Sunday, September 29, 2019

                            ਵਿਚਲੀ ਗੱਲ 
            ਦਿਲ ਦਰਿਆ ਸਮੁੰਦਰੋਂ ਡੂੰਘੇ..   
                           ਚਰਨਜੀਤ ਭੁੱਲਰ
ਬਠਿੰਡਾ : ਦਿਲਾਂ ’ਚ ਮੈਲ ਨਹੀਂ ਤਾਂ ਫਿਰ ਕਾਹਦਾ ਡਰ। ਗੁਜਰਾਤ ਦੀ ਕੁੜੀ ਹੋਵੇ, ਚਾਹੇ ਮੁੰਡਾ। ਜਿਧਰ ਵੀ ਤੁਰੋ, ਰਾਹ ਬਣ ਜਾਂਦੇ ਨੇ। ਦਿਲਾਂ ’ਚ ਖੋਟ ਹੈ, ਫਿਰ ਕੋਈ ਹੱਲ ਨਹੀਂ। ਡਾਕਟਰ ਵੀ ਸੌਰੀ ਆਖਦੇ ਨੇ। ਦਰਦ ਦਾ ਇਲਾਜ ਹੈ, ਟੱੁਟੇ ਦਿਲਾਂ ਦਾ ਨਹੀਂ। ਅੱਲ੍ਹੜ ਉਮਰਾਂ ’ਚ ਦਿਲ ਡਰਦੇ ਨੇ। ਚੋਰਾਂ ’ਤੇ ਇਤਬਾਰ ਕਾਹਦਾ। ਜ਼ਿੰਦਗੀ ਦਾ ਵੀ ਕੀ ਭਰੋਸਾ। ਮੇਲਾ ਚਲੋ ਚਲੀ ਦਾ ਹੈ, ਸਿਰਫ਼ ਚਾਰ ਦਿਨਾਂ ਦਾ। ਜਦੋਂ ਉਮਰ ਛੱਲਾਂ ਮਾਰਦੀ ਹੈ। ਉਦੋਂ ਦਿਲ ਹੱਥਾਂ ’ਤੇ ਟਿਕਦੇ ਨੇ। ਕੋਈ ਪਿਆਰਾ ਮੰਗੇ ਤਾਂ ਸਹੀ। ਵਟਾਂਦਰਾ ਦਿਲਾਂ ਦਾ ਹੁੰਦਾ ਹੈ। ਉਮਰਾਂ ਜ਼ਿੰਦਗੀ ਦਾ ਖਾਲਾ ਟੱਪ ਜਾਣ। ਦਿਲਾਂ ਨੂੰ ਕਾਹਦੀ ਪ੍ਰਵਾਹ। ਦਿਲ ਮਿਲ ਜਾਏ, ਦੂਰੀ ਮਿਟਦੀ ਹੈ। ਫਿਰ ਕੌਣ ਗੁਰੂ ਤੇ ਕੌਣ ਚੇਲਾ। ਅੱਜ ‘ਵਿਸ਼ਵ ਦਿਲ ਦਿਵਸ’ ਹੈ। ਦਿਲ ਧੜਕੇ ਤਾਂ ਜ਼ਿੰਦਗੀ। ਖਾਮੋਸ਼ ਹੋ ਜਾਏ ਤਾਂ ਦਾਣਾ ਪਾਣੀ ਮੁੱਕਦੈ। ਅਨੇਕਾਂ ਸਲਾਹਾਂ ਅੱਜ ਡਾਕਟਰ ਦੇਣਗੇ। ਮਸ਼ਵਰਾ ਨੇਕ ਹੋਵੇ, ਲਾਜ਼ਮੀ ਨਹੀਂ। ਏਹ ਨਹੀਂ ਖਾਣਾ, ਓਹ ਨਹੀਂ ਖਾਣਾ। ਦਿਲ ਇੱਕ ਮੰਦਰ ਹੈ, ਕੋਈ ਡਾਕਟਰ ਨਹੀਂ ਦੱਸਦਾ। ਇਕੱਲਾ ਭਾਅ ਨਹੀਂ, ਕਿੰਨੇ ਸਟੈਂਟ ਪੈਣਗੇ, ਹਰ ਕੋਈ ਦੱਸਦੈ। ਮੁਹੱਬਤਾਂ ਦਾ ਸੋਕਾ ਪੈ ਜਾਏ। ਨਫਰਤਾਂ ਦੇ ਹੜ੍ਹ ਵਗਣ। ਫਿਰ ਦਿਲ ਦਾ ਭੜਥੂ ਪੈਂਦੈ। ਮਲੂਕ ਸਭ ਤੋਂ ਵੱਧ ਦਿਲ ਹੁੰਦੈ। ਜ਼ਮਾਨਾ ਕਿਹੋ ਜੇਹਾ ਹੈ, ਦਿਲ ਦੀ ਕਿਸਨੂੰ ਪ੍ਰਵਾਹ। ਪਾਪਾਂ ਨਾਲ ਨੱਕੋਂ ਨੱਕ ਭਰੇ ਨੇ। ਬੰਦਾ ਹੀ ਬੰਦੇ ਦੀ ਦਾਰੂ ਬਣਦੈ। ਜਦੋਂ ਦਿਲ ਪਵਿੱਤਰ ਹੋਣ। ਦਿਲਾਂ ’ਚ ਕੂੜਾ ਭਰ ਜਾਏ, ਉਦੋਂ ਕੰਧ ਉਸਰਦੀ ਹੈ।
      ‘ਵਿਸ਼ਵ ਦਿਲ ਦਿਵਸ’ ਹੈ। ਘੱਟੋ ਘੱਟ ਅੱਜ ਤਾਂ ਦਿਲ ਖਾਲੀ ਕਰੋ, ਨਾਲੇ ਵੱਡੇ। ਦਿਲ ਹੋਵੇ ਚੰਗਾ, ਕਟੋਰੇ ’ਚ ਗੰਗਾ। ਨਰਿੰਦਰ ਮੋਦੀ ਇਸ ਗੱਲੋਂ ਤੇਜ਼ ਨਿਕਲੇ। ਦੂਜੀ ਪਾਰੀ ਤੋਂ ਪਹਿਲਾਂ ਗੰਗਾ ਇਸ਼ਨਾਨ ਕਰ ਆਏ। ਸਭ ਵਹੀ ਖਾਤਾ ਸਾਫ। ਦਿਲ ਵੀ ਸਾਫ, ਐਨ ਚੌਵੀ ਕੈਰਟ। ਇੱਕ ਡੁਬਕੀ ਨਾਲ ਸਭ ਪਾਪ ਜਲ ਪ੍ਰਵਾਹ ਹੋ ਗਏ। ਐਤਕੀਂ ਕੁੰਭ ਮੇਲਾ ਵੀ ਸੀ। ਕਰੋੜਾਂ ਲੋਕਾਂ ਨੇ ਇਸ਼ਨਾਨ ਕੀਤਾ। ਪਾਪਾਂ ਦੀ ਮੈਲ ਗੰਗਾ ਕਿਥੋਂ ਝੱਲੇ। ਦੇਹੀ ਧੋਇ ਨਾ ਉਤਰੈ ਮੈਲ। ਸੌਲਾਂ ਆਨੇ ਸੱਚ ਹੈ। ਵਕਾਰਾਂ ਦੀ ਮੈਲ ਕਿਵੇਂ ਉੱਤਰੂ। ਮੋਦੀ ਨੇ ‘ਕਲੀਨ ਗੰਗਾ’ ਮਿਸ਼ਨ ਵੀ ਚਲਾਇਐ। 2020 ਤੱਕ ਗੰਗਾ ਚੋਂ ਮੈਲ ਕੱਢ ਦੇਣੀ ਹੈ। 1568 ਕਿਲੋਮੀਟਰ ਲੰਮੀ ਗੰਗਾ, ਕਿਨਾਰੇ ਤੇ ਵਸੇ 100 ਸ਼ਹਿਰ। ਪੂਰਾ 2.9 ਬਿਲੀਅਨ ਲੀਟਰ ਰਹਿੰਦ ਖਹੂੰਦ ਗੰਗਾ ’ਚ ਵਹਿੰਦਾ ਹੈ। ਕਿਤੇ ਮਨਾਂ ਦੀ ਮੈਲ ਪ੍ਰਵਾਹ ਹੁੰਦੀ। ਫਿਰ ਸੌਦਾ ਮਾੜਾ ਨਹੀਂ ਸੀ। ਪਵਿੱਤਰ ਗੰਗਾ ’ਤੇ ਕੌਣ ਤਰਸ ਖਾਂਦੈ। ਦਿਲਾਂ ਦੀ ਸਫਾਈ ਲਈ ਵੀ ਕੌਮੀ ਮਿਸ਼ਨ ਚੱਲੇ। ਕਾਰ ਸੇਵਾ ਵਾਲੇ ਬਾਬਿਆਂ ਦੇ ਵਸ ਦੀ ਗੱਲ ਨਹੀਂ। ਪਹਿਲੋਂ ਇਸ਼ਨਾਨ ਕੀਤਾ। ਫਿਰ ਦਲਿਤਾਂ ਦੇ ਪੈਰ ਫੜੇ। ਜੇਬ ਚੋਂ 21 ਲੱਖ ਵੀ ਦਿੱਤੇ। ਮੋਦੀ ਗੁਜਰਾਤੀ ਮਿੱਟੀ ਦੇ ਬਣੇ ਨੇ। ਧੁਰ ਅੰਦਰੋਂ ਹੂਕ ਨਿਕਲੀ। ਕਿਸੇ ਦਲਿਤ ਦੀ ਪੀੜ ਕਿਵੇਂ ਝੱਲਣ। ਬੋਲੇ ਨੇ, ਦਲਿਤਾਂ ’ਤੇ ਨਹੀਂ, ਪਹਿਲਾਂ ਮੇਰੇ ’ਤੇ ਹੱਥ ਚੁੱਕੋ।
               ਮੱਧ ਪ੍ਰਦੇਸ਼ ਦੀ ਤਾਜ਼ਾ ਘਟਨਾ। ਭੈਣ ਭਰਾ ਸੌਚ ਲਈ ਘਰੋਂ ਨਿਕਲੇ। ਢੇਰ ਕਰ ਦਿੱਤੇ। ਬਾਪ ਆਖਦਾ ਹੈ, ਪਖਾਨਾ ਹੁੰਦਾ, ਬੱਚੇ ਬਚ ਜਾਂਦੇ। ਦਿਲ ਤਾਂ ਬੱਚੇ ਵਾਂਗ ਹੁੰਦੈ। ਏਦਾਂ ਦੇ ਗੁਜਰਾਤੀ  ਨਹੀਂ। ਮੁਨਾਫ਼ੇ ਲਈ ਦਾਅ ’ਤੇ ਕੀ ਲਾਉਣੈ। ਕੋਈ ਇਨ੍ਹਾਂ ਤੋਂ ਸਿੱਖੇ। ‘ਨਫ਼ਰਤੀ ਸਿਆਸਤ’ ਏਨੀ ਵਧੀ ਹੈ। ਦੇਸ਼ ਦੇ ਦਿਲ ਨੂੰ ਸਟੈਂਟ ਬਿਨਾਂ ਨਹੀਂ ਸਰਨਾ। ਪੰਜਾਬ ਨੂੰ ਬਾਈਪਾਸ ਸਰਜਰੀ ਬਿਨਾਂ। ਹੇਟ ਕਰਾਈਮ ਵਾਚ’ ਦਾ ਅੰਕੜਾ ਵੇਖੋ। 2019 ਵਿਚ ਨਫ਼ਰਤ ਹਿੰਸਾ ਦੇ 300 ਮਾਮਲੇ ਵਾਪਰੇ। 96 ਗਊ ਰੱਖਿਅਕ ਨਾਲ ਤਅੱਲਕ ਰੱਖਣ ਵਾਲੇ। ਹੁਣ ਤੱਕ ਹਜ਼ੂਮੀ ਹਿੰਸਾ ’ਚ 111 ਨੇ ਜਾਨ ਗੁਆਈ। ‘ਅਮਨੈਸਟੀ ਇੰਡੀਆ’ ਦੀ ਵਰ੍ਹਾ 2018 ਦੀ ਰਿਪੋਰਟ। ਨਫਰਤੀ ਹਿੰਸਾ ਦੇ 218 ਮਾਮਲੇ ਸਾਹਮਣੇ ਆਏ। 142 ਕੇਸਾਂ ’ਚ ਦਲਿਤ ਨਿਸ਼ਾਨੇ ’ਤੇ। ਪੁਲੀਸ ਤੋਂ ਕਿਥੇ ਉਮੀਦ। ਤਬਰੇਜ਼ ਅਨਸਾਰੀ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ। ਪੁਲੀਸ ਦਾ ਇਹ ਝੂਠ ਜਲਦੀ ਨੰਗਾ ਹੋ ਗਿਆ। ਨਫ਼ਰਤ ਰੁੱਤੇ ਪਿਆਰ ਦੀ ਗੱਲ ਕਿਥੋਂ ਹੋਵੇ। ਦੇਸ਼ ਹੋਵੇ ਤੇ ਚਾਹੇ ਸਮਾਜ। ਜਦੋਂ ਦਿਲਾਂ ’ਚ ਜ਼ਹਿਰ ਵਧੇਗਾ। ਦੌਰੇ ਦਿਲ ਦੇ ਹੀ ਪੈਣਗੇ। ਮੋਦੀ ਤਾਂ ਵਿਦੇਸ਼ ਦੌਰਿਆਂ ’ਚ ਮੁੜ ਉਲਝੇ ਨੇ।
      ਮਰਹੂਮ ਲਾਲ ਸਿੰਘ ਦਿਲ ਨੇ ਇੰਝ ਬਿਆਨੀ ਕੀਤੀ। ‘ਛੇੜੋ ਛੇੜੋ ਦਿਲ ਦੀਆਂ ਗੱਲਾਂ, ਕਰੋ ਕਿਤੇ ਕੋਈ ਹੱਲਾ ਗੁੱਲਾ’। ਦਿਲ ਦੀ ਗੱਲ ਦਾ ਮੌਕਾ ਨਹੀਂ। ਸਭ ਈ.ਡੀ ਤੋਂ ਡਰਦੇ ਨੇ। ਚਾਹੇ ਚਿਦੰਬਰਮ ਤੇ ਪਵਾਰ ਨੂੰ ਪੁੱਛ ਲਓ। ਲੀਡਰਾਂ ਨੂੰ ਛੱਡੋ, ਡਾਕਟਰਾਂ ਨੂੰ ਪੁੱਛਦੇ ਹਾਂ। ਸਟੈਂਟ ਕਿੰਨੇ ’ਚ ਪਾਉਂਦੇ ਹੋ। ਦਿਲ ਦੀ ਬਿਮਾਰੀ ਵੱਡਾ ਕਾਰੋਬਾਰ ਬਣੀ ਹੈ। ਭੈਅ ਤੇ ਦਹਿਸ਼ਤ ਦਾ ਵਪਾਰ। ਡਾ. ਅਮਰ ਸਿੰਘ ਆਜ਼ਾਦ ਦੀ ਨੇਕ ਸਲਾਹ, ‘ਜ਼ਿੰਦਗੀ ਦੇ ਤੌਰ ਤਰੀਕੇ ਬਦਲੋ, ਡਰਨ ਦੀ ਲੋੜ ਨਹੀਂ। ਕੀ ਖਾਣੈ ਤੇ ਕੀ ਨਹੀਂ ਖਾਣੈ, ਬੱਸ ਇਸ ਦਾ ਖਿਆਲ ਰੱਖੋ।’ ਨਾਲੇ ਕਹਿੰਦੇ, ਕੀ ਖਾਣੈ, ਕੀ ਨਹੀਂ, ਏਹ ਸਰਕਾਰ ਦੱਸੂ, ਕਿਸੇ ਨੇ ਆਜ਼ਾਦ ਦੀ ਗੱਲ ਕੱਟੀ ਹੈ। ‘ਦਿੜਬੇ ਦੇ ਪਿੱਪਲ’ ਕਿਤੇ ਗੁੱਸਾ ਨਾ ਕਰ ਜਾਣ। ਜਦੋਂ ਤੋਂ ਕੇਂਦਰ ਨੇ ਦੂਜੀ ਪਾਰੀ ਸ਼ੁਰੂ ਕੀਤੀ ਹੈ। ਸਭ ਤੋਂ ਵੱਧ ਰੱਬ ਪ੍ਰੇਸ਼ਾਨ ਹੈ। ਮੁਲਕ ਦੇ ਦਿਲ ’ਚ ਨਫ਼ਰਤ ਬੈਠੀ ਹੈ, ਮੈਂ ਕਿਥੇ ਬੈਠਾ। ਰੱਬ ਨੇ ਧੰਨੇ ਭਗਤ ਨੂੰ ਪੁੱਛਿਐ। ਤੀਹ ਵਰੇ੍ਹ ਪਹਿਲਾਂ ਗੁਰਦਾਸ ਮਾਨ ਨੇ ਗਾਇਆ, ‘ਤੌਬਾ ਖੁਦਾ ਦੇ ਵਾਸਤੇ ਕੁਝ ਤਾਂ ਡਰੋਂ ਸੱਜਣ, ਦਿਲ ਦਾ ਮਾਮਲਾ ਹੈ।’ ਹੁਣ ਮਾਨ ਸਾਹਿਬ ਚੁੱਪ ਨੇ ਜਦੋਂ ਤੋਂ ਮਾਮਲਾ ਗੜਬੜ ਹੋਇਐ। ਵਿਰੋਧੀ ਕਹਿੰਦੇ ਨੇ, ਆਇਆ ਵੱਡਾ ਵਕੀਲ। ਪਾਸ਼ ਜਾਣੀ ਜਾਣ ਸੀ। ਉਸ ਨੇ ਦਿਲ ਨੂੰ ਪਾਨ ਦੇ ਪੱਤੇ ਵਰਗਾ ਲੋਥੜਾ ਦੱਸਿਆ। ਗਰੀਬ ਬੰਦੇ ਨੂੰ ਪੁੱਛ ਕੇ ਦੇਖੋ। ਦਿਲ ਦਾ ਰੋਗ ਲੋਥ ਬਣਾ ਕੇ ਰੱਖ ਦਿੰਦੈ।
              ਗਰੀਬ ਬੰਦੇ ਦਾ ਦਿਲ ਤਾਂ ਵੱਡਾ ਹੈ। ਬਿਜਲੀ ਬਿੱਲ ਦੇਖ ਕੇ ਘਟਣ ਲੱਗ ਜਾਂਦੈ। ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਲੈ ਬੈਠਾ। ਘਟੀ ਦੀ ਕੋਈ ਦਾਰੂ ਨਹੀਂ। ਮੁਕੱਦਰ ਦੇ ਧਨੀ ਵੱਡੇ ਬਾਦਲ ਨੇ। ਅਮਰੀਕਾ ਤੋਂ ਦਿਲ ਦਾ ਇਲਾਜ ਕਰਾਇਐ। ਗੁਰਦਾਸ ਬਾਦਲ ਨੇ ਚੰਡੀਗੜੋਂ੍ਹ। ਗਰੀਬ ਦਾ ਘਰ ਛੋਟਾ, ਦਿਲ ਵੱਡਾ ਹੁੰਦੈ। ਦਿਲ ਦਾ ਦੌਰਾ ਪੈ ਜਾਏ, ਪੂਰਾ ਮੁਲਕ ਛੋਟਾ ਲੱਗਦੈ। ਲੋੜ ਛਾਤੀ ਦੀ ਨਹੀਂ, 56 ਇੰਚੀ ਦਿਲ ਦੀ ਹੈ। ਆਖਦੇ ਹਨ ਕਿ ਦਿਲ ਸਮੁੰਦਰ ਤੋਂ ਡੂੰਘਾ ਹੁੰਦੈ, ਥਾਹ ਪਾਉਣੀ ਸੌਖੀ ਨਹੀਂ। ਕਾਂਗਰਸੀ ਆਖਦੇ ਹਨ ਕਿ ਅਸੀਂ ਮੋਦੀ ਦੇ ਦਿਲ ਦੀ ਪਾ ਲਈ। ਅਮੀਰਾਂ ਲਈ ਧੜਕਦਾ। ਸਵੀਡਨ ਦੀ ਸਕੂਲੀ ਬੱਚੀ ਗ੍ਰੇਟਾ ਥੁਨਵਰਗ ਦਾ ਦਿਲ ਆਲਮੀ ਤਪਸ਼ ਨੂੰ ਦੇਖ ਕੇ ਤੜਫ ਰਿਹੈ। ਟਰੰਪ ਦਿਲ ਦੀ ਦੱਸ ਨਹੀਂ ਰਿਹਾ, ਨਾ ਮੋਦੀ ਨੂੰ ਨਾ ਇਮਰਾਨ ਨੂੰ। ਟਰੰਪ ਉਦੋਂ ਖੁਸ਼ ਹੂਆ, ਜਦੋਂ ਭਾਰਤ ਤੇ ਪਾਕਿ ਦਾ ਮੀਡੀਆ ਦੇਖਿਆ। ‘ਕਿਥੋਂ ਲਿਆਏ ਹੋ, ਏਹੋ ਜੇਹੇ ਪੱਤਰਕਾਰ’। ਟਰੰਪ ਦੇ ਮੂੰਹੋ ਸੁਣ ਕੇ ਦੋਵੇਂ ਚੁੱਪ ਹੋ ਗਏ। ਰਵੀਸ਼ ਕੁਮਾਰ ਹੱਸ ਹੱਸ ਦੂਹਰਾ ਹੋ ਗਿਆ। ਖੈਰ, ਆਦਮੀ ਹੱਸਦਾ ਰਹੇ ਤਾਂ ਦਿਲ ਦਾ ਖੂਨ ਦਾ ਵੱਧਦੈ। ਦਿਲ ਦਾ ਖਾਮੋਸ਼ ਦੌਰਾ ਵੀ ਫਿਰ ਚੁੱਪ ਰਹਿੰਦੈ।
       ਦਿਲ ਦੇ ਦੌਰੇ ਨੇ ਨੂਰ ਜਹਾਂ ਦੀ ਜਾਨ ਵੀ ਲਈ। ਉਦੋਂ ਪੱਤਰਕਾਰ ਖਾਲਿਦ ਹਸਨ ਨੇ ਆਖਿਆ ਕਿ ਇੱਕ ਦਿਲ ਦੇ ਏਨੇ ਆਸ਼ਕ ਹੋਣ, ਦੌਰਾ ਤਾਂ ਦਿਲ ਨੂੰ ਪੈਣਾ ਹੀ ਸੀ। ਨੂਰ ਜਹਾਂ ਨੇ 16 ਆਸ਼ਕ ਤਾਂ ਉਂਗਲਾਂ ਦੇ ਪੋਟਿਆਂ ’ਤੇ ਗਿਣਾਏ। ਮੁੱਕਦੀ ਗੱਲ ਇਹ ਕਿ ਹੁਣ ਦਿਲਾਂ ਚੋਂ ਕੂੜਾ ਕੱਢੋ। ਗਿਲੇ ਸ਼ਿਕਵੇ ਵਿਦਾ ਕਰੋ। ਹੁਣ ਆਪਣੀ ਬਣੀ ਆਪ ਨਿਬੇੜੋ। ਸੋਨੀਆ ਦਾ ਆਪਦਾ ਦਿਲ ਘਟੀ ਜਾਂਦੈ। ਛੱਜੂ ਰਾਮ ਨੂੰ ਜੋਸ਼ ਆਇਐ, ਪੁਰਾਣੀ ਕਾਮਰੇਡੀ ਜੋ ਜਾਗੀ ਐ, ‘ਸਰਕਾਰਾਂ ਤੋਂ ਨਾ ਝਾਕ ਕਰੋ, ਦਿਲ ਦੀ ਰਾਖੀ ਆਪ ਕਰੋ।’



Saturday, September 28, 2019

                        ਪਰਵਾਸ ਕ੍ਰਾਂਤੀ
   ਪੰਜਾਬ ’ਚ ਹੁਣ ਪਾਸਪੋਰਟਾਂ ਦੀ ਖੇਤੀ ! 
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਪਾਸਪੋਰਟਾਂ ਦਾ ਏਨਾ ਹੜ੍ਹ ਆ ਗਿਆ ਹੈ ਕਿ ਜਿਵੇਂ ਪੂਰਾ ਪੰਜਾਬ ਖੇਤੀ ਹੀ ਪਾਸਪੋਰਟਾਂ ਦੀ ਕਰਨ ਲੱਗ ਗਿਆ ਹੋਵੇ। ਪਾਸਪੋਰਟ ਬਣਾਉਣ ’ਚ ਪੰਜਾਬੀ ਹੁਣ ਦੇਸ਼ ਚੋਂ ਪੰਜਵੇਂ ਨੰਬਰ ’ਤੇ ਹਨ। ਉੱਤਰੀ ਭਾਰਤ ਚੋਂ ਪੰਜਾਬ ਦਾ ਨੰਬਰ ਪਹਿਲਾ ਹੈ। ਪੰਜਾਬ ਜਨਵਰੀ 2017 ਤੋਂ ਪਾਸਪੋਰਟਾਂ ਦੀਆਂ ਪੰਡਾਂ ਬੰਨ੍ਹਣ ਲੱਗਾ ਹੈ। ਨਾਲੋਂ ਨਾਲ ਕਿਸਾਨੀ ਦੇ ਕਰਜ਼ ਦੇ ਪੰਡ ਵੀ ਬੋਝਲ ਹੋਣ ਲੱਗੀ ਹੈ। ਸਟੱਡੀ ਵੀਜ਼ੇ ਦੇ ਜਦੋਂ ਤੋਂ ਬੰਨ੍ਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ਦੇ ਪਿੰਡਾਂ ਦੇ ਮੁੰਡੇ ਵਿਦੇਸ਼ ਦੇ ਸੁਫਨੇ ਵੇਖਣ ਲੱਗੇ ਹਨ। ਬਾਕੀ ਖਰਚੇ ਛੱਡੋ, ਇਕੱਲੇ ਪਾਸਪੋਰਟਾਂ ਦੇ ਖਰਚ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ 1 ਜਨਵਰੀ 2014 ਤੋਂ ਅਗਸਤ 2019 ਤੱਕ (ਪੌਣੇ ਛੇ ਵਰ੍ਹਿਆਂ) ਤੱਕ ਕਰੀਬ 914.45 ਕਰੋੜ ਰੁਪਏ ਖਰਚੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ’ਚ 1 ਜਨਵਰੀ 2014 ਤੋਂ ਅਗਸਤ 2019 ਤੱਕ 5.81 ਕਰੋੜ ਪਾਸਪੋਰਟ ਜਾਰੀ ਕੀਤੇ ਗਏ ਹਨ। ਪੰਜਾਬ ’ਚ ਇਸੇ ਸਮੇਂ ਦੌਰਾਨ (ਪੌਣੇ ਛੇ ਵਰ੍ਹਿਆਂ) 45.72 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਲੰਘੇ ਢਾਈ ਸਾਲਾਂ (1 ਜਨਵਰੀ 2017 ਤੋਂ ਅਗਸਤ 2019 ਤੱਕ) ਪੰਜਾਬ ਵਿਚ 26.99 ਲੱਖ ਪਾਸਪੋਰਟ ਬਣੇ ਹਨ। ਵੱਡੀ ਗਿਣਤੀ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਦੀ ਹੈ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੈ। ਢਾਈ ਵਰ੍ਹਿਆਂ ਦੀ ਅੌਸਤਨ ਦੇਖੀਏ ਤਾਂ ਪੰਜਾਬ ’ਚ ਰੋਜ਼ਾਨਾ ਕਰੀਬ 2800 ਪਾਸਪੋਰਟ ਬਣ ਰਹੇ ਹਨ। ਹਰ ਵਰੇ੍ਹ ਪਾਸਪੋਰਟਾਂ ਦਾ ਰਿਕਾਰਡ ਟੁੱਟ ਰਿਹਾ ਹੈ। ਕਿੰਨੇ ਪਾਸਪੋਰਟਾਂ ’ਤੇ ਵੀਜ਼ੇ ਦਾ ਠੱਪਾ ਲੱਗਦਾ ਹੈ, ਇਹ ਵੱਖਰੀ ਗੱਲ ਹੈ।
        ਤੱਥਾਂ ਅਨੁਸਾਰ ਪੰਜਾਬ ’ਚ ਸਾਲ 2017 ਵਿਚ 9.73 ਲੱਖ ਪਾਸਪੋਰਟ ਜਾਰੀ ਹੋਏ ਜਦੋਂ ਕਿ ਸਾਲ 2018 ਵਿਚ ਇਹ ਗਿਣਤੀ ਵਧ ਕੇ 10.69 ਲੱਖ ਹੋ ਗਈ। ਚਾਲੂ ਸਾਲ ਦੇ ਅੱਠ ਮਹੀਨਿਆਂ ’ਚ 6.55 ਲੱਖ ਪਾਸਪੋਰਟ ਬਣੇ ਹਨ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 2014 ਵਿਚ 5.48 ਲੱਖ, ਸਾਲ 2015 ਵਿਚ 6.65 ਲੱਖ ਅਤੇ ਸਾਲ 2016 ਵਿਚ 6.59 ਲੱਖ ਪਾਸਪੋਰਟ ਬਣੇ ਹਨ। ਪਾਸਪੋਰਟਾਂ ਦਾ ਇਹ ਰੁਝਾਨ ਪੰਜਾਬ ਦੇ ਭਵਿੱਖ ਨੂੰ ਤਸਦੀਕ ਕਰਦਾ ਹੈ ਅਤੇ ਪ੍ਰਵਾਸ ਦੇ ਨਾਗ ਵਲ ਨੂੰ ਵੀ। ਲੰਘੇ ਢਾਈ ਸਾਲਾਂ ’ਚ ਦੇਸ਼ ਭਰ ’ਚ ਤਿੰਨ ਕਰੋੜ ਪਾਸਪੋਰਟ ਬਣੇ ਹਨ ਜਿਸ ਦਾ ਕਰੀਬ 9 ਫੀਸਦੀ ਇਕੱਲੇ ਪੰਜਾਬ ’ਚ ਬਣੇ ਪਾਸਪੋਰਟਾਂ ਦਾ ਹੈ। ਬਾਕੀ ਸੂਬਿਆਂ ਦਾ ਰੁਝਾਨ ਦੇਖੀਏ ਤਾਂ ਦੇਸ਼ ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ ਜਿਥੇ ਪੌਣੇ ਛੇ ਸਾਲਾਂ ਵਿਚ 68.38 ਲੱਖ ਪਾਸਪੋਰਟ ਬਣੇ ਹਨ ਅਤੇ ਕੇਰਲਾ 64.52 ਲੱਖ ਪਾਸਪੋਰਟਾਂ ਨਾਲ ਦੂਜੇ ਨੰਬਰ ’ਤੇ ਹੈ। ਤੀਜੇ ਨੰਬਰ ਵਾਲੇ ਤਾਮਿਲਨਾਡੂ ਵਿਚ 57.70 ਲੱਖ ਤੇ ਚੌਥੇ ਨੰਬਰ ’ਤੇ ਉੱਤਰ ਪ੍ਰਦੇਸ਼ ਹੈ ਜਿਥੇ 56.69 ਲੱਖ ਪਾਸਪੋਰਟ ਬਣੇ ਹਨ। ਉੱਤਰੀ ਭਾਰਤ ਚੋਂ ਪੰਜਾਬ ਨੇ ਇਸ ਫਰੰਟ ’ਤੇ ਬੱਲੇ ਬੱਲੇ ਕਰਾਈ ਹੈ। ਹਰਿਆਣਾ ਵਿਚ ਪੌਣੇ ਛੇ ਸਾਲਾਂ ’ਚ 17.86 ਲੱਖ ਅਤੇ ਰਾਜਸਥਾਨ ਵਿਚ 18.42 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ 2.79 ਲੱਖ ਪਾਸਪੋਰਟ ਜਾਰੀ ਹੋਏ ਹਨ।
                ਦਿੱਲੀ ਵਿਚ 24.46 ਲੱਖ ਅਤੇ ਚੰਡੀਗੜ੍ਹ ਵਿਚ 1.74 ਲੱਖ ਪਾਸਪੋਰਟ ਬਣੇ ਹਨ। ਪੰਜਾਬ ਦਾ ਪੰਜਵਾਂ ਨੰਬਰ ਹੈ ਅਤੇ ਯੂ.ਪੀ ਨਾਲ ਪੰਜਾਬ ਟੱਕਰ ਲੈਣ ਲੱਗਾ ਹੈ। ਹਵਾ ਇਹੋ ਰਹੀ ਤਾਂ ਪੰਜਾਬ ਲਈ ਦਿੱਲੀ ਦੂਰ ਨਹੀਂ। ਇਸ ਤੋਂ ਬਿਨਾਂ ਪੰਜਾਬ ਦਾ ਸਰਮਾਇਆ ਵੀ ਉਡਾਣ ਭਰ ਰਿਹਾ ਹੈ। ਗੱਲ ਕਰੀਏ ਤਾਂ ਇਕੱਲੇ ਪਾਸਪੋਰਟ ਬਣਾਉਣ ’ਤੇ 914 ਕਰੋੋੜ ਪੌਣੇ ਛੇ ਵਰ੍ਹਿਆਂ ’ਚ ਪੰਜਾਬੀਆਂ ਨੇ ਖਰਚ ਕੀਤੇ ਹਨ। ਪਾਸਪੋਰਟ ਬਣਾਉਣ ਦੀ 1500 ਰੁਪਏ ਸਰਕਾਰੀ ਫੀਸ ਹੈ ਅਤੇ ਬਾਕੀ ਖ਼ਰਚਿਆਂ ਸਮੇਤ ਪਾਸਪੋਰਟ ’ਤੇ ਅੌਸਤਨ ਦੋ ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਪੰਜਾਬੀ ਰੋਜ਼ਾਨਾ ਅੌਸਤਨ 56 ਲੱਖ ਰੁਪਏ ਪਾਸਪੋਰਟ ਬਣਾਉਣ ’ਤੇ ਖ਼ਰਚਦੇ ਹਨ। ਏਹ ਫਰਾਟੇ ਤਾਂ ਪੰਜਾਬ ਪੁਲੀਸ ਦਾ ਖ਼ਜ਼ਾਨਾ ਵੀ ਤਰ ਕਰ ਰਹੇ ਹਨ। ਪੰਜਾਬ ਪੁਲੀਸ ਨੂੰ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਤੋਂ ਪੌਣੇ ਛੇ ਵਰ੍ਹਿਆਂ ’ਚ 91.44 ਕਰੋੜ ਦੀ ਕਮਾਈ ਹੋਈ ਹੈ।
                ਫਰੀਦਕੋਟ ਦੇ ਐਸ.ਪੀ (ਸਥਾਨਿਕ) ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਗਰ ਪੁਲੀਸ ਪਾਸਪੋਰਟ ਦੀ ਵੈਰੀਫਿਕੇਸ਼ਨ ਨਿਸ਼ਚਿਤ 21 ਦਿਨਾਂ ’ਚ ਮੁਕੰਮਲ ਕਰ ਦਿੰਦੀ ਹੈ ਤਾਂ ਵਿਦੇਸ਼ ਮੰਤਰਾਲੇ ਤਰਫ਼ੋਂ ਪ੍ਰਤੀ ਪਾਸਪੋਰਟ 100 ਰੁਪਏ ਪੰਜਾਬ ਪੁਲੀਸ ਦੇ ਖ਼ਜ਼ਾਨੇ ’ਚ ਭੇਜੇ ਜਾਂਦੇ ਹਨ। ਪੁਲੀਸ ਦੇ ਜੋ ਆਪਣੇ ਸਾਂਝ ਕੇਂਦਰ ਹਨ, ਉਨ੍ਹਾਂ ਦੀ ਫੀਸ 100 ਰੁਪਏ ਪ੍ਰਤੀ ਪਾਸਪੋਰਟ ਵੱਖਰੀ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ। ਮਾਲਵੇ ਦੇ ਸ਼ਹਿਰਾਂ ਵਿਚ ਵੀ ਰੁਝਾਨ ਨੂੰ ਦੇਖਦੇ ਹੋਏ ਇਹ ਸੇਵਾ ਕੇਂਦਰ ਖੋਲ ਦਿੱਤੇ ਗਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਜਾਰੀ ਕਰਨ ਲਈ 7 ਤੋਂ 11 ਦਿਨ ਦਾ ਸਮਾਂ ਲਿਆ ਜਾ ਰਿਹਾ ਹੈ। ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਹੁਣ ਧੜਾਧੜ ਪਾਸਪੋਰਟ ਜਾਰੀ ਹੋ ਰਹੇ ਹਨ।
                    ਪੰਜਾਬ ਦਾ ਚਰਿੱਤਰ ਦਾਅ ’ਤੇ : ਬਰਾੜ
ਪੰਜਾਬੀ ’ਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋ. ਰਜਿੰਦਰਪਾਲ ਬਰਾੜ ਦਾ ਪ੍ਰਤੀਕਰਮ ਸੀ ਕਿ ਪ੍ਰਵਾਸ ਦਾ ਤੇਜ ਰਫਤਾਰੀ ਰੁਝਾਨ ਪੰਜਾਬ ਦੇ ਮੂਲ ਚਰਿੱਤਰ ’ਚ ਬਦਲਾਓ ਲਿਆਏਗਾ ਕਿਉਂਕਿ ਬਰੇਨ ਡਰੇਨ ਨਾਲ ਪੰਜਾਬ ’ਚ ਯੋਗ ਲੀਡਰਸ਼ਿਪ ਤੇ ਉਦਮੀ ਵਰਗ ਦੀ ਕਮੀ ਪੈਦਾ ਹੋਵੇਗੀ। ਨਾਲ ਹੀ ਦੂਸਰੇ ਰਾਜਾਂ ਤੋਂ ਬੌਧਿਕ ਲੇਬਰ ਦਾ ਪੰਜਾਬ ’ਚ ਦਾਖਲਾ ਹੋਵੇਗਾ। ਅਬਾਦੀ ਦੇ ਅਨੁਪਾਤ ਦੇ ਲਿਹਾਜ ਨਾਲ ਪੰਜਾਬ ਦੇਸ਼ ਚੋਂ ਸਿਖਰ ’ਤੇ ਹੀ ਹੋਵੇਗਾ।
  ਪੰਜਾਬ ’ਚ ਜਾਰੀ ਹੋਏ ਪਾਸਪੋਰਟ
ਸਾਲ ਪਾਸਪੋਰਟਾਂ ਦੀ ਗਿਣਤੀ
2014 5,48,075
2015 6,65,200
2016 6,59,721
2017 9,73,866
2018 10,69,446
2019 6,55,980 (ਅਗਸਤ ਤੱਕ)
           

Thursday, September 26, 2019

                        ਸੱਜਰੀ ਹਵਾ 
      ਉੱਡਤਾ ਪੰਜਾਬ ‘ਮੋਹ ਦੀ ਜੱਫੀ’ ’ਚ
                        ਚਰਨਜੀਤ ਭੁੱਲਰ
ਬਠਿੰਡਾ : ‘ਉੱਡਤਾ ਪੰਜਾਬ’ ਦੇ ਵਿਹੜੇ ’ਚ ਹਵਾ ਦਾ ਰੁਖ ਬਦਲਿਆ ਹੈ। ਪੰਜਾਬ ’ਚ ‘ਮੋਹ ਦੀ ਜੱਫੀ’ ਨਾਲ ਨੌਜਵਾਨ ਨਸ਼ੇੜੀ ਆਪਣੇ ਦਾਗ ਧੋ ਰਹੇ ਹਨ ਜਿਨ੍ਹਾਂ ਤੋਂ ਸਭ ਬੇਖ਼ਬਰ ਹਨ। ਇਹ ਖੁਦ ਹੀ ਡਾਕਟਰ ਤੇ ਖੁਦ ਹੀ ਮਰੀਜ਼ ਬਣਦੇ ਹਨ। ਕਿਸੇ ਤੀਸਰੀ ਧਿਰ ਦੇ ਦਾਖਲ ਤੋਂ ਕੋਹਾਂ ਦੂਰ ਹਨ। ਪਹਿਲੋਂ ਖੁਦ ਨਸ਼ਾ ਛੱਡਦੇ ਹਨ, ਫਿਰ ਨਵੇਂ ਨਸ਼ੇੜੀਆਂ ਨੂੰ ਰਾਹ ਦਿਖਾਉਂਦੇ ਹਨ। ਕੋਈ ਫੀਸ ਨਹੀਂ, ਕੋਈ ਦਵਾਈ ਨਹੀਂ, ਸਿਰਫ਼ ‘ਇੱਛਾ ਸ਼ਕਤੀ’ ਜਲਵਾ ਦਿਖਾਉਂਦੀ ਹੈ। ਪੰਜਾਬ ਭਰ ’ਚ ਕਰੀਬ 600 ਨੌਜਵਾਨ ‘ਮੋਹ ਦੀ ਜੱਫੀ’ ਨਾਲ ‘ਚਿੱਟੇ’ ਨੂੰ ਅਲਵਿਦਾ ਆਖ ਚੁੱਕਾ ਹੈ। ਵਿਸ਼ਵ ਭਰ ’ਚ ਬੜੀ ਪੁਰਾਣੀ ਲਹਿਰ ‘ ਅਗਿਆਤ ਨਸ਼ੇੜੀ’ (ਨਾਰਕੋਟਿਕਸ ਅਨੋਨੀਮੱਸ) ਚੱਲ ਰਿਹਾ ਹੈ ਜਿਸ ਦੇ ਪੈਰ ਕੁਝ ਅਰਸੇ ਤੋਂ ਪੰਜਾਬ ’ਚ ਵੀ ਪਏ ਹਨ।ਪੰਜਾਬ ਦੇ 25 ਵੱਡੇ ਛੋਟੇ ਸ਼ਹਿਰਾਂ ’ਚ ਵੱਖ ਵੱਖ ਬੈਨਰ ਹੇਠ ਇਹ ਗਰੁੱਪ ਗੁਪਤ ਰੂਪ ਵਿਚ ਚੱਲ ਰਹੇ ਹਨ। ਹਫਤੇ ਚੋਂ ਦੋ ਦਿਨ ਨਿਸ਼ਚਿਤ ਥਾਂ ’ਤੇ ‘ਸੁਧਰਦੇ ਹੋਏ ਅਮਲੀ’ ਦੀ ਮੀਟਿੰਗ ਹੁੰਦੀ ਹੈ। ਜੋ ਨਸ਼ਾ ਰਹਿਤ ਹੋ ਜਾਂਦੇ ਹਨ, ਉਹ ਆਪੋ ਆਪਣੇ ਸ਼ਹਿਰਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਨ। ਬਠਿੰਡਾ ਸ਼ਹਿਰ ਵਿਚ ਪੰਜ ਵਰ੍ਹਿਆਂ ਤੋਂ ਇਹ ‘ਰੋਡ ਟੂ ਰਿਕਵਰੀ’ ਗਰੁੱਪ ਚੱਲ ਰਿਹਾ ਹੈ। ਹੁਣ ਤੱਕ 60 ਨਸੇੜੀ ਨਸ਼ਾ ਰਹਿਤ ਹੋ ਚੁੱਕੇ ਹਨ। ਹੁਣ ਇਸ ਗਰੁੱਪ ਵੱਲੋਂ ਪੰਜ ਵਰੇ੍ਹ ਪੂਰੇ ਹੋਣ ’ਤੇ ਜਸ਼ਨ ਪ੍ਰੋਗਰਾਮ ਵੀ ਰੱਖੇ ਗਏ ਹਨ। ਰਾਮਾਂ ਮੰਡੀ ਵਿਚ ‘ਪ੍ਰਭੂ ਦੀ ਇੱਛਾ’ ਗਰੁੱਪ ਚੱਲ ਰਿਹਾ ਹੈ।
        ‘ਅਗਿਆਤ ਨਸ਼ੇੜੀ’ ਪ੍ਰੋਗਰਾਮ ਦੀ ਇੱਕੋ ਸ਼ਰਤ ਹੈ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਸੰਸਾ ਤੇ ਪ੍ਰਚਾਰ ਤੋਂ ਦੂਰ ਰਹਿਣਾ ਹੈ। ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਉਹ ਪਹਿਲੋਂ ਚੰਡੀਗੜ੍ਹ ਤੋਂ ਖੁਦ ਨਸ਼ੇ ਤੋਂ ਰਹਿਤ ਹੋ ਕੇ ਆਇਆ। ਫਿਰ ਬਠਿੰਡਾ ਵਿਚ ਗਰੁੱਪ ਚਲਾਇਆ। ਪਹਿਲੋਂ ਨਸ਼ਾ ਛੱਡਣ ਵਾਲੇ ਮੈਂਬਰ ਨਵੇਂ ਨਸ਼ੇੜੀਆਂ ਦੀ ਸ਼ਨਾਖ਼ਤ ਕਰਦੇ ਹਨ। ਫਿਰ ਉਨ੍ਹਾਂ ਨਾਲ ਮੀਟਿੰਗਾਂ ਹੁੰਦੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਉਹ ਆਪਣੇ ਤਜਰਬੇ ਸਾਂਝੇ ਕਰਦੇ ਹਨ। ਅਤੀਤ ਤੇ ਭਵਿੱਖ ਦੀ ਗੱਲ ਕਰਦੇ ਹਨ। ਨਵੇਂ ਮੈਂਬਰ ਨੂੰ ਸਭ ਤੋਂ ਵੱਧ ਸਤਿਕਾਰ ਮਿਲਦਾ ਹੈ। ਉਸ ਨਾਲ ਦਿਨ ਰਾਤ ਬਿਤਾਉਂਦੇ ਹਨ। ਮਾਪਿਆਂ ਦੇ ਸੰਪਰਕ ਵਿਚ ਰਹਿੰਦੇ ਹਨ। ਸਭ ਤੋਂ ਪਹਿਲਾਂ ‘ਇੱਛਾ ਸ਼ਕਤੀ’ ਮਜ਼ਬੂਤ ਕਰਦੇ ਹਨ। ‘ਸ਼ੇਅਰਿੰਗ ਤੇ ਕੇਅਰਿੰਗ’ ਦਾ ਫੰਡਾ ਮੁੱਖ ਹੁੰਦਾ ਹੈ। ਬਠਿੰਡਾ ਦੇ ਇੱਕ ਹੋਰ ਸ਼ਹਿਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਹ ਇੱਕ ਦੂਸਰੇ ਨੂੰ ਉਮੀਦ ਦਾ ਰਾਹ ਦਿਖਾਉਂਦੇ ਹਨ। ਜੱਫੀਆਂ ਪਾਉਂਦੇ ਹਨ। ਇਹ ਪੂਰੀ ਤਰ੍ਹਾਂ ਇਮਾਨਦਾਰੀ ਦਾ ਪ੍ਰੋਗਰਾਮ ਹੈ।  ਪ੍ਰੋਗਰਾਮ ਦਾ ਇਹ ਅਸੂਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਿਆਸਤ ਅਤੇ ਹੋਰਨਾਂ ਗਤੀਵਿਧੀਆਂ ਤੋਂ ਦੂਰ ਰਹਿਣਾ ਹੈ।
                ਬਠਿੰਡਾ ਸ਼ਹਿਰ ਵਿਚ ਹੁਣ ਤੱਕ 60 ਨਸ਼ੇੜੀ ਨਸ਼ਾ ਰਹਿਤ ਹੋ ਚੁੱਕੇ ਹਨ। ਹਰ ਮੈਂਬਰ ਨੂੰ ਪ੍ਰੋਗਰਾਮ ਦੀਆਂ ਬਾਰਾਂ ਪਰੰਪਰਾਵਾਂ ਨਿਭਾਉਣੀਆਂ ਪੈਂਦੀਆਂ ਹਨ ਜਿਨ੍ਹਾਂ ਦਾ ਚਾਰਟਰ ਦਿੱਤਾ ਜਾਂਦਾ ਹੈ। ਕੋਈ ਸਖ਼ਤੀ ਦਾ ਪ੍ਰੋਗਰਾਮ ਨਹੀਂ ਅਤੇ ਨਾ ਹੀ ਕਿਸੇ ਨੂੰ ਰੋਕ ਕੇ ਰੱਖਿਆ ਜਾਂਦਾ ਹੈ। ਇਹ ਮੁਨਾਫ਼ਾ ਰਹਿਤ ਭਾਈਚਾਰਾ ਹੈ। ਪੰਜਾਬ ਵਿਚ ਜਦੋਂ ਕਿ ਹੁਣ ‘ਚਿੱਟਾ’ ਲੈਣ ਵਾਲੇ ਖਲਨਾਇਕ ਬਣੇ ਹੋਏ ਹਨ ਤਾਂ ਠੀਕ ਉਸ ਵੇਲੇ ਇਸ ਪ੍ਰੋਗਰਾਮ ਦੇ ਗਰੁੱਪ ’ਚ ਆਉਣ ਵਾਲਾ ਹਰ ਨਸ਼ੇੜੀ ਸਭ ਤੋਂ ਵੱਡਾ ਨਾਇਕ ਬਣਦਾ ਹੈ।ਹਫਤੇ ਵਿਚ ਇਹ ਗਰੁੱਪ ਦੋ ਦਿਨ ਜੁੜਦੇ ਹਨ। ਬਿਨਾਂ ਕਿਸੇ ਸਰਕਾਰੀ ਤੇ ਗ਼ੈਰਸਰਕਾਰੀ ਮਦਦ ਤੋਂ,ਖੁਦ ਨਸ਼ੇੜੀਆਂ ਨੇ ਇਹ ਹੰਭਲਾ ਮਾਰਿਆ ਹੈ। ਗਰੁੱਪ ਮੈਂਬਰ ਦੱਸਦੇ ਹਨ ਕਿ ਸੈਂਕੜੇ ਘਰ ਅੱਜ ਘੁੱਗ ਵਸਦੇ ਹਨ ਜਿਨ੍ਹਾਂ ਨੇ ਇਨ੍ਹਾਂ ਗਰੁੱਪਾਂ ਨੂੰ ਜੁਆਇੰਨ ਕੀਤਾ। ਸੀਨੀਅਰ ਗਰੁੱਪ ਮੈਂਬਰ ਪਿੰਡਾਂ ਸ਼ਹਿਰਾਂ ਚੋਂ ਨਸ਼ੇੜੀਆਂ ਦੀ ਸ਼ਨਾਖ਼ਤ ਕਰਦੇ ਹਨ,ਉਨ੍ਹਾਂ ਨੂੰ ਪ੍ਰੇਰਦੇ ਹਨ। ਆਖਦੇ ਹਨ ਕਿ ਦੁਨੀਆਂ ਵਿਚ ਕਿਤੇ ਵੀ ਅਜਿਹੀ ਕੋਈ ਦਵਾ ਨਹੀਂ ਜੋ ਨਸ਼ਾ ਛੱਡਣ ਲਈ ਬਣੀ ਹੋਈ। ਇੱਕੋ ਦਵਾ ਹੈ ,ਉਹ ਹੈ ਮਜ਼ਬੂਤ ਇੱਛਾ ਸ਼ਕਤੀ।
                  ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸੰਚਾਲਕ ਮੇਜਰ ਸਿੰਘ ਕਮਾਲੂ ਦਾ ਕਹਿਣਾ ਹੈ ਕਿ ਅਸਲ ਵਿਚ ਸਮਾਜ ਜਦੋਂ ਨਸ਼ੇੜੀਆਂ ਨੂੰ ਦੁਰਕਾਰ ਦਿੰਦਾ ਹੈ ਤਾਂ ਉਨ੍ਹਾਂ ਨਸ਼ੇ ਤੋਂ ਬਿਨਾਂ ਕਿਧਰੋਂ ਕੋਈ ਢਾਰਸ ਨਹੀਂ ਮਿਲਦੀ। ਇਕੱਲੀ ਦਵਾਈ ਨਹੀਂ, ਨਸ਼ੇੜੀਆਂ ਨੂੰ ਮੋਹ ਤੇ ਪਿਆਰ ਨਾਲ ਮੋੜਾ ਦੇਣ ਦੀ ਲੋੜ ਹੈ। ਸੂਤਰ ਆਖਦੇ ਹਨ ਕਿ ਪੰਜਾਬ ਪੁਲੀਸ ਜਦੋਂ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਲੈ ਕੇ ਆਉਂਦੀ ਹੈ ਤਾਂ ਉਦੋਂ ਪਿਆਰ ਨਹੀਂ, ਡੰਡੇ ਦਾ ਡਰ ਹੁੰਦਾ ਹੈ ਜਿਸ ਦੇ ਨਤੀਜੇ ਸੁਖਾਵੇਂ ਨਹੀਂ ਨਿਕਲਦੇ।
                    ਜ਼ਿੰਦਗੀ ਨੂੰ ਮੋੜਾ ਦਿੰਦੇ ‘ਹਾਣੀ ਸਮੂਹ’
ਮੌੜ ਮੰਡੀ ’ਚ ਹੁਣ ਨਵਾਂ ਗਰੁੱਪ ਸ਼ੁਰੂ ਹੋਇਆ ਹੈ ਜਦੋਂ ਕਿ ਮਾਨਸਾ ’ਚ ‘ਹੋਪ ਐਂਡ ਸਟਰੈਂਥ’ ਗਰੁੱਪ ਚੱਲ ਰਿਹਾ ਹੈ। ਲੁਧਿਆਣਾ ਵਿਚ ਦੋ ਜਗ੍ਹਾ ’ਤੇ ‘ਓਪਨ ਹਰਟ ਗਰੁੱਪ’ ਚੱਲ ਰਹੇ ਹਨ ਅਤੇ ਮੁਕਤਸਰ ’ਚ ‘ਅਲਾਈਵ ਐਂਡ ਫਰੀ’ ਗਰੁੱਪ ਚੱਲ ਰਿਹਾ ਹੈ। ਅੰਮ੍ਰਿਤਸਰ ’ਚ ‘ਵਿਸ਼ਵਾਸ ਗਰੁੱਪ’ ਅਤੇ ਮਾਹਿਲਪੁਰ ’ਚ ‘ਗੁੱਡ ਕੰਪਨੀ ਗਰੁੱਪ’ ਚੱਲ ਰਿਹਾ ਹੈ। ਇਵੇਂ ਹੀ ਕੋਟਕਪੂਰਾ ’ਚ ‘ਫਰੀ ਟੂ ਫਲਾਈ’ ਗਰੁੱਪ ਚੱਲ ਰਿਹਾ ਹੈ। ਮਲੋਟ, ਮੋਗਾ, ਫਤਹਿਗੜ ਪੰਜਤੂਰ,ਬਟਾਲਾ ਤੇ ਸਰਹਿੰਦ ਵਿਚ ਵੀ ਇਹ ਗਰੁੱਪ ਚੱਲ ਰਹੇ ਹਨ।








Wednesday, September 25, 2019

                          ਜ਼ਿੰਦਗੀ ਬਣੀ ਸ਼ਰੀਕ
   ਨੌਕਰੀ ਮਿਲੀ ਨਹੀਂ, ਵਿਆਹ ਜੁੜਿਆ ਨਹੀਂ
                             ਚਰਨਜੀਤ ਭੁੱਲਰ
ਬਠਿੰਡਾ : ਲੁਧਿਆਣੇ ਦੇ ਪਿੰਡ ਮਲੌਦ ਦਾ ਨੌਜਵਾਨ ਪ੍ਰਿੰਸ ਅਰੋੜਾ ਬਿਨਾਂ ਕਸੂਰੋਂ ਸਜ਼ਾ ਭੁਗਤ ਰਿਹਾ ਹੈ। ਉਸ ਦੇ ਬੋਝੇ ’ਚ ਹਰ ਛੋਟੀ ਵੱਡੀ ਡਿਗਰੀ ਹੈ। ਪੰਜਾਬ ਸਰਕਾਰ ਨੇ ਜੋ ਸ਼ਰਤ ਲਾਈ, ਉਸ ਨੇ ਇੱਕੋ ਹੱਲੇ ਪੂਰੀ ਕਰ ਦਿੱਤੀ। ਇਕੱਲਾ ਟੈੱਟ ਨਹੀਂ, ਵਿਸ਼ਾ ਟੈਸਟ ਦੋ ਵਾਰ ਪਾਸ ਕੀਤਾ। ਕਦੇ ਕੋਈ ਨਸ਼ਾ ਨਹੀਂ ਕੀਤਾ, ਸਿਰਫ਼ ਮਿਹਨਤ ਕੀਤੀ। ਪਹਿਲੋਂ ਪੜਾਈ ਲਈ, ਫਿਰ ਰੁਜ਼ਗਾਰ ਲਈ ਸੜਕਾਂ ’ਤੇ ਕੁੱਦਿਆ। ਆਖਰ ਥੱਕ ਹਾਰ ’ਤੇ ਹੁਣ ਬੈਠ ਗਿਆ ਹੈ। ਉਸ ਕੋਲ ਹੁਣ ਸਿਰਫ਼ ਇੱਕ ਮਾਂ ਬਚੀ ਹੈ ਜਾਂ ਫਿਰ ਸਮਾਜ ਦੇ ਤਾਹਨੇ। ਉਹ ਜ਼ਿੰਦਗੀ ਦੇ 40 ਵਰੇ੍ਹ ’ਚ ਪੁੱਜ ਗਿਆ ਹੈ। ਨਾ ਸਰਕਾਰੀ ਨੌਕਰੀ ਮਿਲੀ ਤੇ ਨਾ ਵਿਆਹ ਜੁੜਿਆ। ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਇਹੋ ਤਰਾਸ਼ਦੀ ਹੈ। ਨੌਜਵਾਨ ਪ੍ਰਿੰਸ ਅਰੋੜਾ ਨੂੰ ਇਹੋ ਮਲਾਲ ਹੈ ਕਿ ਮਾਂ ਦੀ ਕੋਈ ਰੀਝ ਪੂਰੀ ਨਹੀਂ ਕਰ ਸਕਿਆ ਤੇ ਉਪਰੋਂ ਜ਼ਿੰਦਗੀ ਦੇ ਹੁਸੀਨ ਦਿਨ ਵੀ ਬੇਕਾਰੀ ਦੇ ਤਾਣੇ ਪੇਟੇ ਦੀ ਭੇਟ ਚੜ੍ਹ ਗਏ। ਪ੍ਰਿੰਸ ਅਰੋੜਾ ਇਸ ਗੱਲੋਂ ਪ੍ਰੇਸ਼ਾਨ ਹੈ ਕਿ ਬਿਨਾਂ ਜੁਰਮ ਤੋਂ  ਉਸ ਨੂੰ ਸਜ਼ਾ ਮਿਲੀ ਹੈ। ਸਿਆਸੀ ਕਚਹਿਰੀ ਦੇ ਹਾਕਮ ਉਸ ਨੂੰ ਏਨਾ ਜਰੂਰ ਦੱਸ ਦੇਣ, ਉਸ ਦਾ ਕਸੂਰ ਕੀ ਹੈ ? ਰੁਜ਼ਗਾਰ ਦਾ ਤੇ ਵਿਆਹ ਦਾ ਵੀ ਡਰੀਮ ਵੀ ਟੁੱਟ ਗਿਆ ਹੈ। ਉਸ ਨੂੰ ਦਿਲ ’ਚ ਹੁਣ ਅਰਮਾਨ ਧੜਕਣੋਂ ਹਟ ਗਏ ਹਨ।
              ਬੁਢਲਾਡਾ ਦੇ ਨੌਜਵਾਨ ਰਾਜ ਕੁਮਾਰ ਨੂੰ ਵੀ ਕੋਈ ਰਾਹ ਨਹੀਂ ਲੱਭ ਰਿਹਾ। ਉਹ ਈ.ਟੀ.ਟੀ/ਟੈੱਟ ਪਾਸ ਹੈ। 41 ਵਰ੍ਹਿਆਂ ਦਾ ਹੋ ਚੁੱਕਾ ਹੈ। ਨੌਕਰੀ ਦੀ ਝਾਕ ’ਚ ਵਿਆਹ ਵਾਲੀ ਉਮਰ ਵੀ ਟਪਾ ਬੈਠਾ ਹੈ। ਇਹੋ ਆਖਦਾ ਹੈ ਕਿ ਉਸ ਦਾ ਸਿਰਫ਼ ਇਹੋ ਕਸੂਰ ਹੈ ਕਿ ਉਸ ਨੇ ਟੈੱਟ ਪਾਸ ਕੀਤਾ। ਰਾਜ ਕੁਮਾਰ ਸਿਰਫ਼ ਨਾਮ ਦਾ ਹੀ ਹੈ। ਪੱਲੇ ਸਿਰਫ਼ ਸੰਘਰਸ਼ ਹੈ ਜੋ ਉਹ ਨੌਕਰੀ ਲਈ ਕਰ ਰਿਹਾ ਹੈ। ਉਹ ਸੰਗਰੂਰ ਮੋਰਚੇ ’ਤੇ ਡਟਿਆ ਹੋਇਆ ਹੈ। ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਇਨ੍ਹਾਂ ਨੌਜਵਾਨਾਂ ਦੇ ਸਬਰ ਦੀ ਪ੍ਰੀਖਿਆ ਚੱਲ ਰਹੀ ਹੈ। ਬਰਨਾਲਾ ਦੇ ਪਿੰਡ ਜੋਧਪੁਰ ਦਾ ਜਗਜੀਤ ਸਿੰਘ ਪ੍ਰਸਥਿਤੀਆਂ ਨਾਲ ਨੰਗੇ ਧੜ ਲੜਿਆ। ਬਾਪ ਦੀ ਬਿਮਾਰੀ ਨੇ ਪਹਿਲੋਂ ਕਰਜ਼ ਚਾੜ ਦਿੱਤਾ ਅਤੇ ਮਗਰੋਂ ਪੜ੍ਹਾਈ ਲਈ ਕਰਜ਼ ਚੁੱਕਣਾ ਪਿਆ। ਜ਼ਿੰਦਗੀ ਉਸ ਦਾ ਦਮ ਪਰਖਦੀ ਰਹੀ, ਉਹ ਹਾਰਿਆ ਨਾ। ਦੋ ਵਿਸ਼ਿਆਂ ਵਿਚ ਐਮ.ਏ ਅਤੇ ਬੀ.ਐਡ ਹੈ। ਨਾਲ ਟੈੱਟ ਵੀ ਪਾਸ ਹੈ। ਸਰਕਾਰ ਕੋਲੋਂ ਹਾਰ ਗਿਆ ਹੈ। 34 ਵਰ੍ਹਿਆਂ ਦਾ ਹੈ ਅਤੇ ਜ਼ਿੰਦਗੀ ਦਾ ਜਸ਼ਨ ਗੁਆ ਬੈਠਾ ਹੈ। ਉਸ ਨੇ ਕਿਰਤ ਕੀਤੀ, ਸੰਘਰਸ਼ ਕੀਤਾ, ਲੋਕਾਂ ਨੇ ਟਿੱਚਰਾਂ।
                ਮਾਪੇ ਬੱੁਢੇ ਹੋ ਚੱਲੇ ਹਨ। ਉਸ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਹੈ। ਉਹ ਆਖਦਾ ਹੈ ਕਿ ਅਦਾਲਤਾਂ ’ਚ ਵੀ ਸਜ਼ਾ ਸੁਣਾਉਣ ਤੋਂ ਪਹਿਲਾਂ ਜੁਰਮ ਦੱਸਿਆ ਜਾਂਦਾ ਹੈ ਪ੍ਰੰਤੂ ਸਿਆਸੀ ਕਚਹਿਰੀ ਦੇ ਵਿਧਾਨ ਹੀ ਹੋਰ ਹਨ।  ਪੰਜਾਬ ਸਰਕਾਰ ‘ਘਰ ਘਰ ਰੁਜ਼ਗਾਰ’ ਦੇ ਢੋਲ ਵਜਾ ਰਹੀ ਹੈ। ਸੰਗਰੂਰ ’ਚ ਬੇਕਾਰੀ ਦੇ ਭੰਨੇ ਨੌਜਵਾਨ ਨਾਅਰੇ ਮਾਰ ਰਹੇ ਹਨ। ਸੱਚ ਲੱਭਣਾ ਹੈ ਤਾਂ ਪਿੰਡਾਂ ਸ਼ਹਿਰਾਂ ਦੇ ਘਰਾਂ ’ਚ ਜਾਓ। ਦੇਖੋ ਕਿਵੇਂ ਜਵਾਨੀ ਪਿਸ ਰਹੀ ਹੈ। ਕਿਸ ਸਹਾਰੇ ਤੇ ਢਾਰਸ ਨਾਲ ਇਹ ਨੌਜਵਾਨ ਜ਼ਿੰਦਗੀ ਕੱਟਣ। ਮੁਕਤਸਰ ਦਾ ਅਨੀਤ ਕੱਕੜ ਵੀ ਇਸੇ ਮਰਜ਼ ਦਾ ਸ਼ਿਕਾਰ ਹੈ। ਦੋ ਵਿਸ਼ਿਆਂ ’ਚ ਐਮ.ਏ ਅਤੇ ਬੀ.ਐਡ ਹੈ। ਟੈੱਟ ਪਾਸ ਕਰਨ ਮਗਰੋਂ ਧਰਨੇ ਮੁਜ਼ਾਹਰੇ ਵੀ ਕੀਤੇ। ਕੱਕੜ ਆਖਦਾ ਹੈ ਕਿ ਉਹ ਤਾਂ ਲੀਡਰਾਂ ਦੀਆਂ ਸਿਆਸੀ ਸਨਅਤਾਂ ਦਾ ਕੱਚਾ ਮਾਲ ਹਨ। ਪੰਜ ਸਾਲ ਮਗਰੋਂ ਪਿਸਦੇ ਹਨ। ਆਗੂਆਂ ਨੂੰ ਗੱਦੀ ਮਿਲਦੀ ਹੈ ਤੇ ਉਨ੍ਹਾਂ ਨੂੰ ਧੱਕੇ। ਅਨੀਸ ਕੱਕੜ ਹੁਣ ਕੋਚਿੰਗ ਦਾ ਕੰਮ ਕਰਦਾ ਹੈ। ਉਹ ਆਖਦਾ ਹੈ ਕਿ ਵਿਆਹ ਕਿਸ ਆਸਰੇ ਕਰਾਵੇ।
         ਪੰਜਾਬ ਸਰਕਾਰ ਨੇ ਹਰ ਵਰੇ੍ਹ ਇਨ੍ਹਾਂ ਨੌਜਵਾਨਾਂ ਨੂੰ ਨਵੀਆਂ ਸ਼ਰਤਾਂ ਦੇ ਨਕਸ਼ੇ ਦਿਖਾਏ। ਦਾਨਗੜ੍ਹ (ਬਰਨਾਲਾ) ਦੇ ਨੌਜਵਾਨ ਨਵਦੀਪ ਸਿੰਘ ਨਾਲ ਜੱਗੋਂ ਤੇਰ੍ਹਵੀਂ ਹੋਈ। ਟੈੱਟ ਪਾਸ ਤੇ ਤਿੰਨ ਵਿਸ਼ਿਆਂ ’ਚ ਐਮ.ਏ ਪਾਸ ਹੈ। ਬੇਰੁਜ਼ਗਾਰੀ ਦੌਰਾਨ ਵਿਆਹ ਕਰਾ ਬੈਠਾ। ਛੇ ਮਹੀਨੇ ਮਗਰੋਂ ਵਿਆਹ ਟੁੱਟ ਗਿਆ। ਉਹ ਆਖਦਾ ਹੈ ਕਿ ਇਸ ਦਾਗ ਨੇ ਉਸ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਬਠਿੰਡਾ ਦੇ ਪਿੰਡ ਨਸੀਬਪੁਰਾ ਦੇ ਗੁਰਮੁੱਖ ਸਿੰਘ ਨੇ ਇਹ ਧਾਰੀ ਹੈ ਕਿ ਅਗਰ ਦੋ ਵਰ੍ਹਿਆਂ ’ਚ ਨੌਕਰੀ ਮਿਲੀ ਤਾਂ ਵਿਆਹ ਕਰਾਉਣਾ, ਫਿਰ ਕਦੇ ਵੀ ਨਹੀਂ। ਡਿਗਰੀ ਡਿਪਲੋਮੇ ਉਸ ਕੋਲ ਹਨ। ਗੁਰਮੁੱਖ ਸਿੰਘ ਨੂੰ ਜੀਵਨ ਸਾਥੀ ਤੋਂ ਪਹਿਲਾਂ ਨੌਕਰੀ ਦੀ ਉਡੀਕ ਹੈ। ਇਵੇਂ ਦੇ ਨਸ਼ੀਬ ਵਾਲੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਹਨ ਜੋ ਕਿਸੇ ਕੋਲ ਢਿੱਡ ਫਰੋਲਨ ਜੋਗੇ ਵੀ ਨਹੀਂ। ਇਨ੍ਹਾਂ ਲਈ ਰੁਜ਼ਗਾਰ ਤੇ ਵਿਆਹ ਦੋਵੇਂ ਦੁਰਲੱਭ ਹੋ ਗਏ ਹਨ।
         ਮਾਨਸਾ ਜ਼ਿਲ੍ਹੇ ਦੀ ਇੱਕ ਧੀ ਕਰਮਜੀਤ ਕੌਰ ਦੇ ਚਾਅ ਮਲਾਲ ਹੀ ਬੇਕਾਰੀ ਨੇ ਮਾਰ ਦਿੱਤੇ ਹਨ। ਉਸ ਲਈ ਜ਼ਿੰਦਗੀ ਸਰਲ ਨਹੀਂ ਰਹੀ। ਪੜਾਈ ਮਗਰੋਂ ਨੌਕਰੀ ਦੀ ਆਸ ’ਚ ਉਹ ਜੀਵਨ ਦੇ 34ਵੇਂ ਵਰੇ੍ਹ ਵਿਚ ਪੁੱਜ ਗਈ ਹੈ। ਕਿੰਨੀਆਂ ਕੁੜੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਸੰਘਰਸ਼ੀ ਰੌਲ਼ੇ ਰੱਪੇ ’ਚ ਹੀ ਲੰਘਣ ਲੱਗੀ ਹੈ। ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ’ਤੇ ਜੋ ਗੁਜਰ ਰਹੀ ਹੈ, ਕਦੇ ਸਰਕਾਰ ਉਸ ਦਾ ਅਹਿਸਾਸ ਕਰਕੇ ਵੇਖੇ। ਕਿੰਨੀਆਂ ਮਾਵਾਂ ਦੇ ਪਾਣੀ ਵਾਰਨ ਦੇ ਚਾਅ ਦਿਲਾਂ ’ਚ ਹੀ ਮਰ ਮੁੱਕ ਗਏ ਹਨ। ਇਨ੍ਹਾਂ ਘਰਾਂ ਨੂੰ ਜ਼ਿੰਦਗੀ ਸ਼ਰੀਕ ਬਣ ਟੱਕਰੀ ਹੈ, ਸਿਆਸੀ ਕਚਹਿਰੀ ਦੇ ਜ਼ਰੀਏ।
                           ਨੌਕਰੀ ਦੀ ਝਾਕ ’ਚ ਬੁੱਢੇ ਹੋਏ : ਯੂਨੀਅਨ
ਟੈੱਟ ਪਾਸ ਬੀ.ਐੱਡ ਬੇਰੁਜ਼ਗਾਰ ਯੂਨੀਅਨ ਦੀ ਜਨਰਲ ਸਕੱਤਰ ਗੁਰਜੀਤ ਕੌਰ ਅਤੇ ਸਟੇਟ ਕਮੇਟੀ ਮੈਂਬਰ ਯੁਧਜੀਤ ਸਿੰਘ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਸਰਕਾਰ ਬੁੱਢਿਆਂ ਨੂੰ ਨੌਕਰੀ ਦੇ ਰਹੀ ਹੈ ਅਤੇ ਨੌਕਰੀ ਦੀ ਝਾਕ ਵਿਚ ਨੌਜਵਾਨ ਬੁੱਢੇ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਅਭਾਗੇ ਦੌਰ ’ਚ ਪੰਜਾਬ ਨੇ ਜਵਾਨ ਸਮਰੱਥਾ ਅਜਾਈ ਗੁਆ ਲਈ ਹੈ ਜੋ ਸੂਬੇ ਦੀ ਉੱਨਤੀ ਦੇ ਲੇਖੇ ਲੱਗਣੀ ਸੀ। ਸਰਕਾਰ ਬਿਨਾਂ ਦੇਰੀ ਤੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਜੋ ਹਜ਼ਾਰਾਂ ਘਰਾਂ ’ਚ ਰੋਸ਼ਨੀ ਦੀ ਦੀਪ ਜਲ ਸਕਣ।


Tuesday, September 24, 2019

                             ਵੱਡੇ ਸੁਆਲ
        ਮਾਏ ਮੇਰੀਏ !  ਦੁੱਖਾਂ ਦੀਏ ਢੇਰੀਏ..
                            ਚਰਨਜੀਤ ਭੁੱਲਰ
ਬਠਿੰਡਾ : ਖੁਸ਼ਪ੍ਰੀਤ ਕੌਰ ਉਮਰ ’ਚ ਛੋਟੀ ਬੱਚੀ ਹੈ ਪਰ ਉਸ ਦੇ ਸੁਆਲ ਵੱਡੇ ਹਨ। ਜਦੋਂ ਮਾਂ ਘਰ ਪਰਤੀ ਤਾਂ ਬੱਚੀ ਨੂੰ ਗੋਦ ’ਚ ਲਿਆ। ਬੱਚੀ ਫਿਰ ਇੰਝ ਬੋਲੀ, ‘ਮੰਮਾ, ਤੁਸੀਂ ਟੈਂਕੀ ’ਤੇ ਕਿਉਂ ਚੜ੍ਹੇ ਸੀ।’ ਮਾਂ ਪੂਨਮ ਬੱਚੀ ਨੂੰ ਕਿਵੇਂ ਸਮਝਾਏ ਕਿ ਚੰਡੀਗੜ੍ਹ ਖਰੜ ਦੀ ਟੈਂਕੀ ਤੋਂ ਦਿਸਦਾ ਹੈ। ਰੋਪੜ ਜੇਲ੍ਹ ਚੋਂ ਹੁਣੇ ਰਿਹਾਅ ਹੋ ਕੇ ਪੂਨਮ ਘਰ ਆਈ ਹੈ। ਉਸ ਦਾ ਕਸੂਰ ਸਿਰਫ਼ ਏਨਾ ਹੈ ਕਿ ਉਸ ਨੇ ਰੁਜ਼ਗਾਰ ਮੰਗਿਆ। ਸਰਕਾਰ ਨੇ ਹਵਾਲਾਤ ਦਿਖਾ ਦਿੱਤੀ। ਬੱਚੀ ਨੇ ਜੇਲ੍ਹ ’ਚ ਮਾਂ ਨਾਲ ਮੁਲਾਕਾਤ ਕੀਤੀ। ਬੱਚੀ ਨੂੰ ਕਿਵੇਂ ਚੁੰਮਦੀ, ਲੋਹੇ ਦੀ ਜਾਲੀ ਨੇ ਪੇਸ਼ ਨਾ ਜਾਣ ਦਿੱਤੀ। ਨਵਾਂ ਸ਼ਹਿਰ ਦੇ ਪਿੰਡ ਹਿਊਂ ਦੀ ਪੂਨਮ ਐਮ.ਏ,ਬੀ.ਐੱਡ ਹੈ। ਤਿੰਨ ਵਾਰੀ ਟੈੱਟ ਪਾਸ ਕੀਤਾ। ਪੂਨਮ ਰਾਣੀ ਨੌ ਵਰ੍ਹਿਆਂ ਤੋਂ ਸੰਘਰਸ਼ੀ ਰਾਹ ’ਤੇ ਹੈ। ਪੂਨਮ ਨੇ ਸਰਕਾਰ ਨੂੰ ਆਪਣੀ ਹਰ ਡਿਗਰੀ ਦਿਖਾਈ। ਬਦਲੇ ’ਚ ਸਰਕਾਰ ਨੇ ਬਠਿੰਡਾ ਤੇ ਰੋਪੜ ਜੇਲ੍ਹ ਵਿਖਾ ਦਿੱਤੀ। ਲਾਠੀਚਾਰਜ ਵੀ ਝੱਲੇ ਤੇ ਕੋਈ ਸ਼ਹਿਰ ਨਹੀਂ ਛੱਡਿਆ ਜਿਥੇ ਨਾਅਰੇ ਨਾ ਮਾਰੇ ਹੋਣ। ਪਤੀ ਰਜਿੰਦਰਪਾਲ ਅਰਬ ਮੁਲਕ ’ਚ ਬੈਠਾ ਹੈ। ਪੂਨਮ ਆਖਦੀ ਹੈ ਕਿ ਬੱਚੀ ਦਾ ਪਾਲਣ ਪੋਸ਼ਣ ਵੀ ਨਹੀਂ ਕਰ ਸਕੀ। ਜ਼ਿੰਦਗੀ ਦੇ ਸੁਨਹਿਰੀ ਪਲ ਸਰਕਾਰਾਂ ਦੀ ਬੇਰੁਖੀ ਦੀ ਭੇਟ ਚੜ੍ਹ ਗਏ। ਭਵਾਨੀਗੜ੍ਹ ਦੀ ਬਲਵਿੰਦਰ ਕੌਰ ਹੁਣ ਨੌਕਰੀ ਦੀ ਉਮਰ ਹੱਦ ਟਪਾ ਚੁੱਕੀ ਹੈ। ਕੇਂਦਰ ਤੇ ਪੰਜਾਬ, ਦੋਵਾਂ ਦੇ ਟੈੱਟ ਪਾਸ ਕੀਤੇ। ਰੁਜ਼ਗਾਰ ਲਈ ਸੜਕਾਂ ’ਤੇ ਉੱਤਰੀ ਤਾਂ ਆਦਰਸ਼ ਸਕੂਲ ਦੀ ਨੌਕਰੀ ਖੁਆ ਬੈਠੀ।
        ਜਦੋਂ ਬਲਵਿੰਦਰ ਆਪਣੇ ਸੱਤਵੀਂ ’ਚ ਪੜ੍ਹਦੇ ਬੱਚੇ ਨੇਤਰਦੀਪ ਨੂੰ ਪੜ੍ਹਨ ਲਈ ਆਖਦੀ ਹੈ ਤਾਂ ਅੱਗਿਓਂ ਸੁਆਲ ਟੱਕਰਦਾ ਹੈ, ਮਾਂ, ਥੋਨੂੰ ਪੜ੍ਹ ਕੇ ਕੀ ਮਿਲਿਆ ? ਜ਼ਿੰਦਗੀ ਸੜਕਾਂ ’ਤੇ ਕੱਢ ਦਿੱਤੀ, ਮਾਂ ਬੇਵੱਸ ਹੈ ਕਿ ਬੱਚੇ ਨੂੰ ਕਿਵੇਂ ਸਮਝਾਏ। ਕਿਵੇਂ ਦੱਸੇ ਕਿ ਜਦੋਂ ਹਕੂਮਤ ਬੇਦਰਦ ਹੋ ਜਾਵੇ ਉਦੋਂ ਕਿਸੇ ਡਿਗਰੀ ਦੀ ਕੋਈ ਪੇਸ਼ ਨਹੀਂ ਜਾਂਦੀ। ਸੰਗਰੂਰ ਦੇ ਪਿੰਡ ਹੇੜੀਕੇ ਦਾ ਤਾਰਾ ਸਿੰਘ, 1976 ’ਚ ਅਧਿਆਪਕ ਦਿਵਸ ਵਾਲੇ ਦਿਨ ਜਨਮਿਆ। ਰੀਝ ਵੀ ਅਧਿਆਪਕ ਬਣਨ ਦੀ ਪਾਲੀ। ਹੁਣ ਡਿਗਰੀਆਂ ਕੋਲ ਹਨ ਤੇ ਉਮਰ ਦੇ 43ਵੇਂ ਵਰੇ੍ਹ ਪੂਰੇ ਕਰਨ ਮਗਰੋਂ ਵੀ ਖਾਲੀ ਹੱਥ ਹੈ। ਪੁਲੀਸ ਦੀ ਤਿੰਨ ਵਾਰ ਡਾਂਗ ਉਸ ਦੇ ਪਿੰਡੇ ’ਤੇ ਵਰ੍ਹੀ। ਬੇਟਾ ਏਕਮਜੀਤ ਬਾਪ ਨੂੰ ਪੁੱਛਦਾ ਹੈ ਕਿ ‘ਡੈਡੀ, ਕਿਸ ਮਾਸ ਦੇ ਬਣੇ ਹੋ’। ਏਨੀ ਡਾਂਗ ਵੀ ਪੁਲੀਸ ਦੀ ਖਾਧੀ, ਬਣਿਆ ਫਿਰ ਵੀ ਕੁਝ ਨਹੀਂ। ਤਾਰਾ ਸਿੰਘ ਆਖਦਾ ਹੈ ਕਿ ਸਾਡੇ ਨਾਲੋਂ ਤਾਂ ਦਿਹਾੜੀਦਾਰ ਕਾਮੇ ਚੰਗੇ ਹਨ। ਮੁੱਖ ਮੰਤਰੀ ਇਨ੍ਹਾਂ ਬੱਚਿਆਂ ਦੇ ਸੁਆਲਾਂ ਦੇ ਜੁਆਬ ਦੇਣ।ਖੰਨਾ ਸ਼ਹਿਰ ਦਾ ਹਰਸ਼ ਭੱਲਾ ਨੌਕਰੀ ਦੀ ਉਮਰ ਹੱਦ ਟਪਾ ਬੈਠਾ ਹੈ। ਐਮ.ਏ ਅੰਗਰੇਜ਼ੀ, ਬੀ.ਐਡ ਤੇ ਟੈੱਟ ਪਾਸ ਹੈ। 42 ਸਾਲ ਦਾ ਹਰਸ਼ ਭੱਲਾ ਹਰ ਪਿੰਡ ਸ਼ਹਿਰ ਗਿਆ, ਜਿਥੇ ਵੀ ਸਰਕਾਰ ਦਾ ਦਰਬਾਰ ਸਜਿਆ। ਟੈਂਕੀ ਤੇ ਵੀ ਚੜ੍ਹਿਆ ਤੇ ਪੁਲੀਸ ਦੀ ਕੁੱਟ ਵੀ ਖਾਧੀ।
              ਉਸ ਦੀ ਬੇਟੀ ਤੀਸਤਾ ਸੁਆਲ ਕਰਦੀ ਹੈ, ‘ਪਾਪਾ, ਡਿਗਰੀ ਤੋਂ ਟੈਂਕੀ ਵੱਡੀ ਹੈ, ਜਿਸ ’ਤੇ ਚੜਨਾ ਜਰੂਰੀ ਹੈ। ’ ਬਾਪ ਹਰਸ਼ ਦੱਸਦਾ ਹੈ ਕਿ ਟੇਲੈਂਟ ਨੂੰ ਟੈਂਕੀ ’ਤੇ ਚੜ੍ਹਨਾ ਹੀ ਪੈਂਦਾ ਹੈ। ਹੁਣ ਹਰਸ਼ ਭੱਲਾ ਆਪਣੇ ਘਰ ਹੀ ਬੱਚਿਆਂ ਨੂੰ ਆਈਲੈੱਟਸ ਦੀ ਕੋਚਿੰਗ ਦਿੰਦਾ ਹੈ। ਉਸ ਦੇ ਪੜਾਈ 12 ਬੱਚੇ ਵਿਦੇਸ਼ ਚਲੇ ਗਏ ਹਨ। ਬਰਨਾਲਾ ਦੇ ਪਿੰਡ ਬਖ਼ਤਗੜ੍ਹ ਦਾ ਅਮਨਦੀਪ ਰੁਜ਼ਗਾਰ ਲਈ ਸੜਕਾਂ ’ਤੇ ਕੂਕਦਾ ਰਿਹਾ। ਉਮਰ ਹੱਦ ਲੰਘਣ ਮਗਰੋਂ ਹੁਣ ਪਿੰਡ ਵਿਚ ਪਰਚੂਨ ਦੀ ਦੁਕਾਨ ਪਾਈ ਬੈਠਾ ਹੈ। ਐਮ.ਏ,ਬੀ.ਐੱਡ ਅਮਨਦੀਪ ਆਪਣੇ ਬੱਚੇ ਦੇ ਸੁਆਲਾਂ ਅੱਗੇ ਹਾਰ ਗਿਆ ਜੋ ਬਾਪ ਦੀ ਪੜ੍ਹਾਈ ਦਾ ਮੁੱਲ ਨਾ ਪੈਣ ਦਾ ਸੱਚ ਵੇਖਣ ਮਗਰੋਂ ਵਿਦੇਸ਼ ਪੜਾਈ ਲਈ ਚਲਾ ਗਿਆ। ਮੋਗਾ ਦੇ ਪਿੰਡ ਤਖਤੂਪੁਰਾ ਦਾ ਮਨਦੀਪ ਸਿੰਘ ਬੀ.ਏ,ਸੀ.ਪੀ.ਐਡ,ਇੱਕ ਹੋਰ ਡਿਪਲੋਮਾ ਤੇ ਆਈ.ਟੀ.ਆਈ ਪਾਸ ਹੈ। ਚੰਡੀਗੜ੍ਹ ਤੋਂ ਲੈ ਕੇ ਲੰਬੀ ਤੱਕ ਹਰ ਥਾਂ ਪੁਲੀਸ ਦਾ ਜਬਰ ਝੱਲਿਆ। ਰੁਜ਼ਗਾਰ ਖਾਤਰ ਜ਼ਿੰਦਗੀ ਦੇ 13 ਸਾਲ ਸੜਕਾਂ ’ਤੇ ਕੱਢ ਦਿੱਤੇ। ਨਿੱਕੀ ਧੀ ਦਿਸ਼ਾ ਨੂੰ ਕਿਵੇਂ ਦੱਸੇ ਕਿ ਬੁੜੈਲ ਜੇਲ੍ਹ ਕਿਉਂ ਜਾਣਾ ਪਿਆ ਸੀ। ਹੁਣ ਉਮਰ ਦਰਾਜ ਹੋ ਗਿਆ ਹੈ।
               ਬਠਿੰਡਾ ਦੇ ਪਿੰਡ ਚੱਕ ਰਾਮ ਸਿੰਘ ਵਾਲਾ ਦੀ ਜਸਵੀਰ ਕੌਰ ਵੀ ਇਸੇ ਸੰਕਟ ਚੋਂ ਲੰਘ ਰਹੀ ਹੈ। ਦਸਵੀਂ ’ਚ ਪੜ੍ਹਦੀ ਬੇਟੀ ਗੁਰਲੀਨ ਕੌਰ ਪੁੱਛਦੀ ਹੈ ਕਿ ਮਾਂ ਤੇਰੀ ਪੜ੍ਹਾਈ ਦਾ ਮੁੱਲ ਕਿਉਂ ਨਹੀਂ ਪਿਆ। ਪਿੰਡ ਸੰਧੂ ਕਲਾਂ ਦੀ ਛੋਟੀ ਬੱਚੀ ਸ਼ਿਫਤਪ੍ਰੀਤ ਵੀ ਆਪਣੀ ਮਾਂ ਨੂੰ ਇਹੋ ਸੁਆਲ ਕਰਦੀ ਹੈ। ਹੁਣ ਇਨ੍ਹਾਂ ਦੀ ਉਮਰ ਹੱਦ ਨਿਕਲ ਚੁੱਕੀ ਹੈ। ਪੰਜਾਬ ’ਚ ਕਰੀਬ 50 ਹਜ਼ਾਰ ਬੇਰੁਜ਼ਗਾਰ ਨੌਕਰੀ ਲਈ ਉਮਰ ਹੱਦ ਟਪਾ ਚੁੱਕੇ ਹਨ ਜਿਨ੍ਹਾਂ ਕੋਲ ਡਿਗਰੀਆਂ ਹਨ ਪ੍ਰੰਤੂ ਉਮਰ ਹੱਦ ਨਹੀਂ ਬਚੀ। ਇਸ ਜਵਾਨੀ ਨੇ ਜ਼ਿੰਦਗੀ ਦੇ ਅਹਿਮ ਦਿਨ ਪੰਜਾਬ ਦੀਆਂ ਸੜਕਾਂ, ਰੇਲ ਮਾਰਗਾਂ,ਹਵਾਲਾਤਾਂ,ਜੇਲ੍ਹਾਂ ਤੇ ਟੈਂਕੀਆਂ ਦੇ ਅੰਗ ਸੰਗ ਕੱਢੇ। ਪਹਿਲੋਂ ਗਠਜੋੜ ਸਰਕਾਰ ਵੇਲੇ ਰੁਲਦੇ ਰਹੇ ਤੇ ਹੁਣ ਕੈਪਟਨ ਸਰਕਾਰ ਹੱਥੋਂ ਹਾਰ ਗਏ। ਪੰਜਾਬ ਵਿਚ ਬੀ.ਐਡ ,ਟੈੱਟ ਪਾਸ ਕਰੀਬ 30 ਹਜ਼ਾਰ ਅਤੇ ਈ.ਟੀ.ਟੀ,ਟੈੱਟ ਪਾਸ 28 ਹਜ਼ਾਰ ਬੇਰੁਜ਼ਗਾਰ ਹਨ। ਕਰੀਬ 3500 ਬੇਰੁਜ਼ਗਾਰ ਲਾਈਨਮੈਨ ਹਨ ਜਿਨ੍ਹਾਂ ਦੀ ਉਮਰ ਹੱਦ ਹੁਣ 42 ਸਾਲ ਕਰ ਦਿੱਤੀ ਗਈ ਹੈ।
       ਇਵੇਂ ਹੀ ਬਹੁਮੰਤਵੀ ਸਿਹਤ ਕਾਮੇ ਵੀ 3800 ਦੇ ਕਰੀਬ ਹਨ ਅਤੇ ਸੀ.ਪੀ.ਐੱਡ ਅਤੇ ਆਰਟ ਕਰਾਫਟ ਬੇਰੁਜ਼ਗਾਰਾਂ ਦੀ ਗਿਣਤੀ ਵੀ ਪੰਜ ਹਜ਼ਾਰ ਤੋਂ ਉਪਰ ਹੈ। ਜਿਨ੍ਹਾਂ ਚੋਂ ਪੰਜਾਹ ਫੀਸਦੀ ਹੁਣ ਉਮਰ ਹੱਦ ਟਪਾ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਦਮਦਮੇ ਦੀ ਵਿਸਾਖੀ ’ਤੇ ਜਨਤਿਕ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਸਰਕਾਰੀ ਨੌਕਰੀਆਂ ਲਈ ਉਮਰ ਹੱਦ ਹਰਿਆਣਾ ਵਾਂਗ 42 ਸਾਲ ਕੀਤੀ ਜਾਵੇਗੀ। ਬੇਰੁਜ਼ਗਾਰ ਹੁਣ ਪਹਿਲੋਂ ਉਮਰ ਹੱਦ ਵਿਚ ਵਾਧਾ ਮੰਗਦੇ ਹਨ, ਫਿਰ ਨੌਕਰੀ।
                  ‘ਘਰ ਘਰ ਰੁਜ਼ਗਾਰ’ ਮਹਿਜ ਸ਼ੋਸ਼ਾ : ਢਿੱਲਵਾਂ
ਟੈੱਟ ਪਾਸ ਬੀ.ਐਡ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਤੇ ਰਣਦੀਪ ਸੰਗਤਪੁਰਾ ਆਖਦੇ ਹਨ ਕਿ ਸਰਕਾਰ ਦੀ ਨੀਅਤ ਦੇ ਖੋਟ ਅਤੇ ਨੀਤੀਆਂ ਨੇ ਪੰਜਾਬ ਦੀ ਜਵਾਨੀ ਨੂੰ ਰੋਲ ਦਿੱਤਾ ਹੈ ਅਤੇ ਅੱਜ 50 ਹਜ਼ਾਰ ਨੌਜਵਾਨ ਨੌਕਰੀ ਲਈ ਉਮਰ ਹੱਦ ਟਪਾ ਬੈਠਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਵਾਧੇ ’ਤੇ ਚੱਲ ਰਹੇ 25 ਹਜ਼ਾਰ ਅਧਿਆਪਕਾਂ ਦੀ ਛੁੱਟੀ ਕਰੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ। ਉਨ੍ਹਾਂ ਘਰ ਘਰ ਰੁਜ਼ਗਾਰ ਮੁਹਿੰਮ ਨੂੰ ਸਿਰਫ਼ ਸ਼ੋਸ਼ਾ ਦੱਸਿਆ।

Sunday, September 22, 2019

                        ਵਿਚਲੀ ਗੱਲ 
         ਬੁੱਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ..!
                       ਚਰਨਜੀਤ ਭੁੱਲਰ
ਬਠਿੰਡਾ : ਆਵਾਜ਼ ਅਮਰੀਕਾ ਤੋਂ ਆਈ ਹੈ। ‘ਤੁਸੀਂ ਕਿਵੇਂ ਹੋ’। ਅਮਰੀਕਾ ਪੁੱਛੇ, ਤੁਸੀਂ ਨਾ ਦੱਸੋ। ਏਦਾਂ ਕਿਵੇਂ ਹੋ ਸਕਦੈ। ਸੱਜਣੋ, ਅੌਕਾਤ ਦੇਖੋ, ਸੁਪਨੇ ਨਹੀਂ। ਹੌਲਦਾਰ ਦਬਕਾ ਮਾਰ ਦੇਵੇ, ਥੋਨੂੰ ਕੰਬਣੀ ਛਿੜਦੀ ਐ। ਕੋਈ ਲੰਡੀ-ਬੁੱਚੀ ਨਹੀਂ, ਅਗਲਾ ਥਾਣੇਦਾਰ ਹੈ। ਉਹ ਵੀ ਪੂਰੇ ਵਿਸ਼ਵ ਦਾ। ਕਿਤੋਂ ਮਰਜ਼ੀ ਪੁੱਛ ਲੈਣਾ। ਜੰਮਦੇ ਬੱਚੇ ਵੀ ਪੁੱਛਦੇ ਨੇ, ‘ਅੰਕਲ ਟਰੰਪ ਦਾ ਕਿੰਨਾ ਕੁ ਟਾਈਮ ਪਿਐ।’ ਬਹੁਤਾ ਸੋਚੋ ਨਾ, ਬੱਸ ਸਮਾਂ ਬੋਚੋ। ਬਾਘੀ ਅੱਜ ਹਿਊਸਟਨ (ਅਮਰੀਕਾ) ’ਚ ਪੈਣੀ ਐ। ਰੰਗ ਬੰਨ੍ਹਣਗੇ ਟਰੰਪ ਤੇ ਮੋਦੀ। ਬਈ, ਪ੍ਰੋਗਰਾਮ ਦੇਖਣਾ ਨਾ ਭੁੱਲਿਓ, ‘ਹਾਓਡੀ ਮੋਦੀ।’ ਹੁਣ ਪੁੱਛੋਗੇ ਏਹ ‘ਹਾਓਡੀ’ ਕੀ ਬਲਾ ਐ। ‘ਹਾਓਡੀ’ ਦਾ ਮਤਲਬ ‘ਤੁਸੀਂ ਕਿਵੇਂ ਹੋ’।‘ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ..!’ ਗਾਇਆ ਸ਼ਿਵ ਨੇ। ਤੁਸੀਂ ਪੁੱਛਿਐ ਤਾਂ ਯਾਦ ਆਇਆ। ਫਕੀਰ ਦਾ ਨਾ ਪੁੱਛੋ, ਕਿਵੇਂ ਐ। ਕੋਈ ਚੜ੍ਹੀ ਲੱਥੀ ਦੀ ਨਹੀਂ। ਪਹਿਲਾਂ ਸੌ ਦਿਨਾਂ ਜਸ਼ਨ ਮਨਾਏ। ਹੁਣੇ ਜਨਮ ਦਿਨ ’ਤੇ ਕੇਕ ਕੱਟਿਐ। ਕਸਰਾਂ ਟੀਵੀ ਐਂਕਰ ਕੱਢਦੇ ਰਹੇ। ਮੋਦੀ ਨੇ ਮਾਂ ਹੀਰਾਬੇਨ ਦੇ ਪੈਰ ਫੜੇ। ਇਕੱਠੇ ਖਾਣਾ ਵੀ ਛਕਿਆ। ਜਸ਼ੋਦਰਾ ਬੇਨ ਕਿਤੇ ਨਹੀਂ ਦਿਖੀ। ਦਿੱਖੀ ਤਾਂ ਸੀ ਪਰ ਕਲਕੱਤਾ ਦੇ ਹਵਾਈ ਅੱਡੇ ’ਤੇ। ਅੱਗਿਓਂ ਮਮਤਾ ਬੈਨਰਜੀ ਮਿਲ ਗਈ। ਮਮਤਾ ਪੁੱਛਣ ਲੱਗੀ, ‘ਭੈਣੇ ਤੂੰ ਇੱਥੇ ਕਿਵੇਂ’। ਜਸ਼ੋਦਰਾ ਬੇਨ ਬੋਲੀ, ‘ਦੀਦੀ, ਮੱਥਾ ਟੇਕਣ ਮੰਦਰ ਆਈ ਸੀ, ‘ਉਨ੍ਹਾਂ’ ਦਾ ਜਨਮ ਦਿਨ ਐ ਅੱਜ’। ਤੋਹਫ਼ੇ ’ਚ ਜਸ਼ੋਦਰਾ ਨੂੰ ਮਮਤਾ ਤੋਂ ਸਾੜੀ ਮਿਲੀ। ਮੌਕਾ ਸ਼ੁਭ ਜੋ ਸੀ।
                ਵੰਡ ਲਿਆ ਜਾਏ ਤਾਂ ਦੁੱਖ ਘਟਦੈ। ਖੁਸ਼ੀ ਕਈ ਗੁਣਾ ਵਧਦੀ ਐ। ਨਰਿੰਦਰ ਮੋਦੀ ਦਾ 69ਵਾਂ ਜਨਮ ਦਿਨ ਸੀ, ਵੈਸੇ ਸੀਨਾ 56 ਇੰਚ ਦਾ ਹੈ। ਸੋਨੇ ਦਾ ਮੁਕਟ 50 ਲੱਖ ਦਾ, ਜੋ ਮੰਦਰ ਚੜ੍ਹਾਇਆ। ਵਾਰਾਨਸੀ ਵਾਲੇ ਚੇਲੇ ਅਰਵਿੰਦ ਨੇ। ਗਿੱਦੜਬਾਹੇ ਵੱਡੇ ਬਾਦਲ ਨੇ ਕੇਕ ਕੱਟਿਆ। ਰਿਸ਼ਤਾ ਜੋ ਨਹੁੰ-ਮਾਸ ਦਾ ਹੋਇਐ। ਨਵਾਂ ਰਿਸ਼ਤਾ ਅੰਮ੍ਰਿਤਾ ਫੜਨਵੀਸ ਨੇ ਸਿਰਜਿਐ। ਅਖੇ, ਮੋਦੀ ਤਾਂ ਰਾਸ਼ਟਰਪਿਤਾ ਹੈ। ਫਿਰ ਮਹਾਤਮਾ ਗਾਂਧੀ ਕੌਣ ਸੀ? ਅੰਮ੍ਰਿਤਾ ਬਾਰੇ ਜ਼ਰੂਰ ਪਤੈ ਕਿ ਮੁੱਖ ਮੰਤਰੀ ਦੀ ਪਤਨੀ ਹੈ। ਪਤੇ ਦੀ ਗੱਲ ਸੁਣੋ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਵੀ ਵਧਾਈ ਭੇਜੀ। ਤਿੰਨ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਤੇ ਗੁਜਰਾਤੀ ’ਚ। ਅਮਿਤ ਸ਼ਾਹ ਇੱਕ ਭਾਸ਼ਾ ਦਾ ਹੋਕਾ ਦੇ ਰਿਹੈ। ਯੂਪੀ ਵਾਲੇ ਭਾਜਪਈ ਦੀ ਭਾਸ਼ਾ ਸੁਣੋ। ਵਿਧਾਇਕ ਸੁਰਿੰਦਰ ਸਿੰਘ ਨੇ ਮਮਤਾ ਨੂੰ ਘੂਰੀ ਵੱਟੀ। ‘ਭਾਸ਼ਾ ਤੇ ਭਾਵ ਬਦਲ’। ਨਹੀਂ ਚਿਦੰਬਰਮ ਵਾਲੀ ਕਰਾਂਗੇ। ਮਰੇ ਦਾ ਕੀ ਮਾਰਨਾ, ਤਿਹਾੜ ’ਚ ਉਹ ਕੇਕ ਕਿਥੋਂ ਕੱਟੇ। ਕਾਂਗਰਸੀ ਕਿਤੇ ਘੱਟ ਨੇ। ਯੂਪੀਏ ਦੇ ਪਿਛਲੇ ਪੰਜ ਵਰ੍ਹੇ ਦੇਖੋ। ਪੂਰੇ 143 ਕਰੋੜ ਖ਼ਜ਼ਾਨੇ ‘ਚੋਂ ਖਰਚੇ। ਜਹਾਨੋਂ ਚਲੇ ਗਏ ਲੀਡਰਾਂ ਦੇ ਜਨਮ/ਮੌਤ ਦੇ ਇਸ਼ਤਿਹਾਰਾਂ ’ਤੇ। ਇਕੱਲੇ ਨਹਿਰੂ ਖਾਨਦਾਨ ’ਤੇ 43 ਫੀਸਦੀ ਖਰਚਾ ਕੀਤਾ। ਟਰੰਪ ਨੇ ਹੁਣ ਮੂੰਹ ਕਸ਼ਮੀਰ ਵੱਲ ਕੀਤੈ, ‘ਤੁਸੀਂ ਕਿਵੇਂ ਹੋ’। 12 ਹਜ਼ਾਰ ਕਸ਼ਮੀਰੀ ਬੱਚੇ ਇੱਕੋ ਸੁਰ ਬੋਲੇ, ਅੰਕਲ, 48 ਦਿਨਾਂ ਤੋਂ ਸਕੂਲ ਨਹੀਂ ਗਏ। ਕਿਸ ਖੁਸ਼ੀ ’ਚ ਕੇਕ ਕੱਟੀਏ। ਮਾਪੇ ਤਾਂ ਸਬਜ਼ੀ ਕੱਟਣ ਨੂੰ ਤਰਸੇ ਪਏ ਨੇ।
                ਮਾਰਕਸੀ ਯੂਸਫ਼ ਤਰੀਗਾਮੀ ਆਖ ਰਿਹੈ, ‘ਕਸ਼ਮੀਰੀ ਧੀਮੀ ਮੌਤ ਮਰ ਰਹੇ ਨੇ।’ ਜੁਆਬ ਨਰਿੰਦਰ ਮੋਦੀ ਦਾ ਵੀ ਸੁਣੋ। ‘ਹਰ ਕਸ਼ਮੀਰੀ ਨੂੰ ਜੱਫੀ ਪਾਵਾਂਗੇ, ਵਾਦੀ ਨੂੰ ਨਵੀਂ ਜੰਨਤ ਬਣਾਵਾਂਗੇ’। ਕਿਸੇ ਨੇ ਸੱਚ ਕਿਹਾ, ਕਿਸੇ ਨੂੰ ਮਾਂਹ ਵਾਦੀ..! ਫਕੀਰ ਦੇ ਘਰੋਂ ਹੁਣ ਨਿਕਲੋ। ਯੋਗੀ ਦੇ ਵਿਹੜੇ ਚੱਲਦੇ ਹਾਂ। ਪੁੱਛਦੇ ਹਾਂ, ‘ਤੁਸੀਂ ਕਿਵੇਂ ਹੋ’। ਜੁਆਬ ਇਹੋ ਮਿਲੇਗਾ, ਪੂਰੀ ਯੂਪੀ ਨੌਂ ਬਰ ਨੌਂ ਹੈ। ਯੋਗੀ ਸਰਕਾਰ ਦੇ ਢਾਈ ਵਰ੍ਹੇ ਪੂਰੇ ਹੋਏ ਨੇ। ਕੋਈ ਕੇਕ ਨਹੀਂ ਕੱਟਿਆ। ਬਿਜਨੌਰ ’ਚ ਕਿਸਾਨ ਰਿਆਜ ਹਸਨ ਦਾ ਚਲਾਨ ਜ਼ਰੂਰ ਕੱਟਿਆ ਹੈ। ਗੱਡੇ ਦਾ ਬੀਮਾ ਨਹੀਂ ਸੀ। ਨਵਾਂ ਵਾਹਨ ਐਕਟ, ਨਵੇਂ ਰੰਗ। ਚਿਨਮਯਾਨੰਦ ਦਾ ਰੰਗ ਪੁਰਾਣਾ ਹੈ। ਉਹੀ ਭਗਵੇਂ ਵਾਲਾ। ਉੱਘੜ ਵੀ ਰਿਹੈ। ਲਾਅ ਵਿਦਿਆਰਥਣ ਨੂੰ ਧਮਕੀ ਦੇਣੀ ਪਈ। ਚਿਨਮਯਾਨੰਦ ਹੁਣ ਜੇਲ੍ਹ ਭੇਜਿਆ। ਕੋਈ ਬਚਾ ਨਾ ਸਕਿਆ। ਯੂਪੀ ਦੇ ਕਿਸਾਨਾਂ ਨੇ ਝੋਲੀ ਅੱਡੀ ਹੈ, ਸਾਨੂੰ ਬਚਾਓ। ਦਿੱਲੀ ਵੱਲ ਚਾਲੇ ਪਾਏ ਨੇ। ਪਟਿਆਲੇ ਕੋਲ ਪੰਜਾਬ ਦੇ ਕਿਸਾਨਾਂ ਨੇ ਡੇਰਾ ਲਾਇਐ।ਅਮਰੀਕਾ ’ਚ ‘ਹਾਓਡੀ ਮੋਦੀ’ ਦਾ ਨਾਅਰਾ ਹੈ। ‘ਸਾਂਝੇ ਸੁਪਨੇ, ਉੱਜਲ ਭਵਿੱਖ’। ਪਿਛੋਂ ਕੋਈ ਪੁੱਛ ਰਿਹਾ ਹੈ, ਕਿਸ ਦਾ ਭਵਿੱਖ? ਹਰਦੋਈ (ਯੂਪੀ) ਦੇ 150 ਸਕੂਲੀ ਬੱਚੇ ਮੂੰਹ ਖੋਲ੍ਹਣ ਲੱਗੇ। ਪੁਲੀਸ ਨੇ ਭੰਨ ਸੁੱਟੇ। ਨੌਂ ਬੱਚੇ ਜ਼ਖ਼ਮੀ ਨੇ। ਬੱਚੇ ਜ਼ਿਲ੍ਹਾ ਮੈਜਿਸਟਰੇਟ ਕੋਲ ਚੱਲੇ ਸਨ। ਦੱਸਣ ਲਈ ਕਿ ਹੋਸਟਲ ਦਾ ਖਾਣਾ ਮਾੜੈ। ਪੁਲੀਸ ਨੇ ਪਹਿਲੋਂ ਹੀ ਪੂੜੇ ਖੁਆ ਦਿੱਤੇ। ਜਦੋਂ ਜ਼ਖ਼ਮ ਆਠਰ ਗਏ, ਮੁੜ ਸਕੂਲ ਆਉਣਗੇ।
                ਪੰਜਾਬ ਦੇ ਬੱਚੇ ਕਿਤੇ ਜਾਣ ਜੋਗੇ ਨਹੀਂ। 57.4 ਫੀਸਦੀ ਤਾਂ ਜਨਮ ਤੋਂ ਖੂਨ ਦੀ ਕਮੀ ਦਾ ਸ਼ਿਕਾਰ ਨੇ। ਬਾਕੀ 12.1 ਫੀਸਦੀ ਮੋਟਾਪੇ ਦਾ। ਦਰਾਂਗ (ਅਸਾਮ) ‘ਚ ਤਿੰਨ ਭੈਣਾਂ ਨੂੰ ਸ਼ਿਕਾਰ ਬਣਾਇਐ। ਨਿਰਵਸਤਰ ਕਰ ਦਿੱਤਾ। ਅਸਾਮ ਪੁਲੀਸ ਨੂੰ ਕੋਈ ਪੁੱਛਣ ਵਾਲਾ ਨਹੀਂ। ਹਾਲੇ ਪੁੱਛਦੇ ਹੋ, ‘ਤੁਸੀਂ ਕਿਵੇਂ ਹੋ’।ਜੁਆਬ ਨਵੇਂ ਸਲਾਹਕਾਰਾਂ ਦਾ ਸੁਣੋ। ‘ਪੰਜਾਬ ਤਾਂ ਘੁੱਗ ਵਸਦੈ।’ ‘ਘਰ ਘਰ ਰੁਜ਼ਗਾਰ’ ਦੇ ਮੇਲੇ ਲੱਗ ਰਹੇ ਨੇ। ਟੈਂਕੀ ’ਤੇ ਪਤਾ ਨਹੀਂ, ਕੀ ਅੰਬ ਲੈਣ ਚੜ੍ਹੇ ਨੇ। ਪਟਿਆਲੇ ਕੁੜੀਆਂ ਚੜ੍ਹੀਆਂ ਨੇ। ਢਾਈ ਸਾਲ ਦੇ ਜਸ਼ਨਾਂ ’ਚ ਪੰਜਾਬ ਵਾਲੇ ਡੁੱਬੇ ਨੇ। ਵੱਡੇ ਵੱਡੇ ਇਸ਼ਤਿਹਾਰ। ਪੜ੍ਹੋ ਤਾਂ ਏਦਾਂ ਲੱਗਦਾ ਕਿ ਸਭ ਦੁੱਖ ਕੱਟੇ ਗਏ। ਰਾਜਸਥਾਨ ’ਚ ਵਿਦਿਆਰਥੀ ਕੁੱਟੇ ਗਏ। ਸੀਕਰ ਪੁਲੀਸ ਨੇ ਕੁੜੀਆਂ ’ਤੇ ਡਾਂਗ ਚਲਾ ਦਿੱਤੀ। ਕਾਮਰੇਡ ਅਮਰਾ ਰਾਮ ਪੈ ਨਿਕਲਿਐ, ‘ਬੇਟੀਆਂ ਲਾਵਾਰਸ ਨਹੀਂ’। ਪੰਚਕੂਲਾ ‘ਚ ਅਧਿਆਪਕ ਪੁਲੀਸ ਤੋਂ ਡਾਂਗਾਂ ਖਾ ਆਏ, ਜਿਨ੍ਹਾਂ ਦੇ ਧੀਆਂ ਪੁੱਤ ਕੁਝ ਖਾਣ ਨੂੰ ਮੰਗਦੇ ਸਨ।ਸ਼ਿਮਲਾ ’ਚ ਵਿਦਿਆਰਥੀ ਉੱਚੀ ਸੁਰ ਬੋਲੇ, ‘ਸਾਡਾ ਹੱਕ, ਇੱਥੇ ਰੱਖ’। ਉਪ ਕੁਲਪਤੀ ਨੇ ਨੈਸ਼ਨਲ ਲਾਅ ’ਵਰਸਿਟੀ ਨੂੰ ਹੀ ਤਾਲਾ ਮਾਰ ਦਿੱਤਾ। ਜੋ ਨਹੀਂ ਦੇਖਿਆ, ਉਹੀ ਭਲਾ। ਬੇਕਾਰੀ ਦੇ ਭੰਨੇ ਕਿੱਧਰ ਜਾਣ।
                ਕੇਂਦਰੀ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਲੂਣ ਚੁੱਕੀ ਫਿਰਦੈ। ਮੰਤਰੀ ਇੰਝ ਫ਼ਰਮਾਏ, ‘ਰੁਜ਼ਗਾਰ ਦੇ ਮੌਕਿਆਂ ਦੀ ਨਹੀਂ, ਨੌਜਵਾਨਾਂ ’ਚ ਯੋਗਤਾ ਦੀ ਕਮੀ ਹੈ।’ ਸਭ ਅੱਛਾ ਹੈ ਤਾਂ ਮੈਕਸਿਕੋ ਦੀ ਕੰਧ ’ਤੇ ਕੌਣ ਚੜ੍ਹੇ ਨੇ। ਏਨਾ ਜ਼ਰੂਰ ਪਤੈ ਕਿ ਫਕੀਰ ਹਰਨੀ ਚੜ੍ਹੇ ਨੇ, ਨਿਰਮਲਾ ਸੀਤਾਰਮਨ ਕਸੂਤੀ ਫਸੀ ਹੈ। ਗੱਫਿਆਂ ਨੇ ਨਿਹਾਲ ਪੂੰਜੀਪਤੀ ਕੀਤੇ ਨੇ, ਜਾਨ ਮੁੱਠੀ ’ਚ ਕਿਸਾਨਾਂ ਦੀ ਆਈ ਹੈ। ਮੋਦੀ ਨੇ ਛੇ ਹਜ਼ਾਰੀ ਸਕੀਮ ਦੀ ਪੂੰਜੀ ਨਹੀਂ ਭੇਜੀ। 45 ਅਰਬ ਡਾਲਰ ਦੀ ਪੂੰਜੀ ਭਾਰਤ ’ਚੋਂ ਜ਼ਰੂਰ ਬਾਹਰ ਗਈ ਹੈ। ਉਹ ਵੀ ਲੰਘੇ ਪੰਜ ਵਰ੍ਹਿਆਂ ਵਿਚ। ਕਿਉਂ ਨਹੀਂ ਦੱਸਾਂਗੇ, ਅਸੀਂ ਕਿਵੇਂ ਹਾਂ। ਟਰੰਪ ਸਾਹਿਬ, ਭੁੱਖੇ ਪੇਟ ਭਗਤੀ ਨਹੀਂ ਹੁੰਦੀ। ਏਨੀ ਕੁ ਗੱਲ ਜ਼ਰੂਰ ਫਕੀਰ ਦੇ ਕੰਨੀਂ ਪਾਇਓ। ਪੰਜਾਬ ਤਾਂ ਹਿੰਮਤ ਹਾਰੀ ਬੈਠੈ। ਗਾਂ ਨੂੰ ਪੈਣ ਵਾਲੇ ਪੈਰਾਂ ’ਚ ਰੁਲ ਗਏ ਨੇ। ਕੇਕ ਤਾਂ ਦੂਰ ਦੀ ਗੱਲ, ਜ਼ਿੰਦਗੀ ਕੱਟਣੀ ਅੌਖੀ ਹੋਈ ਪਈ ਹੈ। ਅਗਲਿਆਂ ਨੇ ਤਾਂ ਅਡਵਾਨੀ ਤੇ ਜੋਸ਼ੀ ਦਾ ਪੱਤਾ ਕੱਟ ਦਿੱਤੈ। ਦੁੱਲੇ ਜੱਟ ਦਾ ਕੌਣ ਵਿਚਾਰੈ। ਕਿਸ ਖੁਸ਼ੀ ’ਚ ਕੇਕ ਕੱਟੇ, ਨਾ ਵੱਟਿਆ ਤੇ ਨਾ ਖੱਟਿਆ।
            ‘ਅਸੀਂ ਕਿਵੇਂ ਹਾਂ’, ਹੁਣ ਤਾਂ ਲੱਗ ਗਿਆ ਪਤਾ। ਸਾਨੂੰ ਆਪਣੇ ਹਾਲ ਛੱਡੋ, ਤੁਸੀਂ ਲਾਓ ਮਜ਼ਮਾ। ‘ਪੰਜਾਬੀ ਏਨੇ ਵੀ ਗਏ ਗੁਜ਼ਰੇ ਨਹੀਂ, ਹੜਬਾਂ ’ਤੇ ਮਾਰਨ ਲੱਗੇ, ਅੱਗਾ ਪਿੱਛਾ ਨਹੀਂ ਵੇਖਦੇ’। ਛੱਜੂ ਰਾਮ ਮੁੱਛਾਂ ’ਤੇ ਹੱਥ ਫੇਰਨ ਲੱਗੈ। ਕਿਸੇ ਨੂੰ ਪਤੈ, ਏਹ ਹੜਬਾਂ ਕੀ ਹੁੰਦੀਆਂ ਨੇ। ਦੂਰੋਂ ਕਿਸੇ ਨੇ ਇਸ਼ਾਰੇ ’ਚ ਆਖਿਐ, ਅਕਾਲੀਆਂ ਨੂੰ ਪੁੱਛ ਲੋ। ‘ਕੀਆ ਗਰਬ ਨਾ ਆਏ ਰਾਸਿ।’ ਗੱਲ ਇਹ ਟਰੰਪ ਤੇ ਮੋਦੀ ਵੀ ਨਾ ਭੁੱਲਣ। ਜਿਵੇਂ ਕਿਸੇ ਸਿਆਣੇ ਆਖਿਐ, ‘ਫਕੀਰ, ਫਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ। ਹੁਣ ਛੱਜੂ ਰਾਮ ਨੇ ਵੀ ਮੂੰਹ ਖੋਲਿਐ, ‘ਅਸੀਂ ਠੀਕ ਹਾਂ, ਤੁਸੀਂ ਖਿਆਲ ਰੱਖਿਓ।’

Thursday, September 19, 2019

                          ਲੋਕ ਸੇਵਕ
  ਰੋਜ਼ਾਨਾ ਇਲਾਜ ਖਰਚਾ ਚਾਲੀ ਹਜ਼ਾਰ ! 
                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਖ਼ਜ਼ਾਨੇ ਚੋਂ ਐਮ.ਐਲ.ਏਜ਼/ਸਾਬਕਾ ਐਮ. ਐਲ. ਏਜ ਦੀ ਸਿਹਤ ’ਤੇ ਰੋਜ਼ਾਨਾ ਅੌਸਤਨ ਕਰੀਬ 40 ਹਜ਼ਾਰ ਰੁਪਏ ਖਰਚੇ ਜਾਂਦੇ ਹਨ। ਜਦੋਂ ਵਿਧਾਇਕ ਵਾਲੀ ਕੁਰਸੀ ਖੁਸ ਜਾਂਦੀ ਹੈ, ਉਸ ਮਗਰੋਂ ਇਲਾਜ ਖਰਚਾ ਵੱਡੀ ਛਲਾਂਗ ਲਾਉਂਦਾ ਹੈ। ਗੱਦੀ ਦੌਰਾਨ ਉੱਨਾਂ ਸਿਹਤ ਖਰਚਾ ਨਹੀਂ ਹੁੰਦਾ, ਜਿਨ੍ਹਾਂ ‘ਸਾਬਕਾ’ ਦੀ ਫੀਤੀ ਲੱਗਣ ਮਗਰੋਂ ਹੁੰਦਾ ਹੈ। ਸਰਕਾਰੀ ਨਿਯਮ ਹੀ ਏਦਾਂ ਦੇ ਹਨ ਕਿ ਵਿਧਾਇਕ ਤੇ ਸਾਬਕਾ ਵਿਧਾਇਕ ਦੇ ਸਿਹਤ ਖਰਚ ਦੀ ਕੋਈ ਸੀਮਾ ਨਹੀਂ ਹੈ। ਇਲਾਜ ਮੁਲਕ ’ਚ ਕਰਾਓ ਤੇ ਚਾਹੇ ਵਿਦੇਸ਼ ਵਿਚ। ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਅਤੇ ਮੰਤਰੀ/ਸਾਬਕਾ ਮੰਤਰੀ ਦਾ ਸਿਹਤ ਖਰਚਾ ਇਸ ਤੋਂ ਵੱਖਰਾ ਹੈ। ਵਿਧਾਨ ਸਭਾ ਸਕੱਤਰੇਤ ਤੋਂ ਆਰ.ਟੀ.ਆਈ ’ਚ ਪ੍ਰਾਪਤ ਤਾਜ਼ਾ ਵੇਰਵਿਆਂ ਅਨੁਸਾਰ ਲੰਘੇ ਬਾਰਾਂ ਵਰ੍ਹਿਆਂ ਵਿਚ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਇਲਾਜ ’ਤੇ 16.72 ਕਰੋੜ ਰੁਪਏ ਦਾ ਖਰਚਾ ਆਇਆ ਹੈ। ਵਰ੍ਹਾ 2007-08 ਤੋਂ 2018-19 ਦੌਰਾਨ ਵਿਧਾਇਕਾਂ ਦੇ ਇਲਾਜ ’ਤੇ 6.24 ਕਰੋੜ ਰੁਪਏ ਖਰਚ ਆਇਆ ਹੈ ਜਦੋਂ ਕਿ ਸਾਬਕਾ ਵਿਧਾਇਕਾਂ ਦੇ ਸਿਹਤਯਾਬੀ ’ਤੇ ਇਸੇ ਸਮੇਂ ਦੌਰਾਨ 10.48 ਕਰੋੜ ਖਰਚ ਕੀਤੇ ਗਏ ਹਨ। ਵਿਧਾਇਕਾਂ/ਸਾਬਕਾ ਵਿਧਾਇਕਾਂ ਦੇ ਇਲਾਜ ’ਤੇ ਸਰਕਾਰੀ ਖ਼ਜ਼ਾਨੇ ਚੋਂ ਅੌਸਤਨ ਰੋਜ਼ਾਨਾ ਕਰੀਬ 38,717 ਰੁਪਏ ਖਰਚੇ ਜਾ ਰਹੇ ਹਨ ਅਤੇ ਪ੍ਰਤੀ ਮਹੀਨਾ ਇਹੋ ਖਰਚ 11.61 ਲੱਖ ਰੁਪਏ ਬਣ ਜਾਂਦਾ ਹੈ। ਇਵੇਂ ਸਲਾਨਾ ਸਿਹਤ ਖਰਚਾ 1.39 ਕਰੋੋੜ ਬਣਦਾ ਹੈ।
                   ਤੱਥਾਂ ਅਨੁਸਾਰ ਵਿਧਾਇਕਾਂ ਦੇ ਇਲਾਜ ਤੇ ਅੌਸਤਨ ਰੋਜ਼ਾਨਾ ਕਰੀਬ 14,453 ਰੁਪਏ ਖਰਚ ਹੋ ਰਹੇ ਹਨ ਜਦੋਂ ਕਿ ਸਾਬਕਾ ਵਿਧਾਇਕਾਂ ਦੇ ਇਲਾਜ ’ਤੇ ਰੋਜ਼ਾਨਾ ਅੌਸਤਨ ਕਰੀਬ 24,264 ਰੁਪਏ ਦਾ ਖਰਚਾ ਆ ਰਿਹਾ ਹੈ। ਵਿਧਾਇਕਾਂ ’ਤੇ ਨਜ਼ਰ ਮਾਰੀਏ ਤਾਂ ਲੰਘੇ 12 ਵਰ੍ਹਿਆਂ ਦੌਰਾਨ ਹਰ ਵਰੇ੍ਹ ਅੌਸਤਨ 41 ਵਿਧਾਇਕਾਂ ਦਾ ਇਲਾਜ ਖਰਚਾ ਸਰਕਾਰੀ ਖ਼ਜ਼ਾਨੇ ਨੇ ਝੱਲਿਆ ਜਦੋਂ ਕਿ ਅੌਸਤਨ 152 ਸਾਬਕਾ ਵਿਧਾਇਕਾਂ ਨੇ ਹਰ ਵਰੇ੍ਹ ਖ਼ਜ਼ਾਨੇ ਦੀ ਮਦਦ ਨਾਲ ਆਪਣਾ ਇਲਾਜ ਕਰਾਇਆ। ਏਨਾ ਸਾਫ ਹੈ ਕਿ ‘ਸਾਬਕਾ’ ਬਣਨ ਮਗਰੋਂ ਇਲਾਜ ਖਰਚਾ ਵਧਿਆ ਹੈ। ਮਿਸਾਲ ਦੇ ਤੌਰ ’ਤੇ ਲੰਘੇ ਮਾਲੀ ਵਰ੍ਹੇ ਦੌਰਾਨ ਸਿਰਫ਼ 19 ਵਿਧਾਇਕਾਂ ਨੇ ਇਲਾਜ ਦਾ ਖਰਚਾ ਲਿਆ ਹੈ ਜਦੋਂ ਕਿ ਇਸੇ ਦੌਰਾਨ 215 ਸਾਬਕਾ ਵਿਧਾਇਕਾਂ ਦਾ ਇਲਾਜ ਬਿੱਲ ਖ਼ਜ਼ਾਨੇ ਨੇ ਚੁੱਕਿਆ ਹੈ। ਸੂਤਰ ਦੱਸਦੇ ਹਨ ਕਿ ਕਾਫ਼ੀ ਸਾਬਕਾ ਵਿਧਾਇਕ ਬੁੱਢੇ ਹੋ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਦਾ ਖਰਚਾ ਵੀ ਕਾਫ਼ੀ ਵਧ ਗਿਆ ਹੈ। ਸਾਲ 2018-19 ਦੌਰਾਨ ਵਿਧਾਇਕਾਂ ਦਾ ਸਿਹਤ ਖਰਚ 33.37 ਲੱਖ ਰੁਪਏ ਅਤੇ ਸਾਬਕਾ ਵਿਧਾਇਕਾਂ ਦਾ ਇਸੇ ਸਾਲ ਦੌਰਾਨ 1.18 ਕਰੋੜ ਰੁਪਏ ਇਲਾਜ ਖਰਚ ਰਿਹਾ ਹੈ। ਲੰਘੇ ਬਾਰਾਂ ਸਾਲਾਂ ਦੌਰਾਨ ਸਭ ਤੋਂ ਵੱਡਾ ਇਲਾਜ ਖਰਚਾ ਬਾਦਲ ਤੇ ਬਰਾੜ ਪਰਿਵਾਰ ਦਾ ਰਿਹਾ ਹੈ। ਬਾਦਲ ਪਰਿਵਾਰ ਨੇ ਇਸ ਸਮੇਂ ਦੌਰਾਨ 4.50 ਕਰੋੜ ਰੁਪਏ ਇਲਾਜ ਖਰਚ ਵਜੋਂ ਖ਼ਜ਼ਾਨੇ ਚੋਂ ਲਏ ਹਨ ਜਦੋਂ ਕਿ ਮਰਹੂਮ ਵਿਧਾਇਕ ਕੰਵਰਜੀਤ ਸਿੰਘ ਬਰਾੜ ਦੇ ਇਲਾਜ ’ਤੇ ਵੀ 3.43 ਕਰੋੜ ਦਾ ਖਰਚ ਆਇਆ ਸੀ।
                ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ (ਮੌਜੂਦਾ/ਸਾਬਕਾ) ਦਾ ਇਲਾਜ ਖਰਚਾ ਵੀ ਇਸ ਤੋਂ ਵੱਖਰਾ ਹੈ। ਪੰਜਾਬ ਵਿਚ ਦੋ ਤਰ੍ਹਾਂ ਦੇ ਲੋਕਾਂ ’ਤੇ ਖ਼ਜ਼ਾਨੇ ਚੋਂ ਇਲਾਜ ਵਾਸਤੇ ਖਰਚ ਦੀ ਕੋਈ ਸੀਮਾ ਨਹੀਂ ਹੈ। ਵਿਧਾਇਕ ਅਤੇ ਸਾਬਕਾ ਵਿਧਾਇਕ ਇਲਾਜ ਵਾਸਤੇ ਕੋਈ ਖਰਚ ਸੀਮਾ ਨਹੀਂ। ਦੂਜਾ ਜੇਲ੍ਹਾਂ ਦੇ ਬੰਦੀਆਂ ਦੇ ਇਲਾਜ ’ਤੇ ਖਰਚ ਦੀ ਕੋਈ ਹੱਦ ਨਹੀਂ ਹੈ। ਸੂਤਰਾਂ ਅਨੁਸਾਰ ਵਿਧਾਇਕ ਕਿਸੇ ਵੀ ਮਹਿੰਗੇ ਹਸਪਤਾਲ ਚੋਂ ਮਹਿੰਗਾ ਇਲਾਜ ਕਰਾ ਸਕਦੇ ਹਨ। ਪੰਜਾਬ ਦੇ ਆਮ ਲੋਕਾਂ ਦੀ ਸਿਹਤ ਦਾਅ ’ਤੇ ਲੱਗੀ ਹੋਈ ਹੈ। ਗਰੀਬ ਆਦਮੀ ਦੀ ਜ਼ਿੰਦਗੀ ਵਿਚ ਤਾਂ ਅਰਦਾਸ ਤੋਂ ਸਿਵਾ ਕੁਝ ਬਚਿਆ ਨਹੀਂ ਹੈ।ਪੰਜਾਬ ਸਰਕਾਰ ਤਰਫ਼ੋਂ 20 ਫਰਵਰੀ 2004 ਤੋਂ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਖਰਚ ਦਿੱਤਾ ਜਾਂਦਾ ਹੈ ਜਦੋਂ ਕਿ ਪਹਿਲਾਂ ਅਜਿਹਾ ਨਹੀਂ ਸੀ। ਵਿਧਾਇਕਾਂ ਅਤੇ ਉਨ੍ਹਾਂ ਦੇ ਚਾਰ ਆਸ਼ਰਿਤ ਪ੍ਰਵਾਰਿਕ ਮੈਂਬਰਾਂ ਨੂੰ ਖ਼ਜ਼ਾਨੇ ਚੋਂ ਇਲਾਜ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਨੁਸਾਰ 1 ਜਨਵਰੀ 1998 ਤੋਂ 22 ਅਪਰੈਲ 2003 ਤੱਕ ਵਿਧਾਇਕਾਂ ਨੂੰ ਨਿਸ਼ਚਿਤ ਭੱਤਾ ਮਿਲਦਾ ਸੀ।
  ਵਿਧਾਇਕਾਂ/ਸਾਬਕਾ ਐਮ.ਐਲ.ਏਜ਼ ਦਾ ਸਿਹਤ ਖਰਚ
ਸਾਲ   ਵਿਧਾਇਕ (ਖਰਚ ਰਾਸ਼ੀ) ਸਾਬਕਾ ਵਿਧਾਇਕ (ਖਰਚ ਰਾਸ਼ੀ)
2011-12 89,32,301   75,00,000
2012-13 52,05,726   1,12,54,869
2013-14 17,65,951   1,12,18,979
2014-15 3,25,948        99,99,181
2015-16 7,43,553        99,97,319
2016-17 15,17,723 1,19,14,529
2017-18 14,10,244 1,24,59,351
2018-19 33,37,717 1,18,63,062



Sunday, September 15, 2019

                    ਵਿਚਲੀ ਗੱਲ                                           ਗੁਰੂ ਜਿਨ੍ਹਾਂ ਦੇ ਟੱਪਣੇ..!
                      ਚਰਨਜੀਤ ਭੁੱਲਰ
ਬਠਿੰਡਾ : ਪੂਰੇ ਸੌਲ਼ਾਂ ਸਾਲ ਪਿੱਛੇ ਚੱਲਦੇ ਹਾਂ। ਉਦੋਂ ਵੱਡੇ ਬਾਦਲ ਕੀ ਬੋਲੇ। ਇੰਨ ਬਿੰਨ ਸੁਣੋ। ‘ਜਿਵੇਂ ਜਿਵੇਂ ਹਾਲਾਤ ਵਿਗੜਦੇ ਜਾਂਦੇ ਨੇ, ਮੁੱਖ ਮੰਤਰੀ (ਅਮਰਿੰਦਰ) ਦੀਆਂ ਮਹਿਫ਼ਿਲਾਂ ਦਾ ਰੰਗ ਗੂੜ੍ਹਾ ਹੁੰਦਾ ਜਾਂਦਾ ਹੈ।‘ ਅੱਗੇ ਜੋ ਕਿਹਾ, ਉਸ ’ਤੇ ਵੀ ਗੌਰ ਕਰੋ ,‘ਜੇ ਅੱਜ ਨੀਰੋ ਜ਼ਿਊਂਦਾ ਹੁੰਦਾ ਤਾਂ ਸਾਡੇ ਮੁੱਖ ਮੰਤਰੀ ਨੂੰ ਗੁਰੂ ਧਾਰ ਲੈਂਦਾ’। ਬਾਦਲ ਅੰਦਰੋਂ ਭਰੇ ਬਹੁਤ ਸਨ, ਬੋਲੇ ਤਾਂ ਬਹੁਤ ਕੁਝ। ਜੋ ਅਖੀਰ ’ਚ ਬੋਲੇ, ਉਹ ਵੀ ਸੁਣੋ, ‘ਵੈਸੇ ਮੁੱਖ ਮੰਤਰੀ ਹੈ ਯਾਰਾਂ ਦਾ ਯਾਰ, ਯਾਰਾਂ ਖਾਤਰ ਪੰਜਾਬ ਵੀ ਵੇਚ ਸਕਦੈ।’ ਵਿਧਾਨ ਸਭਾ ਦਾ ਖੁੱਲ੍ਹਾ ਮੰਚ ਸੀ। ਚਰਚਾ ਪੰਜਾਬ ਦੇ ਮਾਹੌਲ ’ਤੇ ਸੀ। ਤਾਰੀਕ ਵੀ ਲਿਖੋ, 25 ਸਤੰਬਰ 2003..! ਭਾਜੀ ਅਮਰਿੰਦਰ ਨੇ ਵੀ ਮੋੜੀ। ਦੱਸਣ ਬੈਠ ਗਏ ਤਾਂ ਗੱਲ ਦੂਰ ਚਲੀ ਜਾਊ। ਅੌਹ ਪਰਨੇ ਵਾਲਾ ਕੌਣ ਹੈ। ਮੂੰਹ ਸਿਰ ਲਪੇਟਿਐ, ਹੱਥ ’ਚ ਸੋਟੀ। ਥੱਕਿਆ ਹਾਰਿਐ, ਕਿਸਮਤ ਖੋਟੀ। ਚੁੱਪ ਚੁਪੀਤੇ ਮਨ ਦੀ ਮਮਟੀ ’ਤੇ ਆ ਬੈਠਾ। ਆਖ ਰਿਹੈ, ਪੁਰਾਣੀ ਛੱਡੋ, ਕੌਣ ਨੀਰੋ ਦਾ ਗੁਰੂ ਤੇ ਕੌਣ ਚੇਲਾ। ਅਤਿ ਦੀ ਗਰਮੀ, ਚੁੱਲ੍ਹਾ ਠੰਢਾ, ਖਾਲੀ ਪਤੀਲਾ। ਏਹ ਤਾਂ ਸਭ ਨੀਰੋ ਦੇ ਸਕੇ ਸਬੰਧੀ ਨੇ। ਗੱਲ ਤਾਂ ਸੋਲ਼ਾਂ ਆਨੇ ਸੱਚ ਹੈ, ਪਰਨੇ ਵਾਲੀ ਦੀ। ਜਦੋਂ ਦਿਲ ’ਤੇ ਬਣੀ ਹੋਵੇ। ‘ਰੋਮ ਜਲ ਰਿਹਾ, ਨੀਰੋ ਬੰਸਰੀ ਵਜਾ ਰਿਹਾ’ ਫੇਰ ਏਦਾਂ ਹੀ ਹੁੰਦੈ। ਫਿਰੋਜ਼ਪੁਰ ’ਤੇ ਮੋਗਾ ਦੇ ਪਿੰਡਾਂ ਦਾ ਹਾਲ ਵੇਖੋ। ਹੜ੍ਹਾਂ ਦੇ ਭੰਨੇ ਨਵੇਂ ਟਰੈਕਟਰ ਵੇਚ ਰਹੇ ਨੇ। ਉਹ ਵੀ ਮਿੱਟੀ ਦੇ ਭਾਅ। ਪੱਲੇ ਕੁਝ ਨਹੀਂ ਬਚਿਆ, ਪਿੰਡਾਂ ਦੇ ਪਿੰਡ ਤਪੇ ਪਏ ਨੇ। ਮੁੱਖ ਮੰਤਰੀ ਨੇ ਹੁਣੇ ਠੰਢਾ ਕੀਤੈ। ਛੇ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ।
                ਖ਼ਜ਼ਾਨੇ ’ਚ ਏਨੇ ਕੁ ਛਿੱਲੜ ਤਾਂ ਹਨ। ਤਿੰਨ ਲਗਜ਼ਰੀ ਕਾਰਾਂ ਜੋਗੇ। ਪੁਰਾਣੇ ਤਿੰਨ ਵਜ਼ੀਰ ਵੀ ਹੁਣ ਠੰਢੇ ਕਰਨੇ ਨੇ। ਸੱਚ, ਐੱਮਐੱਲਏ ਵੀ ਜਾਣਗੇ ਠੰਢੇ ਮੁਲਕਾਂ ’ਚ। ਘੱਟ ਠੰਢੇ ਹਿਮਾਚਲੀ ਪਹਾੜ ਵੀ ਨਹੀਂ। ਕੋਈ ਭੁਲੇਖਾ ਹੈ ਤਾਂ ਸਰਕਾਰੀ ਹੈਲੀਕਾਪਟਰ ਦੇ ਪਾਇਲਟ ਨੂੰ ਪੁੱਛ ਲਓ। ਜ਼ਿਹਨ ’ਚ ਖੌਰੂ ਪੈਣ ਲੱਗੈ, ਪਰਨੇ ਵਾਲਾ ਫਿਰ ਆਇਆ। ਆਖਦੈ, ਹੈਲੀਕਾਪਟਰ ਨੂੰ ਛੱਡੋ, ਜੁਆਕੜੀ ਪੁੱਛਦੀ ਐ, ਸਕੂਲਾਂ ਨੂੰ ਸਾਈਕਲ ਕਦੋਂ ਮਿਲਣਗੇ। ਛੋਟਾ ਜੁਆਕ ਹਿੰਡ ਕਰਦੈ, ਦਲ਼ੀਆਂ ਕਦੋਂ ਆਊ, ਕਹਿੰਦਾ ਹੁਣੇ ਪੁੱਛੋ। ਪਿੰਡ ਭੋਤਨਾ ਦੇ ਕਿਸਾਨ ਕਿਸ ਨੂੰ ਪੁੱਛਣ। ਖੁਦਕੁਸ਼ੀ ਦੇ ਰਾਹ ਚਾਰ ਪੀੜ੍ਹੀਆਂ ਤੁਰ ਗਈਆਂ, ਕਰਜ਼ਾ ਮੁਆਫੀ ਫਿਰ ਨਹੀਂ ਆਈ। ਆਖਰੀ ਪੀੜ੍ਹੀ ਦੀ ਨਿਸ਼ਾਨੀ ਲਵਪ੍ਰੀਤ ਸੀ। ਭੈਣ ਦੀ ਡੋਲੀ ਹੁਣ ਕਿਵੇਂ ਜਾਊ। ਭਰਾ ਜਗਸੀਰ ਸਿੰਘ ਤਾਂ ਫੌਤ ਹੋ ਗਿਆ। ਪਿੰਡ ਉੱਗੋਕੇ (ਬਰਨਾਲਾ) ਦਾ ਜਗਸੀਰ ਪ੍ਰੇਸ਼ਾਨ ਸੀ। ਇਕੱਲੇ ਸਿਵੇ ਨਹੀਂ ਬਲਦੇ। ਸੱਧਰਾਂ ਤੇ ਚਾਵਾਂ ਨੂੰ ਵੀ ਰੱਸਾ ਪੈਂਦਾ ਹੈ। ਇੱਕ ਮੰਤਰੀ ਦੀ ਨਵੀਂ ਕੋਠੀ ਪੈਂਦੀ ਹੈ। ਨਹੀਂ ਤਾਂ ਉਹ ਜ਼ਰੂਰ ਇਨ੍ਹਾਂ ਦੇ ਸੱਥਰ ’ਤੇ ਬੈਠਣ ਆਉਂਦਾ। ਚਾਰ ਵੋਟਾਂ ਪਾ ਦਿੰਦੇ, ਸ਼ਾਇਦ ਕੇਵਲ ਢਿੱਲੋਂ ਫਿਰ ਜ਼ਰੂਰ ਆਉਂਦਾ।
                 ਬਰਨਾਲੇ ਦਾ ਰਾਹ ਬਿੱਲੀ ਕੱਟ ਗਈ ਜਾਪਦੀ ਹੈ। ਮਨਜੀਤ ਧਨੇਰ ਦੀ ਸਜ਼ਾ ਮੁਆਫੀ ਲਈ। ਨਾਅਰੇ ਵੱਜਣਗੇ ਹੁਣ ਮਹਿਲਾਂ ਅੱਗੇ। ਅਵਾਰਾ ਪਸ਼ੂ ਹਰਲ ਹਰਲ ਕਰਦੇ ਫਿਰਦੇ ਨੇ। ਮਾਨਸਾ ਜ਼ਿਲ੍ਹਾ ਐਵੇਂ ਥੋੜ੍ਹਾ ਬੰਦ ਹੋਇਐ। ਅੱਕੇ ਲੋਕਾਂ ਨੇ ਬਾਜ਼ਾਰ ਬੰਦ ਕੀਤੇ ਨੇ। ਕੇਂਦਰੀ ਪਸ਼ੂ ਪਾਲਣ ਮੰਤਰੀ ਗਿਰੀਰਾਜ ਨੇ ਰਾਜ ਖੋਲ੍ਹਿਐ। ਮਨਸੂਈ ਗਰਭਦਾਨ ਕਰਾਂਗੇ। ਵੱਛੀਆਂ ਪੈਦਾ ਹੋਣਗੀਆਂ। ਚੁਟਕੀ ਨਾਲ ਸਭ ਮਸਲੇ ਹੱਲ। ਹਜੂਮੀ ਹਿੰਸਾ ਦਾ ਵੀ, ਜਿਨ੍ਹਾਂ ਨੇ ਕਮਾਊ ਜੀਅ ਚਲੇ ਗਏ। ਗਿਰੀਰਾਜ ਉਨ੍ਹਾਂ ਨੂੰ ਨੀਰੋ ਦਾ ਮਾਸੜ ਲੱਗਦੈ। ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ। ਯੂਪੀ ਵਾਲੇ ਯੋਗੀ। ਟਰੇਨਿੰਗ ਵਜ਼ੀਰਾਂ ਨੂੰ ਦਿਵਾ ਰਹੇ ਨੇ, ਤਾਂ ਜੋ ਜ਼ਾਬਤਾ ਸਿੱਖ ਲੈਣ।ਜਿਨ੍ਹਾਂ ਘਰਾਂ ’ਚ ਕੈਂਸਰ ਨੇ ਪੈਰ ਪਾਏ। ਉਹ ਕਿੱਦਾਂ ਜ਼ਾਬਤੇ ’ਚ ਰਹਿਣ। ਅੰਦਰੋਂ ਕਲੇਜੇ ਧੂਹ ਪਈ। ਜਦੋਂ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਬੋਲੇ। ‘ਗਊ ਮੂਤਰ ਨਾਲ ਕੈਂਸਰ ਦਾ ਇਲਾਜ ਵੀ ਸੰਭਵ ਹੈ’। ਕੈਂਸਰ ਪੀੜਤਾਂ ਦੀ ਕੌਮੀ ਅੌਸਤ ਵੀ ਪਿਛੇ ਹੈ। ਮਾਲਵੇ ਦੀ ਅੌਸਤ ਨਾਲੋਂ। ਮਲਵਈ ਖਿਝੇ ਨੇ ਸਿਹਤ ਮੰਤਰੀ ਚੌਬੇ ’ਤੇ। ਕੈਂਸਰ ਦੇ ਝੰਬਿਆਂ ਨੂੰ ਚੌਬੇ ਵੀ ਹੁਣ ਨੀਰੋ ਦਾ ਤਾਇਆ ਲੱਗਦੈ। ਆਹ ਪਰਨੇ ਵਾਲਾ ਟਿਕਣ ਨਹੀਂ ਦਿੰਦਾ। ਫਿਰ ਮਸਤਕ ’ਚ ਆ ਬੈਠਾ। ਆਖ ਰਿਹੈ, ‘ ਜੋ ਢੱਠਿਆਂ ਦੀ ਬਲੀ ਚੜ੍ਹੇ, ਖੇਤੀ ਸੰਕਟਾਂ ਨਾਲ ਭਿੜੇ, ਢੇਰ ਹੋ ਗਏ, ਬਿਮਾਰੀ ਨਾਲ ਲੜੇ, ਫੌਤ ਹੋ ਗਏ, ਹਜੂਮੀ ਹਿੰਸਾ ’ਚ ਡਟੇ, ਭੇਟ ਹੋ ਗਏ, ਹਾਲੇ ਆਖ ਰਹੇ ਹੋ ਦੇਸ਼ ਭਗਤ ਨਹੀਂ।’
                ਏਹ ਪਰਨੇ ਵਾਲਾ ਹੈ ਕੌਣ। ਮੂੰਹ ਸਿਰ ਢੱਕਿਐ। ਡਰਪੋਕ ਕਿਤੋਂ ਦਾ। ‘ਦਿਲ ਤੋ ਬਹੁਤ ਚਾਹਤਾ ਹੈ ਕਿ ਸੱਚ ਬੋਲੂੰ, ਪਰ ਕਯਾ ਕਰੇਂ ਹੌਸਲਾ ਨਹੀਂ ਪੜਤਾ’। ਗੱਲ ਏਹ ਵੀ ਠੀਕ ਹੈ। ਨਾਸਿਕ ਦੇ ਕਿਸਾਨ ਬੋਲੇ। ਗੱਲ ਬਿਲਕੁਲ ਗ਼ਲਤ ਹੈ, ਪਿਆਜ਼ ਬਾਹਰੋਂ ਕਿਉਂ ਮੰਗਵਾਏ ਜਾਣ। ਪੰਜਾਹ ਰੁਪਏ ਕਿਲੋ ਦਾ ਐਤਕੀਂ ਭਾਅ ਹੈ। ਗਰੀਬ ਬੰਦੇ ਦੇ ਭਾਅ ਦੀ ਬਣੀ ਹੋਈ ਹੈ। ਗੰਨੇ ਦੇ ਬਕਾਏ ਦਿਓ। ਹਰਿਦੁਆਰ ‘ਚ ਬੈਠੇ ਕਿਸਾਨਾਂ ਦੀ ਮੰਗ ਹੈ। ਨੌਂ ਦਿਨਾਂ ਤੋਂ ਭੁੱਖ ਹੜਤਾਲ ’ਤੇ ਨੇ। ਕਸ਼ਮੀਰੀ ਵੀ ਭੁੱਖੇ ਤਿਹਾਏ ਨੇ। ਕੋਈ ਚੂੰ ਕੀ ਕਰ ਜਾਏ। ਕੇਂਦਰੀ ਬਖ਼ਤਾਵਰ ਬੰਸਰੀ ’ਤੇ ਧੁਨਾਂ ਕੱਢ ਰਹੇ ਨੇ। ਕਿਸੇ ਕਸ਼ਮੀਰੀ ਨੂੰ ਪੁੱਛੋ ਤਾਂ ਆਖੇਗਾ ‘ਸਾਨੂੰ ਤਾਂ ਏਹ ਨੀਰੋ ਦੇ ਫੁੱਫੜ ਲੱਗਦੇ ਨੇ।’ ਕੇਂਦਰ ਸਰਕਾਰ ਨੇ ਸੌ ਦਿਨ ਪੂਰੇ ਕੀਤੇ ਨੇ। ਬੜਾ ਚਾਅ ਹੈ ਸਭ ਨੂੰ। ਕਾਰਾਂ ਵੇਚਣ ਵਾਲੇ, ਬਿਸਕੁਟ ਵੇਚਣ ਵਾਲੇ ਵੀ, ਸ਼ਹਿਰੀ ਵੀ ਤੇ ਪੇਂਡੂ ਵੀ। ਕਾਹਦਾ ਚਾਅ ਕਰਨ। ਮੰਦੀ ਨੇ ਹਾਲ ਮੰਦਾ ਕੀਤੈ। ਬਿਹਾਰ ਵਾਲੇ ਭਾਜਪਾ ਆਗੂ ਸ਼ੁਸੀਲ ਮੋਦੀ ਨੇ ਤੋੜਾ ਭੰਨਿਐ। ਆਖਦੈ ਸਾਉਣ ਭਾਦੋਂ ’ਚ ਥੋੜ੍ਹਾ ਮੰਦਾ ਆਉਂਦੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਕਸੂਤੇ ਫਸ ਗਏ, ਘੁਣਤਰ ਅਰਥਚਾਰੇ ਦੀ ਸਮਝਾਉਣ ਬੈਠੇ। ਗਰੈਵੀਟੇਸ਼ਨ ਦਾ ਸਿਧਾਂਤ ਆਈਨਸਟਾਈਨ ਦੀ ਝੋਲੀ ਪਾ ਦਿੱਤਾ। ਯਮਰਾਜ ਕੋਲ ਬੈਠੇ ਨਿਊਟਨ ਨੂੰ ਕਾਂਬਾ ਛਿੜ ਗਿਆ। ਕੌਟਲਿਆ ਦੇ ਵੀ ਹੋਸ਼ ਉਡੇ ਨੇ ਜੋ ਅੱਕ ਕੇ ਬੋਲਿਐ, ‘ਖਾਨੇ ਖਾਲੀ ਨੇ ਤਾਂ ਮੇਰੇ ਵਾਲਾ ਅਰਥਸ਼ਾਸਤਰ ਪੜ੍ਹ ਲਓ।’
                ‘ਬੱਕਰਾ ਰੋਵੇ ਸਵਾਸ ਨੂੰ, ਕਸਾਈ ਰੋਵੇ ਮਾਸ ਨੂੰ।’ ਜਦੋਂ ਗੱਲਾਂ ਦੇ ਕੜਾਹ ਨਾਲ ਸਰਦਾ ਹੋਵੇ, ਫਿਰ ਸ਼ਾਸਤਰ ਕਿਉਂ ਪੜ੍ਹੀਏ। ਗੱਲ ਏਹ ਵੀ ਠੀਕ ਹੈ। ਪੜ੍ਹਾਈ ਦੀ ਕਦਰ ਪੈਂਦੀ ਤਾਂ ਸੰਗਰੂਰ ’ਚ ਪਾੜ੍ਹੇ ਕਾਹਤੋਂ ਗੱਜਦੇ। ਰੋਮ ਰੋਮ ’ਚ ਦੇਸ਼ ਭਗਤੀ ਹੈ, ਫਿਰ ਵੀ ਬਲੀ ਦਾ ਬੱਕਰਾ ਬਣੇ ਹੋਏ ਨੇ। ਪਰਨੇ ਵਾਲਾ ਫਿਰ ਮਨ ਦੀ ਦੇਹਲੀ ’ਤੇ ਖੜ੍ਹਾ ਹੋਇਐ। ਗੁੱਸੇ ’ਚ ਲੱਗਦੈ, ਤਾਹੀਂ ਉੱਚੀ ਬੋਲਿਐ, ‘ਬੰਸਰੀ ਵਾਲਿਆਂ ਨੂੰ ਕਿਸੇ ਰੋਮ ਦੀ ਪ੍ਰਵਾਹ ਨਹੀਂ।’ ਗੱਲ ਏਹ ਵੀ ਠੀਕ ਹੈ। ਪੰਜਾਬ ਦੀ ਬੱਤੀ ਦੰਦਾਂ ’ਚ ਜੀਭ ਹੈ। ਫਿਰ ਸਭ ਠੀਕ ਕਿਵੇਂ ਕਹੀਏ। ਪੰਜਾਬ ਤਾਂ ਹੁਣ ਮਰ ਰਿਹੈ। ਹੰਸ ਰਾਜ ਹੰਸ ਨੇ ਸੰਸਦ ’ਚ ਸ਼ੇਅਰ ਬੋਲਿਆ ‘ਚਿਹਰਾ ਬਤਾ ਰਹਾ ਥਾ ਮਰਾ ਹੈ ਭੂਖ ਸੇ, ਲੋਕ ਬਤਾ ਰਹੇ ਹੈਂ ਕੁਛ ਖਾ ਕਰ ਮਰਾ ਹੈ।’ ਹੰਸ ਜੀ, ਰਹਿਣ ਦਿਓ ਸ਼ਾਇਰੀ ਨੂੰ, ਸਾਡੇ ਕੋਲ ਆਪਣਾ ‘ਮਿਰਜ਼ਾ ਗ਼ਾਲਿਬ’ ਹੈ। ਬੰਸਰੀ ਏਨੀ ਸੋਹਣੀ ਵਜਾਉਂਦੈ, ਕਿਆ ਬਾਤਾਂ ਨੇ।
               ਸੱਚਮੁੱਚ ਪੰਜਾਬ ਪਛਤਾ ਰਿਹੈ। ਕੋਈ ਵਾਲੀ-ਵਾਰਿਸ ਨਹੀਂ ਦਿਖਦਾ। ਪੁਰਾਣਾ ‘ਮਹਾਰਾਜਾ’ ਕਿਥੋਂ ਲੱਭੀਏ। ਟਕੋਰਾਂ ਹੁਣ ਵੱਡੇ ਬਾਦਲ ਵੀ ਨਹੀਂ ਮਾਰਦੇ। ‘ਹਿੰਦ ਚੀਨੀ, ਭਾਈ-ਭਾਈ’ ਬਣੇ ਲੱਗਦੇ ਨੇ। ਝਾਕਣ ਜੋਗੇ ਨਹੀਂ ਛੱਡੇ ਕਾਂਗਰਸੀ। ਪੰਜਾਬ ’ਚ ਬੰਸਰੀ ਬਾਦਲਾਂ ਦੀ ਵੀ ਬਹੁਤ ਵੱਜੀ। ਫਰਕ ਏਨਾ ਕੁ ਪਿਐ, ਬੰਸਰੀ ਦੇ ਮਾਲਕ ਬਦਲੇ ਨੇ। ਗੱਲ ਏਹ ਵੀ ਠੀਕ ਹੈ। ਪਰਨੇ ਵਾਲਾ ਫੇਰ ਪੈਰ ਚੁੱਕ ਕੇ ਪਿਐ, ‘ਕੀ ਠੀਕ ਠੀਕ ਲਾ ਰੱਖੀ ਹੈ’। ਸੁਣੋ, ਏਨਾ ਗੁੱਸਾ ਠੀਕ ਨਹੀਂ ਭਾਈ ਸਾਹਿਬ। ਪੰਜਾਬ ਕੀ, ਪੂਰਾ ਦੇਸ਼ ਤਪਿਆ ਪਿਐ, ਏਹ ਧੁਨਾਂ ਕੱਢ ਰਹੇ ਨੇ, ਏਨਾਂ ਦਾ ਹੱਲ ਕੌਣ ਕਰੂ। ਮੂੰਹ ਤੋਂ ਪਰਨਾ ਲਾਹਿਆ ਤੇ ਦਹਾੜਿਆ, ‘ਇਨ੍ਹਾਂ ਨੂੰ ਵੀ ਕੋਈ ਟੱਕਰੂ ਬੰਸਰੀ ਵਾਲਾ’। ਉਹ… ਛੱਜੂ ਰਾਮਾ ਤੂੰ ਸੀ..!

Friday, September 13, 2019

                              ਨਸੀਬ ਹੋਏ ਕਾਲੇ
                    ਮੇਰਾ ਪੁੱਤ ਤਾਂ ਲੱਗ ਗਿਐ..
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀ ਟੇਲ ’ਤੇ ਪੈਂਦੀ ਰਾਮਾਂ ਮੰਡੀ। ਮੰਡੀ ਦੀ ਕਮਾਲੂ ਰੋਡ ’ਤੇ ਛੋਟੀ ਜੇਹੀ ਦੁਕਾਨ। ਦੁਕਾਨ ਦੇ ਫੱਟੇ ’ਤੇ ਬੈਠੀ ਇੱਕ ਬਜ਼ੁਰਗ ਮਾਂ। ਜਦੋਂ ਮੇਜਰ ਸਿੰਘ ਕਮਾਲੂ ਨੇ ਇਸ ਮਾਂ ਨੂੰ ਇੱਕ ਪੈਂਫ਼ਲਿਟ ਫੜਾਇਆ। ਉਹ ਪੜ੍ਹ ਤਾਂ ਨਾ ਸਕੀ ਤੇ ਪੈਂਫ਼ਲਿਟ ਦੇ ਅੱਖਰਾਂ ਚੋ ਇੱਕ ਆਸ ਦਿੱਖੀ। ਨੌਜਵਾਨ ਕਮਾਲੂ ਨੇ ਹੱਥ ਜੋੜ ਅਰਜੋਈ ਕੀਤੀ, ‘ਸਾਥ ਦਿਓ ਬੇਬੇ, ਤਾਂ ਜੋ ਪੁੱਤ ਚਿੱਟੇ ’ਤੇ ਨਹੀਂ, ਰੁਜ਼ਗਾਰ ’ਤੇ ਲੱਗਣ’। ਬਜ਼ੁਰਗ ਮਾਂ ਨੇ ਹੌੌੌੌਂਕਾ ਭਰਿਆ, ‘ਮੇਰਾ ਪੁੱਤ ਤਾਂ ਲੱਗ ਗਿਐ’। ਕਮਾਲੂ ਨੂੰ ਥੋੜਾ ਧਰਵਾਸ ਬੱਝਾ, ‘ਕਿੰਨੀ ਕੁ ਤਨਖਾਹ ਐ, ਮੁੰਡੇ ਕਿਥੇ ਲੱਗਾ ਬੇਬੇ’। ਮਾਂ ਨੇ ਹੂੰਗਰ ਮਾਰੀ, ‘‘ਚਿੱਟੇ’ ਤੇ ਲੱਗਾ, ਨਾ ਛੇੜੇ ਛੇੜੋ’। ਇੱਕੋ ਪੁੱਤ ਹੈ, ਹੁਣ ਨਸ਼ਾ ਛੁਡਾਊ ਕੇਂਦਰ ’ਚ ਪਿਐ। ਇਕੱਲਾ ਕਮਾਲੂ ਨਹੀਂ, ਉਸ ਦੇ ਸਾਥੀ ਵੀ ਸੁਣ ਕੇ ਸੁੰਨ ਹੋ ਗਏ। ਚੇਤੰਨ ਮੁੰਡਿਆਂ ਦੀ ਟੋਲੀ ਨੇ ਅਗਲੇ ਘਰ ਦਾ ਬੂਹਾ ਖੜਕਾਇਆ। ਬੂਹਾ ਖੁੱਲ੍ਹਾ, ਅੰਦਰੋਂ ਅੌਰਤ ਆਈ। ਪੈਂਫ਼ਲਿਟ ਫੜਨ ਤੋਂ ਪਹਿਲਾਂ ਅੰਦਰਲਾ ਫਰੋਲ ਦਿੱਤਾ, ‘ ਦੋ ਪੁੱਤ ਨੇ ਮੇਰੇ, ਇੱਕ ਚਿੱਟੇ ਤੇ ਲੱਗ ਗਿਆ, ਕੇਂਦਰ ’ਚ ਇਲਾਜ ਕਰਾਉਣ ਚਲੀ ਗਈ, ਪਿਛੋਂ ਦੂਜਾ ਵੀ ਲੱਗ ਗਿਆ’। ਹੁਣ ਧੂਹ ਇਨ੍ਹਾਂ ਮੁੰਡਿਆਂ ਦੇ ਅੰਦਰ ਤੱਕ ਪਈ। ਦੂਸਰੀ ਗਲੀ ’ਚ ਦੋ ਅੌਰਤਾਂ ਨੇ ਇੱਕੋ ਸਾਹ ਇਸ ਟੋਲੀ ਨੂੰ ਦੱਸਿਆ, ਸ਼ਰੇਆਮ ਵਿਕਦੈ ਚਿੱਟਾ, ਗਲੀ ’ਚ ਪਈਆਂ ਸਰਿੰਜਾਂ ਵੀ ਦਿਖਾਈਆਂ। ਨੇੜਲੇ ਰਜਵਾਹੇ ’ਤੇ ਖੜ੍ਹੇ 8 ਨਸ਼ੇੜੀ ਮੁੰਡੇ ਇਸ ਟੋਲੀ ਨੂੰ ਦੇਖ ਕੇ ਪਹਿਲਾਂ ਖਿਸਕਣ ਲੱਗੇ, ਫਿਰ ਬਾਂਹਾਂ ’ਤੇ ਲੱਤਾਂ ਦਿਖਾਉਣ ਲੱਗੇ, ਸਰਿੰਜਾਂ ਨਾਲ ਵਿੰਨੇ ਹੋਏ ਸਨ।
        ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਕਾਰਕੁੰਨ ਇਸੇ ਹਫਤੇ ਰਾਮਾਂ ਮੰਡੀ ਦੇ ਘਰੋਂ ਘਰੀਂ ਗਏ। ਨਸ਼ਿਆਂ ਤੋਂ ਜਗਾਉਣ ’ਤੇ ਲਾਮਬੰਦ ਕਰਨ ਵਾਸਤੇ। ਕਾਰਕੁੰਨ ਪੁਨੀਤ ਬਾਂਸਲ ਤੇ ਲਾਭ ਰਾਮਾਂ ਦੱਸਦੇ ਹਨ ਕਿ ਜਦੋਂ ਉਹ ਨਵੀਂ ਬਸਤੀ ਪੁੱਜੇ। ਤਿੰੰਨ ਮੁੰਡੇ ਚਿੱਟੇ ਲੈ ਰਹੇ ਸਨ, ਦੋ ਦੇਖ ਕੇ ਭੱਜ ਗਏ, ਤੀਸਰੇ ਦੀ ਹਿੰਮਤ ਦਾ ਰਾਹ ਚਿੱਟੇ ਨੇ ਰੋਕ ਲਿਆ। ਦੂਸਰੀ ਗਲੀ ਵਿਚ ਗਏ ਜਿਥੇ ਦੋ ਅੌਰਤਾਂ ਬੈਠੀਆਂ ਸਨ। ਜਦੋਂ ਕਾਰਕੁੰਨਾਂ ਨੇ ਗੱਲ ਤੋਰੀ ਤਾਂ ਬਜ਼ੁਰਗ ਮਾਂ ਹੱਥ ਜੋੜ ਤਰਲੇ ਮਾਰਨ ਲੱਗੀ। ਨੇੜੇ ਹੀ ਮੰਜੇ ’ਤੇ ਇੱਕ ਲੜਕੀ ਨਸ਼ੇ ’ਚ ਟੁੰਨ ਮੇਲ ਰਹੀ ਸੀ। ਬਜ਼ੁਰਗ ਮਾਂ ਨੇ ਦੱਸਿਆ ‘ਕੁਝ ਨਹੀਂ ਛੱਡਦੀ, ਪੈਂਚਰ ਲਾਉਣ ਵਾਲੇ ਸਲੋਸ਼ਨ ਦੀਆਂ ਕਈ ਕਈ ਟਿਊਬਾਂ ਪੀ ਜਾਂਦੀ ਹੈ।’ ਮਾਂ ਨੇ ਧੀ ਦੇ ਇਲਾਜ ਦਾ ਵਾਸਤਾ ਪਾਇਆ। ਇੱਕ ਹੋਰ ਲੜਕੀ ਦੇ ਮਾਪਿਆਂ ਨੇ ਇਹੋ ਗੱਲ ਆਖੀ, ‘ਸਰੀਰ ਸਰਿੰਜਾਂ ਨਾਲ ਵਿੰਨ੍ਹਿਆ ਪਿੱਟ’। ਰਾਮਾਂ ਮੰਡੀ ਵਿਚ ਇੱਕ ਨਾਬਾਲਗ ਕੁੜੀ ਚਿੱਟਾ ਲੈਂਦੀ ਹੈ ਜੋ ਐਚ.ਆਈ.ਵੀ ਪੀੜਤ ਹੈ। ਕਰੀਬ ਸੱਤ ਅੱਠ ਕੁੜੀਆਂ ‘ਚਿੱਟੇ’ ਦੀ ਲਪੇਟ ’ਚ ਹਨ। ਨਸ਼ਾ ਵਿਰੋਧੀ ਮੰਚ ਦੇ ਜਸਵੀਰ ਚੱਠਾ ਤੇ ਸੁਖਮੰਦਰ ਗੁਰੂਸਰ ਦਾ ਤਰਕ ਠੀਕ ਜਾਪਿਆ, ਰਾਮਾਂ ਮੰਡੀ ’ਚ ਏਨਾ ਚਿੱਟਾ ਵਿਕਦੈ, ਫਿਰ ਵੀ ਥਾਣੇ ’ਚ ਚਿੱਟੇ ਦੇ ਪਰਚੇ ਦਰਜ ਕਿਉਂ ਨਹੀਂ ਹੁੰਦੇ।’
                   ਲੰਘੇ ਐਤਵਾਰ ਬਠਿੰਡਾ ਰੇਂਜ ਦੇ ਆਈ.ਜੀ ਸ੍ਰੀ ਐਮ.ਐਫ.ਫਾਰੂਕੀ ਨੇ ਰਾਮਾਂ ਮੰਡੀ ’ਚ ਨਸ਼ਾ ਵਿਰੋਧੀ ਦਰਬਾਰ ਲਾਇਆ। ਜਦੋਂ ਮੰਡੀ ਦੀ ਤਰਾਸ਼ਦੀ ਦਾ ਪਤਾ ਲੱਗਾ, ਫੌਰੀ ਐਸ.ਐਚ.ਓ ਮੁਅੱਤਲ ਕਰ ਦਿੱਤਾ। ਕੈਪਟਨ ਸਰਕਾਰ ਦੀ ਵੀ ਫੁਰਤੀ ਦੇਖੋ, ਉਦੋਂ ਹੀ ਆਈ.ਜੀ ਫਾਰੂਕੀ ਨੂੰ ਬਦਲ ਦਿੱਤਾ। ਨੌਜਵਾਨ ਕਾਰਕੁੰਨ ਵਿਨੋਦ ਜੈਨ ਦੱਸਦਾ ਹੈ ਕਿ ਰਿਫਾਈਨਰੀ ਕਰਕੇ ਬਾਹਰੋਂ ਬਹੁਤ ਲੇਬਰ ਆਈ ਹੈ, ਨਾਲ ਹੀ ਨਸ਼ਿਆਂ ਦੇ ਅੱਡੇ ਤੇ ਜੂਏ ਦੇ ਅੱਡੇ ਵੀ ਆ ਗਏ। ਪੂਰੀ ਮੰਡੀ ਚਿੱਟੇ ਦਾ ਦਰਦ ਹੰਢਾ ਰਹੀ ਹੈ। ਸ਼ਹਿਰ ’ਚ ਸੇਠਾਂ ਦੇ ਮੁੰਡੇ ਵੀ ਇਸ ਤੋਂ ਬਚ ਨਹੀਂ ਸਕੇ। ਕੁਝ ਸ਼ਹਿਰੀ ਲੋਕ ਦੱਸਦੇ ਹਨ ਕਿ ਰਾਮਾਂ ਮੰਡੀ ਚੋਂ ਕਰੀਬ ਪੰਜ ਛੇ ਫੀਸਦੀ ਪਰਿਵਾਰ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਉਣ ਤੇ ਪੜਾਉਣ ਲਈ ਬਠਿੰਡਾ ਸ਼ਿਫਟ ਕਰ ਗਏ ਹਨ। ਨਵੀਂਆਂ ਕੋਠੀਆਂ ਦੀ ਉਸਾਰੀ ਘੱਟ ਗਈ ਹੈ। ਦੋ ਹਫਤੇ ਪਹਿਲਾਂ ਸ਼ਹਿਰ ’ਚ ਸਭ ਨੇ ਅੱਖੀਂ ਦੇਖਿਆ। ਇੱਕ ਨਸ਼ੇੜੀ ਅੱਗੇ ਅੱਗੇ ਤੇ ਮਾਂ ਪਿਛੇ ਪਿਛੇ ਭੱਜੀ। ਪਤਾ ਲੱਗਾ ਕਿ ਨਸ਼ੇੜੀ ਪੁੱਤ ਘਰੋਂ ਮਾਂ ਦੇ ਸੂਟ ਲੈ ਕੇ ਭੱਜ ਆਇਆ। ਮਾਂ ਨੇ ਪਿਛੇ ਪੈ ਕੇ ਸੂਟ ਖੋਹੇ। ਰਾਮਾਂ ਮੰਡੀ ਦੇ ਸਾਬਕਾ ਐਮ.ਸੀ ਅਤੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਕ੍ਰਿਸ਼ਨ ਕਾਲਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਹੋਰ ਕੁਝ ਨਹੀਂ ਤਾਂ ਮੰਡੀ ਦੇ ਹਸਪਤਾਲ ’ਚ ਨਸ਼ਾ ਛੁਡਾਊ ਕੇਂਦਰ ਹੀ ਖੋਲ ਦਿਓ। ਨਸ਼ੇ ਨੇ ਮੰਡੀ ਖੋਖਲੀ ਕਰ ਦਿੱਤੀ ਤੇ ਉਪਰੋਂ ਚੋਰੀਆਂ ਸ਼ਰੇਆਮ ਵਧ ਗਈਆਂ ਹਨ। ਉਨ੍ਹਾਂ ਆਖਿਆ ਕਿ ਪੁਲੀਸ ਤਾਂ ਚਿੱਟਾ ਹਾਥੀ ਹੈ।
       ਦੱਸਦੇ ਹਨ ਕਿ ਰਾਮਾਂ ਮੰਡੀ ਤੋਂ ਸਿੱਧੀ ਲਿੰਕ ਸੜਕ ਦਾ ਰਾਹ ਹਰਿਆਣਾ ’ਚ ਖੁੱਲ੍ਹਦਾ ਹੈ। ਲਿੰਕ ਸੜਕ ’ਤੇ ਏਨੀ ਭੀੜ ਹੁੰਦੀ ਹੈ ਕਿ ਪੁਲੀਸ ਦੇ ਵੀ ਨਜ਼ਰ ਨਹੀਂ ਪੈਂਦੀ। ਲੋਕ ਚਰਚਾ ਕਰਦੇ ਹਨ ਕਿ ਹਾਕਮ ਧਿਰ ਦੇ ਲੀਡਰਾਂ ਦੀ ਨੀਅਤ ਵਿਚ ਖੋਟ ਹੈ ਅਤੇ ਪੁਲੀਸ ਅਫਸਰਾਂ ਦੇ ਦਿਲ ਵੀ ਕਾਲੇ ਹਨ। ਤਸਵੀਰ ਦਾ ਦੂਸਰਾ ਪਾਸਾ ਵੀ ਧੁੰਦਲਾ ਹੈ। ਰਾਮਾਂ ਮੰਡੀ ਵਿਚ ਮੁੰਡਿਆਂ ਦਾ ਕੋਈ ਸੀਨੀਅਰ ਸੈਕੰਡਰੀ ਸਕੂਲ ਨਹੀਂ। ਖੇਡਣ ਲਈ ਮੈਦਾਨ ਨਹੀਂ। ਸਟੇਡੀਅਮ ਕਈ ਵਰ੍ਹਿਆਂ ਤੋਂ ਅੱਧ ਵਿਚਾਲੇ ਪਿਆ ਹੈੈੈੈੈੈੈੈੈੈੈੈੈੈੈੈੈੈੈ। ਮੰਡੀ ’ਚ ਹਸਪਤਾਲ ਤਾਂ ਹੈ,ਜਿਥੇ ਵਰ੍ਹਿਆਂ ਮਗਰੋਂ ਹੁਣ ਡਾਕਟਰ ਪੁੱਜੇ ਹਨ। ਮੰਡੀ ਨਾ ਸਬ ਤਹਿਸੀਲ ਬਣ ਸਕੀ ਹੈ ਅਤੇ ਨਾ ਹੀ ਬਲਾਕ। ਬੱਸ ਅੱਡਾ ਤਾਂ ਹੈ ਪ੍ਰੰਤੂ ਹੁਣ ਬੱਸਾਂ ਦੀ ਗਿਣਤੀ ਘੱੱੱੱੱੱੱੱੱੱੱੱੱੱੱੱੱੱੱੱਟ ਰਹਿ ਗਈ ਹੈ।  ਰਾਮਾਂ ਮੰਡੀ ਦਾ ਪੁਰਾਣਾ ਨਕਸ਼ਾ ਦੇਖੀਏ ਤਾਂ ਸਾਲ 1986 ਤੋਂ ਪਹਿਲਾਂ ਅੰਗੂਰਾਂ ਦੀ ਮੰਡੀ ਵਜੋਂ ਮਸ਼ਹੂਰ ਸੀ। ਫਿਰ 1998 ਤੋਂ ਪਹਿਲਾਂ ‘ਚਿੱਟੇ ਸੋਨੇ’ ਦੀ ਮੰਡੀ ਵਜੋਂ ਉਭਰੀ। ਅੱਠ ਕਪਾਹ ਮਿੱਲਾਂ ਸਨ ਅਤੇ ਮਾਰਕਫੈਡ ਦੀ ਸਰਕਾਰੀ ਮਿੱਲ ਵੀ। ਹੁਣ ਇੱਕ ਕਪਾਹ ਮਿੱੱੱੱੱੱੱੱੱੱੱੱੱੱੱੱੱਲ ਬਚੀ ਹੈ। ਕੋਈ ਸਰਕਾਰੀ ਜਿੰਮ ਵੀ ਨਹੀਂ। ਲੀਡਰ ਸਿਰਫ਼ ਚੋਣਾਂ ਵੇਲੇ ਆਉਂਦੇ ਹਨ। ਸੀਵਰੇਜ ਦਾ ਪਾਣੀ ਮਿਕਸ ਹੋ ਕੇ ਟੂਟੀਆਂ ’ਚ ਪੁੱਜ ਰਿਹੈ। ਕਾਰੋਬਾਰੀ ਲੋਕ ਆਖਦੇ ਹਨ ਕਿ ਉਨ੍ਹਾਂ ਨੇ ਵਿਕਾਸ ਦੀ ਪੁੜੀ ਮੰਗੀ ਸੀ, ਵਿਕਣ ਚਿੱਟੇ ਦੀ ਪੁੜੀ ਲੱਗ ਗਈ। ਟੇਲ ਤੇ ਪੈਣ ਕਰਕੇ ਇਹ ਮੰਡੀ ਹੁਣ ਚੰਡੀਗੜੋਂ ਦਿਖਦੀ ਨਹੀਂ। ਲੋਕਾਂ ’ਚ ਸ਼ਹਿਮ ਹੈ ਅਤੇ ਪੀੜਤ ਮਾਪੇ ਬੇਵੱਸ ਹਨ। ਪੁਲੀਸ ਕਾਹਤੋਂ ਬੇਵੱਸ ਹੈ, ਲੋਕ ਜੁਆਬ ਤਲਾਸ਼ ਰਹੇ ਹਨ।
   


Thursday, September 12, 2019

                                                              ਸਟੱਡੀ ਵੀਜ਼ਾ 
                        ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ਼
                                                             ਚਰਨਜੀਤ ਭੁੱਲਰ
ਬਠਿੰਡਾ : ਨਰਮਾ ਪੱਟੀ ’ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਪੱੁਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ’ਤੇ ਲੱਗਾ  ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰੇ੍ਹ ਤੋਂ ਇਸ ਖ਼ਿੱਤੇ ’ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ। ਕੋਈ ਵੇਲਾ ਸੀ ਜਦੋਂ ਖੇਤੀ ਸੰਕਟ ’ਚ ਕਿਸਾਨ ਨਵੇਂ ਟਰੈਕਟਰ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਸਨ। ਵਕਤ ਨੇ ਮੁੜ ਕਰਵਟ ਲਈ ਹੈ। ਪਿੰਡ ਚੱਕ ਬਖਤੂ ’ਚ ਦੋ ਪਰਿਵਾਰਾਂ ਨੇ ਆਪਣੇ ਮੁੰਡੇ ਤੇ ਕੁੜੀ ਨੂੰ ਸਟੱਡੀ ਵੀਜ਼ੇ ’ਤੇ ਭੇਜਣ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ। ਨਾਲੇ ਸਾਰੇ ਪਸ਼ੂ ਵੇਚ ਦਿੱਤੇ। ਗਿੱਲ ਖੁਰਦ ਦੇ ਇੱਕ ਘਰ ਨੂੰ ਇਕੱਲੀ ਜ਼ਮੀਨ ਨਹੀਂ, ਟਰੈਕਟਰ ਵੀ ਵੇਚਣਾ ਪਿਆ। ਮੰਡੀ ਕਲਾਂ ’ਚ ਇੱਕ ਘਰ ਨੇ ਫੀਸਾਂ ਲਈ ਜ਼ਮੀਨ ਵੇਚੀ। ਜਹਾਜ਼ ਦੀ ਟਿਕਟ ਲਈ ਪਸ਼ੂ ਵੇਚਣੇ ਪਏ ਹਨ। ਲਹਿਰਾ ਖਾਨਾ ਤੇ ਭੁੱਚੋ ਖੁਰਦ ਦੇ ਘਰਾਂ ’ਚ ਏਦਾਂ ਹੋਇਆ ਹੈ ਕਿ ਮਾਵਾਂ ਨੇ ਸਾਂਭ ਸਾਂਭ ਕੇ ਰੱਖੇ ਗਹਿਣੇ ਹੁਣ ਗਿਰਵੀ ਕੀਤੇ ਹਨ।
                  ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ’ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ ਜਿਨ੍ਹਾਂ ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ’ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਇੱਕ ਪਰਿਵਾਰ ਨੂੰ ਤਾਂ ਆਪਣੀ ਧੀ ਨੂੰ ਆਈਲੈੱਟਸ ਕਰਾਉਣ ਖਾਤਰ ਹੀ ਗਹਿਣੇ ਗਿਰਵੇ ਰੱਖਣੇ ਪਏ ਹਨ। ਇਵੇਂ ਹੀ ਮਾਲਵਾ ਖ਼ਿੱਤੇ ’ਚ ਤਲਵੰਡੀ ਸਾਬੋ, ਬਰਨਾਲਾ, ਮੋਗਾ, ਜ਼ੀਰਾ, ਮਲੋਟ ਤੇ ਕੋਟਕਪੂਰਾ ’ਚ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮੋਗਾ ਦੇ ਟਰੈਕਟਰ ਵਪਾਰੀ ਮਸਤਾਨ ਸਿੰਘ ਦੱਸਦੇ ਹਨ ਕਿ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਟਰੈਕਟਰ ਵੀ ਵੇਚ ਰਹੇ ਹਨ।
               ਤਲਵੰਡੀ ਸਾਬੋ ਦੀ ਮੰਡੀ ਦੇ ਟਰੈਕਟਰ ਵਪਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਹਰ ਹਫਤੇ ਛੇ ਸੱਤ ਕਿਸਾਨ ਨਵੇਂ ਟਰੈਕਟਰ ਵੇਚਣ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਭੇਜਣੇ ਹੁੰਦੇ ਹਨ। ਸੂਤਰ ਦੱਸਦੇ ਹਨ ਕਿ ਕੋਟਬਖਤੂ ਦੇ ਇੱਕ ਘਰ ਨੇ ਸਟੱਡੀ ਵੀਜ਼ਾ ਲੱਗਣ ਮਗਰੋਂ ਟਰੈਕਟਰ ਵੀ ਵੇਚਿਆ ਹੈ। ਦੇਖਿਆ ਗਿਆ ਕਿ ਮੰਡੀਆਂ ਵਿਚ ਖੇਤੀ ਸੰਦ ਨਹੀਂ, ਮਾਪਿਆਂ ਨੂੰ ਅਰਮਾਨ ਵੇਚਣੇ ਪੈਂਦੇ ਹਨ। ਦੁਆਬੇ ਮਗਰੋਂ ਮਾਲਵੇ ਵਿਚ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦਾ ਰੁਝਾਨ ਇਕਦਮ ਤੇਜ਼ ਹੋਇਆ ਹੈ। ਰੁਜ਼ਗਾਰ ਦੀ ਕਮੀ ਤੇ ‘ਚਿੱਟੇ’ ਦੇ ਧੰੂਏਂ ਤੋਂ ਬਚਾਓ ਲਈ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰਾਹ ਪਏ ਹਨ, ਚਾਹੇ ਕਿੰਨੇ ਵੀ ਪਾਪੜ ਕਿਉਂ ਨਾ ਵੇੇਲਣੇ ਪੈਣ। ਫਿਰੋਜ਼ਪੁਰ ਦੇ ਪਿੰਡ ਪੋਨੇ ਕੇ ਉਤਾਰ ਦੇ ਇੱਕ ਘਰ ਦੀ ਵਿਥਿਆ ਨਵੇਂ ਸੰਕਟ ਨੂੰ ਦੱਸਣ ਲਈ ਕਾਫ਼ੀ ਹੈ। ਇਸ ਘਰ ਦੇ ਬਜ਼ੁਰਗ ਮਾਲਕ ਦੀ ਪਹਿਲੋਂ ਮੌਤ ਹੋ ਗਈ। ਪੂਰੀ ਜ਼ਮੀਨ ਵੇਚ ਕੇ ਮੁੰਡਾ ਵਿਦੇਸ਼ ਭੇਜ ਦਿੱਤਾ। ਮਗਰੋਂ ਮਾਂ ਦੀ ਮੌਤ ਹੋ ਗਈ ਤੇ ਮਾਂ ਦੇ ਸਸਕਾਰ ਤੇ ਭੋਗ ’ਤੇ ਵੀ ਪੁੱਤ ਨਾ ਆ ਸਕਿਆ।ਬਰ ਨਾਲਾ ਦੇ ਪਿੰਡ ਢਿਲਵਾਂ ਦੇ ਇੱਕ ਪਰਿਵਾਰ ਨੂੰ ਪੂਰੀ ਜ਼ਮੀਨ ਗਹਿਣੇ ਕਰਨੀ ਪਈ ਹੈ। ਲੜਕੇ ਵਿਦੇਸ਼ ਭੇਜਣ ਲਈ। ਮਜਬੂਰੀ ਦਾ ਸਿਰਾ ਹੈ ਕਿ ਮਾਪੇ ਦੁਧਾਰੂ ਪਸ਼ੂ ਵੀ ਵੇਚਣ ਦੇ ਰਾਹ ਪਏ ਰਹੇ ਹਨ।
                 ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਮੌੜ ਮੰਡੀ ਦੇ ਪ੍ਰਧਾਨ ਪਰਮਜੀਤ ਸਿੰਘ ਮਾਟਾ ਦੱਸਦੇ ਹਨ ਕਿ ਪਸ਼ੂ ਮੇਲਿਆਂ ਵਿਚ 60 ਫੀਸਦੀ ਪਸ਼ੂ ਮਜਬੂਰੀ ਦੇ ਭੰਨੇ ਵੇਚ ਰਹੇ ਹਨ ਜਿਨ੍ਹਾਂ ਵਿਚ ਸਟੱਡੀ ਵੀਜ਼ੇ ਵਾਲੇ ਵੀ ਸ਼ਾਮਿਲ ਹਨ। ਦੱਸ ਦੇਈਏ ਨਰਮਾ ਪੱਟੀ ਨੇ ਏਦਾਂ ਦੇ ਦਿਨ ਸਾਲ 1995 ਤੋਂ 2000 ਦੇ ਸਮੇਂ ਦੌਰਾਨ ਵੇਖੇ ਹਨ ਜਦੋਂ ਕਿਸਾਨ ਦਰਖ਼ਤ ਵੇਚ ਕੇ ਘਰਾਂ ਦਾ ਗੁਜ਼ਾਰੇ ਤੋਰਨ ਲਈ ਮਜਬੂਰ ਸਨ। ਹੁਣ ਪ੍ਰਵਾਸ ਖਾਤਰ ਪੁਰਾਣਾ ਵਰਤਾਰਾ ਜਨਮਿਆ ਹੈ। ਬਹੁਤੇ ਕਿਸਾਨ ਜ਼ਮੀਨਾਂ ਗਿਰਵੀ ਕਰ ਰਹੇ ਹਨ। ਇਸੇ ਆਸ ਤੇ ਉਮੀਦ ਨਾਲ ਕਿ ਬੱਚੇ ਵਿਦੇਸ਼ ਰੋਟੀ ਪੈਣ ਮਗਰੋਂ ਜ਼ਮੀਨਾਂ ਨੂੰ ਛੁਡਵਾ ਲੈਣਗੇ। ਮੁਕਤਸਰ ਦੇ ਦੋਦਾ ਦੇ ਨੌਜਵਾਨ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ਤੇ ਵਾਹੁਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਮਾਜ ’ਚ ਪਰਦਾ ਵੀ ਰਹਿ ਜਾਂਦਾ ਹੈ। ਦੇਖਿਆ ਜਾਵੇ ਕਿ ਇਕੱਲਾ ਵਿਦੇਸ਼ ਵਿਚ ਸਰਮਾਇਆ ਹੀ ਨਹੀਂ ਜਾ ਰਿਹਾ, ਪਿੱਛੇ ਘਰ ਵੀ ਖਾਲੀ ਹੋ ਰਹੇ ਹਨ। ਮਾਪਿਆਂ ਕੋਲ ਇਕੱਲੀਆਂ ਉਮੀਦਾਂ ਬਚੀਆਂ ਹਨ।
                 ਪੈਸੇ ਵਾਲੇ ਕੁੜੀ ਦੀ ਤਲਾਸ਼..
ਨਵਾਂ ਰੁਝਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੜਕਿਆਂ ਦੇ ਚੰਗੇ ਬੈਂਡ ਆਏ ਹਨ, ਉਹ ਵੀ ਏਦਾਂ ਦੀ ਕੁੜੀ ਤਲਾਸ਼ਦੇ ਹਨ ਜੋ ਵਿਦੇਸ਼ ਦਾ ਖਰਚਾ ਚੁੱਕ ਸਕੇ। ਰਾਮਪੁਰਾ ਦੇ ਮੈਰਿਜ ਬਿਊਰੋ ਵਾਲੇ ਸੁਖਦੀਪ ਸਿੰਘ ਦੀਪਾ ਨੇ ਦੱਸਿਆ ਕਿ ਇਲਾਕੇ ਦੇ ਤਿੰਨ ਚਾਰ ਮੁੰਡੇ ਅਜਿਹੀਆਂ ਕੁੜੀਆਂ ਦੀ ਭਾਲ ’ਚ ਹਨ। ਚੰਗੇ ਬੈਂਡ ਲੈਣ ਵਾਲੀਆਂ ਲੜਕੀਆਂ ਦੀ ਪਹਿਲਾਂ ਹੀ ਏਦਾਂ ਦੀ ਵੁੱਕਤ ਬਣੀ ਹੋਈ ਹੈ।
   


Wednesday, September 11, 2019

                                                            ਖ਼ਜ਼ਾਨੇ ਦੀ ਲੁੱਟ
                       ਹਵਾਈ ਯਾਤਰੀ ਨੂੰ 3300 ਰੁਪਏ ਦੀ ਸਬਸਿਡੀ !
                                                             ਚਰਨਜੀਤ ਭੁੱਲਰ
ਬਠਿੰਡਾ : ਜਦੋਂ ਸਰਕਾਰੀ ਖ਼ਜ਼ਾਨੇ ਦੇ ਮੂੰਹ ਖੱੁਲ੍ਹਦੇ ਹਨ ਤਾਂ ਹਵਾਈ ਜਹਾਜ਼ ਦੇ ‘ਖ਼ਾਸ ਯਾਤਰੀ’ ਬੁੱਲੇ ਲੁੱਟਦੇੇ ਹਨ। ਦੂਜੇ ਪਾਸੇ ਹਵਾਈ ਚੱਪਲ ਪਹਿਨਣ ਵਾਲੇ ਰੋਡਵੇਜ਼ ਦੀ ਲਾਰੀ ਜੋਗੇ ਰਹਿ ਜਾਂਦੇ ਹਨ। ਹੈਰਾਨੀ ਭਰੇ ਤੱਥ ਹਨ ਕਿ ਦਿੱਲੀ-ਬਠਿੰਡਾ ਦੇ ਹਵਾਈ ਸਫ਼ਰ ’ਚ ਪ੍ਰਤੀ ਯਾਤਰੀ 3311 ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ ਜਦੋਂ ਕਿ ਸਰਕਾਰੀ ਬੱਸ ਦੇ ਮੁਸਾਫ਼ਰ ਬਠਿੰਡਾ-ਦਿੱਲੀ ਦੇ ਸਫ਼ਰ ਦੌਰਾਨ ਕਰੀਬ 65 ਰੁਪਏ ਇਕੱਲਾ ਟੈਕਸ ਤਾਰਦੇ ਹਨ। ਜੋ ਬੱਸ ਕਿਰਾਇਆ ਹੈ, ਉਹ ਵੱਖਰਾ ਹੈ। ਕੇਂਦਰ ਸਰਕਾਰ ਨੇ 21 ਅਕਤੂਬਰ 2016 ਨੂੰ ਖੇਤਰੀ ਸੰਪਰਕ ਸਕੀਮ ‘ਉਡਾਣ’ ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਅਰਾ ਦਿੱਤਾ ਸੀ ਕਿ ‘ਉੱਡੇ ਦੇਸ਼ ਕਾ ਆਮ ਨਾਗਰਿਕ’। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਸਫ਼ਰ ਕਰ ਸਕੇਗਾ। ਪੰਜਾਬ ਵਿਚ ਇਸ ਵੇਲੇ ਖੇਤਰੀ ਸੰਪਰਕ ਸਕੀਮ ਤਹਿਤ ਬਠਿੰਡਾ, ਲੁਧਿਆਣਾ, ਆਦਮਪੁਰ ਤੇ ਪਠਾਨਕੋਟ ਦੇ ਹਵਾਈ ਅੱਡਿਆਂ ਤੋਂ ਉਡਾਣਾਂ ਚੱਲ ਰਹੀਆਂ ਹਨ। ਦੇਸ਼ ਭਰ ਦੇ ਕਰੀਬ 40 ਹਵਾਈ ਅੱਡੇ ਇਸ ਸਕੀਮ ਤਹਿਤ ਲਿਆਂਦੇ ਗਏ ਹਨ ਅਤੇ 186 ਰੂਟਾਂ ਤੋਂ ਸਬਸਿਡੀ ਵਾਲੀ ਸਹੂਲਤ ਦਿੱਤੀ ਗਈ ਹੈ।
                ਕੇਂਦਰੀ ਹਵਾਈ ਮੰਤਰਾਲੇ ਅਨੁਸਾਰ ਪੰਜਾਬ ਦੀਆਂ ਹਵਾਈ ਉੱਡਾਣਾ ’ਤੇ ਮੋਟੇ ਅੰਦਾਜ਼ੇ ਅਨੁਸਾਰ ਸਲਾਨਾ ਕਰੀਬ 30 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਮੰਤਰਾਲੇ ਅਨੁਸਾਰ ਬਠਿੰਡਾ ਦਿੱਲੀ ਉਡਾਣ ਲਈ ਅਨੁਮਾਨਿਤ ਸਲਾਨਾ ਸਬਸਿਡੀ (ਵੀਜੀਐਫ) 8.46 ਕਰੋੜ ਰੁਪਏ ਰੱਖੀ ਗਈ ਹੈ। ਬਠਿੰਡਾ ਦਿੱਲੀ ਉਡਾਣ ਦਾ ਇੱਕ ਪਾਸੇ ਦਾ ਕਿਰਾਇਆ 1260 ਰੁਪਏ ਰੱਖਿਆ ਗਿਆ ਹੈ। ਬਠਿੰਡਾ ਦਿੱਲੀ ਲਈ 70 ਸੀਟਾਂ ਵਾਲਾ ਜਹਾਜ਼ ਚੱਲਦਾ ਹੈ ਜਿਸ ਦੀਆਂ ਪਹਿਲੀਆਂ 35 ਸੀਟਾਂ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਪ੍ਰਤੀ ਯਾਤਰੀ ਕਰੀਬ 3311 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਜਿਸ ’ਚੋ 2648 ਰੁਪਏ ਕੇਂਦਰ ਸਰਕਾਰ ਅਤੇ 662 ਰੁਪਏ ਪੰਜਾਬ ਸਰਕਾਰ ਹਿੱਸੇਦਾਰੀ ਪਾਉਂਦੀ ਹੈ। ਸਬਸਿਡੀ ਕਰਕੇ ਉਡਾਣ ਦਾ ਕਿਰਾਇਆ ਘੱਟ ਰੱਖਿਆ ਹੋਇਆ ਹੈ। ਜਦੋਂ ਬਠਿੰਡਾ ਹਵਾਈ ਅੱਡਾ 10 ਦਸੰਬਰ 2016 ਨੂੰ ਚਾਲੂ ਕੀਤਾ ਗਿਆ ਸੀ ਤਾਂ ਉਦੋਂ ਪਹਿਲੇ ਚਾਰ ਮਹੀਨੇ ਸਬਸਿਡੀ ਦਾ ਪੂਰਾ ਖਰਚਾ ਪੰਜਾਬ ਸਰਕਾਰ ਨੇ ਹੀ ਚੁੱਕਿਆ ਸੀ ਕਿਉਂਕਿ ਹਵਾਈ ਕੰਪਨੀ ਨਾਲ ਉਦੋਂ ਐਗਰੀਮੈਂਟ ਨਹੀਂ ਹੋਇਆ ਸੀ।
               ਦੂਸਰੀ ਤਰਫ਼ ਬਠਿੰਡਾ ਦਿੱਲੀ ਦੇ ਬੱਸ ਸਫ਼ਰ ਦੇ ਟੈਕਸਾਂ ’ਤੇ ਨਜ਼ਰ ਮਾਰੀਏ ਤਾਂ ਪੀ.ਆਰ.ਟੀ.ਸੀ ਵੱਲੋਂ 50 ਸੀਟਾਂ ਭਰੀਆਂ ਹੋਣ ਦੀ ਸੂਰਤ ਵਿਚ ਪ੍ਰਤੀ ਯਾਤਰੀ ਕਰੀਬ 72 ਰੁਪਏ ਇਕੱਲਾ ਟੈਕਸ ਤਾਰਿਆ ਜਾਂਦਾ ਹੈ ਜੋ ਪੈਸਾ ਮੁਸਾਫ਼ਰਾਂ ਦੀ ਜੇਬ ਚੋ ਹੀ ਜਾਂਦਾ ਹੈ। ਸਰਕਾਰੀ ਬੱਸ ’ਤੇ ਹਰਿਆਣਾ ਵਿਚ ਇੱਕ ਪਾਸੇ ਦਾ 1776 ਰੁਪਏ ਟੈਕਸ,ਪੰਜਾਬ ਦਾ 120 ਰੁਪਏ ਟੈਕਸ, ਦਿੱਲੀ ਦਾ ਇੰਟਰੀ ਟੈਕਸ 200 ਰੁਪਏ, ਅੱਡਾ ਫੀਸਾਂ ਦੇ ਰੂਪ ਵਿਚ 500 ਰੁਪਏ ਅਤੇ 1000 ਰੁਪਏ ਟੌਲ ਟੈਕਸ ਪੈਂਦਾ ਹੈ। ਪ੍ਰਤੀ ਬੱਸ ਇੱਕ ਪਾਸੇ ਦਾ ਸਫਰ ’ਤੇ ਕੁੱਲ ਟੈਕਸ 3596 ਰੁਪਏ ਬਣਦਾ ਹੈ। ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਗਰ ਬੱਸ ਦੀ ਬੁਕਿੰਗ ਘੱਟ ਹੈ ਤਾਂ ਇਹ ਸਾਰੋ ਖਰਚਾ ਪੀ.ਆਰ.ਟੀ.ਸੀ ਨੂੰ ਚੁੱਕਣਾ ਪੈਂਦਾ ਹੈ। ਸੂਤਰ ਆਖਦੇ ਹਨ ਕਿ ਪ੍ਰਧਾਨ ਮੰਤਰੀ ਦੇ ਸੁਪਨੇ ਕੁਝ ਵੀ ਹੋਣ ਪ੍ਰੰਤੂ ਆਮ ਆਦਮੀ ਦੀ ਪਹੁੰਚ ਤੋਂ ਅੱਜ ਵੀ ਹਵਾਈ ਸਫ਼ਰ ਦੂਰ ਹੈ।
                ਟਰਾਂਸਪੋਰਟਰ ਤੀਰਥ ਸਿੰਘ ਦਿਆਲਪੁਰਾ ਦਾ ਪ੍ਰਤੀਕਰਮ ਸੀ ਕਿ ਆਮ ਆਦਮੀ ਦੇ ਨਾਮ ’ਤੇ ਖਾਸ ਨੂੰ ਹਵਾਈ ਸਹੂਲਤ ਦੇਣ ਦੀ ਸਕੀਮ ਦਾ ਨਾਮ ਹੀ ‘ਉਡਾਣ’ ਹੈ। ਬੱਸ ਮੁਸਾਫ਼ਰਾਂ ਨੂੰ ਰਿਆਇਤ ਮੌਕੇ ਖ਼ਜ਼ਾਨਾ ਸੁੰਗੜ ਜਾਂਦਾ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜੰਮੂ ਦੇ ਹਵਾਈ ਸਫ਼ਰ ਲਈ ਵੀ 3200 ਤੋਂ 3500 ਰੁਪਏ ਤੱਕ ਦੀ ਪ੍ਰਤੀ ਯਾਤਰੀ ਸਬਸਿਡੀ ਦਿੱਤੀ ਜਾ ਰਹੀ ਹੈ। ਦੇਸ਼ ਭਰ ਵਿਚ ਹਵਾਈ ਕੰਪਨੀਆਂ ਨੂੰ ਹੁਣ ਤੱਕ 250 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਜਾ ਚੁੱਕੀ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਚੰਦਰਾ ਦਾ ਕਹਿਣਾ ਸੀ ਕਿ ਪੂਰੇ ਦੇਸ਼ ਵਿਚ ਇਹ ‘ਉਡਾਣ’ ਸਕੀਮ ਚੱਲ ਰਹੀ ਹੈ ਅਤੇ ਪੰਜਾਬ ਸਰਕਾਰ ਤਰਫੋਂ ਮਾਮੂਲੀ ਰਾਸ਼ੀ ਇਸ ਸਕੀਮ ਤਹਿਤ ਦਿੱਤੀ ਜਾ ਰਹੀ ਹੈ। ਜਿਆਦਾ ਹਿੱਸਾ ਕੇਂਦਰ ਸਰਕਾਰ ਦਾ ਹੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਹਵਾਈ ਕੰਪਨੀ ਤਰਫ਼ੋਂ ਸਰਕਾਰ ਕੋਲ ਹਰ ਮਹੀਨੇ ਬਿੱਲ ਭੇਜੇ ਜਾਂਦੇ ਹਨ। ਪੰਜਾਬ ਵਿਚ ਇਹ ਸਕੀਮ ਕਾਮਯਾਬ ਰਹੀ ਹੈ।
                ਦੇਖਿਆ ਜਾਵੇ ਤਾਂ ਹਵਾਈ ਯਾਤਰੀਆਂ ਦੀ ਇਸ ਸਬਸਿਡੀ ਨਾਲ ਬੱਸ ਮੁਸਾਫ਼ਰਾਂ ਦਾ ਬੋਝ ਹਲਕਾ ਕੀਤਾ ਜਾ ਸਕਦਾ ਹੈ। ਵੇਰਵਿਆਂ ਅਨੁਸਾਰ ਲੁਧਿਆਣਾ ਦਿੱਲੀ ਉਡਾਣ ਲਈ ਵੀ ਸਲਾਨਾ 5.15 ਕਰੋੜ ਦੀ ਅਨੁਮਾਨਿਤ ਸਬਸਿਡੀ ਰੱਖੀ ਗਈ ਹੈ ਜਦੋਂ ਕਿ ਪਠਾਨਕੋਟ ਦਿੱਲੀ ਉਡਾਣ ਲਈ 6.03 ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਇਵੇਂ  ਹੀ ਬਠਿੰਡਾ ਜੰਮੂ ਉਡਾਣ ਲਈ ਵੀ ਸਬਸਿਡੀ 8 ਕਰੋੜ ਤੋਂ ਜਿਆਦਾ ਬਣਦੀ ਹੈ। ਖੇਤਰੀ ਸਕੀਮ ਲਾਗੂ ਹੋਣ ਤੋਂ ਤਿੰਨ ਵਰ੍ਹਿਆਂ ਲਈ ਜੀ.ਐਸ.ਟੀ ਤੋਂ ਵੀ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਵਿਸ ਟੈਕਸ ਵਿਚ ਵੀ ਛੋਟ ਦਿੱਤੀ ਗਈ ਹੈ।  ਪੰਜਾਬ ਸਰਕਾਰ ਵੱਲੋਂ ਲੈਂਡਿੰਗ ਅਤੇ ਪਾਰਕਿੰਗ ਦੀ ਸਹੂਲਤ ਮੁਫ਼ਤ ਵਿਚ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਹਵਾਈ ਅੱਡਿਆਂ ਤੇ ਬਿਜਲੀ ਪਾਣੀ ਆਦਿ ਦੀਆਂ ਸਹੂਲਤਾਂ ਰਿਆਇਤੀ ਦਰਾਂ ਤੇ ਦਿੱਤੀਆਂ ਜਾ ਰਹੀਆਂ ਹਨ। ਬਠਿੰਡਾ ਦੇ ਹਵਾਈ ਅੱਡੇ ਦੀ ਸੁਰੱਖਿਆ ਦਾ ਖਰਚਾ ਵੀ ਪੰਜਾਬ ਸਰਕਾਰ ਹੀ ਚੁੱਕ ਰਹੀ ਹੈ। ਬਠਿੰਡਾ ਹਵਾਈ ਅੱਡੇ ਦੀ ਉਸਾਰੀ ’ਤੇ ਕਰੀਬ 40 ਕਰੋੜ ਦਾ ਖਰਚ ਆਇਆ ਹੈ। ਭਾਵੇਂ ਵੱਡਿਆਂ ਨੂੰ ਸਹੂਲਤ ਮਿਲੀ ਹੈ ਪ੍ਰੰਤੂ ਆਮ ਆਦਮੀ ਬੱਸਾਂ ਦੇ ਵਸ ਹੀ ਹੈ।

             



Sunday, September 8, 2019

                        ਵਿਚਲੀ ਗੱਲ
    ਵਾਰਸ ਸ਼ਾਹ ਨਸੀਬ ਹੀ ਪੈਣ ਝੋਲੀ…
                       ਚਰਨਜੀਤ ਭੁੱਲਰ
ਬਠਿੰਡਾ  ਕੋਈ ਫਰਕ ਹੁਣ ਨਹੀਂ ਪੈਂਦਾ, ਕੁਆਰੀ ਧੀ ਦੇ ਟੈਂਕੀ ’ਤੇ ਚੜ੍ਹਨ ਨਾਲ। ਜੱਟ ਦੇ ਮੁੰਡੇ ਦੇ ਲੇਬਰ ਚੌਕ ’ਚ ਖੜ੍ਹਨ ਨਾਲ। ਮਾਂ ਦੇ ਭਾਖੜਾ ’ਚ ਮਰਨ ਨਾਲ। ਸਾਹਿਬ ਦੇ ਪੈਰੀਂ ਪੱਗ ਧਰਨ ਨਾਲ। ਜੰਤਰ-ਮੰਤਰ ’ਤੇ ਨੰਗੇ ਧੜ ਲੜਨ ਨਾਲ। ਇਉਂ ਹੁਣ ਅਕਸਰ ਹੁੰਦਾ ਹੈ। ਕਿਸੇ ਵੀ ਜਮਹੂਰੀ ਰਾਜੇ ਦੀ ਅੱਖ ਦੇਖੋ। ਨਾ ਸ਼ਰਮ ਦਿਖੇਗੀ ਤੇ ਨਾ ਹੰਝੂ। ਗੱਦੀ ਵਾਲੇ ਪੱਥਰ ਬਣੇ ਨੇ। ਸਿਰਫ ਚੋਣਾਂ ਮੌਕੇ ਪਿਘਲਦੇ ਨੇ। ਪੰਜਾਬ ਦਾ ਮੋਮ ਵਰਗਾ ਦਿਲ ਸੀ। ਹੁਣ ਦਿਲ ’ਤੇ ਪੱਥਰ ਰੱਖਣਾ ਪੈ ਰਿਹੈ। ਜਦੋਂ ਭਾਵਨਾ ਮਰ ਜਾਏ, ਸੰਦੇਵਨਾ ਸੌਂ ਜਾਏ। ਉਦੋਂ ਹਕੂਮਤ ਕੱਛਾਂ ਵਜਾਉਂਦੀ ਐ। ਹਾਕਮ ਯਮਰਾਜ ਬਣ ਜਾਂਦੇ ਨੇ। ਪੰਜਾਬ ਜ਼ਿੰਦਾ ਲਾਸ਼।ਵਾਰਿਸ ਸ਼ਾਹ ਦੇ ਘਰ ਦੂਰ ਨੇ। ਅੰਮ੍ਰਿਤਾ ਪ੍ਰੀਤਮ ਪ੍ਰਲੋਕ ’ਚ ਹੈ। ਹੁਣ ’ਵਾਜ਼ ਇੱਕ ਗਰੀਬ ਦੀ ਧੀ ਨੇ ਮਾਰੀ ਹੈ। ਪੰਜਾਬ ਦੇ ਸਿਆਸੀ ਵਾਰਸਾਂ ਨੂੰ। ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ। ਗੁਰਨੇ ਖੁਰਦ (ਮਾਨਸਾ) ਦੀ ਕੁੜੀ ਜਸਵੀਰ ਕੌਰ। ਜ਼ਿੰਦਗੀ ਨੇ ਸਭ ਕੁਝ ਸਿਖਾ ਦਿੱਤਾ। ਵੈਸੇ ਈਟੀਟੀ ਟੈੱਟ ਪਾਸ ਵੀ ਹੈ। ਦਿਨੇ ਦਿਹਾੜੀ ਕੀਤੀ, ਰਾਤ ਨੂੰ ਪੜ੍ਹਾਈ। ਭਾਰੀ ਫੀਸਾਂ ਦੇਖੀਆਂ, ਉਹ ਡਰੀ ਨਹੀਂ। ਮਾਂ ਮੰਜੇ ’ਚ ਪੈ ਗਈ, ਉਹ ਹਾਰੀ ਨਹੀਂ। ਕਦੇ ਚੁੱਲ੍ਹਾ ਨਾ ਤਪਿਆ, ਉਹ ਸਮੇਂ ਨਾਲ ਲੜੀ। ਹੁਣ ਚਾਰ ਦਿਨਾਂ ਤੋਂ ਟੈਂਕੀ ’ਤੇ ਹੈ। ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ’ਚ। ਮੂੰਹ ਮਹਿਲਾਂ ਵੱਲ ਕੀਤੈ, ਉੱਚੀ ਬੋਲ ਰਹੀ ਹੈ, ‘ਨੌਕਰੀ ਦਿਓ, ਨਹੀਂ ਜਾਨ ਦਿਆਂਗੇ’।
                  ਜਦੋਂ ਇਹ ਗਰੀਬ ਦੀ ਧੀ ਛੋਟੀ ਸੀ। ਕੋਠੇ ਚੜ੍ਹਨ ਤੋਂ ਡਰਦੀ ਸੀ। ਹੁਣ ਸੌ ਫੁੱਟ ਉੱਚੀ ਟੈਂਕੀ ’ਤੇ ਹੈ। ਉਹਦੇ ਵਰਗੇ 14 ਹਜ਼ਾਰ ਹਨ। ਚੌਥੀ ਵਾਰ ਟੈਂਕੀ ’ਤੇ ਚੜ੍ਹੇ ਹਨ। ਸਿਰਫ਼ ਦੱਸਣ ਲਈ, ‘ਘਰ-ਘਰ ਰੁਜ਼ਗਾਰ’ ਦਾ ਸੱਚ। ਸਰਕਾਰੀ ਝੂਠ ਖ਼ਿਲਾਫ਼ ਪੂਨਮ ਰਾਣੀ ਵੀ ਖਰੜ ਦੀ ਟੈਂਕੀ ’ਤੇ ਚੜ੍ਹੀ। ਐੱਮਏ ਬੀਐੱਡ ਟੈੱਟ ਪਾਸ ਹੈ। ਪਿਛਲੇ ਰਾਜ ਭਾਗ ਤੋਂ ਰੁਜ਼ਗਾਰ ਮੰਗਣ ਬਠਿੰਡਾ ਗਈ। ਹਵਾਲਾਤ ਦਿਖਾ ਦਿੱਤੀ। ਪੁਲੀਸ ਦੀ ਲਾਠੀ ਝੱਲੀ, ਉਹ ਵੱਖਰੀ। ਕਾਂਗਰਸ ਸਰਕਾਰ ਤੋਂ ਹੁਣ ਰੁਜ਼ਗਾਰ ਮੰਗਿਆ। ਜੇਲ੍ਹ ਵਿਖਾ ਦਿੱਤੀ ਹੈ। ਪੰਜਾਹ ਹਜ਼ਾਰ ਬੀਐੱਡ ਟੈੱਟ ਪਾਸ ਹਨ। ਇਨ੍ਹਾਂ ਨੂੰ ਜੇਲ੍ਹਾਂ ਦੀ ਨਹੀਂ, ਰੁਜ਼ਗਾਰ ਦੀ ਲੋੜ ਹੈ। ਵੱਡੀ ਜੱਗੋਂ ਤੇਰ੍ਹਵੀਂ ਖਮਾਣੋਂ ਦੀ ਮਹਿਲਾ ਸਵੀਪਰ ਨਾਲ ਹੋਈ। ਖ਼ਜ਼ਾਨਾ ਦਫ਼ਤਰ ਨੇ ਘਰੇ ਜੋ ਤੋਰ ਦਿੱਤਾ। ਸਵੀਪਰ ਮਨਪ੍ਰੀਤ ਕੌਰ ਹਾਈ ਕੋਰਟ ਪੁੱਜੀ। ਵਿੱਤ ਮਹਿਕਮੇ ਨੇ ਤਰਕ ਦਿੱਤਾ ‘ਜਦੋਂ ਪਖਾਨਾ ਨਹੀਂ, ਸਵੀਪਰ ਕੀ ਕਰਨੈ’। ਜੱਜ ਨੇ ਝਾੜ ਪਾਈ, ‘ਡੁੱਬ ਮਰੋ, ਚੰਦ ’ਤੇ ਪਹੁੰਚ ਗਏ ਹਾਂ, ਦਫ਼ਤਰਾਂ ’ਚ ਪਖਾਨੇ ਤੱਕ ਨਹੀਂ।’ ਰੁਜ਼ਗਾਰ ਦੇਣਾ ਤਾਂ ਕੀ ਸੀ, ਦਿੱਤਾ ਵੀ ਖੋਹ ਲਿਆ। ਚੰਡੀਗੜ੍ਹ ਨੂੰ ਕੋਈ ਫਰਕ ਨਹੀਂ ਪੈਂਦਾ। ਬਟਾਲੇ ਦੀ ਪਟਾਕਾ ਫੈਕਟਰੀ। 23 ਜ਼ਿੰਦਾ ਬਿਨਾਂ ਕਸੂਰੋਂ ਫੌਤ ਹੋਈਆਂ। ਨਵਜੋਤ ਸਿੱਧੂ ਲਈ ਬਟਾਲਾ ਦੂਰ ਹੋ ਗਿਆ। ਮੁੱਖ ਮੰਤਰੀ ਨੇ ਕੋਰਾ ਜਵਾਬ ਦਿੱਤਾ, ਦੋ ਲੱਖ ਤੋਂ ਵੱਧ ਮੁਆਵਜ਼ੇ ਕਿਵੇਂ ਦੇਈਏ। ਜਿਨ੍ਹਾਂ ਦੇ ਚਲੇ ਗਏ, ਕਰ ਸਕਦੇ ਹੋ ਵਾਪਸ।
                ਕੋਈ ਸਿਆਸੀ ਅੱਖ ਨਮ ਨਹੀਂ ਹੁੰਦੀ। ਜਦੋਂ ਅੱਖਾਂ ’ਚ ਹੰਝੂ ਨਾ ਬਣਨ, ਉਸ ਨੂੰ ਡਾਕਟਰੀ ਭਾਸ਼ਾ ’ਚ ‘ਖੁਸ਼ਕ ਅੱਖਾਂ’ ਆਖਦੇ ਨੇ। ਅੱਖਾਂ ਦੀ ਇਹ ਬਿਮਾਰੀ ਹੈ। ਚੋਣਾਂ ’ਚ ਜੋ ਵੀ ਛੋਟੇ ਵੱਡੇ ਫਰਕ ਨਾਲ ਜਿੱਤੇ। ਸਭ ਨੂੰ ਇਹੋ ਬਿਮਾਰੀ ਚਿੰਬੜੀ ਜਾਪਦੀ ਹੈ। ਬੰਦੇ ਮੁੱਕ ਰਹੇ ਨੇ, ਮਜ਼ਾਲ ਐ, ਇਨ੍ਹਾਂ ਅੱਖਾਂ ’ਚ ਕੋਈ ਹੰਝੂ ਆ ਜਾਏ। ਕਸ਼ਮੀਰੀ ਧੀਆਂ ’ਤੇ ਅੱਖ ਰੱਖਣ ਦੇ ਲਲਕਾਰੇ ਵੱਜੇ, ਫਿਰ ਵੀ ਦਿੱਲੀ ਦੇ ਕੋਏ ਸੁੱਕੇ ਰਹੇ। ਹਰਿਆਣੇ ’ਚ ਕਿਸਾਨ ਸੜਕਾਂ ’ਤੇ ਹਨ। ਪੂਰੇ 52 ਦਿਨਾਂ ਤੋਂ ਢੁਕਵਾਂ ਮੁਆਵਜ਼ਾ ਲੈਣ ਲਈ। ਮੁੱਖ ਮੰਤਰੀ ਨੂੰ ਕਿਸਾਨ ਨਜ਼ਰ ਨਹੀਂ ਪਏ। ਜੰਤਰ ਮੰਤਰ ’ਤੇ ਕੋਈ ਨੰਗੇ ਧੜ ਆਉਂਦੈ। ਕੋਈ ਮਨੁੱਖੀ ਖੋਪੜੀਆਂ ਨਾਲ। ਦਿੱਲੀ ਪੱਥਰ ਬਣ ਗਈ ਐ। ਜੋਕ ਕਿਥੋਂ ਲੱਗੇ। ਹੜ੍ਹਾਂ ’ਚ ਹੁਣੇ ਖੇਤ ਰੁੜ੍ਹੇ ਨੇ। ਮੀਂਹ ਮਗਰੋਂ ਆਉਂਦਾ ਹੈ। ਮੂਨਕ ਦੇ ਪਿੰਡ ਪਹਿਲੋਂ ਸੁਕਣੇ ਪੈ ਜਾਂਦੇ ਨੇ। ਕਿਸਾਨ ਨਸੀਬ ਸਿੰਘ ਦੱਸਦਾ ਹੈ। ਘੱਗਰ ਦੀ ਮਾਰ ਪੜਦਾਦੇ ਦੀ ਉਮਰ ਤੋਂ ਵੱਡੀ ਹੈ। ਚੰਡੀਗੜ੍ਹ ਨੇ ਘੂਰੀ ਵੱਟੀ ਐ ‘ਦੱਬੇ ਮੁਰਦੇ ਨਹੀਂ ਉਖਾੜੀਦੇ’। ਤਿਲੰਗਾਨਾ ਦੇ ਦੋ ਕਿਸਾਨ ਸਿੱਧੇ ਪੈਰੀਂ ਡਿੱਗੇ। ਵੱਡਾ ਸਾਹਿਬ ਸੁੰਨ ਤਾਂ ਹੋਇਆ। ਅੱਖਾਂ ਨੇ ਫਿਰ ਵੀ ਝੇਪ ਨਾ ਮੰਨੀ। ਮੱਧ ਪ੍ਰਦੇਸ਼ ’ਚ ਇੱਕ ਧੀ ਨੂੰ ਅੱਧ ਨਗਨ ਕੀਤਾ। ਭੀੜ ਪਿਛੇ ਪਿਛੇ ਘੁੰਮੀ। ਮੁੱਖ ਮੰਤਰੀ ਦੀ ਅੱਖ ਖੁਸ਼ਕ ਰਹੀ। ਕਸ਼ਮੀਰੀ ਮੁੰਡੇ ਦਾ ਕੀ ਕਸੂਰ ਸੀ, ਕੁੜੀਆਂ ਵਾਲੀ ਟੀ ਸ਼ਰਟ ਪੁਆਈ। ਰਾਜਸਥਾਨ ਪੁਲੀਸ ਆਖਦੀ ਹੈ, ਅਣਪਛਾਤੇ ਸਨ।
              ਪੰਜਾਬ ’ਚ ਅਣਪਛਾਤੀ ਪੁਲੀਸ ਹੈ। ਬਰਗਾੜੀ ਗੋਲੀ ਕਾਂਡ। ਦੋ ਨੌਜਵਾਨ ਪੁਲੀਸ ਦੀ ਗੋਲੀ ਨੇ ਢੇਰ ਕਰ ’ਤੇ। ਉਦੋਂ ਦੜ ਬਾਦਲਾਂ ਵਾਲੀ ਸਰਕਾਰ ਨੇ ਵੱਟੀ। ਹੁਣ ਮੋਤੀਆਂ ਵਾਲੀ ਨੇ। ਬਾਜੇਵਾਲਾ (ਮਾਨਸਾ) ਦੇ ਲੋਕ ਬੋਲੇ ‘ਧੰਨ ਐ ਭਾਈ ਤੂੰ ਧੰਨਾ ਸਿਆਂ’। ਕਿਸਾਨ ਬਲਵਿੰਦਰ ਸਿੰਘ ਖੁਦਕੁਸ਼ੀ ਕਰ ਗਿਆ। ਕੈਂਸਰ ਪੀੜਤ ਬੱਚੇ ਦਾ ਇਲਾਜ ਕਰਾਉਣੋਂ ਬੇਵੱਸ ਸੀ। ਮਗਰੋਂ ਬੱਚਾ ਵੀ ਬਚ ਨਾ ਸਕਿਆ। ਦਾਦਾ ਧੰਨਾ ਸਿੰਘ, ਪੁੱਤ ਤੇ ਪੋਤਾ, ਦੋਵੇਂ ਗੁਆ ਬੈਠਾ ਹੈ। ਚੰਡੀਗੜ੍ਹ ਨੂੰ ਕੋਈ ਫਰਕ ਨਹੀਂ ਪਿਆ। ਪੱਥਰਾਂ ’ਚੋਂ ਰੱਬ ਕਿਵੇਂ ਪਾਈਏ। ਜੋ ਬਿਮਾਰੀ ’ਚ ਲਾਲ ਗੁਆ ਬੈਠੇ ਨੇ, ਉਹ ਪੁੱਛਦੇ ਹਨ। ਅਕਾਲੀ ਅੱਕੀਂ ਪਲਾਹੀਂ ਹੱਥ ਮਾਰ ਰਹੇ ਨੇ, ਵੱਕਾਰ ਹੀ ਗੁਆਚ ਗਿਆ, ਕਿਥੋਂ ਲੱਭੀਏ। ਬਠਿੰਡੇ ਵਾਲਿਆਂ ਨੂੰ ਹੁਣ ਸੁਖਪਾਲ ਖਹਿਰਾ ਨਹੀਂ ਲੱਭਦਾ। ਐਵੇਂ ਭਟਕ ਗਏ, ਗੱਲ ਵੱਲ ਮੁੜੀਏ। ਫੱਤਣਵਾਲਾ (ਮੁਕਤਸਰ) ਦੀ ਮਾਂ ਕਿਰਨ ਕੌਰ ਨੇ ਧੀ ਮਲੇਸ਼ੀਆ ਭੇਜੀ। ਹੁਣੇ ਲਾਸ਼ ਮੁੜੀ ਐ, ਮਾਂ ਦੀਆਂ ਅੱਖਾਂ ਅੱਗੇ ਹਨੇਰਾ ਛਾਇਐ। ਦੌਰ ਮੰਦੀ ਦਾ ਹੈ, ਪੂਰੇ ਮੁਲਕ ਦਾ ਇਸ ਮਾਂ ਵਰਗਾ ਹਾਲ ਐ। ਮੰਦਵਾੜੇ ਨੇ ਸਾਹ ਸੂਤੇ ਨੇ। ਮੋਦੀ ਜੀ, ਰੂਸ ਨੂੰ ਅਰਬਾਂ ਵੰਡ ਰਹੇ ਨੇ। ਕਹਾਵਤ ਚੇਤੇ ਹੋਊ, ‘…ਪੁੱਤ ਗੁਹਾਰੇ ਬਖਸ਼ੇ’। ਜਦੋਂ ਯੂਪੀਏ ਗੱਦੀ ’ਤੇ ਸੀ। ਉਦੋਂ ਭਾਜਪਾਈ ਰਟ ਸੀ, ਮਨਮੋਹਨ ਜੀ, ਕੁਝ ਤਾਂ ਬੋਲੋ। ਹੁਣ ਜਦੋਂ ਮਨਮੋਹਨ ਸਿੰਘ ਬੋਲੇ ਨੇ, ਕੋਈ ਸੁਣਨ ਨੂੰ ਤਿਆਰ ਨਹੀਂ।
              ਸਿਆਸਤ ’ਚ ਇਖਲਾਕ ਨਾ ਬਚੇ, ਗੱਦੀ ਟੀਚਾ ਬਣ ਜਾਏ, ਉਦੋਂ ਅਨਰਥ ਹੁੰਦਾ ਹੈ। ਪ੍ਰਤੀਬੱਧਤਾ ਦਾ, ਭਾਵਨਾਵਾਂ ਦਾ। ਫਰਕ ਵੀ ਪੈਣੋਂ ਹਟ ਜਾਂਦਾ ਹੈ। ਯੂਪੀ ਦੇ ਮਿਰਜ਼ਾਪੁਰ ਦੇ ਪੱਤਰਕਾਰ ਪਵਨ ਜੈਸਵਾਲ ਨੇ ਭੁੱਲ ਕੀਤੀ। ਇਹੋ ਕਿ ਸਕੂਲ ਵਾਲੇ ਮਿੱਡ-ਡੇਅ ਮੀਲ ’ਚ ਨਮਕ ਨਾਲ ਰੋਟੀ ਖੁਆ ਰਹੇ ਨੇ। ਯੋਗੀ ਸਰਕਾਰ ਨੇ ਜੈਸਵਾਲ ’ਤੇ ਪਰਚਾ ਦਰਜ ਕੀਤੈ। ਉਹ ਵੇਲਾ ਚਲਾ ਗਿਆ। ਜਦੋਂ ਸੜਕਾਂ ਜਾਮ ਹੋਣ ’ਤੇ ਹਕੂਮਤੀ ਪਾਵੇ ਹਿੱਲਦੇ ਸਨ। ਭੀੜ ਤੋਂ ਹਾਕਮ ਭੈਅ ਖਾਂਦੇ ਸਨ। ਹੁਣ ਭੀੜਾਂ ਦੇ ਰੰਗ ਬਦਲੇ ਹਨ। ਨਵੀਂ ਭੀੜ ਦਿੱਲੀ ਦਾ ਇਸ਼ਾਰਾ ਸਮਝਦੀ ਹੈ। ਏਸ ਭੀੜ ਦੇ ਝੰਬੇ ਅੱਜ ਤੱਕ ਰਾਸ ਨਹੀਂ ਆਏ। ਅਵਤਾਰ ਪਾਸ਼ ਦੀ ਰੂਹ ਤੋਂ ਅਗਲਾ ਫਿਕਰਾ ਸੁਣੋ। ‘ਹਜੂਮੀ ਹਿੰਸਾ ਵੀ ਘੱਟ ਖ਼ਤਰਨਾਕ ਨਹੀਂ ਹੁੰਦੀ।’ ਗੌਰੀ ਲੰਕੇਸ਼ ਦੀ ਰੂਹ ਨੂੰ ਨਿਆਂ ਨਹੀਂ ਮਿਲਿਆ। ਹੁਣ ਸ਼ਹਿਲਾ ਰਸ਼ੀਦ ’ਤੇ ਪਰਚਾ ਪਾ ਦਿੱਤਾ।
               ਕੋਈ ਅੱਖ ’ਚ ਅੱਖ ਕਿਵੇਂ ਪਾ ਜਾਏ। ਏਨਾ ਦਾਬਾ ਪੰਜਾਬੀਆਂ ਦਾ ਸੀ। ਮਰੇ ਦਾ ਕੀ ਮਾਰਨਾ, ਅੱਜ ਏਹ ਹਾਲ ਹੈ। ਬਾਕੀ ਗੱਲਾਂ ਛੱਡੋ, ਹੁਣ ਦੀ ਸੁਣੋ। ਕਈ ਮਲਵਈ ਸੜਕਾਂ ’ਤੇ ਮੁਜ਼ਾਹਰੇ ਹੋਏ ਨੇ। ਅਖੇ… ਸਰਕਾਰੇ, ਸੁਸਰੀ ਤੋਂ ਖਹਿੜਾ ਛੁਡਵਾ। ਛੱਜੂ ਰਾਮਾ ! ਤੂੰ ਕਿਵੇਂ ਅੱਜ ਸੁਸਰੀ ਬਣਿਐ। ‘ਦਿਨ ਕੱਟ ਰਿਹਾ ਭਾਈ’। ਖੈਰ, ਦਿਨ ਤਾਂ ਪੂਰਾ ਪੰਜਾਬ ਹੀ ਕੱਟ ਰਿਹੈ। ਵੇਲਾ ਹੱਥ ਨਹੀਂ ਆ ਰਿਹਾ। ਵਾਰਸ ਸ਼ਾਹ ਹੌਸਲਾ ਦੇ ਰਿਹਾ, ਨਸੀਬਾਂ ’ਚ ਜੋ ਹੈ, ਕੋਈ ਖੋਹ ਨਹੀਂ ਸਕਦਾ। ਡਾਹਢੇ ਹੱਸੇ ਨੇ, ਪੱਥਰ ਦਿਲ ਜੋ ਹੋਏ। ਏਨਾ ਵੀ ਨਾ ਹੱਸੋ, ਪੰਜਾਬੀ ਖੂਨ ਕਿਤੇ ਉਬਾਲ ਖਾ ਗਿਆ, ਕੋਈ ਥਾਂ ਨਹੀਂ ਲੱਭਣੀ। ਅੱਖਾਂ ਦੀ ਖੁਸ਼ਕੀ ਚੁੱਕੀ ਜਾਊ।



Friday, September 6, 2019

                     ਇੱਕ ਗੁਰੂ ਏਹ
 ਬਨੇਰਿਆਂ ’ਤੇ ਜਿਨ੍ਹਾਂ ਚਿਰਾਗ ਬਾਲੇ...
                      ਚਰਨਜੀਤ ਭੁੱਲਰ
ਬਠਿੰਡਾ : ਸੈਂਕੜੇ ਅਧਿਆਪਕ ਏਦਾਂ ਦੇ ਲੱਭੇ ਹਨ ਜਿਨ੍ਹਾਂ ਨੇ  ‘ਸਰਕਾਰੀ ਸਕੂਲ- ਜ਼ਿੰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਹੈ। ਏਹ ਗੱਲ ਵੱਖਰੀ ਹੈ ਕਿ ਸਰਕਾਰੀ ਸਕੂਲਾਂ ਦੀ ਮਮਟੀ ਤੇ ਮਾਣ ਦਾ ਦੀਵਾ ਜਗਾਉਣ ਵਾਲੇ ਵਿਰਲੇ ਹਨ। ਵਰ੍ਹਿਆਂ ਦੇ ਖੱਪੇ ਨੂੰ ਇਨ੍ਹਾਂ ਅਧਿਆਪਕਾਂ ਨੇ ਭਰਿਆ ਹੈ ਜਿਸ ਨਾਲ ਇੱਕ ਨਵਾਂ ਜਾਗ ਲੱਗਾ ਹੈ। ਅੱਜ ਅਧਿਆਪਕ ਦਿਵਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਫ਼ਖਰ ਮਹਿਸੂਸ ਕੀਤਾ। ਨਵੇਂ ਕਦਮ ਚੁੱਕ ਕੇ ਇਨ੍ਹਾਂ ਅਧਿਆਪਕਾਂ ਨੇ ਲੋਕਾਂ ਦੇ ਉਲਾਂਭੇ ਵੀ ਲਾਹੇ ਅਤੇ ਨਾਲੋਂ ਨਾਲ ਮਿਹਣੇ ਮਾਰਨ ਵਾਲਿਆਂ ਦੀ ਮੜ੍ਹਕ ਵੀ ਭੰਨੀ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ’ਚ ਕਰੀਬ 1200 ਅਧਿਆਪਕ ਸਨਾਖਤ ਹੋਏ ਹਨ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਫਾਜ਼ਿਲਕਾ ਸਰਹੱਦੀ ਜ਼ਿਲ੍ਹਾ ਹੈ ਜਿਥੋਂ ਦੇ ਕਰੀਬ 47 ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਜਾਂਦੇ ਹਨ। ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦਾ ਅਧਿਆਪਕ ਮਨੋਜ ਕੁਮਾਰ ਆਪਣੇ ਬੱਚੇ ਨੂੰ ਸਰਕਾਰੀ ਸਕੂਲ ’ਚ ਪੜ੍ਹਾ ਰਿਹਾ ਹੈ। ਅੱਜ ਅਧਿਆਪਕ ਦਿਵਸ ਦੇ ਮੌਕੇ ਮਨੋਜ ਕੁਮਾਰ ਨੇ ਆਖਿਆ ਕਿ ਪਹਿਲੋਂ ਜਦੋਂ ਉਹ ਦਾਖਲੇ ਵਧਾਉਣ ਵਾਸਤੇ ਪਿੰਡ ਵਿਚ ਜਾਂਦੇ ਸਨ ਤਾਂ ਲੋਕ ਉਲਾਂਭੇ ਦਿੰਦੇ ਸਨ ਕਿ ਪਹਿਲਾਂ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਪਾਓ। ਅਧਿਆਪਕ ਦੱਸਦੇ ਹੈ ਕਿ ਉਸ ਨੇ ਤਾਂ ਲੋਕਾਂ ਦਾ ਉਲਾਂਭਾ ਲਾਹ ਦਿੱਤਾ। ਨਾਲੇ ਹੁਣ ਸਰਕਾਰੀ ਸਕੂਲਾਂ ਦੇ ਦਿਨ ਬਦਲੇ ਹਨ। ਸਮਾਰਟ ਸਕੂਲਾਂ ਨੇ ਪਬਲਿਕ ਸਕੂਲਾਂ ਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਹੈ।
         ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਅਧਿਆਪਕ ਤਰਲੋਚਨ ਸਿੰਘ ਆਪਣੇ ਦੋਵੇਂ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਾ ਰਿਹਾ ਹੈ। ਉਹ ਆਖਦਾ ਹੈ ਕਿ ਕੁਝ ਸਾਥੀਆਂ ਨੇ ਮਿਹਣੇ ਮਾਰੇ ਪ੍ਰੰਤੂ ਉਸ ਨੂੰ ਆਪਣੇ ਸਕੂਲਾਂ ’ਤੇ ਮਾਣ ਹੈ। ਹੁਣ ਕੋਈ ਫਰਕ ਨਹੀਂ ਰਹਿ ਗਿਆ। ਉਨ੍ਹਾਂ ਆਖਿਆ ਕਿ ਅਧਿਆਪਕਾਂ ਦੀ ਕਮੀ ਸਕੂਲਾਂ ਵਿਚ ਪੂਰੀ ਹੋ ਜਾਵੇ ਤਾਂ ਫਿਰ ਕੋਈ ਪਬਲਿਕ ਸਕੂਲ ਰੀਸ ਨਹੀਂ ਕਰ ਸਕੇਗਾ। ਪਿੰਡ ਬੰਬੀਹਾ ਦਾ ਅਧਿਆਪਕ ਕੌਰ ਸਿੰਘ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿਚ ਪੜ੍ਹਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਦੇ ਕਰੀਬ 50 ਤੋਂ ਉਪਰ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਹਨ। ਬਲਾਕ ਗੁਰੂਹਰਸਹਾਏ ਦੇ ਪਿੰਡ ਚੱਕ ਸਵਾਹ ਵਾਲਾ ਦੇ ਸਕੂਲ ਦੇ ਦੋ ਅਧਿਆਪਕਾਂ ਹਰਚਰਨ ਸਿੰਘ ਅਤੇ ਜੀਤ ਸਿੰਘ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਤੋਰੇ ਹਨ। ਮੌੜ ਬਲਾਕ ਦੇ ਦਰਜਨ ਅਧਿਆਪਕ ਅਜਿਹੇ ਹਨ ਜਿਨ੍ਹਾਂ ਨੇ ਪੁਰਾਣੀ ਪ੍ਰੰਪਰਾ ਨੂੰ ਬਹਾਲ ਕੀਤਾ ਹੈ। ਭਾਵੇਂ ਸਰਕਾਰੀ ਸਕੂਲਾਂ ਵਿਚ ਵੱਡਾ ਸੰਕਟ ਖਾਲੀ ਅਸਾਮੀਆਂ ਦਾ ਹੈ ਅਤੇ ਠੇਕਾ ਪ੍ਰਣਾਲੀ ਨੇ ਸਰਕਾਰੀ ਸਕੂਲਾਂ ਨੂੰ ਊਣਾ ਕਰ ਰੱਖਿਆ ਹੈ। ਸਿੱਖਿਆ ਮਹਿਕਮੇ ਦੀ ਸਮਾਰਟ ਸਕੂਲ ਯੋਜਨਾ ਰੰਗ ਤਾਂ ਲਿਆਈ ਹੈ ਪ੍ਰੰਤੂ ਅਧਿਆਪਕਾਂ ਬਿਨਾਂ ਖਾਲੀ ਸਕੂਲਾਂ ਦੀ ਹੋਣੀ ਵੀ ਰੱਬ ਆਸਰੇ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ 150 ਤੋਂ ਉਪਰ ਅਧਿਆਪਕਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਪਾਏ ਹੋਏ ਹਨ।
                ਬਲਾਕ ਚੋਗਾਵਾਂ ਦੇ ਕੜਿਆਲ ਸਕੂਲ ਦੀ ਅਧਿਆਪਕਾਂ ਆਪਣੇ ਬੇਟੇ ਨੂੰ ਸਰਕਾਰੀ ਸਕੂਲ ਵਿਚ ਪੜ੍ਹਾ ਰਹੀ ਹੈ ਅਤੇ ਇਸੇ ਤਰ੍ਹਾਂ ਮਜੀਠਾ ਬਲਾਕ ਦੇ ਰੱਖ ਭੰਗਵਾਂ ਸਕੂਲ ਦੀ ਅਧਿਆਪਕਾ ਰਮਨਦੀਪ ਕੌਰ ਦੀ ਬੇਟੀ ਵੀ ਸਰਕਾਰੀ ਸਕੂਲ ਵਿਚ ਤੀਸਰੀ ਕਲਾਸ ਵਿਚ ਪੜਾ੍ਹ ਰਹੀ ਹੈ। ਅਮਲੋਹ ਸਕੂਲ ਦੀ ਅਧਿਆਪਕਾ ਨੰਨੂ ਗਰਗ ਨੇ ਵੀ ਇਹੋ ਪਿਰਤ ਕਾਇਮ ਰੱਖੀ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕਰੀਬ ਚਾਰ ਦਰਜਨ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹਨ। ਫਤਹਿਗੜ੍ਹ ਸਾਹਿਬ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਅਧਿਆਪਕ ਸੋਨੀ ਸਿੰਘ ਦੇ ਦੋ ਬੱਚੇ ਸਰਕਾਰੀ ਸਕੂਲ ਵਿਚ ਪੜ੍ਹ ਰਹੇ ਹਨ। ਸੋਨੀ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਸਕੂਲਾਂ ਵਿਚ ਹੁਣ ਕਾਫੀ ਸੁਧਾਰ ਹੋ ਗਿਆ ਹੈ ਅਤੇ ਸਹੂਲਤਾਂ ਵਿਚ ਵਾਧਾ ਹੋਇਆ ਹੈ। ਉਸ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿਚ ਪੜਾਉਣ ’ਤੇ ਪੂਰਾ ਮਾਣ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦੇ ਅਧਿਆਪਕ ਵੀ ਪਿਛੇ ਨਹੀਂ। ਬੰਗਾ ਬਲਾਕ ਦੇ ਹੱਪੋਵਾਲ ਸਕੂਲ ਦੀ ਅਧਿਆਪਕ ਮਨਦੀਪ ਕੌਰ ਦਾ ਬੱਚਾ ਵੀ ਸਰਕਾਰੀ ਸਕੂਲ ਵਿਚ ਹੈ। ਇਵੇਂ ਮੋਗਾ ਦੇ ਪਿੰਡ ਧੂੜਕੋਟ ਚੜ੍ਹਤ ਸਿੰਘ ਦੀ ਅਧਿਆਪਕਾ ਦਵਿੰਦਰ ਕੌਰ ਦਾ ਬੱਚਾ ਵੀ ਸਰਕਾਰੀ ਸਕੂਲ ਵਿਚ ਪੜ੍ਹ ਰਿਹਾ ਹੈ।
               ਵੇਰਵਿਆਂ ਅਨੁਸਾਰ ਸਰਕਾਰੀ ਸਕੂਲ ਪੱਟੀ ਦਾ ਵਿਦਿਆਰਥੀ ਮਨਦੀਪ ਸਿੰਘ ਐਤਕੀਂ ਐਮ.ਬੀ.ਬੀ.ਐਸ ਵਿਚ ਦਾਖਲਾ ਲੈਣ ਵਿਚ ਸਫਲ ਹੋਇਆ ਹੈ ਜਿਸ ਨੇ ਕਿਤੋਂ ਵੀ ਕੋਈ ਕੋਚਿੰਗ ਨਹੀਂ ਲਈ ਸੀ। ਸਭਨਾਂ ਅਧਿਆਪਕਾਂ ਨੇ ਅਧਿਆਪਕ ਦਿਵਸ ਮੌਕੇ ਇਹੋ ਆਖਿਆ ਕਿ ਉਨ੍ਹਾਂ ਨੂੰ ਆਪਣੇ ਸਕੂਲਾਂ ’ਤੇ ਫ਼ਖਰ ਹੈ ਅਤੇ ਉਨ੍ਹਾਂ ਨੇ ਪਹਿਲ ਕਰਕੇ ਨਵਾਂ ਰਾਹ ਬਣਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਏਨਾ ਕੁ ਕਰੇ ਕਿ ਸਰਕਾਰੀ ਸਕੂਲਾਂ ਨੂੰ ਫੰਡਾਂ ਦੀ ਤੋਟ ਨਾ ਆਉਣ ਦੇਵੇ ਅਤੇ ਅਸਾਮੀਆਂ ਭਰ ਦੇਵੇ, ਫਿਰ ਸਰਕਾਰੀ ਸਕੂਲ ਕਿਸੇ ਦੇ ਲੈਣ ਦੇ ਨਹੀਂ ਰਹਿਣੇ। ਡੈਮੋਕਰੇਟਿਕ ਟੀਚਰਜ ਫਰੰਟ ਦੇ ਜਨਰਲ ਸਕੱਤਰ ਦਵਿੰਦਰ ਪੂਨੀਆ ਆਖਦੇ ਹਨ ਕਿ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜਨੇ ਚਾਹੀਦੇ ਹਨ ਅਤੇ ਪੜ੍ਹ ਵੀ ਰਹੇ ਹਨ। ਉਨ੍ਹਾਂ ਅਫਸੋਸ ਕੀਤਾ ਕਿ ਸਰਕਾਰ ਖੁਦ ਹੀ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਨਾਲ ਸਿੱਧੀ ਸੱਟ ਸਰਕਾਰੀ ਸਕੂਲਾਂ ਨੂੰ ਵੱਜਦੀ ਹੈ। ਸਰਕਾਰ ਆਪਣੀ ਨੀਅਤ ਸਾਫ ਕਰੇ ਅਤੇ ਲੋੜੀਦੇ ਪ੍ਰਬੰਧ ਸਰਕਾਰੀ ਸਕੂਲਾਂ ਵਿਚ ਕਰੇ, ਫਿਰ ਕੋਈ ਪਬਲਿਕ ਸਕੂਲ ਮੁਕਾਬਲਾ ਨਹੀਂ ਕਰ ਸਕੇਗਾ। ਉਨ੍ਹਾਂ ਆਖਿਆ ਕਿ ਸਰਕਾਰ ਨੇ ਹਾਲੇ ਤੱਕ ਕੋਈ ਸਿੱਖਿਆ ਨੀਤੀ ਹੀ ਨਹੀਂ ਬਣਾਈ।
                                      ਸਰਕਾਰੀ ਸਕੂਲਾਂ ਦੇ ਦਿਨ ਬਦਲੇ ਹਨ : ਤੂਰ
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਬਰਨਾਲਾ ਸ੍ਰੀ ਸਰਬਜੀਤ ਸਿੰਘ ਤੂਰ ਦਾ ਕਹਿਣਾ ਸੀ ਕਿ ਸਿੱਖਿਆ ਮਹਿਕਮੇ ਨੇ ਹਰ ਬਲਾਕ ਵਿਚ ਇੱਕ ਇੱਕ ਸਮਾਰਟ ਸਕੂਲ ਬਣਾਇਆ ਹੈ ਜਿਸ ਵਾਸਤੇ ਸਰਕਾਰੀ ਫੰਡਾਂ ਤੋਂ ਇਲਾਵਾ ਦਾਨੀ ਸੱਜਣਾਂ ਦਾ ਵੀ ਸਹਿਯੋਗ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਸਭ ਆਧੁਨਿਕ ਸਹੂਲਤਾਂ ਹਨ ਜਿਸ ਨਾਲ ਹੁਣ ਪਬਲਿਕ ਸਕੂਲਾਂ ਨੂੰ ਫਿਕਰ ਖੜ੍ਹਾ ਹੋਇਆ ਹੈ। 


Thursday, September 5, 2019

                              ਅਧਿਆਪਕ ਦਿਵਸ
               ਇੱਕ ਸਾਹ ਮੇਰਾ,ਇੱਕ ਸਾਹ ਤੇਰਾ 
                                 ਚਰਨਜੀਤ ਭੁੱਲਰ
ਬਠਿੰਡਾ : ਨਰਿੰਦਰ ਦਾ ਗੱਚ ਭਰਿਆ ਤੇ ਬੱਚਿਆਂ ਦੀ ਅੱਖ। ਜਦੋਂ ਪਤਾ ਲੱਗਾ ਕਿ ਨਰਿੰਦਰ ਹੁਣ ਸਕੂਲ ਚੋਂ ਵਿਦਾ ਹੋਵੇਗਾ। ਅਧਿਆਪਕ ਨਰਿੰਦਰ ਨੂੰ ਤਰੱਕੀ ਤਾਂ ਮਿਲੀ ਪਰ ਸਕੂਨ ਨਹੀਂ। ਬੱਚਿਆਂ ਦੇ ਵਿਯੋਗ ’ਚ ਪੂਰੀ ਰਾਤ ਜਾਗਦਾ ਰਿਹਾ। ਜਦੋਂ ਸਾਹਾਂ ਦੀ ਸਾਂਝ ਹੋਵੇ ਤਾਂ ਫਿਰ ਤਰੱਕੀ ਨੂੰ ਠੋਕਰ ਮਾਰਨਾ ਅੌਖਾ ਨਹੀਂ ਲੱਗਦਾ। ਹੁਸ਼ਿਆਰਪੁਰ ਦੇ ਪਿੰਡ ਝਾਂਸ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕ ਨਰਿੰਦਰ ਅਰੋੜਾ ਨੂੰ ਜਿੰਨੀ ਦਾਦ ਦਿੱਤੀ ਜਾਵੇ, ਉਨ੍ਹੀਂ ਥੋੜ੍ਹੀ। ਜਦੋਂ ਉਹ 13 ਵਰੇ੍ਹ ਪਹਿਲਾਂ ਪਿੰਡ ਝਾਂਸ ਦੇ ਸਕੂਲ ਪੁੱਜਾ। ਸਿਰਫ 23 ਬੱਚੇ ਸਨ। ਮੱਝਾਂ ਗਾਂਵਾਂ ਸਕੂਲ ’ਚ ਘੁੰਮਦੀਆਂ ਸਨ। ਗੋਹਾ ਚੁੱਕਣ ’ਚ ਦਿਨ ਗੁਜਰ ਜਾਂਦਾ। ਝਾਂਸ ਦੇ ਸਕੂਲ ’ਚ ਅੱਜ 311 ਬੱਚੇ ਹਨ। ਅੰਗਰੇਜ਼ੀ ਸਕੂਲਾਂ ਵਾਂਗ ਨਰਸਰੀ ਕਲਾਸ ਚੱਲਦੀ ਹੈ। ਨਰਿੰਦਰ ਦੇ ਮਨ ਨੂੰ ਉਦੋਂ ਹਲੂਣਾ ਵੱਜਾ ਜਦੋਂ ਇੱਕ ਪ੍ਰਾਈਵੇਟ ਸਕੂਲ ਦੇ ਸੰਚਾਲਕ ਨੇ ਮਿਹਣਾ ਮਾਰ ਦਿੱਤਾ। ਸਭ ਤੋਂ ਪਹਿਲਾਂ ਨਰਿੰਦਰ ਨੇ ਆਪਣਾ ਬੱਚਾ ਸਰਕਾਰੀ ਸਕੂਲ ’ਚ ਪੜ੍ਹਣ ਪਾਇਆ। ਦਾਨੀ ਸੱਜਣਾਂ ਨੇ ਮੋਢਾ ਦਿੱਤਾ, ਨਰਿੰਦਰ ਨੇ ਅਗਵਾਈ। ਜਦੋਂ ਸਰਕਾਰ ਨੇ ਨਰਿੰਦਰ ਨੂੰ ਤਰੱਕੀ ਦੇ ਕੇ ਸਕੂਲ ਛੱਡਣ ਦਾ ਸੁਨੇਹਾ ਲਾ ਦਿੱਤਾ। ਪੂਰੇ ਪਿੰਡ ਦੇ ਸਾਹ ਨਿਕਲ ਗਏ। ਬੱਚਿਆਂ ਦੇ ਚਿਹਰੇ ਉਤਰ ਗਏ। ਤਣਾਓ ਨੇ ਨਰਿੰਦਰ ਨੂੰ ਘੇਰਾ ਪਾ ਲਿਆ।
                  ਅਖੀਰ ਨਰਿੰਦਰ ਨੇ ਤਰੱਕੀ ਛੱਡ ਦਿੱਤੀ, ਬੱਚਿਆਂ ਨੂੰ ਚੁਣ ਲਿਆ। ਜਦੋਂ ਪਿੰਡ ਝਾਂਸ ’ਚ ਇਹ ਖ਼ਬਰ ਪੁੱਜੀ ਤਾਂ ਪਿੰਡ ਵਾਲਿਆਂ ਨੇ ਸਕੂਲ ਨੂੰ ਇਸੇ ਖੁਸ਼ੀ ’ਚ 56 ਮਰਲੇ ਜਗ੍ਹਾ ਦਾਨ ਦੇ ਦਿੱਤੀ। ਨਰਿੰਦਰ ਛੋਟੇ ਬੱਚਿਆਂ ਦੇ ਸਵਾਗਤ ’ਚ ਖੁਦ ਜਦੋਂ ਗੇਟ ’ਤੇ ਖੜ੍ਹਦਾ ਹੈ ਤਾਂ ਕੋਈ ਬੱਚਾ ਟਿਫਨ ਦੀ ਗੱਲ ਕਰਦੈ ਤੇ ਕੋਈ ਘਰ ਆਏ ਮਹਿਮਾਨ ਦੀ। ਨਰਿੰਦਰ ਆਖਦਾ ਹੈ ਕਿ ਇਹ ਬੱਚੇ ਹੀ ਮੇਰੀ ਪੂੰਜੀ ਹਨ ਜੋ ਮੈਨੂੰ ਊਰਜਾ ਦਿੰਦੇ ਹਨ। ਨਰਿੰਦਰ ਆਪਣੇ ਅਤੀਤ ’ਚ ਉੱਤਰਦਾ ਹੈ ਕਿ ਕਿਵੇਂ ਉਸ ਦੇ ਪੀਅਨ ਬਾਪ ਨੇ ਉਸ ਨੂੰ ਅਧਿਆਪਨ ਦੇ ਪੰਧ ’ਤੇ ਪਾਇਆ। ਉੁਹ ਆਪਣੇ ਬੱਚਿਆਂ ਚੋਂ ਰੱਬ ਵੇਖਦਾ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਸਕੂਲ ਦੇਖਣ ਲਈ ਖੁਦ ਪੁੱਜੀ। ਇਸੇ ਜ਼ਿਲ੍ਹੇ ਦੇ ਬੱਸੀ ਕਲਾਂ ਸਕੂਲ ਅਧਿਆਪਕ ਪਰਮਿੰਦਰ ਸਿੰਘ ਸਵਖਤੇ ਸਬਜ਼ੀ ਮੰਡੀ ਜਾਂਦਾ ਹੈ। ਜਿਥੋਂ ਮਿਡ ਡੇ ਮੀਲ ਲਈ ਤਾਜਾ ਸਬਜ਼ੀ ਲਿਆਉਂਦਾ ਹੈ। ਜਦੋਂ ਸਵੀਪਰ ਨਾ ਆਏ ਤਾਂ ਸਕੂਲ ਦੇ ਪਖਾਨੇ ਤੱਕ ਖੁਦ ਸਾਫ ਕਰਦਾ ਹੈ। ਪਰਮਿੰਦਰ ਦੇ ਪੁਰਾਣੇ ਵਿਦਿਆਰਥੀ ਦੇ ਸੱਟ ਵੱਜੀ। ਬਾਰਾਂ ਗੇੜੇ ਪੀ.ਜੀ.ਆਈ ਦੇ ਲਾ ਕੇ ਇਲਾਜ ਕਰਾਇਆ। ਫਿਰ ਮਦਦ ਕਰਾਈ ਤੇ ਕਾਲਜ ਦਾਖਲ ਕਰਾਇਆ। ਹਿਸਾਬ ਅਧਿਆਪਕ ਆਪਣੇ ਸ਼ਿਸ਼ਾਂ ਦੀ ਮਦਦ ਲਈ ਕੋਈ ਹਿਸਾਬ ਨਹੀਂ ਲਾਉਂਦਾ।
              ਅਧਿਆਪਕ ਦਿਵਸ ਮੌਕੇ ਇਨ੍ਹਾਂ ਅਧਿਆਪਕਾਂ ਨੂੰ ਸਲਾਮ ਜਿਨ੍ਹਾਂ ਗੁਰੂ ਸ਼ਿਸ਼ ਦੀ ਪ੍ਰੰਪਰਾ ਨੂੰ ਦਾਗ ਨਹੀਂ ਲੱਗਣ ਦਿੱਤਾ। ਕੋਟੜਾ ਕੌੜਿਆਂ ਵਾਲਾ (ਬਠਿੰਡਾ) ਦੀ ਅਧਿਆਪਕਾ ਹਰਵਿੰਦਰ ਕੌਰ ਦੀ ਛੇ ਸਾਲ ਪਹਿਲਾਂ ਸੇਵਾ ਮੁਕਤੀ ਹੋਈ। ਫਿਰ ਵੀ ਘਰ ਨਹੀਂ ਬੈਠੀ। ਸਕੂਲ ’ਚ ਕਮਜ਼ੋਰ ਬੱਚਿਆਂ ਨੂੰ ਪੂਰਾ ਪੂਰਾ ਦਿਨ ਪੜ੍ਹਾਉਂਦੀ ਹੈ। ਸਕੂਲ ਦਾ ਤਾਲਾ ਖੁਲ੍ਹਾਉਣਾ ਤੇ ਬੰਦ ਕਰਾਉਣਾ, ਉਸ ਦਾ ਨੇਮ ਹੈ। ਛੁੱਟੀਆਂ ਦੇ ਦਿਨਾਂ ’ਚ ਸਕੂਲ ਦੇ ਪੌਦੇ ਪਾਲਦੀ ਹੈ। ਫਾਜ਼ਿਲਕਾ ਦੇ ਸਰਹੱਦੀ ਸਕੂਲ ਚਾਨਣਵਾਲਾ ਦੇ ਅਧਿਆਪਕ ਲਵਜੀਤ ਸਿੰਘ ਦੇ ਮੋਹ ਤੇ ਸਿਰੜ ਦਾ ਕੋਈ ਜੁਆਬ ਨਹੀਂ। ਪਹਿਲੋਂ ਦੋਨਾ ਨਾਨਕਾ ਸਕੂਲ ਦਾ ਨਕਸ਼ ਬਦਲ ਦਿੱਤਾ। ਹੁਣ ਚਾਨਣਵਾਲਾ ਦੇ ਖੰਡਰ ਸਕੂਲ ਨੂੰ ‘ਪੂਰਾ ਏ.ਸੀ’ ਬਣਾ ਦਿੱਤਾ। 23 ਲੱਖ ਦਾ ਖਰਚਾ ਆਇਆ। ਖੁਦ ਕਰਜ਼ਾ ਚੁੱਕ ਲੈਂਦਾ ਹੈ ਤਾਂ ਜੋ ਬੱਚਿਆਂ ਨੂੰ ਤੱਤੀ ਵਾ ਨਾ ਲੱਗੇ। ਦੋਨਾ ਨਾਨਕਾ ਦੀ ਸਕੂਲ ਦੀ ਪੁਰਾਣੀ ਵਿਦਿਆਰਥਣ ਹੁਣ ਵੈਟਰਨਰੀ ਡਾਕਟਰ ਦੀ ਪੜ੍ਹਾਈ ਕਰ ਰਹੀ  ਹੈ। ਲਵਜੀਤ ਨੇ ਆਪਣੀ ਵਿਦਿਆਰਥਣ ਨੂੰ ਪੱਲਿਓ ਪੈਸੇ ਖਰਚ ਕੇ ਚੰਡੀਗੜ੍ਹ ਕੋਚਿੰਗ ਦਿਵਾਈ ਤੇ ਹੁਣ ਵੈਟਰਨਰੀ ਦੀਆਂ ਫੀਸਾਂ ਤਾਰ ਰਿਹਾ ਹੈ। ਦਾਨੀ ਸੱਜਣ ਵੀ ਸਹਿਯੋਗ ਕਰਦੇ ਹਨ।
                  ਲਵਜੀਤ ਆਪਣੇ ਮੈਰੀਟੋਰੀਅਸ ਸਕੂਲਾਂ ਵਿਚ ਪੜ੍ਹਦੇ ਬੱਚਿਆ ਦਾ ਪਤਾ ਲੈਣੋ ਵੀ ਨਹੀਂ ਭੁੱਲਦਾ। ਕਦੇ ਫਿਰੋਜ਼ਪੁਰ ਤੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ’ਚ ਜਾਣ ਤੋਂ ਲੇਟ ਹੋ ਜਾਵੇ ਤਾਂ ਬੱਚੇ ਪਿਆਰ ਦੇ ਉਲਾਂਭੇ ਆਪਣੇ ਗੁਰੂ ਨੂੰ ਦਿੰਦੇ ਹਨ। ਲਵਜੀਤ ਬੱਚਿਆਂ ਨੂੰ ਹਰ ਵਾਰ ਸ਼ਗਨ ਵੀ ਦਿੰਦਾ ਹੈ ਤੇ ਹੌਸਲਾ ਵੀ। ਮੋਗਾ ਦੇ ਨਿਹਾਲ ਸਿੰਘ ਵਾਲਾ ਸਕੂਲ ਦਾ ਅਧਿਆਪਕ ਜਸਵਿੰਦਰ ਸਿੰਘ ਮਿੱਟੀ ਚੋਂ ਲਾਲ ਲੱਭ ਰਿਹਾ ਹੈ। ਪਹਿਲਾਂ ਸਕੂਲ ’ਚ ਝੁੱਗੀ ਝੌਂਪੜੀ ਵਾਲੇ 23 ਬੱਚਿਆਂ ਨੂੰ ਪੜਾਉਂਦਾ ਹੈ। ਸ਼ਾਮ ਵਕਤ ਉਨ੍ਹਾਂ ਨੂੰ ਘਰ ਬੁਲਾ ਕੇ ਪੜਾਉਣ ਤੋਂ ਖੁੰਝਦਾ ਨਹੀਂ। ਕਿਸੇ ਮੰਜ਼ਲ ’ਤੇ ਪੁੱਜ ਜਾਣ, ਉਸਦੀ ਆਪਣੇ ਸਾਗਿਰਦਾਂ ਪ੍ਰਤੀ ਇਹੋ ਸੋਚ ਹੈ।ਪੜਸ ਖੁਰਦ (ਮੋਹਾਲੀ) ਦੇ ਪ੍ਰਾਇਮਰੀ ਸਕੂਲ ’ਚ ਸੌ ਫੀਸਦੀ ਹਾਜ਼ਰੀ ਰਹਿੰਦੀ ਹੈ। ਜਦੋਂ ਰੱਖੜੀ ਆਈ ਤਾਂ ਸਕੂਲ ਅਧਿਆਪਕਾ ਅੰਜੂ ਸ਼ਰਮਾ ਦੇ ਹੱਥ ਭਰ ਦਿੱਤੇ। ਸਕੂਲੀ ਬੱਚੇ ਖੁਸ਼ੀ ਗਮੀ ਮੌਕੇ ਪਹਿਲੋਂ ਮੈਡਮ ਅੰਜੂ ਨੂੰ ਯਾਦ ਕਰਦੇ ਹਨ। ਅੰਜੂ ਸ਼ਰਮਾ ਆਖਦੀ ਹੈ ਕਿ ਬੱਚਿਆਂ ਨਾਲ ਬੱਚੀ ਬਣ ਜਾਂਦੀ ਹਾਂ।
               ਇਸੇ ਜ਼ਿਲ੍ਹੇ ਦੀ ਫੌਜੀ ਕਲੋਨੀ ਦੇ ਸਕੂਲ ’ਚ ਜਦੋਂ ਬੱਚੇ ਆਪਸ ’ਚ ਕੋਈ ਲੜਣ ਭਿੜਨ ਤਾਂ ਅਧਿਆਪਕਾ ਬਲਜੀਤ ਕੌਰ ਉਨ੍ਹਾਂ ਨੂੰ ਬਿਸਕੁਟ ਵੰਡਦੀ ਹੈ। ਦਿਲ ਦੀ ਮਰੀਜ਼ ਹੈ, ਹਸਪਤਾਲ ਨਹੀਂ, ਸਕੂਲ ’ਤੇ ਪੈਸੇ ਲੱਗ ਜਾਣ, ਮਨ ’ਚ ਇਹੋ ਧਾਰਨਾ ਰੱਖਦੀ ਹੈ। ਫਤਹਿਗੜ੍ਹ ਸਾਹਿਬ ਦੇ ਪਿੰਡ ਤੰਦਾ ਬੱਧਾ ਖੁਰਦ ਦੇ ਸਕੂਲ ਅਧਿਆਪਕ ਹਰਪ੍ਰੀਤ ਸਿੰਘ ਨੇ ਆਪਣੇ ਦੋਵੇਂ ਬੱਚੇ ਸਰਕਾਰੀ ਸਕੂਲ ’ਚ ਪੜ੍ਹਣ ਪਾਏ ਹਨ। ਆਖਦਾ ਹੈ ਕਿ ਸਰਕਾਰੀ ਸਕੂਲ ਕਿਸੇ ਪੱਖੋਂ ਘੱਟ ਹਨ। ਅਧਿਆਪਕ ਦਿਵਸ ਮੌਕੇ ਇਨ੍ਹਾਂ ਅਧਿਆਪਕਾਂ ਨੂੰ ਸਲਾਮ ਕਰਨਾ ਬਣਦਾ ਹੈ।
                                     ਕ੍ਰਿਸ਼ਨ ਕੁਮਾਰ ਦਾ ਏਹ ਚਿਹਰਾ ਵੀ..
ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਇੱਕ ਰੂਪ ਏਹ ਵੀ ਹੈ ਜਿਸ ਤੋਂ ਸਭ ਅਣਜਾਣ ਹਨ। ਕਾਮਰੇਡ ਭੀਮ ਦਿੜਬਾ ਨੇ ਪੂਰੀ ਜਾਇਦਾਦ ਸਕੂਲ/ਹਸਪਤਾਲ ਨੂੰ ਦੇ ਦਿੱਤੀ। ਮਰਨ ਵੇਲੇ ਤਨ ਦੇ ਕੱਪੜੇ ਸਨ। ਚੁੱਪ ਚੁਪੀਤੇ ਕਾਮਰੇਡ ਦੇ ਭੋਗ ਤੇ ਕ੍ਰਿਸ਼ਨ ਕੁਮਾਰ ਪੁੱਜਾ, ਅਫਸੋਸ ਕੀਤਾ ਕਿ ਏਦਾ ਦੇ ਜੀਅ ਨੂੰ ਜਿਉਂਦੇ ਜੀਅ ਕਿਉਂ ਨਹੀਂ ਮਿਲ ਸਕਿਆ। ਦੂਸਰੇ ਦਿਨ ਹੀ ਸਕੂਲ ਦਾ ਨਾਮਕਰਨ ਕਾਮਰੇਡ ਭੀਮ ਦਿੜਬਾ ਦੇ ਨਾਮ ’ਤੇ ਕਰ ਦਿੱਤਾ। ਲੁਧਿਆਣਾ ਦੇ ਢੋਲਣ ਦੇ ਅਧਿਆਪਕ ਬਲਰਾਮ ਸਿੰਘ ਦੀ ਮੌਤ ਦਾ ਪਤਾ ਲੱਗਾ, ਉਸ ਦੀ ਨੌਜਵਾਨ ਪਤਨੀ ਨੂੰ ਭੋਗ ਵਾਲੇ ਦਿਨ ਨਿਯੁਕਤੀ ਪੱਤਰ ਦੇਣ ਪੁੱਜ ਗਿਆ। ਬੱਸੀ ਕਲਾਂ ਦੇ ਸਮਰਪਿਤ ਅਧਿਆਪਕ ਪਰਮਿੰਦਰ ਦਾ ਪਤਾ ਲੱਗਾ ਤਾਂ ਉਸ ਦੇ ਘਰ ਬਿਨਾਂ ਦੱਸੇ ਕ੍ਰਿਸ਼ਨ ਕੁਮਾਰ ਪੁੱਜ ਗਿਆ।



Sunday, September 1, 2019

                        ਵਿਚਲੀ ਗੱਲ
     ਜਨਾਬ ! ਲਈਏ ਜਾਮਾ ਤਲਾਸ਼ੀ...
                       ਚਰਨਜੀਤ ਭੁੱਲਰ
ਬਠਿੰਡਾ : ਪੁਲੀਸ ਦਾ ‘ਬਸਤਾ ਬੇ’ ਖੋਲ੍ਹਦੇ ਹਾਂ। ਬੰਨ੍ਹ ਕੇ ਅੰਗਰੇਜ਼ ਗਏ ਸਨ। ਬਦਮਾਸ਼ਾਂ ਦਾ ਵਹੀ ਖਾਤਾ। ‘ਬਸਤਾ ਬੇ’ ’ਚ ਜੋ ਬੰਨੇ੍ਹ ਜਾਂਦੇ। ਉਨ੍ਹਾਂ ਤੋਂ ਫਿਰ ਭਲੇ ਦੀ ਆਸ ਕਿਥੇ। ਅੰਗਰੇਜ਼ ਤਾਂ ਬੇਸ਼ੱਕ ਚਲੇ ਗਏ। ਬਸਤੇ ਥਾਣਿਆਂ ’ਚ ਛੱਡ ਗਏ। ਉਦੋਂ ਹੁਕਮ ਇਵੇਂ ਦਾ ਸੀ। ਜਦੋਂ ਕੋਈ ਬਦਮਾਸ਼ ਪਿੰਡ ਛੱਡਦਾ। ਪਹਿਲੋਂ ਨੰਬਰਦਾਰ ਨੂੰ ਦੱਸਦਾ। ਹਾਜ਼ਮਾ ਤਾਂ ਰੱਖੋ, ਥੋਨੂੰ ਵੀ ਦੱਸਦੇ ਹਾਂ। ਉਂਜ, ਕੌਣ ਭੁੱਲਿਐ ‘ਦਸ ਨੰਬਰੀਆਂ’ ਨੂੰ। ਮੁਜਰਮੀ ਸੁਭਾਅ ਵਾਲੇ ਸਨ। ‘ਦਸ ਨੰਬਰੀਏ’ ਖਾਤੇ ’ਚ ਇੱਕ ਸਾਬਕਾ ਮਝੈਲ ਮੰਤਰੀ ਵੀ ਸੀ। ਏਸ ਜਨਾਬ ਨੇ ‘ਬਸਤਾ ਬੇ’ ਤਾਂ ਛੱਡ ਦਿੱਤਾ, ਪੁਰਾਣੀ ਆਦਤ ਹਾਲੇ ਨਹੀਂ ਛੱਡੀ। ਬਸਤਾ ਖੋਲ ਹੀ ਲਿਆ ਹੈ ਤਾਂ ਕਾਹਦਾ ਲੁਕੋ। ਕਰੀਬ ਦਰਜਨ ‘ਦਸ ਨੰਬਰੀਏ’ ਅੱਜ ਸ਼੍ਰੋਮਣੀ ਕਮੇਟੀ ’ਚ ਮੁਲਾਜ਼ਮ ਹਨ। ਕੋਈ ਗਰੰਥੀ ਤੇ ਕੋਈ ਪਾਠੀ। ਇੱਕ ਮਲਵਈ ਢਾਡੀ ਵੀ। ਇੱਕ ਮਹਿਲਾ ਨੇਤਾ, ਥਾਣੇ ਜੈਤੋ ਦੇ ਬਸਤੇ ’ਚ ਹੈ। ਸੂਚੀ ’ਚ ਸਾਬਕਾ ਮੰਤਰੀ ਦਾ ਮਝੈਲ ਕੁੜਮ ਵੀ ਪਿਛੇ ਨਹੀਂ। ਕਈ ਵਿਦੇਸ਼ ਵਸ ਗਏ। ਕਈ ਨੇਤਾ ਬਣ ਗਏ। ਕਈ ਅੱਲਾ ਦੀ ਦਰਗਾਹ ਪੁੱਜ ਗਏ। ਬਹੁਤੇ ਪੁਲੀਸ ਦੇ ਪੱਗ ਵੱਟ ਬਣ ਗਏ। ਪੰਜਾਬ ਦਾ ‘ਬਸਤਾ ਬੇ’ ਦੇਖੋ। ਜਿਸ ’ਚ ਕਰੀਬ 2500 ਦਸ ਨੰਬਰੀਏ ਬੰਨੇ੍ਹ ਹੋਏ ਹਨ। ਇਕੱਲੇ ਮਾਲਵੇ ਚੋਂ 540 ਨੇ। ਕਿਸੇ ਨੇ ਦੁਸ਼ਮਣੀ ਪੁਗਾਈ। ਕਿਸੇ ਨੇ ਵੇਚੀ ਅਫ਼ੀਮ।  ‘ਦਸ ਨੰਬਰੀਏ’ ਹੋਣ ਦੇ ਦਾਗ ਹਾਲੇ ਮਿਟੇ ਨਹੀਂ।
           ਬੇਅੰਤ ਸਰਕਾਰ ਮਗਰੋਂ ਬਸਤੇ ਨਹੀਂ ਛੇੜੇ ਗਏ। ਨਵੇਂ ਦਸ ਨੰਬਰੀਏ ਨਹੀਂ ਬਣੇ। ਜੋ ਪੁਰਾਣੇ ‘ਦਸ ਨੰਬਰੀਏ’ ਹਨ। ਪੁਲਸੀਆ ਵਹੀ ’ਚ ਉਹ ਖ਼ਾਮੋਸ਼ ਹਨ। ਖ਼ੈਰ, ਹੁਣ ਤਾਂ ਸਮੁੱਚਾ ਮੁਲਕ ਹੀ ਖ਼ਾਮੋਸ਼ ਹੈ। ਜਦੋਂ ਤੋਂ ਕੇਂਦਰ ’ਚ ਮੁੜ ਗੱਦੀ ਬੈਠੇ ਨੇ। ਕੋਈ ਅੱਖ ’ਚ ਪਾਇਆ ਨਹੀਂ ਰੜਕ ਰਿਹਾ। ਅਗਲੇ ਪੰਜ ਕਰਨ, ਚਾਹੇ ਪੰਜਾਹ। ‘ਵਕਤ ਵਿਚਾਰੇ ਸੋ ਬੰਦਾ ਹੋਏ।’ ਗੱਲ ਇਹੋ ਲੜ ਬੰਨ੍ਹ ਲਵੋ। ਜੋ ਹੁਣ ‘ਕਸ਼ਮੀਰ ਵੈਲੀ’ ’ਚ ਹੋਇਐ, ਪੁਰਾਣੇ ਵੈੱਲੀ ਵੀ ਹਲੂਣੇ ਗਏ ਨੇ। ਲੋਕ ਬੋਲੀ ਤਾਂ ਚੇਤੇ ਹੋਊ। ‘..ਅਰਜਨ ਵੈੱਲੀ ਨੇ ਹੱਥ ਜੋੜ ਕੇ ਗੰਡਾਸੀ ਮਾਰੀ’। ਅੱਜ ਵੀ ‘ਅਰਜਨ ਵੈਲੀ’ ਦੀ ਰੂਹ ਜ਼ਿੰਦਾ ਹੈ। ਡੋਨਾਲਡ ਟਰੰਪ ਕਿਸੇ ਵੈਲੀ ਨਾਲ ਘੱਟ ਹੈ। ਵਿਸ਼ਵ ਦਾ ਸਭ ਤੋਂ ਵੱਡਾ ਵੈਲੀ। ਬਿਨਾਂ ਗੰਡਾਸੀ ਤੋਂ ਆਹੂ ਲਾਈ ਜਾ ਰਿਹਾ। ਸਾਡੇ ਆਲ਼ੇ ਨੂੰ ਤਾਂ ਟਿੱਚ ਕਰਕੇ ਜਾਣਦੈ। ਅੰਦਰੋਂ ਅੰਦਰੀਂ ਮੁਹੰਮਦ ਸ਼ਦੀਕ ਡਰੀ ਜਾ ਰਿਹੈ। ਕਿਤੇ ਨਰਿੰਦਰ ਮੋਦੀ ਨਾ ਆਖ ਦੇਣ, ਮੁਹੰਮਦ ਸਦੀਕ ਜੀ ! ਵੋਹ ਗਾਣਾ ਸੁਣਾਓ ‘ ਅਸੀਂ ਵੈੱਲੀਆਂ ਨੇ ਵੈਲ ਕਮਾਉਣੇ, ਸਾਡੀ ਕਿਹੜਾ ਮੰਗ ਛੁਟ ਜੂ।’ ਜਦੋਂ ‘ਘਰ ਦਾ  ਰਾਜ’ ਹੋਵੇ, ਉਦੋਂ ਸਦੀਕ ਦੀ ਕੀ ਮਜ਼ਾਲ। ਅਮਿਤ ਸ਼ਾਹ ਵੀ ਕਹੇ ਤੇ ਸਦੀਕ ਨਾ ਸੁਣਾਵੇ। ਉਹੀ ਪੁਰਾਣਾ ਗਾਣਾ ‘ਤੇਰਾ ਵੈੱਲੀਆਂ ਦੇ ਨਾਲ ਮੁਲਾਹਜ਼ਾ’।
                ਗਾਣੇ ਛੱਡੋ ਤੇ ਫਿਕਰ ਵੀ, ਉੱਧਰ ਬਜ਼ੁਰਗ ਦੀ ਸੁਣੋ। ਆਖ ਰਿਹੈ, ‘ਭਾਈ, ਸਾਡੇ ਵੇਲੇ ਭਲੇ ਸਨ, ਬਦਮਾਸ਼ਾਂ ’ਚ ਵੀ ਇਖਲਾਕ ਸੀ।  ਹੁਣ ਦੀ ਤਾਂ ਗੱਲ ਛੱਡੋ’। ‘ਪਹਾੜ ਨਾਲ ਟੱਕਰ ਕੌਣ ਲੈਂਦਾ, ਬੱਸ ਚੁੱਪ ’ਚ ਭਲੀ।’ ਕਸ਼ਮੀਰ ਤਾਂ ਹੁਣ ਪਿੰਜਰਾ ਲੱਗਦੈ। ਲੋਕਾਂ ਨੇ ਸਬਰ ਦਾ ਘੁੱਟ ਭਰ ਰੱਖਿਐ। ਅਮਿਤ ਸਾਹ ਨੇ ਦੋ ਦਿਨ ਪਹਿਲਾਂ ਕਿਹਾ ‘ਥਰਡ ਡਿਗਰੀ ਟਾਰਚਰ ਦਾ ਹੁਣ ਜ਼ਮਾਨਾ ਨਹੀਂ ਰਿਹਾ’। ਆਈ.ਏ.ਐਸ ਅਧਿਕਾਰੀ ਕੰਨਨ ਗੋਪੀਨਾਥਨ। ਹੁਣੇ ਅਸਤੀਫ਼ਾ ਦਿੱਤਾ ਹੈ। ਉਸ ਨੇ ਕੀ ਕਿਹਾ ਹੈ, ਸੁਣੋ, ‘ਕੋਈ ਡਾਕਟਰ ਬੱਚੇ ਦੇ ਭਲੇ ਲਈ ਕੌੜੀ ਦਵਾ ਤਾਂ ਦੇ ਸਕਦੇ, ਬੱਚੇ ਤੋਂ ਰੋਣ ਦਾ ਹੱਕ ਨਹੀਂ ਖੋਹ ਸਕਦਾ।’ ਅੱਗੇ ਆਖਦਾ ਹੈ, ‘ਬੋਲਣ ਦੀ ਆਜ਼ਾਦੀ ’ਤੇ ਤਾਲਾ ਕਿਵੇਂ ਝੱਲਦਾ।’ ਕਸ਼ਮੀਰੀ ਅਖ਼ਬਾਰ ਦੀ ਸੰਪਾਦਕ ਵੀ ਝੱਲ ਨਹੀਂ ਸਕੀ। ਅਨੁਰਾਧਾ ਭਸੀਨ ਮੀਡੀਆ ਦੀ ਆਜ਼ਾਦੀ ਖੋਹਣ ਖ਼ਿਲਾਫ਼ ਸੁਪਰੀਮ ਕੋਰਟ ਜਾ ਪੁੱਜੀ। ਲਾਮ ਲਸ਼ਕਰ ਨਾਲ ਰਾਹੁਲ ਗਾਂਧੀ ਵੀ ਪੁੱਜਾ ਸੀ। ਕਸ਼ਮੀਰ ਚੋਂ ਬੇਰੰਗ ਮੋੜ ਦਿੱਤਾ। ਜਦੋਂ ਸੋਚ ਨੂੰ ਦੁਗਾੜਾ ਵੱਜ ਜਾਏ। ਉਦੋਂ ਲੋਕ ਠੰਡੇ ਬਸਤੇ ਪੈਂਦੇ ਹਨ। ਬੋਲਣਾ ਵੀ ਗੁਨਾਹ ਹੋ ਜਾਂਦੈ।
               ਥੋੜੇ ਦਿਨ ਪਹਿਲਾਂ ਦੀ ਸੁਣੋ। ਇੱਕ ਪ੍ਰਿੰਸੀਪਲ ਦਾ ਫੋਨ ਆਇਆ। ਆਖਣ ਲੱਗਾ, ਲੈਕਚਰਾਰਾਂ ਦੀ ਇੰਟਰਵਿਊ ਰੱਖੀ ਐ। ਉਮੀਦਵਾਰਾਂ ਨੂੰ ਸੁਆਲ  ਤਾਂ ਕਰ ਸਕਦੇ ਹਾਂ, ਕੋਈ ਪਾਬੰਦੀ ਤਾਂ ਨਹੀਂ। ਜੁਆਬ ਹਾਸੇ ’ਚ ਦਿੱਤਾ। ਪ੍ਰਿੰਸੀਪਲ ਸਾਹਬ ! ਸੁਆਲ ਜਿੰਨੇ ਮਰਜ਼ੀ ਕਰਿਓ, ਏਨਾ ਕੁ ਖਿਆਲ ਰੱਖਣਾ, ਕਿਸੇ ਉਮੀਦਵਾਰ ਨੇ ਜੁਆਬ ’ਚ ‘ਭਾਰਤ ਮਾਤਾ ਦੀ ਜੈ’ ਆਖ ਦਿੱਤਾ ਤਾਂ ਫਿਰ ਫੈਸਲਾ ਸੋਚ ਸਮਝ ਕਰਿਓ। ਦੇਸ਼ ਧਰੋਹ ਦਾ ਕੇਸ ਕਾਫੀ ਸਖ਼ਤ ਹੁੰਦੈ। ਪੱਛਮੀ ਬੰਗਾਲ ਦਾ ਇੱਕ ਸਕੂਲ ਹੁਣੇ ਮਸਾਂ ਬਚਿਆ ਹੈ। ਸਕੂਲੀ ਪ੍ਰੀਖਿਆ ’ਚ ਸੁਆਲ ਆਇਆ ‘..ਧਾਰਮਿਕ ਨਾਅਰੇ ਦੇ ਸਮਾਜ ’ਤੇ ਪੈਣ ਵਾਲੇ ਦੁਰਪ੍ਰਭਾਵ ਦੱਸੋ।’ ਜੋ ਸਕੂਲ ਨਾਲ ਹੋਈ, ਥੋਨੂੰ ਦੱਸਣ ਦੀ ਲੋੜ ਨਹੀਂ। ਮੁਲਕ ’ਚ ਜੋ ਮਾਹੌਲ ਬਣਿਐ। ਇਕੱਲਾ ਸਹਿਮ ਨਹੀਂ, ਸੰਨਾਟਾ ਵੀ ਹੈ। ਭਾਜਪਾ ਕੋਲ ਸੀਟਾਂ ਦਾ ਘਾਟਾ ਨਹੀਂ। ਲੋਕਾਂ ਨੂੰ ਧੁੜਕੂ ਲੱਗਿਐ, ਮੋਦੀ ਨੇ ਹੁਣ ਸ਼ੁਰੂ ਕੀਤਾ ਪ੍ਰੋਗਰਾਮ ‘ਫਿਟ ਇੰਡੀਆ’।
        ਮੁਲਕ ਦੀ ਅੱਖ ਵੀ ਉਦੋਂ ਫਰਕੀ ਸੀ। ਜਦੋਂ ਗੁਲਬਰਗਾ ਰੈਲੀ ’ਚ ਸੋਨੀਆ ਗਾਂਧੀ ਬਾਰੇ ਮੋਦੀ ਬੋਲੇ, ‘ਦਸ ਨੰਬਰੀ (10, ਜਨਪਥ) ਨੇ ਦੇਸ਼ ’ਚ ਤਬਾਹੀ ਮਚਾਈ ਹੈ।’ ਪੰਜਾਬ ਦੇ ਗੁਆਂਢੀ ਨੇ ਚੌਟਾਲੇ। ਕਦੇ ਹਰਿਆਣੇ ਦੇ ਨੱਕ ’ਚ ਦਮ ਕੀਤਾ ਸੀ। ਹੁਣ ਪਰੋਲ ਵੀ ਮਸਾਂ ਮਿਲਦੀ ਐ। ‘ਮਾੜੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ’, ਏਹ ਮੈਂ ਨਹੀਂ, ਸਿਆਣੇ ਆਖਦੇ ਨੇ। ਅੱਗੇ ਬੁਲੰਦ ਸ਼ਹਿਰ ਚੱਲਦੇ ਹਾਂ। ਭੀੜ ਨੇ ਇੰਸਪੈਕਟਰ ਸੁਬੋਧ ਕੁਮਾਰ ਨੂੰ ਮੁਕਾ ਦਿੱਤਾ। ਜਦੋਂ ਮੁਲਜ਼ਮ ਹੁਣ ਜੇਲੋਂ੍ਹ ਜ਼ਮਾਨਤ ਤੇ ਨਿਕਲੇ। ਗਲਾਂ ’ਚ ਹਾਰ ਵੀ ਪਏ, ‘ਜੈ ਸ੍ਰੀ ਰਾਮ’ ਦੇ ਨਾਅਰੇ ਵੀ ਲੱਗੇ।  ਜੇਹੀ ਕੋਕੋ..। ਗਿਆਰਾਂ ਹਜ਼ਾਰ ਪੁਲੀਸ ਮੁਲਾਜ਼ਮਾਂ ਤੇ ਅਧਾਰਿਤ ਹੁਣੇ ਕੇਂਦਰੀ ਸਰਵੇ ਹੋਇਆ ਹੈ। 33 ਫੀਸਦੀ ਨੇ ਦਿਲ ਦੀ ਦੱਸੀ, ‘ਗਊ ਰੱਖਿਅਕ ਜੇ ਮੁਲਜ਼ਮਾਂ ’ਤੇ ਹਮਲੇ ਕਰਦੇ ਹਨ, ਏਸ ’ਚ ਕੁਝ ਵੀ ਗਲਤ ਨਹੀ।’ ਯੂ.ਪੀ ’ਚ ਮੁੱਖ ਮੰਤਰੀ ਯੋਗੀ ਨੂੰ ਸੁਰੇਸ਼ ਰਾਣਾ ’ ਵੀ ਕੁਝ ਗਲਤ ਨਹੀਂ ਲੱਗਿਆ। ਰਾਣਾ ਦੀ ਯੋਗਤਾ ਦਾ ਹੁਣ ਮੁੱਲ ਪਿਆ ਹੈ। ਸੁਰੇਸ਼ ਰਾਣਾ ਤੇ ਦੰਗੇ ਭੜਕਾਏ ਜਾਣ ਦਾ ਕੇਸ ਦਰਜ ਹੈ। ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾ ਦਿੱਤਾ ਹੈ।
                ਬਿਹਾਰ ਦੇ ਗਯਾ ਜ਼ਿਲ੍ਹੇ ’ਚ ਬੱਚੀ ਸਮੂਹਿਕ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ। ਨਿਆਂ ਲਈ ਪੰਚਾਇਤ ਕੋਲ ਗਈ। ਪੰਚਾਇਤ ਨੇ ਝੂਠੀ ਆਖ ਕੇ ਬੱਚੀ ਦਾ ਸਿਰ ਮੁੰਨਿਆ, ਫਿਰ ਪਿੰਡ ’ਚ ਚੱਕਰ ਕਟਾਇਆ। ਪੰਜਾਬੀ ਵੀ ਛਾਪਲੇ ਬੈਠੇ ਹਨ। ਜਿਨ੍ਹਾਂ ਦਾ ਕਦੇ ਨਾਇਕ ਸਨ। ਦੁੱਲਾ ਭੱਟੀ, ਸੁੱਚਾ ਸੂਰਮਾ, ਜਿਊਣਾ ਮੌੜ ਤੇ ਜੱਗਾ ਡਾਕੂ। ਵਕਤ ਮੋੜੇ ਕੱਟਦਾ ਰਿਹਾ। ਦਸ ਨੰਬਰੀਏ ਤੇ ਵੈਲੀ ਬਦਮਾਸ਼ ਆ ਗਏ। ਗੈਂਗਸਟਰਾਂ ਨੇ ਗੱਦੀ ਸੰਭਾਲ ਲਈ। ਥੋੜੇ ਅਰਸੇ ਤੋਂ ਮਾਫੀਏ ਆ ਗਏ ਹਨ। ਕਾਂਗਰਸੀ ਪਿੱਟੀ ਜਾ ਰਹੇ ਨੇ, ‘ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਕੁਝ ਤਾਂ ਕਰੋ ਕੈਪਟਨ ਸਾਹਿਬ।’ ਛੱਜੂ ਰਾਮ ਨੇ ਨਿਚੋੜ ਕੱਢਿਐ ਕਿ ਤਿਲਾਂ ’ਚ ਤੇਲ ਨਹੀਂ ਰਿਹਾ।
                ਆਹ ਵੋਟ ਮਾਫੀਏ ਨੇ ਪੁਰਾਣੇ ‘ਦਸ ਨੰਬਰੀਏ’ ਵੀ ਚੰਗੇ ਅਖਵਾ ਦਿੱਤੇ ਨੇ। ਕਿਤੇ ਅੱਜ ਵੀ ‘ਬਸਤਾ ਬੇ’ ਮੈਰਿਟ ਦੇ ਅਧਾਰ ’ਤੇ ਬੱਝਦਾ, ਥਾਣੇ ਭਰ ਜਾਣੇ ਸਨ। ਸਭ ਦੀ ਥਾਣੇ ਹਾਜ਼ਰੀ ਲੱਗਦੀ। ਪੰਜਾਬੀਆਂ ਦੇ ਹੁਣ ਡੌਲ਼ੇ ਫਰਕਦੇ ਨਹੀਂ। ਅੱਖਾਂ ਵਿਚ ਵੀ ਖੂਨ ਵੀ ਨਹੀਂ ਉੱਤਰਦਾ। ਨੇਤਾ ਪੈਸੇ ਤੇ ਗੱਦੀ ਦੀ ਦੌੜ ’ਚ ਉਲਝੇ ਨੇ। ਪੰਜਾਬੀ ਨਸ਼ਿਆਂ ਵਿਚ। ਸਭ ਕੁਝ ਉਵੇਂ ਚੱਲ ਰਿਹੈ। ਉਪਰਲੇ ਦੇਸ਼ ਭਗਤੀ ਤੋਂ ਵਿਹਲੇ ਨਹੀਂ ਹੋ ਰਹੇ। ਨਫ਼ਰਤ ਦੀ ਸਿਆਸਤ ’ਚ ਮੁਲਕ ਯਰਕਿਐ। ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਅੰਤੋਨੀਆ ਗੁਟੇਰੇਜ਼ ਨੂੰ ਕਹਿਣਾ ਪਿਆ ਹੈ, ‘ਨਫਰਤੀ ਸਿਆਸਤ ਤੋਂ ਰੱਬ ਬਚਾਏ’। ਭਗਵੰਤ ਮਾਨ ਥਾਂ ਥਾਂ ਆਖਦਾ ਫਿਰਦੈ, ‘ਪੰਜਾਬ ਨੂੰ ਮੈਂ ਬਚਾਊ।’ ਲੋਕ ਪੁੱਛਦੇ ਹਨ ਕਿ ‘ ਅੱਜ ਦੇ ਦਸ ਨੰਬਰੀਆਂ ਤੋਂ ਕੌਣ ਬਚਾਊ। ’