Friday, February 28, 2020

                  ਕੈਪਟਨ ਦੀ ਠਾਠ 
ਘੰਟੇ ਦਾ ਬਿਜਲੀ ਬਿੱਲ 357 ਰੁਪਏ !
                     ਚਰਨਜੀਤ ਭੁੱਲਰ
ਬਠਿੰਡਾ : ਮਹਿੰਗੀ ਬਿਜਲੀ ਦਾ ਸੇਕ ਪੰਜਾਬ ਦੇ ਵੱਡੇ ਘਰਾਂ ਨੂੰ ਨਹੀਂ ਲੱਗਦਾ ਹੈ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਈਵੇਟ ਰਿਹਾਇਸ਼ ਦਾ ਬਿਜਲੀ ਬਿੱਲ ਦੇਖੀਏ ਤਾਂ ਇਹ ਸੱਚ ਜਾਪਦਾ ਹੈ। ਇਵੇਂ ਬਾਦਲਾਂ ਨੂੰ ਵੀ ਹੁਣ ਮਹਿੰਗੀ ਬਿਜਲੀ ਚੁੱਭਦੀ ਨਹੀਂ ਹੈ। ਆਮ ਆਦਮੀ ਦੇ ਪਸੀਨੇ ਬਿਜਲੀ ਬਿੱਲਾਂ ਨੇ ਛੁਡਾ ਰੱਖੇ ਹਨ ਤੇ ਪੰਜਾਬ ’ਚ ਬਿਜਲੀ ਬਿੱਲ ਵੱਡਾ ਮਸਲਾ ਬਣੇ ਹਨ। ਵੱਡੇ ਘਰਾਂ ’ਚ ਕਾਹਦਾ ਘਾਟਾ, ਜਿਸ ਕਰਕੇ ਵੱਡੇ ਪਰਿਵਾਰਾਂ ਲਈ ਬਿਜਲੀ ਬਿੱਲ ਤਾਰਨੇ ਕੋਈ ਮੁਸ਼ਕਲ ਵੀ ਨਹੀਂ। ਵੱਡਿਆਂ ਦੇ ਬਿੱਲ ਆਮ ਆਦਮੀ ਨੂੰ ਚੱਕਰ ਲਿਆਉਣ ਵਰਗੇ ਹਨ। ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਲਾਗੇ ਸਿਸਵਾਂ ਵਿਖੇ ਪ੍ਰਾਈਵੇਟ ਰਿਹਾਇਸ਼ (ਫਾਰਮ ਹਾਊਸ) ਹੈ। ਅਮਰਿੰਦਰ ਸਿੰਘ ਨੇ ਇਹ ਰਿਹਾਇਸ਼ ਥੋੜਾ ਸਮਾਂ ਪਹਿਲਾਂ ਹੀ ਉਸਾਰੀ ਹੈ। ਵੇਰਵਿਆਂ ਅਨੁਸਾਰ ਇਸ ਪ੍ਰਾਈਵੇਟ ਰਿਹਾਇਸ਼ ਦਾ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਕੁਨੈਕਸ਼ਨ ਜੁਲਾਈ 2019 ਵਿਚ ਲਿਆ ਹੈ ਜਿਸ ਦਾ ਬਿਜਲੀ ਲੋਡ ਕਰੀਬ 140 ਕਿਲੋਵਾਟ ਹੈ। ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਿਜਲੀ ਬਿੱਲਾਂ ਦੀ ਅੌਸਤਨ ਵੇਖੀਏ ਤਾਂ ਮੁੱਖ ਮੰਤਰੀ ਪ੍ਰਤੀ ਘੰਟਾ 250 ਰੁਪਏ ਦੀ ਬਿਜਲੀ ਬਾਲਦੇ ਹਨ ਅਤੇ ਇੱਕ ਦਿਨ ਦਾ ਬਿਜਲੀ ਬਿੱਲ ਅੌਸਤਨ 6100 ਰੁਪਏ ਤਾਰਦੇ ਹਨ।
              ਇਸ ਰਿਹਾਇਸ਼ ਦੀ ਜਨਵਰੀ 2020 ਮਹੀਨੇ ਦੀ ਖਪਤ 33260 ਯੂਨਿਟ ਰਹੀ ਹੈ। ਮਤਲਬ ਕਿ ਮੁੱਖ ਮੰਤਰੀ ਦਾ ਰੋਜ਼ਾਨਾ ਦਾ ਅੌਸਤਨ 8584 ਰੁਪਏ ਦੀ ਬਿਜਲੀ ਬਿੱਲ ਆਇਆ ਅਤੇ ਪ੍ਰਤੀ ਘੰਟਾ ਬਿਜਲੀ ਖਰਚਾ 357 ਰੁਪਏ ਰਿਹਾ।ਚਾਲੂ ਫਰਵਰੀ ਮਹੀਨੇ ਦਾ ਬਿਜਲੀ ਬਿੱਲ ਵੀ 27 ਹਜ਼ਾਰ ਯੂਨਿਟਾਂ ਨੂੰ ਪਾਰ ਕਰ ਗਿਆ ਹੈ। ਜੁਲਾਈ 2019 ਤੋਂ 31 ਦਸੰਬਰ 2019 ਤੱਕ ਦਾ ਇਸ ਰਿਹਾਇਸ਼ ਦਾ ਬਿਜਲੀ ਬਿੱਲ 6.52 ਲੱਖ ਰੁਪਏ ਆਇਆ ਹੈ ਜੋ ਕਿ 159 ਦਿਨਾਂ ਦੀ ਬਿਜਲੀ ਖਪਤ ਦਾ ਹੈ। ਇਨ੍ਹਾਂ ਛੇ ਮਹੀਨਿਆਂ ਦੀ ਅੌਸਤਨ ਵੇਖੀਏ ਤਾਂ ਮੁੱਖ ਮੰਤਰੀ ਨੇ ਰੋਜ਼ਾਨਾ 4103 ਰੁਪਏ ਦੀ ਬਿਜਲੀ ਬਾਲੀ ਹੈ। ਕੁਨੈਕਸ਼ਨ ਚਾਲੂ ਹੋਣ ਤੋਂ ਫਰਵਰੀ ਮਹੀਨੇ ਤੱਕ ਅੌਸਤਨ ’ਤੇ ਨਜ਼ਰ ਮਾਰੀਏ ਤਾਂ ਅਮਰਿੰਦਰ ਸਿੰਘ ਦਾ ਰੋਜ਼ਾਨਾ ਦਾ ਅੌਸਤਨ ਬਿਜਲੀ ਖਰਚ 5500 ਰੁਪਏ ਰਿਹਾ ਹੈ। ਜਨਵਰੀ ਮਹੀਨੇ ’ਚ ਪ੍ਰਤੀ ਘੰਟਾ ਬਿਜਲੀ ਖਰਚਾ 357 ਰੁਪਏ ਰਿਹਾ ਹੈ ਜਦੋਂ ਕਿ ਪੰਜਾਬ ਵਿਚ ਮਗਨਰੇਗਾ ਮਜ਼ਦੂਰਾਂ ਨੂੰ ਪੂਰੇ ਦਿਨ ਦੀ ਦਿਹਾੜੀ 241 ਰੁਪਏ ਮਿਲਦੀ ਹੈ। ਪ੍ਰਤੱਖ ਹੈ ਕਿ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਤਾਂ ਪ੍ਰਤੀ ਮਹੀਨਾ ਏਨੀ ਤਨਖਾਹ ਵੀ ਮਸਾਂ ਮਿਲਦੀ ਹੈ। ਦੂਸਰੀ ਤਰਫ਼ ਵੀ.ਆਈ.ਪੀ ਪਿੰਡ ਬਾਦਲ ’ਚ ਜੋ ਬਾਦਲ ਪਰਿਵਾਰ ਦੀ ਰਿਹਾਇਸ਼ ਹੈ, ਉਸ ਦਾ ਬਿਜਲੀ ਬਿੱਲ ਕਿਸੇ ਬੰਨ੍ਹਿਓ ਮਹਾਰਾਜੇ ਤੋਂ ਘੱਟ ਨਹੀਂ ਜਾਪਦਾ ਹੈ।
               ਬਾਦਲਾਂ ਦੀ ਰਿਹਾਇਸ਼ ਦਾ ਬਿਜਲੀ ਲੋਡ 180 ਕਿਲੋਵਾਟ ਹੈ। ਜੋ ਆਖਰੀ ਬਿਜਲੀ ਬਿੱਲ ਇਸ ਪਰਿਵਾਰ ਨੇ ਭਰਿਆ ਹੈ, ਉਹ 2.12 ਲੱਖ ਰੁਪਏ ਦਾ ਹੈ। ਜਮਾ ਘਟਾਓ ਕਰੀਏ ਤਾਂ ਬਾਦਲ ਪਰਿਵਾਰ ਵੱਲੋਂ ਰੋਜ਼ਾਨਾ ਅੌਸਤਨ 6838 ਰੁਪਏ ਬਿਜਲੀ ਬਿੱਲ ਦੇ ਤਾਰੇ ਹਨ ਅਤੇ ਪ੍ਰਤੀ ਘੰਟਾ ਬਿਜਲੀ ਬਿੱਲ ਅੌਸਤਨ 284 ਰੁਪਏ ਤਾਰਿਆ ਗਿਆ ਹੈ। ਜੋ ਹੁਣ ਬਿਜਲੀ ਬਿੱਲ 6 ਮਾਰਚ ਤੱਕ ਭਰਨਾ ਹੈ, ਉਹ ਵੀ 1.31 ਲੱਖ ਰੁਪਏ ਬਣਿਆ ਹੈ ਅਤੇ 14,492 ਯੂਨਿਟ ਬਿਜਲੀ ਖਪਤ ਆਈ ਹੈ। ਮੋਟੇ ਅੰਦਾਜ਼ੇ ਅਨੁਸਾਰ ਬਾਦਲ ਪਰਿਵਾਰ ਨੂੰ 9 ਰੁਪਏ ਪ੍ਰਤੀ ਯੂਨਿਟ ਬਿਜਲੀ ਪੈ ਰਹੀ ਹੈ। ਦੱਸਦੇ ਹਨ ਕਿ ਬਾਦਲ ਪਰਿਵਾਰ ਦੀ ਰਿਹਾਇਸ਼ ’ਤੇ ਸੋਲਰ ਪਲਾਂਟ ਵੀ ਲੱਗਾ ਹੋਇਆ ਹੈ। ਸੋਲਰ ਪਲਾਂਟ ਦੀ ਬਿਜਲੀ ਤੋਂ ਇਲਾਵਾ ਪਾਵਰਕੌਮ ਦੀ ਬਿਜਲੀ ਵੀ ਵਰਤੀ ਜਾਂਦੀ ਹੈ। ਪਾਵਰਕੌਮ ਦੇ ਸਥਾਨਿਕ ਅਧਿਕਾਰੀ ਦੱਸਦੇ ਹਨ ਕਿ ਕਈ ਵਾਰੀ ਇਸ ਪਰਿਵਾਰ ਵੱਲੋਂ ਸੋਲਰ ਪਲਾਂਟ ਦੀ ਬਿਜਲੀ ਪਾਵਰਕੌਮ ਨੂੰ ਵੀ ਦਿੱਤੀ ਜਾਂਦੀ ਹੈ ਅਤੇ ਬਦਲੇ ਵਿਚ ਬਿਜਲੀ ਲੈ ਵੀ ਲਈ ਜਾਂਦੀ ਹੈ। ਭਾਵੇਂ ਇਨ੍ਹਾਂ ਪਰਿਵਾਰਾਂ ਦੇ ਬਿਜਲੀ ਬਿੱਲ ਮੋਟੇ ਆ ਰਹੇ ਹਨ ਪ੍ਰੰਤੂ ਇਨ੍ਹਾਂ ਪਰਿਵਾਰ ਲਈ ਏਨੀ ਕੁ ਰਕਮ ਵੱਡੀ ਗੱਲ ਵੀ ਨਹੀਂ ਹੈ।
                ਪੰਜਾਬ ਦੇ ਆਮ ਖਪਤਕਾਰਾਂ ਦੀ ਏਨੀ ਪਹੁੰਚ ਨਹੀਂ ਹੈ ਕਿ ਉਹ ਮਹਿੰਗੀ ਬਿਜਲੀ ਦੇ ਬਿੱਲ ਤਾਰ ਸਕਣ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪਿਛਲੇ ਸਮੇਂ ਤੋਂ ਗਰੀਬ ਲੋਕਾਂ ਦੇ ਵੱਡੇ ਬਿੱਲਾਂ ਨੂੰ ਮੁੱਦੇ ਦੇ ਤੌਰ ’ਤੇ ਚੁੱਕਦੇ ਆ ਰਹੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਬਹੁਤੇ ਮਜ਼ਦੂਰਾਂ ਦੇ ਤਾਂ ਕੁਨੈਕਸ਼ਨ ਹੀ ਕੱਟੇ ਜਾਂਦੇ ਹਨ ਕਿਉਂਕਿ ਇਕੱਲੀ ਦਿਹਾੜੀ ਦੀ ਕਮਾਈ ਨਾਲ ਬਿੱਲ ਤਾਰਨੇ ਮੁਸ਼ਕਲ ਹਨ। ਦੱਸਣਯਗ ਹੈ ਕਿ ਗਠਜੋੜ ਸਰਕਾਰ ਵੇਲੇ ਹੋਏ ਮਹਿੰਗੇ ਬਿਜਲੀ ਸਮਝੌਤੇ ਹੁਣ ਪੰਜਾਬ ਦੇ ਗਲੇ ਦੀ ਹੱਡੀ ਬਣੇ ਹੋਏ ਹਨ ਜਿਨ੍ਹਾਂ ਨੇ ਖਪਤਕਾਰਾਂ ਦੀ ਰੱਤ ਨਿਚੋੜ ਦਿੱਤੀ ਹੈ।


Thursday, February 27, 2020

                               ਕਰੋੜਾਂ ਦੀ ਖਰੀਦ
          ਭਾਰ ਤੋਲ ਮਸ਼ੀਨਾਂ ’ਚ ਘਾਲਾ ਮਾਲਾ !
                                ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਵੱਲੋਂ ਭਾਰ ਤੋਲ ਮਸ਼ੀਨਾਂ ਦੀ ਕਰੋੜਾਂ ਰੁਪਏ ਦੀ ਕੀਤੀ ਖਰੀਦ ’ਤੇ ਉਂਗਲ ਉੱਠੀ ਹੈ। ਕਰੀਬ ਇੱਕ ਸਾਲ ਦੇ ਰੌਲ਼ੇ ਰੱਪੇ ਮਗਰੋਂ ਇਹ ਖਰੀਦ ਸਿਰੇ ਲੱਗੀ ਹੈ ਜਿਸ ਦੀ ਖਰੀਦ ’ਤੇ ਸ਼ੰਕੇ ਖੜ੍ਹੇ ਹੋਏ ਹਨ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਤਰਫ਼ੋਂ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਲਈ 1.09 ਲੱਖ ਭਾਰ ਤੋਲਕ ਮਸ਼ੀਨਾਂ ਦੀ ਖਰੀਦ ਕੀਤੀ ਹੈ ਜਿਨ੍ਹਾਂ ’ਤੇ ਕਰੀਬ 21.52 ਕਰੋੜ ਰੁਪਏ ਖਰਚੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਚਾਰ ਚਾਰ ਮਸ਼ੀਨਾਂ ਦੇ ਕੁੱਲ 27,314 ਸੈੱਟ ਖਰੀਦ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਕੇਂਦਰੀ ਸਕੀਮ (ਆਈਸੀਡੀਐਸ) ਤਹਿਤ ਹਰ ਆਂਗਣਵਾੜੀ ਸੈਂਟਰ ਲਈ ਬੱਚਿਆਂ ਅਤੇ ਮਾਵਾਂ ਦਾ ਭਾਰ ਤੋਲਣ ਵਾਸਤੇ ਚਾਰ ਚਾਰ ਮਸ਼ੀਨਾਂ ਦਾ ਇੱਕ ਇੱਕ ਸੈੱਟ ਖਰੀਦ ਕੀਤਾ ਗਿਆ ਹੈ। ਇਨ੍ਹਾਂ ਮਸ਼ੀਨਾਂ ਦੀ ਸਪਲਾਈ ਜ਼ਿਲ੍ਹਾ ਪੱਧਰ ’ਤੇ ਪੁੱਜ ਚੁੱਕੀ ਹੈ ਅਤੇ ਬਹੁਤੇ ਆਂਗਣਵਾੜੀ ਸੈਂਟਰਾਂ ਨੂੰ ਇਹ ਮਸ਼ੀਨਾਂ ਵੰਡੀਆਂ ਜਾ ਰਹੀਆਂ ਹਨ। ਮਹਿਕਮੇ ਤਰਫ਼ੋਂ ਜੈੱਮ ਪੋਰਟਲ ਜਰੀਏ ਮਸ਼ੀਨਾਂ ਦੀ ਖਰੀਦ ਦਾ ਟੈਂਡਰ ਕੀਤਾ ਗਿਆ ਸੀ ਅਤੇ ਇਹ ਖਰੀਦ ਨੈਸ਼ਨਲ ਫੈਡਰੇਸ਼ਨ ਆਫ਼ ਫਾਰਮਰ ਪ੍ਰਕਿਊਰਮੈਂਟ ਪ੍ਰੋਸੈਸਿੰਗ ਐਂਡ ਰਿਟੇਲਿੰਗ ਕੋਆਪਰੇਟਿਵ ਆਫ਼ ਇੰਡੀਆ ਲਿਮਟਿਡ ਤੋਂ ਕੀਤੀ ਗਈ ਹੈ।
               ਚਰਚੇ ਹਨ ਕਿ ਇਸ ਕੌਮੀ ਫੈਡਰੇਸ਼ਨ ਨੂੰ ਪੰਜਾਬ ਦੀਆਂ ਉਨ੍ਹਾਂ ਫਰਮਾਂ ਨੇ ਸਪਲਾਈ ਦਿੱਤੀ ਹੈ ਜਿਨ੍ਹਾਂ ’ਤੇ ਵਿਜੀਲੈਂਸ ਦਾ ਡੰਡਾ ਖੜਕਦਾ ਰਿਹਾ ਹੈ ਜਿਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸੂਤਰਾਂ ਅਨੁਸਾਰ ਮਹਿਕਮੇ ਤਰਫੋਂ ਜੋ ਟੈਂਡਰ ਕੀਤੇ ਗਏ ਹਨ, ਉਨ੍ਹਾਂ ਵਿਚ 13.50 ਕਰੋੜ ਰੁਪਏ ਦੀ ਟਰਨ ਓਵਰ ਦੀ ਸ਼ਰਤ ਲਗਾ ਦਿੱਤੀ ਗਈ ਜਿਸ ਨਾਲ ਬਹੁਤੀਆਂ ਕੰਪਨੀਆਂ ਇਸ ਖਰੀਦ ਪ੍ਰਕਿਰਿਆ ਚੋਂ ਆਊਟ ਹੋ ਗਈਆਂ। ਕਰੀਬ ਸਾਲ ਪਹਿਲਾਂ ਮਹਿਕਮੇ ਨੇ ਕਰੀਬ 5 ਕਰੋੜ ਦੀ ਟਰਨ ਓਵਰ ਦੀ ਸ਼ਰਤ ਲਾਈ ਸੀ, ਉਦੋਂ ਕੁਝ ਫਰਮਾਂ ਨੇ ਮਹਿਕਮੇ ਨੂੰ ਦਰਖਾਸਤਾਂ ਦਿੱਤੀਆਂ ਸਨ ਜਿਸ ਮਗਰੋਂ ਟੈਂਡਰ ਕੈਂਸਲ ਕਰ ਦਿੱਤਾ ਸੀ। ਦੱਸਦੇ ਹਨ ਕਿ ਉਸ ਮਗਰੋਂ ਫਿਰ ਟੈਂਡਰ ਕੈਂਸਲ ਕਰਨਾ ਪਿਆ। ਹੁਣ ਤੀਸਰੀ ਦਫ਼ਾ ਮਹਿਕਮੇ ਵੱਲੋਂ ਟੈਂਡਰ ਲਗਾਇਆ ਗਿਆ ਹੈ। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅੌਸਤਨ ਚਾਰੋਂ ਮਸ਼ੀਨਾਂ ਦਾ ਸੈੱਟ ਸਮੇਤ ਟੈਕਸ 7882 ਰੁਪਏ ਵਿਚ ਖਰੀਦ ਕੀਤਾ ਗਿਆ ਹੈ। ਦੂਸਰੀ ਤਰਫ਼ ਦਿੱਲੀ ਦੀ ਕੰਪਨੀ ਡਾਕਟਰ ਸਕੇਲਜ਼ ਦੇ ਸੌਰਭ ਨਈਅਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤਰਫ਼ੋਂ ਟਰਨ ਓਵਰ ਏਨੀ ਹੈਵੀ ਰੱਖੀ ਗਈ ਹੈ ਕਿ ਸਭ ਫਰਮਾਂ ਆਊਟ ਹੋ ਗਈਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਜੋਂ ਚਾਰੋ ਮਸ਼ੀਨਾਂ ਕੌਮੀ ਫੈਡਰੇਸ਼ਨ ਤੋਂ 7882 ਰੁਪਏ ਵਿਚ ਪ੍ਰਤੀ ਸੈੱਟ ਖਰੀਦ ਰਹੀ ਹੈ, ਉਸੇ ਸਪੈਸ਼ੀਫਿਕੇਸ਼ਨ ਵਾਲੀਆਂ ਮਸ਼ੀਨਾਂ ਉਹ ਸਮੇਤ ਸਭ ਟੈਕਸ ਚਾਰ ਹਜ਼ਾਰ ਰੁਪਏ ਪ੍ਰਤੀ ਸੈੱਟ ਦੇਣ ਨੂੰ ਤਿਆਰ ਹਨ। ਮਾਰਕੀਟ ਵਿਚ ਵੀ ਇਹੋ ਰੇਟ ਹੈ।
              ਅਕਤੂਬਰ ਮਹੀਨੇ ’ਚ ਇਹ ਕੰਪਨੀ ਇਸੇ ਰੇਟ ਤਹਿਤ ਕਿਸੇ ਹੋਰ ਪ੍ਰਾਈਵੇਟ ਅਦਾਰੇ ਨੂੰ ਕੁਟੇਸ਼ਨਾਂ ਵੀ ਭੇਜ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਚਾਰੋਂ ਮਸ਼ੀਨਾਂ ਦੇ 27,314 ਸੈੱਟ ਖਰੀਦ ਕੀਤੇ ਗਏ ਹਨ। ਬਾਕੀ ਗੱਲਾਂ ਨੂੰ ਛੱਡ ਦੇਈਏ ਤੇ ਇਸ ਫਰਮ ’ਤੇ ਯਕੀਨ ਕਰੀਏ ਤਾਂ ਮਾਰਕੀਟ ਚੋਂ ਇਹ ਚਾਰੋ ਮਸ਼ੀਨਾਂ 10.92 ਕਰੋੜ ਵਿਚ ਮਿਲ ਸਕਦੀਆਂ ਹਨ। ਨਾਪਤੋਲ ਵਿਭਾਗ ਫਿਰੋਜ਼ਪੁਰ ਤਰਫ਼ੋਂ ਖਰੀਦ ਮਸ਼ੀਨਾਂ ਦੀ ਸਟੈਪਿੰਗ ਨਾ ਹੋਣ ’ਤੇ ਇਤਰਾਜ਼ ਵੀ ਕੀਤਾ ਸੀ ਕਿਉਂਕਿ ਨਿਯਮਾਂ ਅਨੁਸਾਰ ਹਰ ਮਸ਼ੀਨ ਦੀ ਨਾਪਤੋਲ ਵਿਭਾਗ ਤੋਂ ਸਟੈਂਪਿੰਗ ਹੋਣੀ ਜ਼ਰੂਰੀ ਹੈ। ਫਿਰੋਜ਼ਪੁਰ ਦੇ ਨਾਪਤੋਲ ਇੰਸਪੈਕਟਰ ਸੰਜੀਵ ਅਰੋੜਾ ਦਾ ਕਹਿਣਾ ਸੀ ਕਿ ਪਹਿਲਾਂ ਇਨ੍ਹਾਂ ਮਸ਼ੀਨਾਂ ਦਾ ਸਬੰਧਿਤ ਰਿਕਾਰਡ ਅਧੂਰਾ ਸੀ ਜੋ ਮਗਰੋਂ ਫਰਮ ਨੇ ਦਿਖਾ ਦਿੱਤਾ ਸੀ।  ਫਿਰੋਜ਼ਪੁਰ ਦੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਕੌਰ ਦਾ ਕਹਿਣਾ ਸੀ ਕਿ ਨਾਪਤੋਲ ਅਧਿਕਾਰੀ ਤਰਫ਼ੋਂ ਜੋ ਕਲੈਰੀਫਿਕੇਸ਼ਨ ਮੰਗੀ ਗਈ ਸੀ, ਉਸ ਬਾਰੇ ਤਸੱਲੀ ਕਰਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਖਰੀਦ ਨਾਮਰਜ਼ ਮੁਤਾਬਿਕ ਇੰਸਪੈਕਸ਼ਨ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ 1261 ਅਤੇ ਜ਼ਿਲ੍ਹਾ ਮੁਕਤਸਰ ਵਿਚ 894 ਆਂਗਣਵਾੜੀ ਕੇਂਦਰ ਹਨ। ਇਨ੍ਹਾਂ ਕੇਂਦਰਾਂ ਵਿਚ ਆਉਂਦੇ ਬੱਚਿਆਂ ਅਤੇ ਮਾਵਾਂ ਦਾ ਭਾਰ ਤੋਲਣ ਲਈ ਇਹ ਮਸ਼ੀਨਾਂ ਦੀ ਸਪਲਾਈ ਕੀਤੀ ਗਈ ਹੈ।
               ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਤਿੰਨ ਚਾਰ ਸਾਲ ਪਹਿਲਾਂ ਜੋ ਏਦਾਂ ਦੀਆਂ ਮਸ਼ੀਨਾਂ ਖ਼ਰੀਦੀਆਂ ਸਨ, ਉਹ ਕੇਂਦਰਾਂ ’ਚ ਕਬਾੜ ਬਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜੋ ਹੁਣ ਸਪਲਾਈ ਦਿੱਤੀ ਗਈ ਹੈ, ਉਸ ਦੀ ਖਰੀਦ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।ਜ਼ਿਲ੍ਹਾ ਫਰੀਦਕੋਟ ਦੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਨੀਤਾ ਰਾਣੀ ਦਾ ਕਹਿਣਾ ਸੀ ਕਿ ਜ਼ਿਲ੍ਹੇ ਵਿਚ ਇਹ ਮਸ਼ੀਨਾਂ ਆ ਚੁੱਕੀਆਂ ਹਨ ਜਿਨ੍ਹਾਂ ਦੀ ਸਟੈਪਿੰਗ ਵਗੈਰਾ ਹੋਈ ਵੀ ਹੈ। ਦੱਸਣਯੋਗ ਹੈ ਕਿ ਪ੍ਰਤੀ ਮਸ਼ੀਨ ਸਟੈਪਿੰਗ ਦੀ ਵੱਖਰੀ 50 ਤੋਂ 200 ਰੁਪਏ ਤੱਕ ਸਰਕਾਰੀ ਫੀਸ ਵੀ ਲੱਗਦੀ ਹੈ ਕਰੀਬ 18 ਫੀਸਦੀ ਜੀ.ਐਸ.ਟੀ ਵੀ ਪੈਂਦਾ ਹੈ। ਸੂਤਰ ਦੱਸਦੇ ਹਨ ਕਿ ਕੌਮੀ ਫੈਡਰੇਸ਼ਨ ਨੇ ਦਿੱਲੀ ਵਿਖੇ ਇਨ੍ਹਾਂ ਮਸ਼ੀਨਾਂ ਦੀ ਸਟੈਪਿੰਗ ਕਰਾਈ ਹੈ। ਅਗਰ ਇਹੋ ਸਟੈਪਿੰਗ ਪੰਜਾਬ ’ਚ ਹੁੰਦੀ ਤਾਂ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਕਮਾਈ ਹੋਣੀ ਸੀ।ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਜੈੱਮ ਪੋਰਟਲ ਦੇ ਨੇਮਾਂ ਅਤੇ ਗਾਈਡਲਾਈਨਜ਼ ਅਨੁਸਾਰ ਹੀ ਇਨ੍ਹਾਂ ਮਸ਼ੀਨਾਂ ਦੀ ਖਰੀਦ ਕੀਤੀ ਹੈ ਜਿਸ ਵਿਚ ਸਮੇਤ ਟਰਨ ਓਵਰ ਦੀ ਸ਼ਰਤ ਕੁਝ ਵੀ ਪੰਜਾਬ ਸਰਕਾਰ ਨੇ ਤੈਅ ਨਹੀਂ ਕੀਤਾ ਅਤੇ ਖਰੀਦ ਪ੍ਰਕਿਰਿਆ ਕੇਂਦਰੀ ਨੇਮਾਂ ਮੁਤਾਬਿਕ ਹੋਈ ਹੈ ਜਿਸ ਵਿਚ ਕੁਝ ਵੀ ਗਲਤ ਨਹੀਂ ਹੋਇਆ ਹੈ। ਉਹ ਤਾਂ ਮਾਰਕੀਟ ਚੋਂ ਖਰੀਦ ਕਰਨਾ ਚਾਹੁੰਦੇ ਸਨ ਪ੍ਰੰਤੂ ਕੇਂਦਰੀ ਨੇਮਾਂ ਨੂੰ ਮੰਨਣ ਲਈ ਪਾਬੰਦ ਸਨ।
                             ਮਸ਼ੀਨਾਂ ਦੀ ਖਰੀਦ ਦੀ ਜਾਂਚ  ਹੋਵੇ : ਚੀਮਾ
ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਮਸ਼ੀਨਾਂ ਦੀ ਖਰੀਦ ’ਚ ਕੇਂਦਰੀ ਫੰਡਾਂ ਦੀ ਦੁਰਵਰਤੋਂ ਹੋਈ ਹੈ ਅਤੇ ਮਹਿੰਗੇ ਭਾਅ ’ਤੇ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ। ਇਹ ਵੱਡੀ ਲੁੱਟ ਦਾ ਮਾਮਲਾ ਹੈ ਜਿਸ ਦੀ ਜਾਂਚ ਵਿਧਾਨ ਸਭਾ ਦੀ ਕਮੇਟੀ ਬਣਾ ਕੇ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਆਖਿਆ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵੀ ਇਸ ਮਾਮਲੇ ਦੀ ਜਾਂਚ ਕਰੇ ਅਤੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।


Sunday, February 23, 2020

                   ਵਿਚਲੀ ਗੱਲ
          ਸਾਰਾ ਬਾਗ ਹਵਾਲੇ ਤੇਰੇ..!
                  ਚਰਨਜੀਤ ਭੁੱਲਰ
ਬਠਿੰਡਾ : ਜਥੇਦਾਰ ਤੋਤਾ ਸਿੰਘ ਦੀ ਸੋਚ 'ਤੇ ਜੇ ਕਿਤੇ ਪੰਜਾਬੀ ਪਹਿਰਾ ਠੋਕ ਕੇ ਦਿੰਦੇ ਤਾਂ ਮੇਲਾਨੀਆ ਟਰੰਪ ਦੀ ਕੀ ਮਜਾਲ ਸੀ ਕਿ ਦਿੱਲੀ ਦੇ ਸਕੂਲਾਂ ਵੱਲ ਮੂੰਹ ਵੀ ਕਰ ਜਾਂਦੀ। ਪੰਜਾਬੀਓ… ਹੁਣ ਤੁਸੀਂ ਖੁੰਝ ਗਏ। ਅਬ ਪਛਤਾਏ ਕਯਾ ਹੋਤ..! ਵੀਹ ਵਰ•ੇ ਪਿਛਾਂਹ ਵੱਲ ਝਾਤ ਮਾਰੋ। ਉਦੋਂ ਜਥੇਦਾਰ ਜੀ ਸਿੱਖਿਆ ਮੰਤਰੀ ਸਨ। ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕੀਤੀ। ਬੇਅਕਲੋ! ਤੁਸੀਂ ਮੌਕਾ ਹੀ ਨਹੀਂ ਦਿੱਤਾ। ਪੱਚੀ ਸਾਲ ਲਈ ਰਾਜ ਦੇ ਦਿੰਦੇ। ਫਿਰ ਵੇਖਦੇ ਸਰਕਾਰੀ ਸਕੂਲਾਂ ਦੇ ਬੱਚੇ ਕਿਵੇਂ 'ਤੋਤੇ ਵਾਂਗੂ' ਅੰਗਰੇਜ਼ੀ ਬੋਲਦੇ। ਮੇਲਾਨੀਆ ਤਾਂ ਭੱਜੀ ਆਉਂਦੀ, ਪੈਰ ਜੁੱਤੀ ਵੀ ਕਿਥੇ ਪਾਉਣੀ ਸੀ। ਵੈਸੇ ਬੀਬੀ ਤੇਰੀ ਮਰਜ਼ੀ ਐ..! ਘੱਟ ਮਹਾਰਾਜੇ ਦੇ 'ਸਮਾਰਟ ਸਕੂਲ' ਵੀ ਨਹੀਂ, ਬੱਸ ਕਿਆ ਬਾਤਾਂ ਨੇ। ਦੇਖਦੀ ਤਾਂ ਅਸ਼-ਅਸ਼ ਕਰ ਉੱਠਦੀ। ਕਿਸੇ ਨੂੰ ਜਲਣ ਹੋਈ ਹੈ..! ਅਖੇ ਰਾਜਾ ਪਹਿਲਾਂ ਖੁਦ ਤਾਂ ਦੇਖ ਲਵੇ।ਅਮਰੀਕਾ ਦੀ 'ਪ੍ਰਥਮ ਮਹਿਲਾ' ਡੋਨਲਡ ਟਰੰਪ ਦੀ ਤੀਜੀ ਪਤਨੀ ਐ। ਮੀਆਂ ਬੀਵੀ ਤੇ ਜਵਾਈ ਭਾਈ ਆਉਣਗੇ ਤਾਂ ਸਭ ਇਕੱਠੇ। ਕੇਜਰੀਵਾਲ ਦੇ ਸਕੂਲ ਦੇਖੂ ਇਕੱਲੀ ਮੇਲਾਨੀਆ। ਹੈਪੀਨੈੱਸ ਕਲਾਸ (ਖੁਸ਼ੀ ਦੀ ਕਲਾਸ) ਦਾ ਗੁਰ ਵੀ ਸਿੱਖੂ। 'ਵਿੱਥਾਂ ਮਿਟਾਓ, ਤਾਲਮੇਲ ਬਿਠਾਓ, ਖੁਸ਼ ਰਹੋ, ਖੁਸ਼ੀ ਲੁਟਾਓ।' ਵੱਸ ਮਾਨਯੋਗ ਨਰਿੰਦਰ ਮੋਦੀ ਦਾ ਚੱਲਦਾ। ਡੋਨਲਡ ਟਰੰਪ ਦੇ ਕੰਨ 'ਚ ਜ਼ਰੂਰ ਆਖਦਾ, 'ਆਪਣੀ ਬੀਵੀ ਨੂੰ ਸਮਝਾ, ਕਿਧਰ ਹੋ ਤੁਰੀ ਹੈ।' ਖੈਰ ਤੁਰੇ ਤਾਂ ਸੁਖਬੀਰ ਬਾਦਲ ਵੀ ਸੀ। ਪੰਜਾਬ ਨੂੰ 'ਅਮਰੀਕਾ' ਬਣਾਉਣ। ਪੰਜਾਬੀਓ… ਤੁਸੀਂ ਮੌਕਾ ਹੀ ਗੁਆ ਦਿੱਤਾ। ਐਵੇਂ ਅਮਰਿੰਦਰ ਜਿਤਾ ਦਿੱਤਾ, ਦੱਸੋ ਕੀ ਖੱਟਿਆ। ਜਲ ਬੱਸ ਵੀ ਬੰਦ ਕਰਤੀ। 
          ਸੁਖਬੀਰ ਤੇ ਮਨਪ੍ਰੀਤ, ਦੋਵੇਂ ਅਮਰੀਕਾ ਤੋਂ ਪੜ•ੇ ਨੇ। ਟਰੰਪ ਜੋੜਾ, ਪੰਜਾਬ ਆਉਂਦਾ, ਹੈਪੀਨੈੱਸ ਕਲਾਸਾਂ ਭੁੱਲ ਜਾਂਦਾ। ਵੱਡੇ ਬਾਦਲ ਜਦੋਂ ਮੂਡ 'ਚ ਹੁੰਦੇ ਨੇ ਵੱਖੀਆਂ ਤੁੜਾ ਦਿੰਦੇ ਨੇ। ਲਓ ਸੁਣੋ ਇੱਕ ਟੋਟਕਾ। 'ਇੱਕ ਮੁੰਡੇ ਦਾ ਵਿਆਹ ਨਾ ਹੋਵੇ। ਦੱਸ ਪਈ ਕਿ ਪੀਰ ਮਤੋਈ ਦੀ ਸਮਾਧ 'ਤੇ ਜਾਹ। ਪੂਰੇ 40 ਦਿਨ ਪਾਣੀ ਪਾ ਕੇ ਆ। ਮੁੰਡੇ ਨੇ ਉਵੇਂ ਹੀ ਕੀਤਾ। ਜਦੋਂ 40ਵੇਂ ਦਿਨ ਪਾਣੀ ਲੈ ਕੇ ਸਮਾਧ ਕੋਲ ਪੁੱਜਾ ਤਾਂ ਪਿਛੋਂ ਆਵਾਜ਼ ਪਈ, ਆਜਾ ਮੁੜ ਆ ਘਰ। ਮੁੰਡੇ ਨੂੰ ਲੱਗਾ, ਆ ਗਏ ਰਿਸ਼ਤੇ ਵਾਲੇ। ਮਗਰੋਂ ਪਤਾ ਲੱਗਾ ਕਿ ਮਾਂ ਦੀ ਮੌਤ ਹੋ ਗਈ। ਮਾਰਿਆ ਮੱਥੇ 'ਤੇ ਹੱਥ, 'ਵਾਹ ਪੀਰ ਮਤੋਈ, ਮੈਨੂੰ ਤਾਂ ਕੀ ਦੇਣੀ ਸੀ, ਬਾਪੂ ਵਾਲੀ ਵੀ ਖੋਹੀ।' ਚਲੋ ਅੱਗੇ ਤੁਰੀਏ। ਪ੍ਰਧਾਨ ਸੁਖਬੀਰ ਜੀ, ਉਪਰ ਮੋਦੀ ਜੀ, ਉਸ ਤੋਂ ਵੀ ਉਪਰ ਬਾਬਾ ਟਰੰਪ। ਕਮਾਲ ਦੀ ਤਿੱਕੜੀ ਐ। ਪ੍ਰਧਾਨ ਜੀ, ਗੱਜ ਵੱਜ ਕੇ ਆਖਦੇ ਸਨ ਪੰਜਾਬ ਨੂੰ 'ਅਮਰੀਕਾ' ਬਣਾ ਦਿਆਂਗੇ। 25 ਸਾਲ ਰਾਜ ਕਰਾਂਗੇ। ਜਦੋਂ ਚੋਣਾਂ ਹਾਰ ਗਏ, ਕਿਸੇ ਨੇ ਗਿੱਦੜਬਾਹੇ ਪੁੱਛਿਆ। ਕਾਕਾ ਜੀ! ਤੁਸੀਂ ਤਾਂ 25 ਸਾਲ ਕਹਿੰਦੇ ਸੀ… ਪਰ ਆਹ ਕੀ। 'ਕਰਾਂਗੇ ਤਾਂ ਪੱਚੀ ਸਾਲ ਹੀ, ਬੱਸ ਆਹ ਥੋੜ•ਾ ਦਮ ਜਿਹਾ ਲੈ ਲਈਏ'। ਏਸ ਨੂੰ ਆਖਦੇ ਨੇ ਹਾਜ਼ਰ ਜੁਆਬੀ। ਮੋਦੀ ਜੀ, ਕਮਾਲ ਦੇ ਮਦਾਰੀ ਨੇ। ਤਾਹੀਓਂ ਲੋਕ ਬੈਂਕ ਖਾਤੇ ਨਹੀਂ ਵੇਖਣੋਂ ਹਟ ਰਹੇ। ਟਰੰਪ ਬਾਬਾ ਦੇ ਤਾਂ ਵਾਰੇ-ਵਾਰੇ ਜਾਣ ਨੂੰ ਦਿਲ ਕਰਦੈ। ਸੋਮਵਾਰ ਨੂੰ ਪਹਿਲਾਂ ਗੁਜਰਾਤ ਜਾਊ। ਫਿਰ ਤਾਜ ਮਹਿਲ ਵੇਖਣ ਆਊ। 
           ਟਰੰਪ ਹਫ਼ਤਾ ਪਹਿਲਾਂ ਬੋਲੇ… '70 ਲੱਖ ਭਾਰਤੀ ਮੈਨੂੰ 'ਨਮਸਤੇ ਟਰੰਪ' ਆਖਣਗੇ।' ਅਮਿਤ ਸ਼ਾਹ ਨੂੰ ਕਾਂਬਾ ਛਿੜ ਗਿਆ। ਟਰੰਪ ਹੁਣ ਫਿਰ ਬੋਲੇ…'ਇੱਕ ਕਰੋੜ ਭਾਰਤੀ ਮੈਨੂੰ 'ਨਮਸਤੇ' ਆਖਣਗੇ।' ਬੇਟੀ ਇਵਾਂਕਾ ਟਰੰਪ ਨੇ ਜ਼ਰੂਰ ਹੁੱਝ ਮਾਰੀ ਹੋਊ… 'ਪਾਪਾ ਤੁਸੀਂ ਵੀ ਨਾ…'। ਮੋਦੀ ਤੇ ਸ਼ਾਹ, ਇੱਕੋ ਸਾਹ ਬੋਲੇ ਹੋਣਗੇ, 'ਏਹ ਤਾਂ ਸਾਡਾ ਵੀ ਗੁਰੂ ਨਿਕਲਿਆ।' 'ਵਾਸ਼ਿੰਗਟਨ ਪੋਸਟ' ਅਖ਼ਬਾਰ ਸੋਲ਼ਾਂ ਆਨੇ ਸੱਚ ਬੋਲਿਐ। ਅਖੇ ਟਰੰਪ ਰੋਜ਼ਾਨਾ 12 ਤੋਂ ਵੱਧ ਝੂਠ ਬੋਲਦੈ।ਪਤਾ ਨਹੀਂ, ਕਿਥੇ ਪੜਿ•ਐ, 'ਗੱਪੀ ਨੂੰ ਗੱਪ ਪਿਆਰੇ, ਸੱਚੇ ਨੂੰ ਸੱਚ ਨਿਤਾਰੇ'। ਸ਼ਾਹ ਜੀ! ਸ਼ੁਕਰ ਕਰੋ, ਟਰੰਪ ਨੇ ਇੱਕ ਕਰੋੜ ਕਿਹੈ, ਕਿਤੇ ਸੌ ਕਰੋੜ ਆਖ ਦਿੰਦਾ, ਫਿਰ ਥੋਡਾ ਕੀ ਬਣਦਾ। ਪੰਜਾਬ ਦੇ ਨੇਤਾ ਦੀ ਵੀ ਸੁਣੋ। ਬਠਿੰਡੇ ਜੋ ਆਖ ਬੈਠਾ ਸੀ, 'ਅਗਲੀ ਰੈਲੀ ਚੰਦ 'ਤੇ ਕਰਾਂਗੇ।' ਪੰਡਾਲ ਨੇ ਜੈਕਾਰੇ ਛੱਡ ਦਿੱਤੇ। ਟਕਸਾਲੀ ਉਦੋਂ ਅਕਾਲੀ ਸਨ, ਸੋਚਾਂ 'ਚ ਪੈ ਗਏ। ਅਮਰਿੰਦਰ ਵੀ ਹੁਣ ਨੀਂਦ 'ਚੋਂ ਉੱਠੇ ਹਨ। ਤਾਹੀਓਂ ਅਕਾਲੀ ਬੋਲੇ ਨੇ, ਦਿਓ ਅਮਰਿੰਦਰ ਨੂੰ 'ਗਪੌੜ ਸੰਖ ਪੁਰਸਕਾਰ'। ਛੱਡੋ ਜੀ, ਮੋਦੀ ਨੂੰ ਦਾਦ ਦਿਓ। ਯਾਰ ਖਾਤਰ ਪੂਰਾ ਦੇਸ਼ ਜੋ ਝੋਕ ਦਿੱਤਾ। 'ਪੱਪੂ' ਚੁੱਪ ਐ, ਕਾਂਗਰਸ ਪਿੱਟ ਰਹੀ ਐ। ਅਖੇ ਮੋਦੀ 120 ਕਰੋੜ ਟਰੰਪ ਤੋਂ ਲੁਟਾ ਰਿਹੈ। ਜਦੋਂ ਪੰਡਤ ਨਹਿਰੂ ਕੋਲ ਗੱਦੀ ਸੀ, ਉਦੋਂ ਅਮਰੀਕਾ ਤੋਂ ਰਾਸ਼ਟਰਪਤੀ ਆਈਜ਼ਨਹਵਰ ਆਏ, ਨਾਲ ਨੂੰਹ ਵੀ ਆਈ। ਜਿੰਮੀ ਕਾਰਟਰ ਆਏ, ਨਾਲ ਮਾਂ ਨੂੰ ਲੈ ਕੇ ਆਏ। ਬਿੱਲ ਕਲਿੰਟਨ ਆਏ, ਨਾਲ ਬੇਟੀ ਵੀ ਆਈ। ਬਰਾਕ ਓਬਾਮਾ ਨਾਲ ਪਤਨੀ ਆਈ। ਹੁਣ ਬਾਬਾ ਟਰੰਪ…ਨਾਲ ਧੀ-ਜਵਾਈ ਤੇ ਪਤਨੀ ਨੇ ਆਉਣੈ। 
           ਅਹਿਮਦਾਬਾਦ ਦੀ ਗਰੀਬ ਬਸਤੀ। ਮੋਦੀ ਨੇ ਅੱਗੇ ਪੱਕੀ ਕੰਧ ਕਢਵਾ ਦਿੱਤੀ। ਕਿਤੇ ਟਰੰਪ 'ਵਿਕਾਸ' ਨਾ ਵੇਖ ਲਵੇ।ਪਹਿਲਾਂ ਜਦੋਂ ਜਾਪਾਨੀ ਪ੍ਰਧਾਨ ਮੰਤਰੀ ਗੁਜਰਾਤ ਆਏ, ਚੀਨੀ ਰਾਸ਼ਟਰਪਤੀ ਆਏ। ਗਰੀਬ ਬਸਤੀ 'ਤੇ ਉਦੋਂ ਤਿਰਪਾਲਾਂ ਪਾਈਆਂ ਸਨ। ਐਤਕੀਂ ਬਾਂਦਰਾਂ ਦਾ ਇਲਾਜ ਵੀ ਕੀਤੈ। ਪੰਜ ਸੱਤ ਮੁਲਾਜ਼ਮ ਰਿੱਛ ਦੀ ਪੁਸ਼ਾਕ ਪਹਿਨਣਗੇ, ਤਾਂ ਜੋ ਬਾਂਦਰ ਡਰ ਕੇ ਭੱਜ ਜਾਣ। ਟਰੰਪ ਦਾ ਜਵਾਈ ਜਿੱਧਰ ਵੀ ਵੇਖੂ 'ਚਾਰੇ ਪਾਸੇ ਸਹੁਰਾ ਹੀ ਦਿਖੂ।' ਅਹਿਮਦਾਬਾਦ ਤੇ ਆਗਰਾ ਦੀ ਕੋਈ ਕੰਧ ਨਹੀਂ ਬਚੀ, ਜਿਥੇ 'ਮੋਦੀ ਤੇ ਟਰੰਪ' ਦੀ ਫੋਟੋ ਨਾ ਵਾਹੀ ਹੋਵੇ। ਹੁਣ ਇੱਕੋ ਡਰ ਲੱਗਦੈ, ਮੋਦੀ ਨੂੰ ਕਿਤੇ ਟਰੰਪ ਦੀ ਕੁੜੀ ਨਾ ਪੁੱਛ ਬੈਠੇ , 'ਚਾਚਾ, ਕਿਤੇ ਚਾਚੀ ਨਹੀਂ ਦਿਖਦੀ।' ਟਰੰਪ ਤੇ ਮੇਲਾਨੀਆ, ਤਾਜ ਮਹਿਲ ਵੇਖਣਗੇ। ਮੁੱਖ ਮੰਤਰੀ ਯੋਗੀ ਜੀ ਦੋ ਮਖ਼ਮਲੀ ਜੁੱਤੇ ਲੈ ਕੇ ਆਉਣਗੇ। ਪਹਿਨ ਕੇ ਟਰੰਪ ਜੋੜਾ ਤਾਜ ਅੰਦਰ ਪੈਰ ਧਰੇਗਾ। ਅੰਦਰ ਮਕਬਰਾ ਵੀ ਵੇਖੇਗਾ। ਕਿਤੋਂ ਕਬਰਾਂ 'ਚੋਂ ਨਾ ਕੋਈ ਬੋਲ ਪਵੇ। 'ਕੰਧਾਂ ਨੂੰ ਢਾਹੋ, ਮੁਹੱਬਤਾਂ ਉਸਾਰੋ'। ਯਮੁਨਾ ਦਾ ਕੀ ਕਰੀਏ ਜੋ ਤਾਜ ਦੇ ਪਿੱਛੇ ਹੈ। ਬਹੁਤ ਬਦਬੂ ਮਾਰਦੀ ਸੀ। ਯਮੁਨਾ 'ਚ ਪਾਣੀ ਛੱਡ ਦਿੱਤਾ। ਕੰਧ ਕੱਢਣੀ ਜੋ ਔਖੀ ਸੀ। ਖੈਰ, ਟਰੰਪ ਜੋੜਾ ਤਾਜ ਅੱਗੇ ਸੰਗਮਰਮਰੀ ਬੈਂਚ 'ਤੇ ਵੀ ਬੈਠੇਗਾ। ਗਦ ਗਦ ਹੋ ਜਾਏਗਾ, ਨਾਲੇ ਫੋਟੋ ਖਿਚਵਾਏਗਾ। ਮੁਮਤਾਜ਼ ਬੇਗਮ ਦੀ ਮੁਹੱਬਤੀ ਯਾਦ ਐ ਤਾਜ ਮਹਿਲ। ਸਾਹਿਰ ਲੁਧਿਆਣਵੀ ਨੇ ਤਾਜ ਨੂੰ ਇੰਝ ਵੇਖਿਆ, 'ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ, ਹਮ ਗ਼ਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।'
          ਲੱਗਦੇ ਹੱਥ ਪ੍ਰੋ. ਮੋਹਨ ਸਿੰਘ ਦੀ ਕਵਿਤਾ 'ਤਾਜ ਮਹਿਲ' 'ਚੋਂ ਕੁਝ ਲਾਈਨਾਂ। 'ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਣੋਂ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ।' ਭਲਾ ਵੇਲਾ ਹੋਊ ਜਦੋਂ ਸ਼ਾਹਜਹਾਂ ਤਾਜ ਉਸਾਰ ਗਿਆ। ਸ਼ਾਹਜਹਾਂ ਨੂੰ ਕਿਤੇ ਅੱਜ ਤਾਜ ਬਣਾਉਣਾ ਪੈਂਦਾ ਤਾਂ ਫਿਰ ਕੀ ਹਾਲ ਹੁੰਦਾ, ਏਹ ਜਾਨਣ ਲਈ ਨਾਟਕ 'ਤਾਜ ਮਹਿਲ ਦਾ ਟੈਂਡਰ' ਵੇਖ ਲੈਣਾ। ਅਜੈ ਸ਼ੁਕਲਾ ਨੇ ਲਿਖਿਐ, ਭਾਰਤ ਆਖ ਰਿਹੈ, ਕੋਈ ਗਿਲਾ ਨਹੀਂ, ਗੁਜਰਾਤ ਵੇਖੋ, ਤਾਜ ਵੇਖੋ, ਸਕੂਲ ਵੇਖੋ। ਨਾਲੋ ਨਾਲ, ਕਿਸਾਨ ਵੀ ਵੇਖੋ, ਜਵਾਨ ਵੀ ਵੇਖੋ, ਨਾਲੇ ਸ਼ਾਹੀਨ ਬਾਗ ਵੀ। ਏਨਾ ਸਮਾਂ ਕਿਥੇ। ਅਮਰੀਕਾ 'ਚ ਚੋਣਾਂ ਨੇ। ਟਰੰਪ ਦੀ ਗੇੜੀ, ਅਹਿਮਦਾਬਾਦ ਤੇ ਆਗਰਾ ਨੂੰ ਚਮਕਾ ਜਾਊ। ਸੜਕਾਂ ਬਣ ਗਈਆਂ, ਰੰਗ ਰੋਗਨ ਹੋ ਗਿਆ। ਕਾਸ਼! ਟਰੰਪ 'ਪੰਜਾਬ ਦਰਸ਼ਨ' ਵੀ ਕਰਦਾ। ਅਮਰਿੰਦਰ ਦੇ ਦਰਸ਼ਨ ਵੀ ਹੋ ਜਾਂਦੇ। ਪੰਜਾਬੀ ਤਰਸੇ ਪਏ ਨੇ ਰਾਜਾ ਵੇਖਣ ਨੂੰ।ਟਰੰਪ ਭਾਰਤ ਨੂੰ 'ਟੈਰਿਫ ਕਿੰਗ' ਆਖਦਾ ਰਿਹੈ। ਢਿੱਡੋਂ ਭਾਰਤ ਤੋਂ ਔਖੈ, ਦਿਲੋਂ ਮੋਦੀ 'ਤੇ ਖੁਸ਼ ਐ। ਕਹਾਵਤ ਐ 'ਕੱਟਾ ਕਿੱਲੇ ਦੇ ਜ਼ੋਰ 'ਤੇ ਤੀਂਘੜਦੈ'। ਐਵੇਂ ਨੀਂ ਮੋਦੀ ਛਾਲਾਂ ਮਾਰਦਾ। ਪ੍ਰਾਹੁਣਚਾਰੀ ਵੇਖ, ਟਰੰਪ ਪਰਿਵਾਰ ਦੀ ਰੂਹ ਖੁਸ਼ ਹੋਜੂ। ਜਾਂਦਾ ਹੋਇਆ ਟਰੰਪ ਸ਼ਾਇਦ ਬੋਲ ਹੀ ਜਾਏ..'ਮੋਗੈਂਬੋ ਖੁਸ਼ ਹੂਆ..!' ਟਰੰਪ ਦੌਰੇ 'ਚ ਕੌਣ ਖੱਟੇਗਾ, ਇਹ ਮਗਰੋਂ ਪਤਾ ਚੱਲੇਗਾ, ਫਿਲਹਾਲ 'ਸਭ ਅੱਛਾ' ਹੈ। ਅਮਰੀਕਾ ਨੂੰ ਇਹ ਦੌਰਾ 750 ਕਰੋੜ 'ਚ ਪਏਗਾ। ਗਾਣਾ ਤੁਸੀਂ ਵੀ ਸੁਣਿਆ ਹੋਊ, 'ਵੱਡਿਆਂ ਦੀ ਵੱਡੀ ਹੁੰਦੀ ਬਾਤ ਸੱਜਣਾ, ਭੁੱਲੀਏ ਨਾ ਆਪਣੀ ਔਕਾਤ ਸੱਜਣਾ।' ਇੰਤਜ਼ਾਰ ਦੀਆਂ ਘੜੀਆਂ ਖਤਮ..! ਟਰੰਪ ਪਧਾਰ ਰਹੇ ਨੇ… ਜ਼ਰਾ ਬਚ ਕੇ ਛੱਜੂ ਰਾਮਾ, ਕਿਤੇ ਭੇੜ 'ਚ ਨਾ ਆਜੀਂ।

Saturday, February 22, 2020

                ਜਾਗਣ ਦਾ ਵੇਲਾ                   
     ਕਿਸਾਨੀ ਜੀਵਨ ਤੇ ਪੰਜਾਬੀ ਮੀਡੀਆ
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਕਰ ਜਾਏ, ਪੋਤਿਆਂ ਨੂੰ ਲੈ ਕੇ ਮਾਵਾਂ ਸੜਕਾਂ ’ਤੇ ਬੈਠ ਜਾਣ, ਰੇਲ ਮਾਰਗਾਂ ’ਤੇ ਪਿਉ ਦਾਦੇ ਧੌਣਾਂ ਟਿਕਾ ਲੈਣ; ਪੰਜਾਬੀ ਮੀਡੀਆ ਉਦੋਂ ਅੰਗੜਾਈ ਲੈਂਦਾ ਹੈ। ਫਿਰ ਕਿਸਾਨ ਅਖ਼ਬਾਰਾਂ ਦੀ ਸੁਰਖੀ ਬਣਦਾ ਹੈ ਅਤੇ ਟੀ.ਵੀ. ਐਂਕਰਾਂ ਦੇ ਵੀ ਗਚ ਭਰਦੇ ਹਨ। ਵਿਰੋਧੀ ਧਿਰ ਨੂੰ ਹੇਜ ਆਉਂਦਾ ਹੈ। ਸਰਕਾਰ ਅੱਲ੍ਹੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਢਕਵੰਜ ਕਰਦੀ ਹੈ। ਸੜਕਾਂ ਤੇ ਰੇਲ ਮਾਰਗ ਖੁੱਲ੍ਹ ਜਾਂਦੇ ਹਨ। ਅਖ਼ਬਾਰਾਂ ਤੇ ਟੀ.ਵੀ. ਸਕਰੀਨ ਤੋਂ ਕਿਸਾਨ ਗ਼ਾਇਬ ਹੋ ਜਾਂਦਾ ਹੈ। ਓਨੇ ਸਮੇਂ ਤੱਕ, ਜਦੋਂ ਤਕ ਕਿਸੇ ਪਿੰਡ ਦੇ ਗੁਰੂ ਘਰ ’ਚੋਂ ਹੋਕਾ ਨਹੀਂ ਆਉਂਦਾ, ‘ਜੱਗਾ ਸਿਉਂ ਦਾ ਅੱਜ ਸਸਕਾਰ ਹੈ ਭਾਈ’। ਕਿਸੇ ਜੱਗਾ ਸਿਉਂ ਨੂੰ ਰੱਸਾ ਕਿਉਂ ਚੁੱਕਣਾ ਪਿਆ। ਕਿਹੜੇ ਹਾਲਾਤ ਸਨ ਜਿਨ੍ਹਾਂ ਨੇ ਉਸ ਦਾ ਲੱਕ ਤੋੜ ਦਿੱਤਾ। ਉਹ ਮੌਸਮ ਕੇਹਾ ਸੀ ਜਿਸ ਨੇ ਤੂਫ਼ਾਨਾਂ ਨਾਲ ਟੱਕਰ ਲੈਣ ਵਾਲੀ ਮਾਂ ਦਾ ਹੌਸਲਾ ਢੇਰ ਕਰ ਦਿੱਤਾ। ਪਿੱਛੋਂ ਪਰਿਵਾਰ ਕਿਵੇਂ ਭੁਗਤੇਗਾ। ਕਿਸੇ ਹੋਰ ਬਿੱਕਰ ਸਿਉਂ ਨੂੰ ਗੱਡੀ ਅੱਗੇ ਕੁੱਦਣਾ ਨਾ ਪਵੇ, ਸਰਕਾਰ ਨੇ ਕੀ ਸਬਕ ਲਿਆ, ਕੀ ਕਦਮ ਚੁੱਕੇ! ਧਾੜਵੀਆਂ ਅੱਗੇ ਡਟਣ ਵਾਲਾ ਕਰਜ਼ੇ ਅੱਗੇ ਕਿਉਂ ਹਾਰ ਗਿਆ। ਪੰਜਾਬੀ ਮੀਡੀਆ ਇਨ੍ਹਾਂ ਸਵਾਲਾਂ ਨੂੰ ਹਾਸ਼ੀਏ ’ਤੇ ਧੱਕ ਦਿੰਦਾ ਹੈ। ਮੀਡੀਆ ਨੇ ਕਿਸਾਨੀ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਕਦੇ ਲਗਾਤਾਰ ਮੋਢਾ ਨਹੀਂ ਦਿੱਤਾ। ਹਮੇਸ਼ਾ ਇਨ੍ਹਾਂ ਮਸਲਿਆਂ ਨੂੰ ਟੁੱਟਵੇਂ ਰੂਪ ਵਿਚ ਲਿਆ। ਪੰਜਾਬੀ ਮੀਡੀਆ ਸਿਰਫ਼ ਘਟਨਾਵਾਂ ਦੀ ਸੂਚਨਾ ਦੇ ਕੇ ਸੁਰਖਰੂ ਹੋ ਜਾਂਦਾ ਹੈ। ਮੀਡੀਆ ਦਾ ਕੰਮ ਸਿਰਫ਼ ਸੂਚਨਾ ਦੇਣਾ ਨਹੀਂ ਹੁੰਦਾ ਹੈ। ਉਸ ਤੋਂ ਵੱਡਾ ਫਰਜ਼, ਸੂਚਨਾ ਪਿਛਲੇ ਸੱਚ ਨੂੰ ਪੇਸ਼ ਕਰਨਾ ਅਤੇ ਘਟਨਾ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨਾ ਵੀ ਹੁੰਦਾ ਹੈ। ਉਦਾਰੀਕਰਨ ਮਗਰੋਂ ਪੰਜਾਬੀ ਮੀਡੀਆ ਦਾ ਮੁਹਾਂਦਰਾ ਵੀ ਬਦਲਿਆ ਹੈ। ਤਰਜੀਹਾਂ ਨੇ ਮੋੜਾ ਕੱਟਿਆ ਹੈ। ਮੀਡੀਆ ’ਤੇ ਮਾਲਕੀ ਸ਼ਹਿਰੀ ਮਾਲਕਾਂ ਦੀ ਹੋ ਗਈ ਹੈ ਅਤੇ ਪੱਤਰਕਾਰ ਵੀ ਸ਼ਹਿਰੀ ਹੋ ਗਏ ਹਨ। ਦਿਹਾਤੀ ਪੰਜਾਬ ਨਜ਼ਰਾਂ ਤੋਂ ਉਤਰਿਆ ਹੈ।
                 ਅੱਜ ਦਾ ਮੀਡੀਆ ਕਾਰਪੋਰੇਟ ਦੇ ਪ੍ਰਭਾਵ ਹੇਠ ਇਕੱਲਾ ਕੰਮ ਨਹੀਂ ਕਰਦਾ ਬਲਕਿ ਹੁਣ ਤਾਂ ਕਈ ਮੀਡੀਆ ਅਦਾਰੇ ਖ਼ੁਦ ਕਾਰਪੋਰੇਟ ਬਣ ਗਏ ਹਨ। ਪੰਜਾਬੀ ਮੀਡੀਆ ਲਈ ਕਾਰ ਕੰਪਨੀ ਦਾ ਲਾਂਚਿੰਗ ਸਮਾਰੋਹ ਕਿਤੇ ਜ਼ਿਆਦਾ ਮਹੱਤਵ ਰੱਖਦਾ ਹੈ। ਜਮਾਂਬੰਦੀ ’ਚ ਸਾਹੂਕਾਰਾਂ ਦੇ ਨਾਂ ਬੋਲਣ ਲੱਗ ਪਏ ਹਨ, ਮੀਡੀਆ ਨੇ ਕਦੇ ਕੋਈ ਨੋਟਿਸ ਨਹੀਂ ਲਿਆ। ਥੋੜ੍ਹੇ ਸਮਾਂ ਹੀ ਪਹਿਲਾਂ ਦੀ  ਇੱਕ ਮਿਸਾਲ ਲੈਂਦੇ ਹਾਂ। ਬਰਨਾਲਾ ਦੇ ਪਿੰਡ ਭੋਤਨਾ ਦੇ ਇੱਕ ਕਿਸਾਨ ਪਰਿਵਾਰ ਦੀ ਚੌਥੀ ਪੀੜ੍ਹੀ ’ਚ ਪੰਜਵੀਂ ਖ਼ੁਦਕੁਸ਼ੀ ਨੌਜਵਾਨ ਕਰਦਾ ਹੈ। ਪੰਜਾਬੀ ਮੀਡੀਆ ਦੇ ਸਿਰਫ਼ ਤਿੰਨ ਪੱਤਰਕਾਰ ਇਸ ਕਿਸਾਨ ਪਰਿਵਾਰ ਦੇ ਦੁੱਖ ਫਰੋਲਣ ਪੁੱਜਦੇ ਹਨ। ਘਰ ਇੱਕ, ਮੌਤਾਂ ਪੰਜ, ਪੱਤਰਕਾਰ ਤਿੰਨ; ਹੋਰ ਕਿਸੇ ਮੀਡੀਆ ਅਦਾਰੇ ਦੀ ਰੂਹ ਝੰਜੋੜੀ ਨਹੀਂ ਗਈ। ਉਸ ਤੋਂ ਪਹਿਲਾਂ ਦਾ ਇੱਕ ਬਿਰਤਾਂਤ ਵੀ ਵਿਚਾਰਦੇ ਹਾਂ। ਉਸੇ ਬਰਨਾਲਾ ਦਾ ਇੱਕ ਕਾਰਪੋਰੇਟ ਅਦਾਰਾ ‘ਰੰਗੀਨ ਸ਼ਾਮ’ ਦਾ ਪ੍ਰਬੰਧ ਕਰਦਾ ਹੈ। ਸ਼ਰਾਬ ਤੇ ਕਬਾਬ ਦੇ ਦੌਰ ਚੱਲਦਾ ਹੈ। ਇਕੱਲੇ ਬਰਨਾਲਾ ਦੇ ਨਹੀਂ, ਆਸ ਪਾਸ ਦੇ ਸ਼ਹਿਰਾਂ ਦੇ ਕਰੀਬ 100 ਪੱਤਰਕਾਰ ਪੁੱਜਦੇ ਹਨ। ਜ਼ਰਾ ਸੋਚੋ, ਫਿਰ ਲੂਣ ਖਾ ਕੇ ਕਿਵੇਂ ਹਰਾਮ ਕਰਨਗੇ। ਜਦੋਂ ਵਿਦਰਭਾ ’ਚ ਕੋਈ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਮੀਡੀਆ ਅੱਖ ਬਚਾਉਂਦਾ ਹੈ। ਪ੍ਰੈਸ ਕੌਂਸਲ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਮਾਰਕੰਡੇ ਕਾਟਜੂ ਦੱਸਦੇ ਹਨ ਕਿ ਮੁੰਬਈ ਦੇ ਇੱਕ ਫੈਸ਼ਨ ਸ਼ੋਅ ’ਚ ਸਵਾ ਪੰਜ ਸੌ ਪੱਤਰਕਾਰਾਂ ਨੇ ਹਾਜ਼ਰੀ ਭਰੀ, ਉਸੇ ਦਿਨ ਵਿਦਰਭਾ ’ਚ ਦੋ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ, ਇੱਕ ਪੱਤਰਕਾਰ ਵੀ ਨਹੀਂ ਪੁੱਜਾ। ਪੰਜਾਬ ਵੀ ਵਿਦਰਭਾ ਤੋਂ ਵੱਖਰਾ ਨਹੀਂ। ਕਾਰਪੋਰੇਟ ਘਰਾਣੇ ਦੇ ਨਵੇਂ ਉਤਪਾਦ ਦੇ ਲਾਂਚਿੰਗ ਸਮਾਰੋਹ ’ਚ ਮੀਡੀਆ ਦੀ ਸਭ ਤੋਂ ਵੱਡੀ ਭੀੜ ਜੁੜਦੀ ਹੈ। ਮਾਲਵੇ ’ਚ ਵਿਧਵਾ ਅੌਰਤਾਂ ਦੇ ਇਕੱਠ ਸਿਰਫ਼ ਪ੍ਰੈਸ ਨੋਟ ਬਣ ਕੇ ਰਹਿ ਜਾਂਦੇ ਹਨ।
               ਪੰਜਾਬੀ ਮੀਡੀਆ ਨੇ ਆਪਣੀ ਭੱਲ ਗੁਆਈ ਹੈ। ਕੋਈ ਵੇਲਾ ਸੀ ਜਦੋਂ ਪੰਜਾਬੀ ਦਾ ਇੱਕ ਵੱਡਾ ਅਖ਼ਬਾਰ ਕਿਸਾਨੀ ਜੀਵਨ ਦੇ ਦੁਖਾਂਤ ਨੂੰ ਪਹਿਲੇ ਪੰਨੇ ’ਤੇ ਪ੍ਰਮੁੱਖਤਾ ਨਾਲ ਛਾਪਦਾ ਸੀ। ਹੁਣ ਉਸੇ ਪਹਿਲੇ ਪੰਨੇ ਦੀ ਥਾਂ ’ਤੇ ਬਾਬਿਆਂ ਦੇ ਸਮਾਰੋਹ ਛਪਦੇ ਹਨ। ਪੰਜਾਬੀ ਮੀਡੀਆ ਲਈ ਕਿਸਾਨੀ ਨੂੰ ਨਜ਼ਰਅੰਦਾਜ ਕਰਨਾ ਸੌਖਾ ਨਹੀਂ। ਖੇਤਰੀ ਅਖ਼ਬਾਰਾਂ ਦਾ ਪਾਠਕ ਵਰਗ ਦਾ ਵੱਡਾ ਹਿੱਸਾ ਕਿਸਾਨੀ ਹੀ ਹੈ। ਪੰਜਾਬੀ ਮੀਡੀਆ ਕਿਸਾਨੀ ਜੀਵਨ ਦੇ ਦੁੱਖਾਂ ਨੂੰ ਅੱਖੋਂ ਪਰੋਖੇ ਕਰਨ ਦਾ ਜੋਖਮ ਨਹੀਂ ਲੈ ਸਕਦਾ। ਫਰਕ ਏਨਾ ਕੁ ਹੈ ਕਿ ਕਈ ਪੰਜਾਬੀ ਅਖਬਾਰਾਂ ’ਚ ਹੁਣ ਕਾਰਪੋਰਟ ਖਬਰਾਂ ਸਭ ਐਡੀਸ਼ਨਾਂ ਵਿਚ ਛਪਦੀਆਂ ਹਨ। ਕਿਸਾਨੀ ਮਸਲੇ ਸਥਾਨਿਕ ਪੰਨਿਆਂ ਤੋਂ ਅਗਾਂਹ ਨਹੀਂ ਵਧਦੇ। ਜੋ ਮਾਮਲਾ ਮੁੱਖ ਮੰਤਰੀ ਤੱਕ ਪੁੱਜਦਾ ਕਰਨਾ ਹੁੰਦਾ ਹੈ, ਉਹ ਧਨੌਲਾ ਮੰਡੀ ਨਹੀਂ ਟੱਪਦਾ। ਕਿਸਾਨੀ ਦੁੱਖਾਂ ਤੇ ਸੰਕਟਾਂ ਦੀ ਕਹਾਣੀ ਵੰਡ ਤੋਂ ਪਹਿਲਾਂ ਦੀ ਹੈ। ਮੀਡੀਆ ਇਨ੍ਹਾਂ ਦੇ ਅੰਗ ਸੰਗ ਚੱਲਿਆ ਹੈ। ਉਦੋਂ ਅਖ਼ਬਾਰ ’ਚ ਛਪੀ ਖ਼ਬਰ ਨੂੰ ਪੱਥਰ ’ਤੇ ਲਕੀਰ ਮੰਨਿਆ ਜਾਂਦਾ ਸੀ। ਇਹ ਭਰੋਸਾ ਵੰਡ ਮਗਰੋਂ ਵੀ ਕਾਇਮ ਰਿਹਾ। ਜਦੋਂ ਅੰਗਰੇਜ਼ਾਂ ਨੇ ਜ਼ਮੀਨੀ ਤੇ ਪਾਣੀ ਦੇ ਮਾਲੀਏ ਸਮੇਤ ਕਿਸਾਨ ਵਿਰੋਧੀ ਚਾਰ ਐਕਟ ਪਾਸ ਕੀਤੇ। ਉਦੋਂ ਕਿਸਾਨੀ ਹਲੂਣੀ ਗਈ। 1907 ਵਿਚ ਕਿਸਾਨ ਅੰਦੋਲਨ ਸ਼ੁਰੂ ਹੋ ਗਏ। ਇਨਕਲਾਬੀ ਸ਼ਾਇਰ ਬਾਂਕੇ ਦਿਆਲ ਦੀ ਨਜ਼ਮ ‘ਪਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ’ ਕਿਸਾਨਾਂ ਦੇ ਧੁਰ ਅੰਦਰ ਉਤਰ ਗਈ। ਲਾਜਪਤ ਰਾਏ ਨੇ ਕਿਸਾਨੀ ਮਸਲਿਆਂ ‘ਤੇ ‘ਦਿ ਪੰਜਾਬ’ ਅਖ਼ਬਾਰ ’ਚ ਲੇਖ ਲਿਖੇ। ਅੰਗਰੇਜ਼ਾਂ ਨੇ ਅਖ਼ਬਾਰ ’ਤੇ ਮੁਕੱਦਮਾ ਚਲਾ ਦਿੱਤਾ।
               ਪੰਜਾਬੀ ਮੀਡੀਆ ਦੀ ਭੂਮਿਕਾ ਸਮੇਂ ਸਮੇਂ ’ਤੇ ਬਦਲਦੀ ਰਹੀ ਹੈ। ਜੋ ਕਦੇ ਮਿਸ਼ਨ ਸੀ, ਹੁਣ ਵਪਾਰ ’ਚ ਤਬਦੀਲ ਹੋ ਗਿਆ ਹੈ। ਪੰਜਾਬੀ ਮੀਡੀਆ ਨੇ ਲੰਮਾ ਅਰਸਾ ਸਮਾਜਿਕ ਤੇ ਵਿੱਦਿਅਕ ਸੁਧਾਰ ਤੋਂ ਇਲਾਵਾ ਲੋਕ ਪੱਖੀ ਲਹਿਰਾਂ ਦਾ ਹੱਥ ਫੜੀ ਰੱਖਿਆ। ਜਦੋਂ ਤੋਂ ਕਾਰਪੋਰੇਟ ਜਗਤ ਦਾ ਬੂਹਾ ਖੁਲ੍ਹਿਆ ਹੈ, ਉਦੋਂ ਤੋਂ ਖੇਤੀ ਤਕਲੀਫ਼ਾਂ ਹਾਸ਼ੀਏ ’ਤੇ ਚਲੀਆਂ ਗਈਆਂ ਹਨ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਅਫ਼ਸੋਸ ਸੂਬੇ ਵਿਚ ਕੋਈ ਆਜ਼ਾਦਾਨਾ ਖੇਤੀ ਮੰਤਰੀ ਹੀ ਨਹੀਂ। ਸਰਕਾਰਾਂ ਦੀ ਤਰਜੀਹ ਖੇਤੀ ਨਹੀਂ ਰਹੀ। ਸੂਬੇ ਦੀ ਕੋਈ ਖੇਤੀ ਨੀਤੀ ਨਹੀਂ ਜੋ ਇਸ ਦਾ ਪ੍ਰਤੱਖ ਸਬੂਤ ਹੈ। ਪੰਜਾਬੀ ਮੀਡੀਆ ਨੇ ਖੇਤੀ ਘਟਨਾਵਾਂ ਨੂੰ ਤਾਂ ਰਿਪੋਰਟ ਕੀਤਾ ਪ੍ਰੰਤੂ ਕਦੇ ਖੇਤੀ ਮਸਲਿਆਂ ਨੂੰ ਲੈ ਕੇ ਸਰਕਾਰ ਨੂੰ ਸੁਆਲ ਨਹੀਂ ਕੀਤੇ। ਹਰੀ ਕ੍ਰਾਂਤੀ ਮੌਕੇ ਪੰਜਾਬ ਦੇ ਕਿਸਾਨ ਦੀ ਵਾਹ ਵਾਹ ਹੋਈ। ‘ਜੈ ਕਿਸਾਨ ਜੈ ਜਵਾਨ’ ਦਾ ਨਾਅਰਾ ਗੂੰਜਦਾ ਰਿਹਾ। ਪੰਜਾਬ ’ਚ ਪੰਜਾਹ ਫੀਸਦ ਤੋਂ ਉਪਰ ਆਬਾਦੀ ਦੀ ਨਿਰਭਰਤਾ ਖੇਤੀ ’ਤੇ ਹੈ ਅਤੇ ਕਰੀਬ 40 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਹੈ। ਪੰਜਾਬ ਦੇ 26 ਲੱਖ ਪਰਿਵਾਰ ਖੇਤੀ ਨਾਲ ਜੁੜੇ ਹੋਏ ਹਨ। ਏਡਾ ਵੱਡਾ ਹਿੱਸਾ, ਅਖ਼ਬਾਰਾਂ ’ਚ ਯੋਗ ਨੁਮਾਇੰਦਗੀ ਤੋਂ ਵਾਂਝਾ ਰਹਿੰਦਾ ਹੈ। ਪੰਜਾਬ ਦੀ ਖੇਤੀ ’ਚ ਕੋਈ ਬਦਲ ਨਹੀਂ ਹਨ। ਜੋਤਾਂ ਦੇ ਆਕਾਰ ਘਟੇ ਹਨ ਅਤੇ ਕਰੀਬ 65 ਫ਼ੀਸਦ ਕਿਸਾਨਾਂ ਕੋਲ ਢਾਈ ਏਕੜ ਤੋਂ ਘੱਟ ਦੇ ਖੇਤ ਹਨ ਜੋ ਜ਼ਿੰਦਗੀ ਬਸਰ ਕਰਨ ਵਾਸਤੇ ਕਾਫ਼ੀ ਨਹੀਂ। ਦਿਨ ਰਾਤ ਖੇਤਾਂ ’ਚ ਖਪਣ ਵਾਲਾ ਕਿਸਾਨ ਅੱਜ ਹਾਅ ਦੇ ਨਾਅਰੇ ਨੂੰ ਤਰਸ ਰਿਹਾ ਹੈ।
               ਦੇਸ਼ ਲਈ ਜਵਾਨ ਮਰਦਾ ਹੈ ਤਾਂ ਸ਼ਹੀਦ ਦਾ ਦਰਜਾ ਮਿਲਦਾ ਹੈ। ਕਿਸਾਨਾਂ ਨੂੰ ਹਾਲੇ ਤਕ ‘ਖੇਤੀ ਸ਼ਹੀਦ’ ਦਾ ਦਰਜਾ ਕਿਉਂ ਨਹੀਂ ਮਿਲਿਆ ਜੋ ਖੇਤੀ ਅਲਾਮਤਾਂ ਨਾਲ ਲੜਦਾ ਲੜਦਾ ਆਖ਼ਰ ਢੇਰ ਹੋ ਜਾਂਦਾ ਹੈ। ਪੰਜਾਬੀ ਮੀਡੀਆ ਕਿਸਾਨੀ ਤੇ ਖੇਤੀ ਆਫ਼ਤਾਂ ਦੀ ਚਰਚਾ ਤਾਂ ਕਰਦਾ ਹੈ ਪਰ ਬੱਝਵੇਂ ਰੂਪ ਵਿਚ ਨਹੀਂ। ਕਿਸਾਨੀ ਮਸਲਿਆਂ ’ਤੇ ਕਦੇ ਮੀਡੀਆ ਨੇ ਕੋਈ ਅੰਦੋਲਨ ਨਹੀਂ ਛੇੜਿਆ ਅਤੇ ਨਾ ਹੀ ਕੋਈ ਸੰਵਾਦ ਰਚਾਇਆ ਹੈ। ਤਾਹੀਓਂ ਕਿਸਾਨੀ ਮਾਮਲੇ ਕਿਸੇ ਤਣ ਪੱਤਣ ਨਹੀਂ ਲੱਗ ਸਕੇ ਹਨ। ਖੇਤੀ ਦੇ ਬਹੁਤੇ ਮਸਲੇ ਜਿਵੇਂ ਜਿਣਸਾਂ ਦੇ ਭਾਅ ਦੀ ਗੱਲ ਹੈ, ਕੇਂਦਰ ਵੱਲੋਂ ਤੈਅ ਕੀਤੀ ਜਾਂਦੀ ਹੈ। ਖਾਦਾਂ, ਤੇਲ ਤੇ ਕੀਟਨਾਸ਼ਕਾਂ ਦੀ ਕੀਮਤ ਕੇਂਦਰ ਤੈਅ ਕਰਦਾ ਹੈ, ਪੰਜਾਬੀ ਮੀਡੀਆ ਜਗਤ ਜੇ ਮਸਲੇ ਉਠਾਉਂਦਾ ਵੀ ਹੈ, ਉਹ ਦਿੱਲੀ ਤਕ ਪੁੱਜਦੇ ਹੀ ਨਹੀਂ ਹਨ। ਜੋ ਪੰਜਾਬ ਦੀ ਰਾਜਧਾਨੀ ਤਕ ਪੁੱਜਦੇ ਹਨ, ਉਨ੍ਹਾਂ ਤੋਂ ਸੂਬਾ ਸਰਕਾਰ ਪੱਲਾ ਝਾੜ ਲੈਂਦੀ ਹੈ। ਇਹ ਆਖ ਕੇ ਕਿ ਇਹ ਤਾਂ ਕੇਂਦਰ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰੀਏ ਤਾਂ ਉਹ ਪੂਰੀ ਤਰ੍ਹਾਂ ਸ਼ਹਿਰਾਂ ’ਤੇ ਕੇਂਦਰਿਤ ਹੈ ਅਤੇ ਬਰੇਕਿੰਗ ਨਿਊਜ਼ ਦੇ ਚੱਕਰ ’ਚ ਪੂਰੀ ਤਰ੍ਹਾਂ ਉਲਝਿਆ ਹੋਇਆ ਹੈ। ਖ਼ਾਸ ਕਰਕੇ ਕੌਮੀ ਮੀਡੀਆ ਨੂੰ ਪੇਂਡੂ ਭਾਰਤ ਨਜ਼ਰ ਨਹੀਂ ਪੈਂਦਾ ਹੈ। ਟੀ.ਵੀ. ਚੈਨਲਾਂ ਦੀ ਟੀ.ਆਰ.ਪੀ. ਮਹਾਨਗਰ ਤੈਅ ਕਰਦੇ ਹਨ। ਸਮੁੱਚਾ ਧਿਆਨ ਫਿਰ ਸ਼ਹਿਰਾਂ ’ਤੇ ਕੇਂਦਰਿਤ ਹੋਣਾ ਕੋਈ ਓਪਰਾ ਨਹੀਂ ਲੱਗਦਾ। ਦੇਖਿਆ ਜਾਵੇ ਤਾਂ ਮੋਬਾਈਲ ਫੋਨ ਘਰ ਘਰ ਪੁੱਜ ਗਿਆ ਹੈ, ਕੋਕਾ ਕੋਲਾ ਪਿੰਡ ’ਚ ਪੁੱਜ ਗਿਆ ਹੈ, ਪਾਣੀ ਮਿਲੇ ਚਾਹੇ ਨਾ, ਠੰਢੀ ਬੀਅਰ ਪਿੰਡਾਂ ਵਿੱਚ ਮਿਲਣ ਲੱਗੀ ਹੈ। ਮੀਡੀਆ ਲਈ ਪਿੰਡ ਦਾ ਪੈਂਡਾ ਹਾਲੇ ਦੂਰ ਹੈ। ਪਿੰਡਾਂ ’ਚ ਚੈਨਲ ਤਾਂ ਪੁੱਜੇ ਹਨ ਪਰ ਪੇਂਡੂ ਦਰਸ਼ਕਾਂ ਪ੍ਰੋਗਰਾਮ ਸ਼ਹਿਰੀ ਲਹਿਜੇ ਵਾਲੇ ਦੇਖਦੇ ਹਨ।
               ਪੰਜਾਬੀ ਟੀ.ਵੀ. ਚੈਨਲਾਂ ਦੇ ਪੱਤਰਕਾਰ ਵੀ ਉਦੋਂ ਪਿੰਡਾਂ ਵੱਲ ਭੱਜਦੇ ਹਨ ਜਦੋਂ ਕੋਈ ਅਣਹੋਣੀ ਵਾਪਰਦੀ ਹੈ। ਚੈਨਲਾਂ ਨੂੰ ਕਿਸਾਨ ਕਦੇ ਸੈਲੀਬਰਿਟੀ ਨਹੀਂ ਲੱਗਿਆ। ਪੂਰੇ ਦੇਸ਼ ਦਾ ਢਿੱਡ ਭਰਦਾ ਹੈ, ਕਿੰਨੇ ਲੋਕਾਂ ਨੂੰ ਖੇਤਾਂ ’ਚ ਰੁਜ਼ਗਾਰ ਮਿਲਦਾ ਹੈ। ਪਤਾ ਨਹੀਂ ਫਿਰ ਵੀ ਕਿਉਂ ਅੰਨਦਾਤਾ ਚੈਨਲਾਂ ਦੀ ਸਕਰੀਨ ’ਤੇ ਨਹੀਂ ਦਿਖਦਾ। ਖੇਤਰੀ ਚੈਨਲ ਵੀ ਸਨਸਨੀ ਤੇ ਉਤੇਜਨਾ ’ਚ ਰਸ ਲੈਂਦੇ ਹਨ। ਰਾਤ ਨੂੰ ਭੂਤਾਂ ਪ੍ਰੇਤਾਂ ਦੇ ਕਿੱਸੇ ਅਤੇ ਹਿੰਸਕ ਘਟਨਾਵਾਂ ਨੂੰ ਮਸਾਲਾ ਲਾ ਲਾ ਕੇ ਪਰੋਸਿਆ ਜਾਂਦਾ ਹੈ। ਮੀਡੀਆ ਨੂੰ ਲੋੜ ਇਸ ਗੱਲ ਦੀ ਹੈ ਕਿ ਹਿੰਸਾ ਦੀ ਥਾਂ ਖੇਤੀ ਮਸਲਿਆਂ ਨੂੰ ਦਿੱਤੀ ਜਾਵੇ। ਟੀ.ਆਰ.ਪੀ. ਦੀ ਦੌੜ ਵਿਚ ਚੈਨਲ ਕਿਸਾਨ ਨੂੰ ਖੇਤ ਦੀ ਵੱਟ ’ਤੇ ਖੜ੍ਹਾ ਛੱਡ ਜਾਂਦੇ ਹਨ। ਮੌਨਸੂਨ ਫੇਲ੍ਹ ਹੋ ਜਾਵੇ, ਸਮੁੱਚਾ ਅਰਥਚਾਰਾ ਲੁੜਕ ਜਾਂਦਾ ਹੈ। ਪੂਰੇ ਬਾਜ਼ਾਰ ਦੀ ਵਿਕਰੀ ਪ੍ਰਭਾਵਿਤ ਹੁੰਦੀ ਹੈ। ਉਦੋਂ ਜ਼ਰੂਰ ਮੀਡੀਆ ਜਾਗਦਾ ਹੈ। ਪੰਜਾਬੀ ਮੀਡੀਆ ਉਸ ਦੀ ਗੱਲ ਜ਼ਿਆਦਾ ਕਰਦਾ ਹੈ ਜਿਥੋਂ ਇਸ਼ਤਿਹਾਰ ਮਿਲਦਾ ਹੈ। ਪੰਜਾਬੀ ਅਖ਼ਬਾਰਾਂ ਦੀ ਗੱਲ ਕਰੀਏ ਤਾਂ ਕਿਸੇ ਪੰਜਾਬੀ ਅਖ਼ਬਾਰ ਕੋਲ ‘ਖੇਤੀ ਪ੍ਰਤੀਨਿਧ’ ਹੀ ਨਹੀਂ ਹੈ। ਕੋਈ ਵੇਲਾ ਸੀ ਜਦੋਂ ਕੌਮੀ ਅੰਗਰੇਜ਼ੀ ਅਖ਼ਬਾਰਾਂ ਦੇ ਵੱਖਰੇ ‘ਖੇਤੀ ਪ੍ਰਤੀਨਿਧ’ ਹੁੰਦੇ ਸਨ। ਪੰਜਾਬੀ ਅਖ਼ਬਾਰਾਂ ਵਿਚ ‘ਖੇਤੀ ਬੀਟ’ ਗ਼ਾਇਬ ਹੈ। ਜੋ ਖੇਤੀ ਮਸਲੇ ਛਪਦੇ ਹਨ, ਉਹ ਏਨੇ ਤਿੱਖੇ ਨਹੀਂ ਹੁੰਦੇ ਕਿ ਸਰਕਾਰ ਨੂੰ ਹਲੂਣਾ ਦੇ ਸਕਣ। ਇੱਕਾ ਦੁੱਕਾ ਪੰਜਾਬੀ ਅਖ਼ਬਾਰ ਕਿਸਾਨੀ ਮਸਲਿਆਂ ’ਤੇ ਲਗਾਤਾਰ ਸੰਪਾਦਕੀ ਲਿਖ ਰਹੇ ਹਨ।
               ਹਿੰਦੀ ਅਖ਼ਬਾਰ ਦਾ ਪਾਠਕ ਵਰਗ ਸ਼ਹਿਰੀ ਹੈ, ਉਹ ਤਾਂ ਅਣਸਰਦੇ ਨੂੰ ਪਿੰਡਾਂ ਵੱਲ ਵੇਖਦੇ ਹਨ। ਹੁਣ ਪਰਾਲੀ ਦਾ ਵੱਡਾ ਮਸਲਾ ਹੈ। ਜਦੋਂ ਰੌਲਾ ਪੈਂਦਾ ਹੈ, ਉਦੋਂ ਮੀਡੀਆ ਦੀ ਜਾਗ ਖੁੱਲ੍ਹ ਪੈਂਦੀ ਹੈ। ਪੰਜਾਬੀ ਮੀਡੀਆ ਕਦੇ ਰਾਹ ਦਸੇਰਾ ਨਹੀਂ ਬਣਿਆ। ਜੋ ਕਿਸਾਨ ਖੇਤੀ ਵਿਚ ਨਵੇਂ ਰਾਹ ਬਣਾ ਰਹੇ ਹਨ, ਸਫਲ ਕਾਸ਼ਤ ਕਰ ਰਹੇ ਹਨ, ਉਨ੍ਹਾਂ ਦੀ ਗੱਲ ਕਿਧਰੇ ਨਹੀਂ ਹੁੰਦੀ। ਖੇਤੀ ਦੀ ਪਾਜ਼ਿਟਿਵ ਸਟੋਰੀ ਨੂੰ ਕਦੇ ਪਹਿਲਾ ਪੰਨਾ ਨਹੀਂ ਮਿਲਦਾ। ਪੰਜਾਬੀ ਮੀਡੀਆ ਬਹੁਤੇ ਮਸਲਿਆਂ ਤੋਂ ਅਣਭਿੱਜ ਰਹਿੰਦਾ ਹੈ। ਖੇਤੀ ਬਜਟ ਲਗਾਤਾਰ ਘਟ ਰਿਹਾ ਹੈ। ਕੇਂਦਰ ਸਰਕਾਰ ਫਲੈਗਸ਼ਿਪ ਸਕੀਮਾਂ ’ਚ ਹਿੱਸੇਦਾਰੀ ਤੋਂ ਹੱਥ ਖਿੱਚ ਰਹੀ ਹੈ। ਜਿਣਸਾਂ ਦੀ ਸਰਕਾਰੀ ਖ਼ਰੀਦ ਤੋਂ ਕੇਂਦਰ ਭੱਜਣ ਦੀ ਤਿਆਰੀ ਵਿਚ ਹੈ। ਪੰਜਾਬੀ ਮੀਡੀਆ ਦੇ ਇਹ ਮਸਲੇ ਉਪਰੋਂ ਦੀ ਲੰਘ ਜਾਂਦੇ ਹਨ। ਕੌਮੀ ਪੱਧਰ ਦੇ ਅੰਗਰੇਜ਼ੀ ਅਖ਼ਬਾਰਾਂ ’ਚ ਕਿਸਾਨੀ ਤੇ ਖੇਤੀ ਨੂੰ ਬਹੁਤੀ ਜਗ੍ਹਾ ਨਹੀਂ ਮਿਲਦੀ, ਸਿਵਾਏ ਇੱਕ ਦੋ ਅਖ਼ਬਾਰਾਂ ਨੂੰ ਛੱਡ ਕੇ। ਪੰਜਾਬੀ ਮੀਡੀਆ ’ਚ ਜੋ ਹੁਣ ਨਵੇਂ ਪੱਤਰਕਾਰ ਦਾਖ਼ਲ ਹੋ ਰਹੇ ਹਨ, ਉਹ ਸਮਾਜਿਕ ਸਰੋਕਾਰਾਂ ਨਾਲੋਂ ਟੁੱਟੇ ਹੋਏ ਹਨ ਅਤੇ ਸ਼ਹਿਰੀ ਪਿਛੋਕੜ ਦੇ ਹਨ। ਕੁਝ ਅਰਸਾ ਪਹਿਲਾਂ ਇੱਕ ਮਹਿਲਾ ਪੱਤਰਕਾਰ ਬਠਿੰਡਾ ਆਈ। ਉਸ ਦਾ ਕਹਿਣਾ ਸੀ ਕਿ ਜਦੋਂ ਕਿਸਾਨ ਖ਼ੁਦਕੁਸ਼ੀ ਕਰਦਾ ਹੈ ਤਾਂ ਇਸ ’ਚ ਕੀ ਅਲੋਕਾਰੀ ਗੱਲ ਹੈ। ਸਮਾਜ ਦੇ ਹਰ ਤਬਕੇ ’ਚ ਖ਼ੁਦਕੁਸ਼ੀ ਦਰ ਵਧੀ ਹੈ। ਉਸ ਨੂੰ ਕੌਣ ਸਮਝਾਏ ਕਿ ਕਿਸਾਨ ਖ਼ੁਦਕੁਸ਼ੀ ਕਰੇ ਤਾਂ ਉਸ ਦੇ ਕੀ ਮਾਅਨੇ ਹੁੰਦੇ ਹਨ। ਪੰਜਾਬ ’ਚ ਕਦੇ ਕਿਸੇ ਪੰਜਾਬੀ ਮੀਡੀਆ ਅਦਾਰੇ ਨੇ ਪੱਤਰਕਾਰਾਂ ਦੀ ਕੋਈ ਵਰਕਸ਼ਾਪ ਨਹੀਂ ਲਾਈ। ਨਾ ਕਦੇ ਕੋਈ ਸੇਧ ਦਿੱਤੀ ਹੈ ਅਤੇ ਨਾ ਹੀ ਤਰਜੀਹਾਂ ਦੱਸੀਆਂ ਹਨ।
                 ਰੇਡੀਓ ’ਤੇ ਦਿਹਾਤੀ ਪ੍ਰੋਗਰਾਮ ਆਪਾਂ ਸਭ ਸੁਣਦੇ ਰਹੇ ਹਾਂ। ‘ਭਾਈਆ ਜੀ’ ਅਤੇ ‘ਮਾਸਟਰ ਜੀ’ ਪੂਰਾ ਪਿੰਡ ਘੁੰਮਾ ਦਿੰਦੇ ਸਨ। ਏਨਾ ਰੌਚਿਕ ਪ੍ਰੋਗਰਾਮ ਸੀ। ਹੁਣ ਤਾਂ ਰੇਡੀਓ ’ਤੇ ਖੇਤੀ ਦੇ ਪ੍ਰੋਗਰਾਮ ਵੀ ਸਪਾਂਸਰਡ ਹੋ ਗਏ ਹਨ। ਕਿਸੇ ਵੇਲੇ ਰੇਡੀਓ ਸਟੇਸ਼ਨਾਂ ’ਤੇ ਬੀ.ਐਸਸੀ. ਐਗਰੀਕਲਚਰ ਯੋਗਤਾ ਵਾਲੇ ਇੱਕ ਅਧਿਕਾਰੀ ਦੀ ਤਾਇਨਾਤੀ ਹੁੰਦੀ ਸੀ। ਦੱਸਦੇ ਹਨ ਕਿ ਹੁਣ ਇਹ ਅਸਾਮੀ ਹੀ ਖ਼ਤਮ ਕਰ ਦਿੱਤੀ ਗਈ ਹੈ। ਪੰਜਾਬੀ ਮੀਡੀਆ ’ਚੋਂ ਖੇਤੀ ਰਸਾਲੇ ਗ਼ਾਇਬ ਹਨ। ਇੱਕਾ ਦੁੱਕਾ ਜੋ ਵਜੂਦ ’ਚ ਹਨ, ਉਨ੍ਹੇ ਅਸਰਦਾਇਕ ਨਹੀਂ ਰਹੇ ਹਨ। ਪੁਰਾਣੇ ਵੇਲਿਆਂ ’ਚ ਪੰਜਾਬੀ ਮੀਡੀਆ ਦੀ ਅੱਖ ’ਚ ਟੀਰ ਨਹੀਂ ਸੀ। ਉਦੋਂ ਪੰਜਾਬੀ ਅਖ਼ਬਾਰਾਂ ਦੀ ਗਿਣਤੀ ਘੱਟ ਸੀ, ਪਰ ਪੰਜਾਬੀ ਮੀਡੀਆ ਦੀ ਧਾਕ ਸੀ। ਅੱਜ ਦੇਖੀਏ ਤਾਂ ਅਖ਼ਬਾਰਾਂ ਦੀ ਗਿਣਤੀ ਵਧੀ ਹੈ, ਰੁਤਬਾ ਵਧਿਆ ਹੈ ਪਰ ਇੱਜ਼ਤ ਨਹੀਂ। ਪੰਜਾਬੀ ਮੀਡੀਆ ਦੀ ਪਹੁੰਚ ਵਧੀ ਹੈ ਪਰ ਭਰੋਸਾ ਨਹੀਂ। ਪਾਠਕਾਂ ਦੀ ਗਿਣਤੀ ਵਧੀ ਹੈ, ਅਸਰ ਨਹੀਂ ਵਧਿਆ। ਪੰਜਾਬ ਦੀ ਨਰਮਾ ਪੱਟੀ ’ਚ ਨੱਬੇ ਦੇ ਦਹਾਕੇ ’ਚ ਖੇਤੀ ਨੂੰ ਨਜ਼ਰ ਲੱਗੀ ਹੈ। ਕਿਸਾਨ ਖ਼ੁਦਕੁਸ਼ੀਆਂ ਦਾ ਦੌਰ 1992-93 ਤੋਂ ਸ਼ੁਰੂ ਹੋਇਆ। ਜਦੋਂ ਨਰਮੇ ਨੂੰ ਅਮਰੀਕਨ ਸੁੰਡੀ ਖਾਣ ਲੱਗੀ, ਖੇਤਾਂ ਦੀ ਬਰਕਤ ਮੁੱਕ ਗਈ। ਕਿਸਾਨ ਮਰਦਾ ਗਿਆ, ਸਾਹੂਕਾਰ ਬਣਦਾ ਗਿਆ। ਲਾਗਤ ਖ਼ਰਚੇ ਵਧਦੇ ਗਏ। ਸਰਕਾਰ ਹੱਥ ’ਤੇ ਹੱਥ ਧਰ ਕੇ ਵੇਖਦੀ ਰਹੀ। ਮੀਡੀਆ ਘਟਨਾਵਾਂ ਦੀ ਰਿਪੋਰਟ ਕਰਨ ਤੋਂ ਅਗਾਂਹ ਨਹੀਂ ਵਧਿਆ। ਸਰਕਾਰ ਨੇ 12 ਸਾਲ ਤਾਂ ਇਹ ਕਬੂਲ ਹੀ ਨਹੀਂ ਕੀਤਾ ਕਿ ਕਿਸਾਨ ਖ਼ੁਦਕੁਸ਼ੀ ਵੀ ਕਰ ਰਿਹਾ ਹੈ। 1997-2002 ਵਾਲੀ ਗਠਜੋੜ ਸਰਕਾਰ ਨੇ ਆਖਰੀ ਵਰ੍ਹੇ ਵਿਚ ਬਜਟ ’ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਲਈ ਦੋ ਲੱਖ ਦੀ ਵਿਵਸਥਾ ਕੀਤੀ ਗਈ।
                 ਮੀਡੀਆ ਵਿਰਲਾਪ ਤਾਂ ਕਰਦਾ ਰਿਹਾ ਪਰ ਕਿਸਾਨੀ ਦੀ ਚੀਸ ਨੂੰ ਸਰਕਾਰ ਤਕ ਪੂਰੀ ਤਰ੍ਹਾਂ ਪੁੱਜਦਾ ਕਰਨ ਵਿਚ ਫੇਲ੍ਹ ਰਿਹਾ ਹੈ। ਪੰਜਾਬੀ ਮੀਡੀਆ ’ਚ ਖੇਤੀ ਆਧਾਰਤ ਖੋਜੀ ਰਿਪੋਰਟਾਂ ਕਿਧਰੇ ਨਜ਼ਰ ਨਹੀਂ ਪੈਂਦੀਆਂ। ਪੰਜਾਬੀ ਅਖ਼ਬਾਰਾਂ ਕੋਲ ਖੇਤੀ ਮਾਹਿਰਾਂ ਦੇ ਪੈਨਲਾਂ ਦੀ ਕਮੀ ਹੈ, ਜੋ ਖੇਤੀ ਮਸਲਿਆਂ ’ਤੇ ਕਿਸਾਨਾਂ ਨੂੰ ਸੇਧ ਦੇ ਸਕਣ। ਖੇਤੀ ਸੈਮੀਨਾਰਾਂ ਵਿਚ ਪੱਤਰਕਾਰ ਦਿੱਖਦੇ ਨਹੀਂ ਹਨ। ਪ੍ਰਬੰਧਕਾਂ ਵੱਲੋਂ ਦਿੱਤੇ ਲੰਚ ਨਾਲ ਹੀ ਪੱਤਰਕਾਰ ਆਪਣੀ ਡਿਊਟੀ ਮੁਕਾ ਲੈਂਦਾ ਹੈ। ਪੁਰਾਣਾ ਲਤੀਫ਼ਾ ਹੈ ਕਿ ਇੱਕ ਅੰਗਰੇਜ਼ ਹਰੀ ਕ੍ਰਾਂਤੀ ਦੇ ਪ੍ਰਭਾਵ ਜਾਣਨ ਲਈ ਖੋਜ ਵਾਸਤੇ ਪੰਜਾਬ ਪੁੱਜਾ। ਉਸ ਨੇ ਆਪਣੀ ਖੋਜ ਰਿਪੋਰਟ ਦੇ ਆਖ਼ਰ ਵਿਚ ਪੱਤਰਕਾਰਾਂ ਬਾਰੇ ਵੀ ਇੱਕ ਟਿੱਪਣੀ ਕੀਤੀ ਜੋ ਇਹ ਸੀ ਕਿ ਪੰਜਾਬ ਦੇ ਪੱਤਰਕਾਰ ਇੱਕੋ ਸਮੇਂ ’ਚ ਦੋ ਦੋ ਬਰੇਕਫਾਸਟ ਅਤੇ ਦੋ ਦੋ ਲੰਚ ਕਰਨ ਦੀ ਸਮਰੱਥਾ ਰੱਖਦੇ ਹਨ। ਕਿਸਾਨੀ ਜੀਵਨ ਪ੍ਰਤੀ ਪੰਜਾਬੀ ਮੀਡੀਆ ਦੀ ਪਹੁੰਚ ਡੂੰਘੀ ਨਹੀਂ ਹੈ। ਮੀਡੀਆ ’ਤੇ ਮੰਡੀ ਕਾਬਜ਼ ਹੋ ਗਈ ਹੈ। ਪੰਜਾਬ ਮੁਸਕਲਾਂ ਦੇ ਢੇਰ ’ਤੇ ਬੈਠਾ ਹੈ। ਧਰਤੀ  ਬੀਮਾਰ ਹੋ ਰਹੀ ਹੈ, ਪਾਣੀ ਡੂੰਘੇ ਹੋ ਰਹੇ ਹਨ, ਖਾਦਾਂ ਤੇ ਕੀਟਨਾਸ਼ਕਾਂ ਦੀ ਬਹੁਤਾਤ ਹੋ ਗਈ ਹੈ। ਜੋਤਾਂ ਦਾ ਘਟਣਾ ਤੇ ਕਿਸਾਨਾਂ ਦੇ ਪੁੱਤਾਂ ਦਾ ਲੇਬਰ ਚੌਕ ’ਚ ਖੜ੍ਹਣਾ, ਮੀਡੀਆ ਦੇ ਨਜ਼ਰ ਨਹੀਂ ਪੈਂਦਾ। ਖੇਤੀ ਸੰਕਟਾਂ ਦੀ ਬਦੌਲਤ ਜੋ ਸਮਾਜਿਕ ਤੇ ਕਲਚਰਲ ਬਖੇੜੇ ਖੜ੍ਹੇ ਹੋਏ ਹਨ, ਉਨ੍ਹਾਂ ਤੋਂ ਮੀਡੀਆ ਅਣਭਿੱਜ ਰਹਿੰਦਾ ਹੈ। ਕਰਜ਼ਾ ਪੰਜਾਬ ਦੀ ਕਿਸਾਨੀ ਦੇ ਜੜ੍ਹਾਂ ਵਿਚ ਬੈਠ ਗਿਆ ਹੈ। ਸਾਹੂਕਾਰਾਂ ਦੀ ਪੁੱਗਤ ਵਧੀ ਹੈ। ਕੌਮੀ ਫ਼ਸਲ ਬੀਮਾ ਯੋਜਨਾ ਸਭਨਾਂ ਸੂਬਿਆਂ ਵਿਚ ਲਾਗੂ ਹੈ, ਇਕੱਲੇ ਪੰਜਾਬ ਨੂੰ ਛੱਡ ਕੇ। ਕਿਤੇ ਮੀਡੀਆ ’ਚ ਸੁਆਲ ਨਹੀਂ ਉਠਿਆ।
                 ਜਦੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਨ ਤਾਂ ਉਦੋਂ ਉਨ੍ਹਾਂ ਨੇ ਮਾਰਚ 2017 ਵਿਚ ਇੱਕ ਸੈਮੀਨਾਰ ’ਚ ਮੀਡੀਆ ਨੂੰ ਹਲੂਣਾ ਦਿੱਤਾ ਸੀ। ਕਿਹਾ ਸੀ ਕਿ ਮੀਡੀਆ ਦਾ ਕੰਮ ਹੀ ਸੁਆਲ ਉਠਾਉਣਾ ਹੈ। ਜੋ ਸੁਆਲ ਖੜ੍ਹੇ ਨਹੀਂ ਕਰਦੇ, ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਦੇਸ਼ ’ਚ ਜਦੋਂ ਤੋਂ ਦੇਸ਼ ਭਗਤੀ ਦਾ ਪ੍ਰਚਾਰਕ ਕੌਮੀ ਮੀਡੀਆ ਬਣਿਆ ਹੈ। ਉਸ ਦਾ ਅਸਰ ਖੇਤਰੀ ਮੀਡੀਆ ਨੇ ਵੀ ਕਬੂਲਿਆ ਹੈ। ਖ਼ਾਸ ਕਰਕੇ ਚੈਨਲਾਂ ਦੀ ਮੰਗ ਵੀ ਉਸੇ ਤਰ੍ਹਾਂ ਦੀ ਬਣ ਗਈ ਹੈ, ਜਿਸ ਤਰ੍ਹਾਂ ਸਰਕਾਰ ਸੋਚਦੀ ਹੈ।ਪੰਜਾਬੀ ਅਖ਼ਬਾਰ ਥੋੜ੍ਹਾ ਬਚੇ ਹੋਏ ਹਨ ਪਰ ਇਹ ਨੁਕਸ ਰਿਹਾ ਹੈ ਕਿ ਪੰਜਾਬੀ ਮੀਡੀਆ ਨੇ ਖੇਤੀ ਮਾਮਲਿਆਂ ਨੂੰ ਕਦੇ ਮਿਸ਼ਨ ਦੇ ਤੌਰ ’ਤੇ ਨਹੀਂ ਲਿਆ। ਪੰਜਾਬੀ ਮੀਡੀਆ ਧਾਰ ਲੈਂਦਾ ਤਾਂ ਕਿਸਾਨ ਖ਼ੁਦਕੁਸ਼ੀ ਰੁਕ ਸਕਦੀ ਸੀ ਜਾਂ ਫਿਰ ਘਟ ਜਾਣੀ ਸੀ।
ਪੰਜਾਬ ਦਾ ਇੱਕ ਹਿੱਸਾ ਪਿਛੇ ਜੇਹੇ ਹੀ ਹੜ੍ਹਾਂ ਨੇ ਰੋੜਿਆ ਹੈ। ਹੜ੍ਹ ਆਏ, ਪੰਜਾਬੀ ਮੀਡੀਆ ਪੱਬਾਂ ਭਾਰ ਹੋ ਗਿਆ। ਉਦੋਂ ਤਕ ਇੱਕ ਲੱਤ ’ਤੇ ਖੜ੍ਹਾ ਰਿਹਾ ਜਦੋਂ ਤਕ ਪਾਣੀ ਦਾ ਮੁਹਾਣ ਰੁਕ ਨਹੀਂ ਗਿਆ। ਗੱਲ ਸਿਰਫ਼ ਮਾਲੀ ਨੁਕਸਾਨ ਤਕ ਸੀਮਤ ਰਹੀ। ਹੜ੍ਹਾਂ ਮਗਰੋਂ ਪੈਣ ਵਾਲੇ ਦੁਰਪ੍ਰਭਾਵਾਂ ਬਾਰੇ ਕੌਣ ਜਾਣੂ ਕਰਾਊ, ਮੀਡੀਆ ਇਸ ਨੂੰ ਆਪਣਾ ਫ਼ਰਜ਼ ਨਹੀਂ ਮੰਨਦਾ। ਹੜ੍ਹ ਦੀ ਇਹ ਤਬਾਹੀ ਕਿਵੇਂ ਰੋਕੀ ਜਾ ਸਕਦੀ ਸੀ, ਏਦਾਂ ਦੀ ਰਿਪੋਰਟਿੰਗ ਪੜ੍ਹਨ ਨੂੰ ਨਹੀਂ ਮਿਲੀ। ਪੀੜਤਾਂ ਦੀ ਮਦਦ ਲਈ ਪੰਜਾਬੀ ਮੀਡੀਆ ਦੀ ਭੂਮਿਕਾ ਸ਼ਲਾਘਾ ਵਾਲੀ ਰਹੀ ਹੈ। ਗੱਲ ਇਹ ਨਹੀਂ ਕਿ ਪੰਜਾਬੀ ਮੀਡੀਆ ਖੇਤਾਂ ਤੋਂ ਦੂਰ ਹੋਇਆ ਹੈ। ਮਸਲਾ ਇਹ ਹੈ ਕਿ ਪੰਜਾਬੀ ਮੀਡੀਆ ਦੀ ਪ੍ਰਮੁੱਖਤਾ ਹੁਣ ਕਿਸਾਨੀ ਨਹੀਂ ਰਹੀ। ਚਲਵੇਂ ਰੂਪ ਵਿਚ ਕਿਸਾਨੀ ਜੀਵਨ ਨੂੰ ਮੀਡੀਆ ਲੈਂਦਾ ਹੈ।
             ਹਾਲਾਂਕਿ ਪੰਜਾਬੀ/ਹਿੰਦੀ ਅਖ਼ਬਾਰਾਂ ਦੇ ਹਫ਼ਤਾਵਾਰੀ ਖੇਤੀ ਪੰਨੇ ਵੀ ਛਪਦੇ ਹਨ ਪਰ ਏਨਾ ਕਾਫੀ ਨਹੀਂ।  ਲੋੜ ਇਸ ਗੱਲ ਦੀ ਹੈ ਕਿ ਪੰਜਾਬੀ ਮੀਡੀਆ ਪੰਜਾਬ ਦੇ ਖੇਤੀ ਸੰਕਟ ਨੂੰ ਆਪਣੇ ਮੋਢੇ ’ਤੇ ਚੁੱਕੇ। ਜ਼ਿੰਮੇਵਾਰੀ ਲਵੇ, ਫਿਰ ਜ਼ਰੂਰ ਕੋਈ ਰਾਹ ਬਣੇਗਾ। ਕਿਸਾਨੀ ਜੀਵਨ ਦੇ ਮੁੜ ਭਲੇ ਦਿਨ ਆਉਣ ਦੀ ਉਮੀਦ ਬੱਝੇਗੀ। ਮੀਡੀਆ ਨੂੰ ਆਪਣੇ ਵਿਸ਼ਾ ਵਸਤੂ ’ਤੇ ਪੁਨਰ ਵਿਚਾਰ ਕਰਨਾ ਹੋਵੇਗਾ। ਕਿਸਾਨੀ ਜੀਵਨ ਦੇ ਸੁਖਾਵੇਂ ਪਲਾਂ ਨੂੰ ਦੱਸਣਾ ਹੋਵੇਗਾ। ਮੁਸ਼ਕਲਾਂ ਦੇ ਹੱਲ ਅਤੇ ਕਿਸਾਨਾਂ ਨੂੰ ਚੇਤੰਨ ਕਰਨ ਦੀ ਜ਼ਿੰਮੇਵਾਰੀ ਵੀ ਮੀਡੀਆ ਨੂੰ ਲੈਣੀ ਹੋਵੇਗੀ। ਸਰਕਾਰਾਂ ਤੇ ਕਿਸਾਨਾਂ ਦਰਮਿਆਨ ਜਦੋਂ ਮੀਡੀਆ ਇੱਕ ਪੁੱਲ ਉਸਾਰੇਗਾ ਤਾਂ ਜ਼ਰੂਰ ਨਵੇਂ ਰਾਹ ਖੁੱਲ੍ਹਣਗੇ। ਕੋਈ ਕਿਸਾਨ ਛੋਟੀ ਪੈਲੀ ਨਾਲ ਚੰਗੀ ਜ਼ਿੰਦਗੀ ਜੀਅ ਰਿਹਾ ਹੈ, ਉਸ ਨੂੰ ਆਦਰਸ਼ ਦੇ ਤੌਰ ’ਤੇ ਪੇਸ਼ ਕਰਨਾ ਹੋਵੇਗਾ। ਮਰੱਬਿਆ ਵਾਲੇ ਮਜ਼ਦੂਰ ਕਿਵੇਂ ਬਣ ਗਏ, ਉਸ ਪਿਛਲੇ ਕਾਰਨਾਂ ਨੂੰ ਵੀ ਘੋਖਣਾ ਹੋਵੇਗਾ ਤੇ ਹਕੀਕਤ ਦਾ ਸ਼ੀਸ਼ਾ ਦਿਖਾਉਣਾ ਹੋਵੇਗਾ। ਸਰਕਾਰ ਨੂੰ ਮੀਡੀਆ ਹੁੱਝਾਂ ਮਾਰਨਾ ਵੀ ਨਾ ਭੁੱਲੇ।

Sunday, February 16, 2020

                         ਵਿਚਲੀ ਗੱਲ
              ਸਾਢੂ ਨੂੰ ਮੰਦਾ ਨਾ ਬੋਲੀਂ..!
                         ਚਰਨਜੀਤ ਭੁੱਲਰ
ਬਠਿੰਡਾ: ਟੇਸ਼ਨ ’ਤੇ ਟਕਸਾਲੀ ਖੜ੍ਹੇ ਰਹਿ ਗਏ। ਗੱਡੀ ਬੋਨੀ ਅਜਨਾਲਾ ਚੜ੍ਹ ਗਿਆ। ਜਹਾਂ ਦਾਣੇ, ਤਹਾਂ ਖਾਣੇ। ਤਿੱਤਰ ਸੱਤ ਬਿਗਾਨੇ ਵੀ ਹੋਣ, ਤਲੀਆਂ ’ਤੇ ਚੋਗ ਚੁਗਾਉਣਾ ਪੈਂਦੈ। ਹਰੀਕੇ ਜਲਗਾਹ, ਅਜਨਾਲੇ ਤੋਂ ਬਹੁਤੀ ਦੂਰ ਨਹੀਂ। ਪਰਵਾਸੀ ਪੰਛੀ ਆਉਂਦੇ ਨੇ, ਤਿੱਤਰਾਂ ਦਾ ਪਤਾ ਨਹੀਂ। ਮੌਸਮ ਬਦਲਿਆ, ਟਿਕਾਣਾ ਬਦਲਿਆ। ਸਾਇਬੇਰੀਆ ਤੋਂ ਕੂੰਜਾਂ ਆਉਂਦੀਆਂ ਨੇ, ਘਰਾਂ ਨੂੰ ਮੁੜ ਜਾਣਾ ਦਸਤੂਰ ਪੁਰਾਣਾ ਹੈ। ਪੰਛੀਆਂ ਦੀ ਕਾਹਦੀ ਪੱਕੀ ਠਾਹਰ। ਇਕ ਅੰਦਾਜ਼ਾ ਹੈ, ਜਦੋਂ ਬੋਨੀ ਨਿੱਕਾ ਹੁੰਦਾ ਸੀ, ਹਰੀਕੇ ਜਲਗਾਹ ’ਤੇ ਜ਼ਰੂਰ ਗਿਆ ਹੋਊ, ਸਾਇਬੇਰੀਅਨ ਕੂੰਜਾਂ ਵੇਖਣ। ’ਡਾਰ ਨਾਲੋਂ ਕੂੰਜ ਵਿੱਛੜੀ’। ਢੀਂਡਸਾ ਕਹਿੰਦਾ, ਕੋਈ ਫ਼ਰਕ ਨਹੀਂ ਪੈਂਦਾ। ਸੇਖਵਾਂ ਬੋਲਿਆ, ‘‘ਪੈਂਦਾ ਕਿਉਂ ਨਹੀਂ, ਇਕੱਠਿਆਂ ਸਹੁੰ ਖਾਧੀ ਸੀ। ਲੇਖਾ ਤਾਂ ਦਰਗਾਹਾਂ ’ਚ ਹੋਊ।’’ ਅਗਲੇ ਜਨਮਾਂ ਨੂੰ ਛੱਡੋ ਜੀ, ਲੇਖਾ ਮਾਂਵਾਂ ਧੀਆਂ ਦਾ। ਮਾਂ ਪਾਰਟੀ ’ਚ ਬੋਨੀ ਗਿਐ। ਢਿੱਡ ਪੀੜ ਲੋਕਾਂ ਦੇ ਹੋਈ ਜਾਂਦੀ ਐ। ਅਜਨਾਲਾ ਪਿਓ ਪੁੱਤ, ਟਕਸਾਲੀ ਤੋਂ ਅਕਾਲੀ, ਹੁਣੇ ਬਣੇ ਨੇ। ਚੋਣਾਂ ਦਾ ਮੌਸਮ ਦੂਰ ਨਹੀਂ। ਅੱਜ ਟਿਕਾਣਾ ਇੱਥੇ, ਮਗਰੋਂ ਸਾਧੂ ਚੱਲਦੇ ਭਲੇ। ਸਿਆਸੀ ਪੰਛੀ ਵੀ ਇਹੋ ਫਿਤਰਤ ਰੱਖਦੇ ਨੇ। ਬਾਦਲਾਂ ਦੇ ਕੋਠੇ ’ਤੇ ਲੱਗੀ ਛੱਤਰੀ ਵੱਲ ਵੇਖੋ। ਕਿੰਨੇ ਕੁ ਕਬੂਤਰ ਬੈਠਦੇ ਨੇ, ਛੇਤੀ ਪਤਾ ਲੱਗੂ। ਜਵਾਨੀ ਉਮਰੇ ਟਕਸਾਲੀ, ਕਬੂਤਰਾਂ ਦੀ ਬਾਜ਼ੀ ਵੇਖਦੇ ਰਹੇ ਨੇ, ਕੋਈ ਪੱਕਾ ਪਤਾ ਨਹੀਂ। ਅਕਾਲੀਆਂ ਦੇ ਵਿਹੜੇ ’ਚ ਜੋ ਕੰਧ ਨਿਕਲੀ ਹੈ, ਉਸ ਨੂੰ ਜੱਗ ਜਾਣਦੈ। ਦਿੱਲੀ ’ਚ ਹੁਣੇ ਨਫ਼ਰਤੀ ਕੰਧ ਡਿੱਗੀ ਐ। ਕਾਮਰੇਡਾਂ ਦੇ ‘ਦਾਤੀ ਹਥੌੜੇ’ ਨਾਲੋਂ ਤਕੜੇ ਨਿਕਲੇ ਦਿੱਲੀ ਵਾਲੇ। ਕੰਧਾਂ ਹਿਲਾ ਦਿੱਤੀਆਂ। ਮਹਾਰਾਜੇ ਨੂੰ ਜ਼ਰੂਰ ਭੁਲੇਖਾ ਪਿਆ ਹੋਊ, ਦੇਖਿਓ ਕਿਤੇ ਕੋਈ ਭੂਚਾਲ ਤਾਂ ਨਹੀਂ ਆਇਆ।
                ਭਾਜਪਾ ਨੂੰ ਹਾਈ ਵੋਲਟੇਜ ਦਾ ਕਰੰਟ ਲੱਗਿਐ। ਅਮਿਤ ਸ਼ਾਹ ਜੀ ਹੁਣੇ ਬੋਲੇ ਨੇ, ਮੂੰਹ ਖੋਲ੍ਹੇ ਨੇ, ਅਖੇ ਨਫ਼ਰਤੀ ਬੋਲ ਬਾਣੀ ਲੈ ਬੈਠੀ। ਬੇਸ਼ਰਮਾਂ ਦੀ ਡੁੱਲ ਗਈ ਦਾਲ..। ਮਨੋਜ ਤਿਵਾੜੀ ਕਹਿੰਦਾ, ਭਾਜਪਾਈ ਵੋਟ ਫ਼ੀਸਦ ਤਾਂ ਵਧਿਆ ਹੈ। ਮੰਤਰੀ ਅਨੁਰਾਗ ਠਾਕੁਰ ਦੇ ਕੰਨ ਜ਼ਰੂਰ ਮਾਂ ਨੇ ਪੁੱਟੇ ਹੋਣਗੇ। ਚੋਣ ਨਤੀਜੇ ਦਿੱਲੀ ਦੇ ਆਏ ਨੇ। ਥਰ- ਥਰ ਪੰਜਾਬ ਕੰਬੀਂ ਜਾ ਰਿਹੈ। ਸ੍ਰੀਮਤੀ ਜਸ਼ੋਦਾਬੇਨ, ਪ੍ਰਧਾਨ ਮੰਤਰੀ ਮੋਦੀ ਦੀ ਪਤਨੀ, ਢਿੱਡੋਂ- ਢਿੱਡ ਹੱਸੀ ਹੋਵੇਗੀ। ਢਿੱਡ ਕਿਸ ਕੋਲ ਫਰੋਲੇ। ਭੈਣ ਜੀ, ਥੋੜ੍ਹੀ ਉਡੀਕ ਕਰੋ। ਮਿਲੇਨੀਆ ਟਰੰਪ, ਆਪਣੇ ਅਮਰੀਕਾ ਵਾਲੇ ਟਰੰਪ ਦੀ ਬੀਵੀ, ਗੁਜਰਾਤ ਆ ਰਹੀ ਹੈ। ਕਿਸੇ ਕੰਧ ਓਹਲੇ ਬੈਠ ਕੇ ਕਰ ਲਿਓ, ਖੁੱਲ੍ਹੀਆਂ ਗੱਲਾਂ। ਏਨਾਂ ਕੁ ਖਿਆਲ ਰੱਖਿਓ, ਕੰਧਾਂ ਦੇ ਕੰਨ ਵੀ ਹੁੰਦੇ ਨੇ। ਸ਼ਿਵ ਕੁਮਾਰ ਬਟਾਲਵੀ, ਗੁਣਗਾਉਂਦਾ ਮਰ ਗਿਆ, ‘ਮੈਨੂੰ ਜਗ ਨੇ ਕੰਧਾਂ ਦਿੱਤੀਆਂ, ਮੈਂ ਕੀ ਜੱਗ ਨੂੰ ਵੰਡਾਂ’। ਸ਼ਾਹੀਨ ਬਾਗ਼ ਵਿਚੋਂ ਆਵਾਜ਼ ਆਈ, ਮੋਦੀ ਜੀ ਆਓ, ਪਿਆਰ ਵਾਲੇ ਦਿਨ (ਵੈਲੇਨਟਾਈਨ ਡੇਅ), ਗੱਲ ਕਰੋ ਸਾਡੇ ਨਾਲ, ਤੋਹਫ਼ੇ ਵੀ ਦਿਆਂਗੇ। ਫਰਾਹ ਨਕਵੀ ਦੇ ਬੋਲ ਵੀ ਗੂੰਜੇ ਨੇ, ‘ਦਰਿਆ ਤੋ ਭਰ ਗਿਆ, ਮੈਂ ਅਬ ਸੈਲਾਬ ਹੂੰ… ਨਜ਼ਰ ਘੁਮਾ, ਮੈਂ ਹਰ ਸ਼ਹਿਰ ਕਾ ਸ਼ਾਹੀਨ ਬਾਗ਼ ਹੂੰ।’ ਇਕੱਲਾ ਮਾਨਸਾ-ਲੁਧਿਆਣਾ ਕੀ, ਮਾਲੇਰਕੋਟਲਾ ਵੀ ਅੱਜ ਸ਼ਾਹੀਨ ਬਾਗ਼ ਬਣੇਗਾ। ਤੌੜੀ ਵਾਲਾ ਦੁੱਧ ਪੀਤਾ ਹੁੰਦਾ। ਪ੍ਰੇਮ ਦੇ ਬਾਗਾਂ ਦੇ ਮਾਲੀ ਬਣਦੇ। ਨੇਕੀ ਦੀ ਦੀਵਾਰ ਖੜ੍ਹੀ ਕਰਦੇ। ਚੌਂਤਰੇ ’ਤੇ ਮੁਹੱਬਤੀ ਗਾਰਾ ਫੇਰਦੇ। ਕੰਧੋਲ਼ੀਆਂ ’ਤੇ ਪੈਲਾਂ ਪਾਉਂਦੇ ਮੋਰ ਵਾਹੁੰਦੇ। ਸ਼ਾਇਦ ਘਰ ਦੀ ਸੁਆਣੀ ਹੁਣ ਜਾਗ ਪਵੇ।
                 ਪ੍ਰੇਮ ਦੀਆਂ ਇੱਟਾਂ ’ਚ ਕਿਵੇਂ ਚਿਣਾਈ ਕਰੀਏ, ਦੂਰ ਜਾਣ ਦੀ ਲੋੜ ਨਹੀਂ, ਕੇਜਰੀਵਾਲ ਨੂੰ ਹੀ ਪੁੱਛ ਲਓ। ਚੰਗਾ ਕਾਰੀਗਰ ਹੈ, ਬਸ ਅੱਜ ਸਹੁੰ ਚੁੱਕ ਲੈਣ ਦਿਓ। ਬਿਹਾਰ ਜਾਓਗੇ, ਪਹਿਲਾਂ ਕੰਧ ’ਤੇ ਲਿਖਿਆ ਪੜ੍ਹਿਓ। ਈਰਖਾ ਦੀ ਦੀਵਾਰ ਦੇ ਦਿਨ ਲੱਦੇ ਨੇ। ਟੈਲੀਵਿਜ਼ਨ ’ਤੇ ਇਕ ਮਸ਼ਹੂਰੀ ਵੇਖੀ ਹੋਵੇਗੀ, ‘ਭਈਆ, ਯੇ ਦੀਵਾਰ ਟੂਟਤੀ ਕਿਉਂ ਨਹੀਂ।’ ਦਿੱਲੀ ’ਚ ਤਾਂ ਟੁੱਟ ਗਈ। ਭਰਮਾਂ ਦੀ ਕੰਧ ਤੇ ਈਰਖਾ ਦਾ ਬਨੇਰਾ। ਪੀਲੂ ਦਾ ਕਿੱਸਾ ‘ਮਿਰਜ਼ਾ ਸਾਹਿਬਾਂ’ ਪੜ੍ਹੋਗੇ। ਚਾਨਣ ਹੋ ਜਾਏਗਾ, ਵੀਰ ਸ਼ਮੀਰ ਹਰ ਯੁੱਗ ’ਚ ਰਹੇ ਨੇ। ਕੋਈ ਜ਼ਮਾਨਾ ਨਹੀਂ ਬਚਿਆ। ਕਿਤੇ ਮੁਹੱਬਤ ਦਾ ਪਹਿਰਾ ਰਿਹੈ। ਕਿਤੇ ਨਫ਼ਰਤ ਦੇ ਚੌਕੀਦਾਰ ਬੁੱਕੇ ਨੇ। ਜਸਬੀਰ ਭੁੱਲਰ ਦੀ ਕਹਾਣੀ ਹੈ, ‘ਤਿੰਨ ਕੰਧਾਂ ਵਾਲਾ ਘਰ’, ਪ੍ਰਤੱਖ ਦਰਸ਼ਨ ਕਰਾਉਂਦੀ ਐ। ਦਰਸ਼ਨ ‘ਡਿਜੀਟਲ ਇੰਡੀਆ’ ਦੇ ਵੀ ਕਰੋ, ਜੋ ਘਰ ਨਹੀਂ ਬਣਾਉਂਦਾ, ਕੰਧਾਂ ਕੱਢਦਾ ਹੈ। ਡੋਨਲਡ ਟਰੰਪ ਕਸੂਤਾ ਫਸਿਆ। ਭਾਰਤ ਆਉਣ ਤੋਂ ਪਹਿਲਾਂ ਹੀ ਘਰ ਵਾਲੀ ਕੋਲ ਫੜ ਮਾਰ ਬੈਠਾ, ਅਖੇ ਗੁਜਰਾਤ ’ਚ 40 ਲੱਖ ਬੰਦਾ ਮੇਰਾ ਸਵਾਗਤ ਕਰੂ। ਸਦਕੇ ਜਾਵਾਂ ਸ਼ੇਰ ਬੱਚੀ ਦੇ। ਕਹਿੰਦੀ.. ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ..। ਨਰਿੰਦਰ ਮੋਦੀ ਨੂੰ ਧੁੜਕੂ ਲੱਗਿਐ, ਕਿਤੇ ’ਕੱਠ ਘੱਟ ਨਾ ਰਹਿ ਜਾਏ। ਟਰੰਪ ਅਗਲੇ ਹਫ਼ਤੇ ਆਊ ਭਾਰਤ। ਅਹਿਮਦਾਬਾਦ ਸ਼ਹਿਰ ਵੀ ਜਾਣਾ ਹੈ। ਤਾਹੀਓਂ ਏਅਰਪੋਰਟ ਰੋਡ ’ਤੇ ਨਵੀਂ ਕੰਧ ਕੱਢੀ ਜਾ ਰਹੀ ਹੈ। ਇਸ ਸੜਕ ’ਤੇ ਝੁੱਗੀ ਝੌਂਪੜੀ ਹੈ। ਕਿਤੇ ਟਰੰਪ ਝੌਂਪੜੀਆਂ ਨਾ ਦੇਖ ਲਵੇ, ਝੌਂਪੜੀਆਂ ਵਾਲੇ ਪਾਸੇ ਉੱਚੀ ਕੰਧ ਹੀ ਕੱਢ ਦਿੱਤੀ। ਨਾ ਰਹੇਗਾ ਬਾਂਸ..।
               ਭਲੇਮਾਣਸੋ, ਡੋਨਲਡ ਟਰੰਪ ਨੂੰ ਤਾਂ ਕੰਧ ਵੇਖ ਚਾਅ ਚੜ੍ਹੇਗਾ। ਗ਼ਰੀਬ ਬਸਤੀ ਕਿੱਥੋਂ ਦਿਖਣੀ ਐ। ਸ਼ਾਇਦ ਕੰਧ ਵੇਖ ਤਾਂ ਟਰੰਪ ਰੁਕ ਵੀ ਜਾਵੇ। ਮੋਦੀ ਦਾ ਮੱਥਾ ਠਣਕੇਗਾ, ਜੇ ਕਿਤੇ ਟਰੰਪ ਨੇ ਕੰਧ ਉੱਤੋਂ ਦੀ ਝਾਤੀ ਮਾਰ ਲਈ। ਛਪੰਜਾ ਇੰਚ ਦੀ ਛਾਤੀ ਸੁੰਗੜਨ ਲੱਗੇਗੀ ਤਾਂ ਅਮਿਤ ਸ਼ਾਹ ਮੁਸਕਰਾਏਗਾ। ‘ਮੈਂ ਹੂੰ ਨਾ’। ਟਰੰਪ ਨੇ ਬਾਗੋ ਬਾਗ ਹੋਣੈ। ਮੋਦੀ ਦੀ ਕੰਧ ’ਚੋਂ ਉਸ ਨੂੰ ਮੈਕਸਿਕੋ ਦੀ ਕੰਧ ਦਾ ਝਉਲਾ ਪੈਣੈ। ਹੋ ਸਕਦੈ ਕੰਧ ਕੋਲ ਯਾਦਗਾਰੀ ਫੋਟੋ ਵੀ ਕਰਾਏ। ਰਾਸ਼ੀ ਦਾ ਤਾਂ ਪਤਾ ਨਹੀਂ, ਸੁਭਾਅ ਟਰੰਪ ਤੇ ਮੋਦੀ ਦਾ ਇੰਨ-ਬਿੰਨ ਇਕੋ ਹੈ। ਨਾਲੇ ਸੋਚ ਵੀ। ਉਪਰੋਂ ਹੁਣ ‘ਕੰਧ ਸਾਢੂ’ ਵੀ ਬਣ ਜਾਣਗੇ। ਲਓ ਜੀ, ਬਾਕੀ ਗੱਲਾਂ ਮਗਰੋਂ, ‘ਪੌੜੀ ਸਾਢੂ’ ਚੇਤੇ ਆਏ ਨੇ। ਪਹਿਲਾਂ ਉਨ੍ਹਾਂ ਦੀ ਵੀ ਸੁਣੋ। ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ‘ਅਸਾਂ ਮਰਨਾ ਨਾਹੀਂ’ ਫਰੋਲੀ। ਵਿਚੋਂ ‘ਪੌੜੀ ਸਾਢੂ’ ਲੱਭ ਪਏ। ਦਵਿੰਦਰ ਸਤਿਆਰਥੀ ਦੇ ਰੇਖਾ ਚਿੱਤਰ ਦਾ ਇਕ ਸੰਖੇਪ ਬਿਰਤਾਂਤ। ‘ਸਤਿਆਰਥੀ ‘ਆਰਸੀ’ ਵਿਚ ਅੰਮ੍ਰਿਤਾ ਪ੍ਰੀਤਮ ਬਾਰੇ ਨਾਖੁਸ਼ੀ ਵਾਲਾ ਕੁਛ ਲਿਖ ਬੈਠੇ। ਅੰਮ੍ਰਿਤਾ ਨਾਰਾਜ਼ ਹੋ ਗਈ, ਸਤਿਆਰਥੀ ਮੁਆਫ਼ੀ ਮੰਗਣ ਤੁਰ ਪਏ। ਅੰਮ੍ਰਿਤਾ ਨੇ ਪੌੜੀਆਂ ’ਚੋਂ ਮੋੜ ਦਿੱਤਾ। ਇਵੇਂ ਭੁੱਲਰ ਦੀ ਕਹਾਣੀ ‘ਕਸਵੱਟੀ’ ਤੋਂ ਅੰਮ੍ਰਿਤਾ ਗੁੱਸੇ ਹੋ ਗਈ। ਸਤਿਆਰਥੀ ਨੂੰ ਵੀ ਇਸ ਰੁਸੇਵੇਂ ਦੀ ਭਿਣਕ ਪੈ ਗਈ। ਪਹਿਲੀ ਦਫ਼ਾ ਜਦੋਂ ਕੋਈ ਭੁੱਲਰ ਦੀ ਸਤਿਆਰਥੀ ਨਾਲ ਜਾਣ-ਪਛਾਣ ਕਰਾਉਣ ਲੱਗਾ। ਅੱਗਿਓਂ ਸਤਿਆਰਥੀ ਜੀ ਬੋਲ ਪਏ, ਲਓ ਜੀ ਏਹ ਤਾਂ ਮੇਰੇ ‘ਪੌੜੀ ਸਾਢੂ’ ਨੇ। ਉਹ ਕਿਵੇਂ..‘ਇੱਕੋ ਪੌੜੀਆਂ ਨੇ ਜੋ ਸਾਡੇ ਦੋਵਾਂ ਲਈ ਵਰਜਿਤ ਨੇ।’
               ਗੱਲ ਕਦੋਂ ਤਿਲਕ ਜਾਏ, ਪਤਾ ਨਹੀਂ ਲੱਗਦਾ। ਟਰੰਪ ਨੂੰ ਕੰਧ ਕੋਲ ’ਕੱਲਾ ਛੱਡ ਆਏ। ਹੋਰ ਪਾਸੇ ਹੀ ਘੋੜਾ ਭਜਾ ਲਿਆ। ਟਰੰਪ ਨੇ ਚਾਹੇ ਕੰਧ ਨਾਲ ਪੌੜੀ ਲਾ ਲਈ ਹੋਵੇ। ਬਸਤੀ ਵਾਲੇ ਆਖਦੇ ਨੇ, ਕੰਧ ਦੀ ਥਾਂ ਮੋਦੀ ਸਾਡੇ ਘਰ ਹੀ ਬਣਾ ਦਿੰਦਾ। ਅਡਵਾਨੀ ਦੀ ਕੋਈ ਪੇਸ਼ ਨਹੀਂ ਜਾ ਰਹੀ। ਦਿੱਲੀ ਦੀ ਹਾਰ ਨੇ ਕਾਲਜੇ ਠੰਢ ਪਾਈ ਹੋਊ। ਦੱਸਦੇ ਨੇ, ਜਦੋਂ ਦਿੱਲੀ ਚੋਣਾਂ ਸਨ, ਉਦੋਂ ਕਰੋਨਾਵਾਇਰਸ ਵੀ ਪੁੱਠਾ ਮੁੜ ਗਿਆ। ਚੀਨ ਦੀ ਦੀਵਾਰ ਉੱਪਰੋਂ ਕਰੋਨਾਵਾਇਰਸ ਝਾਕਿਆ। ਇਹ ਸੋਚ ਕੇ ਪਿਛਾਂਹ ਪੌੜੀ ਉਤਰ ਗਿਆ। ਅਖੇ, ਉਥੇ ਤਾਂ ਮੈਥੋਂ ਵੱਡੇ ਵਾਇਰਸ ਬੈਠੇ ਨੇ। ਵੇਲਾ ਹੁਣ ਬੈਠਣ ਦਾ ਨਹੀਂ, ਦਿੱਲੀ ਦੀ ਜਿੱਤ ਨੇ ਪੈਰਾਂ ਹੇਠ ਅੱਗ ਮਚਾ ਦਿੱਤੀ ਐ। ਬਿਹਾਰ ਤੇ ਬੰਗਾਲ ਜਿੱਤਣੇ ਨੇ। ਕੰਧ ਢਾਹੁਣੀ ਪਊ, ਸਮਾਜੀ ਪਾੜੇ ਦੀ। ਇਨ੍ਹਾਂ ਕੰਧਾਂ ਨੇ ਦਿਲਾਂ ਨੂੰ ਵੰਡ ਦਿੱਤਾ ਹੈ।ਭਾਰਤ ਦੇ ਵਿਹੜੇ ‘ਚ ਕੋਈ ਬੋਧੀ ਰੁੱਖ ਲਾਉਣਾ ਪੈਣੈ। ਕੰਧਾਂ ਦੀ ਥਾਂ ਹੁਣ ਹੱਲ ਕੱਢਣੇ ਪੈਣੇ ਨੇ। ਮੁਲਕ ’ਚੋਂ ਨਾ ਕੱਢੋ, ਵਾਸੇ ਲਈ ਸਮਾਂ ਕੱਢੋ। ਹੰਸ ਰਾਜ ਗਾ ਰਿਹੈ.. ‘ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ..।’ ਰੇਡੀਓ ‘ਤੇ ਬੋਲ ਗੂੰਜ ਰਹੇ ਹਨ..‘ਰਾਮ ਚੰਦਰ ਕਹਿ ਗਏ ਸੀਆ ਸੇ, ਐਸਾ ਕਲਯੁਗ ਆਏਗਾ/ਹੰਸ ਚੁਗੇਗਾ ਦਾਨਾ ਦੁਨਕਾ, ਕਊਆ ਮੋਤੀ ਖਾਏਗਾ’। ਕੋਠੇ ’ਤੇ ਛੱਜੂ ਰਾਮ ਚੜ੍ਹਿਐ। ਇਕ ਹੱਥ ’ਚ ਗੁਲੇਲ ਐ, ਦੂਜੇ ਹੱਥ ’ਚ ਇਕ ਮਰਿਆ ਕਾਂ। ਬਨੇਰੇ ’ਤੇ ਜਗ੍ਹਾ ਲੱਭ ਰਿਹੈ, ਟੰਗਣ ਲਈ…।

Friday, February 14, 2020

                          ਬਾਦਸ਼ਾਹੀ ਅੰਦਾਜ਼ 
 ਅਮਰਿੰਦਰ ਨੇ ਸ਼ਾਹੀ ਖੇਡ ਤੋਂ ਵਾਰਿਆ ਖ਼ਜ਼ਾਨਾ
                             ਚਰਨਜੀਤ ਭੁੱਲਰ
ਬਠਿੰਡਾ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹੀ ਖੇਡ ‘ਪੋਲੋ ਅਤੇ ਘੋੜ ਸਵਾਰੀ’ ਤੋਂ ਸਰਕਾਰੀ ਖ਼ਜ਼ਾਨੇ ਚੋਂ ਕਰੋੜਾਂ ਰੁਪਏ ਵਾਰ ਦਿੱਤੇ ਹਨ ਜਦੋਂ ਕਿ ਪੰਜਾਬ ਖ਼ਜ਼ਾਨੇ ਦੀ ਤੰਗੀ ਝੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੀ ਤਰਜ਼ ’ਤੇ ਪਟਿਆਲੇ ਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਵਰਤਾ ਦਿੱਤੇ ਹਨ। ਮੁੱਖ ਮੰਤਰੀ ਤਰਫ਼ੋਂ ਛੋਟੀਆਂ ਬੱਚਤਾਂ ਫੰਡ ਚੋਂ 98 ਫੀਸਦੀ ਫੰਡ ਇਕੱਲੇ ਪਟਿਆਲਾ ਜ਼ਿਲ੍ਹੇ ’ਚ ਦਿੱਤੇ ਗਏ ਹਨ। ਇਵੇਂ ਹੀ ਅਕਾਲੀ ਵਜ਼ਾਰਤ ਵੇਲੇ ਹਲਕਾ ਲੰਬੀ ਨੂੰ ਮੌਜ ਲੱਗੀ ਹੋਈ ਸੀ। ਬਾਕੀ ਪੰਜਾਬ ਹੁਣ ਕਿਧਰ ਜਾਏ, ਜੋ ਫੰਡਾਂ ਬਿਨਾਂ ਹਾਸ਼ੀਏ ’ਤੇ ਹੈ। ਬੇਸ਼ੱਕ ਮੁੱਖ ਮੰਤਰੀ ਖੁਦ ਪਟਿਆਲੇ ਘੱਟ ਗੇੜਾ ਮਾਰਦੇ ਹਨ ਪ੍ਰੰਤੂ ਨੋਟਾਂ ਵਾਲੇ ਟਰੱਕ ਪਟਿਆਲੇ ’ਚ ਧੂੜਾਂ ਪੁੱਟ ਰਹੇ ਹਨ।  ਛੋਟੀਆਂ ਬੱਚਤਾਂ ਵਿਭਾਗ ਤੋਂ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਜੋ ਲਿਖਤੀ ਵੇਰਵੇ ਮਿਲੇ ਹਨ, ਉਹ ਵੱਡਿਆਂ ਦੀ ਝੋਲੀ ਭਰਨ ਦਾ ਖੁਲਾਸਾ ਕਰਦੇ ਹਨ। ਛੋਟੀਆਂ ਬੱਚਤਾਂ ਚੋਂ ਇਕੱਲੇ ਪਟਿਆਲਾ ਜ਼ਿਲ੍ਹੇ ਨੂੰ 13.08 ਕਰੋੜ ਦੇ ਫੰਡ ਕਾਂਗਰਸੀ ਹਕੂਮਤ ਦੌਰਾਨ ਮਿਲੇ ਹਨ ਜਿਨ੍ਹਾਂ ਚੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਪਟਿਆਲਾ ਜ਼ਿਲ੍ਹੇ ਨੂੰ 30.50 ਲੱਖ ਰੁਪਏ ਦਿੱਤੇ ਹਨ। ਗੱਲ ਉਦੋਂ ਸ਼ੁਰੂ ਹੋਈ ਸੀ ਜਦੋਂ ਪਸ਼ੂ ਭਲਾਈ ਫੰਡਾਂ ਚੋਂ ਦਸੰਬਰ 2017 ਵਿਚ ‘ਪੋਲੋ ਮੈਚਾਂ’ ਵਾਸਤੇ 50 ਲੱਖ ਦੇ ਫੰਡ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਨੇ ਛੋਟੀਆਂ ਬੱਚਤਾਂ ਫੰਡਾਂ ਚੋਂ 49.80 ਦੇ ਫੰਡ 23 ਫਰਵਰੀ 2018 ਨੂੰ ‘ਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬ’ ਨੂੰ ਜਾਰੀ ਕੀਤੇ ਗਏ ਸਨ ਜੋ ਸ਼ਾਹੀ ਲੋਕਾਂ ਦਾ ਕਲੱਬ ਹੈ।
              ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨੇ ‘ਪਟਿਆਲਾ ਘੋੜ ਸਵਾਰ ਅਤੇ ਪੋਲੋ ਅਕੈਡਮੀ’ ਨੂੰ 5 ਫਰਵਰੀ 2019 ਨੂੰ ਛੇ ਲੱਖ ਰੁਪਏ ਜਾਰੀ ਕੀਤੇ ਅਤੇ ਪੁਰਾਣੇ ਪੋਲੋ ਗਰਾਊਂਡ ਵਾਸਤੇ 50 ਲੱਖ ਰੁਪਏ 30 ਜਨਵਰੀ 2019 ਨੂੰ ਜਾਰੀ ਹੋਏ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਨੂੰ ‘ਪੋਲੋ ਸਪੋਰਟਸ’ ਲਈ 30 ਲੱਖ ਰੁਪਏ ਦੇ ਫੰਡ 10 ਸਤੰਬਰ 2019 ਨੂੰ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਇਹ ਉਹ ਪ੍ਰਾਈਵੇਟ ਸਕੂਲ ਹੈ ਜਿਥੇ ਭਾਰੀ ਫੀਸ ਹੋਣ ਕਰਕੇ ਆਮ ਪੰਜਾਬੀ ਆਪਣੇ ਬੱਚੇ ਨੂੰ ਇਸ ਸਕੂਲ ਵਿਚ ਪੜਾਉਣ ਦਾ ਸੁਫਨਾ ਵੀ ਨਹੀਂ ਵੇਖ ਸਕਦਾ ਹੈ। ਮੁੱਖ ਮੰਤਰੀ ਨੇ ‘ਪਟਿਆਲਾ ਏਵੀਂਏਸ਼ਨ ਕੰਪਲੈਕਸ’ ਦੀ ਸੁੰਦਰਤਾ ਅਤੇ ਇਮਾਰਤ ਲਈ 1.30 ਕਰੋੜ ਦੀ ਗਰਾਂਟ 26 ਅਗਸਤ 2019 ਨੂੰ ਦਿੱਤੀ ਹੈ।ਦੱਸਣਯੋਗ ਹੈ ਕਿ ਮੁੱਖ ਮੰਤਰੀ ਖੁਦ ‘ਪੋਲੋ’ ਦੇ ਖਿਡਾਰੀ ਹਨ ਅਤੇ ਘੋੜ ਸਵਾਰੀ ਦਾ ਸ਼ੌਕ ਰੱਖਦੇ ਹਨ। ਮੁੱਖ ਮੰਤਰੀ ਨੇ ਪਟਿਆਲੇ ਦੀ ਮਹਿੰਦਰਾ ਕੋਠੀ ਦੀ ਇਮਾਰਤ ਲਈ ਵੀ 27 ਮਾਰਚ 2018 ਨੂੰ 50 ਲੱਖ ਦੇ ਫੰਡ ਦਿੱਤੇ ਹਨ। ਦੱਸ ਦੇਈਏ ਕਿ ਛੋਟੀਆਂ ਬੱਚਤਾਂ ਚੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਆਪਣੇ ਪੱਧਰ ’ਤੇ ਅਖ਼ਤਿਆਰੀ ਕੋਟਾ ਹੋਣ ਕਰਕੇ ਫੰਡ ਦੇ ਸਕਦੇ ਹਨ। ਮੁੱਖ ਮੰਤਰੀ ਪੰਜਾਬ ਨੇ ਛੋਟੀਆਂ ਬੱਚਤਾਂ ਫੰਡਾਂ ਚੋਂ ਹੀ 30 ਅਗਸਤ 2018 ਨੂੰ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਲਈ ਵੀ ਇੱਕ ਕਰੋੜ ਦੇ ਫੰਡ ਭੇਜੇ ਹਨ।
                ਪਟਿਆਲਾ ਜ਼ਿਲ੍ਹੇ ਵਿਚ ਫੰਡਾਂ ਦੀ ਵਰਤੋਂ ਡਿਪਟੀ ਕਮਿਸ਼ਨਰ ਜ਼ਰੀਏ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਪਟਿਆਲਾ ਵਿਚ ਐਮ.ਸੀ ਮੀਟਿੰਗ ਹਾਲ ਲਈ ਇੱਕ ਕਰੋੜ, ਪਬਲਿਕ ਕਾਲਜ ਸਮਾਣਾ ਨੂੰ 10 ਲੱਖ, ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਨੂੰ 50 ਲੱਖ ਅਤੇ ਰਜਿੰਦਰਾ ਹਸਪਤਾਲ ਨੂੰ ਇੱਕ ਕਰੋੜ ਦੇ ਫੰਡ ਦਿੱਤੇ ਹਨ। ਪਟਿਆਲਾ ਦੀ ਛੋਟੀ ਨਦੀ ਦੀ ਲੇਡਸਕੇਪਿੰਗ ਲਈ 24.16 ਲੱਖ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਪੰਜਾਹ ਲੱਖ ਦੇ ਫੰਡ ਰਾਜਪੁਰਾ ਦੇ ਪਿੰਡਾਂ ਵਿਚ ਵੰਡੇ ਹਨ। ਇਵੇਂ  ਹੀ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਨੂੰ ਵੀ 10 ਲੱਖ ਦੀ ਗਰਾਂਟ ਦਿੱਤੀ ਗਈ ਹੈ। ਸੰਸਦ ਮੈਂਬਰ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਮੱੁਖ ਮੰਤਰੀ ਵੀ ‘ਲੰਬੀ ਤਰਜ਼’ ਤੇ ਆਪਣਿਆਂ ਨੂੰ ਰਿਊੜੀਆਂ ਵੰਡ ਰਹੇ ਹਨ ਜੋ ਖ਼ਜ਼ਾਨੇ ਦੀ ਦੁਰਵਰਤੋਂ ਹੈ। ਉਨ੍ਹਾਂ ਕਿਹਾ ਕਿ ਇਕੱਲੀ ਪੋਲੋ ਸਪੋਰਟਸ ਨੂੰ ਵੰਡ ਦੇਣੇ ਮੁੱਖ ਮੰਤਰੀ ਦੀ ਤਰਜੀਹ ਨੂੰ ਦਰਸਾਉਂਦਾ ਹੈ ਜਦੋਂ ਕਿ ਪਿੰਡਾਂ ਦੇ ਖੇਡ ਮੈਦਾਨ ਫੰਡਾਂ ਤੋਂ ਦੂਰ ਹਨ। ਖੇਡ ਕਿੱਟਾਂ ਲਈ ਵੀ ਸਰਕਾਰ ਕੋਲ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਬਾਦਸ਼ਾਹੀ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਆਮ ਲੋਕ ਪਾਈ-ਪਾਈ ਨੂੰ ਤਰਸ ਰਹੇ ਹਨ।



Thursday, February 13, 2020

                         ਮਦਹੋਸ਼ ਸਰਕਾਰ
    ਡਿਫਾਲਟਰਾਂ ’ਤੇ ਤਾਣੀ ਸਿਆਸੀ ਛੱਤਰੀ
                           ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਨੇ ਸ਼ਰਾਬ ਠੇਕੇਦਾਰਾਂ ’ਤੇ ਸਿਆਸੀ ਛੱਤਰੀ ਤਾਣ ਦਿੱਤੀ ਹੈ ਜਿਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਦੇ ਕਰੀਬ 400 ਕਰੋੜ ਨੱਪੇ ਹਨ। ਜਦੋਂ ਆਬਕਾਰੀ ਵਿਭਾਗ ਪੰਜਾਬ ਦੇ ਉੱਚ ਅਫਸਰਾਂ ਨੇ ਅੰਦਰੋਂ ਅੰਦਰੀਂ ਇਨ੍ਹਾਂ ਡਿਫਾਲਟਰ ਠੇਕੇਦਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਇਨ੍ਹਾਂ ਠੇਕੇਦਾਰਾਂ ਨੇ ਆਪਣੀ ਸੰਪਤੀ ਦੇ ਤਬਾਦਲੇ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ਖ਼ਜ਼ਾਨਾ ਮੰਤਰੀ ਪੰਜਾਬ ਆਮ ਲੋਕਾਂ ਕੋਲ ਤਾਂ ਖਾਲੀ ਖ਼ਜ਼ਾਨੇ ਦਾ ਰੌਣਾ ਰੋ ਰਹੇ ਹਨ ਪ੍ਰੰਤੂ ਜਿਨ੍ਹਾਂ ਡਿਫਾਲਟਰ ਠੇਕੇਦਾਰਾਂ ਨੇ ਵਸੂਲੀ ਚਾਰ ਵਰ੍ਹਿਆਂ ਮਗਰੋਂ ਵੀ ਨਹੀਂ ਦਿੱਤੀ, ਉਨ੍ਹਾਂ ਨੂੰ ਪਿਛਲੇ ਦਰਵਾਜ਼ਿਓਂ ਨਿਕਲਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਆਬਕਾਰੀ ਅਧਿਕਾਰੀ ਚਾਰ ਵਰ੍ਹਿਆਂ ਤੋਂ ਕਾਗਜ਼ੀ ਪ੍ਰਕਿਰਿਆ ਚੋਂ ਹੀ ਬਾਹਰ ਨਹੀਂ ਨਿਕਲੇ ਹਨ। ਪੰਜਾਬ ਸਰਕਾਰ ਵਲੋਂ ਐਤਕੀਂ 2019-20 ਦੌਰਾਨ ਸ਼ਰਾਬ ਤੋਂ 6201 ਕਰੋੜ ਦੀ ਆਮਦਨੀ ਦਾ ਟੀਚਾ ਮਿਥਿਆ ਸੀ ਜੋ ਹਾਲੇ ਤੱਕ ਕਾਫ਼ੀ ਨਿਵਾਣ ਵੱਲ ਹੈ। ਉਪਰੋਂ ਜੋ ਸ਼ਰਾਬ ਦੇ ਠੇਕੇਦਾਰ ਸਾਲ 2016-17 ਅਤੇ ਸਾਲ 2017-18 ਦੇ ਡਿਫਾਲਟਰ ਹਨ, ਉਨ੍ਹਾਂ ਤੋਂ ਵਸੂਲੀ ਲਈ ਕੋਈ ਸਖ਼ਤ ਕਦਮ ਨਹੀਂ ਉਠਾਏ ਜਾ ਰਹੇ ਹਨ। ਬਠਿੰਡਾ ਖ਼ਿੱਤੇ ਵਿਚ ਇੱਕ ਡਿਫਾਲਟਰ ਠੇਕੇਦਾਰ ’ਤੇ ਇੱਕ ਵਜ਼ੀਰ ’ਤੇ ਛੱਤਰੀ ਤਾਣੀ ਹੈ, ਜੋ ਬਿਨਾਂ ਧੇਲੇ ਤਾਰੇ ਅਸਮਾਨੀ ਉੱਡ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਤਿੰਨ ਸ਼ਰਾਬ ਕੰਪਨੀਆਂ ਵੱਲ 78 ਕਰੋੜ ਦੀ ਵਸੂਲੀ ਚਾਰ ਵਰ੍ਹਿਆਂ ਤੋਂ ਰੁਕੀ  ਹੋਈ ਹੈ। ਸਿਆਸੀ ਪਹੁੰਚ ਹੋਣ ਕਰਕੇ ਆਬਕਾਰੀ ਅਧਿਕਾਰੀ ਵੀ ਦੜ ਵੱਟ ਰਹੇ ਹਨ।
                ਮਾਲ ਮਹਿਕਮੇ ਦੇ ਰਿਕਾਰਡ ਵਿਚ ਇਨ੍ਹਾਂ ਡਿਫਾਲਟਰ ਠੇਕੇਦਾਰਾਂ ਦੀ ਸੰਪਤੀ ਦੀ ਰੈਡ ਐਂਟਰੀ ਪਾ ਦਿੱਤੀ ਗਈ ਸੀ। ਸੂਤਰਾਂ ਅਨੁਸਾਰ ਸਿਆਸੀ ਪਹੁੰਚ ਵਾਲੇ ਦੋ ਸ਼ਰਾਬ ਠੇਕੇਦਾਰਾਂ ਨੇ ਤਾਂ ਰੋਕ ਲਾਏ ਜਾਣ ਦੇ ਬਾਵਜੂਦ ਆਪਣੀ ਦੋ ਲਗਜ਼ਰੀ ਗੱਡੀਆਂ ਆਪਣੇ ਨੇੜਲਿਆਂ ਦੇ ਨਾਮ ਤਬਦੀਲ ਕਰ ਦਿੱਤੀਆਂ ਹਨ। ਅਬਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਅਜਿਹਾ ਹੋਣਾ ਸ਼ੁਰੂ ਹੋ ਗਿਆ ਹੈ। ਆਬਕਾਰੀ ਮਹਿਕਮੇ ਤਰਫ਼ੋਂ ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਕਰਨ ਵਾਸਤੇ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ। ਦੂਸਰੀ ਤਰਫ਼ ਸਰਕਾਰ ਡਿਫਾਲਟਰ ਕਿਸਾਨਾਂ ਨੂੰ ਅਦਾਲਤਾਂ ਵਿਚ ਘੜੀਸ ਰਹੀ ਹੈ ਅਤੇ ਕਈ ਕਿਸਾਨਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਡਿਫਾਲਟਰ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦੇ ਹਨ ਤਾਂ ਉਪਰੋਂ ਸਿਆਸੀ ਹੁਕਮ ਆ ਜਾਂਦੇ ਹਨ। ਆਬਕਾਰੀ ਮਹਿਕਮੇ ਨੇ ਤਾਂ ਹੁਣ ਇਸ ਨੂੰ ਕਿਸੇ ਏਜੰਡੇ ’ਤੇ ਹੀ ਰੱਖਣਾ ਬੰਦ ਕਰ ਦਿੱਤਾ ਹੈ। ਬੀਤੇ ਕੱਲ ਆਬਕਾਰੀ ਅਫਸਰਾਂ ਨਾਲ ਜੋ ਵੀਡੀਓ ਕਾਨਫਰੰਸ ਜਰੀਏ ਮੀਟਿੰਗ ਹੋਈ, ਉਸ ’ਚ ਆਬਕਾਰੀ ਬਕਾਇਆ ਦਾ ਏਜੰਡਾ ਹੀ ਨਹੀਂ ਰੱਖਿਆ ਗਿਆ ਸੀ। ਕਰ ਅਤੇ ਆਬਕਾਰੀ ਅਫਸਰ ਬਠਿੰਡਾ ਕੁਲਵਿੰਦਰ ਵਰਮਾ ਦਾ ਕਹਿਣਾ ਸੀ ਕਿ ਡਿਫਾਲਟਰ ਠੇਕੇਦਾਰਾਂ ਖ਼ਿਲਾਫ਼ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਹੋਈ ਹੈ ਪ੍ਰੰਤੂ ਕੁਝ ਕਾਨੂੰਨੀ ਨੁਕਤਿਆਂ ਕਾਰਨ ਜ਼ਮੀਨ ਨਿਲਾਮ ਨਹੀਂ ਕੀਤੀ ਜਾ ਸਕੀ ਹੈ।
               ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਡਿਫਾਲਟਰਾਂ ਨੇ ਆਪਣੀ ਸੰਪਤੀ ਦਾ ਤਬਾਦਲਾ ਕੀਤਾ ਹੈ ਜਿਸ ਬਾਰੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਡਿਫਾਲਟਰ ਠੇਕੇਦਾਰਾਂ ਦੀ ਝੰਡੀ ਹੈ ਜਿਨ੍ਹਾਂ ਵੱਲ ਦੋ ਵਰ੍ਹਿਆਂ ਦੇ 68 ਕਰੋੜ ਰੁਪਏ ਦੇ ਬਕਾਏ ਫਸੇ ਹੋਏ ਹਨ। ਸਾਲ 2016-17 ਦੀ ਕਰੀਬ 33 ਕਰੋੋੜ ਰੁਪਏ ਅਤੇ ਸਾਲ 2017-18 ਦੀ ਕਰੀਬ  35 ਕਰੋੜ ਦੀ ਬਕਾਇਆ ਰਾਸ਼ੀ ਫਸੀ ਹੋਈ ਹੈ। ਇੱਕ ਡਿਫਾਲਟਰ ਠੇਕੇਦਾਰ ਦਾ ਤਾਂ ਕਤਲ ਵੀ ਹੋ ਚੁੱਕਾ ਹੈ ਜਿਸ ਵੱਲ ਕਰੀਬ 14 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਆਰ.ਐਸ.ਰੋਮਾਣਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਥੋੜਾ ਸਮਾਂ ਪਹਿਲਾਂ ਹੀ 16 ਲੱਖ ਦੇ ਬਕਾਏ ਵਸੂਲੇ ਹਨ ਅਤੇ ਦੋ ਠੇਕੇਦਾਰਾਂ ਦੀ ਜ਼ਮੀਨ ਨਿਲਾਮੀ ਵਾਸਤੇ ਪ੍ਰਵਾਨਗੀ ਮਿਲ ਗਈ ਹੈ ਜਿਨ੍ਹਾਂ ਖ਼ਿਲਾਫ਼ ਪ੍ਰਕਿਰਿਆ ਵਿੱਢੀ ਹੋਈ ਹੈ। ਮਾਨਸਾ ਜ਼ਿਲ੍ਹੇ ਵਿਚ ਵੀ ਕਰੀਬ 4 ਕਰੋੋੜ ਰੁਪਏ ਦੀ ਬਕਾਇਆ ਰਾਸ਼ੀ ਇਕੱਲੀ ਸਾਲ 2017-18 ਦੀ ਫਸੀ ਹੋਈ ਹੈ ਅਤੇ ਅੰਮ੍ਰਿਤਸਰ ਦੇ ਇੱਕ ਠੇਕੇਦਾਰ ਵੱਲ ਵੀ ਕਰੀਬ ਇੱਕ ਕਰੋੜ ਤੋਂ ਜਿਆਦਾ ਦੇ ਬਕਾਏ ਖੜ੍ਹੇ ਹਨ।
              ਜ਼ਿਲ੍ਹਾ ਸੰਗਰੂਰ, ਫਰੀਦਕੋਟ ਅਤੇ ਮੋਗਾ ਵਿਚ ਵੀ ਡਿਫਾਲਟਰ ਠੇਕੇਦਾਰਾਂ ਵੱਲ ਕਰੀਬ 60 ਕਰੋੜ ਦੇ ਬਕਾਏ ਖੜ੍ਹੇ ਹਨ। ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬੀਤੇ ਕੱਲ ਕਸਬਾ ਫੂਲ ਦੇ ਇੱਕ ਜਨਤਿਕ ਸਮਾਗਮ ਵਿਚ ਆਖਿਆ ਹੈ ਕਿ ਹਰਿਆਣਾ ਦੀ ਸ਼ਰਾਬ ਦੀ ਤਸਕਰੀ ਪੰਜਾਬ ਵਿਚ ਪੁਲੀਸ ਦੀ ਰਹਿਨੁਮਾਈ ਹੇਠ ਹੋ ਰਹੀ ਹੈ। ਕਾਂਗਰਸੀ ਆਗੂ ਹਰਿਆਣਾ ਦੀ ਸ਼ਰਾਬ ਸ਼ਰੇਆਮ ਵੇਚ ਰਹੇ ਹਨ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿਚ ਤਾਂ ਹਰਿਆਣਵੀ ਸ਼ਰਾਬ ਦੀ ਤਸਕਰੀ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਵੱਡੀ ਸੱਟ ਮਾਰੀ ਹੈ। ਸ਼ਰਾਬ ਮਾਫੀਏ ਨੇ ਹੱਥ ਰੰਗੇ ਹਨ। ਸੂਤਰ ਆਖਦੇ ਹਨ ਕਿ ਆਬਕਾਰੀ ਵਿਭਾਗ ਪੰਜਾਬ ਦੇ ਸਿਖਰਲੇ ਅਧਿਕਾਰੀ ਵੀ ਡਿਫਾਲਟਰਾਂ ਖ਼ਿਲਾਫ਼ ਉਪਰੋਂ ਤਾਂ ਕਾਰਵਾਈ ਲਈ ਆਖਦੇ ਹਨ ਪ੍ਰੰਤੂ ਅੰਦਰੋਂ ਨਰਮੀ ਵਰਤਣ ਲਈ ਆਖ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਦੋ ਡਿਫਾਲਟਰ ਠੇਕੇਦਾਰ ਆਪਣੀ ਸੰਪਤੀ ਦਾ ਤਬਾਦਲਾ ਕਰਨ ਦੇ ਚੱਕਰ ਵਿਚ ਹਨ।
                        ਰੁਟੀਨ ਵਿਚ ਕਾਰਵਾਈ ਚੱਲਦੀ ਹੈ : ਜੈਨ
ਵਧੀਕ ਕਰ ਅਤੇ ਸਹਾਇਕ ਕਮਿਸ਼ਨਰ ਸ੍ਰੀ ਐਲ.ਕੇ.ਜੈਨ ਦਾ ਕਹਿਣਾ ਸੀ ਕਿ ਡਿਫਾਲਟਰ ਠੇਕੇਦਾਰਾਂ ਖਿਲਾਫ ਰੁਟੀਨ ਵਿਚ ਕਾਰਵਾਈ ਚੱਲਦੀ ਰਹਿੰਦੀ ਹੈ ਅਤੇ ਅੱਜ ਕੱਲ ਤਾਂ ਉਨ੍ਹਾਂ ਦਾ ਸਾਰਾ ਧਿਆਨ ਨਵੀਂ ਆਬਕਾਰੀ ਪਾਲਿਸੀ ਬਣਾਉਣ ਵਿਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਸੂਲੀ ਲਈ ਉਹ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਡਿਫਾਲਟਰਾਂ ਵੱਲੋਂ ਕੋਈ ਸੰਪਤੀ ਤਬਦੀਲ ਕੀਤੇ ਜਾਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
       
       





                 

Sunday, February 9, 2020

                              ਵਿਚਲੀ ਗੱਲ  
                 ਇੱਕ ਤੇਰੀ ਅੜ ਭੰਨਣੀ..!
                             ਚਰਨਜੀਤ ਭੁੱਲਰ
ਬਠਿੰਡਾ : ਚੇਤਿਆਂ ’ਚ ਮਰਹੂਮ ਜਥੇਦਾਰ ਟੌਹੜਾ ਘੁੰਮੇ ਨੇ। ਵੱਡੇ ਬਾਦਲ ਦੀ ਯਾਦ ਸ਼ਕਤੀ, ਸੱਚਮੁੱਚ ਕਮਾਲ ਦੀ ਐ, ਉਹ ਤਾਂ ਕਿਥੋਂ ਭੁੱਲੇ ਹੋਣਗੇ। ਢੀਂਡਸੇ ਹੁਣ ਦਿਨ ਰਾਤ ਧਿਆ ਰਹੇ ਹੋਣਗੇ। ਮਨ ਚਿੱਤ ਹੋ ਕੇ, ਇੱਕ ਲੱਤ ਖੜ੍ਹ ਕੇ। ਜਥੇਦਾਰ ਟੌਹੜਾ ਤੇ ਸ਼੍ਰੋਮਣੀ ਕਮੇਟੀ ਦੀ ਕੁਰਸੀ। ਪੱਚੀ ਸਾਲ ਤੋਂ ਵੱਧ ਸਮਾਂ ਨਿਭੇ। ਚਿੱਟੀ ਲੋਈ ਦਾਗ ਤੋਂ ਬਚੀ ਰਹੀ। ਭੁੱਲ ਅਖੀਰ ਦੇ ਮੌਕੇ ਕਰ ਬੈਠੇ। ਵੱਡੇ ਬਾਦਲ ਨੂੰ ਜੋ ਮਸ਼ਵਰਾ ਦੇ ਦਿੱਤਾ। ‘ਅਖੇ, ਕਿਸੇ ਹੋਰ ਨੂੰ ਬਣਾਓ, ਪਾਰਟੀ ਦਾ ਐਕਟਿੰਗ ਪ੍ਰਧਾਨ’। ਬਿਨਾਂ ਦੇਰੀ ਆਖਰ ਪ੍ਰਗਟ ਹੋਈ ਕੋਰ ਕਮੇਟੀ। ਜੋ ਹੁਕਮ ਮੇਰੇ ਆਕਾ, ਸੁਣਾ ਦਿੱਤਾ ਕੋਰਾ ਫੈਸਲਾ। ਦਿਨ 14 ਮਈ 1999 ਦਾ ਸੀ ਜਦੋਂ ਜਥੇਦਾਰ ਟੌਹੜਾ ਨੂੰ ਦਲ ਚੋਂ ਕੱਢਿਆ। ਜਥੇਦਾਰ ਨੇ ਮਨ ਨੂੰ ਧਰਵਾਸ ਦਿੱਤਾ ਹੋਊ, ‘ਮੇਰਾ ਰੁੱਸੇ ਨਾ ਕਲਗੀਆਂ ਵਾਲਾ..’। ਸਿਆਸੀ ਚੇਲੇ ਪੱਬਾਂ ਭਾਰ ਹੋਏ। ਸਰਬ ਹਿੰਦ ਅਕਾਲੀ ਦਲ ਬਣ ਗਿਆ। ਟੌਹੜਾ ਦੇ ਸਿਆਸੀ ਚੇਲੇ ਪੰਥਕ ਮੋਰਚਾ ਬਣਾ ਚੋਣਾਂ ’ਚ ਕੁੱਦੇ। ਬਾਦਲਾਂ ਨੇ ਟੌਹੜਾ ਦਲੀਆਂ ਨੂੰ ਕਾਂਗਰਸੀ ਏਜੰਟ ਕਿਹਾ। ਕਾਂਗਰਸ ਦੀ ਬੀ-ਟੀਮ ਹੋਣ ਦਾ ਟੈੱਗ ਵੀ ਜੜ ਦਿੱਤਾ। ਖੈਰ, ਟੌਹੜਾ ਦੇ ਚੇਲੇ ਚੋਣਾਂ ’ਚ ਜ਼ਮਾਨਤਾਂ ਬਚਾ ਨਾ ਸਕੇ। ਗੱਦੀ ਜਦੋਂ ਬਾਦਲਾਂ ਹੇਠੋਂ ਖਿਸਕ ਗਈ। ਜ਼ਮਾਨਤਾਂ ਦਾ ਦੁੱਖ ਭੁੱਲ ਗਿਆ। ਉਦੋਂ ਚੰਦੂਮਾਜਰਾ, ਮੁਹੰਮਦ ਸਦੀਕ ਦਾ ਗੀਤ ਜਰੂਰ ਗੁਣਗਣਾਏ ਹੋਣਗੇ, ‘ਇੱਕ ਤੇਰੀ ਅੜ ਭੰਨਣੀ..’। ਵੱਡੇ ਬਾਦਲ ਮੌਕਾ ਤਾੜ ਗਏ। ਬਾਦਲ-ਟੌਹੜਾ ਦੀ ਜੱਫੀ ਮੁੜ 13 ਜੂਨ 2003 ਨੂੰ ਪੈ ਗਈ। ਸਭ ਕੁਛ ਗੁਆ ਕਰ ਹੋਸ਼ ਮੇ ਆਏ..।
              ਸ਼ਾਇਰੋ ਸ਼ਾਇਰੀ ਛੱਡੋ, ਜਥੇਦਾਰ ਟੌਹੜਾ ਕੀ ਬੋਲੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਮਗਰੋਂ, ਪਹਿਲਾਂ ਉਹ ਤਾਂ ਸੁਣੋ। ਜਥੇਦਾਰ ਟੌਹੜਾ ਨੂੰ ਟਕੋਰ ਇੱਕ ਪੱਤਰਕਾਰ ਨੇ ਮਾਰੀ, ‘ਜਥੇਦਾਰ ਜੀ, ਤਖਤਾਂ ਤਾਜਾਂ ਨੂੰ ਠੁੱਡਾਂ ਮਾਰਨ ਵਾਲੇ ਅੱਜ ਕੱਲ ਪ੍ਰਧਾਨਗੀਆਂ ਨੂੰ ਜੱਫੇ ਕਿਉਂ ਮਾਰਨ ਲੱਗੇ ਨੇ।’ ਟੌਹੜਾ ਦੀ ਹਾਜ਼ਰ ਜਵਾਬੀ ਕਮਾਲ ਦੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਹਾਸੇ ਹਾਸੇ ’ਚ ਇੰਝ ਬੋਲੇ, ‘ ਕਿਹੜੀ ਪ੍ਰਧਾਨਗੀ ਦੀ ਗੱਲ ਕਰਦੇ ਹੋ, ਸਿੱਖ ਤਾਂ ਹੱਥ ’ਚ ਆਇਆ ਕੜਾਹ ਪ੍ਰਸ਼ਾਦ ਵਾਲਾ ਥਾਲ ਨਹੀਂ ਛੱਡਦੇ’। ਖੈਰ, ਦਿਲ ’ਤੇ ਨਾ ਲਾਇਓ, ਗੱਲ ਹਾਸੇ ਦੀ ਸੀ, ਮਾਅਨੇ ਜਰੂਰ ਡੂੰਘੇ ਸਨ। ਵੱਡੇ ਬਾਦਲ ਤਾਂ ਬੁੱਝ ਗਏ ਸਨ। ਛੋਟੇ ਬਾਦਲ ਥੋੜੀ ਕਾਹਲ ਕਰ ਜਾਂਦੇ ਨੇ। ਨਾ ਨੋਟਿਸ ਦਿੱਤਾ, ਨਾ ਪੱਖ ਸੁਣਿਆ। ਢੀਂਡਸਾ ਪਿਓ ਪੁੱਤ ਦਲ ਚੋਂ ਅੌਹ ਵਗਾਹ ਮਾਰੇ। ਚੋਣਾਂ ’ਚ ਦੋ ਕੁ ਵਰੇ੍ਹ ਰਹਿੰਦੇ ਨੇ। ਢੀਂਡਸੇ ਟਕਸਾਲੀ ਘਰਾਂ ਵੱਲ ਹੋ ਤੁਰੇ ਨੇ। ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ। ਸਭ ਭਾਈ ਭਾਈ ਬਣੇ ਨੇ। ਸੁਖਬੀਰ ਆਖਦੈ.. ਏਹ ਤਾਂ ਕਾਂਗਰਸੀ ਏਜੰਟ ਨੇ, ਮਤਲਬ ਉਹੀਓ ਬੀ-ਟੀਮ। ਵੱਡੇ ਬਾਦਲ ਬੁੱਕਲ ’ਚ ਰੋੜੀ ਭੰਨਦੇ ਨੇ। ਸੰਗਰੂਰ ਰੈਲੀ ’ਚ ਜਾ ਕੇ ਤੰਦੂਰ ਤਪਾ ਆਏ ਨੇ। ਅੱਗੇ ਤੇਰੇ ਭਾਗ ਲੱਛੀਏ..। ਢੀਂਡਸੇ ਬਹੁਤਾ ਨਹੀਂ, ‘ਟੌਹੜੇ’ ਤਾਂ ਬਣ ਹੀ ਸਕਦੇ ਨੇ। ‘ਇੱਕ ਤੇਰੀ ਅੜ ਭੰਨਣੀ.. ਛੋਟਾ ਢੀਂਡਸਾ ਮਨੋ ਮਨ ਹੁਣ ਇਹੋ ਸੋਚਦਾ ਹੋਊ। ਲੱਸੀ ਦਾ ਸ਼ੌਕ ਢੀਂਡਸਿਆਂ ਨੂੰ ਕਿੰਨਾ ਕੁ ਹੈ, ਸੰਗਰੂਰ ਵਾਲੇ ਬਿਹਤਰ ਦੱਸ ਸਕਦੇ ਨੇ। ਪ੍ਰਿੰਸੀਪਲ ਸਰਬਣ ਸਿੰਘ ਨੇ ਜੋ ਦੱਸਿਐ। ਉਹ ਵੀ ਅੰਦਰਲਾ ਭੇਤ ਹੀ ਹੈ।
              ਪ੍ਰਿੰਸੀਪਲ ਦੀ ਸਵੈ ਜੀਵਨੀ ਦਾ ਇੱਕ ਬਿਰਤਾਂਤ ਐ। ‘ਵੱਡੇ ਢੀਂਡਸਾ ਜਦੋਂ ਛੋਟੇ ਹੁੰਦੇ ਸਨ, ਉਦੋਂ ਮੱਝ ਦੀ ਸਵਾਰੀ ਕਰਦੇ ਸਨ। ਕੇਰਾਂ ਮੱਝ ਤੋਂ ਡਿੱਗ ਕੇ ਬਾਂਹ ਤੁੜਾ ਬੈਠੇ। ਹਕੀਮ ਨੇ ਬਾਂਹ ਵਿੰਗੀ ਬੰਨ੍ਹ ਦਿੱਤੀ, ਅੱਜ ਵੀ ਉਵੇਂ ਲਈ ਫਿਰਦੇ ਨੇ।’ ਡਿੱਗ ਡਿੱਗ ਸਵਾਰ ਹੁੰਦੇ ਨੇ। ਮੱਝ ਵਾਲੇ ਢੀਂਡਸਾ 1977 ’ਚ ਟਰਾਂਸਪੋਰਟ ਮੰਤਰੀ ਬਣੇ। ਉਦੋਂ ਬਿਨਾਂ ਕਾਗ਼ਜ਼ਾਂ ਤੋਂ ਜੋ ਘੁੜੱਕੇ ਚੱਲਦੇ ਸਨ, ਉਹ ਅੱਜ ਤੱਕ ‘ਢੀਂਡਸਾ ਟਰਾਂਸਪੋਰਟ’ ਵਜੋਂ ਮਸ਼ਹੂਰ ਨੇ। ਸਿਆਸੀ ਬੱਸ ਨੂੰ ਨਵੇਂ ਰੂਟ ’ਤੇ ਪਾਇਆ। ਸਟੇਅਰਿੰਗ ’ਤੇ ਹੁਣ ਢੀਂਡਸੇ ਬੈਠੇ ਨੇ। ਦੇਖਦੇ ਹਾਂ ਅੱਗੇ ਕਿਥੋਂ ਕਿਥੋਂ ਸਵਾਰੀਆਂ ਚੁੱਕਦੇ ਨੇ। ਮਾਝੇ ਦੀ ਇੱਕ ਸਵਾਰੀ ਦਾ ਭਰੋਸਾ ਨਹੀਂ। ਕੋਈ ਕੰਨ ’ਚ ਦੱਸ ਕੇ ਗਿਆ। ‘ਛੋਟੇ ਬਾਦਲ ਨੇ ਗੁਪਤ ਮੀਟਿੰਗ ਕੀਤੀ ਐ। ਬਾਗੀ ਟਕਸਾਲੀ ਦੇ ਮੁੰਡੇ ਨਾਲ। ਸਿਆਸਤ ’ਚ ਨਾ ਕੋਈ ਪੱਕਾ ਦੁਸ਼ਮਣ ਤੇ ਨਾ ਦੋਸਤ। ਉਹ ਜ਼ਮਾਨਾ ਗਿਆ,‘ ਮੈਂ ਮਰਾਂ ਪੰਥ ਜੀਵੇ।’ ਹੁਣ ਕੁਰਸੀ ਪ੍ਰਧਾਨ ਹੋ ਗਈ ਹੈ। ਕੁਰਬਾਨੀ ਦੀ ਨਹੀਂ, ਵਫ਼ਾਦਾਰੀ ਦੀ ਚੌਧਰ ਐ। ਹਰਿਆਣਾ ਦਾ ਗਯਾ ਰਾਮ, ਨੌ ਘੰਟਿਆਂ ’ਚ ਤਿੰਨ ਵਾਰੀ ਪਾਰਟੀ ਬਦਲ ਗਿਆ ਸੀ। ਜਦੋਂ ਵਿਰੋਧੀ ਹੁੰਦੇ ਨੇ, ਉਦੋਂ ਦੁਨੀਆ ਭਰ ਦੇ ਐਬ ਦਿਖਦੇ ਨੇ। ਜਦੋਂ ਜੱਫੀ ਪੈਂਦੀ ਹੈ, ਉਦੋਂ ਉਹੀ ਆਗੂ ਦੁੱਧ ਧੋਤਾ ਹੁੰਦੈ। ਮਰਹੂਮ ਕੁਲਦੀਪ ਸਿੰਘ ਵਡਾਲਾ ਨੂੰ ਵੀ ਭੁਗਤਣਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਪੁਰਾਣੇ ਅਕਾਲੀ ਨੇ, ਜਗਮੀਤ ਬਰਾੜ ਨਵੇਂ ਅਕਾਲੀ। ਨਵਜੋਤ ਸਿੱਧੂ, ਸੁਖਪਾਲ ਖਹਿਰਾ, ਘੁਬਾਇਆ ਆਦਿ। ਤੁਰ ਫਿਰ ਕੇ ਮੇਲਾ ਵੇਖਣ ਵਾਲੇ ਨੇ।
                ਜਦੋਂ ਪੰਜਾਬੀ ਸੂਬਾ ਬਣਿਆ ਸੀ। ਉਦੋਂ ਪਹਿਲੇ ਚਾਰ ਸਾਲਾਂ ’ਚ ਪੰਜਾਬ ’ਚ 114 ਲੀਡਰਾਂ ਨੇ ਪਾਰਟੀ ਬਦਲੀ ਸੀ। ਰੋਗ ਬੜਾ ਪੁਰਾਣਾ ਹੈ, ਕੋਈ ਵੈਦ ਨਹੀਂ ਲੱਭ ਰਿਹਾ। ਕੋਈ ਦੁੱਧ ਧੋਤਾ ਨਹੀਂ। ਦਲ ਬਦਲੀ ਮਗਰੋਂ ਸਭ ਨਿਰਮਲ ਹੋ ਜਾਂਦੇ ਨੇ। ਸਤਸੰਗੀ ਬਾਬੇ ਦੇ ਪ੍ਰਵਚਨ ਸੁਣੋ। ‘ਸ਼ਰਧਾ ਨਾਲ ਸਤਸੰਗ ਕਰੋ, ਯੁਗਾਂ ਯੁਗੰਤਰਾਂ ਦੀ ਮਨ ਦੀ ਮੈਲ ਇਵੇਂ ਉੱਤਰੂ, ਜਿਵੇਂ ਸਾਬਣ ਨਾਲ ਕੱਪੜਾ ਧੋਤਾ ਹੁੰਦੈ। ਕੇਂਦਰੀ ਖੁਰਾਕ ਰਾਜ ਮੰਤਰੀ, ਰਾਓ ਸਾਹਿਬ ਦਾਨਵੇ। ਫੁਰਮਾ ਰਹੇ ਨੇ, ਭਾਜਪਾ ਕੋਲ ਇੱਕ ਵਾਸ਼ਿੰਗ ਮਸ਼ੀਨ ਐ। ਜੋ ਦੂਸਰੀ ਪਾਰਟੀ ਚੋਂ ਭਾਜਪਾ ’ਚ ਆਉਂਦੈ। ਪਹਿਲੋਂ ਮਸ਼ੀਨ ’ਚ ਪਾਇਆ ਜਾਂਦੈ। ਗੁਜਰਾਤੀ ਡਿਟਰਜੈਂਟ ਪਾਊਡਰ ਵਰਤਦੇ ਹਾਂ। ਸਭ ਕੁਝ ਧੋਤਾ ਜਾਂਦੇ, ਸਭ ਐਬ ਤੇ ਵੈਲ। ਅਕਾਲੀ ਦਲ ਨੂੰ ਹੁਣ ਕਾਹਦਾ ਫਿਕਰ। ਲੋੜ ਪਈ ਤਾਂ ਭਾਜਪਾ ਦੇ ਘਰੋਂ ਵਾਸ਼ਿੰਗ ਮਸ਼ੀਨ ਚੱਕ ਲਿਆਉਣਗੇ। ਜੋ ਵੀ ‘ਕਾਂਗਰਸੀ ਏਜੰਟ’ ਦਿੱਖੇ। ਮਸ਼ੀਨ ’ਚ ਪਾਓ, ਸ਼ੁੱਧ ਬਣਾ ਕੇ ਮੁੱਖ ਧਾਰਾ ’ਚ ਲਿਆਓ। ਲੋਕ ਰਾਜ ਦੇ ਸਿਆਸੀ ਧੋਬੀ। ਕਮਾਲ ਦਾ ਪਟਕਾ ਮਾਰਦੇ ਨੇ। ਖ਼ੁਦਗਰਜ਼ੀ ਭਾਰੂ ਐ। ਨਾ ਵਿਚਾਰ ਐ ਤੇ ਨਾ ਕੋਈ ਧਾਰਾ। ਗੱਲ ਮੁੱਖ ਧਾਰਾ ਦੀ ਹੁੰਦੀ ਐ। ਪੰਜਾਬ ਦੇ ਲੋਕਾਂ ’ਚ ਬੜੀ ਕਲਾ ਹੈ। ਸ਼ੱਕ ਹੋਵੇ ਤਾਂ ਦੋ ਵਰ੍ਹਿਆਂ ਮਗਰੋਂ ਵੇਖਿਓ। ਬਿਨਾਂ ਮਸ਼ੀਨ ਤੋਂ ਕਿਵੇਂ ਕੋਈ ਧੋਣਾ, ਕੋਈ ਇਨ੍ਹਾਂ ਤੋਂ ਸਿੱਖੇ। ਅਕਾਲੀ ਪਹਿਲੋਂ ਸਿੱਖ ਗਏ ਸਨ, ‘ਆਪ’ ਵਾਲੇ ਲੋਕ ਸਭਾ ਚੋਣਾਂ ’ਚ। ਕਾਂਗਰਸ ਸ਼ਾਇਦ ਹੁਣ ਆਉਂਦੇ ਦਿਨਾਂ ’ਚ ਸਿੱਖੇ। ‘ਈਰੀਏ ਭਮੀਰੀਏ ਤੇਰਾ ਘਰ ਕਿਹੜਾ’, ਲੱਗ ਜਾਊ ਪਤਾ। ਦੇਖਦੇ ਤਾਂ ਜਾਓ। ਟਕਸਾਲੀ ਟਿੰਢ ’ਚ ਕਾਨਾ ਪਾਈ ਬੈਠੇ ਨੇ।
                ਸਲੀਬ ’ਤੇ ਮੁਲਕ ਚੜਾਇਐ। ਮਨ ਦੇ ਖੋਟ, ਨਫ਼ਰਤੀ ਸੋਚ। ਘੱਟ ਗਿਣਤੀ ਨੂੰ ਪੰਝੀਂ ਦਾ ਭੌਣ ਦਿਖਾ ਰਹੀ ਹੈ। ਮਹਾਂਨਗਰ ’ਚ ਜਵਾਨੀ ਕੂਕ ਰਹੀ ਹੈ। ਕਿਤੇ ਕਵਿਤਾ ਗਾਣ ਚੱਲ ਰਿਹੈ। ਕਿਤੇ ਬੁੱਲ੍ਹੇ ਸ਼ਾਹ ਦੇ ਕਲਾਮ। ਡਫਲੀ ਵੀ ਵੱਜ ਰਹੀ ਹੈ ਅਤੇ ਜਵਾਨੀ ਨੱਚ ਵੀ ਰਹੀ ਹੈ, ਸੱਤਾ ਦੇ ਖ਼ਿਲਾਫ਼, ਸਿਰਫ਼ ਨਿਆਂ ਖਾਤਰ। ‘ਰੌਲਾ ਤਾਂ ਛੱਜੂ ਦੀ ਲੋਈ ਦਾ’, ਹੋਰ ਤਾਂ ਸਭ ਬਹਾਨੇ ਨੇ। ਸੱਤਾ ਵਾਲੇ ਮੂੰਹ ਚੋਂ ਰਾਮ ਰਾਮ ਜਪ ਰਹੇ ਹਨ। ‘ਆਪਦੇ ਵਾਲੇ ਪੋਲੇ, ਸਾਡੇ ਵਾਲੇ ਠੋਲੇ੍ਹ।’ ਕੋਈ ਇਹ ਨਾ ਭੁੱਲੇ, ਭੱਜਦਿਆਂ ਨੂੰ ਵਾਹਨ ਇੱਕੋ ਜੇਹੇ ਹੁੰਦੇ ਨੇ। ਦੂਰ ਨਾ ਜਾਓ, ਦੋ ਦਿਨ ਪਹਿਲਾਂ ਦੀ ਸੁਣੋ। ਮੁੰਬਈ ’ਚ ਇੱਕ ਨੌਜਵਾਨ ਨੇ ਟੈਕਸੀ ਕਰਾਈ। ਗਲ ਵਿਚ ਪਰਨਾ, ਹੱਥ ’ਚ ਡਫਲੀ। ਜਦੋਂ ਫੋਨ ’ਤੇ ਦੋਸਤ ਨਾਲ ਨਵੇਂ ਕਾਨੂੰਨਾਂ ਦੀ ਗੱਲ ਕਰਨ ਲੱਗਾ। ਡਰਾਈਵਰ ਨੇ ਟੈਕਸੀ ਸਿੱਧੀ ਥਾਣੇ ਲਾ ਦਿੱਤੀ। ਪੁਲੀਸ ਨੇ ਤਾੜਨਾ ਕੀਤੀ, ਗਲ ’ਚ ਲਾਲ ਪਰਨਾ ਨੀ ਪਾਉਣਾ, ਹੱਥ ਵਿਚ ਡਫਲੀ ਨਹੀਂ ਫੜਨੀ। ਦੱਸੋ ਭਲਾ , ਹੁਣ ਗੁਰਦਾਸ ਮਾਨ ਦਾ ਕੀ ਬਣੂ। ਜੋ ਉੱਚੀ ਸੁਰ ’ਚ ਗਾ ਰਿਹੈ , ਕੀ ਬਣੂ ਦੁਨੀਆ ਦਾ..। ਡਫਲੀ ਤਾਂ ਲੋਕ ਸਾਜ਼ ਹੈ ਜੋ ਪਿਆਰ ਦੀ ਭਾਸ਼ਾ ਦਾ ਤਰਜਮਾ ਕਰਦੀ ਹੈ। ਲੋਕ ਰੋਹ ਦੀ ਪੈਂਤੀ ਨਾ ਜਾਣੋਗੇ ਤਾਂ ਫਿਰ ਦੇਰ ਨਹੀਂ ਲੱਗਣੀ। ਜਵਾਨੀ ਦਾ ਪਤਾ ਨਹੀਂ ਲੱਗਦਾ, ਕੀਹਦੀ ਡਫਲੀ ਕਦੋਂ ਵਜਾ ਦੇਵੇ। ਦਿੱਲੀ ’ਚ ਵੋਟਾਂ ਪੈ ਗਈਆਂ ਨੇ । ਬੱਸ ਦੋ ਕੁ ਦਿਨਾਂ ਦਾ ਹੋਰ ਸਬਰ ਰੱਖੋ..।
                               

Friday, February 7, 2020

                         ‘ਸਮਾਰਟ’ ਸਰਕਾਰ
       ਚੁੱਪ-ਚੁਪੀਤੇ 1340 ਸਕੂਲਾਂ ਨੂੰ ਤਾਲੇ ਜੜੇ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਚੁੱਪ ਚੁਪੀਤੇ ਹੀ 1340 ਸਰਕਾਰੀ ਸਕੂਲ ਬੰਦ ਕਰ ਦਿੱਤੇ ਹਨ ਜਿਨ੍ਹਾਂ ਦੀ ਆਮ ਲੋਕਾਂ ’ਚ ਭਾਫ ਤੱਕ ਨਹੀਂ ਨਿਕਲੀ। ਜਦੋਂ ਇੱਕ ਦਫ਼ਾ 800 ਸਕੂਲਾਂ ਨੂੰ ਬੰਦ ਕਰਨ ਦਾ ਰੌਲਾ ਰੱਪਾ ਪਿਆ  ਸੀ ਤਾਂ ਉਦੋਂ ਲੋਕ ਰੋਹ  ਉੱਠਿਆ। ਮਾਮਲਾ ਸਰਕਾਰ ਨੇ ਉਸ ਵਕਤ ਟਾਲ ਦਿੱਤਾ ਸੀ। ਉਂਜ, ਪੰਜ ਵਰ੍ਹਿਆਂ ਤੋਂ ਸਰਕਾਰੀ ਸਕੂਲ ਨੂੰ ਤਾਲੇ ਮਾਰਨ ਦਾ ਸਿਲਸਿਲਾ ਚੱਲ ਰਿਹਾ ਹੈ। ਕਿਸੇ ਹਕੂਮਤ ਨੇ ਇਸ ਮਾਮਲੇ ’ਚ ਲਿਹਾਜ਼ ਨਹੀਂ ਕੀਤੀ। ਪੰਜ ਵਰ੍ਹਿਆਂ ਦਾ ਅੰਕੜਾ ਬੋਲਦਾ ਹੈ ਕਿ ਪੰਜਾਬ ’ਚ ਸਾਲ 2014-15 ਤੋਂ ਸਾਲ 2018-19 ਦੌਰਾਨ 1340 ਸਰਕਾਰੀ ਸਕੂਲ ਬੰਦ ਹੋਏ ਹਨ। ਇਨ੍ਹਾਂ ਚੋਂ ਗੱਠਜੋੜ ਸਰਕਾਰ ਸਮੇਂ 850 ਸਕੂਲ ਬੰਦ ਹੋਏ ਜਦੋਂ ਕਿ ਕਾਂਗਰਸ ਸਰਕਾਰ ਸਮੇਂ 490 ਸਰਕਾਰੀ ਸਕੂਲਾਂ ਨੂੰ ਜਿੰਦਰੇ ਵੱਜੇ ਹਨ। ਕੇਂਦਰੀ ਮਾਨਵ ਸਰੋਤ ਮੰਤਰਾਲੇ ਦਾ ਤਾਜ਼ਾ ਵੇਰਵਾ ਹੈ ਕਿ ਕਿਧਰੇ ਵੀ ਸਰਕਾਰੀ ਸਕੂਲਾਂ ਦੀ ਹੁਣ ਖੈਰ ਨਹੀਂ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਪੰਜ ਵਰ੍ਹਿਆਂ ਵਿਚ ਸਭ ਤੋਂ ਵੱਧ 769 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਹੋਏ ਹਨ ਜਿਨ੍ਹਾਂ ਚੋਂ 399 ਸਕੂਲ ਪਿਛਲੀ ਹਕੂਮਤ ਸਮੇਂ ਬੰਦ ਹੋਏ ਹਨ। ਇਸੇ ਤਰ੍ਹਾਂ 479 ਸਰਕਾਰੀ ਮਿਡਲ ਸਕੂਲ ਬੰਦ ਹੋਏ ਹਨ  ਜਿਨ੍ਹਾਂ ਚੋਂ 355 ਸਕੂਲ ਅਕਾਲੀ ਰਾਜ ਭਾਗ ਦੌਰਾਨ ਬੰਦ ਹੋਏ ਹਨ। ਹਾਈ ਸਕੂਲਾਂ ’ਤੇ ਨਜ਼ਰ ਮਾਰੀਏ ਤਾਂ ਮੌਜੂਦਾ ਸਰਕਾਰ ਨੇ 30 ਸਕੂਲ ਬੰਦ ਕੀਤੇ ਹਨ ਜਦੋਂ ਕਿ 62 ਸਕੂਲ ਪਿਛਲੀ ਹਕੂਮਤ ਸਮੇਂ ਬੰਦ ਹੋਏ ਹਨ। ਸਭ ਤੋਂ ਵੱਡੀ ਗਾਜ ਪ੍ਰਾਇਮਰੀ ਸਕੂਲਾਂ ’ਤੇ ਡਿੱਗੀ ਹੈ ਜਿਨ੍ਹਾਂ ’ਚ ਜਿਆਦਾ ਬੱਚੇ ਗਰੀਬ ਘਰਾਂ ਦੇ ਪੜ੍ਹਦੇ ਹਨ।
                 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਚੋਣਾਂ ਵਿਚ ਪ੍ਰਚਾਰ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਰੀਫ਼ ਕੀਤੀ ਹੈ। ਚੰਗਾ ਪੱਖ ਇਹ ਹੈ ਕਿ ਲੰਘੇ ਪੰਜ ਵਰ੍ਹਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਵਧੀ ਹੈ। ਇਸ ਸਮੇਂ ਦੌਰਾਨ 795 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵੇਂ ਬਣੇ ਹਨ। ਪੰਜਾਬ ਵਿਚ ਇਸ ਵੇਲੇ ਕੁੱਲ ਕਰੀਬ 28,637 ਸਰਕਾਰੀ ਸਕੂਲ ਹਨ। ਬੰਦ ਹੋਏ ਸਕੂਲਾਂ ਪਿਛੇ ਸਰਕਾਰੀ ਤਰਕ ਇਹੋ ਦਿੱਤਾ ਜਾ ਰਿਹਾ ਹੈ ਕਿ ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 10 ਤੋਂ ਵੀ ਘੱਟ ਸੀ, ਉਹ ਸਕੂਲ ਬੰਦ ਕੀਤੇ ਗਏ ਹਨ ਜਾਂ ਫਿਰ ਲਾਗਲੇ ਸਕੂਲਾਂ ਵਿਚ ਮਰਜ ਕੀਤੇ ਗਏ ਹਨ। ਮਿਸਾਲ ਦੇ ਤੌਰ ’ਤੇ ਜ਼ਿਲ੍ਹਾ ਮੋਹਾਲੀ ’ਚ ਪਿੰਡ ਮਿੰਢੇਮਾਜਰਾ,ਧੀਰਪੁਰ,ਵਰਕਪੁਰ ਬੀੜ ਅਤੇ ਗੱਬੇਮਾਜਰਾ ਦੇ ਪ੍ਰਾਇਮਰੀ ਸਕੂਲ ਬੰਦ ਹੋਏ ਹਨ ਜਿਨ੍ਹਾਂ ’ਚ ਬੱਚਿਆਂ ਦੀ ਗਿਣਤੀ 5 ਤੋਂ ਘੱਟ ਸੀ। ਨਵਾਂ ਸ਼ਹਿਰ ਵਿਚ ਪੰਜ ਸਾਲ ਪਹਿਲਾਂ 442 ਸਰਕਾਰੀ ਪ੍ਰਾਇਮਰੀ ਸਕੂਲ ਸਨ ਜੋ ਹੁਣ ਘੱਟ ਕੇ 424 ਸਕੂਲ ਰਹਿ ਗਏ ਹਨ। ਇਵੇਂ ਦਾ ਹਾਲ ਸਭਨਾਂ ਜ਼ਿਲ੍ਹਿਆਂ ਵਿਚ ਹੈ। ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਵਿਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਹੋਰ ਸਕੂਲਾਂ ’ਤੇ ਵੀ ਹਾਲੇ ਤਲਵਾਰ ਲਟਕ ਰਹੀ ਹੈ।
                ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਆਖਦੇ ਹਨ ਕਿ ਮਿਥੀ ਯੋਜਨਾ ਤਹਿਤ ਸਰਕਾਰੀ ਸਕੂਲਾਂ ਨੂੰ ਤਾਲੇ ਮਾਰੇ ਜਾ ਰਹੇ ਹਨ ਜਿਸ ਨਾਲ ਵੱਡੀ ਸੱਟ ਪੇਂਡੂ ਬੱਚਿਆਂ ਨੂੰ ਪਏਗੀ। ਉਨ੍ਹਾਂ ਆਖਿਆ ਕਿ ਬੱਚਿਆਂ ਦੀ ਗਿਣਤੀ ਬਹਾਨੇ ਸਕੂਲਾਂ ਨੂੰ ਤਾਲਾ ਮਾਰਨਾ ਹੱਲ ਨਹੀਂ ਹੈ। ਇਸੇ ਤਰ੍ਹਾਂ ਰੁਜ਼ਗਾਰ ਦੇ ਮੌਕੇ ਘਟਣਗੇ।  ਤੱਥਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਾਲ 2018-19 ਦੌਰਾਨ 23.29 ਲੱਖ ਬੱਚੇ ਪੜ੍ਹਦੇ ਸਨ ਜਦੋਂ ਕਿ ਸਾਲ 2009-10 ਦੌਰਾਨ ਇਨ੍ਹਾਂ ਬੱਚਿਆਂ ਦੀ ਗਿਣਤੀ 24.52 ਲੱਖ ਸੀ। ਸਿੱਧੇ ਤੌਰ ’ਤੇ ਇੱਕ ਦਹਾਕੇ ’ਚ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 1.20 ਲੱਖ ਘਟੀ ਹੈ। ਅਗਾਂਹ ਦੇਖੀਏ ਤਾਂ ਦਹਾਕਾ ਪਹਿਲਾਂ ਸਰਕਾਰੀ ਸਕੂਲਾਂ ਵਿਚ ਦਲਿਤ ਬੱਚਿਆਂ ਦੀ ਗਿਣਤੀ 57.80 ਫੀਸਦੀ ਸੀ ਜੋ ਕਿ ਹੁਣ ਵੱਧ ਕੇ 63.59 ਫੀਸਦੀ ਹੋ ਗਈ ਹੈ। ਇਸੇ ਤਰ੍ਹਾਂ ਸਾਲ 2009-10 ਵਿਚ ਸਰਕਾਰੀ ਸਕੂਲਾਂ ਵਿਚ ਪਹਿਲੀ ਕਲਾਸ ਵਿਚ 2.48 ਲੱਖ ਬੱਚੇ ਦਾਖਲ ਹੋਏ ਸਨ ਜਦੋਂ ਕਿ ਸਾਲ 2018-19 ਵਿਚ ਪਹਿਲੀ ਜਮਾਤ ਵਿਚ 1.32 ਲੱਖ ਬੱਚੇ ਦਾਖਲ ਹੋਏ ਹਨ। ਅੰਕੜੇ ਇਨ੍ਹਾਂ ਸਕੂਲਾਂ ਦੀ ਤਰਾਸ਼ਦੀ ਨੂੰ ਦੱਸ ਰਹੇ ਹਨ। ਦੂਸਰੀ ਤਰਫ ਸਿੱਖਿਆ ਵਿਭਾਗ ਨੇ ਹੁਣ ਤੱਕ 4487 ਸਰਕਾਰੀ ਸਕੂਲਾਂ ਵਿਚ 8061 ਸਮਾਰਟ ਕਲਾਸ ਰੂਮ ਬਣਾਏ ਹਨ ਅਤੇ ਇਨ੍ਹਾਂ ਵਿਚ 3616 ਸਰਕਾਰੀ ਪ੍ਰਾਇਮਰੀ ਸਕੂਲ ਵੀ ਸ਼ਾਮਿਲ ਹਨ।
                 ਕੋਈ ਸ਼ੱਕ ਨਹੀਂ ਕਿ ਅਧਿਆਪਕਾਂ ਨੇ ਪਿਛਲੇ ਕੁਝ ਵਰ੍ਹਿਆਂ ਤੋਂ ਸਕੂਲਾਂ ਵਿਚ ਦਾਖ਼ਲੇ ਵਧਾਉਣ ਲਈ ਪਿੰਡਾਂ ਵਿਚ ਮੁਹਿੰਮ ਛੇੜੀ ਹੋਈ ਹੈ ਜਿਸ ਦੇ ਨਤੀਜੇ ਸਾਹਮਣੇ ਆਏ ਵੀ ਹਨ। ਦੱਸਦੇ ਹਨ ਕਿ 4.5 ਫੀਸਦੀ ਨਵੇਂ ਦਾਖ਼ਲੇ ਵਧੇ ਵੀ ਹਨ। ਸਰਕਾਰੀ ਸੂਤਰ ਆਖਦੇ ਹਨ ਕਿ ਸਾਲ 2020-21 ਲਈ ਪ੍ਰੀ ਪ੍ਰਾਇਮਰੀ ਵਿਚ ਦੋ ਲੱਖ ਤੋਂ ਵੱਧ ਬੱਚੇ ਦਾਖਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਪ੍ਰੀ ਪ੍ਰਾਇਮਰੀ ਲਈ 13 ਹਜ਼ਾਰ ਸਕੂਲਾਂ ਨੂੰ ਪ੍ਰਤੀ ਸਕੂਲ 19 ਹਜ਼ਾਰ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਹੈ। ਸਰਕਾਰੀ ਤਰਕ ਹੈ ਕਿ ਸਰਕਾਰੀ ਸਕੂਲ ਪਿਛਲੇ ਸਮੇਂ ਤੋਂ ਪ੍ਰਾਈਵੇਟ ਸਕੂਲਾਂ ਲਈ ਚੁਣੌਤੀ ਬਣ ਰਹੇ ਹਨ। ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਮੁਹਿੰਮ ਬੇਰੁਜ਼ਗਾਰ ਅਧਿਆਪਕਾਂ ਦੀ ਉਮੀਦ ਤੋੜਨ ਵਾਲੀ ਹੈ। ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਹਾਲ ’ਚ ਹੀ ਹੋਏ ਟੈੱਟ ਟੈਸਟ ਵਿਚ 1.74 ਲੱਖ ਬੇਰੁਜ਼ਗਾਰ ਅਧਿਆਪਕ ਬੈਠੇ ਹਨ ਅਤੇ ਇਸ ਟੈਸਟ ਦੇ ਨਤੀਜੇ ਮਗਰੋਂ ਪੰਜਾਬ ਵਿਚ ਟੈੱਟ ਪਾਸ ਦੀ ਗਿਣਤੀ ਹੀ ਡੇਢ ਲੱਖ ਦਾ ਅੰਕੜਾ ਪਾਰ ਕਰ ਜਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਸਕੂਲਾਂ ਨੂੰ ਬੰਦ ਕਰਨ ਦੇ ਰਾਹ ਪਏਗੀ ਤਾਂ ਸਰਕਾਰ ਬੇਰੁਜ਼ਗਾਰਾਂ ਨੂੰ ਵੀ ਦੱਸੇ ਕਿ ਉਹ ਕਿਹੜੇ ਰਾਹ ਪੈਣ।
                 ਘੱਟ ਗਿਣਤੀ ਬੱਚਿਆਂ ਵਾਲੇ ਸਕੂਲਾਂ ਦਾ ਰਲੇਵਾਂ ਕੀਤਾ: ਸਿੰਗਲਾ
ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਜਿੱਥੇ ਬੱਚਿਆਂ ਦੀ ਗਿਣਤੀ ਘੱਟ ਸੀ, ਉਨ੍ਹਾਂ ਸਕੂਲਾਂ ਨੂੰ ਹੀ ਨੇੜਲੇ ਸਕੂਲਾਂ ’ਚ ਮਰਜ ਕੀਤਾ ਗਿਆ ਹੈ। ਹੁਣ ਜਿੱਥੇ ਕਿਤੇ ਲੋੜ ਪਵੇਗੀ, ਉੱਥੇ ਪਿੰਡ ਦੀ ਸਹਿਮਤੀ ਨਾਲ ਹੀ ਸਕੂਲ ਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਦੀ ਪੰਜਾਬ ਦੇ ਪੰਜ ਜ਼ਿਲ੍ਹਿਆਂ ’ਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਿੰਡਾਂ ਦੇ ਬੱਚਿਆਂ ਨੂੰ ਮੁਫ਼ਤ ਬੱਸ ਸਹੂਲਤ ਦਿੱਤੀ ਜਾਵੇਗੀ ਤੇ ਇਸੇ ਬਜਟ ’ਚ ਇਸ ਵਾਸਤੇ ਪੈਸਾ ਰੱਖਿਆ ਜਾ ਰਿਹਾ ਹੈ।



Sunday, February 2, 2020

                          ਵਿਚਲੀ ਗੱਲ   
             ਕਿਉਂ ਜਿੰਦ ਖਾਕ ਹੰਢਾਏ.. ! 
                          ਚਰਨਜੀਤ ਭੁੱਲਰ
ਬਠਿੰਡਾ : ਲਾਹੌਰ ਦਾ ਲਾਲਾ ਇੰਦਰ ਮੱਲ। ਬੇਗੋ ਨਾਰ ਤੋਂ ਬਲਿਹਾਰੇ ਗਿਆ। ਬਜਾਜੀ ਦੀ ਦੁਕਾਨ ਹੁਸਨ ਤੋਂ ਵਾਰ ਦਿੱਤੀ। ਸੌਦਾ ਦਿਲਾਂ ਦਾ ਹੋਵੇ, ਹੁਕਮ ਨਾਰ ਦਾ। ਅੱਗ ਲਾ ਹੱਟ ਹੀ ਸਾੜ ਦਿੱਤੀ। ਇਸ਼ਕ ’ਚ ਡੱੁਬਾ ਇੰਦਰ ਬਜਾਜੀ। ਝੱਟ ਛਾਲ ਰਾਵੀ ’ਚ ਮਾਰ ਦਿੱਤੀ। ਕਵੀਸ਼ਰ ਹੇਕਾਂ ਲਾਉਂਦੇ, ਕਿੱਸੇ ਸੁਣਾਉਂਦੇ, ਪਿੰਡ ਪਿੰਡ ਗਾਉਂਦੇ। ਲਾਲਾ ਇੰਦਰ ਮੱਲ ਨੂੰ ਅਮਰ ਕਰ ਜਾਂਦੇ। ਤੇਰੀ ਹੱਟੀ ਨੂੰ ਪ੍ਰਣਾਮ, ਤੇਰੀ ਰੂਹ ਨੂੰ ਸਲਾਮ। ਵਹਿੰਦੇ ਵਹਿੰਦੇ ਹੁਣ ਯੁੱਗ ਪਲਟ ਗਏ। ਨਵੇਂ ਸੌਦਾਗਰ, ਨਵੀਆਂ ਹੱਟਾਂ, ਸਜ ਗਏ ਥੋਕ ਬਾਜ਼ਾਰ। ਹੁਣ ਨਫ਼ਰਤਾਂ ਦਾ ਵਣਜ ਹੁੰਦੈ। ਕਾਦਰ ਦੀ ਰਜਾ ਦਾ ਕਿਸਨੂੰ ਚੇਤਾ। ਮੱਤ ਤਾਂ ਦਿੱਲੀ ਚੋਣਾਂ ਨੇ ਮਾਰੀ ਹੈ। ਹੱਡੀਆਂ ਦੀ ਮੁੱਠ ਲੋਕ ਰਾਜ ਬਣਿਐ। ਧੀਆਂ-ਭੈਣਾਂ ਦਾ ਦੇਸ਼ ਐ, ਬੋਲਣ ਲੱਗੇ ਅੱਗਾ ਪਿੱਛਾ ਵੀ ਨਹੀਂ ਦੇਖਦੇ। ਦਿੱਲੀ ਦਾ ਪਲੜਾ ਸੂਤ ਨਹੀਂ ਬੈਠ ਰਿਹਾ। ਮਜ਼ਹਬੀ ਵੱਟੇ ਤੱਕੜ ’ਚ ਨਾ ਧਰਨ ਤਾਂ ਫਿਰ ਹੋਰ ਕੀ ਕਰਨ। ਚੋਣਾਂ ਦਾ ਮੇਲਾ ਭਰਿਆ ਹੋਵੇ। ਫੁੱਲਾਂ ਦੀ ਫੜੀ ਨਹੀਂ ਲੱਗਦੀ। ਨਾ ਖ਼ੁਸ਼ਬੋ ਦਾ ਵਪਾਰ ਹੁੰਦੈ। ਢਾਈ ਅੱਖਰ ਪ੍ਰੇਮ ਦੇ.. ਤਾਂ ਲੱਭਣੇ ਕਿਥੋਂ ਨੇ। ਥੋਕ ਬਾਜ਼ਾਰ ਦੇ ਏਹ ਨਵੇਂ ਲਾਲੇ ਨੇ। ਗੁਜਰਾਤੋਂ ਆਏ ਨੇ, ਜੁਮਲੇ ਵੇਚਦੇ ਨੇ। ‘ਚਲਾਕ ਬਾਣੀਆ’ ਬਾਪੂ ਗਾਂਧੀ ਨੂੰ ਦੱਸਦੇ ਨੇ। ਆ ਦੇਖ ਲਓ, ਏਨਾ ਦਾ ਨਵਾਂ ਮੁਨਸ਼ੀ ਨਹੀਂ ਮਾਣ। ਵਿੱਤ ਰਾਜ ਮੰਤਰੀ ਕਾਕਾ ਅਨੁਰਾਗ ਠਾਕੁਰ। ਬੀਬੀ ਨਿਰਮਲਾ ਨੇ ਹਲਵਾ ਵੀ ਖੁਆਇਆ। ਮਿੱਠਾ ਫਿਰ ਵੀ ਨਹੀਂ ਬੋਲਿਆ। ਦਿੱਲੀ ਚੋਣਾਂ ’ਚ ਠਾਕੁਰ ਨੇ ਇੰਝ ਅਕਲ ਦਾ ਪੀਪਾ ਖੋਲ੍ਹਿਆ। ‘ਦੇਸ਼ ਕੇ ਗਦਾਰੋ ਕੋ ਗੋਲੀ ਮਾਰੋ..’ ਨਾਲੇ ਗਾਲ ਕੱਢੀ। ਬੀਬੀਆਂ ਨੇ ਮੂੰਹਾਂ ’ਚ ਚੁੰਨੀਆਂ ਲੈ ਲਈਆਂ। ਠਾਕੁਰ ਬਾਬੂ ਤੇਰੀ ਸੋਚ ’ਤੇ। ਪਹਿਰਾ ਗੋਪਾਲ ਦੇ ਗਿਆ। ਵਿਦਿਆਰਥੀ ਇਕੱਠ ’ਤੇ ‘ਯੇ ਲੋ ਆਜ਼ਾਦੀ’ ਆਖ ਗੋਲੀ ਚਲਾ ਦਿੱਤੀ।
       ਕਾਮਰੇਡ ਪਹਿਲੋਂ ਕਿਥੇ ਮੰਨਦੇ ਸੀ। ਆਖਰ ਹੁਣ ਮੰਨੇ ਨੇ, ਅਖੇ ਪੁਨਰਜਨਮ ਵੀ ਹੁੰਦੈ। ਐਵੇਂ ਕਿਤੇ ਗੌਡਸੇ ਦਾ ਝਊਲਾ ਪੈ ਗਿਆ ਹੋਊ। ਕਾਮਰੇਡੋ, ਆਪਣੀ ਹੱਟੀ ਦਾ ਖਿਆਲ ਰੱਖੋ। ਜੋ ਦੋ ਚਾਰ ਪੀਪੀਆਂ ਬਚੀਆਂ ਨੇ, ਉਹ ਨਾ ਚੁਕਾ ਬੈਠਿਓ। ਗੁਜਰਾਤੀ ਲਾਲੇ ਵਣਜ ਕਰਨਾ ਜਾਣਦੇ ਨੇ। ਕਵੀ ਅਵਤਾਰ ਪਾਸ਼ ਰਗ ਰਗ ਤੋਂ ਜਾਣੂ ਸੀ। ਜੋ ਦਿਲ ਦੀ ਲਿਖ ਗਿਆ, ‘ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ/ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ।’ ਟਲਣ ਵਾਲਾ ਭਾਜਪਾ ਐਮ.ਪੀ ਪਰਵੇਸ਼ ਸ਼ਰਮਾ ਵੀ ਨਹੀਂ। ਦਿੱਲੀ ਚੋਣਾਂ ’ਚ ਜੋ ਇਹ ਸ਼ਰਮਾ ਜੀ ਬੋਲੇ। ਸੱਚਮੁੱਚ ਦੱਸਦੇ ਸ਼ਰਮ ਆਉਂਦੀ ਐ। ਰਹਿੰਦੀ ਕਸਰ ਕਪਿਲ ਮਿਸ਼ਰਾ ਨੇ ਕੱਢ ਦਿੱਤੀ। ਐਮ.ਪੀ ਸਾਧਵੀ ਪ੍ਰਗਿਆ ਨੇ ਜਰੂਰ ਇਨ੍ਹਾਂ ਦਾ ਸਿਰ ਪਲੋਸਿਆ ਹੋਊ। ਚੋਣ ਕਾਹਦੀ ਆਈ, ਵੱਡੇ ਵੱਡੇ ਖਿਡਾਰੀ, ਨਫ਼ਰਤ ਦੇ ਪੁਜਾਰੀ ਬਣੇ ਨੇ। ਲੋਕ ਰਾਜ ਦੀ ਸਵਾਰੀ ‘ਪ੍ਰੇਮ ਪੁਜਾਰੀ ਨੂੰ ਲੱਭ ਰਹੀ ਹੈ। ਬਾਬੇ ਨਾਨਕ ਤੋਂ ਸਿੱਖ ਲੈਂਦੇ, ‘ਨਾ ਕੋਈ ਹਿੰਦੂ ਨਾ ਮੁਸਲਮਾਨ’। ਨਫ਼ਰਤੀ ਹੱਟ ਵਾਲੇ ਕੱਚੀਆਂ ਗੋਲੀਆਂ ਨਹੀਂ ਖੇਡੇ। ਮਸਾਂ ਕੁਰਸੀ ਨੂੰ ਹੱਥ ਪਿਐ। ਲੀਕਾਂ ਕਢਵਾ ਕੇ ਛੱਡਣਗੇ। ‘ਸੱਪ ਦੀ ਕੰਜ ਲਹਿ ਜਾਂਦੀ ਐ, ਜ਼ਹਿਰ ਨਹੀਂ ਜਾਂਦੀ’। ਥੋਡੀ ਨਿਗ੍ਹਾਂ ’ਚ ਕੋਈ ਵੈਦ ਹੈ। ਕੇਜਰੀਵਾਲ ਦੇ ਚੇਲੇ ਬੋਲੇ ਨੇ। ਦਿੱਲੀ ਦੀ ਜੰਤਾ ਕੋਲ ਸਿੰਗੀਆਂ ਨੇ। ਭੋਲੇ ਪੰਛਿਓ, ਅਗਲਿਆਂ ਕੋਲ ਗਿੱਦੜ-ਸਿੰਗੀ ਹੈ। ਸੌਦਾ ਐਵੇਂ ਨਹੀਂ ਵਿਕ ਰਿਹਾ। ਪਿੰ੍ਰਸੀਪਲ ਸੁਜਾਨ ਸਿੰਘ ਦੀ ਕਹਾਣੀ ‘ਬਾਗਾਂ ਦਾ ਰਾਖਾ’ ਪੜ੍ਹਿਓ। ਕਹਾਣੀ ਵਿਚਲੇ ਲਾਲੇ ਨਾਲੋਂ ਕਿਤੇ ਭੈੜੇ ਨੇ ਏਹ ਸਿਆਸੀ ਲਾਲੇ। ਨਵੀਂ ਹੱਟ ਦੀ ਕੈਮਿਸਟਰੀ ਸਮਝਣੀ ਐ, ਤਾਂ ਮੰਟੋ ਦੀ ਕਹਾਣੀ ‘ਟੀਟਵਾਲਾ ਦਾ ਕੁੱਤਾ’ ਜਰੂਰ ਪੜ੍ਹ ਲੈਣੀ।
      ਆਓ ਹੁਣ ਦਿੱਲੀ ਦੇ ਸ਼ਾਹੀਨ ਬਾਗ ’ਚ ਚੱਲੀਏ। ਬਾਗਾਂ ਦੇ ਰਾਖੇ ਪੂਰੇ ਪੰਜਾਹ ਦਿਨਾਂ ਤੋਂ ਬੈਠੇ ਹਨ। ਕੋਇਲ ਦੀ ਕੂਕ, ਮੋਰਾਂ ਦੀ ਪੈਲ, ਫੁੱਲਾਂ ਦੀ ਖ਼ੁਸ਼ਬੋ, ਚਿੜੀਆਂ ਦੀ ਚਹਿਕ। ਇਵੇਂ ਹੀ ਮੁਲਕ ਦੇ ਬਾਗ ’ਚ ਹਰ ਫੁੱਲ ਖਿੜੇ। ਤਾਹੀਓ ਨਾਅਰੇ ਗੂੰਜ ਰਹੇ ਨੇ। ਜੈਪੁਰ ’ਚ ਵੀ, ਲਖਨਊ ’ਚ ਵੀ, ਨਾਲੇ ਕਲਕੱਤਾ ’ਚ। ਬਿਦਰ (ਕਰਨਾਟਕਾ) ਦਾ ਸ਼ਾਹੀਨ ਪ੍ਰਾਇਮਰੀ ਸਕੂਲ। ਜਿਥੋਂ ਦੇ ਛੋਟੇ ਬੱਚੇ ਡਰੇ ਹੋਏ ਨੇ। ਹੱਟੀ ’ਤੇ ਉਂਗਲ ਚੁੱਕ ਦਿੱਤੀ, ਕਾਹਦੀ ਸਕਿੱਟ ਖੇਡ ਬੈਠੇ ਬੱਚੇ। ਪੁਲੀਸ ਨੇ ਬੱਚੇ ਤਲਬ ਕਰ ਲਏ। ਬੱਚੇ ਤਾਂ ਹੁੰਦੇ ਹੀ ਫੁੱਲਾਂ ਵਰਗੇ ਨੇ। ਕੰਡੇ ਪ੍ਰਵਾਹ ਨਹੀਂ ਕਰਦੇ। ਖ਼ਾਸ ਕਰਕੇ ਜਦੋਂ ਸਿਆਸੀ ਕੰਡਾ ਕੱਢਣਾ ਹੋਵੇ। ਉਦੋਂ ਟੁੰਡੇ ਲਾਟ ਨੂੰ ਟਿੱਚ ਸਮਝਦੇ ਨੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦਾ ਵਹੀ ਖਾਤਾ ਖੋਲ੍ਹਿਐ। ਅਰਥਚਾਰੇ ਦੀ ਲਾਟ ਨਿਕਲੀ ਪਈ ਐ। ਖੇਤੀ ਵਿਕਾਸ ਡਰ ਡਿੱਗੀ ਹੈ। ਅੰਕੜਿਆਂ ਨੇ ਮੋਮ ਦਾ ਬੁੱਤ ਖੜ੍ਹਾ ਕੀਤੈ। ਮੁਲਕ ਦੀ ਵਹੀ ’ਤੇ ਧਿਆਨ ਧਰਦੇ, ਕਿਸਾਨ ਦੀ ਵਾਹੀ ਨਾ ਰੁਲਦੀ।  ਪੰਜਾਬ ਦੀ ਕਿਸਾਨੀ ਭੈ-ਭੀਤ ਹੈ। ਸਰਕਾਰੀ ਹੱਟ ਵਾਲੇ ਵਚਨਾਂ ਤੋਂ ਮੁੜੇ ਨੇ। ਫਸਲਾਂ ਖ੍ਰੀਦਣ ਤੋਂ ਭੱਜਦੇ ਲੱਗਦੇ ਨੇ। ਇਸ ਹੱਟ ਨੇ ਜੋ ਫੱਟ ਦਿੱਤੇ ਨੇ, ਉਸ ਤੋਂ ਅੰਨਦਾਤਾ ਕਿਵੇਂ ਆਸ ਰੱਖੇ। ਸੁਦਰਸ਼ਨ ਫ਼ਾਕਿਰ ਨੇ ਠੀਕ ਹੀ ਤਾਂ ਕਿਹੈ ‘ਮੇਰਾ ਕਾਤਿਲ ਹੀ ਮੇਰਾ ਮੁਨਸਿਫ ਹੈ/ਕਿਆ ਮੇਰੇ ਹੱਕ ਮੇ ਫੈਸਲਾ ਦੇਗਾ।’ ਬੀਕਾਨੇਰ ਦੇ ਇੱਕ ਕਿਸਾਨ ਨੇ ਟਿੱਡੀ ਦਲ ਦਾ ਰੌਲਾ ਪਾਇਆ। ਪੁਲੀਸ ਨੇ ਪਰਚਾ ਦਰਜ ਕਰ ਦਿੱਤਾ। ਇੱਕ ਭਾਜਪਾ ਵਿਧਾਇਕ ਟਿੱਡੀਆਂ ਦਾ ਟੋਕਰਾ ਵਿਧਾਨ ਸਭਾ ’ਚ ਲੈ ਆਇਆ।                                                        ਅਬੋਹਰ-ਫਾਜ਼ਿਲਕਾ ਦੇ ਕਿਸਾਨ ਸੌਂਦੇ ਨਹੀਂ। ਸੁਪਨੇ ’ਚ ਵੀ ਟਿੱਡੀ ਦਲ ਦਿੱਖਦੈ। ਸੋਸ਼ਲ ਮੀਡੀਆ ਨੇ ਇੱਕ ਸ਼ਗੂਫ਼ਾ ਘੁੰਮ ਰਿਹੈ। ‘ਟਿੱਡੀ ਦਲ ਪੰਜਾਬ ਦੇ ਬਾਰਡਰ ਤੋਂ ਕੱਚਾ ਜੇਹਾ ਹੋ ਕੇ ਮੁੜ ਗਿਆ, ਅਖੇ ਇਹਨੂੰ ਤਾਂ ਪਹਿਲਾਂ ਹੀ ਕੋਈ ਦਲ ਚੱਟ ਗਿਆ।’ ਵੋ ਭੀ ਦਿਨ ਥੇ.. ਜਦੋਂ ਅਕਾਲੀਆਂ ਦੀ ਸਿਆਸੀ ਹੱਟ ਖੂਬ ਚੱਲਦੀ ਸੀ। ਕਾਕਾ ਜੀ ਦੀ ਜਲ ਬੱਸ ਵਾਂਗੂ। ਹੁਣ ਸੇਲ ਦੇ ਦਿਨਾਂ ’ਚ ਵੀ ਟਾਵਾਂ ਗਾਹਕ ਆਉਂਦੈ। ਤੱਕੜੀ ’ਚ ਵੱਟੇ ਢੀਂਡਸੇ ਪਾਉਣ ਨੂੰ ਫਿਰਦੇ ਨੇ। ਸੁਖਬੀਰ ਅੱਜ ਭਾਜੀ ਮੋੜਨ ਸੰਗਰੂਰ ਪੁੱਜੇ ਨੇ। ਪਹਿਲੋਂ ਦਿੱਲੀ ਗਏ ਹੋਏ ਸਨ। ਨਵੇਂ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਵੀ ਖਿਡਾਰੀ ਨਿਕਲੇ। ਸਿੱਧੇ ਸੁਖਬੀਰ ਦੇ ਘਰ ਗਏ। ਸ਼ਾਇਦ ਕੰਨ ’ਚ ਆਖਿਆ ਹੋਊ ‘ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ’। ਸੁਖਬੀਰ ਨੇ ਨਹੁੰ ਮਾਸ ਦੇ ਰਿਸ਼ਤੇ ’ਤੇ ਮੋਹਰ ਲਾਈ। ‘ਰਿਸ਼ਤਾ ਮਨਜੂਰ ਹੈ’ ਆਖ ਕੇ ਐਲਾਨ ਕਰ ਦਿੱਤਾ। ਟਕਸਾਲੀ ਵੀ ਭਾਜਪਾ ਦੀ ਹੱਟ ’ਤੇ ਜਾ ਖੜ੍ਹੇ। ਪ੍ਰਧਾਨ ਸੁਖਬੀਰ ਜੀ ਆਖਦੇ ਨੇ, ਟਕਸਾਲੀ ਨਾ ਕਹੋ, ਜਾਅਲੀ ਕਹੋ। ਲੁਧਿਆਣੇ ਵਾਲੇ ਬੈਂਸ ਭਰਾ, ਭੰਬੀਰੀ ਬਣੇ ਹੋਏ ਨੇ, ਨਾਲੇ ਟਟੀਹਰੀ ਵੀ। ਮਹਾਰਾਜਾ ਸਾਹਿਬ ਦੀ ‘ਉੱਚੀ ਦੁਕਾਨ..’ ਹੈ। ਮਨਪ੍ਰੀਤ ਬਾਦਲ ਆਖਦੈ, ਕੀ ਕਰੀਏ, ਗ਼ੱਲੇ ’ਚ ਪੈਸੇ ਹੀ ਨਹੀਂ।’ ਪੰਜਾਬ ਗੁੱਸੇ ਵਿਚ ਹੈ। ਖੇਤਾਂ ਦਾ ਪੁੱਤ ਅੱਕੇ ਹੋਏ ਨੇ। ਇੰਜ ਜਾਪਦੈ ਕਿ ਪੈਸੇ ਦੇ ਪੁੱਤਾਂ ਨੂੰ ਘਰੋਂ ਨਿਕਲਣੋਂ ਅੌਖਾ ਹੋ ਜਾਊ। ਪ੍ਰਤਾਪ ਬਾਜਵਾ ਦਿੱਲੀ ਚੋਂ ਨਿਕਲੇ ਨੇ। ਆਖ ਰਹੇ ਨੇ, ਮੁੱਖ ਮੰਤਰੀ ਜੀ ਆਲਸ ਛੱਡੋ। ਵੱਡੇ ਘਰਾਂ ਦੇ ਵੱਡੇ ਨਖਰੇ। ਆਪਾਂ ਕੀ ਲੈਣਾ ਇਸ ਭੇੜ ਤੋਂ।
               ਖੈਰ ਤੁਸੀਂ ਤਾਂ ਦੱਸੋ.. ਦੇਸ਼ ਕਾ ਨੇਤਾ ਕੈਸਾ ਹੋ..। ਚੱਲੋ ਛੱਡੋ, ਬੋਝ ਨਾ ਪਾਓ, ਵਿਹਲ ਮਿਲੇ ਤਾਂ ਕਿਤੇ ਫਿਰ ਦੱਸ ਜਾਇਓ। ਪਹਿਲੋਂ ਇੱਕ ਭੱਦਰਪੁਰਸ਼ ਦੀ ਸੁਣੋ। ‘ਇੱਕ ਵਾਰੀ ਇੱਕ ਬਾਬਾ ਘਰੋਂ ਰੁੱਸ ਗਿਆ। ਬਾਹਰ ਫਿਰਨੀ ’ਤੇ ਜਾ ਕੇ ਬੈਠ ਗਿਆ। ਕੋਈ ਮਨਾਉਣ ਹੀ ਨਾ ਆਇਆ। ਸ਼ਾਮ ਵੇਲੇ ਜਦੋਂ ਪਸ਼ੂ ਬਾਹਰੋਂ ਚਰ ਕੇ ਘਰਾਂ ਨੂੰ ਮੁੜੇ। ਬਾਬੇ ਨੇ ਇੱਕ ਵੱਛੇ ਦੀ ਪੂਛ ਫੜ ਲਈ। ਅਖੇ  ‘ਗਊ ਦੇ ਜਾਏ ਦਾ ਮੈਂ ਕਿਵੇਂ ਆਖਾ ਮੋੜਦਾ।’ ਰਿਸ਼ਤਾ ਪੁਰਾਣਾ ਹੋਵੇ, ਉਪਰੋਂ ਨਹੁੰ ਮਾਸ ਦਾ ਹੋਵੇ, ਸੱਚੀ ਜੁਆਬ ਦੇਣਾ ਅੌਖਾ ਲੱਗਦੈ। ਛੱਜੂ ਰਾਮ ਇਸ ਗੱਲੋਂ ਖ਼ਰਾ ਹੈ। ਮੂੰਹ ’ਤੇ ਫੱਟ ਕਹਿ ਦਿੰਦੈ। ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਆਸਵੰਦ ਹੈ ਕਿ ਕੂੜ ਦੀ ਦੁਕਾਨ ਬਹੁਤਾ ਸਮਾਂ ਨਹੀਂ ਚੱਲਦੀ। ਫਿਰਕੂ ਤੋਤੇ ਲੱਖ ਧਾਵੇ ਬੋਲਣ, ਬਾਗਾਂ ਦੇ ਰਾਖੇ ਵੀ ਸੁੱਤੇ ਨਹੀਂ। ਚੋਣਾਂ ਦਾ ਮੋਰਚਾ ਛੋਟਾ ਨਹੀਂ ਹੁੰਦਾ, ਜਾਗਣਾ ਜਰੂਰੀ ਹੈ। ਜਾਗ ਲੱਗੇਗਾ ਤਾਂ ਦਿਨ ਬਦਲਾਂਗੇ। ਅਖੀਰ ’ਚ ਕੇਹਰ ਸ਼ਰੀਫ਼ ਦੇ ਇਹ ਬੋਲ, ‘ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ, ਬੰਨ੍ਹਣੀ ਪਊ ਕਤਾਰ ਜ਼ਮਾਨਾ ਬਦਲਾਂਗੇ।’