Sunday, January 5, 2020

                       ਉਜਾੜੇ ਦੀ ਚੀਸ 
        ਧਰਤੀ ਦੇ ਜਾਏ, ਹੋ ਗਏ ਪਰਾਏ
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਜੱਗੋਂ ਤੇਰ੍ਹਵੀਂ ਇਕੱਲੇ ਕਿਸਾਨ ਲਾਲ ਸਿੰਘ ਨਹੀਂ ਹੋਈ। ਹਜ਼ਾਰਾਂ ਕਿਸਾਨ ਉਸ ਵਾਂਗੂ ਉਜਾੜੇ ਦੀ ਚੀਸ ਹੰਢਾ ਰਹੇ ਨੇ। ਖੇਤਾਂ ਦੇ ਵਾਰਸ ਹੁਣ ਇਹ ਕਿਸਾਨ ਨਹੀਂ ਰਹੇ। 16 ਫਰਵਰੀ 2006 ਦਾ ਉਹ ਦਿਨ ਭੁੱਲਣਾ ਅੌਖਾ ਹੈ ਜਦੋਂ ਸਰਕਾਰੀ ਦਾਬੇ ਨਾਲ ‘ਟਰਾਈਡੈਂਟ ਗਰੁੱਪ’ 376 ਏਕੜ ਜ਼ਮੀਨ ਦਾ ਮਾਲਕ ਬਣਿਆ। ਉਦੋਂ ਕੈਪਟਨ ਸਰਕਾਰ ਨੇ ਬਰਨਾਲੇ ਦੇ ਤਿੰਨ ਪਿੰਡਾਂ ਦੇ 125 ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ। ‘ਟਰਾਈਡੈਂਟ ਗਰੁੱਪ’ ਨੇ ਸ਼ੂਗਰ ਮਿੱਲ ਲਾਉਣੀ ਸੀ। ਵੱਡਾ ਮੁੱਲ ਤਾਰਨਾ ਪਿਆ ਕਿਸਾਨਾਂ ਨੂੰ। ਜ਼ਮੀਨਾਂ ਬਚਾਉਣ ਲਈ ਕਿਸਾਨਾਂ ਨੇ ਘੋਲ ਲੜਿਆ। ਸੰਘਰਸ਼ ’ਚ ਤਿੰਨ ਕਿਸਾਨ ਜੇਲ੍ਹਾਂ ’ਚ ਜਾਨ ਗੁਆ ਬੈਠੇ। 71 ਕਿਸਾਨ ਜ਼ਖ਼ਮੀ ਹੋਏ, ਬਲੌਰ ਸਿੰਘ ਦੀ ਖੱਬੀ ਅੱਖ ਚਲੀ ਗਈ। ਪੈਲ਼ੀਆਂ ਦੇ ਮਾਲਕ ਉੱਜੜ ਗਏ, ਏਡਾ ਖੂਨ ਖ਼ਰਾਬਾ ਵੀ ਹੋਇਆ। ਚੌਂਦਾ ਸਾਲਾਂ ਮਗਰੋਂ ਵੀ ਅੱਜ ਇਸ ਜ਼ਮੀਨ ’ਤੇ ਹਾਲੇ ਤੱਕ ਗੰਨਾ ਮਿੱਲ ਨਹੀਂ ਲੱਗੀ। ਫਤਹਿਗੜ੍ਹ ਛੰਨਾ ਦਾ ਕਿਸਾਨ ਲਾਲ ਸਿੰਘ ਆਖਦਾ ਹੈ ਕਿ ਜਦੋਂ ਪਿਉ ਦਾਦੇ ਦੀ ਜ਼ਮੀਨ ’ਤੇ ਹੁਣ ਪ੍ਰਾਈਵੇਟ ਘਰਾਣੇ ਦੇ ਸਫ਼ੈਦੇ ਲੱਗੇ ਵੇਖਦਾ, ਕਲੇਜਾ ਖਾਣ ਨੂੰ ਆਉਂਦਾ ਹੈ। ਲਾਲ ਸਿੰਘ ਦੀ ਜ਼ਮੀਨ ਚਲੀ ਗਈ। ਮੁਆਵਜ਼ੇ ਰਾਸ਼ੀ ਨਾਲ ਕਰਜ਼ ਲਾਹ ਦਿੱਤਾ। ਜ਼ਮੀਨ ਖੱੁਸਣ ਕਰਕੇ ਮੁੰਡੇ ਲਈ ਰਿਸ਼ਤਾ ਅੌਖਾ ਹੋ ਗਿਆ ਹੈ। ਆਖਰ ਕਿਸਾਨ ਆਜੜੀ ਬਣ ਗਿਆ। ਬੱਕਰੀਆਂ ਲਈ ਲੋਨ ਲਿਆ। ਹੁਣ ਬੱਕਰੀਆਂ ਦੀ ਕੁਰਕੀ ਆ ਗਈ ਹੈ। ਪਿੰਡ ਫਤਹਿਗੜ੍ਹ ਛੰਨਾ,ਧੌਲ਼ਾ ਤੇ ਸੰਘੇੜਾ ਦੇ ਕਿਸਾਨਾਂ ਦੇ ਹੌਂਕੇ ਤੇ ਵਲਵਲੇ ਇੱਕੋ ਹਨ।
       ਕਿਸਾਨ ਮਲਕੀਤ ਸਿੰਘ ਦੀ ਜ਼ਮੀਨ ਹੱਥੋਂ ਨਿਕਲੀ। ਦੂਰੋ ਪੈਲੀ ’ਤੇ ਵਲੀ ਕੰਡਿਆਲੀ ਤਾਰ ਵੇਖੀ। ਸਹਾਰ ਨਾ ਸਕਿਆ, ਖੁਦਕੁਸ਼ੀ ਕਰ ਗਿਆ। ਮਲਕੀਤ ਸਿੰਘ ਨੂੰ ਆਖਰ ਪਿੰਡ ਛੱਡਣਾ ਪਿਆ। ਮਲਕੀਤ ਨੇ ਕਿਸੇ ਦੂਸਰੇ ਪਿੰਡ ਜ਼ਮੀਨ ਲਈ  ਹੈ। ਆਖਦਾ ਹੈ ਕਿ ਚਾਅ ’ਚ ਕੌਣ ਪਿੰਡ ਛੱਡਦੈ। ਇੱਥੋਂ ਦੇ ਇੱਕ ਹੋਰ ਕਿਸਾਨ ਦੀ ਜ਼ਮੀਨ ਜਦੋਂ ਖਿਸਕ ਗਈ। ਪਤਨੀ ਨੇ ਸਦਮੇ ’ਚ ਖੁਦਕੁਸ਼ੀ ਕਰ ਲਈ। ਜੋ ਕਦੇ ਖੇਤਾਂ ਦਾ ਮਾਲਕ ਸੀ, ਹੁਣ ਕਿਰਾਏ ’ਤੇ ਥ੍ਰੀ ਵੀਲਰ ਲੈ ਕੇ ਚਲਾ ਰਿਹਾ ਹੈ। ਰਾਮ ਸਿੰਘ ਦੀ 23 ਏਕੜ ਜ਼ਮੀਨ ਦੇ ਮਾਲਕ ਹੁਣ ਟਰਾਈਡੈਂਟ ਵਾਲੇ ਨੇ। ਇਸ ਕਿਸਾਨ ਨੂੰ ਤਿੰਨ ਵਾਰ ਉਜੜਣਾ ਪਿਆ। ਪਹਿਲਾਂ ਪਿੰਡ ਪੱਖੋ ਜ਼ਮੀਨ ਲਈ, ਉਥੋਂ ਵੇਚ ਕੇ ਰੂੜੇਕੇ ਲਏ, ਉਥੋਂ ਵੇਚ ਕੇ ਹੁਣ ਕਿਤੇ ਹੋਰ ਲਈ ਹੈ। ਕਿਸਾਨ ਬਲੌਰ ਸਿੰਘ ਹੁਣ ਦਿਹਾੜੀ ਕਰ ਰਿਹਾ ਹੈ। ਭਾਵੇਂ ਟਰਾਂਈਡੈਂਟ ਨੇ ਕਾਫ਼ੀ ਰੁਜ਼ਗਾਰ ਵੀ ਦਿੱਤਾ। ਫਤਹਿਗੜ੍ਹ ਛੰਨਾ ਨਾਲ ਰੜਕ ਭੁੱਲੀ ਨਹੀਂ। ਡੀ.ਏ.ਵੀ ਕਾਲਜ ਚੰਡੀਗੜ੍ਹ ਦੇ ਪ੍ਰੋ. ਮਨਜੀਤ ਸ਼ਰਮਾ ਜਿਨ੍ਹਾਂ ਨੇ ਇਨ੍ਹਾਂ ਪਿੰਡਾਂ ’ਤੇ ਖੋਜ ਰਿਪੋਰਟ ਵੀ ਲਿਖੀ, ਦਾ ਪ੍ਰਤੀਕਰਮ ਸੀ ਕਿ ਕਿਸਾਨਾਂ ਦੀ ਸਿਰਫ਼ ਜ਼ਮੀਨ ਨਹੀਂ ਗਈ, ਉਨ੍ਹਾਂ ਦਾ ਜ਼ਮੀਨ ਨਾਲ ਭਾਵੁਕ ਲਗਾਓ ਵੀ ਕਤਲ ਹੋਇਆ ਹੈ। ਪੰਜਾਬ ਸਰਕਾਰ ਨੇ ਜ਼ਮੀਨਾਂ ਖੋਹਣ ਲਈ ਕਾਰਪੋਰੇਟ ਪੱਖੀ ਭੂਮਿਕਾ ਨਿਭਾਈ। ਇਵੇਂ ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਆਖਦੇ ਹਨ ਕਿ ਸਰਕਾਰੀ ਏਜੰਡਾ ਲੋਕ ਪੱਖੀ ਹੁੰਦਾ ਤਾਂ ਅੱਜ ਖੋਹੀ ਜ਼ਮੀਨ ’ਤੇ ਸ਼ੂਗਰ ਮਿੱਲ ਲੱਗੀ ਹੁੰਦੀ। ਕਿੰਨੇ ਕਿਸਾਨਾਂ ਨੂੰ ਘਰ ਬਾਰ ਤੇ ਪਿੰਡ ਛੱਡਣੇ ਪੈ ਗਏ।
               ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦਾ 31 ਅਗਸਤ 2016 ਨੂੰ ਪੱਛਮੀ ਬੰਗਾਲ ਦੇ ਸੰਗੂਰ ਬਾਰੇ ਫੈਸਲਾ ਆਇਆ ਹੈ ਜੋ ਪ੍ਰੋਜੈਕਟ ਨਾ ਲੱਗਣ ਦੀ ਸੂਰਤ ’ਚ ਜ਼ਮੀਨ ਵਾਪਸੀ ਦੀ ਗੱਲ ਕਰਦਾ ਹੈ। ਮਾਨਸਾ ਜ਼ਿਲ੍ਹੇ ਦੇ ਚਾਰ ਪਿੰਡਾਂ ਦੀ ਹੋਣੀ ਵੀ ਵੱਖਰੀ ਨਹੀਂ। ਗੱਠਜੋੜ ਸਰਕਾਰ ਨੇ ‘ਇੰਡੀਆ ਬੁੱਲ ਲਿਮਟਿਡ’ ਲਈ 871 ਏਕੜ ਜ਼ਮੀਨ ਪੁਲੀਸ ਦਬਸ਼ ਨਾਲ ਅਕਤੂਬਰ 2010 ’ਚ ਐਕੁਆਇਰ ਕੀਤੀ। ਜ਼ਮੀਨ ਬਚਾਉਣ ਲਈ 17 ਮਹੀਨੇ ਕਿਸਾਨ ਧਿਰਾਂ ਨੇ ਘੋਲ ਲੜਿਆ। ਪੁਲੀਸ ਜਬਰ ’ਚ ਹਮੀਦੀ ਪਿੰਡ ਦਾ ਕਿਸਾਨ ਜਾਨ ਗੁਆ ਬੈਠਾ। ਪਿੰਡ ਗੋਬਿੰਦਪੁਰਾ, ਜਲਵੇੜਾ, ਸਿਰਸੀਵਾਲਾ ਤੇ ਬਰੇਟਾ ਦੇ 1882 ਕਿਸਾਨਾਂ ਤੋਂ ਜ਼ਮੀਨ ਲਈ ਗਈ। ਵੱਡਾ ਮੁੱਲ ਕਿਸਾਨਾਂ ਨੂੰ ਤਾਰਨਾ ਪਿਆ।ਗੋਬਿੰਦਪੁਰਾ ’ਚ ਇੱਕ ਦਹਾਕੇ ਮਗਰੋਂ ਵੀ ਥਰਮਲ ਪਲਾਂਟ ਨਹੀਂ ਲੱਗਾ। ਕਿਸਾਨ ਬੇਜ਼ਮੀਨੇ ਤੇ ਬਘਰੇ ਹੋ ਗਏ। ਉਪਰੋਂ ਥਰਮਲ ਪ੍ਰੋਜੈਕਟ ਵੀ ਮਿੱਟੀ ਹੋ ਗਿਆ। ਗੋਬਿੰਦਪੁਰਾ ਪਿੰਡ ਦੀ 806 ਏਕੜ ਜ਼ਮੀਨ ਐਕੁਆਇਰ ਹੋਈ। ਕਿਸਾਨਾਂ ਕੋਲ ਸਿਰਫ਼ 650 ਏਕੜ ਪਿੱਛੇ ਬਚੀ ਹੈ। 62 ਪਰਿਵਾਰ ਬੇਜ਼ਮੀਨੇ ਹੋ ਗਏ। ਜਿਥੇ ਥਰਮਲ ਲੱਗਣਾ ਸੀ, ਉਥੇ ਵੱਡਾ ਜੰਗਲ ਬਣ ਗਿਆ ਹੈ। ਹਜ਼ਾਰਾਂ ਜੰਗਲੀ ਸੂਰ ਆ ਗਏ ਨੇ। ਕਿਸਾਨ ਹਰਪਾਲ ਸਿੰਘ ਦੱਸਦਾ ਹੈ ਕਿ ਕਾਗਜ਼ੀ ਪ੍ਰੋਜੈਕਟ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਜੰਗਲੀ ਸੂਰ ਕਣਕਾਂ ਦਾ ਉਜਾੜਾ ਕਰ ਰਹੇ ਨੇ। ਦੂਸਰੇ ਪਿੰਡਾਂ ਦੇ ਲੋਕ ਅਵਾਰਾ ਪਸ਼ੂ ਛੱਡ ਜਾਂਦੇ ਨੇ। ਨਸ਼ੇੜੀਆਂ ਨੇ ਅੱਡੇ ਬਣਾ ਲਏ ਨੇ।
       ਗੋਬਿੰਦਪੁਰਾ ਦੇ ਕਿਸਾਨ ਭੋਲਾ ਸਿੰਘ ਤੇ ਮੇਜਰ ਸਿੰਘ ਦੀ ਪੂਰੀ ਜ਼ਮੀਨ ਐਕੁਆਇਰ ਹੋ ਗਈ। ਦੋਵੇਂ ਭਰਾਵਾਂ ਨੂੰ ਪਿੰਡ ਛੱਡਣਾ ਪਿਆ। ਸੰਗਰੂਰ ਜ਼ਿਲ੍ਹੇ ਦੇ ਕਿਸੇ ਪਿੰਡ ਜ਼ਮੀਨ ਲੈ ਲਈ ਤੇ ਮਕਾਨ ਬਣਾ ਲਏ। ਜਦੋਂ ਅਪਣੱਤੀ ਮੋਹ ਨਾ ਮਿਲਿਆ। ਪਿੰਡ ਦਾ ਉਦਰੇਵਾਂ ਬੇਚੈਨ ਕਰਨ ਲੱਗਾ। ਭੋਲਾ ਸਿੰਘ ਚੱਲ ਵਸਿਆ ਤੇ ਮੇਜਰ ਸਿੰਘ ਨੂੰ ਅਧਰੰਗ ਹੋ ਗਿਆ। ਹੁਣ ਦੋਵੇਂ ਕਿਸਾਨਾਂ ਦਾ ਪਰਿਵਾਰ ਵਾਪਸ ਪਿੰਡ ਗੋਬਿੰਦਪੁਰਾ ਆਇਆ ਹੈ। ਆਪਣੇ ਹੀ ਪਿੰਡ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਹੈ। ਕਿਸਾਨ ਆਗੂ ਮੇਜਰ ਸਿੰਘ ਦੱਸਦਾ ਹੈ ਕਿ ਮੁਆਵਜ਼ਾ ਰਾਸ਼ੀ ਦੇ ਚੈੱਕਾਂ ਨੇ ਕਈ ਭੈਣਾਂ ਭਰਾਵਾਂ ਦੇ ਰਿਸ਼ਤੇ ’ਚ ਦਰਾੜ ਪਾ ਦਿੱਤੀ ਹੈ।ਗੋਬਿੰਦਪੁਰਾ ਦਾ ਸਰਪੰਚ ਗੁਰਲਾਲ ਸਿੰਘ ਆਖਦਾ ਹੈ ਕਿ ਉਹ ਤਾਂ ਪਿੰਡ ’ਚ ਹੀ ਸ਼ਰਨਾਰਥੀ ਬਣ ਕੇ ਰਹਿ ਗਏ ਹਨ। ਨਾ ਪ੍ਰੋਜੈਕਟ ਲੱਗਾ ਅਤੇ ਨਾ ਹੀ ਯੋਗ ਤੇ ਸਹੀ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ। ਘਪਲਾ ਕਰਕੇ ਦੂਸਰੇ ਪਿੰਡਾਂ ਦੇ ਲੋਕ ਨੌਕਰੀਆਂ ਲੈ ਗਏ ਹਨ। ਪਿੰਡ ਦੀ ਜ਼ਿੰਦਗੀ ਨਰਕਮਈ ਹੈ। ਮਾਨਸਾ ਜ਼ਿਲ੍ਹੇ ’ਚ ਵਣਾਂਵਾਲੀ ਥਰਮਲ ਲਈ ਗੱਠਜੋੜ ਸਰਕਾਰ ਨੇ ਸਾਲ 2008 ’ਚ ਵਣਾਂਵਾਲੀ, ਪੇਰੋ ਅਤੇ ਰਾਏਪੁਰ ਪਿੰਡਾਂ ਦੀ 2113 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਵੇਦਾਂਤਾ ਗਰੁੱਪ ਨੇ ਥਰਮਲ ਤਾਂ ਲਾ ਦਿੱਤਾ ਪ੍ਰੰਤੂ ਇਨ੍ਹਾਂ ਪਿੰਡਾਂ ਦੇ ਪੱਲੇ ਉਜਾੜਾ ਪਾ ਦਿੱਤਾ।
       ਵਣਾਂਵਾਲੀ ਦੇ ਕਿਸਾਨ ਸੂਬਾ ਸਿੰਘ ਦੀ 12 ਏਕੜ ਜ਼ਮੀਨ ਐਕੁਆਇਰ ਹੋਈ। ਜ਼ਮੀਨ ਗਈ, ਘਰ ਗਿਆ ਤੇ ਇਸ ਕਿਸਾਨ ਨੂੰ ਪੰਜਾਬ ਵੀ ਛੱਡਣਾ ਪਿਆ। ਰਾਜਸਥਾਨ ’ਚ ਜ਼ਮੀਨ ਲੈ ਕੇ ਪੈਲੀ ਕਰ ਰਿਹਾ ਹੈ। ਕਿਸਾਨ ਰਾਜ ਸਿੰਘ ਨੂੰ ਹਰਿਆਣਾ ਜਾਣਾ ਪਿਆ ਹੈ। ਲੋਕਾਂ ਨੇ ਦੱਸਿਆ ਕਿ ਮੁਆਵਜ਼ਾ ਰਾਸ਼ੀ ਨੇ ਪਰਿਵਾਰਾਂ ’ਚ ਕੰਧ ਖੜ੍ਹੀ ਕਰ ਦਿੱਤੀ। ਦਰਜਨਾਂ ਕਿਸਾਨ ਲੇਬਰ ਚੌਂਕ ਦੇ ਮਜ਼ਦੂਰ ਬਣ ਗਏ ਹਨ। ਗੋਇੰਦਵਾਲ ਪਾਵਰ ਪ੍ਰੋਜੈਕਟ ਲਈ ਕਿਸਾਨਾਂ ਦੀ 1074 ਏਕੜ ਅਤੇ ਰਾਜਪੁਰਾ ਪਾਵਰ ਪਲਾਂਟ ਲਈ ਕਿਸਾਨਾਂ ਦੀ 1078 ਏਕੜ ਜ਼ਮੀਨ ਐਕੁਆਇਰ ਕੀਤੀ ਗਈ। ਇੱਥੇ ਵੀ ਕਿਸਾਨਾਂ ਨੂੰ ਉਜਾੜਾ ਝੱਲਣਾ ਪਿਆ। ਬਠਿੰਡਾ ਦੇ ਪਿੰਡ ਘੁੱਦਾ ਵਿਚ ਕੇਂਦਰੀ ਯੂਨੀਵਰਸਿਟੀ ਲਈ 2010 ਵਿਚ 500 ਏਕੜ ਜ਼ਮੀਨ ਐਕੁਆਇਰ ਹੋਈ। ਦਸ ਸਾਲਾਂ ਮਗਰੋਂ ਵੀ ਹਾਲੇ ’ਵਰਸਿਟੀ ਇੱਥੇ ਚਾਲੂ ਨਹੀਂ ਹੋਈ, ਜੋ ਬਠਿੰਡਾ ਦੀ ਧਾਗਾ ਮਿੱਲ ’ਚ ਚੱਲ ਰਹੀ ਹੈ। ਵਿਰਕ ਕਲਾਂ ’ਚ ਹਵਾਈ ਅੱਡੇ ਲਈ 37 ਏਕੜ ਜ਼ਮੀਨ ਐਕੁਆਇਰ ਹੋਈ ਸੀ। ਪੰਜਾਬ ’ਚ  ਚਾਰ ਥਰਮਲਾਂ ਲਈ ਕੁੱਲ 5136 ਏਕੜ ਜ਼ਮੀਨ ਐਕੁਆਇਰ ਹੋਈ ਜਿਨ੍ਹਾਂ ਦਾ 1045.37 ਕਰੋੜ ਮੁਆਵਜ਼ਾ ਦਿੱਤਾ ਗਿਆ ਹੈ।
         ਜਦੋਂ ਬਠਿੰਡਾ ਥਰਮਲ ਅਤੇ ਲਹਿਰਾ ਮੁਹੱਬਤ ਥਰਮਲ ਲੱਗੇ ਸਨ, ਉਦੋਂ ਚੰਗਾ ਪੱਖ ਇਹ ਸੀ ਕਿ ਹਰ ਪ੍ਰਭਾਵਿਤ ਪਰਿਵਾਰ ਦੇ ਇੱਕ ਇੱਕ ਜੀਅ ਨੂੰ ਨੌਕਰੀ ਦਿੱਤੀ ਗਈ। ਨਵੇਂ ਪ੍ਰੋਜੈਕਟਾਂ ’ਚ ਏਦਾਂ ਨਹੀਂ ਹੋ ਰਿਹਾ। ਨਵੇਂ ਪ੍ਰੋਜੈਕਟਾਂ ਤੋਂ ਪੀੜਤ ਕਿਸਾਨ ਇਹੋ ਪੁੱਛ ਰਹੇ ਹਨ ਕਿ ਕੋਈ ਅਜਿਹਾ ਕੌਮੀ ਰਜਿਸਟਰ ਹੈ, ਜਿਸ ’ਚ ਉਹ ਆਪਣੀ ਪੀੜਾ ਦਰਜ ਕਰਾ ਸਕਣ।ਪੰਜਾਬ ’ਚ ਸਪੈਸ਼ਲ ਆਰਥਿਕ ਜ਼ੋਨਾਂ ਲਈ ਵੀ 62.72 ਏਕੜ ਸ਼ਹਿਰੀ ਜ਼ਮੀਨ ਐਕੁਆਇਰ ਕੀਤੀ ਗਈ ਜਾਂ ਰਾਖਵੀਂ ਰੱਖੀ ਗਈ ਸੀ। ਇਨ੍ਹਾਂ ਜ਼ਮੀਨਾਂ ’ਤੇ ਤਿੰਨ ਆਰਥਿਕ ਜ਼ੋਨ ਬਣੇ ਹਨ ਜਿਨ੍ਹਾਂ ਕੋਲ 49.80 ਏਕੜ ਜ਼ਮੀਨ ਹਾਲੇ ਵੀ ਖਾਲੀ ਪਈ ਹੈ। ਗੱਠਜੋੜ ਸਰਕਾਰ ਨੇ ਖੇਤੀ ਵਰਸਿਟੀ ਦੇ ਬਠਿੰਡਾ ਸੈਂਟਰ ’ਚ ਖੇਤੀ ਖੋਜਾ ਵਾਲੀ ਜ਼ਮੀਨ ‘ਕੌਮਾਂਤਰੀ ਕ੍ਰਿਕਟ ਸਟੇਡੀਅਮ’ ਵਾਸਤੇ ਤਬਦੀਲ ਕਰ ਦਿੱਤੀ ਗਈ ਸੀ। ਉਥੇ ਜਦੋਂ ਸਟੇਡੀਅਮ ਨਾ ਬਣਿਆ ਤਾਂ ਸਰਕਾਰ ਨੇ ਮੱਛੀ ਮਾਰਕੀਟ ਬਣਾ ਦਿੱਤੀ। ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਸੀ ਕਿ ਬਰਨਾਲਾ ਤੇ ਮਾਨਸਾ ਜ਼ਿਲ੍ਹੇ ’ਚ ਸਨਅਤੀ ਪ੍ਰੋਜੈਕਟਾਂ ਲਈ ਪਿਛਲੀਆਂ ਸਰਕਾਰਾਂ ਸਮੇਂ ਜ਼ਮੀਨਾਂ ਐਕੁਆਇਰ ਹੋਈਆਂ ਸਨ ਜਿਨ੍ਹਾਂ ਦੀ ਮੌਜੂਦਾ ਸਥਿਤੀ ਉਹ ਚੈੱਕ ਕਰਨਗੇ। ਉਹ ਕੋਸ਼ਿਸ਼ ਕਰਨਗੇ ਕਿ ਇਨ੍ਹਾਂ ਖਾਲੀ ਜ਼ਮੀਨਾਂ ’ਤੇ ਕੋਈ ਸਨਅਤੀ ਪ੍ਰੋਜੈਕਟ ਲੱਗਣ ਤਾਂ ਜੋ ਜ਼ਮੀਨਾਂ ਵਰਤੋਂ ਵਿਚ ਆ ਸਕਣ।
                  ਐਕੁਆਇਰ ਜ਼ਮੀਨ ਦਾ ਵੇਰਵਾ
  ਪ੍ਰੋਜੈਕਟ ਦਾ ਨਾਮ   ਐਕੁਆਇਰ ਜ਼ਮੀਨ          ਮੌਜੂਦਾ ਸਥਿਤੀ
1. ਗੋਬਿੰਦਪੁਰਾ ਤਾਪ ਬਿਜਲੀ ਘਰ 871 ਏਕੜ      ਪ੍ਰੋਜੈਕਟ ਲੱਗਾ ਨਹੀਂ।
2. ਟਰਾਈਡੈਂਟ ਗਰੁੱਪ ਬਰਨਾਲਾ 376 ਏਕੜ     ਪ੍ਰੋਜੈਕਟ ਲੱਗਾ ਨਹੀਂ।
3.  ਤਲਵੰਡੀ ਸਾਬੋ ਥਰਮਲ ਪਲਾਂਟ 2113 ਏਕੜ          ਪ੍ਰੋਜੈਕਟ ਚਾਲੂ
4.  ਰਾਜਪੁਰਾ ਥਰਮਲ ਪਲਾਂਟ 1078 ਏਕੜ           ਪ੍ਰੋਜੈਕਟ ਚਾਲੂ
5. ਗੋਇੰਦਵਾਲ ਪਾਵਰ ਪ੍ਰੋਜੈਕਟ 1074 ਏਕੜ    ਪ੍ਰੋੋਜੈਕਟ ਚਾਲੂ।
6. ਕੇਂਦਰੀ ’ਵਰਸਿਟੀ ਘੁੱਦਾ 500 ਏਕੜ ਪ੍ਰੋਜੈਕਟ ਅਧੂਰਾ।
       





No comments:

Post a Comment