ਸਿਆਸੀ ਝੋਰਾ
ਮਾਮੂਲੀ ਵੋਟਾਂ ਨਾਲ ਹਾਰੇ ਕਈ ਖ਼ਾਸ ਬੰਦੇ..!
ਚਰਨਜੀਤ ਭੁੱਲਰ
ਚੰਡੀਗੜ੍ਹ: ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਮੂਲੀ ਵੋਟਾਂ ਦੇ ਫ਼ਰਕ ਨਾਲ ਹਾਰੇ ਉਮੀਦਵਾਰਾਂ ਨੂੰ ਅੱਜ ਤੱਕ ਹਾਰ ਨਹੀਂ ਭੁੱਲੀ ਹੈ। ਭਾਵੇਂ ਇਨ੍ਹਾਂ ਜਿੱਤਾਂ-ਹਾਰਾਂ ਨੂੰ ਆਮ ਲੋਕ ਤਾਂ ਭੁੱਲ-ਭੁਲਾ ਗਏ ਹਨ ਪਰ ਉਨ੍ਹਾਂ ਨੂੰ ਭੁੱਲਣਾ ਮੁਸ਼ਕਲ ਹੈ, ਜੋ ਮਾਮੂਲੀ ਫ਼ਰਕ ਨਾਲ ਜਿੱਤੀ ਹੋਈ ਬਾਜ਼ੀ ਹਾਰ ਬੈਠੇ ਸਨ। ਪੰਜਾਬੀ ਸੂਬਾ ਬਣਨ ਮਗਰੋਂ ਵਿਧਾਨ ਸਭਾ ਦੀਆਂ ਹੋਈਆਂ ਕੁੱਲ ਬਾਰਾਂ ਚੋਣਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਮਾਮੂਲੀ ਫ਼ਰਕ ਨਾਲ ਹਾਰਨ ਵਾਲੇ ਸੈਂਕੜੇ ਚਿਹਰੇ ਸਾਹਮਣੇ ਆਉਂਦੇ ਹਨ। ਪੰਜਾਬ ਵਿਧਾਨ ਸਭਾ ਚੋਣਾਂ-1992 ਵਿੱਚ ਪਿਓ-ਪੁੱਤ ਦੀ ਹਾਰ-ਜਿੱਤ ਦਾ ਫ਼ਰਕ ਬਹੁਤ ਘੱਟ ਰਿਹਾ ਸੀ। ਮੋਗਾ ਤੋਂ ਜਨਤਾ ਦਲ ਦੇ ਉਮੀਦਵਾਰ ਸਾਥੀ ਰੂਪ ਲਾਲ ਸਿਰਫ਼ 7 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਮਾਲਤੀ ਥਾਪਰ ਤੋਂ ਹਾਰ ਗਏ ਸਨ, ਜਦਕਿ ਸਾਥੀ ਰੂਪ ਲਾਲ ਦਾ ਲੜਕਾ ਵਿਜੈ ਸਾਥੀ ਹਲਕਾ ਬਾਘਾਪੁਰਾਣਾ ਤੋਂ ਬਤੌਰ ਜਨਤਾ ਦਲ ਉਮੀਦਵਾਰ 8 ਵੋਟਾਂ ਦੇ ਫ਼ਰਕ ਨਾਲ ਜਿੱਤ ਗਿਆ ਸੀ।
ਸਾਬਕਾ ਵਿਧਾਇਕ ਵਿਜੈ ਸਾਥੀ ਨੇ ਕਿਹਾ ਕਿ ਉਦੋਂ ਉਸ ਦੇ ਪਿਤਾ ਨੂੰ ਹਕੂਮਤ ਨੇ ਧੱਕੇ ਨਾਲ ਹਰਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਮਲਾਲ ਹੈ ਕਿ ਜੇ ਕਿਤੇ ਪਿਤਾ ਨਾਲ ਧੱਕਾ ਨਾ ਹੁੰਦਾ ਤਾਂ ਦੋਵੇਂ ਇੱਕੋ ਤਖ਼ਤ ’ਤੇ ਬੈਠਦੇ। 1992 ਦੀਆਂ ਚੋਣਾਂ ਵਿੱਚ ਗੁਰੂ ਹਰਸਹਾਏ ਤੋਂ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਸਿਰਫ਼ 320 ਵੋਟਾਂ ਦੇ ਫ਼ਰਕ ਨਾਲ ਹਾਰਿਆ ਸੀ, ਜਿਸ ਦਾ ਫ਼ਰਕ ਕੇਵਲ 0.54 ਫ਼ੀਸਦੀ ਬਣਦਾ ਹੈ। ਪੰਜਾਬੀ ਸੂਬਾ ਬਣਨ ਮਗਰੋਂ 1967 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਦੋਂ ਹਲਕਾ ਅਮਲੋਹ ਤੋਂ ਕਾਂਗਰਸੀ ਉਮੀਦਵਾਰ ਬੀ ਸਿੰਘ ਮਹਿਜ਼ 0.58 ਫ਼ੀਸਦੀ ਦੇ ਅੰਤਰ ਨਾਲ ਜਿੱਤਿਆ ਸੀ ਅਤੇ ਐੱਸ ਸਿੰਘ ਚੋਣ ਹਾਰ ਗਏ ਸਨ। ਇਸੇ ਹਲਕੇ ਤੋਂ 1969 ਦੀ ਚੋਣ ਵਿੱਚ ਅਕਾਲੀ ਉਮੀਦਵਾਰ ਦਲੀਪ ਸਿੰਘ ਸਿਰਫ਼ 0.80 ਫ਼ੀਸਦੀ ਵੋਟ ਫ਼ਰਕ ਨਾਲ ਚੋਣ ਹਾਰ ਗਏ ਸਨ।
1972 ਦੀਆਂ ਚੋਣਾਂ ਵਿੱਚ ਸੁਨਾਮ ਹਲਕੇ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਸਿਰਫ਼ 1.01 ਫ਼ੀਸਦੀ ਫ਼ਰਕ ਨਾਲ ਚੋਣ ਹਾਰ ਗਏ ਸਨ, ਉਦੋਂ ਕਾਂਗਰਸ ਦੇ ਕ੍ਰਿਸ਼ਨ ਚੰਦ ਚੋਣ ਜਿੱਤੇ ਸਨ। ਇਸੇ ਤਰ੍ਹਾਂ 1977 ਦੀਆਂ ਚੋਣਾਂ ਵਿੱਚ ਫ਼ਿਰੋਜ਼ਪੁਰ ਹਲਕੇ ਤੋਂ ਬਾਲ ਮੁਕੰਦ ਸਿਰਫ਼ 0.52 ਫ਼ੀਸਦੀ ਅੰਤਰ ਨਾਲ ਚੋਣ ਹਾਰੇ ਸਨ। ਭਾਵੇਂ ਅੱਜ ਬਹੁਤੇ ਉਮੀਦਵਾਰ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਵਾਰਸਾਂ ਦੇ ਚੇਤਿਆਂ ਵਿੱਚ ਅੱਜ ਵੀ ਇਹ ਫ਼ਰਕ ਰੜਕ ਰਿਹਾ ਹੈ। ਸਾਲ 1980 ਦੀਆਂ ਚੋਣਾਂ ਵਿੱਚ ਬਾਘਾਪੁਰਾਣਾ ਤੋਂ ਕਾਂਗਰਸ ਦੇ ਉਮੀਦਵਾਰ ਅਵਤਾਰ ਬਰਾੜ ਸਿਰਫ਼ 0.22 ਫ਼ੀਸਦੀ ਫ਼ਰਕ ਨਾਲ ਚੋਣ ਹਾਰ ਗਏ ਸਨ।
ਇਵੇਂ ਹੀ 1985 ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਕੇਂਦਰੀ ਤੋਂ ਭਾਜਪਾ ਉਮੀਦਵਾਰ ਲਕਸ਼ਮੀ ਕਾਂਤਾ ਚਾਵਲਾ ਇੱਕ ਫ਼ੀਸਦੀ ਵੋਟਾਂ ਦੇ ਫ਼ਰਕ ਨਾਲ ਹਾਰੇ ਸਨ, ਜਦਕਿ ਉਦੋਂ ਹੀ ਹਲਕਾ ਪੱਕਾ ਕਲਾਂ ਤੋਂ ਉਮੀਦਵਾਰ ਬਿਮਲ ਸਿਰਫ਼ 0.70 ਫ਼ੀਸਦੀ ਵੋਟ ਫ਼ਰਕ ਨਾਲ ਚੋਣ ਹਾਰ ਗਏ ਸਨ। ਸਾਲ 1992 ਦੀਆਂ ਚੋਣਾਂ ਸਮੇਂ ਪੋਲਿੰਗ ਬਹੁਤ ਹੀ ਘੱਟ ਹੋਈ ਸੀ ਅਤੇ ਉਦੋਂ ਹਲਕਾ ਗੁਰੂਹਰਸਹਾਏ ਤੋਂ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਸਿਰਫ਼ 0.54 ਫ਼ੀਸਦੀ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਸੰਨ 1997 ਦੀਆਂ ਚੋਣਾਂ ਵਿੱਚ ਦਸੂਹਾ ਹਲਕੇ ਤੋਂ ਭਾਜਪਾ ਉਮੀਦਵਾਰ ਰਾਮ ਪ੍ਰਕਾਸ਼ ਸਿਰਫ਼ 53 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ, ਜਦਕਿ 2002 ਦੀਆਂ ਚੋਣਾਂ ਵਿੱਚ ਧਾਰੀਵਾਲ ਹਲਕੇ ਤੋਂ ਆਜ਼ਾਦ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਤੋਂ ਅਕਾਲੀ ਉਮੀਦਵਾਰ ਸੁੱਚਾ ਸਿੰਘ ਲੰਗਾਹ ਸਿਰਫ਼ 80 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।
2007 ਦੀਆਂ ਚੋਣਾਂ ਵਿੱਚ ਹਲਕਾ ਭਦੌੜ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਕੌਰ 186 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ। ਇਸੇ ਤਰ੍ਹਾਂ 2012 ਵਿੱਚ ਹਲਕਾ ਫਿਲੌਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਆਪਣੇ ਵਿਰੋਧੀ ਉਮੀਦਵਾਰ ਤੋਂ ਸਿਰਫ਼ 31 ਵੋਟਾਂ ਨਾਲ ਹਾਰੇ ਸਨ। ਇਨ੍ਹਾਂ ਚੋਣਾਂ ਵਿੱਚ ਹੀ ਪੱਟੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਆਪਣੇ ਵਿਰੋਧੀ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਸਿਰਫ਼ 59 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਪਿਛਲੀਆਂ 2017 ਦੀਆਂ ਚੋਣਾਂ ਵਿੱਚ ਫ਼ਾਜ਼ਿਲਕਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਕੇਵਲ 265 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਸਨ।
200 ਵੋਟਾਂ ਨਾਲ ਹਾਰੇ ਸਨ ਸਾਬਕਾ ਮੁੱਖ ਮੰਤਰੀ
ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ 2002 ਦੀਆਂ ਚੋਣਾਂ ’ਚ ਆਜ਼ਾਦ ਉਮੀਦਵਾਰ ਸੁਖਦਰਸ਼ਨ ਸਿੰਘ ਮਰਾੜ ਤੋਂ 200 ਵੋਟਾਂ ਨਾਲ ਚੋਣ ਹਾਰ ਗਏ ਸਨ। ਉਦੋਂ ਜੇਤੂ ਆਜ਼ਾਦ ਉਮੀਦਵਾਰ ਮਰਾੜ ਨੂੰ 32,465 ਵੋਟਾਂ ਮਿਲੀਆਂ ਜਦੋਂ ਕਿ ਹਰਚਰਨ ਬਰਾੜ ਨੂੰ 32,265 ਵੋਟਾਂ ਮਿਲੀਆਂ ਸਨ। ਇਹ ਦੋਵੇਂ ਉਮੀਦਵਾਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਦੋਂ ਇਹ ਚੋਣ ਬਹੁਤ ਹੀ ਦਿਲਚਸਪ ਰਹੀ ਸੀ।
394 ਵੋਟਾਂ ਨਾਲ ਬਣਿਆ ਵਿਧਾਇਕ
ਦਿਲਚਸਪ ਤੱਥ ਹਨ ਕਿ 1992 ਵਿੱਚ ਹਲਕਾ ਜੋਗਾ ’ਚ ਸਿਰਫ਼ 1.07 ਫ਼ੀਸਦੀ ਪੋਲਿੰਗ ਹੋਈ ਸੀ। ਜੇਤੂ ਉਮੀਦਵਾਰ ਸੁਰਜਨ ਸਿੰਘ ਜੋਗਾ ਨੂੰ 394 ਵੋਟਾਂ ਪ੍ਰਾਪਤ ਹੋਈਆਂ ਸਨ, ਜਦੋਂ ਕਿ ਉਨ੍ਹਾਂ ਤੋਂ ਹਾਰਨ ਵਾਲੇ ਉਮੀਦਵਾਰ ਨੂੰ 289 ਵੋਟਾਂ ਮਿਲੀਆਂ ਸਨ। ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਨੂੰ ਕੁੱਲ 181 ਵੋਟਾਂ ਪਈਆਂ ਸਨ। ਪੰਜਾਬ ਭਰ ਵਿੱਚੋਂ ਸਭ ਤੋਂ ਘੱਟ ਪੋਲਿੰਗ ਹਲਕਾ ਜੋਗਾ ਵਿੱਚ ਹੋਈ ਸੀ। ਜੇਤੂ ਉਮੀਦਵਾਰ ਕਿਸੇ ਪੰਚਾਇਤ ਦੇ ਮੈਂਬਰ ਨਾਲੋਂ ਵੀ ਘੱਟ ਵੋਟਾਂ ਲੈ ਕੇ ਵਿਧਾਨ ਸਭਾ ਦੀ ਪੌੜੀ ਚੜ੍ਹਨ ਵਿੱਚ ਸਫ਼ਲ ਹੋਇਆ ਸੀ।
No comments:
Post a Comment