Tuesday, January 7, 2020

                       ਧੀਆਂ ਦੀ ਗੂੰਜ
           ਅਸੀਂ ਲੜਾਂਗੇ! ਏਸ ਖ਼ੌਫ ਦੇ ਖ਼ਿਲਾਫ਼..
                      ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸ਼ਹਿਰ ਦੀ ਅਨੁਭੂਤੀ ਕੌਸ਼ਲ ਹੁਣ ਸੜਕ ’ਤੇ ਉੱਤਰੀ ਹੈ। ਅੱਖਾਂ ’ਚ ਸੁਪਨੇ, ਹੱਥਾਂ ਵਿਚ ਤਖ਼ਤੀ ਤੇ ਮਨ ਵਿਚ ਜੋਸ਼ ਹੈ। ਪਹਿਲੋਂ ਉਸ ਦਾ ਘਰ ਤੋਂ ਕਾਲਜ ਤੇ ਕਾਲਜ ਤੋਂ ਘਰ ਆਉਣਾ, ਰੋਜ਼ਮਰ੍ਹਾ ਦਾ ਨੇਮ ਸੀ।  ਉਸ ਨੇ ਜੇ.ਐਨ.ਯੂ ਦੀ ਵਿਦਿਆਰਥੀ ਆਗੂ ਆਇਸ਼ੀ ਘੋਸ਼ ਦਾ ਲਹੂ ਲੁਹਾਣ ਚਿਹਰਾ ਦੇਖਿਆ, ਉਹ ਪੂਰੀ ਰਾਤ ਸੌ ਨਾ ਸਕੀ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਹੋਈ ਗੁੰਡਾਗਰਦੀ ਦੇ ਖ਼ਿਲਾਫ਼ ਅੱਜ ਜੋ ਬਠਿੰਡਾ ’ਚ ਸੰਕੇਤਕ ਪ੍ਰਦਰਸ਼ਨ ਹੋਇਆ, ਉਸ ’ਚ ਇਕੱਲੀ ਅਨੁਭੂਤੀ ਨਹੀਂ, ਦਰਜਨਾਂ ਉਹ ਕੁੜੀਆਂ ਸਨ ਜਿਨ੍ਹਾਂ ਨੂੰ ਦਿੱਲੀ ਦੇ ਖ਼ੌਫ ਨੇ ਝੰਜੋੜਿਆ ਹੈ। ਇਨ੍ਹਾਂ ਨੌਜਵਾਨ ਕੁੜੀਆਂ ਨੇ ਇੱਕੋ ਵਲਵਲੇ ਨਾਲ ਗੂੰਜ ਪਾਈ। ਹੱਲਾਸ਼ੇਰੀ ਵਾਲੇ ਬੋਲ ਦਿੱਲੀ ਵੱਲ ਭੇਜੇ। ਜੋ ਇੰਝ ਸਨ, ‘ਬੋਲਣਾ ਵੀ ਜਾਣਦੇ ਹਾਂ ਤੇ ਰੋਲਣਾ ਵੀ, ਮਿਲਕੇ ਲੜਾਂਗੇ ਤੇ ਰੁਕਾਂਗੇ ਨਹੀਂ, ਅਸੀਂ ਤੁਹਾਡੇ ਨਾਲ ਹਾਂ।’ ਸੰਘਰਸ਼ੀ ਯੋਧੇ ਮਰਹੂਮ ਜਗਮੋਹਨ ਕੌਸ਼ਲ ਦੀ ਨੌਜਵਾਨ ਪੋਤਰੀ ਅਨੁਭੂਤੀ ਕੌਸ਼ਲ ਅੱਜ ਗੁੜ੍ਹਤੀ ਦਾ ਮੁੱਲ ਮੋੜਨ ਲਈ ਤਖਤੀ ਚੁੱਕ ਕੇ ਆਈ ਜਿਸ ’ਤੇ ‘ਆਜ਼ਾਦੀ’ ਉੱਕਰਿਆ ਹੋਇਆ ਸੀ। ਬਠਿੰਡਾ ਦੇ ਡੀ.ਏ.ਵੀ ਕਾਲਜ ਦੀ ਵਿਦਿਆਰਥਣ ਅਨੁਭੂਤੀ ਕੌਸ਼ਲ ਆਖਦੀ ਹੈ ਕਿ ਜੇ.ਐਨ.ਯੂ ਉਸ ਦਾ ਸੁਪਨਾ ਹੈ। ਉਹ ਉਚੇਰੀ ਸਿੱਖਿਆ ਲਈ ਉਥੇ ਜਾਣਾ ਚਾਹੁੰਦੀ ਹੈ। ਜੋ ਰਾਤੀਂ ਖੌਫ਼ ਦਾ ਮੰਜ਼ਰ ਦੇਖਿਆ, ਉਸ ਨੇ ਮੈਨੂੰ ਹਲੂਣ ਦਿੱਤਾ।
       ਜੰਗੀਰਾਣਾ ਦੀ ਪੇਂਡੂ ਲੜਕੀ ਸੁਖਜਿੰਦਰ ਕੌਰ ਸਹਿਜੇ ਹੀ ਬਠਿੰਡਾ ਪ੍ਰਦਰਸ਼ਨ ’ਚ ਨਹੀਂ ਆਈ। ਉਹ ਭੈਅ ਦੇ ਮਾਅਨੇ ਤੋਂ ਵਾਕਫ਼ ਹੈ। ਉਸ ਨੇ ਪਹਿਲਾਂ ਜਾਮੀਆ ਮਿਲੀਆ ਇਸਲਾਮੀਆਂ ਅਤੇ ਹੁਣ ਜੈ.ਐਨ.ਯੂ ’ਚ ਕੁੜੀਆਂ ’ਤੇ ਉੱਠੇ ਹੱਥ ਵੇਖੇ  ਹਨ। ਤਾਹੀਓਂ ਅੱਜ ਉਸ ਦੇ ਹੱਥ ਤਣੇ ਹੋਏ ਸਨ। ਮੱਧਵਰਗੀ ਪਰਿਵਾਰਾਂ ਦੀਆਂ ਇਹ ਧੀਆਂ ਵੀ ਦਿੱਲੀ ਦੇ ਦਿਲ ਦੀ ਰਮਜ਼ ਸਮਝਦੀਆਂ ਹਨ। ਸਵਰਾ ਭਾਸਕਰ, ਕਨ੍ਹਈਆ ਤੇ ਉਮਰ ਖਾਲਿਦ ਨਵੀਂ ਪੀੜੀ ਦੇ ਨਾਇਕ ਹਨ। ਮਰਹੂਮ ਜਗਮੋਹਨ ਕੌਸ਼ਲ ਦਾ ਬੇਟਾ ‘ਬਿੱਟੂ ਬਠਿੰਡਾ,’ ਵੀ ਆਪਣੀ ਧੀ ਦੇ ਨਾਲ  ਸੀ। ਪਿੰਡ ਮਹਿਮਾ ਭਗਵਾਨਾ ਦੀ ਸੁਖਜੀਵਨ ਕੌਰ ਨੇ ਸੁਨੇਹਾ ਦਿੱਤਾ ਕਿ ਚੁੱਪ ਨੂੰ ਕਿਤੇ ਮਜਬੂਰੀ ਨਾ ਸਮਝਣਾ, ਮਾਈ ਭÎਾਗੋ ਤੇ ਮਹਾਨ ਗਦਰੀ ਗੁਲਾਬ ਕੌਰ ਦੀਆਂ ਵਾਰਸ ਹਾਂ। ਰਜਿੰਦਰਾ ਕਾਲਜ ਦੀ ਵਿਦਿਆਰਥਣ ਸੰਗੀਤਾ ਰਾਣੀ ਨੇ ਆਖਿਆ ਕਿ ‘ਭਵਿੱਖ ਤੇ ਹੋਂਦ ਲਈ ਲੜਾਈ ਲੜਾਂਗੇ।’ ਉਹ ਆਖਦੀ ਹੈ ਕਿ ਸਿਆਸੀ ਜਮਾਤ ਹੁਣ ਕੁੜੀਆਂ ਨੂੰ ਘੱਟ ਨਾ ਸਮਝੇ।ਪਿੰਡ ਸਿਵੀਆਂ ਦੀ ਬੇਅੰਤ ਕੌਰ ਪੰਜਾਬੀ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਹੈ। ਉਹ ਵੀ ਜੇ.ਐਨ.ਯੂ ’ਚ ਹੋਈ ਗੁੰਡਾਗਰਦੀ ਦੇ ਖ਼ਿਲਾਫ਼ ਨਿੱਤਰੀ ਹੈ।ਪ੍ਰਿੰਸੀਪਲ ਰਵਿੰਦਰ ਸਿੰਘ ਘੁੰਮਣ ਆਖਦੇ ਹਨ ਕਿ ਜੋ ਬਿਨਾ ਰੋਕ ਵਾਪਰ ਰਿਹਾ, ਖ਼ੌਫ ਪੈਰ ਪਸਾਰ ਰਿਹਾ ਹੈ, ਉਸ ਖ਼ਿਲਾਫ਼ ਨਵੀਂ ਪੀੜੀ ਹੁਣ ਸੋਚਣ ਲੱਗੀ ਹੈ। ਕਵਿੱਤਰੀ ਡਾ. ਨੀਤੂ ਅਰੋੜਾ ਨੇ ਅੱਜ ਇੱਕ ਕਵਿਤਾ ਦੇ ਬੋਲਾਂ ਜਰੀਏ ਸਾਂਝੀ ਪੀੜ ਨੂੰ ਬਿਆਨਿਆਂ।
               ਬਠਿੰਡਾ ਦੇ ਫਾਇਰ ਬ੍ਰੀਗੇਡ ਚੌਂਕ ਵਿਚ ਅੱਜ ਨਾਗਰਿਕਤਾ ਸੋਧ ਕਾਨੂੰਨ ਅਤੇ ਜੇ.ਐਨ.ਯੂ ਦੇ ਵਿਦਿਆਰਥੀਆਂ ’ਤੇ ਹੋਏ ਹਮਲੇ ਖ਼ਿਲਾਫ਼ ਇਨਕਲਾਬੀ ਨੌਜਵਾਨ ਸਭਾ, ਨਾਗਰਿਕ ਏਕਤਾ ਮੰਚ, ਜਮਹੂਰੀ ਅਧਿਕਾਰੀ ਸਭਾ ਤੇ ਪੀ.ਐਸ. ਯੂ ਨੇ ਸੰਕੇਤਕ ਪ੍ਰਦਰਸ਼ਨ ਕੀਤਾ।ਇਨਕਲਾਬੀ ਨੌਜਵਾਨ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਰਾਜਿੰਦਰ ਸਿਵੀਆਂ,ਏਕਤਾ ਮੰਚ ਦੇ ਪ੍ਰੋ. ਅਮਨਦੀਪ ਸੇਖੋਂ, ਜੇ.ਐਨ.ਯੂ ਦੇ ਸਾਬਕਾ ਵਿਦਿਆਰਥੀ ਸੁਮੇਲ ਸਿੰਘ ਸਿੱਧੂ, ਜਮਹੂਰੀ ਅਧਿਕਾਰੀ ਸਭਾ ਦੇ ਪ੍ਰਿਤਪਾਲ ਸਿੰਘ,ਪੀ.ਐਸ.ਯੂ ਦੀ ਸੰਗੀਤਾ ਰਾਣੀ, ਸਮਾਜਿਕ ਕਾਰਕੁਨ ਲੋਕ ਬੰਧੂ, ਘੁੱਦਾ ਕਾਲਜ ਤੋਂ ਕਿਰਨ ਅਤੇ ਹੋਰ ਆਗੂ ਸ਼ਾਮਿਲ ਸਨ ਜਿਨ੍ਹਾਂ ਨੇ ਆਖਿਆ ਕਿ ਸ਼ਾਂਤਮਈ ਪ੍ਰਦਰਸ਼ਨਾਂ ’ਤੇ ਗੋਲੀਆਂ ਲਾਠੀਆਂ ਚਲਾ ਕੇ ਸਰਕਾਰ ਵਿਦਿਆਰਥੀਆਂ ਦੀ ਅਵਾਜ਼ ਨੂੰ ਦਬਾ ਨਹੀਂ ਸਕੇਗੀ। ਉਨ੍ਹਾਂ ਬਠਿੰਡਾ ਵਿਚ 10 ਜਨਵਰੀ ਨੂੰ ਵਿਸ਼ਾਲ ਮੁਜ਼ਾਹਰਾ ਕਰਨ ਦੀ ਐਲਾਨ ਵੀ ਕੀਤਾ।ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ.ਏ.ਕੇ.ਮਲੇਰੀ,ਮੀਤ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਜਗਮੋਹਣ ਸਿੰਘ,ਡਾ.ਅਜੀਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਬੂਟਾ ਸਿੰਘ ਨੇ ਅੱਜ ਵੱਖਰਾ ਬਿਆਨ ਜਾਰੀ ਕਰਕੇ ਜੇ.ਐਨ.ਯੂ ਕੈਂਪਸ ਵਿਚ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਇਸ ਬੇਕਿਰਕੀ ਨੇ ਸਮੁੱਚੇ ਲਾਣੇ ਦਾ ਅਣਮਨੁੱਖੀ ਤੇ ਵਹਿਸ਼ੀ ਚਿਹਰਾ ਦਿਖਾ ਦਿੱਤਾ ਹੈ।
                       ਖੁਫ਼ੀਆ ਟੀਮ ਪਿੱਛਾ ਕਰਨ ਲੱਗੀ।
ਖੁਫ਼ੀਆ ਵਿੰਗ ਹੁਣ ਖ਼ੌਫ ਖ਼ਿਲਾਫ਼ ਨਿੱਤਰੇ ਲੋਕਾਂ ਦੀ ਪੈੜ ਨੱਪਣ ਲੱਗਾ ਹੈ। ਭਾਵੇਂ ਅੱਜ ਬਠਿੰਡਾ ਵਿਚ ਕੋਈ ਵੱਡਾ ਇਕੱਠ ਨਹੀਂ ਸੀ ਪ੍ਰੰਤੂ ਪ੍ਰਦਰਸ਼ਨ ਵਿਚ ਪੁੱਜੇ ਲੋਕਾਂ ਦੀ ਅਹਿਮੀਅਤ ਪੱਖੋਂ ਖੁਫੀਆਤੰਤਰ ਪਿੱਛਾ ਕਰ ਰਿਹਾ ਸੀ। ਖੁਫ਼ੀਆ ਵਿੰਗ ਦੀ ਟੀਮ ਇਹੋ ਬੁੱਝਣ ਵਿਚ ਲੱਗੀ ਰਹੀ ਕਿ ਇਸ ਪ੍ਰਦਰਸ਼ਨ ਵਿਚ ਅਧਿਆਪਕ ਕਿੰਨੇ ਪੁੱਜੇ ਹਨ ਅਤੇ ਉਹ ਕੌਣ ਕੌਣ ਹਨ।
               





No comments:

Post a Comment