Showing posts with label Tractor. Show all posts
Showing posts with label Tractor. Show all posts

Wednesday, July 23, 2025

                                                        ਚੁਰਾਸੀ ਦਾ ਗੇੜ
                             ਵੇਚਣਾ ਮਜਬੂਰੀ, ਖਰੀਦਣਾ ਜ਼ਰੂਰੀ..!
                                                        ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਦੇ ਮੋਗਾ, ਮਲੋਟ ਤੇ ਬਰਨਾਲਾ ਦੀ ਟਰੈਕਟਰ ਮੰਡੀ ’ਚ ਜਦੋਂ ਨਵੇਂ-ਪੁਰਾਣੇ ਟਰੈਕਟਰ ਕਤਾਰਾਂ ’ਚ ਖੜ੍ਹੇ ਦੇਖਦੇ ਹਾਂ ਤਾਂ ਇੰਝ ਜਾਪਦਾ ਹੈ ਕਿ ਜਿਵੇਂ ਪੰਜਾਬ ਦੇ ਖੇਤ ਵਿਹਲੇ ਹੋ ਗਏ ਹੋਣ। ਕਿਸਾਨ ਇਕੱਲਾ ਫ਼ਸਲੀ ਗੇੜ ’ਚ ਨਹੀਂ ਫਸਿਆ ਬਲਕਿ ਕਿਸਾਨਾਂ ਲਈ ਟਰੈਕਟਰਾਂ ਦੀ ਅਦਲਾ-ਬਦਲੀ ਵੀ ਕਿਸੇ ਚੁਰਾਸੀ ਦੇ ਗੇੜ ਤੋਂ ਘੱਟ ਨਹੀਂ। ਗੈਰ-ਬੈਂਕਿੰਗ ਵਿੱਤ ਕੰਪਨੀਆਂ ਲੋਨ ਦੇਣ ਖ਼ਾਤਰ ਟਰੈਕਟਰ ਮੰਡੀਆਂ ’ਚ ਪੁੱਜ ਗਈਆਂ ਹਨ। ਸੌਖੀ ਕਰਜ਼ਾ ਸਹੂਲਤ ਹੁਣ ਪੁਰਾਣੇ ਟਰੈਕਟਰ ਖ਼ਰੀਦਣ ਲਈ ਵੀ ਉਪਲਬਧ ਹੈ, ਜਿਸ ਨੇ ਟਰੈਕਟਰ ਮੰਡੀ ਦੀ ਰੌਣਕ ਵਧਾਈ ਹੈ। ਪੰਜਾਬ ’ਚ ਟਰੈਕਟਰਾਂ ਦੀ ਵੇਚ-ਵੱਟਤ ਲਈ ਵਰ੍ਹਿਆਂ ਤੋਂ ਹਫ਼ਤਾਵਾਰੀ ਬਾਜ਼ਾਰ ਸਜਦੇ ਹਨ। ਮਲੋਟ, ਮੋਗਾ, ਕੋਟਕਪੂਰਾ ਤੇ ਬੁਢਲਾਡਾ ’ਚ ਟਰੈਕਟਰਾਂ ਦੀ ਐਤਵਾਰੀ ਮੰਡੀ ਲੱਗਦੀ ਹੈ, ਜਦਕਿ ਤਲਵੰਡੀ ਸਾਬੋ ’ਚ ਬੁੱਧਵਾਰ ਨੂੰ ਨਵੇਂ-ਪੁਰਾਣੇ ਟਰੈਕਟਰ ਵਿਕਣ ਲਈ ਆਉਂਦੇ ਹਨ। ਸੋਮਵਾਰ ਨੂੰ ਬਰਨਾਲਾ ਅਤੇ ਵੀਰਵਾਰ ਨੂੰ ਝੁਨੀਰ ’ਚ ਮੰਡੀ ਲੱਗਦੀ ਹੈ। ਇਵੇਂ ਹਰਿਆਣਾ ਦੇ ਫ਼ਤਿਆਬਾਦ ਅਤੇ ਡੱਬਵਾਲੀ ਤੋਂ ਇਲਾਵਾ ਰਾਜਸਥਾਨ ਦੀ ਮਟੀਲੀ ਮੰਡੀ ਵੀ ਟਰੈਕਟਰਾਂ ਦੀ ਖ਼ਰੀਦੋ-ਫ਼ਰੋਖ਼ਤ ਲਈ ਮਸ਼ਹੂਰ ਹੈ।

          ਮੋਗਾ ਮੰਡੀ ਦੇ ਮਾਹਿਰ ਮਸਤਾਨ ਸਿੰਘ ਆਖਦੇ ਹਨ ਕਿ ਨਵੀਂ ਪੀੜ੍ਹੀ ਤਾਂ ਉੱਚ ਮਾਡਲ ਟਰੈਕਟਰ ਵੀ ਮੰਡੀ ਵਿੱਚ ਵੇਚਣ ਲਈ ਆ ਰਹੀ ਹੈ ਅਤੇ ਉਹ ਹੋਰ ਵੱਡੇ ਟਰੈਕਟਰਾਂ ਦੀ ਤਲਾਸ਼ ਵਿੱਚ ਹੈ। ਵਿਦੇਸ਼ ਚਲੇ ਗਏ ਪਰਿਵਾਰ ਅਤੇ ਖੇਤੀ ਛੱਡਣ ਵਾਲੇ ਕਿਸਾਨ ਵੀ ਮੰਡੀ ’ਚ ਟਰੈਕਟਰ ਵੇਚਣ ਆ ਰਹੇ ਹਨ। ਪੁਰਾਣੇ ਟਰੈਕਟਰ ਤਾਂ ਕਬਾੜਖ਼ਾਨੇ ਜੋਗੇ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਹਫ਼ਤੇ ਮੋਗਾ ਮੰਡੀ ’ਚ 500 ਟਰੈਕਟਰ ਵਿਕਣ ਲਈ ਆਉਂਦੇ ਹਨ ਬੁਢਲਾਡਾ ਮੰਡੀ ’ਚ ਹਰ ਹਫ਼ਤੇ ਢਾਈ ਸੌ ਟਰੈਕਟਰ ਕਤਾਰਾਂ ’ਚ ਖੜ੍ਹਦੇ ਹਨ। ਮੰਡੀ ਦੇ ਕਾਰੋਬਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਹੁਣ ਮਜਬੂਰੀ ’ਚ ਟਰੈਕਟਰ ਵੇਚਣ ਵਾਲੇ ਕਿਸਾਨ ਘੱਟ ਹਨ ਅਤੇ ਜੋ ਅਜਿਹੇ ਕਿਸਾਨ ਆਉਂਦੇ ਵੀ ਹਨ, ਉਹ ਪੁਰਾਣੇ ਟਰੈਕਟਰ ਵੇਚ ਕੇ ਪੈਸਾ ਘਰੇਲੂ ਕੰਮਾਂ ਲਈ ਵਰਤ ਲੈਂਦੇ ਹਨ ਅਤੇ ਨਵੇਂ ਟਰੈਕਟਰ ਲਈ ਕਰਜ਼ਾ ਚੁੱਕ ਲੈਂਦੇ ਹਨ। ਉਨ੍ਹਾਂ ਦੱਸਿਆ ਕਿ 98 ਫ਼ੀਸਦੀ ਟਰੈਕਟਰ ਮੰਡੀਆਂ ’ਚੋਂ ਕਰਜ਼ੇ ’ਤੇ ਲਏ ਜਾ ਰਹੇ ਹਨ।

         ਪੰਜਾਬ ਵਿੱਚ 42.35 ਲੱਖ ਹੈਕਟੇਅਰ ਰਕਬੇ ’ਤੇ ਖੇਤੀ ਹੋ ਰਹੀ ਹੈ ਅਤੇ ਇਸ ਵੇਲੇ ਸੂਬੇ ’ਚ 6.36 ਲੱਖ ਟਰੈਕਟਰ ਹਨ। ਸਾਲ 2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਪੰਜਾਬ ’ਚ 18,285 ਨਵੇਂ ਟਰੈਕਟਰਾਂ ਵਿਕੇ ਹਨ। ਸਾਲ 2024 ਵਿੱਚ ਪੰਜਾਬ ’ਚ ਕੰਪਨੀਆਂ ਨੇ 30,131 ਟਰੈਕਟਰ ਵੇਚੇ ਸਨ ਅਤੇ ਸਾਲ 2023 ਵਿੱਚ 26,696 ਟਰੈਕਟਰਾਂ ਦੀ ਵਿਕਰੀ ਹੋਈ ਸੀ। ਸਾਲ 2016 ਵਿੱਚ 19,216 ਟਰੈਕਟਰਾਂ ਦੀ ਸੇਲ ਹੋਈ ਸੀ। ਹਰ ਸਾਲ ਨਵੇਂ ਟਰੈਕਟਰਾਂ ਦੀ ਵਿਕਰੀ ਵਧ ਰਹੀ ਹੈ। ਸਾਲ 2024 ਵਿੱਚ ਪੰਜਾਬ ’ਚ ਰੋਜ਼ਾਨਾ ਔਸਤਨ 82 ਨਵੇਂ ਟਰੈਕਟਰ ਵਿਕੇ ਹਨ। ਟਰੈਕਟਰ ਮੰਡੀਆਂ ’ਚ ਵਿਕਣ ਤੇ ਖਰੀਦੇ ਜਾਣ ਵਾਲੇ ਟਰੈਕਟਰ ਇਸ ਅੰਕੜੇ ਤੋਂ ਵੱਖਰੇ ਹਨ। ਇੱਕ ਟਰੈਕਟਰ ਕੰਪਨੀ ਦੀ ਬਰਨਾਲਾ ਬਰਾਂਚ ਦੇ ਮੈਨੇਜਰ ਮਹਿੰਦਰ ਸਿੰਘ ਦੱਸਦੇ ਹਨ ਕਿ ਬਹੁਤੇ ਕਿਸਾਨ ਪੁਰਾਣੇ ਟਰੈਕਟਰ ਮੰਡੀਆਂ ’ਚ ਵੇਚ ਕੇ ਪੈਸੇ ਘਰ ਵਰਤ ਲੈਂਦੇ ਹਨ ਅਤੇ ਨਵਾਂ ਟਰੈਕਟਰ ਹੋਰ ਲੋਨ ’ਤੇ ਲੈ ਲੈਂਦੇ ਹਨ। 

         ਦੇਖਿਆ ਜਾਵੇ ਤਾਂ ਸਾਲ 1998 ਦੇ ਨੇੜੇ ਕਿਸਾਨ ਕੰਪਨੀਆਂ ਤੋਂ ਨਵੇਂ ਟਰੈਕਟਰ ਲੈ ਕੇ ਫ਼ੌਰੀ ਘਾਟਾ ਪਾ ਕੇ ਵੇਚ ਦਿੰਦੇ ਸਨ ਜੋ ਉਨ੍ਹਾਂ ਦੀ ਮਜਬੂਰੀ ਸੀ। ਹੁਣ ਵੀ ਬਹੁਤੇ ਕਿਸਾਨ ਪੁਰਾਣੇ ਟਰੈਕਟਰ ਕੰਪਨੀਆਂ ਨੂੰ ਦੇ ਕੇ ਨਵੇਂ ਟਰੈਕਟਰ ਲੋਨ ’ਤੇ ਲੈ ਰਹੇ ਹਨ। ਮਲੋਟ ਮੰਡੀ ਦੇ ਕਾਰੋਬਾਰੀ ਬੂਟਾ ਸਿੰਘ ਆਖਦੇ ਹਨ ਕਿ ਮੰਡੀ ’ਚ ਹੁਣ 2024 ਮਾਡਲ ਟਰੈਕਟਰ ਵੀ ਵਿਕਣ ਲਈ ਆਉਂਦੇ ਹਨ ਕਿਉਂਕਿ ਨਵੀਂ ਜਵਾਨੀ ਰੀਸੋ-ਰੀਸ ਗੁਆਂਢੀ ਨੂੰ ਦੇਖ ਕੇ ਆਪਣੇ ਟਰੈਕਟਰ ਦਾ ਮਾਡਲ ਬਦਲਣ ਵਿੱਚ ਦੇਰ ਨਹੀਂ ਲਾਉਂਦੀ। ਜਿਸ ਲਿਹਾਜ਼ ਨਾਲ ਕਿਸਾਨ ਪੁਰਾਣੇ ਟਰੈਕਟਰ ਖ਼ਰੀਦਣ ਲਈ ਵੀ ਕਰਜ਼ਾ ਚੁੱਕ ਰਹੇ ਹਨ, ਉਸ ਤੋਂ ਭਵਿੱਖ ਸੁਖਾਵਾਂ ਨਹੀਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰਾਂ ’ਚ ਆਉਂਦੇ ਸਮਿਆਂ ’ਚ ਕੋਈ ਪੁਰਾਣਾ ਟਰੈਕਟਰ ਲੱਭਣਾ ਹੀ ਨਹੀਂ। ਕੋਈ ਵੇਲਾ ਸੀ ਜਦੋਂ ਕਿ ਦਹਾਕੇ ਪਹਿਲਾਂ ਕਿਸਾਨ ਆਪਣਾ ਟਰੈਕਟਰ ਵੇਚਦਾ ਸੀ ਤਾਂ ਮਸ਼ੀਨਰੀ ਨਾਲ ਭਾਵੁਕ ਰਿਸ਼ਤਾ ਹੋਣ ਕਰਕੇ ਉਸ ਦਾ ਗੱਚ ਭਰ ਆਉਂਦਾ ਸੀ। 

        ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੀ ਪੰਜਾਬ ਵਿੱਚ ਧੁੰਮ ਪੈਂਦੀ ਹੈ ਕਿਉਂਕਿ ਇੱਥੇ ਹਰਿਆਣਾ ਤੇ ਰਾਜਸਥਾਨ ’ਚੋਂ ਵੀ ਵਪਾਰੀ ਆਉਂਦੇ ਹਨ। ਹਾੜ੍ਹੀ ਸਾਉਣੀ ਦੇ ਸੀਜ਼ਨ ਸਮੇਂ ਟਰੈਕਟਰ ਮੰਡੀਆਂ ’ਚ ਵੇਚ-ਵੱਟਤ ਜ਼ਿਆਦਾ ਹੁੰਦੀ ਹੈ। ਤਲਵੰਡੀ ਸਾਬੋ ਦੀ ਮੰਡੀ ’ਚ ਹਰ ਵਰ੍ਹੇ ਪੰਜ ਹਜ਼ਾਰ ਤੋਂ ਜ਼ਿਆਦਾ ਟਰੈਕਟਰ ਵਿਕਦੇ ਹਨ। ਕਾਰੋਬਾਰੀ ਮੇਜਰ ਸਿੰਘ ਚੱਠਾ ਨੇ ਕਿਹਾ ਕਿ ਬਹੁਤੇ ਕਿਸਾਨ ਵੱਡਾ ਟਰੈਕਟਰ ਲੈਣ ਖ਼ਾਤਰ ਛੋਟਾ ਟਰੈਕਟਰ ਵੇਚਦੇ ਹਨ ਅਤੇ ਕਈ ਮਜਬੂਰੀ ’ਚ ਬੱਝੇ ਟਰੈਕਟਰ ਵੇਚਦੇ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ ਹਰ ਕਿਸਾਨ ਪਰਿਵਾਰ ਸਿਰ ਇਸ ਵੇਲੇ ਔਸਤਨ 2.03 ਲੱਖ ਰੁਪਏ ਦਾ ਕਰਜ਼ਾ ਹੈ।

                                 ਕੰਪਨੀਆਂ ਨੂੰ ਰਾਸ ਆਇਆ ‘ਕੈਨੇਡਾ’

ਸਟੱਡੀ ਵੀਜ਼ੇ ਨੂੰ ਠੱਲ੍ਹ ਪੈਣ ਮਗਰੋਂ ਇਹ ਨਵਾਂ ਰੁਝਾਨ ਹੈ ਕਿ ਜਿਹੜੇ ਨੌਜਵਾਨ ਵਿਦੇਸ਼ ਨਹੀਂ ਜਾ ਸਕੇ, ਉਨ੍ਹਾਂ ਨੂੰ ਮਾਪਿਆਂ ਨੇ ਖੇਤੀ ਦੇ ਕੰਮ ਵਿੱਚ ਲਗਾ ਦਿੱਤਾ ਪਰ ਉਹ ਨੌਜਵਾਨ ਹੁਣ ਨਵਾਂ ਟਰੈਕਟਰ ਲੈਣ ਦੀ ਪਹਿਲੀ ਮੰਗ ਮਾਪਿਆਂ ਕੋਲ ਰੱਖਦੇ ਹਨ। ਕਈ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਤਰਕ ਇਹ ਦੇ ਦਿੰਦੇ ਹਨ ਕਿ ਜਿਹੜੇ ਪੈਸੇ ਵਿਦੇਸ਼ ਭੇਜਣ ’ਤੇ ਲਾਉਣੇ ਸਨ, ਉਹੀ ਹੁਣ ਟਰੈਕਟਰ ’ਤੇ ਲਗਾ ਦਿਓ।

                        ਲੋਨ ਸਹੂਲਤ ਨੇ ਖ਼ਰੀਦੋ ਫਰੋਖ਼ਤ ਵਧਾਈ: ਪ੍ਰੋ. ਸੁਖਦੇਵ ਸਿੰਘ

ਪੰਜਾਬ ਖੇਤੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਸੁਖਦੇਵ ਸਿੰਘ ਇਸ ਵਰਤਾਰੇ ਬਾਰੇ ਆਖਦੇ ਹਨ ਕਿ ਸਮਾਜਿਕ ਮੁਕਾਬਲੇ ਦੀ ਦੌੜ ਨੇ ਰੀਸ ਦੇ ਰੁਝਾਨ ਨੂੰ ਰਫ਼ਤਾਰ ਦਿੱਤੀ ਹੈ ਅਤੇ ਸੌਖਿਆਂ ਹੀ ਕਰਜ਼ੇ ਦੀ ਸਹੂਲਤ ਮਿਲਣਾ ਵੀ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਖ਼ਰੀਦੋ ਫ਼ਰੋਖ਼ਤ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਨਵਾਂ ਗੀਤ-ਸੰਗੀਤ ਵੀ ਮਸ਼ੀਨਰੀ ਦੀ ਹੇਕ ਲਾਉਣ ਕਰਕੇ ਕਾਰਪੋਰੇਟ ਦਾ ਮੁਨਾਫ਼ਾ ਵਧਾ ਰਿਹਾ ਹੈ।

           ਪੰਜਾਬ ’ਚ ਨਵੇਂ ਟਰੈਕਟਰਾਂ ਦੀ ਵਿੱਕਰੀ

  ਸਾਲ    ਟਰੈਕਟਰਾਂ ਦੀ ਸੇਲ

2025 (ਜੂਨ ਤੱਕ)    18,285

2024 30,131

2023 26,696

2022 23,426

2021 27,955

2019 21,321

2016 19,216


Tuesday, July 22, 2025

                                                      ਕਿਸਾਨ ਦਾ ਗੱਡਾ
                        ਵੱਡਾ ਭਰਾ ‘ਰਾਜਾ’ ਤੇ ਛੋਟਾ ਭਰਾ ‘ਮਹਾਰਾਜਾ’.!
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਜਦੋਂ ਦੇਸ਼ ’ਚ ਟਰੈਕਟਰ ਘਣਤਾ ਦੇਖਦੇ ਹਾਂ ਤਾਂ ਜੇ ਵੱਡੇ ਭਰਾ ਦਾ ਰੁਤਬਾ ਰੱਖਣ ਵਾਲਾ ਪੰਜਾਬ ‘ਰਾਜਾ’ ਹੈ ਤਾਂ ਛੋਟੇ ਭਰਾ ਦੇ ਲਕਬ ਵਾਲਾ ਹਰਿਆਣਾ ‘ਮਹਾਰਾਜਾ’ ਜਾਪਦਾ ਹੈ। ਕਿਸਾਨੀ ਬੋਲਚਾਲ ’ਚ ਟਰੈਕਟਰ ‘ਖੇਤਾਂ ਦਾ ਰਾਜਾ’ ਅਖਵਾਉਂਦਾ ਹੈ। ਪੰਜਾਬ ਅਤੇ ਹਰਿਆਣਾ ’ਚ ਬੇਲੋੜੇ ਟਰੈਕਟਰ ਕਿਸਾਨਾਂ ਦਾ ਬੋਝ ਵਧਾ ਰਹੇ ਹਨ ਜਿਨ੍ਹਾਂ ਦੇ ਅੰਕੜੇ ਹੈਰਾਨੀ ਅਤੇ ਫਿਕਰਮੰਦੀ ਕਰਨ ਵਾਲੇ ਹਨ। ਦੇਸ਼ ’ਚ 18.10 ਕਰੋੜ ਹੈਕਟੇਅਰ ਰਕਬਾ ਖੇਤੀ ਹੇਠ ਹੈ ਅਤੇ ਇਸ ਲਿਹਾਜ਼ ਨਾਲ ਪੰਜਾਬ ’ਚ ਖੇਤੀ ਰਕਬਾ ਦੇਸ਼ ਦਾ ਮਹਿਜ਼ 2.33 ਫ਼ੀਸਦੀ ਬਣਦਾ ਹੈ ਪ੍ਰੰਤੂ ਦੇਸ਼ ਦੇ ਕੁੱਲ ਟਰੈਕਟਰਾਂ ’ਚੋਂ ਇਕੱਲੇ ਪੰਜਾਬ ਕੋਲ 5.80 ਫ਼ੀਸਦੀ ਟਰੈਕਟਰ ਹਨ। ਦੇਸ਼ ਦੇ ਖੇਤੀ ਰਕਬੇ ’ਚੋਂ ਹਰਿਆਣਾ ਦਾ ਰਕਬਾ 2.07 ਫ਼ੀਸਦੀ ਬਣਦਾ ਹੈ ਪ੍ਰੰਤੂ ਹਰਿਆਣਾ ’ਚ 6.19 ਫ਼ੀਸਦੀ ਟਰੈਕਟਰ ਹਨ। ਟਰੈਕਟਰਾਂ ਦੀ ਕੌਮੀ ਔਸਤ ਦੇਖੀਏ ਤਾਂ ਦੇਸ਼ ’ਚ 18.10 ਕਰੋੜ ਹੈਕਟੇਅਰ ਰਕਬੇ ਲਈ ਕੁੱਲ 1.09 ਕਰੋੜ ਖੇਤੀ ਟਰੈਕਟਰ ਹਨ। ਮਤਲਬ ਕਿ 16.52 ਹੈਕਟੇਅਰ ਪਿੱਛੇ ਔਸਤਨ ਇੱਕ ਟਰੈਕਟਰ ਬਣਦਾ ਹੈ। ਹਰਿਆਣਾ ’ਚ ਖੇਤੀ ਹੇਠ 37.59 ਲੱਖ ਹੈਕਟੇਅਰ ਰਕਬਾ ਹੈ ਜਿਸ ’ਤੇ 6.78 ਲੱਖ ਟਰੈਕਟਰ ਚੱਲ ਰਹੇ ਹਨ, ਭਾਵ ਕਿ 5.53 ਹੈਕਟੇਅਰ ਰਕਬੇ ਪਿੱਛੇ ਇੱਕ ਟਰੈਕਟਰ ਹੈ। 

         ਪੰਜਾਬ ’ਚ 42.35 ਲੱਖ ਹੈਕਟੇਅਰ ਰਕਬੇ ’ਤੇ ਖੇਤੀ ਲਈ 6.36 ਲੱਖ ਟਰੈਕਟਰ ਹਨ। ਪੰਜਾਬ ’ਚ 6.65 ਹੈਕਟੇਅਰ ਰਕਬੇ ਪਿੱਛੇ ਇੱਕ ਟਰੈਕਟਰ ਹੈ। ਸਮੁੱਚੇ ਦੇਸ਼ ’ਚੋਂ ਪੰਜਾਬ ਅਤੇ ਹਰਿਆਣਾ ਟਰੈਕਟਰ ਘਣਤਾ ਦੇ ਲਿਹਾਜ਼ ਨਾਲ ਮੋਹਰੀ ਹਨ। ਖੇਤੀ ਅਰਥਚਾਰੇ ਦੇ ਸੰਤੁਲਨ ਲਈ ਏਨੇ ਟਰੈਕਟਰ ਵਾਰਾ ਨਹੀਂ ਖਾਂਦੇ ਹਨ। ਦੂਜੇ ਸੂਬਿਆਂ ’ਤੇ ਤਰਦੀ ਨਜ਼ਰ ਮਾਰੀਏ ਤਾਂ ਮੱਧ ਪ੍ਰਦੇਸ਼ ’ਚ 11.06 ਹੈਕਟੇਅਰ ਪਿੱਛੇ ਇੱਕ ਟਰੈਕਟਰ, ਉੱਤਰ ਪ੍ਰਦੇਸ਼ ’ਚ 8.45 ਹੈਕਟੇਅਰ ਪਿੱਛੇ ਇੱਕ, ਗੁਜਰਾਤ ’ਚ 14.91 ਹੈਕਟੇਅਰ ਪਿੱਛੇ ਇੱਕ, ਕਰਨਾਟਕ ’ਚ 15.04 ਹੈਕਟੇਅਰ ਪਿੱਛੇ ਇੱਕ ਟਰੈਕਟਰ ਅਤੇ ਰਾਜਸਥਾਨ ’ਚ 16.57 ਹੈਕਟੇਅਰ ਪਿੱਛੇ ਔਸਤਨ ਇੱਕ ਟਰੈਕਟਰ ਹੈ। ਪੱਛਮੀ ਬੰਗਾਲ ’ਚ ਤਾਂ 55.47 ਹੈਕਟੇਅਰ ’ਤੇ ਔਸਤਨ ਇੱਕ ਟਰੈਕਟਰ ਚੱਲਦਾ ਹੈ। ਕੌਮੀ ਔਸਤ 16.52 ਹੈਕਟੇਅਰ ਪਿੱਛੇ ਔਸਤਨ ਇੱਕ ਟਰੈਕਟਰ ਦੀ ਹੈ। ਦੇਸ਼ ’ਚ ਕਰੀਬ 21 ਟਰੈਕਟਰ ਕੰਪਨੀਆਂ ਹਨ ਜਿਨ੍ਹਾਂ ਲਈ ਪੰਜਾਬ ਅਤੇ ਹਰਿਆਣਾ ਸੋਨੇ ਦੀ ਖਾਣ ਵਾਂਗ ਹਨ। ਖੇਤੀ ਮਾਹਿਰਾਂ ਮੁਤਾਬਕ ਪੰਜਾਬ ’ਚ ਦੋ ਫ਼ਸਲੀ ਪ੍ਰਣਾਲੀ ਭਾਰੂ ਹੋਣ ਕਰਕੇ ਇੱਕ ਏਕੜ ਦੀ ਖੇਤੀ ’ਚ ਸਾਲਾਨਾ 224 ਘੰਟੇ ਦਾ ਹੀ ਕੰਮ ਰਹਿ ਗਿਆ ਹੈ। 

         ਖੇਤੀ ਮਸ਼ੀਨਰੀ ਦੀ ਬਹੁਤਾਤ ਕਰਕੇ ਕਰੀਬ ਦੋ ਲੱਖ ਕਿਸਾਨ ਖੇਤੀ ’ਚੋਂ ਬਾਹਰ ਹੋ ਚੁੱਕੇ ਹਨ। ਡਾ. ਸੁਖਪਾਲ ਸਿੰਘ ਵੱਲੋਂ ਸਾਲ 2005 ਵਿੱਚ ਕਿਸਾਨੀ ਕਰਜ਼ੇ ’ਤੇ ਕੀਤੀ ਸਟੱਡੀ ’ਚ ਤੱਥ ਉੱਭਰੇ ਸਨ ਕਿ ਬਿਨਾਂ ਟਰੈਕਟਰਾਂ ਵਾਲੇ ਕਿਸਾਨਾਂ ਨਾਲੋਂ ਟਰੈਕਟਰਾਂ ਵਾਲੇ ਕਿਸਾਨਾਂ ਸਿਰ ਢਾਈ ਗੁਣਾ ਜ਼ਿਆਦਾ ਕਰਜ਼ਾ ਹੈ। ਪੰਜਾਬ ਖੇਤੀ ’ਵਰਸਿਟੀ ਦੇ ਪ੍ਰਮੁੱਖ ਖੇਤੀ ਅਰਥਸ਼ਾਸਤਰੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਜੇ ਖੇਤੀ ਲਈ ਇੱਕ ਟਰੈਕਟਰ ਸਾਲਾਨਾ ਘੱਟੋ ਘੱਟ ਇੱਕ ਹਜ਼ਾਰ ਘੰਟੇ ਚੱਲਦਾ ਹੈ ਤਾਂ ਹੀ ਵਿੱਤੀ ਤੌਰ ’ਤੇ ਵਾਰਾ ਖਾਂਦਾ ਹੈ ਪ੍ਰੰਤੂ ਪੰਜਾਬ ਵਿੱਚ ਖੇਤੀ ਲਈ ਸਿਰਫ਼ 250 ਘੰਟੇ ਸਾਲਾਨਾ ਹੀ ਟਰੈਕਟਰ ਚੱਲ ਰਿਹਾ ਹੈ ਜੋ ਘਾਟੇ ਦਾ ਸੌਦਾ ਹੈ। ਕੇਂਦਰ ਸਰਕਾਰ ਨੇ ਸਾਲ 2018 ’ਚ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ’ਤੇ ਸਬਸਿਡੀ ਦੇਣੀ ਸ਼ੁਰੂ ਕੀਤੀ ਤਾਂ ਪੰਜਾਬ ਅਤੇ ਹਰਿਆਣਾ ’ਚ ਖੇਤੀ ਸੰਦਾਂ ਤੇ ਵੱਡੇ ਟਰੈਕਟਰਾਂ ਦਾ ਘੜਮੱਸ ਹੀ ਪੈ ਗਿਆ। ਪਰਾਲੀ ਪ੍ਰਬੰਧਨ ਦੇ ਖੇਤੀ ਸੰਦ ਜਿਵੇਂ ਮਲਚਰ, ਵੇਲਰ, ਸੁਪਰਸੀਡਰ ਆਦਿ ਲਈ 50 ਹਾਰਸ ਪਾਵਰ ਤੋਂ ਵੱਧ ਵਾਲਾ ਵੱਡਾ ਟਰੈਕਟਰ ਲੋੜ ਬਣਾ ਦਿੱਤਾ ਗਿਆ। ਕੇਂਦਰ ਦੀ ਸਬਸਿਡੀ ਨੇ ਖੇਤੀ ਸੰਦ ਘਰ-ਘਰ ’ਚ ਤੁੰਨ ਦਿੱਤੇ ਹਨ।

        ਜਦੋਂ ਸ਼ਿੰਗਾਰੇ ਹੋਏ ਟਰੈਕਟਰ ਸੜਕਾਂ ’ਤੇ ਦੇਖਦੇ ਹਾਂ ਤਾਂ ਇੱਕ ਵੱਖਰਾ ਪੰਜਾਬ ਨਜ਼ਰ ਪੈਂਦਾ ਹੈ। ਹਾਲਾਂਕਿ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਕਹਾਣੀ ਵੱਖਰੀ ਹੈ। ਬਠਿੰਡਾ ਦੇ ਪਿੰਡ ਕਰਾੜਵਾਲਾ ਦੇ ਅਗਾਂਹਵਧੂ ਕਿਸਾਨ ਹਰਚਰਨ ਸਿੰਘ ਢਿੱਲੋਂ ਨੇ ਆਖਿਆ ਕਿ ਜਿਨ੍ਹਾਂ ਕਿਸਾਨ ਘਰਾਂ ’ਚ ਨਵੀਂ ਪੀੜੀ ਦਾ ਦਾਬਾ ਹੋ ਗਿਆ ਹੈ, ਉੱਥੇ ਛੋਟੀ ਪੈਲੀ ’ਤੇ ਵੀ ਵੱਡੇ ਟਰੈਕਟਰ ਗੂੰਜ ਰਹੇ ਹਨ। ਉਨ੍ਹਾਂ ਕਿਹਾ ਕਿ ਬੇਲੋੜੀ ਖੇਤੀ ਮਸ਼ੀਨਰੀ ਕਿਸਾਨਾਂ ਦੀ ਕਮਾਈ ਨੂੰ ਚੂਸ ਜਾਂਦੀ ਹੈ, ਉਲਟਾ ਪਰਿਵਾਰ ਕਰਜ਼ੇ ’ਚ ਦੱਬ ਜਾਂਦੇ ਹਨ। ਸੋਚ ਕੇ ਚੱਲਣ ਦੀ ਲੋੜ ਹੈ ਕਿ ਕਿਤੇ ਪੰਜਾਬੀਪੁਣਾ ਜੜ੍ਹੀਂ ਹੀ ਨਾ ਬੈਠ ਜਾਵੇ।ਬਲਦਾਂ ਦੀ ਖੇਤੀ ਵਾਲਾ ਪੰਜਾਬ ਵਾਇਆ ਹਰੀ ਕ੍ਰਾਂਤੀ ਅੱਜ ਟਰੈਕਟਰਾਂ ’ਚ ਮੋਹਰੀ ਬਣ ਬੈਠਾ ਹੈ। ਅਕਾਲੀ ਹਕੂਮਤ ਨੇ ਪੁਰਾਣੇ ਸਮਿਆਂ ’ਚ ਟਰੈਕਟਰ ਨੂੰ ‘ਕਿਸਾਨ ਦਾ ਗੱਡਾ’ ਕਰਾਰ ਦਿੱਤਾ ਸੀ ਤਾਂ ਜੋ ਫ਼ਜ਼ੂਲ ਟੈਕਸਾਂ ਦਾ ਕਿਸਾਨੀ ’ਤੇ ਬੋਝ ਨਾ ਪਵੇ। ਹੁਣ ਪੰਜਾਬ ’ਚ ਮਹਿੰਦਰਾ, ਜੌਹਨ ਡੀਅਰ, ਸਵਰਾਜ, ਨਿਊ ਹਾਲੈਂਡ ਅਤੇ ਸੋਨਾਲੀਕਾ ਆਦਿ ਟਰੈਕਟਰ ਕੰਪਨੀਆਂ ਦੀ ਚਾਂਦੀ ਬਣੀ ਹੋਈ ਹੈ। ਇੱਕ ਵੇਲੇ ਦੋ ਪੰਜਾਬ ਨਜ਼ਰ ਪੈਂਦੇ ਹਨ, ਇੱਕ ਵੱਡੇ ਵੱਡੇ ਟਾਇਰਾਂ ਵਾਲੇ ਵੱਡੇ ਟਰੈਕਟਰਾਂ ਵਾਲਾ, ਦੂਜਾ ਬਿਨਾਂ ਟਰੈਕਟਰਾਂ ਤੋਂ ਵਾਹੀ ਕਰਦੇ ਕਿਸਾਨਾਂ ਵਾਲਾ ਪੰਜਾਬ।

         ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਕਿਸਾਨ ਘਰਾਂ ’ਚ ਬਹੁਤੇ ਪੁਰਾਣੇ ਟਰੈਕਟਰ ਵੀ ਹਾਲੇ ਖੜ੍ਹੇ ਹਨ ਜਿਨ੍ਹਾਂ ਤੋਂ ਕੰਮ ਨਹੀਂ ਲਿਆ ਜਾ ਰਿਹਾ ਹੈ, ਉਹ ਵੀ ਅੰਕੜੇ ਨੂੰ ਵੱਡਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਤੋਂ ਇਲਾਵਾ ਕਿਸਾਨ ਢੋਆ-ਢੁਆਈ ਵਾਸਤੇ ਵੀ ਟਰੈਕਟਰ-ਟਰਾਲੀ ਦੀ ਵਰਤੋਂ ਕਰਦੇ ਹਨ।ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਰਮਿੰਦਰ ਸਿੰਘ ਪਟਿਆਲਾ ਤਰਕ ਦਿੰਦੇ ਹਨ ਕਿ ਪੰਜਾਬ ’ਚ ਬੇਲੋੜਾ ਮਸ਼ੀਨੀਕਰਨ ਹਰੀ ਕ੍ਰਾਂਤੀ ਦੇ ਵਿਕਾਸ ਮਾਡਲ ਦੀ ਦੇਣ ਹੈ। ਇਹ ਮਾਡਲ ਕਾਰਪੋਰੇਟ ਦੀ ਤਰਫ਼ਦਾਰੀ ਵਾਲਾ ਹੈ ਅਤੇ ਕਿਸਾਨੀ ਕਰਜ਼ੇ ਲਈ ਜ਼ਿੰਮੇਵਾਰ ਇੱਕ ਫੈਕਟਰ ਖੇਤੀ ਮਸ਼ੀਨਰੀ ਦੀ ਬੇਲੋੜੀ ਖ਼ਰੀਦ ਵੀ ਹੈ। ਉਨ੍ਹਾਂ ਕਿਹਾ ਕਿ ਵੱਡੇ ਟਰੈਕਟਰਾਂ ਦਾ ਰੁਝਾਨ ਦੁਆਬੇ ਵਿੱਚ ਵੱਧ ਹੈ ਜਿੱਥੇ ਹਾਲਾਂਕਿ ਜੋਤਾਂ ਛੋਟੀਆਂ ਹਨ।

                                       ਵੱਡੇ ਟਰੈਕਟਰਾਂ ’ਚ ਪੰਜਾਬ ਨੰਬਰ ਵਨ

ਪੰਜਾਹ ਹਾਰਸ ਪਾਵਰ ਤੋਂ ਵੱਧ ਵਾਲੇ ਵੱਡੇ ਟਰੈਕਟਰਾਂ ’ਚ ਨੰਬਰ ਵਨ ਬਣ ਗਿਆ ਹੈ। ਇੱਥੋਂ ਤੱਕ ਕਿ 75 ਹਾਰਸ ਪਾਵਰ ਤੱਕ ਦੇ ਟਰੈਕਟਰ ਵੀ ਪੰਜਾਬੀ ਖ਼ਰੀਦ ਰਹੇ ਹਨ। ਅਪਰੈਲ-ਮਈ ’ਚ ਦੇਸ਼ ਭਰ ’ਚ 50 ਹਾਰਸ ਪਾਵਰ ਤੋਂ ਵੱਧ ਵਾਲੇ 2796 ਵੱਡੇ ਟਰੈਕਟਰਾਂ ਦੀ ਵਿਕਰੀ ਹੋਈ ਜਿਸ ’ਚੋਂ 565 ਟਰੈਕਟਰ (20.21 ਫ਼ੀਸਦੀ) ਇਕੱਲੇ ਪੰਜਾਬ ’ਚ ਵਿਕੇ। ਅਪਰੈਲ ਤੋਂ ਨਵੰਬਰ 2024 ਦਰਮਿਆਨ 25.46 ਫ਼ੀਸਦੀ ਵੱਡੇ ਟਰੈਕਟਰ ਇਕੱਲੇ ਪੰਜਾਬ ’ਚ ਪੁੱਜੇ ਸਨ।



Friday, June 27, 2025

                                                       ਡੰਡੇ ਅੱਗੇ ਭੂਤ ਨੱਚਦੇ
                              ਆਹ ਲਓ ! ਇੱਕ ਨਾਲ ਇੱਕ ‘ਫਰੀ’
                                                         ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ਪਸ਼ੂ ਪਾਲਣ ਵਿਭਾਗ ’ਚ ‘ਟਰੈਕਟਰ ਘਪਲੇ’ ਨੇ ਧੂੜ ਪੁੱਟ ਦਿੱਤੀ ਹੈ। ਮਾਮਲਾ ਚਾਹੇ ਨਵੇਂ ਖ਼ਰੀਦੇ ਟਰੈਕਟਰ ਦਾ ਹੀ ਹੈ ਪ੍ਰੰਤੂ ਖੰਨਾ ਦੀ ਟਰੈਕਟਰ ਏਜੰਸੀ ਨੇ ਕ੍ਰਿਸ਼ਮਾ ਕਰ ਦਿੱਤਾ। ਏਜੰਸੀ ਨੇ 2025 ਮਾਡਲ ਦਾ ਟਰੈਕਟਰ ਦੇਣ ਦੀ ਬਜਾਏ 2023 ਮਾਡਲ ਦਾ ਟਰੈਕਟਰ ਡਿਲਿਵਰ ਕਰ ਦਿੱਤਾ ਅਤੇ ਪਸ਼ੂ ਪਾਲਣ ਮਹਿਕਮੇ ਨੇ ਲੈ ਵੀ ਲਿਆ। ਧੋਖੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਦੇਣ ਦਾ ਮਾਮਲਾ ਜਦੋਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਫ਼ੌਰੀ ਕਾਰਵਾਈ ਕਰਨ ਲਈ ਕਿਹਾ। ਮਹਿਕਮੇ ਨੇ ਇਸ ਮਾਮਲੇ ’ਚ ਦੋ ਸਹਾਇਕ ਡਾਇਰੈਕਟਰ ਅਤੇ ਦੋ ਵੈਟਰਨਰੀ ਅਫ਼ਸਰ ਮੁਅੱਤਲ ਕਰ ਦਿੱਤੇ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੀ ਸ਼ਿਕਾਇਤ ’ਤੇ ਸਿਟੀ ਖੰਨਾ ਦੀ ਪੁਲੀਸ ਨੇ ਖੰਨਾ ਦੀ ਸ਼ਿਵਮ ਮੋਟਰਜ਼ ਦੇ ਮਾਲਕ ’ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਦੋਂ ਟਰੈਕਟਰ ਏਜੰਸੀ ਖ਼ਿਲਾਫ਼ ਡੰਡਾ ਖੜਕਾ ਦਿੱਤਾ ਤਾਂ ਏਜੰਸੀ ਮਾਲਕ ਵਿਭਾਗ ਨੂੰ ਨਵਾਂ 2025 ਮਾਡਲ ਟਰੈਕਟਰ ਦੇ ਗਏ ਹਨ, ਜਦੋਂ ਕਿ ਪੁਰਾਣਾ ਵੀ ਮਹਿਕਮੇ ਕੋਲ ਹੀ ਖੜ੍ਹਾ ਹੈ।

         ਪੁਲੀਸ ਕੇਸ ਅਨੁਸਾਰ ਪੰਜਾਬ ਪਸ਼ੂ ਧਨ ਵਿਕਾਸ ਬੋਰਡ ਵੱਲੋਂ ਪਟਿਆਲਾ ਦੇ ਸਰਕਾਰੀ ਰੌਣੀ ਫਾਰਮ ਲਈ ਨਵੇਂ ਟਰੈਕਟਰ ਮਹਿੰਦਰਾ ਦੀ ਖ਼ਰੀਦ ਲਈ 23 ਅਪਰੈਲ ਨੂੰ ‘ਜੈੱਮ ਪੋਰਟਲ’ ’ਤੇ ਆਰਡਰ ਕੀਤਾ ਗਿਆ ਸੀ। ਕੰਪਨੀ ਵੱਲੋਂ ਇਸ ਟਰੈਕਟਰ ਦੀ ਡਿਲਿਵਰੀ 23 ਅਪਰੈਲ ਤੋਂ 22 ਜੁਲਾਈ ਦਰਮਿਆਨ ਦਿੱਤੀ ਜਾਣੀ ਸੀ। ਸ਼ਿਵਮ ਮੋਟਰਜ਼ ਖੰਨਾ ਵੱਲੋਂ 24 ਅਪਰੈਲ ਨੂੰ 9.95 ਲੱਖ ਰੁਪਏ ਦੀ ਅਦਾਇਗੀ ਲਈ ਬਿੱਲ ਨੰ. 3356 ਭੇਜਿਆ ਗਿਆ। ਬਿੱਲ ਵਿੱਚ ਟਰੈਕਟਰ ਦਾ ਮਾਡਲ, ਸੀਰੀਅਲ ਨੰਬਰ ਅਤੇ ਇੰਜਣ ਨੰਬਰ ਮੌਜੂਦ ਸਨ ਪ੍ਰੰਤੂ ਜਦੋਂ ਟਰੈਕਟਰ ਦੀ ਡਿਲਿਵਰੀ ਸਮੇਂ ਸੇਲ ਸਰਟੀਫਿਕੇਟ ਪੇਸ਼ ਕੀਤਾ ਗਿਆ ਤਾਂ ਉਸ ’ਚ ਅਲੱਗ ਮਾਡਲ ਦਾ ਟਰੈਕਟਰ ਸੀ। ਮਤਲਬ ਇਹ ਕਿ ਘੱਟ ਕੀਮਤ ਵਾਲਾ 2023 ਮਾਡਲ ਦਾ ਟਰੈਕਟਰ ਡਿਲਿਵਰ ਕਰ ਦਿੱਤਾ ਗਿਆ, ਜਦੋਂ ਕਿ ਅਦਾਇਗੀ 2025 ਮਾਡਲ ਦੇ ਟਰੈਕਟਰ ਦੀ ਕੀਤੀ ਗਈ ਸੀ। ਪਸ਼ੂ ਪਾਲਣ ਮਹਿਕਮੇ ਤਰਫ਼ੋਂ ਟਰੈਕਟਰ ਦੀ ਇੰਸਪੈਕਸ਼ਨ ਵਾਸਤੇ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਨੇ ਏਜੰਸੀ ਵੱਲੋਂ ਕੀਤੀ ਹੇਰਾਫੇਰੀ ਵੱਲ ਧਿਆਨ ਦਿੱਤੇ ਬਿਨਾਂ ਮਨਜ਼ੂਰੀ ਦੇ ਦਿੱਤੀ। 

          ਮਹਿਕਮੇ ਦੀ ਟੀਮ ਦਾ ਇਹ ਕਸੂਰ ਪਾਇਆ ਗਿਆ ਹੈ ਕਿ ਟਰੈਕਟਰ ਦੀ ਗ਼ਲਤ ਡਿਲਿਵਰੀ ਪ੍ਰਾਪਤ ਕੀਤੀ ਅਤੇ ਡਿਲਿਵਰੀ ਮੌਕੇ ਸਹੀ ਮਿਲਾਣ ਨਹੀਂ ਕੀਤਾ ਗਿਆ। ਮਹਿਕਮੇ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਫ਼ੌਰੀ ਕੈਟਲ ਫਾਰਮ ਰੌਣੀ ਦੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ, ਪਟਿਆਲਾ ਦੇ ਪਿੰਡ ਕੁਲ੍ਹੇ ਮਾਜਰਾ ਦੇ ਬੱਕਰੀ ਫਾਰਮ ਦੇ ਸਹਾਇਕ ਡਾਇਰੈਕਟਰ ਡਾ. ਗੁਰਬਖ਼ਸ਼ ਸਿੰਘ, ਕੈਟਲ ਫਾਰਮ ਰੌਣੀ ਦੇ ਵੈਟਰਨਰੀ ਅਫ਼ਸਰ ਡਾ. ਅਮਿਤ ਜਿੰਦਲ ਅਤੇ ਡਾ. ਰੋਹਤਾਸ਼ ਮਿੱਤਲ ਨੂੰ ਮੁਅੱਤਲ ਕਰ ਦਿੱਤਾ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਹੀ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਫ਼ੌਰੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਸਨ ਅਤੇ ਟਰੈਕਟਰ ਏਜੰਸੀ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Thursday, October 28, 2021

                                             ਤੀਲਾ ਤੀਲਾ ਜ਼ਿੰਦਗੀ
                                    ਕਿਹੜੇ ਹੌਸਲੇ ਖੇਤ ਵੱਲ ਜਾਵਾਂ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ: ਨਰਮਾ ਪੱਟੀ ’ਚ ਕਿਸਾਨਾਂ ਕੋਲ ਹੁਣ ਕੋਈ ਚਾਰਾ ਬਾਕੀ ਨਹੀਂ ਬਚਿਆ। ਕਿਸੇ ਕਿਸਾਨ ਨੇ ਨਵਾਂ ਟਰੈਕਟਰ ਸੇਲ ’ਤੇ ਲਾਇਆ ਹੈ ਅਤੇ ਕੋਈ ਦੁਧਾਰੂ ਪਸ਼ੂਆਂ ਨੂੰ ਵੇਚ ਰਿਹਾ ਹੈ। ਗੁਲਾਬੀ ਸੁੰਡੀ ਦਾ ਇੰਨਾ ਕਹਿਰ ਹੈ ਕਿ ਕਿਸਾਨ ਖੇਤਾਂ ਨੂੰ ਛੱਡ ਕੇ ਸੜਕਾਂ ’ਤੇ ਉੱਤਰੇ ਹਨ। ਚੰਨੀ ਸਰਕਾਰ ਦੀ ਢਿੱਲੀ ਚਾਲ ਤੋਂ ਜਾਪਦਾ ਹੈ ਕਿ ਕਿਸਾਨ ਘਰਾਂ ਦਾ ਦੁੱਖ ਸਰਕਾਰ ਨੂੰ ਆਪਣਾ ਨਹੀਂ ਲੱਗ ਰਿਹਾ। ਪਹਿਲੀ ਸਰਕਾਰੀ ਗਿਰਦਾਵਰੀ ਵਿੱਚ ਬਠਿੰਡਾ, ਮਾਨਸਾ ’ਚ ਫ਼ਸਲ ਦਾ ਸੌ ਫੀਸਦੀ ਖ਼ਰਾਬਾ ਸਾਹਮਣੇ ਆਇਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਬਠਿੰਡਾ ਦਾ ਮਿਨੀ ਸਕੱਤਰੇਤ ਘੇਰਿਆ ਹੋਇਆ ਹੈ।

         ਵੇਰਵਿਆਂ ਅਨੁਸਾਰ ਨਰਮਾ ਖ਼ਿੱਤੇ ’ਚ ਤਲਵੰਡੀ ਸਾਬੋ, ਬਰਨਾਲਾ ਤੇ ਮਲੋਟ ’ਚ ਟਰੈਕਟਰ ਮੰਡੀ ਲੱਗਦੀ ਹੈ। ਅੱਜ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ’ਚ ਕਿਸਾਨ ਵੇਚਣ ਲਈ ਨਵੇਂ ਟਰੈਕਟਰ ਲੈ ਕੇ ਆਏ। ਟਰੈਕਟਰ ਮੰਡੀ ਦੇ ਪ੍ਰਧਾਨ ਗੁਰਚਰਨ ਸਿੰਘ ਲਾਲੇਆਣਾ ਦੱਸਦੇ ਹਨ ਕਿ ਨਰਮੇ ਦੇ ਖ਼ਰਾਬੇ ਮਗਰੋਂ ਮੰਡੀ ’ਚ ਟਰੈਕਟਰ ਵੇਚਣ ਵਾਲੇ ਕਿਸਾਨ ਜ਼ਿਆਦਾ ਹਨ, ਖਰੀਦਦਾਰ ਕੋਈ ਨਹੀਂ। ਉਨ੍ਹਾਂ ਦੱਸਿਆ ਕਿ ਕਿਸਾਨ ਜ਼ਮੀਨ ਦੇ ਠੇਕੇ ਦੀਆਂ ਕਿਸ਼ਤਾਂ ਉਤਾਰਨ ਲਈ ਟਰੈਕਟਰ ਵੇਚ ਰਹੇ ਹਨ। ਟਰੈਕਟਰ ਵਪਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ 50-50 ਹਜ਼ਾਰ ਰੁਪਏ ਘਾਟਾ ਪਾ ਕੇ ਟਰੈਕਟਰ ਵੇਚਣ ਲਈ ਮਜਬੂਰ ਹਨ।

          ਪਿੰਡ ਜਗਾ ਰਾਮ ਤੀਰਥ ਦੇ ਕਿਸਾਨ ਮਾਨ ਸਿੰਘ ਨੇ ਦੱਸਿਆ ਕਿ ਹਫਤਾ ਪਹਿਲਾਂ ਉਸ ਨੂੰ 40 ਹਜ਼ਾਰ ਰੁਪਏ ਘਾਟਾ ਪਾ ਕੇ ਟਰੈਕਟਰ ਵੇਚਣਾ ਪਿਆ। ਉਸ ਨੇ ਦੱਸਿਆ ਕਿ ਨਰਮਾ ਸੁੰਡੀ ਖਾ ਗਈ ਤੇ ਹੱਥ ਖਾਲੀ ਹਨ, ਹੋਰ ਕੋਈ ਚਾਰਾ ਨਹੀਂ ਸੀ। ਇਸੇ ਪਿੰਡ ਦੇ ਕਿਸਾਨ ਬੀਰਬਲ ਸਿੰਘ ਨੇ ਵੀ ਮੰਡੀ ’ਚ ਟਰੈਕਟਰ ਸੇਲ ’ਤੇ ਲਾਇਆ ਹੋਇਆ ਹੈ। ਇੰਟਰਨੈਸ਼ਨਲ ਆਟੋਮੋਬਾਈਲ ਰਾਮਪੁਰਾ ਦੇ ਮਾਲਕ ਮੁਕੇਸ਼ ਗਰਗ (ਰਾਜੂ) ਨੇ ਦੱਸਿਆ ਕਿ ਅਕਤੂਬਰ ’ਚ ਟਰੈਕਟਰ ਵਿਕਰੀ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਪਰ ਐਤਕੀਂ ਨਰਮਾ ਖ਼ਿੱਤੇ ਵਾਲੇ ਪਿੰਡਾਂ ’ਚ ਨਵੇਂ ਟਰੈਕਟਰਾਂ ਦੀ ਵਿਕਰੀ ਨਹੀਂ ਹੋ ਰਹੀ ਹੈ।

        ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਬਲਬੀਰ ਸਿੰਘ ਨੂੰ ਆਪਣੇ ਖੇਤੀ ਸੰਦ ਵੇਚਣੇ ਪਏ ਹਨ ਜਦੋਂ ਕਿ ਇਸੇ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਨੇ ਰੋਟਾਵੇਟਰ ਸੇਲ ’ਤੇ ਲਾਇਆ ਹੈ। ਅਜਿਹੇ ਸੈਂਕੜੇ ਕਿਸਾਨ ਹਨ, ਜਿਨ੍ਹਾਂ ਲਈ ਖੇਤੀ ਸੰਦ ਵੇਚਣੇ ਮਜਬੂਰੀ ਬਣ ਗਏ ਹਨ। ਚੇਤੇ ਰਹੇ ਕਿ ਜਦੋਂ ਅਮਰੀਕਨ ਸੁੰਡੀ ਨੇ ਪਹਿਲਾ ਹੱਲਾ ਬੋਲਿਆ ਸੀ ਤਾਂ ਉਦੋਂ ਵੀ ਨਰਮਾ ਪੱਟੀ ਨੂੰ ਏਦਾਂ ਦਾ ‘ਕਾਲਾ ਦੌਰ’ ਵੇਖਣਾ ਪਿਆ ਸੀ। ਹੁਣ ਬਠਿੰਡਾ, ਮਾਨਸਾ ਤੇ ਮੁਕਤਸਰ ਦਾ ਸਮੁੱਚਾ ਖੇਤੀ ਅਰਥਚਾਰਾ ਹੀ ਗੁਲਾਬੀ ਸੁੰਡੀ ਨੇ ਲਪੇਟ ਵਿੱਚ ਲੈ ਲਿਆ ਹੈ।

        ਪਿੰਡ ਚੱਠੇਵਾਲਾ ਦਾ ਕਾਲਾ ਸਿੰਘ ਦੱਸਦਾ ਹੈ ਕਿ ਉਸ ਨੂੰ ਦੋ ਦੁਧਾਰੂ ਪਸ਼ੂ ਹੱਥੋਂ ਹੱਥ ਵੇਚਣੇ ਪਏ ਹਨ ਤਾਂ ਜੋ ਠੇਕੇ ’ਤੇ ਲਈ ਜ਼ਮੀਨ ਦੀ ਕਿਸ਼ਤ ਦਿੱਤੀ ਜਾ ਸਕੀ ਅਤੇ ਬੱਚਿਆਂ ਦੀਆਂ ਫੀਸਾਂ ਦਾ ਇੰਤਜ਼ਾਮ ਕੀਤਾ ਜਾ ਸਕੇ। ਪਿੰਡ ਕੁਸਲਾ ਦੇ ਇੱਕ ਕਿਸਾਨ ਨੂੰ ਮਾਨਸਾ ਮੰਡੀ ਵਿਚ 70 ਹਜ਼ਾਰ ’ਚ ਮੱਝ ਵੇਚਣੀ ਪਈ ਤਾਂ ਜੋ ਉਹ ਆਪਣੀ ਮਾਂ ਦਾ ਇਲਾਜ ਕਰਾ ਸਕੇ। ਉਸ ਦੀ ਸਾਰੀ ਫ਼ਸਲ ਐਤਕੀਂ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਬਹੁਤੇ ਕਿਸਾਨਾਂ ਨੇ ਇਹੋ ਕਿਹਾ ਕਿ ਹੁਣ ਤਾਂ ਖੇਤ ਗੇੜਾ ਮਾਰਨ ਨੂੰ ਵੀ ਦਿਲ ਨਹੀਂ ਕਰਦਾ। ਦੱਸਣਯੋਗ ਹੈ ਕਿ ਮਾਲਵੇ ਵਿਚ ਮਾਨਸਾ, ਧਨੌਲਾ ਤੇ ਮੌੜ ਮੰਡੀ ਦੇ ਪਸ਼ੂ ਮੇਲੇ ਕਾਫ਼ੀ ਮਸ਼ਹੂਰ ਹਨ, ਜਿੱਥੇ ਹੁਣ ਪਸ਼ੂਆਂ ਦੀ ਗਿਣਤੀ ਵਧ ਗਈ ਹੈ।

        ਪਸ਼ੂ ਵਪਾਰੀ ਪਰਮਜੀਤ ਸਿੰਘ ਮੌੜ ਨੇ ਦੱਸਿਆ ਕਿ ਗੁਲਾਬੀ ਸੁੰਡੀ ਨੇ ਕਿਸਾਨੀ ਮਜਬੂਰੀਆਂ ਵਧਾ ਦਿੱਤੀਆਂ ਹਨ, ਜਿਸ ਕਰਕੇ ਬਹੁਤੇ ਕਿਸਾਨ ਦੁਧਾਰੂ ਪਸ਼ੂ ਵੇਚ ਰਹੇ ਹਨ। ਕਈ ਪਰਿਵਾਰ ਦਾ ਇੱਕੋ ਇੱਕ ਪਸ਼ੂ ਵੀ ਵੇਚ ਗਏ ਹਨ। ਮੁਕਤਸਰ ਦੇ ਪਿੰਡ ਤਾਮਕੋਟ ਵਿਚ ਕਰੀਬ 550 ਏਕੜ ਨਰਮੇ ਦੀ ਫਸਲ ਸੁੰਡੀ ਨੇ ਖਤਮ ਕਰ ਦਿੱਤੀ ਹੈ। ਕਿਸਾਨ ਹੱਥਾਂ ਵਿਚ ਟੀਂਡੇ ਲੈ ਕੇ ਕਦੇ ਕਿਸੇ ਅਧਿਕਾਰੀ ਨੂੰ ਦਿਖਾਉਂਦੇ ਹਨ ਅਤੇ ਕਦੇ ਕਿਸੇ ਦਫਤਰ ਜਾਂਦੇ ਹਨ। ਪਤਾ ਲੱਗਾ ਹੈ ਕਿ ਕਿਸਾਨਾਂ ਨੂੰ ਅਗਲੀ ਫਸਲ ਦੇ ਪ੍ਰਬੰਧ ਲਈ ਖੇਤਾਂ ’ਚੋਂ ਖੜ੍ਹੇ ਦਰਖ਼ਤ ਵੀ ਵੇਚਣੇ ਪੈ ਰਹੇ ਹਨ।

                                           ਖੇਤੀ ਮੰਤਰੀ ਲਈ ਖੇਤ ਦੂਰ ਹੋ ਗਏ...

ਪੰਜਾਬ ਦੇ ਖੇਤੀ ਮੰਤਰੀ ਰਣਦੀਪ ਸਿੰਘ ਨੇ ਕਿਸਾਨੀ ਬਿਪਤਾ ’ਚ ਹਾਲੇ ਤੱਕ ਨਰਮਾ ਪੱਟੀ ਦਾ ਗੇੜਾ ਤੱਕ ਨਹੀਂ ਮਾਰਿਆ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਸੀ ਅਤੇ ਫਲੈਕਸ ਵੀ ਲਾ ਦਿੱਤੇ ਸਨ ਪਰ ਮੁਆਵਜ਼ਾ ਨਹੀਂ ਭੇਜਿਆ। ਕਿਸਾਨਾਂ ਨੇ 3 ਅਕਤੂਬਰ ਤੋਂ ਮੁਆਵਜ਼ੇ ਲਈ ਸੰਘਰਸ਼ ਵਿੱਢਿਆ ਹੋਇਆ ਹੈ ਪਰ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਹੈ ਕਿ ਸਰਕਾਰ ਕਿਸਾਨੀ ਪ੍ਰਤੀ ਸੁਹਿਰਦ ਹੈ ਤਾਂ 60 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਐਲਾਨੇ।

Tuesday, February 9, 2021

                                                         ਕੀ ਮੇਰਾ, ਕੀ ਤੇਰਾ
                                                ਏਹ ਨੇ ਦਿਲਾਂ ਦੇ ਰਾਜੇ..!
                                                         ਚਰਨਜੀਤ ਭੁੱਲਰ     

ਚੰਡੀਗੜ੍ਹ : ਪਿੰਡ ਭੋਤਨਾ ਦਾ ਕਿਸਾਨ ਰਾਜਾ ਸਿੰਘ ਆਪਣੇ ਖੇਤ ਸੰਭਾਲ ਰਿਹਾ ਹੈ ਜਦੋਂ ਕਿ ਉਸ ਦਾ ਟਰੈਕਟਰ ‘ਦਿੱਲੀ ਮੋਰਚੇ’ ’ਚ ਸੀਰ ਪਾ ਰਿਹਾ ਹੈ। ਰਾਜਾ ਸਿੰਘ ਛੋਟੀ ਕਿਸਾਨੀ ’ਚੋਂ ਹੈ ਅਤੇ ਸਿਰਫ ਦੋ ਏਕੜ ਜ਼ਮੀਨ ਦਾ ਮਾਲਕ ਹੈ। ਉਹ ਘਰੇਲੂ ਸਮੱਸਿਆ ਕਰਕੇ ‘ਕਿਸਾਨ ਮੋਰਚਾ’ ਨੂੰ ਆਪਣਾ ਪੂਰਾ ਸਮਾਂ ਨਹੀਂ ਦੇ ਸਕਿਆ। ਅਖੀਰ ਉਸ ਨੇ ਆਪਣਾ ਟਰੈਕਟਰ ਪੱਕੇ ਤੌਰ ’ਤੇ ਟਿੱਕਰੀ ਹੱਦ ’ਤੇ ਖੜ੍ਹਾ ਕਰ ਦਿੱਤਾ ਹੈ। ਉਹ ਆਖਦਾ ਹੈ ਕਿ ਜਦੋਂ ਤੱਕ ਜੰਗ ਜਾਰੀ ਰਹੇਗੀ, ਟਰੈਕਟਰ ਵਾਪਸ ਨਹੀਂ ਆਵੇਗਾ। ਸਿੰਘੂ ਤੇ ਟਿੱਕਰੀ ਹੱਦ ’ਤੇ ਹਜ਼ਾਰਾਂ ਟਰੈਕਟਰ ਖੜ੍ਹੇ ਹਨ। ਸੈਂਕੜੇ ਮਾਲਕ ਕਿਸੇ ਨਾ ਕਿਸੇ ਮਜਬੂਰੀ ਕਾਰਨ ‘ਕਿਸਾਨ ਮੋਰਚੇ’ ’ਚੋਂ ਤਾਂ ਗੈਰਹਾਜ਼ਰ ਹਨ ਪਰ ਉਨ੍ਹਾਂ ਦੀ ਹਾਜ਼ਰੀ ਟਰੈਕਟਰ ਭਰ ਰਹੇ ਹਨ। ਬਰਨਾਲਾ ਦੇ ਪਿੰਡ ਨੈਣੇਵਾਲ ਦੇ ਕਿਸਾਨ ਜਿੰਦਰ ਸਿੰਘ ਕੋਲ ਦੋ ਟਰੱਕ ਹਨ। ਉਸ ਨੇ ਆਪਣਾ ਪਹਿਲਾਂ ਪੁਰਾਣਾ ਟਰੱਕ ਅਤੇ ਹੁਣ ਨਵਾਂ ਟਰੱਕ ‘ਕਿਸਾਨ ਮੋਰਚੇ’ ’ਚ ਖੜ੍ਹਾ ਕੀਤਾ ਹੋਇਆ ਹੈ। ਸੰਘਰਸ਼ੀ ਕਿਸਾਨਾਂ ਨੇ ਇਸ ਟਰੱਕ ’ਚ ਬਿਸਤਰੇ ਲਾਏ ਹੋਏ ਹਨ।

             ਫਤਿਹਗੜ੍ਹ ਛੰਨਾਂ ਦਾ ਕਿਸਾਨ ਟਰਾਲਾ ਭਰ ਕੇ ਦਿੱਲੀ ਮੋਰਚੇ ’ਚ ਲੱਕੜਾਂ ਛੱਡ ਆਇਆ ਹੈ। ਗਿੱਦੜਬਾਹਾ ਨੇੜਲੇ ਡੇਰਾ ਲੰਗ ਦੇ ਪ੍ਰਬੰਧਕਾਂ ਨੇ ‘ਕਿਸਾਨ ਮੋਰਚਾ’ ’ਚ ਪੱਕੇ ਤੌਰ ’ਤੇ ਇੱਕ ਟਰੈਕਟਰ ਤੇ ਟਰਾਲਾ ਖੜ੍ਹਾ ਕਰ ਦਿੱਤਾ ਹੈ। ਪਿੰਡ ਸਰਦਾਰਗੜ੍ਹ ਦੇ ਕਿਸਾਨ ਇਹ ਟਰੈਕਟਰ ਟਰਾਲਾ ਲੈ ਕੇ ਗਏ ਹਨ। ਕਿਸਾਨ ਆਗੂ ਰਾਮ ਸਿੰਘ ਨਿਰਮਾਣ ਆਖਦਾ ਹੈ ਕਿ ਹਰ ਕੋਈ ਕਿਸਾਨ ਮੋਰਚੇ ’ਚ ਸੀਰ ਪਾਉਣਾ ਹੁਣ ਇਖਲਾਕੀ ਫਰਜ਼ ਸਮਝਦਾ ਹੈ। ਪਿੰਡ ਭੱਠਲਾਂ ਦਾ ਕਿਸਾਨ ਪਰਮਿੰਦਰ ਸਿੰਘ ਖੁਦ ਨਹੀਂ ਜਾ ਸਕਿਆ ਪਰ ਉਸ ਨੇ ਆਪਣੇ ਭਤੀਜੇ ਜੋਬਨਪ੍ਰੀਤ ਨੂੰ ਦਿੱਲੀ ਭੇਜਿਆ ਹੈ। ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦਾ  ਕੁਲਦੀਪ ਸਿੰਘ ਘਰ ’ਚ ਇਕੱਲਾ ਹੈ। ਲੜਕੀ ਵਿਆਹੀ ਹੋਈ ਹੈ ਅਤੇ ਪਤਨੀ ਬਿਮਾਰ ਰਹਿੰਦੀ ਹੈ। ਉਹ ਦਿੱਲੀ ਮੋਰਚੇ ’ਚ ਨਹੀਂ ਜਾ ਸਕਿਆ।

            ਕੁਲਦੀਪ ਸਿੰਘ ਨੇ ਦਿੱਲੀ ਮੋਰਚੇ ਲਈ ਪੰਜ ਹਜ਼ਾਰ ਰੁਪਏ ਭੇਜੇ ਹਨ। ਇਵੇਂ ਪਿੰਡ ਰਾਏਸਰ ਦੇ ਲੋਕਾਂ ਨੇ ਦੋ ਟਰਾਲੀਆਂ ਲੱਕੜਾਂ ਭੇਜੀਆਂ ਹਨ। ਹੁਸ਼ਿਆਰਪੁਰ ਦੇ ਕਿਸਾਨ ਜਰਨੈਲ ਸਿੰਘ ਨੇ ਡੇਢ ਮਹੀਨੇ ਤੋਂ ਆਪਣੀ ਬੱਸ ਪੱਕੇ ਤੌਰ ’ਤੇ ‘ਦਿੱਲੀ ਮੋਰਚਾ’ ’ਚ ਖੜ੍ਹੀ ਕੀਤੀ ਹੋਈ ਸੀ ਜਿਸ ਵਿਚ ਕਿਸਾਨ ਰਾਤ ਨੂੰ ਸੌਂਦੇ ਸਨ। ਤਰਨ ਤਾਰਨ ਜ਼ਲ੍ਹਿੇ ’ਚੋਂ ਕਈ ਸਕੂਲ ਵੈਨਾਂ ਵੀ ਮੋਰਚੇ ਵਿਚ ਹਨ ਜਨ੍ਹਿਾਂ ਦੇ ਮਾਲਕ ਵੀ ਕੋਲ ਨਹੀਂ ਹਨ। ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਨਿਰਮਲ ਸਿੰਘ ਨੇ ਪੱਕੇ ਤੌਰ ’ਤੇ ਟਰੈਕਟਰ ਟਰਾਲੀ ‘ਦਿੱਲੀ ਮੋਰਚਾ’ ’ਚ ਛੱਡ ਦਿੱਤਾ ਹੈ। ਇਸੇ ਤਰ੍ਹਾਂ ਖੜ੍ਹਕ ਸਿੰਘ ਵਾਲਾ ਦੇ ਕਿਸਾਨ ਦਰਸ਼ਨ ਸਿੰਘ ਨੇ ਆਪਣੇ ਟਰਕੈਟਰ ਟਰਾਲੀ ਨੂੰ ਕਿਸਾਨ ਮੋਰਚੇ ਦੇ ਲੇਖੇ ਲਾਇਆ ਹੈ।

            ਸੰਗਰੂਰ ਜ਼ਲ੍ਹਿੇ ਦੇ ਪਿੰਡ ਗੰਡੂਆਂ ਦੇ ਗੁਰਲਾਲ ਸਿੰਘ ਨੇ ੨੭ ਨਵੰਬਰ ਤੋਂ ਆਪਣਾ ਟਰੈਕਟਰ ਟਰਾਲੀ ਦਿੱਲੀ ਮੋਰਚਾ ਨੂੰ ਦਿੱਤਾ ਹੋਇਆ ਹੈ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਪਿੰਡਾਂ ਦੇ ਲੋਕ ‘ਕਿਸਾਨ ਮੋਰਚਾ’ ’ਚ ਯੋਗਦਾਨ ਪਾ ਕੇ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ। ਗੋਨਿਆਣਾ ਨੇੜਲੇ ਪਿੰਡ ਮਹਿਮਾ ਸਰਕਾਰੀ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਬਰਾੜ ਨੇ ਪੱਕੇ ਤੌਰ ’ਤੇ ਹਰ ਹਫਤੇ ਪਿੰਡ ’ਚੋਂ ਇੱਕ ਗੱਡੀ ਆਪਣੇ ਖਰਚੇ ’ਤੇ ਦਿੱਲੀ ਭੇਜਣ ਦਾ ਫੈਸਲਾ ਕੀਤਾ ਹੈ। ਉਹ ਅੱਜ ਖੁਦ ਅਗਵਾਈ ਕਰਕੇ ਪਿੰਡ ਦੇ ਕਿਸਾਨਾਂ ਦੇ ਜਥੇ ਨਾਲ ਦਿੱਲੀ ਗਿਆ ਹੈ। ਇਸੇ ਤਰ੍ਹਾਂ ਪਿੰਡ ਸੇਲਬਰਾਹ ਦੇ ਕਿਸਾਨ ਮਨਜੀਤ ਸਿੰਘ ਬਿੱਟੀ (ਰਾਮਪੁਰਾ) ਨੇ ਦਿੱਲੀ ਮੋਰਚਾ ਲਈ ਗੱਡੀਆਂ ਲਈ ਆਪਣੇ ਪੰਪ ਤੋਂ ਮੁਫਤ ਤੇਲ ਪਾਉਣਾ ਸ਼ੁਰੂ ਕੀਤਾ ਹੈ।

                               ਹਰ ਚੀਜ਼ ‘ਕਿਸਾਨ ਮੋਰਚੇ’ ਨੂੰ ਸਮਰਪਿਤ : ਬੁਰਜਗਿੱਲ

ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਜਨ੍ਹਿਾਂ ਕਿਸਾਨਾਂ ਦੇ ਟਰੈਕਟਰ ਦਿੱਲੀ ਮੋਰਚੇ ਵਿਚ ਹਨ, ਉਨ੍ਹਾਂ ਦੇ ਖੇਤਾਂ ਵਿਚ ਕੰਮ ਧੰਦੇ ਲਈ ਪਿੰਡਾਂ ਦੇ ਦੂਸਰੇ ਕਿਸਾਨ ਮਦਦ ਕਰ ਰਹੇ ਹਨ। ਦੇਖਿਆ ਜਾਵੇ ਤਾਂ ਕਿਸਾਨ ਨੂੰ ਆਪਣਾ ਟਰੈਕਟਰ ਜਾਨ ਤੋਂ ਪਿਆਰਾ ਹੁੰਦਾ ਹੈ ਪਰ ਹੁਣ ਜਦੋਂ ਖੇਤ ਦਾਅ ’ਤੇ ਲੱਗੇ ਹਨ ਤਾਂ ਕਿਸਾਨਾਂ ਨੇ ਆਪਣੀ ਹਰ ਚੀਜ਼ ‘ਕਿਸਾਨ ਮੋਰਚਾ’ ਨੂੰ ਸਮਰਪਿਤ ਕਰ ਦਿੱਤੀ ਹੈ। 

Wednesday, October 28, 2020

                                                      ਖੇਤਾਂ ਦਾ ਰਾਜਾ
                                    ਕਿਸਾਨ ਸੰਘਰਸ਼ ਨੇ ਲਾਏ ਪਹੀਏ
                                                     ਚਰਨਜੀਤ ਭੁੱਲਰ                                

ਚੰਡੀਗੜ੍ਹ : ਪੰਜਾਬ ਦੇ ਕਿਸਾਨ ਅੰਦੋਲਨ ’ਚ ‘ਖੇਤਾਂ ਦਾ ਰਾਜਾ’ ਭੱਲ ਖੱਟ ਗਿਆ ਹੈ। ਕੇਂਦਰੀ ਖੇਤੀ ਕਾਨੂੰਨਾਂ ਦਾ ਭਵਿੱਖ ਕੁਝ ਵੀ ਹੋਵੇ ਪ੍ਰੰਤੂ ਪੰਜਾਬ ’ਚ ਟਰੈਕਟਰ ਪ੍ਰਤੀ ਖਿੱਚ ਵਧੀ ਹੈ। ਕੋਵਿਡ ਦੇ ਬਾਵਜੂਦ ਪੰਜਾਬ ’ਚ ਟਰੈਕਟਰਾਂ ਦੀ ਸੇਲ ਇਕਦਮ ਵਾਧਾ ਇਸ ਦਾ ਗਵਾਹ ਹੈ। ਹਾਲਾਂਕਿ ਵਿਕਰੀ ’ਚ ਵਾਧੇ ਦੇ ਕਾਰਨ ਹੋਰ ਵੀ ਹਨ ਪ੍ਰੰਤੂ ਟਰੈਕਟਰਾਂ ਮਾਰਚਾਂ ਅਤੇ ਕਿਸਾਨ ਅੰਦੋਲਨਾਂ ’ਚ ਟਰੈਕਟਰ ਦਾ ਉਭਾਰ ਵੀ ਵੱਡਾ ਕਾਰਨ ਬਣਿਆ ਹੈ।  ਵੇਰਵਿਆਂ ਅਨੁਸਾਰ ਦੇਸ਼ ਭਰ ਵਿਚ 21 ਟਰੈਕਟਰ ਕੰਪਨੀਆਂ ਹਨ ਜਿਨ੍ਹਾਂ ਕੋਲ ਟਰੈਕਟਰ ਸਟਾਕ ਵਿਚ ਵੀ ਨਹੀਂ ਹਨ। ਟਰੈਕਟਰ ਹੁਣ ਬੁਕਿੰਗ ’ਤੇ ਮਿਲਣ ਲੱਗਾ ਹੈ। ਵੱਡੇ ਟਰੈਕਟਰਾਂ ਦੀ ਮੰਗ ਕੋਵਿਡ ਮਗਰੋਂ ਦੇਖਣ ’ਚ ਆਈ ਹੈ। ਪੰਜਾਬ ਵਿਚ ਜਨਵਰੀ 2020 ਤੋਂ ਹੁਣ ਤੱਕ (ਦਸ ਮਹੀਨੇ) ਦੌਰਾਨ 17611 ਟਰੈਕਟਰਾਂ ਦੀ ਵਿਕਰੀ ਹੋਈ ਹੈ ਜਦੋਂ ਕਿ ਅਪਰੈਲ, ਮਈ ਤੇ ਜੂਨ ਮਹੀਨੇ ’ਚ ਕੋਵਿਡ ਕਰਕੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ।   

                 ਪੰਜਾਬ ਵਿਚ ਰੁਟੀਨ ਵਿਚ ਰੋਜ਼ਾਨਾ ਅੌਸਤਨ 55 ਟਰੈਕਟਰਾਂ ਦੀ ਵਿਕਰੀ ਹੈ। ਰਾਮਪੁਰਾ ਫੂਲ ਦੇ ਟਰੈਕਟਰ ਡੀਲਰ ਸ੍ਰੀ ਮੁਕੇਸ਼ ਗਰਗ ਦਾ ਪ੍ਰਤੀਕਰਮ ਸੀ ਕਿ ਕੋਵਿਡ ਮਗਰੋਂ ਸੁਪਰਸੀਡਰ ਕਰਕੇ ਵੱਡੇ ਟਰੈਕਟਰਾਂ ਦੀ ਮੰਗ ਵਧੀ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਟਰੈਕਟਰ ਆਕਰਸ਼ਣ ਵੀ ਬਣਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਕੱਲੇ ਸਤੰਬਰ ਮਹੀਨੇ ’ਚ 3037 ਟਰੈਕਟਰ ਵਿਕੇ ਹਨ ਜੋ ਆਪਣੇ ਆਪ ’ਚ ਰਿਕਾਰਡ ਹੈ।  ਵਰ੍ਹਾ 2020 ਦੇ ਅਕਤੂਬਰ ਮਹੀਨੇ ਤੱਕ ਦੇਸ਼ ਭਰ ਵਿਚ 4.01 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ ਅਤੇ ਸਾਲ 2019 ਵਿਚ ਇਹ ਵਿਕਰੀ 4.52 ਲੱਖ ਰਹੀ ਹੈ। ਕੋਵਿਡ ਦਾ ਵੱਡਾ ਅਸਰ ਦੇਸ਼ ਵਿਚ ਵੇਖਣ ਨੂੰ ਮਿਲਿਆ ਹੈ। ਪੂਰੇ ਮੁਲਕ ਵਿਚ ਸਾਲ 2018 ਵਿਚ 4.36 ਲੱਖ, ਸਾਲ 2017 ਵਿਚ 3.91 ਲੱਖ ਅਤੇ ਸਾਲ 2016 ਵਿਚ 3.33 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ। ਦੇਸ਼ ਚੋਂ ਉੱਤਰੀ ਭਾਰਤ ਦੀ ਹਮੇਸ਼ਾ ਇਸ ਵਿਕਰੀ ’ਚ ਝੰਡੀ ਰਹੀ ਹੈ। ਤੱਥ ਗਵਾਹ ਹਨ ਕਿ ਪੰਜਾਬ ਵਿਚ ਸਾਲ 2016 ਵਿਚ 19,216 ਟਰੈਕਟਰ ਵਿਕੇ ਸਨ ਅਤੇ ਸਾਲ 2017 ਵਿਚ ਇਹ ਵਿਕਰੀ 20,334 ਟਰੈਕਟਰਾਂ ਦੀ ਹੋ ਗਈ। ਉਸ ਮਗਰੋਂ ਸਾਲ 2018 ਵਿਚ ਪੰਜਾਬ ਵਿਚ ਟਰੈਕਟਰਾਂ ਦੀ ਵਿਕਰੀ 19,698 ਰਹੀ ਜਦੋਂ ਕਿ ਸਾਲ 2019 ਵਿਚ ਪੰਜਾਬ ਵਿਚ 21,321 ਟਰੈਕਟਰ ਵਿਕੇ ਹਨ। ਐਤਕੀਂ ਇਹ ਅੰਕੜਾ ਪਾਰ ਹੋਣ ਦੀ ਸੰਭਾਵਨਾ ਹੈ ਪ੍ਰੰਤੂ ਟਰੈਕਟਰ ਕੰਪਨੀਆਂ ਕੋਲ ਸਟਾਕ ਮੁੱਕਿਆ ਪਿਆ ਹੈ। ਕੋਵਿਡ ਕਰਕੇ ਕੰਪਨੀਆਂ ਨੂੰ ਸਪੇਅਰ ਪਾਰਟਸ ਵੀ ਨਹੀਂ ਮਿਲ ਰਿਹਾ ਹੈ। ਕਈ ਕੰਪਨੀਆਂ ਨੂੰ ਆਪਣੇ ਪਲਾਂਟ ਬੰਦ ਵੀ ਕਰਨੇ ਪਏ ਸਨ।

        ਦੱਸਣਯੋਗ ਹੈ ਕਿ ਸਿਆਸੀ ਧਿਰਾਂ ਵੱਲੋਂ ਦੋ ਵੱਡੇ ਟਰੈਕਟਰ ਮਾਰਚ ਕੱਢੇ ਗਏ ਅਤੇ ਵਿਧਾਨ ਸਭਾ ਵੱਲ ਵੀ ਵਿਧਾਇਕ ਟਰੈਕਟਰਾਂ ’ਤੇ ਆਏ ਸਨ। ਕਿਸਾਨ ਅੰਦੋਲਨ ਦੌਰਾਨ ਚਾਰੇ ਪਾਸੇ ਟਰੈਕਟਰ ਦੀ ਗੱਲ ਚੱਲੀ ਹੈ। ਬਰਨਾਲਾ ਦੇ ਪਿੰਡ ਠੂਲੇਵਾਲ ਦੇ ਕਿਸਾਨ ਸਰਬਜੀਤ ਸਿੰਘ ਢਿੱਲੋਂ ਆਖਦੇ ਹਨ ਕਿ ਟਰੈਕਟਰ ਕਿਸਾਨੀ ਦਾ ਪ੍ਰਤੀਕ ਹੈ ਅਤੇ ਕਿਸਾਨੀ ਘੋਲ ਨਾਲ ਇਸ ਪ੍ਰਤੀਕ ਪ੍ਰਤੀ ਨੂੰ ਵੀ ਵੱਡੀ ਮਾਨਤਾ ਮਿਲੀ ਹੈ। ਪੰਜਾਬ ’ਚ ਪੁਰਾਣੇ ਟਰੈਕਟਰਾਂ ਦੀ ਖਰੀਦੋ ਫਰੋਖਤ ਦਾ ਕੰਮ ਵੀ ਵਧਿਆ ਹੈ। ਕਿਸਾਨ ਅੰਦੋਲਨ ’ਚ ਟਰੈਕਟਰ ’ਤੇ ਲੋੜੋਂ ਵੱਧ ਟੈਕਸ ਹੋਣ ਦੀ ਵੀ ਚਰਚਾ ਚੱਲੀ ਹੈ। ਟਰੈਕਟਰ ’ਤੇ ਪਹਿਲਾਂ 6.5 ਫੀਸਦੀ ਟੈਕਸ ਹੁੰਦਾ ਸੀ ਪ੍ਰੰਤੂ ਜੀਐਸਟੀ ਮਗਰੋਂ ਇਹ ਟੈਕਸ ਵਧ ਕੇ 12 ਫੀਸਦੀ ਹੋ ਗਿਆ ਹੈ ਜਿਸ ਦਾ ਬੋਝ ਕਿਸਾਨ ਨੁੂੰ ਹੀ ਝੱਲਣਾ ਪੈਂਦਾ ਹੈ। ਟਰੈਕਟਰ ਦੇ ਸਪੇਅਰ ਪਾਰਟਸ ’ਤੇ ਤਾਂ 18 ਤੋਂ 28 ਫੀਸਦੀ ਤੱਕ ਜੀਐਸਟੀ ਹੈ। ਟਰੈਕਟਰ ਦੀ ਖਰੀਦ ਲਈ ਛੋਟੀ ਕਿਸਾਨੀ ਨੂੰ ਕੋਈ ਸਰਕਾਰੀ ਮਦਦ ਵੀ ਨਹੀਂ ਮਿਲਦੀ ਹੈ। ਗੁਜਰਾਤ ਸਰਕਾਰ ਵੱਲੋਂ 25 ਤੋਂ 35 ਫੀਸਦੀ ਤੱਕ ਟਰੈਕਟਰ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਆਂਧਰਾ ਪ੍ਰਦੇਸ਼ ਅਤੇ ਤੈਲੰਗਾਨਾ ਵਿਚ ਵੀ ਟਰੈਕਟਰ ਖਰੀਦ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਅਸਾਮ ਵਿਚ ਕਾਫ਼ੀ ਲੰਮੇ ਅਰਸੇ ਤੋਂ ਸਬਸਿਡੀ ਦੇਣ ਦਾ ਸਰਕਾਰੀ ਪ੍ਰੋਗਰਾਮ ਹੈ। ਮੱਧ ਪ੍ਰਦੇਸ਼ ਵਿਚ ਪਹਿਲਾਂ ਸਬਸਿਡੀ ਮਿਲਦੀ ਰਹੀ ਹੈ। 

      ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਜਨਰਲ ਸਕੱਤਰ ਉਪਕਾਰ ਸਿੰਘ ਆਖਦੇ ਹਨ ਕਿ ਪੰਜਾਬ ਦੀ ਛੋਟੀ ਤੇ ਦਰਮਿਆਨੀ ਕਿਸਾਨੀ ਲਈ ਵੀ ਸਰਕਾਰ ਸਬਸਿਡੀ ਪ੍ਰੋਗਰਾਮ ਸ਼ੁਰੂ ਕਰੇ ਅਤੇ ਟਰੈਕਟਰ ਨੂੰ ਟੈਕਸਾਂ ਤੋਂ ਮੁਕਤ ਕੀਤਾ ਜਾਵੇ। ਦੱਸਣਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤਾਂ ਟਰੈਕਟਰ ਨੂੰ ‘ਜੱਟ ਦਾ ਗੱਡਾ’ ਦੱਸਦੇ ਰਹੇ ਹਨ।ਮਹਿੰਦਰਾ ਐਂਡ ਮਹਿੰਦਰਾ ਦੇ ਖੇਤਰੀ ਜਨਰਲ ਮੈਨੇਜਰ ਸ੍ਰੀ ਜੈ ਚੰਦਰ ਆਖਦੇ ਹਨ ਕਿ ਕੋਵਿਡ ਮਗਰੋਂ ਟਰੈਕਟਰ ਦੀ ਪੰਜਾਬ ਵਿਚ ਵਿਕਰੀ ਵਧੀ ਹੈ ਅਤੇ ਟਰੈਕਟਰ ਦੀ ਉਡੀਕ ਸੂਚੀ ਚੱਲ ਰਹੀ ਹੈ। ਉਨ੍ਹਾਂ ਵਿਕਰੀ ਲਈ ਮੋਟੇ ਤੌਰ ’ਤੇ ਤਿੰਨ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਕਿਸਾਨ ਘਰਾਂ ਵਿਚ ਕੋਵਿਡ ਕਰਕੇ ਵਿਆਹ ਸਾਹੇ ਰੁਕੇ ਹਨ ਅਤੇ ਨਵੀਂ ਉਸਾਰੀ ਵੀ ਸ਼ੁਰੂ ਨਹੀਂ ਹੋਈ। ਉਪਰੋਂ ਮੁੰਡਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਪੈਂਡਿੰਗ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਦੌਰਾਨ ਵੀ ਟਰੈਕਟਰ ਦਾ ਉਭਾਰ ਹੋਇਆ ਹੈ ਅਤੇ ਵੱਡੇ ਟਰੈਕਟਰਾਂ ਪ੍ਰਤੀ ਨਵੀਂ ਪੀੜੀ ਉਲਾਰ ਹੋਈ ਹੈ। 

  ਪੰਜਾਬ ’ਚ ਟਰੈਕਟਰਾਂ ਦੀ ਵਿਕਰੀ 

ਸਾਲ          ਟਰੈਕਟਰਾਂ ਦੀ ਗਿਣਤੀ

2020 (ਅਕਤੂਬਰ ਤੱਕ) 17,611

2019 21,321

2018 19,698

2017 20,334

2016 19,216

 

Thursday, September 12, 2019

                                                              ਸਟੱਡੀ ਵੀਜ਼ਾ 
                        ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ਼
                                                             ਚਰਨਜੀਤ ਭੁੱਲਰ
ਬਠਿੰਡਾ : ਨਰਮਾ ਪੱਟੀ ’ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਪੱੁਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ’ਤੇ ਲੱਗਾ  ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰੇ੍ਹ ਤੋਂ ਇਸ ਖ਼ਿੱਤੇ ’ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ। ਕੋਈ ਵੇਲਾ ਸੀ ਜਦੋਂ ਖੇਤੀ ਸੰਕਟ ’ਚ ਕਿਸਾਨ ਨਵੇਂ ਟਰੈਕਟਰ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਸਨ। ਵਕਤ ਨੇ ਮੁੜ ਕਰਵਟ ਲਈ ਹੈ। ਪਿੰਡ ਚੱਕ ਬਖਤੂ ’ਚ ਦੋ ਪਰਿਵਾਰਾਂ ਨੇ ਆਪਣੇ ਮੁੰਡੇ ਤੇ ਕੁੜੀ ਨੂੰ ਸਟੱਡੀ ਵੀਜ਼ੇ ’ਤੇ ਭੇਜਣ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ। ਨਾਲੇ ਸਾਰੇ ਪਸ਼ੂ ਵੇਚ ਦਿੱਤੇ। ਗਿੱਲ ਖੁਰਦ ਦੇ ਇੱਕ ਘਰ ਨੂੰ ਇਕੱਲੀ ਜ਼ਮੀਨ ਨਹੀਂ, ਟਰੈਕਟਰ ਵੀ ਵੇਚਣਾ ਪਿਆ। ਮੰਡੀ ਕਲਾਂ ’ਚ ਇੱਕ ਘਰ ਨੇ ਫੀਸਾਂ ਲਈ ਜ਼ਮੀਨ ਵੇਚੀ। ਜਹਾਜ਼ ਦੀ ਟਿਕਟ ਲਈ ਪਸ਼ੂ ਵੇਚਣੇ ਪਏ ਹਨ। ਲਹਿਰਾ ਖਾਨਾ ਤੇ ਭੁੱਚੋ ਖੁਰਦ ਦੇ ਘਰਾਂ ’ਚ ਏਦਾਂ ਹੋਇਆ ਹੈ ਕਿ ਮਾਵਾਂ ਨੇ ਸਾਂਭ ਸਾਂਭ ਕੇ ਰੱਖੇ ਗਹਿਣੇ ਹੁਣ ਗਿਰਵੀ ਕੀਤੇ ਹਨ।
                  ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ’ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ ਜਿਨ੍ਹਾਂ ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ’ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਇੱਕ ਪਰਿਵਾਰ ਨੂੰ ਤਾਂ ਆਪਣੀ ਧੀ ਨੂੰ ਆਈਲੈੱਟਸ ਕਰਾਉਣ ਖਾਤਰ ਹੀ ਗਹਿਣੇ ਗਿਰਵੇ ਰੱਖਣੇ ਪਏ ਹਨ। ਇਵੇਂ ਹੀ ਮਾਲਵਾ ਖ਼ਿੱਤੇ ’ਚ ਤਲਵੰਡੀ ਸਾਬੋ, ਬਰਨਾਲਾ, ਮੋਗਾ, ਜ਼ੀਰਾ, ਮਲੋਟ ਤੇ ਕੋਟਕਪੂਰਾ ’ਚ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮੋਗਾ ਦੇ ਟਰੈਕਟਰ ਵਪਾਰੀ ਮਸਤਾਨ ਸਿੰਘ ਦੱਸਦੇ ਹਨ ਕਿ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਟਰੈਕਟਰ ਵੀ ਵੇਚ ਰਹੇ ਹਨ।
               ਤਲਵੰਡੀ ਸਾਬੋ ਦੀ ਮੰਡੀ ਦੇ ਟਰੈਕਟਰ ਵਪਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਹਰ ਹਫਤੇ ਛੇ ਸੱਤ ਕਿਸਾਨ ਨਵੇਂ ਟਰੈਕਟਰ ਵੇਚਣ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਭੇਜਣੇ ਹੁੰਦੇ ਹਨ। ਸੂਤਰ ਦੱਸਦੇ ਹਨ ਕਿ ਕੋਟਬਖਤੂ ਦੇ ਇੱਕ ਘਰ ਨੇ ਸਟੱਡੀ ਵੀਜ਼ਾ ਲੱਗਣ ਮਗਰੋਂ ਟਰੈਕਟਰ ਵੀ ਵੇਚਿਆ ਹੈ। ਦੇਖਿਆ ਗਿਆ ਕਿ ਮੰਡੀਆਂ ਵਿਚ ਖੇਤੀ ਸੰਦ ਨਹੀਂ, ਮਾਪਿਆਂ ਨੂੰ ਅਰਮਾਨ ਵੇਚਣੇ ਪੈਂਦੇ ਹਨ। ਦੁਆਬੇ ਮਗਰੋਂ ਮਾਲਵੇ ਵਿਚ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦਾ ਰੁਝਾਨ ਇਕਦਮ ਤੇਜ਼ ਹੋਇਆ ਹੈ। ਰੁਜ਼ਗਾਰ ਦੀ ਕਮੀ ਤੇ ‘ਚਿੱਟੇ’ ਦੇ ਧੰੂਏਂ ਤੋਂ ਬਚਾਓ ਲਈ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰਾਹ ਪਏ ਹਨ, ਚਾਹੇ ਕਿੰਨੇ ਵੀ ਪਾਪੜ ਕਿਉਂ ਨਾ ਵੇੇਲਣੇ ਪੈਣ। ਫਿਰੋਜ਼ਪੁਰ ਦੇ ਪਿੰਡ ਪੋਨੇ ਕੇ ਉਤਾਰ ਦੇ ਇੱਕ ਘਰ ਦੀ ਵਿਥਿਆ ਨਵੇਂ ਸੰਕਟ ਨੂੰ ਦੱਸਣ ਲਈ ਕਾਫ਼ੀ ਹੈ। ਇਸ ਘਰ ਦੇ ਬਜ਼ੁਰਗ ਮਾਲਕ ਦੀ ਪਹਿਲੋਂ ਮੌਤ ਹੋ ਗਈ। ਪੂਰੀ ਜ਼ਮੀਨ ਵੇਚ ਕੇ ਮੁੰਡਾ ਵਿਦੇਸ਼ ਭੇਜ ਦਿੱਤਾ। ਮਗਰੋਂ ਮਾਂ ਦੀ ਮੌਤ ਹੋ ਗਈ ਤੇ ਮਾਂ ਦੇ ਸਸਕਾਰ ਤੇ ਭੋਗ ’ਤੇ ਵੀ ਪੁੱਤ ਨਾ ਆ ਸਕਿਆ।ਬਰ ਨਾਲਾ ਦੇ ਪਿੰਡ ਢਿਲਵਾਂ ਦੇ ਇੱਕ ਪਰਿਵਾਰ ਨੂੰ ਪੂਰੀ ਜ਼ਮੀਨ ਗਹਿਣੇ ਕਰਨੀ ਪਈ ਹੈ। ਲੜਕੇ ਵਿਦੇਸ਼ ਭੇਜਣ ਲਈ। ਮਜਬੂਰੀ ਦਾ ਸਿਰਾ ਹੈ ਕਿ ਮਾਪੇ ਦੁਧਾਰੂ ਪਸ਼ੂ ਵੀ ਵੇਚਣ ਦੇ ਰਾਹ ਪਏ ਰਹੇ ਹਨ।
                 ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਮੌੜ ਮੰਡੀ ਦੇ ਪ੍ਰਧਾਨ ਪਰਮਜੀਤ ਸਿੰਘ ਮਾਟਾ ਦੱਸਦੇ ਹਨ ਕਿ ਪਸ਼ੂ ਮੇਲਿਆਂ ਵਿਚ 60 ਫੀਸਦੀ ਪਸ਼ੂ ਮਜਬੂਰੀ ਦੇ ਭੰਨੇ ਵੇਚ ਰਹੇ ਹਨ ਜਿਨ੍ਹਾਂ ਵਿਚ ਸਟੱਡੀ ਵੀਜ਼ੇ ਵਾਲੇ ਵੀ ਸ਼ਾਮਿਲ ਹਨ। ਦੱਸ ਦੇਈਏ ਨਰਮਾ ਪੱਟੀ ਨੇ ਏਦਾਂ ਦੇ ਦਿਨ ਸਾਲ 1995 ਤੋਂ 2000 ਦੇ ਸਮੇਂ ਦੌਰਾਨ ਵੇਖੇ ਹਨ ਜਦੋਂ ਕਿਸਾਨ ਦਰਖ਼ਤ ਵੇਚ ਕੇ ਘਰਾਂ ਦਾ ਗੁਜ਼ਾਰੇ ਤੋਰਨ ਲਈ ਮਜਬੂਰ ਸਨ। ਹੁਣ ਪ੍ਰਵਾਸ ਖਾਤਰ ਪੁਰਾਣਾ ਵਰਤਾਰਾ ਜਨਮਿਆ ਹੈ। ਬਹੁਤੇ ਕਿਸਾਨ ਜ਼ਮੀਨਾਂ ਗਿਰਵੀ ਕਰ ਰਹੇ ਹਨ। ਇਸੇ ਆਸ ਤੇ ਉਮੀਦ ਨਾਲ ਕਿ ਬੱਚੇ ਵਿਦੇਸ਼ ਰੋਟੀ ਪੈਣ ਮਗਰੋਂ ਜ਼ਮੀਨਾਂ ਨੂੰ ਛੁਡਵਾ ਲੈਣਗੇ। ਮੁਕਤਸਰ ਦੇ ਦੋਦਾ ਦੇ ਨੌਜਵਾਨ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ਤੇ ਵਾਹੁਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਮਾਜ ’ਚ ਪਰਦਾ ਵੀ ਰਹਿ ਜਾਂਦਾ ਹੈ। ਦੇਖਿਆ ਜਾਵੇ ਕਿ ਇਕੱਲਾ ਵਿਦੇਸ਼ ਵਿਚ ਸਰਮਾਇਆ ਹੀ ਨਹੀਂ ਜਾ ਰਿਹਾ, ਪਿੱਛੇ ਘਰ ਵੀ ਖਾਲੀ ਹੋ ਰਹੇ ਹਨ। ਮਾਪਿਆਂ ਕੋਲ ਇਕੱਲੀਆਂ ਉਮੀਦਾਂ ਬਚੀਆਂ ਹਨ।
                 ਪੈਸੇ ਵਾਲੇ ਕੁੜੀ ਦੀ ਤਲਾਸ਼..
ਨਵਾਂ ਰੁਝਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੜਕਿਆਂ ਦੇ ਚੰਗੇ ਬੈਂਡ ਆਏ ਹਨ, ਉਹ ਵੀ ਏਦਾਂ ਦੀ ਕੁੜੀ ਤਲਾਸ਼ਦੇ ਹਨ ਜੋ ਵਿਦੇਸ਼ ਦਾ ਖਰਚਾ ਚੁੱਕ ਸਕੇ। ਰਾਮਪੁਰਾ ਦੇ ਮੈਰਿਜ ਬਿਊਰੋ ਵਾਲੇ ਸੁਖਦੀਪ ਸਿੰਘ ਦੀਪਾ ਨੇ ਦੱਸਿਆ ਕਿ ਇਲਾਕੇ ਦੇ ਤਿੰਨ ਚਾਰ ਮੁੰਡੇ ਅਜਿਹੀਆਂ ਕੁੜੀਆਂ ਦੀ ਭਾਲ ’ਚ ਹਨ। ਚੰਗੇ ਬੈਂਡ ਲੈਣ ਵਾਲੀਆਂ ਲੜਕੀਆਂ ਦੀ ਪਹਿਲਾਂ ਹੀ ਏਦਾਂ ਦੀ ਵੁੱਕਤ ਬਣੀ ਹੋਈ ਹੈ।
   


Sunday, September 27, 2015

                                 ਮਜ਼ਬੂਰੀ 
       ਕਿਸਾਨਾਂ ਨੇ ਸਭ ਕੁਝ ‘ਵਿਕਾਊ’ ਕੀਤਾ
                             ਚਰਨਜੀਤ ਭੁੱਲਰ
ਬਠਿੰਡਾ : ਕੋਈ ਦੁਧਾਰੂ ਪਸ਼ੂ ਵੇਚ ਰਿਹਾ ਹੈ ਤੇ ਕੋਈ ਕਿਸਾਨ ਟਰੈਕਟਰ। ਖੇਤਾਂ ਵਿਚ ਖੜ•ੇ ਦਰੱਖਤ ਵੇਚਣਾ ਮਜ਼ਬੂਰੀ ਬਣ ਗਿਆ ਹੈ। ਜਦੋਂ ਪਾਣੀ ਸਿਰੋਂ ਲੰਘ ਜਾਵੇ ਤਾਂ ਸਭ ਕੁਝ ਦਾਅ ਤੇ ਲਾਉਣਾ ਕੋਈ ਸ਼ੌਂਕ ਨਹੀਂ ਹੁੰਦਾ। ਕਪਾਹ ਪੱਟੀ ਦੀ ਇਹ ਤਾਜਾ ਤਸਵੀਰ ਹੈ। ਇਸੇ ਸੰਕਟ ਵਿਚ ਫਸੇ ਕਿਸਾਨਾਂ ਨੇ ਸਭ ਕੁਝ ਵਿਕਰੀ ਤੇ ਲਾ ਦਿੱਤਾ ਹੈ। ਕਿਸਾਨਾਂ ਦੇ ਘਰਾਂ ਵਿਚ ਹੁਣ ਦਲਾਲ ਗੇੜੇ ਤੇ ਗੇੜਾ ਮਾਰ ਰਹੇ ਹਨ ਜਿਨ•ਾਂ ਨੂੰ ਮਿੱਟੀ ਦੇ ਭਾਅ ਪਸ਼ੂ ਤੇ ਮਸ਼ੀਨਰੀ ਵੇਚਣ ਤੋਂ ਬਿਨ•ਾਂ ਕੋਈ ਚਾਰਾ ਨਹੀਂ ਰਿਹਾ। ਸਰਕਾਰੀ ਮੁਆਵਜਾ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੈ। ਚਾਰੇ ਪਾਸਿਓ ਸਭ ਬੂਹੇ ਬੰਦ ਹੋ ਗਏ ਹਨ। ਕੋਈ ਖੜ•ਾ ਨਰਮਾ ਵਾਹ ਕੇ ਸੜਕਾਂ ਤੇ ਕੂਕ ਰਿਹਾ ਹੈ ਤੇ ਕੋਈ ਗੁਰੂ ਘਰਾਂ ਵਿਚ ਅਰਦਾਸਾਂ ਕਰ ਰਿਹਾ ਹੈ। ਚਿੱਟੇ ਮੱਛਰ ਦਾ ਕਹਿਰ ਠੀਕ ਉਨਾਂ ਹੀ ਹੈ ਜਿਨ•ਾਂ ਅਮਰੀਕਨ ਸੁੰਡੀ ਦਾ ਸੀ। ਸਮੁੱਚਾ ਅਰਥਚਾਰਾ ਇਸ ਮੱਛਰ ਨੇ ਝੰਬ ਦਿੱਤਾ ਹੈ। ਪਸ਼ੂ ਮੰਡੀਆਂ ਤੇ ਟਰੈਕਟਰ ਮੰਡੀਆਂ ਵਿਚ ਭੀੜ ਵੱਧ ਗਈ ਹੈ। ਵੇਚਣ ਵਾਲੇ ਜਿਆਦਾ ਹਨ ਤੇ ਖਰੀਦਣ ਵਾਲਾ ਕੋਈ ਨਹੀਂ।
                 ਤਲਵੰਡੀ ਸਾਬੋ ਦੇ ਪਿੰਡ ਰਾਈਆ ਦੇ ਕਿਸਾਨ ਜਗਜੀਤ ਸਿੰਘ ਨੂੰ ਜ਼ਮੀਨ ਦਾ ਠੇਕਾ ਤਾਰਨ ਲਈ ਦੋ ਦੁਧਾਰੂ ਮੱਝਾਂ ਕਰੀਬ 40 ਹਜ਼ਾਰ ਘਾਟਾ ਪਾ ਕੇ ਵੇਚਣੀਆਂ ਪਈਆਂ ਹਨ। ਕਿਸਾਨ ਦੱਸਦਾ ਹੈ ਕਿ ਮਰਦਾ ਕੀ ਨਾ ਕਰਦਾ, ਖੇਤ ਚਿੱਟੇ ਮੱਛਰ ਨੇ ਖਾਲੀ ਕਰ ਦਿੱਤੇ ਤੇ ਸਾਹੂਕਾਰ ਨੇ ਹੱਥ ਖੜ•ੇ ਦਿੱਤੇ ਹਨ। ਜਦੋਂ ਪੂਰੀ ਫਸਲ ਮਰ ਗਈ ਤਾਂ ਇੱਥੋਂ ਦੇ ਕਿਸਾਨ ਦਰਸ਼ਨ ਸਿੰਘ ਨੂੰ 10 ਦਿਨ ਪਹਿਲਾਂ ਇੱੱਕ ਲੱਖ ਵਿਚ ਹੀ ਟਰੈਕਟਰ ਵੇਚਣਾ ਪਿਆ। ਕਿਧਰੋਂ ਪੈਸੇ ਦਾ ਇੰਤਜਾਮ ਨਾ ਹੋਇਆ ਤਾਂ ਪਿੰਡ ਬਦਿਆਲਾ ਦੇ ਕਿਸਾਨ ਬਲਦੇਵ ਸਿੰਘ ਨੂੰ ਮੱਝ ਦਾ ਸੰਗਲ ਪਸ਼ੂ ਵਪਾਰੀ ਨੂੰ ਫੜਾਉਣਾ ਪਿਆ। ਸੰਗਤ ਦੇ ਪਿੰਡ ਕੁਟੀ ਦੇ ਕਿਸਾਨ ਜਸਦੀਪ ਸਿੰਘ ਦੇ ਟਾਹਲੇ ਵਾਲੇ ਖੇਤਾਂ ਨੂੰ ਤਾਂ ਨਜ਼ਰ ਹੀ ਲੱਗ ਗਈ ਹੈ। ਨਾ ਖੇਤਾਂ ਵਿਚ ਫਸਲ ਰਹੀ ਹੈ ਅਤੇ ਨਾ ਹੁਣ ਕੋਈ ਟਾਹਲੀ। ਉਸ ਨੂੰ ਮਜ਼ਬੂਰੀ ਵਿਚ ਖੇਤ ਖੜ•ੇ ਦੋ ਟਾਹਲੀ ਦੇ ਦਰੱਖਤ 17 ਹਜ਼ਾਰ ਵਿਚ ਹੀ ਵੇਚਣੇ ਪੈ ਗਏ ਹਨ। ਚਿੱਟੇ ਮੱਛਰ ਨੇ ਫਸਲ ਕੀ ਚਪਟ ਕੀਤੀ ਕਿ ਇਸ ਪਿੰਡ ਦੇ ਕਿਸਾਨ ਹਰਮੇਲ ਸਿੰਘ ਨੂੰ ਤਾਂ ਬਲੱਡ ਪ੍ਰੈਸਰ ਹੀ ਹੋ ਗਿਆ। ਉਸ ਨੂੰ ਕੁਝ ਦਿਨ ਪਹਿਲਾਂ ਟਰੈਕਟਰ ਟਰਾਲੀ ਵੇਚਣੇ ਪਏ ਹਨ।
                   ਫੂਲੇਵਾਲਾ ਦੇ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਘਰ ਵਿਚ ਇਕੱਲੀ ਤੂੜੀ ਰਹਿ ਗਈ ਹੈ, ਦੋ ਮੱਝਾਂ ਮਜ਼ਬੂਰੀ ਵਿਚ ਵੇਚਣੀਆਂ ਪਈਆ ਹਨ। ਇੱਥੋਂ ਦੇ ਹੀ ਕਿਸਾਨ ਜਗਤਾਰ ਸਿੰਘ ਨੂੰ ਜਦੋਂ ਆੜਤੀਏ ਤੋਂ ਜੁਆਬ ਮਿਲ ਗਿਆ ਤਾਂ ਉਸ ਨੇ 45 ਹਜ਼ਾਰ ਵਿਚ ਟਰਾਲੀ ਵੇਚ ਦਿੱਤੀ। ਦੱਸਣਯੋਗ ਹੈ ਕਿ ਏਦਾ ਦੇ ਹਾਲਤ ਸਾਲ 1997 ਵੇਲੇ ਸਨ ਜਦੋਂ ਅਮਰੀਕਨ ਸੁੰਡੀ ਨੇ ਕਿਸਾਨਾਂ ਦੇ ਘਰ  ਅਤੇ ਖੇਤ ਖਾਲ•ੀ ਕਰ ਦਿੱਤੇ ਸਨ। ਕਪਾਹ ਪੱਟੀ ਦੇ ਤਲਵੰਡੀ ਸਾਬੋ,ਮੋਗਾ,ਮਲੋਟ,ਬਰਨਾਲਾ ਤੇ ਸਲਾਵਤਪੁਰਾ ਦੀ ਟਰੈਕਟਰ ਮੰਡੀ ਵਿਚ ਚਿੱਟੇ ਮੱਛਰ ਦੇ ਝੰਬੇ ਹੋਏ ਕਿਸਾਨਾਂ ਦੀ ਭੀੜ ਹੁੰਦੀ ਹੈ। ਮਲੋਟ ਮੰਡੀ ਦੀ ਟਰੈਕਟਰ ਮੰਡੀ ਦੇ ਦਲਾਲ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਟਰੈਕਟਰਾਂ ਦੇ ਉਨੇ ਗ੍ਰਾਹਕ ਨਹੀਂ,ਜਿਨੇ ਵੇਚਣ ਵਾਲੇ ਹਨ। ਮਾਨਸਾ ਦੇ ਪਿੰਡ ਸਾਹਨੇਵਾਲੀ ਦੇ ਕਿਸਾਨ ਕੁਲਵੰਤ ਸਿੰਘ ਨੂੰ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਤੇ 1.15 ਲੱਖ ਰੁਪਏ ਵਿਚ ਟਰੈਕਟਰ ਵੇਚਣਾ ਪਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਨਰਮੇ ਤੇ ਅੱਠ ਛਿੜਕਾਓ ਕੀਤੇ ਪ੍ਰੰਤੂ ਦਵਾਈ ਨੇ ਕੋਈ ਅਸਰ ਨਹੀਂ ਦਿਖਾਇਆ। ਰਾਮਪੁਰ ਮੰਡੇਰ ਦੇ ਕਿਸਾਨ ਲੱਖਾ ਸਿੰਘ ਨੂੰ ਤਿੰਨ ਕਨਾਲ ਜ਼ਮੀਨ ਹੀ ਵੇਚਣੀ ਪਈ ਹੈ।
                 ਮਾਨਸਾ ਦੇ ਪਿੰਡ ਟਾਹਲੀਆ ਦੇ ਕਿਸਾਨ ਰਾਜ ਸਿੰਘ ਨੂੰ ਸੱਤ ਏਕੜ ਠੇਕੇ ਤੇ ਲਈ ਜ਼ਮੀਨ ਨੇ ਭੁੰਜੇ ਸੁੱਟ ਦਿੱਤਾ ਹੈ। ਉਸ ਨੇ ਇੱਕ ਮੱਝ ਵੇਚੀ ਹੈ ਅਤੇ ਟਰੈਕਟਰ ਵੀ ਵੇਚ ਦਿੱਤਾ ਹੈ। ਹੁਣ ਜ਼ਮੀਨ ਵੀ ਵਿਕਾਊ ਕੀਤੀ ਹੈ। ਜਦੋਂ ਡੇਢ ਦਹਾਕਾ ਪਹਿਲਾਂ ਅਮਰੀਕਨ ਸੁੰਡੀ ਦੀ ਮਾਰ ਪਈ ਸੀ ਤਾਂ ਉਦੋਂ ਪੰਜਾਬ ਵਿਚ 1200 ਕਰੋੜ ਦੇ ਸਲਾਨਾ ਕੀਟਨਾਸਕ ਵਿਕਦੇ ਸਨ ਜਿਸ ਚੋਂ 800 ਕਰੋੜ ਦੀ ਕੀੜੇਮਾਰ ਦਵਾਈ ਇਕੱਲੀ ਕਪਾਹ ਪੱਟੀ ਵਿਚ ਵਿਕਦੀ ਸੀ। ਮੋਟੇ ਅੰਦਾਜੇ ਅਨੁਸਾਰ ਐਤਕੀਂ ਕਰੀਬ 500 ਕਰੋੜ ਰੁਪਏ ਦੇ ਕੀਟਨਾਸਕ ਵਿਕ ਗਏ ਹਨ। ਸਰਕਾਰੀ ਰਿਕਾਰਡ ਅਨੁਸਾਰ ਕਰੀਬ ਸਵਾ ਲੱਖ ਹੈਕਟੇਅਰ ਰਕਬੇ ਚੋਂ ਫਸਲ ਦਾ ਖਰਾਬਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਸਿਰਫ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦੇਣਾ ਹੈ ਜਦੋਂ ਕਿ ਠੇਕੇ ਵਾਲੀ ਜ਼ਮੀਨ ਦਾ ਪ੍ਰਤੀ ਏਕੜ 20 ਹਜ਼ਾਰ ਦਾ ਇਕੱਲੇ ਠੇਕੇ ਦਾ ਹੀ ਖਰਚਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਨਕਲੀ ਦਵਾਈਆਂ ਨੇ ਆਹ ਦਿਨ ਦਿਖਾ ਦਿੱਤੇ ਹਨ ਅਤੇ ਹੁਣ ਉਪਰੋਂ ਸਰਕਾਰ ਕਿਸਾਨ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਉਨ•ਾਂ ਆਖਿਆ ਕਿ ਕਿਸਾਨ ਆਪਣੇ ਹੱਕ ਲਈ ਇੱਕਜੁੱਟ ਹੋ ਕੇ ਕਿਸਾਨੀ ਸੰਘਰਸ਼ ਵਿਚ ਜੁਟਣ, ਤਾਂ ਹੀ ਕੋਈ ਹੱਲ ਨਿਕਲ ਸਕਦਾ ਹੈ। ਨਹੀਂ ਤਾਂ ਸਰਕਾਰ ਨੂੰ ਨੀਂਦ ਚੋਂ ਕੋਈ ਨਹੀਂ ਜਗਾ ਸਕਦਾ।

Friday, March 6, 2015

                                                                          ਖੇਤਾਂ ਦੇ ਪੁੱਤ
                                           ਟਰੈਕਟਰਾਂ ਨੇ 500 ਕਰੋੜ ਵਿਚ ਵਿੰਨ੍ਹੇ
                                                                         ਚਰਨਜੀਤ ਭੁੱਲਰ
ਬਠਿੰਡਾ : ਨਵੇਂ ਟਰੈਕਟਰਾਂ ਦੀ ਚਮਕ ਦਮਕ ਨੇ ਪੰਜਾਬ ਦੇ ਕਿਸਾਨਾਂ ਸਿਰ ਪੰਜ ਸੌ ਕਰੋੜ ਰੁਪਏ ਦਾ ਕਰਜ਼ਾ ਚਾੜ ਦਿੱਤਾ ਹੈ। ਲੰਘੇ ਚਾਰ ਵਰਿ•ਆਂ ਵਿਚ ਕਿਸਾਨਾਂ ਨੇ ਇਹ ਕਰਜ਼ ਵਪਾਰਿਕ ਬੈਂਕਾਂ ਅਤੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਤੋਂ ਚੁੱਕਿਆ ਹੈ। ਟਰੈਕਟਰ ਮਾਰਕੀਟ ਫਿਰ ਵੀ ਮੰਦਾ ਝੱਲ ਰਹੀ ਹੈ। ਕਿਸਾਨ ਆਪਣੀ ਮਜਬੂਰੀ ਦੱਸ ਰਹੇ ਹਨ ਕਿ ਉਨ•ਾਂ ਨੂੰ ਪੁਰਾਣੇ ਕਰਜ਼ੇ ਉਤਾਰਨ ਵਾਸਤੇ ਨਵੇਂ ਟਰੈਕਟਰ ਲੋਨ ਤੇ ਲੈ ਕੇ ਮਗਰੋਂ ਵੇਚਣੇ ਪੈਂਦੇ ਹਨ। ਨਵੇਂ ਪੋਚ ਨੇ ਵੀ ਕਿਸਾਨ ਘਰਾਂ ਵਿਚ ਟਰੈਕਟਰ ਦੀ ਬਿਨ•ਾਂ ਲੋੜ ਤੋਂ ਮੰਗ ਵਧਾ ਦਿੱਤੀ ਹੈ। ਹਾਲਾਂਕਿ ਖੇਤੀ ਸਹਿਕਾਰੀ ਸਭਾਵਾਂ ਵਿਚ ਆਏ ਟਰੈਕਟਰਾਂ ਨੇ ਕਿਸਾਨਾਂ ਨੂੰ ਸਹਾਰਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਦੇ ਕਿਸਾਨਾਂ ਨੇ ਸਾਲ 2011 12 ਤੋਂ ਜਨਵਰੀ 2015 ਤੱਕ (ਚਾਰ ਵਰਿ•ਆਂ ਵਿਚ) ਇਕੱਲੇ ਪਬਲਿਕ ਸੈਕਟਰ ਦੇ ਬੈਂਕਾਂ ਤੋਂ ਕਰੀਬ ਪੌਣੇ ਤਿੰਨ ਸੌ ਕਰੋੜ ਰੁਪਏ ਦਾ ਕਰਜ਼ਾ ਕੇਵਲ ਟਰੈਕਟਰ ਖਰੀਦਣ ਵਾਸਤੇ ਚੁੱਕਿਆ ਹੈ। ਸੂਤਰਾਂ ਅਨੁਸਾਰ ਢਾਈ ਸੌ ਕਰੋੜ ਦੇ ਕਰੀਬ ਕਰਜ਼ ਕਿਸਾਨਾਂ ਨੇ ਸਹਿਕਾਰੀ ਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਫਾਈਨਾਂਸ ਕੰਪਨੀਆਂ ਤੋਂ ਚੁੱਕਿਆ ਹੈ। ਪੰਜਾਬ ਵਿਚ ਇਸ ਵੇਲੇ 4.88 ਲੱਖ ਟਰੈਕਟਰ ਹਨ ਅਤੇ ਹਰ ਵਰੇ• ਔਸਤਨ 25 ਹਜ਼ਾਰ ਟਰੈਕਟਰ ਨਵਾਂ ਆ ਜਾਂਦਾ ਹੈ।
                        ਟਰੈਕਟਰ ਪਹਿਲਾਂ ਹੀ ਪੰਜਾਬ ਵਿਚ ਲੋੜੋਂ ਵੱਧ ਹਨ ਪ੍ਰੰਤੂ ਫਿਰ ਵੀ ਖੇਤੀ ਮਸ਼ੀਨਰੀ ਦੀ ਗਿਣਤੀ ਵੱਧ ਰਹੀ ਹੈ। ਵੇਰਵਿਆਂ ਅਨੁਸਾਰ ਪਬਲਿਕ ਸੈਕਟਰ ਦੇ ਬੈਂਕਾਂ ਤੋਂ ਕਿਸਾਨਾਂ ਨੇ ਚਾਲੂ ਮਾਲੀ ਸਾਲ ਦੌਰਾਨ ਟਰੈਕਟਰ ਖਰੀਦਣ ਵਾਸਤੇ 50.74 ਕਰੋੜ ਦਾ ਕਰਜ਼ਾ ਲਿਆ ਹੈ ਅਤੇ ਸਾਲ 2013 14 ਵਿਚ 62.2 ਕਰੋੜ ਦਾ ਲੋਨ ਲਿਆ ਸੀ। ਇਵੇਂ ਹੀ ਉਸ ਤੋਂ ਪਹਿਲਾਂ ਸਾਲ 2012 13 ਵਿਚ 68.65 ਕਰੋੜ ਅਤੇ ਸਾਲ 2011 12 ਵਿਚ 86.75 ਕਰੋੜ ਦਾ ਕਰਜ਼ਾ ਟਰੈਕਟਰ ਖਰੀਦਣ ਵਾਸਤੇ ਚੁੱਕਿਆ। ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਡੀਲਰ ਮੁਕੇਸ਼ ਕੁਮਾਰ (ਰਾਜੂ) ਰਾਮਪੁਰਾ ਦਾ ਕਹਿਣਾ ਸੀ ਕਿ ਪੰਜਾਹ ਫੀਸਦੀ ਕਿਸਾਨ ਲੋਨ ਤੇ ਟਰੈਕਟਰ ਲੈਂਦੇ ਹਨ ਅਤੇ ਹੁਣ ਟਰੈਕਟਰ ਦੀ ਕਿਸਾਨ ਘਰਾਂ ਵਿਚ ਲਾਈਫ਼ ਤਿੰੰਨ ਤੋਂ ਪੰਜ ਸਾਲ ਹੈ ਜੋ ਕਿ ਪਹਿਲਾਂ 10 ਤੋਂ 15 ਸਾਲ ਹੁੰਦੀ ਸੀ। ਉਨ•ਾਂ ਆਖਿਆ ਕਿ ਦੋ ਤਿੰਨ ਵਰਿ•ਆਂ ਤੋ ਟਰੈਕਟਰ ਮਾਰਕੀਟ ਮੰਦੇ ਵਿਚ ਹੈ। ਸੂਤਰ ਆਖਦੇ ਹਨ ਕਿ ਜ਼ਮੀਨ ਗਿਰਵੀ ਨਾ ਕਰਨ ਦੇ ਚੱਕਰ ਵਿਚ ਬਹੁਤੇ ਕਿਸਾਨ ਫਾਈਨਾਂਸ ਕੰਪਨੀਆਂ ਤੋਂ 16 ਫੀਸਦੀ ਵਿਆਜ ਦਰ ਤੇ ਹੀ ਟਰੈਕਟਰ ਲੈਣ ਲਈ ਕਰਜ਼ਾ ਲੈ ਰਹੇ ਹਨ। ਅੰਦਾਜ਼ਨ ਹਰ ਵਰੇ• ਕਿਸਾਨ 125 ਤੋਂ 150 ਕਰੋੜ ਦਾ ਕਰਜ਼ ਟਰੈਕਟਰ ਖਰੀਦਣ ਵਾਸਤੇ ਲੈਂਦੇ ਹਨ।
                      ਪੰਜਾਬੀ ਵਰਸਿਟੀ ਪਟਿਆਲਾ ਦੇ ਅਰਥਸ਼ਾਸਤਰ ਵਿਭਾਗ ਦੇ ਡਾ.ਕੇਸਰ ਸਿੰਘ ਦਾ ਕਹਿਣਾ ਸੀ ਕਿ ਹੁਣ ਨਵੇਂ ਪੋਚ ਦੀ ਜਿੱਦ ਵੀ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਵਧਾ ਰਹੀ ਹੈ ਅਤੇ ਬਿਨ•ਾਂ ਲੋੜ ਤੋਂ ਟਰੈਕਟਰ ਖ਼ਰੀਦੇ ਜਾ ਰਹੇ ਹਨ। ਖੇਤੀ ਮਾਹਿਰ ਆਖਦੇ ਹਨ ਕਿ ਅਗਰ ਇੱਕ ਟਰੈਕਟਰ ਸਾਲ ਵਿਚ ਇੱਕ ਹਜ਼ਾਰ ਘੰਟੇ ਤੋਂ ਘੱਟ ਚੱਲਦਾ ਹੈ ਤਾਂ ਉਹ ਘਾਟੇ ਵਾਲਾ ਸੌਦਾ ਹੈ ਪ੍ਰੰਤੂ ਪੰਜਾਬ ਵਿਚ ਕੋਈ ਟਰੈਕਟਰ ਸਲਾਨਾ ਤਿੰਨ ਸੌ ਘੰਟੇ ਤੋਂ ਜਿਆਦਾ ਨਹੀਂ ਚੱਲਦਾ ਹੈ। ਪਿੰਡ ਬਾਂਡੀ ਦੇ ਕਿਸਾਨ ਲਖਵੀਰ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਤਿੰਨ ਚਾਰ ਵਰਿ•ਆਂ ਤੋਂ ਖੇਤੀ ਮੰਦੇ ਕਾਰਨ ਨਵੇਂ ਟਰੈਕਟਰਾਂ ਦੀ ਖਰੀਦ ਘਟੀ ਹੈ ਅਤੇ ਬਹੁਤੇ ਕਿਸਾਨ ਪੁਰਾਣੇ ਟਰੈਕਟਰਾਂ ਦਾ ਵਟਾਂਦਰਾ ਕਰਕੇ ਹੀ ਟਰੈਕਟਰ ਖਰੀਦ ਰਹੇ ਹਨ। ਮਾਨਸਾ ਜ਼ਿਲੇ• ਦੇ ਪਿੰਡ ਬੁਰਜ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਅੱਜ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵਿਚ ਆਪਣਾ ਜੌਹਨਡੀਅਰ ਟਰੈਕਟਰ ਵਿਕਰੀ ਤੇ ਲਾਇਆ ਹੋਇਆ ਸੀ। ਉਸ ਦਾ ਕਹਿਣਾ ਸੀ ਕਿ ਉਸ ਨੇ ਨਵੰਬਰ 2013 ਵਿਚ 7.50 ਲੱਖ ਵਿਚ ਇਹ ਟਰੈਕਟਰ ਲਿਆ ਸੀ ਜੋ ਕਿ ਭੈਣ ਦਾ ਵਿਆਹ ਕਰਨ ਵਾਸਤੇ ਹੁਣ ਵੇਚਣਾ ਪੈ ਰਿਹਾ ਹੈ। ਕੁਝ ਹੋਰ ਕਿਸਾਨਾਂ ਨੇ ਬਿਨ•ਾਂ ਨਾਮ ਛਾਪੇ ਜਾਣ ਦੀ ਸੂਰਤ ਵਿਚ ਆਪਣੀ ਸਮਾਜਿਕ ਮਜਬੂਰੀ ਦੱਸੀ।
                       ਵੇਖਿਆ ਗਿਆ ਹੈ ਕਿ ਸਹਿਕਾਰੀ ਖੇਤੀ ਸਭਾਵਾਂ ਦੇ ਸਹਿਕਾਰੀ ਟਰੈਕਟਰਾਂ ਨੇ ਕਾਫੀ ਹੱਦ ਤੱਕ ਕਿਸਾਨਾਂ ਦੇ ਖੇਤੀ ਲਾਗਤ ਖਰਚੇ ਘਟਾਏ ਹਨ। ਪੰਜਾਬ ਵਿਚ ਕੁੱਲ 3539 ਖੇਤੀ ਸਹਿਕਾਰੀ ਸਭਾਵਾਂ ਹਨ ਜਿਨ•ਾਂ ਚੋਂ 1328 ਪਿੰਡਾਂ ਦੀਆਂ ਖੇਤੀ ਸਹਿਕਾਰੀ ਸਭਾਵਾਂ ਕੋਲ 1356 ਟਰੈਕਟਰ ਹਨ ਜਿਨ•ਾਂ ਨੂੰ ਪੂਰੇ ਪਿੰਡ ਦੇ ਕਿਸਾਨ ਕਿਰਾਏ ਤੇ ਲੈ ਕੇ ਖੇਤੀ ਵਾਸਤੇ ਵਰਤਦੇ ਹਨ। ਮੁਕਤਸਰ ਦੇ ਪਿੰਡ ਥਾਂਦੇਵਾਲਾ ਅਤੇ ਮੋਗਾ ਦੇ ਪਿੰਡ ਸੁਖਾਨੰਦ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਟਰੈਕਟਰ ਵੇਚ ਕੇ ਸਹਿਕਾਰੀ ਸਭਾਵਾਂ ਦੇ ਟਰੈਕਟਰ ਕਿਰਾਏ ਤੇ ਵਰਤਣੇ ਸ਼ੁਰੂ ਕਰ ਦਿੱਤੇ ਹਨ।ਦੱਸਣਯੋਗ ਹੈ ਕਿ ਦਹਾਕਾ ਪਹਿਲਾਂ ਕਿਸਾਨਾਂ ਵਿਚ ਨਵੇਂ ਟਰੈਕਟਰ ਲੈ ਕੇ ਘਾਟਾ ਪਾ ਕੇ ਵੇਚਣ ਦਾ ਰੁਝਾਨ ਸੀ ਅਤੇ ਉਨ•ਾਂ ਨੂੰ ਆਪਣੇ ਘਰ ਤੋਰਨ ਵਾਸਤੇ ਮਜਬੂਰੀ ਵਿਚ ਅਜਿਹਾ ਕਰਨਾ ਪੈਂਦਾ ਸੀ। ਹੋਰ ਕਿਧਰੋਂ ਕਰਜ ਮਿਲਦਾ ਨਹੀਂ ਸੀ। ਕਿਸਾਨ ਨੇਤਾ ਰਾਜਮਹਿੰਦਰ ਕੋਟਭਾਰਾ ਦਾ ਕਹਿਣਾ ਸੀ ਕਿ ਬਹੁਤੇ ਕਿਸਾਨ ਹੁਣ ਖੇਤੀ ਚੋਂ ਨਿਕਲ ਕੇ ਵਿਕਾਸ ਪ੍ਰੋਜੈਕਟਾਂ ਵਿਚ ਟਰੈਕਟਰ ਖਰੀਦ ਕੇ ਕੰਮ ਤੇ ਲਾ ਰਹੇ ਹਨ। ਦੂਸਰੀ ਤਰਫ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲ•ਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਦਲੀਲ ਸੀ ਕਿ ਕਿਸਾਨ ਪੁਰਾਣੇ ਕਰਜ਼ੇ ਮੋੜਨ ਵਾਸਤੇ ਟਰੈਕਟਰ ਲੋਨ ਤੇ ਲੈ ਕੇ ਵੇਚ ਦਿੰਦੇ ਹਨ ਅਤੇ ਪੁਰਾਣਾ ਕਰਜ਼ਾ ਉਤਾਰਨ ਦੇ ਚੱਕਰ ਵਿਚ ਦਿਨੋਂ ਦਿਨ ਕਰਜ਼ੇ ਵਿੱਚ ਵਿੰਨੇ• ਜਾ ਰਹੇ ਹਨ। ਉਨ•ਾਂ ਆਖਿਆ ਕਿ ਸਰਕਾਰ ਵੀ ਰਾਹਤ ਦੇਣ ਦੀ ਥਾਂ ਨਵਾਂ ਕਰਜ਼ਾ ਦੇਣ ਦਾ ਐਲਾਨ ਕਰਦੀ ਹੈ।
                     ਮਾਲਵੇ ਵਿਚ ਹੁਣ ਹਰ ਦਿਨ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮਲੋਟ,ਤਲਵੰਡੀ ਸਾਬੋ,ਮੋਗਾ,ਕੋਟਕਪੂਰਾ ਤੋਂ ਬਿਨ•ਾਂ ਰਾਜਸਥਾਨ ਦੇ ਮਟੀਲੀ ਅਤੇ ਸੰਗਰੀਆਂ ਵਿਚ ਟਰੈਕਟਰ ਮੰਡੀ ਲੱਗਦੀ ਹੈ। ਮਲੋਟ ਮੰਡੀ ਵਿਚ ਪੁਰਾਣੇ ਟਰੈਕਟਰਾਂ ਦੇ ਕਾਰੋਬਾਰੀ ਜੁਗਰਾਜ ਸਿੰਘ ਦਾ ਕਹਿਣਾ ਸੀ ਕਿ ਹੁਣ ਪੁਰਾਣੇ ਟਰੈਕਟਰਾਂ ਦੇ ਵੀ ਬਹੁਤੇ ਖਰੀਦਦਾਰ ਨਹੀਂ ਰਹੇ ਹਨ ਅਤੇ ਕਰੀਬ ਛੇ ਵਰਿ•ਆਂ ਤੋਂ ਪੁਰਾਣੇ ਟਰੈਕਟਰਾਂ ਦੀ ਵੇਚ ਵੱਟਤ ਹੇਠਾਂ ਆ ਰਹੀ ਹੈ। ਕਾਰੋਬਾਰੀ ਲੋਕਾਂ ਨੇ ਦੱਸਿਆ ਕਿ ਹਰ ਵਰੇ• 10 ਤੋਂ 15 ਹਜ਼ਾਰ ਟਰੈਕਟਰ ਪੰਜਾਬ ਚੋਂ ਕਬਾੜ ਵਿਚ ਵੀ ਚਲਾ ਜਾਂਦਾ ਹੈ ਅਤੇ ਕਾਫੀ ਟਰੈਕਟਰ ਰਾਜਸਥਾਨ ਵਿਚ ਚਲਾ ਜਾਂਦਾ ਹੈ। ਕੁਝ ਵੀ ਹੋਵੇ, ਟਰੈਕਟਰਾਂ ਦੀ ਖਰੀਦ ਵਿਚ ਕਿਸਾਨ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ।
                                         ਸਹਿਕਾਰੀ ਮਸ਼ੀਨਰੀ ਨੇ ਢਾਰਸ ਦਿੱਤੀ : ਮਨੇਸ਼ਵਰ ਚੰਦਰ
ਸਹਿਕਾਰਤਾ ਵਿਭਾਗ ਪੰਜਾਬ ਦੇ ਵਧੀਕ ਰਜਿਸਟਰਾਰ ਮਨੇਸ਼ਵਰ ਚੰਦਰ ਦਾ ਪ੍ਰਤੀਕਰਮ ਸੀ ਕਿ ਸਹਿਕਾਰੀ ਸਭਾਵਾਂ ਦੀ ਖੇਤੀ ਮਸ਼ੀਨਰੀ ਨੇ ਪਿੰਡਾਂ ਵਿਚ ਨਵੇਂ ਟਰੈਕਟਰਾਂ ਦੀ ਬੇਲੋੜੀ ਖਰੀਦ ਨੂੰ ਠੱਲ ਪਾਈ ਹੈ ਅਤੇ ਕਿਸਾਨਾਂ ਨੂੰ ਖੇਤੀ ਲਾਗਤਾਂ ਘਟਾਉਣ ਵਿਚ ਸਹਿਕਾਰੀ ਟਰੈਕਟਰਾਂ ਨੇ ਵੱਡਾ ਯੋਗਦਾਨ ਪਾਇਆ ਹੈ।