Monday, January 29, 2024

                                                         ਨੌਕਰੀ ਦੀ ਝਾਕ
                                  ਜਿਨ੍ਹਾਂ ਉਮਰਾਂ ਲੰਘਾ ਲਈਆਂ..!
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਦੇ ਹਜ਼ਾਰਾਂ ਨੌਜਵਾਨ ਅਜਿਹੇ ਹਨ ਜਿਹੜੇ ਰੁਜ਼ਗਾਰ ਦੀ ਝਾਕ ਵਿੱਚ ਉਮਰਾਂ ਲੰਘਾ ਚੁੱਕੇ ਹਨ। ਉਮਰ ਹੱਦ ਹੁਣ ਲੰਘ ਜਾਣ ਵਾਲਿਆਂ ’ਚੋਂ ਬਹੁਤੇ ਉਨ੍ਹਾਂ ਉਮੀਦਵਾਰਾਂ ਖਾਤਰ ਸੰਘਰਸ਼ ਦੇ ਮੈਦਾਨ ਵਿੱਚ ਹਨ ਜਿਹੜੇ ਹਾਲੇ ਨੌਕਰੀ ਲਈ ਯੋਗ ਹਨ। ਚਾਰ-ਚਾਰ ਸਰਕਾਰਾਂ ਦੇਖਣ ਦੇ ਬਾਵਜੂਦ ਜਿਨ੍ਹਾਂ ਨੂੰ ਨੌਕਰੀ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਉਨ੍ਹਾਂ ਇਕੱਠੇ ਹੋ ਕੇ ‘ਓਵਰਏਜ ਨੌਜਵਾਨ ਯੂਨੀਅਨ’ ਵੀ ਬਣਾਈ ਸੀ। ਬਰਨਾਲਾ ਦੇ ਪਿੰਡ ਢਿੱਲਵਾਂ ਦਾ ਸੁਖਵਿੰਦਰ ਸਿੰਘ ਹੁਣ ਕਿਸੇ ਪਾਸੇ ਦਾ ਨਹੀਂ ਰਿਹਾ। ਬੀ.ਐਡ ਟੈੱਟ ਪਾਸ ਸੁਖਵਿੰਦਰ ਨੇ ਮਲਟੀਪਰਪਜ਼ ਹੈਲਥ ਵਰਕਰ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ। ਉਹ 2005 ਤੋਂ ਸੰਘਰਸ਼ੀ ਰਾਹ ’ਤੇ ਹੈ। ਹਵਾਲਾਤ ਵੀ ਦੇਖ ਲਏ, ਲਾਠੀਚਾਰਜ ਵੀ ਝੱਲ ਲਏ ਪਰ ਹੱਥ ਫਿਰ ਵੀ ਖਾਲੀ ਹਨ। ਸੁਖਵਿੰਦਰ ਸਿੰਘ ਆਖਦਾ ਹੈ ਕਿ ਉਹ ਤਾਂ ਉਮਰ ਲੰਘਾ ਚੁੱਕਾ ਹੈ ਪਰ ਹੁਣ ਉਹ ਨੌਕਰੀ ਲਈ ਯੋਗ ਉਮੀਦਵਾਰਾਂ ਖਾਤਰ ਸੰਘਰਸ਼ ਕਰ ਰਿਹਾ ਹੈ। ਸੁਖਵਿੰਦਰ ਦਾ ਲਾਠੀਚਾਰਜ ਵਿੱਚ ਇੱਕ ਵਾਰ ਮੋਢਾ ਵੀ ਉਤਰ ਚੁੱਕਾ ਹੈ।

          ਤਰਨ ਤਾਰਨ ਦੇ ਪਿੰਡ ਮਾੜੀ ਉਦੋਕੇ ਦਾ ਬਖਸ਼ੀਸ਼ ਸਿੰਘ ਐੱਮਏ, ਬੀਐਡ ਪਾਸ ਹੈ। ਉਹ 2008 ਤੋਂ ਸੜਕਾਂ ’ਤੇ ਕੂਕ ਰਿਹਾ ਹੈ। ਰੁਜ਼ਗਾਰ ਖ਼ਾਤਰ ਉਹ ਜੇਲ੍ਹ ਵੀ ਗਿਆ ਅਤੇ ਥਾਣੇ ਵੀ ਦੇਖ ਚੁੱਕਾ ਹੈ। ਉਹ ਆਖਦਾ ਹੈ, ‘‘ਸਾਡੀ ਤਾਂ ਉਮਰ ਹੱਦ ਲੰਘ ਗਈ, ਦੂਸਰਿਆਂ ਨੂੰ ਆਹ ਦਿਨ ਨਾ ਦੇਖਣੇ ਪੈਣ ਇਸ ਲਈ ਉਨ੍ਹਾਂ ਖਾਤਰ ਲੜ ਰਹੇ ਹਾਂ।’’ ਪੰਜਾਬ ਵਿੱਚ ਇਕੱਲੀ ਟੀਚਿੰਗ ਕੈਟਾਗਰੀ ਦੇ 1800 ਉਮੀਦਵਾਰ ਨੌਕਰੀ ਲਈ ਤੈਅ ਉਮਰ ਹੱਦ ਲੰਘਾ ਚੁੱਕੇ ਹਨ। ਪੰਜਾਬ ਸਰਕਾਰ ਨੇ ਜਨਰਲ ਵਰਗ ਲਈ ਉਮਰ ਹੱਦ 37 ਸਾਲ ਅਤੇ ਐੱਸਸੀ ਵਰਗ ਲਈ ਉਮਰ ਹੱਦ 42 ਸਾਲ ਕੀਤੀ ਹੋਈ ਹੈ। ਸਾਝਾਂ ਮੋਰਚਾ ਪੰਜਾਬ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਲਈ ਲੜ ਰਿਹਾ ਹੈ। ਮੌਜੂਦਾ ‘ਆਪ’ ਸਰਕਾਰ ਤੋਂ ਵੀ ਇਹ ਝਾਕ ਲਾਈ ਬੈਠੇ ਹਨ। ਕੈਬਨਿਟ ਸਬ-ਕਮੇਟੀ ਨਾਲ ਇਨ੍ਹਾਂ ਦੀ 31 ਜਨਵਰੀ ਨੂੰ ਇੱਕ ਮੀਟਿੰਗ ਵੀ ਹੋ ਰਹੀ ਹੈ। ਸੰਗਰੂਰ ਦੇ ਨਿਦਾਮਪੁਰ ਦਾ ਰਣਬੀਰ ਸਿੰਘ ਵੀ ਐੱਮਏ, ਬੀਐਡ ਹੈ ਅਤੇ ਉਹ ਵੀ ਉਮਰ ਹੱਦ ਲੰਘਾ ਚੁੱਕਾ ਹੈ।

          ਕਈ ਉਮੀਦਵਾਰਾਂ ਨੇ ਆਪੋ-ਆਪਣੀ ਦਾਸਤਾਨ ਦੱਸੀ ਕਿ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਅਤੇ ਇਸੇ ਝਾਕ ਵਿੱਚ ਉਹ ਵਿਆਹ ਕਰਾਉਣ ਤੋਂ ਵੀ ਖੁੰਝ ਗਏ। ਗੁਰਦਾਸਪੁਰ ਦੇ ਪਿੰਡ ਸੰਘੇੜਾ ਦਾ ਸੰਦੀਪ ਵੀ 2005 ਤੋਂ ਧਰਨੇ ਮੁਜ਼ਾਹਰਿਆਂ ਵਿੱਚ ਜਾ ਰਿਹਾ ਸੀ। ਉਹ ਵੀ ਨੌਕਰੀ ਵਾਲੀ ਉਮਰ ਲੰਘਾ ਚੁੱਕਾ ਹੈ। ਕਈ ਬੇਰੁਜ਼ਗਾਰ ਅਧਿਆਪਕਾਂ ਦੇ ਬੱਚੇ ਵੀ ਕਾਲਜਾਂ ਵਿੱਚ ਪੜ੍ਹ ਰਹੇ ਹਨ। ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਦੇ ਅਮਨਦੀਪ ਸਿੰਘ ਨੇ ਉਮਰ ਹੱਦ ਲੰਘਾਉਣ ਮਗਰੋਂ ਹੁਣ ਨੌਕਰੀ ਦੀ ਝਾਕ ਹੀ ਛੱਡ ਦਿੱਤੀ ਹੈ। ਉਹ ਆਖਦਾ ਹੈ ਕਿ ਜਵਾਨੀ ਦੀ ਉਮਰ ਤਾਂ ਸੰਘਰਸ਼ਾਂ ਵਿੱਚ ਨਿਕਲ ਗਈ। ਨੌਕਰੀ ਲਈ ਉਮਰਾਂ ਲੰਘਾ ਚੁੱਕੇ ਉਮੀਦਵਾਰਾਂ ਦੀ ਇੱਕ ਹੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਦੇਵੇ ਤਾਂ ਹੀ ਉਹ ਕੁੱਝ ਵਰ੍ਹਿਆਂ ਦੀ ਨੌਕਰੀ ਦਾ ਸੁਫਨਾ ਪੂਰਾ ਹੁੰਦਾ ਦੇਖ ਸਕਦੇ ਹਨ।

                                 ਪੰਜਾਬ ਛੱਡਣ ਦੀ ਸਲਾਹ ਦੇਣ ਤੱਕ ਆਈ ਨੌਬਤ

ਬਰਨਾਲਾ ਦੇ ਪਿੰਡ ਦਾਨਗੜ੍ਹ ਦੀ ਕਰਮਜੀਤ ਕੌਰ ਬੀਐਡ ਟੈੱਟ ਪਾਸ ਹੈ। ਉਸ ਨੇ ਕਦੇ ਮੰਤਰੀ ਦੀ ਕੋਠੀ ਅਤੇ ਕਦੇ ਮੁੱਖ ਮੰਤਰੀ ਦਾ ਕੋਠੀ ਦਾ ਘਿਰਾਓ ਵੀ ਕੀਤਾ। ਕਰਮਜੀਤ ਕੌਰ ਆਖਦੀ ਹੈ ਕਿ ਉਹ ਤਾਂ ਨੌਕਰੀ ਲਈ ਉਮਰ ਲੰਘਾ ਚੁੱਕੀ ਹੈ ਪ੍ਰੰਤੂ ਹੁਣ ਉਹ ਯੋਗ ਉਮੀਦਵਾਰਾਂ ਲਈ ਸੰਘਰਸ਼ ਕਰ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਦੌਲੋਵਾਲ ਦੇ ਪਲਵਿੰਦਰ ਸਿੰਘ ਨੇ ਸਾਲ 2002 ਵਿੱਚ ਮਲਟੀਪਰਪਜ਼ ਹੈਲਥ ਵਰਕਰ ਦਾ ਡਿਪਲੋਮਾ ਕੀਤਾ ਸੀ। ਉਸ ਨੇ 2006 ਤੋਂ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਹਰੇਕ ਸਰਕਾਰ ਤੋਂ ਉਸ ਨੂੰ ਡਾਗਾਂ ਹੀ ਮਿਲੀਆਂ। ਉਸ ਨੇ ਹਰੇਕ ਸਰਕਾਰ ਦੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ। ਅੱਜ ਜ਼ਿੰਦਗੀ ਨੇ ਪਲਵਿੰਦਰ ਸਿੰਘ ਨੂੰ ਘੇਰ ਲਿਆ ਹੈ। ਦੋ ਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ। ਉਹ ਆਪਣੇ ਤਜਰਬੇ ਨਾਲ ਕਹਿੰਦਾ ਹੈ ਕਿ ਹੁਣ ਤਾਂ ਪੰਜਾਬ ਛੱਡਣ ਵਿੱਚ ਹੀ ਭਲਾਈ ਹੈ।

Thursday, January 25, 2024

                                                       ਵਾਹ ਪੰਜਾਬੀਓ !
                                ਅੱਧੀ ਆਬਾਦੀ ਦੀ ਝੋਲੀ ਮੁਫ਼ਤ ਦਾ ਰਾਸ਼ਨ
                                                       ਚਰਨਜੀਤ ਭੁੱਲਰ   

ਚੰਡੀਗੜ੍ਹ :ਪੰਜਾਬ ’ਚ ਸਮਾਰਟ ਰਾਸ਼ਨ ਕਾਰਡਾਂ ਦੇ ਅੰਕੜੇ ’ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਔਸਤਨ ਹਰ ਦੂਜਾ ਪੰਜਾਬੀ ਮੁਫ਼ਤ ਦਾ ਸਰਕਾਰੀ ਰਾਸ਼ਨ ਲੈ ਰਿਹਾ ਹੈ। ‘ਆਪ’ ਸਰਕਾਰ ਨੇ ਜਦ ਸਮਾਰਟ ਰਾਸ਼ਨ ਕਾਰਡਾਂ ਦੀ ਪੜਤਾਲ ਕਰਾਈ ਸੀ ਤਾਂ 2.75 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਸਨ ਜਿਨ੍ਹਾਂ ਨੂੰ ਰੱਦ ਕੀਤੇ ਜਾਣ ਨਾਲ 10.77 ਲੱਖ ਲਾਭਪਾਤਰੀ ਮੁਫਤ ਦੇ ਰਾਸ਼ਨ ਤੋਂ ਵਾਂਝੇ ਹੋ ਗਏ ਸਨ। ਅੱਜ ਪੰਜਾਬ ਕੈਬਨਿਟ ਨੇ ਸਾਰੇ ਅਯੋਗ ਰਾਸ਼ਨ ਕਾਰਡ ਬਹਾਲ ਕਰ ਦਿੱਤੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਪਹਿਲਾਂ 40.68 ਲੱਖ ਸਮਾਰਟ ਰਾਸ਼ਨ ਕਾਰਡ ਸਨ ਜਿਨ੍ਹਾਂ ’ਤੇ 1.57 ਕਰੋੜ ਲਾਭਪਾਤਰੀ ਮੁਫਤ ਦਾ ਰਾਸ਼ਨ ਲੈ ਰਹੇ ਸਨ। ਜਦੋਂ ਪੜਤਾਲ ’ਚ 2,75,374 ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਤਾਂ 10,77,843 ਲਾਭਪਾਤਰੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਗਿਆ। ਅੱਜ ਦੇ ਕੈਬਨਿਟ ਫ਼ੈਸਲੇ ਮਗਰੋਂ ਮੁੜ 1.57 ਕਰੋੜ ਲਾਭਪਾਤਰੀਆਂ ਨੂੰ ਮੁਫ਼ਤ ਦਾ ਰਾਸ਼ਨ ਮਿਲੇਗਾ।

         ਪੰਜਾਬ ਦੀ ਮੌਜੂਦਾ ਆਬਾਦੀ ਕਰੀਬ 3.17 ਕਰੋੜ ਹੈ। ਮਤਲਬ ਕਿ ਔਸਤਨ ਹਰ ਦੂਸਰੇ ਪੰਜਾਬੀ ਨੂੰ ਮੁਫਤ ਦੇ ਰਾਸ਼ਨ ਦਾ ਲਾਭ ਮਿਲੇਗਾ। ਜਦੋਂ ਪੜਤਾਲ ਹੋਈ ਸੀ ਤਾਂ ਉਦੋਂ ਮੰਡੀ ਬੋਰਡ ਪੰਜਾਬ ਨੇ 12.50 ਲੱਖ ਕਿਸਾਨਾਂ ਦਾ ਅੰਕੜਾ ਪੇਸ਼ ਕੀਤਾ ਸੀ ਜਿਨ੍ਹਾਂ ਨੇ 60 ਹਜ਼ਾਰ ਰੁਪਏ ਸਾਲਾਨਾ ਤੋਂ ਵੱਧ ਦੀ ਜਿਣਸ ਵੇਚੀ ਸੀ। ਸ਼ਰਤ ਅਨੁਸਾਰ ਰਾਸ਼ਨ ਕਾਰਡ ਹੋਲਡਰ ਦੀ ਸਾਲਾਨਾ ਆਮਦਨ 60 ਹਜ਼ਾਰ ਤੱਕ ਹੋਣੀ ਚਾਹੀਦੀ ਹੈ। ਇਨ੍ਹਾਂ ’ਚੋਂ ਸੱਤ ਲੱਖ ਕਿਸਾਨਾਂ ਨੇ 2 ਲੱਖ ਰੁਪਏ ਤੋਂ ਵੱਧ ਦੀ ਜਿਣਸ ਵੇਚੀ ਸੀ। ਜਦਕਿ 81,646 ਰਸੂਖਵਾਨ ਕਿਸਾਨ ਲੱਭੇ ਸਨ ਜਿਨ੍ਹਾਂ ਨੇ ਸਾਲਾਨਾ ਪੰਜ ਲੱਖ ਰੁਪਏ ਤੋਂ ਵੱਧ ਦੀ ਜਿਣਸ ਵੇਚੀ ਸੀ। ਪਾਵਰਕੌਮ ਨੇ ਤੱਥ ਪੇਸ਼ ਕੀਤੇ ਸਨ ਕਿ ਮੁਫਤ ਰਾਸ਼ਨ ਲੈਣ ਵਾਲਿਆਂ ’ਚੋਂ 22,478 ਲਾਭਪਾਤਰੀਆਂ ਦੇ ਘਰਾਂ ਵਿੱਚ ਤਾਂ ਕਮਰਸ਼ੀਅਲ ਕੁਨੈਕਸ਼ਨ ਲੱਗੇ ਹੋਏ ਸਨ ਜਦਕਿ 4,400 ਰਾਸ਼ਨ ਕਾਰਡ ਹੋਲਡਰਾਂ ਦਾ ਪ੍ਰਤੀ ਮਹੀਨਾ ਬਿਜਲੀ ਬਿੱਲ ਦੋ ਹਜ਼ਾਰ ਰੁਪਏ ਤੋਂ ਵੱਧ ਆ ਰਿਹਾ ਸੀ। 

         ਪਾਵਰਕੌਮ ਨੇ ਕਰੀਬ 70 ਹਜ਼ਾਰ ਰਾਸ਼ਨ ਕਾਰਡ ਹੋਲਡਰਾਂ ’ਤੇ ਉਂਗਲ ਧਰੀ ਸੀ। ਸੂਬੇ ’ਚ 45 ਹਜ਼ਾਰ ਮ੍ਰਿਤਕਾਂ ਨੂੰ ਵੀ ਮੁਫ਼ਤ ਰਾਸ਼ਨ ਮਿਲ ਰਿਹਾ ਸੀ। ਹੁਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੌਜੂਦਾ ਸਰਕਾਰ ਨੇ ਕਾਰਡ ਬਹਾਲ ਕਰ ਦਿੱਤੇ ਹਨ। ਪਰ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਰਾਸ਼ਨ ਕਾਰਡਾਂ ਦੀ ਬਹਾਲੀ ਤਾਂ ਜਾਇਜ਼ ਹੈ ਪਰ ਰਸੂਖਵਾਨਾਂ ਨੂੰ ਮੁਫਤ ਰਾਸ਼ਨ ਦੇਣਾ ਗਲਤ ਹੈ।ਬਹਾਲ ਹੋਣ ਵਾਲੇ 3.75 ਲੱਖ ਰਾਸ਼ਨ ਕਾਰਡ ਹੋਲਡਰਾਂ ਦੇ ਅਨਾਜ ਦਾ ਭਾਰ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਕੇਂਦਰ ਸਰਕਾਰ ਨੇ ਤਾਂ ਪਹਿਲਾਂ ਹੀ ਅਨਾਜ ’ਤੇ 11 ਫੀਸਦੀ ਦਾ ਕੱਟ ਲਾ ਦਿੱਤਾ ਸੀ। ਪੜਤਾਲ ਦੌਰਾਨ ਰਾਸ਼ਨ ਕਾਰਡ ਕੱਟੇ ਜਾਣ ਮਗਰੋਂ ਸਾਰਾ ਅਨਾਜ ਕੇਂਦਰ ਤੋਂ ਆਉਣ ਲੱਗਾ ਸੀ। ਕੇਂਦਰ ਵੱਲੋਂ 1.41 ਕਰੋੜ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਦੇਣ ਦੀ ਪੰਜਾਬ ਨੂੰ ਵੰਡ ਕੀਤੀ ਹੋਈ ਹੈ। ਬਾਕੀ 16 ਲੱਖ ਲਾਭਪਾਤਰੀਆਂ ਨੂੰ ਅਨਾਜ ਮੁਫ਼ਤ ’ਚ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ।

Tuesday, January 23, 2024

                                                      ਮਿਹਨਤ ਦਾ ਰੰਗ
                                  ਕਿਉਂ ਜਾਈਏ ਪ੍ਰਦੇਸ ਸਾਡੀ ਘਰੇ ਨੌਕਰੀ
                                                       ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਵਿੱਚ ਵਿਦੇਸ਼ ਉਡਾਰੀ ਮਾਰਨ ਦੇ ਇਸ ਦੌਰ ਵਿੱਚ ਕਈ ਨੌਜਵਾਨ ਅਜਿਹੇ ਵੀ ਹਨ, ਜੋ ਆਪਣੀ ਮਿਹਨਤ ਤੇ ਲਗਨ ਸਦਕਾ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਇਥੇ ਹੀ ਆਪਣਾ ਕੈਨੇਡਾ/ਅਮਰੀਕਾ ਸਿਰਜਣ ਵਿੱਚ ਕਾਮਯਾਬ ਹੋਏ ਹਨ। ਇਸ ਦੀ ਇੱਕ ਮਿਸਾਲ ਮਾਨਸਾ ਦਾ ਨੌਜਵਾਨ ਮਨਦੀਪ ਸਿੰਘ ਹੈ ਜਿਸ ਨੇ ਜਿਹੜੀ ਨੌਕਰੀ ਚਾਹੀ ਉਸ ਨੂੰ ਹਾਸਲ ਵੀ ਕੀਤਾ। ਮਨਦੀਪ ਸਿੰਘ ਇਸ ਵੇਲੇ ਲੌਂਗੋਵਾਲ ਦੀ ਸਬ-ਤਹਿਸੀਲ ’ਚ ਨਾਇਬ ਤਹਿਸੀਲਦਾਰ ਵਜੋਂ ਤਾਇਨਾਤ ਹੈ, ਜਦਕਿ ਇਸ ਤੋਂ ਪਹਿਲਾਂ ਉਸ ਨੂੰ ਇੱਕ ਹੀ ਦਿਨ ਵਿੱਚ ਸਹਿਕਾਰੀ ਬੈਂਕ ’ਚ ਮੈਨੇਜਰ ਤੇ ਵੇਅਰ ਹਾਊਸ ’ਚ ਮੰਡੀ ਇੰਸਪੈਕਟਰ ਦੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਮਿਲ ਚੁੱਕਿਆ ਹੈ।ਮਨਦੀਪ ਨੇ ਪਹਿਲਾਂ ਆਬਕਾਰੀ ਇੰਸਪੈਕਟਰ ਵਜੋਂ ਜੁਆਇਨ ਕੀਤਾ ਸੀ। ਉਸ ਵੇਲੇ ਉਸ ਦੇ ਹੱਥ ਵਿੱਚ ਪਟਵਾਰੀ ਦੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਸੀ। ਸਹਿਕਾਰਤਾ ਵਿੱਚ ਕਲਰਕ ਦੀ ਅਸਾਮੀ ’ਤੇ ਉਸ ਨੇ ਜੁਆਇਨ ਹੀ ਨਹੀਂ ਕੀਤਾ। ਹੁਣ ਤੱਕ ਉਹ ਛੇ ਨੌਕਰੀਆਂ ਪ੍ਰਾਪਤ ਕਰ ਚੁੱਕਿਆ ਹੈ। 

         ਉਸ ਦਾ ਆਖਣਾ ਹੈ ਕਿ ਹੁਣ ਰੈਗੂਲਰ ਅਸਾਮੀਆਂ ਪ੍ਰਕਾਸ਼ਿਤ ਹੋ ਰਹੀਆਂ ਹਨ ਤੇ ਨੌਜਵਾਨਾਂ ਨੂੰ ਵੱਧ ਮੌਕੇ ਮਿਲ ਰਹੇ ਹਨ। ਇਸ ਵੇਲੇ ਮਨਦੀਪ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਿਹਾ ਹੈ।ਮਾਨਸਾ ਦੇ ਹੀ ਨਵਦੀਪ ਸਿੰਘ ਨੇ ਵੀ ਜੋ ਪ੍ਰੀਖਿਆ ਦਿੱਤੀ, ਸਫ਼ਲਤਾ ਹਾਸਲ ਕੀਤੀ। ਨਵਦੀਪ ਹੁਣ ਆਬਕਾਰੀ ਇੰਸਪੈਕਟਰ ਹੈ। ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ’ਚ ਕਲਰਕ ਦੀ ਨੌਕਰੀ ਮਿਲੀ ਤੇ ਫਿਰ ਪਟਵਾਰੀ ਬਣ ਗਿਆ। ਸਾਈਬਰ ਕਰਾਈਮ ’ਚ ਸਬ-ਇੰਸਪੈਕਟਰ ਦੀ ਪ੍ਰੀਖਿਆ ’ਚ ਵੀ ਟੌਪ ਕੀਤਾ। ਇਸੇ ਤਰ੍ਹਾਂ ਪੁਲੀਸ ਦੀ ਇੱਕ ਹੋਰ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ। ਉਹ ਆਖਦਾ ਹੈ ਕਿ ਉਸ ਨੇ ਤਾਂ ਬੱਸ ਮਿਹਨਤ ਕੀਤੀ ਤੇ ਕੁਦਰਤ ਫਲ ਝੋਲੀ ਪਾਉਂਦੀ ਗਈ। ਗਿੱਦੜਬਾਹਾ ਦਾ ਲਵਪ੍ਰੀਤ ਸਿੰਘ ਹੁਣ ਪੁਲੀਸ ’ਚ ਸਬ-ਇੰਸਪੈਕਟਰ ਹੈ। ਪ੍ਰਾਈਵੇਟ ਨੌਕਰੀ ਦੌਰਾਨ ਹੁੰਦੀ ਖੱਜਲ-ਖੁਆਰੀ ਤੋਂ ਤੰਗ ਆ ਕੇ ਉਸ ਨੇ ਨਵਾਂ ਟੀਚਾ ਮਿੱਥਿਆ ਤੇ ਤਿਆਰੀ ਕਰਕੇ ਪ੍ਰੀਖਿਆ ਦਿੱਤੀ। ਲਵਪ੍ਰੀਤ ਪਟਵਾਰੀ ਭਰਤੀ ਹੋ ਗਿਆ। ਉਸ ਨੂੰ ਹੁਣ ਆਪਣਾ ਘਰ ਹੀ ਕੈਨੇਡਾ ਵਰਗਾ ਲੱਗਦਾ ਹੈ।

        ਸੰਗਰੂਰ ਜ਼ਿਲ੍ਹੇ ਦੇ ਪਿੰਡ ਚੀਮਾ ਦਾ ਕਰਨਵੀਰ ਸਿੰਘ ਵੀ ਇਸ ਵੇਲੇ ਚੌਥੀ ਨੌਕਰੀ ਕਰ ਰਿਹਾ ਹੈ। ਉਸ ਨੇ ਕਲਰਕੀ ਵੀ ਕੀਤੀ ਤੇ ਫਿਰ ਪਟਵਾਰੀ ਲੱਗਿਆ। ਪੁਲੀਸ ਵਿੱਚ ਸਬ-ਇੰਸਪੈਕਟਰ ਵੀ ਲੱਗਿਆ ਤੇ ਹੁਣ ਆਬਕਾਰੀ ਇੰਸਪੈਕਟਰ ਹੈ। ਮਾਨਸਾ ਦੇ ਗੁਲਸ਼ਨ ਗੋਇਲ ਦੀ ਵੀ ਹੁਣ ਚੌਥੀ ਨੌਕਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨਿਯੁਕਤੀ ਪੱਤਰ ਸਮਾਗਮਾਂ ਵਿੱਚ ਇਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਨੂੰ ਹੱਲਾਸ਼ੇਰੀ ਵੀ ਦਿੰਦੇ ਹਨ। ਬੁਰਜ ਢਿੱਲਵਾਂ ਦਾ ਕਰਨਵੀਰ ਸਿੰਘ ਹੁਣ ਨਾਇਬ-ਤਹਿਸੀਲਦਾਰ ਹੈ। ਉਸ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਖੱਬੇ ਹੱਥ ਦੀ ਖੇਡ ਲੱਗਦੀ ਹੈ। ਪਾਵਰਕੌਮ ’ਚ ਕਲਰਕ ਦੀ ਨੌਕਰੀ ਮਿਲੀ ਅਤੇ ਫਿਰ ਪਟਵਾਰੀ ਦੀ। ਸਹਿਕਾਰਤਾ ਵਿਚ ਇੰਸਪੈਕਟਰ ਤੇ ਇਸੇ ਤਰ੍ਹਾਂ ਆਬਕਾਰੀ ਇੰਸਪੈਕਟਰ ਦੀ ਨੌਕਰੀ ਮਿਲੀ। ਕਰਨਵੀਰ ਦੀ ਸਬ-ਇੰਸਪੈਕਟਰ (ਇਟੈਲੀਜੈਂਸ) ਦੀ ਪ੍ਰੀਖਿਆ ਵੀ ਕਲੀਅਰ ਹੋਈ ਹੈ। ਇਨ੍ਹਾਂ ਨੌਜਵਾਨਾਂ ਦਾ ਇੱਕ ਹੀ ਗੁਰਮੰਤਰ ਹੈ- ਮਿਹਨਤ। ਹਾਲ ਹੀ ਵਿੱਚ ਸੱਤ ਕਲਰਕ ਨੌਕਰੀ ਤੋਂ ਅਸਤੀਫ਼ਾ ਦੇ ਕੇ ਹੁਣ ਜੇਈ ਬਣੇ ਹਨ। ਅੱਠ ਆਂਗਣਵਾੜੀ ਸੁਪਰਵਾਈਜ਼ਰਾਂ ਨੇ ਕਲਰਕ ਅਤੇ ਅਧਿਆਪਕ ਦੀ ਨੌਕਰੀ ਹਾਸਲ ਕੀਤੀ ਹੈ।

         ਇਸ ਤਰ੍ਹਾਂ ਕਰੀਬ 300 ਨੌਜਵਾਨ ਅਜਿਹੇ ਹਨ, ਜਿਨ੍ਹਾਂ ਦੇ ਘਰ ਹੁਣ ਹਰ ਮਹੀਨੇ ਖੁਸ਼ੀ ਆਉਂਦੀ ਹੈ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਰਜੀਤਪੁਰਾ ਕੋਠੇ ਦੇ ਕਿਸਾਨ ਮਹਿੰਦਰ ਸਿੰਘ ਦੀਆਂ ਤਿੰਨ ਧੀਆਂ ਸੰਦੀਪ ਕੌਰ, ਵੀਰਪਾਲ ਕੌਰ ਅਤੇ ਜਸਪ੍ਰੀਤ ਕੌਰ ਨੇ ਮਿਹਨਤ ਦੇ ਬਲਬੂਤੇ ਛੇ ਮਹੀਨਿਆਂ ’ਚ ਸਰਕਾਰੀ ਨੌਕਰੀਆਂ ਜੁਆਇਨ ਕਰ ਲਈਆਂ। ਗੁਰਦਾਸਪੁਰ ਦੇ ਪਿੰਡ ਪਾਹੜਾ ਦੇ ਇੱਕ ਮੀਆਂ-ਬੀਵੀ ਨੇ ਨਵੇਂ ਰਾਹ ਬਣਾਏ ਹਨ। ਗਗਨਦੀਪ ਕੌਰ ਨੂੰ ਪਹਿਲਾਂ ਕਲਰਕ ਦੀ ਨੌਕਰੀ ਮਿਲੀ, ਪਰ ਉਸ ਨੇ ਜੁਆਇਨ ਨਾ ਕੀਤਾ, ਫਿਰ ਪਟਵਾਰੀ ਦੀ ਨੌਕਰੀ ਮਿਲ ਗਈ, ਜਿਸ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਉਹ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਹੈ। ਉਸ ਦੇ ਪਤੀ ਗੁਰਬਿੰਦਰ ਸਿੰਘ ਕਾਹਲੋਂ ਨੇ ਸਹਿਕਾਰਤਾ ਵਿੱਚ ਕਲਰਕ ਦੀ ਨੌਕਰੀ ਜੁਆਇਨ ਨਹੀਂ ਕੀਤੀ ਤੇ ਫਿਰ ਇੱਕ ਹੋਰ ਕਲੈਰੀਕਲ ਜੌਬ ਛੱਡ ਦਿੱਤੀ। ਹੁਣ ਉਹ ਪਟਵਾਰੀ ਲੱਗਾ ਹੋਇਆ ਹੈ।

Monday, January 22, 2024

                                         ਮੋਟਰ ਮਿੱਤਰਾਂ ਦੀ…
                                                        ਚਰਨਜੀਤ ਭੁੱਲਰ  

ਚੰਡੀਗੜ੍ਹ: ‘ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ’ ਇਹ ਪੁਰਾਣਾ ਪੰਜਾਬ ਹੈ। ਉਪਰੋਕਤ ਗੀਤ ਵਿੱਚ ਸੰਚਾਰ ਸਹੂਲਤ ਤੋਂ ਵੱਧ ਹਾਣੀ ਲਈ ਮੋਹ, ਪਿਆਰ ਤੇ ਸਤਿਕਾਰ ਦਾ ਝੂਟਾ ਪ੍ਰਮੁੱਖ ਹੈ। ਇਹ ਉਹ ਪੰਜਾਬ ਹੈ ਜਦੋਂ ਸਿੱਧੇ ਸਿਆੜ ਵੇਖ ਕੇ ਲੋਰ ਵਿੱਚ ਆਇਆ ਹਾਲੀ ਲੰਬੀ ਹੇਕ ਲਾ ਲੈਂਦਾ ਸੀ। ਜਦੋਂ ਕਪਾਹ ਚੁਗਦੀਆਂ ਔਰਤਾਂ ਆਸਾ-ਪਾਸਾ ਵੇਖ ਕੇ ਬੋਲੀਆਂ ਪਾ ਲੈਂਦੀਆਂ ਸਨ। ‘ਭਗਵਾਨ ਤੇਰੀ ਕੁਦਰਤ’ ਜਦੋਂ ਤਿੱਤਰ ਲੰਬੀ ਉਡਾਰੀ ਮਾਰ ਕੇ ਤੁਰੰਤ ਆਪਣੇ ਹਿਰਦੇ ਦਾ ਪ੍ਰਗਟਾਵਾ ਕਰ ਲੈਂਦਾ ਸੀ। ਹੁਣ ਇਹ ਆਵਾਜ਼ਾਂ ਚਕਾਚੌਂਧ ਜ਼ਿੰਦਗੀ ਅਤੇ ਮੋਟਰ ਗੱਡੀਆਂ ਦੇ ਰੌਲੇ-ਰੱਪੇ ਹੇਠਾਂ ਦੱਬ ਗਈਆਂ ਹਨ।ਜਿਨ੍ਹਾਂ ਸਮਿਆਂ ’ਚ ਇਹ ਗਾਣਾ ਵੱਜਿਆ ਸੀ, ਉਦੋਂ ਟਾਵੀਂ ਟੱਲੀ ਮੋਟਰ ਸੀ ਤੇ ਚੱਲਦੀ ਵੀ ਪਿਆਰ ਦੇ ਪੈਟਰੋਲ ’ਤੇ ਸੀ। ਅੱਜ ਦੇ ਸਮਿਆਂ ’ਚ ਨਾ ਉਹ ਮੋਟਰਾਂ ਰਹੀਆਂ ਤੇ ਨਾ ਉਹ ਮੁਹੱਬਤ ਰਹੀ ਹੈ। ਪੰਜਾਬ ’ਚ ਅੱਜਕੱਲ੍ਹ ਇਹੋ ਗਾਣੇ ਗੂੰਜ ਰਹੇ ਨੇ:

                  ‘ਘੁੰਮਣ ਘੁਮਾਉਣ ਨੂੰ ਥਾਰ ਰੱਖੀ ਐ,

                 ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ।’

        ਬਹੁਕੌਮੀ ਕੰਪਨੀਆਂ ਹੁਣ ਬਾਗੋ ਬਾਗ਼ ਨੇ, ਪੰਜਾਬੀ ਰਾਸ ਜੋ ਆਏ ਨੇ। ਅੱਜ ਦਾ ਪੰਜਾਬੀ ਦਿਖਾਵਾ ਕਰਦਾ ਹੀ ਨਹੀਂ, ਕੋਠੇ ਚੜ੍ਹ ਕੇ ਨੱਚਦਾ ਵੀ ਹੈ। ਇਹ ਗੱਲਾਂ ਦਾ ਕੜਾਹ ਨਹੀਂ, ਸਰਕਾਰੀ ਫਾਈਲਾਂ ’ਚੋਂ ਨਿਕਲਿਆ ਸੱਚ ਵੀ ਹੈ ਜਿਸ ਦਾ ਜੀਅ ਕਰਦੈ ਕਿ ਉਹ ਵੀ ਕੋਠੇ ਚੜ੍ਹ ਕੇ ਨੱਚੇ। ਆਓ, ਨਜ਼ਰ ਮਾਰਦੇ ਹਾਂ ਉਨ੍ਹਾਂ ਅੰਕੜਿਆਂ ’ਤੇ ਜਿਹੜੇ ਪੰਜਾਬ ਦਾ ਢਿੱਡ ਨੰਗਾ ਕਰ ਰਹੇ ਨੇ। ਅੱਜ ਅੱਧਾ ਪੰਜਾਬ ਹਵਾਈ ਅੱਡਿਆਂ ’ਤੇ ਖੜ੍ਹਾ ਹੈ। ਛੇਤੀ ਜਹਾਜ਼ ਚੜ੍ਹਨ ਲਈ ਕਾਹਲੇ ਨੇ। ਬਾਕੀਆਂ ਵਿੱਚੋਂ ਬਹੁਤੇ ਬੁਲਟ ਦੇ ਪਟਾਕੇ ਪਾਉਂਦੇ ਘੁੰਮ ਰਹੇ ਨੇ। ਗੱਲ ਬੁਲਟ (ਰਾਇਲ ਐਨਫੀਲਡ) ਤੋਂ ਹੀ ਸ਼ੁਰੂ ਕਰਦੇ ਹਾਂ। ਪੰਜਾਬ ਵਿੱਚ ਅਗਸਤ 2023 ਤੱਕ ਬੁਲਟ ਮੋਟਰ ਸਾਈਕਲਾਂ ਦੀ ਗਿਣਤੀ 4,66,767 ਹੋ ਗਈ ਹੈ। ਮਤਲਬ ਇਹ ਹੈ ਕਿ ਪੰਜਾਬ ਦੇ ਔਸਤ ਹਰ ਚੌਦ੍ਹਵੇਂ ਘਰ ਵਿੱਚ ਬੁਲਟ ਖੜ੍ਹਾ ਹੈ। ਕੋਵਿਡ ਦੀ ਆਮਦ ਤੋਂ ਪਹਿਲਾਂ ਵਰ੍ਹਾ 2019 ’ਚ ਪੰਜਾਬ ਵਿੱਚ 43,742 ਬੁਲਟ ਮੋਟਰ ਸਾਈਕਲਾਂ ਦੀ ਵਿਕਰੀ ਹੋਈ ਸੀ ਰੋਜ਼ਾਨਾ ਦੀ ਔਸਤ ਦੇਖੀਏ ਤਾਂ ਸਾਲ 2019 ਵਿੱਚ ਨਿੱਤ 119 ਬੁਲਟ ਵਿਕੇ ਸਨ।

        ਪਿਛਲੇ ਵਰ੍ਹੇ 2023 ਵਿੱਚ ਅਗਸਤ ਮਹੀਨੇ ਤੱਕ 21,597 ਬੁਲਟ ਵਿਕ ਚੁੱਕੇ ਸਨ। ਅਮਰੀਕੀ ਮੋਟਰ ਸਾਈਕਲ ਹਾਰਲੇ ਡੇਵਿਡਸਨ ਵੀ ਪੰਜਾਬ ਦੇ 61 ਘਰਾਂ ਵਿੱਚ ਪਹੁੰਚ ਚੁੱਕਾ ਹੈ। ਪੰਜਾਬ ਵਿੱਚ ਇਸ ਵੇਲੇ 65.13 ਲੱਖ (ਅਨੁਮਾਨਿਤ) ਘਰ ਹਨ। ਸੂਬੇ ਦੇ ਹਰ ਤਿੰਨ ਘਰਾਂ ਪਿੱਛੇ ਦੋ ਮੋਟਰ ਸਾਈਕਲ/ ਸਕੂਟਰ ਹਨ। ਜੇਕਰ ਹਰ ਤਰ੍ਹਾਂ ਦੇ ਵਾਹਨਾਂ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਵਿੱਚ ਅਗਸਤ 2023 ਤੱਕ ਕੁੱਲ 1.32 ਕਰੋੜ ਵਾਹਨ ਰਜਿਸਟਰ ਹੋਏ ਹਨ। ਇਸ ਤੋਂ ਸਾਫ਼ ਹੈ ਕਿ ਪੰਜਾਬ ਦੇ ਔਸਤ ਹਰ ਦੂਜੇ ਘਰ ਵਿੱਚ ਕੋਈ ਨਾ ਕੋਈ ਵਾਹਨ ਖੜ੍ਹਾ ਹੈ। ‘ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।’ ਇੰਝ ਜਾਪਦਾ ਹੈ ਕਿ ਜਿਵੇਂ ਇਹ ਗੱਲ ਕਿਸੇ ਨੂੰ ਪੰਜਾਬ ਦੀ ਦੇਹਲੀ ’ਤੇ ਬੈਠ ਕੇ ਫੁਰੀ ਹੋਵੇ। ਪੰਜਾਬੀ ਸ਼ੌਕ ਪਾਲਦੇ ਹੀ ਨਹੀਂ, ਉਸ ਦਾ ਮੁੱਲ ਵੀ ਤਾਰਦੇ ਨੇ। ਮੁੱਲ ਤਾਰਨ ਵਾਲੇ ਜ਼ਰੂਰ ਇਹੋ ਸੋਚ ਰੱਖਦੇ ਹੋਣਗੇ ਕਿ ‘ਢਾਈ ਦਿਨ ਦੀ ਜ਼ਿੰਦਗਾਨੀ, ਮੇਲਾ ਦੋ ਘੜੀਆਂ’। ਜਦੋਂ ਜ਼ਿੰਦਗੀ ਏਨੀ ਛੋਟੀ ਹੈ ਕਿ ਫੇਰ ਕਿਉਂ ਨਾ ਪੰਜਾਬ ਦਾ ਮੇਲੀ ਬਣਿਆ ਜਾਵੇ। ਹੋ ਸਕਦਾ ਹੈ ਕਿ ਕਿਸੇ ਨੇ ਸ਼ੌਕੀਨਾਂ ਦਾ ਭਰਿਆ ਮੇਲਾ ਦੇਖ ਹੀ ਹੇਕ ਲਾਈ ਹੋਵੇਗੀ, ‘ਪੰਜਾਬੀਆਂ ਦੀ ਸ਼ਾਨ ਵੱਖਰੀ’।

         ਪੰਜਾਬੀਆਂ ਦੀ ਇਹ ‘ਸ਼ਾਨ’ ਸਮੁੰਦਰ ਦੀ ਝੱਗ ਵਰਗੀ ਜਾਪਦੀ ਹੈ। ਧਨੀ ਰਾਮ ਚਾਤ੍ਰਿਕ ਨੇ ਸਮੁੰਦਰੀ ਝੱਗ ਦੀ ਨਹੀਂ, ਪੰਜਾਬ ਦੀ ਸਿਫ਼ਤ ਕੀਤੀ ਸੀ। ‘ਐ ਪੰਜਾਬ! ਕਰਾਂ ਕੀ ਸਿਫ਼ਤ ਤੇਰੀ’। ਚਾਤ੍ਰਿਕ ਦਾ ਪੰਜਾਬ ਕੋਈ ਹੋਰ ਸੀ। ਲੋਕ ਮਨਾਂ ਵਿੱਚ ਪੰਜਾਬ ਦਾ ਜੋ ਬਿੰਬ ਬਣਿਆ ਹੈ, ਉਸ ਦਾ ਵਜੂਦ ਇੱਕ ਲੰਮੀ ਘਾਲਣਾ ’ਤੇ ਟਿਕਿਆ ਹੈ। ਉਸ ਬਿੰਬ ਦੀ ਖੱਟੀ ਹੀ ਅੱਜ ਤੱਕ ਪੰਜਾਬੀ ਖਾ ਰਹੇ ਨੇ। ਪੰਜਾਬ, ਨਾਮ ਹੀ ਕਾਫ਼ੀ ਸੀ। ਕੋਈ ਖੋਜਕਰਤਾ (Researcher) ਅੱਜ ਜਦ ਪੰਜਾਬ ਦੇ ਸੱਚ ਨੂੰ ਖੋਜੇਗਾ, ਉਸ ਨੂੰ ਰੰਗਲੇ ਪੰਜਾਬ ’ਚ ਸੱਚ ਕਿਸੇ ਖੂੰਜੇ ਬੈਠਾ ਮਿਲੇਗਾ। ਗਲੀ ਮੁਹੱਲੇ ਉਸ ਨੂੰ ਪੰਜਾਬੀ ਇੱਕੋ ਸੁਰਮਚੂ ਨਾਲ ਸੁਰਮਾ ਪਾਉਂਦੇ ਮਿਲਣਗੇ, ਨਾਲੇ ਮਟਕਾਉਂਦੇ ਵੀ। ਪੰਜਾਬੀ ਤਾਂ ਘਰ ਫੂਕ ਤਮਾਸ਼ਾ ਦੇਖਦੇ ਨੇ। ਚਾਦਰ ਦੇਖ ਪੈਰ ਪਸਾਰਨ ਦੀ ਇਹ ਸੱਜਣ ਜਾਚ ਭੁੱਲ ਬੈਠੇ ਨੇ। ਪੰਜਾਬ ਦੇ ਨਕਸ਼ੇ ’ਤੇ ਅੱਜ ਦੋ ਰੰਗ ਉੱਘੜਦੇ ਨੇ। ਇੱਕ ਉਹ ਜਿਨ੍ਹਾਂ ਕੋਲ ਖੁੱਲ੍ਹੀ ਚਾਦਰ ਹੈ, ਜਿੰਨੇ ਮਰਜ਼ੀ ਪੈਰ ਪਸਾਰੀ ਜਾਣ। ਦੂਸਰੇ ਉਹ ਜਿਨ੍ਹਾਂ ਦੀ ਚਾਦਰ ’ਚੋਂ ਗੋਡੇ ਵੀ ਬਾਹਰ ਨਿਕਲੇ ਫਿਰਦੇ ਨੇ।

         ਜਿਨ੍ਹਾਂ ਦੀ ਚਾਦਰ ਵੱਡੀ ਹੈ, ਉਹ ਤਾਂ ਚਾਦਰ ’ਤੇ ਸ਼ੌਕ ਦੇ ਫੁੱਲ ਪਾਉਂਦੇ ਚੰਗੇ ਵੀ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਇੱਕ ਬੰਦੇ ਦੀ ਅਮੀਰੀ ਪਿੱਛੇ ਲੱਖਾਂ ਦੀ ਗ਼ਰੀਬੀ ਛੁਪੀ ਹੁੰਦੀ ਹੈ। ਦੱਖਣੀ ਭਾਰਤ ਦਾ ਰੰਗ ਵੱਖਰਾ ਹੈ, ਸ਼ਾਨ ਵੀ ਵੱਖਰੀ ਹੈ। ਦੱਖਣ ਨੂੰ ਦਿਖਾਵੇਬਾਜ਼ੀ ਦੀ ਲਾਗ ਨਹੀਂ ਲੱਗੀ। ਪੰਜਾਬ ਦਾ ਨਵਾਂ ਪੋਚ ਸ਼ੌਕ ਦੇ ਕਬੂਤਰ ਉਡਾਉਂਦਾ ਹੈ। ਮਹਿੰਦਰਾ ਐਂਡ ਮਹਿੰਦਰਾ ਵਾਲੇ ਜ਼ਰੂਰ ਆਖਦੇ ਹੋਣਗੇ ਕਿ ਪੰਜਾਬੀਆਂ ਦੀ ਥਾਰ ਦੀ ਮੰਗ ਨੇ ਤਾਂ ਬੱਸ ਕਰਾ ਛੱਡੀ ਹੈ। ਗੱਲ ਸੋਲ੍ਹਾਂ ਆਨੇ ਸੱਚ ਹੈ। ਬਈ! ਜੇ ਥਾਰ ਦੇ ਸ਼ੌਕੀਨਾਂ ਦੀ ਕੋਠੀ ’ਚ ਦਾਣੇ ਨੇ, ਫਿਰ ਉਹ ਮਹਿੰਦਰਾ ਵਾਲਿਆਂ ਦੇ ਖ਼ਜ਼ਾਨੇ ਕਿਉਂ ਨਾ ਭਰਪੂਰ ਕਰਨ? ਪੰਜਾਬ ਦਾ ਕੁੰਡਾ ਖੜਕਾ ਕੇ ਦੇਖੋਗੇ ਤਾਂ ਸੂਬੇ ਦੇ 2707 ਘਰਾਂ ਵਿੱਚ ਬੀ.ਐਮ.ਡਬਲਿਊ. (2MW) ਗੱਡੀ ਖੜ੍ਹੀ ਮਿਲੇਗੀ ਅਤੇ 1226 ਘਰਾਂ ਵਿੱਚ ਔਡੀ (1udi) ਖੜ੍ਹੀ ਹੋਵੇਗੀ। ‘ਏਧਰ’ ਹੈਲੀਕਾਪਟਰ ’ਤੇ ਵਿਆਹੁਣ ਜਾਣ ਵਾਲੇ ਵੀ ਮਿਲ ਜਾਣਗੇ। ਕੰਪਨੀਆਂ ਨੂੰ ਤਾਂ ਛੱਡੋ, ਫੈਨਸੀ ਨੰਬਰ ਦੇ ਸ਼ੌਕੀਨਾਂ ਨੇ ਵੀ ਸਰਕਾਰੀ ਖ਼ਜ਼ਾਨੇ ਦੀ ਖ਼ੁਸ਼ਕੀ ਮੁਕਾ ਦਿੱਤੀ ਹੈ। ਲੱਖਾਂ ਰੁਪਏ ਵਿੱਚ ਗੱਡੀ ਦਾ ਫੈਨਸੀ ਨੰਬਰ ਖ਼ਰੀਦ ਕੇ ਸ਼ੌਕ ਪਾਲਣ ਵਾਲੇ ਵੀ ਕੋਈ ਘੱਟ ਨਹੀਂ। ਇਸ ਤੋਂ ਅਗਲਾ ਪੜਾਅ ਵੇਖੋ,

              ‘ਯਾਰ ਤੇਰੇ ਨੇ ਗੱਡੀ ਲੈ ਲਈ ਟ੍ਰਿਪਲ ਜ਼ੀਰੋ ਵਨ

                     ਵਿੱਚ ਪਜੈਰੋ ਦੇ ਰੱਖ ਲਈ ਦੇਸੀ ਗੰਨ।’

           ਅਜਿਹੀਆਂ ਪੰਕਤੀਆਂ ਹੀ ਲੜਾਈ-ਝਗੜਿਆਂ ਅਤੇ ਗੈਂਗਵਾਰ ਦੀਆਂ ਪੈੜਾਂ ਪਾਉਂਦੀਆਂ ਹਨ।ਡੱਬਵਾਲੀ ਦੀ ਜੀਪ ਮਾਰਕੀਟ ਵਾਲੇ ਆਖਦੇ ਹਨ ਕਿ ਪੰਜਾਬੀਆਂ ਨੇ ਬਚਾ ਲਏ, ਇਨ੍ਹਾਂ ਦਾ ਕਿੱਥੇ ਦੇਣ ਦੇਵਾਂਗੇ। ਉਹ ਪੁਰਾਣੀਆਂ ਜੀਪਾਂ ਖ਼ਰੀਦ ਕੇ ਤਿਆਰ ਕਰਦੇ ਨੇ, ਪੰਜਾਬੀ ਹੱਥੋਂ ਹੱਥ ਖ਼ਰੀਦ ਲੈਂਦੇ ਹਨ। ਮਾਝੇ ਤੇ ਦੁਆਬੇ ’ਚ ਕਦੇ ਗੇੜਾ ਮਾਰੋਗੇ ਤਾਂ ਵੱਡੀਆਂ ਕੋਠੀਆਂ ’ਤੇ ਟਰੈਕਟਰ ਚਾੜ੍ਹੇ ਹੋਏ ਹਨ। ਪਾਣੀ ਵਾਲੀ ਟੈਂਕੀ ਦਾ ਮਾਡਲ ਕਿਤੇ ਟਰੈਕਟਰ ਦਾ ਹੈ, ਕਿਤੇ ਜਹਾਜ਼ ਦਾ। ਇਹ ਮਾਨਸਿਕਤਾ ਕਿਸ ਤਰ੍ਹਾਂ ਦੇ ਪਾਣੀ ’ਚ ਭਿੱਜੀ ਹੋਈ ਹੈ। ਝੱਲ ਖਿਲਾਰਨ ਵਾਲਿਆਂ ਨੇ ਆਹ ਦਿਨ ਦਿਖਾਏ ਨੇ। ਸਿਆਸਤਦਾਨਾਂ ਤੇ ਅਫ਼ਸਰਾਂ ਦੇ ਕਾਕਿਆਂ ਨੇ ਡਾਢਾ ਯੋਗਦਾਨ ਪਾਇਆ ਹੈ।ਜਿਨ੍ਹਾਂ ਕਿਸਾਨਾਂ ਨੇ ਦੇਸ਼ ਦੇ ਅਨਾਜ ਭੰਡਾਰ ਵਿੱਚ ਭਰਵਾਂ ਯੋਗਦਾਨ ਪਾਇਆ, ਉਹ ਕਿਉਂ ਪਿੱਛੇ ਰਹਿਣ। ਜਦੋਂ ਪੰਜਾਬ ’ਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੌਰ ਸ਼ੁਰੂ ਹੋਇਆ ਸੀ ਤਾਂ ਉਦੋਂ ਕਿਸਾਨਾਂ ਨੂੰ ਕਿਧਰੋਂ ਵੀ ਕਰਜ਼ਾ ਨਹੀਂ ਮਿਲਦਾ ਸੀ ਜਿਸ ਕਰਕੇ ਮਜਬੂਰੀਵੱਸ ਕਿਸਾਨ ਨਵਾਂ ਟਰੈਕਟਰ ਖ਼ਰੀਦ ਕੇ ਫ਼ੌਰੀ ਘੱਟ ਮੁੱਲ ਵਿੱਚ ਵੇਚ ਦਿੰਦੇ ਸਨ। ਹੁਣ ਸੱਚ ਤੋਂ ਮੁਨਕਰ ਵੀ ਨਹੀਂ ਹੋ ਸਕਦੇ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰ ਆਖਦੇ ਹਨ ਕਿ ਪੰਜਾਬ ਦਾ ਫ਼ਸਲੀ ਚੱਕਰ ਇਸ ਤਰ੍ਹਾਂ ਦਾ ਹੈ ਕਿ ਟਰੈਕਟਰ ਦੀ ਖੇਤੀ ’ਚ ਵਰਤੋਂ ਬਹੁਤ ਘੱਟ ਘੰਟੇ ਹੁੰਦੀ ਹੈ। ਪੰਜਾਬ ਨੂੰ ਲੱਖਾਂ ਟਰੈਕਟਰ ਵਿੱਤੀ ਤੌਰ ’ਤੇ ਵਾਰਾ ਨਹੀਂ ਖਾਂਦੇ ਹਨ। ਫਿਰ ਵੀ ਕਿਸਾਨ ਨਵੇਂ ਟਰੈਕਟਰ ਕਢਵਾ ਰਹੇ ਹਨ। ਅੰਕੜਾ ਗਵਾਹ ਹੈ, ਹਿਸਾਬ ਕਿਤਾਬ ਤੁਸੀਂ ਆਪੇ ਲਾ ਲੈਣਾ। ਪੰਜਾਬ ਵਿੱਚ ਅਗਸਤ 2023 ਤੱਕ ਕੁੱਲ 5.77 ਲੱਖ ਖੇਤੀ ਟਰੈਕਟਰ ਰਜਿਸਟਰ ਹੋਏ ਹਨ। ਇਸ ਲਿਹਾਜ਼ ਨਾਲ ਦੇਖੀਏ ਤਾਂ ਸੂਬੇ ਦੇ ਔਸਤ ਹਰ ਗਿਆਰ੍ਹਵੇਂ ਘਰ ਵਿੱਚ ਟਰੈਕਟਰ ਹੈ।

           ਜਨਵਰੀ 2019 ਤੋਂ ਅਗਸਤ 2023 ਤੱਕ ਪੰਜਾਬ ਵਿੱਚ 93,197 ਲੱਖ ਟਰੈਕਟਰਾਂ ਦੀ ਵਿਕਰੀ ਹੋਈ। ਪਿਛਲੇ ਵਰ੍ਹੇ 2023 ਵਿੱਚ ਅਗਸਤ ਤੱਕ 20,950 ਟਰੈਕਟਰ ਵਿਕ ਚੁੱਕੇ ਸਨ। ਉਕਤ ਪੌਣੇ ਪੰਜ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਸੂਬੇ ਵਿੱਚ ਰੋਜ਼ਾਨਾ 54 ਟਰੈਕਟਰ ਵਿਕ ਰਹੇ ਹਨ। ਪੰਜਾਬ ਵਿੱਚ ਵੱਡੇ ਕਿਸਾਨ 12 ਲੱਖ ਤੋਂ 20 ਲੱਖ ਰੁਪਏ ਤੱਕ ਦਾ ਟਰੈਕਟਰ ਖ਼ਰੀਦ ਰਹੇ ਹਨ। ਤਕਰੀਬਨ ਪੰਜ ਫ਼ੀਸਦੀ ਵੱਡੇ ਟਰੈਕਟਰ ਸ਼ੌਕੀਨ ਖ਼ਰੀਦਦੇ ਹਨ। ਛੋਟੀ ਤੇ ਦਰਮਿਆਨੀ ਕਿਸਾਨੀ 25 ਤੋਂ 30 ਹਾਰਸ ਪਾਵਰ ਦੇ ਟਰੈਕਟਰਾਂ ਦੀ ਖ਼ਰੀਦ ਕਰਦੀ ਹੈ। ਸਮੁੱਚੇ ਮੁਲਕ ਵਿੱਚ ਖੇਤੀ ਟਰੈਕਟਰਾਂ ਦੀ ਗਿਣਤੀ ਇਸ ਵੇਲੇ ਤੱਕ 95.11 ਲੱਖ ਬਣਦੀ ਹੈ ਜਿਸ ’ਚੋਂ ਵੱਡਾ ਹਿੱਸਾ 5.77 ਲੱਖ ਖੇਤੀ ਟਰੈਕਟਰਾਂ ਨਾਲ ਪੰਜਾਬ ਦਾ ਹੈ। ਕਿਤੇ ਕਿਸੇ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਦੇਖਣਾ। ਕਿਸੇ ਦੇ ਘਰ ਵਿੱਚ ਭੰਗ ਭੁੱਜ ਰਹੀ ਹੋਵੇਗੀ ਤੇ ਕਿਸੇ ਦੇ ਘਰ ਬੁਲਟ ਤੇ ਥਾਰ ’ਤੇ ਕੱਪੜੇ ਵੱਜ ਰਹੇ ਹੋਣਗੇ। ਕਿੱਧਰ-ਕਿੱਧਰ ਵੇਖੀਏ, ਬਿਨਾਂ ਲੋੜਾਂ ਤੋਂ ਮਹਿੰਗੀਆਂ ਗੱਡੀਆਂ ਵਿੱਚ ਬੈਠੇ ਸਵਾਰਾਂ ਵੱਲ ਜਾਂ ਉਨ੍ਹਾਂ ਨੂੰ ਤੱਕੀਏ ਜਿਨ੍ਹਾਂ ਦੀ ਝੋਲੀ ਵਿੱਚ ਗ਼ੁਰਬਤ ਤੇ ਬੇਕਾਰੀ ਹੈ। ਬਾਬੇ ਨਾਨਕ ਦੇ ਸੁਨੇਹੇ ’ਤੇ ਅਮਲ ਕਰਦੇ ਤਾਂ ਸ਼ੌਕੀਨੀ ਦੇ ਪੈਸੇ ’ਚੋਂ ਦਸਵੰਧ ਵੀ ਕੱਢਦੇ ਤਾਂ ਜੋ ਹਰ ਹਾਲੀ ਪਾਲੀ ਵੀ ਸ਼ੁਕਰਾਨਾ ਕਰਦਾ। ਦੂਜਿਆਂ ਦੇ ਹਾਸਿਆਂ ’ਤੇ ਨਾਜਾਇਜ਼ ਕਬਜ਼ਾ ਕਿੱਥੋਂ ਦਾ ਦਸਤੂਰ ਹੈ?

         ਦੇਸ਼ ’ਤੇ ਨਜ਼ਰ ਮਾਰੀਏ ਤਾਂ ਇਸ ਵੇਲੇ ਸਮੁੱਚੇ ਮੁਲਕ ਵਿੱਚ 34.98 ਕਰੋੜ ਵਾਹਨ ਰਜਿਸਟਰਡ ਹਨ ਅਤੇ ਇਨ੍ਹਾਂ ’ਚੋਂ 24.56 ਕਰੋੜ ਮੋਟਰ ਸਾਈਕਲ ਤੇ ਸਕੂਟਰ ਹਨ। ਕੋਵਿਡ ਦੇ ਕਹਿਰ ਨੇ ਪੰਜਾਬੀ ਥੋੜ੍ਹੇ ਝੰਬ ਦਿੱਤੇ ਸਨ, ਨਹੀਂ ਤਾਂ ਬਿਨਾਂ ਬਰੇਕਾਂ ਤੋਂ ਖ਼ਰੀਦਦਾਰੀ ਚੱਲ ਰਹੀ ਸੀ। ਸਾਲ 2019 ਵਿੱਚ ਪੰਜਾਬ ਵਿੱਚ ਕੁੱਲ 7.58 ਲੱਖ ਵਾਹਨ ਰਜਿਸਟਰ ਹੋਏ ਸਨ। ਸਾਲ 2023 ਵਿੱਚ ਅਗਸਤ ਮਹੀਨੇ ਤੱਕ 3.98 ਲੱਖ ਵਾਹਨ ਰਜਿਸਟਰ ਹੋ ਚੁੱਕੇ ਸਨ। ਸਾਡੇ ਬਾਬੇ ਤਾਂ ਸਾਦਗੀ ਛੱਡ ਕੇ ਗਏ ਸਨ। ਅਸੀਂ ਗੱਡੀਆਂ ’ਚ ਚੜ੍ਹ ਗਏ, ਸਾਦਗੀ ਪਿੱਛੇ ਹਾਕਾਂ ਮਾਰ ਰਹੀ ਹੈ। ਲਿਖਣਾ ਪੜ੍ਹਨਾ ਵੀ ਭੁੱਲ ਬੈਠੇ ਹਾਂ। ਕਿਤਾਬਾਂ ਲਈ ਪੈਸੇ ਨਹੀਂ, ਬੁਲਟ ਲਈ ਕਰਜ਼ਾ ਚੁੱਕਦੇ ਹਾਂ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਸਿਰਫ਼ ਚਾਰ ਲਾਇਬਰੇਰੀ ਵੈਨਾਂ ਰਜਿਸਟਰਡ ਹਨ ਜਦੋਂਕਿ ਦੇਸ਼ ਭਰ ਵਿੱਚ ਲਾਇਬਰੇਰੀ ਵੈਨਾਂ ਦੀ ਗਿਣਤੀ 426 ਹੈ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਲਾਇਬਰੇਰੀ ਵੈਨਾਂ ਨੂੰ ਪਿੰਡ ਪਿੰਡ ਭੇਜੇ ਅਤੇ ‘ਘਰ ਘਰ ਕਿਤਾਬ’ ਨੂੰ ਅਮਲ ’ਚ ਲਿਆਏ। ਫੇਰ ਹੀ ਪੰਜਾਬੀ ਜਾਗ ਸਕਦੇ ਹਨ। ਜਾਗਣਗੇ ਤਾਂ ਪਤਾ ਲੱਗੇਗਾ ਕਿ ਪੈਰ ਤਾਂ ਚਾਦਰ ’ਚੋਂ ਬਾਹਰ ਨਿਕਲੇ ਫਿਰਦੇ ਨੇ।

         ਸਾਈਕਲ, ਹਾਲੈਂਡ ਵਾਸੀਆਂ ਦਾ ਪਸੰਦੀਦਾ ਵਾਹਨ ਹੈ। ਉਸ ਦੇਸ਼ ਦੇ ਪੂਰੇ ਖੇਤਰ ਵਿੱਚ ਸਾਈਕਲ ਟਰੈਕ ਬਣੇ ਹੋਏ ਹਨ। ਸਾਈਕਲ ਟਰੈਕਸ ਦੀ ਲੰਬਾਈ ਸੜਕਾਂ ਤੋਂ ਵੱਧ ਹੈ ਤੇ ਇਨ੍ਹਾਂ ਟਰੈਕਸ ’ਤੇ ਮੁਕੰਮਲ ਟਰੈਫਿਕ ਚਿੰਨ ਲੱਗੇ ਹੋਏ ਹਨ। ਚੌਕ ਵਿੱਚ ਪੈਦਲ ਯਾਤਰੀਆਂ ਵਾਂਗ ਸਾਈਕਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇ ਉਹ ਲੰਬੀ ਯਾਤਰਾ ਲਈ ਹੋਰ ਵਾਹਨ ਵਰਤਦੇ ਵੀ ਹਨ ਤਾਂ ਉਨ੍ਹਾਂ ਦੇ ਪਿੱਛੇ ਵੀ ਸਾਈਕਲ ਟੰਗੇ ਹੁੰਦੇ ਹਨ। ਯੂਰਪ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਇਹੋ ਜਿਹੀ ਜੀਵਨ-ਜਾਚ ਦਾ ਹੀ ਝਲਕਾਰਾ ਹੈ। ਜੇ ਪੰਜਾਬ ਦੀ ਗੱਲ ਕਰੀਏ, ਜੱਦੋ-ਜਹਿਦ ਕਰਦੇ ਡੁੱਬਦੇ ਵਿਅਕਤੀ ਦੇ ਜਿਵੇਂ ਕਈ ਵਾਰ ਆਖ਼ਰੀ ਸਮੇਂ ਹੱਥ ਹੀ ਵਿਖਾਈ ਦਿੰਦੇ ਹਨ ਅੱਜ ਇਹੋ ਜਿਹੀ ਸਥਿਤੀ ਸੂਬੇ ਵਿੱਚ ਸਾਈਕਲ ਦੀ ਹੈ। ਪੰਜਾਬੀਆਂ ਨੇ ਖੇਤੋਂ ਚਾਰਾ ਲਿਆਉਣ ਲਈ ਵੀ ਸਾਈਕਲ ਨੂੰ ਪਾਸੇ ਕਰ ਲਿਆ ਹੈ। ਨਗੌਰੀ ਬਲਦਾਂ ਨੂੰ ਪਿਛਾਂਹ ਖਿੱਚ ਉਨ੍ਹਾਂ ਰੇਹੜੀਆਂ ਨੂੰ ਮੋਟਰ ਸਾਈਕਲ ਜੋੜ ਲਏ ਹਨ।

Sunday, January 21, 2024

                                               ਖਟੈਕ ! ਖਟੈਕ !! ਖਟੈਕ !!!
                                                          ਚਰਨਜੀਤ ਭੁੱਲਰ 

ਚੰਡੀਗੜ੍ਹ: ਟੱਲਾਂ ਵਾਲੇ ਸਾਧ, ਮਜਾਲ ਐ ਕਿਤੇ ਟਿਕ ਜਾਣ। ਇੰਜ ਨਾ ਕਹੋ ਕਿ ਬਈ... ਨਵਜੋਤ ਸਿੱਧੂ ਤਾਂ ‘ਟੱਲਾਂ ਵਾਲੇ ਸਾਧ’ ਦਾ ਚੇਲਾ ਲੱਗਦੈ। ਤੁਸੀਂ ਲੱਖ ਨਘੋਚਾਂ ਕੱਢੋ ਪਰ ਸਿੱਧੂ ਹੈ ਤਾਂ ਪੰਜਾਬ ਦਾ ਟਕਸਾਲੀ ਪੁੱਤ। ਜਦੋਂ ਕਾਂਗਰਸ ‘ਮੁੰਨੀ’ ਤੋਂ ਵੱਧ ਬਦਨਾਮ ਸੀ, ਉਦੋਂ ਇਹ ਪਟਿਆਲਵੀ ਗੁਰੂ, ਸੋਨੀਆ ਇਟਾਲਵੀ ਦੇ ਚਰਨੀਂ ਲੱਗਿਆ। ਐਨ ਨਵੇਂ ਪ੍ਰਿੰਟਾਂ ’ਚ ਆਇਆ ਸੀ। ਆਸਮਾਨਾਂ ’ਚ ਗੂੰਜ ਪਈ, ‘‘ਆਪ ਆਏ, ਬਹਾਰ ਆਈ।’’ ‘ਸਦਕੇ ਜਾਵਾਂ ਏਹ ਬਹਾਰ ਦੇ, ਚਾਹੇ ਭਾਜਪਾ ਆਲੇ ਪਾਸਿਓਂ ਹੀ ਆਈ।’

           ਰਾਹੁਲ ਨੇ ਸਿਰ ਹਿਲਾ’ਤਾ, ਭੈਣ ਪ੍ਰਿਅੰਕਾ ਨੇ ਪ੍ਰਧਾਨਗੀ ਵਾਲਾ ਛੱਜ ‘ਸ਼ੈਰੀ ਭਾ’ਜੀ’ ਦੇ ਬੰਨ੍ਹ’ਤਾ। ਘਾਹੀਆਂ ਦੇ ਪੁੱਤਾਂ ਨੇ ਨਾਅਰੇ ਮਾਰੇ, ‘ਸਿੱਧੂ ਆਇਆ, ਸਿੱਧੂ ਛਾਇਆ।’ ਏਨੀ ਤਾਲੀ ਠੋਕੀ ਕਿ ਵਰਕਰਾਂ ਦੇ ਹੱਥਾਂ ’ਤੇ ਅੱਟਣ ਪੈ ਗਏ। ਚਾਰ-ਟੰਗੀ ਕੁਰਸੀ ਹੱਸਦੀ ਰਹੀ, ਦੋ-ਟੰਗੇ ‘ਖਟੈਕ ਖਟੈਕ’ ਕਰਦੇ ਰਹੇ। ਸਿਆਣੇ ਆਖਦੇ ਨੇ ਕਿ ਵੱਡੇ ਦਰਿਆ ਆਵਾਜ਼ ਨਹੀਂ ਕਰਦੇ। ਨਵਜੋਤ ਸਿੱਧੂ ਕਿੱਥੇ ਟਲਦੈ। ਫੇਰ ਗੁਰੂ ਹੋ ਗਏ ਸ਼ੁਰੂ, ਉਡਾ ਦਿਓ ਤੋਤੇ, ਪਾ ਦਿਓ ਮੋਛੇ। 2022 ਚੋਣਾਂ ’ਚ ਲੋਕਾਂ ਨੇ ਸਿੱਧੂ ਦੇ ਬੋਲ ਪੁਗਾ’ਤੇ।

         ‘ਬੋਧੀ ਬ੍ਰਿਛ’ ਜਿਸ ਹੇਠ ਬੈਠ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ। ਠੀਕ ਉਵੇਂ ਅਰੁਣ ਜੇਤਲੀ ਵਰਗੇ ਬੋਹੜ ਹੇਠ ਬੈਠ ਕੇ ਨਵਜੋਤ ਸਿੱਧੂ ਦੇ ਅਕਲ ਦਾੜ੍ਹ ਪ੍ਰਗਟ ਹੋਈ। ਫਿਰ ਚੱਲ ਸੋ ਚੱਲ, ਇਹ ਰਮਤਾ ਜੋਗੀ ਚੱਲਦਾ ਗਿਆ, ਰਾਹ ਬਣਦੇ ਗਏ। ਕਿਸੇ ਨੇ ਗਾਣਾ ਲਿਖ ਮਾਰਿਆ, ‘ਰਮਤਾ ਜੋਗੀ, ਓਏ ਰਮਤਾ ਜੋਗੀ।’ ਨਰਿੰਦਰ ਮੋਦੀ ਧੰਨ ਹੋ ਗਿਆ। ਏਨੀਆਂ ਖੋਜਾਂ ਤਾਂ ਥੌਮਸ ਐਡੀਸਨ ਨਹੀਂ ਕਰ ਸਕਿਆ। ਰਾਹੁਲ ਗਾਂਧੀ ’ਚੋਂ ‘ਪੱਪੂ’ ਖੋਜਿਆ, ਆਪਣੇ ਸ਼ੈਰੀ ਭਾ’ਜੀ ਨੇ। ਕਾਂਗਰਸ ਵਿੱਚੋਂ ‘ਮੁੰਨੀ’ ਲੱਭੀ, ਸ਼ੈਰੀ ਭਾ’ਜੀ ਨੇ। ਮਨਮੋਹਨ ਸਿੰਘ ਵਿੱਚੋਂ ‘ਮੋਨੀ ਬਾਬਾ’ ਤਲਾਸ਼ਿਆ, ਜਨਾਬ ਸ਼ੈਰੀ ਨੇ।

        ਜਦੋਂ ਮਾਤ ਲੋਕ ’ਚ ਪਾਪਾਂ ਦੀ ਧੁੰਦ ਵਧਦੀ ਹੈ, ਉਸ ਮੌਕੇ ਨਵਜੋਤ ਵਰਗਾ ਪ੍ਰਤਾਪੀ ਚਿਹਰਾ ਪ੍ਰਗਟ ਹੁੰਦਾ ਹੈ। ਜ਼ਰੂਰ ਕਿਸੇ ਸਾਧ ਦੀ ਕੁਟੀਆ ਵਿਚ ਤਪੱਸਿਆ ਕੀਤੀ ਹੋਊ। ਨਾ ਕਿਸੇ ਅਹੁਦੇ ਦੀ ਭੁੱਖ, ਨਾ ਸੱਤਾ ਦਾ ਲੋਭ। ਬੱਸ ਤਿਆਗ ਹੀ ਤਿਆਗ। ਏਨਾ ਤਿਆਗ ਕਿ ਪੰਜਾਬ ਖ਼ਾਤਰ ਭਾਜਪਾ ਨੂੰ ਲੱਤ ਮਾਰ ਦਿੱਤੀ। ਅਮਿਤ ਸ਼ਾਹ ਬਥੇਰਾ ਪਿੱਟਿਆ, ‘ਜਾਵੋ ਨੀਂ ਕੋਈ ਮੋੜ ਲਿਆਵੋ, ਮੇਰੀ ਰੁੱਸ ਗਈ ਹੀਰ ਸਲੇਟੀ।’ ਅਸੂਲੀ ਸਿੱਧੂ ਮੁੜ ਕਦੇ ਭਾਜਪਾ ਦੀ ਦੇਹਲੀ ਨਹੀਂ ਚੜ੍ਹਿਆ। ਭਾਜਪਾਈ ਗੁਣਗੁਣਾ ਰਹੇ ਨੇ, ‘‘ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਭੀ ਹੈ।’’

        ਸਿੱਧੂ ਕਿਸੇ ਨੂੰਹ ਧੀ ਨਾਲੋਂ ਘੱਟ ਐ, ਜੋ ਕਹਿ ਦਿੱਤਾ ਬੱਸ ਕਹਿ’ਤਾ, ‘‘ਤੇਰੀ ਗਲਿਓਂ ਮੇਂ ਨਾ ਰਖੇਂਗੇ ਕਦਮ...।’’ ਬਾਬਾ ਸ਼ੇਕਸਪੀਅਰ ਆਖਦਾ ਪਿਐ ਕਿ ਤੁਹਾਡੀ ਬੁੱਧੀ ਹੀ ਤੁਹਾਡੀ ਗੁਰੂ ਹੁੰਦੀ ਹੈ। ਭਲਾ ਸ਼ੈਰੀ ਭਾ’ਜੀ ਅਕਲ ਨੂੰ ਕਿਉਂ ਹੱਥ ਮਾਰਨ। ਪੂਰਾ ਪੰਜਾਬ ਤਾਂ ਉਨ੍ਹਾਂ ਦੀ ਦੀਦ ਨੂੰ ਤਰਸਦੈ। ਵਿਰੋਧੀਆਂ ਦਾ ਸੁਆਲ ਹੀ ਗ਼ਲਤ ਐ, ਅਖੇ ਨਵਜੋਤ ਸਿੱਧੂ ਦਾ ਗੁਰੂ ਕੌਣ ਐ। ਨਾ ਚੁੱਕੋ ਤਪੱਸਵੀਆਂ ’ਤੇ ਉਂਗਲ। ਔਹ ਵੇਖੋ, ਕਪਿਲ ਸ਼ਰਮਾ ਦੇ ਸ਼ੋਅ ਆਲਾ ਸੁਨੀਲ ਗਰੋਵਰ ਕਿਵੇਂ ਤਾਰੀਫ਼ ਕਰ ਰਿਹੈ, ‘‘ਜਲੀ ਕੋ ਆਗ ਕਹਿਤੇ ਹੈਂ, ਬੁਝੀ ਕੋ ਰਾਖ ਕਹਿਤੇ ਹੈਂ, ਜੋ ਸਮੁੰਦਰ ਮੇਂ ਜਾਕਰ ਬਣਾ ਦੇ ਪਰੌਂਠੇ, ਉਸੇ ਸਿੱਧੂ ਸਾਹਿਬ ਕਹਿਤੇ ਹੈਂ।’’

        ਪ੍ਰਤਾਪ ਬਾਜਵਾ ਸੁਆਲ ਕਰਦੇ ਨੇ, ਭਾਊ! ਪਰੌਂਠਿਆਂ ਨੂੰ ਛੱਡੋ, ਏਹ ਕਿਹੋ ਜੇਹਾ ਮੈਟੀਰੀਅਲ ਐ, ਥੋੜ੍ਹਾ ਗਿਆਨ ਤਾਂ ਵਧਾਓ। ਇੱਕ ਵਾਰੀ ਜਪਾਨੀ ਵਫ਼ਦ ਬਿਹਾਰ ਆਇਆ। ਲਾਲੂ ਜੀ, ਤੁਸੀਂ ਬਿਹਾਰ ਅਸਾਡੇ ਹਵਾਲੇ ਕਰੋ, ਛੇ ਮਹੀਨਿਆਂ ’ਚ ਜਪਾਨ ਬਣਾ ਦਿਆਂਗੇ। ਅੱਗਿਓਂ ਵਫ਼ਦ ਨੂੰ ਲਾਲੂ ਜੀ ਫ਼ਰਮਾਏ, ‘‘ਅਰੇ ਛੋਹਰੇ, ਆਪ ਜਪਾਨ ਹਮ ਕੋ ਦੇ ਦਿਓ, ਛੇ ਦਿਨੋਂ ਮੇਂ ਬਿਹਾਰ ਬਣਾ ਦੇਂਗੇ।’’ ਜਦੋਂ ਨਵਜੋਤ ਸਿੱਧੂ ਨਵੇਂ ਨਵੇਂ ਕਾਂਗਰਸੀ ਸਜੇ ਸਨ। ਅਮਰਿੰਦਰ ਕੋਲ ਝੁਕ ਕੇ ਬੋਲੇ, ‘ਡੈਡੀ ਜੀ ਪੈਰੀਂ ਪੈਣਾਂ।’ ਵੱਡੇ ਬਾਦਲ ਆਖਦੇ ਹੁੰਦੇ ਸਨ ਕਿ ਮੈਨੂੰ ਵੀ ਪਿਓ ਕਹਿੰਦਾ ਹੁੰਦਾ ਸੀ।

            ਬਹੁਤ ਸਾਂਝਾਂ ਨੇ ਪਟਿਆਲਵੀਆਂ ’ਚ। ਅਮਰਿੰਦਰ ਵੀ ਸਿੱਧੂ, ਨਵਜੋਤ ਵੀ ਸਿੱਧੂ। ਅਮਰਿੰਦਰ ਨੇ ਵੀ ਅਸਤੀਫ਼ੇ ਦਿੱਤੇ, ਨਵਜੋਤ ਨੇ ਵੀ ਦਿੱਤੇ। ਅਮਰਿੰਦਰ ਅਕਾਲੀਆਂ ਦੇ ਘਰੋਂ ਆਇਆ, ਨਵਜੋਤ ਭਾਜਪਾਈਆਂ ਦੇ। ਫ਼ਰਕ ਦੇਖੀਏ ਤਾਂ ਇੱਕ ਸਿੱਧੂ ਘੱਟ ਬੋਲਦੈ, ਦੂਜਾ ਬੋਲਣੋਂ ਨ੍ਹੀਂ ਹਟਦਾ। ਮੋਟਰ ਵਾਂਗੂ ਚੱਲਦੈ। ਇੱਕ ਪਜਾਮੀ ਪਾਉਂਦੈ, ਦੂਜਾ ਸਲਵਾਰ। ਇਹ ਕੋਈ ਹੜੱਪਾ ਕਾਲ ਤਾਂ ਹੈ ਨ੍ਹੀਂ, ਪਜਾਮੀ ਦਾ ਯੁੱਗ ਗਿਐ, ਹੁਣ ਸਲਵਾਰ ਦਾ ਆਇਐ। ਜਦ ਨਵਜੋਤ ਕਾਂਗਰਸੀ ਬਾਣੇ ’ਚ ਸਜੇ ਤਾਂ ਪੰਜਾਬ ਮੀਰਾ ਤੋਂ ਵੱਧ ਨੱਚਿਆ।

           ਜਿੰਨਾ ਸਮਾਂ ਸਿੱਧੂ ਸਾਹਿਬ ਪ੍ਰਧਾਨ ਰਹੇ, ਉਨ੍ਹਾਂ ਦਾ ਬਿਸਤਰਾ ਕਾਂਗਰਸ ਭਵਨ ਵਿਚ ਰਿਹਾ। ਦਿਨ ਰਾਤ ਸ਼ੈਰੀ ਪੰਜਾਬ ਖ਼ਾਤਰ ਜਾਗਿਆ। ਰੱਬ ਹੱਸਦਾ ਰਿਹਾ। ਉਹ ਭੱਦਰ ਪੁਰਸ਼ ਅੱਜ ਪ੍ਰਧਾਨ ਨਹੀਂ ਰਿਹਾ। ਉਨ੍ਹਾਂ ਦਾ ਬਿਸਤਰਾ ਅੱਜ ਵੀ ਕਾਂਗਰਸ ਭਵਨ ’ਚ ਪਿਐ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਟਿਕਟ ਲੈ ਕੇ ‘ਕਾਂਗਰਸ ਭਵਨ’ ਵਿਚਲੇ ਬਿਸਤਰਪੁਰ  ਨੂੰ ਦੇਖਿਆ ਕਰਨਗੇ। ‘ਓ ਮਾਈ ਗੌਡ’ ਫ਼ਿਲਮ ’ਚ ਪਰੇਸ਼ ਰਾਵਲ ਇਹ ਕਿਸ ਨੂੰ ਆਖ ਰਿਹੈ, ‘ਸਥਿਰ ਬੁੱਧੀ ਵਾਲਾ ਹੀ ਸਿੱਧ ਪੁਰਸ਼ ਅਖਵਾਉਂਦਾ ਹੈ।’ ਅਸਾਂ ਨੂੰ ਤਾਂ ਸ਼ੈਰੀ ਭਾ’ਜੀ ’ਚੋਂ ਰੱਬ ਦਿੱਸਦਾ ਹੈ।

           ਜਿਨ੍ਹਾਂ ਨੇ ਪੰਗਾ ਲਿਆ, ਉਹ ਭਸਮ ਹੋ ਗਏ। ਅਮਰਿੰਦਰ ਨੇ ਰੱਬ ਨੂੰ ਟੱਬ ਦੱਸਿਆ, ਭਸਮ ਹੋ ਗਿਆ। ਚੰਨੀ ਨੇ ਮੁੱਲ ਨਾ ਪਾਇਆ, ਦੋਵਾਂ ਸੀਟਾਂ ਤੋਂ ਹਾਰ ਗਏ। ਰਾਜਾ ਵੜਿੰਗ ਹੁਣ ਤੜਿੰਗ ਹੋਏ ਨੇ, ਅਖੇ! ਅਨੁਸ਼ਾਸਨੀ ਕਾਰਵਾਈ ਕਰਾਂਗੇ। ਓਏ ਭਲਿਆ ਲੋਕਾ! ਭਲਾ ਕੋਈ ਰੱਬ ’ਤੇ ਵੀ ਕਾਰਵਾਈ ਕਰਦੈ। ਗਿੱਦੜਬਾਹੇੇ ਵਾਲਿਓ, ਬਹੁਤੇ ਸ਼ੇਰ ਨਾ ਬਣੋ। ਆਹ ਰਾਜ ਕੁਮਾਰ ਦਾ ਡਾਇਲੌਗ ਸੁਣੋ, ‘ਦਿੱਲੀ ਤਕ ਬਾਤ ਮਸ਼ਹੂਰ ਹੈ, ਰਾਜਪਾਲ ਚੌਹਾਨ ਕੇ ਹਾਥ ਮੇਂ ਤੰਬਾਕੂ ਦਾ ਪਾਈਪ, ਜੇਬ ਮੇਂ ਅਸਤੀਫ਼ਾ ਰਹਿਤਾ ਹੈ।’ ਏਦਾਂ ਦਾ ਕੱਬਾ ਸੁਭਾਅ ਆਪਣਾ ਨਵਜੋਤ ਸਿੱਧੂ ਚੁੱਕੀ ਫਿਰਦੈ।

           ਪਹਿਲਾਂ ਰਾਜ ਸਭਾ ਦੀ ਮੈਂਬਰੀ ਨੂੰ ਲੱਤ ਮਾਰੀ, ਫੇਰ ਕਾਂਗਰਸ ਦੀ ਪ੍ਰਧਾਨਗੀ ਵਗ੍ਹਾ ਮਾਰੀ। ਹਾਈ ਕਮਾਂਡ ਨੇ ਅਸਤੋ ਪਸ਼ਤੋ ਕੀਤੀ ਤਾਂ ਝੱਟ ਹੇਕ ਲਾ ਦਿੱਤੀ, ‘ਆਹ ਲੈ ਸਾਂਭ ਲੈ ਤੂੰ ਸੈਦੇ ਦੀਏ ਨਾਰੇ, ਸਾਥੋਂ ਨ੍ਹੀਂ ਮੱਝਾਂ ਚਾਰ ਹੁੰਦੀਆਂ।’ ਨਵਜੋਤ ਸਿੱਧੂ ਹੁਣ ਮੁੜ ਘਰੋਂ ਨਿਕਲਿਐ, ਮੋਢੇ ’ਤੇ ਸਲੀਬ ਚੁੱਕੀ ਫਿਰਦੈ। ਪੰਜਾਬ ਦੀ ਹਾਲਤ ਚੁੰਨੀ ਚੜ੍ਹਾਉਣ ਵਾਲੀ ਹੋਈ ਪਈ ਹੈ। ਟਟੀਹਰੀ ਦਾ ਤਾਂ ਪਤਾ ਨਹੀਂ, ਨਵਜੋਤ ਸਿੱਧੂ ਪੰਜਾਬ ਨੂੰ ਬਚਾ ਕੇ ਦਮ ਲੈਣਗੇ। ਬਾਕੀ ਕਾਂਗਰਸੀ ਨੇਤਾ ਚਮਕੀਲੇ ਦੇ ਗੀਤ ’ਤੇ ਗ਼ੌਰ ਕਰਨ, ‘ਕੁੜੀਓ ਰਾਹ ਛੱਡ ਦਿਓ, ਮੇਰੇ ਯਾਰ ਨੇ ਗਲੀ ਦੇ ਵਿਚੋਂ ਲੰਘਣਾ।’

          ‘ਆਪ’ ਵਾਲ਼ਿਓ, ਜੇ ਪੰਜਾਬ ਨੂੰ ਰੰਗਲਾ ਨਹੀਂ ਬਣਾ ਸਕਦੇ ਤਾਂ ਸਿੱਧੂ ਸਾਹਿਬ ਨੂੰ ਫੜਾਓ ਕੂਚੀ। ਵਿਰੋਧੀ ਆਖਦੇ ਨੇ, ਕੂਚੀ ਦੀ ਤਾਂ ਖ਼ੈਰ ਐ, ਕਿਤੇ ਫੱਟੀ ਨਾ ਫੜਾ ਦਿਓ। ਭਾ’ਜੀ, ਦਰਸ਼ਨੀ ਘੋੜੇ ਨਹੀਂ, ਅਰਬੀ ਘੋੜੇ ਨੇ। ਪੰਜਾਬ ਦੀ ਧਰਤੀ ’ਤੇ ਰਾਮ ਰਾਜ ਲੈ ਕੇ ਆਉਣਗੇ। ਇਨ੍ਹਾਂ ਨੇ ਭਲੇ ਵੇਲਿਆਂ ’ਚ ਗੋਰਖ ਨਾਥ ਦੇ ਟਿੱਲੇ ਤੋਂ ਜੋਗ ਲਿਆ ਲੱਗਦੈ। ਪੰਜਾਬ ਦੇ ਭਰਮਣ ’ਤੇ ਨਿਕਲੇ ਨੇ। ਕੋਲ ਪੋਟਲੀ ਹੈ ਤੇ ਪੋਟਲੀ ਵਿਚ ਏਜੰਡੇ ਨੇ। ਯੂ.ਪੀ. ’ਚ ਯੋਗੀ ਮੁੱਖ ਮੰਤਰੀ ਬਣ ਸਕਦੈ, ਤਾਂ ਆਹ ਸਾਡੇ ਮੁੰਡੇ ’ਚ ਕੀ ਕਮੀ ਹੈ। ਮਾਵਾਂ ਆਖਦੀਆਂ ਨੇ, ਪੁੱਤ ‘ਵਰਕਰ’ ਬਣਾਉਣ ਲਈ ਨਹੀਂ ਜੰਮੇ। ਬਾਪ ਆਖਦੇ ਨੇ, ਪੰਜਾਬ ਕੋਈ ਪ੍ਰਯੋਗਸ਼ਾਲਾ ਨਹੀਂ, ਨਾ ਹੀ ਕਪਿਲ ਸ਼ਰਮਾ ਦਾ ਸ਼ੋਅ ਐ।

             ਜਾਂਦੇ ਜਾਂਦੇ ਇੱਕ ਲਤੀਫ਼ਾ। ਕਿਸਾਨਾਂ ਦੀ ਕੁੱਟ ਤੋਂ ਅੱਕੇ ਗਿੱਦੜਾਂ ਨੇ ਐਮਰਜੈਂਸੀ ਮੀਟਿੰਗ ਬੁਲਾਈ। ਲਾਮਬੰਦ ਹੋ ਕੇ ਇੱਕ ਬਜ਼ੁਰਗ ਗਿੱਦੜ ਨੂੰ ਪ੍ਰਧਾਨ ਚੁਣ ਲਿਆ। ਪਛਾਣ ਵਜੋਂ ਪ੍ਰਧਾਨ ਜੀ ਦੀ ਪੂਛ ’ਤੇ ਛੱਜ ਬੰਨ੍ਹ’ਤਾ। ਖੇਤਾਂ ’ਤੇ ਹੱਲਾ ਬੋਲਿਆ ਤਾਂ ਕਿਸਾਨ ਪੈ ਨਿਕਲੇ। ਸਭ ਗਿੱਦੜ ਖੁੱਡਾਂ ’ਚ ਵੜ ਗਏ। ਪ੍ਰਧਾਨ ਜੀ ਖੁੱਡ ’ਚ ਵੜਨ ਲੱਗੇ ਤਾਂ ਪਿੱਛੋਂ ਛੱਜ ਫਸ ਗਿਆ। ਛੱਜ ਫੜ ਕੇ ਕਿਸਾਨਾਂ ਨੇ ਬਾਹਰ ਧੂਹ ਲਿਆ। ਕੁੱਟ ਕੁੱਟ ਕਰ’ਤਾ ਬੁਰਾ ਹਾਲ। ਜਦੋਂ ਟਿਕ ਟਿਕਾ ਹੋਇਆ ਤਾਂ ਬਾਕੀ ਗਿੱਦੜ ਖੁੱਡਾਂ ’ਚੋਂ ਨਿਕਲੇ, ‘‘ਪ੍ਰਧਾਨ ਜੀ! ਆਹ ਕੀ ਹਾਲ ਬਣਾਇਆ, ਸਿਆਣੇ ਬਿਆਣੇ ਸੀ, ਭੱਜ ’ਕੇ ਖੁੱਡ ’ਚ ਵੜਦੇ!’’ ਅੱਗਿਓ ਪ੍ਰਧਾਨ ਜੀ ਫ਼ਰਮਾਏ, ‘ਵੜਦਾ ਕਿਵੇਂ, ਆਹ ਪ੍ਰਧਾਨਗੀ ਵਾਲਾ ਜਿਹੜਾ ਛੱਜ ਬੰਨਿ੍ਹਐ, ਇਹ ਵੜਨ ਤਾਂ ਦਿੰਦਾ।’

(21 ਜਨਵਰੀ 2024)


Thursday, January 18, 2024

                                                       ਪੰਜਾਬ ਦਾ ਕਿੰਨੂ
                                        ਨਾਗਪੁਰੀ ਸੰਤਰੇ ਨੂੰ ਖੱਟਾ ਕਰੇਗਾ
                                                        ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਦਾ ਕਿੰਨੂ ਹੁਣ ਨਾਗਪੁਰ ਦੇ ਸੰਤਰੇ ਨਾਲ ਭਿੜਨ ਜਾ ਰਿਹਾ ਹੈ। ਆਖਰ ਪੰਜਾਬ ਸਰਕਾਰ ਨੇ ਪੰਜਾਬੀ ਕਿੰਨੂ ਨੂੰ ਠੁੰਮ੍ਹਣਾ ਦੇਣ ਦਾ ਫ਼ੈਸਲਾ ਕੀਤਾ। ਹਾਲਾਤ ਇਹ ਹਨ ਕਿ ਕਿੰਨੂ ਦੇ ਭਾਅ ਦੀ ਮੰਦਹਾਲੀ ਨੇ ਬਾਗਬਾਨ ਭੁੰਜੇ ਸੁੱਟ ਦਿੱਤੇ ਹਨ, ਜਿਸ ਕਾਰਨ ਅੱਕੇ ਹੋਏ ਕਿੰਨੂ ਉਤਪਾਦਕ ਬਾਗ ਪੁੱਟਣ ਲਈ ਮਜਬੂਰ ਹਨ। ਹੁਣ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਨੇ ਕਿੰਨੂ ਬਾਜ਼ਾਰ ਵਿਚ ਦਖਲ ਦਿੱਤਾ ਹੈ ਤਾਂ ਜੋ ਬਾਗਬਾਨਾਂ ਦੀ ਲੁੱਟ ਨੂੰ ਬਚਾਇਆ ਜਾ ਸਕੇ। ਕਾਰਪੋਰੇਸ਼ਨ ਨੇ ਐਤਕੀਂ ਪੰਜ ਹਜ਼ਾਰ ਟਨ ਕਿੰਨੂ ਦੇ ਬਾਗ ਖਰੀਦ ਲਏ ਹਨ। ਪਿਛਲੇ ਵਰ੍ਹੇ ਬਾਗਬਾਨਾਂ ਨੂੰ ਕਿੰਨੂ ਦਾ ਮੁੱਲ 25 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਮਿਲਿਆ ਸੀ, ਜੋ ਕਿ ਐਤਕੀਂ 5-10 ਰੁਪਏ ਪ੍ਰਤੀ ਕਿਲੋ ’ਤੇ ਰਹਿ ਗਿਆ। ਪੰਜਾਬ ਸਰਕਾਰ ਅਵੇਸਲੀ ਰਹੀ ਅਤੇ ਬਾਗਬਾਨਾਂ ਨੂੰ ਫਸਲ ਮਿੱਟੀ ਦੇ ਭਾਅ ਸੁੱਟਣੀ ਪਈ। ਇਸ ਵਾਰ ਫਸਲ ਦਾ ਝਾੜ ਦੁੱਗਣਾ ਹੈ। 

         ਆਮ ਤੌਰ ’ਤੇ ਝਾੜ 9-10 ਟਨ ਪ੍ਰਤੀ ਏਕੜ ਹੁੰਦਾ ਹੈ, ਜੋ ਕਿ ਐਤਕੀਂ ਵੱਧ ਕੇ 18 ਟਨ ਪ੍ਰਤੀ ਏਕੜ ਤੱਕ ਜਾ ਪੁੱਜਾ ਹੈ। ਮਾਹਿਰ ਆਖਦੇ ਹਨ ਕਿ ਇਸ ਵਾਰ ਠੰਢ ਜ਼ਿਆਦਾ ਪੈਣ ਕਾਰਨ ਕੁਦਰਤੀ ਤੌਰ ’ਤੇ ਝੜਨ ਵਾਲੀ ਫਸਲ ਐਤਕੀਂ ਡਿੱਗੀ ਨਹੀਂ ਹੈ, ਜਿਸ ਕਰ ਕੇ ਫਸਲ ਦੀ ਪੈਦਾਵਾਰ ਜ਼ਿਆਦਾ ਹੋਈ ਹੈ ਪਰ ਗੁਣਵੱਤਾ ਨੂੰ ਢਾਹ ਲੱਗੀ ਹੈ। ਉਥੇ ਹੀ ਮਹਾਰਾਸ਼ਟਰ ਵਿਚ ਸੰਤਰੇ ਦੀ ਫਸਲ ਦੀ ਪੈਦਾਵਾਰ ਕਾਫੀ ਵਧੀ ਹੈ ਅਤੇ ਨਾਗਪੁਰ ਦਾ ਸੰਤਰਾ ਪੰਜਾਬ ਦੇ ਬਾਜ਼ਾਰਾਂ ਵਿਚ ਪਹੁੰਚਿਆ ਹੈ, ਜਿਸ ਕਰ ਕੇ ਕਿੰਨੂ ਦਾ ਭਾਅ ਪ੍ਰਭਾਵਿਤ ਹੋਇਆ ਹੈ। ਕਿਸਾਨ ਧਿਰਾਂ ਨੇ ਰੌਲਾ ਪਾ ਕੇ ਕਿੰਨੂ ਉਤਪਾਦਕਾਂ ਨੂੰ ਬਚਾਉਣ ਲਈ ਸਰਕਾਰ ਕੋਲ ਅਪੀਲ ਕੀਤੀ।ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਹੁਣ ਪੰਜਾਬ ਸਰਕਾਰ ਦੀ ਜਾਗ ਖੁੱਲ੍ਹੀ ਹੈ। ਕਿੰਨੂ ਦਾ ਸੀਜ਼ਨ ਮਾਰਚ ਤੱਕ ਚੱਲਦਾ ਹੈ। ਪੰਜਾਬ ਵਿਚ ਇਸ ਸਾਲ ਕਿੰਨੂ ਦਾ ਉਤਪਾਦਨ 13.50 ਲੱਖ ਮੀਟਰਿਕ ਟਨ ਤੱਕ ਪਹੁੰਚਣ ਦੀ ਉਮੀਦ ਹੈ, ਜਦੋਂਕਿ ਪਿਛਲੇ ਸਾਲ ਇਹ 8 ਲੱਖ ਮੀਟਰਿਕ ਟਨ ਸੀ।

         ਕਿਸਾਨ ਆਗੂ ਸੁਖਮਿੰਦਰ ਸਿੰਘ ਦਾ ਕਹਿਣਾ ਕਿ ਉਨ੍ਹਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ, ਜਦੋਂਕਿ ਉਹ ਸਰਕਾਰ ਕੋਲ ਲੁੱਟੇ ਜਾਣ ਦੀ ਦੁਹਾਈ ਪਾ ਰਹੇ ਸਨ।ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਰਣਬੀਰ ਸਿੰਘ ਦਾ ਕਹਿਣਾ ਸੀ ਕਿ ਹੁਸ਼ਿਆਰਪੁਰ ਖੇਤਰ ਤੋਂ ਖਰੀਦੇ ਜਾਣ ਵਾਲੇ ਕਿੰਨੂ ਨੂੰ ਅਬੋਹਰ ਪਲਾਂਟ ਵਿੱਚ ਹੀ ਪ੍ਰੋਸੈੱਸ ਕੀਤਾ ਜਾਵੇਗਾ ਕਿਉਂਕਿ ਡੀਵੇਟਿੰਗ ਪਲਾਂਟ ਸਿਰਫ ਅਬੋਹਰ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ, ਭੁਬਨੇਸ਼ਵਰ, ਵਾਰਾਣਸੀ ਅਤੇ ਸਿਲੀਗੁੜੀ ਵਿੱਚ ਕਿੰਨੂ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਚਾਰ ਲੱਖ ਲੀਟਰ ਜੂਸ ਵੀ ਬਣਾਇਆ ਜਾਵੇਗਾ। ਅਧਿਕਾਰੀ ਆਖਦੇ ਹਨ ਕਿ ਗੁਣਵੱਤਾ ਕਰਕੇ ਕਾਫੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਬਾਗਬਾਨਾਂ ਨਾਲ 10-11 ਰੁਪਏ ਪ੍ਰਤੀ ਕਿਲੋ ਦੇ ਇਕਰਾਰਨਾਮੇ ਕੀਤੇ ਹਨ, ਜਿਸ ਨਾਲ ਬਾਗਬਾਨਾਂ ਨੂੰ ਕਾਫੀ ਢਾਰਸ ਮਿਲੇਗੀ।

Tuesday, January 16, 2024

                                                          ਪੰਜਾਬ ਸਰਕਾਰ
                                        ਪੰਚਾਇਤੀ ਚੋਣਾਂ ਟਾਲਣ ਦੇ ਰੌਂਅ ’ਚ 
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਗਲੀਆਂ ਚੋਣਾਂ ਦੀ ਤਿਆਰੀ ਵਜੋਂ ਸੂਬੇ ਦੀਆਂ ਗਰਾਮ ਪੰਚਾਇਤਾਂ ਭੰਗ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਇਸ ਵਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਚਾਇਤਾਂ ਭੰਗ ਕਰਨ ਦੇ ਮਾਮਲੇ ’ਚ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ ਹੈ। ਪੰਚਾਇਤ ਵਿਭਾਗ ਨੇ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29-ਏ ਤਹਿਤ ਪੰਚਾਇਤਾਂ ਭੰਗ ਕਰਨ ਵਾਸਤੇ ਐਡਵੋਕੇਟ ਜਨਰਲ ਤੋਂ ਮਸ਼ਵਰਾ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਚਾਇਤ ਵਿਭਾਗ ਨੇ ਇਸ ਤੋਂ ਪਹਿਲਾਂ ਗਰਾਮ ਪੰਚਾਇਤਾਂ ਭੰਗ ਕਰਨ ਵਾਸਤੇ 10 ਅਗਸਤ 2023 ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਸੀ। ਇਸ ਖ਼ਿਲਾਫ਼ ਕੁਝ ਗਰਾਮ ਪੰਚਾਇਤਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਅਦਾਲਤੀ ਦਾਖਲ ਮਗਰੋਂ ਪੰਜਾਬ ਸਰਕਾਰ ਨੂੰ ਪੰਚਾਇਤਾਂ ਭੰਗ ਕੀਤੇ ਜਾਣ ਦੇ ਫ਼ੈਸਲੇ ’ਤੇ ਯੂ-ਟਰਨ ਲੈਣਾ ਪਿਆ ਸੀ।

        ਮਿਲੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਗਰਾਮ ਪੰਚਾਇਤਾਂ ਦਾ ਕਾਰਜਕਾਲ 15 ਫਰਵਰੀ ਤੱਕ ਖ਼ਤਮ ਹੋ ਰਿਹਾ ਹੈ। ਗਰਾਮ ਪੰਚਾਇਤਾਂ ਦੀ ਪੰਜ ਸਾਲ ਦੀ ਮਿਆਦ ਪੰਚਾਇਤ ਦੀ ਪਹਿਲੀ ਮੀਟਿੰਗ ਤੋਂ ਸ਼ੁਰੂ ਹੁੰਦੀ ਹੈ। ਸੂਬੇ ਵਿਚ ਹਰ ਪਿੰਡ ਦੀ ਪੰਚਾਇਤ ਦੀ ਪਹਿਲੀ ਮੀਟਿੰਗ ਦੀ ਤਾਰੀਖ਼ ਵੱਖੋ ਵੱਖਰੀ ਹੈ। ਇਸੇ ਸ਼ਸ਼ੋਪੰਜ ’ਚੋਂ ਨਿਕਲਣ ਵਾਸਤੇ ਪੰਚਾਇਤ ਵਿਭਾਗ ਨੇ ਐਡਵੋਕੇਟ ਜਨਰਲ ਤੋਂ ਕਾਨੂੰਨੀ ਮਸ਼ਵਰਾ ਲੈਣ ਦਾ ਰਾਹ ਅਖ਼ਤਿਆਰ ਕੀਤਾ ਹੈ।ਇਸੇ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਅੱਜ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਤਹਿਤ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਗਰਾਮ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਪੰਚਾਇਤੀ ਰਿਕਾਰਡ ਦੀ ਸਾਂਭ ਸੰਭਾਲ ਵਾਸਤੇ ਏਈ, ਜੇਈ, ਐੱਸਈਪੀਓ ਅਤੇ ਪੰਚਾਇਤ ਅਫ਼ਸਰਾਂ ਨੂੰ ਪ੍ਰਬੰਧਕ ਨਿਯੁਕਤ ਕੀਤਾ ਜਾਂਦਾ ਹੈ।

        ਗਰਾਮ ਪੰਚਾਇਤਾਂ ਦੀ ਸੂਚੀ ਅਤੇ ਪ੍ਰਬੰਧਕਾਂ ਦੀ ਤਜਵੀਜ਼ ਮਹਿਕਮੇ ਨੇ ਹੇਠਲੇ ਦਫ਼ਤਰਾਂ ਤੋਂ ਮੰਗ ਲਈ ਗਈ ਹੈ। ਗਰਾਮ ਪੰਚਾਇਤਾਂ ਵਾਸਤੇ ਵੋਟਰ ਸੂਚੀਆਂ ਦੀ ਸੁਧਾਈ ਮਗਰੋਂ ਪ੍ਰਕਾਸ਼ਨਾ ਦੀ ਪ੍ਰਕਿਰਿਆ ਵੀ ਇਸ ਵੇਲੇ ਆਖਰੀ ਪੜਾਅ ’ਤੇ ਹੈ। ਇਸੇ ਦੌਰਾਨ ਗਰਾਮ ਪੰਚਾਇਤਾਂ ਦੀ ਵਾਰਡਬੰਦੀ ਦਾ ਕੰਮ ਵੀ ਸ਼ੁਰੂ ਹੋਣਾ ਹੈ ਅਤੇ ਰਾਖਵੇਂਕਰਨ ਦਾ ਕੰਮ ਵੀ ਉਸ ਤੋਂ ਪਹਿਲਾਂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਸੂਬੇ ਵਿਚ 13,241 ਗਰਾਮ ਪੰਚਾਇਤਾਂ, 150 ਪੰਚਾਇਤ ਸਮਿਤੀਆਂ ਅਤੇ 22 ਜ਼ਿਲ੍ਹਾ ਪਰਿਸ਼ਦਾਂ ਹਨ। ਪਿਛਲੀ ਚੋਣ ਵਿੱਚ ਇਨ੍ਹਾਂ ਪੰਚਾਇਤੀ ਸੰਸਥਾਵਾਂ ਵਿਚ 1,00,312 ਚੁਣੇ ਹੋਏ ਨੁਮਾਇੰਦੇ ਸਨ ਜਿਨ੍ਹਾਂ ਵਿੱਚ 41,922 ਔਰਤਾਂ ਵੀ ਸ਼ਾਮਲ ਹਨ। ਕਾਂਗਰਸ ਸਰਕਾਰ ਸਮੇਂ ਪਹਿਲੇ ਪੜਾਅ ’ਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ 19 ਸਤੰਬਰ 2018 ਨੂੰ ਹੋਈ ਸੀ ਅਤੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਮਈ 2013 ’ਚ ਪੰਚਾਇਤੀ ਚੋਣਾਂ ਹੋਈਆਂ ਸਨ।

                                     ਪੰਚਾਇਤੀ ਚੋਣਾਂ ਟਲਣ ਦੀ ਸੰਭਾਵਨਾ

ਅਹਿਮ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਕਰਾਉਣ ਵਾਸਤੇ ਕਾਹਲ ਵਿਚ ਨਹੀਂ ਹੈ ਅਤੇ ਲੋਕ ਸਭਾ ਚੋਣਾਂ ਮਗਰੋਂ ਪੰਚਾਇਤੀ ਚੋਣਾਂ ਕਰਾਉਣ ਦੇ ਰੌਂਅ ਵਿੱਚ ਜਾਪਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵੀ ਇਹ ਕੇਸ ਚੱਲ ਰਿਹਾ ਹੈ। ਮੌਜੂਦਾ ਸਮੇਂ ਪੰਚਾਇਤੀ ਚੋਣਾਂ ਦੀ ਤਿਆਰੀ ਲਈ ਪ੍ਰਕਿਰਿਆ ਵੀ ਮੱਠੀ ਚੱਲ ਰਹੀ ਹੈ। ਹਾਲਾਤ ਤੋਂ ਜਾਪਦਾ ਹੈ ਕਿ ਕੋਈ ਕਾਨੂੰਨੀ ਅੜਚਣ ਨਾ ਆਈ ਤਾਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੀ ਹੋਣਗੀਆਂ।

Thursday, January 4, 2024

                                                      ਲਗਜ਼ਰੀ ਗੱਡੀਆਂ 
                                  ਕੈਬਨਿਟ ਵਜ਼ੀਰਾਂ ਨੂੰ ਦਿੱਤਾ ‘ਡਬਲ ਤੋਹਫ਼ਾ’ ! 
                                                        ਚਰਨਜੀਤ ਭੁੱਲਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੇ ਦਸ ਕੈਬਨਿਟ ਵਜ਼ੀਰਾਂ ਨੂੰ ਲਗਜ਼ਰੀ ਗੱਡੀਆਂ ਦਾ ਡਬਲ ਤੋਹਫ਼ਾ ਦਿੱਤਾ ਹੈ। ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਨੂੰ ਇੱਕ-ਇੱਕ ਇਨੋਵਾ ਕ੍ਰਿਸਟਾ ਅਤੇ ਇੱਕ-ਇੱਕ ਬੋਲੈਰੋ ਗੱਡੀ ਦਿੱਤੀ ਹੈ। ‘ਆਪ’ ਸਰਕਾਰ ਨੇ ਆਪਣੇ ਵਜ਼ੀਰਾਂ ਨੂੰ ਪਹਿਲੀ ਦਫ਼ਾ ਨਵੀਆਂ ਗੱਡੀਆਂ ਦਿੱਤੀਆਂ ਹਨ। ਤਰਕ ਦਿੱਤਾ ਗਿਆ ਹੈ ਕਿ ਕੈਬਨਿਟ ਵਜ਼ੀਰਾਂ ਕੋਲ ਮਿਆਦ ਪੁਗਾ ਚੁੱਕੀਆਂ ਗੱਡੀਆਂ ਸਨ ਅਤੇ ਜਿੰਨਾ ਦਾ ਰਸਤੇ ਵਿਚ ਕਿਸੇ ਵੀ ਰੁਕਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ।ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਸਰਕਾਰ ਨੂੰ ਇਨ੍ਹਾਂ ਗੱਡੀਆਂ ਦੀ ਖ਼ਰੀਦ ਕਰੀਬ ਤਿੰਨ ਕਰੋੜ ਰੁਪਏ ਵਿਚ ਪਈ ਹੈ। ਇਸ ਤੋਂ ਬਿਨਾਂ ਹੁਣ 11 ਇਨੋਵਾ ਗੱਡੀਆਂ ਹੋਰ ਖ਼ਰੀਦ ਕੀਤੀਆਂ ਗਈਆਂ ਹਨ ਜਿਹੜੀਆਂ ਵਿਧਾਇਕਾਂ ਨੂੰ ਅਲਾਟ ਕੀਤੀਆਂ ਜਾਣੀਆਂ ਹਨ। ਇਨ੍ਹਾਂ ਚੋਂ ਇੱਕ ਇਨੋਵਾ ਗੱਡੀ ਭੁੱਚੋ ਹਲਕੇ ਤੋਂ ਵਿਧਾਇਕ ਜਗਸੀਰ ਸਿੰਘ ਨੂੰ ਅਲਾਟ ਵੀ ਕਰ ਦਿੱਤੀ ਗਈ ਹੈ। ਵਿਧਾਇਕਾਂ ਦੀ ਗੱਡੀਆਂ ਲੈਣ ਲਈ ਕਤਾਰ ਲੱਗੀ ਹੋਈ ਹੈ।

         ਸੂਤਰਾਂ ਅਨੁਸਾਰ ਦਸ ਕੈਬਨਿਟ ਵਜ਼ੀਰਾਂ ਵਿਚ ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਬ੍ਰਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਡਾ. ਬਲਵੀਰ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਿਲ ਹਨ ਜਿੰਨਾ ਨੂੰ ਦੋ ਦੋ ਗੱਡੀਆਂ ਦਿੱਤੀਆਂ ਗਈਆਂ ਹਨ। ਹਰ ਵਜ਼ੀਰ ਨੂੰ ਸਟਾਫ਼ ਕਾਰ ਵਜੋਂ ਇਨੋਵਾ ਕ੍ਰਿਸਟਾ ਦਿੱਤੀ ਗਈ ਹੈ ਜਦੋਂ ਕਿ ਸਕਿਉਰਿਟੀ ਵਹੀਕਲ ਵਜੋਂ ਬੋਲੈਰੋ ਦਿੱਤੀ ਗਈ ਹੈ। ਇਹ ਗੱਡੀਆਂ ਦਸੰਬਰ ਮਹੀਨੇ ਵਿਚ ਵਜ਼ੀਰਾਂ ਨੂੰ ਡਲਿਵਰ ਕੀਤੀਆਂ ਗਈਆਂ ਹਨ। ਕੁੱਝ ਇਨੋਵਾ ਕ੍ਰਿਸਟਾ ਗੱਡੀਆਂ ਤਾਂ ਕਾਫ਼ੀ ਸਮਾਂ ਪਹਿਲਾਂ ਟਰਾਂਸਪੋਰਟ ਵਿਭਾਗ ਨੂੰ ਡਲਿਵਰ ਹੋ ਗਈਆਂ ਸਨ ਪ੍ਰੰਤੂ ਇਨ੍ਹਾਂ ਗੱਡੀਆਂ ਦੀ ਅਲਾਟਮੈਂਟ ਵਿਚ ਕਾਫ਼ੀ ਦੇਰ ਹੋਈ ਹੈ। 

         ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਕੋਲ ਪਹਿਲਾਂ ਹੀ ਫਾਰਚੂਨਰ ਗੱਡੀਆਂ ਹਨ ਜਦੋਂ ਕਿ ਹਰਜੋਤ ਬੈਂਸ ਅਤੇ ਅਨਮੋਲ ਗਗਨ ਮਾਨ ਵੱਲੋਂ ਪ੍ਰਾਈਵੇਟ ਗੱਡੀਆਂ ਦੀ ਵਰਤੋਂ ਕੀਤੇ ਜਾਣ ਦੀ ਸੂਚਨਾ ਹੈ।ਇੱਕ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੁਰਾਣੀਆਂ ਗੱਡੀਆਂ ਚਾਰ ਚਾਰ ਲੱਖ ਕਿਲੋਮੀਟਰ ਚੱਲ ਚੁੱਕੀਆਂ ਸਨ ਅਤੇ ਅਕਸਰ ਰਸਤੇ ਵਿਚ ਰੁਕ ਜਾਂਦੀਆਂ ਸਨ। ਦੂਰ ਦੁਰਾਡੇ ਦੇ ਹਲਕੇ ਵਾਲੇ ਵਜ਼ੀਰ ਇਨ੍ਹਾਂ ਨਵੀਆਂ ਗੱਡੀਆਂ ਨੂੰ ਮੌਕੇ ਦੀ ਲੋੜ ਦੱਸ ਰਹੇ ਹਨ। ਬਹੁਤੇ ਵਿਧਾਇਕਾਂ ਕੋਲ ਹਾਲੇ ਵੀ ਪੁਰਾਣੀਆਂ ਮਿਆਦ ਚੁੱਕੀਆਂ ਗੱਡੀਆਂ ਹਨ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਖ਼ਜ਼ਾਨਾ ਤਾਂ ਪਹਿਲਾਂ ਹੀ ਵਿੱਤੀ ਸੰਕਟ ਵਿਚ ਹੈ ਅਤੇ ਇਹ ਖ਼ਰੀਦ ਕਿਥੋਂ ਤੱਕ ਜਾਇਜ਼ ਹੈ।ਕਾਂਗਰਸ ਸਰਕਾਰ ਨੇ ਆਖ਼ਰੀ ਵਕਤ ਜੁਲਾਈ 2021 ਵਿਚ 21 ਇਨੋਵਾ ਗੱਡੀਆਂ ਦੀ ਖ਼ਰੀਦ ਕੀਤੀ ਸੀ ਅਤੇ ਇਨ੍ਹਾਂ ਦੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਅਲਾਟਮੈਂਟ ਕੀਤੀ ਗਈ ਸੀ। 

         ਉਸ ਵਕਤ ਕਾਂਗਰਸੀ ਵਜ਼ੀਰਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਝੰਡਾ ਚੁੱਕਿਆ ਸੀ ਅਤੇ ਇਹ ਗੱਡੀਆਂ ਕੈਪਟਨ ਖੇਮੇ ਦੇ ਵਿਧਾਇਕਾਂ ਨੂੰ ਅਲਾਟ ਕੀਤੀਆਂ ਗਈਆਂ ਸਨ। ਉਸ ਵਕਤ ਇਨ੍ਹਾਂ ’ਤੇ 4.25 ਕਰੋੜ ਦਾ ਖਰਚਾ ਆਇਆ ਸੀ।ਇਸੇ ਤਰ੍ਹਾਂ ਜੁਲਾਈ 2020 ਵਿਚ ਵੀ ਕਾਂਗਰਸੀ ਹਕੂਮਤ ਸਮੇਂ 17 ਨਵੀਆਂ ਇਨੋਵਾ ਗੱਡੀਆਂ ਦੀ ਖ਼ਰੀਦ ਹੋਈ ਸੀ। ਟਰਾਂਸਪੋਰਟ ਵਿਭਾਗ ਵੱਲੋਂ ਜੈੱਮ ਪੋਰਟਲ ਜ਼ਰੀਏ ਨਵੇਂ ਵਾਹਨਾਂ ਦੀ ਖ਼ਰੀਦ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਨੇ ਸਰਫ਼ਾ ਮੁਹਿੰਮ ਵੀ ਨਾਲੋਂ ਨਾਲ ਜਾਰੀ ਰੱਖੀ ਹੈ ਜਿਸ ਤਹਿਤ ਵਿਧਾਇਕਾਂ ਅਤੇ ਵਜ਼ੀਰਾਂ ਦੇ ਖਟਾਰਾ ਵਾਹਨ ਟਰਾਂਸਪੋਰਟ ਵਿਭਾਗ ਦੇ ਉੱਚ ਅਫ਼ਸਰਾਂ ਨੂੰ ਅਲਾਟ ਕੀਤੇ ਜਾ ਰਹੇ ਹਨ। ਟਰਾਂਸਪੋਰਟ ਵਿਭਾਗ ਨੇ ਕੰਡਮ ਹੋਈਆਂ 32 ਲਗਜ਼ਰੀ ਗੱਡੀਆਂ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਅਤੇ ਟਰਾਂਸਪੋਰਟ ਵਿਭਾਗ ਦੇ ਜ਼ਿਲਿ੍ਹਆਂ ਵਿਚਲੇ ਖੇਤਰੀ ਟਰਾਂਸਪੋਰਟ ਅਫ਼ਸਰਾਂ ਨੂੰ ਅਲਾਟ ਕੀਤੀਆਂ ਹਨ। ਇਨ੍ਹਾਂ ਕੰਡਮ ਗੱਡੀਆਂ ਵਿਚ 24 ਇਨੋਵਾ ਅਤੇ ਬਾਕੀ ਸੱਤ ਜਿਪਸੀਆਂ ਹਨ। ਇਹ 9 ਤੋਂ 13 ਸਾਲ ਦੀ ਉਮਰ ਭੋਗ ਚੁੱਕੀਆਂ ਹਨ।


ਕਾਰਟੂਨ ਸਮੇਤ

Wednesday, January 3, 2024

                                                    ਥਰਮਲ ਦਾ ਸੌਦਾ
                                  ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ !
                                                     ਚਰਨਜੀਤ ਭੁੱਲਰ

ਚੰਡੀਗੜ੍ਹ : ਗੋਇੰਦਵਾਲ ਥਰਮਲ ਪਲਾਂਟ ਕਰੀਬ ਦਰਜਨ ਬੈਂਕਾਂ ਲਈ ਘਾਟੇ ਦਾ ਸੌਦਾ ਸਾਬਤ ਹੋਇਆ ਹੈ ਜਦੋਂ ਕਿ ਪੰਜਾਬ ਸਰਕਾਰ ਲਈ ਇਸ ਥਰਮਲ ਪਲਾਂਟ ਦੀ ਖ਼ਰੀਦ ਖਰਾ ਸੌਦਾ ਬਣੀ ਹੈ। ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਨੂੰ 1080 ਕਰੋੜ ’ਚ ਖ਼ਰੀਦਿਆ ਹੈ ਜਿਸ ਨੂੰ ‘ਕੌਮੀ ਕੰਪਨੀ ਲਾਅ ਟ੍ਰਿਬਿਊਨਲ’ ਨੇ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਖ਼ਰੀਦ ਮਗਰੋਂ ਵਿਰੋਧੀ ਸਫ਼ਾਂ ਵੱਲੋਂ ਥਰਮਲ ਦੀ ਖ਼ਰੀਦ ’ਤੇ ਉਂਗਲ ਉਠਾਈ ਜਾ ਰਹੀ ਹੈ। ‘ਕੌਮੀ ਕੰਪਨੀ ਲਾਅ ਟ੍ਰਿਬਿਊਨਲ’ ਹੈਦਰਾਬਾਦ ਬੈਂਚ ਦੇ 22 ਦਸੰਬਰ ਦੇ ਫ਼ੈਸਲੇ ਦੀ ਪੜਚੋਲ ਤੋਂ ਕਾਫ਼ੀ ਤੱਥ ਸਾਫ਼ ਹੁੰਦੇ ਹਨ।ਵੇਰਵਿਆਂ ਅਨੁਸਾਰ ਜੀਵੀਕੇ ਗਰੁੱਪ ਨੇ ਗੋਇੰਦਵਾਲ ਥਰਮਲ ਵਾਸਤੇ ਦਰਜਨ ਬੈਂਕਾਂ, ਜਿਨ੍ਹਾਂ ਵਿਚ ਦਸ ਬੈਂਕ ਪਬਲਿਕ ਸੈਕਟਰ ਦੇ ਹਨ, ਤੋਂ ਕਰਜ਼ਾ ਚੁੱਕਿਆ ਸੀ, ਜੋ ਹੁਣ ਵਧ ਕੇ 6615.48 ਕਰੋੜ ਰੁਪਏ ਹੋ ਚੁੱਕਾ ਸੀ। ਇਨ੍ਹਾਂ ਬੈਂਕਾਂ ਵੱਲੋਂ ਹੀ ਜੀਵੀਕੇ ਗਰੁੱਪ ਨੂੰ ਦੀਵਾਲੀਆ ਐਲਾਨੇ ਜਾਣ ਮਗਰੋਂ ਥਰਮਲ ਨੂੰ ਨਿਲਾਮ ਕੀਤਾ ਗਿਆ ਅਤੇ ਇਸ ਨਿਲਾਮੀ ’ਚ ਪਾਵਰਕੌਮ ਬਾਜ਼ੀ ਮਾਰ ਗਿਆ। 

         ਦਰਜਨ ਬੈਂਕਾਂ ਦੇ ਪੱਲੇ ਤਾਂ ਹੁਣ ਸਿਰਫ਼ 1080 ਕਰੋੜ ਹੀ ਪੈਣਗੇ ਜਦੋਂ ਕਿ ਇਨ੍ਹਾਂ ਬੈਂਕਾਂ ਨੂੰ ਜੀਵੀਕੇ ਗਰੁੱਪ 5520 ਕਰੋੜ ਦਾ ਰਗੜਾ ਲਾ ਗਿਆ ਹੈ।ਪਾਵਰਕੌਮ ਦੀ ਖ਼ਰੀਦ ਰਾਸ਼ੀ ਦੀ ਪੇਸ਼ਕਸ਼ ਬੈਂਕਾਂ ਦੇ ਕਰਜ਼ੇ ਦੀ ਰਕਮ ਦਾ ਸਿਰਫ਼ 16.33 ਫ਼ੀਸਦੀ ਬਣਦੀ ਹੈ। ਸਰਕਾਰੀ ਖ਼ਰੀਦ ’ਚ ਹੁਣ ਪਾਵਰਕੌਮ ਨੂੰ ਵਿਰਾਸਤ ਵਿਚ ਕੋਈ ਦੇਣਦਾਰੀ ਨਹੀਂ ਮਿਲੀ ਹੈ ਅਤੇ ਨਾ ਹੀ ਕੋਈ ਅਦਾਲਤੀ ਕੇਸਾਂ ਦਾ ਝੰਜਟ ਰਹੇਗਾ। ਗੋਇੰਦਵਾਲ ਥਰਮਲ ਖ਼ਰੀਦਣ ਲਈ 10 ਨਿੱਜੀ ਕੰਪਨੀਆਂ ਨੇ ਦਿਲਚਸਪੀ ਦਿਖਾਈ ਸੀ, ਪਰ ਉਨ੍ਹਾਂ ਨੂੰ ਇਹ ਥਰਮਲ ਵਾਰਾ ਨਹੀਂ ਖਾਂਦਾ ਸੀ ਜਿਸ ਕਰਕੇ ਉਨ੍ਹਾਂ ਪੈਰ ਪਿਛਾਂਹ ਖਿੱਚ ਲਏ ਸਨ। ਬਿਜਲੀ ਮਾਹਿਰਾਂ ਮੁਤਾਬਕ ਦੂਜੀਆਂ ਕੰਪਨੀਆਂ ਇਸ ਕਰਕੇ ਭੱਜ ਗਈਆਂ ਕਿਉਂਕਿ ਇਸ ਥਰਮਲ ਲਈ ਕੋਲੇ ਦਾ ਪੱਕਾ ਪ੍ਰਬੰਧ ਨਹੀਂ ਸੀ ਅਤੇ ਇਸ ਦੇ ਬਿਜਲੀ ਖ਼ਰੀਦ ਸਮਝੌਤਿਆਂ ’ਤੇ ਵੀ ਝਗੜਾ ਚੱਲ ਰਿਹਾ ਸੀ।ਪਾਵਰਕੌਮ ਦੀ ਆਪਣੀ ਪਛਵਾੜਾ ਕੋਲਾ ਖਾਣ ਹੈ ਜਿਸ ਕਰਕੇ ਕੋਲੇ ਦੀ ਕੋਈ ਸਮੱਸਿਆ ਨਹੀਂ ਹੈ। 

         ਪਾਵਰਕੌਮ ਨੂੰ ਹੁਣ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਿਰਧਾਰਿਤ ਲਾਗਤ ਪੂੰਜੀ 3058 ਕਰੋੜ ਦੀ ਥਾਂ ਸਿਰਫ਼ 1080 ਕਰੋੜ ਦੀ ਲਾਗਤ ਦੇ ਲਿਹਾਜ ਨਾਲ ਫਿਕਸਡ ਚਾਰਜਿਜ਼ ਪੈਣਗੇ। ਪੰਜਾਬ ਦੀ ਭਵਿੱਖੀ ਮੰਗ ਦੀ ਪੂਰਤੀ ਲਈ ਵੀ ਇਹ ਥਰਮਲ ਸਹਾਈ ਹੋਵੇਗਾ। ਇਸ ਥਰਮਲ ਦੀ ਮਿਆਦ ਸਾਲ 2041 ਤੱਕ ਦੀ ਹੈ ਅਤੇ ਉਸ ਮਗਰੋਂ ਵੀ ਰੈਨੋਵੇਸ਼ਨ ਕਰਕੇ ਇਸ ਦੀ ਉਮਰ ਵਧਾਈ ਜਾ ਸਕਦੀ ਹੈ। ਪਾਵਰਕੌਮ ਵੱਲੋਂ ਮੌਜੂਦਾ 34 ਫ਼ੀਸਦੀ ਦੀ ਥਾਂ ਥਰਮਲ ਨੂੰ 70 ਤੋਂ 75 ਫ਼ੀਸਦੀ ਸਮਰੱਥਾ ’ਤੇ ਚਲਾਏ ਜਾਣ ਦਾ ਦਾਅਵਾ ਹੈ।ਵੇਰਵਿਆਂ ਅਨੁਸਾਰ ਕੌਮੀ ਕੰਪਨੀ ਲਾਅ ਟ੍ਰਿਬਿਊਨਲ ਦੇ ਫ਼ੈਸਲੇ ਅਨੁਸਾਰ ਬੈਂਕਾਂ ਵੱਲੋਂ ਤਿੰਨ ਪ੍ਰਾਈਵੇਟ ਵੈਲਿਊਅਰਾਂ ਤੋਂ ਇਸ ਥਰਮਲ ਦਾ ਮੁਲਾਂਕਣ ਕਰਾਇਆ ਗਿਆ, ਉਸ ਅਨੁਸਾਰ ਇਸ ਦੀ ਲਾਗਤ 1785 ਕਰੋੜ ਤੋਂ 1955 ਕਰੋੜ ਰੁਪਏ ਦੱਸੀ ਗਈ ਹੈ। ਇੱਥੋਂ ਤੱਕ ਇਸ ਨੂੰ ਕਬਾੜ ਦੇ ਰੂਪ ਵਿਚ ਵੇਚੇ ਜਾਣ ਦੀ ਸੂਰਤ ਵਿਚ ਵੀ ਇਸ ਦੀ ਕੀਮਤ 1288 ਕਰੋੜ ਤੋਂ 1302 ਕਰੋੜ ਰੁਪਏ (ਪਲਾਂਟ ਦੀ ਲਿਕੁਈਡੇਸ਼ਨ ਵੈਲਿਊ) ਦੱਸੀ ਗਈ ਹੈ।

          ਬਿਜਲੀ ਮਾਹਿਰ ਆਖਦੇ ਹਨ ਕਿ ਗੋਇੰਦਵਾਲ ਥਰਮਲ ਨੂੰ ਨਿਲਾਮ ਕਰਨ ਵਾਲੇ ਵੀ ਪਬਲਿਕ ਸੈਕਟਰ ਦੇ ਬੈਂਕ ਹਨ ਅਤੇ ਖ਼ਰੀਦ ਕਰਨ ਵਾਲਾ ਵੀ ਪਬਲਿਕ ਸੈਕਟਰ ਦਾ ਅਦਾਰਾ ਹੈ। ਸਰਕਾਰ ਤੋਂ ਸਰਕਾਰ ਨੂੰ ਸਾਰੀ ਰਾਸ਼ੀ ਦੀ ਟਰਾਂਜ਼ੈਕਸ਼ਨ ਹੋਣੀ ਹੈ।ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਗੋਇੰਦਵਾਲ ਥਰਮਲ ਪਲਾਂਟ ਪਾਵਰਕੌਮ ਵੱਲੋਂ ਖ਼ਰੀਦੇ ਜਾਣ ਨੂੰ ਲਾਹੇਵੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਇਹ ਸੌਦਾ ਮਾੜਾ ਨਹੀਂ ਹੈ ਕਿਉਂਕਿ ਪਾਵਰਕੌਮ ਕੋਲ ਆਪਣੀ ਕੋਲਾ ਖਾਣ ਹੈ ਅਤੇ ਇਸ ਖ਼ਰੀਦ ਵਿਚ ਪਾਵਰਕੌਮ ਦੇ ਹਿੱਸੇ ਕੋਈ ਦੇਣਦਾਰੀ ਵੀ ਨਹੀਂ ਆਈ ਹੈ। ਉਨ੍ਹਾਂ ਸੋਲਰ ਪਾਵਰ ਦੇ ਨਵੇਂ ਸਮਝੌਤਿਆਂ ਨੂੰ ਘਾਤਕ ਰਾਹ ਦੱਸਦਿਆਂ ਕਿਹਾ ਕਿ ਸੋਲਰ ਪੰਪ ਪੰਜਾਬ ਲਈ ਕੋਈ ਫ਼ਾਇਦੇ ਵਾਲੇ ਨਹੀਂ ਹਨ।

                                ਪੰਜਾਬ ਸਰਕਾਰ ਨੇ ਕਬਾੜ ਖਰੀਦਿਆ: ਸਿਰਸਾ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਥਰਮਲ ਦੀ ਖ਼ਰੀਦ ’ਤੇ ਉਂਗਲ ਉਠਾਉਂਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਖਰੀਦ ਕਰਾਰ ’ਚੋਂ ਕਥਿਤ ਖੱਟੀ ਖਾਧੀ ਹੈ ਅਤੇ ਪੰਜਾਬ ਸਰਕਾਰ ਨੇ ਕਬਾੜ ਖ਼ਰੀਦ ਲਿਆ ਹੈ ਜਿਸ ਦੀ ਕੀਮਤ 300-400 ਕਰੋੜ ਤੋਂ ਵੱਧ ਨਹੀਂ ਸੀ। ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਥਰਮਲ ਖ਼ਰੀਦ ਕਰਕੇ ਸਰਕਾਰ ਨੇ 6600 ਕਰੋੜ ਦਾ ਕਰਜ਼ਾ ਪੰਜਾਬੀਆਂ ਦੀ ਝੋਲੀ ਪਾ ਦਿੱਤਾ ਹੈ।

Monday, January 1, 2024

                                                     ਨਵੇਂ ਵਰ੍ਹੇ ਦਾ ਤੋਹਫਾ
                          ਪੰਜਾਬ ਸਰਕਾਰ ਨੇ ਖਰੀਦਿਆ ਪ੍ਰਾਈਵੇਟ ਥਰਮਲ
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬੀਆਂ ਦੀ ਝੋਲੀ ਨਵੇਂ ਵਰ੍ਹੇ ਦਾ ਤੋਹਫਾ ਪਾ ਦਿੱਤਾ ਹੈ। ਇਸ ਵੇਲੇ ਸਮੁੱਚੇ ਦੇਸ਼ ਦਾ ਮੁਹਾਣ ਪ੍ਰਾਈਵੇਟ ਸੈਕਟਰ ਵੱਲ ਹੈ ਜਦਕਿ ਪੰਜਾਬ ਨੇ ਪਬਲਿਕ ਸੈਕਟਰ ਵੱਲ ਮੋੜਾ ਕੱਟ ਕੇ ਨਵਾਂ ਮਾਅਰਕਾ ਮਾਰਿਆ ਹੈ। ਪੰਜਾਬ ਸਰਕਾਰ ਨੇ 540 ਮੈਗਾਵਾਟ ਦੇ ‘ਜੀਵੀਕੇ ਗੋਇੰਦਵਾਲ ਥਰਮਲ ਪਲਾਂਟ’ ਨੂੰ 1080 ਕਰੋੜ ਰੁਪਏ ਵਿਚ ਖਰੀਦਿਆ ਜਿਸ ਨੂੰ ਹੈਦਰਾਬਾਦ ਦੇ ‘ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ’ ਨੇ 22 ਦਸੰਬਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਖਰੀਦ ਕੇ ਪ੍ਰਾਈਵੇਟ ਤਾਪ ਬਿਜਲੀ ਘਰਾਂ ਨਾਲ ਹੋਏ ਮਹਿੰਗੇ ਬਿਜਲੀ ਸਮਝੌਤਿਆਂ ਨੂੰ ਵੀ ਪੁੱਠਾ ਗੇੜਾ ਦੇ ਦਿੱਤਾ ਹੈ। ਇਸ ਥਰਮਲ ਦੇ ਪਬਲਿਕ ਸੈਕਟਰ ’ਚ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਇਸ ਥਰਮਲ ਤੋਂ ਬਿਜਲੀ ਵੀ ਸਸਤੀ ਮਿਲੇਗੀ। ਅਹਿਮ ਸੂਤਰਾਂ ਅਨੁਸਾਰ ‘ਆਪ’ ਸਰਕਾਰ ਨੇ ਕਰੀਬ ਛੇ ਮਹੀਨੇ ਦੀ ਗੁਪਤ ਮੁਹਿੰਮ ਚਲਾ ਕੇ ਇਸ ਪ੍ਰਾਈਵੇਟ ਥਰਮਲ ਦੀ ਖਰੀਦ ਪ੍ਰਕਿਰਿਆ ਨੇਪਰੇ ਚੜ੍ਹਾਈ ਹੈ। 

         ਕਰੀਬ ਦਸ ਕੰਪਨੀਆਂ ਇਸ ਥਰਮਲ ਨੂੰ ਖਰੀਦਣ ਦੀ ਦੌੜ ਵਿਚ ਸਨ। ਪੰਜਾਬ ਕੈਬਨਿਟ ਨੇ 10 ਜੂਨ 2023 ਨੂੰ ਗੋਇੰਦਵਾਲ ਥਰਮਲ ਨੂੰ ਖਰੀਦਣ ਲਈ ਹਰੀ ਝੰਡੀ ਦਿੱਤੀ ਸੀ। ਇਸ ਮਕਸਦ ਲਈ ਬਣੀ ਕੈਬਨਿਟ ਸਬ ਕਮੇਟੀ ਨੇ ਵਿੱਤੀ ਅਤੇ ਕਾਨੂੰਨੀ ਨਜ਼ਰੀਏ ਤੋਂ ਘੋਖ ਕੀਤੀ। ਸਰਕਾਰੀ ਪ੍ਰਵਾਨਗੀ ਮਗਰੋਂ ਪਾਵਰਕੌਮ ਨੇ ਜੂਨ ਮਹੀਨੇ ਵਿਚ ਹੀ ਥਰਮਲ ਖਰੀਦਣ ਲਈ ਵਿੱਤੀ ਬਿਡ ਪਾ ਦਿੱਤੀ ਸੀ। ਪਾਵਰਕੌਮ ਦਾ ‘ਬੋਰਡ ਆਫ ਡਾਇਰੈਕਟਰ’ ਪਹਿਲਾਂ ਹੀ ਇਸ ਖਰੀਦ ਵਾਸਤੇ ਹਰੀ ਝੰਡੀ ਦੇ ਚੁੱਕਾ ਹੈ ਕਿਉਂਕਿ ਇਸ ਥਰਮਲ ਨੂੰ ਚਲਾਉਣ ਵਾਲੀ ਕੰਪਨੀ ‘ਜੀਵੀਕੇ ਗਰੁੱਪ’ ਦਾ ਦੀਵਾਲਾ ਨਿਕਲ ਚੁੱਕਾ ਹੈ। ਇਸ ਗਰੁੱਪ ਨੇ ਕਰੀਬ ਦਰਜਨ ਬੈਂਕਾਂ ਤੋਂ ਇਸ ਥਰਮਲ ਲਈ ਕਰਜ਼ਾ ਚੁੱਕਿਆ ਹੋਇਆ ਸੀ ਜੋ ਕਿ ਇਸ ਵੇਲੇ ਵਧ ਕੇ ਕਰੀਬ 6600 ਕਰੋੜ ਹੋ ਗਿਆ ਸੀ। ਜੀਵੀਕੇ ਗਰੁੱਪ ਦੀ ਵਿੱਤੀ ਮੰਦਹਾਲੀ ਵਜੋਂ ਬੈਂਕਾਂ ਨੇ ਅਕਤੂਬਰ 2022 ਵਿਚ ‘ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ’ ਦੇ ਹੈਦਰਾਬਾਦ ਬੈਂਚ ਕੋਲ ਪਟੀਸ਼ਨ ਦਾਇਰ ਕੀਤੀ ਸੀ ਅਤੇ ਦਰਜਨ ਵਿੱਤੀ ਸੰਸਥਾਵਾਂ ਨੇ ਇਸ ਦੇ ਖ਼ਿਲਾਫ਼ 6584 ਕਰੋੜ ਦੇ ਦਾਅਵੇ ਦਾਇਰ ਕੀਤੇ ਹੋਏ ਹਨ। 

          ਇਸ ਪ੍ਰਾਈਵੇਟ ਥਰਮਲ ਕੰਪਨੀ ਨੂੰ ‘ਕਾਰਪੋਰੇਟ ਦੀਵਾਲੀਆਪਨ’ ਐਲਾਨਿਆ ਜਾ ਚੁੱਕਾ ਹੈ। ਕੌਮੀ ਲਾਅ ਟ੍ਰਿਬਿਊਨਲ ਵੱਲੋਂ ਨਿਯੁਕਤ ‘ਰੈਜ਼ੋਲਿਊਸ਼ਨ ਪ੍ਰੋਫੈਸ਼ਨਲ’ ਇਸ ਥਰਮਲ ਨੂੰ ਵੇਚਣ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ।ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਗੋਇੰਦਵਾਲ ਥਰਮਲ ਦੀ ਲਾਗਤ ਪੂੰਜੀ 3058 ਕਰੋੜ ਰੁਪਏ ਅਨੁਮਾਨੀ ਸੀ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਹੁਣ ਦੋ ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਲਿਹਾਜ ਨਾਲ ਇਹ ਥਰਮਲ ਖਰੀਦਿਆ ਹੈ ਜਦੋਂ ਕਿ ਨਵੇਂ ਥਰਮਲ ਦੀ ਲਾਗਤ ਕੀਮਤ 8-9 ਕਰੋੜ ਰੁਪਏ ਪ੍ਰਤੀ ਮੈਗਾਵਾਟ ਪੈਂਦੀ ਹੈ। ਗੋਇੰਦਵਾਲ ਥਰਮਲ ਪਿਛਲੇ ਸਮੇਂ ਤੋਂ ਪੂਰੀ ਸਮਰੱਥਾ ’ਤੇ ਨਹੀਂ ਚੱਲ ਰਿਹਾ ਸੀ ਅਤੇ ਫੰਡਾਂ ਦੀ ਘਾਟ ਕਰ ਕੇ ਪਾਵਰਕੌਮ ਨੂੰ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ ਸੀ। ਚੇਤੇ ਰਹੇ ਕਿ ਚੰਨੀ ਸਰਕਾਰ ਸਮੇਂ 30 ਅਕਤੂਬਰ 2021 ਨੂੰ ਜੀਵੀਕੇ ਗੋਇੰਦਵਾਲ ਸਾਹਿਬ ਲਿਮਟਿਡ ਨਾਲ ਹੋਏ ਬਿਜਲੀ ਖਰੀਦ ਸਮਝੌਤੇ ਨੂੰ ਰੱਦ ਕਰਨ ਵਾਸਤੇ ਨੋਟਿਸ ਦਿੱਤਾ ਗਿਆ ਸੀ ਜਿਸ ’ਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਰੋਕ ਲਗਾ ਦਿੱਤੀ ਸੀ।

          ‘ਆਪ’ ਸਰਕਾਰ ਨੇ ਇਸ ਥਰਮਲ ਨੂੰ ਹੁਣ ਖਰੀਦ ਕੇ ‘ਬਿਜਲੀ ਖਰੀਦ ਸਮਝੌਤੇ’ ਦਾ ਵੀ ਭੋਗ ਪਾ ਦਿੱਤਾ ਹੈ। ਬਿਜਲੀ ਮਾਹਿਰ ਦੱਸਦੇ ਹਨ ਕਿ ਦੇਸ਼ ਵਿਚ ਕਿਧਰੇ ਵੀ ਕਿਸੇ ਪ੍ਰਾਈਵੇਟ ਪ੍ਰਾਜੈਕਟ ਨੂੰ ਸਰਕਾਰ ਵੱਲੋਂ ਖਰੀਦਣ ਦੀ ਮਿਸਾਲ ਨਹੀਂ ਮਿਲਦੀ।ਮਾਹਿਰ ਦੱਸਦੇ ਹਨ ਕਿ ਸਰਕਾਰ ਵੱਲੋਂ ਖਰੀਦਣ ਮਗਰੋਂ ਇਸ ਥਰਮਲ ਦੀ ਬਿਜਲੀ 4 ਤੋਂ 5 ਰੁਪਏ ਪ੍ਰਤੀ ਯੂਨਿਟ ਪਵੇਗੀ ਜਦੋਂ ਕਿ ਪਹਿਲਾਂ ਇਸ ਥਰਮਲ ਤੋਂ ਬਿਜਲੀ 9 ਤੋਂ 10 ਰੁਪਏ ਪ੍ਰਤੀ ਯੂਨਿਟ ਪੈਂਦੀ ਸੀ। ਪੰਜਾਬ ਦੇ ਸਾਰੇ ਪ੍ਰਾਈਵੇਟ ਥਰਮਲਾਂ ’ਚੋਂ ਸਭ ਤੋਂ ਵੱਧ ਬਿਜਲੀ ਮਹਿੰਗੀ ਇਸੇ ਥਰਮਲ ਦੀ ਸੀ। ਪਾਵਰਕੌਮ ਹੁਣ ਆਪਣੀ ਪਛਵਾੜਾ ਕੋਲਾ ਖਾਣ ਤੋਂ ਕੋਲਾ ਵਰਤ ਸਕੇਗੀ ਜਿਸ ਨਾਲ ਬਿਜਲੀ ਪੈਦਾਵਾਰ ਦੀ ਲਾਗਤ ਘਟੇਗੀ। ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪਾਵਰਕੌਮ ਦੇ ਸੀਐੱਡੀ ਬਲਦੇਵ ਸਿੰਘ ਸਰਾ ਨੇ ਸਮੁੱਚੀ ਖਰੀਦ ਪ੍ਰਕਿਰਿਆ ਵਿਚ ਮੋਹਰੀ ਭੂਮਿਕਾ ਨਿਭਾਈ।

                                    ਨਾਮਕਰਨ ਗੁਰੂ ਅਮਰਦਾਸ ਜੀ ਦੇ ਨਾਮ ’ਤੇ

ਪ੍ਰਾਈਵੇਟ ਥਰਮਲ ਦੀ ਖਰੀਦ ਮਗਰੋਂ ਇਸ ਨੂੰ ‘ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ’ ਦਾ ਨਾਮ ਦਿੱਤਾ ਗਿਆ ਹੈ। ਪੰਜਾਬ ਵਿਚ ਪਹਿਲਾਂ ਬਠਿੰਡਾ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ, ਲਹਿਰਾ ਮੁਹੱਬਤ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ’ਤੇ ਅਤੇ ਰੋਪੜ ਵਿਚ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਥਰਮਲ ਬਣਿਆ ਹੈ। ਕਾਂਗਰਸ ਸਰਕਾਰ ਨੇ ਪਹਿਲੀ ਜਨਵਰੀ 2018 ਨੂੰ ਬਠਿੰਡਾ ਥਰਮਲ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰ ਦਿੱਤੇ ਸਨ। ਗੋਇੰਦਵਾਲ ਥਰਮਲ ਦੀ ਖਰੀਦ ਨਾਲ ਪਬਲਿਕ ਸੈਕਟਰ ਮਜ਼ਬੂਤ ਹੋਵੇਗਾ।

                                         ਗੋਇੰਦਵਾਲ ਪਲਾਂਟ : ਪਿਛੋਕੜ ’ਤੇ ਝਾਤ

ਗੋਇੰਦਵਾਲ ਥਰਮਲ ਪਲਾਂਟ ਅਪਰੈਲ 2016 ਵਿਚ ਚਾਲੂ ਹੋਇਆ ਸੀ। ਇਸ ਥਰਮਲ ਦੀ ਸਮਰੱਥਾ 540 ਮੈਗਾਵਾਟ ਦੀ ਹੈ ਅਤੇ 1075 ਏਕੜ ਵਿਚ ਸਥਾਪਤ ਹੈ। ਪਿੱਛੇ ਦੇਖੀਏ ਤਾਂ ਬੇਅੰਤ ਸਿੰਘ ਸਰਕਾਰ ਨੇ 1992 ਵਿਚ 500 ਮੈਗਾਵਾਟ ਦਾ ਗੋਇੰਦਵਾਲ ਥਰਮਲ ਲਾਉਣ ਦਾ ਐਲਾਨ ਕੀਤਾ ਸੀ ਅਤੇ ਉਸ ਮਗਰੋਂ ਅਕਾਲੀ ਸਰਕਾਰ ਨੇ 17 ਅਪਰੈਲ 2000 ਨੂੰ 500 ਮੈਗਾਵਾਟ ਦੇ ਇਸ ਥਰਮਲ ਦਾ ਐੱਮਓਯੂ ਸਾਈਨ ਕੀਤਾ ਸੀ ਅਤੇ ਇਹ ਥਰਮਲ ਲਾਉਣ ਲਈ ਟੈਂਡਰ ਨਹੀਂ ਹੋਏ ਸਨ। ਕਾਂਗਰਸ ਸਰਕਾਰ ਨੇ ਮਗਰੋਂ 2006 ਵਿਚ ਇਸ ਦੀ ਸਮਰੱਥਾ ਵਧਾ ਕੇ 540 ਮੈਗਾਵਾਟ ਕਰ ਦਿੱਤੀ। ਅਕਾਲੀ ਸਰਕਾਰ ਨੇ ਮਈ 2009 ਵਿਚ 540 ਮੈਗਾਵਾਟ ਦਾ ਬਿਜਲੀ ਖਰੀਦ ਸਮਝੌਤਾ ਕੀਤਾ। ਵਰ੍ਹੇ 2014 ਵਿਚ ਇਸ ਥਰਮਲ ਨੂੰ ਅਲਾਟ ਹੋਈ ਕੋਲਾ ਖਾਣ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ। ਸਾਲ 2016 ਵਿਚ ਚਾਲੂ ਹੋਣ ਦੇ ਕੁੱਝ ਸਮੇਂ ਮਗਰੋਂ ਲਿਟੀਗੇਸ਼ਨ ਸ਼ੁਰੂ ਹੋ ਗਈ। ਪਾਵਰਕੌਮ ਨੇ 2019 ਵਿਚ ਡਿਫਾਲਟਿੰਗ ਨੋਟਿਸ ਦੇ ਦਿੱਤਾ ਅਤੇ ਅਕਤੂਬਰ 2022 ਵਿਚ ਜੀਵੀਕੇ ਗਰੁੱਪ ਨੂੰ ਦੀਵਾਲੀਆ ਐਲਾਨ ਦਿੱਤਾ।