Showing posts with label child. Show all posts
Showing posts with label child. Show all posts

Monday, February 10, 2014

                                      ਬੱਚੀ ਦੀ ਕੁਰਬਾਨੀ
                   ਹਜ਼ਾਰਾਂ ਘਰਾਂ ਵਿੱਚ ਹੁਣ 'ਏਕਨੂਰ'
                                       ਚਰਨਜੀਤ ਭੁੱਲਰ
ਬਠਿੰਡਾ  :  ਭਾਵੇਂ ਕਿਰਨਦੀਪ ਦੇ ਘਰ ਦਾ ਚਿਰਾਗ  ਬੁੱਝ ਗਿਆ ਹੈ ਪਰ ੳਸਦੀ ਨੰਨ੍ਹੀ ਬੱਚੀ ਦੀ ਕੁਰਬਾਨੀ ਨੇ ਪੰਜਾਬ ਦੇ ਸੱਤ ਹਜ਼ਾਰ ਘਰਾਂ ਵਿੱਚ ਮੁੜ ਦੀਪ ਜਗਾ ਦਿੱਤੇ ਹਨ। ਬਠਿੰਡਾ ਵਿਚ ਬੱਚੀ ਏਕਨੂਰ ਉਰਫ਼ ਰੂਥ ਦੀ ਕੁਰਬਾਨੀ ਨੇ ਅਧਿਆਪਕਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਬੂਰ ਪਾ ਦਿੱਤਾ ਹੈ। ਇਸ ਨੰਨ੍ਹੀ ਬੱਚੀ ਦੀ ਕੁਰਬਾਨੀ ਨੇ ਹਨੇਰੇ ਦੇ ਇਸ ਦੌਰ ਵਿੱਚ ਹਜ਼ਾਰਾਂ ਅਧਿਆਪਕਾਂ ਤੇ ਸੰਘਰਸ਼ੀ ਲੋਕਾਂ ਵਿੱਚ ਉਮੀਦ ਦੀ  ਕਿਰਨ ਜਗਾ ਦਿੱਤੀ ਹੈ। ਅੱਜ ਪੰਜਾਬ ਸਰਕਾਰ ਨੇ ਈ.ਜੀ.ਐਸ ਅਧਿਆਪਕਾਂ ਨੂੰ ਮੁੜ ਦੋ ਵਰ੍ਹਿਆਂ ਲਈ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਰੁਜ਼ਗਾਰ ਦਾ ਪੱਕਾ ਪ੍ਰਬੰਧ ਨਹੀਂ ਹੈ ਪਰ ਸੰਘਰਸ਼ੀ ਅਧਿਆਪਕਾਂ ਨੂੰ ਫਿਲਹਾਲ ਧਰਵਾਸ ਜ਼ਰੂਰ ਮਿਲਿਆ ਹੈ। ਈ.ਜੀ.ਐਸ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਵੀਰਪਾਲ ਕੌਰ  ਨੇ ਕਿਹਾ ਕਿ ਬੱਚੀ ਦੀ ਕੁਰਬਾਨੀ ਵੱਡੀ ਹੈ ਜਦੋਂ ਕਿ ਰੁਜ਼ਗਾਰ ਛੋਟਾ ਹੈ। ਸਿਰਫ਼ ਦੋ ਵਰ੍ਹਿਆਂ ਲਈ 2500  ਰੁਪਏ ਦੀ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਬੱਚੀ ਦੀ ਕੁਰਬਾਨੀ ਨੂੰ ਜਥੇਬੰਦੀ ਹਮੇਸ਼ਾ ਯਾਦ ਰੱਖੇਗੀ। ਜਾਣਕਾਰੀ  ਅਨੁਸਾਰ ਈ.ਜੀ.ਐਸ ਅਧਿਆਪਕ ਛੇ ਵਰ੍ਹਿਆਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਸਨ।  ਇਸੇ ਸੰਘਰਸ਼ ਦੌਰਾਨ ਫ਼ਰੀਦਕੋਟ ਦੀ ਕਿਰਨਜੀਤ ਕੌਰ ਨੇ 8 ਫਰਵਰੀ 2010 ਨੂੰ ਕਪੂਰਥਲਾ ਟੈਂਕੀ 'ਤੇ ਆਤਮਦਾਹ ਕਰ ਲਿਆ ਸੀ ਜਿਸ ਦੀ ਬੀਤੇ ਕੱਲ੍ਹ ਚੌਥੀ ਬਰਸੀ ਮਨਾਈ ਗਈ ਹੈ। ਇਨ੍ਹਾਂ ਅਧਿਆਪਕਾਂ ਨੇ ਜਲਾਲਾਬਾਦ,ਚੀਮਾ,ਕਪੂਰਥਲਾ,ਬਠਿੰਡਾ ਅਤੇ ਭੋਖੜਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸੰਘਰਸ਼ ਕੀਤਾ ਸੀ। 11 ਫਰਵਰੀ 2009 ਨੂੰ ਵੀ ਇਹ ਅਧਿਆਪਕ ਬਠਿੰਡਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਸਨ ਜਿਸ 'ਤੇ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਈ.ਟੀ.ਟੀ ਦਾ ਕੋਰਸ ਕਰਵਾਇਆ ਸੀ।
                     ਪੰਜਾਬ ਸਰਕਾਰ ਨੇ ਪਹਿਲੀ ਦਫ਼ਾ ਸਾਲ 2007 ਵਿੱਚ ਈ.ਜੀ.ਐਸ ਸੈਂਟਰ ਬੰਦ ਕਰਨ ਦਾ ਪੱਤਰ ਜਾਰੀ ਕੀਤਾ ਸੀ।  ਪਰ ਜਦੋਂ 25 ਜੁਲਾਈ 2007 ਨੂੰ  ਅਧਿਆਪਕਾਂ ਨੇ ਕਪੂਰਥਲਾ 'ਚ ਧਰਨਾ ਲਾ ਦਿੱਤਾ ਤਾਂ ਸੈਂਟਰਾਂ ਨੂੰ ਤਿੰਨ ਮਹੀਨੇ ਹੋਰ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਮੁੜ 25 ਸਤੰਬਰ 2007 ਨੂੰ ਜਦੋਂ ਕਪੂਰਥਲਾ 'ਚ ਧਰਨਾ ਲਾਇਆ ਗਿਆ ਸੀ ਤਾਂ ਸਰਕਾਰ ਨੇ ਛੇ ਮਹੀਨੇ ਹੋਰ ਸੈਂਟਰ ਚਲਾਉਣ ਦਾ ਫੈਸਲਾ ਕੀਤਾ ਸੀ। ਪੰਜਾਬ ਪੁਲੀਸ ਨੇ ਇਨ੍ਹਾਂ ਅਧਿਆਪਕਾਂ 'ਤੇ ਬਰਨਾਲਾ ਅਤੇ ਬਠਿੰਡਾ ਵਿੱਚ  ਕੇਸ ਵੀ ਦਰਜ ਕੀਤੇ ਹਨ। ਬਠਿੰਡਾ ਸੰਘਰਸ਼ ਦੌਰਾਨ ਕਿਰਨਜੀਤ ਕੌਰ ਦੀ ਬੱਚੀ ਦੀ ਧਰਨੇ   ਦੌਰਾਨ ਠੰਢ ਲੱਗਣ ਕਾਰਨ ਮੌਤ ਹੋ ਗਈ ਜਿਸ ਕਰਕੇ ਅਧਿਆਪਕਾਂ ਨੇ ਬੱਚੀ ਦੀ ਲਾਸ਼ ਸੜਕ 'ਤੇ ਰੱਖ ਕੇ ਸੜਕ ਜਾਮ ਕੀਤੀ ਹੋਈ ਸੀ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਨ੍ਹਾਂ ਅਧਿਆਪਕਾਂ ਦੇ ਵਫ਼ਦ ਨਾਲ ਮੀਟਿੰਗ ਕਰਕੇ ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ. ਆਰ ਅਧਿਆਪਕਾਂ ਨੂੰ ਦੋ ਸਾਲ ਲਈ ਨੌਕਰੀ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਏ.ਆਈ.ਈ ਯੂਨੀਅਨ ਦੇ ਅਵਤਾਰ ਸਿੰਘ ਫਰੀਦਕੋਟ ਦਾ ਕਹਿਣਾ ਹੈ ਕਿ ਏਡਾ ਵੱਡਾ ਸੰਘਰਸ਼ ਲੜ ਕੇ ਵੀ ਉਨ੍ਹਾਂ  ਨੂੰ ਸਰਕਾਰ ਨੇ ਤੱਛ ਜਿਹਾ ਰੁਜ਼ਗਾਰ ਦਿੱਤਾ ਹੈ ਅਤੇ ਉਹ ਵੀ ਸਿਰਫ਼ ਦੋ ਵਰ੍ਹਿਆਂ ਲਈ। ਉਨ੍ਹਾਂ ਆਖਿਆ ਕਿ ਬੱਚੀ ਰੂਥ ਦੀ ਸ਼ਹੀਦੀ ਨੇ ਸਰਕਾਰ  ਨੂੰ ਫੈਸਲਾ ਲੈਣ ਲਈ ਮਜਬੂਰ ਕੀਤਾ ਹੈ।
                                                         ਕੈਂਡਲ ਮਾਰਚ ਨਾਲ ਸੰਘਰਸ਼ ਸਮਾਪਤ
ਈ.ਜੀ.ਐਸ ਅਧਿਆਪਕਾਂ ਦਾ ਬਠਿੰਡਾ ਵਿੱਚ ਹਫ਼ਤੇ ਭਰ ਤੋਂ ਚੱਲ ਰਿਹਾ ਸੰਘਰਸ਼ ਅੱਜ ਸ਼ਾਮ ਕੈਂਡਲ ਮਾਰਚ ਨਾਲ ਸਮਾਪਤ ਹੋ ਗਿਆ ਹੈ। ਕੱਲ੍ਹ ਇਸ ਸੰਘਰਸ਼ ਦੌਰਾਨ ਠੰਢ ਲੱਗਣ ਕਾਰਨ ਫੌਤ ਹੋਈ 14 ਮਹੀਨੇ ਦੀ ਬੱਚੀ ਰੂਥ ਦਾ ਸਸਕਾਰ ਕੀਤਾ ਜਾਵੇਗਾ । ਈ.ਜੀ.ਐਸ ਅਧਿਆਪਕਾਂ ਨੇ ਤਿੰਨ ਦਿਨਾਂ ਤੋਂ ਇੱਥੇ ਬੱਸ ਅੱਡੇ  ਅੱਗੇ ਬੱਚੀ ਦੀ ਲਾਸ਼ ਰੱਖ ਕੇ ਸੜਕ ਜਾਮ ਕੀਤੀ ਹੋਈ ਸੀ। ਅੱਜ ਪੰਜਾਬ ਸਰਕਾਰ ਨਾਲ ਸਮਝੌਤਾ ਹੋਣ ਮਗਰੋਂ ਬਠਿੰਡਾ ਸੰਘਰਸ਼ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ। ਧਿਰਾਂ ਨੇ ਸੜਕ ਜਾਮ ਪ੍ਰੋਗਰਾਮ ਸਮਾਪਤੀ ਤੋਂ ਪਹਿਲਾਂ ਬੱਸ ਅੱਡੇ ਤੋਂ ਪਾਣੀ ਵਾਲੀ ਟੈਂਕੀ ਤੱਕ ਕੈਂਡਲ ਮਾਰਚ ਵੀ ਕੀਤਾ।

Saturday, February 8, 2014

                                        ਪੁਲੀਸ ਦੀ ਜਿੱਦ
                        ... ਹਾਰ ਗਈ ਇੱਕ ਜ਼ਿੰਦਗੀ
                                         ਚਰਨਜੀਤ ਭੁੱਲਰ
ਬਠਿੰਡਾ  :  ਬਠਿੰਡਾ ਪੁਲੀਸ ਦੀ ਜਿੱਦ ਅੱਗੇ ਅੱਜ ਇੱਕ ਜ਼ਿੰਦਗੀ ਹਾਰ ਗਈ ਜਿਸ ਨੇ ਬਾਬਲ ਦਾ ਮਾਣ ਤੇ ਮਾਂ ਦੀ ਛਾਂ ਬਣਨਾ ਸੀ। ਇੱਕ ਸਾਲ ਦੀ ਨੰਨ•ੀ ਬੱਚੀ ਆਪਣੀ ਮਾਂ ਦੇ ਰੁਜ਼ਗਾਰ ਖਾਤਰ ਕੁਰਬਾਨ ਹੋ ਗਈ। ਮਹਿਲਾ ਅਧਿਆਪਕਾ ਕਿਰਨਜੀਤ ਕੌਰ ਬਠਿੰਡਾ ਵਿਚ ਆਪਣੀ ਬੱਚੀ ਰੂਥ ਨੂੰ ਸੰਘਰਸ਼ ਵਿਚ ਲੈ ਕੇ ਪੁੱਜੀ ਹੋਈ ਸੀ। ਪੁਲੀਸ ਅਫਸਰਾਂ ਦੀ ਇੱਕੋ ਅੜੀ ਸੀ ਕਿ ਇਨ•ਾਂ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣਾ ਹੈ। ਤਾਹੀਓਂ ਪੁਲੀਸ ਮੁਲਾਜ਼ਮਾਂ ਨੇ ਇੱਕ ਦਫ਼ਾ ਕੜਾਕੇ ਦੀ ਠੰਡ ਵਿਚ ਬੈਠੇ ਅਧਿਆਪਕਾਂ ਤੋਂ ਰਾਤ ਨੂੰ ਰਜਾਈਆਂ ਵੀ ਖੋਹ ਲਈਆਂ ਸਨ। ਐਤਵਾਰ ਦੀ ਰਾਤ ਹੀ ਇਸ ਬੱਚੀ ਨੂੰ ਰਾਤ ਵਕਤ ਧਰਨੇ ਵਿਚ ਠੰਢ ਲੱਗ ਗਈ ਜੋ ਅੱਜ ਬਠਿੰਡਾ ਦੇ ਹਸਪਤਾਲ ਵਿਚ ਇਸ ਬੱਚੀ ਦੀ ਮੌਤ ਦਾ ਕਾਰਨ ਬਣ ਗਈ। ਛੋਟੀ ਬੱਚੀ ਨੂੰ ਨਮੂਨੀਆ ਹੋ ਗਿਆ ਜਿਸ ਨਾਲ ਉਸ ਦੀ ਅੱਜ ਸਵੇਰ ਪੌਣੇ ਦੋ ਵਜੇ ਜਾਨ ਚਲੀ ਗਈ। ਇੱਕ ਸਾਲ ਦੀ ਉਮਰ ਵਿਚ ਹੀ ਇਸ ਬੱਚੀ ਨੇ ਕਈ ਪਿੰਡਾਂ ਦੇ ਜਲ ਘਰਾਂ ਦੀਆਂ ਟੈਂਕੀਆਂ ਵੇਖ ਲਈਆਂ ਸਨ। ਹਕੂਮਤਾਂ ਦੇ ਚਿਹਰੇ ਤੋਂ ਅਣਜਾਣ ਇਹ ਬੱਚੀ ਨਾਹਰੇ ਮਾਰਦੀ ਮਾਂ ਦੇ ਚਿਹਰੇ ਤੋਂ ਕਾਫ਼ੀ ਕੁਝ ਭਾਂਪਦੀ ਸੀ। ਬੱਚੀ ਰੂਥ ਨੇ ਪਹਿਲਾਂ ਬਰਨਾਲਾ ਦੇ ਪਿੰਡ ਚੀਮਾ ਦੀ ਪਾਣੀ ਵਾਲੀ ਟੈਂਕੀ ਕੋਲ ਮਾਂ ਦੀ ਬੁੱਕਲ ਵਿਚ ਬੈਠ ਕੇ ਕਈ ਦਿਨ ਕੱਟੇ ਅਤੇ ਉਸ ਤੋਂ ਪਹਿਲਾਂ ਪਿੰਡ ਭੋਖੜਾ ਦੀ ਪਾਣੀ ਵਾਲੀ ਟੈਂਕੀ ਵੀ ਇਸ ਬੱਚੀ ਨੇ ਵੇਖੀ।
                    ਭਾਵੇਂ ਇਹ ਬੱਚੀ ਹੋਸ਼ ਸੰਭਾਲਣ ਵਾਲੇ ਪੜਾਅ ਤੇ ਨਹੀਂ ਪੁੱਜੀ ਸੀ ਤੇ ਪੁਲੀਸ ਵਲੋਂ ਕੀਤੀ ਜਾਂਦੀ ਖਿੱਚ ਧੂਹ ਵੀ ਉਸ ਦੀ ਸਮਝੋ ਬਾਹਰ ਸੀ ਪ੍ਰੰਤੂ ਉਸ ਨੂੰ ਅੰਦਰੋਂ ਅੰਦਰੀਂ ਅਹਿਸਾਸ ਜ਼ਰੂਰ ਹੁੰਦਾ ਹੋਵੇਗਾ ਕਿ ਪੰਜਾਬ ਦੇ ਵਿਹੜੇ ਵਿਚ ਹੁਣ ਸੁੱਖ ਨਹੀਂ ਰਹੀ। ਮੋਗਾ ਦੇ ਪਿੰਡ ਬੰਬੀਹਾ ਭਾਈ ਦੀ ਮਹਿਲਾ ਅਧਿਆਪਕਾ ਕਿਰਨਜੀਤ ਕੌਰ ਨੂੰ ਸਰਕਾਰ ਨੇ ਸਾਲ 2009 ਵਿਚ ਈ.ਜੀ.ਐਸ ਸੈਂਟਰ ਚੋਂ ਫ਼ਾਰਗ ਕਰ ਦਿੱਤਾ ਸੀ। ਉਹ ਆਪਣੇ ਸਾਥੀ ਈ.ਜੀ.ਐਸ ਅਧਿਆਪਕਾਂ ਨਾਲ ਬਠਿੰਡਾ ਵਿਚ ਆਪਣੀ ਬੱਚੀ ਸਮੇਤ ਸੰਘਰਸ਼ ਵਿਚ ਕੁੱਦੀ ਹੋਈ ਸੀ। ਬਠਿੰਡਾ ਵਿਚ ਕਈ ਦਿਨਾਂ ਤੋਂ ਦਰਜਨ ਈ.ਜੀ.ਐਸ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਚੜ•ੇ ਹੋਏ ਹਨ।  ਬਠਿੰਡਾ ਵਿਚ ਰੁਜ਼ਗਾਰ ਲੈਣ ਆਈ ਕਿਰਨਜੀਤ ਕੌਰ ਆਪਣੀ ਧੀ ਗੁਆ ਕੇ ਤੁਰ ਗਈ। ਮਾਂ ਕਿਰਨਜੀਤ ਅੱਜ ਧੀ ਦੀ ਲਾਸ਼ ਬੁੱਕਲ ਵਿਚ ਲੈ ਕੇ ਬਠਿੰਡਾ ਦੀਆਂ ਸੜਕਾਂ ਤੇ ਕਈ ਘੰਟੇ ਬੈਠੀ ਰਹੀ। ਬਾਪ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਇੱਕ ਛੇ ਵਰਿ•ਆ ਦੀ ਵੱਡੀ ਬੇਟੀ ਰਿਬਕਾਹ ਹੈ ਅਤੇ ਉਹ ਵੀ ਆਪਣੀ ਮਾਂ ਨਾਲ ਸੰਘਰਸ਼ ਵਿਚ ਜਾਂਦੀ ਰਹੀ ਹੈ। ਜਦੋਂ ਪੁੱਛਿਆ ਕਿ ਬੱਚੀ ਕਿਹੜੇ ਸਕੂਲ ਪੜ•ਦੀ ਹੈ, ਤਾਂ ਬਾਪ ਨੇ ਧਾਹ ਮਾਰ ਕੇ ਦੱਸਿਆ, ਗਰੀਬਾਂ ਦੇ ਤਾਂ ਸਰਕਾਰੀ ਸਕੂਲਾਂ ਵਿਚ ਹੀ ਪੜ•ਦੇ ਨੇ।
                  ਬਾਪ ਚਰਨਜੀਤ ਇੱਕ ਪੇਂਟਰ ਕੋਲ ਦਿਹਾੜੀ ਤੇ ਕੰਮ ਕਰਦਾ ਹੈ। ਬਾਪ ਚਰਨਜੀਤ ਸਿੰਘ ਖੁਦ ਵੀ ਇਕਲੌਤਾ ਹੈ ਜਿਸ ਦੇ ਨਾ ਭੈਣ ਹੈ ਅਤੇ ਨਾ ਕੋਈ ਭਰਾ। ਕਿਰਨਜੀਤ ਕੌਰ ਨੇ ਈ.ਟੀ.ਟੀ ਕੀਤੀ ਹੋਈ ਅਤੇ ਨਰਸਰੀ ਟੀਚਰ ਟਰੇਨਿੰਗ ਵੀ ਕੀਤੀ ਹੋਈ ਹੈ। ਹੁਣ ਉਹ ਬੀ.ਏ ਵੀ ਕਰ ਰਹੀ ਹੈ। ਇੱਧਰ ਐਸ.ਐਸ.ਪੀ ਬਠਿੰਡਾ ਗੁਰਪ੍ਰੀਤ ਸਿੰਘ ਭੁੱਲਰ ਨੇ ਸੰਘਰਸ਼ੀ ਲੋਕਾਂ ਖ਼ਿਲਾਫ਼ ਕਾਫ਼ੀ ਸਖ਼ਤੀ ਕੀਤੀ ਹੋਈ ਹੈ ਜਿਸ ਦੇ ਤਹਿਤ ਕਈ ਪੁਲੀਸ ਕੇਸ ਵੀ ਦਰਜ ਕੀਤੇ ਹਨ। ਪੁਲੀਸ ਨੇ ਟੈਂਕੀ ਹੇਠ ਬੈਠੇ ਅਧਿਆਪਕਾਂ ਨੂੰ ਚੁੱਕਣ ਸਮੇਂ ਆਮ ਰਾਹਗੀਰਾਂ ਨੂੰ ਵੀ ਚੁੱਕ ਲਿਆ ਸੀ।  ਮਾਪਿਆਂ ਨੇ ਆਪਣੀ ਵੱਡੀ ਧੀ ਨੂੰ ਇਹ ਖਬਰ ਨਹੀਂ ਦਿੱਤੀ ਕਿ ਉਸ ਦੀ ਛੋਟੀ ਭੈਣ ਮੁੜ ਕਦੇ ਘਰ ਨਹੀਂ ਆਏਗੀ। 

Wednesday, July 25, 2012

                               ਮਸੂਮੀਅਤ
               ਬੱਚਾ ਛੋਟਾ, ਦਿਲ ਵੱਡਾ
                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜੇਲ੍ਹ ਦੀ ਡਿਊਢੀ 'ਚ ਛੋਟੇ ਬੱਚੇ ਨੇ ਵੱਡਾ ਦਿਲ ਦਿਖਾਇਆ ਹੈ। ਮਾਂ ਨੇ ਤਾਂ ਉਸ ਨੂੰ ਤਸਕਰੀ ਲਈ ਵਰਤਿਆ। ਇਸੇ ਕਰਕੇ ਉਸ ਨੂੰ ਜੇਲ੍ਹ ਵੀ ਭੁਗਤਣੀ ਪਈ। ਹੁਣ ਜਦੋਂ ਜੇਲ੍ਹ ਚੋਂ ਮਾਸੂਮ ਬਾਹਰ ਆਇਆ ਤਾਂ ਉਸ ਨੇ ਆਖਿਆ, 'ਮਾਂ ਮੈਂ ਤੈਨੂੰ ਮਿਲਣ ਆਇਆ ਕਰੇਗਾ।' ਆਖਰ ਪੰਜ ਵਰ੍ਹਿਆਂ ਦੇ ਬੱਚੇ ਨੂੰ ਅੱਜ ਜੇਲ੍ਹ ਤੋਂ ਮੁਕਤੀ ਮਿਲ ਗਈ ਹੈ। ਬਿਨਾਂ ਕਸੂਰ ਤੋਂ ਇਸ ਬੱਚੇ ਨੇ ਜੇਲ੍ਹ ਵੇਖ ਲਈ ਹੈ। ਬਠਿੰਡਾ ਜੇਲ੍ਹ ਚੋਂ ਅੱਜ ਸ਼ਾਮ ਵਕਤ ਜਦੋਂ ਇਹ ਬੱਚਾ ਬਾਹਰ ਆਇਆ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਸੀ। ਬਚਪਨ 'ਚ ਹੀ ਉਸ ਨੂੰ 'ਬੰਦ ਪਿੰਜਰੇ' ਦਾ ਅਹਿਸਾਸ ਹੋ ਗਿਆ ਹੈ। ਉਸ ਨੂੰ ਮਾਪਿਆਂ ਦੇ ਜੁਰਮ ਦੀ ਸਜ਼ਾ ਕੱਟਣੀ ਪਈ ਹੈ। ਉਹ ਅਣਜਾਣ ਸੀ ਕਿ ਉਸ ਦੇ ਬਚਪਨ ਨੂੰ ਵੀ ਤਸਕਰੀ ਲਈ ਵਰਤਿਆ ਜਾਂਦਾ ਸੀ। ਉਹ ਤਾਂ ਮਾਪਿਆਂ ਦੇ ਮੋਹ ਵਿੱਚ ਬੱਝਾ ਹੋਇਆ ਸੀ। ਦੱਸਣਯੋਗ ਹੈ ਕਿ ਬਠਿੰਡਾ ਪੁਲੀਸ ਨੇ ਸ਼ਹਿਰ ਦੀ ਸੰਤਪੁਰਾ ਸੜਕ ਤੋਂ ਇੱਕ ਕਾਰ ਨੂੰ ਪੌਣੇ ਦੋ ਵਰ੍ਹੇ ਪਹਿਲਾਂ ਜਦੋਂ ਰੋਕਿਆ ਸੀ ਤਾਂ ਉਸ ਕਾਰ ਵਿੱਚ ਸਵਾਰ ਇਸ ਬੱਚੇ ਹਰਸ਼ਦੀਪ ਨਾਲ ਉਸ ਦੀ ਮਾਂ ਸੁਰਿੰਦਰ ਕੌਰ ਅਤੇ ਪਿਤਾ ਅਵਤਾਰ ਸਿੰਘ ਵਾਸੀ ਮਲਕਾਣਾ ਸਨ। ਉਸ ਦੇ ਮਾਪਿਆਂ ਵੱਲੋਂ ਅਫੀਮ ਦੀ ਤਸਕਰੀ ਕੀਤੀ ਜਾ ਰਹੀ ਸੀ। ਪੁਲੀਸ ਨੇ ਉਸ ਦੇ ਮਾਂ ਤੇ ਬਾਪ 'ਤੇ ਥਾਣਾ ਕੋਤਵਾਲੀ ਵਿੱਚ 10 ਨਵੰਬਰ 2010 ਨੂੰ ਕੇਸ ਦਰਜ ਕੀਤਾ ਸੀ। ਜਦੋਂ ਅਦਾਲਤ ਵੱਲੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਤਾਂ ਪਿੱਛੇ ਇਸ ਬੱਚੇ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਨਤੀਜੇ ਵਜੋਂ ਇਹ ਬੱਚਾ ਵੀ ਮਾਪਿਆਂ ਦੇ ਨਾਲ ਜੇਲ੍ਹ ਚਲਾ ਗਿਆ। ਇਹ ਬੱਚਾ ਪਿਛਲੇ ਪੌਣੇ ਦੋ ਵਰ੍ਹਿਆਂ ਤੋਂ ਜੇਲ੍ਹ ਵਿੱਚ ਹੀ ਮਾਪਿਆਂ ਨਾਲ ਬੰਦ ਸੀ।
           ਪੁਲੀਸ ਨੇ ਦੱਸਿਆ ਸੀ ਕਿ ਇਸ ਤਸਕਰ ਜੋੜੇ ਵਲੋਂ ਤਸਕਰੀ ਦੇ ਕੰਮ ਵਿੱਚ ਇਸ ਬੱਚੇ ਨੂੰ ਵਰਤਿਆ ਜਾਂਦਾ ਸੀ। ਤਸਕਰੀ ਸਮੇਂ ਬੱਚਾ ਨਾਲ ਹੋਣ ਕਰਕੇ ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪੈਂਦਾ ਸੀ। ਜਦੋਂ ਇਸ ਬੱਚੇ ਨੂੰ ਸੋਝੀ ਆਈ ਤਾਂ ਉਹ ਜੇਲ੍ਹ ਦੀਆਂ ਕੰਧਾਂ ਦੇ ਅੰਦਰ ਕੈਦ ਸੀ। ਉਹ ਅੰਦਰਲੀ ਦੁਨੀਆਂ ਤੋਂ ਅਣਜਾਣ ਸੀ। ਮਾਪਿਆਂ ਨੂੰ ਕੁਝ ਸਮੇਂ ਮਗਰੋਂ ਆਪਣੇ ਬੱਚੇ ਦੇ ਭਵਿੱਖ ਦਾ ਫਿਕਰ ਹੋਣ ਲੱਗਾ। ਕਰੀਬ ਛੇ ਕੁ ਮਹੀਨੇ ਪਹਿਲਾਂ ਜਦੋਂ ਜਸਟਿਸ ਕੇ.ਸੀ.ਪੁਰੀ ਬਠਿੰਡਾ ਜੇਲ੍ਹ ਦੇ ਦੌਰੇ 'ਤੇ ਆਏ ਤਾਂ ਉਨ੍ਹਾਂ ਨੇ ਇਸ ਬੱਚੇ ਸਬੰਧੀ ਮਸ਼ਵਰਾ ਦਿੱਤਾ ਸੀ ਕਿ ਜੇ ਕੋਈ ਇਸ ਬੱਚੇ ਨੂੰ ਬਾਹਰ ਦੇਖਭਾਲ ਕਰਨ ਵਾਲਾ ਮਿਲ ਜਾਵੇ ਤਾਂ ਕਾਨੂੰਨ ਮੁਤਾਬਕ ਬੱਚਾ ਬਾਹਰ ਜਾ ਸਕਦਾ ਹੈ। ਬਠਿੰਡਾ ਦੇ ਇੱਕ ਸਰਕਾਰੀ ਮੁਲਾਜ਼ਮ ਆਰ.ਐਸ.ਬਾਂਸਲ ਨੇ ਜ਼ਿਲ੍ਹਾ ਅਦਾਲਤ ਵਿੱਚ ਦਰਖਾਸਤ ਦਾਇਰ ਕਰ ਦਿੱਤੀ ਸੀ ਕਿ ਉਹ ਜੇਲ੍ਹ ਵਿੱਚ ਬੰਦ ਹਰਸ਼ਦੀਪ ਦੀ ਦੇਖਭਾਲ ਕਰਨ ਵਾਸਤੇ ਤਿਆਰ ਹੈ। ਉਸ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਬੱਚੇ ਨੂੰ ਸਕੂਲ ਵਿੱਚ ਪੜਾਉਣਾ ਚਾਹੁੰਦਾ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸਿਵਲ ਜੱਜ ਹਰਜਿੰਦਰ ਕੌਰ ਨੂੰ ਦਰਖਾਸਤ ਭੇਜ ਦਿੱਤੀ ਸੀ। ਜ਼ਿਲ੍ਹਾ ਅਦਾਲਤ ਨੇ ਗਾਰਡੀਅਨ ਤੇ ਕੇਅਰ ਟੇਕਰ ਦੇ ਤੌਰ 'ਤੇ ਇਸ ਸਰਕਾਰੀ ਮੁਲਾਜ਼ਮ ਨੂੰ ਜੇਲ੍ਹ ਵਿੱਚ ਬੰਦ ਬੱਚਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ। ਉਧਰ ਬੱਚੇ ਦੇ ਜੇਲ੍ਹ ਵਿੱਚ ਬੰਦ ਮਾਪੇ ਵੀ ਇਸ ਗੱਲ ਲਈ ਰਜਾਮੰਦ ਸਨ।
            ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ ਨੇ ਅੱਜ ਹਰਸ਼ਦੀਪ ਨੂੰ ਇਸ ਸਰਕਾਰੀ ਮੁਲਾਜ਼ਮ ਦੇ ਹਵਾਲੇ ਕਰ ਦਿੱਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਬੱਚੇ ਦੇ ਮਾਪਿਆਂ ਤੇ ਕੇਅਰ ਟੇਕਰ ਤੋਂ ਹਲਫੀਆ ਬਿਆਨ ਲੈ ਲਏ ਹਨ। ਬੱਚੇ ਨੂੰ ਹੁਣ ਇਸ ਸਰਕਾਰੀ ਮੁਲਾਜ਼ਮ ਦੇ ਹਵਾਲੇ ਕੀਤਾ ਗਿਆ ਹੈ ਤੇ ਬੱਚੇ ਪ੍ਰਤੀ ਹੁਣ ਸਾਰੀ ਜ਼ਿੰਮੇਵਾਰੀ ਉਸ ਦੀ ਬਣ ਗਈ ਹੈ। ਇਸ ਬੱਚੇ ਨੇ ਸਕੂਲ ਜਾਣ ਦੀ ਇੱਛਾ ਜ਼ਾਹਰ ਕੀਤੀ। ਸਰਕਾਰੀ ਮੁਲਾਜ਼ਮ ਬਾਂਸਲ ਦਾ ਕਹਿਣਾ ਸੀ ਕਿ ਉਹ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਪਾਲਣਗੇ ਤੇ ਬੱਚੇ ਨੂੰ ਸਕੂਲ ਪਾਇਆ ਜਾਵੇਗਾ। ਉਧਰ ਮਾਪਿਆਂ ਨੂੰ ਅੱਜ ਬੱਚੇ ਨੂੰ ਜੇਲ੍ਹ ਤੋਂ ਬਾਹਰ ਭੇਜ ਕੇ ਤਸੱਲੀ ਮਹਿਸੂਸ ਹੋਈ। ਬੱਚੇ ਦਾ ਕਹਿਣਾ ਸੀ ਕਿ ਉਹ ਆਪਣੇ ਮਾਂ ਬਾਪ ਨੂੰ ਜੇਲ੍ਹ ਵਿੱਚ ਮਿਲਣ ਆਇਆ ਕਰੇਗਾ। ਭਾਵੇਂ ਮਾਪਿਆਂ ਨੇ ਤਾਂ ਬੱਚੇ ਨੂੰ ਤਸਕਰੀ ਲਈ ਵਰਤਿਆ ਪਰ ਬੱਚੇ ਨੇ ਫਿਰ ਵੀ ਆਪਣੀ ਮਸੂਮੀਅਤ ਦਿਖਾ ਦਿੱਤੀ ਹੈ।