Showing posts with label amrinder. Show all posts
Showing posts with label amrinder. Show all posts

Friday, May 23, 2025

                                                  ਕੇਂਦਰੀ ਬਲਾਂ ਦੀ ਤਾਇਨਾਤੀ 
                                ਪੁਰਾਣਾ ਭੇਤ ਹੋਇਆ ਜੱਗ-ਜ਼ਾਹਿਰ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਕੈਪਟਨ ਅਮਰਿੰਦਰ ਦੀ ਸਰਕਾਰ ਸਮੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਫ਼ੈਸਲਾ ਹੋਇਆ ਸੀ, ਜਿਸ ਨੂੰ ਹੁਣ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਬੀਬੀਐੱਮਬੀ ਦੀ 23 ਜੁਲਾਈ 2021 ਨੂੰ ਹੋਈ 238ਵੀਂ ਮੀਟਿੰਗ ਵਿੱਚ ਭਾਖੜਾ ਡੈਮ ਪ੍ਰਾਜੈਕਟ, ਬਿਆਸ ਡੈਮ ਪ੍ਰਾਜੈਕਟ ਅਤੇ ਬਿਆਸ-ਸਤਲੁਜ ਲਿੰਕ ਪ੍ਰਾਜੈਕਟ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਹਰੀ ਝੰਡੀ ਮਿਲੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਲੰਘੀ 19 ਮਈ ਨੂੰ ਭਾਖੜਾ ਡੈਮ ਪ੍ਰਾਜੈਕਟ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਫ਼ੈਸਲਾ ਵਾਪਸ ਲੈਣ ਲਈ ਕਿਹਾ ਹੈ ਅਤੇ ਸ਼ਨਿਚਰਵਾਰ ਨੂੰ ਨੀਤੀ ਆਯੋਗ ਦੀ ਹੋ ਰਹੀ ਮੀਟਿੰਗ ਵਿੱਚ ਵੀ ਪੰਜਾਬ ਇਹ ਮੁੱਦਾ ਉਠਾਏਗਾ। ਕੇਂਦਰੀ ਬਲਾਂ ਦੀ ਤਾਇਨਾਤੀ ਦੀ ਪ੍ਰਵਾਨਗੀ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ‘ਆਪ’ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

         ‘ਪੰਜਾਬੀ ਟ੍ਰਿਬਿਊਨ’ ਵੱਲੋਂ ਜਦੋਂ ਸਮੁੱਚੇ ਮਾਮਲੇ ਦੀ ਘੋਖ ਕੀਤੀ ਗਈ ਤਾਂ ਤੱਥ ਸਾਹਮਣੇ ਆਏ ਕਿ ਕਾਂਗਰਸੀ ਹਕੂਮਤ ਸਮੇਂ ਇਹ ਫ਼ੈਸਲਾ ਹੋਇਆ ਸੀ ਜਿਸ ਨੂੰ ਅਮਲ ਵਿੱਚ ਹੁਣ ਲਿਆਂਦਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬੀਬੀਐੱਮਬੀ ਦੀ 19 ਮਾਰਚ 2021 ਨੂੰ ਹੋਈ 237ਵੀਂ ਮੀਟਿੰਗ ਅਤੇ ਉਸ ਮਗਰੋਂ 23 ਜੁਲਾਈ 2021 ਨੂੰ 238ਵੀਂ ਮੀਟਿੰਗ ਵਿੱਚ ਕੇਂਦਰੀ ਬਲਾਂ ਦੀ ਤਾਇਨਾਤੀ ’ਤੇ ਕੋਈ ਇਤਰਾਜ਼ ਦਾਇਰ ਨਹੀਂ ਕਰਵਾਇਆ ਗਿਆ ਸੀ। ਬੀਬੀਐੱਮਬੀ ਦੀ 238ਵੀਂ ਮੀਟਿੰਗ ਵਿੱਚ ਤਿੰਨ ਫ਼ੈਸਲੇ ਲਏ ਗਏ ਸਨ, ਜਿਨ੍ਹਾਂ ਵਿੱਚ ਉਪਰੋਕਤ ਡੈਮ ਪ੍ਰਾਜੈਕਟਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਸ ਤਹਿਤ ਪੰਜਾਬ ਤੇ ਰਾਜਸਥਾਨ ਵੱਲੋਂ ਆਪੋ-ਆਪਣੇ ਵਿੱਤ ਵਿਭਾਗ ਤੋਂ ਵਿੱਤੀ ਖ਼ਰਚੇ ਝੱਲਣ ਦੀ ਪ੍ਰਵਾਨਗੀ ਇੱਕ ਮਹੀਨੇ ਅੰਦਰ ਲੈ ਕੇ ਦੇਣ ਦੀ ਗੱਲ ਆਖੀ ਗਈ ਸੀ। ਦੂਜਾ, ਇਸ ਮੀਟਿੰਗ ਵਿੱਚ ਬੀਬੀਐੱਮਬੀ ਦੇ ਚੇਅਰਮੈਨ ਨੂੰ ਅਧਿਕਾਰ ਦਿੱਤੇ ਗਏ ਸਨ ਕਿ ਉਹ ਕੇਂਦਰੀ ਬਲਾਂ ਦੀ ਤਾਇਨਾਤੀ ਨਾਲ ਸਬੰਧਤ ਸਮਝੌਤੇ ਜਾਂ ਐੱਮਓਯੂ ਆਦਿ ’ਤੇ ਦਸਤਖ਼ਤ ਕਰਨਗੇ। 

         ਤੀਜਾ, ਕੇਂਦਰੀ ਬਲਾਂ ਦੀ ਤਾਇਨਾਤੀ ਦਾ ਸਮੁੱਚਾ ਖ਼ਰਚਾ ਹਿੱਸੇਦਾਰ ਸੂਬੇ ਚੁੱਕਣਗੇ। ਬੀਬੀਐੱਮਬੀ ਦੀ ਇਸ ਮੀਟਿੰਗ ਵਿੱਚ ਕੇਂਦਰੀ ਬਲਾਂ ਦੀ ਤਾਇਨਾਤੀ ਲਈ ਸਾਰੇ ਸੂਬਿਆਂ ਦੀ ਆਮ ਸਹਿਮਤੀ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਐਨਾ ਜ਼ਰੂਰ ਕਿਹਾ ਸੀ ਕਿ ਇਸ ਨਾਲ ਪੰਜਾਬ ’ਤੇ 21.45 ਕਰੋੜ ਰੁਪਏ ਦਾ ਵਾਧੂ ਬੋਝ ਪੈਣਾ ਹੈ ਜਿਸ ਵਾਸਤੇ ਵਿੱਤ ਵਿਭਾਗ ਦੀ ਸਹਿਮਤੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਬੀਬੀਐੱਮਬੀ ਦੀ ਉਸ ਤੋਂ ਪਹਿਲਾਂ ਹੋਈ 237ਵੀਂ ਮੀਟਿੰਗ ਵਿੱਚ ਇਸ ਮਾਮਲੇ ’ਤੇ ਪਹਿਲਾਂ ਹੀ ਸਿਧਾਂਤਕ ਪ੍ਰਵਾਨਗੀ ਹੋ ਗਈ ਸੀ। ਪਿਛੋਕੜ ’ਤੇ ਝਾਤ ਮਾਰੀਏ ਤਾਂ ਪਹਿਲੀ ਵਾਰ ਕੇਂਦਰੀ ਬਿਜਲੀ ਮੰਤਰਾਲੇ ਨੇ 19 ਜਨਵਰੀ 2009 ਨੂੰ ਪੱਤਰ ਲਿਖ ਕੇ ਬੀਬੀਐੱਮਬੀ ਨੂੰ ਕਿਹਾ ਸੀ ਕਿ ਡੈਮਾਂ ਦੀ ਸੁਰੱਖਿਆ ਲਈ ਕੇਂਦਰੀ ਬਲ ਤਾਇਨਾਤ ਕੀਤੇ ਜਾਣ। ਕੇਂਦਰੀ ਬਿਜਲੀ ਮੰਤਰਾਲੇ ਨੇ 10 ਮਈ 2018 ਨੂੰ ਇਸ ਬਾਰੇ ਮੁੜ ਚੇਤਾ ਕਰਵਾਇਆ ਸੀ।

         ਸਾਲ 2018 ਵਿੱਚ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਲੈ ਕੇ ਇੱਕ ਸਰਵੇਖਣ ਵੀ ਹੋਇਆ ਸੀ, ਜਿਸ ਵਿੱਚ ਪਹਿਲਾਂ ਕੇਂਦਰੀ ਬਲਾਂ ਦੇ 923 ਅਤੇ ਮਗਰੋਂ 824 ਮੁਲਾਜ਼ਮਾਂ ਦੀ ਤਾਇਨਾਤੀ ਦੀ ਗੱਲ ਆਖੀ ਗਈ ਸੀ। ਬੀਬੀਐੱਮਬੀ ਨੇ 15 ਮਈ 2021 ਨੂੰ ਹਿੱਸੇਦਾਰ ਸੂਬਿਆਂ ਨੂੰ ਪੱਤਰ ਜਾਰੀ ਕਰ ਕੇ ਕੇਂਦਰੀ ਬਲਾਂ ਦੀ ਤਾਇਨਾਤੀ ਦੇ ਖ਼ਰਚੇ ਤੋਂ ਜਾਣੂ ਕਰਵਾਇਆ ਸੀ। ਸਮੁੱਚਾ ਸਾਲਾਨਾ ਖਰਚਾ ਕਰੀਬ 95 ਕਰੋੜ ਰੁਪਏ ਦੱਸਿਆ ਗਿਆ ਸੀ, ਜਿਸ ਵਿੱਚ ਵੱਡਾ ਹਿੱਸਾ ਤਨਖ਼ਾਹਾਂ ਆਦਿ ਦਾ 81.50 ਕਰੋੜ ਰੁਪਏ ਸੀ। ਪਹਿਲੇ ਸਾਲ ਬੁਨਿਆਦੀ ਢਾਂਚਾ ਕਾਇਮ ਕਰਨ ’ਤੇ 8.80 ਕਰੋੜ ਖਰਚ ਹੋਣੇ ਸਨ। ਬੀਬੀਐੱਮਬੀ ਨੇ ਉਦੋਂ ਤੱਥ ਪੇਸ਼ ਕੀਤੇ ਸਨ ਕਿ ਬੀਬੀਐੱਮਬੀ ਦੇ ਪ੍ਰਾਜੈਕਟਾਂ ’ਤੇ ਸੂਬਿਆਂ ਦੀ ਪੁਲੀਸ ਦੇ 561 ਮੁਲਾਜ਼ਮਾਂ ਦੀ ਤਾਇਨਾਤੀ ਹੈ ਜਿਸ ’ਚੋਂ 92 ਮੁਲਾਜ਼ਮ ਪੰਜਾਬ ਪੁਲੀਸ ਦੇ ਹਨ।

        ਕੇਂਦਰੀ ਗ੍ਰਹਿ ਮੰਤਰਾਲੇ ਨੇ 7 ਨਵੰਬਰ 2019 ਨੂੰ ਦੱਸਿਆ ਸੀ ਕਿ ਸੁਰੱਖਿਆ ਦੇ ਪੱਖ ਤੋਂ ਭਾਖੜਾ ਡੈਮ ਪ੍ਰਾਜੈਕਟ ਕੈਟਾਗਰੀ ‘ਏ’ ਵਿੱਚ ਆਉਂਦਾ ਹੈ ਜਦੋਂ ਕਿ ਬਿਆਸ ਡੈਮ ਪ੍ਰਾਜੈਕਟ ਅਤੇ ਬਿਆਸ-ਸਤਲੁਜ ਲਿੰਕ ਪ੍ਰਾਜੈਕਟ ਕੈਟਾਗਰੀ ‘ਬੀ’ ਵਿੱਚ ਆਉਂਦੇ ਹਨ। ਬੀਬੀਐੱਮਬੀ ਨੇ ਬੇਸ਼ੱਕ 238ਵੀਂ ਮੀਟਿੰਗ ਵਿੱਚ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪ੍ਰੰਤੂ ਪੰਜਾਬ ਦੀ ‘ਆਪ’ ਸਰਕਾਰ ਨੇ ਬੀਬੀਐੱਮਬੀ ਦੀ 25 ਅਕਤੂਬਰ 2024 ਨੂੰ ਹੋਈ ਮੀਟਿੰਗ ਵਿੱਚ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ’ਤੇ ਆਉਣ ਵਾਲੇ ਖਰਚੇ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਸੀ। ਬੀਬੀਐੱਮਬੀ ਨੇ ਪਹਿਲਾਂ ਹੀ ਇਸ ਮੁੱਦੇ ’ਤੇ ਪ੍ਰਵਾਨਗੀ ਮਿਲੀ ਹੋਣ ਕਰ ਕੇ ਪੰਜਾਬ ਦੇ ਇਤਰਾਜ਼ ਨੂੰ ਕੋਈ ਮਹੱਤਵ ਨਹੀਂ ਦਿੱਤਾ।

Tuesday, May 14, 2024

                                                          ਹਵਾ ਦੇ ਰੰਗ
                                          ਏਹ ਰਾਜਾ ਤਾਂ ‘ਰੰਕ’ ਹੋ ਗਿਆ..!
                                                       ਚਰਨਜੀਤ ਭੁੱਲਰ  

ਮਹਿਰਾਜ (ਬਠਿੰਡਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਇਸ ਪਿੰਡ ਮਹਿਰਾਜ ’ਚ ਸਿਆਸੀ ਹਵਾ ਦੇ ਰੰਗ ਬਦਲੇ ਹਨ ਅਤੇ ਇਹ ਪਿੰਡ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਕੋਈ ਵੇਲਾ ਸੀ ਜਦੋਂ ਅਮਰਿੰਦਰ ਸਿੰਘ ਨੂੰ ਇੱਥੋਂ ਦੇ ਲੋਕ ‘ਮਹਾਰਾਜਾ ਸਾਬ੍ਹ’ ਕਹਿੰਦੇ ਨਹੀਂ ਥੱਕਦੇ ਸਨ। ਉਨ੍ਹਾਂ ਦੇ ਬੋਲ ਪੁਗਾਉਂਦੇ ਸਨ ਅਤੇ ਸਮੁੱਚਾ ਪਿੰਡ ਕਾਂਗਰਸ ਦੇ ‘ਹੱਥ ਪੰਜੇ’ ’ਤੇ ਮੋਹਰ ਲਾਉਂਦਾ ਸੀ। ਸਾਲ 2002 ਦੀਆਂ ਚੋਣਾਂ ਮਗਰੋਂ ਹਮੇਸ਼ਾ ਮਹਿਰਾਜ ਨੇ ਕਾਂਗਰਸ ਦਾ ਸਾਥ ਦਿੱਤਾ। ਬੇਸ਼ੱਕ ਰਾਜਿਆਂ ਮਹਾਰਾਜਿਆਂ ਦਾ ਦੌਰ ਲੰਮਾ ਅਰਸਾ ਪਹਿਲਾਂ ਖ਼ਤਮ ਹੋ ਚੁੱਕਾ ਹੈ ਪ੍ਰੰਤੂ ਅਮਰਿੰਦਰ ਸਿੰਘ ਹਾਲੇ ਵੀ ਮਹਿਰਾਜ ਪਿੰਡ ਦੇ ‘ਮਹਾਰਾਜੇ’ ਸਨ। ਪੰਜਾਬ ਦੇ ਸਭ ਤੋਂ ਵੱਡੇ ਪਿੰਡ ਹੋਣ ਦਾ ਮਹਿਰਾਜ ਨੂੰ ਮਾਣ ਹੈ ਅਤੇ ਇਥੇ ਕਰੀਬ 16 ਹਜ਼ਾਰ ਵੋਟ ਹੈ। ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਤਾਂ ਮਹਿਰਾਜ ਦੇ ਵਾਸੀਆਂ ਨੇ ਅਮਰਿੰਦਰ ਦਾ ਲੜ ਛੱਡ ਦਿੱਤਾ ਹੈ। ਲੋਕਾਂ ਨੇ ਅਮਰਿੰਦਰ ਦੀ ਥਾਂ ਹੁਣ ਕਿਸਾਨਾਂ ਦੀ ਪਿੱਠ ’ਤੇ ਖੜ੍ਹਨ ਦਾ ਫ਼ੈਸਲਾ ਕੀਤਾ ਹੈ। 

          ਹੁਣ ਜਦੋਂ ਭਾਜਪਾ ਉਮੀਦਵਾਰ ਵਜੋਂ ਪ੍ਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ ਬਣੇ ਹਨ ਤਾਂ ਪਿੰਡ ਮਹਿਰਾਜ ਦੇ ਵਾਸੀਆਂ ਨੇ ਕਿਨਾਰਾ ਕਰ ਲਿਆ ਹੈ ਹਾਲਾਂਕਿ ਪਿਛਲੀਆਂ ਚੋਣਾਂ ਵਿਚ ਜਦੋਂ ਵੀ ਪ੍ਰਨੀਤ ਕੌਰ ਨੇ ਚੋਣ ਲੜੀ ਤਾਂ ਮਹਿਰਾਜ ਵਾਸੀ ਪਟਿਆਲਾ ਨੀਵਾਂ ਕਰ ਦਿੰਦੇ ਸਨ। ਮਹਿਰਾਜ ਪਿੰਡ ਹੁਣ ਅਮਰਿੰਦਰ ਸਿੰਘ ਦੇ ਫ਼ੈਸਲੇ ਤੋਂ ਨਾਖ਼ੁਸ਼ ਹੈ। ਇਨ੍ਹਾਂ ਚੋਣਾਂ ਵਿਚ ਮਹਿਰਾਜ ਨਵੀਂ ਲੀਹ ਪਾ ਸਕਦਾ ਹੈ। ਅਮਰਿੰਦਰ ਦੇ ਪਿੰਡ ਮਹਿਰਾਜ ਵਿਚਲੇ ਨੇੜਲੇ ਨਿਰੰਜਨ ਸਿੰਘ ਮਿੱਠੂ ਵੈਦ ਦਾ ਪ੍ਰਤੀਕਰਮ ਸੀ ਕਿ ਪਿੰਡ ਮਹਿਰਾਜ ਨੇ ਕਿਸਾਨਾਂ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਅਮਰਿੰਦਰ ਸਿੰਘ ਦਾ ਜਲਵਾ ਹੁਣ ਪਿੰਡ ’ਚੋਂ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਦੇ ਭਾਜਪਾ ਵਿਚ ਚਲੇ ਜਾਣ ਮਗਰੋਂ ਪਿੰਡ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਹਨ। ਚੇਤੇ ਰਹੇ ਕਿ ਪਿੰਡ ਮਹਿਰਾਜ ਦੇ ਲੋਕਾਂ ਨੇ ਦਿੱਲੀ ਦੇ ਕਿਸਾਨ ਮੋਰਚੇ ਵੀ ਸ਼ਮੂਲੀਅਤ ਕੀਤੀ ਸੀ। ਜਦੋਂ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਪਿੰਡ ਦੀ ਨੁਹਾਰ ਬਦਲ ਦਿੱਤੀ ਸੀ। 

        ਅਮਰਿੰਦਰ ਸਿੰਘ ਦੀ ਦੂਜੀ ਪਾਰੀ ਦੌਰਾਨ ਪਿੰਡ ਮਹਿਰਾਜ ਨੂੰ 28 ਕਰੋੜ ਦਾ ਪੈਕੇਜ ਤਾਂ ਮਿਲਿਆ ਪ੍ਰੰਤੂ ਵਿਕਾਸ ਬਹੁਤਾ ਨਜ਼ਰ ਨਾ ਆਇਆ। 2002 ਦੀਆਂ ਚੋਣਾਂ ਤੱਕ ਪਿੰਡ ਮਹਿਰਾਜ ਪੰਥਕ ਸਫ਼ਾ ਵਿਚ ਰਿਹਾ ਹੈ ਅਤੇ ਹਮੇਸ਼ਾ ਅਕਾਲੀ ਦਲ ਦੀ ਵੋਟ ਮਹਿਰਾਜ ’ਚੋਂ ਵਧਦੀ ਰਹੀ ਹੈ। ਮਹਿਰਾਜ ਦੇ ਕਾਕਾ ਸਿੰਘ ਦਾ ਕਹਿਣਾ ਸੀ ਕਿ ਅਮਰਿੰਦਰ ਸਿੰਘ ਵੱਲੋਂ ਦਲ ਬਦਲੀ ਕੀਤੇ ਜਾਣ ਮਗਰੋਂ ਪਿੰਡ ਵਾਸੀਆਂ ਦਾ ਦਿਲ ਟੁੱਟ ਗਿਆ ਹੈ ਅਤੇ ਅਮਰਿੰਦਰ ਦੀ ਹੁਣ ਪਿੰਡ ਵਿਚ ਪਹਿਲਾਂ ਵਾਲੀ ਧਾਕ ਨਹੀਂ ਰਹੀ। ਪਿੰਡ ਵਾਸੀ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਸਮੇਂ ਵੀ ਕੋਈ ਵਿਕਾਸ ਨਹੀਂ ਹੋਇਆ ਹੈ ਅਤੇ ਪਿੰਡ ਦੀ ਫਿਰਨੀ ਦਾ ਬੁਰਾ ਹਾਲ ਹੈ। ਕਿਸਾਨ ਚਮਕੌਰ ਸਿੰਘ ਨੇ ਮੌਜੂਦਾ ਸਰਕਾਰ ਦੀ ਸ਼ਲਾਘਾ ਕੀਤੀ ਕਿ ਕਿਸਾਨਾਂ ਨੂੰ ਬਿਨਾਂ ਕੱਟ ਤੋਂ ਖੇਤਾਂ ਲਈ ਬਿਜਲੀ ਮਿਲੀ ਹੈ। ਸਾਲ 2022 ਦੀਆਂ ਚੋਣਾਂ ਵਿਚ ਮਹਿਰਾਜ ਪਿੰਡ ’ਚੋਂ ਆਮ ਆਦਮੀ ਪਾਰਟੀ ਦੀ ਵੋਟ ਵਧੀ ਸੀ ਜਦਕਿ ਪਹਿਲਾਂ ਹਮੇਸ਼ਾ ਗੁਰਪ੍ਰੀਤ ਸਿੰਘ ਕਾਂਗੜ ਨੂੰ ਜਿਤਾਉਣ ਪਿੱਛੇ ਪਿੰਡ ਮਹਿਰਾਜ ਦਾ ਹੱਥ ਰਿਹਾ ਹੈ। 

        ਅਮਰਿੰਦਰ ਸਿੰਘ ਆਪਣੀ ਦੂਜੀ ਪਾਰੀ ਦੌਰਾਨ ਸਿਰਫ਼ ਇੱਕ ਵਾਰ ਹੀ ਪਿੰਡ ਮਹਿਰਾਜ ਆਏ ਸਨ। ਪਿੰਡ ਵਾਸੀ ਗੁਰਤੇਜ ਸਿੰਘ ਆਖਦਾ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਲਈ ਮਹਿਰਾਜ ਪਲਕਾਂ ਵਿਛਾਉਂਦਾ ਸੀ ਪ੍ਰੰਤੂ ਹੁਣ ਪਿੰਡ ਵਿਚ ਅਮਰਿੰਦਰ ਦੀ ਭੱਲ ਖ਼ਰਾਬ ਹੋਈ ਹੈ। ਖ਼ਾਸ ਕਰਕੇ ਕਿਸਾਨ ਭਾਈਚਾਰਾ ਨਾਰਾਜ਼ ਹੋਇਆ ਹੈ। ਪਿੰਡ ਮਹਿਰਾਜ ਵਿੱਚ ਅਮਰਿੰਦਰ ਸਿੰਘ ਦਾ ਭਾਜਪਾਈ ਝੰਡਾ ਸਿਰਫ ਰਾਹੁਲ ਮਹਿਰਾਜ ਨੇ ਹੀ ਚੁੱਕਿਆ ਹੋਇਆ ਹੈ। ਬਾਕੀ ਪਿੰਡ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਮਹਿਰਾਜ ਦੇ ਵਸਨੀਕ ਹਰਿੰਦਰ ਸਿੰਘ ਹਿੰਦਾ ਦਾ ਕਹਿਣਾ ਸੀ ਕਿ ਪਿੰਡ ਮਹਿਰਾਜ ਨੇ ਹੁਣ ਅਮਰਿੰਦਰ ਸਿੰਘ ਦਾ ਖਾਤਾ ਬੰਦ ਕਰ ਦਿੱਤਾ ਹੈ ਕਿਉਂਕਿ ਅਮਰਿੰਦਰ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਮਹਿਰਾਜ ਦੇ ‘ਆਪ’ ਦੇ ਸੀਨੀਅਰ ਆਗੂ ਸਤਵੀਰ ਸਿੰਘ ਬਿੰਦਾ ਦਾ ਕਹਿਣਾ ਸੀ ਕਿ ਮਹਿਰਾਜ ਪਿੰਡ ਨੇ ਹੁਣ ‘ਆਪ’ ਨੂੰ ਹੁੰਗਾਰਾ ਦੇਣਾ ਸ਼ੁਰੂ ਕੀਤਾ ਹੈ ਅਤੇ ਪਿਛਲੀਆਂ ਚੋਣਾਂ ਵਿਚ ਮਹਿਰਾਜ ਚੋਂ ‘ਆਪ’ ਦੀ ਵੋਟ ਵਧੀ ਹੈ। ਪਿਛਲੀ ਲੋਕ ਸਭਾ ਚੋਣ 2019 ਵਿਚ ਪਿੰਡ ਮਹਿਰਾਜ ਚੋਂ ਕਾਂਗਰਸ ਪਾਰਟੀ ਨੂੰ 4513 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 3671 ਵੋਟਾਂ ਪ੍ਰਾਪਤ ਹੋਈਆਂ ਸਨ। ਮਹਿਰਾਜ ਵਿਚ ਅੱਠ ਤੋਂ ਜ਼ਿਆਦਾ ਗਰਾਮ ਪੰਚਾਇਤਾਂ ਹਨ।

Friday, August 11, 2023

 

                               ਗਵਾਰਾਂ ਦਾ ਹਾਸਾ
                                             ਚਰਨਜੀਤ ਭੁੱਲਰ  

ਚੰਡੀਗੜ੍ਹ : ਅੱਜ ਸ਼ੁਰੂਆਤ ਦੀਵਾਰਫਿਲਮ ਦੇ ਮਸ਼ਹੂਰ ਡਾਇਲਾਗ ਨਾਲ, ‘ਮੇਰੇ ਪਾਸ ਬੰਗਲਾ ਹੈ, ਗਾਡੀ ਹੈ, ਤੁਮਹਾਰੇ ਪਾਸ ਕਿਆ ਹੈ ? ...ਮੇਰੇ ਪਾਸ ਮਾਂ ਹੈ ਮਨ ਹੌਲਾ ਨਾ ਕਰੋ ਸੱਜਣੋ! ਰੁੱਤਾਂ ਕੋਲ ਜੇ ਇੰਦਰ ਦੇਵਤਾ ਹੈ ਤਾਂ ਪੰਜਾਬ ਕੋਲ ਵੀ ਮਹਾਰਾਜਾ ਅਮਰਿੰਦਰ ਹਨ, ਬੀਬੀ ਰਜਿੰਦਰ ਕੌਰ ਭੱਠਲ ਹਨ। ਪਾਣੀ ਸਿਰੋਂ ਲੰਘਦਾ ਦਿਖੇ ਤਾਂ ਮਹਾਰਾਣੀ ਪ੍ਰਨੀਤ ਕੌਰ ਵੀ ਹਨ। ਏਨੇ ਪ੍ਰਤਾਪੀ ਚਿਹਰੇ ਹੋਣ, ਫਿਰ ਘੱਗਰਾਂ ਦੀ ਕੀ ਮਜਾਲ। ਚੰਗੇ ਮਲਾਹ ਦੀ ਪਛਾਣ ਤੂਫਾਨ ਆਏ ਤੋਂ ਹੀ ਹੁੰਦੀ ਹੈ।ਇਕੱਲੇ ਪਾਣੀਆਂ ਦੇ ਰਾਖੇ ਨਹੀਂ, ਮਲਾਹਾਂ ਦੇ ਵੀ ਬਾਦਸ਼ਾਹ ਨੇ ਅਮਰਿੰਦਰ। ਨਹੀਂ ਯਕੀਨ ਤਾਂ ਗੁਟਕਾ ਸਾਹਿਬ ਦੀ ਸਹੁੰ ਚੁਕਵਾ ਦਿੰਦੇ ਹਾਂ। ਭਲਿਓ! ਪੰਜਾਬ ਖਾਤਰ ਤਾਂ ਅਮਰਿੰਦਰ ਭਾਜਪਾ ਦੇ ਘਰ ਤੱਕ ਚਲੇ ਗਏ ਨੇ। ਹੋਰ ਕੀ ਭਾਲਦੇ ਹੋ..!

       ਪਹਿਲਾਂ ਲਹਿਰਾਗਾਗਾ ਚੱਲਦੇ ਹਾਂ। ਬੀਬੀ ਭੱਠਲ ਕਿਤੇ ਲੰਡਨ ਨਾ ਗਏ ਹੁੰਦੇ, ਘੱਗਰ ਦੀ ਸਾਰ ਲੈਣ ਚ ਉਨ੍ਹਾਂ ਅੱਗੇ ਹੋਣਾ ਸੀ। ਚੇਤੇ ਕਰੋ ਉਹ ਦਿਨ, ਜਦੋਂ ਇੰਦਰ ਦੇਵਤਾ ਜੁਆਕਾਂ ਵਾਂਗੂ ਰੁੱਸੇ ਸਨ। ਸੋਕੇ ਨੇ ਬੱਸ ਕਰਵਾ ਦਿੱਤੀ ਸੀ। ਉਦੋਂ ਘੱਗਰ ਐਨ ਸੁੱਕਾ ਸੀ, ਚੰਡੀਗੜ੍ਹ ਚ ਹਾਰ ਸ਼ਿੰਗਾਰ ਲਾ ਕੇ, ਘੱਗਰੇ ਪਾ ਕੇ ਬੀਬੀਆਂ ਕੱਠੀਆਂ ਹੋਈਆਂ, ਤੀਆਂ ਮਨਾਉਣ ਲਈ ਨਹੀਂ, ਇੰਦਰ ਦੇਵਤਾ ਨੂੰ ਮਨਾਉਣ ਵਾਸਤੇ। ਅਗਵਾਈ ਉਦੋਂ ਦੀ ਮੰਤਰੀ ਬੀਬੀ ਭੱਠਲ ਨੇ ਕੀਤੀ ਸੀ। ਸਖ਼ੀਆਂ ਰਲ ਮਿਲ ਗੁੱਡੀ ਫੂਕੀ। ਗੁਲਜ਼ਾਰ ਵੀ ਸ਼ਰਧਾ ਚ ਗੁਣਗਣਾਏ ਸਨ..ਅੱਲਾ ਮੇਘ ਦੇ..

       ਨਵੀਂ ਪੀੜੀ ਨੂੰ ਨਹੀਂ ਪਤਾ ਕਿ ਸੋਕਾ ਪੈਣ ਤੇ ਕੁੜੀਆਂ ਗੁੱਡੀ ਫੂਕਦੀਆਂ ਨੇ। ਇੰਦਰ ਦੇਵਤਾ ਵੀ ਪਟਿਆਲਵੀ ਰਾਜੇ ਵਾਂਗੂ ਥੋੜਾ ਮਿਜਾਜ਼ੀ ਰੰਗ ਦੇ ਨੇ, ਰੰਗੀਨਪੁਣੇ ਦੇਖ ਪ੍ਰਸੰਨ ਹੁੰਦੇ ਨੇ । ਬਲਵੰਤ ਗਾਰਗੀ ਨੇ ਕੇਰਾਂ ਬਠਿੰਡੇ ਥਰਮਲ ਦੀਆਂ ਚਿਮਨੀਆਂ ਦੇਖ ਕਿਹਾ ਸੀ, ‘ਬਈ! ਏਹ ਤਾਂ ਰੱਬ ਦਾ ਘੱਗਰਾ ਐ।ਗਾਰਗੀ ਅੱਜ ਸਾਡੇ ਚ ਹੁੰਦੇ ਤਾਂ ਉਨ੍ਹਾਂ ਘੱਗਰ ਨੂੰ ਰੱਬ ਦੀ ਘੱਗਰੀ ਆਖ ਦੇਣਾ ਸੀ। ਪਰਲੋਕਪੁਰੀ ਚ ਗੂੰਜ ਪਈ ਹੋਣੀ ਐ, ‘ਤੇਰੇ ਘੱਗਰੇ ਦੀ ਨੀਂ ਲੌਣ ਭਿੱਜ ਗਈ।ਸਿਆਸਤਦਾਨ ਲੋੜ ਵੇਲੇ ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਕਹਿਣੋ ਨਹੀਂ ਝਿਜਕਦੇ, ਘੱਗਰੀਆਂ ਪਾਉਣਾ ਇਨ੍ਹਾਂ ਲਈ ਕੀ ਔਖੈ। ਕਿਸਾਨਾਂ ਨੇ ਜ਼ਰੂਰ ਰੱਬ ਦੇ ਮਾਂਹ ਵਾਹੇ ਹੋਣੇ ਨੇ, ਤਾਹੀਓਂ ਰੱਬ ਦਾ ਅੱਡਾ ਇੰਚਾਰਜ ਅੱਜ ਪੰਜਾਬ ਨਾਲ ਰੁੱਸਿਐ। ਕਦੇ ਡੋਬਾ, ਕਦੇ ਸੋਕਾ

        ਬੱਦਲ ਚੜਿਆ ਚੰਬਲੋਂ, ਡੰਗਰ ਵੱਛੇ ਸਾਂਭਲੋ ਸਤਲੁਜ ਤੇ ਘੱਗਰ ਕਿਥੋਂ ਸਾਂਭਣ ਦਿੰਦੇ ਆ। ਜੀਅ ਕਰਦੈ ਅਮਰਿੰਦਰ ਦੇ ਚਰਨ ਧੋ ਧੋ ਪੀਵਾਂ, ਜਿਨ੍ਹਾਂ ਤੋਂ ਪਰਜਾ ਦਾ ਦੁੱਖ ਝੱਲ ਨਹੀਓਂ ਹੁੰਦਾ। 1993 ’ਚ ਹੜ੍ਹ ਆਏ ਤਾਂ ਅਮਰਿੰਦਰ ਲੰਡਨੋਂ ਸਿੱਧੇ ਪਟਿਆਲੇ ਪੁੱਜੇ। ਪੁਰਾਣੀ ਮਿੱਥ ਹੈ ਕਿ ਜਦੋਂ ਪਟਿਆਲਾ ਨਦੀ ਚੜ੍ਹਦੀ ਹੈ, ਮਹਾਰਾਜਾ ਨਦੀ ਚ ਨੱਥ ਚੂੜਾ ਚੜਾਉਂਦੈ, ਨਦੀ ਉਤਰ ਜਾਂਦੀ ਹੈ।

        ਕਹਿੰਦੇ ਕਿਸੇ ਫਕੀਰ ਨੇ ਸਰਾਪ ਦਿੱਤਾ ਸੀ। ਤਾਹੀਂ ਪਟਿਆਲਾ ਡੁੱਬਦੈ। ਔਖੇ ਵੇਲੇ ਸਾਥ ਜੋ ਦੇਵੇ, ਸੋਈ ਮੀਤ ਪਛਾਣੀਏ ਲੋਕ ਅਮਰਿੰਦਰ ਦੇ ਪੁਰਖਿਆਂ ਦੇ ਨਾਮ ਨਹੀਂ ਲੈਂਦੇ ਸਨ, ਉਨ੍ਹਾਂ ਨੂੰ ਸਰਕਾਰ ਆਖ ਬੁਲਾਉਂਦੇ ਸਨ। ਐਤਕੀਂ ਦੋਖੀਆਂ ਨੇ ਕੂੜ ਪ੍ਰਚਾਰ ਕੀਤਾ ਕਿ ਨਦੀ ਉਤਾਰਨ ਮਹਾਰਾਜਾ ਨਹੀਂ ਆਇਆ। ਇਨ੍ਹਾਂ ਬੁੱਧੂਆਂ ਨੂੰ ਕੌਣ ਸਮਝਾਏ ਕਿ ਉਹ ਦੁੱਖਾਂ ਦਾ ਦਰਦੀ, ਤੁਹਾਡੇ ਖਾਤਰ ਜ਼ਰੂਰ ਸਿਸਵਾਂ ਵਾਲੇ ਧੂਣੇ ਤੇ ਬੈਠ ਤਪੱਸਿਆ ਪਿਆ ਕਰਦਾ ਹੋਵੇਗਾ। ਮਹਾਰਾਣੀ ਪ੍ਰਨੀਤ ਕੌਰ ਕਿੰਨੀ ਖੈਰਖਵਾਹ ਹੈ ਜਿਨ੍ਹਾਂ ਪਟਿਆਲਾ ਨੂੰ ਹੱਥ ਦੇ ਕੇ ਰੱਖ ਲਿਆ। ਜੇ ਮਹਾਰਾਣੀ ਨਦੀ ਚ ਨੱਥ ਚੂੜਾ ਨਾ ਚੜਾਉਂਦੀ, ਸਭ ਵੋਟਾਂ ਨੇ ਰੁੜ੍ਹ ਜਾਣਾ ਸੀ। ਹਾਲੇ ਮੂੜ੍ਹਮੱਤੀਏ ਆਖਦੇ ਪਏ ਨੇ, ਏਹ ਤਾਂ ਅੰਧ ਵਿਸ਼ਵਾਸ ਐ।

        ਮੂਰਖਦਾਸੋ ! ਜੇ ਧੰਨਾ ਭਗਤ ਪੱਥਰਾਂ ਚੋਂ ਰੱਬ ਨੂੰ ਪਾ ਸਕਦੈ, ਗਊ ਮੂਤਰ ਕਰੋਨਾ ਨੂੰ ਭਜਾ ਸਕਦੈ, ਮੋਦੀ ਦੇ ਜਹਾਜ਼ ਬੱਦਲਾਂ ਵਿਚ ਲੁਕ ਸਕਦੇ ਨੇ ਤਾਂ ਨੱਥ ਚੂੜਾ ਨਦੀ ਨੂੰ ਕਿਉਂ ਨਹੀਂ ਉਤਾਰ ਸਕਦਾ। ਇਤਿਹਾਸਿਕ ਤੇ ਮਿਥਹਾਸਿਕ ਤਜਰਬੇ ਨੇ ਇਸ ਤੇ ਵੱਡੀ ਮੋਹਰ ਲਾਈ ਹੈ। ਕੁਦਰਤ ਦਾ ਮਹਾਰਾਜੇ ਨਾਲ ਅਜੀਬ ਨੱਥ-ਜੋੜ ਹੈ, ਤਾਹੀਂ ਜਜਮਾਨ ਵੀ ਬਚਾਅ ਲਏਭਗਵੰਤ ਮਾਨ ਤਾਂ ਐਵੇਂ ਟੱਕਰਾਂ ਮਾਰਦੈ ਫਿਰਦੈ, ਚੰਗਾ ਹੁੰਦਾ ਉਹ ਰਾਣੀ ਸਾਹਿਬਾਂ ਨੂੰ ਦੂਸਰੇ ਦਰਿਆਵਾਂ ਤੇ ਵੇਲੇ ਸਿਰ ਲੈ ਜਾਂਦਾ। ਘੱਟੋ ਘੱਟ ਪੰਜਾਬ ਤਾਂ ਬਚ ਜਾਂਦਾ। ਉਲਟਾ ਆਖਦਾ ਫਿਰਦੈ, ਇਨ੍ਹਾਂ ਨੇ ਤਾਂ ਪੰਜਾਬ ਡੋਬਿਐ। ਕਿਸੇ ਨੇ ਇਨ੍ਹਾਂ ਨੂੰ ਦੇਖ ਹੀ ਕਲਮ ਝਰੀਟੀ ਹੋਊ, ‘ਕੁਛ ਤੋਂ ਲੋਗ ਕਹੇਗੇਂ, ਲੋਗੋਂ ਕਾ ਕਾਮ ਹੈ ਕਹਿਨਾ।

       ਕੌਣ ਕਹੇ ਰਾਣੀਏ ਅੱਗਾ ਢੱਕ ਅੱਗੇ ਤਾਂ ਭਾਈ ਲੋਕ ਸਭਾ ਚੋਣਾਂ ਨੇ। ਰੰਜ ਤੇ ਤਨਜ਼ ਛੱਡੋ, ਦਾਸ ਦੀ ਮੰਨੋ ਤਾਂ ਮਹਾਰਾਣੀ ਨੂੰ ਉਨ੍ਹਾਂ ਟੈਕੀਆਂ ਕੋਲ ਵੀ ਲੈ ਕੇ ਜਾਓ, ਜਿਥੇ ਹੱਕ ਮੰਗਣ ਵਾਲੇ ਚੜ੍ਹੇ ਨੇ, ਸ਼ਾਇਦ ਨੱਥ ਚੂੜੇ ਨਾਲ ਹੀ ਉਤਰ ਜਾਣ। ਮੋਤੀ ਮਹਿਲ ਦੇ ਤਜਰਬੇ ਦਾ ਛਿੱਟਾ ਪੂਰੇ ਪੰਜਾਬ ਤੇ ਦੇਵੋ। ਮੁਫਤ ਦੀ ਸਲਾਹ ਮੰਨੋ ਤਾਂ ਪ੍ਰਨੀਤ ਕੌਰ ਨੂੰ ਨੌਲੇਜ ਸ਼ੇਅਰਿੰਗ ਪ੍ਰੋਗਰਾਮਤਹਿਤ ਦਿੱਲੀ ਵੀ ਭੇਜੋ, ਯਮੁਨਾ ਦਾ ਪਾਣੀ ਤਾਂ ਉਤਰੂ। ਫਿਰ ਕੀ ਪਤੈ, ਮੋਦੀ ਸਰਕਾਰ ਕੋਈ ਨਵਾਂ ਨੱਥ ਮੰਤਰਾਲਾਹੀ ਬਣਾ ਦੇਵੇ। ਪ੍ਰਨੀਤ ਕੌਰ ਦੀ ਵਜ਼ੀਰੀ ਪੱਕੀ।

        ਦਾਨ ਪੁੰਨ ਚ ਮੋਤੀ ਮਹਿਲ ਦਾ ਕੋਈ ਸਾਨੀ ਨਹੀਂ। ਬਹੁਤਾ ਦੂਰ ਨਾ ਜਾਵੋ, 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਅਮਰਿੰਦਰ ਨੇ ਪੰਡਤ ਬੁਲਾਏ, ਸਿਆਸੀ ਗੁਮਾਸ਼ਤੇ ਕਾਲਾ ਕੱਟਾ ਲੈ ਆਏ, ਪੰਡਤਾਂ ਨੇ ਮੰਤਰਾਂ ਦੀ ਝੜੀ ਲਾਈ, ਮਹਾਰਾਜੇ ਨੇ ਆਪਣੇ ਕਰ ਕਮਲਾਂ ਨਾਲ ਕੱਟਾ ਦਾਨ ਕੀਤਾ। ਮਹਾਰਾਜਵੀ ਹੱਥਾਂ ਦੀ ਛੋਹ ਪ੍ਰਾਪਤ ਹੋਣ ਨਾਲ ਕੱਟਾ ਸਾਹਿਬ ਧੰਨ ਹੋ ਗਏ। ਕੱਟਾ ਕੀ ਜਾਣੇ ਕਿ ਇਨ੍ਹਾਂ ਹੱਥਾਂ ਦੀ ਛੋਹ ਦਾ ਵਿਰਲਿਆਂ ਨੂੰ ਸੁਭਾਗ ਪ੍ਰਾਪਤ ਹੁੰਦੈ। ਮਰਹੂਮ ਕਾਂਗਰਸੀ ਨੇਤਾ ਰਤਨ ਦੇਵ ਭੰਡਾਰੀ ਦਾ ਸ਼ੇਅਰ ਹੈ, ‘ਹਮ ਮਿਠਾਈ ਬਾਂਟਤੇ ਫਿਰਤੇ ਹੈਂ ਆਜ, ਹੈ ਹਮਾਰੀ ਭੈਂਸ ਨੇ ਕੱਟਾ ਦੀਆ ਸ਼ਾਇਦ ਇਹ ਭੰਡਾਰੀਆਂ ਦਾ ਹੀ ਕੱਟਾ ਹੋਵੇਗਾ ਜਿਹੜਾ ਰਾਜੇ ਦੀਆਂ ਅੱਖਾਂ ਚ ਅੱਖਾਂ ਗੱਡੀ ਖੜ੍ਹਾ ਸੀ। ਨਹੀਂ ਕਿਸੇ ਮਹਾਤੜ ਦੀ ਏਨੀ ਮਜ਼ਾਲ ਕਿਥੇ।

       ਖੈਰ ਕਿਤੇ ਅਮਰਿੰਦਰ ਚੋਣ ਜਿੱਤ ਜਾਂਦੇ ਤਾਂ ਕੱਟਾ ਜਾਤੀ ਦਾ ਸਿਰ ਮਾਣ ਚ ਉੱਚਾ ਹੋਣਾ ਸੀ। ਹਾਰਪੁਣਾ ਇਕੱਲਾ ਮਹਾਰਾਜੇ ਪੱਲੇ ਨਹੀਂ ਪਿਆ ਬਲਕਿ ਕੱਟਾ ਜਾਤੀ ਵੀ ਮੂੰਹ ਦਿਖਾਉਣ ਜੋਗੀ ਨਹੀਂ ਰਹੀ। ਜਿੱਤ ਬਖਸ਼ਿਸ਼ ਹੁੰਦੀ ਤਾਂ ਸ਼ਾਹੀ ਸ਼ਹਿਰ ਨੇ ਕੱਟਿਆਂ ਵਾਲੇ ਪਟਿਆਲੇਵਜੋਂ ਮਸ਼ਹੂਰ ਹੋਣਾ ਸੀ। ਮਹਾਰਾਜੇ ਨੂੰ ਗੱਦੀ ਮਿਲਦੀ ਤਾਂ ਕੱਟਾ ਜਾਤੀਨੂੰ ਵੀ ਇੱਜ਼ਤ ਮਿਲਣੀ ਤੈਅ ਸੀ। ਹੋ ਸਕਦੈ ਸਰਕਾਰ ਕੱਟੇ ਨੂੰ ਰਾਜ ਪਸ਼ੂਐਲਾਨ ਦਿੰਦੀ। ਲੋਕਾਂ ਨੇ ਫੇਰ ਸ਼ਾਹੀ ਸ਼ਹਿਰ ਨੂੰ ਪਟਿਆਲਾ ਨਹੀਂ, ‘ਕਟਿਆਲਾਕਹਿਣਾ ਸੀ।

       ਮੋਦੀ ਬੰਦਿਆ! ਤੁਸੀਂ ਵੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ। ਤੁਹਾਨੂੰ ਡਰ ਮਾਰ ਗਿਆ ਹੋਊ ਕਿ ਜੇ ਅਮਰਿੰਦਰ ਨੂੰ ਗਵਰਨਰ ਲਾਤਾ ਤਾਂ ਰਾਜ ਭਵਨ ਵਿਚ ਗਊ ਦੀ ਥਾਂ ਕੱਟੇ ਨੇ ਲੈ ਲੈਣੀ ਹੈ। ਚਲੋ ਕੱਟਾ ਬਾਣੀ ਛੱਡੀਏ, ਉਨ੍ਹਾਂ ਕੋਲ ਚੱਲੀਏ ਜਿਨ੍ਹਾਂ ਨੂੰ ਹੜ੍ਹਾਂ ਅੱਗੇ ਗੋਡੇ ਟੇਕਣੇ ਪਏ ਨੇ, ਜਿਨ੍ਹਾਂ ਨੂੰ ਨਿੱਤ ਨਵੀਂ ਜੰਗ ਲੜਣੀ ਪੈ ਰਹੀ ਹੈ। ਲਤਾ ਮੰਗੇਸ਼ਕਰ ਠੀਕ ਫਰਮਾ ਰਹੀ ਹੈ..ਜ਼ਿੰਦਗੀ ਹਰ ਕਦਮ ਇੱਕ ਨਵੀਂ ਜੰਗ ਐ।ਨੇਤਾਵਾਂ ਦਾ ਢਿੱਡ ਅਤੇ ਗਰੀਬ ਦਾ ਭੜੋਲਾ ਕਦੇ ਨਹੀਂ ਭਰਦੇ। ਚਿੜ੍ਹੀਆਂ ਦਾ ਮਰਨ, ਗਵਾਰਾਂ ਦਾ ਹਾਸਾਸੱਚਮੁੱਚ ਨੇਤਾਵਾਂ ਨੇ ਹੜਾਂ ਨੂੰ ਤਮਾਸ਼ਾ ਬਣਾ ਰੱਖਿਆ ਹੈ। ਕਿਤੇ ਕਾਮਰੇਡ ਗੁੱਸਾ ਨਾ ਕਰ ਜਾਣ, ਹੜ੍ਹ ਝੱਲਣ ਵਾਲਿਓ! ਨੇਤਾਵਾਂ ਤੋਂ ਨਹੀਂ, ਉਸ ਮਾਲਕ ਤੋਂ ਮੰਗੋ..ਐਸੀ ਸ਼ਕਤੀ ਹਮੇ ਦੇ ਦਾਤਾ..


 

Sunday, September 19, 2021

                                            ਸਿਆਸੀ ਵਿਦਾਇਗੀ
                     ਅਮਰਿੰਦਰ ਦੂਜੀ ਪਾਰੀ ’ਚ ਦਿਖਾ ਨਾ ਸਕੇ ਕਪਤਾਨੀ
                                              ਚਰਨਜੀਤ ਭੁੱਲਰ             

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਉਨ੍ਹਾਂ ਦੇ ਸਿਆਸੀ ਅਕਸ ਨੂੰ ਢਾਹ ਲਾ ਗਈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਪਣਾ ਪੰਜ ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰਨਾ ਨਸੀਬ ਨਾ ਹੋਇਆ। ਦੂਸਰੀ ਪਾਰੀ ਵਿਚ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਵੱਡੀ ਢਾਹ ਲੱਗੀ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਅਕਸ ਨੂੰ ਕਾਇਮ ਰੱਖਣ ਵਿੱਚ ਫੇਲ੍ਹ ਰਹੇ। ਜਦੋਂ ਵਰ੍ਹਾ 2017 ਦੀਆਂ ਚੋਣਾਂ ਸਨ ਤਾਂ ਉਦੋਂ ਅਮਰਿੰਦਰ ਸਿੰਘ ਮਜ਼ਬੂਤ ਆਗੂ ਵਜੋਂ ਉਭਰੇ ਸਨ ਪਰ ਛੇਤੀ ਹੀ ਉਹ ਲੋਕ ਮਨਾਂ ’ਚੋਂ ਆਪਣੀ ਪੈਂਠ ਗੁਆ ਬੈਠੇ। ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣੀ ਅਤੇ ਉਸ ’ਤੇ ਪਹਿਰਾ ਨਾ ਦੇਣਾ ਵੀ ਸਿਆਸੀ ਚਰਚਾ ਵਿੱਚ ਰਿਹਾ।ਪਹਿਲੀ ਪਾਰੀ ਦੌਰਾਨ ਅਮਰਿੰਦਰ ਸਿੰਘ ਦਲੇਰਾਨਾ ਫ਼ੈਸਲੇ ਲੈਣ ਵਜੋਂ ਜਾਣੇ ਜਾਂਦੇ ਸਨ। ਸਭ ਤੋਂ ਮਹਿੰਗਾ ਉਨ੍ਹਾਂ ਨੂੰ ਐਤਕੀਂ ਬਾਦਲਾਂ ਪ੍ਰਤੀ ਦੋਸਤਾਨਾ ਰਵੱਈਆ ਪਿਆ ਹੈ। ਚੋਣਾਂ ਵਿੱਚ ਥੋੜ੍ਹਾ ਸਮਾਂ ਰਹਿਣ ਦੇ ਬਾਵਜੂਦ ਅਮਰਿੰਦਰ ਸਿੰਘ ਨੇ ਸਿਆਸੀ ਰੁਖ ਵਿੱਚ ਕੋਈ ਬਦਲਾਅ ਨਾ ਲਿਆਂਦਾ। ਜਦੋਂ ਕਾਂਗਰਸੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਜਾਪਿਆ ਕਿ ਉਨ੍ਹਾਂ ਨੂੰ ਅਗਲੀਆਂ ਚੋਣਾਂ ’ਚ ਲੋਕ ਕਚਹਿਰੀ ’ਚ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਵੇਗਾ ਤਾਂ ਉਨ੍ਹਾਂ ਕੈਪਟਨ ਖ਼ਿਲਾਫ਼ ਝੰਡਾ ਚੁੱਕ ਲਿਆ।

           ਸਿਆਸੀ ਮਾਹਿਰ ਆਖਦੇ ਹਨ ਕਿ ਅਮਰਿੰਦਰ ਸਿੰਘ ਨੇ ਦੂਸਰੀ ਪਾਰੀ ਦੌਰਾਨ ਜਿੱਥੇ ਆਮ ਲੋਕਾਂ ਤੋਂ ਦੂਰੀ ਬਣਾਈ ਰੱਖੀ, ਉਥੇ ਪਾਰਟੀ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਵੀ ਮਿਲਣ ਲਈ ਸਮਾਂ ਨਹੀਂ ਦਿੰਦੇ ਸਨ। ਸਿਸਵਾਂ ਫਾਰਮ ਹਾਊਸ ਵਿੱਚੋਂ ਨਾ ਨਿਕਲਣਾ ਵੀ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਲੋਕਾਂ ਤੋਂ ਦੂਰ ਲੈ ਗਿਆ। ਇਸੇ ਤਰ੍ਹਾਂ ਅਮਰਿੰਦਰ ਸਿੰਘ ਦੀ ਨੌਕਰਸ਼ਾਹੀ ’ਤੇ ਲੋੜੋਂ ਵੱਧ ਨਿਰਭਰਤਾ ਅਤੇ ਅਫ਼ਸਰਸ਼ਾਹੀ ਨੂੰ ਤਰਜੀਹ ਦੇਣ ਨਾਲ ਵੀ ਕੈਪਟਨ ਦੀ ਭੱਲ ਨੂੰ ਢਾਹ ਲੱਗੀ ਹੈ।ਅਮਰਿੰਦਰ ਸਿੰਘ ਵੱਲੋਂ ਆਪਣੇ ਚੀਫ ਪ੍ਰਮੁੱਖ ਸਕੱਤਰ ਨੂੰ ਪੂਰੀ ਕਮਾਨ ਦਿੱਤੇ ਜਾਣ ਤੋਂ ਚੁਣੇ ਹੋਏ ਨੁਮਾਇੰਦੇ ਹੇਠੀ ਮਹਿਸੂਸ ਕਰਦੇ ਸਨ। ਹਾਈਕਮਾਨ ਦਾ ਮਨ ਉਦੋਂ ਖੱਟਾ ਪੈਣਾ ਸ਼ੁਰੂ ਹੋ ਗਿਆ ਸੀ, ਜਦੋਂ 18 ਨੁਕਾਤੀ ਏਜੰਡੇ ’ਤੇ ਵੀ ਅਮਰਿੰਦਰ ਸਿੰਘ ਨੇ ਕੋਈ ਠੋਸ ਕਾਰਵਾਈ ਨਾ ਕੀਤੀ। ਹਾਈਕਮਾਨ ਨੂੰ ਇਹ ਗੱਲ ਪੱਕੀ ਹੋਣ ਲੱਗੀ ਸੀ ਕਿ ਅਮਰਿੰਦਰ ਸਿੰਘ ਸਿਆਸੀ ਵਿਰੋਧੀ ਬਾਦਲਾਂ ਨਾਲ ਵੀ ਅੰਦਰੋਂ ਖਿਓ-ਖਿਚੜੀ ਹਨ। 

          ਬਹਿਬਲ ਕਲਾਂ ਤੇ ਬਰਗਾੜੀ ਦੇ ਮਾਮਲੇ ’ਤੇ ਕੋਈ ਕਾਰਵਾਈ ਨਾ ਕਰਨਾ, ਬਿਜਲੀ ਸਮਝੌਤਿਆਂ ’ਤੇ ਚੁੱਪ ਵੱਟਣਾ, ਹਰ ਤਰ੍ਹਾਂ ਦੇ ਮਾਫੀਏ ਨੂੰ ਖੁੱਲ੍ਹੀ ਛੁੱਟੀ ਦੇਣਾ ਅਤੇ ਵੱਡੇ ਨਸ਼ਾ ਤਸਕਰਾਂ ਤੋਂ ਮੂੰਹ ਫੇਰਨਾ, ਇਹ ਉਹ ਸਭ ਮਾਮਲੇ ਹਨ ਜਿਨ੍ਹਾਂ ਕਰਕੇ ਆਮ ਲੋਕ ਵੀ ਅਮਰਿੰਦਰ ਨੂੰ ਕਮਾਨ ਦੇ ਕੇ ਪਛਤਾਉਣ ਲੱਗੇ ਸਨ। ਭਾਵੇਂ ਅਮਰਿੰਦਰ ਸਿੰਘ ਨੇ ਕਿਸਾਨ ਪੱਖੀ ਕਈ ਫ਼ੈਸਲੇ ਲਏ ਹਨ ਪਰ ਉਨ੍ਹਾਂ ਦੀ ਪੰਜਾਬ ਵਿੱਚੋਂ ਗੈਰਹਾਜ਼ਰੀ ਸਭ ਨੂੰ ਰੜਕਦੀ ਰਹੀ ਹੈ। ਅਮਰਿੰਦਰ ਸਿੰਘ ਪੰਜਾਬ ਨੂੰ ਆਰਥਿਕ ਪੱਖੋਂ ਤੋਂ ਪੈਰਾਂ ਸਿਰ ਨਹੀਂ ਕਰ ਸਕੇ ਹਨ। ਸੂਤਰ ਆਖਦੇ ਹਨ ਕਿ ਅਮਰਿੰਦਰ ਸਿੰਘ ਦੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਅੰਦਰੋਂ ਸੁਰ ਮਿਲਦੀ ਹੋਣ ਦਾ ਸ਼ੱਕ ਵੀ ਲੋਕਾਂ ਵਿੱਚ ਵਧ ਗਿਆ ਸੀ। ਅਮਰਿੰਦਰ ਸਿੰਘ ਭਾਜਪਾ ਖ਼ਿਲਾਫ਼ ਦੱਬਵੀਂ ਸੁਰ ਵਿੱਚ ਬੋਲਦੇ ਰਹੇ ਹਨ। ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਠੰਢੀ ਰਹੀ ਅਤੇ ਉਨ੍ਹਾਂ ਐਤਕੀਂ ਦੀ ਪਾਰੀ ਦੌਰਾਨ ਕਿਸੇ ਵੀ ਸਿਆਸੀ ਆਗੂ ਨੂੰ ਹੱਥ ਨਹੀਂ ਪਾਇਆ।

                                            ਸਿਰਫ 100 ਦਿਨ ਬਚੇ ਹਨ...

ਹਾਈਕਮਾਨ ਤਰਫੋਂ ਐਲਾਨੇ ਜਾਣ ਵਾਲੇ ਮੁੱਖ ਮੰਤਰੀ ਅੱਗੇ ਚੁਣੌਤੀਆਂ ਦਾ ਢੇਰ ਹੋਵੇਗਾ। ਪਤਾ ਲੱਗਿਆ ਹੈ ਕਿ ਨਵੇਂ ਮੁੱਖ ਮੰਤਰੀ ਨੂੰ ਸੋਮਵਾਰ ਨੂੰ ਸਹੁੰ ਚੁਕਾਈ ਜਾ ਸਕਦੀ ਹੈ, ਜਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਨਵੇਂ ਮੁੱਖ ਮੰਤਰੀ ਨੂੰ ਸਿਰਫ 100 ਦਿਨ ਦਾ ਸਮਾਂ ਮਿਲੇਗਾ ਅਤੇ ਇੰਨੇ ਥੋੜੇ ਸਮੇਂ ਵਿੱਚ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਦਸੰਬਰ ਅਖੀਰ ਤੱਕ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ। ਸਭ ਤੋਂ ਵੱਡਾ 18 ਨੁਕਾਤੀ ਏਜੰਡਾ ਹੋਵੇਗਾ, ਜਿਸ ਵਿੱਚ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦਾ ਮਾਮਲਾ, ਨਸ਼ਾ ਤਸਕਰੀ ਦਾ ਮਾਮਲਾ, ਟਰਾਂਸਪੋਰਟ ਮਾਫੀਆ, ਬਿਜਲੀ ਸਮਝੌਤੇ ਆਦਿ ਮੁੱਖ ਹਨ। ਕੁਝ ਸਮਾਂ ਤਾਂ ਪ੍ਰਸ਼ਾਸਨਿਕ ਤਬਾਦਲਿਆਂ ਵਿੱਚ ਹੀ ਲੱਗ ਜਾਵੇਗਾ। ਉਸ ਮਗਰੋਂ ਧੜੱਲੇ ਤੇ ਦਲੇਰਾਨਾ ਫ਼ੈਸਲੇ ਲੈਣੇ ਪੈਣਗੇ ਤਾਂ ਹੀ ਲੋਕਾਂ ਵਿੱਚ ਕਾਂਗਰਸੀ ਮੂੰਹ ਦਿਖਾਈ ਕਰ ਸਕਣਗੇ। ਅੱਜ ਦੇ ਘਟਨਾਕ੍ਰਮ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਹਰਚਰਨ ਬੈਂਸ ਨੇ ਟਵੀਟ ਕੀਤਾ ਹੈ ਕਿ ‘ਗੱਬਰ ਚਲਾ ਗਿਆ, ਕਾਲੀਆ ਆ ਗਿਆ।’ ਭਾਵ ਗੈਂਗ ਤਾਂ ਉਹੀ ਹੀ ਰਹੇਗਾ।

                                            ਚੜ੍ਹਦੇ ਸੂਰਜ ਨੂੰ ਸਲਾਮਾਂ...

ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਦੀ ਦੇਰ ਸੀ ਕਿ ਪਰਛਾਵਾਂ ਬਣ ਕੇ ਚੱਲਣ ਵਾਲੇ ਆਗੂ ਵੀ ਸਾਥ ਛੱਡ ਗਏ। ਕੈਪਟਨ ਅਮਰਿੰਦਰ ਸਿੰਘ ਦਾ ਨੇੜਲਾ ਮਾਲਵਾ ਦਾ ਇੱਕ ਵਜ਼ੀਰ ਤਾਂ ਅੱਜ ਦਿਨ ਚੜ੍ਹਦੇ ਹੀ ਇੱਕ ਪ੍ਰਾਈਵੇਟ ਘਰ ਵਿੱਚ ਲੁਕ ਗਿਆ, ਜਿਸ ਨੂੰ ਡਰ ਸੀ ਕਿ ਕਿਤੇ ਅਮਰਿੰਦਰ ਸਿੰਘ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਉਸ ਨੂੰ ਆਪਣੇ ਘਰ ਨਾ ਸੱਦ ਲਵੇ। ਹਾਲਾਂ ਕਿ ਬੀਤੇ ਦਿਨ ਹੀ ਅਮਰਿੰਦਰ ਸਿੰਘ ਨੇ ਉਸ ਵਜ਼ੀਰ ’ਤੇ ਨਿੱਜੀ ਅਹਿਸਾਨ ਕੀਤਾ ਸੀ। ਬਤੌਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨ ਆਖਰੀ ਕੈਬਨਿਟ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਆਖਰੀ ਰੁਜ਼ਗਾਰ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਆਬਕਾਰੀ ਇੰਸਪੈਕਟਰ ਲਗਾ ਦਿੱਤਾ। ਦੂਸਰੀ ਤਰਫ਼ ਅੱਜ ਸੁਨੀਲ ਜਾਖੜ ਦੇ ਘਰ ਭੀੜਾਂ ਜੁੜਨੀਆਂ ਸ਼ੁਰੂ ਹੋ ਗਈਆਂ

                                         ਪ੍ਰਸ਼ਾਂਤ ਕਿਸ਼ੋਰ ਖੁਸ਼ ਹੂਆ..
                        ਕੈਪਟਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ
                                              ਚਰਨਜੀਤ ਭੁੱਲਰ        

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਪੰਜਾਬ ਕਾਂਗਰਸ ਵਿਧਾਇਕ ਦਲ ਨੇ ਸਰਬਸੰਮਤੀ ਨਾਲ ਅਗਲੇ ਮੁੱਖ ਮੰਤਰੀ ਲਈ ਫ਼ੈਸਲਾ ਲੈਣ ਦੇ ਅਧਿਕਾਰ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ| ਹਾਈ ਕਮਾਨ ਵੱਲੋਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ| ਸੂਤਰਾਂ ਮੁਤਾਬਕ ਐਤਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਸਵੇਰੇ 11 ਵਜੇ ਮੁੜ ਮੀਟਿੰਗ ਸੱਦ ਲਈ ਗਈ ਹੈ ਜਿਸ ਿਵੱਚ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਸੁਨੀਲ ਜਾਖੜ ਦੇ ਨਾਮ ’ਤੇ ਵੀ ਇਤਰਾਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਭਲਕੇ ਹੀ ਨਵਾਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਚੁੱਕ ਸਕਦਾ ਹੈ। ਹਾਈ ਕਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਬਦੀਲ ਕਰਨ ਦੀ ਸਿਆਸੀ ਹਿੰਮਤ ਦਿਖਾਈ ਹੈ|

            ਕਾਂਗਰਸ ਹਾਈ ਕਮਾਨ ਨੇ ਨਵੇਂ ਚਿਹਰੇ ਨਾਲ ਆਗਾਮੀ ਚੋਣਾਂ ਵਿਚ ਉਤਰਨ ਦਾ ਪੈਂਤੜਾ ਲਿਆ ਹੈ| ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਕਰੀਬ 22 ਮਿੰਟ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਦਿੱਤਾ| ਰਾਜਪਾਲ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ| ਰਾਜਪਾਲ ਨੇ ਉਨ੍ਹਾਂ ਨੂੰ ਅਤੇ ਮੰਤਰੀ ਮੰਡਲ ਨੂੰ ਬਦਲਵੇਂ ਪ੍ਰਬੰਧ ਹੋਣ ਤੱਕ ਕੰਮਕਾਜ ਚਲਾਉਣ ਲਈ ਕਿਹਾ ਹੈ| ਇਸ ਦੌਰਾਨ ਕਾਂਗਰਸ ਭਵਨ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਪਾਰਟੀ ਦੇ 80 ਵਿਧਾਇਕਾਂ ’ਚੋਂ 78 ਨੇ ਸ਼ਮੂਲੀਅਤ ਕੀਤੀ| ‘ਆਪ’ ’ਚੋਂ ਕਾਂਗਰਸ ’ਚ ਸ਼ਾਮਲ ਹੋਏ ਵਿਧਾਇਕ ਵੀ ਪੁੱਜੇ ਹੋਏ ਸਨ ਪਰ ਉਹ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ| ਮੀਟਿੰਗ ’ਚੋਂ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ|

            ਹਾਈ ਕਮਾਨ ਵੱਲੋਂ ਕੇਂਦਰੀ ਅਬਜ਼ਰਵਰ ਵਜੋਂ ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਅਤੇ ਹਰੀਸ਼ ਚੌਧਰੀ ਮੀਟਿੰਗ ਦੌਰਾਨ ਮੌਜੂਦ ਰਹੇ| ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ| ਕਰੀਬ ਡੇਢ ਘੰਟਾ ਚੱਲੀ ਮੀਟਿੰਗ ਵਿਚ ਸਰਬਸੰਮਤੀ ਨਾਲ ਦੋ ਮਤੇ ਪਾਸ ਕੀਤੇ ਗਏ ਜਿਨ੍ਹਾਂ ’ਚੋਂ ਇੱਕ ਮਤਾ ਪਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ| ਇਹ ਮਤਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੇਸ਼ ਕੀਤਾ ਸੀ| ਮੀਟਿੰਗ ਵਿਚ ਦੂਸਰਾ ਮਤਾ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤਾ ਗਿਆ ਜਿਸ ਦੀ ਤਾਈਦ ਵਿਧਾਇਕ ਅਮਰੀਕ ਸਿੰਘ ਆਦਿ ਵੱਲੋਂ ਕੀਤੀ ਗਈ| ਇਸ ਮਤੇ ਵਿਚ ਵਿਧਾਇਕ ਦਲ ਦਾ ਅਗਲਾ ਨੇਤਾ ਚੁਣਨ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ। ਹੁਣ ਸੋਨੀਆ ਗਾਂਧੀ ਕਿਸੇ ਵਕਤ ਵੀ ਵਿਧਾਇਕ ਦਲ ਦੇ ਨਵੇਂ ਨੇਤਾ ਦਾ ਐਲਾਨ ਕਰ ਸਕਦੇ ਹਨ ਜੋ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ|

            ਕੇਂਦਰੀ ਅਬਜ਼ਰਵਰਾਂ ਦੀ ਹਾਜ਼ਰੀ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈ ਕਮਾਨ ਵੱਲੋਂ ਲਏ ਗਏ ਫ਼ੈਸਲੇ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਸਿਆਸੀ ਰਣਨੀਤੀ ਲਈ ਕਈ ਵਿਧਾਇਕਾਂ ਨੇ ਵਿਚਾਰ ਵੀ ਪੇਸ਼ ਕੀਤੇ| ਇਸ ਤੋਂ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਉਦੋਂ ਹੋਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਨੇਤਾ ਚੁਣਿਆ ਗਿਆ ਸੀ ਅਤੇ ਦੂਸਰੀ ਮੀਟਿੰਗ ਅੱਜ ਹੋਈ ਹੈ। ਕੇਂਦਰੀ ਅਬਜ਼ਰਵਰਾਂ ਅਜੈ ਮਾਕਨ ਅਤੇ ਹਰੀਸ਼ ਚੌਧਰੀ ਤੋਂ ਇਲਾਵਾ ਹਰੀਸ਼ ਰਾਵਤ ਨੇ ਮੀਟਿੰਗ ਖ਼ਤਮ ਹੋਣ ਮਗਰੋਂ ਦੱਸਿਆ ਕਿ ਵਿਧਾਇਕ ਦਲ ਦਾ ਅਗਲਾ ਨੇਤਾ ਚੁਣਨ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ ਹਨ ਅਤੇ ਪਾਸ ਕੀਤਾ ਗਿਆ ਮਤਾ ਹੁਣ ਹਾਈ ਕਮਾਨ ਕੋਲ ਦਿੱਲੀ ਭੇਜ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਹਾਊਸ ਤੋਂ ਇੱਥੇ ਸਰਕਾਰੀ ਰਿਹਾਇਸ਼ ’ਤੇ ਪੁੱਜੇ ਜਿਥੇ ਉਨ੍ਹਾਂ ਨਾਲ ਦਰਜਨ ਕੁ ਵਿਧਾਇਕ ਕੁਝ ਸਮਾਂ ਠਹਿਰੇ ਜਿਨ੍ਹਾਂ ਵਿਚ ਅਜੈਬ ਸਿੰਘ ਭੱਟੀ, ਫਤਹਿਜੰਗ ਸਿੰਘ ਬਾਜਵਾ, ਜੋਗਿੰਦਰ ਭੋਆ, ਓ ਪੀ ਸੋਨੀ, ਸੰਤੋਖ ਸਿੰਘ ਭਲਾਈਆਣਾ, ਰਾਣਾ ਸੋਢੀ ਆਦਿ ਸ਼ਾਮਲ ਸਨ|

              ਇੱਥੋਂ ਹੀ ਕਰੀਬ 4.30 ਵਜੇ ਮੁੱਖ ਮੰਤਰੀ ਅਸਤੀਫ਼ਾ ਦੇਣ ਲਈ ਰਾਜ ਭਵਨ ਰਵਾਨਾ ਹੋਏ| ਕੈਪਟਨ ਨਾਲ ਇਸ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ, ਉਨ੍ਹਾਂ ਦਾ ਪੁੱਤਰ ਰਣਇੰਦਰ ਸਿੰਘ, ਭਰਤਇੰਦਰ ਸਿੰਘ ਚਹਿਲ ਆਦਿ ਵੀ ਮੌਜੂਦ ਸਨ| ਅਸਤੀਫ਼ਾ ਦੇਣ ਦੀ ਸਭ ਤੋਂ ਪਹਿਲਾਂ ਜਾਣਕਾਰੀ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਸਾਂਝੀ ਕੀਤੀ| ਉਸ ਤੋਂ ਪਹਿਲਾਂ ਪੂਰਾ ਦਿਨ ਅਟਕਲਾਂ ਦਾ ਬਾਜ਼ਾਰ ਗਰਮ ਰਿਹਾ| ਕੈਪਟਨ ਨੇ ਆਪਣੇ ਪਾਲੇ ’ਚ ਵਿਧਾਇਕਾਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਅਸਤੀਫ਼ਾ ਦੇਣ ਵਿਚ ਹੀ ਬਿਹਤਰੀ ਸਮਝੀ| ਦੂਜੇ ਪਾਸੇ ਕਾਂਗਰਸ ਪ੍ਰਧਾਨ ਨਜਵੋਤ ਸਿੱਧੂ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਕੇਂਦਰੀ ਅਬਜ਼ਰਵਰਾਂ ਨੂੰ ਹਵਾਈ ਅੱਡੇ ’ਤੇ ਲੈਣ ਲਈ ਗੲੇ। ਚੇਤੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਕੁਝ ਅਰਸਾ ਪਹਿਲਾਂ ਬਗਾਵਤੀ ਸੁਰਾਂ ਉੱਠੀਆਂ ਸਨ ਜਿਸ ਮਗਰੋਂ ਨਵਜੋਤ ਸਿੱਧੂ ਨੂੰ ਸੂਬੇ ਦੀ ਪ੍ਰਧਾਨਗੀ ਸੌਂਪੀ ਗਈ ਸੀ| ਉਸ ਮਗਰੋਂ ਅਮਰਿੰਦਰ ਵਿਰੋਧੀ ਧੜੇ ਨੇ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਉਠਾ ਦਿੱਤੀ ਸੀ| ਦੋ ਕੁ ਦਿਨ ਪਹਿਲਾਂ ਕਰੀਬ 40 ਤੋਂ ਜ਼ਿਆਦਾ ਵਿਧਾਇਕਾਂ ਨੇ ਹਾਈ ਕਮਾਨ ਨੂੰ ਚਿੱਠੀ ਲਿਖ ਕੇ ਵਿਧਾਇਕ ਦਲ ਦੀ ਮੀਟਿੰਗ ਸੱਦਣ ਦੀ ਮੰਗ ਉਠਾਈ ਸੀ| ਦੱਸਿਆ ਜਾਂਦਾ ਹੈ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਸਿਆਸੀ ਦਿਮਾਗ ’ਚੋਂ ਇਹ ਨਵਾਂ ਪੈਂਤੜਾ ਨਿਕਲਿਆ ਹੈ|

                                      ਮੁੱਖ ਮੰਤਰੀ ਦੀ ਦੌੜ ਿਵੱਚ ਜਾਖੜ ਸਭ ਤੋਂ ਮੂਹਰੇ

ਮੁੱਖ ਮੰਤਰੀ ਦੀ ਦੌੜ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਉਂਜ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਮ ਵੀ ਚੱਲ ਰਹੇ ਹਨ। ਕਾਂਗਰਸ ਹਾਈ ਕਮਾਨ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਇੱਛੁਕ ਹੈ ਤਾਂ ਜੋ ਹਿੰਦੂ ਵੋਟ ਬੈਂਕ ਨੂੰ ਨਾਲ ਜੋੜਿਆ ਜਾ ਸਕੇ। ਸ੍ਰੀ ਜਾਖੜ ਨੇ ਅੱਜ ਟਵੀਟ ਕਰਕੇ ਵਿਧਾਇਕ ਦਲ ਦੀ ਮੀਟਿੰਗ ਸੱਦੇ ਜਾਣ ਨੂੰ ਰਾਹੁਲ ਗਾਂਧੀ ਦਾ ਦਲੇਰਾਨਾ ਕਦਮ ਦੱਸਿਆ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਲਈ ਅੰਬਿਕਾ ਸੋਨੀ ਦੇ ਨਾਮ ’ਤੇ ਵੀ ਚਰਚਾ ਹੋਈ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਹੈ| ਹਾਈ ਕਮਾਨ ਵੱਲੋਂ ਮੁੱਖ ਮੰਤਰੀ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀ ਵੀ ਰਣਨੀਤੀ ਹੈ| ਦਲਿਤ ਚਿਹਰੇ ਵਜੋਂ ਚਰਨਜੀਤ ਚੰਨੀ ਦੇ ਨਾਮ ’ਤੇ ਵਿਚਾਰ ਹੋ ਰਿਹਾ ਹੈ ਅਤੇ ਜੇਕਰ ਜਾਖੜ ਮੁੱਖ ਮੰਤਰੀ ਬਣਦੇ ਹਨ ਤਾਂ ਦੂਜੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਜਾਂ ਤ੍ਰਿਪਤ ਰਾਜਿੰਦਰ ਬਾਜਵਾ ’ਚੋਂ ਕੋਈ ਇਕ ਹੋ ਸਕਦਾ ਹੈ।

                                ‘ਹਾਲੇ ਤਾਂ ਕਾਂਗਰਸੀ ਹਾਂ ਪਰ ਸਿਆਸੀ ਬਦਲ ਖੁੱਲ੍ਹੇ ਹਨ’

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜਪਾਲ ਨੂੰ ਅਸਤੀਫ਼ਾ ਸੌਂਪਣ ਮਗਰੋਂ ਤਿੱਖੇ ਸੁਰ ਅਪਣਾਉਂਦਿਆਂ ਕਿਹਾ ਕਿ ਉਹ ਹਾਈ ਕਮਾਨ ਦੇ ਰਵੱਈਏ ਤੋਂ ਅਪਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਇਸ ਜ਼ਲਾਲਤ ਦੇ ਚੱਲਦਿਆਂ ਉਨ੍ਹਾਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ| ਉਨ੍ਹਾਂ ਸਵੇਰੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਤੀਫ਼ਾ ਦੇਣ ਦੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਸੀ| ਉਨ੍ਹਾਂ ਕਿਹਾ ਕਿ ਉਹ ਅਜੇ ਵੀ ਕਾਂਗਰਸ ਵਿਚ ਹੀ ਹਨ ਪਰ ਉਨ੍ਹਾਂ ਲਈ ਸਿਆਸੀ ਰਾਹ ਖੁੱਲ੍ਹੇ ਹੋਏ ਹਨ| ਕੈਪਟਨ ਨੇ ਕਿਹਾ ਕਿ ਹਾਈ ਕਮਾਨ ਨੇ ਦੋ ਮਹੀਨਿਆਂ ਵਿਚ ਅੱਜ ਤੀਜੀ ਵਾਰ ਵਿਧਾਇਕਾਂ ਨੂੰ ਬੁਲਾਇਆ ਜਿਸ ਕਰਕੇ ਉਹ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰਦੇ ਹਨ| ਉਨ੍ਹਾਂ ਕਿਹਾ,‘‘ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਹਾਈ ਕਮਾਨ ਨੂੰ ਸ਼ੱਕ ਹੈ ਕਿ ਮੈਂ ਸਰਕਾਰ ਨਹੀਂ ਚਲਾ ਸਕਦਾ| ਮੈਂ ਹਾਈ ਕਮਾਨ ਨੂੰ ਆਖ ਦਿੱਤਾ ਹੈ ਕਿ ਜਿਸ ’ਤੇ ਭਰੋਸਾ ਹੈ, ਉਸ ਨੂੰ ਮੁੱਖ ਮੰਤਰੀ ਬਣਾ ਦਿਓ|’’

           ਉਂਜ ਨਵੇਂ ਮੁੱਖ ਮੰਤਰੀ ਨੂੰ ਕਬੂਲਣ ਬਾਰੇ ਉਨ੍ਹਾਂ ਸਪੱਸ਼ਟ ਕੁਝ ਨਹੀਂ ਆਖਿਆ| ਆਪਣੀ ਭਵਿੱਖ ਦੀ ਸਿਆਸਤ ਬਾਰੇ ਉਨ੍ਹਾਂ ਕਿਹਾ,‘‘ਮੇਰੇ ਲਈ ਰਸਤੇ ਖੁੱਲ੍ਹੇ ਹਨ ਤੇ ਹੋਰ ਬਦਲ ਵੀ ਮੌਜੂਦ ਹਨ ਜਿਨ੍ਹਾਂ ਬਾਰੇ ਫ਼ੈਸਲੇ ਤੋਂ ਪਹਿਲਾਂ ਮੈਂ ਆਪਣੇ ਪੁਰਾਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰਾਂਗਾ।’’ ਇਸ ਤੋਂ ਪਹਿਲਾਂ ਰਣਇੰਦਰ ਸਿੰਘ ਨੇ ਵੀ ਕਿਹਾ ਸੀ ਕਿ ‘ਹੁਣ ਪਿਤਾ ਜੀ ਨਵੀਂ ਸ਼ੁਰੂਆਤ ਕਰਨਗੇ।’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ 52 ਸਾਲ ਤੋਂ ਸਿਆਸਤ ਵਿਚ ਹਨ ਅਤੇ ਸਾਢੇ ਨੌਂ ਸਾਲ ਮੁੱਖ ਮੰਤਰੀ ਰਹੇ ਹਨ| ਅਸਤੀਫ਼ੇ ਮਗਰੋਂ ਉਨ੍ਹਾਂ ਵੱਖ ਵੱਖ ਚੈਨਲਾਂ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਤਿੱਖੇ ਹਮਲੇ ਕੀਤੇ| ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਸਿੱਧੂ 3-4 ਸਾਲ ਦਾ ਬੱਚਾ ਸੀ| ਉਹ ਚੰਗਾ ਕ੍ਰਿਕਟਰ ਹੋ ਸਕਦਾ ਹੈ ਪਰ ਇੱਕ ਦਿਨ ਕਾਂਗਰਸ ਆਪਣੇ ਫ਼ੈਸਲੇ ’ਤੇ ਪਛਤਾਏਗੀ| ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਕੌਮੀ ਸੁਰੱਖਿਆ ਦਾ ਮਾਮਲਾ ਵੀ ਹੈ| ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਥਲ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਦੋਸਤਾਨਾ ਸਬੰਧ ਹਨ ਅਤੇ ਪਾਕਿਸਤਾਨ ਤੋਂ ਹੀ ਹਥਿਆਰ ਵਗੈਰਾ ਪੰਜਾਬ ਆ ਰਹੇ ਹਨ| 

           ਕੈਪਟਨ ਨੇ ਕਿਹਾ,‘‘ਜਿਹੜਾ ਸਿੱਧੂ ਇੱਕ ਮਹਿਕਮਾ ਨਹੀਂ ਸੰਭਾਲ ਸਕਿਆ, ਉਹ ਪੂਰਾ ਪੰਜਾਬ ਕਿਵੇਂ ਸੰਭਾਲ ਲਵੇਗਾ| ਕਾਬਲ ਨਾ ਹੋਣ ਕਰਕੇ ਮੈਂ ਸਿੱਧੂ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਨਹੀਂ ਕਰਾਂਗਾ।’’ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਫ਼ੌਜੀ ਹਨ ਅਤੇ ਫ਼ੌਜ ਵਿਚ ਟਾਸਕ ਦਿੱਤੇ ਜਾਂਦੇ ਹਨ। ਇੱਕ ਟਾਸਕ ਖ਼ਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ| ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਜੀਵਨ ਅਜੇ ਖ਼ਤਮ ਨਹੀਂ ਹੋਇਆ ਹੈ| ਸਿਆਸੀ ਹਲਕੇ ਇਸ ਗੱਲੋਂ ਵੀ ਹੈਰਾਨ ਹਨ ਕਿ ਕੈਪਟਨ ਨੇ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੱਧੂ ਖ਼ਿਲਾਫ਼ ਧੂੰਆਂਧਾਰ ਹਮਲੇ ਕਿਉਂ ਕੀਤੇ ਹਨ| ਚਰਚੇ ਹਨ ਕਿ ਨਵਜੋਤ ਸਿੱਧੂ ਦੇ ਅਗਲੇ ਰਾਹ ਰੋਕਣ ਲਈ ਉਨ੍ਹਾਂ ਇਹ ਪੈਂਤੜਾ ਲਿਆ ਹੈ।

Saturday, September 11, 2021

                                              ਕਿਧਰ ਜਾਵੇ ਪੰਜਾਬ 
                         ਜਹਾਜ਼ ਉੱਡੇ ਅਸਮਾਨੀਂ, ਭੁੰਜੇ ਲਾਹ ਖ਼ਜ਼ਾਨੇ ਨੂੰ..! 
                                                ਚਰਨਜੀਤ ਭੁੱਲਰ       

ਚੰਡੀਗੜ੍ਹ : ਢਾਈ ਦਹਾਕੇ ਤੋਂ ਹੈਲੀਕਾਪਟਰ ਦੀ ਸਵਾਰੀ ਖ਼ਜ਼ਾਨੇ 'ਤੇ ਭਾਰੀ ਪੈ ਰਹੀ ਹੈ | ਹਕੂਮਤਾਂ ਨੇ ਸੜਕੀਂ ਰਸਤਾ ਨਹੀਂ ਚੁਣਿਆ, ਅਸਮਾਨੀ ਉੱਡਣ ਨੂੰ ਤਰਜੀਹ ਦਿੱਤੀ | ਇਹ ਉਡਾਣਾਂ 24 ਵਰਿ੍ਹਆਂ 'ਚ ਸਰਕਾਰੀ ਖ਼ਜ਼ਾਨੇ ਨੂੰ 166.23 ਕਰੋੜ 'ਚ ਪਈਆਂ | ਇਸ ਸਮੇਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੰਬਰ ਵਨ ਰਿਹਾ ਜਿਸ ਦਾ ਹੈਲੀਕਾਪਟਰ ਖਰਚਾ 119.35 ਕਰੋੜ ਰਿਹਾ ਜਦੋਂ ਕਾਂਗਰਸ ਹਕੂਮਤਾਂ ਦੌਰਾਨ ਇਹੋ ਖ਼ਰਚ 46.88 ਕਰੋੜ ਰਿਹਾ | ਬਾਦਲ ਪਰਿਵਾਰ ਨੇ ਤਾਂਘੇ ਵਾਂਗੂ ਹੈਲੀਕਾਪਟਰ ਵਰਤਿਆ | ਵਰ੍ਹਾ 2007-12 ਦੌਰਾਨ ਬਾਦਲਾਂ ਦੇ 426 ਗੇੜੇ ਇਕੱਲੇ ਪਿੰਡ ਬਾਦਲ ਦੇ ਰਹੇ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਨਵੰਬਰ 1997 ਤੋਂ ਜੁਲਾਈ 2021 ਤੱਕ ਦੇ ਸਮੇਂ (ਕਰੀਬ 24 ਸਾਲ) ਦੌਰਾਨ ਹੈਲੀਕਾਪਟਰ ਦਾ ਖਰਚਾ 166.23 ਕਰੋੜ  ਰਿਹਾ ਹੈ | ਮੌਜੂਦਾ ਹਕੂਮਤ ਤੋਂ ਗੱਲ ਸ਼ੁਰੂ ਕਰੀਏ ਤਾਂ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਦੌਰੇ ਉਂਗਲਾਂ 'ਤੇ ਗਿਣੇ ਜਾਣ ਜੋਗੇ ਹਨ ਪਰ ਪਹਿਲੀ ਅਪਰੈਲ 2017 ਤੋਂ 31 ਜੁਲਾਈ 2021 ਤੱਕ ਸਰਕਾਰੀ ਹੈਲੀਕਾਪਟਰ ਦੇ ਅਪਰੇਸ਼ਨ/ਮੈਂਟੀਨੈਸ ਦਾ ਖਰਚਾ ਅਤੇ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ ਦਾ ਖਰਚਾ 14.58 ਕਰੋੜ ਰੁਪਏ ਰਿਹਾ ਹੈ | 

    ਕੈਪਟਨ ਸਰਕਾਰ ਨੇ ਸਵਾ ਚਾਰ ਵਰਿ੍ਹਆਂ ਦੌਰਾਨ ਪ੍ਰਾਈਵੇਟ ਹੈਲੀਕਾਪਟਰ ਦੇ ਭਾੜੇ 'ਤੇ 3.66 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਸਰਕਾਰੀ ਹੈਲੀਕਾਪਟਰ ਦਾ ਖਰਚਾ 10.92 ਕਰੋੜ ਰੁਪਏ ਰਿਹਾ ਹੈ | ਇਸ ਲਿਹਾਜ਼ ਨਾਲ ਕੈਪਟਨ ਸਰਕਾਰ ਦਾ ਰੋਜ਼ਾਨਾ ਦਾ ਔਸਤਨ ਹੈਲੀਕਾਪਟਰ ਖਰਚਾ 94064 ਰੁਪਏ ਰਿਹਾ ਹੈ | ਚਰਚੇ ਹਨ ਕਿ ਪੰਜਾਬ ਕਾਂਗਰਸ ਦੀ ਖਿੱਚੋਤਾਣ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਸਰਕਾਰੀ ਹੈਲੀਕਾਪਟਰ ਵਰਤਿਆ ਹੈ | ਪੰਜਾਬ ਸਰਕਾਰ ਨੇ ਆਰ.ਟੀ.ਆਈ ਤਹਿਤ ਸਰਕਾਰੀ ਹੈਲੀਕਾਪਟਰ ਦੇ ਦੂਸਰੇ ਸੂਬਿਆਂ ਦੇ ਦੌਰਿਆਂ ਦਾ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਹਿਮਾਚਲ ਪ੍ਰਦੇਸ਼ ਦੇ ਗੇੜੇ ਵੀ ਹੈਲੀਕਾਪਟਰ ਦੇ ਕਾਫ਼ੀ ਰਹੇ ਹਨ | ਵਿਰੋਧੀ ਉਂਗਲ ਉਠਾ ਰਹੇ ਹਨ ਕਿ ਕੋਵਿਡ ਮਹਾਂਮਾਰੀ ਦੇ ਡੇਢ ਵਰ੍ਹੇ ਦੌਰਾਨ ਸਭ ਕੁਝ ਰੁਕਿਆ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਹੈਲੀਕਾਪਟਰ ਦੀ ਵਰਤੋਂ ਕਿਥੇ ਕੀਤੀ ਗਈ ਹੈ, ਮਾਮਲਾ ਜਨਤਿਕ ਹੋਣਾ ਚਾਹੀਦਾ ਹੈ | ਦੇਖਿਆ ਜਾਵੇ ਤਾਂ ਏਨਾ ਜਰੂਰ ਹੈ ਕਿ ਗਠਜੋੜ ਸਰਕਾਰ ਦੇ ਮੁਕਾਬਲੇ ਕਾਂਗਰਸ ਹਕੂਮਤ ਦਾ ਹੈਲੀਕਾਪਟਰ ਖਰਚਾ ਕਾਫ਼ੀ ਘੱਟ ਹੈ | 

   ਤੈਰਵੀਂ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਪਿਛਲੇ ਸਮਿਆਂ ਤੋਂ ਹੈਲੀਕਾਪਟਰ 'ਤੇ ਜਿਆਦਾ ਸਫ਼ਰ ਕਰਨ ਲੱਗੇ ਹਨ | ਪੰਜਾਬ ਸਰਕਾਰ ਵੱਲੋਂ ਨਵੰਬਰ 1995 ਤੋਂ ਭਾੜੇ ਦਾ ਹੈਲੀਕਾਪਟਰ ਵਰਤਣਾ ਸ਼ੁਰੂ ਕੀਤਾ ਗਿਆ ਸੀ | ਨਵੰਬਰ 1995 ਤੋਂ 31 ਮਾਰਚ 1997 ਤੱਕ ਹੈਲੀਕਾਪਟਰ ਦਾ ਖਰਚਾ 9.68 ਕਰੋੜ ਰੁਪਏ ਰਿਹਾ ਸੀ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਦਾ ਔਸਤਨ ਖਰਚਾ 1.87 ਲੱਖ ਰੁਪਏ ਹੈਲੀਕਾਪਟਰ 'ਤੇ ਕੀਤਾ ਗਿਆ | ਗਠਜੋੜ ਸਰਕਾਰ ਦੀ ਦਸ ਵਰਿ੍ਹਆਂ (2007-2017) ਦੌਰਾਨ ਹੈਲੀਕਾਪਟਰ ਦਾ ਖਰਚਾ 97.81 ਕਰੋੜ ਰੁਪਏ ਹੈ | ਇੱਕ ਅੰਦਾਜ਼ੇ ਅਨੁਸਾਰ ਇਨ੍ਹਾਂ ਦਸ ਵਰਿ੍ਹਆਂ 'ਚ ਰੋਜ਼ਾਨਾ ਔਸਤਨ 2 ਘੰਟੇ ਹੈਲੀਕਾਪਟਰ ਅਸਮਾਨੀ ਗੂੰਜਦਾ ਰਿਹਾ ਹੈ | ਗਠਜੋੜ ਸਰਕਾਰ ਦੀ ਪਹਿਲੀ ਪਾਰੀ (2007-2012) ਦੌਰਾਨ ਹੈਲੀਕਾਪਟਰ 53.81 ਕਰੋੜ ਰੁਪਏ ਰਿਹਾ ਸੀ | ਦੂਸਰੀ ਪਾਰੀ (2012-2017) ਦੌਰਾਨ ਇਹੋ ਖਰਚਾ 44 ਕਰੋੜ ਰੁਪਏ ਰਿਹਾ ਹੈ | ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਦਫ਼ਾ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ (2002-07) ਦੌਰਾਨ ਹੈਲੀਕਾਪਟਰ ਖਰਚਾ 22.62 ਕਰੋੜ ਰੁਪਏ ਆਇਆ ਸੀ | ਐਤਕੀਂ ਦੂਸਰੀ ਪਾਰੀ 'ਚ ਅਮਰਿੰਦਰ ਸਿੰਘ ਨੇ ਜਿਆਦਾ ਸਮਾਂ ਸਿਸਵਾਂ ਫਾਰਮ ਹਾਊਸ 'ਤੇ ਹੀ ਕੱਢਿਆ ਹੈ |

     ਪੰਜਾਬ ਸਰਕਾਰ ਨੇ ਜਿਆਦਾ ਸਮਾਂ ਭਾੜੇ ਦਾ ਹੈਲੀਕਾਪਟਰ ਹੀ ਵਰਤਿਆ ਹੈ | ਦਸੰਬਰ 2012 ਵਿਚ ਸਰਕਾਰ ਨੇ 'ਬੈੱਲ-429' ਹੈਲੀਕਾਪਟਰ 38 ਕਰੋੜ ਦੀ ਲਾਗਤ ਨਾਲ ਖਰੀਦ ਕੀਤਾ ਸੀ | ਪੰਜਾਬ ਸਰਕਾਰ ਦਾ ਇੱਕ ਹੈਲੀਕਾਪਟਰ ਅਪਰੈਲ 1994 ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿਚ ਪੰਜਾਬ ਦੇ ਰਾਜਪਾਲ ਸੁਰਿੰਦਰ ਨਾਥ ਆਦਿ ਮਾਰੇ ਗਏ ਸਨ | ਇਸੇ ਤਰ੍ਹਾਂ 'ਕਿੰਗ ਏਅਰ-90' ਵੀ ਅਕਤੂਬਰ 2008 ਵਿਚ ਲੁਧਿਆਣਾ ਵਿਚ ਹਾਦਸ਼ਾਗ੍ਰਸਤ ਹੋ ਗਿਆ ਸੀ ਪੰ੍ਰਤੂ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਸੀ |   ਆਡਿਟ ਇਤਰਾਜ਼ ਵੀ ਉੱਠਦੇ ਰਹੇ ਹਨ ਕਿ ਪੰਜਾਬ ਸਰਕਾਰ ਨੇ ਬਿਨਾਂ ਟੈਂਡਰ ਕੀਤੇ ਹੀ ਭਾੜੇ 'ਤੇ ਹੈਲੀਕਾਪਟਰ ਲਏ ਹਾਲਾਂਕਿ ਭੂਗੋਲਿਕ ਲਿਹਾਜ਼ ਤੋਂ ਪੰਜਾਬ ਬਹੁਤਾ ਲੰਮਾ ਚੌੜਾ ਨਹੀਂ ਹੈ ਪਰ ਫਿਰ ਵੀ ਸਰਕਾਰਾਂ ਤਰਫ਼ੋਂ ਸੜਕੀਂ ਰਸਤੇ ਦੀ ਥਾਂ ਹੈਲੀਕਾਪਟਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਦਾ ਬੋਝ ਆਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ | 

               ਹੈਲੀਕਾਪਟਰ ਦੀ ਪ੍ਰਾਈਵੇਟ ਵਰਤੋਂ ਬੰਦ ਹੋਵੇ : ਚੀਮਾ

ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਆਖਦੇ ਹਨ ਕਿ ਹੈਲੀਕਾਪਟਰ ਦਾ ਸਮੁੱਚੇ ਰੂਪ ਵਿਚ ਬੋਝ ਆਮ ਲੋਕਾਂ 'ਤੇ ਪੈਂਦਾ ਹੈ ਜਿਸ ਕਰਕੇ ਸਰਕਾਰਾਂ ਨੂੰ ਇਹ ਖਰਚਾ ਸੀਮਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਹੁਣ ਪੰਜਾਬ ਕਰਜ਼ ਵਿਚ ਜਕੜਿਆ ਪਿਆ ਹੈ ਤਾਂ ਬਹੁਤ ਹੰਗਾਮੀ ਹਾਲਾਤਾਂ 'ਚ ਹੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਪ੍ਰਾਈਵੇਟ ਕੰਮਾਂ ਲਈ ਹੈਲੀਕਾਪਟਰ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ |

     ਹੈਲੀਕਾਪਟਰ ਖਰਚਾ : ਇੱਕ ਨਜ਼ਰ 

ਟਰਮ ਪੀਰੀਅਡ          ਕੁੱਲ ਖਰਚਾ           ਔਸਤਨ ਪ੍ਰਤੀ ਦਿਨ ਖਰਚਾ

1995-1997    9.68 ਕਰੋੜ      1.87 ਲੱਖ

1997-2002   21.44 ਕਰੋੜ      1.17 ਲੱਖ

2002-2007   22.62 ਕਰੋੜ     1.23 ਲੱਖ

2007-2012   53.81 ਕਰੋੜ     2.94 ਲੱਖ

2012-2017   44.00 ਕਰੋੜ     2.41 ਲੱਖ

2017-2021    14.58 ਕਰੋੜ    94064 ਰੁਪਏ

 



Sunday, October 25, 2020

                                                   ਵਿਚਲੀ ਗੱਲ 
                                    ਲੇਖਾ ਰੱਬ ਮੰਗੇਸੀਐ..!  
                                                  ਚਰਨਜੀਤ ਭੁੱਲਰ      

ਚੰਡੀਗੜ੍ਹ : ਹੰਸ ਰਾਜ ਨੂੰ ਕਿਸੇ ਪੁੱਛਿਆ, ਅਸਤੀਫ਼ਾ ਦਿਓਗੇ? ਅੱਗਿਓਂ ਬੋਲੇ, ਹਜ਼ੂਰ-ਏ-ਆਲਾ! ਕਿੱਦਾਂ ਦੀ ਗੱਲ ਪਏ ਕਰਦੇ ਹੋ, ਅਸਾਂ ਨੂੰ ਮਸਾਂ ਤਾਂ ਕੁਰਸੀ ਮਿਲੀ ਏ..! ਫੱਕਰਾਂ ਦੀ ਖ਼ੈਰ ਮੰਗ ਛੱਡੋ, ਮੌਲਾ ਭਲੀ ਕਰੇਗਾ। ਭਲਿਓ ਤੁਸਾਂ ਕੋਈ ਕਸਰ ਨਹੀਂ ਛੱਡੀ। ਦਿੱਲੀ ਵਾਲਿਆਂ ਮੁੱਲ ਪਾਇਆ ਏ..! ਸਾਡੇ ਆਲੇ ਨਵਜੋਤ ਸਿੱਧੂ ਨੇ ਤਾਂ ਮਿੰਟ ਲਾਇਆ ਏ, ਅੌਹ ਵਗਾਹ ਮਾਰਿਆ ਅਸਤੀਫ਼ਾ। ਅਖੇ ਕੋਈ ਵੱਡੀ ਸਾਰੀ ਕੁਰਸੀ ਦਿਖਾਓ। ਬੀਬਾ ਬਾਦਲ ਦਾ ਧੰਨ ਜਿਗਰਾ। ਕੁਰਸੀ ਤਿਆਗ ਦਿੱਤੀ। ‘ਬਾਦਸ਼ਾਹ ਸਲਾਮਤ’ ਕਾ ਅੰਦਾਜ਼-ਏ-ਬਿਆਂ। ਸ਼ਾਹੀ ਮੜਕ, ਆਵਾਜ਼-ਏ-ਗੜ੍ਹਕ..! ਵਿਧਾਨ ਸਭਾ ਦਾ ਪਵਿੱਤਰ ਸਦਨ। ਸਦਰ-ਏ-ਪੰਜਾਬ ਖੜ੍ਹੇ ਹੋਏ। ਲਿਬਾਸ ਚਿੱਟੇ ਦੁੱਧ ਵਰਗਾ। ਕੁੜਤੇ ’ਤੇ ਲੱਗੀ ਸ਼ਾਹੀ ਜੇਬ। ਜੇਬ ’ਚ ਪਿਆ ਅਸਤੀਫ਼ਾ। ਨਵਰਤਨ ਅਸ਼-ਅਸ਼ ਕਰ ਉੱਠੇ, ਜਦੋਂ ਲੋਕ ਰਾਜ ਦੇ ਬਾਦਸ਼ਾਹ ਬੋਲੇ, ‘ਮੈਂ ਤਾਂ ਅਸਤੀਫ਼ਾ ਜੇਬ ’ਚ ਰੱਖਦਾਂ’। ਦੋ ਦਫ਼ਾ ਪਹਿਲਾਂ ਵੀ ਦਿੱਤੈ। ਅੰਨਦਾਤੇ ਨੂੰ ਆਪਣੇ ਹਾਲ ’ਤੇ ਨਹੀਂ ਛੱਡਾਂਗਾ। ‘ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ।’

               ਸੰਧਵਾਂ ਵਾਲਾ ਕੁਲਤਾਰ ਕੀ ਜਾਣੇ, ਕੁਰਸੀ ਦੀਆਂ ਬਾਤਾਂ। ਡੌਂਡੀ ਪਿੱਟਣ ਲੱਗਾ, ਮਹਾਰਾਜੇ ਦੀ ਜੇਬ ਤਾਂ ਖਾਲੀ ਸੀ, ਸਭ ਗੱਲਾਂ ਝੂਠ। ਐਵੇਂ ਜੇਬਾਂ ਨਾ ਫਰੋਲੋ, ਅੌਹ ਦੇਖੋ, ਪੰਡਾਲ ਕਿਵੇਂ ਭਰੇ ਨੇ। ਢਾਡੀ ਗਾ ਰਹੇ ਨੇ, ਮੁੱਕੇ ਤਣੇ ਨੇ, ਨਾਅਰੇ ਗੂੰਜਦੇ ਨੇ, ਝੰਡੇ ਝੂਲਦੇ ਨੇ। ਕਿਸਾਨਾਂ ਦਾ ਜੋਸ਼ ਵੇਖ... ਨਾਲੇ ਹੋਸ਼ ਵੇਖ। ਕੋਈ ਦੁੱਧ ਲਿਆ ਰਿਹਾ ਏ, ਕੋਈ ਲੰਗਰ ਛਕਾ ਰਿਹਾ ਏ। ‘ਅਸਤੀਫਾ-ਅਸਤੀਫਾ’ ਵਾਲੀ ਖੇਡ ਨੂੰ ਕੌਣ ਭੁੱਲਿਐ। ਅੰਨਦਾਤੇ ਨੇ, ਭੁਲੱਕੜਦਾਸ ਨਹੀਂ, ਹੁਣ ਅੌਖਾ ਹੀ ਧਿਜਣਗੇ। ਫ਼ਿਲਮ ‘ਰੋਟੀ’ ਦਾ ਗਾਣਾ ਇੰਨ ਬਿੰਨ ਢੁੱਕਦੈ। ‘ਅਰੇ ਭੀਖ ਨਾ ਮਾਂਗੇ, ਕਰਜ਼ ਨਾ ਮਾਂਗੇ/ਯੇ ਆਪਣਾ ਹੱਕ ਮਾਂਗਤੀ ਹੈ, ਯੇ ਜੋ ਪਬਲਿਕ ਹੈ, ਸਭ ਜਾਨਤੀ ਹੈ।’ ਕਿਸਾਨ ਭਰਾਵੋ! ਲੱਖ ਰੁਪਏ ਦੀ ਗੱਲ ਕੀਤੀ ਐ। ਮਜੀਠੇ ਵਾਲਿਆਂ ਦੀ ਨਵੀਂ ਆਫਰ ਤੋਂ ਬਲਿਹਾਰੇ ਜਾਵਾਂ। ਅਖ਼ੇ, ‘ਸਭ ਵਿਧਾਇਕ ਅਸਤੀਫ਼ੇ ਦੇ ਦੇਣਗੇ।’ ਅਸਤੀਫ਼ੇ ਦੀ ਗੂੰਜ ਕਿੱਧਰੋਂ ਵੀ ਪਵੇ। ਧੁੜਕੂ ਸਾਧ ਸੁਭਾਅ ਵਾਲੇ ਮੰਤਰੀ ਨੂੰ ਲੱਗ ਜਾਂਦੈ। ਪਿਆਰੇ ਸੁਆਮੀ! ਹੁਣ ਫਿਕਰ ਨੂੰ ਛੱਡੋ, ਮਹਾਰਾਜੇ ਦੀ ਜੇਬ ’ਚ ’ਕੱਲਾ ਅਸਤੀਫ਼ਾ ਨਹੀਂ, ਕਲੀਨ ਚਿੱਟ ਵੀ ਐ।

               ਬਠਿੰਡੇ ਵਾਲਾ ਟੋਨੀ ਜੇਬਕਤਰਾ । ਰੱਬ ਦਾ ਬੰਦਾ ਪਰਲੋਕ ’ਚ ਬੈਠੈ। ਚੇਲਿਆਂ ਦੀ ਚੰਗੀ ਜੈ-ਜੈ ਕਾਰ ਐ। ਟੋਨੀ ਦੇ ਵਾਰਸੋ! ਸਾਡੇ ਮੁੱਖ ਮੰਤਰੀ ਨੂੰ ਬਖ਼ਸ਼ ਦੇਣਾ। ਕਿਤੇ ਜੇਬ ਨੂੰ ਪੈ ਨਿਕਲੋ। ਜੇਬ ’ਚੋਂ ਬੱਸ ਅਸਤੀਫ਼ਾ ਨਿਕਲੂ। ਥੋਡੇ ਕਿਸੇ ਕੰਮ ਨਹੀਂ ਆਉਣਾ। ਸਾਡਾ ਰਹਿਣਾ ਕੱਖ ਨਹੀਂ। ਟਕਸਾਲੀ ਦੱਸਦੇ ਹਨ...ਟੌਹੜਾ ਸਾਹਿਬ ਦੀ ਜੇਬ ਕਈ ਵਾਰੀ ਕੱਟੀ ਗਈ। ਵੱਡੇ ਬਾਦਲ ਉਦੋਂ ਤੋਂ ਜੇਬ ’ਚ ਕੋਈ ਪੈਸਾ ਨਹੀਂ ਰੱਖਦੇ।‘ਫਸੀ ਤਾਂ ਫਟਕਣ ਕੀ।’ ਹੁਕਮ ਤਾਂ ਛੱਡੋ... ਸਲੀਬ ’ਤੇ ਕੀ ਨਾ ਚੜ੍ਹ ਜਾਣ। ਹੁਣ ਭਾਵੇਂ ਜ਼ਹਿਰ ਦਾ ਪਿਆਲਾ ਪਿਆ ਦਿਓ। ਵਕਤ ਦਾ ਚੱਕਾ ਤੇਜ਼ੀ ਨਾਲ ਘੁੰਮਦੈ। ਵਰ੍ਹਾ 2022 ਤਾਂ ਅੱਖ ਦੇ ਫੌਰੇ ਆਜੂ। ‘ਪਹਿਲਾਂ ਅਸਤੀਫ਼ਾ, ਫਿਰ ਭਾਜਪਾ ਨੂੰ ਬਾਏ-ਬਾਏ’, ਇੰਝ ਸੁਖਬੀਰ ਬਾਦਲ ਨੇ ਲਕੀਰ ਖਿੱਚਤੀ। ‘ਪਹਿਲਾਂ ਖੇਤੀ ਸੋਧ ਬਿੱਲ ਲਿਆਂਦੇ, ਉਪਰੋਂ ਅਸਤੀਫ਼ੇ ਵਾਲਾ ਗਿਫਟ ਵਾਊਚਰ।’ ਏਹ ਨਵੀਂ ਲਕੀਰ ਅਮਰਿੰਦਰ ਨੇ ਖਿੱਚਤੀ। ਇੰਝ ਲੱਗਦੈ, ਬਈ ਹੁਣ ਲਕੀਰੋ-ਲਕੀਰੀ ਹੋਣਗੇ।

               ‘ਆਪ’ ਨੇ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਓਹ ਵੀ ਵਾਜਾ ਚੁੱਕੀ ਫਿਰਦੇ ਨੇ। ਲੋਕਾਂ ਨੂੰ ਤਾਂ ਰੱਬ ਵੀ ਖੁਸ਼ ਨਹੀਂ ਕਰ ਸਕਿਆ। ਬਾਹਲੇ ਅਧਰਮੀ ਲੋਕ ਨੇ...ਰੱਬ ਦਾ ਖ਼ੌਫ ਖਾਣੋਂ ਵੀ ਹਟ ਗਏ। ਲੱਗਦੈ, ਕੇਜਰੀਵਾਲ ਦਾ ਰਾਹ ਬਿੱਲੀ ਕੱਟ ਗਈ। ‘ਮਿਲੇ ਸੁਰ ਮੇਰਾ ਤੁਮਾਰਾ’... ਅਮਿਤ ਸ਼ਾਹ ਬਾਗੋ ਬਾਗ ਹੋਇਐ। ਭੁਲੱਥ ਆਲੇ ਸੁਖਪਾਲ ਖਹਿਰੇ ਦੇ ਜ਼ਰੂਰ ਨੰਬਰਦਾਰ ਮੱਥੇ ਲੱਗਿਆ ਹੋਊ। ਕਿਸਾਨਾਂ ਨੇ ਮੱਥਾ ਸਿੱਧਾ ਦਿੱਲੀ ਨਾਲ ਲਾਇਐ। ਪ੍ਰਧਾਨ ਮੰਤਰੀ ਨੇ ਮਨ ਦੀ ਬਾਤ ਸੁਣਾਤੀ...ਖੇਤੀ ਕਾਨੂੰਨ ਨਹੀਂ ਹੋਣਗੇ ਵਾਪਸ। ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਪੰਚ ਪ੍ਰਮੇਸ਼ਵਰ’ ਪੜ੍ਹੀ ਹੁੰਦੀ, ਏਨੇ ਕੋਰੇ ਨਾ ਹੁੰਦੇ। ਜਪਾਨੀ ਆਖਦੇ ਨੇ, ‘ਜਿਸ ਕੋਲ ਕੁਝ ਗੁਆਉਣ ਲਈ ਨਾ ਹੋਵੇ, ਉਸ ਕੋਲੋਂ ਡਰਨਾ ਚਾਹੀਦੈ।’ ਮਹਾਭਾਰਤ ਕਿਸੇ ਧਰਤੀ ’ਤੇ ਵੀ ਹੋ ਸਕਦੈ। ਰਾਗ ਮੁੱਕ ਗਿਆ ਕਿ ਤਾਰ ਟੁੱਟ ਗਈ। ਦਸੌਂਧਾ ਸਿਓਂ ਗੱਲ ਗੱਲ ’ਤੇ ਆਖਦੈ..‘ਅਮਲਾਂ ਦੇ ਹੋਣਗੇ ਨਿਬੇੜੇ..!’

               ਅਰਸਤੂ ਦਾ ਪ੍ਰਵਚਨ ਸੁਣੋ, ‘ਚੁਟਕਲੇ ਸੁਣਨ ਦੇ ਤਾਂ ਦੇਵਤੇ ਵੀ ਸ਼ੌਕੀਨ ਹੁੰਦੇ ਨੇ।’ ਟੋਟਕਿਆਂ ਨੂੰ ਛੱਡੋ, ਚਾਣਕਯ ਦੀ ਗੱਲ ’ਚ ਦਮ ਐ, ਉਹ ਸੁਣ ਲਓ, ‘ਪਰਜਾ ਦਾ ਗੁੱਸਾ ਹਰ ਤਰ੍ਹਾਂ ਦੇ ਗੁੱਸੇ ਤੋਂ ਭਿਅੰਕਰ ਹੁੰਦਾ ਹੈ।’ ਖੇਤੀ ਕਾਨੂੰਨ ਕਾਹਦੇ ਆਏ, ਲੱਗਦੈ ਜਵਾਰਭਾਟਾ ਆ ਗਿਆ। ਰੱਬ ਝੂਠ ਨਾ ਬੁਲਾਵੇ, ਪੰਜਾਬ ਤਾਂ ਇੱਕੋ ਮੋਰੀ ਨਿਕਲੂ। ‘ਕਾਲੀਆਂ ਇੱਟਾਂ ਕਾਲੇ ਰੋੜ’, ਚਾਰੇ ਪਾਸੇ ਸੰਘਰਸ਼ੀ ਹੜ੍ਹ ਆਇਐ। ਭਾਜਪਾ ਆਗੂ ਕਿਥੋਂ ਤਵੀਤ ਕਰਾਉਣ। ਅਡਵਾਨੀ ਨੇ ਜ਼ਰੂਰ ਠੰਢਾ ਸਾਹ ਲਿਆ ਹੋਊ... ‘ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ।’ ਸਿਸਰੋ ਇੰਝ ਫਰਮਾ ਗਏ, ‘ਗ਼ਲਤੀ ਤਾਂ ਹਰ ਮਨੁੱਖ ਤੋਂ ਹੁੰਦੀ ਐ, ਉਸ ’ਤੇ ਅੜੇ ਰਹਿਣ ਦੀ ਜ਼ਿੱਦ ਸਿਰਫ਼ ਮੂਰਖ ਕਰਦੇ ਨੇ।’ ਕੇਂਦਰ ਨੇ ਤਾਂ ਹੁਣ ਬੂਹੇ ਹੀ ਭੇੜ ਲਏ। ਤਾਹੀਂ ਘੋਲ ਖੇਡ ਲਈ ਪੰਜਾਬ ਨੇ ਝੰਡੀ ਫੜੀ ਐ। ਸਿਆਸਤ ਦਾ ਸਿੰਘਾਸਣ ਡੋਲਣ ਲੱਗੈ। ਕਾਸ਼! ਏਹ ਸਰ ਛੋਟੂ ਰਾਮ ਦਾ ਜੂਠਾ ਖਾ ਲੈਂਦੇ। ਨਾ ਅਸਤੀਫ਼ੇ ਦੇਣੇ ਪੈਂਦੇ, ਨਾ ਅਸਤੀਫ਼ਾ ਜੇਬ ’ਚ ਰੱਖਣਾ ਪੈਂਦਾ। ਮੁੱਖ ਮੰਤਰੀ ਤਾਂ ਕਿਤਾਬਾਂ ਦੇ ਸ਼ੌਕੀਨ ਨੇ। ਅਸਤੀਫ਼ਾ ਤਜੋਰੀ ’ਚ ਰੱਖ ਦੇਣ। ਪ੍ਰੋ. ਬਸੰਤ ਸਿੰਘ ਬਰਾੜ ਦੀ ਕਿਤਾਬ ‘ਕਿਸਾਨਾਂ ਦੇ ਮਸੀਹਾ-ਸਰ ਛੋਟੂ ਰਾਮ’ ਜ਼ਰੂਰ ਪੜ੍ਹਨ। ਪ੍ਰੋਫੈਸਰ ਸਾਹਿਬ, ਪਿੰਡ ਬਾਦਲ ਵੀ ਕਿਤਾਬਾਂ ਦਾ ਸੈੱਟ ਭੇਜਿਓ।

               ਆਓ ਹੁਣ ਸਰ ਛੋਟੂ ਰਾਮ ਦਾ ਵਾਕ ਲਈਏ। ਜ਼ਿਲ੍ਹਾ ਰੋਹਤਕ ਦਾ ਇੱਕ ਬੱਚਾ... ਨਾਮ ‘ਰਾਮ ਰਿਛਪਾਲ’। ਮਾਸਟਰ ਨੇ ਨਾਮ ਲਿਖਿਆ, ਛੋਟੂ ਰਾਮ। ਬਾਪ ਸੁਖੀ ਰਾਮ ਦੀ ਜੇਬ ਖਾਲੀ, ਛੋਟੂ ਰਾਮ ਨੂੰ ਕਿਵੇਂ ਪੜ੍ਹਾਵੇ। ਬਾਪ ਸ਼ਾਹੂਕਾਰ ਘਾਸੀ ਰਾਮ ਦੇ ਚਰਨੀ ਲੱਗਾ। ਬਾਪ ਪੂਰਾ ਦਿਨ ਰੱਸੀ ਵਾਲਾ ਪੱਖਾ ਖਿੱਚਦਾ ਰਿਹਾ। ਛੋਟੂ ਰਾਮ ਕੋਲ ਬੈਠਾ ਰਿਹਾ। ਘਾਸੀ ਰਾਮ ਦੀ ਜਾਗ ਖੁੱਲ੍ਹੀ। ਕਰਜ਼ੇ ਤੋਂ ਕੋਰਾ ਜਵਾਬ ਦੇ ਦਿੱਤਾ। ਵਜ਼ੀਫੇ ਨਾਲ ਲਾਹੌਰ ਅਤੇ ਦਿੱਲੀ ਪੜ੍ਹਿਆ। ਵਕਾਲਤ ਪੜ੍ਹੀ, ਕਾਲਾ ਕੋਟ ਪਾ ਲਿਆ। ਕਰਜ਼ਈ ਕਿਸਾਨਾਂ ਦੇ ਰਾਜ਼ੀਨਾਮੇ ਕਰਾਉਣੇ, ਮੁਫ਼ਤ ਕੇਸ ਲੜਨੇ, ਇਹੋ ਨਿੱਤਨੇਮ ਰਿਹਾ। ‘ਜਾਟ ਐਜੂਕੇਸ਼ਨ ਸੁਸਾਇਟੀ ਬਣਾਈ’। ਵਿੱਦਿਆ ਦੀ ਜੋਤ ਜਗਾਈ। 22 ਹਜ਼ਾਰ ਮੁੰਡੇ ਫੌਜ ’ਚ ਭਰਤੀ ਕਰਾਏ। ਛੋਟੂ ਰਾਮ ਨੇ ‘ਜਾਟ ਗਜ਼ਟ’ ਅਖ਼ਬਾਰ ਕੱਢਿਆ। ‘ਵਿਚਾਰਾ ਜਿਮੀਂਦਾਰ’ ਕਾਲਮ ਹੇਠ ਸਤਾਰਾਂ ਲੇਖ ਲਿਖੇ। ਕਿਸਾਨ ਜਗਾਏ, ਬਦਲੇ ’ਚ ਮਿਲੇ ਦੇਸ਼ਧ੍ਰੋਹ ਦੇ ਪਰਚੇ। ਹੋਏ। ਦੇਸ਼ ਨਿਕਾਲ਼ਾ ਵੱਖਰਾ ਮਿਲਿਆ।

               ਪੰਜਾਬ ਵਿਧਾਨਕਾਰ ਕੌਂਸਲ ’ਚ ਛੋਟੂ ਰਾਮ ਖੇਤੀ ਮੰਤਰੀ, ਫੇਰ ਮਾਲ ਮੰਤਰੀ ਬਣੇ। ਅੰਗਰੇਜ਼ ਅੌਖੇ ਭਾਰੇ ਹੋਏ, ਮਹਾਜਨ ਤਾਂ ਟੁੱਟ ਕੇ ਪੈ ਗਏ... ਛੋਟੂ ਰਾਮ ਨੇ 22 ਕਾਨੂੰਨ ਬਣਾਏ। ਕਿਸਾਨਾਂ ਦੀ ਜੂਨ ਸੌਖੀ ਕਰਤੀ। ਕਿਸਾਨ ਭਲਾਈ ਫੰਡ ਬਣਿਆ। ਡਾ. ਅਬਦੁਸ ਸਲਾਮ, ਜੋ ਮਗਰੋਂ ਨੋਬੇਲ ਇਨਾਮ ਵਿਜੇਤਾ ਬਣਿਆ, ਇਸੇ ਫੰਡ ’ਚੋਂ ਪੜ੍ਹਿਆ। ਕਰਜ਼ਦਾਤਾ ਲਈ ਵਿਧਾਨ, ਕਰਜ਼ੇ ’ਚ ਗ੍ਰਿਫ਼ਤਾਰੀ ਨਹੀਂ ਹੋਵੇਗੀ, ਜ਼ਮੀਨ ਕੁਰਕ ਨਹੀਂ ਹੋਵੇਗੀ, ਮਾਰਕੀਟ ਕਮੇਟੀਆਂ, ਸਹਿਕਾਰੀ ਸਭਾਵਾਂ, ਸਭ ਕਾਨੂੰਨ ਬਣਾਤੇ। 3.65 ਲੱਖ ਕਿਸਾਨਾਂ ਦੀ ਜ਼ਮੀਨ ਵਾਪਸ ਕਰਵਾਈ।ਕਿਸਾਨਾਂ ਦੇ ਦਿਲਾਂ ਦਾ ਰਾਜਾ ਬਣਿਆ। ਕੋਈ ਛੋਟੂ ਰਾਮ ਆਖਦਾ, ਕੋਈ ਛੋਟੂ ਸਿੰਘ ਤੇ ਕੋਈ ਛੋਟੂ ਖਾਨ। ਤਾਹੀਂ ਸਵੀਡਨ ਵਾਲੇ ਆਖਦੇ ਨੇ...‘ਇੱਜ਼ਤ ਦਾ ਪਰਛਾਵਾਂ ਵੱਡਾ ਹੁੰਦੈ।’ ਛੋਟੂ ਰਾਮ ਨੇ ਭਾਖੜਾ ਡੈਮ ਦਾ ਮੁੱਢ ਬੰਨ੍ਹਿਆ। 8 ਜਨਵਰੀ 1945 ਨੂੰ ਡੈਮ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ। 9 ਜਨਵਰੀ ਨੂੰ ਚਲ ਵਸਿਆ। ਆਖਰੀ ਬੋਲ ਸਨ, ‘ਮੈਂ ਚੱਲਿਆ, ਰਾਮ ਭਲਾ ਕਰੇ।’

              ਛੋਟੂ ਰਾਮ ਦੀ ਸੋਚ ਨੂੰ ਸੱਤ ਸਲਾਮਾਂ। ਇੰਝ ਕਿਸਾਨਾਂ ਨੂੰ ਹਲੂਣਾ ਦਿੰਦਾ, ‘ਚੁੱਪ ਨੂੰ ਤਿਆਗ, ਗੂੰਗੇਪਣ ਨੂੰ ਛੱਡ, ਮੇਰੇ ਕਿਸਾਨ ਭਾਈ! ਮਿੰਨਤਾਂ ਨਹੀਂ, ਵਿਰੋਧ ਕਰ, ਨੀਂਦ ’ਚੋਂ ਜਾਗ, ਮੂੰਹ ’ਤੇ ਛਿੱਟੇ ਮਾਰ, ਘੋਲ ਨੂੰ ਹਥਿਆਰ ਬਣਾ।’ ਛੋਟੂ ਰਾਮ ਵੋਟਾਂ ਲਈ ਨਹੀਂ, ਖੇਤਾਂ ਲਈ ਜਾਗਿਆ। ਅੱਜ ਦਸਹਿਰਾ ਹੈ। ਕਿਸਾਨੀ ਹਕੂਮਤ ਦੇ ਦਿਓਕੱਦ ਬੁੱਤ ਸਾੜੇਗੀ। ਛੋਟੂ ਰਾਮ ਦੀ ਫੋਟੋ ਛੱਜੂ ਰਾਮ ਚੁੱਕੀ ਫਿਰਦੈ। ਪ੍ਰਤਾਪੀ ਇਨਸਾਨ ਦੇ ਦਰਸ਼ਨ ਕਰਾ ਰਿਹੈ। ਚੀ ਗਵੇਰਾ ਦਾ ਮਸ਼ਵਰਾ ਹੈ.. ‘ਇਨਕਲਾਬ ਕੋਈ ਸੇਬ ਨਹੀਂ ਹੁੰਦਾ ਜੋ ਪੱਕਣ ’ਤੇ ਆਪਣੇ ਆਪ ਡਿੱਗ ਪਏਗਾ, ਇਸ ਲਈ ਉੱਦਮ ਕਰਨਾ ਪੈਂਦੈ। ਦਾਦਿਆਂ ਨੇ ਹਲ਼ ਨਾਲ ਬੰਜਰ ਭੰਨੇ, ਪਿਓਆਂ ਨੇ ਸੱਪ ਮਿੱਧੇ, ਮੁੰਡਿਆਂ ਨੂੰ ਡਰ ਐ.. ਕਿਤੇ ਕਾਰਪੋਰੇਟ ਖੇਤਾਂ ਨੂੰ ਡੰਗ ਨਾ ਜਾਣ। ਉਪਰੋਂ ਸ਼ਹਿਰੀ ਵੀ ਨਾਲ ਡਟ ਗਏ..!


 

Sunday, July 5, 2020

                         ਵਿਚਲੀ ਗੱਲ
             ਜਾਵਾਂ ਤੇਰੇ ਤੋਂ ਕੁਰਬਾਨ..!
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬੀਓ! ਹੁਣ ਘੋੜੇ ਵੇਚ ਕੇ ਸੌਂ ਜਾਓ। ਛੱਡ ਦਿਓ ਅੱਚਵੀ, ਮਾਰੋ ਘੁਰਾੜੇ। ਇੰਤਜ਼ਾਰ ਦੀਆਂ ਘੜੀਆਂ ਖ਼ਤਮ। ਪੰਥ ਦੇ ਚਰਨਾਂ ਦੀ ਧੂੜ। ਤੁਹਾਡੇ ਦਿਲਾਂ ਦੀ ਧੜਕਣ। ਦਾਸਾਂ ਦੇ ਦਾਸ, ਹਾਜ਼ਰ ਹਨ, ਜਥੇਦਾਰ ਸੁਖਬੀਰ ਸਿੰਘ ਜੀ ਬਾਦਲ। ਪਿਆਰੀ ਸਾਧ ਸੰਗਤ ਜੀ, ਏਦਾਂ ਜੈਕਾਰੇ ਨਾ ਛੱਡੋ। ਪਹਿਲਾਂ ਪ੍ਰਧਾਨ ਜੀ ਦਾ ਜਜ਼ਬਾ ਤਾਂ ਦੇਖੋ। ‘ਕਿਸਾਨ ਵੀਰੋ, ਏਹ ਥੋਡੀ ਮਾਂ ਪਾਰਟੀ ਹੈ। ਛੱਡ ਦਿਓ ਫਿਕਰ ਫਾਕੇ, ਸਰ੍ਹਾਣੇ ਥੱਲੇ ਬਾਂਹ ਦੇ ਕੇ ਸੌਂ ਜਾਓ। ਕਿਤੇ ਭੀੜ ਪੈ ਗਈ ਤਾਂ ਅਸੀਂ ਦਿਆਂਗੇ ਕੁਰਬਾਨੀ।‘ ਲਓ ਜੀ, ਸੌ ਰੋਗਾਂ ਦੀ ਇੱਕ ਦਵਾ। ਭਰੇ ਪੰਡਾਲ ’ਚੋਂ ਦਸੌਂਧਾ ਸਿਓਂ ਉਠਿਐ। ‘ਪ੍ਰਧਾਨ ਜੀ, ਬੰਦਾ ਹਾਜ਼ਰ ਐ, ਜੇ ਮੋਰਚਾ ਲਾਉਣੈ।’ ਨੈਣ ਪ੍ਰਾਣ ਚੱਲਦੇ ਨੇ, ਅਮਰਿੰਦਰ ਕਿਤੇ ਘੱਟ ਨੇ। ਮਹਾਰਾਜ ਇੰਝ ਗੜ੍ਹਕੇ ‘ਕੋਈ ਤਿੜ ਫਿੜ ਹੋਈ, ਹਰ ਕੁਰਬਾਨੀ ਦਿਆਂਗੇ’। ਸਤੌਜ ਆਲੇ ਭਗਵੰਤ ਮਾਨ ਨੂੰ ਦੱਸੋ ਕੌਣ ਸਮਝਾਏ, ਇੱਕੋ ਤੋਤਾ ਰੱਟ ਲਾਈ ਐ...‘ਬੀਬਾ ਜੀ ਪਹਿਲਾਂ ਕੁਰਸੀ ਛੱਡੋ’। ਰੋਮਨਾਂ ਨੇ ਕਾਣ ਕੱਢਿਐ। ‘ਉੱਲੂ ਦਾ ਆਪਣਾ ਗੀਤ ਹੁੰਦਾ ਤੇ ਕਾਂ ਦਾ ਆਪਣਾ’। ਖੇਤਾਂ ਦੇ ਰਾਖਿਓ... ਫਿਕਰ ਛੱਡੋ। ਕੁਰਬਾਨੀ ਦੇ ਪੁੰਜ ਜਾਗੇ ਨੇ। ਤੁਸੀਂ ਸੌਂ ਜਾਓ, ਲਾਹ ਲਓ ਨੀਦਾਂ ਤੇ ਲੁੱਟ ਲਓ ਬੁੱਲ੍ਹੇ। ਆਲਮ ਲੁਹਾਰ ਵੀ ਇਹੋ ਆਖਦੈ। ‘ਏਹ ਜ਼ਿੰਦਗਾਨੀ ਚਾਰ ਦਿਹਾੜੇ, ਖੁਸ਼ੀਆਂ ਨਾਲ ਹੰਢਾਈਏ।’ ਹੱਡਾਂ ਦੀ ਮੁੱਠ ਬਣੀ ਹੋਵੇ ਤਾਂ ਨੀਂਦਰ ਕਿਥੇ? ਆਰਡੀਨੈਂਸਾਂ ਨੇ ਖੇਤਾਂ ਨੂੰ ਕਾਂਬਾ ਛੇੜਿਐ। ਕਿਸਾਨਾਂ ਦੀ ਤਣਾਮ ਕਸੀ ਐ। ਝੱਖੜ ਝੁੱਲਣ ਲੱਗੇ ਨੇ। ‘ਬਾਦਲ’ ਗਰਜ਼ੇ ਨੇ। ਤੇਲ ਦੀ ਧਾਰ ਨਾ ਵੇਖੋ। ਸਿਆਸੀ ਸ਼ਹੀਦਾਂ ਨੂੰ ਪ੍ਰਣਾਮ ਕਰੋ। ਚੀਚੀ ਨੂੰ ਖੂਨ ਹੁਣੇ ਲਾਇਐ। ਐਂਵੇ ਕੌਣ ਰੱਸੇ ਵੱਟਦੈ।
                ਨਾਟਕ ‘ਬਾਬਾ ਬੋਲਦਾ ਹੈ’ ’ਚ ਬਾਬਾ ਆਖਦੈ... ‘ਸਰਕਾਰ ਆਖਦੀ ਏ... ਦੇਸ਼ ਨੂੰ ਖਤਰੈ, ਜਥੇਦਾਰ ਕਹਿੰਦੇ ਨੇ... ਪੰਥ ਨੂੰ ਖਤਰੈ।’ ਵੱਡੇ ਬਾਦਲ ਨੇ ਕੇਰਾਂ ਗੱਲ ਸੁਣਾਈ। ‘ਨਵੀਂ-ਨਵੀਂ ਸਰਕਾਰ ਬਣੀ, ਪੁਰਾਣਾ ਜਥੇਦਾਰ ਆਖਣ ਲੱਗਾ, ‘ਬਾਦਲ ਸਾਹਿਬ, ਮੋਰਚਾ ਕਦੋਂ ਲਾਵਾਂਗੇ। ਅੱਗਿਓਂ ਬਾਦਲ ਬੋਲੇ, ਬਜ਼ੁਰਗੋ ਹਾਲੇ ਆਪਣੀ ਸਰਕਾਰ ਐ।’ ਖੈਰ, ਲੰਘ ਗਏ ਦਰਿਆ। ਮੋਰਚੇ ਦਾ ਬਿਗਲ ਵੱਜਦੈ, ਜਥੇਦਾਰਾਂ ਨੂੰ ਚਾਅ ਚੜ੍ਹ ਜਾਂਦਾ। ਚੋਣਾਂ ਦੀ ਛਿੰਝ ਨੇੜੇ ਹੋਵੇ, ਉਦੋਂ ਕੁਰਬਾਨੀ ਦਾ ਗੀਤ ਗੂੰਜਦੈ। ਪੂਰਬੀ ਲੱਦਾਖ ’ਚ ਜੋ ਸ਼ਹੀਦ ਹੋਏ ਉਨ੍ਹਾਂ ਦੇ ਘਰਾਂ ’ਚ ਮਾਤਮੀ ਧੁਨ ਗੂੰਜੀ ਐ। ਸ਼ਹੀਦ ਮੁੰਡੇ ਦੇ ਬਾਪ ਨੇ ਉਲਾਂਭਾ ਦਿੱਤੈ। ‘ਅਸੀਂ ਸਰਹੱਦਾਂ ਤੋਂ ਪੁੱਤ ਵਾਰੇ, ਹਾਕਮਾਂ ਨੇ ਆਰਡੀਨੈਂਸ ਕੱਢ ਮਾਰੇ।’ ਮਰਹੂਮ ਗੁਰਦੇਵ ਬਾਦਲ ਹੱਟੀ ਭੱਠੀ ਗੱਲ ਸੁਣਾਉਂਦੇ। ਜਿਵੇਂ ਖਟਾਰਾ ਟਰੱਕਾਂ ਪਿੱਛੇ ‘ਚੱਲ ਰਾਣੀ ਤੇਰਾ ਰੱਬ ਰਾਖਾ’ ਲਿਖਿਆ ਹੁੰਦੈ। ਉਵੇਂ ਕਿਸਾਨੀ ਦਾ ਵੀ ਹੁਣ ਰੱਬ ਹੀ ਰਾਖੈ। ਅਮਰਿੰਦਰ ਆਖਦੈ... ਮੈਂ ਪਾਣੀਆਂ ਦਾ ਰਾਖਾ। ਬਾਦਲ ਆਖਦੇ ਨੇ... ਅਸੀਂ ਕਿਸਾਨੀ ਦੇ ਰਾਖੇ। ਚੀਮਾ ਦਾ ਕਿਸਾਨ ਜੋਗਿੰਦਰ ਸਿੰਘ। ਬਠਿੰਡਾ ਥਰਮਲ ਅੱਗੇ ਜ਼ਿੰਦਗੀ ਦੇ ਗਿਆ। ਅਕਾਲੀ ਆਗੂ ਬੋਲੇ... ‘ਜੋਗਿੰਦਰ ਦੀ ਕੁਰਬਾਨੀ ਅਜਾਈਂ ਨਹੀਂ ਜਾਏਗੀ।’ ਗੱਲ ਸੁਣਨ ਵਾਲੀ ਐ। ਮਾਸਟਰ ਤਾਰਾ ਸਿੰਘ ਨੂੰ ਪੰਡਿਤ ਨਹਿਰੂ ਨੇ ਬੁਲਾਇਆ, ਇੰਝ ਚੋਗਾ ਪਾਇਆ। ਉਪ ਰਾਸ਼ਟਰਪਤੀ ਬਣਨਾ ਚਾਹੋਗੇ। ਚਾਰ ਟੰਗੀ ਨੂੰ ਲੱਤ ਮਾਰ ਆਏ। ਗਰੀਬਾਂ ਦੇ ਢਿੱਡ ਨੂੰ ਲੱਤ ਵੱਜਦੀ ਐ। ਕੌਣ ਲੱਤ ਮਾਰਦੈ ਨਵਾਬੀ ਨੂੰ। ਟੀਨੋਪਾਲ ਵਾਲੇ ਕੱਪੜੇ, ਫਾਰਚੂਨਰ ਗੱਡੀਆਂ, ‘ਕਿਆਨੋ’ ਦੇ ਬੂਟ। ਇਹ ਨਵੇਂ ਜਥੇਦਾਰ ਸਜੇ ਨੇ। ਜੇਲ੍ਹਾਂ ਨੂੰ ਛੱਡੋ, ਧੁੱਪ ਝੱਲਣ ਜੋਗੇ ਨਹੀਂ। ਕਿਥੋਂ ਬੈਠਣਗੇ ਅਗਨ ਕੁੰਢ ’ਚ।
               ‘ਰੱਬ ਬਣਾਏ ਬੰਦੇ, ਕੋਈ ਚੰਗੇ ਕੋਈ ਮੰਦੇ’। ਜ਼ਿੰਦਗੀ ਤੋਂ ਬੇਦਖ਼ਲਾਂ ਨੂੰ ਕੌਣ ਪੁੱਛਦੈ। ਨੜਿੱਨਵੇਂ ਦੇ ਗੇੜ ’ਚ ਪੰਜਾਬ ਪਿਐ। ਅਮਰਿੰਦਰ ਤੇ ਕਾਕਾ ਸੁਖਬੀਰ... 2022 ਵਾਲੇ ਗੇੜ ’ਚ ਉਲਝੇ ਨੇ। ਨਵਜੋਤ ਸਿੱਧੂ ਦਾ ਨਵਾਂ ਸ਼ਗੂਫਾ ਸੁਣੋ, ਆਓ, ਨਵਾਂ ਪੰਜਾਬ ਬਣਾਈਏ। ਓ ਗੁਰੂ! ਪੰਜਾਬ ਪ੍ਰਯੋਗਸ਼ਾਲਾ ਨਹੀਂ। ਅਮਰਿੰਦਰ ਤਾਂ ਬਾਦਲਾਂ ਦਾ ਗੁਰੂ ਨਿਕਲਐ। ਬਤੌਰ ਮੁੱਖ ਮੰਤਰੀ ਬਾਦਲ ਕੋਲ 13 ਮਹਿਕਮੇ ਸਨ। ਅਮਰਿੰਦਰ ਕੋਲ 22 ਮਹਿਕਮੇ ਨੇ। ਲੋਕ ’ਕੱਤੀ ਪਾਉਣ ਨੂੰ ਕਾਹਲੇ ਨੇ। ਫਰਾਂਸੀਸੀ ਕਹਾਵਤ ਐ ‘ਜਦੋਂ ਬਾਕੀ ਪਾਪ ਬੁੱਢੇ ਹੁੰਦੇ ਨੇ, ਲੋਭ ਉਦੋਂ ਵੀ ਜਵਾਨ ਹੁੰਦੈ।’ ਸਿਆਸੀ ਜਾਗੀਰਦਾਰਾਂ ਦੀ ਜਾਗੀਰ ਵਧੀ। ਪੰਜਾਬ ਸਿਰ ਕਰਜ਼ਾ। ਕਿੰਨਾ ਕੁ ਚੜ੍ਹਿਐ, ਮਗਰੋਂ ਦੱਸਦੇ ਹਾਂ। ਪਹਿਲਾਂ ਇਹ ਸੁਣੋ। ਸਰੋਵਰ ’ਚ ਨਿਹੰਗ ਸਿੰਘ ਜੀ ਕੁੱਦ ਪਏ। ਤੈਰਨਾ ਨਾ ਆਵੇ, ਡੁੱਬਣ ਲੱਗਾ, ਬਚਾਓ ਬਚਾਓ, ਰੌਲਾ ਪਾਇਆ। ਹੱਥ ਪੈਰ ਮਾਰਨ ਲੱਗਾ। ਬਚਾਓ ਲਈ ਲੋਕ ਅੱਗੇ। ਅੱਗਿਓਂ ਦੋ ਜਣਿਆਂ ਨੇ ਲੋਕਾਂ ਨੂੰ ਵਲ ਲਿਆ। ਅਖੇ, ‘ਸਿੰਘ ਜੀ ਜੂਝ ਰਹੇ ਨੇ’। ਆਖਰ ਸਿੰਘ ਜੀ ਚੜ੍ਹਾਈ ਕਰ ਗਏ। ਮੈਨੂੰ ਡੁੱਬਣਵਾਲਾ ਸੱਚਮੁੱਚ ‘ਪੰਜਾਬ ਸਿਓਂ’ ਜਾਪਿਆ। ਜਿਨ੍ਹਾਂ ਰੋਕਿਆ, ਉਨ੍ਹਾਂ ’ਚੋਂ ਇੱਕ ਦੇ ਨੀਲੀ ਤੇ ਦੂਜੇ ਦੇ ਚਿੱਟੀ ਬੰਨ੍ਹੀ ਹੋਈ ਸੀ। ਪਤਾ ਨਹੀਂ ਕੌਣ ਸਨ, ਜੋ ਡੁੱਬਦੇ ‘ਪੰਜਾਬ ਸਿਓਂ’ ਤੋਂ ਗੋਤਾ ਲਵਾ ਰਹੇ ਸਨ। ਕਿਸਾਨੀ ਨੂੰ ਰਾਤੋ ਰਾਤ ਮੋਛੇ ਨਹੀਂ ਪਏ। ਕਿਸਾਨ-ਮਜ਼ਦੂਰਾਂ ਦੇ ਚੁੱਲ੍ਹੇ ਕੀਹਨੇ ਠੰਢੇ ਕੀਤੇ। ਅਮਰਿੰਦਰ ਦੀ ਦੌਲਤ ਦਹਾਕੇ ’ਚ 38.49 ਕਰੋੜ ਤੋਂ 48.31 ਕਰੋੜ ਹੋਈ ਹੈ। ਵੱਡੇ ਬਾਦਲ ਦੀ ਪੰਜ ਵਰ੍ਹਿਆਂ ’ਚ 6.75 ਕਰੋੜ ਤੋਂ 14.49 ਕਰੋੜ ਹੋ ਗਈ।
              ਸੁਖਬੀਰ ਬਾਦਲ ਦੀ ਦਹਾਕੇ ’ਚ 67.98 ਕਰੋੜ ਤੋਂ ਵਧ ਕੇ 102 ਕਰੋੜ ਨੂੰ ਛੂਹੀ ਹੈ। ਇੱਕ ਪੁਰਾਣਾ 1986 ਦਾ ਸਰਕਾਰੀ ਵਰਕਾ ਲੱਭਿਐ। ਉਦੋਂ ਇੱਕ ‘ਡੱਬਵਾਲੀ ਟਰਾਂਸਪੋਰਟ ਕੰਪਨੀ’ ਹੁੰਦੀ ਸੀ, 675 ਰੁਪਏ ਦਾ ਯਾਤਰੀ ਟੈਕਸ ਨਾ ਤਾਰ ਸਕੀ। ਡਿਫਾਲਟਰ ਹੋ ਗਈ। ਕੰਪਨੀ ਦੇ ਮਾਲਕ ਕੌਣ ਸਨ, ਪਤਾ ਨਹੀਂ। ਪੁਰਾਣੀ ਕਬਰ ਨਾ ਖੋਦੀਏ।ਆਹ ਦੇਖੋ, ਪੰਜਾਬ ਕਰਜ਼ੇ ਨੇ ਵਿੰਨ੍ਹਿਐ। 1983-84 ’ਚ ਪੰਜਾਬ ਦੀ ਕਮਾਈ 59 ਕਰੋੜ ਸਰਪਲੱਸ ਸੀ। ਕਰਜ਼ਾ ਉਦੋਂ 1450 ਕਰੋੜ ਰੁਪਏ ਸੀ। ਫੇਰ ਅਮਰਵੇਲ ਵਾਂਗੂ ਕਰਜ਼ਾ ਵਧਿਆ। ‘ਕੁਰਬਾਨੀ’ ਵਾਲਿਆਂ ਦੀ ਦੌਲਤ। ਪੰਜਾਬ ’ਤੇ 2003-04 ਵਿੱਚ 41,412 ਕਰੋੜ, ਸਾਲ 2013-14 ’ਚ 1.01 ਲੱਖ ਕਰੋੜ ਅਤੇ ਮੌਜੂਦਾ ਸਮੇਂ 2.48 ਲੱਖ ਕਰੋੜ ਦਾ ਕਰਜ਼ਾ ਹੈ। ਪੰਜਾਬ ਸਰਕਾਰ ਕੋਲ ਇੱਕ ਫੋਟੋ ਬਚੀ ਹੈ ਮਹਾਰਾਜਾ ਰਣਜੀਤ ਸਿੰਘ ਦੀ। ਦੂਜੀ ਕਰਜ਼ੇ ਦੀ ਪੰਡ। ‘ਰਾਜਾ ਵਪਾਰੀ, ਜਨਤਾ ਭਿਖਾਰੀ’। ਕਾਮਰੇਡ ਤਾਂ ਨਹੀਂ ਮੰਨਦੇ। ਜਥੇਦਾਰਾਂ ਨੂੰ ਰੱਬ ’ਚ ਭਰੋਸੈ। ਸਿਆਸੀ ਨੇਤਾ ਲੱਖ ਲੁਕ ਲਪੇਟ ਰੱਖਣ। ਉਦੋਂ ਵੀ ਰੱਬ ਵੇਖ ਰਿਹਾ ਹੁੰਦੈ। ਕਮਾਲ ਦੇ ਮਹਾਰਾਜਾ ਰਣਜੀਤ ਸਿੰਘ, ਉਸ ਤੋਂ ਵੱਧ ਦਾਨਾ ਰਾਜਭਾਗ। ਕੇਰਾਂ ਕੋਈ ਵਿਦੇਸ਼ੀ ਪ੍ਰਾਹੁਣਾ ਰਾਜੇ ਦੇ ਮਹਿਲ ਆਇਆ। ਥਾਂ-ਥਾਂ ਤੋਂ ਸ਼ੀਸ਼ੇ ਟੁੱਟੇ ਵੇਖ ਪ੍ਰਾਹੁਣੇ ਦੀ ਪ੍ਰੇਸ਼ਾਨੀ ਵਧੀ। ਅੱਗਿਓਂ ਮਹਾਰਾਜ ਬੋਲੇ... ਘਬਰਾਓ ਨਾ, ਲੋਕ ਆਉਂਦੇ ਨੇ, ਰੋੜੇ ਮਾਰ ਸ਼ੀਸ਼ੇ ਭੰਨਦੇ ਨੇ... ਚੇਤਾ ਕਰਾਉਂਦੇ ਨੇ, ‘ਏਹ ਤੇਰਾ ਰਾਜ ਨਹੀਂ, ਖ਼ਾਲਸੇ ਦਾ ਰਾਜ ਐ।’
                ਖੈਰ, ਅੱਜ ਦੇ ਸਿਆਸੀ ਖਿਡਾਰੀ ਰੱਬ ਨੂੰ ਟੱਬ ਦੱਸਦੇ ਨੇ। ਸੋਚਣਾ ਤਾਂ ਦੂਰ ਦੀ ਗੱਲ। ਕਿਸੇ ਨੇ ਸੱਚ ਕਿਹੈ.. ‘ਸਿਰ ਪੱਗ ਬੰਨ੍ਹਣ ਲਈ ਨਹੀਂ, ਸੋਚਣ ਲਈ ਵੀ ਹੁੰਦੈ।’ ਸਿਆਸੀ ਰਹਿਬਰਾਂ ਨੂੰ ਵੀ ਝੱਲਣਾ ਪੈਣਾ। ‘ਪੱਗ ਵੇਚ ਕੇ ਘਿਓ ਕੌਣ ਖਾਂਦੈ’। ਠੋਕਰ ਫਿਸਲਣ ਤੋਂ ਬਚਾਉਂਦੀ ਹੈ। ਗੱਲ ਅੱਜ ਤਿਲਕਣੋਂ ਨਹੀਂ ਰੁਕ ਰਹੀ। ਤੇਲ ਦੀ ਧਾਰ ਦੇਖਣ ਤੁਰੇ ਸੀ। ਖੇਤੀ ਆਰਡੀਨੈਂਸਾਂ ਵਾਲਾ ਪੁਲ ਵੀ ਲੰਘ ਗਏ। ਪੁਲ ’ਤੇ ਖੜ੍ਹ ਕੇ ਹੁਣ ਦੇਖਣਾ ਪੈਣੈ। ਕੌਣ-ਕੌਣ ਕਿਸਾਨੀ ਖਾਤਰ ਮੋਦੀ ਨਾਲ ਆਢਾ ਲਾਉਂਦੈ। ਵੈਸੇ ਕੇਂਦਰ ਪੰਜਾਬ ਦਾ ਸਕਾ ਨਹੀਂ। ਭਾਰਤ-ਪਾਕਿ ਜੰਗ ਵੱਧ ਪੰਜਾਬ ਨੇ ਝੱਲੀ। ਕੇਂਦਰ ਨੇ ਕਸ਼ਮੀਰ ਨੂੰ ਉਦੋਂ ਚਾਰ ਕਰੋੜ ਭੇਜੇ। ਪੰਜਾਬ ਨੂੰ ਖਾਲੀ ਹੱਥ ਮੋੜਤਾ। ਬਲਰਾਮਜੀ ਦਾਸ ਟੰਡਨ ਨੇ ਉਦੋਂ ਪਤੇ ਦੀ ਗੱਲ ਆਖੀ, ‘ਤੁਸੀਂ ਦਿੱਲੀ ਮਰਸਿਡੀਜ਼ ’ਤੇ ਜਾਂਦੇ ਹੋ, ਕੇਂਦਰ ਸਮਝਦੈ, ਪੰਜਾਬ ਦਾ ਬੋਝਾ ਭਰਿਐ।’ ਟੰਡਨ ਦਾ ਮਸ਼ਵਰਾ ਵੀ ਸੁਣੋ,‘ ਦਿੱਲੀ ਟੁੱਟੀਆਂ ਕਾਰਾਂ ’ਤੇ ਜਾਓ, ਪੁਰਾਣੇ ਕੱਪੜੇ ਪਾ ਕੇ ਜਾਓ’। ਫੇਰ ਚਾਰ ਛਿੱਲੜ ਮਿਲਣਗੇ। ਹੁਣ ‘ਕੁਰਬਾਨੀ’ ਵਾਲਿਆਂ ਨੂੰ ਕੌਣ ਆਖੂ। ਇਸ ਗੱਲੋਂ ਛੱਜੂ ਰਾਮ ਖਰਾ ਹੈ। ਮੂੰਹ ’ਤੇ ਆਖ ਦਿੰਦੈ...‘ਸੱਪ ਮਰਿਆ ਨਾ ਹੋਵੇ ਤਾਂ ਸੋਟੀ ਨਹੀਂ ਸੁੱਟਣੀ ਚਾਹੀਦੀ।’ ਦਸੌਂਧਾ ਸਿਓਂ ਦੇ ਖ਼ਾਨੇ ਨਹੀਂ ਪੈ ਰਹੀ। ਛੱਜੂ ਰਾਮ ਤਾਹੀਓਂ ਚਿੜਦੈ, ਅਖੇ ਮੈਨੂੰ ਲਾਈਲੱਗ ਪਸੰਦ ਨਹੀਂ। ਪਹਿਲਾਂ ‘ਕੁਰਬਾਨੀ’ ਵਾਲਿਆਂ ਨੂੰ ਵੇਖਦੇ ਹਨ। ਫੇਰ ਵੇਖਾਂਗੇ, 2022 ਨੂੰ। ਕੀਹਦੀ ਕੁਰਬਾਨੀ ਦਾ ਮੁੱਲ ਪੈਂਦੈ। ਅਖੀਰ ਤੋਂ ਪਹਿਲਾਂ ਸ਼ੇਅਰ ਸੁਣੋ,‘ ਗੁਫ਼ਤਾਰ ਕਾ ਗਾਜ਼ੀ ਤੋਂ ਬਨ ਗਿਆ, ਕਿਰਦਾਰ ਕਾ ਗਾਜ਼ੀ ਬਨ ਨਾ ਸਕਾ।’


Sunday, March 22, 2020

                        ਵਿਚਲੀ ਗੱਲ
      ਨਹੀਂਓਂ ਛੱਡਣਾ ਤਖਤ ਹਜ਼ਾਰਾ..!
                       ਚਰਨਜੀਤ ਭੁੱਲਰ
ਚੰਡੀਗੜ੍ਹ :  ਦੇਖਿਓ ਕਿਤੇ ਭਾਫ ਬਾਹਰ ਨਾ ਕੱਢ ਦਿਓ। ਪਤਾ ਨਹੀਂ ਗੱਲ ਭਲੇ ਦੀ ਹੈ ਜਾਂ ਨਹੀਂ ਪਰ ਪਤੇ ਦੀ ਜ਼ਰੂਰ ਹੈ। ਸ਼ਾਇਦ ਥੋਡਾ ਹੀ ਕਸੂਰ ਹੈ। ਇਸੇ ਗੱਲੋਂ ਕੁਰਸੀ ’ਚ ਗਰੂਰ ਹੈ। ਪੰਜਾਬ ਦਾ ਜੋ ਹਜ਼ੂਰ ਹੈ। ਗੱਜ ਵੱਜ ਕੇ ਆਖ ਰਿਹੈ, ‘ਅਭੀ ਤੋ ਮੈਂ ਜਵਾਨ ਹੂੰ’। ਪੰਜਾਬੀ ਤਾਂ ਸਿਰੇ ਦੇ ਭੌਂਦੂ ਨੇ। ਐਵੇਂ ਗ਼ਲਤ ਟੇਵੇ ਲਾਉਂਦੇ ਰਹੇ। ਮੁੱਖ ਮੰਤਰੀ ਨੂੰ ਖੁਦ ਦੱਸਣਾ ਪਿਐ, ‘ਬੁੱਢਾ ਨਹੀਂ, ਜਵਾਨ ਹਾਂ’। ਗੁੱਝਾ ਤੀਰ ਮਹਾਰਾਜੇ ਨੇ ਚਲਾ ਦਿੱਤੈ। ਐਵੇਂ ਤਾਲੀ ਨਾ ਠੋਕ ਦਿਓ। ਖੱਬੇ-ਸੱਜੇ ਕਿਤੇ ਵੀ ਬੈਠ ਜਾਓ। ਪਹਿਲਾਂ ਪੁਰਾਣੀ ਕਥਾ-ਕਹਾਣੀ ਸੁਣੋ। ਸਦੀਆਂ ਤੋਂ ਇਹ ਰਹੱਸ ਬਣਿਆ ਹੋਇਆ ਹੈ। ਕਿਤੇ ਇੱਕ ਕ੍ਰਿਸ਼ਮਈ ਝਰਨਾ ਮੌਜੂਦ ਹੈ, ਜਿਸ ਦੀ ਖੋਜ ਜਾਰੀ ਹੈ। ਜੋ ਵੀ ਝਰਨੇ ਦਾ ਪਾਣੀ ਪੀਂਦਾ ਹੈ, ਉਹ ਕਦੇ ਬੁੱਢਾ ਨਹੀਂ ਹੁੰਦਾ। ਵਹਿੰਦਾ ਹੋਇਆ ਪਾਣੀ, ਲਿਆ ਦਿੰਦੈ ਜਵਾਨੀ। ਅਮਰਿੰਦਰ ਸਿਓਂ ਐਵੇਂ ਨਹੀਂ ਬੋਲੇ। ਇੰਝ ਲੱਗਦੈ, ਜਿਵੇਂ ਜਨਾਬ ਹੋਰਾਂ ਨੂੰ ਝਰਨਾ ਲੱਭ ਗਿਆ ਹੋਵੇ। ਦੋ ਚਾਰ ਬੂੰਦਾਂ ਪੀ ਆਏ ਹੋਣ। ਹਿੰਗ ਲੱਗੇ ਨਾ ਫਟਕੜੀ। ਸਸਤਾ ਨੁਸਖ਼ਾ ਹੈ। ਦੇਖਿਓ ਕਿਤੇ ਤੁਸੀਂ ਝਰਨਾ ਲੱਭਣ ਨਾ ਤੁਰ ਪਿਓ। ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ। ਤਿੰਨ ਵਰ੍ਹਿਆਂ ’ਚ ਜੋ ਮਾਰੀਆਂ ਮੱਲਾਂ। ਅਮਰਿੰਦਰ ਨੇ ਹੁਣੇ ਖੋਲ੍ਹ ਕੇ ਦੱਸੀਆਂ ਨੇ। ਨਾਲੇ ਦੱਸਿਆ ਕਿ ਅਗਲੀ ਚੋਣ ਵੀ ਲੜਾਂਗਾ। ਇਹੋ ਤਾਂ ਲੋਕ ਰਾਜ ਹੈ ਭਾਈ। ਚੋਣਾਂ ਲੜ ਕੇ ਤਾਂ ਬਾਦਲ ਨਹੀਂ ਥੱਕਿਆ। ਜਨਵਰੀ 2017 ਦਾ ਕੋਈ ਮਰਜ਼ੀ ਅਖ਼ਬਾਰ ਫਰੋਲਣਾ। ਉਦੋਂ ਅਮਰਿੰਦਰ ਨੇ ਥਾਂ-ਥਾਂ ਆਖਿਆ, ‘ਇਹ ਮੇਰੀ ਆਖ਼ਰੀ ਚੋਣ ਹੈ।’ ਜਿਵੇਂ ਵੱਡਾ ਬਾਦਲ ਵੀ ਆਖਦਾ ਰਿਹੈ।
               ਪੰਜਾਬ ਦੇ ਲੋਕ ਬੇਵਕੂਫ਼ ਨਹੀਂ, ਮਹਾਂਮੂਰਖ ਵੀ ਹਨ। ਅੱਤ ਦਾ ਭਰੋਸਾ ਕਰਦੇ ਹਨ। ਅਮਰਿੰਦਰ ਨੂੰ ਕੁਰਸੀ ਫੜਾ ਦਿੱਤੀ। ਭਲਿਓ ਲੋਕੋ, ਭਲੇ ਦਾ ਜ਼ਮਾਨਾ ਨਹੀਂ, ਹੁਣ ਕੁਰਸੀ ਕੌਣ ਛੱਡਦੈ। ਭਾਰਤ ’ਚ ਸਭ ਤੋਂ ਵੱਡੀ ਉਮਰ ਦੇ ਇਕੱਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ। ਬਾਕੀ ਸਭ ਮੁੱਖ ਮੰਤਰੀ ਛੋਟੇ ਨੇ। ਹਿਮਾਚਲ ਵਾਲੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਪੂਰੇ 87 ਸਾਲ ਦੇ ਹੋ ਗਏ ਹਨ। ਇੰਝ ਗੜ੍ਹਕ ਨਾਲ ਬੋਲੇ, ‘ਸ਼ੇਰ ਕਦੇ ਬੁੱਢਾ ਨਹੀਂ ਹੁੰਦਾ।’ ਵੈਸੇ ਇਹ ਵੀ ਕਿਹਾ ਜਾਂਦੈ, ਖੁਰਾਕ ਸਹੀ ਮਿਲਦੀ ਰਹੇ, ਘੋੜਾ ਤੇ ਆਦਮੀ ਕਦੇ ਬੁੱਢੇ ਨਹੀਂ ਹੁੰਦੇ। ਪਿੰਡਾਂ ’ਚ ਆਖਿਆ ਜਾਂਦੈ, ਫਲਾਣਾ ਸਿਓਂ ਨੇ ਪਤਾ ਨਹੀਂ ਕੀ ਚਿੜੇ ਖਾਧੇ ਨੇ।’ ਚਿੜਿਆਂ ਨੂੰ ਛੱਡੋ, ‘ਖਰਗੋਸ਼ ਤੇ ਚੀਤੇ’ ਵਾਲੀ ਕਹਾਣੀ ਤਾਂ ਸੁਣੀ ਹੋੋਊ। ਬੁੱਢਾ ਚੀਤਾ ਭੁੱਖ ਦਾ ਸਤਾਇਆ। ਵਾਹੋ-ਦਾਹੀ ਖਰਗੋਸ਼ ਮਗਰ ਦੌੜਿਆ। ਆਖ਼ਰ ਹੰਭ ਗਿਆ। ਖਰਗੋਸ਼ ਨੇ ਖੁੱਡ ’ਚ ਵੜ ਕੇ ਜਾਨ ਬਚਾਈ। ਚੀਤਾ ਖੁੱਡ ਦੇ ਬਾਹਰ ਬੈਠ ਗਿਆ। ਖੁੱਡ ’ਚ ਖਰਗੋਸ਼ ’ਤੇ ਪਾਣੀ ਡਿੱਗਾ। ਜਿਉਂ ਹੀ ਖਰਗੋਸ਼ ਖੁੱਡ ਤੋਂ ਬਾਹਰ ਝਾਕਿਆ। ਬੁੱਢਾ ਚੀਤਾ ਰੋ ਰਿਹਾ ਸੀ। ਚੀਤਾ ਮਹਾਰਾਜ, ਤੁਹਾਡੀ ਅੱਖ ’ਚ ਹੰਝੂ। ਕੀ ਦੱਸਾਂ ਖਰਗੋਸ਼ ਭਾਈ, ‘ਮੈਂ ਬੁੱਢਾ ਹੋ ਗਿਆ, ਅੱਜ ਤੇਰਾ ਸ਼ਿਕਾਰ ਕਰਨੋਂ ਵੀ ਗਿਐ।’ ਖਰਗੋਸ਼ ਬੋਲਿਆ, ਰੋ ਮੱਤ ਪਿਆਰੇ, ਤੂੰ ਬੁੱਢਾ ਨਹੀਂ ਹੋਇਆ, ਤੇਰਾ ਟੀਚਾ ਗ਼ਲਤ ਸੀ, ਤਾਹੀਓਂ ਮੈਂ ਜਿੱਤ ਗਿਆ।’ ਚੀਤਾ ਸ਼ਰਮ ’ਚ ਡੁੱਬ ਗਿਆ। ਜਦੋਂ ਖਰਗੋਸ਼ ਨੇ ਬਾਤ ਸਮਝਾਈ, ‘ਮਹਾਰਾਜ, ਮੈਂ ਦੌੜਿਆ ਜ਼ਿੰਦਗੀ ਲਈ, ਤੂੰ ਇੱਕ ਵੇਲੇ ਦੇ ਸ਼ਿਕਾਰ ਲਈ’।
              ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਦੌੜ ਜ਼ਿੰਦਗੀ ਲਈ ਹੈ। ਹਾਕਮਾਂ ਦੀ ਪਤਾ ਨਹੀਂ। ‘ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੱਝ ਨੂੰ।’ ਸਿਆਸੀ ਸੰਨਿਆਸੀ ਕਿੱਦਾਂ ਦੇ ਹਨ। ਆਖਦੇ ਨੇ ਕੁਰਸੀ ਵਾਲਾ ਕੰਬਲ ਨਹੀਂ ਛੱਡਦਾ। ਨਵਜੋਤ ਸਿੱਧੂ ਨੇ ਹਿੱਕ ਥਾਪੜੀ ਸੀ, ਅਖੇ, ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਿਆ ਤਾਂ ਮੈਂ ਸਿਆਸਤ ਛੱਡ ਦਿਆਂਗਾ।’ ਕਦੋਂ ਦੇ ਰਾਹੁਲ ਗਾਂਧੀ ਹਾਰੇ ਨੇ, ‘ਜਿੱਤੇਗਾ ਪੰਜਾਬ’ ਚੈਨਲ ਲੈ ਕੇ ਨਵਜੋਤ ਸਿੱਧੂ ਹਾਜ਼ਰ ਹੈ। ਪੰਜਾਬੀ ਭੋਲੇ ਪੰਛੀ ਨੇ, ਗੱਲਾਂ ’ਚ ਛੇਤੀ ਆਉਂਦੇ ਨੇ। ਨਹੀਂ ਜਾਣਦੇ ਕਿ ਸਿਆਸੀ ਲੋਕਾਂ ਦੀ ਪ੍ਰਜਾਤੀ ਇੱਕੋ ਹੈ, ਮੂਲ ਸੁਭਾਅ ਇੱਕੋ ਹੈ। ਸਿਰਫ਼ ਅਦਾਕਾਰੀ ਦਾ ਵਖਰੇਵਾਂ ਹੈ। ਵੱਡੇ ਬਾਦਲ ਆਖਦੇ ਰਹੇ ਨੇ, ਆਖਰੀ ਚੋਣ ਲੜ ਰਿਹਾ ਹਾਂ। ਹੁਣ ਉਹ ਬੋਲੇ ਨੇ, ਸਿਹਤ ਨੇ ਸਾਥ ਦਿੱਤਾ, ਪਾਰਟੀ ਨੇ ਹੁਕਮ ਕੀਤਾ, ਤਾਂ ਜ਼ਰੂਰ ਲੜਾਂਗੇ ਚੋਣ। ਖੈਰ, ਕੰਮ ਦੀ ਸਮਰੱਥਾ ’ਚ ਵੱਡੇ ਬਾਦਲ ਕਿਤੇ ਤਕੜੇ ਪਏ ਨੇ। ਸ਼੍ਰੋਮਣੀ ਅਕਾਲੀ ਦਲ ਦਾ ਪਤਾ ਨਹੀਂ, ਕਾਂਗਰਸ ਨੂੰ ਭੁਲੇਖਾ ਜ਼ਰੂਰ ਹੈ ਕਿ ਲੋਕਾਂ ਕੋਲ ਬਦਲ ਨਹੀਂ। ਚੋਣਾਂ ’ਚ ਪੰਜਾਬ ਨੂੰ ‘ਪਟਿਆਲਾ ਪੈੱਗ’ ਲਵਾ ਦਿਆਂਗੇ। ਫਿਰ ਬਾਜ਼ੀ ਮਾਰ ਲਵਾਂਗੇ। ਪੁਰਾਣੀ ਗੱਲ ਵੀ ਸੁਣੋ, ਦੱਸਦੇ ਹਨ ਕਿ ਮੈਚ ’ਚ ਅੰਗਰੇਜ਼ੀ ਟੀਮ ਨੂੰ ਹਰਾਉਣ ਲਈ ‘ਪਟਿਆਲਾ ਪੈੱਗ’ ਲਗਵਾਏ ਗਏ। ਅੰਗਰੇਜ਼ਾਂ ਦੀ ਟੀਮ ਤਕੜੀ ਸੀ। ਤਰਕੀਬ ਕੱਢੀ ਗਈ, ਮੈਚ ਤੋਂ ਪਹਿਲੀ ਰਾਤ ਦੁੱਗਣੀ ਸ਼ਰਾਬ ਦੇ ਹਾੜੇ ਲਵਾ ਦਿੱਤੇ। ਖਿਡਾਰੀ ਲੁੜਕ ਗਏ, ਮੈਚ ਪਟਿਆਲਾ ਟੀਮ ਜਿੱਤ ਗਈ।
               ਸੱਚ ਇਹ ਵੀ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ..! ਲੋਕ ਏਨੇ ਵੀ ਮੂਰਖ ਨਹੀਂ ਕਿ ਪਹਾੜੋਂ ਉਤਰੇ ਜੋਗੀਆਂ ਦੇ ਹਾਰ ਪਾਈ ਜਾਣ। ਘੂਰੀ ਵੱਟ ਲੈਣ, ਫਿਰ ਸੰਨਿਆਸੀ ਬਣਾਉਂਦੇ ਵੀ ਦੇਰ ਨਹੀਂ ਲਾਉਂਦੇ। ‘ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇਹ..!’ ਫਰੀਦ ਕੀ ਜਾਣੇ, ਕੁਰਸੀ ਦਾ ਨਸ਼ਾ। ਐਸੀ ਬਲਾ ਹੈ ਕਿ ਬੁਢਾਪਾ ਨੇੜੇ ਨਹੀਂ ਢੁੱਕਣ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੋਈ ਮੋਦੀ ਵਰਗਾ ਨੌਜਵਾਨ ਆ ਜਾਏ। ਫਿਰ ਮੁਰਲੀ ਮਨੋਹਰ ਜੋਸ਼ੀ ਤੇ ਅਡਵਾਨੀ ਨੂੰ ਬੁਢਾਪਾ ਝੱਲਣਾ ਪੈਂਦਾ ਹੈ। ਮੌਜੂਦਾ ਲੋਕ ਸਭਾ ’ਚ ਸਿਰਫ ਛੇ ਫੀਸਦ ਐੱਮਪੀ 70 ਸਾਲ ਤੋਂ ਵੱਧ ਉਮਰ ਦੇ ਹਨ। 42 ਫੀਸਦ ਸੰਸਦ ਮੈਂਬਰ 56 ਤੋਂ 70 ਸਾਲ ਦੀ ਉਮਰ ਦੇ ਹਨ। 1962 ਤੱਕ ਕੋਈ ਐੱਮਪੀ ਵੀ 70 ਸਾਲ ਦੀ ਉਮਰ ਦੇ ਨੇੜੇ ਤੇੜੇ ਨਹੀਂ ਸੀ। ਮੌਜੂਦਾ ਲੋਕ ਸਭਾ ’ਚ ਯੂਪੀ ਵਾਲਾ ਸਫ਼ੀਕੁਰ ਰਹਿਮਾਨ ਅਤੇ ਫਾਰੂਕ ਅਬਦੁੱਲਾ ਉਮਰਾਂ ’ਚ ਸਭ ਤੋਂ ਸੀਨੀਅਰ ਹਨ। ਰਹਿਮਾਨ 89 ਸਾਲ ਦਾ ਹੈ ਤੇ ਫਾਰੂਕ 82 ਸਾਲ ਦਾ। ਮੁਹੰਮਦ ਸਦੀਕ 81 ਸਾਲ ਦਾ ਹੈ, ਅਮਰਿੰਦਰ ਤੋਂ ਵੱਡਾ ਹੈ। ਤੂੰਬੀ ਅਜੇ ਵੀ ਟੁਣਕ ਰਹੀ ਹੈ। ਬਿਨਾਂ ਝਰਨੇ ਦਾ ਪਾਣੀ ਪੀਤੇ। ਜਦੋਂ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਸੀ। ਕਿਸੇ ਨੇ ਚਿੱਟੇ ਵਾਲ ਦੇਖ ਕੇ ਬੁੱਢਾ ਆਖ ਦਿੱਤਾ। ਗੁੱਸਾ ਕਰ ਗਿਆ, ‘ਵਾਲ ਸਫੈਦ ਹੋਏ ਨੇ, ਦਿਲ ਦਾ ਜਵਾਨ ਹਾਂ’। ਓਬਾਮਾ ਨੇ ਕਦੇ ਵਾਲ ਨਹੀਂ ਰੰਗੇ। ਉਦੋਂ ਹਿਲੇਰੀ ਕਲਿੰਟਨ ਖ਼ਫਾ ਹੋਈ ਜਦੋਂ ਟਰੰਪ ਨੇ ਕਿਹਾ ਸੀ ‘ਏਹ ਬੀਬੀ ਤਾਂ ਵਾਲ ਰੰਗਦੀ ਹੈ।’
                ਕੋਈ ਕੁਝ ਵੀ ਕਰੇ, ਕੁਰਸੀ ਨੂੰ ਚਿੰਬੜੇ ਰਹਿਣਾ, ਵਿਸ਼ਵ ਵਿਆਪੀ ਫ਼ਿਤਰਤ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ‘ਮੋਦੀ ਦੇ ਨਾਲ ਹੀ ਸਿਆਸਤ ਛੱਡਾਂਗੀ।’ ਕੇਂਦਰੀ ਮੰਤਰੀ ਗਿਰੀਰਾਜ ਦਾ ਤਰਕ ਸੁਣੋ, ‘ਜਦੋਂ ਆਬਾਦੀ ਕੰਟਰੋਲ ਕਾਨੂੰਨ ਲਾਗੂ ਹੋ ਗਿਆ, ਉਦੋਂ ਹੀ ਸਿਆਸਤ ਤੋਂ ਸੰਨਿਆਸ ਲੈ ਲਵਾਂਗਾ।’ ਪੰਜਾਬ ਵਿੱਚ 53 ਫੀਸਦ ਵੋਟਰ ਨੌਜਵਾਨ ਹਨ। ਬਹੁਤੇ ਜਹਾਜ਼ ਚੜ੍ਹਨ ਲਈ ਕਾਹਲੇ ਨੇ, ਬਾਕੀ ਕਚੀਚੀਆਂ ਵੱਟ ਕੇ ਘੁੰਮ ਰਹੇ ਨੇ। ‘ਖਾਲੀ ਸੰਖ਼ ਵਜਾਏ ਦੀਪਾ’। ਕਸੂਰ ਕਿਸੇ ਦੀਪੇ ਦਾ ਨਹੀਂ, ਸਿਆਸੀ ਰਹਿਬਰਾਂ ਦਾ ਹੈ। ਬੁਢਲਾਡੇ ਦੀ ਇੱਕ ਮਾਂ ਨੇ ਪੁੱਤ ਦਾ ਨਾਮ ਰੱਖਿਆ ‘ਰਾਜ ਕੁਮਾਰ’। ਟੈੱਟ ਪਾਸ ਹੈ, 41 ਸਾਲ ਦਾ ਹੋ ਗਿਆ, ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ ਨੇ। ‘ਘਰ-ਘਰ ਰੁਜ਼ਗਾਰ’ ਹਾਲੇ ਨਹੀਂ ਪੁੱਜਾ।ਤੇਜਾ ਰੁਹੇਲਾ (ਫਾਜ਼ਿਲਕਾ) ਦੀ ਇੱਕ ਸਰਹੱਦੀ ਮਾਂ ਨੇ ਬੱਚੇ ਦਾ ਨਾਮ ਰੱਖਿਆ ‘ਪ੍ਰਿੰਸ’। ਬੱਚੇ ਦੀ ਉਮਰ ਹਾਲੇ ਸਾਢੇ ਚਾਰ ਸਾਲ ਹੈ, ਸਿਰ ਦੇ ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ ਨੇ। ਪੌਣ ਪਾਣੀ ਨੂੰ ਕਸੂਰ ਦਿਓ ਜਾਂ ਫਿਰ ਫਿਕਰਾਂ ਦੀ ਪੰਡ ਨੂੰ। ਜਵਾਨੀ ਤੋਂ ਪਹਿਲਾਂ ਹੀ ਮੁੰਡੇ ਬੁੱਢੇ ਹੋਣ ਲੱਗੇ ਹਨ। ਕੋਈ ਤਕਦੀਰੀ ਝਰਨਾ ਵੀ ਨਹੀਂ ਲੱਭ ਰਿਹਾ। ਨਵੀਂ ਅਲਾਮਤ ਜ਼ਰੂਰ ਲੱਭੀ ਹੈ। ਨਾਮ ਕਰੋਨਾਵਾਇਰਸ ਹੈ। ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ। ਬਚਾਅ ’ਚ ਹੀ ਬਚਾਓ ਹੈ। ਗੱਲ ਛੱਜੂ ਰਾਮ ਦੀ ’ਚ ਵੀ ਦਮ ਲੱਗਦੈ। ਘਰੇ ਬੈਠਾ ਭਾਂਡੇ ਖੜਕਾ ਰਿਹਾ ਹੈ। ਅਖੇ, ਕਰੋਨਾ ਤੋਂ ਬਚ ਗਏ ਤਾਂ ਭੁੱਖ ਨਾਲ ਮਰਾਂਗੇ। ਨਾਲੇ ਆਖ ਰਿਹੈ, ਝਰਨਾ ਕਿਉਂ ਲੱਭਾਂ, ਕੋਈ ਤਕੜੀ ਮੋਟੀ ਡਾਂਗ ਭਾਲੂੰ..!

Friday, February 28, 2020

                  ਕੈਪਟਨ ਦੀ ਠਾਠ 
ਘੰਟੇ ਦਾ ਬਿਜਲੀ ਬਿੱਲ 357 ਰੁਪਏ !
                     ਚਰਨਜੀਤ ਭੁੱਲਰ
ਬਠਿੰਡਾ : ਮਹਿੰਗੀ ਬਿਜਲੀ ਦਾ ਸੇਕ ਪੰਜਾਬ ਦੇ ਵੱਡੇ ਘਰਾਂ ਨੂੰ ਨਹੀਂ ਲੱਗਦਾ ਹੈ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਈਵੇਟ ਰਿਹਾਇਸ਼ ਦਾ ਬਿਜਲੀ ਬਿੱਲ ਦੇਖੀਏ ਤਾਂ ਇਹ ਸੱਚ ਜਾਪਦਾ ਹੈ। ਇਵੇਂ ਬਾਦਲਾਂ ਨੂੰ ਵੀ ਹੁਣ ਮਹਿੰਗੀ ਬਿਜਲੀ ਚੁੱਭਦੀ ਨਹੀਂ ਹੈ। ਆਮ ਆਦਮੀ ਦੇ ਪਸੀਨੇ ਬਿਜਲੀ ਬਿੱਲਾਂ ਨੇ ਛੁਡਾ ਰੱਖੇ ਹਨ ਤੇ ਪੰਜਾਬ ’ਚ ਬਿਜਲੀ ਬਿੱਲ ਵੱਡਾ ਮਸਲਾ ਬਣੇ ਹਨ। ਵੱਡੇ ਘਰਾਂ ’ਚ ਕਾਹਦਾ ਘਾਟਾ, ਜਿਸ ਕਰਕੇ ਵੱਡੇ ਪਰਿਵਾਰਾਂ ਲਈ ਬਿਜਲੀ ਬਿੱਲ ਤਾਰਨੇ ਕੋਈ ਮੁਸ਼ਕਲ ਵੀ ਨਹੀਂ। ਵੱਡਿਆਂ ਦੇ ਬਿੱਲ ਆਮ ਆਦਮੀ ਨੂੰ ਚੱਕਰ ਲਿਆਉਣ ਵਰਗੇ ਹਨ। ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਲਾਗੇ ਸਿਸਵਾਂ ਵਿਖੇ ਪ੍ਰਾਈਵੇਟ ਰਿਹਾਇਸ਼ (ਫਾਰਮ ਹਾਊਸ) ਹੈ। ਅਮਰਿੰਦਰ ਸਿੰਘ ਨੇ ਇਹ ਰਿਹਾਇਸ਼ ਥੋੜਾ ਸਮਾਂ ਪਹਿਲਾਂ ਹੀ ਉਸਾਰੀ ਹੈ। ਵੇਰਵਿਆਂ ਅਨੁਸਾਰ ਇਸ ਪ੍ਰਾਈਵੇਟ ਰਿਹਾਇਸ਼ ਦਾ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਕੁਨੈਕਸ਼ਨ ਜੁਲਾਈ 2019 ਵਿਚ ਲਿਆ ਹੈ ਜਿਸ ਦਾ ਬਿਜਲੀ ਲੋਡ ਕਰੀਬ 140 ਕਿਲੋਵਾਟ ਹੈ। ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਿਜਲੀ ਬਿੱਲਾਂ ਦੀ ਅੌਸਤਨ ਵੇਖੀਏ ਤਾਂ ਮੁੱਖ ਮੰਤਰੀ ਪ੍ਰਤੀ ਘੰਟਾ 250 ਰੁਪਏ ਦੀ ਬਿਜਲੀ ਬਾਲਦੇ ਹਨ ਅਤੇ ਇੱਕ ਦਿਨ ਦਾ ਬਿਜਲੀ ਬਿੱਲ ਅੌਸਤਨ 6100 ਰੁਪਏ ਤਾਰਦੇ ਹਨ।
              ਇਸ ਰਿਹਾਇਸ਼ ਦੀ ਜਨਵਰੀ 2020 ਮਹੀਨੇ ਦੀ ਖਪਤ 33260 ਯੂਨਿਟ ਰਹੀ ਹੈ। ਮਤਲਬ ਕਿ ਮੁੱਖ ਮੰਤਰੀ ਦਾ ਰੋਜ਼ਾਨਾ ਦਾ ਅੌਸਤਨ 8584 ਰੁਪਏ ਦੀ ਬਿਜਲੀ ਬਿੱਲ ਆਇਆ ਅਤੇ ਪ੍ਰਤੀ ਘੰਟਾ ਬਿਜਲੀ ਖਰਚਾ 357 ਰੁਪਏ ਰਿਹਾ।ਚਾਲੂ ਫਰਵਰੀ ਮਹੀਨੇ ਦਾ ਬਿਜਲੀ ਬਿੱਲ ਵੀ 27 ਹਜ਼ਾਰ ਯੂਨਿਟਾਂ ਨੂੰ ਪਾਰ ਕਰ ਗਿਆ ਹੈ। ਜੁਲਾਈ 2019 ਤੋਂ 31 ਦਸੰਬਰ 2019 ਤੱਕ ਦਾ ਇਸ ਰਿਹਾਇਸ਼ ਦਾ ਬਿਜਲੀ ਬਿੱਲ 6.52 ਲੱਖ ਰੁਪਏ ਆਇਆ ਹੈ ਜੋ ਕਿ 159 ਦਿਨਾਂ ਦੀ ਬਿਜਲੀ ਖਪਤ ਦਾ ਹੈ। ਇਨ੍ਹਾਂ ਛੇ ਮਹੀਨਿਆਂ ਦੀ ਅੌਸਤਨ ਵੇਖੀਏ ਤਾਂ ਮੁੱਖ ਮੰਤਰੀ ਨੇ ਰੋਜ਼ਾਨਾ 4103 ਰੁਪਏ ਦੀ ਬਿਜਲੀ ਬਾਲੀ ਹੈ। ਕੁਨੈਕਸ਼ਨ ਚਾਲੂ ਹੋਣ ਤੋਂ ਫਰਵਰੀ ਮਹੀਨੇ ਤੱਕ ਅੌਸਤਨ ’ਤੇ ਨਜ਼ਰ ਮਾਰੀਏ ਤਾਂ ਅਮਰਿੰਦਰ ਸਿੰਘ ਦਾ ਰੋਜ਼ਾਨਾ ਦਾ ਅੌਸਤਨ ਬਿਜਲੀ ਖਰਚ 5500 ਰੁਪਏ ਰਿਹਾ ਹੈ। ਜਨਵਰੀ ਮਹੀਨੇ ’ਚ ਪ੍ਰਤੀ ਘੰਟਾ ਬਿਜਲੀ ਖਰਚਾ 357 ਰੁਪਏ ਰਿਹਾ ਹੈ ਜਦੋਂ ਕਿ ਪੰਜਾਬ ਵਿਚ ਮਗਨਰੇਗਾ ਮਜ਼ਦੂਰਾਂ ਨੂੰ ਪੂਰੇ ਦਿਨ ਦੀ ਦਿਹਾੜੀ 241 ਰੁਪਏ ਮਿਲਦੀ ਹੈ। ਪ੍ਰਤੱਖ ਹੈ ਕਿ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਤਾਂ ਪ੍ਰਤੀ ਮਹੀਨਾ ਏਨੀ ਤਨਖਾਹ ਵੀ ਮਸਾਂ ਮਿਲਦੀ ਹੈ। ਦੂਸਰੀ ਤਰਫ਼ ਵੀ.ਆਈ.ਪੀ ਪਿੰਡ ਬਾਦਲ ’ਚ ਜੋ ਬਾਦਲ ਪਰਿਵਾਰ ਦੀ ਰਿਹਾਇਸ਼ ਹੈ, ਉਸ ਦਾ ਬਿਜਲੀ ਬਿੱਲ ਕਿਸੇ ਬੰਨ੍ਹਿਓ ਮਹਾਰਾਜੇ ਤੋਂ ਘੱਟ ਨਹੀਂ ਜਾਪਦਾ ਹੈ।
               ਬਾਦਲਾਂ ਦੀ ਰਿਹਾਇਸ਼ ਦਾ ਬਿਜਲੀ ਲੋਡ 180 ਕਿਲੋਵਾਟ ਹੈ। ਜੋ ਆਖਰੀ ਬਿਜਲੀ ਬਿੱਲ ਇਸ ਪਰਿਵਾਰ ਨੇ ਭਰਿਆ ਹੈ, ਉਹ 2.12 ਲੱਖ ਰੁਪਏ ਦਾ ਹੈ। ਜਮਾ ਘਟਾਓ ਕਰੀਏ ਤਾਂ ਬਾਦਲ ਪਰਿਵਾਰ ਵੱਲੋਂ ਰੋਜ਼ਾਨਾ ਅੌਸਤਨ 6838 ਰੁਪਏ ਬਿਜਲੀ ਬਿੱਲ ਦੇ ਤਾਰੇ ਹਨ ਅਤੇ ਪ੍ਰਤੀ ਘੰਟਾ ਬਿਜਲੀ ਬਿੱਲ ਅੌਸਤਨ 284 ਰੁਪਏ ਤਾਰਿਆ ਗਿਆ ਹੈ। ਜੋ ਹੁਣ ਬਿਜਲੀ ਬਿੱਲ 6 ਮਾਰਚ ਤੱਕ ਭਰਨਾ ਹੈ, ਉਹ ਵੀ 1.31 ਲੱਖ ਰੁਪਏ ਬਣਿਆ ਹੈ ਅਤੇ 14,492 ਯੂਨਿਟ ਬਿਜਲੀ ਖਪਤ ਆਈ ਹੈ। ਮੋਟੇ ਅੰਦਾਜ਼ੇ ਅਨੁਸਾਰ ਬਾਦਲ ਪਰਿਵਾਰ ਨੂੰ 9 ਰੁਪਏ ਪ੍ਰਤੀ ਯੂਨਿਟ ਬਿਜਲੀ ਪੈ ਰਹੀ ਹੈ। ਦੱਸਦੇ ਹਨ ਕਿ ਬਾਦਲ ਪਰਿਵਾਰ ਦੀ ਰਿਹਾਇਸ਼ ’ਤੇ ਸੋਲਰ ਪਲਾਂਟ ਵੀ ਲੱਗਾ ਹੋਇਆ ਹੈ। ਸੋਲਰ ਪਲਾਂਟ ਦੀ ਬਿਜਲੀ ਤੋਂ ਇਲਾਵਾ ਪਾਵਰਕੌਮ ਦੀ ਬਿਜਲੀ ਵੀ ਵਰਤੀ ਜਾਂਦੀ ਹੈ। ਪਾਵਰਕੌਮ ਦੇ ਸਥਾਨਿਕ ਅਧਿਕਾਰੀ ਦੱਸਦੇ ਹਨ ਕਿ ਕਈ ਵਾਰੀ ਇਸ ਪਰਿਵਾਰ ਵੱਲੋਂ ਸੋਲਰ ਪਲਾਂਟ ਦੀ ਬਿਜਲੀ ਪਾਵਰਕੌਮ ਨੂੰ ਵੀ ਦਿੱਤੀ ਜਾਂਦੀ ਹੈ ਅਤੇ ਬਦਲੇ ਵਿਚ ਬਿਜਲੀ ਲੈ ਵੀ ਲਈ ਜਾਂਦੀ ਹੈ। ਭਾਵੇਂ ਇਨ੍ਹਾਂ ਪਰਿਵਾਰਾਂ ਦੇ ਬਿਜਲੀ ਬਿੱਲ ਮੋਟੇ ਆ ਰਹੇ ਹਨ ਪ੍ਰੰਤੂ ਇਨ੍ਹਾਂ ਪਰਿਵਾਰ ਲਈ ਏਨੀ ਕੁ ਰਕਮ ਵੱਡੀ ਗੱਲ ਵੀ ਨਹੀਂ ਹੈ।
                ਪੰਜਾਬ ਦੇ ਆਮ ਖਪਤਕਾਰਾਂ ਦੀ ਏਨੀ ਪਹੁੰਚ ਨਹੀਂ ਹੈ ਕਿ ਉਹ ਮਹਿੰਗੀ ਬਿਜਲੀ ਦੇ ਬਿੱਲ ਤਾਰ ਸਕਣ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪਿਛਲੇ ਸਮੇਂ ਤੋਂ ਗਰੀਬ ਲੋਕਾਂ ਦੇ ਵੱਡੇ ਬਿੱਲਾਂ ਨੂੰ ਮੁੱਦੇ ਦੇ ਤੌਰ ’ਤੇ ਚੁੱਕਦੇ ਆ ਰਹੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਬਹੁਤੇ ਮਜ਼ਦੂਰਾਂ ਦੇ ਤਾਂ ਕੁਨੈਕਸ਼ਨ ਹੀ ਕੱਟੇ ਜਾਂਦੇ ਹਨ ਕਿਉਂਕਿ ਇਕੱਲੀ ਦਿਹਾੜੀ ਦੀ ਕਮਾਈ ਨਾਲ ਬਿੱਲ ਤਾਰਨੇ ਮੁਸ਼ਕਲ ਹਨ। ਦੱਸਣਯਗ ਹੈ ਕਿ ਗਠਜੋੜ ਸਰਕਾਰ ਵੇਲੇ ਹੋਏ ਮਹਿੰਗੇ ਬਿਜਲੀ ਸਮਝੌਤੇ ਹੁਣ ਪੰਜਾਬ ਦੇ ਗਲੇ ਦੀ ਹੱਡੀ ਬਣੇ ਹੋਏ ਹਨ ਜਿਨ੍ਹਾਂ ਨੇ ਖਪਤਕਾਰਾਂ ਦੀ ਰੱਤ ਨਿਚੋੜ ਦਿੱਤੀ ਹੈ।


Friday, February 14, 2020

                          ਬਾਦਸ਼ਾਹੀ ਅੰਦਾਜ਼ 
 ਅਮਰਿੰਦਰ ਨੇ ਸ਼ਾਹੀ ਖੇਡ ਤੋਂ ਵਾਰਿਆ ਖ਼ਜ਼ਾਨਾ
                             ਚਰਨਜੀਤ ਭੁੱਲਰ
ਬਠਿੰਡਾ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹੀ ਖੇਡ ‘ਪੋਲੋ ਅਤੇ ਘੋੜ ਸਵਾਰੀ’ ਤੋਂ ਸਰਕਾਰੀ ਖ਼ਜ਼ਾਨੇ ਚੋਂ ਕਰੋੜਾਂ ਰੁਪਏ ਵਾਰ ਦਿੱਤੇ ਹਨ ਜਦੋਂ ਕਿ ਪੰਜਾਬ ਖ਼ਜ਼ਾਨੇ ਦੀ ਤੰਗੀ ਝੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੀ ਤਰਜ਼ ’ਤੇ ਪਟਿਆਲੇ ਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਵਰਤਾ ਦਿੱਤੇ ਹਨ। ਮੁੱਖ ਮੰਤਰੀ ਤਰਫ਼ੋਂ ਛੋਟੀਆਂ ਬੱਚਤਾਂ ਫੰਡ ਚੋਂ 98 ਫੀਸਦੀ ਫੰਡ ਇਕੱਲੇ ਪਟਿਆਲਾ ਜ਼ਿਲ੍ਹੇ ’ਚ ਦਿੱਤੇ ਗਏ ਹਨ। ਇਵੇਂ ਹੀ ਅਕਾਲੀ ਵਜ਼ਾਰਤ ਵੇਲੇ ਹਲਕਾ ਲੰਬੀ ਨੂੰ ਮੌਜ ਲੱਗੀ ਹੋਈ ਸੀ। ਬਾਕੀ ਪੰਜਾਬ ਹੁਣ ਕਿਧਰ ਜਾਏ, ਜੋ ਫੰਡਾਂ ਬਿਨਾਂ ਹਾਸ਼ੀਏ ’ਤੇ ਹੈ। ਬੇਸ਼ੱਕ ਮੁੱਖ ਮੰਤਰੀ ਖੁਦ ਪਟਿਆਲੇ ਘੱਟ ਗੇੜਾ ਮਾਰਦੇ ਹਨ ਪ੍ਰੰਤੂ ਨੋਟਾਂ ਵਾਲੇ ਟਰੱਕ ਪਟਿਆਲੇ ’ਚ ਧੂੜਾਂ ਪੁੱਟ ਰਹੇ ਹਨ।  ਛੋਟੀਆਂ ਬੱਚਤਾਂ ਵਿਭਾਗ ਤੋਂ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਜੋ ਲਿਖਤੀ ਵੇਰਵੇ ਮਿਲੇ ਹਨ, ਉਹ ਵੱਡਿਆਂ ਦੀ ਝੋਲੀ ਭਰਨ ਦਾ ਖੁਲਾਸਾ ਕਰਦੇ ਹਨ। ਛੋਟੀਆਂ ਬੱਚਤਾਂ ਚੋਂ ਇਕੱਲੇ ਪਟਿਆਲਾ ਜ਼ਿਲ੍ਹੇ ਨੂੰ 13.08 ਕਰੋੜ ਦੇ ਫੰਡ ਕਾਂਗਰਸੀ ਹਕੂਮਤ ਦੌਰਾਨ ਮਿਲੇ ਹਨ ਜਿਨ੍ਹਾਂ ਚੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਪਟਿਆਲਾ ਜ਼ਿਲ੍ਹੇ ਨੂੰ 30.50 ਲੱਖ ਰੁਪਏ ਦਿੱਤੇ ਹਨ। ਗੱਲ ਉਦੋਂ ਸ਼ੁਰੂ ਹੋਈ ਸੀ ਜਦੋਂ ਪਸ਼ੂ ਭਲਾਈ ਫੰਡਾਂ ਚੋਂ ਦਸੰਬਰ 2017 ਵਿਚ ‘ਪੋਲੋ ਮੈਚਾਂ’ ਵਾਸਤੇ 50 ਲੱਖ ਦੇ ਫੰਡ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਨੇ ਛੋਟੀਆਂ ਬੱਚਤਾਂ ਫੰਡਾਂ ਚੋਂ 49.80 ਦੇ ਫੰਡ 23 ਫਰਵਰੀ 2018 ਨੂੰ ‘ਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬ’ ਨੂੰ ਜਾਰੀ ਕੀਤੇ ਗਏ ਸਨ ਜੋ ਸ਼ਾਹੀ ਲੋਕਾਂ ਦਾ ਕਲੱਬ ਹੈ।
              ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨੇ ‘ਪਟਿਆਲਾ ਘੋੜ ਸਵਾਰ ਅਤੇ ਪੋਲੋ ਅਕੈਡਮੀ’ ਨੂੰ 5 ਫਰਵਰੀ 2019 ਨੂੰ ਛੇ ਲੱਖ ਰੁਪਏ ਜਾਰੀ ਕੀਤੇ ਅਤੇ ਪੁਰਾਣੇ ਪੋਲੋ ਗਰਾਊਂਡ ਵਾਸਤੇ 50 ਲੱਖ ਰੁਪਏ 30 ਜਨਵਰੀ 2019 ਨੂੰ ਜਾਰੀ ਹੋਏ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਨੂੰ ‘ਪੋਲੋ ਸਪੋਰਟਸ’ ਲਈ 30 ਲੱਖ ਰੁਪਏ ਦੇ ਫੰਡ 10 ਸਤੰਬਰ 2019 ਨੂੰ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਇਹ ਉਹ ਪ੍ਰਾਈਵੇਟ ਸਕੂਲ ਹੈ ਜਿਥੇ ਭਾਰੀ ਫੀਸ ਹੋਣ ਕਰਕੇ ਆਮ ਪੰਜਾਬੀ ਆਪਣੇ ਬੱਚੇ ਨੂੰ ਇਸ ਸਕੂਲ ਵਿਚ ਪੜਾਉਣ ਦਾ ਸੁਫਨਾ ਵੀ ਨਹੀਂ ਵੇਖ ਸਕਦਾ ਹੈ। ਮੁੱਖ ਮੰਤਰੀ ਨੇ ‘ਪਟਿਆਲਾ ਏਵੀਂਏਸ਼ਨ ਕੰਪਲੈਕਸ’ ਦੀ ਸੁੰਦਰਤਾ ਅਤੇ ਇਮਾਰਤ ਲਈ 1.30 ਕਰੋੜ ਦੀ ਗਰਾਂਟ 26 ਅਗਸਤ 2019 ਨੂੰ ਦਿੱਤੀ ਹੈ।ਦੱਸਣਯੋਗ ਹੈ ਕਿ ਮੁੱਖ ਮੰਤਰੀ ਖੁਦ ‘ਪੋਲੋ’ ਦੇ ਖਿਡਾਰੀ ਹਨ ਅਤੇ ਘੋੜ ਸਵਾਰੀ ਦਾ ਸ਼ੌਕ ਰੱਖਦੇ ਹਨ। ਮੁੱਖ ਮੰਤਰੀ ਨੇ ਪਟਿਆਲੇ ਦੀ ਮਹਿੰਦਰਾ ਕੋਠੀ ਦੀ ਇਮਾਰਤ ਲਈ ਵੀ 27 ਮਾਰਚ 2018 ਨੂੰ 50 ਲੱਖ ਦੇ ਫੰਡ ਦਿੱਤੇ ਹਨ। ਦੱਸ ਦੇਈਏ ਕਿ ਛੋਟੀਆਂ ਬੱਚਤਾਂ ਚੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਆਪਣੇ ਪੱਧਰ ’ਤੇ ਅਖ਼ਤਿਆਰੀ ਕੋਟਾ ਹੋਣ ਕਰਕੇ ਫੰਡ ਦੇ ਸਕਦੇ ਹਨ। ਮੁੱਖ ਮੰਤਰੀ ਪੰਜਾਬ ਨੇ ਛੋਟੀਆਂ ਬੱਚਤਾਂ ਫੰਡਾਂ ਚੋਂ ਹੀ 30 ਅਗਸਤ 2018 ਨੂੰ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਲਈ ਵੀ ਇੱਕ ਕਰੋੜ ਦੇ ਫੰਡ ਭੇਜੇ ਹਨ।
                ਪਟਿਆਲਾ ਜ਼ਿਲ੍ਹੇ ਵਿਚ ਫੰਡਾਂ ਦੀ ਵਰਤੋਂ ਡਿਪਟੀ ਕਮਿਸ਼ਨਰ ਜ਼ਰੀਏ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਪਟਿਆਲਾ ਵਿਚ ਐਮ.ਸੀ ਮੀਟਿੰਗ ਹਾਲ ਲਈ ਇੱਕ ਕਰੋੜ, ਪਬਲਿਕ ਕਾਲਜ ਸਮਾਣਾ ਨੂੰ 10 ਲੱਖ, ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਨੂੰ 50 ਲੱਖ ਅਤੇ ਰਜਿੰਦਰਾ ਹਸਪਤਾਲ ਨੂੰ ਇੱਕ ਕਰੋੜ ਦੇ ਫੰਡ ਦਿੱਤੇ ਹਨ। ਪਟਿਆਲਾ ਦੀ ਛੋਟੀ ਨਦੀ ਦੀ ਲੇਡਸਕੇਪਿੰਗ ਲਈ 24.16 ਲੱਖ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਪੰਜਾਹ ਲੱਖ ਦੇ ਫੰਡ ਰਾਜਪੁਰਾ ਦੇ ਪਿੰਡਾਂ ਵਿਚ ਵੰਡੇ ਹਨ। ਇਵੇਂ  ਹੀ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਨੂੰ ਵੀ 10 ਲੱਖ ਦੀ ਗਰਾਂਟ ਦਿੱਤੀ ਗਈ ਹੈ। ਸੰਸਦ ਮੈਂਬਰ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਮੱੁਖ ਮੰਤਰੀ ਵੀ ‘ਲੰਬੀ ਤਰਜ਼’ ਤੇ ਆਪਣਿਆਂ ਨੂੰ ਰਿਊੜੀਆਂ ਵੰਡ ਰਹੇ ਹਨ ਜੋ ਖ਼ਜ਼ਾਨੇ ਦੀ ਦੁਰਵਰਤੋਂ ਹੈ। ਉਨ੍ਹਾਂ ਕਿਹਾ ਕਿ ਇਕੱਲੀ ਪੋਲੋ ਸਪੋਰਟਸ ਨੂੰ ਵੰਡ ਦੇਣੇ ਮੁੱਖ ਮੰਤਰੀ ਦੀ ਤਰਜੀਹ ਨੂੰ ਦਰਸਾਉਂਦਾ ਹੈ ਜਦੋਂ ਕਿ ਪਿੰਡਾਂ ਦੇ ਖੇਡ ਮੈਦਾਨ ਫੰਡਾਂ ਤੋਂ ਦੂਰ ਹਨ। ਖੇਡ ਕਿੱਟਾਂ ਲਈ ਵੀ ਸਰਕਾਰ ਕੋਲ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਬਾਦਸ਼ਾਹੀ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਆਮ ਲੋਕ ਪਾਈ-ਪਾਈ ਨੂੰ ਤਰਸ ਰਹੇ ਹਨ।



Sunday, January 19, 2020

                          ਵਿਚਲੀ ਗੱਲ    
            ਢੂੰਡਤੇ ਰਹਿ ਜਾਓਗੇ...
                           ਚਰਨਜੀਤ ਭੁੱਲਰ
ਬਠਿੰਡਾ : ‘ਮਹਾਰਾਜਾ’ ਪ੍ਰਕਾਸ਼ ਸਿੰਘ ਬਾਦਲ ਕਿਧਰ ਗੁਆਚ ਗਏ। ‘ਜਥੇਦਾਰ’ ਅਮਰਿੰਦਰ ਸਿੰਘ ਵੀ ਕਿਤੇ ਲੱਭਦੇ ਨਹੀਂ। ਤੁਸੀਂ ਕਿਹੜਾ ਭੁੱਲੇ ਹੋ, ਗੱਲ ਹੈ ਤਾਂ ਸੋਲ਼ਾਂ ਆਨੇ ਸੱਚ। ਵੱਡੇ ਬਾਦਲ ਜਦੋਂ ਵੱਡੀ ਕੁਰਸੀ ’ਤੇ ਤੀਜੀ ਦਫ਼ਾ ਬੈਠੇ। ਗੱਜ ਵੱਜ ਕੇ ਬੋਲੇ, ‘ਰਾਜ ਦਿਆਂਗਾ ਮਹਾਰਾਜਾ ਰਣਜੀਤ ਸਿੰਘ ਵਰਗਾ’। ਇਉਂ ਬਣੇ ਵੱਡੇ ਬਾਦਲ ‘ਮਹਾਰਾਜਾ’। ਜਿਨ੍ਹਾਂ ਪਿੰਡ ਬਾਦਲ ਵਾਲਾ ਮਹਿਲ ਦੇਖਿਆ। ਉਨ੍ਹਾਂ ਨੂੰ ਕੋਈ ਸ਼ੱਕ ਵੀ ਨਹੀਂ। ਅਮਰਿੰਦਰ ਜੱਦੀ ਪੁਸ਼ਤੀ ਮਹਾਰਾਜਾ ਨੇ। ਜਦੋਂ ਅਕਾਲੀ ਦਲ ਤਰਫ਼ੋਂ ਵਜ਼ੀਰ ਬਣੇ। ਉਦੋਂ ਕਈ ਪੇਂਡੂ ਬਜ਼ੁਰਗ ‘ਜਥੇਦਾਰ’ ਆਖ ਬੁਲਾਉਂਦੇ। ਅਮਰਿੰਦਰ ਸਿਓ..ਨਰਾਜ਼ ਨਹੀਂ ਹੁੰਦੇ ਸਨ। ਦੇਖਿਓ ਹੁਣ ਕਿਤੇ ਬੁਰਾ ਨਾ ਮਨਾ ਜਾਣ। ਪੰਜਾਬ ਦੇ ਲੋਕ ਜਰੂਰ ਬੁਰਾ ਮੰਨ ਗਏ ਨੇ। ‘ਬਾਪੂ ਸਾਡਾ ਘਰ ਨਹੀਂ..’। ਪੰਜਾਬ ਦਾ ਸਿਆਸੀ ਬਾਪੂ ਗੁਆਚ ਗਿਐ। ਖੂੰਡੇ ਦੀ ਤਾਂ ਗੱਲ ਛੱਡੋ। ਪੰਜਾਬ ਲਾਲਟੈਨ ਚੁੱਕੀ ਫਿਰਦੈ। ਕਿਤੋਂ ਖੂੰਡੇ ਵਾਲਾ ਰਾਜਾ ਮਿਲ ਜਾਏ। ਕਾਂਗਰਸੀ ਸੱਥਾਂ ’ਚ ਖੜਨ ਜੋਗੇ ਨਹੀਂ ਛੱਡੇ। ਵਿਆਹਾਂ-ਭੋਗਾਂ ’ਤੇ ਜਾਣ ਜੋਗੇ ਰਹਿ ਗਏ। ਬਠਿੰਡਾ ਦੇ ਪਿੰਡ ਝੁੰਬਾਂ ਵਾਲੇ ਸਿਰੇ ਦੇ ਮਖ਼ੌਲੀ ਨੇ। ਇਉਂ ਟਿੱਚਰਾਂ ਕਰਦੇ ਨੇ.. ਕੋਰ ਕੰਡੇ, ਚੂਹੇ ਲੰਡੇ.. ਹਾਲ਼ੀਓ ਪਾਲੀਓ.. ਕਿਤੇ ਸਾਡਾ ਰਾਜਾ ਵੇਖਿਆ ਹੋਵੋ..। ਕਾਂਗਰਸੀ ਕਿਥੋਂ ਪੈੜ ਲੱਭਣ, ਕੰਨ ਝਾੜ ਕੇ ਤੁਰ ਜਾਂਦੇ ਨੇ। ਰਾਜ ਭਾਗ ਦੇ ਤਿੰਨ ਵਰੇ੍ਹ ਪੂਰੇ ਹੋਣ ਵਾਲੇ ਨੇ। ਕਿਤੇ ਟੱਕਰੇ ਤਾਂ ਹਾਲ ਸੁਣਾਵਾਂ.. ਪੰਜਾਬ ਢਿੱਡ ਕਿਥੇ ਫਰੋਲੇ। ਪੰਜਾਬ ਦੇ ਕਿੰਨੇ ਹੀ ਜ਼ਿਲ੍ਹੇ ਹਨ। ਜਿਥੇ ਮੁੱਖ ਮੰਤਰੀ ਨੇ ਹਾਲੇ ਪੈਰ ਨਹੀਂ ਪਾਏ।
        ਨਵਜੋਤ ਸਿੱਧੂ ਗੁਆਚ ਗਿਆ। ਸੰਨੀ ਦਿਉਲ ਵੀ। ਨਾਲੇ ਸੁਖਪਾਲ ਖਹਿਰਾ ਵੀ। ਪ੍ਰਤਾਪ ਬਾਜਵਾ ਹੁਣੇ ਪ੍ਰਗਟ ਹੋਇਐ। ਬਾਜਵਾ ਗੱਜਿਐ.. ‘ਅਮਰਿੰਦਰ ਲੋਕਾਂ ਨੂੰ ਨਹੀਂ ਮਿਲਦੇ, ਅਫਸਰੀ ਰਾਜ ਚੱਲ ਰਿਹੈ।’ ਕਾਂਗਰਸੀ ਖੁਸ਼ ਨੇ, ਢਿੱਡ ਦੀ ਗੱਲ ਜੋ ਕੀਤੀ। ਪਟਿਆਲੇ ਵਾਲੇ ਚਾਰੋ ਐਮ.ਐਲ.ਏ। ਰੌਲਾ ਪਾਉਂਦੇ ਘਸ ਗਏ। ਮਹਿਲਾਂ ਨੇ ਟਿੱਚ ਕਰਕੇ ਜਾਣਿਆ। ਸਾਰੇ ਵਿਧਾਇਕ ਹੁਣ ਤਿੰਨ ਸਾਲਾਂ ਮਗਰੋਂ ਦਰਸ਼ਨ ਕਰ ਰਹੇ ਨੇ। ਅਮਰਿੰਦਰ ’ਕੱਲੇ ’ਕੱਲੇ ਵਿਧਾਇਕ ਨੂੰ ਮਿਲ ਰਿਹੈ। ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ..। ਪੰਜਾਬ ਦੀਦਾਰਾਂ ਨੂੰ ਤਰਸਿਐ। ਬੇਰੁਜ਼ਗਾਰਾਂ ਨੇ ਮੋਰਚੇ ਲਾਏ ਨੇੇ। ਨੌਕਰੀ ਮੰਗਣ ਨਹੀਂ, ਮਿਲਣ ਦਾ ਸਮਾਂ ਲੈਣ ਲਈ। ਅਮਰਿੰਦਰ ਨੇ ਉਹ ਵੀ ਨਹੀਂ ਦਿੱਤਾ। ਨੌਜਵਾਨ ਮਜਬੂਰ ਹਨ, ਆਖ ਰਹੇ ਨੇ.. ਨਾ ਦਿਓ ਮੋਬਾਇਲ, ਨਾ ਦਿਓ ਨੌਕਰੀ, ਨਾ ਦਿਓ ਕੋਈ ਭੱਤਾ, ਦਰਸ਼ਨ ਤਾਂ ਦੇ ਦਿਓ। ਅਗਲਿਆਂ ਨੇ ਪੰਜਾਬ ਭਰ ’ਚ ਫਲੈਕਸ ਲਾ ਦਿੱਤੇ। ਉਪਰ ਮੁੱਖ ਮੰਤਰੀ ਦੀ ਵੱਡੀ ਸਾਰੀ ਫੋਟੋ। ਲਓ ਕਰ ਲੋ ਖੁੱਲ੍ਹ ਕੇ ਦਰਸ਼ਨ। ਫੌਜੀ ਵਚਨਾਂ ਦੇ ਪੱਕੇ ਹੁੰਦੇ ਨੇ। ਉਪਰੋਂ ਗੁਟਕਾ ਸਾਹਿਬ ਦੀ ਸਹੁੰ। ਦਸਮ ਪਿਤਾ ਦੇ ਚਰਨਾਂ ਦੀ ਸਹੁੰ। ਬਠਿੰਡਾ ’ਚ ‘ਬਦਲਾਓ ਰੈਲੀ’ ਹੋਈ। ਚਾਰ ਸਾਲ ਪਹਿਲਾਂ। ਅਮਰਿੰਦਰ ਨੇ ਉਂਗਲਾਂ ’ਤੇ ਗਿਣਾਏ, ‘ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ’। ਅੱਗੇ ਇੰਝ ਬੋਲੇ.. ਪਹਿਲਾਂ ਬਾਦਲਾਂ ਦੀ ਕੇਬਲ ਬੰਦ ਕਰੂ, ਫਿਰ ਬੱਸਾਂ..ਸਭ ਰੂਟ ਨੌਜਵਾਨਾਂ ਨੂੰ ਵੰਡੂ।
               ਉਦੋਂ ਹੀ.. ਸਟੇਜ ਤੋਂ ਅਮਰਿੰਦਰ ਨੇ ਹੱਥ ਧੋਤੇ, ਗੁਟਕਾ ਸਾਹਿਬ ਫੜਿਆ, ਸਹੁੰ ਚੁੱਕੀ। ਉਪਰੋਂ ਬੇਅਦਬੀ ਮਾਮਲੇ ’ਤੇ ਰੋਹ ਦਿਖਾਇਆ। ਪੰਜਾਬੀ ਜਲਦੀ ਪਿਘਲਦੇ ਨੇ। ਭਰੋਸਾ ਕਿਵੇਂ ਨਾ ਕਰਦੇ, ਪਹਿਲੋਂ ਅਮਰਿੰਦਰ ਨੇ ਬੋਲ ਪੁਗਾਏ ਸਨ। ਪੰਜਾਬ ਨੇ ਮੁੜ ਤਖਤ ਬਖ਼ਸ਼ ਦਿੱਤਾ। ਹੁਣ ਵੇਲਾ ਹੱਥ ਨਹੀਂ ਆ ਰਿਹਾ। ਕਿਸ ਨੂੰ ਉਲਾਂਭਾ ਦੇਣ..‘ ਮਾਈ ਤੇਰੇ ਕੁੜਮਾਂ ਨੇ, ਮੇਰੇ ਕੰਮ ਦੀ ਕਦਰ ਨਾ ਪਾਈ।’ਤਿੰਨ ਸਾਲ ਥੋੜੇ ਨਹੀਂ ਹੁੰਦੇ। ਭਗਵੰਤ ਮਾਨ ਆਖਦੈ.. ਅਸੀਂ ਤਾਂ ਪਹਿਲੋਂ ਦੱਸ ਦਿੱਤਾ ਸੀ, ਫਰੈਂਡਲੀ ਮੈਚ ਹੈ। ‘ਆਪ’ ਵਾਲਾ ਕੁਲਤਾਰ ਸੰਧਵਾਂ। ਵਿਧਾਨ ਸਭਾ ਦੇ ਬਾਹਰ ਚੀਕਿਆ..‘ਬਿਜਲੀ ਸਮਝੌਤੇ ਰੱਦ ਨਹੀਂ ਹੁੰਦੇ, ਜਦੋਂ ਸਮਝੌਤਾ ਹੋਵੇ’। ਕਿੰਨਾ ਕੁ ਸੱਚ  ਹੈ, ਏਹ ਤਾਂ ਰੱਬ ਜਾਣਦੈ। ਪੰਜਾਬੀ ਆਖਦੇ ਨੇ.. ਹੁਣ ਕੋਈ ਫਰਕ ਨਹੀਂ ਪੈਂਦਾ, ਮਹਾਰਾਜਾ ਆਖੋ ਤੇ ਚਾਹੇ ਜਥੇਦਾਰ। ਕੁਝ ਨਹੀਂ ਬਦਲਿਆ। ਬਾਬਾ ਨਜ਼ਮੀ ਸੱਚ ਆਖਦੈ, ‘ਬਦਲ ਗਈਆਂ ਸ਼ਕਲਾਂ, ਰਾਗ ਪੁਰਾਣੇ ਨੇ/ਸੱਦੇ ਸਿਰਫ਼ ਨਵੇਂ ਨੇ, ਕਾਗ ਪੁਰਾਣੇ ਨੇ।’ ਪੁਰਾਣੀ ਭੱਲ ਮਹਾਰਾਜੇ ਦੀ ਗੁਆਚੀ ਹੈ। ਭਰੋਸਾ ਟੁੱਟਾ ਹੈ। ‘ਵਾਈਟ ਪੇਪਰ’ ਵੀ ਕਿੰਨਾ ਕੁ ਦੁੱਧ ਧੋਤਾ ਹੋਊ। ਗੱਲ ਹੁਣ ਬਣਨੀ ਨਹੀਂ। ਭਾਵੇਂ ਸੁਨੀਲ ਜਾਖੜ ਨੇ ਹੱਲਾਸ਼ੇਰੀ ਦਿੱਤੀ। ‘ਮੁੱਖ ਮੰਤਰੀ ਜੀ, ਸਿਕੰਦਰ ਬਣੋ ਤੇ ਤੋੜੋ ਬਿਜਲੀ ਸਮਝੌਤੇ।’ ਗਾਣੇ ਨੂੰ ਕੌਣ ਸਮਝਦੈ ‘ਇੱਥੋ ਹੋ ਹੋ ਗਏ ਕਲੰਦਰ, ਖਾਲੀ ਹੱਥੀਂ ਗਿਆ ਸਿਕੰਦਰ’।
      ਪੰਜਾਬ ਰੱਬ ਨੂੰ ਫੱੁਫੜ ਕਿਵੇਂ ਕਹੇ। ਏਨੀ ਪਹੁੰਚ ਹੀ ਨਹੀਂ। ਨਾ ਹੀ ਪੰਜਾਬ ਦੇ ਬਨੇਰੇ ਕਾਂ ਬੋਲਿਐ। ਵਾਅਦੇ ਕਿਸ ਦੇ ਚੇਤੇ ਨੇ। ਲੱਗਦੈ ‘ਮੈਮਰੀ ਪਲੱਸ’ ਦੇਣੀ ਪਊ। ਤਾਂ ਜੋ ਯਾਦ ਸ਼ਕਤੀ ਮੁੜੇ। ਕਾਂਗਰਸੀ ਦਬੀ ਆਵਾਜ਼ ’ਚ ਆਖਦੇ ਨੇ। ਖੁੱਲ੍ਹ ਕੇ ਰਾਜੇ ਨੂੰ ਕੌਣ ਕਹੇ.. ਚਾਪਲੂਸਾਂ ਤੋਂ ਬਚ ਕੇ ਰਹੋ। ਬੀਬੀ ਭੱਠਲ ਵੀ ਚੁੱਪ ਐ। ਅਫਸਰਾਂ ਨੇ ਵੀ ਬੋਲ ਕੇ ਕੀ ਲੈਣੈ। ਵਗਦੀ ਗੰਗਾ ’ਚ ਕੌਣ ਨਹੀਂ ਹੱਥ ਧੋਂਦਾ। ਸਤਲੁਜ ਦਰਿਆ ਦੀ ਗੱਲ ਅੱਗੇ ਕਰਾਂਗੇ। ਉਸ ਤੋਂ ਪਹਿਲਾਂ ਸੀਬੀਆਈ ਅਦਾਲਤ ਦੀ ਸੁਣੋ। ਪੰਚਕੂਲਾ ਅਦਾਲਤ ਨੇ ਵੱਢੀਖੋਰ ਥਾਣੇਦਾਰ ਨੂੰ ਸਜ਼ਾ ਸੁਣਾਈ।ਅਦਾਲਤ ਕਿਸ ਨਤੀਜੇ ’ਤੇ ਪਹੁੰਚੀ। ਉਹ ਵੀ ਜੱਜ ਤੋਂ ਸੁਣੋ, ‘ਵੱਢੀਖੋਰ ਦੋ ਕਿਸਮਾਂ ਦੇ ਹੁੰਦੇ ਨੇ, ਸ਼ਾਕਾਹਾਰੀ ਤੇ ਮਾਸਾਹਾਰੀ। ਜੋ ਬੇਕਿਰਕੀ ਨਾਲ ਲੁੱਟਣ, ਉਹ ਮਾਸਾਹਾਰੀ ਪ੍ਰਜਾਤੀ ਹੈ। ਹੁਣ ਪੰਜਾਬ ਦੱਸੇ, ਉਹ ਕਿਸ ਨਤੀਜੇ ’ਤੇ ਪੁੱਜੈ। ਪਿਛੋ ਕੋਈ ਬੋਲਿਐ, ਅਖੇ ਭੁੱਖੇ ਸ਼ੇਰਾਂ ਵਾਂਗੂ ਪੈ ਨਿਕਲੇ ਕਾਂਗਰਸੀ। ਕਿਸੇ ਦਾ ਕੁੜਮ, ਕਿਸੇ ਦਾ ਸਾਲਾ, ਕਿਸੇ ਦਾ ਪਤੀ ਤੇ ਕਿਸੇ ਦਾ ਮੁੰਡਾ। ਪੰਜਾਬ ਚੂੰਡਿਆ ਗਿਆ ਜਾਪਦੈ। ਅਫਸਰ ਕਿਸੇ ਨੂੰ ਥੜੇ੍ਹ ਨਹੀਂ ਚੜ੍ਹਨ ਦਿੰਦੇ। ਤਾਹੀਓਂ ਕਾਂਗਰਸੀ ਵਿਲਕ ਰਹੇ ਨੇ। ਮਲਵਈ ਐਸ.ਐਸ.ਪੀ ਦਾ ਢੰਗ ਦੇਖੋ। ਧਾਰਾ ਲਾਉਣ ਦੇ ਵੀ ਪੈਸੇ ਤੇ ਹਟਾਉਣ ਦੇ ਵੀ। ਬਿਨਾਂ ਪੱਖਪਾਤ ਤੋਂ ਲੈਂਦੈ। ਕਾਂਗਰਸੀ ਸਰਪੰਚ ਕਿਧਰ ਜਾਣ। ਜਦੋਂ ਫੰਡ ਹੀ ਨਹੀਂ, ਤਾਂ ਫਿਰ ਦਾਅ ਕਿਥੋਂ ਭਰੂ।
              ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮਾਲ ਮੰਤਰੀ ’ਤੇ ਉਂਗਲ ਉਠਾਈ। ਪਟਿਆਲੇ ਵੱਲ ਹੁਣੇ ਦੋ ਨਾਇਬ ਤਹਿਸੀਲਦਾਰ ਫੜੇ ਗਏ। ਐਮ.ਐਲ.ਏ ਸਤੁਰਾਣਾ ਦੇ ਬੰਦੇ ਨੂੰ ਵੱਢੀਖੋਰੀ ’ਚ 50 ਫੀਸਦੀ ਛੋਟ ਮਿਲ ਜਾਣੀ ਸੀ। ਸਤੁਰਾਣਾ ਨੇ ਸ਼ਾਕਾਹਾਰੀ ਅਫਸਰ ਦੀ ਕਦਰ ਹੀ ਨਹੀਂ ਪਾਈ। ਇੱਕ ਕਾਂਗਰਸੀ ਕੁੜਮ ਦੀ ਬੜੀ ਚਰਚੈ। ਜਿਵੇਂ ਪਹਿਲੇ ਸਮਿਆਂ ’ਚ ਜਥੇਦਾਰਾਂ ਦੀ ਸੀ। ਸਰਹੱਦੀ ਜ਼ਿਲ੍ਹੇ ’ਚ ਇੱਕ ਨੇਤਾ ਦਾ ਸਾਲਾ, ਇੱਕ ਦਾ ਪਤੀ ਤੇ ਇੱਕ ਨੇਤਾ ਖੁਦ, ਸਤਲੁਜ ਦਰਿਆ ਨੂੰ ਪੈ ਨਿਕਲੇ ਨੇ। ਅਜਨਾਲਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ’ਚ ਇਵੇਂ ਹੀ ਚੱਲ ਰਿਹੈ। ਇਕੱਲੇ ਫਿਰੋਜ਼ਪੁਰ ’ਚ 13 ਗ਼ੈਰਕਨੂੰਨੀ ਖੱਡਾਂ ਨੇ। ਰੇਤ ਮਾਫ਼ੀਆ ਨਵੇਂ ਬਸਤਰਾਂ ’ਚ ਆਇਆ। ਪਹਿਲਾਂ ਰਾਣਾ ਗੁਰਜੀਤ ਨੂੰ ਅਸਤੀਫ਼ਾ ਦੇਣਾ ਪਿਆ। ਮੰਤਰੀ ਸੰਤਰੀ ਸਭ ਜੁਟੇ ਹੋਏ ਨੇ। ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦੇ.. ਰੌਲਾ ਪੈ ਰਿਹਾ ਕਿ ਬਦਲੀਆਂ ਦਾ ਭਾਅ ਬੜੇ ਮਹਿੰਗਾ ਰੱਖਿਐ।ਵੱਡੇ ਅਫਸਰਾਂ ’ਚ ਦੌੜ ਲੱਗੀ ਹੋਈ ਹੈ। ਸਭ ਦੇ ਖ਼ਜ਼ਾਨੇ ਭਰਪੂਰ ਨੇ, ਲੋਕਾਂ ਦਾ ਖਾਲੀ ਹੈ। ਬਿਗਾਨੇ ਹੱਥ ਖੇਤੀ ਬੱਤੀਆਂ ਦੇ ਤੇਤੀ। ਅਫਸਰ ਇਵੇਂ ਹੀ ਕਰ ਰਹੇ ਹਨ। ਸਭ ਮਾਸਾਹਾਰੀ ਪ੍ਰਜਾਤੀ ਚੋਂ ਲੱਗਦੇ ਨੇ। ਕੋਈ ਪੁੱਛਣ ਵਾਲਾ ਨਹੀਂ। ‘ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ’ ਸੁਖਜਿੰਦਰ ਰੰਧਾਵਾ ਐਵੇਂ ਨਹੀਂ ਬੋਲ ਰਿਹਾ। ਬਾਕੀ ਮੰਤਰੀ ਚੁੱਪ ਕਿਉਂ ਨੇ।
              ਵਿਜੀਲੈਂਸ ਦੇ ਅੜਿੱਕੇ ਠੇਕੇਦਾਰ ਭਾਪਾ ਤੇ ਪਹਿਲਵਾਨ ਆਇਐ। ਮਲਾਈ ਛਕਣ ਵਾਲੇ ਭਲਵਾਨ ਬਚ ਗਏ। 2002-2007 ’ਚ ਬਚ ਨਹੀਂ ਸਕੇ ਸਨ। ਹੁਣ ਖੂੰਡਾ ਹੀ ਗੁਆਚ ਗਿਆ। ਪੰਜਾਬ ਕਰੇ ਵੀ ਕੀ। ਵਿਜੀਲੈਂਸ ਕੇਸਾਂ ਦਾ ਅਦਾਲਤਾਂ ’ਚ ਹਾਲ ਵੇਖੋ, 65 ਫੀਸਦੀ ਵੱਢੀਖੋਰ ਸਾਫ ਬਚ ਰਹੇ ਨੇ। ਪੰਜਾਬ ਚੁੱਪ ਜਰੂਰ ਹੈ, ਬੇਸਮਝ ਨਹੀਂ। ਅਮਰਿੰਦਰ ਨੇ ਦਿਲ ਦੀ ਦੱਸੀ ‘ਜਦੋਂ ਤੱਕ ਹਰ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ, ਸਿਆਸਤ ਨਹੀਂ ਛੱਡਾਂਗਾ’। ਪੰਜਾਬ ਨੇ ਮੱਥੇ ’ਤੇ ਹੱਥ ਮਾਰਿਐ। ਵੱਡੇ ਬਾਦਲ ਨੂੰ ਕਿਸੇ ਪੁੱਛਿਐ, ਕਦੋਂ ਸੰਨਿਆਸ ਲਵੋਗੇ.. ਜੁਆਬ ਮਿਲਿਆ.. ‘ਛੱਡੋ ਕਾਕਾ ਜੀ।’ ਛੱਜੂ ਰਾਮ ਕੋਲ ਇੱਕ ਮਿੰਟ ਦੀ ਵਿਹਲ ਨਹੀਂ। ਪਿੰਡ ਪਿੰਡ ਤੁਰਿਆ ਫਿਰਦੈ। ਲੋਕਾਂ ਨੂੰ ਗੁਰਮੰਤਰ ਦੱਸ ਰਿਹੈ। ਅਖੇ ‘ਪਹਿਲਾਂ ਹੱਥ ਜੋੜ ਅਰਜ਼ ਕਰੋ’। ਗੱਲ ਫਿਰ ਨਾ ਬਣੇ, ਹੱਥਾਂ ਦੇ ਮੁੱਕੇ ਬਣਾ ਕਿਵੇਂ ਤਣਨੇ ਨੇ, ਲੋਕਾਂ ਨੂੰ ਪੈਂਤੜਾ ਸਮਝਾ ਰਿਹੈ।
   


Thursday, May 9, 2019

                                                             ਰਪਟ ਕੌਣ ਲਿਖੂ
             ਮਹਾਰਾਜੇ ਦਾ ਖੂੰਡਾ ਬਠਿੰਡੇ ’ਚ ਗੁਆਚਿਆ
                                                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਹਲਕੇ ’ਚ ‘ਛੋਟਾ ਰਾਜਾ’ ਬਾਦਲਾਂ ਖ਼ਿਲਾਫ਼ ਕੂਕਦਾ ਰਿਹਾ ਜਦੋਂ ਕਿ ‘ਵੱਡੇ ਰਾਜੇ’ ਨੇ ਬਾਦਲਾਂ ਖ਼ਿਲਾਫ਼ ਸੁਰ ਨੂੰ ਮੱਠਾ ਰੱਖਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਹਲਕੇ ਵਿਚ ਭੁੱਚੋ ਮੰਡੀ ਅਤੇ ਸਰਦੂਲਗੜ੍ਹ ’ਚ ਦੋ ਚੋਣ ਜਲਸੇ ਕੀਤੇ। ਲੋਕਾਂ ਦਾ ਹੁੰਗਾਰਾ ਵੱਡਾ ਰਿਹਾ ਪ੍ਰੰਤੂ ਅਮਰਿੰਦਰ ਦੇ ਠੰਢੇ ਭਾਸ਼ਣਾਂ ਨੇ ਨਵੇਂ ਚਰਚੇ ਛੇੜ ਦਿੱਤੇ ਹਨ। ਚੋਣ ਜਲਸਿਆਂ ’ਚ ਪੁੱਜੇ ਵਰਕਰਾਂ ਨੇ ਉਹ ਦਿਨ ਯਾਦ ਕੀਤੇ ਜਦੋਂ ਅਮਰਿੰਦਰ ਸਿੰਘ ਬਾਦਲਾਂ ਖ਼ਿਲਾਫ਼ ਗਰਜਦਾ ਹੁੰਦਾ ਸੀ। ਦੋਵੇਂ ਚੋਣ ਜਲਸਿਆਂ ਵਿਚ ਮਹਾਰਾਜੇ ਦੀ ਨਾ ਗੜ੍ਹਕ ਦਿੱਖੀ ਅਤੇ ਨਾ ਹੀ ਵਰਕਰਾਂ ਨੂੰ ਪੱਬਾਂ ਭਾਰ ਕਰਨ ਵਾਲਾ ਭਾਸ਼ਨ।  ਅਮਰਿੰਦਰ ਨਾਲੋਂ ਤਾਂ ਵੜਿੰਗ ਦ ਭਾਸ਼ਨ ਕਾਫ਼ੀ ਗੂੰਜ ਵਾਲਾ ਰਿਹਾ। ਬਠਿੰਡਾ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਉਦੋਂ ਵੀ ਮੱਥਾ ਠਣਕਿਆ ਸੀ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਆਏ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਸ਼ਹਿਰ ਵਿਚ ਰੋਡ ਸ਼ੋਅ ਕਰਨ ਤੋਂ ਪਾਸਾ ਵੱਟ ਗਏ ਸਨ। ਮਗਰੋਂ ਖ਼ਜ਼ਾਨਾ ਮੰਤਰੀ ਅਤੇ ਰਾਜਾ ਵੜਿੰਗ ਨੇ ਵਪਾਰੀਆਂ ਤੋਂ ਮੁਆਫੀਆਂ ਮੰਗੀਆਂ ਸਨ। ਭੁੱਚੋ ਰੈਲੀ ਵਿਚ ਆਏ ਵਰਕਰਾਂ ਨੇ ਚੋਣ ਰੈਲੀ ਖਤਮ ਹੋਣ ਮਗਰੋਂ ਆਖਿਆ ਕਿ ਜੋ ਮਹਾਰਾਜਾ ਕਦੇ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਸਿਆਸੀ ਫੁੰਕਾਰੇ ਮਾਰਦਾ ਹੁੰਦਾ ਸੀ, ਉਹ ਰਾਜਾ ਕਿਧਰ ਗੁੰਮ ਹੋ ਗਿਆ ਹੈ।
                 ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਰੈਲੀ ਸਮਾਪਤੀ ਮਗਰੋਂ ਸਿੱਧੇ ਬਠਿੰਡਾ ਦੇ ਹੋਟਲ ਵਿਚ ਪੁੱਜ ਗਏ ਜਿਥੋਂ ਉਹ ਅੱਜ 11.25 ਵਜੇ ਤੇ ਬਾਹਰ ਨਿਕਲੇ। ਜਦੋਂ ਕਿ ਬਠਿੰਡਾ ਹਲਕੇ ਵਿਚ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਅਤੇ ਬਾਦਲ ਪਰਿਵਾਰ ਲੋਕਾਂ ਦੇ ਘਰੋ ਘਰੀਂ ਜਾ ਰਿਹਾ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ 17 ਘੰਟੇ ਹੋਟਲ ਚੋਂ ਬਾਹਰ ਪੈਰ ਹੀ ਨਹੀਂ ਪਾਇਆ। ਏਨਾ ਜਰੂਰ ਹੈ ਕਿ ਅੱਜ ਉਨ੍ਹਾਂ ਨੇ ਹੋਟਲ ਦੇ ਅੰਦਰ ਹੀ ਬਠਿੰਡਾ ਦੇ ਕਾਂਗਰਸੀ ਵਰਕਰਾਂ ਨਾਲ ਕਰੀਬ ਇੱਕ ਘੰਟਾ ਜਰੂਰ ਮੀਟਿੰਗ ਕੀਤੀ ਹੈ।  ਕਾਂਗਰਸੀ ਮੀਟਿੰਗ ਵਿਚ ਕਈ ਕਾਂਗਰਸੀ ਲੀਡਰਾਂ ਨੇ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਾਲ ਵਿਚ ਦੋ ਵਾਰ ਜਰੂਰ ਵਰਕਰਾਂ ਨੂੰ ਮਿਲਿਆ ਕਰਨ। ਦੂਸਰੀ ਤਰਫ਼ ਬਾਦਲ ਇੱਕ ਪਲ ਵੀ ਅਜਾਈ ਨਹੀਂ ਦੇਣ ਜਾ ਰਹੇ ਹਨ। ਅੱਜ ਸਰਦੂਲਗੜ੍ਹ ਦੀ ਚੋਣ ਰੈਲੀ ਵਿਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਬਾਦਲਾਂ ਖ਼ਿਲਾਫ਼ ਪੂਰਾ ਤਾਣ ਲਾ ਦਿੱਤਾ। ਇੱਥੋਂ ਤੱਕ ਕਿ ਸੁਖਬੀਰ ਬਾਦਲ ਨੂੰ ਦੂਸਰਾ ਜਨਰਲ ਡਾਇਰ ਦੱਸਿਆ। ਰੈਲੀ ਵਿਚ ਪੁੱਜੇ ਲੋਕ ਉਮੀਦ ਕਰਨ ਲੱਗੇ ਕਿ ਹੁਣ ਵੱਡਾ ਰਾਜਾ ਦਿਖਾਏਗਾ ਰੰਗ।
                 ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰਵਾਇਤੀ ਭਾਸ਼ਨ ਦਿੱਤਾ ਅਤੇ ਬੇਅਦਬੀ ਦੇ ਮਾਮਲੇ ’ਤੇ ਕਿਸੇ ਨੂੰ ਨਾ ਬਖ਼ਸ਼ਣ ਦੀ ਗੱਲ ਆਖੀ। ਜਦੋਂ ਭਾਸ਼ਨ ਖਤਮ ਹੋਇਆ ਕਿ ਕਈ ਆਖਦੇ ਸੁਣੇ ਗਏ ਕਿ ਦਾਲ ਵਿਚ ਕੁਝ ਕਾਲਾ ਜਾਪਦਾ ਹੈ। ਚੋਣ ਰੈਲੀਆਂ ਵਿਚ ਅਮਰਿੰਦਰ ਸਿੰਘ ਨੇ ਗਠਜੋੜ ਸਰਕਾਰ ਦੀਆਂ ਨਕਾਮੀਆਂ ਦਾ ਜ਼ਿਕਰ ਕੀਤਾ ਅਤੇ ਮੋਦੀ ਸਰਕਾਰ ’ਤੇ ਚਰਚਾ ਕੀਤੀ ਪ੍ਰੰਤੂ ਬਾਦਲਾਂ ਪ੍ਰਤੀ ਪੁਰਾਣੀ ਸੁਰ ਗਾਇਬ ਦਿੱਖੀ। ਕੈਪਟਨ ਅਮਰਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਦਿਨ ਐਲਾਨ ਕੀਤਾ ਸੀ ਕਿ ਉਹ ਦੋ ਦੋ ਦਿਨ ਬਠਿੰਡਾ ਤੇ ਫਿਰੋਜ਼ਪੁਰ ਵਿਚ ਡੇਰੇ ਲਾਉਣਗੇ। ਪਤਾ ਲੱਗਾ ਹੈ ਕਿ ਉਮੀਦਵਾਰ ਰਾਜਾ ਵੜਿੰਗ ਅੰਦਰੋਂ ਅੰਦਰੀ ਬੇਵੱਸ ਜਾਪਦੇ ਹਨ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਤਾਂ ਪਹਿਲਾਂ ਹੀ ਪ੍ਰਚਾਰ ਕਰ ਰਹੇ ਹਨ ਕਿ ਵੱਡੇ ਘਰਾਣੇ ਆਪਸ ਵਿਚ ਮਿਲ ਕੇ ਮੈਚ ਖੇਡ ਰਹੇ ਹਨ।
                                      ਨਹੀਂ ਕਰਨਗੇ ਰੋਡ ਸ਼ੋਅ
ਸੂਤਰ ਦੱਸਦੇ ਹਨ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਧਰੇ ਵੀ ਕੋਈ ਰੋਡ ਸ਼ੋਅ ਨਹੀਂ ਕਰਨਗੇ। ਦੱਸਦੇ ਹਨ ਕਿ ਉਨ੍ਹਾਂ ਤੋਂ ਜਿਆਦਾ ਸਮਾਂ ਖੜ੍ਹਾ ਨਹੀਂ ਜਾਂਦਾ ਹੈ ਜਿਸ ਕਰਕੇ ਉਹ ਰੋਡ ਸ਼ੋਅ ਤੋਂ ਪਾਸਾ ਹੀ ਵੱਟਣਗੇ। ਬਠਿੰਡਾ ਦੇ ਰੋਡ ਸ਼ੋਅ ਤੋਂ ਕਿਨਾਰਾ ਕੀਤੇ ਜਾਣ ਦਾ ਵੀ ਇਹੋ ਕਾਰਨ ਹੀ ਦੱਸਿਆ ਜਾ ਰਿਹਾ ਹੈ।



Tuesday, August 21, 2018

                                                           ਖਜ਼ਾਨੇ ਦਾ ਲੁਤਫ
                       ਪਹਾੜਾਂ ’ਚ ਗੂੰਜਾਂ ਪਾਉਂਦਾ ਹੈ ਮਹਾਰਾਜੇ ਦਾ ਹੈਲੀਕਾਪਟਰ
                                                             ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਹੈਲੀਕਾਪਟਰ ਦੀ ਗੂੰਜ ਹੁਣ ਪੰਜਾਬ ਤੋਂ ਵੱਧ ਪਹਾੜਾਂ ’ਚ ਪੈਂਦੀ ਹੈ। ਜਿਉਂ ਹੀ ਗਰਮੀ ਦਸਤਕ ਦਿੰਦੀ ਹੈ, ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਦੀਆਂ ਉਡਾਰੀਆਂ ਭਰਨ ਲੱਗਦਾ ਹੈ। ਮੁੱਖ ਮੰਤਰੀ ਪੰਜਾਬ ਦਾ ਅੌਸਤਨ ਹਰ ਮਹੀਨੇ ਹਿਮਾਚਲ ਪ੍ਰਦੇਸ਼ ਦਾ ਗੇੜਾ ਰਿਹਾ ਹੈ। ਬੇਸ਼ੱਕ ਗੱਠਜੋੜ ਸਰਕਾਰ ਨਾਲੋਂ ਹੈਲੀਕਾਪਟਰ ਦਾ ਖਰਚਾ ਘਟਿਆ ਹੈ ਪ੍ਰੰਤੂ ਸਰਕਾਰੀ ਹੈਲੀਕਾਪਟਰ ਦਾ ਸ਼ਿਮਲੇ ਦਾ ਗੇੜੇ ਤੇ ਗੇੜਾ ਰਿਹਾ ਹੈ। ਕਿਸੇ ਤੋਂ ਗੱਲ ਗੱੁਝੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਵਾਦੀਆਂ ਨਾਲ ਨੇੜਿਓ ਜੁੜੇ ਹਨ। ਉਨ੍ਹਾਂ ਦਾ ਫਾਰਮ ਹਾਊਸ ਵੀ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਅਮਰਿੰਦਰ ਸਿੰਘ ਨੇ ਜ਼ਿਆਦਾ ਗੇੜੇ ਕਾਂਡਿਆਲੀ (ਨੇੜੇ ਸ਼ਿਮਲਾ) ਦੇ ਲਾਏ ਹਨ। ਹਿਮਾਚਲ ਪ੍ਰਦੇਸ਼ ਦੇ ਆਮ ਰਾਜ ਪ੍ਰਬੰਧ ਵਿਭਾਗ ਤੋਂ ਆਰਟੀਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਦੇ ਦੌਰਿਆਂ ਦੌਰਾਨ ਸਟੇਟ ਮਹਿਮਾਨ ਹੁੰਦੇ ਹਨ। ਸਰਕਾਰੀ ਤੱਥਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ 19 ਮਈ ਤੋਂ 23 ਮਈ 2018 ਤੱਕ ਬਤੌਰ ਸਟੇਟ ਮਹਿਮਾਨ ਮਨਾਲੀ ਦੇ ਹੋਟਲ ਉਰਵਸ਼ੀ ਰਿਟਰੀਟ ਵਿਚ ਠਹਿਰੇ। ਉਨ੍ਹਾਂ ਦੇ ਨੇੜਲੇ ਦੋ ਸਟਾਫ਼ ਮੈਂਬਰ ਵੀ ਬਤੌਰ ਸਟੇਟ ਮਹਿਮਾਨ ਠਹਿਰੇ।
                  ਜੈੱਡ ਪਲੱਸ ਸੁਰੱਖਿਆ ਹੋਣ ਕਰਕੇ ਹਿਮਾਚਲ ਸਰਕਾਰ ਨੇ ਪੰਜ ਦਿਨ ਸਖ਼ਤ ਸੁਰੱਖਿਆ ਪਹਿਰਾ ਰੱਖਿਆ। ਕਰੀਬ 45 ਸੁਰੱਖਿਆ ਅਫ਼ਸਰਾਂ ਤੇ ਮੁਲਾਜ਼ਮਾਂ ਲਈ ਠਹਿਰ ਦਾ ਵੱਖਰਾ ਪ੍ਰਬੰਧ ਕੀਤਾ ਗਿਆ। ਪਾਇਲਟ ਤੇ ਐਸਕਾਰਟ ਲਈ ਦੋ ਇਨੋਵਾ ਅਤੇ ਦੋ ਜਿਪਸੀਆਂ ਦਿੱਤੀਆਂ ਗਈਆਂ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮਨਾਲੀ ਦੌਰੇ ਦਾ ਖਰਚਾ ਵੀ ਚੁੱਕਿਆ ਹੈ। ਦੱਸਣਯੋਗ ਹੈ ਕਿ ਅਮਰਿੰਦਰ ਦਾ ਇਹ ਦੌਰਾ ਕਾਫ਼ੀ ਚਰਚਾ ਵਿਚ ਵੀ ਰਿਹਾ ਹੈ। ਦੋ ਹਫ਼ਤਿਆਂ ਮਗਰੋਂ ਹੀ ਮੁੱਖ ਮੰਤਰੀ ਮੁੜ 8 ਜੂਨ ਨੂੰ ਹਿਮਾਚਲ ਪ੍ਰਦੇਸ਼ ਚਲੇ ਗਏ ਜਿੱਥੇ ਉਹ ਕਾਂਡਿਆਲੀ ਵਿਚ 12 ਜੂਨ 2018 ਤੱਕ ਠਹਿਰੇ। ਇਨ੍ਹਾਂ ਪੰਜ ਦਿਨਾਂ ਦਾ ਖਰਚਾ ਵੀ ਪ੍ਰਾਹੁਣਚਾਰੀ ਮਹਿਕਮੇ ਨੇ ਚੁੱਕਿਆ। ਦੂਸਰੀ ਤਰਫ਼ ਹੈਲੀਕਾਪਟਰ ਦਾ ਖਰਚਾ ਪੰਜਾਬ ਸਰਕਾਰ ਚੁੱਕਦੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪਰੈਲ 2017 ਨੂੰ ਸ਼ਿਮਲਾ/ਕਾਂਡਿਆਲੀ ਵਿਚ ਠਹਿਰੇ ਸਨ। ਉਨ੍ਹਾਂ ਨੇ ਮੁੜ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ਵਿਖੇ ਪੰਜ ਦਿਨ ਬਿਤਾਏ।
                  ਭੁੱਲਿਆ ਕਿਸੇ ਤੋਂ ਇਹ ਵੀ ਨਹੀਂ ਕਿ ਮੁੱਖ ਮੰਤਰੀ ਨੇ ਸਹੁੰ ਚੱੁਕਣ ਮਗਰੋਂ ਪੰਜਾਬ ਦੇ ਬਹੁਤ ਘੱਟ ਗੇੜੇ ਲਾਏ ਹਨ। ਅਹਿਮ ਸਮਾਗਮਾਂ ’ਤੇ ਵੀ ਵਜ਼ੀਰ ਹੀ ਹਾਜ਼ਰੀ ਭਰਦੇ ਹਨ। ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿਚ ਮੁੱਖ ਮੰਤਰੀ ਨੇ ਇੱਕ ਵੀ ਗੇੜਾ ਹਾਲੇ ਤੱਕ ਨਹੀਂ ਮਾਰਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਜੋ ਆਰਟੀਆਈ ਤਹਿਤ ਸਰਕਾਰੀ ਹੈਲੀਕਾਪਟਰ ਦੀ ਲਾਗ ਬੱੁਕ ਪ੍ਰਾਪਤ ਕੀਤੀ ਹੈ,ਉਸ ਅਨੁਸਾਰ ਹੈਲੀਕਾਪਟਰ ਨੇ ਦਰਜਨਾਂ ਗੇੜੇ ਚੰਡੀਗੜ੍ਹ-ਸ਼ਿਮਲਾ ਦੇ ਲਾਏ ਹਨ। ਕੈਪਟਨ ਸਰਕਾਰ ਦੇ ਹੈਲੀਕਾਪਟਰ ਦਾ 27 ਅਪਰੈਲ 2017 ਨੂੰ ਸ਼ਿਮਲਾ ਦਾ ਗੇੜਾ ਰਿਹਾ ਅਤੇ ਪੰਜ ਦਿਨਾਂ ਮਗਰੋਂ ਹੀ ਮੁੜ ਪਹਿਲੀ ਮਈ ਨੂੰ ਹੈਲੀਕਾਪਟਰ ਸ਼ਿਮਲਾ ਉੱਤਰਿਆ। ਫਿਰ 31 ਮਈ ਨੂੰ ਵੀ ਹੈਲੀਕਾਪਟਰ ਦਾ ਸ਼ਿਮਲੇ ਦਾ ਗੇੜਾ ਰਿਹਾ। 1 ਜੂਨ 2017 ਨੂੰ ਇੱਥੋਂ ਦਾ ਹੀ ਟਰਿੱਪ ਰਿਹਾ। 24 ਜੂਨ 2017 ਨੂੰ ਤਾਂ ਹੈਲੀਕਾਪਟਰ ਨੇ ਸ਼ਿਮਲਾ ਦੇ ਦੋ ਗੇੜੇ ਲਾਏ। ਇਵੇਂ ਹੀ 15 ਸਤੰਬਰ ਅਤੇ 17 ਸਤੰਬਰ 2017 ਨੂੰ ਵੀ ਹੈਲੀਕਾਪਟਰ ਹਿਮਾਚਲ ’ਚ ਗੂੰਜਿਆ। ਹੈਲੀਕਾਪਟਰ ਦੇ 20 ਅਕਤੂਬਰ ਅਤੇ 23 ਅਕਤੂਬਰ 2017 ਨੂੰ ਵੀ ਸ਼ਿਮਲਾ ਦੇ ਗੇੜੇ ਰਹੇ।
                 ਨਿਰਪੱਖ  ਹਲਕੇ ਆਖਦੇ ਹਨ ਕਿ ਗੱਠਜੋੜ ਸਰਕਾਰ ਸਮੇਂ ਸਰਕਾਰੀ ਹੈਲੀਕਾਪਟਰ ਨੂੰ ਭੋਗਾਂ ਤੇ ਵਿਆਹਾਂ ਤੇ ਜਾਣ ਲਈ ਵਰਤਿਆ ਜਾਂਦਾ ਸੀ ਅਤੇ ਹੁਣ ਹੈਲੀਕਾਪਟਰ ਨੂੰ ਪਹਾੜਾਂ ਦੀ ਸੈਰ ਲਈ ਵਰਤਿਆ ਜਾਣ ਲੱਗਾ ਹੈ। ਹੈਲੀਕਾਪਟਰ ਦਾ 27 ਦਸੰਬਰ 2017 ਨੂੰ ਦੇਹਰਾਦੂਨ ਦਾ ਗੇੜਾ ਵੀ ਰਿਹਾ ਹੈ।  ਇਸੇ ਤਰ੍ਹਾਂ 8 ਜੁਲਾਈ 2017 ਨੂੰ ਹੈਲੀਕਾਪਟਰ ਨੇ ਕੇਦਾਰ ਨਾਥ ਤੇ ਬਦਰੀਨਾਥ ਦਾ ਚੱਕਰ ਵੀ ਲਾਇਆ ਹੈ। ਉਸ ਤੋਂ ਪਹਿਲਾਂ 7 ਅਪਰੈਲ 2017 ਨੂੰ ਹੈਲੀਕਾਪਟਰ ਵੈਸ਼ਨੋ ਦੇਵੀ ਦਾ ਚੱਕਰ ਵੀ ਲਾ ਕੇ ਆਇਆ ਹੈ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਤੋਂ ਇਲਾਵਾ ਹੈਲੀਕਾਪਟਰ ਦੀ ਵਰਤੋਂ ਦੂਸਰੇ ਵੀਆਈਪੀਜ਼ ਨੇ ਵੀ ਕੀਤੀ ਹੈ। ਸੂਤਰਾਂ ਅਨੁਸਾਰ ਰਾਜਪਾਲ ਪੰਜਾਬ ਵੱਲੋਂ ਧਾਰਮਿਕ ਸਥਾਨਾਂ ਦੀ ਯਾਤਰਾ ਮੌਕੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ।
        ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਮੁੱਖ ਮੰਤਰੀ ਤੋਂ ਇਲਾਵਾ ਗਵਰਨਰ ਵੀ ਕਰਦੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਹੈਲੀਕਾਪਟਰ ਦੇ ਖ਼ਰਚੇ ਕਾਫ਼ੀ ਘੱਟ ਗਏ ਹਨ ਅਤੇ ਸਰਕਾਰ ਨੂੰ ਪ੍ਰਾਈਵੇਟ ਹੈਲੀਕਾਪਟਰ ਵੀ ਹਾਇਰ ਕਰਨ ਦੀ ਲੋੜ ਨਹੀਂ ਪਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਕਈ ਵਾਰ ਪਾਇਲਟ ਵੀ ਟਰੇਨਿੰਗ ਲਈ ਚਲੇ ਜਾਂਦੇ ਹਨ।