Tuesday, July 31, 2012

                                                                   ਜ਼ਿੰਦਗੀ ਜ਼ਿੰਦਾਬਾਦ                                           
                                                    ਪਿੱਪਲ ਦਿਆ ਪੱਤਿਆ ਵੇ ...
                                                                   ਚਰਨਜੀਤ ਭੁੱਲਰ
ਬਠਿੰਡਾ : ਟੁੱਟੇ ਹੋਏ ਇੱਕ ਘਰ ਦੇ ਬੂਹੇ ਤੋਂ ਤੁਰਿਆ ਚਿਹਰਾ। ਇੱਕ ਦਰਦਾਂ ਦੀ ਵਹਿੰਗੀ ਦਾ ਭਾਰ, ਦੂਜਾ ਜ਼ਿੰਦਗੀ ਤੋਂ ਲੰਮਾ ਨਾ ਮੁੱਕਣ ਵਾਲਾ ਪੈਂਡਾ। ਰਾਹਾਂ ਦੀ ਥਕਾਣ ਤਾਂ ਭੁੱਲ ਜਾਂਦੀ, ਵਕਤਾਂ ਦੀ ਪਈ ਮਾਰ ਭੁੱਲਣੀ ਸੌਖੀ ਨਹੀਂ। ਇਹ ਪੀੜ ਇਕ ਬੇਪਛਾਣ ਚਿਹਰੇ ਦੀ ਹੈ। ਉਂਜ ਤਾਂ ਲੱਖਾਂ ਬੇਪਛਾਣ ਚਿਹਰੇ ਇਸ ਤਰ•ਾਂ ਦੇ ਹਨ ਜਿਨ•ਾਂ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ, ਜੋ ਆਖਰ ਭੀੜ 'ਚ ਗੁਆਚ ਜਾਂਦੇ ਹਨ। ਪਰ ਇਹ ਚਿਹਰਾ ਇੱਕ ਧੀਅ ਧਿਆਣੀ ਦਾ,ਉਸ ਮਰਜਾਣੀ ਦਾ ਹੈ ਜਿਸ ਦੀ ਉਮਰ ਛੋਟੀ, ਪੀੜ ਵੱਡੀ ਹੈ। ਇਸ ਧੀ ਕੋਲ ਬੱਸ ਇੱਕ ਮਾਂ ਦਾ ਭਰੋਸਾ ਬਚਿਆ ਹੈ। ਜਾਂ ਫਿਰ ਬਾਪ ਦੀ ਤਸਵੀਰ ਜੋ ਉਸ ਤੋਂ ਦੂਰ ਚਲਾ ਗਿਆ ਹੈ। ਮੁਕਤਸਰ ਜ਼ਿਲੇ ਦੇ ਪਿੰਡ ਸੂਰੇਵਾਲਾ ਦੀ ਇਹ ਹੌਸਲੇ ਵਾਲੀ ਧੀ ਹੈ ਜਿਸ ਨੇ ਸੱਚਮੁੱਚ ਆਖਿਆ ਹੈ,'ਲੜਾਂਗੇ ਜ਼ਿੰਦਗੀ'। ਚੁਣੌਤੀ ਦੇਣ ਵਾਲੀ ਇਹ ਪੇਂਡੂ ਕੁੜੀ ਛਿੰਦਰਪਾਲ ਕੌਰ ਹੈ। ਮਾਂ ਅਮਰਜੀਤ ਕੌਰ ਦੀ ਇਕਲੌਤੀ ਧੀ ਤੇ ਦੋ ਵੀਰਾਂ ਦੀ ਭੈਣ ਉਦੋਂ ਤਿੰਨ ਵਰਿ•ਆਂ ਦੀ ਸੀ ਜਦੋਂ ਉਸ ਦਾ ਬਾਪ ਲਛਮਣ ਸਿੰਘ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਬਾਪ ਦੀ ਵਿਰਾਸਤ ਇੱਕੋ ਇੱਕ ਕੱਚਾ ਕੋਠਾ ਸੀ। ਨਾਨਕੇ ਘਰ ਨੇ ਇਨ•ਾਂ ਭੈਣ ਭਰਾਵਾਂ ਨੂੰ ਸੰਭਾਲਿਆ। ਨਾਨਕਿਆਂ ਦੀ ਪੰਚਾਇਤ ਨੇ ਇੱਕ ਕਮਰਾ ਬਣਾ ਕੇ ਦੇ ਦਿੱਤਾ। ਮਾਸੀ ਨੇ ਇੱਕ ਵਰਾਂਡਾ ਬਣਾ ਦਿੱਤਾ। ਇੱਥੋਂ ਸ਼ੁਰੂ ਹੋਇਆ ਇਸ ਧੀਅ ਦਾ ਸਫਰ।
            ਜਦੋਂ ਇਸ ਧੀਅ 'ਤੇ ਬਸਤਾ ਚੁੱਕਿਆ ਤਾਂ ਮਾਂ ਨੇ ਉਸ ਨੂੰ ਖੇਤਾਂ ਦੇ ਰਾਹ ਵੀ ਵਿਖਾਏ। ਦਿਨ ਭਰ ਦੀ ਮਾਂ ਦੀ ਦਿਹਾੜੀ ਹੀ ਪਰਿਵਾਰ ਲਈ ਧਰਵਾਸ ਸੀ। ਭੁੱਖਣ ਭਾਣੇ ਮਾਂ ਗੋਹਾ ਕੂੜਾ ਕਰਦੀ ਤੇ ਫਿਰ ਖੇਤਾਂ 'ਚ ਦਿਹਾੜੀ। ਤੀਸਰੀ ਕਲਾਸ 'ਚ ਸੀ ਜਦੋਂ ਛਿੰਦਰਪਾਲ ਨੇ ਮਾਂ ਨਾਲ ਦਿਹਾੜੀ ਜਾਣਾ ਸ਼ੁਰੂ ਕਰ ਦਿੱਤਾ। 12 ਸਾਲ ਗੁਜ਼ਰ ਗਏ ਹਨ। ਇਹ ਧੀ ਅੱਜ ਵੀ ਮਾਂ ਨਾਲ ਖੇਤਾਂ 'ਚ ਦਿਹਾੜੀ ਕਰਦੀ ਹੈ। ਝੋਨੇ ਦੀ ਲਵਾਈ ਦੇ ਦਿਨਾਂ 'ਚ ਤਾਂ ਰਾਤ ਦੇ ਗਿਆਰਾਂ ਗਿਆਰਾਂ ਖੇਤਾਂ ਵਿੱਚ ਮਾਵਾਂ ਧੀਆਂ ਨੂੰ ਵੱਜ ਜਾਂਦੇ ਹਨ। ਕਿਸੇ ਸਮੇਂ ਮਾਂ ਦੀ ਇੱਛਾ ਆਪਣੀ ਧੀਅ ਨੂੰ ਪੰਜ ਜਮਾਤਾਂ ਮਗਰੋਂ ਘਰ ਬਿਠਾਉਣ ਦੀ ਸੀ। ਸਕੂਲ ਅਧਿਆਪਕਾਂ ਨੇ ਛਿੰਦਰਪਾਲ ਦੇ ਅੰਦਰਲੇ ਚਿਹਰੇ ਨੂੰ ਪੜ• ਲਿਆ। ਫਿਰ ਮਾਂ ਦੀ ਕੋਈ ਚੱਲ ਨਾ ਸਕੀ। ਮਾਂ ਦੱਸਦੀ ਹੈ 'ਮੈਂ ਛਿੰਦਰ ਦੀ ਪਰਖ ਕੀਤੀ, ਉਸਨੂੰ ਪੜਨੋਂ ਹਟਾਉਣ ਲਈ ਰੱਜ ਕੇ ਕੁੱਟਿਆ ਕਿ ਪਰ ਉਹ ਟੱਸ ਤੋਂ ਮੱਸ ਨਾ ਹੋਈ।' ਸ਼ਾਇਦ ਇਹ ਚੰਗਾ ਹੀ ਹੋਇਆ। ਅੱਜ ਛਿੰਦਰਪਾਲ ਕੰਪਿਊਟਰ ਇੰਜਨੀਅਰਿੰਗ ਕਰ ਰਹੀ ਹੈ। ਉਹ ਤਲਵੰਡੀ ਸਾਬੋ ਦੇ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ 'ਚ ਦੂਸਰੇ ਵਰੇ• ਦੀ ਵਿਦਿਆਰਥਣ ਹੈ। ਵੈਸੇ ਚਾਰ ਸਾਲ ਤੋਂ ਇਸੇ ਕਾਲਜ 'ਚ ਹੈ। ਜਦੋਂ ਉਹ ਸਕੂਲ 'ਚ ਪੜ•ਦੀ ਸੀ ਤਾਂ ਅਧਿਆਪਕਾਂ ਨੂੰ ਹਮਦਰਦੀ ਸੀ। ਇੱਕੋ ਸਕੂਲ ਵਰਦੀ, ਉਸ ਦੇ ਦੋ ਤਿੰਨ ਸਾਲ ਚੱਲਦੀ ਸੀ। ਸਕੂਲੋਂ ਮਿਲਦਾ ਵਜ਼ੀਫਾ ਉਹ ਆਪਣੀ ਮਾਂ ਦੇ ਹੱਥ 'ਤੇ ਰੱਖ ਦਿੰਦੀ ਸੀ। ਸਕੂਲੋਂ ਛੁੱਟੀ ਹੋਣ ਮਗਰੋਂ ਉਹ ਮਾਂ ਨਾਲ ਖੇਤਾਂ 'ਚ ਨਰਮੇ ਦੀ ਚੁਗਾਈ ਜਾਂ ਫਿਰ ਝੋਨਾ ਲਵਾਉਣ ਨਾਲ ਜਾਂਦੀ। ਮਾਂ ਅਮਰਜੀਤ ਨੇ ਦੱਸਿਆ ਕਿ ਜਦੋਂ ਉਹ ਖੇਤਾਂ 'ਚ ਮਜ਼ਦੂਰੀ ਕਰਨ ਚਲੀ ਜਾਂਦੀ ਤਾਂ ਛੋਟੀ ਉਮਰ 'ਚ ਛਿੰਦਰ ਤੇ ਦੂਸਰੇ ਬੱਚੇ ਪਿੰਡ ਦੇ ਗੁਰੂ ਘਰ 'ਚ ਰੋਟੀ ਪਾਣੀ ਛਕ ਕੇ ਆਉਂਦੇ ਸਨ।
            ਦਸਵੀਂ ਕਲਾਸ ਛਿੰਦਰਪਾਲ ਨੇ 68 ਫੀਸਦੀ ਅੰਕਾਂ ਨਾਲ ਸਰਕਾਰੀ ਸਕੂਲ ਚੋਂ ਪਾਸ ਕੀਤੀ ਹੈ। ਸੱਤਵੀਂ ਕਲਾਸ 'ਚ ਉਸ ਨੇ ਰੈਸਲਿੰਗ 'ਚ ਭਾਗ ਲਿਆ। ਸਕੂਲ ਦੌਰਾਨ ਉਸ ਨੇ ਪੰਜਾਬ ਚੋਂ ਰੈਸਲਿੰਗ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਕੌਮੀ ਮੁਕਾਬਲੇ 'ਚ ਇਸ ਕਰਕੇ ਨਹੀਂ ਜਾ ਸਕੀ ਕਿ ਉਸਨੂੰ ਲਿਜਾਣ ਵਾਲਾ ਕੋਈ ਨਹੀਂ ਸੀ। ਏਨੀ ਪਹੁੰਚ ਨਹੀਂ ਸੀ ਕਿ ਖੁਦ ਪੈਸੇ ਦਾ ਇੰਤਜ਼ਾਮ ਕਰ ਲੈਂਦੀ। ਸ਼ਰਮਾਕਲ ਤੇ ਮਲੂਕ ਜਿਹੀ ਇਹ ਲੜਕੀ ਜ਼ਿੰਦਗੀ ਨਾਲ ਅਸਲੀ ਜੰਗ ਹੁਣ ਲੜ ਰਹੀ ਹੈ ਕਿਉਂਕਿ ਪੈਰ ਪੈਰ 'ਤੇ ਮਾਲੀ ਮੁਸ਼ਕਲਾਂ ਉਸ ਦਾ ਖਹਿੜਾ ਨਹੀਂ ਛੱਡਦੀਆਂ। ਜਦੋਂ ਕਾਲਜ ਚੋਂ ਛੁੱਟੀਆਂ ਹੁੰਦੀਆਂ ਹਨ ਤਾਂ ਉਹ ਆਪਣੀ ਮਾਂ ਨਾਲ ਖੇਤਾਂ 'ਚ ਝੋਨਾ ਲਵਾਈ ਦਾ ਕੰਮ ਕਰਦੀ ਹੈ। ਉਸਨੇ ਦੱਸਿਆ ਕਿ ਉਸ ਨੂੰ ਸਾਲਾਨਾ ਫੀਸ ਲਈ 6300 ਰੁਪਏ ਦੀ ਲੋੜ ਸੀ। ਉਸ ਨੇ ਐਤਕੀਂ ਗਰਮੀ ਦੀਆਂ ਛੁੱਟੀਆਂ 'ਚ ਆਪਣੀ ਮਾਂ ਤੇ ਛੋਟੇ ਭਰਾ ਨਾਲ ਮਿਲ ਕੇ ਡੇਢ ਮਹੀਨਾ ਠੇਕੇ 'ਤੇ ਝੋਨਾ ਲਾਇਆ ਅਤੇ ਕਰੀਬ 6000 ਰੁਪਏ ਕਮਾ ਲਏ। ਇਸੇ ਦਿਹਾੜੀ ਨਾਲ ਉਹ ਆਪਣੀ ਫੀਸ ਤਾਰ ਸਕੀ। ਫੀਸਾਂ ਦੇ ਵੱਧ ਰਹੇ ਖਰਚੇ ਉਸ ਦੀ ਨਿੱਤ ਪ੍ਰੀਖਿਆ ਲੈ ਰਹੇ ਹਨ। ਹਾਲਾਂਕਿ 'ਗੋਲਡਨ ਹਾਰਟਸ' ਸਕੀਮ ਤਹਿਤ ਦਾਨੀ ਸੱਜਣਾਂ ਵਲੋਂ ਉਸ ਦੀ ਸਲਾਨਾ 47,250 ਰੁਪਏ ਟਿਊਸ਼ਨ ਫੀਸ ਵਜੋਂ ਫੀਸ ਭਰੀ ਜਾ ਰਹੀ ਹੈ। ਕੇਵਲ ਦੂਸਰੇ ਖਰਚੇ ਹੀ ਉਸ ਨੂੰ ਸਾਹ ਨਹੀਂ ਲੈਣ ਦੇ ਰਹੇ। ਜਦੋਂ ਉਹ ਤਲਵੰਡੀ ਸਾਬੋ ਦੇ ਇਸ ਕਾਲਜ 'ਚ ਪਹਿਲੇ ਸਾਲ ਆਈ ਤਾਂ ਉਸ ਕੋਲ ਫੀਸ ਜੋਗੇ ਪੈਸੇ ਵੀ ਨਹੀਂ ਸੀ। ਮਾਂ ਵਲੋਂ ਦਿਹਾੜੀ ਕਰਕੇ ਜੋੜ ਕੇ ਰੱਖੀ ਸਾਰੀ ਰਾਸ਼ੀ ਇਸ ਬੱਚੀ ਦੀ ਫੀਸ 'ਚ ਚਲੀ ਗਈ।
             ਤਖ਼ਤ ਦੀ ਪਵਿੱਤਰ ਧਰਤੀ 'ਤੇ ਇਹ ਲੜਕੀ ਪੀ.ਜੀ ਹਾਊਸ 'ਚ ਇੱਕ ਕਮਰੇ 'ਚ ਆਪਣੀਆਂ ਦੋ ਜਮਾਤੀ ਲੜਕੀਆਂ ਨਾਲ ਰਹਿਣ ਲੱਗੀ। ਉਸ ਕੋਲ ਦੋ ਡੰਗ ਦੀ ਰੋਟੀ ਖਾਣ ਦਾ ਸਾਧਨ ਵੀ ਨਹੀਂ ਸੀ ਤੇ ਕਮਰੇ ਦਾ 500 ਰੁਪਏ ਪ੍ਰਤੀ ਮਹੀਨਾ ਕਿਰਾਇਆ ਉਸਨੂੰ ਫਿਕਰਾਂ 'ਚ ਪਾਈ ਰੱਖਦਾ ਸੀ। ਉਹ ਦੱਸਦੀ ਹੈ ਕਿ ਇਨ•ਾਂ ਹਾਲਾਤ ਵਿੱਚ ਉਹ ਸ਼ਨਿਚਰਵਾਰ ਤੇ ਐਤਵਾਰ ਨੂੰ ਤਖਤ ਸਾਹਿਬ ਦੇ ਲੰਗਰ 'ਚ ਰੋਟੀ ਪਾਣੀ ਛਕ ਕੇ ਆਉਂਦੀ ਰਹੀ ਹੈ। ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਇਸ ਲੜਕੀ ਨੇ ਕਾਲਜ ਦੀ ਉਸ ਸੀਨੀਅਰ ਲੜਕੀ 'ਅਮਨ ਦੀਦੀ'ਦਾ ਵਾਰ ਵਾਰ ਜ਼ਿਕਰ ਕੀਤਾ ਜਿਸ ਨੇ ਪੂਰਾ ਇੱਕ ਸਾਲ ਆਪਣੇ ਖਰਚੇ 'ਤੇ ਇਸ ਲੜਕੀ ਨੂੰ ਪੀ.ਜੀ.ਹਾਊਸ 'ਚ ਦੋ ਡੰਗ ਦੀ ਰੋਟੀ ਖੁਆਈ। ਜਮ•ਾਂ ਦੋ ਦੀ ਪੜਾਈ ਦੌਰਾਨ ਛਿੰਦਰਪਾਲ ਨੇ ਪੀ.ਜੀ.ਹਾਊਸ 'ਚ ਹਾਊਸ ਦੀ ਮਾਲਕ ਆਂਟੀ ਨਾਲ ਦੂਸਰੀਆਂ ਲੜਕੀਆਂ ਦਾ ਖਾਣਾ ਤਿਆਰ ਕਰਨ ਅਤੇ ਬਰਤਨ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਬਦਲੇ 'ਚ ਉਸ ਨੂੰ ਆਂਟੀ ਵਲੋਂ ਮੁਫਤ ਰੋਟੀ ਦੇ ਦਿੱਤੀ ਜਾਂਦੀ ਸੀ। ਕਮਰੇ ਦਾ ਕਿਰਾਇਆ ਕਾਲਜ ਦੇ ਇੱਕ ਲੈਕਚਰਾਰ ਅਮਨਦੀਪ ਸਿੰਘ ਵਲੋਂ ਇੱਕ ਸਾਲ ਤਾਰਿਆ ਜਾਂਦਾ ਰਿਹਾ।
            ਕੰਪਿਊਟਰ ਇੰਜਨੀਅਰਿੰਗ ਦੇ ਪਹਿਲੇ ਸਾਲ ਦੌਰਾਨ ਉਸ ਨੂੰ ਹੋਸਟਲ ਤਾਂ ਮਿਲ ਗਿਆ ਪ੍ਰੰਤੂ ਪਹਿਲੇ ਸਾਲ ਹੋਸਟਲ ਫੀਸ 4300 ਉਸ ਲਈ ਮੁਸ਼ਕਲ ਸੀ।  ਉਹ ਛੁੱਟੀਆਂ ਦੌਰਾਨ ਫਿਰ ਦਿਹਾੜੀ ਕਰਦੀ ਰਹੀ। ਇਸ ਦਿਹਾੜੀ ਦੇ ਜੋੜੇ ਪੈਸੇ ਹੀ ਉਸ ਦੀ ਹੋਸਟਲ ਫੀਸ ਕੱਢ ਸਕੇ ਹਨ। ਜਦੋਂ ਉਹ ਛੁੱਟੀਆਂ ਦੌਰਾਨ ਦਿਨ ਰਾਤ ਖੇਤਾਂ ਵਿੱਚ ਕੰਮ ਕਰਦੀ ਹੈ ਤਾਂ ਪਿੰਡ ਵਾਲੇ ਉਸ ਦੀ ਮਿਸਾਲ ਆਪੋ ਆਪਣੇ ਬੱਚਿਆਂ ਨੂੰ ਦਿੰਦੇ ਹਨ। ਉਹ ਆਪਣੀ ਪੌਕੇਟ ਮਨੀ ਇੱਕ ਸੌ ਰੁਪਏ ਨੂੰ ਵੀ ਸਾਂਭ ਸਾਂਭ ਕੇ ਰੱਖਦੀ ਹੈ। ਉਸ ਦਾ ਉਦਾਸ ਚਿਹਰਾ ਹਕੂਮਤਾਂ ਦਾ ਮੂੰਹ ਚਿੜਾਅ ਰਿਹਾ ਸੀ ਤੇ ਉਸ ਦੇ ਮਨ ਦੀ ਦ੍ਰਿੜਤਾ ਹੌਸਲਾ ਦੇਣ ਵਾਲੀ ਸੀ। ਉਹ ਸਵੇਰ ਵਕਤ ਆਪਣੇ ਕਮਰੇ 'ਚ ਪਾਠ ਕਰਦੀ ਹੈ ਅਤੇ ਰਾਤ ਨੂੰ ਚਾਰ ਘੰਟੇ ਰੋਜ਼ਾਨਾ ਪੜ•ਦੀ ਹੈ। ਕਾਲਜ ਤਰਫੋਂ ਉਸ ਨੂੰ ਕਿਤਾਬਾਂ ਮੁਫਤ ਮਿਲ ਰਹੀਆਂ ਹਨ। ਉਸ ਨੂੰ ਕਾਲਜ 'ਚ ਵੀ ਕਦੇ ਬਾਕੀ ਲੜਕੀਆਂ ਵਾਂਗ ਕੱਪੜੇ ਪਾਉਣੇ ਨਸੀਬ ਨਹੀਂ ਹੋਏ। ਉਸ ਨੂੰ ਤਾਂ ਬੱਸ ਹੁਣ ਇੱਕੋ ਡਰ ਹੈ ਕਿ ਕਿਤੇ ਵੱਧ ਰਹੇ ਫੀਸਾਂ ਦੇ ਖਰਚੇ ਉਸ ਦੇ ਮਿਸ਼ਨ ਦਾ ਸਾਹ ਨਾ ਘੁੱਟ ਦੇਣ। ਇਸ ਲੜਕੀ ਨੇ ਆਪਣੀ ਮਾਂ ਸਿਰ ਚੜੇ 90,000 ਰੁਪਏ ਦੇ ਕਰਜ਼ੇ ਦੀ ਗੱਲ ਵੀ ਕੀਤੀ ਜੋ ਘਰੇਲੂ ਕੰਮਾਂ ਕਾਰਾਂ ਕਾਰਨ ਸਿਰ ਚੜ• ਗਿਆ ਸੀ। ਨਾਲ ਛੋਟੇ ਭਰਾ ਦੀ ਬਿਮਾਰੀ ਦਾ ਫਿਕਰ ਵੀ ਕੀਤਾ। ਮਾਂ ਨੇ ਦੱਸਿਆ ਕਿ ਉਨ•ਾਂ ਦੇ ਕਰਜ਼ੇ ਦੇ ਵਿਆਜ 'ਚ ਇੱਕ ਮੱਝ ਵੀ ਵਿਕ ਗਈ ਹੈ। ਭਾਵੇਂ ਤੰਗੀ ਤੁਰਸ਼ੀ ਦੇ ਬੈਰੀਅਰਾਂ ਨੇ ਰਾਹ ਰੋਕੇ, ਫਿਰ ਵੀ ਇੱਕ ਮਾਂ ਤੇ ਧੀ ਦੇ ਸ਼ਿੱਦਤ ਨੇ ਆਪਣੇ ਰਾਹ ਆਪ ਬਣਾ ਲਏ। ਇਕ ਮਾਂ ਫਖ਼ਰ ਕਰਦੀ ਹੈ, ਆਪਣੀ ਧੀਅ 'ਤੇ । ਹੋਰ ਨਹੀਂ ਤਾਂ ਘੱਟੋ ਘੱਟ ਹਕੂਮਤਾਂ ਸ਼ਰਮ ਹੀ ਕਰ ਲੈਣ, ਜਿਨ•ਾਂ ਦੀ ਨਜ਼ਰ ਕਦੇ ਅਜਿਹੇ ਬੇਪਛਾਣ ਚਿਹਰਿਆਂ 'ਤੇ ਨਹੀਂ ਪੈਂਦੀ।

Sunday, July 29, 2012

                                ਸਸਤੇ ਭਾਅ
                 ਹਥਿਆਰਾਂ ਦਾ 'ਤੋਹਫ਼ਾ'
                          ਚਰਨਜੀਤ ਭੁੱਲਰ
ਬਠਿੰਡਾ : ਅਕਾਲੀ-ਭਾਜਪਾ ਸਰਕਾਰ ਵੱਲੋਂ 'ਆਪਣਿਆਂ' ਨੂੰ ਕੌਡੀਆਂ ਦੇ ਭਾਅ ਵਿਦੇਸ਼ੀ ਹਥਿਆਰ ਵੇਚ ਦਿੱਤੇ ਗਏ ਹਨ।  ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਮਗਰੋਂ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਵੀ.ਆਈ.ਪੀ ਲੋਕਾਂ ਨੂੰ ਕਰ ਦਿੱਤੀ ਗਈ। ਜਿਨ੍ਹਾਂ ਵਿਦੇਸ਼ੀ ਹਥਿਆਰਾਂ ਦੀ ਮਾਰਕੀਟ ਕੀਮਤ ਛੇ-ਛੇ ਲੱਖ ਹੈ, ਇਸ  ਸਰਕਾਰ ਨੇ 30-30 ਹਜ਼ਾਰ ਰੁਪਏ 'ਚ ਵੇਚੇ ਗਏ। ਇਹ ਹਥਿਆਰ ਪੁਲੀਸ ਨੇ ਪਿਛਲੇ ਕਈ ਸਾਲਾਂ ਦੌਰਾਨ ਜ਼ਬਤ ਕੀਤੇ ਸਨ। ਇਨ੍ਹਾਂ ਦੀ ਅਲਾਟਮੈਂਟ ਮਾਰਚ ਅਤੇ ਅਪਰੈਲ 2012 ਵਿੱਚ ਕਰੀਬ 200 ਖਾਸ ਵਿਅਕਤੀਆਂ ਨੂੰ ਕਰ ਦਿੱਤੀ ਗਈ ਹੈ। ਇਹ ਤੋਹਫਾ ਦਲ-ਬਦਲੀ ਕਰਕੇ ਆਏ ਆਗੂਆਂ ਨੂੰ ਖਾਸ ਤੌਰ 'ਤੇ  ਦਿੱਤਾ ਗਿਆ ਹੈ। ਰਾਜਸੀ ਨੇਤਾਵਾਂ ਤੋਂ ਇਲਾਵਾ ਅਜਿਹੇ ਹਥਿਆਰ ਹਾਸਲ ਕਰਨ ਵਾਲਿਆਂ ਵਿਚ ਆਈ.ਪੀ.ਐਸ. ਤੇ ਆਈ.ਏ.ਐਸ ਅਫਸਰ, ਪੀ.ਸੀ.ਐਸ ਅਫਸਰ ਅਤੇ ਕੁਝ ਨੇਤਾਵਾਂ ਤੇ ਅਫਸਰਾਂ ਦੇ 'ਕਾਕੇ' ਵੀ ਸ਼ਾਮਲ ਹਨ। ਇਸੇ ਤਰ੍ਹਾਂ ਦੀ ਵੰਡ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਆਪਣੇ ਚਹੇਤਿਆਂ ਨੂੰ ਕੀਤੀ ਸੀ।
          ਪੰਜਾਬ ਪੁਲੀਸ ਅਕੈਡਮੀ ਫਿਲੌਰ ਪਾਸੋਂ ਸੂਚਨਾ ਅਧਿਕਾਰ ਐਕਟ ਤਹਿਤ ਹਾਸਲ ਵੇਰਵਿਆਂ ਅਨੁਸਾਰ ਅਕਾਲੀ-ਭਾਜਪਾ ਸਰਕਾਰ ਨੇ 12 ਮਾਰਚ 2012 ਤੋਂ ਹਥਿਆਰਾਂ ਦੀ ਅਲਾਟਮੈਂਟ ਸ਼ੁਰੂ ਕੀਤੀ। ਇਕੱਲੇ ਮਾਰਚ  ਮਹੀਨੇ ਦੌਰਾਨ 141 ਵਿਅਕਤੀਆਂ ਅਤੇ ਫਿਰ ਅਪਰੈਲ ਵਿੱਚ 54 ਖਾਸ ਲੋਕਾਂ ਨੂੰ ਹਥਿਆਰਾਂ ਦੀ ਅਲਾਟਮੈਂਟ ਕੀਤੀ ਗਈ। ਇਨ੍ਹਾਂ ਦੋ ਮਹੀਨਿਆਂ 'ਚ 172 ਦੇਸੀ-ਵਿਦੇਸ਼ੀ ਪਿਸਤੌਲ,13 ਰਾਈਫਲਾਂ ਅਤੇ 8 ਰਿਵਾਲਵਰਾਂ ਦੀ ਅਲਾਟਮੈਂਟ ਕੀਤੀ ਗਈ। ਇਹ ਹਥਿਆਰ ਭਾਰਤ,ਚੀਨ, ਜਰਮਨੀ, ਇੰਗਲੈਂਡ, ਚੈਕੋਸਲਵਾਕੀਆ, ਇਟਲੀ, ਅਮਰੀਕਾ ਅਤੇ ਸਪੇਨ ਦੇ ਬਣੇ ਹੋਏ ਸਨ। ਸੂਚਨਾ ਅਨੁਸਾਰ ਸਰਕਾਰ ਨੇ ਚੀਨ ਦਾ 7.62 ਐਮ.ਐਮ.ਪਿਸਤੌਲ, ਜਿਸ ਦੀ ਮਾਰਕੀਟ ਕੀਮਤ 8 ਲੱਖ ਤੋਂ ਜ਼ਿਆਦਾ ਹੈ, ਨੂੰ 30 ਹਜ਼ਾਰ ਦੇ ਰਿਆਇਤੀ ਭਾਅ 'ਤੇ ਅਲਾਟ ਕੀਤਾ ਗਿਆ। ਇਵੇਂ .315 ਬੋਰ ਦੀ ਰਾਈਫਲ ਦੀ ਕੀਮਤ ਬਾਜ਼ਾਰ ਵਿੱਚ 55 ਹਜ਼ਾਰ ਤੋਂ ਉਪਰ ਹੈ, ਪ੍ਰੰਤੂ ਇਹ 8 ਹਜ਼ਾਰ ਵਿੱਚ ਅਲਾਟ ਕੀਤੀ ਗਈ ਹੈ। ਜਰਮਨ ਦਾ ਪਿਸਤੌਲ ਕਰੀਬ 6 ਲੱਖ ਦੀ ਕੀਮਤ ਦਾ ਹੈ, ਪ੍ਰੰਤੂ ਇਹ 25 ਹਜ਼ਾਰ 'ਚ ਅਲਾਟ ਕੀਤਾ ਗਿਆ। ਇੰਗਲੈਂਡ ਦਾ ਰਿਵਾਲਵਰ ਪੰਜ ਲੱਖ ਤੱਕ ਦੀ ਕੀਮਤ ਦਾ ਹੈ ਪ੍ਰੰਤੂ ਇਹ 30 ਹਜ਼ਾਰ ਵਿੱਚ ਅਲਾਟ ਕਰ ਦਿੱਤਾ ਗਿਆ ਹੈ।
           ਜਿਨ੍ਹਾਂ ਨੇਤਾਵਾਂ ਨੂੰ ਹਥਿਆਰ ਅਲਾਟ ਕੀਤੇ ਗਏ ਹਨ, ਉਨ੍ਹਾਂ 'ਚ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸਾਬਕਾ ਮੁੱਖ ਸੰਸਦੀ ਸਕੱਤਰ ਸੁਰਿੰਦਰ ਕੁਮਾਰ ਡਾਵਰ, ਵਿਧਾਇਕ ਡਾ.ਦਲਬੀਰ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਕਾਂਗਰਸ 'ਚੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਚਰਨਜੀਤ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਆਦਿ ਸ਼ਾਮਲ ਹਨ।
          ਇਵੇਂ ਹੀ ਮੌਜੂਦਾ ਆਈ.ਪੀ.ਐਸ ਅਫਸਰ ਸੰਜੀਵ ਗੁਪਤਾ, ਲੋਕ ਨਾਥ ਆਂਗਰਾ, ਸ਼ਾਮ ਲਾਲ ਗੱਖੜ,ਪਰਮਜੀਤ ਸਿੰਘ, ਐਸ. ਕੇ. ਸ਼ਰਮਾ, ਰੋਹਿਤ ਚੌਧਰੀ, ਆਸ਼ੀਸ ਚੌਧਰੀ ਤੇ ਪ੍ਰਮੋਦ ਬਾਨ ਤੋਂ ਇਲਾਵਾ ਸੇਵਾਮੁਕਤ ਆਈ.ਪੀ.ਐਸ ਸ੍ਰੀ ਆਰ. ਕੇ. ਸ਼ਰਮਾ, ਹਰਿੰਦਰ ਸਿੰਘ ਚਾਹਲ ਨੂੰ ਵੀ ਸਰਕਾਰ ਨੇ ਅਸਲਾ ਅਲਾਟ ਕੀਤਾ। ਕੁਝ ਜੱਜਾਂ ਨੂੰ ਵੀ ਇਹ ਹਥਿਆਰ ਅਲਾਟ ਕੀਤੇ ਗਏ। ਇਵੇਂ ਦੋ ਮੌਜੂਦਾ ਡਿਪਟੀ ਕਮਿਸ਼ਨਰਾਂ ਵਰੁਣ ਰੂਜਮ ਅਤੇ ਰਜਤ ਅਗਰਵਾਲ ਨੂੰ ਵੀ ਹਥਿਆਰ ਅਲਾਟ ਹੋਏ ਹਨ।  ਕਰੀਬ 33 ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਇਸ ਢੰਗ ਨਾਲ ਅਸਲਾ ਮਿਲਿਆ ਹੈ।  ਗ੍ਰਹਿ ਵਿਭਾਗ ਨੂੰ ਸਾਲ 2007 ਤੋਂ ਮਾਰਚ 2012 ਤਕ 800 ਦੇ ਕਰੀਬ ਦਰਖਾਸਤਾਂ ਆਈਆਂ ਸਨ। ਉਸ ਨੇ ਹੀ ਹਥਿਆਰਾਂ ਦੀ ਵੰਡ ਕੀਤੀ। ਵੰਡ ਦਾ ਪੈਮਾਨਾ ਕੀ ਰਿਹਾ ਹੈ, ਇਸ ਦਾ ਖੁਲਾਸਾ ਸਰਕਾਰੀ ਸੂਚਨਾ ਵਿੱਚ ਨਹੀਂ ਦਿੱਤਾ ਗਿਆ।
                                                 ਬੀਬੀਆਂ ਨੂੰ ਵੀ ਹਥਿਆਰਾਂ ਦਾ 'ਤੋਹਫ਼ਾ'
ਪੰਜਾਬ ਵਿੱਚ ਔਰਤਾਂ ਵੀ ਹੁਣ ਹਥਿਆਰ ਰੱਖਣ ਲੱਗੀਆਂ ਹਨ। ਪੰਜਾਬ ਸਰਕਾਰ ਵੱਲੋਂ ਸਸਤੇ ਭਾਅ ਵਾਲਾ ਅਸਲਾ ਪੰਜ ਔਰਤਾਂ ਨੂੰ ਵੀ ਅਲਾਟ ਕੀਤਾ ਗਿਆ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਖੂਨਣ ਕਲਾਂ ਦੀ ਹਰਮਿੰਦਰ ਕੌਰ ਨੂੰ 15 ਹਜ਼ਾਰ ਵਿਚ .315 ਬੋਰ ਰਾਈਫਲ ਅਲਾਟ ਕੀਤੀ ਗਈ ਜਦੋਂ ਕਿ ਤਰਨ ਤਾਰਨ ਦੀ ਦਲਜੀਤ ਕੌਰ ਨੂੰ 16 ਹਜ਼ਾਰ 'ਚ ਪਿਸਤੌਲ ਅਤੇ ਇੱਥੋਂ ਦੀ ਹੀ ਰਾਜਵਿੰਦਰ ਕੌਰ ਨੂੰ 15 ਹਜ਼ਾਰ ਵਿੱਚ ਪਿਸਤੌਲ ਅਲਾਟ ਕੀਤਾ ਗਿਆ।

Friday, July 27, 2012


                ਤਰਕੀਬ
ਹਿਰਨ ਪਾਰਕ ਨੂੰ ਚਿੰਬੜੇ 'ਭੂਤ'
            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਹਿਰਨ ਪਾਰਕ ਦੀ ਚਮਕ ਦਮਕ 'ਭੂਤਾਂ' ਨੂੰ ਪਸੰਦ ਨਹੀਂ ਹੈ। ਤਾਹੀਓਂ ਬੀੜ ਤਲਾਬ ਦੇ 'ਭੂਤ' ਵਿਕਾਸ ਕੰਮਾਂ ਨੂੰ ਬਰੇਕ ਲਾ ਰਹੇ ਹਨ। ਜੰਗਲੀ ਬੀੜ ਦੀ ਚਾਰਦੀਵਾਰੀ ਕਰਨ ਵਾਲੇ ਮਜ਼ਦੂਰਾਂ ਨੂੰ ਇਹ 'ਭੂਤ' ਭਜਾ ਚੁੱਕੇ ਹਨ। ਬਠਿੰਡਾ ਨਹਿਰ ਟੁੱਟਣ ਕਰਕੇ ਚਾਰਦੀਵਾਰੀ ਡਿੱਗ ਪਈ ਹੈ, ਜਿਸ ਨੂੰ ਮੁੜ ਉਸਾਰਨ ਵਾਸਤੇ ਹੁਣ ਮਜ਼ਦੂਰਾਂ ਦੀ ਲੋੜ ਹੈ। ਹੁਣ ਕੋਈ ਮਜ਼ਦੂਰ ਇਥੇ ਕੰਮ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ 'ਭੂਤਾਂ' ਦੀ ਮਾਰ ਨਹੀਂ ਝੱਲ ਸਕਦੇ। ਹਿਰਨ ਪਾਰਕ ਦੇ ਕੰਮ ਇਨ੍ਹਾਂ 'ਭੂਤਾਂ' ਕਰਕੇ ਦੋ ਮਹੀਨੇ ਲੇਟ ਹੋ ਗਏ ਸਨ। ਹੁਣ ਨਵੇਂ ਕੰਮ ਕਰਾਉਣ ਵਾਸਤੇ ਮਜ਼ਦੂਰਾਂ ਦੀ ਲੋੜ ਪੈਣੀ ਹੈ ਪਰ ਕੋਈ ਮਜ਼ਦੂਰ ਤਿਆਰ ਨਹੀਂ ਹੋ ਰਿਹਾ। ਪ੍ਰਾਈਵੇਟ ਠੇਕੇਦਾਰਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਬੀੜ ਤਲਾਬ ਦੇ 'ਭੂਤਾਂ' ਤੋਂ ਹੀ ਹੈ। ਕੁਝ ਸਮਾਂ ਪਹਿਲਾਂ ਹਿਰਨ ਪਾਰਕ ਵਿੱਚ ਕਾਫੀ ਵਿਕਾਸ ਦੇ ਕੰਮ ਹੋਏ ਹਨ, ਜਿਨ੍ਹਾਂ ਤਹਿਤ ਹਿਰਨ ਸਫਾਰੀ ਬਣਾਉਣ ਲਈ ਪੂਰੇ ਜੰਗਲ ਦੀ ਚਾਰਦੀਵਾਰੀ ਕੀਤੀ ਗਈ ਹੈ। ਨਵੀਆਂ ਸੜਕਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਕੰਡਿਆਲੀ ਤਾਰ ਲਾਈ ਗਈ ਹੈ। ਹਿਰਨ ਪਾਰਕ ਨੂੰ ਆਧੁਨਿਕ ਬਣਾਉਣ ਵਾਸਤੇ ਦੋ ਤਿੰਨ ਪ੍ਰਾਈਵੇਟ ਠੇਕੇਦਾਰਾਂ ਨੂੰ ਕੰਮ ਅਲਾਟ ਹੋਇਆ ਸੀ, ਜਿਨ੍ਹਾਂ ਦੀ ਲੇਬਰ ਨੂੰ 'ਭੂਤਾਂ' ਨੇ ਰਾਤਾਂ ਨੂੰ ਭਜਾ ਦਿੱਤਾ ਸੀ। ਇਹ ਕੰਮ ਦੋ ਮਹੀਨੇ ਲੇਟ ਹੋ ਗਿਆ।
       ਪ੍ਰਾਈਵੇਟ ਠੇਕੇਦਾਰ ਤਰਸੇਮ ਕੁਮਾਰ ਨੇ ਤਾਂ ਲੋਕ ਨਿਰਮਾਣ ਮਹਿਕਮੇ ਨੂੰ 'ਭੂਤਾਂ' ਦੀ ਸ਼ਿਕਾਇਤ ਵਾਲਾ ਪੱਤਰ ਵੀ ਲਿਖ ਲਿਆ ਸੀ ਪਰ ਮਗਰੋਂ ਉਸ ਨੇ ਜ਼ੁਬਾਨੀ ਤੌਰ 'ਤੇ ਹੀ ਸੂਚਿਤ ਕਰ ਦਿੱਤਾ। ਤਰਸੇਮ ਕੁਮਾਰ ਨੇ ਦੱਸਿਆ ਕਿ ਉਸ ਦੀ ਲੇਬਰ ਹਿਰਨ ਪਾਰਕ ਦੇ ਜੰਗਲ ਦੇ ਅੰਦਰ ਰਹਿੰਦੀ ਸੀ। ਕੁਝ ਮਜ਼ਦੂਰਾਂ ਨੇ ਦੱਸਿਆ ਕਿ ਰਾਤ ਵਕਤ ਜੰਗਲ ਵਿੱਚ ਭੂਤ ਆਉਂਦੇ ਹਨ, ਜੋ ਉਨ੍ਹਾਂ ਨੂੰ ਡਰਾਉਂਦੇ ਹਨ। ਉੱਚੀ ਉੱਚੀ ਆਵਾਜ਼ਾਂ ਕੱਢਦੇ ਹਨ ਅਤੇ ਦਗੜ ਦਗੜ ਹੁੰਦੀ ਹੈ। ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਵਕਤ ਭੱਜਣਾ ਵੀ ਪਿਆ ਹੈ। ਤਰਸੇਮ ਕੁਮਾਰ ਨੇ ਦੱਸਿਆ ਕਿ ਉਸ ਦੀ ਸਾਰੀ ਲੇਬਰ ਇਨ੍ਹਾਂ 'ਭੂਤਾਂ' ਨੇ ਭਜਾ ਦਿੱਤੀ, ਜਿਸ ਕਰਕੇ ਉਸ ਦਾ ਕੰਮ ਵੀ ਪਛੜ ਗਿਆ। ਉਸ ਨੇ ਦੱਸਿਆ ਕਿ ਉਸ ਨੇ ਮੁੜ ਲੇਬਰ ਲਿਆਂਦੀ, ਜਿਨ੍ਹਾਂ ਦੇ ਰਹਿਣ ਵਾਸਤੇ ਦੋ ਕਿਲੋਮੀਟਰ ਦੂਰ ਇਕ ਏਕੜ ਜਗ੍ਹਾ ਲਈ। ਉਸ ਨੇ ਦੱਸਿਆ ਕਿ ਦਿਨ ਛਿਪਣ ਤੋਂ ਪਹਿਲਾਂ ਹੀ ਲੇਬਰ ਬੀੜ ਤਲਾਬ ਵਿੱਚੋਂ ਨਿਕਲ ਜਾਂਦੀ ਸੀ। ਉਸ ਨੇ ਦੱਸਿਆ ਕਿ 'ਭੂਤਾਂ' ਨੇ ਉਨ੍ਹਾਂ ਨੂੰ ਵੱਡੇ ਸੰਕਟ ਵਿੱਚ ਪਾਈ ਰੱਖਿਆ, ਜਿਸ ਦੀ ਸੂਚਨਾ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ। ਇਸ ਤਰ੍ਹਾਂ ਹੀ 'ਭੁੱਲਰ ਕੰਸਟਰਕਸ਼ਨ ਕੰਪਨੀ' ਦੇ ਮਜ਼ਦੂਰ ਵੀ ਇਨ੍ਹਾਂ 'ਭੂਤਾਂ' ਨੇ ਭਜਾ ਦਿੱਤੇ ਸਨ। ਇਸ ਕੰਪਨੀ ਦੇ ਮਾਲਕ ਮੇਵਾ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਕੋਲ ਦੋ ਮਜ਼ਦੂਰਾਂ ਨੇ 'ਭੂਤਾਂ' ਦੀ ਸ਼ਿਕਾਇਤ ਰੱਖੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਵੇਂ ਮਜ਼ਦੂਰ ਲਿਆਉਣੇ ਪਏ ਸਨ।
         ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕੁਲਬੀਰ ਸਿੰਘ ਸੰਧੂ ਦਾ ਕਹਿਣ ਸੀ ਕਿ ਬੀੜ ਤਲਾਬ ਵਿੱਚ ਇਹ ਦਿੱਕਤ ਆਈ ਸੀ ਅਤੇ ਠੇਕੇਦਾਰਾਂ ਨੇ 'ਭੂਤਾਂ' ਦੀ ਸ਼ਿਕਾਇਤ ਕੀਤੀ ਸੀ, ਜਿਸ ਕਰਕੇ ਮਜ਼ਦੂਰਾਂ ਦੀ ਮੁਸ਼ਕਲ ਬਣੀ ਗਈ ਸੀ। ਉਨ੍ਹਾਂ ਦੱਸਿਆ ਕਿ ਕੰਮ ਵੀ ਇਸ ਕਰਕੇ ਪਛੜ ਗਿਆ ਸੀ। ਦੂਜੇ ਪਾਸੇ ਜ਼ਿਲ੍ਹਾ ਜੰਗਲਾਤ ਅਫਸਰ ਕੇ.ਕੰਨਨ ਦਾ ਕਹਿਣਾ ਸੀ ਕਿ ਭੂਤਾਂ ਵਾਲੀ ਗੱਲ ਸਾਹਮਣੇ ਆਈ ਸੀ ਪਰ ਉਹ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ।ਥਾਣਾ ਬਠਿੰਡਾ (ਸਦਰ) ਦੇ ਮੁੱਖ ਥਾਣਾ ਅਫਸਰ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਜੇ ਕਿਸੇ ਨੂੰ ਵੀ ਕੋਈ 'ਭੂਤ' ਪ੍ਰੇਸ਼ਾਨ ਕਰਦਾ ਹੈ ਤਾਂ ਪੁਲੀਸ ਨੂੰ ਫੌਰੀ ਇਤਲਾਹ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਉਹ ਇਸ ਗੱਲ 'ਤੇ ਭਰੋਸਾ ਨਹੀਂ ਕਰਦੇ ਹਨ ਪਰ ਉਹ ਇਨ੍ਹਾਂ 'ਭੂਤਾਂ' ਦੀ ਸੱਚਾਈ ਜ਼ਰੂਰ ਜਾਣਨਗੇ।  
                              ਇਹ ਭੂਤ ਕੌਣ ਹਨ
ਅਸਲ ਵਿੱਚ ਬੀੜ ਤਲਾਬ ਇਲਾਕੇ ਵਿੱਚ ਕਾਫੀ ਲੱਕੜ ਚੋਰ ਹਨ ਜੋ ਬੀੜ ਚੋਂ ਲੱਕੜਾਂ ਚੋਰੀ ਕਰਦੇ ਹਨ। ਸਰਕਾਰ ਵਲੋਂ ਜੋ ਚਾਰਦਵਾਰੀ ਕੀਤੀ ਗਈ ਹੈ, ਉਸ ਨਾਲ ਇਹ ਚੋਰੀ ਰੁਕ ਜਾਣੀ ਹੈ ਜਿਸ ਦਾ ਡਰ ਲੱਕੜ ਮਾਫੀਏ ਨੂੰ ਸੀ, ਲੱਕੜ ਮਾਫੀਆ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਇਹ ਕੰਮ ਸਿਰੇ ਨਾ ਚੜੇ ਜਿਸ ਕਰਕੇ ਲੱਕੜ ਮਾਫੀਏ ਦੇ ਮੈਂਬਰ ਰਾਤ ਵਕਤ ਕੰਮ ਤੇ ਲੱਗੇ ਮਜ਼ਦੂਰਾਂ ਨੂੰ ਭੂਤਾਂ ਬਣਕੇ ਡਰਾਉਂਦੇ ਸਨ। ਇਨ੍ਹਾਂ ਭੂਤਾਂ ਕਰਕੇ ਹੀ ਕਾਫੀ ਸਮਾਂ ਇਹ ਕੰਮ ਪਛੜ ਗਿਆ ਹੈ। ਹੁਣ ਫਿਰ ਨਵੇਂ ਮਜ਼ਦੂਰ ਨਹੀਂ ਲੱਭ ਰਹੇ ਹਨ ਕਿਉਂਕਿ ਉਹ ਬੀੜ ਤਲਾਬ ਦੀਆਂ ਭੂਤਾਂ ਤੋਂ ਡਰਦੇ ਹਨ।

Wednesday, July 25, 2012

                               ਮਸੂਮੀਅਤ
               ਬੱਚਾ ਛੋਟਾ, ਦਿਲ ਵੱਡਾ
                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜੇਲ੍ਹ ਦੀ ਡਿਊਢੀ 'ਚ ਛੋਟੇ ਬੱਚੇ ਨੇ ਵੱਡਾ ਦਿਲ ਦਿਖਾਇਆ ਹੈ। ਮਾਂ ਨੇ ਤਾਂ ਉਸ ਨੂੰ ਤਸਕਰੀ ਲਈ ਵਰਤਿਆ। ਇਸੇ ਕਰਕੇ ਉਸ ਨੂੰ ਜੇਲ੍ਹ ਵੀ ਭੁਗਤਣੀ ਪਈ। ਹੁਣ ਜਦੋਂ ਜੇਲ੍ਹ ਚੋਂ ਮਾਸੂਮ ਬਾਹਰ ਆਇਆ ਤਾਂ ਉਸ ਨੇ ਆਖਿਆ, 'ਮਾਂ ਮੈਂ ਤੈਨੂੰ ਮਿਲਣ ਆਇਆ ਕਰੇਗਾ।' ਆਖਰ ਪੰਜ ਵਰ੍ਹਿਆਂ ਦੇ ਬੱਚੇ ਨੂੰ ਅੱਜ ਜੇਲ੍ਹ ਤੋਂ ਮੁਕਤੀ ਮਿਲ ਗਈ ਹੈ। ਬਿਨਾਂ ਕਸੂਰ ਤੋਂ ਇਸ ਬੱਚੇ ਨੇ ਜੇਲ੍ਹ ਵੇਖ ਲਈ ਹੈ। ਬਠਿੰਡਾ ਜੇਲ੍ਹ ਚੋਂ ਅੱਜ ਸ਼ਾਮ ਵਕਤ ਜਦੋਂ ਇਹ ਬੱਚਾ ਬਾਹਰ ਆਇਆ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਸੀ। ਬਚਪਨ 'ਚ ਹੀ ਉਸ ਨੂੰ 'ਬੰਦ ਪਿੰਜਰੇ' ਦਾ ਅਹਿਸਾਸ ਹੋ ਗਿਆ ਹੈ। ਉਸ ਨੂੰ ਮਾਪਿਆਂ ਦੇ ਜੁਰਮ ਦੀ ਸਜ਼ਾ ਕੱਟਣੀ ਪਈ ਹੈ। ਉਹ ਅਣਜਾਣ ਸੀ ਕਿ ਉਸ ਦੇ ਬਚਪਨ ਨੂੰ ਵੀ ਤਸਕਰੀ ਲਈ ਵਰਤਿਆ ਜਾਂਦਾ ਸੀ। ਉਹ ਤਾਂ ਮਾਪਿਆਂ ਦੇ ਮੋਹ ਵਿੱਚ ਬੱਝਾ ਹੋਇਆ ਸੀ। ਦੱਸਣਯੋਗ ਹੈ ਕਿ ਬਠਿੰਡਾ ਪੁਲੀਸ ਨੇ ਸ਼ਹਿਰ ਦੀ ਸੰਤਪੁਰਾ ਸੜਕ ਤੋਂ ਇੱਕ ਕਾਰ ਨੂੰ ਪੌਣੇ ਦੋ ਵਰ੍ਹੇ ਪਹਿਲਾਂ ਜਦੋਂ ਰੋਕਿਆ ਸੀ ਤਾਂ ਉਸ ਕਾਰ ਵਿੱਚ ਸਵਾਰ ਇਸ ਬੱਚੇ ਹਰਸ਼ਦੀਪ ਨਾਲ ਉਸ ਦੀ ਮਾਂ ਸੁਰਿੰਦਰ ਕੌਰ ਅਤੇ ਪਿਤਾ ਅਵਤਾਰ ਸਿੰਘ ਵਾਸੀ ਮਲਕਾਣਾ ਸਨ। ਉਸ ਦੇ ਮਾਪਿਆਂ ਵੱਲੋਂ ਅਫੀਮ ਦੀ ਤਸਕਰੀ ਕੀਤੀ ਜਾ ਰਹੀ ਸੀ। ਪੁਲੀਸ ਨੇ ਉਸ ਦੇ ਮਾਂ ਤੇ ਬਾਪ 'ਤੇ ਥਾਣਾ ਕੋਤਵਾਲੀ ਵਿੱਚ 10 ਨਵੰਬਰ 2010 ਨੂੰ ਕੇਸ ਦਰਜ ਕੀਤਾ ਸੀ। ਜਦੋਂ ਅਦਾਲਤ ਵੱਲੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਤਾਂ ਪਿੱਛੇ ਇਸ ਬੱਚੇ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਨਤੀਜੇ ਵਜੋਂ ਇਹ ਬੱਚਾ ਵੀ ਮਾਪਿਆਂ ਦੇ ਨਾਲ ਜੇਲ੍ਹ ਚਲਾ ਗਿਆ। ਇਹ ਬੱਚਾ ਪਿਛਲੇ ਪੌਣੇ ਦੋ ਵਰ੍ਹਿਆਂ ਤੋਂ ਜੇਲ੍ਹ ਵਿੱਚ ਹੀ ਮਾਪਿਆਂ ਨਾਲ ਬੰਦ ਸੀ।
           ਪੁਲੀਸ ਨੇ ਦੱਸਿਆ ਸੀ ਕਿ ਇਸ ਤਸਕਰ ਜੋੜੇ ਵਲੋਂ ਤਸਕਰੀ ਦੇ ਕੰਮ ਵਿੱਚ ਇਸ ਬੱਚੇ ਨੂੰ ਵਰਤਿਆ ਜਾਂਦਾ ਸੀ। ਤਸਕਰੀ ਸਮੇਂ ਬੱਚਾ ਨਾਲ ਹੋਣ ਕਰਕੇ ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪੈਂਦਾ ਸੀ। ਜਦੋਂ ਇਸ ਬੱਚੇ ਨੂੰ ਸੋਝੀ ਆਈ ਤਾਂ ਉਹ ਜੇਲ੍ਹ ਦੀਆਂ ਕੰਧਾਂ ਦੇ ਅੰਦਰ ਕੈਦ ਸੀ। ਉਹ ਅੰਦਰਲੀ ਦੁਨੀਆਂ ਤੋਂ ਅਣਜਾਣ ਸੀ। ਮਾਪਿਆਂ ਨੂੰ ਕੁਝ ਸਮੇਂ ਮਗਰੋਂ ਆਪਣੇ ਬੱਚੇ ਦੇ ਭਵਿੱਖ ਦਾ ਫਿਕਰ ਹੋਣ ਲੱਗਾ। ਕਰੀਬ ਛੇ ਕੁ ਮਹੀਨੇ ਪਹਿਲਾਂ ਜਦੋਂ ਜਸਟਿਸ ਕੇ.ਸੀ.ਪੁਰੀ ਬਠਿੰਡਾ ਜੇਲ੍ਹ ਦੇ ਦੌਰੇ 'ਤੇ ਆਏ ਤਾਂ ਉਨ੍ਹਾਂ ਨੇ ਇਸ ਬੱਚੇ ਸਬੰਧੀ ਮਸ਼ਵਰਾ ਦਿੱਤਾ ਸੀ ਕਿ ਜੇ ਕੋਈ ਇਸ ਬੱਚੇ ਨੂੰ ਬਾਹਰ ਦੇਖਭਾਲ ਕਰਨ ਵਾਲਾ ਮਿਲ ਜਾਵੇ ਤਾਂ ਕਾਨੂੰਨ ਮੁਤਾਬਕ ਬੱਚਾ ਬਾਹਰ ਜਾ ਸਕਦਾ ਹੈ। ਬਠਿੰਡਾ ਦੇ ਇੱਕ ਸਰਕਾਰੀ ਮੁਲਾਜ਼ਮ ਆਰ.ਐਸ.ਬਾਂਸਲ ਨੇ ਜ਼ਿਲ੍ਹਾ ਅਦਾਲਤ ਵਿੱਚ ਦਰਖਾਸਤ ਦਾਇਰ ਕਰ ਦਿੱਤੀ ਸੀ ਕਿ ਉਹ ਜੇਲ੍ਹ ਵਿੱਚ ਬੰਦ ਹਰਸ਼ਦੀਪ ਦੀ ਦੇਖਭਾਲ ਕਰਨ ਵਾਸਤੇ ਤਿਆਰ ਹੈ। ਉਸ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਬੱਚੇ ਨੂੰ ਸਕੂਲ ਵਿੱਚ ਪੜਾਉਣਾ ਚਾਹੁੰਦਾ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸਿਵਲ ਜੱਜ ਹਰਜਿੰਦਰ ਕੌਰ ਨੂੰ ਦਰਖਾਸਤ ਭੇਜ ਦਿੱਤੀ ਸੀ। ਜ਼ਿਲ੍ਹਾ ਅਦਾਲਤ ਨੇ ਗਾਰਡੀਅਨ ਤੇ ਕੇਅਰ ਟੇਕਰ ਦੇ ਤੌਰ 'ਤੇ ਇਸ ਸਰਕਾਰੀ ਮੁਲਾਜ਼ਮ ਨੂੰ ਜੇਲ੍ਹ ਵਿੱਚ ਬੰਦ ਬੱਚਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ। ਉਧਰ ਬੱਚੇ ਦੇ ਜੇਲ੍ਹ ਵਿੱਚ ਬੰਦ ਮਾਪੇ ਵੀ ਇਸ ਗੱਲ ਲਈ ਰਜਾਮੰਦ ਸਨ।
            ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ ਨੇ ਅੱਜ ਹਰਸ਼ਦੀਪ ਨੂੰ ਇਸ ਸਰਕਾਰੀ ਮੁਲਾਜ਼ਮ ਦੇ ਹਵਾਲੇ ਕਰ ਦਿੱਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਬੱਚੇ ਦੇ ਮਾਪਿਆਂ ਤੇ ਕੇਅਰ ਟੇਕਰ ਤੋਂ ਹਲਫੀਆ ਬਿਆਨ ਲੈ ਲਏ ਹਨ। ਬੱਚੇ ਨੂੰ ਹੁਣ ਇਸ ਸਰਕਾਰੀ ਮੁਲਾਜ਼ਮ ਦੇ ਹਵਾਲੇ ਕੀਤਾ ਗਿਆ ਹੈ ਤੇ ਬੱਚੇ ਪ੍ਰਤੀ ਹੁਣ ਸਾਰੀ ਜ਼ਿੰਮੇਵਾਰੀ ਉਸ ਦੀ ਬਣ ਗਈ ਹੈ। ਇਸ ਬੱਚੇ ਨੇ ਸਕੂਲ ਜਾਣ ਦੀ ਇੱਛਾ ਜ਼ਾਹਰ ਕੀਤੀ। ਸਰਕਾਰੀ ਮੁਲਾਜ਼ਮ ਬਾਂਸਲ ਦਾ ਕਹਿਣਾ ਸੀ ਕਿ ਉਹ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਪਾਲਣਗੇ ਤੇ ਬੱਚੇ ਨੂੰ ਸਕੂਲ ਪਾਇਆ ਜਾਵੇਗਾ। ਉਧਰ ਮਾਪਿਆਂ ਨੂੰ ਅੱਜ ਬੱਚੇ ਨੂੰ ਜੇਲ੍ਹ ਤੋਂ ਬਾਹਰ ਭੇਜ ਕੇ ਤਸੱਲੀ ਮਹਿਸੂਸ ਹੋਈ। ਬੱਚੇ ਦਾ ਕਹਿਣਾ ਸੀ ਕਿ ਉਹ ਆਪਣੇ ਮਾਂ ਬਾਪ ਨੂੰ ਜੇਲ੍ਹ ਵਿੱਚ ਮਿਲਣ ਆਇਆ ਕਰੇਗਾ। ਭਾਵੇਂ ਮਾਪਿਆਂ ਨੇ ਤਾਂ ਬੱਚੇ ਨੂੰ ਤਸਕਰੀ ਲਈ ਵਰਤਿਆ ਪਰ ਬੱਚੇ ਨੇ ਫਿਰ ਵੀ ਆਪਣੀ ਮਸੂਮੀਅਤ ਦਿਖਾ ਦਿੱਤੀ ਹੈ।

Monday, July 23, 2012

                                        ਕਲਾ ਦੀ ਬੁਲੰਦੀ ਤੇ ਸਿਆਸਤ ਦੀ ਨਿਵਾਣ! 
                                                              ਗੁਰਬਚਨ ਸਿੰਘ ਭੁੱਲਰ
ਪੰਜਾਬ ਵਿਧਾਨ ਸਭਾ ਵਿਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋ. ਮੋਹਨ ਸਿੰਘ ਦੀ ਇਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿਚ ਜੋ ਕੁਛ ਹੋਇਆ, ਉਹ ਪੰਜਾਬੀਆਂ ਦਾ, ਖਾਸ ਕਰਕੇ ਲੇਖਕਾਂ ਤੇ ਕਲਾਕਾਰਾਂ ਦਾ ਕਈ ਪੱਖਾਂ ਤੋਂ ਧਿਆਨ ਮੰਗਦਾ ਹੈ। ਇਹ ਘਟਨਾ ਵਾਪਰਨ ਤੋਂ ਤੁਰਤ ਮਗਰੋਂ ਚੰਡੀਗੜ• ਤੋਂ ਇਕ ਪੱਤਰਕਾਰ ਮਿੱਤਰ ਨੇ ਫ਼ੋਨ ਕੀਤਾ ਤਾਂ ਮੈਂ ਸਮਝਿਆ, ਬਾਦਲ ਸਾਹਿਬ ਤੋਂ ਉਹਦਾ ਭਾਵ ਸੁਖਬੀਰ ਸਿੰਘ ਤੋਂ ਹੈ। ਮੈਂ ਗੱਲ ਆਈ-ਗਈ ਕਰਨ ਲੱਗਿਆ ਤਾਂ ਉਹਨੇ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਿਹਾ ਹੈ।  ਕਹਾਣੀ ਇਹ ਬਣੀ ਕਿ ਭਦੌੜ ਹਲਕੇ ਤੋਂ ਬਾਦਲ ਸਾਹਿਬ ਦੇ ਉਮੀਦਵਾਰ, ਉੱਚੀਆਂ ਪਦਵੀਆਂ ਉੱਤੇ ਰਹੇ ਆਈ ਏ ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਕਾਂਗਰਸੀ ਵਿਧਾਇਕ ਬਣੇ ਗਾਇਕ ਮੁਹੰਮਦ ਸਦੀਕ ਨੇ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਕਿਸੇ ਵਿਦਿਅਕ ਸਮੱਸਿਆ ਬਾਰੇ ਸਰਕਾਰ ਤੋਂ ਸਵਾਲ ਪੁੱਛਿਆ। ਮੁੱਖ ਮੰਤਰੀ ਜੀ ਸ਼ਾਇਦ ਵਿੱਦਿਆ-ਸ਼ਿੱਦਿਆ ਬਾਰੇ ਐਵੇਂ ਵਾਧੂ ਮਹੱਤਵਹੀਣ ਗੱਲਾਂ ਉੱਤੇ ਸਦਨ ਦਾ ਕੀਮਤੀ ਸਮਾਂ ਨਹੀਂ ਸਨ ਗੁਆਉਣਾ ਚਾਹੁੰਦੇ। ਤੇ ਜਾਂ ਫੇਰ ਸ਼ਾਇਦ ਗੱਲ ਨੂੰ ਆਪਣੀ ਪਹਿਲਾਂ ਤੋਂ ਹੀ ਸੋਚੀ-ਮਿਥੀ ਸੇਧ ਵਿਚ ਲਿਜਾਣਾ ਚਾਹੁੰਦੇ ਸਨ ਕਿਉਂਕਿ ਸਦੀਕ ਨੇ ਅਖ਼ਬਾਰਾਂ ਨੂੰ ਦੱਸਿਆ ਕਿ ਸਦਨ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਬਾਦਲ ਸਾਹਿਬ ਉਹਨੂੰ ਵਾਰ ਵਾਰ ਗੀਤ ਸੁਣਾਉਣ ਲਈ ਆਖ ਰਹੇ ਸਨ। ਕੀ ਉਹ ਗੀਤ ਸੁਣਾਉਣ ਦੀ ਵਾਰ ਵਾਰ ਮੰਗ ਇਸੇ ਲਈ ਕਰ ਰਹੇ ਸਨ ਕਿ ਉਹ ਕੁਛ ਹੋਵੇ ਜੋ ਹੋਇਆ? ਖ਼ੈਰ, ਇਸ ਵਾਰ ਉਹ ਸਦਨ ਦੀ ਕਾਰਵਾਈ ਦੌਰਾਨ ਬੋਲੇ, ਸਦੀਕ ਛੱਡ ਇਹ ਗੱਲਾਂ, ਕੁਛ ਗਾ ਕੇ ਸੁਣਾ। ਜਦੋਂ ਸਦੀਕ ਗਾਉਣ ਲਈ ਤਿਆਰ ਹੋਣ ਲੱਗਿਆ, ਉਹਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਕੁਛ ਹੋਰ ਵਿਧਾਇਕਾਂ ਨੇ ਰੋਕਣਾ ਚਾਹਿਆ। ਪਰ ਉਹ ਕਹਿੰਦਾ, ਬਾਦਲ ਸਾਹਿਬ ਸਦਨ ਵਿਚ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨ ਹਨ ਤੇ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਇਸ ਕਰਕੇ ਮੈਂ ਇਹਨਾਂ ਦਾ ਕਿਹਾ ਨਹੀਂ ਮੋੜ ਸਕਦਾ। ਇਸ ਦੌਰਾਨ ਸਪੀਕਰ ਸਾਹਿਬ ਨੇ ਵੀ ਮੁੱਖ ਮੰਤਰੀ ਜੀ ਦੀ ਫ਼ਰਮਾਇਸ਼ ਦੀ ਪੁਸ਼ਟੀ ਕਰਦਿਆਂ ਗਾਉਣ ਦੀ ਆਗਿਆ ਦੇ ਦਿੱਤੀ। ਜਦੋਂ ਹੀ ਸਦੀਕ ਨੇ ਕਾਵਿ-ਸਮਰਾਟ ਮੋਹਨ ਸਿੰਘ ਦੀ ਗ਼ਜ਼ਲ ਸਮਾਪਤ ਕੀਤੀ, ਮੁੱਖ ਮੰਤਰੀ ਜੀ ਬੋਲੇ, ਸਦੀਕ ਹੁਣ ਕਾਂਗਰਸ ਦੀ ਹਾਰ ਦੇ ਵੈਣ ਵੀ ਪਾ ਦੇ। ਸਦੀਕ ਦਾ ਅਵਾਕ ਰਹਿ ਜਾਣਾ ਕੁਦਰਤੀ ਸੀ। ਮੁੱਖ ਮੰਤਰੀ ਬਾਦਲ ਜੀ ਦੀ ਸ਼ਤਰੰਜੀ ਚਾਲ ਤੋਂ ਉਹ ਮਾਤ ਖਾ ਚੁੱਕਿਆ ਸੀ ਅਤੇ ਉਹਨਾਂ ਦੇ ਇਹਨਾਂ ਬੋਲਾਂ ਨਾਲ ਦੂਜੇ ਅਕਾਲੀਆਂ ਨੂੰ ਉਸ ਉੱਤੇ ਅਤੇ ਨਾਲ ਹੀ ਕਾਂਗਰਸ ਉੱਤੇ ਹਮਲੇ ਕਰਨ ਵਾਸਤੇ ਲੋੜੀਂਦਾ ਸੰਕੇਤ ਮਿਲ ਚੁੱਕਿਆ ਸੀ।
          ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਬਾਰੇ ਇਹ ਸਭ ਸੁਣ ਕੇ ਇਸ ਘਟਨਾ ਨੇ ਮੇਰੇ ਮਨ ਵਿਚ ਬਿਲਕੁਲ ਹੀ ਵੱਖਰਾ ਰੂਪ ਧਾਰਨ ਕਰ ਲਿਆ ਅਤੇ ਕਈ ਸਵਾਲ ਉੱਭਰ ਕੇ ਸਾਹਮਣੇ ਆ ਖਲੋਤੇ। ਕਲਾ ਤੇ ਸਿਆਸਤ ਦਾ ਆਪਸ ਵਿਚ ਕੀ ਨਾਤਾ ਹੈ? ਕਲਾ ਦਾ ਸਮਾਜਕ ਜਮਾਤਾਂ ਨਾਲ ਕੀ ਰਿਸ਼ਤਾ ਹੈ? ਕੀ ਖਰੀ ਕਲਾ ਅਪਵਿੱਤਰ, ਭਾਵ ਪਲੀਤ ਵੀ ਹੋ ਸਕਦੀ ਹੈ ਜੋ ਭਲੇ ਕਹਾਉਣ ਵਾਲੇ ਲੋਕਾਂ ਉੱਤੇ ਗੰਦੇ ਛਿੱਟੇ ਪਾਉਂਦੀ ਹੋਵੇ? ਕਲਾ ਨੂੰ ਹਰ ਕੋਈ ਮਾਣ ਸਕਦਾ ਹੈ ਕਿ ਇਹਨੂੰ ਮਾਣਨ ਵਾਸਤੇ ਕਿਸੇ ਖਾਸ ਸੁਚੱਜ ਤੇ ਸਲੀਕੇ ਦੀ ਲੋੜ ਪੈਂਦੀ ਹੈ? ਜਿਵੇਂ ਸਿਆਸਤਦਾਨਾਂ ਨੂੰ ਆਪਣੀ ਵੋਟ-ਆਧਾਰਿਤ ਮੰਗਵੀਂ ਹਉਂ ਪਿਆਰੀ ਹੁੰਦੀ ਹੈ ਜਿਸ ਕਰਕੇ ਉਹਨਾਂ ਦਾ ਰਾਹ ਉਲੰਘਣ ਵਾਲੇ ਅੱਖ ਦਾ ਤਿਣਕਾ ਬਣ ਜਾਂਦੇ ਹਨ, ਕੀ ਕਲਾਕਾਰ ਦਾ ਵੀ ਕੋਈ ਕਲਾ-ਆਧਾਰਿਤ ਸੁੱਚਾ ਸਵੈਮਾਣ ਹੁੰਦਾ ਹੈ ਜਿਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਉੱਤੇ ਝੂਠੇ ਦੂਸ਼ਣ ਲਾ ਕੇ ਤੇ ਹੋ-ਹੋ-ਹੋ ਕਰ ਕੇ ਮਨ ਦੀ ਮੌਜ ਅਨੁਸਾਰ ਉਹਦਾ ਮਖੌਲ ਉਡਾਇਆ ਤੇ ਨਿਰਾਦਰ ਕੀਤਾ ਜਾ ਸਕਦਾ ਹੈ?
            ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬਾਬੇ ਨਾਨਕ ਦਾ ਅਤੇ ਉਹਦੇ ਬੇਲੀ ਭਾਈ ਮਰਦਾਨੇ ਦਾ ਦੇਸ ਦੇ, ਖਾਸ ਕਰਕੇ ਪੰਜਾਬ ਦੇ ਇਤਿਹਾਸ ਵਿਚ ਕੀ ਸਥਾਨ ਹੈ। ਪੰਜਾਬ ਦਾ ਲੋਕ-ਮਨ ਸਰਬਸੰਮਤੀ ਨਾਲ ਆਖਦਾ ਹੈ: ਨਾਨਕ ਜੇਡ ਫ਼ਕੀਰ ਨਾ ਕੋਈ! ... ਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ!... ਨਾਨਕ ਨਾਨਕ ਹੋਵੇ ਵੇਲੇ ਅੰਮ੍ਰਿਤ ਦੇ! ਵਿਆਹ ਦੇ ਨਿਰੋਲ ਸੰਸਾਰਿਕ-ਰੁਮਾਂਚਿਕ ਕਾਰਜ ਸਮੇਂ ਵੀ ਮਸਤੀ ਵਿਚ ਆਈਆਂ ਮੁਟਿਆਰ ਮੇਲਣਾਂ ਰਸਮਾਂ ਨਿਭਾਉਣ ਸਮੇਂ ਕਿਧਰੇ ਜਾਣ ਲੱਗਿਆਂ, ਮਗਰੋਂ ਜੋ ਮਰਜ਼ੀ ਗਾਉਂਦੀਆਂ ਫਿਰਨ, ''ਆਉਂਦੀ ਕੁੜੀਏ...” ਲੜੀ ਦੇ ਗੀਤਾਂ ਦਾ ਆਰੰਭ ਇਹ ਦੋ ਨਾਂ ਧਿਆ ਕੇ ਹੀ ਕਰਦੀਆਂ ਹਨ: ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਕ ਲੈ ਬਾਜ਼ਾਰ ਵਿਚੋਂ ਕਾਨਾ, ਨੀ ਭਗਤੀ ਦੋ ਕਰ ਗਏ, ਬਾਬਾ ਨਾਨਕ ਤੇ ਮਰਦਾਨਾ, ਭਗਤੀ ਦੋ ਕਰ ਗਏ!  ਰਿਸ਼ੀ-ਕਵੀ ਪ੍ਰੋ. ਪੂਰਨ ਸਿੰਘ ਕਹਿੰਦੇ ਹਨ:ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ! ਭਾਈ ਮਰਦਾਨੇ ਦਾ ਤਾਂ ਕਹਿਣਾ ਹੀ ਕੀ! ਸਾਡੇ ਇਤਿਹਾਸ ਵਿਚ ਉਹਦੇ ਨਾਲੋਂ ਸੁਭਾਗਾ ਕੌਣ ਹੋਵੇਗਾ ਜਿਸਨੂੰ ਬਾਬੇ ਨਾਨਕ ਦੀ ਸਾਂਝੀ ਬੁਰਕੀ ਵਾਲੀ ਦੋਸਤੀ ਤੇ ਭਰੱਪਣ ਦਾ ਮਾਣ ਹਾਸਲ ਹੋਵੇ ਅਤੇ ਜਿਸਦੀ ਰਬਾਬ ਨਾਨਕ-ਨਾਨਕ ਤੋਂ ਬਿਨਾਂ ਹੋਰ ਕੋਈ ਆਵਾਜ਼ਾ ਕੱਢਣ ਹੀ ਨਾ ਜਾਣਦੀ ਹੋਵੇ! ਲੋਕ ਆਖਦੇ ਹਨ: ਨਾਨਕ ਨਾਨਕ ਕਰਦੀ ਰਬਾਬ ਮਰਦਾਨੇ ਦੀ!
             ਬਿਕਰਮ ਸਿੰਘ ਮਜੀਠੀਆ ਬਾਦਲ ਸਾਹਿਬ ਦੇ ਮੰਤਰੀ ਮੰਡਲ ਵਿਚ ਮੰਤਰੀ ਦੀ ਪਦਵੀ ਲਈ ਲੋੜੀਂਦੀ ਪੂਰੀ ਜੋਗਤਾ ਰੱਖਣ ਵਾਲੇ ਸੱਜਨ ਹਨ। ਉਹਨਾਂ ਦੀ ਇਸ ਇਕੋ-ਇਕ ਜੋਗਤਾ ਨੂੰ ਉਹ ਆਪ ਵੀ ਜਾਣਦੇ ਹਨ ਤੇ ਪੰਜਾਬ ਦੇ ਲੋਕ ਵੀ ਚੰਗੀ ਤਰ•ਾਂ ਜਾਣਦੇ ਹਨ। ਉਹਨਾਂ ਦਾ ਮਨੋਹਰ ਵਿਚਾਰ ਹੈ ਕਿ ਸਦੀਕ ਨੇ''ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ...ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ” ਗਾਉਣ ਨਾਲ ਸਦਨ ਦੀ ਪਵਿੱਤਰਤਾ ਘਟਾ ਕੇ ਉਹਨੂੰ ਰਿਕਾਰਡਿੰਗ ਸਟੂਡੀਓ ਬਣਾ ਦਿੱਤਾ ਹੈ! ਬੋਲੋ ਜੀ ਵਾਹਿਗੁਰੂ! ਪਹਿਲੀ ਵਾਰ ਪਤਾ ਲੱਗਿਆ ਕਿ ਰਿਕਾਰਡਿੰਗ ਸਟੂਡੀਓ ਕੋਈ ਦਾਰੂ ਦੇ ਠੇਕੇ ਵਰਗੀ ਜਾਂ ਬਾਜ਼ਾਰੀ ਕੋਠੇ ਵਰਗੀ ਥਾਂ ਹੁੰਦੀ ਹੈ ਜਿਸਤੋਂ ਮਜੀਠੀਆ ਜੀ ਵਰਗੇ ਸਾਊ ਬੰਦਿਆਂ ਨੂੰ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ। ਬਾਬਾ ਕਿਹਾ ਕਰਦਾ ਸੀ, ਰਬਾਬ ਛੇੜ ਭਾਈ ਮਰਦਾਨਿਆ, ਬਾਣੀ ਆਈ ਐ! ਜੇ ਅੱਜ ਬਾਬਾ ਦੇਹਮਾਨ ਹੁੰਦਾ, ਉਹਨੇ ਰਬਾਬ ਛੇੜਨ ਦੀ ਥਾਂ ਕਹਿਣਾ ਸੀ, ਰਬਾਬ ਚੁੱਕ ਭਾਈ ਮਰਦਾਨਿਆ, ਕਿਸੇ ਹੋਰ ਦੇਸ ਚੱਲੀਏ ਜਿਥੇ ਸਾਡਾ ਨਾਂ ਲਿਆਂ ਉਸ ਥਾਂ ਦੀ ਪਵਿੱਤਰਤਾ ਭੰਗ ਨਾ ਹੁੰਦੀ ਹੋਵੇ!
             ਸਦੀਕ ਦਾ ਮਖੌਲ ਉਡਾਉਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਦੁਨੀਆ ਦੇ ਅਨੇਕ ਦੇਸਾਂ ਦੀਆਂ ਪਾਰਲੀਮੈਂਟਾਂ ਵਿਚ, ਹੋਰ ਤਾਂ ਹੋਰ, ਸੰਸਾਰ ਦੀ ਮਹਾਂ-ਪਾਰਲੀਮੈਂਟ ਅਰਥਾਤ ਸੰਯੁਕਤ ਰਾਸ਼ਟਰ ਵਿਚ ਗਾਇਕੀ, ਸੰਗੀਤ ਤੇ ਨ੍ਰਿਤ ਆਦਿ ਦੀਆਂ ਪੇਸ਼ਕਾਰੀਆਂ ਕੋਈ ਅਲੋਕਾਰ ਗੱਲ ਨਹੀਂ। ਸਮੇਂ ਸਮੇਂ ਸਾਡੇ ਕਈ ਭਾਰਤੀ ਕਲਾਕਾਰਾਂ ਨੂੰ  ਸੰਯੁਕਤ ਰਾਸ਼ਟਰ ਵੱਲੋਂ ਆਪਣੀ ਕਲਾ ਦੀ ਕਿਰਪਾ ਕਰਨ ਦੀ ਬੇਨਤੀ ਕੀਤੀ ਜਾਂਦੀ ਰਹੀ ਹੈ। ਏਨੀਂ ਦੂਰ ਕਿਉਂ ਜਾਣਾ, ਦਸਦੇ ਹਨ, ਅਕਾਲੀ ਸਾਂਸਦ ਕਿੱਕਰ ਸਿੰਘ ਨੇ ਇਕ ਵਾਰ ਆਪਣੀ ਸੰਸਦ ਵਿਚ ਕਵਿਤਾ ਪੜ•ੀ ਸੀ। ਇਹ ਗੱਲ ਵੱਖਰੀ ਹੈ ਕਿ ਸ਼ਬਦਾਵਲੀ ਕਾਰਨ ਦੁਰਦੁਰ ਹੋਣ ਮਗਰੋਂ ਉਹ ਸਪੀਕਰ ਨੂੰ ਰਿਕਾਰਡ ਵਿਚੋਂ ਮੇਸਣੀ ਪੈ ਗਈ ਸੀ। ਉਸ ਕਵਿਤਾ ਦੀਆਂ ਦੋ ਸਤਰਾਂ ਅਜੇ ਵੀ ਮੈਨੂੰ ਚੇਤੇ ਹਨ: ਨਹਿਰੂ ਨੇ ਬਣਾਈਆਂ ਨਹਿਰਾਂ, ਪੁਟਾਏ ਕੂਪ ਜੀ/ ਇੰਦਰਾ ਨੇ ਕਟਵਾਈਆਂ ਇੰਦਰੀਆਂ, ਲਵਾਏ ਲੂਪ ਜੀ। ਕੁਛ ਸਮੇਂ ਮਗਰੋਂ ਕੁਛ ਪ੍ਰਮੁੱਖ ਅਕਾਲੀ ਆਗੂ ਮੰਗਾਂ ਦਾ ਲੰਮਾ-ਚੌੜਾ ਚਿੱਠਾ ਲੈ ਕੇ ਇੰਦਰਾ ਗਾਂਧੀ ਨੂੰ ਮਿਲਣ ਗਏ। (ਵੱਡੇ ਬਾਦਲ ਜੀ ਉਹਨਾਂ ਵਿਚ ਸ਼ਾਮਲ ਸਨ ਕਿ ਨਹੀਂ, ਮੈਨੂੰ ਇਹ ਜਾਣਕਾਰੀ ਨਹੀਂ)। ਕਹਿੰਦੇ ਹਨ, ਇੰਦਰਾ ਨੇ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ,''ਕੀਕਰ ਸਿੰਘ ਕੋ ਤੋ ਕਾ ਖਾ ਭੀ ਨਹੀਂ ਆਤਾ। ਸੁਨਾ ਹੈ, ਸੰਤ ਜੀ ਕਵਿਤਾ ਲਿਖਨੇ ਕਾ ਸ਼ੌਕ ਰਖਤੇ ਹੈਂ ਔਰ ਵੁਹ ਕਵਿਤਾ ਲਿਖਤੇ ਭੀ ਇਸੀ ਰੰਗ ਮੇਂ ਹੈਂ!” ਉਹਦਾ ਭਾਵ ਸੀ, ਇਹ ਕਵਿਤਾ ਕਿੱਕਰ ਸਿੰਘ ਤੋਂ ਸੰਤ ਫ਼ਤਿਹ ਸਿੰਘ ਨੇ ਲਿਖ ਕੇ ਬੁਲਵਾਈ ਹੈ। ਮੰਗ-ਪੱਤਰ ਅਕਾਲੀ ਆਗੂਆਂ ਦੇ ਹੱਥਾਂ ਵਿਚ ਕੰਬਣ ਲੱਗ ਗਿਆ। ਗ਼ਜ਼ਬ ਸਾਂਈਂ ਦਾ, ਅਜਿਹੇ ਇਤਿਹਾਸ ਵਾਲੀ ਅਕਾਲੀ ਪਾਰਟੀ ਆਖਦੀ ਹੈ ਕਿ ਪੰਜਾਬੀ ਕਵਿਤਾ ਦੇ ਗੌਰਵ ਪ੍ਰੋ. ਮੋਹਨ ਸਿੰਘ ਦੀ ਪਾਕ-ਪਵਿੱਤਰ ਗ਼ਜ਼ਲ ਨਿਰਛਲ ਗਾਇਕ ਮੁਹੰਮਦ ਸਦੀਕ ਵੱਲੋਂ ਗਾਏ ਜਾਣ ਨਾਲ ਸਾਡੀ ਵਿਧਾਨ ਸਭਾ ਅਪਵਿੱਤਰ ਹੋ ਗਈ!
ਇਤਿਹਾਸ ਗਵਾਹ ਹੈ, ਹਰ ਕਾਲ ਵਿਚ ਤੇ ਹਰ ਦੇਸ ਵਿਚ ਹਰ ਕਿਸਮ ਦੀ ਕਲਾ ਨੂੰ ਧਾਰਮਿਕ ਰਾਹਬਰਾਂ ਨੇ ਵੀ ਸਤਿਕਾਰਿਆ ਹੈ ਅਤੇ ਦੁਨਿਆਵੀ ਰਾਜਿਆਂ ਨੇ ਵੀ। ਦਸਮੇਸ਼ ਪਿਤਾ ਨੇ ਤਾਂ ਬਵੰਜਾ ਕਵੀ ਇਕੱਤਰ ਕਰ ਕੇ ਉਹਨਾਂ ਨੂੰ ਉੱਤਮ ਰਚਨਾ ਕਰਨ ਲਈ ਸੁਖਾਵਾਂ ਮਾਹੌਲ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸਦੀਕ ਦੀ ਗਾਈ ਬਾਬੇ ਨਾਨਕ, ਮਰਦਾਨੇ ਤੇ ਪੰਜਾਬ ਦੀ ਸਿਫ਼ਤ ਨਾਲ ਵਿਧਾਨ ਸਭਾ ਪਲੀਤ ਹੋ ਗਈ ਹੋਣ ਦਾ ਰੌਲਾ ਪਾਉਣ ਵਾਲਿਆਂ ਨੂੰ ਕਲਗ਼ੀਆਂ ਵਾਲੇ ਦਾ ਹੀਰ ਸੁਣਨਾ ਅਤੇ ਰਚਣਾ ਜਾਂ ਤਾਂ ਪਤਾ ਨਹੀਂ ਜਾਂ ਫੇਰ ਉਹ ਯਾਦ ਕਰਨਾ ਨਹੀਂ ਚਾਹੁੰਦੇ। ਗੁਰੂ ਜੀ ਬਠਿੰਡੇ ਦੇ ਕਿਲ਼ੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਰਾਤਰੀ ਵਿਸਰਾਮ ਕਰ ਰਹੇ ਸਨ। ਟਿਕੀ ਰਾਤ ਤੋਂ ਕਿਲ਼ੇ ਦੀ ਕੰਧ ਕੋਲ ਉੱਤਰੇ ਹੋਏ ਊਠਾਂ ਵਾਲੇ ਵਪਾਰੀ ਬੜੀ ਮਿੱਠੀ ਆਵਾਜ਼ ਤੇ ਮਨਮੋਹਕ ਹੇਕ ਨਾਲ ਹੀਰ ਗਾਉਣ ਲੱਗੇ। ਗੁਰੂ ਜੀ ਨੇ ਉਹ ਅਗਲੀ ਸਵੇਰ ਬੁਲਾਏ ਤੇ ਰਾਤ ਵਾਂਗ ਗਾਉਣ ਲਈ ਆਖਿਆ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ,''ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!” ਗੁਰੂ ਜੀ ਨੇ ਕਲਾ ਦਾ ਮਹੱਤਵ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।
             ਮਜੀਠੀਆ ਸਾਹਿਬ ਨੇ ਕੇਵਲ ਸਾਹਿਤ ਨੂੰ ਅਤੇ ਸੰਗੀਤ ਤੇ ਗਾਇਕੀ ਨੂੰ ਹੀ ਨਹੀਂ ਭੰਡਿਆ ਸਗੋਂ ''ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸੀ ਸਦਨ ਵਿਚ ਨੱਚਣਾ ਵੀ ਸ਼ੁਰੂ ਕਰ ਦੇਣਗੇ” ਆਖ ਕੇ ਨ੍ਰਿਤ-ਕਲਾ ਨੂੰ ਵੀ ਟਿੱਚ ਜਾਣਿਆ ਹੈ। ਕਲਾਵਾਂ ਵੱਲ ਸਾਡੇ ਹਾਕਮਾਂ ਦਾ ਅਜਿਹਾ ਤ੍ਰਿਸਕਾਰੀ ਅਤੇ ਅਗਿਆਨੀ ਰਵਈਆ ਸਮਝੋਂ ਬਾਹਰ ਹੈ! ਜਾਂ ਤਾਂ ਇਹ ਉਹਨਾਂ ਦੇ ਕਲਾਵਾਂ ਨੂੰ ਸਮਝਣ-ਸਲਾਹੁਣ ਤੋਂ ਸੱਖਣੇ ਸਭਿਆਚਾਰਕ ਪੱਧਰ ਨੂੰ ਉਜਾਗਰ ਕਰਦਾ ਹੈ ਤੇ ਜਾਂ ਫੇਰ ਇਹ ਇਸ ਮਾਨਸਿਕਤਾ ਦਾ ਪਰਗਟਾਵਾ ਹੈ ਕਿ ਵਿਰੋਧੀਆਂ ਨੂੰ ਨੀਵਾਂ ਦਿਖਾਇਆ ਜਾਵੇ, ਭਾਵੇਂ ਇਸ ਜਤਨ ਵਿਚ ਕਲਾ ਨੂੰ ਵੀ ਸੱਤਾ ਦੀ ਸ਼ਮਸ਼ੀਰ ਨਾਲ ਝਟਕਾਉਣਾ ਕਿਉਂ ਨਾ ਪੈ ਜਾਵੇ! ਨ੍ਰਿਤ ਤਾਂ ਨਟਰਾਜ ਸ਼ਿਵ ਦੀ ਦੇਣ ਹੈ। ਸੰਗੀਤ ਦਾ ਉਦੈ ਵੀ ਉਸੇ ਦੇ ਹੀ ਨਾਂ ਹੈ। ਦੋਵਾਂ ਛਾਤੀਆਂ ਉੱਤੇ ਬਾਂਹ ਰੱਖ ਕੇ ਆਨੰਦ-ਅਵਸਥਾ ਵਿਚ ਪਈ ਨਿਰਵਸਤਰ ਸ਼ਕਤੀ ਨੂੰ ਦੇਖ ਕੇ ਮਹਾਂਦੇਵ ਨੇ ਨਵੇਂ ਸਾਜ਼ ਵੀਨਾ ਦੀ ਕਲਪਨਾ ਅਤੇ ਰਚਨਾ ਕੀਤੀ। ਇਸੇ ਵੀਨਾ ਦੀ ਅਰਧ-ਕਾਇਆ ਨੇ ਤੂੰਬੀ ਦਾ ਰੂਪ ਧਾਰਿਆ ਜੋ ਸਦੀਕ ਬਜਾਉਂਦਾ ਹੈ। ਸਾਹਿਤ ਨੂੰ ਤਾਂ ਜਨਮ ਹੀ ਸੰਸਾਰ ਦੀ ਪਲੇਠੀ ਪੁਸਤਕ, ਰਿਗਵੇਦ ਦੇ ਰੂਪ ਵਿਚ ਪੰਜਾਬ ਨੇ ਦਿੱਤਾ। ਨੇੜੇ ਦੀ ਗੱਲ ਲਉ। ਗੁਰੂ ਸਾਹਿਬਾਨ ਨੇ ਧੁਰ-ਕੀ-ਬਾਣੀ ਦੇ ਰੂਪ ਵਿਚ ਅਮਰ ਸਾਹਿਤ ਤਾਂ ਰਚਿਆ ਹੀ, ਰਾਗਾਂ ਵਿਚ ਢਾਲ ਕੇ ਸਾਨੂੰ ਗਾਇਕੀ ਦਾ ਮਹੱਤਵ ਵੀ ਦੱਸਿਆ। ਸੰਗੀਤ ਤਾਂ ਭਾਈ ਮਰਦਾਨੇ ਦੀ ਰਬਾਬ  ਦੇ ਰੂਪ ਵਿਚ ਸਾਡੇ ਬਾਬੇ ਦੇ ਨਾਲ ਨਾਲ ਤੁਰਦਾ ਸੀ ਅਤੇ ਫੇਰ ਅਗਲੇ ਗੁਰੂਆਂ ਦੇ ਵੀ ਹਜ਼ੂਰ ਰਿਹਾ। ਕੇਵਲ ਸਦੀਕ ਨੂੰ ਤੇ ਉਸ ਦੇ ਬਹਾਨੇ ਕਾਂਗਰਸੀਆਂ ਨੂੰ ਨੀਵਾਂ ਦਿਖਾਉਣ ਲਈ ਸਾਹਿਤ, ਸੰਗੀਤ, ਗਾਇਕੀ, ਨ੍ਰਿਤ, ਆਦਿ ਸਭ ਕਲਾਵਾਂ ਦੀ ਏਨੀਂ ਘੋਰ ਬੇਅਦਬੀ! ਵਾਹਿਗੁਰੂ! ਵਾਹਿਗੁਰੂ!! ਸਿਆਸਤਦਾਨਾਂ ਹੱਥੋਂ ਕਲਾ ਅਤੇ ਕਲਾਕਾਰ ਨੂੰ ਇਉਂ ਨਿਰਾਦਰੀ, ਤ੍ਰਿਸਕਾਰ ਤੇ ਟਿੱਚਰਾਂ ਦਾ ਨਿਸ਼ਾਨਾ ਬਣਾ ਕੇ ਛੁਟਿਆਏ ਜਾਣਾ ਸਾਡੇ ਸਭਿਆਚਾਰ ਦਾ ਦੁਖਦਾਈ ਅਤੇ ਚਿੰਤਾਜਨਕ ਵਰਤਾਰਾ ਹੈ।
            ਅਕਾਲੀ ਵਿਧਾਇਕਾਂ ਨੂੰ ਸਦਨ ਦੀ ਪਵਿੱਤਰਤਾ ਭੰਗ ਹੋ ਜਾਣ ਬਾਰੇ ਇਉਂ ਹਿੱਕਾਂ ਪਿੱਟਣ ਦੀ ਤਾਂ ਲੋੜ ਹੀ ਨਹੀਂ ਸੀ। ਵਿਧਾਨ ਸਭਾ ਦੇ ਨੇਮ ਨਿਰਸੰਦੇਹ ਅਜਿਹੀਆਂ ਹਾਲਤਾਂ ਨਾਲ ਨਿੱਬੜਨ ਵਾਸਤੇ ਕਾਫ਼ੀ ਹਨ। ਉਹ ਸਦੀਕ ਨੂੰ ਅਜਿਹੇ ਕਾਰੇ ਲਈ ਉਕਸਾਉਣ ਬਦਲੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਜੀ ਦੇ ਸੰਬੰਧ ਵਿਚ ਨਿੰਦਿਆ-ਪ੍ਰਸਤਾਵ ਨਹੀਂ ਤਾਂ ਘੱਟੋ-ਘੱਟ ਅਸਹਿਮਤੀ-ਪ੍ਰਸਤਾਵ ਲਿਆ ਸਕਦੇ ਹਨ। ਇਸੇ ਪਰਕਾਰ ਸਦੀਕ ਨੂੰ ਇਸ ਕਾਰੇ ਲਈ ਬਾਕਾਇਦਾ ਆਗਿਆ ਤੇ ਸਮਾਂ ਦੇਣ ਬਦਲੇ ਉਹ ਸਪੀਕਰ ਵਿਰੁੱਧ ਅਵਿਸ਼ਵਾਸ-ਪ੍ਰਸਤਾਵ ਪਾਸ ਕਰ ਕੇ ਉਹਦੀ ਥਾਂ ਨਵਾਂ ਸਪੀਕਰ ਚੁਣ ਸਕਦੇ ਹਨ। ਜਿਥੋਂ ਤੱਕ ਸਦੀਕ ਦਾ ਸੰਬੰਧ ਹੈ, ਸੰਵਿਧਾਨਕ ਮਾਹਿਰਾਂ ਦਾ ਕਹਿਣਾ ਹੈ ਕਿ ਸਪੀਕਰ ਵੱਲੋਂ ਗਾਉਣ ਦੀ ਬਾਕਾਇਦਾ ਆਗਿਆ ਹੋਣ ਕਾਰਨ ਅਤੇ ਇਕ ਵੀ ਅਜੋਗ ਸ਼ਬਦ ਨਾ ਬੋਲੇ-ਗਾਏ ਜਾਣ ਕਾਰਨ ਉਹਨੇ ਜੋ ਕੁਝ ਵੀ ਕੀਤਾ, ਉਹ ਪੂਰੀ ਤਰ•ਾਂ ਨੇਮਾਂ ਦੇ ਅਨੁਸਾਰ ਹੈ ਅਤੇ ਵਿਧਾਨ ਸਭਾ ਦੀ ਮਰਯਾਦਾ ਦੀ ਕੋਈ ਉਲੰਘਣਾ ਨਹੀਂ ਬਣਦੀ।
            ਫੇਰ ਵੀ ਜੇ ਹਾਕਮ ਧਿਰ ਦਿਲੋਂ ਸਮਝਦੀ ਹੈ ਕਿ ਸਦੀਕ ਦੇ ਗਾਉਣ ਨਾਲ ਸਦਨ ਅਪਵਿੱਤਰ ਹੋ ਗਿਆ, ਪਰ ਉਹ ਮੁੱਖ ਮੰਤਰੀ ਜੀ ਤੇ ਸਪੀਕਰ ਦੇ ਵਿਰੁੱਧ ਕੋਈ ਮਤਾ ਨਹੀਂ ਲਿਆਉਣਾ ਚਾਹੁੰਦੀ, ਇਹ ਵੀ ਕੋਈ ਬਹੁਤ ਵੱਡਾ ਮਸਲਾ ਨਹੀਂ। ਹਕੂਮਤ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਕਿਸ ਦਿਨ ਕੰਮ ਆਵੇਗੀ। ਵਿਧਾਨ ਸਭਾ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਵਿਚ ਸਹੁੰ ਚੁੱਕਣ ਵਾਲੀ ਮਾਨਸਿਕਤਾ ਦੀ ਮਾਲਕ ਇਸ ਪਾਰਟੀ ਨੂੰ ਪੰਜਾਬ ਵਿਚ ਵਧਣ-ਫੁੱਲਣ ਦਾ ਏਨਾਂ ਵੱਡਾ ਮੌਕਾ ਦਿੱਤਾ ਹੈ, ਉਹ ਏਨਾਂ ਕੰਮ ਵੀ ਨਹੀਂ ਕਰੇਗੀ ਕਿ ਹਰਦੁਆਰੋਂ ਪੰਜ ਪੰਡੇ ਬੁਲਾ ਕੇ ਹਵਨ ਤੇ ਮੰਤਰਜਾਪ ਨਾਲ ਸਦਨ ਨੂੰ ਪਵਿੱਤਰ ਕਰਵਾ ਦੇਵੇ ਅਤੇ ਜਿਹੜੇ ਜਿਹੜੇ ਵਿਧਾਇਕ ਸਦੀਕ ਦੀ ਕਰਤੂਤ ਨਾਲ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਦੇ ਹਨ, ਪਵਿੱਤਰ ਗੋ-ਮੂਤਰ ਵਿਚ ਘੋਲੇ ਹੋਏ ਪਵਿੱਤਰ ਗੋ-ਗੋਬਰ ਦੇ ਛਿੱਟਿਆਂ ਨਾਲ ਉਹਨਾਂ ਦੀ ਸ਼ੁੱਧੀ ਕਰਵਾ ਦੇਵੇ!
           ਕਲਾ ਅਤੇ ਸਿਆਸਤ ਦੇ ਸੰਬੰਧਾਂ ਦੀਆਂ ਇਸ ਵਕੂਏ ਵਰਗੀਆਂ ਮਿਸਾਲਾਂ ਇਤਿਹਾਸ ਵਿਚ ਵੀ ਮਿਲਦੀਆਂ ਹਨ। ਔਰੰਗਜ਼ੇਬ ਨੇ ਆਪਣੇ ਰਾਜ ਵਿਚ ਮੌਸੀਕੀ, ਭਾਵ ਸੰਗੀਤ ਉੱਤੇ ਪਾਬੰਦੀ ਲਾ ਦਿੱਤੀ। ਤਾਨਾਂ ਕੱਢਣ ਖ਼ਾਤਰ ਬਿਹਬਲ ਕਲਾਕਾਰ ਰੋਸ ਪਰਗਟ ਕਰਨ ਲਈ ਅਤੇ ਬਾਦਸ਼ਾਹ ਦੀ ਜ਼ਮੀਰ ਨੂੰ ਝੰਜੋੜਨ ਲਈ ਲਾਲ ਕਿਲ•ੇ ਦੇ ਅੱਗੋਂ ਦੀ ਅਰਥੀ ਲੈ ਤੁਰੇ। ਔਰੰਗਜ਼ੇਬ, ਜਿਸਨੂੰ ਸੂਹੀਆਂ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਸੀ, ਟਿੱਚਰੀ ਰਉਂ ਵਿਚ ਕਿਲ•ੇ ਦੀ ਫ਼ਸੀਲ ਉੱਤੇ ਟਹਿਲ ਰਿਹਾ ਸੀ। ਅਰਥੀ ਨੇੜੇ ਆਈ ਤੋਂ ਉਹਨੇ ਮੂਹਰਲੇ ਕਾਨ•ੀਆਂ ਦਾ ਨਾਂ ਲੈ ਕੇ ਪੁੱਛਿਆ, ਮੀਆਂ, ਕੌਣ ਵਫ਼ਾਤ ਪਾ ਗਿਆ? ਉਹ ਰੋਣਹਾਕੇ ਹੋ ਕੇ ਬੋਲੇ, ਜਹਾਂਪਨਾਹ, ਮੌਸੀਕੀ ਚੱਲ ਵਸੀ! ਔਰੰਗਜ਼ੇਬ ਕਹਿੰਦਾ, ਕਬਰ ਡੂੰਘੀ ਪੱਟਿਉ! ਜ਼ਰੂਰੀ ਨਹੀਂ ਕਿ ਕਲਾ ਹਰ ਕਿਸੇ ਦੇ ਮਨ ਨੂੰ ਹੀ ਹੁਲਾਰੇ ਵਿਚ ਲੈ ਆਵੇ। ਬਹੁਤ ਲੋਕ ਕਲਾ ਲਈ ਥਿੰਧੇ ਘੜੇ ਹੁੰਦੇ ਹਨ। ਦੋ ਜਣੇ ਗੁਲਾਬ  ਦੇ ਖੇਤ ਦੇ ਵਿਚਕਾਰੋਂ ਲੰਘਦੀ ਪਗਡੰਡੀ ਉੱਤੇ ਤੁਰੇ ਜਾ ਰਹੇ ਸਨ। ਦੋਵੇਂ ਪਾਸੀਂ ਲਾਲ ਸੂਹੇ ਫੁੱਲ ਹੀ ਫੁੱਲ। ਸੱਜੇ ਵੀ, ਖੱਬੇ ਵੀ, ਅੱਗੇ ਵੀ, ਪਿੱਛੇ ਵੀ, ਨਜ਼ਰ ਦੀ ਹੱਦ ਤੱਕ ਗੁਲਾਬ ਦੇ ਫੁੱਲਾਂ ਦੀ ਸੂਹੀ ਮਖ਼ਮਲੀ ਚਾਦਰ ਵਿਛੀ ਹੋਈ। ਇਕ ਜਣਾ ਸਭ ਤੋਂ ਮਹਾਨ ਕਲਾਕਾਰ, ਭਾਵ ਕੁਦਰਤ ਦੀ ਇਸ ਰਚਨਾ ਤੋਂ ਗਦਗਦ ਹੋ ਕੇ ਬੋਲਿਆ, ਯਿਹ ਖ਼ੁਸ਼ਬੂ, ਰੰਗ ਯਿਹ, ਔਰ ਯਿਹ ਨਜ਼ਾਰਾ, ਜੀਅ ਮੇਂ ਆਤਾ ਹੈ ਯਹੀਂ ਮਰ ਜਾਈਏ! ਦੂਜਾ ਬੋਲਿਆ, ਯਾਰ ਜੇ ਏਨੇਂ ਫੁੱਲਾਂ ਦੀ ਗੁਲਕੰਦ ਬਣਾ ਕੇ ਵੇਚਣੀ ਹੋਵੇ, ਬੰਦਾ ਲੱਖਾਂ ਖੱਟ ਲਵੇ!
           ਪੁਸ਼ਪ-ਸੁਹਜ ਅਤੇ ਗੁਲਕੰਦ ਤੱਕ ਪੁੱਜ ਕੇ ਇਹ ਸਵਾਲ ਵੀ ਖੜ•ਾ ਹੋ ਜਾਂਦਾ ਹੈ ਕਿ ਕਲਾ ਹੁੰਦੀ ਕੀ ਹੈ? ਕੀ ਕਲਾ ਸਦੀਕ ਦੇ ਆਖਣ ਵਾਂਗ ਮਾਣਨ ਤੇ ਪੂਜਣ ਵਾਲੀ ਸ਼ੈਅ ਹੈ ਜਾਂ ਅਕਾਲੀਆਂ ਦੇ ਸੋਚਣ-ਕਹਿਣ ਵਾਂਗ ਇਹਨੂੰ ਮਸਲ-ਮਿੱਧ ਕੇ ਗੁਲਕੰਦ ਬਣਾ ਲੈਣੀ ਚਾਹੀਦੀ ਹੈ? ਮਿਸਾਲ ਵਜੋਂ, ਕੀ ਲੋਕਰਾਜ ਦੇ ਮੰਦਰ, ਵਿਧਾਨ ਸਭਾ ਵਿਚ ਮੋਹਨ ਸਿੰਘ ਦੀ ਲਿਖੀ ਤੇ ਸਦੀਕ ਦੀ ਗਾਈ ਪੰਜਾਬ, ਬਾਬੇ ਨਾਨਕ ਤੇ ਮਰਦਾਨੇ ਦੀ ਉਸਤਤ ਕਲਾ ਹੈ ਜਾਂ ਸਰਕਾਰ ਦੇ ਹੱਥ ਲੱਗੀ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੀ ਗਾੜ•ੇ ਪਸੀਨੇ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਰੋੜ• ਕੇ ਅਧਨੰਗੀਆਂ ਕੁੜੀਆਂ ਦੀ ਡਾਰ ਵਿਚਕਾਰ ਸ਼ਾਹਰੁਖ ਖਾਂ ਨਾਂ ਦੇ ਬਾਜ਼ਾਰੂ ਨਚਾਰ ਦਾ 1984 ਦੇ ਸਿੱਖ ਕਤਲਾਮ ਦੀ ਬਰਸੀ ਵਾਲੇ ਦਿਨ ਲੱਕ ਹਿਲਾਉਣਾ ਅਤੇ ਛੱਮਕਛੱਲੋ ਗਾਉਣਾ ਕਲਾ ਹੈ? ਸਦੀਕ ਜਿਹੇ ਨਿਰਛਲ ਮਨੁੱਖ ਅਤੇ ਵਧੀਆ ਗਾਇਕ ਦੀ ਨਿਰਾਦਰੀ ਤੋਂ ਖਰੀ ਕਲਾ ਦੀ ਸ਼ਕਤੀ ਅਤੇ ਕਲਾਕਾਰ ਦੇ ਸਵੈਮਾਣ ਦੀ ਇਕ ਬੜੀ ਡੂੰਘੀ ਗੱਲ ਚੇਤੇ ਆ ਗਈ। ਮੈਨੂੰ ਇਹ ਕਮਾਲ ਦੀ ਘਟਨਾ ਬਜ਼ੁਰਗ ਮਿੱਤਰ ਅਤੇ ਪ੍ਰਸਿੱਧ ਸਭਿਆਚਾਰ-ਗਿਆਤਾ ਬਠਿੰਡੇ ਵਾਲੇ ਪ੍ਰੋ. ਕਰਮ ਸਿੰਘ ਨੇ ਸੁਣਾਈ ਸੀ।
           ਬਠਿੰਡੇ ਦੂਰ ਦੂਰ ਤੱਕ ਮੰਨਿਆ ਹੋਇਆ ਇਕ ਗਮੰਤਰੀ ਹੁੰਦਾ ਸੀ, ਨਗੀਨਾ ਮਰਾਸੀ, ਆਪਣੀ ਕਲਾ ਦੇ ਸੁਹਜ, ਸ਼ਕਤੀ ਤੇ ਪ੍ਰਭਾਵ ਬਾਰੇ ਪੂਰਾ ਸਚੇਤ। ਰੱਜ ਕੇ ਸਵੈਮਾਨੀ ਪਰ ਅਭਿਮਾਨ ਤੋਂ ਉੱਕਾ ਹੀ ਮੁਕਤ! ਪਟਿਆਲੀਏ ਮਹਾਰਾਜਾ ਭੂਪਿੰਦਰ ਸਿੰਘ ਕੁਛ ਦਿਨਾਂ ਵਾਸਤੇ ਬਠਿੰਡੇ ਦੇ ਕਿਲ਼ੇ ਵਿਚ ਟਿਕੇ ਹੋਏ ਸਨ। ਇਕ ਦਿਨ ਉਹਨਾਂ ਦਾ ਦਿਲ ਕੀਤਾ, ਕੁਛ ਗਾਉਣ-ਬਜਾਉਣ ਹੀ ਸੁਣਿਆ ਜਾਵੇ! ਓਦੋਂ ਰਾਜਿਆਂ ਵਾਸਤੇ ਸਥਾਨਕਤਾ ਨਾਲ ਵਾਹ ਦੀ ਅਹਿਮ ਕੜੀ ਨੰਬਰਦਾਰ-ਜ਼ੈਲਦਾਰ ਹੀ ਹੁੰਦੇ ਸਨ। ਮਹਾਰਾਜਾ ਸਾਹਿਬ ਨੇ ਜ਼ੈਲਦਾਰ ਦਸੌਂਧਾ ਸਿੰਘ ਨੂੰ ਕਿਹਾ, ਅੱਜ ਸ਼ਾਮ ਕੋਈ ਵਧੀਆ ਗਵਈਆ ਤਾਂ ਬੁਲਾਓ। ਨਗੀਨੇ ਦੇ ਸੁਭਾਅ ਤੋਂ ਜਾਣੂ ਜ਼ੈਲਦਾਰ ਨੂੰ ਪਤਾ ਸੀ ਕਿ ਕਿਸੇ ਹੱਥ ਸੁਨੇਹਾ ਭੇਜਿਆਂ ਉਹਨੇ ਆਉਣਾ ਨਹੀਂ। ਕੋਈ ਲਾਗੀ-ਤੱਥਾ ਭੇਜਣ ਦੀ ਥਾਂ ਉਹਨੇ ਆਪ ਚੱਲ ਕੇ ਜਾਣਾ ਹੀ ਮੁਨਾਸਿਬ ਸਮਝਿਆ। ਉਹਨੇ ਆਖਿਆ, ਨਗੀਨਿਆ, ਮਹਾਰਾਜਾ ਸਾਹਿਬ ਨੇ ਗੌਣ ਸੁਣਨ ਦੀ ਇੱਛਾ ਦੱਸੀ ਹੈ, ਅੱਜ ਆਥਣੇ ਕਿਲ਼ੇ ਵਿਚ ਪਹੁੰਚ ਜਾਈਂ। ਨਗੀਨੇ ਨੇ ਝੱਟ ਸਵਾਲ ਕੀਤਾ, ਜ਼ੈਲਦਾਰਾ, ਮਹਾਰਾਜ ਗੌਣ ਸੁਣਨਾ ਜਾਣਦੇ ਵੀ ਨੇ? ਉਹਦੀ ਗੱਲ ਸੁਣ ਕੇ ਜ਼ੈਲਦਾਰ ਹੈਰਾਨ ਰਹਿ ਗਿਆ ਤੇ ਬੋਲਿਆ, ਕੀ ਕਮਲੀਆਂ ਮਾਰਦਾ ਹੈਂ, ਨਗੀਨਿਆ, ਮਹਾਰਾਜਾ ਸਾਹਿਬ ਗੌਣ ਸੁਣਨ ਵੀ ਨਹੀਂ ਜਾਣਦੇ? ਨਗੀਨਾ ਕਹਿੰਦਾ, ਚੰਗਾ, ਜ਼ੈਲਦਾਰ ਸਾਹਿਬ, ਜੇ ਇਹ ਗੱਲ ਹੈ, ਕਿਲ਼ੇ ਵਿਚ ਕੱਕਾ ਰੇਤਾ ਵਿਛਵਾ ਲੈਣਾ; ਮੇਰਾ ਗੌਣ ਸੁਣਨ ਆਈ ਮਾਈ ਹੀਰ ਦੀਆਂ ਸੱਜਰੀਆਂ ਪੈੜਾਂ ਦਿਖਾਵਾਂਗੇ!
             ਸਦੀਕ ਬੱਸ ਇਥੇ ਹੀ ਮਾਰ ਖਾ ਗਿਆ! ਗਾਉਣ ਤੋਂ ਪਹਿਲਾਂ ਉਹਨੂੰ ਚਾਹੀਦਾ ਸੀ, ਗਾ ਕੇ ਸੁਣਾਉਣ ਦੀ ਫ਼ਰਮਾਇਸ਼ ਕਰਨ ਵਾਲਿਆਂ ਨੂੰ ਪੁਛਦਾ, ਮੋਤੀਆਂ ਵਾਲਿਓ, ਗਾਇਆ ਹੋਇਆ ਸੁਣਨਾ ਵੀ ਆਉਂਦਾ ਹੈ? ਜੇ ਉਹ ਹਾਂ ਆਖਣ ਦੀ ਹਿੰਮਤ ਕਰਦੇ, ਫੇਰ ਉਹਨੂੰ ਕਹਿਣਾ ਚਾਹੀਦਾ ਸੀ, ਚੰਗਾ, ਜਨਾਬ, ਪੰਜਾਬ ਦਾ ਨਕਸ਼ਾ ਮੰਗਵਾ ਕੇ ਵਿਧਾਨ ਸਭਾ ਦੀ ਕੰਧ ਉੱਤੇ ਟੰਗ ਲਵੋ। ਜਦੋਂ ਮੈਂ ਮੋਹਨ ਸਿੰਘ ਦੀ ਵਜਦ ਵਿਚ ਆ ਕੇ ਲਿਖੀ ਹੋਈ ਪੰਜਾਬ ਦੀ, ਸੰਸਾਰ-ਤਾਰਕ ਬਾਬੇ ਨਾਨਕ ਦੀ ਤਾਬ ਦੀ, ਸਾਡੇ ਪੁਰਖੇ ਮਰਦਾਨੇ ਦੀ ਰਬਾਬ ਦੀ, ਪੰਜਾਬੀਆਂ ਦੇ ਸ਼ਬਾਬ ਦੀ, ਆਸ਼ਕ ਬਣਾਉਣ ਵਾਲੇ ਚਨਾਬ ਦੀ  ਸਿਫ਼ਤ ਨੂੰ ਮਸਤ ਹੋ ਕੇ ਮੂੰਹ ਦੀ ਥਾਂ ਐਥੋਂ, ਹਿੱਕ ਦੇ ਵਿਚਕਾਰੋਂ, ਡੂੰਘੇ ਦਿਲ ਤੋਂ ਗਾਇਆ, ਪੰਜਾਬ ਦੇ ਨਕਸ਼ੇ ਵਿਚੋਂ ਇਲਾਹੀ ਨੂਰ ਝਰਦਾ ਦਿਖਾਵਾਂਗੇ!
           ਸਦੀਕ ਹੰਢੇ-ਵਰਤੇ ਸਿਆਸੀ ਅਨੁਭਵੀਆਂ ਵਿਚ ਨਵਾਂ ਨਵਾਂ ਵਿਚਰਨ ਲੱਗਿਆ ਹੈ। ਚੰਗਾ ਹੋਵੇ, ਉਹ ਕੁਛ ਗੱਲਾਂ ਯਾਦ ਰੱਖੇ। ਜਿਸ ਮਰਦਾਨੇ ਬਿਨਾਂ ਆਪਣਾ ਬਾਬਾ ਸਾਹ ਨਹੀਂ ਸੀ ਲੈਂਦਾ ਤੇ ਜਿਸਦੀਆਂ ਔਲਾਦਾਂ ਦਰਬਾਰ ਸਾਹਿਬ ਵਿਚ ਜੁਗੜਿਆਂ ਤੱਕ ਕੀਰਤਨ ਕਰਦੀਆਂ ਰਹੀਆਂ ਸਨ, ਉਸ ਕੁਲ ਦੇ ਰਬਾਬੀਆਂ ਤੇ ਕੀਰਤਨੀਆਂ ਨੂੰ ਹੁਣ ਕੀਰਤਨ-ਸਥਾਨ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ। ਸਦੀਕ ਨੂੰ ਕੌੜੀ ਲੱਗ ਸਕਦੀ ਹੈ, ਪਰ ਉਹਨੂੰ ਮੇਰੀ ਇਕ ਸਲਾਹ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ''ਵੱਡੇ ਬੰਦਿਆਂ” ਵਿਚ ਉਠਦਿਆਂ-ਬੈਠਦਿਆਂ ਆਪਣੇ ਵਰਗੇ ਸਾਧਾਰਨ ਬੰਦਿਆਂ ਨੂੰ ਆਪਣਾ ਮੂਲ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਇਹ ਤਾਂ ਲੋਕਰਾਜ ਦੀਆਂ ਮਜਬੂਰੀਆਂ ਹਨ ਕਿ ਵਿਧਾਨ ਸਭਾ ਵਿਚ ਨਵੇਂ-ਪੁਰਾਣੇ ਰਾਜੇ ਅਤੇ ਹਮਾ-ਤੁਮਾ ਰੰਕ ਬਰਾਬਰ ਬੈਠਦੇ ਹਨ। ਜੇ ਸੁਖੀ ਰਹਿਣਾ ਹੈ, ਇਹਦਾ ਇਹ ਅਰਥ ਕਦੇ ਨਾ ਲੈਣਾ ਕਿ ਉਥੇ ਬੈਠੇ ਸਭ ਸੱਚਮੁੱਚ ਬਰਾਬਰ ਹੋ ਗਏ ਹਨ! ਮੇਰਾ ਦਾਅਵਾ ਹੈ ਕਿ ਜੇ ਸਦੀਕ ਦੀ ਗਾਈ ਇਸ ਉੱਚ-ਪਾਏ ਦੀ ਗ਼ਜ਼ਲ ਦੀ ਥਾਂ ਮਜੀਠੀਆ ਸਾਹਿਬ ਨੇ ਵਿਧਾਨ ਸਭਾ ਵਿਚ ''ਕਰ ਦੇ ਬੁੜ•ੇ ਦਾ ਚਿੱਤ ਰਾਜੀ, ਉੱਤੇ ਲੈ ਕੇ ਅੰਬ-ਰਸੀਆ” ਗੀਤ ਵੀ ਗਾਇਆ ਹੁੰਦਾ, ਸਦਨ ਦੀ ਪਵਿੱਤਰਤਾ ਭੰਗ ਹੋਣ ਦੀ ਥਾਂ ਦੂਣ-ਸਵਾਈ ਹੋ ਜਾਂਦੀ। ਇਥੇ ਮੈਨੂੰ ਫ਼ਿਲਮ ਪਾਕੀਜ਼ਾ  ਦਾ ਇਕ ਦ੍ਰਿਸ਼ ਯਾਦ ਆ ਗਿਆ। ਸਾਹਿਬ ਜਾਨ ਦਾ ਮੁਜਰਾ ਦੇਖਣ ਆਏ ਨਵਾਬਾਂ-ਰਈਸਾਂ ਨੂੰ ਪਾਨ ਦੇ ਬੀੜੇ ਦੇ ਰਹੀ ਅੰਮੀ ਜਾਨ ਇਕ ਸਰੋਤੇ ਨੂੰ ਪੰਜ-ਸੱਤ ਪੌੜੀਆਂ ਉੱਚੇ ਮੰਚ-ਰੂਪੀ ਵਿਸ਼ਾਲ ਹਾਲ ਦੀ ਆਖ਼ਰੀ ਪੌੜੀ ਕੋਲ ਥੰਮ• ਨਾਲ ਢੋ ਲਾ ਕੇ ਬੈਠਦਿਆਂ ਦੇਖ ਆਖਦੀ ਹੈ, ਇਥੇ ਕਿਉਂ ਬੈਠ ਗਏ ਠੇਕੇਦਾਰ ਸਾਹਿਬ, ਐਧਰ ਆ ਕੇ ਬੈਠੋ। ਉਹ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿੰਦਾ ਹੈ, ਨਹੀਂ ਅੰਮੀ ਜਾਨ, ਮੈਂ ਇਥੇ ਹੀ ਠੀਕ ਹਾਂ, ਮੈਨੂੰ ਆਪਣੀ ਥਾਂ ਦਾ ਅਹਿਸਾਸ ਹੈ!
          ਇਕ ਗੱਲ ਹੋਰ ਵੀ ਹੈ। ਲੋਕ-ਸੂਝ ਦਾ ਚੰਗਾ ਗਿਆਤਾ ਹੋਣ ਦੇ ਬਾਵਜੂਦ ਸਦੀਕ ਇਹ ਲਲਕਾਰਾ ਕਿਵੇਂ ਭੁੱਲ ਗਿਆ: ਕਿਥੇ ਜਾਏਂ ਗਾ ਬੂਬਣਿਆ ਸਾਧਾ, ਛੇੜ ਕੇ ਭਰਿੰਡ-ਰੰਗੀਆਂ!  ਸਦੀਕ ਸਾਹਿਬ, ਸੱਤਾਧਾਰੀਆਂ ਦੇ ਚਹੇਤੇ ਅਤੇ ਖ਼ੁਦ ਸਾਰੀ ਉਮਰ ਆਮ ਲੋਕਾਂ ਤੋਂ ਚਾਰ ਹੱਥ ਉੱਚੀ ਕੁਰਸੀ ਉੱਤੇ ਬੈਠ ਕੇ ਰਾਜ ਚਲਾਉਂਦੇ ਰਹੇ ਦਰਬਾਰਾ ਸਿੰਘ ਗੁਰੂ ਦੀਆਂ ਗੋਡਣੀਆਂ ਲੁਆ ਕੇ ਜਾਉਂਗੇ ਕਿਥੇ? ਦੇਖੋ ਜੀ, ਖ਼ਸਮਾਂ ਨੂੰ ਖਾਂਦੀ ਜਮਹੂਰੀਅਤ, ਕੋਈ ਸਦੀਕ ਕਿਸੇ ਗੁਰੂ ਨੂੰ ਹਰਾ ਦੇਵੇ, ਸੱਚੀ ਗੱਲ ਹੈ, ਬੁਰਾ ਤਾਂ ਲੱਗਣਾ ਹੀ ਹੋਇਆ! ਪਰਕਾਸ਼ ਸਿੰਘ ਬਾਦਲ ਵਰਗੇ ਸਾਊ, ਮਿੱਠ-ਬੋਲੜੇ ਅਤੇ ਪਚਾਸੀ ਸਾਲ ਦੀ ਗਹਿਰ-ਗੰਭੀਰ ਆਯੂ ਨੂੰ ਪੁੱਜੇ ਆਗੂ ਨੇ ਆਪਣੇ ਜਨਤਕ ਅਕਸ ਦੇ ਪੂਰੀ ਤਰ•ਾਂ ਉਲਟ ਅਜਿਹਾ ਕਿਉਂ ਕੀਤਾ, ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਸਦੀਕ ਦੀ ਤੇ ਉਸ ਰਾਹੀਂ ਕਾਂਗਰਸ ਦੀ ਹੱਤਕ ਤਾਂ ਉਹ ਕਿਸੇ ਵੀ ਅਕਾਲੀ ਵਿਧਾਇਕ ਤੋਂ ਕਰਵਾ ਸਕਦੇ ਸਨ। ਸੰਸਦ ਸਮੇਤ ਪੂਰੇ ਦੇਸ ਦੀਆਂ ਵਿਧਾਨ ਸਭਾਵਾਂ ਵਿਚ ਪਸੂਆਂ ਤੋਂ ਗਿਆ-ਗੁਜ਼ਰਿਆ ਨਰਕੀ ਜੀਵਨ ਜਿਉਣ ਲਈ ਮਜਬੂਰ ਤੇ ਬੇਵੱਸ ਕਰੋੜਾਂ ਮੰਦਭਾਗਿਆਂ ਦੇ ਗੰਭੀਰ ਮੁੱਦਿਆਂ ਬਾਰੇ ਗੰਭੀਰ ਗੱਲ ਛੇੜਨ ਤੇ ਗੰਭੀਰ ਬਹਿਸ ਕਰਨ ਵਾਲੇ ਲੋਕ-ਪ੍ਰਤੀਨਿਧਾਂ ਦੀ ਤਾਂ ਘਾਟ ਹੋ ਸਕਦੀ ਹੈ, ਕਿਸੇ ਦੀ ਚਿੱਟੀ ਪੱਗ ਲਾਹੁਣ ਤੇ ਉਛਾਲਣ ਵਾਲਿਆਂ ਦੀ ਥੋੜ ਮਹਿਸੂਸ ਹੋਣ ਦਾ ਤਾਂ ਸਵਾਲ ਹੀ ਨਹੀਂ। ਮੀਆਂ ਗ਼ਾਲਿਬ ਡੇਢ ਸਦੀਆਂ ਪਹਿਲਾਂ ਇਹਨਾਂ ਬਾਰੇ ਹੀ ਤਾਂ ਭਵਿੱਖਬਾਣੀ ਕਰ ਗਏ ਸਨ: ....ਕਮੀ ਨਹੀਂ ਗ਼ਾਲਿਬ, ਏਕ ਡੂੰਢੋ ਹਜ਼ਾਰ ਮਿਲਤੇ ਹੈਂ!  ਬਾਦਲ ਸਾਹਿਬ ਨੂੰ ਗਾਰੇ ਦਾ ਬੁੱਕ ਭਰ ਕੇ ਸਦੀਕ ਵੱਲ ਆਪ ਵਗਾਹੁਣ ਦੀ ਕੀ ਲੋੜ ਪੈ ਗਈ! ਕੀ ਸਦੀਕ ਦਾ ਉਹਨਾਂ ਦੇ ਖਾਸੋ-ਖਾਸ ਉਮੀਦਵਾਰ ਨੂੰ ਹਰਾ ਕੇ ਜਿੱਤਣਾ ਵੋਟਾਂ ਵਾਲੇ ਲੋਕਰਾਜ ਵਿਚ ਏਡਾ ਵੱਡਾ ਗੁਨਾਹ ਹੈ ਕਿ ਉਹ ਉਹਨੂੰ ਅਗਲੀ, ਅਗਲੇਰੀ ਜਾਂ ਉਸ ਤੋਂ ਵੀ ਪਰੇਰੀ ਕਿਸੇ ਚੋਣ ਵਿਚ ਹਰਾ ਲੈਣ ਤੱਕ ਬਖ਼ਸ਼ਣਗੇ ਹੀ ਨਹੀਂ?
          ਮੈਂ ਇਸ ਮੁੱਦੇ ਬਾਰੇ ਅਨੇਕ ਲੇਖਕਾਂ, ਵਿਦਵਾਨਾਂ ਤੇ ਕਲਾਕਾਰਾਂ ਨਾਲ ਗੱਲ ਕੀਤੀ ਹੈ ਅਤੇ ਮੇਰੇ ਹੋਰ ਲੇਖਾਂ ਦੇ ਸੰਬੰਧ ਵਿਚ ਫ਼ੋਨ ਕਰਨ ਵਾਲੇ ਅਨਗਿਣਤ ਪਾਠਕਾਂ ਦੀ ਇਸ ਸੰਬੰਧੀ ਰਾਇ ਲਈ ਹੈ। ਸ਼ਾਇਦ ਬਾਦਲ ਸਾਹਿਬ ਨੂੰ ਇਹ ਗੱਲ ਸੁਣਨੀ ਚੰਗੀ ਨਾ ਲੱਗੇ, ਸਭ ਦਾ ਇਕੋ ਮੱਤ ਹੈ ਕਿ ਇਸ ਘਟਨਾ ਨਾਲ ਉਹਨਾਂ ਸਭ ਦੀ ਨਜ਼ਰ ਵਿਚ ਬਾਦਲ ਜੀ ਦਾ ਕੱਦ ਘਟਿਆ ਹੈ ਤੇ ਸਦੀਕ ਦਾ ਉੱਚਾ ਹੋਇਆ ਹੈ! ਮੈਂ ਕਲਮ ਦੀ ਸਹੁੰ ਖਾ ਕੇ ਪੂਰੀ ਈਮਾਨਦਾਰੀ ਨਾਲ ਆਖਦਾ ਹਾਂ ਕਿ ਜੇ ਇਸ ਕਿੱਸੇ ਦਾ ਕਰਤਾ ਮੈਂ ਹੋਵਾਂ, ਵਿਧਾਨ ਸਭਾ ਦੇ ਅਗਲੇ ਸਮਾਗਮ ਵਿਚ ਸਦੀਕ ਤੋਂ ਅਤੇ ਉਸ ਰਾਹੀਂ ਸਮੂਹ ਲੇਖਕਾਂ ਤੇ ਕਲਾਕਾਰਾਂ ਅਤੇ ਆਮ ਪੰਜਾਬੀਆਂ ਤੋਂ ਮਾਫ਼ੀ ਮੰਗ ਲਵਾਂ। ਜੇ ਮਾਫ਼ੀ ਮੰਗਣ ਦਾ ਜੇਰਾ ਨਾ ਵੀ ਕਰ ਸਕਾਂ, ਇਹ ਜ਼ਰੂਰ ਕਹਿ ਦੇਵਾਂ, ਸਦੀਕ, ਭਾਈ, ਜੋ ਕੁਛ ਹੋਇਆ, ਉਸਦਾ ਮੈਨੂੰ ਬਹੁਤ ਅਫ਼ਸੋਸ ਹੈ, ਤੂੰ ਵੀ ਭੁੱਲ ਜਾ!
          ਅੰਤ ਵਿਚ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਜੇ ਅੱਜ ਸਾਡੀ ਕਵਿਤਾ ਦੇ ਉੱਚੇ ਝੂਲਦੇ ਪਰਚਮ ਮੋਹਨ ਸਿੰਘ ਹੁੰਦੇ, ਉਹ ਇਸ ਘਟਨਾ ਮਗਰੋਂ ਆਪਣੀ ਇਸ ਗ਼ਜ਼ਲ ਵਿਚ ਹੋਰ ਕਿਹੜੇ ਸ਼ਿਅਰ ਜੋੜ ਕੇ ਇਸ ਨੂੰ ਮੁਕੰਮਲ ਕਰਦੇ! ਸ਼ਬਦ ਦੇ ਗਹਿਰੇ ਸਾਗਰ ਦੇ ਥੱਲੇ ਤੋਂ ਅਜਿਹੇ ਅਨਮੋਲ ਮੋਤੀ ਤਾਂ ਉਸਤਾਦ ਸ਼ਾਇਰ ਮੋਹਨ ਸਿੰਘ ਹੀ ਕੱਢ ਕੇ ਲਿਆ ਸਕਦਾ ਸੀ:
ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ,
ਭਾਰਤ ਹੈ ਜੇ ਸ਼ਰਾਬ, ਇਹ ਨਸ਼ਾ ਸ਼ਰਾਬ ਦਾ।
ਆਉਣ ਨੂੰ ਤਾਂ ਜਵਾਨੀਆਂ ਹਰ ਇਕ ’ਤੇ ਆਉਂਦੀਆਂ,
ਪਰ ਹੋਰ ਹੀ ਹਿਸਾਬ ਹੈ ਸਾਡੇ ਸ਼ਬਾਬ ਦਾ।
ਗੰਗਾ ਬਣਾਵੇ ਦੇਵਤੇ ਤੇ ਜਮੁਨਾ ਦੇਵੀਆਂ,
ਆਸ਼ਿਕ ਮਗਰ ਬਣਾ ਸਕੇ ਪਾਣੀ ਚਨਾਬ ਦਾ।
ਪੰਜਾਬੀਉ ਨਾ ਨੀਂਵੀਂਆਂ ਗੱਲਾਂ ਦੀ ਤੱਕ ਰੱਖੋ,
ਹੁੰਦਾ ਕਦੀ ਨਾ ਆਲ•ਣਾ ਝਿੱਕਾ ਉਕਾਬ ਦਾ।
ਭਾਈਆਂ ਤੇ ਪੰਡਿਤਾਂ ਦੀਆਂ ਗੱਲਾਂ ’ਤੇ ਨਾ ਖਪੋ,
ਕੀਤਾ ਇਹਨਾਂ ਨੇ ਕੰਮ ਕਦੋਂ ਹੈ ਸਵਾਬ ਦਾ।
ਮਿਟ ਜਾਣ ਆਪੇ ਬੋਲੀਆਂ ਵਰਣਾਂ ਦੇ ਵਿਤਕਰੇ,
ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ।
ਉੱਠੋ ਕਿ ਉੱਠ ਕੇ ਦੇਸ ਦਾ ਮੂੰਹ-ਮੱਥਾ ਡੌਲੀਏ,
ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ।
ਪਤਾਲਾਂ ਤੋਂ ਲਿਆਈਏ ਮੁੜ ਕੱਢ ਕੇ ਮਨੀ,
ਅਸਮਾਨ ਉੱਤੋਂ ਲਾਹੀਏ ਰਤਨ ਆਫ਼ਤਾਬ ਦਾ।
ਪੱਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ,
ਖੇੜੇ ਦੇ ਵਿਚ ਲਿਆਈਏ ਮੁੜ ਫੁੱਲ ਗੁਲਾਬ ਦਾ!
ਵਰਤਮਾਨ ਦੌਰ ਦੀ ਪੰਜਾਬੀ ਕਵਿਤਾ ਦਾ ਮੋਹਨ ਸਿੰਘ ਨਾਂ ਦਾ ਉਹ ਸੂਰਜ ਤਾਂ ਦੁਮੇਲ ਦੇ ਓਹਲੇ ਹੋ ਗਿਆ। ਸੂਰਜ ਦੀ ਗ਼ੈਰਹਾਜ਼ਰੀ ਵਿਚ ਦੀਵੇ ਵਿਤ ਅਨੁਸਾਰ ਚਾਨਣ ਦਾ ਜਤਨ ਕਰਦੇ ਰਹਿਣ ਦਾ ਉਸ ਨੂੰ ਦਿੱਤਾ ਆਪਣਾ ਵਚਨ ਸਦਾ ਤੋਂ ਨਿਭਾਉਂਦੇ ਆਏ ਹਨ। ਗ਼ਜ਼ਲ ਦੀ ਸੰਪੂਰਨਤਾ ਦਾ ਮੇਰਾ ਨਿਮਾਣਾ ਜਿਹਾ ਜਤਨ ਹਾਜ਼ਰ ਹੈ:
ਅੱਖਰਾਂ ਨੂੰ ਪੂਜਦਾ ਸੀ, ਹੇਕ ਸੁਣ ਕੇ ਝੂਮਦਾ,
ਹਸ਼ਰ ਕੀ ਪੰਜਾਬ ਹੁਣ ਖਾਨਾ-ਖ਼ਰਾਬ ਦਾ।
ਕਲਾ ਦੀਆਂ ਕੀਮਤਾਂ ਤੇ ਮੁੱਲ ਸਭਿਆਚਾਰ ਦਾ,
ਉੂਣਿਆਂ ਨੂੰ ਕੀ ਪਤਾ ਪੂਰੇ ਹਿਸਾਬ ਦਾ।
ਬੋਲ ਬਾਬੇ ਦੇ ਇਥੇ ਹੁਣ ਕੌਣ ਪੂਜਦਾ,
ਮਰਦਾਨਿਆ ਕੋਈ ਸਰੋਤਾ ਰਿਹਾ ਨਾ ਰਬਾਬ ਦਾ।
ਹੱਤਕ ਗ਼ਜ਼ਲਕਾਰ ਦੀ, ਅਪਮਾਨ ਗਾਇਕ ਦਾ,
ਕਿਥੇ ਗਿਆ ਸੁਚੱਜ ਉਹ ਅਦਬ-ਅਦਾਬ ਦਾ।
ਹਰ ਅੱਖਰ ਮੋਹਨ ਦਾ ਹੀਰਾ ਪੰਨਾ ਲਾਲ ਮੋਤੀ,
ਜੌਹਰੀਆਂ ਤੋਂ ਬਾਝ ਹੋਇਆ ਕੌਡੀਆਂ ਦੀ ਬਾਬ ਦਾ।
ਦੁੱਧ ਸੀ ਦਸਤਾਰ ਸ਼•ਮਲੇਦਾਰ ਗੁਣੀ ਗਾਇਕ ਦੀ,
ਬੁੱਕ ਗਾਰਾ ਪੈ ਗਿਆ ਸਿਆਸੀ ਅਜ਼ਾਬ ਦਾ!
ਸਦੀਕ ਦੇ ਮੂੰਹੋਂ ਮੋਹਨ ਸਿੰਘ ਦੀ ਗ਼ਜ਼ਲ ਪੂਰੀ ਹੋਣ ਪਿੱਛੋਂ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਨੇ ਵੈਣ ਪਾਉਣ ਦੀ ਵੀ ਫ਼ਰਮਾਇਸ਼ ਕੀਤੀ ਸੀ। ਸ਼ਾਇਦ ਸ਼ਬਦ-ਕਲਾ ਅਤੇ ਗਾਇਣ-ਕਲਾ ਨੂੰ ਆਸ ਅਨੁਸਾਰ ਸਤਿਕਾਰ ਮਿਲਣ ਦੀ ਥਾਂ ਅਚਾਨਕ ਤ੍ਰਿਸਕਾਰੇ ਤੇ ਦੁਰਕਾਰੇ ਜਾਣ ਕਾਰਨ ਬੌਂਦਲਿਆ ਤੇ ਭਮੱਤਰਿਆ ਸਦੀਕ ਇਹ ਫ਼ਰਮਾਇਸ਼ ਪੂਰੀ ਨਹੀਂ ਸੀ ਕਰ ਸਕਿਆ। ਇਸ ਕਰਕੇ ਇਹ ਅੰਤਲਾ ਸ਼ਿਅਰ ਤੂੰਬੀ ਵਾਲੇ ਸਦੀਕ ਅਤੇ ਕਿਤਾਬ ਵਾਲੇ ਮੋਹਨ ਸਿੰਘ ਦਾ ਧਿਆਨ ਧਰਦਿਆਂ ਮੇਰੇ ਵੱਲੋਂ ਉਚੇਚੇ ਤੌਰ ਉੱਤੇ ਬਾਦਲ ਸਾਹਿਬ ਦੇ ਬਜ਼ੁਰਗ ਚਰਨਾਂ ਵਿਚ ਭੇਟ ਹੈ:
ਬਹਿ ਕੇ ਆਓ ਵੈਣ ਪਾਈਏ, ਕਲਾ ਵਾਲੇ ਦੋਸਤੋ,
ਸਰਕਾਰੀ ਸੱਥਰ ਵਿਛ ਗਿਆ ਤੂੰਬੀ, ਕਿਤਾਬ  ਦਾ!
(011-65736868)                                           

Sunday, July 22, 2012

                                ਸਰਕਾਰੀ ਤਰਲੇ
           ਨਿਲਾਮ ਹੋਣਗੇ ਹੁਣ ਅਰਾਮ ਘਰ
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦਾ ਖਾਲੀ ਖ਼ਜ਼ਾਨਾ ਭਰਨ ਵਾਸਤੇ ਹੁਣ ਨਹਿਰੀ ਆਰਾਮਘਰ ਨਿਲਾਮ ਕੀਤੇ ਜਾਣਗੇ। ਨਹਿਰੀ ਮਹਿਕਮੇ ਨੇ ਨਿਲਾਮ ਕੀਤੇ ਜਾਣ ਵਾਲੇ ਆਰਾਮਘਰਾਂ ਦੀ ਸ਼ਨਾਖਤ ਕਰ ਲਈ ਹੈ। ਸਿੰਜਾਈ ਵਿਭਾਗ ਦੇ ਡਿਪਟੀ ਸਕੱਤਰ ਨੇ 6 ਜੁਲਾਈ 2012 ਨੂੰ ਡਿਪਟੀ ਕਮਿਸ਼ਨਰਾਂ ਨੂੰ ਫੈਕਸ ਸੁਨੇਹਾ ਭੇਜ ਕੇ ਖਸਤਾ ਹਾਲ ਨਹਿਰੀ ਆਰਾਮਘਰਾਂ ਦਾ ਵੇਰਵਾ ਮੰਗਿਆ ਸੀ। ਇਨ੍ਹਾਂ ਨਹਿਰੀ ਆਰਾਮਘਰਾਂ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੂੰ ਤਬਦੀਲ ਕੀਤਾ ਜਾਣਾ ਹੈ, ਜਿਸ ਵੱਲੋਂ ਇਨ੍ਹਾਂ ਨੂੰ ਨਿਲਾਮ ਕੀਤਾ ਜਾਏਗਾ। ਬਠਿੰਡਾ ਨਹਿਰ ਮੰਡਲ ਵੱਲੋਂ ਕਰੀਬ ਇਕ ਦਰਜਨ ਨਹਿਰੀ ਆਰਾਮਘਰਾਂ ਦੇ ਵੇਰਵੇ 9 ਜੁਲਾਈ ਨੂੰ ਸਿੰਜਾਈ ਵਿਭਾਗ ਨੂੰ ਭੇਜ ਦਿੱਤੇ ਗਏ ਹਨ। ਇਸ ਖਿੱਤੇ ਵਿੱਚ ਸਾਲ 1998 ਤੋਂ 2000 ਦਰਮਿਆਨ ਵੀ ਸਰਕਾਰ ਨੇ 14 ਨਹਿਰੀ ਆਰਾਮਘਰ ਨਿਲਾਮ ਕੀਤੇ ਸਨ।
           ਬਠਿੰਡਾ ਨਹਿਰ ਮੰਡਲ ਅਧੀਨ ਇਕ ਦਰਜਨ ਖਸਤਾ ਹਾਲ ਨਹਿਰੀ ਆਰਾਮਘਰ ਘਰ ਹਨ, ਜਿਨ੍ਹਾਂ ਦਾ ਰਕਬਾ 53.21 ਏਕੜ ਬਣਦਾ ਹੈ, ਜਿਸ ਤੋਂ ਸਰਕਾਰ ਨੂੰ ਕਰੋੜਾਂ ਦੀ ਕਮਾਈ ਹੋਣ ਦੀ ਉਮੀਦ ਹੈ। ਪਿੰਡ ਰਾਏਕੇ ਖੁਰਦ ਵਿਚਲੇ ਆਰਾਮਘਰ ਦਾ ਰਕਬਾ ਸਭ ਤੋਂ ਜ਼ਿਆਦਾ 10.70 ਏਕੜ ਹੈ। ਨਹਿਰੀ ਮਹਿਕਮੇ ਨੇ ਇਸ ਆਰਾਮਘਰ ਨੂੰ ਵਰਤੋਂ ਯੋਗ ਦੱਸਿਆ ਹੈ ਪਰ ਨਾਲ ਇਹ ਵੀ ਆਖਿਆ ਹੈ ਕਿ ਇਸ ਆਰਾਮਘਰ ਦੀ 8 ਏਕੜ ਜ਼ਮੀਨ ਸਰਪਲੱਸ ਕੀਤੀ ਜਾ ਸਕਦੀ ਹੈ। ਇਸ ਆਰਾਮਘਰ ਵਿੱਚ ਤਾਂ ਕਰਮਚਾਰੀ ਵੀ ਰਹਿੰਦੇ ਹਨ। ਪਿੰਡ ਟੱਲੇਵਾਲ ਵਿੱਚ ਪੈਂਦੇ ਆਰਾਮਘਰ ਦਾ ਰਕਬਾ 8.01 ਏਕੜ ਹੈ, ਜਦੋਂ ਕਿ ਸ਼ਹਿਣਾ ਦੇ ਆਰਾਮਘਰ ਦਾ ਰਕਬਾ 6.20 ਏਕੜ ਬਣਦਾ ਹੈ। ਹੋਰ ਜਿਨ੍ਹਾਂ ਆਰਾਮਘਰਾਂ ਨੂੰ ਖਸਤਾ ਹਾਲ ਐਲਾਨ ਕੇ ਵੇਚਣ ਦੀ ਯੋਜਨਾ ਹੈ, ਉਨ੍ਹਾਂ ਵਿੱਚ ਪਿੰਡ ਕੋਟਸ਼ਮੀਰ ਦਾ ਆਰਾਮਘਰ (ਰਕਬਾ 3.69 ਏਕੜ), ਪਿੰਡ ਚੱਕ ਰਾਮ ਸਿੰਘ ਵਾਲਾ ਦਾ ਆਰਾਮ ਘਰ (ਰਕਬਾ 3 ਏਕੜ), ਪਿੰਡ ਪੂਹਲਾ ਦਾ ਆਰਾਮਘਰ (ਰਕਬਾ 3.53 ਏਕੜ), ਪਿੰਡ ਵਿਰਕ ਕਲਾਂ ਦੇ ਆਰਾਮ ਘਰ (ਰਕਬਾ 3.01 ਏਕੜ), ਪਿੰਡ ਕੈਰਾਂ ਦਾ ਆਰਾਮਘਰ (ਰਕਬਾ 1.39 ਏਕੜ), ਪਿੰਡ ਕਲਿਆਣ ਦਾ ਆਰਾਮਘਰ (ਰਕਬਾ 3.03 ਏਕੜ), ਪਿੰਡ ਤਖਤੂਪੁਰਾ ਦਾ ਆਰਾਮਘਰ (ਰਕਬਾ 3.98 ਏਕੜ), ਪਿੰਡ ਵਜੀਦਕੇ ਦਾ ਆਰਾਮਘਰ (3.82 ਏਕੜ) ਅਤੇ ਪਿੰਡ ਨਿਊਰ ਦਾ ਆਰਾਮਘਰ (ਰਕਬਾ 2.95 ਏਕੜ) ਸ਼ਾਮਲ ਹਨ।
            ਨਹਿਰੀ ਵਿਭਾਗ ਦੀ ਜੋ ਬੱਸੀਆਂ ਕੋਠੀ ਹੈ, ਉਸ ਦੀ 8 ਏਕੜ ਜਗ੍ਹਾ ਪੁਰਾਤਤਵ ਵਿਭਾਗ ਨੂੰ ਤਬਦੀਲ ਕਰ ਦਿੱਤੀ ਗਈ ਹੈ। ਬੱਸੀਆਂ ਕੋਠੀ ਦੀ 12.61 ਏਕੜ ਜਗ੍ਹਾ ਵਿੱਚੋਂ 8 ਏਕੜ ਜਗ੍ਹਾ ਨੂੰ ਪੁਰਾਤਤਵ ਵਿਭਾਗ ਰੈਨੋਵੇਟ ਕਰੇਗਾ। ਇਸ ਕੋਠੀ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਰੱਖਿਆ ਗਿਆ ਸੀ। ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਪਹਿਲਾਂ ਹੀ ਇਹ ਗੱਲ ਆਖ ਚੁੱਕੇ ਹਨ ਕਿ ਨਹਿਰੀ ਆਰਾਮਘਰਾਂ ਨੂੰ ਵੇਚਣ ਦੀ ਹਾਲੇ ਕੋਈ ਵਿਉਂਤ ਨਹੀਂ ਹੈ। ਸੂਤਰ ਆਖਦੇ ਹਨ ਕਿ ਸਰਕਾਰ ਨੇ ਖਸਤਾ ਹਾਲ ਆਰਾਮਘਰਾਂ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ। ਸਰਕਾਰ ਦਾ ਤਰਕ ਹੈ ਕਿ ਲੰਘੇ ਅਰਸੇ ਤੋਂ ਇਹ ਆਰਾਮਘਰ ਬੇਕਾਰ ਪਏ ਹਨ ਅਤੇ ਇਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ। ਸਰਕਾਰ ਨੇ ਇਨ੍ਹਾਂ 'ਤੇ ਨਾਜਾਇਜ਼ ਕਬਜ਼ੇ ਹੋਣ ਦਾ ਡਰ ਵੀ ਜ਼ਾਹਰ ਕੀਤਾ ਹੈ। ਵੇਰਵਿਆਂ ਅਨੁਸਾਰ ਮਾਲਵਾ ਇਲਾਕੇ ਵਿੱਚ ਨਹਿਰੀ ਮਹਿਕਮੇ ਦੇ ਕੁੱਲ 31 ਆਰਾਮਘਰ ਬਣੇ ਹੋਏ ਹਨ, ਜਿਨ੍ਹਾਂ ਵਿੱਚੋਂ 22 ਨੂੰ 'ਡੈੱਡ' ਐਲਾਨਿਆ ਹੋਇਆ ਹੈ। ਇਨ੍ਹਾਂ ਵਿੱਚੋਂ ਇਕ ਦਰਜਨ ਨੂੰ ਨਿਲਾਮ ਕੀਤਾ ਜਾਣਾ ਹੈ। ਪਿੰਡ ਰਾਮਨਗਰ, ਬੀਬੀਵਾਲਾ, ਕਾਲਝਰਾਨੀ ਦੇ ਆਰਾਮਘਰਾਂ ਨੂੰ ਹਾਲੇ ਵੇਚਿਆ ਨਹੀਂ ਜਾ ਰਿਹਾ।
           ਆਰਾਮ ਘਰਾਂ ਨੂੰ ਵੇਚਣ ਦੀ ਸ਼ੁਰੂਆਤ ਅਕਾਲੀ ਹਕੂਮਤ ਨੇ ਹੀ ਕੀਤੀ ਸੀ। ਤਤਕਾਲੀ ਹਕੂਮਤ ਨੇ ਸਾਲ 1998 ਤੋਂ 2000 ਦੌਰਾਨ ਪਿੰਡ ਫੁਲੋਮਿਠੀ ਦਾ ਆਰਾਮਘਰ 16 ਲੱਖ, ਪੱਤੀ ਦਰਾਕਾ ਦਾ 17 ਲੱਖ ਵਿੱਚ, ਜੋਧਪੁਰ ਦਾ ਆਰਾਮਘਰ 11 ਲੱਖ, ਮਹਿਮਾ ਸਵਾਈ ਦਾ 14 ਲੱਖ, ਮੁਹਾਲਾ ਦਾ 13 ਲੱਖ ਅਤੇ ਜਲਾਲ ਦਾ 13 ਲੱਖ ਰੁਪਏ ਵਿੱਚ ਨਿਲਾਮ ਕੀਤਾ ਸੀ। ਸੂਤਰਾਂ ਅਨੁਸਾਰ ਪਿੰਡ ਜਲਾਲ ਦਾ ਆਰਾਮਘਰ ਪੰਚਾਇਤ ਨੇ ਖਰੀਦਿਆ ਸੀ ਪਰ ਪੰਚਾਇਤ ਕਿਸ਼ਤਾਂ ਨਹੀਂ ਤਾਰ ਸਕੀ। ਪਿੰਡ ਦਿਆਲਪੁਰਾ ਮਿਰਜਾ ਦਾ ਆਰਾਮ ਘਰ 13.52 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ, ਜਿਸ ਦੀ 3.50 ਏਕੜ ਜਗ੍ਹਾ ਸੀ। ਨਿਲਾਮੀ ਮੌਕੇ 10 ਫੀਸਦੀ ਰਕਮ ਭਰਾ ਲਈ ਗਈ ਸੀ ਪਰ ਬਾਅਦ ਵਿੱਚ ਆਰਾਮਘਰ ਲੈਣ ਵਾਲੇ ਵਿਅਕਤੀ ਨੇ ਹੱਥ ਪਿਛਾਂਹ ਖਿੱਚ ਲਿਆ।

Saturday, July 21, 2012

                                ਮਨਮਰਜ਼ੀ
        ਨਰੇਗਾ ਨੇ ਲਾਈ ਅਫਸਰਾਂ ਨੂੰ ਮੌਜ
                             ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ 'ਚ ਅਫਸਰਾਂ ਨੂੰ ਮਨਰੇਗਾ ਸਕੀਮ ਨੇ ਮੌਜ ਲਾ ਦਿੱਤੀ ਹੈ। ਉਚ ਅਫਸਰ ਆਪਣੀ ਸੁੱਖ ਸਹੂਲਤ ਲਈ ਇਸ ਸਕੀਮ ਦੇ ਪੈਸੇ ਨੂੰ ਵਰਤ ਰਹੇ ਹਨ। ਮਨਰੇਗਾ ਦੀ ਛੱਤਰੀ ਹੇਠ ਅਫਸਰਾਂ ਦੇ ਦਫਤਰ ਚਮਕਾਂ ਮਾਰਨ ਲੱਗੇ ਹਨ। ਮਨਰੇਗਾ ਦੀ ਰਾਸ਼ੀ ਨਾਲ ਅਫਸਰਾਂ ਨੇ ਏ.ਸੀ, ਕੂਲਰ, ਫਰਨੀਚਰ, ਲੈਪਟਾਪ, ਜਰਨੇਟਰ ਅਤੇ ਹੈਲੋਜਨ ਹੀਟਰ ਆਦਿ ਖਰੀਦ ਲਏ ਹਨ। ਵੱਡੀ ਰਾਸ਼ੀ ਅਫਸਰਾਂ ਨੇ ਆਪਣੇ ਦਫਤਰਾਂ ਦੀ ਰੈਨੋਵੇਸ਼ਨ 'ਤੇ ਲਗਾ ਦਿੱਤੀ ਹੈ। ਕੰਪਿਊਟਰਾਂ, ਕੈਮਰਿਆਂ ਅਤੇ ਪ੍ਰੋਜੈਕਟਰਾਂ ਦਾ ਤਾਂ ਹੜ• ਹੀ ਆ ਗਿਆ ਹੈ। ਕਿਸੇ ਵੀ ਜ਼ਿਲ•ੇ ਦੀ ਕਿਸੇ ਵੀ ਆਈਟਮ ਦੀ ਰਾਸ਼ੀ ਆਪਸ ਵਿੱਚ ਮੇਲ ਨਹੀਂ ਖਾਂਦੀ ਹੈ। ਫੰਡਾਂ ਦੀ ਵੱਡੀ ਵਰਤੋਂ ਫੁੱਟਕਲ ਖਰਚਿਆਂ ਹੇਠ ਕੀਤੀ ਗਈ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਸਰਕਾਰੀ ਵੇਰਵੇ ਮਿਲੇ ਹਨ,ਉਨ•ਾਂ ਅਨੁਸਾਰ ਜ਼ਿਲ•ਾ ਬਠਿੰਡਾ 'ਚ ਮਨਰੇਗਾ ਫੰਡਾਂ ਚੋਂ ਕਰੀਬ 22 ਲੱਖ ਰੁਪਏ ਤਾਂ ਇਕੱਲੇ ਦਫਤਰਾਂ ਦੀ ਰੈਨੋਵੇਸ਼ਨ 'ਤੇ ਖਰਚ ਕਰ ਦਿੱਤੇ ਗਏ ਹਨ। ਰੈਨੋਵੇਸ਼ਨ 'ਤੇ ਸਾਲ 2008-09 ਵਿੱਚ 21.22 ਲੱਖ ਰੁਪਏ ਅਤੇ ਸਾਲ 2010-11 ਵਿੱਚ 40,810 ਰੁਪਏ ਖਰਚ ਕੀਤੇ ਗਏ ਹਨ। 19.87 ਲੱਖ ਰੁਪਏ ਮਿਸਲੇਨੀਅਸ ਖਰਚੇ ਦੇ ਦਿਖਾਏ ਗਏ ਹਨ। ਇਸ ਦਫਤਰ ਵਲੋਂ 8.83 ਲੱਖ ਰੁਪਏ ਦੇ ਕੰਪਿਊਟਰ ਖਰੀਦੇ ਗਏ ਅਤੇ ਰਿਪੇਅਰ ਦੇ ਖਰਚੇ ਪਾਏ ਗਏ ਹਨ।
           ਵੇਰਵਿਆਂ ਅਨੁਸਾਰ ਜ਼ਿਲ•ਾ ਫਿਰੋਜਪੁਰ 'ਚ ਸਾਲ 2011-12 ਵਿੱਚ 9.03 ਲੱਖ ਰੁਪਏ ਦੇ ਮਨਰੇਗਾ ਫੰਡਾਂ ਨਾਲ ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਨੇ ਆਪਣੇ ਕੈਂਪ ਆਫਿਸ ਦੀ ਰੈਨੋਵੇਸ਼ਨ ਕਰਾ ਲਈ ਹੈ ਜਦੋਂ ਕਿ ਜ਼ਿਲ•ਾ ਫਾਜਿਲਕਾ ਵਿੱਚ ਪੰਚਾਇਤੀ ਰਾਜ ਦੇ ਐਕਸੀਅਨ ਨੇ ਕੈਂਪਸ ਆਫਿਸ ਦੀ ਰੈਨੋਵੇਸ਼ਨ 'ਤੇ ਢਾਈ ਲੱਖ ਰੁਪਏ ਇਨ•ਾਂ ਫੰਡਾਂ ਚੋਂ ਖਰਚੇ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ•ੇ ਮੁਕਤਸਰ ਵਿੱਚ ਮਨਰੇਗਾ ਫੰਡਾਂ ਚੋਂ 4.10 ਲੱਖ ਰੁਪਏ ਦਾ ਵੱਡਾ ਜਰਨੇਟਰ ਹੀ ਖਰੀਦ ਲਿਆ ਗਿਆ ਹੈ ਜਦੋਂ ਕਿ 1.25 ਲੱਖ ਰੁਪਏ ਏ.ਸੀਜ ਤੇ ਖਰਚ ਕੀਤੇ ਗਏ ਹਨ। ਮਨਰੇਗਾ ਲਈ 48635 ਰੁਪਏ ਦਾ ਲੈਪਟਾਪ ਲਿਆ ਗਿਆ ਹੈ ਅਤੇ ਫੋਟੋ ਸਟੇਟ ਮਸ਼ੀਨ 'ਤੇ 1.81 ਲੱਖ ਰੁਪਏ ਖਰਚੇ ਗਏ ਹਨ। ਮਨਰੇਗਾ ਸਕੀਮ ਦੇ ਨਿਯਮਾਂ ਅਨੁਸਾਰ ਸਕੀਮ ਅਧੀਨ ਹੋਣ ਵਾਲੇ ਕੁੱਲ ਖਰਚ ਦਾ 6 ਫੀਸਦੀ ਕੰਟਨਜੈਂਸੀ 'ਤੇ ਖਰਚ ਕੀਤਾ ਜਾ ਸਕਦਾ ਹੈ ਅਤੇ ਇਸ ਚੋਂ ਹੀ ਸਟਾਫ ਨੂੰ ਤਨਖਾਹ ਦਿੱਤੀ ਜਾਂਦੀ ਹੈ। ਕੰਟਨਜੈਂਸੀ ਦੀ ਆੜ ਹੇਠ ਦਫਤਰਾਂ ਵਿੱਚ ਸਭ ਕੁਝ ਚੱਲ ਰਿਹਾ ਹੈ। ਜ਼ਿਲ•ਾ ਪਟਿਆਲਾ ਵਿੱਚ ਮਨਰੇਗਾ ਫੰਡਾਂ ਚੋਂ 3.01 ਲੱਖ ਰੁਪਏ ਦਾ ਜਨਰੇਟਰ ਅਤੇ 4.73 ਲੱਖ ਰੁਪਏ ਵਿੱਚ ਅਲਮਾਰੀਆਂ ਅਤੇ ਫੋਟੋ ਸਟੇਟ ਮਸ਼ੀਨ ਖਰੀਦ ਲਈ ਗਈ ਹੈ। ਲੈਪਟਾਪ ਅਤੇ ਕੈਮਰੇ 'ਤੇ ਵੱਖਰੇ 2.34 ਲੱਖ ਰੁਪਏ ਖਰਚੇ ਗਏ ਹਨ।
             ਜ਼ਿਲ•ਾ ਰੋਪੜ ਵਿੱਚ ਮਨਰੇਗਾ ਸੈਲ ਲਈ ਇੱਕ ਲੈਪਟਾਪ, ਦੋ ਕੰਪਿਊਟਰਾਂ ਤੋਂ ਇਲਾਵਾ ਪੰਚਾਇਤੀ ਰਾਜ ਦੇ ਐਕਸੀਅਨ ਲਈ ਵੱਖਰਾ ਕੰਪਿਊਟਰ ਖਰੀਦ ਕੀਤਾ ਗਿਆ ਹੈ। ਜ਼ਿਲ•ਾ ਮਾਨਸਾ ਵਿੱਚ ਬੀ.ਡੀ.ਪੀ.ਓ ਦਫਤਰ ਸਰਦੂਲਗੜ ਦੇ ਕੰਪਿਊਟੀਕਰਨ ਦੇ ਨਾਮ ਹੇਠ 80 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ ਜਦੋਂ ਮਨਰੇਗਾ ਫੰਡਾਂ ਚੋਂ ਹੀ ਏ.ਡੀ.ਸੀ (ਡੀ) ਮਾਨਸਾ ਦੀ ਗੱਡੀ ਵਿੱਚ ਤੇਲ ਪਾਇਆ ਜਾ ਰਿਹਾ ਹੈ। ਇਨ•ਾਂ ਫੰਡਾਂ ਚੋਂ ਜਲੰਧਰ ਜ਼ਿਲ•ੇ ਵਿੱਚ ਤਾਂ 1.67 ਲੱਖ ਦਾ ਫਰਨੀਚਰ, 2650 ਰੁਪਏ ਦਾ ਸਾਇਕਲ,1194 ਰੁਪਏ ਦਾ ਹੈਲੋਜਨ ਹੀਟਰ ਅਤੇ 1.20 ਲੱਖ ਰੁਪਏ ਦੀ ਫੋਟੋ ਸਟੇਟ ਮਸ਼ੀਨ ਖਰੀਦ ਕੀਤੀ ਗਈ ਹੈ। 4.90 ਲੱਖ ਰੁਪਏ ਦੇ ਫੁੱਟਕਲ ਖਰਚੇ ਪਾਏ ਗਏ ਹਨ। ਪਠਾਨਕੋਟ ਜ਼ਿਲ•ੇ ਵਿੱਚ ਤਾਂ ਮਨਰੇਗਾ ਫੰਡਾਂ ਚੋਂ ਵੱਡਾ ਜਨਰੇਟਰ ਖਰੀਦ ਲਿਆ ਗਿਆ ਹੈ ਜਦੋਂ ਕਿ ਜ਼ਿਲ•ਾ ਮੋਗਾ ਵਿੱਚ ਮਨਰੇਗਾ ਫੰਡਾਂ ਚੋਂ 99258 ਰੁਪਏ ਦੇ ਦੋ ਲੈਪਟਾਪ ਅਤੇ 55,500 ਰੁਪਏ ਦਾ ਏ.ਸੀ ਖਰੀਦ ਕੀਤਾ ਗਿਆ ਹੈ। ਜ਼ਿਲ•ਾ ਹੁਸ਼ਿਆਰਪੁਰ ਵਿੱਚ 1.42 ਲੱਖ ਰੁਪਏ ਦਾ ਇਕੱਲਾ ਇੱਕ ਸਾਲ 'ਚ ਤੇਲ ਖਰਚ ਹੀ ਕੀਤਾ ਗਿਆ ਹੈ। ਹਰ ਜ਼ਿਲ•ੇ ਵਲੋਂ ਆਪਣੀ ਮਨਮਰਜੀ ਨਾਲ ਰਾਸ਼ੀ ਖਰਚ ਕੀਤੀ ਗਈ ਹੈ।
            ਦੇਖਣ ਵਿੱਚ ਮਿਲਿਆ ਹੈ ਕਿ ਕੰਟਨਜੈਂਸੀ ਦਾ ਜਿਆਦਾ ਪੈਸਾ ਜ਼ਿਲ•ਾ ਹੈਡਕੁਆਰਟਰ 'ਤੇ ਹੀ ਵਰਤਿਆ ਗਿਆ ਹੈ ਜਦੋਂ ਕਿ ਬਲਾਕ ਪੱਧਰ 'ਤੇ ਇਸ ਰਾਸ਼ੀ ਦਾ ਬਹੁਤ ਥੋੜਾ ਹਿੱਸਾ ਭੇਜਿਆ ਗਿਆ ਹੈ। ਪਤਾ ਲੱਗਾ ਹੈ ਕਿ ਹੁਣ ਤਾਂ ਇੱਕ ਫੀਸਦੀ ਕੰਟਨਜੈਂਸੀ ਸਟੇਟ ਹੈਡਕੁਆਰਟਰ 'ਤੇ ਵੀ ਵਰਤੀ ਜਾਣ ਲੱਗੀ ਹੈ। ਕੰਟਨਜੈਂਸੀ ਚੋਂ ਗਰਾਮ ਰੁਜ਼ਗਾਰ ਸੇਵਕਾਂ ਦੀ ਤਨਖਾਹ ਵਧਾਉਣ ਤੋਂ ਤਾਂ ਆਨਾਕਾਨੀ ਕੀਤੀ ਜਾਂਦੀ ਹੈ ਲੇਕਿਨ ਅਧਿਕਾਰੀ ਆਪਣੀ ਸੁੱਖ ਸੁਵਿਧਾ ਲਈ ਮਨਮਰਜ਼ੀ ਨਾਲ ਫੰਡ ਵਰਤ ਰਹੇ ਹਨ। ਬਿਜਲੀ ਦੇ ਬਿੱਲ ਅਤੇ ਟੈਲੀਫੂਨ ਦੇ ਬਿੱਲ ਵੀ ਹੁਣ ਮਨਰੇਗਾ ਫੰਡਾਂ ਚੋਂ ਹੀ ਭਰੇ ਜਾਂਦੇ ਹਨ। ਜਿਨ•ਾਂ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਸਕੀਮ ਬਣੀ ਹੈ, ਉਨ•ਾਂ ਦੀ ਸੁਖ ਸਹੂਲਤ ਲਈ ਕੋਈ ਰਾਸ਼ੀ ਖਰਚ ਨਹੀਂ ਕੀਤੀ ਜਾ ਰਹੀ ਹੈ। ਉਨ•ਾਂ ਦੀ ਸਿਹਤ ਸਹੂਲਤ 'ਤੇ ਵੀ ਟਾਵੀਂ ਰਾਸ਼ੀ ਹੀ ਖਰਚੀ ਗਈ ਹੈ।
                                               ਮਨਰੇਗਾ ਦਾ ਹੋਵੇਗਾ ਸਪੈਸ਼ਲ ਆਡਿਟ
ਪੰਜਾਬ ਸਰਕਾਰ ਵਲੋਂ ਹੁਣ ਮਨਰੇਗਾ ਸਕੀਮ ਦਾ ਸਪੈਸ਼ਲ ਆਡਿਟ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਅੰਦਰੂਨੀ ਪੜਤਾਲ ਸੰਸਥਾ (ਮਾਲ) ਨੇ ਵੱਖਰੀ ਸੂਚਨਾ ਵਿੱਚ ਦੱਸਿਆ ਹੈ ਕਿ ਮਨਰੇਗਾ ਸਕੀਮ ਦਾ ਸਾਲ 2005-06 ਤੋਂ 2009-10 ਤੱਕ ਦਾ ਸਪੈਸ਼ਲ ਆਡਿਟ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਸਰਕਾਰ ਤੱਕ ਵੀ ਇਹ ਗੱਲ ਪੁੱਜ ਗਈ ਹੈ ਜਿਸ ਕਰਕੇ ਸਪੈਸ਼ਲ ਆਡਿਟ ਦਾ ਫੈਸਲਾ ਕੀਤਾ ਗਿਆ ਹੈ। ਕਾਂਗਰਸ ਪਾਰਟੀ ਵਲੋਂ ਪਹਿਲਾਂ ਹੀ ਇਹ ਗੱਲ ਆਖੀ ਜਾ ਰਹੀ ਹੈ ਕਿ ਮਨਰੇਗਾ ਫੰਡਾਂ ਦੀ ਦੁਰਵਰਤੋਂ ਹੋ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਸਪੈਸ਼ਲ ਆਡਿਟ ਵਿੱਚ ਕੀ ਬਾਹਰ ਨਿਕਲ ਕੇ ਆਉਂਦਾ ਹੈ।
      

Friday, July 20, 2012

                                 ਯੂਰੇਨੀਅਮ
          ...ਹੁਣ ਕਿਥੋਂ ਲੱਭਾਂਗੇ ਜ਼ਿੰਦਗੀ
                              ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਬਠਿੰਡਾ ਦਾ ਪਿੰਡ ਦੁੱਲੇਵਾਲਾ ਪਹਿਲਾਂ ਹੜ੍ਹਾਂ ਨੇ ਉਜਾੜ ਦਿੱਤਾ ਸੀ। ਹੁਣ ਇਸ ਪਿੰਡ ਦੇ ਪਾਣੀ 'ਚ ਯੂਰੇਨੀਅਮ ਲੋੜੋਂ ਵੱਧ ਹੋਣ ਦੀ ਰਿਪੋਰਟ ਆਈ ਹੈ ਜਿਸ ਕਾਰਨ ਪਿੰਡ ਵਾਸੀ ਡਰੇ ਹੋਏ ਹਨ। ਏਦਾ ਦਾ ਡਰ ਜ਼ਿਲ੍ਹੇ ਦੇ ਕਰੀਬ ਹੋਰ ਇੱਕ ਦਰਜਨ ਪਿੰਡਾਂ 'ਚ ਬਣਿਆ ਹੋਇਆ ਹੈ। ਭਾਬਾ ਐਟਾਮਿਕ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਤਕਰੀਬਨ ਦਰਜਨ ਪਿੰਡਾਂ ਵਿੱਚ ਯੂਰੇਨੀਅਮ ਹੋਣ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਦਰਜਨਾਂ ਪਿੰਡ ਪਹਿਲਾਂ ਹੀ ਯੂਰੇਨੀਅਮ ਦੀ ਮਾਰ ਝੱਲ ਰਹੇ ਹਨ। ਪਹਿਲਾਂ ਯੂਰੇਨੀਅਮ ਦੀ ਜ਼ਿਆਦਾ ਮਾਰ ਕਪਾਹ ਪੱਟੀ ਤੱਕ ਸੀ ਅਤੇ ਹੁਣ ਝੋਨੇ ਵਾਲੇ ਇਲਾਕੇ ਵਿੱਚ ਵੀ ਯੂਰੇਨੀਅਮ ਹੋਣ ਦੀ ਗੱਲ ਉੱਭਰੀ ਹੈ। ਭਾਬਾ ਸੈਂਟਰ ਵੱਲੋਂ ਕਾਫੀ ਸਮਾਂ ਪਹਿਲਾਂ ਚਾਰ ਜ਼ਿਲ੍ਹਿਆਂ 'ਚੋਂ 235 ਨਮੂਨੇ ਲਏ ਗਏ ਸਨ। ਹੁਣ ਮੁੜ ਕਈ ਨਵੇਂ ਪਿੰਡਾਂ ਦੇ ਟਿਊਬਵੈੱਲਾਂ ਦੇ ਪਾਣੀਆਂ ਦੇ ਨਮੂਨੇ ਭਰੇ ਗਏ ਸਨ। ਜਨ ਸਿਹਤ ਵਿਭਾਗ ਵੱਲੋਂ 29 ਜੂਨ ਨੂੰ ਜੋ ਰਿਪੋਰਟ ਭੇਜੀ ਗਈ ਹੈ ਉਸ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ 43 ਪਿੰਡਾਂ 'ਚੋਂ ਪਾਣੀ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ 'ਚੋਂ 13 ਪਿੰਡਾਂ ਦੇ ਪਾਣੀ ਵਿੱਚ ਯੂਰੇਨੀਅਮ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ ਜ਼ਿਆਦਾ ਪਿੰਡ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕੇ ਦੇ ਹਨ।
            ਭਾਬਾ ਐਟਾਮਿਕ ਰਿਸਰਚ ਸੈਂਟਰ ਮੁੰਬਈ ਉਸ ਪਾਣੀ ਨੂੰ ਪੀਣਯੋਗ ਮੰਨਦਾ ਹੈ ਜਿਸ 'ਚ ਯੂਰੇਨੀਅਮ 60 ਪੀ.ਪੀ.ਬੀ (ਪਾਰਟਸ ਪਰ ਬਿਲੀਅਨ) ਤੱਕ ਹੁੰਦਾ ਹੈ ਜਦੋਂ ਕਿ ਵਿਸ਼ਵ ਸਿਹਤ ਸੰਸਥਾ 15 ਪੀ.ਪੀ.ਬੀ. ਵਾਲੇ ਪਾਣੀ ਨੂੰ ਯੋਗ ਮੰਨਦੀ ਹੈ। ਪਿੰਡ ਦੁੱਲੇਵਾਲਾ ਹੁਣ ਯੂਰੇਨੀਅਮ ਦੀ ਮਾਤਰਾ ਦੇ ਮਾਮਲੇ ਵਿੱਚ ਦਰਜਨਾਂ ਪਿੰਡਾਂ ਤੋਂ ਸਿਖਰ 'ਤੇ ਹੈ। ਇਸ ਪਿੰਡ ਦੇ ਧਰਤੀ ਹੇਠਲੇ ਪਾਣੀ ਵਿੱਚ 205 ਪੀ.ਪੀ.ਬੀ. ਯੂਰੇਨੀਅਮ ਪਾਇਆ ਗਿਆ ਹੈ ਜੋ ਕਿ ਆਮ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਤਿੰਨ ਹਜ਼ਾਰ ਦੀ ਆਬਾਦੀ ਵਾਲਾ ਇਹ ਪਿੰਡ ਸਾਲ 1955 'ਚ ਆਏ ਹੜ੍ਹਾਂ ਨੇ ਉਜਾੜ ਦਿੱਤਾ ਸੀ। ਲੋਕਾਂ ਨੇ ਟਿੱਬਿਆਂ 'ਤੇ ਆ ਕੇ ਨਵੇਂ ਸਿਰਿਓਂ ਪਿੰਡ ਵਸਾਇਆ ਸੀ। ਹੁਣ ਪਿੰਡ ਦੇ ਲੋਕ ਡਰ ਗਏ ਹਨ ਕਿ ਪਾਣੀ ਨੇ ਫਿਰ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਇਸ ਪਿੰਡ ਨੂੰ ਅੱਜ ਤੱਕ ਬੱਸ ਦੀ ਸਹੂਲਤ ਵੀ ਨਹੀਂ ਹੈ। ਪੰਚਾਇਤ ਮੈਂਬਰ ਦਲਜੀਤ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਵਿੱਚ ਕਾਲਾ ਸ਼ੋਰਾ ਹੈ ਅਤੇ ਨੌਜਵਾਨਾਂ ਨੂੰ ਵੀ ਗੋਡਿਆਂ ਦੇ ਦਰਦਾਂ ਅਤੇ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੈ। ਉਸ ਨੇ ਦੱਸਿਆ ਕਿ ਦੋ ਵਰ੍ਹਿਆਂ ਵਿੱਚ ਪਿੰਡ 'ਚ ਰੇਸ਼ਮ ਸਿੰਘ,ਗੁਰਬਖਸ਼ ਸਿੰਘ, ਸੁਖਮੰਦਰ ਸਿੰਘ, ਦੇਵ ਸਿੰਘ ਅਤੇ ਬਸੰਤ ਕੌਰ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਲੱਗੇ ਸਰਕਾਰੀ ਆਰ.ਓ. ਤੋਂ 120 ਘਰ ਪਾਣੀ ਲੈਂਦੇ ਹਨ। ਪੰਚਾਇਤ ਮੈਂਬਰ ਗਿਆਨ ਸਿੰਘ ਅਤੇ ਕਮਲਜੀਤ ਸਿੰਘ ਨੇ ਡਰ ਜ਼ਾਹਿਰ ਕਰਦਿਆਂ ਕਿਹਾ ਕਿ ਪਾਣੀਆਂ ਵਿੱਚ ਹੀ ਯੂਰੇਨੀਅਮ ਆ ਗਿਆ ਹੈ ਤਾਂ ਜ਼ਿੰਦਗੀ ਹੁਣ ਕਿਥੋਂ ਲੱਭਾਗੇ।
           ਦੂਜੇ ਨੰਬਰ 'ਤੇ ਜ਼ਿਲ੍ਹੇ ਦਾ ਪਿੰਡ ਗਿੱਦੜ ਹੈ ਜਿਥੇ ਪਾਣੀ ਵਿੱਚ 164 ਪੀ.ਪੀ.ਬੀ. ਯੂਰੇਨੀਅਮ ਪਾਇਆ ਗਿਆ ਹੈ। ਇਸ ਪਿੰਡ ਦੇ ਪਾਣੀ ਵਿੱਚ ਐਲੂਮੀਨੀਅਮ ਦੀ ਮਾਤਰਾ ਵੀ ਜ਼ਿਆਦਾ ਪਾਈ ਗਈ ਹੈ। ਪਿੰਡ ਗਿੱਦੜ ਇਸ ਗੱਲੋਂ ਮਸ਼ਹੂਰ ਹੈ ਕਿ ਇਥੋਂ ਦੇ ਲੋਕ ਸ਼ੇਰਾਂ ਵਰਗੇ ਹਨ ਅਤੇ ਛੇਤੀ ਕਿਤੇ ਇਨ੍ਹਾਂ ਨਾਲ ਕੋਈ ਪੰਗਾ ਨਹੀਂ ਲੈਂਦਾ ਹੈ। ਇਸ ਪਿੰਡ ਦੇ ਲੋਕ ਕਈ ਭ੍ਰਿਸ਼ਟ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਜੇਲ੍ਹ ਦਿਖਾ ਚੁੱਕੇ ਹਨ। ਇਸ ਪਿੰਡ ਵਿੱਚ 400 ਘਰ ਹਨ ਜਿਨ੍ਹਾਂ ਵਾਸਤੇ ਸਰਕਾਰ ਨੇ ਕੁਝ ਸਮਾਂ ਪਹਿਲਾਂ ਛੱਪੜ 'ਤੇ ਆਰ.ਓ. ਪਲਾਂਟ ਲਗਾਇਆ ਹੈ। ਇਸ ਪਿੰਡ ਦੇ ਵਸਨੀਕ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਦੇ ਸ਼ੇਰ ਦਿਲ ਲੋਕ ਉਂਜ ਤਾਂ ਝੁੱਕਣ ਵਾਲੇ ਨਹੀਂ ਹਨ ਪਰ ਯੂਰੇਨੀਅਮ ਦੀ ਮਾਰ ਝੱਲਣੀ ਮੁਸ਼ਕਲ ਹੈ। ਉਸ ਨੇ ਦੱਸਿਆ ਕਿ 10 ਸਾਲਾਂ ਵਿੱਚ ਦਰਜਨ ਦੇ ਕਰੀਬ ਕੈਂਸਰ ਨਾਲ ਮੌਤਾਂ ਹੋ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਪਿੰਡ ਦੇ ਜਲਘਰ ਦਾ ਪਾਣੀ ਵੀ ਬੇਕਾਰ ਹੈ।
              ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਬਲਾਕ ਫੂਲ ਦੇ ਸੱਤ ਪਿੰਡਾਂ ਦੇ ਪਾਣੀ ਵਿੱਚ ਸਭ ਤੋਂ ਜ਼ਿਆਦਾ ਯੂਰੇਨੀਅਮ ਹੈ। ਰਿਪੋਰਟ ਅਨੁਸਾਰ ਪਿੰਡ ਸਲਾਬਤਪੁਰਾ, ਸੇਮਾ, ਭੈਣੀ, ਗਿੱਦੜ, ਕਲਿਆਣਾ ਸੁੱਖਾ, ਪੱਤੀ ਕਰਮ ਚੰਦ ਮਹਿਰਾਜ, ਭਾਈਰੂਪਾ, ਦੁੱਲੇਵਾਲਾ, ਸੰਧੂ ਖੁਰਦ, ਢਪਾਲੀ, ਧਿੰਗੜ, ਪਿੱਥੋ ਅਤੇ ਘੜੈਲੀ ਦੇ ਪਾਣੀ ਵਿੱਚ ਯੂਰੇਨੀਅਮ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ। ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਾਈਕਾ, ਖੇਮੂਆਣਾ, ਬਦਿਆਲਾ ਦੇ ਪਾਣੀਆਂ ਵਿੱਚ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਇਸ ਤੋਂ ਪਹਿਲਾਂ ਹੀ ਪਿੰਡ ਜੱਜਲ 'ਚ 292.65 ਪੀ.ਪੀ.ਬੀ. ਯੂਰੇਨੀਅਮ ਪਾਇਆ ਗਿਆ ਸੀ। ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦੇ ਪਿੰਡ ਘੁੱਦਾ 'ਚ ਯੂਰੇਨੀਅਮ ਦੀ ਮਾਤਰਾ 165.85 ਪਾਈ ਗਈ ਸੀ ਜਦੋਂ ਕਿ ਪਿੰਡ ਗਿਆਨਾ 'ਚ ਵੀ ਯੂਰੇਨੀਅਮ ਦੀ ਮਾਤਰਾ 292 ਪੀ.ਪੀ.ਬੀ. ਪਾਈ ਗਈ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਬਠਿੰਡਾ ਥਰਮਲ ਦੇ ਆਸ ਪਾਸ ਤੋਂ ਪਿਛਲੇ ਸਮੇਂ 'ਚ ਧਰਤੀ ਹੇਠਲੇ ਪਾਣੀ ਦੇ 27 ਨਮੂਨੇ ਭਰੇ ਗਏ ਸਨ ਜਿਨ੍ਹਾਂ 'ਚ ਯੂਰੇਨੀਅਮ ਦੀ ਮਾਤਰਾ ਵੱਧ ਪਾਈ ਗਈ ਸੀ।ਇਸ ਬਾਰੇ ਜਨ ਸਿਹਤ ਵਿਭਾਗ ਦੇ ਨਿਗਰਾਨ ਇੰਜਨੀਅਰ ਰਜਨੀਸ਼ ਕੁਮਾਰ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਭਾਗ ਦੀ ਕੇਂਦਰੀ ਲੈਬਾਰਟਰੀ ਹੈ ਜਿਸ ਵੱਲੋਂ ਪਾਣੀ ਦੇ ਨਮੂਨੇ ਲਏ ਜਾਂਦੇ ਹਨ ਅਤੇ ਨਸ਼ਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਆਈ ਹੈ।

Monday, July 16, 2012

                                   ਉਲਟੀ ਗੰਗਾ
     ਜਾਨਵਰਾਂ ਵਲੋਂ ਮਨੁੱਖਾਂ ਲਈ 'ਬਲੀਦਾਨ'
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਹਜ਼ਾਰਾਂ ਡੱਡੂ ਅਤੇ ਖਰਗੋਸ਼ ਮਨੁੱਖਾਂ ਨੂੰ ਬਚਾਉਣ ਵਾਸਤੇ ਬਲੀਦਾਨ ਦਿੰਦੇ ਹਨ। ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਇਨ੍ਹਾਂ ਜਾਨਵਰਾਂ 'ਤੇ ਸਿਖਾਂਦਰੂ ਡਾਕਟਰ ਮੈਡੀਕਲ ਦੇ ਪ੍ਰਯੋਗ ਕਰਦੇ ਹਨ। ਪੰਜਾਬ ਦੇ ਇਕੱਲੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪਿਛਲੇ 11 ਵਰ੍ਹਿਆਂ ਵਿੱਚ 6656 ਜਾਨਵਰਾਂ ਨੇ ਮੈਡੀਕਲ ਖੋਜਾਂ ਵਾਸਤੇ ਆਪਣੀ ਜਾਨ ਦਿੱਤੀ, ਜਿਨ੍ਹਾਂ ਵਿੱਚ ਭੇਡਾਂ, ਚੂਹੇ, ਡੱਡੂ ਅਤੇ ਖਰਗੋਸ਼ ਸ਼ਾਮਲ ਹਨ। ਸਰਕਾਰੀ ਮੈਡੀਕਲ ਕਾਲਜਾਂ ਤੋਂ ਇਲਾਵਾ ਪ੍ਰਾਈਵੇਟ ਕਾਲਜਾਂ ਵਿੱਚ ਪ੍ਰਯੋਗ ਵਾਸਤੇ ਵਰਤੇ ਜਾਂਦੇ ਜਾਨਵਰਾਂ ਦੀ ਗਿਣਤੀ ਤਾਂ ਹੋਰ ਵੀ ਜ਼ਿਆਦਾ ਹੈ। ਸੂਚਨਾ ਦੇ ਅਧਿਕਾਰ ਤਹਿਤ ਮੈਡੀਕਲ ਕਾਲਜਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਮੈਡੀਕਲ ਕਾਲਜਾਂ ਵੱਲੋਂ ਇਹ ਜਾਨਵਰ ਪ੍ਰਾਈਵੇਟ ਪਾਰਟੀਆਂ ਤੋਂ ਹਰ ਵਰ੍ਹੇ ਖਰੀਦੇ ਜਾਂਦੇ ਹਨ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਅਪਰੈਲ 2001 ਤੋਂ ਹੁਣ ਤੱਕ 3543 ਜਾਨਵਰ ਮੈਡੀਕਲ ਖੋਜਾਂ ਅਤੇ ਨਵੇਂ ਡਾਕਟਰਾਂ ਦੇ ਪ੍ਰਯੋਗਾਂ ਵਾਸਤੇ ਖਰੀਦੇ ਗਏ। ਇਨ੍ਹਾਂ ਵਿੱਚ 3100 ਤਾਂ ਇਕੱਲੇ ਡੱਡੂ ਹੀ ਹਨ। ਇਨ੍ਹਾਂ ਵਰ੍ਹਿਆਂ ਵਿੱਚ 144 ਖਰਗੋਸ਼ ਖਰੀਦੇ ਗਏ। ਪੌਣੇ ਤਿੰਨ ਸੌ ਦੇ ਕਰੀਬ ਚੂਹਿਆਂ 'ਤੇ ਪ੍ਰਯੋਗ ਕੀਤੇ ਗਏ। ਇਸ ਕਾਲਜ ਵਿੱਚ ਹਰ ਵਰ੍ਹੇ ਔਸਤਨ 150 ਡੱਡੂਆਂ ਦੀ ਲੋੜ ਪੈਂਦੀ ਹੈ।
             ਇਸ ਸਰਕਾਰੀ ਕਾਲਜ ਵਿੱਚ 10 ਸਾਲ ਪਹਿਲਾਂ ਦੋ ਦਰਜਨ ਛੋਟੇ ਸੂਰ ਵੀ ਖਰੀਦੇ ਗਏ ਸਨ ਤਾਂ ਜੋ ਉਨ੍ਹਾਂ 'ਤੇ ਡਾਕਟਰੀ ਪ੍ਰਯੋਗ ਕੀਤੇ ਜਾ ਸਕਣ। ਸਰਕਾਰੀ ਕਾਲਜਾਂ ਵੱਲੋਂ ਇਹ ਜਾਨਵਰ ਵੱਖ ਵੱਖ ਫਰਮਾਂ ਤੋਂ ਸਮੇਂ ਸਮੇਂ 'ਤੇ ਖਰੀਦੇ ਗਏ। ਇਨ੍ਹਾਂ ਜਾਨਵਰਾਂ ਦਾ ਹਿਸਾਬ-ਕਿਤਾਬ ਫਰਮਾਕੋਲੋਜੀ ਵਿਭਾਗ ਵੱਲੋਂ ਰੱਖਿਆ ਜਾਂਦਾ ਹੈ। ਏਦਾਂ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਪਿਛਲੇ 11 ਵਰ੍ਹਿਆਂ ਵਿੱਚ 2750 ਦੇ ਕਰੀਬ ਜਾਨਵਰਾਂ ਨੂੰ ਪ੍ਰਯੋਗਾਂ ਵਾਸਤੇ ਵਰਤਿਆ ਗਿਆ। ਕਾਲਜਾਂ ਵੱਲੋਂ ਇਹ ਤਾਂ ਦੱਸਿਆ ਗਿਆ ਹੈ ਕਿ ਏਨੇ ਜਾਨਵਰ ਖਰੀਦੇ ਗਏ ਹਨ ਪਰ ਉਨ੍ਹਾਂ ਦੀ ਮੌਤ ਬਾਰੇ ਕੁੱਝ ਨਹੀਂ ਦੱਸਿਆ ਗਿਆ। ਇਸ ਕਾਲਜ ਦੇ ਐਨੀਮਲ ਹਾਊਸ ਵਿੱਚ ਦੋ        ਭੇਡਾਂ ਹਨ, ਜਿਨ੍ਹਾਂ 'ਤੇ ਪ੍ਰਤੀ ਦਿਨ 10 ਰੁਪਏ ਦਾ ਪੱਠਿਆਂ ਦਾ ਖਰਚਾ ਕੀਤਾ ਜਾਂਦਾ ਹੈ। ਸੂਚਨਾ ਅਨੁਸਾਰ ਇਸ ਕਾਲਜ ਦੇ ਫਿਜ਼ਿਆਲੋਜੀ ਵਿਭਾਗ ਵਿੱਚ ਵਿਦਿਆਰਥੀਆਂ ਦੀ ਪ੍ਰਯੋਗ ਕਲਾਸ ਲਈ ਇਕ ਸਾਲ ਵਿੱਚ 250 ਦੇ ਕਰੀਬ ਡੱਡੂ ਵਰਤੇ ਜਾਂਦੇ ਹਨ, ਜੋ ਕਾਲਜ ਵੱਲੋਂ ਅੰਮ੍ਰਿਤਸਰ ਦੀ ਫਰਮ ਕੇ.ਐਲ. ਮਲਿਕ ਤੋਂ ਖਰੀਦੇ ਜਾਂਦੇ ਹਨ। ਕਾਲਜ ਵੱਲੋਂ ਇਕ ਡੱਡੂ ਦੀ ਕੀਮਤ 25 ਰੁਪਏ ਤਾਰੀ ਜਾਂਦੀ ਹੈ ਅਤੇ ਹਰ ਸਾਲ 6250 ਰੁਪਏ ਇਕੱਲੇ ਡੱਡੂਆਂ 'ਤੇ ਖਰਚਿਆ ਜਾਂਦਾ ਹੈ।                                                                ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਦੇ ਪ੍ਰਯੋਗ ਕਲਾਸ ਵਾਸਤੇ ਹਰ ਸਾਲ 25 ਡੱਡੂ ਅਤੇ 8 ਖ਼ਰਗੋਸ਼ਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਦੀ ਖਰੀਦ ਕਾਲਜ ਵੱਲੋਂ ਲੋਕਲ ਸਪਲਾਇਰ ਤੋਂ ਕੀਤੀ ਜਾਂਦੀ ਹੈ। ਕਾਲਜ ਦੇ ਮਾਇਕਰੋਬਾਇਓਲੋਜੀ ਵਿਭਾਗ ਨੇ ਦੱਸਿਆ ਕਿ ਜੋ ਖਰਗੋਸ਼ ਪ੍ਰਯੋਗ ਵਾਸਤੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਮਾਰਿਆ ਨਹੀਂ ਜਾਂਦਾ। ਵਿਭਾਗ ਨੇ ਦੱਸਿਆ ਕਿ ਵਿਭਾਗ ਵਿੱਚ ਇਕ ਭੇਡ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਖ਼ਰਗੋਸ਼ਾਂ ਤੇ ਗੁਲੂਕੋਜ਼ ਬਣਾਉਣ ਸਬੰਧੀ ਟੈਸਟ ਵਗੈਰਾ ਕੀਤੇ ਜਾਂਦੇ ਹਨ। ਪੰਜਾਬ ਵਿੱਚ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਵੀ ਜਾਨਵਰਾਂ ਦੀ ਵਰਤੋਂ ਹੁੰਦੀ ਹੈ। ਕਾਲਜ ਅਧਿਆਪਕਾਂ ਦਾ ਕਹਿਣਾ ਹੈ ਕਿ ਕਿਸੇ ਜਾਨਵਰ ਨੂੰ ਮਾਰਿਆ ਨਹੀਂ ਜਾਂਦਾ। ਸੂਤਰ ਦੱਸਦੇ ਹਨ ਕਿ ਬਹੁਤੇ ਜਾਨਵਰ ਤਾਂ ਆਪਣੀ ਜਾਨ ਗੁਆ ਬੈਠਦੇ ਹਨ। ਜਾਨਵਰਾਂ 'ਤੇ ਜਦੋਂ ਮੈਡੀਕਲ ਤਜਰਬੇ ਹੁੰਦੇ ਹਨ ਤਾਂ ਤਕਰੀਬਨ ਸਾਰੇ ਜਾਨਵਰ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤੇ ਜਾਨਵਰ ਮੌਕੇ 'ਤੇ ਨਹੀਂ ਮਰਦੇ ਹਨ।
                                               ਹਰ ਸਾਲ 1145 ਨਵੇਂ ਡਾਕਟਰ ਬਣਦੇ ਹਨ
ਪੰਜਾਬ ਵਿੱਚ ਇਸ ਵੇਲੇ 10 ਮੈਡੀਕਲ ਕਾਲਜ ਹਨ, ਜਿਨ੍ਹਾਂ ਵਿੱਚੋਂ ਤਿੰਨ ਸਰਕਾਰੀ ਕਾਲਜ ਹਨ, ਜਦੋਂ ਕਿ 7 ਪ੍ਰਾਈਵੇਟ ਕਾਲਜ ਹਨ। ਇਨ੍ਹਾਂ ਮੈਡੀਕਲ ਕਾਲਜਾਂ ਵਿੱਚੋਂ ਹਰ ਸਾਲ 1145 ਨਵੇਂ ਡਾਕਟਰ ਬਣਦੇ ਹਨ। ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਆਉਂਦੇ ਮੈਡੀਕਲ ਕਾਲਜਾਂ ਵਿੱਚ 1070 ਸੀਟਾਂ ਹਨ। ਸਰਕਾਰੀ ਮੈਡੀਕਲ ਕਾਲਜਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਕਾਲਜਾਂ ਵਿੱਚ ਹਰ ਸਾਲ 350 ਨਵੇਂ ਡਾਕਟਰ ਬਣਦੇ ਹਨ। ਫ਼ਰੀਦਕੋਟ ਕਾਲਜ ਵਿੱਚ 50 ਸੀਟਾਂ ਅਤੇ ਅੰਮ੍ਰਿਤਸਰ ਤੇ ਪਟਿਆਲਾ ਦੇ ਮੈਡੀਕਲ ਕਾਲਜ ਵਿੱਚ ਡੇਢ-ਡੇਢ ਸੌ ਸੀਟਾਂ ਹਨ। ਸੀ.ਐਮ.ਸੀ. ਦੀਆਂ 75 ਸੀਟਾਂ ਵੱਖਰੀਆਂ ਹਨ। ਇਨ੍ਹਾਂ 1145 ਡਾਕਟਰਾਂ ਨੂੰ ਡਾਕਟਰੀ ਸਿਖਾਉਣ ਵਿੱਚ ਇਨ੍ਹਾਂ ਜਾਨਵਰਾਂ ਦੀ ਵੀ ਵੱਡੀ ਭੂਮਿਕਾ ਹੈ।

Sunday, July 15, 2012


                                                                                             
               ਸ਼ੇਰ ਦਿਲ ਪੰਜਾਬੀ
  ਗਿੱਦੜਾਂ ਨੂੰ ਗੋਦ ਲੈਣ ਤੋਂ ਡਰੇ...
                ਚਰਨਜੀਤ ਭੁੱਲਰ
ਬਠਿੰਡਾ : ਕੋਈ ਵੀ ਪੰਜਾਬੀ ਗਿੱਦੜ ਨੂੰ ਗੋਦ ਲੈਣ ਨੂੰ ਤਿਆਰ ਨਹੀਂ ਹੈ। ਨਾ ਏਦਾਂ ਦਾ ਕੋਈ ਪੰਜਾਬੀ ਹੈ, ਜੋ ਸ਼ੇਰ ਨੂੰ ਗੋਦ ਲੈਣ ਲਈ ਤਿਆਰ ਹੋਵੇ। ਕਹਿ ਲਓ ਕਿ ਲੋਕਾਂ ਦੀ ਨਜ਼ਰ ਵਿੱਚ ਗਧੇ ਘੋੜੇ ਦਾ ਇੱਕੋ ਮੁੱਲ ਹੈ। ਜੰਗਲੀ ਜੀਵ ਰੱਖਿਆ ਮਹਿਕਮੇ ਦੀ ਨਿਗ੍ਹਾ ਵਿੱਚ ਸਭ ਜਾਨਵਰਾਂ ਦਾ ਮੁੱਲ ਵੱਖੋ ਵੱਖਰਾ ਹੈ। ਜੰਗਲੀ ਜੀਵ ਰੱਖਿਆ ਵਿਭਾਗ ਦੀ ਜਾਨਵਰਾਂ ਨੂੰ ਅਡਾਪਟ (ਗੋਦ) ਦੇਣ ਦੀ ਸਕੀਮ ਫੇਲ੍ਹ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਅਡਾਪਸ਼ਨ ਸਕੀਮ ਬਣਾਈ ਗਈ ਸੀ, ਜਿਸ ਤਹਿਤ ਚਿੜੀਆਘਰਾਂ ਦੇ ਜਾਨਵਰਾਂ ਦੇ ਗੋਦ ਲੈਣ ਦੇ ਪ੍ਰਤੀ ਮਹੀਨਾ ਅਤੇ ਸਲਾਨਾ ਦੇ ਮੁੱਲ ਤੈਅ ਕੀਤੇ ਹੋਏ ਹਨ। ਲੋਕਾਂ ਦਾ ਜਾਨਵਰਾਂ ਪ੍ਰਤੀ ਲਗਾਓ ਵਧਾਉਣ ਲਈ ਅਤੇ ਸਰਕਾਰੀ ਖਰਚੇ ਘਟਾਉਣ ਲਈ ਇਹ ਅਡਾਪਸ਼ਨ ਸਕੀਮ ਤਿਆਰ ਕੀਤੀ ਗਈ ਸੀ। ਕੋਈ ਵੀ ਵਿਅਕਤੀ ਆਪਣੇ ਮਨਪਸੰਦ ਦਾ ਜਾਨਵਰ ਪ੍ਰਤੀ ਮਹੀਨਾ ਨਿਸ਼ਚਿਤ ਪੈਸਾ ਦੇ ਕੇ ਅਡਾਪਟ (ਗੋਦ) ਲੈ ਸਕਦਾ ਹੈ। ਛੱਤਬੀੜ, ਲੁਧਿਆਣਾ ਅਤੇ ਪਟਿਆਲਾ ਵਿਖੇ ਬਹੁਤ ਥੋੜ੍ਹੇ ਲੋਕਾਂ ਨੇ ਸ਼ੁਰੂ ਵਿੱਚ ਜਾਨਵਰਾਂ ਨੂੰ ਗੋਦ ਲੈਣ ਵਿੱਚ ਦਿਲਚਸਪੀ ਦਿਖਾਈ। ਮਗਰੋਂ ਲੋਕਾਂ ਦਾ ਰੁਚੀ ਘਟ ਗਈ। ਬਠਿੰਡਾ ਦੇ ਬੀੜ ਤਲਾਬ ਹਿਰਨ ਪਾਰਕ ਵਿੱਚ ਅੱਜ ਤੱਕ ਕਿਸੇ ਵੀ ਵਿਅਕਤੀ ਨੇ ਕੋਈ ਜਾਨਵਰ ਗੋਦ ਨਹੀਂ ਲਿਆ। ਜੰਗਲੀ ਜੀਵ ਰੱਖਿਆ ਮਹਿਕਮੇ ਨੇ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਕੋਈ ਰੁਚੀ ਨਹੀਂ ਦਿਖਾਈ।
       ਜੰਗਲੀ ਜੀਵ ਰੱਖਿਆ ਮਹਿਕਮੇ ਨੇ ਬਾਕਾਇਦਾ ਜਾਨਵਰਾਂ ਨੂੰ ਗੋਦ ਲੈਣ ਦੇ 34 ਤਰ੍ਹਾਂ ਦੇ ਜਾਨਵਰਾਂ ਦਾ ਮੁੱਲ ਤੈਅ ਕੀਤੇ ਹਨ। ਭਾਰਤੀ ਸ਼ੇਰ ਨੂੰ ਗੋਦ ਲੈਣ ਦੀ ਰਾਸ਼ੀ 84 ਹਜ਼ਾਰ ਰੁਪਏ ਸਲਾਨਾ ਹੈ, ਜਦੋਂ ਕਿ ਗਿੱਦੜ ਨੂੰ ਗੋਦ ਲੈਣ ਦਾ ਮੁੱਲ ਸਲਾਨਾ 29500 ਰੁਪਏ ਹੈ। ਸਭ ਤੋਂ ਮਹਿੰਗਾ ਮੁੱਲ ਹਾਥੀ ਦਾ 2.09 ਲੱਖ ਰੁਪਏ ਸਾਲਾਨਾ ਹੈ ਅਤੇ ਦਰਿਆਈ ਘੋੜੇ ਦਾ ਗੋਦ ਲੈਣ ਦਾ ਮੁੱਲ ਸਾਲਾਨਾ 1.39 ਲੱਖ ਰੁਪਏ ਹੈ। ਚੀਤੇ ਦਾ ਮੁੱਲ 37200 ਰੁਪਏ ਅਤੇ ਹਿਰਨ ਦਾ ਗੋਦ ਲੈਣ ਦਾ ਮੁੱਲ 12600 ਰੁਪਏ ਸਾਲਾਨਾ ਹੈ। ਜੇ ਕੋਈ ਬਾਂਦਰ ਨੂੰ ਗੋਦ ਲੈਣਾ ਚਾਹੇ ਤਾਂ ਉਸ ਨੂੰ 15300 ਰੁਪਏ ਸਾਲਾਨਾ ਦੇਣੇ ਪੈਣਗੇ। ਏਦਾਂ ਹੀ ਜੰਗਲੀ ਮੱਝ ਨੂੰ ਗੋਦ ਲੈਣ ਦੀ ਰਾਸ਼ੀ 40700 ਰੁਪਏ ਸਾਲਾਨਾ ਹੈ, ਜਦੋਂ ਕਿ ਮਗਰਮੱਛ ਅਡਾਪਟ ਕਰਨ ਦੀ ਰਾਸ਼ੀ ਸਲਾਨਾ 46300 ਰੁਪਏ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ 14 ਤਰ੍ਹਾਂ ਦੇ ਪੰਛੀਆਂ ਨੂੰ ਅਡਾਪਟ ਕਰਨ ਦੀ ਰਾਸ਼ੀ ਲਿਖੀ ਹੋਈ ਹੈ। ਕੌਮੀ ਪੰਛੀ ਮੋਰ ਨੂੰ ਗੋਦ ਲੈਣ ਦੀ ਰਾਸ਼ੀ 2800 ਰੁਪਏ ਸਾਲਾਨਾ ਅਤੇ ਤੋਤੇ ਨੂੰ ਗੋਦ ਲੈਣ ਲਈ ਸਾਲਾਨਾ 4500 ਰੁਪਏ ਦੇਣੇ ਪੈਣਗੇ। ਇਵੇਂ ਹੀ  ਤਿੱਤਰ ਦਾ ਮੁੱਲ 1000 ਰੁਪਏ, ਕਬੂਤਰ ਦਾ 400 ਰੁਪਏ, ਬੱਤਖ ਦਾ 1600 ਰੁਪਏ, ਕੱਛੂਕੁੰਮੇ ਦਾ 8200 ਰੁਪਏ, ਈਮੂ ਦਾ 53400 ਰੁਪਏ ਅਤੇ ਉੱਲੂ ਦਾ 8100 ਰੁਪਏ ਸਾਲਾਨਾ ਗੋਦ ਲੈਣ ਦਾ ਮੁੱਲ ਹੈ।
        ਬਠਿੰਡਾ ਦੇ ਹਿਰਨ ਪਾਰਕ ਵਿੱਚ 200 ਤੋਂ ਜ਼ਿਆਦਾ ਜਾਨਵਰ ਹਨ ਅਤੇ ਇਹ 32 ਏਕੜ ਵਿੱਚ ਹੈ। ਇਥੇ ਜਾਨਵਰਾਂ ਦੇ 15 ਵਲਗਣ ਹਨ। ਇੱਥੇ ਕਾਲੇ ਹਿਰਨ ਵੀ ਕਾਫੀ ਗਿਣਤੀ ਵਿੱਚ ਹਨ। ਅੱਜ ਤੱਕ ਇਸ ਹਿਰਨ ਪਾਰਕ ਵਿੱਚ ਕਿਸੇ ਨੇ ਵੀ ਕੋਈ ਜਾਨਵਰ ਅਡਾਪਟ ਨਹੀਂ ਕੀਤਾ। ਜ਼ਿਲ੍ਹਾ ਜੰਗਲਾਤ ਅਫਸਰ ਬਠਿੰਡਾ ਕੇ.ਕੰਨਨ ਦਾ ਕਹਿਣਾ ਸੀ ਕਿ ਅਸਲ ਵਿੱਚ ਲੋਕਾਂ ਦਾ ਜਾਨਵਰਾਂ ਪ੍ਰਤੀ ਬਹੁਤਾ ਪਿਆਰ ਨਹੀਂ ਹੈ, ਜਿਸ ਕਰਕੇ ਮਹਿਕਮੇ ਦੀ ਅਡਾਪਸ਼ਨ ਸਕੀਮ ਨੂੰ ਹੁੰਗਾਰਾ ਨਹੀਂ ਮਿਲ ਰਿਹਾ। ਸੂਚਨਾ ਅਨੁਸਾਰ ਲੁਧਿਆਣਾ ਦੇ ਨੀਲੋ ਵਿਖੇ ਹਿਰਨ ਪਾਰਕ ਵਿੱਚ ਜਾਨਵਰਾਂ ਅਤੇ ਪੰਛੀਆਂ ਦੀਆਂ ਕਰੀਬ 10 ਨਸਲਾਂ ਹਨ, ਜਿਨ੍ਹਾਂ ਵਿੱਚ ਕਿਸੇ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ। ਲੁਧਿਆਣਾ ਚਿੜੀਆਘਰ ਵਿੱਚ ਪੰਜ ਸ਼ੇਰਾਂ ਤੋਂ ਬਿਨਾਂ ਪੰਛੀਆਂ ਦੀਆਂ 6 ਅਤੇ ਜਾਨਵਰਾਂ ਦੀਆਂ 9 ਹੋਰ ਨਸਲਾਂ ਹਨ।
        ਜ਼ਿਲ੍ਹਾ ਜੰਗਲਾਤ ਅਫਸਰ ਲੁਧਿਆਣਾ ਦਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਸ਼ੁਰੂ ਵਿੱਚ ਤਾਂ ਕੁਝ ਲੋਕਾਂ ਨੇ ਜਾਨਵਰ ਥੋੜ੍ਹੇ ਸਮੇਂ ਵਾਸਤੇ ਅਡਾਪਟ ਕੀਤੇ ਸਨ ਪਰ ਹੁਣ ਬਹੁਤ ਅਡਾਪਸ਼ਨ ਹੋ ਨਹੀਂ ਰਹੀ ਹੈ। ਬਹੁਤੇ ਲੋਕਾਂ ਵੱਲੋਂ ਰੁਚੀ ਨਹੀਂ ਦਿਖਾਈ ਗਈ। ਪਟਿਆਲਾ ਦੇ ਪੰਛੀ ਘਰ ਨੂੰ ਵੀ ਇਹੋ ਜੇਹਾ ਹੀ ਹੁੰਗਾਰਾ ਮਿਲਿਆ ਹੈ। ਪਤਾ ਲਗਿੱਆ ਹੈ ਕਿ ਛੱਤਬੀੜ ਵਿਖੇ ਕੁਝ ਲੋਕਾਂ ਨੇ ਥੋੜ੍ਹੇ ਸਮੇਂ ਲਈ ਕੁਝ ਜਾਨਵਰ ਅਤੇ ਪੰਛੀ ਅਡਾਪਟ ਕੀਤੇ ਸਨ। ਜ਼ਿਆਦਾ ਥਾਵਾਂ 'ਤੇ ਜਾਨਵਰ ਗੋਦ ਹੀ ਨਹੀਂ ਲਏ ਗਏ। ਪੀਪਲਜ਼ ਫਾਰ ਐਨੀਮਲਜ਼ ਸੰਸਥਾ ਦੇ ਪ੍ਰਧਾਨ ਗੌਰਵ ਗੋਇਲ ਦਾ ਕਹਿਣਾ ਸੀ ਕਿ ਪੰਜਾਬੀ ਲੋਕ ਜਾਨਵਰ ਅਤੇ ਪੰਛੀ ਪ੍ਰੇਮੀ ਤਾਂ ਹਨ ਪਰ ਜੀਵ ਰੱਖਿਆ ਮਹਿਕਮੇ ਨੇ ਮੁਢਲੇ ਪੜਾਅ 'ਤੇ ਹੀ ਜਾਨਵਰਾਂ ਨੂੰ ਗੋਦ ਲੈਣ ਦਾ ਮੁੱਲ ਕਾਫੀ ਜ਼ਿਆਦਾ ਰੱਖ ਦਿੱਤਾ ਹੈ, ਜਿਸ ਕਰਕੇ ਇਸ ਸਕੀਮ ਨੂੰ ਹੁੰਗਾਰਾ ਨਹੀਂ ਮਿਲ ਰਿਹਾ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਜਾਨਵਰਾਂ ਨਾਲ ਜੋੜਨ ਵਾਸਤੇ ਇਨ੍ਹਾਂ ਦਰਾਂ ਨੂੰ ਘਟਾਇਆ ਜਾਵੇ। ਉਨ੍ਹਾਂ ਆਖਿਆ ਕਿ ਸ਼ੁਰੂ ਵਿੱਚ ਇਹ ਦਰਾਂ ਘੱਟ ਰੱਖਣੀਆਂ ਪੈਣਗੀਆਂ।
                          ਗੋਦ ਲੈਣ ਦੀ ਸਕੀਮ ਕੀ ਹੈ ?
ਜੀਵ ਰੱਖਿਆ ਮਹਿਕਮੇ ਦੀ ਅਡਾਪਸ਼ਨ ਸਕੀਮ ਮੁਤਾਬਿਕ ਕੋਈ ਵੀ ਵਿਅਕਤੀ ਜਾਂ ਸੰਸਥਾ ਪੰਜਾਬ ਦੇ ਚਿੜੀਆ ਘਰਾਂ ਵਿਚਲੇ ਕਿਸੇ ਵੀ ਜਾਨਵਰ ਜਾਂ ਪੰਛੀ ਨੂੰ ਗੋਦ ਲੈ ਸਕਦੀ ਹੈ। ਬਦਲੇ ਵਿੱਚ ਉਸ ਵਿਅਕਤੀ ਜਾਂ ਸੰਸਥਾ ਨੂੰ ਮਹੀਨਾਵਾਰ/ਸਲਾਨਾ ਜਾਨਵਰ ਦੀ ਖੁਰਾਕ ਅਤੇ ਅਵਾਸ ਦਾ ਖਰਚਾ ਦੇਣਾ ਪਵੇਗਾ। ਗੋਦ ਲਏ ਜਾਨਵਰ ਦੇ ਪਿੰਜਰੇ ਦੇ ਅੱਗੇ ਗੋਦ ਲੈਣ ਵਾਲੇ ਵਿਅਕਤੀ ਦਾ ਨਾਮ ਵੀ ਲਿਖਿਆ ਜਾਵੇਗਾ। ਜੋ ਵੀ ਵਿਅਕਤੀ ਕਿਸੇ ਜਾਨਵਰ ਜਾਂ ਪੰਛੀ ਨੂੰ ਗੋਦ ਲਵੇਗਾ, ਉਸ ਨੂੰ ਪੰਜਾਬ ਦੇ ਚਿੜੀਆ ਘਰਾਂ ਵਿੱਚ ਸਾਲ ਵਿੱਚ ਚਾਰ ਦਫਾ ਪ੍ਰਵਾਰ ਸਮੇਤ ਸੈਰ ਕਰਨ ਦੇ ਮੁਫਤ ਪਾਸ ਜਾਰੀ ਕੀਤੇ ਜਾਣਗੇ। ਅਗਰ ਕੋਈ ਪੰਛੀ ਗੋਦ ਲੈਣਾ ਚਾਹੁੰਦੇ ਹੈ ਤਾਂ ਉਸ ਨੂੰ ਘੱਟੋ ਘੱਟ ਪੰਜ ਪੰਛੀ ਗੋਦ ਲੈਣੇ ਲਾਜ਼ਮੀ ਹਨ।

Friday, July 13, 2012

                               ਕੇਂਦਰੀ ਫਿਟਕਾਰ
                  ਭੁੱਲ ਜਾਓ ਕਰਜ਼ਾ ਮੁਆਫੀ
                                ਚਰਨਜੀਤ ਭੁੱਲਰ
ਬਠਿੰਡਾ  : ਕੇਂਦਰ ਸਰਕਾਰ ਨੇ ਪੰਜਾਬ ਦਾ ਛੋਟੀਆਂ ਬੱਚਤਾਂ ਦਾ 22 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਤੋਂ ਨਾਂਹ ਕਰ ਦਿੱਤੀ ਹੈ। ਨਾਲੋਂ ਨਾਲ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਖਰੀਆਂ ਖਰੀਆਂ ਵੀ ਸੁਣਾ ਦਿੱਤੀਆਂ ਹਨ। ਕੇਂਦਰੀ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਪਾਏ ਜਾਂਦੇ 'ਕੇਂਦਰੀ ਵਿਤਕਰੇ' ਦੇ ਰੌਲੇ ਦਾ ਜੁਆਬ ਵੀ ਦਿਤਾ ਹੈ। ਪੰਜਾਬ ਸਰਕਾਰ ਇਸ ਵੇਲੇ ਕਰਜ਼ੇ ਦੇ ਜਾਲ 'ਚ ਬੁਰੀ ਤਰ•ਾਂ ਫਸੀ ਹੋਈ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ 23 ਅਪਰੈਲ 2012 ਨੂੰ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਨੰਬਰ ਡੀ.ਐਫ.ਆਰ.ਈ1-ਐਫ.ਡੀ-1/2/2010/88 ਲਿਖਿਆ ਸੀ ਜਿਸ ਵਿੱਚ ਕੇਂਦਰੀ ਵਿੱਤ ਮੰਤਰਾਲੇ ਤੋਂ ਛੋਟੀਆਂ ਬੱਚਤਾਂ ਦੇ 22 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਮੁਆਫੀ ਦੀ ਮੰਗ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਆਪਣੀ ਕਮਜ਼ੋਰ ਮਾਲੀ ਸਥਿਤੀ ਦਾ ਹਾਲ ਵੀ ਬਿਆਨ ਕੀਤਾ ਸੀ। ਮੁੱਖ ਮੰਤਰੀ ਨੇ ਇਸ ਪੱਤਰ 'ਚ ਬਿਆਨ ਕੀਤਾ ਕਿ ਪੰਜਾਬ ਸਰਕਾਰ ਸਿਰ 31 ਮਾਰਚ 2012 ਤੱਕ 77585 ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਦਾ ਸਲਾਨਾ 6500 ਰੁਪਏ ਕਰੋੜ ਰੁਪਏ ਵਿਆਜ਼ ਹੀ ਬਣਦਾ ਹੈ। ਪੰਜਾਬ ਸਰਕਾਰ ਨੇ 13ਵੇਂ ਵਿੱਤ ਕਮਿਸ਼ਨ ਵਲੋਂ ਕਰਜ਼ਾ ਮੁਆਫੀ ਵਾਲੀ ਬਣਾਈ ਕਮੇਟੀ ਕੋਲ ਪਹਿਲਾਂ ਹੀ ਕਰਜ਼ਾ ਮੁਆਫੀ ਵਾਸਤੇ ਆਪਣੇ ਕੇਸ਼ ਭੇਜਿਆ ਹੋਇਆ ਹੈ।
          ਕੇਂਦਰੀ ਵਿੱਤ ਮੰਤਰਾਲੇ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ ਨੰਬਰ 49(1) ਪੀ.ਐਫ-1/2012 'ਚ ਮਿਤੀ 28 ਜੂਨ 2012 ਨੂੰ ਸੂਚਨਾ ਭੇਜੀ ਹੈ, ਉਸ 'ਚ ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫੀ ਲਈ ਲਿਖੇ ਪੱਤਰਾਂ ਦੀ ਕਾਪੀ ਵੀ ਦਿਤੀ ਗਈ ਹੈ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਹੈ ਕਿ ਸਾਲ 1986 ਵਿੱਚ ਪੰਜਾਬ ਦੀ ਆਮਦਨ ਜਿਆਦਾ ਅਤੇ ਖਰਚੇ ਘੱਟ ਸਨ। ਅੱਤਵਾਦ ਕਾਰਨ ਸੁਰੱਖਿਆ ਤੇ ਜਿਆਦਾ ਖਰਚਾ ਕਰਨਾ ਪਿਆ ਤੇ ਨਤੀਜੇ ਵਜੋਂ ਪੰਜਾਬ ਦੀ ਵਿੱਤੀ ਸਥਿਤੀ ਵਿਗੜ ਗਈ। ਗੁਆਂਢੀ ਰਾਜਾਂ ਨੂੰ ਸਾਲ 2000-01 ਵਿੱਚ ਟੈਕਸ ਛੋਟਾਂ ਦੇਣ ਕਰਕੇ ਪੰਜਾਬ ਦੀ ਸਨਅਤ ਵੀ ਪਛੜ ਗਈ। ਕੇਂਦਰੀ ਵਿੱਤ ਮੰਤਰੀ ਨੇ 22 ਜੂਨ 2012 ਨੂੰ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਛੋਟੀਆਂ ਬੱਚਤਾਂ ਦਾ 22 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤਰਕ ਦਿੱਤਾ ਗਿਆ ਹੈ ਕਿ ਛੋਟੀਆਂ ਬੱਚਤਾਂ ਦਾ ਪੈਸਾ ਅਸਲ ਵਿੱਚ ਜਮ•ਾ ਕਰਤਾਵਾਂ ਦਾ ਹੈ ਅਤੇ ਕੇਂਦਰ ਸਰਕਾਰ ਤਾਂ ਸਿਰਫ ਇਸ ਦੀ ਗਰੰਟਰ ਹੈ। ਇਸ ਦਾ ਨਾ ਮੂਲ ਅਤੇ ਨਾ ਹੀ ਵਿਆਜ ਮੁਆਫ ਕੀਤਾ ਜਾ ਸਕਦਾ ਹੈ। ਕੇਂਦਰ ਨੇ ਆਖਿਆ ਹੈ ਕਿ ਛੋਟੀਆਂ ਬੱਚਤਾਂ ਦੇ ਕਰਜ਼ੇ ਦੀ ਵਿਆਜ ਦਰ 9.5 ਫੀਸਦੀ ਤੋਂ ਘਟਾ ਕੇ 9 ਫੀਸਦੀ ਕਰਕੇ ਪੰਜਾਬ ਸਰਕਾਰ ਨੂੰ ਸਾਲ 2011-12 ਵਿੱਚ 78.43 ਕਰੋੜ ਦੀ ਰਾਹਤ ਦਿੱਤੀ ਗਈ ਹੈ।
           ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਚੇਤੇ ਕਰਾਇਆ ਹੈ ਕਿ ਕੇਂਦਰ ਸਰਕਾਰ ਨੇ ਸਾਲ 2011-12 ਵਿੱਚ ਵੱਖ ਵੱਖ ਕੇਂਦਰੀ ਮੰਤਰਾਲਿਆਂ ਰਾਹੀਂ ਬਤੌਰ ਕੇਂਦਰੀ ਸਹਾਇਤਾ ਪੰਜਾਬ ਸਰਕਾਰ ਨੂੰ 7864.57 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਜੋ ਕਿ ਸਾਲ 2010-11 ਦੇ ਮੁਕਾਬਲੇ 14 ਫੀਸਦੀ ਜਿਆਦਾ ਹੈ। ਏਦਾ ਹੀ 13ਵੇਂ ਵਿੱਤ ਕਮਿਸ਼ਨ ਵਲੋਂ ਪੰਜਾਬ ਲਈ ਪੰਜ ਸਾਲਾਂ ਵਾਸਤੇ 25686 ਰੁਪਏ ਐਲੋਕੇਟ ਕੀਤੇ ਗਏ ਹਨ ਜੋ ਕਿ 12ਵੇਂ ਵਿੱਤ ਕਮਿਸ਼ਨ ਵਲੋਂ ਐਲੋਕੇਟ ਕੀਤੀ ਰਾਸ਼ੀ ਨਾਲੋਂ 99.36 ਫੀਸਦੀ ਜਿਆਦਾ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਾਲ 2011-12 ਦੌਰਾਨ ਕਰਜ਼ਾ ਦੇਣ ਦੀ ਸੀਮਾ 8923 ਕਰੋੜ ਰੁਪਏ ਦੀ ਰੱਖੀ ਸੀ ਜੋ ਕਿ ਸਾਲ 2010-11 ਨਾਲੋਂ 35 ਫੀਸਦੀ ਜਿਆਦਾ ਸੀ। ਇਸ ਤੋਂ ਬਿਨ•ਾਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੋਰ ਕਰਜ਼ੇ ਚੁੱਕਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਸੀ। ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2011-12 ਵਿੱਚ 11360 ਕਰੋੜ ਰੁਪਏ ਦਾ ਉਧਾਰ ਕਰਜ਼ਾ ਚੁੱਕਿਆ ਜਦੋਂ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ 11134 ਕਰੋੜ ਰੁਪਏ ਦੇ ਕਰਜ਼ੇ ਵਾਸਤੇ ਸਹਿਮਤੀ ਦਿੱਤੀ ਸੀ। ਇਹ ਵੀ ਯਾਦ ਕਰਾਇਆ ਗਿਆ ਹੈ ਕਿ ਸਾਲ 2012-13 ਲਈ ਕਰਜ਼ੇ ਦੀ ਸੀਮਾ 9586 ਕਰੋੜ ਰੁਪਏ ਰੱਖੀ ਗਈ ਹੈ ਜੋ ਕਿ ਸਾਲ 2011-12 ਨਾਲੋਂ 7.43 ਫੀਸਦੀ ਜਿਆਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਬੈਕਵਰਡ ਰਿਜ਼ਨ ਗਰਾਂਟ ਫੰਡ ਚੋਂ ਪਿਛਲੇ ਤਿੰਨ ਵਰਿ•ਆਂ ਵਿੱਚ ਪੰਜਾਬ ਦੇ ਇੱਕ ਜ਼ਿਲ•ੇ ਨੂੰ 45.80 ਕਰੋੜ ਰੁਪਏ ਜਾਰੀ ਕੀਤੇ ਹਨ। ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਦੀ ਟੇਕ ਤਾਂ ਹੁਣ ਕੇਂਦਰ ਸਰਕਾਰ ਵਲੋਂ ਕਰਜ਼ਾ ਮੁਆਫੀ ਵਾਸਤੇ ਬਣਾਈ ਕਮੇਟੀ 'ਤੇ ਹੀ ਹੈ ਜਿਸ ਵਲੋਂ ਤਿੰਨ ਰਾਜਾਂ ਦਾ ਮਾਮਲਾ ਵਿਚਾਰਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਆਪਣੀ ਗੱਡੀ ਕਰਜ਼ੇ ਸਹਾਰੇ ਹੀ ਚਲਾਈ ਜਾ ਰਹੀ ਹੈ।
                                                 ਪੰਜਾਬ ਦਾ 969 ਕਰੋੜ ਦਾ ਕਰਜ਼ਾ ਮੁਆਫ
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦਾ ਸਾਲ 2005-06 ਤੋਂ ਸਾਲ 2009-10 ਦੌਰਾਨ 969.92 ਕਰੋੜ ਰੁਪਏ ਦਾ ਕਰਜ਼ਾ ਮੁਆਫ ਵੀ ਕੀਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦਾ ਵੱਖਰਾ 3067.75 ਕਰੋੜ ਰੁਪਏ ਦਾ ਕਰਜ਼ਾ ਕਨਸੋਲੀਡੇਟ ਕੀਤਾ ਸੀ। ਜਿਸ ਚੋਂ ਕੇਂਦਰ ਨੇ ਪੰਜਾਬ ਨੂੰ 370.70 ਕਰੋੜ ਰੁਪਏ ਕਰਜ਼ਾ ਮੁਆਫੀ ਅਤੇ 599.22 ਕਰੋੜ ਰੁਪਏ ਦੀ ਵਿਆਜ ਮੁਆਫੀ ਦਿੱਤੀ ਹੈ। ਇਨ•ਾਂ ਉਕਤ ਪੰਜ ਵਰਿ•ਆਂ 'ਚ ਕੇਂਦਰ ਸਰਕਾਰ ਨੇ 28 ਸੂਬਿਆਂ ਨੂੰ 19725 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਅਤੇ 18688 ਕਰੋੜ ਰੁਪਏ ਦੀ ਵਿਆਜ ਮੁਆਫੀ ਦਿਤੀ ਹੈ। ਹਰਿਆਣਾ ਨੂੰ 585 ਕਰੋੜ ਦੀ,ਹਿਮਾਚਲ ਪ੍ਰਦੇਸ਼ ਨੂੰ 273 ਕਰੋੜ ਦੀ ਅਤੇ ਰਾਜਸਥਾਨ ਨੂੰ 1811 ਕਰੋੜ ਰੁਪਏ ਦੀ ਮੁਆਫੀ ਦਿੱਤੀ ਗਈ ਹੈ। ਸਭ ਤੋਂ ਜਿਆਦਾ ਮੁਆਫੀ ਆਂਧਰਾ ਪ੍ਰਦੇਸ਼ ਨੂੰ 5107 ਕਰੋੜ ਰੁਪਏ ਦੀ ਦਿੱਤੀ ਗਈ ਹੈ।
         

Wednesday, July 11, 2012

                                          ਕੈਂਸਰ ਰਾਹਤ ਫੰਡ
                             ਪ੍ਰਧਾਨ ਜੀ, ਏਦਾ ਨਾ ਕਰੋ !
                                            ਚਰਨਜੀਤ ਭੁੱਲਰ
ਬਠਿੰਡਾ : ਦੱਖਣੀ ਪੰਜਾਬ ਦੇ ਕੈਂਸਰ ਪੀੜਤਾਂ ਦੇ ਜ਼ਖ਼ਮਾਂ 'ਤੇ ਸ਼੍ਰੋਮਣੀ ਕਮੇਟੀ ਦਾ 'ਕੈਂਸਰ ਰਾਹਤ ਫੰਡ' ਮੱਲ੍ਹਮ ਨਹੀਂ ਲਾ ਸਕਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਰਾਹਤ ਫੰਡ ਦੀ ਰਕਮ ਆਪਣੇ ਜ਼ਿਲ੍ਹੇ ਲੁਧਿਆਣਾ 'ਚ ਹੀ ਵੰਡੀ ਜਾ ਰਹੀ ਹੈ ਜਦੋਂ ਕਿ ਬਾਕੀ ਪੰਜਾਬ ਦੇ ਕੈਂਸਰ ਮਰੀਜ਼ ਇਸ ਵਿੱਤੀ ਮਦਦ ਤੋਂ ਵਾਂਝੇ ਹੋ ਗਏ ਹਨ। ਕੈਂਸਰ ਭਾਰਤ ਫੰਡ ਵਿਚੋਂ ਕਰੀਬ ਡੇਢ ਮਹੀਨੇ 'ਚ 140 ਕੈਂਸਰ ਪੀੜਤਾਂ ਨੂੰ ਸਹਾਇਤਾ ਦਿੱਤੀ ਗਈ ਜਿਸ 'ਚੋਂ 72 ਕੈਂਸਰ ਪੀੜਤ ਇਕੱਲੇ ਜ਼ਿਲ੍ਹਾ ਲੁਧਿਆਣਾ ਦੇ ਹਨ। ਸ਼੍ਰੋਮਣੀ ਕਮੇਟੀ ਦੇ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ 5 ਅਪਰੈਲ ਤੋਂ 16 ਮਈ 2012 ਤਕ 'ਕੈਂਸਰ ਰਾਹਤ ਫੰਡ' 'ਚ ਮਰੀਜ਼ਾਂ ਦੇ ਇਲਾਜ ਵਾਸਤੇ 31.62 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਜਿਸ 'ਚੋਂ 15.30 ਲੱਖ ਰੁਪਏ ਦੀ ਇਕੱਲੇ ਜ਼ਿਲ੍ਹਾ ਲੁਧਿਆਣਾ ਵਿਚ ਦਿੱਤੇ ਗਏ। ਇਹ ਤੱਥ ਕਿਸੇ ਤੋਂ ਭੁੱਲਿਆ ਨਹੀਂ ਹੈ ਕਿ ਕੈਂਸਰ ਦੀ ਵੱਡੀ ਮਾਰ ਦੱਖਣੀ ਪੰਜਾਬ ਨੂੰ ਝੱਲਣੀ ਪੈ ਰਹੀ ਹੈ। ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਆਦਿ ਜ਼ਿਲ੍ਹਿਆਂ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸੇ ਕਰਕੇ ਬੀਕਾਨੇਰ ਜਾਣ ਵਾਲੀ ਰੇਲਗੱਡੀ ਨੂੰ ਕੈਂਸਰ ਐਕਸਪ੍ਰੈਸ ਵਜੋਂ ਜਾਣਿਆ ਜਾਂਦਾ ਹੈ। ਲੁਧਿਆਣਾ ਜ਼ਿਲ੍ਹੇ ਵਿਚ ਇਸ ਲਾਇਲਾਜ ਮਰਜ਼ ਦੇ ਮਰੀਜ਼ ਮੁਕਾਬਲਤਨ ਘੱਟ ਹਨ।
             ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਮਰੀਜ਼ਾਂ ਦੀ ਮਦਦ ਵਾਸਤੇ ਰਾਹਤ ਫੰਡ ਕੁਝ ਕੁ ਮਹੀਨੇ ਪਹਿਲਾਂ ਸਥਾਪਿਤ ਕੀਤਾ ਗਿਆ। ਇਸ ਫੰਡ ਲਈ ਦੇਸ਼-ਵਿਦੇਸ਼ 'ਚੋਂ ਵਿੱਤੀ ਮਦਦ ਵੀ ਮਿਲ ਰਹੀ ਹੈ। ਇਹੋ ਫੰਡ ਅੱਗੇ ਕੈਂਸਰ ਮਰੀਜ਼ਾਂ ਨੂੰ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸਿਫਾਰਸ਼ 'ਤੇ ਪ੍ਰਧਾਨ ਵੱਲੋਂ ਕੈਂਸਰ ਰਾਹਤ ਫੰਡ 'ਚੋਂ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਹਰ ਬਿਨੈਕਾਰ ਮਰੀਜ਼ ਨੂੰ 20 ਹਜ਼ਾਰ ਤੋਂ 50 ਹਜ਼ਾਰ ਤਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਵੈੱਬਸਾਈਟ ਮੁਤਾਬਕ ਡੇਢ ਮਹੀਨੇ 'ਚ ਵੰਡੇ 31.62  ਲੱਖ ਰੁਪਏ ਵਿਚੋਂ ਹਰਿਆਣਾ ਦੇ ਦੋ, ਹਿਮਾਚਲ ਪ੍ਰਦੇਸ਼ ਦੇ ਇਕ ਅਤੇ ਮੱਧ ਪ੍ਰਦੇਸ਼ ਦੇ ਇਕ ਕੈਂਸਰ ਮਰੀਜ਼ ਨੂੰ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਬਾਕੀ ਰਕਮ ਪੰਜਾਬ ਵਿਚ ਹੀ ਵੰਡੀ ਗਈ ਪਰ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਸਾਬੋ ਦੇ ਤਿੰਨ ਕੈਂਸਰ ਮਰੀਜ਼ਾਂ ਨੂੰ 20-20 ਹਜ਼ਾਰ ਰੁਪਏ ਦੀ ਵਿੱਤੀ ਮਦਦ ਮਿਲੀ ਹੈ ਜਦੋਂ ਕਿ ਜ਼ਿਲ੍ਹਾ ਮਾਨਸਾ ਦੇ ਦੋ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਮਦਦ ਜਾਰੀ ਕੀਤੀ ਗਈ। ਜ਼ਿਲ੍ਹਾ ਬਰਨਾਲਾ ਦਾ ਅੰਕੜਾ ਵੀ ਦੋ ਹੈ ਜਦੋਂਕਿ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਇਕ ਇਕ ਕੈਂਸਰ ਮਰੀਜ਼ ਦੇ ਹਿੱਸੇ ਸ਼੍ਰੋਮਣੀ ਕਮੇਟੀ ਦੀ ਵਿੱਤੀ ਮਦਦ ਆਈ ਹੈ।
            ਦੂਜੇ ਸ਼ਬਦਾਂ ਵਿਚ ਕੈਂਸਰ ਦੀ ਮਾਰ ਝੱਲਣ ਵਾਲੇ ਅੱਧੀ ਦਰਜਨ ਜ਼ਿਲ੍ਹਿਆਂ ਦੇ ਸਿਰਫ 11 ਮਰੀਜ਼ਾਂ ਨੂੰ ਹੀ ਸ਼੍ਰੋਮਣੀ ਕਮੇਟੀ ਨੇ ਮਾਲੀ ਮਦਦ ਦਿੱਤੀ। ਦੂਜੇ ਪਾਸੇ ਜ਼ਿਲ੍ਹਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਸਭ ਤੋਂ ਜ਼ਿਆਦਾ ਕੈਂਸਰ ਮਰੀਜ਼ਾਂ ਨੂੰ ਸ਼੍ਰੋਮਣੀ ਕਮੇਟੀ ਨੇ ਵਿੱਤੀ ਮਦਦ ਦਿੱਤੀ ਹੈ।ਇਸ ਸਬੰਧ ਵਿੱਚ ਬਠਿੰਡਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਸੁਖਦੇਵ ਸਿੰਘ ਬਾਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਤਕ ਕਿਸੇ ਮਰੀਜ਼ ਨੇ ਹਾਲੇ ਤਕ ਪਹੁੰਚ ਨਹੀਂ ਕੀਤੀ ਕਿਉਂਕਿ ਬਹੁਤੇ ਮਰੀਜ਼ ਸ਼੍ਰੋਮਣੀ ਕਮੇਟੀ ਤਰਫੋਂ ਦਿੱਤੀ ਜਾਣ ਵਾਲੀ ਰਕਮ ਨੂੰ ਥੋੜ੍ਹਾ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਅਖਤਿਆਰੀ ਫੰਡਾਂ 'ਚੋਂ ਕੁਝ ਰਕਮ ਹੁਣ 'ਕੈਂਸਰ ਰਾਹਤ ਫੰਡ' ਵਿਚ ਯੋਗਦਾਨ ਦੇ ਰੂਪ ਵਿਚ ਪਾਉਂਦੇ ਹਨ। ਉਂਜ ਵੀ, ਬਹੁਤੇ ਲੋਕਾਂ ਨੂੰ ਇਸ ਰਾਹਤ ਫੰਡ ਬਾਰੇ ਜਾਣਕਾਰੀ ਨਹੀਂ ਹੈ।
                                                      ਕੋਈ ਵਿਤਕਰਾ ਨਹੀਂ: ਮੱਕੜ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਸੀ ਕਿ ਕੈਂਸਰ ਰਾਹਤ ਫੰਡ ਵੰਡਣ ਵਿਚ ਕਿਸੇ ਵੀ ਜ਼ਿਲ੍ਹੇ ਜਾਂ ਇਲਾਕੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਜੋ ਵਿਅਕਤੀ ਵੀ ਅਰਜ਼ੀ ਦਿੰਦਾ ਹੈ, ਉਸ ਨੂੰ ਰਾਹਤ ਫੰਡ 'ਚੋਂ ਵਿੱਤੀ ਮਦਦ ਦਿੱਤੀ ਜਾਂਦੀ ਹੈ ਭਾਵੇਂ ਉਹ ਕਿਸੇ ਵੀ ਧਰਮ ਜਾਂ ਇਲਾਕੇ ਦਾ ਕਿਉਂ ਨਾ ਹੋਵੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿਚ ਕੈਂਸਰ ਰੋਗੀਆਂ ਦੀ ਬਹੁਤਾਤ ਹੈ, ਜਿਸ ਕਰਕੇ ਉਥੋਂ ਦੇ ਲੋਕ ਵਿੱਤੀ ਮਦਦ ਵਾਸਤੇ ਵੱਧ ਅਪਲਾਈ ਕਰਦੇ ਆਏ ਹਨ। ਬਾਕੀ ਇਲਾਕਿਆਂ ਦੇ ਲੋਕ ਸ਼੍ਰੋਮਣੀ ਕਮੇਟੀ ਕੋਲ ਇਸ ਤਰ੍ਹਾਂ ਪਹੁੰਚ ਨਹੀਂ ਕਰ ਰਹੇ। ਉਨ੍ਹਾਂ ਆਖਿਆ ਕਿ ਸਮਾਜ ਸੇਵਾ ਦੇ ਮਕਸਦ ਨਾਲ ਸ਼੍ਰੋਮਣੀ ਕਮੇਟੀ ਨੇ ਕੈਂਸਰ ਰਾਹਤ ਫੰਡ ਸਥਾਪਤ ਕੀਤਾ ਹੈ। ਮਰੀਜ਼ ਦਰਖਾਸਤ ਸਿੱਧੀ ਵੀ ਸ਼੍ਰੋਮਣੀ ਕਮੇਟੀ ਨੂੰ ਭੇਜ ਸਕਦਾ ਹੈ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਾਹੀਂ ਵੀ। ਮਰੀਜ਼ ਨਾਲ ਧਾਰਮਿਕ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਹ ਫੰਡ ਮਹਿਜ਼ ਸਿੱਖ ਭਾਈਚਾਰੇ ਲਈ ਨਹੀਂ, ਸਾਰੇ ਧਰਮਾਂ ਦੇ ਕੈਂਸਰ ਪੀੜਤਾਂ ਦੀ ਮਦਦ ਲਈ ਹੈ।

Sunday, July 8, 2012

                               ਸਰਕਾਰੀ 'ਮਿਹਰ'
      ਹਸਪਤਾਲਾਂ ਵਿੱਚ ਕੈਦੀਆਂ ਦੀਆਂ ਮੌਜਾਂ
                                ਚਰਨਜੀਤ ਭੁੱਲਰ
ਬਠਿੰਡਾ : ਵੀ.ਆਈ.ਪੀ. ਕੈਦੀ ਜੇਲ੍ਹਾਂ ਦੀ ਥਾਂ ਹੁਣ ਹਸਪਤਾਲਾਂ 'ਚ ਜਾਂਦੇ ਹਨ। ਜੇਲ੍ਹਾਂ 'ਚ ਇਨ੍ਹਾਂ ਦੀ ਦਿਲ ਦੀ ਧੜਕਣ ਵਧਦੀ ਹੈ। ਨਤੀਜੇ ਵਜੋਂ ਇਨ੍ਹਾਂ ਨੂੰ ਫੌਰੀ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਸੈਂਕੜੇ ਹਵਾਲਾਤੀ ਹਨ ਜੋ 48 ਘੰਟਿਆਂ 'ਚ ਜੇਲ੍ਹ 'ਚੋਂ ਹਸਪਤਾਲ ਪਹੁੰਚ ਜਾਂਦੇ ਹਨ। ਜਦੋਂ ਜੇਲ੍ਹਾਂ ਤੋਂ ਇਸ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਪਾਸਾ ਵੱਟ ਲਿਆ। ਆਖਰ ਤਿੰਨ ਚਾਰ ਜੇਲ੍ਹਾਂ ਨੇ ਜੋ ਵੇਰਵੇ ਭੇਜੇ ਹਨ, ਉਸ ਤੋਂ ਇਹ ਖੁਲਾਸਾ ਹੋਇਆ ਹੈ। ਕੇਂਦਰੀ ਜੇਲ੍ਹ ਬਠਿੰਡਾ ਨੇ ਇਹ ਮਾਮਲਾ ਨੰਗਾ ਹੋਣ ਦੇ ਡਰੋਂ ਸੂਚਨਾ ਦੇਣ ਤੋਂ ਟਾਲਾ ਵੱਟ ਲਿਆ ਕਿਉਂਕਿ ਕਈ ਵਰ੍ਹਿਆਂ ਤੋਂ ਵੀ. ਆਈ. ਪੀ. ਕੈਦੀਆਂ ਨੇ ਹਸਪਤਾਲਾਂ ਵਿੱਜ ਮੌਜਾਂ ਲੁੱਟੀਆਂ ਹਨ। ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਵਿਧਾਇਕ ਬੀਬੀ ਜਗੀਰ ਕੌਰ ਨੂੰ ਵੀ ਫੌਰੀ ਜੇਲ੍ਹ ਅੰਦਰਲੇ ਹਸਪਤਾਲ ਵਿੱਚ ਦਾਖਲ ਕਰਨਾ ਪਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਜੋ ਸੂਚਨਾ ਦਿੱਤੀ ਗਈ ਹੈ,ਉਸ ਅਨੁਸਾਰ ਬੀਬੀ ਜਗੀਰ ਕੌਰ ਨੇ ਘਬਰਾਹਟ ਅਤੇ ਸਾਹ ਰੁਕਣ ਦੀ ਤਕਲੀਫ ਦੱਸੀ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। 31 ਮਾਰਚ ਨੂੰ ਜਦੋਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ  ਗਿਆ ਤਾਂ ਉਹ 160/110 ਸੀ।
           ਜ਼ਿਲ੍ਹਾ ਜੇਲ੍ਹ ਸੰਗਰੂਰ ਵੱਲੋਂ 7 ਵਰ੍ਹਿਆਂ ਦੀ ਸੂਚਨਾ ਦਿੱਤੀ ਗਈ ਹੈ। ਉਸ ਅਨੁਸਾਰ ਇਸ ਜੇਲ੍ਹ 'ਚ ਨਵੇਂ ਆਏ 98 ਹਵਾਲਾਤੀਆਂ ਅਤੇ ਕੈਦੀਆਂ ਨੂੰ 48 ਘੰਟੇ ਦੇ ਅੰਦਰ ਅੰਦਰ ਜੇਲ੍ਹ ਤੋਂ ਬਾਹਰ ਹਸਪਤਾਲ ਭੇਜ ਦਿੱਤਾ ਗਿਆ। ਭਾਵੇਂ ਇਨ੍ਹਾਂ 'ਚ ਬਹੁਤੇ ਆਮ ਹਵਾਲਾਤੀ ਵੀ ਸੀ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜੇਲ੍ਹ ਵਿੱਚ ਦਾਖਲ ਹੁੰਦੇ ਹੀ ਵੱਧ ਗਿਆ ਪਰ ਫਿਰ ਵੀ ਵੀ.ਆਈ.ਪੀ. ਬੰਦੀ ਜ਼ਿਆਦਾ ਸਨ। ਜੇਲ੍ਹ ਦੇ ਡਾਕਟਰਾਂ ਵੱਲੋਂ ਇਨ੍ਹਾਂ ਬੰਦੀਆਂ ਨੂੰ ਜੇਲ੍ਹ ਦੇ ਬਾਹਰ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਅਤੇ ਫਿਰ ਬਹੁਤੇ ਹਵਾਲਾਤੀ ਉਦੋਂ ਹੀ ਹਸਪਤਾਲ 'ਚੋਂ ਆਏ ਜਦੋਂ ਉਨ੍ਹਾਂ ਨੂੰ ਅਦਾਲਤਾਂ ਨੇ ਜ਼ਮਾਨਤ ਦੇ ਦਿੱਤੀ। ਸਾਲ 2011 ਵਿੱਚ ਇਸ ਜੇਲ੍ਹ ਵਿੱਚ ਅੱਠ ਬੰਦੀ ਅਜਿਹੇ ਆਏ ਜਿਨ੍ਹਾਂ ਨੂੰ 48 ਘੰਟਿਆਂ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਇਲਾਜ ਖਾਤਰ ਜੇਲੋਂ ਬਾਹਰ ਹਸਪਤਾਲ ਵਿੱਚ ਭੇਜ ਦਿੱਤਾ। ਸਾਲ 2010 ਵਿੱਚ 13 ਬੰਦੀਆਂ ਨੂੰ 48 ਘੰਟਿਆਂ ਵਿੱਚ ਹਸਪਤਾਲ ਭੇਜ ਦਿੱਤਾ ਗਿਆ। ਬੰਦੀ ਮਹਿੰਦਰ ਸਿੰਘ ਸੰਗਰੂਰ ਜੇਲ੍ਹ ਵਿੱਚ 17 ਸਤੰਬਰ,2011 ਨੂੰ ਆਇਆ ਅਤੇ ਉਸ ਦਿਨ ਹੀ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਉਹ ਕਰੀਬ ਦੋ ਮਹੀਨੇ ਹਸਪਤਾਲ ਵਿੱਚ ਹੀ ਰਿਹਾ। ਬੰਦੀ ਰਛਪਾਲ ਸਿੰਘ ਵੀ ਕਰੀਬ ਇੱਕ ਮਹੀਨਾ ਹਸਪਤਾਲ ਵਿੱਚ ਹੀ ਰਿਹਾ।
           ਫਰੀਦਕੋਟ ਦੀ ਜੇਲ੍ਹ ਦੇ ਦੋ ਡਾਕਟਰਾਂ ਨੂੰ ਤਾਂ ਇਸ ਮਾਮਲੇ ਵਿੱਚ ਪੁਲੀਸ ਕੇਸ ਦਾ ਸਾਹਮਣਾ ਵੀ ਕਰਨਾ ਪਿਆ ਹੈ। ਜ਼ਿਲ੍ਹਾ ਅਦਾਲਤ ਦੇ ਹੁਕਮਾਂ 'ਤੇ ਪੁਲੀਸ ਨੇ ਜਦੋਂ ਪੜਤਾਲ ਕੀਤੀ ਤਾਂ ਦੋ ਡਾਕਟਰਾਂ ਦੀ ਮਿਲੀਭੁਗਤ ਨਾਲ ਇੱਕ ਕੈਦੀ ਨੂੰ ਹਸਪਤਾਲ ਰੱਖਣ ਦਾ ਮਾਮਲਾ ਸਾਹਮਣੇ ਆਇਆ। ਕਈ ਜੇਲ੍ਹਾਂ ਵਿੱਚ ਜੇਲ੍ਹ ਅੰਦਰਲੇ ਡਾਕਟਰ ਬੰਦੀਆਂ ਨਾਲ ਮਿਲੀਭੁਗਤ ਕਰਕੇ ਉਨ੍ਹਾਂ ਨੂੰ ਮਾੜੀ ਮੋਟੀ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ 'ਚੋਂ ਬਾਹਰ ਹਸਪਤਾਲ ਵਿੱਚ ਭੇਜ ਦਿੰਦੇ ਹਨ। ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿੱਚ 7 ਵਰ੍ਹਿਆਂ ਦੌਰਾਨ 45 ਅਜਿਹੇ ਵੀ.ਆਈ.ਪੀ. ਬੰਦੀ ਆਏ ਜੋ ਜੇਲ੍ਹ ਅੰਦਰ ਪੈਰ ਰੱਖਣ ਤੋਂ ਪਹਿਲਾਂ ਹੀ ਹਸਪਤਾਲ ਪਹੁੰਚ ਗਏ। ਬੰਦੀ ਰਣਧੀਰ ਸਿੰਘ ਜੇਲ੍ਹ ਵਿੱਚ 5 ਅਗਸਤ ਨੂੰ ਆਇਆ ਸੀ ਅਤੇ ਉਸ ਦਿਨ ਹੀ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ।ਗਤਾਰ ਸਿੰਘ ਨੂੰ ਜੇਲ੍ਹ ਪੁੱਜਣ ਮਗਰੋਂ ਉਸੇ ਦਿਨ ਹੀ ਹਸਪਤਾਲ ਲਈ ਰੈਫਰ ਕਰ ਦਿੱਤਾ। ਹੁਸ਼ਿਆਰਪੁਰ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਬੰਦੀ ਵਿਨੋਦ ਕੁਮਾਰ ਨੂੰ ਵੀ ਜੇਲ੍ਹ ਪੁੱਜਣ ਮਗਰੋਂ ਉਸੇ ਦਿਨ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਸਾਲ 2010 ਵਿੱਚ ਇਸ ਜੇਲ੍ਹ ਵਿੱਚ 11 ਕੈਦੀ/ਹਵਾਲਾਤੀ 48 ਘੰਟਿਆਂ ਦੇ ਅੰਦਰ ਅੰਦਰ ਹਸਪਤਾਲ ਲਈ ਰੈਫਰ ਹੋਏ ਹਨ। ਸੂਤਰਾਂ ਮੁਤਾਬਕ ਬਹੁਤੇ ਬੰਦੀ ਸੱਚਮੁਚ ਹੀ ਜੇਲ੍ਹ ਦੇ ਡਰੋਂ ਘਬਰਾਹਟ ਵਿੱਚ ਆ ਜਾਂਦੇ ਹਨ ਪਰ ਬਹੁਤੇ ਪਹੁੰਚ ਵਾਲੇ ਕੈਦੀ ਹੀ ਹਸਪਤਾਲ ਪੁੱਜਦੇ ਹਨ।
           ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫੜੇ ਗਏ ਬਹੁਤੇ ਅਫ਼ਸਰ ਅਤੇ ਸਿਆਸੀ ਆਗੂ ਵੀ ਜੇਲ੍ਹਾਂ ਦੀ ਥਾਂ ਹਸਪਤਾਲ ਹੀ ਰਹੇ ਹਨ। ਕੈਪਟਨ ਹਕੂਮਤ ਸਮੇਂ ਏਦਾ ਕਾਫੀ ਚੱਲਦਾ ਰਿਹਾ ਹੈ। ਬੋਰਸਟਲ ਜੇਲ੍ਹ ਲੁਧਿਆਣਾ ਨੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਵੱਲੋਂ 48 ਘੰਟਿਆਂ ਦੇ ਅੰਦਰ ਅੰਦਰ ਕੋਈ ਬੰਦੀ ਹਸਪਤਾਲ ਨਹੀਂ ਭੇਜਿਆ ਗਿਆ। ਕੇਂਦਰੀ ਜੇਲ੍ਹ ਗੁਰਦਾਸਪਰ ਨੇ ਵੀ ਇਸ ਮਾਮਲੇ ਵਿੱਚ ਸੂਚਨਾ ਨਿਲ ਹੀ ਦਿੱਤੀ ਹੈ। ਹੋਰ ਕੇਂਦਰੀ ਜੇਲ੍ਹਾਂ ਜਿਨ੍ਹਾਂ ਵਿੱਚ ਇਹ ਵਰਤਾਰਾ ਚੱਲਦਾ ਰਿਹਾ ਹੈ, ਉਨ੍ਹਾਂ ਨੇ ਸੂਚਨਾ ਦੇਣ ਤੋਂ ਪਾਸਾ ਵੱਟ ਲਿਆ ਹੈ। ਸੂਤਰਾਂ ਮੁਤਾਬਕ ਜੇਲ੍ਹਾਂ ਵਿੱਚ ਜਾਂਦੇ ਆਮ ਮੁਲਜ਼ਮਾਂ ਨੂੰ ਤਾਂ ਜੇਲ੍ਹ ਹਸਪਤਾਲ ਵਿੱਚ ਵੀ ਦਾਖਲ ਨਹੀਂ ਕੀਤਾ ਜਾਂਦਾ ਅਤੇ ਕਈ ਕੈਦੀ ਇਲਾਜ ਖੁਣੋਂ ਹੀ ਦਮ ਤੋੜ ਜਾਂਦੇ ਹਨ। ਜੇਲ੍ਹ ਡਾਕਟਰਾਂ ਦਾ ਪੱਖ ਹੈ ਕਿ ਸਿਰਫ ਉਨ੍ਹਾਂ ਬੰਦੀਆਂ ਨੂੰ ਹੀ ਹਸਪਤਾਲ ਲਈ ਰੈਫਰ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਹੁੰਦੀ ਹੈ।

Saturday, July 7, 2012

                                   ਢਲਦਾ ਪ੍ਰਛਾਵਾਂ
                 ਗ਼ੈਰਹਾਜ਼ਰੀ ਹੀ ਸਜ਼ਾ ਹੋ ਗਈ…
                                  ਚਰਨਜੀਤ ਭੁੱਲਰ
ਬਠਿੰਡਾ : ਮਾਲਵੇ ਦੇ ਹਜ਼ਾਰਾਂ ਬਜ਼ੁਰਗਾਂ ਨੂੰ 'ਗ਼ੈਰਹਾਜ਼ਰ' ਹੋਣ ਦੀ ਸਜ਼ਾ ਮਿਲ ਗਈ ਹੈ। ਇਨ੍ਹਾਂ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਕੱਟ ਦਿੱਤੀ ਗਈ ਹੈ ਕਿਉਂਕਿ ਉਹ ਬੁਢਾਪਾ ਪੈਨਸ਼ਨਾਂ ਦੀ ਪੜਤਾਲ 'ਚੋਂ ਗ਼ੈਰਹਾਜ਼ਰ ਰਹੇ ਹਨ। ਹੁਣ ਇਨ੍ਹਾਂ ਬਜ਼ੁਰਗਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਸਕੇਗੀ। ਬੁਢਾਪਾ ਪੈਨਸ਼ਨ ਪੜਤਾਲ ਦੌਰਾਨ ਗ਼ੈਰਹਾਜ਼ਰ ਰਹਿਣ ਵਾਲੇ ਮਾਲਵੇ ਦੇ ਪੰਜ ਜ਼ਿਲ੍ਹਿਆਂ ਦੇ ਬਜ਼ੁਰਗਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਬਣਦੀ ਹੈ ਜਿਨ੍ਹਾਂ ਦੀ ਪੈਨਸ਼ਨ ਕੱਟੀ ਗਈ ਹੈ। ਇਨ੍ਹਾਂ ਨੂੰ ਹੁਣ ਪੈਨਸ਼ਨ ਵਾਸਤੇ ਨਵੇਂ ਸਿਰਿਓਂ ਅਪਲਾਈ ਕਰਨਾ ਪਵੇਗਾ। ਏਦਾ ਹੀ ਜੋ ਅਯੋਗ ਲਾਭਪਾਤਰੀ ਪਾਏ ਗਏ ਹਨ, ਉਹ ਆਪਣੇ ਕੇਸ 'ਤੇ ਮੁੜ ਵਿਚਾਰ ਲਈ ਦਰਖਾਸਤ ਨਹੀਂ ਦੇ ਸਕਣਗੇ, ਉਨ੍ਹਾਂ ਨੂੰ ਵੀ ਆਪਣੀ ਯੋਗਤਾ ਸਿੱਧ ਕਰਨ ਵਾਸਤੇ ਨਵੇਂ ਸਿਰਿਓ ਅਪਲਾਈ ਕਰਨਾ ਪਵੇਗਾ।ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ, ਮਾਨਸਾ, ਮੁਕਤਸਰ, ਬਰਨਾਲਾ ਅਤੇ ਸੰਗਰੂਰ ਦੇ 25 ਹਜ਼ਾਰ ਵਿਅਕਤੀਆਂ ਦੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅਪੰਗ ਪੈਨਸ਼ਨ ਸਕੀਮ 'ਚੋਂ ਨਾਂ ਕੱਟੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅਗਲੇ ਹਫਤੇ ਪਿੰਡਾਂ ਵਿੱਚ ਬੁਢਾਪਾ ਪੈਨਸ਼ਨ ਵੰਡੀ ਜਾਵੇਗੀ।
           ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਯੋਗ ਪੈਨਸ਼ਨਾਂ ਕੱਟਣ ਮਗਰੋਂ ਹੁਣ ਫਰਵਰੀ, ਮਾਰਚ ਅਤੇ ਅਪਰੈਲ ਮਹੀਨੇ ਦੀ ਬੁਢਾਪਾ ਪੈਨਸ਼ਨ ਭੇਜੀ ਜਾਣੀ ਹੈ। ਸਰਕਾਰ ਵੱਲੋਂ ਇਨ੍ਹਾਂ ਤਿੰਨ ਮਹੀਨਿਆਂ ਦੀ ਇਕੱਠੀ ਬੁਢਾਪਾ ਪੈਨਸ਼ਨ ਭੇਜ ਦਿੱਤੀ ਗਈ ਹੈ ਪਰ ਅਪਰੈਲ ਮਹੀਨੇ ਦੀ ਬੁਢਾਪਾ ਪੈਨਸ਼ਨ ਦੀ ਰਾਸ਼ੀ ਹਾਲੇ ਖ਼ਜ਼ਾਨਾ ਵਿਭਾਗ ਵੱਲੋਂ ਰਿਲੀਜ਼ ਕੀਤੀ ਜਾਣੀ ਹੈ। ਤਿੰਨ ਮਹੀਨਿਆਂ ਦੀ ਬੁਢਾਪਾ ਪੈਨਸ਼ਨ ਪੰਚਾਇਤਾਂ ਰਾਹੀਂ ਵੰਡੀ ਜਾਣੀ ਹੈ। ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਸਾਲ 2010 ਵਿੱਚ ਬੁਢਾਪਾ ਪੈਨਸ਼ਨ ਦੀ ਪੜਤਾਲ ਕਰਾਈ ਸੀ। ਇਹ ਪੜਤਾਲ ਕਾਫੀ ਸਮਾਂ ਚੱਲਦੀ ਰਹੀ ਅਤੇ ਮੁੜ ਸਾਲ 2011 ਵਿੱਚ ਪੜਤਾਲ ਦੇ ਹੁਕਮ ਹੋਏ ਸਨ। ਇਨ੍ਹਾਂ ਪੜਤਾਲਾਂ ਦੌਰਾਨ ਅਯੋਗ ਨਿਕਲੇ ਲਾਭਪਾਤਰੀ ਵੀ ਬੁਢਾਪਾ ਪੈਨਸ਼ਨ ਲੈਂਦੇ ਰਹੇ ਹਨ। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਹੁਣ ਜੋ ਨਵੀਂ ਸੂਚੀ ਤਿਆਰ ਕੀਤੀ ਗਈ ਹੈ, ਉਸ ਵਿੱਚ ਜ਼ਿਲ੍ਹਾ ਬਠਿੰਡਾ ਦੇ ਪੰਜ ਹਜ਼ਾਰ ਲਾਭਪਾਤਰੀਆਂ, ਜ਼ਿਲ੍ਹਾ ਮੁਕਤਸਰ ਦੇ 7 ਹਜ਼ਾਰ, ਸੰਗਰੂਰ ਤੇ ਬਰਨਾਲਾ ਦੇ 8 ਹਜ਼ਾਰ ਅਤੇ ਜ਼ਿਲ੍ਹਾ ਮਾਨਸਾ ਦੇ 5 ਹਜ਼ਾਰ ਲਾਭਪਾਤਰੀਆਂ ਦੇ ਨਾਂ ਸ਼ਾਮਲ ਨਹੀਂ ਹਨ। ਇਨ੍ਹਾਂ ਵਿੱਚ ਉਹ ਲਾਭਪਾਤਰੀ ਵੀ ਅਯੋਗ ਐਲਾਨ ਦਿੱਤੇ ਹਨ ਜੋ ਪੜਤਾਲਾਂ ਵਿੱਚ ਸ਼ਾਮਲ ਨਹੀਂ ਹੋਏ। ਗ਼ੈਰਹਾਜ਼ਰ ਲਾਭਪਾਤਰੀਆਂ ਦੀ ਜ਼ਿਆਦਾ ਗਿਣਤੀ ਸ਼ਹਿਰਾਂ ਵਿੱਚੋਂ ਹੈ। ਜਿਹੜੇ ਲਾਭਪਾਤਰੀਆਂ ਨੇ ਆਪਣੇ ਟਿਕਾਣੇ ਬਦਲ ਲਏ ਸਨ ਉੁਹ ਪੜਤਾਲਾਂ ਵਿੱਚ ਗ਼ੈਰਹਾਜ਼ਰ ਲਿਖੇ ਗਏ ਹਨ। ਬਹੁਤੇ ਬਜ਼ੁਰਗ ਲਾਭਪਾਤਰੀਆਂ ਨੂੰ ਪੜਤਾਲਾਂ ਦਾ ਪਤਾ ਹੀ ਨਹੀਂ ਲੱਗ ਸਕਿਆ। ਗ਼ੈਰਹਾਜ਼ਰ ਰਹੇ ਕਰੀਬ 5 ਹਜ਼ਾਰ ਲਾਭਪਾਤਰੀਆਂ ਨੂੰ ਹਾਲੇ ਆਪਣੇ ਬੁਢਾਪਾ ਪੈਨਸ਼ਨ ਕੱਟੇ ਜਾਣ ਦਾ ਇਲਮ ਵੀ ਨਹੀਂ ਹੈ।
         ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ 'ਤੇ ਸਰਕਾਰ ਦੀ 'ਮਿਹਰ' ਰਹੀ ਹੈ ਅਤੇ ਪੜਤਾਲਾਂ ਵਿੱਚ ਇਸ ਹਲਕੇ ਦੇ ਸਿਰਫ 964 ਲਾਭਪਾਤਰੀ ਹੀ ਅਯੋਗ ਨਿਕਲੇ ਹਨ ਜਦੋਂ ਕਿ ਬਾਕੀ ਹਲਕਿਆਂ ਵਿੱਚ ਇਹੋ ਗਿਣਤੀ ਹਜ਼ਾਰਾਂ ਵਿੱਚ ਹੈ। ਜ਼ਿਲ੍ਹਾ ਮੁਕਤਸਰ ਵਿੱਚ ਕਰੀਬ 7 ਹਜ਼ਾਰ ਅਯੋਗ ਲਾਭਪਾਤਰੀ ਹਨ। ਜ਼ਿਲ੍ਹਾ ਬਠਿੰਡਾ ਵਿੱਚ ਪਹਿਲਾਂ 67 ਹਜ਼ਾਰ ਬੁਢਾਪਾ ਪੈਨਸ਼ਨ ਦੇ ਲਾਭਪਾਤਰੀ ਸਨ ਅਤੇ ਪੜਤਾਲ ਮਗਰੋਂ ਇਹ ਗਿਣਤੀ ਘੱਟ ਕੇ 62 ਹਜ਼ਾਰ ਰਹਿ ਗਈ ਹੈ। ਮਾਨਸਾ ਜ਼ਿਲ੍ਹੇ ਵਿੱਚ ਬੁਢਾਪਾ ਪੈਨਸ਼ਨ ਦੇ ਲਾਭਪਾਤਰੀ ਕਰੀਬ 80 ਹਜ਼ਾਰ ਹਨ। ਜ਼ਿਲ੍ਹਾ ਮੁਕਤਸਰ ਵਿੱਚ ਕਰੀਬ 76 ਹਜ਼ਾਰ ਬੁਢਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀ ਹਨ। ਪੰਜਾਬ ਸਰਕਾਰ ਵੱਲੋਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਜਨਵਰੀ, 2012 ਤੱਕ ਦੀ ਬੁਢਾਪਾ ਪੈਨਸ਼ਨ ਦੇ ਦਿੱਤੀ ਸੀ ਅਤੇ ਉਸ ਮਗਰੋਂ ਸਰਕਾਰ ਨੇ ਪੈਨਸ਼ਨ  ਨਹੀਂ ਦਿੱਤੀ। ਹੁਣ ਸਰਕਾਰ ਤਿੰਨ ਮਹੀਨੇ ਦੀ ਬੁਢਾਪਾ ਪੈਨਸ਼ਨ ਦੇ ਰਹੀ ਹੈ ਜਦੋਂ ਕਿ ਦੋ ਮਹੀਨਿਆਂ ਦੀ ਪੈਨਸ਼ਨ ਫਿਰ ਬਕਾਇਆ ਰਹਿ ਜਾਣੀ ਹੈ। ਇਸ ਬਾਰੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਅਗਲੇ ਹਫਤੇ ਬੁਢਾਪਾ ਪੈਨਸ਼ਨ ਦੀ ਰਾਸ਼ੀ ਪੰਚਾਇਤਾਂ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀ ਪੈਨਸ਼ਨ ਇੱਕ ਵਾਰ ਕੱਟੀ ਗਈ ਹੈ, ਉਸ 'ਤੇ ਮੁੜ ਸੁਣਵਾਈ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਈ.ਬੀ.ਟੀ. ਸਿਸਟਮ ਲਾਗੂ ਨਾ ਹੋਣ ਕਰਕੇ ਫਿਲਹਾਲ ਪੈਨਸ਼ਨ ਪੰਚਾਇਤਾਂ ਰਾਹੀਂ ਹੀ ਵੰਡੀ ਜਾ ਰਹੀ ਹੈ।
                                                    ਲੰਬੀ 'ਚ ਪੈਨਸ਼ਨ ਘਰੋਂ ਘਰੀ ਵੰਡੀ ਜਾਵੇਗੀ  
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਵਿੱਚ ਬੁਢਾਪਾ ਪੈਨਸ਼ਨ ਦੀ ਵੰਡ ਈ.ਬੀ.ਟੀ. ਸਿਸਟਮ ਰਾਹੀਂ ਹੋਵੇਗੀ ਕਿਉਂਕਿ ਇਸ ਹਲਕੇ ਵਿੱਚ 80 ਫੀਸਦੀ ਲਾਭਪਾਤਰੀਆਂ ਦੇ ਬੈਂਕ ਖਾਤੇ ਖੁੱਲ੍ਹ ਚੁੱਕੇ ਹਨ। ਪੰਚਾਇਤਾਂ ਦੀ ਥਾਂ ਬੈਂਕ ਅਧਿਕਾਰੀ ਲਾਭਪਾਤਰੀਆਂ ਨੂੰ ਘਰੋਂ ਘਰੀ ਜਾ ਕੇ ਬੁਢਾਪਾ ਪੈਨਸ਼ਨ ਦੇਣਗੇ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਵਿੱਚ ਵੀ ਈ.ਬੀ.ਟੀ. ਸਿਸਟਮ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਜ਼ਿਲ੍ਹੇ ਦੇ ਚਾਰ ਬਲਾਕਾਂ ਵਿੱਚ ਲਾਭਪਾਤਰੀਆਂ ਨੂੰ ਘਰ ਬੈਠੇ ਪੈਨਸ਼ਨ ਮਿਲੇਗੀ।

Thursday, July 5, 2012

                        ਪਾਵਰਕੌਮ ਦੀ ਪਾਵਰ
     ਥਰਮਲਾਂ ਦੀ ਥਾਂ ਮੁੱਲ ਦੀ ਬਿਜਲੀ
                           ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਨੇ ਇੱਕ ਦਹਾਕੇ 'ਚ ਏਨੀ ਮਹਿੰਗੀ ਬਿਜਲੀ ਖਰੀਦ ਲਈ ਹੈ ਕਿ ਜਿਸ ਨਾਲ ਪੰਜਾਬ 'ਚ ਛੇ ਨਵੇਂ ਤਾਪ ਬਿਜਲੀ ਘਰ ਲਗਾਏ ਜਾ ਸਕਦੇ ਹਨ। ਪਾਵਰਕੌਮ ਨੇ ਲੰਘੇ 10 ਵਰ੍ਹਿਆਂ ਤੋਂ ਸਾਰਾ ਜ਼ੋਰ ਬਿਜਲੀ ਖਰੀਦਣ 'ਤੇ ਲਾਈ ਰੱਖਿਆ ਹੈ। ਪਾਵਰਕੌਮ ਨੇ ਆਪਣੇ ਨਵੇਂ ਤਾਪ ਬਿਜਲੀ ਘਰ ਵਿਉਂਤਣ ਵੱਲ ਧਿਆਨ ਹੀ ਨਹੀਂ ਦਿੱਤਾ। ਪਾਵਰਕੌਮ ਨੇ ਆਪਣੇ ਖਜ਼ਾਨੇ 'ਚੋਂ 38000 ਕਰੋੜ ਰੁਪਏ ਬਿਜਲੀ ਦੀ ਖਰੀਦ 'ਤੇ  ਖਰਚ ਦਿੱਤੇ ਹਨ।  ਬਿਜਲੀ ਖਰੀਦਣ 'ਤੇ ਖਰਚ ਕੀਤੀ ਰਾਸ਼ੀ ਨਾਲ ਪੰਜਾਬ ਨੂੰ ਬਿਜਲੀ 'ਚ ਸਰਪਲੱਸ ਬਣਾਇਆ ਜਾ ਸਕਦਾ ਸੀ। ਇੱਕ ਦਹਾਕੇ ਦੌਰਾਨ ਬਿਜਲੀ ਖਰੀਦਣ 'ਤੇ ਖਰਚਾ ਚਾਰ ਗੁਣਾ ਵੱਧ ਗਿਆ ਹੈ ਤੇ ਹੁਣ ਪੰਜਾਬ ਬਿਜਲੀ ਸੰਕਟ ਝੱਲ ਰਿਹਾ ਹੈ।
          ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਜਾਣਕਾਰੀ ਅਨੁਸਾਰ ਪਾਵਰਕੌਮ ਨੇ ਸਾਲ 2002-03 ਤੋਂ ਸਾਲ 2011-12 ਤੱਕ 38294 ਕਰੋੜ ਰੁਪਏ ਦੀ ਬਿਜਲੀ ਦੀ ਖਰੀਦ ਕੀਤੀ ਹੈ, ਜਿਸ 'ਚੋਂ 22373 ਕਰੋੜ ਰੁਪਏ ਦੀ ਬਿਜਲੀ ਕੇਂਦਰੀ ਪੂਲ 'ਚੋਂ, ਜਦੋਂ ਕਿ 9690 ਕਰੋੜ ਰੁਪਏ ਦੀ ਬਿਜਲੀ ਪ੍ਰਾਈਵੇਟ ਵਪਾਰੀਆਂ ਤੋਂ ਤੇ ਬਾਕੀ ਹੋਰ ਵਸੀਲਿਆਂ ਤੋਂ ਖਰੀਦੀ ਗਈ ਹੈ। ਚਾਲੂ ਮਾਲੀ ਸਾਲ ਦੌਰਾਨ 7207 ਕਰੋੜ ਰੁਪਏ ਦੀ ਬਿਜਲੀ ਖਰੀਦਣ ਦੀ ਤਜਵੀਜ਼ ਭੇਜੀ ਗਈ ਹੈ। ਇਹ ਰਾਸ਼ੀ ਹਾਲੇ ਸ਼ਾਮਲ ਨਹੀਂ ਕੀਤੀ ਗਈ ਹੈ। ਅਕਾਲੀ ਸਰਕਾਰ ਦੌਰਾਨ ਲੰਘੇ ਪੰਜ ਵਰ੍ਹਿਆਂ 'ਚ 26406 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ ਹੈ, ਜਦੋਂ ਕਿ ਕੈਪਟਨ ਹਕੂਮਤ ਸਮੇਂ 11888 ਕਰੋੜ ਰੁਪਏ ਦੀ ਬਿਜਲੀ  ਖਰੀਦੀ ਗਈ ਸੀ।  ਮੁਲਾਂਕਣ ਅਨੁਸਾਰ 38 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਨਾਲ ਤਾਂ ਪੰਜਾਬ ਵਿੱਚ 6382 ਮੈਗਾਵਾਟ ਦੇ ਨਵੇਂ ਥਰਮਲ ਪਲਾਂਟ ਲਗਾਏ ਜਾ ਸਕਦੇ ਹਨ। ਅਰਥਾਤ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਵਰਗੇ ਪੰਜਾਬ ਵਿੱਚ ਹੋਰ ਨਵੇਂ ਛੇ ਤਾਪ ਬਿਜਲੀ ਘਰ ਸਥਾਪਿਤ ਕੀਤੇ ਜਾ ਸਕਦੇ ਸਨ। ਇਸ ਨਾਲ ਤਾਪ ਬਿਜਲੀ ਘਰਾਂ ਦੀ ਮੌਜੂਦਾ ਪੈਦਾਵਾਰ ਵੱਧ ਕੇ ਦੁੱਗਣੀ ਹੋ ਸਕਦੀ ਸੀ। ਸੂਚਨਾ ਅਨੁਸਾਰ ਪਾਵਰਕੌਮ ਨੇ ਸਭ ਤੋਂ ਵੱਧ 6020 ਕਰੋੜ ਰੁਪਏ ਦੀ ਸਾਲ 2007-08 ਵਿੱਚ ਬਿਜਲੀ ਦੀ ਖਰੀਦ ਕੀਤੀ ਸੀ,ਜਦੋਂ ਕਿ ਸਾਲ 2011-12 ਵਿੱਚ 5249 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ ਸੀ। ਕੇਂਦਰੀ ਪੂਲ 'ਚੋਂ ਸਾਲ 2011-12 ਦੌਰਾਨ 3.28 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਗਈ ਸੀ ,ਜਦੋਂ ਕਿ ਸਾਲ 2002-03 ਵਿੱਚ ਇਹ ਦਰ ਸਿਰਫ 1.76 ਰੁਪਏ ਪ੍ਰਤੀ ਯੂਨਿਟ ਸੀ।
          ਦੂਜੇ ਪਾਸੇ ਪਾਵਰਕੌਮ ਪ੍ਰਾਈਵੇਟ ਵਪਾਰੀਆਂ ਤੋਂ ਜੋ ਬਿਜਲੀ ਖਰੀਦ ਰਿਹਾ ਹੈ ,ਉਹ ਮਹਿੰਗੀ ਹੈ। ਪ੍ਰਾਈਵੇਟ ਵਪਾਰੀਆਂ ਨੇ ਸਾਲ 2002-03 ਵਿੱਚ ਜੋ ਬਿਜਲੀ 2.27 ਰੁਪਏ ਪ੍ਰਤੀ ਯੂਨਿਟ ਪਾਵਰਕੌਮ ਨੂੰ ਦਿੱਤੀ ਸੀ, ਉਸ ਦਾ ਭਾਅ ਸਾਲ 2007-08 ਵਿੱਚ ਪ੍ਰਤੀ ਯੂਨਿਟ 6.40 ਰੁਪਏ ਕਰ ਦਿੱਤਾ ਗਿਆ। ਪਾਵਰਕੌਮ ਨੇ ਇਸ ਤਰ੍ਹਾਂ ਹੀ ਸਾਲ 2008-09 ਵਿੱਚ ਵਪਾਰੀਆਂ ਤੋਂ 6.95 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਖਰੀਦ ਕੀਤੀ। ਲੰਘੇ ਵਰ੍ਹੇ ਪਾਵਰਕੌਮ ਨੇ ਵਪਾਰੀਆਂ ਤੋਂ 4.11 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਖਰੀਦ ਕੀਤੀ ਹੈ। ਵਪਾਰੀਆਂ ਤੋਂ ਬਿਜਲੀ ਖਰੀਦਣ ਦਾ ਰੁਝਾਨ ਇੱਕ ਦਹਾਕੇ ਦੌਰਾਨ ਵਧਿਆ ਹੈ। ਪਾਵਰਕੌਮ ਨੇ ਸਾਲ 2002-03 ਵਿੱਚ ਵਪਾਰੀਆਂ ਤੋਂ ਸਿਰਫ 28 ਕਰੋੜ ਰੁਪਏ ਦੀ ਬਿਜਲੀ ਦੀ ਖਰੀਦ ਕੀਤੀ ਸੀ,ਜਦੋਂ ਕਿ ਸਾਲ 2005-06 ਵਿੱਚ 542 ਕਰੋੜ ਰੁਪਏ ਦੀ, ਸਾਲ 2006-07 ਵਿੱਚ 1777 ਕਰੋੜ ਦੀ, ਸਾਲ 2010-11 ਵਿੱਚ 1683 ਕਰੋੜ ਰੁਪਏ ਦੀ ਅਤੇ ਸਾਲ 2011-12 ਵਿੱਚ 1122 ਕਰੋੜ ਰੁਪਏ ਦੀ ਬਿਜਲੀ ਖਰੀਦ ਕੀਤੀ ਗਈ ਹੈ। ਪੰਜਾਬ ਵਿੱਚ ਬਿਜਲੀ ਸੰਕਟ ਦਾ ਲਾਹਾ ਪ੍ਰਾਈਵੇਟ ਵਪਾਰੀ ਲੈ ਰਹੇ ਹਨ। ਦੂਸਰੀ ਤਰਫ ਪਾਵਰਕੌਮ ਦੇ ਥਰਮਲ ਪਲਾਂਟਾਂ 'ਤੇ ਨਜ਼ਰ ਮਾਰੀਏ ਤਾਂ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਤੋਂ ਬਿਜਲੀ ਪ੍ਰਤੀ ਯੂਨਿਟ 2.44 ਰੁਪਏ ਅਤੇ ਰੋਪੜ ਤਾਪ ਬਿਜਲੀ ਘਰ ਦੀ ਬਿਜਲੀ ਪ੍ਰਤੀ ਯੂਨਿਟ 2.59 ਰੁਪਏ ਪੈ ਰਹੀ ਹੈ। ਸੂਤਰ ਆਖਦੇ ਹਨ ਕਿ ਜੋ ਪ੍ਰਾਈਵੇਟ ਤਾਪ ਬਿਜਲੀ ਘਰ ਪੰਜਾਬ ਵਿੱਚ ਲੱਗ ਰਹੇ ਹਨ, ਉਨ੍ਹਾਂ ਤੋਂ ਵੀ ਪਾਵਰਕੌਮ ਨੂੰ ਮਹਿੰਗੇ ਭਾਅ 'ਤੇ ਹੀ ਬਿਜਲੀ ਮਿਲਣੀ ਹੈ। ਪਾਵਰਕੌਮ ਦੇ ਐਮ.ਡੀ.ਕੇ.ਡੀ.ਚੌਧਰੀ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।
                                          ਪਾਵਰਕੌਮ ਦੀਆਂ ਨੀਤੀਆਂ ਗਲਤ: ਬਲਦੇਵ ਸਰਾ
 ਪੀ.ਐਸ.ਈ.ਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜ. ਬਲਦੇਵ ਸਿੰਘ ਸਰਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ ਕਿ ਇੱਕ ਦਹਾਕੇ 'ਚ 38 ਹਜ਼ਾਰ ਕਰੋੜ ਰੁਪਏ ਬਿਜਲੀ ਖਰੀਦਣ 'ਤੇ ਫੂਕ ਦਿੱਤੇ ਹਨ, ਜਿਸ ਨਾਲ ਨਵੇਂ ਤਾਪ ਬਿਜਲੀ ਘਰ ਬਣਾਏ ਜਾ ਸਕਦੇ ਸਨ। ਉਨ੍ਹਾਂ ਆਖਿਆ ਕਿ ਪਾਵਰਕੌਮ ਸਮੇਂ ਸਿਰ ਆਪਣੇ ਤਾਪ ਬਿਜਲੀ ਘਰ ਲਾਉਂਦਾ ਤਾਂ ਬਿਜਲੀ ਸਸਤੀ ਵੀ ਮਿਲਣੀ ਸੀ ਅਤੇ ਬਾਹਰੋਂਬਿਜਲੀ ਖਰੀਦਣ ਦੀ ਲੋੜ ਵੀ ਨਹੀਂ ਰਹਿਣੀ ਸੀ।

Wednesday, July 4, 2012

                             ਅਫਸਰੀ ਕ੍ਰਿਸ਼ਮਾ
     ਹਰਸਿਮਰਤ ਦੇ ਹਲਕੇ 'ਚ 'ਪੋਲ ਘਪਲਾ'
                                ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸੰਸਦੀ ਹਲਕੇ 'ਚ ਕਰੋੜਾਂ ਰੁਪਏ ਦਾ 'ਪੋਲ ਘਪਲਾ' ਹੋਣ ਬਾਰੇ ਸਮਾਚਾਰ ਮਿਲਿਆ ਹੈ। ਵਿਜੀਲੈਂਸ ਬਿਊਰੋ ਪੰਜਾਬ ਨੇ ਇਸ ਮਾਮਲੇ ਦੀ ਤਕਨੀਕੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਬਠਿੰਡਾ ਵਿਕਾਸ ਅਥਾਰਟੀ ਤੋਂ ਵਿਕਾਸ ਕਾਰਜਾਂ ਦਾ ਸਾਰਾ ਰਿਕਾਰਡ ਤਲਬ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਸੰਸਦੀ ਹਲਕੇ ਦੀ ਮੌੜ ਮੰਡੀ, ਮਾਨਸਾ ਅਤੇ ਬੁਢਲਾਡਾ ਵਿੱਚ ਹੋਏ ਵਿਕਾਸ ਕਾਰਜਾਂ ਦੀ ਪੜਤਾਲ ਦੇ ਹੁਕਮ ਦਿੱਤੇ ਸਨ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਦਰਜਨ ਸ਼ਹਿਰਾਂ ਵਿੱਚ 200 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਾਏ ਗਏ ਹਨ। ਉਦੋਂ ਅਸੈਂਬਲੀ ਚੋਣਾਂ ਨੇੜੇ ਹੋਣ ਕਰਕੇ ਇਨ੍ਹਾਂ ਕੰਮਾਂ ਵਿੱਚ ਕਾਫੀ ਕਾਹਲੀ ਕੀਤੀ ਗਈ ਸੀ। ਤੱਥਾਂ ਅਨੁਸਾਰ ਬਠਿੰਡਾ ਵਿਕਾਸ ਅਥਾਰਟੀ ਨੇ ਦਰਜਨਾਂ ਅਣ ਅਧਿਕਾਰਤ ਕਲੋਨੀਆਂ 'ਚ ਵੀ ਸੀਵਰੇਜ ਅਤੇ ਸੜਕਾਂ ਬਣਾ ਦਿੱਤੀਆਂ ਹਨ ਅਤੇ ਅਥਾਰਟੀ ਦੇ ਉੱਚ ਅਫ਼ਸਰਾਂ ਦੀ ਨਿਗਰਾਨੀ ਹੇਠ ਇਹ ਵਿਕਾਸ ਕਾਰਜ ਹੋਏ ਹਨ।
          ਬੀ.ਡੀ.ਏ. ਵੱਲੋਂ ਬਠਿੰਡਾ ਸੰਸਦੀ ਹਲਕੇ ਦੇ ਸ਼ਹਿਰਾਂ ਵਿੱਚ ਤਕਰੀਬਨ ਸੱਤ ਹਜ਼ਾਰ ਬਿਜਲੀ ਪੋਲ ਲਗਾਏ ਗਏ ਹਨ। ਵਿਜੀਲੈਂਸ ਅਫ਼ਸਰਾਂ ਨੇ ਇਨ੍ਹਾਂ ਪੋਲਾਂ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ 'ਚ ਇਨ੍ਹਾਂ ਬਿਜਲੀ ਪੋਲਾਂ ਅਤੇ ਲਾਈਟਾਂ ਦਾ ਮੁੱਲ ਬਾਜ਼ਾਰੂ ਕੀਮਤ ਤੋਂ ਦੁੱਗਣਾ ਪਾਇਆ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਦੌਰਾਨ ਬਿਜਲੀ ਪੋਲਾਂ ਦਾ ਵਜ਼ਨ ਵੀ ਘੱਟ ਨਿਕਲਿਆ ਹੈ। ਮਾਨਸਾ ਸ਼ਹਿਰ ਵਿੱਚ ਤਾਂ ਬਹੁਤੀਆਂ ਲਾਈਟਾਂ ਚੱਲ ਹੀ ਨਹੀਂ ਰਹੀਆਂ ਹਨ। ਬਠਿੰਡਾ ਵਿਕਾਸ ਅਥਾਰਟੀ ਨੇ ਤਰਕ ਦਿੱਤਾ ਹੈ ਕਿ ਬਿਜਲੀ ਦੀ ਵੋਲਟੇਜ ਘੱਟ ਹੋਣ ਕਾਰਨ ਲਾਈਟਾਂ ਨਹੀਂ ਚੱਲਦੀਆਂ ਹਨ ਪਰ ਵਿਜੀਲੈਂਸ ਨੇ ਜਦੋਂ ਪਾਵਰਕੌਮ ਤੋਂ ਰਿਪੋਰਟ ਲਈ ਤਾਂ ਪਤਾ ਲੱਗਾ ਹੈ ਕਿ ਵੋਲਟੇਜ ਦੀ ਕੋਈ ਸਮੱਸਿਆ ਨਹੀਂ ਹੈ। ਬਹੁਤੇ ਬਿਜਲੀ ਪੋਲ ਤਾਂ ਜੰਗਾਲ ਵੀ ਫੜ ਗਏ ਹਨ। ਵਿਜੀਲੈਂਸ ਇਸ ਗੱਲੋਂ ਵੀ ਹੈਰਾਨ ਹੈ ਕਿ ਸ਼ਹਿਰਾਂ ਵਿੱਚ 25-25 ਮੀਟਰ ਦੀ ਵਿੱਥ 'ਤੇ ਹੀ ਬਿਜਲੀ ਪੋਲ ਤੇ ਲਾਈਟਾਂ ਲਗਾਈਆਂ ਗਈਆਂ ਹਨ। ਮਾਨਸਾ 'ਚ ਉਸ ਥਾਂ 'ਤੇ ਵੀ ਲਾਈਟਾਂ ਲਗਾ ਦਿੱਤੀਆਂ ਜਿਥੇ ਹਾਲੇ ਆਬਾਦੀ ਹੀ ਨਹੀਂ ਹੈ। ਬੀ.ਡੀ.ਏ. ਵੱਲੋਂ ਇਨ੍ਹਾਂ ਸ਼ਹਿਰਾਂ ਵਿੱਚ ਕਰੀਬ 35 ਕਰੋੜ ਰੁਪਏ ਇਕੱਲੀਆਂ ਲਾਈਟਾਂ ਅਤੇ ਪੋਲਾਂ 'ਤੇ ਹੀ ਖਰਚੇ ਗਏ ਹਨ ਅਤੇ ਇਨ੍ਹਾਂ ਦੀ ਖਰੀਦ ਹਰਿਆਣਾ ਦੀ ਇੱਕ ਫਰਮ ਤੋਂ ਕੀਤੀ ਗਈ ਹੈ। ਪੋਲ ਅਤੇ ਲਾਈਟਾਂ ਦੀ ਖਰੀਦ ਠੇਕੇਦਾਰ ਵੱਲੋਂ ਹੀ ਕੀਤੀ ਗਈ ਹੈ।
           ਬਠਿੰਡਾ ਵਿੱਚ ਮਾਨਸਾ ਰੋਡ ਅਤੇ ਡੱਬਵਾਲੀ ਰੋਡ 'ਤੇ ਸਟਰੀਟ ਲਾਈਟਾਂ ਲਾਉਣ ਲਈ ਜੋ 13 ਬਿਜਲੀ ਦੇ ਪੋਲ ਸਮੇਤ ਲਾਈਟਾਂ ਲਗਾਏ ਗਏ ਹਨ,ਉਨ੍ਹਾਂ 'ਤੇ 47 ਲੱਖ ਰੁਪਏ ਖਰਚੇ ਗਏ ਹਨ। ਪ੍ਰਤੀ ਪੋਲ ਤੇ ਲਾਈਟ ਦਾ ਖਰਚ 3.61 ਲੱਖ ਰੁਪਏ ਬਣਦਾ ਹੈ। ਮਾਨਸਾ ਸ਼ਹਿਰ ਵਿੱਚ 1294 ਪੋਲ ਲਗਾਏ ਗਏ ਹਨ ਜਿਨ੍ਹਾਂ 'ਤੇ ਖਰਚਾ 6.15 ਕਰੋੜ ਰੁਪਏ ਕੀਤਾ ਗਿਆ ਹੈ ਜੋ ਪ੍ਰਤੀ ਪੋਲ ਤੇ ਲਾਈਟ ਦਾ ਖਰਚ 47527 ਰੁਪਏ ਬਣਦਾ ਹੈ। ਤਲਵੰਡੀ ਸਾਬੋ ਵਿਖੇ 871 ਬਿਜਲੀ ਪੋਲਾਂ 'ਤੇ 2.29 ਕਰੋੜ ਰੁਪਏ ਖਰਚੇ ਗਏ ਹਨ ਜੋ ਪ੍ਰਤੀ ਪੋਲ ਖਰਚ 26291 ਰੁਪਏ ਬਣਦਾ ਹੈ। ਬਰੇਟਾ ਮੰਡੀ 'ਚ ਪ੍ਰਤੀ ਪੋਲ ਖਰਚ 22468 ਰੁਪਏ ਕੀਤਾ ਗਿਆ ਹੈ। ਵਿਜੀਲੈਂਸ ਦੇ ਮੁਢਲੇ ਤੱਥਾਂ ਅਨੁਸਾਰ ਮੌੜ 'ਚ ਕਰੀਬ ਅੱਧੀ ਦਰਜਨ ਅਣ ਅਧਿਕਾਰਤ ਕਲੋਨੀਆਂ ਵਿੱਚ ਬੀ.ਡੀ.ਏ. ਨੇ ਸੀਵਰੇਜ, ਪਾਣੀ ਅਤੇ ਲਾਈਟਾਂ ਤੋਂ ਇਲਾਵਾ ਸੜਕਾਂ ਦੀ ਸਹੂਲਤ ਦੇ ਦਿੱਤੀ ਹੈ ਜਿਸ ਕਾਰਨ ਪ੍ਰਾਈਵੇਟ ਕਲੋਨਾਈਜ਼ਰਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਇਆ ਹੈ। ਮੌੜ ਵਿੱਚ ਤਲਵੰਡੀ ਚੁੰਗੀ ਨਾਕੇ ਨੇੜਲੀ ਇੱਕ ਅਣ ਅਧਿਕਾਰਤ ਕਲੋਨੀ ਵਿੱਚ ਸੀਵਰੇਜ ਪਾ ਦਿੱਤਾ ਗਿਆ ਹੈ ਜਦੋਂ ਕਿ ਨਵੀਂ ਦਾਣਾ ਮੰਡੀ ਨੇੜਲੀ ਇੱਕ ਕਲੋਨੀ ਵਿੱਚ ਸੀਵਰੇਜ ਪਾ ਦਿੱਤਾ ਗਿਆ ਹੈ ਜਿੱਥੇ ਕੋਈ ਮਕਾਨ ਹੀ ਨਹੀਂ ਹੈ। ਏਦਾ ਹੀ ਵਾਰਡ ਨੰਬਰ 13 ਅਤੇ 15 ਵਿੱਚ ਹੋਇਆ ਹੈ।
           ਲੋਕ ਨਿਰਮਾਣ ਮਹਿਕਮੇ ਦੇ ਇੱਕ ਕਾਰਜਕਾਰੀ ਇੰਜਨੀਅਰ ਨੇ ਮਾਨਸਾ ਸ਼ਹਿਰ ਵਿੱਚ ਆਪਣੇ ਕੰਮ ਦੀ ਪ੍ਰਗਤੀ ਵਧਾਉਣ ਲਈ ਆਪਣੇ ਪੱਧਰ 'ਤੇ ਹੀ ਫੈਸਲਾ ਲੈ ਕੇ 309 ਟੈਂਡਰ ਜਿਨ੍ਹਾਂ ਦੀ ਲਾਗਤ 20 ਲੱਖ ਰੁਪਏ ਪ੍ਰਤੀ ਟੈਂਡਰ ਅਤੇ 24 ਟੈਂਡਰ ਜਿਨ੍ਹਾਂ ਦੀ ਲਾਗਤ ਪ੍ਰਤੀ ਟੈਂਡਰ 5 ਲੱਖ ਰੁਪਏ ਸੀ, ਕਾਲ ਕਰ ਲਏ ਗਏ ਸਨ। ਬਿਨਾਂ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਠੇਕੇਦਾਰਾਂ ਨੂੰ ਤਕਰੀਬਨ 2.23 ਕਰੋੜ ਰੁਪਏ ਦੀ ਅਦਾਇਗੀ ਬਿਨਾਂ ਅਲਾਟਮੈਂਟ ਤੋਂ ਕੀਤੀ ਗਈ ਹੈ। ਮਾਨਸਾ ਅਤੇ ਭੀਖੀ ਦੇ ਕਾਰਜਸਾਧਕ ਅਫ਼ਸਰਾਂ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੀਆਂ 68 ਗਲੀਆਂ ਦੀਆਂ 27,39,300 ਇੱਟਾਂ ਅਤੇ ਭੀਖੀ ਦੀਆਂ 52 ਗਲੀਆਂ ਦੀਆਂ 12,88,100 ਇੱਟਾਂ ਜੋ ਪੁੱਟੀਆਂ ਗਈਆਂ ਸਨ,ਉਨ੍ਹਾਂ ਦਾ ਕੋਈ ਰਿਕਾਰਡ  ਨਹੀਂ ਹੈ। ਜਾਣਕਾਰੀ ਮੁਤਾਬਕ ਮਾਨਸਾ ਜ਼ਿਲ੍ਹੇ ਵਿੱਚ ਤਾਂ ਬੀ.ਡੀ.ਏ. ਨੇ ਕਈ ਅਜਿਹੇ ਠੇਕੇਦਾਰਾਂ ਨੂੰ ਵਿਕਾਸ ਕਾਰਜ ਅਲਾਟ ਕਰ ਦਿੱਤੇ ਸਨ ਜਿਨ੍ਹਾਂ ਦੀ ਲੋਕ ਨਿਰਮਾਣ ਵਿਭਾਗ ਕੋਲ ਇਨਲਿਸਟਮੈਂਟ ਵੀ ਨਹੀਂ ਹੋਈ ਹੈ।
                                                  ਤਕਨੀਕੀ ਜਾਂਚ ਕਰ ਰਹੇ ਹਾਂ: ਚਹਿਲ
ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਐਸ.ਪੀ. ਅਮਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਵਿਜੀਲੈਂਸ ਵੱਲੋਂ ਵਿਕਾਸ ਕਾਰਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਜਾਂਚ 'ਤੇ ਦੋ ਹਫ਼ਤੇ ਲੱਗਣੇ ਹਨ ਜਿਸ ਕਾਰਨ ਮੁਢਲੇ ਪੜਾਅ 'ਤੇ ਕੁਝ ਨਹੀਂ ਆਖਿਆ ਜਾ ਸਕਦਾ। ਦੱਸਣਯੋਗ ਹੈ ਕਿ ਸ੍ਰੀ ਚਹਿਲ ਮੌੜ ਮੰਡੀ ਦੇ ਵਿਕਾਸ ਕਾਰਜਾਂ ਦੀ ਜਾਂਚ ਕਰ ਰਹੇ ਹਨ ਅਤੇ ਦੋ ਹੋਰ ਪੁਲੀਸ ਅਧਿਕਾਰੀ ਮਾਨਸਾ ਅਤੇ ਬੁਢਲਾਡਾ ਵਿਖੇ ਹੋਏ ਕੰਮਾਂ ਦੀ ਜਾਂਚ ਕਰ ਰਹੇ ਹਨ।