Sunday, January 19, 2020

                          ਵਿਚਲੀ ਗੱਲ    
            ਢੂੰਡਤੇ ਰਹਿ ਜਾਓਗੇ...
                           ਚਰਨਜੀਤ ਭੁੱਲਰ
ਬਠਿੰਡਾ : ‘ਮਹਾਰਾਜਾ’ ਪ੍ਰਕਾਸ਼ ਸਿੰਘ ਬਾਦਲ ਕਿਧਰ ਗੁਆਚ ਗਏ। ‘ਜਥੇਦਾਰ’ ਅਮਰਿੰਦਰ ਸਿੰਘ ਵੀ ਕਿਤੇ ਲੱਭਦੇ ਨਹੀਂ। ਤੁਸੀਂ ਕਿਹੜਾ ਭੁੱਲੇ ਹੋ, ਗੱਲ ਹੈ ਤਾਂ ਸੋਲ਼ਾਂ ਆਨੇ ਸੱਚ। ਵੱਡੇ ਬਾਦਲ ਜਦੋਂ ਵੱਡੀ ਕੁਰਸੀ ’ਤੇ ਤੀਜੀ ਦਫ਼ਾ ਬੈਠੇ। ਗੱਜ ਵੱਜ ਕੇ ਬੋਲੇ, ‘ਰਾਜ ਦਿਆਂਗਾ ਮਹਾਰਾਜਾ ਰਣਜੀਤ ਸਿੰਘ ਵਰਗਾ’। ਇਉਂ ਬਣੇ ਵੱਡੇ ਬਾਦਲ ‘ਮਹਾਰਾਜਾ’। ਜਿਨ੍ਹਾਂ ਪਿੰਡ ਬਾਦਲ ਵਾਲਾ ਮਹਿਲ ਦੇਖਿਆ। ਉਨ੍ਹਾਂ ਨੂੰ ਕੋਈ ਸ਼ੱਕ ਵੀ ਨਹੀਂ। ਅਮਰਿੰਦਰ ਜੱਦੀ ਪੁਸ਼ਤੀ ਮਹਾਰਾਜਾ ਨੇ। ਜਦੋਂ ਅਕਾਲੀ ਦਲ ਤਰਫ਼ੋਂ ਵਜ਼ੀਰ ਬਣੇ। ਉਦੋਂ ਕਈ ਪੇਂਡੂ ਬਜ਼ੁਰਗ ‘ਜਥੇਦਾਰ’ ਆਖ ਬੁਲਾਉਂਦੇ। ਅਮਰਿੰਦਰ ਸਿਓ..ਨਰਾਜ਼ ਨਹੀਂ ਹੁੰਦੇ ਸਨ। ਦੇਖਿਓ ਹੁਣ ਕਿਤੇ ਬੁਰਾ ਨਾ ਮਨਾ ਜਾਣ। ਪੰਜਾਬ ਦੇ ਲੋਕ ਜਰੂਰ ਬੁਰਾ ਮੰਨ ਗਏ ਨੇ। ‘ਬਾਪੂ ਸਾਡਾ ਘਰ ਨਹੀਂ..’। ਪੰਜਾਬ ਦਾ ਸਿਆਸੀ ਬਾਪੂ ਗੁਆਚ ਗਿਐ। ਖੂੰਡੇ ਦੀ ਤਾਂ ਗੱਲ ਛੱਡੋ। ਪੰਜਾਬ ਲਾਲਟੈਨ ਚੁੱਕੀ ਫਿਰਦੈ। ਕਿਤੋਂ ਖੂੰਡੇ ਵਾਲਾ ਰਾਜਾ ਮਿਲ ਜਾਏ। ਕਾਂਗਰਸੀ ਸੱਥਾਂ ’ਚ ਖੜਨ ਜੋਗੇ ਨਹੀਂ ਛੱਡੇ। ਵਿਆਹਾਂ-ਭੋਗਾਂ ’ਤੇ ਜਾਣ ਜੋਗੇ ਰਹਿ ਗਏ। ਬਠਿੰਡਾ ਦੇ ਪਿੰਡ ਝੁੰਬਾਂ ਵਾਲੇ ਸਿਰੇ ਦੇ ਮਖ਼ੌਲੀ ਨੇ। ਇਉਂ ਟਿੱਚਰਾਂ ਕਰਦੇ ਨੇ.. ਕੋਰ ਕੰਡੇ, ਚੂਹੇ ਲੰਡੇ.. ਹਾਲ਼ੀਓ ਪਾਲੀਓ.. ਕਿਤੇ ਸਾਡਾ ਰਾਜਾ ਵੇਖਿਆ ਹੋਵੋ..। ਕਾਂਗਰਸੀ ਕਿਥੋਂ ਪੈੜ ਲੱਭਣ, ਕੰਨ ਝਾੜ ਕੇ ਤੁਰ ਜਾਂਦੇ ਨੇ। ਰਾਜ ਭਾਗ ਦੇ ਤਿੰਨ ਵਰੇ੍ਹ ਪੂਰੇ ਹੋਣ ਵਾਲੇ ਨੇ। ਕਿਤੇ ਟੱਕਰੇ ਤਾਂ ਹਾਲ ਸੁਣਾਵਾਂ.. ਪੰਜਾਬ ਢਿੱਡ ਕਿਥੇ ਫਰੋਲੇ। ਪੰਜਾਬ ਦੇ ਕਿੰਨੇ ਹੀ ਜ਼ਿਲ੍ਹੇ ਹਨ। ਜਿਥੇ ਮੁੱਖ ਮੰਤਰੀ ਨੇ ਹਾਲੇ ਪੈਰ ਨਹੀਂ ਪਾਏ।
        ਨਵਜੋਤ ਸਿੱਧੂ ਗੁਆਚ ਗਿਆ। ਸੰਨੀ ਦਿਉਲ ਵੀ। ਨਾਲੇ ਸੁਖਪਾਲ ਖਹਿਰਾ ਵੀ। ਪ੍ਰਤਾਪ ਬਾਜਵਾ ਹੁਣੇ ਪ੍ਰਗਟ ਹੋਇਐ। ਬਾਜਵਾ ਗੱਜਿਐ.. ‘ਅਮਰਿੰਦਰ ਲੋਕਾਂ ਨੂੰ ਨਹੀਂ ਮਿਲਦੇ, ਅਫਸਰੀ ਰਾਜ ਚੱਲ ਰਿਹੈ।’ ਕਾਂਗਰਸੀ ਖੁਸ਼ ਨੇ, ਢਿੱਡ ਦੀ ਗੱਲ ਜੋ ਕੀਤੀ। ਪਟਿਆਲੇ ਵਾਲੇ ਚਾਰੋ ਐਮ.ਐਲ.ਏ। ਰੌਲਾ ਪਾਉਂਦੇ ਘਸ ਗਏ। ਮਹਿਲਾਂ ਨੇ ਟਿੱਚ ਕਰਕੇ ਜਾਣਿਆ। ਸਾਰੇ ਵਿਧਾਇਕ ਹੁਣ ਤਿੰਨ ਸਾਲਾਂ ਮਗਰੋਂ ਦਰਸ਼ਨ ਕਰ ਰਹੇ ਨੇ। ਅਮਰਿੰਦਰ ’ਕੱਲੇ ’ਕੱਲੇ ਵਿਧਾਇਕ ਨੂੰ ਮਿਲ ਰਿਹੈ। ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ..। ਪੰਜਾਬ ਦੀਦਾਰਾਂ ਨੂੰ ਤਰਸਿਐ। ਬੇਰੁਜ਼ਗਾਰਾਂ ਨੇ ਮੋਰਚੇ ਲਾਏ ਨੇੇ। ਨੌਕਰੀ ਮੰਗਣ ਨਹੀਂ, ਮਿਲਣ ਦਾ ਸਮਾਂ ਲੈਣ ਲਈ। ਅਮਰਿੰਦਰ ਨੇ ਉਹ ਵੀ ਨਹੀਂ ਦਿੱਤਾ। ਨੌਜਵਾਨ ਮਜਬੂਰ ਹਨ, ਆਖ ਰਹੇ ਨੇ.. ਨਾ ਦਿਓ ਮੋਬਾਇਲ, ਨਾ ਦਿਓ ਨੌਕਰੀ, ਨਾ ਦਿਓ ਕੋਈ ਭੱਤਾ, ਦਰਸ਼ਨ ਤਾਂ ਦੇ ਦਿਓ। ਅਗਲਿਆਂ ਨੇ ਪੰਜਾਬ ਭਰ ’ਚ ਫਲੈਕਸ ਲਾ ਦਿੱਤੇ। ਉਪਰ ਮੁੱਖ ਮੰਤਰੀ ਦੀ ਵੱਡੀ ਸਾਰੀ ਫੋਟੋ। ਲਓ ਕਰ ਲੋ ਖੁੱਲ੍ਹ ਕੇ ਦਰਸ਼ਨ। ਫੌਜੀ ਵਚਨਾਂ ਦੇ ਪੱਕੇ ਹੁੰਦੇ ਨੇ। ਉਪਰੋਂ ਗੁਟਕਾ ਸਾਹਿਬ ਦੀ ਸਹੁੰ। ਦਸਮ ਪਿਤਾ ਦੇ ਚਰਨਾਂ ਦੀ ਸਹੁੰ। ਬਠਿੰਡਾ ’ਚ ‘ਬਦਲਾਓ ਰੈਲੀ’ ਹੋਈ। ਚਾਰ ਸਾਲ ਪਹਿਲਾਂ। ਅਮਰਿੰਦਰ ਨੇ ਉਂਗਲਾਂ ’ਤੇ ਗਿਣਾਏ, ‘ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ’। ਅੱਗੇ ਇੰਝ ਬੋਲੇ.. ਪਹਿਲਾਂ ਬਾਦਲਾਂ ਦੀ ਕੇਬਲ ਬੰਦ ਕਰੂ, ਫਿਰ ਬੱਸਾਂ..ਸਭ ਰੂਟ ਨੌਜਵਾਨਾਂ ਨੂੰ ਵੰਡੂ।
               ਉਦੋਂ ਹੀ.. ਸਟੇਜ ਤੋਂ ਅਮਰਿੰਦਰ ਨੇ ਹੱਥ ਧੋਤੇ, ਗੁਟਕਾ ਸਾਹਿਬ ਫੜਿਆ, ਸਹੁੰ ਚੁੱਕੀ। ਉਪਰੋਂ ਬੇਅਦਬੀ ਮਾਮਲੇ ’ਤੇ ਰੋਹ ਦਿਖਾਇਆ। ਪੰਜਾਬੀ ਜਲਦੀ ਪਿਘਲਦੇ ਨੇ। ਭਰੋਸਾ ਕਿਵੇਂ ਨਾ ਕਰਦੇ, ਪਹਿਲੋਂ ਅਮਰਿੰਦਰ ਨੇ ਬੋਲ ਪੁਗਾਏ ਸਨ। ਪੰਜਾਬ ਨੇ ਮੁੜ ਤਖਤ ਬਖ਼ਸ਼ ਦਿੱਤਾ। ਹੁਣ ਵੇਲਾ ਹੱਥ ਨਹੀਂ ਆ ਰਿਹਾ। ਕਿਸ ਨੂੰ ਉਲਾਂਭਾ ਦੇਣ..‘ ਮਾਈ ਤੇਰੇ ਕੁੜਮਾਂ ਨੇ, ਮੇਰੇ ਕੰਮ ਦੀ ਕਦਰ ਨਾ ਪਾਈ।’ਤਿੰਨ ਸਾਲ ਥੋੜੇ ਨਹੀਂ ਹੁੰਦੇ। ਭਗਵੰਤ ਮਾਨ ਆਖਦੈ.. ਅਸੀਂ ਤਾਂ ਪਹਿਲੋਂ ਦੱਸ ਦਿੱਤਾ ਸੀ, ਫਰੈਂਡਲੀ ਮੈਚ ਹੈ। ‘ਆਪ’ ਵਾਲਾ ਕੁਲਤਾਰ ਸੰਧਵਾਂ। ਵਿਧਾਨ ਸਭਾ ਦੇ ਬਾਹਰ ਚੀਕਿਆ..‘ਬਿਜਲੀ ਸਮਝੌਤੇ ਰੱਦ ਨਹੀਂ ਹੁੰਦੇ, ਜਦੋਂ ਸਮਝੌਤਾ ਹੋਵੇ’। ਕਿੰਨਾ ਕੁ ਸੱਚ  ਹੈ, ਏਹ ਤਾਂ ਰੱਬ ਜਾਣਦੈ। ਪੰਜਾਬੀ ਆਖਦੇ ਨੇ.. ਹੁਣ ਕੋਈ ਫਰਕ ਨਹੀਂ ਪੈਂਦਾ, ਮਹਾਰਾਜਾ ਆਖੋ ਤੇ ਚਾਹੇ ਜਥੇਦਾਰ। ਕੁਝ ਨਹੀਂ ਬਦਲਿਆ। ਬਾਬਾ ਨਜ਼ਮੀ ਸੱਚ ਆਖਦੈ, ‘ਬਦਲ ਗਈਆਂ ਸ਼ਕਲਾਂ, ਰਾਗ ਪੁਰਾਣੇ ਨੇ/ਸੱਦੇ ਸਿਰਫ਼ ਨਵੇਂ ਨੇ, ਕਾਗ ਪੁਰਾਣੇ ਨੇ।’ ਪੁਰਾਣੀ ਭੱਲ ਮਹਾਰਾਜੇ ਦੀ ਗੁਆਚੀ ਹੈ। ਭਰੋਸਾ ਟੁੱਟਾ ਹੈ। ‘ਵਾਈਟ ਪੇਪਰ’ ਵੀ ਕਿੰਨਾ ਕੁ ਦੁੱਧ ਧੋਤਾ ਹੋਊ। ਗੱਲ ਹੁਣ ਬਣਨੀ ਨਹੀਂ। ਭਾਵੇਂ ਸੁਨੀਲ ਜਾਖੜ ਨੇ ਹੱਲਾਸ਼ੇਰੀ ਦਿੱਤੀ। ‘ਮੁੱਖ ਮੰਤਰੀ ਜੀ, ਸਿਕੰਦਰ ਬਣੋ ਤੇ ਤੋੜੋ ਬਿਜਲੀ ਸਮਝੌਤੇ।’ ਗਾਣੇ ਨੂੰ ਕੌਣ ਸਮਝਦੈ ‘ਇੱਥੋ ਹੋ ਹੋ ਗਏ ਕਲੰਦਰ, ਖਾਲੀ ਹੱਥੀਂ ਗਿਆ ਸਿਕੰਦਰ’।
      ਪੰਜਾਬ ਰੱਬ ਨੂੰ ਫੱੁਫੜ ਕਿਵੇਂ ਕਹੇ। ਏਨੀ ਪਹੁੰਚ ਹੀ ਨਹੀਂ। ਨਾ ਹੀ ਪੰਜਾਬ ਦੇ ਬਨੇਰੇ ਕਾਂ ਬੋਲਿਐ। ਵਾਅਦੇ ਕਿਸ ਦੇ ਚੇਤੇ ਨੇ। ਲੱਗਦੈ ‘ਮੈਮਰੀ ਪਲੱਸ’ ਦੇਣੀ ਪਊ। ਤਾਂ ਜੋ ਯਾਦ ਸ਼ਕਤੀ ਮੁੜੇ। ਕਾਂਗਰਸੀ ਦਬੀ ਆਵਾਜ਼ ’ਚ ਆਖਦੇ ਨੇ। ਖੁੱਲ੍ਹ ਕੇ ਰਾਜੇ ਨੂੰ ਕੌਣ ਕਹੇ.. ਚਾਪਲੂਸਾਂ ਤੋਂ ਬਚ ਕੇ ਰਹੋ। ਬੀਬੀ ਭੱਠਲ ਵੀ ਚੁੱਪ ਐ। ਅਫਸਰਾਂ ਨੇ ਵੀ ਬੋਲ ਕੇ ਕੀ ਲੈਣੈ। ਵਗਦੀ ਗੰਗਾ ’ਚ ਕੌਣ ਨਹੀਂ ਹੱਥ ਧੋਂਦਾ। ਸਤਲੁਜ ਦਰਿਆ ਦੀ ਗੱਲ ਅੱਗੇ ਕਰਾਂਗੇ। ਉਸ ਤੋਂ ਪਹਿਲਾਂ ਸੀਬੀਆਈ ਅਦਾਲਤ ਦੀ ਸੁਣੋ। ਪੰਚਕੂਲਾ ਅਦਾਲਤ ਨੇ ਵੱਢੀਖੋਰ ਥਾਣੇਦਾਰ ਨੂੰ ਸਜ਼ਾ ਸੁਣਾਈ।ਅਦਾਲਤ ਕਿਸ ਨਤੀਜੇ ’ਤੇ ਪਹੁੰਚੀ। ਉਹ ਵੀ ਜੱਜ ਤੋਂ ਸੁਣੋ, ‘ਵੱਢੀਖੋਰ ਦੋ ਕਿਸਮਾਂ ਦੇ ਹੁੰਦੇ ਨੇ, ਸ਼ਾਕਾਹਾਰੀ ਤੇ ਮਾਸਾਹਾਰੀ। ਜੋ ਬੇਕਿਰਕੀ ਨਾਲ ਲੁੱਟਣ, ਉਹ ਮਾਸਾਹਾਰੀ ਪ੍ਰਜਾਤੀ ਹੈ। ਹੁਣ ਪੰਜਾਬ ਦੱਸੇ, ਉਹ ਕਿਸ ਨਤੀਜੇ ’ਤੇ ਪੁੱਜੈ। ਪਿਛੋ ਕੋਈ ਬੋਲਿਐ, ਅਖੇ ਭੁੱਖੇ ਸ਼ੇਰਾਂ ਵਾਂਗੂ ਪੈ ਨਿਕਲੇ ਕਾਂਗਰਸੀ। ਕਿਸੇ ਦਾ ਕੁੜਮ, ਕਿਸੇ ਦਾ ਸਾਲਾ, ਕਿਸੇ ਦਾ ਪਤੀ ਤੇ ਕਿਸੇ ਦਾ ਮੁੰਡਾ। ਪੰਜਾਬ ਚੂੰਡਿਆ ਗਿਆ ਜਾਪਦੈ। ਅਫਸਰ ਕਿਸੇ ਨੂੰ ਥੜੇ੍ਹ ਨਹੀਂ ਚੜ੍ਹਨ ਦਿੰਦੇ। ਤਾਹੀਓਂ ਕਾਂਗਰਸੀ ਵਿਲਕ ਰਹੇ ਨੇ। ਮਲਵਈ ਐਸ.ਐਸ.ਪੀ ਦਾ ਢੰਗ ਦੇਖੋ। ਧਾਰਾ ਲਾਉਣ ਦੇ ਵੀ ਪੈਸੇ ਤੇ ਹਟਾਉਣ ਦੇ ਵੀ। ਬਿਨਾਂ ਪੱਖਪਾਤ ਤੋਂ ਲੈਂਦੈ। ਕਾਂਗਰਸੀ ਸਰਪੰਚ ਕਿਧਰ ਜਾਣ। ਜਦੋਂ ਫੰਡ ਹੀ ਨਹੀਂ, ਤਾਂ ਫਿਰ ਦਾਅ ਕਿਥੋਂ ਭਰੂ।
              ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮਾਲ ਮੰਤਰੀ ’ਤੇ ਉਂਗਲ ਉਠਾਈ। ਪਟਿਆਲੇ ਵੱਲ ਹੁਣੇ ਦੋ ਨਾਇਬ ਤਹਿਸੀਲਦਾਰ ਫੜੇ ਗਏ। ਐਮ.ਐਲ.ਏ ਸਤੁਰਾਣਾ ਦੇ ਬੰਦੇ ਨੂੰ ਵੱਢੀਖੋਰੀ ’ਚ 50 ਫੀਸਦੀ ਛੋਟ ਮਿਲ ਜਾਣੀ ਸੀ। ਸਤੁਰਾਣਾ ਨੇ ਸ਼ਾਕਾਹਾਰੀ ਅਫਸਰ ਦੀ ਕਦਰ ਹੀ ਨਹੀਂ ਪਾਈ। ਇੱਕ ਕਾਂਗਰਸੀ ਕੁੜਮ ਦੀ ਬੜੀ ਚਰਚੈ। ਜਿਵੇਂ ਪਹਿਲੇ ਸਮਿਆਂ ’ਚ ਜਥੇਦਾਰਾਂ ਦੀ ਸੀ। ਸਰਹੱਦੀ ਜ਼ਿਲ੍ਹੇ ’ਚ ਇੱਕ ਨੇਤਾ ਦਾ ਸਾਲਾ, ਇੱਕ ਦਾ ਪਤੀ ਤੇ ਇੱਕ ਨੇਤਾ ਖੁਦ, ਸਤਲੁਜ ਦਰਿਆ ਨੂੰ ਪੈ ਨਿਕਲੇ ਨੇ। ਅਜਨਾਲਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ’ਚ ਇਵੇਂ ਹੀ ਚੱਲ ਰਿਹੈ। ਇਕੱਲੇ ਫਿਰੋਜ਼ਪੁਰ ’ਚ 13 ਗ਼ੈਰਕਨੂੰਨੀ ਖੱਡਾਂ ਨੇ। ਰੇਤ ਮਾਫ਼ੀਆ ਨਵੇਂ ਬਸਤਰਾਂ ’ਚ ਆਇਆ। ਪਹਿਲਾਂ ਰਾਣਾ ਗੁਰਜੀਤ ਨੂੰ ਅਸਤੀਫ਼ਾ ਦੇਣਾ ਪਿਆ। ਮੰਤਰੀ ਸੰਤਰੀ ਸਭ ਜੁਟੇ ਹੋਏ ਨੇ। ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦੇ.. ਰੌਲਾ ਪੈ ਰਿਹਾ ਕਿ ਬਦਲੀਆਂ ਦਾ ਭਾਅ ਬੜੇ ਮਹਿੰਗਾ ਰੱਖਿਐ।ਵੱਡੇ ਅਫਸਰਾਂ ’ਚ ਦੌੜ ਲੱਗੀ ਹੋਈ ਹੈ। ਸਭ ਦੇ ਖ਼ਜ਼ਾਨੇ ਭਰਪੂਰ ਨੇ, ਲੋਕਾਂ ਦਾ ਖਾਲੀ ਹੈ। ਬਿਗਾਨੇ ਹੱਥ ਖੇਤੀ ਬੱਤੀਆਂ ਦੇ ਤੇਤੀ। ਅਫਸਰ ਇਵੇਂ ਹੀ ਕਰ ਰਹੇ ਹਨ। ਸਭ ਮਾਸਾਹਾਰੀ ਪ੍ਰਜਾਤੀ ਚੋਂ ਲੱਗਦੇ ਨੇ। ਕੋਈ ਪੁੱਛਣ ਵਾਲਾ ਨਹੀਂ। ‘ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ’ ਸੁਖਜਿੰਦਰ ਰੰਧਾਵਾ ਐਵੇਂ ਨਹੀਂ ਬੋਲ ਰਿਹਾ। ਬਾਕੀ ਮੰਤਰੀ ਚੁੱਪ ਕਿਉਂ ਨੇ।
              ਵਿਜੀਲੈਂਸ ਦੇ ਅੜਿੱਕੇ ਠੇਕੇਦਾਰ ਭਾਪਾ ਤੇ ਪਹਿਲਵਾਨ ਆਇਐ। ਮਲਾਈ ਛਕਣ ਵਾਲੇ ਭਲਵਾਨ ਬਚ ਗਏ। 2002-2007 ’ਚ ਬਚ ਨਹੀਂ ਸਕੇ ਸਨ। ਹੁਣ ਖੂੰਡਾ ਹੀ ਗੁਆਚ ਗਿਆ। ਪੰਜਾਬ ਕਰੇ ਵੀ ਕੀ। ਵਿਜੀਲੈਂਸ ਕੇਸਾਂ ਦਾ ਅਦਾਲਤਾਂ ’ਚ ਹਾਲ ਵੇਖੋ, 65 ਫੀਸਦੀ ਵੱਢੀਖੋਰ ਸਾਫ ਬਚ ਰਹੇ ਨੇ। ਪੰਜਾਬ ਚੁੱਪ ਜਰੂਰ ਹੈ, ਬੇਸਮਝ ਨਹੀਂ। ਅਮਰਿੰਦਰ ਨੇ ਦਿਲ ਦੀ ਦੱਸੀ ‘ਜਦੋਂ ਤੱਕ ਹਰ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ, ਸਿਆਸਤ ਨਹੀਂ ਛੱਡਾਂਗਾ’। ਪੰਜਾਬ ਨੇ ਮੱਥੇ ’ਤੇ ਹੱਥ ਮਾਰਿਐ। ਵੱਡੇ ਬਾਦਲ ਨੂੰ ਕਿਸੇ ਪੁੱਛਿਐ, ਕਦੋਂ ਸੰਨਿਆਸ ਲਵੋਗੇ.. ਜੁਆਬ ਮਿਲਿਆ.. ‘ਛੱਡੋ ਕਾਕਾ ਜੀ।’ ਛੱਜੂ ਰਾਮ ਕੋਲ ਇੱਕ ਮਿੰਟ ਦੀ ਵਿਹਲ ਨਹੀਂ। ਪਿੰਡ ਪਿੰਡ ਤੁਰਿਆ ਫਿਰਦੈ। ਲੋਕਾਂ ਨੂੰ ਗੁਰਮੰਤਰ ਦੱਸ ਰਿਹੈ। ਅਖੇ ‘ਪਹਿਲਾਂ ਹੱਥ ਜੋੜ ਅਰਜ਼ ਕਰੋ’। ਗੱਲ ਫਿਰ ਨਾ ਬਣੇ, ਹੱਥਾਂ ਦੇ ਮੁੱਕੇ ਬਣਾ ਕਿਵੇਂ ਤਣਨੇ ਨੇ, ਲੋਕਾਂ ਨੂੰ ਪੈਂਤੜਾ ਸਮਝਾ ਰਿਹੈ।
   


1 comment: