Wednesday, January 26, 2022

                                                       ਚੁਣਾਵੀ ਸੁਫ਼ਨੇ
                             ਕਾਸ਼ ! ਬਿਨਾਂ ਮੁਕਾਬਲਾ ਹੀ ਚੁਣਿਆ ਜਾਵਾਂ..!
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ’ਚ ਹੁਣ ਨਵੇਂ ਰੰਗ ਦਿਖਣ ਲੱਗੇ ਹਨ। ਨਵੇਂ ਯੁੱਗ ਨੇ ਸਿਆਸਤ ਨੂੰ ਵੀ ਮੋੜਾ ਦਿੱਤਾ ਹੈ। ਕੋਈ ਵੇਲਾ ਸੀ ਜਦੋਂ ਬਿਨਾਂ ਮੁਕਾਬਲਾ ਵੀ ਉਮੀਦਵਾਰ ਜਿੱਤਦੇ ਸਨ। ਆਹਮੋ-ਸਾਹਮਣੇ ਚੋਣ ਮੁਕਾਬਲੇ ਹੁੰਦੇ ਸਨ ਜਾਂ ਫਿਰ ਤਿੰਨ ਧਿਰੀ ਮੁਕਾਬਲੇ। ਮੌਜੂਦਾ ਚੋਣਾਂ ’ਚ ਬਹੁਧਿਰੀ ਮੁਕਾਬਲੇ ਹੋਣੇ ਯਕੀਨੀ ਹਨ। ਲੋਕ ਰਾਜ ਨੇ ਵੋਟਰਾਂ ਲਈ ਪਸੰਦ ਦਾ ਘੇਰਾ ਮੋਕਲਾ ਕੀਤਾ ਹੈ। ਅੱਜ ਦੇ ਜ਼ਮਾਨੇ ’ਚ ਉਮੀਦਵਾਰਾਂ ਲਈ ਇਹ ਸੁਫ਼ਨਾ ਹੀ ਬਣ ਗਿਆ ਹੈ ਕਿ ਕਾਸ਼! ਉਹ ਵੀ ਬਿਨਾਂ ਮੁਕਾਬਲਾ ਚੁਣੇ ਜਾਣ।ਜਦੋਂ ਪੰਜਾਬ ਚੋਣਾਂ ਦੇ ਰਾਜਸੀ ਇਤਿਹਾਸ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਕੁਝ ਅਲੋਕਾਰੀ ਦਿਖਦਾ ਹੈ। 

            ਪ੍ਰਾਪਤ ਵੇਰਵਿਆਂ ਅਨੁਸਾਰ 1952 ਦੀਆਂ ਚੋਣਾਂ ਤੋਂ 2017 ਤੱਕ ਪੰਜਾਬ ’ਚ ਸਿਰਫ਼ ਪੰਜ ਉਮੀਦਵਾਰ ਹੀ ਨਿਰਵਿਰੋਧ ਚੁਣੇ ਗਏ ਹਨ। ਹੁਣ ਲੰਘੇ ਤੀਹ ਵਰ੍ਹਿਆਂ ਤੋਂ ਕੋਈ ਵੀ ਉਮੀਦਵਾਰ ਨਿਰਵਿਰੋਧ ਨਹੀਂ ਚੁਣਿਆ ਗਿਆ। ਆਜ਼ਾਦੀ ਪਿੱਛੋਂ ਪੰਜਾਬ ਵਿਧਾਨ ਸਭਾ ਲਈ ਪਹਿਲੀ ਪੋਲਿੰਗ 27 ਮਾਰਚ 1952 ਨੂੰ ਹੋਈ ਸੀ, ਜਿਸ ’ਚ ਫ਼ਿਰੋਜ਼ਪੁਰ ਹਲਕੇ ਤੋਂ ਮੁਹੰਮਦ ਯਸਕੀਨ ਖ਼ਾਨ ਨਿਰਵਿਰੋਧ ਚੋਣ ਜਿੱਤ ਗਿਆ ਸੀ। ਉਸ ਦੇ ਮੁਕਾਬਲੇ ’ਚ ਕੋਈ ਉਮੀਦਵਾਰ ਨਹੀਂ ਸੀ। ਉਦੋਂ ਫ਼ਿਰੋਜ਼ਪੁਰ ਹਲਕੇ ’ਚ 58,260 ਵੋਟਰ ਸਨ। ਪੰਜਾਬ ਚੋਣਾਂ ’ਚ ਬਿਨਾਂ ਮੁਕਾਬਲੇ ਤੋਂ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਕਾਂਗਰਸ ਦੀ ਸਮਿੱਤਰਾ ਦੇਵੀ ਹੈ, ਜੋ 1957 ਦੀਆਂ ਚੋਣਾਂ ਰਿਵਾੜੀ ਹਲਕੇ ਤੋਂ ਲੜੀ ਸੀ। 

            ਉਸ ਮਗਰੋਂ 1972 ਦੀਆਂ ਚੋਣਾਂ ਵਿਚ ਕਰਤਾਰਪੁਰ ਹਲਕੇ ਤੋਂ ਬਿਨਾਂ ਮੁਕਾਬਲੇ ਤੋਂ ਗੁਰਬੰਤਾ ਸਿੰਘ ਚੁਣੇ ਗਏ ਸਨ। ਉਦੋਂ ਚਾਰ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ ਤਿੰਨ ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਸਨ। ਇਸੇ ਤਰ੍ਹਾਂ ਜਦੋਂ ਪੰਜਾਬ ’ਚ ਕਾਲਾ ਦੌਰ ਸੀ, ਉਦੋਂ 1992 ਦੀਆਂ ਚੋਣਾਂ ਵਿਚ ਦੋ ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ। ਸਮਾਣਾ ਹਲਕੇ ਤੋਂ ਅਕਾਲੀ ਉਮੀਦਵਾਰ ਅਮਰਿੰਦਰ ਸਿੰਘ ਬਿਨਾਂ ਮੁਕਾਬਲਾ ਚੋਣ ਜਿੱਤੇ ਸਨ। ਹਲਕਾ ਸਮਾਣਾ ਤੋਂ ਉਸ ਵੇਲੇ 11 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ ਇੱਕ ਰੱਦ ਹੋ ਗਿਆ ਸੀ ਅਤੇ ਨੌਂ ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਸਨ। 1992 ’ਚ ਹੀ ਹਲਕਾ ਤਰਨ ਤਾਰਨ ਤੋਂ ਵੀ ਦਿਲਬਾਗ ਸਿੰਘ ਨਿਰਵਿਰੋਧ ਚੁਣੇ ਗਏ ਸਨ। ਇਸ ਹਲਕੇ ਤੋਂ ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ ਦੋ ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਸਨ। 

           1992 ਤੋਂ ਮਗਰੋਂ ਕਦੇ ਵੀ ਪੰਜਾਬ ਚੋਣਾਂ ਵਿਚ ਕੋਈ ਉਮੀਦਵਾਰ ਨਿਰਵਿਰੋਧ ਨਹੀਂ ਚੁਣਿਆ ਗਿਆ। ਪਹਿਲਾਂ ਤਾਂ ਕਈ ਹਲਕਿਆਂ ਤੋਂ ਆਹਮੋ-ਸਾਹਮਣੇ ਮੁਕਾਬਲੇ ਹੁੰਦੇ ਰਹੇ ਹਨ। 1997 ਦੀਆਂ ਚੋਣਾਂ ਮਗਰੋਂ ਕਿਸੇ ਵੀ ਹਲਕੇ ਵਿਚ ਆਹਮੋ-ਸਾਹਮਣੇ ਮੁਕਾਬਲੇ ਨਹੀਂ ਹੋਏ। 1952 ਤੋਂ 1992 ਤੱਕ ਪੰਜਾਬ ਚੋਣਾਂ ਦੌਰਾਨ 58 ਅਜਿਹੇ ਹਲਕੇ ਨਜ਼ਰ ਪਏ ਹਨ, ਜਿਨ੍ਹਾਂ ’ਤੇ ਚੋਣ ਮੁਕਾਬਲਾ ਸਿਰਫ਼ ਦੋ ਉਮੀਦਵਾਰਾਂ ’ਚ ਹੀ ਹੋਇਆ ਹੈ। 1997 ਵਿਚ ਇਕਲੌਤਾ ਰਾਜਾਸਾਂਸੀ ਹਲਕਾ ਸੀ, ਜਿੱਥੋਂ ਅਕਾਲੀ ਉਮੀਦਵਾਰ ਵੀਰ ਸਿੰਘ ਲੋਪੋਕੇ ਅਤੇ ਕਾਂਗਰਸੀ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ’ਚ ਸਿੱਧਾ ਮੁਕਾਬਲਾ ਸੀ। ਇਸ ਹਲਕੇ ਤੋਂ ਸਿਰਫ ਦੋ ਉਮੀਦਵਾਰ ਹੀ ਮੈਦਾਨ ਵਿਚ ਸਨ, ਜਿਨ੍ਹਾਂ ’ਚੋਂ ਵੀਰ ਸਿੰਘ ਲੋਪੋਕੇ ਚੋਣ ਜਿੱਤ ਗਏ ਸਨ। ਸਿਆਸੀ ਮਾਹਿਰ ਆਖਦੇ ਹਨ ਕਿ ਪਹਿਲਾਂ ਸਿਆਸਤ ਵਿਚ ਘੜਮੱਸ ਨਹੀਂ ਹੁੰਦਾ ਸੀ ਅਤੇ ਸੰਜੀਦਾ ਉਮੀਦਵਾਰ ਹੀ ਚੋਣ ਮੈਦਾਨ ਵਿਚ ਡਟਦੇ ਸਨ। 

           1985 ਵਿਚ ਹਲਕਾ ਬਾਘਾਪੁਰਾਣਾ ਤੋਂ ਦੋ ਉਮੀਦਵਾਰ ਹੀ ਚੋਣ ਲੜੇ ਸਨ ਅਤੇ ਇਸ ਚੋਣ ਵਿਚ ਅਕਾਲੀ ਉਮੀਦਵਾਰ ਮਲਕੀਤ ਸਿੱਧੂ ਨੇ ਕਾਂਗਰਸ ਦੇ ਦਰਸ਼ਨ ਬਰਾੜ ਨੂੰ ਹਰਾਇਆ ਸੀ। ਉਦੋਂ ਹੀ ਹਲਕਾ ਪੰਜਗਰਾਈਂ ਤੋਂ ਅਕਾਲੀ ਉਮੀਦਵਾਰ ਗੁਰਦੇਵ ਸਿੰਘ ਬਾਦਲ ਨੇ ਕਾਂਗਰਸ ਦੇ ਗੁਰਚਰਨ ਸਿੰਘ ਨੂੰ ਹਰਾਇਆ ਸੀ।1969 ਦੀਆਂ ਚੋਣਾਂ ਵਿਚ ਸਭ ਤੋਂ ਵੱਧ 13 ਅਜਿਹੇ ਹਲਕੇ ਸਨ, ਜਿੱਥੇ ਆਹਮੋ-ਸਾਹਮਣਾ ਮੁਕਾਬਲਾ ਹੋਇਆ ਸੀ। 1969 ਵਿਚ ਕੋਟਕਪੂਰਾ ਹਲਕੇ ਤੋਂ ਕਾਂਗਰਸ ਦੇ ਹਰਚਰਨ ਸਿੰਘ ਨੇ ਅਕਾਲੀ ਉਮੀਦਵਾਰ ਹਰਭਜਨ ਸਿੰਘ ਨੂੰ ਹਰਾਇਆ ਸੀ ਅਤੇ ਇਸੇ ਤਰ੍ਹਾਂ ਫ਼ਰੀਦਕੋਟ ਹਲਕੇ ਤੋਂ ਭਗਤ ਸਿੰਘ ਤੇ ਸੁਰੈਣ ਸਿੰਘ ਮੁਕਾਬਲੇ ਵਿਚ ਸਨ।

         ਜੇ ਉਨ੍ਹਾਂ ਹਲਕਿਆਂ ਦੀ ਗੱਲ ਕਰੀਏ ਜਿੱਥੇ ਸਭ ਤੋਂ ਵੱਧ ਉਮੀਦਵਾਰ ਖੜ੍ਹੇ ਹੋਏ ਤਾਂ ਇਸ ਮਾਮਲੇ ’ਚ 1952 ਤੋਂ ਲੈ ਕੇ 2017 ਤੱਕ ਹਲਕਾ ਸਮਾਣਾ ਸਭ ਤੋਂ ਅੱਗੇ ਹੈ। 1985 ਦੀਆਂ ਚੋਣਾਂ ਮੌਕੇ ਹਲਕਾ ਸਮਾਣਾ ਤੋਂ 22 ਉਮੀਦਵਾਰਾਂ ਨੇ ਚੋਣ ਲੜੀ ਸੀ। 2017 ਦੀਆਂ ਚੋਣਾਂ ਵਿਚ ਹਲਕਾ ਸਨੌਰ ਇਕਲੌਤਾ ਹਲਕਾ ਸੀ, ਜਿੱਥੋਂ ਸਭ ਤੋਂ ਵੱਧ 19 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਸਨ। ਇਨ੍ਹਾਂ ਵਿੱਚ ਨੌਂ ਆਜ਼ਾਦ ਉਮੀਦਵਾਰ ਸਨ। 1992 ਵਿਚ ਸਭ ਤੋਂ ਵੱਧ ਉਮੀਦਵਾਰ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜੇ ਸਨ, ਜਿਨ੍ਹਾਂ ਦੀ ਗਿਣਤੀ 14 ਸੀ।

                                        ਪਟਿਆਲਾ ਨੇ ਅਨੋਖਾ ਨਾਮਣਾ ਖੱਟਿਆ

ਪੰਜਾਬ ਦਾ ਹਲਕਾ ਪਟਿਆਲਾ (ਸ਼ਹਿਰੀ) ਅਜਿਹਾ ਹੈ, ਜਿੱਥੇ ਪੰਜ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। 2012 ਦੀਆਂ ਚੋਣਾਂ ਵਿਚ ਪੰਜਾਬ ਭਰ ’ਚੋਂ ਸਭ ਤੋਂ ਵੱਧ 16 ਉਮੀਦਵਾਰ ਇਸ ਹਲਕੇ ਤੋਂ ਖੜ੍ਹੇ ਹੋਏ ਸਨ, ਜਿਨ੍ਹਾਂ ਵਿਚ 10 ਆਜ਼ਾਦ ਉਮੀਦਵਾਰ ਸਨ। ਉਸ ਤੋਂ ਪਹਿਲਾਂ 2007 ਦੀਆਂ ਚੋਣਾਂ ਵਿਚ ਇਸ ਹਲਕੇ ਤੋਂ 18 ਉਮੀਦਵਾਰ ਖੜ੍ਹੇ ਹੋਏ ਸਨ। 1997 ਦੀਆਂ ਚੋਣਾਂ ਮੌਕੇ ਵੀ ਸਭ ਤੋਂ ਵੱਧ ਉਮੀਦਵਾਰ 14 ਇਸੇ ਹਲਕੇ ਤੋਂ ਮੈਦਾਨ ਵਿਚ ਸਨ। 1980 ਵਿਚ ਵੀ ਇਸੇ ਹਲਕੇ ਤੋਂ ਸਭ ਤੋਂ ਵੱਧ 14 ਤੇ ਇਸੇ ਤਰ੍ਹਾਂ 1977 ਦੀਆਂ ਚੋਣਾਂ ਵਿਚ ਸਭ ਤੋਂ ਵੱਧ ਇਸੇ ਹਲਕੇ ਤੋਂ 19 ਉਮੀਦਵਾਰ ਖੜ੍ਹੇ ਹੋਏ ਸਨ।

No comments:

Post a Comment