਾ 2007 ਦੀਆਂ ਚੋਣਾਂ ਵਿੱਚ ਪੰਜ ਅਤੇ 2012 ਦੀਆਂ ਚੋਣਾਂ ਵਿੱਚ ਤਿੰਨ ਆਜ਼ਾਦ ਉਮੀਦਵਾਰ ਸਫ਼ਲ ਹੋਏ ਸਨ। ਇਸੇ ਤਰ੍ਹਾਂ ਸਾਲ 2017 ਦੀ ਚੋਣ ਵਿੱਚ ਕੋਈ ਵੀ ਆਜ਼ਾਦ ਚੋਣ ਨਹੀਂ ਜਿੱਤ ਸਕਿਆ।

Friday, January 21, 2022

                                                         ਸਿਆਸੀ ਝੋਰਾ
                                 ਮਾਮੂਲੀ ਵੋਟਾਂ ਨਾਲ ਹਾਰੇ ਕਈ ਖ਼ਾਸ ਬੰਦੇ..!
                                                       ਚਰਨਜੀਤ ਭੁੱਲਰ   

ਚੰਡੀਗੜ੍ਹ: ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਮੂਲੀ ਵੋਟਾਂ ਦੇ ਫ਼ਰਕ ਨਾਲ ਹਾਰੇ ਉਮੀਦਵਾਰਾਂ ਨੂੰ ਅੱਜ ਤੱਕ ਹਾਰ ਨਹੀਂ ਭੁੱਲੀ ਹੈ। ਭਾਵੇਂ ਇਨ੍ਹਾਂ ਜਿੱਤਾਂ-ਹਾਰਾਂ ਨੂੰ ਆਮ ਲੋਕ ਤਾਂ ਭੁੱਲ-ਭੁਲਾ ਗਏ ਹਨ ਪਰ ਉਨ੍ਹਾਂ ਨੂੰ ਭੁੱਲਣਾ ਮੁਸ਼ਕਲ ਹੈ, ਜੋ ਮਾਮੂਲੀ ਫ਼ਰਕ ਨਾਲ ਜਿੱਤੀ ਹੋਈ ਬਾਜ਼ੀ ਹਾਰ ਬੈਠੇ ਸਨ। ਪੰਜਾਬੀ ਸੂਬਾ ਬਣਨ ਮਗਰੋਂ ਵਿਧਾਨ ਸਭਾ ਦੀਆਂ ਹੋਈਆਂ ਕੁੱਲ ਬਾਰਾਂ ਚੋਣਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਮਾਮੂਲੀ ਫ਼ਰਕ ਨਾਲ ਹਾਰਨ ਵਾਲੇ ਸੈਂਕੜੇ ਚਿਹਰੇ ਸਾਹਮਣੇ ਆਉਂਦੇ ਹਨ। ਪੰਜਾਬ ਵਿਧਾਨ ਸਭਾ ਚੋਣਾਂ-1992 ਵਿੱਚ ਪਿਓ-ਪੁੱਤ ਦੀ ਹਾਰ-ਜਿੱਤ ਦਾ ਫ਼ਰਕ ਬਹੁਤ ਘੱਟ ਰਿਹਾ ਸੀ। ਮੋਗਾ ਤੋਂ ਜਨਤਾ ਦਲ ਦੇ ਉਮੀਦਵਾਰ ਸਾਥੀ ਰੂਪ ਲਾਲ ਸਿਰਫ਼ 7 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਮਾਲਤੀ ਥਾਪਰ ਤੋਂ ਹਾਰ ਗਏ ਸਨ, ਜਦਕਿ ਸਾਥੀ ਰੂਪ ਲਾਲ ਦਾ ਲੜਕਾ ਵਿਜੈ ਸਾਥੀ ਹਲਕਾ ਬਾਘਾਪੁਰਾਣਾ ਤੋਂ ਬਤੌਰ ਜਨਤਾ ਦਲ ਉਮੀਦਵਾਰ 8 ਵੋਟਾਂ ਦੇ ਫ਼ਰਕ ਨਾਲ ਜਿੱਤ ਗਿਆ ਸੀ। 

              ਸਾਬਕਾ ਵਿਧਾਇਕ ਵਿਜੈ ਸਾਥੀ ਨੇ ਕਿਹਾ ਕਿ ਉਦੋਂ ਉਸ ਦੇ ਪਿਤਾ ਨੂੰ ਹਕੂਮਤ ਨੇ ਧੱਕੇ ਨਾਲ ਹਰਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਮਲਾਲ ਹੈ ਕਿ ਜੇ ਕਿਤੇ ਪਿਤਾ ਨਾਲ ਧੱਕਾ ਨਾ ਹੁੰਦਾ ਤਾਂ ਦੋਵੇਂ ਇੱਕੋ ਤਖ਼ਤ ’ਤੇ ਬੈਠਦੇ। 1992 ਦੀਆਂ ਚੋਣਾਂ ਵਿੱਚ ਗੁਰੂ ਹਰਸਹਾਏ ਤੋਂ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਸਿਰਫ਼ 320 ਵੋਟਾਂ ਦੇ ਫ਼ਰਕ ਨਾਲ ਹਾਰਿਆ ਸੀ, ਜਿਸ ਦਾ ਫ਼ਰਕ ਕੇਵਲ 0.54 ਫ਼ੀਸਦੀ ਬਣਦਾ ਹੈ। ਪੰਜਾਬੀ ਸੂਬਾ ਬਣਨ ਮਗਰੋਂ 1967 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਦੋਂ ਹਲਕਾ ਅਮਲੋਹ ਤੋਂ ਕਾਂਗਰਸੀ ਉਮੀਦਵਾਰ ਬੀ ਸਿੰਘ ਮਹਿਜ਼ 0.58 ਫ਼ੀਸਦੀ ਦੇ ਅੰਤਰ ਨਾਲ ਜਿੱਤਿਆ ਸੀ ਅਤੇ ਐੱਸ ਸਿੰਘ ਚੋਣ ਹਾਰ ਗਏ ਸਨ। ਇਸੇ ਹਲਕੇ ਤੋਂ 1969 ਦੀ ਚੋਣ ਵਿੱਚ ਅਕਾਲੀ ਉਮੀਦਵਾਰ ਦਲੀਪ ਸਿੰਘ ਸਿਰਫ਼ 0.80 ਫ਼ੀਸਦੀ ਵੋਟ ਫ਼ਰਕ ਨਾਲ ਚੋਣ ਹਾਰ ਗਏ ਸਨ।

              1972 ਦੀਆਂ ਚੋਣਾਂ ਵਿੱਚ ਸੁਨਾਮ ਹਲਕੇ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਸਿਰਫ਼ 1.01 ਫ਼ੀਸਦੀ ਫ਼ਰਕ ਨਾਲ ਚੋਣ ਹਾਰ ਗਏ ਸਨ, ਉਦੋਂ ਕਾਂਗਰਸ ਦੇ ਕ੍ਰਿਸ਼ਨ ਚੰਦ ਚੋਣ ਜਿੱਤੇ ਸਨ। ਇਸੇ ਤਰ੍ਹਾਂ 1977 ਦੀਆਂ ਚੋਣਾਂ ਵਿੱਚ ਫ਼ਿਰੋਜ਼ਪੁਰ ਹਲਕੇ ਤੋਂ ਬਾਲ ਮੁਕੰਦ ਸਿਰਫ਼ 0.52 ਫ਼ੀਸਦੀ ਅੰਤਰ ਨਾਲ ਚੋਣ ਹਾਰੇ ਸਨ। ਭਾਵੇਂ ਅੱਜ ਬਹੁਤੇ ਉਮੀਦਵਾਰ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਵਾਰਸਾਂ ਦੇ ਚੇਤਿਆਂ ਵਿੱਚ ਅੱਜ ਵੀ ਇਹ ਫ਼ਰਕ ਰੜਕ ਰਿਹਾ ਹੈ। ਸਾਲ 1980 ਦੀਆਂ ਚੋਣਾਂ ਵਿੱਚ ਬਾਘਾਪੁਰਾਣਾ ਤੋਂ ਕਾਂਗਰਸ ਦੇ ਉਮੀਦਵਾਰ ਅਵਤਾਰ ਬਰਾੜ ਸਿਰਫ਼ 0.22 ਫ਼ੀਸਦੀ ਫ਼ਰਕ ਨਾਲ ਚੋਣ ਹਾਰ ਗਏ ਸਨ।

             ਇਵੇਂ ਹੀ 1985 ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਕੇਂਦਰੀ ਤੋਂ ਭਾਜਪਾ ਉਮੀਦਵਾਰ ਲਕਸ਼ਮੀ ਕਾਂਤਾ ਚਾਵਲਾ ਇੱਕ ਫ਼ੀਸਦੀ ਵੋਟਾਂ ਦੇ ਫ਼ਰਕ ਨਾਲ ਹਾਰੇ ਸਨ, ਜਦਕਿ ਉਦੋਂ ਹੀ ਹਲਕਾ ਪੱਕਾ ਕਲਾਂ ਤੋਂ ਉਮੀਦਵਾਰ ਬਿਮਲ ਸਿਰਫ਼ 0.70 ਫ਼ੀਸਦੀ ਵੋਟ ਫ਼ਰਕ ਨਾਲ ਚੋਣ ਹਾਰ ਗਏ ਸਨ। ਸਾਲ 1992 ਦੀਆਂ ਚੋਣਾਂ ਸਮੇਂ ਪੋਲਿੰਗ ਬਹੁਤ ਹੀ ਘੱਟ ਹੋਈ ਸੀ ਅਤੇ ਉਦੋਂ ਹਲਕਾ ਗੁਰੂਹਰਸਹਾਏ ਤੋਂ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਸਿਰਫ਼ 0.54 ਫ਼ੀਸਦੀ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਸੰਨ 1997 ਦੀਆਂ ਚੋਣਾਂ ਵਿੱਚ ਦਸੂਹਾ ਹਲਕੇ ਤੋਂ ਭਾਜਪਾ ਉਮੀਦਵਾਰ ਰਾਮ ਪ੍ਰਕਾਸ਼ ਸਿਰਫ਼ 53 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ, ਜਦਕਿ 2002 ਦੀਆਂ ਚੋਣਾਂ ਵਿੱਚ ਧਾਰੀਵਾਲ ਹਲਕੇ ਤੋਂ ਆਜ਼ਾਦ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਤੋਂ ਅਕਾਲੀ ਉਮੀਦਵਾਰ ਸੁੱਚਾ ਸਿੰਘ ਲੰਗਾਹ ਸਿਰਫ਼ 80 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।

             2007 ਦੀਆਂ ਚੋਣਾਂ ਵਿੱਚ ਹਲਕਾ ਭਦੌੜ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਕੌਰ 186 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ। ਇਸੇ ਤਰ੍ਹਾਂ 2012 ਵਿੱਚ ਹਲਕਾ ਫਿਲੌਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਆਪਣੇ ਵਿਰੋਧੀ ਉਮੀਦਵਾਰ ਤੋਂ ਸਿਰਫ਼ 31 ਵੋਟਾਂ ਨਾਲ ਹਾਰੇ ਸਨ। ਇਨ੍ਹਾਂ ਚੋਣਾਂ ਵਿੱਚ ਹੀ ਪੱਟੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਆਪਣੇ ਵਿਰੋਧੀ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਸਿਰਫ਼ 59 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਪਿਛਲੀਆਂ 2017 ਦੀਆਂ ਚੋਣਾਂ ਵਿੱਚ ਫ਼ਾਜ਼ਿਲਕਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਕੇਵਲ 265 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਸਨ।

                                 200 ਵੋਟਾਂ ਨਾਲ ਹਾਰੇ ਸਨ ਸਾਬਕਾ ਮੁੱਖ ਮੰਤਰੀ

ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ 2002 ਦੀਆਂ ਚੋਣਾਂ ’ਚ ਆਜ਼ਾਦ ਉਮੀਦਵਾਰ ਸੁਖਦਰਸ਼ਨ ਸਿੰਘ ਮਰਾੜ ਤੋਂ 200 ਵੋਟਾਂ ਨਾਲ ਚੋਣ ਹਾਰ ਗਏ ਸਨ। ਉਦੋਂ ਜੇਤੂ ਆਜ਼ਾਦ ਉਮੀਦਵਾਰ ਮਰਾੜ ਨੂੰ 32,465 ਵੋਟਾਂ ਮਿਲੀਆਂ ਜਦੋਂ ਕਿ ਹਰਚਰਨ ਬਰਾੜ ਨੂੰ 32,265 ਵੋਟਾਂ ਮਿਲੀਆਂ ਸਨ। ਇਹ ਦੋਵੇਂ ਉਮੀਦਵਾਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਦੋਂ ਇਹ ਚੋਣ ਬਹੁਤ ਹੀ ਦਿਲਚਸਪ ਰਹੀ ਸੀ।

                                         394 ਵੋਟਾਂ ਨਾਲ ਬਣਿਆ ਵਿਧਾਇਕ

ਦਿਲਚਸਪ ਤੱਥ ਹਨ ਕਿ 1992 ਵਿੱਚ ਹਲਕਾ ਜੋਗਾ ’ਚ ਸਿਰਫ਼ 1.07 ਫ਼ੀਸਦੀ ਪੋਲਿੰਗ ਹੋਈ ਸੀ। ਜੇਤੂ ਉਮੀਦਵਾਰ ਸੁਰਜਨ ਸਿੰਘ ਜੋਗਾ ਨੂੰ 394 ਵੋਟਾਂ ਪ੍ਰਾਪਤ ਹੋਈਆਂ ਸਨ, ਜਦੋਂ ਕਿ ਉਨ੍ਹਾਂ ਤੋਂ ਹਾਰਨ ਵਾਲੇ ਉਮੀਦਵਾਰ ਨੂੰ 289 ਵੋਟਾਂ ਮਿਲੀਆਂ ਸਨ। ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਨੂੰ ਕੁੱਲ 181 ਵੋਟਾਂ ਪਈਆਂ ਸਨ। ਪੰਜਾਬ ਭਰ ਵਿੱਚੋਂ ਸਭ ਤੋਂ ਘੱਟ ਪੋਲਿੰਗ ਹਲਕਾ ਜੋਗਾ ਵਿੱਚ ਹੋਈ ਸੀ। ਜੇਤੂ ਉਮੀਦਵਾਰ ਕਿਸੇ ਪੰਚਾਇਤ ਦੇ ਮੈਂਬਰ ਨਾਲੋਂ ਵੀ ਘੱਟ ਵੋਟਾਂ ਲੈ ਕੇ ਵਿਧਾਨ ਸਭਾ ਦੀ ਪੌੜੀ ਚੜ੍ਹਨ ਵਿੱਚ ਸਫ਼ਲ ਹੋਇਆ ਸੀ।

Wednesday, January 19, 2022

                                                      ਸਿਆਸੀ ਛੜੱਪੇ
                             ਆਪਣਿਆਂ ਨੇ ਠੁਕਰਾਏ,ਬਿਗਾਨਿਆਂ ਗਲ ਲਾਏ
                                                     ਚਰਨਜੀਤ ਭੁੱਲਰ     

ਚੰਡੀਗੜ੍ਹ,: ਪੰਜਾਬ ਚੋਣਾਂ 'ਚ ਦਰਜਨਾਂ ਅਜਿਹੇ ਉਮੀਦਵਾਰ ਖੜ੍ਹੇ ਹਨ ਜਿਨ੍ਹਾਂ ਨੇ ਸੱਤਾ ਪ੍ਰਾਪਤੀ ਲਈ ਆਪਣੀ ਮਾਂ ਪਾਰਟੀ ਨੂੰ ਬਾਏ-ਬਾਏ ਆਖ ਦਿੱਤਾ | ਕੁੱਝ ਉਮੀਦਵਾਰਾਂ ਨੇ ਐਤਕੀਂ ਚੋਣਾਂ ਮੌਕੇ ਆਪਣੀ ਮੂਲ ਪਾਰਟੀ ਛੱਡੀ ਹੈ ਅਤੇ ਕਈ ਪੁਰਾਣੇ ਚਿਹਰੇ ਹਨ ਜਿਨ੍ਹਾਂ ਨੇ ਪਹਿਲੋਂ ਹੀ ਆਪਣੀ ਪੁਰਾਣੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ | ਦਰਜਨਾਂ ਉਮੀਦਵਾਰ ਤਾਂ ਉਹ ਹਨ ਜਿਨ੍ਹਾਂ ਨੇ ਦੋ ਤੋਂ ਜ਼ਿਆਦਾ ਸਿਆਸੀ ਧਿਰਾਂ 'ਚ ਸਫ਼ਰ ਕੀਤਾ ਹੈ | ਇਨ੍ਹਾਂ ਉਮੀਦਵਾਰਾਂ ਨੇ ਦਲ ਬਦਲੀ ਕਰਨ ਵਿਚ ਦੇਰ ਨਹੀਂ ਲਾਈ ਹੈ | ਪੰਜਾਬੀ ਟ੍ਰਿਬਿਊਨ ਤਰਫ਼ੋਂ ਇਕੱਤਰ ਵੇਰਵਿਆਂ ਅਨੁਸਾਰ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਕਰੀਬ 80 ਉਮੀਦਵਾਰ ਅਜਿਹੇ ਚੋਣ ਮੈਦਾਨ ਵਿਚ ਖੜ੍ਹੇ ਹਨ ਜਿਨ੍ਹਾਂ ਨੂੰ ਦਲ ਬਦਲੀ ਮਗਰੋਂ ਟਿਕਟ ਨਾਲ ਨਿਵਾਜਿਆ ਗਿਆ ਹੈ ਅਤੇ ਇਨ੍ਹਾਂ 'ਚ ਉਹ ਚਿਹਰੇ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਹੀ ਆਪਣੀ ਮਾਂ ਪਾਰਟੀ ਛੱਡ ਦਿੱਤੀ ਸੀ | ਆਮ ਆਦਮੀ ਪਾਰਟੀ ਦੇ ਕਰੀਬ 33 ਉਮੀਦਵਾਰ ਦਲ ਬਦਲੀ ਕਰਨ ਮਗਰੋਂ ਚੋਣ ਮੈਦਾਨ ਵਿਚ ਹਨ ਜੋ ਕਿ ਕਰੀਬ 30 ਫ਼ੀਸਦੀ ਬਣਦੇ ਹਨ | 'ਆਪ' ਨੇ ਬਹੁਤੇ ਕਾਂਗਰਸੀ ਅਤੇ ਅਕਾਲੀ ਆਗੂਆਂ ਨੂੰ ਟਿਕਟਾਂ ਦਿੱਤੀਆਂ ਹਨ |
                 ਸ਼ੋ੍ਰਮਣੀ ਅਕਾਲੀ ਦਲ ਤਰਫ਼ੋਂ ਐਲਾਨੇ 94 ਉਮੀਦਵਾਰਾਂ ਚੋਂ 30 ਉਮੀਦਵਾਰ ਟਕਸਾਲੀ ਨਹੀਂ ਹਨ ਜਿਨ੍ਹਾਂ ਦੀ ਮੂਲ ਪਾਰਟੀ ਕੋਈ ਹੋਰ ਸੀ | ਸ਼ੋ੍ਰਮਣੀ ਅਕਾਲੀ ਦਲ ਨੇ ਐਤਕੀਂ ਦਲ ਬਦਲ ਕੇ ਆਏ ਦਰਜਨ ਦੇ ਕਰੀਬ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ | ਇਸੇ ਤਰ੍ਹਾਂ ਕਾਂਗਰਸ ਪਾਰਟੀ ਤਰਫ਼ੋਂ 86 ਉਮੀਦਵਾਰ ਐਲਾਨੇ ਗਏ ਹਨ ਜਿਨ੍ਹਾਂ ਚੋਂ 17 ਉਮੀਦਵਾਰ ਟਕਸਾਲੀ ਕਾਂਗਰਸੀ ਨਹੀਂ ਹਨ ਜੋ ਕਿ ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਜਾਂ ਫਿਰ 'ਆਪ' ਚੋਂ ਆਏ ਹਨ | ਭਾਜਪਾ ਤਰਫ਼ੋਂ ਹਾਲੇ ਉਮੀਦਵਾਰਾਂ ਦੀ ਸੂਚੀ ਹਾਲੇ ਜਾਰੀ ਨਹੀਂ ਕੀਤੀ ਗਈ ਹੈ | ਸਿਆਸੀ ਧਿਰਾਂ ਵੱਲੋਂ ਹੁਣ ਜਿੱਤਣ ਵਾਲੇ ਉਮੀਦਵਾਰ ਦੀ ਤਲਾਸ਼ ਕੀਤੀ ਜਾਂਦੀ ਹੈ, ਚਾਹੇ ਉਹ ਕਿਸੇ ਵੀ ਵਿਚਾਰਧਾਰਾ ਦਾ ਹੋਵੇ | ਇਸੇ ਤਰ੍ਹਾਂ ਉਮੀਦਵਾਰਾਂ ਦਾ ਟੀਚਾ ਵੀ ਕੁਰਸੀ ਹਾਸਲ ਕਰਨਾ ਹੀ ਬਣ ਗਿਆ ਹੈ | 'ਆਪ' ਦੇ ਉਮੀਦਵਾਰਾਂ 'ਤੇ ਨਜ਼ਰ ਮਾਰੀਏ ਤਾਂ ਮੋਹਾਲੀ ਤੋਂ 'ਆਪ' ਉਮੀਦਵਾਰ ਕੁਲਵੰਤ ਸਿੰਘ ਪਹਿਲਾਂ ਅਕਾਲੀ ਦਲ ਵਿਚ ਸਨ, ਫਿਰ ਆਜ਼ਾਦ ਤੇ ਹੁਣ 'ਆਪ' ਦੇ ਹੋ ਗਏ ਹਨ | ਲੁਧਿਆਣਾ ਪੂਰਬੀ ਤੋਂ ਦਲਜੀਤ ਭੋਲਾ ਪਹਿਲਾਂ ਅਕਾਲੀ ਦਲ 'ਚ ਸਨ, ਫਿਰ ਲੋਕ ਇਨਸਾਫ਼ ਪਾਰਟੀ ਤੇ ਹੁਣ 'ਆਪ' ਦੇ ਉਮੀਦਵਾਰ ਹਨ | 
              ਜ਼ੀਰਾ ਤੋਂ ਨਰੇਸ਼ ਕਟਾਰੀਆਂ ਪਹਿਲਾਂ ਕਾਂਗਰਸ, ਫਿਰ ਅਕਾਲੀ ਦਲ ਅਤੇ ਹੁਣ 'ਆਪ' ਦੇ ਉਮੀਦਵਾਰ ਹਨ | ਖੇਮਕਰਨ ਤੋਂ ਸਵਰਨ ਸਿੰਘ ਧੁੰਨ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਤੇ ਹੁਣ 'ਆਪ' ਵਿਚ ਹਨ | ਅਮਰਗੜ੍ਹ ਤੋਂ ਜਸਵੰਤ ਸਿੰਘ ਪਹਿਲਾਂ ਅਕਾਲੀ ਹੋਏ, ਫਿਰ ਕਾਂਗਰਸੀ ਤੇ ਹੁਣ 'ਆਪ' ਉਮੀਦਵਾਰ ਹਨ | ਲੁਧਿਆਣਾ ਉੱਤਰੀ ਤੋਂ ਮਦਨ ਲਾਲ ਪਹਿਲਾਂ ਕਾਂਗਰਸੀ, ਫਿਰ ਅਕਾਲੀ ਤੇ ਹੁਣ 'ਆਪ' ਚੋਂ ਉਮੀਦਵਾਰ ਹਨ | ਕਾਦੀਆਂ ਤੋਂ ਜਗਰੂਪ ਸੇਖਵਾਂ ਪਹਿਲਾਂ ਅਕਾਲੀ, ਫਿਰ ਟਕਸਾਲੀ, ਉਸ ਮਗਰੋਂ ਸੰਯੁਕਤ ਅਕਾਲੀ ਦਲ ਅਤੇ ਹੁਣ 'ਆਪ' ਦੇ ਹੋ ਗਏ ਹਨ | ਬਠਿੰਡਾ ਦਿਹਾਤੀ,ਫ਼ਾਜ਼ਿਲਕਾ,ਮਜੀਠਾ, ਬੰਗਾ,ਫਗਵਾੜਾ, ਜਲਾਲਾਬਾਦ, ਰਾਏਕੋਟ, ਆਤਮ ਨਗਰ ਲੁਧਿਆਣਾ,ਪਾਇਲ, ਗੁਰਦਾਸਪੁਰ,ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਆਦਿ ਦੇ ਉਮੀਦਵਾਰ ਵੀ ਦੂਸਰੀਆਂ ਸਿਆਸੀ ਧਿਰਾਂ ਚੋਂ 'ਆਪ' ਵਿਚ ਸ਼ਾਮਿਲ ਹੋ ਕੇ ਉਮੀਦਵਾਰ ਬਣੇ ਹਨ |
              ਇਸੇ ਤਰ੍ਹਾਂ ਕਾਂਗਰਸ ਨੇ 'ਆਪ' ਚੋਂ ਸ਼ਾਮਿਲ ਹੋਈ ਰੁਪਿੰਦਰ ਰੂਬੀ ਨੂੰ ਮਲੋਟ ਅਤੇ ਸੁਖਪਾਲ ਖਹਿਰਾ ਨੂੰ ਭੁਲੱਥ ਤੋਂ ਉਮੀਦਵਾਰ ਬਣਾਇਆ ਹੈ | ਲੁਧਿਆਣਾ ਆਤਮ ਨਗਰ ਤੋਂ ਕੰਵਲਜੀਤ ਕੜਵਲ ਪਹਿਲਾਂ ਅਕਾਲੀ, ਫਿਰ ਲੋਕ ਇਨਸਾਫ਼ ਪਾਰਟੀ, ਫਿਰ ਅਕਾਲੀ ਤੇ ਹੁਣ ਕਾਂਗਰਸ ਦੇ ਹੋ ਗਏ ਹਨ |ਨਿਹਾਲ ਸਿੰਘ ਵਾਲਾ ਤੋਂ ਕਾਂਗਰਸੀ ਉਮੀਦਵਾਰ ਭੁਪਿੰਦਰ ਸਾਹੋਕੇ ਪਹਿਲਾਂ ਅਕਾਲੀ ਸਨ | ਜਿਹੜੇ ਕਾਂਗਰਸੀ ਉਮੀਦਵਾਰਾਂ ਦੀ ਮੂਲ ਪਾਰਟੀ ਪਹਿਲਾਂ ਹੋਰ ਸੀ, ਉਨ੍ਹਾਂ ਵਿਚ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਜੇਪੀ,ਗੁਰਪ੍ਰੀਤ ਕਾਂਗੜ, ਕੁਸ਼ਲਦੀਪ ਢਿੱਲੋਂ,ਕਾਕਾ ਲੋਹਗੜ੍ਹ, ਪਰਗਟ ਸਿੰਘ,ਇੰਦਰਬੀਰ ਬੁਲਾਰੀਆ,ਹਰਮਿੰਦਰ ਗਿੱਲ, ਪ੍ਰੀਤਮ ਕੋਟਭਾਈ, ਨਵਜੋਤ ਸਿੱਧੂ ਆਦਿ ਸ਼ਾਮਿਲ ਹਨ | ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਵੀ ਇਸ ਮਾਮਲੇ ਵਿਚ ਘੱਟ ਨਹੀਂ ਹੈ |
               ਮੌੜ ਤੋਂ ਜਗਮੀਤ ਬਰਾੜ ਪਹਿਲਾਂ ਕਾਂਗਰਸ ਅਤੇ ਤਿ੍ਣਾਮੂਲ ਕਾਂਗਰਸ ਵਿਚ ਰਹਿ ਚੁੱਕੇ ਹਨ ਅਤੇ ਹੁਣ ਅਕਾਲੀ ਦਲ ਦੇ ਉਮੀਦਵਾਰ ਹਨ | ਜਲੰਧਰ ਕੈਂਟ ਤੋਂ ਅਕਾਲੀ ਉਮੀਦਵਾਰ ਜਗਬੀਰ ਬਰਾੜ ਪਹਿਲਾਂ ਅਕਾਲੀ, ਫਿਰ ਪੀਪਲਜ਼ ਪਾਰਟੀ ਆਫ਼ ਪੰਜਾਬ, ਕਾਂਗਰਸ ਅਤੇ ਹੁਣ ਮੁੜ ਅਕਾਲੀ ਹੋ ਗਏ ਹਨ | ਬਟਾਲਾ ਤੋਂ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਅਕਾਲੀ, ਫਿਰ ਮਾਨ ਦਲ, ਉਸ ਮਗਰੋਂ 'ਆਪ' ਅਤੇ ਹੁਣ ਮੁੜ ਅਕਾਲੀ ਹੋਏ ਹਨ | ਅਕਾਲੀ ਉਮੀਦਵਾਰ ਅਨਿਲ ਜੋਸ਼ੀ ਵੀ ਭਾਜਪਾ ਚੋਂ ਆਏ ਹਨ | ਅਬੋਹਰ ਤੇ ਫ਼ਾਜ਼ਿਲਕਾ ਤੋਂ ਅਕਾਲੀ ਉਮੀਦਵਾਰ ਪਹਿਲਾਂ ਕਾਂਗਰਸ ਦੇ ਹੁੰਦੇ ਸਨ |
                                    ਮੁਫਾਦਾਂ 'ਚ ਬੱਝਾ ਸਮਾਜ ਵੀ ਕਸੂਰਵਾਰ : ਡਾ.ਰਵੀ
ਦਿੱਲੀ 'ਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਰਵੀ ਰਵਿੰਦਰ ਦਾ ਕਹਿਣਾ ਹੈ ਕਿ ਇਸ 'ਚ ਅਸਲ ਵਿਚ ਮੁਫਾਦਾਂ ਵਿਚ ਬੱਝੇ ਸਮਾਜ ਦਾ ਵੀ ਕਸੂਰ ਹੈ ਜਿਸ ਨੇ ਆਪਣੇ ਅਜਿਹੇ ਆਗੂਆਂ ਨੂੰ ਸੁਆਲ ਕਰਨੇ ਹੀ ਬੰਦ ਕਰ ਦਿੱਤੇ ਹਨ | ਕਿਸੇ ਵਕਤ ਪੰਜਾਬੀ ਸਭਿਆਚਾਰ 'ਚ ਸਟੈਂਡ ਰੱਖਣ ਵਾਲੇ ਵਿਅਕਤੀ ਦੀ ਇੱਜ਼ਤ ਹੁੰਦੀ ਸੀ | ਮੌਜੂਦਾ ਸਿਆਸਤ ਵਿਚ ਨਾ ਆਗੂ ਜ਼ੁਬਾਨ ਦੇ ਪੱਕੇ ਆਗੂ ਰਹੇ ਹਨ ਅਤੇ ਨਾ ਹੀ ਲੋਕਾਂ ਨੂੰ ਬਹੁਤਾ ਫ਼ਰਕ ਪੈਂਦਾ ਹੈ |  
                                      ਅਸੂਲਾਂ ਤੋਂ ਬੇਮੁਖ ਹੋਈ ਸਿਆਸਤ : ਜ਼ਫ਼ਰ
ਐਸ.ਡੀ.ਕਾਲਜ ਬਰਨਾਲਾ ਦੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਸ਼ੋਇਬ ਜ਼ਫ਼ਰ ਆਖਦੇ ਹਨ ਕਿ ਸਿਆਸੀ ਧਿਰਾਂ 'ਚ ਹੁਣ ਅਸੂਲ ਤੇ ਵਿਚਾਰਧਾਰਾ ਮਨਫ਼ੀ ਹੋ ਗਈ ਹੈ ਜਿਸ ਕਰਕੇ ਦਲ ਬਦਲੀ ਦਾ ਵਰਤਾਰਾ ਤੇਜ਼ ਹੋਇਆ ਹੈ | ਆਗੂਆਂ ਦਾ ਟੀਚਾ ਤਾਕਤ ਹਾਸਲ ਕਰਨ ਤੱਕ ਸੀਮਤ ਰਹਿ ਗਿਆ ਹੈ ਅਤੇ ਸਿਆਸੀ ਧਿਰਾਂ ਦੇ ਸਿਆਸੀ ਇਮਾਨ ਵੀ ਹੁਣ ਨਹੀਂ ਰਹੇ ਹਨ |
  

Tuesday, January 18, 2022

                                                               ਚੋਣ ਪਿੜ 
                                    ਦਰਜਨਾਂ ਹਲਕਿਆਂ 'ਚ ਉੱਤਰੇ 'ਪੈਰਾਸ਼ੂਟ' 
                                                            ਚਰਨਜੀਤ ਭੁੱਲਰ   

ਚੰਡੀਗੜ੍ਹ : ਸਿਆਸੀ ਧਿਰਾਂ ਵੱਲੋਂ ਐਤਕੀਂ ਪੰਜਾਬ ਚੋਣਾਂ ਲਈ ਦਰਜਨਾਂ ਹਲਕਿਆਂ 'ਚ ਪੈਰਾਸ਼ੂਟ ਉਮੀਦਵਾਰ ਉਤਾਰੇ ਹਨ | ਕਈ ਹਲਕਿਆਂ ਦੇ ਜਾਏ ਰਾਜਸੀ ਧਿਰਾਂ ਨੇ ਪਰਾਏ ਬਣਾ ਕੇ ਰੱਖ ਦਿੱਤੇ ਹਨ | ਸ਼ੋ੍ਰਮਣੀ ਅਕਾਲੀ ਦਲ ਨੇ ਪੈਰਾਸ਼ੂਟ ਉਮੀਦਵਾਰ ਉਤਾਰੇ ਜਾਣ 'ਚ ਬਾਜ਼ੀ ਮਾਰੀ ਹੈ ਜਦੋਂ ਕਿ ਕਾਂਗਰਸ ਇਸ ਮਾਮਲੇ 'ਚ ਦੂਜੇ ਨੰਬਰ 'ਤੇ ਹੈ | ਆਮ ਆਦਮੀ ਪਾਰਟੀ ਨੇ ਪੈਰਾਸ਼ੂਟ ਉਮੀਦਵਾਰਾਂ ਤੋਂ ਥੋੜ੍ਹਾ ਗੁਰੇਜ਼ ਕੀਤਾ ਹੈ | ਪੰਜਾਬ ਦੇ ਚੋਣ ਪਿੜ ਵਿਚ ਪ੍ਰਮੁੱਖ ਤਿੰਨ ਪਾਰਟੀਆਂ ਦੇ 67 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦਾ ਰਿਹਾਇਸ਼ ਹਲਕੇ ਵਿਚ ਨਹੀਂ ਪੈਂਦੀ ਹੈ ਜਿੱਥੋਂ ਉਹ ਚੋਣ ਲੜ ਰਹੇ ਹਨ |ਪੰਜਾਬੀ ਟ੍ਰਿਬਿਊਨ ਵੱਲੋਂ ਇਕੱਠੇ ਕੀਤੇ ਵੇਰਵਿਆਂ ਅਨੁਸਾਰ ਕਾਂਗਰਸ ਪਾਰਟੀ ਤਰਫ਼ੋਂ ਹੁਣ ਤੱਕ 86 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਚੋਂ ਕਰੀਬ ਡੇਢ ਦਰਜਨ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ ਜਿੱਥੋਂ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ | ਕਾਂਗਰਸ ਨੇ 20 ਫ਼ੀਸਦੀ ਉਮੀਦਵਾਰਾਂ ਨੂੰ ਟਿਕਟ ਦੇਣ ਸਮੇਂ ਹਲਕੇ ਦੇ ਲੀਡਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ | ਸ਼ੋ੍ਰਮਣੀ ਅਕਾਲੀ ਦਲ ਨੇ 94 ਉਮੀਦਵਾਰ ਐਲਾਨੇ ਹਨ ਜਿਨ੍ਹਾਂ ਚੋਂ 34 ਉਮੀਦਵਾਰ ਹਲਕਿਆਂ ਤੋਂ ਬਾਹਰਲੇ ਹਨ ਜੋ ਕਿ ਕਰੀਬ 36 ਫ਼ੀਸਦੀ ਬਣਦੇ ਹਨ |

            ਆਮ ਆਦਮੀ ਪਾਰਟੀ ਤਰਫ਼ੋਂ 111 ਉਮੀਦਵਾਰ ਐਲਾਨੇ ਗਏ ਹਨ ਜਿਨ੍ਹਾਂ ਚੋਂ 16 ਉਮੀਦਵਾਰ ਹਲਕਿਆਂ ਤੋਂ ਬਾਹਰਲੇ ਹਨ ਜੋ ਕਿ ਕਰੀਬ 14 ਫ਼ੀਸਦੀ ਬਣਦੇ ਹਨ | ਸਿਆਸੀ ਧਿਰਾਂ ਵੱਲੋਂ ਜਿੱਤਣ ਦੀ ਸਮਰੱਥਾ ਦੇਖੀ ਗਈ ਜਾਂ ਫਿਰ ਆਪਣੇ ਚਹੇਤਿਆਂ ਨੂੰ ਨਿਵਾਜਣ ਲਈ ਦੂਸਰੇ ਹਲਕਿਆਂ 'ਚ ਉਤਾਰ ਦਿੱਤਾ ਗਿਆ | ਕਾਂਗਰਸ ਪਾਰਟੀ ਨੇ ਬਠਿੰਡਾ ਜ਼ਿਲ੍ਹੇ ਦੇ ਛੇ ਹਲਕਿਆਂ ਚੋਂ ਪੰਜ ਹਲਕਿਆਂ 'ਚ 'ਆਊਟ ਸਾਈਡਰ' ਚੋਣ ਮੈਦਾਨ ਵਿਚ ਉਤਾਰੇ ਹਨ | ਤਲਵੰਡੀ ਸਾਬੋ ਤੋਂ ਖੁਸ਼ਬਾਜ ਜਟਾਣਾ, ਭੁੱਚੋ ਮੰਡੀ ਤੋਂ ਪ੍ਰੀਤਮ ਕੋਟਭਾਈ, ਮੌੜ ਤੋਂ ਡਾ.ਮੰਜੂ ਬਾਲਾ ਬਾਂਸਲ ਹਲਕੇ ਤੋਂ ਬਾਹਰਲੇ ਹਨ |

             ਮਲੋਟ ਤੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਰੂਬੀ ਵੀ ਆਊਟਸਾਈਡਰ ਹੈ ਜਦੋਂ ਕਿ ਦਾਖਾ ਹਲਕੇ ਤੋਂ ਉਮੀਦਵਾਰ ਐਲਾਨੇ ਕੈਪਟਨ ਸੰਦੀਪ ਸੰਧੂ ਵੀ ਫ਼ਰੀਦਕੋਟ ਦੇ ਰਹਿਣ ਵਾਲੇ ਹਨ | ਇਸੇ ਤਰ੍ਹਾਂ ਫਿਲੌਰ,ਅਮਲੋਹ,ਖੰਨਾ,ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ,ਸਮਾਨਾ, ਸੰਗਰੂਰ ਆਦਿ ਹਲਕਿਆਂ ਦੇ ਉਮੀਦਵਾਰ ਵੀ ਹਲਕੇ ਤੋਂ ਬਾਹਰਲੇ ਹਨ | ਸ਼ੋ੍ਰਮਣੀ ਅਕਾਲੀ ਦਲ ਨੇ ਲਹਿਰਾਗਾਗਾ, ਸੰਗਰੂਰ, ਧੂਰੀ,ਸੁਨਾਮ ਤੇ ਦਿੜ੍ਹਬਾ ਹਲਕੇ ਵਿਚ ਉਹ ਉਮੀਦਵਾਰ ਉਤਾਰੇ ਹਨ ਜੋ ਹਲਕੇ ਦੇ ਬਾਸ਼ਿੰਦੇ ਨਹੀਂ | ਬਠਿੰਡਾ ਦਿਹਾਤੀ 'ਚ ਅਬੋਹਰ ਦੇ ਪ੍ਰਕਾਸ਼ ਸਿੰਘ ਭੱਟੀ, ਹਲਕਾ ਮੌੜ ਵਿਚ ਮੁਕਤਸਰ ਦੇ ਜਗਮੀਤ ਸਿੰਘ ਬਰਾੜ ਨੂੰ ਉਤਾਰਿਆ ਗਿਆ ਹੈ |

            ਫ਼ਿਰੋਜ਼ਪੁਰ ਸ਼ਹਿਰੀ ਵਿਚ ਗੁਰੂਹਰਸਹਾਏ ਦੇ ਵੋਹਰਾ ਨੂੰ ਅਤੇ ਡੇਰਾ ਬਾਬਾ ਨਾਨਕ ਹਲਕੇ ਵਿਚ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਬਾਸ਼ਿੰਦੇ ਨੂੰ ਟਿਕਟ ਦਿੱਤੀ ਗਈ ਹੈ | ਸ਼ੋ੍ਰਮਣੀ ਅਕਾਲੀ ਦਲ ਨੇ ਬਟਾਲਾ, ਬੰਗਾ, ਧਰਮਕੋਟ, ਜ਼ੀਰਾ, ਜਲਾਲਾਬਾਦ, ਫ਼ਾਜ਼ਿਲਕਾ, ਭੁੱਚੋ ਮੰਡੀ, ਆਤਮ ਨਗਰ, ਸਤਰਾਣਾ, ਰਾਜਪੁਰਾ, ਘਨੌਰ, ਸਨੌਰ ਆਦਿ ਵਿਚ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਉਤਾਰਿਆ ਹੈ | ਕਈ ਹਲਕੇ ਅਜਿਹੇ ਹਨ ਜਿੱਥੇ ਵੋਟਰ ਸਥਾਨਿਕ ਹਨ ਜਦੋਂ ਕਿ ਉਮੀਦਵਾਰ ਬਾਹਰਲੇ ਹਨ | ਪੈਰਾਸ਼ੂਟ ਉੁਮੀਦਵਾਰਾਂ ਅੱਗੇ ਹਲਕੇ ਦੇ ਲੋਕ ਠੱਗੇ ਮਹਿਸੂਸ ਕਰਦੇ ਹਨ | ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਆਊਟਸਾਈਡਰ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੇ ਪਿੱਛੇ ਕੰਮ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ |

           'ਆਪ' ਵੱਲੋਂ ਹਲਕਾ ਮਲੋਟ ਤੋਂ ਡਾ.ਬਲਜੀਤ ਕੌਰ ਨੂੰ ਉਤਾਰਿਆ ਗਿਆ ਹੈ ਜੋ ਕਿ ਮੁਕਤਸਰ ਦੇ ਬਾਸ਼ਿੰਦੇ ਹਨ | ਰਾਮਪੁਰਾ ਫੂਲ ਤੋਂ ਗਾਇਕ ਬਲਕਾਰ ਸਿੱਧੂ 'ਆਪ' ਉਮੀਦਵਾਰ ਹਨ ਜੋ ਭੁੱਚੋ ਹਲਕੇ ਦੇ ਰਹਿਣ ਵਾਲੇ ਹਨ | ਅਜਨਾਲਾ ਤੋਂ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਹਲਕਾ ਰਾਜਾਸਾਂਸੀ ਦੇ ਰਹਿਣ ਵਾਲੇ ਹਨ | ਕਾਦੀਆਂ ਤੋਂ ਜਗਰੂਪ ਸੇਖਵਾਂ, ਅੰਮ੍ਰਿਤਸਰ ਕੇਂਦਰੀ ਤੋਂ ਅਜੇ ਗੁਪਤਾ, ਅੰਮ੍ਰਿਤਸਰ ਈਸਟ ਤੋਂ ਜੀਵਨਜੋਤ ਕੌਰ, ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ ਅਤੇ ਖਰੜ ਤੋਂ 'ਆਪ' ਉਮੀਦਵਾਰ ਅਨਮੋਲ ਗਗਨ ਮਾਨ ਵੀ ਆਊਟ ਸਾਈਡਰ ਹਨ |

                                        ਏਹ ਲੋਕ ਭਾਵਨਾਵਾਂ ਦੀ ਤਰਜਮਾਨੀ ਨਹੀਂ : ਸੇਖੋਂ

ਗੁਰੂ ਨਾਨਕ ਦੇਵ ਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਰਿਟਾ. ਅਧਿਆਪਕ ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਪੈਰਾਸ਼ੂਟ ਉਮੀਦਵਾਰ ਅਸਲ ਵਿਚ ਹਲਕੇ ਦੀਆਂ ਲੋਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਬਲਕਿ ਸਿਆਸੀ ਧਿਰਾਂ ਵੱਲੋਂ ਸੱਤਾ ਹਾਸਲ ਕਰਨ ਲਈ ਆਪਣੇ ਮਨਪਸੰਦਾਂ ਨੂੰ ਹਲਕੇ 'ਤੇ ਥੋਪ ਦਿੱਤਾ ਜਾਂਦਾ ਹੈ ਜੋਂ ਸਿਆਸਤ 'ਚ ਨੈਤਿਕ ਗਿਰਾਵਟ ਦੀ ਨਿਸ਼ਾਨੀ ਹੈ | ਅਜਿਹੇ ਆਊਟ ਸਾਈਡਰ ਉਮੀਦਵਾਰਾਂ ਦੀ ਹਲਕੇ ਪ੍ਰਤੀ ਕੋਈ ਪ੍ਰਤੀਬੱਧਤਾ ਨਹੀਂ ਹੁੰਦੀ ਹੈ |

                              ਲੋਕ ਰਾਜੀ ਪ੍ਰਕਿਰਿਆ ਨੂੰ ਹਾਈਜੈਕ ਕੀਤਾ : ਜੋਧਕਾ

ਜਵਾਹਰ ਲਾਲ ਨਹਿਰੂ 'ਵਰਸਿਟੀ ਦਿੱਲੀ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋ. ਸੁਰਿੰਦਰ ਜੋਧਕਾ ਆਖਦੇ ਹਨ ਕਿ ਚੋਣਾਂ ਮੌਕੇ ਹਲਕੇ 'ਚ ਲੋਕਾਂ ਦੀ ਪ੍ਰਤੀਨਿਧਤਾ ਕੌਣ ਕਰੇਗਾ, ਇਹ ਫ਼ੈਸਲਾ ਹਲਕੇ ਦੇ ਲੋਕ ਨਹੀਂ ਬਲਕਿ ਸਿਆਸੀ ਧਿਰਾਂ ਦੇ ਨੇਤਾ ਲੈਂਦੇ ਹਨ ਜਿਸ ਨਾਲ ਸਥਾਨਿਕ ਲੋਕਰਾਜ ਨੂੰ ਵੱਡੀ ਢਾਹ ਲੱਗਦੀ ਹੈ | ਉਨ੍ਹਾਂ ਕਿਹਾ ਕਿ ਲੋਕਰਾਜੀ ਪ੍ਰਕਿਰਿਆ ਨੂੰ ਹੁਣ ਹਾਈਜੈਕ ਕੀਤਾ ਜਾਣ ਲੱਗਾ ਹੈ ਤੇ ਲੋਕਾਂ ਦੀ ਇੱਛਾ ਜਾਂ ਭਾਵਨਾਵਾਂ ਦਾ ਕੋਈ ਮੁੱਲ ਨਹੀਂ ਰਹਿ ਗਿਆ ਹੈ |

Wednesday, January 12, 2022

                                                        ਵਜ਼ੀਫ਼ਾ ਘੁਟਾਲਾ
                                  ਪੰਜਾਬ ਸਰਕਾਰ ਨੇ ਧਨਾਢ ਅਦਾਰੇ ਬਖ਼ਸ਼ੇ
                                                         ਚਰਨਜੀਤ ਭੁੱਲਰ     

ਚੰਡੀਗੜ੍ਹ : ਕਾਂਗਰਸ ਸਰਕਾਰ ਨੇ ਚੁੱਪ-ਚੁਪੀਤੇ ਚੋਣ ਜ਼ਾਬਤੇ ਤੋਂ ਪਹਿਲਾਂ ਕਥਿਤ ਵਜ਼ੀਫ਼ਾ ਘੁਟਾਲਾ ਕਰਨ ਵਾਲੇ ਦਰਜਨਾਂ ਵਿੱਦਿਅਕ ਅਦਾਰੇ ਬਖਸ਼ ਦਿੱਤੇ ਹਨ, ਜਿਨ੍ਹਾਂ ’ਤੇ ਹੁਣ ਪੁਲੀਸ ਕੇਸ ਦਰਜ ਨਹੀਂ ਹੋਵੇਗਾ। ਪਹਿਲੀ ਜਨਵਰੀ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਅਜਿਹੇ ਵਿੱਦਿਅਕ ਅਦਾਰਿਆਂ ਨੂੰ ਪੁਲੀਸ ਕਾਰਵਾਈ ਤੋਂ ਛੋਟ ਦੇ ਦਿੱਤੀ ਗਈ, ਜਿਨ੍ਹਾਂ ਤੋਂ ਸਰਕਾਰ ਨੇ 9 ਫ਼ੀਸਦੀ ਪੀਨਲ ਵਿਆਜ ਸਮੇਤ ਰਿਕਵਰੀ ਵਸੂਲ ਕਰ ਲਈ ਹੈ। ਇਸ ਮਾਮਲੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਅਤੇ ਇਸ ਬਾਰੇ ਮਹਿਕਮੇ ਵੱਲੋਂ ਕੋਈ ਏਜੰਡਾ ਵੀ ਨਹੀਂ ਭੇਜਿਆ ਗਿਆ ਸੀ ਪਰ ਫਿਰ ਵੀ ਆਪਣੇ ਪੱਧਰ ’ਤੇ ਕੈਬਨਿਟ ਨੇ ਫ਼ੈਸਲਾ ਲੈ ਲਿਆ।

            ਚੇਤੇ ਰਹੇ ਕਿ ਪੰਜਾਬ ਕੈਬਨਿਟ ਨੇ 31 ਮਈ, 2018 ਨੂੰ ਪੋਸਟ ਮੈਟਰਿਕ ਵਜ਼ੀਫ਼ਾ ਸਕੀਮ ਬਾਰੇ ਫ਼ੈਸਲਾ ਕੀਤਾ ਸੀ ਕਿ ਜਿਨ੍ਹਾਂ ਅਦਾਰਿਆਂ ਵੱਲ 50 ਲੱਖ ਤੋਂ ਵੱਧ ਦੀ ਇਤਰਾਜ਼ ਯੋਗ ਰਾਸ਼ੀ ਕੱਢੀ ਗਈ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਪਹਿਲਾਂ ਸਰਕਾਰ ਇਸ ਫੈਸਲੇ ਦੇ ਬਾਵਜੂਦ ਕਾਫੀ ਸਮਾਂ ਚੁੱਪ ਰਹੀ ਅਤੇ ਆਖਰ ਹੁਣ ਪਹਿਲੀ ਜਨਵਰੀ ਨੂੰ ਕੈਬਨਿਟ ਨੇ ਫੈਸਲਾ ਕਰ ਦਿੱਤਾ ਕਿ ਜਿਨ੍ਹਾਂ ਅਦਾਰਿਆਂ ਤੋਂ ਰਿਕਵਰੀ ਹੋ ਗਈ ਹੈ, ਉਨ੍ਹਾਂ ਖਿਲਾਫ ਕਰੀਮੀਨਲ ਕਾਰਵਾਈ ਕਰਨ ਦੀ ਕੋਈ ਉਚਿਤਤਾ ਨਹੀਂ ਹੈ |ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 16 ਜੂਨ 2017 ਨੂੰ ਹੁਕਮ ਜਾਰੀ ਕਰਕੇ ਪੋਸਟ ਮੈਟਿ੍ਕ ਵਜੀਫਾ ਸਕੀਮ ਦਾ 2011-12 ਤੋਂ 2016-17 ਦੇ ਸਮੇਂ ਦਾ ਸਪੈਸ਼ਲ ਆਡਿਟ ਕਰਾਇਆ ਸੀ ਜਿਸ 'ਚ ਵੱਡੀ ਰਾਸ਼ੀ ਦੀ ਗੜਬੜੀ ਸਾਹਮਣੇ ਆਈ ਸੀ | 

           ਉਸ ਮਗਰੋਂ ਮੁੱਖ ਮੰਤਰੀ ਨੇ 19 ਜਨਵਰੀ ਨੂੰ 2019 ਨੂੰ ਆਡਿਟ ਨੂੰ ਰੀਵਿਊ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਿਸ ਨਾਲ ਰਾਸ਼ੀ ਵਿਚ ਵੱਡੀ ਕਟੌਤੀ ਹੋ ਗਈ | ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ 23 ਅਕਤੂਬਰ 2021 ਨੂੰ ਕਿਹਾ ਸੀ ਕਿ ਵਜੀਫਾ ਸਕੀਮ ਦੀ ਕਰੀਬ 100 ਅਦਾਰਿਆਂ ਵੱਲ 100 ਕਰੋੜ ਦੀ ਵਸੂਲੀ ਬਕਾਇਆ ਖੜ੍ਹੀ ਹੈ | ਉਨ੍ਹਾਂ ਕਿਹਾ ਸੀ ਕਿ ਐਡਵੋਕੇਟ ਜਨਰਲ ਦੀ ਰਾਇ ਲੈਣ ਮਗਰੋਂ ਅਜਿਹੇ ਅਦਾਰਿਆਂ ਖਿਲਾਫ ਪੁਲੀਸ ਕੇਸ ਦਰਜ ਕਰਾਉਣ ਲਈ ਕਿਹਾ ਗਿਆ ਹੈ |ਮੰਤਰੀ ਵੇਰਕਾ ਨੇ ਦੱਸਿਆ ਸੀ ਕਿ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਜਿਨ੍ਹਾਂ ਅਦਾਰਿਆਂ ਵੱਲ 50 ਲੱਖ ਤੋਂ ਵੱਧ ਦੀ ਰਾਸ਼ੀ ਬਕਾਇਆ ਖੜ੍ਹੀ ਹੋਵੇ, ਉਨ੍ਹਾਂ ਖਿਲਾਫ ਕੇਸ ਦਰਜ ਕਰਾਇਆ ਜਾਣਾ ਬਣਦਾ ਹੈ  

          ਪੰਜਾਬ ਸਰਕਾਰ ਵੱਲੋਂ 50 ਲੱਖ ਤੋਂ ਵੱਧ ਰਾਸ਼ੀ ਵਾਲੇ 70 ਅਦਾਰਿਆਂ ਦੀ ਸ਼ਨਾਖਤ ਕੀਤੀ ਗਈ ਸੀ, ਜਿਨ੍ਹਾਂ ਵੱਲ ਸਪੈਸ਼ਲ ਆਡਿਟ ਦੌਰਾਨ 101.51 ਕਰੋੜ ਦੀ ਰਾਸ਼ੀ ਬਕਾਇਆ ਪਾਈ ਗਈ। ਮੁੱਖ ਮੰਤਰੀ ਦੇ ਹੁਕਮਾਂ ’ਤੇ ਮੁੜ ਰੀਵਿਊ ਕਰਨ ਮਗਰੋਂ ਇਹ ਰਾਸ਼ੀ ਘਟ ਕੇ 56.64 ਕਰੋੜ ਰੁਪਏ ਬਕਾਇਆ ਰਹਿ ਗਈ ਸੀ।ਜਾਣਕਾਰੀ ਅਨੁਸਾਰ ਵਜ਼ੀਫ਼ਾ ਰਾਸ਼ੀ ਵਿੱਚ ਗੜਬੜੀ ਵਾਲੇ 70 ਵਿੱਦਿਅਕ ਅਦਾਰਿਆਂ ਵਿੱਚੋਂ 34 ਅਦਾਰਿਆਂ ਨੇ ਸਮੇਤ ਵਿਆਜ ਇਹ ਰਾਸ਼ੀ ਸਰਕਾਰ ਨੂੰ ਵਾਪਸ ਮੋੜ ਦਿੱਤੀ ਹੈ, ਜਦੋਂਕਿ 25.23 ਕਰੋੜ ਦੀ ਰਾਸ਼ੀ ਹਾਲੇ ਵੀ ਬਕਾਇਆ ਖੜ੍ਹੀ ਹੈ। 

          ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਅਦਾਰਿਆਂ ਦੇ ਦਬਾਅ ਮਗਰੋਂ ਸਰਕਾਰ ਨੇ ਇਨ੍ਹਾਂ ਅਦਾਰਿਆਂ ਨੂੰ ਪੁਲੀਸ ਕੇਸ ਤੋਂ ਮੁਕਤ ਕਰ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹਾਂ ਅਦਾਰਿਆਂ ਵਿੱਚ ਸ਼ਾਮਲ ਦੋ ਪ੍ਰਾਈਵੇਟ ਯੂਨੀਵਰਸਿਟੀ ਦੇ ਸਮਾਗਮਾਂ ਵਿੱਚ ਦੋ-ਦੋ ਵਾਰ ਸ਼ਾਮਲ ਵੀ ਹੋ ਚੁੱਕੇ ਹਨ।ਮੁਹਾਲੀ ਜ਼ਿਲ੍ਹੇ ਦੀ ਇੱਕ ਨਾਮੀ ਪ੍ਰਾਈਵੇਟ ਯੂਨੀਵਰਸਿਟੀ ਵੱਲ ਵਜ਼ੀਫ਼ਾ ਸਕੀਮ ਦੇ ਸਪੈਸ਼ਲ ਆਡਿਟ ਵਿੱਚ 23.43 ਕਰੋੜ ਦੀ ਰਾਸ਼ੀ ਨਿਕਲੀ ਸੀ, ਜੋ ਰੀਵਿਊ ਕਰਨ ਮਗਰੋਂ ਘਟ ਕੇ 3.08 ਕਰੋੜ ਰਹਿ ਗਈ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਵਿਚਲੀ ਨਾਮੀ ਪ੍ਰਾਈਵੇਟ ਯੂਨੀਵਰਸਿਟੀ ਵੱਲ ਸਪੈਸ਼ਲ ਆਡਿਟ ’ਚ 7.23 ਕਰੋੜ ਦੀ ਰਾਸ਼ੀ ਨਿਕਲੀ ਸੀ, ਜੋ ਰੀਵਿਊ ਹੋਣ ਪਿੱਛੋਂ 3.42 ਕਰੋੜ ਰਹਿ ਗਈ। ਬਠਿੰਡਾ ਜ਼ਿਲ੍ਹੇ ਦੀ ਇੱਕ ਨਿੱਜੀ ’ਵਰਸਿਟੀ ਵੱਲ 15.58 ਕਰੋੜ ਦੀ ਰਾਸ਼ੀ ਨਿਕਲੀ ਸੀ, ਜੋ ਮਗਰੋਂ 1.72 ਕਰੋੜ ਹੀ ਰਹਿ ਗਈ। ਕਪੂਰਥਲਾ ਦੀ ਇੱਕ ਪ੍ਰਾਈਵੇਟ ’ਵਰਸਿਟੀ ਵੱਲ 12.91 ਕਰੋੜ ਦੀ ਰਾਸ਼ੀ ਰੀਵਿਊ ਮਗਰੋਂ 1.04 ਕਰੋੜ ਰਹਿ ਗਈ ਸੀ। ਪੁਲੀਸ ਕੇਸ ਦੇ ਡਰੋਂ ਇਨ੍ਹਾਂ ਯੂਨੀਵਰਸਿਟੀਆਂ ਨੇ ਸਰਕਾਰ ਨੂੰ ਰਾਸ਼ੀ ਮੋੜ ਦਿੱਤੀ ਹੈ। 

                                  ਕੁਝ ਅਦਾਰਿਆਂ ਖ਼ਿਲਾਫ਼ ਕਾਰਵਾਈ ਜਾਰੀ: ਵੇਰਕਾ

ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਵਿੱਦਿਅਕ ਅਦਾਰਿਆਂ ਦੇ ਪ੍ਰਤੀਨਿਧ ਮਿਲੇ ਸਨ, ਜਿਨ੍ਹਾਂ ਦੀ ਮੰਗ ’ਤੇ ਕੈਬਨਿਟ ਨੇ ਪਹਿਲੀ ਜਨਵਰੀ ਨੂੰ ਵਿਚਾਰ ਮਸ਼ਵਰਾ ਕਰਕੇ ਵਜ਼ੀਫ਼ਾ ਸਕੀਮ ਦੀ ਇਤਰਾਜ਼ਯੋਗ ਰਾਸ਼ੀ ਵਾਪਸ ਕਰਨ ਵਾਲੇ ਅਦਾਰਿਆਂ ਨੂੰ ਅਪਰਾਧਿਕ ਕਾਰਵਾਈ ਤੋਂ ਰਾਹਤ ਦਿੱਤੀ ਗਈ ਹੈ, ਜਦੋਂਕਿ ਬਾਕੀ ਅਦਾਰਿਆਂ ਖ਼ਿਲਾਫ਼ ਸਬੰਧਤ ਵਿਭਾਗਾਂ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਕਾਰਨ ਦੱਸੋ ਨੋਟਿਸ’ ਜਾਰੀ ਹੋਣ ਤੋਂ ਪਹਿਲਾਂ ਰਾਸ਼ੀ ਵਾਪਸ ਮੋੜ ਵਾਲੇ ਅਦਾਰਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।